Ajnabi (Punjabi Story) : Ashok Vasishth

ਅਜਨਬੀ (ਕਹਾਣੀ) : ਅਸ਼ੋਕ ਵਾਸਿਸ਼ਠ

ਮਹਿਕ ਨੇ ਆਪਣੇ ਵੱਲੋਂ ਪੂਰਾ ਤਾਣ ਲਾਇਆ, ਅਦਾਲਤ ਵਿਚ ਜੋਰਦਾਰ ਬਹਿਸ ਵੀ ਕਰਨੀ ਚਾਹੀ ਪਰ ਸਭ ਯਤਨਾਂ ਦੇ ਬਾਵਜੂਦ ਉਹ ਵਿਰੋਧੀ ਵਕੀਲ ਦੀਆਂ ਦਲੀਲਾਂ ਨੂੰ ਕੱਟ ਨਹੀਂ ਸੀ ਸਕੀ। ਪੂਰਾ ਕੇਸ ਦੂਜੇ ਪਾਸੇ ਲੱਰਦਾ ਦਿਖਾਈ ਦੇ ਰਿਹਾ ਸੀ। ਪਹਿਲੇ ਗੇੜ ਦੀ ਸੁਣਵਾਈ ਖਤਮ ਹੋਣ ਮਗਰੋਂ ਉਹ ਬੋਝਲ ਮਨ ਨਾਲ ਆਪਣੇ ਚੈਂਬਰ ਵਿਚ ਆਈ। ਮੇਜ਼ ‘ਤੇ ਪਏ ਕਾਗਜ਼ਾਂ ‘ਤੇ ਸਰਸਰੀ ਨਜ਼ਰ ਮਾਰ ਉਨ੍ਹਾਂ ਨੂੰ ਇਕ ਪਾਸੇ ਕਰ ਦਿੱਤਾ। ਉਸ ਕੁਰਸੀ ‘ਤੇ ਢਾਸਣਾ ਲਾ ਅੱਖਾਂ ਬੰਦ ਕਰ ਲਈਆਂ।
“ਮੈਡਮ, ਤੁਹਾਡਾ ਇਹ ਕੇਸ ਪਹਿਲਾਂ ਹੀ ਕਮਜੋਰ ਸੀ, ਰਹਿੰਦੀ ਕਸਰ ਹੁਣ ਪੂਰੀ ਹੋ ਗਈ ਏ” ਵੱਡੇ ਬਾਬੂ ਨੇ ਥੋੜ੍ਹਾ ਚਿੰਤਿਤ ਹੁੰਦਿਆਂ ਕਿਹਾ। ਉਸ ਦੇ ਬੋਲਾਂ ਨੇ ਮਹਿਕ ਨੂੰ ਹਲੂਣ ਕੇ ਰੱਖ ਦਿੱਤਾ।
“ਇਹਦਾ ਕੋਈ ਲੜ ਸਿਰਾ ਹੱਥ ਨਹੀਂ ਆ ਰਿਹਾ, ਪਹਿਲੀ ਵਾਰ ਜਦ ਇਸ ਕੇਸ ‘ਤੇ ਮੈਂ ਨਜ਼ਰ ਮਾਰੀ ਸੀ ਤਾਂ ਇਹ ਏਨਾਂ ਟੇਢਾ ਨਹੀਂ ਸੀ ਲੱਗਾ, ਇਸੇ ਲਈ ਹੱਥ ਪਾ ਲਿਆ। ਹੁਣ ਸੋਚਦੀ ਹਾਂ, ਇਹ ਕੇਸ ਲੈ ਕੇ ਮੈਂ ਕੋਈ ਗਲਤੀ ਤਾਂ ਨਹੀਂ ਕੀਤੀ!”
“ਏਨਾ ਵੀ ਘਾਬਰਨ ਦੀ ਲੋੜ ਨਹੀਂ, ਕਈ ਕੇਸ ਪਹਿਲਾਂ ਟੇਢੇ ਲਗਦੇ ਨੇ ਪਰ ਜਦ ਉਨ੍ਹਾਂ ਵਿਚ ਖੁੱਭ ਜਾਈਏ ਤਾਂ ਅਸਾਨ ਹੋ ਜਾਂਦੇ ਨੇ।” ਵੱਡੇ ਬਾਬੂ ਨੇ ਤਜਰਬੇ ਦੀ ਗੱਲ ਕੀਤੀ।
“ਤੁਸੀਂ ਠੀਕ ਕਹਿੰਦੇ ਹੋ, ਮੇਰੇ ਨਾਲ ਪਹਿਲਾਂ ਵੀ ਇਸ ਤਰ੍ਹਾਂ ਹੋ ਚੁੱਕੈ, ਇਕ ਵਾਰ ਤਾਂ ਮੈਂ ਕੇਸ ਹਾਰਦੀ-ਹਾਰਦੀ ਬਚੀ ਸਾਂ। ਜਦੋਂ ਜੱਜ ਨੇ ਮੇਰੇ ਮੁਵੱਕਿਲ ਦੇ ਹੱਕ ਵਿਚ ਫੈਸਲਾ ਸੁਣਾਇਆ ਤਾਂ ਇਕ ਪਲ ਲਈ ਮੈਨੂੰ ਯਕੀਨ ਹੀ ਨਾ ਆਇਆ। ਜਦ ਮੇਰੇ ਮੁਵੱਕਿਲ ਦੇ ਇਕ ਰਿਸ਼ਤੇਦਾਰ ਨੇ ਮੇਰੇ ਸਾਹਮਣੇ ਮਿਠਾਈ ਦਾ ਡੱਬਾ ਕੀਤਾ ਤਾਂ ਮੈਂ ਹੋਸ਼ ਵਿਚ ਆਈ। ਅਜਿਹੇ ਪਲ ਵੀ ਆਉਂਦੇ ਨੇ ਸਾਡੀ ਜ਼ਿੰਦਗੀ ਵਿਚ। ਪਰ ਏਸ ਵਾਰ ਪਤਾ ਨਹੀਂ ਕਿਉਂ, ਇਹ ਕੇਸ ਮੈਨੂੰ ਸੁਲਝਦਾ ਨਹੀਂ ਜਾਪਦਾ।”
“ਹੌਂਸਲਾ ਰੱਖੋ, ਪਹਿਲਾਂ ਤਾਂ ਇਸ ਬਾਰੇ ਸੋਚਣਾ ਬੰਦ ਕਰੋ...ਜੋ ਹੋਊ ਦੇਖੀ ਜਾਊ। ਵਾਧੂ ਦੀ ਫਿਕਰ ਕਰਨ ਦੀ ਲੋੜ ਨਹੀਂ। ਅੰਦਰ ਜਾ ਕੇ ਆਰਾਮ ਕਰੋ।” ਵੱਡੇ ਬਾਬੂ ਨੇ ਇਕ ਤਰ੍ਹਾਂ ਨਾਲ ਹੁਕਮ ਚਾੜ੍ਹ ਦਿੱਤਾ।
“ਠੀਕ ਹੈ” ਕਹਿੰਦਿਆਂ ਉਸ ਅੱਖਾਂ ਬੰਦ ਕਰ ਲਈਆਂ ਤੇ ਕੁਰਸੀ ‘ਤੇ ਬੈਠੀ-ਬੈਠੀ ਸੁਸਤਾਣ ਲੱਗੀ। ਵੱਡੇ ਬਾਬੂ ਵੀ ਕੁਝ ਦੇਰ ਲਈ ਮੈਡਮ ਨੂੰ ਇਕੱਲੀ ਛੱਡ ਬਾਹਰ ਚਲੇ ਗਏ।
-
“ਤੁਹਾਡਾ ਦਿਲ ਨਹੀਂ ਕਰਦਾ ਮਿਲਣ ਨੂੰ?”
“ਕਰਦਾ ਏ। ਬਹੁਤ ਕਰਦਾ ਏ ਪਰ?”
“ਪਰ ਕੀ ਮਾਂ?”
“ਐਵੇਂ ਚਾਹੁਣ ਨਾਲ ਕੀ ਹੁੰਦਾ ਏ!”
“ਤੁਸੀਂ ਚਾਹੋ ਤਾਂ ਬਹੁਤ ਕੁਝ ਹੋ ਸਕਦਾ ਹੈ।”
“ਪਰ ਬੱਚੀਏ, ਤਾੜੀ ਕਦੇ ਇਕ ਹੱਥ ਨਾਲ ਨਹੀਂ ਵੱਜਦੀ।”
ਮਹਿਕ ਨੂੰ ਮਾਂ ਦੀ ਮਜ਼ਬੂਰੀ ਸਮਝ ਵਿਚ ਆ ਗਈ। ਉਹ ਠੀਕ ਕਹਿ ਰਹੀ ਸੀ। ਉਸ ਅੱਗੋਂ ਕੋਈ ਸਵਾਲ ਨਾ ਕੀਤਾ। ਗਰਿਹੀਆਂ ਨਜ਼ਰਾਂ ਨਾਲ ਮਾਂ ਨੂੰ ਤੱਕ ਕੇ ਪੁੱਛਿਆ, “ਤੁਸੀਂ ਆਖਰੀ ਵਾਰ ਪਾਪਾ ਨੂੰ ਕਦੋਂ ਮਿਲੇ ਸੀ।”
“ਤਲਾਕ ਹੋ ਜਾਣ ਮਗਰੋਂ ਅਦਾਲਤ ਵਿਚੋਂ ਬਾਹਰ ਆਉਣ ਸਮੇਂ। ਉਹ ਇਕ ਪਲ-ਛਿਣ ਲਈ ਮੇਰੇ ਪਾਸ ਰੁਕੇ ਸਨ। ਉਨ੍ਹਾਂ ਦੇ ਚਿਹਰੇ ‘ਤੇ ਖੁਸ਼ੀ ਜਾਂ ਗ਼ਮੀ ਦੇ ਕੋਈ ਭਾਵ ਨਹੀਂ ਸਨ। ਉਨ੍ਹਾਂ ਮੈਨੂੰ ਤੱਕਿਆ, ਕੁਝ ਸੋਚਿਆ, ਬੁਲ੍ਹ ਫੜਕੇ, ਮੂੰਹੋਂ ਨਿਕਲਿਆ, “ਓ ਕੇ ਦੈਨ!” ਤੇ ਉਹ ਕਾਹਲੀ ਨਾਲ ਉਥੋਂ ਚਲੇ ਗਏ। ਪਰ ਮੈਂ ਉਥੇ ਖਲੋਤੀ ਕਿੰਨੀ ਦੇਰ ਉਨ੍ਹਾਂ ਨੂੰ ਦੇਖਦੀ ਰਹੀ, ਉਨ੍ਹਾਂ ਇਕ ਵਾਰ ਵੀ ਪਿੱਛੇ ਮੁੜ ਕੇ ਨਹੀਂ ਤੱਕਿਆ। ਜਦ ਉਨ੍ਹਾਂ ਦੀ ਪਿੱਠ ਦਿਸਣੋਂ ਹਟ ਗਈ ਤਾਂ ਬੋਝਲ ਮਨ ਨਾਲ ਘਰ ਆ ਗਈ। ਭਾਵੇਂ ਉਨ੍ਹਾਂ ਨਾਲ ਮੇਰੇ ਸਬੰਧ ਬਹੁਤੇ ਸੁਖਾਵੇਂ ਨਹੀਂ ਸਨ, ਫਿਰ ਵੀ ਉਨ੍ਹਾਂ ਦਾ ਵਿਛੋੜਾ ਮੈਥੋਂ ਸਹਿ ਨਹੀਂ ਸੀ ਹੋ ਰਿਹਾ। ਪਤਾ ਨਹੀਂ ਕਿਉਂ? ਉਹ ਮੁੜ-ਮੁੜ ਯਾਦ ਆਉਂਦੇ ਰਹੇ। ਸੱਚੀ ਗੱਲ ਤਾਂ ਇਹ ਹੈ, ਮੈਂ ਆਪਣੀ ਜ਼ਿੰਦਗੀ ਵਿਚ ਪਹਿਲੀ ਵਾਰ ਉਸ ਦਿਨ ਬਹੁਤ ਤੜਪੀ ਸਾਂ।
“ਫੇਰ ਕਦੇ ਮੁਲਾਕਾਤ ਨਹੀਂ ਹੋਈ?” ਮਹਿਕ ਨੇ ਜੋਰ ਦੇ ਕੇ ਪੁਛਿਆ।
“ਉਹ ਦਿਨ ਗਿਆ ਤੇ ਇਹ ਦਿਨ ਆਇਆ। ਮੁਲਾਕਾਤ ਤਾਂ ਕੀ ਮੈਂ ਉਨ੍ਹਾਂ ਦੀ ਸ਼ਕਲ ਵੀ ਮੁੜ ਕੇ ਨਹੀਂ ਦੇਖੀ।”
“ਤਕਲੀਫ ਤਾਂ ਪਾਪਾ ਨੂੰ ਵੀ ਹੋਈ ਹੋਵੇਗੀ!”
