Aai Pure Di Vaa (Punjabi Story) : Nain Sukh

ਆਈ ਪੁਰੇ ਦੀ ਵਾਅ (ਕਹਾਣੀ) : ਨੈਣ ਸੁੱਖ

ਆਈ ਪੁਰੇ ਦੀ ਵਾਅ, ਤਮਾਕੂ ਵੈਹ ਪਿਆ
ਸੂਬੇ ਮੰਝੀ ਡਾਹੀ ਤੇ ਰੱਖਾ ਢੈਹ ਪਿਆ

ਮੇਲ ਆਈਆਂ ਸਈਆਂ ਦਾ ਗੌਣ ਸੁਣ ਕੇ ਸੂਬੇ ਦੇ ਘਰੋਂ ਭਾਗੀ ਸੰਗਦਿਆਂ ਗੁੜ੍ਹਕਦੇ ਦਿਓਰ ਰੱਖੇ ਤੋਂ ਘੁੰਡ ਕੱਢ ਲਿਆ, ਜਿਹਨੇ ਬਾਂਹ ਉਤੇ ਸ਼ਗਨਾਂ ਦਾ ਗਾਨਾ ਬੰਨ੍ਹਿਆ ਹੋਇਆ। ਰੱਖੇ ਦੀਆਂ ਮਾਈਆਂ ਹੋਏ ਛੇ ਦਿਨ ਹੋ ਗਏ, ਅੱਜ ਸਤਵੇਂ ਦਿਨ ਖਾਰਾ। ਭਰਜਾਈ ਭਾਗੀ ਘੜੋਲੀ ਚੁੱਕਣੀ ਜਿਹਦੇ ਲਈ ਓਹ ਲੀਰਾਂ ਦਾ ਇਨੂੰ ਵਲ੍ਹੇਟ ਰਹੀ। 1921, ਪੁਰੇ ਦੀ ਵਾਅ ਵਗਦਿਆਂ ਬਿਮਾਰ ਲੰਮੇ ਪਏ ਪਾਦਰੀ ਆਈ ਡੀ ਸ਼ਹਿਬਾਜ਼ ਨੂੰ ਛਿਆਠ ਵਰ੍ਹੇ ਪਿੱਛੇ, ਭੁਲਵਾਲ ਜ਼ਿਲ੍ਹਾ ਸ਼ਾਹਪੁਰ ਤੋਂ ਸੈਂਕੜੇ ਕੋਹ ਦੁਰਾਡੇ ਤੀਜੇ ਜ਼ਿਲ੍ਹੇ ਸਿਆਲਕੋਟ ਦੇ ਸ਼ਹਿਰ ਜ਼ਫ਼ਰਵਾਲ ਉਡਾ ਕੇ ਲੈ ਗਈ, ਜਿੱਥੇ ਓਹਦੀ ਦੀਨਦਾਰ ਬਰਾਦਰੀ ਵਿਆਹ ਰਚਾਇਆ ਹੋਇਆ। ਜਾਂਗਲੀ ਵਸੇਬ ਦੀ ਵਲਾਕੀ ਵਿਚ ਬੁਢੇਪਾ ਹੰਢਾਂਦਾ ਗੋਂਦਲ ਬਾਰ ਦੇ ਨਵੇਂ ਉਸਰੇ ਗਿਰਜਾਘਰ ਦੀ ਬਾਰੀ 'ਚੋਂ ਮਾੜੀ ਜੇਹੀ ਆਕੜ ਲੈਂਦਿਆਂ, ਗਭਰੂ ਹੋ ਕੇ ਸਿਹਰੇ ਸਮੇਂ ਮਾਝੇ ਅੱਪੜ ਗਿਆ, ਜਿੱਥੇ ਬਜਵਾਤ ਵਿੱਚ ਰੌਣਕ ਮੇਲਾ ਖਿੜਿਆ ਹੋਇਆ- ਹੁਣ ਓਹ ਮਸੀਹੀ ਬਰਾਦਰੀ ਦਾ ਸਿਰਕੱਢ ਜੀਅ ਤੇ ਓਹਦੇ ਨਾਂ ਨਾਲ ਡੀ ਡੀ (ਡਾਕਟਰ ਆਫ਼ ਡਿਵਿਨਟੀ) ਦਾ ਫੁੰਮਣ ਫਬਿਆ ਪਰ ਓਹਨੂੰ ਆਪਣਾ ਲਗੰਦਿਆਂ ਪਿਛੋਕੜ ਕਦੀ ਵਿੱਸਰਿਆ ਨਾ। ਓਹ ਚੰਗਾ ਜਾਣੂ ਕਿ ਅਛੂਤ ਮੁਸਲਮਾਨ ਹੋ ਕੇ ਮੁਸੱਲੀ (ਮੁਸਲਮ ਲੱਲੀ) ਯਾਂ ਦੀਨਦਾਰ, ਸਿੱਖ ਹੋ ਕੇ ਮਜ਼੍ਹਬੀ ਸਿੱਖ ਤੇ ਮਸੀਹ ਹੋ ਕੇ ਕਿਰਨੇ (ਕਿਰਨੇ ਦਾ ਮਤਲਬ ਬਰਾਦਰੀ 'ਚੋਂ ਕਿਰ ਗਏ) ਮਗਰੋਂ ਇਸਾਈ ਅਖਵਾਏ। ਜਿਹੜੇ ਅਛੂਤ, ਕਿਸੇ ਮਜ਼੍ਹਬ ਦੇ ਮੇਚੇ ਵਿੱਚ ਪੂਰੇ ਨਾ ਆਏ, ਓਹ ਲੱਲੀ ਫ਼ਕੀਰ। ਲੱਲਾ (ਕਰਿਸ਼ਨ ਮਹਾਰਾਜ) ਦੇ ਭਗਤ ਹੋਣ ਪਾਦਰੀ ਆਈ ਡੀ ਸ਼ਹਿਬਾਜ਼ ਵਜੋਂ ਲੱਲੀ ਤੇ ਲਾਲਾਂ ਵਾਲੀ ਸਰਕਾਰ (ਸਖ਼ੀ ਸਰਵਰ) ਦੇ ਫ਼ਕੀਰ। ਏਹਨਾਂ ਅਛੂਤਾਂ ਦੀ ਵਸਤੀ ਮਾਝੇ ਵਿੱਚ ਠੱਠੀ ਤੇ ਦੁਆਬੇ ਵਿੱਚ ਚਮਾਰਲੀ।

ਅਛੂਤ ਹਿੰਦੂ ਹੋ ਕੇ ਮੇਘ ਜਿਹੜੇ ਅਪਣੇ ਆਪ ਨੂੰ ਦੂਜੇ ਅਛੂਤਾਂ ਤੋਂ ਉਚਾ ਜਾਨਣ। ਮੇਘ ਬਰਾਦਰੀ ਮਾਨਣ ਲਈ ਆਪਣਾ ਬ੍ਰਾਹਮਣ ਪਿਛੋਕੜ ਘੜਿਆ... ਅਖੇ ਪੁਰਾਣੇ ਸਮੇਂ ਕੋਈ ਚਾਰ ਭਰਾ ਹੋਏ ਜਿਹਨਾਂ ਦਾ ਘਰ-ਬਾਹਰ ਸਾਂਝਾ, ਵਖਰਿਪ ਕੋਈ ਨਾ। ਕੁਦਰਤ ਦਾ ਕਰਨਾ, ਵੇਹੜੇ ਵਿੱਚ ਓਹਨਾਂ ਦੀ ਗਾਂ ਚਲਾਣਾ ਕਰ ਗਈ। ਮੋਈ ਗਊ ਮਾਤਾ ਨੂੰ ਕਿਵੇਂ ਬਿੱਲੇ ਲਾਈਏ, ਉਚੀ ਜਾਤੀ ਦੇ ਜੀਆਂ ਨੂੰ ਸਿਆਪਾ ਪੈ ਗਿਆ। ਓਹਨਾਂ ਦਾ ਧਰਮੀ ਘਰ ਮੰਦਰ ਸਮਾਨ, ਸਾਹਮਣੇ ਦਾਨ ਪੇਟੀ ਪਈ ਹੋਵੇ, ਓਧਰ ਪੂਜਾ ਪਾਠ ਦਾ ਅਸਥਾਨ, ਏਧਰ ਗਊ ਮਾਤਾ ਦੀ ਖੁਰਲੀ, ਵਿਚਕਾਰ ਥੜ੍ਹੀ ਉਤੇ ਤੁਲਸੀ ਦਾ ਬੂਟਾ। ਚੁਮਾਰ ਅਛੂਤ ਅੰਦਰ ਆਵੇ ਕੀਕਣ, ਬ੍ਰਾਹਮਣ ਮੁਰਦਾਰ ਨੂੰ ਹੱਥ ਨਾ ਲਾਣਾ। ਕੋਈ ਉਪਾਅ ਨਾ ਹੋਇਆ ਤੇ ਓੜਕ ਨਿੱਕੇ ਭਰਾ ਏਸ ਨੀਚ ਅਛੂਤੀ ਕੰਮ ਦੀ ਏਸ ਸ਼ਰਤ 'ਤੇ ਹਾਮੀ ਭਰੀ ਕਿ ਓਹ ਕਿਧਰੇ ਭਰਾ ਘੱਤੀ 'ਚੋਂ ਵਿੱਛੜੇ ਨਾ। ਪਰ ਜਦੋਂ ਓਹ ਪਲੀਤ ਮੁਰਦਾਰ ਨੂੰ ਘਰੋਂ ਬਾਹਰ ਸੁੱਟ ਕੇ ਪਰਤਿਆ, ਵੱਡੇ ਮਾਂ ਜਾਇਆਂ ਛੀ ਛੀ ਕਰਦਿਆਂ ਨੱਕ ਉਤੇ ਹੱਥ ਰੱਖ ਕੇ ਮੂੰਹ ਫੇਰ ਲਏ, ਮੱਥੇ ਲੱਗਣ ਤੋਂ ਇਨਕਾਰੀ ਕਿ ਓਹ ਹੁਣ ਓਹਨਾਂ ਲਈ ਅਛੂਤ। ਪਰ ਪਰ੍ਹਾਂ ਪਰ੍ਹਾਂ ਹੋਂਦਿਆਂ ਨੂੰ ਨਿੱਕੇ ਭਰਾ ਉਤੇ ਦਯਾ ਆਈ ਤੇ ਓਹਨਾਂ ਮਿਲਣੀ ਲਈ ਓਹਨੂੰ ਚੌਥੇ ਦਿਨ ਦਾ ਵਚਨ ਦਿੱਤਾ। ਓਹ ਚੌਥੇ ਦਿਨ ਆਇਆ ਤੇ ਚੌਥੇ ਹਫ਼ਤੇ ਦੀ ਤਾਰੀਕ ਪਈ। ਚੌਥਾ ਹਫ਼ਤਾ ਵਧਦਾ ਵਧਦਾ ਚੌਥਾ ਮਹੀਨਾ ਜਿਹੜਾ ਅੱਗੋਂ ਚੌਥਾ ਵਰ੍ਹਾ ਹੋਇਆ, ਗੱਲ ਓੜਕ ਚੌਥੇ ਯੁੱਗ ਉਤੇ ਮੁੱਕੀ। "ਪ੍ਰਾਣ ਜਾਏ ਪਰ ਵਚਨ ਨਾ ਜਾਏ!" ਚਤਾਰਦੇ ਬ੍ਰਾਹਮਣ ਪੰਡਤਾਂ ਦੇ ਗਵੇੜ ਮੂਜਬ ਹੁਣ ਏਹ ਚੌਥਾ ਯੁੱਗ- ਮੁਰਦਾਰ ਨੂੰ ਹੱਥ ਲਾਇਆਂ ਪਾਪੀ ਹੋਏ ਪੀੜ੍ਹੀਓ ਪੀੜ੍ਹੀ ਅਛੂਤ ਮੇਘ।
ਮੇਘ ਓਸ ਲੱਠ ਨੂੰ ਆਖਦੇ ਜੇਹੜੀ ਪਿੰਡ ਦੇ ਸਾਂਝੇ ਛੱਪੜ ਵਿੱਚ ਨੱਪੀ ਹੋਵੇ ਜੀਹਦੇ ਤੋਂ ਡੂੰਘਾਈ ਕੱਛਦੇ। ਜਿੱਥੇ ਸਿਆਲ ਵਿੱਚ ਕੰਮੀ ਸੇਪੀ ਠਰਦਿਆਂ ਖਲੋ ਕੇ ਮਾਲਕਾਂ ਦੀ 'ਸਣ' ਕੱਢਦੇ। ਛੱਪੜ ਵਿੱਚ ਗਾਲਣ ਲਈ ਦੱਬੀ ਸਣ ਪਾਣੀ ਵਿੱਚ ਭਿਓਂ ਭਿਓਂ ਛਿੱਲਦੇ, ਇੰਜ ਓਹ ਟੁੱਟਦੀ ਨਾ, ਪਿਲਛੀ ਤੋਂ ਪੂਰੀ ਪੂਰੀ ਲਹਿੰਦੀ ਤੇ ਏਵੇਂ ਹੀ ਏਥੇ ਪਰਾਲੀ ਦੇ ਖੱਬੜ ਵੱਟਦੇ। ਹਿੰਦੂ ਹੋਏ ਅਛੂਤ ਨੂੰ ਮੇਘ ਤਾਂ ਆਖਦੇ ਕਿ ਓਹ ਹਿੰਦੂ ਧਰਮ ਧਾਰਨ ਕਰਕੇ ਅੱਧੇ ਪਲੀਤੀ 'ਚੋਂ ਬਾਹਰ ਆ ਗਏ ਪਰ ਅੱਧੇ ਅਜੇ ਪਲੀਤੀ ਦੇ ਅੰਦਰ ਕਿਓਂ ਜੇ ਓਹ ਅਪਣੇ ਨੀਚ ਕਰਮਾਂ ਵਜੋਂ ਅਛੂਤ। ਜੱਗ ਭਾਣੇ ਜਿਹੜੇ ਬਦਜ਼ਾਤ ਤੇ ਕਮਜਾਤ, ਓਹਨਾਂ ਵਿੱਚ ਵੀ ਜਾਤਾਂ: ਸਾਰਸਤ, ਸਾਰਸਰ, ਢਬੂਰ, ਪਹੋਤ, ਸੋਧੇ, ਚਾਵਰੀਏ, ਹੰਗਲੇ, ਮਹਿਰੀਏ, ਲੋਕਹਾਰੇ, ਕਲਿਆਨੇ, ਮਕਿਆਨੇ, ਬੀਨਵਾਲ ਤੇ ਚੰਡਾਲ- ਗਿਣਦਿਆਂ ਪਾਦਰੀ ਆਈ ਡੀ ਸ਼ਹਿਬਾਜ਼ ਦੇ ਮੁੱਖ ਉਤੇ ਨਿੱਕੀ ਜੇਹੀ ਹਾਸੀ ਖਿੰਡ ਗਈ- ਹੁਣ ਭਾਵੇਂ ਅੱਖੋਂ ਪੂਰਾ ਨਾ ਦਿਸਦਾ ਪਰ ਚਿੱਤ ਵਿੱਚ ਪਿਛਲੱਗ ਸਾਂਗੇ ਹਰੇ ਰਹੇ, ਪਾਦਰੀ ਆਈ ਡੀ ਸ਼ਹਿਬਾਜ਼ ਵਿਚਾਰੇ ਪਿਆ ਕਿ ਕਦੀ 'ਹੁੱਕਾ ਪਾਣੀ ਬੰਦ' ਵੱਡੀ ਸਜ਼ਾ ਰਹੀ। ਜੁਰਮੀ ਹੁੱਕਾ ਪਾਣੀ ਪੀਂਦਾ ਰਹਿੰਦਾ ਪਰ ਵੱਖਰਿਆਂ, ਵਸਤੀ ਦੇ ਲੋਕ ਓਹਦੇ ਨਾਲ ਹੁੱਕੇ ਪਾਣੀ ਦੀ ਸਾਂਝ ਤਰੋੜ ਲੈਂਦੇ। ਕੀਹ ਅਛੂਤ ਜਮਾਂਦਰੂ ਜੁਰਮੀ, ਚੌਧਰੀ ਕੀ, ਕੰਮੀਆਂ ਨਾਲ ਵੀ ਓਹਨਾਂ ਦਾ ਹੁੱਕਾ ਪਾਣੀ ਸਾਂਝਾ ਨਾ। ਆਪਣੇ ਆਪ ਨਾਲ ਇਹ ਬੁਝਾਰਤ ਪਾਂਦਿਆਂ ਪਾਦਰੀ, ਦੀਨਦਾਰਾਂ ਦਾ ਮੁੰਡਾ, ਜਿਹੜਾ ਮੁਸਲਮਾਨ ਹੋ ਕੇ ਵੀ ਪਲੀਤ।
ਅੰਗਰੇਜ਼ ਰਾਜ ਨੂੰ ਫੁੱਲਦਿਆਂ ਫਲਦਿਆਂ ਵੇਖ ਰਹਿਆ- ਮਹਿਕਮਾ ਮਾਲ ਦਾ ਬੰਦੋਬਸਤ ਹੋਇਆ, ਮੁਰੱਬਾਬੰਦੀ ਦੀ ਚਿੰਤਾ ਭੋਏਂਵਾਲਾਂ ਨੂੰ, ਕੰਮੀਆਂ ਤੇ ਅਛੂਤਾਂ ਨਾਂ ਮਰਲਾ ਨਾ ਲੱਗਾ। ਪਰ ਪੁਰਾਣੀ ਪਰਚੱਲਤ ਸੇਪ ਕਨੂੰਨੀ ਹੋਈ। ਵੱਡੇ ਕੰਮੀ ਤਰਖਾਣ, ਲੌਹਾਰ, ਕਮ੍ਹਾਰ (ਘੁਮਿਆਰ) ਤੇ ਨਾਈ ਲਿਖੀਚੇ ਜਿਹਨਾਂ ਭੋਏਂਵਾਲਾਂ ਦੇ ਸੇਪੀ, ਓਹ ਏਹਨਾਂ ਨੂੰ ਹਾੜੀ ਸਾਓਣੀ ਫ਼ੀ ਹੱਲ ਇੱਕ ਭਰੀ ਸੇਪ ਦੇਂਦੇ। ਧੀਆਂ ਪੁੱਤਰਾਂ ਦੇ ਵਿਆਹਵਾਂ ਉਤੇ ਆਟਾ, ਗੁੜ ਤੇ ਚੌਲ ਏਹਨਾਂ ਨੂੰ ਅਪਣੇ ਜ਼ਮੀਨਦਾਰਾਂ ਕੋਲੋਂ ਮੰਗਿਆਂ ਲੱਭਦੇ। ਵੱਡੇ ਕੰਮੀ ਕੋਈ ਕੱਟੀ ਵੱਛੀ ਕਿੱਲੇ ਤੇ ਜ਼ਰੂਰ ਬੰਨ੍ਹਦੇ ਜਿਹਦੇ ਲਈ ਪੱਠੇ, ਪਰਾਲੀ ਤੇ ਤੂੜੀ ਜ਼ਮੀਨਦਾਰਾਂ ਕੋਲੋਂ ਮੰਗ ਲੈਂਦੇ। ਏਹ ਕੱਟੀ ਵੱਛੀ ਅਕਸਰ ਜ਼ਮੀਨਦਾਰਾਂ ਦੀ ਹੋਂਦੀ, ਕੰਮੀ ਏਹਨੂੰ ਦੇਹਾਰੇ (ਅਧਿਆਰੇ) 'ਤੇ ਪਾਲਦੇ। ਜਦੋਂ ਏਹ ਕੱਟੀ ਵੱਛੀ ਮੱਝ ਗਾਂ ਬਣੇ, ਏਹਦਾ ਮੁੱਲ ਪਵੇ। ਚੋਣ ਮਾਲਕ ਦੀ, ਓਹਦੀ ਮਰਜ਼ੀ ਅੱਧ ਤਾਰ ਕੇ ਮੱਝ ਗਾਂ ਲਵੇ, ਭਾਵੇਂ ਅੱਧ ਲੈ ਕੇ ਮੱਝ ਗਾਂ ਕੰਮੀ ਨੂੰ ਦੇਵੇ, ਜਿਵੇਂ ਓਹਨੂੰ ਵਾਰਾ ਖਾਵੇ। ਜਿਹੜੇ ਕੰਮੀ ਦੇ ਕਿੱਲੇ ਉਤੇ ਮੱਝ ਗਾਂ ਬੱਝੀ ਹੋਂਦੀ, ਲੋੜ ਪਿਆਂ ਓਹਨੂੰ ਕਰਜ਼ਾ ਲੱਭ ਜਾਂਦਾ। ਮੋਚੀ, ਜੁਲਾਹਿਆ ਤੇ ਮਰਾਸੀ ਨਿੱਕੇ ਕੰਮੀ ਜਿਹਨਾਂ ਨੂੰ 'ਕੰਮੀ ਕਮੀਨ' ਆਖਣ। ਕੰਮ ਦੀ ਕਮਿੱਤਨ ਤੇ ਲਾਗੀ ਬਣ ਕੇ ਲਾਗ ਦੇ ਹੱਕ.ਦਾਰ। ਨਿੱਕੇ ਕੰਮੀਆਂ ਬਾਰੇ ਇਹ ਦੱਸਦੇ ਕਿਹ ਇਹ ਵੀ ਕਦੀ ਅਛੂਤਾਂ ਵਾਂਗੂ ਅਛੂਤ ਰਹੇ। ਮੋਚੀ ਪਹਿਲਾਂ ਚਮਾਰ ਹੋਏ, ਮੁਰਦਾਰ ਦੀ ਖੱਲ ਲਾਹਣਾ ਏਨਾ ਦਾ ਕੰਮ ਤੇ ਮੁਰਦਾਰ ਦੀਆਂ ਆਂਦਰਾਂ ਸੁਕਾਅ ਕੇ ਤੰਦੀ ਦੀ ਰੱਸੀ ਵੱਟਣ ਜਿਹਦੇ ਨਾਲ ਤੀਲੀਆਂ ਜੋੜ ਕੇ ਛੱਜ ਬੰਨ੍ਹੇ ਜਾਵਨ। ਜੁਲਾਹੇ ਕਦੀ ਕੂਚੀ ਰਹੇ ਜੇਹੜੇ ਮੁਰਦਾਰ ਦੇ ਵਾਲਾਂ ਨੂੰ ਵੱਟ ਕੇ ਬੋਰੇ ਤੇ ਗੋਦੜ ਉਣਦੇ। ਮਰਾਸੀ ਪਹਿਲਾਂ ਡੂਮ ਰਹੇ। ਨਿੱਕੇ ਕੰਮੀਆਂ ਨੂੰ ਦੁੱਧ ਲੱਸੀ ਜ਼ਮੀਨਦਾਰਾਂ ਘਰੋਂ ਮੰਗਣਾ ਪਵੇ। ਅਛੂਤ ਜੇ ਕਦੀ ਚੌਧਰੀਆਂ ਦੇ ਬੂਹੇ ਉਤੇ ਸਵਾਲੀ ਓਹਨੂੰ ਜੂਠਾ, ਕਾਣਾ, ਬੇਹਾ ਬਰੂਹੋਂ ਬਾਹਰ ਖਲੋਤੇ ਨੂੰ ਲੱਭਦਾ, ਬੂਹਾ ਟੱਪਣ ਤੋਂ ਡਾਢੀ ਮਨਾਹੀ।

