Allah Di Bandi (Story in Punjabi) : Ram Lal

ਅੱਲ੍ਹਾ ਦੀ ਬੰਦੀ (ਕਹਾਣੀ) : ਰਾਮ ਲਾਲ

ਉਸ ਦਿਨ ਸਿਰਫ ਮੁਮਤਾਜ਼ ਦੇ ਕਾਰਖ਼ਾਨੇ ਵਿਚ ਈ (ਜਿਸ ਵਿਚ ਤਿੰਨ ਵੱਡੀਆਂ-ਵੱਡੀਆਂ ਖਰਾਦਾਂ; ਦੋ ਛੋਟੇ ਤੇ ਵੱਡੇ ਵਰਮੇ ਤੇ ਢਲਾਈ ਵਾਲੀ ਇਕ ਭੱਠੀ ਲੱਗੀ ਹੋਈ ਸੀ) ਹੜਤਾਲ ਨਹੀਂ ਸੀ, ਬਲਕਿ ਸ਼ਹਿਰ ਦੇ ਲਗਭਗ ਸਾਰੇ ਦਰਮਿਆਨੇ ਦਰਜੇ ਦੇ ਕਾਰਖ਼ਾਨਿਆਂ ਵਿਚ ਮਿਸਤਰੀਆਂ, ਫਿੱਟਰਾਂ, ਲੁਹਾਰਾਂ ਤੇ ਉਹਨਾਂ ਦੇ ਸਿਖਾਂਦਰੂ ਅਪਰੇਂਟਸਾਂ ਨੇ ਕੰਮ-ਕਾਜ ਬੰਦ ਕੀਤਾ ਹੋਇਆ ਸੀ। ਇਕ ਤਕੜੇ ਜੁੱਸੇ ਤੇ ਉੱਚੇ-ਲੰਮੇ ਕੱਦ ਦਾ ਸਰਦਾਰ ਕੁਰਬਾਨ ਸਿੰਘ ਉਹਨਾਂ ਹੜਤਾਲੀਆਂ ਦਾ ਨੇਤਾ ਸੀ, ਜਿਸਦੇ ਚਿਹਰੇ ਉੱਤੇ ਸੰਘਣੀ ਦਾੜ੍ਹੀ ਤੇ ਅਤਿ ਰੋਅਬਦਾਰ ਮੁੱਛਾਂ ਸਨ।
ਤੇ ਉਸ ਦਿਨ ਸ਼ਾਮ ਨੂੰ ਮੁਮਤਾਜ਼ ਦੇ ਬੰਦ ਕਾਰਖ਼ਾਨੇ ਵਿਚ, ਮਸ਼ੀਨਾਂ ਵਿਚਕਾਰ, ਤੇਲ ਦੇ ਧੱਬਿਆਂ ਨਾਲ ਬਿਲਕੁਲ ਕਾਲੀ ਹੋਈ-ਹੋਈ ਮੇਜ਼ ਉੱਤੇ, ਸਵੇਰ ਦਾ ਅਖ਼ਬਾਰ ਵਿਛਾਈ ਕੁਰਬਾਨ ਸਿੰਘ ਤੇ ਮੁਮਤਾਜ਼ ਸ਼ਰਾਬ ਦੀ ਪੂਰੀ ਬੋਤਲ, ਦੋ ਗ਼ਲਾਸ ਤੇ ਤਲੀ ਹੋਈ ਮੱਛੀ ਦੀਆਂ ਦੋ ਵੱਡੀਆਂ ਪਲੇਟਾਂ ਰੱਖੀ ਬੈਠੇ ਗੱਲਾਂ ਕਰ ਰਹੇ ਸਨ...:
“ਦੇਖ ਲਿਆ ਨਾ ਮੁਮਤਾਜ਼ ਮੇਰੀ ਇਕੋ ਕਾਲ 'ਤੇ ਅੱਜ ਸ਼ਹਿਰ ਦੇ ਸਾਰੇ ਕਾਰਖ਼ਾਨੇ ਬੰਦ ਰਹੇ ਤੇ ਅਹਿ ਹੁਣੇ ਮੈਂ ਜਿਸ ਜਲਸੇ 'ਚ ਹੋ ਕੇ ਆਇਆਂ...”
“ਕੁਰਬਾਨ ਯਾਰ ਮੈਂ ਤੈਨੂੰ ਤੇਰਾ ਸ਼ਾਨਦਾਰ ਭਾਸ਼ਣ ਸੁਣਨ ਲਈ ਇੱਥੇ ਨਹੀਂ ਬੁਲਾਇਆ। ਮੈਨੂੰ ਯਕੀਨ ਏਂ ਤੂੰ ਹਮੇਸ਼ਾ ਵਾਂਗ ਕੋਈ ਜ਼ੋਰਦਾਰ ਭਾਸ਼ਣ ਦਿੱਤਾ ਹੋਏਗਾ ਤੇ ਸਾਰਾ ਗਰਾਊਂਡ ਹਜ਼ਾਰਾਂ ਮਜ਼ਦੂਰਾਂ ਦੀਆਂ ਤਾੜੀਆਂ ਤੇ ਨਾਅਰਿਆਂ ਨਾਲ ਗੂੰਜ ਉਠਿਆ ਹੋਏਗਾ।”
“ਫੇਰ ਤੂੰ ਹੋਰ ਕੀ ਚਾਹੁੰਦਾ ਏਂ?...ਜੇ ਤੂੰ ਸਮਝਦਾ ਏਂ ਕਿ ਸ਼ਰਾਬ ਪਿਆ ਕੇ ਮੈਨੂੰ ਮਜ਼ਦੂਰਾਂ ਦੀਆਂ ਮੰਗਾਂ ਮੰਨਵਾਉਣ ਤੋਂ ਰੋਕ ਲਏਂਗਾ ਤਾਂ ਇਹ ਤੇਰਾ ਭਰਮ ਏ।"
“ਰਿਹਾ ਨਾ ਸਰਦਾਰ ਦਾ ਸਰਦਾਰ! ਪਹਿਲਾਂ ਗੱਲ ਤਾਂ ਸੁਣ ਲੈ ਪੂਰੀ, ਮੇਰੀ।...ਤੂੰ ਕਹੇਂਗਾ ਤਾਂ ਸਭ ਤੋਂ ਪਹਿਲਾਂ ਮੈਂ ਹੀ ਆਪਣੇ ਕਰਿੰਦਿਆਂ ਦੀਆਂ ਤਨਖ਼ਾਹਾਂ ਵਿਚ ਦਸ-ਦਸ ਰੁਪਏ ਵਧਾ ਦਿਆਂਗਾ। ਮੈਨੂੰ ਕੋਈ ਵੱਡਾ ਫਰਕ ਥੋੜ੍ਹਾ ਈ ਪੈਣ ਲੱਗਾ ਏ—ਕੁਲ ਮਿਲਾ ਕੇ ਤੀਹ ਜਾਂ ਚਾਲੀ ਆਦਮੀ ਨੇ ਮੇਰੇ ਕਾਰਖ਼ਾਨੇ 'ਚ—ਹਰ ਮਹੀਨੇ ਤਿੰਨ ਕੁ ਸੌ ਰੁਪਏ ਵਧ ਦੇਣੇ ਮੇਰੇ ਲਈ ਮਾਮੂਲੀ ਗੱਲ ਏ। ਅਸਲ ਵਿਚ ਮੈਂ ਤੇਰੇ ਨਾਲ ਇਕ ਹੋਰ ਗੱਲ ਕਰਨੀਂ ਏਂ—ਪਹਿਲਾਂ ਗ਼ਲਾਸ ਚੁੱਕ ਆਪਣਾ।”
ਕੁਰਬਾਨ ਸਿੰਘ ਨੇ ਆਪਣੇ ਹਮ-ਉਮਰ ਦੋਸਤ ਵੱਲ ਫੇਰ ਵੀ ਸ਼ੱਕੀ ਜਿਹੀਆਂ ਨਜ਼ਰਾਂ ਨਾਲ ਤੱਕਿਆ, ਜਿਸ ਨਾਲ ਉਹ ਸਕੂਲ ਤੋਂ ਲੈ ਕੇ ਯੂਨੀਵਰਸਟੀ ਤਕ ਪੜ੍ਹਿਆ ਸੀ...ਤੇ ਉਹਨਾਂ ਦੀ ਦੋਸਤੀ ਵਿਚ ਕੋਈ ਤਰੇੜ ਨਹੀਂ ਸੀ ਆਈ। ਇਹ ਕੁਦਰਤ ਦੀ ਖੇਡ ਸੀ ਕਿ ਮੁਮਤਾਜ਼ ਨੂੰ ਆਪਣੇ ਪਿਊ ਦੀ ਵਿਰਾਸਤ ਵਜੋਂ ਇਕ ਛੋਟਾ ਜਿਹਾ ਕਾਰਖ਼ਾਨਾ ਮਿਲਿਆ ਸੀ ਤੇ ਕੁਰਬਾਨ ਸਿੰਘ ਆਪਣੇ ਪਿਊ (ਜਿਹੜਾ ਰੇਲਵੇ ਫੋਰਮੈਨ ਸੀ) ਦੀਆਂ ਪੈੜਾਂ ਨੂੰ ਛੱਡ ਕੇ ਟਰੇਡ ਯੁਨੀਅਨ ਲੀਡਰ ਬਣ ਗਿਆ ਸੀ। ਪਰ ਹੁਣ ਦੋਵਾਂ ਦੇ ਪਿਊ ਹੀ ਇਸ ਦੁਨੀਆਂ ਵਿਚ ਨਹੀਂ ਸੀ ਰਹੇ।
“ਮੈਂ ਅੱਜਕਲ੍ਹ ਸੁਰਜੀਤ ਕੌਰ ਵਲੋਂ ਖਾਸਾ ਪ੍ਰੇਸ਼ਾਨ ਆਂ। ਤੈਨੂੰ ਪਤਾ ਈ ਏ, ਉਸਦਾ ਪਤੀ ਵੀ ਤੇਰੇ ਵਾਂਗ ਈ ਮੇਰਾ ਜਿਗਰੀ ਯਾਰ ਸੀ।”
