Punjabi Stories/Kahanian
ਖ਼ਲੀਲ ਜਿਬਰਾਨ
Khalil Gibran

Punjabi Kavita
  

A Biography Kahlil (Khalil) Gibran-Mikhail Naimy
Punjabi Translation Jung Bahadur Goyal

ਇਕ ਜੀਵਨੀ ਖ਼ਲੀਲ ਜਿਬਰਾਨ-ਮਿਖ਼ਾਇਲ ਨਮਈ
ਅਨੁਵਾਦ: ਸ਼੍ਰੀ ਜੰਗ ਬਹਾਦਰ ਗੋਇਲ

ਮਿਖ਼ਾਇਲ ਨਮਈ (1889-1988)

ਮਿਖ਼ਾਇਲ ਨਮਈ ਦਾ ਜਨਮ 17 ਅਕਤੂਬਰ 1889 ਨੂੰ ਲਿਬਨਾਨ ਦੇ ਪਿੰਡ ਬਿਸਕਿੰਤਾ ਵਿਖੇ ਹੋਇਆ। 50 ਤੋਂ ਵੱਧ ਪੁਸਤਕਾਂ ਦਾ ਲੇਖਕ ਮਿਖ਼ਾਇਲ ਵਿਸ਼ਵ ਪ੍ਰਸਿੱਧ ਕਵੀ, ਨਾਵਲਕਾਰ, ਕਹਾਣੀਕਾਰ, ਨਾਟਕਕਾਰ ਅਤੇ ਚਿੰਤਕ ਸੀ। ਉਸ ਨੇ ਆਪਣੀ ਉਚੇਰੀ ਵਿੱਦਿਆ ਰੂਸ, ਫਰਾਂਸ ਅਤੇ ਅਮਰੀਕਾ ਵਿਚ ਹਾਸਲ ਕੀਤੀ। ਉਸ ਨੇ 21 ਵਰ੍ਹੇ ਅਮਰੀਕਾ ਵਿਚ ਰਹਿ ਕੇ ਬਤੀਤ ਕੀਤੇ। ਉਸ ਦੀ ਜਗਤ ਪ੍ਰਸਿੱਧ ਪੁਸਤਕ 'ਮੀਰਦਾਦ ਦੀ ਕਹਾਣੀ' ਦੁਨੀਆ ਦੀ ਲਗਪਗ ਹਰ ਭਾਸ਼ਾ ਵਿਚ ਅਨੁਵਾਦ ਹੋ ਚੁੱਕੀ ਹੈ। ਇਸ ਪੁਸਤਕ ਨੂੰ ਅਧਿਆਤਮ ਦੇ ਰਾਹ 'ਤੇ ਤੁਰਨ ਵਾਲੇ ਪਾਂਧੀਆਂ ਲਈ ਇਕ ਚਾਨਣ ਮੁਨਾਰਾ ਮੰਨਿਆ ਜਾਂਦਾ ਹੈ। ਓਸ਼ੋ ਨੇ ਕਿਹਾ ਸੀ, 'ਹੁਣ ਤੱਕ ਦੁਨੀਆ ਵਿਚ ਜਿੰਨੀਆਂ ਵੀ ਪੁਸਤਕਾਂ ਛਪ ਚੁੱਕੀਆਂ ਹਨ, ਉਨ੍ਹਾਂ ਵਿਚ 'ਮੀਰਦਾਦ ਦੀ ਕਹਾਣੀ' ਦਾ ਸਭ ਤੋਂ ਉੱਚਾ ਸਥਾਨ ਹੈ।'
ਮਿਖ਼ਾਇਲ ਨਮਈ ਆਪਣੇ ਹਮਵਤਨ ਖ਼ਲੀਲ ਜਿਬਰਾਨ ਦਾ ਸਭ ਤੋਂ ਨੇੜਲਾ ਦੋਸਤ ਤੇ ਹਮਰਾਜ਼ ਸੀ। ਜਿਬਰਾਨ ਆਪਣੇ ਦਿਲ ਦਾ ਹਰ ਭੇਦ ਨਮਈ ਸਾਹਮਣੇ ਹੀ ਉਜਾਗਰ ਕਰਦਾ ਸੀ। ਜਿਬਰਾਨ ਦੀਆਂ ਅੰਤਿਮ ਘੜੀਆਂ ਵਿਚ ਵੀ ਨਮਈ ਹੀ ਉਸ ਦੇ ਕੋਲ ਸੀ। ਉਨ੍ਹਾਂ ਦੋਵਾਂ ਨੇ ਅਰਬੀ ਸਾਹਿਤ ਨੂੰ ਵਿਸ਼ਵ ਸਾਹਿਤ ਦੀ ਪ੍ਰਮੁੱਖ ਧਾਰਾ ਵਿਚ ਸ਼ਾਮਿਲ ਕਰਨ ਲਈ ਅਣਥੱਕ ਯਤਨ ਕੀਤੇ।
ਜਿਬਰਾਨ ਸ਼ੈਕਸਪੀਅਰ ਅਤੇ ਰੂਮੀ ਤੋਂ ਬਾਅਦ ਤੀਜਾ ਅਜਿਹਾ ਕਵੀ ਹੈ, ਜਿਸ ਨੂੰ ਦੁਨੀਆ ਵਿਚ ਸਭ ਤੋਂ ਵੱਧ ਪੜ੍ਹਿਆ ਗਿਆ ਹੈ ਪਰ ਉਸ ਦੀ ਨਿੱਜੀ ਜ਼ਿੰਦਗੀ ਬਾਰੇ ਉਸ ਦੇ ਪਾਠਕਾਂ ਨੂੰ ਬਹੁਤੀ ਜਾਣਕਾਰੀ ਨਹੀਂ ਹੈ। ਮਿਖ਼ਾਇਲ ਨਮਈ ਨੇ ਆਪਣੇ ਪਿਆਰੇ ਦੋਸਤ ਜਿਬਰਾਨ ਦੀ ਮੌਤ ਤੋਂ ਤਿੰਨ ਸਾਲ ਬਾਅਦ 1934 ਵਿਚ ਉਸ ਦੀ ਜੀਵਨੀ ਅਰਬੀ ਭਾਸ਼ਾ ਵਿਚ ਲਿਖੀ। ਉਸ ਨੇ ਖੁਦ ਹੀ ਇਸ ਪੁਸਤਕ ਦਾ ਅੰਗਰੇਜ਼ੀ ਵਿਚ ਅਨੁਵਾਦ ਕੀਤਾ, ਜੋ 1950 ਵਿਚ ਪ੍ਰਕਾਸ਼ਤ ਹੋਇਆ। ਇਹ ਖ਼ਲੀਲ ਜਿਬਰਾਨ ਦੀ ਪਹਿਲੀ ਜੀਵਨੀ ਹੀ ਨਹੀਂ, ਸਗੋਂ ਉਸ ਦੀ ਸਭ ਤੋਂ ਵੱਧ ਪ੍ਰਮਾਣਕ ਜੀਵਨੀ ਹੈ। ਅੰਗਰੇਜ਼ੀ ਵਿਚ ਵੀ ਇਹ ਜੀਵਨੀ ਹੁਣ ਦੁਰਲੱਭ ਪੁਸਤਕਾਂ ਵਿਚ ਸ਼ਾਮਿਲ ਹੋ ਚੁੱਕੀ ਹੈ।
ਕੁਝ ਵਰ੍ਹੇ ਪਹਿਲਾਂ ਮੈਨੂੰ ਇਸ ਪੁਸਤਕ ਦੀ ਫੋਟੋ ਕਾਪੀ ਮੇਰੇ ਦੋਸਤ ਸੁਰਿੰਦਰ ਸ਼ਰਮਾ ਤੋਂ ਮਿਲੀ ਸੀ। ਉਹ ਕਈ ਵਰ੍ਹਿਆਂ ਤੋਂ ਮੈਨੂੰ ਇਸ ਪੁਸਤਕ ਦਾ ਪੰਜਾਬੀ ਵਿਚ ਅਨੁਵਾਦ ਕਰਨ ਲਈ ਜ਼ੋਰ ਪਾ ਰਿਹਾ ਸੀ। ਆਖਰ ਇਹ ਕੰਮ ਹੋ ਹੀ ਗਿਆ। ਇਕ ਦਿਨ ਅਚਾਨਕ ਜਦੋਂ ਮੈਂ ਇਸ ਸਬੰਧੀ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਅਲੰਬਰਦਾਰ, ਪਦਮ ਭੂਸ਼ਣ ਡਾ: ਬਰਜਿੰਦਰ ਸਿੰਘ ਹਮਦਰਦ ਜੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਆਪਣੀ ਡੂੰਘੀ ਦਿਲਚਸਪੀ ਜ਼ਾਹਰ ਕੀਤੀ। ਉਨ੍ਹਾਂ ਦੀ ਪਾਰਖੂ ਨਜ਼ਰ ਨੂੰ ਮੇਰਾ ਸਲਾਮ!

ਅਧਿਆਇ-1 (ਮੌਤ)

ਇਸ ਦੀ ਪੈੜ-ਚਾਲ ਸੁਣਨ ਤੋਂ ਪਹਿਲਾਂ ਮੈਂ ਕਿੰਨੀ ਵੇਰਾਂ ਇਹ ਆਵਾਜ਼ ਸੁਣ ਚੁੱਕਾ ਹਾਂ ਪਰ 10 ਅਪ੍ਰੈਲ, 1931 ਦੀ ਰਾਤ ਤੋਂ ਬਾਅਦ ਸ਼ਾਇਦ ਹੀ ਮੈਂ ਕੋਈ ਹੋਰ ਆਵਾਜ਼ ਸੁਣੀ ਹੋਵੇ। ਮੈਂ ਇਸ ਨੂੰ ਆਪਣੇ ਦਿਲ ਦੀਆਂ ਧੜਕਣਾਂ ਵਿਚ ਸੁਣਦਾ ਹਾਂ। ਮੈਂ ਅਨੇਕਾਂ ਆਵਾਜ਼ਾਂ ਵਿਚ ਇਸ ਦੀ ਗੂੰਜ ਸੁਣਦਾ ਹਾਂ। ਰਾਤ ਦੀ ਖਾਮੋਸ਼ੀ ਵਿਚ ਤੇ ਦਿਨ ਦੀ ਚਹਿਲ-ਪਹਿਲ ਵਿਚ ਮੈਂ ਇਹੋ ਆਵਾਜ਼ ਸੁਣਦਾ ਹਾਂ।
ਧੰਨ ਹੈ ਉਹ ਜ਼ਿੰਦਗੀ, ਜਿਸ ਦੇ ਵਿਦਾ ਹੁੰਦਿਆਂ ਹੀ ਵਿਪਰੀਤ ਸ਼ਬਦ ਵੀ ਸਮਾਨਅਰਥੀ ਜਾਪਣ ਲਗਦੇ ਹਨ ਤੇ ਨਾਬਰਾਬਰ ਚੀਜ਼ਾਂ ਵੀ ਬਰਾਬਰ ਦੀਆਂ ਜਾਪਣ ਲਗਦੀਆਂ ਹਨ। ਇਸ ਦੇ ਸਨਮੁਖ ਮਨੁੱਖੀ ਮਾਪਦੰਡ ਕਿੰਨੇ ਹਾਸੋਹੀਣੇ ਜਾਪਦੇ ਹਨ। ਕਾਇਆ ਤੇ ਛਾਇਆ ਵਿਚਕਾਰਲਾ ਭੇਦ ਅਭੇਦ ਹੋ ਜਾਂਦਾ ਹੈ। ਦਿਲਪ੍ਰਚਾਵੇ ਵਾਲੀਆਂ ਗੱਲਾਂ ਤੇ ਸਿੱਖਿਆਦਾਇਕ ਗੱਲਾਂ ਵਿਚਕਾਰ ਕੋਈ ਫਰਕ ਨਹੀਂ ਜਾਪਦਾ। ਦਫਤਰ ਦੇ ਸ਼ੋਰ-ਸ਼ਰਾਬੇ ਤੇ ਕਬਰਿਸਤਾਨ ਦੀ ਖਾਮੋਸ਼ੀ ਵਿਚ ਕੋਈ ਅੰਤਰ ਨਜ਼ਰ ਨਹੀਂ ਆਉਂਦਾ। ਮੌਤ ਦੀ ਖੜਖੜਾਹਟ ਅਤੇ ਟੈਲੀਫੋਨ ਦੀ ਟਣਕਾਰ ਵਿਚ ਕੋਈ ਭੇਦ ਮਹਿਸੂਸ ਨਹੀਂ ਹੁੰਦਾ। ਸ਼ੁੱਕਰਵਾਰ ਦਾ ਦਿਨ ਹੈ। ਸ਼ਾਮ ਦੇ 5.30 ਵੱਜੇ ਹਨ। ਮੈਂ ਦਫਤਰੋਂ ਨਿਕਲਣ ਦੀ ਤਿਆਰੀ ਵਿਚ ਹਾਂ। ਹਰ ਰੋਜ਼ ਮੈਂ ਕਿਸੇ ਵੇਸਵਾ ਵਾਂਗ ਆਪਣੀ ਜ਼ਿੰਦਗੀ ਦੇ ਬੇਸ਼ਕੀਮਤੀ ਘੰਟੇ ਕੁਝ ਡਾਲਰਾਂ ਖਾਤਰ ਗਵਾ ਆਉਂਦਾ ਹਾਂ। ਇਥੇ ਸਿਵਾਏ ਖ਼ਰੀਦੋ-ਫਰੋਖਤ ਤੋਂ ਹੋਰ ਕੋਈ ਗੱਲ ਸੁਣਾਈ ਨਹੀਂ ਦਿੰਦੀ।
ਟੈਲੀਫੋਨ ਦੀ ਘੰਟੀ ਵੱਜਦੀ ਹੈ ਤੇ ਮੈਨੂੰ ਜਵਾਬ ਦੇਣਾ ਪੈਂਦਾ ਹੈ। ਹਰ ਟੈਲੀਫੋਨ ਕਾਲ ਰਾਹੀਂ ਕੋਈ ਗਾਹਕ ਜਾਂ ਤਾਂ ਕੋਈ ਚੀਜ਼ ਖ਼ਰੀਦਣ ਲਈ ਆਰਡਰ ਕਰਦਾ ਹੈ ਜਾਂ ਕੋਈ ਸ਼ਿਕਾਇਤ ਦਰਜ ਕਰਵਾਉਂਦਾ ਹੈ ਤੇ ਜਾਂ ਕਿਸੇ ਬਕਾਇਆ ਰਕਮ ਦੇ ਭੁਗਤਾਨ ਲਈ ਮੁਤਾਲਬਾ ਕਰਦਾ ਹੈ।
'ਹੈਲੋ... ਹਾਂ... ਬੋਲ ਰਿਹਾ ਹਾਂ। ਤੁਸੀਂ ਕੀ ਕਿਹਾ? ...ਜਿਬਰਾਨ ਹਸਪਤਾਲ 'ਚ ਹੈ?'
'ਸੇਂਟ ਵਿੰਸੇਟ ਹਸਪਤਾਲ 'ਚ। ਉਹ ਬੇਹੋਸ਼ ਹਨ। ਡਾਕਟਰ ਅਨੁਸਾਰ ਉਹ ਸ਼ਾਇਦ ਹੀ ਅੱਧੀ ਰਾਤ ਟਪਾ ਸਕਣ। ਉਨ੍ਹਾਂ ਦਾ ਕੋਈ ਦੋਸਤ, ਕੋਈ ਹਮਦਰਦ ਉਨ੍ਹਾਂ ਕੋਲ ਨਹੀਂ। ਤੁਸੀਂ ਉਨ੍ਹਾਂ ਦੇ ਸਭ ਤੋਂ ਨੇੜਲੇ ਦੋਸਤ ਹੋ, ਇਸ ਲਈ ਤੁਹਾਨੂੰ ਸੂਚਿਤ ਕਰਨਾ ਮੈਂ ਆਪਣਾ ਫ਼ਰਜ਼ ਸਮਝਦਾ ਹਾਂ।'
'ਟੈਕਸੀ! ਸੇਂਟ ਵਿੰਸੇਟ ਹਸਪਤਾਲ। ਪਲੀਜ਼ ਮੈਨੂੰ ਉਥੇ ਜਲਦੀ ਪਹੁੰਚਾ ਦੇਵੋ।'

ਵਿਚਾਰਾ ਟੈਕਸੀ ਵਾਲਾ ਭੀੜ ਭਰੇ ਬਾਜ਼ਾਰ ਵਿਚ ਕਿੱਦਾਂ ਟੈਕਸੀ ਤੇਜ਼ ਚਲਾਵੇ! ਸੜਕ 'ਤੇ ਮਰਦ, ਔਰਤਾਂ ਤੇ ਬੱਚੇ ਬਸ ਨੱਠੇ ਜਾ ਰਹੇ ਹਨ। ਕੀ ਉਹ ਵੀ ਕਿਸੇ ਹਸਪਤਾਲ ਵੱਲ ਜਾ ਰਹੇ ਹਨ?
ਇਹ ਸੇਂਟ ਵਿੰਸੇਟ ਕੌਣ ਹੈ? ਉਸ ਨੇ ਅਜਿਹਾ ਕੀ ਕੀਤਾ ਕਿ ਉਹ ਸੰਤ ਬਣ ਗਿਆ ਤੇ ਉਸ ਦੀ ਪੂਜਾ ਹੋਣ ਲੱਗ ਪਈ? ਮੇਰੇ ਤੇ ਹਸਪਤਾਲ ਵਿਚਕਾਰ ਸਿਰਫ ਇਕ ਮੀਲ ਦਾ ਫਾਸਲਾ ਹੈ ਪਰ ਐਨਾ ਲੰਮਾ ਰਸਤਾ ਮੈਂ ਆਪਣੀ ਸਾਰੀ ਜ਼ਿੰਦਗੀ ਵਿਚ ਕਦੇ ਤੈਅ ਨਹੀਂ ਕੀਤਾ।
'ਜਿਬਰਾਨ ਮਰਨ ਕਿਨਾਰੇ ਹੈ, ਕੀ ਮੈਂ ਉਸ ਨੂੰ ਜੀਵਤ ਦੇਖ ਪਾਵਾਂਗਾ?'
'ਡਰਾਈਵਰ! ਗੱਡੀ ਹੋਰ ਤੇਜ਼ ਚਲਾਵੋ... ਹੋਰ ਤੇਜ਼... ਹੋਰ ਤੇਜ਼।'
'ਮੀਸ਼ਾ! ਮੈਂ ਅੱਜ ਤੰਦਰੁਸਤ ਹਾਂ।' ਇਹ ਸਨ ਉਸ ਦੇ ਆਖਰੀ ਸ਼ਬਦ, ਜੋ ਕੁਝ ਦਿਨ ਪਹਿਲਾਂ ਮੈਂ ਉਸ ਦੇ ਮੂੰਹੋਂ ਫੋਨ 'ਤੇ ਸੁਣੇ ਸਨ। ਉਸ ਨੇ ਮੇਰੇ ਨਾਲ ਇਕ ਸ਼ਾਮ ਬਿਤਾਉਣ ਦਾ ਤੇ ਇਕੱਠਿਆਂ ਖਾਣਾ ਖਾਣ ਦਾ ਵਾਅਦਾ ਕੀਤਾ ਸੀ। ਤੇ ਹੁਣ ਮੈਂ ਉਸ ਨਾਲ 'ਸੇਂਟ ਵਿੰਸੇਟ ਰੇਸਤਰਾਂ' ਵਿਚ ਮੌਤ ਦੇ ਵਿਛਾਏ ਦਸਤਰਖਾਨ 'ਤੇ ਉਸ ਨਾਲ ਖਾਣਾ ਖਾਣ ਜਾ ਰਿਹਾ ਸੀ।
'ਮੈਂ ਅੱਜ ਤੰਦਰੁਸਤ ਹਾਂ, ਮੀਸ਼ਾ! ਮੈਂ ਇਸ ਦੁਨੀਆ ਵਿਚ ਇਕ ਓਪਰਾ ਆਦਮੀ ਹਾਂ, ਮੀਸ਼ਾ! ਮੈਂ ਇਸ ਦੁਨੀਆ ਨੂੰ ਪਿਆਰ ਕਰਦਾ ਹਾਂ...। ਆਪਣੀ ਧਰਤੀ ਤੇ ਪਰਾਈ ਧਰਤੀ ਵਿਚਕਾਰਲੇ ਅੰਤਰ ਨੂੰ ਕੌਣ ਪਰਿਭਾਸ਼ਤ ਕਰ ਸਕਦਾ ਹੈ?'
'ਡਰਾਈਵਰ! ਪਲੀਜ਼! ਗੱਡੀ ਹੋਰ ਤੇਜ਼... ਹੋਰ ਤੇਜ਼... ਹੋਰ ਤੇਜ਼।'
'ਖ਼ਲੀਲ ਜਿਬਰਾਨ ਕਿਸ ਕਮਰੇ ਵਿਚ ਹੈ?' ਪੌੜੀਆਂ ਲਾਗੇ ਇਕ ਸਟੂਲ 'ਤੇ ਬੈਠੇ ਆਦਮੀ ਤੋਂ ਮੈਂ ਪੁੱਛਦਾ ਹਾਂ। ਉਹ ਕਾਰਡਾਂ ਨੂੰ ਇੰਜ ਫਰੋਲਣ ਲੱਗਾ ਜਿਵੇਂ ਡਿਕਸ਼ਨਰੀ 'ਚੋਂ ਕੋਈ ਸ਼ਬਦ ਲੱਭ ਰਿਹਾ ਹੋਵੇ। ਉਹ ਆਪਣੇ ਸਾਹਮਣੇ ਖੜ੍ਹੇ ਆਦਮੀ ਦੇ ਦੁੱਖ ਦੀ ਥਾਹ ਪਾਉਣੋ ਅਸਮਰੱਥ ਸੀ। ਮੌਤ ਦੀ ਦਹਿਸ਼ਤ ਨੇ ਮੇਰੇ ਗਲੇ ਨੂੰ ਘੁੱਟ ਲਿਆ ਸੀ।
'ਇਸ ਨਾਂਅ ਦਾ ਕੋਈ ਮਰੀਜ਼ ਇਥੇ ਨਹੀਂ ਹੈ, ਸਰ।' ਉਸ ਨੇ ਕਿਹਾ।
ਜਦੋਂ ਮੈਂ ਜ਼ਿਦ ਕੀਤੀ ਕਿ ਇਸ ਹਸਪਤਾਲ ਵਿਚ ਹੀ ਖ਼ਲੀਲ ਜਿਬਰਾਨ ਦਾਖਲ ਹੈ ਤਾਂ ਉਸ ਨੇ ਮੈਨੂੰ ਕਿਧਰੋਂ ਹੋਰ ਪਤਾ ਕਰਨ ਲਈ ਕਿਹਾ। ਕਾਫੀ ਭੱਜ-ਨੱਠ ਕਰਨ ਤੋਂ ਬਾਅਦ ਮੈਨੂੰ ਪਤਾ ਲੱਗਾ ਕਿ ਉਹ ਤੀਜੀ ਮੰਜ਼ਿਲ ਦੇ ਫਲਾਣੇ ਵਾਰਡ ਦੇ ਫਲਾਣੇ ਕਮਰੇ ਵਿਚ ਹਨ। ਮੈਂ ਕਈ ਪੌੜੀਆਂ ਚੜ੍ਹ ਕੇ ਤੇ ਵਿੰਗੇ-ਤੜਿੰਗੇ ਰਾਹ ਪਾਰ ਕਰਕੇ ਤੀਜੀ ਮੰਜ਼ਿਲ 'ਤੇ ਪਹੁੰਚਿਆ। ਮੈਂ ਕਿੰਨੇ ਹੀ ਦਰਵਾਜ਼ਿਆਂ ਵੱਲ ਤੱਕਿਆ, ਹਰ ਦਰਵਾਜ਼ੇ ਪਿੱਛੇ ਕੋਈ ਬਿਮਾਰ ਆਦਮੀ ਦਰਦ ਨਾਲ ਤੜਪ ਰਿਹਾ ਸੀ, ਆਤਮਾ ਕਿਸਮਤ ਦੇ ਸ਼ਿਕੰਜੇ ਵਿਚ ਜਕੜੀ ਹੋਈ ਕੁਰਲਾ ਰਹੀ ਸੀ। ਹੇ ਮੇਰੇ ਪਰਮਾਤਮਾ! ਪਰਮਾਤਮਾ! ਪਰਮਾਤਮਾ! ਤੇਰੀ ਸਾਜੀ ਸ੍ਰਿਸ਼ਟੀ ਦੇ ਅੰਸ਼ ਟੁੱਟੀਆਂ ਹੱਡੀਆਂ, ਬਿਮਾਰ ਦਿਲ ਤੇ ਜ਼ਖ਼ਮੀ ਜਿਗਰ ਦੇ ਦਰਦ ਨਾਲ ਕੁਰਲਾ ਰਹੇ ਹਨ। ਉਨ੍ਹਾਂ ਨੂੰ ਬਸ ਦਵਾਈਆਂ-ਦਵਾਈਆਂ-ਦਵਾਈਆਂ ਹੀ ਮਿਲ ਰਹੀਆਂ ਹਨ ਪਰ ਤੇਰੀ ਉਹ ਮਰਹਮ ਕਿਥੇ ਹੈ ਜੋ ਸਭ ਰੋਗਾਂ ਦਾ ਨਿਦਾਨ ਹੈ। ਜਾਂ ਫਿਰ ਇਹ ਉਹ ਦਰਦ ਹੈ ਜੋ ਤੇਰੇ ਅਸੀਮ ਪਿਆਰ ਦੀ ਭੱਠੀ 'ਚੋਂ ਤਪ ਕੇ ਬਾਹਰ ਆਇਆ ਹੈ। ਕੀ ਇਹੋ ਦਰਦ ਮੁਕਤੀ ਦੇ ਦਰਵਾਜ਼ੇ ਖੋਲ੍ਹਦਾ ਹੈ? ਉਹ ਸ਼ਕਤੀ ਜਿਸ ਨੂੰ ਸ਼ਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ।
ਨਨਜ਼ ਕਿਸੇ ਹੋਰ ਹੀ ਸੰਸਾਰ ਦੇ ਪ੍ਰਛਾਵਿਆਂ ਵਾਂਗ ਉਡਦੀਆਂ ਨਜ਼ਰ ਆ ਰਹੀਆਂ ਹਨ। ਉਨ੍ਹਾਂ ਦੇ ਕਾਲੇ ਚੋਗੇ ਦੇਖ ਕੇ ਦਿਲ ਵਿਚ ਹਨੇਰਾ ਪਸਰ ਰਿਹਾ ਹੈ। ਨਰਸਾਂ ਇਕ ਕਮਰੇ ਤੋਂ ਦੂਜੇ ਕਮਰੇ ਵੱਲ ਆ-ਜਾ ਰਹੀਆਂ ਹਨ। ਉਨ੍ਹਾਂ ਦੀ ਸਫੈਦ ਪੁਸ਼ਾਕ ਅੱਖਾਂ ਵਿਚ ਕਿਰਕਰੀ ਵਾਂਗ ਚੁੱਭ ਰਹੀ ਹੈ।
'ਸਿਸਟਰ! ਇਹ ਫਲਾਣੇ ਨੰਬਰ ਵਾਲਾ ਕਮਰਾ ਕਿਧਰ ਹੈ?
'ਸੱਜੇ ਪਾਸੇ।'
'ਧੰਨਵਾਦ।'
'ਆਖ਼ਰਕਾਰ ਮੈਂ ਉਸ ਦਰਵਾਜ਼ੇ ਅੱਗੇ ਪਹੁੰਚ ਹੀ ਗਿਆ, ਜਿਸ ਦੀ ਮੈਨੂੰ ਤਲਾਸ਼ ਸੀ। ਦਰਵਾਜ਼ੇ ਅੱਗੇ ਇਕ ਆਦਮੀ ਖੜ੍ਹਾ ਸੀ ਤੇ ਉਸ ਦੇ ਆਲੇ-ਦੁਆਲੇ ਚਾਰ ਔਰਤਾਂ ਖੜ੍ਹੀਆਂ ਸਨ। ਜਦੋਂ ਮੈਂ ਅਗਾਂਹ ਵਧਣ ਲਗਦਾ ਹਾਂ ਤਾਂ ਉਨ੍ਹਾਂ 'ਚੋਂ ਇਕ ਔਰਤ ਮੇਰੇ ਵੱਲ ਆਉਂਦੀ ਹੈ ਤੇ ਬੜੀ ਗਰਮਜੋਸ਼ੀ ਵਿਚ ਆਪਣਾ ਸੱਜਾ ਹੱਥ ਮੇਰੇ ਵੱਲ ਵਧਾਉਂਦੀ ਹੈ-ਲੰਬੀ, ਪਤਲੀ, ਡੂੰਘੀਆਂ ਅੱਖਾਂ ਤੇ ਤਿੱਖੇ ਨੱਕ ਵਾਲੀ, ਉਹ 60 ਕੁ ਵਰ੍ਹਿਆਂ ਦੀ ਅਮਰੀਕਨ ਕਵਿਤਰੀ ਹੈ। ਕੋਈ 7 ਕੁ ਵਰ੍ਹੇ ਪਹਿਲਾਂ ਉਹ ਜਿਬਰਾਨ ਨੂੰ ਮਿਲੀ ਸੀ ਤੇ ਉਸ ਨੇ ਜਿਬਰਾਨ ਦੀਆਂ ਲਿਖਤਾਂ ਦਾ ਅੰਗਰੇਜ਼ੀ ਵਿਚ ਅਨੁਵਾਦ ਕਰਨ ਵਿਚ ਉਸ ਦਾ ਹੱਥ ਵਟਾਇਆ ਸੀ। ਮੈਂ ਉਸ ਨੂੰ ਜਿਬਰਾਨ ਦੇ ਸਟੂਡੀਓ ਵਿਚ ਇਕ ਵਾਰ ਮਿਲ ਚੁੱਕਾ ਸੀ। ਮੈਂ ਜਦੋਂ ਆਪਣਾ ਹੱਥ ਉਸ ਦੇ ਹੱਥ 'ਤੇ ਰੱਖਿਆ ਤਾਂ ਉਸ ਨੇ ਹਉਕਾ ਭਰ ਕੇ ਕਿਹਾ-
'ਰੱਬ ਦਾ ਲੱਖ-ਲੱਖ ਸ਼ੁਕਰ ਹੈ ਕਿ ਤੁਸੀਂ ਆ ਗਏ ਹੋ।'
ਇਕ ਸਵਾਲ ਨਾਲ ਮੇਰਾ ਦਿਲ ਭਰਿਆ ਹੋਇਆ ਸੀ ਜੋ ਮੇਰੀਆਂ ਅੱਖਾਂ ਵਿਚੋਂ ਡੁਲ੍ਹਕ ਰਿਹਾ ਸੀ। ਉਹ ਸਵਾਲ ਮੇਰੇ ਚਿਹਰੇ 'ਤੇ ਲਿਖਿਆ ਹੋਇਆ ਸੀ ਪਰ ਫੇਰ ਵੀ ਮੇਰੀ ਜ਼ਬਾਨ ਕੁਝ ਕਹਿਣ ਤੋਂ ਥਿੜਕ ਰਹੀ ਸੀ। ਮੇਰੇ ਸਵਾਲ ਦੀ ਇੰਤਜ਼ਾਰ ਕੀਤੇ ਬਿਨਾਂ ਹੀ ਉਸ ਨੇ ਜਵਾਬ ਦੇ ਦਿੱਤਾ-
'ਹੁਣ ਕੋਈ ਉਮੀਦ ਨਹੀਂ। ਨੋ ਹੋਪ।'
'ਮੈਨੂੰ ਇਹ ਤਾਂ ਦੱਸੋ ਕਿ ਹੋਇਆ ਕੀ?'
'ਮੈਂ ਕੱਲ੍ਹ ਸਟੂਡੀਓ ਵਿਚ ਉਨ੍ਹਾਂ ਦੇ ਨਾਲ ਹੀ ਸੀ, ਜਦੋਂ ਉਨ੍ਹਾਂ ਨੂੰ ਹਾਰਟ ਅਟੈਕ ਹੋਇਆ, ਉਹੋ ਜਿਹਾ ਜਿਹੜਾ ਉਨ੍ਹਾਂ ਨੂੰ ਪਹਿਲਾਂ ਵੀ ਹੋਇਆ ਸੀ। ਉਸੇ ਵੇਲੇ ਮੈਂ ਡਾਕਟਰ ਨੂੰ ਬੁਲਾਇਆ ਤੇ ਉਨ੍ਹਾਂ ਤੋਂ ਪੁੱਛਿਆ ਕਿ ਕੀ ਜਿਬਰਾਨ ਨੂੰ ਇਕਦਮ ਹਸਪਤਾਲ ਪਹੁੰਚਾਉਣ ਦੀ ਜ਼ਰੂਰਤ ਹੈ? ਡਾਕਟਰ ਸਾਹਿਬ ਨੇ ਜਵਾਬ ਦਿੱਤਾ ਕਿ ਅੱਜ ਦੀ ਰਾਤ ਉਨ੍ਹਾਂ ਨੂੰ ਸਟੂਡੀਓ ਵਿਚ ਹੀ ਰਹਿਣ ਦਿਓ। ਉਨ੍ਹਾਂ ਦੀ ਹਾਲਤ ਅਜਿਹੀ ਸੀ ਕਿ ਉਨ੍ਹਾਂ ਨੂੰ ਇਕੱਲਿਆਂ ਨਹੀਂ ਸੀ ਛੱਡਿਆ ਜਾ ਸਕਦਾ। ਇਸ ਲਈ ਕੱਲ੍ਹ ਰਾਤ ਮੈਂ ਸਟੂਡੀਓ ਵਿਚ ਹੀ ਰਹੀ। ਅੱਜ ਸਵੇਰ ਤੋਂ ਉਨ੍ਹਾਂ ਨੂੰ ਅਸਹਿ ਪੀੜ ਸ਼ੁਰੂ ਹੋ ਗਈ ਤੇ 10-11 ਵਜੇ ਤੱਕ ਮੈਂ ਉਨ੍ਹਾਂ ਨੂੰ ਇਥੇ ਲੈ ਆਈ।'
'ਤੁਸੀਂ ਮੈਨੂੰ ਕੱਲ੍ਹ ਰਾਤ ਜਾਂ ਤੜਕਸਾਰ ਹੀ ਕਿਉਂ ਨਹੀਂ ਦੱਸਿਆ?'
'ਕੱਲ੍ਹ ਉਨ੍ਹਾਂ ਦੀ ਤਕਲੀਫ਼ ਨੂੰ ਮੈਂ ਗੰਭੀਰ ਨਹੀਂ ਸੀ ਸਮਝਿਆ। ਡਾਕਟਰ ਨੇ ਵੀ ਕੋਈ ਗੰਭੀਰਤਾ ਨਹੀਂ ਦਰਸਾਈ ਪਰ ਸਵੇਰ ਵੇਲੇ ਉਨ੍ਹਾਂ ਦੀ ਵਧ ਰਹੀ ਤਕਲੀਫ਼ ਨੂੰ ਦੇਖ ਕੇ ਮੇਰੇ ਜ਼ਿਹਨ ਵਿਚ ਸਭ ਤੋਂ ਪਹਿਲਾਂ ਤੁਹਾਡਾ ਹੀ ਨਾਂਅ ਆਇਆ। ਪਰ ਮੈਂ ਤੁਹਾਡਾ ਕੋਈ ਅਤਾ-ਪਤਾ ਨਹੀਂ ਸੀ ਜਾਣਦੀ। ਫਿਰ ਅਚਾਨਕ ਮੈਨੂੰ 'ਸੀਰੀਅਨ ਵਰਲਡ' ਦਾ ਖਿਆਲ ਆਇਆ ਕਿ ਉਨ੍ਹਾਂ ਦੇ ਦਫਤਰ ਨੂੰ ਤੁਹਾਡਾ ਕੋਈ ਟੈਲੀਫੋਨ ਨੰਬਰ ਜ਼ਰੂਰ ਪਤਾ ਹੋਵੇਗਾ। ਮੈਂ ਉਨ੍ਹਾਂ ਨੂੰ ਤੁਹਾਡੇ ਤੱਕ ਇਹ ਗੱਲ ਪਹੁੰਚਾਉਣ ਦੀ ਬੇਨਤੀ ਕੀਤੀ। ਤੁਹਾਨੂੰ ਇਤਲਾਹ ਮਿਲ ਗਈ, ਮੈਂ ਉਨ੍ਹਾਂ ਦੀ ਧੰਨਵਾਦੀ ਹਾਂ। ਸ਼ੁਕਰ ਹੈ ਰੱਬ ਦਾ ਕਿ ਤੁਸੀਂ ਟਾਈਮ 'ਤੇ ਪੁੱਜ ਗਏ ਹੋ।'
'ਹੁਣ ਉਨ੍ਹਾਂ ਦਾ ਕੀ ਹਾਲ ਹੈ?'
'ਹਸਪਤਾਲ ਪਹੁੰਚਣ ਤੋਂ ਥੋੜ੍ਹੀ ਦੇਰ ਬਾਅਦ ਹੀ ਉਹ ਬੇਹੋਸ਼ ਹੋ ਗਏ ਤੇ ਇਸ ਵੇਲੇ ਵੀ ਉਹ ਬੇਹੋਸ਼ੀ ਵਿਚ ਹੀ ਹਨ।'
'ਕੀ ਕਿਸੇ ਨੇ ਉਨ੍ਹਾਂ ਤੋਂ ਬੇਹੋਸ਼ ਹੋਣ ਤੋਂ ਪਹਿਲਾਂ ਪੁੱਛਿਆ ਹੈ ਕਿ ਕੀ ਉਹ ਕਿਸੇ ਨਾਲ ਗੱਲ ਕਰਨਾ ਚਾਹੁੰਦੇ ਹਨ?'
'ਇਕ ਸਿਸਟਰ ਨੇ ਉਨ੍ਹਾਂ ਤੋਂ ਇਹ ਜ਼ਰੂਰ ਪੁੱਛਿਆ ਸੀ ਕਿ ਉਹ 'ਕੈਥੋਲਿਕ' ਹਨ। ਉਨ੍ਹਾਂ ਨੇ ਟੁੱਟਵੀਂ ਪਰ ਸਖ਼ਤ ਆਵਾਜ਼ ਵਿਚ ਕਿਹਾ ਸੀ, 'ਨਹੀਂ।' ਸੁਣ ਕੇ ਉਹ ਫੌਰਨ ਕਮਰੇ 'ਚੋਂ ਬਾਹਰ ਆ ਗਈ। ਸੀਰਿਆ ਦਾ ਇਕ ਪਾਦਰੀ ਵੀ ਆਇਆ ਸੀ, ਮਧਰਾ ਤੇ ਪਤਲਾ ਜਿਹਾ... ਸ਼ਾਇਦ ਤੁਸੀਂ ਵੀ ਉਸ ਨੂੰ ਜਾਣਦੇ ਹੋਵੋ। ਉਹ ਉੱਚੀ-ਉੱਚੀ ਜਿਬਰਾਨ ਨੂੰ ਬੁਲਾਉਣ ਲੱਗਾ। ਪਰ ਜਿਬਰਾਨ ਹੋਸ਼ ਵਿਚ ਨਹੀਂ ਸਨ। ਮੈਨੂੰ ਪਾਦਰੀ ਦੀ ਇਸ ਹਰਕਤ 'ਤੇ ਏਨਾ ਗੁੱਸਾ ਆਇਆ ਕਿ ਮੈਂ ਉਸ ਦੀ ਬਾਂਹ ਫੜ ਕੇ, ਉਸ ਨੂੰ ਕਮਰੇ 'ਚੋਂ ਬਾਹਰ ਕੱਢ ਦੇਣਾ ਚਾਹੁੰਦੀ ਸੀ।'
'ਕੀ ਪਾਦਰੀ ਨੇ ਕੁਝ ਹੋਰ ਵੀ ਕਿਹਾ?'
'ਬਸ ਹੋਰ ਕੁਝ ਖ਼ਾਸ ਨਹੀਂ।'
'ਡਾਕਟਰ ਕਿਥੇ ਹਨ?'
'ਓਹ ਖੜ੍ਹੇ।' ਤੇ ਉਸ ਨੇ ਬੂਹੇ ਲਾਗੇ ਖੜ੍ਹੇ ਇਕ ਆਦਮੀ ਵੱਲ ਇਸ਼ਾਰਾ ਕੀਤਾ।
'ਡਾਕਟਰ! ਉਨ੍ਹਾਂ ਨੂੰ ਕੀ ਹੋਇਆ ਹੈ? ਹੁਣ ਕੀ ਕੋਈ ਇਲਾਜ ਸੰਭਵ ਹੈ?'
'ਉਨ੍ਹਾਂ ਨੂੰ ਜਿਗਰ ਦਾ ਕੈਂਸਰ ਹੈ। ਸ਼ਾਇਦ ਹੀ ਉਹ ਅੱਜ ਦੀ ਰਾਤ ਕੱਢਣ। ਮੈਨੂੰ ਨਹੀਂ ਉਮੀਦ ਕਿ ਹੁਣ ਉਹ ਕਦੇ ਹੋਸ਼ ਵਿਚ ਆਉਣਗੇ।' ਡਾਕਟਰ ਨੇ ਇਹ ਗੱਲ ਬਹੁਤ ਹੀ ਸਹਿਜ ਤੇ ਸਾਧਾਰਨ ਢੰਗ ਨਾਲ ਕਹੀ ਜਿਵੇਂ ਉਹ ਮੌਸਮ ਦੀ ਗੱਲ ਕਰ ਰਿਹਾ ਹੋਵੇ। ਇਸ ਵਿਚ ਕੋਈ ਅਸਚਰਜ ਵਾਲੀ ਗੱਲ ਨਹੀਂ, ਕਿਉਂਕਿ ਡਾਕਟਰ ਲਈ ਇਹ ਇਕ 'ਰੁਟੀਨ ਮੈਟਰ' ਸੀ। ਉਸ ਵੇਲੇ ਮੈਂ ਇਹ ਗੱਲ ਸੋਚਣ 'ਤੇ ਮਜਬੂਰ ਹੋ ਗਿਆ ਕਿ ਕੀ ਉਹ ਡਾਕਟਰ ਆਪਣੀ ਮੌਤ ਦੇ ਵਕਤ ਵੀ ਏਨਾ ਹੀ ਸਹਿਜ ਤੇ ਨਿਰਲੇਪ ਰਹਿ ਪਾਵੇਗਾ!
'ਦਵਾਈਆਂ! ਦਵਾਈਆਂ! ਦਵਾਈਆਂ!'
ਦੁੱਖ-ਤਕਲੀਫ਼ਾਂ ਨਾਲ ਭਰੇ ਸੰਸਾਰ ਦੀਆਂ ਇਹੋ ਰੱਬ ਹਨ।
'ਡਾਕਟਰ! ਕੀ ਮੈਂ ਉਨ੍ਹਾਂ ਕੋਲ ਜਾ ਸਕਦਾ ਹਾਂ?'
'ਕਿਉਂ ਨਹੀਂ?'

ਘੱਰ੍ਹ... ਘੱਰ੍ਹ... ਘੱਰ੍ਹ... ਘੱਰ੍ਹ... ਘੱਰ੍ਹ...
ਜਦੋਂ ਮੈਂ ਬੂਹਾ ਖੋਲ੍ਹਿਆ ਤਾਂ ਬੂਹੇ ਦੇ ਜੰਗ ਖਾਧੇ ਕਬਜ਼ਿਆਂ ਵਿਚੋਂ ਇਹੋ ਜਿਹੀ ਆਵਾਜ਼ ਮੇਰੇ ਕੰਨਾਂ ਵਿਚ ਪਈ। ਕਮਰੇ ਵਿਚ ਜਦੋਂ ਮੈਂ ਪੈਰ ਧਰਿਆ ਤਾਂ ਮੇਰੇ ਜ਼ਿਹਨ ਵਿਚ ਖਿਆਲ ਆਇਆ ਕਿ ਮੈਂ ਇਕ ਰਹੱਸਮਈ ਦੁਨੀਆ ਵਿਚ ਦਾਖਲ ਹੋ ਰਿਹਾ ਹਾਂ। ਜਿਸ ਸੰਸਾਰ ਵਿਚੋਂ ਮੈਂ ਹੁਣੇ-ਹੁਣੇ ਆਇਆ ਸੀ, ਉਥੇ ਕੁਝ ਵੀ ਰਹੱਸਮਈ ਨਹੀਂ ਹੈ। ਮੈਂ ਭੁੱਲ ਹੀ ਗਿਆ ਕਿ ਇਹ ਦੋਵੇਂ ਸੰਸਾਰ ਆਪਸ ਵਿਚ ਕਿਸ ਕਦਰ ਜੁੜੇ ਹੋਏ ਹਨ ਅਤੇ ਉਨ੍ਹਾਂ ਵਿਚਕਾਰ ਨਾ ਕੋਈ ਬੂਹਾ ਹੈ ਤੇ ਨਾ ਕੋਈ ਬਾਰੀ ਹੈ। ਸਿਰਫ ਅੱਖ ਦਾ ਭੁਲੇਖਾ ਹੈ। ਪਦਾਰਥਕ ਜਗਤ ਅੱਖਾਂ ਦੁਆਲੇ ਐਨੇ ਮੋਟੇ ਪਰਦੇ ਤਾਣ ਦਿੰਦਾ ਹੈ ਕਿ ਕੁਝ ਵਿਖਾਈ ਹੀ ਨਹੀਂ ਦਿੰਦਾ।
ਮੈਂ ਸਫੈਦ ਬਿਸਤਰ ਵੱਲ ਦੇਖਦਾ ਹਾਂ। ਬੈੱਡ ਦੇ ਨੇੜੇ ਖੜ੍ਹੇ ਵਿਦਿਆਰਥੀ ਡਾਕਟਰ ਤਾਂ ਮੈਂ ਦੇਖ ਹੀ ਨਹੀਂ ਸਕਿਆ। ਮੇਰੀਆਂ ਅੱਖਾਂ ਤਾਂ ਸਿਰਫ ਉਸ ਚਿਹਰੇ 'ਤੇ ਜੰਮੀਆਂ ਹੋਈਆਂ ਹਨ, ਜਿਨ੍ਹਾਂ ਨੂੰ ਮੈਂ ਲੰਮੇ ਸਮੇਂ ਤੋਂ ਜਾਣਦਾ ਹਾਂ ਤੇ ਜਿਨ੍ਹਾਂ ਨੂੰ ਮੈਂ ਦਿਲੋ-ਜਾਨ ਨਾਲ ਪਿਆਰ ਕਰਦਾ ਹਾਂ। ਅਫਸੋਸ! ਉਹ ਅੱਖਾਂ ਹੁਣ ਮੈਨੂੰ ਪਛਾਣ ਹੀ ਨਹੀਂ ਸਨ ਰਹੀਆਂ। ਉਨ੍ਹਾਂ ਅੱਖਾਂ ਦਾ ਰੰਗ ਕੱਕੇ-ਰੇਤੇ ਵਰਗਾ ਸੀ, ਜਿਨ੍ਹਾਂ ਵਿਚ ਜ਼ਿੰਦਗੀ ਕਿਰਮਚੀ ਲਕੀਰ ਹੋਇਆ ਕਰਦੀ ਸੀ। ਪਰ ਹੁਣ ਉਹ ਧੁਆਂਖੇ ਜਿਹੇ ਰੰਗ ਦੀਆਂ ਹੋ ਚੁੱਕੀਆਂ ਹਨ... ਤੇ ਉਨ੍ਹਾਂ ਵਿਚ ਮੌਤ ਦਾ ਸਾਹ ਸੁਣਾਈ ਦਿੰਦਾ ਸੀ।
ਸਿੱਧਾ ਨੱਕ, ਬੇਹੱਦ ਸੰਵੇਦਨਸ਼ੀਲ ਨਾਸਾਂ ਜੋ ਹੁਣ ਬਿਲਕੁਲ ਕਮਜ਼ੋਰ, ਜ਼ਰਦ ਤੇ ਫਿੱਕੀਆਂ ਦਿਖਾਈ ਦੇ ਰਹੀਆਂ ਹਨ। ਨਾਸਾਂ 'ਚੋਂ ਟਪਕਦੀਆਂ ਖੂਨ ਦੀਆਂ ਬੂੰਦਾਂ ਭਾਵੀ ਹੋਣੀ ਦੇ ਅਗੇਤਰ ਚਿੰਨ੍ਹ ਜਾਪ ਰਹੀਆਂ ਹਨ। ਨੱਕ ਰਾਹੀਂ ਸਾਹ ਲੈਣ ਦੀ ਹਰਕਤ ਬੜੀ ਕਮਜ਼ੋਰ ਹੈ। ਲਗਦਾ ਹੈ ਜਿਵੇਂ ਉਹ ਜ਼ੁਕਾਮ ਦੇ ਰੇਸ਼ੇ ਨਾਲ ਜੰਮ ਚੁੱਕਿਆ ਹੈ। ਮੌਤ ਜੋ ਸਭ ਰੋਗਾਂ ਦਾ ਨਿਦਾਨ ਹੈ, ਉਨ੍ਹਾਂ ਨੂੰ ਕਿਸੇ ਹੋਰ ਹੀ ਧਰਤੀ 'ਤੇ ਕਿਸੇ ਹੋਰ ਹੀ ਆਸਮਾਨ ਦੀ ਹਵਾ ਨਾਲ ਸਾਹ ਦਿਵਾ ਰਹੀ ਸੀ।
ਇਹ ਉਹ ਅੱਖਾਂ ਹਨ, ਜੋ ਹੁਣ ਸਖ਼ਤ ਪਲਕਾਂ ਨਾਲ ਢਕੀਆਂ ਹੋਈਆਂ ਹਨ। ਕਦੇ ਇਹ ਅੱਖਾਂ ਸੁਪਨਿਆਂ ਨਾਲ ਭਰੀਆਂ ਹੁੰਦੀਆਂ ਸਨ ਤੇ ਇਨ੍ਹਾਂ ਵਿਚ ਕਿੰਨੇ ਹੀ ਸੰਸਾਰ ਝਲਕਦੇ ਸਨ। ਕਿੰਨੀ ਵਾਰ ਮੈਂ ਇਨ੍ਹਾਂ ਅੱਖਾਂ ਵਿਚ ਅਦੁੱਤੀ ਚਮਕ ਦੇਖੀ ਹੈ। ਇਹ ਅੱਖਾਂ ਕਲਪਨਾ ਦੀ ਛੁਹ ਨਾਲ ਜਗਮਗਾ ਉਠਦੀਆਂ ਸਨ। ਇਨ੍ਹਾਂ ਅੱਖਾਂ ਵਿਚ ਕਦੇ ਕੋਈ ਦਿਲ ਦੀ ਚਾਹਤ ਹੁੰਦੀ ਤੇ ਕਦੇ ਉਨ੍ਹਾਂ ਵਿਚ ਮਾਸੂਮ ਜਿਹੀ ਖੁਸ਼ੀ ਜੋ ਪੈਦਾ ਹੋਈ ਰੌਸ਼ਨੀ ਦੀ ਇਕ ਨਾਜ਼ੁਕ ਲਕੀਰ ਹੁੰਦੀ। ਕਿੰਨੀ ਵਾਰ ਮੈਂ ਇਨ੍ਹਾਂ ਅੱਖਾਂ ਵਿਚ ਹੰਝੂਆਂ ਦਾ ਸੈਲਾਬ ਦੇਖਿਆ ਹੈ। ਇਨ੍ਹਾਂ ਅੱਖਾਂ ਨੂੰ ਮੈਂ ਦੁਨੀਆ 'ਤੇ ਉਸ ਦੇ ਲੋਕਾਂ ਨੂੰ ਚੀਰਦੀ ਨਜ਼ਰ ਨਾਲ ਤੱਕਦਿਆਂ ਵੀ ਦੇਖਿਆ ਹੈ। ਇਹ ਅੱਖਾਂ ਹਮੇਸ਼ਾ ਇਹ ਘੋਖਦੀਆਂ ਰਹੀਆਂ ਹਨ ਕਿ ਪਰਦੇ ਦੇ ਪਿੱਛੇ ਦੀ ਹਕੀਕਤ ਕੀ ਹੈ? ਕਦੇ ਉਹ ਦੂਰ ਖਿਤਿਜ ਵੱਲ ਦੇਖਦਿਆਂ ਹੋਇਆਂ ਇੰਜ ਜਾਪਦੀਆਂ ਜਿਵੇਂ ਉਹ ਉਨ੍ਹਾਂ ਅਲੌਕਿਕ ਅਹਿਸਾਸਾਂ ਦਾ ਪਿੱਛਾ ਕਰ ਰਹੀਆਂ ਹਨ ਜੋ ਸਾਧਾਰਨ ਆਦਮੀਆਂ ਦੀ ਪਹੁੰਚ ਤੋਂ ਬਹੁਤ ਦੂਰ ਹਨ।
ਪਰ ਹੁਣ ਉਹ ਅੱਖਾਂ ਨਾ ਹੱਸਦੀਆਂ ਹਨ ਤੇ ਨਾ ਰੋਂਦੀਆਂ ਹਨ। ਸਖ਼ਤ ਪਲਕਾਂ ਨੇ ਉਸ ਦੀਆਂ ਅੱਖਾਂ ਨੂੰ ਤੇ ਉਨ੍ਹਾਂ ਵਿਚਲੇ ਸਭ ਰਹੱਸਾਂ ਨੂੰ ਢਕ ਰੱਖਿਆ ਹੈ। ਪਤਾ ਨਹੀਂ ਇਸ ਪਲ ਵਿਚ ਕਿੰਨੀਆਂ ਹੀ ਪ੍ਰਛਾਈਆਂ ਉਸ ਦੀਆਂ ਪੁਤਲੀਆਂ ਵਿਚ ਆ-ਜਾ ਰਹੀਆਂ ਹਨ। ਜ਼ਿੰਦਗੀ ਅਤੇ ਮੌਤ ਵਿਚਕਾਰ ਅੱਖ-ਮਿਚੋਲੀ ਦੀ ਖੇਡ ਚੱਲ ਰਹੀ ਹੈ।
ਉਸ ਦੇ ਗੁਲਾਬੀ ਬੁੱਲ੍ਹਾਂ 'ਤੇ ਕਿੰਨੀ ਕੋਮਲਤਾ ਤੇ ਕਿੰਨੀ ਮਿਠਾਸ ਸੀ। ਇਹ ਹੁਣ ਨਿਰਜੰਦ ਜਾਪ ਰਹੇ ਹਨ। ਕਿੰਨੀ ਵਾਰ ਇਨ੍ਹਾਂ ਬੁੱਲ੍ਹਾਂ ਵਿਚੋਂ ਮੁਸਕਾਨ ਲੰਘੀ ਤੇ ਕਿੰਨੀ ਵਾਰ ਇਹ ਦਰਦ ਨਾਲ ਫੜਫੜਾਏ। ਕਿੰਨੀ ਵਾਰ ਇਨ੍ਹਾਂ ਬੁੱਲ੍ਹਾਂ ਨੇ ਕਿਸੇ ਨੂੰ ਪਿਆਰ ਨਾਲ ਚੁੰਮਿਆ ਤੇ ਕਿੰਨੀ ਵਾਰ ਇਨ੍ਹਾਂ ਬੁੱਲ੍ਹਾਂ ਨੂੰ ਕਿਸੇ ਨੇ ਚੁੰਮਿਆ।
ਮਾਂ ਦੇ ਚੁੰਬਨ
ਪ੍ਰੇਮਿਕਾ ਦੇ ਚੁੰਬਨ
ਤੇ ਉਸ ਦਾ ਉਤਲਾ ਬੁੱਲ੍ਹ ਜਿਸ ਨੂੰ ਕਿੰਨੀ ਵਾਰ ਮੈਂ ਗੁੱਸੇ, ਖੁਸ਼ੀ ਤੇ ਗ਼ਮੀ ਵਿਚ ਫੜਕਦਿਆਂ ਦੇਖਿਆ ਹੈ, ਹੁਣ ਇਹ ਆਪਣੇ ਹੇਠਲੇ ਭਰਾ ਨਾਲ ਗਲਵਕੜੀ ਪਾ ਕੇ ਬਿਲਕੁਲ ਚੁੱਪ ਹੈ, ਸ਼ਾਇਦ ਇਹ ਮੂਕ ਸਿਆਣਪ ਦਾ ਪ੍ਰਤੀਕ ਬਣ ਚੁੱਕਾ ਹੈ। ਦੋ ਬੁੱਲ੍ਹਾਂ ਵਿਚਕਾਰ ਵਿਖਾਈ ਦੇ ਰਹੀ ਸਿੱਧੀ ਲਕੀਰ ਆਵਾਜ਼ ਅਤੇ ਖਾਮੋਸ਼ੀ ਵਿਚਕਾਰਲੀ ਕੰਧ ਹੈ... ਹੋ ਸਕਦਾ ਹੈ ਕੁਝ ਕਿਹਾ ਜਾਵੇ... ਹੋ ਸਕਦਾ ਹੈ ਕੁਝ ਵੀ ਨਾ ਕਿਹਾ ਜਾਵੇ... ਪਰ ਹੁਣ ਇਸ ਖਾਮੋਸ਼ੀ ਨੂੰ ਵੀ ਸੁਣਿਆ ਜਾ ਸਕਦਾ ਹੈ।
ਬੰਦ ਬੁੱਲ੍ਹਾਂ ਵਿਚੋਂ ਕਦੇ-ਕਦੇ ਕੁਰਲਾਉਣ ਦੀ ਆਵਾਜ਼ ਆਉਂਦੀ ਹੈ। ਇਹ ਚੀਖ ਕਿਸੇ ਬਿਮਾਰ ਆਦਮੀ ਦੀ ਨਹੀਂ, ਸਗੋਂ ਕਿਸੇ ਅਜਿਹੇ ਪ੍ਰਾਣੀ ਦੀ ਹੈ ਜਿਸ ਨੂੰ ਕਸਾਈ ਵੱਢ ਰਿਹਾ ਹੋਵੇ।
ਉਸ ਦਾ ਉੱਚਾ, ਮਾਣਮੱਤਾ, ਸਾਊ, ਕੁਲੀਨ ਤੇ ਪ੍ਰਭਾਵਸ਼ਾਲੀ ਮੱਥਾ। ਪਿਛਾਂਹ ਖਿਸਕਦੇ ਸਫ਼ੈਦ ਵਾਲਾਂ ਨੇ ਉਸ ਦੇ ਮੱਥੇ ਨੂੰ ਹੋਰ ਵੀ ਵਧੇਰੇ ਗਰਿਮਾਮਈ ਬਣਾ ਦਿੱਤਾ ਹੈ। ਇਹ ਉਹ ਮਸਤਕ ਹੈ ਜੋ ਕਦੇ ਵੀ ਮੇਰੀਆਂ ਅੱਖਾਂ ਤੇ ਸੋਚਾਂ ਤੋਂ ਦੂਰ ਨਹੀਂ ਹੋਇਆ। ਮੈਂ ਉਸ ਦੇ ਸੁਪਨਿਆਂ, ਇਰਾਦਿਆਂ, ਖਵਾਹਿਸ਼ਾਂ ਅਤੇ ਮੁਸ਼ਕਿਲਾਂ ਤੋਂ ਵਾਕਿਫ਼ ਹਾਂ, ਜੋ ਉਸ ਦੇ ਮਸਤਕ ਅੰਦਰ ਕਲੋਲਾਂ ਕਰਦੇ ਰਹੇ ਹਨ। ਪਰ ਹੁਣ ਉਸ ਦੀਆਂ ਸੋਚਾਂ ਤੱਕ ਮੇਰੀ ਪਹੁੰਚ ਨਹੀਂ। ਉਸ ਦੇ ਸਿਰ ਦੇ ਖੂਬਸੂਰਤ, ਮੁਲਾਇਮ ਵਾਲ ਜੋ ਹੁਣ ਪਹਿਲਾਂ ਨਾਲੋਂ ਅੱਧੇ ਵੀ ਨਹੀਂ ਰਹੇ, ਉਨ੍ਹਾਂ ਦੀ ਚਮਕ-ਦਮਕ ਵੀ ਫਿੱਕੀ ਪੈ ਚੁੱਕੀ ਹੈ।
'ਜਿਬਰਾਨ!' ਮੈਂ ਆਪਣੇ ਦਿਲ ਦੀ ਆਵਾਜ਼ ਸੁਣਦਾ ਹਾਂ! ਮੇਰੇ ਵਜੂਦ ਦਾ ਰੇਸ਼ਾ-ਰੇਸ਼ਾ ਉਸ ਨੂੰ ਪੁਕਾਰ ਰਿਹਾ ਹੈ। ਪਰ ਮੇਰੀ ਜ਼ਬਾਨ ਬੰਦ ਹੈ, ਮੇਰੇ ਬੁੱਲ੍ਹ ਖੁੱਲ੍ਹਦੇ ਹੀ ਨਹੀਂ। ਜਦੋਂ ਮੈਂ ਉਸ ਦੇ ਪੀੜ ਨਾਲ ਬੇਹਾਲ ਹੋਏ ਚਿਹਰੇ ਨੂੰ ਦੇਖਦਾ ਹਾਂ, ਉਸ ਦੀਆਂ ਦਰਦ ਭਰੀਆਂ ਚੀਕਾਂ ਸੁਣਦਾ ਹਾਂ ਤਾਂ ਮੈਂ ਆਪਣੇ-ਆਪ ਨੂੰ ਕਹਿੰਦਾ ਹਾਂ-
'ਜੇ ਮੈਂ ਉਸ ਨੂੰ ਆਵਾਜ਼ ਦੇਵਾਂ ਤਾਂ ਉਹ ਹੁੰਗਾਰਾ ਜ਼ਰੂਰ ਭਰੇਗਾ। ਜੇ ਉਹ ਹੁੰਗਾਰਾ ਨਾ ਭਰ ਸਕਿਆ ਤਾਂ ਉਸ ਦੀ ਲਾਚਾਰੀ ਦੇਖ ਕੇ ਮੈਨੂੰ ਡੂੰਘੀ ਪੀੜ ਹੋਵੇਗੀ।'
'ਸ਼ਾਇਦ ਉਹ ਮੈਨੂੰ ਦੇਖ ਰਿਹਾ ਹੈ। ਮੇਰਾ ਖਿਆਲ ਵਿਸ਼ਵਾਸ ਵਿਚ ਬਦਲਦਾ ਹੈ ਤੇ ਮੈਨੂੰ ਡਾਢੀ ਤਸੱਲੀ ਹੁੰਦੀ ਹੈ।'
ਮੈਂ ਉਸ ਦੇ ਬੈੱਡ ਦੇ ਲਾਗੇ ਪਈ ਕੁਰਸੀ 'ਤੇ ਬਹਿ ਜਾਂਦਾ ਹਾਂ ਅਤੇ ਆਪਣੇ ਵੀਰ ਦੇ ਗਲੇ 'ਚੋਂ ਨਿਕਲਦੇ ਹੌਕੇ ਅਤੇ ਟੁੱਟਵੇਂ-ਟੁੱਟਵੇਂ ਸ਼ਬਦ ਸੁਣਦਾ ਹਾਂ। ਮੈਂ ਕਹਿਣਾ ਚਾਹੁੰਦਾ ਹਾਂ, 'ਸਭ ਕੁਝ ਥੁੱਕ ਦੇਵੋ, ਕੱਢ ਦੇਵੋ।' ਮੈਂ ਇਹ ਨਹੀਂ ਜਾਣਦਾ ਕਿ ਜੇ ਇਕ ਵਾਰ ਉਸ ਨੇ ਥੁੱਕਿਆ ਤਾਂ ਉਹੋ ਉਸ ਦਾ ਆਖਰੀ ਸਾਹ ਹੋਵੇਗਾ। ਆਖ਼ਰਕਾਰ ਮੈਂ ਆਪਣੇ-ਆਪ ਨੂੰ ਕਿਸਮਤ ਦੇ ਹਵਾਲੇ ਕਰ ਦਿੰਦਾ ਹਾਂ ਤੇ ਧਿਆਨ ਵਿਚ ਲੀਨ ਹੋ ਜਾਂਦਾ ਹਾਂ। ਡੂੰਘੇ ਦੁੱਖ ਦੇ ਪਲਾਂ ਵਿਚ ਧਿਆਨ, ਮੇਰਾ ਇਕੋ-ਇਕ ਆਸਰਾ ਹੈ। ਮੈਨੂੰ ਅਹਿਸਾਸ ਹੁੰਦਾ ਹੈ ਜਿਵੇਂ ਜਿਬਰਾਨ ਤੇ ਮੈਂ ਗੱਲਾਂ ਕਰ ਰਹੇ ਹਾਂ। ਅਕਸਰ ਅਸੀਂ ਆਪਸ ਵਿਚ 'ਖਾਮੋਸ਼ ਸੰਵਾਦ' ਵੀ ਰਚਾਉਂਦੇ ਰਹੇ ਹਾਂ। ਮੈਨੂੰ ਇਸ ਗੱਲ ਦਾ ਅਹਿਸਾਸ ਹੈ ਕਿ ਜਿਬਰਾਨ ਜਾਣਦਾ ਹੈ ਕਿ ਮੈਂ ਉਸ ਦੇ ਕੋਲ ਹਾਂ। ਉਹ ਇਹ ਜਾਣਦਾ ਹੈ ਕਿ ਮਿੱਤਰਤਾ ਦੀ ਨਿੱਘ ਨਾਲ ਭਰਿਆ ਇਕ ਦਿਲ ਉਸ ਨੂੰ ਇਕ ਕੰਢੇ ਤੋਂ ਦੂਜੇ ਕੰਢੇ ਤੱਕ ਦੇ ਸਫ਼ਰ 'ਤੇ ਤੁਰਨ ਵੇਲੇ 'ਅਲਵਿਦਾ' ਕਹਿਣ ਲਈ ਹਾਜ਼ਰ ਹੈ।
ਸਿਖਿਆਰਥੀ ਡਾਕਟਰ ਕਦੇ-ਕਦੇ ਆਪਣੇ ਸਫ਼ੈਦ ਕੋਟ ਵਿਚੋਂ ਹੱਥ ਬਾਹਰ ਕੱਢ ਕੇ ਮਰ ਰਹੇ ਆਦਮੀ ਦੀ ਨਬਜ਼ ਟੋਂਹਦਾ ਹੈ ਤੇ ਉਸ ਦੀ ਬਾਂਹ ਵਿਚ ਕੋਈ ਟੀਕਾ ਲਾਉਂਦਾ ਹੈ। ਪਤਾ ਨਹੀਂ ਇਹ ਦਰਦ ਘੱਟ ਕਰਨ ਲਈ ਕੀਤਾ ਜਾ ਰਿਹਾ ਹੈ ਜਾਂ ਦਿਲ ਦੀ ਧੜਕਣ ਬਰਕਰਾਰ ਰੱਖਣ ਲਈ। ਮੈਂ ਨਹੀਂ ਜਾਣਦਾ।
'ਕੀ ਉਹ ਦਰਦ ਮਹਿਸੂਸ ਕਰ ਸਕਦੇ ਹਨ?' ਮੈਂ ਪੁੱਛਿਆ।
'ਬਿਲਕੁਲ ਨਹੀਂ।'
'ਇਹ ਸੰਘਰਸ਼ ਕਿੰਨੀ ਦੇਰ ਚੱਲੇਗਾ?'
'ਅੰਤ ਨੇੜੇ ਹੈ।'

ਡਾਕਟਰ ਨਾਲ ਮੇਰੀ ਗੱਲਬਾਤ ਖ਼ਤਮ ਹੋ ਗਈ। ਮੈਂ ਜਿਬਰਾਨ ਨਾਲ, ਮੌਤ ਨਾਲ ਤੇ ਆਪਣੇ-ਆਪ ਨਾਲ ਸੰਵਾਦ ਅਰੰਭਿਆ।
'ਇਸ ਸਫ਼ਰ ਲਈ ਮੇਰੇ ਦੋਸਤ! ਤੂੰ ਕਿਹੜੇ ਪਕਵਾਨਾਂ ਦੀ ਪੋਟਲੀ ਬੰਨ੍ਹੀ ਹੈ?'
'ਘੱਰ੍ਹ... ਘੱਰ੍ਹ... ਘੱਰ੍ਹ... ਘੱ... ਰ੍ਹ...'
ਮੈਂ ਮੌਤ ਕੋਲ ਗਿਲ੍ਹਾ ਕਰਦਾ ਹਾਂ-
'ਤੂੰ ਮੇਰੇ ਵੀਰ ਨਾਲ ਇਹ ਕਿਹੋ ਜਿਹਾ ਵਤੀਰਾ ਕਰ ਰਹੀ ਹੈਂ?'
ਤੇ ਮੌਤ ਜਵਾਬ ਦਿੰਦੀ ਹੈ-
'ਘੱਰ੍ਹ... ਘੱਰ੍ਹ... ਘੱਰ੍ਹ।'
ਮੈਂ ਆਪਣੀ ਆਤਮਾ ਤੋਂ ਪੁੱਛਦਾ ਹਾਂ-
'ਮੈਨੂੰ ਇਹ ਤਾਂ ਦੱਸ ਕਿ ਤੈਨੂੰ ਕੀ ਵਿਖਾਈ ਦੇ ਰਿਹਾ ਹੈ, ਤੈਨੂੰ ਕੀ ਸੁਣਾਈ ਦੇ ਰਿਹਾ ਹੈ?'
'ਘੱਰ੍ਹ... ਘੱਰ੍ਹ... ਘੱਰ੍ਹ।'
ਫਿਰ ਮੇਰਾ ਦਿਲ ਉੱਛਲ ਕੇ ਮੇਰੇ ਕੰਨਾਂ ਕੋਲ ਆ ਗਿਆ ਤੇ ਜ਼ੋਰ-ਜ਼ੋਰ ਦੀ ਦਸਤਕ ਦੇਣ ਲੱਗਾ, ਮੈਂ ਉਸ ਤੋਂ ਪੁੱਛਦਾ ਹਾਂ-
'ਹਾਂ! ਦੱਸ ਕੀ ਹਾਲ ਹੈ?'
ਉਹ ਵੀ ਜਵਾਬ ਵਿਚ ਬਸ ਘੱਰ੍ਹ... ਘੱਰ੍ਹ... ਘੱਰ੍ਹ ਹੀ ਕਹਿੰਦਾ ਹੈ।
ਇਕ ਛਿਣ ਲਈ ਮੈਂ ਬੌਂਦਲ ਗਿਆ। ਮੈਨੂੰ ਕੁਝ ਵੀ ਸੁੱਝ ਹੀ ਨਹੀਂ ਸੀ ਰਿਹਾ। ਮੇਰੀ ਸੋਚ ਬਹੁਤ ਤੰਗ ਤੇ ਭੀੜੀ ਹੋ ਚੁੱਕੀ ਸੀ। ਅਚਾਨਕ ਬੱਦਲ ਛਾ ਗਏ, ਮੇਰੀ ਸੋਚ ਦੇ ਦਿਸਹੱਦੇ 'ਤੇ ਫੈਲ ਗਏ ਤੇ ਮੇਰੇ ਜ਼ਿਹਨ ਵਿਚ ਕਈ ਚੰਨ-ਤਾਰੇ ਚਮਕਣ ਲੱਗੇ। ਘਟਨਾਵਾਂ, ਵਿਚਾਰਾਂ, ਭਾਵਨਾਵਾਂ, ਚਿਹਰਿਆਂ ਤੇ ਨਾਵਾਂ ਨੇ ਮੇਰੀ ਚੇਤਨਾ ਦੇ ਸਭ ਰਸਤਿਆਂ ਨੂੰ ਬੰਨ੍ਹ ਲਾ ਦਿੱਤਾ। ਵਿਚਾਰਾਂ ਦੀਆਂ ਤਰੰਗਾਂ ਸਾਗਰ ਦੀਆਂ ਲਹਿਰਾਂ ਵਾਂਗ ਕਦੇ ਉਤਾਂਹ ਉੱਠਦੀਆਂ ਤੇ ਕਦੇ ਹੇਠਾਂ ਡਿਗ ਪੈਂਦੀਆਂ। ਕੋਈ ਪੁਰਾਣੀ ਯਾਦ ਕਿਸੇ ਨਵੀਂ ਯਾਦ ਨੂੰ ਪਿਛਾਂਹ ਧਕੇਲ ਕੇ ਤੀਬਰਤਾ ਨਾਲ ਉਜਾਗਰ ਹੋ ਜਾਂਦੀ ਹੈ। ਇਨ੍ਹਾਂ ਯਾਦਾਂ ਦੇ ਚਾਨਣ ਵਿਚ ਮੇਰੇ ਪਿਆਰੇ ਦੋਸਤ ਨਾਲ ਜੁੜੀਆਂ ਯਾਦਾਂ ਇਨ੍ਹਾਂ ਪੰਨਿਆਂ ਦੇ ਬੇਤਰਤੀਬੇ ਢੰਗ ਨਾਲ ਉੱਘੜਨੀਆਂ ਸ਼ੁਰੂ ਹੋ ਜਾਂਦੀਆਂ ਹਨ। ਮੈਂ ਇਹ ਜਾਣਦਾ ਹਾਂ ਕਿ ਇਨ੍ਹਾਂ ਪੰਨਿਆਂ ਨੂੰ ਇਕੋ ਹੀ ਕਲਮ ਨੇ ਇਕੋ ਹੀ ਸਿਆਹੀ ਨਾਲ ਲਿਖਿਆ ਹੈ। ਮੈਂ ਇਹ ਵੀ ਜਾਣਦਾ ਹਾਂ ਕਿ ਜਿਸ ਹੱਥ ਨੇ ਇਸ ਕਾਗਜ਼ 'ਤੇ ਇਬਾਰਤ ਲਿਖੀ ਹੈ, ਉਸ ਨੇ ਕਦੇ ਵੀ ਲੋੜੋਂ ਵੱਧ ਇਕ ਅੱਖਰ ਵੀ ਨਹੀਂ ਲਿਖਿਆ। ਉਸ ਨੇ ਤਾਂ ਅਰਧ-ਵਿਰਾਮ ਅਤੇ ਡੌਟ ਦੀ ਵੀ ਵਰਤੋਂ ਕੇਵਲ ਉਸ ਸਮੇਂ ਕੀਤੀ, ਜਦੋਂ ਉਨ੍ਹਾਂ ਨੂੰ ਲਾਏ ਬਿਨਾਂ ਅਰਥ ਸਪੱਸ਼ਟ ਨਹੀਂ ਸਨ ਹੋ ਸਕਦੇ। ਮੈਂ ਇਕ ਅੱਖਰ ਤੇ ਦੂਜੇ ਅੱਖਰ ਵਿਚਕਾਰ ਸਬੰਧ ਤਲਾਸ਼ਣ ਦੀ ਕੋਸ਼ਿਸ਼ ਕਰਦਾ ਹਾਂ ਤੇ ਕਦੇ ਪਹਿਲੇ ਪੰਨੇ ਤੇ ਆਖਰੀ ਪੰਨੇ ਵਿਚਕਾਰਲੇ ਸਬੰਧਾਂ ਨੂੰ ਤਲਾਸ਼ਦਾ ਹਾਂ... ਬਿਸ਼ਾਰੀ ਤੇ ਨਿਊਯਾਰਕ ਵਿਚਕਾਰ, ਲਿਬਨਾਨ ਦੇ ਦੇਵਦਾਰ ਦੇ ਦਰੱਖਤ ਤੇ ਸੇਂਟ ਵਿੰਸੇਟ ਦੇ ਹਸਪਤਾਲ ਵਿਚਕਾਰ, ਖਲੀਲ ਜਿਬਰਾਨ ਤੇ ਉਸ ਔਰਤ ਵਿਚਕਾਰ ਜੋ ਕਮਰੇ ਦੇ ਬਾਹਰ ਖੜੋਤੀ ਹੈ। ਜਿਬਰਾਨ ਤੇ ਉਨ੍ਹਾਂ ਸਭ ਲੋਕਾਂ ਵਿਚਕਾਰ ਜਿਨ੍ਹਾਂ ਨੂੰ ਉਹ ਆਪਣੀ ਜ਼ਿੰਦਗੀ ਵਿਚ ਕਦੇ ਮਿਲਿਆ ਸੀ, ਜਿਬਰਾਨ ਅਤੇ ਉਸ ਦੇ ਅਣਗਿਣਤ ਪਾਠਕਾਂ ਵਿਚਕਾਰ ਜਿਨ੍ਹਾਂ ਨੇ ਉਸ ਨੂੰ ਪੜ੍ਹਿਆ ਤੇ ਭਵਿੱਖ ਵਿਚ ਪੜ੍ਹਨਗੇ ਤੇ ਅੰਤ ਵਿਚ ਉਸ ਦੇ ਤੇ ਮੇਰੇ ਵਿਚਕਾਰ!
ਅਸੀਂ ਕਿਸੇ ਖ਼ਾਸ ਸਮੇਂ ਕਿਉਂ ਮਿਲੇ ਤੇ ਕਿੰਜ ਦੋਸਤ ਬਣ ਗਏ? ਅਜਿਹਾ ਕਦੇ ਪਹਿਲਾਂ ਜਾਂ ਉਸ ਤੋਂ ਬਾਅਦ ਕਿਉਂ ਨਹੀਂ ਵਾਪਰਿਆ? ਅਸੀਂ ਕਿਸੇ ਹੋਰ ਥਾਂ 'ਤੇ ਜਾਂ ਕਿਸੇ ਹੋਰ ਸਮੇਂ ਦੌਰਾਨ ਕਿਉਂ ਨਹੀਂ ਮਿਲੇ? ਉਸ ਦੀ ਜ਼ਿੰਦਗੀ ਦੇ ਨਾਟਕ ਦੇ ਆਖਰੀ ਦ੍ਰਿਸ਼ ਵਿਚ ਉਸ ਨੂੰ ਵਿਦਾ ਕਰਨ ਲਈ ਮੈਂ ਹੀ ਕਿਉਂ ਹਾਜ਼ਰ ਹਾਂ? ਜਦੋਂ ਮੈਨੂੰ ਪਰਮਾਤਮਾ ਦਾ ਬੁਲਾਵਾ ਆਇਆ ਤਾਂ ਕੀ ਉਹ ਉਸ ਪਾਰਲੇ ਕੰਢੇ 'ਤੇ ਮੇਰਾ ਇੰਤਜ਼ਾਰ ਕਰ ਰਿਹਾ ਹੋਵੇਗਾ?
ਮੈਂ ਤੇ ਜਿਬਰਾਨ ਨੇ ਪਤਾ ਨਹੀਂ ਕਿੰਨੀ ਵਾਰ ਮੌਤ ਸਬੰਧੀ ਗੱਲਾਂ ਕੀਤੀਆਂ। ਅਸੀਂ ਤਾਂ ਮੌਤ ਨੂੰ ਜ਼ਿੰਦਗੀ ਦੀ ਜੁੜਵੀਂ ਭੈਣ ਕਹਿੰਦੇ ਸੀ... ਦੂਜੀ ਜ਼ਿੰਦਗੀ! ਜੇ ਉਸ ਕੋਲ ਬੋਲਣ ਦੀ ਤਾਕਤ ਹੋਵੇ ਤਾਂ ਕੀ ਉਹ ਆਪਣੇ ਪਹਿਲੇ ਬੋਲੇ ਸ਼ਬਦਾਂ ਨੂੰ ਦੁਹਰਾਵੇਗਾ? ਜੇ ਉਹ ਇਸ ਵੇਲੇ ਨਾ ਜ਼ਿੰਦਗੀ ਬਾਰੇ, ਨਾ ਮੌਤ ਬਾਰੇ ਤੇ ਨਾ ਸਵਰਗ-ਨਰਕ ਬਾਰੇ ਸੋਚਦਾ ਹੈ ਤਾਂ ਫਿਰ ਉਹ ਕੀ ਸੋਚ ਰਿਹਾ ਹੈ? ਕੀ ਮੌਤ ਦੀ ਅਚੇਤਨਤਾ ਕਿਸੇ ਵੀ ਹੋਰ ਵਿਚਾਰ ਨਾਲੋਂ ਵੱਧ ਗਹਿਰੀ ਹੈ? ਕੀ ਉਹ ਸੁਪਨਿਆਂ ਤੇ ਕਲਪਨਾਵਾਂ ਤੋਂ ਕੋਹਾਂ ਦੂਰ ਜਾ ਚੁੱਕਾ ਹੈ? ਸ਼ਾਇਦ ਇਹ 'ਪੂਰਾ ਹੋਣ ਲਈ' 'ਹੋਣ' ਤੋਂ ਪਲ ਭਰ ਦੀ ਮੁਕਤੀ ਹੈ-ਅਜਿਹੀ ਮੁਕਤੀ ਜੋ ਸਭ ਅਹਿਸਾਸਾਂ ਤੋਂ ਪਰਾਂ ਹੈ। ਇਹ 'ਸਦੀਵੀ' ਤੇ ਸੰਪੂਰਨ ਸੁਤੰਤਰਤਾ ਦੀ ਪਹਿਲੀ ਛੋਹ ਦਾ ਸੁਆਦ ਹੈ। ਇਹ ਸਮੇਂ ਤੇ ਸਥਾਨ ਦੀਆਂ ਵਲਗਣਾਂ ਨੂੰ ਤਿਆਗ ਕੇ 'ਸੰਪੂਰਨ ਮੁਕਤੀ' ਦਾ ਰਾਹ ਹੈ।
ਮੌਤ ਦਾ ਖਿਆਲ ਮੈਨੂੰ ਫਿਰ ਇਸ ਵਸਤੂ-ਜਗਤ ਵਿਚ ਪਟਕਾ ਮਾਰਦਾ ਹੈ। ਕਮਰੇ ਦੀ ਇਕ ਛੋਟੀ ਜਿਹੀ ਖਿੜਕੀ ਰਾਹੀਂ ਮੈਨੂੰ ਬਾਹਰ ਸੜਕ ਦੀ ਗਹਿਮਾ-ਗਹਿਮੀ ਦਾ ਸ਼ੋਰ ਸੁਣਾਈ ਦਿੰਦਾ ਹੈ। ਇਨ੍ਹਾਂ ਆਵਾਜ਼ਾਂ ਵਿਚ ਵਲਵਲੇ, ਚਾਹਤਾਂ, ਉਮੀਦਾਂ, ਭਰੋਸੇ, ਇੱਛਾਵਾਂ, ਦੁਖ-ਸੁਖ, ਮਿਲਣ ਦੀ ਕਾਹਲ ਤੇ ਵਿਛੜਨ ਦਾ ਸੋਗ ਹੈ। ਸਾਰੀ ਲੁਕਾਈ ਘੱਰ੍ਹ-ਘੱਰ੍ਹ ਦੀ ਭਿਆਨਕ ਦੌੜ 'ਚ ਸ਼ਾਮਿਲ ਹੈ। ਫੇਰ ਮੈਨੂੰ ਇੰਜ ਮਹਿਸੂਸ ਹੁੰਦਾ ਹੈ ਜਿੱਦਾਂ ਇਸ ਵਾਰਡ ਦੀ ਛੱਤ ਫੰਗਾਂ ਸਹਾਰੇ ਉੱਡ ਕੇ ਕਿਧਰੇ ਦੂਰ ਚਲੀ ਗਈ ਹੈ ਤੇ ਸਾਰਾ ਸ਼ਹਿਰ ਮੇਰੇ ਸਾਹਮਣੇ ਨੰਗਾ ਹੋ ਗਿਆ ਹੈ। ਮੈਂ ਇਸ ਦੇ ਚਰਚ, ਵੇਸਵਾਘਰ, ਕਚਹਿਰੀਆਂ, ਜੇਲ੍ਹਾਂ, ਫੈਕਟਰੀਆਂ, ਸਟੋਰ ਹਾਊਸ, ਮਹਿਲ-ਝੌਂਪੜੀਆਂ ਵਿਚ ਟਹਿਲਦਾ ਹਾਂ। ਮੈਂ ਸਾਰੀ ਧਰਤੀ 'ਤੇ ਘੁੰਮਦਾ ਹਾਂ, ਸਭ ਕੁਝ ਦੇਖਦਾ ਹਾਂ, ਸਭ ਕੁਝ ਸੁਣਦਾ ਹਾਂ। ਮੈਂ ਰਾਜਿਆਂ, ਫਕੀਰਾਂ, ਆਵਾਮ, ਸੈਨਿਕਾਂ ਤੇ ਜਰਨੈਲਾਂ ਨਾਲ ਘੁੰਮਦਾ ਹਾਂ। ਮੈਂ ਨਵੇਂ ਬੱਚੇ ਦੇਖਦਾ ਹਾਂ, ਮੈਂ ਨੌਜਵਾਨ ਮੁੰਡੇ-ਕੁੜੀਆਂ ਦੇ ਵਿਆਹ ਵਿਚ ਸ਼ਾਮਿਲ ਹੁੰਦਾ ਹਾਂ, ਮੈਂ ਜਨਾਜ਼ੇ ਪਿੱਛੇ ਜਾ ਰਿਹਾ ਹਾਂ ਤੇ ਮ੍ਰਿਤਕ ਦੇਹ ਨੂੰ ਕਬਰ ਵਿਚ ਦਫ਼ਨ ਹੁੰਦਿਆਂ ਦੇਖ ਰਿਹਾ ਹਾਂ। ਹਰ ਥਾਂ 'ਤੇ ਇਕੋ ਹੀ ਆਵਾਜ਼ ਮੇਰੇ ਕੰਨਾਂ ਵਿਚ ਪੈਂਦੀ ਹੈ-ਘੱਰ੍ਹ... ਘੱਰ੍ਹ... ਘੱਰ੍ਹ...।
ਇਹ ਆਵਾਜ਼ ਮੇਰੀ ਆਤਮਾ ਵਿਚ ਰਚ ਚੁੱਕੀ ਹੈ। ਅਚੰਭਾ ਇਸ ਗੱਲ ਦਾ ਹੈ ਕਿ ਇਹ ਆਵਾਜ਼ ਮੈਨੂੰ ਪਹਿਲਾਂ ਕਦੇ ਸੁਣਾਈ ਕਿਉਂ ਨਹੀਂ ਦਿੱਤੀ? ਇਹ ਤਾਂ ਮੈਨੂੰ ਸਦੀਵੀ ਗੀਤ ਦੀ ਧੁਨ ਜਾਪਦੀ ਹੈ ਜੋ ਤਾਰਿਆਂ ਦੇ ਝੁਰਮੁਟ 'ਚੋਂ, ਸੂਰਜ ਦੀ ਤਪਸ਼ 'ਚੋਂ, ਦਰਿਆਵਾਂ ਦੇ ਕਲ-ਕਲ ਵਹਿੰਦੇ ਪਾਣੀ 'ਚੋਂ, ਮਨੁੱਖਾਂ ਅਤੇ ਪਸ਼ੂਆਂ ਦੀ ਪ੍ਰਾਚੀਨ ਬੋਲੀ 'ਚੋਂ ਮੈਨੂੰ ਸਿਰਫ ਇਹੋ ਤੇ ਇਹੋ ਆਵਾਜ਼ ਸੁਣਾਈ ਦਿੰਦੀ ਹੈ। ਮੇਰਾ ਇਹ ਅਹਿਸਾਸ ਇਹ ਸੋਚ ਕੇ ਹੋਰ ਵੀ ਡੂੰਘਾ ਹੋ ਜਾਂਦਾ ਹੈ ਕਿ ਨਵੇਂ ਜੰਮੇ ਬੱਚੇ ਦੀ ਚੀਖ ਵਿਚੋਂ ਵੀ ਘੱਰ੍ਹ... ਘੱਰ੍ਹ... ਘੱਰ੍ਹ ਦੀ ਹੀ ਧੁਨੀ ਗੂੰਜਦੀ ਹੈ ਤੇ ਘੱਰ੍ਹ... ਘੱਰ੍ਹ... ਘੱਰ੍ਹ ਦੀ ਇਹ ਧੁਨੀ ਹੀ ਦੁਨੀਆ ਤੋਂ ਰੁਖ਼ਸਤ ਹੋਣ ਵੇਲੇ ਅੰਦਰੋਂ ਨਿਕਲਦੀ ਹੈ।

ਅਧਿਆਇ-2 (ਬਿਸ਼ਾਰੀ ਦੇ ਪਰਛਾਵੇਂ)

