Punjabi Stories/Kahanian
ਲੋਕ ਕਹਾਣੀਆਂ
Lok Kahanian

Punjabi Kavita
  

Buddhiman Aadami-Iranian Folk Tale

ਬੁੱਧੀਮਾਨ ਆਦਮੀ-ਇਰਾਨੀ ਲੋਕ ਕਹਾਣੀ

ਇੱਕ ਬੁੱਧੀਮਾਨ ਆਦਮੀ ਆਪਣੇ ਘੋੜੇ ‘ਤੇ ਸਵਾਰ ਕਿਤੇ ਜਾ ਰਿਹਾ ਸੀ। ਰਾਹ ਵਿੱਚ ਉਸ ਨੇ ਇੱਕ ਹਰਿਆ-ਭਰਿਆ ਬਾਗ਼ ਦੇਖਿਆ। ਉਸ ਥਾਂ ਕੁਝ ਚਿਰ ਆਰਾਮ ਕਰਨ ਦੀ ਸੋਚ ਕੇ ਉਸ ਨੇ ਆਪਣੇ ਘੋੜੇ ਨੂੰ ਉਸ ਹਰੇ ਭਰੇ ਬਾਗ਼ ਵੱਲ ਮੋੜ ਲਿਆ। ਉਸ ਥਾਂ ‘ਤੇ ਪੁੱਜ ਕੇ ਉਹ ਆਪਣੇ ਘੋੜੇ ਤੋਂ ਉੱਤਰ ਰਿਹਾ ਸੀ ਤਾਂ ਉਸ ਨੇ ਦੇਖਿਆ ਕਿ ਬਾਗ਼ ਦਾ ਰਖਵਾਲਾ ਸੇਬ ਦੇ ਇੱਕ ਦਰੱਖਤ ਦੇ ਥੱਲੇ ਮੂੰਹ ਅੱਡੀ ਸੌਂ ਰਿਹਾ ਹੈ। ਇਹ ਦੇਖ ਕੇ ਉਸ ਨੂੰ ਹਾਸਾ ਆ ਗਿਆ। ਉਸ ਨੇ ਰਖਵਾਲੇ ਨੂੰ ਜਗਾਉਣਾ ਠੀਕ ਨਹੀਂ ਸਮਝਿਆ।
ਉਹ ਸੁੱਤੇ ਹੋਏ ਨੂੰ ਦੇਖ ਹੀ ਰਿਹਾ ਸੀ ਕਿ ਇੱਕਦਮ ਦਰੱਖਤ ਦੇ ਉੱਪਰੋਂ ਇੱਕ ਬਿੱਛੂ ਉਸ ਰਖਵਾਲੇ ਦੇ ਮੂੰਹ ਵਿੱਚ ਜਾ ਡਿੱਗਿਆ ਜੋ ਮੂੰਹ ਅੱਡੀ ਦਰੱਖਤ ਦੇ ਹੇਠਾਂ ਸੌਂ ਰਿਹਾ ਸੀ। ਰਖਵਾਲਾ ਐਨਾ ਥੱਕਿਆ ਹੋਇਆ ਸੀ ਕਿ ਉਸ ਨੂੰ ਇਸ ਗੱਲ ਦਾ ਅਹਿਸਾਸ ਵੀ ਨਹੀਂ ਹੋਇਆ। ਉਸ ਨੇ ਸੁੱਤੇ ਪਏ ਨੇ ਆਪਣਾ ਮੂੰਹ ਬੰਦ ਕਰ ਲਿਆ ਅਤੇ ਮੂੰਹ ਵਿੱਚ ਡਿੱਗੀ ਚੀਜ਼ ਨੂੰ ਨਿਗਲ ਗਿਆ।
