Punjabi Stories/Kahanian
ਲੋਕ ਕਹਾਣੀਆਂ
Lok Kahanian

Punjabi Kavita
  

Saudagar Da Tarq-Iranian Folk Tale

ਸੌਦਾਗਰ ਦਾ ਤਰਕ-ਇਰਾਨੀ ਲੋਕ ਕਹਾਣੀ

ਕਹਿੰਦੇ ਹਨ ਕਿ ਇੱਕ ਵਪਾਰੀ ਸੀ ਜਿਸ ਦੇ ਇੱਕ ਹੀ ਉਮਰ ਦੇ ਦੋ ਸੇਵਕ ਸਨ। ਦੋਵੇਂ ਸੇਵਕ ਪੰਜ ਸਾਲ ਤੋਂ ਉਸ ਦੇ ਕੋਲ ਕੰਮ ਕਰ ਰਹੇ ਸਨ, ਪਰ ਉਹ ਇੱਕ ਸੇਵਕ ਨੂੰ ਦੂਜੇ ਸੇਵਕ ਨਾਲੋਂ ਵੱਧ ਤਨਖ਼ਾਹ ਦਿੰਦਾ ਸੀ। ਘੱਟ ਤਨਖ਼ਾਹ ਵਾਲਾ ਸੇਵਕ ਉਸ ਵਪਾਰੀ ਦਾ ਬਹੁਤ ਸਤਿਕਾਰ ਕਰਦਾ ਸੀ, ਪਰ ਉਸ ਨੂੰ ਆਪਣੀ ਘੱਟ ਤਨਖ਼ਾਹ ਹੋਣ ਦਾ ਦੁੱਖ ਵੀ ਸੀ।
ਇੱਕ ਵਾਰ ਵਪਾਰੀ ਆਪਣੇ ਦੋਵਾਂ ਸੇਵਕਾਂ ਨਾਲ ਜਾ ਰਿਹਾ ਸੀ। ਰਸਤੇ ਵਿੱਚ ਵਪਾਰੀ ਨੂੰ ਕੁਝ ਸਮੇਂ ਲੲੀ ਇਕੱਲਾ ਦੇਖ ਕੇ ਘੱਟ ਤਨਖ਼ਾਹ ਵਾਲਾ ਸੇਵਕ ਕਹਿਣ ਲੱਗਿਆ, ‘‘ਮਾਲਕ ਤੁਸੀਂ ਜੋ ਕੁਝ ਵੀ ਮੈਨੂੰ ਦਿੰਦੇ ਹੋ, ਮੈਂ ਉਸ ’ਤੇ ਪਰਮਾਤਮਾ ਦਾ ਧੰਨਵਾਦ ਕਰਦਾ ਹਾਂ, ਪਰ ਮੈਂ ਇਹ ਪੁੱਛਣਾ ਚਾਹੁੰਦਾ ਹਾਂ ਕਿ ਤੁਸੀਂ ਮੇਰੇ ਨਾਲੋਂ ਦੂਜੇ ਸੇਵਕ ਨੂੰ ਵੱਧ ਤਨਖ਼ਾਹ ਕਿਉਂ ਦਿੰਦੇ ਹੋ?
ਸੌਦਾਗਰ ਮੁਸਕਰਾਇਆ ਅਤੇ ਕਹਿਣਾ ਲੱਗਿਆ ਕਿ ਤੂੰ ਬੇਫ਼ਿਕਰ ਰਹਿ। ਕਿਸੇ ਨੂੰ ਕੁਝ ਵੀ ਬਿਨਾਂ ਮਤਲਬ ਦੇ ਵੱਧ ਨਹੀਂ ਮਿਲਦਾ ਅਤੇ ਕਿਸੇ ਨੂੰ ਬਿਨਾਂ ਤਰਕ ਦੇ ਕੁਝ ਘੱਟ ਨਹੀਂ ਮਿਲਦਾ। ਤੂੰ ਥੋੜ੍ਹੀ ਉਡੀਕ ਕਰ। ਮੈਂ ਸਹੀ ਮੌਕੇ ’ਤੇ ਤੈਨੂੰ ਇਹ ਗੱਲ ਸਮਝਾਊਂਗਾ।
