Bhua (Punjabi Story) : Nanak Singh

ਭੂਆ (ਕਹਾਣੀ) : ਨਾਨਕ ਸਿੰਘ

ਭੂਆ ਨੂੰ ਮਿਲਿਆਂ ਦਸਾਂ ਤੋਂ ਵਧੀਕ ਵਰ੍ਹੇ ਬੀਤ ਗਏ ਸਨ। ਮੇਰੇ ਵੱਡੇ ਵਡੇਰਿਆਂ ‘ਚੋਂ ਇਹੋ ਇਕ ਨਾਉਂ ਲੈਣ ਜੋਗੀ ਪੁਰਾਣੀ ਮੁੱਢੀ ਬਾਕੀ ਸੀ। ਅੱਜ ਵੀ ਉਨ੍ਹਾਂ ਦੀ ਸੁਪਨੇ ਵਾਂਗ ਮਾੜੀ ਜਿਹੀ ਯਾਦ ਬਾਕੀ ਹੈ, ਜਦ ਨਿੱਕੇ ਹੁੰਦਿਆਂ ਭੂਆ ਮੈਨੂੰ ਉਂਗਲੀ ਲਾ ਕੇ, ਪਿਆਰ ਪੁਚਕਾਰ ਕੇ ਸਕੂਲ ਛੱਡਣ ਜਾਂਦੀ ਹੁੰਦੀ ਸੀ, ਤੇ ਅੱਧੀ ਛੁੱਟੀ ਵੇਲੇ ਮੇਰੇ ਲਈ ਮਲਾਈ ਵਾਲੇ ਦੁੱਧ ਦਾ ਕੌਲ ਲਿਆਇਆ ਕਰਦੀ ਸੀ।
ਏਸ ਗੱਲ ਨੂੰ ਤੀਹ ਪੈਂਤੀ ਵਰ੍ਹੇ ਹੋ ਗਏ ਹੋਣੇ ਨੇ। ਇਕ ਇਕ ਕਰ ਕੇ ਸਾਰੇ ਉਹ, ਜਿਹੜੇ ਮੈਨੂੰ ਕਾਕਾ, ਪੁੱਤਰ ਆਖਣ ਦਾ ਅਧਿਕਾਰ ਰੱਖਦੇ ਸਨ, ਮੌਤ ਦਾ ਖਾਜਾ ਬਣ ਚੁਕੇ ਸਨ, ਪਰ ਮੇਰੀ ਭੂਆ ਅਜੇ ਕੰਧੀ ਉਤੇ ਰੁਖੜਾ ਬਣੀ ਰਹੀ। ਹਾਂ, ਤੇ ਮੈਂ ਐਤਕੀਂ ਜਦ ਆਪਣੇ ਇਕ ਰਿਸ਼ਤੇਦਾਰ ਦੇ ਮੁੰਡੇ ਦੀ ਸ਼ਾਦੀ ’ਤੇ ਗਿਆ ਤਾਂ ਭੂਆ ਨੂੰ ਮਿਲਣ ਦੀ ਖਾਹਿਸ਼ ਨੂੰ ਮੈਂ ਰੋਕ ਨਾ ਸਕਿਆ, ਭਾਵੇਂ ਕੱਚੀ ਸੜਕੇ ਪੂਰੇ ਪੰਜ ਮੀਲ ਜਾਂਦਿਆਂ ਤੇ ਏਨੇ ਹੀ ਆਉਂਦਿਆਂ ਮੈਨੂੰ ਕੱਢਣੇ ਪੈਂਦੇ ਸਨ। ਗਰਮੀ ਦੀ ਰੁੱਤ ਤੇ ਪੇਂਡੂ ਵਿਆਹ। ਸ਼ਹਿਰ ਵਿਚ ਰਹਿਣ ਵਾਲੇ ਬੰਦੇ ਨੂੰ ਜੇ ਦੋ ਚਾਰ ਡੰਗ ਅਜਿਹੇ ਵਿਆਹਾਂ ਦੀ ਰੋਟੀ ਖਾਣੀ ਪੈ ਜਾਵੇ, ਤਾਂ ਚਾਰ ਚੌਕੇ ਸੋਲ੍ਹਾਂ ਡੰਗ ਹਾਜ਼ਮੇ ਦੇ ਚੂਰਨ ਤੇ ਫੱਕੀਆਂ ਵਰਤੇ ਬਿਨਾਂ ਖਲਾਸੀ ਨਹੀਂ ਹੁੰਦੀ।
ਚਹੁੰ ਡੰਗਾਂ ਵਿਚ ਹੀ ਕਚਘਰੜ ਪੂਰੀਆਂ ਤੇ ਹੋਰ ਇਹੋ ਜਿਹੇ ਨਿਕ ਸੁਕ ਤੋਂ ਦਿਲ ਭਰ ਗਿਆ। ਜਾਪਣ ਲੱਗਾ ਜਿਵੇਂ ਤਵੇ ਦੇ ਫੁਲਕੇ ਖਾਧਿਆਂ ਜੁਗ ਹੀ ਬੀਤ ਗਿਆ ਹੈ। ਬਥੇਰੀ ਕੋਸ਼ਿਸ਼ ਕੀਤੀ ਕਿ ਹੋਰ ਨਹੀਂ ਤਾਂ ਹਿਕ ਅੱਧ ਡੰਗ ਹੀ ਪੂਰੀਆਂ ਤੋਂ ਛੁਟਕਾਰਾ ਮਿਲੇ, ਕਿਤੋਂ ਦੋ ਫੁਲਕੇ ਤੇ ਦਾਲ ਮਿਲ ਸਕਣ, ਪਰ ਅਜਿਹਾ ਹੋਣਾ ਤਾਂ ਧੇਤਿਆਂ ਦੀ ਨੱਕ-ਵੱਢੀ ਹੋਣ ਦੇ ਬਰਾਬਰ ਸੀ।
ਸ਼ੁਕਰ ਸ਼ੁਕਰ ਕਰ ਕੇ ਦੋ ਰਾਤਾਂ ਕੱਟੀਆਂ ਤੇ ਤੀਜੇ ਦਿਨ ਮੈਂ ਜਾਂਞੀਆਂ ਪਾਸੋਂ ਮਸੇ ਮਸੇ ਖਹਿੜਾ ਛੁਡਾ ਕੇ ਭੂਆ ਦੇ ਪਿੰਡ ਤੁਰ ਪਿਆ। ਮੈਨੂੰ ਯਾਦ ਸੀ, ਨਿੱਕੇ ਹੁੰਦਿਆਂ ਮੇਰੀ ਭੂਆ ਪਤਲੇ ਫੁਲਕੇ ਚੁੱਲ੍ਹੇ ਵਿਚ ਫੁਲਾ ਕੇ ਕਿੱਡੇ ਪਿਆਰ ਨਾਲ ਖੁਆਇਆ ਕਰਦੀ ਸੀ।
ਸਵਾਰੀ ਦਾ ਕੋਈ ਪ੍ਰਬੰਧ ਨਾ ਹੋ ਸਕਿਆ। ਦੁਪਹਿਰਾਂ ਦਾ ਤੁਰਿਆ ਮੈਂ ਸਾਰੇ ਰਾਹ ਘੱਟਾ ਫੱਕਦਾ ਕਿਤੇ ਪੈਲੀਆਂ ਵਿਚੋਂ, ਤੇ ਕਿਤੇ ਸੜਕੇ ਸੜਕ, ਸੋਤੇ ਪਏ ਭੂਆ ਦੇ ਪਿੰਡ ਪੁੱਜਾ। ਜਾਨ ਵਿਚ ਜਾਨ ਆਈ।