“ਕਹਿ ਨਹੀਂ ਸਕਦੀ...ਉਹ ਥੋੜ੍ਹੇ ਵਿਰਕਤ ਸੁਭਾਅ ਦੇ ਹਨ। ਕਦੇ ਰੁਮਾਂਟਿਕ ਨਹੀਂ ਰਹੇ। ਇਹੋ ਜਿਹੇ ਬੰਦੇ ਸਹਿਜੇ ਹੀ ਮਨ ਹੋਰ ਪਾਸੇ ਲਾ ਲੈਂਦੇ ਨੇ।”
“ਝਗੜਾ ਕਿਸ ਗੱਲ ਦਾ ਸੀ ਕਿ ਤਲਾਕ ਦੀ ਨੌਬਤ ਆ ਗਈ?” ਮਹਿਕ ਦੇ ਦਿਮਾਗ ਵਿਚ ਲੰਮੇਂ ਅਰਸੇ ਤੋਂ ਇਹ ਪ੍ਰਸ਼ਨ ਚੱਕਰ ਕੱਟ ਰਿਹਾ ਸੀ, ਉਸ ਕਈ ਵਾਰ ਮਾਂ ਤੋਂ ਪੁੱਛਣਾ ਚਾਹਿਆ, ਪਰ ਸਬਬ ਹੀ ਨਹੀਂ ਬਣਿਆ, ਮੌਕਾ ਚੰਗਾ ਦੇਖ ਉਸ ਮਾਂ ਨੂੰ ਪੁੱਛ ਹੀ ਲਿਆ।
“ਉਹ ਹਰ ਵੇਲੇ ਆਪਣੇ ਵਿਚ ਮਸਤ ਰਹਿੰਦੇ ਸਨ। ਇਸ ਦੇ ਉਲਟ ਮੈਂ ਬਹੁਤ ਚੁਲਬੁਲੀ ਸਾਂ। ਕਈ ਵਾਰ ਤਾਂ ਨਿੱਕੀ ਜਿਹੀ ਗੱਲ ‘ਤੇ ਉਨ੍ਹਾਂ ਨਾਲ ਖਹਿਬੜ ਪੈਂਦੀ। ਉਹ ਚੁਪਚਾਪ ਸੁਣਦੇ ਰਹਿੰਦੇ। ਮੇਰੇ ਵਿਚ ਬਚਪਨਾ ਸੀ ਤੇ ਉਹ ਗੰਭੀਰ ਸੁਭਾਅ ਦੇ ਸਨ। ਮੈਂ ਦਿਲ ਖੋਲ੍ਹ ਕੇ ਗੱਲ ਕਰਦੀ ਤੇ ਉਨ੍ਹਾਂ ਦੇ ਅੰਦਰ ਕੀ ਚਲ ਰਿਹਾ, ਉਹ ਇਸ ਦੀ ਹਵਾ ਵੀ ਲੱਗਣ ਨਾ ਦਿੰਦੇ। ਬਹੁਤ ਹੋਇਆ ਤਾਂ ਹਾਂ ਹੂੰ ਕਰਦੇ ਪਰ ਖੁਲ੍ਹ ਕੇ ਗੱਲ ਨਾ ਕਰਦੇ। ਮੈਨੂੰ ਇਸੇ ਗੱਲ ਦੀ ਚਿੜ੍ਹ ਸੀ। ਇਸੇ ਕਰਕੇ ਕਈ ਵਾਰ ਅਚਨਚੇਤ ਉਨ੍ਹਾਂ ‘ਤੇ ਅਗਨ ਵਰਖਾ ਕਰ ਦਿੰਦੀ ਪਰ ਉਨ੍ਹਾਂ ‘ਤੇ ਕੋਈ ਅਸਰ ਨਾ ਹੁੰਦਾ ਤੇ ਉਹ ਚੁਪਚਾਪ ਉਥੋਂ ਖਿਸਕ ਜਾਂਦੇ। ਸਾਡੇ ਵਿਚਕਾਰ ਕੋਈ ਸਾਂਝ ਨਹੀਂ ਸੀ ਬਣ ਸਕੀ। ਮੈਂ ਤੰਗ ਆ ਚੁੱਕੀ ਸਾਂ। ਤੇਰੇ ਨਾਨਾ ਜੀ ਦੀ ਮਰਜੀ ਦੇ ਉਲਟ ਮੈਂ ਉਨ੍ਹਾਂ ਤੋਂ ਵੱਖ ਹੋ ਜਾਣ ਦਾ ਫੈਸਲਾ ਕਰ ਲਿਆ। ਤੇਰੇ ਪਾਪਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੇ ਮੂੰਹੋਂ ਇਹ ਦੋ ਸ਼ਬਦ ਨਿਕਲੇ, “ਜਿੱਦਾਂ ਤੁਹਾਡੀ ਮਰਜੀ।” ਜਵਾਬ ਸੁਣ ਮੇਰੇ ਸੱਤੀਂ ਕਪੜੀਂ ਅੱਗ ਲੱਗ ਗਈ। ਏਸ ਬੰਦੇ ਨੂੰ ਕੋਈ ਫਰਕ ਹੀ ਨਹੀਂ। ਜੇ ਇਹਨੂੰ ਮੇਰੀ ਪਰਵਾਹ ਨਹੀਂ ਤਾਂ ਮੈਂ ਕਿਉਂ ਤਰਲੋ-ਮੱਛੀ ਹੁੰਦੀ ਰਹਾਂ। ਮੈਂ ਕਿੰਨੇ ਦਿਨ ਅੰਦਰੋਂ ਅੰਦਰੀ ਉਬਾਲੇ ਖਾਂਦੀ ਰਹੀ। ਉਸ ਸ਼ਖਸ ਨੇ ਇਹ ਪੁੱਛਣ ਦੀ ਖੇਚਲ ਵੀ ਨਾ ਕੀਤੀ ਕਿ ਆਖਰ ਮੈਂ ਏਨਾ ਵੱਡਾ ਫੈਸਲਾ ਕਿਉਂ ਲੈ ਲਿਐ; ਕਿਤੇ ਮੈਥੋਂ ਕੋਈ ਗੁਸਤਾਖੀ ਤਾਂ ਨਹੀਂ ਹੋ ਗਈ। ਮਨ ਦੀ ਇਕ ਨੁੱਕਰ ਵਿਚੋਂ ਇਹ ਆਵਾਜ਼ ਆਈ, ਉਹ ਆਵੇਗਾ ਜਰੂਰ ਪੈਚ ਅਪ ਕਰਨ ਦਾ ਯਤਨ ਕਰੇਗਾ। ਮੈਨੂੰ ਮਨਾਉਣ ਦੀ ਕੋਸ਼ਿਸ਼ ਕਰੇਗਾ ਪਰ ਅਜਿਹਾ ਕੁਝ ਨਾ ਹੋਇਆ ਤੇ ਮੈਂ ਤੜਪ ਕੇ ਰਹਿ ਗਈ। ਹੁਣ ਮੇਰੇ ਲਈ ਪਿੱਛੇ ਹਟਣ ਦਾ ਸਵਾਲ ਹੀ ਨਹੀਂ ਸੀ।”
“ਮੈ ਉਸ ਸਮੇਂ ਕਿੰਨੇ ਸਾਲਾਂ ਦੀ ਸਾਂ?”
“ਤੇਰੇ ਸੰਸਾਰ ਵਿਚ ਆਉਣ ਤੋਂ ਪਹਿਲਾਂ ਹੀ ਇਹ ਸਭ ਹੋ ਗਿਆ ਸੀ।”
“ਤੁਸੀਂ ਮੁੜ ਵਿਆਹ ਨਹੀਂ ਕਰਾਇਆ, ਮੇਰੇ ਕਾਰਨ ਜਾਂ ਤੁਹਾਨੂੰ ਉਨ੍ਹਾਂ ਦੀ ਉਡੀਕ ਸੀ?”