ਅੰਗਰੇਜ਼ਾਂ ਦੇ ਬੰਦੋਬਸਤ ਵਿੱਚ ਹੱਕਦਾਰਾਂ ਤੇ ਹਿੱਸੇਦਾਰਾਂ ਦੇ ਨਾਂ, ਅਛੂਤ ਖਾਤੇ 'ਚੋਂ ਬਾਹਰ, ਵਾਧੂ ਤੇ ਫ਼ਾਲਤੂ ਪਰ ਵਗਾਰ ਬੁੱਤੀ ਲਈ ਹਾਜ਼ਰ। ਫ਼ਸਲਾਂ ਦੀ ਬਿਜਾਈ, ਗਹਾਈ ਤੇ ਵਾਢੀ, ਰੁੱਖਾਂ ਦੀ ਛੰਗਾਈ, ਕਮਾਦਾਂ ਦੀ ਛਿਲਾਈ ਤੇ ਭਾਵੇਂ ਕੋਠਿਆਂ ਦੀ ਲਿਪਾਈ ਜਿੱਥੇ ਬੰਦਿਆਂ ਦੀ ਥੋੜ੍ਹ, ਓਥੇ ਅਛੂਤਾਂ ਦੀ ਲੋੜ ਪਵੇ ਜਿਹਨਾਂ ਨੂੰ ਜਜਮਾਨੀ ਲੱਭਦੀ ਜਿਹੜੀ ਕੋਈ ਮਿੱਥੀ ਹੋਈ ਨਾ, ਦਇਆਵਾਨਾਂ ਦੀ ਮੇਹਰਬਾਨੀ, ਜੋ ਮਰਜ਼ੀ ਦਾਨ ਕਰਨ। ਗੰਦਗੀ ਦਾ ਹੂੰਝਣ ਤੇ ਮੁਰਦਾਰ ਪੂਰਾ ਅਛੂਤਾਂ ਦਾ, ਜਿਹੜੇ ਕੰਮੀਆਂ ਦੇ ਪਿੱਛੇ ਪਿੱਛੇ ਬਾਲਣ ਤੇ ਵਾਢੀਆਂ ਮਗਰੋਂ ਮੁੰਜਰਾਂ ਤੇ ਸਿੱਟੇ ਚੁਗਣ, ਪਿੜ ਹੂੰਝਣ। ਜਾਂਦੀ ਰੁੱਤੇ ਖੱਖੜੀਆਂ ਤੇ ਹਦਵਾਣਿਆਂ ਦੀ ਲੋਟੀ ਪਵੇ, ਅਛੂਤ ਵੀ ਵਾੜੀ ਵਿਚ ਵੜਨ। ਅਛੂਤ ਪਿੰਡੋਂ ਬਾਹਰ ਨੀਵੇਂ ਪਾਸੇ ਅਕਸਰ ਦੱਖਣ ਤੇ ਲਹਿੰਦੀ ਬਾਹੀ, ਰੂੜੀਆਂ ਤੇ ਖੋਲਿਆਂ ਵਿੱਚ ਕੁੱਲੇ ਛੱਤਦੇ। ਏਹ ਥਾਂ ਸ਼ਾਮਲਾਟ ਹੋਂਦੀ ਜਿਹਦੇ ਹਿੱਸੇਦਾਰ ਭੋਏਂਵਾਲ। ਅਚਾਰ ਨੂੰ ਉੱਲੀ ਲੱਗੇ, ਵੜੀਆਂ ਨੂੰ ਕੀੜੀ ਪੈ ਜਾਏ, ਸਾਓਣ ਭਾਦਰੋਂ ਦੀ ਰੁੱਤੇ ਚਾਟੀ ਵਿੱਚ ਪੁਰਾਣਾ ਕਾਲਾ ਗੁੜ ਗਿਸਲ ਕੇ ਰਾਬ ਬਣ ਜਾਏ, ਚੌਧਰਾਣੀ ਦਿਆਲੂ ਬਣ ਕੇ ਭਾਂਡਾ ਅਛੂਤਾਂ ਵੱਲ ਮੁਧਾਅ ਦੇਂਦੀ ਜਿਹਨਾਂ ਦੀ ਮੌਜ ਹੋ ਜਾਏ। ਚੌਧਰੀਆਂ ਦੇ ਹੁੱਕੇ ਨੂੰ ਜੇ ਅਛੂਤ ਮੂੰਹ ਲਾ ਦੇਂਦਾ ਹੁੱਕਾ ਵੀ ਭੱਜਦਾ ਤੇ ਅਛੂਤ ਦੇ ਪਾਸੇ ਵੀ। ਪਾਣੀ ਪੀਣ ਲਈ ਖੂਹ ਦੇ ਪਾੜਛੇ ਨੂੰ ਮੂੰਹ ਲਾ ਕੇ ਵਿਚਾਰਾ ਅਛੂਤ ਕਿੱਧਰ ਜਾਏ, ਚੌਧਰੀ ਡਾਂਗਾਂ ਲੈ ਕੇ ਓਹਦੇ ਪਿੱਛੇ। ਪਰ ਨਿੱਕੇ ਵਾਹੀਵਾਨ ਜਿਹੜੇ ਕਾਮਾ ਰੱਖਣ ਜੋਗੇ ਨਾ, ਕਿਸੇ ਅਛੂਤ ਨੂੰ ਸੀਰੀ ਰੱਖ ਲੈਂਦੇ, ਬਹਿਕ ਤੇ ਛੰਨ ਵਿੱਚ ਹੁੱਕਾ ਵੀ ਰਲ ਕੇ ਪੀਂਦੇ। ਲੱਸੀ ਮੰਗਣ ਗਿਆ ਦੀਨਦਾਰਾਂ ਦਾ ਮੁੰਡਾ ਕੀ ਕਰ ਬੈਠਾ ਕਿ ਓਹਦਾ ਭਾਂਡਾ ਘੜਵੰਜੀ ਨੂੰ ਲੱਗ ਗਿਆ- ਦੁੱਧ ਰਿੜਕਦੀ ਨੱਕ ਚੜ੍ਹੀ ਚੌਧਰਾਣੀ ਦੁਰ ਦੁਰ ਕਰਦਿਆਂ ਪੈਰੋਂ ਜੁੱਤੀ ਲਾਹੀ, ਮਾਰਦੀ ਕੀ, ਗੁਨਾਹੀਂ ਜਾਂਦਾ ਨਾ ਦਿਸਿਆ। "ਵੇ ਤੇਰੇ ਦਾਦੇ ਦਾਹੜੀ ਹੱਗਿਆ!" ਚੌਧਰਾਣੀ ਦੀ ਗਾਹਲ ਕੰਨੀਂ ਪਈ, ਪਾਦਰੀ ਆਈ ਡੀ ਸ਼ਹਿਬਾਜ਼ ਆਪਣੀ ਦਾਹੜੀ ਨੂੰ ਹੱਥ ਲਾਇਆ "ਮੈਂ ਹੁਣ ਆਪ ਦਾਦਾ!" ਜਿਹਦੇ ਚੇਤੇ ਵਿੱਚ ਯਾਦਾਂ ਦੀ ਬਹਾਰ, ਪਾਦਰੀ ਆਈ ਡੀ ਸ਼ਹਿਬਾਜ਼ ਨੂੰ ਪੂਰਾ ਪੰਜਾਬ ਫਿਰਾਅ ਰਹੀ... ਲਹਿੰਦੇ ਦੇ ਜਾਂਗਲੀ ਅਛੂਤਾਂ ਦੂਜੇ ਬੇਦੀਨ ਬਾਰ ਵਾਸੀਆਂ ਵਾਂਗੂ ਜਿਹੜਾ ਮਜ਼੍ਹਬ ਕਬੂਲਿਆ, ਓਹ ਸੂਫ਼ੀਆਂ ਦਾ ਇਸਲਾਮ। ਬਾਰ ਦੇ ਬਾਹਲੇ ਅਛੂਤ ਦੋ ਫ਼ਕੀਰ ਪੀਰਾਂ- ਭਾਵਨ ਸ਼ਾਹ ਤੇ ਕਬੀਰ ਸ਼ਾਹ- ਦੇ ਮੁਸੱਲਾ ਚੁੱਕ ਮੁਰੀਦ ਜਿਹਦੀ ਵਜ੍ਹੋਂ ਓਹ ਮੁਸੱਲੀ ਅਖਵਾਏ। ਜਿਹਨਾਂ ਮਗਰੋਂ ਆਪਣੇ ਆਪ ਨੂੰ ਕਾਗ਼ਜ਼ਾਂ ਵਿੱਚ ਮੁਸਲਿਮ ਸ਼ੇਖ਼ ਲਿਖਵਾਇਆ। ਮੁਸੱਲੀ ਸਫ਼ਾਈ ਸੁਥਰਾਈ ਲਈ ਬ੍ਹੌਕਰ ਮਾਂਜਾ ਨਹੀਂ, ਵਸੇਬ ਦੇ ਏਸ ਲੜਾਕੇ ਵਰਗ ਰੁਜ਼ਗਾਰ ਲਈ ਡਾਂਗ ਸੋਟਾ ਫੜਿਆ।
ਮਾਝੇ ਤੇ ਦੁਆਬੇ ਵਿੱਚ ਦੀਨਦਾਰ, ਮੇਘ, ਮਜ਼੍ਹਬੀ ਸਿੱਖ ਤੇ ਕਿਰਨੇ ਸਭ ਪੌਂਦ ਵਾਲਮੀਕੀ ਰਹੇ। ਓਹ ਵਾਲਮੀਕੀ ਕਿਵੇਂ ਤੇ ਕਦੋਂ ਹੋਏ, ਇਹ ਕਹਾਣੀ ਇੰਝ- ਪੰਜਾਬ ਵਿੱਚ ਇੱਕ ਹਿੰਦੂ ਬ੍ਰਾਹਮਣ ਪੰਡਤ ਭਗਵਾਨ ਦਾਸ ਜਿਹੜਾ ਵਾਲਮੀਕੀ ਜੋਗੀ ਹੋ ਗਿਆ। ਓਹ ਫ਼ਾਰਸੀ ਦਾ ਆਲਮ ਤੇ ਸੰਸਕ੍ਰਿਤ ਦਾ ਵਿਦਵਾਨ ਕਦਰਦਾਨ ਤੇ ਮਿਹਰਬਾਨ ਸ਼ਹਿਜ਼ਾਦੇ ਦਾਰਾ ਸ਼ਿਕੋਹ ਦਾ ਸੰਗਤੀ ਬਣਿਆ। ਓਹ ਰੱਜ ਸੋਹਣਾ ਜਿਹਨੂੰ ਲਾਲ ਬਾਣਾਂ ਸੁਹਾਵੇ। ਹਰ ਵੇਲੇ ਲਹੌਰ ਦੇ ਸੂਬੇਦਾਰ ਦਾਰਾ ਸ਼ਿਕੋਹ ਦਾ ਸਾਥ, ਰਿਆਇਆ ਭਾਣੇ ਓਹ ਵੀ ਮੁਗ਼ਲ ਹਾਕ.ਮਾਂ ਦਾ ਜੀਅ। ਓਹ ਸ਼ਹਿਜ਼ਾਦਾ ਲਾਲ ਬੇਗ਼ ਧੁੰਮ ਗਿਆ ਪਰ ਰਾਜ ਮਹਿਲ ਵਿੱਚ ਕਿਸੇ ਖ਼ਿਦਮਤਗਾਰ ਓਹਨੂੰ ਸ਼ਹਿਜ਼ਾਦਾ ਕੀ ਸੱਦਿਆ, ਓਹਦੇ ਅੰਦਰ ਦਾ ਜੋਗੀ ਜਾਗ ਪਿਆ ਤੇ ਦਾਰਾ ਸ਼ਿਕੋਹ ਦੇ ਦਰਵੇਸ਼ੀ ਦਰਬਾਰ ਨੂੰ ਤਜ ਤਿਆਗ ਕੇ ਜਾਂਦਿਆਂ ਆਖਣ ਲੱਗਾ, "ਮੇਰੀਆਂ ਨਾਸ੍ਹਾਂ ਵਿੱਚ ਦੁਨੀਆਦਾਰੀ ਦੀ ਗੰਦੀ ਮੁਸ਼ਕ, ਮੇਰਾ ਸਾਹ ਔਖਾ, ਸੌਖਿਆਂ ਹੋਵਣ ਲਈ ਹੁਣ ਰਹਿੰਦੀ ਸਾਰੀ ਹਯਾਤੀ ਮੈਂ ਗੰਦਗੀ ਸਾਫ਼ ਕਰਨੀ!" ਗੰਦਗੀ ਹੂੰਝਦੇ ਸ਼ਹਿਜ਼ਾਦੇ ਲਾਲ ਬੇਗ਼ ਪਿੱਛੇ ਲੱਗ ਕੇ ਅਛੂਤ ਵਾਲਮੀਕੀ ਹੋਏ ਜਿਹਨਾਂ ਦੀ ਵਾਲਮੀਕੀ ਪਛਾਣ ਸਹਿਜੇ ਸਹਿਜੇ ਧਰਮ ਬਣੀ- ਅਛੂਤ ਵਾਲਮੀਕੀਆਂ ਦਾ ਭੌਏਂ ਭਾਂਡਾ ਭਾਵੇਂ ਕੋਈ ਨਾ ਪਰ ਨਿਮਾਣਿਆਂ ਕੋਲ ਮੰਨਣ ਮਾਨਣ ਲਈ ਬਥੇਰਾ ਨਿੱਕ ਸੁੱਕ। ਰਾਮ ਕਥਨ ਮਾਲਾ 'ਰਮਾਇਣ' ਦਾ ਰਚਨਹਾਰ ਬਾਲਮੀਕ ਸਵਾਮੀ ਓਹਨਾਂ ਦਾ 'ਬਾਲਾ ਸ਼ਾਹ' ਤੇ ਸੱਪਾਂ ਵਾਲੀ ਸਰਕਾਰ 'ਗੁੱਗਾ ਪੀਰ'। ਮੋਏ ਅਛੂਤ ਦਾ ਕਫ਼ਨ ਦਫ਼ਨ ਮੁਸਲਮਾਨਾਂ ਵਾਂਗੂੰ ਪਰ ਮੌਲਵੀ ਜਨਾਜ਼ਾ ਨਾ ਪੜ੍ਹਾਏ, ਹਿੰਦੂ ਪੰਡਤ ਰਮਾਇਣ ਦਾ ਪਾਠ ਕਰੇ। ਅਮ੍ਰਿਤ ਪਿਆਲਾ ਵਾਲਮੀਕੀਆਂ ਤੇ ਸਿੱਖਾਂ ਵਿੱਚ ਇੱਕੋ ਜੇਹਾ ਜਿਹਦੇ ਵਿੱਚ ਗੁਰੂ ਦਾ ਚੇਲਾ ਹੋਵਣ ਲਈ ਅਮ੍ਰਿਤ ਛਕਦੇ। ਦਿਨ ਰਾਤ ਓਹਨਾਂ ਲਈ ਅਨ੍ਹੇਰੇ ਤੇ ਚਾਨਣ ਦਾ ਯੁੱਧ, ਜਿਹਨੂੰ ਓਹ 'ਵਾਰ' ਕਹਿੰਦੇ ਜਿਹੜੇ ਸੱਤ: ਬੋਹਨੀ, ਡੰਨ, ਮਾਂਗੀ, ਚੌਥਾ, ਚਰਾਗੀ, ਛੰਨ ਤੇ ਸੱਤਾ। ਬੋਹਨੀ ਨੂੰ ਪੀਰ ਵਾਰ ਵੀ ਕਹਿੰਦੇ ਕਿਓਂ ਜੇ ਇਹ ਓਹਨਾਂ ਦੇ ਗੁਰੂ ਬਾਲਾ ਸ਼ਾਹ ਦਾ ਜੰਮਣ ਦਿਹਾੜ ਜਿੱਦਣ ਓਹ ਸ਼ਾਮੀਂ ਪੂਜਾ ਪਾਠ ਕਰਦੇ ਜਿਹਨੂੰ ਓਹ 'ਸਤਿ ਸੰਗ' ਆਖਣ। ਸਤਿਸੰਗ ਦੋ ਚੌਂਕੀਆਂ: ਪਹਿਲੀ ਚੌਂਕੀ 'ਸੰਗਤ' ਤੇ ਦੂਜੀ 'ਮੰਗਤ'। ਸੰਗਤ ਵਿੱਚ ਓਹ ਰਲ ਕੇ ਸੱਤ ਵਾਰੀ ਹੋਕਦੇ, "ਸਤਿਨਾਮ!" ਮਗਰੋਂ ਕਿੰਗ ਤੇ ਘੜਾ ਵੱਜਣ ਲੱਗ ਪੈਂਦੇ, ਗੁਰੂ ਦੇ ਚੇਲੇ ਲੋਕਧਾਰਾ 'ਚੋਂ ਪੁੰਗਰੇ ਇੰਝ ਦੇ ਬੋਲ ਗਾਵਣ :