“ਹਾਂ-ਹਾਂ, ਅੱਗੇ ਬੋਲ!” ਕੁਰਬਾਨ ਸਿੰਘ ਪਹਿਲਾ ਗ਼ਲਾਸ ਖਤਮ ਕਰਕੇ ਜਲਦੀ-ਜਲਦੀ ਦੂਜਾ ਭਰਨ ਲੱਗ ਪਿਆ, “ਉਸ ਵਿਚਾਰੇ ਲਈ ਤਾਂ ਤੂੰ ਆਪਣਾ ਇਕ ਗੁਰਦਾ ਵੀ ਦੇ ਦਿੱਤਾ ਸੀ ਪਰ ਫੇਰ ਵੀ ਨਹੀਂ ਸੀ ਬਚਿਆ, ਉਹ। ਤੇ ਤੂੰ ਹੁਣ ਤਕ ਇਕੋ ਗੁਰਦੇ ਦੇ ਸਹਾਰੇ ਜਿਊਂ ਰਿਹੈਂ।”
“ਤੂੰ ਇਹ ਵੀ ਜਾਣਦਾ ਏਂ ਕਿ ਨਰਿੰਦਰ ਨੇ ਮਰਨ ਤੋਂ ਪਹਿਲਾਂ ਸਿਰਫ ਮੇਰੇ ਉੱਤੇ ਭਰੋਸਾ ਕਰਕੇ ਇਹ ਵਾਅਦਾ ਲਿਆ ਸੀ ਮੈਥੋਂ ਕਿ ਮੈਂ ਉਸਦੀ ਪਤਨੀ ਦਾ ਹਮੇਸ਼ਾ ਖ਼ਿਆਲ ਰੱਖਾਂਗਾ—ਕਦੀ ਉਸਦਾ ਵਾਲ ਵੀ ਵਿੰਗਾ ਨਹੀਂ ਹੋਣ ਦਿਆਂਗਾ, ਭਾਵੇਂ ਮੇਰੀ ਜਾਨ ਹੀ ਕਿਉਂ ਨਾ ਚਲੀ ਜਾਏ।”
“ਓ ਯਾਰਾ, ਏਸ ਸਾਰੀ ਰਾਮ ਕਹਾਣੀ ਦਾ ਤਾਂ ਮੈਨੂੰ ਵੀ ਪਤਾ ਏ—ਕੋਈ ਨਵੀਂ ਗੱਲ ਏ ਤਾਂ ਦੱਸ ਜਲਦੀ ਜਲਦੀ, ਤੂੰ ਤਾਂ ਬੁਝਾਰਤਾਂ ਪਾਉਣ ਬਹਿ ਗਿਐਂ।” ਕਹਿ ਕੇ ਉਸਨੇ ਪਲੇਟ ਵਿਚੋਂ ਮੱਛੀ ਦਾ ਇਕ ਵੱਡਾ ਸਾਰਾ ਪੀਸ ਚੁੱਕ ਲਿਆ।
ਫੇਰ ਵੀ ਮੁਮਤਾਜ਼ ਦੇ ਲਹਿਜੇ ਵਿਚ ਕੋਈ ਖਾਸ ਤਬਦੀਲੀ ਨਾ ਆਈ। ਉਹ ਸ਼ੁਰੂ ਤੋਂ ਹੀ ਸਹਿਜ-ਸੁਭਾਅ ਵਾਲਾ ਆਦਮੀ ਸੀ ਤੇ ਹਮੇਸ਼ਾ ਧੀਮੀ ਸੁਰ ਵਿਚ ਹੀ ਬੋਲਦਾ ਹੁੰਦਾ ਸੀ। ਦੋ ਜਾਂ ਤਿੰਨ ਪੈਗ ਲੈਂਦਾ ਸੀ ਤਾਂ ਦੋ-ਦੋ ਘੰਟੇ ਲਾ ਦਿੰਦਾ ਸੀ। ਉਸਦੇ ਸਾਹਮਣੇ ਅਜੇ ਪਹਿਲਾ ਪੈਗ ਹੀ ਪਿਆ ਸੀ। ਉਸਨੇ ਬੜੇ ਆਰਾਮ ਨਾਲ ਉਸ ਵਿਚੋਂ ਇਕ ਘੁੱਟ ਭਰਿਆ, ਤਮਾਕੂ ਵਾਲਾ ਪਾਊਚ ਕੱਢ ਕੇ ਹੌਲੀ ਹੌਲੀ ਇਕ ਸਿਗਰਟ ਬਣਾਈ ਤੇ ਉਸਨੂੰ ਸੁਲਗਾ ਕੇ ਬੋਲਿਆ, “ਹੁਣ ਪਾਣੀ ਸਿਰ ਤੋਂ ਕਾਫੀ ਉੱਚਾ ਲੰਘ ਗਿਆ ਏ—ਮੇਰਾ ਮੁਸਲਮਾਨ ਹੋਣਾ ਵੀ ਦਾਅ 'ਤੇ ਲੱਗ ਚੁੱਕਿਆ ਏ, ਤੇਰੀ ਸਿੱਖੀ ਦੀ ਸ਼ਾਨ ਵੀ ਇਸੇ 'ਚ ਏ ਕਿ ਤੂੰ ਮੈਨੂੰ ਇਸ ਮੁਸੀਬਤ ਵਿਚੋਂ ਕੱਢ ਲੈ—ਮੈਨੂੰ ਵੀ ਤੇ ਸੁਰਜੀਤ ਕੌਰ ਨੂੰ ਵੀ ਜਿਹੜੀ ਤੇਰੇ ਮਜ਼ਹਬ ਦੀ ਏ।”
“ਦੇਖ ਓਇ ਮੁਸਲਿਆ, ਮੈਨੂੰ ਜ਼ਿਆਦਾ ਜੋਸ਼ ਨਾ ਦੁਆ।” ਵੈਸੇ ਕੁਰਬਾਨ ਸਿੰਘ ਸੀ ਵੀ ਤੇਜ਼ ਸੁਭਾਅ ਦਾ ਬੰਦਾ, “ਤੂੰ ਚੰਗੀ ਤਰ੍ਹਾਂ ਜਾਣਦਾ ਏਂ, ਮੇਰੇ ਮਜ਼ਦੂਰ ਸਾਥੀ ਜੇ ਇਕ ਵਾਰ ਕਹਿ ਦੇਣ—'ਕੁਰਬਾਨ ਸਿੰਘ, ਜ਼ਿੰਦਾਬਾਦ!' ਤਾਂ ਮੇਰਾ ਲਹੂ ਠਾਠਾਂ ਮਾਰਨ ਲੱਗ ਪੈਂਦਾ ਏ, ਤੇ ਉਸ ਪਿੱਛੋਂ ਮੈਨੂੰ ਪਤਾ ਨਹੀਂ ਹੁੰਦਾ ਕਿ ਕਿੰਨੀ ਜ਼ੋਰਦਾਰ ਤਕਰੀਰ ਕਰ ਗਿਆਂ। ਕਹਿਣ ਦਾ ਮਤਲਬ ਇਹ ਕਿ ਤੂੰ ਆਪਣੇ ਮਾਮਲੇ ਵਿਚ ਮੇਰੀ ਸਿੱਖੀ ਨੂੰ ਨਾ ਘਸੀਟ। ਜੋ ਵੀ ਕਹਿਣਾ ਏਂ, ਜ਼ਰਾ ਬੰਦਾ ਬਣ ਕੇ ਕਹਿ—ਤਾਂਕਿ ਮੈਂ ਤੇਰੀ ਪ੍ਰਾਬਲਮ ਤਾਂ ਸਮਝ ਸਕਾਂ।”
“ਗੱਲ ਜ਼ਰਾ ਲੰਮੀ ਏਂ!” ਮੁਮਤਾਜ਼ ਨੇ ਆਪਣੇ ਵਿਸ਼ੇਸ਼ ਧੀਮੇ ਸੁਰ ਵਿਚ ਕਿਹਾ, “ਜ਼ਰਾ ਚੁੱਪ ਰਹਿ ਕੇ ਸੁਣਦਾ ਰਹੀਂ, ਵਿਚਕਾਰ ਨਾ ਬੋਲੀਂ—ਸਾਰਾ ਸਿਲਸਿਲਾ ਈ ਟੁੱਟ ਜਾਏਗਾ।”
“ਅੱਛਾ-ਅੱਛਾ, ਨਹੀਂ ਬੋਲਾਂਗਾ।” ਕੁਰਬਾਨ ਸਿੰਘ ਫੇਰ ਆਪਣਾ ਗ਼ਲਾਸ ਭਰਦਾ ਹੋਇਆ ਬੋਲਿਆ।
“ਤੈਨੂੰ ਪਤਾ ਏ ਮੈਂ ਦੋ ਮਹੀਨੇ ਪਹਿਲਾਂ ਅੰਮ੍ਰਿਤਸਰ ਗਿਆ ਸਾਂ—ਉੱਥੋਂ ਜੰਡਿਆਲੇ ਤੇ ਫੇਰ ਲੁਧਿਆਣੇ ਤੇ ਅੱਗੇ ਜਗਰਾਓਂ ਤਕ ਹੋ ਕੇ ਆਇਆ ਸਾਂ?”
“ਓਇ ਤੇਰਾ ਦਿਮਾਗ਼ ਤਾਂ ਖਰਾਬ ਨਹੀਂ ਹੋ ਗਿਆ ਮੁਮਤਾਜ਼! ਹੁਣ ਤਾਂ ਸੁਰਜੀਤ ਕੌਰ ਦੀ ਰਮਾਇਣ ਛੇੜੀ ਹੋਈ ਸੀ, ਵਿਚਾਲੇ ਇਹ ਅੰਮ੍ਰਿਤਸਰ, ਜੰਡਿਆਲੇ, ਲੁਧਿਆਣੇ ਤੇ ਜਗਰਾਓਂ ਦਾ ਪੰਗਾ ਕਿੰਜ ਆ ਗਿਆ?”