“ਇਸ ਦੀ ਲੋੜ ਮਹਿਸੂਸ ਨਹੀਂ ਹੋਈ। ਦੂਜੀ ਗੱਲ, ਤੇਰੇ ਪਾਪਾ ਨਾਲ ਉਂਜ ਤਾਂ ਕੋਈ ਲੜਾਈ-ਝਗੜਾ ਨਹੀਂ ਸੀ। ਮੇਰੇ ਮਨ ਵਿਚ ਥੋੜ੍ਹਾ ਬਹੁਤ ਗੁੱਸਾ ਜਰੂਰ ਸੀ, ਪਰ ਏਨਾ ਵੀ ਨਹੀਂ ਕਿ ਉਨ੍ਹਾਂ ਦੀ ਸ਼ਕਲ ਤੋਂ ਨਫਤਰ ਹੋ ਜਾਂਦੀ। ਅਸੀਂ ਜਿੰਨੀ ਦੇਰ ਵੀ ਇਕੱਠੇ ਰਹੇ, ਉਨ੍ਹਾਂ ਮੈਨੂੰ ਕਦੇ ਉਚਾ-ਨੀਵਾਂ ਨਹੀਂ ਬੋਲਿਆ। ਕੋਈ ਚੋਭਵੀਂ ਗੱਲ ਵੀ ਨਹੀਂ ਕੀਤੀ। ਕਿਸ ਗੱਲ ਨੂੰ ਯਾਦ ਕਰਕੇ ਸੜਦੀ-ਕੁੜ੍ਹਦੀ। ਮੇਰਾ ਗੁੱਸਾ ਜਿਦਾਂ ਚੜ੍ਹਿਆ ਸੀ ਓਦਾਂ ਈ ਉਤਰ ਗਿਆ। ਮੇਰੇ ਮਨ ਵਿਚ ਕੋਈ ਮਲਾਲ ਨਹੀਂ ਰਿਹਾ। ਮੈਂ ਪਹਿਲਾਂ ਵਾਂਗ ਨਾਰਮਲ ਹੋ ਗਈ। ਪਰ ਉਨ੍ਹਾਂ ਦੀ ਘਾਟ ਪੂਰੀ ਨਹੀਂ ਹੋਈ।”
“ਉਨ੍ਹਾਂ ਦੀ ਕੋਈ ਯਾਦ!”
“ਮੇਰੇ ਨਾਲ ਜੁੜੀ ਉਨ੍ਹਾਂ ਦੀ ਕੋਈ ਯਾਦ ਨਹੀਂ, ਪਰ ਤੇਰੇ ਨਾਲ ਜੁੜੀਆਂ ਅਣਗਿਣਤ ਯਾਦਾਂ ਦੀ ਪਿਟਾਰੀ ਸਾਂਭੀ ਪਈ ਏ, ਮੇਰੇ ਚੇਤਿਆਂ ‘ਚ। ਜਦ ਕਹੇਂਗੀ ਖੋਲ੍ਹ ਦਿਆਂਗੀ। ਇਕ ਯਾਦ ਤਾਂ ਬਈ ਬਹੁਤ ਹੀ ਨਿੱਘੀ ਹੈ। ਜਦ ਉਹ ਘੜੀ-ਪਲ ਚੇਤੇ ਆਉਂਦੇ ਨੇ, ਮਨ ਗਦਗਦ ਹੋ ਜਾਂਦੈ, ਇਕ ਮਿੱਠੀ ਜਿਹੀ ਝੁਣਝੁਣੀ ਆ ਜਾਂਦੀ ਹੈ।”
“ਉਹ ਕਿਹੜੀ, ਜ਼ਰਾ ਮੈਂ ਵੀ ਤਾਂ ਸੁਣਾਂ!”
“ਤੂੰ ਉਦੋਂ ਬਹੁਤ ਨਿੱਕੀ ਸੈਂ। ਇਕ ਵਾਰ ਦੀ ਗੱਲ ਹੈ। ਮੈਂ ਇਕ ਕੰਮ ਦੇ ਸਿਲਸਿਲੇ ਵਿਚ ਬਾਹਰ ਗਈ ਸਾਂ। ਉਥੇ ਕੁਝ ਦਿਨ ਲੱਗ ਗਏ। ਤੇਰੇ ਸਕੂਲ ਦੀ ਫੀਸ ਸਮੇਂ ਸਿਰ ਤਾਰੀ ਨਾ ਜਾ ਸਕੀ। ਸਕੂਲ ਵਾਲਿਆਂ ਤੇਰਾ ਨਾਂ ਕੱਟ ਦਿੱਤਾ। ਤੇਰੇ ਨਾਨਾ ਜੀ ਨੇ ਦਸਿਆ ਤਾਂ ਮੈਂ ਦੰਗ ਰਹਿ ਗਈ। ਇਹ ਕਿੱਦਾਂ ਹੋ ਸਕਦੈ? ਮੈਂ ਕਦੇ ਇਕ ਦਿਨ ਵੀ ਲੇਟ ਨਹੀਂ ਹੋਈ। ਮੈਨੂੰ ਬਹੁਤ ਪਰੇਸ਼ਾਨੀ ਹੋਈ ਪਰ ਉਸ ਸਮੇਂ ਦੂਰ ਬੈਠੀ ਸਾਂ। ਕੁਝ ਕਰ ਵੀ ਨਹੀਂ ਸਾਂ ਸਕਦੀ। ਵਾਪਸ ਆਈ। ਦੂਜੇ ਦਿਨ ਈ ਸਕੂਲ ਪੁੱਜ ਗਈ। ਜਾਂਦਿਆਂ ਹੀ ਕੜਕ ਆਵਾਜ਼ ਵਿਚ ਤਲਖੀ ਨਾਲ ਪੁਛਿਆ, ‘ਕਿੰਨੇ ਪੈਸੇ ਲੈਣੇ ਨੇ ਤੁਸੀਂ?’ ਦੂਜੇ ਪਾਸਿਓਂ ਜਵਾਬ ਮਿਲਿਆ, “ਜੀ ਅਸਾਂ ਕੁਝ ਨਹੀਂ ਲੈਣਾ, ਤੁਸੀਂ ਸਕੂਲ ਦਾ ਕੋਈ ਪੈਸਾ ਨਹੀਂ ਦੇਣਾ।” “ਜੇ ਮੈਂ ਤੁਹਾਡਾ ਕੋਈ ਪੈਸਾ ਨਹੀਂ ਦੇਣਾ ਤਾਂ ਮੇਰੀ ਬੱਚੀ ਦਾ ਨਾਂ ਕਿਉਂ ਕੱਟਿਆ ਗਿਆ ਏ?”
“ਮੈਡਮ ਜੀ, ਪਹਿਲਾਂ ਸ਼ਾਂਤੀ ਨਾਲ ਸਾਡੀ ਗੱਲ ਸੁਣ ਲਓ।” ਉਨ੍ਹਾਂ ਬੇਨਤੀ ਕੀਤੀ, ਪਰ ਮੈਂ ਗੁੱਸੇ ਵਿਚ ਬੋਲਦੀ ਰਹੀ, “ਕੀ ਗੱਲ ਸੁਣਾਂ ਮੈਂ ਤੁਹਾਡੀ। ਮੈਂ ਕਿਤੇ ਨੱਸ ਤਾਂ ਨਹੀਂ ਚੱਲੀ ਸੀ। ਥੋੜ੍ਹੇ ਦਿਨਾਂ ਲਈ ਬਾਹਰ ਗਈ ਸੀ। ਇਸ ਲਈ ਸਮੇਂ ਸਿਰ ਫੀਸ ਨਹੀਂ ਦੇ ਸਕੀ ਤੇ ਤੁਸਾਂ ਮੇਰੀ ਬੱਚੀ ਦਾ ਨਾਂ ਕੱਟ ਦਿੱਤਾ।”
“ਮੈਡਮ ਜੀ, ਗੱਲ ਥੋੜ੍ਹੇ ਦਿਨਾਂ ਦੀ ਹੁੰਦੀ ਤਾਂ ਇਹ ਨੌਬਤ ਨਹੀਂ ਆਉਣੀ ਸੀ। ਪਿਛਲੇ ਦੋ ਮਹੀਨਿਆਂ ਤੋਂ ਤੁਸੀਂ ਫੀਸ ਜਮ੍ਹਾਂ ਨਹੀਂ ਕਰਾਈ ਇਸੇ ਲਈ ਮਜਬੂਰ ਹੋ ਕੇ ਪ੍ਰਿੰਸੀਪਲ ਮੈਡਮ ਨੇ ਇਹ ਕਦਮ ਚੁੱਕਿਆ।”
“ਦੋ ਮਹੀਨੇ? ਕੀ ਗੱਲ ਕਰਦੇ ਹੋ ਤੁਸੀਂ?”
“ਜੀ ਪੂਰੇ ਦੋ ਮਹੀਨੇ।”
“ਪਰ ਮੈਂ ਤਾਂ ਮਹੀਨਾ ਚੜ੍ਹਨ ਸਾਰ ਆਪਣੇ ਸਹਾਇਕ ਨੂੰ ਪੈਸੇ ਦੇ ਕੇ ਭੇਜ ਦਿੰਦੀ ਹਾਂ!”
“ਉਹ ਦੋ ਮਹੀਨਿਆਂ ਤੋਂ ਨਹੀਂ ਆਇਆ।” ਦਫ਼ਤਰ ਵਾਲਿਆਂ ਦਸਿਆ ਤਾਂ ਮੇਰੇ ਖਾਨਿਓਂ ਗਈ। ‘ਓ ਮਾਈ ਗਾੱਡ!’ ਜਾਣੋਂ ਕਿਸੇ ਨੇ ਗੂਹੜੀ ਨੀਂਦ ਵਿਚੋਂ ਹਲੂਣ ਕੇ ਉਠਾ ਦਿੱਤਾ ਹੋਵੇ। ਨਾ ਉਹ ਗਲਤ ਸਨ ਤੇ ਨਾ ਮੈਂ। ਘਰ ਆ ਕੇ ਪੜਤਾਲ ਕੀਤੀ। ਮੇਰੇ ਸਹਾਇਕ ਨੂੰ ਕਿਸੇ ਕਾਰਨ ਪੈਸੇ ਦੀ ਲੋੜ ਪੈ ਗਈ, ਉਸ ਡਰਦੇ ਮਾਰੇ ਮੈਥੋਂ ਪੈਸੇ ਨਾ ਮੰਗੇ ਪਰ ਤੇਰੀ ਫੀਸ ਖਰਚ ਕੇ ਆਪਣਾ ਕੰਮ ਸਾਰ ਲਿਆ। ਭਾਵੇਂ ਇਹ ਅਣਗਹਿਲੀ ਮੈਥੋਂ ਨਹੀਂ ਸੀ ਹੋਈ, ਕਸੂਰ ਮੇਰੇ ਸਹਾਇਕ ਦਾ ਸੀ, ਪਰ ਜਿਮੇਵਾਰੀ ਤਾਂ ਮੇਰੀ ਬਣਦੀ ਸੀ, ਇਹ ਸੋਚ ਮੈਂ ਢੈਲੀ ਪੈ ਗਈ। ਮੈਂ ਬੜੀ ਹਲੀਮੀ ਨਾਲ ਪੁੱਛਿਆ, “ਪ੍ਰਿੰਸੀਪਲ ਮੈਡਮ ਨਾਲ ਮੇਰੀ ਗੱਲ ਕਰਾਓਗੇ ਪਲੀਜ?”