ਅਸੀਂ ਰੂੜੀ 'ਚੋਂ ਨਿਕਲੇ ਕੀੜੇ,
ਪਾਕ ਪੀਰ ਦੇ ਦਵਾਰੇ ਜਾਵਨਾ,
ਨਾਮ ਜਪ ਲੈ ਨਿਮਾਨੀਏ ਜਿੰਦੇ
ਹਮੇਸ਼ ਜਿਹਨੇ ਕੰਮ ਆਵਨਾ

ਸੰਗਤ ਮਗਰੋਂ ਮੰਗਤ ਵਿੱਚ ਏਹ ਬਾਣੀ:

ਸਤਿਗੁਰ ਸਤਿਗੁਰ ਬਾਲਾ ਸ਼ਾਹ,
ਲਾਲ ਬੇਗ ਦੇ ਨਾਂ ਦੀ ਵੇਲ,
ਪੀਰਾ ਅਸਾਨੂੰ ਰੱਬ ਮਲਾ,
ਜਿਊਂਦਿਆਂ ਦਾ ਰੱਖੀਂ ਮੇਲ,
ਮੋਇਆਂ ਨੂੰ ਮੋੜ ਲਿਆ,
ਰਲਿਆਂ ਰਲੇ ਖਾਣ ਪੀਣ,
ਆਮੀਨ ਆਮੀਨ!

ਸਤਿਸੰਗ ਲਈ ਵਲੀ ਜਗ੍ਹਾ ਮਿੱਟੀ ਗਾਰੇ ਦੀ ਪਰ ਓਹਨੂੰ ਆਖਣ 'ਪੱਕੀ ਥਾਂ', ਜਿਹੜੀ ਓਹ ਕਿਸੇ ਬੁੱਢੇ ਰੁੱਖ ਲਾਗੇ, ਰਾਹ ਦੇ ਕੰਢੇ ਬਣਾਂਦੇ। ਬੁੱਢੇ ਰੁੱਖ ਦੇ ਮੁੱਢ ਨਾਲ ਘੜਵੰਜੀ ਉਤੇ ਘੜਾ ਰੱਖਦੇ ਜਿਹਨੂੰ ਓਹ ਲੰਘਦੇ ਰਾਹੀਆਂ ਲਈ ਸੱਜਰਾ ਭਰਦੇ ਰਹਿੰਦੇ। ਪੱਕੀ ਥਾਂ ਕੀ: ਕੰਧੋਲੀ 'ਤੇ ਚੌਂਕੀ। ਕੰਧੋਲੀ ਇੱਕ ਗਿੱਠ ਤੇ ਇੱਕ ਚੱਪਾ ਮੋਟੀ ਮਹਿਰਾਬੀ ਕੰਧ ਜਿਹੜੀ ਦੋ ਹੱਥ ਉਚੀ ਤੇ ਚਾਰ ਹੱਥ ਲੰਮੀ। ਕੰਧੋਲੀ ਪੱਕੀ ਥਾਂ ਦਾ ਇੱਕ ਪਾਸਾ, ਰਹਿੰਦੇ ਤਿੰਨ ਪਾਸੇ ਚਾਰ ਹੱਥ ਲੰਮੀ, ਚੱਪਾ ਮੋਟੀ ਤੇ ਇੱਕ ਗਿੱਠ ਉਚੀ ਬੰਨ੍ਹੀ ਦੀ ਵਲਗਣ, ਇਹ ਹੋਈ ਚੌਂਕੀ। ਕੰਧੋਲੀ ਵਿੱਚ ਚਾਰ ਆਲ਼ੇ: ਇੱਕ ਉਪਰ, ਇੱਕ ਭੁੰਜੇ ਤੇ ਦੋ ਵਿਚਕਾਰ- ਸੱਜੇ ਖੱਬੇ। ਉਪਰਲੇ ਆਲ਼ੇ ਵਿੱਚ ਪੰਛੀਆਂ ਲਈ ਚੋਗ਼ਾ ਪਾਂਦੇ ਤੇ ਵਿਚਕਾਰਲਿਆਂ ਵਿੱਚ ਸ਼ਾਮੀਂ ਦੋ ਦੀਵੇ ਬਾਲਦੇ- ਇੱਕ ਬਾਲੇ ਸ਼ਾਹ ਤੇ ਦੂਜਾ ਗੁੱਗੇ ਪੀਰ ਦੇ ਨਾਂ ਦਾ। ਹੇਠਲੇ ਆਲ਼ੇ ਵਿੱਚ ਜਿਹਨੇ ਸੁੱਖਿਆ ਹੋਂਦਾ ਓਹ ਪੱਕਿਆ ਅੰਨ ਪਾਂਦਾ ਜਿਹਨੂੰ ਗਾਲੜ, ਚੂਹੇ, ਬਿੱਲੀਆਂ ਤੇ ਕੁੱਤੇ ਖਾਂਦੇ। ਬਰਾਦਰੀ ਵਿੱਚ ਜਿਹੜਾ ਜਵਾਨ ਬਿਮਾਰ ਹੋਂਦਾ, ਓਹ ਵਲ ਹੋਵਣ ਲਈ ਪੱਕੀ ਥਾਂ ਦਾ ਧਿਆਨ ਕਰੇ, ਏਸ ਆਹਰ ਨੂੰ 'ਸੇਵਾ' ਕਹਿੰਦੇ।
ਅਛੂਤ ਮੰਨਤ ਮੁਰਾਦਾਂ ਲਈ ਭੰਡਾਰਾ ਸੁੱਖਦੇ। ਭੰਡਾਰੇ ਦਾ ਦਿਨ ਚੌਥਾ (ਜੁਮੇਰਾਤ)। ਭੰਡਾਰਾ ਕੀ: ਪਹਿਲਾਂ ਫੁੰਮਨੀਆਂ ਮਗਰੋਂ ਲੰਗਰ। ਪੱਕੀ ਥਾਂ ਦਵਾਲੇ ਢੋਲ ਅੱਗੇ ਨੱਚਦਿਆਂ ਫੁੰਮਣ ਹੋਣਾ ਫੁੰਮਨੀਆਂ। ਲੰਗਰ ਵਿੱਚ ਗੁੜ, ਫੁੱਲੜੀਆਂ, ਮਰੂੰਡਾ, ਪਤਾਸੇ ਯਾਂ ਮਿੱਠਾ ਰੋਟ ਵੰਡਦੇ- ਸਤ ਸੰਗ, ਅਮ੍ਰਿਤ ਪਿਆਲਾ, ਭੰਡਾਰਾ ਤੇ ਭਾਵੇਂ ਪਰ੍ਹਿਆ ਪੰਚਾਇਤ, ਪਰਧਾਨ ਤੇ ਆਗੂ 'ਪੀਰ ਪੰਚ'। ਜਿਹੜਾ ਪੰਜ ਪੀਰ ਪੰਚਾਂ ਉਤੇ ਸਰਪੰਚ ਓਹ 'ਨਸ਼ਾਨਦਾਰ' ਅਖਵਾਵੇ। ਪਹਿਲਾ ਨਸ਼ਾਨਦਾਰ ਗੁਜ਼ਰ ਜਾਂਦਾ ਤੇ ਅਗਲੇ ਦੀ ਚੋਣ ਇੰਝ ਕਿ ਪੰਜਾਂ 'ਚੋਂ ਸਭ ਤੋਂ ਵੱਡੇ ਪੀਰ ਦੀ ਵੇਲ ਹੋਕਦਿਆਂ ਖੱਬੀ ਵੀਣੀ ਉਤੇ ਓਹ ਜ਼ਹਿਰੀ ਨਾਗ ਲੜਾਇਆ ਜਾਂਦਾ ਜਿਹਦੇ ਡੰਗਿਆਂ ਕੋਈ ਜਾਨਦਾਰ ਮੋਇਆ ਹੋਵੇ। ਇਹ ਪੀਰ ਪੰਚ ਜੇ ਨਾ ਬਚਦਾ, ਓਹਨੂੰ ਪਾਪੀ ਮਿੱਥਿਆ ਜਾਵੇ- ਜਿਹਦਾ ਮੁਰਦਾ ਰੋਲਦਿਆਂ ਲੈ ਜਾ ਕੇ ਕੱਢੇ ਟੋਏ ਵਿਚ ਦੱਬ ਦੇਂਦੇ, ਕਫ਼ਨ ਦਫ਼ਨ ਨਾ ਰਮਾਇਣ ਦਾ ਪਾਠ। ਬੋਲੋਂ ਥਿੜਕਣਾ, ਅਨਿਆਂ ਕਰਨਾ ਤੇ ਧਿਆਨ ਵਿੱਚ ਗੁਮਾਨ ਵੱਡੇ ਪਾਪ। ਮੋਏ ਪਾਪੀ ਪੀਰ ਪੰਚ ਮਗਰੋਂ ਇਹਤੋਂ ਨਿੱਕੇ ਦੀ ਵਾਰੀ। ਜਿਹੜਾ ਜ਼ਹਿਰੀ ਨਾਗ ਦੇ ਡੰਗਿਆਂ ਜੀਊਂਦਾ ਰਵ੍ਹੇ, ਓਹ ਨਸ਼ਾਨਦਾਰ। ਨਸ਼ਾਨ ਕੀਹ: ਫਨ ਖਲਾਰੀ ਖਲੋਤੇ ਜ਼ਹਿਰੀ ਨਾਗ ਦਾ ਚਿੱਤਰ। ਜਿੱਥੇ ਨਾਗ ਡੰਗ ਮਾਰੇ, ਓਥੇ 'ਚਿਤੇਰਾ' ਸੂਈ ਨਾਲ ਪੱਛਦਿਆਂ ਨੀਲ ਝੱਸਦਾ ਜਾਏ, ਇੰਝ ਨਾਗ ਦਾ ਚਿੱਤਰ ਬਣੇ। ਵਰ੍ਹੇ ਵਾਰ ਅਛੂਤਾਂ ਦਾ ਮੇਲਾ, ਸਾਓਣ ਦਾ ਮਹੀਨਾ ਤੇ ਚੰਨ ਦੀ ਪੰਦ੍ਹਰਵੀਂ। ਦਿਨੇਂ ਰੁੱਸੇ ਮਿਲਦੇ ਤੇ ਰਾਤੀਂ ਗੁੱਗੇ ਪੀਰ ਦੀ ਜੰਝ ਚੜ੍ਹਦੀ। ਅਪਣੇ ਸਭ ਤੋਂ ਵਡੇਰੇ ਬਾਬੇ ਯਾਂ ਮਾਈ ਨੂੰ ਚੁੱਕਿਆ ਹੋਏ, ਪੱਕੀ ਥਾਂ ਦੇ ਸੱਤ ਫੇਰੇ। ਚਿਮਟਾ, ਛੈਣਾ ਤੇ ਢੋਲਕੀ ਵੱਜਦੀ, ਝੰਡਾ ਚੁੱਕ ਕੇ ਗਾਂਦੇ ਕੀ:

ਜੀਓ, ਜੀਓ ਉੱਚਾ ਪਿੰਡ ਭਰਮੀ,
ਨੀਵਾਂ ਪਾਸ ਲੁੱਚਾ ਜੀਓ, ਜੀਓ
ਗੁੱਗਾ ਪੀਰ ਅਧਰਮੀ (ਆਦਿਧਰਮੀ),
ਝੰਡਾ ਜਿਹਦਾ ਉੱਚਾ ਜੀਓ ਜੀ

ਯਾਦਾਂ ਦੇ ਮੇਲੇ ਵਿੱਚ ਰਲੇ ਪਾਦਰੀ ਆਈ ਡੀ ਸ਼ਹਿਬਾਜ਼ ਦਾ ਤਰਾਹ ਨਿਕਲ ਗਿਆ ਜਦੋਂ ਕੰਨਾਂ ਵਿੱਚ ਦੀਨਦਾਰ ਦੇ ਮੁੰਡੇ ਇਮਾਮਦੀਨ ਦੀ ਵਾਜ ਪਈ-

"ਸੁਲੇਮਾਨ ਪੈਗ਼ੰਬਰ ਧਰੋਈ ਧਰੋਈ!"
ਪੁਰੇ ਦੀ ਨਿੰਮੀ ਨਿੰਮੀ ਵਾਅ ਵਿੱਚ ਝੁਲੀਆਂ ਯਾਦਾਂ ਹੁਣ ਵਾ ਵਰੋਲਾ। ਵੱਸਦੇ ਹੱਸਦੇ ਮੇਲ 'ਚੋਂ ਅਛੂਤ ਕਿਰਨ ਲੱਗ ਪਏ।।।

