Aam Te Khaas : Lok Kahani

ਆਮ ਤੇ ਖ਼ਾਸ : ਲੋਕ ਕਹਾਣੀ

ਇਕ ਬਾਦਸ਼ਾਹ ਆਪਣੇ ਘੋੜਿਆਂ ਦੇ ਕਾਫ਼ਲੇ ਵਿਚ ਆਪ ਵੀ ਘੋੜੇ ‘ਤੇ ਬੈਠਾ ਇਕ ਪਿੰਡ ਵਿਚੋਂ ਗੁਜ਼ਰ ਰਿਹਾ ਸੀ ਕਿ ਇਕ ਕੱਚੀ ਫਿਰਨੀ ‘ਤੇ ਕੁਝ ਗੁਜਰੀਆਂ ਜਿਨ੍ਹਾਂ ਵਿਚ ਇਕ ਬਜ਼ੁਰਗ ਔਰਤ ਅਤੇ ਬਾਕੀ ਜਵਾਨ ਮੁਟਿਆਰਾਂ ਸਨ, ਸਿਰ ‘ਤੇ ਦੁੱਧ ਦਹੀਂ ਦੇ ਮਟਕੇ ਚੁੱਕੀ ਜਾ ਰਹੀਆਂ ਸਨ। ਘੋੜਿਆਂ ਦੀ ਦਗੜ-ਦਗੜ, ਪੌੜਾਂ ਦਾ ਸ਼ੋਰ ਤੇ ਤੇਜ਼ ਹਵਾ ਨਾਲ ਉਨ੍ਹਾਂ ਸਾਰੀਆਂ ਦੇ ਸਿਰਾਂ ਤੋਂ ਦੁੱਧ-ਦਹੀਂ ਨਾਲ ਭਰੇ ਕੱਚੀ ਮਿੱਟੀ ਦੇ ਮਟਕੇ ਥੱਲੇ ਜਾ ਪਏ। ਮਟਕਿਆਂ ਦੀਆਂ ਠੀਕਰੀਆਂ ਬਣ ਗਈਆਂ ਤੇ ਦੁੱਧ-ਦਹੀਂ ਮਿੱਟੀ ਵਿਚ ਰਲ ਗਏ। ਮੁਟਿਆਰਾਂ ਥਾਂਵੇਂ ਬੈਠ ਕੇ ਰੋਣ ਲੱਗ ਪਈਆਂ। ਰਾਜਾ ਘੋੜੇ ਤੋਂ ਉਤਰਿਆ, ਮੁਟਿਆਰਾਂ ਦੇ ਸਿਰ ‘ਤੇ ਹੱਥ ਰੱਖਿਆ, ਖ਼ਿਮਾ ਮੰਗੀ ਤੇ ਉਨ੍ਹਾਂ ਨੂੰ ਚਾਂਦੀ ਦੀਆਂ ਮੋਹਰਾਂ ਵੀ ਦਿੱਤੀਆਂ। ਜਦੋਂ ਰਾਜੇ ਦਾ ਧਿਆਨ ਬਜ਼ੁਰਗ ਗੁੱਜਰੀ ਵੱਲ ਗਿਆ ਤਾਂ ਉਸ ਨੇ ਵੇਖਿਆ, ਇਹ ਇਕੱਲੀ ਹੱਸ ਕਿਉਂ ਰਹੀ ਹੈ? ਰਾਜੇ ਨੇ ਉਹਦੇ ਵੱਲ ਮੋਹਰਾਂ ਨਾਲ ਭਰੀ ਮੁੱਠ ਕੀਤੀ ਤਾਂ ਉਹ ਹੋਰ ਉਚੀ ਦੇਣੀ ਹੱਸ ਕੇ ਬੋਲੀ:
“ਕੀ ਹੋਇਆ ਜੇ ਚਾਰ ਸੇਰ ਦੁੱਧ ਡੁੱਲ੍ਹ ਗਿਐ? ਮੈਂ ਤੇਰੇ ਪੈਸੇ ਨਹੀਂ ਲਵਾਂਗੀ, ਇਹ वी ਕੋਈ ਵੱਡਾ ਨੁਕਸਾਨ ਏ?”
