Asli Te Nakli Aalsi : Baal Kahani

ਅਸਲੀ ਤੇ ਨਕਲੀ ਆਲਸੀ : ਬਾਲ ਕਹਾਣੀ

ਬੀਰਬਲ ਕੁਝ ਦਿਨਾਂ ਤੋਂ ਕਿਸੇ ਰਿਸ਼ਤੇਦਾਰ ਦੇ ਘਰ ਗਿਆ ਹੋਇਆ ਸੀ। ਉਨ੍ਹੀਂ ਦਿਨੀਂ ਦੋ ਜਸੂਸਾਂ ਨੇ ਅਕਬਰ ਨੂੰ ਆ ਕੇ ਸੂਚਨਾ ਦਿੱਤੀ, 'ਆਲਮਪਨਾਹ, ਤੁਹਾਡੀ ਪਰਜਾ ਦੇ ਦੋ ਆਦਮੀ ਭੁੱਖੇ ਮਰ ਗਏ।'
ਅਕਬਰ ਨੇ ਪੁੱਛਿਆ, 'ਉਹ ਕਿਵੇਂ?'
ਜਾਸੂਸ ਬੋਲੇ, 'ਜਹਾਂਪਨਾਹ ਇਹ ਦੋਨੋਂ ਆਲਸੀ ਸਨ। ਸੋ, ਬੇਰੁਜ਼ਗਾਰ ਸਨ। ਇਹੋ ਜਿਹੇ ਹਾਲਾਤ ਵਿਚ ਧਨ ਨਾ ਹੋਣ ਨਾਲ ਉਨ੍ਹਾਂ ਦੇ ਕੋਲ ਅੰਨ ਵੀ ਨਹੀਂ ਸੀ ਅਤੇ ਅੰਨ ਨਾ ਹੋਣ ਦੀ ਵਜ੍ਹਾ ਨਾਲ ਉਹ ਭੁੱਖੇ ਮਰ ਗਏ।'
ਬਾਦਸ਼ਾਹ ਨੇ ਕਿਹਾ, 'ਆਲਸੀ ਬੇਰੁਜ਼ਗਾਰ ਤਾਂ ਹੋਵੇਗਾ ਹੀ, ਫਿਰ ਧਨ ਵੀ ਕਿਥੋਂ ਆਵੇਗਾ?'
'ਪਰ ਜਹਾਂਪਨਾਹ, ਤੁਹਾਡੇ ਰਾਜ ਵਿਚ ਕੋਈ ਭੁੱਖਾ ਮਰੇ, ਇਹ ਤਾਂ ਚਿੰਤਾ ਦਾ ਵਿਸ਼ਾ ਹੋਇਆ ਮਹਾਰਾਜ?' ਜਸੂਸਾਂ ਨੇ ਇਕ ਸੁਰ ਵਿਚ ਕਿਹਾ।
ਅਕਬਰ ਨੇ ਨੌਰਤਨਾਂ ਨਾਲ ਗੱਲ ਕੀਤੀ ਅਤੇ ਟੋਡਰਮੱਲ ਦਾ ਸੁਝਾਅ ਮੰਨ ਲਿਆ ਕਿ ਖਜ਼ਾਨੇ ਤੋਂ ਸਾਰੇ ਆਲਸੀਆਂ ਨੂੰ ਭੋਜਨ ਕਰਵਾਇਆ ਜਾਵੇ, ਕਿਉਂਕਿ ਆਖਰ ਇਹ ਧਨ ਪਰਜਾ ਦੀ ਬਿਹਤਰੀ ਦੇ ਲਈ ਹੀ ਤਾਂ ਹੈ।
ਇਸ ਤਰ੍ਹਾਂ ਹੁਣ ਹਰ ਰੋਜ਼ ਹਜ਼ਾਰਾਂ ਦੀ ਗਿਣਤੀ ਵਿਚ ਵਿਹਲੜ ਭੋਜਨ ਛਕਣ ਲੱਗੇ। ਕੁਝ ਦਿਨਾਂ ਬਾਅਦ ਖਜ਼ਾਨੇ ਵਾਲਿਆਂ ਨੇ ਬਾਦਸ਼ਾਹ ਨੂੰ ਸੂਚਨਾ ਦਿੱਤੀ ਕਿ ਖਜ਼ਾਨਾ ਖਾਲੀ ਹੁੰਦਾ ਜਾ ਰਿਹਾ ਹੈ। ਅਕਬਰ ਦੇ ਲਈ ਇਹ ਚਿੰਤਾ ਦਾ ਵਿਸ਼ਾ ਸੀ। ਇਸੇ ਦੌਰਾਨ ਰਿਸ਼ਤੇਦਾਰੀ ਵਿਚ ਸ਼ਾਦੀ ਨਿਬੇੜ ਕੇ ਬੀਰਬਲ ਦਰਬਾਰ ਵਿਚ ਆ ਹਾਜ਼ਰ ਹੋਇਆ ਤਾਂ ਅਕਬਰ ਨੇ ਪੂਰੇ ਮਾਮਲੇ ਨੂੰ ਲੈ ਕੇ ਬੀਰਬਲ ਤੋਂ ਪੁੱਛਿਆ ਕਿ 'ਹੁਣ ਕੀ ਕੀਤਾ ਜਾਵੇ?'