+++

ਕੰਪਨੀ ਬਹਾਦਰ ਦੀ ਸਰਕਾਰ, ਸਿਆਲਕੋਟ ਦਾ ਇਲਾਕਾ, ਮਿਸ਼ਨਰੀਆਂ ਦੇ ਹਵਾਲੇ ਜਿੱਥੇ ਚਰਚ, ਮਿਸ਼ਨ ਸਕੂਲ ਤੇ ਮਿਸ਼ਨ ਹਸਪਤਾਲ ਮਗਰੋਂ ਬਣੇ, ਅਗਦੋਂ ਕਹਾਣੀ ਹੋਰਵੇਂ- ਮਿਸ਼ਨਰੀ ਸਕਾਟ, ਜਿਹਦਾ ਪੁਰਾਣਾ ਨਾਂ ਜਾਰਜ ਵਾਸ਼ਿੰਗਟਨ ਸਕਾਟ, ਸਿਆਲਕੋਟੋਂ ਬਾਈਬਲ ਮੁਕੱ.ਦਸ ਤੇ ਰਾਸ਼ਨ ਪਾਣੀ ਲੈ ਕੇ ਘੋੜੀ ਉਤੇ ਬਹਿੰਦਾ। ਪਹਿਲਾਂ ਓਹ ਜ਼ਫ਼ਰਵਾਲ ਜਾਂਦਾ, ਫ਼ੇਰ ਓਥੋਂ ਨਾਰੋਵਾਲ, ਜਿੱਥੋਂ ਪਸਰੂਰ ਨੂੰ ਮੂੰਹ ਕਰਦਾ ਤੇ ਪਸਰੂਰੋਂ ਮੁੜ ਸਿਆਲਕੋਟ। ਚਮੜੀ ਗੋਰੀ ਪਰ ਪੰਜਾਬੀ ਵੇਸ। ਦੇਸੀ ਚੋਲਾ, ਢਿੱਲਾ ਪਜਾਮਾ, ਜੱਟਕੀ ਜੁੱਤੀ ਤੇ ਸਿਰ ਉਤੇ ਕਿਸਾਨੀ ਪੱਗ। ਰਾਹ ਵਿੱਚ ਜਿੱਥੇ ਮੋਈ ਮਾਰੀ ਖ਼ਲਕਤ ਓਥੇ ਮਿਸ਼ਨਰੀ ਦੀ ਘੋੜੀ ਖਲੋ ਜਾਏ। ਗੋਰਾ ਮਿਸ਼ਨਰੀ ਪਲੀਤਾਂ ਤੋਂ ਉਪਰੈਤ ਕਰੈਹਤ ਨਾ ਕਰਦਾ, ਸਗੋਂ ਓਹਨਾਂ ਨੂੰ ਥਾਪੜਦਿਆਂ ਮੇਹਰ ਦੀ ਨਜ਼ਰੀਂ ਵੇਖਦਾ, ਦਵੱਲਿਓਂ ਧੁਤਕਾਰਿਆਂ ਨੂੰ ਅੰਦਰੋਂ ਖਿੱਚ ਪਵੇ। ਵਾਲਮੀਕੀ, ਮੇਘ, ਦੀਨਦਾਰ ਤੇ ਮਜ੍ਹਬੀ ਸਿੱਖ ਮਿਹਰਬਾਨ ਪਰਾਹੁਣੇ ਦੀ ਸਵਾਰੀ ਪਿੱਛੇ ਲੱਗ ਗਏ। ਅਛੂਤਾਂ ਦੇ ਦੋ ਪੀਰ ਪੰਚ, ਜਿਹਨਾਂ ਦੇ ਨਾਂ ਭਜਨਾ ਤੇ ਮੰਗਨਾ, ਪੂਰਾ ਸੌ ਕੋਹ ਮਿਸ਼ਨਰੀ ਸਕਾਟ ਦੀ ਘੋੜੀ ਮਗਰ ਲੱਗ ਕੇ ਓਹਦੀ ਵੇਲ ਹੋਕਦੇ ਗਏ। ਯਸੂ ਮਸੀਹ ਦੀ ਬਸ਼ਾਰਤ ਅਛੂਤਾਂ ਇੰਝ ਸੁਣੀ ਜਿਵੇਂ ਓਹ ਓਹਨਾਂ ਦੇ ਨਾਂ ਪਿਆਰਾਂ ਭਰੀ ਚਿੱਠੀ ਆਈ। ਜ਼ਫ਼ਰਵਾਲ, ਜੰਦਰਾਂ, ਸੁਖੋ ਚੱਕ ਤੇ ਮਰਾਲੀ, ਏਧਰ ਨਿੱਤ ਆਇਆ ਮਿਸ਼ਨਰੀ ਸਕਾਟ ਜੀਕਣ ਏਸ ਜੂਹ ਦਾ ਜੀਅ ਹੋਵੇ। ਜਦੋਂ ਆਵੇ, ਕੋਈ ਸੁੱਖ ਸੁਨੇਹਾ ਲਿਆਵੇ। ਬੁੱਤੀਆਂ ਕੱਢ ਕੱਢ ਹੰਢ ਗਿਆਂ ਨੂੰ ਮਿਸ਼ਨਰੀ ਸਕਾਟ ਵਧਾਈ ਦਿੱਤੀ ਕਿ ਐਤਵਾਰ ਦੇ ਦਿਨ ਕੰਮ ਤੋਂ ਛੁੱਟੀ, ਇਹ ਅਬਾਦਤ ਦਾ ਦਿਨ। ਛੁੱਟੀ ਲਈ ਕਈ ਬਰਾਦਰੀ 'ਚੋਂ ਕਿਰ ਗਏ। ਕਿਰਨਿਆਂ ਨੂੰ ਜਜਮਾਨਾਂ ਧੱਕੇ ਜ਼ੋਰੀਂ ਐਤਵਾਰ ਨੂੰ ਕੰਮ ਲਈ ਵੰਗਾਰਿਆ, ਮਿਸ਼ਨਰੀ ਸਕਾਟ ਪੁਲਸ ਲੈ ਕੇ ਬਹੁੜਿਆ ਜਿਹਦੇ ਅੱਗੇ ਜ਼ਮੀਨਦਾਰ ਬੇ-ਵੱਸ। ਭਜਨਾ ਦੇ ਬੁੱਢੇ ਮਾਪੇ, ਸੁਨਾਖੀ ਤੇ ਦਵਾਨਾ, ਗੋਰੇ ਮਿਸ਼ਨਰੀ ਸਕਾਟ ਦੇ ਪੈਰੀਂ ਪੈ ਗਏ। "ਸਾਨੂੰ ਸਾਡਾ ਪੁੱਤਰ ਮੋੜ ਦੇ!" ਪਰ ਭਜਨਾ ਬਰਾਦਰੀ ਵਿੱਚ ਕੀ ਪਰਤਦਾ, ਉਹਦੀ ਘਰ ਵਾਲੀ ਰਾਮਦਈ ਵੀ ਕਿਰ ਗਈ। ਇੱਕ ਇੱਕ ਕਿਰਦੇ ਕਿਰਨਿਆਂ ਦਾ ਇੱਜੜ ਮਿਸ਼ਨਰੀ ਸਕਾਟ ਦੇ ਮਗਰੇ ਮਗਰ- ਅਗਲੇ ਦਿਨ ਵਿਆਹ ਰਾਤੀਂ ਰਹਿਮੀ ਆਪਣੇ ਕੁੜਮ ਮੱਖਣ ਦਾ ਨਾਂ ਲੈ ਕੇ ਧੀ ਪੀਪੋ ਦਾ ਸੁਹਾਗ ਗਾ ਰਹੀ, "ਚੋਣਾਂ ਵਿੱਚੋਂ ਚੋਣ ਮੱਖਣ ਮੇਰੇ ਮਨ ਵਸਦਾ!" ਪਰ ਇਹ ਸੁਹਾਗ ਵੈਣ ਬਣਿਆ, ਜਦੋਂ ਖ਼ਬਰ ਆਈ ਕਿ ਮੱਖਣ ਸਣ ਟੱਬਰਾ ਕਿਰ ਗਿਆ। ਕਾਲੂ, ਦੁੱਲਾ, ਲਾਲੂ, ਰਾਮਾ, ਪਿਆਰਾ, ਜੱਸੂ, ਲਾਹਨੂੰ, ਗੰਡੂ ਤੇ ਰਹਿਮਾ, ਪੂਰੀ ਬਰਾਦਰੀ ਮਸੀਹੀ ਹੋਵਣ ਨੂੰ ਤਿਆਰ, ਨਸ਼ਾਨਦਾਰ ਦਿਆਲਾ ਮਿਸ਼ਨਰੀ ਸਕਾਟ ਅੱਗੇ ਚਾਰ ਅਰਜ਼ਾਂ ਲੈ ਕੇ ਹਾਜ਼ਰ ਹੋਇਆ ਤੇ ਹੱਥ ਜੋੜ ਕੇ ਬੋਲਿਆ: "ਫ਼ਸਲਾਂ ਦੀ ਬਿਜਾਈ ਤੇ ਵਾਢੀ ਸਮੇਂ ਬਰਾਦਰੀ 'ਚੋਂ ਕਿਰਨ ਦੀ ਰੋਕ ਹੋਵੇ! ਐਤਵਾਰ ਦੇ ਦਿਨ ਕਿਰਨਿਆਂ ਨੂੰ ਕੰਮ ਦੀ ਮਨਾਹੀ ਨਾ ਹੋਵੇ! ਕਿਰਨਿਆਂ ਨੂੰ ਪੁਰਾਣੇ ਧਰਮ ਦੇ ਢੰਗ ਨਾਲ ਮਰਨੇ ਪਰਨੇ ਦੀ ਛੋਟ ਹੋਵੇ! ਯਸੂ ਮਸੀਹ ਦੇ ਨਾਲ ਨਾਲ ਕਿਰਨਿਆਂ ਨੂੰ ਬਾਲਾ ਸ਼ਾਹ ਤੇ ਗੁੱਗੇ ਪੀਰ ਦੇ ਮੰਨਣ ਮਾਨਣ ਦੀ ਖੁੱਲ ਹੋਵੇ!" ਸ਼ਰਤਾਂ ਸੁਣ ਕੇ ਹਰ ਵੇਲੇ ਹਸਮੁਖ ਮਿਸ਼ਨਰੀ ਸਕਾਟ ਦੇ ਮੱਥੇ ਉੱਤੇ ਓਭੜ ਤਿਊੜੀ ਆ ਗਈ, ਘੁਰਾਖੀ ਪਾ ਲਈ ਤੇ ਕਚੀਚੀ ਵੱਟ ਕੇ ਪੰਜਾਬੀ ਬੋਲਣੀ ਭੁੱਲ ਗਿਆ, ਤੇ ਆਪਣੀ ਬੋਲੀ ਵਿੱਚ ਖਰਵਾ ਬੋਲਿਆ, "A man can not cross a river on two boats. You must forsake all for Christ, or you will not be counted worthy of Him !" ਏਸ ਬੁਲਾਰੇ ਨੂੰ ਸਗਵਾਂ ਤਿੱਖਾ ਮਾਂ ਬੋਲੀ ਵਿੱਚ ਅਹਿਸਾਨ ਉੱਲਾਹ ਪਰਤਾਇਆ। ਅਹਿਸਾਨ ਉੱਲਾਹ, ਓਹਦੀ ਬਰਾਦਰੀ ਦਾ ਬੰਦਾ, ਪਾਦਰੀ ਆਈ ਡੀ ਸ਼ਹਿਬਾਜ਼ ਸਿਹਾਨ ਲਿਆ ਜਿਹਨੂੰ ਚੇਤੇ ਆਇਆ ਕਿ ਕਿਵੇਂ ਅਹਿਸਾਨ ਉੱਲਾਹ ਮਸੀਹੀ ਹੋ ਕੇ ਇੰਗਲੈਂਡ ਗਿਆ, ਓਥੋਂ ਅੰਗਰੇਜ਼ੀ ਸਿੱਖ ਕੇ ਆਇਆ, ਹੁਣ ਨਾਰੋਵਾਲ ਦੇ ਐਂਗਲੀਕਨ ਚਰਚ ਵਿੱਚ ਪਾਦਰੀ। ਆਪਣੇ ਘਰਾਂ ਨੂੰ, ਕਈ ਕਿਰਨੇ, ਛੱਡ ਕੇ ਇਕੱਲੇ ਮਿਸ਼ਨ ਵਿੱਚ ਆ ਗਏ ਪਰ ਯਾਦਾਂ ਪੀਂਘਾਂ ਝੂਟਦੀਆਂ ਰਹਿਣ। ਓਹਨਾਂ ਨੂੰ ਵਹੁਟੀ, ਬਾਲ, ਮਾਪੇ, ਭੈਣ, ਭਰਾ, ਯਾਰ-ਬੇਲੀ, ਬਾਲਾ ਸ਼ਾਹ ਤੇ ਗੁੱਗਾ ਪੀਰ ਚੇਤੇ ਆਓਣੋਂ ਨਾ ਰਹਿੰਦੇ, ਮਿਸ਼ਨਰੀ ਸਕਾਟ ਪਿਛਲਿਆਂ ਨੂੰ ਮਿਲਣ ਤੇ ਘਰ ਜਾਵਣ ਤੋਂ ਕਦੀ ਨਾ ਰੋਕਿਆ, ਕੋਈ ਧਿੰਗ ਧੱਗਾਨ ਨਾ, ਕਿਓਂ ਜੇ ਓਹ ਮਸੀਹੀ ਹੋਵਣ ਦਾ ਵਚਨ ਦੇ ਕੇ ਜਾਂਦੇ। ਇਹ ਓਹਨੂੰ ਪੱਕ ਕਿ ਕਿਰਨੇ ਮਗਰੋਂ ਅਸਲ ਅਸੀਲ ਤੇ ਵਚਨ ਦੇ ਪੱਕੇ।
ਜ਼ਮੀਨਦਾਰਾਂ ਨੂੰ ਇਹ ਚਾਨਣ ਕਿ ਓਹ ਕਿਰਨਿਆਂ ਨਾਲ ਜ਼ੋਰ ਜ਼ਬਰਦਸਤੀ ਕਰਨ ਜੋਗੇ ਨਾ- ਓਹਨਾਂ ਕਨੂੰਨੀ ਕੰਮ ਕੀਤਾ। ਸ਼ਾਮਲਾਟ ਉਤੇ ਮਾਲਕ ਖਾਤੇਦਾਰਾਂ ਦਾ ਹੱਕ ਜਿੱਥੋਂ ਕਿਰਨੇ ਬੇਦਖ਼ਲ ਹੋਏ। ਬੇਘਰ ਹੋਏ ਮਾੜੇ ਮਸੀਹੀ, ਮਿਸ਼ਨਰੀ ਸਕਾਟ ਦਾ ਰਾਹ ਵੇਖਣ ਲੱਗ ਪਏ ਜਿਹੜਾ ਓਹਨਾਂ ਦੀ ਮਦਦ ਲਈ ਅੱਪੜ ਪਿਆ। ਓਹਨੇ ਅਪਣੀ ਸਰਕਾਰ ਕੋਲੋਂ ਨਥਾਵਿਆਂ ਲਈ ਥਾਂ ਲਈ। ਕਿਰਨਿਆਂ ਲਈ ਦੋ ਨਵੀਆਂ ਵਸਤੀਆਂ ਵੱਸੀਆਂ। ਨਵਾਂ ਪਿੰਡ ਤੇ ਸਕਾਟ ਗੜ੍ਹ। ਸਾਲਵੇਸ਼ਨ ਆਰਮੀ ਦੇ ਜਨਰਲ ਬੂਥ ਏਸ ਇਲਾਕੇ ਦਾ ਦੌਰਾ ਕੀਤਾ, ਪੂਰੀ ਜੂਹ ਵਿੱਚ ਗੱਲ ਹੁਲ ਗਈ।
"ਮਸੀਹੀ ਮਜ਼੍ਹਬ ਹਾਕਮਾਂ ਦਾ!!"
ਰਿਆਇਆ ਨੂੰ ਕੰਨ ਹੋ ਗਏ। ਸਿਆਲਕੋਟ ਵਿੱਚ ਟੈਨਰੀ ਲੱਗ ਗਈ, ਪਿੰਡਾਂ 'ਚੋਂ ਚਿੱਕੇ ਅਛੂਤ ਚਮਾਰਾਂ ਨੂੰ ਰੁਜ਼ਗਾਰ ਲੱਭਾ, ਚੌਧਰੀਆਂ ਦੀ ਮੁਥਾਜੀ ਮੁੱਕੀ। ਗੁਜਰਾਂਵਾਲੇ ਮਿਸ਼ਨ ਦਾ ਇੰਡਸਟਰੀਅਲ ਹੋਮ ਬਣਿਆ, ਜਿੱਥੇ ਕੰਮ ਸਿੱਖਣ ਲਈ ਕਿਰਨੇ ਦਾਖ਼ਲ ਹੋਏ, ਪਰ ਇਲਾਕ.ੇ ਵਿੱਚ ਤਰਥੱਲੀ ਓਦਣ ਆਈ ਜਦੋਂ ਲੱਭੂ ਮੱਲ ਤੇ ਨੱਥੂ ਬਾਜਵਾ ਆਪਣੀ ਬਰਾਦਰੀ 'ਚੋਂ ਕਿਰ ਗਏ। ਖੱਤਰੀਆਂ ਤੇ ਜੱਟਾਂ ਨੂੰ ਢੇਰ ਝੋਰਾ, ਝੁਖਦਿਆਂ ਨੂੰ ਪਰਚਾਵਣ ਲਈ ਆਰੀਆ ਸਮਾਜੀ ਪੰਡਤ ਤੇ ਅਹਿਮਦੀ ਮੁਰੱਬੀ ਅੱਪੜ ਪਏ। ਆਰੀਆ ਸਮਾਜੀਆਂ ਹਿੰਦੂਆਂ ਨੂੰ ਕਿਰਨ ਤੋਂ ਡੱਕ ਲਿਆ ਤੇ ਅਹਿਮਦੀਆਂ ਜੱਟਾਂ ਨੂੰ ਰਲਾਂਦਿਆਂ ਆਪਣੀ ਜਮਾਇਤ ਦੀ ਗਿਣਤੀ ਵਧਾਈ, ਪਰ ਅਛੂਤ ਵਾਂਝੇ ਵਰਗ ਮਸੀਹੀ ਮਿਸ਼ਨ ਦੇ ਹਵਾਲੇ-