“ਬੀਬੀ, ਤੂੰ ‘ਕੱਲੀ ਹੀ ਕਿਉਂ ਹੱਸ ਰਹੀ ਏਂ?” ਰਾਜੇ ਨੇ ਸਵਾਲ ਕੀਤਾ।
“ਖ਼ਾਸ ਗੱਲਾਂ ਆਮ ਲੋਕਾਂ ਨੂੰ ਨਹੀਂ ਦੱਸੀਦੀਆਂ,” ਉਹਨੇ ਬਹੁਤ ਠਰ੍ਹੰਮੇ ਨਾਲ ਜਵਾਬ ਦਿੱਤਾ।
“ਬੀਬੀ, ਮੈਂ ਆਮ ਲੋਕ ਨਹੀਂ, ਬਾਦਸ਼ਾਹ ਹਾਂ।”
“ਮੇਰੀਆਂ ਨਜ਼ਰਾਂ ਵਿਚ ਤੂੰ ਖ਼ਾਸ ਨਹੀਂ।”
“ਪਰ ਤੂੰ ਹੱਸ ਕਿਉਂ ਰਹੀ ਏਂ!”
“ਜ਼ਰੂਰੀ ਪੁੱਛਣੈ?”
“ਹਾਂ।”
“ਤਾਂ ਫਿਰ ਆਮ ਬੰਦਿਆ ਸੁਣ, ਜਿਸ ਰਿਆਸਤ ਵਿਚ ਮੈਂ ਜਵਾਨ ਹੋਈ, ਉਥੇ ਦਾ ਬਾਦਸ਼ਾਹ ਬੜਾ ਕਮੀਨਾ ਸੀ। ਹਰ ਨਵਵਿਆਹੀ ਨੂੰ ਮੁਕਲਾਵੇ ਵਾਲੀ ਰਾਤ ਉਸ ਕੋਲ ਕੱਟਣੀ ਪੈਂਦੀ ਸੀ, ਪਰ ਮੇਰੇ ਪਤੀ ਨੇ ਸਾਡੇ ਵਿਆਹ ਦੀ ਭਿਣਕ ਹੀ ਬਾਦਸ਼ਾਹ ਨੂੰ ਨਹੀਂ ਪੈਣ ਦਿੱਤੀ। ਸਾਡੇ ਇਕ ਪੁੱਤਰ ਪੈਦਾ ਹੋਇਆ ਤੇ ਫਿਰ ਮੇਰਾ ਪਤੀ ਲਾਮ ਨੂੰ ਕਮਾਈਆਂ ਕਰਨ ਚਲੇ ਗਿਆ। ਪਿੱਛੋਂ ਬਾਦਸ਼ਾਹ ਤਕ ਮੇਰੇ ਹੁਸਨ ਦੀ ਖ਼ਬਰ ਪੁੱਜ ਗਈ। ਤੇ ਉਹਦੇ ਨੌਕਰ ਮੈਨੂੰ ਜਬਰੀ ਚੁੱਕ ਕੇ ਲੈ ਗਏ ਅਤੇ ਮੈਂ ਇਕ ਸਾਧਾਰਨ ਔਰਤ ਬਾਦਸ਼ਾਹ ਦੀ ਰਖੇਲ ਬਣ ਗਈ।…ਤੇ ਫਿਰ ਕਈ ਵਰ੍ਹੇ ਬੀਤ ਗਏ।
ਮੇਰਾ ਪਤੀ ਕਈ ਵਰ੍ਹਿਆਂ ਪਿੱਛੋਂ ਜਦੋਂ ਕਮਾਈਆਂ ਕਰ ਕੇ ਮੁੜਿਆ ਤਾਂ ਉਹਨੂੰ ਪਤਾ ਲੱਗਾ ਕਿ ਘਰ ਉਜੜ ਗਿਆ ਹੈ। ਕਿਸੇ ਤਰ੍ਹਾਂ ਉਸ ਨੇ ਮੇਰੇ ਨਾਲ ਰਾਬਤਾ ਕਾਇਮ ਕੀਤਾ ਤੇ ਮੈਨੂੰ ਪੁੱਛਿਆ ਕਿ ਜੇ ਤਾਂ ਤੂੰ ਆਪਣੀ ਮਰਜ਼ੀ ਨਾਲ ਆਈ ਏਂ ਤਾਂ ਠੀਕ, ਤੇ ਜੇ ਬਾਦਸ਼ਾਹ ਜਬਰੀ ਚੁੱਕ ਕੇ ਲਿਆਇਆ ਤਾਂ ਦੱਸ, ਮੈਂ ਕੋਈ ਹੀਲਾ ਕਰਾਂਗਾ। ਮੈਂ ਕਿਹਾ, ‘ਰੱਬ ਦਿਆ ਬੰਦਿਆ, ਰੱਬ ਦੇ ਵਾਸਤੇ ਮੈਨੂੰ ਲੈ ਚੱਲ। ਮੈਂ ਇਥੇ ਇਕ ਦਿਨ ਵੀ ਹੋਰ ਨ੍ਹੀਂ ਰਹਿਣਾ ਚਾਹੁੰਦੀ। ਤੇ ਫਿਰ ਮੈਂ ਉਹਨੂੰ ਦੱਸਿਆ ਕਿ ਬਾਦਸ਼ਾਹ ਹਰ ਮੰਗਲਵਾਰ ਦੀ ਰਾਤ, ਇਕ ਪਹਾੜੀ ਜੰਗਲ ਦੀ ਕਿਸੇ ਇਕਾਂਤ ਥਾਂ ਤੇ ਗੁਜ਼ਾਰਦਾ ਹੈ ਤੇ ਮੈਂ ਉਹ ਦੇ ਨਾਲ ਹੁੰਦੀ ਹਾਂ। ਤੇ ਸਾਰਾ ਪਤਾ-ਟਿਕਾਣਾ ਦੱਸ ਦਿੱਤਾ। ਮੇਰਾ ਪਤੀ ਇਕ ਰਾਤ ਪਹਿਲਾਂ ਹੀ ਆ ਕੇ ਉਸ ਥਾਂ ‘ਤੇ ਲੁਕ ਗਿਆ। ਅੱਧੀ ਰਾਤ ਜਦੋਂ ਬਾਦਸ਼ਾਹ ਘੂਕ ਸੁੱਤਾ ਪਿਆ ਸੀ, ਪਹਿਰੇਦਾਰ ਸੌਂ ਰਹੇ ਸਨ ਤਾਂ ਮੇਰਾ ਪਤੀ ਆਇਆ ਤੇ ਉਸ ਨੇ ਤੇਜ਼ਧਾਰ ਹਥਿਆਰ ਨਾਲ ਬਾਦਸ਼ਾਹ ਦੀ ਧੌਣ ਧੜ ਤੋਂ ਅਲੱਗ ਕਰ ਦਿੱਤੀ। ਸਾਨੂੰ ਪਤਾ ਸੀ ਕਿ ਬਾਦਸ਼ਾਹ ਨੂੰ ਮਾਰਨ ਦਾ ਹਰਜਾਨਾ ਕੀ ਹੋਵੇਗਾ? ਫਿਰ ਅਸੀਂ ਰਾਤ ਦੇ ਘੁੱਪ ਹਨ੍ਹੇਰੇ ਵਿਚ ਜੰਗਲ ਦੀ ਘੁੰਮਣ-ਘੇਰੀ ਵਿਚ ਫਸ ਗਏ। ਅਗਲੀ ਆਫ਼ਤ ਇਹ ਪਈ ਕਿ ਇਕ ਨਾਗ ਜੋ ਫਨ ਫੈਲਾ ਕੇ ਫੁੰਕਾਰੇ ਮਾਰ ਰਿਹਾ ਸੀ, ਨੇ ਸਾਡਾ ਰਾਹ ਘੇਰ ਲਿਆ। ਮੇਰੇ ਪਤੀ ਨੇ ਕਿਹਾ, “ਤੂੰ ਅੱਗੇ ਨਿਕਲ, ਇਹਨੂੰ ਮੈਂ ਵੇਖਦਾ ਹਾਂ। ਮੇਰੀਆਂ ਅੱਖਾਂ ਸਾਹਮਣੇ ਨਾਗ ਨੇ ਉਸ ਨੂੰ ਇਕ ਵਾਰ ਨਹੀਂ ਸਗੋਂ ਕਈ ਵਾਰ ਡਸਿਆ ਅਤੇ ਉਹ ਅੱਖਾਂ ਹੀ ਮੀਚ ਗਿਆ।