ਬੀਰਬਲ ਨੇ ਸੋਚਿਆ ਕਿ ਯਕਦਮ ਨਾਲ ਮੁਫਤ ਭੋਜਨ ਬੰਦ ਕਰਾਉਣ ਦੀ ਬਜਾਏ ਇਹ ਪਤਾ ਲਗਾਉਣਾ ਚਾਹੀਦਾ ਕਿ ਮੁਫਤ ਦਾ ਮਾਲ ਖਾਣ ਵਾਲੇ ਕੀ ਅਸਲ ਵਿਚ ਆਲਸੀ ਹਨ। ਸੋ ਇਸ ਸਮੱਸਿਆ ਦੀ ਜ਼ਿੰਮੇਵਾਰੀ ਆਪਣੇ ਉੱਪਰ ਲੈ ਕੇ ਉਸ ਨੇ ਰਾਜ ਵਿਚ ਇਹ ਐਲਾਨ ਕਰਵਾ ਦਿੱਤਾ ਕਿ ਮੁਫਤ ਭੋਜਨ ਤੋਂ ਪਹਿਲਾਂ ਆਲਸੀਆਂ ਨੂੰ ਕੰਬਲ ਵੀ ਦਿੱਤਾ ਜਾਵੇਗਾ। ਸੋ, ਸਾਰੇ ਆਲਸੀ ਮਹੱਲ ਦੇ ਸਾਹਮਣੇ ਵਾਲੇ ਮੈਦਾਨ ਵਿਚ ਇਕੱਠੇ ਹੋ ਜਾਣ।
ਮੈਦਾਨ ਦੇ ਚਹੁੰ ਪਾਸੇ ਕੰਡੇਦਾਰ ਤਾਰ ਲੱਗੀ ਹੋਈ ਸੀ ਅਤੇ ਰਾਹ ਸਿਰਫ ਇਕ ਹੀ ਸੀ ਪਰ ਬਿਨਾਂ ਇਸ ਦੀ ਪ੍ਰਵਾਹ ਕੀਤਿਆਂ ਖੁਦ ਨੂੰ ਆਲਸੀ ਦੱਸਣ ਵਾਲੇ ਲੋਕ ਸਮੇਂ ਤੋਂ ਪਹਿਲਾਂ ਹੀ ਮੈਦਾਨ ਵਿਚ ਆ ਪੁੱਜੇ। ਠੀਕ ਮੌਕੇ 'ਤੇ ਬੀਰਬਲ ਦੇ ਪਿੱਛੇ-ਪਿੱਛੇ ਕੰਬਲ ਚੁੱਕੀ ਕੁਝ ਲੋਕ ਆਏ। ਅਸਲ ਵਿਚ ਕੰਬਲਾਂ ਦੇ ਵਿਚ ਸੱਪ ਲੁਕਾ ਕੇ ਰੱਖੇ ਗਏ ਸਨ।
ਬੀਰਬਲ ਨੇ ਸੇਵਕਾਂ ਨੂੰ ਇਸ਼ਾਰਾ ਕੀਤਾ। ਸੇਵਕਾਂ ਨੇ ਤੁਰੰਤ ਕੰਬਲ ਇਨ੍ਹਾਂ ਲੋਕਾਂ ਵੱਲ ਸੁੱਟ ਦਿੱਤੇ। ਲੋਕ ਪਹਿਲਾਂ ਤਾਂ ਕੰਬਲਾਂ ਵੱਲ ਉਲਰੇ ਪਰ ਜਦ ਜੀਭ ਬਾਹਰ ਕੱਢਦੇ ਸੱਪਾਂ ਨੂੰ ਦੇਖਿਆ ਤਾਂ ਉਹ ਇਧਰ-ਉਧਰ ਭੱਜਣ ਲੱਗੇ। ਕੁਝ ਤਾਂ ਕੰਡਿਆਲੀ ਤਾਰ ਨਾਲ ਲਹੂ-ਲੁਹਾਣ ਵੀ ਹੋ ਗਏ। ਅੰਤ ਵਿਚ ਮੈਦਾਨ ਵਿਚ ਸਿਰਫ ਦੋ ਆਦਮੀ ਰਹਿ ਗਏ। ਵੈਸੇ, ਬੀਰਬਲ ਨੇ ਇਹੋ ਜਿਹੇ ਸੱਪਾਂ ਦਾ ਪ੍ਰਬੰਧ ਕਰਵਾਇਆ ਸੀ ਜੋ ਜ਼ਹਿਰੀਲੇ ਨਾ ਹੋਣ। ਬਹਰਹਾਲ, ਬਚ ਗਏ ਦੋ ਆਦਮੀਆਂ ਤੋਂ ਬੀਰਬਲ ਨੇ ਪੁੱਛਿਆ, 'ਸੱਪਾਂ ਨੂੰ ਦੇਖ ਕੇ ਤੁਸੀਂ ਭੱਜੇ ਕਿਉਂ ਨਹੀਂ?'