+++

ਆਪਣੇ ਪਾਸੇ ਦੀ ਵਾਅ, ਯਾਦਾਂ ਵਿੱਚ ਕਈ ਮੁੱਖ ਲਹਿਰਦੇ ਆਏ, ਜਵਾਹਰ, ਫ਼ਕੀਰੀਆ, ਪਰੇਮਾ, ਚੁਗ਼ੱਤਾ, ਦਿਤ ਪਰ ਵਿੱਸਰੇ ਸਮੇ ਦੀ ਕਥਾ ਦਾ ਮੁੱਖ ਪਾਤਰ ਮਸਤਾ ਅੱਖੀਆਂ ਵਿੱਚ ਟਿਕ ਈ ਗਿਆ, ਪਰਾਂਹ ਹੀ ਨਾ ਹੋਵੇ। ਵਾਅ ਪਾਦਰੀ ਆਈ ਡੀ ਸ਼ਹਿਬਾਜ਼ ਨੂੰ ਕਿੱਥੋਂ ਕਿੱਥੇ ਲੈ ਗਈ- ਰਾਮ ਰਾਮ ਜਪਦਾ ਪਿੰਡ ਸੱਤਪੁਰ, ਜਿੱਥੋਂ ਦੇ ਆਰੀਆ ਸਮਾਜੀ ਪੰਡਤ ਜਵਾਲਾ ਨਾਥ ਤੇ ਬਿਆਜੜ ਭੋਂਏਵਾਲ ਚੌਧਰੀ ਨੰਦ ਲਾਲ ਦੀ ਪੂਰੀ ਜੂਹ ਵਿੱਚ ਜੈ ਜੈ ਕਾਰ। ਕੋਠੇ ਟੱਪਣਾ ਬੱਲ੍ਹਾ, ਚੌਧਰੀ ਦਾ ਮੁੰਡਾ, ਪੂਰਾ ਨਾਂ ਬਲਰਾਜ ਕੁਮਾਰ ਚੌਧਰੀ, ਮਸ ਫੁਟ ਰਹੀ ਪਰ ਬਾਲਾਂ ਵਿੱਚ ਬਾਲ, ਸਾਰਾ ਪਿੰਡ ਓਹਦੇ ਲਾਡ ਲਡਾਏ। ਹਨੂਮਾਨ ਜੀ ਦਾ ਵੇਸ ਵਟਾਈ ਫਿਰੇ। ਸੰਧੂਰ ਵਿੱਚ ਨ੍ਹਾਤਾ, ਸਿਰ ਉਤੇ ਸੁਨਿਹਰਾ ਮੁਕਟ, ਮੋਢੇ ਸੁਨਿਹਰੀ ਪਹਿਲਵਾਨੀ ਗੁਰਜ ਤੇ ਪਿੱਛੇ ਪੂਛਲ। ਲੰਮੀ ਛਾਲ ਮਾਰ ਕੇ ਇਕ ਕੋਠੇ 'ਤੋਂ ਦੂਜੇ ਕੋਠੇ ਤੇ ਕਦੀ ਕਿਸੇ ਰੁੱਖ ਉਤੇ ਚੜ੍ਹ ਕੇ ਟੀਸੀ ਤੋਂ ਸਿਰ ਕੱਢ ਲਏ। ਕੋਈ ਹੋੜ ਹਟਕ ਨਾ, ਜਿਹੜਾ ਵੇਖੇ ਸਗੋਂ ਪਰਨਾਮ ਕਰੇ। ਗਲੀ ਗਲੀ, ਜੈ ਬਜਰੰਗ ਬਲੀ। ਚੌਧਰੀ ਨੰਦ ਲਾਲ ਦੀ ਹਵੇਲੀ ਦੇ ਪਿਛਵਾੜੇ, ਕੁਝ ਦੁਰਾਡੀ ਰੋਹੀ ਜਿਹਦੇ ਵਿੱਚ ਸ੍ਹਾਂਸੀ ਅਛੂਤਾਂ ਦੇ ਝੁੱਗੇ। ਜਿੱਧਰ ਹਵੇਲੀ ਦੀ ਛੱਤ ਉਪਰੋਂ ਵੇਖਦਿਆਂ ਬੱਲ੍ਹਾ ਖ਼ੁਸ਼ ਹੋਵੇ:

ਅਸੀਂ ਉਚੇ ਚਬਾਰੇ
ਤੁਸੀਂ ਕੀੜੀਆਂ ਦੇ ਦਾਰੇ

ਦੂਜੇ ਬਾਲ ਸਿਰ ਨੀਵੇਂ ਕਰ ਲੈਂਦੇ ਪਰ ਮਸਤੂ ਅੱਗੋਂ ਓਹਦੇ ਝੀਂਘੇ ਲਾਵੇ। ਉਚੀ ਜਾਤੀ ਦੇ ਬ੍ਰਾਹਮਣ ਪੰਡਤ ਜਵਾਲਾ ਨਾਥ ਮੂਜਬ ਅਛੂਤਾਂ ਸਤਪੁਰ ਨੂੰ ਭਰਿਸ਼ਟ ਕੀਤਾ ਹੋਇਆ ਜਿਹਨਾਂ ਨੂੰ ਏਥੋਂ ਕੱਢਣ ਲਈ ਓਹਨੇ ਵਾਧੂ ਉਪਰਾਲੇ ਕੀਤੇ ਪਰ ਚੌਧਰੀ ਨੰਦ ਲਾਲ ਦੀ ਪਰਧਾਨਗੀ ਵਿੱਚ ਪਰ੍ਹਿਆ ਪੰਡਤ ਨਾਲ ਸਹਿਮਤ ਨਾ ਹੋਈ। ਸਹਿਮ ਵਹਿਮ ਦੀ ਰੁੱਤੇ, ਬੇਵਸੀ, ਪਵਿੱਤਰ ਵਸੇਬੇ ਨੂੰ ਅਛੂਤਾਂ ਦਾ ਮਥਾਜ ਕੀਤਾ ਹੋਇਆ। ਘਰਾਂ ਅੰਦਰ ਬਾਹਰਲੇ ਬਿੱਲੇ, ਕਿਹੜੇ ਵੇਲੇ ਕਿਧਰੋਂ ਕਿਵੇਂ ਅੰਦਰ ਆ ਵੜਦੇ, ਕੋਈ ਸਮਝ ਨਾ ਆਵੇ। ਢੱਠੇ ਕੋਠਿਆਂ ਦੇ ਮਲਬੇ ਹੇਠ, ਘਰਾਂ ਦੀਆਂ ਪਿਛਲੀਆਂ ਕੋਠੜੀਆਂ ਵਿੱਚ ਜੁੜੇ ਵਸਤ ਵਲੇਵੇ ਓਹਲੇ, ਤੇ ਬਾਲਣ ਵਾਲੇ ਅੰਦਰਾਂ ਵਿੱਚ ਲੁਕੇ ਡਰਾਵਣ ਧਾਰੀਦਾਰ ਭੂਸਲੇ ਬਾਘੜ ਬਿੱਲੇ ਦੇ ਹਮਲੇ ਦਾ ਹੌਲ ਰਵ੍ਹੇ ਜਿਹਨੂੰ ਸ੍ਹਾਂਸੀਆਂ ਦੇ ਕੁੱਤੇ ਸੁੰਘਦਿਆਂ ਕੱਢ ਕੇ ਲੜਦਿਆਂ ਮਾਰਦੇ। ਸੁੱਖ ਦਾ ਸਾਹ ਲੈਂਦੇ, ਚੌਧਰਾਣੀਆਂ ਸ੍ਹਾਂਸੀਆਂ ਨੂੰ ਦੂਰੋਂ ਬੇਹਾ ਟੁੱਕਰ ਪਾਂਦੀਆਂ ਜਿਹੜਾ ਕਜਾਕ ਕੁੱਤੇ ਖਾਂਦੇ, ਸ੍ਹਾਂਸੀ ਚਾਈਂ ਚਾਈਂ ਘਰ ਜਾ ਕੇ ਬਿੱਲਾ ਚਾੜ੍ਹਦੇ। ਬੱਲ੍ਹੇ ਦੇ ਲੇਖ ਹਾਰ ਗਏ ਜਿੱਦਨ ਓਹ ਮਹਾਰਾਜ ਉਚੇ ਚਬਾਰੇ ਤੋਂ ਕੀੜੀਆਂ ਦੇ ਦਾਰੇ ਪਧਾਰਿਆ। ਮਸਤੂ ਤੇ ਖ਼ੌਰੇ ਓਹਦੇ ਸੁਆਗਤ ਲਈ ਇਹ ਈ ਡੰਗ ਉਡੀਕ ਰਹਿਆ। ਮਸਤੂ ਆਕੜ ਕੇ ਸੈਨਾਪਤੀ, ਆਪਣੀ ਕੁਤੀੜ ਸੈਨਾ ਨੂੰ ਓਹਨੇ ਹਨੂਮਾਨ ਵੱਲ ਲਲਕਾਰਿਆ। ਮਲੂਟੇ ਸ਼ੂਕਦੇ ਕੁੱਤੇ ਸੁਨਹਿਰੀ ਬਜਰੰਗ ਬਲੀ ਵੱਲ ਦੌੜੇ ਜਿਹਨੇ ਬਾਪੂ ਬਾਪੂ ਕਰਦਿਆਂ ਸ਼ੂਟ ਵੱਟੀ। ਦੌੜਦਿਆਂ ਮੁਕਟ ਤੇ ਗੁਰਜ ਸੰਭਲਦੇ ਕੀਕਣ। ਰਣਭੂਮੀ ਵਿੱਚ ਰੁਲਦੇ ਦਿੱਸੇ। ਕੁੱਤੇ ਬੱਲ੍ਹੇ ਨੂੰ ਅੱਪੜਦੇ ਜਾਪੇ ਪਰ ਓਹ ਰੁੱਖ ਚੜ੍ਹਦਾ, ਗਾਲੜ ਵਾਂਗੂੰ ਖੁੰਗੀ ਖੁੰਗੀ ਉਤਾਂਹ ਚੜ੍ਹਦਾ ਅਸਮਾਨੇ ਜਾ ਬੈਠਾ। ਭੌਂਕਦੇ ਕੁੱਤੇ ਅਗਲੀਆਂ ਟੰਗਾਂ ਚੁੱਕ ਕੇ ਹੁੰਭਲੀਆਂ ਮਾਰ ਮਾਰ ਰੁੱਖ ਨੂੰ ਨੌਂਹਦਰਦੇ ਹੇਠ ਭੁੰਜੇ ਈ ਰਹਿ ਗਏ। ਹਾਰੇ ਹੋਏ ਮਸਤੂ ਨੂੰ ਠੁੱਠ ਵਖਾਂਦਿਆਂ ਬੱਲ੍ਹਾ ਖਿੜ ਖਿੜ ਹੱਸਿਆ। ਓਹਨੇ ਡੱਬ 'ਚੋਂ ਰੋਟੀ ਕੱਢੀ ਤੇ ਪਿਆਰ ਨਾਲ ਪੁਚਕਾਰਦਿਆਂ ਬੁਰਕੀ ਬੁਰਕੀ ਕੁੱਤਿਆਂ ਨੂੰ ਪਾਈ ਜਾਵੇ। ਜਿਹੜਾ ਕੁੱਤਾ ਖਾਵੇ, ਡਿਗਦਿਆਂ ਓਹਦੇ ਮੂੰਹ 'ਚੋਂ ਝੱਗ ਛੁੱਟ ਜਾਏ। ਖ਼ਬਰ ਉੱਡ ਗਈ, ਪਿੰਡ ਇਕੱਠਾ ਹੋਇਆ, ਪੰਡਤ ਜਵਾਲਾ ਨਾਥ ਤੇ ਚੌਧਰੀ ਨੰਦ ਲਾਲ ਦੇ ਅੱਪੜਣ ਤਾਈਂ ਬੱਲ੍ਹੇ ਦੀ ਬੱਲੇ ਬੱਲੇ ਹੋ ਰਹੀ। ਅਛੂਤ ਚੌਧਰੀ ਦੇ ਪੈਰੀਂ ਕੀ ਪੈਂਦੇ, ਮੋਏ ਕੁੱਤਿਆਂ ਉਤੇ ਹਾਏ ਸਿਆਪਾ। ਚੌਧਰੀ ਅਪਣੀ ਜੁੱਤੀ ਨੂੰ ਹੱਥ ਕੀ ਪਾਇਆ, ਵੇਖਦੇ ਵੇਖਦੇ ਪੂਰੇ ਪਿੰਡ ਦੀਆਂ ਜੁੱਤੀਆਂ, ਤੇ ਮਸਤੂ ਦਾ ਸਿਰ। ਚੌਧਰੀ ਰੱਸੀ ਤੇ ਕਿੱਲਾ ਮੰਗਵਾਇਆ ਜਿਹਦੇ ਨਾਲ ਮਸਤੂ ਨੂੰ ਬੰਨ੍ਹਿਓ ਨੇ। ਮਰੀਂਦੜ ਮਸਤੂ ਬਥੇਰਾ ਏਧਰ ਓਧਰ ਨੱਸਣ ਲਈ ਟਿੱਲ ਲਾਇਆ ਪਰ ਰੱਸੀ ਜਿੰਨੀ ਲੰਮੀ, ਓਹ ਈ ਓਹਦੀ ਹੱਦ। ਓਹਦੀ ਬੱਸ ਹੋ ਗਈ ਤੇ ਓਹ ਲੰਮਾ ਪੈ ਗਿਆ, ਮਾਰਨ ਆਏ ਵੀ ਥੱਕ ਕੇ ਪੋਲੇ ਪੈਰੀਂ ਪਾਉਣ ਲੱਗੇ ਪਰ ਪੰਡਤ ਰੌਲਾ ਪਾ ਦਿੱਤਾ, "ਏਹ ਜੁੱਤੀਆ ਭਿਟ ਗਈਆਂ!" ਸਭਨਾਂ ਓਹ ਜੁੱਤੀਆਂ ਕਿੱਲੇ ਨਾਲ ਈ ਸੁੱਟ ਦਿੱਤੀਆਂ। "ਮਸਤੂ ਸੱਤ ਦਿਨ ਬੱਧਾ ਰਹਿਣਾ!" ਜਾਂਦਿਆਂ ਚੌਧਰੀ ਅਛੂਤਾਂ ਲਈ ਹੁਕਮ ਛੱਡ ਗਿਆ। "ਜੈ ਹਨੂਮਾਨ!" ਰਾਜ ਕੁਮਾਰ ਯੋਧਾ ਪਰਜਾ ਦੇ ਮੋਢਿਆਂ ਉਤੇ ਬਿਰਾਜਮਾਨ, ਜੇਤੂ ਜਿੱਤ ਕੇ ਜਾ ਰਹੇ। ਪਿੱਛੇ ਲਿਤਰਾਂ ਉਤੇ ਮਸਤੂ ਬੱਧਾ ਪਿਆ, ਪਰਾਂਹ ਕੁੱਤੇ ਮੋਏ ਪਏ, ਦੁਆਲੇ ਸ੍ਹਾਂਸੀ ਸੋਗੀ। ਸੱਤ ਦਿਨ ਮੁੱਕੇ, ਮੋਈ ਰੋਹੀ ਜੀ ਪਈ। ਰੱਸੀ, ਕਿੱਲਾ ਤੇ ਜੁੱਤੀਆਂ ਦੀ ਢੇਰੀ, ਏਹ ਸਜ਼ਾ ਦਾ ਸਾਮਾਨ ਜਿਹਦੇ ਨਾਲ ਮਸਤੂ ਖੇਡ ਰਚਾਈ। ਹੇਠ ਜੁੱਤੀਆਂ 'ਚੋਂ ਖੁਸ਼ੀਆਂ ਖਿੜ ਖਿੜ ਹੱਸੀਆਂ। ਉਪਰੋਂ ਬਾਰੀ 'ਚੋਂ ਝਾਕਦਿਆਂ, ਚਬਾਰੇ ਦੇ ਮੰਦਰ ਵਿੱਚ ਮੂਰਤ ਹੋਏ ਹਨੂਮਾਨ ਦੇ ਅੰਦਰ ਦਾ ਬਾਲ ਖੇਡਣ ਮੰਗੇ। ਓਹ ਉਪਰੋਂ ਲੱਥਾ ਤੇ ਰੋਹੀ ਵਿੱਚ ਆ ਬਾਲਾਂ ਨਾਲ ਰਲਿਆ ਜਿੱਥੇ ਖੇਡਣ ਲਈ ਖਡਾਰ ਪੁੱਗ ਰਹੇ:

