Baba Bohar (Punjabi Kaav-Naat) : Sant Singh Sekhon

ਬਾਬਾ ਬੋਹੜ (ਕਾਵਿ-ਨਾਟ) : ਸੰਤ ਸਿੰਘ ਸੇਖੋਂ

(ਪੰਜਾਬ ਦੇ ਇਤਿਹਾਸ ਦੀ ਪਦ-ਰੂਪ ਵਿਚ ਗੁਰੂ ਗੋਬਿੰਦ ਸਿੰਘ ਜੀ
ਦੇ ਸਮੇਂ ਤੋਂ ਲੈ ਕੇ ਗਾਂਧੀ ਜੀ ਦੇ ਦੇਹਾਂਤ ਤਕ ਦੀ ਕਹਾਣੀ ।)

ਪਾਤਰ

ਬਾਬਾ ਬੋਹੜ-ਪਰਦੇ ਪਿਛੇ ਇਕ ਆਦਮੀ
ਤਿੰਨ ਚਾਰ ਮੁੰਡੇ-ਉਮਰ ਚੌਦਾਂ ਪੰਦਰਾਂ ਸਾਲ ।
ਪਰਦੇ ਉਤੇ ਢਾਈ ਤਿੰਨ ਸੌ ਸਾਲ ਪੁਰਾਣੇ ਬੋਹੜ ਦਾ ਇਕ ਵਾਸਤਵਿਕ ਚਿੱਤਰ । ਦੋ ਮੱਝਾਂ ਚਾਰਨ ਵਾਲੇ ਮੁੰਡੇ । ਇਹਨਾਂ ਦੀ ਟੋਲੀ ਦੇ ਦੋ ਮੁੰਡੇ ਕੁਝ ਦੂਰ ਵਾਲੀ ਨਹਰ ਵਿਚ ਨਹਾ ਕੇ ਕਪੜੇ ਪਾਂਦੇ ਬੋਹੜ ਵਲ ਨੂੰ ਤੁਰੇ ਆ ਰਹੇ ਹਨ । ਇਹਨਾਂ ਦੋਹਾਂ ਮੁੰਡਿਆਂ ਦੀਆਂ ਉਮਰਾਂ ਪੰਦਰਾਂ ਚੌਦਾਂ ਸਾਲ ਦੀਆਂ ਹਨ ।

ਮੁੰਡਾ 1

ਬਾਬਾ ਬੋਹੜ ਬਾਬਾ ਬੋਹੜ,
ਸਾਡੀ ਟੁਟੀ ਯਾਰੀ ਜੋੜ ।
(ਦੋਵੇਂ ਆਪਣੇ ਆਪਣੇ ਹੱਥਾਂ ਦੇ ਅੰਗੂਠੇ ਮੂੰਹ ਵਿਚ ਪਾ ਕੇ ਚੀਚੀਆਂ ਜੋੜਦੇ ਹਨ ।)

ਮੁੰਡਾ 1

ਬਾਬਾ ਬੋਹੜ, ਬਾਬਾ ਬੋਹੜ,
ਸਾਡੀ ਟੁਟੀ ਯਾਰੀ ਜੋੜ ।

ਮੁੰਡਾ 2

ਬਾਬਾ ਬੋਹੜ, ਬਾਬਾ ਬੋਹੜ,
ਸਾਡੀ ਟੁੱਟੀ ਯਾਰੀ ਜੋੜ ।

ਮੁੰਡਾ 1

ਹੁਣ ਨਾ ਇਸ ਨੂੰ ਸੱਕੇ ਤੋੜ,
ਮੌਤੋਂ ਉਰੇ ਚੀਜ਼ ਕੋਈ ਹੋਰ ।

ਬਾਬਾ ਬੋਹੜ

ਸੁਣ ਲਓ, ਬੀਬਿਓ, ਮੈਂ ਬਹੁਤ ਨਿਹਾਲ
ਹੋਇਆਂ ਤੁਹਾਨੂੰ ਦੇਖ ਕੇ, ਰਾਂਝੇ ਮਹੀਵਾਲ
ਤੁਸੀਂ ਹੋ ਧਰਤੀ ਏਸ ਦੇ ਦੋ ਬੀਬੇ ਬਾਲ ।
ਤੋੜ ਨਿਭਾਇਓ ਯਾਰੀਆਂ, ਇਕ ਦੂਜੇ ਨਾਲ ।
ਤੁਸੀਂ ਹੋ ਸਾਰੇ ਜਾਣਦੇ ਨੱਚਣ ਦੀ ਸਾਰ,
ਜਿਨ੍ਹਾਂ ਤੋਂ ਪੈ ਜਾਂਵਦੇ ਹਨ ਮਾਤ ਨੱਚਾਰ ।
(ਮੁੰਡੇ ਡਰ ਜਾਂਦੇ ਹਨ । ਦੂਜੇ ਮੁੰਡੇ ਵੀ ਇਹਨਾਂ ਪਾਸ ਆ ਜਾਂਦੇ ਹਨ ।)

ਮੁੰਡਾ 1

(ਆ ਰਹੇ ਮੁੰਡਿਆ ਨੂੰ)
ਆਓ ਯਾਰੋ ਨੱਸ ਕੇ ਸਭ ਮੇਰੇ ਕੋਲ,
ਬਾਬਾ ਬੋਹੜ ਜੇ ਬੋਲਦਾ ਮਰਦਾਂ ਜਿਹੇ ਬੋਲ ।
ਬੋਲ ਰਿਹਾ ਜੇ ਆਦਮੀ ਨਹੀਂ ਘੁਘੀ ਕੋਲ,
ਨਾ ਹੀ ਜਿਨ ਤੇ ਪਰੇਤ ਦੇ ਇਹ ਸੁਹਣੇ ਬੋਲ ।
(ਦੂਜੇ ਮੁੰਡੇ ਨੱਸ ਕੇ ਉਸ ਦੇ ਕੋਲ ਆ ਜਾਂਦੇ ਹਨ ਤੇ ਇਕ ਝੁਰਮਟ ਬਣਾਂਦੇ ਹਨ)

ਬਾਬਾ ਬੋਹੜ

ਸੁਣੋ ਬੀਬਿਓ ਰਾਣਿਓਂ ਨਹੀਂ ਮੈਥੋਂ ਡਰਨਾ
ਮੈਂ ਨਹੀਂ ਜਿੰਨ ਪਰੇਤ ਭਰਮ ਨਾ ਕੋਈ ਕਰਨਾ ।
ਮੈਂ ਹਾਂ ਬਾਬਾ ਬੋਹੜ ਮੇਰੀ ਕੋਈ ਬਹੁਤੀ ਉਮਰ ਨਾ,
ਤਿੰਨ ਸੌ ਬਰਸੋਂ ਘੱਟ ਤੇ ਖ਼ਬਰੇ ਕਲ ਹੀ ਮਰਨਾ ।
ਇਸ ਦੁਨੀਆਂ ਤੇ, ਸੁਹਣਿਓ, ਨਹੀਂ ਸਦਾ ਵਿਚਰਨਾ,
ਜੇ ਸੌ ਵਰ੍ਹਿਆਂ ਜੀਵਣਾ ਹੈ, ਫਿਰ ਭੀ ਮਰਨਾ ।
ਮਰਦਾਂ, ਬੋਹੜਾਂ, ਨਗਰਾਂ ਇਹ ਕਿਸੇ ਦੀ ਧਰ ਨਾ ।
ਗੱਲਾਂ ਇਕ ਦੋ ਤੁਸਾਂ ਨਾਲ ਜੀ ਚਾਹੇ ਕਰਨਾ ।
(ਮੁੰਡੇ ਇਹ ਸੁਣ ਕੇ ਦਿਲ ਧਰ ਆਉਂਦੇ ਹਨ ।)

ਮੁੰਡਾ 1

ਆਹੋ ਬਾਬਾ ਬੋਹੜਾ, ਤੈਥੋਂ ਕਿਉਂ ਡਰਨਾ?
ਤੇਰੀ ਛਾਵੇਂ ਰੋਜ਼ ਬਸੇਰਾ ਅਸਾਂ ਜੇ ਕਰਨਾ,
ਤੇਰੀਆਂ ਗੱਲਾਂ ਸੁਣਨ ਤੋਂ ਸਾਨੂੰ ਕੋਈ ਉਜ਼ਰ ਨਾ ।

ਬਾਬਾ ਬੋਹੜ

ਤਾਂ ਫਿਰ, ਬੀਬਿਓ ਰਾਣਿਓਂ, ਲਓ ਬੰਨ੍ਹ ਕਤਾਰ ।
ਆਏ ਤੁਹਾਡੀ ਕੌਮ ਤੇ ਹਨ ਬਹੁਤ ਵਬਾਲ ।
ਹੋਰ ਵੀ ਅੱਗੇ ਆਉਣਗੇ ਸੈਂਕੜੇ ਭੁਚਾਲ ।
ਇਕ ਇਕ ਕਰਕੇ ਨੱਚਿਓ ਜੇ ਬੋਲਾਂ ਨਾਲ ।
ਆ ਜਾਏ ਏਥੇ, ਬੱਚਿਓ ਉਹ ਰੰਗ ਬਹਾਰ,
ਇੰਦਰ ਦਿਉਤਾ ਤੁਸਾਂ ਤੋਂ ਜਾਵੇ ਬਲਿਹਾਰ ।
(ਮੁੰਡੇ ਕਤਾਰ ਬੰਨ ਕੇ ਖਲੋ ਜਾਂਦੇ ਹਨ ਤੇ ਹਰ ਦੋ ਚਾਰ ਬੋਲਾਂ
ਪਿਛੋਂ ਇਕ ਜਣਾ ਨੱਚ ਕੇ ਦੂਜੇ ਪਾਸੇ ਚਲਾ ਜਾਂਦਾ ਹੈ ।)

ਮੁੰਡਾ 2

ਪਹਿਲੋਂ ਸਾਡਾ, ਬਾਬਿਆ, ਪਰ ਸੁਣ ਲੈ ਹਾਲ,
ਨੱਸਾਂਗੇ ਫਿਰ ਤੁਧ ਨਾਲ ਅਸੀਂ ਘੁੱਮਰ ਚਾਲ ।
ਕਹਿੰਦੇ ਹਨ ਇਸ ਦੇਸ਼ ਵਿਚ ਤੀਹ ਚਾਲੀ ਸਾਲ,
ਪਿਛੇ ਮੱਝਾਂ ਰਹਿੰਦੀਆਂ ਸਨ ਖੂਬ ਨਿਹਾਲ ।
ਮੀਂਹ ਪੈਂਦੇ ਸਨ ਰੱਜ ਕੇ ਕੋਈ ਮੋਹਲੇਧਾਰ,
ਹੁੰਦੀ ਸੀ ਬਰਸਾਤ ਕਈ ਦਿਨ ਝੰਝਿਆ ਨਾਲ ।
ਘਾਹ ਪਠੇ ਦੀ ਟੋਟ ਨਹੀਂ ਸੀ ਹਾੜ੍ਹ ਸਿਆਲ,
ਮੱਝਾਂ ਗਾਈਆਂ ਚਰਦੀਆਂ ਸਨ ਸਾਰਾ ਸਾਲ,
ਭਿਸ਼ਤਾਂ ਵਿਚ ਲੰਘਾਂਵਦੇ ਸਨ ਮੱਝੀਂਵਾਲ
ਦਿਨ ਇਹ ਉਮਰ ਜਵਾਨ ਦੇ ਜਿਹੜੇ ਪੰਜ ਚਾਰ ।
ਪੁੱਤਰ ਮਾਵਾਂ ਪਾਲਦੀਆਂ ਸਨ ਦੁੱਧ ਘਿਉ ਨਾਲ ।
ਮਹੀਆਂ ਨੂੰ ਵੀ ਜਾਣਦੇ ਸਨ ਮਾਵਾਂ ਹਾਲ ।

ਬਾਬਾ ਬੋਹੜ

ਸੱਚੀ, ਬੀਬਾ ਰਾਣਿਆਂ ਤੁਧ ਕਹੀ ਉਚਾਰ,
ਬਦਲ ਗਏ ਨੇ ਦੇਸ ਵਿਚ ਲੋਕਾਂ ਦੇ ਹਾਲ ।

ਮੁੰਡਾ 1

ਜਦ ਹੋਏ ਸਨ ਦੇਸ ਦੇ ਹਾਕਮ ਅੰਗਰੇਜ਼,
ਸੁਖ ਅਸਾਡੇ ਉਹਨਾਂ ਨੇ ਦਿਤੇ ਸਨ ਭੇਜ
ਖਬਰੇ ਕਿਹੜੇ ਦੇਸ ਨੂੰ! ਉਹਨਾਂ ਦਾ ਤੇਜ
ਅਗਨੀ ਵਾਂਗ ਸੁਕਾ ਗਿਆ ਭੋਇੰ ਦੇ ਰੇਜ ।
ਧਰਤੀ ਭਾਵੇਂ ਅੱਜ ਵੀ ਹੈ ਸੂ ਜ਼ਰਖੇਜ਼
ਨਹਰਾਂ ਖੂਹਾਂ ਨਾਲ, ਤੇ ਰੇਲਾਂ ਵੀ ਤੇਜ਼
ਕਣਕ ਕਪਾਹ ਇਸ ਦੇਸ ਦੀ ਦੇਂਦੀਆਂ ਭੇਜ
ਦੂਰ ਦੁਰਾਡੇ ਦੁਨੀ ਵਿਚ ਜਿਥੇ ਹੈ ਹੇਜ,
ਐਪਰ ਸਾਡੇ ਦੇਸ ਦੀ ਇਹ ਨਵੀਂ ਸਟੇਜ
ਬਾਝ ਜਵਾਨੀ, ਖੁਲ੍ਹ ਦੇ ਜਿਉਂ ਸੁੰਞੀ ਸੇਜ ।
ਦੁਧ ਦਹੀਂ ਦੀ ਥਾਉਂ ਨੇ ਹੁਣ ਕੁਰਸੀ ਮੇਜ਼,
ਟੁਟੇ ਨਾਹੀਂ ਪਿਛਲੇ, ਪਏ ਹੋਰ ਬੰਧੇਜ ।

ਬਾਬਾ ਬੋਹੜ

ਗੱਲਾਂ ਬੀਬੇ ਰਾਣਿਆਂ, ਹਨ ਤੇਰੀਆਂ ਠੀਕ
ਪੰਜਾਂ ਵਿਚੋਂ ਚਾਰ, ਪਰ ਪੰਜਵੀਂ ਤਫ਼ਰੀਕ
ਕੀਤਿਆਂ ਰਹਿੰਦਾ ਬਹੁਤ ਨਾ ਤੇਰੇ ਨਜ਼ਦੀਕ ।
ਸੱਚ ਝੂਠ ਹੋ ਜਾਂਵਦਾ ਜੇ ਹੋਏ ਵਧੀਕ ।

ਮੁੰਡਾ 3

ਠੀਕ ਹੋਵੇਗੀ ਬਾਬਿਆ, ਤੇਰੀ ਵੀ ਗੱਲ,
ਅਸੀਂ ਵੀ ਪਰ ਨਹੀਂ ਜੋੜਿਆ ਇਹ ਲੱਲ ਬਲੱਲ ।
ਸਾਨੂੰ ਜਿੱਦਾਂ ਦੱਸਿਆ ਹੈ ਕਿਸੇ ਨੇ ਕੱਲ
ਦਿੱਤਾ ਤੇਰੇ ਪਾਸ ਆ ਅੱਜ ਅਸਾਂ ਉਥੱਲ ।
ਨਾਲੇ ਅਸੀਂ ਵੀ ਦੇਖਦੇ ਹਾਂ ਜਦ ਆਪਣੀ ਵੱਲ,
ਸਾਡੇ ਵਿਚੋਂ ਕਿਹੜਾ ਉਹ ਗੱਭਰੂ ਮੱਲ
ਜਿਸਦੀਆਂ ਬਾਹਾਂ ਵਿਚ ਹੈ ਅਰਜਨ ਦਾ ਬਲ?
ਦੇਖ ਜੇ ਸਕਦਾ ਆਪ ਤੂੰ ਸਾਡੇ ਪਿੰਡ ਚਲ,
ਮਨ ਜਾਂਦਾ ਤੂੰ ਅਸਾਂ ਨਹੀਂ ਕੁਝ ਕਿਹਾ ਅਵੱਲ ।

ਬਾਬਾ ਬੋਹੜ

ਪਹਿਲੋਂ ਮੈਂ ਵੀ ਮੰਨਿਆਂ ਇਸ ਗੱਲ ਵਿਚਾਰ,
ਪੰਜਾਂ ਵਿਚੋਂ ਸੱਚੀਆਂ ਗੱਲਾਂ ਹਨ ਚਾਰ
ਤੇ ਪੰਜਵੀਂ ਵੀ ਸੁਣ ਲਓ, ਤੇ ਕਰੋ ਵਿਚਾਰ ।

ਮੁੰਡਾ 4

ਤੇਰੀ ਬਾਬ, ਸੁਣਨ ਨੂੰ ਅਸੀਂ ਸਦਾ ਤਿਆਰ ।

ਬਾਬਾ ਬੋਹੜ

ਠੀਕ ਹੈ ਤੁਸੀਂ ਪੰਜਾਬੀਓ, ਨਹੀਂ ਉਹ ਬਲਵਾਨ,
ਤੁਹਾਡੇ ਵਿਚ ਨਹੀਂ ਪਿਛਲੇ ਜਿਹੇ ਮਰਦ ਜਵਾਨ,
ਤੁਹਾਡੀਆਂ ਬਾਹਾਂ ਵਿਚ ਨਹੀਂ ਪਿਛੇ ਜਿਹਾ ਤਾਣ ।
ਪਰ ਕਾਰਨ ਇਸ ਗੱਲ ਦੇ ਤੋਂ ਤੁਸੀਂ ਅਜਾਣ ।
ਮੇਰੀਆਂ ਨਜ਼ਰਾਂ ਵਿਚ ਹਨ ਉਹ ਵੀ ਨਾਦਾਨ,
ਬਾਪੂ ਤਾਏ ਤੁਸਾਂ ਦੇ ਬਾਬੇ ਸਦਵਾਣ!
ਮੇਰੇ ਕੋਲੋਂ ਗੁਜ਼ਰੇ ਹਨ ਬਹੁ ਮੁਗਲ ਪਠਾਣ,
ਜ਼ਰ ਨਜੋਰ ਹੀ ਮੁਝ ਨੂੰ ਹੈ ਠੀਕ ਪਛਾਣ ।

ਮੁੰਡਾ 1

ਦੱਸੀਂ, ਬਾਬਾ, ਏਹ ਵੀ ਜੇ ਗੱਲ ਨਹੀਂ ਰਾਸ,
ਹੁਣ ਨਹੀਂ ਮੱਝਾਂ ਗਾਈਆਂ ਲੋਕਾਂ ਦੇ ਪਾਸ,
ਜੋ ਸਨ ਪਹਿਲੋਂ ਅੱਜ ਤੋਂ ਕੁਝ ਬਰਸ ਪਚਾਸ ।
ਹੁਣ ਨਹੀਂ ਸਾਡੇ ਦੇਸ ਵਿਚ ਉਹ ਵਿਹਲ ਖੁਲਾਸ ।
ਬਾਰਾਂ ਵਰ੍ਹੇ ਦੀ ਉਮਰ ਵਿਚ ਹੋ ਜਾਵਣ ਦਾਸ,
ਕੁੜੀਆਂ ਮੁੰਡੇ ਗਰਸਤ ਵਿਚ ਕਰ ਲੈਂਦੇ ਵਾਸ ।
ਕਈਆਂ, ਨੂੰ ਇਸ ਤੋਂ ਵੀ ਪਹਿਲੋਂ ਪੈਂਦੀ ਫਾਸ,
ਦੇਂਦੇ ਭੇਜ ਸਕੂਲ ਵਿਚ ਮੁਣਸ਼ੀ ਦੇ ਪਾਸ
ਪੰਜ ਸਾਲਾਂ ਦੀ ਉਮਰ ਵਿਚ ਕਰਕੇ ਅਰਦਾਸ ।
ਸਮਝੋ ਮੁੜ ਪੈ ਜਾਂਵਦੇ ਹਾਂ ਵਿਚ ਗਰਭਾਸ,
ਉਮਰ ਅਞਾਣੀ ਫਿਕਰ ਇਹ ਹੋ ਜਾਈਏ ਪਾਸ ।

ਮੁੰਡਾ 2

ਹੁਣ ਨਾ ਸਾਡੇ ਪਿੰਡ ਵਿਚ ਮੁੰਡੇ ਬਲਵਾਨ,
ਕੋਈ ਨਾ ਫੇਰੇ ਮੂੰਗਲੀ, ਨਾ ਮੁਗਦਰ ਚਾਣ ।
ਹੋਵਨ ਵੀ ਜੇ ਦੋ ਚਾਰ, ਤਾਂ ਕੋਈ ਨਾ ਜਾਣ ।
ਦਸਣ ਬੁੱਢੇ, ਅੱਧਖੜ, ਢਲ ਚੁਕੇ ਜਵਾਨ
ਕਿਵੇਂ ਕੌਡੀ ਖੇਡਦੇ ਸਨ ਮੁੰਡੇ ਆਣ,
ਵਿਚ ਅਖਾੜੇ ਸ਼ਾਮ ਨੂੰ, ਲੰਮੀ ਤੇ ਢਾਣ ।
ਰਾਤਾਂ ਹੋਵਣ ਚਾਨਣੀਆਂ ਜੇ ਫਿਰ ਤਾਂ, ਜਾਣ,
ਵਿਚ ਕਬੱਡੀ ਛੋਕਰੇ ਸਭ ਰਾਤ ਲੰਘਾਣ ।
ਕੱਢਣ ਡੰਡ ਤੇ ਬੈਠਕਾਂ, ਪਿੰਡੇ ਮਲਵਾਣ ।
ਲੋਹੇ ਦੇ ਸਨ ਡਾਉਲੇ, ਤੇ ਬੱਜਰ ਰਾਨ ।
ਹੁਣ ਨਹੀਂ ਭਾਲੇ ਲੱਭਦੇ ਪਿੰਡਾਂ ਵਿਚ ਜਵਾਨ ।