‘ਕੱਲੀ ਜਿੰਦੜੀ, ਜੰਗਲ ਦਾ ਰਾਹ ਤੇ ਮਾਮਲੇ ਭਾਰੇ ਪੈਣੇ ਹੀ ਸਨ। ਦਿਨ ਚੜ੍ਹਿਆ ਤਾਂ ਡਾਕੂਆਂ ਨੇ ਮੈਨੂੰ ਘੇਰ ਲਿਆ। ਮੇਰਾ ਹੁਸਨ ਵੇਖ ਕੇ ਉਹ ਹੋਸ਼ ਗਵਾ ਬੈਠੇ। ਇਕ ਆਖੇ, ’ਮੈਂ’ਤੈਨੂੰ ਲੈ ਕੇ ਜਾਵਾਂਗਾ’ ਤੇ ਦੂਜਾ ਕਹੇ, ਏਡੀ ਸੋਹਣੀ ਤੂੰ…! ਇਹ ਮੇਰੀ ਬਣੇਗੀ।’
ਫਿਰ ਤੀਜਾ, ਚੌਥਾ; ਸਾਰੇ ਦਾਅਵੇਦਾਰ ਬਣ ਗਏ। ਝਗੜਾ ਸੁਣ ਕੇ ਉਨ੍ਹਾਂ ਦਾ ਸਰਦਾਰ ਆਣ ਟਪਕਿਆ। ਉਹ ਕਿੱਲ੍ਹ ਕੇ ਬੋਲਿਆ: ਨਹੀਂ, ਇਸ ਪਰੀ ਨੂੰ ਕੋਈ ਨਹੀਂ ਲੈ ਜਾਵੇਗਾ। ਡਾਕੂਆਂ ਵਾਲਾ ਕੰਮ ਕਰਦੇ ਆਂ, ਇਹਦਾ ਮੁੱਲ ਵੱਟਾਂਗੇ। ਤੇ ਉਨ੍ਹਾਂ ਨੇ ਫੇਰ ਬੜੇ ਮਹਿੰਗੇ ਭਾਅ ਮੈਨੂੰ ਕੋਠੇ ‘ਤੇ ਵੇਚ ਦਿੱਤਾ। ਮੈਂ ਵੇਸਵਾ ਬਣ ਗਈ ਤੇ ਫੁੱਲਾਂ ਤੋਂ ਮਲੂਕ ਜਿੰਦੜੀ ਹਵਸੀ ਮਰਦ ਨੇ ਨੋਚ-ਨੋਚ ਕੇ ਖਾ ਲਈ। ਸਿਤਮਜ਼ਰੀਫ਼ੀ ਦੀ ਹੱਦ ਇਥੇ ਵੀ ਨਹੀਂ ਮੁੱਕੀ। ਇਕ ਰਾਤ ਜੋ ਗਾਹਕ ਬਣ ਕੇ ਆਪਣੀ ਹਵਸ ਮਿਟਾ ਕੇ ਗਿਆ, ਉਹਨੇ ਧਰਤੀ ਤੇ ਆਸਮਾਨ ਕੰਬਣ ਲਾ ਦਿੱਤੈ। ਉਹ ਮੇਰਾ ਉਹੀ ਪੁੱਤਰ ਸੀ ਜਿਸ ਨੂੰ ਮੈਂ ਚਾਰ ਵਰ੍ਹਿਆਂ ਦੇ ਨੂੰ ‘ਕੱਲਾ ਛੱਡ ਆਈ ਸਾਂ। ਮੈਂ ਤਾਂ ਉਸ ਨੂੰ ਨੈਣ-ਨਕਸ਼ ਅਤੇ ਹੱਥਾਂ-ਪੈਰਾਂ ਤੋਂ ਪਛਾਣ ਲਿਆ ਸੀ ਕਿ ਇਹ ਇੰਨਾ ਸੋਹਣਾ, ਬੁਰਾ ਕਰਮ ਕਰਨ ਵਾਲਾ, ਹੈ ਤਾਂ ਮੇਰਾ ਪੁੱਤ ਈ ਪਰ ਉਹਨੂੰ ਦੱਸਦੀ ਕਿਵੇਂ ਕਿ ਮਾਂ ਤੇਰੀ ਵੇਸਵਾ ਕੀਹਨੇ ਬਣਾਈ ਹੈ? ਇਹ ਦੁੱਖ ਤਾਂ ਅੰਦਰ ਜਰ ਲਿਆ ਪਰ ਦੂਜਾ, ਪੁੱਤ ਦਾ ਭਾਰ ਜਰਿਆ ਨਾ ਗਿਆ। ਨਾਸੂਰ ਬਣ ਕੇ ਕੋਹਕੋਹ ਮਾਰਨ ਲੱਗਾ। ਧਰਤੀ ‘ਤੇ ਪਾਪ ਨਹੀਂ…ਮਹਾਂ ਪਾਪ ਦਾ ਸਿਖਰ ਸੀ।