(1)
ਜਿਸ ਗਲੇ 'ਚੋਂ ਮੈਂ ਮੌਤ ਦਾ ਘੋਰੜੂ ਸੁਣਦਾ ਹਾਂ, ਉਸੇ 'ਚੋਂ ਨਵੇਂ ਜੰਮੇ ਬੱਚੇ ਦੀ ਮੈਂ ਚੀਕ ਸੁਣ ਰਿਹਾ ਹਾਂ। ਦਾਈ 'ਚੀਕ' ਤਾਂ ਸੁਣਦੀ ਹੈ ਪਰ ਉਹ ਘੋਰੜੂ ਦੀ ਆਵਾਜ਼ ਨਹੀਂ ਸੁਣਦੀ। ਇਸ ਲਈ ਦਾਈ ਦਾ ਚਿਹਰਾ ਖੁਸ਼ੀ ਨਾਲ ਚਮਕ ਰਿਹਾ ਸੀ ਤੇ ਉਸ ਨੇ ਬੜੇ ਮਾਣ ਨਾਲ ਜੱਚਾ ਨੂੰ ਇਹ ਖੁਸ਼ਖ਼ਬਰੀ ਸੁਣਾਈ-'ਮੁੰਡਾ ਹੋਇਆ... ਮੁੰਡਾ। ਰੱਬ ਦਾ ਸ਼ੁਕਰ ਹੈ, ਬੱਚਾ ਨੌਂ-ਬਰ-ਨੌਂ ਹੈ।'
ਅਸਮਾਨ 'ਤੇ ਛਾਏ ਕਾਲੇ ਬੱਦਲਾਂ 'ਚੋਂ ਜਿਵੇਂ ਚੰਨ ਦੀ ਰਿਸ਼ਮ ਫੁੱਟਦੀ ਹੈ, ਉਸ ਤਰ੍ਹਾਂ ਮਾਂ ਦਾ ਪੀੜ ਨਾਲ ਕੱਸਿਆ ਚਿਹਰਾ ਇਕਦਮ ਕੁਝ ਢਿੱਲਾ ਪੈ ਗਿਆ ਤੇ ਉਸ ਨੇ ਮੱਧਮ ਜਿਹੀ ਆਵਾਜ਼ ਵਿਚ ਕਿਹਾ-
'ਭੈਣੇ! ਰੱਬ ਤੇਰਾ ਸ਼ੁਕਰਾਨਾ ਪ੍ਰਵਾਨ ਕਰੇ।'
ਬਸ, ਫੇਰ ਕੀ ਸੀ, ਇਹ ਖੁਸ਼ਖ਼ਬਰੀ ਉਸ ਕਮਰੇ 'ਚੋਂ ਫੰਗ ਲਾ ਕੇ ਇੰਜ ਉੱਡੀ ਜਿਵੇਂ ਪਿੰਜਰੇ 'ਚ ਬੰਦ ਪੰਛੀ ਆਜ਼ਾਦ ਹੋਣ 'ਤੇ ਉਡਾਰੀਆਂ ਮਾਰਦਾ ਹੈ। ਇਹ ਖ਼ਬਰ ਹੁਣ ਹਰ ਜ਼ਬਾਨ 'ਤੇ ਸੀ। ਇਹ ਖ਼ਬਰ ਘਰ ਦੇ ਬੂਹੇ-ਬਾਰੀਆਂ ਨੇ ਸੁਣੀ ਤੇ ਫੇਰ ਘਰ ਦੀ ਦਹਿਲੀਜ਼ ਪਾਰ ਕਰਕੇ ਇਹ ਪਹਾੜੀਆਂ 'ਤੇ ਅੱਪੜ ਗਈ, ਜਿਥੇ ਚੀਲ੍ਹ ਦੇ ਲੰਮ-ਸਲੰਮੇ ਦਰੱਖਤਾਂ ਨੇ ਬੜੇ ਚਾਅ ਨਾਲ ਇਹ ਖ਼ਬਰ ਸੁਣੀ।
'ਮੁੰਡਾ... ਮੁੰਡਾ... ਮੁੰਡਾ।'
ਘਰ ਵਿਚ ਮੌਜੂਦ ਔਰਤਾਂ ਨੇ ਨਵੇਂ ਜਨਮੇ ਬੱਚੇ ਦੀ ਮਾਂ ਨੂੰ ਵਧਾਈ ਦਿੱਤੀ। ਜਾਪਦਾ ਇੰਜ ਸੀ ਜਿਵੇਂ ਹੁਣੇ-ਹੁਣੇ ਪੈਦਾ ਹੋਇਆ ਬੱਚਾ ਉਨ੍ਹਾਂ ਸਭ ਦਾ ਹੀ ਸੀ। 'ਲੱਖ-ਲੱਖ ਸ਼ੁਕਰ ਉਸ ਦਾ ਜਿਸ ਦੀ ਇਹ ਸੌਗਾਤ ਹੈ।'
ਬੱਚਾ ਰੋ ਰਿਹਾ ਸੀ, ਮਾਂ ਨਿਢਾਲ ਸੀ, ਦਾਈ ਬੁੜਬੁੜਾ ਰਹੀ ਸੀ, ਆਂਢਣਾਂ-ਗੁਆਂਢਣਾਂ ਤੇ ਘਰ ਦੀਆਂ ਤ੍ਰੀਮਤਾਂ ਟਹਿਕ ਰਹੀਆਂ ਸਨ। ਅਚਾਨਕ ਬੂਹਾ ਖੁੱਲ੍ਹਿਆ ਤੇ ਦਸੰਬਰ ਮਹੀਨੇ ਦੀ ਬਰਫ਼ ਵਰਗੀ ਸ਼ੂਕਦੀ ਹਵਾ ਕਮਰੇ ਵਿਚ ਦਾਖਲ ਹੋਈ ਤੇ ਬੂਹਾ ਟੱਪ ਕੇ ਕਮਰੇ ਵਿਚ ਦਾਖਲ ਹੋਇਆ ਇਕ 40 ਕੁ ਵਰ੍ਹਿਆਂ ਦਾ ਬੰਦਾ, ਦਰਮਿਆਨਾ ਕੱਦ, ਗੋਰਾ ਰੰਗ, ਨੀਲੀਆਂ ਅੱਖਾਂ ਤੇ ਭੂਰੀਆਂ ਮੁੱਛਾਂ। ਦਾਈ ਨੇ ਉਸ ਨੂੰ ਚੀਕ ਕੇ ਕਿਹਾ-'ਵੇ ਭੈੜਿਆ! ਬੂਹਾ ਭੇੜ ਦੇ। ਬੱਚੇ ਸਣੇ ਅਸੀਂ ਸਾਰੇ ਬਰਫ਼ ਵਾਂਗ ਜੰਮ ਜਾਵਾਂਗੇ।'
ਉਸ ਆਦਮੀ ਨੇ ਬੂਹਾ ਢੋਅ ਦਿੱਤਾ। ਉਹ ਦੋ-ਤਿੰਨ ਪੁਲਾਂਘਾਂ ਪੁੱਟ ਕੇ ਜੱਚੇ ਦੇ ਮੰਜੇ ਕੋਲ ਅੱਪੜਿਆ ਤੇ ਸਾਹੋ-ਸਾਹ ਹੋਇਆ ਉਥੇ ਹੀ ਖਲੋ ਗਿਆ। ਫਿਰ ਉਸ ਨੇ ਬੜੇ ਘੁਮੰਡ ਨਾਲ ਆਪਣੀਆਂ ਮੁੱਛਾਂ ਨੂੰ ਤਾਅ ਦਿੱਤਾ ਤੇ ਛਲਾਂਗ ਮਾਰ ਕੇ ਬੋਲਿਆ, 'ਵਾਹ! ਮੁੰਡਾ ਹੋਇਆ।'
ਚੁਲਬੁਲੀ ਦਾਈ ਨੇ ਮਸ਼ਕਰੀ ਕਰਦਿਆਂ ਕਿਹਾ, 'ਤੈਥੋਂ ਕਿਤੇ ਜ਼ਿਆਦਾ ਸੋਹਣਾ ਤੇ ਚੰਗਾ ਹੈ। ਸ਼ਾਇਦ ਤੂੰ ਇਸ ਦੇ ਲਾਇਕ ਨਹੀਂ।'
ਦਾਈ ਦੇ ਕਥਨ ਵਿਚ ਕੁਝ ਸਚਾਈ ਜ਼ਰੂਰ ਸੀ।
'ਨਹੀਂ! ਤੂੰ ਗ਼ਲਤ ਕਹਿ ਰਹੀ ਹੈਂ। ਖਲੀਲ ਜਿਬਰਾਨ ਤਾਂ ਇਸ ਤੋਂ ਵੀ ਵੱਧ ਦਾ ਹੱਕਦਾਰ ਹੈ। ਭਾਵੇਂ ਮੈਂ ਸ਼ਰਾਬੀ ਹਾਂ ਪਰ ਮੇਰੇ ਦਿਲ ਵਿਚ ਹਮੇਸ਼ਾ ਖੁਦਾ ਦਾ ਖੌਫ਼ ਰਹਿੰਦਾ ਹੈ।'
ਫਿਰ ਉਸ ਨੇ ਆਪਣੀ ਪਤਨੀ ਦੇ ਮੱਥੇ 'ਤੇ ਹੱਥ ਰੱਖ ਕੇ ਕਿਹਾ-'ਕਮੀਲਾ! ਮੈਂ ਸੌਂਹ ਖਾ ਕੇ ਕਹਿੰਦਾ ਹਾਂ ਕਿ ਮੈਂ ਤੇਰੇ ਪੈਰ ਧੋ-ਧੋ ਪੀਵਾਂਗਾ। ਰੱਬ ਰਾਖਾ ਹੋਵੇ ਇਸ ਬੱਚੇ ਦਾ। ਕੀ ਤੈਨੂੰ ਪਤਾ ਹੈ, ਅਸੀਂ ਇਸ ਨੂੰ ਕਿਸ ਨਾਂਅ ਨਾਲ ਬੁਲਾਵਾਂਗੇ? ਇਸ ਦਾ ਨਾਂਅ ਅਸੀਂ ਇਸ ਖਾਨਦਾਨ ਦੇ ਉਸਰੱਈਏ ਦੇ ਨਾਂਅ 'ਤੇ ਰੱਖਾਂਗੇ-ਜਿਬਰਾਨ! ਇਹ ਗੱਲ ਯਾਦ ਰੱਖੀਂ, ਯਾਦ ਰੱਖੀਂ।'
'ਅੱਜ ਕਿੰਨੀ ਤਾਰੀਖ ਹੈ? ਲਿਖ ਲਵੋ, ਜਿਬਰਾਨ ਖਲੀਲ ਜਿਬਰਾਨ 6 ਦਸੰਬਰ, 1883 ਨੂੰ ਲਿਬਨਾਨ ਦੇ ਖੁਦਮੁਖਤਾਰੀ ਰਾਜ ਬਿਸ਼ਾਰੀ ਵਿਖੇ ਪੈਦਾ ਹੋਇਆ।'
ਮਾਂ ਦੇ ਸਾਊ ਤੇ ਮਲੂਕੜੇ ਜਿਹੇ ਚਿਹਰੇ 'ਤੇ ਉਦਾਸੀ ਦੀ ਹਲਕੀ ਜਿਹੀ ਲਕੀਰ ਉੱਭਰੀ। ਅੱਖਾਂ ਦੇ ਕੋਇਆਂ ਵਿਚ ਅਟਕੇ ਦੋ ਕੁ ਹੰਝੂਆਂ ਨੂੰ ਛੁਪਾਉਣ ਲਈ ਉਸ ਨੇ ਪਾਸਾ ਪਰਤਿਆ।
'ਕਮੀਲਾ! ਕਮੀਲਾ! ਇਹ ਕੀ ਗੁਸਤਾਖ਼ੀ ਹੈ? ਤੂੰ ਰੋ ਰਹੀ ਹੈਂ? ਜੇ ਮੈਂ ਅਜਿਹੇ ਖੁਸ਼ੀ ਦੇ ਮੌਕੇ 'ਤੇ ਨਾ ਪੀਵਾਂ ਤਾਂ ਫਿਰ ਤੂੰ ਦੱਸ ਮੈਂ ਕਦ ਪੀਵਾਂਗਾ।'
'ਤੂੰ ਇਹ ਦੱਸ, ਤੈਨੂੰ ਕਦੇ ਕਿਸੇ ਨੇ ਸੂਫੀ ਹਾਲਤ ਵਿਚ ਵੇਖਿਆ?' ਦਾਈ ਨੇ ਕਿਹਾ।
'ਰੱਬ ਦਾ ਵਾਸਤਾ! ਤੂੰ ਆਪਣੀ ਔਕਾਤ ਵਿਚ ਰਹਿ ਕੇ ਗੱਲ ਕਰ। ਤੇਰਾ ਕੰਮ ਹੈ ਜੱਚੇ ਦੀ ਬੱਚੇਦਾਨੀ 'ਚੋਂ ਬੱਚਾ ਬਾਹਰ ਕੱਢਣਾ। ਮੇਰੇ ਵਰਗੇ ਨੂੰ ਬੋਤਲ 'ਚੋਂ ਬਾਹਰ ਕੱਢਣਾ ਤੇਰਾ ਕੰਮ ਨਹੀਂ। ਕਮੀਲਾ! ਕਮੀਲਾ! ਇਹ ਕੀ ਹੋ ਰਿਹੈ! ਚਲੋ! ਠੀਕ ਹੈ... ਮੈਂ ਪੀਣਾ ਛੱਡ ਦੇਵਾਂਗਾ! ਮੈਂ ਜਿਬਰਾਨ ਦੀ ਤੇ ਇਨ੍ਹਾਂ ਮੁੱਛਾਂ ਦੀ ਸੌਂਹ ਖਾ ਕੇ ਕਹਿੰਦਾ ਹਾਂ।'
ਇਹ ਕਹਿ ਕੇ ਉਸ ਨੇ ਆਪਣੀਆਂ ਮੁੱਛਾਂ 'ਤੇ ਹੱਥ ਫੇਰਿਆ ਤੇ ਫਿਰ ਉਸ ਨੇ ਕਵਾਸ 'ਤੇ ਪਏ ਡੱਬੇ 'ਚੋਂ ਬਦਾਮ, ਅਖਰੋਟ ਤੇ ਦਾਖਾਂ ਦੀਆਂ ਮੁੱਠੀਆਂ ਭਰ-ਭਰ ਆਂਢਣਾਂ-ਗੁਆਂਢਣਾਂ 'ਚ ਵੰਡਣੀਆਂ ਸ਼ੁਰੂ ਕਰ ਦਿੱਤੀਆਂ। ਖੁਸ਼ੀ 'ਚ ਝੂਮਦਿਆਂ ਉਹ ਕਹਿ ਰਿਹਾ ਸੀ, 'ਖਾਵੋ! ਰੱਜ ਕੇ ਖਾਵੋ ਤੇ ਜਿਬਰਾਨ ਨੂੰ ਜੀ ਆਇਆਂ ਕਹੋ।'
ਔਰਤਾਂ ਨੇ ਨਵੇਂ ਜਨਮੇ ਬੱਚੇ ਨੂੰ ਅਸੀਸਾਂ ਦਿੱਤੀਆਂ ਤੇ ਫਿਰ ਉਹ ਆਪਣੇ-ਆਪਣੇ ਘਰ ਨੂੰ ਪਰਤਣ ਲੱਗੀਆਂ। ਘਰ ਵਿਚ ਹੁਣ ਜੱਚੇ ਦੇ ਸਿਰਹਾਣੇ ਸਿਰਫ ਦਾਈ ਹੀ ਖਲੋਤੀ ਸੀ। ਘਰਾਂ ਵੱਲ ਜਾਂਦੀਆਂ ਸੁਆਣੀਆਂ ਦੇ ਹੱਥਾਂ ਵਿਚ ਲਾਲਟੈਣਾਂ ਸਨ, ਦਸੰਬਰ ਮਹੀਨੇ ਦੇ ਘੁੱਪ ਹਨੇਰੇ 'ਚੋਂ ਰਾਹ ਟੋਲਣ ਲਈ। ਕਮਰੇ ਵਿਚ ਇਕ ਨਵੀਂ ਜ਼ਿੰਦਗੀ ਇਸ ਧਰਤੀ 'ਤੇ ਆਪਣਾ ਸਫ਼ਰ ਸ਼ੁਰੂ ਕਰ ਰਹੀ ਸੀ। ਇਸ ਨਵੇਂ ਜਨਮੇ ਬੱਚੇ ਦੀ ਭਾਵੀ ਜ਼ਿੰਦਗੀ ਦੇ ਰਹੱਸਾਂ ਤੋਂ ਸਭ ਅਣਜਾਣ ਸਨ। ਲੋਕ ਸਿਰਫ ਤੇ ਸਿਰਫ ਇਹੋ ਗੱਲ ਜਾਣਦੇ ਸਨ ਕਿ ਬਿਸ਼ਾਰੀ ਦੇ ਇਕ ਘਰ ਵਿਚ ਇਕ ਮੁੰਡੇ ਦਾ ਜਨਮ ਹੋਇਆ ਹੈ, ਜਿਸ ਦੇ ਰੋਣ ਦੀਆਂ ਆਵਾਜ਼ਾਂ ਸੁਣ-ਸੁਣ ਉਹ ਰੱਬ ਦਾ ਲੱਖ-ਲੱਖ ਸ਼ੁਕਰ ਕਰ ਰਹੇ ਸਨ।

(2)
ਉਸ ਰਾਤ ਮਾਂ ਨੇ ਮਾਸ ਦੇ ਇਕ ਲੋਥੜੇ ਨੂੰ ਆਪਣੀ ਹਿੱਕ ਨਾਲ ਲਾਇਆ ਹੋਇਆ ਸੀ, ਜਿਸ ਨੂੰ ਉਹ ਆਪਣਾ ਪੁੱਤ ਆਖਦੀ ਸੀ। ਜਿਵੇਂ ਨਲਕਾ ਇਹ ਨਹੀਂ ਜਾਣਦਾ ਉਸ ਦਾ ਪਾਣੀ ਕਿਥੋਂ ਆਇਆ ਹੈ ਤੇ ਕਿਥੇ ਜਾ ਰਿਹਾ ਹੈ, ਉਸੇ ਤਰ੍ਹਾਂ ਮਾਂ ਇਹ ਨਹੀਂ ਜਾਣਦੀ ਸੀ ਕਿ ਉਸ ਦੀ ਛਾਤੀ ਨਾਲ ਲੱਗ ਕੇ ਸੁੱਤਾ ਇਹ ਮਾਸੂਮ ਬੱਚਾ ਕਿਸ ਮੰਤਵ ਦੀ ਪੂਰਤੀ ਹਿਤ ਇਸ ਧਰਤੀ 'ਤੇ ਆਇਆ ਹੈ।
ਜੇ ਕਮੀਲਾ ਰਹੇਮਾ ਉਸ ਰਾਤ ਬਿਸ਼ਾਰੀ ਦੇ ਆਪਣੇ ਪਲੰਘ ਅਤੇ ਵਿੰਸੇਟ ਹਸਪਤਾਲ ਦੇ ਬੈੱਡ ਨਾਲ ਕਿਸੇ ਸਬੰਧ ਨੂੰ ਦੇਖ ਸਕਦੀ, ਜੇ ਉਹ ਇਹ ਜਾਣਦੀ ਕਿ ਉਸ ਦੀ ਕੁੱਖ ਨੇ ਜਿਸ ਬੱਚੇ ਨੂੰ ਆਪਣੇ ਖੂਨ ਦੀ ਇਕ-ਇਕ ਬੂੰਦ ਨਾਲ ਜ਼ਿੰਦਗੀ ਪ੍ਰਦਾਨ ਕੀਤੀ ਹੈ, ਉਹ 48 ਵਰ੍ਹਿਆਂ ਬਾਅਦ ਹਜ਼ਾਰਾਂ ਮੀਲ ਦੂਰ ਕਿਸੇ ਪਰਾਈ ਧਰਤੀ 'ਤੇ ਸਮੇਂ ਦੇ ਮਾਰੂਥਲ ਵਿਚ ਅਲੋਪ ਹੋ ਜਾਵੇਗਾ ਤਾਂ ਉਸ ਦੀ ਸਾਰੀ ਖੁਸ਼ੀ ਇਕਦਮ ਜੰਮ ਕੇ ਬਰਫ ਦੀ ਸਿੱਲ੍ਹ ਬਣ ਜਾਣੀ ਸੀ। ਕਾਸ਼! ਉਹ ਇਹ ਜਾਣਦੀ ਕਿ ਉਸ ਦੇ ਬੱਚੇ ਨੇ ਇਸ ਧਰਤੀ ਦੇ ਹਜ਼ਾਰਾਂ-ਲੱਖਾਂ ਜਨਮੇ ਅਤੇ ਅਜਨਮੇ ਮਰਦਾਂ, ਔਰਤਾਂ ਤੇ ਬੱਚਿਆਂ ਨੂੰ ਇਕ ਧਾਗੇ ਵਿਚ ਬੰਨ੍ਹਣਾ ਹੈ, ਜਿਨ੍ਹਾਂ ਵਿਚ ਇਨ੍ਹਾਂ ਸਤਰਾਂ ਦਾ ਲੇਖਕ ਵੀ ਸ਼ਾਮਿਲ ਹੈ, ਤਾਂ ਸ਼ਾਇਦ ਉਸ ਦਾ ਦੁੱਖ ਹੌਲਾ ਹੋ ਜਾਂਦਾ। ਜ਼ਿੰਦਗੀ ਜੋ ਸਭ ਦੀ ਮਾਂ ਹੈ, ਆਪਣੇ ਜਾਇਆਂ ਲਈ ਹਮੇਸ਼ਾ ਫਿਕਰਮੰਦ ਰਹਿੰਦੀ ਹੈ। ਉਹ ਹਰ ਜੀਅ ਦੀਆਂ ਅੱਖਾਂ ਵਿਚ ਓਨੀ ਹੀ ਰੌਸ਼ਨੀ ਭਰਦੀ ਹੈ, ਜਿੰਨੀ ਦੀ ਉਹ ਤਾਬ ਝੱਲ ਸਕਦਾ ਹੈ। ਉਹ ਆਦਮੀ ਦੇ ਪੈਰਾਂ ਵਿਚ ਤੁਰਨ ਦੀ ਤੌਫ਼ੀਕ ਵੀ ਓਨੀ ਕੁ ਹੀ ਬਖਸ਼ਦੀ ਹੈ, ਜਿੰਨਾ ਕੁ ਪੈਂਡਾ ਉਸ ਨੇ ਉਸ ਲਈ ਤੈਅ ਕਰ ਰੱਖਿਆ ਹੈ।

(3)
ਸਵੇਰ ਹੋਈ ਤਾਂ ਬਿਸ਼ਾਰੀ ਦੇ ਘਰ-ਘਰ ਵਿਚ ਇਹ ਖ਼ਬਰ ਫੈਲ ਗਈ ਕਿ ਖਲੀਲ ਜਿਬਰਾਨ ਦੀ ਘਰ ਵਾਲੀ ਕਮੀਲਾ-ਅਬਦ-ਸ-ਸਲਾਮ-ਰਹੇਮ ਨੇ ਇਕ ਪੁੱਤਰ ਨੂੰ ਜਨਮ ਦਿੱਤੈ। ਜਿਬਰਾਨ ਦੇ ਘਰ ਦੀ ਸਾਂਝੀ ਕੰਧ ਵਾਲੀ ਗੁਆਂਢਣ ਨੇ ਆਪਣੇ ਪਤੀ ਸਾਹਮਣੇ ਉਹੋ ਗੱਲ ਦੁਹਰਾਈ ਜੋ ਉਸ ਨੇ ਪਿਛਲੀ ਰਾਤ ਆਪਣੀਆਂ ਸਹੇਲੀਆਂ ਨੂੰ ਕਹੀ ਸੀ-
'ਸੱਚ ਮੰਨਿਓ! ਕਮੀਲਾ ਇਸ ਚੰਗੀ ਕਿਸਮਤ ਦੀ ਹੀ ਹੱਕਦਾਰ ਸੀ। ਇਸ ਗੱਲ 'ਤੇ ਕੋਈ ਬਹਿਸ ਨਹੀਂ ਹੋ ਸਕਦੀ ਕਿ ਉਹ ਬਹੁਤ ਹੀ ਨੇਕ, ਸਾਊ, ਸਿਆਣੀ, ਮਿਠਬੋਲੜੀ ਤੇ ਠਰ੍ਹੰਮੇ ਵਾਲੀ ਬੜੀ ਪਿਆਰੀ ਔਰਤ ਹੈ। ਉਹ ਏਨੀ ਚੁੱਪ ਤੇ ਸ਼ਾਂਤ ਹੈ ਕਿ ਧਰਤੀ ਨੂੰ ਵੀ ਉਸ ਦਾ ਕੋਈ ਭਾਰ ਮਹਿਸੂਸ ਨਹੀਂ ਹੁੰਦਾ। ਪਰ ਰੱਬ ਦੀ ਅਜਿਹੀ ਮਾਰ ਕਿ ਵਿਚਾਰੀ ਨੇ ਇਕ ਦਿਨ ਵੀ ਸੁਖਾਲਾ ਨਹੀਂ ਕੱਟਿਆ। ਪਹਿਲਾਂ ਉਸ ਦਾ ਵਿਆਹ ਹੋਇਆ ਅਬਦ-ਸ-ਸਲਾਮ-ਰਹੇਮ ਨਾਲ ਜੋ ਇਕ ਭਲਾ ਬੰਦਾ ਸੀ ਪਰ ਹੋਣੀ ਉਸ ਨੂੰ ਬ੍ਰਾਜ਼ੀਲ ਲੈ ਗਈ ਤੇ ਉਥੇ ਹੀ ਉਹ ਰੱਬ ਨੂੰ ਪਿਆਰਾ ਹੋ ਗਿਆ। ਉਸ ਸਮੇਂ ਵਿਚਾਰੀ ਦੀ ਕੁੱਛੜ ਵਿਚ ਇਕ ਬੱਚਾ ਸੀ ਬੋਟਰੋਸ (ਪੀਟਰ)। ਫਿਰ ਉਹ ਇਸ ਸ਼ਰਾਬੀ ਦੇ ਲੜ ਲੱਗ ਗਈ। ਉਸ ਵਰਗੇ ਦਸ ਵੀ ਉਸ ਦੀ ਚੀਚੀ ਬਰਾਬਰ ਨਹੀਂ।'
'ਇਹ ਤੂੰ ਕਿੱਦਾਂ ਕਹਿ ਸਕਦੀ ਹੈਂ? ਉਸ ਨੇ ਵੀ ਤਾਂ ਇਕ ਵਿਧਵਾ ਨਾਲ ਵਿਆਹ ਕਰਵਾਇਆ ਜੋ ਆਪਣੇ ਨਾਲ ਇਕ ਬੱਚਾ ਲੈ ਕੇ ਆਈ।'
'ਵਿਧਵਾ ਹੋ ਜਾਣਾ ਏਨਾ ਵੱਡਾ ਕੱਜ ਨਹੀਂ। ਇਹ ਰੱਬ ਦਾ ਭਾਣਾ ਹੈ। ਉਹ ਅਜੇ ਭਰ ਜਵਾਨ ਹੈ, ਮਸਾਂ ਪੰਝੀਆਂ ਵਰ੍ਹਿਆਂ ਦੀ।'
'ਜੇ ਉਹ ਜਵਾਨ ਹੈ ਤਾਂ ਉਸ ਦਾ ਘਰ ਵਾਲਾ ਵੀ ਬੁੱਢਾ-ਖੂਸਟ ਨਹੀਂ।'
'ਬੁੱਢਾ! ਉਹ ਬੁੱਢਾ ਹੀ ਤਾਂ ਹੈ, ਘੱਟੋ-ਘੱਟ 45 ਵਰ੍ਹਿਆਂ ਦਾ।'
'ਨਹੀਂ, ਇਹ ਗ਼ਲਤ ਹੈ। ਉਸ ਦੀ ਉਮਰ 35-36 ਤੋਂ ਵੱਧ ਨਹੀਂ। ਚੱਲ ਤੂੰ ਮੈਨੂੰ ਇਹ ਦੱਸ ਕਿ ਉਹ ਆਪਣੇ ਘਰ ਵਾਲੇ ਤੋਂ ਕਿਸ ਲਿਹਾਜ਼ ਨਾਲ ਬਿਹਤਰ ਹੈ? ਕੀ ਆਪਣੀ ਮਣਕਿਆਂ ਵਾਲੀ ਲੰਮੀ ਮਾਲਾ ਕਰਕੇ ਜਾਂ ਆਪਣੇ ਸਾਂਵਲੇ ਰੰਗ ਕਰਕੇ? ਜਿਬਰਾਨ ਨੂੰ ਗੱਲਬਾਤ ਵਿਚ ਕੋਈ ਮਾਤ ਨਹੀਂ ਦੇ ਸਕਦਾ। ਸਾਰੇ ਸ਼ਹਿਰ ਵਿਚ ਉਸ ਵਰਗਾ ਸੋਹਣਾ ਤੇ ਹਾਜ਼ਰ-ਜਵਾਬ ਆਦਮੀ ਕੋਈ ਨਹੀਂ। ਉਹ ਬੇਹੱਦ ਖੁਸ਼ਮਿਜਾਜ਼ ਅਤੇ ਮਿਲਣਸਾਰ ਆਦਮੀ ਹੈ।'
'ਇਹ ਗੱਲ ਤਾਂ ਮੰਨਣ ਵਾਲੀ ਹੈ। ਚਲੋ ਛੱਡੋ ਇਨ੍ਹਾਂ ਗੱਲਾਂ ਨੂੰ... ਖਸਮਾਂ ਨੂੰ ਖਾਵੇ ਦੁਨੀਆ, ਆਪਾਂ ਕੀ ਲੈਣੈ, ਜਾਮ ਭਰੋ ਤੇ ਰੱਬ ਦਾ ਸ਼ੁਕਰ ਕਰੋ।'

(4)
ਅਗਲੀ ਸਵੇਰ ਨਵੇਂ ਜਨਮੇ ਬੱਚੇ ਦੀਆਂ ਵਾ... ਹ... ਵਾ... ਹ ਦੀਆਂ ਆਵਾਜ਼ਾਂ ਨਾਲ ਸਾਰਾ ਘਰ ਜਾਗ ਪੈਂਦਾ ਹੈ। ਉਸ ਦੇ ਲਾਗੇ ਹੀ ਫਰਸ਼ 'ਤੇ ਸੁੱਤਾ ਛੇ ਸਾਲ ਦਾ ਬੋਟਰੋਸ ਨੀਂਦ 'ਚੋਂ ਅੱਬੜਵਾਹੇ ਜਾਗਦਾ ਹੈ ਤੇ ਆਪਣੀਆਂ ਅੱਖਾਂ ਮਲਣ ਲਗਦਾ ਹੈ। ਉਸ ਦੇ ਕੋਲ ਸੁੱਤਾ ਖਲੀਲ ਜਿਬਰਾਨ ਉਸ ਬੱਚੇ ਨੂੰ ਆਪਣੀਆਂ ਬਾਹਾਂ ਵਿਚ ਚੁੱਕਦਾ ਹੈ ਤੇ ਉਸ ਦੀਆਂ ਗੁਲਾਬੀ ਗੱਲ੍ਹਾਂ ਤੇ ਵੱਡੀਆਂ-ਵੱਡੀਆਂ ਅੱਖਾਂ ਨੂੰ ਚੁੰਮ ਕੇ ਕਹਿੰਦਾ ਹੈ-'ਬੋਟਰੋਸ! ਤੇਰੀ ਮਾਂ ਤੇਰਾ ਇਕ ਛੋਟਾ ਵੀਰ ਲੈ ਕੇ ਆਈ ਹੈ। ਕੀ ਤੂੰ ਉਸ ਨੂੰ ਦੇਖਣਾ ਹੈ? ਜਾ, ਜਾ ਕੇ ਆਪਣੀ ਮਾਂ ਨੂੰ ਕਹਿ ਕਿ ਤੈਨੂੰ ਤੇਰਾ ਛੋਟਾ ਵੀਰ ਦਿਖਾਵੇ।'
ਬੋਟਰੋਸ ਹੌਲੀ-ਹੌਲੀ ਆਪਣੀ ਮਾਂ ਕੋਲ ਗਿਆ। ਉਸ ਦਾ ਮਾਲੂਕ ਜਿਹਾ ਦਿਲ ਜ਼ੋਰ-ਜ਼ੋਰ ਨਾਲ ਧੜਕ ਰਿਹਾ ਸੀ। ਉਹ ਆਪਣੀ ਮਾਂ ਸਾਹਮਣੇ ਪੈਰਾਂ ਭਾਰ ਝੁਕਿਆ ਤੇ ਮਾਂ ਨੇ ਉਸ ਦੇ ਘੁੰਗਰਾਲੇ ਰੇਸ਼ਮੀ ਵਾਲਾਂ ਨੂੰ ਆਪਣੇ ਕੂਲੇ ਹੱਥ ਨਾਲ ਪਲੋਸਿਆ ਤੇ ਉਸ ਦੇ ਮੱਥੇ 'ਤੇ ਆਪਣੇ ਬੁੱਲ੍ਹ ਰੱਖ ਕੇ ਮੋਹ ਭਿੱਜੀ ਆਵਾਜ਼ ਵਿਚ ਹੋਲੇ ਜਿਹੇ ਕਿਹਾ-'ਤੂੰ ਆਪਣੇ ਭਰਾ ਨੂੰ ਕਿਵੇਂ ਬੁਲਾਏਂਗਾ?'
'ਅੰਤਾਰ', ਬੱਚੇ ਨੇ ਫੌਰੀ ਜਵਾਬ ਦਿੱਤਾ।
ਜਵਾਬ ਸੁਣ ਕੇ ਮਾਂ ਦੇ ਬੁੱਲ੍ਹਾਂ 'ਤੇ ਮੁਸਕਾਨ ਖਿੜਨ ਲੱਗ ਪਈ। ਉਸ ਦਾ ਪਿਤਾ ਏਨੀ ਉੱਚੀ ਹੱਸਿਆ ਕਿ ਗੁਆਂਢੀ ਵੀ ਜਾਗ ਪਏ। ਉਸ ਨੇ ਬੱਚੇ ਦੀਆਂ ਗੱਲ੍ਹਾਂ 'ਤੇ ਹੱਥ ਫੇਰਦਿਆਂ ਕਿਹਾ-'ਇਸ ਦਾ ਨਾਂਅ ਹੋਵੇਗਾ-ਜਿਬਰਾਨ... ਜਿਬਰਾਨ ਅੰਤਾਰ ਤੋਂ ਕਿਤੇ ਵੱਧ ਮਹਾਨ ਹੈ... ਜਿਬਰਾਨ ਸਾਡੇ ਖਾਨਦਾਨ ਦਾ ਮੋਢੀ ਹੈ।'

× × × ×
ਠੀਕ ਉਸ ਸਮੇਂ ਕੋਰੋਲੀਨਾ ਰਾਜ ਦੇ ਸ਼ਹਿਰ ਕੋਲੰਬੀਆ ਦੀਆਂ ਘੜੀਆਂ ਵਿਚ ਰਾਤ ਦੇ 12 ਵੱਜੇ ਸਨ। ਇਕ 10 ਵਰ੍ਹਿਆਂ ਦੀ ਕੁੜੀ ਮੈਰੀ ਆਪਣੇ ਪਲੰਘ 'ਤੇ ਬੈਠੀ ਆਪਣੀਆਂ ਅੱਖਾਂ ਮਲ ਰਹੀ ਸੀ। ਉਸ ਨੇ ਇਕ ਭਿਆਨਕ ਸੁਪਨਾ ਦੇਖਿਆ ਸੀ ਤੇ ਹੁਣ ਉਹ ਡੌਰ-ਭੌਰ ਹੋਈ ਹਨੇਰੇ ਵਿਚ ਦੇਖਣ ਦਾ ਯਤਨ ਕਰ ਰਹੀ ਸੀ। ਸੁਪਨੇ ਵਿਚ ਉਸ ਨੇ ਦੇਖਿਆ ਕਿ ਉਹ ਸਕੂਲ ਜਾ ਰਹੀ ਹੈ। ਆਪਣੇ ਜਾਣੇ-ਪਛਾਣੇ ਰਾਹ 'ਤੇ ਤੁਰਦਿਆਂ ਅਚਾਨਕ ਇਕ ਝਾੜੀ ਵਿਚੋਂ ਖੂੰਖਾਰ ਕੁੱਤਿਆਂ ਦਾ ਝੁੰਡ ਬਾਹਰ ਨਿਕਲ ਕੇ ਉਸ ਵੱਲ ਵਧਦਾ ਹੈ। ਭੈਭੀਤ ਮੈਰੀ ਸਹਾਇਤਾ ਲਈ ਪੁਕਾਰਦੀ ਹੈ ਪਰ ਉਸ ਦੇ ਜਮਾਤੀ ਉਸ ਦੀ ਸਹਾਇਤਾ ਕਰਨ ਦੀ ਬਜਾਏ ਉਸ ਨੂੰ ਚਿੜਾਅ ਕੇ ਕਹਿੰਦੇ ਹਨ-'ਮੈਰੀ, ਆਪਣਾ ਖੂਬਸੂਰਤ ਮੂੰਹ ਜ਼ਰਾ ਕੁ ਖੋਲ੍ਹ ਦੇ, ਕੁੱਤੇ ਡਰ ਜਾਣਗੇ।'
ਮੈਰੀ ਰੋ ਰਹੀ ਸੀ। ਉਹ ਤੇਜ਼-ਤੇਜ਼ ਭੱਜ ਰਹੀ ਸੀ। ਭੱਜਦੀ-ਭੱਜਦੀ ਉਹ ਇਕ ਜੰਗਲ ਵਿਚ ਪਹੁੰਚ ਗਈ, ਜਿਥੇ ਉੱਚੇ-ਉੱਚੇ ਦਰੱਖਤ ਤੇ ਕੰਡਿਆਲੀਆਂ ਝਾੜੀਆਂ ਸਨ। ਜਦੋਂ ਉਸ ਨੇ ਸਾਹ ਰੋਕ ਕੇ ਪਿਛਾਂਹ ਝਾਕਿਆ ਤਾਂ ਉਸ ਨੂੰ ਕਿਧਰੇ ਵੀ ਕੁੱਤੇ ਦਿਖਾਈ ਨਾ ਦਿੱਤੇ। ਉਸ ਨੂੰ ਆਪਣਾ ਕੋਈ ਸਾਥੀ ਵੀ ਨਜ਼ਰ ਨਹੀਂ ਆਇਆ। ਉਹ ਡਰ ਕੇ ਉਥੇ ਹੀ ਗੋਡਿਆਂ ਭਾਰ ਬਹਿ ਗਈ ਤੇ ਪ੍ਰਾਰਥਨਾ ਕਰਨ ਲੱਗੀ।
ਜਦੋਂ ਮੈਰੀ ਪ੍ਰਾਰਥਨਾ ਵਿਚ ਲੀਨ ਸੀ ਤਾਂ ਉਸ ਨੂੰ ਇੰਜ ਮਹਿਸੂਸ ਹੋਇਆ ਜਿਵੇਂ ਕੋਈ 'ਸ਼ਕਤੀ' ਉਸ ਨੂੰ ਆਪਣੇ ਵੱਲ ਏਨੀ ਤਾਕਤ ਨਾਲ ਖਿੱਚ ਰਹੀ ਹੈ ਕਿ ਬੇਕਾਬੂ ਹੋ ਕੇ ਹੇਠਾਂ ਡਿਗ ਪਈ। ਉਸ ਨੇ ਦੇਖਿਆ ਤੇ ਦੇਖਦਿਆਂ ਹੀ ਹੈਰਾਨ-ਪ੍ਰੇਸ਼ਾਨ ਹੋ ਗਈ ਕਿ ਉਸ ਦੇ ਲੱਕ ਦੁਆਲੇ ਇਕ ਸਫੈਦ ਰੇਸ਼ਮੀ ਧਾਗਾ ਬੰਨ੍ਹਿਆ ਹੋਇਆ ਹੈ। ਇਹ ਧਾਗਾ ਮਕੜੀ ਦੇ ਜਾਲੇ ਵਾਂਗ ਬਰੀਕ ਹੈ। ਪਰ ਜਦੋਂ ਉਹ ਧਾਗੇ ਨੂੰ ਤੋੜਨ ਲੱਗੀ ਤਾਂ ਉਸ ਨੇ ਮਹਿਸੂਸ ਕੀਤਾ ਕਿ ਧਾਗਾ ਤਾਂ ਸੇਬੇ ਦੀ ਰੱਸੀ ਤੋਂ ਵੀ ਵੱਧ ਮਜ਼ਬੂਤ ਹੈ। ਧਾਗਾ ਜੰਗਲ ਦੇ ਇਕ ਸਿਰੇ ਤੋਂ ਲੈ ਕੇ ਦੂਜੇ ਸਿਰੇ ਤੱਕ ਫੈਲਿਆ ਹੋਇਆ ਸੀ। ਮੈਰੀ ਕੁੱਤਿਆਂ ਦੇ ਖੌਫ਼ ਤੋਂ ਤਾਂ ਆਜ਼ਾਦ ਹੋ ਚੁੱਕੀ ਸੀ ਪਰ ਰੇਸ਼ਮੀ ਧਾਗੇ ਬਾਰੇ ਸੋਚ-ਸੋਚ ਕੇ ਪ੍ਰੇਸ਼ਾਨ ਸੀ। ਉਹ ਧਾਗੇ ਦੇ ਆਖਰੀ ਸਿਰੇ ਤੱਕ ਜਾ ਕੇ ਦੇਖਣਾ ਚਾਹੁੰਦੀ ਸੀ ਕਿ ਇਹ ਧਾਗਾ ਬੰਨ੍ਹਿਆ ਕਿਸ ਨੇ ਹੈ?
ਉਸ ਨੇ ਧਾਗੇ ਨੂੰ ਆਪਣੀ ਬਾਂਹ 'ਤੇ ਵਲ੍ਹੇਟਣਾ ਸ਼ੁਰੂ ਕਰ ਦਿੱਤਾ। ਉਹ ਤੁਰਦੀ ਗਈ, ਤੁਰਦੀ ਗਈ ਤੇ ਆਖਰ ਉਹ ਇਕ ਸਮੁੰਦਰ ਦੇ ਕੰਢੇ ਅੱਪੜ ਗਈ। ਸਮੁੰਦਰ ਬਹੁਤ ਦੂਰ ਤੱਕ ਫੈਲਿਆ ਹੋਇਆ ਸੀ। ਉਸ ਨੇ ਦੇਖਿਆ ਕਿ ਧਾਗਾ ਤਾਂ ਸਮੁੰਦਰੋਂ ਪਾਰ ਖਿਤਿਜ ਤੱਕ ਪਸਰਿਆ ਹੋਇਆ ਹੈ। ਥੱਕੀ-ਹਾਰੀ ਮੈਰੀ ਸਮੁੰਦਰ ਕੰਢੇ ਰੇਤ 'ਤੇ ਬਹਿ ਗਈ। ਅਚਾਨਕ ਉਸ ਦੇ ਜ਼ਿਹਨ ਵਿਚ ਉਸ ਕਲਾਕਾਰ ਦੀ ਤਸਵੀਰ ਆਈ, ਜੋ ਇਕ ਰੱਸੀ 'ਤੇ ਤੁਰਨ ਦਾ ਕਰਤਬ ਦਿਖਾ ਰਿਹਾ ਸੀ। ਉਸ ਨੇ ਸੋਚਿਆ, ਕਾਸ਼! ਉਹ ਵੀ ਰੱਸੀ 'ਤੇ ਤੁਰ ਸਕਦੀ। ਇਹ ਇੱਛਾ ਉਸ 'ਤੇ ਏਨੀ ਹਾਵੀ ਹੋ ਗਈ ਕਿ ਉਸ ਨੇ ਉਸ ਰੇਸ਼ਮੀ ਧਾਗੇ 'ਤੇ ਤੁਰਨ ਲਈ ਜਦੋਂ ਆਪਣੇ ਪੈਰ ਰੱਖੇ ਤਾਂ ਉਸ ਦੀ ਜਾਗ ਖੁੱਲ੍ਹ ਗਈ। ਉਸ ਦਾ ਨਾਜ਼ੁਕ ਦਿਲ ਜ਼ੋਰ-ਜ਼ੋਰ ਨਾਲ ਧੜਕਣ ਲੱਗਾ। ਉਹ ਵਾਰ-ਵਾਰ ਆਪਣੇ ਲੱਕ ਦੁਆਲੇ ਹੱਥ ਫੇਰ-ਫੇਰ ਕੇ ਰੇਸ਼ਮੀ ਧਾਗੇ ਨੂੰ ਛੂਹਣਾ ਚਾਹੁੰਦੀ ਸੀ। ਨਿਰਾਸ਼ ਹੋ ਕੇ ਉਹ ਆਪਣੇ ਪਲੰਘ 'ਤੇ ਲੰਮੀ ਪੈ ਗਈ ਤੇ ਕੰਬਲ ਨੂੰ ਆਪਣੇ ਸਰੀਰ ਦੁਆਲੇ ਚੰਗੀ ਤਰ੍ਹਾਂ ਲਪੇਟ ਕੇ ਉਹ ਫਿਰ ਸੌਂ ਗਈ।

(5)
ਪਵਿੱਤਰ ਸਪਤਾਹ ਦਾ ਅੱਜ ਵੀਰਵਾਰ ਹੈ। ਕਮੀਲਾ ਆਪਣੇ ਘਰ ਵਿਚ ਟਾਟ 'ਤੇ ਬੈਠੀ ਹੈ। ਉਸ ਦੀ ਗੋਦੀ ਵਿਚ ਉਸ ਦੀ ਇਕ ਸਾਲ ਦੀ ਧੀ ਸੁਲਤਾਨਾ ਗੂੜ੍ਹੀ ਨੀਂਦ ਵਿਚ ਸੁੱਤੀ ਹੋਈ ਹੈ। ਮਾਂ ਦੇ ਗੋਡੇ 'ਤੇ ਸਿਰ ਧਰੀ ਫਰਸ਼ 'ਤੇ ਹੀ ਮੇਰੀਆਨਾ ਸੁੱਤੀ ਪਈ ਹੈ। ਮੇਰੀਆਨਾ, ਸੁਲਤਾਨਾ ਤੋਂ ਦੋ ਸਾਲ ਵੱਡੀ ਹੈ। ਕਮੀਲਾ ਦੀ ਦੂਜੀ ਸ਼ਾਦੀ ਦੀ ਪਹਿਲੀ ਸੰਤਾਨ-ਜਿਬਰਾਨ ਉਸ ਦੇ ਸਾਹਮਣੇ ਬੈਠਾ, ਸੁਪਨਮਈ ਅੱਖਾਂ ਨਾਲ ਮਾਂ ਵੱਲ ਦੇਖ ਰਿਹਾ ਹੈ। ਉਹ ਬੜੀ ਇਕਾਗਰਤਾ ਨਾਲ ਆਪਣੀ ਮਾਂ ਤੋਂ ਈਸਾ ਦੀ ਸ਼ਹਾਦਤ ਦੀ ਕਹਾਣੀ ਸੁਣ ਰਿਹਾ ਹੈ।
ਉਸ ਰਾਤ ਪੰਜ ਵਰ੍ਹਿਆਂ ਦਾ ਜਿਬਰਾਨ ਜਦੋਂ ਸੌਣ ਲੱਗਾ ਤਾਂ ਉਸ ਦੀਆਂ ਅੱਖਾਂ ਦੀਆਂ ਪੁਤਲੀਆਂ ਪਿੱਛੇ ਬੜੇ ਅਜੀਬ ਜਿਹੇ ਪ੍ਰਛਾਵੇਂ ਨ੍ਰਿਤ ਕਰ ਰਹੇ ਸਨ। ਪਹਾੜ ਦੀ ਟੀਸੀ 'ਤੇ ਇਕ ਫਾਂਸੀ ਦਾ ਤਖ਼ਤਾ ਸੀ ਤੇ ਉਸ ਤਖ਼ਤੇ 'ਤੇ ਇਕ ਦਾੜ੍ਹੀ ਵਾਲਾ ਆਦਮੀ ਲਟਕ ਰਿਹਾ ਸੀ। ਉਸ ਦੇ ਲੰਮੇ ਵਾਲ ਉਸ ਦੇ ਮੋਢਿਆਂ ਨੂੰ ਛੂਹ ਰਹੇ ਸਨ। ਉਸ ਦੇ ਹੱਥਾਂ-ਪੈਰਾਂ ਨੂੰ ਕਿੱਲਾਂ ਨਾਲ ਠੋਕ ਕੇ ਉਸ ਨੂੰ ਸਲੀਬ 'ਤੇ ਟੰਗਿਆ ਹੋਇਆ ਸੀ। ਉਸ ਦਾ ਇਕੋ-ਇਕ ਕਸੂਰ ਇਹ ਸੀ ਕਿ ਉਸ ਨੇ ਇਸ ਧਰਤੀ ਦੇ ਲੋਕਾਂ ਦੇ ਦਿਲਾਂ ਨੂੰ ਪਿਆਰ ਅਤੇ ਚੰਗਿਆਈ ਦੀ ਰੌਸ਼ਨੀ ਨਾਲ ਭਰਨਾ ਚਾਹਿਆ ਸੀ। ਸਲੀਬ ਦੇ ਆਲੇ-ਦੁਆਲੇ ਲੋਕਾਂ ਦੀ ਭੀੜ ਸੀ। ਉਹ ਸੂਲੀ 'ਤੇ ਲਟਕ ਰਹੇ ਈਸਾ ਦਾ ਮਜ਼ਾਕ ਉਡਾ ਰਹੇ ਸਨ। ਉਸ ਸਮੇਂ ਸੁਰਗ ਵਿਚ ਰੱਬ ਆਪਣੇ ਸਿੰਘਾਸਨ 'ਤੇ ਬਿਰਾਜਮਾਨ ਸੀ। ਰੱਬ ਦੀ ਸਫੈਦ ਦਾੜ੍ਹੀ ਧਰਤੀ ਨੂੰ ਛੂਹ ਰਹੀ ਸੀ। ਉਹ ਆਪਣੇ 'ਇਕਲੌਤੇ ਪੁੱਤਰ' ਵੱਲ ਉਦਾਸ ਨਜ਼ਰਾਂ ਨਾਲ ਦੇਖ ਰਿਹਾ ਹੈ ਤੇ ਯਹੂਦੀਆਂ ਵੱਲ ਉਹ ਅੱਗ ਉਗਲ ਰਿਹਾ ਹੈ। ਸਲੀਬ ਦੇ ਹੇਠਾਂ ਵਰਜਿਨ ਮੈਰੀ ਵੀ ਖਲੋਤੀ ਹੈ ਜੋ ਅਸਹਿ ਦਰਦ ਨਾਲ ਕੁਰਲਾ ਰਹੀ ਹੈ : 'ਮੇਰਾ ਪੁੱਤਰ-ਮੇਰੇ ਜਿਗਰ ਦਾ ਟੁਕੜਾ।'
ਅਗਲਾ ਦਿਨ ਸ਼ੁੱਕਰਵਾਰ ਹੈ ਜਿਸ ਨੂੰ ਪੂਰਬ ਵਿਚ 'ਸੈਡ ਫਰਾਈਡੇ' ਕਿਹਾ ਜਾਂਦਾ ਹੈ। ਉਸ ਦਿਨ ਜਿਬਰਾਨ ਜਦੋਂ ਸਵੇਰ ਵੇਲੇ ਜਾਗਿਆ ਤਾਂ ਉਸ ਨੇ ਆਪਣੇ ਮਤਰੇਏ ਭਰਾ ਬੋਟਰੋਸ ਨੂੰ ਘਰ ਦੇ ਬੂਹੇ ਅੱਗੇ ਆਪਣੇ ਕੁਝ ਦੋਸਤਾਂ ਨਾਲ ਖੜ੍ਹੇ ਦੇਖਿਆ। ਉਨ੍ਹਾਂ ਦੇ ਪੈਰ ਨੰਗੇ ਸਨ ਤੇ ਉਹ ਕਿਧਰੇ ਜਾਣ ਲਈ ਤਿਆਰ ਸਨ। ਜਿਬਰਾਨ ਨੇ ਪੁੱਛਿਆ, 'ਕਿਧਰ ਜਾ ਰਹੇ ਹੋ?' ਬੋਟਰੋਸ ਨੇ ਜਵਾਬ ਦਿੱਤਾ, 'ਅਸੀਂ ਉਸ ਉੱਚੇ ਪਹਾੜ 'ਤੇ ਜਾ ਰਹੇ ਹਾਂ, ਪ੍ਰਾਚੀਨ ਰੀਤ ਅਨੁਸਾਰ ਈਸਾ ਦੇ ਨਾਲ ਤਸੀਹੇ ਝੱਲਣ ਲਈ। ਅੱਜ ਦੇ ਦਿਨ ਈਸਾ ਨੂੰ ਸੂਲੀ ਲੱਗੀ ਸੀ। ਅੱਜ ਦੇ ਦਿਨ ਹਰ ਗਿਰਜਾਘਰ ਵਿਚ ਈਸਾ ਦੀ ਸਲੀਬ ਨੂੰ ਫੁੱਲਾਂ ਨਾਲ ਸਜਾਇਆ ਜਾਂਦਾ ਹੈ।'
ਜਿਬਰਾਨ ਨੇ ਵੀ ਉਨ੍ਹਾਂ ਨਾਲ ਜਾਣ ਦੀ ਇੱਛਾ ਜ਼ਾਹਰ ਕੀਤੀ। ਬੋਟਰੋਸ ਉਸ ਨੂੰ ਆਪਣੇ ਨਾਲ ਲਿਜਾਣ ਲਈ ਤਿਆਰ ਸੀ। ਉਹ ਆਪਣੇ ਛੋਟੇ ਭਰਾ ਨੂੰ ਬਹੁਤ ਪਿਆਰ ਕਰਦਾ ਸੀ ਪਰ ਬੋਟਰੋਸ ਦੇ ਇਕ ਦੋਸਤ ਨੇ ਆਪਣੀ ਕਮੀਜ਼ ਦੀ ਬਾਂਹ ਉਤਾਂਹ ਚੜ੍ਹਾਉਂਦਿਆਂ ਕਿਹਾ, 'ਇਸ ਬੱਚੇ ਦਾ ਦਿਲ ਪਰਚਾਉਣ ਲਈ ਤੇ ਉਸ ਦੇ ਹੰਝੂ ਪੂੰਝਣ ਲਈ ਸਾਡੇ ਕੋਲ ਕੋਈ ਵਿਹਲ ਨਹੀਂ।'
ਉਹ ਆਪਣੇ ਨਾਲ ਜਿਬਰਾਨ ਨੂੰ ਨਹੀਂ ਲੈ ਕੇ ਗਏ।
ਜਿਬਰਾਨ ਬਹੁਤ ਦੁਖੀ ਸੀ। ਉਹ ਉੱਚੀ-ਉੱਚੀ ਰੋ ਰਿਹਾ ਸੀ। ਉਸ ਨੂੰ ਕਿਸੇ ਵੀ ਢੰਗ ਨਾਲ ਚੁੱਪ ਕਰਵਾਉਣਾ ਮੁਸ਼ਕਿਲ ਜਾਪ ਰਿਹਾ ਸੀ। ਉਸ ਸਮੇਂ ਉਸ ਦਾ ਪਿਤਾ ਸਵੇਰ ਵੇਲੇ ਦਾ ਕੌਫੀ ਦਾ ਪਹਿਲਾ ਪਿਆਲਾ ਹੀ ਰਿਹਾ ਸੀ। ਉਸ ਨੇ ਖਿਝਾਹਟ ਵਿਚ ਜਿਬਰਾਨ ਦੇ ਮੂੰਹ 'ਤੇ ਚਾਂਟਾ ਕੱਸ ਦਿੱਤਾ। ਗੱਲ ਵਧ ਗਈ। ਪਤੀ-ਪਤਨੀ ਵਿਚਕਾਰ ਬੋਲ-ਬੁਲਾਰਾ ਸ਼ੁਰੂ ਹੋ ਗਿਆ। ਬੱਚਾ ਹੋਰ ਵੀ ਜ਼ਿਆਦਾ ਉੱਚੀ ਰੋਣ ਲੱਗਾ। ਪਿਤਾ ਦਾ ਗੁੱਸਾ ਸਿਖਰ 'ਤੇ ਸੀ। ਉਸ ਨੇ ਮੁੰਡੇ ਨੂੰ ਮੋਢੇ ਤੋਂ ਫੜਿਆ ਤੇ ਘਰੋਂ ਬਾਹਰ ਕੱਢ ਕੇ ਬੂਹਾ ਢੋਅ ਦਿੱਤਾ। ਉਹ ਗੁੱਸੇ ਵਿਚ ਬੁੜਬੁੜਾ ਰਿਹਾ ਸੀ, 'ਜਿੱਦੀ ਕਿਸੇ ਥਾਂ ਦਾ। ਦਫਾ ਹੋ। ਸ਼ੈਤਾਨ ਨੇ ਮੇਰੀ ਕੌਫੀ ਦਾ ਮਜ਼ਾ ਹੀ ਕਿਰਕਿਰਾ ਕਰ ਦਿੱਤਾ।'
ਗਿਰਜਾਘਰ ਵਿਚ ਪ੍ਰਾਰਥਨਾ ਸ਼ੁਰੂ ਹੋਣ ਵਾਲੀ ਸੀ ਪਰ ਜਿਬਰਾਨ ਘਰ ਵਿਚ ਕਿਧਰੇ ਨਜ਼ਰ ਨਹੀਂ ਸੀ ਆ ਰਿਹਾ। ਉਸ ਦੇ ਮਾਤਾ-ਪਿਤਾ ਆਪਣੇ ਗੁਆਂਢੀਆਂ ਨਾਲ ਜਦੋਂ ਗਿਰਜਾਘਰ ਪਹੁੰਚੇ ਤਾਂ ਉਥੇ ਉਨ੍ਹਾਂ ਨੂੰ ਬੋਟਰੋਸ ਮਿਲਿਆ। ਜਦੋਂ ਜਿਬਰਾਨ ਬਾਰੇ ਉਸ ਤੋਂ ਪੁੱਛਿਆ ਗਿਆ ਤਾਂ ਉਸ ਨੇ ਕਿਹਾ, 'ਬਸ ਸਵੇਰ ਵੇਲੇ ਹੀ ਉਸ ਨਾਲ ਮੇਲ ਹੋਇਆ ਸੀ। ਉਸ ਤੋਂ ਬਾਅਦ ਮੈਂ ਉਸ ਨੂੰ ਨਹੀਂ ਦੇਖਿਆ।'
ਪ੍ਰਾਰਥਨਾ ਤੋਂ ਬਾਅਦ ਜਿਬਰਾਨ ਦੀ ਮਾਂ ਛੇਤੀ-ਛੇਤੀ ਘਰ ਪਹੁੰਚੀ। ਉਸ ਨੂੰ ਆਸ ਸੀ ਕਿ ਹੁਣ ਤੱਕ ਜਿਬਰਾਨ ਜ਼ਰੂਰ ਘਰ ਪਹੁੰਚ ਗਿਆ ਹੋਵੇਗਾ। ਉਹ ਘਰ ਪਹੁੰਚੀ ਪਰ ਜਿਬਰਾਨ ਉਥੇ ਨਹੀਂ ਸੀ। ਉਹ ਆਪਣੇ ਪਤੀ ਨੂੰ ਬੁਰਾ-ਭਲਾ ਕਹਿਣ ਲੱਗੀ। ਉਹ ਉਸੇ ਵੇਲੇ ਬੋਟਰੋਸ ਅਤੇ ਉਸ ਦੇ ਕੁਝ ਦੋਸਤਾਂ ਨੂੰ ਨਾਲ ਲੈ ਕੇ ਜਿਬਰਾਨ ਦੀ ਭਾਲ ਵਿਚ ਤੁਰ ਪਈ। ਭਾਲਦਿਆਂ-ਭਾਲਦਿਆਂ ਸ਼ਾਮ ਪੈ ਗਈ। ਆਖਰਕਾਰ ਉਹ ਗਿਰਜਾਘਰ ਦੇ ਪਿਛਵਾੜੇ ਕਬਰਿਸਤਾਨ ਵਿਚ ਇਕ ਚੌਂਤਰੇ 'ਤੇ ਬੈਠਾ ਸੀ। ਉਸ ਦੇ ਹੱਥਾਂ ਵਿਚ ਫੁੱਲ ਸਨ। ਮਾਂ ਉਸ ਨੂੰ ਦੇਖ ਕੇ ਫਿਟਕਾਰ ਲਾਉਣੀ ਤਾਂ ਭੁੱਲ ਹੀ ਗਈ। ਉਸ ਨੇ ਆਪਣੇ ਪੁੱਤਰ ਨੂੰ ਆਪਣੀ ਹਿੱਕ ਨਾਲ ਲਾਇਆ ਤੇ ਉਸ ਦੇ ਮੂੰਹ 'ਤੇ ਚੁੰਮਣਾਂ ਦੀ ਬੋਛਾਰ ਕਰ ਦਿੱਤੀ। ਪੁੱਛਣ 'ਤੇ ਉਸ ਨੇ ਮਾਂ ਨੂੰ ਦੱਸਿਆ ਕਿ ਉਹ ਕਬਰਿਸਤਾਨ ਵਿਚ ਫੁੱਲ ਚੜ੍ਹਾਉਣ ਲਈ ਈਸਾ ਦੀ ਕਬਰ ਲੱਭ ਰਿਹਾ ਸੀ।

(6)
ਇਕ ਦਿਨ ਜਿਬਰਾਨ ਸਕੂਲੋਂ ਮੁੜਿਆ ਤਾਂ ਉਸ ਦਾ ਮੂੰਹ ਲਹੂ-ਲੁਹਾਣ ਸੀ। ਉਸ ਦੇ ਕੰਨਾਂ 'ਤੇ ਖੁਰਚ ਦੇ ਨਿਸ਼ਾਨ ਸਨ। ਮਾਂ ਦੇ ਵਾਰ-ਵਾਰ ਪੁੱਛਣ 'ਤੇ ਉਸ ਨੇ ਦੱਸਿਆ ਕਿ ਸਕੂਲ ਵਿਚ ਇਕ ਜਮਾਤੀ ਨਾਲ ਉਸ ਦੀ ਲੜਾਈ ਹੋ ਗਈ ਸੀ, ਕਿਉਂਕਿ ਉਸ ਦੇ ਜਮਾਤੀ ਨੇ ਉਸ ਨੂੰ ਕੋਈ ਗਾਲ੍ਹ ਕੱਢੀ ਸੀ। ਉਹ ਬਰਦਾਸ਼ਤ ਨਾ ਕਰ ਸਕਿਆ ਤੇ ਉਸ ਨੇ ਉਸ ਦੇ ਕੰਨ 'ਤੇ ਇਕ ਲੱਫੜ ਜੜ ਦਿੱਤਾ। ਪਰ ਉਸ ਦਾ ਜਮਾਤੀ ਉਸ ਤੋਂ ਤਕੜਾ ਸੀ ਤੇ ਉਸ ਨੇ ਰੱਜ ਕੇ ਜਿਬਰਾਨ ਨੂੰ ਕੁੱਟਿਆ ਸੀ। ਜਿਬਰਾਨ ਵਾਰ-ਵਾਰ ਕਹਿ ਰਿਹਾ ਸੀ ਕਿ ਵੱਡਾ ਹੋ ਕੇ ਉਹ ਉਸ ਨੂੰ ਜ਼ਰੂਰ ਸਬਕ ਸਿਖਾਵੇਗਾ। ਇਹ ਗੱਲ ਸੁਣ ਕੇ ਜਿਬਰਾਨ ਦੀ ਮਾਂ ਨੇ ਉਸ ਨੂੰ ਸਮਝਾਇਆ ਕਿ ਬੁਰਾਈ ਦਾ ਮੁਕਾਬਲਾ ਬੁਰਾਈ ਨਾਲ ਨਹੀਂ ਕੀਤਾ ਜਾ ਸਕਦਾ। ਪਰ ਜਦੋਂ ਉਸ ਦੇ ਪਿਤਾ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਸ ਨੇ ਜਿਬਰਾਨ ਨੂੰ ਤਾੜ ਕੇ ਕਿਹਾ, 'ਤੂੰ ਬੁਜ਼ਦਿਲ ਹੈਂ।' ਤੇ ਏਨਾ ਕਹਿੰਦਿਆਂ ਹੀ ਉਹ ਉਸ ਨੂੰ ਮਾਰਨ ਲੱਗ ਪਿਆ।

(7)
ਕਿਸੇ ਦਿਨ ਬੋਟਰੋਸ ਇਕੱਲਾ ਹੀ ਸਕੂਲੋਂ ਘਰ ਪਰਤਿਆ। ਅੱਜ ਜਿਬਰਾਨ ਉਸ ਨਾਲ ਨਹੀਂ ਸੀ। ਮਾਂ ਦੇ ਪੁੱਛਣ 'ਤੇ ਬੋਟਰੋਸ ਨੇ ਦੱਸਿਆ, 'ਪਾਦਰੀ ਨੇ ਸਜ਼ਾ ਵਜੋਂ ਜਿਬਰਾਨ ਨੂੰ ਦੋ ਘੰਟਿਆਂ ਲਈ ਕਲਾਸ ਰੂਮ ਵਿਚ ਬੰਦ ਕਰ ਦਿੱਤਾ ਹੈ। ਉਸ ਨੂੰ ਆਪਣੇ ਟਿਫਨ 'ਚੋਂ ਖਾਣਾ ਵੀ ਖਾਣ ਨਹੀਂ ਦਿੱਤਾ ਗਿਆ। ਇਹ ਸਜ਼ਾ ਉਸ ਨੂੰ ਉਸ ਦੀਆਂ ਦੋ ਗ਼ਲਤੀਆਂ ਕਾਰਨ ਦਿੱਤੀ ਗਈ ਹੈ-ਉਸ ਨੇ ਆਪਣਾ ਸਬਕ ਯਾਦ ਨਹੀਂ ਸੀ ਕੀਤਾ। ਪਾਦਰੀ ਨੇ ਉਸ ਨੂੰ ਇਕ ਅੱਖਰ ਨੂੰ 10 ਵਾਰ ਕਾਪੀ 'ਤੇ ਲਿਖਣ ਲਈ ਕਿਹਾ। ਜਦੋਂ ਪਾਦਰੀ ਨੇ ਉਸ ਦੀ ਕਾਪੀ ਦੇਖੀ ਤਾਂ ਜਿਬਰਾਨ ਨੇ ਕਾਗਜ਼ 'ਤੇ ਇਕ ਅੱਧਸੁੱਤੇ ਗਧੇ ਦੀ ਤਸਵੀਰ ਬਣਾਈ ਹੋਈ ਸੀ। ਗਧੇ ਦੇ ਸਿਰ 'ਤੇ ਪਾਦਰੀ ਵਾਲੀ ਟੋਪੀ ਸੀ ਤੇ ਉਸ ਦੇ ਕੰਨ ਨਾਲ ਬੰਨ੍ਹੀ ਹੋਈ ਇਕ ਕਿਤਾਬ ਸੀ।'
ਕੁਝ ਦਿਨ ਪਹਿਲਾਂ ਹੀ ਜਿਬਰਾਨ ਦੇ ਪਿਤਾ ਨੇ ਉਸ ਨੂੰ ਕੋਇਲੇ ਨਾਲ ਕੰਧ 'ਤੇ ਇਕ ਤਸਵੀਰ ਬਣਾਉਂਦਿਆਂ ਦੇਖਿਆ ਸੀ। ਇਸ ਤਸਵੀਰ ਵਿਚ ਇਕ ਉਦਾਸ ਕੁੜੀ ਘਰ ਦੇ ਬੂਹੇ ਅੱਗੇ ਖੜ੍ਹੀ ਦਿਖਾਈ ਗਈ ਸੀ। ਉਸ ਦੇ ਪਿਤਾ ਨੇ ਉਸ ਦੇ ਕੰਨ ਖਿੱਚ ਕੇ ਉਸ ਨੂੰ ਆਪਣਾ ਧਿਆਨ ਪੜ੍ਹਾਈ 'ਚ ਲਾਉਣ ਲਈ ਕਿਹਾ ਸੀ। ਜਦੋਂ ਉਸ ਦੇ ਪਿਤਾ ਨੂੰ ਪਤਾ ਲੱਗਾ ਕਿ ਪਾਦਰੀ ਨੇ ਉਸ ਨੂੰ ਸਜ਼ਾ ਦਿੱਤੀ ਹੈ ਤਾਂ ਉਸ ਨੇ ਕਿਹਾ, 'ਬਿਲਕੁਲ ਸਹੀ ਕੀਤਾ ਹੈ ਪਾਦਰੀ ਨੇ। ਉਹ ਇਸ ਸਜ਼ਾ ਦੇ ਹੀ ਯੋਗ ਹੈ।'

(8)
ਜਿਬਰਾਨ ਆਪਣੇ ਘਰ ਦੇ ਲਾਗੇ ਖੇਡ ਰਿਹਾ ਸੀ। ਉਸ ਨੇ ਗਲੀ ਵਿਚ ਇਕ ਆਦਮੀ ਦੇਖਿਆ, ਜਿਸ ਦੇ ਟੱਟੂ ਦੀ ਪਿੱਠ 'ਤੇ ਜੈਤੂਨ ਦੇ ਤੇਲ ਦਾ ਪੀਪਾ ਲੱਦਿਆ ਹੋਇਆ ਸੀ। ਉਹ ਹੋਕਾ ਦੇ ਕੇ ਗਲੀ ਵਿਚ ਤੇਲ ਵੇਚ ਰਿਹਾ ਸੀ। ਇਕ ਬੁੱਢੀ ਔਰਤ ਮਾਲਾ ਫੇਰਦੀ ਆਪਣੇ ਘਰੋਂ ਬਾਹਰ ਆਈ ਤੇ ਉਸ ਨੇ ਜੈਤੂਨ ਦੇ ਤੇਲ ਦਾ ਚਖ਼ ਕੇ ਨਿਰੀਖਣ ਕੀਤਾ ਤੇ ਫਿਰ ਉਸ ਨੇ ਭਾਅ ਲਈ ਭੰਨ-ਤੋੜ ਕਰਨ ਲਈ ਤਕਰਾਰ ਸ਼ੁਰੂ ਕਰ ਦਿੱਤਾ। ਭਾਅ ਤੈਅ ਹੋ ਜਾਣ ਤੋਂ ਬਾਅਦ ਜਦੋਂ ਦੋ ਰੱਤੀ ਦਾ ਤੇਲ ਪੁਆਉਣ ਲਈ ਆਪਣੀ ਸ਼ੀਸ਼ੀ ਉਸ ਦੇ ਅੱਗੇ ਕੀਤੀ ਤਾਂ ਉਸ ਨੇ ਉਸ ਆਦਮੀ ਤੋਂ ਪੁੱਛਿਆ, 'ਭਲਾ, ਤੁਸੀਂ ਕੌਣ ਹੁੰਦੇ ਹੋ?'
'ਗਰੀਕ ਓਰਥੋਡੌਕਸ।'
ਬੁੱਢੀ ਔਰਤ ਨੇ ਇਹ ਸੁਣਦਿਆਂ ਹੀ ਆਪਣੀ ਸ਼ੀਸ਼ੀ ਉਸ ਦੇ ਹੱਥੋਂ ਖੋਹ ਲਈ। ਬੁੱਢੀ ਮੈਰੋਨਾਈਟ ਸੀ। ਉਹ ਨਫ਼ਰਤ ਨਾਲ ਬੁੜਬੁੜਾਉਂਦੀ ਹੋਈ ਆਪਣੇ ਘਰ ਅੰਦਰ ਦਾਖਲ ਹੋ ਗਈ।
ਜਿਬਰਾਨ ਨੇ ਇਹ ਸਾਰਾ ਦ੍ਰਿਸ਼ ਆਪਣੇ ਅੱਖੀਂ ਡਿੱਠਾ ਸੀ। ਉਸ ਨੇ ਘਰ ਜਾ ਕੇ ਆਪਣੀ ਮਾਂ ਤੋਂ ਪੁੱਛਿਆ-
'ਅਸੀਂ ਕੌਣ ਹੁੰਦੇ ਹਾਂ?'
'ਮੋਰੋਨਾਈਟ।'
'ਤੇ ਗਰੀਕ ਓਰਥੋਡੌਕਸ ਕੌਣ ਹਨ?'
'ਉਹ ਵੀ ਸਾਡੇ ਵਾਂਗ ਈਸਾਈ ਹਨ।'
'ਪਰ ਸਾਨੂੰ ਮੈਰੋਨਾਈਟ ਤੇ ਉਨ੍ਹਾਂ ਨੂੰ ਓਰਥੋਡੌਕਸ ਕਿਉਂ ਕਿਹਾ ਜਾਂਦਾ ਹੈ?'
'ਜਿਬਰਾਨ! ਇਹ ਸਵਾਲ ਤੂੰ ਆਪਣੇ ਪਾਦਰੀ ਤੋਂ ਪੁੱਛੀਂ। ਉਹੋ ਤੈਨੂੰ ਸਹੀ-ਸਹੀ ਦੱਸ ਸਕਦੇ ਹਨ।'
'ਕੀ ਸਾਨੂੰ ਰੱਬ ਸਜ਼ਾ ਦੇਵੇਗਾ ਜੇ ਅਸੀਂ ਕਿਸੇ ਓਰਥੋਡੌਕਸ ਤੋਂ ਕੋਈ ਚੀਜ਼ ਖਰੀਦ ਲੈਂਦੇ ਹਾਂ?'
'ਨਹੀਂ, ਬਿਲਕੁਲ ਨਹੀਂ।'
ਮਾਂ ਤੇ ਬੱਚੇ ਵਿਚਕਾਰ ਇਹ ਗੱਲਬਾਤ ਅਜੇ ਪੂਰੀ ਵੀ ਨਹੀਂ ਸੀ ਹੋਈ ਕਿ ਉਸ ਦਾ ਪਿਤਾ ਘਰ ਦਾਖਲ ਹੋਇਆ ਤੇ ਉਸ ਨੇ ਆਪਣੀ ਪਤਨੀ ਨੂੰ ਇਕ ਖਾਲੀ ਬੋਤਲ ਦੇਣ ਲਈ ਕਿਹਾ। ਉਸ ਨੇ ਬਾਹਰ ਜਾ ਕੇ ਤੇਲ ਵੇਚਣ ਵਾਲੇ ਤੋਂ ਬੋਤਲ ਭਰਵਾ ਲਈ। ਉਸ ਨੇ ਤੇਲ ਵੇਚਣ ਵਾਲੇ ਨੂੰ ਚਾਹ ਪੀਣ ਲਈ ਸੱਦਾ ਵੀ ਦਿੱਤਾ। ਜਿਬਰਾਨ ਆਪਣੇ ਪਿਤਾ ਦੇ ਇਸ ਵਰਤਾਰੇ ਨੂੰ ਦੇਖ ਕੇ ਬਹੁਤ ਖੁਸ਼ ਹੋਇਆ। ਉਸ ਦੀਆਂ ਅੱਖਾਂ ਹੰਝੂਆਂ ਨਾਲ ਭਰ ਗਈਆਂ।

(9)
'ਕੀ ਤੂੰ ਕੱਲ੍ਹ ਜਾਣ ਦਾ ਪੱਕਾ ਮਨ ਬਣਾ ਲਿਆ ਹੈ। ਰੱਬ ਖੈਰ ਕਰੇ।'
'ਹਾਂ।'
'ਘੋੜੇ ਦਾ ਬੰਦੋਬਸਤ ਹੋ ਗਿਆ?'
'ਹਾਂ! ਦੋ ਘੋੜਿਆਂ ਦਾ।'
'ਦੂਜਾ ਕਿਸ ਲਈ?'
'ਜਿਬਰਾਨ ਲਈ।'
'ਜਿਬਰਾਨ ਲਈ? ਕੀ ਤੇਰੇ ਹੋਸ਼ ਕਾਇਮ ਹਨ?'
'ਹਾਂ! ਮੈਂ ਪੂਰੀ ਸੰਜੀਦਗੀ ਨਾਲ ਕਹਿ ਰਿਹਾ ਹਾਂ। ਮੈਂ ਉਸ ਨੂੰ ਆਪਣੇ ਨਾਲ ਲੈ ਕੇ ਜਾ ਰਿਹਾ ਹਾਂ।'
'ਜ਼ਰਾ ਅਕਲ ਤੋਂ ਕੰਮ ਲਵੋ। ਭਲਾ, ਇਹ 11 ਵਰ੍ਹਿਆਂ ਦਾ ਨਾਜ਼ੁਕ ਜਿਹਾ ਮੁੰਡਾ ਕਿੱਦਾਂ ਘੋੜੇ 'ਤੇ ਬਹਿ ਕੇ ਸਖ਼ਤ ਪਹਾੜਾਂ ਦੀ ਯਾਤਰਾ ਕਰੇਗਾ? ਉਥੇ ਤਾਂ ਮੱਛਰਾਂ-ਖਟਮਲਾਂ ਦੀ ਭਰਮਾਰ ਹੈ। ਕੀ ਤੂੰ ਹੁਣ ਤੋਂ ਹੀ ਉਸ ਨੂੰ ਆਜੜੀਆਂ ਤੋਂ ਟੈਕਸ ਉਗਰਾਹੁਣ ਦੀ ਸਿੱਖਿਆ ਦੇਣਾ ਚਾਹੁੰਦੈਂ?'
'ਮੈਂ ਉਸ ਨੂੰ ਸਿਖਾਉਣਾ ਚਾਹੁੰਦਾ ਹਾਂ ਕਿ ਖਟਮਲ ਦਾ ਕੱਟਣਾ ਤਾਂ ਮਾਂ ਦੇ ਕੌੜੇ ਬੋਲਾਂ ਦੇ ਮੁਕਾਬਲੇ ਵਿਚ ਲਾਡਲੀਆਂ ਥਾਪੜੀਆਂ ਹੁੰਦੀਆਂ ਹਨ। ਮੈਂ ਉਸ ਨੂੰ ਸਮਝਾਉਣਾ ਚਾਹੁੰਦਾ ਹਾਂ ਕਿ ਭੇਡਾਂ-ਬੱਕਰੀਆਂ ਦਾ ਗੋਹਾ ਬਾਦਸ਼ਾਹਾਂ ਦੇ ਹੀਰਿਆਂ ਤੋਂ ਵੱਧ ਕੀਮਤੀ ਹੁੰਦਾ ਹੈ। ਮੈਂ ਉਸ ਨੂੰ ਵਿਖਾਵਾਂਗਾ ਕਿ ਯਾਤਰੂਆਂ ਦੇ ਟੈਂਟ ਰਾਜੇ ਦੇ ਮਹਿਲਾਂ ਨਾਲੋਂ ਵੀ ਕਿਤੇ ਵੱਧ ਸ਼ਾਨਦਾਰ ਹੁੰਦੇ ਹਨ। ਇਸ ਤੋਂ ਇਲਾਵਾ ਜੇ ਉਸ ਦੇ ਚੰਗੇਰੇ ਭਵਿੱਖ ਲਈ ਕੋਈ ਹੋਰ ਰਸਤਾ ਹੈ ਤਾਂ ਉਹ ਤੂੰ ਦੱਸ ਦੇ।'
ਪਤੀ-ਪਤਨੀ ਵਿਚਕਾਰ ਬੋਲ-ਬੁਲਾਰਾ ਇਸ ਹੱਦ ਤੱਕ ਵਧ ਗਿਆ ਕਿ ਬੱਚੇ ਵੀ ਮੈਦਾਨ ਵਿਚ ਕੁੱਦ ਪਏ। ਬੋਟਰੋਸ ਪਿਤਾ ਵੱਲ ਸੀ ਤੇ ਦੋਵੇਂ ਧੀਆਂ ਮਾਂ ਵੱਲ। ਜਿਬਰਾਨ ਕਿਸੇ ਪਾਸੇ ਨਹੀਂ ਸੀ। ਉਹ ਆਪਣੀ ਮਾਂ ਦਾ ਉਪਾਸ਼ਕ ਸੀ, ਇਸ ਲਈ ਉਹ ਉਸ ਦਾ ਵਿਰੋਧ ਨਹੀਂ ਸੀ ਕਰਨਾ ਚਾਹੁੰਦਾ। ਉਹ ਆਪਣੇ ਪਿਤਾ ਦੇ ਵਿਰੋਧ ਵਿਚ ਵੀ ਖੜ੍ਹਾ ਨਹੀਂ ਸੀ ਹੋਣਾ ਚਾਹੁੰਦਾ, ਕਿਉਂਕਿ ਉਸ ਦੇ ਦਿਲ ਅੰਦਰ ਪਹਾੜੀ ਯਾਤਰਾ ਦੀ ਤਾਂਘ ਸੀ।
ਦਸਤਰਖਾਨ 'ਤੇ ਪਿਆ ਖਾਣਾ ਠੰਢਾ ਹੋ ਰਿਹਾ ਸੀ। ਜਿਬਰਾਨ ਦੇ ਪਿਤਾ ਨੇ ਅੰਗੂਰੀ ਸ਼ਰਾਬ ਦੀ ਬੋਤਲ ਖਾਲੀ ਕਰਕੇ ਜਦੋਂ ਖਾਣਾ ਸ਼ੁਰੂ ਕੀਤਾ ਤਾਂ ਉਸ ਨੇ ਐਲਾਨ ਕੀਤਾ, 'ਕੱਲ੍ਹ ਦੀ ਯਾਤਰਾ ਰੱਦ।'

(10)
ਇਕ ਦਿਨ ਜਦ ਬੋਟਰੋਸ ਘਰ ਪਰਤਿਆ ਤਾਂ ਉਸ ਨੇ ਆਪਣੀ ਮਾਂ ਨੂੰ ਕੰਧ ਨਾਲ ਲੱਗ ਕੇ ਰੋਂਦਿਆਂ ਦੇਖਿਆ। ਉਹ ਹੈਰਾਨ-ਪ੍ਰੇਸ਼ਾਨ ਹੋ ਗਿਆ। ਮਾਂ ਨੇ ਆਪਣਾ ਮੂੰਹ ਉਤਾਂਹ ਕੀਤਾ ਤੇ ਬੜੀ ਨਰਮ ਆਵਾਜ਼ ਵਿਚ ਬੋਲਣਾ ਸ਼ੁਰੂ ਕਰ ਦਿੱਤਾ, 'ਪੁੱਤ! ਮੇਰੀ ਗੱਲ ਸੁਣ ਕੇ ਪ੍ਰੇਸ਼ਾਨ ਨਾ ਹੋਈਂ। ਕਦੇ-ਕਦੇ ਜ਼ਿੰਦਗੀ ਵਿਚ ਅਜਿਹਾ ਮੌਕਾ ਵੀ ਆਉਂਦਾ ਹੈ, ਜਦੋਂ ਕਲੇਜਾ ਫਟਣ ਲਗਦਾ ਹੈ ਤੇ ਹੰਝੂ ਆਪ-ਮੁਹਾਰੇ ਅੱਖਾਂ 'ਚੋਂ ਵਗਣ ਲਗਦੇ ਹਨ। ਪੁੱਤ! ਇਹ ਮਾਂ ਦਾ ਕਲੇਜਾ ਹੈ ਤੇ ਮਾਂ ਦੇ ਹੰਝੂ ਹਨ। ਤੂੰ ਵਿਦੇਸ਼ ਵਿਚ ਵਸਣਾ ਚਾਹੁੰਦਾ ਹੈਂ? ਆਪਣੇ ਭਵਿੱਖ ਲਈ ਤੇਰਾ ਇੰਜ ਸੋਚਣਾ ਵਾਜਿਬ ਹੈ। ਇਸ ਤੋਂ ਪਹਿਲਾਂ ਮੈਂ ਕਈ ਵਾਰ ਤੇਰਾ ਰਸਤਾ ਰੋਕਦੀ ਰਹੀ ਹਾਂ। ਮੈਂ ਬੇਵੱਸ ਸੀ। ਅੱਜ ਮੈਂ ਬੜੀ ਦੇਰ ਸੋਚਿਆ, ਪ੍ਰਾਰਥਨਾ ਵਿਚ ਲੀਨ ਰਹੀ ਤੇ ਮੈਨੂੰ ਚਾਨਣ ਹੋਇਆ ਕਿ ਤੂੰ ਠੀਕ ਸੀ ਤੇ ਮੈਂ ਗ਼ਲਤ। ਹਮੇਸ਼ਾ-ਹਮੇਸ਼ਾ ਲਈ ਮੈਂ ਤੈਨੂੰ ਆਪਣੇ ਢੰਗਾਂ ਹੇਠ ਰੱਖ ਕੇ ਤੇਰੇ ਨਾਲ ਅਨਿਆਂ ਨਹੀਂ ਕਰਨਾ ਚਾਹੁੰਦੀ। ਤੇਰੇ ਲਈ ਇਸ ਦੇਸ਼ ਵਿਚ ਕੋਈ ਭਵਿੱਖ ਨਹੀਂ। ਤੂੰ ਆਪਣੀ ਜ਼ਿੰਦਗੀ ਲਈ ਖੁਦ ਫੈਸਲਾ ਲੈਣ ਦਾ ਹੱਕਦਾਰ ਹੈਂ। ਮੇਰਾ ਅਸ਼ੀਰਵਾਦ ਹਮੇਸ਼ਾ ਤੇਰੇ ਨਾਲ ਰਹੇਗਾ। ਮੈਂ ਚਾਹੁੰਦੀ ਹਾਂ ਕਿ ਜੋ ਜਹਾਜ਼ ਤੈਨੂੰ ਇਸ ਧਰਤੀ ਤੋਂ ਦੂਰ ਲੈ ਕੇ ਜਾਵੇਗਾ, ਉਸ ਵਿਚ ਮੈਂ ਵੀ ਹੋਵਾਂ, ਤੇਰਾ ਭਰਾ ਜਿਬਰਾਨ ਵੀ ਹੋਵੇ ਤੇ ਤੇਰੀਆਂ ਭੈਣਾਂ ਵੀ। ਤੁਹਾਡੇ ਪਿਤਾ ਇਥੇ ਹੀ ਰਹਿਣਗੇ। ਅਸੀਂ ਉਨ੍ਹਾਂ ਦੀ ਜ਼ਿੰਦਗੀ ਹਰ ਪੱਖੋਂ ਸੁਖਾਵੀਂ ਰੱਖਣ ਦੀ ਹਰ ਮੁਮਕਿਨ ਕੋਸ਼ਿਸ਼ ਕਰਾਂਗੇ। ਅੰਗੂਰਾਂ ਦੇ ਅਰਕ, ਕੌਫੀ ਤੇ ਤੰਬਾਕੂ ਦੀ ਕਦੇ ਉਨ੍ਹਾਂ ਨੂੰ ਕਿੱਲਤ ਨਹੀਂ ਆਉਣ ਦੇਵਾਂਗੇ। ਸਿਵਾਏ ਇਨ੍ਹਾਂ ਚੀਜ਼ਾਂ ਤੋਂ ਹੋਰ ਕਿਸੇ ਚੀਜ਼ ਵਿਚ ਉਨ੍ਹਾਂ ਦੀ ਕੋਈ ਦਿਲਚਸਪੀ ਨਹੀਂ।'
'ਮਾਂ! ਰੱਬ ਦੀ ਮਿਹਰਬਾਨੀ ਨਾਲ ਮੇਰੀ ਕਮਾਈ ਵਿਚ ਬਰਕਤ ਪਵੇ। ਮੈਂ ਆਪਣੇ ਧਰਮ ਪਿਤਾ ਦੀ ਹਰ ਇੱਛਾ ਪੂਰੀ ਕਰਾਂਗਾ। ਭਾਵੇਂ ਉਨ੍ਹਾਂ ਤੋਂ ਮੈਨੂੰ ਤਸੀਹੇ ਹੀ ਮਿਲੇ ਹਨ ਪਰ ਫਿਰ ਵੀ ਉਨ੍ਹਾਂ ਨੂੰ ਪਿਆਰ ਕਰਦਾ ਹਾਂ। ਮੈਂ ਤੁਹਾਨੂੰ ਵਿਸ਼ਵਾਸ ਦਿਵਾਉਂਦਾ ਹਾਂ ਕਿ ਜਿਬਰਾਨ, ਮੇਰਿਆਨਾ ਤੇ ਸੁਲਤਾਨਾ ਦੀ ਪੜ੍ਹਾਈ 'ਚ ਕੋਈ ਵਿਘਨ ਨਹੀਂ ਪਵੇਗਾ। ਤੁਸੀਂ ਖੁਸ਼ ਤੇ ਖੁਸ਼ਹਾਲ ਜ਼ਿੰਦਗੀ ਜੀਵੋ, ਇਹ ਮੈਂ ਯਕੀਨੀ ਬਣਾਵਾਂਗਾ। ਸੱਚਮੁੱਚ, ਤੁਸੀਂ ਇਸ ਦੇ ਹੱਕਦਾਰ ਹੋ।'
'ਰੱਬ ਤੇਰਾ ਭਲਾ ਕਰੇ, ਮੇਰੇ ਪੁੱਤਰ! ਤੈਨੂੰ ਸੱਚ ਦੱਸਾਂ, ਤੇਰੇ ਧਰਮ ਪਿਤਾ ਲਈ ਮੇਰਾ ਦਿਲ ਡੋਬੇ ਖਾਣ ਲਗਦਾ ਹੈ। ਉਹ ਇਥੇ ਇਕੱਲੇ ਹੀ ਰਹਿ ਜਾਣਗੇ ਪਰ ਮੈਂ ਕੀ ਕਰਾਂ, ਮੈਂ ਬਿਲਕੁਲ ਥੱਕ ਚੁੱਕੀ ਹਾਂ, ਮੇਰੇ ਵਿਚ ਨਾ ਹੁਣ ਹਿੰਮਤ ਹੈ ਤੇ ਨਾ ਸਬਰ। ਪਤਾ ਨਹੀਂ ਇਥੇ ਕਦੇ ਫੇਰ ਮੁੜਾਂਗੇ ਵੀ ਜਾਂ ਨਹੀਂ। ਜੋ ਸਮੁੰਦਰ 'ਚ ਗਿਆ, ਉਹ ਸਮੋ ਗਿਆ, ਜਿਸ ਨੂੰ ਸਮੁੰਦਰ ਨੇ ਬਾਹਰ ਧੱਕ ਦਿੱਤਾ, ਉਸ ਦਾ ਸਮਝੋ ਨਵਾਂ ਜਨਮ ਹੋ ਗਿਆ। ਮੇਰੇ ਪੁੱਤਰ! ਮੈਂ ਤਾਂ ਬਸ ਹੁਣ ਸਭ ਰੱਬ ਦੇ ਭਰੋਸੇ ਕਰ ਛੱਡਿਆ ਹੈ।'
'ਮਾਂ! ਹੌਸਲਾ ਰੱਖ। ਅਸੀਂ ਬੋਸਟਨ ਜਾ ਰਹੇ ਹਾਂ। ਉਸ ਸ਼ਹਿਰ ਵਿਚ ਬਿਸ਼ਾਰੀ ਦੇ ਬਹੁਤ ਲੋਕ ਰਹਿੰਦੇ ਹਨ। ਮੈਂ ਉਨ੍ਹਾਂ 'ਚੋਂ ਬਹੁਤ ਸਾਰਿਆਂ ਨੂੰ ਜਾਣਦਾ ਹਾਂ। ਉਹ ਖੁਸ਼ੀ-ਖੁਸ਼ੀ ਸਾਡੀ ਹਰ ਸੰਭਵ ਇਮਦਾਦ ਕਰਨਗੇ।'
ਮਾਂ ਦੀਆਂ ਅੱਖਾਂ ਹੁਣ ਖੁਸ਼ਕ ਸਨ। ਪਰ ਉਸ ਦੀਆਂ ਅੱਖਾਂ ਦੇ ਭਰਵੱਟਿਆਂ 'ਤੇ ਅਤੀਤ ਦੇ ਦੁੱਖ ਅਤੇ ਭਵਿੱਖ ਦੀਆਂ ਚਿੰਤਾਵਾਂ ਦੇ ਚਿੰਨ੍ਹ ਸਾਫ ਜ਼ਾਹਰ ਸਨ। 18 ਵਰ੍ਹਿਆਂ ਦੇ ਬੋਟਰੋਸ ਦੀਆਂ ਰਗਾਂ ਵਿਚ ਗਰਮ ਖੂਨ ਸੀ। ਉਸ ਦੇ ਚਿਹਰੇ 'ਤੇ ਅੱਲੜ੍ਹ ਉਮਰ ਦੀ ਮਾਸੂਮੀਅਤ ਸੀ ਤੇ ਉਸ ਦੀਆਂ ਅੱਖਾਂ ਵਿਚ ਸੁਨਹਿਰੇ ਭਵਿੱਖ ਦੇ ਸੁਪਨੇ ਤੈਰ ਰਹੇ ਸਨ। ਉਸ ਨੂੰ ਆਪਣੇ-ਆਪ 'ਤੇ ਮਾਣ ਜਿਹਾ ਹੋ ਰਿਹਾ ਸੀ ਕਿ ਉਹ ਆਪਣੀ ਮਾਂ ਦੀਆਂ ਨਜ਼ਰਾਂ ਵਿਚ ਇਕ ਸਿਆਣਾ ਤੇ ਭਰੋਸੇਮੰਦ ਮਰਦ ਸੀ, ਜਿਸ ਦੇ ਮੋਢੇ ਘਰ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਚੁੱਕਣ ਲਈ ਸਮਰੱਥ ਸਨ। ਮਾਂ ਤੇ ਪੁੱਤਰ ਨਹੀਂ ਸਨ ਜਾਣਦੇ ਕਿ ਜੋ ਯੋਜਨਾ ਹੁਣੇ-ਹੁਣੇ ਤੈਅ ਹੋਈ ਹੈ, ਉਸ ਨੂੰ ਕੋਈ ਤਾਕਤ ਬਦਲ ਨਹੀਂ ਸਕਦੀ ਸੀ। ਜੇ ਉਹ ਵੀ ਇਸ ਨੂੰ ਬਦਲਣਾ ਚਾਹੁੰਦੇ ਤਾਂ ਵੀ ਉਨ੍ਹਾਂ ਲਈ ਇਹ ਅਸੰਭਵ ਸੀ। ਉਹ ਨਹੀਂ ਜਾਣਦੇ ਸਨ ਕਿ ਉਨ੍ਹਾਂ ਦੇ ਇਸ ਫ਼ੈਸਲੇ ਦੇ ਨਾਲ ਅਣਗਿਣਤ ਲੋਕਾਂ ਦੀ ਕਿਸਮਤ ਜੁੜੀ ਹੋਈ ਸੀ। ਉਨ੍ਹਾਂ ਵਿਚੋਂ ਹੀ ਇਕ ਸੀ 12 ਵਰ੍ਹਿਆਂ ਦਾ ਜਿਬਰਾਨ, ਜਿਸ ਵਿਚੋਂ ਹੁਣ ਤੱਕ ਉਨ੍ਹਾਂ ਨੇ ਸਿਰਫ ਧੁੰਦਲੇ ਜਿਹੇ ਪ੍ਰਛਾਵੇਂ ਹੀ ਤੱਕੇ ਸਨ।