“ਤੈਨੂੰ ਮਨ੍ਹਾਂ ਕੀਤਾ ਸੀ ਨਾ, ਬਈ ਵਿਚ ਬਿਲਕੁਲ ਨਾ ਬੋਲੀਂ। ਮੈਂ ਪ੍ਰੇਸ਼ਾਨ ਜ਼ਰੂਰ ਆਂ, ਪਰ ਜੋ ਕੁਝ ਕਹਾਂਗਾ ਅਸਲ ਗੱਲ ਨਾਲੋਂ ਹਟ ਕੇ ਕਤਈ ਨਹੀਂ ਹੋਏਗਾ। ਸਮਾਝਿਆ, ਜ਼ਰਾ ਚੁੱਪ ਕਰਕੇ ਸੁਣ।...ਅੰਮ੍ਰਿਤਸਰ ਵਿਚ ਕਈ ਸਾਲ ਪਹਿਲਾਂ ਇਕ ਰਿਟਾਇਰ ਫੌਜੀ ਕਰਨਲ ਨੇ, ਬੱਬੂ ਨਾਂ ਦੀ ਇਕ ਤਵਾਇਫ਼ (ਨੱਚਣ-ਗਾਉਣ ਵਾਲੀ) ਉੱਤੇ ਮੋਹਿਤ ਹੋ ਕੇ ਉਸ ਨਾਲ ਸ਼ਾਦੀ ਕਰ ਲਈ ਸੀ। ਉਹ ਜਾਤ ਦੀ ਮੁਸਲਮਾਨ ਸੀ ਤੇ ਬੜਾ ਚੰਗਾ ਮੁਜਰਾ ਕਰਦੀ ਹੁੰਦੀ ਸੀ। ਉਸਦਾ ਮੁਜਰਾ ਸੁਨਣ ਵਾਸਤੇ ਵੱਡੇ ਵੱਡੇ ਰਾਜੇ-ਮਹਾਰਾਜੇ ਤੇ ਅਮੀਰ ਲੋਕ ਕਈ ਕਈ ਮਹੀਨੇ ਪਹਿਲਾਂ ਬੁਕਿੰਗ ਕਰਵਾਉਂਦੇ ਹੁੰਦੇ ਸਨ—ਤੇ ਜਦੋਂ ਉਹ ਕੋਈ ਭੜਕੀਲੀ ਗ਼ਜ਼ਲ ਛੇੜ ਕੇ ਘੁੰਗਰੂ ਛਣਕਾਉਂਦੀ ਹੋਈ ਗੇੜਾ ਦੇਂਦੀ ਤਾਂ ਦੇਖਣ ਸੁਣ ਵਾਲਿਆਂ ਦੇ ਦਿਲ ਹਲਕ ਵਿਚ ਆ ਅਟਕਦੇ। ਕਹਿਣ ਵਾਲੇ ਤਾਂ ਇੱਥੋਂ ਤਕ ਕਹਿੰਦੇ ਨੇ ਕਿ ਉਸਦੇ ਸਾਹਮਣੇ ਸੁਰਿੰਦਰ ਕੌਰ ਤੇ ਪ੍ਰਕਾਸ਼ ਕੌਰ ਦੋਵੇਂ ਭੈਣਾ ਬਿਲਕੁਲ ਫਿੱਕੀਆਂ ਜਾਪਦੀਆਂ ਨੇ। 'ਹੱਸ ਕੇ ਨਾ ਲੰਘ ਵੈਰੀਆ, ਮੇਰੀ ਸੱਸ ਭਰਮਾਂ ਦੀ ਮਾਰੀ'—ਇਹ ਉਸਦਾ ਖਾਸ ਟੱਪਾ ਹੁੰਦਾ ਸੀ।”
“ਪਰ ਤੂੰ ਇਹ ਸਭ ਕਿਸ ਤੋਂ ਸੁਣਿਆ ਏ?”
“ਇਹ ਸਾਰੀ ਗੱਲਬਾਤ ਮੈਂ ਅੰਮ੍ਰਿਤਸਰ ਤੇ ਲੁਧਿਆਣੇ ਦੇ ਪਿੰਡ-ਪਿੰਡ ਵਿਚ ਘੁੰਮ ਕੇ ਪਤਾ ਕੀਤੀ ਸੀ। ਹੁਣ ਅੱਗੇ ਸੁਣ...”
ਮੁਮਤਾਜ਼ ਮੇਜ਼ ਉੱਤੇ ਪਈ ਬੋਤਲ ਨੂੰ ਖਾਲੀ ਹੁੰਦਿਆਂ ਦੇਖ ਕੇ ਨਵੀਂ ਬੋਤਲ ਕੱਢ ਲਿਆਇਆ ਤੇ ਬੋਲਿਆ, “ਕਰਨਲ ਰੰਧਾਵਾ ਉਹਨੀਂ ਦਿਨੀ ਰਿਟਾਇਰਡ ਹੋ ਕੇ ਪੰਜਾਬ ਪਰਤਿਆ ਸੀ। ਜਿਹਨਾਂ ਦਿਨਾਂ ਵਿਚ ਉਹ ਅੰਗਰੇਜ਼ ਸਰਕਾਰ ਲਈ ਜਰਮਨ ਖ਼ਿਲਾਫ਼ ਇਟਲੀ ਦੇ ਇਕ ਟਾਪੂ ਵਿਚ ਲੜਨ ਗਿਆ ਹੋਇਆ ਸੀ, ਉਸਦੀ ਪਤਨੀ ਦਾ ਦੇਹਾਂਤ ਹੋ ਗਿਆ ਸੀ। ਵਾਪਸ ਆਇਆ ਤਾਂ ਉਸਦੇ ਜਿਸਮ ਦਾ ਖ਼ੂਨ ਅਜੇ ਵੀ ਗਰਮ ਸੀ। ਉਸਨੂੰ ਚੰਗੀ ਖਾਸੀ ਪੈਨਸ਼ਨ ਵੀ ਮਿਲਣ ਲੱਗ ਪਈ ਸੀ ਤੇ ਨਕਦ ਪੈਸਾ ਵੀ ਕਾਫੀ ਮਿਲਿਆ ਸੀ। ਇਸ ਦੇ ਇਲਾਵਾ ਜਗਰਾਓਂ ਤੇ ਜੰਡਿਆਲੇ ਵਿਚ ਉਸ ਦੀ ਜ਼ਮੀਨ ਵੀ ਖਾਸੀ ਸੀ। ਇਕ ਰਾਤ ਉਸਨੇ ਕਿਸੇ ਮੁਜਰੇ ਵਿਚ ਬੱਬੂ ਨੂੰ ਦੇਖਿਆ ਤੇ ਦੇਖਦਾ ਹੀ ਦਿਲ ਦੇ ਬੈਠਾ—ਸਿਰਫ ਦਿਲ ਹੀ ਨਹੀਂ ਦੇ ਬੈਠਾ ਬਲਕਿ ਉਸਨੇ ਇਹ ਫੈਸਲਾ ਵੀ ਕਰ ਲਿਆ ਕਿ ਬੱਬੂ ਨੂੰ ਹੀ ਘਰੇ ਵਸਾਵਾਂਗਾ। ਉਸਨੂੰ ਉਸਦੇ ਰਿਸ਼ਤੇਦਾਰਾਂ ਨੇ ਬੜਾ ਸਮਝਾਇਆ—ਸਹੁਰਿਆਂ ਨੇ ਤਾਂ ਉਸ ਨਾਲ ਉਸਦੀ ਛੋਟੀ ਸਾਲੀ ਨੂੰ ਵਿਆਹ ਦੇਣ ਦੀ ਪੇਸ਼ਕਸ਼ ਤਕ ਕਰ ਦਿੱਤੀ...ਪਰ ਉਹ ਟਸ ਤੋਂ ਮਸ ਨਾ ਹੋਇਆ। ਉਹ ਬੱਬੂ ਦੇ ਠਿਕਾਣੇ ਦਾ ਪਤਾ ਕਰਕੇ ਉਸਦੇ ਮਾਂ ਬਾਪ ਨੂੰ ਮਿਲਿਆ ਤੇ ਉਹਨਾਂ ਨੂੰ ਸਾਫ ਸਾਫ ਕਹਿ ਦਿੱਤਾ, 'ਮੈਂ ਤੁਹਾਡੀ ਪੱਕੀ ਆਮਦਨ ਦਾ ਬੰਦੋਬਸਤ ਕਰ ਦੇਂਦਾ ਆਂ। ਤਵਾਇਫ਼ ਦੀ ਆਮਦਨੀ ਤਾਂ ਸਿਰਫ ਜਵਾਨੀ ਤਕ ਈ ਸੀਮਿਤ ਹੁੰਦੀ ਏ—ਏਧਰ ਉਮਰ ਢਲੀ, ਉਧਰ ਉਸਦੇ ਚਾਹੁਣ ਵਾਲੇ ਕਿਸੇ ਹੋਰ ਸ਼ਮਾਂ ਦੇ ਗਿਰਦ ਮੰਡਲਾਉਣ ਲੱਗੇ।' ਕਰਨਲ ਨੇ ਚਾਰ ਟਰੱਕ ਖਰੀਦਨ ਦਾ ਮਨ ਬਣਾਇਆ ਹੋਇਆ ਸੀ, ਜਿਹਨਾਂ ਦੀ ਆਮਦਨ ਦਾ ਅੱਧ ਉਹਨਾਂ ਨੂੰ ਸਾਰੀ ਉਮਰ ਦੇਣ ਦਾ ਲਾਲਚ ਦੇ ਕੇ ਉਸਨੇ ਬੱਬੂ ਤੋਂ ਉਸਦਾ ਧੰਦਾ ਛੁਡਵਾ ਲਿਆ ਤੇ ਉਸਨੂੰ ਸਿੱਖ ਧਰਮ ਵਿਚ ਸ਼ਾਮਲ ਕਰਕੇ ਉਸ ਨਾਲ ਸ਼ਾਦੀ ਕਰ ਲਈ, ਤੇ ਆਪਣੇ ਇਕ ਫਾਰਮ ਵਿਚ ਉਸ ਨਾਲ ਮੌਜ਼ ਨਾਲ ਰਹਿਣ ਲੱਗ ਪਿਆ।