ਇਕ ਦਿਨ ਫ਼ੈਸਲਾ ਕੀਤਾ ਕਿ ਆਪਣੇ ਆਪ ਨੂੰ ਹੱਥੀਂ ਚਿਖ਼ਾ ਵਿਚ ਚਿਣ ਕੇ ਲਾਬੂੰ ਲਾ ਲੈਣ ਨਾਲ ਹੀ ਮਨ ਸ਼ਾਂਤ ਹੋ ਸਕਦੈ। ਕੋਠੇ ਤੋਂ ਭੱਜ ਕੇ ਇਕ ਸਮੁੰਦਰ ਕਿਨਾਰੇ ਚਲੀ ਗਈ। ਲੱਕੜਾਂ ‘ਕੱਠੀਆਂ ਕੀਤੀਆਂ ਤੇ ਉਨ੍ਹਾਂ ਵਿਚ ਆਪਣੇ ਆਪ ਨੂੰ ਵੀ ਚਿਣ ਲਿਆ। ਉਪਰ ਆਲੇ ਅੱਗੇ ਫ਼ਰਿਆਦ ਕੀਤੀ, ਹੱਥ ਜੋੜੇ, ਜੇ ਤੂੰ ਸੱਚੀਂ ਹੈਂ ਤਾਂ ਮੁੜ ਕੇ ਏਸ ਜਾਮੇ ‘ਚ ਫੇਰ ਕਦੇ ਨਾ ਭੇਜੀਂ। ਹਾਲੇ ਮੈਂ ਤੀਲੀ ਲਾਉਣ ਹੀ ਲੱਗੀ ਸਾਂ ਕਿ ਏਡੀ ਜ਼ੋਰ ਦੀ ਤੂਫ਼ਾਨ ਆਇਆ ਕਿ ਸਣੇ ਲੱਕੜਾਂ ਦੇ ਮੈਂ ਸਮੁੰਦਰ ਵਿਚ ਜਾ ਡਿੱਗੀ। ਲੱਗਿਆ ਕਿ ਹੁਣ ਛੁਟਕਾਰਾ ਮਿਲ ਜਾਵੇਗਾ। ਜਿਹਦੇ ਮੂਹਰੇ ਮੈਂ ਤਰਲੇ ਕਰਦੀ ਸੀ, ਉਹ ਮੌਤ ਫਿਰ ਕੰਨੀ ਖਿਸਕਾ ਗਈ। ਘਾਟ ‘ਤੇ ਕੱਪੜੇ ਧੋਂਦੇ ਧੋਬੀਆਂ ਨੇ ਵੇਖਿਆ ਕਿ ਸੱਸੀ ਵਾਂਗ ਕੋਈ ਰੁੜ੍ਹਿਆ ਆਉਂਦੈ। ਉਨ੍ਹਾਂ ਨੇ ਛਾਲਾਂ ਮਾਰੀਆਂ ਤੇ ਮੈਨੂੰ ਅਧਮੋਈ ਨੂੰ ਬਾਹਰ ਕੱਢ ਲਿਆ। ਘੜੇ ‘ਤੇ ਪੁੱਠਾ ਪਾ ਕੇ ਪੇਟ ਵਿਚਲਾ ਪਾਣੀ ਨਿਕਲਿਆ ਤਾਂ ਮੈਨੂੰ ਸੁਰਤ ਆ ਗਈ। ਧੋਬੀ ਆਪਸ ਵਿਚ ਪਹਿਲਾਂ ਹੀ ਫ਼ੈਸਲਾ ਕਰ ਚੁੱਕੇ ਸਨ। ਉਨ੍ਹਾਂ ਦਾ ਵਾਰਤਾਲਾਪ ਕੀ ਸੀ:
ਕੋਈ ਆਖੇ, ‘ਬੜੀ ਸੋਹਣੀ ਏ, ਗੁੱਜਰੀ ਲਗਦੀ ਏ!’
