Balde Chiragh (Punjabi Story) : Ajmer Sidhu

ਬਲ਼ਦੇ ਚਿਰਾਗ਼ (ਕਹਾਣੀ) : ਅਜਮੇਰ ਸਿੱਧੂ

ਮੈਂ ਕੱਲ੍ਹ ਸਾਰਾ ਦਿਨ ਪਟਿਆਲਾ ਸ਼ਹਿਰ ਦੀਆਂ ਮਹਿਰਾਬਾਂ ਨਾਲ ਗੱਲਾਂ ਕਰਦਾ ਰਿਹਾ। ਅੱਜ ਦਿਲ ਨਾਲ ਗੱਲਾਂ ਕਰ ਰਿਹਾ ਹਾਂ। ਆਪਣੀ ਮੁਹੱਬਤ ਦਾ ਹਿਸਾਬ ਕਿਤਾਬ ਕਰ ਰਿਹਾ ਹਾਂ। ਤਣ-ਪੱਤਣ ਵੀ ਲੱਭ ਰਿਹਾਂ ਹਾਂ। ਝੂਰ ਵੀ ਰਿਹਾ ਹਾਂ। ਜਿਉਣ ਦਾ ਹੱਲ ਵੀ ਲੱਭ ਰਿਹਾ ਹਾਂ।
‘‘ਹਾਂ, ਬਈ ਬੱਲਿਆ। ਕਰ ਕਾਰ ਸਟਾਰਟ।’’ ਮੈਂ ਗੁਰਜੀਤ ਸਿੰਘ ਨੂੰ ਬੰਗਾ ਜਾਣ ਲਈ ਤੋਰ ਲਿਆ ਹੈ।
ਕਾਰ ਨੇ ਪਟਿਆਲੇ ਨੂੰ ਅਲਵਿਦਾ ਕਿਹਾ ਹੈ ਤੇ ਸਰਹਿੰਦ ਵੱਲ ਚਾਲੇ ਪਾ ਲਏ ਹਨ। ਆਹ ਚੜ੍ਹਦਾ ਪੰਜਾਬ ਵੀ ਮੇਰਾ ਆਪਣਾ ਹੈ। ਮੈਂ ‘ਆਵਾਮੀ ਥਿਏਟਰ ਗਰੁੱਪ ਲਾਹੌਰ’ ਦਾ ਕਲਾਕਾਰ ਹਾਂ।
‘‘ਤੁਸੀਂ ਸਲੀਮ ਕਾਸ਼ਦੀ ਸਾਹਿਬ ਨਾਲ ਕਿਵੇਂ ਜੁੜ ਗਏ?’’ ਗੁਰਜੀਤ ਸਿੰਘ ‘ਅਵਾਮੀ ਥਿਏਟਰ ਗਰੁੱਪ’ ਦੇ ਡਾਇਰੈਕਟਰ ਨਾਲ ਜੁੜਨ ਦੇ ਸਬੱਬ ਬਾਰੇ ਪੁੱਛਣ ਲੱਗ ਪਿਆ ਹੈ।
ਸਲੀਮ ਮੇਰੇ ਪੋਤੇ ਦਾ ਦੋਸਤ ਹੈ। ਉਸ ਨੂੰ ਬਜ਼ੁਰਗ ਸਿੱਖ ਪਾਤਰ ਦੇ ਅਭਿਨੈ ਲਈ ਕਲਾਕਾਰ ਦੀ ਜ਼ਰੂਰਤ ਸੀ। ਉਹਨੇ ਮੈਨੂੰ ਚੁਣ ਲਿਆ। ਦਰਅਸਲ ਜਦੋਂ ਸਾਨੂੰ ਲਹਿੰਦੇ ਪੰਜਾਬ ਹੀ ਰਹਿਣਾ ਪੈ ਗਿਆ, ਮੈਂ ਸਿੱਖਾਂ ਵਾਂਗ ਦਾਹੜੀ-ਮੁੱਛ ਰੱਖ ਲਏ। ਸਿਰ ’ਤੇ ਪੱਗ ਬੰਨ੍ਹਣ ਲੱਗ ਪਿਆ ਸੀ। ਕੁੜਤਾ ਪਜਾਮਾ ਪਹਿਨਦਾ ਹਾਂ। ਕੋਈ ਪੰਜ ਸਾਲ ਪਹਿਲਾਂ ਦੀ ਗੱਲ ਹੋਣੀ ਏ। ਉਦੋਂ ਇਥੇ ਆਉਣ ਦਾ ਖਿਆਲ ਵੀ ਨਹੀਂ ਸੀ ਕੀਤਾ। ਬੱਸ ਐਵੇਂ ਸਲੀਮ ਕਾਸ਼ਦੀ ਨੂੰ ਹਾਂ ਕਰ ਦਿੱਤੀ। ਮੈਨੂੰ ਲੱਗਾ ਸੀ ਜਿਵੇਂ ਨਿਰਮਲਾ ਦੇ ਨੇੜੇ ਹੋਣ ਲੱਗਾ ਹਾਂ। ਮੈਨੂੰ ਬੰਦਾ ਸਿੰਘ ਬਹਾਦਰ ਦੀ ਫ਼ੌਜ ਦੇ ਬੁੱਢੇ ਜਰਨੈਲ ਦਾ ਰੋਲ ਮਿਲ ਗਿਆ ਸੀ। ਨਾਟਕ ਦੇ ਅਠਾਰਾਂ ਸ਼ੋਅ ਕਰ ਚੁੱਕੇ ਹਾਂ।
ਅਠਾਰਵਾਂ ਸ਼ੋਅ ਕੱਲ੍ਹ ਯੂਨੀਵਰਸਿਟੀ ਕੀਤਾ ਸੀ। ਅਸੀਂ ਜਿਸ ਦਿਨ ਪਟਿਆਲਾ ਆਏ। ਸਾਡੇ ਵਿਚੋਂ ਕੁਝ ਨੇ ਵੀ. ਸੀ. ਸਾਹਿਬ ਨੂੰ ਆਪਣੀ ਜਨਮ ਭੋਂਇ ਦਿਖਾਉਣ ਲਈ ਕਿਹਾ ਸੀ। ਉਝ ਮੈਂ ਪਿਛਲੇ ਸਾਲ ਇਹ ਸ਼ੋਅ ਅੰਮਿ੍ਰਤਸਰ ਵੀ ਕਰ ਗਿਆ ਹਾਂ। ਉਦੋਂ ਮੇਰੇ ਕੋਲ ਜ਼ਿਲ੍ਹਾ ਨਵਾਂ ਸ਼ਹਿਰ ਦਾ ਵੀਜ਼ਾ ਨਹੀਂ ਸੀ। ਇਸ ਵਾਰ ਲੈ ਕੇ ਆਇਆ ਹਾਂ। ਕੱਲ੍ਹ ਵੀ. ਸੀ. ਸਾਹਿਬ ਨੇ ਸਾਡੇ ਪਿੰਡ ਦਿਖਾਉਣ ਦਾ ਪ੍ਰਬੰਧ ਕਰ ਦਿੱਤਾ ਸੀ। ਪੰਜਾਬੀ ਡਿਪਾਰਟਮੈਂਟ ਵਾਲਿਆਂ ਨੇ ਆਪਣਾ ਰਿਸਰਚ ਸਕਾਲਰ ਗੁਰਜੀਤ ਸਿੰਘ ਮੇਰੇ ਨਾਲ ਤੋਰ ਦਿੱਤਾ। ਉਝ ਇਹ ਹੈ ਬੜਾ ਸਿਆਣਾ। ਪੁੱਛ ਰਿਹਾ-
‘‘ਖਾਨ ਸਾਹਿਬ, ਅੱਜ ਕੱਲ੍ਹ ਦੋਨਾਂ ਦੇਸ਼ਾਂ ਦੀ ਦੋਸਤੀ ਦੇ ਨਾਂ ’ਤੇ ਸਿਆਸਤ ਨਈਂ ਹੋ ਰਹੀ?’’
ਸਭ ਤੋਂ ਪਹਿਲਾਂ ਮੈਂ ਇਹਨੂੰ ਖਾਨ ਸਾਹਿਬ ਕਹਿਣ ਤੋਂ ਰੋਕਿਆ ਹੈ। ਰਹੀ ਗੱਲ ਸਿਆਸਤ ਦੀ। ਵਿਦੇਸ਼ੀ ਹਾਕਮ ਪਹਿਲਾਂ ਹਥਿਆਰ ਵੇਚਣ ਲਈ ਦੋਨਾਂ ਮੁਲਕਾਂ ਨੂੰ ਲੜਾਉਦੇ ਸਨ। ਹੁਣ ਤਿਜ਼ਾਰਤ ਕਰਨ ਡਹਿ ਪਏ। ਆਪਣਾ ਮਾਲ ਵੇਚਦੇ ਨੇ। ਸਾਡੇ ਮੁਲਕਾਂ ਦੇ ਕੁਦਰਤੀ ਸਾਧਨਾਂ ਨੂੰ ਹਥਿਆਉਦੇ ਹਨ। ਇਹ ਵਿਚਾਰ ਕਿਸੀ ਨਾਟਕ ਸਕਰਿਪਟ ਦੇ ਨ੍ਹੀਂ। ਮੇਰੇ ਅੰਦਰੋਂ ਚੀਸ ਉੱਠੀ ਹੈ। ਸਤਵੰਜਾ ਸਾਲ ਪਹਿਲਾਂ ਵੀ ਉੱਠੀ ਸੀ। ਇਹ ਦੋ ਹਜ਼ਾਰ ਚਾਰ ਦਾ ਵਰ੍ਹਾ ਹੈ। ਉਜਾੜੇ ਵੇਲੇ ਮੈਂ ਉੱਨੀ ਸਾਲ ਦਾ ਹੋਣਾ। ਤੇ ਉਹ ਅਠਾਰਾਂ ਸਾਲ ਦੀ।
ਮੈਂ ਸਰਹਿੰਦ ਵਿਚਲੀ ਮਸਜਿਦ ਕੋਲ ਕਾਰ ਖੜ੍ਹੀ ਕਰਵਾਈ ਹੈ। ਸਿਜਦਾ ਕੀਤਾ ਏ। ਤੇ ਤੁਰ ਪਏ ਹਾਂ।
‘‘ਬਾਪੂ ਜੀ, ਤੁਸੀਂ ਮੁੱਢ ਤੋਂ ਈ ਬੰਗਾ ਵਸਦੇ ਸੀ?’’
ਪਤਾ ਈ ਨ੍ਹੀਂ ਕਿੰਨੀਆਂ ਪੀੜ੍ਹੀਆਂ ਤੋਂ ਸਾਡੇ ਵਾਲਦੈਨ ਉਥੇ ਮੁਕੀਮ ਸਨ। ਬੰਗਾ ਅੱਜ ਵੀ ਮੇਰੇ ਚੇਤਿਆਂ ਵਿਚ ਵਸਿਆ ਹੋਇਆ ਏ।...ਤੇ ਇਨਸ਼ਾ ਅੱਲ੍ਹਾ ਜਦ ਤੱਕ ਸਾਹ ਚਲਦੇ ਨੇ, ਵਸਦਾ ਰਹੇਗਾ। ਮੇਰਾ ਆਪਣਾ ਦੋਆਬਾ। ਮੈਂ ਉਹਨੂੰ ਕਦੇ ਭੁੱਲਣਾ ਵੀ ਨ੍ਹੀਂ। ਭੁੱਲਣਾ ਤਾਂ ਇਕ ਪਾਸੇ ਬੰਦਾ ਕਦੇ ਆਪਣੀ ਜਨਮ ਭੋਂਇ ਨਾਲੋਂ ਟੁੱਟਦਾ ਨਹੀਂ। ਸਾਗਰ ਪੱਟੀ ਵਿਚ ਸਾਡਾ ਮੁਹੱਲਾ ਹੰੁਦਾ ਸੀ। ਇਸ ਮੁਹੱਲੇ ਦੀ ਖਾਸੀਅਤ ਸੀ ਕਿ ਉਥੇ ਹੋਰ ਧਰਮਾਂ ਤੇ ਜਾਤਾਂ ਦੇ ਲੋਕ ਵੀ ਵਸਦੇ ਸਨ। ਜ਼ਿਆਦਾਤਰ ਵਪਾਰੀ ਸਨ। ਛੋਟੇ ਵਪਾਰੀ।
ਮੇਰੇ ਅੱਬਾ ਸਾਬਣ ਵੇਚਣ ਦਾ ਕਸਬ ਕਰਦੇ ਸੀ। ਤਰਾਜੂ ਮਾਰਕਾ ਸਾਬਣ। ਬੜੇ ਸੋਹਣੇ ਵਸਦੇ ਸਨ। ਬਸ ਉਜਾੜ ਦਿੱਤੇ ਗਏ। ਸਾਥੋਂ ਸਾਡਾ ਮੁਲਕ ਖੋਹ ਲਿਆ। ਹੁਣ ਜਿਹੜੇ ਸਿਆਸਤਦਾਨ ਦੋਸਤੀ ਦੀਆਂ...ਅਮਨ ਦੀਆਂ ਗੱਲਾਂ ਕਰ ਰਹੇ ਹਨ। ਇਨ੍ਹਾਂ ਦੇ ਵਡਾਰੂਆਂ ਨੇ ਸਾਨੂੰ ਪਾਕਿਸਤਾਨੀ ਬਣਾ ਦਿੱਤਾ।
ਕੁਰਾਲੀ ਟੱਪ ਆਏ ਹਾਂ। ਚੰਡੀਗੜ੍ਹ-ਜਲੰਧਰ ਰੋਡ ’ਤੇ ਪੈ ਗਏ ਹਾਂ। ਇਕ ਕਾਰ ਨੇ ਸਾਨੂੰ ਓਵਰ ਟੇਕ ਕੀਤਾ ਹੈ। ਗੁਰਜੀਤ ਮੂਡ ਬਦਲਣ ਲਈ ਕਹਿ ਰਿਹਾ-ਕਾਰ ਵਿਚ ਪ੍ਰੇਮੀ ਜੋੜਾ ਬੈਠਾ। ਉਹ ਇਕ ਦੂਜੇ ਨਾਲ ਛੇੜਖਾਨੀ ਕਰ ਰਹੇ ਹਨ। ਗੁਰਜੀਤ ਨੇ ਕਾਰ ਉਨ੍ਹਾਂ ਦੇ ਪਿੱਛੇ ਲਾ ਲਈ ਹੈ। ਲਗਦਾ ਇਹ ਕਮਲਾ ਲੁਤਫ਼ ਲੈਣ ਲੱਗ ਪਿਆ। ਉਨ੍ਹਾਂ ਕਾਰ ਤੇਜ਼ ਕਰ ਲਈ ਹੈ। ਗੁਰਜੀਤ ਮੁਸਕਰਾ ਪਿਆ ਹੈ।
‘‘ਬਾਪੂ ਜੀ, ਤੁਸੀਂ ਵੀ ਇੱਦੇਂ ਚੋਹਲ ਮੋਹਲ ਕਰਦੇ ਹੁੰਦੇ ਸੀ?’’ ਇਹ ਪਿਛਲੇ ਚਾਰ ਦਿਨਾਂ ਤੋਂ ਮੇਰੇ ਨਾਲ ਏ। ਮੇਰੇ ਕਈ ਭੇਤ ਜਾਣ ਗਿਆ ਏ।
ਮੇਰੇ ਦੋ ਭਾਈ ਤੇ ਇਕ ਭੈਣ ਸੀ। ਮੈਂ ਸਭ ਤੋਂ ਛੋਟਾ ਸੀ। ਮੇਰੇ ਅੱਬਾ ਅਬਦੁੱਲ ਰਸ਼ੀਦ ਦੁਕਾਨ ’ਤੇ ਬੈਠਦੇ। ਅੰਮੀ ਘਰ ਦੇ ਕੰਮ ਵਿਚ ਰੁਝੇ ਰਹਿੰਦੇ। ਬਾਕੀ ਭੈਣ ਭਰਾ ਨੂੰ ਤਾਂ ਪੜ੍ਹਨ ਦਾ ਮੌਕਾ ਨਹੀਂ ਮਿਲਿਆ। ਮੈਂ ਪੰਜ ਜਮਾਤਾਂ ਤੱਕ ਤਾਅਲੀਮ ਯਾਫ਼ਤਾ ਹੋ ਗਿਆ ਸੀ। ਨਿਰਮਲਾ ਮੈਤੋਂ ਇਕ ਜਮਾਤ ਪਿੱਛੇ ਸੀ। ਉਹ ਤੋਂ ਛੋਟੇ ਮਨੋਹਰ ਤੇ ਇੰਦਰ ਛੋਟੀਆਂ ਜਮਾਤਾਂ ਵਿਚ ਪੜ੍ਹਦੇ ਸਨ। ਨਿਰਮਲਾ ਗਜ਼ਬ ਦੀ ਸੁਨੱਖੀ ਸੀ। ਸੁੰਦਰ ਵੀ ਤੇ ਚੁਸਤ ਵੀ।...ਸਲੀਕੇ ਵਾਲੀ। ਹਿੰਦੂ ਬ੍ਰਾਹਮਣਾਂ ਦਾ ਇਹ ਘਰ ਸਾਡੇ ਘਰ ਦੇ ਬਿਲਕੁਲ ਸਾਹਮਣੇ ਸੀ। ਦਰਮਿਆਨ ਇਕ ਗਲੀ ਸੀ। ਨਿਰਮਲਾ ਦੇ ਬਾਊ ਜੀ ਸ਼ਿਵ ਨਾਥ ਮਹਿਕਮਾ-ਏ-ਰੇਲਵੇ ਵਿਚ ਮੁਲਾਜ਼ਮਤ ਕਰਦੇ ਸਨ। ਝਾਈ ਚਾਂਦ ਰਾਣੀ ਮੇਰੀ ਅੰਮੀ ਵਾਂਗ ਘਰ ਦੇ ਕੰਮਾਂ ਵਿਚ ਖਪੀ ਰਹਿੰਦੀ।