“ਕਈ ਸਾਲ ਪਿੱਛੋਂ ਉਹਨਾਂ ਦੇ ਦੋ ਕੁੜੀਆਂ ਹੋਈਆਂ, ਜਿਹਨਾਂ ਨੂੰ ਉਹਨਾਂ ਨੇ ਅੰਮ੍ਰਿਤਸਰ ਤੇ ਲੁਧਿਆਣੇ ਦੇ ਸਕੂਲਾਂ ਤੇ ਕਾਲਜਾਂ ਵਿਚ ਪੜਾਇਆ। ਫੇਰ ਵੱਡੀ ਕੁੜੀ ਪ੍ਰਮਿੰਦਰਜੀਤ ਨੂੰ ਉਹਨਾਂ ਨੇ ਇੰਗਲੈਂਡ ਭੇਜ ਦਿੱਤਾ। ਉਹ ਉੱਥੋਂ ਪੜ੍ਹ-ਲਿਖ ਕੇ ਆਈ ਤਾਂ ਉਸ ਲਈ ਇਕ ਵਰ ਦੀ ਭਾਲ ਸ਼ੁਰੂ ਹੋ ਗਈ—ਉਹਨਾਂ ਲਈ ਸਭ ਤੋਂ ਮੁਸ਼ਕਿਲ ਘੜੀ ਇਹੀ ਸੀ ਕਿਉਂਕਿ ਉਹਨਾਂ ਦੇ ਜਾਣ-ਪਛਾਣ ਵਾਲੇ ਲੋਕ ਅਜੇ ਇਹ ਨਹੀਂ ਸੀ ਭੁੱਲੇ ਕਿ ਕੁੜੀ ਦੀ ਮਾਂ ਇਕ ਮੁਸਲਮਾਨੀ ਤੇ ਤਵਾਇਫ਼ ਸੀ। ਜਿਵੇਂ ਇਹ ਕੋਈ ਅਜਿਹੀ ਬਿਮਾਰੀ ਹੋਏ, ਜਿਹੜੀ ਏਨੇ ਸਾਲ ਬਾਅਦ ਵੀ ਦੂਰ ਨਾ ਹੋ ਸਕੀ ਹੋਏ! ਆਖ਼ਰ, ਇਕ ਮੁਸਲਮਾਨ ਮਾਂ ਦੀ ਪੜ੍ਹੀ-ਲਿਖੀ ਕੁੜੀ ਨੂੰ ਇਕ ਪ੍ਰਗਤੀਸ਼ੀਲ ਮੁਸਲਮਾਨ ਵਪਾਰੀ ਵਿਆਹ ਕੇ ਅਮਰੀਕਾ ਲੈ ਗਿਆ। ਇੰਜ ਵੱਡੀ ਕੁੜੀ ਦਾ ਮਸਲਾ ਹੱਲ ਹੋ ਗਿਆ।
“ਉਸ ਪਿੱਛੋਂ ਕਰਨਲ ਰੰਧਾਵਾ ਤੇ ਉਹਨਾਂ ਦੀ ਪਤਨੀ ਦੋਵੇਂ ਚੱਲ-ਵੱਸੇ। ਉਹਨਾਂ ਦੇ ਮਰਦਿਆਂ ਹੀ ਜਾਇਦਾਦ ਤੇ ਜ਼ਮੀਨ ਦੇ ਕਈ ਦਾਅਵੇਦਾਰ ਪੈਦਾ ਹੋ ਗਏ—ਉਹਨਾਂ ਦੂਜੀ ਕੁੜੀ ਨੂੰ, ਜਿਹੜੀ ਹੁਣ ਵੀਹ ਬਾਈ ਸਾਲ ਦੀ ਹੋ ਚੁੱਕੀ ਸੀ, ਸਮਾਜ ਵਿਚ ਕੋਈ ਥਾਂ ਦੇਣ ਤੋਂ ਇਨਕਾਰ ਕਰ ਦਿੱਤਾ। ਵਿਚਾਰੀ ਕਿੱਥੇ ਜਾਂਦੀ! ਸਬੱਬ ਨਾਲ ਉਸਨੂੰ ਮੇਰਾ ਦੋਸਤ ਨਰਿੰਦਰ ਮਿਲ ਗਿਆ। ਉਸਦਾ ਪਿਉ ਕਰਨਲ ਸਾਹਬ ਦੇ ਇਕ ਟਰੱਕ ਦਾ ਡਰਾਈਵਰ ਸੀ। ਉਸਦੇ ਕਹਿਣ ਸੁਨਣ 'ਤੇ ਉਸ ਕੁੜੀ ਨੂੰ ਉਸਦੇ ਰਿਸ਼ਤੇਦਾਰਾਂ ਨੇ ਜੋ ਕੁਝ ਵੀ ਦੇ ਦਿੱਤਾ, ਉਹ ਉਸੇ ਉੱਤੇ ਸੰਤੁਸ਼ਟ ਹੋ ਕੇ ਨਰਿੰਦਰ ਨਾਲ ਸ਼ਹਿਰ ਕਾਨ੍ਹਪੁਰ ਵਿਚ ਆ ਗਈ। ਇਕੱਲੀ ਜਾਨ, ਜਾਇਦਾਦ ਲਈ ਕਿਸ ਕਿਸ ਦੇ ਨਾਲ ਮੁਕੱਦਮੇ ਲੜਦੀ ਫਿਰਦੀ! ਫੇਰ ਦੋਵਾਂ ਨੇ ਸ਼ਾਦੀ ਕਰ ਲਈ ਤੇ ਇਕ ਮਕਾਨ ਵੀ ਖਰੀਦ ਲਿਆ। ਉਸਦੇ ਪਿੱਛੋਂ ਦਾ ਕਿੱਸਾ ਤੈਨੂੰ ਪਤਾ ਈ ਏ। ਨਰਿੰਦਰ ਅਚਾਨਕ ਬਿਮਾਰ ਹੋ ਗਿਆ—ਉਸਨੂੰ ਗੁਰਦੇ ਦੀ ਲੋੜ ਪਈ, ਜਿਹੜਾ ਉਸਨੂੰ ਕੋਈ ਵੀ ਦੇਣ ਲਈ ਤਿਆਰ ਨਹੀਂ ਸੀ। ਮੈਨੂੰ ਪਤਾ ਲੱਗਿਆ ਤਾਂ ਇਹ ਕੰਮ ਮੈਂ ਕਰ ਦਿੱਤਾ। ਪਰ ਉਸਦੀ ਕਿਸਮਤ ਵਿਚ ਬਹੁਤੇ ਦਿਨ ਜਿਊਣਾ ਨਹੀਂ ਸੀ ਲਿਖਿਆ ਜਾਪਦਾ—ਵਿਚਾਰਾ ਮਰ ਗਿਆ।”
ਮੁਮਤਾਜ਼ ਕਾਫੀ ਦੇਰ ਤਕ ਚੁੱਪ ਰਿਹਾ ਤਾਂ ਕੁਰਬਾਨ ਸਿੰਘ ਨੇ ਪੁੱਛਿਆ, “ਹੁਣ ਝਗੜਾ ਕਿਸ ਗੱਲ ਦਾ ਏ?”
“ਝਗੜਾ ਹੈ ਨਹੀਂ ਬਣਾਇਆ ਜਾ ਰਿਹਾ ਏ। ਪਹਿਲੀ ਗੱਲ ਤਾਂ ਇਹ ਕਿ ਜਿਸ ਕਾਲੋਨੀ ਵਿਚ ਸੁਰਜੀਤ ਕੌਰ ਰਹਿੰਦੀ ਏ, ਉੱਥੇ ਉਸਨੂੰ ਕੋਈ ਜਿਊਣ ਨਹੀਂ ਦਿੰਦਾ। ਉਸਦਾ ਕਸੂਰ ਸਿਰਫ ਇਹ ਹੈ ਕਿ ਉਹ ਬੇਵਾ ਹੋ ਕੇ ਵੀ ਜਵਾਨ ਤੇ ਖੂਬਸੂਰਤ ਕਿਉਂ ਹੈ, ਦਿਲ-ਫੈਂਕ ਕਿਸਮ ਦੇ ਲੋਕ ਉਸਦੇ ਘਰ ਦੇ ਇਰਦ-ਗਿਰਦ ਚੱਕਰ ਲਾਉਂਦੇ ਰਹਿੰਦੇ ਨੇ। ਉਹ ਜਿੱਥੇ ਵੀ ਜਾਂਦੀ ਏ, ਉਸਦਾ ਪਿੱਛਾ ਕਰਦੇ ਨੇ ਤੇ ਉਸ ਬਾਰੇ ਤਰ੍ਹਾਂ ਤਰ੍ਹਾਂ ਦੀਆਂ ਗੱਲਾ ਉਡਾਉਂਦੇ ਰਹਿੰਦੇ ਨੇ।”
“ਤੇ ਦੂਜੀ ਗੱਲ?” ਕੁਰਬਾਨ ਸਿੰਘ ਅਜੇ ਵੀ ਪੀ ਰਿਹਾ ਸੀ, ਜਦੋਂ ਕਿ ਮੁਮਤਾਜ਼ ਤੀਜੇ ਪੈਗ ਨਾਲ ਹੀ ਆਪਣਾ ਕੋਟਾ ਖਤਮ ਕਰ ਚੁੱਕਿਆ ਸੀ। ਮੁਮਤਾਜ਼ ਨੇ ਉਤਰ ਦਿੱਤਾ...:
“ਦੂਜੀ ਗੱਲ ਸਿਰਫ ਏਨੀ ਏਂ ਕਿ ਕਿਉਂਕਿ ਉਹ ਮੇਰੇ ਦੋਸਤ ਦੀ ਬੀਵੀ ਏ ਤੇ ਇਸ ਲਈ ਅੱਜ ਤਕ ਬਿਨਾਂ ਸੰਕੋਚ ਸਾਡੇ ਘਰ ਆਉਂਦੀ ਜਾਂਦੀ ਏ। ਇਹ ਗੱਲ ਲੋਕਾਂ ਨੂੰ ਬੜੀ ਰੜਕਦੀ ਏ। ਉਹ ਮੇਰੀ ਮਾਂ ਤੇ ਮੇਰੀ ਭੈਣ ਸ਼ਰਈਆ ਨਾਲ ਏਨੀ ਘੁਲਮਿਲ ਗਈ ਏ ਕਿ ਸਾਨੂੰ ਉਹ ਆਪਣੇ ਘਰ ਦੀ ਇਕ ਮੈਂਬਰ ਲੱਗਦੀ ਏ। ਪਰ ਮੈਂ ਕੁਰਾਨ ਦੀ ਸੌਂਹ ਖਾ ਕੇ ਕਹਿੰਦਾ ਆਂ ਕਿ ਮੈਂ ਉਸਨੂੰ ਕਦੀ ਬੁਰੀ ਨਜ਼ਰ ਨਾਲ ਨਹੀਂ ਦੇਖਿਆ—ਹਮੇਸ਼ਾ ਉਸਦੀ ਇੱਜ਼ਤ ਕੀਤੀ ਏ। ਮੈਂ ਆਪਣੇ ਦੋਸਤ ਨਾਲ ਵਾਅਦਾ ਕੀਤਾ ਏ ਕਿ ਹਰ ਤਰ੍ਹਾਂ ਉਸਦੀ ਹਿਫ਼ਾਜ਼ਤ ਕਰਾਂਗਾ—ਤੇ ਉਸ ਵਾਅਦੇ ਉੱਤੇ ਮੈਂ ਅੱਜ ਵੀ ਕਾਇਮ ਹਾਂ, ਭਾਵੇਂ ਕੁਝ ਵੀ ਕਿਉਂ ਨਾ ਕਰਨਾ ਪਏ।”
“ਉਹ ਤਾਂ ਠੀਕ ਏ, ਪਰ ਹੁਣ ਪ੍ਰਾਬਲਮ ਕੀ ਏ?”