“ਮਿਲਣਾ ਚਾਹੋ ਤਾਂ ਬੇਸ਼ਕ ਮਿਲ ਲਵੋ, ਪਰ ਇਸ ਦੀ ਲੋੜ ਕੋਈ ਨਹੀਂ।”
“ਮਤਲਬ?” “ਮਤਲਬ ਇਹ ਕਿ ਬੱਚੀ ਦੀ ਫੀਸ ਭਰੀ ਜਾ ਚੁੱਕੀ ਹੈ।”
“ਭਰੀ ਜਾ ਚੁੱਕੀ ਹੈ?” “ਹਾਂ ਜੀ।” “ਕੀ ਮੇਰਾ ਸਹਾਇਕ ਆਇਆ ਸੀ?” “ਜੀ ਨਹੀਂ।” “ਫੇਰ।” “ਬੱਚੀ ਦਾ ਨਾਂ ਕੱਟ ਹੋਣ ਤੋਂ ਪਹਿਲਾਂ ਹੀ ਇਕ ਸੱਜਣ ਸਾਡੇ ਪਾਸ ਆਏ। ਉਹ ਕੌਣ ਸਨ, ਅਸੀਂ ਨਹੀਂ ਜਾਣਦੇ, ਅਸੀਂ ਉਨ੍ਹਾਂ ਨੂੰ ਪਹਿਲਾਂ ਕਦੇ ਦੇਖਿਆ ਵੀ ਨਹੀਂ ਸੀ। ਉਹ ਸ਼ਕਲੋਂ ਚੰਗੇ ਰੱਜੇ ਪੁੱਜੇ ਤੇ ਅਸਰ-ਰਸੂਖ ਵਾਲੇ ਜਾਪਦੇ ਸਨ। ਉਨ੍ਹਾਂ ਨੇ ਅਗਲੇ-ਪਿਛਲੇ ਸਾਰੇ ਪੈਸਿਆਂ ਦੇ ਨਾਲ-ਨਾਲ ਪੂਰੇ ਸਾਲ ਦੀ ਫੀਸ ਭਰ ਦਿੱਤੀ। ਜਾਂਦੇ ਹੋਏ ਇਹ ਵੀ ਕਹਿ ਗਏ, ‘ਅੱਗੋਂ ਇਹੋ ਜਿਹੀ ਕੋਈ ਗੱਲ ਹੋਵੇ ਤਾਂ ਉਨ੍ਹਾਂ ਨੂੰ ਦਸਿਆ ਜਾਏ, ਪਰ ਕਿਸੇ ਵੀ ਹਾਲਤ ਵਿਚ ਮੇਰੀ ਬੇਟੀ ਦੀ ਪੜ੍ਹਾਈ ਦਾ ਹਰਜਾ ਨਹੀਂ ਹੋਣਾ ਚਾਹੀਦਾ।’
“ਗੁਡ ਪਾਪਾ ਹੋਣ ਤਾਂ ਇਹੋ ਜਿਹੇ!” ਸੁਣ ਮਹਿਕ ਖੁਸ਼ੀ ਨਾਲ ਉਛਲ ਪਈ।
“ਤੇਰੇ ਨਾਲ ਜੁੜੇ ਇਹੋ ਜਿਹੇ ਹੋਰ ਪਲ ਵੀ ਆਏ ਨੇ ਜਿੰਦਗੀ ਵਿਚ, ਪਰ ਇਹ ਪਹਿਲੀ ਘਟਨਾ ਸੀ, ਇਸ ਲਈ ਮੁੜ-ਘੁੜ ਚੇਤੇ ਆ ਜਾਂਦੀ ਏ।”
-
“ਮੈਡਮ!”
“ਹੂੰ!”
“ਕੋਈ ਤੁਹਾਨੂੰ ਮਿਲਣ ਆਇਐ।”
“ਉਨ੍ਹਾਂ ਨੂੰ ਅੰਦਰ ਲੈ ਆ।”
“ਕੋਈ ਫਾਇਦਾ ਨਹੀਂ, ਜਿਹੜਾ ਆਇਆ ਸੀ, ਉਹ ਚਲਾ ਗਿਐ।” ਵੱਡੇ ਬਾਬੂ ਨੇ ਅੰਦਰ ਆਉਂਦਿਆਂ ਦਸਿਆ।
“ਪਰ ਮੈਨੂੰ ਮਿਲਣ ਆਇਆ ਸੀ, ਫੇਰ ਚਲਾ ਕਿਉਂ ਗਿਆ?” ਮੈਡਮ ਨੇ ਹੈਰਾਨ ਹੁੰਦਿਆਂ ਪੁਛਿਆ।
“ਇਹ ਮੈਂ ਨਹੀਂ ਜਾਣਦਾ ਪਰ ਜਾਂਦਾ ਹੋਇਆ ਤੁਹਾਡੇ ਨਾਂ ਇਹ ਖ਼ਤ ਦੇ ਗਿਆ ਏ।” ਵੱਡੇ ਬਾਬੂ ਨੇ ਮੈਡਮ ਨੂੰ ਖ਼ਤ ਦਿੰਦਿਆਂ ਕਿਹਾ।
“ਖ਼ਤ? ਕੀ ਲਿਖਿਐ ਖ਼ਤ ਵਿਚ...ਤੁਸੀਂ ਪੜ੍ਹਿਆ ਹੋਵੇਗਾ!”
“ਪੜ੍ਹ ਮੈਂ ਕਿਹੜੇ ਵੇਲੇ ਲਿਆ।” ਵੱਡੇ ਬਾਬੂ ਨੇ ਕਾਹਲੀ ਨਾਲ ਕਿਹਾ।
“ਚਲ ਕੋਈ ਨਾ, ਲਿਆਓ ਮੈਂ ਪੜ੍ਹ ਲੈਂਦੀ ਆਂ।” ਮੈਡਮ ਵੱਡੇ ਬਾਬੂ ਦੇ ਹੱਥੋਂ ਖ਼ਤ ਲੈ ਕੇ ਪੜ੍ਹਨ ਲਗ ਪਈ। ਲਿਖਿਆ ਸੀ, “ਮਹਿਕ, ਮੇਰੀ ਬੱਚੀ, ਤੂੰ ਇਸੇ ਤਰ੍ਹਾਂ ਚਹਿਕਦੀ ਰਹੇਂ, ਰੱਬ ਪਾਸ ਇਹੋ ਅਰਦਾਸ ਕਰਦਾ ਹਾਂ। ਹੋਰ ਮੈਨੂੰ ਕੁਝ ਨਹੀਂ ਚਾਹੀਦਾ। ਇਹ ਜਿਹੜੇ ਕੇਸ ਨੂੰ ਤੈਂ ਹੱਥ ‘ਚ ਲਿਐ, ਉਹਨੇ ਤੇਰੀ ਨੀਂਦ ਉਡਾ ਦਿੱਤੀ ਏ, ਇਸ ਕੇਸ ਦਾ ਕੀ ਬਣੇਗਾ, ਤੈਨੂੰ ਹਰ ਵੇਲੇ ਇਹੋ ਚਿੰਤਾ ਲੱਗੀ ਰਹਿੰਦੀ ਏ। ਮੇਰੀ ਬੱਚੀ ਆਪਣੇ ਕੰਮ ਲਈ ਚਿੰਤਿਤ ਹੋਣਾ ਚੰਗੀ ਗੱਲ ਹੈ। ਇਹੋ ਜਿਹੀ ਚਿੰਤਾ ਉਹੀ ਕਰਦੈ ਜਿਹੜਾ ਆਪਣੇ ਕੰਮ ਲਈ ਇਮਾਨਦਾਰ ਹੋਵੇ। ਤੂੰ ਬਹੁਤ ਇਮਾਨਦਾਰ ਏਂ ਤੇ ਪੂਰੇ ਸਿਰੜ ਨਾਲ ਆਪਣਾ ਕੰਮ ਕਰਦੀ ਏਂ। ਅੱਗੋਂ ਵੀ ਏਦਾਂ ਈ ਕਰਦੀ ਰਹੇਂਗੀ, ਮੈਨੂੰ ਭਰੋਸਾ ਹੈ। ਤੂੰ ਉਨ੍ਹਾਂ ਲੋਕਾਂ ਵਿਚੋਂ ਨਹੀਂ ਜਿਹੜੇ ਐਵੇਂ ਹਾਰ ਮੰਨ ਲੈਂਦੇ ਨੇ, ਤੂੰ ਤਾਂ ਮੇਰੀ ਬਹਾਦਰ ਬੱਚੀ ਏਂ, ਐਵੇਂ ਘਾਬਰੀਦਾ ਨਹੀਂ।
ਮੈਂ ਪੂਰੇ ਕੇਸ ਦੀ ਸਟੱਡੀ ਕੀਤੀ ਏ, ਤੇਰੀਆਂ ਦਲੀਲਾਂ ਵੀ ਸੁਣੀਆਂ ਨੇ, ਬੱਚੇ, ਤੈਂ ਹਨੇਰੇ ਵਿਚ ਖੂਬ ਲਾਠੀਆਂ ਚਲਾਈਆਂ ਨੇ, ਪਰ ਕਿਤੇ ਵੀ ਅਸਲ ਮੁੱਦੇ ਦੀ ਗੱਲ ਨਹੀਂ ਕੀਤੀ, ਕੇਸ ਕਮਜੋਰ ਹੋਣਾ ਹੀ ਸੀ। ਮੁਕੱਦਮੇ ਦੇ ਜਿਸ ਪਹਿਲੂ ਨੂੰ ਘੋਖਣ ਦੀ ਲੋੜ ਸੀ, ਉਹ ਤੈਂ ਘੋਖਿਆ ਨਹੀਂ। ਮੈਂ ਕੁਝ ਨੁਕਤਿਆਂ ਵੱਲ ਤੇਰਾ ਧਿਆਨ ਦਿਵਾ ਰਿਹਾਂ। ਉਨ੍ਹਾਂ ‘ਤੇ ਫੋਕਸ ਕਰ, ਕੁਝ ਪੜ੍ਹਨ ਦੀ ਲੋੜ ਵੀ ਏ। ਕੀ ਪੜ੍ਹਨਾ ਏ, ਇਹ ਮੈਂ ਲਿਖ ਦਿੱਤੈ, ਮਨ-ਚਿਤ ਲਾ ਕੇ ਕੰਮ ਕਰ। ਜਿੱਤ ਹਰ ਹਾਲਤ ਵਿਚ ਮੇਰੀ ਬੱਚੀ ਦੀ ਹੋਵੇਗੀ।”
ਮਹਿਕ ਨੇ ਪੱਤਰ ਦੇ ਦੂਜੇ ਹਿੱਸੇ ਨੂੰ ਘੋਖਿਆ, ਦੋ-ਤਿੰਨ ਵਾਰ ਪੜ੍ਹਿਆ। ਕੇਸ ਦਾ ਠੰਡੇ ਦਿਮਾਗ ਨਾਲ ਮੁਲਾਂਕਣ ਕੀਤਾ ਤਾਂ ਅਸਲ ਘੁੰਡੀ ਉਸ ਦੀ ਸਮਝ ਵਿਚ ਆ ਗਈ। ਉਹ ਖੁਸ਼ੀ ਨਾਲ ਉਛਲ ਪਈ, ਅਰੇ ਵਾਹ ਇਹ ਅੰਕਲ ਤਾਂ ਬਹੁਤ ਲਾਜਵਾਬ ਹਨ! ਕੌਣ ਹਨ? ਉਸ ਇਹ ਜਾਨਣ ਲਈ ਪੱਤਰ ਨੂੰ ਇਕ ਵਾਰ ਫੇਰ ਘੋਖਿਆ, ਪਰ ਕਿਧਰੇ ਵੀ ਕੋਈ ਨਾਂ-ਪਤਾ ਨਹੀਂ ਸੀ। ਵੱਡੇ ਬਾਬੂ ਕਮਰੇ ਵਿਚ ਆਏ ਤਾਂ ਪੁੱਛਿਆ, “ਇਹ ਅੰਕਲ ਕੌਣ ਹਨ?”