ਮੁੰਡਾ 1

ਸਾਨੂੰ ਵੀ ਇਹ ਸੱਠ ਦਿਨ ਤਦ ਹੁੰਦੀ ਵਿਹਲ,
ਹੁੰਦੀ ਵਿਚ ਸਕੂਲ ਦੇ ਬਰਸਾਤ ਤਾਤੀਲ ।

ਬਾਬਾ ਬੋਹੜ

ਗੱਲਾਂ ਸਭ ਤੁਹਾਡੀਆਂ ਮੈਂ ਸੁਣੀਆਂ, ਭਾਈ ।
ਠੀਕ ਸ਼ਕਾਇਤ ਤੁਸਾਂ ਦੇ ਬੁਲ੍ਹਾਂ ਤੇ ਆਈ ।
ਸਭ ਨੇ ਏਸ ਜਹਾਨ ਵਿਚ ਹੈ ਤਾਣ ਉਠਾਈ
ਕਿਸੇ ਵੀ ਆਪਣੇ ਲਾਭ ਦੀ ਨਹੀਂ ਗੱਲ ਜਤਾਈ ।
ਸੁਣ ਲਓ ਕਾਕਾ ਧਿਆਨ ਨਾਲ, ਮੇਰੀ ਅਗਵਾਹੀ ।
ਦੁਨੀਆਂ ਵਿਚ ਕਸੂਰ ਹਮੇਸ਼ਾ ਦੂਜੇ ਦਾ ਹੀ ।
ਦੁੱਧ ਘਿਓ ਇਸ ਦੇਸ ਵਿਚ ਬਹੁਤੇਰਾ ਭਾਈ,
ਪੜ੍ਹਨ ਪੜ੍ਹਾਵਨ ਵਿਚ ਹੀ ਤੁਹਾਡੀ ਭਲਿਆਈ ।
ਨਹਿਰਾਂ ਰੇਲਾਂ ਦੇਸ ਦੀ ਕਾਇਆ ਪਲਟਾਈ ।
ਨਹੀਂ ਕਸੂਰ ਅੰਗਰੇਜ਼ ਦਾ ਇਸ ਵਿਚ ਸਾਰਾ ਹੀ,
ਮਰਦਾਂ ਵਾਲੀ ਰੀਤ ਜੇ ਇਸ ਦੇਸ ਭੁਲਾਈ,

ਮੁੰਡਾ 1

ਦੱਸ ਓਇ ਬਾਬਾ, ਦੱਸ ਤਾਂ ਮਰਦਾਂ ਦੀ ਰੀਤ,
ਤੇਰੀ ਬਾਬਾ, ਅਸਾਂ ਨੂੰ ਪੂਰੀ ਪਰਤੀਤ ।

ਬਾਬਾ ਬੋਹੜ

ਅੱਛਾ, ਮੈਥੋਂ ਸੁਣ ਲਓ ਜੋ ਦੇਖੀ ਭਾਲੀ,
ਪਹਿਲੋਂ ਸੁਣ ਲਓ ਕਥਾ ਆਪਣੇ ਵੱਡਿਆਂ ਵਾਲੀ
ਆਪੇ ਜਾਓ ਸਮਝ ਤੁਸੀਂ ਕਿਸ ਗੱਲੋਂ ਖਾਲੀ ।

ਮੁੰਡਾ 2

ਹਾਂ, ਬਈ ਬਾਬਾ, ਸੱਚ ਹੈ ਸਾਡਾ ਇਤਿਹਾਸ
ਠੀਕ ਪਿਆ ਹੈ ਜੋੜਿਆ ਤੇਰੇ ਹੀ ਪਾਸ ।
ਇਸ ਤੋਂ ਆਊ ਸਮਝ ਕਿਵੇਂ ਹੋ ਸਕੇ ਖੁਲਾਸ
ਸਾਡੀ ਸਾਨੂੰ ਘੇਰਿਆ ਹੈ ਦੁਖ ਗਰਭਾਸ ।

ਬਾਬਾ ਬੋਹੜ

ਮੇਰੀ ਉਮਰ ਜਵਾਨ ਸੀ ਜਿਉਂ ਧੁੱਪ ਕੜਾਕੇ,
ਸਰਸੇ ਤੇ ਸਰਹੰਦ ਦੇ ਜਦ ਹੋਏ ਸਾਕੇ
ਦੱਸਿਆ ਗੁਰੂ ਗੋਬਿੰਦ ਸਿੰਘ ਨੇ ਖੜਗ ਉਠਾ ਕੇ,
ਮਰਦਾਂ ਦੀ ਹੈ ਰੀਤ ਮਾਲ, ਧਨ, ਬੰਸ ਗੁਆ ਕੇ,
ਬੈਠ ਨਹੀਂ ਜਾਂਦੇ ਕਦੀ ਉਹ ਢੇਰੀ ਢਾ ਕੇ ।
ਮੇਰੇ ਪਾਸ ਗੁਰ ਸੂਰਮਾ ਅਟਕਿਆਂ ਸੀ ਆਕੇ,
ਗੁੱਜਰਵਾਲੋਂ ਚੱਲ ਕੇ ਜਾਣਾ ਸੀ ਦਾਖੇ ।
ਪਾਣੀ ਪਿਆਇਆ ਉਸ ਨੂੰ ਮੂੰਹ ਹੱਥ ਧੁਆ ਕੇ,
ਆ ਰਹੇ ਜਟਾਂ ਮਲਵਈ ਸਨ ਚਹੁੰ ਤਰਫ਼ੋਂ ਧਾ ਕੇ,
ਲਸ਼ਕਰ ਉਸ ਨੂੰ ਦੇਣ ਨੂੰ ਇਕ ਨਵਾਂ ਬਣਾ ਕੇ,
ਜੇ ਇਕ ਲਸ਼ਕਰ, ਪਿਤਾ, ਚਾਰ ਪੁੱਤ, ਬੀਬੇ ਕਾਕੇ,
ਆਜ਼ਾਦੀ ਦੀ ਜੰਗ ਵਿਚ ਆਇਆ ਮਰਵਾ ਕੇ ।
ਸੁਣ ਕੇ ਸਦ ਮਾਹੀ ਦੀ ਮੱਝੀਂ ਪੂਛ ਉਠਾ ਕੇ,
ਆਉਣ ਮਾਰ ਦੜੰਗੇ, ਪਾਣੀ ਘਾਹ ਭੁਲਾ ਕੇ ।
ਮੇਰੇ ਹੇਠਾਂ ਲੱਥਾਂ ਸੀ ਉਹ ਸੂਰਾ ਆ ਕੇ ।
ਪਹੁੰਚਾ ਬੀਰ ਸੁਨੇਹੜਾ ਉਹ ਘਰ ਘਰ ਜਾ ਕੇ ।
ਲਲਤੋਂ ਬਦੋਵਾਲ ਦੇ ਇਹ ਜੱਟ ਲੜਾਕੇ,
ਆ ਗਏ ਹਲ ਛਡ ਕੇ ਤੇ ਕੇਸੀਂ ਨ੍ਹਾ ਕੇ ।
ਵੀਹ ਪੰਝੀ ਤੋਂ ਹੋ ਗਏ ਹੁਣ ਕਈ ਦਹਾਕੇ ।
(ਜੱਟ ਦਾ ਮਤਲਬ ਇਸ ਵਾਰ ਵਿਚ ਸਾਰੇ ਕਿਸਾਨ ਨੇ, ਜਿਵੇਂ ਪੰਜਾਬ ਵਿਚ ਰਾਜਪੂਤ, ਜੱਟ, ਅਰਾਈਂ, ਸੈਣੀ, ਗੁਜਰ, ਕੰਬੋ, ਸਭ ਖੇਤੀ ਕਰਨ ਵਾਲੇ ਆਪਣੇ ਆਪ ਨੂੰ ਜੱਟ ਆਖਦੇ ਹਨ)

ਮੁੰਡਾ 1

ਸਾਡੇ ਪਿਛੋਂ ਵੀ ਕਈ ਗਏ ਉਸ ਦੇ ਨਾਲ,
ਅਸੀਂ ਵੀ ਇਕ ਸ਼ਹੀਦ ਦੀ ਹਾਂ ਬਾਬਾ ਆਲ ।

ਬਾਬਾ ਬੋਹੜ

ਤੁਹਾਡੇ ਵਡੇ ਵੀ ਕਦੀ ਹੋਏ ਸਨ ਸੂਰੇ,
ਗਏ ਗਰੂ ਦੇ ਕੋਲ ਇਕ ਦੂਜੇ ਦੇ ਮੂਹਰੇ ।
ਕਈ ਛੱਡੇ ਹੋਣਗੇ ਕੋਈ ਕੰਮ ਅਧੂਰੇ ।
ਇਸ ਦੁਨੀਆਂ ਦੇ ਕੰਮ ਕਦੇ ਨਹੀਂ ਹੁੰਦੇ ਪੂਰੇ ।
ਸੂਰੇ ਕਰ ਕੁਰਬਾਨੀਆਂ ਕਦੀ ਵੀ ਨਹੀਂ ਝੂਰੇ ।

ਮੁੰਡਾ 2

ਬਾਬਾ, ਹੋਰ ਵੀ ਦੱਸ ਤਾਂ ਕੋਈ ਗੱਲ ਗੁਰਾਂ ਦੀ ।
ਤੂੰ ਹੈਾ ਖਰਾਂ ਸਿਆਣਾ ਤੈਨੂੰ ਖ਼ਬਰ ਧੁਰਾ ਦੀ ।
ਸਾਡੀਆਂ ਪੋਥੀਆਂ ਵਿਚ ਤਾਂ ਕੋਈ ਨਹੀਂ ਆਂਦੀ
ਗੱਲ ਇਹੋ ਜਿਹੀ ਜੰਗ ਦੀ, ਸੂਰੇ ਜੱਟਾਂ ਦੀ ।
ਸਾਡੀ ਤਾਂ ਪੁਸਤਕ ਕੇਵਲ ਏਹੋ ਗੱਲ ਸੁਣਾਂਦੀ,
ਇਕ ਰਾਜੇ ਨੇ ਦੂਸਰੇ ਨੂੰ ਕੀਤਾ ਪਾਂਧੀ ।

ਬਾਬਾ ਬੋਹੜ

ਬਹੁਤ ਨਹੀਂ ਸੀ ਅਟਕਿਆ ਉਹ ਸਤਿਗੁਰ ਸੂਰਾ
ਬੈਠਾ ਦੋ ਤਿੰਨ ਘੜੀ ਵਛਾ ਕੇ ਹੇਠਾਂ ਭੂਰਾ ।
ਮਾਈਆਂ ਆਈਆਂ ਲੈਣ ਨੂੰ ਚਰਨਾਂ ਦਾ ਧੂੜਾ ।
ਉਸ ਨੇ ਕਿਹਾ ਲਲਕਾਰ ਕੇ ਉਹ ਆਗੂ ਕੂੜਾ,
ਜਿਸ ਦਾ ਸਿਖ ਸਵੈਮਾਨ ਵਿਚ ਰਹਿ ਜਾਏ ਅਧੂਰਾ ।
ਨਹੀਂ ਘੁਟਾਏ ਚਰਨ ਓਸ ਉਹ ਸਤਿਗੁਰ ਪੂਰਾ ।

ਮੁੰਡਾ 3

ਕਿਧਰ ਨੂੰ ਗਿਆ ਸਤਿਗੁਰੂ ਦੱਸ ਬਾਬਾ ਫੇਰ ।
ਇਸ ਕਥਾ ਨੂੰ ਸੁਣਦਿਆਂ ਜੋਸ਼ ਆਵੇ ਢੇਰ ।
ਕਿਵੇਂ ਲੜੇ ਸਨ ਮੁਗਲ ਨਾਲ ਪੰਜਾਬੀ ਸ਼ੇਰ!

ਬਾਬਾ ਬੋਹੜ

ਮੈਂ ਨਹੀਂ ਉਸ ਦੇ, ਬੀਬਿਓ, ਗਿਆ ਪਿਛੇ ਚੱਲ ।
ਏਥੋਂ ਉਹ ਸਿਧਾਰਿਆ ਸੀ ਦਾਖੇ ਵੱਲ ।
ਓਥੋਂ ਲੈ ਕੇ ਸਿੰਘ ਹੋਰ, ਸੇਖੋਂ ਤੇ ਬੱਲ,
ਵੱਧ ਗਿਆ ਜੰਗਲ ਵਲ ਜਿਉਂ ਦਰਿਆ ਦੀ ਝੱਲ ।
ਕਿਸੇ ਨਾ ਪਾਈ ਉਸ ਨੂੰ ਆ ਅੱਗੋਂ ਠੱਲ,
ਵਿਚ ਬਰਾੜਾਂ ਜਾ ਰਿਹਾ, ਜੋਧੇ ਪਰਬਲ ।
ਖਿਦਰਾਣੇ ਤੇ ਆ ਮਿਲੇ ਉਹ ਸਿੰਘ ਮਝਿਆਲ,
ਜਿਨ੍ਹਾਂ ਆਨੰਦਪੁਰ ਖੋਈ ਸੀ ਭੱਲ ।
ਪਰ ਕੀ ਵਧਾਣੀ, ਕਾਕਾ, ਨਾ ਜੋ ਦੇਖੀ ਗੱਲ ।

ਮੁੰਡਾ 4

ਸੱਚੀ ਹੁੰਦੀ ਗੱਲ ਵੀ ਹੈ ਸੁਣੀ ਸੁਣਾਈ,
ਤੇਰੇ ਵਰਗੇ ਸਿਆਣਿਆਂ ਦੀ ਕੰਨੀ ਪਾਈ ।
ਜਚ ਜਾਂਦੀ ਹੈ ਗੱਲ ਵਿਚ ਜੇ ਹੋਇੰ ਸਚਾਈ ।

ਬਾਬਾ ਬੋਹੜ

ਜਿਥੋਂ ਤਾਈਂ ਦੇਖੀ ਓਥੇ ਗੱਲ ਮੁਕਾਈ,
ਸੋਚੀ ਤੇ ਵਿਚਾਰੀ ਮੇਰੀ ਸਮਝ ਜੋ ਆਈ ।
ਝਗੜੇ ਛੱਡ ਕੇ ਮਜ਼ਹਬੀ ਜੇ ਦੇਖੋ ਭਾਈ,
ਰਾਜਿਆਂ ਤੇ ਰਿਸਾਨਾਂ ਦੀ ਸੀ ਇਚ ਲੜਾਈ ।

ਮੁੰਡਾ 1

ਏਦੂੰ ਪਿਛਲੀ, ਬਾਬਿਆ, ਕੋਈ ਹੋਰ ਸੁਣਾ ।
ਤੂੰ ਤਾਂ ਦੇਖੇ ਬਹੁਤ ਹਨ ਉਤਰਾਅ ਚੜ੍ਹਾ ।
ਸਾਡਾ ਜ਼ਿਲ੍ਹਾ ਹੈ ਮੁੱਢ ਤੋਂ ਫ਼ੌਜ਼ਾਂ ਦਾ ਰਾਹ,
ਜਾਵਣ ਜਦੋਂ ਲਾਹੌਰ ਤੋਂ ਦਿੱਲੀ ਨੂੰ ਧਾ,
ਆਉਂਦੀ ਸਾਡੇ ਨੱਗਰਾਂ ਤੇ ਤਦੋਂ ਬਲਾ ।
ਹੁਣ ਜੇ ਹੋਵੇ ਇਸ ਤਰ੍ਹਾਂ ਜਾਈਏ ਘਬਰਾ ।
ਮੱਝਾਂ ਜਿਹਾ ਵੱਡਿਆਂ ਦਾ ਹੈ ਸੀ ਜਿਗਰਾ ।

ਬਾਬਾ ਬੋਹੜ

ਠੀਕ ਹੈ, ਭਾਈ, ਠੀਕ ਹੈ, ਬਹੁ ਘਲੂਘਾਰੇ
ਏਸ ਦੇਸ ਵਿਚ ਹੋਏ ਹਨ, ਇਸ ਦੇਸ ਸਹਾਰੇ ।
ਜਿਤ ਆਸਣ ਹਮ ਬੈਠੇ, ਕਈ ਬੈਠ ਪਧਾਰੇ ।
ਕਹਿੰਦੇ ਪਹਿਲਾ ਆਰੀਆ ਸਤਲੁਜ ਕਿਨਾਰੇ ।
ਆ ਟਿਕੇ ਸਨ ਚੈਨ ਦੇ ਕੁਝ ਦਿਵਸ ਗੁਜਾਰੇ ।
ਏਸ ਦੇਸ ਵਿਚ ਬ੍ਰਹਮਰਿਸ਼ੀਆਂ ਨੇ ਵੇਦ ਉਚਾਰੇ ।
ਕਹਿੰਦੇ ਹਨ ਅਸਕੰਦਰ ਜਿਸ ਨੇ ਰਾਜੇ ਸਾਰੇ,
ਦੇਸ ਅਤੇ ਪਰਦੇਸ ਦੇ ਸਨ, ਮਾਰ ਬਿਡਾਰੇ,
ਉਸ ਦੀ ਫੌਜ ਦੀ ਹੌਸਲੇ ਇਥੇ ਆ ਹਾਰ ।
ਮੇਰੀਆਂ ਅੱਖਾਂ ਡਿਠੇ ਹੋਏ ਪਰ ਜੋ ਕਾਰੇ,
ਉਹੀ ਸੁਣਾਵਾਂ ਤੁਸਾਂ ਨੂੰ ਜੋ ਆਪ ਨਿਹਾਰੇ ।

ਮੁੰਡਾ 1

ਹਾਂ, ਬਾਬਾ ਓਹੋ ਹੀ ਅਸੀਂ ਵੀ ਸੁਣਨੇ ਚਾਂਹਦੇ
ਹਾਲ ਜੋ ਤੇਰੇ ਸਾਹਮਣੇ ਬੀਤੇ ਵੱਡਿਆਂ ਦੇ ।
ਕਿਵੇਂ ਸਾਡੇ ਪਿਤਰ ਸਨ ਰਣ ਭੂਮ 'ਚ ਜਾਂਦੇ,
ਮਰਦੇ ਦਸ ਦਸ ਮਾਰ ਖਾ ਕੇ, ਹੱਸ ਹੱਸ ਘਾਉ ਖਾਂਦੇ,
ਵੈਰੀ ਵੀ ਮੰਨ ਜਾਂਵਦੇ ਉਹ ਹੱਥ ਦਿਖਾਂਦੇ ।
ਦੱਸ ਸਾਨੂੰ ਹਾਲ ਕੁਝ ਹੋਰ ਸੂਰਮਿਆਂ ਦੇ ।

ਬਾਬਾ ਬੋਹੜ

ਏਦੂੰ ਬਾਦ ਹੁਣ ਬਾਜ ਸਿੰਘ ਦੀ ਸੁਣੋ ਕਹਾਣੀ ।
ਅੰਮਿ੍ਤਸਰ ਦੇ ਜਿਲ੍ਹੇ 'ਚ ਨਗਰੀ ਬਹੁਤ ਪੁਰਾਣੀ,
ਆਖਣ ਪੱਟੀ ਮੀਰਾਪੁਰ, ਬੱਲਾਂ ਦੀ ਖਾਣੀ ।
ਜਣਿਆਂ ਜਿਸ ਨੇ ਸੂਰਮਾ ਉਹ ਧੰਨ ਸਵਾਣੀ ।
ਪਹਿਲਾ ਜੱਟ ਪੰਜਾਬੀ ਜਿਸ ਨੇ ਸ਼ਾਹੀ ਮਾਣੀ ।
ਉਮਰ ਸਤਾਈ ਸਾਲ ਦੀ ਉਹ ਸਿਖਰ ਜਵਾਨੀ,
ਪਿੰਡੋਂ ਲੈ ਕੇ ਟੁਰ ਪਿਆ ਵੀਰਾਂ ਦੀ ਢਾਣੀ,
ਸ਼ਾਹੀ ਆਲਮਗੀਰ ਦੀ ਉਲਟਣ ਦੀ ਠਾਣੀ ।
ਬੱਚੇ ਗੋਬਿੰਦ ਸਿੰਘ ਦੇ ਜੋ ਉਮਰ ਅਞਾਣੀ,
ਚਿਣੇ ਗਏ ਦੀਵਾਰ ਵਿਚ ਰੱਖ ਸਿਦਕ ਰੁਹਾਨੀ ।
ਬਦਲਾ ਲੈਣਾ, ਕਰ ਦੇਣੀ ਸਰਹਿੰਦ ਨਿਮਾਨੀ ।

ਮੁੰਡਾ 2

ਸਾਡੇ ਪਿੰਡ ਪਮਾਲ ਦੀ ਓਹੋ ਹੀ ਆਣ,
ਬਾਜ ਸਿੰਘ ਦੀ ਜੋ ਸੀ, ਸਭ ਬੱਲ ਸਦਾਣ ।
ਦੱਸਣ ਸਾਡੇ ਪਿੰਡ ਦੇ ਸਿਆਣੇ ਗੁਣਵਾਨ,
ਕਿਵੇਂ ਬਾਜ ਸਿੰਘ ਸੂਰਮਾ ਲੱਥਾਂ ਸੀ ਆਨ
ਸਾਡੇ ਵੱਡੇ ਖੂਹ 'ਤੇ ਕੋਈ ਦੋ ਸੌ ਜਵਾਨ
ਨਾਲ ਆਇਆ ਸੀ ਮਾਝਿਉਂ, ਜੋਧਾ ਬਲਵਾਨ ।

ਬਾਬਾ ਬੋਹੜ

ਖੂਹ ਤੁਹਾਡੇ ਤੋਂ ਉਠ ਕੇ ਉਸ ਡੇਰਾ ਲਾਇਆ
ਆ ਕੇ ਮੇਰੀ ਛਾਉਂ ਹੇਠ, ਮੈਨੂੰ ਵਡਿਆਇਆ ।
ਇਹਨਾਂ ਵੀਹਾਂ ਪਿੰਡਾਂ ਵਿਚ ਹੋਕਾ ਫਿਰਵਾਇਆ,
ਆਓ ਜਿਸ ਨੇ ਚੱਲਣਾ, ਹੈ ਗੁਰਾਂ ਬੁਲਾਇਆ,
ਦੱਖਣ ਵਿਚੋਂ ਚਲ ਕੇ ਇਕ ਸੂਰਾ ਆਇਆ
ਸਤਿਗੁਰੂ ਦਾ ਭੇਜਿਆ, ਦੇ ਵਰ ਵਰਸਾਇਆ ।
ਬੰਦਾ ਗੋਬਿੰਦ ਸਿੰਘ ਦਾ, ਉਸ ਬੀੜਾ ਚਾਇਆ,
ਚੁਕ ਦੇਣਾ ਹੈ ਦੇਸ ਤੋਂ ਜ਼ਾਲਮ ਦਾ ਸਾਇਆ,
ਵਡੇ ਵਡੇ ਸਿੰਘਾਂ ਦੇ ਨਾਉਂ ਹੁਕਮ ਲਿਆਇਆ
ਮੜੀ ਮਸਾਣੀ ਢਾਹ ਕੇ ਕਰ ਦਿਉ ਸਫ਼ਾਇਆ ।