ਏਂਗਨ ਮੇਂਗਨ ਤਲੀ ਤਲੇਂਗਨ
ਸਾਵਾ ਪੀਲਾ ਡਕਰਾ
ਗੁੜ ਖਾਈਂ, ਵੇਲ ਵਧਾਈਂ
ਵਧ ਵਧ ਮੂਲੀ ਦਿਆ ਪੱਤਰਾ

ਪੁੱਗਣ ਪਗਾਨ ਮਸਤੂ ਦੇ ਹੱਥ ਵੱਸ, ਸਾਰੇ ਪੁੱਗ ਗਏ, ਬੱਲ੍ਹਾ ਪੁੱਗਨੋਂ ਰਹਿ ਗਿਆ ਜਿਹਨੂੰ ਕਿੱਲੇ ਨਾਲ ਬੱਝੀ ਰੱਸੀ ਫੜਾਇਓ ਨੇ, ਓਹ ਜੁੱਤੀਆਂ ਦਾ ਰਾਖਾ। ਕੰਗਾਲ ਅਛੂਤਾਂ ਦੇ ਬਾਲ ਕਾਂਗੜੀ ਪਰ ਚੋਖੇ ਤਰਿਖੇ। ਕੋਈ ਏਧਰੋਂ ਝੁਰਾਟ ਮਾਰੇ ਤੇ ਜੁੱਤੀ ਲੈ ਜਾਏ, ਕੋਈ ਓਧਰੋਂ ਸ਼ਾਂ ਕਰਦਾ ਆਵੇ। ਬੱਲ੍ਹਾ ਪਲਿਆ ਚੰਗਾ ਪਰ ਢਿੱਲਾ ਫੋਸੜ, ਓਹਨੇ ਕਿਸੇ ਨੂੰ ਨਾ ਛੋਹਿਆ, ਸਭ ਜੁੱਤੀਆਂ ਚੁੱਕੀਆਂ ਗਈਆਂ। ਹਨੂਮਾਨ ਦੇ ਵੇਸ ਵਿੱਚ ਬੱਲ੍ਹੇ ਨੂੰ ਅੱਗੇ ਲੱਗ ਕੇ ਨੱਸਣਾ ਪਿਆ, ਜਦੋਂ ਅਛੂਤਾਂ ਦੇ ਬਾਲ ਓਹਨੂੰ ਜੁੱਤੀਆਂ ਮਾਰਨ ਪਏ। ਬੱਲ੍ਹੇ ਪਿੰਡ ਨੂੰ ਮੂੰਹ ਕੀਤਾ, ਪਿੱਛੇ ਅਛੂਤਾਂ ਦੇ ਬਾਲ। ਬੱਲ੍ਹੇ ਦੀ ਪੁਕਾਰ ਸੁਣ ਕੇ ਬਜਰੰਗ ਦਲ ਦੇ ਲੱਠ ਬਰਦਾਰ ਜੱਥੇ ਅੱਪੜਦਿਆਂ ਝੱਟ ਨਾ ਲਾਇਆ। ਯਰਕਿਆ ਮਸਤੂ ਕਿਧਰੇ ਮੂੰਹ ਕਰ ਗਿਆ, ਪਿੱਛੇ ਰੋਹੀ 'ਚੋਂ ਲੰਬੂ ਅਸਮਾਨੀਂ ਚੜ੍ਹੇ। ਜਿਹੜਾ ਅਛੂਤ ਹੱਥ ਆਇਆ, ਚੌਧਰੀਆਂ ਓਹਨੂੰ ਕਿੱਲੇ ਨਾਲ ਬੰਨ੍ਹ ਕੇ ਮਾਰਿਆ। ਜੋ ਵਾਪਰੀ, ਲੋਕਾਈ ਵਿੱਚ ਲੁਕਦੀ ਕੀਕੁਣ, ਕਹਾਣੀ ਆਮ ਹੋਈ, ਬਾਂਦਰ ਕਿੱਲਾ ਪੂਰੇ ਮਾਝੇ ਖੇਡੀ। ਮਸਤੂ ਨਾਂ ਵੀ ਵਟਾਏ ਤੇ ਰੂਪ ਵੀ। ਮਸਤੂ ਰਾਮ, ਮਸਤਾਨ ਖ਼ਾਨ, ਮਸਤੂ ਮਸੀਹ ਤੇ ਮਸਤਾ ਸਿੰਘ। ਮੰਦਰ, ਮਸੀਤ, ਮਿਸ਼ਨ ਤੇ ਗੁਰਦਵਾਰਾ। ਮਸਤੂ ਰੁਲ ਰੁਲ ਪੜ੍ਹਿਆ ਤੇ ਪੜ੍ਹ ਪੜ੍ਹ ਰੁਲਿਆ। ਸਵਾਦੀ ਲੋਭਾਂ ਲਈ ਵਾਧੇ ਪਈ ਖੋਹ ਖੁਸ ਤੇ ਅਬੜ ਦਬੜ ਤੋਂ ਪਰਾਂਹ ਰਹਿੰਦਿਆਂ ਗੁੰਝਲ ਗੁੰਝਲ ਘੋਰ ਅਚੰਭੇ ਓਹਨੂੰ ਘੇਰਾ ਪਾਇਆ। ਸਵਾਹਰੇ ਸਫ਼ਰ ਦੀ ਗੇਲ ਗਵਾਚੀ ਤੇ ਸੂਝਲ ਸੋਚ ਨਾਬਰ ਸਵਾਲ ਨਾਲ ਉੱਧਲ ਗਈ। ਕੁਦਰਤ, ਮਨੁੱਖ, ਵਸਤ, ਮੱਲ ਤੇ ਧਰਮ, ਸਭ ਬੁਝਾਰਤ ਹੋਏ। ਓਹਨੇ ਰੀਤਲ ਵਿਚਾਰ ਲੀਹ ਕੀ ਛੱਡੀ, ਹੋਂਦ ਦੀ ਸਾਰ ਸੰਤਾਪ ਬਣੀ ਤੇ ਬੇਗਾਨਗੀ ਦਾ ਰੋਗ ਦਿਵਾਨਗੀ। ਅੰਦਰੇ ਅੰਦਰ ਧੁਖ਼ਦਿਆਂ ਓੜਕ ਓਹ ਪਟਾਕ ਪਿਆ: ਹਰ ਵਿੱਚ ਹਰ, ਤੇ ਕਾਹਦਾ ਡਰ ਬੁੱਢੇ ਪਾਦਰੀ ਆਈ ਡੀ ਸ਼ਹਿਬਾਜ਼ ਨੂੰ ਚੱਕਰ ਆ ਗਿਆ ਜਿਹਦੇ ਸਾਹਮਣੇ ਮਸਤਾ ਮਸਤਿਆ ਹੋਇਆ। ਸਭ ਮਾਨ ਤੇ ਆਦਰ ਓਹਦੇ ਲਈ ਜੁੱਤੀਆਂ ਦੀ ਢੇਰੀ, ਬਾਂਦਰ ਰਾਖੇ ਨੂੰ ਵੇਹਰਦਿਆਂ ਹੋਕੀ ਜਾਏ:

ਪਵਿੱਤਰ ਪੋਥੀਆਂ ਸਿਆਸੀ
ਸਮਾਜੀ ਚਾਲਬਾਜ਼ੀ!
ਬੰਦੇ ਤੋਂ ਉਪਰ ਕੋਈ ਹਸਤੀ ਨਾ!
ਮਰਨੋਂ ਮਗਰ ਅਗਲਾ ਜਹਾਨ,
ਸਭ ਵਹਿਮ ਗਮਾਨ!
ਏਹ ਜੀਵਨ ਰੱਜ ਹੰਢਾਓ
ਤੇ ਖ਼ੌਫ਼ਾਂ ਨੂੰ ਮਗਰੋਂ ਲਾਹੋ!

ਪੰਡਤ, ਪਾਦਰੀ, ਮੌਲਵੀ ਤੇ ਸੰਤ ਓਹਦੇ ਖ਼ਿਲਾਫ਼ ਪਰ ਕੁਝ ਹਮਾਤੜ ਅਛੂਤਾਂ ਓਹਨੂੰ ਗੁਰੂ ਮੰਨ ਲਿਆ, ਓਹਦੀ ਸੇਵਾ ਤੇ ਟਹਿਲ ਟਕੋਰ ਹੋਵਣ ਲੱਗ ਪਈ। ਮੰਨਣਹਾਰ ਭਾਵੇਂ ਮਾੜੇ ਪਰ ਆਪਣੇ ਸਤਿਗੁਰ ਦੇ ਖਾਵਣ ਪਾਵਣ, ਹੁੱਕ.ੇ ਤੰਬਾਕੂ ਤੇ ਭੰਗ ਪੋਸਤ ਦਾ ਪਰਬੰਧ ਕਰੀ ਰੱਖਣ, ਜਿਹੜਾ ਆਪਣੇ ਵਿਚਾਰ ਪਰਚਾਰਦਾ ਫਿਰੇ, ਅੱਗੇ ਅੱਗੇ ਗੁਰੂ ਮਸਤਾ ਤੇ ਪਿੱਛੇ ਪਿੱਛੇ ਓਹਦੇ ਦੋ ਚੇਲੇ, ਜਵਾਹਰ ਤੇ ਫ਼ਕ.ੀਰੀਆ, ਜਿਹਨਾਂ ਨੂੰ ਓਹਨੇ ਪੜ੍ਹਨਾ ਲਿਖਣਾ ਸਿਖਾਇਆ। ਪਰਦੇਸੀ ਮਿਸ਼ਨਰੀ ਸਕਾਟ ਨਾਲ ਟਾਕਰਾ ਹੋਇਆ, ਜੀਹਦੀਆਂ ਦਲੀਲਾਂ ਨਾਲ ਸਿਰ ਫਿਰਿਆ ਮਸਤਾ ਆਪ ਨਾ ਢੱਠਾ, ਪਰ ਬਿਨ ਤਨਖ਼ਾਹੋਂ ਨੌਕਰ, ਓਹਦੇ ਦੋਵੇਂ ਚੇਲੇ, ਪਰਾਹੁਣਾਚਾਰੀ ਕਰਦਿਆਂ ਗੋਰੇ ਮਿਸ਼ਨਰੀ ਸਕਾਟ ਦੀਆਂ ਗੱਲਾਂ ਵਿੱਚ ਆ ਕੇ ਆਪਣੇ ਗੁਰੂ ਨੂੰ ਛੱਡ ਗਏ। ਪਰਤੇ ਓਦੋਂ ਜਦੋਂ ਓਹ, ਜਵਾਹਰ ਮਸੀਹ ਤੇ ਫ਼ਕੀਰੀਆ ਮਸੀਹ, ਦੋਨਾਂ ਪਾਦਰੀਆਂ ਨੂੰ ਮਹੀਨੇ ਦੀ ਨਕ.ਦ ਤਨਖ਼ਾਹ ਮਿਲੇ। ਅੱਜ ਤਾਈਂ ਅਛੂਤਾਂ ਦੀ ਤਲੀ ਉਤੇ ਪੈਸਾ ਅਣਹੋਣੀ ਗੱਲ, ਇਲਾਕੇ ਵਿੱਚ ਧੁੰਮ ਪੈ ਗਈ: ਲਹਿਰਾਂ ਬਹਿਰਾਂ, ਦਰਿਆਓਂ ਨਹਿਰਾਂ ਇਹ ਗਾਉਣ ਆਮ ਹੋਇਆ। ਬੇਰੁਜ਼ਗਾਰ ਕੋਈ ਭੁੱਖਾ ਕਿਓਂ ਮਰੇ, ਨਹਿਰਾਂ ਦੀ ਖਦਾਈ ਲਈ ਮਜ਼ਦੂਰਾਂ ਦੀ ਭਰਤੀ ਖੁੱਲ੍ਹੀ। ਓਧਰੋਂ ਲਹਿੰਦੇ ਪੰਜਾਬ ਵਿੱਚ ਕਨਾਲ ਕਲੋਨੀਆਂ ਵੱਸਣ ਦਾ ਸੁਨੇਹਾ ਆਇਆ, ਜਿੱਥੇ ਜ਼ਮੀਨਾਂ ਦੀ ਆਬਾਦਕਾਰੀ ਲਈ ਸਿਆਲਕੋਟੀਆਂ ਨੂੰ ਵੀ ਮੁਰੱਬੇ ਮਿਲਣੇ- ਪਾਦਰੀ ਆਈ ਡੀ ਸ਼ਹਿਬਾਜ਼ ਏਥੇ ਰੁਕਣਾ ਚਾਹਿਆ ਪਰ ਯਾਦਾਂ ਦੀ ਨਹਿਰ ਵਗਦੀ ਗਈ- ਨਹਿਰਾਂ ਤੇ ਮਜ਼ਦੂਰੀ ਕਰਦੇ ਮਾੜੇ ਮਸਕੀਨ ਕਿਰਨੇ ਜਿਹੜੇ ਕਦੀ ਜ਼ਮੀਨਦਾਰਾਂ ਦੇ ਕਾਮੇ ਰਹੇ, ਮਸੀਹੀ ਹਾਕਮਾਂ ਦੀ ਬਾਦਸ਼ਾਹੀ ਅੰਦਰ ਕੈਨਾਲ ਕਾਲੋਨੀਆਂ ਵਿੱਚ ਭੋਂਏ ਦੀ ਆਸ ਲਾਈ ਬੈਠੇ। ਕਿਰਨਿਆਂ ਰਲ ਕੇ ਟੋਲੀਆਂ ਵਿੱਚ ਪਾਦਰੀਆਂ ਜਵਾਹਰ ਮਸੀਹ ਤੇ ਫ਼ਕ.ੀਰੀਆ ਮਸੀਹ ਨੂੰ ਮਿਲ ਕੇ ਭੋਏਂ ਦੀ ਮੰਗ ਕੀਤੀ। ਇਹ ਦੁਨੀਆਂਦਾਰੀ ਦੇ ਮਾਮਲੇ, ਨਵੇਂ ਤੇ ਨਿੱਕੇ ਪਾਦਰੀ, ਜਵਾਹਰ ਮਸੀਹ ਤੇ ਫ਼ਕੀਰੀਆ ਮਸੀਹ ਓਹਨਾਂ ਦੀ ਕੀ ਮਦਦ ਕਰਦੇ- ਓਹ ਪੁਰਾਣੇ ਤੇ ਵੱਡੇ ਪਾਦਰੀ ਅਹਿਸਾਨ ਉੱਲਾਹ ਨੂੰ ਮਿਲੇ ਜਿਹਨੇ ਕਿਰਨਿਆਂ ਵੱਲੋਂ ਅੰਗਰੇਜ਼ੀ ਵਿੱਚ ਕਾਲੋਨੀ ਅਫ਼ਸਰ ਨੂੰ ਚਿੱਠੀ ਪਾਈ ਜਿਹਦਾ ਜਵਾਬ ਏਹ ਆਇਆ: "No, because you untouchables are not classed as agriculturists."
ਪਾਦਰੀ ਅਹਿਸਾਨ ਉੱਲਾਹ, ਪਾਦਰੀ ਜਵਾਹਰ ਮਸੀਹ ਤੇ ਪਾਦਰੀ ਫ਼ਕੀਰੀਆ ਮਸੀਹ ਨਿੰਮੋਝਾਣ ਸੋਚੇ ਪਏ ਕਿ ਓਹ ਕਿਵੇਂ ਕਰਿਸਚਨ ਅੰਗਰੇਜ਼ ਸਰਕਾਰ ਦਾ ਇਨਕਾਰ ਕਿਰਨਿਆਂ ਨੂੰ ਦੱਸਣ, ਜਿਹੜੇ ਮਸੀਹੀ ਹੋ ਕੇ ਵੀ ਅਛੂਤ ਰਹੇ- ਜਦੋਂ ਕਿ ਜਿਹੜੇ ਜ਼ਮੀਨਦਾਰ ਮਸੀਹੀ ਹੋਏ, ਓਹ ਮੁਸਲਮਾਨ, ਹਿੰਦੂ ਤੇ ਸਿੱਖ ਜ਼ਮੀਨਦਾਰਾਂ ਵਾਂਗੂੰ- ਘੋੜੀਪਾਲ, ਮੁਰੱਬਿਆਂ ਦੇ ਹੱਕ.ਦਾਰ। ਪਾਦਰੀ, ਸਵਾਲੀ ਕਿਰਨਿਆਂ ਅੱਗੇ ਨਿਗੱਲੇ ਹੋ ਖਲੋਤੇ- ਹਟਕੋਰੇ ਲੈਂਦਿਆਂ, ਪਾਦਰੀ ਆਈ ਡੀ ਸ਼ਹਿਬਾਜ਼ ਦੇ ਸੰਘ ਵਿੱਚ ਹੋਕਾ ਫਸਿਆ ਕਿ ਰੌਲਾ ਪੈ ਗਿਆ:

ਮਰਦਾਂ ਹੱਥ ਮੈਦਾਨ,
ਮਰਦਾਂ ਹੱਥ ਮੈਦਾਨ

ਏਹ ਮਸਤੇ ਦੀ ਲਲਕਾਰ ਜਿਹੜਾ ਕਿਰਨਹਾਰਾਂ ਦੀ ਕੁਜਾਕੀ ਨੂੰ ਕੋਝੀ ਕਰਤੂਤ ਕਹਿ ਕੇ ਭੰਡਦਾ ਫਿਰੇ ਤੇ ਕਾਲੇ ਕਿੱਕਰ ਦਾ ਸੱਜਰਾ ਘੜਾਇਆ ਕਿੱਲਾ ਹੁਲਾਂਦਾ ਜਾ ਰਹਿਆ,
"ਜਿਹਨੇ ਪੜਵਾਣੀ, ਪਿੜ ਵਿੱਚ ਆਵੇ!"

ਓਹ ਏਸ ਸ਼ਰਾਰਤ ਰਾਹੀਂ ਪਾਦਰੀ ਜਵਾਹਰ ਮਸੀਹ ਤੇ ਫ਼ਕੀਰਿਆ ਮਸੀਹ ਨੂੰ ਚੋਂਬੜ ਰਹਿਆ ਜਿਹੜੇ ਕਿਰਨਿਆਂ ਲਈ ਭੋਏਂ ਦੇ ਕਿੱਲੇ ਮੰਗਣ ਗਏ। ਪਾਦਰੀਆਂ ਨੂੰ ਠੁੱਠ ਛਿੱਬੀ ਵਖਾਂਦਾ ਮਸਤਾ, ਪਾਦਰੀ ਆਈ ਡੀ ਸ਼ਹਿਬਾਜ਼ ਨੂੰ ਉੱਕਾ ਚੰਗਾ ਨਾ ਲੱਗਾ ਪਰ ਲੱਕੜ ਦੇ ਕਿੱਲੇ ਓਹਦੀਆਂ ਯਾਦਾਂ ਨੂੰ ਕੁਤਕਤਾੜੀ ਜ਼ਰੂਰ ਕੱਢੀ ਤੇ ਯਾਦਾਂ ਦੀ ਅਖ਼ਬਾਰ ਅਗਲੀ ਖ਼ਬਰ:

ਲੁਧਿਆਣੇ ਤੇ ਸਿਆਲਕੋਟ ਯਤੀਮਖ਼ਾਨੇ ਉੱਸਰ ਰਹੇ।

"ਯਤੀਮ ਕਿੱਥੇ?" ਮਸਤਾ, ਪਾਦਰੀ ਜਵਾਹਰ ਮਸੀਹ ਤੇ ਪਾਦਰੀ ਫ਼ਕੀਰੀਆ ਨੂੰ ਛੇੜਦਿਆਂ ਇੰਝ ਪੁੱਛੇ ਜਿਵੇਂ ਓਹਨੇ ਇਹ ਬੁਝਾਰਤ ਬੁੱਝੀ ਹੋਈ। ਏਧਰੋਂ ਯਤੀਮ ਖ਼ਾਨੇ ਛੱਤੇ ਗਏ, ਓਧਰੋਂ 1901 ਦਾ ਕਾਲ ਪੈ ਗਿਆ। ਘਰਾਂ ਦੇ ਘਰ ਉੱਜੜ ਗਏ, ਟੱਬਰਾਂ ਦੇ ਟੱਬਰ ਪਿੰਜਰ ਹੋ ਕੇ ਰੁਲਦੇ ਫਿਰਨ। ਭੁੱਖਾਂ ਦੁੱਖਾਂ ਦੀ ਰੁੱਤ, ਰੱਜੇ ਰੁੱਖੇ ਹੋ ਗਏ।

ਲਾਵਾਰਸ ਬਾਲ ਜਿਹਨਾਂ ਦੇ ਮਾਪੇ ਮੋਏ, ਓਹਨਾਂ ਦੇ ਵਾਰਸ ਪਾਦਰੀ ਬਣੇ। ਬੇਘਰ ਯਤੀਮਾਂ ਦੇ ਘਰ ਹੁਣ ਮਿਸ਼ਨ ਦੇ ਯਤੀਮਖ਼ਾਨੇ। ਜਿਧਰ ਵੇਖੋ, ਕਾਲ ਤੇ ਮੌਤ, ਉਜਾੜ ਈ ਉਜਾੜ, ਦੁਖੀਆਂ ਦੇ ਵੈਣ ਤੇ ਹਾੜੇ। ਮਸਤੇ ਰੱਜ ਕੇ ਭੰਗ ਪੀਤੀ, ਉੱਚੀ ਉੱਚੀ ਹੱਸਦਾ ਫਿਰੇ ਕਿ ਓਹਨੂੰ ਪਾਦਰੀ ਜਵਾਹਰ ਮਸੀਹ ਤੇ ਪਾਦਰੀ ਫ਼ਕੀਰੀਆ ਮਸੀਹ ਟੱਕਰ ਗਏ। ਪਾਦਰੀ ਰਾਹ ਵਲਾਨ ਲੱਗੇ, ਮਸਤੇ ਓਹਨਾਂ ਨੂੰ ਫੜਦਿਆਂ ਆਪਣਾ ਹਾਸਾ ਡੱਕ ਲਿਆ। ਦੋਵੇਂ ਬਾਹਵਾਂ ਓਹਨੇ ਪਾਦਰੀਆਂ ਦੇ ਮੋਢਿਆਂ ਉੱਤੇ ਰੱਖੀਆਂ, ਨਸ਼ੇ ਵਿੱਚ ਧੁਤ, ਸਹਾਰਾ ਲੈ ਕੇ ਨਾਹਰੇ ਲਾਣ ਲੱਗ ਪਿਆ:
ਅੰਗਰੇਜ਼ ਰਾਜ, ਜ਼ਿੰਦਾਬਾਦ!