“ਕੀ ਗੱਲ?”
“ਉਹ ਸਧਾਰਨ ਵਕੀਲ ਹੋ ਨਹੀਂ ਸਕਦੇ। ਵ੍ਹਟ ਏ ਜੀਨੀਅਸ! ਵਕਾਲਤ ਦੀਆਂ ਬਾਰੀਕੀਆਂ ਨੂੰ ਸਮਝਣ ਵਾਲੇ ਇਹੋ ਜਿਹੇ ਧੁਰੰਧਰ ਕਿੱਥੇ ਮਿਲਦੇ ਹਨ, ਇਨ੍ਹਾਂ ਮੇਰੇ ਕਪਾਟ ਖੋਲ੍ਹ ਦਿਤੇ ਨੇ। ਮੈਂ ਕਿੱਥੇ ਗਲਤ ਸੀ, ਇਹਨੂੰ ਪੜ੍ਹ ਕੇ ਸਮਝ ਵਿਚ ਆਇਆ।”
“ਇਨ੍ਹਾਂ ਲੋਕਾਂ ਨੇ ਉਮਰਾਂ ਗਾਲ ਦਿੱਤੀਆਂ ਇਸ ਕੰਮ ਵਿਚ, ਪਰ ਮੈਡਮ ਸਾਡੀ ਨਵੀਂ ਪੀੜ੍ਹੀ ਵਿਚ ਆਪਣੇ ਕੰਮ ਲਈ ਇਹੋ ਜਿਹਾ ਸਮਰਪਣ ਦੇਖਣ ਨੂੰ ਨਹੀਂ ਮਿਲਦਾ।”
“ਅੰਕਲ ਤੁਹਾਡੀ ਗੱਲ ਕੁਝ ਹੱਦ ਤਕ ਠੀਕ ਹੈ, ਪਰ ਨਵੀਂ ਪੀੜ੍ਹੀ ਵਿਚ ਵੀ ਇਹੋ ਜਿਹੇ ਵਿਰਲੇ ਲੋਕ ਮਿਲ ਜਾਂਦੇ ਹਨ।”
“ਚਲੋ ਹੁਣ ਨਵੇਂ ਸਿਰੇ ਤੋਂ ਮੁਕੱਦਮੇ ਦੀ ਤਿਆਰੀ ਕਰੋ। ਤੁਹਾਡੇ ਪਾਸ ਚੋਖਾ ਸਮਾਂ ਹੈ।” ਵੱਡੇ ਬਾਬੂ ਨੇ ਬਾਹਰ ਜਾਂਦਿਆਂ ਕਿਹਾ।
-
“ਓ ਮਾਂ, ਮੇਰੀ ਪਿਆਰੀ ਮਾਂ।” ਬਾਹਰੋਂ ਆਉਂਦਿਆਂ ਸਾਰ ਮਹਿਕ ਆਪਣੀ ਮਾਂ ਨੂੰ ਕਲਾਵੇ ਵਿਚ ਲੈ ਕੇ ਉਛਲਣ ਲਗੀ। ਸੱਚ ਤੂੰ ਕਿੰਨੀ ਚੰਗੀ ਏਂ, ਮੇਰੀ ਅੰਮੜੀਏ।” ਉਹ ਇਕ ਵਾਰ ਫੇਰ ਮਾਂ ਨੂੰ ਚੰਬੜ ਗਈ!”
“ਬਸ ਵੀ ਕਰ ਹੁਣ, ਮਾਰ ਹੀ ਸੁਟੇਂਗੀ, ਏਨਾ ਪਿਆਰ ਕਰਕੇ, ਤੇਰਾ ਕੁਝ ਨਹੀਂ ਵਿਗੜਨਾ ਪਰ ਜੇ ਇਸ ਬੁੱਢੀ ਦੀ ਕੋਈ ਹੱਡੀ ਕੜਕ ਗਈ ਤਾਂ ਲੈਣੇ ਦੇ ਦੇਣੇ ਪੈ ਜਾਣਗੇ।” ਮਾਂ ਨੇ ਲਾਡ ਨਾਲ ਉਹਦੀਆਂ ਗਲ੍ਹਾਂ ‘ਤੇ ਹੱਥ ਫੇਰਦਿਆਂ ਕਿਹਾ।
“ਓਹ ਹਾਏ, ਮੈਂ ਤਾਂ ਭੁੱਲ ਈ ਗਈ ਸਾਂ; ਕੱਚੀ ਕਲੀ ਕਚਨਾਰ ਕੀ; ਮੇਰੀ ਮਾਂ ਬਹੁਤ ਨਾਜ਼ਕ ਹੈ। ਮਲੂਕੜੀ ਏ, ਪਰ ਮੈਂ ਵੀ ਕੀ ਕਰਾਂ; ਦਿਲ ਹੀ ਨਹੀਂ ਮੰਨਦਾ; ਇਹੋ ਜਿਹੀ ਸੋਹਣੀ ਨੱਢੀ ਨੂੰ ਦੇਖ ਵਾਰ-ਵਾਰ ਪਿਆਰ ਕਰਨ ਨੂੰ ਜੀ ਕਰਦੈ...ਬਈ ਜੀ ਕਰਦੈ...ਪਿਆਰ ਕਰਨ ਨੂੰ ਜੀ ਕਰਦੈ।” ਉਹ ਮਾਂ ਦੇ ਮੋਢਿਆਂ ‘ਤੇ ਹੱਥ ਰੱਖ ਗੁਣਗੁਣਾਉਣ ਲੱਗ ਪਈ।
“ਉਹ ਤਾਂ ਠੀਕ ਐ, ਪਰ ਇਹੋ ਜਿਹਾ ਪਿਆਰ ਨਾ ਕਰੀਂ...!”
“ਪਿਆਰ ਤਾਂ ਪਿਆਰ ਹੀ ਹੁੰਦਾ ਏ ਮੇਰੀ ਪਿਆਰੀ-ਪਿਆਰੀ ਮਾਂ!”
“ਅੱਜ ਮਾਂ ‘ਤੇ ਏਨਾ ਪਿਆਰ ਕਿਉਂ ਆ ਰਿਹਾ ਏ, ਜਿਵੇਂ ਕੋਈ ਕੇਸ ਜਿੱਤ ਲਿਆ ਹੋਵੇ?”
“ਕੇਸ ਈ ਜਿੱਤਿਐ ਮਾਂ, ਉਹ ਵੀ ਬਹੁਤ ਔਖਾ ਤੇ ਗੁੰਝਲਦਾਰ। ਇਹ ਕੋਈ ਸਧਾਰਨ ਕੇਸ ਨਹੀਂ ਸੀ...ਇਕ ਵਾਰ ਤਾਂ ਮੇਰੇ ਪਸੀਨੇ ਛੁੱਟ ਗਏ ਸਨ, ਇਹਦੀ ਪੁਜੀਸ਼ਨ ਦੇਖ ਕੇ, ਕੋਈ ਲੜ ਸਿਰਾ ਦਿਸ ਨਹੀਂ ਸੀ ਰਿਹਾ।”
“ਫੇਰ ਕੀ ਕੌਤਕ ਹੋਇਆ?”
“ਕੌਤਕ ਜਿਹਾ ਕੌਤਕ, ਮੈਂ ਤਾਂ ਦਿਲ ਛੱਡ ਦਿੱਤਾ ਸੀ, ਪਰ!”
“ਪਰ ਇਹ ਕੌਤਕ ਹੋਇਆ ਕਿਵੇਂ!”
“ਇਸ ਖ਼ਤ ਨੇ ਕੀਤੈ ਇਹ ਕੌਤਕ!”
“ਮੈਨੂੰ ਨਹੀਂ ਦਿਖਾਏਂਗੀ, ਇਹ ਖ਼ਤ?”
“ਤੁਸੀਂ ਵੀ ਦੇਖ ਲਓ ਇਹ ਖ਼ਤ। ਇਸ ਖ਼ਤ ਨੇ ਮੈਨੂੰ ਚੜ੍ਹਦੀ ਕਲਾ ਵਿਚ ਲੈ ਆਂਦਾ ਤੇ ਨਤੀਜਾ ਤੇਰੇ ਸਾਹਮਣੇ ਈ ਹੈ।” ਕਹਿੰਦਿਆਂ ਮਹਿਕ ਨੇ ਇਕ ਵਾਰ ਫੇਰ ਮਾਂ ਨੂੰ ਕਲਾਵੇ ਵਿਚ ਲੈ ਲਿਆ।
“ਚਲ ਹੁਣ ਬਹੁਤੀਆਂ ਗੱਲਾਂ ਨਾ ਕਰ, ਲਿਆ ਦੇਖਾਂ ਜ਼ਰਾ ਖ਼ਤ ਨੂੰ, ਜਿਸ ਮੇਰੀ ਬੱਚੀ ਨੂੰ ਏਨੀ ਵੱਡੀ ਖੁਸ਼ੀ ਦਿੱਤੀ ਏ?” ਮਹਿਕ ਨੇ ਅੱਖ ਝਪਕਦੇ ਹੀ ਖ਼ਤ ਮਾਂ ਦੇ ਹੱਥਾਂ ਵਿਚ ਰੱਖ ਦਿੱਤਾ। ਮਾਂ ਨੇ ਖ਼ਤ ਦੇਖਿਆ। ਖ਼ਤ ਦਾ ਮਜਮੂਨ ਪੜ੍ਹਨ ਸਾਰ ਉਹ ਗੰਭੀਰ ਜਿਹੀ ਹੋ ਗਈ। ਉਹ ਕੁਝ ਸੋਚਣ ਲੱਗੀ। ਇਸ ਤੋਂ ਪਹਿਲਾਂ ਕਿ ਮਹਿਕ ਉਸ ਨੂੰ ਕੁਝ ਪੁੱਛਦੀ, ਉਹਦੇ ਮੂੰਹ ਵਿਚੋਂ ਆਪ ਮੁਹਾਰੇ ਨਿਕਲਿਆ, “ਤੈਨੂੰ ਇਹ ਕਦੇ ਮਿਲੇ ਨੇ?”