ਨਵਾਂ ਸ਼ਹਿਰ ਦੀਆਂ ਕਚਹਿਰੀਆਂ ਵਾਲਾ ਚੰਡੀਗੜ੍ਹ ਚੌਂਕ ਆ ਗਿਆ। ਇਥੇ ਸਾਡੇ ਮੁਹੱਲੇ ਦੇ ਹਿੰਦੂ ਤੇ ਮੁਸਲਮਾਨ ਤਰੀਕਾਂ ਭੁਗਤਣ ਆਉਦੇ ਹੁੰਦੇ ਸਨ। ਸਾਡੇ ਘਰਾਂ ਤੋਂ ਥੋੜ੍ਹੀ ਦੂਰ ਮਸਜਿਦ ਸੀ। ਇਹ ਛੋਟੀ ਇੱਟ ਦੀ ਬਣੀ ਹੋਈ ਸੀ। ਸਾਡੇ ਭਾਈਚਾਰੇ ਵਾਲੇ ਇਹਦੇ ਵਿਚ ਵਾਧਾ ਕਰਨ ਲੱਗੇ ਸਨ। ਹਿੰਦੂਆਂ ਨੇ ਉਸਾਰੀ ਰੋਕ ਦਿੱਤੀ ਸੀ। ਫਿਰ ਇਹ ਝਗੜਾ ਕਚਹਿਰੀਆਂ ਤੱਕ ਜਾ ਪੁੱਜਾ ਸੀ। ਮੇਰੇ ਅੱਬੂ ਤੇ ਨਿਰਮਲਾ ਦੇ ਬਾਊ ਇਸ ਝਗੜੇ ਤੋਂ ਦੂਰ ਰਹੇ ਸਨ। ਉਝ ਉਨ੍ਹਾਂ ਦੇ ਆਪਸੀ ਤੁਅੱਲਕਾਤ ਬਹੁਤੇ ਅੱਛੇ ਨਹੀਂ ਸਨ। ਸਿਰਫ਼ ਬੋਲ ਚਾਲ ਹੀ ਸੀ। ਉਹ ਸਾਡੇ ਘਰ ਦਾ ਅੰਨ ਪਾਣੀ ਵੀ ਮੂੰਹ ਨ੍ਹੀਂ ਸੀ ਲਾਉਦੇ। ਹੋ ਸਕਦੈ ਇਹ ਭੇਦਭਾਵ ਹੋਵੇ ਜਾਂ ਮਜ਼੍ਹਬਾਂ ਦੀ ਨਫ਼ਰਤ ਹੋਵੇ। ਉਦੋਂ ਹਵਾ ਵੀ ਉਲਟ ਵਗ ਰਹੀ ਸੀ। ਪਰ ਸਾਡੇ ਨਿਆਣਿਆਂ ਵਿਚਕਾਰ ਕੋਈ ਲੜਾਈ ਝਗੜਾ ਨ੍ਹੀਂ ਸੀ।
ਨਿਰਮਲਾ, ਉਹਦੇ ਦੋਨੋਂ ਭਾਈ, ਮੈਂ ਅਤੇ ਗਲੀ ਦੇ ਹੋਰ ਬੱਚੇ ਸਕੂਲੋਂ ਆ ਕੇ ਇਕੱਠੇ ਹੋ ਜਾਂਦੇ। ਸਾਡੇ ਨਾਲ ਹੀ ਸ਼ੇਖਾਂ ਦਾ ਚੌਂਕ ਸੀ। ਉਥੇ ਸ਼ਾਮ ਤੱਕ ਖੇਡਦੇ ਰਹਿੰਦੇ। ਕਦੇ ਗੁੱਲੀ ਡੰਡਾ, ਕਦੇ ਲੁਕਣਮੀਟੀ, ਕਦੇ ਪਿੱਠੂ ਕੈਮ ਤੇ ਕਦੇ ਸਟਾਪੂ ਜਿਹੀਆਂ ਖੇਡਾਂ ਵਿਚ ਮਸ਼ਗੂਲ ਰਹਿੰਦੇ। ਹਨੇਰਾ ਹੋ ਜਾਣਾ ਪਰ ਅਸੀਂ ਖੇਡਣੋਂ ਨਾ ਹਟਦੇ। ਮਾਵਾਂ ਘੇਰ-ਘੇਰ ਘਰਾਂ ਨੂੰ ਲਿਜਾਂਦੀਆਂ।
‘‘ਵੇ ਪੁੱਤਰ, ਨਮਾਜ਼ ਦਾ ਵਕਤ ਹੋ ਗਿਆ।’’ ਮੇਰੀ ਅੰਮਾ ਦੀ ਆਵਾਜ਼ ਆਉਦੀ।
ਅਸੀਂ ਕਿਤੇ ਲੱਭਦੇ ਸਾਂ? ਹੱਥ ਨਾ ਆਉਦੇ। ਜਦੋਂ ਥੋੜ੍ਹੇ ਵੱਡੇ ਹੋਏ। ਕੁੜੀਆਂ-ਮੁੰਡੇ ਅੱਡ-ਅੱਡ ਖੇਡਣ ਲਾ ਦਿੱਤੇ। ਬੜਾ ਦੁੱਖ ਲੱਗਾ। ਮੇਰੀ ਤੇ ਨਿਰਮਲਾ ਦੀ ਬਣਦੀ ਬੜੀ ਸੀ। ਕਿੱਡੇ ਕੁ ਵੱਡੇ ਹੋ ਗਏ ਸੀ? ਪ੍ਰਾਇਮਰੀ ਪਾਸ ਕੀਤੀ ਸੀ। ਐਵੇਂ ਜੁਦਾ ਕਰ ਦਿੱਤੇ। ਇਹ ਪੰਗਾ ਨਿਰਮਲਾ ਦੀ ਝਾਈ ਨੇ ਪਾਇਆ ਸੀ। ਉਦੋਂ ਸਾਡੀ ਉਮਰ ਦੇ ਪਿੰਡਾਂ ਦੇ ਕੁੜੀਆਂ ਮੁੰਡੇ ਨੰਗੇ ਤੁਰੇ ਫਿਰਦੇ ਸਨ। ਮਸੰਦਾਂ ਦੇ ਮੁਹੱਲੇ ਵਾਲਾ ਮੋਹਣਾ ਵੀ ਕਛਹਿਰਾ ਨ੍ਹੀਂ ਸੀ ਪਾਉਦਾ ਹੁੰਦਾ। ਸਾਡੇ ਤੋਂ ਬਹੁਤ ਛੋਟਾ ਸੀ। ਸ਼ਾਇਦ ਮਨੋਹਰ ਦੀ ਉਮਰ ਦਾ ਸੀ।
‘‘ਓਏ ਬੱਲਿਆ, ਰੋਕੀ ਓ ਜਰਾ ਕੁ ਗੱਡੀ...। ਆਪਣੇ ਭਗਤ ਸੁੰਹ ਨੂੰ ਮਿਲ ਲਵਾਂ।’’
ਖਟਕੜ ਕਲਾਂ ਕੋਲੋਂ ਲੰਘ ਹੋ ਚੱਲਿਆ ਸੀ। ਇਹ ਤਾਂ ਭਗਤ ਸਿੰਘ ਨੇ ਜਿਵੇਂ ਆਪ ਆਵਾਜ਼ ਮਾਰੀ ਹੋਵੇ। ‘ਤੁਸੀਂ ਬੜੀ ਛੇਤੀ ਭੁੱਲ ਚੱਲੇ ਓ। ਮੈਨੂੰ ਤਾਂ ਤੁਸੀਂ ਦੋਵੇਂ ਇਕੋ ਈ ਸੀ।’ ਜਿਵੇਂ ਸਾਡਾ ਸ਼ਹੀਦ ਮੈਨੂੰ ਉਲਾਂਭਾ ਦੇ ਰਿਹਾ ਹੋਵੇ।... ‘ਨਹੀਂ...ਨਹੀਂ।’ ਬੱਸ ਇੰਨਾ ਹੀ ਮੇਰੇ ਮੂੰਹੋਂ ਨਿਕਲਿਆ ਹੈ।...ਬੁੱਤ ਨੂੰ ਸਲਾਮ ਕੀਤਾ ਹੈ। ਕੰਨਾਂ ਵਿਚ ਇਨਕਲਾਬ ਜ਼ਿੰਦਾਬਾਦ ਦੀਆਂ ਆਵਾਜ਼ਾਂ ਗੂੰਜਣ ਲੱਗ ਪਈਆਂ ਹਨ। ਇਨ੍ਹਾਂ ਆਵਾਜ਼ਾਂ ਵਿਚ ਈ ਮਾਰ ਵੱਢ ਦੀਆਂ ਚੀਖਾਂ ਵੀ ਰਲ ਗਈਆਂ ਹਨ। ... ਆਹ ਚੀਖ ਜਿਵੇਂ ਅੰਮਾ ਨੇ ਮਾਰੀ ਹੋਵੇ। ਨਹੀਂ ਆਫ਼ਸਾਂ ਦੀ ਸੀ। ਮੈਂ ਭਰੀਆਂ ਅੱਖਾਂ ਨਾਲ ਗੱਡੀ ਵਿਚ ਬੈਠ ਗਿਆ ਹਾਂ।
ਮੈਂ ਪਟਿਆਲੇ ਦੇ ਉਨ੍ਹਾਂ ਅਦੀਬਾਂ ਦਾ ਧੰਨਵਾਦ ਕਰਦਾ, ਜਿਨ੍ਹਾਂ ਮੈਨੂੰ ਬੰਗਾ ਪੁੱਜਦਾ ਕਰਨ ਲਈ ਹੰਭਲਾ ਮਾਰਿਆ। ਅਸੀਂ ਸ਼ਹਿਰ ਵਿਚ ਦਾਖ਼ਲ ਹੋ ਗਏ ਹਾਂ। ਇਹ ਤਾਂ ਮੇਰਾ ਆਪਣਾ ਸ਼ਹਿਰ ਈ ਨ੍ਹੀਂ ਪਛਾਣ ਹੋ ਰਿਹਾ। ਵੱਡੀਆਂ ਵੱਡੀਆਂ ਇਮਾਰਤਾਂ ਤਾਮੀਰ ਹੋ ਗਈਆਂ ਹਨ। ਐਨੀਆਂ ਸੋਹਣੀਆਂ ਤੇ ਐਨੀਆਂ ਵੱਡੀਆਂ ਦੁਕਾਨਾਂ! ਸਾਡੇ ਵੇਲੇ ਤਾਂ ਚਾਲੀ-ਪੰਜਾਹ ਦੁਕਾਨਾਂ ਹੁੰਦੀਆਂ ਸਨ।
‘‘ਜੁਆਨਾਂ, ਆਹ ਥਾਣੇ ਕੋਲੋਂ ਸੱਜੇ ਮੋੜ ਲਈਂ। ਇਹ ਆ ਸਾਡਾ ਸਾਗਰ ਪੱਟੀ ਵਾਲਾ ਰੋਡ।...ਹਾਂ, ਹੁਣ ਗੱਡੀ ਸਾਈਡ ’ਤੇ ਲਾ ਲੈ।’’ ਮੈਂ ਗੁਰਜੀਤ ਤੋਂ ਗੱਡੀ ਪਾਰਕ ਕਰਵਾ ਕੇ ਆਪਣੇ ਮੁਹੱਲੇ ਵੱਲ ਤੁਰ ਪਿਆ ਹਾਂ।
ਰਾਤ ਜਦੋਂ ਮੈਂ ਇਥੇ ਆਉਣ ਦੀ ਤਿਆਰੀ ਕਰ ਰਿਹਾ ਸੀ। ਮੇਰੇ ਚੇਤਿਆਂ ਦੀ ਪਟਾਰੀ ਵਿਚ ਕੁਝ ਨਾ ਬਚੇ ਰਹਿ ਗਏ ਹਨ। ਜਿਹੜੇ ਰੌਲਿਆਂ ਵਾਲੇ ਸਾਲ ਤੋਂ ਪਹਿਲਾਂ ਸਾਡੇ ਲਾਗੇ ਰਹਿੰਦੇ ਸਨ। ਉਹ ਨਾਂ ਮੈਂ ਕਾਗਜ਼ ’ਤੇ ਉਤਾਰ ਲਏ ਸਨ। ਹੁਣ ਮੈਂ ਉਹ ਕਾਗਜ਼ ਦਾ ਟੁਕੜਾ ਗੁਰਜੀਤ ਨੂੰ ਫੜਾਇਆ ਹੈ। ਉਹ ਸਾਹਮਣੇ ਵਾਲੀ ਟੀ ਸਟਾਲ ਦੇ ਅੰਦਰ ਜਾ ਵੜਿਆ ਹੈ। ਗੁਰਜੀਤ ਨੇ ਦੁਕਾਨਦਾਰ ਨੂੰ ਮੇਰੇ ਬਾਰੇ ਦੱਸਿਆ ਹੈ।
‘‘ਖਾਨ ਸਾਹਿਬ, ਅੰਦਰ ਆ ਜਾਓ।... ਪਹਿਲਾਂ ਲੱਸੀ ਪੀਓ।’’ ਦੁਕਾਨਦਾਰ ਨੇ ਆਵਾਜ਼ ਦਿੱਤੀ ਹੈ।
ਉਹ ਨਾਵਾਂ ਵਾਲੀ ਪਰਚੀ ਵੀ ਪੜ੍ਹੀ ਜਾ ਰਿਹਾ ਹੈ। ਪੁਰਾਣੀਆਂ ਗੱਲਾਂ ਵੀ ਪੁੱਛੀ ਜਾ ਰਿਹਾ ਹੈ। ਜਿੰਨੇ ਨਾਂ ਲਿਖੇ ਹੋਏ ਹਨ। ਉਹ ਕੁਝ ਨੂੰ ਜਾਣਦਾ ਨਹੀਂ। ਕੁਝ ਫੌਤ ਹੋ ਗਏ ਨੇ ਤੇ ਕੁਝ ਪ੍ਰਦੇਸ਼ ਜਾਂ ਵਸੇ ਨੇ।
‘‘ਇਹ ਆਪਣੇ ਸਰਦਾਰ ਮੋਹਣ ਸਿੰਘ ਹੈਗੇ ਨੇ। ਹੀਮੇ ਵਾਲੇ ਪਾਸੇ ਜ਼ਮੀਨ ਇਨ੍ਹਾਂ ਦੀ ਆ। ਤੁਸੀਂ ਚਲੋ ਘਰ ਨੂੰ। ਮੈਂ ਮੋਟਰ ਤੋਂ ਲੱਭ ਕੇ ਲਿਆਉਨਾ।’’ ਲੱਸੀ ਪਿਲਾ ਕੇ ਦੁਕਾਨਦਾਰ ਮੋਹਣੇ ਵੱਲ ਚਲਾ ਗਿਆ ਹੈ।
ਅਸੀਂ ਵੀ ਤੁਰ ਪਏ ਹਾਂ। ਮੁਹੱਲੇ ਦਾ ਤਾਂ ਨਕਸ਼ਾ ਬਦਲਿਆ ਹੋਇਆ। ਸਿਰਫ਼ ਆਹ ਗਲੀ ਪਛਾਣੀ ਜਾ ਰਹੀ ਹੈ। ਜਾਂ ਆਹ ਖੰਡਰ ਹੋਏ ਮਕਾਨ ਪੁਰਾਣੇ ਹਨ।
‘‘ਬਾਪੂ ਜੀ, ਆਹ ਖੂਹ ਤੁਹਾਡੀ ਪ੍ਰੇਮ ਕਹਾਣੀ ਵਾਲਾ ਨ੍ਹੀਂ ਏ?’’