ਅਧਿਆਇ-3 (ਬੋਸਟਨ ਦੇ ਪਰਛਾਵੇਂ)

ਅਮਰੀਕਾ ਦੇ ਪੁਰਾਤਨ ਸ਼ਹਿਰ ਬੋਸਟਨ ਨੇ ਉੱਤਰੀ ਲਿਬਨਾਨ ਦੇ ਪੰਜ ਪ੍ਰਵਾਸੀਆਂ ਨੂੰ ਆਪਣੀ ਬੁੱਕਲ ਵਿਚ ਇੰਜ ਲਿਆ ਜਿਵੇਂ ਸਮੁੰਦਰ ਮੀਂਹ ਦੀਆਂ ਕਣੀਆਂ ਨੂੰ ਆਪਣੇ ਆਗੋਸ਼ ਵਿਚ ਲੈਂਦਾ ਹੈ। ਥੱਕਿਆ ਤੇ ਭਵੰਤਰਿਆ ਜਿਹਾ ਇਹ ਪਰਿਵਾਰ ਇਸ ਸ਼ਹਿਰ ਦੇ ਇਕ ਪਛੜੇ ਇਲਾਕੇ ਵਿਚ ਰਹਿਣ ਲੱਗ ਪਿਆ। ਬਿਸ਼ਾਰੀ ਦੇ ਕੁਝ ਬਸ਼ਿੰਦੇ ਉਨ੍ਹਾਂ ਨੂੰ ਮਿਲਣ ਆਏ। ਉਨ੍ਹਾਂ ਨੂੰ ਜੀ ਆਇਆਂ ਕਹਿਣ ਲਈ ਨਹੀਂ, ਸਗੋਂ ਉਨ੍ਹਾਂ ਤੋਂ ਆਪਣੇ ਰਿਸ਼ਤੇਦਾਰਾਂ ਦਾ ਹਾਲ-ਚਾਲ ਪੁੱਛਣ ਲਈ, ਜੋ ਬਿਸ਼ਾਰੀ ਵਿਚ ਰਹਿ ਰਹੇ ਸਨ।
ਗਰਮੀਆਂ ਦੀ ਰੁੱਤ ਸੀ। ਸਾਲ 1925 ਦੀ ਗੱਲ ਹੈ। ਮੈਨੂੰ ਬੋਸਟਨ ਦੇ ਚਾਇਨਾ ਟਾਊਨ 'ਚੋਂ ਲੰਘਣ ਦਾ ਮੌਕਾ ਮਿਲਿਆ। ਕਈ ਥਾਵਾਂ 'ਤੇ ਮੈਨੂੰ ਆਪਣੇ ਨੱਕ 'ਤੇ ਰੁਮਾਲ ਰੱਖਣਾ ਪਿਆ। ਗਲੀਆਂ ਵਿਚ ਗੰਦਗੀ ਦੇ ਢੇਰ ਸਨ, ਜਿਨ੍ਹਾਂ 'ਤੇ ਮੱਛਰ, ਮੱਖੀਆਂ ਮੰਡਰਾਅ ਰਹੀਆਂ ਸਨ। ਕੁੱਤੇ ਗੰਦ 'ਚ ਮੂੰਹ ਮਾਰ ਰਹੇ ਸਨ। ਗਲੀ ਦੇ ਦੋਵੇਂ ਪਾਸੀਂ 4-4, 5-5 ਮੰਜ਼ਿਲਾ ਮਕਾਨ ਸਨ, ਜਿਨ੍ਹਾਂ ਵਿਚ ਘੁੱਪ ਹਨੇਰਾ ਸੀ। ਉਨ੍ਹਾਂ ਇਮਾਰਤਾਂ ਦੇ ਫਲੈਟਾਂ ਦੀਆਂ ਬਾਰੀਆਂ 'ਤੇ ਕਮੀਜ਼ਾਂ, ਜੁਰਾਬਾਂ, ਤੌਲੀਏ ਤੇ ਹੋਰ ਅਜਿਹੇ ਕੱਪੜੇ ਸੁੱਕਣੇ ਪਾਏ ਹੋਏ ਸਨ। ਗਲੀਆਂ ਵਿਚ ਪ੍ਰਵਾਸੀ ਬੱਚੇ ਨੰਗ-ਧੜੰਗੇ ਖੇਡ ਰਹੇ ਸਨ। ਉਨ੍ਹਾਂ ਵਿਚ ਚੀਨੀ, ਲਿਬਨਾਨੀ, ਆਇਰਿਸ਼, ਇਟਾਲੀਅਨ, ਸੀਰੀਅਨ, ਪੋਲਿਸ਼ ਆਦਿ ਬੱਚੇ ਸਨ। ਉਨ੍ਹਾਂ ਦੀ ਬੋਲਚਾਲ ਦੀ ਭਾਸ਼ਾ ਬੜੀ ਅਜੀਬ ਸੀ। ਉਹ ਖੇਡਦੇ-ਖੇਡਦੇ ਲੜ ਪੈਂਦੇ ਤੇ ਇਕ-ਦੂਜੇ ਨੂੰ ਬਹੁਤ ਭੈੜੀਆਂ ਗਾਲ੍ਹਾਂ ਕੱਢਦੇ। ਇਸ ਥਾਂ 'ਤੇ ਇਕ ਅਜਿਹੀ ਹੀ ਇਮਾਰਤ ਦੇ ਇਕ ਫਲੈਟ ਵਿਚ ਕਮੀਲਾ ਜਿਬਰਾਨ ਨੇ ਆਪਣੇ ਬੱਚਿਆਂ ਨਾਲ ਇਹੋ ਜਿਹੀ ਜ਼ਿੰਦਗੀ ਬਤੀਤ ਕੀਤੀ ਹੋਵੇਗੀ, ਇਸ ਦੀ ਕਲਪਨਾ ਤਾਂ ਪਾਠਕ ਖੁਦ ਹੀ ਕਰ ਸਕਦੇ ਹਨ। ਇਸ ਨਵੀਂ ਦੁਨੀਆ ਵਿਚ ਆਪਣੇ ਪੈਰ ਜਮਾਉਣ ਲਈ ਕਮੀਲਾ ਨੇ ਵਿਉਂਤਬੰਦੀ ਕਰਨੀ ਸ਼ੁਰੂ ਕਰ ਦਿੱਤੀ। ਇਹ ਗੱਲ 1894 ਦੀ ਹੈ।

(1)
'ਜਿਬਰਾਨ! ਮੇਰੇ ਪੁੱਤਰ! ਬਹੁਤ ਦੇਰ ਹੋ ਗਈ ਤੈਨੂੰ ਪੜ੍ਹਦਿਆਂ! ਹੁਣ ਕਿਤਾਬਾਂ ਛੱਡ ਕੇ ਆਰਾਮ ਕਰ ਲੈ।'
'ਮਾਂ! ਸ਼ਾਮ ਦੇ ਖਾਣੇ ਲਈ ਤੁਸੀਂ ਕੀ ਬਣਾ ਰਹੇ ਹੋ?'
'ਤੈਨੂੰ ਖਿਚੜੀ ਬਹੁਤ ਸਵਾਦ ਲਗਦੀ ਹੈ ਨਾ?'
'ਮਾਂ! ਤੁਸੀਂ ਜੋ ਵੀ ਬਣਾਉਂਦੇ ਹੋ, ਉਹ ਬਹੁਤ ਸਵਾਦਲਾ ਹੁੰਦਾ ਹੈ।'
'ਤੇਰੇ ਪਿਤਾ ਨੇ ਕਦੇ ਮੇਰੀ ਤਾਰੀਫ਼ ਨਹੀਂ ਕੀਤੀ। ਤੇਰਾ ਭਰਾ ਤੇ ਭੈਣਾਂ ਵੀ ਕਦੇ-ਕਦਾਈਂ ਕੋਈ ਨੁਕਸ ਕੱਢ ਹੀ ਦਿੰਦੀਆਂ ਹਨ।'
'ਪਿਤਾ ਜੀ ਦੀ ਤੇ ਹੋਰਨਾਂ ਦੀ ਗੱਲ ਛੱਡੋ, ਤੁਹਾਡੇ ਕੋਲ ਜਿਬਰਾਨ ਹੈ।'
'ਤੇ ਬੋਟਰੋਸ!' ਮਾਂ ਨੇ ਕਿਹਾ।
'ਹਾਂ! ਬੋਟਰੋਸ! ਉਹ ਬਹੁਤ ਧਨ ਕਮਾਵੇਗਾ। ਸਕੂਲੋਂ ਮੁੜਦਿਆਂ ਮੈਂ ਉਸ ਦੇ ਸਟੋਰ 'ਤੇ ਗਿਆ ਸੀ। ਮੇਰੀ ਹਾਜ਼ਰੀ ਵਿਚ ਉਸ ਨੇ 'ਐਪਰਨ' ਇਕ ਡਾਲਰ ਦਾ ਅਤੇ 'ਹੈਟ' ਦੋ ਡਾਲਰ ਦਾ ਵੇਚਿਆ ਸੀ। ਉਹ ਜ਼ਰੂਰ ਇਕ ਦਿਨ ਅਮੀਰ ਆਦਮੀ ਬਣੇਗਾ। ਫਿਰ ਅਸੀਂ ਬਿਸ਼ਾਰੀ ਚਲੇ ਜਾਵਾਂਗੇ, ਜਿਥੇ ਉਹ ਸਾਡੇ ਲਈ ਇਕ ਵੱਡੀ ਸਾਰੀ ਹਵੇਲੀ ਉਸਾਰੇਗਾ। ਮਾਂ! ਤੁਸੀਂ ਉਸ ਹਵੇਲੀ ਦੀ ਮਾਲਕਣ ਹੋਵੋਗੇ!'
'ਰੱਬ ਕਰੇ, ਤੁਸੀਂ ਜਿਉਂਦੇ-ਵਸਦੇ ਰਹੋ। ਰੱਬ ਸਭ ਨੂੰ ਤੰਦਰੁਸਤੀ ਬਖਸ਼ੇ। ਤੰਦਰੁਸਤੀ ਧਨ ਤੋਂ ਜ਼ਿਆਦਾ ਕੀਮਤੀ ਹੈ।'
'ਤੇ ਮਾਂ! ਮੈਂ ਓਦਾਂ ਦੀਆਂ ਹੀ ਕਹਾਣੀਆਂ ਲਿਖਾਂਗਾ, ਜਿੱਦਾਂ ਦੀਆਂ ਮੈਂ ਪੜ੍ਹ ਰਿਹਾ ਹਾਂ।'
'ਹੁਣ ਤੂੰ ਕੀ ਪੜ੍ਹ ਰਿਹੈਂ?'
'ਅੰਕਲ ਟੌਮ'ਸ ਕੈਬਿਨ!'
'ਅੰਗਰੇਜ਼ੀ ਵਿਚ?'
'ਹਾਂ! ਤੁਸੀਂ ਸਮਝੇ, ਅਰਬੀ ਭਾਸ਼ਾ 'ਚ?'
'ਰੱਬ ਤੇਰਾ ਭਲਾ ਕਰੇ! ਦੋ ਵਰ੍ਹਿਆਂ ਦੇ ਅੰਦਰ ਤੂੰ ਤਾਂ ਅੰਗਰੇਜ਼ੀ 'ਚ ਕਿਤਾਬਾਂ ਪੜ੍ਹਨ ਲੱਗ ਪਿਐਂ!'
'ਮੇਰੀ ਅੰਗਰੇਜ਼ੀ ਦੀ ਅਧਿਆਪਕਾ ਮੇਰੇ ਨਾਲ ਬਹੁਤ ਪਿਆਰ ਕਰਦੀ ਹੈ। ਉਹ ਮੈਨੂੰ ਖਲੀਲ ਕਹਿ ਕੇ ਬੁਲਾਉਂਦੀ ਹੈ। ਉਸ ਨੂੰ ਮੇਰਾ ਨਾਂਅ ਸੁਣ ਕੇ ਬਹੁਤ ਹੈਰਾਨੀ ਹੋਈ-'ਜਿਬਰਾਨ-ਖਲੀਲ-ਜਿਬਰਾਨ!' ਮਾਂ! ਇਹ ਜੋ ਮੈਂ ਕਹਾਣੀ ਪੜ੍ਹ ਰਿਹੈਂ, ਇਹ ਬਹੁਤ ਹੀ ਦਿਲ-ਟੁੰਬਵੀਂ ਕਹਾਣੀ ਹੈ। ਤੁਸੀਂ ਸੋਚ ਹੀ ਨਹੀਂ ਸਕਦੇ ਕਿ ਜਿਸ ਦੁਨੀਆ ਵਿਚ ਅੰਕਲ ਟੌਮ ਰਹਿੰਦਾ ਹੈ, ਉਥੇ ਏਨੇ ਭੈੜੇ ਤੇ ਪੱਥਰ-ਦਿਲ ਇਨਸਾਨ ਵੀ ਵਸਦੇ ਹਨ। ਕਾਸ਼! ਤੁਸੀਂ ਅੰਕਲ ਟੌਮ ਦੀ ਕਹਾਣੀ ਪੜ੍ਹ ਸਕਦੇ! ਜ਼ਾਲਮਾਂ ਨੇ ਉਸ 'ਤੇ ਅਣਗਿਣਤ ਜ਼ੁਲਮ ਢਾਏ ਪਰ ਉਸ ਨੇ ਰੱਬ ਵਿਚ ਆਪਣਾ ਭਰੋਸਾ ਨਹੀਂ ਛੱਡਿਆ। ਪੂਰੀ ਕਿਤਾਬ ਪੜ੍ਹ ਕੇ ਮੈਂ ਤੁਹਾਨੂੰ ਇਸ ਦੀ ਪੂਰੀ ਕਹਾਣੀ ਸੁਣਾਵਾਂਗਾ।'
'ਜ਼ਰੂਰ ਸੁਣਾਈਂ! ਹਾਂ! ਜਿਹੜੀ ਗੱਲ ਮੈਂ ਤੈਨੂੰ ਕਹਿਣਾ ਚਾਹੁੰਦੀ ਸੀ, ਉਹ ਤਾਂ ਮੈਂ ਭੁੱਲ ਹੀ ਗਈ। ਥੋੜ੍ਹੀ ਦੇਰ ਲਈ ਗਲੀ ਵਿਚ ਜਾ ਕੇ ਖੇਡ ਲੈ।'
'ਮਾਂ! ਤੁਸੀਂ ਚਾਹੁੰਦੇ ਹੋ ਕਿ ਆਇਰਿਸ਼, ਚੀਨੀ ਤੇ ਸੀਰੀਅਨ ਬੱਚਿਆਂ ਦੀ ਸੰਗਤ ਕਰਾਂ? ਉਨ੍ਹਾਂ ਦੀ ਜ਼ਬਾਨ ਬੜੀ ਭੈੜੀ ਹੈ। ਮੈਂ ਨਫ਼ਰਤ ਕਰਦਾ ਹਾਂ। ਉਹ ਕੁੜੀਆਂ ਸਾਹਮਣੇ ਗ਼ਲਤ ਹਰਕਤਾਂ ਕਰਦੇ ਹਨ। ਮੈਂ ਉਨ੍ਹਾਂ ਵਿਚ ਰਲ ਨਹੀਂ ਸਕਦਾ। ਮੈਂ ਆਪਣੀਆਂ ਕਿਤਾਬਾਂ, ਕਲਮਾਂ ਤੇ ਪੈਨਸਿਲਾਂ ਦੀ ਸੰਗਤ ਵਿਚ ਹੀ ਬਹੁਤ ਖੁਸ਼ ਹਾਂ।'
'ਪਰ ਪੁੱਤਰ! ਤੈਨੂੰ ਖੁੱਲ੍ਹੀ ਹਵਾ ਵਿਚ ਕੁਝ ਦੇਰ ਲਈ ਜ਼ਰੂਰ ਭੱਜਣਾ-ਨੱਠਣਾ ਚਾਹੀਦਾ ਹੈ।'
'ਮਾਂ! ਅੱਜ ਸਾਡੇ ਸਕੂਲ ਵਿਚ ਇਕ ਚਿੱਤਰਕਾਰ ਆਇਆ ਸੀ। ਮੇਰੀ ਟੀਚਰ ਨੇ ਉਨ੍ਹਾਂ ਨੂੰ ਮੇਰੀਆਂ ਕੁਝ ਡਰਾਇੰਗਜ਼ ਵਿਖਾਈਆਂ। ਦੇਖ ਕੇ ਉਨ੍ਹਾਂ ਨੇ ਮੈਨੂੰ ਕਿਹਾ, 'ਲਿਟਲ ਆਰਟਿਸਟ।' ਉਨ੍ਹਾਂ ਨੇ ਕੱਲ੍ਹ ਮੈਨੂੰ ਆਪਣੇ ਸਟੂਡੀਓ 'ਚ ਬੁਲਾਇਆ ਹੈ।'
'ਤੂੰ ਜਾਵੇਂਗਾ?'
'ਹਾਂ।'
'ਮੈਂ ਸਮਝਦੀ ਹਾਂ ਕਿ ਤੈਨੂੰ ਆਪਣੇ ਵਿਹਲੇ ਸਮੇਂ ਵਿਚ ਡਰਾਇੰਗ ਕਰਨ ਦੀ ਬਜਾਏ ਆਪਣੇ ਵੱਡੇ ਭਰਾ ਦਾ ਹੱਥ ਵਟਾਉਣਾ ਚਾਹੀਦਾ ਹੈ।'
'ਮਾਂ! ਮੈਨੂੰ ਤੁਹਾਡੀ ਗੱਲ ਸੁਣ ਕੇ ਹੈਰਾਨੀ ਹੋਈ ਹੈ! ਇਕ ਹਜ਼ਾਰ ਵਪਾਰੀ ਵੀ ਇਕ ਚਿੱਤਰਕਾਰ ਦੀ ਚੀਚੀ ਦੇ ਬਰਾਬਰ ਨਹੀਂ। ਇਕ ਕਵਿਤਾ ਬੋਸਟਨ ਸ਼ਹਿਰ ਦੀਆਂ ਦੁਕਾਨਾਂ 'ਚ ਪਏ ਸਾਰੇ ਸਮਾਨ ਤੋਂ ਵੀ ਵੱਧ ਕੀਮਤੀ ਹੈ।'
'ਪਰ ਸਾਨੂੰ ਇਸ, ਵੇਲੇ ਡਰਾਇੰਗਜ਼ ਦੀ ਤੇ ਕਵਿਤਾਵਾਂ ਦੀ ਨਹੀਂ, ਪੈਸੇ ਦੀ ਲੋੜ ਹੈ।'
'ਭਰੋਸਾ ਰੱਖੋ, ਮਾਂ! ਜੇ ਬੋਟਰੋਸ ਤੋਂ ਪੈਸਾ ਨਾ ਕਮਾਇਆ ਗਿਆ ਤਾਂ ਮੈਂ ਕਮਾਵਾਂਗਾ।'
'ਰੱਬ ਤੁਹਾਡਾ ਭਲਾ ਕਰੇ।'

(2)
ਅਗਲੇ ਦਿਨ ਸਕੂਲੋਂ ਆਉਂਦਿਆਂ ਹੀ ਜਿਬਰਾਨ ਚਿੱਤਰਕਾਰ ਨੂੰ ਮਿਲਣ ਲਈ ਬੇਤਾਬ ਸੀ। ਉਹ ਇੰਜ ਤੁਰ ਰਿਹਾ ਸੀ ਜਿਵੇਂ ਬੱਦਲਾਂ 'ਤੇ ਸਵਾਰ ਹੋਵੇ। ਉਸ ਲਈ ਕਿਸੇ ਜਾਦੂ ਭਰਪੂਰ ਰਹੱਸਮਈ ਸੰਸਾਰ ਦੇ ਸੁਨਹਿਰੀ ਦਰਵਾਜ਼ੇ ਖੁੱਲ੍ਹਣ ਹੀ ਵਾਲੇ ਸਨ। ਬਸ ਉਸ ਚਿੱਤਰਕਾਰ ਦੀ ਛੁਹ ਹਾਸਲ ਕਰਦਿਆਂ ਹੀ ਉਹ 'ਸੁਪਨ ਲੋਕ' ਵਿਚ ਪਹੁੰਚ ਜਾਵੇਗਾ। ਉਸ ਨੇ ਅਜਿਹੀਆਂ ਕਈ ਕਿੱਸੇ-ਕਹਾਣੀਆਂ ਸੁਣੀਆਂ ਤੇ ਪੜ੍ਹੀਆਂ ਸਨ ਕਿ ਕਿਵੇਂ ਕਿੰਨੇ ਹੀ ਕਲਾਕਾਰਾਂ ਨੇ ਕਿਸੇ ਸੰਜੋਗ ਸਦਕਾ ਪ੍ਰਸਿੱਧੀ ਹਾਸਲ ਕੀਤੀ। ਤੁਰਦਿਆਂ-ਤੁਰਦਿਆਂ ਉਸ ਦੇ ਜ਼ਿਹਨ ਵਿਚ ਕਈ ਰੰਗੀਨ ਸੁਪਨੇ ਬੜੇ ਸੋਹਣੇ ਰੰਗਾਂ ਵਿਚ ਚਿੱਤਰਤ ਹੋ ਰਹੇ ਸਨ।
ਚਿੱਤਰਕਾਰ ਨੇ 'ਚੀਲ ਦੇ ਦਰੱਖਤਾਂ' ਦੀ ਧਰਤੀ ਦੇ ਜਾਏ ਜਿਬਰਾਨ ਦਾ ਬੜੀ ਗਰਮਜੋਸ਼ੀ ਨਾਲ ਸਵਾਗਤ ਕੀਤਾ। ਉਸ ਸਮੇਂ ਉਸ ਚਿੱਤਰਕਾਰ ਦੇ ਸਾਹਮਣੇ ਇਕ ਬਹੁਤ ਹੀ ਖੂਬਸੂਰਤ ਔਰਤ ਬੈਠੀ ਸੀ, ਜਿਸ ਦਾ ਉਹ ਚਿੱਤਰ ਬਣਾ ਰਿਹਾ ਸੀ। ਉਸ ਨੇ ਉਸ ਔਰਤ ਦੀ ਜਿਬਰਾਨ ਨਾਲ ਜਾਣ-ਪਛਾਣ ਕਰਵਾਉਂਦਿਆਂ ਕਿਹਾ-
'ਇਹ ਨੌਜਵਾਨ ਲਿਬਨਾਨ ਦਾ ਹੈ। ਤੁਹਾਡੇ ਨਾਲ ਮੈਂ ਇਸ ਨੌਜਵਾਨ ਬਾਰੇ ਹੀ ਗੱਲਾਂ ਕਰ ਰਿਹਾ ਸੀ। ਕੱਲ੍ਹ ਮੈਂ ਇਸ ਦੀਆਂ ਡਰਾਇੰਗਜ਼ ਦੇਖ ਕੇ ਬਹੁਤ ਖੁਸ਼ ਹੋਇਆ। ਇਸ ਦੇ ਅੰਦਰ ਇਕ ਵਿਲੱਖਣ ਕਲਾਤਮਕ ਸੂਝ ਅਤੇ ਕਲਪਨਾ ਸ਼ਕਤੀ ਹੈ।'
'ਜਿਬਰਾਨ! ਤੂੰ ਬੜਾ ਸ਼ਰਮਾਕਲ ਹੈਂ...।' ਉਸ ਔਰਤ ਨੇ ਬੜੀ ਠਰ੍ਹਵੀਂ ਆਵਾਜ਼ ਵਿਚ ਕਿਹਾ।
'ਤੇਰੇ ਦੇਸ਼ ਦੇ ਲੋਕ ਤੇ ਕਲਾਕਾਰ ਸੱਚਮੁੱਚ ਬਹੁਤ ਹੁਸੀਨ ਹੋਣਗੇ। ਮੈਂ ਕਲਾ ਦੀ ਉਪਾਸ਼ਕ ਹਾਂ। ਬਸ ਮੇਰਾ ਸ਼ੌਕ ਇਥੋਂ ਤੱਕ ਹੀ ਸੀਮਤ ਹੈ ਕਿ ਕਲਾਕਾਰ ਮੈਨੂੰ ਪੇਂਟ ਕਰਦੇ ਹਨ। ਮੇਰੇ 'ਪ੍ਰੋਟਰੇਟ' ਲਈ ਤੇਰੀ ਕੀ ਰਾਏ ਹੈ?' ਉਸ ਨੇ ਕੈਨਵਸ ਵੱਲ ਇਸ਼ਾਰਾ ਕਰਦੇ ਹੋਏ ਕਿਹਾ। ਕੈਨਵਸ ਦੇ ਰੰਗ ਅਜੇ ਸੁੱਕੇ ਨਹੀਂ ਸਨ।
ਜਿਬਰਾਨ ਨੇ ਕੈਨਵਸ 'ਤੇ ਝਾਤੀ ਮਾਰਨ ਲਈ ਆਪਣੀਆਂ ਅੱਖਾਂ ਉਤਾਂਹ ਚੁੱਕੀਆਂ। ਉਸ ਨੂੰ ਦੁੱਖ ਸਿਰਫ ਇਸ ਗੱਲ ਦਾ ਸੀ ਕਿ ਉਹ ਔਰਤ ਉਸ ਨੂੰ ਮਹਿਜ਼ ਬੱਚਾ ਸਮਝ ਕੇ ਉਸ ਦੇ ਵਾਲਾਂ ਵਿਚ ਆਪਣੀਆਂ ਉਂਗਲਾਂ ਫੇਰ ਰਹੀ ਸੀ।
ਜਿਬਰਾਨ ਨੇ ਬੜੇ ਗਹੁ ਨਾਲ ਚਿੱਤਰ ਦੇਖਣ ਤੋਂ ਬਾਅਦ ਕਿਹਾ, 'ਕੋਈ ਚਿੱਤਰ ਕਦੇ ਵੀ ਮੁਕੰਮਲ ਨਹੀਂ ਹੁੰਦਾ। ਭਾਵੇਂ ਚਿੱਤਰਕਾਰ ਇਸ ਗੱਲ ਦਾ ਲੱਖ ਵਾਰ ਦਾਅਵਾ ਕਰੇ। ਅਸੀਂ ਕਿਸੇ ਵਿਅਕਤੀ ਦਾ ਪੋਟਰੇਟ ਸਿਰਫ ਸੰਕੇਤਕ ਰੂਪ ਵਿਚ ਹੀ ਚਿਤਰਤ ਕਰ ਸਕਦੇ ਹਾਂ। ਸਿਰਫ ਰੱਬ ਹੀ ਮੁਕੰਮਲ ਤਸਵੀਰ ਬਣਾ ਸਕਦੈ।'
'ਤੂੰ ਆਪਣੀ ਉਮਰ ਤੋਂ ਵੱਧ ਸਿਆਣੀਆਂ ਗੱਲਾਂ ਕਰਦੈਂ, ਜਿਬਰਾਨ! ਤੇਰੀ ਉਮਰ ਕਿੰਨੀ ਹੈ?'
'ਚੌਦਾਂ ਸਾਲ।'
'ਸਿਰਫ ਚੌਦਾਂ ਸਾਲ!'
'ਚੌਦਾਂ ਸਾਲ ਤੇ ਦੋ ਮਹੀਨੇ।' ਪਰ ਮੇਰੇ ਪੋਟਰੇਟ ਲਈ ਤੂੰ ਅਜੇ ਤੱਕ ਆਪਣਾ ਵਿਚਾਰ ਨਹੀਂ ਦੱਸਿਆ। ਮੇਰਾ ਚਿੱਤਰਕਾਰ ਦੋਸਤ ਤੇਰੀ ਗੱਲ ਦਾ ਬੁਰਾ ਨਹੀਂ ਮਨਾਵੇਗਾ।'
ਜਿਬਰਾਨ ਕਦੇ ਉਸ ਔਰਤ ਨੂੰ ਦੇਖਦਾ ਤੇ ਕਦੇ ਉਸ ਦੀ ਤਸਵੀਰ ਨੂੰ। ਅਸਲ ਵਿਚ ਉਹ ਦੋਵਾਂ 'ਚੋਂ ਕਿਸੇ ਨੂੰ ਵੀ ਪਰਖ ਨਹੀਂ ਸੀ ਰਿਹਾ। ਉਹ ਪ੍ਰੇਸ਼ਾਨ ਸੀ ਕਿ ਆਖਿਰ ਕਿਉਂ ਉਹ ਇਕ ਸਾਊ ਬੱਚੇ ਵਾਂਗ ਉਸ ਔਰਤ ਕੋਲ ਖਲੋਤਾ ਹੈ। ਹੁਣ ਉਹ ਬੱਚਾ ਨਹੀਂ ਸੀ।
ਸਮੇਂ ਤੇ ਸਥਾਨ ਦੀ ਨਜ਼ਾਕਤ ਦੇਖਦਿਆਂ ਉਹ ਕੋਈ ਅਜਿਹੀ ਗੱਲ ਮੂੰਹੋਂ ਨਹੀਂ ਸੀ ਕੱਢਣਾ ਚਾਹੁੰਦਾ, ਜਿਸ ਨਾਲ ਕਿਸੇ ਨੂੰ ਤਕਲੀਫ਼ ਹੁੰਦੀ। ਉਹ ਆਪਣੇ ਕੋਲ ਬੈਠੀ ਔਰਤ ਬਾਰੇ ਹੀ ਸੋਚ ਰਿਹਾ ਸੀ। ਉਸ ਦੀ ਉਮਰ ਕਿੰਨੀ ਹੋਵੇਗੀ? 25 ਸਾਲ? ਜਾਂ ਕੁਝ ਜ਼ਿਆਦਾ? ਤੀਹ?
'ਮੈਂ ਤੇਰੀ ਰਾਏ ਦੀ ਅਜੇ ਵੀ ਉਡੀਕ ਕਰ ਰਹੀ ਹਾਂ।'
ਜਿਬਰਾਨ ਨੂੰ ਉਸ ਦੀ ਆਵਾਜ਼ ਇਕ ਅਜਿਹੀ ਔਰਤ ਵਰਗੀ ਜਾਪੀ, ਜੋ ਆਪਣੇ ਬੱਚੇ ਨੂੰ ਜਿਵੇਂ ਲਾਡ ਨਾਲ ਬੁਲਾ ਰਹੀ ਹੋਵੇ।
ਨਾ ਚਾਹੁੰਦਿਆਂ ਵੀ ਜਿਬਰਾਨ ਨੇ ਕਿਹਾ, 'ਤਸਵੀਰ ਮੁਕੰਮਲ ਹੋਣ ਤੋਂ ਬਾਅਦ ਹੀ ਮੈਂ ਕੁਝ ਕਹਿ ਸਕਾਂਗਾ।'
'ਬਹੁਤ ਖੂਬ! ਇਹ ਤਸਵੀਰ ਕੱਲ੍ਹ ਮੇਰੇ ਘਰ ਹੋਵੇਗੀ। ਮੈਨੂੰ ਬੜਾ ਚੰਗਾ ਲੱਗੇਗਾ, ਜੇ ਤੂੰ ਕੱਲ੍ਹ ਮੇਰੇ ਘਰ ਆ ਕੇ ਮੇਰੀ ਤਸਵੀਰ ਵੇਖੇਂ। ਮੈਂ ਕੱਲ੍ਹ ਸ਼ਾਮ ਚਾਰ ਵਜੇ ਤੇਰਾ ਇੰਤਜ਼ਾਰ ਕਰਾਂਗੀ। ਇਹ ਰਿਹਾ ਮੇਰਾ ਪਤਾ।'

(3)
ਜਿਬਰਾਨ ਜਦੋਂ ਸਟੂਡੀਓ ਤੋਂ ਬਾਹਰ ਆਇਆ ਤਾਂ ਉਸ ਦੇ ਹੱਥ ਵਿਚ ਰੰਗਾਂ ਦਾ ਇਕ ਡੱਬਾ ਸੀ, ਜੋ ਉਸ ਚਿੱਤਰਕਾਰ ਨੇ ਉਸ ਨੂੰ ਸੁਗਾਤ ਵਜੋਂ ਭੇਟ ਕੀਤਾ ਸੀ। ਉਸ ਨੇ ਆਪਣੀ ਕਲਪਨਾ ਵਿਚ ਉਸ ਚਿੱਤਰਕਾਰ ਨੂੰ ਇਕ ਅਜਿਹੇ ਫਰਿਸ਼ਤੇ ਦੇ ਰੂਪ ਵਿਚ ਦੇਖਿਆ ਸੀ, ਜੋ ਉਸ ਲਈ ਸਵਰਗ ਦੇ ਬੂਹੇ ਖੋਲ੍ਹਣ ਵਾਲਾ ਸੀ। ਪਰ ਉਸ ਨੂੰ ਮਿਲ ਕੇ, ਉਸ ਦਾ ਸੁਪਨਾ ਭੰਗ ਹੋ ਚੁੱਕਾ ਸੀ। ਹੁਣ ਉਸ ਨੂੰ ਉਹ ਔਰਤ ਫਰਿਸ਼ਤਾ ਨਜ਼ਰ ਆ ਰਹੀ ਸੀ, ਜਿਸ ਦੇ ਘਰ ਦੀ ਸਰਦਲ ਪਾਰ ਕਰਦਿਆਂ ਹੀ ਉਹ ਸੁਪਨ-ਲੋਕ ਵਿਚ ਪਹੁੰਚ ਜਾਵੇਗਾ।
ਸ਼ਾਮ ਨੂੰ ਖਾਣਾ ਖਾਣ ਸਮੇਂ ਜਿਬਰਾਨ ਨੇ ਸਮੂਹ ਪਰਿਵਾਰ ਨੂੰ ਇਸ ਘਟਨਾ ਦਾ ਵੇਰਵਾ ਦੱਸਿਆ।
'ਉਹ ਇਕ ਚੰਗਾ ਇਨਸਾਨ ਹੈ। ਉਸ ਨੇ ਮੈਨੂੰ ਬੈਠਣ ਲਈ ਨਹੀਂ।'
'ਬੈਠਣ ਲਈ ਕਿਹਾ? ਭਲਾ ਇਸ ਦਾ ਕੀ ਅਰਥ ਹੋਇਆ?' ਮਾਂ ਨੇ ਹੈਰਾਨੀ ਨਾਲ ਪੁੱਛਿਆ।
'ਇਸ ਦਾ ਮਤਲਬ ਹੈ ਕਿ ਉਹ ਮੇਰੀ ਤਸਵੀਰ ਬਣਾਉਣਾ ਚਾਹੁੰਦਾ ਹੈ।'
'ਸਾਨੂੰ ਕੀ ਲੋੜ ਪਈ ਹੈ? ਉਹ ਤਸਵੀਰ ਖ਼ਰੀਦਣ ਲਈ ਪੈਸੇ ਕਿਥੋਂ ਲਿਆਵੇਗਾ?'
'ਮਾਂ! ਜ਼ਰਾ ਸਮਝਣ ਦੀ ਕੋਸ਼ਿਸ਼ ਕਰੋ। ਹਰ ਚਿੱਤਰਕਾਰ ਨੂੰ ਆਪਣੇ ਚਿੱਤਰਾਂ ਲਈ ਕਿਸੇ 'ਮਾਡਲ' ਦੀ ਲੋੜ ਰਹਿੰਦੀ ਹੈ। ਉਹ ਮੈਨੂੰ 'ਮਾਡਲ' ਦੇ ਤੌਰ 'ਤੇ ਆਪਣੇ ਸਾਹਮਣੇ ਬਿਠਾ ਕੇ ਕੋਈ ਤਸਵੀਰ ਬਣਾਉਣਾ ਚਾਹੁੰਦਾ ਹੈ। ਫਰਜ਼ ਕਰੋ ਜੇ ਮੈਂ ਵਰਜਿਨ ਮੈਰੀ ਦੀ ਤਸਵੀਰ ਬਣਾਉਣੀ ਹੋਵੇ ਤਾਂ ਮੈਂ ਤੁਹਾਨੂੰ 'ਮਾਡਲ' ਬਣਾ ਲਵਾਂ।'
'ਮੈਨੂੰ ਇਹ ਸਭ ਕੁਝ ਸਮਝਣ ਦੀ ਕੋਈ ਲੋੜ ਨਹੀਂ।'
'ਮੈਂ ਉਸ ਚਿੱਤਰਕਾਰ ਸਾਹਮਣੇ ਜ਼ਰੂਰ ਬੈਠਾਂਗਾ। ਇਸ ਦੇ ਇਵਜ਼ ਵਿਚ ਉਹ ਮੈਨੂੰ ਕੁਝ ਰੰਗ ਤੇ ਬੁਰਸ਼ ਦੇਣਗੇ।'
'ਬਿਹਤਰ ਹੋਵੇਗਾ ਜੇ ਰੰਗਾਂ ਦੀ ਥਾਂ ਤੈਨੂੰ ਉਹ ਕੁਝ ਪੈਸੇ ਦੇ ਦੇਵੇ।'
'ਤਾਂ ਤੂੰ ਦੁਪਹਿਰੋਂ ਬਾਅਦ ਇਹੋ ਕੁਝ ਕਰਦਾ ਰਿਹੈਂ?' ਬੋਟਰੋਸ ਨੇ ਪੁੱਛਿਆ।
'ਹਾਂ! ਚਿੱਤਰਕਾਰ ਦੇ ਸਟੂਡੀਓ ਵਿਚ ਮੈਂ ਇਕ ਬਹੁਤ ਹੀ ਅਮੀਰ ਅਤੇ ਬਾ-ਰਸੂਖ ਔਰਤ ਨੂੰ ਵੀ ਮਿਲਿਆ। ਕੱਲ੍ਹ ਉਸ ਨੇ ਮੈਨੂੰ ਆਪਣੇ ਘਰ ਬੁਲਾਇਆ ਹੈ।'
ਉਸ ਦੀ ਇਹ ਗੱਲ ਸੁਣਦਿਆਂ ਹੀ ਉਸ 'ਤੇ ਸਵਾਲਾਂ ਦੀ ਬਾਰਿਸ਼ ਸ਼ੁਰੂ ਹੋ ਗਈ।
ਮਾਰੀਆਨਾ ਨੇ ਪੁੱਛਿਆ-
'ਉਹ ਜਵਾਨ ਹੈ ਜਾਂ ਬੁੱਢੀ?' 'ਉਹ ਮਸਾਂ 30 ਕੁ ਵਰ੍ਹਿਆਂ ਦੀ ਹੋਵੇਗੀ।'
ਮਾਂ : 'ਵਿਆਹੀ ਹੈ ਜਾਂ ਕੁਆਰੀ?'
ਜਿਬਰਾਨ : 'ਮੈਨੂੰ ਨਹੀਂ ਪਤਾ। ਨਾ ਮੈਂ ਜਾਣਨ ਦੀ ਕੋਸ਼ਿਸ਼ ਹੀ ਕੀਤੀ।'
ਸੁਲਤਾਨਾ : 'ਕੀ ਉਹ ਸੋਹਣੀ ਹੈ?'
ਜਿਬਰਾਨ : 'ਬਹੁਤ ਜ਼ਿਆਦਾ।'
ਮਾਰੀਆਨਾ : 'ਉਸ ਦਾ ਨਾਂਅ?'

ਜਿਬਰਾਨ : 'ਉਸ ਨੇ ਦੱਸਣ ਤੋਂ ਮਨ੍ਹਾ ਕੀਤਾ ਹੈ।' ਮਾਂ ਨੇ ਤੇ ਬੋਟਰੋਸ ਨੇ ਇਕੋ ਸੁਰ ਵਿਚ ਪੁੱਛਿਆ : 'ਕੀ ਤੂੰ ਉਸ ਨੂੰ ਸਮਝਣ ਜਾਵੇਂਗਾ?'
'ਹਾਂ! ਕਿਉਂ ਨਹੀਂ?'
ਜਿਬਰਾਨ ਦਾ ਜਵਾਬ ਸੁਣ ਕੇ ਚੁੱਪ ਛਾ ਗਈ।
ਬੋਝਲ ਮਾਹੌਲ ਵਿਚ ਜਿਬਰਾਨ ਦਾ ਦਮ ਘੁਟਣ ਲੱਗਾ। ਉਸ ਨੇ ਗੁੱਸੇ ਵਿਚ ਕਿਹਾ : 'ਕਦੋਂ ਤੱਕ ਤੁਸੀਂ ਮੈਨੂੰ ਸਿਰਫ ਇਕ ਬੱਚਾ ਹੀ ਸਮਝਦੇ ਰਹੋਗੇ? ਮੈਂ ਹੁਣ ਬੱਚਾ ਨਹੀਂ ਹਾਂ, ਆਪਣਾ ਭਲਾ-ਬੁਰਾ ਸਮਝਦਾ ਹਾਂ।'
ਮਾਂ ਨੇ ਬੜੇ ਠਰ੍ਹੰਮੇ ਨਾਲ ਜਵਾਬ ਦਿੱਤਾ : 'ਪੁੱਤ! ਪ੍ਰਲੋਭਨ ਆਦਮੀ ਨੂੰ ਅੰਨ੍ਹਾ ਬਣਾ ਦਿੰਦਾ ਹੈ।'
'ਮਾਂ! ਮੈਂ ਕਿਸੇ ਪ੍ਰਲੋਭਨ ਵਿਚ ਫਸਣ ਵਾਲਾ ਨਹੀਂ।'
ਜੇ ਕੋਈ ਅਣਜਾਣ ਆਦਮੀ ਉਸ ਵੇਲੇ ਉਨ੍ਹਾਂ ਦੇ ਘਰ ਵਿਚ ਦਾਖਲ ਹੁੰਦਾ ਤਾਂ ਉਹ ਦੇਖ ਕੇ ਹੈਰਾਨ ਹੋ ਜਾਂਦਾ ਕਿ ਇਕ ਮੇਮਣਾ, ਸ਼ੇਰ ਵਾਂਗ ਦਹਾੜ ਰਿਹਾ ਸੀ।

(4)
'ਮੇਰੇ ਲੇਬਨੀਜ਼ ਦੋਸਤ! ਤੇਰਾ ਸੁਆਗਤ ਹੈ। ਤੇਰੇ ਆਉਣ ਦੀ ਮੈਨੂੰ ਬੇਹੱਦ ਖੁਸ਼ੀ ਹੈ। ਪਰ ਮੈਂ ਤਾਂ ਤੈਨੂੰ ਅੱਜ ਨਾ ਆਉਣ ਲਈ ਰੁੱਕਾ ਭੇਜਣ ਵਾਲਾ ਸੀ, ਕਿਉਂਕਿ ਸਵੇਰ ਤੋਂ ਹੀ ਮੇਰਾ ਸਿਰ ਮਾਈਗ੍ਰੇਨ ਦੇ ਦਰਦ ਨਾਲ ਫਟ ਰਿਹਾ ਹੈ। ਮੈਂ ਸਾਰਾ ਦਿਨ ਬਿਸਤਰ 'ਤੇ ਹੀ ਲੰਮੀ ਪਈ ਰਹੀ ਹਾਂ। ਤੂੰ ਦੇਖ ਹੀ ਰਿਹੈਂ ਕਿ ਅਜੇ ਵੀ ਮੈਂ ਆਪਣੇ 'ਨਾਈਟ ਗਾਉਨ' 'ਚ ਹੀ ਹਾਂ। ਅਸੀਂ ਬੈੱਡਰੂਮ 'ਚ ਹੀ ਬੈਠਾਂਗੇ। ਮੈਂ ਪਲੰਘ 'ਤੇ ਢਾਸਣਾ ਲਾ ਕੇ ਬੈਠਣਾ ਚਾਹੁੰਦੀ ਹਾਂ। ਮੇਰਾ ਪੋਟਰੇਟ ਵੀ ਮੇਰੇ ਬੈੱਡਰੂਮ 'ਚ ਹੀ ਟੰਗਿਆ ਹੋਇਆ ਹੈ। ਦੇਖ ਕੇ, ਆਪਣੀ ਰਾਏ ਜ਼ਰੂਰ ਦੇਵੀਂ।'
ਮੇਜ਼ਬਾਨ ਆਪਣੇ ਮਹਿਮਾਨ ਨੂੰ ਆਪਣੇ ਬੈੱਡਰੂਮ ਵਿਚ ਲੈ ਗਈ। ਉਸ ਨੇ ਜਿਬਰਾਨ ਨੂੰ ਇਕ ਸ਼ਾਨਦਾਰ ਕੁਰਸੀ 'ਤੇ ਬੈਠਣ ਲਈ ਕਿਹਾ। ਜਿਬਰਾਨ ਨੇ ਬੈਠਣ ਤੋਂ ਪਹਿਲਾਂ ਕਿਹਾ : 'ਮਾਦਾਮ! ਮੈਂ ਚਲਦਾ ਹਾਂ। ਤੁਹਾਡੀ ਸਿਹਤ ਠੀਕ ਨਹੀਂ। ਤੁਹਾਨੂੰ ਆਰਾਮ ਕਰਨਾ ਚਾਹੀਦਾ ਹੈ।'
'ਨਹੀਂ! ਬਿਲਕੁਲ ਨਹੀਂ। ਤੈਨੂੰ ਰੁਕਣਾ ਹੀ ਹੋਵੇਗਾ। ਸ਼ਾਇਦ ਤੇਰੀ ਮੌਜੂਦਗੀ ਵਿਚ ਮਾਈਗ੍ਰੇਨ ਨੂੰ ਠੱਲ੍ਹ ਹੀ ਪੈ ਜਾਵੇ। ਮੈਂ ਤਾਂ ਇਕਦਮ ਬਿਹਤਰ ਮਹਿਸੂਸ ਕਰ ਰਹੀ ਹਾਂ। ਤੂੰ ਪੂਰਬ ਦਾ ਵਾਸੀ ਹੈਂ, ਜੋ ਬਹੁਤ ਹੀ ਅਦਭੁੱਤ ਅਤੇ ਰਹੱਸਮਈ ਸੰਸਾਰ ਹੈ। ਤੂੰ ਖੁਦ ਵੀ ਕਲਾਤਮਕ ਸੂਝ ਅਤੇ ਪੂਰਬੀ ਸੁਹੱਪਣ ਦਾ ਮੁਜੱਸਮਾ ਹੈਂ, ਤੇਰੀ ਸੰਗਤ ਦਾ ਅਨੰਦ ਮਾਣਨਾ ਮੇਰੇ ਲਈ ਇਕ ਵਿਲੱਖਣ ਅਨੁਭਵ ਹੋਵੇਗਾ। ਤੇਰੀ ਆਮਦ ਉੱਤੇ ਮੈਂ ਸੰਦਲ ਦੀ ਅਗਰਬੱਤੀ ਜਲਾ ਕੇ ਇਸ ਕਮਰੇ ਨੂੰ ਸੁਗੰਧੀਆਂ ਨਾਲ ਭਰਨਾ ਚਾਹੁੰਦੀ ਹਾਂ।'
ਉਸ ਨੇ ਅਗਰਬੱਤੀ ਜਲਾਈ ਤੇ ਆਪਣੇ ਪਲੰਘ 'ਤੇ ਲੇਟ ਗਈ। ਉਸ ਨੇ ਆਪਣੀ ਕੂਹਣੀ ਤਕੀਏ 'ਤੇ ਟਿਕਾਈ ਹੋਈ ਸੀ।
ਜਿਬਰਾਨ ਨੇ ਕੰਧ 'ਤੇ ਟੰਗੇ ਪੋਟਰੇਟ ਨੂੰ ਦੇਖ ਕੇ ਕਿਹਾ : 'ਜੇ ਲਿਓਨਾਰਦੋ ਦ ਵਿੰਸੀ ਤੁਹਾਡਾ ਪੋਟਰੇਟ ਬਣਾਉਂਦਾ ਹੈ ਤਾਂ ਉਹ ਤੁਹਾਡੀਆਂ ਅੱਖਾਂ ਇਕ 'ਜ਼ਖ਼ਮੀ ਬਾਜ਼' ਵਰਗੀਆਂ ਬਣਾਉਂਦਾ ਨਾ ਕਿ ਇਕ ਸੰਤੁਸ਼ਟ ਮੇਮਣੇ ਵਰਗੀਆਂ। ਮੈਨੂੰ ਤੁਹਾਡੇ ਚਿਹਰੇ 'ਤੇ ਉਦਾਸੀ ਦੀ ਬੜੀ ਗਹਿਰੀ ਛਾਪ ਦਿਖਾਈ ਦਿੰਦੀ ਹੈ, ਜਿਹੜੀ ਇਸ ਪੋਟਰੇਟ ਵਿਚ ਕਿਧਰੇ ਦਿਖਾਈ ਨਹੀਂ ਦਿੰਦੀ। ਤੁਸੀਂ ਆਪਣੀ ਉਦਾਸੀ ਨੂੰ ਦਿਖਾਵਟੀ ਸੰਤੁਸ਼ਟਤਾ ਨਾਲ ਢਕ ਰੱਖਿਆ ਹੈ। ਇਹੋ ਭਾਵ ਇਸ ਤਸਵੀਰ ਵਿਚ ਸਪੱਸ਼ਟ ਦਿਖਾਈ ਦਿੰਦਾ ਹੈ।'
'ਵਾਹ! ਜਿਬਰਾਨ! ਤੂੰ ਇਕ ਕਲਾਕਾਰ ਹੀ ਨਹੀਂ, ਤੂੰ ਇਕ ਭਾਵੁਕ ਕਵੀ ਤੇ ਜਾਦੂਗਰ ਵੀ ਹੈਂ! ਮੇਰੀ ਨਿੱਜੀ ਜ਼ਿੰਦਗੀ ਦੇ ਭੇਤ ਤੈਨੂੰ ਕੌਣ ਦੱਸ ਗਿਆ? ਮੇਰੇ ਮਾਂ-ਬਾਪ ਨੇ ਮੇਰੀ ਸ਼ਾਦੀ ਇਕ ਅਜਿਹੇ ਆਦਮੀ ਨਾਲ ਕਰ ਦਿੱਤੀ, ਜੋ ਮੈਥੋਂ ਉਮਰ ਵਿਚ ਵੀਹ ਵਰ੍ਹੇ ਵੱਡਾ ਹੈ। ਉਸ ਵੇਲੇ ਉਹ ਬਹੁਤ ਅਮੀਰ ਸੀ। ਪਰ ਸਾਡੇ ਵਿਆਹ ਦੇ ਦੋ ਮਹੀਨਿਆਂ ਦੇ ਅੰਦਰ-ਅੰਦਰ ਹੀ ਉਸ ਨੂੰ ਵਪਾਰ ਵਿਚ ਏਨਾ ਘਾਟਾ ਪਿਆ ਕਿ ਉਹ ਕੰਗਾਲ ਹੋ ਗਿਆ।'
'ਸਿਵਾਏ ਆਪਣੇ ਵਪਾਰ ਤੋਂ ਉਸ ਨੂੰ ਹੋਰ ਕਿਸੇ ਵੀ ਚੀਜ਼ ਵਿਚ ਕੋਈ ਦਿਲਚਸਪੀ ਨਹੀਂ। ਬੜੇ ਕਿਸਮਤ ਵਾਲੇ ਹਨ ਉਹ ਲੋਕ ਜਿਨ੍ਹਾਂ ਨੂੰ ਪਿਆਰ ਨਾਲ ਲਬਰੇਜ਼ ਦੋਸਤ ਲੱਭ ਜਾਂਦੇ ਹਨ। ਜਿਬਰਾਨ! ਮੇਰੇ ਲਈ ਤੇਰਾ ਸਾਥ ਪ੍ਰਭੂ ਦਾ ਵਰਦਾਨ ਹੈ। ਭਾਵੇਂ ਤੇਰੀ ਉਮਰ ਛੋਟੀ ਹੈ ਪਰ ਤੇਰੇ ਦਿਲ ਵਿਚ ਪਿਆਰ ਅਤੇ ਹਮਦਰਦੀ ਦਾ ਦਰਿਆ ਵਹਿੰਦਾ ਹੈ।'
'ਕੀ ਤੁਹਾਡਾ ਪਤੀ ਤੁਹਾਡੇ ਨਾਲ ਚੰਗਾ ਵਰਤਾਓ ਨਹੀਂ ਕਰਦਾ?'
'ਉਹ ਮੈਨੂੰ ਆਪਣੀ ਮੁੱਲ ਖ਼ਰੀਦੀ ਰਖੈਲ ਸਮਝਦਾ ਹੈ। ਸੱਚਮੁੱਚ ਉਸ ਨੇ ਮੈਨੂੰ ਖ਼ਰੀਦਿਆ ਹੀ ਹੈ। ਉਹ ਤਾਂ ਮੈਨੂੰ ਇਸ ਘਰ ਵਿਚ ਕੈਦ ਕਰਕੇ ਰੱਖਣਾ ਚਾਹੁੰਦਾ ਹੈ। ਚਲੋ ਛੱਡੋ ਇਨ੍ਹਾਂ ਗੱਲਾਂ ਨੂੰ, ਮੈਨੂੰ ਆਪਣੇ ਸੋਹਣੇ ਦੇਸ਼ ਦੀਆਂ ਗੱਲਾਂ ਸੁਣਾ।'
'ਹੁਣ ਤੁਹਾਡਾ ਪਤੀ ਕਿਥੇ ਹੈ?'
'ਪਿਛਲੇ ਦੋ ਸਾਲਾਂ ਦੌਰਾਨ ਉਸ ਦੀ ਆਰਥਿਕ ਹਾਲਤ ਵਿਚ ਸੁਧਾਰ ਹੋਇਆ ਹੈ ਤੇ ਉਹ ਫਿਰ ਇਕ ਵੱਡਾ ਵਪਾਰੀ ਬਣ ਗਿਆ ਹੈ। ਇਸ ਵੇਲੇ ਉਹ ਆਪਣੇ ਦਫਤਰ ਵਿਚ ਹੈ। ਅੱਜ ਸ਼ਾਮ ਵੇਲੇ ਉਸ ਦੀਆਂ ਕਈ ਅਹਿਮ ਮੀਟਿੰਗਾਂ ਹਨ ਤੇ ਉਹ ਅੱਧੀ ਰਾਤ ਤੋਂ ਬਾਅਦ ਹੀ ਘਰ ਪਰਤੇਗਾ। ਮੈਂ ਉਸ ਨੂੰ ਚੰਗਾ ਇਨਸਾਨ ਬਣਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਸਭ ਨਾਕਾਮ ਸਿੱਧ ਹੋਈ। ਸਗੋਂ ਇਸ ਬਦਲੇ ਮੈਨੂੰ ਹੋਰ ਵੀ ਵੱਧ ਤਸੀਹੇ ਝੱਲਣੇ ਪਏ। ਇਸ ਨਾਮੁਰਾਦ 'ਮਾਈਗ੍ਰੇਨ' ਦੀ ਬਿਮਾਰੀ ਦਾ ਕਾਰਨ ਵੀ ਇਹ ਨਿੱਤ ਦਾ ਕਲੇਸ਼ ਹੈ। ਅੱਜ ਸਵੇਰ ਵੇਲੇ ਹੀ ਸਾਡਾ ਆਪਸ ਵਿਚ ਬੋਲ-ਬੁਲਾਰਾ ਸ਼ੁਰੂ ਹੋ ਗਿਆ...।'
'ਕੀ ਤੁਸੀਂ ਹੁਣ ਬਿਹਤਰ ਮਹਿਸੂਸ ਕਰ ਰਹੇ ਹੋ?' ਜਿਬਰਾਨ ਨੇ ਫਿਕਰਮੰਦੀ ਨਾਲ ਪੁੱਛਿਆ।
'ਬਹੁਤ ਬਿਹਤਰ। ਹੁਣ ਮੇਰੀ ਸਿਰ-ਪੀੜ ਵੀ ਨਹੀਂ। ਜੇ ਤੂੰ ਆਪਣਾ ਹੱਥ ਮੇਰੇ ਮੱਥੇ 'ਤੇ ਰੱਖ ਦੇਵੇਂ ਤਾਂ ਮੇਰਾ ਸਾਰਾ ਦਰਦ ਹੀ ਚੂਸਿਆ ਜਾਵੇਗਾ।'
ਮੇਜ਼ਬਾਨ ਦੀਆਂ ਅੱਖਾਂ ਵਿਚੋਂ ਦੋ ਵੱਡੇ-ਵੱਡੇ ਹੰਝੂ ਕਿਰ ਰਹੇ ਸਨ। ਉਸ ਦੇ ਸਾਹਮਣੇ ਬੈਠੇ ਜਿਬਰਾਨ ਦੀਆਂ ਅੱਖਾਂ ਵੀ ਹੰਝੂਆਂ ਨਾਲ ਭਰੀਆਂ ਹੋਈਆਂ ਸਨ। ਦੋਵੇਂ ਹੀ ਚੁੱਪ ਸਨ। ਫਿਰ ਉਸ ਔਰਤ ਨੇ ਹਉਕਾ ਭਰ ਕੇ ਕਿਹਾ : 'ਮੇਰੇ ਦੋਸਤ! ਮੈਂ ਤੇਰੇ ਕੀਮਤੀ ਹੰਝੂਆਂ ਦੇ ਕਾਬਲ ਨਹੀਂ ਹਾਂ। ਮੈਨੂੰ ਆਪਣੀ ਜ਼ਬਾਨ ਬੰਦ ਹੀ ਰੱਖਣੀ ਚਾਹੀਦੀ ਸੀ। ਮੈਂ ਤਾਂ ਆਪਣੇ ਦਿਲ ਦੇ ਦਰਦ ਨੂੰ ਆਪਣੇ ਅੰਦਰ ਹੀ ਦਫਨ ਕਰ ਛੱਡਿਆ ਸੀ। ਮੈਨੂੰ ਮੁਆਫ਼ ਕਰਨਾ।'
'ਮਾਦਾਮ! ਅੱਜ ਤੋਂ ਬਾਅਦ ਤੁਹਾਡਾ ਹਰ ਦੁੱਖ, ਮੇਰਾ ਦੁੱਖ ਹੈ।'
'ਤੇਰਾ ਦਿਲ ਬਹੁਤ ਵੱਡਾ ਹੈ, ਜਿਬਰਾਨ। ਕਿੰਨੀ ਸੋਹਣੀ ਹੈ ਤੇਰੀ ਰੂਹ।'

(5)
ਰਾਤ ਦੇ 11 ਕੁ ਵਜੇ ਜਿਬਰਾਨ ਨੇ ਆਪਣੀ 'ਅਰਸ਼-ਪਰੀ' ਨੂੰ ਵਿਦਾ ਕਹੀ। ਇਸ ਵਿਦਾਈ ਵਿਚ ਉਸ ਦੀ ਪੁੰਗਰਦੀ ਜਵਾਨੀ ਦੀ ਮਾਸੂਮੀਅਤ ਦੀ ਵਿਦਾਈ ਵੀ ਰਲੀ ਹੋਈ ਸੀ। ਉਸ ਦੇ ਘਰੋਂ ਬਾਹਰ ਆ ਕੇ ਉਸ ਨੂੰ ਇੰਜ ਮਹਿਸੂਸ ਹੋਇਆ ਜਿਵੇਂ ਉਹ ਭਖਦੀ ਭੱਠੀ 'ਚੋਂ ਬਾਹਰ ਆਇਆ ਹੋਵੇ। ਉਸ ਦੇ ਲਹੂ ਦਾ ਤੁਪਕਾ-ਤੁਪਕਾ ਮਘਦੇ ਅੰਗਿਆਰ ਵਾਂਗ ਚਲ ਰਿਹਾ ਸੀ। ਇਸ ਅੱਗ ਤੋਂ ਉਹ ਕਿੱਦਾਂ ਨਿਜਾਤ ਪਾਵੇ? ਉਹ ਕਿਧਰ ਭੱਜ ਕੇ ਜਾਵੇ? ਉਹ ਨਹੀਂ ਜਾਣਦਾ ਸੀ।
ਥੋੜ੍ਹੀ ਦੂਰ ਤੁਰਨ ਤੋਂ ਬਾਅਦ ਉਸ ਨੂੰ ਪਛਤਾਵੇ ਤੇ ਪ੍ਰਛਾਵਿਆਂ ਨੇ ਘੇਰ ਲਿਆ। ਉਹ ਆਪਣੇ-ਆਪ ਨੂੰ ਦੋਸ਼ੀ ਮੰਨ ਰਿਹਾ ਸੀ। ਰਹਿ-ਰਹਿ ਕੇ ਉਸ ਨੂੰ ਆਪਣੀ ਮਾਂ ਦੇ ਬੋਲ ਯਾਦ ਆ ਰਹੇ ਸਨ, 'ਰੱਬ ਸਾਨੂੰ ਪ੍ਰਲੋਭਨਾਂ ਤੋਂ ਬਚਾਵੇ।' ਤੇ ਉਸ ਦਾ ਆਪਣਾ ਜਵਾਬ ਕਿ ਉਹ ਸਭ ਪ੍ਰਲੋਭਨਾਂ ਤੋਂ ਵੱਧ ਤਾਕਤਵਰ ਹੈ, ਉਸ ਦੇ ਦਿਲ ਵਿਚ ਕੰਡਿਆਂ ਵਾਂਗ ਚੁੱਭ ਰਹੇ ਸਨ। 'ਮੈਂ ਹੁਣ ਕਦੇ ਵੀ ਕਿਸੇ ਔਰਤ ਦੇ ਨੇੜੇ ਨਹੀਂ ਜਾਵਾਂਗਾ! ਪਾਪ...! ਪ੍ਰਲੋਭਨ...! ਪਾਪ ਕੀ ਹੈ? ਕੀ ਕਿਸੇ ਦੀ ਦਰਦ-ਕਹਾਣੀ ਸੁਣਨ ਤੋਂ ਪਹਿਲਾਂ ਆਪਣੇ ਕੰਨ ਬੰਦ ਕਰ ਲੈਣੇ ਚਾਹੀਦੇ ਹਨ? ਪ੍ਰਲੋਭਨ ਕੀ ਹੈ? ਪਿਆਰ ਦੇ ਸੱਦੇ ਨੂੰ ਹੁੰਗਾਰਾ ਦੇ ਕੇ ਹਵਨਕੁੰਡ ਵਿਚ ਆਪਾ ਵਾਰ ਦੇਣਾ ਜਾਂ ਇਨਕਾਰ ਕਰ ਦੇਣਾ... ਕੀ ਠੀਕ ਹੈ ਤੇ ਕੀ ਗ਼ਲਤ। ਉਹ ਤਾਂ ਅਰਸ਼ਾਂ ਤੋਂ ਉਤਰੀ ਪਰੀ ਹੈ ਜੋ ਕਿਸੇ ਰਾਕਸ਼ਸ਼ ਦੀ ਗੁਫ਼ਾ ਵਿਚ ਕੈਦ ਹੈ। ਏਨੇ ਵੱਡੇ ਬੋਸਟਨ ਸ਼ਹਿਰ ਵਿਚ ਉਸ ਨੇ ਮੈਨੂੰ ਹੀ ਕਿਉਂ ਆਪਣਾ ਹਮਰਾਜ਼ ਬਣਾਇਆ?'

ਅਜਿਹੇ ਸਵਾਲਾਂ ਦਾ ਜਿਬਰਾਨ ਕੋਲ ਕੋਈ ਉੱਤਰ ਨਹੀਂ ਸੀ। ਖੁਸ਼ੀ ਅਤੇ ਗ਼ਮੀ ਵਿਚਕਾਰ ਹਿਚਕੋਲੇ ਖਾਂਦਾ ਉਹ ਆਪਣੇ ਘਰ ਅੱਪੜਿਆ। ਤੰਗ-ਹਨੇਰੀਆਂ ਪੌੜੀਆਂ ਚੜ੍ਹਦਿਆਂ ਵਾਰ-ਵਾਰ ਉਸ ਦੇ ਜ਼ਿਹਨ ਵਿਚ ਉਸ ਦੀ ਮਾਂ ਦੇ ਸ਼ਬਦ ਬੇਚੈਨੀ ਪੈਦਾ ਕਰ ਰਹੇ ਸਨ, 'ਰੱਬ ਸਾਨੂੰ ਪ੍ਰਲੋਭਨਾਂ ਤੋਂ ਬਚਾਵੇ।'
ਚੌਥੀ ਮੰਜ਼ਿਲ ਦੇ ਉਸ ਛੋਟੇ ਜਿੰਨੇ ਘਰ ਦੇ ਸਾਰੇ ਜੀਅ ਘੂਕ ਸੁੱਤੇ ਹੋਏ ਸਨ। ਸਿਰਫ ਉਸ ਦੀ ਮਾਂ ਜਾਗ ਰਹੀ ਸੀ। ਜਿਬਰਾਨ ਦੀ ਪੈੜ-ਚਾਲ ਸੁਣ ਕੇ ਉਸ ਨੇ ਬੂਹਾ ਖੋਲ੍ਹਿਆ। ਉਸ ਨੇ ਜਦੋਂ ਆਪਣੇ ਪੁੱਤਰ ਦੇ ਚਿਹਰੇ ਵੱਲ ਦੇਖਿਆ ਤਾਂ ਉਸ ਨੂੰ ਕੁਝ ਅਜੀਬ ਜਿਹਾ ਮਹਿਸੂਸ ਹੋਇਆ।
'ਜਿਬਰਾਨ! ਬੜੀ ਦੇਰ ਨਾਲ ਆਇਐਂ! ਸਾਰੇ ਤੈਨੂੰ ਉਡੀਕ-ਉਡੀਕ ਕੇ ਸੌਂ ਗਏ। ਮੈਂ ਤਾਂ ਤੇਰੀ ਪਸੰਦ ਦਾ ਖਾਣਾ ਬਣਾਇਆ ਸੀ। ਕੀ ਤੂੰ ਖਾਣਾ ਖਾ ਕੇ ਆਇਆ ਹੈਂ? ਸਾਨੂੰ ਤਾਂ ਤੇਰਾ ਫਿਕਰ ਹੀ ਲੱਗਾ ਰਿਹਾ।'
'ਮਾਂ! ਫਿਕਰ ਕਰਨ ਦੀ ਲੋੜ ਨਹੀਂ। ਮੈਂ ਹੁਣ ਬੱਚਾ ਨਹੀਂ ਹਾਂ। ਹੁਣ ਜ਼ਰੂਰੀ ਨਹੀਂ ਕਿ ਮੈਨੂੰ ਇਹ ਦੱਸਣਾ ਪਵੇ ਕਿ ਮੈਂ ਕਿਉਂ ਗਿਆ ਸੀ, ਕਿਥੇ ਗਿਆ ਸੀ ਤੇ ਕਿਉਂ ਏਨੀ ਦੇਰ ਬਾਅਦ ਵਾਪਸ ਆਇਆ ਹਾਂ।'
'ਤੇਰੇ ਖਾਣ ਲਈ ਕੁਝ ਲੈ ਕੇ ਆਵਾਂ?'
'ਨਹੀਂ! ਮੈਂ ਖਾਣਾ ਖਾ ਕੇ ਆਇਆ ਹਾਂ।'
'ਉਸ ਦੇ ਘਰੋਂ?'
'ਹਾਂ।'
'ਕੀ ਤੂੰ ਉਸ ਦੇ ਘਰ 'ਚ ਇਕੱਲਾ ਹੀ ਸੀ?'
'ਹੋਰ ਵੀ ਕਈ ਲੋਕ ਸਨ-ਬੋਸਟਨ ਦੇ ਕੁਝ ਕਲਾਕਾਰ ਤੇ ਕੁਝ ਮੰਨੇ-ਪ੍ਰਮੰਨੇ ਲੋਕ।'
'ਉਸ ਦਾ ਪਤੀ ਵੀ ਸੀ?'
'ਮੈਂ ਉਸ ਨੂੰ ਨਹੀਂ ਦੇਖਿਆ।'
'ਕੀ ਉਹ ਬਹੁਤ ਖੂਬਸੂਰਤ ਹੈ?'
'ਮਾਂ! ਜੇ ਤੁਹਾਡੇ ਕੋਲ ਗੱਲ ਕਰਨ ਲਈ ਕੋਈ ਹੋਰ ਵਿਸ਼ਾ ਨਹੀਂ ਹੈ ਤਾਂ ਬਿਹਤਰ ਹੈ ਅਸੀਂ ਸੌਂ ਜਾਈਏ।'
'ਹਾਂ! ਜ਼ਰੂਰ ਸੌਂ ਜਾ। ਪਰ ਕੋਈ ਸ਼ੋਰ ਨਾ ਕਰੀਂ। ਤੇਰਾ ਭਰਾ ਬੋਟਰੋਸ ਬਹੁਤ ਥੱਕਿਆ ਹੋਇਆ ਸੀ, ਉਹ ਜਲਦੀ ਹੀ ਖਾਣਾ ਖਾ ਕੇ ਸੌਂ ਗਿਆ।'

(6)
ਜਿਬਰਾਨ ਨੂੰ ਉਸ ਰਹੱਸਮਈ ਘਰ ਵਿਚ ਫੇਰਾ ਪਾਉਂਦਿਆਂ ਇਕ ਸਾਲ ਬੀਤ ਗਿਆ। ਇਕ ਦਿਨ ਰਾਤ ਵੇਲੇ ਅਗਰਬੱਤੀ ਦਾ ਧੂੰਆਂ ਉਤਾਂਹ ਛੱਤ ਵੱਲ ਜਾ ਰਿਹਾ ਸੀ, ਜੋ ਅਜੀਬ ਜਿਹੇ ਆਕਾਰ ਬਣਾ ਰਿਹਾ ਸੀ। ਕਮਰੇ ਵਿਚ ਪਸਰੀ ਬੋਝਲ ਜਿਹੀ ਚੁੱਪ ਨੂੰ ਤੋੜਦਿਆਂ ਉਸ ਦੀ 'ਪਰੀ' ਨੇ ਕਿਹਾ-
'ਖਲੀਲ! ਤੂੰ ਕਦੋਂ ਤੱਕ ਮੈਨੂੰ ਏਦਾਂ ਹੀ ਜ਼ਿਬਾ ਕਰਦਾ ਰਹੇਂਗਾ?'
'ਮੇਰਾ ਨਾਂਅ ਜਿਬਰਾਨ ਹੈ। ਮੈਨੂੰ ਖਲੀਲ ਕਹਿ ਕੇ ਕਦੇ ਨਾ ਬੁਲਾਉਣਾ...।'
'ਮੈਂ ਤਾਂ ਕਦੇ ਇਹ ਸੋਚ ਵੀ ਨਹੀਂ ਸਕਦੀ ਸੀ ਕਿ ਤੂੰ ਏਨਾ ਗੁੱਸੇਖੋਰ ਹੈਂ। ਮੈਂ ਤਾਂ ਬਸ ਐਵੇਂ ਹੀ ਕਹਿ ਦਿੱਤਾ ਸੀ ਕਿ ਚਿੱਤਰਕਾਰ ਦਾ ਬਣਾਇਆ ਮੇਰਾ ਪੋਟਰੇਟ ਤੇਰੇ ਬਣਾਏ ਪੈਨਸਿਲ ਸਕੈੱਚ ਤੋਂ ਬਿਹਤਰ ਹੈ। ਸੁਣਦਿਆਂ ਹੀ ਤੂੰ ਪੈਨਸਿਲ ਸਕੈੱਚ ਫਾੜ ਸੁੱਟਿਆ ਤੇ ਮੈਨੂੰ ਆਪਣੀ ਜ਼ਿੰਦਗੀ 'ਚੋਂ ਖਾਰਜ ਹੀ ਕਰ ਦਿੱਤਾ।'
'ਜੋ ਮੈਂ ਕੀਤਾ, ਉਹ ਉਸ ਦਾ ਸੌਵਾਂ ਹਿੱਸਾ ਵੀ ਨਹੀਂ, ਜੋ ਮੈਨੂੰ ਕਰਨਾ ਚਾਹੀਦਾ ਸੀ। ਤੁਹਾਨੂੰ ਕਲਾ ਦੀ ਕੋਈ ਸਮਝ ਨਹੀਂ। ਇਸ ਦੇ ਬਾਵਜੂਦ ਤੁਸੀਂ ਕਿਸੇ ਕਲਾ-ਪਾਰਖੂ ਵਾਂਗ ਆਪਣੀ ਰਾਏ ਦਿੰਦੇ ਹੋ। ਮੈਂ ਆਪਣੇ ਪੋਟਰੇਟ ਵਿਚ ਤੁਹਾਡੀ ਸੁਪਨੇ ਵਰਗੀ ਹਸੀਨ ਸ਼ਖ਼ਸੀਅਤ ਨੂੰ ਚਿਤਰਤ ਕਰਨ ਦਾ ਉਪਰਾਲਾ ਕੀਤਾ ਸੀ। ਮੈਂ ਤੁਹਾਨੂੰ ਆਪਣੀਆਂ ਪਿਆਰ ਭਰੀਆਂ ਨਜ਼ਰਾਂ ਨਾਲ ਦੇਖਿਆ। ਪਰ ਤੁਸੀਂ ਤਾਂ ਆਪਣੇ-ਆਪ ਨੂੰ ਪਹਿਚਾਣ ਹੀ ਨਹੀਂ ਸਕੇ, ਕਿਉਂਕਿ ਤੁਸੀਂ ਆਪਣੀਆਂ ਨਜ਼ਰਾਂ ਨਾਲ ਨਹੀਂ, ਦੁਨੀਆ ਦੀਆਂ ਨਜ਼ਰਾਂ ਨਾਲ ਦੇਖਦੇ ਹੋ। ਦੁਨੀਆਦਾਰ ਲੋਕਾਂ ਨੂੰ ਕਲਾ ਸਬੰਧੀ ਗੱਲਾਂ ਕਰਨ ਦਾ ਕੋਈ ਹੱਕ ਨਹੀਂ। ਤੁਹਾਡੇ ਜਿਸ ਦੋਸਤ ਨੇ ਤੁਹਾਡਾ ਇਹ ਪੋਟਰੇਟ ਬਣਾਇਆ ਹੈ, ਉਹ ਵੀ ਕੋਈ ਅਪਵਾਦ ਨਹੀਂ ਹੈ। ਤੁਸੀਂ ਬਸ ਉਸ ਕੋਲ ਹੀ ਜਾਵੋ ਤੇ ਮੈਨੂੰ ਇਕੱਲਾ ਛੱਡ ਦੇਵੋ।'

'ਜਿਬਰਾਨ! ਤੈਨੂੰ ਇਕ ਮੰਨੇ-ਪ੍ਰਮੰਨੇ ਕਲਾਕਾਰ ਲਈ ਅਜਿਹੇ ਸ਼ਬਦ ਨਹੀਂ ਬੋਲਣੇ ਚਾਹੀਦੇ । ਮੈਨੂੰ ਪੂਰਾ ਯਕੀਨ ਹੈ ਕਿ ਤੂੰ ਭਵਿੱਖ ਵਿਚ ਬਹੁਤ ਵੱਡਾ ਕਲਾਕਾਰ ਬਣੇਗਾ... ਪਰ ਅਜੇ ਤੇਰੀ ਉਮਰ ਬਹੁਤ ਛੋਟੀ ਹੈ, ਤੇਰੀ ਕਲਾ ਅਜੇ ਪੁੰਗਰ ਰਹੀ ਹੈ ।'
'ਜਿੰਨੀ ਕਲਾ ਤੁਹਾਡੇ ਉਸ ਕਲਾਕਾਰ ਦੇ ਦਿਮਾਗ ਵਿਚ ਹੈ, ਉਸ ਤੋਂ ਕਿਤੇ ਵੱਧ ਕਲਾ ਤਾਂ ਮੇਰੀ ਚੀਚੀ ਵਿਚ ਹੈ । ਹੁਣ ਤੱਕ ਤੁਹਾਨੂੰ ਇਸ ਗੱਲ ਦਾ ਚੰਗੀ ਤਰ੍ਹਾਂ ਅਹਿਸਾਸ ਹੋ ਜਾਣਾ ਚਾਹੀਦਾ ਹੈ ਕਿ ਮੈਂ ਉਸ ਨਾਲੋਂ ਕਿਤੇ ਵੱਡਾ ਹਾਂ । ਜੇ ਤੁਸੀਂ ਅਜੇ ਵੀ ਮੈਨੂੰ ਬੱਚਾ ਹੀ ਸਮਝਦੇ ਹੋ ਤਾਂ ਦੇਖਣਾ ਕਿ ਆਦਮੀ ਔਰਤ ਨੂੰ ਕਿੰਨੀ ਅਸਾਨੀ ਨਾਲ ਛੱਡ ਸਕਦਾ ਹੈ ।'
'ਪਰ ਮੈਂ ਤੈਨੂੰ ਵਿਖਾਵਾਂਗੀ ਕਿ ਕਿੱਦਾਂ ਕੋਈ ਔਰਤ, ਮਰਦ ਨੂੰ ਛੱਡ ਨਹੀਂ ਸਕਦੀ ।' ਇਹ ਕਹਿ ਕੇ ਉਸ ਨੇ ਜਿਬਰਾਨ ਨੂੰ ਆਪਣੀਆਂ ਬਾਹਾਂ ਵਿਚ ਘੁੱਟ ਲਿਆ ਤੇ ਉਸ ਨੂੰ ਚੁੰਮਣ ਲੱਗੀ । ਕੁਝ ਦੇਰ ਲਈ ਚੁੱਪ ਵਰਤੀ, ਹੰਝੂਆਂ ਦਾ ਹੜ੍ਹ ਆਇਆ, ਮਿੰਨਤ-ਤਰਲੇ ਹੋਏ, ਸੁਲ੍ਹਾ ਹੋਈ ਤੇ ਫਿਰ ਉਹ ਇਕ-ਦੂਜੇ ਦੀਆਂ ਬਾਹਾਂ ਵਿਚ ਮਦਹੋਸ਼ ਹੋ ਗਏ । ਜਿਬਰਾਨ ਦੀਆਂ ਬਾਹਾਂ ਵਿਚ ਲਿਪਟੀ ਹੋਈ ਨੇ ਕਿਹਾ, 'ਤੂੰ ਲਿਬਨਾਨ ਜਾਣ ਦਾ ਆਪਣਾ ਪ੍ਰੋਗਰਾਮ ਟਾਲ ਨਹੀਂ ਸਕਦਾ?'
'ਨਹੀਂ, ਇਹ ਟਾਲਿਆ ਨਹੀਂ ਜਾ ਸਕਦਾ । ਇਹ ਸਾਡੇ ਪਰਿਵਾਰ ਦਾ ਸਾਂਝਾ ਫ਼ੈਸਲਾ ਹੈ । ਮੈਂ ਆਪਣੀ ਮਾਤ-ਭਾਸ਼ਾ 'ਚ ਮੁਹਾਰਤ ਹਾਸਲ ਕਰਨਾ ਚਾਹੁੰਦਾ ਹਾਂ । ਇਸ ਲਈ ਮੈਂ ਬੈਰੂਤ ਜਾ ਕੇ ਪੜ੍ਹਨਾ ਚਾਹੁੰਦਾ ਹਾਂ ।'
'ਮੈਨੂੰ ਇੰਜ ਜਾਪਦਾ ਹੈ ਜਿਵੇਂ ਤੇਰੇ ਘਰ ਵਾਲੇ ਤੈਨੂੰ ਮੈਥੋਂ ਦੂਰ ਕਰਨ ਲਈ ਲਿਬਨਾਨ ਭੇਜ ਰਹੇ ਹਨ । ਉਹ ਆਪਣੀ ਵਿਉਂਤ ਵਿਚ ਸਫਲ ਹੋ ਰਹੇ ਹਨ । ਉਥੇ ਜਾ ਕੇ ਤੂੰ ਤਾਂ ਮੈਨੂੰ ਭੁੱਲ ਜਾਵੇਂਗਾ 'ਨਾ!'