“ਨਹੀਂ, ਕਦੇ ਨਹੀਂ!”
“ਅਜੀਬ ਆਦਮੀ ਏ।”
“ਅਜੀਬ ਕਿਉਂ ਮਾਂ?”
“ਤੇਰੀ ਏਨੀ ਚਿੰਤਾ ਕਰਦੇ ਨੇ। ਇਕ-ਇਕ ਪਲ ਦੀ ਖ਼ਬਰ ਰੱਖਦੇ ਨੇ। ਸਾਹਮਣੇ ਆਉਂਦੇ ਨਹੀਂ, ਇਸ ਲੁਕਾ-ਛਿਪੀ ਦਾ ਕੀ ਮਤਲਬ, ਮੇਰੀ ਸਮਝ ਵਿਚ ਨਹੀਂ ਆਉਂਦਾ।”
“ਮੈਂ ਇਨ੍ਹਾਂ ਦੀ ਪ੍ਰੀਤ ਛੋਹ ਮਾਣ ਚੁੱਕੀ ਹਾਂ, ਮੈਨੂੰ ਇੰਜ ਲਗਦਾ ਏ, ਪਤਾ ਨਹੀਂ ਕਿਉਂ?”
“ਧੀ ਦੇ ਮੋਹ ਦੀ ਤੰਦ ਨੇ ਉਨ੍ਹਾਂ ਨੂੰ ਤੈਥੋਂ ਪਰ੍ਹੇ ਨਹੀਂ ਹੋਣ ਦਿੱਤਾ। ਉਹ ਮੁੜ-ਘੁੜ ਤੇਰੇ ਦੁਆਲੇ ਚੱਕਰ ਕੱਟਦੇ ਰਹੇ ਨੇ। ਪਰ ਅੰਦਰਲੀ ਝਿਝਕ ਨੇ ਉਨ੍ਹਾਂ ਨੂੰ ਕਦੇ ਅੱਗੇ ਵੱਧਣ ਨਹੀਂ ਦਿੱਤਾ। ਇਹੋ ਅਜੀਬ ਗੱਲ ਏ।”
“ਮੈਂ ਇਹ ਤਾਂ ਨਹੀਂ ਜਾਣਦੀ, ਉਹ ਮੈਨੂੰ ਖੁਲ੍ਹ ਕੇ ਕਿਉਂ ਨਹੀਂ ਮਿਲਦੇ, ਕੋਈ ਨਾ ਕੋਈ ਘੁੰਡੀ ਜਰੂਰ ਹੋਵੇਗੀ, ਪਰ ਇਸ ‘ਤੇ ਵੀ ਮੈਂ ਇਸ ਨੂੰ ਅਜੀਬ ਗੱਲ ਨਹੀਂ ਮੰਨਦੀ।”
ਸੱਚੀ ਗੱਲ ਤਾਂ ਇਹ ਹੈ ਮਾਮਾ, ਬੰਦਾ ਆਪਣੇ ਆਪ ਵਿਚ ਹੀ ਅਜੀਬ ਪ੍ਰਾਣੀ ਹੁੰਦੈ, ਉਹਦੇ ਅੰਦਰ ਕੀ ਚਲਦਾ, ਕੋਈ ਨਹੀਂ ਜਾਣਦਾ। ਹਰ ਬੰਦਾ ਆਪਣੇ ਸੁਪਨਿਆਂ ਦੇ ਸੰਸਾਰ ਵਿਚ ਵਿਚਰਦਾ ਏ, ਕਈ ਵਾਰ ਤਾਂ ਉਹ ਆਪਣੀ ਧੁਰ ਅੰਦਰਲੀ ਗੱਲ ਦੀ ਭਿਣਕ ਵੀ ਦੂਜੇ ਨੂੰ ਲੱਗਣ ਨਹੀਂ ਦਿੰਦਾ। ਪਾਪਾ ਭਾਵੇਂ ਜਾਹਰਾ ਤੌਰ ‘ਤੇ ਕਦੇ ਮੇਰੇ ਸਾਹਮਣੇ ਨਹੀਂ ਆਏ, ਜੇ ਆਏ ਵੀ ਹੋਣਗੇ ਤਾਂ ਮੈਨੂੰ ਪਤਾ ਨਹੀਂ, ਪਰ ਉਨ੍ਹਾਂ ਦੀ ਨੇੜਤਾ, ਉਨ੍ਹਾਂ ਦੇ ਲਾਡ-ਪਿਆਰ ਤੇ ਉਨ੍ਹਾਂ ਦੀ ਪ੍ਰੀਤ ਛੋਹ ਦਾ ਨਿੱਘਾ ਅਹਿਸਾਸ ਮੈਨੂੰ ਜਰੂਰ ਹੁੰਦਾ ਰਿਹਾ ਹੈ। ਤੁਸੀਂ ਇਹ ਖ਼ਤ ਹੀ ਦੇਖ ਲਓ, ਉਪਰਲੀਆਂ ਸਤਰਾਂ ਵਿਚ ਉਨ੍ਹਾਂ ਅੰਦਰਲਾ ਪਿਤਾ ਮੈਨੂੰ ਸਾਫ ਦਿਖਾਈ ਦਿੰਦਾ ਹੈ। ਮੇਰੇ ਸਿਰ ਉਪਰ ਨਾ ਕੇਵਲ ਮੇਰੀ ਪਿਆਰੀ ਮਾਮਾ ਸਗੋਂ ਮੇਰੇ ਪਾਪਾ ਦਾ ਹੱਥ ਵੀ ਹੈ। ਮੈਨੂੰ ਇਸ ਗੱਲ ਦਾ ਫਖ਼ਰ ਹੈ ਮਾਂ। ਮੇਰੇ ਲਈ ਇਹ ਅਹਿਸਾਸ ਹੀ ਕਾਫੀ ਏ, ਭਾਗਾਂ ਵਿਚ ਹੋਵੇਗਾ ਤਾਂ ਉਨ੍ਹਾਂ ਦੇ ਦਰਸ਼ਨ ਵੀ ਹੋ ਜਾਣਗੇ। ਚਲੋ ਉਠੋ ਹੁਣ ਡਾਢੀ ਭੁੱਖ ਲੱਗੀ ਐ, ਕੁਝ ਖਾ-ਪੀ ਲਈਏ।”
-
“ਵੱਡੇ ਬਾਬੂ, ਇਹ ਸਭ ਕਿੱਦਾਂ ਹੋਵੇਗਾ, ਮਹਿਕ ਆਪਣੇ ਕੰਮ ਵਿਚ ਖੁੱਭੀ ਹੋਈ ਏ, ਉਸ ਪਾਸ ਸਮਾਂ ਹੀ ਨਹੀਂ, ਮੈਂ ਇਕੱਲੀ ਜਾਨ, ਕੀ ਕਰਾਂ ਤੇ ਕੀ ਨਾ ਕਰਾਂ, ਮੇਰੇ ਵਸ ਦਾ ਨਹੀਂ ਇਹ ਸਭ।”
“ਮੈਡਮ, ਤੁਹਾਨੂੰ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ। ਸਾਰਾ ਕੰਮ ਸਮੇਂ ਸਿਰ ਹੋ ਜਾਵੇਗਾ।”
“ਪਰ ਕਰੂ ਕੌਣ?”
“ਅਸੀਂ ਕਰਾਂਗੇ ਮਿਲ-ਜੁਲ ਕੇ, ਕਿਹੜਾ ਤੁਸੀਂ ਇਕੱਲੇ ਹੋ!”
“ਕੁੜੀ ਦਾ ਵਿਆਹ ਏ, ਸੌ ਕੰਮ ਹੁੰਦੇ ਨੇ ਕਰਨ ਵਾਲੇ। ਬੈਂਕੁਇਟ ਹਾਲ ਦੀ ਬੁਕਿੰਗ, ਕੇਟਰਿੰਗ ਤੇ ਡੈਕੋਰੇਸ਼ਨ ਆਦਿ ਈ ਮਾਣ ਨਹੀਂ, ਫੇਰ ਘਰ ਵਿਚ ਵੀ ਤਾਂ ਕਈ ਕੰਮ ਹੋਣਗੇ!” ਮੈਡਮ ਨੇ ਕਿਹਾ।
“ਸਾਰੀਆਂ ਬੁਕਿੰਗ ਮੇਰੇ ਹਵਾਲੇ, ਤੁਸੀਂ ਕੇਵਲ ਘਰ ਦਾ ਕੰਮ ਦੇਖਣੈ, ਉਹ ਵੀ ਇਕੱਲਿਆਂ ਨੇ ਨਹੀਂ, ਅਸੀਂ ਸਾਰੇ ਇਕ ਟੀਮ ਵਾਂਗ ਤੁਹਾਡੇ ਨਾਲ ਕੰਮ ਕਰਾਂਗੇ!”
“ਕੱਪੜੇ ਲੱਤੇ ਦਾ ਕੰਮ, ਉਹ ਤਾਂ ਮੈਨੂੰ ਇਕੱਲੀ ਨੂੰ ਹੀ ਕਰਨਾ ਪਊ।”
“ਤੁਸੀਂ ਆਪਣੀ ਪਸੰਦ ਦੀਆਂ ਚੀਜਾਂ ਖਰੀਦਣਾ ਚਾਹੋ ਤਾਂ ਬੇਸ਼ਕ ਖਰੀਦ ਲਿਓ, ਬਾਕੀ ਲਿਸਟ ਮੈਨੂੰ ਦੇ ਦਿਓ। ਮੈਂ ਜਾਣਾ ਮੇਰਾ ਕੰਮ ਜਾਣੇ।”
“ਮੈਂ ਜਾਣਾ ਜਾਂ ਮੇਰਾ ਕੰਮ ਜਾਣੇ, ਬੜੇ ਸਿਆਣੇ ਹੋ। ਮੈਂ ਨਹੀਂ ਜਾਣਦੀ ਕੰਮ ਕਰਨ ਵਾਲਾ ਕੌਣ ਏ?”