ਦੋ-ਤਿੰਨ ਦਿਨ ਲੰਘ ਗਏ। ਇੱਕ ਦਿਨ ਸੌਦਾਗਰ ਅਤੇ ਸੇਵਕ ਖਾਣਾ ਖਾ ਰਹੇ ਸਨ ਕਿ ਅਚਾਨਕ ਕੋਈ ਕਾਫ਼ਲਾ ਆਉਣ ਦੀ ਆਵਾਜ਼ ਸੁਣਾਈ ਦਿੱਤੀ। ਸੌਦਾਗਰ ਦੇ ਕੋਲ ਕਾਫ਼ੀ ਮਾਤਰਾ ਵਿੱਚ ਸਾਮਾਨ ਸੀ ਅਤੇ ਉਹ ਕੋਈ ਖ਼ਰੀਦਦਾਰ ਲੱਭ ਰਿਹਾ ਸੀ। ਉਸ ਨੇ ਆਪਣੇ ਸੇਵਕ ਨੂੰ ਕਿਹਾ ਕਿ ਮੈਨੂੰ ਆਸ ਹੈ ਕਿ ਇਸ ਕਾਫ਼ਲੇ ਵਿੱਚ ਕੁਝ ਖ਼ਰੀਦਦਾਰ ਮਿਲ ਜਾਣਗੇ। ਮੈਂ ਚਾਹੁੰਦਾ ਹਾਂ ਕਿ ਜਿੰਨਾ ਜਲਦੀ ਹੋ ਸਕੇ ਸਾਮਾਨ ਵਿਕ ਜਾਵੇ ਅਤੇ ਅਸੀਂ ਘਰਾਂ ਨੂੰ ਮੁੜ ਸਕੀਏ।
ਉਸ ਨੇ ਆਪਣੇ ਸੇਵਕਾਂ ਨੂੰ ਕਿਹਾ ਕਿ ਤੁਹਾਡੇ ’ਚੋਂ ਕੋਈ ਇੱਕ ਜਾਵੇ ਅਤੇ ਕਾਫ਼ਲੇ ਦੇ ਲੋਕਾਂ ਨੂੰ ਮਿਲ ਕੇ ਦੇਖੇ ਕਿ ਕੋਈ ਖ਼ਰੀਦਦਾਰ ਹੈ ਜਾਂ ਨਹੀਂ। ਘੱਟ ਤਨਖ਼ਾਹ ਲੈਣ ਵਾਲੇ ਨੇ ਆਪਣੀ ਕਾਬਲੀਅਤ ਸਿੱਧ ਕਰਨ ਲਈ ਕਿਹਾ ਕਿ ਮੈਂ ਜਾ ਕੇ ਦੇਖਦਾ ਹਾਂ। ਉਹ ਗਿਆ ਅਤੇ ਥੋੜ੍ਹੀ ਦੇਰ ਬਾਅਦ ਵਾਪਸ ਆ ਗਿਆ ਅਤੇ ਕਹਿਣ ਲੱਗਿਆ ਕਿ ਕਾਫ਼ਲਾ ਤਾਂ ਹੈ, ਪਰ ਉਸ ਵਿੱਚ ਕੋਈ ਵੀ ਖ਼ਰੀਦਦਾਰ ਨਹੀਂ ਲੱਗਦਾ।
ਸੌਦਾਗਰ ਨੇ ਫਿਰ ਦੂਜੇ ਸੇਵਕ ਨੂੰ ਕਿਹਾ ਕਿ ਜ਼ਰਾ, ਤੂੰ ਜਾ ਕੇ ਦੇਖ। ਉਹ ਸੇਵਕ ਉੱਠ ਕੇ ਚਲਾ ਗਿਆ। ਜਦ ਉਸ ਸੇਵਕ ਨੂੰ ਵਾਪਸ ਮੁੜਨ ਵਿੱਚ ਦੇਰ ਹੋਈ ਤਾਂ ਘੱਟ ਤਨਖ਼ਾਹ ਵਾਲਾ ਸੇਵਕ ਮਨ ਹੀ ਮਨ ਖ਼ੁਸ਼ ਹੋਣ ਲੱਗਿਆ ਕਿ ਕਿੰਨਾ ਮੂਰਖ ਹੈ। ਵਾਪਸ ਮੁੜਨ ਵਿੱਚ ਐਨੀ ਦੇਰੀ ਲਾ ਰਿਹਾ ਹੈ, ਪਰ ਉਸ ਨੇ ਸੌਦਾਗਰ ਨੂੰ ਕੁਝ ਨਾ ਕਿਹਾ। ਕੁਝ ਦੇਰ ਹੋਰ ਹੋ ਜਾਣ ਬਾਅਦ ਸੇਵਕ ਵਾਪਸ ਆ ਗਿਆ।