'ਸਾਨੂੰ ਆਲਸ ਆ ਰਿਹਾ ਸੀ', ਦੋਵਾਂ ਨੇ ਕਿਹਾ, 'ਅਸੀਂ ਸੋਚਿਆ ਕਿ ਉਠ ਕੇ ਕੌਣ ਭੱਜੇ, ਸੱਪ ਡੰਗ ਮਾਰ ਦੇਣਗੇ ਤਾਂ ਮਾਰ ਦੇਣਗੇ। ਬਚ ਗਏ ਤਾਂ ਠੀਕ, ਨਾ ਬਚੇ ਤਾਂ ਕੋਈ ਗੱਲ ਨਹੀਂ।' ਇਹ ਸੁਣ ਕੇ ਬੀਰਬਲ ਹੱਸ ਪਿਆ। ਉਸ ਨੇ ਉਨ੍ਹਾਂ ਦੋਵਾਂ ਨੂੰ ਮੁਫਤ ਭੋਜਨ ਕਰਾਇਆ ਅਤੇ ਇਕ-ਇਕ ਕੰਬਲ ਦਿੱਤਾ ਪਰ ਨਾਲ ਹੀ ਦਬਕਾ ਵੀ ਮਾਰਿਆ, 'ਕੱਲ੍ਹ ਤੋਂ ਤੁਹਾਨੂੰ ਕੰਮ ਕਰਨਾ ਹੋਵੇਗਾ, ਸ਼ਾਹੀ ਖਜ਼ਾਨਾ ਵਿਹਲੜਾਂ ਦੇ ਲਈ ਨਹੀਂ ਹੈ।'
ਇਸ ਦੇ ਬਾਅਦ ਬੀਰਬਲ ਨੇ ਬਾਦਸ਼ਾਹ ਅਕਬਰ ਦੇ ਕੋਲ ਜਾ ਕੇ ਪੂਰੀ ਘਟਨਾ ਦੱਸੀ ਤਾਂ ਅਕਬਰ ਨੇ ਕਿਹਾ, 'ਦੇਖੋ ਬੀਰਬਲ, ਅਸੀਂ ਥਾਂ-ਥਾਂ ਜਸੂਸ ਛੱਡੇ ਹੋਏ ਹਨ। ਉਨ੍ਹਾਂ ਨੇ ਪਹਿਲਾਂ ਹੀ ਆ ਕੇ ਦੱਸ ਦਿੱਤਾ ਹੈ ਕਿ ਤੁਸੀਂ ਕਿੰਨੀ ਚਲਾਕੀ ਨਾਲ ਅਸਲੀ ਅਤੇ ਨਕਲੀ ਆਲਸੀਆਂ ਦਾ ਪਤਾ ਲਗਾ ਲਿਆ ਹੈ। ਤੁਸੀਂ ਸੱਚਮੁੱਚ ਬਹੁਤ ਹੀ ਬੁੱਧੀਮਾਨ ਹੋ।' ਅਤੇ ਐਨਾ ਆਖ ਕੇ ਅਕਬਰ ਨੇ ਆਪਣਾ ਹੀਰਿਆਂ ਨਾਲ ਜੜਿਆ ਹਾਰ ਲਾਹ ਕੇ ਬੀਰਬਲ ਨੂੰ ਇਨਾਮ ਦੇ ਤੌਰ 'ਤੇ ਦੇ ਦਿੱਤਾ।
(ਨਿਰਮਲ ਪ੍ਰੇਮੀ)

  • ਮੁੱਖ ਪੰਨਾ : ਪੰਜਾਬੀ ਬਾਲ ਕਹਾਣੀਆਂ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