“ਤੁਸੀਂ ਸਭ ਜਾਣਦੇ ਹੋ ਮੈਡਮ, ਮੈਨੂੰ ਜਿਦਾਂ ਕਿਹਾ ਗਿਐ, ਓਦਾਂ ਕਰ ਰਿਹਾਂ। ਨੌਕਰ ਕੀ ਤੇ ਨਖਰਾ ਕੀ!”
“ਏਦਾਂ ਤਾਂ ਨਾ ਕਹੋ ਵੱਡੇ ਬਾਬੂ। ਤੁਸੀਂ ਕਿਹੜੇ ਪਾਸਿਓਂ ਨੌਕਰ ਹੋਏ? ਸਾਡੇ ਲਈ ਤਾਂ ਤੁਸੀਂ ਸਕੇ ਰਿਸ਼ਤੇਦਾਰਾਂ ਤੋਂ ਵੀ ਵੱਧ ਹੋ। ਦੁੱਖ-ਸੁੱਖ ਦੇ ਸਾਥੀ। ਤੁਹਾਡੇ ਸਾਹਿਬ ਚੰਗੀ ਤਰ੍ਹਾਂ ਸੋਚੇ ਵਿਚਾਰੇ ਬਿਨਾਂ ਕਦੇ ਕੋਈ ਕੰਮ ਨਹੀਂ ਕਰਦੇ। ਮੈਂ ਚੰਗੀ ਤਰ੍ਹਾਂ ਜਾਣਦੀ ਹਾਂ। ਉਨ੍ਹਾਂ ਮਹਿਕ ਦੇ ਭਵਿਖ ਨੂੰ ਸਵਾਰਨ ਲਈ ਤੁਹਾਨੂੰ ਭੇਜਿਆ। ਤੁਸੀਂ ਵੀ ਇਕ ਚੰਗੇ ਗੁਰੂ ਵਾਂਗ ਪੈਰ ਪੈਰ ‘ਤੇ ਉਸਦੀ ਅਗਵਾਈ ਕੀਤੀ ਏ। ਉਹ ਅੱਜ ਜੋ ਕੁਝ ਵੀ ਹੈ, ਉਸ ਪਿੱਛੇ ਜੇ ਉਨ੍ਹਾਂ ਦੀ ਦੂਰ ਦਰਸ਼ੀ ਸੋਚ ਸੀ ਤਾਂ ਤੁਹਾਡਾ ਯੋਗਦਾਨ ਵੀ ਘਟ ਨਹੀਂ।” ਮੈਡਮ ਦਾ ਗੱਚ ਭਰ ਆਇਆ; ਉਸ ਦੀਆਂ ਅੱਖਾਂ ਵਿਚੋਂ ਹੰਝੂ ਕਿਰਨ ਲੱਗੇ। ਜਜ਼ਬਾਤ ਦੇ ਹੜ੍ਹ ਨੇ ਹੋਰ ਜੋਰ ਮਾਰਿਆ ਤਾਂ ਉਹ ਫਿਸ ਪਈ। ਉਹ ਰੋਣ ਲੱਗੀ। ਕਿੰਨੀ ਦੇਰ ਇਹ ਸਿਲਸਿਲਾ ਚਲਦਾ ਰਿਹਾ, ਉਹ ਨਹੀਂ ਸਨ ਜਾਣਦੇ।
- ਮਹਿਕ ਬਹੁਤ ਉਚਾਟ ਸੀ। ਉਸ ਦਾ ਮਨ ਰਹਿ ਰਹਿ ਕੇ ਰੋਣ ਨੂੰ ਕਰਦਾ ਸੀ। ਵੱਡੇ ਬਾਬੂ ਕਿਸੇ ਕੰਮ ਲਈ ਉਸ ਪਾਸ ਆਏ ਤਾਂ ਉਹ ਆਪਣੇ ‘ਤੇ ਕਾਬੂ ਨਾ ਰੱਖ ਸਕੀ। ਉਸ ਵੱਡੇ ਬਾਬੂ ਨੂੰ ਫੜ੍ਹ ਆਪਣੇ ਪਾਸ ਬਹਾ ਲਿਆ। ਵੱਡੇ ਬਾਬੂ ਵੀ ਉਸ ਦੇ ਚਿਹਰੇ ਦੇ ਹਾਵ ਭਾਵ ਨੂੰ ਦੇਖ ਸੋਚੀਂ ਪੈ ਗਏ। ਪੁਛਣ ਲੱਗੇ, “ਕਿਸੇ ਨੇ ਕੁਝ ਕਿਹਾ ਤਾਂ ਨਹੀਂ ਮੇਰੀ ਬੇਟੀ ਨੂੰ?”
“ਨਹੀਂ ਤੁਹਾਡੇ ਹੁੰਦਿਆਂ ਕਿਸੇ ਦੀ ਕੀ ਮਜਾਲ ਮੇਰੀ ਵ੍ਹਾ ਵੱਲ ਵੀ ਤੱਕ ਜਾਏ!”
“ਫੇਰ, ਇਸ ਉਦਾਸੀ ਦਾ ਸਬਬ?”
“ਮੇਰੇ ਪਾਪਾ ਮੈਥੋਂ ਏਨੇ ਬੇਮੁਖ ਕਿਉਂ ਹਨ? ਕੀ ਉਨ੍ਹਾਂ ਨੂੰ ਧੀ ਦੀ ਯਾਦ ਨਹੀਂ ਆਉਂਦੀ?”
“ਉਹ ਤੈਥੋਂ ਕਦੇ ਬੇਮੁਖ ਨਹੀਂ ਹੋਏ ਧੀ ਰਾਣੀ। ਸੱਚ ਪੁੱਛੇਂ ਤਾਂ ਧੀ ਦੇ ਮੋਹ ਵਸ਼ ਹੋ ਸਦਾ ਤੇਰੇ ਦੁਆਲੇ ਮੰਡਰਾਉਂਦੇ ਰਹੇ ਨੇ।”
“ਫੇਰ ਦੂਰ ਰਹਿਣ ਦਾ ਮਤਲਬ ਕੀ ਏ?”
“ਉਹ ਦੂਰ ਦੂਰ ਕਦੇ ਨਹੀਂ ਰਹੇ। ਹਰ ਮੁਸ਼ਕਲ ਘੜੀ ਬਹੁੜਦੇ ਰਹੇ ਨੇ। ਤੁਸੀਂ ਲਾਅ ਕੀਤੀ ਤਾਂ ਉਹ ਬਹੁਤ ਖੁਸ਼ ਹੋਏ ਸਨ। ਇਕ ਦਿਨ ਕਹਿਣ ਲੱਗੇ, “ਵੱਡੇ ਬਾਬੂ, ਦੇਖ ਲੈਣਾ ਮੇਰੀ ਬੇਟੀ ਇਕ ਦਿਨ ਬਹੁਤ ਵੱਡੀ ਵਕੀਲ ਬਣੇਗੀ।” ਮੈਂ ਵੀ ਤਬਲੇ ਦੀ ਸੰਗਤ ਕਰਦਿਆਂ ਕਹਿ ਦਿੱਤਾ ਸੀ, “ਤੁਹਾਡੀ ਬੇਟੀ ਹੈ, ਤੁਹਾਡਾ ਖੁਨ, ਉਹ ਬਾਪ ਦਾ ਨਾਂ ਰੌਸ਼ਨ ਕਰੇਗੀ ਇਕ ਦਿਨ, ਤੁਸੀਂ ਵੀ ਦੇਖ ਲੈਣਾ ਸਾਹਿਬ ਜੀ।” ਪਹਿਲਾਂ ਪਹਿਲ ਤੁਹਾਡੀ ਪ੍ਰੈਕਟਿਸ ਬਹੁਤ ਢਿਲੀ ਮੱਠੀ ਸੀ, ਉਨ੍ਹਾਂ ਨੂੰ ਚੰਗਾ ਨਹੀਂ ਲੱਗ ਰਿਹਾ ਸੀ, ਇਕ ਦਿਨ ਉਹ ਆਪਣੇ ਚੈਂਬਰ ਵਿਚ ਨਹੀਂ ਆਏ। ਮੈਨੂੰ ਕੁਝ ਜਰੂਰੀ ਵਿਚਾਰ ਵਟਾਂਦਰੇ ਲਈ ਬੰਗਲੇ ਵਿਚ ਬੁਲਾ ਲਿਆ। ਉਹ ਡਰਾਇੰਗ ਰੂਮ ਵਿਚ ਬੈਠੇ ਇਕ ਕੇਸ ਦੀ ਸਟਡੀ ਕਰ ਰਹੇ ਸਨ। ਮੈਂ ਪੁੱਛਿਆ, “ਸਾਹਿਬ ਜੀ, ਕੀ ਹੁਕਮ ਹੈ ਮੇਰੇ ਲਈ?”