ਮੁੰਡਾ 3

ਤੇਰੇ ਹੇਠਾਂ ਆਣ ਕੇ ਬੈਠਾਂ ਸੀ ਉਹ ਸ਼ੇਰ?
ਤੂੰ ਤਾਂ ਡਾਢੀ ਕਿਸਮਤ ਵਾਲਾ, ਬਾਬਾ ਫੇਰ ।
ਅਸਾਂ ਨਾ ਕੋਈ ਦੇਖਿਆ ਇਸ ਦੇਸ ਦਲੇਰ,
ਜਿਹੜਾ ਕਿਸਮਤ ਬਦ ਦਾ ਮੂੰਹ ਦੇਵੇ ਫੇਰ ।

ਬਾਬਾ ਬੋਹੜ

ਸਤਿਗੁਰੂ ਗੋਬਿੰਦ ਸਿੰਘ ਦਾ ਰੱਖਿਆ ਸੀ ਬਾਜ਼,
ਸੁਣਿਆ ਹੋਊ, ਕਾਕਿਓ,ਬਾਜ਼ਾਂ ਸਿਰਤਾਜ ।
ਮੈਨੂੰ ਜਾਪੇ ਇਹ ਸੀ ਓਹੋ ਹੀ ਬਾਜ਼,
ਪਤਲਾ ਜਿਹਾ ਸਰੀਰ ਸੀ, ਭਾਰੀ ਆਵਾਜ਼,
ਪੁਤਰ ਸੀ ਕਿਰਸਾਣ ਦਾ, ਜਾਪੇ ਯੁਵਰਾਜ,
ਹਰ ਗੱਲ ਵਿਚ ਸੀ ਉਸ ਦਾ ਇਕ ਅਜਬ ਅੰਦਾਜ਼,
ਕਰ ਲੈ, ਆਖ ਜ਼ਾਲਮਾਂ, ਚੱਲਣ ਦਾ ਸਾਜ਼ ।

ਮੁੰਡਾ 4

ਸਾਡੇ ਪਿੰਡਾਂ ਅੰਦਰੋਂ ਕਿੰਨੇ ਕੁਝ ਜਵਾਨ
ਮਿਲ ਗਏ ਉਸਦੇ ਨਾਲ ਸਨ ਕਰ ਸਸਤੀ ਜਾਨ?
ਵਡਿਆਂ ਦੇ ਸਨ ਹੌਸਲੇ ਚੜ੍ਹਦੇ ਅਸਮਾਨ ।
ਹੁਣ ਤਾਂ ਸਾਡੇ ਪਿੰਡ ਨੂੰ ਜੇ ਮਾਰੋ ਛਾਣ,
ਨਹੀਂ ਲੱਭੇਗਾ ਸੂਰਮਾ ਜਿਸ ਦੇ ਵਿਚ ਤਾਣ
ਖ਼ਾਤਿਰ ਦੇਸ ਅਤੇ ਕੌਮ ਦੀ ਕੱਢੇ ਕਿਰਪਾਨ ।

ਮੁੰਡਾ 1

ਵਿਚ ਸਾਡੇ ਦੇਸ ਦੇ ਨਾ ਦਿੱਸਣ ਸੂਰੇ,
ਕਿਉਂ ਨਾ ਦੇਸ ਬੀਤਿਆਂ ਸਮਿਆਂ ਨੂੰ ਫੇਰ ਝੂਰੇ?

ਬਾਬਾ ਬੋਹੜ

ਤੁਹਾਡੇ ਵਡੇ ਨਹੀਂ ਸਨ ਕੋਈ ਕਾਇਰ ਕੀਰ,
ਜ਼ੁਲਮ ਅਗੇ ਸਨ ਜਾਣਦੇ ਪਕੜਨ ਸ਼ਮਸ਼ੀਰ ।
ਚੱਲ ਪਏ ਸਨ ਬਾਜ਼ ਨਾਲ ਉਹ ਬੰਨ ਵਹੀਰ ।
ਵੀਹ ਆਏ ਸਨ ਮੋਹੀਉਂ, ਵੀਹ ਰੁੜਕਿਉਂ ਬੀਰ ।
ਏਥੋਂ ਓਥੋਂ ਆ ਗਏ ਜਿਉਂ ਮੀਂਹ ਦਾ ਨੀਰ ।
ਲਗ ਗਈ ਪਿਛੇ ਬਾਜ਼ ਦੇ ਇਕ ਫ਼ੌਜ ਕਸੀਰ ।
ਹੋਈਆਂ ਤੁਹਾਡੀਆਂ ਮਾਈਆਂ ਸਨ ਕੁਝ ਦਿਲਗੀਰ,
ਪਰ ਲੈਂਦੀਆਂ ਸਨ ਬੰਨ੍ਹ ਉਹ ਛੇਤੀ ਹੀ ਧੀਰ ।
ਤੁਰ ਪਿਆ ਦਲ ਸਰਹਿੰਦ ਵੱਲ ਮੰਜ਼ਿਲਾਂ ਨੂੰ ਚੀਰ ।
ਆਲੀ ਮਾਲੀ ਸਿੰਘ ਵੀ ਦੋ ਬਾਕੇ ਵੀਰ,
ਲਿਆਏ ਫ਼ੌਜ ਪੁਆਧ ਚੋਂ, ਆ ਪਈ ਸੀਰ ।
ਆਏ ਰਾਮ, ਤਿਲੋਕ ਸਿੰਘ, ਸਿੱਧੂਆਂ ਦੇ ਮੀਰ ।
ਲੰਘ ਗਏ ਸਰਹਿੰਦ ਨੂੰ ਘੁਟ ਦਿਲ ਦੀ ਪੀੜ,
ਮਿਲ ਗਏ ਬੰਦੇ ਨਾਲ ਜਾ ਦਿਲੀ ਦੀ ਨੇੜ ।

ਮੁੰਡਾ 1

ਬੰਦੇ ਦੀ ਵੀ, ਬਾਬਿਆ, ਕੋਈ ਗੱਲ ਸੁਣਾ,
ਦਿੱਤੀ ਜਿਉਂ ਸਰਹਿੰਦ ਇੱਟ ਨਾਲ ਇੱਟ ਵਜਾ,
ਲੁਟਿਆ ਕਿਵੇਂ ਸਹਾਰਨਪੁਰ ਤੇ ਸਾਢੌਰਾ ।
ਨਾਉਂ ਬਾਬੇ ਬੰਦੇ ਦਾ ਦੇਂਦਾ ਜੋਸ਼ ਚੜ੍ਹਾ ।

ਬਾਬਾ ਬੋਹੜ

ਮੈਨੂੰ ਬੀਬਾ, ਪਤਾ ਨਹੀਂ ਕਿਸ ਲੁਟੇ ਸ਼ਹਿਰ ।
ਮੈਨੂੰ ਇਹਨਾਂ ਗੱਲਾਂ ਵਿਚ ਨਾ ਆਉਂਦੀ ਲਹਰ ।
ਜ਼ਹਰ ਨੂੰ ਮਾਰਨ ਲਈ ਵਰਤਣੀ ਪੈਂਦੀ ਜ਼ਹਰ,
ਕਹਰ ਦਾ ਬਦਲਾ ਲੈਣ ਨੂੰ ਆ ਜਾਂਦਾ ਕਹਰ ।
ਏਹੋਂ ਗੀਤ ਨਿਭਾਂਵਦਾ ਬੰਦਿਆਂ ਦਾ ਦਹਰ,
ਪਰ ਬਿਰਛਾਂ ਦੇ ਕਾਵਿ ਦੀ ਕੁਝ ਹੋਰ ਹੈ ਬਹਰ ।

ਮੁੰਡਾ 1

ਅੱਛਾ, ਤੂੰ ਹੀ ਦੱਸ, ਜਿਸ ਤਰ੍ਹਾਂ ਤੈਨੂੰ ਭਾਵੇਂ ।
ਅਸੀਂ ਅੰਞਾਣੇ, ਬਹੁਤ ਵਾਰ ਗਲਤੀ ਹੋ ਜਾਵੇ ।
ਅਸਾਂ ਨਾਦਾਨਾਂ ਕੋਲੋਂ, ਐਪਰ ਤੁਧ ਜਿਹੇ ਬਾਵੇ
ਕਰ ਦੇਂਦੇ ਹਨ ਮੁਆਫ਼ ਬਿਠਾ ਕੇ ਠੰਢੀ ਛਾਵੇਂ ।

ਬਾਬਾ ਬੋਹੜ

ਹਾਂ, ਜੇ ਮੈਥੋਂ ਸੁਣਨੀ ਹੈ ਤਾਂ ਸੁਣ ਲਓ, ਲਾਲ
ਔਰੰਗਜ਼ੇਬ ਨੂੰ ਗੁਜ਼ਰਿਆਂ ਹੋਏ ਸਨ ਸਾਲ
ਤਿੰਨ ਚਾਰ ਕੁਲ, ਕਿਸੇ ਦੇ ਵਿਚ ਖ਼ਾਬ ਖ਼ਿਆਲ,
ਕਦੀ ਨਹੀਂ ਸੀ ਆਈ ਜਾਪੇ ਗੱਲ ਮੁਹਾਲ,
ਚਹੁੰ ਬਰਸਾਂ ਵਿਚ ਦਿੱਲੀ ਤੇ ਲਾਹੌਰ ਵਿਚਾਲ
ਵਸਦੇ ਜੱਟ ਇਹ ਮੂੜ ਜਿਹੇ ਜਿਨ੍ਹਾਂ ਨੂੰ ਸਾਰ
ਕੀ ਹੋ ਸਕਦੀ ਹੈ ਸ਼ਕਤੀ ਕੇਡੀ ਵਿਕਰਾਲ
ਹੁੰਦੀ ਲੋਕਾਂ ਵਿਚ ਜੇ ਟੁਟ ਜਾਵੇ ਜਾਲ
ਭਰਮ ਅਤੇ ਅਗਿਆਨ ਦਾ ਹੈ ਜਿਸ ਦੇ ਨਾਲ
ਫਾਥਾ ਰਾਜਿਆਂ ਰਾਣਿਆਂ, ਪਾਖੰਡ ਪਲਾਲ
ਜਿਸ ਤੇ ਪੰਡਿਤ ਮੌਲਵੀ ਪਾ ਦੇਂਦੇ ਪਾਲ
ਧਰਮ ਅਤੇ ਈਮਾਨ ਦਾ, ਲੁੱਟਣ ਦੀ ਚਾਲ,
ਇਹਨਾਂ ਜੱਟਾਂ ਆਪਣੇ ਪਿੰਡਾਂ ਤੋਂ ਬਾਹਰ
ਪਤਾ ਨਹੀਂ ਸੀ ਜੱਗ ਦਾ, ਜੋ ਹਾੜ੍ਹ ਸਿਆਲ
ਹਲ ਵਾਂਹਦੇ, ਖੂਹ ਜੋੜਦੇ ਤੇ ਮਝੀਂਵਾਲ,
ਇਹਨਾਂ ਜੱਟਾਂ ਉਠ ਕੇ ਦਿੱਲੀ ਦੇ ਨਾਲ
ਲਗਦਾ ਸੂਬਾ ਖੋਹ ਲਿਆ, ਸਰਹਿੰਦ ਵਿਸ਼ਾਲ ।
ਹੈ ਲੋਕਾਂ ਵਿਚ, ਬੱਚਿਓ, ਸ਼ਕਤੀ ਵਿਕਰਾਲ
ਜੇ ਤੋੜਨ ਅਗਿਆਨ ਤੇ ਭਰਮਾਂ ਦੇ ਜਾਲ!

ਮੁੰਡਾ 2

ਜੇਕਰ, ਬਾਬਾ ਦੇਖਿਆ ਤੁਧ ਬੰਦਾ ਜਵਾਨ,
ਸਾਨੂੰ ਉਸਦਾ ਰੰਗ ਢੰਗ ਕੁਝ ਕਰੀ ਬਿਆਨ ।

ਬਾਬਾ ਬੋਹੜ

ਅੱਠ ਦਸ ਵਰ੍ਹਿਆਂ, ਬੀਬਿਆ ਇਸ ਦੇਸ ਮਝਾਰ
ਫਿਰਿਆ ਬੰਦਾ ਧਾੜਦਾ ਸ਼ੇਰਾਂ ਦੇ ਹਾਲ ।
ਅੰਮਿ੍ਤਸਰ ਤੋਂ ਉੱਤਰੋਂ ਦੱਖਣ ਕਰਨਾਲ
ਹਾਕਮ ਹੋਏ ਦੇਸ ਦੇ ਸਿੰਘ ਸਾਂਝੀਵਾਲ ।
ਹਿੰਦੂ ਮੁਸਲਮਾਨ ਜੱਟ ਮਿਲ ਗਏ ਸਨ ਨਾਲ ।
ਜੱਟ ਜੱਟਾਂ ਦੇ ਹੋ ਜਾਣ ਕਰ ਟਾਲਮ ਟਾਲ,
ਹਿੰਦੂ ਮੁਸਲਮਾਨ ਦਾ ਛੱਡ ਦੇਣ ਖ਼ਿਆਲ ।
ਮੁਗਲਾਂ ਰਾਜਿਆਂ ਨਾਲ ਕੀ ਉਹਨਾਂ ਦੀ ਭਿਆਲ ।
ਬੰਦਾ ਛੋਹਲਾ ਜਿਸਮ ਦਾ, ਗੋਰੇ ਤੇ ਲਾਲ
ਚਿਹਰੇ ਉਤੋ ਟਪਕਦਾ ਸੀ ਜਾਹ ਜਲਾਲ,
ਮੇਰੀ ਛਾਵੇਂ ਆਣ ਕੇ ਬੈਠਾ ਕਈ ਵਾਰ ।
ਲੋੜ ਪਈ ਤਾਂ ਲੈ ਗਿਆ ਜੱਟਾਂ ਦੀ ਧਾੜ,
ਮਾਝੇ ਅਤੇ ਮਾਲਵੇ ਵਿਚ ਪਾ ਭੁਚਾਲ ।
ਦੋ ਟੁਕ ਕੀਤਾ ਉਸ ਨੇ ਮੁਗਲਾਂ ਦਾ ਮਾਲ,
ਦਿਤੇ ਦਿੱਲੀ ਤੇ ਲਾਹੌਰ ਖਖੜੀ ਜਿਉਂ ਪਾੜ ।
ਜਿਸ ਕਰਕੇ ਕੁਝ ਖ਼ਾਲਸਾ ਹੋ ਗਿਆ ਬੇਤਾਲ ।
ਬਾਜ ਸਿੰਘ ਪਰ ਫੇਰ ਵੀ ਲੱਗਾ ਰਹਿਆ ਨਾਲ ।
ਮੁਗਲਾਂ ਦਾ ਜਦ ਪੈ ਗਿਆ ਫਿਰ ਜ਼ੋਰ ਅਪਾਰ,
ਮਰ ਗਏ ਸ਼ੇਰਾਂ ਵਾਕਰਾਂ ਨਹੀਂ ਮੰਨੀ ਹਾਰ ।

ਮੁੰਡਾ 1

ਸਮਝੇ ਬਾਬਾ, ਅਸੀਂ ਵੀ ਹੁਣ ਤੇਰੀ ਗੱਲ ।
ਵਿਚ ਕਿਰਸਾਣਾਂ ਵਸਦਾ, ਕਿਰਸਾਣਾ ਵੱਲ ।
ਤੇਰੀ ਬਹੁਤੀ ਹੈ ਰੁਚੀ ਹੁਣ ਤੇਰੀ ਭੱਲ
ਸਾਨੂੰ ਦਿਸਦੀ ਪਹਿਲਾਂ ਦੇ ਨਾਲੋਂ ਵੀ ਵੱਲ ।
ਛਾਂ ਹੀ ਨਹੀਂ ਦੇਵਦਾਂ ਤੂੰ ਇਹ ਠੰਢੀ ਠੱਲ,
ਦਿਲ ਵਿਚ ਸਾਡਾ ਦਰਦ ਹੈ ਤੇਰੇ ਹਰ ਪੱਲ ।

ਬਾਬਾ ਬੋਹੜ

ਸੁਣ ਲਓ ਏਦੂੰ ਪਿਛਲੀਆਂ ਦੁੱਖਾਂ ਦੀਆਂ ਸਾਰਾਂ ।
ਪਿਛੋ ਨਾਦਰ ਸ਼ਾਹ ਦੀਆਂ ਜਦ ਆਈਆਂ ਧਾੜਾਂ,
ਫਾਰਸ ਕਾਬਲ ਵਾਲੀਆਂ ਭੁੱਖੀਆਂ ਤਲਵਾਰਾਂ
ਕਿਵੇਂ ਦੇਸ ਤੇ ਬਰਸੀਆਂ, ਗੜ੍ਹੀਆਂ ਦੀਆਂ ਮਾਰਾਂ
ਜਿਵੇਂ ਗਾਉਣ ਪੈਲੀਆਂ, ਕਣਕਾਂ ਤੇ ਜੁਆਰਾਂ,
ਤਿਉਂ ਗਿਲਜ਼ਈਆਂ ਆਣ ਵਿਛਾਈਆਂ ਸਫ਼ਾਂ ਕਤਾਰਾਂ,
ਰਾਜਪੂਤ ਤੇ ਮੁਗਲ ਮਾਰ ਕੇ ਲੱਖ ਹਜ਼ਾਰਾਂ ।
ਏਸੇ ਦੇਸ ਦੇ ਭਗਤਾਂ ਨੇ ਮੁੜ ਦਿੱਤੀਆਂ ਹਾਰਾਂ ।

ਮੁੰਡਾ 2

ਨਾਦਰ ਸ਼ਾਹ ਦੀ ਗੱਲ ਵੀ ਹੈ ਬੜੀ ਸੁਆਦੀ,
ਵਿਚ ਕਿਤਾਬਾਂ ਪੜੀ ਹੈ ਕੁਝ ਅੱਧ ਪਚਾਧੀ ।
ਕਿਵੇਂ ਓਸ ਨੂੰ ਆਦਮੀ ਮਾਰਨ ਦੀ ਵਾਦੀ
ਲੈ ਆਈ ਸੀ ਹਿੰਦ ਵਿਚ, ਏਡਾ ਅਪਰਾਧੀ!

ਬਾਬਾ ਬੋਹੜ

ਜਾਣਾਂ ਨਾਦਰ ਸ਼ਾਹ ਨੂੰ ਮੈਂ ਤੈਥੋਂ ਵੱਧ ।
ਕੀ ਹੈ ਤੇਰੀ ਉਮਰ? ਨਹੀਂ ਤੀਹਾਂ ਦਾ ਅੱਧ ।
ਕੀਤਾ ਤੇਰੀ ਸੋਚ ਨੂੰ ਇਤਿਹਾਸਾਂ ਰੱਦ ।
ਨਾਦਰ ਸ਼ਾਹ ਕੋਈ ਨਹੀਂ ਸੀ ਬੇਸਮਝ ਬਦ ।
ਲੋਕੀਂ ਹੋਵਣ ਦੁਖੀ ਰਾਜ ਬੰਸਾਂ ਤੋਂ ਜਦ,
ਰਾਜੇ ਅਤੇ ਅਮੀਰ ਕਰਨ ਜਦ ਪਰਜਾ ਬਧ,
ਖਾਵਣ ਵਾੜਾਂ ਖੇਤ ਨੂੰ ਜਦ ਜਾਂਦੀਆਂ ਲੱਗ,
ਰਾਜੇ ਹੀ ਜਦ ਆਪਣਾ ਖੋ ਬੈਠਣ ਤੱਗ,
ਛੋਟੇ ਬੜੇ ਅਮੀਰ ਫੇਰ ਨਹੀਂ ਰਖਦੇ ਹਦ ।
ਓਦੋਂ ਲੋਕੀਂ ਚਾਹੁੰਦੇ ਕੋਈ ਦੇ ਉਲੱਦ
ਐਸੇ ਰਾਜ ਸਮਾਜ ਨੂੰ, ਨੇਕ ਹੋਵੇ ਬਦ ।
ਨਾਦਰ ਸ਼ਾਹ ਵੀ ਇਸ ਤਰ੍ਹਾਂ ਉਠਿਆ ਸੀ ਤਦ,
ਕੀਤੀ ਇਸ ਈਰਾਨ ਵਿਚ ਉਲੱਦ ਪੁਲੱਦ ।
ਕਾਬਲ ਦੇ ਵੀ ਲੋਕ ਮਿਲੇ ਉਸ ਤਾਈਂ ਵੱਧ ।
ਪਾਈ ਹਿੰਦੁਸਤਾਨ ਨੇ ਫਿਰ ਇਸ ਨੂੰ ਸੱਦ ।

ਮੁੰਡਾ 1

ਹਿੰਦੁਸਤਾਨ 'ਤੇ ਉਸ ਨੇ ਕਿਉਂ ਕਰੀ ਚੜ੍ਹਾਈ
ਕੀਤਾ ਦੁਖੀ ਜਹਾਨ ਨੂੰ, ਦੁਨੀਆਂ ਕੁਰਲਾਈ ।
ਫੌਜਾਂ ਦੀ ਤਾਂ ਗੱਲ ਨਹੀਂ, ਕਤਲਾਮ ਮਚਾਈ,
ਦਿੱਲੀ ਦੇ ਵਿਚ ਇਕ ਰੋਜ਼ ਲੱਖ ਜਿੰਦ ਮੁਕਾਈ ।
ਲੁੱਟ ਮਾਰ ਕੇ ਮੁਗਲ ਦੀ ਉਹ ਦਫ਼ਾ ਉਠਾਈ,
ਹੁਣ ਤੱਕ ਜਗ ਨੂੰ ਯਾਦ ਹੈ ਉਸ ਦੀ ਬੁਰਿਆਈ ।