ਬੁੱਧੀਮਾਨ ਆਦਮੀ ਜਿਸ ਨੇ ਇਸ ਘਟਨਾ ਨੂੰ ਦੇਖਿਆ ਅਤੇ ਜੋ ਰਖਵਾਲੇ ਦੀ ਵਿਗੜਣ ਵਾਲੀ ਸਥਿਤੀ ਤੋਂ ਭਲੀਭਾਂਤ ਜਾਣੂ ਸੀ, ਚੀਕ-ਚੀਕ ਕੇ ਰਖਵਾਲੇ ਨੂੰ ਉਠਾ ਦਿੱਤਾ ਅਤੇ ਨਾ ਅੱਗਾ ਦੇਖਿਆ ਨਾ ਪਿੱਛਾ ਉਸ ਨੂੰ ਕੋੜੇ ਨਾਲ ਮਾਰਨਾ ਸ਼ੁਰੂ ਕਰ ਦਿੱਤਾ। ਰਖਵਾਲਾ ਜੋ ਰਾਹਗੀਰ ਬੁੱਧੀਮਾਨ ਆਦਮੀ ਦੀ ਆਵਾਜ਼ ਨਾਲ ਉੱਭੜਵਾਹੇ ਉੱਠਿਆ, ਨੇ ਕੋੜੇ ਦੀ ਮਾਰ ਨਾਲ ਚੀਕਦੇ ਹੋਏ ਕਿਹਾ, "ਤੁਸੀਂ ਕੌਣ ਹੋ? ਮੇਰੇ ਬਾਗ਼ ਵਿੱਚ ਕੀ ਕਰ ਰਹੇ ਹੋ ਅਤੇ ਤੁਸੀਂ ਮੈਨੂੰ ਕਿਸ ਗੱਲ ਲਈ ਕੁੱਟ ਰਹੇ ਹੋ?"
ਰਾਹਗੀਰ ਨੇ ਰਖਵਾਲੇ ਦੀ ਇੱਕ ਨਾ ਸੁਣੀ ਅਤੇ ਉਸ ਨੂੰ ਕੋੜੇ ਮਾਰਦੇ ਹੋਏ ਕਿਹਾ, "ਛੇਤੀ ਕਰੋ, ਖੜੇ ਹੋ ਜਾਵੋ ਅਤੇ ਧਰਤੀ ‘ਤੇ ਪਏ ਸੜੇ ਹੋਏ ਫਲ ਖਾਣਾ ਸ਼ੁਰੂ ਕਰ ਦਿਓ।" ਰਖਵਾਲਾ, ਜਿਸ ਨੂੰ ਇਹ ਪਤਾ ਨਹੀਂ ਸੀ ਕਿ ਉਸ ‘ਤੇ ਕਿਹੜੀ ਬਿਪਤਾ ਆ ਪਈ ਹੈ, ਨੇ ਖ਼ੁਦ ਨੂੰ ਕਿਹਾ ਕਿ ਜਦ ਇੱਥੇ ਚੰਗੇ ਅਤੇ ਸੁੰਦਰ ਫਲ ਮੌਜੂਦ ਹਨ ਤਾਂ ਮੈਂ ਧਰਤੀ ‘ਤੇ ਪਏ ਸੜੇ ਹੋਏ ਫਲ ਕਿਉਂ ਖਾਵਾਂ। ਅਜੇ ਉਹ ਸੋਚ ਹੀ ਰਿਹਾ ਸੀ ਕਿ ਰਾਹਗੀਰ ਨੇ ਉਸ ਨੂੰ ਕੁੱਟਣਾ ਜਾਰੀ ਰੱਖਦੇ ਹੋਏ ਕਿਹਾ ਕਿ ਜਾਂ ਤਾਂ ਕੁੱਟ ਨੂੰ ਸਹਿਣ ਕਰੋ ਨਹੀਂ ਤਾਂ ਸੜੇ ਹੋਏ ਫਲ ਖਾਓ।