ਜਾਂਦਿਆਂ ਹੀ ਬੜੀ ਗਰਮਜੋਸ਼ੀ ਨਾਲ ਮੈਂ ਭੂਆ ਨੂੰ ਪੈਰੀਂ ਪੈਣਾ ਕੀਤਾ। ਉਸ ਨੇ ਜੀਊਂ ਆਇਆਂ ਸਦਕੇ ਆਇਆਂ, ਆਖਦਿਆਂ ਹੋਇਆਂ ਮੇਰੀ ਪਿੱਠ ਪਲੋਸੀ, ਪਰ ਇਸ ਵਿਚੋਂ ਮੈਨੂੰ ਭੂਆ ਦੇ ਪਿਆਰ ਦਾ ਨਿੱਘ ਨਾ ਲੱਭਿਆ। ਅਸਲ ਗੱਲ ਇਹ ਸੀ ਕਿ ਭੂਆ ਨੇ ਮੈਨੂੰ ਪਛਾਤਾ ਹੀ ਨਹੀਂ ਸੀ, ਉਸ ਨੂੰ ਅੰਧਰਾਤੇ ਦੀ ਕਸਰ ਸੀ।
ਜਦ ਉਸ ਦੇ “ਕਾਕਾ ਕਿਥੋਂ ਏਂ ਤੂੰ?” ਦੇ ਉਤਰ ਵਿਚ ਮੈਂ ਆਪਣਾ ਨਾਂ ਦੱਸਿਆ ਤਾਂ ਸਾਰੀ ਦੀ ਸਾਰੀ ਭੂਆ ਮੇਰੇ ਦੁਆਲੇ ਲਿਪਟ ਗਈ। ਚੁੰਮ ਚੁੰਮ ਕੇ ਉਸ ਨੇ ਮੇਰਾ ਮੂੰਹ ਗਿੱਲਾ ਕਰ ਛੱਡਿਆ ਤੇ ਉਚੀ ਦੇ ਕੇ ਪੁਕਾਰ ਉਠੀ, “ਨੀ ਚੰਨਣ ਕੌਰੇ! ਕੁੜੇ ਆਈਂ ਨੀ ਭੱਜ ਕੇ। ਨੀ ਮੇਰਾ ‘ਸਿੰਘ’ ਆਇਆ ਈ ਸੁੱਖ ਨਾਲ। ਵੇ ਮੁੰਡਿਓ ਕੁੜੀਓ! ਤੁਹਾਡਾ ਤਾਇਆ ਆਇਆ ਜੇ।”
ਉਸ ਦੀ ਨੂੰਹ ਭੱਜੀ ਆਈ। ਭੂਆ ਦੇ ਪੋਤ੍ਰਿਆਂ ਪੋਤ੍ਰੀਆਂ ਨੇ ਆਉਂਦਿਆਂ ਹੀ ਮੇਰੇ ਦੁਆਲੇ ਘੇਰਾ ਘੱਤ ਲਿਆ। ਬਾਲਾਂ ਵਿਚੋਂ ਭਾਵੇਂ ਕਿਸੇ ਨੇ ਵੀ ਇਸ ਤੋਂ ਪਹਿਲਾਂ ਮੇਰੀ ਸ਼ਕਲ ਨਹੀਂ ਸੀ ਵੇਖੀ, ਪਰ ਦਾਦੀ ਦੀ ਗਵਾਹੀ “ਤੁਹਾਡਾ ਤਾਇਆ”” ਹੀ ਉਨ੍ਹਾਂ ਲਈ ਕਾਫ਼ੀ ਸੀ।
ਭੂਆ ਦੀ ਨੂੰਹ ਮੈਥੋਂ ਛੋਟੇ ਥਾਂ ਸੀ, ਘੁੰਡ ਚੁੱਕਣ ਤੇ ਬੋਲਣ ਚਾਲਣ ਦੀ ਦਲੇਰੀ ਉਹ ਨਾ ਕਰ ਸਕੀ।