ਕਮਾਲ ਏ ਗੁਰਜੀਤ ਦੇ। ਮੈਂ ਤੇ ਕੋਲੋਂ ਲੰਘ ਚੱਲਿਆ ਸੀ। ਇਕ ਤੇ ਖੂਹ ਬੰਦ ਕੀਤਾ ਹੋਇਆ। ਆਲੇ ਦੁਆਲੇ ਤੋਂ ਢਕਿਆ ਵੀ ਹੋਇਆ। ਅਸੀਂ ਇਥੇ ਹੀ ਵੁਜ਼ੂ ਕਰਨ ਆਉਦੇ ਸਾਂ। ਚੁਬੱਚਿਆਂ ’ਚ ਛਾਲਾਂ ਮਾਰ-ਮਾਰ ਨਹਾਉਦੇ। ਜਦੋਂ ਛੋਟੇ ਸੀ, ਆਫ਼ਸਾਂ ਪਾਣੀ ਦੇ ਡੋਲ ਭਰ-ਭਰ ਸਾਡੇ ’ਤੇ ਸੁੱਟਦੀ। ਫਿਰ ਵੱਡੇ ਹੋਏ ਤਾਂ ਆਪ ਨਹਾਉਣ ਲੱਗ ਪਏ।
ਨਿਰਮਲਾ ਉਦੋਂ ਚੌਦਾਂ ਸਾਲ ਦੀ ਸੀ। ਖੂਹ ’ਚੋਂ ਪਾਣੀ ਭਰਨ ਆਉਦੀ। ਡੋਲੀ ਛੋਟੀ ਸੀ। ਖਿੱਚ ਲੈਂਦੀ। ਇਕ ਦਿਨ ਉਹਦਾ ਡੋਲ ਨਾਲ ਵਾਹ ਪੈ ਗਿਆ। ਡੋਲ ਭਾਰਾ ਸੀ। ਉਹਨੇ ਖੂਹ ’ਚ ਡੋਲ ਵਰ੍ਹਾਇਆ। ਉਹਤੋਂ ਖਿੱਚ ਨਾ ਹੋਵੇ। ਮੈਂ ਮਦਦ ਕਰਾਉਣ ਲੱਗਾ। ਦੋਵੇਂ ਜ਼ੋਰ ਨਾਲ ਲੱਜ ਖਿੱਚਣ ਲੱਗ ਪਏ। ਮੇਰਾ ਹੱਥ ਉਹਦੇ ਹੱਥ ਉਤੇ ਰੱਖਿਆ ਗਿਆ। ਐਵੇਂ ਅਚਾਨਕ ਹੀ। ਹੱਥ ਨਾਲ ਹੱਥ ਛੂਹਣ ਦੀ ਦੇਰ ਸੀ, ਕਰੰਟ ਵਰਗਾ ਝਟਕਾ ਲੱਗਿਆ। ਲੱਜ ਹੱਥੋਂ ਛੁੱਟ ਗਈ। ਡੋਲ ਲੱਜ ਸਮੇਤ ਖੂਹ ਵਿਚ ਜਾ ਡਿੱਗਿਆ। ਅਸੀਂ ਵੀ ਪਿਛਾਂਹ ਵੱਲ ਨੂੰ ਡਿੱਗ ਪਏ ਸਾਂ। ਇਕ ਦੂਜੇ ਦਾ ਹੱਥ ਫੜਿਆ ਹੋਇਆ ਸੀ। ਅੱਖਾਂ ’ਚ ਅੱਖਾਂ ਪਾ ਕੇ ਇਕ ਦੂਜੇ ਵੱਲ ਤੱਕ ਰਹੇ ਸਾਂ।
‘‘ਨਿਰਮਲਾ....।’’ ਝਾਈ ਦੀ ਆਵਾਜ਼ ਕੜਕੀ ਸੀ।
‘‘ਹਾਏ, ਰਾਮ! ਮਰਜਾਂ!’’ ਨਿਰਮਲਾ ਨੇ ਘਰ ਨੂੰ ਦਬੀੜ ਵੱਟ ਲਈ ਸੀ।
ਅਸੀਂ ਇਕ ਦੂਜੇ ਦੇ ਪਿਆਰ ’ਚ ਖੋ ਗਏ ਸੀ। ਮੈਨੂੰ ਉਹਤੋਂ ਸਿਵਾਅ ਦੂਜਾ ਹੋਰ ਕੋਈ ਦਿਸਦਾ ਨ੍ਹੀਂ ਸੀ। ਜਿੱਦਾਂ ਅਸੀਂ ਇਕ ਦੂਜੇ ਲਈ ਬਣੇ ਹੋਈਏ। ਜਿਉ-ਜਿਉ ਅਸੀਂ ਵੱਡੇ ਹੋ ਰਹੇ ਸੀ। ਸਾਡੇ ਦਰਮਿਆਨ ਖਿੱਚ ਵੱਧਦੀ ਗਈ। ਉਹ ਕੋਠੇ ਚੜ੍ਹਦੀ। ਮੈਂ ਆਪਣੇ ਕੋਠੇ ਚੜ੍ਹ ਜਾਂਦਾ। ਇਕ ਦੂਜੇ ਨੂੰ ਦੇਖੇ ਬਿਨਾਂ ਦਿਨ ਨਾ ਲੰਘਦਾ।
ਇਸ ਤੋਂ ਪਹਿਲਾਂ ਕਿ ਗੁਰਜੀਤ ਮੈਨੂੰ ਚੌਂਕ ਬਾਰੇ ਸਵਾਲ ਕਰੇ। ਮੈਂ ਘਰ ਜਾਣ ਦੀ ਬਜਾਏ ਸੱਜੇ ਹੱਥ ਮੁੜ ਗਿਆ ਹਾਂ। ਆਹ ਨਾਲ ਤਾਂ ਮੁਸਤਫ਼ਾ ਚੌਂਕ ਹੈਗਾ। ...ਮੈਂ ਇਹਨੂੰ ਚੌਂਕ ਵਿਚ ਲੈ ਆਇਆ ਹਾਂ। ਉਦੋਂ ਰੋਜ਼ਿਆਂ ਦੇ ਦਿਨ ਸਨ। ਮੈਂ ਵੀ ਰੱਖਿਆ ਸੀ। ਨਿਆਣਾ ਸੀ। ਭੁੱਖ ਬਰਦਾਸ਼ਤ ਨਾ ਹੋਵੇ। ਨਿਰਮਲਾ ਇਥੇ ਚੌਂਕ ਵਿਚ ਮਿਲ ਪਈ। ਮੈਨੂੰ ਦੇਖ ਕੇ ਹੱਸੀ ਜਾਵੇ। ਮੈਨੂੰ ਉਹਤੇ ਖਿੱਝ ਚੜ੍ਹ ਗਈ। ਉਹ ਹੱਸਦੀ-ਹੱਸਦੀ ਆਪਣੇ ਘਰ ਚਲੇ ਗਈ ਸੀ। ਮੈਂ ਵੀ ਘਰ ਜਾ ਕੇ ਮੰਜੀ ’ਤੇ ਢਹਿ ਪਿਆ। ਥੋੜੇ੍ਹ ਚਿਰ ਬਾਅਦ ਉਹਦਾ ਪੈਗਾਮ ਆ ਗਿਆ। ਮੈਂ ਪੜ੍ਹਕੇ ਘਰੋਂ ਬਾਹਰ ਨਿਕਲ ਗਿਆ। ਨ੍ਹੇਰਾ ਹੋ ਗਿਆ ਸੀ।
ਆਹ ਉਹ ਖੂੰਜਾ ਸੀ, ਜਿਥੇ ਉਹ ਖੜ੍ਹੀ ਸੀ। ਮੈਂ ਉਸੇ ਕੰਧ ਕੋਲ ਆ ਖੜ੍ਹਾ ਹੋਇਆ ਹਾਂ। ਉਹਨੇ ਕਾਲੀ ਚੁੰਨੀ ਦੀ ਬੁੱਕਲ ਮਾਰੀ ਹੋਈ ਸੀ। ਇਕ ਲੜ ਖੋਲ੍ਹ ਕੇ ਰੋਟੀ ਮੇਰੇ ਮੋਹਰੇ ਕਰ ਦਿੱਤੀ ਸੀ। ਮੇਰੀ ਹੀਰ ਸਲੇਟੀ ਰੋਟੀ ਦੀ ਪੂਣੀ ਬਣਾ ਕੇ ਮੇਰੇ ਮੂੰਹ ਵਿਚ ਪਾਉਣ ਲੱਗ ਪਈ ਸੀ। ਮੈਂ ਉਹਦੀਆਂ ਅੱਖਾਂ ਦੇ ਸਾਗਰ ’ਚ ਡੁੱਬਿਆ ਸਾਰੀ ਰੋਟੀ ਖਾ ਗਿਆ ਸੀ।
ਅਸੀਂ ਆਪਣੇ ਘਰ ਪੁੱਜ ਗਏ ਹਾਂ। ਵਾਹ! ਇਥੇ ਤਾਂ ਮੇਲਾ ਲੱਗਾ ਹੋਇਆ। ਪਟਿਆਲੇ ਵਾਲੇ ਅਦੀਬਾਂ ਨੇ ਬੰਗਾ ਦੇ ਅਦੀਬਾਂ ਨੂੰ ਫ਼ੋਨ ਕਰ ਦਿੱਤਾ ਸੀ। ਮੇਰੇ ਗਲ ਫੁੱਲਾਂ ਦੇ ਹਾਰ ਪਾਏ ਜਾ ਰਹੇ ਹਨ। ਸਭਾ ਦੇ ਪ੍ਰਧਾਨ ਬੀਸਲਾ ਸਾਹਿਬ ਤੇ ਸਕੱਤਰ ਹੀਓਂ ਸਾਹਿਬ ਵੱਲੋਂ ਮੈਨੂੰ ਪੁਰਖ਼ਲੂਸ ਖੁਸ਼ਆਮਦੀਦ ਕਿਹਾ ਗਿਆ ਹੈ। ਠੰਡੇ ਦੀਆਂ ਬੋਤਲਾਂ ਖੁੱਲ ਗਈਆਂ ਹਨ। ਮਿਠਾਈ ਆ ਗਈ ਹੈ। ਪਲੇਟਾਂ ਵਿਚ ਪਕੌੜੇ ਸੱਜ ਗਏ ਹਨ। ਕੱਪਾਂ ਵਿਚੋਂ ਚਾਹ ਲਪਟਾਂ ਮਾਰ ਰਹੀ ਹੈ।
ਹਰ ਕੋਈ ਕਲਾਵੇ ਭਰ ਰਿਹਾ ਹੈ। ਪੁਰਾਣੀਆਂ ਯਾਦਾਂ ਸਾਂਝੀਆਂ ਕਰ ਰਹੇ ਹਨ। ਇਨ੍ਹਾਂ ਵਿਚੋਂ ਕੋਈ ਵੀ ਮੇਰਾ ਵਾਕਫ਼ ਨ੍ਹੀਂ ਹੈ। ਪਰ ਗੱਲਾਂ ਇੰਝ ਕਰ ਰਹੇ ਹਨ। ਜਿਵੇਂ ਸਦੀਆਂ ਤੋਂ ਜਾਣਦੇ ਹੋਣ। ਮੈਨੂੰ ਪਿਆਰ ਨਾਲ ਨੱਕੋ ਨੱਕ ਭਰ ਦਿੱਤਾ ਹੈ। ਇਹ ਉਹੀ ਲੋਕ ਨੇ? ਮੈਨੂੰ ਕੋਈ ਫ਼ਰਕ ਨਹੀਂ ਦਿਸ ਰਿਹਾ। ਮੇਰੀ ਦੋਆਬੀ ਬੋਲੀ ਬੋਲਦੇ ਨੇ। ਜੇ ਕੋਈ ਬਦਲਾਅ ਦਿਸਦੇ ਹਨ। ਉਹ ਮਕਾਨ ਉਸਾਰੀ ਦਾ ਹੈ। ਮੇਰੇ ਆਪਣੇ ਘਰ ਦਾ ਨਕਸ਼ਾ ਬਦਲਿਆ ਪਿਆ। ਨਵੇਂ ਮਾਲਕ ਵੱਸੇ ਹੋਏ ਹਨ। ਇਨ੍ਹਾਂ ਦੇ ਚਾਅ ਵਿਚ ਧਰਤੀ ਨਾਲ ਪੈਰ ਨ੍ਹੀਂ ਲੱਗ ਰਹੇ। ਨੱਠ-ਨੱਠ ਕੇ ਖਾਣ ਪੀਣ ਦਾ ਸਮਾਨ ਵਰਤਾ ਰਹੇ ਹਨ। ਹੁਣ ਮਕਾਨ ਬਾਰੇ ਦੱਸ ਰਹੇ ਹਨ।
‘‘ਬਾਕੀ ਤਾਂ ਸਾਰਾ ਕੁਝ ਅਸੀਂ ਬਣਾਇਆ। ਪਿਛਲੇ ਦੋ ਕਮਰੇ ਤੁਹਾਡੇ ਵਾਲੇ ਹਨ। ਖਾਸਕਰ ਉਨ੍ਹਾਂ ਦੀਆਂ ਕੰਧਾਂ ਦਰਵਾਜ਼ੇ। ਰੋਸ਼ਨਦਾਨ ਬਹੁਤ ਮਜ਼ਬੂਤ ਸਨ ਸੀਖਾਂ ਵਾਲੇ। ਪਰ ਬੱਚਿਆਂ ਨੇ ਪੁਟਾ ਕੇ ਆਧੁਨਿਕ ਲੁਆ ਦਿੱਤੇ, ਚਾਰ-ਪੰਜ ਸਾਲ ਪਹਿਲਾਂ।...ਆਓ ਦੇਖੀਏ।’’
ਅਸੀਂ ਅੰਦਰ ਆਏ ਹਾਂ। ਮੈਂ ਦਰਵਾਜ਼ਿਆਂ ਨੂੰ ਟੋਹਿਆ ਹੈ। ਕੰਧਾਂ ’ਤੇ ਹੱਥ ਫੇਰ ਰਿਹਾ ਹਾਂ। ਕੈਮਰੇ ਫਟਾਫਟ ਫ਼ੋਟੋ ਖਿੱਚ ਰਹੇ ਹਨ। ਮੈਂ ਰੋਸ਼ਨਦਾਨਾਂ ’ਤੇ ਨਿਗ੍ਹਾ ਟਿਕਾ ਲਈ ਹੈ। ਮੁਸਕਰਾ ਪਿਆ ਹਾਂ।
ਮੈਂ ਤੇ ਨਿਰਮਲਾ ਇਕ ਦੂਜੇ ਨੂੰ ਖ਼ਤੋਂ ਖ਼ਿਤਾਬਤ ਕਰਦੇ। ਉਹ ਕਾਗਜ਼ ਦੇ ਟੁਕੜੇ ’ਤੇ ਮੁਹੱਬਤ ਦਾ ਪੈਗਾਮ ਲਿਖਦੀ। ਖਾਲੀ ਮਾਚਿਸ ਦੀ ਡੱਬੀ ’ਚ ਕਾਗਜ਼ ਪਾਉਦੀ। ਆਪਣੇ ਘਰ ਦੇ ਵਿਹੜੇ ’ਚ ਥੋੜ੍ਹੀ ਮਿੱਟੀ ਚੁੱਕ ਕੇ ਡੱਬੀ ਵਿਚ ਪਾ ਦਿਆ ਕਰਦੀ। ਇਸ ਨਾਲ ਡੱਬੀ ਭਾਰੀ ਹੋ ਜਾਂਦੀ। ਉਹ ਗਲੀ ਤੇ ਸਾਡੇ ਘਰ ਵਾਲਿਆਂ ਦੀ ਅੱਖ ਤੋਂ ਬਚਾ ਕੇ ਡੱਬੀ ਸਾਡੇ ਕੋਠੇ ਦੇ ਰੋਸ਼ਨਦਾਨ ਰਾਹੀਂ ਅੰਦਰ ਸੁੱਟ ਦਿਆ ਕਰਦੀ। ਮੈਂ ਖ਼ਤ ਦੀ ਇਬਾਰਤ ਪੜ੍ਹਨ ਤੋਂ ਬਾਅਦ ਖਾਲੀ ਡੱਬੀ ਉਨ੍ਹਾਂ ਦੇ ਘਰ ਸੁੱਟ ਦਿਆ ਕਰਦਾ ਸੀ। ਇਹ ਇਸ ਗੱਲ ਦਾ ਸੰਕੇਤ ਹੁੰਦਾ ਸੀ ਕਿ ਮੈਨੂੰ ਖ਼ਤ ਮਿਲ ਗਿਆ ਹੈ।