ਮੌਤ ਦੀ ਸੌਗਾਤ

ਅਪ੍ਰੈਲ ਮਹੀਨੇ ਦੇ ਸੂਰਜ ਵਿਚ ਅਜੀਬ ਜਿਹੀ ਖਿੱਚ ਤੇ ਨਿੱਘ ਹੁੰਦੀ ਹੈ, ਜੋ ਸਾਲ ਭਰ ਹੋਰ ਕਿਸੇ ਵੀ ਮਹੀਨੇ ਵਿਚ ਮਹਿਸੂਸ ਨਹੀਂ ਹੁੰਦੀ । ਸਰਦੀ ਦੇ ਮੌਸਮ ਵਿਚ ਨਿਊਯਾਰਕ, ਲੰਡਨ ਅਤੇ ਪੈਰਿਸ ਵਰਗੇ ਭੀੜ ਭਰੇ ਸ਼ਹਿਰਾਂ ਵਿਚ ਵੀ ਲੋਕ ਦੁਬਕ ਕੇ ਆਪਣੇ ਘਰਾਂ ਵਿਚ ਹੀ ਰਹਿ ਜਾਂਦੇ ਹਨ । ਠੰਢ ਤਾਂ ਅਜਿਹਾ ਜਾਬਰ ਜਰਨੈਲ ਹੈ, ਜਿਸ ਦਾ ਕਹਿਰ ਚਾਰੇ ਪਾਸੇ ਫੈਲਿਆ ਹੁੰਦਾ ਹੈ । ਨਾ ਮਜ਼ਬੂਤ ਕੰਧਾਂ ਤੇ ਨਾ ਲੋਹੇ ਦੇ ਬੂਹੇ ਉਸ ਦੀ ਆਮਦ ਨੂੰ ਰੋਕ ਸਕਦੇ ਹਨ । ਉਹ ਘਰਾਂ, ਸਕੂਲਾਂ, ਦਫ਼ਤਰਾਂ, ਫੈਕਟਰੀਆਂ, ਹਸਪਤਾਲਾਂ ਤੇ ਗਿਰਜਾਘਰਾਂ ਵਿਚ ਸਭ ਬੂਹੇ-ਬਾਰੀਆਂ ਟੱਪ ਕੇ ਦਾਖਲ ਹੋ ਜਾਂਦਾ ਹੈ । ਉਸ ਦਾ ਭੈਅ ਚਾਰੇ ਪਾਸੇ ਫੈਲ ਜਾਂਦਾ ਹੈ । ਲੋਕ ਕੰਬਣ ਤੇ ਖੰਘਣ ਲਗਦੇ ਹਨ । ਉਹ ਮੋਟੇ-ਮੋਟੇ ਕੰਬਲਾਂ ਨਾਲ ਜਾਂ ਧੂਣੀ ਸਾਹਮਣੇ ਬਹਿ ਕੇ ਠੰਢ ਦਾ ਮੁਕਾਬਲਾ ਕਰਦੇ ਹਨ । ਆਦਮੀ ਠੰਢ ਤੋਂ ਬਚਣ ਦੇ ਭਾਵੇਂ ਕਿੰਨੇ ਹੀ ਉਪਰਾਲੇ ਕਰ ਲਵੇ, ਫਿਰ ਵੀ ਉਸ ਦੀ ਮਾਰ ਤੋਂ ਉਹ ਬਚ ਨਹੀਂ ਸਕਦਾ । ਕਦੇ ਨੱਕ ਵਹਿਣ ਲਗਦਾ ਹੈ, ਕਦੇ ਗਲਾ ਸੁੱਜ ਜਾਂਦਾ ਹੈ ਤੇ ਕਦੇ ਛਾਤੀ ਜੰਮ ਜਾਂਦੀ ਹੈ । ਮਾਸਪੇਸ਼ੀਆਂ ਸੁੰਨ ਹੋ ਜਾਂਦੀਆਂ ਹਨ ।
ਅਪ੍ਰੈਲ ਦੇ ਮਹੀਨੇ ਵਿਚ ਜਦੋਂ ਲੋਕ ਅਸਮਾਨ 'ਤੇ ਸੂਰਜ ਨੂੰ ਦੇਖਦੇ ਹਨ ਤਾਂ ਉਹ ਆਪਣੇ ਮਿਹਰਬਾਨ ਬਾਦਸ਼ਾਹ ਦਾ ਸੁਆਗਤ ਕਰਦੇ ਹਨ । ਉਹ ਆਪਣੇ ਘਰਾਂ ਦੀ ਕੈਦ 'ਚੋਂ ਬਾਹਰ ਆਉਂਦੇ ਹਨ । ਖੁਸ਼ੀ 'ਚ ਝੂਮਦੇ ਹੋਏ ਉਹ ਆਪਣੇ ਘਰਾਂ ਦੇ ਬੂਹੇ-ਬਾਰੀਆਂ ਖੋਲ੍ਹ ਦਿੰਦੇ ਹਨ ਤਾਂ ਜੋ ਸੂਰਜ ਘਰਾਂ ਨੂੰ ਰੁਸ਼ਨਾ ਤੇ ਗਰਮਾ ਦੇਵੇ । ਉਹ ਸੁਨਹਿਰੀ ਧੁੱਪ ਦੇ ਨਿੱਘ ਨੂੰ ਆਪਣੇ ਨੰਗੇ ਪਿੰਡਿਆਂ 'ਤੇ ਮਹਿਸੂਸ ਕਰਦੇ ਹਨ । ਬਹਾਰ ਸਾਰੀ ਫਿਜ਼ਾ ਨੂੰ ਰੰਗ-ਬਰੰਗੇ ਫੁੱਲਾਂ ਦੇ ਸੁਹੱਪਣ ਅਤੇ ਮਹਿਕਾਂ ਨਾਲ ਭਰ ਦਿੰਦੀ ਹੈ ।
4 ਅਪ੍ਰੈਲ, 1902, ਹੌਲੀ-ਹੌਲੀ ਵਗਦੇ ਸੈਨ ਦਰਿਆ ਦੇ ਪਾਣੀ ਵਿਚ ਸੂਰਜ ਦੀ ਚਮਕ ਨਾਲ ਸਾਰਾ ਪੈਰਿਸ ਸ਼ਹਿਰ ਰੌਸ਼ਨੀ ਅਤੇ ਨਿੱਘ ਨਾਲ ਸਰਾਬੋਰ ਹੋ ਚੁੱਕਾ ਸੀ । 'ਨੋਤਰ ਦਾਮ' ਦੇ ਨੇੜੇ ਇਕ ਬੈਂਚ 'ਤੇ ਪ੍ਰਵਾਸੀ ਨੌਜਵਾਨ ਬੈਠਾ ਹੈ । ਉਸ ਦੇ ਸਾਫ਼-ਸੁਥਰੇ ਕੱਪੜੇ ਬਹੁਤ ਕੁਝ ਬਿਆਨ ਕਰਦੇ ਹਨ ਪਰ ਉਨ੍ਹਾਂ ਕੱਪੜਿਆਂ 'ਚੋਂ ਅਮੀਰੀ ਦੀ ਝਲਕ ਦਿਖਾਈ ਨਹੀਂ ਦਿੰਦੀ ।

ਉਸ ਦੇ ਟੋਪ ਹੇਠੋਂ ਉਸ ਦੇ ਲਾਖੇ ਰੰਗ ਦੇ ਵਾਲ ਦਿਖਾਈ ਦੇ ਰਹੇ ਹਨ । ਉਸ ਦੀਆਂ ਸੁਪਨਮਈ ਅੱਖਾਂ ਅੱਧਮੀਚੀਆਂ ਹਨ । ਉਸ ਦੇ ਚਿਹਰੇ 'ਤੇ ਉਦਾਸੀ ਦੀ ਛਾਪ ਹੈ । ਇਸ ਉਦਾਸੀ ਦਾ ਕਾਰਨ ਇਹ ਹੈ ਕਿ ਉਹ ਅਜੇ ਤੱਕ ਆਪਣੇ ਸੁਪਨਿਆਂ ਨੂੰ ਸਾਕਾਰ ਨਹੀਂ ਕਰ ਸਕਿਆ । ਨੌਜਵਾਨ ਆਪਣੀ ਸਵੈ-ਪੜਚੋਲ ਕਰ ਰਿਹਾ ਹੈ :
'ਲੋਕ ਠੀਕ ਹੀ ਕਹਿ ਰਹੇ ਜਿਬਰਾਨ ਕੀ ਤੂੰ ਆਪਣਾ ਸਮਾਂ ਅਜਾਈਂ ਹੀ ਬਰਬਾਦ ਕਰ ਦਿੱਤਾ । ਹੌਲੀ-ਹੌਲੀ ਤੁਰਨ ਵਾਲਿਆਂ ਲਈ ਬਿਹਤਰ ਹੈ ਕਿ ਉਹ ਇਕ ਨੁੱਕਰੇ ਲੱਗ ਕੇ ਖੜ੍ਹੇ ਹੋ ਜਾਣ । ਤੇਰੀ ਚਾਲ ਬਹੁਤ ਢਿੱਲੀ ਹੈ । ਤੂੰ ਹੁਣ ਤੱਕ ਕੀ ਹਾਸਲ ਕੀਤਾ ਹੈ? ਜ਼ਿੰਦਗੀ ਦੇ ਵੀਹ ਵਰਿ੍ਹਆਂ ਵਿਚ ਤੇਰੀ ਪ੍ਰਾਪਤੀ ਕੀ ਹੈ? ਤੈਨੂੰ ਦਰਸ਼ਕ ਨਹੀਂ, ਕਰਤਾ ਬਣਨਾ ਚਾਹੀਦਾ ਹੈ । ਨਾ ਲਿਓਨਾਰਦੋ ਦਰਸ਼ਕ ਸੀ ਤੇ ਨਾ ਮਾਈਕਲ ਏਂਜਲੋ । ਬੋਤੀਸਲੀ, ਏਲ ਗਰੇਕੋ, ਰੇਬ ਬਰਾਂਟ, ਰੁਬਿਨਸ ਤੇ ਹੋਰ ਕਿੰਨੇ ਹੀ ਅਜਿਹੇ ਕਲਾਕਾਰ ਹਨ, ਜਿਨ੍ਹਾਂ ਦੀਆਂ ਕਲਾਕ੍ਰਿਤੀਆਂ ਦੇਖਣ ਲਈ ਲੋਕ ਦੂਰੋਂ-ਦੂਰੋਂ ਆਉਂਦੇ ਹਨ!'
'ਮਾਈਕਲ ਏਂਜਲੋ! ਜੇ ਮੈਂ ਤੁਹਾਡੇ ਸਮਿਆਂ 'ਚ ਪੈਦਾ ਹੋਇਆ ਹੁੰਦਾ ਤਾਂ ਮੈਂ ਤੁਹਾਡੇ ਚਰਨਾਂ 'ਚ ਬੈਠ ਕੇ ਸਿੱਖਦਾ । ਤੁਹਾਡਾ ਯੁੱਗ ਕਲਾ ਦਾ ਸੁਨਹਿਰਾ ਯੁੱਗ ਸੀ । ਉਸ ਸਮੇਂ ਕਿਸੇ ਗੁਰੂ ਦੇ ਲੜ ਲੱਗਣਾ ਕਿੰਨਾ ਸੌਖਾ ਸੀ । ਪਰ ਹੁਣ ਪੰੁਗਰਦੇ ਕਲਾਕਾਰਾਂ ਸਾਹਮਣੇ ਅਣਗਿਣਤ ਮੁਸ਼ਕਿਲਾਂ ਅਤੇ ਰੁਕਾਵਟਾਂ ਹਨ!'
'ਜਿਬਰਾਨ ਤੇਰੇ ਸੁਪਨੇ ਬਹੁਤ ਵੱਡੇ ਹਨ । ਤੂੰ ਉਚੇਰੀ ਵਿੱਦਿਆ ਹਾਸਲ ਕਰਨਾ ਚਾਹੁੰਦਾ ਹੈਂ ਪਰ ਪੈਸਿਆਂ ਦਾ ਜੁਗਾੜ ਕਿਵੇਂ ਕਰੇਂਗਾ? ਤੂੰ ਆਪਣੇ ਘਰ ਵਾਲਿਆਂ 'ਤੇ ਬੋਝ ਹੈਂ । ਘਰ ਦੇ ਗੁਜ਼ਾਰੇ ਲਈ ਤੇਰੀ ਮਾਂ, ਭਰਾ ਤੇ ਭੈਣਾਂ ਦਿਨ-ਰਾਤ ਮਿਹਨਤ ਕਰਦੀਆਂ ਹਨ । ਉਨ੍ਹਾਂ ਦੇ ਸਿਰ 'ਤੇ ਤਾਂ ਤੇਰੇ ਪਿਤਾ ਦਾ ਵੀ ਬੋਝ ਹੈ । ਮੇਰਾ ਪਿਤਾ ਹੈ ਤਾਂ ਚੰਗਾ ਆਦਮੀ ਪਰ ਉਸ ਨੂੰ ਦੁਨੀਆਦਾਰੀ ਦੀ ਬਿਲਕੁਲ ਵੀ ਕੋਈ ਸਮਝ ਨਹੀਂ । ਬੇਸ਼ੱਕ ਉਸ ਦੇ ਹਿੱਸੇਦਾਰ ਨੇ ਉਸ ਨਾਲ ਠੱਗੀ ਕਰ ਲਈ ਪਰ ਉਸ ਨੂੰ ਕੋਈ ਮਲਾਲ ਨਹੀਂ । ਉਹ ਤਾਂ ਉਸ ਨਾਲ ਬੈਠ ਕੇ ਹੁਣ ਵੀ ਸਿਗਰਟ ਤੇ ਕੌਫੀ ਪੀਂਦਾ ਹੈ । ਉਸ ਨਾਲ ਪਹਾੜਾਂ ਦੀ ਯਾਤਰਾ ਕਿੰਨੀ ਸ਼ਾਨਦਾਰ ਸੀ । ਉਹ ਰਾਤ ਕਦੇ ਭੁਲਾਈ ਨਹੀਂ ਜਾ ਸਕਦੀ, ਜੋ ਚੀੜ੍ਹ ਦੇ ਦਰੱਖਤਾਂ ਹੇਠਾਂ ਇਕ ਆਜੜੀ ਦੀ ਝੌਾਪੜੀ 'ਚ ਬਿਤਾਈ ਸੀ । ਖੁੱਲ੍ਹਾ ਅਸਮਾਨ, ਤਾਰਿਆਂ ਦਾ ਝੁਰਮੁਟ, ਖਾਮੋਸ਼-ਸੁੱਤਿਆਂ ਭੇੜਾਂ ਤੇ ਹੇਠਾਂ ਸਮੁੰਦਰ । ਕਿਥੇ ਚੀੜ੍ਹ ਦੇ ਦਰੱਖਤ ਤੇ ਕਿਥੇ ਆਇਫਲ ਟਾਵਰ, ਕਿਥੇ ਆਬੂ-ਅਲੀ ਦਰਿਆ ਤੇ ਕਿਥੇ ਸੈਨ ਦਰਿਆ, ਕਿਥੇ 'ਮਾਰ ਸਾਰੀਕਸ' ਤੇ ਕਿਥੇ 'ਨੋਤਰ ਦੋਮ', ਕਿਥੇ ਅਲ-ਹਿਕਮਤ ਤੇ ਕਿਥੇ ਸੋਰਬੋਨ... ਕਿੰਨਾ ਅੰਤਰ ਹੈ ।
'ਅਲ-ਹਿਕਮਤ' ਸਕੂਲ ਵਿਚ ਗੁਜ਼ਾਰੇ ਚਾਰ ਵਰਿ੍ਹਆਂ 'ਚ ਤੇਰੇ ਪੱਲੇ ਕੀ ਪਿਆ? ਸ਼ੁਕਰ ਕਰ ਉਸ ਤੋਂ ਤੇਰਾ ਖਹਿੜਾ ਛੁੱਟਿਆ । ਤੈਨੂੰ ਸ਼ੁਕਰ ਕਰਨਾ ਚਾਹੀਦਾ ਹੈ ਕਿ ਹੁਣ ਤੈਨੂੰ ਹਫ਼ਤੇ 'ਚ ਦੋ ਵਾਰ ਗਿਰਜਾਘਰ ਨਹੀਂ ਜਾਣਾ ਪਵੇਗਾ । ਚਾਰ ਵਰਿ੍ਹਆਂ ਦੌਰਾਨ ਤੂੰ ਏਨੀ ਪ੍ਰਾਰਥਨਾ ਕਰ ਚੁੱਕਾ ਹੈਂ, ਜੋ ਤੇਰੀ ਸਾਰੀ ਜ਼ਿੰਦਗੀ ਲਈ ਕਾਫੀ ਹੈ । ਹੁਣ ਤੂੰ ਇਕ ਸ਼ਰਧਾਲੂ ਵਜੋਂ ਕਦੇ ਗਿਰਜਾਘਰ 'ਚ ਦਾਖਲ ਨਹੀਂ ਹੋਵੇਂਗਾ! ਜਿਸ ਈਸਾ ਨੂੰ ਤੂੰ ਪਿਆਰ ਕਰਦੈਂ, ਉਹ ਗਿਰਜਾਘਰਾਂ ਵਿਚ ਨਹੀਂ ਹੈ ।'
'ਜੇ ਬੋਸਟਨ ਵਿਚ ਫਿਰ ਕਦੇ ਤੇਰੀ ਮੁਲਾਕਾਤ ਤੇਰੀ 'ਪਰੀ' ਨਾਲ ਹੋਵੇ ਤਾਂ ਤੂੰ ਉਸ ਨੂੰ ਕੀ ਕਹੇਂਗਾ? ਜਦੋਂ ਉਸ ਨੂੰ ਇਸ ਗੱਲ ਦਾ ਪਤਾ ਲੱਗਾ ਕਿ ਕਿਸੇ ਹੋਰ ਲਈ ਤੂੰ ਉਸ ਨੂੰ ਛੱਡ ਦਿੱਤਾ ਹੈ ਤਾਂ ਉਸ ਦੇ ਦਿਲ 'ਤੇ ਕੀ ਬੀਤੇਗੀ? ਪਰ ਉਹ ਤੇਰੇ ਸੁਪਨਿਆਂ ਦੇ ਹਾਣ ਦੀ ਨਹੀਂ ਹੈ । ਉਹ ਦੁਨੀਆਦਾਰ ਔਰਤ ਹੈ, ਉਹ ਤੇਰੀਆਂ ਚਾਹਤਾਂ ਦਾ ਭੇਤ ਨਹੀਂ ਪਾ ਸਕਦੀ ।'
'ਪਰ ਜਿਬਰਾਨ! ਤੇਰੇ ਸੁਪਨਿਆਂ ਤੇ ਤੇਰੀਆਂ ਚਾਹਤਾਂ ਦੀ ਕਿਸ ਨੂੰ ਪ੍ਰਵਾਹ ਹੈ? ਕੀ ਤੈਨੂੰ ਅਜੇ ਵੀ ਕਿਸੇ ਅਜਿਹੇ ਫਰਿਸ਼ਤੇ ਦੀ ਤਾਂਘ ਹੈ ਜੋ ਆਵੇਗਾ ਤੇ ਤੈਨੂੰ ਆਪਣੇ ਫੰਗਾਂ ਵਿਚ ਲੈ ਲਵੇਗਾ । ਕੀ ਅਜਿਹਾ ਫਰਿਸ਼ਤਾ ਤੇਰੀ ਮਾਂ ਨਹੀਂ, ਜਿਸ ਦਾ ਦਿਲ ਪਿਆਰ, ਹਮਦਰਦੀ ਤੇ ਅਸੀਸਾਂ ਨਾਲ ਭਰਿਆ ਹੋਇਆ ਹੈ? ਉਹ ਤੇਰੀ ਰਗ-ਰਗ ਤੋਂ ਵਾਕਿਫ਼ ਹੈ । ਬੋਟਰੋਸ ਵੀ ਤਾਂ ਹੈ । ਉਹ ਵੀ ਤੇਰੇ ਵਾਂਗ ਹੀ ਸੋਚਦਾ ਹੈ । ਉਸ ਦੇ ਸੁਪਨੇ ਤੇਰੇ ਸੁਪਨਿਆਂ ਤੋਂ ਵੱਖਰੇ ਨਹੀਂ ਪਰ ਉਹ ਆਪਣੇ ਸੁਪਨਿਆਂ ਨੂੰ ਜੱਗ ਜ਼ਾਹਰ ਨਹੀਂ ਕਰਦਾ । ਉਹ ਤੇਰੇ ਲਈ ਹਰ ਕੁਰਬਾਨੀ ਕਰਨ ਲਈ ਤਿਆਰ ਹੈ । ਤੇਰੀ ਮਾਂ ਤੇ ਤੇਰੇ ਭਰਾ ਤੋਂ ਵੱਧ ਤੇਰਾ ਹਮਦਰਦ ਹੋਰ ਕੋਈ ਨਹੀਂ । ਕੁਬੇਰ ਦਾ ਖਜ਼ਾਨਾ ਵੀ ਉਨ੍ਹਾਂ ਦੇ ਪਿਆਰ ਸਾਹਮਣੇ ਤੁੱਛ ਹੈ । ਤੇਰੀਆਂ ਦੋ ਪਿਆਰੀਆਂ ਭੈਣਾਂ ਵੀ ਹਨ-ਮੇਰੀਆਨਾ ਆਪਣੇ ਹੁਨਰ ਸਦਕਾ ਕਮਾਈ ਕਰ ਰਹੀ ਹੈ ਅਤੇ ਸੋਲਾਂ ਸਾਲ ਦੀ ਸੁਲਤਾਨਾ ਤਾਂ ਸਾਰੇ ਘਰ ਦੀ ਲਾਡਲੀ ਹੈ । ਕੀ ਉਹ ਅੱਜ ਤੈਨੂੰ ਪਹਿਚਾਣ ਸਕਦੀਆਂ ਹਨ? ਏਨੇ ਲੰਮੇ ਸਮੇਂ ਬਾਅਦ ਉਨ੍ਹਾਂ ਨੂੰ ਮਿਲਣਾ ਕਿੰਨਾ ਚੰਗਾ ਲੱਗੇਗਾ ਪਰ ਉਨ੍ਹਾਂ ਨੂੰ ਖਾਲੀ ਹੱਥ ਮਿਲਣਾ ਤਾਂ ਸ਼ਰਮ ਵਾਲੀ ਗੱਲ ਹੈ । ਤੇਰੀ ਜੇਬ ਵਿਚ ਕੁਝ ਪੈਸੇ ਹਨ? ਤੂੰ ਜ਼ਰੂਰ ਉਨ੍ਹਾਂ ਲਈ ਛੋਟੇ-ਮੋਟੇ ਤੋਹਫ਼ੇ ਤਾਂ ਖ਼ਰੀਦ ਹੀ ਸਕਦੈਂ ।'

ਜਿਬਰਾਨ ਨੇ ਆਪਣੀ ਜੇਬ 'ਚੋਂ ਬਟੂਆ ਕੱਢਿਆ ਤੇ ਉਸ ਵਿਚ ਰੱਖੇ ਨੋਟ ਗਿਣਨ ਲੱਗਾ । ਉਹ ਬੈਂਚ 'ਤੇ ਖੜ੍ਹਾ ਹੋ ਕੇ ਸੋਚਣ ਲੱਗਾ ਉਹ ਕੀ ਖ਼ਰੀਦੇ ਤੇ ਕਿਥੋਂ ਖ਼ਰੀਦੇ । ਉਹ ਤੁਰਨ ਲੱਗਾ ਤਾਂ ਉਸ ਦੇ ਨਾਲ-ਨਾਲ ਤੁਰ ਰਿਹਾ ਸੀ ਯਮਰਾਜ, ਜਿਸ ਨੇ ਹੁਣੇ ਹੀ ਸਮੰੁਦਰ ਦੇ ਦੂਜੇ ਪਾਸਿਓਾ ਸੁਲਤਾਨਾ ਦੀ ਰੂਹ ਦੀ ਅਨਮੋਲ ਸੌਗਾਤ ਹਾਸਲ ਕੀਤੀ ਸੀ । ਜਿਬਰਾਨ ਨੇ ਨਾ ਉਸ ਨੂੰ ਦੇਖਿਆ ਤੇ ਨਾ ਹੀ ਉਸ ਦੀ ਪੈੜ-ਚਾਪ ਹੀ ਸੁਣੀ । ਉਹ ਤਾਂ ਇਸ ਸੋਚ ਵਿਚ ਹੀ ਡੁੱਬਿਆ ਹੋਇਆ ਸੀ ਕਿ ਉਹ ਆਪਣੀ ਲਾਡਲੀ ਭੈਣ ਲਈ ਕਿਹੜੀ ਸੌਗਾਤ ਖ਼ਰੀਦੇ?

7
ਰਾਤ ਦੇ ਦੋ ਵੱਜੇ ਸਨ । ਕਮਰੇ ਵਿਚ ਪਸਰੇ ਹਨੇਰੇ ਵਿਚ ਬੋਟਰੋਸ ਅਤੇ ਜਿਬਰਾਨ ਆਪਣੇ-ਆਪਣੇ ਮੰਜਿਆਂ 'ਤੇ ਪਏ ਸਨ । ਦੋਵਾਂ ਦੀਆਂ ਅੱਖਾਂ ਵਿਚ ਨੀਂਦ ਨਹੀਂ ਸੀ । ਬੋਟਰੋਸ ਨੇ ਆਪਣੇ ਭਰਾ ਦੇ ਰੋਣ ਦੀ ਆਵਾਜ਼ ਸੁਣੀ । ਉਸ ਨੇ ਬੜੇ ਪਿਆਰ ਨਾਲ ਕਿਹਾ, 'ਜਿਬਰਾਨ! ਮੇਰੇ ਵੀਰ! ਮੇਰੇ ਦੋਸਤ! ਤੂੰ ਲੰਮੀ ਸਮੰੁਦਰੀ ਯਾਤਰਾ ਕਰਕੇ ਆਇਐਾ ਤੇ ਥੱਕਿਆ ਹੋਇਆ ਹੈਂ... ਤੂੰ ਅੱਖ ਲਾਉਣ ਦੀ ਕੋਸ਼ਿਸ਼ ਕਰ ਤੇ ਆਪਣੇ ਦਿਲ 'ਤੇ ਕਾਬੂ ਰੱਖ । ਇਹ ਸਮਾਂ ਰੋਣ ਦਾ ਨਹੀਂ... ।'
'ਮੇਰੇ ਵੀਰ! ਹੰਝੂ ਸਮੇਂ ਦੇ ਮੁਹਤਾਜ ਨਹੀਂ । ਤੂੰ ਬਹੁਤ ਰੋ ਚੁੱਕਿਐਾ, ਮੈਨੂੰ ਵੀ ਰੋ ਲੈਣ ਦੇ । ਸੁਲਤਾਨਾ ਇਕੱਲੀ ਨਹੀਂ ਮਰੀ, ਉਸ ਦੇ ਨਾਲ ਮੇਰਾ ਖੁਦਾ ਵੀ ਮਰ ਗਿਆ ਹੈ । ਖੁਦਾ ਦੇ ਫੇਫੜੇ ਵੀ ਸੁਲਤਾਨਾ ਵਾਂਗ ਟੀ. ਬੀ. ਜਰਮਾਂ ਨੇ ਖਾ ਲਏ ਹਨ । ਬਾਈਬਲ ਵਿਚ ਠੀਕ ਹੀ ਕਿਹਾ ਗਿਆ ਹੈ ਕਿ ਜੋ ਤਲਵਾਰ ਨਾਲ ਮਾਰਦੇ ਹਨ, ਉਹ ਖੁਦ ਵੀ ਤਲਵਾਰ ਨਾਲ ਹੀ ਮਾਰੇ ਜਾਂਦੇ ਹਨ । ਜਿਹੜਾ ਖੁਦਾ ਕਿਸੇ ਨੂੰ ਟੀ. ਬੀ. ਨਾਲ ਮਾਰਦਾ ਹੈ, ਉਹ ਖੁਦ ਵੀ ਟੀ. ਬੀ. ਨਾਲ ਹੀ ਮਰੇਗਾ । ਉਹ ਤਾਂ ਉਸ ਵੇਲੇ ਹੀ ਮਰ ਗਿਆ ਸੀ, ਜਿਸ ਵੇਲੇ ਸੁਲਤਾਨਾ ਮਰੀ । ਮੈਂ ਹੁਣ ਰੱਬ ਤੋਂ ਬਿਨਾਂ ਜਿਊਾਦਾ ਕਿੱਦਾਂ ਰਹਾਂਗਾ?'
'ਜਿਬਰਾਨ! ਤੇਰਾ ਸਰੀਰ ਬੁਖਾਰ ਨਾਲ ਤਪ ਰਿਹਾ ਹੈ । ਤੇਰਾ ਦਿਲ ਦੁੱਖ ਨਾਲ ਭਰਿਆ ਹੋਇਆ ਹੈ । ਤੂੰ ਦੋ ਘੜੀ ਆਰਾਮ ਕਰ ਲੈ । ਮੌਤ ਇਕ ਅਟੱਲ ਸਚਾਈ ਹੈ ਤੇ ਇਸ ਸਚਾਈ ਨੂੰ ਝੁਠਲਾਇਆ ਨਹੀਂ ਜਾ ਸਕਦਾ ।'
'ਰੱਬ ਬਹੁਤ ਬੇਰਹਿਮ ਹੈ । ਪਹਿਲਾਂ ਉਹ ਟੀ. ਬੀ. ਨਾਲ ਫੇਫੜੇ ਛਲਣੀ ਕਰਦਾ ਹੈ, ਫਿਰ ਅਸਹਿ ਦਰਦ ਦਿੰਦਾ ਹੈ ਤੇ ਫਿਰ ਅੱਖ ਝਪਕਦਿਆਂ ਹੀ ਸਾਹ ਕੱਢ ਦਿੰਦਾ ਹੈ । ਸੁਲਤਾਨਾ ਨੇ ਭਲਾ ਰੱਬ ਦਾ ਕੀ ਵਿਗਾੜਿਆ ਸੀ, ਉਸ ਨੇ ਬਹੁਤ ਵੱਡਾ ਜ਼ੁਲਮ ਢਾਇਐ । ਸੁਲਤਾਨਾ ਸਾਡੇ ਸਭ ਨਾਲੋਂ ਵੱਧ ਪਾਕ-ਪਵਿੱਤਰ ਸੀ । ਉਹ ਤਾਂ ਨਾਜ਼ੁਕ ਜਿਹੀ ਕਲੀ ਸੀ, ਜਿਸ ਦੀ ਖੁਸ਼ਬੋ ਅਜੇ ਉਸ ਦੇ ਅੰਦਰ ਹੀ ਬੰਦ ਸੀ ।'
'ਜਿਬਰਾਨ! ਹੋ ਸਕਦਾ ਹੈ ਮੌਤ ਸਰਾਪ ਨਹੀਂ, ਵਰਦਾਨ ਹੋਵੇ । ਹੋ ਸਕਦਾ ਹੈ ਮੌਤ ਦੀ ਨੀਂਦ ਦੇ ਸੁਪਨੇ ਜਿਊਾਦੇ ਆਦਮੀ ਦੇ ਸੁਪਨਿਆਂ ਨਾਲੋਂ ਕਿਤੇ ਵੱਧ ਪਿਆਰੇ ਤੇ ਖੂਬਸੂਰਤ ਹੋਣ । ਇਹ ਗੱਲ ਕੌਣ ਜਾਣਦਾ ਹੈ? ਜਿਬਰਾਨ! ਕੋਈ ਨਹੀਂ ਜਾਣਦਾ ।'
'ਰੱਬ ਨੇ ਸੁਲਤਾਨਾ ਨੂੰ ਹੀ ਕਿਉਂ ਚੁਣਿਆ?'
'ਰੱਬ ਦੇ ਰੰਗ-ਢੰਗ ਤਾਂ ਤੂੰ ਰੱਬ ਬਣ ਕੇ ਹੀ ਸਮਝ ਸਕਦੈਂ!'
'ਰੱਬ ਨੇ ਸੁਲਤਾਨਾ ਨੂੰ ਚੀੜ੍ਹ ਦੇ ਦਰੱਖਤਾਂ ਦੀ ਧਰਤੀ ਤੋਂ ਜਲਾਵਤਨ ਕਰਕੇ ਬੋਸਟਨ ਦੇ ਇਸ ਬਦਬੂ ਭਰੇ ਕਮਰੇ ਵਿਚ ਸੁੱਟਿਆ । ਮੇਰੇ ਪਿਆਰੇ ਵੀਰ ਬੋਟਰੋਸ! ਮੇਰੇ ਦਿਮਾਗ 'ਚ ਬਹੁਤ ਸਾਰੇ ਸਵਾਲ ਹਨ ਜੋ ਤਿੱਖੇ ਬਾਣਾਂ ਦੀ ਤਰ੍ਹਾਂ ਮੇਰੇ ਦਿਲ ਵਿਚ ਖੁੱਭੇ ਹੋਏ ਹਨ । ਉਹ ਜਾਂ ਤਾਂ ਮੈਨੂੰ ਮਾਰ ਕੇ ਆਪਣੇ ਖੁਦਾ ਨਾਲ ਹੀ ਦਫ਼ਨ ਕਰ ਦੇਣ ਜਾਂ ਮੈਂ ਉਨ੍ਹਾਂ ਬਾਣਾਂ ਨੂੰ ਬਾਹਰ ਕੱਢ, ਖੁਦਾ ਨਾਲ ਗੱਲ ਕਰਾਂ ।'
'ਨੀਂਦ ਸਾਡੀਆਂ ਅੱਖਾਂ 'ਚ ਨਹੀਂ ਹੈ । ਹੁਣ ਤੂੰ ਮੈਨੂੰ ਬਿਸ਼ਾਰੀ ਦਾ ਹਾਲ-ਚਾਲ ਸੁਣਾ । ਤੂੰ ਦੇਵਦਾਰ ਦੇ ਦਰੱਖਤਾਂ ਨਾਲ ਲੱਦੇ ਪਹਾੜਾਂ 'ਤੇ ਕਿੰਨੀ ਵੇਰਾਂ ਚੜਿ੍ਹਆ । ਸੰਤਾ ਦੀ ਘਾਟੀ 'ਚ ਕਿੰਨੀ ਵੇਰਾਂ ਉੱਤਰਿਆ? ਕੀ ਤੂੰ ਪਹੁ ਫੁੱਟਦਿਆਂ ਹੀ ਜਾਗ ਪੈਂਦਾ ਸੀ, ਸਮੰੁਦਰ 'ਚੋਂ ਉੱਗਦੇ ਸੂਰਜ ਦਾ ਨਜ਼ਾਰਾ ਦੇਖਣ ਲਈ? ਕੀ ਤੂੰ 'ਮਾਰ-ਸਰਹੀਮ' ਦੇ ਗਿਰਜਾਘਰ 'ਚ ਜਾ ਕੇ ਪ੍ਰਾਰਥਨਾ ਕੀਤੀ? ਕੀ ਤੂੰ ਉਸ ਦੇ ਪਿਛਵਾੜੇ ਉੱਗੀਆਂ ਅੰਗੂਰਾਂ ਦੀਆਂ ਵੇਲਾਂ ਤੋਂ ਅੰਗੂਰ ਤੋੜ ਕੇ ਖਾਧੇ? ਅਸੀਂ ਕਿੰਨੇ ਮੰਦਭਾਗੇ ਹਾਂ ਕਿ ਅਸੀਂ ਕਾਕੀਸ਼ਾ ਦੇ ਝਰਨਿਆਂ ਨੂੰ ਛੱਡ ਕੇ ਬੋਸਟਨ ਦੇ ਇਸ ਗੰਦੇ ਇਲਾਕੇ ਵਿਚ ਰਹਿ ਰਹੇ ਹਾਂ । ਇਹ ਪ੍ਰਵਾਸ ਸਾਨੂੰ ਬਹੁਤ ਮਹਿੰਗਾ ਪਿਆ । ਅਸੀਂ ਆਪਣੇ ਦੇਸ਼ ਵਿਚ ਹੀ ਰਹਿੰਦੇ ਤਾਂ ਹੋ ਸਕਦਾ ਹੈ ਕਿ ਸੁਲਤਾਨਾ ਵੀ ਸਾਥੋਂ ਨਾ ਵਿਛੜਦੀ । 6-7 ਵਰਿ੍ਹਆਂ ਵਿਚ ਅਸੀਂ ਕੀ ਖੱਟਿਆ? ਨਾ ਧਨ, ਨਾ ਵਿੱਦਿਆ, ਨਾ ਸੁਖ, ਨਾ ਆਰਾਮ । ਬਸ, ਤਸੱਲੀ ਇਕੋ ਗੱਲ ਦੀ ਹੈ ਕਿ ਤੂੰ ਕੁਝ ਤਾਲੀਮ ਹਾਸਲ ਕਰ ਲਈ ਹੈ । ਹੁਣ ਤਾਂ ਬਸ ਸਾਰੀ ਆਸ ਤੇਰੇ 'ਤੇ ਹੀ ਹੈ । ਮੈਨੂੰ ਤੇਰੇ ਖ਼ਤ ਪੜ੍ਹ ਕੇ ਬਹੁਤ ਖੁਸ਼ੀ ਹੁੰਦੀ ਹੈ । ਇੰਜ ਲਗਦਾ ਹੈ ਜਿਵੇਂ ਮੈਂ ਬਾਈਬਲ ਪੜ੍ਹ ਰਿਹਾ ਹੋਵਾਂ । ਮੈਨੂੰ ਹੈਰਾਨੀ ਹੁੰਦੀ ਹੈ ਕਿ ਤੂੰ ਆਪਣੇ ਅਹਿਸਾਸਾਂ ਨੂੰ ਕਵਿਤਾ ਵਿਚ ਤੇ ਚਿੱਤਰਾਂ ਵਿਚ ਇਕੋ ਜਿੰਨੀ ਨਿਪੰੁਨਤਾ ਨਾਲ ਕਿੰਜ ਪ੍ਰਗਟ ਕਰ ਲੈਂਦਾ ਹੈਂ? ਮੈਨੂੰ ਯਕੀਨ ਹੈ ਕਿ ਤੂੰ ਦੁਨੀਆ ਭਰ ਵਿਚ ਇਕ ਮਹਾਨ ਕਵੀ ਤੇ ਚਿੱਤਰਕਾਰ ਵਜੋਂ ਪ੍ਰਸਿੱਧੀ ਹਾਸਲ ਕਰੇਂਗਾ ।' ਬੋਟਰੋਸ ਨੇ ਕਿਹਾ ।

'ਮੇਰੇ ਵੀਰ! ਲੋਕ ਲਿਖਣ ਦੀ ਸੂਖਮ ਕਲਾ ਭੁੱਲਦੇ ਜਾ ਰਹੇ ਹਨ। ਲੇਖਕ ਬਿਨਾਂ ਸੋਚੇ-ਸਮਝੇ ਸ਼ਬਦਾਂ ਨੂੰ ਇਕ-ਦੂਜੇ ਨਾਲ ਨੱਥੀ ਕਰਕੇ ਕਵਿਤਾਵਾਂ-ਕਹਾਣੀਆਂ ਲਿਖ ਰਹੇ ਹਨ। ਉਹ ਸ਼ਬਦਾਂ ਦੀ ਅੰਦਰੂਨੀ ਤਾਕਤ ਅਤੇ ਸੁੰਦਰਤਾ ਤੋਂ ਬਿਲਕੁਲ ਅਨਜਾਣ ਹਨ। ਲੇਖਕਾਂ ਨੂੰ ਵਾਰ-ਵਾਰ 'ਬੁੱਕ ਆਫ ਜਾਬ', 'ਸੌਂਗ ਆਫ ਸੋਲੋਮਨ' ਆਦਿ ਜ਼ਰੂਰ ਪੜ੍ਹਨੀਆਂ ਚਾਹੀਦੀਆਂ ਹਨ। ਉਨ੍ਹਾਂ ਨੂੰ ਪੜ੍ਹ ਕੇ ਹੀ ਸ਼ਬਦਾਂ ਦੀ ਬੁਲੰਦੀ ਦਾ ਅਹਿਸਾਸ ਹੋ ਸਕਦਾ ਹੈ। ਸ਼ਬਦਾਂ ਦੀ ਖੂਬਸੂਰਤੀ, ਮੇਰੇ ਵੀਰ! ਮਨੁੱਖੀ ਅਹਿਸਾਸਾਂ ਨੂੰ ਪ੍ਰਗਟ ਕਰਨ ਵਿਚ ਨਹੀਂ, ਸਗੋਂ ਇਹ ਸੰਕੇਤ ਦੇਣ ਵਿਚ ਹੈ ਕਿ ਮਨੁੱਖੀ ਅਹਿਸਾਸਾਂ ਦਾ ਪ੍ਰਗਟਾਵਾ ਕਿੰਨਾ ਅਸੰਭਵ ਹੈ।' ਜਿਬਰਾਨ ਨੇ ਕਿਹਾ।
'ਜਿਬਰਾਨ! ਕੀ ਤੈਨੂੰ ਲਗਦੈ ਕਿ ਅਸੀਂ ਫੇਰ ਕਦੇ ਲਿਬਨਾਨ ਦੀ ਧਰਤੀ 'ਤੇ ਪੈਰ ਰੱਖਾਂਗੇ? ਪਤਾ ਨਹੀਂ ਕਿਉਂ ਮੈਨੂੰ ਜਾਪਦਾ ਹੈ ਕਿ ਮੈਂ ਹੁਣ ਕਦੇ ਵੀ ਦੇਵਦਾਰ ਦੇ ਦਰੱਖਤਾਂ ਨਾਲ ਲੱਦੇ ਲਿਬਨਾਨ ਦੇ ਪਹਾੜ ਨਹੀਂ ਦੇਖ ਸਕਾਂਗਾ। ਪਰ ਮੇਰੀ ਇਹ ਹਾਰਦਿਕ ਇੱਛਾ ਹੈ ਕਿ ਤੈਨੂੰ ਇਹ ਖੁਸ਼ੀ ਵਾਰ-ਵਾਰ ਮਿਲਦੀ ਰਹੇ।'
ਗੱਲਾਂ ਕਰਦਿਆਂ-ਕਰਦਿਆਂ ਬੋਟਰੋਸ ਨੂੰ ਜ਼ੋਰ ਦੀ ਖੰਘ ਛਿੜ ਪਈ, ਜਿਸ ਨਾਲ ਸੋਗ ਭਰਪੂਰ ਕਮਰੇ ਦੀਆਂ ਕੰਧਾਂ ਵੀ ਹਿੱਲਣ ਲੱਗ ਪਈਆਂ।

(8)
'ਸੱਚਮੁੱਚ ਕਣਕ ਦਾ ਦਾਣਾ ਜਦੋਂ ਧਰਤੀ 'ਚ ਸਮੋ ਕੇ ਆਪਣੀ ਹੋਂਦ ਗਵਾਉਂਦਾ ਹੈ ਤਾਂ ਉਸ ਵਿਚੋਂ ਇਕ ਨਵੀਂ ਕਰੂੰਬਲ ਫੁੱਟਦੀ ਹੈ।'
ਜਨਵਰੀ ਦੇ ਮਹੀਨੇ, ਅਸਮਾਨ 'ਤੇ ਛਾਏ ਕਾਲੇ ਬੱਦਲਾਂ ਨਾਲ ਬੋਸਟਨ ਸ਼ਹਿਰ ਹਨੇਰੇ ਦੀ ਚਾਦਰ ਵਿਚ ਲਿਪਟਿਆ ਹੋਇਆ ਸੀ। ਜਿਬਰਾਨ ਦੀਆਂ ਅੱਖਾਂ ਵਿਚ ਨੀਂਦ ਨਹੀਂ ਸੀ। ਉਸ ਨੇ 'ਨਿਊ ਟੈਸਟਾਮੈਂਟ' ਦੇ ਪੰਨੇ ਪਲਟਣੇ ਸ਼ੁਰੂ ਕਰ ਦਿੱਤੇ। ਉਸ ਨੇ 'ਸੇਂਟ ਜਾਨ ਦੇ ਗੌਸਪਲ' ਵਿਚੋਂ ਉਤਾਂਹ ਲਿਖੀਆਂ ਸਤਰਾਂ ਪੜ੍ਹੀਆਂ। ਬੇਸ਼ੱਕ ਇਸ ਤੋਂ ਪਹਿਲਾਂ ਵੀ ਉਹ ਕਈ ਵਾਰ ਇਹ ਸ਼ਬਦ ਪੜ੍ਹ ਚੁੱਕਾ ਸੀ ਪਰ ਅੱਜ ਉਸ ਨੂੰ ਉਨ੍ਹਾਂ ਵਿਚੋਂ ਕੁਝ ਨਵੇਂ ਅਰਥ ਲੱਭੇ। ਉਸ ਨੂੰ ਜਾਪਿਆ ਜਿਵੇਂ ਉਸ ਦੀਆਂ ਅੱਖਾਂ 'ਤੇ ਬੰਨ੍ਹੀ ਪੱਟੀ ਅਚਾਨਕ ਖੁੱਲ੍ਹ ਗਈ ਹੋਵੇ। 'ਨਿਊ ਟੇਸਟਾਮੈਂਟ' ਤੋਂ ਨਜ਼ਰ ਹਟਾ ਕੇ ਉਹ ਆਪਣੀਆਂ ਸੋਚਾਂ ਵਿਚ ਗੁੰਮ ਹੋ ਗਿਆ। 'ਹਰ ਸ਼ੈਅ ਮਰਦੀ ਹੈ, ਤਾਂ ਜੋ ਉਸ ਵਿਚੋਂ ਨਵੀਂ ਜ਼ਿੰਦਗੀ ਪੈਦਾ ਹੋ ਸਕੇ। ਚਟਾਨ ਨੂੰ ਤੋੜ ਕੇ ਪੱਥਰ ਬਣਦੇ ਹਨ, ਲੱਕੜ ਬਲਦੀ ਹੈ ਅੱਗ ਦੀ ਸੌਗਾਤ ਦੇਣ ਲਈ, ਬੀਜ ਮਰਦਾ ਹੈ ਇਕ ਫਲਦਾਰ ਬ੍ਰਿਛ ਨੂੰ ਜਨਮ ਦੇਣ ਲਈ। ਹਰ ਸ਼ੈਅ ਮੁੜ ਵਾਪਸ ਉਥੇ ਹੀ ਚਲੀ ਜਾਂਦੀ ਹੈ, ਜਿਥੋਂ ਉਹ ਆਉਂਦੀ ਹੈ। ਜ਼ਿੰਦਗੀ ਆਗਮਨ ਹੈ ਤੇ ਮੌਤ ਪ੍ਰਸਥਾਨ। ਜ਼ਿੰਦਗੀ ਨਿਵੇਸ਼ ਹੈ ਤੇ ਮੌਤ ਲਾਭਾਂਸ਼। ਜ਼ਿੰਦਗੀ ਸਾਕਾਰ ਹੈ ਤੇ ਮੌਤ ਨਿਰਾਕਾਰ। ਰੱਬ ਸਾਕਾਰ ਵੀ ਹੈ ਤੇ ਨਿਰਾਕਾਰ ਵੀ। ਉਹ ਖੁਦ ਹੀ ਜ਼ਿੰਦਗੀ ਹੈ ਤੇ ਖੁਦ ਹੀ ਮੌਤ।'
ਇਸ ਸਿੱਟੇ 'ਤੇ ਪਹੁੰਚਣ ਤੋਂ ਬਾਅਦ ਜਿਬਰਾਨ ਸਿੱਧਾ ਆਪਣੇ 'ਈਜ਼ਲ' (ਡਰਾਇੰਗ ਬੋਰਡ) ਨੇੜੇ ਗਿਆ, ਜਿਸ ਦੇ ਫੱਟੇ 'ਤੇ ਇਕ ਸਫੈਦ ਡਰਾਇੰਗ ਪੇਪਰ ਜੜਿਆ ਹੋਇਆ ਸੀ। ਉਸ ਨੇ ਪੈਨਸਿਲ ਨਾਲ ਪਹਿਲਾਂ ਹਲਕੀਆਂ ਲਕੀਰਾਂ ਵਾਹੀਆਂ, ਫਿਰ ਚੱਕਰ ਤੇ ਅਰਧ ਚੱਕਰ ਬਣਾਏ। ਕੁਝ ਦੇਰ 'ਚ ਹੀ ਵਿੰਗੀਆਂ ਲਕੀਰਾਂ ਆਦਮੀ ਦੇ ਝੁਕੇ ਹੋਏ ਸਿਰ ਵਾਂਗ ਦਿਖਾਈ ਦੇਣ ਲੱਗੀਆਂ। ਜਿਬਰਾਨ ਨੂੰ ਇੰਜ ਅਹਿਸਾਸ ਹੋਇਆ ਜਿਵੇਂ ਕੋਈ ਅਗਿਆਤ ਸ਼ਕਤੀ ਉਸ ਦਾ ਹੱਥ ਘੁਮਾ ਰਹੀ ਹੋਵੇ। ਉਸ ਦੀ ਪੈਨਸਿਲ ਕਾਹਲੀ-ਕਾਹਲੀ ਕਾਗਜ਼ 'ਤੇ ਘੁੰਮ ਰਹੀ ਸੀ। ਉਸ ਦੀ ਹਰ ਛੋਹ ਨਾਲ ਕਾਗਜ਼ 'ਤੇ ਕੋਈ ਨਵੀਂ ਆਕ੍ਰਿਤੀ ਬਣ ਰਹੀ ਸੀ। ਅੱਖਾਂ, ਚਿਹਰਾ ਤੇ ਵਾਲਾਂ ਦੀ ਇਕ ਲਟ। ਫਿਰ ਉਹ ਬੜੀ ਸੂਖਮਤਾ ਨਾਲ ਲਕੀਰਾਂ ਨੂੰ ਗੂੜ੍ਹਾ ਕਰਨ ਲੱਗ ਪਿਆ। ਕਦੇ ਉਹ ਈਜ਼ਲ ਦੇ ਖੱਬੇ ਪਾਸੇ ਘੁੰਮਦਾ ਤੇ ਕਦੇ ਸੱਜੇ ਪਾਸੇ।
ਦੋ ਘੰਟਿਆਂ ਤੋਂ ਵੀ ਘੱਟ ਸਮੇਂ ਦੌਰਾਨ ਕਾਰਡ ਬੋਰਡ 'ਤੇ ਇਕ ਸ਼ਾਨਦਾਰ ਚਿੱਤਰ ਉੱਕਰ ਚੁੱਕਾ ਸੀ। ਇਕ ਅਜਿਹੇ ਆਦਮੀ ਦਾ, ਜਿਸ ਦੇ ਮੱਥੇ 'ਤੇ ਸੂਰਜ ਸੀ ਤੇ ਅੱਖਾਂ ਵਿਚ ਇਲਾਹੀ ਨੂਰ। ਅੱਧ-ਖੁੱਲ੍ਹੇ ਬੁੱਲ੍ਹਾਂ ਵਿਚ ਗਜ਼ਬ ਦੀ ਕੋਮਲਤਾ ਸੀ। ਲਗਦਾ ਸੀ ਉਹ ਮਲੂਕੜੇ ਜਿਹੇ ਸੁਰਗ ਦੇ ਸੁਹੱਪਣ ਦੀ ਕੋਈ ਗੱਲ ਸੁਣਾਉਣ ਵਾਲੇ ਹਨ।
ਤਸਵੀਰ ਦੇ ਹੇਠਲੇ ਹਿੱਸੇ 'ਚੋਂ ਜੀਭ ਵਾਂਗ ਅੱਗ ਉਤਾਂਹ ਉੱਠ ਰਹੀ ਸੀ। ਇਹ ਜੀਭ ਮਨੁੱਖੀ ਜੀਭ ਵਰਗੀ ਹੀ ਸੀ। ਇਸ ਵਿਚ ਨਾ ਮਾਸ, ਨਾ ਹੱਡੀ ਤੇ ਨਾ ਖੂਨ। ਇਸ ਨੂੰ ਦੇਖ ਕੇ ਕੋਈ ਇਹ ਨਹੀਂ ਕਹਿ ਸਕਦਾ ਸੀ ਕਿ ਇਹ ਕਾਰਡ ਬੋਰਡ 'ਤੇ ਵਾਹੀਆਂ ਲਕੀਰਾਂ ਹਨ। ਦੋ ਫੈਲੇ ਹੱਥ ਕਿਸੇ ਮਾਂ ਦੇ ਹੱਥ ਜਾਪਦੇ ਸਨ, ਜਿਵੇਂ ਉਹ ਆਪਣੇ ਲਾਡਲੇ ਪੁੱਤਰ ਨੂੰ ਚੁੱਕਣ ਲਈ ਬੇਤਾਬ ਹੋਣ।
ਸੂਰਜ ਦੀ ਕਿਰਨ ਸੂਰਜ ਵਿਚ ਹੀ ਸਮੋ ਜਾਂਦੀ ਹੈ, ਬ੍ਰਿਛ ਧਰਤੀ ਤੋਂ ਉੱਗ ਕੇ ਧਰਤੀ 'ਚ ਹੀ ਸਮੋ ਜਾਂਦਾ ਹੈ। ਇਸ ਧਰਤੀ 'ਤੇ ਰੱਬ ਦੀ ਘੱਲੀ ਆਤਮਾ ਰੱਬ 'ਚ ਹੀ ਸਮੋ ਜਾਂਦੀ ਹੈ। ਜਿਬਰਾਨ ਨੇ ਜਿਹੜੇ ਹੱਥ ਕਾਰਡ ਬੋਰਡ 'ਤੇ ਬਣਾਏ ਸਨ, ਉਸ ਨੂੰ ਬਹੁਤ ਸੋਹਣੇ ਜਾਪੇ। ਉਸ ਨੇ ਆਪਣੇ ਬਣਾਏ ਚਿੱਤਰ 'ਤੇ ਅਜੇ ਆਪਣੇ ਹਸਤਾਖਰ ਹੀ ਕੀਤੇ ਸਨ ਕਿ ਕਮਰੇ ਵਿਚ ਬੋਟਰੋਸ ਦਾਖਲ ਹੋਇਆ। ਉਹ ਇਸ ਕਦਰ ਪ੍ਰੇਸ਼ਾਨ ਸੀ, ਜਿਵੇਂ ਮੌਤ ਦਾ ਸਾਇਆ ਉਸ ਦਾ ਪਿੱਛਾ ਕਰ ਰਿਹਾ ਹੋਵੇ। ਉਸ ਦਾ ਸਾਹ ਫੁੱਲਿਆ ਹੋਇਆ ਸੀ। ਉਸ ਨੇ ਬੜੀ ਮੁਸ਼ਕਿਲ ਨਾਲ ਕਿਹਾ-'ਜਲਦੀ ਕਰੋ, ਜਿਬਰਾਨ, ਜਲਦੀ ਕਰੋ। ਡਾਕਟਰ ਨੂੰ ਬੁਲਾਵੋ... ਤੇ ਫੇਰ ਮੁੜ ਕਦੇ ਇਸ ਘਰ 'ਚ ਪੈਰ ਨਾ ਰੱਖੀਂ... ਇਸ ਘਰ ਦੀਆਂ ਛੱਤਾਂ ਤੇ ਕੰਧਾਂ ਸਾਡੇ ਸਿਰਾਂ 'ਤੇ ਡਿਗ ਰਹੀਆਂ ਹਨ। ਸਾਡੇ ਪੈਰਾਂ ਹੇਠਲਾ ਫਰਸ਼ ਧਸ ਰਿਹਾ ਹੈ। ਘੱਟੋ-ਘੱਟ ਤੇਰੀ ਜਾਨ ਤਾਂ ਬਚ ਜਾਵੇ। ਮਾਂ ਦੀ ਜ਼ਿੰਦਗੀ ਖ਼ਤਰੇ 'ਚ ਹੈ। ਤੇਰਾ ਭਰਾ ਬੋਟਰੋਸ ਵੀ ਆਪਣਾ ਬੋਰੀਆ-ਬਿਸਤਰਾ ਬੰਨ੍ਹ ਕੇ ਬਸ ਤਿਆਰ ਖੜ੍ਹਾ ਹੈ। ...ਜਲਦੀ ਕਰ, ਜਲਦੀ...।'

(9)
ਡਾਕਟਰ ਦੇ ਜਿਹੜੇ ਸ਼ਬਦ ਜਿਬਰਾਨ ਦੇ ਕੰਨਾਂ ਵਿਚ ਪਏ ਸਨ, ਉਹ ਹੁਣ ਬਿੱਛੂਆਂ, ਸੱਪਾਂ ਤੇ ਅਜਗਰਾਂ ਵਿਚ ਤਬਦੀਲ ਹੋ ਚੁੱਕੇ ਸਨ। ਉਹ ਘਰ ਦੇ ਬੂਹੇ, ਬਾਰੀਆਂ, ਛੱਤਾਂ ਅਤੇ ਕੰਧਾਂ ਉੱਤੇ ਫੁੰਕਾਰੇ ਮਾਰ ਰਹੇ ਸਨ। ਜਿਬਰਾਨ ਸਹਿਮਿਆ ਹੋਇਆ ਸੀ।
'ਟੀ.ਬੀ. ਦੀ ਤੀਜੀ ਸਟੇਜ... ਇਹ ਕਿਥੋਂ ਦਾ ਨਿਆਂ ਹੈ ਮੇਰੇ ਰੱਬਾ! ਅਸੀਂ ਘਰ ਵਿਚ ਕੁੱਲ ਪੰਜ ਜੀਅ ਹਾਂ... ਪ੍ਰਦੇਸੀ... ਹਜ਼ਾਰਾਂ ਮੀਲ ਦੂਰ ਆਪਣਾ ਪਿੰਡ ਛੱਡ ਕੇ ਇਥੇ ਆਏ ਹਾਂ। ਕੀ ਇਹ ਦੁੱਖ, ਦਰਦ ਤੇ ਜ਼ੁਲਮ ਭੋਗਣ ਲਈ? ਸਾਥੋਂ ਕੀ ਗੁਨਾਹ ਹੋ ਗਿਆ, ਜਿਸ ਦੀ ਏਨੀ ਵੱਡੀ ਸਜ਼ਾ ਸਾਨੂੰ ਦਿੱਤੀ ਜਾ ਰਹੀ ਹੈ। ਕੱਲ੍ਹ ਦੀ ਤਾਂ ਗੱਲ ਹੈ ਜਦੋਂ ਸੁਲਤਾਨਾ ਨੂੰ ਤੂੰ ਸਾਥੋਂ ਬੇਦਰਦੀ ਨਾਲ ਖੋਹ ਲਿਆ। ਹੁਣ ਤੇਰੇ ਯਮਦੂਤ ਮੇਰੀ ਮਾਂ ਤੇ ਮੇਰੇ ਭਰਾ ਦੇ ਪਿੱਛੇ ਪਏ ਹੋਏ ਹਨ। ਉਨ੍ਹਾਂ ਦੇ ਨਾਲ ਹੀ ਮੈਨੂੰ ਵੀ ਲੈ ਜਾਵੋ। ਮਾਂ ਤੇ ਭਰਾ ਨੂੰ ਹਸਪਤਾਲ 'ਚ ਦਾਖਲ ਕਰਵਾਉਣ ਲਈ ਮੈਂ ਧਨ ਕਿਥੋਂ ਲਿਆਵਾਂ? ਡਾਕਟਰ ਤਾਂ ਇਲਾਜ ਹੀ ਉਦੋਂ ਸ਼ੁਰੂ ਕਰਨਗੇ, ਜਦੋਂ ਮੈਂ ਉਨ੍ਹਾਂ ਸਾਹਮਣੇ ਪੈਸੇ ਢੇਰੀ ਕਰਾਂਗਾ। ਹੇ ਰੱਬਾ! ਮੈਨੂੰ ਇਸ ਤਰ੍ਹਾਂ ਅੱਧਵਾਟੇ ਨਾ ਛੱਡ। ਮੈਂ ਕਿਸ ਦਾ ਬੂਹਾ ਖੜਕਾਵਾਂ?' ਸੋਚਦਿਆਂ-ਸੋਚਦਿਆਂ ਜਿਬਰਾਨ ਨੂੰ ਕੰਬਣੀ ਛਿੜ ਪਈ। ਉਸ ਦਾ ਸਾਹ ਘੁੱਟ ਰਿਹਾ ਸੀ। ਉਸ ਨੂੰ ਪ੍ਰਤੱਖ ਵਿਖਾਈ ਦੇ ਰਿਹਾ ਸੀ ਕਿ ਉਹ ਯਮਦੂਤ ਦੇ ਵਿਛਾਏ ਜਾਲ ਵਿਚ ਫਸ ਚੁੱਕਾ ਹੈ। 'ਜਿਬਰਾਨ! ਤੂੰ ਬੁਜ਼ਦਿਲ ਹੈਂ। ਤੂੰ ਮੌਤ ਦਾ ਸਾਹਮਣਾ ਕਰਨ ਤੋਂ ਟਲ ਰਿਹੈਂ। ਤੇਰੀ ਮਾਂ ਤੇ ਤੇਰਾ ਭਰਾ ਉਸ ਦੇ ਸਾਹਮਣੇ ਖਲੋ ਕੇ ਮੁਕਾਬਲਾ ਕਰ ਰਹੇ ਹਨ। ਰੱਬ ਸਾਹਮਣੇ ਕੋਈ ਜ਼ੋਰ ਨਹੀਂ ਚਲਦਾ। ਜਿਵੇਂ ਉਸ ਦੀ ਮਰਜ਼ੀ। ਰੱਬ ਹੀ ਤੁਹਾਨੂੰ ਲਿਬਨਾਨ ਤੋਂ ਇਥੇ ਲੈ ਕੇ ਆਇਆ, ਰੱਬ ਹੀ ਸੁਲਤਾਨਾ ਨੂੰ ਆਪਣੇ ਨਾਲ ਲੈ ਗਿਆ ਤੇ ਹੁਣ ਉਹ ਤੇਰੀ ਮਾਂ ਤੇ ਤੇਰੇ ਭਰਾ ਨੂੰ ਲਿਜਾਣ ਲਈ ਤਿਆਰ ਹੈ। ਪਰ ਰੱਬ ਨੇ ਅਜਿਹਾ ਕਿਉਂ ਚਾਹਿਆ? ਕਿਉਂਕਿ ਤੂੰ ਆਪਣੀ ਆਤਮਾ ਨੂੰ ਕਾਲਖ਼ ਨਾਲ ਪੋਤ ਲਿਆ। ਪਰ ਪੁੱਤਰ ਦੇ ਗੁਨਾਹਾਂ ਦੀ ਸਜ਼ਾ ਉਸ ਦੀ ਮਾਂ ਨੂੰ ਕਿਉਂ ਮਿਲੀ? ਇਕ ਭਰਾ ਦੇ ਗੁਨਾਹਾਂ ਦੀ ਸਜ਼ਾ ਉਸ ਦੇ ਭਰਾ ਤੇ ਭੈਣ ਨੂੰ ਕਿਉਂ ਮਿਲੀ?... ਹਾਂ-ਹਾਂ... ਕਣਕ ਦਾ ਬੀਜ ਧਰਤੀ 'ਤੇ ਡਿਗਦਾ ਹੈ ਤੇ ਧਰਤੀ 'ਚ ਹੀ ਸਮੋ ਜਾਂਦਾ ਹੈ।'
'ਪਰ ਕਣਕ ਦੇ ਦਾਣੇ ਤੇ ਟੀ. ਬੀ. ਦੇ ਕੀਟਾਣੂਆਂ ਦਾ ਆਪਸੀ ਸਬੰਧ ਕੀ ਹੈ? ਤੇਰੀ ਉਹ ਪਰੀ... ਉਹ ਤਾਂ ਸਿਰਫ ਇਕ ਪ੍ਰਛਾਵਾਂ ਸੀ, ਜੋ ਅਚਾਨਕ ਤੇਰੇ ਰਾਹ ਵਿਚ ਆਇਆ।'
'ਅੱਜ ਤੂੰ ਜਿਹੜੀ ਤਸਵੀਰ ਬਣਾਈ ਹੈ, ਉਹ ਸੋਹਣੀ ਹੈ-'ਰੱਬ ਦੇ ਘਰ ਆਤਮਾ ਦੀ ਵਾਪਸੀ'। ਉਸ ਤੋਂ ਵਧੀਆ ਤਸਵੀਰ ਹੋਵੇਗੀ, 'ਡਾਂਸ ਆਫ ਥੌਟਸ' ਜੋ ਕਿੰਨੇ ਹੀ ਦਿਨਾਂ ਤੋਂ ਤੇਰੇ ਜ਼ਿਹਨ ਵਿਚ ਕਸਮਸਾ ਰਹੀ ਹੈ। ਪੈਨਸਿਲ ਕਿਥੇ ਹੈ? ਇਹ ਤਾਂ ਥਰਮਾਮੀਟਰ ਹੈ...।'
ਪੈਨਸਿਲ ਅਤੇ ਥਰਮਾਮੀਟਰ। 'ਡਾਂਸ ਆਫ ਥੌਟਸ' ਅਤੇ 'ਡਾਂਸ ਆਫ ਡੈੱਥ'-ਪ੍ਰੇਰਨਾ ਦਾ ਆਵੇਸ਼ ਅਤੇ ਟੀ. ਬੀ. ਦੀ ਜਾਨਲੇਵਾ ਖੰਘ। ਦਿਲ 'ਚ ਧੁਖਦੀ ਅੱਗ ਤੇ ਅਸਮਾਨੋਂ ਵਰ੍ਹਦੇ ਹੰਝੂਆਂ ਦੇ ਗੜੇ। ਗੜਿਆਂ ਦਾ ਖਿਆਲ ਆਉਂਦਿਆਂ ਹੀ ਜਿਬਰਾਨ ਘਰੋਂ ਏਨੀ ਫੁਰਤੀ ਨਾਲ ਨੱਠਿਆ ਜਿੱਦਾਂ ਤੋਪ 'ਚੋਂ ਗੋਲਾ ਬਾਹਰ ਆਉਂਦਾ ਹੈ। ਉਸ ਦੇ ਜ਼ਿਹਨ ਵਿਚ ਇਕੋ ਖਿਆਲ ਵਾਰ-ਵਾਰ ਆ ਰਿਹਾ ਸੀ-'ਹੇ ਮੇਰੇ ਰੱਬਾ, ਤੂੰ ਕਿਥੇ ਹੈਂ... ਤੂੰ ਕਿਥੇ ਹੈਂ?'
'ਮਾਰੀਆਨਾ! ਏਨੀ ਮੱਧਮ ਰੌਸ਼ਨੀ 'ਚ ਸਿਲਾਈ-ਕਢਾਈ ਕਰਦਿਆਂ ਤੇਰੀਆਂ ਅੱਖਾਂ ਟਿੱਚ-ਬਟਨ ਬਣ ਜਾਣਗੀਆਂ।'

'ਇਹ ਕੰਮ ਛੱਡ ਕੇ ਖਾਲੀ ਬਹਿ ਜਾਵਾਂ ਤਾਂ ਫਿਰ ਇਸ ਘਰ ਦਾ ਕਿਰਾਇਆ ਕੌਣ ਦੇਵੇਗਾ? ਅਸੀਂ ਕਿਥੋਂ ਮੰਗ ਕੇ ਖਾਵਾਂਗੇ?'
'ਮਾਰੀਆਨਾ! ਤੇਰੀ ਸੂਈ ਮੇਰੀਆਂ ਅੱਖਾਂ 'ਚ ਚੁੱਭਦੀ ਹੈ ਤੇ ਇਸ ਦੇ ਨੱਕੇ 'ਚ ਪਰੋਇਆ ਧਾਗਾ ਮੇਰੀ ਗਰਦਨ ਦੁਆਲੇ ਕੱਸੀ ਹੋਈ ਰੱਸੀ ਵਾਂਗ ਮੈਨੂੰ ਬੇਹਾਲ ਕਰ ਰਿਹਾ ਹੈ।'
'ਜਿਬਰਾਨ! ਤੈਨੂੰ ਕੀ ਹੋ ਗਿਆ? ਕੁਝ ਦਿਨਾਂ ਤੋਂ ਮੈਂ ਦੇਖ ਰਹੀ ਹਾਂ ਕਿ ਤੂੰ ਗੱਲ-ਗੱਲ 'ਤੇ ਰੋਣ ਲੱਗ ਪੈਂਦੈਂ? ਕੀ ਮੈਂ ਤੇਰਾ ਦਿਲ ਦੁਖਾਇਆ ਹੈ?'
'ਮਾਰੀਆਨਾ! ਮੇਰੇ ਹੰਝੂਆਂ ਦੀ ਚਿੰਤਾ ਨਾ ਕਰ। ਜਦੋਂ ਦਿਲ ਪਿਆਰ ਨਾਲ ਨੱਕੋ-ਨੱਕ ਭਰਿਆ ਹੋਵੇ ਤਾਂ ਅੱਖਾਂ ਵੀ ਭਰ ਜਾਂਦੀਆਂ ਹਨ। ਤੇਰਾ ਸੂਈ-ਧਾਗਾ ਤੇਰੇ ਅਸੀਮ ਪਿਆਰ ਦੇ ਚਿੰਨ੍ਹ ਹਨ। ਦੁੱਖ ਮੈਨੂੰ ਇਸ ਗੱਲ ਦਾ ਹੈ ਕਿ ਮੈਂ ਤੇਰੀ ਕੋਈ ਸਹਾਇਤਾ ਨਹੀਂ ਕਰ ਰਿਹਾ। ਮੈਨੂੰ ਹਰ ਸਮੇਂ ਤੇਰੀਆਂ ਅੱਖਾਂ ਦੀ ਚਿੰਤਾ ਰਹਿੰਦੀ ਹੈ।'
'ਮੇਰੀਆਂ ਅੱਖਾਂ ਦੀ ਚਿੰਤਾ ਨਾ ਕਰ, ਤੈਨੂੰ ਆਪਣੀ ਸਿਹਤ ਦਾ ਖਿਆਲ ਰੱਖਣਾ ਚਾਹੀਦਾ ਹੈ। ਤੂੰ ਦਿਨ-ਰਾਤ ਪੜ੍ਹਨ ਤੇ ਡਰਾਇੰਗ ਕਰਨ ਵਿਚ ਹੀ ਰੁੱਝਿਆ ਰਹਿੰਦਾ ਹੈਂ। ਜੇ ਮੈਂ ਟੋਕਦੀ ਹਾਂ ਤਾਂ ਤੂੰ ਗੁੱਸਾ ਕਰਦੈਂ।'
'ਮਾਰੀਆਨਾ! ਇਹ ਮੇਰਾ ਖ਼ਬਤ ਹੈ। ਇਸ ਵਿਚ ਮੇਰੀ ਗੂੜ੍ਹੀ ਦਿਲਚਸਪੀ ਹੈ। ਜੇ ਇਹ ਮੇਰੇ ਕੋਲ ਨਾ ਹੁੰਦੇ ਤਾਂ ਮੈਂ ਵੀ ਸੁਲਤਾਨਾ ਕੋਲ ਪਹੁੰਚ ਜਾਣਾ ਸੀ। ਚੰਗਾ ਹੁੰਦਾ ਜੇ ਯਮਰਾਜ ਬੋਟਰੋਸ ਦੀ ਥਾਂ ਮੈਨੂੰ ਲੈ ਜਾਂਦਾ। ਤੈਨੂੰ ਪਤਾ ਹੈ ਪਿਤਾ ਜੀ ਨੇ ਬਿਮਾਰੀ 'ਚ ਇਕ ਵੇਰਾਂ ਕਿਹਾ ਸੀ ਕਿ ਉਹ ਆਪਣੇ ਤਿੰਨੇ ਬੱਚੇ ਬੋਟਰੋਸ ਤੋਂ ਕੁਰਬਾਨ ਕਰ ਸਕਦੇ ਹਨ। ਜੇ ਮੌਤ ਸਜ਼ਾ ਹੁੰਦੀ ਤਾਂ ਜ਼ਰੂਰ ਸੁਲਤਾਨਾ, ਮਾਂ ਤੇ ਬੋਟਰੋਸ ਤੋਂ ਪਹਿਲਾਂ ਮੈਨੂੰ ਇਹ ਸਜ਼ਾ ਮਿਲਦੀ। ਇਹ ਵੀ ਤਾਂ ਸੰਭਵ ਹੈ ਕਿ ਜ਼ਿੰਦਗੀ ਸਜ਼ਾ ਹੋਵੇ ਤੇ ਮੌਤ ਇਨਾਮ। ਅਸੀਂ ਦੋਵੇਂ ਹੀ ਸਜ਼ਾ ਭੁਗਤ ਰਹੇ ਹਾਂ-ਅਨਾਥ ਤੇ ਬੇਸਹਾਰਾ। ਇਸ ਕਰੜੀ ਸਜ਼ਾ ਨੂੰ ਅਸੀਂ ਆਪਣੀ ਮਾਂ, ਭੈਣ ਤੇ ਭਰਾ ਨੂੰ ਯਾਦ ਕਰ-ਕਰ ਕੇ ਕੱਟ ਰਹੇ ਹਾਂ। ਸੁਲਤਾਨਾ 4 ਅਪ੍ਰੈਲ, 1902 ਨੂੰ ਤੁਰ ਗਈ, ਬੋਟਰੋਸ 12 ਮਾਰਚ, 1903 ਨੂੰ ਤੇ ਮਾਂ 28 ਜੂਨ, 1903 ਨੂੰ, ਸਾਨੂੰ ਵਿਛੋੜਾ ਦੇ ਗਏ। ਅਸੀਂ 1904 'ਚ ਦਾਖਲ ਹੋ ਚੁੱਕੇ ਹਾਂ, ਪਤਾ ਨਹੀਂ ਅਸੀਂ ਇਸ ਵਰ੍ਹੇ ਦਾ ਅੰਤ ਦੇਖਾਂਗੇ ਜਾਂ ਨਹੀਂ।'
'ਮਿੱਟੀ ਨਾ ਫਰੋਲ ਜਿਬਰਾਨ! ਤੇਰੀ ਅੱਖ 'ਚੋਂ ਜਦੋਂ ਇਕ ਹੰਝੂ ਕਿਰਦਾ ਹੈ ਤਾਂ ਮੇਰੀ ਅੱਖ 'ਚੋਂ ਦੋ ਹੰਝੂ ਕਿਰਦੇ ਹਨ।'
'ਮਾਰੀਆਨਾ! ਉਹ ਲੋਕ ਤਰਸ ਦੇ ਪਾਤਰ ਹੁੰਦੇ ਹਨ ਜਿਹੜੇ ਲੋਭ ਤੇ ਵਾਸ਼ਨਾ ਦੀਆਂ ਜ਼ੰਜੀਰਾਂ 'ਚ ਜਕੜੇ ਹੋਏ ਹੁੰਦੇ ਹਨ। ਉਨ੍ਹਾਂ ਲਈ ਮੌਤ ਬਹੁਤ ਭਿਆਨਕ ਹੁੰਦੀ ਹੈ।'
'ਜਿਬਰਾਨ! ਕੱਲ੍ਹ ਸਾਨੂੰ ਹਰ ਹਾਲਤ ਵਿਚ ਕਿਰਾਇਆ ਅਦਾ ਕਰਨਾ ਹੋਵੇਗਾ, ਨਹੀਂ ਤਾਂ ਘਰ ਇਕਦਮ ਖਾਲੀ ਕਰਨਾ ਪਵੇਗਾ।'
'ਮਾਰੀਆਨਾ! ਰਸ਼ਕ ਕਰ ਉਨ੍ਹਾਂ 'ਤੇ ਜੋ ਜਿਊਂਦੇ ਜੀਅ ਮੋਇਆਂ ਨਾਲ ਮਰਦੇ ਹਨ। ਮੈਂ ਤਿੰਨ ਵੇਰਾਂ ਮਰਿਆ ਹਾਂ ਤੇ ਕਹਿਣ ਨੂੰ ਮੈਂ ਜੀਵਤ ਹਾਂ।'
'ਤੇਰੀ ਮੇਜ਼ 'ਤੇ ਮੈਂ ਕੁਝ ਪੈਸੇ ਰੱਖੇ ਹਨ।'
'ਮਾਰੀਆਨਾ! ਦੁਨੀਆ ਗੂੰਗੀ ਤੇ ਬੋਲੀ ਹੈ। ਉਨ੍ਹਾਂ 'ਤੇ ਤਰਸ ਖਾਵੋ ਜੋ ਸਿਰਫ ਆਪਣੀ ਜ਼ਰੂਰਤ ਲਈ ਲੋਕਾਂ ਨਾਲ ਗੱਲਾਂ ਕਰਦੇ ਹਨ।'
'ਕੱਲ੍ਹ ਆਪਣੇ ਲਈ ਨਵਾਂ ਹੈਟ ਖ਼ਰੀਦਣਾ ਨਾ ਭੁੱਲੀਂ। ਤੇਰਾ ਇਹ ਹੈਟ ਬਹੁਤ ਖਸਤਾ ਹੋ ਚੁੱਕਾ ਹੈ ਤੇ ਭੈੜਾ ਲਗਦਾ ਹੈ।'
'ਮੇਰੇ ਲਈ ਤੇ ਮੋਇਆਂ ਦੀ ਯਾਦ ਵਿਚ ਭੈਣ ਮੇਰੀਏ, ਕੌਫੀ ਦੀ ਇਕ ਕੇਤਲੀ ਬਣਾ ਦੇ। ਫੇਰ ਤੂੰ ਜਾ ਕੇ ਸੌਂ ਜਾਵੀਂ। ਮੈਂ ਆਪਣਾ ਕੰਮ ਅੱਜ ਰਾਤ ਹੀ ਖਤਮ ਕਰਨਾ ਹੈ। ਜਲਦੀ ਹੀ ਮੈਂ ਆਪਣੇ ਚਿੱਤਰਾਂ ਦੀ ਪ੍ਰਦਰਸ਼ਨੀ ਲਾਉਣਾ ਚਾਹੁੰਦਾ ਹਾਂ। ਇਸ ਮੰਤਵ ਲਈ ਮੈਨੂੰ ਇਕ ਫੋਟੋਗ੍ਰਾਫਰ ਦੇ ਸਟੂਡੀਓ ਵਿਚ ਕਮਰਾ ਮਿਲ ਗਿਆ ਹੈ। ਉਸ ਦਾ ਨਾਂਅ ਹੈ ਫਰੈਂਡ ਹੌਲੈਂਡ ਡੇ। ਕਿਸੇ 'ਆਰਟ ਗੈਲਰੀ' 'ਚ ਥਾਂ ਮਿਲਣੀ ਔਖੀ ਸੀ, ਕਿਉਂਕਿ ਅਜੇ ਇਕ ਕਲਾਕਾਰ ਵਜੋਂ ਮੇਰੀ ਕੋਈ ਪਛਾਣ ਨਹੀਂ ਹੈ।'
'ਮੈਨੂੰ ਇੰਜ ਜਾਪਦਾ ਹੈ ਜਿਵੇਂ ਤੂੰ ਵੀ ਪਿਤਾ ਜੀ ਦੇ ਰਾਹਾਂ 'ਤੇ ਤੁਰਨ ਲੱਗ ਪਿਐਂ।'
'ਇਹ ਤੇਰਾ ਹੀ ਕਸੂਰ ਹੈ, ਤੂੰ ਕੌਫੀ ਹੀ ਏਨੀ ਵਧੀਆ ਬਣਾਉਂਦੀ ਹੈਂ । ਮੈਂ ਕੋਈ ਨਵਾਂ ਘਰ ਦੇਖ ਰਿਹਾ ਹਾਂ, ਜੋ ਜ਼ਿਆਦਾ ਖੁੱਲ੍ਹਾ ਤੇ ਹਵਾਦਾਰ ਹੋਵੇ ।'

...............
ਜਿਬਰਾਨ ਅੱਧੀ ਰਾਤ ਤੋਂ ਵੀ ਵੱਧ ਸਮੇਂ ਤੱਕ ਡਰਾਇੰਗਾਂ ਬਣਾਉਂਦਿਆਂ ਨਾਲ-ਨਾਲ ਕੌਫੀ ਦੇ ਘੁੱਟ ਭਰਦਾ ਰਿਹਾ । ਪੁਰਾਣੇ ਕਾਗਜ਼ਾਂ ਨੂੰ ਫਰੋਲਦਿਆਂ ਉਸ ਨੂੰ ਆਪਣਾ ਅਰਬੀ ਭਾਸ਼ਾ 'ਚ ਲਿਖਿਆ ਇਕ ਲੇਖ ਲੱਭਿਆ-ਸੰਗੀਤ ਦੇ ਵਿਸ਼ੇ 'ਤੇ । ਇਹ ਉਸ ਦੀ ਪਹਿਲੀ ਸਾਹਿਤਕ ਰਚਨਾ ਸੀ, ਜੋ ਉਸ ਨੇ ਕੋਈ ਇਕ ਸਾਲ ਪਹਿਲਾਂ ਲਿਖੀ ਸੀ । ਉਸ ਨੇ ਪੜ੍ਹਨਾ ਸ਼ੁਰੂ ਕੀਤਾ ਤੇ ਕਈ ਥਾਵਾਂ 'ਤੇ ਕਾਂਟ-ਛਾਂਟ ਵੀ ਕੀਤੀ । ਪੜ੍ਹਦਿਆਂ-ਪੜ੍ਹਦਿਆਂ ਉਹ ਉਸ ਪੈਰੇ 'ਤੇ ਪਹੁੰਚਿਆ, ਜਿਥੇ ਉਹ ਖੁਦ ਸੰਗੀਤ ਦੇ ਰੂਬਰੂ ਹੈ । ਉਸ ਨੇ ਉੱਚੀ ਆਵਾਜ਼ ਵਿਚ ਪੜ੍ਹਨਾ ਸ਼ੁਰੂ ਕੀਤਾ ਤਾਂ ਉਸ ਨੂੰ ਬੇਹੱਦ ਤਸੱਲੀ ਹੋਈ ।
ਸੰਗੀਤ, ਪਿਆਰ ਅਤੇ ਰੂਹ ਦੀ ਸੰਤਾਨ ਸ਼ਹਿਦ ਅਤੇ ਆਵੇਸ਼ ਨਾਲ ਭਰਿਆ ਜਾਮ, ਮਨੁੱਖੀ ਹਿਰਦੇ ਦੇ ਸੁਪਨੇ, ਦਰਦ ਦਾ ਫਲ ਤੇ ਖੁਸ਼ੀ ਦੇ ਫੁੱਲ, ਜਜ਼ਬਾਤਾਂ ਦੀਆਂ ਮਹਿਕਦੀਆਂ ਕਲੀਆਂ, ਪ੍ਰੇਮੀਆਂ ਤੇ ਪ੍ਰੇਮਿਕਾਵਾਂ ਦੇ ਮਿੱਠੇ ਬੋਲ, ਦਰਦ 'ਚੋਂ ਪੈਦਾ ਹੋਏ ਹੰਝੂ, ਕਵੀਆਂ ਦੀ ਪ੍ਰੇਰਨਾ ਤੇ ਗੀਤਾਂ ਦੀ ਸਰਗਮ ਤੇਰੇ ਸਰੂਰ ਵਿਚ ਮਨੁੱਖ ਇਲਾਹੀ ਨੂਰ ਦੇ ਰੂਬਰੂ ਹੁੰਦਾ ਹੈ । ਹੇ ਸੰਗੀਤ! ਤੂੰ ਅਜਿਹੀ ਸ਼ਰਾਬ ਹੈਂ, ਜਿਸ ਨੂੰ ਪੀ ਕੇ ਆਦਮੀ ਉਸ ਸੰਸਾਰ 'ਚ ਪਹੁੰਚ ਜਾਂਦਾ ਹੈ ਜਿਥੇ ਸੁਹੱਪਣ ਕਲੋਲਾਂ ਕਰਦਾ ਹੈ । ਤੂੰ ਬਹਾਦਰਾਂ ਦੇ ਇਰਾਦਿਆਂ ਨੂੰ ਫੌਲਾਦੀ ਬਣਾ ਦਿੰਦਾ ਹੈਂ ਤੇ ਸਾਧਕਾਂ ਦੀ ਰੂਹ ਨੂੰ ਨਿਰਮਲ ਕਰ ਦਿੰਦਾ ਹੈਂ ।'
ਇਸ ਲੇਖ ਨੂੰ ਪੜ੍ਹ ਕੇ ਜਿਬਰਾਨ ਨੇ ਇਸ ਨੂੰ ਇਕ ਪੈਂਫਲੈਟ ਦੇ ਰੂਪ ਵਿਚ ਪ੍ਰਕਾਸ਼ਿਤ ਕਰਵਾਉਣ ਲਈ ਸੋਚਿਆ । ਇਸ ਦੇ ਛਪਦਿਆਂ ਹੀ ਅਰਬੀ ਭਾਸ਼ਾ ਦੇ ਸਾਹਿਤ ਜਗਤ ਵਿਚ ਉਸ ਦੀ ਪਛਾਣ ਬਣਨੀ ਲਾਜ਼ਮੀ ਸੀ ।

(11)
ਸਫਲਤਾ ਅਤੇ ਅਸਫਲਤਾ ਵਿਚਕਾਰ ਬੜੀ ਮੱਧਮ ਜਿਹੀ ਲਕੀਰ ਹੁੰਦੀ ਹੈ । ਇਨ੍ਹਾਂ ਦੋਵਾਂ ਵਿਚਕਾਰ ਭੇਤ ਕਰਨਾ ਵੀ ਬੜਾ ਔਖਾ ਹੈ । ਦਰਅਸਲ, ਬਹੁਤ ਵੇਰਾਂ ਅਜਿਹਾ ਹੁੰਦਾ ਹੈ, ਜਦੋਂ ਵੱਡੀ ਸਫਲਤਾ ਪਲ ਭਰ ਬਾਅਦ ਹੀ ਅਸਫਲਤਾ ਪ੍ਰਤੀਤ ਹੋਣੀ ਸ਼ੁਰੂ ਹੋ ਜਾਂਦੀ ਹੈ ।
ਜਿਬਰਾਨ ਦੇ ਚਿੱਤਰਾਂ ਦੀ ਪ੍ਰਦਰਸ਼ਨੀ ਲੱਗਿਆਂ ਕਈ ਦਿਨ ਬੀਤ ਗਏ ਸਨ ਪਰ ਨਾ ਪ੍ਰੈੱਸ ਨੇ ਤੇ ਨਾ ਪਬਲਿਕ ਨੇ ਇਸ ਵਿਚ ਕੋਈ ਦਿਲਚਸਪੀ ਦਿਖਾਈ । ਇਸ ਨੂੰ ਉਸ ਦਾ ਅਸਫਲ ਯਤਨ ਕਿਹਾ ਜਾ ਸਕਦਾ ਸੀ ।
ਇਕ ਦਿਨ ਜਿਬਰਾਨ ਪ੍ਰਦਰਸ਼ਨੀ ਹਾਲ ਦੇ ਇਕ ਖੂੰਜੇ 'ਚ ਵਿਹਲਾ ਬੈਠਾ ਰਸਾਲੇ ਦੇ ਪੰਨੇ ਪਲਟਾ ਰਿਹਾ ਸੀ । ਉਹ ਆਪਣੇ ਮਨ ਹੀ ਮਨ ਵਿਚ ਉਨ੍ਹਾਂ ਮੁੱਠੀ ਭਰ ਦਰਸ਼ਕਾਂ ਦੇ ਪ੍ਰਤੀਕ੍ਰਮ ਯਾਦ ਕਰ ਰਿਹਾ ਸੀ ਜੋ ਉਸ ਦੇ ਚਿੱਤਰਾਂ ਨੂੰ ਦੇਖ ਕੇ ਸੋਚ ਰਹੇ ਸਨ, 'ਕੰਮ ਬਚਕਾਨਾ ਹੈ, ਚਿੱਤਰ ਸਮਝ ਤੋਂ ਪਰਾਂ ਹਨ ।'
ਵਿਸ਼ੇਸ਼ ਤੌਰ 'ਤੇ ਜਿਬਰਾਨ ਨੂੰ ਉਹ ਆਦਮੀ ਯਾਦ ਆਇਆ, ਜਿਸ ਨਾਲ ਤਿੰਨ ਔਰਤਾਂ ਵੀ ਆਈਆਂ ਸਨ । ਉਹ ਆਦਮੀ ਕਲਾ 'ਤੇ ਇੰਜ ਭਾਸ਼ਣ ਝਾੜ ਰਿਹਾ ਸੀ, ਜਿਵੇਂ ਉਹ ਕਲਾ-ਪਾਰਖੂ ਹੋਵੇ । ਉਸ ਨੇ ਹਰ ਚਿੱਤਰ ਦੀ ਰੱਜ ਕੇ ਨਿਖੇਧੀ ਕੀਤੀ । ਜਿਬਰਾਨ ਨੇ ਉਸ ਨੂੰ ਆਪਣੇ ਦਿਲ ਵਿਚ 'ਪਖੰਡੀ' ਕਹਿ ਕੇ ਭੰਡਿਆ ।
ਉਸ ਆਦਮੀ ਤੋਂ ਉਲਟ ਉਸ ਨਾਲ ਆਈਆਂ ਤਿੰਨ ਔਰਤਾਂ ਵਿਚੋਂ ਇਕ ਜਿਬਰਾਨ ਦੇ ਚਿੱਤਰਾਂ ਵਿਚ 'ਲਾਈਟ ਐਂਡ ਸ਼ੇਡ' ਦਾ ਅਦਭੁਤ ਸੁਮੇਲ ਦੇਖ ਕੇ ਬਹੁਤ ਹੈਰਾਨ ਹੋ ਰਹੀ ਸੀ । ਉਹ ਕਹਿ ਰਹੀ ਸੀ, 'ਵਾਹ! ਕਲਪਨਾ ਦੀ ਕਿੰਨੀ ਵੱਡੀ ਉਡਾਨ ਹੈ ।'
ਉਸ ਔਰਤ ਦੀਆਂ ਗੱਲਾਂ ਸੁਣ ਕੇ ਜਿਬਰਾਨ ਨੂੰ ਲੱਗਾ ਜਿਵੇਂ ਉਹ ਔਰਤ ਚਿੱਤਰ ਕਲਾ ਦੀਆਂ ਬਰੀਕੀਆਂ ਤੋਂ ਚੰਗੀ ਤਰ੍ਹਾਂ ਵਾਕਫ਼ ਹੈ । ਇਹ ਸੋਚ ਕੇ ਜਿਬਰਾਨ ਆਪਣੇ-ਆਪ ਨੂੰ ਦਿਲਾਸਾ ਦੇ ਰਿਹਾ ਸੀ ।
ਅਚਾਨਕ ਜਿਬਰਾਨ ਨੇ ਇਕ ਔਰਤ ਨੂੰ ਅੰਦਰ ਆਉਂਦਿਆਂ ਦੇਖਿਆ । ਜਿਵੇਂ ਹੀ ਉਸ ਔਰਤ ਦੀ ਨਜ਼ਰ ਪਹਿਲੀ ਤਸਵੀਰ 'ਤੇ ਪਈ, ਉਹ ਕੀਲੀ ਗਈ । ਜਿਬਰਾਨ ਨੇ ਚੋਰ ਅੱਖ ਨਾਲ ਉਸ ਨੂੰ ਦੇਖਿਆ ਤੇ ਫਿਰ ਉਹ ਰਸਾਲੇ ਦੇ ਵਰਕੇ ਫਰੋਲਣ ਲੱਗ ਪਿਆ । ਉਹ ਇੰਜ ਵਿਖਾਵਾ ਕਰ ਰਿਹਾ ਸੀ ਜਿਵੇਂ ਉਹ ਪੜ੍ਹਨ ਵਿਚ ਮਸ਼ਗੂਲ ਹੋਵੇ । ਉਹ ਅੱਖ ਬਚਾ ਕੇ ਉਸ ਔਰਤ ਨੂੰ ਤੇ ਉਸ ਦੇ ਮਨੋਭਾਵਾਂ ਨੂੰ ਪੜ੍ਹਦਾ ਰਿਹਾ । ਉਸ ਨੇ ਸੋਚਿਆ, 'ਸ਼ਾਇਦ ਇਹ ਔਰਤ ਉਸ ਦੀ ਕੋਈ ਪੇਂਟਿੰਗ ਜ਼ਰੂਰ ਖ਼ਰੀਦੇਗੀ ।'

ਜਿਬਰਾਨ ਆਪਣੇ ਲੰਮੇ ਵਾਲਾਂ 'ਤੇ ਹੱਥ ਫੇਰਦਾ ਹੋਇਆ ਆਪਣੀ ਕੁਰਸੀ ਤੋਂ ਖੜ੍ਹਾ ਹੋਇਆ । ਉਹ ਬੜੀ ਗਰਮਜੋਸ਼ੀ ਨਾਲ ਉਸ ਔਰਤ ਦੇ ਨੇੜੇ ਗਿਆ ਤੇ ਕਿਹਾ, 'ਮਾਦਾਮ! ਜੇ ਤੁਸੀਂ ਚਾਹੋ ਤਾਂ ਮੈਂ ਕੁਝ ਵਿਆਖਿਆ ਕਰਾਂ?'
'ਹਾਂ! ਹਾਂ! ਮੈਨੂੰ ਬਹੁਤ ਚੰਗਾ ਲੱਗੇਗਾ । ਇਹ ਬਿਲਕੁਲ ਵੱਖਰੀ ਕਿਸਮ ਦੀਆਂ ਪੇਂਟਿੰਗਜ਼ ਹਨ । ਮੈਂ ਕਲਾ ਦੀ ਉਪਾਸ਼ਕ ਹਾਂ ਪਰ ਕਲਾਕਾਰ ਨਹੀਂ ਹਾਂ । ਕੀ ਤੁਸੀਂ ਕਲਾਕਾਰ ਹੋ?'
'ਜੀ ਹਾਂ! ਮੈਂ ਕਲਾਕਾਰਾਂ ਦੀ ਬਿਰਾਦਰੀ 'ਚੋਂ ਹੀ ਹਾਂ ।'
'ਕੀ ਤੁਸੀਂ ਇਨ੍ਹਾਂ ਕਲਾਕ੍ਰਿਤੀਆਂ ਦੇ ਕਲਾਕਾਰ ਨੂੰ ਜਾਣਦੇ ਹੋ?'
'ਮਾਦਾਮ! ਮੈਂ ਹੀ ਉਹ ਕਲਾਕਾਰ ਹਾਂ ।'
ਉਹ ਔਰਤ ਬਹੁਤ ਹੈਰਾਨ ਹੋਈ । ਉਸ ਨੇ ਬੜੇ ਤਪਾਕ ਨਾਲ ਜਿਬਰਾਨ ਨਾਲ ਹੱਥ ਮਿਲਾਇਆ । ਉਸ ਨੇ ਕੁਝ ਪਲ ਰੁਕ ਕੇ ਕਿਹਾ, 'ਮੇਰਾ ਨਾਂਅ ਮੈਰੀ ਹੈਸਕਲ ਹੈ । ਤੁਸੀਂ ਸ਼ਾਇਦ 'ਕੈਂਬਰਿਜ ਸਕੂਲ ਫਾਰ ਗਰਲਜ਼' ਦਾ ਨਾਂਅ ਸੁਣਿਆ ਹੋਵੇ । ਉਹ ਸਕੂਲ ਮੇਰਾ ਹੀ ਹੈ ਤੇ ਮੈਂ ਹੀ ਉਸ ਦੀ ਪ੍ਰਬੰਧਕ ਹਾਂ । ਇਸ ਸਕੂਲ ਦੀ ਸਥਾਪਨਾ ਮੇਰੀ ਭੈਣ ਨੇ ਕੀਤੀ ਸੀ ਤੇ ਪਿਛਲੇ ਸਾਲ ਮੈਂ ਉਸ ਤੋਂ ਇਹ ਖ਼ਰੀਦ ਲਿਆ ਸੀ । ਉਸ ਨੇ ਵਿਆਹ ਕਰਵਾਉਣ ਦਾ ਫ਼ੈਸਲਾ ਕਰ ਲਿਆ ਸੀ ਤੇ ਉਸ ਦੀ ਜ਼ਿੰਦਗੀ ਦਾ ਨਵਾਂ ਦੌਰ ਸ਼ੁਰੂ ਹੋਣ ਵਾਲਾ ਸੀ, ਜਿਸ ਕਾਰਨ ਉਹ ਸਕੂਲ ਵੱਲ ਆਪਣਾ ਪੂਰਾ ਧਿਆਨ ਨਹੀਂ ਸੀ ਦੇ ਸਕਦੀ ।'
'ਹਾਂ! ਹਾਂ! ਮੈਂ ਤੁਹਾਡੇ ਸਕੂਲ ਦਾ ਨਾਂਅ ਸੁਣਿਆ ਹੈ । ਇਹ ਤਾਂ ਬੋਸਟਨ ਸ਼ਹਿਰ ਦਾ ਬੜਾ ਮਸ਼ਹੂਰ ਸਕੂਲ ਹੈ । ਤੁਹਾਨੂੰ ਮਿਲ ਕੇ ਮੈਨੂੰ ਬਹੁਤ ਖੁਸ਼ੀ ਹੋਈ ਮਿਸ ਹੈਸਕਲ!'
'ਮਾਫ਼ ਕਰਨਾ, ਤੁਸੀਂ ਕਿਸ ਮੁਲਕ ਦੇ ਰਹਿਣ ਵਾਲੇ ਹੋ?'
'ਮੈਂ ਲਿਬਨਾਨ ਦਾ ਹਾਂ ।'
'ਲਿਬਨਾਨ! 'ਦੇਵਦਾਰ ਦੇ ਬਿ੍ਛਾਂ' ਅਤੇ 'ਸੌਂਗ ਆਫ ਸੌਂਗਜ਼' ਦਾ ਦੇਸ਼ ।
'ਹਾਂ, ਮੇਰਾ ਤਾਂ ਜਨਮ ਹੀ 'ਸਿੜਾਰ ਗਰੂਵ' ਦੇ ਨੇੜੇ ਹੋਇਆ, ਬਿਸ਼ਾਰੀ ਵਿਖੇ ।'
'ਕੀ ਤੁਸੀਂ ਕਲਾ ਦੀ ਸਿੱਖਿਆ ਪੈਰਿਸ 'ਚੋਂ ਹਾਸਲ ਕੀਤੀ ਹੈ?'
'ਬਹੁਤ ਥੋੜ੍ਹੀ ਪੈਰਿਸ 'ਚੋਂ, ਜ਼ਿਆਦਾ ਕੁਝ ਮੈਂ ਬੋਸਟਨ ਦੇ ਸਥਾਨਕ ਕਲਾਕਾਰਾਂ ਤੋਂ ਹੀ ਸਿੱਖਿਆ ਹੈ । ਪਰ ਇਨ੍ਹਾਂ ਚਿੱਤਰਾਂ ਵਿਚ ਮੇਰੀ ਸੁਤੰਤਰ ਸੋਚ ਦਾ ਪ੍ਰਗਟਾਵਾ ਹੈ ।'
'ਮੈਂ ਇਹ ਦੇਖ ਕੇ ਹੈਰਾਨ ਹਾਂ ਕਿ ਏਨੀ ਛੋਟੀ ਉਮਰ 'ਚ ਹੀ ਤੁਸੀਂ ਏਨੀ ਨਿਪੁੰਨਤਾ ਹਾਸਲ ਕਰ ਲਈ ਹੈ!'
'ਮਿਸ ਹੈਸਕਲ! ਕੀ ਤੁਸੀਂ ਕੁਝ ਦੇਰ ਬੈਠਣਾ ਪਸੰਦ ਕਰੋਗੇ?'
'ਨਹੀਂ! ਨਹੀਂ! ਮੈਂ ਆਰਾਮ ਕਰਨ ਲਈ ਨਹੀਂ, ਕੁਝ ਸਿੱਖਣ ਲਈ ਆਈ ਹਾਂ ।' ਫਿਰ ਉਸ ਨੇ ਇਕ ਚਿੱਤਰ ਵੱਲ ਇਸ਼ਾਰਾ ਕਰਕੇ ਕਿਹਾ, 'ਕੀ ਤੁਸੀਂ ਇਸ ਚਿੱਤਰ ਦੀ ਵਿਆਖਿਆ ਕਰੋਗੇ?'