“ਵੱਡੇ ਬਾਬੂ, ਆ ਜਾਓ, ਮੇਰੇ ਕੋਲ ਬੈਠੋ, ਤੁਹਾਡੇ ਨਾਲ ਇਕ ਖਾਸ ਕੱਲ ਕਰਨੀ ਏ।” ਸਾਹਿਬ ਨੇ ਮੈਨੂੰ ਨਾਲ ਬਹਾ ਲਿਆ।
“ਸਾਹਿਬ ਜੀ, ਮੇਰੇ ਲਈ ਤਾਂ ਤੁਹਾਡੀ ਹਰ ਗੱਲ ਖਾਸ ਹੁੰਦੀ ਏ। ਤੁਸੀਂ ਹੁਕਮ ਕਰੋ।”
“ਬਈ ਹੁਕਮ ਤਾਂ ਕੀਤਾ ਜਾਂਦਾ ਜੇ ਗੱਲ ਕਾਰੋਬਾਰੀ ਕਿਸਮ ਦੀ ਹੋਵੇ, ਗੱਲ ਨਿਜ ਦੀ ਹੋਵੇ ਤਾਂ ਅਰਜ਼ ਕਰਨਾ ਹੀ ਬਣਦਾ ਹੈ।”
“ਹੁਕਮ ਕਰੋ।”
“ਮਹਿਕ ਇਸ ਫੀਲਡ ਦੀ ਨਵੀਂ ਖਿਡਾਰਨ ਏ, ਉਸ ਨੂੰ ਕੰਮ ਦਾ ਤਜਰਬਾ ਨਹੀਂ, ਸਮਝ ਦੀ ਵੀ ਕਮੀ ਹੈ, ਇਸ ਲਈ ਉਸ ਦੀ ਬੇੜੀ ਡਿੱਕੋ ਡੋਲੇ ਖਾ ਰਹੀ ਹੈ, ਜੇ ਇਸੇ ਤਰ੍ਹਾਂ ਰਿਹਾ ਤਾਂ ਬੇੜੀ ਉਲਟ ਵੀ ਸਕਦੀ ਹੈ। ਉਸ ਨਾਲ ਇਹੋ ਜਿਹਾ ਕੁਝ ਹੋਵੇ, ਮੈਂ ਹਰਗਿਜ ਨਹੀਂ ਚਾਹੁੰਦਾ। ਮੈਂ ਚਾਹੁੰਦਾ ਹਾਂ, ਤੁਸੀਂ ਉਸ ਕੋਲ ਜਾਓ, ਉਥੇ ਕੰਮ ਕਰੋ, ਜਿਥੇ ਕਿਤੇ ਦਿੱਕਤ ਹੋਵੇ, ਮੈਨੂੰ ਦਸੋ ਪਰ ਕਿਸੇ ਕੀਮਤ ‘ਤੇ ਉਸ ਦੀ ਪਿੱਠ ਨਹੀਂ ਲੱਗਣੀ ਚਾਹੀਦੀ। ਪੈਸੇ ਦੀ ਪਰਵਾਹ ਨਹੀਂ ਕਰਨੀ, ਮੈਂ ਬੈਠਾਂ।”
“ਮੈਂ ਦੂਜੇ ਦਿਨ ਹੀ ਤਹਾਡੇ ਪਾਸ ਆ ਗਿਆ। ਜਿਥੇ ਕਿਤੇ ਦਿੱਕਤ ਹੁੰਦੀ, ਉਨ੍ਹਾਂ ਪਾਸ ਜਾਂਦਾ। ਉਹ ਜੋ ਸਲਾਹ ਦਿੰਦੇ ਉਸ ਨੂੰ ਆਪਣੀ ਸਲਾਹ ਬਣਾ ਕੇ ਤੁਹਾਨੂੰ ਦਸ ਦਿੰਦਾ। ਇਸ ਤਰ੍ਹਾਂ ਪਿੱਠ ਪਿੱਛੇ ਰਹਿ ਕੇ ਸਾਹਿਬ ਜੀ ਨੇ ਤੁਹਾਨੂੰ ਇਕ ਸਫਲ ਵਕੀਲ ਬਣਾ ਦਿੱਤੈ, ਮੈਡਮ ਜੀ।” ਏਨਾਂ ਕਹਿ ਕੇ ਵੱਡੇ ਬਾਬੂ ਚੁਪ ਕਰ ਗਏ। ਕੁਝ ਦੇਰ ਚੁਪ ਰਹਿਣ ਮਗਰੋਂ ਕਹਿਣ ਲੱਗੇ, “ਮੈਡਮ ਜੀ, ਉਸ ਦਿਨ ਜਿਹੜੇ ਸੱਜਣ ਤੁਹਾਨੂੰ ਮਿਲਣ ਆਏ ਸਨ, ਉਹ ਕੋਈ ਹੋਰ ਨਹੀਂ ਸਗੋਂ ਤੁਹਾਡੇ ਪਾਪਾ ਸਨ। ਮੇਰੇ ਕਹਿਣ ‘ਤੇ ਉਨ੍ਹਾਂ ਪੂਰੇ ਮੁਕੱਦਮੇ ਦੀ ਸਟਡੀ ਕੀਤੀ ਤੇ ਇਕ ਖਤ ਰਾਹੀਂ ਤੁਹਾਡਾ ਮਾਰਗ ਦਰਸ਼ਨ ਕੀਤਾ। ਉਹ ਗਾਹੇ-ਬਗਾਹੇ ਤੁਹਾਡੇ ਪਾਸ ਆਉਂਦੇ ਰਹੇ ਹਨ ਪਰ ਤੁਸੀਂ ਉਨ੍ਹਾਂ ਨੂੰ ਪਛਾਣ ਨਹੀਂ ਸਕੇ।”
“ਪਛਾਨਣ ਦਾ ਸਵਾਲ ਹੀ ਕਿੱਥੇ ਪੈਦਾ ਹੁੰਦਾ ਹੈ? ਮੈਂ ਉਨ੍ਹਾਂ ਨੂੰ ਕਦੇ ਦੇਖਿਆ ਵੀ ਤਾਂ ਨਹੀਂ।” ਮਹਿਕ ਨੇ ਕਿਹਾ।
“ਤੁਸੀਂ ਉਨ੍ਹਾਂ ਨੂੰ ਕਦੇ ਦੇਖਿਆ ਨਹੀਂ, ਇਹ ਠੀਕ ਹੈ। ਪਰ ਇਸ ਨਾਲ ਕੀ ਫਰਕ ਪੈਂਦਾ, ਆਪਣਾ ਖੂਨ ਸੱਤ ਪਰਦਿਆਂ ਵਿਚ ਵੀ ਹੋਵੇ ਤਾਂ ਲੋਕ ਪਛਾਣ ਲੈਂਦੇ ਨੇ, ਉਸ ਦਾ ਮੜੰਗਾ ਦੇਖ ਕੇ, ਗੱਲ ਕਰਨ ਦੇ ਲਹਿਜੇ ਤੋਂ, ਬੰਦਾ ਆਪਣੇ ਉਠਣ-ਬੈਠਣ ਤੋਂ ਈ ਪਛਾਣਿਆ ਜਾਂਦੈ। ਇਹ ਕੁਦਰਤੀ ਗੱਲ ਐ। ਗੱਲਬਾਤ ਕਰਨ ਦਾ ਤੁਹਾਡਾ ਅੰਦਾਜ, ਤੁਹਾਡੀ ਤੁਨਕ ਮਿਜਾਜੀ, ਤੁਹਾਡੀ ਬੇਬਾਕੀ, ਹੋਰ ਤਾਂ ਹੋਰ ਤੁਹਾਡੇ ਨੈਣ ਨਕਸ਼, ਤੁਹਾਡੀ ਸੁੰਦਰਤਾ, ਸਭ ਕੁਝ ਤਾਂ ਇੰਨ-ਬਿੰਨ ਉਨ੍ਹਾਂ ਨਾਲ ਮਿਲਦੀ ਏ। ਤੁਸੀ ਫੇਰ ਵੀ ਕਹਿ ਰਹੇ ਓ ਪਛਾਨਣ ਦਾ ਸਵਾਲ ਹੀ ਕਿੱਥੇ ਪੈਦਾ ਹੁੰਦਾ ਹੈ।” ਵੱਡੇ ਬਾਬੂ ਰੌਂ ਵਿਚ ਆ ਕੇ ਬੋਲਦੇ ਚਲੇ ਗਏ।
-
“ਆਪਣੇ ਬਦਨਸੀਬ ਪਾਪਾ ਨੂੰ ਮਾਫ ਨਹੀਂ ਕਰੇਂਗੀ ਬੇਟੇ?” ਡੋਲੀ ਤੋਰਨ ਸਮੇਂ ਬਜੁਰਗਾਂ ਦੇ ਮੂੰਹੋਂ ਬਸ ਏਨਾ ਹੀ ਨਿਕਲ ਸਕਿਆ।
“ਪਾਪਾ ਨਹੀਂ, ਅਜਨਬੀ! ਇਸ ਅਜਨਬੀ ਨਾਲ ਨਰਾਜ ਤਾਂ ਮੈਂ ਹੋ ਈ ਨਹੀਂ ਸਕਦੀ। ਬੜੀਆਂ ਮਿੱਠੀਆਂ ਯਾਦਾਂ ਨੇ ਮੇਰੇ ਅਜਨਬੀ ਪਾਪਾ ਦੀਆਂ। ਮੈਂ ਸਾਰੀਆਂ ਦੀਆਂ ਸਾਰੀਆਂ ਸਾਂਭ ਕੇ ਰੱਖੀਆਂ ਹੋਈਆਂ ਨੇ। ਮੈਂ ਤੁਹਾਡੇ ਨਾਲ ਨਰਾਜ ਹੁੰਦੀ ਵੀ ਤਾਂ ਕਿੱਦਾਂ ਹੁੰਦੀ ਮੇਰੇ ਪਿਆਰੇ ਪਿਆਰੇ ਪਾਪਾ।” ਡਾਢੇ ਮੋਹ ਨਾਲ ਪਾਪਾ ਦੇ ਗੱਲ ਲੱਗਦਿਆਂ ਮਹਿਕ ਨੇ ਕਿਹਾ। ਉਸ ਦੀਆਂ ਅੱਖਾਂ ਵਿਚੋਂ ਪਰਲ ਪਰਲ ਹੰਝੂ ਵਗਣ ਲੱਗੇ। ਉਸ ਇਕ ਵਾਰ ਫੇਰ ਪਾਪਾ ਨੂੰ ਆਪਣੇ ਨਾਲ ਘੁੱਟ ਲਿਆ। ਉਨ੍ਹਾਂ ਦੀਆਂ ਅੱਖਾਂ ‘ਚ ਅੱਖਾਂ ਪਾ ਕੇ ਕਹਿਣ ਲੱਗੀ, “ਇਹ ਅਜਨਬੀ ਅੱਜ ਤੋਂ ਪਹਿਲਾਂ ਮੈਨੂੰ ਕਦੇ ਨਹੀਂ ਮਿਲਿਆ ਪਰ ਇਸ ਨੇ ਮੈਨੂੰ ਇਕੱਲੀ ਵੀ ਤਾਂ ਨਹੀਂ ਛਡਿਆ, ਜਮਾਨੇ ਦੀਆਂ ਠੋਕਰਾਂ ਖਾਣ ਲਈ। ਤੁਸੀਂ ਕਿਹੜੀ ਗੱਲ ਲਈ ਖਿਮਾਂ ਮੰਗ ਰਹੇ ਹੋ, ਪਾਪਾ? ਤੁਸੀਂ ਕੁਝ ਗਲਤ ਨਹੀਂ ਕੀਤਾ। ਤੁਸੀਂ ਉਹ ਸਭ ਕੀਤਾ ਹੈ, ਜੋ ਹਰ ਮਾਂ-ਬਾਪ ਆਪਣੀ ਬੇਟੀ ਲਈ ਕਰਦਾ ਹੈ। ਸਗੋਂ ਮੈਂ ਤਾਂ ਕਹਿੰਦੀ ਹਾਂ, ਤੁਸੀਂ ਪਰਦੇ ਪਿੱਛੇ ਰਹਿ ਕੇ ਵੀ ਉਸ ਤੋਂ ਕਿੱਤੇ ਵੱਧ ਕੀਤਾ ਏ।”

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਅਸ਼ੋਕ ਵਾਸਿਸ਼ਠ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