“ਪ੍ਰਾਬਲਮ ਇਹ ਹੈ ਕਿ ਜਿਹੜੇ ਲੋਕ ਉਸ ਉੱਤੇ ਤਰ੍ਹਾਂ ਤਰ੍ਹਾਂ ਦੇ ਇਲਜ਼ਾਮ ਲਾਉਂਦੇ ਨੇ, ਸੁਰਜੀਤ ਨੇ ਮੈਨੂੰ ਉਹਨਾਂ ਦੇ ਨਾਂ ਦੱਸੇ ਨੇ—ਇਕ ਟਾਇਰਾਂ ਦਾ ਡੀਲਰ ਏ, ਇਕ ਘੜੀਆਂ ਦਾ ਵਪਾਰੀ ਤੇ ਸਮਗਲਰ ਵੀ ਏ। ਇਹੋ ਜਿਹੇ ਕਈ ਹੋਰ ਪੈਸੇ ਵਾਲੇ ਅਯਾਸ਼ ਲੋਕ ਵੀ ਨੇ ਜਿਹੜੇ ਉਸਨੂੰ ਆਪਣੀ ਰਖੈਲ ਬਣਾ ਕੇ ਰੱਖਣਾ ਚਾਹੁੰਦੇ ਨੇ।”
“ਤੇ ਉਹੀ ਲੋਕ ਤੇਰੇ ਉੱਤੇ ਵੀ ਇਲਜ਼ਾਮ ਲਾਉਂਦੇ ਨੇ?”
ਮੁਮਤਾਜ਼ ਨੇ ਕੋਈ ਉਤਰ ਨਾ ਦਿੱਤਾ। ਚੁੱਪ ਬੈਠਾ ਸਿਗਰਟ ਪੀਂਦਾ ਰਿਹਾ। ਪਰ ਉਸਦਾ ਅੰਦਰਲਾ ਦਰਦ ਉਸਦੀਆਂ ਅੱਖਾਂ ਵਿਚੋਂ ਝਾਕ ਰਿਹਾ ਸੀ।
“ਜਦੋਂ ਉਹ ਤੇਰੇ 'ਤੇ ਇਲਜ਼ਾਮ ਲਾਉਂਦੇ ਨੇ ਤਾਂ ਤੂੰ ਉਹਨਾਂ ਨੂੰ ਮੂੰਹ ਤੋੜਵਾਂ ਜਵਾਬ ਕਿਉਂ ਨਹੀਂ ਦਿੰਦਾ? ਕੀ ਤੇਰੇ ਮੂੰਹ 'ਚ ਜ਼ਬਾਨ ਨਹੀਂ! ਜੇ ਮੈਂ ਤੇਰੇ ਬਾਰੇ ਕੋਈ ਗਲਤ ਗੱਲ ਕਹਾਂ ਤਾਂ ਮੇਰਾ ਤਾਂ ਤੂੰ ਜਬਾੜਾ ਤੋੜ ਕੇ ਰੱਖ ਦਏਂ...”
“ਤੇਰੀ ਮੇਰੀ ਗੱਲ ਹੋਰ ਏ, ਯਾਰਾ! ਉੱਥੇ ਤਾਂ ਹਿੰਦੂ-ਮੁਸਲਮਾਨ ਦਾ ਸਵਾਲ ਖੜ੍ਹਾ ਕੀਤਾ ਜਾ ਰਿਹਾ ਏ। ਕਲ੍ਹ ਦੀ ਗੱਲ ਸੁਣ—ਪਤਾ ਈ ਕੀ ਹੋਇਆ ਸੀ? ਤੂੰ ਤਾਂ ਆਪਣੀ ਲੀਡਰ ਦੇ ਚੱਕਰ 'ਚ ਪਿਆ ਰਹਿੰਦਾ ਏਂ।”
“ਦੱਸ, ਹੋਇਆ ਕੀ ਸੀ ਕਲ੍ਹ?”
“ਕਲ੍ਹ ਸਵੇਰੇ ਸਵੇਰੇ ਉਹ ਲੋਕ ਗੁਰਦੁਆਰੇ ਦੇ ਪ੍ਰਧਾਨ ਸਾਹਬ ਦੇ ਘਰ ਜਾ ਪਹੁੰਚੇ ਤੇ ਮੇਰੇ ਤੇ ਸੁਰਜੀਤ ਕੌਰ ਦੇ ਖ਼ਿਲਾਫ਼ ਸ਼ਿਕਾਇਤਾਂ ਕਰਨ ਲੱਗੇ। ਉਹਨਾਂ ਨੂੰ ਕਹਿਣ ਲੱਗੇ—'ਇਹ ਸਿੱਖ ਹੋ ਕੇ ਮੁਸਲਮਾਨ ਦੇ ਘਰ ਜਾਂਦੀ ਏ ਤੇ ਉਸ ਨਾਲ ਸ਼ਾਦੀ ਕਰਨ ਨੂੰ ਫਿਰਦੀ ਏ।' ਪ੍ਰਧਾਨ ਸਾਹਬ ਨੇ ਸਾਰੀ ਗੱਲ ਸੁਣ ਕੇ ਸੁਰਜੀਤ ਕੌਰ ਨੂੰ ਬੁਲਾਇਆ ਤੇ ਉਸਨੂੰ ਪੁੱਛਿਆ ਕਿ ਕੀ ਇਹ ਗੱਲ ਠੀਕ ਏ?”
“ਫੇਰ ਉਸਨੇ ਕੀ ਜਵਾਬ ਦਿੱਤਾ?” ਕੁਰਬਾਨ ਸਿੰਘ ਨੇ ਬੇਸਬਰੀ ਜਿਹੀ ਨਾਲ ਪੁੱਛਿਆ।
“ਉਸਨੇ ਜਵਾਬ ਦਿੱਤਾ ਕਿ ਮੈਂ ਇਕ ਬੇਸਹਾਰਾ ਔਰਤ ਆਂ। ਇਕ ਸਕੂਲ 'ਚ ਨੌਕਰੀ ਕਰਕੇ ਢਿੱਡ ਪਾਲਦੀ ਆਂ। ਮੁਮਤਾਜ਼ ਸਾਹਬ ਮੇਰੇ ਸਵਰਗਵਾਸੀ ਪਤੀ ਦੇ ਦੋਸਤ ਨੇ, ਜਿਹਨਾਂ ਦੋਸਤੀ ਲਈ ਆਪਣਾ ਇਕ ਗੁਰਦਾ ਤਕ ਦਾਨ ਕਰ ਦਿੱਤਾ ਸੀ। ਉਹ ਹੁਣ ਵੀ ਮੇਰਾ ਬੜਾ ਖ਼ਿਆਲ ਰੱਖਦੇ ਨੇ। ਉਹਨਾਂ ਦੀ ਮਾਂ ਤੇ ਭੈਣ ਕੋਲ ਜਾ ਕੇ ਮੈਨੂੰ ਬੜੀ ਸ਼ਾਂਤੀ ਮਿਲਦੀ ਏ। ਜੇ ਇਸ ਵਿਚ ਕੋਈ ਖੋਟ ਏ ਤਾਂ ਚੰਗਾ ਕੀ ਏ? ਦਸੋ, ਮੈਂ ਕੀ ਕਰਾਂ?”
“ਫੇਰ ਪ੍ਰਧਾਨ ਨੇ ਕੀ ਕਿਹਾ?”
“ਉਹਨਾਂ, ਉਸਨੂੰ ਸਲਾਹ ਦਿੱਤੀ—'ਤੂੰ ਕਿਸੇ ਸਿੱਖ ਨਾਲ ਸ਼ਾਦੀ ਕਿਉਂ ਨਹੀਂ ਕਰ ਲੈਂਦੀ...ਤਾਂਕਿ ਤੇਰੇ ਖ਼ਿਲਾਫ਼ ਕੋਈ ਕੁਝ ਕਹਿ ਹੀ ਨਾ ਸਕੇ'।”
“ਤੇ ਸੁਰਜੀਤ ਨੇ ਕੀ ਉਤਰ ਦਿੱਤਾ?”