ਇੰਦਰ ਦਰਬਾਰ ਵਿਚੋਂ ਕੋਈ ਭੱਜੀ ਲਗਦੀ ਏ!!’
‘ਪਤਾ ਨਹੀਂ ਕਿਹੜੇ ਦੁੱਖਾਂ ਕਰਕੇ ਸਮੁੰਦਰ ਵਿਚ ਛਾਲ ਮਾਰ’ਤੀ।’
ਤੇ ਆਖ਼ਰੀ ਦੀ ਤਜਵੀਜ਼ ਕਿਆ ਕਮਾਲ ਸੀ! ਕਹਿਣ ਲੱਗਾ, ‘ਗੁੱਜਰ ਦੀ ਤੀਵੀਂ ਮਰ ਗਈ ਏ, ਵਿਚਾਰਾ ‘ਕੱਲੈ…ਉਹਨੂੰ ਦੇ ਦਿੰਨੇ ਆਂ ਲਿਜਾ ਕੇ। ਸਾਲ ਭਰ ਦੁੱਧ ਹੀ ਮੁਫ਼ਤ ਲਵਾਂਗੇ।’
ਤੇ ਮੈਂ ਇਹ ਤਾਂ ਨਹੀਂ ਦੱਸਣਾ ਕਿ ਮੈਂ ਕੌਣ ਸੀ ਪਰ ਫਿਰ ਮੈਂ ਗੁੱਜਰੀ ਜ਼ਰੂਰ ਬਣ ਗਈ।…ਪਿਛਲੇ ਸਾਲ ਗੁੱਜਰ ਵੀ ਚਾਲੇ ਪਾ ਗਿਆ।” ਤੇ ਕੰਨ ਲਾ ਕੇ ਦਰਦ ਦਾ ਮਹਾਂਭਾਰਤ ਸੁਣਨ ਵਾਲੇ ਰਾਜੇ ਹੱਥੋਂ ਘੋੜੇ ਦੀ ਲਗਾਮ ਖਿੱਚ ਕੇ ਗੁੱਜਰੀ ਬੋਲੀ, ‘ਤੂੰ ਦੱਸ, ਮਟਕਾ ਤੇ ਦੁੱਧ ਗਿਆ ਤਾਂ ਕੀ ਹੋਇਆ, ਮੇਰਾ ਬਚਿਆ ਹੀ ਪਹਿਲਾਂ ਕੀ ਹੈ? ਤੇ ਤੈਨੂੰ ਲੱਗਦਾ ਨ੍ਹੀਂ ਤੂੰ ਆਮ ਬੰਦਾ ਈ ਏਂ, ਖ਼ਾਸ ਤਾਂ ਮੈਂ ਹਾਂ।’
(ਲਿਖਤ ਰੂਪ – ਐਸ ਅਸ਼ੋਕ ਭੌਰਾ)

  • ਮੁੱਖ ਪੰਨਾ : ਲੋਕ ਕਹਾਣੀਆਂ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