ਮੈਂ ਦਿਨ ਵਿਚ ਕਈ-ਕਈ ਵਾਰ ਖ਼ਤ ਪੜ੍ਹਨਾ। ਜਵਾਬ ਬਾਰੇ ਸੋਚੀ ਜਾਣਾ। ਖ਼ਤ ਲਿਖ ਲੈਣਾ। ਡੱਬੀ ਵਿਚ ਪਾ ਕੇ ਉਨ੍ਹਾਂ ਦੇ ਘਰ ਸੁੱਟ ਦੇਣਾ। ਇਹ ਡੱਬੀ ਹੀ ਸਾਡਾ ਕਾਸਿਦ ਸੀ। ਅਸੀਂ ਸਾਰੀ ਉਮਰ ਸਾਥ ਨਿਭਾਉਣ ਅਤੇ ਇਕ ਦੂਜੇ ਨਾਲ ਨਿਕਾਹ ਕਰਨ ਦੀ ਸਹੁੰ ਖਾਧੀ ਸੀ। ਹੌਲੀ-ਹੌਲੀ ਆਪਣੇ ਸੁਪਨਿਆਂ ਨੂੰ ਅੰਜ਼ਾਮ ਦੇਣ ਲੱਗੇ।
ਮੈਂ ਅਜੇ ਰੋਸ਼ਨਦਾਨ ਨਾਲੋਂ ਟੁੱਟ ਨਹੀਂ ਪਾਇਆ। ਪ੍ਰੈੱਸ ਵਾਲੇ ਆਪਣੇ ਕੈਮਰੇ ਚੁੱਕੀ ਕੋਠੇ ਉੱਤੇ ਜਾ ਚੜ੍ਹੇ ਹਨ। ਮੈਨੂੰ ਵੀ ਲੈ ਗਏ ਹਨ। ਇਲੈਕਟ੍ਰੋਨਿਕ ਮੀਡੀਏ ਵਾਲਿਆਂ ਨੇ ਕੋਠੇ ਉੱਤੇ ਘੁੰਮਦਿਆਂ ਦੇ ਸ਼ਾਟ ਲੈਣੇ ਹਨ। ਮੇਰੀ ਨਿਗ੍ਹਾ ਨਿਰਮਲਾ ਦੇ ਕੋਠੇ ਵੱਲ ਗਈ ਹੈ। ਹਉਕਾ ਨਿਕਲ ਗਿਆ ਹੈ।
‘‘ਅੰਕਲ ਜੀ, ਜ਼ਰਾ ਮੁਸਕਰਾ ਕੇ।’’ ਕੈਮਰਾਮੈਨ ਨੇ ਕਿਹਾ ਹੈ।
ਹੁਣ ਬਨੇਰਿਆਂ ਦੇ ਉੱਤੇ ਜੰਗਲੇ ਲੱਗ ਗਏ ਹਨ। ਉਦੋਂ ਤਿੰਨ ਤਿੰਨ ਵਾਰ ਇੱਟਾਂ ਦੇ ਲੱਗੇ ਹੋਏ ਸਨ। ਦੀਵਾਲੀ ਵਾਲੀ ਰਾਤ ਨੂੰ ਯਾਦ ਕਰਕੇ ਮੁਸਕਰਾ ਪਿਆ ਹਾਂ। ਕੈਮਰਾਮੈਨ ਓ. ਕੇ. ਕਹਿ ਰਿਹਾ ਏ। ਨਿਰਮਲਾ, ਮਨੋਹਰ ਤੇ ਇੰਦਰ ਬਨੇਰਿਆਂ ’ਤੇ ਦੀਵੇ ਬਾਲ ਰਹੇ ਸਨ। ਮੈਂ ਵੀ ਆਪਣੇ ਕੋਠੇ ’ਤੇ ਦੀਵੇ ਬਾਲਣ ਲੱਗ ਪਿਆ ਸੀ। ਅੰਮੀ ਨੂੰ ਅਜੀਬ ਜਿਹਾ ਲੱਗ ਰਿਹਾ ਸੀ। ਉਹਨੇ ਮੈਨੂੰ ਦਬਕਿਆ ਵੀ। ਮੈਂ ਆਪਣੀ ਧੁੰਨ ਵਿਚ ਮਸਤ ਸੀ। ਨਿਰਮਲਾ ਗਲੀ ਵਾਲੇ ਪਾਸੇ ਬਨੇਰੇ ’ਤੇ ਦੀਵੇ ਰੱਖ ਰਹੀ ਸੀ। ਮੈਂ ਹੌਲੀ ਦੇਣੀ ਕਿਹਾ ਸੀ-
‘‘ਪਤੈ? ਮੈਂ ਕਿਉ ਇਹ ਦੀਵੇ ਬਾਲ ਰਿਹਾ ਹਾਂ?’’
‘‘ਇਹ ਸਾਡੀ ਮੁਹੱਬਤ ਦੀ ਰੋਸ਼ਨੀ ਏ।’’ ਉਸਨੇ ਭਰਾਵਾਂ ਤੋਂ ਅੱਖ ਬਚਾ ਕੇ ਸਹਿਜ ਸੁਭਾਅ ਜਵਾਬ ਦਿੱਤਾ ਸੀ। ਸੁਣ ਕੇ ਠਰੀ ਰਾਤ ਵਿਚ ਨਿੱਘ ਆ ਗਿਆ ਸੀ।
‘‘ਆਪਣੀ ਮੁਹੱਬਤ ਨਾਲ ਪੂਰੇ ਜਗਤ ਨੂੰ ਰੋਸ਼ਨ ਕਰਨ ਖ਼ਾਤਰ ਹੀ ਤਾਂ ਅਸੀਂ ਦੀਵੇ ਬਾਲ ਰਹੇ ਹਾਂ।’’ ਮੈਂ ਹੌਲੀ ਜਿਹੀ ਕਿਹਾ ਸੀ। ਸ਼ਾਇਦ ਉਹਨੂੰ ਸੁਣਿਆ ਨ੍ਹੀਂ ਸੀ।
ਕੈਮਰਾਮੈਨ ਨੇ ਅੱਖਾਂ ’ਤੇ ਹੱਥ ਰੱਖ ਕੇ ਗੁਆਂਢੀਆਂ ਦੇ ਘਰ ਵੱਲ ਦੇਖਣ ਨੂੰ ਕਿਹਾ ਹੈ। ਉਹੀ ਪੁਰਾਣਾ ਘਰ। ਉਹੀ ਰੋਸ਼ਨਦਾਨ। ਖਸਤਾ ਹਾਲਤ ਦੇਖ ਕੇ ਮਨ ਖ਼ਰਾਬ ਹੋ ਗਿਆ ਹੈ। ਕੈਮਰਾਮੈਨ ਇਹ ਉਦਾਸੀ ਭਰੇ ਪਲ ਕੈਮਰੇ ਵਿਚ ਕੈਦ ਕਰ ਰਿਹਾ ਹੈ।
‘‘ਇਹ ਘਰ ਤਾਂ ਬਾਉ ਜੀ ਸ਼ਿਵ ਨਾਥ ਹੁਰਾਂ ਦੀ ਮਲਕੀਅਤ ਹੁੰਦਾ ਸੀ। ਰੇਲਵੇ ’ਚ ਨੌਕਰੀ ਕਰਦੇ ਸੀਗੇ। ਇਹ ਕਿੱਥੇ ਗਏ?’’
‘‘ਉਨ੍ਹਾਂ ਦਾ ਪਤਾ ਨਈਂ। ਨਿਰਮਲਾ ਨਾਂ ਦੀ ਇੱਕ ਬੁੱਢੀ ਆਪਣੇ ਭਰਾਵਾਂ ਭਰਜਾਈਆਂ ਕੋਲ ਰਹਿੰਦੀ ਹੁੰਦੀ ਸੀ। ਉਹਨੇ ਵਿਆਹ ਨ੍ਹੀਂ ਸੀ ਕਰਵਾਇਆ।’’ ਇਕ ਗੱਭਰੂ ਬੋਲਿਆ ਹੈ।
‘‘ਪੁੱਤਰਾ, ਨਿਰਮਲਾ ਕਿਥੇ ਆ? ਮੈਂ ਉਹਨੂੰ ਮਿਲਣਾ ਚਾਹੁੰਨਾ ਵਾਂ’’ ਮੈਨੂੰ ਲੱਗਿਆ ਮੇਰੀ ਮੁਹੱਬਤ ਮਿਲ ਜਾਵੇਗੀ। ‘‘ਉਹ ਬਾਬਾ ਮੋਹਣ ਸਿੰਘ ਆ ਗਿਆ। ਉਹਨੂੰ ਸਾਰਾ ਕੁਝ ਪਤੈ। ਇਸ ਟੱਬਰ ਦੇ ਸਭ ਤੋਂ ਵੱਧ ਨੇੜੇ ਦਾ ਬੰਦਾ ਰਿਹਾ ਏ।’’ ਉਸ ਬੰਦੇ ਨੇ ਲੱਕ ’ਤੇ ਹੱਥ ਰੱਖ ਕੇ ਪੌੜੀ ਚੜ੍ਹ ਰਹੇ ਮੋਹਣੇ ਵੱਲ ਇਸ਼ਾਰਾ ਕੀਤਾ ਹੈ। ਟੀ ਸਟਾਲ ਵਾਲਾ ਵੀ ਨਾਲ ਈ ਏ।
ਮੋਹਣੇ ਨੇ ਮੇਰਾ ਕਲਾਵਾ ਭਰ ਲਿਆ ਹੈ। ਘੁੱਟੀ ਜਾ ਰਿਹਾ ਹੈ। ਮੈਨੂੰ ਛੱਡ ਨ੍ਹੀਂ ਰਿਹਾ। ਮੇਰੇ ਹੱਥ ਚੁੰਮ ਰਿਹਾ। ਪਹਿਲੀ ਵਾਰ ਜਾਪ ਰਿਹਾ ਕੋਈ ਆਪਣਾ ਵੀ ਏ ਏਥੇ ਅਜੇ। ਅੱਖਾਂ ਵਿਚ ਅੱਥਰੂ ਹਨ। ਕੈਮਰੇ ਇਨ੍ਹਾਂ ਪਲਾਂ ਨੂੰ ਫੜ ਰਹੇ ਹਨ। ਮੋਹਣਾ ਮੈਨੂੰ ਬਾਂਹ ਤੋਂ ਫ਼ੜ ਕੇ ਥੱਲੇ ਲੈ ਗਿਆ ਏ। ਨਿਰਮਲਾ ਦੇ ਘਰ ਜਾ ਵੜੇ ਹਾਂ। ਅੰਦਰੋਂ ਘਰ ਤਾਂ ਖੰਡਰ ਬਣਿਆ ਹੋਇਆ ਹੈ।
‘‘ਰਿਆਜ਼, ਨਿਰਮਲਾ ਨਈਂ ਰਹੀ। ਪਿਛਲੇ ਵੀਹ ਵਰ੍ਹੇ ਪੰਜਾਬ ਖੂਨ ਵਿਚ ਡੁੱਬਿਆ ਰਿਹਾ। ਇਹ ਟੱਬਰ ਵੀ ਉਸ ਦੁਖਾਂਤ ਦੀ ਭੇਟ ਚੜ੍ਹ ਗਿਆ।’’ ਮੋਹਣੇ ਤੋਂ ਅੱਗੇ ਬੋਲਿਆ ਨਹੀਂ ਗਿਆ।
ਰਿਸ਼ਤੇ ਤਾਂ ਰੂਹ ਦੇ ਹੁੰਦੇ ਹਨ। ਨਿਰਮਲਾ ਨਾਲ ਮੇਰਾ ਰਿਸ਼ਤਾ ਰੂਹ ਦਾ ਸੀ। ਅੱਜ ਸਤਵੰਜਾ ਸਾਲਾਂ ਬਾਅਦ ਵੀ ਉਹ ਮੇਰੀ ਰਗ-ਰਗ...ਮੇਰੇ ਲਹੂ ਵਿਚ ਵਸੀ ਹੋਈ ਹੈ। ਕੋਈ ਰੋਜ਼ ਐਸਾ ਨਹੀਂ ਹੋਣਾ, ਜਿੱਦਣ ਮੈਂ ਉਹਦਾ ਤਸੱਵਰ ਨਾ ਕੀਤਾ ਹੋਵੇ। ਉਹਦਾ ਨਾਂ ਨਾ ਲਿਆ ਹੋਵੇ। ਜਦੋਂ ਮੈਂ ਘਰੋਂ ਤੁਰਨ ਲੱਗਾ। ਮੇਰੇ ਪੋਤੇ ਨੇ ਛੇੜਿਆ।
‘‘ਦਾਦੂ ਜਾਨ ਆਉਦੇ ਵਕਤ ਸਾਡੀ ਦਾਦੀ ਨੂੰ ਲੈਈ ਆਉਣਾ।’’
ਮੈਂ ਕਿੱਥੋਂ ਲੈ ਜਾਵਾਂ? ਉਹ...। ਮੈਂ ਗੁੰਮ ਸੁੰਮ ਹੋ ਗਿਆ ਹਾਂ। ਕੈਮਰਿਆਂ ਦੇ ਮੋਹਰੇ ਰੋ ਵੀ ਨਹੀਂ ਸਕਦਾ।
‘‘ਇਕ ਗੱਲ ਦੀ ਢਾਰਸ ਏ। ਜਿਨ੍ਹਾਂ ਆਪਾਂ ਨੂੰ ਸੰਤਾਲੀ ਵੇਲੇ ਵੰਡਿਆ ਸੀ। ਉਹ ਨੱਬੇਵਿਆਂ ਵਿੱਚ ਸਾਨੂੰ ਤੇ ਇਨ੍ਹਾਂ ਨੂੰ ਵੰਡ ਨ੍ਹੀਂ ਸਕੇ।’’ ਮੋਹਣਾ ਮਾਣ ਨਾਲ ਕਹਿ ਰਿਹਾ ਏ।
ਕਾਸ਼ ਸਾਨੂੰ ਵੀ ਲੁੱਟ ਲੈਂਦੇ। ਵੱਢ ਦਿੰਦੇ। ਮਾਰ ਲੈਂਦੇ। ਪਰ ਵੰਡਦੇ ਨਾ। ਮੇਰੀ ਨਿਰਮਲਾ ਨੂੰ ਮੈਤੋਂ ਜੁਦਾ ਨਾ ਕਰਦੇ। ਮੈਂ ਅਫ਼ਸੋਸ ਵਿਚ ਡੁੱਬਿਆ ਪਿਆ ਹਾਂ। ਮੋਹਣੇ ਦੀਆਂ ਗੱਲਾਂ ਨਹੀਂ ਮੁੱਕ ਰਹੀਆਂ। ਉਹ ਬੰਗੇ ਉਸ ਕੋਲ ਕਿੰਨੇ ਦਿਨ ਠਹਿਰਨਾ, ਬਾਰੇ ਪੁੱਛ ਰਿਹਾ। ਪੁਰਾਣੇ ਮਿੱਤਰਾਂ ਬਾਰੇ ਦੱਸੀ ਜਾ ਰਿਹਾ ਏ। ਮੈਂ ਚਾਹੁੰਨਾ ਉਹ ਨਿਰਮਲਾ ਬਾਰੇ ਗੱਲਾਂ ਕਰੇ। ਪਰ ਉਹ....।