“ਉਹ ਬੋਲੀ—'ਮੈਂ ਸ਼ਾਦੀ ਕਰਨ ਲਈ ਤਿਆਰ ਆਂ। ਇਹ ਲੋਕ ਜਿਹੜੇ ਮੇਰੇ ਪਿੱਛੇ ਤੁਰੇ ਫਿਰਦੇ ਰਹਿੰਦੇ ਨੇ ਤੇ ਮੈਨੂੰ ਤੰਗ ਕਰਦੇ ਰਹਿੰਦੇ ਨੇ—ਇਹਨਾਂ ਨੂੰ ਕਹੋ ਕਿ ਇਹਨਾਂ ਵਿਚੋਂ ਜਿਹੜਾ ਵੀ ਮੈਨੂੰ ਇੱਜ਼ਤ ਨਾਲ ਆਪਣੇ ਘਰ ਲਿਜਾਅ ਸਕੇ, ਮੈਂ ਉਸਦੀ ਪਤਨੀ ਬਨਣ ਵਾਸਤੇ ਤਿਆਰ ਆਂ।' ਸੁਣ ਕੇ ਪ੍ਰਧਾਨ ਸਾਹਬ ਨੇ ਉਹਨਾਂ ਸਾਰਿਆਂ ਵਲ ਦੇਖਿਆ। ਉਹਨਾਂ ਵਿਚ ਜਿੰਨੇ ਵੀ ਕੁਆਰੇ ਸਨ, ਉਹਨਾਂ ਸਾਰਿਆਂ ਨੂੰ ਵਾਰੀ ਵਾਰੀ ਪੁੱਛਿਆ ਤਾਂ ਉਹ ਕੰਨ ਦੱਬ ਕੇ ਉੱਥੋਂ ਖਿਸਕ ਗਏ...ਤੇ ਸੁਰਜੀਤ ਵਿਚਾਰੀ ਰੋਂਦੀ ਹੋਈ ਮੇਰੀ ਮਾਂ ਕੋਲ ਆ ਗਈ। ਇਹ ਸਾਰਾ ਕਿੱਸਾ ਮੈਨੂੰ ਮੇਰੀ ਮਾਂ ਨੇ ਦੱਸਿਆ ਏ।”
ਕੁਰਬਾਨ ਸਿੰਘ ਡੂੰਘੀਆਂ ਸੋਚਾਂ ਵਿਚ ਡੁੱਬ ਗਿਆ। ਸ਼ਰਾਬ ਖਤਮ ਹੋ ਚੁੱਕੀ ਸੀ। ਉਸਨੇ ਹੋਰ ਸ਼ਰਾਬ ਨਹੀਂ ਮੰਗੀ, ਹਾਲਾਂਕਿ ਜਿੰਨੀ ਉਹ ਪੀ ਚੁੱਕਿਆ ਸੀ, ਉਸਦਾ ਨਸ਼ਾ ਵੀ ਲੱਥ ਚੁੱਕਿਆ ਜਾਪਦਾ ਸੀ। ਉਸਨੇ ਮੁਮਤਾਜ਼ ਦੀਆਂ ਅੱਖਾਂ ਵਿਚ ਅੱਖਾਂ ਗੱਡ ਕੇ ਪੁੱਛਿਆ...:
“ਸੱਚ-ਸੱਚ ਦੱਸੀਂ, ਕੀ ਤੂੰ ਉਸ ਨਾਲ ਮੁਹੱਬਤ ਨਹੀਂ ਕਰਦਾ?”
ਮੁਮਤਾਜ਼ ਨੇ ਜਵਾਬ ਦਿੱਤਾ, “ਮੁਹੱਬਤ ਦੇ ਵੀ ਕੁਝ ਅਸੂਲ ਹੁੰਦੇ ਨੇ—ਉਹ ਬਿਲਕੁਲ ਅੰਨ੍ਹੀ ਹੁੰਦੀ ਏ, ਮੈਂ ਇਸ ਗੱਲ ਨੂੰ ਨਹੀਂ ਮੰਨਦਾ। ਮੁਹੱਬਤ ਜਿਸਮ, ਅੱਖਾਂ, ਮਾਹੌਲ ਤੇ ਸਭ ਕੁਝ ਦੇਖਦੀ ਤੇ ਪਰਖਦੀ ਏ—ਤੇ ਫੇਰ ਕੋਈ ਫੈਸਲਾ ਕਰਦੀ ਏ। ਪਰ ਮੈਂ ਇਸ ਬਾਰੇ ਅੱਜ ਤਕ ਕਦੀ ਸੋਚਿਆ ਹੀ ਨਹੀਂ—ਤੈਨੂੰ ਪਹਿਲਾਂ ਹੀ ਦੱਸ ਚੁੱਕਿਆ ਹਾਂ।”
“ਨਹੀਂ ਸੋਚਿਆ ਤਾਂ ਹੁਣ ਸੋਚ ਲੈ ਯਾਰਾ! ਮੈਂ ਤਾਂ ਕਹਾਂਗਾ ਤੂੰ ਹਿੰਮਤ ਕਰਕੇ ਉਸ ਨਾਲ ਸ਼ਾਦੀ ਕਰ ਲੈ ਹੁਣ—ਆਖ਼ਰ ਉਸਦੀਆਂ ਰਗਾਂ ਵਿਚ ਵੀ ਤਾਂ ਇਕ ਮੁਸਲਮਾਨ ਮਾਂ ਦਾ ਖ਼ੂਨ ਏਂ।”
ਮੁਮਤਾਜ਼ ਬੋਲਿਆ, “ਮੈਂ ਚਾਹੁੰਦਾ ਹਾਂ, ਤੂੰ ਹੀ ਅੱਗੇ ਵਧ ਕੇ ਉਸਦਾ ਹੱਥ ਫੜ ਲੈ—ਉਸਦਾ ਪਿਓ ਇਕ ਸਿੱਖ ਸੀ। ਤੇਰੀ ਏਨੀ ਧਾਕ ਏ ਕਿ ਤੇਰੇ ਖ਼ਿਲਾਫ਼ ਕੋਈ ਚੂੰ ਤਕ ਨਹੀਂ ਕਰ ਸਕੇਗਾ। ਜਦਕਿ ਮੇਰੇ ਖ਼ਿਲਾਫ਼ ਇਕ ਤਹਲਕਾ ਮੱਚ ਜਾਏਗਾ।”
ਕੁਰਬਾਨ ਸਿੰਘ ਫੇਰ ਡੂੰਘੀਆਂ ਸੋਚਾਂ ਵਿਚ ਪੈ ਗਿਆ। ਕੁਝ ਚਿਰ ਬਾਅਦ ਉਸਨੇ ਸਿਰ ਉੱਤੇ ਚੁੱਕ ਕੇ ਕਿਹਾ, “ਯਾਰ ਇਕ ਖਤਰਾ ਮੇਰੇ ਲਈ ਵੀ ਤਾਂ ਹੈ—ਸਾਡੀ ਯੂਨੀਅਨ ਵਿਚ ਵਧੇਰੇ ਗਿਣਤੀ ਸਿੱਖ ਤੇ ਹਿੰਦੂ ਮਜ਼ਦੂਰਾਂ ਦੀ ਏ, ਜੇ ਕਿਸੇ ਨੇ ਉਹਨਾਂ ਨੂੰ ਮੇਰੇ ਖ਼ਿਲਾਫ਼ ਭੜਕਾ ਦਿੱਤਾ ਕਿ ਮੈਂ ਇਕ ਮੁਸਲਮਾਨ ਮਾਂ ਦੀ ਧੀ ਨਾਲ ਵਿਆਹ ਕਰ ਲਿਆ ਏ ਤਾਂ ਮੇਰੀ ਸਾਰੀ ਲੀਡਰੀ ਖਤਮ ਹੋ ਜਾਏਗੀ—ਤੇ ਹੋ ਸਕਦਾ ਏ ਇਸ ਗੱਲ 'ਤੇ ਮੁਸਲਮਾਨ ਮਜ਼ਦੂਰ ਵੀ ਨਾਰਾਜ਼ ਹੋ ਜਾਣ।”
“ਫੇਰ ਤਾਂ ਅੱਲ੍ਹਾ ਦੀ ਬੰਦੀ ਨੂੰ ਕੋਈ ਸਹਾਰਾ ਨਹੀਂ ਮਿਲ ਸਕਦਾ। ਵੈਸੇ ਜੇ ਤੈਨੂੰ ਸਿਰਫ ਆਪਣੀ ਲੀਡਰੀ ਦੇ ਖਤਮ ਹੋ ਜਾਣ ਦਾ ਖਤਰਾ ਏ ਤਾਂ ਇਸਦਾ ਇਕ ਹੱਲ ਹੈ ਮੇਰੇ ਕੋਲ—ਹਾਲਾਂਕਿ ਮੇਰਾ ਖ਼ਿਆਲ ਏ ਤੇਰੀ ਲੀਡਰੀ ਕਦੀ ਖਤਮ ਨਹੀਂ ਹੋ ਸਕਦੀ। ਹੋ ਸਕਦਾ ਏ ਇਹ ਮੇਰਾ ਭਰਮ ਹੋਏ! ਤੇ ਜੇ ਮੰਨ ਲਈਏ ਹੋ ਵੀ ਗਈ ਤਾਂ ਬਿਨਾਂ ਝਿਜਕ ਮੇਰੇ ਕਾਰਖ਼ਾਨੇ 'ਚ ਆ ਜਾਈਂ। ਚਾਹੇ ਤਾਂ ਮੇਰਾ ਪਾਰਟਨਰ ਬਣ ਜਾਈਂ ਜਾਂ ਫੇਰ ਮੈਂ ਇਕ ਦੋ ਖਰਾਦ ਮਸ਼ੀਨਾਂ ਖਰੀਦ ਕੇ ਦੇ ਦਿਆਂਗਾ—ਤੂੰ ਆਪਣਾ ਵੱਖਰਾ ਛੋਟਾ ਜਿਹਾ ਕਾਰਖ਼ਾਨਾ ਲਾ ਲਈਂ। ਨਾਲੇ ਸੁਰਜੀਤ ਵੀ ਨੌਕਰੀ ਕਰਦੀ ਏ—ਦੋਵਾਂ ਦੀ ਰੋਜ਼ੀ-ਰੋਟੀ ਦਾ ਬੰਦੋਬਸਤ ਚਲਦਾ ਰਹੇਗਾ।”
“ਕਾਰਖ਼ਾਨਾ ਲਾਉਣ ਲਈ ਤਾਂ ਮੈਂ ਆਪਣਾ ਮਕਾਨ ਵੀ ਵੇਚ ਸਕਦਾ ਆਂ—ਰੁਪਏ ਪੈਸੇ ਦੀ ਕੋਈ ਪ੍ਰਾਬਲਮ ਨਹੀਂ ਮੇਰੇ ਸਾਹਮਣੇ। ਪਰ ਖ਼ੈਰ ਸੁਣ, ਤੂੰ ਮੇਰਾ ਯਾਰ ਏਂ—ਮੈਂ ਯਾਰ ਦੀ ਯਾਰੀ ਵਿਚ ਯਕੀਨ ਕਰਦਾਂ, ਖ਼ੁਦਗਰਜੀ ਵਿਚ ਕਤਈ ਨਹੀਂ। ਇਹ ਤਾਂ ਮੰਨਦਾ ਏਂ ਨਾ ਤੂੰ?”