ਬਾਬਾ ਬੋਹੜ

ਮੈਨੂੰ ਤਾਂ ਪਤਾ ਹੈ, ਸੁਨ, ਬੀਬਾ ਰਾਣਾ,
ਮਾਰਿਆ ਉਸ ਜਦ ਆਣ ਕੇ ਸੀ ਲੁਦਹਾਣਾ ।
ਕੀਤਾ ਸੀ ਦੋ ਤਿੰਨ ਦਿਨ ਉਸ ਸ਼ਹਿਰ ਠਕਾਣਾ ।
ਚੜਿ੍ਹਆ ਸੁਬਹ ਸ਼ਿਕਾਰ ਨੂੰ ਸੰਗ ਕੁਝ ਜਵਾਨਾਂ ।
ਦਾਖੇ ਈਸੇਵਾਲ ਦਾ ਜੋ ਢੱਕ ਪੁਰਾਣਾ,
ਓਥੋਂ ਤਾਈ ਲੈ ਗਿਆ ਇਕ ਰੋਜ਼ ਸਿਆਣਾ ।
ਮੁੜਿਆ ਸਿਖਰ ਦੁਪਹਰਿਉਂ ਹੋ ਕੇ ਜੀ-ਭਿਆਣਾ ।
ਬੱਦੋਵਾਲ ਦੀ ਸੜਕ 'ਤੇ ਸੀ ਉਸ ਦਾ ਖਾਣਾ ।
ਮੇਰੀ ਛਾਵੇਂ ਬੈਠ ਕੇ ਲਹਿ ਗਈਆਂ ਥਕਾਣਾਂ ।

ਮੁੰਡਾ 2

ਪੀਤਾ ਤੇਰੇ ਖੂਹ ਚੋਂ ਹੋਉ ਉਸ ਪਾਣੀ ।
ਧੰਨ, ਬਾਬਾ ਤੂੰ, ਧੰਨ ਹੈ ਤੇਰੀ ਜ਼ਿੰਦਗਾਨੀ ।

ਬਾਬਾ ਬੋਹੜ

ਓਦੋਂ ਉਸ ਨੂੰ ਦੇਖਿਆ, ਮੈਂ ਦਿੱਤੀ ਛਾਂਵ ।
ਧੁੱਪਾਂ ਪਾਲੇ ਝੱਲ ਕੇ, ਰੰਗ ਹੈ ਸੀ ਸ਼ਾਮ ।
ਜੱਟ ਸੀ ਪਹਿਲੇ ਤੋੜ ਦਾ, ਜੋਧਾ ਵਰਿਆਮ,
ਜੱਟੀ ਪੇਟੋਂ ਜੰਮਿਆਂ, ਪਲਿਆ ਵਿਚ ਗਾਮ ।
ਭੇਡਾਂ ਉਸ ਨੇ ਚਾਰੀਆਂ ਕਹਿੰਦੇ ਹਨ ਆਮ
ਭੇਡਾਂ ਵਾਕਰ ਕਰ ਲਏ ਸਨ ਉਸ ਨੇ ਰਾਮ,
ਕਾਬਲ ਅਤੇ ਈਰਾਨ ਦੇ ਸਰਦਾਰ ਤਮਾਮ ।
ਕਿਹੜਾ ਅੱਗੇ ਉਸਦੇ ਪਲ ਕਰੇ ਮੁਕਾਮ?
ਝਬ ਝਬ ਮੰਜ਼ਿਲਾਂ ਮਾਰੀਆਂ ਸੁਬਹ ਤੇ ਸ਼ਾਮ ।
ਤੇਗ਼ ਮੁਹੰਮਦ ਸ਼ਾਹ ਦੀ ਰਹੀ ਵਿਚ ਮਿਆਨ ।
ਮੈਂ ਸੁਣਿਆ ਉਸ ਸ਼ਹਿਰ ਵਿਚ ਕੀਤੀ ਕਤਲਾਮ,
ਤੇ ਇਸ ਕਰਕੇ ਹੋ ਗਿਆ ਹਿੰਦ ਵਿਚ ਬਦਨਾਮ ।
ਖਾਤਿਉਂ ਡਰ ਕੇ ਪਸ਼ੂ ਜਿਉਂ ਵਿਚ ਖੂਹ ਧੜਾਮ,
ਡਿੱਗ ਪਵੇ ਇਹ ਹਾਲ ਹੈ ਲੋਕਾਂ ਦਾ ਆਮ ।
ਲੋਕਾਂ ਵਿਚੋਂ ਊਠ ਕੇ ਕਈ ਨਰ ਵਰਿਆਮ
ਕਰਦੇ ਜ਼ਾਲਿਮ ਹਾਕਮਾਂ ਦਾ ਕੰਮ ਤਮਾਮ,
ਪਰ ਸੱਕਣ ਨਾ ਆਪਣੀ ਵੀ ਖਿੱਚ ਲਗਾਮ,
ਵਗ ਟੁਰਦੇ ਹਨ ਉਸੇ ਹੀ ਜੋ ਰਾਹ ਹਰਾਮ ।
ਨਵਾਂ ਸਮਾਜ ਬਨਾਣ ਦੀ ਸ਼ਕਤੀ ਨਹੀਂ ਆਮ ।

ਮੁੰਡਾ 1

ਏਦੂੰ, ਬਾਬਾ, ਪਿਛਲੀ ਵੀ ਦੱਸ ਕੋਈ ਬਾਤ,
ਤੇਰੀ ਅਕਲ ਅਥਾਹ ਹੈ, ਨਹੀਂ ਇਸ ਦੀ ਹਾਥ ।
ਤੇਰੇ ਕੋਲੋਂ ਸੁਣਨੀ ਅੱਜ ਸਾਰੀ ਗਾਥ,
ਭਾਵੇਂ ਸਾਨੂੰ ਏਥੇ ਹੀ ਪੈ ਜਾਵੇ ਰਾਤ ।

ਮੁੰਡਾ 2

ਅਜੇ ਤਾਂ ਦੋਪਹਰ ਹੀ, ਧੁੱਪ ਪੈਂਦੀ ਜ਼ੋਰ,
ਮੱਝਾਂ ਨਾਵਣ ਨਹਿਰ ਵਿਚ ਇਹ ਸਾਊ ਢੋਰ ।

ਬਾਬਾ ਬੋਹੜ

ਅੱਗੋਂ ਕਰਾ ਬਿਆਨ ਮੈਂ ਉਹ ਘੱਲੂਘਾਰਾ,
ਮੇਰੀਆਂ ਅੱਖਾਂ ਸਾਹਮਣੇ ਜੋ ਹੋਇਆ ਸਾਰਾ ।
ਚੜ੍ਹਦਾ ਕਾਬਾ ਅੱਜ ਵੀ ਕਰ ਯਾਦ ਉਹ ਕਾਰਾ ।
ਅਹਿਮਦ ਸ਼ਾਹ ਅਬਦਾਲੀ ਆਇਆ ਮਰਦ ਕਰਾਰਾ
ਚੌਦਾਂ ਵਾਰੀ ਦੇਸ 'ਤੇ ਕਰ ਮਾਰੋ ਮਾਰਾ ।
ਦੋਹੀ ਅਹਿਮਦ ਸ਼ਾਹ ਦੀ ਫਿਰ ਗਈ ਸੀ ਯਾਰਾ,
ਸਾਰੇ ਦੇਸ ਪੰਜਾਬ ਬਦਲਿਆ ਵਰਤਾਰਾ ।
ਦਿੱਲੀ ਅਤੇ ਕੰਧਾਰ ਦਾ ਇਹ ਚੌੜਾ ਪਾੜਾ,
ਲੰਘਿਆਂ ਅਹਿਮਦ ਸ਼ਾਹ ਮੁੜ ਮੁੜ ਕਈ ਵਾਰਾਂ
ਦਿੱਲੀ ਪਤੀ ਸੀ ਓਸ ਤੋਂ ਕੰਬ ਰਿਹਾ ਵਿਚਾਰਾ
ਸੂਬੇਦਾਰ ਲਾਹੌਰ ਦਾ ਬਣ ਗਿਆ ਮੁਜ਼ਾਰਾ ।
ਖਾ ਪੀ ਲਈਏ ਜਿਹੜਾ ਹੈ ਸੋਈ ਅਸਾੜਾ,
ਰਹਿੰਦਾ ਅਹਿਮਦ ਸ਼ਾਹ ਦਾ ਜਗ ਆਖੇ ਸਾਰਾ ।
ਦਿੱਲੀ ਅਤੇ ਲਾਹੌਰ ਨੂੰ ਦੰਡ ਲਾਇਆ ਭਾਰਾ ।
ਮਰਹੱਟਿਆਂ ਦਾ ਪੇਸ਼ਵਾ ਜਿਸ ਮੁਗਲ ਵਿਚਾਰਾ
ਕੀਤਾ ਕਾਬੂ ਆਪਣੇ, ਬਣਿਆ ਰਖਵਾਰਾ
ਸਮਝੋ ਸਾਰੇ ਦੇਸ ਦਾ ਲੈ ਲਸ਼ਕਰ ਭਾਰਾ
ਆਇਆ ਲੈਣ ਅਬਦਾਲੀਏ ਦਾ ਵਾਰਾ ਸਾਰਾ ।
ਲੱਖੋਂ ਜ਼ਿਆਦਾ ਮਰਹੱਟਾ ਤੇ ਰਾਜ ਦੁਲਾਰਾ,
ਸਭਨਾਂ ਦਾ ਜਰਨੈਲ ਬਣਾਇਆ ਭਾ ਪਿਆਰਾ,
ਪਾਣੀਪਤ ਦਾ ਮੱਲਿਆ ਆ ਉਹੀ ਅਖਾੜਾ,
ਜਿਥੇ ਬਾਬਰ ਮਾਰਿਆ ਲੋਧੀ ਨਾਕਾਰਾ,
ਜਿਥੇ ਅਕਬਰ ਵੱਡਿਆ ਹੇਮੂੰ ਵਣਜਾਰਾ ।
ਪਰ ਅਬਦਾਲੀ ਸਾਹਮਣੇ ਨਾ ਬਣਿਆ ਚਾਰਾ ।
ਰਾਜਪੂਤ ਤੇ ਮਰਹਟੇ, ਕਰ ਜੀ ਕਰਾਰਾ,
ਲੜੇ ਬਹਾਦਰ ਸੂਰਮੇ, ਕਟ ਮਰੇ ਹਜ਼ਾਰਾਂ ।
ਹਥ ਰਿਹਾ ਮੈਦਾਨ ਪਰ ਅਹਿਮਦ ਦੇ ਯਾਰਾ ।
ਸੋਨਾ ਰੁੱਪਾ ਦੇਸ ਦਾ ਲੁੱਟ ਲੈ ਗਿਆ ਸਾਰਾ
ਲੈ ਗਿਆ ਫੜ ਕੇ ਸੁੰਦਰੀਆਂ ਡਾਰਾਂ ਦੀਆਂ ਡਾਰਾਂ,
ਗਜ਼ਨੀ ਹਿੰਦੂ ਵਿਕ ਗਏ ਫਿਰ ਵਿਚ ਬਾਜ਼ਾਰਾਂ ।
ਕੋਈ ਨਾ ਸਕਿਆ ਡੱਕ ਉਸ ਸਿੰਧੂ ਦੀ ਧਾਰਾ,
ਸਿੰਘਾਂ ਸਿੰਝਿਆਂ ਉਸ ਨਾਲ ਕੁਝ ਥੋੜਾ ਬਾਹਲਾ ।
ਕਾਬਲ ਨੂੰ ਜਦ ਮੁੜ ਰਿਹਾ ਸੀ ਲਦਿਆ ਭਾਰਾ,
ਮਾਰਨ ਉਸ ਦੀ ਫੌਜ 'ਤੇ ਸ਼ਬਖੂਨ ਕਰਾਰਾਂ,
ਲੁਟਿਆ ਉਸ ਦੀ ਫੌਜ ਦਾ ਕਈ ਸੌ ਵਣਜਾਰਾ,
ਬਹੁਤ ਛੁਡਾਈਆਂ ਉਸ ਦੀ ਬੰਦੀ 'ਚੋਂ ਨਾਰਾਂ ।
ਉਹ ਵੀ ਹੈ ਸੀ ਸੂਰਮਾ ਜੋਧਾ ਸਚਿਆਰਾ,
ਬੜੀ ਬਹਾਦਰ ਕੌਮ ਹੈ, ਕਹਿਆ ਸੂਬੇਦਾਰਾ,
ਆਵੇ ਇਹਨਾਂ ਪਾਸੋਂ ਮੁਸ਼ਕ ਹਕੂਮਤ ਵਾਲਾ ।
ਦੂਜੇ ਸਾਲ ਲਾਹੌਰ ਤੋਂ ਫਿਰ ਗਿਆ ਬੁਲਾਰਾ,
ਸਿੰਘਾਂ ਨੇ ਇਸ ਦੇਸ ਦਾ ਕਰ ਦਿੱਤਾ ਉਜਾੜਾ,
ਆ ਕੇ ਵਿਚ ਪੰਜਾਬ ਦੇ ਕੋਈ ਕਰ ਲੈ ਚਾਰਾ ।
ਸਿੰਘ ਸੋਧਣ ਨੂੰ ਆ ਗਿਆ ਉਹ ਅੰਤਿਮ ਵਾਰਾਂ ।
ਸਿੰਘਾਂ ਦੀਆਂ ਪੰਜਾਬ ਵਿਚ ਫਿਰਦੀਆਂ ਸਨ ਧਾੜਾਂ,
ਕੱਠੇ ਹੋ ਕੇ ਖਿਸਕਣ ਲੱਗੇ ਵਲ ਪਹਾੜਾਂ ।
ਘੇਰੇ ਵਿਚ ਆ ਗਿਆ ਪਰ ਦਲ ਐਥੇ ਸਾਰਾ ।
ਬੱਸ, ਫਿਰ ਕੀ ਮੱਚਿਆ ਉਹ ਘੱਲੂਘਾਰਾ,
ਭੁੱਲੇਗਾ ਨਹੀਂ ਖਾਲਸਾ ਜੋ ਬਰਸ ਹਜ਼ਾਰਾਂ ।
ਏਥੇ ਸਿੰਘਾਂ ਸੂਰਿਆਂ ਵਾਹੀਆਂ ਤਲਵਾਰਾਂ
ਕਟ ਕਟ ਸੁੱਟੀਆਂ ਗਿਲਜ਼ਿਆਂ ਦੀਆਂ ਸ਼ਫ਼ਾਂ ਕਤਾਰਾਂ ।
ਤਾਕਤ ਨਹੀਂ ਸੀ ਇਤਨੀ ਪਰ ਉਹਨਾਂ ਵਿਚ ਹਾਲਾਂ,
ਨਾਲੇ ਹੈਸਨ ਨਾਲ ਵੀ ਨਿਆਣੇ ਤੇ ਨਾਰਾਂ ।
ਇਸ ਲਈ ਖਾਧੀਆਂ ਖੂਬ ਪਠਾਣਾਂ ਕੋਲੋਂ ਮਾਰਾਂ,
ਦਿਤੀਆਂ ਬਹੁਤ ਸ਼ਹੀਦੀਆਂ ਵਧ ਵਧ ਸਰਦਾਰਾਂ,
ਦਸ ਹਜ਼ਾਰ ਕੁ ਹੋ ਗਈਆਂ ਸਨ ਵਿਧਵਾ ਨਾਰਾਂ ।
ਆਲਾ ਸਿੰਘ ਸਰਦਾਰ ਸੀ ਬਰਨਾਲੇ ਵਾਲਾ,
ਦੀਪਕ ਤੁਹਾਡੀ ਕੌਮ ਦਾ ਉਹ ਸਦ ਉਜਿਆਰਾ,
ਲੜਿਆ ਅੱਗੇ ਵੱਧ ਕੇ ਜਿਉਂ ਵਗ ਰਖਵਾਲਾ,
ਪਰ ਘੇਰੇ ਵਿਚ ਆ ਗਿਆ ਨਹੀਂ ਚੱਲਿਆ ਚਾਰਾ ।

ਮੁੰਡਾ 1

ਓਹੀ ਬਾਬਾ ਆਲਾ ਸਿੰਘ ਜਿਸ ਦਾ ਪਟਿਆਲਾ?
ਫੱਤੋ ਮਾਈ ਸ਼ੇਰਨੀ ਦਾ ਜੋ ਘਰ ਵਾਲਾ?

ਬਾਬਾ ਬੋਹੜ

ਹਾਂ, ਓਹੋ ਹੀ ਕੈਦ ਸੀ ਹੋ ਗਿਆ ਬਹਾਦਰ ।
ਫੱਤੋ ਨਾਰੀ ਉਸ ਦੀ ਲੋਹੇ ਦੀ ਚਾਦਰ ।
ਉਸ ਦਾ ਸਾਰੇ ਪੰਥ ਵਿਚ ਸੀ ਵੱਡਾ ਆਦਰ ।
ਨਾਲੇ ਸਭ ਨੂੰ ਯਾਦ ਸੀ ਕਲਗੀਧਰ ਦਾ ਵਰ ।
ਘਰ ਤਿਲੋਕ ਸਿੰਘ ਰਾਮ ਸਿੰਘ ਦਾ ਸਤਿਗੁਰ ਦਾ ਘਰ ।
ਲੱਖ ਰੁਪਈਆ ਫੱਤੋ ਨੇ ਝਟ ਕੱਠਾ ਲਿਆ ਕਰ,
ਦਿੱਤਾ ਸ਼ਾਹ ਨੂੰ ਤੋਲ ਕੇ ਉਸ ਕੰਤ ਬਰਾਬਰ ।
ਅਹਮਦ ਸ਼ਾਹ ਵੀ ਜਾਣਿਆ ਇਹ ਮਰਦ ਦਿਲਾਵਰ,
ਦਿੱਲੀ ਅਤੇ ਲਾਹੌਰ ਦਾ ਇਸ ਨੂੰ ਕਾਹਦਾ ਡਰ!
ਮੰਨ ਲਿਆ ਸਰਹੰਦ ਦਾ ਭੁਪਿੰਦ ਉਜਾਗਰ ।

ਮੁੰਡਾ 1

ਤਾਂ ਹੀ ਬੁੱਲੇ ਆਖਿਆ, ਧਨ ਤੂੰ ਹੈਂ ਖ਼ਾਲਕ,
ਭੂਰਿਆਂ ਵਾਲੇ ਦੇਸ਼ ਦੇ ਕਰ ਦਿਤੇ ਮਾਲਿਕ ।

ਬਾਬਾ ਬੋਹੜ

ਰਾਜੇ ਹੋ ਗਏ ਦੇਸ ਦੇ ਹੁਣ ਭੂਰਿਆਂ ਵਾਲੇ,
ਮੁਗਲਾਂ ਪੀਤੇ ਜ਼ਹਿਰ ਦੇ ਭਰ ਭਰ ਕੇ ਪਿਆਲੇ ।
ਮਾਲਿਕ ਹੋਏ ਜ਼ਿਮੀ ਦੇ ਹਲ ਵਾਹੁਣ ਵਾਲੇ,
ਵਿਚ ਦੁਆਬੇ ਮਾਲਵੇ ਅਤੇ ਮਾਝੇ ਸਾਰੇ,
ਤਾਂ ਹੀ ਵਡੇ ਜ਼ਿਮੀਦਾਰ ਨਹੀਂ ਮਿਲਦੇ ਬਾਹਲੇ,
ਇਹਨਾਂ ਸੱਤਾਂ ਅੱਠਾਂ ਜਿਲਿਆਂ ਵਿਚਕਾਰੇ ।
ਫਿਰ ਜਦੋਂ ਪਰ ਸਿੰਘ ਵੀ ਬਣ ਗਏ ਰਜਵਾੜੇ,
ਇਕ ਇਕ ਕਰਕੇ ਝਫ ਲਏ ਉਸ ਮਰਦ ਕਰਾਰੇ
ਮਹਾਂ ਸਿੰਘ ਸਰਦਾਰ ਦੇ ਰਣਜੀਤ ਦੁਲਾਰੇ ।

ਮੁੰਡਾ 2

ਹੁਣ ਆਇਆ ਰਣਜੀਤ ਸਿੰਘ ਸੂਰੇ ਦਾ ਵੇਲਾ ।
ਵਿਚ ਪੰਜਾਬੇ ਗੱਜਿਆ ਵਰਿਆਮ ਇਕੇਲਾ ।
ਹੁਣ ਤੱਕ ਯਾਦ ਹੈ ਦੇਸ ਨੂੰ ਉਹ ਮਰਦ ਦਾ ਚੇਲਾ ।
ਬਾਬਾ ਸਾਡੇ ਦੇਸ ਦੇ ਅੱਜ ਸਮਾਂ ਦੁਹੇਲਾ,
ਉਸ ਜੇਹਾ ਹੁਣ ਚਾਹੀਏ ਕੋਈ ਮਰਦ ਸੁਹੇਲਾ ।

ਬਾਬਾ ਬੋਹੜ

ਹੁਣ ਨਹੀਂ, ਕਾਕਾ ਚਾਹੀਏ ਕੋਈ ਰਾਜਾ ਰਾਣਾ
ਆਗੂ ਚਾਹੀਏ ਦੇਸ ਨੂੰ ਜੋਧਾ ਅਤੇ ਸਿਆਣਾ,
ਜਿਸ ਵਿਚ ਹੋਵੇ ਤਾਣ ਅਤੇ ਬੁਧੀ ਨਿਰਬਾਣਾ,
ਹੋਇ ਜਾਣਦਾ ਦੇਸ ਲਈ ਤਲਵਾਰ ਉਠਾਣਾ,
ਢਾ ਕੇ ਏਸ ਸਮਾਜ ਨੂੰ ਇਕ ਨਵਾਂ ਬਣਾਣਾ ।

ਮੁੰਡਾ 1

ਅੱਗੇ, ਬਾਬਾ ਦੱਸ ਦੇ ਉਹ ਦੁਖ ਕਹਾਣੀ,
ਕਿਵੇਂ ਦੇਸ ਖੋ ਲਿਆ ਇਕ ਕਮਲਾ ਰਾਣੀ,
ਕਿਵੇਂ ਉਸ ਦੀ ਅਕਲ ਤੇ ਇਕ ਕਾਇਰ ਢਾਣੀ,
ਛਾ ਗਈ ਸੀ ਜਿਨ੍ਹਾਂ ਨੇ ਸੀ ਗਲ ਇਹ ਠਾਣੀ,
ਮਾਣ ਭਰੀ ਪੰਜਾਬ ਨੂੰ ਕਰ ਦਈਏ ਨਮਾਣੀ ।

ਬਾਬਾ ਬੋਹੜ

ਮੇਰੇ ਵਿਚ ਨਹੀਂ ਕਾਕਿਓ, ਦੱਸਣ ਦਾ ਤਾਣ,
ਦਿੱਤੀ ਕਿਵੇਂ ਪੰਜਾਬ ਨੂੰ ਕਿਸਮਤ ਨੇ ਹਾਣ ।
ਪੜ੍ਹਨੀ ਚਾਹੋਂ ਠੀਕ ਜੇ, ਸਿਆਣੇ ਨਾਦਾਨ,
ਲਿਖ ਗਿਆ ਸੋਹਣੇ ਬਹਰ ਵਿਚ ਇਕ ਮਰਦ ਸੁਜਾਨ,
ਸ਼ਾਹ ਮੁਹੰਮਦ ਮਰਦ ਮੋਮਨ ਮੁਸਲਮਾਨ ।
ਤੇ ਹਨ ਕੁਝ ਅੰਗਰੇਜ਼ ਵੀ ਤਾਰੀਖ਼ਦਾਨ,
ਜਿਵੇਂ ਕਨਿੰਘਮ ਲੜੇ ਸਨ ਜੋ ਵਿਚ ਮੈਦਾਨ,
ਉਹਨਾਂ ਵੀ ਕੀਤਾ ਹੈ ਕਾਫ਼ੀ ਸੱਚ ਬਿਆਨ,
ਇਹਨਾਂ ਅੱਖਾਂ ਸਾਹਮਣੇ ਮੱਚੇ ਘਮਸਾਨ,
ਮੈਂ ਦੱਸਾਂਗਾ ਸੋਈ, ਸੁਣ ਲਓ ਨਾਲ ਧਿਆਨ ।

ਮੁੰਡਾ 2

ਤੇਰੀਆਂ ਅੱਖਾਂ ਸਾਹਮਣੇ ਜੋ ਹੋਏ ਜੰਗ,
ਉਹ ਵੀ ਕਿਹੜਾ ਅਸਾਂ ਨੂੰ ਘੱਟ ਕਰਸਣ ਦੰਗ ।

ਮੁੰਡਾ 1

ਲੜਿਆ ਜਿਵੇਂ ਅਜੀਤ ਸਿੰਘ ਉਹ ਸ਼ੇਰ ਨਿਹੰਗ,
ਦੱਸੀਂ ਬਾਬਾ ਖੋਹਲ ਕੇ ਭਾਵੇਂ ਅਫ਼ਰੰਗ
ਹੋ ਜਾਣ ਤੁਧ ਤੇ ਖਫ਼ਾ ਹੀ ਤੈਨੂੰ ਕੀ ਸੰਗ?