ਪਾਦਰੀ ਆਈ ਡੀ ਸ਼ਹਿਬਾਜ਼ ਦੇ ਕੰਨਾਂ ਨੂੰ ਮਸਤੇ ਦੇ ਨਾਅਰੇ ਛੇਕ ਰਹੇ ਕਿ ਲਾਮ ਲੱਗ ਗਈ-ਅਛੂਤਾਂ ਨੂੰ ਫ਼ੌਜ ਵਿੱਚ ਪਹਿਲੀ ਵਾਰ ਨੌਕਰੀ ਮਿਲੀ। ਗੁਰਦਾਸਪੁਰ, ਸਿਆਲਕੋਟ ਤੇ ਗੁਜਰਾਂਵਾਲੇ ਜ਼ਿਲ੍ਹੇ ਦੇ ਛੇ ਹਜ਼ਾਰ ਕਿਰਨੇ ਨੌਕਰ ਹੋਏ। ਅਫ਼ਸਰ ਕੀ, ਓਹ ਫ਼ੌਜੀ ਜਵਾਨ ਵੀ ਨਾ। ਓਹ ਹਸਪਤਾਲ ਅਸਿਸਟੈਂਟ, ਸੇਨੇਟਰੀ ਵਰਕਰਜ਼, ਸਵੀਪਰਜ਼ ਤੇ ਲੇਬਰ ਕਲਾਸ। ਮਸਤੇ ਵਸਤੀ ਵਸਤੀ ਠਿੱਠ ਕਰਦਿਆਂ ਵਧਾਈ ਦਿੱਤੀ, "ਵਾਹ, ਖ਼ਾਕਰੋਬ ਫ਼ੌਜ ਵਿੱਚ ਵੀ ਖ਼ਾਕਰੋਬ ਲੱਗਾ!" ਲਾਮ ਮੁੱਕੀ ਤੇ ਪੂਰੇ ਪੰਜਾਬ ਦਾ ਨੱਕ ਵਗਿਆ। ਇਨਫ਼ੂਲੈਂਜ਼ਾ ਵਬਾਈ ਮਰਜ਼, ਜਿਹਦਾ ਇਲਜ਼ਾਮ ਪੰਜਾਬੀ ਇੱਜ਼ਤਦਾਰਾਂ, ਅਛੂਤਾਂ ਉੱਤੇ ਲਾਇਆ, ਕਿ ਇਹ ਬਿਮਾਰੀ ਜੰਗੀ ਮੁਹਾਜ਼ਾਂ ਤੋਂ ਅਛੂਤ ਲੈ ਕੇ ਆਏ ਜਿੱਥੇ ਓਹ ਨੌਕਰ ਹੋ ਕੇ ਗਏ। ਡਾਢੇ ਉੱਚਿਆਂ, ਨੀਵੇ ਅਛੂਤਾਂ 'ਤੇ ਥੂਹ ਥੂਹ ਕੀਤੀ, ਮਾੜਿਆਂ ਦਾ ਕੀ ਜ਼ੋਰ। ਪਰ ਅਸਲ ਖ਼ਬਰ ਇਹ ਕਿ ਪੰਜ ਲੱਖ ਪੰਜਾਬੀ ਜਿਹੜੇ ਫ਼ੌਜੀ ਭਰਤੀ ਹੋਏ ਓਹਨਾਂ 'ਚੋਂ ਕੋਈ ਵੀ ਅਛੂਤ ਨਾ, ਸਾਰੇ ਇੱਜ਼ਤਦਾਰ। ਵਬਾਅ ਦੇ ਸਮੇਂ ਹਰ ਕੋਈ ਦਵਾ ਦਾਰੂ ਲੱਭਦਾ ਫਿਰੇ, ਭੰਗੀ ਮਸਤਾ ਅਸ਼ਰਾਫਾਂ ਭਾਣੇ ਕੱਬਾ ਤੇ ਮੂਰਖ, ਬਿਮਾਰੀ ਤੋਂ ਬਚਿਆ, ਮਚਿਆ ਹੋਇਆ: ਅੰਗਰੇਜ਼ ਰਾਜ, ਜ਼ਿੰਦਾਬਾਦ! ਮਸਤਾ ਪੂਰਾ ਸ਼ੁਦਾਈ ਲੱਗੇ, ਨਾਅਰੇ ਲਾਂਦਾ ਲਾਂਦਾ ਦੁਆਬੇ ਨੂੰ ਮੂੰਹ ਕਰ ਗਿਆ, ਜਿੱਧਰੋਂ ਉੱਡਦੀ ਉੱਡਦੀ ਖ਼ਬਰ ਆਈ ਕਿ ਮਸਤਾ ਅਛੂਤ ਲੀਡਰ ਬਾਬੂ ਮੰਗੂ ਰਾਮ ਮੋਗੋਵਾਲੀਆ ਦੇ ਜੱਥੇ ਵਿੱਚ ਰਲ ਕੇ ਗ਼ਦਰੀ ਹੋ ਗਿਆ-

+++

ਪਾਦਰੀ ਆਈ ਡੀ ਸ਼ਹਿਬਾਜ਼ ਲੰਮਾ ਸੁੱਖ ਦਾ ਸਾਹ ਲਿਆ ਤੇ ਯਾਦਾਂ 'ਚੋਂ ਓਹਨੇ ਆਪਣੀ ਭਾਲ ਕੀਤੀ- ਅਮਰੀਕਾ ਤੋਂ ਡਾਕਟਰ ਆਫ਼ ਡਿਵਿਨਿਟੀ ਦੀ ਡਿਗਰੀ ਤੇ ਸਿਆਲਕੋਟ ਦੇ ਫ਼ਸਟ ਯੂ ਪੀ ਚਰਚ ਦੀ ਪਾਸਬਾਨੀ ਦਾ ਮਾਨ ਪਰ ਏਹ ਬਹੁਤ ਬਾਅਦ ਦੀ ਗੱਲ। ਓਹਨੂੰ ਓਹ ਵੇਲਾ ਚੇਤੇ ਆ ਰਹਿਆ ਜਦੋਂ ਓਹ ਜ਼ਫ਼ਰਵਾਲ ਵਿੱਚ ਦੀਨਦਾਰਾਂ ਦਾ ਬਾਲ ਤੇ ਨਾਂ ਓਹਦਾ ਇਮਾਮਦੀਨ। ਪਰੇਮਾ, ਚੁਗ਼ੱਤਾ ਤੇ ਦਿੱਤ ਓਹਦੇ ਬੇਲੀ, ਓਹਦੀ ਬਰਾਦਰੀ। ਸਰਕਾਰੀ ਸਕੂਲ ਖੁੱਲ੍ਹਾ ਜਿੱਥੇ ਓਹਨਾਂ ਨੂੰ ਵੜਣ ਤੋਂ ਮਨਾਹੀ। ਓਹ ਰਲ ਕੇ ਸਕੂਲ ਦੀ ਵਲਗਣ ਤੋਂ ਝਾਕਦਿਆਂ ਜੱਟਾਂ, ਰਾਜਪੂਤਾਂ, ਗੁੱਜਰਾਂ ਤੇ ਖੱਤਰੀਆਂ ਦੇ ਮੁੰਡਿਆਂ ਨੂੰ ਪੜ੍ਹਦਿਆਂ ਵੇਖਦੇ ਸੱਧਰਦੇ ਸਹਿਕਦੇ ਰਹਿੰਦੇ। ਤਖ਼ਤੀ ਸੁਕਾਉਣਾ ਸਵਾਦੀ ਖੇਡ ਲੱਗੇ, ਓਹਨਾਂ ਦਾ ਵੀ ਏਹ ਖੇਡਣ ਨੂੰ ਜੀ ਕਰੇ। ਪੜ੍ਹਾਕੂ ਲੱਕੜ ਦੀ ਫੱਟੀ ਪਹਿਲਾਂ ਮਲ ਮਲ ਧੋਂਦੇ ਤੇ ਫ਼ੇਰ ਓਹਦੇ ਉੱਤੇ ਹੱਥ ਨਾਲ ਚੀਕਨੀ ਗਾਚੀ ਫ਼ੇਰ ਕੇ ਧੁੱਪੇ ਰੱਖਦੇ। ਕੋਈ ਲਲਕਰਦਾ, "ਭਲਾ ਕੀਹਦੀ ਪਹਿਲਾਂ ਸੁੱਕਦੀ!" ਤਖ਼ਤੀਆਂ ਫੜ ਕੇ ਸਾਰੇ ਪਿੜ ਵਿੱਚ ਆ ਜਾਵਨ ਤੇ ਵਾਅ ਵਿੱਚ ਵਧ ਵਧ ਬਾਹਵਾਂ ਉਲਾਰਦੇ। ਮਗਰੋਂ ਆਠਰੀ ਤਖ਼ਤੀ ਨੂੰ ਲੱਤਾਂ ਵਿੱਚ ਲੈ ਕੇ ਪੈਰਾਂ ਭਾਰ ਬੈਹ ਜਾਵਨ, ਭੌਂਏ ਤੋਂ ਤੀਲਾ ਲੱਭ ਲੈਂਦੇ ਜਿਹਦੇ ਨਾਲ ਭੋਏਂ ਖੋਤਰਦਿਆਂ ਗਾਵਣ ਗਾਂਦੇ। ਇਮਾਮਦੀਨ ਵੀ ਮਸਕੀਨ ਮੁੰਡੀਕੇ ਨਾਲ ਰਲ ਕੇ ਇਹ ਖੇਡ ਖੇਡਣ ਲਈ ਚੌਧਰੀਆਂ ਦੇ ਮੁੰਡੇ ਕੋਲੋਂ ਤਖ਼ਤੀ ਮੰਗੀ: ਪੋਚੀ ਤਖ਼ਤੀ ਲੱਤਾਂ ਵਿੱਚ ਦਿੱਤੀ ਠੰਡੀ ਠਾਰ ਲੱਗੀ ਪਰ ਚੂਹਵਿਆ ਚੂਹਵਿਆ ਮੈਂ ਤੇਰੀ ਖੁੱਡ ਕੱਢਣਾਂ ਤੂੰ ਮੇਰੀ ਤਖ਼ਤੀ ਸੁਕਾਅ ਖੁੱਡ ਵਿੱਚ ਵੜਨ ਲਈ ਚੂਹਾ ਉਤਾਵਲਾ, ਆਕੜਾਂ ਲੈਂਦੇ ਦੀ ਗਰਮੈਸ਼ ਨਾਲ ਤਖ਼ਤੀ ਸਵਾਦੀ ਸੁੱਕੀ- ਸ਼ੈਤਾਨੀਆਂ ਤੇ ਸ਼ਰਾਰਤਾਂ ਖੇਡਦਿਆਂ ਇਮਾਮਦੀਨ ਤੇ ਓਹਦੇ ਸੰਗੀਆਂ ਨੂੰ ਗੋਰਾ ਮਿਸ਼ਨਰੀ ਈ ਪੀ ਸਵਿਫ਼ਟ ਮਿਲ ਪਿਆ। ਮੋਹਨਾ ਢੰਗ ਤੇ ਸੋਹਨਾ ਬੁਲਾਰਾ, ਖ਼ੁਦਾਵੰਦ ਯਸੂ ਮਸੀਹ ਦੀਆਂ ਗੱਲਾਂ, ਦਸਾਂ ਵਰ੍ਹਿਆਂ ਦੇ ਇਮਾਮਦੀਨ ਦੇ ਅੰਦਰ ਲਹਿ ਗਈਆਂ। ਦਿਲ ਦਰਦਾਂ ਨਾਲ ਇੰਝ ਭਰਿਆ ਕਿ ਮਿਸ਼ਨਰੀ ਥਾਮਸ ਹੰਟਰ ਤੇ ਓਹਦੀ ਘਰ ਵਾਲੀ ਦੀ ਮਰਨ ਕਹਾਣੀ ਸੁਣ ਕੇ ਕਿੰਨੇ ਦਿਨ ਓਹਦੇ ਅਥਰੂ ਨਾ ਸੁੱਕੇ ਤੇ ਜੋ ਅਣਹੋਣੀ ਵਾਪਰੀ ਓਹ ਅੱਖੋਂ ਓਹਲੇ ਨਾ ਹੋਵੇ। (ਥਾਮਸ ਹੰਟਰ ਤੇ ਮਿਸਜ਼ ਥਾਮਸ ਹੰਟਰ 1857 ਵਿੱਚ ਚਰਚ ਆਫ਼ ਸਕਾਟਲੈਂਡ ਵੱਲੋਂ ਸਿਆਲਕੋਟ ਆਏ। ਫ਼ੌਜੀ ਬਾਗ਼ੀਆਂ ਲਈ ਏਹ ਫ਼ਰੰਗੀ ਹਾਕਮਾਂ ਦੇ ਜੀਅ, ਓਹ ਏਹਨਾਂ ਨੂੰ ਮਾਰਨ ਲਈ ਪਿੱਛੇ ਲੱਗ ਗਏ। ਖ਼ੂਨੀਆਂ ਅੱਗੇ ਅੱਗੇ ਦੌੜਦੇ ਦੋਵੇਂ ਪਰਦੇਸੀ ਜੀਅ ਕਿਲ਼ੇ ਵਿੱਚ ਜਾ ਲੁਕੇ ਜਿੱਥੋਂ ਕੱਢ ਕੇ ਬਾਗ਼ੀਆਂ ਓਹਨਾਂ ਨੂੰ ਬੇਦਰਦੀ ਨਾਲ ਕ.ਤਲ ਕੀਤਾ) ਏਹਨਾਂ ਖ਼ੁਦਾ ਦੀ ਰਾਹ ਵਿੱਚ ਮੋਇਆਂ ਦੀ ਯਾਦ ਵਿੱਚ ਸਿਆਲਕੋਟ ਅੰਦਰ ਮਿਸ਼ਨ ਵੱਲੋਂ ਹੰਟਰ ਮੈਮੋਰੀਅਲ ਸਕੂਲ ਖੁੱਲ੍ਹਾ, ਜਿੱਥੇ ਦੀਨਦਾਰਾਂ ਦਾ ਮੁੰਡਾ ਇਮਾਨਦੀਨ ਦਾਖ਼ਲ ਹੋਇਆ। ਏਥੋਂ ਪੜ੍ਹ ਕੇ ਓਹ ਚਰਚ ਮਿਸ਼ਨਰੀ ਸਕੂਲ ਅੰਮ੍ਰਿਤਸਰ ਵਿੱਚ ਟੀਚਰ ਲੱਗਾ ਜਿੱਥੇ ਓਹਨੇ ਮਿਸ਼ਨਰੀ ਰਾਬਰਟ ਕਲਾਰਕ ਹੱਥੋਂ ਬਪਤਿਸਮਾ ਲਿਆ- ਓਹ ਯੂ ਪੀ (ਯੂਨਾਈਟਿਡ ਪਰੈੱਸਬਾਈਟੇਰੀਅਨ) ਚਰਚ ਵਿੱਚ ਓਦੋਂ ਪਾਦਰੀ ਕਿ ਓਹਨਾਂ ਦੇ ਚਰਚ ਸ਼ਾਇਰੀ ਦੇ ਮੁਕਾਬਲੇ ਦਾ ਹੋਕਾ ਦਿੱਤਾ ਜਿਹੜਾ "ਨੂਰ ਅਫ਼ਸ਼ਾਂ" ਰਸਾਲੇ ਵਿੱਚ ਛਪਿਆ। ਏਹ ਮੁਕਾਬਲਾ ਸ਼ੇਅਰ ਘੜਤ ਦਾ ਹੁਨਰੀ ਪਾਦਰੀ ਇਮਾਮਦੀਨ ਜਿੱਤ ਗਿਆ, ਸ਼ਾਇਰੀ ਵਿੱਚ ਓਹਦਾ ਤਖ਼ੱਲਸ ਸ਼ਹਿਬਾਜ਼। ਓਹਨਾਂ ਦਿਨਾਂ ਵਿੱਚ ਅਮਰੀਕੀ ਮਿਸ਼ਨਰੀ ਡਾਕਟਰ ਐਂਡਰਿਊ ਗੌਰਡਨ ਜ਼ਬੂਰਾਂ ਦੇ ਉਰਦੂ ਤਰਜਮੇ ਲਈ ਜਿਹੜੀ ਕਮੇਟੀ ਬਣਾਈ, ਪਾਦਰੀ ਇਮਾਮਦੀਨ ਸ਼ਹਿਬਾਜ਼ ਵੀ ਓਹਦਾ ਮੈਂਬਰ। ਸੱਠ ਜ਼ਬੂਰਾਂ ਦਾ ਉਰਦੂ ਤਰਜਮਾ ਹੋ ਗਿਆ ਪਰ ਐਵੇਂ ਕਲਮ ਘਸਾਈ, ਧਰਤ ਦੇ ਪੱਛੜੇ ਪੂਰਾਂ ਨੂੰ ਓਹਨੇ ਟੁੰਬਿਆ ਨਾ। ਡਾਕਟਰ ਐਂਡਰਿਊ ਗੌਰਡਨ ਦੇ ਗੁਜਰਨ ਮਗਰੋਂ ਡਾਕਟਰ ਸੈਮੂਅਲ ਮਾਰਟਨ ਕਮੇਟੀ ਦਾ ਪਰਧਾਨ ਜਿਹਨੇ ਪਾਦਰੀ ਇਮਾਮਦੀਨ ਸ਼ਹਿਬਾਜ਼ ਨੂੰ ਤਰਜਮਾਕਾਰਾਂ ਦਾ ਆਗੂ ਬਣਾਇਆ ਜਿਹੜਾ ਧਰਤੀ ਦਾ ਜੀਅ ਤੇ ਦਬੀਲ ਲੋਕਾਈ ਦੀ ਰਗ਼ ਰਗ਼ ਦਾ ਜਾਣੂ, ਓਹਨੇ ਗਵੇੜਿਆ ਕਿ ਗ਼ੈਰ ਜ਼ਬਾਨ ਵਿੱਚ ਕੀਤੀ ਗੱਲ ਬਾਹਰੇ ਬਾਹਰ ਪਰ੍ਹਾਂ ਪਰ੍ਹਾਂ, ਮਾਂ ਬੋਲੀ ਵਿੱਚ ਓਹੀਓ ਬੋਲ ਅੰਦਰ ਵੜ ਜਾਂਦੇ। ਜ਼ਬੂਰ ਪੰਜਾਬੀ ਹੋ ਕੇ ਦਿਨਾਂ ਵਿੱਚ ਪੁੱਗਦੇ ਗਏ ਪਰ ਹਾਲੀਂ ਵੀ ਕੋਈ ਘਾਟ, ਓਹ ਏਹ ਕਿ ਦੇਸੀ ਬੋਲ ਵਲੈਤੀ ਸੰਗੀਤ ਵਿੱਚ ਗਾਏ ਜਾਵਣ। ਤਰਜਮਾਕਾਰ ਪਾਦਰੀ ਇਮਾਮਦੀਨ ਸ਼ਹਿਬਾਜ਼ ਨੂੰ ਅਹੁੜਿਆ ਕਿ ਮਾਂ ਬੋਲੀ ਇਥਾਵੇਂ ਰਾਗਾਂ ਵਿੱਚ ਸ਼ੋਭਦੀ, ਮਿਸ ਹੈਨਰੀ ਗੌਰਡਨ ਤੇ ਮਿਸ ਮੈਰੀ ਮਾਰਟਨ ਓਹਨੂੰ ਥਾਪੜਿਆ, ਦੇਸੀ ਗਾਇਕੀ ਦੇ ਦੋ ਕਲਾਵੰਤ ਸਾਦਕ. ਮਸੀਹ ਤੇ ਰਾਧਾਕਿਸ਼ਨ ਓਹਦੇ ਮਦਦਗਾਰ ਹੋਏ। ਮਾਂ ਬੋਲੀ ਵਿੱਚ ਪਰਤੀ ਲਿਖਤ ਦੇ ਮੂਲ ਮੰਤਰ ਨੂੰ ਧਰਤੀ 'ਚੋਂ ਫੁੱਟੇ ਸੁਰਾਂ ਇੰਝ ਸੁਰ ਕੀਤਾ ਕਿ ਸੁਨਣਹਾਰਾਂ ਨੂੰ ਸਰੂਰ ਆਇਆ, "ਪੰਜਾਬੀ ਜ਼ਬੂਰ ਦੇਸੀ ਰਾਗਾਂ ਵਿੱਚ" ਅਮਰ ਹੋਏ। ਅੱਗੇ ਤੋਂ ਜਿਹੜਾ ਮਸੀਹੀ ਇਕੱਠ ਹੋਵੇ, ਓਹ ਓਦੋਂ ਸੰਪੂਰਨ ਜਦੋਂ ਪੰਜਾਬੀ ਜ਼ਬੂਰ ਦੇਸੀ ਰਾਗਾਂ ਵਿੱਚ ਗਾਇਆ ਜਾਵੇ। ਜ਼ਬੂਰ ਦੀ ਬਰਕਤ ਇਮਾਨੀ ਗੱਲ ਪਰ ਪਾਦਰੀ ਇਮਾਮਦੀਨ ਸ਼ਹਿਬਾਜ਼ ਦੀ ਵੇਲ ਹੋਕੇ ਬਿਨਾ ਸਰਦਾ ਨਾ ਜਿਹਦੀ ਵਜ੍ਹੋਂ ਮਸੀਹੀ ਇਕੱਠ ਵੱਡੇ ਹੋਂਦੇ ਗਏ- 'ਪੰਜਾਬ ਪਰੇਜ਼ ਐਂਡ ਪਰੇਅਰ ਯੂਨੀਅਨ' ਬਣੀ ਜਿਹਦੇ ਮੈਂਬਰਾਂ ਵਿੱਚ ਸਵਾਲ ਨਾਮਾ ਵਰਤਾਇਆ ਗਿਆ ਕਿ ਦੁਆ ਕਿਓਂ, ਕਿੰਨੀ, ਕਿਵੇਂ, ਕਦੋਂ ਤੇ ਕਿੱਥੇ। ਵੰਨ ਸਵੰਨੇ ਜਵਾਬਾਂ ਨੂੰ ਜੋੜ ਕੇ ਵਿਚਾਰ ਵਟਾਂਦਰਾ ਹੋਇਆ ਜਿਹਦੇ ਤੋਂ ਏਹ ਪਰਤੀਤ ਕਿ ਏਥੇ ਲੋਕ ਮੇਲੇ ਦੇ ਸ਼ੌਕੀ ਜਿਹਨਾਂ ਨੂੰ ਵੱਡੇ ਪੱਧਰ 'ਤੇ ਰਲ ਕੇ ਦੁਆ ਕਰਨ ਦੀ ਸੱਧਰ ਤੇ ਦੂਜਾ ਏਥੇ ਵੱਡੇ ਇਕੱਠ ਦਾ ਰੋਅਬ ਪਵੇ। ਨਾਰਥ ਇੰਡੀਆ ਵਿੱਚ 'ਕਰਿਸਚਨ ਲਾਈਫ਼ ਕਨਵੈਨਸ਼ਨ' ਦੀ ਤਦਬੀਰ ਹੋਈ। ਵੇਲਾ 1904, ਥਾਂ ਸਿਆਲਕੋਟ, ਇਹ ਐਂਗਲੀਕਨ ਕਨਵੈਨਸ਼ਨ ਜੱਗ ਵਿੱਚ ਧੁੰਮਿਆ। ਏਸ ਕਨਵੈਨਸ਼ਨ ਤੋਂ ਪਹਿਲਾਂ ਯੂ ਪੀ ਚਰਚ ਦੇ ਪਾਦਰੀ ਜੌਨ ਹਾਈਡ, ਚਰਚ ਆਫ਼ ਸਕਾਟਲੈਂਡ ਦੇ ਪਾਦਰੀ ਮਕੇਨ ਪੀਟਰਸਨ ਤੇ ਐਂਗਲੀਕਨ ਚਰਚ ਦੇ ਪਾਦਰੀ ਅਹਿਸਾਨ ਉੱਲਾਹ ਤੀਹ ਦਿਨ ਤੇ ਤੀਹ ਰਾਤਾਂ ਦੁਆ ਕੀਤੀ। 'ਸਿਆਲਕੋਟ ਕਨਵੈਨਸ਼ਨ' ਦਾ ਦਿਨ ਆਇਆ, ਪਰੀਚਿੰਗ ਹਾਲ ਤੋਂ ਵੱਧ ਪਰੇਅਰ ਰੂਮ ਵਿੱਚ ਰੌਣਕ. ਜਿੱਥੇ ਹਰ ਰਲਤੀ ਨੂੰ ਮੁਕੱਦਸ ਰੂਹ ਦੀ ਮੌਜੂਦਗੀ ਮਹਿਸੂਸ ਹੋਈ। ਸਾਜ਼ਾਂ ਨਾਲ ਆਵਾਜ਼ਾਂ ਰਲੀਆਂ, ਸੁਰਾਂ ਦੇ ਸਮੁੰਦਰ ਵਿੱਚ ਬੋਲ ਲਹਿਰਦੇ ਗਏ:
ਐ ਮੇਰੇ ਸ਼ਾਹ ਖ਼ੁਦਾ ਵੰਦਾ
ਵਡਿਆਈ ਤੇਰੀ ਕਰਾਂਗਾ
ਕਿ ਤੇਰਾ ਹੈ ਮੁਬਾਰਕ ਨਾਂ