“ਹਾਂ-ਹਾਂ! ਕਹਿ ਤਾਂ ਸਈ, ਕੀ ਕਹਿਣਾ ਚਾਹੁੰਦਾ ਏਂ ਤੂੰ?”
“ਮੈਂ ਇਹ ਕਹਿਣਾ ਚਾਹੁੰਦਾ ਆਂ ਕਿ ਕਿਉਂ ਨਾ ਇਹ ਫੈਸਲਾ ਸੁਰਜੀਤ ਉੱਤੇ ਹੀ ਛੱਡ ਦਿੱਤਾ ਜਾਏ—ਉਹ ਸਾਡੇ ਵਿਚੋਂ ਜਿਸ ਨਾਲ ਵਿਆਹ ਕਰਵਾਉਣਾ ਚਾਹੇ, ਕਰ ਲਏ ਜੇ ਉਹ ਨਾਂਹ ਨਾ ਕਰੇ। ਬੋਲ ਮੰਜ਼ੂਰ ਏ?”
ਕਹਿ ਕੇ ਕੁਰਬਾਨ ਸਿੰਘ ਨੇ ਹੱਥ ਅੱਗੇ ਵਧਾ ਦਿੱਤਾ, ਜਿਸਨੂੰ ਮੁਮਤਾਜ਼ ਨੇ ਫੌਰਨ ਘੁੱਟ ਕੇ ਫੜ ਲਿਆ ਤੇ ਕਿਹਾ, “ਅਸੀਂ ਹੁਣੇ ਚਲਦੇ ਆਂ ਉਸ ਕੋਲ—ਏਸੇ ਵੇਲੇ।”
“ਪਰ ਹੁਣ ਤਾਂ ਅੱਧੀ ਰਾਤ ਹੋ ਚੁੱਕੀ ਏ—ਕੀ ਏਸ ਵੇਲੇ ਜਾਣਾ ਠੀਕ ਹੋਏਗਾ? ਲੋਕ ਪਹਿਲਾਂ ਹੀ ਉਸਦੇ ਵੈਰੀ ਬਣੇ ਹੋਏ ਨੇ।”
“ਉਹ ਇਕੱਲੀ ਥੋੜ੍ਹਾ ਈ ਰਹਿੰਦੀ ਏ। ਰਾਤ ਨੂੰ ਉਸ ਕੋਲ ਸੌਣ ਲਈ ਮੇਰੀ ਭੈਣ ਸ਼ਰਈਆ ਵੀ ਚਲੀ ਜਾਂਦੀ ਏ। ਇਸ ਵੇਲੇ ਉਹ ਵੀ ਉੱਥੇ ਈ ਹੋਏਗੀ।”
“ਤਾਂ ਚੱਲ ਫੇਰ।”

ਕਾਲੋਨੀ ਵਿਚ ਦੋਵੇਂ ਪਾਸੇ ਖੜ੍ਹੇ ਮਕਾਨਾਂ ਦੀਆਂ ਕਤਾਰਾਂ ਵਿਚੋਂ ਲੰਘਦੇ ਹੋਏ ਉਹ ਇਕ ਛੋਟੇ ਜਿਹੇ ਦੋ ਮੰਜ਼ਿਲਾ ਮਕਾਨ ਸਾਹਮਣੇ ਜਾ ਖੜ੍ਹੇ ਹੋਏ। ਉਸਦੇ ਦਰਵਾਜ਼ੇ ਨੂੰ ਉਹਨਾਂ ਨੇ ਕਈ ਵਾਰ ਹੌਲੀ ਹੌਲੀ ਖੜਕਾਇਆ, ਜਿਸ ਪਿੱਛੋਂ ਪਹਿਲਾਂ ਵਿਹੜੇ ਦੀ ਬਿਜਲੀ ਜਗੀ ਤੇ ਫੇਰ ਇਕ ਡਰੀ ਤੇ ਸਹਿਮੀ ਜਿਹੀ ਆਵਾਜ਼ ਸੁਣਾਈ ਦਿੱਤੀ, “ਕੌਣ ਏਂ?”
ਮੁਮਤਾਜ਼ ਨੇ ਜਵਾਬ ਦਿੱਤਾ, “ਸੁਰਜੀਤ ਮੈਂ ਆਂ, ਡਰ ਨਾ। ਮੇਰੇ ਨਾਲ ਕੁਰਬਾਨ ਸਿੰਘ ਵੀ ਆਇਆ ਏ—ਇਕ ਬਹੁਤ ਜ਼ਰੂਰੀ ਕੰਮ ਏਂ, ਦਰਵਾਜ਼ਾ ਖੋਲ੍ਹ।”
ਕੁਝ ਚਿਰ ਪਿੱਛੋਂ ਦਰਵਾਜ਼ਾ ਖੁੱਲ੍ਹ ਗਿਆ। ਦੁੱਪਟੇ ਨਾਲ ਆਪਣਾ ਸਿਰ ਤੇ ਸਰੀਰ ਢਕੀ, ਸੁਰਜੀਤ ਤੇ ਸ਼ਰਈਆ ਦੋਵੇਂ ਸਾਹਮਣੇ ਖੜ੍ਹੀਆਂ ਸਨ।
ਉਹ ਦੋਵੇਂ ਅੰਦਰ ਜਾ ਕੇ ਇਕ ਕਮਰੇ ਵਿਚ ਬੈਠ ਗਏ ਤਾਂ ਸੁਰਜੀਤ ਨੇ ਸ਼ਰਈਆ ਨੂੰ ਚਾਹ ਬਣਾ ਲਿਆਉਣ ਵਾਸਤੇ ਕਿਹਾ। ਪਰ ਮੁਮਤਾਜ਼ ਬੋਲਿਆ, “ਏਸ ਵੇਲੇ ਅਸੀਂ ਕੁਝ ਵੀ ਨਹੀਂ ਪੀਣਾ। ਤੂੰ ਜਲਦੀ ਜਲਦੀ ਸਾਡੀ ਇਕ ਗੱਲ ਸੁਣ ਲੈ—ਅੱਜ ਮੈਂ ਕੁਰਬਾਨ ਸਿੰਘ ਨੂੰ ਸਭ ਕੁਝ ਦਸ ਦਿੱਤਾ ਏ। ਇਹ ਮੇਰਾ ਬੜਾ ਈ ਪਿਆਰਾ ਤੇ ਪੱਕਾ ਦੋਸਤ ਏ, ਨਰਿੰਦਰ ਵਾਂਗ ਈ। ਮੈਂ ਬੜਾ ਚਾਹਿਆ ਕਿ ਤੈਨੂੰ ਆਸਰਾ ਦੇਣ ਲਈ ਕੁਰਬਾਨ ਸਿੰਘ ਹੀ ਤੇਰੇ ਨਾਲ ਸ਼ਾਦੀ ਕਰ ਲਏ, ਪਰ ਇਸਨੇ ਇਹ ਜ਼ਿੱਦ ਫੜ ਲਈ ਕਿ ਮੈਂ ਹੀ ਹਿੰਮਤ ਕਰਕੇ ਇਹ ਕਦਮ ਚੁੱਕਾਂ। ਆਖ਼ਰ ਫੈਸਲਾ ਹੋਇਆ ਕਿ ਤੂੰ ਜਿਸ ਨਾਲ ਰਹਿਣਾ ਚਾਹੇਂ, ਉਹੀ ਤੇਰੇ ਨਾਲ ਸ਼ਾਦੀ ਕਰ ਲਏਗਾ। ਇਹ ਫੈਸਲਾ ਤਾਂ ਤੂੰ ਕਰ ਈ ਚੁੱਕੀ ਏਂ ਕਿ ਦੁਨੀਆਂ ਦੀਆਂ ਤੋਹਮਤਾਂ ਤੋਂ ਬਚਨ ਖਾਤਰ ਤੈਨੂੰ ਹੁਣ ਕਿਸੇ ਦਾ ਹੱਥ ਫੜਨਾਂ ਈ ਪਏਗਾ। ਅਸੀਂ ਇਸੇ ਲਈ ਇੱਥੇ ਆਏ ਆਂ। ਕੀ ਏਸੇ ਵੇਲੇ ਕੋਈ ਫੈਸਲਾ ਕਰ ਸਕਦੀ ਏਂ ਤੂੰ?”