ਬਾਬਾ ਬੋਹੜ

ਛਾਉਣੀ ਸੀ ਅੰਗਰੇਜ਼ ਦੀ ਵਿਚ ਲੁਦੇਹਾਣੇ ।
ਸਤਲੁਜ ਦੇ ਇਸ ਪਾਰ ਸਨ ਜੋ ਰਾਜੇ ਰਾਣੇ,
ਕਰਦੇ ਗੋਰੇ ਉਨਾਂ ਤੇ ਸਨ ਜ਼ਰ ਸਿੰਗਾਣੇ ।
ਚੁਪ ਚੁਪੀਤੇ ਜ਼ਰ ਗਏ ਜੋ ਘਰ ਨੂੰ ਸਿਆਣੇ ।
ਕਈ ਅਣਖੀਲੇ ਸ਼ੇਰ ਸਨ ਪਰ ਕੁਝ ਸਵਮਾਣੇ,
ਅੱਖਾਂ ਵਿਚ ਅੰਗਰੇਜ਼ ਦੇ ਜਿਉਂ ਰੜਕਣ ਦਾਣੇ ।
ਜਿਉਂਦਾ ਜਦ ਰਣਜੀਤ ਸੀ ਤਾਂ ਰਹੇ ਠਿਕਾਣੇ,
ਮੋਇਆ ਤਾਂ ਫਿਰ ਘੜ ਲਏ ਸੂ ਕਈ ਬਹਾਨੇ ।
ਓਧਰ ਵਿਚ ਲਾਹੌਰ ਦੇ ਵਗ ਗਏ ਸਨ ਭਾਣੇ ।
ਸੰਧਾਂਵਾਲੀਏ, ਡੋਗਰੇ, ਬੇਈਮਾਨ ਨੱਮਾਣੇ,
ਲੱਗ ਗਏ ਰਣਜੀਤ ਦੇ ਲਹੂ ਵਿਚ ਨਿਹਾਣੇ ।
ਨੌਨਿਹਾਲ ਤੇ ਸ਼ੇਰ ਸਿੰਘ ਨੂੰ ਲਾ ਟਿਕਾਣੇ,
ਆਪੂੰ ਕਿਹੜਾ ਬੁਰਛਿਆਂ ਸੁਖ ਦੇ ਦਿਨ ਮਾਣੇ?
ਰਹਿ ਗਏ ਵਿਚ ਪੰਜਾਬ ਦੇ ਨਾਰਾਂ ਤੇ ਨਿਆਣੇ ।
ਆਪ ਮੁਹਾਰੀ ਫ਼ੌਜ ਕਿਸੇ ਨੂੰ ਕੁਝ ਨਾ ਜਾਣੇ ।
ਤੇਜ, ਲਾਲ ਤੇ ਡੋਗਰੇ ਦੇ ਖੋਟੇ ਢਾਣੇ
ਮਥ ਲਏ ਭਾਗ ਪੰਜਾਬ ਦੇ ਦਰਿਆ ਰੁੜ੍ਹਾਣੇ ।

ਮੁੰਡਾ 2

ਹਾਂ, ਕਹਿੰਦੇ ਹਨ ਦੁਸ਼ਮਣ ਦੇ ਸਨ ਨਾਲ ਉਹ ਰੱਲੇ,
ਦੱਸਣ ਸਾਡੀ ਫੌਜ ਨੂੰ ਉਹ ਢੰਗ ਕੁਵੱਲੇ,
ਤੋੜੇ ਥਾਂ ਬਾਰੂਦ ਦੀ ਸ਼ਰਿਹੋਂ ਦੇ ਘੱਲੇ,
ਭਾਜਾਂ ਪਈਆਂ ਜਾਣ ਕੇ ਹੋ ਗਏ ਦੁਗੱਲੇ ।

ਬਾਬਾ ਬੋਹੜ

ਵਿਚ ਲੁਧਿਆਣੇ ਗੋਰਿਆ ਦਾ ਸਿਪਹ ਸਾਲਾਰ
ਹੈਰੀ ਸਾਹਿਬ ਸਮਿੱਥ ਸੀ, ਵਡਾ ਜਬਾਰ ।
ਕਰ ਲਏ ਉਸਨੇ ਕੈਦ ਸਨ ਕਈ ਬਿਸਵੇਦਾਰ,
ਪਾ ਰਿਹਾ ਸੀ ਲਾਡੂਏ ਵਾਲੇ ਤੇ ਭਾਰ ।
ਆ ਕੇ ਤਦ ਰਣਜੋਧ ਸਿੰਘ ਨੇ ਲੀਤੀ ਸਾਰ ।
ਲਾਏ ਉਸ ਨੂੰ ਹੱਥ ਸਨ ਆ ਕੇ ਸਰਦਾਰ ।
ਏਥੇ ਹੋਈ ਜੰਗ ਸੀ, ਵਿਚ ਬਦੋਵਾਲ,
ਨੱਸ ਗਿਆ ਅਫਰੰਗੜਾ ਹੋ ਬਹੁਤ ਖੁਆਰ
ਓਧਰ ਪਰ ਸੀ ਵਗ ਗਈ ਕਿਸਮਤ ਦੀ ਮਾਰ,
ਬੇਈ ਮਾਨਾਂ ਜਿੱਤ ਤੋਂ ਕਰ ਦਿੱਤੀ ਹਾਰ ।
ਮੁਦਕ, ਫੇਰੂ ਸ਼ਹਿਰ ਵਿਚ ਬਾਝੋਂ ਸਰਕਾਰ ।
ਰਹਿ ਗਿਆ ਸਿੰਘ ਅਜੀਤ ਕੱਲਾ ਬੱਦੋਵਾਲ ।
ਘੇਰ ਲਿਆ ਮੁੜ ਆਣ ਕੇ ਗੋਰਿਆ ਦੀ ਧਾੜ ।
ਲੜਿਆ ਹੋ ਕੇ ਸਾਹਮਣਾ ਉਹ ਬਹੁਤਿਆਂ ਨਾਲ ।
ਫ਼ੌਜ ਵਿਚਾਰੇ ਕੋਲ ਸੀ ਦੋ ਤਿੰਨ ਹਜ਼ਾਰ
ਸੂਰੇ ਇਹਨ੍ਹਾਂ ਪਿੰਡਾਂ ਦੇ ਜਿੰਨ੍ਹਾਂ ਨੂੰ ਸਾਰ
ਹੈ ਸੀ ਦੇਸ ਅਤੇ ਕੌਮ ਦੀ ਜਿੰਨ੍ਹਾਂ ਵਿਚਕਾਰ
ਧੜਕਣ ਹੈ ਸੀ ਅਣਖ ਦੀ ਅਤੇ ਦੇਸ ਪਿਆਰ,
ਵਗ ਰਿਹਾ ਸੀ ਨਾੜੀਆਂ ਵਿਚ ਛੱਲਾਂ ਮਾਰ ।
ਗਿੱਲ, ਧਾਂਦਰਾ, ਰਾਏਪੁਰ ਤੇ ਗੁੱਜਰਵਾਲ,
ਲਲਤੋਂ, ਬੱਦੋਵਾਲ ਤੇ ਮਨਸੂਰ, ਪਮਾਲ,
ਦਾਖਾ ਰੁੜਕਾ ਮੋਹੀ ਰਕਬਾ ਅਤੇ ਸਧਾਰ,
ਸਿਧੂ, ਸੇਖੋਂ, ਗਿੱਲ, ਬੱਲ ਤੇ ਗਰੇਵਾਲ,
ਲੜੇ ਤੋੜ ਕੇ ਜਾਨਾਂ ਸਭ ਵੈਰੀ ਦੇ ਨਾਲ,
ਦਿਤਾ ਧਰਮ ਨਿਭਾ ਪਰ ਕਿਸਮਤ ਨੇ ਹਾਰ,
ਲਿਖ ਦਿਤੀ ਸੀ ਦੇਸ ਨੂੰ ਤਾਹੀਂ ਗਦਾਰ
ਕਰ ਦਿੱਤੇ ਸਨ ਖ਼ਾਲਸੇ ਦੇ ਜਥੇਦਾਰ ।
ਆ ਗਿਆ ਸਿੰਘ ਅਜੀਤ ਜਦ ਘੇਰੇ ਵਿਚਕਾਰ,
ਲਾਈ ਵਾਂਗ ਕਮਾਣ ਦੇ ਤੋਪਾਂ ਦੀ ਵਾੜ,
ਕੇਸੀਂ ਨ੍ਹਾ ਕੇ ਆ ਗਿਆ, ਤੇ ਲਏ ਖਿਲਾਰ,
ਮੋਢਿਆਂ ਉਤੇ ਓਸ ਨੇ, ਚੰਡੀ ਦੀ ਵਾਰ
ਪੜ੍ਹੇ ਤੇ ਫਿਰਦਾ ਦਾਗਦਾ ਤੋਪਾਂ ਜਿਉਂ, ਯਾਰ,
ਆਤਿਸ਼ਬਾਜ਼ ਵਿਆਹ ਵਿਚ ਗੋਲੇ ਅਨਾਰ ।
ਦਾਰੂ ਸਿੱਕਾ ਦੇ ਗਿਆ ਜਦ ਆਖ਼ਿਰ ਹਾਰ,
ਫੜਿਆ ਗਿਆ ਅਜੀਤ ਦੇਸ ਦਾ ਸੁੱਚਾ ਲਾਲ ।

ਮੁੰਡਾ 1

ਏਹੋ ਜਿਹੇ ਜੋਧਿਆਂ ਦੀ ਅਸੀਂ ਉਲਾਦ ।
ਸੁਣ ਕੇ, ਬਾਬਾ, ਕਥਾ ਇਹ ਆ ਗਿਆ ਸੁਆਦ ।
ਆਵੇ ਜੋਸ਼ ਸਰੀਰ ਨੂੰ, ਹੈ ਸਾਨੂੰ ਸਾਧ
ਲੀਤਾ ਡਰ ਤੇ ਕਾਇਰਤਾ, ਸਾਡੀ ਜਾਇਦਾਦ ।
ਰਹਿ ਗਏ ਹਲ, ਪੰਜਾਲੀਆਂ, ਈਰਖਾਵਾਦ ।

ਬਾਬਾ ਬੋਹੜ

ਕਰ ਰਹੇ ਤੇਰੇ ਦੇਸ ਨੂੰ, ਕਾਕਾ, ਬਰਬਾਦ,
ਫੋਕਾ ਆਤਮਵਾਦ ਅਤੇ ਅਹਿੰਸਾਵਾਦ ।
ਦੁਨੀਆਂ ਉਤੇ ਹੋ ਰਹੇ ਜੋ ਘੋਰ ਅਪਰਾਧ,
ਇਹਨਾਂ ਤਾਈ ਤਦੇ ਹੀ ਸਕੋਗੇ ਸਾਧ,
ਵੱਡਿਆਂ ਵਾਲੀ ਰੀਤ ਜੇ ਰੱਖੋਗੇ ਯਾਦ ।
ਵੇਖੋ, ਬੀਬਾ, ਤੁਸਾਂ ਦੇ ਆਬਾਅਜਦਾਦ
ਲੜ ਮਰਨਾ ਸਨ ਜਾਣਦੇ ਛੱਡ ਸੁੱਖ ਸੁਆਦ ।
ਪਰ ਜੋ ਹੋਈ ਦੇਸ ਵਿਚ ਅਠਤਾਲੀ ਬਾਦ,
ਰੋਣਾ ਮੈਨੂੰ ਆਉਂਦਾ ਹੈ ਕਰਕੇ ਯਾਦ ।
ਕਿਸ ਤਰ੍ਹਾਂ ਪੰਜਾਬ ਨੂੰ ਪੈ ਗਿਆ ਸੁਆਦ
ਤੋਤੇ ਵਾਂਗੂ ਪਿੰਜਰੇ ਦਾ ਕਾਇਰਵਾਦ
ਕਿਵੇਂ ਰਚ ਗਿਆ ਇਨ੍ਹਾਂ ਦੇ ਵਿਚ ਦਿਲ ਦਿਮਾਗ ।
ਕਿਧਰੇ ਵੀ ਕਮਜ਼ੋਰ ਨੂੰ ਨਹੀਂ ਮਿਲਦੀ ਦਾਦ,
ਕਰਦਾ ਫਿਰੇ ਜਹਾਨ ਵਿਚ ਸਾਰੇ ਫ਼ਰਿਆਦ ।

ਮੁੰਡਾ 1

ਕਿਵੇਂ ਸਥਾਪਤ ਹੋ ਗਿਆ ਅੰਗਰੇਜ਼ੀ ਰਾਜ
ਦੇਸ ਉਤੇ ਫਿਰ ਹੋ ਗਿਆ ਇਹ ਕਿਵੇਂ ਮੁਤਾਜ,
ਕਿਵੇਂ ਗੁਲਾਮੀ ਹੋ ਗਈ ਲੋਕਾਂ ਦਾ ਭਾਗ,
ਕਿਵੇਂ ਗ਼ਰੀਬੀ ਵੱਧ ਗਈ, ਹੋ ਗਏ ਅਕਾਜ
ਕਾਰੀਗਰ ਕਿਰਸਾਣ ਤੇ ਵਿਗੜੇ ਸਭ ਸਾਜ਼
ਐਸ਼ਵਰਜ ਤੇ ਮਾਨ ਦੇ, ਨਾ ਰਹਿ ਗਈ ਲਾਜ,
ਕਰ ਵਰਨਣ ਤੂੰ ਬਾਬਿਆਂ ਕਰ ਉੱਚੀ 'ਵਾਜ ।

ਬਾਬਾ ਬੋਹੜ

ਬੈਠ ਗਏ ਅੰਗਰੇਜ਼ ਜਦ ਆ ਵਿਚ ਲਾਹੌਰ,
ਵਿਗੜਨ ਲੱਗੇ ਝਬ ਹੀ ਰਾਣੀ ਵਲ ਤੌਰ,
ਆਈ ਉਸ ਨੂੰ ਹੋਸ਼ ਹੁਣ, ਕਰ ਸਭ ਕੁਝ ਚੌੜ,
ਟੁਟ ਗਿਆ ਜਦ ਦੇਸ਼ ਦਾ ਅਭਿਆਨ ਬਲੌਰ!
ਰਹਿ ਗਈ ਲਾਸ਼ ਪੰਜਾਬ ਦੀ ਤੇ ਉਡ ਗਿਆ ਭੌਰ ।

ਮੁੰਡਾ 2

ਅਸਰਚਜ ਦੀ, ਬਾਬਾ, ਨਹੀਂ ਗੱਲ ਇਸ ਵਿਚ ਕਾਈ,
ਨਾਲ ਮੂਰਖਾਂ ਇਵੇਂ ਹੀ ਹੈ ਹੁੰਦੀ ਆਈ ।

ਬਾਬਾ ਬੋਹੜ

ਚੇਤ ਸਿੰਘ ਸਰਦਾਰ ਦੇ ਘਰ ਵਿਚ ਕੁੜਮਾਈ
ਸੀ ਦਲੀਪ ਸਿੰਘ ਮਹਾਰਾਜ, ਦੀ ਭਾਈ ।
ਵਿਆਹ ਰਚਾਣ ਦੀ ਉਨ੍ਹਾਂ ਦੇ ਜਦ ਮਨ ਵਿਚ ਆਈ,
ਤਾਂ ਵਿਚ ਆ ਅੰਗਰੇਜ਼ ਨੇ ਸੀ ਲੱਤ ਅੜਾਈ,
ਮਹਾਰਾਜ ਦੀ ਉਮਰ ਹੈ ਛੋਟੀ ਅਧਿਕਾਈ,
ਨਾਲੇ ਅਸਾਂ ਕਰਵਾਣੀ ਹੈ ਅਜੇ ਪੜ੍ਹਾਈ ।
ਅਸਲ ਵਿਚ ਜੋ ਉਨ੍ਹਾਂ ਨੇ ਸੀ ਬਣਤ ਬਣਾਈ ।
ਰਾਣੀ ਦੀ ਵੀ ਸਮਝ ਵਿਚ ਆਈ ਕੁਝ ਰਾਈ
ਕਰਨੀ ਮੇਰੇ ਪੁੱਤ ਦੀ ਕੀ ਇਨ੍ਹਾਂ ਭਲਾਈ,
ਚਾਹੁੰਦੇ ਹਨ ਮਹਾਰਾਜ ਨੂੰ ਕਰਨਾ ਇਸਾਈ ।

ਮੁੰਡਾ 3

ਅੱਛਾ, ਮਨ ਵਿਚ ਉਨ੍ਹਾਂ ਦੇ ਸੀ ਇਹ ਚਤੁਰਾਈ?

ਬਾਬਾ ਬੋਹੜ

ਇਸ ਲਈ ਕੀਤਾ ਉਨ੍ਹਾਂ ਨੇ ਰਾਣੀ ਤੋਂ ਵੱਖ
ਮਹਾਰਾਜ ਨੂੰ ਰੋਦਿਆਂ ਰਾਣੀ ਦੀ ਅੱਖ
ਵੀ ਡੁੱਬੀ ਵਿਚ ਹੰਝੂਆਂ, ਹੋ ਗਈ ਪਰਤੱਖ
ਭਾਵੀ ਉਸਦੇ ਸਾਹਮਣੇ, ਕੀਤੇ ਉਸ ਲੱਖ
ਰੋਸ, ਨਹੋਰੇ, ਕੌਣ ਸੀ ਪਰ ਉਸ ਦੇ ਪੱਖ?
ਕੀਤੀ ਨਾ ਪਰਵਾਹ ਕਿਸੇ ਨੇ ਉਸ ਦੀ ਕੱਖ ।

ਮੁੰਡਾ 1

ਜਿਸ ਨੇ ਆਪ ਗੁਆਇਆ, ਕੀ ਉਸ ਦੀ ਰੱਖ?

ਬਾਬਾ ਬੋਹੜ

ਵਿਚ ਹਜ਼ਾਰੇ ਚੇਤ ਸਿੰਘ ਦਾ ਨਾ ਇਬ ਇਕ,
ਐਡਵਰਡ ਅੰਗਰੇਜ਼ ਸੀ ਉਸ ਡਾਢਾ ਦਿਕ
ਕਰ ਦਿਤਾ ਸੀ ਚੇਤ ਸਿੰਘ ਤੇ ਉਸ ਦੇ ਸਿਖ
ਹੇਠ ਪਠਾਣਾਂ ਛੇੜਿਆ ਝਗੜਾ ਅਣਟਿੱਕ ।

ਮੁੰਡਾ 1

ਏਸੇ ਕਰਕੇ ਸ਼ੇਰ ਸਿੰਘ ਰਲ ਗਿਆ ਸੀ ਨਾਲ
ਮੂਲ ਰਾਜ ਦੇ?

ਬਾਬਾ ਬੋਹੜ

ਜਾਣਦਾ ਤੂੰ ਸਾਰੇ ਹਾਲ
ਸੋਝੀ ਵਾਲਾ ਜਾਪਦਾ ਤੂੰ ਬੀਬਾ ਬਾਲ,
ਮੂਲ ਰਾਜ ਤੇ ਸ਼ੇਰ ਸਿੰਘ ਪੂਰਾ ਇਕ ਸਾਲ,
ਲੜੇ ਵਿਰੁੱਧ ਅੰਗਰੇਜ਼ ਦੇ ਸੂਰਮਗਤ ਨਾਲ
ਪਰ, ਬੀਬਾ ਸੀ, ਸਮੇਂ ਦੀ ਕੁਝ ਐਸੀ ਚਾਲ,
ਨਾ ਸਕੇ ਉਹ ਦੇਸ ਦੀ ਭਾਵੀਂ ਨੂੰ ਟਾਲ ।

ਮੁੰਡਾ 2

ਹੋਇਆ ਸੀ ਗ਼ਦਰ ਫਿਰ ਵਿਚ ਉੱਤਰ ਖੰਡ
ਓਸ ਸਮੇਂ ਪੰਜਾਬ ਨੇ ਕਿਉਂ ਦਿਤੀ ਕੰਡ?