ਮੈਂ ਪੀਹੜੀ ‘ਤੇ ਬੈਠਾ ਸਾਂ, ਭੂਆ ਭੁੰਜੇ ਬੈਠੀ ਦੁਹਾਂ ਹੱਥਾਂ ਨਾਲ ਮੇਰੀ ਪਿੱਠ, ਮੇਰਾ ਸਿਰ, ਮੇਰਾ ਮੂੰਹ ਮੱਥਾ ਪਿਆਰਦੀ ਹੋਈ ਮੇਰੇ ਘਰ ਬਾਰ ਦੀ, ਮੇਰੇ ਬਾਲਾਂ, ਮੇਰੀ ਘਰ ਵਾਲੀ ਦੀ ਸੁਖ ਸਾਂਦ ਪੁੱਛ ਰਹੀ ਸੀ ਤੇ ਮੇਰੀ ਵੱਲੋਂ ਸਿਰਫ ਇਕੋ ਉਤਰ ਘੜੀ ਮੁੜੀ ਦੁਹਰਾਇਆ ਜਾ ਰਿਹਾ ਸੀ, “ਹਾਂ ਜੀ, ਆਹੋ ਜੀ, ਜੀ।” ਮੈਂ ਉਸ ਵੇਲੇ ਸੱਚ ਮੁੱਚ ਆਪਣੇ ਆਪ ਨੂੰ ਦਾਹੜੀ ਵਾਲਾ ਕਾਕਾ ਅਨੁਭਵ ਕਰ ਰਿਹਾ ਸਾਂ।
“ਤੇ ਕੁੜੇ ਉਠ ਕੇ ਰੋਟੀ ਟੁਕ ਦਾ ਆਹਰ ਕਰ। ਮੁੰਡਾ ਵੱਡੇ ਵੇਲੇ ਦਾ ਭੁੱਖਾ ਭਾਣਾ ਹੋਵੇਗਾ।” ਕਹਿ ਕੇ ਭੂਆ ਨੇ ਨੂੰਹ ਨੂੰ ਰਸੋਈ ਵੱਲ ਨਸਾਇਆ। ਮੈਂ ਬਥੇਰੀ ਉਜ਼ਰਦਾਰੀ ਕੀਤੀ, ਪਰ ਉਥੇ ਸੁਣਾਈ ਕਾਹਨੂੰ ਹੋਣੀ ਸੀ।
ਭੁੱਖ ਮੈਨੂੰ ਉੱਕਾ ਨਹੀਂ ਸੀ, ਸਗੋਂ ਦੁਪਹਿਰੇ ਜਿਹੜੀ ਜੰਞ ਵਿਦੈਗੀ ਵੇਲੇ ਰੋਟੀ ਤੇ ਉਸ ਤੋਂ ਬਾਅਦ ਕੁਝ ਮਠਿਆਈ ਖਾਣੀ ਪਈ ਸੀ, ਉਸ ਨਾਲ ਤਬੀਅਤ ਦਿਕ ਹੋ ਗਈ ਸੀ। ਮੈਂ ਦਿਲ ਨਾਲ ਫੈਸਲਾ ਕੀਤਾ ਸੀ ਕਿ ਰਾਤੀਂ ਕੁਝ ਨਹੀਂ ਖਾਵਾਂਗਾ। ਅਜੇ ਤੱਕ ਡਕਾਰ ਆ ਰਹੇ ਸਨ।