ਇਹ ਸੁਣ ਕੇ ਦਿਲਕਸ਼, ਲਾਲ ਸੂਹੇ ਪਰ ਉਦਾਸ ਚਿਹਰੇ ਵਾਲੀ ਸੁਰਜੀਤ ਕੌਰ ਨੇ ਨੀਵੀਂ ਪਾ ਲਈ। ਉਸਦੇ ਦੁੱਪਟੇ ਹੇਠ ਢਕੇ ਸਿਰ ਦੇ ਵਾਲਾਂ ਦੀ ਇਕ ਲਿਟ ਸਰਕ ਕੇ ਉਸਦੀ ਗਰਦਨ ਤਕ ਚਲੀ ਗਈ। ਮੁਮਤਾਜ਼ ਦੀ ਛੋਟੀ ਭੈਣ ਸ਼ਰਈਆਂ ਉਸਦੇ ਪਿੱਛੇ ਆ ਕੇ ਉਸਦੇ ਮੋਢੇ ਉੱਤੇ ਹੱਥ ਰੱਖ ਕੇ ਖੜ੍ਹੀ ਹੋ ਗਈ ਕਿ ਕਿਤੇ ਸੁਰਜੀਤ ਘਬਰਾ ਕੇ ਡਿੱਗ ਹੀ ਨਾ ਪਏ।
ਸੁਰਜੀਤ ਨੇ ਕੋਈ ਜਵਾਬ ਨਾ ਦਿੱਤਾ ਤਾਂ ਕੁਰਬਾਨ ਸਿੰਘ ਬੋਲਿਆ, “ਅਸੀਂ ਦੋਵੇਂ ਇਸ ਨੂੰ ਇਕ ਇਨਸਾਨੀ ਫਰਜ਼ ਸਮਝ ਕੇ ਤੇਰੇ ਕੋਲ ਆਏ ਆਂ। ਸਾਨੂੰ ਦੋਵਾਂ ਨੂੰ ਹੋਰ ਬਥੇਰੀਆਂ ਕੁੜੀਆਂ ਮਿਲ ਸਕਦੀਆਂ ਨੇ, ਪਰ ਤੇਰੀ ਬਿਪਤਾ ਨੇ ਸਾਨੂੰ ਤੇਰਾ ਸਾਥ ਦੇਣ ਲਈ ਮਜ਼ਬੂਰ ਕਰ ਦਿੱਤਾ ਏ। ਤੂੰ ਇਕੱਲੀ ਰਹਿ ਕੇ ਦੁਨੀਆਂ ਨਾਲ ਨਹੀਂ ਲੜ ਸਕਦੀ। ਤੇਰੇ ਫੈਸਲੇ ਦੇ ਨਾਲ ਹੀ ਦੁਨੀਆਂ ਦਾ ਮੂੰਹ ਹਮੇਸ਼ਾ ਹਮੇਸ਼ਾ ਲਈ ਬੰਦ ਹੋ ਜਾਏਗਾ। ਉਂਜ ਵੀ ਸਾਰੇ ਲੋਕ ਜਾਣਦੇ ਨੇ ਕਿ ਅਸੀਂ ਕਿਸ ਕਿਸ ਦਿਲ-ਗੁਰਦੇ ਦੇ ਮਾਲਕ ਆਂ।”
ਸੁਰਜੀਤ ਨੇ ਫੇਰ ਵੀ ਕੋਈ ਜਵਾਬ ਨਹੀਂ ਸੀ ਦਿੱਤਾ। ਸ਼ਰਈਆ ਨੇ ਪਿੱਛੋਂ ਉਸਦੇ ਗਲ਼ੇ ਵਿਚ ਬਾਹਾਂ ਪਾ ਦਿੱਤੀਆਂ ਤੇ ਰੋਹਾਂਸੀ ਜਿਹੀ ਹੋ ਕੇ ਕਿਹਾ, “ਬੋਲੋ ਨਾ ਬਾਜੀ—ਕੀ ਤੁਸੀਂ ਸਮਝਦੇ ਓ ਕਿ ਤੁਹਾਡੀ ਜ਼ਿੰਦਗੀ ਵਿਚ ਇਹ ਪਲ ਵਾਰੀ ਵਾਰੀ ਆਏਗਾ? ਮੇਰੇ ਭਾ-ਜੀ ਨੂੰ ਤਾਂ ਤੁਸੀਂ ਜਾਣਦੇ ਈ ਓ, ਤੇ ਭਾਅ ਕੁਰਬਾਨ ਸਿੰਘ ਵੀ ਬੜੇ ਚੰਗੇ ਆਦਮੀ ਨੇ। ਉਹਨਾਂ ਦੀ ਇਕ ਆਵਾਜ਼ 'ਤੇ ਸ਼ਹਿਰ ਦੇ ਸਾਰੇ ਮਜ਼ਦੂਰ ਇਕੱਠੇ ਹੋ ਜਾਂਦੇ ਨੇ। ਹੋ ਸਕਦਾ ਏ ਇਹ ਕਲ੍ਹ ਵੱਡਾ ਇਲੈਕਸ਼ਨ ਲੜ ਕੇ ਮਿਨੀਸਟਰ ਬਣ ਜਾਣ—ਕਹਿ ਦਿਓ ਜੋ ਤੁਸੀਂ ਕਹਿਣਾ ਚਾਹੁੰਦੇ ਓ।”
ਸ਼ਰਈਆ ਦੀ ਗੱਲ ਸੁਣ ਕੇ ਸੁਰਜੀਤ ਦਾ ਰੋਣ ਨਿਕਲ ਗਿਆ। ਉਹ ਗੋਡਿਆਂ ਉੱਤੇ ਸਿਰ ਰੱਖ ਕੇ ਸਿਸਕਨ ਲੱਗ ਪਈ। ਇਹ ਦੇਖ ਕੇ ਕੁਰਬਾਨ ਸਿੰਘ ਨੇ ਮੁਮਤਾਜ਼ ਵੱਲ ਦੇਖਦਿਆਂ ਹੋਇਆਂ ਕਿਹਾ, “ਤੇਰੀ ਜੇਬ 'ਚ ਕੋਈ ਸਿੱਕਾ ਹੈ? ਸੁਰਜੀਤ ਕੁਝ ਨਹੀਂ ਕਹਿਣਾ ਚਾਹੁੰਦੀ ਤੋ ਅਸੀਂ ਟਾਸ ਕਰਕੇ ਫੈਸਲਾ ਕਰ ਲੈਂਦੇ ਆਂ।”
ਮੁਮਤਾਜ਼ ਨੇ ਆਪਣੀ ਜੇਬ ਵਿਚੋਂ ਇਕ ਰੁਪਈਏ ਦਾ ਇਕ ਸਿੱਕਾ ਕੱਢ ਕੇ ਉਸਨੂੰ ਫੜਾ ਦਿੱਤਾ। ਕੁਰਬਾਨ ਸਿੰਘ ਨੇ ਉਸਨੂੰ ਉਂਗਲਾਂ ਤੇ ਅੰਗੂਠੇ ਉੱਤੇ ਰੱਖ ਕੇ ਪੁੱਛਿਆ, “ਤੂੰ ਅਸ਼ੋਕ ਚੱਕਰ ਮੰਗਦਾ ਏਂ ਕਿ ਚੇਨ?”
ਮੁਮਤਾਜ਼ ਨੇ ਝਿਜਕਦਿਆਂ ਤੇ ਸੰਗਦਿਆਂ ਹੋਇਆਂ ਕਿਹਾ, “ਅਸ਼ੋਕ ਚੱਕਰ।”
ਸੁਣ ਕੇ ਕੁਰਬਾਨ ਸਿੰਘ ਨੇ ਅੰਗੂਠੇ ਦੀ ਟੱਕਰ ਨਾਲ ਸਿੱਕਾ ਹਵਾ ਵਿਚ ਉਛਾਲ ਦਿੱਤਾ। ਸਿੱਕਾ ਕਾਫੀ ਉੱਚਾ ਜਾ ਕੇ ਛੱਤ ਨਾਲ ਘੁੰਮ ਰਹੇ ਪੱਖੇ ਨਾਲ ਜਾ ਟਕਰਾਇਆ—ਤੇ ਫੇਰ ਹੇਠਾਂ ਡਿੱਗ ਕੇ ਲੁੜਕਦਾ ਹੋਇਆ ਇਕ ਜਗ੍ਹਾ ਰੁਕ ਗਿਆ। ਦੋਵਾਂ ਨੇ ਝੁਕ ਕੇ ਉਸਨੂੰ ਦੇਖਿਆ ਤੇ ਫੇਰ ਮੁਮਤਾਜ਼ ਨੇ ਹੱਥ ਵਧਾ ਕੇ ਕੁਰਬਾਨ ਸਿੰਘ ਨੂੰ ਕਿਹਾ, “ਮੁਬਾਰਕ ਹੋਏ ਦੋਸਤ,ਮੈਨੂੰ ਬੜੀ ਖੁਸ਼ੀ ਹੋਈ ਏ।”
ਸੁਰਜੀਤ ਹੁਣ ਤਕ ਗੋਡਿਆਂ ਵਿਚ ਸਿਰ ਦੇਈ ਬੈਠੀ ਸਿਸਕ ਰਹੀ ਸੀ। ਸ਼ਰਈਆ ਵੀ ਉਸ ਉੱਤੇ ਪੂਰੀ ਦੀ ਪੂਰੀ ਝੁਕੀ ਹੋਈ ਸੀ ਤੇ ਰੋ ਰਹੀ ਸੀ। ਮੁਮਤਾਜ਼ ਨੇ ਅੱਗ ਵਧ ਕੇ ਸ਼ਰਈਆ ਦੇ ਸਿਰ ਉੱਤੇ ਹੱਥ ਰੱਖਿਆ ਤੇ ਜਜ਼ਬਾਤ ਵਸ ਕੰਬਦੀ ਹੋਈ ਆਵਾਜ਼ ਵਿਚ ਕਿਹਾ, “ਮੈਂ, ਮੈਨੂੰ ਕੁਰਬਾਨ ਸਿੰਘ ਉੱਤੇ ਪੂਰਾ ਭਰੋਸਾ ਏ” ਤੇ ਉਹ ਪੁੱਠੇ ਹੱਥ ਨਾਲ ਆਪਣਾ ਮੂੰਹ ਪੂੰਝਦਾ ਹੋਇਆ ਬਾਹਰ ਨਿਕਲ ਗਿਆ।
ਕੁਰਬਾਨ ਸਿੰਘ ਨੇ ਵੀ ਬਾਹਰ ਵੱਲ ਜਾਂਦਿਆਂ ਹੋਇਆਂ ਸਿਰਫ ਇਕ ਵਾਰੀ ਪਲਟ ਕੇ ਸੁਰਜੀਤ ਵਲ ਦੇਖਿਆ ਤੇ ਭਰੜਾਈ ਹੋਈ ਆਵਾਜ਼ ਵਿਚ ਕਿਹਾ, “ਮੇਰੇ ਯਾਰ ਨੇ ਜੋ ਕੁਝ ਕਿਹਾ ਏ, ਮੈਂ ਉਸਦੀ ਲੱਜ ਰੱਖਾਂਗਾ। ਤੂੰ ਕਲ੍ਹ ਸਵੇਰੇ ਤਿਆਰ ਰਹੀਂ। ਅਸੀਂ ਗੁਰਦੁਆਰੇ ਜਾ ਕੇ ਗੁਰੂ ਗ੍ਰੰਥ ਸਾਹਬ ਸਾਹਵੇਂ ਵਿਆਹ ਕਰ ਲਵਾਂਗੇ।”
(ਅਨੁਵਾਦ : ਮਹਿੰਦਰ ਬੇਦੀ, ਜੈਤੋ)

  • ਮੁੱਖ ਪੰਨਾ : ਰਾਮ ਲਾਲ ਦੀਆਂ ਕਹਾਣੀਆਂ ਪੰਜਾਬੀ ਵਿਚ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