‘‘ਉਝ ਤੇ ਮੈਂ ਚਾਹੁੰਦਾ ਸੀ, ਤੂੰ ਕੁਝ ਦਿਨ ਮੇਰੇ ਕੋਲ ਠਹਿਰਦਾ। ਤੇਰਾ ਅੱਜ ਦਾ ਬੰਗਾ ਤੈਨੂੰ ਦਿਖਾ ਦਿੰਦਾ। ਹੁਣ ਤੂੰ ਘਰ ਜਾਣ ਨੂੰ ਕਿਉ ਨਹੀਂ ਮੰਨਦਾ? ਖ਼ੈਰ....ਤੇਰੀਆਂ ਵੀਜ਼ੇ ਦੀਆਂ ਸਮੱਸਿਆਵਾਂ ਨੇ। ਅਜੇ ਜਾਈਂ ਨਾ। ਮੇਰੇ ਕੋਲ ਤੇਰੀ ਸ਼ੈਅ ਏ। ਉਡੀਕ ਲਈਂ। ਮੈਂ ਆਇਆ।’’ ਮੋਹਣਾ ਕਿਸੇ ਦੇ ਮੋਟਰ ਸਾਇਕਲ ’ਤੇ ਬੈਠ ਕੇ ਚਲਾ ਗਿਆ ਹੈ।
ਮੀਡੀਏ ਵਾਲੇ ਮਸਜਿਦ ਲੈ ਆਏ ਹਨ। ਮੈਂ ਮਸਜਿਦ ਦਾ ਰੂਪ ਦੇਖ ਕੇ ਹੈਰਾਨ ਹੋਇਆ ਹਾਂ। ਉਝ ਤੇ ਹਰ ਧਾਰਮਿਕ ਇਮਾਰਤ ਇੱਟਾਂ ਦੀ ਬਣੀ ਹੁੰਦੀ ਹੈ। ਉਹਨੂੰ ਕੋਈ ਵੀ ਰੂਪ ਦਿੱਤਾ ਜਾ ਸਕਦਾ ਹੈ। ਕੀ ਫ਼ਰਕ ਪੈਂਦਾ। ਇਸ ਮਸਜਿਦ ਨੂੰ ਗੁਰਦੁਆਰੇ ਦਾ ਰੂਪ ਦੇ ਦਿੱਤਾ ਗਿਆ ਹੈ। ਇਹ ਤੇ ਇਵੇਂ ਲੱਗ ਰਿਹਾ ਜਿਵੇਂ ਕਿਸੇ ਤ੍ਰੀਮਤ ਦੇ ਖਾਵੰਦ ਨੂੰ ਜਲਾਵਤਨ ਕਰ ਦਿੱਤਾ ਜਾਵੇ ਤੇ ਉਸ ਉਤੇ ਕੋਈ ਚਾਦਰ ਪਾ ਲਵੇ।
ਪੱਤਰਕਾਰਾਂ ਨੇ ਮੈਨੂੰ ਇਬਾਦਤ ਕਰਨ ਲਾ ਦਿੱਤਾ। ਆਪ ਸ਼ਾਟ ਲੈਣ ਲੱਗ ਪਏ ਹਨ।
‘‘ਤੁਸੀਂ ਪਾਕਿਸਤਾਨ ਖੁਸ਼ੀ-ਖੁਸ਼ੀ ਗਏ ਸੀ? ਤੁਹਾਡੇ ਲੋਕਾਂ ਦੀ ਮੰਗ ਜੂ ਸੀ ਵੱਖਰੇ ਦੇਸ਼ ਦੀ।’’ ਇਕ ਕਾਹਲੇ ਪੱਤਰਕਾਰ ਨੇ ਸਵਾਲ ਕੀਤਾ ਹੈ।
ਇਹਨੂੰ ਕੀ ਦੱਸਾਂ, ਉਹ ਕੀਹਦੀ ਮੰਗ ਸੀ? ਉਹ ਮਨਹੂਸ ਦਿਨ ਨਹੀਂ ਭੁੱਲਣੇ। ਜਦੋਂ ਦੇਸ਼ ਨੂੰ ਤਕਸੀਮ ਕਰਨ ਦਾ ਐਲਾਨ ਹੋਇਆ ਸੀ। ਅੱਬਾ ਜੀ ਕਿਸੇ ਵੀ ਸੂਰਤੇਹਾਲ ਪਾਕਿਸਤਾਨ ਜਾਣਾ ਨ੍ਹੀਂ ਚਾਹੁੰਦੇ ਸਨ।
‘‘ਅਬਦੁਲ ਰਸ਼ੀਦ, ਹੁਣ ਤੇ ਭਾਈ ਜਾਣਾ ਈ ਪੈਣਾ।’’ ਬਾੳੂ ਸ਼ਿਵ ਨਾਥ ਨੇ ਪਤਾ ਨ੍ਹੀਂ ਕਿਹੜੀ ਟੋਨ ਵਿਚ ਅੱਬਾ ਜੀ ਨੂੰ ਕਿਹਾ ਸੀ।
ਨਿਰਮਲਾ ਦੇ ਬਾੳੂ ਕੁਝ ਵੀ ਕਹਿਣ। ਉਹ ਮੈਨੂੰ ਹਰ ਰੋਜ਼ ਖ਼ਤ ਲਿਖਦੀ।
‘ਮੇਰੇ ਪਿਆਰੇ ਰਿਆਜ਼ ਅਹਿਮਦ, ਜੇ ਤੂੰ ਚਲਾ ਗਿਆਂ। ਮੈਂ ਕਿਸੇ ਨਾਲ ਵਿਆਹ ਨ੍ਹੀਂ ਕਰਾਵਾਂਗੀ। ਕੁਆਰੀ ਬੈਠੀ ਰਹਾਂਗੀ।’ ਇਸ ਗੱਲ ’ਤੇ ਉਹ ਹਰ ਵਾਰ ਜ਼ੋਰ ਦਿੰਦੀ।
ਲਿਹਾਜ਼ਾ, ਮੈਨੂੰ ਕੁਝ ਸੁੱਝ ਨ੍ਹੀਂ ਰਿਹਾ ਸੀ। ਹਿੰਦੂ ਸਿੱਖ ਮੁਸਲਿਮ ਦੰਗੇ ਭੜਕ ਪਏ ਸਨ। ਇਕ ਦਿਨ ਘੁਸਮੁਸੇ ਜਿਹੇ ਵਿਚ ਹਥਿਆਰਬੰਦ ਬੰਦੇ ਸਾਡੇ ਘਰ ਆਏ। ਮੇਰੀ ਭੈਣ ਆਫ਼ਸ਼ਾਂ ਨੂੰ ਚੁੱਕ ਕੇ ਲੈ ਗਏ। ਅਸੀਂ ਤਾਂ ਜੀਉਦੇ ਜੀਅ ਮਰ ਗਏ।
‘‘ਅਸੀਂ ਹਿੰਦੂ-ਸਿੱਖ ਭਾਈਚਾਰੇ ਤੋਂ ਐਸੀ ਤਵੱਕੋਂ ਨਈਂ ਸਾਂ ਰੱਖਦੇ।’’ ਅੱਬੂ ਮੇਰੇ ਦੀ ਜ਼ੁਬਾਨ ਤਾਲੂਏ ਨਾਲ ਜਾ ਲੱਗੀ ਸੀ।
ਮੁਹੱਲੇ ਵਿਚ ਦਹਿਸ਼ਤ ਵਾਲਾ ਮਾਹੌਲ ਸੀ। ਸਾਡਾ ਟੱਬਰ ਘਰ ਵਿਚ ਸਹਿਮਿਆ ਬੈਠਾ ਸੀ। ਅੰਮੀ ਕੋਠੇ ਜਾ ਚੜ੍ਹਦੀ। ਆਫ਼ਸ਼ਾਂ ਲਈ ਰੋਈ ਜਾਂਦੀ। ਉਹਨੂੰ ਇਧਰ-ਉਧਰ ਦੇਖਦੀ। ਫਿਰ ਕਰੀਹੇ ਤੇ ਕਮਾਮ ਪਿੰਡਾਂ ਵਿਚ ਮੁਸਲਮਾਨਾਂ ਦਾ ਕਤਲੇਆਮ ਕਰ ਦਿੱਤਾ ਗਿਆ। ਬੰਗਿਆਂ ਥਾਣੇ ਦੇ ਮੁਸਲਮਾਨ ਥਾਣੇਦਾਰ ਨੂੰ ਵੀ ਬਖਸ਼ਿਆ ਨਾ ਗਿਆ। ਜਿਉ ਹੀ ਇਹ ਖ਼ਬਰਾਂ ਫ਼ੈਲੀਆਂ। ਸਾਰਿਆਂ ਨੂੰ ਇੱਥੇ ਮਸਜਿਦ ਵਿੱਚ ਇਕੱਤਰ ਕੀਤਾ ਗਿਆ ਸੀ। ਮੋਹਤਬਰਾਂ ਨੇ ਅਗਲੀ ਰਾਤ ਤੁਰਨ ਦਾ ਫ਼ੈਸਲਾ ਸੁਣਾਇਆ ਸੀ।
ਪੱਤਰਕਾਰ ਸਵਾਲ ਪੁੱਛੀ ਜਾ ਰਹੇ ਹਨ। ਮੇਰੇ ਕੋਲ ਜਵਾਬ ਨ੍ਹੀਂ ਹੈ। ਉਸ ਵੇਲੇ ਸਾਡੇ ਕੋਲ ਵੀ ਬਹੁਤ ਸਵਾਲ ਸਨ। ਮਸਲਨ ਸਾਡੇ ਦੇਸ਼ ਵਿਚੋਂ ਹੀ ਸਾਨੂੰ ਕਿਉ ਕੱਢਿਆ ਜਾ ਰਿਹਾ ਏ? ਪਰ ਕਿਸੇ ਕੋਲ ਜਵਾਬ ਨ੍ਹੀਂ ਸੀ। ਬੱਸ ਬੇਵੱਸੀ ਸੀ।
ਅਸੀਂ ਮਸਜਿਦ ਹੋ ਆਏ ਹਾਂ। ਘਰ ਪੁੱਜ ਗਿਆ ਹਾਂ। ਇਹ ਖਾਣ ਨੂੰ ਪੈਂਦਾ। ਇਸ ਘਰ ਵਿਚੋਂ ਹੀ ਮੇਰੀ ਭੈਣ ਅਗਵਾ ਕੀਤੀ ਸੀ। ਜਬਰ ਜਨਾਹ ਹੋਇਆ ਹੋਏਗਾ। ਕਤਲ ਕਰ ਦਿੱਤੀ ਹੋਏਗੀ। ਨ੍ਹੀਂ ਉਹ ਨੇ ਖੁਦ ਹੀ ਖੂਹ ਵਿਚ ਛਾਲ ਮਾਰ ਦਿੱਤੀ ਹੋਵੇਗੀ। ਇਹ ਵੀ ਤੇ ਹੋ ਸਕਦਾ ਧੱਕੇ ਨਾਲ ਕਿਸੇ ਲੋੜਵੰਦ ਦਾ ਘਰ ਵਸਾ ਦਿੱਤਾ ਹੋਏਗਾ। ਪਰ ਉਹ ਮੇਰਾ ਖਹਿੜਾ ਕਿਉ ਨ੍ਹੀਂ ਛੱਡ ਰਹੀ? ਉਹ ਤਾਂ ਮੈਨੂੰ ਕੁੱਛੜ ਚੁੱਕ ਕੇ ਖਿਡਾਂਦੀ ਰਹੀ ਹੈ। ਤੇ ਨਿਰਮਲਾ...। ਮੇਰੀ ਤਬੀਅਤ ਨਾਸਾਜ਼ ਹੋ ਗਈ ਹੈ। ਮੈਂ ਪੱਤਰਕਾਰਾਂ ਨੂੰ ਕਿਹਾ ਹੈ।
‘‘ਬੱਚਿਓ, ਹੁਣ ਬੱਸ।...ਤੁਸੀਂ ਇਥੇ ਬੈਠੋ। ਮੈਂ ਜਰਾ ਕੋਠੇ ’ਤੇ ਚੱਲਿਆ ਹਾਂ। ਉੱਤੇ ਕੋਈ ਆਵੇ ਨਾ।’’
ਮੈਂ ਕੋਠੇ ’ਤੇ ਆ ਗਿਆ ਹਾਂ। ਮੇਰੀਆਂ ਲੱਤਾਂ ਬਾਹਾਂ ਵਿਚ ਜਾਨ ਨ੍ਹੀਂ ਰਹੀ। ਮੈਂ ਹੇਠਾਂ ਬੈਠ ਗਿਆ ਹਾਂ। ਛੱਤ ਦੀ ਮਿੱਟੀ ਵਿਚ ਉਗਲਾਂ ਫੇਰਨ ਲੱਗ ਪਿਆ ਹਾਂ। ਮਿੱਟੀ ਵਿਚੋਂ ਆਪਣੀ ਭੈਣ ਆਫ਼ਸ਼ਾਂ ਨੂੰ ਲੱਭ ਰਿਹਾ ਹਾਂ। ਮੇਰੇ ਅੱਥਰੂ ਨਿਕਲ ਆਏ ਹਨ। ਬੁੱਲ੍ਹ ਕੰਬ ਰਹੇ ਹਨ। ਮੈਂ ਧਾਹਾਂ ਮਾਰ ਕੇ ਉੱਚੀ-ਉੱਚੀ ਰੋਣਾ ਚਾਹੁੰਦਾ ਹਾਂ ਪਰ ਆਵਾਜ਼ ਨ੍ਹੀਂ ਕੱਢ ਰਿਹਾ। ਖੌਰੇ ਆਵਾਜ਼ ਥੱਲੇ ਨਾ ਪੁੱਜ ਜਾਵੇ। ਮੈਂ ਲਿਟ ਗਿਆ ਹਾਂ। ਮਿੱਟੀ ਵਿਚ ਲੱਤਾਂ ਬਾਹਾਂ ਮਾਰਨ ਲੱਗ ਪਿਆ ਹਾਂ। ਮੈਂ ਨਿਰਮਲਾ ਲਈ ਵੀ ਪਿੱਟ ਸਿਆਪਾ ਕਰਨਾ ਚਾਹੁੰਦਾ ਹਾਂ। ਮੈਂ ਬੰਗਿਆਂ ਦੀ ਖ਼ਾਕ ਵਿਚ ਹੀ ਦਫ਼ਨ ਹੋਣਾ ਚਾਹੰੁਨਾ, ਜਿਥੇ ਉਹ ਕੁਰਬਾਨ ਹੋ ਗਈ। ਉਹ ਬਨੇਰਿਆਂ ’ਤੇ ਮੁਹੱਬਤ ਦੇ ਦੀਵੇ ਬਾਲ਼ਦੀ ਰਹੀ।
ਮੈਂ ਅੱਥਰੂ ਪੂੰਝੇ ਹਨ। ਕੱਪੜੇ ਝਾੜੇ ਹਨ। ਹੇਠਾਂ ਆਪਣੇ ਵਿਹੜੇ ਵਿਚ ਆ ਗਿਆ ਹਾਂ। ਮੇਜ਼ ’ਤੇ ਖਾਣਾ ਲੱਗਾ ਹੋਇਆ ਹੈ। ਮੈਨੂੰ ਉਡੀਕ ਰਹੇ ਸਨ। ਮੇਰੇ ਲਈ ਖਾਣਾ ਪਰੋਸ ਦਿੱਤਾ ਗਿਆ ਹੈ। ਮੈਂ ਬੁਰਕੀ ਮੂੰਹ ਵਿਚ ਪਾਈ ਹੈ। ਅੰਦਰ ਨ੍ਹੀਂ ਲੰਘ ਰਹੀ। ਘਰ ਵਾਲੇ ਖਾਣ ਲਈ ਜ਼ੋਰ ਪਾ ਰਹੇ ਹਨ। ਮੈਂ ਥਾਲੀ ਪਾਸੇ ਕਰਕੇ ਰੱਖ ਦਿੱਤੀ ਹੈ। ਮੈਂ ਪਾਣੀ ਦਾ ਗਲਾਸ ਭਰਿਆ ਹੈ। ਲੰਘ ਤਾਂ ਇਹ ਵੀ ਨ੍ਹੀਂ ਰਿਹਾ। ਮਸੀਂ ਘੁੱਟ ਭਰਦਾ ਹਾਂ। ਗਲਾ ਸਾਫ਼ ਕਰਦਾ ਹਾਂ। ਸ਼ਾਇਦ ਅਦੀਬ ਮੇਰੀ ਹਾਲਤ ਸਮਝ ਗਏ ਹਨ। ਮੈਂ ਚੁੱਪ ਕਰਕੇ ਬੈਠ ਗਿਆ ਹਾਂ। ਗੁਰਜੀਤ ਮੇਰੇ ਵੱਲ ਸਵਾਲੀਆਂ ਨਜ਼ਰਾਂ ਨਾਲ ਦੇਖੀ ਜਾ ਰਿਹਾ। ਸ਼ਾਇਦ ਉਸ ਰਾਤ ਦਾ ਵਾਕਿਆ ਜਾਣਨਾ ਚਾਹੁੰਦਾ ਹੋਵੇ।