ਬਾਬਾ ਬੋਹੜ

ਇਸ ਵਿਚ ਨਹੀਂ ਬੀਬਿਆ, ਜਨਤਾ ਦਾ ਦੋਸ਼,
ਇਹ ਸਰਦਾਰ ਪੰਜਾਬ ਦੇ ਜਿਨ੍ਹਾਂ ਨੂੰ ਰੋਸ
ਹੈ ਸੀ ਕੁਝ ਅੰਗਰੇਜ਼ ਨਾਲ ਉਸ ਲਏ ਪਲੋਸ ।
ਰਾਣੀ ਸੀ ਨੈਪਾਲ ਵਿਚ, ਸੈਂਕੜਿਆਂ ਕੋਸ,
ਤੇ ਦਲੀਪ ਸਿੰਘ ਬਣ ਗਿਆ ਸੀ ਟੋਪੀ ਪੋਸ਼ ।
ਜਨਤਾ ਵਿਚ ਤਾਂ ਬਹੁਤ ਸੀ ਉਦੋ ਵੀ ਜੋਸ਼,
ਪਰ ਮਰਹੱਟਿਆ ਇੱਧਰ ਦੀ ਨਾ ਕੀਤੀ ਹੋਸ਼ ।

ਮੁੰਡਾ 1

ਏਦੂੰ ਪਿਛੋਂ ਕਿਸ ਤਰ੍ਹਾਂ ਹੰਢਿਆ ਪੰਜਾਬ,
ਕੀਤੀ ਇਸ ਦੀ ਸਾਮਰਾਜ ਨੇ ਕੈਸੀ ਬਾਬ,
ਇਸ ਦਾ ਵੀ ਤੂੰ ਦੱਸ ਦੇ ਕੋਈ ਲਾ ਹਿਸਾਬ ।

ਬਾਬਾ ਬੋਹੜ

ਹਾਂ, ਪੈ ਗਿਆ ਪੰਜਾਬ ਸੀ ਸੁਣ ਪੁਠੇ ਰਾਹੀਂ,
ਚੰਗੀ ਲੱਗੀ ਦਾਸਤਾ ਸੀ ਇਸ ਨੂੰ ਫਾਹੀ ।
ਜਰਨੈੱਲਾਂ ਦੇ ਪੁੱਤ ਹੁਣ ਬਣ ਗਏ ਸਿਪਾਹੀ,
ਸਮਝ ਲਿਆ ਚਪੜਾਸ ਨੂੰ ਇਹਨਾਂ ਨੇ ਸ਼ਾਹੀ,
ਆਪਣੇ ਹੱਥੀਂ ਮੂਰਖਾਂ ਆਪਣੀ ਪਤ ਲਾਹੀ ।

ਮੁੰਡਾ 1

ਨਾਮ ਧਾਰੀਆਂ, ਬਾਬਿਆਂ, ਕੁਝ ਸੂਰਮਗਤ
ਨਹੀਂ ਸੀ ਕੀਤੀ? ਖੋਲ ਕੇ ਕੁਝ ਸਾਨੂੰ ਦੱਸ ।

ਬਾਬਾ ਬੋਹੜ

ਨਾਮਧਾਰੀਆਂ ਠੀਕ ਸੀ ਕੁਝ ਧੋਣਾ ਧੋਇਆ,
ਪਰ ਉਹਨਾਂ ਨੂੰ ਅਜੇ ਨਹੀਂ ਸੀ ਚਾਨਣ ਹੋਇਆ
ਸਾਮਰਾਜ ਦਾ ਕਿਸ ਤਰ੍ਹਾਂ ਹੈ ਪੁੱਟਣਾ ਟੋਇਆ ।

ਮੁੰਡਾ 3

ਘੱਟ ਨਹੀਂ ਸੀ ਉਨ੍ਹਾਂ ਦੀ ਤਾਂ ਵੀ ਕੁਰਬਾਨੀ,
ਭਾਵੇਂ ਹੈ ਇਤਿਹਾਸ ਨੇ ਕੁਝ ਘਟ ਬਿਆਨੀ ।

ਬਾਬਾ ਬੋਹੜ

ਜ਼ੁਲਮ ਉਨ੍ਹਾਂ ਤੇ ਬਹੁਤ ਸੀ ਅੰਗਰੇਜ਼ਾਂ ਢਾਇਆ,
ਤੋਪਾਂ ਅੱਗੇ ਰੱਖ ਕੇ ਸੀ ਗਿਆ ਉਡਾਇਆ,
ਗੁਰੂ ਉਨ੍ਹਾਂ ਦਾ ਪਕੜ ਕੇ ਰੰਗੂਨ ਪਹੁੰਚਾਇਆ ।
ਜਿਸ ਦਾ ਮੁੜ ਕੇ ਸੂਹ ਪਤਾ ਕੁਝ ਨਹੀਂ ਆਇਆ
ਉਹਨਾਂ ਦੀਆਂ ਸ਼ਹੀਦੀਆਂ ਦਾ ਚਾਹੀਏ ਪਾਇਆ
ਮੁੱਲ ਯੋਗ, ਪਰ ਅਜੇ ਨਹੀਂ ਸੀ ਵੇਲਾ ਆਇਆ:
ਸਾਮਰਾਜ ਦਾ ਕਿਸ ਤਰ੍ਹਾਂ ਕੱਟ ਜਾਂਦਾ ਫਾਹਿਆ?

ਮੁੰਡਾ 2

ਕਿਹੜੇ ਸਾਲਾਂ ਵਿਚ ਸੀ ਇਹ ਹੋਏ ਸਾਕੇ?
ਬਾਬਾ ਦੱਸ, ਹਿਸਾਬ ਤੂੰ ਇਹ ਵੀ ਕੁਝ ਲਾਕੇ ।

ਬਾਬਾ ਬੋਹੜ

ਸੱਤਰ ਅੱਸੀ ਵਿਚਲੀਆਂ ਇਹ ਹੈਸਣ ਗੱਲਾਂ,
ਆਜ਼ਾਦੀ ਦੇ ਸ਼ਹੁ ਦੀਆਂ ਇਹ ਪਹਿਲੀਆਂ ਛੱਲਾਂ ।

ਮੁੰਡਾ 1

ਬਾਬਾ, ਹਾਲ ਦਲੀਪ ਦਾ ਕੁਝ ਹੋਰ ਬਿਆਨ
ਕਿਵੇਂ ਖੁਹਾ ਕੇ ਰਾਜ ਉਸ ਕੀਤੀ ਗੁਜ਼ਰਾਨ ।

ਬਾਬਾ ਬੋਹੜ

ਕਰੁਣਾਮਈ ਦਲੀਪ ਦੀ ਹੈ ਬਹੁਤ ਕਹਾਣੀ
ਡਰਦਾ ਹਾਂ ਮੈਂਤੋਂ ਨਹੀਂ ਉਹ ਦੱਸੀ ਜਾਣੀ ।
ਪਹਿਲੀ ਇਕ ਮੇਰੀ ਗੱਲ ਤੁਸਾਂ ਧਿਆਨੀ?

ਮੁੰਡਾ 3

ਕਿਹੜੀ ਹੈ ਸੀ ਗੱਲ ਉਹ ਦੱਸ ਫੇਰ ਸੁਣਾ ਕੇ,
ਹੋਰ ਵਧੇਰੇ ਅਰਥ ਤੂੰ ਉਸਦੇ ਵਿਚ ਪਾ ਕੇ ।

ਬਾਬਾ ਬੋਹੜ

ਕਿਧਰੇ ਵੀ ਕਮਜ਼ੋਰ ਨੂੰ ਨਹੀਂ ਮਿਲਦੀ ਦਾਦ,
ਕਰਦਾ ਫਿਰੇ ਜ਼ਹਾਨ ਵਿਚ ਸਾਰੇ ਫ਼ਰਿਆਦ!
ਸੀ ਦਲੀਪ ਕਮਜ਼ੋਰ ਅਜੇਹਾ ਇਕ ਅਭਾਗ ।
ਕੀਤੀ ਘਿਰਣਾ ਵਤਨ ਨੂੰ ਲਾ ਦਿੱਤਾ ਦਾਗ਼
ਕੁਲ ਆਪਣੀ ਨੂੰ ਸਿਰ ਮੁਨਾ ਪੈ ਗਿਆ ਸੁਆਦ
ਪੱਛਮ ਦੇ ਜੀਵਨ ਦਾ ਖੁੱਲਾ ਅਤੇ ਆਜ਼ਾਦ,
ਜਿਸ ਨੂੰ ਉਸ ਨੇ ਸਮਝਿਆ, ਪਰ ਨਾ ਮੁਰਾਦ
ਸਭ ਕਾਸੇ ਤੋਂ ਰਹਿ ਗਿਆ ਖੁੱਸਾ ਸੀ ਰਾਜ,
ਪਰ ਨਾ ਮਿਲੀ ਅਭਾਗ ਨੂੰ ਕੋਈ ਪਰੀ ਨਯਾਦ
ਉਚੇ ਰਾਜਾ ਬੰਸ ਦੀ ਕਰ, ਵਡ ਉਦਮਾਦ ।

ਮੁੰਡਾ 4

ਕਿੱਦਾਂ ਹੋਇਆ ਉਸ ਦਾ ਬਾਬਾ ਨਿਰਬਾਹ
ਵਿਚ ਬਿਗਾਨੇ ਦੇਸ ਦੇ, ਜਿਥੋਂ ਦੀ ਵਾਉ
ਨਾਲ ਵੀ ਨਹੀਂ ਸੀ ਓਸ ਦਾ ਕੋਈ ਰਿਸ਼ਤਾ ਰਾਹ?

ਬਾਬਾ ਬੋਹੜ

ਰਾਣੀ ਜਿੰਦਾਂ ਜਾ ਰਹੀ ਸੀ ਵਿਚ ਨੈਪਾਲ,
ਜਿਉਂ ਤਿਉਂ ਕੱਟੇ ਉਸ ਨੇ ਉਥੇ ਕੁਝ ਸਾਲ
ਹੈ ਸੀ ਉਸ ਦਾ ਬਹੁਤ ਹੀ ਪਰ ਮੰਦਾ ਹਾਲ ।
ਆਇਆ ਫਿਰ ਦਲੀਪ ਸਿੰਘ ਜਦ ਵਿਚ ਬੰਗਾਲ
ਚਿੱਤੇ, ਹਾਥੀ, ਸ਼ੇਰ ਆਦਿ ਦਾ ਕਰਨ ਸ਼ਿਕਾਰ-
ਕਲਕੱਤੇ ਵਿਚ ਆਣ ਕੇ ਹੋ ਗਿਆ ਨਿਹਾਲ-
ਸਿੰਘ ਸਿਪਾਹੀ ਉਸ ਨੂੰ ਸਤਿ ਸ੍ਰੀ ਆਕਾਲ
ਆਖਣ ਆ ਪਰਭਾਤ ਤੇ ਦੋਪਹਰ, ਤਰਕਾਲ ।
ਹੋਇਆ ਫਿਕਰ ਅੰਗਰੇਜ਼ ਨੂੰ ਤੱਕ ਕੇ ਇਹ ਹਾਲ ।
ਕੀਤਾ ਹੁਕਮ ਦਲੀਪ ਨੂੰ ਲੈ ਮਾਂ ਨੂੰ ਨਾਲ
ਮੁੜ ਜਾ ਇੰਗਲਿਸਤਾਨ ਨੂੰ, ਨਾ ਆਪ ਦਿਖਾਲ
ਸਿੰਘ, ਪੰਜਾਬੀ ਕਿਸੇ ਨੂੰ ਨਹੀਂ ਹੋਗ ਖੁਚਾਲ ।
ਲੈ ਗਿਆ ਦੁਖੀਆ ਮਾਂ ਦੁਖਿਆਰੀ ਨੂੰ ਵੀ ਨਾਲ
ਓਥੇ ਜਾ ਕੇ ਜੀਵੀ ਪਰ ਉਹ ਥੋੜੇ ਸਾਲ ।

ਮੁੰਡਾ 1

ਬਾਬਾ, ਰਾਣੀ ਓਸ ਦੇ ਵੀ ਮੰਦੇ ਭਾਗ,
ਚਾਹੀਏ ਸਾਨੂੰ ਸਮਝਣੇ ਸੀ ਚਸ਼ਮ ਚਿਰਾਗ਼
ਜਿਹੜੀ ਸ਼ੇਰ ਪੰਜਾਬ ਦੀ ਅੱਜ ਬਣ ਗਈ ਕਾਗ ।

ਬਾਬਾ ਬੋਹੜ

ਦੇਖਿਆ ਸੀ ਰਣਜੀਤ ਦਾ ਉਹਨੇ ਪਰਤਾਪ
ਰਾਜ ਭਾਗ ਦੇ ਜਾਣ ਦਾ ਸੀ ਪਸ਼ਚਾਤਾਪ
ਉਸ ਦੇ ਮਨ ਵਿਚ ਬਹੁਤ ਹੀ, ਕਰੁਣਾ ਪਰਲਾਪ
ਕਰਦੀ ਰਹਿੰਦੀ ਸਦਾ ਹੀ, ਹੋ ਗਿਆ ਦਿਕ ਤਾਪ,
ਝਲਿਆ ਨਾ ਗਿਆ ਓਸ ਤੋਂ ਮਨ ਦਾ ਸੰਤਾਪ,
ਲੱਦ ਗਈ ਰਣਜੀਤ ਦੇ ਪਿੱਛੇ ਹੁਣ ਆਪ ।

ਮੁੰਡਾ 2

ਉਸ ਨੂੰ, ਬਾਬਾ ਖਾ ਗਿਆ ਜਨਤਾ ਦਾ ਸ੍ਰਾਪ ।

ਬਾਬਾ ਬੋਹੜ

ਆਇਆ ਹਿੰਦੁਸਤਾਨ ਵਿਚ ਹੋ ਕੇ ਮੁਸ਼ਤਾਕ,
ਜਲ ਦੀ ਭੇਟਾ ਕਰਨ ਨੂੰ ਮਾਤਾ ਦੀ ਰਾਖ ।
ਮਨ ਵਿਚ ਸੀ ਪੰਜਾਬ ਨੂੰ ਦੇਖਣ ਦੀ ਝਾਕ ।
ਪਰ ਸੀ ਉਸ ਤੋਂ ਸਾਮਰਾਜ ਵੱਧ ਚਤੁਰ ਚਲਾਕ:
ਨਦੀ ਨਰਬਦਾ ਘੱਟ ਨਹੀਂ ਗੰਗਾ ਤੋਂ ਪਾਕ,
ਮੁੜ ਜਾ ਏਥੋਂ, ਸੁਹਣਿਆਂ, ਨਾ ਹੋ ਗ਼ਮਨਾਕ ।

ਮੁੰਡਾ 3

ਸੁਟ ਗਿਆ ਉਹ ਨਰਬਦਾ ਵਿਚ ਮਾਂ ਦੀ ਰਾਖ?

ਮੁੰਡਾ 4

ਸਾਮਰਾਜ ਹੈ, ਬਾਬਿਆ, ਡਾਢਾ ਸੱਫ਼ਾਕ ।

ਬਾਬਾ ਬੋਹੜ

ਮੁੜ ਕੇ ਇੰਗਸਿਤਾਨ ਵਲ ਉਸ ਚਾਲੇ ਪਾਏ,
ਮਿਸਰ ਦੇਸ ਦੇ ਰਾਹ ਵਿਚ ਉਸ ਦੇਖਣ ਚਾਹੇ
ਰਾਜ ਮੁਨਾਰੇ ਫ਼ਰਨੌਲਾਂ ਨੇ ਕਦੇ ਬਣਾਏ ।
ਪਰ ਦੇਖੋਂ ਕੀ ਉਥੇ ਭਾਵੀਂ ਖੇਲ ਰਚਾਏ,
ਮਨ ਦਲੀਪ ਦਾ ਇਕ ਕੁੜੀ ਉਤੇ ਆ ਜਾਏ,
ਜਿਸ ਦਾ ਪਿਤਾ ਇਤਾਲਵੀ ਅਤੇ ਮਿਸਰੀ ਮਾਏ ।
ਝਟ ਉਸ ਨਾਲ ਦਲੀਪ ਨੇ ਆਨੰਦ ਪੜ੍ਹਾਏ ।
ਤੇ ਇਕ ਵਾਰੀ ਫਿਰ ਬਦਕਿਸਮਤ ਖੁੰਝਾ ਹਾਏ!
ਹੁੰਦੀ ਜੇ ਉਸ ਮੱਤ ਤਾਂ ਪੈਗ਼ਾਮ ਪੁਚਾਏ,
ਹੈ ਕੋਈ ਸਿਖ ਸਰਦਾਰ ਜੋ ਮੈਨੂੰ ਕੁੜਮਾਏ?

ਮੁੰਡਾ 1

ਹੋ ਜਾਂਦੀ ਜੇ ਓਸ ਦੀ ਏਧਰ ਕੁੜਮਾਈ,
ਪੀੜ੍ਹੀ ਤਾਂ ਰਣਜੀਤ ਦੀ ਚਲ ਪੈਣੀ ਸਾਈ ।

ਬਾਬਾ ਬੋਹੜ

ਤੇ ਨਾ ਚੁਕਿਆ ਜਾਂਵਦਾ ਦੇਸੋਂ ਅਧਿਕਾਰ,
ਮਹਾਰਾਜ ਦੇ ਖੁਨ ਦਾ ਤੁਹਾਡ ਵਿਚਕਾਰ
ਹਿੰਦੂ ਮੁਸਲਿਮ ਸਿਖ ਦੀ ਨਾ ਪੈਂਦੀ ਕਾਰ,
ਤੇ ਨਾ ਰਹਿੰਦੇ ਸੌਾ ਤੁਸੀਂ ਪੂਰਾ ਸੌਾ ਸਾਲ
ਦਿਤੀ ਸੀ ਜਦ ਬਾਬਿਆ ਨੇ ਆਣ ਵੰਗਾਰ
ਹੋ ਜਾਂਦੇ ਆਜ਼ਾਦੀ ਦੇ ਜੁਧ ਲਈ ਤਿਆਰ,
ਤੇ ਸ਼ਾਇਦ ਜਿਤ ਜਾਂਵਦੇ ਭਾਵੇਂ ਦੁਸ਼ਵਾਰ ।
ਹੈ ਸੀ ਓਦੋਂ ਜਿਤਣਾ, ਪਰ ਨਹੀਂ ਮੁਹਾਲ ।
ਨਾ ਹੁੰਦੀ ਫਿਰ ਦੇਸ ਦੀ ਸ਼ਾਇਦ ਦੋ ਫਾੜ
ਹੁਣ ਹੋਈ ਹੈ ਜਿਸ ਤਰ੍ਹਾਂ ਮੈਂ ਕਰਾਂ ਵਿਚਾਰ ।

ਮੁੰਡਾ 2

ਏਨੀ ਤਾਂ ਅਸੀਂ ਬਾਬਿਆ ਨਾ ਕਰੀਏ ਸੋਚ,
ਸਾਨੂੰ ਕਥਾ ਦਲੀਪ ਦੀ ਸੁਣਨੇ ਦੀ ਲੋਚ

ਬਾਬਾ ਬੋਹੜ

ਹੁਣ ਦਲੀਪ ਨੂੰ ਹੋ ਗਈ ਬੀਤੇ ਦੀ ਸਾਰ
ਕੀਤਾ ਉਸ ਨੇ ਵਤਨ ਦਾ ਰੁਖ ਤੀਜੀ ਵਾਰ,
ਮਨ ਵਿਚ ਛੱਲਾਂ ਮਾਰਦਾ ਸੀ ਦੇਸ ਪਿਆਰ ।
ਛੋਟੇ ਹੁੰਦੇ ਲਏ ਸਨ ਜੋ ਕੇਸ ਉਤਾਰ,
ਸਤਿਗੁਰੂ ਗੋਬਿੰਦ ਸਿੰਘ ਦਾ ਲਿਆ ਬਾਣਾ ਧਾਰ,
ਪੱਛਮ ਵਾਲਾ ਭੇਸ ਹੁਣ ਦਿੱਤਾ ਸੁ ਉਤਾਰ ।
ਲੰਘਿਆਂ ਨਹਿਰ ਸਵੇਜ਼ ਨੂੰ ਖ਼ੁਸ਼ੀਆਂ ਵਿਚ ਪਾਰ,
ਆਇਆ ਬੰਦਰ ਅਦਨ ਦੀ ਤੇ, ਚਾਉ ਅਪਾਰ ।
ਓਥੇ ਪਲਟਣ ਸਿੰਘਾਂ ਦੀ ਸੀ ਕੀਤੀ ਠਾਹਰ,
ਮਿਲੇ ਆਣ ਮਹਾਰਾਜ ਨੂੰ ਕਰ ਜੈ ਜੈ ਕਾਰ

ਮੁੰਡਾ 1

ਅੱਗੋਂ ਦੀ ਮੈਂ ਬੁਝ ਲਈ ਤੀਜੀ ਵੀ ਵਾਰ,
ਪਹੁੰਚ ਨਾ ਸਕਿਆ ਦੇਸ ਵਿਚ ਸਾਡਾ ਸਰਦਾਰ ।

ਬਾਬਾ ਬੋਹੜ

ਮੁੜ ਕੇ ਏਥੋਂ ਜਾ ਰਹਿਆ ਉਹ ਇੰਗਲਿਸਤਾਨ ।
ਔਖੀ ਹੋ ਗਈ ਉਸ ਨੂੰ ਕਰਨੀ ਗੁਜ਼ਰਾਨ ।
ਲੱਗਾ ਪੱਛੋਤਾਉ ਮਨ ਉਸਦੇ ਨੂੰ ਖਾਣ ।
ਕੁੱਤਾ ਧੋਬੀ ਦਾ ਜਿਵੇਂ ਉਸ ਦਾ ਨਾ ਥਾਨ
ਘਰ ਵਿਚ ਤੇ ਨਾ ਘਾਟ ਵਿਚ । ਵਡੇ ਅਰਕਾਨ
ਸਾਮਰਾਜ ਦੇ ਉਸ ਨੂੰ ਤਾਂ ਨਾ ਅਪਣਾਣ,
ਖੋ ਬੈਠਾ ਸੀ ਦੇਸ ਦਾ ਆਤਮ ਅਭਿਮਾਨ,
ਹੁਣ ਲੱਗਾ ਉਹ ਪਿਆਰ ਫਿਰ ਵਤਨਾਂ ਦਾ ਪਾਣ,
ਲੱਗਾ ਏਧਰ ਚਿੱਠੀਆਂ ਘੱਲਣ ਘਲਵਾਣ ।
ਰੂਸ ਦੇਸ ਦੇ ਜ਼ਾਰ ਨਾਲ ਕੁਝ ਜਾਣ ਪਛਾਣ
ਕੀਤੀ ਏਸੇ ਆਸ ਵਿਚ ਕਿ ਉਸ ਦੇ ਤਾਣ
ਸ਼ਾਇਦ ਮੈਂ ਕੁਝ ਕਰ ਸਕਾਂ ਦੁਸ਼ਮਣ ਦਾ ਹਾਣ
ਲੱਗਾ ਦਿਲ ਵਿਚ ਕਲਪਨਾ ਉਹ ਬਹੁਤ ਵਧਾਣ,
ਲਿਖਿਆਂ ਖੱਤ ਪੰਜਾਬ ਦੇ ਸਰਦਾਰਾਂ ਕਾਣ
ਚਾਚੇ ਤਾਏ ਓਸ ਦੇ, ਜੋ ਵੀਰ ਸਦਾਣ,
ਲੱਗਾ ਹਾਂ ਮੈਂ ਰੂਸ 'ਚੋਂ ਇਕ ਫ਼ੌਜ ਲਿਆਣ,
ਤੁਸੀਂ ਵੀ ਸ਼ੇਰੋ ਸੂਤ ਲਓ ਆਪਣੀ ਕਿਰਪਾਨ ।

ਮੁੰਡਾ 2

ਜ਼ਾਰ ਰੂਸ ਨੇ ਕੀਤਾ ਸੀ ਕੋਈ ਇਕਰਾਰ,
ਫ਼ੌਜਾਂ ਉਸ ਨੂੰ ਦੇਣ ਦਾ?