'ਹਾਂ, ਹਾਂ! ਮਾਦਾਮ! ਇਸ ਚਿੱਤਰ ਨੂੰ ਮੈਂ ਸਿਰਲੇਖ ਦਿੱਤਾ ਹੈ, 'ਆਤਮਾ ਦੀ ਪਰਮਾਤਮਾ ਕੋਲ ਵਾਪਸੀ ।' ਸ਼ਾਇਦ ਤੁਸੀਂ ਮੇਰੀ ਇਸ ਗੱਲ ਨਾਲ ਸਹਿਮਤ ਹੋਵੋਗੇ ਕਿ ਜੋ ਕੁਝ ਵੀ ਅਸੀਂ ਦੇਖਦੇ ਹਾਂ, ਉਹ ਕਿਸੇ 'ਅਦਿ੍ਸ਼' ਵਸਤੂ ਵੱਲ ਸੰਕੇਤ ਕਰਦਾ ਹੈ । ਕਲਾ ਉਸ 'ਸੰਕੇਤ' ਦਾ ਹੂਬਹੂ ਚਿਤਰਨ ਕਰਨਾ ਨਹੀਂ, ਸਗੋਂ ਉਸ ਪ੍ਰਤੀਕ ਦਾ ਸੰਕੇਤਕ ਪ੍ਰਤੀਕਾਂ ਰਾਹੀਂ ਉਦਘਾਟਨ ਕਰਨਾ ਹੈ । ਜੋ ਸਿਰ ਤੁਹਾਨੂੰ ਉਤਾਂਹ ਨੂੰ ਉੱਠਿਆ ਨਜ਼ਰ ਆ ਰਿਹਾ ਹੈ, ਉਹ ਪਰਮਾਤਮਾ ਦਾ ਚਿਹਰਾ ਹੈ । ਕਿਸੇ ਆਦਮੀ ਨੇ ਵੀ ਰੱਬ ਨੂੰ ਨਹੀਂ ਦੇਖਿਆ, ਫਿਰ ਵੀ ਕਈਆਂ ਨੇ ਆਪਣੀਆਂ ਕਲਪਨਾ ਦੀਆਂ ਅੱਖਾਂ ਰਾਹੀਂ ਪਰਮਾਤਮਾ ਦੇ ਦੀਦਾਰ ਕੀਤੇ ਹਨ । ਜੇ ਅਸੀਂ ਸਾਰੇ ਹੀ ਕਲਪਨਾਸ਼ੀਲ ਜੀਵ ਹੁੰਦੇ ਤਾਂ ਫਿਰ ਪ੍ਰਤੀਕਾਂ ਦੀ ਕੋਈ ਲੋੜ ਨਹੀਂ ਸੀ । ਪਰ ਅਸੀਂ ਸਥੂਲ ਸੰਸਾਰ ਵਿਚ ਰਹਿੰਦੇ ਹਾਂ । ਇਸ ਲਈ ਸਾਡੀ ਨਜ਼ਰ ਸਿਰਫ ਉਨ੍ਹਾਂ ਚੀਜ਼ਾਂ ਨੂੰ ਪਰਿਭਾਸ਼ਤ ਕਰ ਸਕਦੀ ਹੈ, ਜਿਨ੍ਹਾਂ ਦੀ ਕੋਈ ਸ਼ਕਲ ਤੇ ਆਕਾਰ ਹੋਵੇ । ਆਪਣੀਆਂ ਅੱਖਾਂ ਨਾਲ ਇਹ ਚਿਹਰਾ ਦੇਖਣ ਤੋਂ ਬਾਅਦ ਹੁਣ ਤੁਸੀਂ ਇਸ ਨੂੰ ਆਪਣੀ ਕਲਪਨਾ ਵਿਚ ਚਿਤਵੋ । ਫਿਰ ਸ਼ਾਇਦ ਤੁਹਾਨੂੰ ਇਸ ਚਿੱਤਰ ਵਿਚੋਂ ਪਰਮਾਤਮਾ ਦੇ ਕੁਝ ਅੰਸ਼ ਤੇ ਗੁਣ ਵਿਖਾਈ ਦੇਣ । ਹੋ ਸਕਦਾ ਹੈ ਉਨ੍ਹਾਂ ਗੁਣਾਂ ਦਾ ਝਲਕਾਰਾ ਤੁਹਾਨੂੰ ਮੇਰੇ ਨਾਲੋਂ ਵੀ ਵੱਧ ਤੀਬਰਤਾ ਨਾਲ ਮਹਿਸੂਸ ਹੋਵੇ । ਤਸਵੀਰ ਦੇ ਹੇਠਲੇ ਪਾਸਿਓਾ ਚਾਨਣ ਦੀ ਲਕੀਰ ਉਤਾਂਹ ਵੱਲ ਵਧ ਰਹੀ ਹੈ । ਜੇ ਤੁਸੀਂ ਉਸ ਨੂੰ ਧਿਆਨ ਨਾਲ ਵੇਖੋ ਤਾਂ ਤੁਹਾਨੂੰ ਅਨੁਭਵ ਹੋਵੇਗਾ ਕਿ ਮੌਤ ਤੋਂ ਬਾਅਦ ਆਤਮਾ, ਪਰਮਾਤਮਾ 'ਚ ਵਿਲੀਨ ਹੋ ਰਹੀ ਹੈ । ਕਲਾ ਤਾਂ ਕਲਾਕਾਰ ਅਤੇ ਦਰਸ਼ਕ ਦਰਮਿਆਨ ਸਿੱਧਾ ਸੰਵਾਦ ਹੈ । ਇਸ ਲਈ ਮੈਂ ਆਪਣੀਆਂ ਪੇਂਟਿੰਗਜ਼ 'ਚ ਘੱਟ ਤੋਂ ਘੱਟ ਵੇਰਵੇ ਦੇਣ ਦੀ ਕੋਸ਼ਿਸ਼ ਕਰਦਾ ਹਾਂ, ਤਾਂ ਜੋ ਦਰਸ਼ਕ ਦੀ ਕਲਪਨਾ ਖੁੱਲ੍ਹੀ ਉਡਾਰੀ ਮਾਰ ਸਕੇ ਅਤੇ ਉਹ ਖੁਦ ਹੀ ਚਿੱਤਰ ਦੀ ਆਤਮਾ ਤੱਕ ਪਹੁੰਚੇ ।'
'ਤੁਹਾਡੇ ਵਿਚਾਰ ਬਹੁਤ ਦਿਲਚਸਪ ਅਤੇ ਤਰਕਪੂਰਨ ਹਨ, ਮਿਸਟਰ ਜਿਬਰਾਨ । ਮੈਂ ਕਦੇ ਵੀ ਕਿਸੇ ਕਲਾਕਾਰ ਦੇ ਮੂੰਹੋਂ ਅਜਿਹੇ ਪਰਿਪੱਕ ਵਿਚਾਰ ਨਹੀਂ ਸੁਣੇ । ਭਲਾ, ਉਸ ਚਿੱਤਰ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ, ਜਿਸ ਨੂੰ ਮੈਂ ਕਾਫੀ ਦੇਰ ਤੋਂ ਬੜੀ ਨੀਝ ਨਾਲ ਦੇਖ ਰਹੀ ਹਾਂ... ਪਰ ਮੈਂ ਇਸ ਦੇ ਅਰਥ ਨਹੀਂ ਲੱਭ ਸਕੀ ।'
'ਮਾਦਾਮ! ਇਸ ਚਿੱਤਰ ਵਿਚ ਤੁਹਾਡੀ ਅੱਖ ਸਭ ਤੋਂ ਵੱਧ ਕਿਸ ਥਾਂ 'ਤੇ ਅਟਕੀ? ਤੁਸੀਂ ਤਾਂ ਇਕਦਮ ਇਸ ਚਿੱਤਰ ਦੀ ਆਤਮਾ ਤੱਕ ਪਹੁੰਚ ਗਏ ਹੋ । ਮੈਂ ਇਸ ਦਾ ਨਾਂਅ ਰੱਖਿਆ ਹੈ-'ਫਾਊਾਟੇਨ ਆਫ ਪੇਨ' (ਦਰਦ ਦਾ ਝਰਨਾ) । ਮੈਂ ਇਹ ਪ੍ਰਗਟਾਉਣ ਦਾ ਯਤਨ ਕੀਤਾ ਹੈ ਕਿ ਦਰਦ ਆਤਮਾ ਨੂੰ ਮਾਂਜ ਕੇ ਪਵਿੱਤਰ ਕਰਦਾ ਹੈ । ਖੁਸ਼ੀ ਤੋਂ ਵੀ ਵੱਡੀ ਹਕੀਕਤ ਹੈ-ਦਰਦ । ਉਹ ਕਿਸੇ ਗੁਰੂ ਤੋਂ ਵੀ ਵੱਧ ਸਿਖਾਉਂਦੀ ਹੈ । ਪਰ ਜ਼ਿੰਦਗੀ ਤਾਂ ਦਰਦ ਦਾ ਝਰਨਾ ਹੈ ।'
'ਤੁਸੀਂ ਹਮੇਸ਼ਾ ਅਜਿਹਾ ਹੀ ਕਿਉਂ ਚਿੱਤਰਤ ਕਰਦੇ ਹੋ?'
'ਮੈਂ ਇਸ ਪਹਾੜ ਨੂੰ ਆਦਮੀਆਂ ਦੇ ਝੁੰਡ ਦੇ ਪ੍ਰਤੀਕ ਰੂਪ ਵਿਚ ਤੇ ਝਰਨੇ ਨੂੰ ਕੰਬਦੇ ਹੋਏ ਮਨੁੱਖਾਂ ਦੇ ਪ੍ਰਤੀਕ ਵਜੋਂ ਚਿੱਤਰਤ ਕੀਤਾ ਹੈ। ਮੈਂ ਪਹਾੜ ਦੇ ਵਜੂਦ ਵਿਚ ਮਨੁੱਖ ਜਾਤੀ ਦਾ ਵਿਰਾਟ ਰੂਪ ਅਤੇ ਵਹਿੰਦੇ ਝਰਨੇ ਵਿਚ ਜ਼ਿੰਦਗੀ ਦਾ ਸੰਗੀਤ ਸੁਣਦਾ ਹਾਂ।'
'ਮੈਂ ਸ਼ਿੱਦਤ ਨਾਲ ਇਕ ਗੱਲ ਮਹਿਸੂਸ ਕਰ ਰਹੀ ਹਾਂ ਕਿ ਤੁਹਾਡੇ ਚਿੱਤਰਾਂ ਵਿਚ ਦਰਦ ਅਤੇ ਮੌਤ ਦੇ ਪ੍ਰਤੀਕ ਵਾਰ-ਵਾਰ ਉੱਭਰਦੇ ਹਨ। ਕੀ ਇਨ੍ਹਾਂ ਤੋਂ ਇਲਾਵਾ ਵੀ ਤੁਸੀਂ ਕੁਝ ਹੋਰ ਵਿਖਾਉਣਾ ਚਾਹੁੰਦੇ ਹੋ?'
'ਮਾਦਾਮ! ਅਜੇ ਤੱਕ ਮੇਰੇ ਹਿੱਸੇ ਤਾਂ ਇਹੋ ਕੁਝ ਆਇਆ ਹੈ। 4 ਅਪ੍ਰੈਲ, 1902 ਤੋਂ ਲੈ ਕੇ 26 ਜੂਨ, 1903 ਵਿਚਕਾਰ ਮੇਰੀ ਛੋਟੀ ਭੈਣ, ਵੱਡਾ ਭਰਾ ਤੇ ਮੇਰੀ ਮਾਂ ਮੈਨੂੰ ਵਿਛੋੜਾ ਦੇ ਗਏ ਹਨ। ਉਹ ਮੈਨੂੰ ਮੇਰੀ ਜਾਨ ਤੋਂ ਵੀ ਵੱਧ ਪਿਆਰੇ ਸਨ।'
'ਮੈਂ ਤੁਹਾਡੇ ਦੁੱਖ ਨੂੰ ਸਮਝ ਸਕਦੀ ਹਾਂ, ਮਿਸਟਰ ਜਿਬਰਾਨ। ਤੁਹਾਡੀਆਂ ਅੱਖਾਂ ਵਿਚਾਲੇ ਹੰਝੂਆਂ ਨੂੰ ਮੇਰੇ ਦਿਲ ਦੇ ਹੰਝੂ ਚੰਗੀ ਤਰ੍ਹਾਂ ਸਮਝਦੇ ਹਨ। ਮੈਂ ਵੀ ਆਪਣੀ ਮਾਂ ਦਾ ਵਿਛੋੜਾ ਝੱਲ ਰਹੀ ਹਾਂ। ਉਹ ਮੈਨੂੰ ਇਸ ਦੁਨੀਆ ਦੀ ਹਰ ਸ਼ੈਅ ਤੋਂ ਜ਼ਿਆਦਾ ਅਹਿਮ ਤੇ ਅਜ਼ੀਜ਼ ਸਨ। ਸਾਡੇ ਦੋਵਾਂ ਵਿਚਕਾਰ ਇਕ ਅਜੀਬ ਜਿਹਾ ਰਿਸ਼ਤਾ ਹੈ-ਦਰਦ ਦਾ ਤੇ ਕਲਾ ਦਾ ਰਿਸ਼ਤਾ... ਜੋ ਸ਼ਾਇਦ ਖੂਨ ਦੇ ਰਿਸ਼ਤੇ ਤੋਂ ਵੀ ਵੱਧ ਮਜ਼ਬੂਤ ਹੁੰਦਾ ਹੈ।'
'ਮਿਸਟਰ ਜਿਬਰਾਨ! ਤੁਸੀਂ ਬੇਹੱਦ ਨੇਕ ਇਨਸਾਨ ਹੋ। ਮੈਨੂੰ ਨਹੀਂ ਪਤਾ ਕਿ ਮੈਂ ਤੁਹਾਡਾ ਕਿੰਜ ਧੰਨਵਾਦ ਕਰਾਂ? ਮੈਨੂੰ ਬੜੀ ਖੁਸ਼ੀ ਹੋਵੇਗੀ ਜੇ ਕਿਸੇ ਦਿਨ ਤੁਸੀਂ ਮੇਰੇ ਸਕੂਲ ਫੇਰੀ ਪਾਵੋ। ਮੈਂ ਨਹੀਂ ਚਾਹੁੰਦੀ ਕਿ ਜੋ ਰਿਸ਼ਤਾ ਹੁਣੇ-ਹੁਣੇ ਬਣਿਆ ਹੈ, ਉਹ ਹੁਣੇ ਹੀ ਖਤਮ ਹੋ ਜਾਵੇ। ਮੈਂ ਤਾਂ ਆਪਣੀ ਉਸ ਸਹੇਲੀ ਦੀ ਸ਼ੁਕਰਗੁਜ਼ਾਰ ਹਾਂ, ਜਿਸ ਨੇ ਮੈਨੂੰ ਤੁਹਾਡੀ ਪ੍ਰਦਰਸ਼ਨੀ ਦੇਖਣ ਲਈ ਪ੍ਰੇਰਿਤ ਕੀਤਾ। ਉਹ ਠੀਕ ਹੀ ਕਹਿੰਦੀ ਸੀ ਕਿ ਤੁਹਾਡੀਆਂ ਪੇਂਟਿੰਗਜ਼ ਬਿਲਕੁਲ ਵੱਖਰੀ ਕਿਸਮ ਦੀਆਂ ਹਨ। ਮੈਨੂੰ ਆਸ ਹੈ ਕਿ ਤੁਹਾਡੀ ਪ੍ਰਦਰਸ਼ਨੀ ਨੂੰ ਦਰਸ਼ਕਾਂ ਦਾ ਨਿੱਘਾ ਹੁੰਗਾਰਾ ਮਿਲੇਗਾ।'
'ਹਾਂ! ਦਰਸ਼ਕ ਤਾਂ ਭਾਰੀ ਗਿਣਤੀ 'ਚ ਆ ਰਹੇ ਹਨ ਪਰ ਕੋਈ ਪੇਂਟਿੰਗ ਵਿਕੀ ਨਹੀਂ। ਕਈ ਦਰਸ਼ਕਾਂ ਨੇ ਖ਼ਰੀਦਣ ਦੀ ਇੱਛਾ ਤਾਂ ਪ੍ਰਗਟਾਈ, ਪਰ...।'
'ਕੋਈ ਗੱਲ ਨਹੀਂ। ਮੈਂ ਤੁਹਾਡੇ ਚੰਗੇਰੇ ਭਵਿੱਖ ਦੀ ਕਾਮਨਾ ਕਰਦੀ ਹਾਂ। ਚੰਗਾ, ਅਲਵਿਦਾ! ਮੈਂ ਤੁਹਾਡੀ ਉਡੀਕ ਕਰਾਂਗੀ। ਤੁਸੀਂ ਮੈਨੂੰ ਖੁਸ਼ੀ ਨਾਲ ਲਬਾਲਬ ਭਰਿਆ ਸਮਾਂ ਬਖਸ਼ਿਸ਼ ਕੀਤਾ, ਉਸ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ।'
ਮੈਰੀ ਹੈਸਕਲ ਆਪਣੇ ਸਕੂਲ 'ਚ ਪਰਤ ਆਈ। ਉਹ ਇਸ ਗੱਲ ਤੋਂ ਅਣਜਾਣ ਸੀ ਕਿ ਅੱਜ ਉਸ ਨੇ ਆਪਣੇ ਲੱਕ ਦੁਆਲੇ ਲਪੇਟੇ ਉਸ ਰੇਸ਼ਮੀ ਧਾਗੇ ਨੂੰ ਛੋਹਿਆ ਸੀ, ਜਿਸ ਨੂੰ ਉਸ ਨੇ 20 ਵਰ੍ਹੇ ਪਹਿਲਾਂ ਕੋਲੰਬੀਆ ਵਿਖੇ ਸੁਪਨੇ 'ਚ ਦੇਖਿਆ ਸੀ। ਉਹ ਦਿਲ ਹੀ ਦਿਲ ਵਿਚ ਆਪਣੀ ਉਸ ਸਹੇਲੀ ਦਾ ਧੰਨਵਾਦ ਕਰ ਰਹੀ ਸੀ, ਜਿਸ ਨੇ ਉਸ ਨੂੰ ਜਿਬਰਾਨ ਦੀ ਚਿੱਤਰ ਪ੍ਰਦਰਸ਼ਨੀ ਦੇਖਣ ਲਈ ਪ੍ਰੇਰਿਆ ਸੀ। ਉਹ ਸੋਚ ਰਹੀ ਸੀ ਕਿ ਕੁਦਰਤ ਦਾ ਵਿਧਾਨ, ਮਨੁੱਖ ਦੀ ਸਮਝ ਤੋਂ ਬਾਹਰ ਹੈ।
ਜਿਬਰਾਨ ਨੂੰ ਇਸ ਗੱਲ ਦਾ ਬਿਲਕੁਲ ਵੀ ਅਹਿਸਾਸ ਨਹੀਂ ਸੀ ਕਿ ਅੱਜ ਉਸ ਨੇ ਉਸ ਅਜਨਬੀ ਔਰਤ ਦੇ ਹੱਥਾਂ ਦੀ ਛੋਹ ਨਾਲ 'ਗਾਰਜਿਅਨ ਏਂਜਲ' (ਰੱਖਿਅਕ ਫਰਿਸ਼ਤਾ) ਦੇ ਫੰਗਾਂ ਨੂੰ ਛੂਹ ਲਿਆ ਹੈ। ਨਾ ਤਾਂ ਜਿਬਰਾਨ ਤੇ ਨਾ ਹੀ ਮਿਸ ਹੈਸਕਲ ਇਹ ਜਾਣਦੇ ਸਨ ਕਿ ਸ੍ਰਿਸ਼ਟੀ ਦੇ ਸਭ ਤੋਂ ਵੱਡੇ ਜੁਲਾਹੇ ਨੇ ਉਨ੍ਹਾਂ ਦੋਵਾਂ ਦੀ ਜ਼ਿੰਦਗੀ ਦੇ ਤੰਦ ਆਪਸ ਵਿਚ ਜੋੜ ਦਿੱਤੇ ਸਨ। ਉਹ ਅਦ੍ਰਿਸ਼ ਜੁਲਾਹਾ ਸਮੇਂ ਦੀ ਖੱਡੀ 'ਤੇ ਦਿਨ-ਰਾਤ ਰਹੱਸਮਈ ਤਾਣਾ-ਬਾਣਾ ਬੁਣਦਾ ਰਹਿੰਦਾ ਹੈ, ਬਿਨਾਂ ਥੱਕਿਆਂ, ਬਿਨਾਂ ਅੱਕਿਆਂ।
ਮਿਸ ਹੈਸਕਲ ਆਪਣੇ ਮਹਿਮਾਨਾਂ ਲਈ ਚਾਹ ਦੇ ਪਿਆਲੇ ਭਰ ਰਹੀ ਸੀ। ਉਹ ਆਪਣੇ ਸੱਜੇ ਹੱਥ ਬੈਠੇ ਜਿਬਰਾਨ ਦੀਆਂ ਗੱਲਾਂ ਬੜੇ ਖਿਆਲ ਨਾਲ ਸੁਣ ਰਹੀ ਸੀ। ਕਮਰੇ ਵਿਚ ਹਾਜ਼ਰ ਇਕ ਹੋਰ ਅਧਿਆਪਕਾ ਨਾਲ ਜਾਣ-ਪਛਾਣ ਕਰਾਉਂਦਿਆਂ ਮਿਸ ਹੈਸਕਲ ਨੇ ਕਿਹਾ, 'ਇਹ ਹਨ ਏਮਿਲੀ ਮਾਇਕਲ। ਇਸ ਨੂੰ ਅਸੀਂ ਪਿਆਰ ਨਾਲ ਮਿਸ਼ਲੀਨ ਕਹਿੰਦੇ ਹਾਂ ਤੇ ਇਹ ਫ਼ਰਾਂਸ ਦੀ ਰਹਿਣ ਵਾਲੀ ਹੈ। ਇਹ ਸਭ ਦੀ ਲਾਡਲੀ ਹੈ ਤੇ ਸਾਡੇ ਸਕੂਲ ਦੀ ਫਰਿਸ਼ਤਾ ਹੈ।'
'ਮਿ: ਜਿਬਰਾਨ, ਪ੍ਰਿੰਸੀਪਲ ਮੈਡਮ ਏਨੇ ਚੰਗੇ ਹਨ ਕਿ ਉਹ ਸਭ ਵਿਚ ਆਪਣਾ ਹੀ ਅਕਸ ਦੇਖਦੇ ਹਨ। ਅਸੀਂ ਉਨ੍ਹਾਂ ਨੂੰ 'ਓਕ ਟ੍ਰੀ' (ਬੋਹੜ ਦਾ ਦਰੱਖਤ) ਕਹਿ ਕੇ ਸਤਿਕਾਰਦੇ ਹਾਂ।'
'ਮਿਸ਼ਲੀਨ! ਇਹ ਮੌਕਾ ਮੇਰੀ ਤਾਰੀਫ਼ ਕਰਨ ਦਾ ਨਹੀਂ। ਸਾਡੇ ਦਰਮਿਆਨ ਇਕ ਮਹਾਨ ਕਲਾਕਾਰ ਸੁਸ਼ੋਭਿਤ ਹਨ। ਹਾਂ, ਤੁਸੀਂ ਦੱਸੋ ਮਿ: ਜਿਬਰਾਨ ਤੁਸੀਂ ਔਰਤਾਂ ਦੀ ਵਡਿਆਈ ਵਿਚ ਬਹੁਤ ਵੱਡੇ-ਵੱਡੇ ਸ਼ਬਦ ਇਸਤੇਮਾਲ ਕਰਦੇ ਹੋ। ਤੁਸੀਂ ਤਾਂ ਔਰਤ ਤੇ ਰੱਬ ਨੂੰ ਇਕੋ ਤਖ਼ਤ 'ਤੇ ਬਿਠਾ ਦਿੱਤਾ ਹੈ।'
'ਮਾਦਾਮ! ਦੁਨੀਆ ਦੇ ਜ਼ਿਆਦਾਤਰ ਧਰਮਾਂ 'ਚ ਰੱਬ ਦੀ ਮਾਨਤਾ ਪੁਲਿੰਗ ਰੂਪ 'ਚ ਕੀਤੀ ਜਾਂਦੀ ਹੈ। ਮੇਰੇ ਲਈ ਰੱਬ ਮਾਂ ਵੀ ਹੈ ਤੇ ਪਿਤਾ ਵੀ। ਪਿਤਾ ਰੂਪੀ ਰੱਬ ਤੱਕ ਅਸੀਂ ਗਿਆਨ ਰਾਹੀਂ ਅੱਪੜ ਸਕਦੇ ਹਾਂ ਤੇ ਮਾਂ ਰੂਪੀ ਰੱਬ ਤੱਕ ਅਸੀਂ ਸਿਰਫ ਭਗਤੀ, ਪਿਆਰ ਅਤੇ ਤਿਆਗ ਰਾਹੀਂ ਹੀ ਪਹੁੰਚ ਸਕਦੇ ਹਾਂ।'
'ਮਿ: ਜਿਬਰਾਨ! ਤੁਹਾਡੀਆਂ ਗੱਲਾਂ ਦਾ ਅੰਦਾਜ਼ ਵੀ ਤੁਹਾਡੇ ਚਿੱਤਰਾਂ ਵਾਂਗ ਹੀ ਵਿਲੱਖਣ ਹੈ। ਕੀ ਤੁਸੀਂ ਲਿਖਦੇ ਵੀ ਇੰਜ ਹੀ ਹੋ? ਤੁਸੀਂ ਅਜਿਹੀ ਸ਼ੈਲੀ ਹੀ ਕਿਉਂ ਚੁਣੀ? ਮਿਸ ਹੈਸਕਲ ਨੇ ਪੁੱਛਿਆ।
'ਮਾਦਾਮ! ਸ਼ਾਇਦ ਸ਼ੈਲੀ ਨੇ ਮੈਨੂੰ ਚੁਣਿਆ ਹੈ । ਹਰ ਆਦਮੀ ਦਾ ਆਪਣਾ-ਆਪਣਾ ਰਾਹ ਹੁੰਦਾ ਹੈ । ਮੇਰੀ ਜਾਚੇ ਕਲਾ ਦਾ ਅਰਥ ਹੈ ਕੁਦਰਤ ਨੂੰ ਸਮਝਣ ਦਾ ਯਤਨ ਕਰਨਾ ਤੇ ਉਸ ਦੇ ਅਰਥਾਂ ਨੂੰ ਪਰਿਭਾਸ਼ਤ ਕਰਨਾ । ਕਲਾ ਦਾ ਮਿਸ਼ਨ ਤਾਂ ਸਾਧਾਰਨ ਵਿਚੋਂ ਅਸਾਧਾਰਨ ਦੀ ਖੋਜ ਕਰਨਾ ਹੈ ।'
ਅਜਿਹੀ ਦਿਲਚਸਪ ਗੱਲਬਾਤ ਦਾ ਸਿਲਸਿਲਾ ਲਗਪਗ ਦੋ ਘੰਟੇ ਤੋਂ ਵੱਧ ਸਮੇਂ ਤੱਕ ਚੱਲਦਾ ਰਿਹਾ । ਜਿਬਰਾਨ ਨੇ ਆਪਣੇ ਜ਼ਿਹਨ ਵਿਚ ਪ੍ਰਿੰਸੀਪਲ ਮਿਸ ਹੈਸਕਲ ਤੇ ਫਰੈਂਚ ਅਧਿਆਪਕਾ ਮਿਸ਼ਲੀਨ ਲਈ ਜੋ ਤਸਵੀਰ ਬਣਾਈ, ਉਹ ਇਹ ਸੀ : ਅੱਤ ਰੂਪ ਵਿਚ ਸਾਦੀ ਮਿਸ ਹੈਸਕਲ ਦੇ ਵਿਚਾਰ ਉਸ ਦੀ ਬੁਲੰਦ ਸੋਚ ਦੇ ਪ੍ਰਤੀਕ ਹਨ । ਇਹ ਔਰਤ ਬੇਹੱਦ ਭਰੋਸੇਯੋਗ ਅਤੇ ਆਦਰਯੋਗ ਹੈ । ਉਹ ਸੁਭਾਅ ਤੋਂ ਤਰਕਸ਼ੀਲ ਹੈ ਤੇ ਉਸ ਦੀ ਸ਼ਖ਼ਸੀਅਤ 'ਚ ਕੋਈ ਵਿਖਾਵਾ ਨਹੀਂ । ਮਿਸ਼ਲੀਨ ਖੂਬਸੂਰਤ ਹੈ ਤੇ ਉਹ ਇਹ ਵੀ ਜਾਣਦੀ ਹੈ ਕਿ ਸਵੈ-ਅਨੁਸ਼ਾਸਨ ਹੀ ਸੁੰਦਰਤਾ ਦਾ ਸਭ ਤੋਂ ਵੱਡਾ ਕਵਚ ਹੁੰਦਾ ਹੈ । ਜਿਬਰਾਨ ਨੇ ਮਿਸ਼ਲੀਨ ਦੀ ਤੁਲਨਾ ਰੇਡੀਅਮ ਨਾਲ ਕੀਤੀ, ਜੋ ਬਿਨਾਂ ਜਲਿਆਂ ਵੀ ਜਲਦੀ ਹੈ । ਉਹ ਉਸ ਦੇ ਸਾਹਮਣੇ ਬੈਠਾ ਲਗਾਤਾਰ ਬਿਜਲੀ ਦੇ ਝਟਕੇ ਮਹਿਸੂਸ ਕਰ ਰਿਹਾ ਸੀ ।
'ਅੱਜ ਤੂੰ ਮੇਰੇ ਲਈ ਕੀ ਲੈ ਕੇ ਆਇਆ ਹੈਂ, ਮੇਰੇ ਪਿਆਰੇ ਜਿਬਰਾਨ?'
'ਇਕ ਅਜਿਹੀ ਮੁਸਕਾਨ ਜੋ ਤੇਰੀ ਮੁਸਕਾਨ ਦੇ ਕਾਬਲ ਹੈ । ਕਾਸ਼! ਤੂੰ ਅਰਬੀ ਭਾਸ਼ਾ ਜਾਣਦੀ ਤਾਂ ਮੈਂ ਤੈਨੂੰ ਆਪਣੀਆਂ ਕਵਿਤਾਵਾਂ ਪੜ੍ਹ ਕੇ ਸੁਣਾਉਂਦਾ । ਅਨੁਵਾਦ ਕਦੇ ਵੀ ਮੌਲਿਕ ਰਚਨਾ ਦੀ ਬਰਾਬਰੀ ਨਹੀਂ ਕਰ ਸਕਦਾ । ਤੈਨੂੰ ਖੁਸ਼ੀ ਹੋਵੇਗੀ ਕਿ ਮੇਰੀਆਂ ਕੁਝ ਕਵਿਤਾਵਾਂ 'ਇਕ ਹੰਝੂ, ਇਕ ਮੁਸਕਾਨ' ਦੇ ਸਿਰਲੇਖ ਹੇਠਾਂ ਨਿਊਯਾਰਕ ਤੋਂ ਛਪਣ ਵਾਲੇ ਇਕ ਅਰਬੀ ਰਸਾਲੇ 'ਚ ਛਪੀਆਂ ਹਨ ।'
'ਤੂੰ ਆਪਣੀ ਹਮਜੋਲੀ ਨਾਲ ਵਿਆਹ ਕਦੋਂ ਕਰਵਾ ਰਿਹੈ?'
'ਰੱਬ ਸਾਹਮਣੇ ਤਾਂ ਮੇਰਾ ਵਿਆਹ ਉਸ ਨਾਲ ਹੋ ਚੁੱਕਾ ਹੈ ।'
'ਠੀਕ ਹੈ ਜਿਬਰਾਨ! ਤੂੰ ਰੱਬ ਸਾਹਮਣੇ ਤਾਂ ਵਿਆਹ ਕਰਵਾ ਲਿਆ, ਹੁਣ ਲੋਕਾਂ ਸਾਹਮਣੇ ਉਸ ਨੂੰ ਲਾੜੀ ਕਦੋਂ ਬਣਾਵੇਂਗਾ?'
ਮਿਸ਼ਲੀਨ ਦੀ ਗੱਲ ਸੁਣ ਕੇ ਜਿਬਰਾਨ ਤੈਸ਼ ਵਿਚ ਆ ਗਿਆ ਤੇ ਉਸ ਨੇ ਕਿਹਾ, 'ਮੈਨੂੰ ਲੋਕਾਂ ਦੀ ਕੋਈ ਪ੍ਰਵਾਹ ਨਹੀਂ । ਮੈਂ ਉਨ੍ਹਾਂ ਨਾਲ ਘਿ੍ਣਾ ਕਰਦਾ ਹਾਂ । ਲੋਕ ਪਿਆਰ ਕਰਨ ਵਾਲਿਆਂ ਨੂੰ ਜੋੜਦੇ ਨਹੀਂ, ਨਿਖੇੜਦੇ ਹਨ । ...ਮਿਸ਼ਲੀਨ ਮੈਨੂੰ ਦੁੱਖ ਹੈ ਕਿ ਤੂੰ ਲੋਕਾਂ ਦੀ ਭੀੜ 'ਚ ਸ਼ਾਮਿਲ ਹੈਂ । ਤੂੰ ਤਾਂ ਇਧਰ-ਉਧਰ ਘੰੁਮਦੀ ਹੋਈ ਮੁਰਗੀ ਵਾਂਗ ਹੈਂ ਪਰ ਮੈਂ ਤਾਂ ਇਕ ਬਾਜ਼ ਹਾਂ ਜੋ ਦੂਰ ਤੱਕ ਫੈਲੇ ਅਸਮਾਨ ਦੀ ਥਾਹ ਪਾਉਣੀ ਚਾਹੁੰਦਾ ਹੈ । ਮੁਰਗੀ ਤੇ ਬਾਜ ਦਾ ਆਪਸ ਵਿਚ ਕੀ ਮੇਲ ਹੈ?'
'ਖ਼ਲੀਲ! ਤੈਨੂੰ ਮੁਰਗੀ ਦੇ ਆਂਡੇ ਤੇ ਉਸ ਦਾ ਮਾਸ ਖਾਣ ਤੋਂ ਕੋਈ ਪ੍ਰਹੇਜ਼ ਨਹੀਂ?' ਮਿਸ਼ਲੀਨ ਨੇ ਪੁੱਛਿਆ ।
'ਇਹ ਮੇਰੇ ਸਰੀਰ ਦੀ ਲੋੜ ਹੈ, ਆਤਮਾ ਦੀ ਨਹੀਂ ।'
'ਇਸ ਦਾ ਮਤਲਬ ਸਾਫ਼ ਹੈ ਕਿ ਮੈਂ ਤੇਰੇ ਸਰੀਰ ਦੀ ਭੁੱਖ ਮਿਟਾਉਣ ਲਈ ਸਿਰਫ ਭੋਜਨ ਸਮੱਗਰੀ ਤੋਂ ਵੱਧ ਕੁਝ ਨਹੀਂ । ਮੈਂ ਤੈਨੂੰ ਦੱਸਣਾ ਚਾਹੁੰਦੀ ਹਾਂ ਕਿ ਸਕੂਲ ਦੇ ਵਿਦਿਆਰਥੀ ਅਤੇ ਅਧਿਆਪਕਾਵਾਂ ਵੀ ਸਾਡੇ ਪਿਆਰ ਨੂੰ ਭੇਦਭਰੀਆਂ ਨਜ਼ਰਾਂ ਨਾਲ ਦੇਖਦੀਆਂ ਹਨ । ਤੈਨੂੰ ਲੋਕਾਂ ਦੀ ਕੋਈ ਪ੍ਰਵਾਹ ਨਹੀਂ ਪਰ ਮੈਨੂੰ ਹੈ । ਹੋ ਸਕਦਾ ਹੈ ਮੈਨੂੰ ਆਪਣੀ ਨੌਕਰੀ ਤੋਂ ਅਸਤੀਫ਼ਾ ਦੇਣਾ ਪਵੇ ।'
'ਮੇਰੇ ਦਿਲ ਦੀ ਕੁੜੱਤਣ ਨੂੰ ਵਿਸਾਰ ਦੇਵੋ, ਮਿਸ਼ਲੀਨ! ਤੂੰ ਯੁਗਾਂ-ਯੁਗਾਂਤਰਾਂ ਤੋਂ ਮੇਰੀ ਹਮਜੋਲੀ ਹੈਂ ਤੇ ਰਹੇਂਗੀ । ਆਰਥਿਕ ਹਾਲਤ ਸੁਧਰਨ 'ਤੇ ਮੈਂ ਲੋਕਾਂ ਸਾਹਮਣੇ ਵੀ ਤੇਰੇ ਨਾਲ ਵਿਆਹ ਕਰਵਾ ਲਵਾਂਗਾ ।'
'ਮੈਰੀ ਹੈਸਕਲ! ਜ਼ਿੰਦਗੀ 'ਚ ਕੁਝ ਵੀ ਸੰਜੋਗ-ਵੱਸ ਨਹੀਂ ਹੁੰਦਾ । ਹਰ ਚੀਜ਼ ਦਾ ਕੋਈ ਮੰਤਵ ਹੁੰਦਾ ਹੈ । ਜਦੋਂ ਇਹ ਮੰਤਵ ਪੂਰਾ ਹੋ ਜਾਂਦਾ ਹੈ ਤਾਂ ਉਸ ਚੀਜ਼ ਦੀ ਸਾਰਥਿਕਤਾ ਖ਼ਤਮ ਹੋ ਜਾਂਦੀ ਹੈ । ਡੇਅ ਦੇ ਸਟੂਡੀਓ 'ਚ ਮੇਰੀਆਂ ਪੇਂਟਿੰਗ ਜਲ ਕੇ ਸੁਆਹ ਹੋ ਗਈਆਂ, ਇਸ ਵਿਚ ਵੀ ਕੋਈ ਭਲਾਈ ਛੁਪੀ ਹੋਵੇਗੀ ।'
'ਖ਼ਲੀਲ! ਮੈਂ ਸ਼ੁਕਰ ਕਰਦੀ ਹਾਂ ਕਿ ਮੈਂ ਤੇਰੀਆਂ ਦੋ ਪੇਂਟਿੰਗਜ਼ 'ਦ ਡਾਂਸ ਆਫ ਥੌਟਸ' ਅਤੇ 'ਫਾਊਂਟੇਨ ਆਫ ਪੇਨ' ਖ਼ਰੀਦ ਲਈਆਂ । ਇਹ ਦੋਵੇਂ ਚਿੱਤਰ ਸਵਾਹ ਹੋਣ ਤੋਂ ਬਚ ਗਏ ।'

'ਜਿਬਰਾਨ! ਜਦੋਂ ਦਾ ਤੂੰ ਪੁਨਰ-ਜਨਮ ਵਿਚ ਵਿਸ਼ਵਾਸ ਕਰਨ ਲੱਗ ਪਿਐਂ, ਉਦੋਂ ਤੋਂ ਤੂੰ ਜ਼ਿੰਦਗੀ ਦੀ ਹਰ ਘਟਨਾ ਨੂੰ ਹੋਣੀ ਨਾਲ ਜੋੜ ਕੇ ਦੇਖਣ ਲੱਗ ਪਿਆ ਹੈਂ।'
'ਪੁਨਰ-ਜਨਮ ਦੇ ਸੰਕਲਪ ਨੇ ਮੇਰੇ ਹੱਥ ਵਿਚ 'ਲਾਲਟੇਨ' ਫੜਾ ਦਿੱਤੀ ਹੈ, ਜੋ ਮੇਰੇ ਹਨੇਰੇ ਰਾਹ ਨੂੰ ਰੁਸ਼ਨਾ ਰਹੀ ਹੈ। ਮੈਰੀ! ਨਾ ਸਾਡਾ ਜਨਮ ਜ਼ਿੰਦਗੀ ਦਾ ਆਗਾਜ਼ ਹੈ ਅਤੇ ਨਾ ਮੌਤ ਅੰਜਾਮ। ਅਸੀਂ ਹਮੇਸ਼ਾ ਪੂਰਨਤਾ ਦੀ ਤਲਾਸ਼ 'ਚ ਰਹਿੰਦੇ ਹਾਂ। ਅਰਬ ਦੇਸ਼ ਦੇ ਇਕ ਪੈਗ਼ੰਬਰ ਦਾ ਕਥਨ ਹੈ, 'ਤੂੰ ਮਰ ਚੁੱਕਾ ਸੀ। ਉਸ ਨੇ ਤੈਨੂੰ ਨਵਾਂ ਜੀਵਨ ਦਿੱਤਾ। ਜਨਮ-ਮਰਨ ਦਾ ਸਿਲਸਿਲਾ ਉਦੋਂ ਤੱਕ ਤੁਰਦਾ ਰਹਿੰਦਾ ਹੈ ਜਦੋਂ ਤੱਕ 'ਉਹ' ਸਾਨੂੰ ਆਪਣੀ ਬੁੱਕਲ ਵਿਚ ਨਹੀਂ ਲੈ ਲੈਂਦਾ। ਪੂਰਬ ਦੇ ਪੈਗ਼ੰਬਰਾਂ ਦਾ ਵੀ ਇਹੋ ਕਥਨ ਹੈ। ਭਾਰਤ, ਚੀਨ, ਜਾਪਾਨ ਤੇ ਮਲਾਇਆ ਦੇ ਪੀਰ-ਪੈਗ਼ੰਬਰ ਵੀ ਇਹੋ ਤੱਥ ਉਦਘਾਟਤ ਕਰਦੇ ਹਨ। ਰੱਬ ਦੇ ਵਹੀ-ਖਾਤੇ ਵਿਚ ਸਾਡੀਆਂ ਬੁਰਾਈਆਂ-ਚੰਗਿਆਈਆਂ ਦਾ ਲੇਖਾ-ਜੋਖਾ ਲਗਾਤਾਰ ਦਰਜ ਹੁੰਦਾ ਰਹਿੰਦਾ ਹੈ। ਹਿਸਾਬ ਚੁਕਤਾ ਹੋਣ ਤੋਂ ਬਾਅਦ ਰੱਬ ਇਸ ਹਿਸਾਬ-ਕਿਤਾਬ 'ਤੇ ਲਕੀਰ ਫੇਰ ਦਿੰਦਾ ਹੈ।'
'ਮੈਂ ਚਾਹੁੰਦੀ ਹਾਂ ਕਿ ਮੇਰੇ ਸਿਰ 'ਤੇ ਜੋ ਤੇਰਾ ਕਰਜ਼ਾ ਹੈ, ਉਹ ਮੇਰੀ ਅਦਾ ਕਰਨ ਦੀ ਸਮਰੱਥਾ ਤੋਂ ਵੱਧ ਨਾ ਹੋਵੇ?'
'ਤੇਰਾ ਹਿਸਾਬ ਤਾਂ ਇਸ ਗੱਲ ਨਾਲ ਹੀ ਨੱਕੀ ਹੋ ਜਾਂਦਾ ਹੈ ਕਿ ਤੇਰੀ ਮੌਜੂਦਗੀ 'ਚ ਮੈਂ ਰੂਹਾਨੀ ਤਸਕੀਨ ਮਹਿਸੂਸ ਕਰਦਾ ਹਾਂ।'
'ਖ਼ਲੀਲ, ਤੂੰ ਅੰਗਰੇਜ਼ੀ 'ਚ ਕਿਉਂ ਨਹੀਂ ਲਿਖਦਾ?'
'ਅਜੇ ਅੰਗਰੇਜ਼ੀ ਭਾਸ਼ਾ 'ਤੇ ਮੇਰਾ ਅਧਿਕਾਰ ਨਹੀਂ ਹੋਇਆ। ...ਉਂਜ ਵੀ ਮੈਂ ਆਪਣਾ ਸਾਰਾ ਧਿਆਨ ਆਪਣੀ ਪੇਂਟਿੰਗਜ਼ 'ਤੇ ਕੇਂਦਰਿਤ ਕਰਨਾ ਚਾਹੁੰਦਾ ਹਾਂ।' ਇਸ ਵਿਚ ਨਿਪੁੰਨਤਾ ਹਾਸਲ ਕਰਨ ਲਈ ਮੈਂ ਪੈਰਿਸ ਜਾਣ ਦਾ ਇੱਛੁਕ ਹਾਂ ਪਰ...।'
'ਮੈਂ ਜਾਣਦੀ ਹਾਂ ਕਿ ਤੇਰੇ ਕੋਲ ਮਾਕੂਲ ਸਾਧਨ ਨਹੀਂ ਹਨ। ਮੈਂ ਤੇਰੀ ਟਿਕਟ ਦਾ ਸਾਰਾ ਖਰਚਾ ਕਰਨ ਲਈ ਤਿਆਰ ਹਾਂ ਤੇ ਹਰ ਮਹੀਨੇ ਮੈਂ ਤੈਨੂੰ 75 ਡਾਲਰ ਭੇਜਣ ਦਾ ਵੀ ਵਾਅਦਾ ਕਰਦੀ ਹਾਂ।'
'ਮੈਰੀ! ਮੈਰੀ! ਮੈਰੀ!' ਜਿਬਰਾਨ ਦੇ ਬੁੱਲ੍ਹਾਂ 'ਤੇ ਮੈਰੀ ਲਈ ਧੰਨਵਾਦ ਸੀ ਤੇ ਅੱਖਾਂ ਵਿਚ ਹੰਝੂ।

ਜਨਮ ਦਿਹਾੜਾ

6 ਦਸੰਬਰ, 1908 ਦੀ ਸਵੇਰ ਨੂੰ ਜਿਬਰਾਨ ਪੈਰਿਸ ਸ਼ਹਿਰ ਦੇ ਲੇਟਿਨ ਕੁਆਟਰਜ਼ 'ਚ ਗੂੜ੍ਹੀ ਨੀਂਦ ਵਿਚ ਸੁੱਤਾ ਹੋਇਆ ਸੀ। ਕਮਰੇ 'ਚ ਕਾਗਜ਼ਾਂ ਦਾ ਢੇਰ, ਕਿਤਾਬਾਂ, ਪੈਨਸਿਲਾਂ, ਬੁਰਸ਼, ਪੇਂਟ, ਟਿਊਬਾਂ ਬੇਤਰਤੀਬੇ ਢੰਗ ਨਾਲ ਪਈਆਂ ਸਨ। ਸੂਰਜ ਜਿਵੇਂ ਹੌਲੀ ਜਿਹੇ ਕਮਰੇ ਵਿਚ ਦਾਖ਼ਲ ਹੋਇਆ ਸੀ, ਓਦਾਂ ਹੀ ਉਹ ਵਾਪਸ ਪਰਤ ਗਿਆ। ਉਹ 10 ਵਜੇ ਤੋਂ ਬਾਅਦ ਹੀ ਉੱਠਿਆ ਤੇ ਉੱਠ ਕੇ ਉਸ ਨੇ ਅੰਗੀਠੀ 'ਤੇ ਆਪਣੇ ਲਈ ਕੌਫੀ ਬਣਾਈ। ਠੰਢੇ ਫਰਸ਼ 'ਤੇ ਪੈਰ ਧਰਦਿਆਂ ਉਸ ਨੇ ਕਿਹਾ-'ਅੱਜ ਠੰਢ ਖਾਣ ਨੂੰ ਪੈਂਦੀ ਹੈ, ਪਰ ਖੁਸ਼ੀ ਹੈ ਕਿ ਉਸ ਦੇ ਦੰਦ ਸੋਨੇ ਦੇ ਹਨ।'
ਜਦੋਂ ਉਸ ਨੇ ਖਿੜਕੀ ਖੋਲ੍ਹੀ ਤਾਂ ਠੰਢੀ ਹਵਾ ਦੇ ਬੁੱਲੇ ਨਾਲ ਖਿੜਕੀ ਦਾ ਸ਼ੀਸ਼ਾ ਹੇਠਾਂ ਡਿਗਿਆ ਤੇ ਚੂਰ-ਚੂਰ ਹੋ ਗਿਆ। ਇਹ ਦੇਖ ਕੇ ਉਸ ਨੇ ਕਿਹਾ, 'ਅੱਜ ਦੇ ਦਿਨ ਦੇ ਪੈਰ ਸ਼ੀਸ਼ੇ ਦੇ ਹਨ, ਸੰਭਲ-ਸੰਭਲ ਤੁਰਨਾ।' ਘਬਰਾਹਟ 'ਚ ਉਸ ਦੇ ਹੱਥੋਂ ਕੌਫੀ ਦਾ ਪਿਆਲਾ ਹੇਠਾਂ ਡਿਗਿਆ ਤੇ ਚਕਨਾਚੂਰ ਹੋ ਗਿਆ। ਉਸ ਨੇ ਉੱਚੀ ਆਵਾਜ਼ 'ਚ ਕਿਹਾ-'ਅੱਜ ਦੇ ਦਿਨ ਦਾ ਦਿਲ ਤਾਰਕੋਲ ਦਾ ਹੈ।'
ਦੁਪਹਿਰ ਸਮੇਂ ਉਹ ਲਕਸਮਬਰਗ ਵਿਖੇ 'ਬਿਯੂਕਸ ਆਰਟ ਗੈਲਰੀ' 'ਚ ਮਾਈਕਲ ਐਂਜਲੋ ਦੀ ਕਲਾ 'ਤੇ ਇਕ ਭਾਸ਼ਣ ਸੁਣਨ ਲਈ ਘਰੋਂ ਬਾਹਰ ਆਇਆ। ਉਹ ਤੁਰਦਾ-ਤੁਰਦਾ ਸੋਚ ਰਿਹਾ ਸੀ ਕਿ ਜ਼ਿੰਦਗੀ ਇਕ ਮੱਕੜਜਾਲ ਹੈ। ਉਸ ਨੂੰ ਤੇਜ਼ ਭੁੱਖ ਲੱਗੀ ਸੀ ਤੇ ਉਸ ਨੇ ਇਕ ਪ੍ਰਚੂਨ ਦੀ ਦੁਕਾਨ ਤੋਂ ਇਕ ਡਬਲਰੋਟੀ ਤੇ ਦੋ ਸੰਗਤਰੇ ਖ਼ਰੀਦੇ ਤੇ ਵਾਪਸ ਕਮਰੇ 'ਚ ਪਹੁੰਚ ਗਿਆ। ਪੌੜੀਆਂ ਚੜ੍ਹਦਿਆਂ ਹੀ ਡਾਕੀਏ ਨੇ ਉਸ ਨੂੰ ਇਕ ਲਿਫ਼ਾਫ਼ਾ ਦਿੱਤਾ, ਜਿਸ ਵਿਚ ਮੈਰੀ ਹੈਸਕਲ ਦਾ ਭੇਜਿਆ 75 ਡਾਲਰ ਦਾ ਚੈੱਕ ਸੀ ਤੇ ਖ਼ਤ ਵਿਚ ਸੁੱਖਸਾਂਦ ਦੇ ਨਾਲ-ਨਾਲ ਕੁਝ ਸਥਾਨਕ ਘਟਨਾਵਾਂ ਦਾ ਜ਼ਿਕਰ ਸੀ। ਉਸ ਨੇ ਮਿਸ਼ਲੀਨ ਦੀ ਸਿਹਤ ਸਬੰਧੀ ਵੀ ਚਿੰਤਾ ਜ਼ਾਹਰ ਕੀਤੀ ਸੀ। ਖ਼ਤ ਪੜ੍ਹ ਕੇ ਉਹ ਮਿਸ਼ਲੀਨ ਦੇ ਖਿਆਲਾਂ 'ਚ ਗੁੰਮ ਹੋ ਗਿਆ-'ਮਿਸ਼ਲੀਨ! ਤੂੰ ਹੀ ਮੇਰੀ ਖੁਸ਼ੀ ਤੇ ਗ਼ਮੀ ਦੀ ਸਰੋਤ ਹੈਂ। ਤੂੰ ਹੀ ਮੇਰੀ ਸਭ ਕੁਝ ਹੈਂ। ਮੈਨੂੰ ਇਸ ਗੱਲ ਦਾ ਅਹਿਸਾਸ ਹੈ ਕਿ ਮੈਂ ਤੇਰੇ ਨਾਲ ਧ੍ਰੋਹ ਕੀਤਾ ਹੈ। ਤੂੰ ਆਪਣਾ ਸਭ ਕੁਝ ਮੇਰੇ ਤੋਂ ਵਾਰ ਦਿੱਤਾ ਤੇ ਬਦਲੇ 'ਚ ਮੈਂ ਤੈਨੂੰ ਕੁਝ ਵੀ ਨਹੀਂ ਦਿੱਤਾ। ...ਤੂੰ ਆ ਤੇ ਆ ਕੇ ਮੈਨੂੰ ਖਿਮਾ ਬਖਸ਼ ਦੇ।'

ਥੱਕਿਆ-ਹਾਰਿਆ ਜਿਬਰਾਨ ਕੁਰਸੀ 'ਤੇ ਬਹਿ ਗਿਆ ਤੇ ਮੇਜ਼ 'ਤੇ ਪਏ ਕਾਗਜ਼ਾਂ ਨੂੰ ਬੜੀ ਬੇਰਹਿਮੀ ਨਾਲ ਫਰੋਲਣ ਲੱਗਾ । ਅਚਾਨਕ ਉਸ ਦੀ ਨਜ਼ਰ ਇਕ ਖਰੜੇ 'ਤੇ ਪਈ, ਜਿਸ ਦੇ ਮੁੱਖ ਪੰਨੇ 'ਤੇ ਅਰਬੀ ਵਿਚ ਦਰਜ ਸਨ ਇਹ ਸ਼ਬਦ-'ਇਕ ਹੰਝੂ, ਇਕ ਮੁਸਕਾਨ ।' ਖਰੜੇ ਨੂੰ ਪੜ੍ਹਦਿਆਂ ਹੋਇਆਂ ਕਦੇ ਉਸ ਦੇ ਮਨ ਵਿਚ ਪ੍ਰਸੰਸਾ ਦਾ ਅਹਿਸਾਸ ਪੈਦਾ ਹੁੰਦਾ ਤੇ ਕਦੇ ਉਹ ਆਪਣੇ-ਆਪ ਨੂੰ ਕੋਸਣ ਲਗਦਾ ।
ਕਲਾ ਕੀ ਹੈ?
ਇਕ ਹੱਥ 'ਚ ਫੜੇ ਦੋ ਤਰਬੂਜ਼ ਤੇ ਸ਼ਰਤ ਇਹ ਹੈ ਕਿ ਦੋਵਾਂ ਦਾ ਆਪਸ 'ਚ ਸਪਰਸ਼ ਨਾ ਹੋਵੇ ।
ਜ਼ਿੰਦਗੀ ਕੀ ਹੈ?
ਦਿਨ ਨਾਲ ਭੱਜਣਾ ਤੇ ਕਦੇ ਦਿਨ ਨਾਲੋਂ ਅਗਾਂਹ ਵਧਣਾ ।
ਮਾਣਮੱਤੀ ਪ੍ਰਸਿੱਧੀ ਕੀ ਹੈ?
ਮੱਛੀ ਦੇ ਤੇਲ ਨੂੰ ਕਾਰਬੋਲਿਕ ਐਸਿਡ 'ਚ ਘੋਲ ਕੇ ਪੀਣਾ ਪਰ ਉਲਟੀ ਨਾ ਕਰਨਾ ।
ਪਿਆਰ ਕੀ ਹੈ?
ਅੱਖਾਂ ਨੂੰ ਖੁਸ਼ ਕਰਨ ਲਈ ਨੱਕ ਵੱਢਣਾ ।
ਜਿਬਰਾਨ ਨੇ ਆਪਣਾ ਜਨਮ ਦਿਹਾੜਾ ਆਪਣੇ ਅਤੀਤ, ਵਰਤਮਾਨ ਅਤੇ ਭਵਿੱਖ ਦਾ ਲੇਖਾ-ਜੋਖਾ ਕਰਦੇ ਹੋਏ ਬਤੀਤ ਕੀਤਾ । ਉਸ ਦੇ ਜ਼ਿਹਨ ਵਿਚ ਵਾਰ-ਵਾਰ ਇਹੋ ਸ਼ਬਦ ਟਕਰਾਅ ਰਹੇ ਸਨ-ਇਕ ਅਜਿਹੇ ਦਿਨ ਹੀ ਮੈਨੂੰ ਮੇਰੀ ਮਾਂ ਨੇ ਜਨਮ ਦਿੱਤਾ ਸੀ । ਇਸ ਅਹਿਸਾਸ ਤੋਂ ਬਾਹਰ ਆਉਣ ਲਈ ਉਸ ਨੇ ਥੱਕ-ਹਾਰ ਕੇ ਲੈਂਪ ਜਗਾਇਆ ਤੇ ਲਿਖਣ ਬੈਠ ਗਿਆ । 'ਮੇਰਾ ਅਤੀਤ ਮੇਰੇ ਸਾਹਮਣੇ ਬਦਰੰਗ ਸ਼ੀਸ਼ੇ ਵਾਂਗ ਖੜ੍ਹਾ ਹੈ, ਜਿਸ 'ਚ ਮੈਂ ਆਪਣਾ ਚਿਹਰਾ ਦੇਖਦਾ ਹਾਂ । ਮੇਰੇ ਚਿਹਰੇ 'ਤੇ ਝੁਰੜੀਆਂ ਹਨ ਮੇਰੇ ਅਧੂਰੇ ਸੁਪਨਿਆਂ ਦੀਆਂ । ਮੈਂ ਆਪਣਾ ਚਿਹਰਾ ਦੇਖ ਕੇ ਬੇਹੱਦ ਉਦਾਸ ਹੋ ਜਾਂਦਾ ਹਾਂ । ਮੈਂ ਉਦਾਸੀ ਤੋਂ ਪੁੱਛਦਾ ਹਾਂ ਪਰ ਉਹ ਕੁਝ ਬੋਲਦੀ ਨਹੀਂ । ਕਾਸ਼! ਉਹ ਬੋਲ ਸਕਦੀ ਤਾਂ ਉਸ ਦੀ ਆਵਾਜ਼ 'ਖੁਸ਼ੀ' ਤੋਂ ਵੀ ਵੱਧ ਮਿੱਠੀ ਹੁੰਦੀ । ਧਰਤੀ 'ਤੇ ਬੋਏ ਬੀਜਾਂ ਨੂੰ ਪੁੰਗਰਦਿਆਂ ਦੇਖ ਕਿਸਾਨ ਖੁਸ਼ ਹੁੰਦਾ ਹੈ ਪਰ ਕਾਗਜ਼-ਕੈਨਵਸ 'ਤੇ ਬੋਏ ਮੇਰੇ ਬੀਜਾਂ ਤੋਂ ਮੈਨੂੰ ਆਸ ਨਹੀਂ ਕਿ ਉਹ ਕਦੇ ਪੁੰਗਰਨਗੇ ।'
ਜਿਬਰਾਨ ਆਪਣੀ ਧੁਨ ਵਿਚ ਲਿਖਦਾ ਰਿਹਾ । ਕਦੇ ਉਹ ਆਪਣੀ ਕੁਰਸੀ ਤੋਂ ਉੱਠ ਕੇ ਕਮਰੇ ਵਿਚ ਟਹਿਲਣ ਲਗਦਾ, ਫਿਰ ਆਪਣੀ ਕੁਰਸੀ 'ਤੇ ਬਹਿ ਕੇ ਲਿਖਣ ਲਗਦਾ-
'ਸੂਰਜ ਦੀ ਚਾਦਰ 'ਚ ਵਲ੍ਹੇਟੀ ਮੇਰੀ ਰੂਹ
ਤੇਰੇ ਹੱਥਾਂ 'ਚ ਹੀ ਹੈ ਮੇਰੀ ਜ਼ਿੰਦਗੀ
ਤੂੰ ਵਸਦੀ ਰਹਿ ।'
ਇਨ੍ਹਾਂ ਸਤਰਾਂ ਨੂੰ ਲਿਖਣ ਉਪਰੰਤ ਉਸ ਨੇ ਆਪਣਾ ਕੋਟ ਪਾਇਆ, ਸਿਰ 'ਤੇ ਹੈਟ ਰੱਖਿਆ ਤੇ ਹੱਥ 'ਚ ਛੜੀ ਫੜ ਕੇ ਉਹ ਕਮਰੇ 'ਚੋਂ ਬਾਹਰ ਆ ਗਿਆ । ਦੇਰ ਰਾਤ ਖੁੱਲ੍ਹੇ ਰਹਿਣ ਵਾਲੇ ਇਕ ਰੈਸਤਰਾਂ 'ਚ ਉਸ ਨੇ ਖਾਣਾ ਖਾਧਾ । ਰੈਸਤਰਾਂ 'ਚੋਂ ਬਾਹਰ ਆਉਂਦਿਆਂ ਉਸ ਦੇ ਜ਼ਿਹਨ 'ਚ ਖਿਆਲ ਆਇਆ, 'ਕੱਲ੍ਹ ਮੈਂ ਆਪਣੀ ਭੈਣ ਮਾਰੀਆਨਾ ਨੂੰ 30 ਡਾਲਰ ਜ਼ਰੂਰ ਭੇਜਾਂਗਾ ।'

ਇਕ ਅਧਿਆਇ ਦਾ ਅਰੰਭ ਤੇ ਦੂਜੇ ਦੀ ਸਮਾਪਤੀ

ਆਪਣੇ ਪੈਰਿਸ ਪ੍ਰਵਾਸ ਦੇ ਦੌਰਾਨ ਜਿਬਰਾਨ ਵਿਸ਼ਵ ਦੇ ਮਹਾਨ ਬੁੱਤਤਰਾਸ਼ ਆਗਸਤੇ ਰੋਦਾਂ ਦੀਆਂ ਕਲਾਕ੍ਰਿਤੀਆਂ ਦੇਖਣ ਲਈ ਉਸ ਦੇ ਸਟੂਡੀਓ 'ਚ ਗਿਆ । ਰੋਦਾਂ ਦਾ ਸਟੂਡੀਓ ਕਲਾ ਪ੍ਰੇਮੀਆਂ ਲਈ ਇਕ ਤੀਰਥ ਸਥਾਨ ਸੀ । ਉਸ ਦੇ ਹੱਥਾਂ ਨੂੰ 'ਰੱਬ ਦੇ ਹੱਥ' ਕਿਹਾ ਜਾਂਦਾ ਸੀ । ਉਸ ਦੇ ਹੱਥ 'ਚ ਫੜੀ ਛੈਣੀ ਦੇ ਸਪਰਸ਼ ਨਾਲ ਪੱਥਰ ਗੀਤ ਗਾਉਣ ਲਗਦੇ ਸਨ । ਦਾਂਤੇ ਦੇ ਮਹਾਂਕਾਵਿ 'ਦ ਡਿਵਾਈਨ ਕਾਮੇਡੀ' ਦੇ 'ਨਰਕ ਦੇ ਦੁਆਰ' ਦੀ ਮੂਰਤੀ ਸਾਹਮਣੇ ਖਲੋ ਕੇ ਜਿਬਰਾਨ ਕਿਸੇ ਹੋਰ ਹੀ ਸੰਸਾਰ 'ਚ ਪਹੁੰਚ ਗਿਆ ਸੀ । ਉਹ ਸੋਚ ਰਿਹਾ ਸੀ, 'ਪਤਾ ਨਹੀਂ ਰੱਬ ਨੇ ਆਦਮੀ ਨੂੰ ਬਣਾਇਆ ਹੈ ਜਾਂ ਆਦਮੀ ਨੇ ਰੱਬ ਨੂੰ ਘੜਿਆ ਹੈ । ਅਸਲ ਵਿਚ ਮਨੁੱਖੀ ਦਿਮਾਗ ਦੀ ਕਲਪਨਾ ਹੀ ਸਿਰਜਕ ਹੈ ਤੇ ਇਸ ਦਾ ਉਦਾਹਰਨ ਹੈ-ਕਲਾ । ਹਾਂ, ਕਲਾ ਹੀ ਜ਼ਿੰਦਗੀ ਹੈ ਤੇ ਜ਼ਿੰਦਗੀ ਹੀ ਕਲਾ ਹੈ, ਬਾਕੀ ਸਭ ਕੁਝ ਬੇਅਰਥ ਹੈ । ਕਲਾਤਮਕ ਸੁੰਦਰਤਾ ਹੀ ਯਥਾਰਥਕ ਸੁੰਦਰਤਾ ਹੈ ।'

ਜਿਬਰਾਨ 'ਬਿਊਕਸ ਆਰਟਸ' ਸਕੂਲ ਦੇ ਆਪਣੇ ਅਧਿਆਪਕਾਂ ਅਤੇ ਸਾਥੀਆਂ ਦੀ ਸੰਗਤ ਵਿਚ ਰੋਦਾਂ ਦੀਆਂ ਕਲਾਕ੍ਰਿਤੀਆਂ 'ਹਿਯੂਗੋ', 'ਦ ਥਿੰਕਰ' ਅਤੇ 'ਦ ਕਿੱਸ' ਦੇਖ-ਦੇਖ ਅਚੰਭਤ ਹੋ ਰਿਹਾ ਸੀ। ਵਿਦਿਆਰਥੀਆਂ ਦੇ ਸਵਾਲਾਂ ਦਾ ਜਵਾਬ ਰੋਦਾਂ ਬੜੀ ਹੀ ਸਾਫ਼ ਤੇ ਸਪੱਸ਼ਟ ਭਾਸ਼ਾ ਵਿਚ ਦੇ ਰਿਹਾ ਸੀ। ਉਸ ਨੇ ਵਿਦਿਆਰਥੀਆਂ ਨੂੰ ਇੰਗਲੈਂਡ ਦੇ ਕਵੀ ਤੇ ਚਿੱਤਰਕਾਰ ਵਿਲੀਅਮ ਬਲੈਕ (1757-1827) ਦੀ ਜੀਵਨੀ ਤੇ ਕਵਿਤਾਵਾਂ ਪੜ੍ਹਨ ਲਈ ਪ੍ਰੇਰਿਆ। ਬਲੈਕ ਦੇ ਚਿੱਤਰ ਤੇ ਕਵਿਤਾਵਾਂ ਆਮ ਲੋਕਾਂ ਨੂੰ ਸਮਝ ਨਹੀਂ ਸਨ ਆਉਂਦੀਆਂ ਤੇ ਉਹ ਉਸ ਨੂੰ 'ਪਾਗਲ' ਕਹਿੰਦੇ ਸਨ ਪਰ ਉਹ ਪਾਗਲ ਨਹੀਂ ਸੀ।
ਜਿਬਰਾਨ ਜਦੋਂ ਰੋਦਾਂ ਦੇ ਸਟੂਡੀਓ 'ਚੋਂ ਬਾਹਰ ਆਇਆ ਤਾਂ ਉਸ ਦੇ ਦਿਲੋ-ਦਿਮਾਗ 'ਤੇ ਬਲੈਕ ਛਾਇਆ ਹੋਇਆ ਸੀ। ਪੁਰਾਣੀਆਂ ਕਿਤਾਬਾਂ ਦੀ ਦੁਕਾਨ ਤੋਂ ਉਸ ਨੇ ਬਲੈਕ ਦੀਆਂ ਕਵਿਤਾਵਾਂ ਦਾ ਇਕ ਸੰਗ੍ਰਹਿ ਖ਼ਰੀਦਿਆ ਤੇ ਲਕਸਮਬਰਗ ਦੇ ਖੁੱਲ੍ਹੇ ਮੈਦਾਨ ਵਿਚ ਬਹਿ ਕੇ ਉਹ ਕਿਤਾਬ ਨੂੰ ਇੰਜ ਪੜ੍ਹਨ ਲੱਗਾ, ਜਿਵੇਂ ਕੋਈ ਭੁੱਖਾ ਆਦਮੀ ਭੋਜਨ ਦੀ ਥਾਲੀ ਨੂੰ ਚੱਟਦਾ ਹੈ। ਦੋ ਘੰਟਿਆਂ ਤੱਕ ਉਹ ਸਮਾਧੀ ਦੀ ਅਵਸਥਾ ਵਿਚ ਬੈਠਾ ਬਲੈਕ ਦੀਆਂ ਕਵਿਤਾਵਾਂ ਪੜ੍ਹਦਾ ਰਿਹਾ ਤੇ ਉਸ ਦੇ ਚਿੱਤਰਾਂ 'ਤੇ ਵਿਚਾਰ ਕਰਦਾ ਰਿਹਾ। 'ਬਲੈਕ ਹੁਣ ਮੇਰੇ ਰਾਹ ਨੂੰ ਰੌਸ਼ਨ ਕਰੇਗਾ।' ਉਹ ਸੋਚ ਰਿਹਾ ਸੀ। ਕਿਤਾਬਾਂ 'ਚੋਂ ਜਦੋਂ ਉਸ ਨੇ ਬਲੈਕ ਦੀ ਨੇਕ ਤੇ ਸਾਊ ਪਤਨੀ ਦੇ ਤਪ ਤੇ ਤਿਆਗ ਬਾਰੇ ਪੜ੍ਹਿਆ ਤਾਂ ਉਹ ਸੋਚਣ ਲੱਗਾ ਕਿ ਕੀ ਉਹ ਵੀ ਇਸ ਪੱਖੋਂ ਬਲੈਕ ਜਿੰਨਾ ਹੀ ਭਾਗਸ਼ਾਲੀ ਹੋਵੇਗਾ? 'ਹਾਂ! ਅਜਿਹੀ ਔਰਤ ਹੈ ਮੈਰੀ ਹੈਸਕਲ! ਬੇਸ਼ੱਕ ਉਹ ਮੇਰੇ ਨਾਲੋਂ ਦਸ ਵਰ੍ਹੇ ਵੱਡੀ ਹੈ ਤੇ ਉਹ ਮਿਸ਼ਲੀਨ ਵਾਂਗ ਮੈਨੂੰ ਨਹੀਂ ਖਿੱਚਦੀ, ਫਿਰ ਵੀ ਸਿਆਣਪ ਇਸੇ ਵਿਚ ਹੀ ਹੈ ਕਿ ਉਸ ਨਾਲ ਹੀ ਸ਼ਾਦੀ ਕਰਵਾਈ ਜਾਵੇ। ਲੋਕ ਮੈਨੂੰ ਵੀ ਬਲੈਕ ਵਾਂਗ ਪਾਗਲ ਹੀ ਕਹਿਣਗੇ ਪਰ ਇਹ ਵੀ ਸੱਚ ਹੈ ਕਿ ਦੀਵਾਨਗੀ ਤੋਂ ਬਿਨਾਂ ਸਿਰਜਣਾ ਸੰਭਵ ਨਹੀਂ।'
ਹਨੇਰਾ ਛਾ ਰਿਹਾ ਸੀ। ਜਦੋਂ ਜਿਬਰਾਨ ਆਪਣੇ ਕਮਰੇ ਵਿਚ ਦਾਖਲ ਹੋਇਆ ਤਾਂ ਉਸ ਦੇ ਇਕ ਹੱਥ ਵਿਚ ਬਲੈਕ ਦੀ ਕਿਤਾਬ ਸੀ ਤੇ ਦੂਜੇ ਹੱਥ ਵਿਚ ਕਾਗਜ਼ਾਂ ਦਾ ਬੰਡਲ। ਜਲਦੀ-ਜਲਦੀ ਖਾਣਾ ਖਾ ਕੇ ਫਿਰ ਬਲੈਕ ਦੀਆਂ ਕਵਿਤਾਵਾਂ ਪੜ੍ਹਨ ਲੱਗ ਪਿਆ। ਅਚਾਨਕ ਉਸ ਨੇ ਦਰਵਾਜ਼ੇ 'ਤੇ ਦਸਤਕ ਸੁਣੀ। ਉਸ ਨੇ ਦਰਵਾਜ਼ਾ ਖੋਲ੍ਹਿਆ ਤੇ ਆਪਣੇ ਸਾਹਮਣੇ ਖੜ੍ਹੀ ਮਿਸ਼ਲੀਨ ਨੂੰ ਦੇਖ ਕੇ ਉਹ ਹੈਰਾਨ ਹੋ ਗਿਆ।
'ਮਿਸ਼ਲੀਨ! ਤੂੰ?'
'ਮੈਂ ਤੇਰੀ ਆਗਿਆ ਅੱਗੇ ਸਿਰ ਝੁਕਾਇਆ ਹੈ। ਤੂੰ ਸਮੁੰਦਰੋਂ ਪਾਰ ਮੈਨੂੰ ਆਵਾਜ਼ ਦਿੱਤੀ ਤੇ ਮੈਂ ਹਾਜ਼ਰ ਹੋ ਗਈ। ਖ਼ਲੀਲ! ਤੂੰ ਹੀ ਮੇਰਾ ਖੁਦਾ ਹੈਂ।'
'ਮੈਨੂੰ ਆਪਣੀਆਂ ਅੱਖਾਂ 'ਤੇ ਵਿਸ਼ਵਾਸ ਨਹੀਂ ਹੋ ਰਿਹਾ ਕਿ ਇਹ ਕੋਈ ਸੁਪਨਾ ਹੈ ਜਾਂ ਹਕੀਕਤ? ਅੱਜ ਮੈਨੂੰ ਇਕ ਅਜਿਹੀ ਨਾਯਾਬ ਪੁਸਤਕ ਲੱਭੀ ਹੈ ਜੋ ਮੇਰੀ ਆਤਮਾ ਦੀ ਹਮਜੋਲੀ ਹੈ। ਮੇਰੇ ਕੋਲ ਬੈਠ ਕੇ ਬਲੈਕ ਦੀਆਂ ਕਵਿਤਾਵਾਂ ਸੁਣੋ! ਤੇਰਾ ਸਮਾਨ ਕਿਥੇ ਹੈ?'
'ਹੋਟਲ ਵਿਚ।'
'ਪੈਰਿਸ ਵਿਚ ਤੂੰ ਖ਼ਲੀਲ ਦੇ ਘਰ ਤੋਂ ਇਲਾਵਾ ਹੋਰ ਕਿਧਰੇ ਨਹੀਂ ਰਹਿ ਸਕਦੀ।'
'ਜਿਬਰਾਨ! ਮੇਰਾ ਦਿਲ ਤੇਰੇ ਦਿਲ 'ਚ ਵਸਦਾ ਹੈ, ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਮੈਂ ਕਿਥੇ ਰਹਿੰਦੀ ਤੇ ਕਿਥੇ ਸੌਂਦੀ ਹਾਂ। ਮੈਂ ਤਾਂ ਤੇਰੇ ਪੈਰਾਂ ਹੇਠ ਵਿਛੀ ਚਟਾਈ ਵਾਂਗ ਹਾਂ। ਮੈਂ ਤੇਰੀ ਚਾਕਰੀ ਕਰਨਾ ਚਾਹੁੰਦੀ ਹਾਂ ਤੇ ਮੈਂ ਤੇਰੀ...।'
'ਕੀ ਕਿਹਾ?'
'ਤੇਰੀ... ਪਤਨੀ...।'
'ਨਹੀਂ, ਇਹ ਕਿਵੇਂ ਸੰਭਵ ਹੈ? ਮੈਂ ਇਕ ਕਵੀ ਤੇ ਕਲਾਕਾਰ ਹਾਂ, ਜਿਸ ਨੂੰ ਕਿਸੇ ਦਾਇਰੇ ਵਿਚ ਨਹੀਂ ਬੰਨ੍ਹਿਆ ਜਾ ਸਕਦਾ। ਮੈਂ ਤਾਂ ਕੁਝ ਦੋਸਤਾਂ ਦੀ ਮਿਹਰਬਾਨੀ ਸਦਕਾ ਪੜ੍ਹ ਰਿਹਾ ਹਾਂ। ਜੇ ਉਨ੍ਹਾਂ ਨੂੰ ਇਸ ਗੱਲ ਦਾ ਇਲਮ ਹੋ ਗਿਆ ਤਾਂ ਹੋ ਸਕਦਾ ਹੈ ਉਹ ਆਰਥਿਕ ਸਹਾਇਤਾ ਬੰਦ ਕਰ ਦੇਣ।'
'ਦਰਅਸਲ ਜਿਬਰਾਨ, ਤੈਨੂੰ ਕਹਿਣਾ ਚਾਹੀਦਾ ਹੈ ਕਿ ਜੇ 'ਉਸ ਨੂੰ' ਪਤਾ ਚੱਲ ਗਿਆ...।'
'ਤੂੰ ਬਹੁਤ ਸ਼ਰਾਰਤੀ ਹੈਂ ਮਿਸ਼ਲੀਨ! ਅਸੀਂ ਵਿਆਹ ਕਰਵਾਏ ਬਿਨਾਂ ਵੀ ਤਾਂ ਇਕੱਠੇ ਰਹਿ ਸਕਦੇ ਹਾਂ। ਇਸ ਗੱਲ ਦੀ ਸਚਾਈ ਦਾ ਲੋਕਾਂ ਨੂੰ ਕਿਵੇਂ ਪਤਾ ਲੱਗ ਸਕਦੈ ਜਦੋਂ ਕਿ ਅਸੀਂ ਇਕ ਵੱਖਰੇ ਮਹਾਂਦੀਪ 'ਚ ਰਹਿ ਰਹੇ ਹਾਂ।'
'ਜਿਬਰਾਨ! ਤੇਰਾ ਤਾਂ ਜ਼ਿੰਦਗੀ 'ਚ ਅਖੰਡ ਵਿਸ਼ਵਾਸ ਹੈ। ਜਿਸ ਜ਼ਿੰਦਗੀ ਦੀ ਤੂੰ ਗੱਲ ਕਰਦੈਂ, ਕੀ ਉਹ ਇਸ ਮਹਾਂਦੀਪ ਵਿਚ ਕਿਸੇ ਹੋਰ ਮਹਾਂਦੀਪ ਨਾਲੋਂ ਵੱਖਰੀ ਹੈ? ਅਸਲੀਅਤ ਇਹ ਹੈ ਕਿ ਅਸੀਂ ਦੋਵੇਂ ਵੱਖਰੇ-ਵੱਖਰੇ ਮਹਾਂਦੀਪਾਂ ਦੇ ਵਾਸੀ ਹਾਂ। ਤੂੰ ਕਲਾਕਾਰ ਹੈਂ ਤੇ ਮੈਂ ਤੇਰੀਆਂ ਨਜ਼ਰਾਂ ਵਿਚ ਇਕ ਦੁਨੀਆਦਾਰ ਔਰਤ ਹਾਂ। ਮੇਰਾ ਵਿਸ਼ਵਾਸ ਸੀ ਕਿ ਜਿਸ ਧਰਤੀ 'ਤੇ ਕਣਕ, ਗੁਲਾਬ ਤੇ ਸੇਬ ਪੈਦਾ ਹੁੰਦੇ ਹਨ, ਉਥੇ ਕਲਾ ਤੇ ਕਵਿਤਾ ਦੇ ਫੁੱਲ ਵੀ ਖਿੜ ਸਕਦੇ ਹਨ ਪਰ ਅਫ਼ਸੋਸ, ਮੈਂ ਗ਼ਲਤ ਸੀ।' ਇਹ ਕਹਿ ਕੇ ਮਿਸ਼ਲੀਨ ਦਰਵਾਜ਼ੇ ਵੱਲ ਮੁੜ ਗਈ। ਉਹ ਰੋ ਰਹੀ ਸੀ। ਆਪਣੀ ਅੱਡੀ ਨੂੰ ਬਿਨਾਂ ਫਰਸ਼ 'ਤੇ ਲਾਇਆਂ ਉਹ ਪੌੜੀਆਂ ਉਤਰ ਗਈ। ਜਿਬਰਾਨ ਦਾ ਚਿਹਰਾ ਪੀਲਾ ਜਰਦ ਸੀ। ਉਸ ਦੇ ਬੁੱਲ੍ਹ ਸੁੱਕ ਚੁੱਕੇ ਸਨ। ਉਸ ਦੀਆਂ ਅੱਖਾਂ ਵਿਚ ਹੰਝੂ ਸਨ। ਉਸ ਦੇ ਜ਼ਿਹਨ ਵਿਚ ਸਿਰਫ ਇਕੋ ਹੀ ਆਵਾਜ਼ ਗੂੰਜ ਰਹੀ ਸੀ, 'ਜਿਬਰਾਨ! ਇਹ ਇਕ ਅਧਿਆਇ ਦੀ ਸਮਾਪਤੀ ਹੈ।'
ਸਿਰਹਾਣੇ ਵਿਚ ਮੂੰਹ ਲੁਕੋ ਕੇ ਜਿਬਰਾਨ ਉੱਚੀ-ਉੱਚੀ ਰੋ ਰਿਹਾ ਸੀ। ਉਸ ਨੇ ਡੂੰਘਾ ਸਾਹ ਲਿਆ, ਪਾਣੀ ਦਾ ਗਿਲਾਸ ਪੀਤਾ ਤੇ ਦਿਲ ਹੀ ਦਿਲ ਵਿਚ ਉਸ ਨੇ ਕਿਹਾ, 'ਉਹ ਵਾਪਸ ਆਵੇਗੀ, ਜ਼ਰੂਰ ਆਵੇਗੀ।'
ਪਰ ਮਿਸ਼ਲੀਨ ਫੇਰ ਕਦੇ ਵਾਪਸ ਨਹੀਂ ਆਈ।

ਅਗਲੇ ਦਿਨ ਸਵੇਰ ਵੇਲੇ ਉਸ ਨੂੰ ਖ਼ਤ ਮਿਲਿਆ, ਜਿਸ ਵਿਚ ਉਸ ਦੇ ਪਿਤਾ ਦੇ ਦਿਹਾਂਤ ਦੀ ਖ਼ਬਰ ਦਰਜ ਸੀ।
ਇਸ ਧਰਤੀ 'ਤੇ ਮਨੁੱਖ ਦੀ ਜ਼ਿੰਦਗੀ ਕੀ ਹੈ? ਅਣਾਮੁੱਕ ਨੀਮ-ਬੇਹੋਸ਼ੀ। ਹਰ ਆਦਮੀ ਕਿਸੇ ਨਾ ਕਿਸੇ ਚੀਜ਼ ਨੂੰ ਹਾਸਲ ਕਰਨ ਲਈ ਬੇਸੁੱਧ ਹੋ ਕੇ ਭੱਜ-ਨੱਠ ਰਿਹਾ ਹੈ। ਮੁੱਠੀ ਭਰ ਲੋਕਾਂ ਕੋਲ ਹੀ ਅਜਿਹਾ ਵਰਦਾਨ ਹੁੰਦਾ ਹੈ ਕਿ ਉਹ ਆਪਣੇ-ਆਪ ਨੂੰ ਦੁਨਿਆਵੀ ਤ੍ਰਿਸ਼ਨਾਵਾਂ ਦੀ ਭਟਕਣਾ ਤੋਂ ਦੂਰ ਰੱਖਦੇ ਹਨ। ਕੁਝ ਕੁ ਬੁੱਧਾ ਅਤੇ ਈਸਾ ਵਾਂਗ ਖੁਦ ਮੁਕਤ ਹੋ ਕੇ ਹੋਰਨਾਂ ਨੂੰ ਵੀ ਮੁਕਤੀ ਦਾ ਰਾਹ ਦਿਖਾਉਂਦੇ ਹਨ। ਉਨ੍ਹਾਂ ਦੀ ਹੋਂਦ ਕਾਇਨਾਤ ਨਾਲ ਇਕਸੁਰ ਹੋ ਕੇ ਅਸਮਾਨ ਜਿੰਨੀ ਵਿਸ਼ਾਲ ਹੋ ਜਾਂਦੀ ਹੈ।
ਨੀਮ-ਬੇਹੋਸ਼ੀ ਜ਼ਿੰਦਗੀ ਨੂੰ ਦੋ ਹਿੱਸਿਆਂ ਵਿਚ ਵੰਡ ਦਿੰਦੀ ਹੈ-ਇਕ ਦਾ ਨਾਂਅ ਸ਼ਹਿਦ ਹੈ ਤੇ ਦੂਜੇ ਦਾ ਨਾਂਅ ਹੈ ਜ਼ਹਿਰ। ਹਰ ਆਦਮੀ ਸ਼ਹਿਦ ਦੇ ਪਿਆਲੇ ਨੂੰ ਹਾਸਲ ਕਰਨਾ ਚਾਹੁੰਦਾ ਹੈ ਪਰ ਕਿਸੇ ਦੇ ਮਨ ਵਿਚ ਵੀ ਇਹ ਸਵਾਲ ਪੈਦਾ ਨਹੀਂ ਹੁੰਦਾ ਕਿ ਜ਼ਹਿਰ ਕਿਸ ਦੇ ਹਿੱਸੇ ਆਵੇਗਾ?
ਜਿਬਰਾਨ ਜਹਾਜ਼ ਦੇ ਅਗਲੇ ਹਿੱਸੇ ਵਿਚ ਇਕੱਲਾ ਖੜ੍ਹਾ ਸੀ। ਉਹ ਫਰਾਂਸ ਤੋਂ ਅਮਰੀਕਾ ਜਾ ਰਿਹਾ ਸੀ। ਸੂਰਜ ਛੁਪਣ ਵਾਲਾ ਸੀ। ਉਹ ਕਾਇਨਾਤ ਦੇ ਵਿਸ਼ਾਲ ਕੈਨਵਸ 'ਤੇ ਰੰਗ-ਬਿਰੰਗੇ ਚਿੱਤਰ ਬਣਾ ਰਿਹਾ ਸੀ। ਜਿਬਰਾਨ ਦੇ ਲੰਮੇ ਵਾਲ ਹਵਾ ਵਿਚ ਉਡ ਰਹੇ ਸਨ। ਜਿਬਰਾਨ ਦੀ ਦ੍ਰਿਸ਼ਟੀ ਦੂਰ ਖਿਤਿਜ 'ਤੇ ਸੀ। ਉਹ ਆਪਣੇ ਭਵਿੱਖ ਲਈ ਬੇਚੈਨ ਸੀ। ਉਹ ਛੇਤੀ ਤੋਂ ਛੇਤੀ ਆਪਣੇ ਲਈ ਤੇ ਆਪਣੀ ਭੈਣ ਦੇ ਗੁਜ਼ਾਰੇ ਲਈ ਕੋਈ ਕੰਮ ਕਰਨਾ ਚਾਹੁੰਦਾ ਸੀ ਪਰ ਉਹ ਆਪਣੇ ਬੁਰਸ਼ ਅਤੇ ਕਲਮ ਦੀ ਕੀਮਤ 'ਤੇ ਕੋਈ ਕੰਮ ਨਹੀਂ ਕਰਨਾ ਚਾਹੁੰਦਾ ਸੀ। ਪਰ ਕੀ ਉਹ ਕਲਮ ਦੇ ਸਹਾਰੇ ਜੀਅ ਸਕਦਾ ਹੈ? ਇਸ ਵਿਚ ਕੋਈ ਸ਼ੱਕ ਨਹੀਂ ਕਿ ਉਸ ਦੀਆਂ ਅਰਬੀ ਭਾਸ਼ਾ ਦੀਆਂ ਰਚਨਾਵਾਂ ਪਾਠਕਾਂ 'ਚ ਬੇਹੱਦ ਮਕਬੂਲ ਸਨ ਪਰ ਉਸ ਨੂੰ ਆਪਣੀਆਂ ਰਚਨਾਵਾਂ ਲਈ ਕੋਈ ਪੈਸਾ ਨਹੀਂ ਸੀ ਮਿਲਦਾ। ਪ੍ਰਸੰਸਾ ਨਾਲ ਢਿੱਡ ਨਹੀਂ ਭਰਦਾ। ਕਵੀ ਤੇ ਕਲਾਕਾਰ ਵੀ ਹੱਡ-ਮਾਸ ਦੇ ਪ੍ਰਾਣੀ ਹਨ, ਜਿਨ੍ਹਾਂ ਨੂੰ 2 ਜੂਨ ਦੀ ਰੋਟੀ ਲੋੜੀਂਦੀ ਹੈ।
ਪੈਰਿਸ 'ਚ ਆਪਣੇ ਤਿੰਨ ਸਾਲਾਂ ਦੌਰਾਨ ਉਸ ਨੇ ਰੋਮ, ਬ੍ਰਸਲਸ ਤੇ ਲੰਡਨ ਦੇ ਪ੍ਰਸਿੱਧ ਅਜਾਇਬ ਘਰ ਦੇਖੇ ਸਨ। ਉਸ ਦੇ ਜ਼ਿਹਨ ਵਿਚ ਅਣਗਿਣਤ ਰੰਗ, ਆਕਾਰ ਤੇ ਜਿਸਮ ਸਨ, ਜਿਨ੍ਹਾਂ ਨੂੰ ਉਹ ਕੈਨਵਸ 'ਤੇ ਉਤਾਰਨਾ ਚਾਹੁੰਦਾ ਸੀ। ਉਸ ਨੂੰ ਇਹ ਅਹਿਸਾਸ ਸੀ ਕਿ ਉਸ ਦੀ ਭੈਣ ਸਾਰਾ ਦਿਨ ਸਿਲਾਈ-ਕਢਾਈ ਕਰਕੇ ਵੀ ਆਪਣੇ ਜੋਗਾ ਕਮਾ ਨਹੀਂ ਕਰ ਸਕਦੀ ਸੀ। ਉਹ 26 ਵਰ੍ਹਿਆਂ ਦੀ ਹੋ ਗਈ ਹੈ ਤੇ ਹੁਣ ਉਸ ਦਾ ਵਿਆਹ ਵੀ ਹੋ ਜਾਣਾ ਚਾਹੀਦਾ ਹੈ। ਕੀ ਉਸ ਨੂੰ ਆਪਣੀ ਭੈਣ ਦੇ ਭਵਿੱਖ ਖਾਤਰ ਆਪਣੀ ਕਲਮ ਤੇ ਬੁਰਸ਼ ਨੂੰ ਗਿਰਵੀ ਰੱਖ ਦੇਣਾ ਚਾਹੀਦਾ ਹੈ? ਕਾਸ਼! ਲੋਕ ਕਵੀ ਤੇ ਕਲਾਕਾਰਾਂ ਦੀ ਕਦਰ ਜਾਣਦੇ। ਕਾਸ਼! ਲੋਕ ਕਲਾ ਦੀ ਮਹੱਤਤਾ ਜਾਣਦਿਆਂ ਕਲਾਕਾਰਾਂ ਨੂੰ ਕਹਿੰਦੇ, 'ਤੁਸੀਂ ਸਾਨੂੰ ਆਪਣੇ ਵਿਚਾਰਾਂ ਨਾਲ ਮਾਲੋਮਾਲ ਕਰੋ, ਤੁਹਾਡੀਆਂ ਮੁਢਲੀਆਂ ਲੋੜਾਂ ਦੀ ਪੂਰਤੀ ਅਸੀਂ ਕਰਾਂਗੇ।'
ਪੈਰਿਸ ਪ੍ਰਵਾਸ ਦੇ ਦੌਰਾਨ ਉਹ ਇਨ੍ਹਾਂ ਸਵਾਲਾਂ ਤੋਂ ਮੁਕਤ ਸੀ। ਮੈਰੀ ਵੱਲੋਂ ਹਰ ਮਹੀਨੇ ਭੇਜੇ ਜਾਂਦੇ 75 ਡਾਲਰ ਉਸ ਦੇ ਗੁਜ਼ਾਰੇ ਲਈ ਵਾਧੂ ਸਨ। ਉਸ ਵਿਚੋਂ ਕੁਝ ਡਾਲਰ ਬਚਾਅ ਕੇ ਉਹ ਆਪਣੀ ਭੈਣ ਨੂੰ ਵੀ ਭੇਜ ਦਿੰਦਾ ਸੀ।
ਮੈਰੀ ਉਸ ਨੂੰ ਬੇਹੱਦ ਪਿਆਰ ਕਰਦੀ ਹੈ। ਕਿਉਂ ਨਾ ਉਹ ਉਸ ਨਾਲ ਵਿਆਹ ਕਰਵਾ ਲਵੇ? ਫਿਰ ਉਹ ਬੇਫਿਕਰੀ ਨਾਲ ਕਲਾ ਅਤੇ ਸਾਹਿਤ ਦੀ ਸਾਧਨਾ ਵਿਚ ਜੁਟ ਸਕਦਾ ਹੈ। ਜਿਬਰਾਨ ਜਦੋਂ ਦਿਲ ਹੀ ਦਿਲ ਵਿਚ ਇਹ ਮਨਸੂਬਾ ਬਣਾ ਰਿਹਾ ਸੀ ਤਾਂ ਉਸ ਨੂੰ ਮਹਿਸੂਸ ਹੋਇਆ ਜਿਵੇਂ ਉਸ ਦੇ ਸਾਰੇ ਵਜੂਦ 'ਤੇ ਨੀਮ-ਬੇਹੋਸ਼ੀ ਭਾਰੂ ਹੈ। ਅਜਿਹੀ ਹਾਲਤ ਤਾਂ ਕੋਈ ਨਸ਼ੀਲੀ ਚੀਜ਼ ਖਾਣ ਤੋਂ ਬਾਅਦ ਹੁੰਦੀ ਹੈ।
ਉਸ ਨੇ ਠੰਢੀ ਹਵਾ ਵਿਚ ਲੰਮੇ-ਲੰਮੇ ਸਾਹ ਲੈਣੇ ਸ਼ੁਰੂ ਕਰ ਦਿੱਤੇ। ਅਚਾਨਕ ਉਸ ਨੂੰ ਅਹਿਸਾਸ ਹੋਇਆ ਕਿ ਹਰ ਸ਼ੈਅ ਗੋਲ ਦਾਇਰੇ 'ਚ ਘੁੰਮਦੀ ਹੈ, ਜਿਸ ਦਾ ਨਾ ਕੋਈ ਆਦਿ ਹੈ ਤੇ ਨਾ ਅੰਤ। ਜਿਬਰਾਨ ਦਾ ਵੀ ਨਾ ਕੋਈ ਆਰੰਭ ਹੈ ਤੇ ਨਾ ਅੰਤ। ਉਸ ਨੂੰ ਇੰਜ ਜਾਪਿਆ ਜਿਵੇਂ ਕਾਇਨਾਤ ਦੀ ਹਰ ਸ਼ੈਅ ਉਸ ਨੂੰ ਕਹਿ ਰਹੀ ਹੋਵੇ-
'ਤੂੰ ਸਾਡਾ ਲਾਡਲਾ ਜਾਇਆ ਹੈਂ।'
ਘੜਿਆਲ ਵੱਜਾ ਜੋ ਡਿਨਰ ਲਈ ਬੁਲਾਵਾ ਸੀ। ਜਿਬਰਾਨ ਮਟਕ-ਮਟਕ ਤੁਰਨ ਲੱਗਾ, ਜਿਵੇਂ ਉਹ ਖੂਬਸੂਰਤ ਬਾਗ 'ਚ ਟਹਿਲ ਰਿਹਾ ਹੋਵੇ। ਅਸਮਾਨ 'ਤੇ ਤਾਰੀਆਂ ਦਾ ਜਾਲ ਵਿਛਣਾ ਸ਼ੁਰੂ ਹੋ ਗਿਆ ਸੀ, ਜੋ ਜ਼ਿੰਦਗੀ ਅਤੇ ਮੌਤ ਦਾ ਅਮੁੱਕ ਸੰਗੀਤ ਛੇੜਨ ਵਾਲੇ ਹੀ ਸਨ। ਤੁਰਦਿਆਂ-ਤੁਰਦਿਆਂ ਉਸ ਦੇ ਜ਼ਿਹਨ ਵਿਚ ਕਵਿਤਾ ਦੀਆਂ ਇਹ ਸਤਰਾਂ ਆਈਆਂ-

ਮੇਰੇ ਸਾਰੇ ਵਜੂਦ ਨੂੰ
ਉਹਨਾਂ ਦਰਿਸ਼ ਤੇ ਅਦਰਿਸ਼ ਵਸਤਾਂ
ਨਾਲ ਭਰ ਦੇਵੋ,
ਜਿਨ੍ਹਾਂ ਨਾਲ ਮੇਰਾ ਮੁਢਕਦੀਮ
ਤੋਂ ਸਬੰਧ ਹੈ।
ਮੈਂ ਸਾਰੀ ਕਾਇਨਾਤ 'ਚ ਹਾਂ,
ਤੇ ਸਾਰੀ ਕਾਇਨਾਤ ਮੇਰੇ ਅੰਦਰ ਹੈ!
ਆਦਮੀ ਮਨਸੂਬੇ ਘੜਦਾ ਹੈ

ਜਿਬਰਾਨ ਨੂੰ ਸਮਝਣ ਤੋਂ ਪਹਿਲਾਂ ਮੈਰੀ ਹੈਸਕਲ ਲਈ ਉਸ ਦਾ ਸਕੂਲ ਹੀ ਸਭ ਕੁਝ ਸੀ ਪਰ ਜਿਬਰਾਨ ਨੂੰ ਮਿਲਣ ਤੋਂ ਬਾਅਦ ਤੇ ਉਸ ਨੂੰ ਆਪਣੇ ਖਰਚੇ 'ਤੇ ਪੈਰਿਸ ਭੇਜਣ ਉਪਰੰਤ ਉਸ ਦਾ ਵਜੂਦ ਸਕੂਲ ਅਤੇ ਜਿਬਰਾਨ ਵਿਚਕਾਰ ਵੰਡਿਆ ਜਾ ਚੁੱਕਾ ਸੀ। ਜਿਬਰਾਨ ਵਰਗੇ ਵਿਲੱਖਣ ਪ੍ਰਤਿਭਾਸ਼ਾਲੀ ਨੌਜਵਾਨ ਦੀ ਨੇੜਤਾ ਦੇ ਅਹਿਸਾਸ ਨਾਲ ਉਸ ਦਾ ਤਨ, ਮਨ ਤੇ ਆਤਮਾ ਪ੍ਰਫੁਲਤ ਹੋ ਜਾਂਦੇ ਸਨ। ਕੀ ਇਹ ਪਿਆਰ ਸੀ ਜਾਂ ਪ੍ਰਸੰਸਾ ਜਾਂ ਹਮਦਰਦੀ? ਉਸ ਨੇ ਕਦੇ ਇਸ ਗੱਲ 'ਤੇ ਵਿਚਾਰ ਨਹੀਂ ਸੀ ਕੀਤਾ। ਇਕ ਗੱਲ ਬਿਲਕੁਲ ਸਪੱਸ਼ਟ ਸੀ ਕਿ ਉਸ ਅੰਦਰ ਜਿਬਰਾਨ ਲਈ ਕੋਈ ਸਰੀਰਕ ਖਿੱਚ ਨਹੀਂ ਸੀ। ਦਰਅਸਲ, ਅਜਿਹੀ ਖਿੱਚ ਉਸ ਨੇ ਕਿਸੇ ਵੀ ਆਦਮੀ ਲਈ ਮਹਿਸੂਸ ਨਹੀਂ ਕੀਤੀ ਸੀ। ਉਹ ਨਹੀਂ ਜਾਣਦੀ ਸੀ ਕਿ ਔਰਤਾਂ ਵਰਗੇ ਗੁਣਾਂ ਦੀ ਉਸ ਅੰਦਰ ਘਾਟ ਉਸ ਲਈ ਵਰਦਾਨ ਸੀ ਜਾਂ ਸਰਾਪ।
ਉਹ ਬਹੁਤ ਸਾਦੀ ਤੇ ਭਲੀ ਔਰਤ ਸੀ। ਉਸ ਕੋਲ ਜਿਬਰਾਨ ਵਰਗੀ ਭਾਸ਼ਾ ਤੇ ਸ਼ੈਲੀ ਨਹੀਂ ਸੀ। ਉਹ ਜਿਬਰਾਨ ਦੇ ਸੁਭਾਅ ਤੋਂ ਚੰਗੀ ਤਰ੍ਹਾਂ ਵਾਕਿਫ ਸੀ। ਉਹ ਬਹੁਤ ਭਾਵੁਕ ਸੀ ਤੇ ਉਸ ਨੂੰ ਹਮੇਸ਼ਾ ਆਪਣੀ ਪ੍ਰਸੰਸਾ ਸੁਣਨਾ ਚੰਗਾ ਲਗਦਾ ਸੀ। ਉਹ ਉਸ ਨਾਲ ਆਪਣੇ ਹੱਥਾਂ 'ਤੇ ਰੇਸ਼ਮੀ ਦਸਤਾਨੇ ਪਹਿਨ ਕੇ ਹੱਥ ਮਿਲਾਉਂਦੀ ਤੇ ਬੜੀ ਮਿੱਠੀ ਤੇ ਸ਼ੀਰੀਂ ਜ਼ਬਾਨ ਵਿਚ ਗੱਲਬਾਤ ਕਰਦੀ।
ਪੈਰਿਸ ਤੋਂ ਵਾਪਸ ਆਉਂਦਿਆਂ ਹੀ ਜਿਬਰਾਨ ਮੇਰੀ ਹੈਸਕਲ ਨੂੰ ਮਿਲਣ ਗਿਆ। ਉਸ ਨੇ ਬੜੇ ਜੋਸ਼ ਨਾਲ ਉਸ ਨੂੰ ਪੈਰਿਸ ਦੇ ਮਹਾਨ ਕਲਾਕਾਰਾਂ ਤੇ ਅਜਾਇਬ ਘਰਾਂ ਦੇ ਕਿੱਸੇ ਸੁਣਾਏ। ਇਕ ਗੱਲ, ਜੋ ਉਹ ਮੈਰੀ ਨੂੰ ਕਹਿਣ ਆਇਆ ਸੀ, ਹੁਣ ਤੱਕ ਕਹਿ ਨਹੀਂ ਸਕਿਆ ਸੀ। ਗੱਲਬਾਤ ਦੇ ਦੌਰਾਨ ਇਕ ਮਰਹਲਾ ਅਜਿਹਾ ਆਇਆ, ਜਦੋਂ ਚੁੱਪ ਛਾਈ ਹੋਈ ਸੀ ਤੇ ਮੈਰੀ ਆਪਣੇ ਖਿਆਲਾਂ 'ਚ ਡੁੱਬੀ ਹੋਈ ਸੀ। ਜਿਬਰਾਨ ਨੇ ਮੈਰੀ ਦਾ ਹੱਥ ਆਪਣੇ ਹੱਥ ਵਿਚ ਫੜ ਕੇ ਕਿਹਾ-
'ਮੈਰੀ, ਕੀ ਤੂੰ ਮੇਰੀ ਹਮਸਫ਼ਰ ਬਣੇਗੀ?'
'ਕੀ ਤੇਰਾ ਮਤਲਬ ਸ਼ਾਦੀ ਤੋਂ ਹੈ?' ਮੈਰੀ ਨੇ ਹੈਰਾਨ ਹੋ ਕੇ ਪੁੱਛਿਆ।
'ਹਾਂ।'
'ਕੀ ਤੇਰਾ ਸਰੀਰ ਵੀ ਤੇਰੀ ਆਤਮਾ ਵਾਂਗ ਪਵਿੱਤਰ ਹੈ?' ਮੈਰੀ ਨੇ ਬੱਚਿਆਂ ਵਰਗੀ ਮਾਸੂਮੀਅਮ ਨਾਲ ਪੁੱਛਿਆ।
ਮੈਰੀ ਦੇ ਸਵਾਲ ਵਿਚਲੇ ਜਵਾਬ ਨੂੰ ਖਲੀਲ ਇਕਦਮ ਸਮਝ ਗਿਆ ਤੇ ਪਲ ਭਰ ਵਿਚ ਹੀ ਉਹ ਆਪੇ ਤੋਂ ਬਾਹਰ ਹੋ ਗਿਆ। ਉਹ ਭੁਚਾਲ ਨਾਲ ਜੜ੍ਹੋਂ ਹਿੱਲੇ ਰੁੱਖ ਵਾਂਗ ਕੰਬਣ ਲੱਗ ਪਿਆ।
ਜਿਬਰਾਨ ਜਦੋਂ ਮੈਰੀ ਹੈਸਕਲ ਦੇ ਘਰੋਂ ਬਾਹਰ ਆਇਆ ਤਾਂ ਉਸ ਦੇ ਦਿਲ ਵਿਚ ਮੱਸਿਆ ਦੀ ਕਾਲੀ ਸਿਆਹ ਰਾਤ ਵਰਗਾ ਹਨੇਰਾ ਸੀ ਤੇ ਜ਼ਿਹਨ ਵਿਚ ਜਵਾਲਾਮੁਖੀ। ਜੇ ਉਹ ਅਤੀਤ ਨੂੰ ਯਾਦ ਕਰਦਾ ਤਾਂ ਉਹ ਉਦਾਸ ਹੋ ਜਾਂਦਾ। ਜੇ ਉਹ ਭਵਿੱਖ ਵੱਲ ਤੱਕਦਾ ਤਾਂ ਦੂਰ-ਦੂਰ ਤੱਕ ਫੈਲਿਆ ਰੇਗਿਸਤਾਨ ਨਜ਼ਰ ਆਉਂਦਾ। ਉਸ ਨੇ ਮੈਰੀ ਨੂੰ ਇਕ ਖ਼ਤ ਲਿਖਣ ਲਈ ਸੋਚਿਆ, ਜਿਸ ਵਿਚ ਉਹ ਆਪਣੀ ਸਥਿਤੀ ਸਪੱਸ਼ਟ ਕਰਨਾ ਚਾਹੁੰਦਾ ਸੀ।
ਕੁਝ ਦਿਨਾਂ ਵਿਚ ਉਸ ਦਾ ਜ਼ਖਮ ਭਰ ਗਿਆ। ਹੁਣ ਉਹ ਸਹਿਜ ਸੀ। ਉਹ ਮਨੁੱਖੀ ਹੋਂਦ ਦੀਆਂ ਉਨ੍ਹਾਂ ਸਥਿਤੀਆਂ ਅਤੇ ਘਟਨਾਵਾਂ ਦੀ ਮੀਮਾਂਸਾ ਕਰਨ ਲੱਗਾ ਜੋ ਮਨੁੱਖ ਦੀ ਅੰਦਰੂਨੀ ਅਤੇ ਬਾਹਰੀ ਦ੍ਰਿਸ਼ਟੀ 'ਤੇ ਪੱਟੀ ਬੰਨ੍ਹ ਦਿੰਦੀਆਂ ਹਨ। ਉਹ ਅਜੇ ਆਪਣੀਆਂ ਸੋਚਾਂ ਵਿਚ ਹੀ ਗੁੰਮ ਸੀ ਕਿ ਉਸ ਨੂੰ ਡਾਕ ਵਿਚੋਂ ਇਕ ਲਿਫਾਫਾ ਮਿਲਿਆ, ਜਿਸ ਵਿਚ ਮੈਰੀ ਦਾ ਖਤ ਸੀ ਤੇ 75 ਡਾਲਰ ਦਾ ਚੈੱਕ। ਉਸ ਦੇ ਖਤ ਵਿਚ ਪਹਿਲਾਂ ਵਰਗੀ ਹੀ ਹਮਦਰਦੀ ਅਤੇ ਫਿਕਰਮੰਦੀ ਸੀ। ਉਸ ਦੇ ਖਤ ਤੋਂ ਤਾਂ ਇੰਜ ਜਾਪਦਾ ਸੀ, ਜਿਵੇਂ ਪਿਛਲੀ ਘਟਨਾ ਦਾ ਉਸ ਨੂੰ ਕੋਈ ਯਾਦ-ਚੇਤਾ ਹੀ ਨਹੀਂ।
ਮੈਰੀ ਦੇ ਖਤ ਦੀਆਂ ਅੰਤਿਮ ਸਤਰਾਂ ਤੱਕ ਪਹੁੰਚਦਿਆਂ ਜਿਬਰਾਨ ਦੀਆਂ ਅੱਖਾਂ 'ਚੋਂ ਹੰਝੂ ਕਿਰਨ ਲੱਗ ਪਏ। ਉਸ ਦੀ ਸੋਚ ਦੇ ਦਿਸਹੱਦੇ ਫਿਰ ਰੁਸ਼ਨਾ ਉੱਠੇ। ਉਸ ਨੇ ਆਪਣੇ ਦਿਲ ਹੀ ਦਿਲ ਵਿਚ 'ਜ਼ਿੰਦਗੀ' ਦੇ ਵਰਦਾਨਾਂ ਸਾਹਮਣੇ ਸਿਰ ਨਿਵਾਇਆ। ਜ਼ਿੰਦਗੀ ਦੀ ਕੋਈ ਥਾਹ ਨਹੀਂ ਪਾ ਸਕਿਆ। ਮਨੁੱਖ ਮਨਸੂਬੇ ਬਣਾਉਂਦਾ ਹੈ ਤੇ ਜ਼ਿੰਦਗੀ ਨੂੰ ਆਪਣੀ ਇੱਛਾ ਅਨੁਸਾਰ ਘੜਨਾ ਚਾਹੁੰਦਾ ਹੈ ਪਰ ਉਹ ਨਹੀਂ ਜਾਣਦਾ ਕਿ 'ਮੈਨ ਪਰੋਪਜਿਜ਼ ਐਂਡ ਗੌਡ ਡਿਸਪੋਜਿਜ਼।'
ਇਕ ਸਾਲ ਬਾਅਦ ਜਿਬਰਾਨ ਬੋਸਟਨ ਤੋਂ ਨਿਊਯਾਰਕ ਜਾ ਰਿਹਾ ਸੀ। ਉਸ ਦੇ ਕੰਨਾਂ ਵਿਚ ਆਪਣੀ ਭੈਣ ਮਾਰੀਆਨਾ ਦੀਆਂ ਸਿਸਕੀਆਂ ਸਨ। ਉਸ ਦੀਆਂ ਅੱਖਾਂ ਵਿਚ ਹੰਝੂ ਸਨ, ਉਸ ਦੇ ਦਿਲ ਵਿਚ ਮੈਰੀ ਦਾ ਪਿਆਰ ਅਤੇ ਉਸ ਦੀਆਂ ਅਸੀਸਾਂ ਸਨ, ਉਸ ਦੀ ਜੇਬ ਵਿਚ ਥੋੜ੍ਹੇ ਜਿੰਨੇ ਡਾਲਰ ਸਨ। ਉਸ ਦੇ ਝੋਲੇ ਵਿਚ ਅਰਬੀ ਭਾਸ਼ਾ ਵਿਚ ਲਿਖੇ ਉਸ ਦੇ ਲਘੂ-ਨਾਵਲ 'ਬਰੋਕਨ ਵਿੰਗਜ਼' ਦਾ ਖਰੜਾ ਸੀ ਤੇ ਹੱਥ ਵਿਚ ਸੀ ਨੀਤਸ਼ੇ ਦੀ ਪੁਸਤਕ 'ਦਸ ਸਪੇਕ ਦ ਜ਼ਰਾਥੁਸਤਰਾ'।

ਕਬਰਾਂ ਪੁੱਟਣ ਵਾਲਾ

ਵੈਸਟ ਟੈਂਥ ਸਟਰੀਟ ਦਾ ਹਾਊਸ ਨੰਬਰ 51, ਪੁਰਾਣੀਆਂ ਇੱਟਾਂ ਦਾ ਇਕ ਤਿੰਨ ਮੰਜ਼ਿਲਾ ਘਰ ਸੀ। ਇਹ ਗਰੀਨਵਿਚ ਨਾਮੀ ਪਿੰਡ ਦੀ ਹੱਦ 'ਤੇ ਸਥਿਤ ਸੀ। ਉਸ ਇਮਾਰਤ ਦੇ ਇਕ ਕਮਰੇ 'ਚ ਜਿਬਰਾਨ ਨੇ ਆਪਣਾ ਛੋਟਾ ਜਿਹਾ ਸਟੂਡੀਓ ਸਥਾਪਿਤ ਕੀਤਾ। ਇਹ ਕਮਰਾ ਹੀ ਉਸ ਦਾ ਡਰਾਇੰਗ ਰੂਮ, ਡਾਇਨਿੰਗ ਰੂਮ ਅਤੇ ਰਸੋਈ ਸੀ। ਸੰਸਾਰ ਦੇ ਇਸ ਅਣਜਾਣ ਜਿਹੇ ਕੋਨੇ 'ਚ ਬਹਿ ਕੇ ਉਹ ਆਪਣੀ ਪ੍ਰਤਿਭਾ ਨੂੰ ਨਿਖਾਰ ਰਿਹਾ ਸੀ। ਇਸ ਇਕਾਂਤ ਵਿਚ ਉਸ ਦਾ ਸਾਥੀ ਤੇ ਰਹਿਨੁਮਾ ਸੀ ਫਰੇਡਰਿਚ ਨੀਤਸ਼ੇ। ਉਸ ਦੀ ਪੁਸਤਕ 'ਦਸ ਸਪੇਕ ਜ਼ਰਾਥੁਸਤਰਾ' ਪੜ੍ਹਦਿਆਂ ਹੋਇਆਂ ਉਸ ਦੀ ਆਤਮਾ ਦੀਆਂ ਗਹਿਰਾਈਆਂ 'ਚੋਂ ਆਵਾਜ਼ ਆਈ-
'ਵਾਹ! ਕਿਹੋ ਜਿਹਾ ਵਿਲੱਖਣ ਆਦਮੀ ਹੈ ਇਹ! ਉਹ ਸਿਆਣਪ ਨਾਲ ਭਰਿਆ ਇਕ ਪਾਗਲ ਸੀ, ਜੋ ਬੇਹੱਦ ਜ਼ਾਹਿਲ ਅਤੇ ਬੇਢੰਗੇ ਲੋਕਾਂ ਦੇ ਸੰਸਾਰ 'ਚ ਵਿਚਰਦਾ ਸੀ। ਉਸ ਦੀ ਅਸੀਮ ਇੱਛਾ ਸ਼ਕਤੀ ਨੇ ਮਹਾਂਮਾਨਵ (ਸੁਪਰਮੈਨ) ਦੀ ਸਿਰਜਣਾ ਕੀਤੀ ਹੈ, ਜੋ ਲਲਕਾਰ ਕੇ ਕਹਿੰਦਾ ਹੈ, 'ਸਿਵਾਏ ਮੇਰੇ, ਤੁਹਾਡਾ ਹੋਰ ਕੋਈ ਰੱਬ ਨਹੀਂ। ਮੈਂ ਹੀ ਸਿਰਜਕ ਹਾਂ, ਮੈਂ ਹੀ ਸਿਰਜਣਾ ਹਾਂ। ਜਿਸ ਆਦਮੀ ਪਾਸ ਆਪਣੀ ਦ੍ਰਿੜ੍ਹ ਇੱਛਾ ਸ਼ਕਤੀ ਹੈ, ਉਸ ਨੂੰ ਕਿਸੇ ਵੀ ਸਹਾਰੇ ਦੀ ਲੋੜ ਹੀ ਨਹੀਂ ਹੈ।'
ਜਿਬਰਾਨ ਜਦੋਂ ਵੀ ਨੀਤਸ਼ੇ ਬਾਰੇ ਸੋਚਦਾ ਤਾਂ ਉਹ ਉਸ ਦੀ ਤੁਲਨਾ ਭੁਚਾਲ ਨਾਲ ਕਰਦਾ... 'ਜ਼ਰਾਥੁਸਤਰਾ ਇਕ ਅਜਿਹਾ ਜਵਾਲਾਮੁਖੀ ਹੈ, ਜੋ ਵਰਦਾਨ ਵੀ ਹੈ ਤੇ ਸਰਾਪ ਵੀ।'
ਨੀਤਸ਼ੇ ਦਾ ਜ਼ਰਾਥੁਸਤਰਾ ਲੋਕਾਂ ਨੂੰ ਸਮਝਾਉਂਦਾ ਹੈ-
'ਸੁਰਗ ਦੇ ਸੁਪਨੇ ਵਿਖਾਉਣ ਵਾਲੇ ਰੱਬ ਦੇ ਵਿਚੋਲਿਆਂ 'ਤੇ ਵਿਸ਼ਵਾਸ ਨਾ ਕਰੋ, ਕਿਉਂਕਿ ਰੱਬ ਮਰ ਚੁੱਕਾ ਹੈ ਤੇ ਨਾਲ ਹੀ ਫੌਤ ਹੋ ਚੁੱਕੇ ਹਨ, ਉਸ ਦੇ ਸਹਾਇਕ ਜੋ ਕਾਫਰਾਂ ਨੂੰ ਸਜ਼ਾ ਦਿੰਦੇ ਸਨ।'
ਨੀਤਸ਼ੇ ਨੂੰ ਪੜ੍ਹ ਕੇ ਜਿਬਰਾਨ ਬੇਹੱਦ ਪ੍ਰਭਾਵਿਤ ਹੋਇਆ ਤੇ ਨੀਤਸ਼ੇ ਹੁਣ ਹਰ ਵੇਲੇ ਹੀ ਉਸ ਦੇ ਅੰਗ-ਸੰਗ ਰਹਿਣ ਲੱਗ ਪਿਆ। ਉਸ ਨੇ ਆਪਣੀ ਇਕ ਪ੍ਰਸੰਸਕਾ ਮਿਸ ਵਾਟਸਨ ਨੂੰ ਵੀ ਇਹ ਪੁਸਤਕ ਪੜ੍ਹਨ ਲਈ ਪ੍ਰੇਰਿਤ ਕੀਤਾ। ਉਸ ਨੂੰ ਲਿਖੇ ਇਕ ਖਤ ਵਿਚ ਜਿਬਰਾਨ ਨੇ ਕਿਹਾ-
'ਜ਼ਰਾਥੁਸਤਰਾ ਨੂੰ ਮੈਂ ਦੁਨੀਆ ਦੀ ਮਹਾਨਤਮ ਪੁਸਤਕ ਮੰਨਦਾ ਹਾਂ। ਇਸ ਨੂੰ ਜਲਦੀ ਤੋਂ ਜਲਦੀ ਪੜ੍ਹੋ, ਤਾਂ ਜੋ ਅਸੀਂ ਉਸ ਸਬੰਧੀ ਗੱਲਾਂ ਕਰ ਸਕੀਏ।'
ਨੀਤਸ਼ੇ ਨੇ ਜਿਬਰਾਨ ਦੀ ਹਨੇਰੀ ਜ਼ਿੰਦਗੀ ਨੂੰ ਰੌਸ਼ਨੀ ਨਾਲ ਭਰ ਦਿੱਤਾ ਸੀ। ਹੁਣ ਉਸ ਨੂੰ ਆਪਣੀ ਅਣਛਪੀ ਪੁਸਤਕ 'ਬਰੋਕਨ ਵਿੰਗਸ' ਬਹੁਤ ਹੀ ਸਧਾਰਨ ਪੱਧਰ ਦੀ ਪੁਸਤਕ ਜਾਪ ਰਹੀ ਸੀ। ਉਸ ਨੇ ਇਸ ਪੁਸਤਕ ਨੂੰ ਪ੍ਰਕਾਸ਼ਿਤ ਕਰਵਾਉਣ ਦਾ ਵਿਚਾਰ ਹੀ ਤਿਆਗ ਦਿੱਤਾ। ਪਰ ਉਸ ਨੂੰ ਸਿਰਫ ਇਸ ਗੱਲ ਦੀ ਸੰਤੁਸ਼ਟੀ ਸੀ ਕਿ ਇਹ ਪੁਸਤਕ ਉਸ ਨੇ ਆਪਣੀ ਕਲਮ ਨੂੰ ਆਪਣੇ ਦਿਲ ਦੇ ਲਹੂ ਵਿਚ ਡੁਬੋ ਕੇ ਲਿਖਿਆ ਹੈ। ਉਸ ਨੇ ਸੋਚਿਆ ਕਿ ਇਸ ਪੁਸਤਕ ਨੂੰ ਦਫ਼ਨ ਕਰ ਦੇਣਾ, ਉਸ ਲਈ ਆਪਣੇ ਦਿਲ ਦੇ ਇਕ ਟੁਕੜੇ ਨੂੰ ਦਫ਼ਨ ਕਰਨ ਵਾਂਗ ਹੋਵੇਗਾ। ਇਸ ਨਾਵਲ ਦੇ ਪ੍ਰਕਾਸ਼ਨ ਨਾਲ ਉਹ ਇਕ ਨਵਾਂ ਮੀਲ-ਪੱਥਰ ਸਥਾਪਤ ਕਰੇਗਾ। ਇਕ ਗੱਲ ਹੋਰ, ਇਹ ਜਿਬਰਾਨ ਦੀ ਹੰਝੂਆਂ ਅਤੇ ਗਿਲ੍ਹੇ-ਸ਼ਿਕਵਿਆਂ ਨਾਲ ਭਰੀ ਜ਼ਿੰਦਗੀ ਦਾ ਅੰਤਿਮ ਅਧਿਆਇ ਹੋਵੇਗਾ। ਇਸ ਉਪਰੰਤ ਉਹ ਆਪਣੀ 'ਇੱਛਾ-ਸ਼ਕਤੀ' ਨਾਲ ਆਪਣੇ ਹੰਝੂਆਂ 'ਤੇ ਕਾਬੂ ਪਾਵੇਗਾ ਅਤੇ ਆਪਣੀ ਕਲਮ ਤੇ ਬੁਰਸ਼ ਨਾਲ ਉਹ ਆਪਣੀ ਪੁਰਾਣੀ ਸ਼ੈਲੀ ਨੂੰ ਤਿਆਗ ਕੇ ਨਵੀਂ ਸ਼ੈਲੀ ਤੇ ਨਵੇਂ ਮੁਹਾਵਰੇ ਦਾ ਪ੍ਰਯੋਗ ਕਰੇਗਾ।
'ਦ ਬਰੋਕਨ ਵਿੰਗਸ' ਦੇ ਪ੍ਰਕਾਸ਼ਨ ਤੋਂ ਬਾਅਦ ਅਰਬੀ ਭਾਸ਼ੀ ਅਖ਼ਬਾਰਾਂ ਵਿਚ ਇਸ ਦੀ ਖੂਬ ਪ੍ਰਸੰਸਾ ਹੋਈ। ਇਹ ਪੁਸਤਕ ਉਸ ਨੇ ਮਿਸ ਮੈਰੀ ਹੈਸਕਲ ਨੂੰ ਭੇਟ ਕੀਤੀ ਸੀ।
ਅਰਬੀ ਭਾਸ਼ਾ ਦੇ ਪ੍ਰਸਿੱਧ ਕਵੀ ਨਸੀਬ ਅਰੀਦਾ ਨੇ ਜਦੋਂ ਜਿਬਰਾਨ ਕੋਲੋਂ 'ਦ ਬਰੋਕਨ ਵਿੰਗਸ' ਦਾ ਅੰਗਰੇਜ਼ੀ 'ਚ ਅਨੁਵਾਦ ਕਰਨ ਲਈ ਉਸ ਤੋਂ ਆਗਿਆ ਮੰਗੀ ਤਾਂ ਉਸ ਨੇ ਕਿਹਾ, 'ਜਿਸ ਨੌਜਵਾਨ ਨੇ 'ਦ ਬਰੋਕਨ ਵਿੰਗਸ' ਅਤੇ 'ਏ ਟੀਅਰ ਐਂਡ ਏ ਸਮਾਈਲ' ਲਿਖੀ ਸੀ, ਉਹ ਕਦੋਂ ਦਾ ਮਰ ਚੁੱਕਾ ਹੈ। ਤੁਸੀਂ ਉਸ ਦੀਆਂ ਅਸਥੀਆਂ ਫਰੋਲਣਾ ਕਿਉਂ ਚਾਹੁੰਦੇ ਹੋ? ਤੁਸੀਂ ਜਾ ਚਾਹੁੰਦੇ ਹੋ, ਕਰ ਲਵੋ। ਪਰ ਮੇਰੀ ਉਸ ਰੂਹ ਨੂੰ ਨਾ ਭੁੱਲਣਾ, ਜਿਸ ਨੇ ਹੁਣ ਨਵਾਂ ਰੂਪ ਧਾਰਨ ਕਰ ਲਿਆ ਹੈ।'
ਉਹ ਆਦਮੀ ਜਿਬਰਾਨ ਇਸ ਕਦਰ ਨੀਤਸ਼ੇ ਦੇ ਪ੍ਰਭਾਵ ਹੇਠਾਂ ਸੀ ਕਿ ਉਹ ਲੋਕਾਂ ਦਾ ਮਜ਼ਾਕ ਉਡਾਉਂਦਾ, ਉਨ੍ਹਾਂ ਦੇ ਬਣਾਏ ਨਿਯਮਾਂ, ਅਸੂਲਾਂ ਅਤੇ ਦੇਵਤਿਆਂ ਦਾ ਤਿਰਸਕਾਰ ਕਰਦਾ। ਉਹ ਹੁਣ ਕਬਰਾਂ ਪੁੱਟਣ ਵਿਚ ਲੱਗਾ ਹੋਇਆ ਸੀ। ਇਹ ਉਹ ਆਦਮੀ ਸੀ, ਜੋ ਕੁਝ ਸਮਾਂ ਪਹਿਲਾਂ ਗਰੀਬਾਂ ਤੇ ਬੇਸਹਾਰਾ ਲੋਕਾਂ ਲਈ ਕਿਹਾ ਕਰਦਾ ਸੀ-
'ਤੁਸੀਂ ਆਸ ਦਾ ਪੱਲਾ ਨਾ ਛੱਡੋ। ਬੱਦਲਾਂ ਤੋਂ ਪਾਰ, ਖਿਤਿਜ ਤੋਂ ਦੂਰ ਇਕ ਅਜਿਹੀ ਸ਼ਕਤੀ ਹੈ, ਜਿਸ ਕੋਲ ਪਿਆਰ ਅਤੇ ਬਖਸ਼ਿਸ਼ਾਂ ਦਾ ਭਰਪੂਰ ਖਜ਼ਾਨਾ ਹੈ।' ...ਉਹੀ ਆਦਮੀ ਹੁਣ ਆਪਣੇ ਹੱਥ 'ਚ ਕਹੀ ਫੜ ਕੇ ਉਨ੍ਹਾਂ ਲਈ ਕਬਰ ਖੋਦ ਰਿਹਾ ਸੀ। ਉਹ ਖੁਦ ਹੀ ਖੁਦਾ ਬਣ ਚੁੱਕਾ ਸੀ, ਜੋ ਰਹਿਮ ਨੂੰ ਬੁਜ਼ਦਿਲੀ ਤੇ ਬੁਜ਼ਦਿਲੀ ਨੂੰ ਮੌਤ ਸਮਝਦਾ ਸੀ। ਉਹ ਸਿਰਫ ਆਪਣੇ ਵਰਗੇ ਲੋਕਾਂ ਨੂੰ ਹੀ ਜ਼ਿੰਦਗੀ ਜਿਊਣ ਦਾ ਹੱਕਦਾਰ ਸਮਝਦਾ ਸੀ।

ਜਿਬਰਾਨ ਨਾਲ ਮੇਰੀ ਪਹਿਲੀ ਮੁਲਾਕਾਤ

ਨਜ਼ਾਰਥ ਦੇ 'ਰਸ਼ੀਅਨ ਟੀਚਰਜ਼ ਇੰਸਟੀਚਿਊਟ' ਵਿਖੇ ਨਸੀਬ ਅਰੀਦਾ ਅਤੇ ਅਬਦੁਲ ਮਸੀਹ ਹਦਾਦ (ਦੋਵੇਂ ਸੀਰਿਆ ਦੇਸ਼ ਦੇ) ਮੇਰੇ ਸਕੂਲ ਦੇ ਸਾਥੀ ਸਨ । 1906 ਵਿਚ ਮੈਨੂੰ ਰੂਸ 'ਚ ਪੜ੍ਹਨ ਲਈ ਵਜ਼ੀਫ਼ਾ ਮਿਲਿਆ । ਉਸ ਉਪਰੰਤ ਮੈਨੂੰ ਆਪਣੇ ਇਨ੍ਹਾਂ ਦੋਵਾਂ ਦੋਸਤਾਂ ਦਾ ਕੋਈ ਅਤਾ-ਪਤਾ ਨਹੀਂ ਲੱਗਾ । ਬਸ ਮੈਨੂੰ ਏਨੀ ਕੁ ਹੀ ਜਾਣਕਾਰੀ ਸੀ ਕਿ ਉਹ ਹੁਣ ਨਿਊਯਾਰਕ ਵਿਚ ਵਸ ਗਏ ਹਨ ।
1911 'ਚ ਨਿਊਯਾਰਕ ਮੇਰੇ ਲਈ ਨਵੀਂ ਦੁਨੀਆ 'ਚ ਦਾਖਲ ਹੋਣ ਲਈ ਪ੍ਰਵੇਸ਼ ਦੁਆਰ ਬਣਿਆ । 1912 ਦੇ ਅਰੰਭ ਵਿਚ ਮੈਂ ਵਾਸ਼ਿੰਗਟਨ ਯੂਨੀਵਰਸਿਟੀ 'ਚ ਦਾਖਲ ਹੋ ਗਿਆ ਤੇ ਆਪਣੀ ਪੜ੍ਹਾਈ ਵਿਚ ਰੁੱਝ ਗਿਆ । ਉਸ ਸਮੇਂ ਅਰਬੀ ਸੰਸਾਰ ਅਤੇ ਅਰਬੀ ਸਾਹਿਤ ਨਾਲ ਮੇਰਾ ਬਹੁਤਾ ਵਾਸਤਾ ਨਹੀਂ ਸੀ ।
ਇਕ ਦਿਨ ਅਚਾਨਕ ਨਿਊਯਾਰਕ ਤੋਂ ਛਪਣ ਵਾਲੇ ਇਕ ਅਰਬੀ ਅਖ਼ਬਾਰ ਵਿਚ ਜਿਬਰਾਨ ਦੀ ਪੁਸਤਕ 'ਦ ਬਰੋਕਨ ਵਿੰਗਜ਼' ਦੇ ਸਬੰਧ 'ਚ ਇਕ ਲੇਖ ਪੜ੍ਹਨ ਦਾ ਮੌਕਾ ਮਿਲਿਆ । ਲੇਖ ਵਿਚ ਪੁਸਤਕ ਦੀ ਭਰਪੂਰ ਪ੍ਰਸੰਸਾ ਦਰਜ ਸੀ । ਏਨੀ ਜ਼ਿਆਦਾ ਪ੍ਰਸੰਸਾ ਨੂੰ ਸਹਿਜੇ ਹਜ਼ਮ ਕਰਨਾ ਮੇਰੇ ਲਈ ਮੁਸ਼ਕਿਲ ਸੀ ।
ਕੁਝ ਦਿਨਾਂ ਬਾਅਦ ਮੈਨੂੰ ਡਾਕ ਵਿਚੋਂ ਇਕ ਬਹੁਤ ਹੀ ਖੂਬਸੂਰਤ ਮਾਸਿਕ ਪੱਤਿ੍ਕਾ 'ਐਲ ਫੁਨੂਨ' ਮਿਲੀ, ਜਿਸ ਦਾ ਸੰਪਾਦਕ ਮੇਰਾ ਪੁਰਾਣਾ ਸਹਿਪਾਠੀ ਨਸੀਬ ਅਰੀਦਾ ਸੀ । ਇਸ ਪੱਤਿ੍ਕਾ ਦੀ ਸਮੱਗਰੀ ਬੜੀ ਨਿੱਗਰ ਸੀ । ਮੈਨੂੰ ਇਸ ਰਸਾਲੇ 'ਚ ਛਪੀਆਂ ਰਚਨਾਵਾਂ ਪੜ੍ਹ ਕੇ ਬੜੀ ਖੁਸ਼ੀ ਤੇ ਤਸੱਲੀ ਹਾਸਲ ਹੋਈ ।
ਅਚਾਨਕ ਇਕ ਦਿਨ ਮੈਨੂੰ 'ਦ ਬਰੋਕਨ ਵਿੰਗਜ਼' ਦੀ ਕਾਪੀ ਪ੍ਰਾਪਤ ਹੋਈ । ਇਹ ਪੁਸਤਕ ਇਕ ਲਿਬਨਾਨੀ ਪ੍ਰਵਾਸੀ ਨੇ ਮੈਨੂੰ ਭੇਟ ਕੀਤੀ ਸੀ । ਉਹ ਇਹ ਲਘੂ-ਨਾਵਲ ਪੜ੍ਹ ਕੇ ਬਹੁਤ ਨਿਰਾਸ਼ ਜਾਪਦਾ ਸੀ । ਸ਼ਾਇਦ ਉਹ ਮੈਨੂੰ ਆਪਣੀ ਨਿਰਾਸ਼ਾ ਵਿਚ ਸਾਂਝੀਦਾਰ ਬਣਾਉਣਾ ਚਾਹੁੰਦਾ ਸੀ । ਇਹ ਪੁਸਤਕ ਪੜ੍ਹਨ ਤੋਂ ਬਾਅਦ ਮੈਂ ਇਕ ਲੇਖ ਲਿਖਣ ਲਈ ਉਤਸ਼ਾਹਿਤ ਹੋਇਆ । ਲੇਖ ਦਾ ਸਿਰਲੇਖ ਸੀ-'ਆਸ ਦੀ ਕਿਰਨ' । ਇਸ ਲੇਖ ਨਾਲ ਮੈਂ ਸਾਹਿਤ ਜਗਤ ਵਿਚ ਆਪਣੀ ਪਹਿਲੀ ਹਾਜ਼ਰੀ ਲਵਾਈ । 'ਐਲ ਫੁਨੂਨ' ਪੱਤਿ੍ਕਾ 'ਚ ਜਦੋਂ ਇਹ ਲੇਖ ਛਪਿਆ ਤਾਂ ਉਸ ਵਿਚ ਦਰਜ ਮੇਰੀ ਇਸ ਟਿੱਪਣੀ ਦੀ ਸਾਹਿਤਕ ਖੇਤਰਾਂ 'ਚ ਬੜੀ ਚਰਚਾ ਹੋਈ ਕਿ 'ਮੈਨੂੰ ਪੂਰਾ ਭਰੋਸਾ ਹੈ ਕਿ 'ਦ ਬਰੋਕਨ ਵਿੰਗਜ਼' ਦਾ ਲੇਖਕ ਕਿਸੇ ਦਿਨ ਮਜ਼ਬੂਤ ਖੰਭਾਂ ਵਾਲਾ ਬਾਜ਼ ਬਣੇਗਾ ਤੇ ਅਰਬੀ ਸਾਹਿਤ ਦੇ ਅਸਮਾਨ 'ਤੇ ਲੰਮੀਆਂ ਤੋਂ ਲੰਮੀਆਂ ਉਡਾਰੀਆਂ ਮਾਰੇਗਾ ।' ਅਰੀਦਾ ਨੇ ਇਹ ਲੇਖ ਜਿਬਰਾਨ ਨੂੰ ਪੜ੍ਹ ਕੇ ਸੁਣਾਇਆ । ਉਸ ਨੇ ਆਪਣੇ ਇਕ ਖਤ ਵਿਚ ਮੈਨੂੰ ਦੱਸਿਆ-'ਜਿਬਰਾਨ ਨੇ ਲੇਖ ਸੁਣਦਿਆਂ ਹੀ ਮੈਨੂੰ ਕਿਹਾ ਇਹ ਸ਼ਖਸ ਹੁਣ ਤੱਕ ਛਿਪਿਆ ਕਿਥੇ ਰਿਹਾ । ਇਸ ਤੋਂ ਬਾਅਦ ਉਸ ਨੇ ਹੋਰ ਵੀ ਤੇਰੇ ਬਾਰੇ ਕਈ ਸਵਾਲ ਪੁੱਛੇ ।'
1914 'ਚ ਲੜਾਈ ਸ਼ੁਰੂ ਹੋ ਗਈ ਸੀ ਤੇ ਆਰਥਿਕ ਮਜਬੂਰੀਆਂ ਕਾਰਨ 'ਐਲ ਫੁਨੂਨ' ਜਿਹੀ ਸ਼ਾਨਦਾਰ ਪੱਤਿ੍ਕਾ ਵੀ ਛਪਣੋਂ ਬੰਦ ਹੋ ਗਈ । ਇਸ ਪੱਤਿ੍ਕਾ ਨੂੰ ਅਰਬੀ ਭਾਸ਼ੀ ਪਾਠਕ ਜਿਬਰਾਨ ਦੀਆਂ ਕਵਿਤਾਵਾਂ ਕਾਰਨ ਬੇਹੱਦ ਪਿਆਰ ਕਰਨ ਲੱਗ ਪਏ ਸਨ । ਇਸ ਪੱਤਿ੍ਕਾ ਨੂੰ ਮੁੜ ਚਾਲੂ ਕਰਨ ਦੇ ਉਪਰਾਲੇ ਹੋਣ ਲੱਗੇ । ਅਰੀਦਾ ਨੂੰ ਹੀ ਇਸ ਦਾ ਮੁੱਖ ਸੰਪਾਦਕ ਥਾਪਿਆ ਗਿਆ । ਅਰੀਦਾ ਨੇ ਮੈਨੂੰ ਬੜੀ ਸ਼ਿੱਦਤ ਨਾਲ ਕਿਹਾ ਕਿ ਮੈਂ ਆਪਣੀ ਪੜ੍ਹਾਈ ਖਤਮ ਕਰਨ ਉਪਰੰਤ ਨਿਊਯਾਰਕ ਆ ਜਾਵਾਂ ਅਤੇ ਉਨ੍ਹਾਂ ਦਾ ਹੱਥ ਵਟਾਵਾਂ । ਕਲਮ, ਦਵਾਤ ਤੇ ਕਾਗਜ਼ 'ਚ ਹੀ ਮੇਰੀ ਰੂਹ ਵਸਦੀ ਸੀ । ਮੈਂ ਖੁਸ਼ੀ ਦੀ ਤਲਾਸ਼ ਵਿਚ ਨਿਊਯਾਰਕ ਆ ਗਿਆ । 'ਐਲ ਫੁਨੂਨ' ਬੇਸ਼ੱਕ ਹਰਮਨ ਪਿਆਰੀ ਪੱਤਿ੍ਕਾ ਸੀ, ਫਿਰ ਵੀ ਇਹ ਘਾਟੇ ਦਾ ਹੀ ਸੌਦਾ ਸੀ । ਮੈਂ ਇਸ ਪੱਤਿ੍ਕਾ ਦੇ ਸਟਾਫ 'ਚ ਭਰਤੀ ਨਹੀਂ ਹੋਇਆ ਪਰ ਹਰ ਰੋਜ਼ ਵਾਂਗ ਹੀ ਉਸ ਦੇ ਦਫਤਰ ਵਿਚ ਆਉਂਦਾ-ਜਾਂਦਾ ਰਿਹਾ ।
ਇਕ ਦਿਨ ਮੈਂ 'ਐਲ ਫੁਨੂਨ' ਦੇ ਦਫਤਰ 'ਚ ਬੈਠਾ ਹੋਇਆ ਸੀ ਕਿ ਕਮਰੇ ਵਿਚ ਇਕ ਖੂਬਸੂਰਤ ਨੌਜਵਾਨ ਦਾਖਲ ਹੋਇਆ । ਉਸ ਦੇ ਸਿਰ 'ਤੇ ਹੈਟ ਸੀ ਤੇ ਹੱਥ ਵਿਚ ਚਾਂਦੀ ਦੀ ਮੁੱਠ ਵਾਲੀ ਛੜੀ । ਉਸ ਨੂੰ ਦੇਖਦਿਆਂ ਹੀ ਮੈਂ ਕਿਹਾ, 'ਜਿਬਰਾਨ!' ਤੇ ਉਸ ਨੇ ਵੀ ਇਕਦਮ ਕਿਹਾ 'ਮਿਖਾਇਲ ਨਮਈ' ।
ਅਸੀਂ ਦੋਵਾਂ ਨੇ ਬੜੀ ਗਰਮਜੋਸ਼ੀ ਨਾਲ ਹੱਥ ਮਿਲਾਏ । ਉਸ ਨੇ ਮੈਨੂੰ, ਅਰੀਦਾ ਅਤੇ ਹੱਦਾਦ ਨੂੰ ਆਪਣੇ ਸਟੂਡੀਓ 'ਦ ਹਰਮਿਟੇਜ' ਵਿਖੇ ਇਕ ਸ਼ਾਮ ਗੁਜ਼ਾਰਨ ਦਾ ਨਿੱਘਾ ਸੱਦਾ ਦਿੱਤਾ । ਮੈਂ ਉਸ ਦਾ ਸਟੂਡੀਓ ਦੇਖਣ ਲਈ ਬਹੁਤ ਬੇਤਾਬ ਸੀ ।

ਜਿਬਰਾਨ ਦਾ ਸਟੂਡੀਓ ਇਕ ਤਿੰਨ ਮੰਜ਼ਿਲਾ ਮਕਾਨ ਦੀ ਤੀਜੀ ਮੰਜ਼ਿਲ 'ਤੇ ਸੀ । ਉਸ 'ਚ ਦਾਖਲ ਹੁੰਦਿਆਂ ਮੈਨੂੰ ਇੰਜ ਮਹਿਸੂਸ ਹੋਇਆ ਜਿਵੇਂ ਮੈਂ ਕਿਸੇ ਸੰਨਿਆਸੀ ਦੀ ਕੁਟੀਆ 'ਚ ਦਾਖਲ ਹੋ ਰਿਹਾ ਹਾਂ । ਜਿਬਰਾਨ ਨੇ ਦਰਵਾਜ਼ਾ ਖੋਲ੍ਹਦਿਆਂ ਹੀ ਸਾਡਾ ਭਰਪੂਰ ਸੁਆਗਤ ਕੀਤਾ । ਮੈਂ ਇਕ ਪੁਰਾਣੇ ਬੈਂਚ 'ਤੇ ਬੈਠ ਗਿਆ, ਜਦੋਂ ਕਿ ਮੇਰੇ ਦੋਵੇਂ ਦੋਸਤ ਕੁਰਸੀਆਂ 'ਤੇ ਬਹਿ ਗਏ । ਕਮਰੇ ਵਿਚ ਦੋ ਹੀ ਕੁਰਸੀਆਂ ਸਨ । ਇਹ ਕਮਰਾ 9'__1MP__16' ਆਕਾਰ ਦਾ ਸੀ । ਫਾਇਰ ਪਲੇਸ ਦੇ ਲਾਗੇ ਇਕ ਪੁਰਾਣਾ ਸੋਫਾ ਸੀ, ਜਿਸ 'ਤੇ ਕੰਬਲ ਤੇ ਰੰਗ-ਬਰੰਗੀਆਂ ਗੱਦੀਆਂ ਪਈਆਂ ਸਨ । ਇਹ ਕਮਰਾ ਹੀ ਉਸ ਦੀ ਕਾਰਜਸ਼ਾਲਾ, ਰਸੋਈ ਤੇ ਸੌਣ ਵਾਲਾ ਕਮਰਾ ਸੀ । ਬੈੱਡ-ਟੇਬਲ ਕਿਤਾਬਾਂ ਤੇ ਕਾਗਜ਼ਾਂ ਨਾਲ ਭਰਿਆ ਹੋਇਆ ਸੀ । ਇਕ ਕੰਧ 'ਤੇ ਲੰਮਾ ਬੁੱਕ ਸੈਲਫ ਸੀ, ਜਿਸ ਵਿਚ ਲਗਪਗ 200 ਪੁਸਤਕਾਂ ਰੱਖੀਆਂ ਹੋਈਆਂ ਸਨ । ਸਟੂਡੀਓ ਦੇ ਇਕ ਪਾਸੇ ਰਸੋਈ ਦਾ ਸਮਾਨ ਸੀ । ਉਥੇ ਹੀ ਪੁਰਾਣੇ ਅਖ਼ਬਾਰ ਅਤੇ ਰਸਾਲੇ ਪਏ ਸਨ । ਇਹ ਸੀ ਜਿਬਰਾਨ ਦਾ ਹਰਮਿਟੇਜ ਜੋ ਆਪਣੀ ਗਰੀਬੀ ਅਤੇ ਮੰਦਹਾਲੀ ਦੀ ਮੂੰਹ ਬੋਲਦੀ ਤਸਵੀਰ ਸੀ । ਉਸ ਨੇ ਸਾਡੇ ਲਈ ਬੜੀ ਅਪਣੱਤ ਨਾਲ ਕੌਫੀ ਬਣਾਈ ਤੇ ਸਿਗਰਟਾਂ ਅਤੇ ਸੇਬ ਪੇਸ਼ ਕੀਤੇ । ਗੱਲਬਾਤ ਬੇਹੱਦ ਦੋਸਤਾਨਾ ਮਾਹੌਲ ਵਿਚ ਹੋਈ । ਜਿਬਰਾਨ ਬੜੇ ਉਤਸ਼ਾਹ ਨਾਲ ਗੱਲਾਂ ਕਰ ਰਿਹਾ ਸੀ । ਭਾਵੇਂ ਗੱਲਾਂ ਦਾ ਸਿਲਸਿਲਾ ਕਈ ਵਿਸ਼ਿਆਂ ਦੇ ਇਰਦ-ਗਿਰਦ ਘੰੁਮਦਾ ਰਿਹਾ ਪਰ ਸਾਡੇ ਸਾਰਿਆਂ ਦਾ ਮਨਭਾਉਂਦਾ ਵਿਸ਼ਾ ਤਾਂ ਸਾਹਿਤ ਹੀ ਸੀ । ਜਦੋਂ ਰੂਸੀ ਸਾਹਿਤ ਦੀ ਗੱਲ ਤੁਰੀ ਤਾਂ ਮੈਨੂੰ ਜਾਣ ਕੇ ਬਹੁਤ ਖੁਸ਼ੀ ਹੋਈ ਕਿ ਜਿਬਰਾਨ-ਤੁਰਗਨੇਵ, ਦੋਸਤੋਵਸਕੀ ਅਤੇ ਟਾਲਸਟਾਏ ਨੂੰ ਬਹੁਤ ਪਿਆਰ ਕਰਦਾ ਸੀ ।
ਉਸ ਦੇ ਛੋਟੇ ਜਿਹੇ ਸਟੂਡੀਓ 'ਚੋਂ ਬਾਹਰ ਆਉਂਦਿਆਂ ਮੈਂ ਇਹ ਕਦੇ ਨਹੀਂ ਸੀ ਸੋਚਿਆ ਕਿ ਆਉਣ ਵਾਲੇ 16 ਵਰ੍ਹਿਆਂ ਦੌਰਾਨ ਮੈਂ ਅਣਗਿਣਤ ਵਾਰ ਇਥੇ ਆਵਾਂਗਾ ਅਤੇ ਜਿਬਰਾਨ ਦੀਆਂ ਜਾਦੂ ਭਰਪੂਰ ਰਚਨਾਵਾਂ ਦਾ ਚਸ਼ਮਦੀਦ ਗਵਾਹ ਬਣਾਂਗਾ । ਮੈਂ ਕਦੇ ਇਹ ਨਹੀਂ ਸੀ ਸੋਚਿਆ ਕਿ ਵੈਸਟ ਟੈਂਥ ਸਟਰੀਟ ਦੇ ਇਕ ਹਨੇਰੇ ਕਮਰੇ ਵਿਚ ਰਹਿਣ ਵਾਲਾ ਇਹ ਆਦਮੀ ਮੇਰੇ ਦਿਲ ਦੀਆਂ ਗਹਿਰਾਈਆਂ 'ਚ ਇਸ ਕਦਰ ਡੁੱਬ ਜਾਵੇਗਾ ਕਿ ਮੇਰੇ ਅੰਦਰ ਹੀ ਸਮੋ ਜਾਵੇਗਾ । ਮੈਂ ਤਾਂ ਇਹ ਕਦੇ ਸੋਚ ਵੀ ਨਹੀਂ ਸੀ ਸਕਦਾ ਕਿ ਉਸ ਦੀ ਆਪਣੀ ਜ਼ਿੰਦਗੀ ਦੀਆਂ ਖੁਸ਼ੀਆਂ, ਗ਼ਮੀਆਂ ਅਤੇ ਰੁਸਵਾਈਆਂ ਖੁਦ ਮੇਰੀ ਜ਼ਿੰਦਗੀ ਦੀਆਂ ਹੀ ਖੁਸ਼ੀਆਂ, ਗ਼ਮੀਆਂ ਅਤੇ ਰੁਸਵਾਈਆਂ ਬਣ ਜਾਣਗੀਆਂ ।

ਹਨੇਰੀ ਗੁਫ਼ਾ ਵਿਚ

ਕਲਾ ਅਤੇ ਕਵਿਤਾ-ਦੋ ਨਾਜ਼ੁਕ ਜਿਹੀਆਂ ਭੈਣਾਂ ਜਿਬਰਾਨ ਦੀ ਰੂਹ ਨੂੰ ਰੁਸ਼ਨਾ ਕੇ ਰੱਖਦੀਆਂ ਸਨ । ਉਸ ਨੇ ਅਮਰੀਕਾ ਦੇ ਲੋਕਾਂ ਨੂੰ ਕਵਿਤਾ ਤੋਂ ਸੱਖਣੀ ਕਲਾ ਪਰੋਸੀ ਤੇ ਅਰਬੀ ਭਾਸ਼ੀ ਲੋਕਾਂ ਨੂੰ ਕਲਾ ਤੋਂ ਰਹਿਤ ਕਵਿਤਾ । ਅੰਗਰੇਜ਼ੀ ਭਾਸ਼ੀ ਲੋਕ ਉਸ ਦੀਆਂ ਅਰਬੀ ਭਾਸ਼ਾ 'ਚ ਲਿਖੀਆਂ ਕਵਿਤਾਵਾਂ ਨਹੀਂ ਸਨ ਪੜ੍ਹ ਸਕਦੇ ਤੇ ਅਰਬੀ ਭਾਸ਼ੀ ਲੋਕ ਉਸ ਦੀਆਂ ਕਲਾਕ੍ਰਿਤੀਆਂ ਨੂੰ ਸਮਝ ਨਹੀਂ ਸਨ ਪਾਉਂਦੇ । ਉਹ ਚਾਹੁੰਦਾ ਸੀ ਕਿ ਉਹ ਦੋਵਾਂ ਦੇਸ਼ਾਂ ਤੇ ਦੋਵਾਂ ਸੱਭਿਅਤਾਵਾਂ ਦੇ ਵਸਨੀਕਾਂ ਨੂੰ ਆਪਣੀ ਕਲਾ ਅਤੇ ਕਵਿਤਾ ਦਾ ਸ਼ਹਿਦ ਚਖਾਵੇ । ਇਸ ਮੰਤਵ ਦੀ ਪੂਰਤੀ ਲਈ ਇਹ ਜ਼ਰੂਰੀ ਸੀ ਕਿ ਉਹ ਹੁਣ ਆਪਣੀਆਂ ਕਵਿਤਾਵਾਂ ਦੀ ਰਚਨਾ ਅੰਗਰੇਜ਼ੀ ਭਾਸ਼ਾ 'ਚ ਵੀ ਕਰੇ । ਮੈਰੀ ਹੋਸਕਲ ਅਤੇ ਉਸ ਦੇ ਹੋਰ ਦੋਸਤਾਂ ਦੀ ਵੀ ਇਹੋ ਦਿਲੀ ਇੱਛਾ ਸੀ ਕਿ ਜਿਬਰਾਨ ਅੰਗਰੇਜ਼ੀ 'ਚ ਲਿਖੇ । ਅੰਗਰੇਜ਼ੀ ਭਾਸ਼ਾ ਦੀ ਸੱਭਿਆਚਾਰਕ ਅਤੇ ਸਾਹਿਤਕ ਵਿਰਾਸਤ ਬਹੁਤ ਵਸੀਹ ਹੈ । ਪੇਂਟਿੰਗਜ਼ ਦੀ ਵਿਕਰੀ ਅਤੇ ਮੈਰੀ ਹੋਸਕਲ ਤੋਂ ਮਿਲਣ ਵਾਲੇ 75 ਡਾਲਰਾਂ ਨਾਲ ਵੀ ਉਸ ਦਾ ਗੁਜ਼ਾਰਾ ਮੁਸ਼ਕਿਲ ਸੀ । ਉਸ ਨੇ ਅੰਗਰੇਜ਼ੀ ਭਾਸ਼ਾ ਵਿਚ ਲਿਖ ਕੇ ਆਪਣੀ ਕਿਸਮਤ ਅਜ਼ਮਾਉਣ ਦਾ ਫੈਸਲਾ ਕੀਤਾ । ਇਹ ਗੱਲ 1918 ਦੀ ਹੈ । ਇਕ ਦਿਨ ਮੈਂ ਜਿਬਰਾਨ ਦੇ ਸਟੂਡੀਓ ਵਿਚ ਗਿਆ । ਉਸ ਦਿਨ ਉਹ ਬਹੁਤ ਖੁਸ਼ ਨਜ਼ਰ ਆ ਰਿਹਾ ਸੀ । ਗੱਲਬਾਤ ਦਾ ਸਿਲਸਿਲਾ ਸ਼ੁਰੂ ਹੋਣ ਤੋਂ ਪਹਿਲਾਂ ਹੀ ਉਸ ਨੇ ਮੇਰੇ ਹੱਥ ਵਿਚ ਅੰਗਰੇਜ਼ੀ ਦਾ ਇਕ ਰਸਾਲਾ 'ਦ ਸੈਵਨ ਆਰਟਸ' ਫੜਾ ਦਿੱਤਾ ।

ਰਸਾਲਾ ਬੇਹੱਦ ਖੂਬਸੂਰਤੀ ਨਾਲ ਮਹਿੰਗੇ ਕਾਗਜ਼ 'ਤੇ ਛਪਿਆ ਹੋਇਆ ਸੀ। ਇਸ ਵਿਚ ਜਿਬਰਾਨ ਦੀਆਂ ਅਰਬੀ 'ਚ ਲਿਖੀਆਂ ਕਵਿਤਾਵਾਂ ਅਤੇ ਕਹਾਣੀਆਂ ਦਾ ਅਨੁਵਾਦ ਸੀ। ਅਨੁਵਾਦ ਬਹੁਤ ਹੀ ਵਧੀਆ ਸੀ ਤੇ ਮੈਂ ਇਸ ਗੱਲ ਲਈ ਜਿਬਰਾਨ ਦੀ ਖੁੱਲ੍ਹ ਕੇ ਪ੍ਰਸੰਸਾ ਕੀਤੀ। ਮੈਂ ਉਸ ਨੂੰ ਕਿਹਾ ਕਿ ਹੁਣ ਉਹ ਸਮਾਂ ਆ ਗਿਆ ਹੈ ਜਦੋਂ ਉਸ ਨੂੰ ਆਪਣੀਆਂ ਕਵਿਤਾਵਾਂ ਦਾ ਸੰਗ੍ਰਹਿ ਅੰਗਰੇਜ਼ੀ 'ਚ ਪ੍ਰਕਾਸ਼ਿਤ ਕਰਵਾਉਣਾ ਚਾਹੀਦਾ ਹੈ। ਉਸ ਨੇ ਇਕਦਮ ਮੈਨੂੰ ਕੁਝ ਹੋਰ ਕਵਿਤਾਵਾਂ ਸੁਣਾਈਆਂ, ਜੋ ਬਾਅਦ ਵਿਚ 'ਮੈਡਮੈਨ' ਨਾਮੀ ਕਿਤਾਬ ਵਿਚ ਛਪੀਆਂ। ਉਸ ਨੇ ਆਪਣੀ ਕਵਿਤਾ 'ਗੌਡ' ਦੇ ਅੰਤ ਵਿਚ ਕਿਹਾ ਹੈ-
ਮੈਂ ਧਰਤੀ ਹੇਠਲੀ ਜੜ੍ਹ ਹਾਂ
ਤੇ ਤੂੰ ਮੇਰੇ ਅਸਮਾਨ 'ਤੇ ਉੱਗਿਆ ਫੁੱਲ ਹੈਂ
ਮੈਂ ਤੇ ਤੂੰ ਸੂਰਜ ਸਾਹਮਣੇ ਪਲਦੇ ਹਾਂ।
ਭਾਵੇਂ 'ਦ ਸੈਵਨ ਆਰਟਸ' ਪੱਤ੍ਰਿਕਾ ਦਾ ਪ੍ਰਕਾਸ਼ਨ ਕੁਝ ਕੁ ਸਮੇਂ ਬਾਅਦ ਹੀ ਬੰਦ ਹੋ ਗਿਆ ਪਰ ਉਸ ਰਾਹੀਂ ਜਿਬਰਾਨ ਦੀ ਅਮਰੀਕਾ ਦੇ ਸਾਹਿਤਕ ਖੇਤਰ ਵਿਚ ਪਹਿਚਾਣ ਬਣ ਗਈ। ਨਿਊਯਾਰਕ ਦੀ 'ਪੋਇਟਰੀ ਸੁਸਾਇਟੀ' ਨੇ ਉਸ ਨੂੰ ਆਪਣੀਆਂ ਕਵਿਤਾਵਾਂ ਦਾ ਪਾਠ ਕਰਨ ਲਈ ਸੱਦਾ ਦਿੱਤਾ। ਪਰ ਉਥੇ ਉਸ ਦੀਆਂ ਕਵਿਤਾਵਾਂ ਦੀ ਓਨੀ ਪ੍ਰਸੰਸਾ ਨਹੀਂ ਹੋਈ, ਜਿੰਨੀ ਕੁ ਉਹ ਚਾਹੁੰਦਾ ਸੀ। ਉਹ ਦਿਲ ਹੀ ਦਿਲ ਵਿਚ ਬਹੁਤ ਦੁਖੀ ਸੀ ਤੇ ਉਦਾਸੀ ਦੇ ਆਲਮ ਵਿਚ ਉਸ ਨੇ ਇਕ ਕਵਿਤਾ ਲਿਖੀ, 'ਮੇਰੀ ਹਾਰ'। ਇਸ ਕਵਿਤਾ ਦੀਆਂ ਕੁਝ ਸਤਰਾਂ ਹਨ-
ਹਾਰ, ਮੇਰੀ ਹਾਰ
ਮੇਰੀ ਤਿੱਖੀ ਸ਼ਮਸੀਰ ਵੀ ਹੈ ਤੇ ਮੇਰੀ ਢਾਲ ਵੀ
ਮੇਰੀ ਹਾਰ ਤੇ ਮੇਰੀ ਹਿੰਮਤ ਰਲ ਕੇ
ਹੱਸਦਿਆਂ-ਹੱਸਦਿਆਂ ਤੂਫ਼ਾਨਾਂ ਨਾਲ ਟੱਕਰ ਲੈਣਗੀਆਂ।

ਇਹ ਕਵਿਤਾ ਉਸ ਲਈ ਅਫੀਮ ਦੀ ਗੋਲੀ ਸਿੱਧ ਹੋਈ ਅਤੇ ਉਸ ਦੇ ਜ਼ਖ਼ਮੀ ਦਿਲ ਨੂੰ ਧਰਵਾਸਾ ਮਿਲਿਆ।
ਜਿਬਰਾਨ ਸਮਝਦਾ ਸੀ ਕਿ ਉਸ ਦਾ ਸਭ ਤੋਂ ਵੱਡਾ ਦੁਸ਼ਮਣ ਇਹ ਸੰਸਾਰ ਹੈ, ਜਿਸ ਨਾਲ ਉਹ ਆਰ-ਪਾਰ ਦੀ ਲੜਾਈ ਲੜ ਰਿਹਾ ਹੈ। ਪਰ ਜੇ ਉਸ ਨੇ ਆਪਣੀ ਹਉਮੈ ਦੇ ਘੇਰੇ 'ਚੋਂ ਬਾਹਰ ਆ ਕੇ ਆਪਣੇ-ਆਪ ਨੂੰ ਦੇਖਿਆ ਹੁੰਦਾ ਤਾਂ ਉਸ ਨੂੰ ਦੋ ਜਿਬਰਾਨ ਦਿਖਾਈ ਦਿੰਦੇ-ਇਕ ਜਿਬਰਾਨ ਉਹ ਸੀ ਜੋ 'ਹਰਮਿਟੇਜ' ਦਾ ਵਾਸੀ ਸੀ, ਜੋ ਦੁਨਿਆਵੀ ਸ਼ਾਨੋ-ਸ਼ੌਕਤ ਅਤੇ ਸ਼ੁਹਰਤ ਨੂੰ ਨਫ਼ਰਤ ਕਰਦਾ ਸੀ ਤੇ ਦੂਜਾ ਉਹ ਜਿਬਰਾਨ ਸੀ ਜੋ ਪ੍ਰਸਿੱਧ ਤੇ ਮਹਾਨ ਬਣਨ ਦਾ ਇੱਛੁਕ ਸੀ। ਇਕ ਜਿਬਰਾਨ ਅਮੀਰੀ ਨੂੰ ਇਖਲਾਕੀ ਗ਼ਰੀਬੀ ਮੰਨਦਾ ਸੀ ਤੇ ਦੂਜਾ ਜਿਬਰਾਨ ਧਨ ਕਮਾ ਕੇ ਸੁਖਾਲੀ ਜ਼ਿੰਦਗੀ ਜਿਊਣ ਦਾ ਚਾਹਵਾਨ ਸੀ।
ਜੇ ਜਿਬਰਾਨ ਉਨ੍ਹਾਂ ਦਿਨਾਂ ਵਿਚ ਸ਼ੀਸ਼ੇ ਸਾਹਮਣੇ ਖਲੋ ਕੇ ਆਪਣਾ ਚਿਹਰਾ ਦੇਖਦਾ ਤਾਂ ਉਸ ਨੂੰ ਇਹ ਅਹਿਸਾਸ ਹੁੰਦਾ ਕਿ ਨੀਤਸ਼ੇ ਦਾ ਜੋ ਲਬਾਦਾ ਉਸ ਨੇ ਪਹਿਨਿਆ ਹੋਇਆ ਹੈ, ਉਹ ਉਸ ਨੂੰ ਫਬਦਾ ਨਹੀਂ। ਪਰ ਅਫ਼ਸੋਸ ਇਸ ਗੱਲ ਦਾ ਹੈ ਕਿ ਨੀਤਸ਼ੇ ਦੇ ਪ੍ਰਭਾਵ ਹੇਠਾਂ ਉਹ ਆਪਣੀ ਪੈਰਾਂ ਹੇਠਲੀ ਜ਼ਮੀਨ ਨੂੰ ਹੀ ਵਿਸਾਰ ਬੈਠਾ ਸੀ। ਨੀਤਸ਼ੇ ਦੇ ਵਿਚਾਰਾਂ ਦੀ ਜਕੜ ਹੇਠ ਉਹ ਸੰਸਾਰ ਨੂੰ ਨਫ਼ਰਤ ਕਰਨ ਲੱਗ ਪਿਆ ਸੀ।
ਇਸ ਤਰ੍ਹਾਂ ਜਿਬਰਾਨ ਆਪਣੀ ਆਤਮਾ ਦੀ ਹਨੇਰੀ ਗੁਫ਼ਾ ਵਿਚ ਆਪਣਾ ਰਸਤਾ ਭਾਲਦਿਆਂ ਇਹ ਮਹਿਸੂਸ ਕਰਨ ਲੱਗਾ ਕਿ ਇਹ ਹਨੇਰੀ ਗੁਫ਼ਾ ਸੰਸਾਰ ਦੀ ਹੈ। ਉਹ ਆਪਣੇ ਦਿਲ ਦੇ ਜ਼ਹਿਰ ਨੂੰ ਪੀਂਦਿਆਂ ਇੰਜ ਮਹਿਸੂਸ ਕਰ ਰਿਹਾ ਸੀ, ਜਿਵੇਂ ਉਹ ਇਸ ਧਰਤੀ ਦੀ ਸਾਰੀ ਜ਼ਹਿਰ ਪੀ ਰਿਹਾ ਹੋਵੇ। ਜਿਬਰਾਨ ਜ਼ਿੰਦਗੀ ਵਿਚ ਜ਼ਹਿਰ ਵਿਚੋਂ ਸ਼ਹਿਦ ਦੀ ਕੋਈ ਬੂੰਦ ਨਿਚੋੜਨ ਦੀ ਕੋਸ਼ਿਸ਼ 'ਚ ਹੀ ਲੱਗਿਆ ਰਿਹਾ।
ਜਿਬਰਾਨ ਉਨ੍ਹਾਂ ਤਮਾਮ ਗੱਲਾਂ ਨੂੰ ਭੁੱਲ ਚੁੱਕਾ ਸੀ, ਜਿਨ੍ਹਾਂ ਨੂੰ ਉਹ ਆਪਣੀ ਜਵਾਨੀ 'ਚ ਪਿਆਰ ਕਰਦਾ ਸੀ। ਉਸ ਦੀਆਂ ਕੋਮਲ ਤੇ ਸੂਖਮ ਭਾਵਨਾਵਾਂ ਹਕੀਕਤ ਦੀ ਸਖ਼ਤ ਚਟਾਨ ਨਾਲ ਟਕਰਾ-ਟਕਰਾ ਕੇ ਖੇਰੂੰ-ਖੇਰੂੰ ਹੋ ਚੁੱਕੀਆਂ ਸਨ। ਉਹ ਆਪਣੀ ਇਕ ਕਵਿਤਾ ਵਿਚ ਕਹਿੰਦਾ ਹੈ-

ਮੈਂ ਉਸ ਜ਼ਹਿਰ ਨਾਲ ਭਰੇ
ਪਿਆਲੇ ਨੂੰ ਤੋੜ ਦਿੱਤਾ ਹੈ
ਜਿਸ ਦੀ ਇਕ-ਇਕ ਬੂੰਦ
ਮੈਨੂੰ ਸ਼ਹਿਦ ਜਾਪਦੀ ਸੀ।

ਇਸ ਦੇ ਬਾਵਜੂਦ ਜਿਬਰਾਨ ਦੀ ਇਕੱਲਤਾ ਮੈਰੀ ਹੈਸਕਲ ਦੇ ਮੋਹ ਦੀਆਂ ਕਿਰਨਾਂ ਨਾਲ ਹਮੇਸ਼ਾ ਰੌਸ਼ਨਾਈ ਰਹਿੰਦੀ ਸੀ। ਜਦੋਂ ਵੀ ਮੈਰੀ ਨਿਊਯਾਰਕ ਆਉਂਦੀ ਤਾਂ ਜਿਬਰਾਨ ਦੇ ਇਰਦ-ਗਿਰਦ ਚਾਨਣਾ ਹੀ ਚਾਨਣਾ ਫੈਲ ਜਾਂਦਾ ਤੇ ਉਸ ਦੇ ਖਵਾਬਾਂ, ਖਿਆਲਾਂ ਅਤੇ ਖਵਾਹਸ਼ਾਂ ਨੂੰ ਨਵੇਂ ਖੰਭ ਮਿਲ ਜਾਂਦੇ।
ਕਦੇ-ਕਦੇ ਉਸ ਦੇ ਕੰਨਾਂ ਵਿਚ ਅਜਿਹੀ ਆਵਾਜ਼ ਗੂੰਜਦੀ ਜੋ ਦੂਰ ਹੋ ਕੇ ਵੀ ਬਹੁਤ ਨੇੜੇ ਜਾਪਦੀ ਸੀ। ਇਹ ਆਵਾਜ਼ ਸੀ ਉਸ ਨੌਜਵਾਨ ਦੀ ਜਿਸ ਦੀ ਮੌਤ ਦਾ ਐਲਾਨ ਉਸ ਨੇ ਕੁਝ ਸਾਲ ਪਹਿਲਾਂ ਕਰ ਦਿੱਤਾ ਸੀ ਤੇ ਜਿਸ ਨੂੰ ਉਹ ਸੁਪਨਿਆਂ ਦੀ ਵਾਦੀ ਵਿਚ ਦਫ਼ਨ ਕਰ ਆਇਆ ਸੀ। ਪਰ ਸਚਾਈ ਇਹ ਹੈ ਕਿ ਉਹ ਨੌਜਵਾਨ ਕਦੇ ਮਰਿਆ ਹੀ ਨਹੀਂ ਸੀ। ਉਸ ਨੂੰ ਤਾਂ ਮਰਨ ਤੋਂ ਪਹਿਲਾਂ ਹੀ ਕਫ਼ਨ 'ਚ ਲਪੇਟ ਕੇ ਇਕ ਤਾਬੂਤ ਵਿਚ ਰੱਖ ਦਿੱਤਾ ਗਿਆ ਸੀ। ਉਸ ਦਾ ਦਿਲ ਤਾਂ ਹੋਰ ਵੀ ਵਧੇਰੇ ਤੇਜ਼ੀ ਨਾਲ ਧੜਕ ਰਿਹਾ ਸੀ। ਜਿਸ ਕਫ਼ਨ ਵਿਚ ਉਹ ਲਿਪਟਿਆ ਹੋਇਆ ਸੀ, ਉਹ ਨੀਤਸ਼ੇ ਦਾ ਲਬਾਦਾ ਸੀ।
ਦੋ ਆਵਾਜ਼ਾਂ

'ਤੂੰ ਆਪਣੀ ਜੇਬ 'ਚੋਂ ਕੁਝ ਕੱਢ।'
'ਨਹੀਂ, ਤੂੰ ਕੱਢ!'

ਜਦੋਂ ਕਦੇ ਵੀ ਅਸੀਂ ਮਿਲਦੇ ਤਾਂ ਸਾਡੀ ਗੱਲਬਾਤ ਦਾ ਸਿਲਸਿਲਾ ਇਸ ਤਰ੍ਹਾਂ ਹੀ ਸ਼ੁਰੂ ਹੁੰਦਾ ਸੀ। ਸਾਬ੍ਹ-ਸਲਾਮ ਪੁੱਛਣ ਤੋਂ ਬਾਅਦ ਅਸੀਂ ਇਕ-ਦੂਜੇ ਨੂੰ ਪੁੱਛਦੇ, 'ਕੀ ਨਵਾਂ ਲਿਖਿਆ?' ਕਈ ਵਾਰ ਤਾਂ ਅਸੀਂ ਕੋਈ ਰਚਨਾ ਲੱਭਣ ਲਈ ਇਕ-ਦੂਜੇ ਦੀਆਂ ਜੇਬਾਂ ਫਰੋਲਣ ਲਗਦੇ।
ਮਈ, 1918 ਦੀ ਗੱਲ ਹੈ, ਮੈਂ ਜਿਬਰਾਨ ਦੇ ਸੱਦੇ 'ਤੇ ਉਸ ਨੂੰ ਮਿਲਣ ਗਿਆ। ਮੇਰਾ ਅੰਦਾਜ਼ਾ ਸੀ ਕਿ ਉਹ ਜ਼ਰੂਰ ਮੈਨੂੰ ਕੋਈ ਨਵੀਂ ਰਚਨਾ ਸੁਣਾਉਣਾ ਚਾਹੁੰਦਾ ਹੈ। ਮੇਰਾ ਅੰਦਾਜ਼ਾ ਸਹੀ ਸੀ। ਉਸ ਨੇ ਝਟਪਟ ਆਪਣੀ ਖਾਕੀ ਜਿਲਦ ਵਾਲੀ ਨੋਟਬੁੱਕ ਚੁੱਕੀ ਤੇ ਕਵਿਤਾ ਪੜ੍ਹਨ ਦੀ ਤਿਆਰੀ ਕਰਨ ਲੱਗਾ।
'ਮੀਸ਼ਾ! ਇਹ ਕਵਿਤਾ ਦੋ ਸੁਰਾਂ ਵਿਚ ਹੈ। ਕਵਿਤਾ-ਜੇ ਇਕ ਤੋਂ ਵੱਧ ਸੁਰਾਂ ਵਿਚ ਕਹੀ ਜਾਵੇ ਤਾਂ ਉਸ ਦਾ ਪ੍ਰਭਾਵ ਜ਼ਿਆਦਾ ਡੂੰਘਾ ਹੁੰਦਾ ਹੈ ਅਤੇ ਉਹ ਸਰੋਤਿਆਂ ਦੇ ਦਿਲਾਂ ਨੂੰ ਵਧੇਰੇ ਟੁੰਬਦੀ ਹੈ। ਉਹ ਜਦੋਂ ਉੱਚੀ ਆਵਾਜ਼ ਵਿਚ ਕਵਿਤਾ ਪੜ੍ਹਨ ਲੱਗਾ ਤਾਂ ਮੈਨੂੰ ਉਸ ਦੀ ਆਵਾਜ਼ ਓਪਰੀ-ਓਪਰੀ ਜਾਪੀ। ਉਹ ਕਹਿ ਰਿਹਾ ਸੀ-'ਆਦਮੀ ਮਜਬੂਰੀ ਹੇਠਾਂ ਹੀ ਚੰਗਾ ਵਰਤਾਓ ਕਰਦਾ ਹੈ, ਬੁਰਾਈ ਤਾਂ ਕਬਰਾਂ ਹੇਠ ਵੀ ਉਸ 'ਤੇ ਰਾਜ ਕਰਦੀ ਹੈ।'
ਇਹ ਉਹ ਜਿਬਰਾਨ ਸੀ, ਜਿਸ ਨੇ ਇਕ ਅਜਿਹੇ ਆਦਮੀ ਦਾ ਅਵਤਾਰ ਧਾਰਿਆ ਸੀ, ਜੋ ਆਪਣੀ ਤਾਕਤ ਅਤੇ ਇੱਛਾ-ਸ਼ਕਤੀ 'ਤੇ ਮਾਣ ਕਰਦਾ ਹੈ। ਇਹ ਆਦਮੀ ਉਸ ਨੌਜਵਾਨ ਜਿਬਰਾਨ ਨਾਲ ਜੂਝ ਰਿਹਾ ਸੀ, ਜਿਸ ਨੂੰ ਉਹ 'ਸੁਫਨਿਆਂ ਦੀ ਵਾਦੀ' 'ਚ ਦਫ਼ਨਾ ਆਇਆ ਸੀ। ਜਦੋਂ ਉਹ ਆਪਣੀ ਰੌਂਅ 'ਚ ਬੋਲਦਾ ਤਾਂ ਮੈਨੂੰ ਇੰਜ ਲਗਦਾ ਜਿਵੇਂ ਉਸ ਦੇ ਮੂੰਹ 'ਚੋਂ ਮੋਤੀ ਕਿਰ ਰਹੇ ਹੋਣ। ਉਨ੍ਹਾਂ ਮੋਤੀਆਂ ਦੀ ਜ਼ਰਾ ਚਮਕ ਵੇਖੋ-ੲ 'ਕੀ ਗ਼ਲਤ ਹੈ ਤੇ ਕੀ ਨਿਆਂਪੂਰਨ?' ਇਸ ਦਾ ਫ਼ੈਸਲਾ ਤਾਕਤਵਰ ਆਦਮੀ ਦੇ ਹੱਥ ਹੈ। ੲ ਗਿਆਨ ਕੀ ਹੈ? ਗਿਆਨ ਉਹ ਹੈ, ਜਿਸ ਨੂੰ ਪ੍ਰਾਪਤ ਕਰਦਿਆਂ ਹੀ ਸੁਪਨਦ੍ਰਿਸ਼ਟਾ ਨੀਂਦ ਦੀ ਖੁਮਾਰੀ 'ਚੋਂ ਇਸ ਤਰ੍ਹਾਂ ਜਾਗ ਜਾਵੇ ਕਿ ਦੇਖਣ ਵਾਲੇ ਉਸ ਨੂੰ ਦੀਵਾਨਾ ਕਹਿਣ ਲੱਗ ਪੈਣ।
ਇਹ ਖੁਸ਼ੀ ਕੀ ਹੈ? ਇਕ ਅਸਮਾਨੀ ਬਿਜਲੀ ਵਾਂਗ ਝਲਕਾਰਾ, ਜਿਸ ਦੀ ਤਲਾਸ਼ ਵਿਚ ਭਟਕਣਾ ਪੈਂਦਾ ਹੈ। ਖੁਸ਼ੀ ਜਦੋਂ ਸਥੂਲ ਰੂਪ ਧਾਰਦੀ ਹੈ ਤਾਂ ਉਹ ਅਕਾਊ ਲੱਗਣ ਲਗਦੀ ਹੈ।
ਇਹ ਮੌਤ ਕੀ ਹੈ? ਧਰਤੀ ਦੇ ਪੁੱਤਰ ਦੀ ਜ਼ਿੰਦਗੀ ਤੇ ਵਿਰਾਮ ਤੇ ਅਲੌਕਿਕ ਜਗਤ ਵਿਚ ਇਕ ਨਵੀਂ ਜ਼ਿੰਦਗੀ ਦੀ ਸ਼ੁਰੂਆਤ।
ਮੈਨੂੰ ਜਾਪਿਆ ਕਿ ਉਹ ਨੌਜਵਾਨ ਜਿਬਰਾਨ ਜੋ ਸਮੇਂ ਤੋਂ ਪਹਿਲਾਂ ਹੀ 'ਸੁਪਨਿਆਂ ਦੀ ਵਾਦੀ' ਵਿਚ ਦਫ਼ਨ ਹੋ ਗਿਆ ਸੀ, ਉਹ ਪੁਨਰ-ਸੁਰਜੀਤ ਹੋ ਕੇ ਕਵਿਤਾ ਦੇ ਸਾਮਰਾਜ ਵਿਚ ਦਾਖਲ ਹੋ ਰਿਹਾ ਹੈ, ਜਿਸ ਦਾ ਦਿਮਾਗ ਅਤੇ ਕਲਪਨਾ ਇੰਦਰੀਆਂ ਦੇ ਬੰਧਨ ਤੋਂ ਮੁਕਤ ਹਨ। ਜ਼ਿੰਦਗੀ ਉਸ ਲਈ ਸੰਗੀਤ ਦੀ ਇਕ ਸਰਗਮ ਹੈ, ਜਿਹੜੀ ਚੰਗਿਆਈ-ਬੁਰਾਈ ਦੀਆਂ ਸੀਮਾਵਾਂ ਤੋਂ ਕੋਹਾਂ ਦੂਰ ਹੈ। ਉਹ ਹੁਣ ਅਜਿਹਾ ਬੋਹੜ ਸੀ, ਜਿਸ ਨੂੰ ਇਸ ਗੱਲ ਨਾਲ ਕੋਈ ਫਰਕ ਨਹੀਂ ਸੀ ਪੈਂਦਾ ਕਿ ਉਸ ਦੀ ਛਾਂ ਹੇਠ ਕੋਈ ਸੰਤ ਬੈਠਦਾ ਹੈ ਜਾਂ ਸ਼ੈਤਾਨ। ਉਹ ਤਾਂ ਇਕ ਅਜਿਹਾ ਫਲਦਾਰ ਬੂਟਾ ਸੀ, ਜਿਸ ਨੂੰ ਇਸ ਗੱਲ ਦੀ ਪ੍ਰਵਾਹ ਨਹੀਂ ਕਿ ਉਸ ਦਾ ਫਲ ਕੋਈ ਆਦਮੀ ਖਾਂਦਾ ਹੈ ਜਾਂ ਬਾਂਦਰ।
ਜਿਬਰਾਨ ਨੇ ਆਪਣੀ ਕਵਿਤਾ ਸੁਣਾਉਣ ਤੋਂ ਬਾਅਦ ਮੈਨੂੰ ਉਹ ਚਿੱਤਰ ਦਿਖਾਏ, ਜੋ ਉਸ ਨੇ ਆਪਣੀ ਇਸ ਕਵਿਤਾ ਲਈ ਬਣਾਏ ਸਨ। ਇਹ ਚਿੱਤਰ ਉਸ ਦੀ ਕਵਿਤਾ ਤੋਂ ਵੀ ਵੱਧ ਪ੍ਰਭਾਵਸ਼ਾਲੀ ਸਨ। ਇਕ ਕਲਾਕਾਰ ਵਜੋਂ ਜਿਬਰਾਨ ਦੀ ਅੱਖ ਵਧੇਰੇ ਸੂਖਮ ਸੀ। ਜਿਬਰਾਨ ਸੁਭਾਅ ਤੋਂ ਹੀ ਸੰਗੀਤ ਅਤੇ ਰੰਗਾਂ ਦਾ ਆਸ਼ਕ ਸੀ। ਉਸ ਦੀਆਂ ਕਵਿਤਾਵਾਂ ਵਿਚ ਵੀ ਸੁਰੀਲਾ ਸੰਗੀਤ ਹੈ। ਉਸ ਦੀਆਂ ਕਲਾਕ੍ਰਿਤੀਆਂ ਬਹੁਤ ਸਹਿਜ ਅਤੇ ਸਾਦੀਆਂ ਹਨ। ਉਸ ਨੇ ਟੰਗੀ ਹੋਈ ਇਕ ਤਸਵੀਰ ਵੱਲ ਮੇਰਾ ਧਿਆਨ ਆਕਰਸ਼ਿਤ ਕੀਤਾ। ਇਸ ਤਸਵੀਰ ਵਿਚ ਚਿਤਰਿਤ ਨੌਜਵਾਨ ਦਾ ਸਰੀਰ ਬਿਲਕੁਲ ਨੰਗਾ ਸੀ ਤੇ ਉਸ ਦੇ ਹੱਥ ਵਿਚ ਬਾਂਸੁਰੀ ਸੀ। ਉਸ ਦੀਆਂ ਅੱਖਾਂ ਦੂਰ ਖਿਤਿਜ ਵੱਲ ਸਨ। ਇੰਜ ਜਾਪਦਾ ਸੀ ਜਿਵੇਂ ਉਹ ਨੌਜਵਾਨ ਨੂੰ ਉਸ ਦੀ ਮੰਜ਼ਿਲ ਦਾ ਪਤਾ ਦੱਸ ਰਹੀਆਂ ਹੋਣ-ਅਗਾਂਹ ਵਧਦੇ ਰਹੋ, ਭਰੋਸਾ ਰੱਖੋ, ਮੈਂ ਤੇਰੇ ਅੰਗ-ਸੰਗ ਹਾਂ।

ਇਹ ਉਹ ਸੁਪਨਦ੍ਰਿਸ਼ਟਾ ਸੀ, ਜਿਸ ਨੇ ਜ਼ਿੰਦਗੀ ਦੀ ਸਰਬ ਵਿਆਪੀ ਏਕਤਾ ਦੀ ਅਨੁਭੂਤੀ ਕਰ ਲਈ ਸੀ। ਉਹ ਆਪਣੇ ਸਵੈ ਨੂੰ ਸਰਬਵਿਆਪੀ ਹੋਂਦ ਨਾਲ ਇਕਮਿਕ ਕਰਕੇ ਆਪਣੇ ਹਉਮੈ ਨੂੰ ਤਿਆਗ ਚੁੱਕਾ ਸੀ।
ਮੈਂ ਇਹ ਚਿੱਤਰ ਦੇਖ ਕੇ ਬਹੁਤ ਪ੍ਰਭਾਵਿਤ ਹੋਇਆ ਪਰ ਛੇਤੀ ਹੀ ਮੈਨੂੰ ਇਹ ਅਹਿਸਾਸ ਹੋਇਆ ਕਿ ਇਹ ਜਿਬਰਾਨ ਦੀ ਕਲਾ ਦਾ ਸਿਖਰ ਨਹੀਂ ਸੀ। ਫਿਰ ਉਸ ਨੇ ਮੈਨੂੰ 'ਧਰਮ', 'ਨਿਆਂ' ਅਤੇ 'ਸੁਤੰਤਰਤਾ' ਸਬੰਧੀ ਬਣਾਏ ਆਪਣੇ ਚਿੱਤਰ ਦਿਖਾਏ ਤਾਂ ਮੈਂ ਦੇਖ ਕੇ ਹੈਰਾਨ ਹੋ ਗਿਆ। 'ਸੁਤੰਤਰਤਾ' ਵਾਲੀ ਤਸਵੀਰ ਇਨ੍ਹਾਂ ਵਿਚੋਂ ਸਭ ਤੋਂ ਵੱਧ ਪ੍ਰਭਾਵਸ਼ਾਲੀ ਸੀ। ਇਹ ਬਹੁਤ ਹੀ ਸਾਦੀ ਪਰ ਬੇਹੱਦ ਅਰਥ-ਭਰਪੂਰ ਕਲਾਕ੍ਰਿਤੀ ਸੀ। ਇਹ ਇਕ ਤਕੜੇ ਨੌਜਵਾਨ ਦਾ ਚਿੱਤਰ ਹੈ, ਜਿਸ ਦੇ ਹੱਥਾਂ ਦੀ ਥਾਂ ਖੰਭ ਹਨ। ਉਹ ਲੱਤਾਂ ਪਸਾਰ ਕੇ ਖਲੋਤਾ ਹੈ ਤੇ ਉਸ ਦੀ ਨਜ਼ਰ ਆਪਣੇ ਨਿਸ਼ਾਨੇ 'ਤੇ ਟਿਕੀ ਹੋਈ ਹੈ। ਉਹ ਉਡਾਰੀ ਮਾਰਨ ਲਈ ਬੇਤਾਬ ਹੈ ਪਰ ਉਹ ਉਡਣ ਤੋਂ ਅਸਮਰੱਥ ਹੈ। ਉਸ ਦੇ ਪੈਰਾਂ ਵਿਚ ਜ਼ੰਜੀਰ ਹੈ। ਇਹ ਜ਼ੰਜੀਰ ਹੈ-ਮੋਹ, ਮਾਇਆ, ਮਮਤਾ, ਲਾਲਚ ਤੇ ਵਾਸ਼ਨਾ ਦੀ। ਮੈਨੂੰ ਜਾਪਿਆ ਜਿਵੇਂ ਇਹ ਜਿਬਰਾਨ ਦਾ ਜਾਤੀ 'ਸੈਲਫ ਪ੍ਰੋਟਰੇਟ' ਹੈ। ਜਦੋਂ ਮੈਂ ਉਸ ਦੇ ਚਿੱਤਰ ਨੂੰ ਉਸ ਦੀ ਇਕ ਕਵਿਤਾ ਦੀਆਂ ਇਨ੍ਹਾਂ ਲਾਈਨਾਂ ਨਾਲ ਜੋੜ ਕੇ ਦੇਖਿਆ ਤਾਂ ਇਹ ਮੈਨੂੰ ਜਿਬਰਾਨ ਦਾ 'ਇਕਬਾਲਨਾਮਾ' ਜਾਪਿਆ-
'ਆਦਮੀ ਆਜ਼ਾਦ ਹਨ... ਪਰ
ਉਹ ਆਪਣੀਆਂ ਇੱਛਾਵਾਂ ਅਤੇ ਵਾਸ਼ਨਾਵਾਂ ਕਾਰਨ
ਆਪਣੀਆਂ-ਆਪਣੀਆਂ ਜੇਲ੍ਹਾਂ ਦੀ ਤਾਮੀਰ
ਕਰ ਲੈਂਦੇ ਹਨ।'
ਕੁਝ ਦਿਨਾਂ ਬਾਅਦ ਮੈਂ ਜਿਬਰਾਨ ਅਤੇ ਆਪਣੇ ਹੋਰ ਦੋਸਤਾਂ ਨੂੰ ਅਲਵਿਦਾ ਕਿਹਾ। ਫੌਜੀ ਵਰਦੀ 'ਚ ਲੈਸ ਹੋ ਕੇ ਮੈਂ ਅਮਰੀਕਾ ਦੀ ਇਕ ਫੌਜੀ ਟੁਕੜੀ ਨਾਲ ਫਰਾਂਸ ਚਲਾ ਗਿਆ।
ਇਕ ਸਾਲ ਤੇ ਦੋ ਮਹੀਨੇ ਬਾਅਦ ਜਦੋਂ ਮੈਂ ਲੜਾਈ ਦੇ ਖੌਫ਼ਨਾਕ ਮੰਜਰ ਨੂੰ ਦੇਖ ਕੇ ਵਾਪਸ ਆਇਆ ਤਾਂ ਮੈਨੂੰ ਪਤਾ ਲੱਗਾ ਕਿ ਜਿਬਰਾਨ ਦਾ ਇਕ ਹੋਰ ਕਵਿਤਾ-ਸੰਗ੍ਰਹਿ 'ਦ ਪ੍ਰੋਸੇਸ਼ਨਸ' ਛਪ ਚੁੱਕਾ ਹੈ। ਇਸ ਸ਼ਾਨਦਾਰ ਪੁਸਤਕ ਨਾਲ ਅਰਬੀ ਸਾਹਿਤ ਹੋਰ ਵਧੇਰੇ ਅਮੀਰ ਬਣਿਆ। ਉਸ ਦੀ ਅੰਗਰੇਜ਼ੀ 'ਚ ਛਪੀ ਪੁਸਤਕ 'ਦ ਮੈਡਮੈਨ' ਨੇ ਪਹਿਲਾਂ ਹੀ ਅਮਰੀਕਾ 'ਚ ਤਹਿਲਕਾ ਮਚਾ ਦਿੱਤਾ ਸੀ। ਜਿਬਰਾਨ ਦੀ ਪ੍ਰਸਿੱਧੀ ਨੂੰ ਹੁਣ ਚਾਰ ਚੰਨ ਲੱਗ ਗਏ ਸਨ।