ਆਖਰ ਮਨਹੂਸ ਵਕਤ ਨੇ ਆ ਦਰਵਾਜ਼ਾ ਖੜਕਾਇਆ।
ਅਗਲੀ ਰਾਤ ਪੈਂਦਿਆਂ ਹੀ ਅਸੀਂ ਬਹਿਰਾਮ ਕੈਂਪ ਲਈ ਰੁਖਸਤ ਹੋਣ ਦੀ ਤਿਆਰੀ ਕਰ ਲਈ ਸੀ। ਬਾਹਰ ਘੁੱਪ ਹਨੇਰਾ। ਦਿਸੇ ਕੁਝ ਨਾ। ਘਰੋਂ ਨਿਕਲ ਕੇ ਬਾਹਰ ਗਲੀ ਵਿਚ ਆਏ। ਡੱਬੀ ਡਿੱਗਣ ਦਾ ਖੜਾਕ ਹੋਇਆ ਸੀ। ਮੈਂ ਪਿੱਛੇ ਨੂੰ ਮੁੜ ਪਿਆ ਸੀ।
‘‘ਰਿਆਜ਼! ਕਿਥੇ ਨੂੰ ਮੂੰਹ ਚੁੱਕਿਆ?’’ ਅੱਬਾ ਨੂੰ ਗੁੱਸਾ ਆ ਗਿਆ ਸੀ।
ਭਰਾ ਨੇ ਮੈਨੂੰ ਬਾਹੋਂ ਫ਼ੜ ਕੇ ਖਿੱਚ ਲਿਆ ਸੀ। ਦੇਸ਼ ਕਾਹਦਾ ਵੰਡਿਆ ਗਿਆ। ਮੈਨੂੰ ਤੇ ਨਿਰਮਲਾ ਨੂੰ ਤਕਸੀਮ ਕਰ ਦਿੱਤਾ ਗਿਆ। ਇਹ ਮਾੜਾ ਵਕਤ ਸਾਡੀ ਮੁਹੱਬਤ ਨੂੰ ਨਿਗਲ ਗਿਆ। ਮੇਰੀ ਭੈਣ...ਇਕ ਕੁਆਰੀ ਧੀ ਭੈਣ ਨੂੰ ਰੋਲ ਦਿੱਤਾ ਗਿਆ।
ਮੋਟਰ ਸਾਇਕਲ ਖੜ੍ਹਾ ਹੋਇਆ ਹੈ। ਮੋਹਣੇ ਨੇ ਮੈਨੂੰ ਇਸ਼ਾਰਾ ਮਾਰਿਆ ਹੈ। ਉਹ ਨਿਰਮਲਾ ਦੇ ਘਰ ਅੰਦਰ ਲੈ ਗਿਆ ਹੈ। ਮਾਚਿਸ ਦੀ ਡੱਬੀ ਮੇਰੇ ਹੱਥਾਂ ’ਤੇ ਰੱਖੀ ਹੈ।
‘‘ਇਹ ਉਹ ਡੱਬੀ ਏ ਜਿਹੜੀ ਉਹਨੇ ਉਸ ਰਾਤ ਰੋਸ਼ਨਦਾਨ ਰਾਹੀਂ ਸੁੱਟੀ ਸੀ। ਤੂੰ ਚੁੱਕ ਨਈਂ ਸੀ ਸਕਿਆ। ਅਗਲੇ ਦਿਨ ਤੁਹਾਡੇ ਘਰ ਦੀ ਲੁੱਟ ਖੋਹ ਹੋਈ ਸੀ। ਤੇ ਡੱਬੀ ਅੰਤ ਨਿਰਮਲਾ ਦੇ ਹੀ ਹੱਥ ਲੱਗੀ ਸੀ।’’ ਡੱਬੀ ਵਿਚਲੇ ਖ਼ਤ ਦਾ ਚੂਰਾ ਭੂਰਾ ਹੋਇਆ ਪਿਆ।
ਮੋਹਣੇ ਨੇ ਕਾਗਜ਼ਾਂ ਦਾ ਥੱਬਾ ਮੇਰੇ ਮੋਹਰੇ ਰੱਖਿਆ ਹੈ। ਕਾਗਜ਼ਾਂ ਦੀ ਹਾਲਤ ਬੜੀ ਮਾੜੀ ਹੈ। ਬੁਦਬੁਦੇ ਹੋਏ ਪਏ ਹਨ।
‘‘ਭਾਈ ਇਹ ਉਹ ਖ਼ਤ ਨੇ ਜਿਹੜੇ ਤੈਨੂੰ ਲਿਖ-ਲਿਖ ਕੋਲ ਰੱਖਦੀ ਰਹੀ। ਉਹ ਰੋਂਦੀ ਰਹਿੰਦੀ ਸੀ। ਫ਼ਿਰ ਉਹਨੇ ਇਕ ਦਿਨ ਮੈਨੂੰ ਸੱਦਿਆ ਸੀ। ਕਹਿਣ ਲੱਗੀ-ਮੋਹਣ ਭਾਅ ਜੀ, ਆਸ ਤਾਂ ਹੈ ਨਈਂ। ਜੇ ਕਿਤੇ ਜ਼ਿੰਦਗੀ ਵਿਚ ਰਿਆਜ਼ ਨਾਲ ਮਿਲਾਪ ਹੋ ਜਾਵੇ। ਉਹਦੀ ਅਮਾਨਤ ਉਹਨੂੰ ਸੰਭਾਲ ਦਈਂ।’’
ਮੈਂ ਦੋ ਕੁ ਖ਼ਤ ਪੜ੍ਹਨ ਤੋਂ ਬਾਅਦ ਝੋਲੇ ਵਿਚ ਪਾ ਲਏ ਹਨ। ਨਿਰਮਲਾ ਦੇ ਘਰ ਦੀ ਮਿੱਟੀ ਚੁੱਕੀ ਹੈ ਤੇ ਆਪਣੇ ਵਿਹੜੇ ਦੀ ਵੀ। ਦੋਨੋਂ ਮਿੱਟੀਆਂ ਡੱਬੀਆਂ ਵਿਚ ਪਾ ਲਈਆਂ ਹਨ। ਡੱਬੀ ਮੱਥੇ ਨੂੰ ਲਾਈ ਹੈ। ਫ਼ੈਸਲਾ ਕੀਤਾ ਕਿ ਲਾਹੌਰ ਜਾ ਕੇ ਵਸੀਅਤ ਲਿਖਾਂਗਾ।
‘‘ਜਦੋਂ ਮੈਂ ਮਰਾਂ। ਇਹ ਡੱਬੀ ਮੇਰੇ ਨਾਲ ਦਫ਼ਨਾ ਦੇਣੀ। ਨਿਰਮਲਾ ਦੇ ਖ਼ਤ ਪੇਪਰਾਂ ਵਿਚ ਛਪਵਾ ਦੇਣੇ ਤਾਂ ਕਿ ਸਾਡੀ ਮੁਹੱਬਤ ਅਮਰ ਹੋ ਜਾਵੇ।’’
‘‘ਛੋਟੇ ਵੀਰ, ਮੈਂ ਇਥੇ ਚਿਰਾਗ਼ ਬਾਲ਼ਣਾ ਚਾਹੁੰਨਾ।’’
ਇਹ ਸ਼ਬਦ ਮੇਰੇ ਮੂੰਹ ਵਿਚੋਂ ਨਿਕਲੇ ਹੀ ਹਨ। ਮੋਹਣਾ ਦੀਵੇ ਵਿਚ ਤੇਲ ਪਾ ਕੇ ਲੈ ਆਇਆ ਹੈ। ਮੈਂ ਬੱਤੀ ਨੂੰ ਤਿੱਖਾ ਕੀਤਾ ਹੈ ਤੇ ਮਾਚਿਸ ਜਲਾਈ ਹੈ। ਮੈਂ ਸਾਰਿਆਂ ਅੱਗੇ ਹੱਥ ਜੋੜੇ ਹਨ।
‘‘ਦੋਸਤੋ, ਮੇਰੀ ਇਕੋ ਇਕ ਮੰਗ ਆ। ਹਫ਼ਤੇ ਬਾਅਦ ਇਥੇ ਕੋਈ ਦੀਵਾ ਬੱਤੀ ਕਰ ਦਿਆ ਕਰੇ। ਨਿਰਮਲਾ ਦੀ, ਮੇਰੀ ਭੈਣ ਦੀ, ਮੇਰੇ ਭਰਾਵਾਂ ਦੀ...ਮੇਰੀ ਅੰਮਾਂ ਦੀ ਯਾਦ ਵਿਚ।’’
‘‘ਮੈਂ ਇਹ ਚਿਰਾਗ਼ ਬਲ਼ਦਾ ਰੱਖਾਂਗਾਂ।’’ ਮੋਹਣੇ ਨੇ ਮੇਰੇ ਮੋਢੇ ’ਤੇ ਹੱਥ ਰੱਖਿਆ ਹੈ।
ਮੈਂ ਇਸ ਗੱਲੋਂ ਖੁਸ਼ ਆਂ, ਮੈਨੂੰ ਨਿਰਮਲਾ ਦੀ ਨਿਸ਼ਾਨੀ ਮਿਲ ਗਈ। ਪਰ ਭੈਣ ਦਾ ਜਖ਼ਮ ਉੱਨਾ ਹੀ ਗਹਿਰਾ ਹੈ। ਮੈਂ ਮੋਹਣੇ ਸਮੇਤ ਸਾਰਿਆਂ ਨੂੰ ਭੈਣ ਬਾਰੇ ਪੁੱਛਿਆ ਹੈ। ਪਰ ਆਫ਼ਸ਼ਾਂ ਦੀ ਕੋਈ ਉੱਘ-ਸੁੱੱਘ ਨ੍ਹੀਂ ਦੇ ਰਿਹਾ। ਇਹ ਜਖ਼ਮ ਮੈਂ ਨਾਲ ਈ ਲੈ ਕੇ ਜਾ ਰਿਹਾ ਹਾਂ। ਸਭ ਸੱਜਣ ਮਿਲ ਰਹੇ ਹਨ। ਦੁਬਾਰਾ ਆਉਣ ਦਾ ਵਾਅਦਾ ਲੈ ਰਹੇ ਹਨ। ਇਥੋਂ ਜਾਣ ਲਈ ਚਿੱਤ ਤਾਂ ਨ੍ਹੀਂ ਕਰਦਾ। ਪਰ ਕੀ ਕੀਤਾ ਜਾ ਸਕਦਾ? ...ਗੁਰਜੀਤ ਨੇ ਗੱਡੀ ਤੋਰ ਲਈ ਹੈ। ਇਹ ਮੇਰਾ ਇਸ਼ਾਰਾ ਸਮਝ ਗਿਆ ਹੈ। ਗੱਡੀ ਬਹਿਰਾਮ ਵੱਲ ਨੂੰ ਮੋੜ ਲਈ ਹੈ।
‘‘ਗੁਰਜੀਤ ਸਿਆਂ, ਇਹ ਉਹ ਜਗ੍ਹਾ ਏ, ਜਿੱਥੇ ਹੱਲਾ ਹੋਇਆ ਸੀ।’’ ਬਹਿਰਾਮ ਦੇ ਸਟੇਸ਼ਨ ਦੇ ਲਾਗੇ ਪੁੱਜਦਿਆਂ ਮੇਰੀ ਉਗਲੀ ਖੜ੍ਹੀ ਹੋ ਗਈ ਹੈ।
ਉਹ ਪਰ੍ਹੇ ਕੈਂਪ ਸੀ। ਅਸੀਂ ਤਿੰਨ ਦਿਨ ਇਥੇ ਬੈਠੇ ਰਹੇ। ਜਾਣ ਦਾ ਕੋਈ ਪ੍ਰਬੰਧ ਨ੍ਹੀਂ ਸੀ ਹੋ ਰਿਹਾ। ਟ੍ਰੇਨ ਵੀ ਰਾਹ ਵਿਚ ਡੱਕੀ ਹੋਈ ਸੀ। ਤੀਜੇ ਦਿਨ ਇਕ ਟਰੱਕ ਦਾ ਪ੍ਰਬੰਧ ਕੀਤਾ ਸੀ। ਟਰੱਕ ਵਿਚ ਸਮਾਨ ਲੱਦਣ ਹੀ ਲੱਗੇ ਸੀ। ਉਸੇ ਵੇਲੇ ਹਮਲਾ ਹੋ ਗਿਆ। ਹਮਲਾਵਰ ਵੱਡੀ ਗਿਣਤੀ ਵਿਚ ਸਨ। ਸਾਰੇ ਪਾਸੇ ਹਾਹਾਕਾਰ ਮੱਚ ਗਈ। ਭਗਦੜ ਵਿੱਚ ਇਕ ਦੂਜੇ ਦਾ ਸਾਥ ਛੁੱਟ ਗਿਆ। ਘੜੀ ਘੰਟਿਆਂ ਵਿੱਚ ਹੀ ਤਹਿਜ਼ੀਬ ਨੇ ਰੰਗ ਵਟਾ ਲਿਆ ਸੀ। ਜਦੋਂ ਹਮਲਾਵਰ ਗਏ, ‘ਆਪੋ-ਆਪਣਿਆਂ’ ਦੀ ਭਾਲ ਹੋਣ ਲੱਗੀ। ਦੋਨਾਂ ਭਰਾਵਾਂ ਤੇ ਅੰਮੀ ਦੀਆਂ ਲਾਸ਼ਾਂ ਮਿਲੀਆਂ ਸਨ। ਅੰਮੀ ਪੁੱਤਾਂ ਦੇ ਉਤੇ ਪਈ ਹੋਈ ਸੀ। ਮੈਂ ਤੇ ਅੱਬੂ ਇਕ ਦੂਜੇ ਦੇ ਗਲ ਲੱਗ ਕੇ ਰੋਣ ਲੱਗੇ।
ਮੈਨੂੰ ਲਗਦਾ, ਜੇ ਮੈਂ ਹੋਰ ਕੁਝ ਸਮਾਂ ਇਥੇ ਠਹਿਰ ਗਿਆ, ਪੱਥਰ ਹੋ ਜਾਵਾਂਗਾ। ਮੇਰੀ ਹਾਲਤ ਦੇਖ ਗੁਰਜੀਤ ਨੇ ਗੱਡੀ ਤੋਰ ਲਈ ਹੈ। ਮੇਰੇ ਅੱਥਰੂ ਦੇਖ ਉਹ ਕੁਝ ਬੋਲ ਨ੍ਹੀਂ ਰਿਹਾ। ਗੱਡੀ ਦੀ ਸਪੀਡ ਵਧਾਈ ਜਾ ਰਿਹਾ ਹੈ। ਮੈਂ ਵੀ ਏਹੀ ਚਾਹੁੰਨਾ, ਜਿੰਨਾ ਜਲਦੀ ਹੋ ਸਕੇ ਪਟਿਆਲੇ ਪਹੰੁਚਾ ਦੇਵੇ। ਮੈਂ ਬਾਹਰ ਸੜਕ ’ਤੇ ਨੱਠੇ ਜਾ ਰਹੇ ਦਰਖ਼ਤਾਂ ਵੱਲ ਦੇਖੀ ਜਾ ਰਿਹਾ ਹਾਂ।
‘‘ਬਾਪੂ ਜੀ, ਲਾਹੌਰ ਕਿੱਦਾਂ ਪੁੱਜੇ?’’ ਗੁਰਜੀਤ ਨੇ ਗੱਡੀ ਵਿੱਚ ਪਸਰੀ ਚੁੱਪ ਨੂੰ ਤੋੜ ਹੀ ਦਿੱਤਾ ਹੈ।