ਬਾਬਾ ਬੋਹੜ

ਨਹੀਂ ਬਰਖ਼ੁਰਦਾਰ ।
ਦਾਤਾ ਏਡਾ ਕਿਧਰਲਾ ਹੈਗਾ ਸੀ ਜ਼ਾਰ!
ਪਰ ਕੀ ਉਤਰ ਭੇਜਦੇ ਸਾਡੇ ਸਰਦਾਰ,
ਇਹ ਵੀ ਸੁਣ ਲਓ, ਬੀਬਿਓ, ਤੇ ਕਰੋ ਵਿਚਾਰ ।
ਸੁਣ, ਦਲੀਪ ਸਿੰਘ ਸੁਹਣਿਆ, ਵੱਡੀ ਸਰਕਾਰ
ਦਾ ਤੂੰ ਪੁੱਤਰ ਖਾਸ ਹੈਾ, ਤੇ ਸਾਨੂੰ ਪਿਆਰ
ਤੇਰਾ ਜੱਗ ਜਹਾਨ ਤੋਂ ਹੈ ਵੱਧ ਅਪਾਰ ।
ਪਰ ਹੁਣ ਹਨ ਅੰਗਰੇਜ਼ ਵੀ ਸਾਡੀ ਸਰਕਾਰ,
ਤੇ ਮਲਕਾ ਵਿਕਟੋਰੀਆ ਸਾਡੀ ਮਾਤਾਰ,
ਦਿਲ ਤੇ ਜਾਨ ਅਸਾਡੜੇ ਉਸ ਦੇ ਵਫ਼ਾਦਾਰ,
ਦਿਹੁੰ, ਰਾਤੀਂ ਹਾਂ ਅਸੀਂ ਉਸ ਦੇ ਜਾਨ ਨਿਸਾਰ,
ਦੇਈਏ ਉਸ ਦੇ ਬੋਲ ਤੋਂ ਅਸੀਂ ਜਾਨਾਂ ਵਾਰ
ਉਸ ਦਾ ਰਤੀ ਵਿਰੋਧ ਵੀ ਅਸੀਂ ਨਹੀਂ ਸਹਾਰ
ਸਕਦੇ, ਹੋ ਜਾ, ਸੁਹਣਿਆਂ, ਤੂੰ ਖ਼ਬਰਦਾਰ,
ਸਾਥੋਂ, ਉਸ ਨਾਲ ਵਿਗੜ ਕੇ, ਤੂੰ ਕੁਝ ਨਾ ਭਾਲ,
ਮੁੜ ਜਾ ਇੰਗਿਲਸਤਾਨ ਨੂੰ ਤੂੰ ਮਲਿਕਾ ਦੇ ਦੁਆਰ,
ਜਾ ਕੇ ਮੁਆਫ਼ੀ ਮੰਗ ਲੈ ਨਾ ਢਿੱਲ ਗੁਜ਼ਾਰ ।'

ਮੁੰਡਾ 2

ਸੱਚੀਂ, ਬਾਬਾ, ਆਖਦੇ ਲੋਕੀ, ਸਰਦਾਰ
ਰਾਜੇ ਅਤੇ ਨਵਾਬ ਨਹੀਂ ਕਿਸੇ ਦੇ ਯਾਰ ।

ਬਾਬਾ ਬੋਹੜ

ਜਾਇਦਾਦ ਦੇ ਨਾਲ ਹੈ ਇਹਨਾਂ ਦੀ ਯਾਰੀ,
ਵਧ ਹੈ ਮਾਤਰ ਭੂਮ ਤੋਂ ਧਨ ਭੂਮਿ ਪਿਆਰੀ,
ਕਰ ਜਾਂਦੇ ਹਨ ਦਸ ਨਾਲ ਇਹ ਝੱਟ ਗ਼ੱਦਾਰੀ,
ਬਚਦੀ ਹੋਵੇ ਇਸ ਤਰ੍ਹਾਂ ਜੇਕਰ ਸਰਦਾਰੀ ।
ਆਜ਼ਾਦੀ ਦੀ ਜੰਗ ਨਾ ਜਨਤਾ ਨੇ ਹਾਰੀ
ਕਿਸੇ ਦੇਸ ਵਿਚ ਕਦੇ ਵੀ, ਲੋਕੀਂ, ਨਰ ਨਾਰੀ,
ਕਰ ਦਿੰਦੇ ਹਨ ਦੇਸ ਤੋਂ ਸਭ ਕੁਝ ਬਲਿਹਾਰੀ,
ਪਰ ਉਹਨਾਂ ਦੀ ਅਣਖ ਦੇ ਇਹ ਹੈਨ ਵਪਾਰੀ,
ਰਾਜੇ ਤੇ ਸਰਦਾਰ, ਵੱਡੇ ਰਾਜ ਅਧਿਕਾਰੀ ।
ਚਿਠੀ ਜਾ ਕੇ ਮਿਲੀ ਜਦ ਉਸ ਨੂੰ ਫਿਟਕਾਰੀ ।
ਵਗ ਗਈ ਉਸ ਦੇ, ਬੀਬਿਓ, ਸੀਨੇ ਵਿਚ ਆਰੀ ।
ਪੈਰਿਸ ਸ਼ਹਿਰ ਫ਼ਰਾਂਸ ਦੇ ਵਿਚ ਤੇਜ਼ ਕਟਾਰੀ,
ਮਾਯੂਸੀ ਦੀ ਕੱਟ ਗਈ ਜਿੰਦ ਉਸ ਦੀ ਸਾਰੀ ।
ਚਿੱਠੀ ਅੰਤਿਮ ਗਿਲੇ ਦੀ ਉਸ ਲਿਖ ਗੁਜ਼ਾਰੀ
ਵਲ ਮਲਕਾ ਵਿਕਟੋਰੀਆ ਹੈ ਧੋਖਾ ਭਾਰੀ
ਹੋਇਆ ਮੇਰੇ ਨਾਲ ਇਹ, ਤੂੰ ਸੁਣ ਹਤਿਆਰੀ ।
ਮੈਂ ਤਾਂ ਕੀਤੀ ਮੌਤ ਦੀ ਦੁਨੀਆਂ ਦੀ ਤਿਆਰੀ,
ਪਰ ਜੇ ਕੋਈ ਸੂਰਮਾ ਪੰਜਾਬ ਮਤਾਰੀ
ਜੰਮੇਗੀ ਤਾਂ ਲੈ ਲਉ ਮੇਰੀ ਵੀ ਵਾਰੀ ।

ਮੁੰਡਾ 1

ਸੁੱਤਾ ਸਾਡਾ ਦੇਸ ਸੀ ਗ਼ਲਫ਼ਤ ਦੀ ਨੀਂਦੇ,
ਓੜਕ ਪੈਂਦੇ ਜਾਗ ਹਨ, ਪਰ ਇਕ ਦਿਨ ਜੀਂਦੇ ।

ਬਾਬਾ ਬੋਹੜ

ਇਸ ਤੋਂ ਪੰਝੀ ਸਾਲ ਦੀ ਹੁਣ ਲਾ ਕੇ ਛਾਲ,
ਆ ਜਾ ਵੀਹਵੀਂ ਸਦੀ ਵਿਚ, ਕਈ ਬੀਬੇ ਲਾਲ,
ਭੁਖੇ ਦੇਸ ਪੰਜਾਬ ਦੇ ਸੌ ਜੱਫ਼ਰ ਜਾਲ,
ਅਮਰੀਕਾ ਕੇਨੈਡਾ ਪਹੁੰਚੇ ਮੰਦੇ ਹਾਲ ।
ਪਰ ਜੋ ਉਥੇ ਜਾ ਕੇ ਹੋਈ ਉਹਨਾਂ ਨਾਲ,
ਅੱਗਾ ਪਿੱਛਾ ਉਸ ਨੇ ਦਿੱਤਾ ਸਭ ਦਿਖਾਲ ।
ਭਾਰਤ ਦੇਸ ਗ਼ੁਲਾਮ ਹੈ, ਦੂਜੇ ਦਾ ਮਾਲ,
ਸੋਝੀ ਹੋ ਗਈ ਉਨ੍ਹਾਂ ਨੂੰ ਹੋ ਗਿਆ ਮੁਹਾਲ
ਉਹਨਾਂ ਲਈ ਭੁਲ ਜਾਵਣਾ ਹੁਣ ਇਕ ਖ਼ਿਆਲ!

ਮੁੰਡਾ 1

ਹਾਂ, ਗ਼ੁਲਾਮ ਦਾ ਹੁੰਦਾ ਹੈ ਮੰਦਾ ਹੀ ਹਾਲ!

ਬਾਬਾ ਬੋਹੜ

ਤਾਂ ਬੀਬਾ, ਸੀ ਉਨ੍ਹਾਂ ਨੇ ਕੁਝ ਬਣਤ ਬਣਾਈ,
ਸਾਮਰਾਜ ਤੋਂ ਦੇਸ ਨੂੰ ਕਿਉਂ ਮਿਲੇ ਰਹਾਈ,
ਵਿਚ ਅਮਰੀਕਾ ਉਨ੍ਹਾਂ ਨੇ ਉਹ ਲਹਿਰ ਚਲਾਈ
ਜਿਸ ਦੀਆਂ ਗੂੰਜਾਂ ਦੇਸ ਵਿਚ ਦੇ ਗਈਆਂ ਸੁਣਾਈ ।
ਜੁਆਲਾ ਸਿੰਘ ਜਿਹੇ ਸੂਰਮੇ, ਪਰਮਾਨੰਦ ਜਿਹੇ ਭਾਈ,
ਹਰਦਿਆਲ ਜਿਹੇ ਬੁੱਧੀ ਮਾਨਾਂ ਕਰੀ ਕਮਾਈ,
ਸੁੱਤੀ ਜਨਤਾ ਦੇਸ ਦੀ ਇਕ ਵਾਰ ਜਗਾਈ ।

ਮੁੰਡਾ 4

ਗ਼ਦਰ ਪਾਰਟੀ ਉਹਨਾ ਸੀ ਇਸ ਲਈ ਬਣਾਈ,
ਬਾਬਾ ਤੇਰੀ ਗੱਲ ਸਮਝ ਮੇਰੀ ਵਿਚ ਆਈ ।

ਬਾਬਾ ਬੋਹੜ

ਉਹਨਾਂ ਦੇ ਵਿਚ ਹੋਰ ਵੀ ਸਨ ਅਣਖਾਂ ਵਾਲੇ,
ਸੁਣ ਕੇ ਗੱਲਾਂ ਦੇਸ ਦੀ ਹੇਠੀ ਦੀਆਂ ਛਾਲੇ
ਪੈ ਗਏ ਸੀਨੇ ਉਨ੍ਹਾਂ ਦੇ, ਉਹਨਾਂ ਨੂੰ ਨਾਲੇ,
ਦੇਖ ਨਹੀਂ ਸਨ ਭਾਉਂਦੇ ਅਮਰੀਕਾ ਵਾਲੇ,
ਕਢ ਦੇਣ ਦੇ ਹੋ ਰਹੇ ਸਨ ਪਲ ਪਲ ਚਾਲੇ,
ਨਵੇਂ ਵੜ੍ਹਨ ਨਹੀਂ ਦੇਵਣੇ ਇਸ ਦੇਸ 'ਚ ਕਾਲੇ,
ਲੋਕ, ਇਹ ਸਾਡੇ ਅਰਥ ਨੂੰ ਪਾ ਦੇਣ ਖੁਚਾਲੇ
ਲੈ ਕੇ ਘੱਟ ਮਜ਼ਦੂਰੀਆਂ, ਤੇ ਟਾਲਮ ਟਾਲੇ
ਹੋਰ ਵੀ ਉਹਨਾਂ ਲਏ ਸਨ ਘੜ ਕਈ ਨਿਰਾਲੇ,
ਆਪਣੇ ਆਓ ਜਹਾਜ਼ ਵਿਚ ਚੜ੍ਹ ਜੇ ਐਡੇ ਕਾਹਲੇ!

ਮੁੰਡਾ 2

ਗੁਰਦਿੱਤ ਸਿੰਘ ਨੇ ਤਾਂ ਹੀ ਕੌਮਾ ਗਾਟਾ ਮਾਰੂ
ਲੈ ਲਿਆ ਸੀ ਜਾਪਾਨ ਤੋਂ ਦੇ ਕੀਮਤ ਭਾਰੂ?

ਬਾਬਾ ਬੋਹੜ

ਹਾਂ, ਤੇ ਓਸ ਜਹਾਜ਼ ਵਿਚ ਚੜ੍ਹ ਹਿੰਦੁਸਤਾਨੀ
ਤੇ ਪੰਜਾਬੀ ਗਏ ਸਨ, ਕੈਨੇਡਾ ਥਾਣੀ
ਉਤਰਨ ਦਿੱਤੀ ਨਾ ਉਨ੍ਹਾਂ ਪਰ ਕੋਈ ਢਾਣੀ,
ਹੋਈ ਬਹੁਤ ਵਿਚਾਰਿਆਂ ਦੀ ਓਥੇ ਹਾਨੀ ।

ਮੁੰਡਾ 1

ਗ਼ਦਰ ਪਾਰਟੀ ਦਾ ਬਾਬਾ ਕਰ ਕੁਝ ਬਿਆਨ ।
ਸਾਨੂੰ ਉਹਨਾਂ ਜੋਧਿਆ ਦਾ ਕੁਝ ਚਾਹੀਏ ਗਿਆਨ ।

ਬਾਬਾ ਬੋਹੜ

ਮੇਰੇ ਛੋਟੇ ਵੀਰ ਸਨ ਉਹ ਗ਼ਦਰੀ ਬਾਬੇ,
ਦੇਸ ਆਜ਼ਾਦੀ ਲਈ ਜਿਹਨਾਂ ਨੇ ਬੇਹਿਸਾਬੇ
ਕੀਤੇ ਵੱਡੇ ਵਾਰਨੇ, ਤੇ ਵਿਚ ਪੰਜਾਬੇ
ਸੁਤਿਆ ਨੂੰ ਦਿਤਾ ਜਗਾ, ਕਰਤਾਰ ਸਰਾਭੇ ।
ਫਾਂਸੀ ਨੂੰ ਗੱਲ ਪਾ ਲਿਆ ਜਿਉਂ ਹਾਰ ਗੁਲਾਬੇ,
ਭਵਿਆਂ ਸੂਰਾ ਕਿਸ ਤਰ੍ਹਾਂ ਸਤਲੁਜੋਂ ਚਨਾਬੇ,
ਮਾਝੇ ਤੇ ਮਾਲਵੇ ਤੇ ਵਿਚ ਦੁਆਬੇ!
ਧਰਤੀ ਅਤੇ ਅਸਮਾਨ ਦੇ ਮਿਲ ਜਾਣ ਕੁਲਾਬੇ ।
ਜੇਕਰ ਦੇਸ ਪੰਜਾਬ ਨਾ ਪਿਆ ਰਹਿੰਦਾ ਖ਼ਾਬੇ ।

ਮੁੰਡਾ 2

ਗੂੜ੍ਹੀ ਨੀਂਦਰ ਵਿਚ ਪਰ ਸੁੱਤਾ ਸੀ ਦੇਸ
ਇਸ ਨੂੰ ਨਹੀਂ ਪਛਾਣ ਸੀ ਵਿਚ ਦੁਸ਼ਮਣ ਖ਼ੇਸ਼ ।

ਬਾਬਾ ਬੋਹੜ

ਵੀਹਵੀਂ ਸਦੀ ਦਾ ਚੌਧਵਾਂ ਚੜ੍ਹਿਆ ਸੀ ਸਾਲ,
ਯੂਰਪ ਦੇ ਵਿਚ ਛਿੜ ਪਿਆ ਸੀ ਯੁਧ ਵਿਕਰਾਲ,
ਲੜ ਪਈ ਜਰਮਨ ਕੌਮ ਸੀ ਅੰਗਰੇਜ਼ਾਂ ਨਾਲ,
ਵੰਡਣ ਉਤੋਂ ਆਪਸ ਵਿਚ ਮੰਡੀਆਂ ਦਾ ਮਾਲ ।
ਜਾਣਿਆਂ ਗ਼ਦਰੀ ਬਾਬਿਆਂ ਹੁਣ ਮੁਆਫ਼ਕ ਹਾਲ
ਮੁੜ ਚਲੀਏ ਵਿਚ ਦੇਸ ਦੇ ਕਢ ਦੇਈਏ ਬਾਹਰ
ਸਾਮਰਾਜ ਦੇ ਭੂਤ ਨੂੰ, ਹੋ ਜਾਏ ਸੁਖਾਲ ।
ਚੋਰੀ ਇਕ ਜ਼ਹਾਜ਼ ਵਿਚ ਮਾਈ ਦੇ ਲਾਲ
ਲੈ ਕੇ ਕੁਝ ਹਥਿਆਰ ਵੀ ਉਹ ਆਪਣੇ ਨਾਲ,
ਚਲ ਪਏ ਹਿੰਦੁਸਤਾਨ ਵਲ ਸ਼ੇਰਾਂ ਦੀ ਚਾਲ ।
ਆ ਕੇ ਵਿਚ ਪੰਜਾਬ ਦੇ ਪਾ ਦੇਣ ਭੁਚਾਲ,
ਪਰ ਸਰਦਾਰਾਂ ਸਾਡਿਆਂ ਨੇ ਉਹਨਾਂ ਨਾਲ
ਓਵੇਂ ਕੀਤੀ ਜਿਸ ਤਰ੍ਹਾਂ ਪੰਝੀ ਤੀਹ ਸਾਲ
ਪਹਿਲਾਂ ਨਾਲ ਦਲੀਪ ਦੇ ਪਾਖੰਡ ਪਲਾਲ
ਨਾਲ ਕਢਾਇਆ ਹੁਕਮ ਇਹ ਚੜ੍ਹ ਤਖ਼ਤ ਅਕਾਲ
ਇਹ ਨਹੀਂ ਸਨ ਦਸਮੇਸ਼ ਦੇ, ਇਹ ਪਤਤ ਪਰਾਲ,
ਜਿਨ੍ਹਾਂ ਦੇ ਮਨ ਇਸ ਤਰ੍ਹਾਂ ਦਾ ਦੇਸ ਪਿਆਰ,
ਸੱਚੇ ਸਿੰਘ ਨੂੰ ਚਾਹੀਹੇ ਅੰਗਰੇਜ਼ਾਂ ਨਾਲ
ਘਿਉ ਖਿਚੜੀ ਹੋ ਕੇ ਰਹੇ ਬਣ ਕੇ ਹਿੱਕ ਦਾ ਵਾਲ ।

ਮੁੰਡਾ 3

ਚੜ੍ਹਿਆ ਫ਼ਾਂਸੀ ਕਿਸ ਤਰ੍ਹਾਂ ਕਰਤਾਰ ਸਰਾਭਾ,
ਦੱਸ ਜ਼ਰਾ ਕੁ ਖੋਲ੍ਹ ਕੇ ਤੂੰ ਸਾਨੂੰ ਬਾਬਾ ।

ਬਾਬਾ ਬੋਹੜ

ਬਹੁਤ ਕਹਾਣੀ ਓਸ ਦੀ ਹੈ ਨਹੀਂ ਉਜਾਗਰ,
ਮੈਂ ਵੀ ਉਸ ਨੂੰ ਸਕਿਆ ਨਹੀਂ ਹੁਣ ਤੱਕ ਕੱਠਾ ਕਰ,
ਪਰ ਤੂੰ ਏਨੀ ਸਮਝ ਲੈ ਉਸ ਵੀਰ ਬਹਾਦਰ,
ਸ਼ਾਹਪੁਰ ਤੇ ਫ਼ੀਰੋਜ਼ਪੁਰ, ਲਾਹੌਰ, ਪੇਸ਼ਾਵਰ
ਤਾਈਂ ਫ਼ੌਜ਼ਾਂ ਗੱਠੀਆਂ ਕਰ ਦੇਣ ਨਿਛਾਵਰ
ਆਪਾ ਆਪਣੇ ਵਤਨ ਤੋਂ ਤੇ ਕਢਣ ਬਾਹਰ
ਸਾਮਰਾਜ ਅੰਗਰੇਜ਼ ਨੂੰ ਜਿਸ ਨੂੰ ਆਪਣਾ ਘਰ
ਸੰਭਲਨਾ ਸੀ ਹੋ ਰਿਹਾ ਔਖਾ, ਪਰ ਕਾਯਰ
ਜਿਉਂਦੇ ਹੈਸਨ ਵਤਨ ਵਿਚ, ਉਹਨਾਂ ਦਿਤਾ ਕਰ
ਖ਼ਬਰਦਾਰ ਅੰਗਰੇਜ਼ ਨੂੰ, ਕਰਤਾਰ ਦਿਲਾਵਰ
ਫੜਿਆ ਗਿਆ ਫ਼ਿਰੋਜ਼ਪੁਰ ਮੇਰਾ ਮਨ ਆਇਆ ਭਰ!