ਸੌਦਾਗਰ ਨੇ ਪੁੱਛਿਆ ਕਿ ਕੀ ਹੋਇਆ? ਉਸ ਨੇ ਉੱਤਰ ਦਿੱਤਾ ਕਿ ਕਾਫ਼ਲੇ ਵਿੱਚ ਸੌ ਨਾਲੋਂ ਵੱਧ ਊਠ, ਪੈਂਤੀ ਖੱਚਰ ਤੇ ਕੁਝ ਹੋਰ ਜਾਨਵਰ ਹਨ। ਇੱਕ ਸੌ ਪੱਚੀ ਜਾਨਵਰਾਂ ਦੀ ਪਿੱਠ ’ਤੇ ਸਾਮਾਨ ਲੱਦਿਆ ਹੈ ਅਤੇ ਦਸ ਦੀ ਪਿੱਠ ’ਤੇ ਕਾਫ਼ਲੇ ਦੇ ਮਾਲਕ ਬੈਠੇ ਹਨ। ਉਨ੍ਹਾਂ ਦੇ ਸਾਮਾਨ ਵਿੱਚ ਕੱਪੜਾ, ਬਦਾਮ ਅਤੇ ਅਖਰੋਟ ਸ਼ਾਮਿਲ ਹੈ। ਕਾਫ਼ਲਾ ਕਾਹਲੀ ਵਿੱਚ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ ਤਾਂ ਕਿ ਰਾਤ ਪੈਣ ਤੋਂ ਪਹਿਲਾਂ ਸਰਾਂ ਤਕ ਪਹੁੰਚ ਜਾਵੇ ਤਾਂ ਕਿ ਕਿਤੇ ਲੁਟੇਰਿਆਂ ਨਾਲ ਸਾਹਮਣਾ ਨਾ ਹੋ ਜਾਵੇ। ਕਾਫ਼ਲਾ ਦੋ ਦਿਨ ਉਸ ਸਰਾਂ ਵਿੱਚ ਰੁਕੇਗਾ ਅਤੇ ਉੱਥੋਂ ਮਸਾਲਾ, ਰੇਸ਼ਮ, ਉਨ ਅਤੇ ਰੂੰ ਖ਼ਰੀਦੇਗਾ। ਮੈਂ ਉਨ੍ਹਾਂ ਨੂੰ ਕਿਹਾ ਕਿ ਸਾਡੇ ਕੋਲ ਰੂੰ ਅਤੇ ਰੇਸ਼ਮ ਹੈ ਤਾਂ ਉਨ੍ਹਾਂ ਨੇ ਸਾਨੂੰ ਕੱਲ੍ਹ ਸਵੇਰੇ ਉਸ ਸਰਾਂ ਵਿੱਚ ਸਾਮਾਨ ਸਮੇਤ ਬੁਲਾਇਆ ਹੈ।
ਸੌਦਾਗਰ ਨੇ ਉਸ ਨੂੰ ਥਾਪੀ ਦਿੱਤੀ ਅਤੇ ਕਹਿਣਾ ਲੱਗਿਆ ਕਿ ਤੂੰ ਬੜੀ ਕੀਮਤੀ ਜਾਣਕਾਰੀ ਹਾਸਲ ਕੀਤੀ ਹੈ। ਚੰਗਾ, ਇਹ ਦੱਸ ਕਿ ਤੂੰ ਉਨ੍ਹਾਂ ਨੂੰ ਵਸਤਾਂ ਦੇ ਮੁੱਲ ਬਾਰੇ ਤਾਂ ਕੁਝ ਨਹੀਂ ਦੱਸਿਆ। ਸੇਵਕ ਨੇ ਜਵਾਬ ਦਿੱਤਾ ਕਿ ਨਹੀਂ, ਮੈਂ ਮੁੱਲ ਦਾ ਮਾਮਲਾ ਤੁਹਾਡੇ ’ਤੇ ਛੱਡ ਦਿੱਤਾ। ਸੌਦਾਗਰ ਨੇ ਫਿਰ ਉਸ ਨੂੰ ਸ਼ਾਬਾਸ਼ੀ ਦਿੱਤੀ।
ਜਦ ਉਹ ਸੇਵਕ ਚਲਾ ਗਿਆ ਤਾਂ ਸੌਦਾਗਰ ਨੇ ਘੱਟ ਤਨਖ਼ਾਹ ਵਾਲੇ ਸੇਵਕ ਨੂੰ ਕਿਹਾ ਕਿ ਹੁਣ ਤੂੰ ਸਮਝ ਗਿਆ ਹੋਵੇਂਗਾ ਕਿ ਮੈਂ ਉਸ ਨੂੰ ਦੁੱਗਣੀ ਤਨਖ਼ਾਹ ਕਿਉਂ ਦਿੰਦਾ ਹਾਂ।

(ਨਿਰਮਲ ਪ੍ਰੇਮੀ)

 
 

To veiw this site you must have Unicode fonts. Contact Us

punjabi-kavita.com