ਅਰਬੀਤਾਹ

ਪਹਿਲੇ ਵਿਸ਼ਵ ਯੁੱਧ (1914-1918) ਦਾ ਇਕ ਸ਼ਿਕਾਰ 'ਐਲ ਫੁਨੂਨ' ਵੀ ਸੀ। 1919 ਦੇ ਮੱਧ ਵਿਚ ਜਦੋਂ ਮੈਨੂੰ ਫ਼ੌਜ 'ਚੋਂ ਰਿਹਾਈ ਮਿਲੀ ਤਾਂ ਮੈਂ ਫਰਾਂਸ ਤੋਂ ਸਿੱਧਾ ਵਾਸ਼ਿੰਗਟਨ ਆ ਗਿਆ। ਮੈਂ ਕੁਝ ਦੇਰ ਆਰਾਮ ਕਰਨਾ ਚਾਹੁੰਦਾ ਸੀ ਤੇ ਯੁੱਧ ਦੇ ਖੌਫਨਾਕ ਹਾਦਸਿਆਂ ਨੂੰ ਭੁੱਲ ਜਾਣਾ ਚਾਹੁੰਦਾ ਸੀ। ਜਿਬਰਾਨ ਨੂੰ ਸ਼ੱਕ ਸੀ ਕਿ ਵਾਸ਼ਿੰਗਟਨ ਵਿਖੇ ਮੇਰਾ ਪ੍ਰਵਾਸ ਲੰਮਾ ਨਾ ਹੋ ਜਾਵੇ, ਇਸ ਲਈ ਉਸ ਨੇ ਮੈਨੂੰ ਜਲਦੀ ਹੀ ਨਿਊਯਾਰਕ ਆਉਣ ਲਈ ਖਤ ਲਿਖਿਆ। ਉਸ ਦੀ ਦਿਲੀ ਇੱਛਾ ਸੀ ਕਿ 'ਐਲ ਫੁਨੂਨ' ਨੂੰ ਮੁੜ ਸੁਰਜੀਤ ਕਰਨ ਲਈ ਸਾਂਝੇ ਉਪਰਾਲੇ ਕਰਨ ਦੀ ਲੋੜ ਹੈ। ਮੈਂ ਨਿਊਯਾਰਕ ਚਲਾ ਗਿਆ ਪਰ 'ਐਲ ਫੁਨੂਨ' ਨੂੰ ਪੁਨਰਸੁਰਜੀਤ ਨਹੀਂ ਕੀਤਾ ਜਾ ਸਕਿਆ। ਸਾਡੇ ਦਿਲਾਂ ਵਿਚ ਵੱਡੇ-ਵੱਡੇ ਸਾਹਿਤਕ ਸੁਪਨੇ ਸਨ ਪਰ ਸਾਡੀਆਂ ਜੇਬਾਂ ਖਾਲੀ ਸਨ। ਸਾਡੇ ਇਰਦ-ਗਿਰਦ ਕੁਝ ਅਜਿਹੇ ਲੋਕ ਵੀ ਸਨ, ਜਿਨ੍ਹਾਂ ਦੀਆਂ ਜੇਬਾਂ ਭਰੀਆਂ ਹੋਈਆਂ ਸਨ ਪਰ ਸਾਹਿਤ ਨਾਲ ਉਨ੍ਹਾਂ ਦਾ ਕੋਈ ਸਰੋਕਾਰ ਨਹੀਂ ਸੀ।
ਸਾਡੇ ਦੋਸਤ ਅਬਦੁਲ ਮਸੀਹ ਹੱਦਾਦ ਨੇ ਛੇ ਵਰ੍ਹੇ ਪਹਿਲਾਂ ਇਹ ਸਪਤਾਹਿਕ ਰਸਾਲਾ 'ਅਸ-ਸਹਯ' (ਪਾਂਧੀ) ਕੱਢਣਾ ਸ਼ੁਰੂ ਕੀਤਾ ਸੀ। ਹੁਣ ਉਸ ਦਾ ਦਫ਼ਤਰ ਹੀ ਸਾਡਾ ਮੱਕਾ ਬਣ ਗਿਆ। ਅਸੀਂ ਆਪਣਾ ਵਿਹਲਾ ਸਮਾਂ ਉਥੇ ਹੀ ਬਤੀਤ ਕਰਦੇ। ਗੱਪ-ਸ਼ੱਪ ਦੇ ਨਾਲ-ਨਾਲ ਸਾਹਿਤਕ ਅਤੇ ਦਾਰਸ਼ਨਿਕ ਵਿਸ਼ਿਆਂ 'ਤੇ ਗੰਭੀਰ ਚਰਚਾ ਵੀ ਕਰਦੇ। 20 ਅਪ੍ਰੈਲ, 1920 ਨੂੰ ਇਕ ਅਜਿਹੀ ਹੀ ਗੱਲਬਾਤ ਦੇ ਦੌਰਾਨ ਇਕ ਸੁਝਾਅ ਸਾਹਮਣੇ ਆਇਆ ਕਿ ਕੋਈ ਅਜਿਹੀ ਸੰਸਥਾ ਬਣਾਈ ਜਾਵੇ, ਜੋ ਅਰਬੀ ਸਾਹਿਤ, ਭਾਸ਼ਾ ਅਤੇ ਸੱਭਿਅਤਾ ਦੇ ਵਿਕਾਸ ਕਾਰਜ 'ਚ ਜੁਟ ਕੇ ਅਰਬੀ ਭਾਸ਼ੀ ਅਦੀਬਾਂ ਨੂੰ ਇਕ ਸਾਂਝਾ ਮੰਚ ਪ੍ਰਦਾਨ ਕਰ ਸਕੇ। 28 ਅਪ੍ਰੈਲ, 1920 ਨੂੰ ਜਿਬਰਾਨ ਦੇ ਸਟੂਡੀਓ 'ਚ ਹੋਈ ਇਕ ਮੀਟਿੰਗ ਦੌਰਾਨ 'ਅਰਬੀਤਾਹ' (ਕਲਮ ਦੀ ਸਾਂਝ) ਨਾਮੀ ਸੰਸਥਾ ਦੀ ਸਥਾਪਨਾ ਹੋਈ। ਸਰਬਸੰਮਤੀ ਨਾਲ ਜਿਬਰਾਨ ਨੂੰ ਸੰਸਥਾ ਦਾ ਪ੍ਰਧਾਨ ਤੇ ਮੈਨੂੰ ਸਕੱਤਰ ਥਾਪਿਆ ਗਿਆ।

ਜਿਬਰਾਨ ਨੇ 'ਅਰਬੀਤਾਹ' ਲਈ ਬੜਾ ਸ਼ਾਨਦਾਰ ਚਿੰਨ੍ਹ ਬਣਾਇਆ-'ਇਕ ਗੋਲ ਦਾਇਰੇ ਵਿਚ ਖੁੱਲ੍ਹੀ ਕਿਤਾਬ, ਜਿਸ 'ਤੇ ਇਹ ਸ਼ਬਦ ਉੱਕਰੇ ਸਨ-'ਖੁਦਾ ਦੇ ਤਖ਼ਤ ਹੇਠਾਂ ਵੱਡਾ ਖਜ਼ਾਨਾ ਪਿਆ ਹੈ। ਉਸ ਨੂੰ ਸਿਰਫ ਕਵੀ ਦੇ ਬੋਲਾਂ ਨਾਲ ਹੀ ਖੋਲ੍ਹਿਆ ਜਾ ਸਕਦਾ ਹੈ।'
ਕਿਤਾਬ ਦੇ ਪਿੱਛੇ ਉੱਗਦਾ ਹੋਇਆ ਸੂਰਜ ਹੈ, ਜਿਸ ਦੀਆਂ ਕਿਰਨਾਂ ਨਾਲ ਗੋਲ ਦਾਇਰਾ (ਸਮੂਹ ਧਰਤੀ) ਰੁਸ਼ਨਾ ਗਿਆ ਹੈ। ਕਿਤਾਬ ਦੇ ਹੇਠਾਂ ਮਿੱਟੀ ਦੀ ਦਵਾਤ ਹੈ, ਜਿਸ ਅੰਦਰ ਕਲਮ ਡੁੱਬੀ ਹੋਈ ਹੈ।
ਨਵੀਂ ਸੰਸਥਾ ਦੀ ਸਥਾਪਨਾ ਹੋ ਗਈ ਸੀ। ਇਸ ਦਾ ਹਰ ਮੈਂਬਰ ਆਪਣੇ-ਆਪਣੇ ਫਰਜ਼ਾਂ ਤੋਂ ਚੰਗੀ ਤਰ੍ਹਾਂ ਜਾਣੂ ਸੀ। 'ਅਸ-ਸਹਾਏ' ਰਸਾਲੇ ਦਾ ਹਰ ਵਰ੍ਹੇ ਇਕ ਸਾਲਾਨਾ ਅੰਕ ਛਪਦਾ ਸੀ, ਜਿਸ ਵਿਚ ਬੜੀਆਂ ਮਿਆਰੀ ਰਚਨਾਵਾਂ ਛਪਦੀਆਂ ਸਨ। ਅਰਬੀ ਭਾਸ਼ਾ ਦੇ ਪਾਠਕ ਇਸ ਵਿਸ਼ੇਸ਼ ਅੰਕ ਦੀ ਬੜੀ ਤਾਂਘ ਨਾਲ ਉਡੀਕ ਕਰਦੇ ਸਨ। ਇਹ ਰਸਾਲਾ 'ਅਰਬੀਤਾਹ' ਸੰਸਥਾ ਦਾ 'ਮਾਊਥਪੀਸ' ਹੀ ਬਣ ਚੁੱਕਾ ਸੀ। ਰਸਾਲਾ ਨੌਜਵਾਨ ਪੀੜ੍ਹੀ 'ਚ ਬੜਾ ਮਕਬੂਲ ਹੋਇਆ ਪਰ ਪੁਰਾਣੀ ਪੀੜ੍ਹੀ ਦੇ ਲੋਕ ਸਾਨੂੰ ਬੁਤਸ਼ਿਕਨ ਸਮਝਦੇ ਸਨ। ਦੋਵਾਂ ਧਿਰਾਂ ਵਿਚਕਾਰ ਲਾਈਨ ਖਿੱਚੀ ਜਾ ਚੁੱਕੀ ਸੀ ਪਰ ਪਾਠਕਾਂ ਦੇ ਭਰਵੇਂ ਹੁੰਗਾਰੇ ਨੇ ਸਾਡੇ ਵਿਰੋਧੀਆਂ ਦੇ ਮੂੰਹ ਬੰਦ ਕਰਵਾ ਦਿੱਤੇ।
'ਅਰਬੀਤਾਹ' ਦੇ ਸਾਰੇ ਮੈਂਬਰ ਅਰਬੀ ਭਾਸ਼ਾ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਪ੍ਰਤੀਬੱਧ ਸਨ। ਉਨ੍ਹਾਂ ਵਿਚੋਂ ਭਾਵੇਂ ਕੋਈ ਵੱਧ ਪ੍ਰਤਿਭਾਸ਼ਾਲੀ ਸੀ ਤੇ ਭਾਵੇਂ ਕੋਈ ਘੱਟ ਪਰ ਉਨ੍ਹਾਂ ਸਭ ਦੇ ਦਿਲਾਂ ਵਿਚ ਇਕੋ ਚੁੱਲ੍ਹੇ ਦੀ ਅੱਗ ਬਲਦੀ ਸੀ।

ਤੂਫ਼ਾਨ

ਜਦੋਂ ਜਿਬਰਾਨ ਦੀ ਪੁਸਤਕ 'ਟੈਂਪਸੇਟਸ' (ਤੂਫ਼ਾਨ) 1920 'ਚ ਪ੍ਰਕਾਸ਼ਿਤ ਹੋਈ ਤਾਂ ਮੈਂ ਉਸ 'ਤੇ ਇਕ ਵੱਡਾ ਲੇਖ ਲਿਖਿਆ। ਜਦੋਂ 'ਅਲ-ਸਹਯ' ਦੇ ਦਫ਼ਤਰ ਜਾਂਦਿਆਂ ਮੇਰੀ ਮੁਲਾਕਾਤ ਜਿਬਰਾਨ ਨਾਲ ਹੋਈ ਤਾਂ ਉਸ ਸਮੇਂ ਉਹ ਲੇਖ ਮੇਰੀ ਜੇਬ ਵਿਚ ਸੀ। ਹਮੇਸ਼ਾ ਵਾਂਗ ਉਸ ਨੇ ਪੁੱਛਿਆ-
'ਕੁਝ ਨਵਾਂ ਲਿਖਿਆ ਹੈ-ਸੁਣਾਉਣ ਲਈ?'
ਮੈਂ ਕਿਹਾ, 'ਹਾਂ, ਲਿਖਿਆ ਹੈ ਪਰ ਮੈਂ ਤੈਨੂੰ ਇਹ ਲੇਖ ਉਦੋਂ ਹੀ ਸੁਣਾ ਸਕਦਾ ਹਾਂ, ਜਦੋਂ ਤੂੰ ਜਿਬਰਾਨ ਸਮਝ ਕੇ ਨਾ ਸੁਣੇ।'
'ਤੇਰੀ ਸ਼ਰਤ ਬੜੀ ਅਜੀਬ ਹੈ, ਕੀ ਇਹ ਲੇਖ ਮੇਰੇ ਬਾਰੇ ਹੈ?'
'ਨਹੀਂ, ਤੇਰੇ ਬਾਰੇ ਨਹੀਂ, ਤੇਰੀ ਪੁਸਤਕ 'ਟੈੱਪਸੇਟਸ' ਬਾਰੇ ਹੈ।'
'ਠੀਕ ਹੈ, ਮੀਸ਼ਾ। ਮੈਂ ਜ਼ਿੰਦਗੀ ਭਰ ਆਪਣੇ-ਆਪ ਨੂੰ ਭੁੱਲਣ ਦੀ ਕੋਸ਼ਿਸ਼ ਕਰਦਾ ਰਿਹਾ ਹਾਂ, ਦੇਖਦਾ ਹਾਂ ਮੈਂ ਕਿਥੋਂ ਤੱਕ ਸਫਲ ਹੋ ਪਾਇਆ ਹਾਂ। ਮੈਨੂੰ ਤੇਰੇ ਕੋਲੋਂ ਡਰ ਲਗਦੈ, ਤੇਰੇ ਕੋਲ ਅਜਿਹੀ ਅੱਖ ਹੈ ਜੋ ਮੇਰੇ ਧੁਰ ਅੰਦਰ ਤੱਕ ਦੇਖ ਸਕਦੀ ਹੈ...।'
ਮੈਂ ਪੜ੍ਹਨਾ ਸ਼ੁਰੂ ਕੀਤਾ ਤੇ ਜਿਬਰਾਨ ਬੜੀ ਇਕਾਗਰਤਾ ਨਾਲ ਸੁਣਨ ਲੱਗਾ। ਮੈਂ ਲੇਖ ਦੀ ਭੂਮਿਕਾ ਵਿਚ ਲਿਖਿਆ ਸੀ ਕਿ ਅਜੋਕੇ ਸਮੇਂ ਵਿਚ ਵੀ ਕੁਝ ਅਜਿਹੇ ਕਵੀਆਂ ਤੇ ਕਲਾਕਾਰਾਂ ਦੀ ਸ਼ਨਾਖਤ ਕੀਤੀ ਜਾ ਸਕਦੀ ਹੈ ਜਿਨ੍ਹਾਂ ਦਾ ਨਾਂਅ ਅਮਰ ਰਹਿਣ ਵਾਲਾ ਹੈ ਤੇ ਉਨ੍ਹਾਂ ਵਿਚੋਂ ਹੈ ਲੋਕ-ਪਰਲੋਕ, ਸਮੁੰਦਰ ਅਤੇ ਤੂਫਾਨ ਦਾ ਕਵੀ-ਜਿਬਰਾਨ ਖਲੀਲ ਜਿਬਰਾਨ।
ਮੈਂ ਅਜੇ ਆਪਣਾ ਲੇਖ ਏਨਾ ਕੁ ਹੀ ਪੜ੍ਹਿਆ ਸੀ ਕਿ ਮੇਰੇ ਕੰਨਾਂ ਵਿਚ ਹਉਕਿਆਂ ਦੀ ਆਵਾਜ਼ ਪਈ। ਹੱਥ 'ਚ ਫੜੇ ਕਾਗਜ਼ਾਂ ਤੋਂ ਜਦੋਂ ਮੈਂ ਅੱਖ ਉਤਾਂਹ ਕੀਤੀ ਤਾਂ ਮੈਂ ਦੇਖਿਆ ਜਿਬਰਾਨ ਰੋ ਰਿਹਾ ਸੀ। ਜਲਦੀ-ਜਲਦੀ ਮੈਂ ਕਾਗਜ਼ ਇਕੱਠੇ ਕੀਤੇ ਤੇ ਜੇਬ 'ਚ ਪਾ ਲਏ। ਮੈਂ ਬਹੁਤ ਪ੍ਰੇਸ਼ਾਨ ਸੀ। ਆਖਰ ਉਸ ਨੇ ਆਪਣੀਆਂ ਅੱਖਾਂ ਪੂੰਝੀਆਂ ਤੇ ਉਹ ਬੋਲਣ ਲੱਗਾ। ਮੈਨੂੰ ਇੰਜ ਜਾਪਿਆ ਜਿਵੇਂ ਉਸ ਦੀ ਆਵਾਜ਼ ਵਿਚ ਹੰਝੂਆਂ ਦਾ ਲੂਣ ਸ਼ਾਮਿਲ ਸੀ।

'ਮੈਨੂੰ ਮੁਆਫ਼ ਕਰੀਂ ਮੇਰੇ ਵੀਰ, ਮੀਸ਼ਾ! ਰੋਣ ਦਾ ਕਾਰਨ ਨਾ ਪੁੱਛੀਂ, ਸ਼ਬਦ ਹੰਝੂਆਂ ਦੀ ਪੜਚੋਲ ਨਹੀਂ ਕਰ ਸਕਦੇ। ਜਦੋਂ ਸ਼ਬਦ ਹਾਰ ਜਾਂਦੇ ਹਨ ਤਾਂ ਹੰਝੂ ਵਹਿਣ ਲਗਦੇ ਹਨ। ਪਰ ਤੂੰ ਮੇਰੇ ਹੰਝੂਆਂ ਦੀ ਇਬਾਰਤ ਨੂੰ ਪੜ੍ਹ ਸਕਦੈਂ। ਅਸੀਂ ਇਕ-ਦੂਜੇ ਨੂੰ ਬੜੀ ਚੰਗੀ ਤਰ੍ਹਾਂ ਜਾਣਦੇ ਹਾਂ, ਮੀਸ਼ਾ! ਪਲੀਜ਼, ਪੜ੍ਹਨਾ ਜਾਰੀ ਰੱਖੋ। ਮੈਂ ਕਿਸ ਨਾਲ ਗੱਲਾਂ ਕਰਾਂ? ਲੋਕ ਮੇਰੀਆਂ ਗੱਲਾਂ ਸੁਣ ਕੇ ਮੇਰੇ ਮੂੰਹ ਵੱਲ ਤੱਕਣ ਲੱਗ ਪੈਂਦੇ ਹਨ। ਕੀ ਮੈਂ ਉਨ੍ਹਾਂ ਨੂੰ ਸਕੂਲ ਮਾਸਟਰ ਵਾਂਗ ਆਪਣੀ ਭਾਸ਼ਾ ਦੀ ਏ ਬੀ ਸੀ ਸਿਖਾਵਾਂ? ਪਲੀਜ਼...।'
ਜਿਬਰਾਨ ਦੀ ਇਹ ਗੱਲ ਸੁਣ ਕੇ ਮੈਂ ਕਿਹਾ, 'ਸ਼ਾਇਦ ਲੋਕ ਤੁਹਾਨੂੰ ਇਸ ਲਈ ਨਹੀਂ ਸਮਝ ਸਕਦੇ, ਕਿਉਂਕਿ ਤੁਸੀਂ ਖੁਦ ਆਪਣੇ-ਆਪ ਨੂੰ ਨਹੀਂ ਸਮਝਦੇ। ਕੀ ਤੁਹਾਨੂੰ ਪੱਕਾ ਯਕੀਨ ਹੈ ਕਿ ਤੁਸੀਂ ਆਪਣੇ-ਆਪ ਨੂੰ ਸਮਝਦੇ ਹੋ?'
'ਨਹੀਂ! ਮੈਨੂੰ ਇਸ ਗੱਲ ਦਾ ਭਰੋਸਾ ਨਹੀਂ। ਪਰ ਹਾਂ, ਮੈਂ ਜੋ ਬੋਲਦਾ ਹਾਂ, ਉਹ ਪ੍ਰਮਾਣਕ ਢੰਗ ਨਾਲ ਬੋਲਦਾ ਹਾਂ।'
ਇਹੋ ਤੁਹਾਡੀ ਕਲਮ 'ਚੋਂ ਨਿਕਲਦੀ ਕੁੜੱਤਣ ਦਾ ਸੋਮਾ ਹੈ। ਇਹ ਤੁਹਾਨੂੰ ਬਾਗੀ ਬਣਾਉਂਦੀ ਹੈ। ਪਰ ਦੂਜਿਆਂ ਖਿਲਾਫ ਬਗਾਵਤ ਕਰਦਿਆਂ ਅਸੀਂ ਇਹ ਭੁੱਲ ਜਾਂਦੇ ਹਾਂ ਕਿ ਇਹ ਬਗਾਵਤ ਅਸੀਂ ਆਪਣੇ ਵਿਰੁੱਧ ਹੀ ਕਰਦੇ ਹਾਂ। ਕਿੰਨੀ ਵਾਰ ਅਸੀਂ ਆਪਣੇ ਅੰਦਰ ਅਜਿਹੇ ਤੂਫਾਨ ਮਹਿਸੂਸ ਕਰਦੇ ਹਾਂ, ਜੋ ਸਾਡੀ ਰੂਹ 'ਤੇ ਛਾਏ ਬੱਦਲਾਂ ਨੂੰ ਹਵਾ 'ਚ ਉਡਾ ਦਿੰਦੇ ਹਨ। ਜੋ ਕੁਝ ਅਸੀਂ ਆਪਣੀ ਕਲਮ ਨਾਲ ਲਿਖਦੇ ਹਾਂ, ਉਹ ਤਾਂ ਤੂਫਾਨ ਲੰਘ ਜਾਣ ਤੋਂ ਬਾਅਦ ਸਾਡੀ ਜ਼ਿੰਦਗੀ ਦੀ ਜ਼ਮੀਨ 'ਤੇ ਡਿਗੀ ਝੱਗ ਹੈ।' 'ਇਹ ਸੱਚ ਹੈ, ਮੀਸ਼ਾ! ਜਦੋਂ ਮੈਂ ਆਪਣੀਆਂ ਰਚਨਾਵਾਂ ਦੀ ਖੁਦ ਸਮੀਖਿਆ ਕਰਦਾ ਹਾਂ ਤਾਂ ਮੈਨੂੰ ਆਪਣੀ ਕੋਸ਼ਿਸ਼ ਬੇਕਾਰ ਲਗਦੀ ਹੈ। ਮੈਂ ਮਹਿਸੂਸ ਕਰਦਾ ਹਾਂ ਕਿ ਮੇਰੇ ਬੁੱਲ੍ਹਾਂ 'ਤੇ ਕੋਈ ਅਜਿਹਾ ਸ਼ਬਦ ਹੈ, ਜੋ ਅਜੇ ਮੈਂ ਬੋਲਿਆ ਨਹੀਂ ਤੇ ਉਸ ਨੂੰ ਬੋਲੇ ਬਿਨਾਂ ਮੈਨੂੰ ਕਦੇ ਚੈਨ ਨਹੀਂ ਆਵੇਗਾ। ਮੈਂ ਆਪਣੀ ਜ਼ਿੰਦਗੀ ਦੇ ਨਿਚੋੜ ਨੂੰ ਇਕ ਸ਼ਬਦ ਜਾਂ ਇਕ ਕਿਤਾਬ 'ਚ ਪ੍ਰਗਟ ਕਰਨ ਦੀ ਖਵਾਹਿਸ਼ ਰੱਖਦਾ ਹਾਂ। ਮੈਂ ਜ਼ਰੂਰ ਕਿਸੇ ਦਿਨ ਆਪਣੀ ਕਲਮ ਨੂੰ ਆਪਣੇ ਧੁਰ ਅੰਦਰ ਦੀਆਂ ਖਾਮੋਸ਼ ਡੂੰਘਾਈਆਂ ਵਿਚ ਡੁਬੋ ਕੇ ਅਜਿਹੀ ਪੁਸਤਕ ਜ਼ਰੂਰ ਲਿਖਾਂਗਾ। ਮੇਰੀ ਹਾਲਤ ਤਾਂ ਉਸ ਗਰਭਵਤੀ ਔਰਤ ਵਾਂਗ ਹੈ, ਜੋ ਬੱਚਾ ਜੰਮ ਕੇ ਹੀ ਰਾਹਤ ਮਹਿਸੂਸ ਕਰ ਸਕਦੀ ਹੈ।'
'ਲੋਕਾਂ ਦੇ ਵਰਤਾਰੇ ਅਤੇ ਉਨ੍ਹਾਂ ਦੀ ਸੱਭਿਅਤਾ ਲਈ ਤੁਹਾਡੀ ਕੁੜੱਤਣ ਸ਼ਾਇਦ ਪ੍ਰਗਟ ਹੋ ਹੀ ਚੁੱਕੀ ਹੈ। ਮੈਨੂੰ ਲਗਦਾ ਹੈ ਕਿ ਤੁਸੀਂ ਆਪਣਾ ਰਾਹ ਬਦਲਣਾ ਸ਼ੁਰੂ ਕਰ ਦਿੱਤਾ ਹੈ।'
'ਹਾਂ! ਮੀਸ਼ਾ! ਅਸਮਾਨ 'ਤੇ ਹਰ ਤਾਰਾ ਆਪਣੇ-ਆਪਣੇ ਨਿਸਚਿਤ ਦਾਇਰੇ ਵਿਚ ਘੁੰਮਦਾ ਹੈ।'
'ਪਰ ਹੈਰਾਨੀ ਦੀ ਗੱਲ ਹੈ ਕਿ ਆਦਮੀ ਆਪਣੇ ਲਈ ਤਾਂ ਸੁਤੰਤਰ ਦਾਇਰਾ ਚਾਹੁੰਦਾ ਹੈ ਪਰ ਹੋਰਨਾਂ ਨੂੰ ਅਜਿਹਾ ਕਰਨ ਦੀ ਆਗਿਆ ਨਹੀਂ ਦਿੰਦਾ।' 'ਮੀਸ਼ਾ! ਤੂੰ ਠੀਕ ਕਹਿ ਰਿਹੈਂ। ਸਿਰਫ ਆਪਣੇ ਰਾਹ ਨੂੰ ਹੀ ਸਹੀ ਰਾਹ ਮੰਨਣਾ ਮੂਰਖਤਾ ਹੈ। ਜੇ ਸਾਡਾ ਰਸਤਾ ਸਿੱਧਾ ਹੈ ਤਾਂ ਲੋਕਾਂ ਦੇ ਰਸਤੇ ਵੀ ਆਪਣੇ-ਆਪਣੇ ਢੰਗ ਨਾਲ ਸਹੀ ਤੇ ਸਿੱਧੇ ਹਨ। ਸਾਰੇ ਰਸਤੇ ਇਕੋ ਹੀ ਥਾਂ 'ਤੇ ਅੱਪੜਦੇ ਹਨ।' 'ਹਾਂ! ਮੈਨੂੰ ਯਾਦ ਆਇਆ, ਤੁਸੀਂ 'ਫੋਰਰਨਰ' ਕਿਥੋਂ ਤੱਕ ਲਿਖ ਲਈ ਹੈ।' 'ਇਹ ਪੁਸਤਕ ਹੁਣ ਪ੍ਰਕਾਸ਼ਕ ਕੋਲ ਹੈ ਤੇ ਜਲਦੀ ਹੀ ਛਪਣ ਵਾਲੀ ਹੈ।' ਅਗਲੇ ਦਿਨ ਜਿਬਰਾਨ ਬੋਸਟਨ ਚਲਾ ਗਿਆ। ਉਥੇ ਪਹੁੰਚ ਕੇ ਉਸ ਨੇ 'ਅਲ-ਸਹਯ' 'ਚ ਮੇਰਾ ਟੈਂਪਸੇਟਸ 'ਤੇ ਲਿਖਿਆ ਲੇਖ ਪੜ੍ਹ ਕੇ ਉਸ ਨੇ ਮੈਨੂੰ ਇਕ ਖਤ ਲਿਖਿਆ-'ਮੈਨੂੰ ਇੰਜ ਲਗਦਾ ਹੈ ਜਿਵੇਂ ਤੁਸੀਂ ਮੇਰੀ ਰਚਨਾ ਨੂੰ ਮੈਗਨੀਫਾਈ ਗਿਲਾਸ ਹੇਠਾਂ ਰੱਖ ਕੇ ਪੜ੍ਹਿਆ ਹੈ। ਤੁਸੀਂ ਮੇਰੇ ਅਤੀਤ ਅਤੇ ਵਰਤਮਾਨ ਨੂੰ ਭੁਲਾ ਕੇ ਮੇਰੇ ਭਵਿੱਖ ਵੱਲ ਦੇਖ ਰਹੇ ਹੋ। ਮੇਰੇ ਵਰਤਮਾਨ ਵਿਚ ਬਿਖਰੇ ਹੋਏ ਬੇਤਰਤੀਬ ਪੱਥਰ ਹਨ, ਜੋ ਕਿਸੇ ਆਲੀਸ਼ਾਨ ਇਮਾਰਤ ਦੀ ਤਾਮੀਰ ਨਹੀਂ ਕਰ ਸਕਦੇ। ਅਤੀਤ ਮੈਨੂੰ ਉਦਾਸ ਕਰਦਾ ਹੈ ਪਰ ਭਵਿੱਖ ਦੀ ਛੋਹ ਨਾਲ ਮੈਂ ਆਪਣੇ ਅੰਦਰ ਨਵੀਂ ਤਾਕਤ ਮਹਿਸੂਸ ਕਰਦਾ ਹਾਂ।'
ਜਿਬਰਾਨ ਨੇ ਠੀਕ ਹੀ ਕਿਹਾ ਸੀ। ਮੈਂ ਉਸ ਦੇ ਅਤੀਤ ਦੀ ਹੀ ਨਹੀਂ, ਉਸ ਦੇ ਭਵਿੱਖ ਦੀ ਵੀ ਜਾਣਕਾਰੀ ਰੱਖਦਾ ਸੀ। ਮੈਨੂੰ ਹਮੇਸ਼ਾ ਲਗਦਾ ਸੀ ਕਿ ਉਹ ਇਕ ਨਵੀਂ ਸਵੇਰ ਦੇ ਬੂਹੇ 'ਤੇ ਦਸਤਕ ਦੇ ਰਿਹਾ ਹੈ। ਨੀਤਸ਼ੇ ਦੇ ਫਲਸਫੇ ਦੇ ਪ੍ਰਭਾਵ ਹੇਠ ਉਹ ਪੂਰਬ ਦੀਆਂ ਜੜ੍ਹਾਂ ਤੋਂ ਟੁੱਟ ਗਿਆ ਸੀ। ਹੁਣ ਉਹ ਵਾਪਸ ਘਰ ਪਰਤ ਰਿਹਾ ਸੀ। ਗਰੀਬੀ ਦੇ ਬੋਝ ਤੋਂ ਵੀ ਉਹ ਮੁਕਤ ਹੋ ਰਿਹਾ ਸੀ। ਉਸ ਦਾ ਅੰਦਰੂਨੀ ਸੰਸਾਰ ਉਸ ਦੇ ਬਾਹਰੀ ਸੰਸਾਰ ਨਾਲ ਟਕਰਾਅ ਕੇ ਜੋ ਤੂਫਾਨ ਪੈਦਾ ਕਰ ਰਿਹਾ ਸੀ, ਉਸ ਨੂੰ ਹੁਣ ਠੱਲ੍ਹ ਪੈ ਰਹੀ ਸੀ।

ਝੂਠਾ ਅਲਾਰਮ

1921 ਦੀ ਬਸੰਤ ਰੁੱਤੇ ਇਕ ਦਿਨ ਸਵੇਰ ਵੇਲੇ ਮੈਨੂੰ ਇਕ ਅਜਿਹਾ ਸੁਪਨਾ ਆਇਆ ਕਿ ਮੇਰੀ ਜਾਗ ਖੁੱਲ੍ਹ ਗਈ। ਉਸ ਸੁਪਨੇ ਦਾ ਸਾਰਾ ਬਿਰਤਾਂਤ ਅਜੇ ਤੱਕ ਵੀ ਮੇਰੇ ਜ਼ਿਹਨ ਵਿਚ ਤਾਜ਼ਾ ਹੈ। ਸੁਪਨੇ 'ਚ ਮੈਂ ਦੇਖਿਆ ਕਿ ਮੈਂ ਇਕ ਖੂਹ ਦੀ ਮੁੰਡੇਰ 'ਤੇ ਖਲੋਤਾ ਹਾਂ। ਖੂਹ ਸੁੱਕਾ ਹੈ ਤੇ ਹੇਠਾਂ ਇਕ ਪੀਲਾ-ਜਰਦ ਆਦਮੀ ਦਲਦਲ ਵਿਚ ਫਸਿਆ ਹੋਇਆ ਬਾਹਰ ਆਉਣ ਲਈ ਹੱਥ-ਪੈਰ ਮਾਰ ਰਿਹਾ ਹੈ। ਮੈਨੂੰ ਲੱਗਾ ਜਿਵੇਂ ਉਹ ਆਦਮੀ ਮੌਤ ਦੇ ਵਿਰੁੱਧ ਆਪਣੀ ਆਖਰੀ ਲੜਾਈ ਲੜ ਰਿਹਾ ਹੈ। ਮੈਂ ਚੀਕ ਮਾਰ ਕੇ ਕਿਹਾ, 'ਜਿਬਰਾਨ।' ਤੇ ਮੈਂ ਡੌਰ-ਭੌਰ ਹੋਇਆ ਜਾਗ ਪਿਆ। ਮੇਰਾ ਦਿਲ ਜ਼ੋਰ-ਜ਼ੋਰ ਦੀ ਧੜਕ ਰਿਹਾ ਸੀ।
ਉਸ ਦਿਨ ਮੈਂ ਜਿਬਰਾਨ ਨੂੰ ਮਿਲਣ ਲਈ ਬਹੁਤ ਬੇਤਾਬ ਸੀ। ਮੈਂ ਉਸ ਦਾ ਹੱਸਦਾ-ਖੇਡਦਾ ਚਿਹਰਾ ਦੇਖਣਾ ਚਾਹੁੰਦਾ ਸੀ। ਉਸ ਨੂੰ ਮਿਲਣ 'ਤੇ ਮੈਂ ਉਸ ਨੂੰ ਆਪਣੇ ਸੁਪਨੇ ਬਾਰੇ ਕੁਝ ਨਹੀਂ ਦੱਸਿਆ। ਗੱਲਾਂਬਾਤਾਂ ਦੇ ਦੌਰਾਨ ਮੈਂ ਸਰਸਰੀ ਤੌਰ 'ਤੇ ਉਸ ਦੀ ਸਿਹਤ ਵਾਸਤੇ ਪੁੱਛਿਆ। ਜਿਬਰਾਨ ਨੇ ਮੇਰੇ ਚਿਹਰੇ ਨੂੰ ਦੇਖ ਕੇ ਮੇਰੀ ਫਿਕਰਮੰਦੀ ਦਾ ਅੰਦਾਜ਼ਾ ਲਾ ਲਿਆ ਸੀ। ਉਸ ਨੇ ਕਿਹਾ-
'ਮੀਸ਼ਾ! ਮੇਰੀ ਸਿਹਤ ਲਈ ਤੇਰੀ ਫਿਕਰਮੰਦੀ ਦੇਖ ਕੇ ਮੈਨੂੰ ਇੰਜ ਲਗਦਾ ਹੈ ਜਿਵੇਂ ਤੈਨੂੰ ਮੇਰੀ ਖਰਾਬ ਸਿਹਤ ਵਾਸਤੇ ਕੋਈ ਭਵਿੱਖਬਾਣੀ ਹੋਈ ਹੈ। ਕੁਝ ਦਿਨਾਂ ਤੋਂ ਸੱਚਮੁੱਚ ਮੇਰੀ ਸਿਹਤ ਠੀਕ ਨਹੀਂ ਹੈ ਪਰ ਮੈਂ ਇਸ ਬਾਰੇ ਕਿਸੇ ਨਾਲ ਕੋਈ ਗੱਲ ਨਹੀਂ ਕੀਤੀ ਹੈ। ਸਾਡਾ ਸਰੀਰ ਵੀ ਇਕ ਮਸ਼ੀਨ ਹੈ, ਜਿਸ ਦਾ ਕੋਈ ਨਾ ਕੋਈ ਪੁਰਜਾ ਢਿੱਲਾ ਹੋ ਹੀ ਸਕਦਾ ਹੈ। ਕੁਝ ਦਿਨਾਂ ਤੋਂ ਮੇਰੇ ਦਿਲ ਦੀ ਹਰਕਤ ਕੁਝ ਤੇਜ਼ ਹੈ। ਮੈਂ ਪੌੜੀਆਂ ਚੜ੍ਹਨ 'ਚ ਵੀ ਤਕਲੀਫ਼ ਮਹਿਸੂਸ ਕਰਦਾ ਹਾਂ ਤੇ ਮੈਨੂੰ ਸਾਹ ਚੜ੍ਹਨ ਲਗਦਾ ਹੈ।'
'ਜਿਬਰਾਨ! ਤੁਹਾਨੂੰ ਕਿਸੇ ਡਾਕਟਰ ਤੋਂ ਸਲਾਹ ਲੈਣੀ ਚਾਹੀਦੀ ਹੈ।'
'ਡਾਕਟਰਾਂ ਤੇ ਦਵਾਈਆਂ 'ਚ ਮੇਰਾ ਕੋਈ ਭਰੋਸਾ ਨਹੀਂ। ਉਹ ਸਰੀਰ ਦੇ ਕਿਸੇ ਦੁਖਦੇ ਅੰਗ ਦਾ ਇਲਾਜ ਕਰਦੇ ਹਨ, ਜਦੋਂ ਕਿ ਬਿਮਾਰੀ ਤਾਂ ਸਾਰੇ ਸਰੀਰ ਦੀ ਹੁੰਦੀ ਹੈ। ਹਮੇਸ਼ਾ ਇਹ ਵੀ ਜ਼ਰੂਰੀ ਨਹੀਂ ਕਿ ਬਿਮਾਰੀ ਦਾ ਕਾਰਨ ਸਿਰਫ਼ ਸਰੀਰਕ ਹੋਵੇ। ਫਿਰ ਵੀ ਮੈਂ ਜ਼ਰੂਰ ਕਿਸੇ ਡਾਕਟਰ ਨਾਲ ਸਲਾਹ ਕਰਾਂਗਾ।'
'ਜਿਬਰਾਨ! ਤੁਸੀਂ ਆਪਣੇ ਦਿਲ ਤੋਂ ਬਹੁਤ ਕੰਮ ਲੈਂਦੇ ਹੋ। ਇਸ ਨਾਲ ਨਿਆਂ ਕਰੋ, ਤਾਂ ਜੋ ਇਹ ਤੁਹਾਡੇ ਨਾਲ ਨਿਆਂ ਕਰੇ। ਦਿਨ-ਰਾਤ ਕਲਮ ਅਤੇ ਬੁਰਸ਼ ਨਾਲ ਕੰਮ ਕਰਦਿਆਂ-ਕਰਦਿਆਂ ਤੁਸੀਂ ਆਪਣੇ ਦਿਲ ਨੂੰ ਥਕਾ ਮਾਰਿਆ ਹੈ। ਬੇਸ਼ੁਮਾਰ ਕੌਫੀ, ਸਿਗਰਟਾਂ ਅਤੇ ਸ਼ਰਾਬ ਦੇ ਸੇਵਨ ਨਾਲ ਵੀ ਤੁਹਾਡੀ ਸਿਹਤ ਖਰਾਬ ਹੋ ਸਕਦੀ ਹੈ।'
'ਕੌਫੀ ਮੈਂ ਛੱਡ ਦਿੱਤੀ ਹੈ, ਸਿਗਰਟਾਂ ਘਟਾ ਦੇਵਾਂਗਾ ਪਰ ਸ਼ਰਾਬ ਤਾਂ ਦਿਲ ਨੂੰ ਤਕੜਾ ਰੱਖਦੀ ਹੈ... ਪਰ ਮੇਰੀ ਬਿਮਾਰੀ ਇਨ੍ਹਾਂ ਸਭ ਚੀਜ਼ਾਂ ਤੋਂ ਜ਼ਿਆਦਾ ਡੂੰਘੀ ਹੈ। ਮੈਂ ਕਲਮ ਅਤੇ ਬੁਰਸ਼ ਨੂੰ ਤਿਆਗ ਕੇ ਜੀਅ ਨਹੀਂ ਸਕਦਾ। ਇਹੋ ਮੇਰੀ ਜ਼ਿੰਦਗੀ ਹਨ। ਕੀ ਮੈਂ ਆਪਣੇ 'ਪੈਗੰਬਰ' ਦੀ ਹੱਤਿਆ ਗਰਭ ਵਿਚ ਹੀ ਕਰ ਦੇਵਾਂ?

'ਪੈਗੰਬਰ' ਮੇਰੀ ਆਤਮਾ ਵਿਚ ਆਪਣਾ ਆਕਾਰ ਗ੍ਰਹਿਣ ਕਰ ਰਿਹਾ ਹੈ। ਜਦੋਂ ਤੱਕ ਮੈਂ ਉਸ ਨੂੰ ਜਨਮ ਨਹੀਂ ਦੇ ਦਿੰਦਾ, ਉਦੋਂ ਤੱਕ ਮੈਂ ਚੈਨ ਨਾਲ ਜੀਅ ਨਹੀਂ ਸਕਦਾ। ਇਹ ਮੇਰੀ ਸਰਬਉੱਤਮ ਰਚਨਾ ਹੈ। ਇਸ ਨੂੰ ਜਨਮ ਦਿੰਦਿਆਂ-ਦਿੰਦਿਆਂ ਮੈਨੂੰ ਮਰਨਾ ਪ੍ਰਵਾਨ ਹੈ। ਮੀਸ਼ਾ! ਅੱਜ ਤੂੰ ਮੇਰੀ ਸਿਹਤ ਨੂੰ ਲੈ ਕੇ ਏਨਾ ਪ੍ਰੇਸ਼ਾਨ ਕਿਉਂ ਹੈਂ?'
ਮੈਂ ਉਸ ਨੂੰ ਆਪਣੇ ਸੁਪਨੇ ਬਾਰੇ ਦੱਸਿਆ। ਸੁਪਨੇ ਦੀ ਗੱਲ ਸੁਣ ਕੇ ਉਹ ਸੁਪਨਿਆਂ ਬਾਰੇ ਗੱਲਾਂ ਕਰਨ ਲੱਗ ਪਿਆ। ਉਸ ਨੇ ਕਿਹਾ ਕਿ ਸੁਪਨੇ ਅਤੀਤ, ਵਰਤਮਾਨ ਅਤੇ ਭਵਿੱਖ ਦੀ ਧੁੰਦਲੀ ਜਿਹੀ ਤਸਵੀਰ ਹੀ ਬਿੰਬਾਂ ਅਤੇ ਪ੍ਰਤੀਕਾਂ ਰਾਹੀਂ ਪ੍ਰਗਟ ਕਰਦੇ ਹਨ, ਜਿਨ੍ਹਾਂ ਦੇ ਸਪੱਸ਼ਟ ਅਰਥ ਲੱਭਣੇ ਮੁਸ਼ਕਿਲ ਹੋ ਜਾਂਦੇ ਹਨ।
ਮੈਂ ਜਿਬਰਾਨ ਨੂੰ ਆਪਣੇ ਇਕ ਅਜਿਹੇ ਸੁਪਨੇ ਬਾਰੇ ਵਿਸਥਾਰ ਵਿਚ ਦੱਸਿਆ, ਜਿਹੜਾ ਮੈਨੂੰ ਰੂਸ 'ਚ ਆਇਆ ਸੀ। ਇਸ ਸੁਪਨੇ ਨੇ ਮੇਰੀ ਪੂਰੀ ਜ਼ਿੰਦਗੀ ਦੀ ਤਸਵੀਰ ਹੀ ਪੇਸ਼ ਕਰ ਦਿੱਤੀ ਸੀ। ਜਿਬਰਾਨ ਨੇ ਵੀ ਆਪਣਾ ਇਕ ਸੁਪਨਾ ਸੁਣਾਇਆ। ਉਸ ਨੇ ਇਕ ਵਾਰ ਸੁਪਨੇ 'ਚ ਦੇਖਿਆ ਕਿ ਉਹ ਤੇਜ਼-ਤੇਜ਼ ਵਹਿੰਦੇ ਦਰਿਆ ਦੀ ਮੰਝਧਾਰ ਵਿਚ ਫਸ ਗਿਆ ਤੇ ਬੜੀ ਮੁਸ਼ਕਿਲ ਨਾਲ ਦਰਿਆ ਵਿਚਕਾਰ ਇਕ ਚਟਾਨ 'ਤੇ ਚੜ੍ਹ ਕੇ ਉਸ ਨੇ ਆਪਣੀ ਜਾਨ ਬਚਾਈ। ਪਰ ਉਸ ਨੇ ਇਕ ਸੱਪ ਨੂੰ ਜਦੋਂ ਚਟਾਨ 'ਤੇ ਚੜ੍ਹਦਿਆਂ ਦੇਖਿਆ ਤਾਂ ਉਹ ਡਰ ਗਿਆ। ਆਖਰ ਸੱਪ ਚਟਾਨ 'ਤੇ ਖੜ੍ਹ ਗਿਆ ਤੇ ਆਉਂਦਿਆਂ ਹੀ ਉਸ ਨੇ ਜਿਬਰਾਨ ਦੇ ਸਾਰੇ ਸਰੀਰ ਨੂੰ ਜਕੜ ਲਿਆ। ਉਸ ਵੇਲੇ ਜਿਬਰਾਨ ਦੀ ਜਾਗ ਖੁੱਲ੍ਹ ਗਈ।
ਉਸ ਵੇਲੇ ਮੈਂ ਜਿਬਰਾਨ ਦੇ ਇਸ ਸੁਪਨੇ ਨੂੰ ਉਸ ਦੀ ਜ਼ਿੰਦਗੀ ਨਾਲ ਜੋੜ ਕੇ ਦੇਖਣ ਦੀ ਕੋਸ਼ਿਸ਼ ਨਹੀਂ ਕੀਤੀ। ਪਰ ਉਸ ਦੇ ਦਿਹਾਂਤ ਤੋਂ ਬਾਅਦ ਮੈਂ ਉਸ ਦੀ ਜ਼ਿੰਦਗੀ ਨੂੰ ਉਸ ਖੌਫਨਾਕ ਸੁਪਨੇ ਤੋਂ ਨਿਖੇੜ ਕੇ ਦੇਖ ਹੀ ਨਹੀਂ ਸਕਦਾ। ਜਿਬਰਾਨ ਨੇ ਸੱਚਮੁੱਚ ਦੁਨੀਆ ਦੇ ਭਵਸਾਗਰ ਨੂੰ ਪਾਰ ਕਰ ਲਿਆ ਸੀ ਤੇ ਉਹ ਕਿਸੇ ਸਿੱਧ ਪੁਰਖ ਵਾਂਗ ਚਟਾਨ 'ਤੇ ਬੈਠਾ ਸੀ ਪਰ ਉਹ ਵਾਸ਼ਨਾ ਅਤੇ ਪ੍ਰਸਿੱਧੀ ਅਤੇ ਮਾਇਆ ਰੂਪੀ ਸੱਪ ਦੇ ਚੁੰਗਲ ਵਿਚ ਫੇਰ ਵੀ ਜਕੜਿਆ ਰਿਹਾ।
ਉਸੇ ਸਾਲ ਗਰਮੀ ਦੇ ਮੌਸਮ ਵਿਚ ਜਿਬਰਾਨ, ਅਰੀਦਾ, ਅਬਦੁਲ ਹਦਾਦ ਅਤੇ ਮੈਂ ਇਕ ਰਮਣੀਕ ਸਥਾਨ 'ਤੇ ਸੈਰ ਕਰਨ ਲਈ ਗਏ। ਝਰਨਾ ਸੀ, ਰੁੱਖਾਂ ਦੇ ਝੁੰਡ ਤੇ ਪੰਛੀਆਂ ਦੇ ਗੀਤ ਸਨ। ਠੁਮਕ-ਠੁਮਕ ਹਵਾ ਨ੍ਰਿਤ ਕਰ ਰਹੀ ਸੀ। ਇਕ ਨਿੱਕੀ ਪਹਾੜੀ 'ਤੇ ਬਹਿ ਕੇ ਅਸੀਂ ਅੰਗੂਰਾਂ ਦਾ ਅਰਕ ਪੀਤਾ ਤੇ ਖੂਬ ਮੌਜਮਸਤੀ ਕੀਤੀ।
ਜਦੋਂ ਅਸੀਂ ਵਾਪਸ ਆਉਣ ਲੱਗੇ ਤਾਂ ਅਰੀਦਾ ਅਤੇ ਹਦਾਦ ਸਾਡੇ ਨਾਲੋਂ ਅੱਗੇ-ਅੱਗੇ ਤੁਰ ਰਹੇ ਸਨ। ਅਚਾਨਕ ਜਿਬਰਾਨ ਤੁਰਦਾ-ਤੁਰਦਾ ਰੁਕ ਗਿਆ ਤੇ ਮੇਰੀ ਬਾਂਹ ਫੜ ਕੇ ਕਹਿਣ ਲੱਗਾ, 'ਮੀਸ਼ਾ! ਮੈਂ ਝੂਠਾ ਅਲਾਰਮ ਹਾਂ।'
15 ਵਰ੍ਹਿਆਂ ਦੌਰਾਨ ਮੈਂ ਜਿਬਰਾਨ ਦੇ ਕਿੰਨੇ ਹੀ ਸੰਵੇਦਨਸ਼ੀਲ ਅਤੇ ਨਾਟਕੀ ਪਲਾਂ ਦਾ ਗਵਾਹ ਰਿਹਾ ਹਾਂ ਪਰ ਇਹ ਸਭ ਤੋਂ ਵੱਧ ਦਿਲ-ਟੁੰਬਵਾਂ ਪਲ ਸੀ। ਅਜਿਹੇ ਸੰਜੀਦਾ ਸ਼ਬਦ ਮੈਂ ਪਹਿਲਾਂ ਉਸ ਦੇ ਮੂੰਹੋਂ ਕਦੇ ਨਹੀਂ ਸਨ ਸੁਣੇ।
ਜਿਬਰਾਨ ਨੇ ਇਹ ਸ਼ਬਦ ਕਿਉਂ ਕਹੇ? ਕੀ ਇਹ ਕੁਦਰਤ ਦੀ ਅਸੀਮ ਪਵਿੱਤਰਤਾ ਸਨਮੁਖ ਉਸ ਦਾ ਇਕਬਾਲਨਾਮਾ ਸੀ? ਸ਼ਾਇਦ ਉਹ ਪਾਕ-ਪਵਿੱਤਰ ਕੁਦਰਤ-ਮਾਂ ਸਾਹਮਣੇ ਆਪਣੀਆਂ ਕਮਜ਼ੋਰੀਆਂ ਨੂੰ ਛੁਪਾ ਨਹੀਂ ਸਕਿਆ। ਜ਼ਿੰਦਗੀ ਭਰ ਜਿਬਰਾਨ ਨੇ ਆਪਣੀਆਂ ਕਮਜ਼ੋਰੀਆਂ ਨੂੰ ਰੇਸ਼ਮੀ ਲਬਾਦੇ ਵਿਚ ਲੁਕੋ ਕੇ ਰੱਖਿਆ। ਹਰ ਬਦਸੂਰਤੀ ਨੂੰ ਖੂਬਸੂਰਤੀ ਦੇ ਰੰਗਾਂ ਵਿਚ ਚਿਤਰਨ ਕੀਤਾ, ਵਾਸ਼ਨਾ ਦੇ ਆਵੇਸ਼ ਨੂੰ ਪਵਿੱਤਰਤਾ ਦਾ ਜਾਮਾ ਪਹਿਨਾਇਆ। ਸ਼ਾਇਦ ਇਸੇ ਲਈ ਉਸ ਨੇ ਆਪਣੇ-ਆਪ ਨੂੰ 'ਫਾਲਸ ਅਲਾਰਮ' ਕਿਹਾ। ਆਪਣੀਆਂ ਕਮਜ਼ੋਰੀਆਂ ਨੂੰ ਸਵੀਕਾਰ ਕਰਨ ਦੀ ਹਿੰਮਤ ਵੀ ਤਾਂ ਜਿਬਰਾਨ ਵਰਗਾ ਮਹਾਂਪੁਰਖ ਹੀ ਕਰ ਸਕਦਾ ਸੀ। ਅਸੀਂ ਸਭ 'ਫਾਲਸ ਅਲਾਰਮ' ਹਾਂ।
ਅਸੀਂ ਜਦੋਂ ਸੜਕ 'ਤੇ ਅੱਪੜੇ ਤਾਂ ਹਨੇਰਾ ਪੈ ਗਿਆ ਸੀ। ਸਾਡੀਆਂ ਗੱਲਾਂ ਦੀ ਰਫ਼ਤਾਰ ਵੀ ਸਾਡੀ ਤੋਰ ਵਾਂਗ ਹੀ ਤੇਜ਼ ਸੀ। ਅਸੀਂ ਗੱਲਾਂ ਕਰ ਰਹੇ ਸੀ, ਉੱਚੀ-ਉੱਚੀ ਹੱਸ ਰਹੇ ਸੀ ਤੇ ਮਸਤੀ ਵਿਚ ਤੁਕਬੰਦੀ ਵੀ ਕਰ ਰਹੇ ਸੀ।
ਵਾਪਸ ਆ ਕੇ ਅਸੀਂ ਫਿਰ ਆਪਣੇ-ਆਪਣੇ ਕੰਮ ਵਿਚ ਰੁੱਝ ਗਏ। ਜਿਬਰਾਨ ਆਪਣੀ ਭੈਣ ਮਾਰਿਆਨਾ ਨੂੰ ਮਿਲਣ ਲਈ ਬੋਸਟਨ ਚਲਾ ਗਿਆ। ਉਹ ਹਰ ਵਰ੍ਹੇ ਗਰਮੀਆਂ ਦੀ ਰੁੱਤ ਵਿਚ ਆਪਣੀ ਭੈਣ ਨੂੰ ਮਿਲਣ ਲਈ ਜ਼ਰੂਰ ਜਾਂਦਾ ਸੀ। ਅਲਵਿਦਾ ਕਹਿੰਦਿਆਂ ਜੋ ਆਖ਼ਰੀ ਗੱਲ ਮੈਂ ਉਸ ਨੂੰ ਕਹੀ ਸੀ, ਉਹ ਇਹ ਸੀ-'ਜਿਬਰਾਨ! ਆਪਣੇ ਦਿਲ ਦਾ ਖਿਆਲ ਰੱਖੀਂ।'

ਮਿਟੀ ਧੁੰਦ

'ਮੇਰੇ ਵੀਰ ਮੀਸ਼ਾ, ਮੈਂ ਜਦੋਂ ਦਾ ਇਸ ਸ਼ਹਿਰ ਵਿਚ ਆਇਆ ਹਾਂ, ਡਾਕਟਰਾਂ ਕੋਲ ਹੀ ਨੱਠ-ਭੱਜ ਕਰ ਰਿਹਾ ਹਾਂ। ਮੇਰਾ ਦਿਲ ਆਪਣੀ ਲੈਅ ਅਤੇ ਗਤੀ ਗੁਆ ਚੁੱਕਾ ਹੈ। ਫਿਕਰ ਦੀ ਕੋਈ ਗੱਲ ਨਹੀਂ। ਜੋ ਹੋਣਾ ਹੈ, ਹਰ ਹੀਲੇ ਹੋ ਕੇ ਹੀ ਰਹੇਗਾ। ਮੈਨੂੰ ਇਕ ਗੱਲ ਦਾ ਭਰੋਸਾ ਹੈ ਕਿ ਸਵੇਰ ਹੋਣ ਤੱਕ ਮੈਂ ਪਹਾੜ ਦੀ ਢਲਾਨ 'ਤੇ ਤੁਰਦਾ ਰਹਾਂਗਾ। ਸੂਰਜ ਦੇ ਉਦੈ ਹੁੰਦਿਆਂ ਹੀ ਧੁੰਦ ਮਿਟ ਜਾਵੇਗੀ ਤੇ ਚਾਰੋਂ ਪਾਸੇ ਚਾਨਣ ਹੀ ਚਾਨਣ ਹੋਵੇਗਾ।'
'ਮੈਂ ਸ੍ਰਿਸ਼ਟੀ ਦਾ ਅਲਫਾ ਤੇ ਗਾਮਾ ਹਾਂ-ਜੋ ਇਹ ਗੱਲ ਜਾਣਦਾ ਹੈ, ਉਹ ਸਭ ਕੁਝ ਜਾਣਦਾ ਹੈ। ਜੋ ਇਹ ਜਾਣਦਾ ਹੈ ਕਿ ਦੁੱਖ ਵਿਚੋਂ ਵੀ ਸੁਖ ਛਾਣਿਆ ਜਾ ਸਕਦਾ ਹੈ, ਉਸ ਲਈ ਕੋਈ ਦੁੱਖ-ਸੁੱਖ ਨਹੀਂ। ਦੋ ਆਦਮੀਆਂ ਵਿਚਕਾਰ ਮੂਲ ਅੰਤਰ ਉਨ੍ਹਾਂ ਦੇ ਰੁਤਬੇ ਜਾਂ ਸ਼ੁਹਰਤ ਕਰਕੇ ਨਹੀਂ ਹੁੰਦਾ, ਸਗੋਂ ਅੰਤਰ ਹੁੰਦਾ ਹੈ-'ਮੈਂ' ਦੇ ਪਸਾਰੇ ਦਾ। ਇਕ ਆਦਮੀ ਦਾ 'ਮੈਂ' (ਹਉਮੈ) ਕਹਿੰਦਾ ਹੈ-'ਜੇ ਕੋਈ ਤੁਹਾਡੀ ਸੱਜੀ ਗੱਲ੍ਹ 'ਤੇ ਥੱਪੜ ਮਾਰੇ ਤਾਂ ਉਸ ਸਾਹਮਣੇ ਆਪਣੀ ਦੂਜੀ ਗੱਲ੍ਹ ਕਰ ਦਿਓ।' ਅਜਿਹੇ ਆਦਮੀ ਦੀ 'ਮੈਂ' ਦਾ ਪਸਾਰਾ ਉਸ ਆਦਮੀ ਦੇ ਮੁਕਾਬਲੇ ਬਹੁਤ ਵੱਡਾ ਹੁੰਦਾ ਹੈ, ਜੋ ਕਹਿੰਦਾ ਹੈ-'ਅੱਖ ਦੇ ਬਦਲੇ ਅੱਖ ਤੇ ਦੰਦ ਦੇ ਬਦਲੇ ਦੰਦ। ਪਹਿਲੇ ਆਦਮੀ ਨੂੰ ਇਸ ਗੱਲ ਦਾ ਅਨੁਭਵ ਹੋ ਚੁੱਕਾ ਹੈ ਕਿ ਉਸ ਦੀ ਹੋਂਦ ਸਰਬਵਿਅਪੀ ਹੋਂਦ ਦਾ ਹੀ ਇਕ ਹਿੱਸਾ ਹੈ। ਉਹ ਖੁਦ ਹੀ ਬ੍ਰਹਿਮੰਡ ਹੈ ਤੇ ਸਾਰਾ ਬ੍ਰਹਿਮੰਡ ਉਸ ਅੰਦਰ ਹੀ ਵਿਦਮਾਨ ਹੈ। ਹਕੀਕਤ ਇਹ ਹੈ ਕਿ ਸਾਰੀ ਧਰਤੀ ਹੀ ਮਾਂ ਦੇ ਸਾਂਝੇ ਵਿਹੜੇ ਵਾਂਗ ਹੈ, ਜਿਥੇ ਕੋਈ ਪਰਾਇਆ ਹੈ ਹੀ ਨਹੀਂ।'
ਇਹ ਕੁਝ ਅੰਸ਼ ਹਨ ਜਿਬਰਾਨ ਦੇ ਖ਼ਤ 'ਚੋਂ, ਜੋ ਉਸ ਨੇ ਮੈਨੂੰ ਬੋਸਟਨ ਤੋਂ 1921 'ਚ ਲਿਖਿਆ ਸੀ। ਦੁਨੀਆ ਦੇ ਇਤਿਹਾਸ ਵਿਚ ਮੁੱਠੀ ਭਰ ਹੀ ਅਜਿਹੇ ਮਹਾਂਪੁਰਖ ਹੋਏ ਹਨ, ਜਿਨ੍ਹਾਂ ਨੇ ਇਸ ਕਾਇਨਾਤ ਦੇ ਕਣ-ਕਣ ਵਿਚ ਆਪਣੇ 'ਸਵੈ' ਦਾ ਦੀਦਾਰ ਕੀਤਾ ਹੈ। ਅਜਿਹੇ ਲੋਕ ਨਿਰਲੇਪ ਹੋ ਕੇ ਜ਼ਿੰਦਗੀ ਬਤੀਤ ਕਰਦੇ ਹਨ ਤੇ ਸਮੂਹ ਮਨੁੱਖ ਜਾਤੀ ਦੇ ਸੁਫ਼ਨਿਆਂ ਨੂੰ ਮੂਰਤੀਮਾਨ ਕਰਨ ਲਈ ਆਪਣਾ ਸਭ ਕੁਝ ਵਾਰ ਦਿੰਦੇ ਹਨ। ਉਹ ਆਦਮੀ ਦੇ ਚਿਹਰੇ ਤੋਂ ਪਰਦਾ ਹਟਾ ਕੇ ਪ੍ਰਭੂ ਦੇ ਦਰਸ਼ਨ ਕਰਵਾਉਂਦੇ ਹਨ। ਉਹ ਮਨੁੱਖ ਜਾਤੀ ਦੇ ਰਹਿਨੁਮਾ, ਚਾਨਣ-ਮੁਨਾਰੇ, ਗੁਰੂ ਅਤੇ ਪੈਗ਼ੰਬਰ ਦੇ ਰੂਪ ਵਿਚ ਪੂਜੇ ਜਾਂਦੇ ਹਨ। ਅਜਿਹੇ ਸਿੱਧ ਪੁਰਖਾਂ ਨੇ ਜਿਸ ਢੰਗ ਨਾਲ ਸੰਪੂਰਨਤਾ ਦੀ ਖੋਜ ਕੀਤੀ ਤੇ ਅਲੌਕਿਕ ਅਨੁਭਵਾਂ ਦੇ ਰੂਬਰੂ ਹੋਏ, ਜਿਬਰਾਨ ਉਨ੍ਹਾਂ ਵਿਚੋਂ ਹੀ ਹੈ। ਜਿਬਰਾਨ ਨੇ ਜਰਮਨੀ ਦੇ ਫਿਲਾਸਫਰ ਨੀਤਸ਼ੇ ਦੇ ਪ੍ਰਭਾਵ ਹੇਠ ਆਉਣ ਤੋਂ ਪਹਿਲਾਂ ਇਕ ਬਹੁਤ ਖੂਬਸੂਰਤ ਪੁਸਤਕ ਦੀ ਰਚਨਾ ਕੀਤੀ ਸੀ-'ਏ ਟੀਅਰ ਐਂਡ ਏ ਸਮਾਈਲ।' ਨੀਤਸ਼ੇ ਦੇ ਮੋਹਜਾਲ ਵਿਚ ਫਸ ਕੇ ਉਸ ਨੇ ਮਨੁੱਖ ਜਾਤੀ ਵਿਰੁੱਧ ਹੀ ਬਿਗਲ ਵਜਾ ਦਿੱਤਾ ਸੀ। ਉਸ ਸਮੇਂ ਸ੍ਰਿਸ਼ਟੀ ਨੂੰ ਦੇਖਣ ਵਾਲੀ ਉਸ ਦੀ ਦ੍ਰਿਸ਼ਟੀ ਵਿਚ ਦੋਸ਼ ਸੀ। ਉਸ ਵੇਲੇ ਉਹ ਆਪਣੀ ਜ਼ਿੰਦਗੀ 'ਚ ਕਈ ਮੋਰਚਿਆਂ 'ਤੇ ਲੜ ਰਿਹਾ ਸੀ। ਇਕ ਮੋਰਚੇ 'ਤੇ ਉਹ ਗ਼ਰੀਬੀ ਵਿਰੁੱਧ ਲੜ ਰਿਹਾ ਸੀ, ਦੂਜੇ ਮੋਰਚੇ 'ਤੇ ਉਹ ਸਾਹਿਤ ਅਤੇ ਕਲਾ ਜਗਤ ਵਿਚ ਜੂਝ ਰਿਹਾ ਸੀ, ਤੀਜੇ ਮੋਰਚੇ 'ਤੇ ਉਹ ਉਨ੍ਹਾਂ ਔਰਤਾਂ ਵਿਚ ਉਲਝਿਆ ਹੋਇਆ ਸੀ, ਜੋ ਉਸ ਦੇ ਦਿਲ 'ਤੇ ਕਾਬਜ਼ ਸਨ। ਉਹ ਆਪਣੇ ਜ਼ਾਤੀ ਮਸਲਿਆਂ 'ਚ ਹੀ ਇਸ ਕਦਰ ਉਲਝਿਆ ਹੋਇਆ ਸੀ ਕਿ ਉਹ ਆਪਣੇ 'ਸਵੈ' ਤੋਂ ਉਤਾਂਹ ਉੱਠ ਕੇ ਬ੍ਰਹਿਮੰਡ ਨਾਲ ਇਕ ਰੂਪ ਹੋਣ ਲਈ ਸੋਚ ਹੀ ਨਹੀਂ ਸੀ ਸਕਦਾ।
ਹੁਣ ਜਦੋਂ ਕਿ ਜਿਬਰਾਨ ਨੇ ਗ਼ਰੀਬੀ ਵਿਰੁੱਧ ਪਹਿਲਾ ਮੋਰਚਾ ਜਿੱਤ ਲਿਆ, ਕਲਾ ਅਤੇ ਸਾਹਿਤ ਵਿਚ ਆਪਣੀ ਹੋਂਦ ਸਥਾਪਤ ਕਰ ਲਈ ਤੇ ਔਰਤਾਂ ਦੇ ਚੁੰਗਲ 'ਚੋਂ ਮੁਕਤ ਹੋ ਗਿਆ ਤਾਂ ਉਹ ਅਧਿਆਤਮ ਦੇ ਰਾਹ ਦਾ ਪਾਂਧੀ ਬਣ ਗਿਆ। ਉਸ ਦਾ 'ਮੈਂ' ਹੀਰੇ ਵਾਂਗ ਪਾਰਦਰਸ਼ੀ ਹੋ ਚੁੱਕਾ ਸੀ-ਸਾਫ਼, ਨਿਰਮਲ ਤੇ ਚਮਕਦਾਰ। ਹੁਣ ਉਹ ਕਹਿ ਰਿਹਾ ਸੀ-
'ਨਾ ਮੈਂ ਕਿਸੇ ਨਿਮਾਣੇ ਆਦਮੀ ਤੋਂ ਬਿਹਤਰ ਹਾਂ ਤੇ ਨਾ ਹੀ ਮੈਂ ਕਿਸੇ ਮਹਾਂਮਾਨਵ ਸਾਹਮਣੇ ਨਿਮਾਣਾ ਹਾਂ। ਮੈਂ ਉਨ੍ਹਾਂ ਤੱਤਾਂ ਦਾ ਹੀ ਬਣਿਆ ਹੋਇਆ ਹਾਂ, ਜਿਨ੍ਹਾਂ ਨਾਲ ਸਮੂਹ ਮਾਨਵ ਜਾਤੀ ਬਣੀ ਹੈ। ਉਨ੍ਹਾਂ ਦੇ ਹਰ ਬੁਰੇ ਤੇ ਚੰਗੇ ਕੰਮਾਂ ਦਾ ਮੈਂ ਭਾਗੀਦਾਰ ਹਾਂ। ਉਨ੍ਹਾਂ ਦੀ ਮੰਜ਼ਿਲ ਹੀ ਮੇਰੀ ਮੰਜ਼ਿਲ ਹੈ।'

ਇਹ ਉਹੀ ਜਿਬਰਾਨ ਹੈ, ਜੋ ਨੀਤਸ਼ੇ ਦੇ ਪ੍ਰਭਾਵ ਹੇਠ ਇਹ ਕਹਿੰਦਾ ਸੀ-'ਮੇਰੇ ਭਰਾਵੋ! ਮੈਂ ਤੁਹਾਨੂੰ ਨਫ਼ਰਤ ਕਰਦਾ ਹਾਂ, ਕਿਉਂਕਿ ਤੁਸੀਂ 'ਸ਼ਕਤੀ' ਦੇ ਨਿੰਦਕ ਹੋ।'
ਨੀਤਸ਼ੇ ਦੇ ਪ੍ਰਭਾਵ ਹੇਠ ਜਿਬਰਾਨ ਬਾਹਰੀ ਸੰਸਾਰ ਵਿਚ ਵਿਚਰਦਾ ਹੈ ਤੇ ਬਾਅਦ ਵਿਚ ਨੀਤਸ਼ੇ ਦੇ ਪ੍ਰਭਾਵ ਤੋਂ ਮੁਕਤ ਹੋ ਕੇ ਉਹ ਆਪਣੇ ਅੰਦਰੂਨੀ ਸੰਸਾਰ 'ਚ ਵਿਚਰਨ ਲੱਗਾ। ਉਸ ਦੀ ਆਤਮਾ ਦੀ ਰੌਸ਼ਨੀ ਨਾਲ ਉਸ ਦੇ ਆਲੇ-ਦੁਆਲੇ ਪੱਸਰੀ ਸਾਰੀ ਧੁੰਦ ਮਿਟ ਗਈ ਤੇ ਉਸ ਦਾ ਸਾਰਾ ਵਜੂਦ ਖਿੜੀ ਧੁੱਪ ਵਾਂਗ ਲਿਸ਼ਕਣ ਲੱਗਾ।
ਪੂਰਬ ਦੀ ਸਨਾਤਨੀ ਵਿਚਾਰਧਾਰਾ ਨੂੰ ਜ਼ੰਜੀਰਾਂ 'ਚ ਬੰਨ੍ਹਿਆ ਨਹੀਂ ਜਾ ਸਕਦਾ। ਪੂਰਬ ਦੇ ਚਿੰਤਕ ਮੁੱਢਕਦੀਮ ਤੋਂ ਹੀ ਜ਼ਿੰਦਗੀ ਅਤੇ ਮੌਤ, ਲੋਕ ਅਤੇ ਪਰਲੋਕ ਦੇ ਗੂੜ੍ਹ ਰਹੱਸਾਂ 'ਤੇ ਚਿੰਤਨ ਕਰਦੇ ਆ ਰਹੇ ਹਨ। ਜਿਬਰਾਨ ਉਨ੍ਹਾਂ ਪ੍ਰਾਚੀਨ ਰਿਸ਼ੀਆਂ ਵਾਂਗ ਹੀ ਸੀ, ਜੋ ਇਸ ਧਰਤੀ 'ਤੇ ਵਿਚਰਦੇ ਤਾਂ ਹਨ ਪਰ ਉਨ੍ਹਾਂ ਦੀ ਰੂਹ ਅਸਮਾਨ 'ਚ ਵਸਦੀ ਹੈ। ਉਹ ਧਰਤੀ 'ਤੇ ਲੈਣ ਲਈ ਨਹੀਂ, ਦੇਣ ਲਈ ਆਉਂਦੇ ਹਨ। ਉਹ ਮਰਨ ਤੋਂ ਪਹਿਲਾਂ ਹੀ ਮੌਤ 'ਤੇ ਜਿੱਤ ਹਾਸਲ ਕਰ ਲੈਂਦੇ ਹਨ।
'ਮੀਸ਼ਾ! ਮੀਸ਼ਾ! ਰੱਬ ਹੀ ਬਚਾਵੇ ਸਾਨੂੰ ਇਸ ਸੱਭਿਅਤਾ ਤੋਂ, ਰੱਬ ਹੀ ਬਚਾਵੇ ਇਸ ਅਮਰੀਕਾ ਤੋਂ ਅਤੇ ਅਮਰੀਕਨਾਂ ਤੋਂ... ਅਸੀਂ ਆਪਣੇ ਦੇਸ਼ ਪਰਤ ਜਾਵਾਂਗੇ... ਦੇਵਦਾਰ ਦੇ ਬਿਰਛਾਂ ਦੀ ਧਰਤੀ 'ਤੇ। ਅਸੀਂ ਅੰਗੂਰ ਤੇ ਖਜੂਰ ਖਾਵਾਂਗੇ, ਰਾਤ ਵੇਲੇ ਖੁੱਲ੍ਹੇ ਅਸਮਾਨ 'ਤੇ ਟਿਮਟਿਮਾਉਂਦੇ ਤਾਰੇ ਵੇਖਾਂਗੇ, ਹਰੇ-ਭਰੇ ਘਾਹ 'ਤੇ ਬਹਿ ਕੇ ਆਜੜੀਆਂ ਦੇ ਗੀਤ ਸੁਣਾਂਗੇ ਤੇ ਆਪਣੇ ਖਵਾਬਾਂ ਦੀ ਤਾਮੀਰ ਕਰਾਂਗੇ।'
ਮੈਂ ਲੱਕੜੀ ਦੇ ਫੱਟੇ 'ਤੇ ਬੈਠਾ ਸੀ। ਜਿਬਰਾਨ ਕੈਨਵਸ 'ਤੇ ਮੇਰਾ ਪੈਨਸਿਲ ਸਕੈੱਚ ਬਣਾ ਰਿਹਾ ਸੀ। ਮੇਰਾ ਚਿੱਤਰ ਬਣਾਉਂਦਿਆਂ ਉਹ ਇਧਰ-ਉਧਰ ਹਿੱਲ ਰਿਹਾ ਸੀ। ਉਹ ਬੜੀ ਫੁਰਤੀ ਨਾਲ ਆਪਣੀ ਪੈਨਸਿਲ ਕੈਨਵਸ 'ਤੇ ਘੁਮਾ ਰਿਹਾ ਸੀ। ਉਹ ਫਿਰ ਕਹਿਣ ਲੱਗਾ, 'ਮੀਸ਼ਾ! ਸਾਨੂੰ ਕਿਸੇ ਦਿਨ ਇਸ ਦੇਸ਼ ਨੂੰ ਅਲਵਿਦਾ ਕਹਿਣਾ ਹੋਵੇਗਾ। ਮੇਰੀ ਆਤਮਾ ਨੂੰ ਸੁਤੰਤਰਤਾ, ਮੇਰੇ ਦਿਮਾਗ ਨੂੰ ਸਵੈਮਾਣ ਤੇ ਮੇਰੇ ਸਰੀਰ ਨੂੰ ਸਕੂਨ ਦੀ ਲੋੜ ਹੈ... ਇਹ ਸਭ ਕੁਝ ਮੈਨੂੰ ਜਿਬਰਾਨ ਤੋਂ ਇਲਾਵਾ ਹੋਰ ਕਿਧਰੇ ਵੀ ਹਾਸਲ ਨਹੀਂ ਹੋ ਸਕਦਾ। ਮੈਂ ਆਪਣੇ ਲਈ ਅਜਿਹੀ ਇਕਾਂਤ ਜਗ੍ਹਾ ਦੀ ਭਾਲ ਕਰ ਵੀ ਲਈ ਹੈ। ਉਹ ਸਹੀ ਅਰਥਾਂ ਵਿਚ ਇਕ ਆਸ਼ਰਮ ਹੈ।'
'ਇਸ ਜਗ੍ਹਾ ਬਾਰੇ ਮੈਨੂੰ ਸਭ ਕੁਝ ਦੱਸੋ।' ਮੈਂ ਕਿਹਾ।
'ਇਹ ਜਗ੍ਹਾ ਮੇਰੇ ਜਨਮ ਸਥਾਨ ਬਿਸ਼ਾਰੀ ਦੇ ਨੇੜੇ ਹੀ ਇਕ ਵੀਰਾਨ ਥਾਂ 'ਤੇ ਹੈ-ਸ਼ਾਂਤੀ ਤੇ ਸਕੂਨ ਨਾਲ ਭਰਪੂਰ। ਇਸ ਥਾਂ ਨੂੰ ਖ਼ਰੀਦਣ ਲਈ ਮੈਂ ਆਪਣੇ ਇਕ ਦੋਸਤ ਨੂੰ ਕਹਿ ਦਿੱਤਾ ਹੈ। ਅਸੀਂ ਦੋਵੇਂ ਉਥੇ ਰਹਾਂਗੇ, ਜ਼ਮੀਨ 'ਤੇ ਹਲ ਵਾਹਾਂਗੇ, ਬੰਜਰ ਜ਼ਮੀਨ ਨੂੰ ਹਰਿਆ-ਭਰਿਆ ਕਰਾਂਗੇ।'
ਜਿਬਰਾਨ ਦੇ ਇਸ ਰੋਮਾਂਚਕਾਰੀ ਵਰਨਣ ਨੇ ਮੇਰੇ ਆਪਣੇ ਸੁੱਤੇ ਸੁਫ਼ਨੇ ਨੂੰ ਜਗਾ ਦਿੱਤਾ। ਮੈਂ ਬੜੇ ਉਤਸ਼ਾਹ ਨਾਲ ਕਿਹਾ-'ਵੇਖੋ ਜਿਬਰਾਨ, ਅਸੀਂ ਇਸ ਵੇਲੇ 1922 ਦੇ ਨਵੰਬਰ 'ਚ ਬੈਠੇ ਹਾਂ, ਅਗਲੇ ਵਰ੍ਹੇ ਸਾਨੂੰ ਬਸੰਤ ਦੀ ਰੁੱਤ ਵਿਚ ਆਪਣੇ 'ਸੁਰਗ' 'ਚ ਹੋਣਾ ਚਾਹੀਦਾ ਹੈ।'
ਮੇਰੀ ਗੱਲ ਸੁਣ ਕੇ ਜਿਬਰਾਨ ਕੁਝ ਝਿਜਕ ਗਿਆ ਤੇ ਮੇਰਾ ਜੋਸ਼ ਠੰਢਾ ਪੈ ਗਿਆ।
'ਮੀਸ਼ਾ! ਕੁਝ ਬੰਧਨ ਅਜਿਹੇ ਹਨ, ਜਿਨ੍ਹਾਂ ਤੋਂ ਮੈਂ ਇਕਦਮ ਮੁਕਤ ਨਹੀਂ ਹੋ ਸਕਦਾ। ਮੇਰੇ ਕੁਝ ਅਜਿਹੇ ਅਧੂਰੇ ਕੰਮ ਹਨ, ਜਿਨ੍ਹਾਂ ਨੂੰ ਪੂਰਾ ਕਰਨਾ ਵੀ ਲਾਜ਼ਮੀ ਹੈ।'
ਮੈਂ ਕਿਹਾ, 'ਤੇਰੇ ਕੰਮਾਂ ਦੀ ਸੂਚੀ ਹਰ ਰੋਜ਼ ਲੰਮੀ ਹੁੰਦੀ ਜਾਵੇਗੀ। ਇਸ ਤਰ੍ਹਾਂ ਤੂੰ ਆਪਣੇ 'ਸੁਰਗ' 'ਚ ਸਿਰਫ ਸੁਫ਼ਨਿਆਂ ਅੰਦਰ ਹੀ ਵਾਸ ਕਰੇਂਗਾ।'
'ਕੁਝ ਦੇਰ ਸਬਰ ਰੱਖੋ ਮੀਸ਼ਾ! ਅਸੀਂ ਆਪਣੇ ਸੁਫ਼ਨਿਆਂ ਦੀ ਵਾਦੀ 'ਚ ਜ਼ਰੂਰ ਰਹਾਂਗੇ।'
ਜਦੋਂ ਅਸੀਂ ਮਾਰਸਰਕੀਜ਼ ਦੇ ਉਸ ਸੁਰਗ ਬਾਰੇ ਹਵਾਈ ਕਿਲ੍ਹੇ ਬਣਾ ਰਹੇ ਸੀ ਤਾਂ ਉਸ ਵੇਲੇ 'ਹੋਣੀ' ਜ਼ਰੂਰ ਸਾਡੇ 'ਤੇ ਹੱਸ ਰਹੀ ਹੋਵੇਗੀ। ਉਹ ਜਾਣਦੀ ਸੀ ਕਿ ਜਿਬਰਾਨ ਕਦੇ ਜਿਊਂਦੇ ਜੀਅ ਉਥੇ ਜਾ ਨਹੀਂ ਸਕੇਗਾ। ਉਥੇ ਜਾਵੇਗੀ ਉਸ ਦੀ ਮ੍ਰਿਤਕ ਦੇਹ। ਤੇ ਮੈਂ ਵੀ ਆਪਣੇ ਪਿਆਰੇ ਮਿੱਤਰ ਨਾਲ ਰਹਿਣ ਦੀ ਬਜਾਏ ਉਸ ਦੀ ਕਬਰ ਤੇ ਦੇਵਦਾਰ ਦੇ ਬ੍ਰਿਛਾਂ ਹੇਠੋਂ ਇਕੱਠੇ ਕੀਤੇ ਫੁੱਲ ਭੇਟ ਕਰਨ ਲਈ ਹੀ ਉਥੇ ਪਹੁੰਚਾਂਗਾ।

ਅਲਮੁਸਤਫ਼ਾ (ਪੈਗ਼ੰਬਰ)