ਮੁੰਡਾ 1

ਅੱਗੋਂ, ਬਾਬਾ, ਜਾਣਦੇ ਹਾਂ ਅਸੀਂ ਅਞਾਣੇ,
ਫ਼ਾਂਸੀ ਉਸ ਨੂੰ ਲਾ ਦਿਤਾ ਪਾਪੀ ਜਰਵਾਣੇ ।

ਬਾਬਾ ਬੋਹੜ

ਮੇਰੇ ਹੇਠਾਂ ਖੇਡਿਆਂ ਕਈ ਵਾਰੀ ਆਕੇ
ਉਹ ਕਬੱਡੀ ਮੱਝੀਆਂ ਨੂੰ ਛਾਉਂ ਬਿਠਾ ਕੇ ।
ਮੇਰਾ ਸੀ ਪੜਪੋਤਰਾ, ਟਾਹਣਾਂ ਤੇ ਚਾ ਕੇ
ਬਹੁਤ ਖਿਡਾਇਆ ਉਸ ਨੂੰ ਮੈਂ ਚਾਉ ਮਨਾ ਕੇ ।
ਸ਼ੈਸ਼ਨ ਜੱਜ ਨੂੰ ਸੂਰਮਾ ਵੰਗਾਰੇ, ਆਖੇ
ਝਬਦੇ ਹੁਕਮ ਸੁਣਾ ਤੂੰ, ਘਰ ਜਾ ਸੁਣਾ ਕੇ,
ਅਸੀਂ ਵੀ ਜਾਈਏ ਕਿਸੇ ਕੋਲ ਗਲ ਫ਼ਾਹੀ ਪਾ ਕੇ
ਤੇ ਮੁੜ ਆ ਕੇ ਜੰਮੀਏ, ਲੜ ਝਗੜਾ ਪਾ ਕੇ,
ਤੇ ਫਿਰ ਆ ਵਰਤਾਈਏ ਸੰਗਰਾਮੀ ਸਾਕੇ,
ਜਿਹੜੇ ਨਹੀਂ ਵਰਤਾ ਸਕੇ, ਰਹੇ ਧੋਖਾ ਖਾ ਕੇ ।

ਮੁੰਡਾ 2

ਬਾਬਾ ਇਥੇ ਬਸ ਕਰ ਨਾ ਨੈਣ ਡੁਬਾ
ਏਸ ਤਰ੍ਹਾਂ ਵਿਚ ਹੰਝੂਆਂ, ਕੋਈ ਹੋਰ ਸੁਣਾ ।

ਬਾਬਾ ਬੋਹੜ

ਹੋਰ ਵੀ ਕਿਹੜੀ ਬੀਬਾ, ਹੈ ਹਾਸੇ ਦੀ ਹੀਰ!
ਮੈਂ ਤਾਂ ਸਮਝਾ ਉਸ ਦਾ ਹੀ ਸੀ ਛੋਟਾ ਵੀਰ,
ਜਿਸ ਦੇ ਫੁੱਲ ਅਤੇ ਅਸਤੀਆਂ ਸਤਲੁਜ ਦਾ ਨੀਰ,
ਰੋਂਦਾ ਰੋਂਦਾ ਲੈ ਗਿਆ ਸਾਗਰ ਦੇ ਤੀਰ ।

ਮੁੰਡਾ 3

ਉਹ ਸੀ ਕੌਣ ਜੋ ਜਾਪਦਾ ਉਤਨਾ ਹੀ ਪਿਆਰਾ,
ਤੈਨੂੰ ਜਿਤਨਾ ਇਹ ਸੀ ਤੇਰਾ ਕਰਤਾਰਾ?

ਬਾਬਾ ਬੋਹੜ

ਉਸ ਦੀ ਵੀ ਤੂੰ ਸੁਣ ਲਵੀਂ ਜਦ ਮੌਕਾ ਆਵੇ,
ਹੁਣ ਸੁਣ ਜਿਹੜੇ ਭਾਣੇ ਦੇਸ ਉਤੇ ਵਰਤਾਵੇ
ਸਾਮਰਾਜ ਜਰਵਾਣਾ ਜਦ ਯੁਧ ਜਿਤ ਕੇ ਆਵੇ ।
ਪੋਤੇ ਤੇ ਪੜਪੋਤਰੇ ਮੇਰੇ ਹੀ ਬਾਵੇ,
ਤੁਰਕੀ ਅਤੇ ਫ਼ਰਾਸ ਵਿਚ ਗਏ ਨਾਲ ਬੁਲਾਵੇ,
ਕੁਝ ਜਿਉਂ ਰੀਤ ਵਡੇਰਿਆਂ, ਕੁਝ ਭੁਖ ਦੇ ਹਾਵੇ ।
ਅੱਗੇ ਮੇਰੇ ਪੁੱਤ ਦੇ ਨਾ ਪੈਰ ਟਿਕਾਵੇ,
ਜਰਮਨ, ਤੁਰਕ ਜਾਂ ਦੂਸਰਾ, ਉਹ ਜਿੱਧਰ ਜਾਵੇ,
ਦੁਸ਼ਮਣ ਦੀਆਂ ਪਾਲਾਂ ਕਚੀ ਕੰਧ ਜਿਉਂ ਢਾਵੇ ।

ਮੁੰਡਾ 4

ਠੀਕ ਹੈ, ਬਾਬਾ, ਯੁਧ ਦੇ ਵਿਚ ਸੂਰਮਤਾਈ
ਸਦਾ ਹੀ ਸਾਡੇ ਵੱਡਿਆਂ ਹੈ ਬਹੁਤ ਦਿਖਾਈ ।

ਬਾਬਾ ਬੋਹੜ

ਪਰ ਨਾ ਕਦਰ ਅੰਗਰੇਜ਼ ਨੇ ਉਹਨਾਂ ਦੀ ਪਾਈ ।
ਯੁਧ ਪਿੱਛੋਂ ਜਦ ਦੇਸ ਨੇ ਆ ਮੰਗ ਜਤਾਈ,
ਆਜ਼ਾਦੀ ਦੀ ਜਿਸ ਲਈ ਸੀ ਹੋਈ ਲੜਾਈ,
ਕਹਿਣ ਮੁਤਾਬਕ ਉਨ੍ਹਾਂ ਦੇ, ਜਿਸ ਵਿਚ ਲੁਕਾਈ,
ਦਾ ਹੋਇਆ ਸੀ ਨਾਸ, ਬੰਦਿਆਂ ਲੱਖਾਂ ਦਾ ਹੀ,
ਤਾਂ ਫਿਰ ਝਟ ਜਰਵਾਣਿਆਂ ਨੇ ਅੱਖ ਬਦਲਾਈ ।
ਅੱਗੋਂ ਫਿਰ ਪੰਜਾਬ ਵੀ ਸੀ ਨਹੀਂ ਹਲਵਾਈ
ਦਾ ਕੁੱਤਾ ਜੋ ਖਾ ਖਾ ਕੇ ਹੁੰਦਾ ਮੋਟਾ ਹੀ ।
ਸਾਰੇ ਦੇਸ ਪੰਜਾਬ ਵਿਚ ਮਚ ਗਈ ਦੁਹਾਈ,
ਕਿਧਰੇ ਕਿਧਰੇ ਹੋ ਗਈ ਕੁਝ ਹਿੰਸਾ ਭਾਈ ।
ਇਸ ਉਤੇ ਅੰਗਰੇਜ਼ ਨੇ ਉਹ ਅਤ ਸੀ ਚਾਈ,
ਲੋਕਾਂ ਉਤੇ ਕਰ ਦਿੱਤੀ ਹਰ ਥਾਂ ਕੜਕਾਈ
ਅੰਮ੍ਰਿਤਸਰ ਵਿਚ ਪਾਪੀਆਂ ਇਹ ਧੌਂਸ ਜਮਾਈ
ਪੱਥਰ ਦਾ ਬੁੱਤ ਖੜੀ ਜੋ ਵਿਕਟੋਰੀਆ ਮਾਈ,
ਉਸਦੇ ਅੱਗੋਂ ਲੰਘਦੇ ਦੀ ਸ਼ਾਮਤ ਆਈ,
ਪਹਿਲਾਂ ਕਰੇ ਡੰਡੌਤ ਤੇ ਫਿਰ ਅੱਗੇ ਜਾਈ ।
ਇਹਨਾਂ ਹੀ ਵਾਰਾਂ ਦੇ ਵਿਚ ਵਿਸਾਖੀ ਆਈ ।
ਜੱਲਿਆਂ ਵਾਲੇ ਬਾਗ ਵਿਚ ਸੀ ਜੁੜੀ ਲੁਕਾਈ,
ਹੱਥ ਨਹੀਂ ਸੀ ਕਿਸੇ ਦੇ ਕੈਂਚੀ ਵੀ ਕਾਈ ।
ਆ ਕੇ ਡਾਇਰ ਨੇ ਮਸ਼ੀਨ ਵੱਡੀ ਲਗਵਾਈ,
ਤੜ੍ਹ ਤੜ੍ਹ ਵਰਖਾ ਗੋਲੀਆਂ ਦੀ ਓਸ ਵਰ੍ਹਾਈ ।
ਚਾਰੇ ਪਾਸੇ ਕੰਧ ਸੀ, ਨਾ ਰਸਤਾ ਕਾਈ
ਜਿਧਰ ਕੋਈ ਜਾਇ ਕੇ ਲਏ ਜਾਣ ਬਚਾਈ ।
ਕਈ ਹਜ਼ਾਰ ਪਾਪੀ ਨੇ ਪਰਲੈ ਵਰਤਾਈ ।
ਕੀ ਦੱਸਾਂ, ਕਾਕਾ, ਮੇਰੇ ਵਿਚ ਸ਼ਕਤੀ ਨਾਹੀਂ ।

ਮੁੰਡਾ 1

ਮਚ ਗਿਆ ਹੋਊ ਦੇਸ ਵਿਚ ਸਾਰੇ ਕੁਹਰਾਮ,
ਬਾਬਾ, ਏਡੇ ਜ਼ੁਲਮ ਦਾ ਕੀ ਹੁੰਦਾ ਨਾਮ?

ਬਾਬਾ ਬੋਹੜ

ਸਾਮਰਾਜ ਦੇ, ਕਾਕਿਆ, ਇਹ ਲੱਛਣ ਜਾਣ ।
ਪਰ ਉਠਿਆ ਸੀ ਇਸ ਸਮੇਂ ਇਕ ਪੁਰਖ ਸੁਜਾਨ,
ਗਾਂਧੀ ਜੀ ਗੁਜਰਾਤ ਦਾ ਇਕ ਬੁਧੀਮਾਨ
ਰੋਦੇਂ ਉਸ ਪੰਜਾਬ ਦੀ ਅੱਖ ਪੂੰਝੀ ਆਣ,
ਤੇ ਫਿਰ ਸਾਰੇ ਦੇਸ ਨੂੰ ਕਰਵਾਇਆ ਗਿਆਨ,
ਹੋਏ ਨਾ ਕਿਰਪਾਨ ਜੇ ਚੁੱਕਣ ਦਾ ਤਾਣ,
ਤਾਂ ਵੀ ਛੱਡ ਨਾ ਬੈਠੀਏ ਆਤਮ-ਅਭਿਮਾਨ
ਨਾ ਮਿਲਵਰਤਣ ਸਾਮਰਾਜ ਦਾ ਕਰਸੀ ਘਾਣ,
ਉਸ ਨਾਲ ਵਣਜ ਘਟਾ ਦਿਓ, ਲਓ ਪੱਕੀ ਠਾਣ,
ਔਖਾ ਹੋਊ ਉਸ ਲਈ ਜਦ ਨਫ਼ਾ ਕਮਾਣ
ਤਾਂ ਫਿਰ ਸਾਡੇ ਨਾਲ ਕੁਝ ਸਮਝਣ ਸਮਝਾਣ
ਆਪੇ ਕਰਸੀ, ਇਹ ਸੀ ਉਸ ਦਾ ਵਿਖਿਆਨ ।

ਮੁੰਡਾ 2

ਏਵੇਂ ਹੀ ਹੋਈ ਹੈ, ਬਾਬਾ, ਪਿਛੋਂ ਬਾਤ,
ਗਾਂਧੀ ਜੀ ਦੀ ਅਕਲ ਦੀ ਕੀ ਪਾਈਏ ਹਾਥ!

ਬਾਬਾ ਬੋਹੜ

ਪਰ ਇਹ ਸੌਦੇ ਜੋਧਿਆਂ ਨੂੰ ਕਦੀ ਨਾ ਭਾਂਦੇ ।
ਲਾਭ ਇਹਨਾਂ ਦੇ ਉਤਲੇ ਹੀ ਹਨ ਲੋਕ ਉਠਾਂਦੇ ।
ਅੱਗੋਂ ਨਫ਼ਾ ਕਮਾਣ ਨੂੰ ਦੋਵੇਂ ਰਲ ਜਾਂਦੇ,
ਪੂੰਜੀ ਪਤਿ ਪਰਦੇਸ ਦੇ, ਨਾਲੇ ਦੇਸਾਂ ਦੇ ।
ਭਗਤ ਸਿੰਘ ਜਿਹੇ ਸੂਰਿਆਂ ਨੂੰ ਨਹੀਂ ਸੁਖਾਂਦੇ,
ਚਾਲੇ ਇਹ ਵਣਜਾਰਿਆਂ ਪੁਤਰਾਂ ਚਤਰਾਂ ਦੇ ।

ਮੁੰਡਾ 1

ਅੱਛਾ ਹੁਣ ਮੈਂ ਸਮਝਿਆ ਕਿਉਂ ਅੱਖ ਵਿਚ ਨੀਰ
ਆਇਆ ਸੀ ਤੇ ਹੋ ਗਿਆ ਸੀ ਤੂੰ ਦਿਲਗੀਰ,
ਸੂਰੇ ਸਿੰਘ ਕਰਤਾਰ ਦਾ ਇਹ ਛੋਟਾ ਵੀਰ,
ਭਗਤ ਸਿੰਘ ਸਰਦਾਰ ਸੀ ਜੋਧਿਆਂ ਦਾ ਮੀਰ ।

ਬਾਬਾ ਬੋਹੜ

ਭਗਤ ਸਿੰਘ ਪੜਪੋਤਾ ਸੀ ਪਿਆਰਾ ਮੇਰਾ ਹੀ,
ਕਲਾ ਓਸ ਨੇ ਦੇਸ ਵਿਚ ਡਾਢੀ ਵਰਤਾਈ,
ਦਿੱਲੀ ਵਿਚ ਕਾਨੂੰਨ ਦੀ ਸੰਮਤੀ ਵਿਚ ਜਾਈ,
ਬੰਮ ਸੁੱਟਿਆ ਉਸ ਨੇ ਨਾ ਮਾਰਨ ਤਾਈਂ,
ਜਰਵਾਣੇ ਨਾ ਝੋਲੀ ਚੁੱਕ ਕਿਸੇ ਨੂੰ, ਭਾਈ ।
ਉਸ ਨੇ ਤਾਂ ਚੇਤਾਵਨੀ ਸੀ ਇਉਂ ਕਰਵਾਈ
ਸਾਮਰਾਜ ਨੂੰ ਸਮੇਂ ਨੇ ਕਰਵਟ ਬਦਲਾਈ,
ਹੁਣ ਵੀ ਜਾਓ ਸਮਝ ਜੇ ਨਹੀਂ ਸ਼ਾਮਤ ਆਈ ।

ਮੁੰਡਾ 4

ਪਰ ਕਹਿੰਦੇ ਹਨ, ਬਾਬਿਆ, ਉਸ ਮਾਰ ਮੁਕਾਇਆ,
ਅਫ਼ਸਰ ਇਕ ਅੰਗਰੇਜ਼ ਸਾਂਡਰਸ ਨਾਮ ਸਦਾਇਆ,
ਜਿਸ ਲਈ ਉਸ ਨੂੰ ਪਕੜ ਕੇ ਸੀ ਫਾਹੇ ਲਾਇਆ
ਸਾਮਰਾਜ ਦੇ ਨਿਆਇ ਨੇ, ਸਾਕਾ ਵਰਤਾਇਆ ।

ਬਾਬਾ ਬੋਹੜ

ਇਹ ਹੈ ਸਚ ਜਾਂ ਝੂਠ ਮੈਨੂੰ ਖ਼ਬਰ ਨਾ ਕਾਈ
ਪਰ ਆਜ਼ਾਦੀ ਦੇਸ ਪਿਆਰ ਦੀ ਜਿਨ੍ਹਾਂ ਲੜਾਈ
ਲੜੀ ਹੈ ਉਹਨਾਂ ਨੂੰ ਇਹ ਕੀਮਤ ਦੇਣੀ ਆਈ,
ਚਾਹੇ ਦੋਸੀ ਹੋਵੇ ਚਾਹੇ ਨਿਰਦੋਸਾ ਹੀ,
ਇਸ ਦੀ ਅੱਗ ਵਿਚ ਜਿੰਦ ਦੀ ਅਹੂਤੀ ਪਾਈ
ਬਿਨਾਂ ਨਹੀਂ ਛੁਟਕਾਰਾ ਭਗਤ ਸਿੰਘ ਦੀ ਭਾਈ,
ਸਾਂਡਰਸ ਜਿਹੇ ਇਤਿਹਾਸ ਵਿਚ ਨਾ ਹੋਣ ਗਵਾਹੀ ।
ਸਾਂਡਰਸ ਅਤੇ ਭਗਤ ਸਿੰਘ ਵਿਚ ਕੀ ਸਮਤਾਈ?

ਮੁੰਡਾ 1

ਠੀਕ ਆਂਖੇ ਤੂੰ ਬਾਬਿਆ, ਬੰਦੇ ਦਾ ਮੁੱਲ,
ਉਸ ਦੀ ਕਰਨੀ ਨਾਲ ਹੈ ਕਿਉਂ ਜਾਈਏ ਭੁੱਲ?

ਮੁੰਡਾ 2

ਮੈਂ ਸੁਣਿਆ ਗਾਂਧੀ ਜੀ ਨੇ ਲਾਇਆ ਸੀ ਤਾਣ,
ਫਾਂਸੀ ਤੋਂ ਬਚ ਜਾਏ ਭਗਤ ਸਿੰਘ ਦੀ ਜਾਨ ।
ਪਰ ਅਰਵਿਨ ਨਾ ਮਿੰਨਆ ਵਿਚ ਰਾਜ ਅਭਿਮਾਨ ।

ਬਾਬਾ ਬੋਹੜ

ਸਾਮਰਾਜ ਦਾ ਮੁੱਢ ਤੋਂ ਹੈ ਇਹ ਵਰਤਾਰਾ,
ਦੇਸ ਭਗਤ ਨੂੰ ਆਖਦੇ ਡਾਕੂ ਹਤਿਆਰਾ ।
ਤੇਗ ਬਹਾਦਰ ਨਾਲ ਕੀ ਹੋਇਆ ਸੀ ਕਾਰਾ?
ਗੋਬਿੰਦ ਸਿੰਘ ਦੇ ਲਾਲ ਵੀ ਚਿਣ ਵਿਚ ਦੀਵਾਰਾਂ
ਸਮਝਿਆ ਸੀ ਜਰਵਾਣਿਆ, ਜਿਤਿਆ ਜਗ ਸਾਰਾ ।
ਇਸੇ ਤਰ੍ਹਾਂ ਅੰਗਰੇਜ਼ ਨੂੰ ਕਦ ਲਗੇ ਪਿਆਰਾ,
ਭਗਤ ਸਿੰਘ ਜਿਹਾ ਸੂਰਾ ਮੇਰਾ ਬੀਰ ਦੁਲਾਰਾ?

ਮੁੰਡਾ 1

ਹੋਇਆ ਸਫ਼ਲਾ ਕਿਸ ਤਰ੍ਹਾਂ ਕੌਮੀ ਸੰਗਰਾਮ,
ਏਦੂੰ ਅੱਗੇ ਚਲ, ਬਾਬਾ ਦੱਸ ਤਮਾਮ ।

ਬਾਬਾ ਬੋਹੜ

ਮੇਰੀ, ਬੀਬਾ, ਕਥਾ ਹੁਣ ਹੋ ਗਈ ਤਮਾਮ,
ਸਫਲ ਵੀ ਹੋਇਆ ਹੈ ਕਿ ਨਾ ਕੌਮੀ ਸੰਗਰਾਮ
ਹਾਲੇ ਨਹੀਂ ਮੈਂ ਜਾਣਦਾ, ਇਹ ਆਖਣ ਆਮ,
ਤੇਲ ਅਤੇ ਇਸ ਦੀ ਧਾਰ ਨੂੰ ਦੇਖੋ ਫਿਰ ਦਾਮ
ਦੇਵੋ ਇਸ ਦਾ ਸੋਚ ਕੇ । ਜੋਧੇ ਵਰਿਆਮ
ਜਿਹੜੇ ਇਸ ਸੰਗਰਾਮ ਵਿਚ ਗਏ ਅਗਲੇ ਧਾਮ,
ਉਹਨਾਂ ਨੂੰ ਮੈਂ ਲੈ ਲਵਾਂ ਵਿਚ ਆਪਣੀ ਸਾਮ,
ਪਰ ਜੋ ਹਾਲੀ ਵਿਚਰਦੇ ਹਨ ਏਸ ਮਕਾਮ,
ਉਹਨਾਂ ਦਾ ਮੈਂ ਪਰਖਦਾ ਨਾ ਰੂਪ ਨਾ ਨਾਮ ।
ਜਾਓ, ਬੀਬਾ, ਹੋ ਰਹੀ ਹੈ ਹੁਣ ਤਾਂ ਸ਼ਾਮ,
ਮੈਂ ਵੀ ਕਰਨਾ ਚਾਹੁੰਦਾ ਹੁਣ ਕੁਝ ਆਰਾਮ ।

ਮੁੰਡਾ 1

ਮਝਾਂ, ਮਿਤਰੋ, ਕਢ ਲਓ ਹੁਣ ਨਹਿਰੋਂ ਬਾਹਰ,
ਲੈ ਚਲੀਏ ਹੁਣ ਘਰਾਂ ਨੂੰ ਇਹ ਡੰਗਰ ਡਾਰ,
ਬਾਬਾ, ਮੱਥਾ ਟੇਕਦੇ ਅਸੀਂ ਨਾਲ ਪਿਆਰ,
ਕਲ ਫਿਰ ਹਾਜ਼ਰ ਹੋਵਾਂਗੇ ਤੇਰੇ ਦਰਬਾਰ ।
(ਚਲੇ ਜਾਂਦੇ ਹਨ ।)
(ਪਰਦਾ)

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਸੰਤ ਸਿੰਘ ਸੇਖੋਂ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