ਅਗਸਤ ਦਾ ਮਹੀਨਾ ਹੋਏਗਾ। ਮੀਂਹ ਬਹੁਤ ਪੈ ਰਹੇ ਸਨ। ਲਾਸ਼ਾਂ ਥਾਂ-ਥਾਂ ਰੁਲ਼ ਰਹੀਆਂ ਸਨ। ਉਹ ਪਾਥੀਆਂ ਵਾਂਗ ਫੁੱਲੀਆਂ ਹੋਈਆਂ ਸਨ। ਮੁਸ਼ਕ ਆਉਦਾ ਸੀ। ਪੈਦਲ ਤੁਰੇ ਹੋਏ ਸੀ। ਭੁੱਖੇ ਭਾਣੇ। ਰਾਹ ਵਿੱਚ ਹਮਲਾਵਰ ਹਮਲਾ ਕਰ ਦਿੰਦੇ। ਸਾਡੇ ਨਾਲ ਦੋ ਰਫ਼ਲਾਂ ਵਾਲੇ ਸਨ। ਫ਼ਾਇਰ ਕਰ ਦਿੰਦੇ। ਉਹ ਭੱਜ ਜਾਂਦੇ। ਭਾਰਤੀ ਫੌਜ ਨੇ ਉਨ੍ਹਾਂ ਦੀ ਮਦਦ ਕੀਤੀ। ਅੰਮਿ੍ਰਤਸਰ ਦੇ ਨੇੜੇ ਘਿਰ ਗਏ ਸਾਂ। ਸਾਨੂੰ ਚੌਂਹਾਂ ਪਾਸਿਆਂ ਤੋਂ ਘੇਰਾ ਪਾਇਆ ਹੋਇਆ ਸੀ। ਸਾਡੀਆਂ ਰਫ਼ਲਾਂ ਭਾਰਤੀ ਫ਼ੌਜ ਨੇ ਲੈ ਲਈਆਂ ਸਨ। ਸਾਡੇ ਬੰਦੇ ਕਿਰਪਾਨਾਂ ਨਾਲ ਮੁਕਾਬਲਾ ਕਰ ਰਹੇ ਸਨ। ਇਹ ਤੇ ਫ਼ਿਰ ਬਲੋਚ ਰੈਜਮੈਂਟ ਆ ਗਈ। ਉਹਨੀਂ ਘੇਰਾ ਤੋੜਿਆ। ਸਾਡੀ ਰੱਖਿਆ ਕੀਤੀ। ਟਰੱਕ ਮੰਗਵਾਏ। ਉਨ੍ਹਾਂ ਵਿੱਚ ਆਪ ਛੱਡ ਕੇ ਆਏ। ਰਾਹ ਵਿਚ ਜੋ ਕੁਝ ਵਾਪਰਿਆ। ਬਿਆਨ ਨ੍ਹੀਂ ਕਰ ਸਕਦਾ। ਲਾਹੌਰ ਦੇ ਲਾਗੇ ਇਕ ਪਿੰਡ ਵਿਚ ਪੁੱਜ ਗਏ। ਬੱਸ ਉਥੇ ਜਾ ਕੇ ਮੁਕੀਮ ਹੋ ਗਏ। ਕੱਚਾ ਘਰ। ਦੰਗਾਕਾਰੀਆਂ ਨੇ ਉਹ ਵੀ ਲੁੱਟਣ ਤੋਂ ਬਾਅਦ ਸਾੜਿਆ ਹੋਇਆ ਸੀ।
‘‘ਫ਼ਿਰ ਆਪਣੀ ਅਮਰ ਮੁਹੱਬਤ ਨਾਲ ਵਾਅਦਾ ਨਈਂ ਨਿਭਾ ਸਕੇ?’’ ਗੁਰਜੀਤ ਨੇ ਇਕ ਹੋਰ ਸਵਾਲ ਦਾਗਿਆ ਏ।
ਮੈਂ ਨਿਕਾਹ ਦੇ ਹੱਕ ਵਿਚ ਨ੍ਹੀਂ ਸੀ। ਨਿਰਮਲਾ ਨਾਲ ਕੀਤਾ ਵਾਅਦਾ ਯਾਦ ਆ ਜਾਂਦਾ। ਪਰ ਘਰ ਦਾ ਬੁਰਾ ਹਾਲ ਸੀ। ਕੋਲ ਕੋਈ ਪੂੰਜੀ ਨ੍ਹੀਂ ਸੀ। ਖੇਤਾਂ ਵਾਲਿਆਂ ਨੂੰ ਤਾਂ ਖੇਤ ਮਿਲ ਰਹੇ ਸਨ। ਸਾਨੂੰ ਦੁਕਾਨਦਾਰਾਂ ਨੂੰ ਕੀ ਮਿਲਣਾ ਸੀ। ਬੱਸ ਉਹ ਮਕਾਨ ਮਿਲਿਆ ਸੀ। ਜਿਥੇ ਉਜਾੜ ਪਿਆ ਹੋਇਆ ਸੀ। ਜ਼ਿੰਦਗੀ ਨਵੇਂ ਸਿਰੇ ਤੋਂ ਸ਼ੁਰੂ ਕਰਨੀ ਪੈਣੀ ਸੀ। ਨਿਕਾਹ ਦੇ ਮਾਮਲੇ ’ਤੇ ਮੈਂ ਅੜ ਗਿਆ।
‘‘ਕਾਕਾ, ਔਰਤਾਂ ਤੋਂ ਬਿਨਾਂ ਕਾਹਦੇ ਘਰ।’’
ਅੱਬੂ ਹਰ ਰੋਜ਼ ਸਮਝਾਉਦੇ। ਪਰ ਮੇਰੀ ਤਾਂ ਲਿਵ ਬੰਗੇ ਲੱਗੀ ਹੋਈ ਸੀ। ਮੈਨੂੰ ਲਗਦਾ ਸੀ, ਇਹ ਚਾਰ ਦਿਨਾਂ ਦਾ ਰੌਲਾ ਹੈ। ਮੁੱਕ ਜਾਣਾ ਹੈ। ਫ਼ਿਰ ਆਪਣੇ ਘਰ ਚਲੇ ਜਾਵਾਂਗੇ। ਪਰ ਇਧਰ ਨਾ ਆਉਣ ਲਈ ਦਹਿਸ਼ਤ ਇੰਨੀ ਸੀ, ਹਿੰਮਤ ਨਾ ਪੈਂਦੀ। ਮੈਂ ਦੋ-ਤਿੰਨ ਸਾਲ ਵਾਹਗੇ ਤੱਕ ਆ ਜਾਂਦਾ ਰਿਹਾ। ਪਰ ਅਗਾਂਹ ਨਾ ਪੈਰ ਪੁੱਟਦਾ। ਕਦੇ ਕਿਸੇ ਕੋਲ ਨਿਰਮਲਾ ਲਈ ਪੈਗਾਮ ਭੇਜਦਾ। ਕਦੇ ਵਾਹਗੇ ਤੱਕ ਆ ਜਾਣ ਦਾ ਸੱਦਾ ਦਿੰਦਾ। ਪਰ ਉਹ ਨਾ ਆਈ। ਫ਼ਿਰ ਮੈਂ ਖ਼ਤ ਲਿਖਣੇ ਸ਼ੁਰੂ ਕੀਤੇ। ਉਨ੍ਹਾਂ ਦਾ ਵੀ ਜਵਾਬ ਨਾ ਆਇਆ। ਮੈਂ ਨਿਕਾਹ ਨ੍ਹੀਂ ਕਰਵਾਇਆ। ਸੱਤ ਸਾਲ ਤੱਕ ਟਾਲੇ ਵੱਟਦਾ ਰਿਹਾ। ਫ਼ਿਰ ਸਮਝੋ ਅੱਬੂ ਨੇ ਕਰ ਦਿੱਤਾ। ਪੁੱਤ ਪੋਤਿਆਂ ਵਾਲਾ ਵੀ ਹੋ ਗਿਆ। ਉਹ ਹਮੇਸ਼ਾ ਮੇਰੇ ਚੇਤਿਆਂ ਵਿਚ ਵਸੀ ਰਹੀ। ਉਹਦੀ ਸਲਾਮਤੀ ਦੀ ਦੁਆ ਕਰਦਾ ਰਿਹਾ।
‘‘ਤੁਸੀਂ ਪੱਤਰਕਾਰ ਦਾ ਜਵਾਬ ਨ੍ਹੀਂ ਦਿੱਤਾ। ਹੁਣ ਮੈਂ ਪੁੱਛਦਾ। ਤੁਸੀਂ ਉਥੇ ਚੰਗੀ ਤਰ੍ਹਾਂ ਸੈੱਟ ਹੋ ਗਏ?’’ ਪਤਾ ਨਹੀਂ ਇਹ ਸਵਾਲ ਗੁਰਜੀਤ ਨੇ ਕੀਤਾ ਜਾਂ ਮੇਰੇ ਅੰਦਰ ਨੇ?
ਫੱਗਣ ਤੇ ਚੇਤ ਦੇ ਮਹੀਨੇ ਨਿਕਲੀਆਂ ਮਨਮੋਹਣੀਆਂ ਕਰੂੰਬਲਾਂ ਤੇ ਪੱਤੀਆਂ ਨੂੰ ਜੇਠ ਹਾੜ੍ਹ ਦੀ ਧੁੱਪ ਲੂਹ ਸੁੱਟਦੀ ਹੈ। ਸਾੜ ਸੁੱਟਦੀ ਹੈ। ਜਿਹੜਾ ਪਾਸਾ ਸੂਰਜ ਦੀ ਧੁੱਪ ਵੱਲ ਜ਼ਿਆਦਾ ਹੁੰਦਾ ਹੈ। ਉਹ ਤਾਂ ਲਗਭਗ ਝੁਲਸਿਆ ਹੀ ਜਾਂਦਾ ਹੈ। ਸਾਉਣ ਦੇ ਪਹਿਲੇ ਛਰਾਟੇ ਨਾਲ ਹੀ ਮੁੜ ਜਾਨ ਆ ਜਾਂਦੀ ਹੈ। ਹਰਿਆਵਲ ਦਿਖਣ ਲੱਗ ਪੈਂਦੀ ਹੈ। ਜਿਵੇਂ ਉਨ੍ਹਾਂ ਨਾਲ ਕੁਝ ਵਾਪਰਿਆ ਹੀ ਨਾ ਹੋਵੇ। ...ਤੇ ਸ਼ਾਇਦ ਜ਼ਿੰਦਗੀ ਦਾ ਏਹੀ ਸੱਚ ਹੈ ਪਰ ਮੇਰੇ ਲਈ ਜਾਂ ਸੰਤਾਲੀ ਦੇ ਝੰਬਿਆਂ ਲਈ ਇਹ ਸੱਚ ਕਦੇ ਵੀ ਸੱਚ ਨ੍ਹੀਂ ਰਿਹਾ। ਅਸੀਂ ਅੱਜ ਵੀ ਉਥੇ ਬੰਗਿਆਂ ਵਾਲੇ ਹਾਂ। ਉਥੋਂ ਦੇ ਲੋਕ ਅੱਜ ਵੀ ਸਾਨੂੰ ਪਨਾਹਗੀਰ ਸੱਦਦੇ ਹਨ।
ਫ਼ਿਰ ਦੁਬਾਰਾ ਚੁੱਪ ਪਸਰ ਗਈ ਹੈ।
ਯੂਨੀਵਰਸਿਟੀ ਪੁੱਜ ਗਏ ਹਾਂ। ਮਹਿਮਾਨਾਂ ਨੂੰ ਪਾਰਟੀ ਦਿੱਤੀ ਜਾ ਰਹੀ ਹੈ। ਇਹ ਅੱਧੀ ਰਾਤ ਤੱਕ ਚਲੇਗੀ। ਸਵੇਰੇ ਲਾਹੌਰ ਲਈ ਰੁਖ਼ਸਤ ਹੋਣਾ ਹੈ। ਬਹਿਰਾ ਵਿਸਕੀ ਲੈ ਆਇਆ ਹੈ। ਗੁਰਜੀਤ ਸਰਵ ਕਰਨ ਲੱਗ ਪਿਆ ਏ। ਮੇਰਾ ਮਨ ਨ੍ਹੀਂ ਮੰਨ ਰਿਹਾ। ਮੈਂ ਗਲਾਸੀ ਤੋਂ ਦੂਰੀ ਰੱਖ ਰਿਹਾਂ। ਮੈਂ ਡੱਬੀ ਹੱਥ ਵਿਚ ਫ਼ੜ ਲਈ ਹੈ। ਇਹਨੂੰ ਘੁੰਮਾਈ ਜਾ ਰਿਹਾ। ਗੁਰਜੀਤ ਵਿਸਕੀ ਨਿੱਕੀ-ਨਿੱਕੀ ਘੁੱਟੀ ਪੀਣ ਲੱਗ ਪਿਆ ਹੈ। ਮੈਂ ਡੱਬੀ ਨਾਲ ਛੇੜ ਛਾੜ ਕਰੀਂ ਜਾ ਰਿਹਾ ਹਾਂ। ਬਹਿਰਾ ਰੋਸਟਡ ਮੀਟ ਰੱਖ ਗਿਆ ਹੈ। ਮੈਂ ਡੱਬੀ ਵੱਲ ਇਕ ਟੱਕ ਵੇਖ ਰਿਹਾਂ। ਡੱਬੀ ਨੂੰ ਗਲਾਸੀ ਦੇ ਸਾਹਮਣੇ ਕਰ ਲਿਆ ਹੈ।
‘‘ਬਾਪੂ ਜੀ, ਇਹ ਸਾਡੀ ਦਾਦੀ ਨਿਰਮਲਾ ਦੇ ਨਾਂ ਦਾ। ਪਲੀਜ ਚੁੱਕੋ....। ਦਾਦੀ ਦੀ ਸੁੰਹ।’’ ਗੁਰਜੀਤ ਸਰੂਰ ਵਿਚ ਆਇਆ ਹੋਇਆ ਹੈ।
ਮੈਨੂੰ ਪਤਾ ਨ੍ਹੀਂ ਕੀ ਝੱਲ ਉੱਠਿਆ। ਮੈਂ ਗਲਾਸੀ ਚੁੱਕਦਾ ਹਾਂ। ਅੰਦਰ ਸੁੱਟ ਲੈਂਦਾ ਹਾਂ।...ਮੈਂ ਤਿੰਨ ਗਲਾਸੀਆਂ ਖਾਲੀ ਕਰ ਚੁੱਕਾਂ। ਮੈਂ ਚੌਥੀ ਨੂੰ ਹੱਥ ਪਾਇਆ ਹੈ।
‘‘ਬਾਪੂ ਜੀ, ਇੱਦਾਂ ਨਈਂ। ਪਲੀਜ਼..।’’ ਗੁਰਜੀਤ ਨੇ ਮੇਰਾ ਹੱਥ ਫ਼ੜ ਲਿਆ ਹੈ।
ਹੁਣ ਮੈਂ ਆਰਾਮ ਨਾਲ ਪੈੱਗ ਚੁੱਕਿਆ ਹੈ। ਐਵੇਂ ਵਕਤ ਪਾਸ ਕਰਨ ਲੱਗ ਪਿਆ ਹਾਂ। ਮੇਰਾ ਪੈੱਗ ਵਾਲਾ ਹੱਥ ਦਿਲ ਵੱਲ ਨੂੰ ਰਹਿੰਦਾ। ਕਿਉ? ਪਤਾ ਨ੍ਹੀਂ। ਮੈਂ ਕਲਾਵਾ ਭਰਨ ਵਾਂਗ ਗਲਾਸੀ ਨੂੰ ਚੁੱਕਦਾ। ਜਿਵੇਂ ਮੈਂ ਨਿਰਮਲਾ ਦੇ ਕਲਾਵੇ ਭਰ ਰਿਹਾ ਹੋਵਾਂ। ਆਪਣੇ ਪੰਜਾਬੀ ਭਰਾਵਾਂ ਦੇ ਕਲਾਵੇ ਭਰ ਰਿਹਾ ਹੋਵਾਂ। ਮੈਂ ਹਰੇਕ ਨੂੰ ਜੱਫ਼ੀ ਵਿਚ ਲੈਂਦਾ ਹਾਂ। ਇਹ ਸਾਰੇ ਮੇਰੇ ਆਪਣੇ ਹਨ।
‘‘ਫ਼ਿਰ ਉਹ ਕੌਣ ਸਨ? ਜੋ ਮੇਰੀ ਭੈਣ ਆਫ਼ਸ਼ਾਂ ਨੂੰ ਲੈ ਗਏ। ਮੇਰੀ ਅੰਮਾਂ, ਮੇਰੇ ਭਰਾਵਾਂ ਦੇ ਕਾਤਲ?’’