ਰਾਗ਼ ਦਰਬਾਰੀ ਵਿੱਚ ਇਹ ਜ਼ਬੂਰ ਗਾਇਆ ਜਾ ਰਹਿਆ। ਖ਼ੁਦਾਵੰਦ ਦਾ ਦਰਬਾਰ ਸਜਿਆ ਹੋਇਆ, ਜਿੱਥੇ ਮਸੀਹੀ ਮੇਲ ਚੰਗਾ ਢੁਕਿਆ। ਕਨਵੈਨਸ਼ਨ ਦਾ ਲਾੜਾ ਸੱਠਾਂ ਸਾਲਾਂ ਦਾ ਬੁੱਢਾ ਪਾਦਰੀ ਆਈ ਡੀ ਸ਼ਹਿਬਾਜ਼ ਡੀ ਡੀ ਜਿਹਨੂੰ ਵਾਧੂ ਰੂਪ ਚੜ੍ਹਿਆ! ਅੰਦਰ ਆਵਨ ਤੋਂ ਪਹਿਲਾਂ ਬਾਹਰ ਰਲਤੀ ਕਤਾਰਾਂ ਵਿੱਚ ਖਲੋਤੇ ਆਪਣੀ ਵਾਰੀ ਉਡੀਕ ਰਹੇ, ਕਿਤਾਬ "ਪੰਜਾਬੀ ਜ਼ਬੂਰ ਦੇਸੀ ਰਾਗ਼ਾਂ ਵਿੱਚ" ਜਿਹੜੀ ਤਿੰਨ ਹਜ਼ਾਰ ਦੀ ਗਿਣਤੀ ਵਿੱਚ ਛਪੀ, ਲੈਂਦੇ ਆਵਨ। ਅੰਦਰ ਰਾਗ਼ ਭੀਮ ਪਲਾਸੀ ਵਿੱਚ,

"ਸਾਰੇ ਲੋਕੋ ਸਾਡੇ ਰੱਬ ਨੂੰ ਧੰਨ ਧੰਨ ਆਖ ਕੇ ਗਾਓ।"
ਰਾਗ ਭੈਰਵੀ ਦੀ ਵਾਰੀ ਆਈ,
"ਖ਼ੁਦਾ ਆਪਣੇ ਭਾਈਆਂ ਨੂੰ ਮੈਂ ਤੇਰਾ ਨਾਂ ਸੁਣਾਵਾਂਗਾ।"
ਰਾਗ ਬਲਾਵਲ ਕਿਓਂ ਪਿੱਛੇ ਰਹਿੰਦਾ,
"ਮੈਂ ਸਬਰ ਦੇ ਨਾਲ ਆਸ ਰੱਖ ਕੇ।"

ਅਗਲੀ ਕਤਾਰ ਵਿਚਕਾਰ ਬੈਠੇ ਹਰਮਨ ਪਿਆਰੇ ਪਾਦਰੀ ਆਈ ਡੀ ਸ਼ਹਿਬਾਜ਼ ਡੀ ਡੀ ਦੀ ਨਜ਼ਰ ਭਾਵੇਂ ਕਮਜ਼ੋਰ, ਪਰ ਓਹਨੂੰ ਅਮ੍ਰਿਤਸਰ, ਗੁਰਦਾਸਪੁਰ, ਲੁਧਿਆਣਾ, ਹਾਫ਼ਿਜ਼ਾਬਾਦ, ਸਾਂਗਲਾ ਹਿੱਲ ਤੇ ਖਾਨਕਾਹ ਡੋਗਰਾਂ ਤੋਂ ਆਏ ਜਾਣੂ ਨੇੜੇ ਹੋ ਹੋ ਮਿਲਦੇ ਦਿੱਸ ਰਹੇ। ਓਹ ਖੁਸ਼ੀ ਨਾਲ ਫੁੱਲਿਆ, ਏਡਾ ਵੱਡਾ ਇਕੱਠ ਕਿ ਬੇਜ਼ਬਾਨ ਵਿੱਚ ਜਾਨ ਪਈ। ਮਸੀਹੀ ਮੁਲਖ ਦੀ ਜੰਝ ਜੁੜੀ ਪਰ ਬਾਹਲੇ ਜਾਂਝੀ ਬੇਘਰ ਤੇ ਲਾਵਰਸ, ਵਿਚਾਰੇ ਅਛੂਤ ਕਿਰਨੇ ਜਿਹੜੇ ਦੀਨਦਾਰਾਂ, ਲੱਲੀ ਫ਼ਕੀਰਾਂ, ਮਜ਼੍ਹਬੀ ਸਿੱਖਾਂ ਤੇ ਮੇਘਾਂ 'ਚੋਂ ਨਿੱਖੜ ਕੇ ਆਏ -ਓਹ ਅਸਲੋਂ ਨਿਮਾਣੇ ਅਛੂਤ, ਚੰਗੜ, ਚੁਮਾਰ, ਸ੍ਹਾਂਸੀ, ਗਗੜੇ ਤੇ ਝੀਰ। ਜ਼ਿਮੀਦਾਰ ਮਸੀਹੀ ਗੋਰੇ ਅਫ਼ਸਰਾਂ ਸੰਗ ਆਏ ਜਿਹਨਾਂ ਦੇ ਪਿੱਛੇ ਪਿੱਛੇ ਫਤੇਹਗੜ੍ਹ ਤੇ ਸਕਾਟਗੜ੍ਹ 'ਚੋਂ ਆਪਣੇ ਘਰਾਂ ਦੇ ਮਾਲਕ ਮਸੀਹੀ ਜੱਥੇ ਜਿਹਨਾਂ ਦੀ ਚੜ੍ਹਤਲ ਵੇਖ ਕੇ ਬੇਜ਼ਬਾਨਾਂ ਨੂੰ ਜ਼ਬਾਨ ਮਿਲੀ ਤੇ ਓਹ ਰਾਗ ਮਾਲਕੌਂਸ ਵਿੱਚ ਸੱਚ ਬੋਲ ਰਹੇ,
"ਖ਼ੁਦਾਵੰਦਾ ਤੂੰ ਲਸ਼ਕਰਾਂ ਦਾ ਖ਼ੁਦਾ ਹੈ-"

+++ ਵੇਲੇ ਤੇ ਥਾਂ ਦੀ ਕੈਦ ਤੋਂ ਆਜ਼ਾਦ, ਅੱਲੜ ਯਾਦਾਂ ਵਿੱਚ ਹੱਸਦੇ ਖੇਡਦੇ ਨੂੰ ਖ਼ੌਰੇ ਨਜ਼ਰ ਲੱਗ ਗਈ, ਵੇਖਦੇ ਵੇਖਦੇ ਹੰਢੇ, ਲਾਗ਼ਰ, ਬਿਮਾਰ ਬੁੱਢੇ ਦਾ ਸਾਹ ਔਖਾ ਹੋ ਗਿਆ। ਪਾਦਰੀ ਆਈ ਡੀ ਸ਼ਹਿਬਾਜ਼ ਡੀ ਡੀ ਦੀਆਂ ਬੇਨੂਰ ਅੱਖਾਂ ਅਸਮਾਨੀ ਬਾਪ ਨੂੰ ਪੁਕਾਰ ਰਹੀਆਂ, ਬੇਹੋਸ਼ ਹੋਂਦਿਆਂ ਓਹਦੀ ਵਾਜ ਮਰਦੀ ਗਈ:

ਰੋਜ਼ ਦੀ ਰੋਟੀ ਅੱਜ ਸਾਨੂੰ ਦੇ
ਤੇ ਜੀਕਰ ਅਸਾਂ ਆਪਣੇ ਕਸੂਰਾਂ ਨੂੰ ਮਾਫ਼ ਕੀਤਾ ਏ
ਤੂੰ ਵੀ ਸਾਡੇ ਕਸੂਰ ਸਾਨੂੰ ਮਾਫ਼ਕਰ।
ਸਾਨੂੰ ਅਜ਼ਮਾਇਸ਼ ਵਿੱਚ ਨਾ ਪਾ,
ਸਗੋਂ ਬੁਰਿਆਈ ਤੋਂ ਬਚਾਅ
ਕਿਓਂ ਜੋ ਬਾਦਸ਼ਾਹੀ ਤੇ ਜਲਾਲ
ਸਦਾ ਤੀਕਰ ਤੇਰੇ ਈ ਨੇ,
ਆਮੀਨ!

(ਸ਼ਾਹਮੁਖੀ ਤੋਂ ਲਿੱਪੀ ਬਦਲੀ: ਪਰਮਜੀਤ ਸਿੰਘ ਮੀਸ਼ਾ)

(ਪ੍ਰੀਤਲੜੀ ਤੋਂ ਧੰਨਵਾਦ ਸਹਿਤ)

  • ਮੁੱਖ ਪੰਨਾ : ਕਹਾਣੀਆਂ, ਨੈਣ ਸੁੱਖ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