ਜਿਬਰਾਨ ਜਦੋਂ ਆਪਣੀ ਅਦਭੁਤ ਕਲਪਨਾ ਨਾਲ ਕਾਇਨਾਤ ਦੀ ਇਕਸੁਰਤਾ ਅਤੇ ਜ਼ਿੰਦਗੀ ਦੀ ਸਦੀਵੀ ਇਕਸਾਰਤਾ ਦਾ ਅਹਿਸਾਸ ਕਰਨ ਲੱਗਾ ਤਾਂ ਫਿਰ ਉਸ ਨੂੰ ਇਹ ਸਭ ਕੁਝ ਨਿਰਮੂਲ, ਬੇਅਰਥ ਅਤੇ ਮਸਨੂਈ ਜਾਪਣ ਲੱਗਾ, ਜਿਸ ਨੂੰ ਉਹ ਕਦੇ ਬਹੁਤ ਅਹਿਮ ਸਮਝਦਾ ਸੀ। ਉਹ ਪਿਛਾਂਹ ਮੁੜ ਕੇ ਉਸ ਸੰਸਾਰ ਨੂੰ ਇੰਜ ਦੇਖਦਾ ਜਿਵੇਂ ਆਂਡੇ 'ਚੋਂ ਬਾਹਰ ਨਿਕਲ ਕੇ ਪੰਛੀ ਦੁਨੀਆ ਨੂੰ ਦੇਖਦਾ ਹੈ। ਹੁਣ ਉਹ ਉਸ ਜ਼ਿੰਦਗੀ ਨੂੰ ਅਸੀਸ ਦੇ ਰਿਹਾ ਸੀ, ਜਿਸ ਨੂੰ ਉਹ ਕਦੇ ਵੇਸਵਾ ਕਿਹਾ ਕਰਦਾ ਸੀ। ਹੁਣ ਉਹ ਉੱਚੇ ਤੋਂ ਉੱਚੇ ਸੁਰ 'ਚ ਕਹਿ ਰਿਹਾ ਸੀ-
'ਜ਼ਿੰਦਗੀ ਬਹੁਤ ਦਯਾਵਾਨ ਤੇ ਮਿਹਰਬਾਨ ਹੈ, ਇਸ ਦੀਆਂ ਸੁਗਾਤਾਂ ਕਿੰਨੀਆਂ ਅਮੁੱਲ ਤੇ ਸ਼ਾਨਦਾਰ ਹਨ।'
ਹੁਣ ਜਿਬਰਾਨ ਦੀ ਇੱਛਾ ਸੀ ਕਿ ਕਾਸ਼! ਉਸ ਦੇ ਹਜ਼ਾਰਾਂ ਹੱਥ ਹੁੰਦੇ, ਜਿਨ੍ਹਾਂ ਨੂੰ ਉਹ ਅਸਮਾਨ ਵੱਲ ਫੈਲਾਅ ਸਕਦਾ। ਉਸ ਦੀਆਂ ਹਜ਼ਾਰਾਂ ਅੱਖਾਂ ਹੁੰਦੀਆਂ, ਜਿਨ੍ਹਾਂ ਨਾਲ ਉਹ ਜ਼ਿੰਦਗੀ ਦੇ ਅਥਾਹ ਸੁਹੱਪਣ ਨੂੰ ਦੇਖ ਸਕਦਾ। ਹਜ਼ਾਰਾਂ ਕੰਨ ਹੁੰਦੇ, ਜਿਨ੍ਹਾਂ ਨਾਲ ਉਹ ਬ੍ਰਹਿਮੰਡ ਦੇ ਸੁਰੀਲੇ ਸੰਗੀਤ ਦੀਆਂ ਧੁਨਾਂ ਸੁਣਾ ਸਕਦਾ। ਉਹ ਮੂਲ ਰੂਪ ਵਿਚ ਇਕ ਕਵੀ ਸੀ, ਜੋ ਦਿਲੀ ਅਹਿਸਾਸਾਂ ਨੂੰ ਸ਼ਬਦਾਂ ਵਿਚ ਮੂਰਤੀਮਾਨ ਕਰਦਾ ਹੈ। ਉਹ ਇਕ ਅਜਿਹਾ ਕਲਾਕਾਰ ਸੀ, ਜਿਸ ਦਾ ਕੰਮ ਹੁੰਦਾ ਹੈ ਬਹੁਰੰਗੀ ਤੇ ਬਹੁਅਯਾਮੀ ਜ਼ਿੰਦਗੀ ਨੂੰ ਲਕੀਰਾਂ 'ਚ ਚਿਤਰਤ ਕਰਨਾ। ਜਿਬਰਾਨ ਇਕ ਕਵੀ ਅਤੇ ਕਲਾਕਾਰ ਵਜੋਂ ਆਪਣੇ ਮਨੋਭਾਵਾਂ ਦੇ ਪ੍ਰਗਟਾਵੇ ਲਈ ਢੁਕਵੀਂ ਭਾਸ਼ਾ ਅਤੇ ਸ਼ੈਲੀ ਦੀ ਭਾਲ ਕਰ ਰਿਹਾ ਸੀ।
ਉਸ ਨੇ ਆਪਣੇ ਵਿਚਾਰਾਂ ਅਤੇ ਅਹਿਸਾਸਾਂ ਦੇ ਪ੍ਰਗਟਾਵੇ ਲਈ 'ਅਲਮੁਸਤਫ਼ਾ' ਨਾਮੀ ਚਰਿੱਤਰ ਘੜਿਆ, ਜਿਸ ਨੂੰ ਲੋਕ ਪੈਗ਼ੰਬਰ (ਦ ਪਰੋਫੇਟ) ਕਹਿੰਦੇ ਹਨ। 'ਪੈਗ਼ੰਬਰ' ਸ਼ਬਦ ਵਿਚ ਹੀ ਅਜਿਹਾ ਜਾਦੂ ਹੈ ਕਿ ਉਸ ਨੂੰ ਸੁਣਦਿਆਂ ਹੀ ਲੋਕ ਉਸ ਸਾਹਮਣੇ ਸ਼ਰਧਾ ਨਾਲ ਸਿਰ ਝੁਕਾ ਦਿੰਦੇ ਹਨ। ਲੋਕਾਂ ਲਈ 'ਪੈਗ਼ੰਬਰ' ਧਰਤੀ 'ਤੇ ਰੱਬ ਦਾ ਭੇਜਿਆ ਅਜਿਹਾ ਫਰਿਸ਼ਤਾ ਹੁੰਦਾ ਹੈ, ਜਿਸ ਦੇ ਬੋਲਾਂ ਨੂੰ ਉਹ 'ਰੱਬੀ ਬਾਣੀ' ਵਜੋਂ ਤਸਲੀਮ ਕਰਦੇ ਹਨ। ਉਸ ਨੇ ਅਲਮੁਸਤਫ਼ਾ ਨੂੰ ਆਪਣਾ 'ਮਾਊਥਪੀਸ' ਬਣਾਇਆ। ਉਸ ਦੇ ਅਲਮੁਸਤਫ਼ਾ ਯਾਨੀ ਪੈਗ਼ੰਬਰ ਨੇ ਅਜਿਹਾ ਰਹੱਸਵਾਦੀ ਅਤੇ ਰੁਹਾਨੀ ਰੂਪ ਧਾਰਨ ਕੀਤਾ ਕਿ ਲੋਕ ਉਸ ਦੀ ਬਾਣੀ ਨਾਲ ਕੀਲੇ ਗਏ।
ਅਲਮੁਸਤਫ਼ਾ ਇਕ ਦਰਵੇਸ਼ ਹੈ, ਜੋ ਪੂਰੇ 12 ਵਰ੍ਹਿਆਂ ਤੱਕ ਓਰਫੇਲੀਜ਼ ਨਾਮੀ ਸ਼ਹਿਰ ਵਿਚ ਇਕ ਅਜਨਬੀ ਵਜੋਂ ਰਹਿ ਰਿਹਾ ਹੈ। ਉਹ ਆਪਣੀ ਜਨਮ ਭੂਮੀ 'ਤੇ ਪਰਤਣ ਲਈ ਜਹਾਜ਼ ਦੀ ਉਡੀਕ 'ਚ ਖਲੋਤਾ ਹੈ। ਉਸ ਨੂੰ ਘਰ ਵਾਪਸ ਜਾਣ ਦੀ ਖੁਸ਼ੀ ਹੈ ਪਰ ਇਸ ਸ਼ਹਿਰ ਦੇ ਲੋਕਾਂ ਤੋਂ ਵਿਛੜਨ ਦਾ ਦੁੱਖ ਵੀ ਉਸ ਦੇ ਮਨ 'ਤੇ ਭਾਰੂ ਹੈ। ਉਹ ਪਹਾੜ ਦੀ ਚੋਟੀ ਤੋਂ ਉਤਰ ਕੇ ਹੇਠਾਂ ਆ ਗਿਆ। ਸ਼ਹਿਰ ਦੇ ਸਭ ਲੋਕ ਆਪਣਾ ਕੰਮ-ਕਾਜ ਛੱਡ ਕੇ ਉਸ ਨੂੰ ਮਿਲਣ ਆਉਂਦੇ ਹਨ ਤੇ ਫਰਿਆਦ ਕਰਦੇ ਹਨ ਕਿ ਉਹ ਉਨ੍ਹਾਂ ਨੂੰ ਛੱਡ ਕੇ ਨਾ ਜਾਵੇ। ਲੋਕਾਂ ਦੇ ਪਿਆਰ ਨੂੰ ਦੇਖ ਕੇ ਉਸ ਦੀਆਂ ਅੱਖਾਂ 'ਚੋਂ ਹੰਝੂ ਕਿਰਨ ਲਗਦੇ ਹਨ। ਲੋਕ ਇਕ ਖੁੱਲ੍ਹੇ ਮੈਦਾਨ ਵਿਚ ਬੈਠ ਜਾਂਦੇ ਹਨ। ਉਥੇ ਇਕ ਅਲਮਿਤਰਾ ਨਾਂਅ ਦੀ ਜੋਗਨ ਵੀ ਹੈ, ਜੋ ਫੌਰਨ ਹੀ ਅਲਮੁਸਤਫਾ ਵਿਚ 'ਇਲਾਹੀ ਅੰਸ਼' ਦੀ ਸ਼ਨਾਖਤ ਕਰ ਲੈਂਦੀ ਹੈ। ਅਲਮਿਤਰਾ ਸਿਰ ਝੁਕਾਅ ਕੇ ਅਲਮੁਸਤਫਾ ਨੂੰ ਅਰਜੋਈ ਕਰਦੀ ਹੈ-
ਤੁਸੀਂ ਸਾਨੂੰ ਵੀ ਉਨ੍ਹਾਂ ਸਚਾਈਆਂ ਬਾਰੇ ਕੁਝ ਚਾਨਣ ਪਾਵੋ, ਜਿਨ੍ਹਾਂ ਨੂੰ ਤੁਸੀਂ ਲੱਭ ਲਿਆ ਹੈ। ਜਨਮ-ਮਰਨ ਦਾ ਭੇਦ ਕੀ ਹੈ? ਇਹ ਭੇਦ ਵੀ ਤੁਹਾਡੇ ਲਈ ਹੁਣ ਕੋਈ ਭੇਦ ਨਹੀਂ ਹੈ। ਸਭ ਤੋਂ ਪਹਿਲਾਂ ਉਸ ਨੇ ਅਲਮੁਸਤਫਾ ਤੋਂ ਪਿਆਰ ਦੀ ਪਰਿਭਾਸ਼ਾ ਪੁੱਛੀ। ਉਸ ਤੋਂ ਬਾਅਦ ਹੋਰ ਲੋਕਾਂ ਨੇ ਵੀ ਉਸ ਤੋਂ ਕਈ ਸਵਾਲ ਪੁੱਛੇ। ਅਲਮੁਸਤਫਾ ਨੇ ਇਕ ਤੋਂ ਬਾਅਦ ਇਕ ਦਾ ਜਵਾਬ ਦਿੰਦਿਆਂ ਕੁੱਲ 26 ਪ੍ਰਵਚਨ ਦਿੱਤੇ, ਜਿਨ੍ਹਾਂ ਰਾਹੀਂ ਉਸ ਨੇ ਮਨੁੱਖੀ ਜੀਵਨ ਦੇ 26 ਪੱਖਾਂ ਨੂੰ ਉਜਾਗਰ ਕੀਤਾ। ਲੋਕਾਂ ਨੂੰ 'ਗਿਆਨ ਦੀ ਦ੍ਰਿਸ਼ਟੀ' ਪ੍ਰਦਾਨ ਕਰਕੇ ਤੇ ਕੁੱਲ ਲੋਕਾਈ ਦਾ ਪਿਆਰ ਆਪਣੇ ਦਿਲ 'ਚ ਵਸਾ ਕੇ ਉਹ ਆਪਣੇ ਵਤਨ 'ਇਜ਼ਲ ਆਫ਼ ਹਿਜ਼ ਬਰਥ' ਲਈ ਰਵਾਨਾ ਹੋ ਜਾਂਦਾ ਹੈ।
ਇਹ ਹੈ ਜਿਬਰਾਨ ਦੀ ਅਦਭੁਤ ਕਰਾਮਾਤ, ਜਿਸ ਰਾਹੀਂ ਉਹ ਮਨੁੱਖੀ ਜ਼ਿੰਦਗੀ ਸਬੰਧੀ ਆਪਣੇ ਵਿਚਾਰਾਂ ਅਤੇ ਅਨੁਭਵਾਂ ਦਾ ਸਾਰ-ਤੱਤ ਲੋਕਾਂ ਤੱਕ ਪਹੁੰਚਾਉਂਦਾ ਹੈ। ਉਸ ਦੀ ਬਿਰਤਾਂਤਕ ਸ਼ੈਲੀ ਉਸ ਦੀ ਭਾਵਨਾਤਮਕ ਸਾਮਰਾਹੀ ਨਾਲ ਇਕ ਰੂਪ ਹੋਈ ਪ੍ਰਤੀਤ ਹੁੰਦੀ ਹੈ।
ਭਾਵੇਂ ਜਿਬਰਾਨ ਜਰਮਨੀ ਦੇ ਫਿਲਾਸਫਰ ਨੀਤਸ਼ੇ ਦੇ ਪ੍ਰਭਾਵ ਤੋਂ ਪੂਰੀ ਤਰ੍ਹਾਂ ਮੁਕਤ ਹੋ ਚੁੱਕਾ ਸੀ ਪਰ ਉਸ ਦੀ ਸ਼ਾਹਕਾਰ ਰਚਨਾ 'ਦ ਪਰੋਫੇਟ' ਦਾ ਅਲਮੁਸਤਫ਼ਾ ਨੀਤਸ਼ੇ ਦੇ 'ਜਗਥੂਸਤਰਾ' ਦੇ ਸਾਂਚੇ ਵਿਚ ਹੀ ਢਾਲਿਆ ਪ੍ਰਤੀਤ ਹੁੰਦਾ ਹੈ। ਨੀਤਸ਼ੇ ਨੇ ਆਪਣੇ ਫਲਸਫੇ ਨੂੰ 'ਜਗਥੂਸਤਰਾ' ਦੇ ਰਾਹੀਂ ਪ੍ਰਗਟ ਕੀਤਾ ਤੇ ਜਿਬਰਾਨ ਨੇ ਅਲਮੁਸਤਫਾ ਰਾਹੀਂ। ਜਿਵੇਂ 'ਜਗਥੂਸਤਰਾ' ਹੀ ਨੀਤਸ਼ੇ ਹੈ, ਓਦਾਂ ਹੀ ਜਿਬਰਾਨ 'ਅਲਮੁਸਤਫ਼ਾ' ਹੈ।
ਜਿਬਰਾਨ ਦਾ ਪੈਗ਼ੰਬਰ 'ਪਿਆਰ' ਨੂੰ ਇਕ ਅਜਿਹਾ ਤੱਤ ਮੰਨਦਾ ਹੈ, ਜੋ ਆਦਮੀ ਨੂੰ ਆਦਮੀ ਨਾਲ ਤੇ ਆਦਮੀ ਨੂੰ ਕਾਇਨਾਤ ਨਾਲ ਜੋੜ ਕੇ ਰੱਖਦਾ ਹੈ। ਪਿਆਰ ਹੀ ਰੱਬ ਹੈ। ਪਿਆਰ ਹੀ ਸਚਾਈ ਹੈ। ਪਿਆਰ ਕੋਈ ਭੇਦ-ਭਾਵ ਨਹੀਂ ਜਾਣਦਾ। ਅਲਮੁਸਤਫਾ ਦੇ ਵਚਨ ਹਨ-

-'ਜਦੋਂ ਤੁਸੀਂ ਰੱਬ ਨਾਲ ਪਿਆਰ ਕਰਦੇ ਹੋ ਤਾਂ ਇਹ ਨਾ ਕਹੋ, 'ਰੱਬ ਮੇਰੇ ਦਿਲ ਵਿਚ ਹੈ', ਸਗੋਂ ਇਹ ਕਹੋ, 'ਮੈਂ ਰੱਬ ਦੇ ਦਿਲ ਵਿਚ ਹਾਂ।'
-'ਜੇ ਆਦਮੀ ਰੱਬ ਦੇ ਹਿਰਦੇ 'ਚ ਵਾਸ ਕਰਦਾ ਹੈ ਤਾਂ ਫਿਰ ਉਹ ਕਿਸ ਨਾਲ ਵੈਰ-ਵਿਰੋਧ ਕਰੇਗਾ। ਬ੍ਰਹਿਮੰਡ ਨਾਲ ਜੁੜਿਆ ਆਦਮੀ 'ਮੇਰੇ' 'ਤੇਰੇ' ਦੇ ਹੇਰ-ਫੇਰ 'ਚ ਕਿਵੇਂ ਗਲਤਾਨ ਹੋ ਸਕਦਾ ਹੈ?
-'ਕਿਸੇ ਪਾਪੀ ਨੂੰ ਉਸ ਦੇ ਪਾਪ ਲਈ ਗੁਨਾਹਗਾਰ ਮੰਨਣਾ ਰੱਬ ਨੂੰ ਗੁਨਾਹਗਾਰ ਮੰਨਣਾ ਹੈ।'
-'ਬ੍ਰਿਛ ਦੀ ਇਕ ਵੀ ਪੱਤੀ ਬ੍ਰਿਛ ਦੀ ਜਾਣਕਾਰੀ ਤੋਂ ਬਿਨਾਂ ਪੀਲੀ ਨਹੀਂ ਪੈ ਸਕਦੀ। ਉਸੇ ਤਰ੍ਹਾਂ ਲੋਕਾਂ ਦੀ ਅਦਿੱਖ ਮਰਜ਼ੀ ਤੋਂ ਬਿਨਾਂ ਕੋਈ ਗੁਨਾਹ ਨਹੀਂ ਹੋ ਸਕਦਾ।'

ਇਸ ਉਪਰੰਤ ਅਲਮਿਤਰਾ ਵਿਆਹ ਸਬੰਧੀ ਪ੍ਰਸ਼ਨ ਕਰਦੀ ਹੈ। ਅਲਮੁਸਤਫਾ ਦਾ ਜਵਾਬ ਹੈ-
-'ਇਹ ਪਤੀ-ਪਤਨੀ ਵਿਚਕਾਰ ਯੁੱਗ-ਯੁਗਾਂਤਰ ਦਾ ਸਬੰਧ ਹੈ।'
-ਨਾਲ-ਨਾਲ ਰਹਿੰਦਿਆਂ ਕੁਝ ਫਾਸਲਾ ਵੀ ਲਾਜ਼ਮੀ ਹੈ, ਤਾਂ ਜੋ ਸੁਰਗ ਦੀ ਹਵਾ ਦੋਵਾਂ ਵਿਚਕਾਰ ਖੁੱਲ੍ਹ ਕੇ ਨੱਚ ਸਕੇ।
-ਖਾਵੋ, ਪੀਵੋ, ਖੁਸ਼ੀਆਂ ਮਾਣੋ ਨਾਲ-ਨਾਲ, ਪਰ ਆਪਣੀ ਨਿੱਜਤਾ ਨਾ ਭੁੱਲੋ।
-ਦਿਲ ਦੇਵੋ ਪਰ ਦਿਲ ਨੂੰ ਇਕ-ਦੂਜੇ ਦਾ ਗੁਲਾਮ ਨਾ ਬਣਾਓ।

ਫਿਰ ਅਲਮਿਤਰਾ ਨੇ ਪੁੱਛਿਆ, 'ਮਾਂ-ਬਾਪ ਦਾ ਬੱਚਿਆਂ ਨਾਲ ਕਿਹੋ ਜਿਹਾ ਵਰਤਾਓ ਹੋਣਾ ਚਾਹੀਦਾ ਹੈ।' ਅਲਮੁਸਤਫ਼ਾ ਦਾ ਜਵਾਬ ਹੈ-
ਤੁਹਾਡੇ ਬੱਚੇ ਤੁਹਾਡੇ ਨਹੀਂ,
ਉਹ ਜ਼ਿੰਦਗੀ ਦੇ ਜਾਏ ਹਨ।
ਉਹ ਤੁਹਾਡੇ ਰਾਹੀਂ ਆਏ ਹਨ
ਪਰ ਉਹ ਤੁਹਾਡੇ ਵਿਚੋਂ ਨਹੀਂ।
ਤੁਸੀਂ ਉਨ੍ਹਾਂ ਨਾਲ ਪਿਆਰ ਕਰੋ,
ਪਰ ਆਪਣੇ ਵਿਚਾਰ ਉਨ੍ਹਾਂ ਨੂੰ ਨਾ ਦਿਓ।
ਤੁਸੀਂ ਉਨ੍ਹਾਂ ਨੂੰ ਘਰ ਦੇਵੋ,
ਪਰ ਉਨ੍ਹਾਂ ਦੀ ਆਤਮਾ ਕੈਦ ਨਾ ਕਰੋ।
ਤੁਸੀਂ ਉਨ੍ਹਾਂ ਵਾਂਗ ਬਣਨ ਦੀ ਕੋਸ਼ਿਸ਼ ਕਰੋ
ਉਨ੍ਹਾਂ ਨੂੰ ਆਪਣੇ ਵਰਗਾ ਬਣਾਉਣ
ਦੀ ਜ਼ਿਦ ਨਾ ਕਰੋ।
ਤੁਹਾਡੇ ਬੱਚੇ ਤੁਹਾਡੀ ਕਮਾਨ 'ਚੋਂ
ਨਿਕਲੇ ਤੀਰ ਹਨ।
ਉਨ੍ਹਾਂ ਨੂੰ ਆਪਣੀ ਦਿਸ਼ਾ
ਵੱਲ ਜਾਣ ਦਿਓ।

ਅਲਮੁਸਤਫ਼ਾ ਦੇ ਅਨੁਭਵਾਂ, ਅਹਿਸਾਸਾਂ ਅਤੇ ਵਿਚਾਰਾਂ ਨੂੰ ਪੜ੍ਹਨ ਤੋਂ ਬਾਅਦ ਹਰ ਪਾਠਕ ਆਪਣੇ ਅੰਦਰ ਇਕ ਤਬਦੀਲੀ ਮਹਿਸੂਸ ਕਰਦਾ ਹੈ। ਉਸ ਦੀ ਆਤਮਾ ਜਾਗ੍ਰਿਤ ਹੋ ਜਾਂਦੀ ਹੈ ਤੇ ਉਹ ਆਪਣੇ-ਆਪ ਨੂੰ ਪਰਮਾਤਮਾ, ਸਚਾਈ ਅਤੇ ਸੁੰਦਰਤਾ ਦੇ ਰੂਬਰੂ ਪਾਉਂਦਾ ਹੈ ਤੇ ਹਰ ਪਾਸੇ ਇਲਾਹੀ ਨੂਰ ਦਾ ਝਲਕਾਰਾ ਦੇਖਦਾ ਹੈ।
'ਪੈਗ਼ੰਬਰ' ਪੁਸਤਕ ਲਈ ਜਿਬਰਾਨ ਨੇ 12 ਚਿੱਤਰ ਬਣਾਏ, ਜਿਨ੍ਹਾਂ ਵਿਚੋਂ 10 ਚਿੱਤਰ ਵਾਟਰ-ਕਲਰ 'ਚ ਹਨ ਤੇ ਦੋ ਚਿੱਤਰ ਬਲੈਕ ਐਂਡ ਵ੍ਹਾਈਟ' ਵਿਚ। ਇਨ੍ਹਾਂ ਚਿੱਤਰਾਂ ਵਿਚੋਂ 'ਅਲਮੁਸਤਫ਼ਾ' ਅਤੇ 'ਸਿਰਜਣਾ ਦਾ ਹੱਥ' ਨਾਯਾਬ ਕਲਾਕ੍ਰਿਤੀਆਂ ਹਨ।

'ਪੈਗ਼ੰਬਰ' ਪੁਸਤਕ ਦੇ ਪ੍ਰਕਾਸ਼ਨ ਤੋਂ ਪਹਿਲਾਂ ਜਿਬਰਾਨ ਨੇ ਇਸ ਦਾ ਖਰੜਾ ਮੈਨੂੰ ਪੜ੍ਹਨ ਲਈ ਭੇਜਿਆ। ਉਸ ਦੀ ਇੱਛਾ ਸੀ ਕਿ ਪੁਸਤਕ ਦੇ ਪ੍ਰਕਾਸ਼ਨ ਤੋਂ ਪਹਿਲਾਂ ਮੈਂ ਉਸ 'ਤੇ ਇਕ ਵਿਸਥਾਰਪੂਰਬਕ ਲੇਖ ਲਿਖਾਂ। ਇਸ ਪੁਸਤਕ ਦੀ ਇਕ ਟਾਈਪਸ਼ੁਦਾ ਕਾਪੀ ਉਸ ਨੇ ਮੈਰੀ ਹੈਸਕਲ ਨੂੰ ਵੀ ਭੇਜੀ, ਜੋ ਉਸ ਦੀਆਂ ਅੰਗਰੇਜ਼ੀ ਪੁਸਤਕਾਂ ਦੀ ਸੰਪਾਦਕ ਸੀ। ਉਹ ਪੁਸਤਕ ਵਿਚ ਆਪਣੇ ਵੱਲੋਂ ਕੋਈ ਕਾਂਟ-ਛਾਂਟ ਨਹੀਂ ਸੀ ਕਰਦੀ ਪਰ ਕਿਸੇ ਨਾ ਕਿਸੇ ਸ਼ਬਦ ਨੂੰ ਬਦਲਣ ਲਈ ਜ਼ਰੂਰ ਆਪਣਾ ਸੁਝਾਅ ਦਿੰਦੀ ਸੀ।
ਮੈਂ ਇਹ ਜਾਣਦਾ ਸੀ ਕਿ ਜਿਬਰਾਨ ਜੋ ਕੁਝ ਵੀ ਲਿਖਦਾ ਹੈ, ਉਹ ਉਸ ਦੇ 'ਨਿਜ' ਦਾ ਹੀ ਪ੍ਰਗਟਾਵਾ ਹੁੰਦਾ ਹੈ। ਪਰ ਮੈਂ ਇਹ ਨਹੀਂ ਸੀ ਜਾਣਦਾ ਕਿ 'ਪੈਗ਼ੰਬਰ' ਉਸ ਦੀ ਅਧਿਆਤਮਕ ਪਿਆਸ 'ਚੋਂ ਪੈਦਾ ਹੋਇਆ ਹੈ। ਇਸ ਨੂੰ ਪੜ੍ਹ ਕੇ ਲਗਦਾ ਹੈ ਕਿ ਜਿਬਰਾਨ ਖੁਦ ਹੀ ਪੈਗ਼ੰਬਰ ਹੈ-ਆਪਣੀ ਕਰਨੀ ਤੇ ਕਥਨੀ ਵਿਚ। ਇਹ ਉਸ 'ਪੈਗ਼ੰਬਰ' ਦੀ ਮਹਾਨ ਰਚਨਾ ਸੀ, ਜੋ ਆਪਣੇ-ਆਪ ਨੂੰ 'ਫਾਲਸ ਅਲਾਰਮ' ਕਹਿੰਦਾ ਸੀ।
ਜਿਬਰਾਨ ਦੀ ਕਬਰ 'ਤੇ ਇਹ ਅੱਖਰ ਉੱਕਰੇ ਹੋਏ ਹਨ-
(ਇਥੇ ਸੁੱਤਾ ਹੈ ਸਾਡਾ ਪੈਗ਼ੰਬਰ ਜਿਬਰਾਨ)

ਮੈਂ ਪੜ੍ਹ ਕੇ ਸੋਚਣ ਲੱਗਾ ਕਿ 'ਸਾਡਾ' ਸਰਵਨਾਮ ਦਾ ਕੀ ਅਰਥ ਹੈ? 1932 ਵਿਚ ਮੈਂ ਜਦੋਂ ਫਿਰ ਜਿਬਰਾਨ ਦੀ ਕਬਰ 'ਤੇ ਫੁੱਲ ਚੜ੍ਹਾਉਣ ਗਿਆ ਤਾਂ ਉਸ ਦੀ ਕਬਰ 'ਤੇ ਇਹ ਅੱਖਰ ਉੱਕਰੇ ਹੋਏ ਸਨ-
(ਸਾਡੇ ਵਿਚਕਾਰ ਪਿਆ ਹੈ-ਜਿਬਰਾਨ)

ਧਰਤੀ ਤੇ ਸੁਰਗ ਵਿਚ ਹਿੱਸੇਦਾਰੀ

ਨਿਊਯਾਰਕ ਵਿਖੇ 1923 ਦੇ ਅੰਤ ਵਿਚ ਇਕ ਬੇਹੱਦ ਖੂਬਸੂਰਤ ਪੁਸਤਕ 'ਪੈਗ਼ੰਬਰ' ਬਾਜ਼ਾਰ ਵਿਚ ਆਈ। ਹਰ ਨਵੀਂ ਛਪੀ ਪੁਸਤਕ ਵਾਂਗ ਇਸ ਨੂੰ ਵੀ ਆਪਣੀ ਥਾਂ ਬਣਾਉਣ ਲਈ ਕੁਝ ਸਮਾਂ ਜ਼ਰੂਰ ਲੱਗਾ ਪਰ ਇਹ ਪੁਸਤਕ ਕਿਸੇ ਪ੍ਰਚਾਰ ਦੀ ਮੁਹਤਾਜ ਨਹੀਂ ਸੀ। ਇਸ ਵਿਚ ਇਸ ਦੇ ਲੇਖਕ ਜਿਬਰਾਨ ਦੇ ਸੱਚੇ-ਸੁੱਚੇ ਵਿਚਾਰ ਤੇ ਅਹਿਸਾਸ ਦਰਜ ਸਨ। ਇਸ ਵਿਚ ਆਤਮਾ ਦਾ ਸੰਗੀਤ ਸੀ ਤੇ ਕਲਪਨਾ ਦੀਆਂ ਖੂਬਸੂਰਤ ਉਡਾਰੀਆਂ ਸਨ। ਇਸ ਪੁਸਤਕ ਨੂੰ ਸ਼ਾਹਕਾਰ ਬਣਾਉਣ ਲਈ ਇਹੋ ਕੁਝ ਬਹੁਤ ਸੀ। ਜਿਬਰਾਨ ਇਹ ਚੰਗੀ ਤਰ੍ਹਾਂ ਜਾਣਦਾ ਸੀ ਕਿ ਬੂਟੇ ਨੂੰ ਧਰਤੀ ਵਿਚ ਕਿਸ ਤਰ੍ਹਾਂ ਰੋਪਿਆ ਜਾਵੇ ਕਿ ਉਹ 'ਸਦਾਬਹਾਰ ਬੂਟਾ' ਬਣ ਜਾਵੇ। ਜਦੋਂ ਤੱਕ ਆਦਮੀ ਜਨਮ-ਮਰਨ, ਲੋਕ-ਪਰਲੋਕ, ਪਦਾਰਥਕ-ਅਧਿਆਤਮਕ ਤੇ ਮਨੁੱਖੀ ਸਬੰਧਾਂ ਬਾਰੇ ਸੋਚਦਾ ਰਹੇਗਾ, ਉਦੋਂ ਤੱਕ ਇਸ ਪੁਸਤਕ ਦੀ ਸਾਰਥਕਤਾ ਬਣੀ ਰਹੇਗੀ। ਜਿਬਰਾਨ ਦੀ ਸ਼ੈਲੀ ਪੁਰਾਣੀ ਪੈ ਸਕਦੀ ਹੈ, ਕਿਉਂਕਿ ਸਾਹਿਤ 'ਚ ਕਲਾ-ਜੁਗਤਾਂ 'ਚ ਬਦਲਾਓ ਆਉਣਾ ਲਾਜ਼ਮੀ ਹੈ ਪਰ ਉਸ ਦੀ ਪੁਸਤਕ ਦਾ ਸੁਨੇਹਾ ਕਦੇ ਪੁਰਾਣਾ ਨਹੀਂ ਪੈ ਸਕਦਾ।
ਕੋਈ ਵੀ ਆਦਮੀ ਇਹ ਕਹਿ ਸਕਦਾ ਹੈ ਕਿ 'ਪੈਗ਼ੰਬਰ' ਲਿਖਣ ਤੋਂ ਬਾਅਦ ਜਿਬਰਾਨ ਨੇ ਬੇਹੱਦ ਸਕੂਨ ਹਾਸਲ ਕੀਤਾ ਹੋਵੇਗਾ ਤੇ ਸੋਚਿਆ ਹੋਵੇਗਾ ਕਿ ਜੋ ਉਹ ਗੱਲ ਕਹਿਣਾ ਚਾਹੁੰਦਾ ਸੀ, ਹੁਣ ਕਹਿ ਚੁੱਕਾ ਹੈ। ਇਸ ਨਾਯਾਬ ਪੁਸਤਕ ਵਿਚ ਆਪਣੇ ਅਹਿਸਾਸ ਦਰਜ ਕਰਨ ਤੋਂ ਪਹਿਲਾਂ ਪਤਾ ਨਹੀਂ ਉਹ ਕਿੰਨੀ ਵਾਰ ਇਹ ਗੱਲ ਕਹਿ ਚੁੱਕਾ ਸੀ-
'ਜਦੋਂ ਰੱਬ ਨੇ ਮੈਨੂੰ ਇਕ ਪੱਥਰ ਵਾਂਗ ਇਸ ਝੀਲ ਵਿਚ ਸੁੱਟਿਆ ਹੋਵੇਗਾ ਤਾਂ ਸ਼ਾਂਤ ਵਗਦੀ ਝੀਲ ਦੇ ਪਾਣੀਆਂ 'ਚ ਜ਼ਰੂਰ ਹਲਚਲ ਪੈਦਾ ਹੋਈ ਹੋਵੇਗੀ। ਪਰ ਜਦੋਂ ਮੈਂ ਝੀਲ ਦੀ ਗਹਿਰਾਈ ਤੱਕ ਅੱਪੜਿਆ ਤਾਂ ਝੀਲ ਵੀ ਸ਼ਾਂਤ ਹੋ ਗਈ ਤੇ ਮੈਂ ਵੀ।'
ਗਹਿਰਾਈ ਵਿਚ ਪਹੁੰਚਣ ਉਪਰੰਤ ਜਿਬਰਾਨ ਨੂੰ ਸ਼ਾਂਤ ਹੋ ਜਾਣਾ ਚਾਹੀਦਾ ਸੀ ਪਰ ਉਹ ਆਪਣੇ ਆਲੇ-ਦੁਆਲੇ ਕਿੰਨੇ ਹੀ ਘੇਰੇ ਬਣਾਉਂਦਾ ਰਿਹਾ। ਪੈਗ਼ੰਬਰ ਦਾ ਖਰੜਾ ਜਦੋਂ ਤਿਆਰੀ ਵਿਚ ਸੀ ਤਾਂ ਅਮਰੀਕਾ 'ਚ ਜ਼ਮੀਨ-ਜਾਇਦਾਦ ਦੀਆਂ ਕੀਮਤਾਂ ਵਿਚ ਭਾਰੀ ਉਛਾਲਾ ਆ ਰਿਹਾ ਸੀ। ਕਿਸੇ ਇਮਾਰਤ ਦਾ ਭਾਅ ਸਵੇਰ ਵੇਲੇ ਕੁਝ ਹੋਰ ਹੁੰਦਾ ਤੇ ਸ਼ਾਮ ਵੇਲੇ ਕੁਝ ਹੋਰ। ਜਿਬਰਾਨ ਵੀ ਇਸ ਹੜ੍ਹ ਵਿਚ ਵਹਿ ਤੁਰਿਆ। ਉਸ ਨੇ ਆਪਣੇ ਇਕ ਦੋਸਤ ਨਾਲ ਰਲ ਕੇ ਇਕ ਇਮਾਰਤ ਦਾ ਸੌਦਾ ਕਰ ਲਿਆ। ਉਸ ਨੇ 10,000 ਡਾਲਰ ਨਕਦ ਦਿੱਤੇ ਤੇ 40,000 ਡਾਲਰ ਉਧਾਰ ਲਏ। ਸੌਦਾ ਹੋਣ ਤੋਂ ਬਾਅਦ ਇਕ ਔਰਤ ਨੇ ਇਸ ਇਮਾਰਤ ਨੂੰ ਕਿਰਾਏ 'ਤੇ ਲੈਣ ਲਈ ਉਨ੍ਹਾਂ ਕੋਲ ਪਹੁੰਚ ਕੀਤੀ। ਲਿਖਤੀ ਰੂਪ ਵਿਚ ਇਕਰਾਰਨਾਮਾ ਹੋ ਗਿਆ।

ਕੁਝ ਕੁ ਮਹੀਨਿਆਂ ਬਾਅਦ ਉਹ ਔਰਤ ਕਿਰਾਇਆ ਦੇਣ ਵਿਚ ਕੁਤਾਹੀ ਕਰਨ ਲੱਗੀ। ਉਸ ਦਾ ਕਾਰੋਬਾਰ ਚੱਲ ਨਹੀਂ ਸੀ ਰਿਹਾ। ਉਸ ਨੇ ਇਮਾਰਤ ਖਾਲੀ ਕਰ ਦਿੱਤੀ ਤੇ ਕੋਈ ਨਵਾਂ ਕਿਰਾਏਦਾਰ ਉਸ ਇਮਾਰਤ ਨੂੰ ਕਿਰਾਏ 'ਤੇ ਲੈਣ ਲਈ ਰਾਜ਼ੀ ਨਾ ਹੋਇਆ। ਜਿਬਰਾਨ ਦਾ ਦੁੱਖ ਤੇ ਬੇਵਸੀ ਉਸ ਦੇ ਇਸ ਖ਼ਤ ਤੋਂ ਪ੍ਰਤੱਖ ਹੈ, ਜੋ ਉਸ ਨੇ ਮੈਨੂੰ ਬੋਸਟਨ ਤੋਂ ਲਿਖਿਆ ਸੀ-

'ਰੱਬ ਹੀ ਜਾਣਦਾ ਹੈ ਕਿ ਮੈਂ ਆਪਣੀ ਸਾਰੀ ਜ਼ਿੰਦਗੀ ਵਿਚ ਏਨਾ ਔਖਾ ਸਮਾਂ ਕਦੇ ਨਹੀਂ ਕੱਟਿਆ, ਜਿੰਨਾ ਮੈਂ ਪਿਛਲੇ ਇਕ ਮਹੀਨੇ ਤੋਂ ਕੱਟ ਰਿਹਾ ਹਾਂ। ਪਤਾ ਨਹੀਂ ਮੇਰੀ ਕਿਸਮਤ ਮੈਨੂੰ ਔਕੜਾਂ 'ਚ ਦੇਖ ਕੇ ਏਨੀ ਖੁਸ਼ ਕਿਉਂ ਹੁੰਦੀ ਹੈ? ਹਰ ਦਰਵਾਜ਼ਾ ਖੁੱਲ੍ਹਣ ਤੋਂ ਪਹਿਲਾਂ ਹੀ ਬੰਦ ਹੋ ਜਾਂਦਾ ਹੈ। ਦੁਨਿਆਵੀ ਉਲਝਣਾਂ ਮੇਰਾ ਪਿੱਛਾ ਹੀ ਨਹੀਂ ਛੱਡ ਰਹੀਆਂ। ਜੇ ਮੈਨੂੰ ਆਪਣੀ ਭੈਣ ਦਾ ਫਿਕਰ ਨਾ ਹੁੰਦਾ ਤਾਂ ਮੈਂ ਕਦੋਂ ਦਾ ਸਭ ਕੁਝ ਛੱਡ-ਛੁਡਾ ਕੇ ਵਾਪਸ ਆਪਣੇ 'ਹਰਮਿਟੇਜ' ਵਿਚ ਚਲਾ ਜਾਂਦਾ।' ਜਿਬਰਾਨ 'ਤੇ ਇਹ ਬੜੀ ਕਰੜੀ ਸੱਟ ਸੀ। ਉਸ ਦੀ ਮਿਹਨਤ ਦੀ ਕਮਾਈ ਪਾਣੀ ਵਾਂਗ ਰੁੜ੍ਹ ਚੁੱਕੀ ਸੀ। ਬਿਮਾਰੀਆਂ ਉਸ ਦੇ ਸਰੀਰ 'ਤੇ ਭਾਰੂ ਹੋਣ ਲੱਗ ਪਈਆਂ ਸਨ। ਪਰ ਉਹ ਬਹੁਤ ਬੁਲੰਦ ਹੌਸਲੇ ਤੇ ਹਿੰਮਤ ਵਾਲਾ ਇਨਸਾਨ ਸੀ। ਉਸ ਨੇ ਬੜੇ ਸਬਰ ਤੇ ਸੰਤੋਖ ਨਾਲ ਮੰਦੇ ਹਾਲਾਤ ਦਾ ਮੁਕਾਬਲਾ ਕੀਤਾ। ਕਿਤਾਬਾਂ ਤੋਂ ਮਿਲਣ ਵਾਲੀ ਥੋੜ੍ਹੀ-ਮੋਟੀ ਰਾਇਲਟੀ ਤੇ ਮੈਰੀ ਹੈਸਕਲ ਵੱਲੋਂ ਪ੍ਰਾਪਤ ਹੋਣ ਵਾਲੇ 75 ਡਾਲਰ ਦੀ ਮਾਹਵਾਰੀ ਸਹਾਇਤਾ ਸਦਕਾ ਉਹ ਗੁਜ਼ਾਰਾ ਕਰਦਾ ਰਿਹਾ। ਦੋ-ਤਿੰਨ ਵਰ੍ਹਿਆਂ ਵਿਚ ਉਸ ਦੀ ਆਰਥਿਕ ਹਾਲਤ ਸੁਧਰ ਗਈ ਤੇ ਉਸ ਨੇ ਮੁੜ ਆਪਣੇ ਖਿੱਲਰੇ-ਪੁੱਲਰੇ ਵਿਚਾਰਾਂ ਨੂੰ ਕਲਮਬੰਦ ਕਰਨਾ ਸ਼ੁਰੂ ਕੀਤਾ। ਕੁਝ ਸਮੇਂ ਬਾਅਦ ਜਿਬਰਾਨ ਨੇ ਉਸ ਬਿਲਡਿੰਗ ਦੇ 40 ਸ਼ੇਅਰ ਖ਼ਰੀਦ ਲਏ, ਜਿਸ ਬਿਲਡਿੰਗ ਦੀ ਤੀਜੀ ਮੰਜ਼ਿਲ 'ਤੇ ਉਸ ਦਾ ਸਟੂਡੀਓ ਸਥਾਪਤ ਸੀ। ਇਸ ਸੌਦੇ ਵਿਚ ਉਸ ਨੂੰ ਏਨਾ ਮੁਨਾਫ਼ਾ ਹੋਇਆ ਕਿ ਉਹ ਆਪਣੇ ਪਿਛਲੇ ਸਾਰੇ ਨੁਕਸਾਨ ਭੁੱਲ ਗਿਆ।

ਦਾੜ੍ਹੀ ਵਾਲੀ ਔਰਤ

ਜਦੋਂ ਤੋਂ ਮਨੁੱਖ ਨੇ ਬੋਲਣਾ ਸਿੱਖਿਆ ਹੈ, ਉਦੋਂ ਤੋਂ ਹੀ ਉਹ ਜ਼ਿੰਦਗੀ ਬਾਰੇ ਗੱਲਾਂ ਕਰਦਾ ਰਿਹਾ ਹੈ। ਜਦੋਂ ਤੋਂ ਉਸ ਨੇ ਲਿਖਣ ਦੀ ਜਾਚ ਸਿੱਖੀ ਹੈ, ਉਦੋਂ ਤੋਂ ਹੀ ਉਹ ਜ਼ਿੰਦਗੀ ਬਾਰੇ ਲਿਖਦਾ ਆ ਰਿਹਾ ਹੈ। ਕਲਾ ਦੇ ਵੱਖਰੇ-ਵੱਖਰੇ ਮਾਧਿਅਮਾਂ ਰਾਹੀਂ ਮਨੁੱਖੀ ਜ਼ਿੰਦਗੀ ਨੂੰ ਪਰਿਭਾਸ਼ਤ ਕਰਨ ਦੀ ਕੋਸ਼ਿਸ਼ ਕਰਦਾ ਰਿਹਾ ਹੈ ਪਰ ਜ਼ਿੰਦਗੀ ਦਾ ਭੇਦ ਕੋਈ ਪਾ ਨਹੀਂ ਸਕਿਆ। ਸੰਪੂਰਨ ਗਿਆਨ ਦੀ ਪ੍ਰਾਪਤੀ ਇਸ ਤੱਥ ਦਾ ਅਹਿਸਾਸ ਕਰਵਾਉਂਦੀ ਹੈ, ਜਦੋਂ ਜ਼ਿੰਦਗੀ ਦੇ ਅਰਥ ਆਤਮਾ ਸਾਹਮਣੇ ਪ੍ਰਗਟ ਹੁੰਦੇ ਹਨ ਤਾਂ ਉਨ੍ਹਾਂ ਨੂੰ ਸ਼ਬਦਾਂ ਵਿਚ ਜਾਂ ਕਲਾ ਦੇ ਕਿਸੇ ਹੋਰ ਮਾਧਿਅਮ ਰਾਹੀਂ ਪ੍ਰਗਟਾਇਆ ਨਹੀਂ ਜਾ ਸਕਦਾ। ਇਸ ਅਲੌਕਿਕ ਅਨੁਭਵ 'ਚੋਂ ਪੈਦਾ ਹੋਣ ਵਾਲੀ ਖਾਮੋਸ਼ੀ ਹੀ ਸੁਭਾਸਤਾ ਦਾ ਸਿਖ਼ਰ ਹੁੰਦੀ ਹੈ।
ਜ਼ਿਆਦਾ ਬੋਲਣਾ, ਮਨੁੱਖੀ ਬਿਮਾਰੀ ਹੈ ਪਰ ਲੇਖਕਾਂ ਦਾ ਤਾਂ ਇਹ ਕਸਬ ਹੈ। ਆਪਣੀ ਪੁਸਤਕ ਦਾ ਆਖਰੀ ਅਧਿਆਇ ਲਿਖਣ ਤੋਂ ਪਹਿਲਾਂ ਹੀ ਉਹ ਨਵੀਂ ਕਿਤਾਬ ਦੀ ਵਿਉਂਤ ਘੜਨ ਲਗਦੇ ਹਨ। ਉਨ੍ਹਾਂ ਦਾ ਤਰਕ ਹੁੰਦਾ ਹੈ ਕਿ ਉਨ੍ਹਾਂ ਕੋਲ ਦੁਨੀਆ ਨੂੰ ਦੇਣ ਲਈ 'ਕੁਝ ਨਵਾਂ' ਹੈ। ਕਈ ਵਾਰ ਪਾਠਕ ਵੀ ਲੇਖਕ ਨੂੰ ਲਿਖਦੇ ਰਹਿਣ ਲਈ ਮਜਬੂਰ ਕਰਦੇ ਹਨ। ਆਪਣੇ ਪਾਠਕਾਂ ਨੂੰ ਖੁਸ਼ ਕਰਨ ਲਈ ਲੇਖਕ ਵੀ ਲਿਖਣਾ ਜਾਰੀ ਰੱਖਦਾ ਹੈ, ਭਾਵੇਂ ਉਸ ਕੋਲ ਕਹਿਣ ਲਈ ਕੁਝ ਨਵਾਂ ਨਹੀਂ ਹੁੰਦਾ।
'ਪੈਗ਼ੰਬਰ' ਲਿਖਣ ਤੋਂ ਬਾਅਦ ਜਿਬਰਾਨ ਸਮਝਦਾ ਸੀ ਕਿ ਉਸ ਨੇ ਆਪਣੇ ਦਿਲੋ-ਦਿਮਾਗ 'ਤੇ ਆਤਮਾ ਦੇ ਸਰਬਉੱਤਮ ਵਿਚਾਰ ਇਸ ਪੁਸਤਕ 'ਚ ਦਰਜ ਕਰ ਦਿੱਤੇ ਹਨ ਪਰ ਇਸ ਸ਼ਾਨਦਾਰ ਪੁਸਤਕ ਦੇ ਛਾਪੇਖਾਨੇ 'ਚੋਂ ਬਾਹਰ ਆਉਣ ਤੋਂ ਪਹਿਲਾਂ ਹੀ ਜਿਬਰਾਨ ਆਪਣੀ ਨਵੀਂ ਕਿਤਾਬ ਬਾਰੇ ਸੋਚਣ ਲੱਗ ਪਿਆ। ਉਹ 'ਪੈਗ਼ੰਬਰ' ਦਾ ਦੂਜਾ ਭਾਗ 'ਦ ਗਾਰਡਨ ਆਫ ਦ ਪ੍ਰੋਫੇਟ' ਲਿਖਣਾ ਚਾਹੁੰਦਾ ਸੀ। ਕੁਝ ਸਮੇਂ ਬਾਅਦ ਜਦੋਂ ਮੈਂ ਉਸ ਤੋਂ ਇਸ ਪੁਸਤਕ ਦੇ ਲੇਖਣ-ਕਾਰਜ 'ਚ ਹੋਈ ਪ੍ਰਗਤੀ ਬਾਰੇ ਪੁੱਛਿਆ ਤਾਂ ਉਸ ਦਾ ਜਵਾਬ ਸੀ-'ਇਹ ਪੁਸਤਕ ਅਜੇ ਮੇਰੇ ਜ਼ਿਹਨ ਵਿਚ ਹੈ। ਤੇਰੀ ਕੀ ਰਾਇ ਹੈ ਜੇ ਮੈਂ ਈਸਾ 'ਤੇ ਲਿਖਾਂ।'
ਮੈਂ ਕਿਹਾ, 'ਈਸਾ ਤਾਂ ਇਕ ਅਮੁੱਕ ਵਿਸ਼ਾ ਹੈ। ਪਰ ਤੂੰ ਈਸਾ 'ਤੇ ਕਿਸ ਪੱਖੋਂ ਲਿਖਣਾ ਚਾਹੁੰਦਾ ਹੈਂ?'
'ਈਸਾ ਦੇ ਬਹੁਤ ਸਾਰੇ ਸਮਕਾਲੀ ਆਪਣੇ-ਆਪਣੇ ਦ੍ਰਿਸ਼ਟੀਕੋਣ ਤੋਂ ਉਸ ਨਾਲ ਗੱਲਬਾਤ ਕਰਦੇ ਹਨ। ਉਨ੍ਹਾਂ ਦੇ ਸਮੂਹਿਕ ਵਿਚਾਰਾਂ 'ਚੋਂ ਈਸਾ ਦੀ ਉਹ ਤਸਵੀਰ ਉੱਭਰੇਗੀ, ਜਿਸ ਦੀ ਮੈਂ ਕਲਪਨਾ ਕਰਦਾ ਹਾਂ।'
ਇਸ ਤਰ੍ਹਾਂ ਜਿਬਰਾਨ ਨੇ ਆਪਣਾ ਕੰਮ ਅਰੰਭਿਆ। ਅਸਲ ਵਿਚ ਉਹ ਆਪਣੇ ਹੀ ਵਿਚਾਰਾਂ ਅਤੇ ਪ੍ਰਭਾਵਾਂ ਨੂੰ ਕਲਮਬੰਦ ਕਰ ਰਿਹਾ ਸੀ। ਇਸ ਸਮੇਂ ਦੌਰਾਨ ਬਿਮਾਰੀ ਉਸ 'ਤੇ ਕਾਬਜ਼ ਹੋ ਰਹੀ ਸੀ ਤੇ ਉਹ ਉਸ ਦੇ ਦਿਲ 'ਤੇ ਆਪਣੀ ਜਕੜ ਮਜ਼ਬੂਤ ਕਰ ਰਹੀ ਸੀ ਪਰ ਉਹ ਆਪਣੀ ਬਿਮਾਰੀ ਤੋਂ ਬੇਖ਼ਬਰ ਸੀ। ਇਹ ਪੁਸਤਕ 'ਜੀਸਸ ਦ ਸਨ ਆਫ ਮੈਨ' 1928 ਵਿਚ ਪ੍ਰਕਾਸ਼ਿਤ ਹੋਈ। ਪੈਗ਼ੰਬਰ ਅਤੇ ਇਸ ਪੁਸਤਕ ਦਰਮਿਆਨ ਛਪੀ ਇਕ ਹੋਰ ਪੁਸਤਕ 'ਸੈਂਡ ਐਂਡ ਫੋਮ' (1926) ਨੂੰ ਉਹ 'ਸਟਾਪ ਗੈਪ ਸਿਸਟਮ' ਕਿਹਾ ਕਰਦਾ ਸੀ।
ਧਾਰਮਿਕ ਮਾਨਤਾਵਾਂ ਵਾਲਾ ਜੀਸਸ ਬਹੁਤ ਸਾਊ, ਗਰੀਬ ਅਤੇ ਨਿਤਾਣਾ ਦਿਖਾਈ ਦਿੰਦਾ ਹੈ, ਜਿਸ ਨੂੰ ਜਿਬਰਾਨ 'ਦਾੜ੍ਹੀ ਵਾਲੀ ਔਰਤ' ਦੀ ਸੰਘਿਆ ਪ੍ਰਦਾਨ ਕਰਦਾ ਹੈ। ਇਸ ਦੇ ਉਲਟ ਜਿਬਰਾਨ ਦੇ ਪੰਨਿਆਂ 'ਚੋਂ ਜੋ ਜੀਸਸ ਉੱਭਰਦਾ ਹੈ, ਉਹ ਨੀਤਸ਼ੇ ਦੇ 'ਸੁਪਰਮੈਨ' ਵਾਂਗ ਸਰਬ-ਸ਼ਕਤੀਮਾਨ ਦਿਖਾਈ ਦਿੰਦਾ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਉਹ 'ਬਾਈਬਲ' ਦੇ ਨੇੜੇ-ਤੇੜੇ ਹੀ ਰਿਹਾ ਪਰ ਈਸਾ ਦੇ ਕੁਝ ਹੈਰਾਨਕੁਨ ਕਾਰਨਾਮਿਆਂ ਨੂੰ ਜਾਂ ਤਾਂ ਉਸ ਨੇ ਬਿਲਕੁਲ ਖਾਰਜ ਹੀ ਕਰ ਦਿੱਤਾ ਜਾਂ ਉਨ੍ਹਾਂ ਵਿਚ ਆਪਣੇ ਵੱਲੋਂ ਕੁਝ ਹੋਰ ਦਰਜ ਕਰ ਦਿੱਤਾ। ਜਿਬਰਾਨ ਈਸਾ ਨੂੰ ਇਕ ਕਵੀ ਤੇ ਕਲਾਕਾਰ ਦੀ ਨਜ਼ਰ ਨਾਲ ਦੇਖ ਰਿਹਾ ਸੀ। ਉਸ ਲਈ ਜਿਬਰਾਨ ਨੇ ਜੋ ਵੀ ਲਿਖਿਆ, ਪੂਰੀ ਅਕੀਦਤ ਨਾਲ ਲਿਖਿਆ। ਹੋਰਨਾਂ ਪੁਸਤਕਾਂ ਵਾਂਗ ਇਸ ਪੁਸਤਕ ਦੇ ਵੀ ਦਿਲਕਸ਼ ਫਿਕਰੇ ਸਾਡਾ ਮਨ ਮੋਹ ਲੈਂਦੇ ਹਨ-

-ਔਰਤ ਕੁੱਖ ਵੀ ਹੈ ਤੇ ਪਲੂੰਘੜਾ ਵੀ, ਪਰ ਕਬਰ ਕਦੇ ਨਹੀਂ।
-ਔਰਤ ਸਿਰਫ ਆਪਣੀ ਸੰਤਾਨ ਨਾਲ ਤੁਰਦੀ ਹੈ, ਇਕੱਲੀ ਕਦੇ ਨਹੀਂ।
-ਸੇਬ ਦੇ ਬੀਜ ਅੰਦਰ ਸੇਬਾਂ ਦਾ ਬਾਗ ਹੁੰਦਾ ਹੈ।
-ਉੱਲੂਆਂ ਨੂੰ ਆਪਣੀ ਆਵਾਜ਼ ਤੋਂ ਇਲਾਵਾ ਹੋਰ ਕਿਸੇ ਆਵਾਜ਼ ਦਾ ਇਲਮ ਨਹੀਂ ਹੁੰਦਾ।

ਇਸ ਪੁਸਤਕ ਵਿਚ ਸ਼ਾਮਿਲ ਸਾਰੇ ਚਿੱਤਰ ਹੀ ਬੜੇ ਦਿਲਕਸ਼ ਤੇ ਪ੍ਰਤੀਕਾਤਮਕ ਹਨ। ਇਨ੍ਹਾਂ ਚਿੱਤਰਾਂ 'ਚੋਂ ਮੈਂ 'ਜ਼ਿੰਦਗੀ ਦਾ ਬਿਰਛ' ਨਾਮੀ ਚਿੱਤਰ ਦਾ ਵਿਸ਼ੇਸ਼ ਜ਼ਿਕਰ ਕਰਨਾ ਚਾਹਾਂਗਾ। ਇਹ ਚਿੱਤਰ ਰੰਗਾਂ ਤੇ ਕਵਿਤਾਵਾਂ ਦੀ ਸਰਗਮ ਹੈ। ਜਿਬਰਾਨ ਆਪਣੀ ਇਸ ਪੁਸਤਕ ਰਾਹੀਂ ਆਪਣੇ ਹਿਰਦੇ ਨੂੰ ਆਪਣੇ ਵੱਡੇ ਵੀਰ ਈਸਾ (ਜੋ ਮਨੁੱਖ ਦੀ ਸੰਤਾਨ ਹੈ) ਦੇ ਚਰਨਾਂ 'ਚ ਭੇਟ ਕਰਦਾ ਦਿਖਾਈ ਦਿੰਦਾ ਹੈ।

ਸ਼ਾਂਤੀ

'ਪੈਗ਼ੰਬਰ' ਅਤੇ 'ਜੀਸਸ ਦੀ ਸਨ ਆਫ ਮੈਨ' ਦੇ ਛਪਣ ਤੋਂ ਬਾਅਦ ਕਿਸਮਤ ਜਿਬਰਾਨ 'ਤੇ ਰੱਜ ਕੇ ਮਿਹਰਬਾਨ ਸੀ। ਉਸ ਦੇ ਪ੍ਰਸੰਸਕਾਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਸੀ। ਉਸ ਦੀ ਜੇਬ ਡਾਲਰਾਂ ਨਾਲ ਭਰੀ ਹੋਈ ਸੀ। ਔਰਤਾਂ ਤਾਂ ਉਸ ਦੀਆਂ ਦੀਵਾਨੀਆਂ ਸਨ। 'ਅਰਬੀਤਾਹ' ਦੇ ਮੈਂਬਰਾਂ ਨੇ ਉਸ ਦੀ ਸਾਹਿਤਕ ਯਾਤਰਾ ਦੀ 25ਵੀਂ ਵਰ੍ਹੇਗੰਢ ਬੜੀ ਧੂਮਧਾਮ ਨਾਲ ਇਕ ਹੋਟਲ ਵਿਚ ਮਨਾਈ। ਸਕੂਲਾਂ, ਕਾਲਜਾਂ ਅਤੇ ਗਿਰਜਾਘਰਾਂ ਦੇ ਦਰਵਾਜ਼ਿਆਂ 'ਤੇ 'ਪੈਗ਼ੰਬਰ' ਦੀਆਂ ਇਹ ਸਤਰਾਂ ਲਿਖਣ ਦੀ ਆਗਿਆ ਮੰਗਣ ਲਈ ਉਸ ਕੋਲ ਬੇਨਤੀ-ਪੱਤਰ ਆ ਰਹੇ ਸਨ-
'ਬੀਤਿਆ ਹੋਇਆ ਕੱਲ੍ਹ ਅੱਜ ਦੀ ਯਾਦ ਹੈ ਤੇ ਆਉਣ ਵਾਲਾ ਕੱਲ੍ਹ ਅੱਜ ਦਾ ਸੁਪਨਾ ਹੈ।'
ਪਰ ਸ਼ੋਹਰਤ ਅਤੇ ਅਮੀਰੀ ਨਾਲ ਘਿਰਿਆ ਜਿਬਰਾਨ ਆਪਣੇ ਇਕਲਾਪੇ ਤੋਂ ਪ੍ਰੇਸ਼ਾਨ ਸੀ। ਕਈ ਵਰ੍ਹਿਆਂ ਤੋਂ ਉਹ ਆਪਣੀ ਬਿਮਾਰੀ ਨੂੰ ਬਹੁਤ ਮਾਮੂਲੀ ਸਮਝਦਾ ਰਿਹਾ। ਕਈ ਵਾਰ ਉਸ ਨੂੰ ਦਿਲ ਵਿਚ ਤਿੱਖੀ ਚੋਭ ਮਹਿਸੂਸ ਹੁੰਦੀ ਪਰ ਉਹ ਇਹ ਕਦੇ ਨਾ ਸੋਚਦਾ ਕਿ ਉਸ ਨੂੰ ਕੋਈ ਦਿਲ ਦੀ ਬਿਮਾਰੀ ਹੈ।

ਡਾਕਟਰ ਉਸ ਨੂੰ ਦਵਾਈ ਖਾਣ ਲਈ ਤੇ ਆਰਾਮ ਕਰਨ ਦੀ ਸਲਾਹ ਦਿੰਦੇ। ਉਹ ਦਵਾਈ ਤਾਂ ਲੈ ਲੈਂਦਾ ਪਰ ਆਰਾਮ ਕਦੇ ਨਾ ਕਰਦਾ। ਥੋੜ੍ਹਾ ਜਿਹਾ ਵੀ ਆਰਾਮ ਆਉਣ 'ਤੇ ਉਹ ਫਿਰ ਕਲਮ, ਬੁਰਸ਼ ਫੜ ਕੇ ਕੰਮ ਕਰਨ ਲਗਦਾ। ਬੋਸਟਨ ਦੇ ਇਕ ਡਾਕਟਰ ਨੇ ਦਿਲ ਦਾ ਆਪ੍ਰੇਸ਼ਨ ਤਜਵੀਜ਼ ਕੀਤਾ। ਸਾਰੀ ਤਿਆਰੀ ਹੋ ਜਾਣ ਤੋਂ ਬਾਅਦ ਜਦੋਂ ਉਸ ਨੂੰ ਆਪ੍ਰੇਸ਼ਨ ਥੀਏਟਰ ਵਿਚ ਲਿਜਾਇਆ ਜਾ ਰਿਹਾ ਸੀ ਤਾਂ ਉਸ ਨੇ ਆਪ੍ਰੇਸ਼ਨ ਕਰਵਾਉਣ ਤੋਂ ਇਨਕਾਰ ਕਰ ਦਿੱਤਾ। ਉਸ ਨੇ ਆਪਣੀ ਭੈਣ ਨੂੰ ਕਿਹਾ, 'ਮੈਂ ਆਪ੍ਰੇਸ਼ਨ ਨਹੀਂ ਕਰਵਾਉਣਾ, ਜੋ ਕਿਸਮਤ ਨੂੰ ਮਨਜ਼ੂਰ ਹੈ, ਉਹ ਮੈਨੂੰ ਵੀ ਮਨਜ਼ੂਰ ਹੈ।' ਇਸ ਤੋਂ ਬਾਅਦ ਜਿਬਰਾਨ ਨੇ ਆਪਣੀ ਸਿਹਤ ਸਬੰਧੀ ਕਦੇ ਵੀ ਕਿਸੇ ਨਾਲ ਕੋਈ ਗੱਲ ਨਹੀਂ ਕੀਤੀ। ਕਲਮ ਤੇ ਬੁਰਸ਼ ਉਸ ਦੇ ਦਿਲ ਦੇ ਦਰਦ ਤੇ ਦਵਾ ਬਣ ਚੁੱਕੇ ਸਨ।
'ਦ ਗਾਰਡਨ ਆਫ ਦ ਪ੍ਰੋਫੇਟ' ਨੂੰ ਉਹ ਆਪਣੀਆਂ ਸਪੱਸ਼ਟ ਨਜ਼ਰਾਂ ਨਾਲ ਦੇਖ ਸਕਦਾ ਸੀ। ਉਸ ਨੇ ਇਕ ਅਜਿਹੇ ਬਾਗ ਦੀ ਕਲਪਨਾ ਕੀਤੀ ਸੀ, ਜਿਸ ਵਿਚ ਹਰ ਛੋਟੇ-ਵੱਡੇ ਜੀਵ-ਜੰਤੂ ਨੂੰ ਜਿਉਣ ਦਾ ਅਧਿਕਾਰ ਹੈ। ਜਿਵੇਂ ਮਾਂ ਦੇ ਵਿਹੜੇ 'ਚ ਹਰ ਬੱਚੇ ਨੂੰ ਹੁੰਦਾ ਹੈ। ਉਥੇ ਸੁੰਦਰਤਾ, ਸ਼ਾਂਤੀ, ਸੁਹਿਰਦਤਾ, ਮਿੱਤਰਤਾ ਅਤੇ ਪਿਆਰ ਦਾ ਪਸਾਰਾ ਹੈ। ਦਰਦ ਵਿਚ ਬੇਹਾਲ ਜਿਬਰਾਨ ਇਕ ਆਦਰਸ਼ ਸੰਸਾਰ ਦੀ ਰਚਨਾ ਕਰਨ ਵਿਚ ਰੁੱਝਾ ਹੋਇਆ ਸੀ। ਉਸ ਦੀ ਕਲਮ ਉਸ ਨੂੰ ਕਹਿੰਦੀ-'ਮੈਨੂੰ ਆਪਣੇ ਦਿਲ ਵਿਚ ਡੁੱਬਣ ਦੇਵੋ... ਦਿਲ ਅੰਦਰ ਹੀ ਸਚਾਈ ਤੇ ਮੁਕਤੀ ਦਾ ਪ੍ਰਕਾਸ਼ ਹੈ। ਧੰਨ ਹਨ ਉਹ ਜਿਨ੍ਹਾਂ ਦਾ ਹਿਰਦਾ ਸ਼ੁੱਧ ਹੈ... ਹਾਂ, ਉਹੀ ਲੋਕ ਪ੍ਰਭੂ ਦੇ ਦੀਦਾਰ ਕਰਨ ਦੇ ਯੋਗ ਪਾਤਰ ਹਨ।'
ਜਿਬਰਾਨ ਜਿਸ ਦਿਲ ਤੋਂ ਸਕੂਨ ਹਾਸਲ ਕਰਦਾ ਸੀ, ਉਸ ਦਾ ਉਹ ਦਿਲ ਹੀ ਉਸ ਨਾਲ ਇਹ ਗਿਲਾ ਕਰਦਾ ਸੀ-'ਜਿਬਰਾਨ! ਮੇਰੇ 'ਤੇ ਤਰਸ ਖਾਓ। ਤੂੰ ਮੈਨੂੰ ਖਾਣ-ਪੀਣ ਲਈ ਬਹੁਤ ਕੁਝ ਦਿੱਤਾ। ਫਿਰ ਵੀ ਮੈਨੂੰ ਉਸ ਭੋਜਨ ਦੀ ਤਲਬ ਹੈ, ਜੋ ਕਦੇ ਬਾਸੀ ਨਹੀਂ ਹੁੰਦਾ। ਮੈਨੂੰ ਉਹ ਮਦਿਰਾ ਚਾਹੀਦੀ ਹੈ, ਜਿਸ ਦਾ ਇਕ ਵਾਰ ਸੇਵਨ ਕਰਨ ਤੋਂ ਬਾਅਦ ਫਿਰ ਕਦੇ ਪਿਆਸ ਨਹੀਂ ਲਗਦੀ। ਮੇਰੇ ਦੁੱਖ-ਦਰਦ ਨੂੰ ਦੇਖਣ ਵਾਲਾ ਇਥੇ ਕੋਈ ਨਹੀਂ। ਮੇਰੀ ਨਬਜ਼ ਟੋਹਣ ਵਾਲਾ ਕੋਈ ਨਹੀਂ ਤੇ ਮੇਰੀ ਦੇਖਭਾਲ ਕਰਨ ਵਾਲਾ ਕੋਈ ਨਹੀਂ।'
ਜਿਬਰਾਨ ਨਹੀਂ ਜਾਣਦਾ ਸੀ ਕਿ ਉਸ ਦਾ ਪੈਂਡਾ ਮੁੱਕਣ ਵਾਲਾ ਹੈ ਅਤੇ ਉਹ ਸੜਕ ਦੇ ਆਖਰੀ ਕਿਨਾਰੇ 'ਤੇ ਖਲੋਤਾ ਹੋਇਆ ਹੈ ਤੇ ਉਸ ਨੂੰ ਇਕੱਲਿਆਂ ਹੀ ਇਹ ਫਾਸਲਾ ਤੈਅ ਕਰਨਾ ਹੋਵੇਗਾ।

ਬੱਦਲਾਂ 'ਚੋਂ ਛਣ ਕੇ ਆਉਂਦੀਆਂ ਕਿਰਨਾਂ

ਆਪਣੇ-ਆਪ ਨੂੰ ਕਿਸਮਤ ਦੇ ਭਰੋਸੇ ਛੱਡਣ ਵਾਲਾ ਜਿਬਰਾਨ ਇਹ ਨਹੀਂ ਜਾਣਦਾ ਸੀ ਕਿ ਉਹ ਆਪਣੇ-ਆਪ ਨੂੰ ਮੌਤ ਦੇ ਹਵਾਲੇ ਕਰ ਰਿਹਾ ਸੀ। ਪਰ ਉਹ ਹਰ ਕਿਸਮ ਦੀ ਕਮਜ਼ੋਰੀ ਤੋਂ ਨਫ਼ਰਤ ਕਰਦਾ ਸੀ। ਮੈਂ ਉਸ ਨੂੰ ਕਦੇ ਆਪਣੀ ਸਿਹਤ ਬਾਰੇ ਜਾਂ ਕਿਸੇ ਹੋਰ ਚੀਜ਼ ਬਾਰੇ ਰੂੰ-ਰੂੰ ਕਰਦੇ ਨਹੀਂ ਸੁਣਿਆ। ਉਹ ਬੜੀ ਦਲੇਰੀ ਨਾਲ ਚੁੱਪ-ਚਾਪ ਦਿਲ ਦਾ ਦਰਦ ਸਹਿਣ ਕਰਦਾ ਰਿਹਾ। ਦਰਦ ਬਰਦਾਸ਼ਤ ਕਰਨ ਦਾ ਮਾਦਾ ਉਸ ਵਿਚ ਇਸ ਵਿਸ਼ਵਾਸ 'ਚੋਂ ਪੈਦਾ ਹੋਇਆ ਸੀ ਕਿ ਦਰਦ ਆਦਮੀ ਨੂੰ ਮਾਂਜ ਕੇ ਨਿਰਮਲ ਕਰਦਾ ਹੈ।
ਗੱਲ 1931 ਦੇ ਆਰੰਭ ਦੀ ਹੈ। ਮੈਂ ਉਸ ਦੀ ਸਿਹਤ ਦਾ ਹਾਲ-ਚਾਲ ਪੁੱਛਣ ਲਈ ਉਸ ਨੂੰ ਫੋਨ ਕੀਤਾ। ਉਸ ਦਾ ਜਵਾਬ ਸੀ, 'ਆ ਕੇ ਵੇਖ ਲਵੋ।'
ਉਹ ਆਪਣੇ ਬਿਸਤਰ 'ਤੇ ਸੀ। ਉਸ ਦੇ ਚਿਹਰੇ 'ਤੇ ਥਕਾਨ ਦੇ ਚਿੰਨ੍ਹ ਨਜ਼ਰ ਆ ਰਹੇ ਸਨ। ਉਸ ਨੇ ਮੈਨੂੰ ਧਰਵਾਸਾ ਦਿੱਤਾ ਕਿ ਘਬਰਾਉਣ ਦੀ ਲੋੜ ਨਹੀਂ। ਉਹ ਸਿਰਫ ਠੰਢ ਮਹਿਸੂਸ ਕਰ ਰਿਹਾ ਸੀ। ਮੈਂ ਉਸ ਨੂੰ ਕਿਹਾ ਕਿ ਉਹ ਆਪਣੀ ਸਿਹਤ ਬਾਰੇ ਬਹੁਤ ਲਾਪ੍ਰਵਾਹ ਹੈ ਤੇ ਉਸ ਦਾ ਇਸ ਵੇਲੇ ਇਕੱਲਿਆਂ ਰਹਿਣਾ ਠੀਕ ਨਹੀਂ। ਮੈਂ ਉਸ ਕੋਲ ਰਹਿਣ ਲਈ ਤਿਆਰ ਸੀ ਪਰ ਉਹ ਨਹੀਂ ਮੰਨਿਆ। ਉਹ ਆਪਣੀ ਭੈਣ ਨੂੰ ਵੀ ਆਪਣੇ ਪਾਸ ਬੁਲਾਉਣ ਲਈ ਤਿਆਰ ਨਹੀਂ ਹੋਇਆ। ਮੈਂ ਉਸ ਨੂੰ ਕਿਹਾ-'ਜੇ ਮੇਰੀ ਵਾਹ ਲਗਦੀ ਤਾਂ ਮੈਂ ਤੈਨੂੰ ਹੁਣੇ ਹੀ ਲਿਬਨਾਨ ਜਾਣ ਵਾਲੇ ਜਹਾਜ਼ 'ਚ ਬਿਠਾ ਦਿੰਦਾ। ਹੁਣ ਲਿਖਣਾ ਤੇ ਪੜ੍ਹਨਾ ਤੇਰੇ ਲਈ ਆਤਮਘਾਤੀ ਸਿੱਧ ਹੋ ਸਕਦਾ ਹੈ।'
'ਪਰ ਲਿਖਣ-ਪੜ੍ਹਨ ਬਗੈਰ ਮੈਂ ਜਿਊਂਦਿਆਂ ਹੀ ਮਰ ਜਾਵਾਂਗਾ। ਮੈਂ ਘਾਹ-ਫੂਸ ਵਰਗੀ ਜ਼ਿੰਦਗੀ ਨਹੀਂ ਜੀਅ ਸਕਦਾ।'

ਇਹ ਕਹਿ ਕੇ ਉਸ ਨੇ ਆਪਣੀ ਪੁਸਤਕ 'ਅਰਥ-ਗੌਡਸ' ਦਾ ਖਰੜਾ ਮੈਨੂੰ ਦਿੰਦਿਆਂ ਕਿਹਾ, 'ਮੀਸ਼ਾ, ਮੈਨੂੰ ਉੱਚੀ ਆਵਾਜ਼ 'ਚ ਪੜ੍ਹ ਕੇ ਸੁਣਾ।'
ਇਹ ਇਕ ਲੰਮੀ ਵਾਰਤਕ ਕਵਿਤਾ ਸੀ, ਜਿਸ ਵਿਚ ਤਿੰਨ ਦੇਵਤੇ ਮਨੁੱਖ ਅਤੇ ਮਨੁੱਖ ਦੀ ਹੋਣੀ ਸਬੰਧੀ ਆਪਣੇ-ਆਪਣੇ ਵਿਚਾਰ ਪੇਸ਼ ਕਰਦੇ ਹਨ। ਪੜ੍ਹਦਿਆਂ-ਪੜ੍ਹਦਿਆਂ ਮੈਂ ਕਈ ਵਾਰ ਰੁਕ ਜਾਂਦਾ, ਤਾਂ ਜੋ ਮੈਂ ਜਿਬਰਾਨ ਦੇ ਚਿਹਰੇ ਦੇ ਹਾਵ-ਭਾਵ ਪੜ੍ਹ ਸਕਾਂ। ਉਸ ਦੇ ਚਿਹਰੇ ਨੂੰ ਦੇਖ ਕੇ ਮੈਨੂੰ ਇੰਜ ਜਾਪਦਾ ਜਿਵੇਂ ਬੱਦਲਾਂ 'ਚੋਂ ਲੰਘਦੇ ਸੂਰਜ ਦੀ ਮੱਧਮ ਜਿਹੀ ਰੌਸ਼ਨੀ ਵਿਚ ਉਸ ਦਾ ਚਿਹਰਾ ਨਹਾਤਾ ਹੋਇਆ ਹੋਵੇ। ਇਹ ਬੱਦਲ ਸਨ ਉਸ ਦੁੱਖ ਅਤੇ ਪੀੜਾ ਦੇ, ਜਿਨ੍ਹਾਂ ਦਾ ਵਰਨਣ ਇਕ ਦੇਵਤਾ ਨੇ ਕੀਤਾ ਸੀ। ਮੈਂ ਉਸ ਦੀ ਕਵਿਤਾ ਦੇ ਭਾਵ-ਪੱਖ ਅਤੇ ਕਲਾ ਪੱਖ ਦੀ ਪ੍ਰਸੰਸਾ ਕੀਤੇ ਬਿਨਾਂ ਨਹੀਂ ਰਹਿ ਸਕਿਆ।
ਪਾਠ ਖ਼ਤਮ ਹੋ ਗਿਆ। ਅਸੀਂ ਇਸ ਵਾਰਤਕ-ਕਵਿਤਾ ਦੇ ਭਿੰਨ-ਭਿੰਨ ਪੱਖਾਂ 'ਤੇ ਵਿਚਾਰ-ਵਟਾਂਦਰਾ ਕੀਤਾ। ਫਿਰ ਜਿਬਰਾਨ ਉੱਠਿਆ ਤੇ ਉਸ ਨੇ ਮੈਨੂੰ ਇਸ ਪੁਸਤਕ ਲਈ ਵਿਸ਼ੇਸ਼ ਤੌਰ 'ਤੇ ਬਣਾਏ 12 ਚਿੱਤਰ ਦਿਖਾਏ। ਇਹ ਚਿੱਤਰ ਦੇਖ ਕੇ ਮੈਂ ਉਸ ਦੀ ਕਵਿਤਾ ਨੂੰ ਭੁੱਲ ਗਿਆ। ਇਨ੍ਹਾਂ ਚਿੱਤਰਾਂ ਵਿਚ ਗਜ਼ਬ ਦੀ ਕਲਾਤਮਿਕ ਸੂਖਮਤਾ ਸੀ। ਇਹ ਚਿੱਤਰ ਇਸ ਗੱਲ ਦਾ ਪ੍ਰਮਾਣ ਸਨ ਕਿ ਜਿਬਰਾਨ ਜਿਵੇਂ-ਜਿਵੇਂ ਪ੍ਰੌਢ ਹੋ ਰਿਹਾ ਸੀ, ਉਸ ਅੰਦਰਲਾ ਕਲਾਕਾਰ ਉਸ ਅੰਦਰਲੇ ਕਵੀ ਤੋਂ ਕਿਤੇ ਅਗਾਂਹ ਵਧ ਰਿਹਾ ਸੀ।
ਉਸ ਦਿਨ ਬਾਰਿਸ਼ ਹੋ ਰਹੀ ਸੀ। ਜਿਬਰਾਨ ਨੇ ਮੈਨੂੰ ਫੋਨ ਕੀਤਾ ਕਿ ਜੇ ਮੈਂ ਉਸ ਨੂੰ ਮਿਲਣ ਜਾਵਾਂ ਤਾਂ ਆਪਣੇ ਨਾਲ ਕੁਝ ਰਸਾਲੇ ਤੇ ਅਖ਼ਬਾਰ ਜ਼ਰੂਰ ਲੈ ਕੇ ਜਾਵਾਂ। ਮੈਂ ਰਸਾਲਿਆਂ ਨਾਲ ਆਪਣੀਆਂ ਬਾਹਾਂ ਭਰ ਲਈਆਂ। ਜਿਬਰਾਨ ਬਿਸਤਰ 'ਤੇ ਸੀ। ਮੈਨੂੰ ਦੇਖਦਿਆਂ ਹੀ ਉਹ ਖੜ੍ਹਾ ਹੋ ਗਿਆ ਤੇ ਮੇਰੇ ਨੇੜੇ ਬਹਿ ਗਿਆ। ਪਹਿਲੀ ਵਾਰ ਮੈਂ ਉਸ ਦੀ ਆਵਾਜ਼ 'ਚੋਂ ਮੌਤ ਦੀ ਆਵਾਜ਼ ਸੁਣੀ। ਉਸ ਦੇ ਚਿਹਰੇ 'ਤੇ ਵੀ ਮੈਂ ਮੌਤ ਦਾ ਪ੍ਰਛਾਵਾਂ ਦੇਖਿਆ। ਮੈਂ ਕੰਬ ਉੱਠਿਆ। ਮੈਂ ਆਪਣੇ ਮਨੋਭਾਵਾਂ ਨੂੰ ਛੁਪਾਉਣ ਦੀ ਪੂਰੀ ਕੋਸ਼ਿਸ਼ ਕੀਤੀ। ਅਸੀਂ ਉਸ ਦਿਨ ਬਹੁਤ ਸਾਰੀਆਂ ਗੱਲਾਂ ਕੀਤੀਆਂ-ਸਭ ਤੋਂ ਵੱਧ 'ਅਰਬੀਤਾਹ' ਸਬੰਧੀ। ਉਸ ਨੇ ਹਰ ਮੈਂਬਰ ਦਾ ਨਾਂਅ ਲੈ-ਲੈ ਕੇ ਯਾਦ ਕੀਤਾ ਤੇ ਕਿਹਾ ਕਿ ਉਹ ਆਪਣੇ ਸਭ ਦੋਸਤਾਂ ਨੂੰ ਮਿਲ ਕੇ ਅੰਤਿਮ ਅਲਵਿਦਾ ਕਹਿਣਾ ਚਾਹੁੰਦਾ ਹੈ। ਮੈਂ ਤੇ ਮੇਰੇ ਹੋਰ ਦੋਸਤ ਇਸ ਗੱਲ ਤੋਂ ਬਿਲਕੁਲ ਅਨਜਾਣ ਸਨ ਕਿ ਉਹ ਸਾਨੂੰ ਛੱਡ ਕੇ ਜਾ ਰਿਹਾ ਹੈ। ਕਿਸਮਤ ਨੇ ਉਸ ਦੀ ਜ਼ਿੰਦਗੀ ਦੇ ਧਾਗਿਆਂ ਨੂੰ ਵਲੇਟਣਾ ਸ਼ੁਰੂ ਕਰ ਦਿੱਤਾ ਸੀ। ਸਮੇਂ ਦੀ ਖੱਡੀ ਤੇ ਕਿਸਮਤ ਦਿਨ-ਰਾਤ ਤਾਣਾ-ਬਾਣਾ ਬੁਣਦੀ ਕਰਦੀ ਰਹਿੰਦੀ ਹੈ।

ਅੰਤਿਮ ਪਲ

ਮੈਂ ਹਸਪਤਾਲ ਵਿਚ ਜਿਬਰਾਨ ਦੇ ਬੈੱਡ ਨੇੜੇ ਖਲੋਤਾ ਸੋਚ ਰਿਹਾ ਸੀ ਕਿ ਕੀ ਜਿਬਰਾਨ ਦੇ ਸਾਹ ਰੁਕਦਿਆਂ ਹੀ ਮੇਰੇ ਤੇ ਮੇਰੇ ਦੋਸਤ ਦਰਮਿਆਨ ਸਾਰੇ ਸਬੰਧ ਖ਼ਤਮ ਹੋ ਜਾਣਗੇ? ਕੀ ਮੌਤ ਸਾਡੀ ਸਾਂਝੀ ਸੋਚ ਅਤੇ ਸਾਡੇ ਆਤਮਿਕ ਸਬੰਧਾਂ 'ਤੇ ਪੂਰਨ ਵਿਰਾਮ ਅੰਕਿਤ ਕਰ ਦੇਵੇਗੀ? ਮੈਂ ਵਾਰ-ਵਾਰ ਸੋਚ ਰਿਹਾ ਸੀ ਕਿ ਜਿਬਰਾਨ ਦੇ ਅਨੇਕਾਂ ਦੋਸਤਾਂ ਵਿਚੋਂ ਮੈਨੂੰ ਹੀ ਇਥੇ ਕਿਉਂ ਬੁਲਾਇਆ ਗਿਆ? ਮੈਂ ਉਸ ਨੂੰ ਮੌਤ ਨਾਲ ਸੰਘਰਸ਼ ਕਰਦਿਆਂ ਦੇਖ ਰਿਹਾ ਹਾਂ। ਨਸੀਬ ਅਕੀਦਾ ਅਤੇ ਅਬਦੁਲ ਨੂੰ ਮੈਂ ਸੂਚਿਤ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਕਾਮਯਾਬ ਨਹੀਂ ਹੋ ਸਕਿਆ। ਮੈਂ ਆਪਣੀ ਕੁਰਸੀ ਤੋਂ ਖੜ੍ਹਾ ਹੋਇਆ। ਇਸ ਦੌਰਾਨ ਮੇਰੇ ਕੰਨਾਂ 'ਚ ਕਿਸੇ ਦੇ ਰੋਣ ਦੀ ਆਵਾਜ਼ ਪਈ। ਮੈਂ ਦਰਵਾਜ਼ਾ ਖੋਲ੍ਹਿਆ। ਮੇਰੇ ਸਾਹਮਣੇ ਜਿਬਰਾਨ ਦੀ ਭੈਣ ਮੇਰੀਆਨਾ ਖੜ੍ਹੀ ਸੀ। ਉਹ ਹੁਣੇ ਹੀ ਬੋਸਟਨ ਤੋਂ ਪਹੁੰਚੀ ਸੀ। ਉਹ ਜਿਬਰਾਨ ਰਾਹੀਂ ਮੈਨੂੰ ਜਾਣਦੀ ਸੀ। ਮੈਨੂੰ ਦੇਖਣ ਸਾਰ ਹੀ ਉਹ ਮੇਰੇ ਵੱਲ ਇੰਜ ਉੱਲਰੀ ਜਿਵੇਂ ਉਹ ਹਰ ਹੀਲੇ-ਵਸੀਲੇ ਜਿਬਰਾਨ ਦੀ ਜਾਨ ਬਚਾਉਣ ਲਈ ਗੁਹਾਰ ਕਰ ਰਹੀ ਹੋਵੇ। ਉਸ ਨੇ ਕਿਹਾ, 'ਮੈਂ ਹੱਥ ਜੋੜ ਕੇ ਤੁਹਾਡੇ ਕੋਲ ਅਰਜੋਈ ਕਰਦੀ ਹਾਂ। ਮੈਂ ਤੁਹਾਨੂੰ ਜਿਬਰਾਨ ਦਾ ਹੀ ਰੂਪ ਮੰਨਦੀ ਹਾਂ। ਤੁਸੀਂ ਉਸ ਦੇ ਵੀ ਭਰਾ ਹੋ ਤੇ ਮੇਰੇ ਵੀ। ਕੀ ਜਿਬਰਾਨ ਮਰ ਜਾਵੇਗਾ? ਕੀ ਉਹ ਅੰਤਿਮ ਸਾਹ ਲੈ ਚੁੱਕਾ ਹੈ? ਕੀ ਤੁਸੀਂ ਉਸ ਨੂੰ ਮਰਨ ਦੇਵੋਗੇ?'
ਮੈਂ ਫਿਰ ਕਮਰੇ 'ਚ ਗਿਆ। ਮੇਰਾ ਦਿਲ ਜ਼ਾਰੋ-ਜ਼ਾਰ ਰੋ ਰਿਹਾ ਸੀ। ਮੇਰੇ ਵਿਚਾਰ ਖਿੰਡਰ-ਪੁੰਡਰ ਚੁੱਕੇ ਸਨ। ਅਣਗਿਣਤ ਸਵਾਲ ਮੇਰੇ ਜ਼ਿਹਨ ਵਿਚ ਟਕਰਾਅ ਰਹੇ ਸਨ। ਮੈਨੂੰ ਕੋਈ ਹੋਸ਼ ਨਹੀਂ ਸੀ। ਉਸ ਸਮੇਂ 'ਅਲਮੁਸਤਫਾ' ਦੇ ਇਹ ਸ਼ਬਦ ਮੇਰੇ ਕੰਨਾਂ 'ਚ ਪਏ-
'ਬਸ, ਨਦੀ ਇਕ ਮੋੜ ਹੋਰ ਲਵੇਗੀ, ਬਸ, ਇਕ ਲਹਿਰ ਹੋਰ ਉੱਠੇਗੀ ਤੇ ਮੈਂ ਇਕ ਅਸੀਮ ਬੂੰਦ, ਅਸੀਮ ਸਮੁੰਦਰ 'ਚ ਵਿਲੀਨ ਹੋ ਜਾਵਾਂਗੀ।'
ਓਰਫੇਲੀਜ਼ ਸ਼ਹਿਰ ਦੇ ਵਸਨੀਕਾਂ ਸਾਹਮਣੇ ਉਸ ਦੇ ਇਹ ਆਖਰੀ ਸ਼ਬਦ ਸਨ-'ਕੁਝ ਦੇਰ ਹਵਾ ਦੇ ਬਿਸਤਰ 'ਤੇ ਆਰਾਮ ਕਰਨ ਤੋਂ ਬਾਅਦ ਮੈਂ ਫਿਰ ਕਿਸੇ ਕੁੱਖ 'ਚੋਂ ਜਨਮ ਲਵਾਂਗਾ।'
'ਮੇਰੇ ਦੋਸਤ ਤੇ ਮੇਰੇ ਭਰਾ ਜਿਬਰਾਨ ਨੇ ਜਦੋਂ ਆਖਰੀ ਸਾਹ ਲਿਆ ਤਾਂ ਮੈਂ ਉਸੇ ਵੇਲੇ ਗੋਡਿਆਂ ਭਾਰ ਫਰਸ਼ 'ਤੇ ਬਹਿ ਗਿਆ। ਮੈਂ ਆਪਣੀ ਕੰਬਣੀ 'ਚੋਂ ਆਪਣੇ ਦੁਖੀ ਹਿਰਦੇ ਦੀਆਂ ਪ੍ਰਾਰਥਨਾਵਾਂ ਸੁਣ ਰਿਹਾ ਸੀ। ਇਨ੍ਹਾਂ ਪ੍ਰਾਰਥਨਾਵਾਂ ਵਿਚ ਬਾਈਬਲ ਦੇ ਇਹ ਪਵਿੱਤਰ ਸ਼ਬਦ ਸ਼ਾਮਿਲ ਸਨ, 'ਹੇ ਪ੍ਰਭੂ! ਰਹਿਮ ਕਰੋ! ਤੁਸੀਂ ਮੇਰੇ ਕਿੰਨੇ ਹੀ ਗੁਨਾਹ ਬਖਸ਼ੇ ਹਨ। ਮੈਨੂੰ ਆਪਣੀ ਦ੍ਰਿਸ਼ਟੀ ਨਾਲ ਨਿਰਮਲ ਕਰ ਦੇਵੋ, ਮੇਰੇ ਅੰਦਰ ਵੀ ਕਾਲਿਖ ਨੂੰ ਧੋ ਕੇ ਇਸ ਨੂੰ ਸਾਫ਼ ਕਰ ਦੇਵੋ।'
ਬਹੁਤ ਦੇਰ ਤੱਕ ਸਮਾਧੀ ਦੀ ਅਵਸਥਾ ਵਿਚ ਬੈਠੇ ਰਹਿਣ ਤੋਂ ਬਾਅਦ ਮੇਰੇ ਕੰਨਾਂ ਵਿਚ ਜਿਬਰਾਨ ਦੇ ਇਹ ਸ਼ਬਦ ਗੂੰਜ ਰਹੇ ਸਨ-'ਵੇਖੋ! ਮੈਂ ਹਮੇਸ਼ਾ ਤੁਹਾਡੇ ਅੰਗ-ਸੰਗ ਰਹਾਂਗਾ, ਇਸ ਦੁਨੀਆ ਦੇ ਆਖਰੀ ਸਿਰੇ ਤੱਕ।'
ਅਗਲੀ ਸਵੇਰ ਜਿਬਰਾਨ ਦੇ ਅੰਤਿਮ ਦਰਸ਼ਨਾਂ ਲਈ ਆਉਣ ਵਾਲੇ ਲੋਕਾਂ ਦੀ ਭਾਰੀ ਭੀੜ ਸੀ। ਉਸ ਦੀ ਮ੍ਰਿਤਕ ਦੇਹ ਫੁੱਲਾਂ ਨਾਲ ਢਕੀ ਹੋਈ ਸੀ। ਦੁੱਖ ਦੀ ਗੱਲ ਹੈ ਕਿ ਜਿਬਰਾਨ ਦੇ ਫਿਰਕੇ 'ਮੈਰਾਨਾਈਟ' ਗਿਰਜਾਘਰ ਦੇ ਪਾਦਰੀ ਨੇ ਉਸ ਦੀ ਮ੍ਰਿਤਕ ਦੇਹ ਨੂੰ ਕਬਰਿਸਤਾਨ ਵਿਚ ਦਫਨਾਉਣ ਤੋਂ ਇਸ ਲਈ ਇਨਕਾਰ ਕਰ ਦਿੱਤਾ, ਕਿਉਂਕਿ ਉਹ ਮਰਨ ਤੋਂ ਪਹਿਲਾਂ ਆਪਣੇ ਗੁਨਾਹਾਂ ਨੂੰ ਕਬੂਲ ਕਰਨ ਤੋਂ ਮੁਨਕਰ ਹੋ ਗਿਆ ਸੀ। ਜਿਬਰਾਨ ਦੀ ਮ੍ਰਿਤਕ ਦੇਹ ਨੂੰ ਬੋਸਟਨ ਭੇਜ ਦਿੱਤਾ ਗਿਆ। 'ਸੀਰੀਅਨ ਲੇਡੀਜ਼ ਏਡ ਸੁਸਾਇਟੀ' ਦੇ ਵਿਹੜੇ ਵਿਚ ਰੱਖੀ ਉਸ ਦੀ ਮ੍ਰਿਤਕ ਦੇਹ ਦੇ ਦਰਸ਼ਨਾਂ ਲਈ ਦੂਰ-ਦੂਰ ਤੋਂ ਲੋਕ ਪਹੁੰਚ ਰਹੇ ਸਨ। ਉਥੇ ਹੀ ਮੇਰੀ ਮੁਲਾਕਾਤ ਮੈਰੀ ਹੈਸਕਲ ਨਾਲ ਹੋਈ। ਉਹ ਸਾਦਗੀ ਅਤੇ ਸੰਜੀਦਗੀ ਦੀ ਮੂਰਤੀ ਜਾਪਦੀ ਸੀ। ਉਹ ਜਿਬਰਾਨ ਬਾਰੇ ਇੰਜ ਗੱਲਾਂ ਕਰ ਰਹੀ ਸੀ, ਜਿਵੇਂ ਉਹ ਅਜੇ ਜਿਊਂਦਾ ਹੋਵੇ। ਜਿਬਰਾਨ ਦੀ ਮ੍ਰਿਤਕ ਦੇਹ ਨੂੰ ਆਰਜ਼ੀ ਤੌਰ 'ਤੇ 'ਅਵਰ ਲੇਡੀ ਆਫ ਦ ਸਿਡਾਰਸ' ਨਾਮੀ ਮੈਰਾਨਾਈਟ ਚਰਚ ਦੇ ਪਿਛਵਾੜੇ ਬਣੇ ਕਬਰਿਸਤਾਨ ਵਿਚ ਦਫਨਾ ਦਿੱਤਾ ਗਿਆ। ਮੇਰੀਆਨਾ ਦੀ ਦਿਲੀ ਇੱਛਾ ਸੀ ਕਿ ਉਸ ਦੇ ਭਰਾ ਨੂੰ ਉਹ ਉਸ ਦੇ ਸਦੀਵੀ ਵਿਸ਼ਰਾਮ ਲਈ ਉਸ ਦੀ ਜਨਮ ਭੂਮੀ 'ਚ ਹੀ ਲੈ ਕੇ ਜਾਵੇ।
21 ਅਗਸਤ, 1931 ਨੂੰ ਜਿਬਰਾਨ ਦੀ ਮ੍ਰਿਤਕ ਦੇਹ ਨੂੰ ਬੋਸਟਨ ਤੋਂ ਬੇਰੂਤ ਤੇ ਬੇਰੂਤ ਤੋਂ ਬਿਸ਼ਾਰੀ ਲਿਜਾਇਆ ਗਿਆ। ਬਿਸ਼ਾਰੀ ਦਾ ਹਰ ਵਸਨੀਕ ਉਥੇ ਹਾਜ਼ਰ ਸੀ। ਲੋਕਾਂ ਦੀ ਏਨੀ ਵੱਡੀ ਭੀੜ ਮੈਂ ਕਦੇ ਨਹੀਂ ਦੇਖੀ ਸੀ। ਉਸ ਦੀ ਦੇਹ ਨੂੰ ਉਸ ਦੀ ਮਨਭਾਉਂਦੀ ਜਗ੍ਹਾ 'ਹਰਮਿਟੇਜ' ਦੇ ਲਾਗੇ ਹੀ ਦਫਨਾ ਦਿੱਤਾ ਗਿਆ। ਇਹ ਉਹੀ ਸਥਾਨ ਸੀ, ਜਿਥੇ ਉਹ ਸਕੂਨ ਭਰੇ ਦਿਨ ਬਤੀਤ ਕਰਨ ਦੇ ਸੁਪਨੇ ਦੇਖਿਆ ਕਰਦਾ ਸੀ। ਮੇਰੀਆਨਾ ਨੇ ਜ਼ਮੀਨ ਦੇ ਇਕ ਛੋਟੇ ਜਿਹੇ ਟੁਕੜੇ ਨੂੰ ਖਰੀਦ ਲਿਆ ਸੀ।
ਮੈਂ ਉਸ ਪਵਿੱਤਰ ਥਾਂ 'ਤੇ 1932 ਦੀ ਗਰਮੀ ਦੀ ਰੁੱਤ ਵਿਚ ਗਿਆ। ਦਰਵਾਜ਼ੇ 'ਤੇ ਉੱਕਰੇ ਇਹ ਸ਼ਬਦ ਉਸ ਜਗ੍ਹਾ ਦੀ ਸ਼ਾਂਤੀ ਤੇ ਪਵਿੱਤਰਤਾ ਦਾ ਵਰਨਣ ਕਰ ਰਹੇ ਸਨ-

ਓਹ! ਕਿੰਨਾ ਹੈ ਇਕਾਂਤ ਇਥੇ,
ਤੇ ਕਿੰਨਾ ਹੈ ਖਾਮੋਸ਼ ਸੁਹੱਪਣ ਇਥੇ।
(ਅਦਾਰਾ 'ਅਜੀਤ' ਜਲੰਧਰ ਤੋਂ ਧੰਨਵਾਦ ਸਹਿਤ)

ਪੰਜਾਬੀ ਕਹਾਣੀਆਂ (ਮੁੱਖ ਪੰਨਾ)
 
 

punjabi-kavita.com