ਮੈਂ ਪਹਿਲੇ ਵਾਲੀ ਔਕਾਤ ’ਤੇ ਆ ਗਿਆ ਹਾਂ। ਗਲਾਸੀ ਦੀ ਵਿਸਕੀ ਅੰਦਰ ਸੁੱਟੀ ਜਾ ਰਿਹਾ। ਸਿਗਰਟ ਦਾ ਸੂਟੇ ਤੇ ਸੂਟਾ ਖਿੱਚਣ ਲੱਗ ਪਿਆਂ ਹਾਂ। ਤੇਜ਼...ਤੇਜ਼। ਸਿਗਰਟ ਕਾਹਲ ਵਿਚ ਪੀ ਰਿਹਾ ਹਾਂ। ਮੇਰੇ ਅੰਦਰ ਕੁਛ ਮੱਚ ਰਿਹਾ ਏ। ਸਿਗਰਟ ਮੁੱਕੀ ਹੈ। ਵਿਸਕੀ ਮੂੰਹ ਨੂੰ ਲੱਗ ਗਈ ਏ। ਡੱਬੀ ਦੂਜੇ ਹੱਥ ਵਿਚ ਫ਼ੜ ਲਈ ਹੈ। ਵਿਸਕੀ...। ਅੱਠ ਨੌ...। ਗੁਰਜੀਤ ਸਿੰਘ ਭੱਜ ਕੇ ਆ ਗਿਆ ਹੈ। ਮੇਰੇ ਹੱਥੋਂ ਗਲਾਸੀ ਫੜ ਲਈ ਹੈ। ਮੈਨੂੰ ਕੁਰਸੀ ਤੋਂ ਉਠਾ ਲਿਆ ਹੈ। ਰੂਮ ਵੱਲ ਨੂੰ ਲੈ ਕੇ ਤੁਰ ਪਿਆ ਏ। ਇਸ ਨੌਜਵਾਨ ਨੂੰ ਕੀ ਪਤਾ? ਬੇਰਹਿਮ ਵਕਤ ਦੀ ਮਾਰ ਕੀ ਹੁੰਦੀ ਹੈ?
....ਅੱਜ ਸਾਰੀ ਟੀਮ ਦੀ ਲਾਹੌਰ ਦੀ ਵਾਪਸੀ ਹੈ। ਸਰਹੱਦ ’ਤੇ ਅਧਿਕਾਰੀਆਂ ਵਿਚਕਾਰ ਘਿਰੇ ਖੜ੍ਹੇ ਹਾਂ। ਸਵੇਰੇ ਪਟਿਆਲਾ ਤੋਂ ਰੁਖ਼ਸਤ ਹੋਣ ਵੇਲੇ ਮੈਂ ਕੁੜਤਾ ਪਜਾਮਾ ਪਹਿਨਿਆ ਸੀ। ਕੁੜਤੇ ’ਤੇ ਜੈਕਟ ਪਾਈ। ਰੰਗਦਾਰ ਐਨਕ ਲਾਈ। ਮੋਢੇ ਝੋਲਾ ਲਟਕਾਇਆ। ਇਸ ਝੋਲੇ ਵਿਚ ਮਾਚਿਸ ਦੀ ਡੱਬੀ ਹੈ। ਮੈਂ ਡੱਬੀ ਕੱਢ ਕੇ ਜੇਬ ਵਿਚ ਪਾ ਲਈ ਹੈ। ਮੈਂ ਆਪਣੀ ਟੀਮ ਵਿਚੋਂ ਲੰਮਾ ਝੰਮਾ ਤੇ ਬੁੱਢਾ ਹੋਣ ਕਰਕੇ ਵੱਖਰਾ ਹੀ ਪਛਾਣਿਆ ਜਾ ਰਿਹਾ ਹਾਂ। ਬਾਕੀ ਕਤਾਰ ਵਿਚ ਲੱਗੇ ਹੋਏ ਹਨ। ਮੈਂ ਇਕੱਲਾ ਖੜ੍ਹਾ ਹਾਂ। ਮੈਂ ਡੱਬੀ ਤੇ ਖ਼ਤਾਂ ਕਰਕੇ ਅਧਿਕਾਰੀਆਂ ਤੋਂ ਅੱਖ ਬਚਾਅ ਰਿਹਾ ਹਾਂ। ਵੱਢੀਆਂ ਮੁੱਛਾਂ ਵਾਲਾ ਅਧਿਕਾਰੀ ਮੇਰੀਆਂ ਹਰਕਤਾਂ ਨੋਟ ਕਰੀ ਜਾ ਰਿਹਾ। ਮੈਂ ਬੰਦਿਆਂ ਦੇ ਵਿਚ ਨੂੰ ਵੜ ਗਿਆ ਹਾਂ। ਮੈਂ ਆਪਣੇ ਬੈਗ ਤੇ ਝੋਲੇ ਨੂੰ ਸੰਭਾਲੀ ਜਾ ਰਿਹਾ। ਮੈਂ ਖੜ੍ਹਾ-ਖੜ੍ਹਾ ਸਮਾਨ ਦੀ ਫਰੋਲ਼ਾ-ਫਰਾਲ਼ੀ ਕਰਨ ਲੱਗ ਪਿਆ ਹਾਂ। ਪਤਾ ਨਹੀਂ ਚੈਨ ਕਿਉ ਨਹੀਂ ਆ ਰਿਹਾ।
ਮੈਂ ਥੋੜ੍ਹਾ ਚਿਰ ਪਹਿਲਾ ਆਪਣੀ ਕਮੀਜ਼ ਦੀ ਉਪਰ ਵਾਲੀ ਜੇਬ ’ਚੋਂ ਮਾਚਿਸ ਦੀ ਡੱਬੀ ਕੱਢ ਕੇ ਹੱਥ ਵਿਚ ਫ਼ੜ ਲਈ ਸੀ। ਉਸ ਉੱਤੇ ਨਿਗ੍ਹਾ ਟਿਕਾ ਲਈ ਏ। ਡੱਬੀ ਨੂੰ ਹੱਥਾਂ ਵਿਚ ਘੁਮਾਈ ਜਾ ਰਿਹਾ ਹਾਂ। ਚਿਹਰੇ ’ਤੇ ਨਿੰਮ੍ਹੀ-ਨਿੰਮ੍ਹੀ ਮੁਸਕਰਾਹਟ ਉੱਭਰ ਆਈ ਹੈ। ਅਧਿਕਾਰੀ ਦੀਆਂ ਤਾੜਵੀਆਂ ਨਜ਼ਰਾਂ ਨੇ ਮੈਨੂੰ ਡਰਾ ਦਿੱਤਾ। ਮੈਂ ਡੱਬੀ ਮੁੜ ਝੋਲੇ ਵਿਚ ਲੁਕਾ ਲਈ ਹੈ।
ਮੇਰੀ ਵਾਰੀ ਆਈ ਹੈ। ਅਧਿਕਾਰੀਆਂ ਨੇ ਇਕੱਲੀ-ਇਕੱਲੀ ਚੀਜ਼ ਫਰੋਲ਼ ਮਾਰੀ ਹੈ। ਅਦੀਬਾਂ ਵਲੋਂ ਦਿੱਤੀਆਂ ਕਿਤਾਬਾਂ, ਰਸਾਲੇ, ਕੁਝ ਅਖ਼ਬਾਰਾਂ ਦੀਆਂ ਕਾਤਰਾਂ, ਇਕ-ਇਕ ਸ਼ੈਅ ਨੂੰ ਗਹੁ ਨਾਲ ਵਾਚ ਰਹੇ ਹਨ। ਕੱਪੜੇ ਫਰੋਲ਼ ਮਾਰੇ ਹਨ। ਮਿੱਟੀ ਨਾਲ ਭਰੀ ਡੱਬੀ ਝੋਲੇ ’ਚ ਨਿਕਲ ਆਈ ਆ। ਇਉ ਤੱਕ ਰਹੇ ਹਨ ਜਿਵੇਂ ਕੋਈ ਸੁਰਾਗ ਹੱਥ ਲੱਗ ਗਿਆ ਹੋਵੇ। ... ਬੱਸ ਇਨ੍ਹਾਂ ਦੀ ਸੂਈ ਮਾਚਿਸ ਦੀ ਡੱਬੀ ’ਤੇ ਟਿਕ ਗਈ ਹੈ। ਜਾਂ ਫਿਰ ਨਿਰਮਲਾ ਦੇ ਖ਼ਤਾਂ ’ਤੇ। ਇਨ੍ਹਾਂ ਨੇ ਖ਼ਤ ਤੇ ਡੱਬੀ ਆਪਣੇ ਕਬਜ਼ੇ ਵਿਚ ਲੈ ਲਏ ਹਨ। ਮੈਨੂੰ ਲੱਗ ਰਿਹਾ ਜਿਵੇਂ ਕਿਸੇ ਨੇ ਨਿਰਮਲਾ ਮੇਰੇ ਤੋਂ ਦੂਜੀ ਵਾਰ ਖੋਹ ਲਈ ਹੈ। ਮੈਂ ਰੋਣ ਹਾਕਾ ਹੋ ਗਿਆ ਹਾਂ। ਮੇਰਾ ਇੰਜਣ ਠੱਕ-ਠੱਕ ਵੱਜ ਰਿਹਾ ਹੈ।
‘‘ਓਏ, ਤੂੰ ਇੰਡੀਆ ਲਈ ਜਾਸੂਸੀ ਕਰਦਾ?’’ ਵੱਢੀਆਂ ਮੁੱਛਾਂ ਵਾਲੇ ਨੇ ਝੱਟ ਫ਼ਤਵਾ ਦੇ ਦਿੱਤਾ ਹੈ।
ਮੇਰਾ ਪਾਸਪੋਰਟ ਕਬਜ਼ੇ ਵਿਚ ਕਰਕੇ ਸਾਥੀ ਅਫ਼ਸਰਾਂ ਨਾਲ ਮਸ਼ਵਰਾ ਕਰਨ ਲੱਗ ਪਿਆ ਹੈ। ‘ਅਵਾਮੀ ਥਿਏਟਰ ਗਰੁੱਪ’ ਦੇ ਕਲਾਕਾਰ ਸਕਿਉੁਰਿਟੀ ਵਾਲਿਆਂ ਤੋਂ ਫਾਰਗ ਹੋ ਗਏ ਹਨ। ਮੇਰੇ ਇੰਤਜ਼ਾਰ ਵਿਚ ਬਾਹਰ ਬੈਠ ਗਏ ਹਨ। ਮੈਨੂੰ ਹੋਰ ਤਫਤੀਸ਼ ਲਈ ਰੋਕ ਲਿਆ ਹੈ। ਮੈਨੂੰ ਕੁਝ ਸੁੱਝ ਨਹੀਂ ਰਿਹਾ। ਮੈਂ ਕੀ ਕਰਾਂ? ਮੇਰੇ ਪੈਰਾਂ ਹੇਠਲੀ ਜ਼ਮੀਨ ਡੋਲਦੀ ਨਜ਼ਰ ਆ ਰਹੀ ਹੈ।
ਜਦੋਂ ਸਵੇਰੇ ਯੂਨੀਵਰਸਿਟੀ ਤੋਂ ਤੁਰਨ ਲੱਗੇ। ਅਸਮਾਨ ਉੱਤੇ ਕਾਲੀ ਘਟਾ ਚੜ੍ਹ ਆਈ। ਪਹਿਲਾਂ ਮੋਟੇ-ਮੋਟੇ ਮੀਂਹ ਦੇ ਛਿੱਟੇ ਡਿੱਗੇ। ਫ਼ਿਰ ਅਹਿਣ ਪੈਣ ਲੱਗੀ। ਬਰਫ਼ ਦੇ ਡਲ਼ਿਆਂ ਨੇ ਡਰਾ ਦਿੱਤਾ ਸੀ। ਕਿਵੇਂ ਤੁਰਾਂਗੇ? ਜ਼ੋਰ ਨਾਲ ਪੈ ਕੇ ਮੀਂਹ ਬੰਦ ਹੋ ਗਿਆ। ਛੇਤੀ ਹੀ ਬਰਫ਼ ਦੇ ਡਲ਼ੇ ਵੀ ਪਿਘਲ ਗਏ। ਫ਼ਿਰ ਤੁਰ ਪਏ ਸਾਂ। ਹੁਣ ਮੈਂ ਅਧਿਕਾਰੀਆਂ ਵਿਚਕਾਰ ਘਿਰਿਆ ਖੜ੍ਹਾ। ਸੋਚਦਾ ਕਦੇ ਭਾਰਤ-ਪਾਕਿਸਤਾਨ ਵਿਚਕਾਰਲੀ ਬਰਫ਼ ਵੀ ਪਿਘਲੇਗੀ?
ਇਕ ਹੋਰ ਅਫ਼ਸਰ ਮੇਰੇ ਕੋਲ ਆਇਆ ਹੈ। ਇਹ ਸੁਭਾਅ ਤੋਂ ਹੱਸਮੁਖ ਲਗਦਾ। ਮੈਨੂੰ ਪਾਸੇ ਨੂੰ ਲੈ ਗਿਆ ਹੈ। ਸਵਾਲ ਕਰਨ ਲੱਗ ਪਿਆ ਏ। ਮੈਂ ਜਵਾਬ ਦੇਈ ਜਾ ਰਿਹਾ ਹਾਂ। ਮੈਂ ਆਪਣੀ ਨਿਰਮਲਾ ਦੀ ਮੁਹੱਬਤ ਦੀ ਸਾਰੀ ਕਹਾਣੀ ਸੁਣਾ ਦਿੱਤੀ ਹੈ।
‘‘ਇਹ ਕੀ ਏ?’’ ਉਹਨੇ ਡੱਬੀ ਮੇਰੇ ਮੋਹਰੇ ਕੀਤੀ ਹੈ।
‘‘ਇਹ ਮੇਰੀ ਨਿਰਮਲਾ ਦਾ ਵਜੂਦ।’’ ਮੇਰੀਆਂ ਅੱਖਾਂ ਵਿੱਚੋਂ ਅੱਥਰੂ ਡਿੱਗੇ ਹਨ।
‘‘....ਤੇ ਇਹ ਡਾਕੂਮੈਂਟਸ?’’ ਉੁਸ ਖ਼ਤਾਂ ਵੱਲ ਇਸ਼ਾਰਾ ਕੀਤਾ ਹੈ।
‘‘ਮੇਰੀ ਨਿਰਮਲਾ ਦੇ ਖ਼ਤ। ਉਹਦੀ ਰੂਹ...।’’
ਇਕ ਹੋਰ ਅਫ਼ਸਰ ਆਇਆ ਹੈ। ਉਹਨੇ ਬੜੇ ਸਾਹਿਬ ਨੂੰ ਓ. ਕੇ. ਕਿਹਾ ਹੈ। ਫੋਨ ’ਤੇ ਮੇਰੇ ਪਿੰਡੋਂ ਥਾਣੇ ਰਾਹੀਂ ਇਨਕੁਆਰੀ ਕਰਕੇ ਦੱਸ ਰਿਹਾ ਹੈ। ਵੱਡਾ ਅਫ਼ਸਰ ਫ਼ਿਰ ਮੁਸਕਰਾਇਆ ਹੈ।
‘‘ਰਿਆਜ਼ ਅਹਿਮਦ ਨੂੰ ਜਾਣ ਦਿਓ। ਮੇਰੇ ਅੱਬਾ ਜੀ ਦੀ ਵੀ ਡੱਬੀ ਉਧਰ ਰਹਿ ਗਈ ਸੀ। ਉਹ ਸਿਸਕਦੇ ਜਹਾਨੋਂ ਤੁਰ ਗਏ। ਪਤਾ ਨਈਂ ਕਿੰਨਿਆਂ ਦੀਆਂ ਡੱਬੀਆਂ ਉਧਰ ਰਹਿ ਗਈਆਂ। ਮੁਹੱਬਤਾਂ ਦਮ ਤੋੜ ਗਈਆਂ। ਹੋ ਸਕਦਾ ਉਧਰ ਵਾਲਿਆਂ ਦੀਆਂ ਵੀ ਇਧਰ ਰਹਿ ਗਈਆਂ ਹੋਣ।’’
ਜਦੋਂ ਮੈਨੂੰ ਮੋਹਣੇ ਨੇ ਖ਼ਤ ਤੇ ਡੱਬੀ ਦਿੱਤੇ ਸਨ। ਮੈਨੂੰ ਲੱਗਿਆ ਸੀ, ਨਿਰਮਲਾ ਨੇ ਮੇਰਾ ਹੱਥ ਘੁੱਟਿਆ ਹੈ। ਅੱਜ ਦੂਜੀ ਵਾਰ ਅਫ਼ਸਰ ਘੁੱਟ ਰਿਹਾ ਹੈ। ਸ਼ਾਮ ਉਤਰਨ ਲੱਗੀ ਹੈ। ਬੱਤੀਆਂ ਜਗ ਪਈਆਂ ਹਨ। ਰੋਸ਼ਨੀ ਚਾਰ-ਚੁਫ਼ੇਰੇ ਫ਼ੈਲ ਗਈ ਹੈ।

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਅਜਮੇਰ ਸਿੱਧੂ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