ਰਾਹਗੀਰ ਰਖਵਾਲੇ ਦੀ ਇੱਕ ਨਹੀਂ ਸੁਣ ਰਿਹਾ ਸੀ। ਉਹ ਰਖਵਾਲੇ ਨੂੰ ਇਸ ਗੱਲ ਲਈ ਲਗਾਤਾਰ ਮਜਬੂਰ ਕਰ ਰਿਹਾ ਸੀ ਕਿ ਉਹ ਗਲੇ-ਸੜੇ ਫਲ ਖਾਵੇ। ਰਖਵਾਲੇ ਨੇ ਅਣਮੰਨੇ ਮਨ ਨਾਲ ਕੁਝ ਫਲ ਖਾ ਲਏ। ਹੌਲੀ ਹੌਲੀ ਉਸ ਨੇ ਐਨੇ ਫਲ ਖਾ ਲਏ ਸਨ ਕਿ ਹੁਣ ਉਸ ਦੇ ਢਿੱਡ ਵਿੱਚ ਬਿਲਕੁਲ ਥਾਂ ਨਹੀਂ ਬਚੀ ਸੀ। ਉਸ ਨੇ ਰਾਹਗੀਰ ਅੱਗੇ ਹੱਥ ਜੋੜ ਕੇ ਬੇਨਤੀ ਕੀਤੀ, "ਮੈਂ ਇਹੋ ਜਿਹਾ ਕਿਹੜਾ ਪਾਪ ਕੀਤਾ ਹੈ ਜਿਸ ਦੇ ਕਾਰਨ ਮੈਂ ਕੁੱਟ ਵੀ ਖਾਵਾਂ ਅਤੇ ਸੜੇ ਹੋਏ ਫਲ ਵੀ? ਮੇਰੀ ਸਿਹਤ ਬਹੁਤ ਖ਼ਰਾਬ ਹੁੰਦੀ ਜਾ ਰਹੀ ਹੈ।"
ਫਿਰ ਰਾਹਗੀਰ ਘੋੜੇ ‘ਤੇ ਸਵਾਰ ਹੋ ਗਿਆ ਅਤੇ ਰਖਵਾਲੇ ਨੂੰ ਕਹਿਣ ਲੱਗਾ ਕਿ ਮੈਂ ਤੇਰਾ ਪਿੱਛਾ ਨਹੀਂ ਛੱਡਾਂਗਾ। ਹੁਣ ਤੁਸੀਂ ਉਸੇ ਦਰੱਖਤ ਦੇ ਥੱਲੇ ਜਾ ਕੇ ਦੌੜ ਲਗਾਓ ਜਿਸ ਦੇ ਹੇਠਾਂ ਤੁਸੀਂ ਸੌਂ ਰਹੇ ਸੀ। ਰਖਵਾਲੇ ਨੇ ਉਵੇਂ ਹੀ ਕੀਤਾ, ਜਿਵੇਂ ਰਾਹਗੀਰ ਨੇ ਉਸ ਨੂੰ ਕਿਹਾ। ਹੁਣ ਰਖਵਾਲਾ ਦੌੜ ਵੀ ਰਿਹਾ ਸੀ ਅਤੇ ਕੋੜੇ ਵੀ ਖਾ ਰਿਹਾ ਸੀ। ਰਖਵਾਲੇ ਦੀ ਹਾਲਤ ਹੌਲੀ-ਹੌਲੀ ਵਿਗੜਦੀ ਜਾ ਰਹੀ ਸੀ। ਦੌੜਦੇ-ਦੌੜਦੇ ਰਖਵਾਲਾ ਧਰਤੀ ‘ਤੇ ਡਿੱਗ ਪਿਆ ਅਤੇ ਉਸ ਨੂੰ ਉਲਟੀ ਆ ਗਈ। ਉਲਟੀ ਕਰਨ ਸਾਰ ਉਸ ਨੇ ਰਾਹਗੀਰ ਵੱਲ ਗਿੜਗਿੜਾਉਂਦੇ ਹੋਏ ਦੇਖਿਆ। ਹੁਣ ਉਸ ਦੇ ਚਿਹਰੇ ‘ਤੇ ਗੁੱਸੇ ਦਾ ਕੋਈ ਨਿਸ਼ਾਨ ਨਹੀਂ ਸੀ ਬਲਕਿ ਉਹ ਮੁਸਕਰਾ ਰਿਹਾ ਸੀ।
ਫਿਰ ਰਾਹਗੀਰ, ਰਖਵਾਲੇ ਕੋਲ ਗਿਆ ਅਤੇ ਕੋੜੇ ਨੂੰ ਇੱਕ ਪਾਸੇ ਸੁੱਟ ਕੇ ਬੜੀ ਹੀ ਨਿਮਰਤਾ ਨਾਲ ਕਿਹਾ ਕਿ ਮੈਨੂੰ ਮੁਆਫ਼ ਕਰ ਦਿਓ। ਮੇਰੇ ਕੋਲ ਇਸ ਤੋਂ ਇਲਾਵਾ ਕੋਈ ਹੋਰ ਰਾਹ ਨਹੀਂ ਸੀ। ਫਿਰ ਉਸ ਨੇ ਰਖਵਾਲੇ ਨੂੰ ਸ਼ੁਰੂ ਤੋਂ ਲੈ ਕੇ ਅੰਤ ਤਕ ਦੀ ਸਾਰੀ ਗੱਲ ਦੱਸੀ। ਰਖਵਾਲੇ ਨੇ ਬਿੱਛੂ ਨੂੰ ਦੇਖਿਆ ਅਤੇ ਚੀਕਦੇ ਹੋਏ ਕਿਹਾ ਕਿ ਬਿੱਛੂ-ਬਿੱਛੂ। ਮੇਰੇ ਢਿੱਡ ਵਿਚ ਬਿੱਛੂ ਕੀ ਕਰ ਰਿਹਾ ਸੀ?
ਰਾਹਗੀਰ ਨੇ ਫਿਰ ਉਸ ਨੂੰ ਦੱਸਿਆ ਕਿ ਜੇਕਰ ਮੈਂ ਤੁਹਾਨੂੰ ਇਹ ਦੱਸਦਾ ਕਿ ਤੁਹਾਡੇ ਢਿੱਡ ਵਿੱਚ ਬਿੱਛੂ ਚਲਾ ਗਿਆ ਹੈ ਤਾਂ ਤੁਸੀਂ ਡਰ ਨਾਲ ਦਹਿਲ ਕੇ ਨਾਲ ਮਰ ਜਾਣਾ ਸੀ। ਇਸ ਲਈ ਮੈਂ ਸੋਚਿਆ ਕਿ ਤੁਹਾਡੇ ਸਰੀਰ ਵਿੱਚੋਂ ਬਿੱਛੂ ਦਾ ਜ਼ਹਿਰ ਫੈਲਣ ਤੋਂ ਪਹਿਲਾਂ ਕੋਈ ਇਹੋ ਜਿਹਾ ਕੰਮ ਕਰਾਂ ਜਿਸ ਨਾਲ ਬਿੱਛੂ ਢਿੱਡ ‘ਚੋਂ ਬਾਹਰ ਆ ਜਾਵੇ। ਗਲੇ-ਸੜੇ ਫਲ ਖਾਣਾ ਅਤੇ ਦੌੜ ਲਗਾਉਣ ਨਾਲ ਹੀ ਇਹ ਸੰਭਵ ਸੀ। ਕਿਰਪਾ ਕਰਕੇ ਮੈਨੂੰ ਮੁਆਫ਼ ਕਰ ਦਿਓ।
ਰਖਵਾਲੇ ਦੀ ਸਮਝ ਵਿੱਚ ਆ ਚੁੱਕਾ ਸੀ ਕਿ ਰਾਹਗੀਰ ਨਿਰਦਈ ਨਹੀਂ ਸੀ ਬਲਕਿ ਉਸ ਦੇ ਬੁੱਧੀਮਾਨ ਹੋਣ ਕਰਕੇ ਉਸ ਦੀ ਜਾਨ ਬਚ ਗਈ ਸੀ। ਉਹ ਸਾਰਾ ਦਰਦ ਭੁੱਲ ਕੇ ਰਾਹਗੀਰ ਦੇ ਪੈਰੀਂ ਪੈ ਗਿਆ।

(ਨਿਰਮਲ ਪ੍ਰੇਮੀ)

 
 

To veiw this site you must have Unicode fonts. Contact Us

punjabi-kavita.com