“ਓ ਮੇਰਿਆ ਰੱਬਾ” ਮੇਰੇ ਅੰਦਰੋਂ ਡਰ ਭਰੀ ਆਵਾਜ਼ ਨਿਕਲੀ, ਜਦ ਕੁਝ ਚਿਰ ਬਾਅਦ ਮੈਂ ਆਪਣੇ ਅੱਗੇ ਇਕ ਨੱਕੋ ਨੱਕ ਪਰੋਸਿਆ ਥਾਲ ਵੇਖਿਆ, ਚੱਕੀ ਦੇ ਪੁੜ ਜਿੱਡੇ ਦੋ ਪਰੌਂਠੇ ਜਿਨ੍ਹਾਂ ਵਿਚੋਂ ਘਿਉ ਵਗ ਵਗ ਕੇ ਥਾਲ ਦੇ ਉਸ ਹਿੱਸੇ ਵਿਚ ਰਲ ਰਿਹਾ ਸੀ ਜਿਥੇ ਮੋਟੀਆਂ ਮੋਟੀਆਂ ਸੇਵੀਆਂ ਦਾ ਇਕ ਤਕੜਾ ਅੰਬਾਰ ਉਸਰਿਆ ਸੀ, ਤੇ ਜਿਸ ਉਤੇ ਬੁੱਕ ਸਾਰੀ ਸ਼ੱਕਰ ਦੀ ਤਹਿ ਵਿਛੀ ਹੋਈ ਸੀ।
ਮੈਂ ਸਹਿਮੀ ਨਜ਼ਰ ਨਾਲ ਕਦੇ ਥਾਲ ਵੱਲ ਵੇਖਾਂ ਤੇ ਕਦੇ ਆਪਣੇ ਢਿੱਡ ਵੱਲ। “ਮੂਸਾ ਮੌਤੋਂ ਭੱਜਿਆ, ਅੱਗੋਂ ਮੌਤ ਖੜੀ” ਵਾਲੀ ਗੱਲ ਬਣੀ।
ਭਰਜਾਈ ਨੂੰ ਤੇ ਮੈਂ ਸੰਗ ਦੇ ਮਾਰੇ ਕੁਝ ਆਖ ਨਹੀਂ ਸਾਂ ਸਕਦਾ, ਤੇ ਭੂਆ ਨੂੰ ਏਸ ਬਾਬਤ ਕੁਝ ਕਹਿਣਾ, ਨਾ ਕਹਿਣਾ ਇਕੋ ਜਿਹਾ ਸੀ।
ਭੂਆ ਅੱਗੇ ਮੈਂ ਬਥੇਰੇ ਵਾਸਤੇ ਪਾਵਾਂ, “ਭੂਆ ਜੀ, ਮੈਨੂੰ ਇਕ ਗਰਾਹੀ ਦੀ ਵੀ ਭੁੱਖ ਨਹੀਂ, ਮੈਂ ਅੱਗੇ ਹੀ ਜੰਞ ਦੀ ਰੋਟੀ ਖਾਣ ਕਰ ਕੇ ਔਖਾ ਹਾਂ”, ਪਰ ਬਿਨਾਂ ਮੇਰੀ ਕਿਸੇ ਗੱਲ ਵੱਲ ਧਿਆਨ ਦਿੱਤਿਆਂ ਭੂਆ ਆਪਣੀਆਂ ਹੀ ਵਾਹੀ ਜਾਵੇ, “ਭਲਾ ਕਾਕਾ, ਇਹ ਹੈ ਕੀ ਏ, ਹੌਲੇ ਹੌਲੇ ਤੇ ਫੁਲਕੇ ਨੇ। ਖਾ ਲੈ, ਖਾ ਲੈ ਮਾਂ ਸਦਕੇ।”
“ਤੇ ਭੂਆ ਜੀ, ਇਹ ਏਨੀਆਂ ਸੇਵੀਆਂ ਕੌਣ ਖਾਏਗਾ?” ਮੈਂ ਇਕ ਵਾਰੀ ਫੇਰ ਕਿਹਾ। ਉਹ ਬੋਲੀ, “ਖਾ ਲੈ, ਖਾ ਲੈ, ਬੀਬਾ ਪੁੱਤ। ਸੇਵੀਆਂ ਦਾ ਕੀ ਏ, ਇਹ ਤੇ ਐਵੇਂ ਮੂੰਹ ਮਿੱਠਾ ਕਰਨ ਲਈ ਨੇ। ਵੇਖੇਂ ਨਾ ਪੁੱਤ, ਏਥੇ ਬਾਹਰ ਥਾਵੇਂ ਕੀ ਪਿਆ ਲੱਭਦਾ ਏ। ਸ਼ਹਿਰਾਂ ਨਗਰਾਂ ਦੀ ਕੀ ਗੱਲ ਕਰਨਾ ਏ, ਉਥੇ ਤੇ ਜੋ ਬੱਤੀਆਂ ਦੰਦਾਂ ’ਚੋਂ ਮੰਗੋ, ਮਿਲ ਜਾਂਦਾ ਏ। ਸੱਚ ਕਿਸੇ ਆਖਿਆ ਏ, ਅਖੇ ‘ਸ਼ਹਿਰ ਵਸੰਦੇ ਦੇਵਤੇ ਬਾਹਰ ਵਸੰਦੇ ਪ੍ਰੇਤ’। ਏਥੇ ਤੇ ਵੀਰਾ ਇਹੋ ਦਾਲ ਸਾਗ ਈ ਜੁੜਦਾ ਏ। ਤੇਰਾ ਫੁਫੜ ਜਿਊਂਦਾ ਸੀ, ਅਸੀਂ ਇਕ ਵਾਰੀ ਅੰਬਰਸਰ ਗਏ। ਸਦਕੇ ਜਾਈਏ ਗੁਰੂ ਦੀ ਨਗਰੀ ਤੋਂ। ਸਬੱਬ ਨਾਲ ਮਹਾਰਾਜ ਦੇ ਦਰਸ਼ਨ ਹੋ ਗਏ, ਘਰਾਂ ਦੇ ਪੁਆੜਿਆਂ ‘ਚੋਂ ਕਿਥੇ ਕਿਸੇ ਦਾ ਨਿਕਲ ਹੁੰਦਾ ਏ। ਉਹ ਵੀ ਮੇਰੀ ਜਠਾਣੀ ਦੇ ਫੁੱਲ ਗੰਗਾ ਜੀ ਲਿਜਾਣੇ ਸਾ ਸੂ, ਤੇ ਮੈਨੂੰ ਆਖਣ ਲੱਗਾ, ‘ਸ਼ੈਂਕਰ ਦੀ ਮਾਂ, ਕਿਹੜਾ ਰੋਜ਼ ਰੋਜ਼ ਜਾਇਆ ਜਾਂਦਾ ਏ, ਖਸਮ ਨੂੰ ਖਾਣੀਆਂ ਲੋੜਾਂ ਤੇ ਪੂਰੀਆਂ ਹੁੰਦੀਆਂ ਨਹੀਂ, ਉਹ ਜਾਣੇ ਤੂੰ ਵੀ ਚਲੀ ਚੱਲ’, ਤੇ ਮੈਂ ਵੀ ਇਸੇ ਸਬੱਬ ਚਲੀ ਗਈ। ਦਿਲ ਤੇ ਬਥੇਰਾ ਕਰਦਾ ਏ ਪਈ ਇਕ ਵਾਰੀ ਫੇਰ ਗੰਗਾ ਮਾਈ ਦਾ ਇਸ਼ਨਾਨ ਕਰ ਆਵਾਂ, ਸ਼ੈਂਕਰ ਨੂੰ ਕਿੰਨੀ ਵੇਰਾਂ ਵਾਸਤੇ ਪਾ ਚੁੱਕੀ ਆਂ, ਪਈ ਮੁੰਡਿਆ ਜਿਥੇ ਹੋਰ ਸੈਂਕੜੇ ਖਰਚਦਾ ਖਾਨਾ ਏਂ, ਉਥੇ ਇਹ ਵੀ ਜੱਸ ਖੱਟ ਛੱਡ, ਪਰ ਉਹ ਤੇ ਸੁਣਦਾ ਈ ਨਹੀਂ ਮੇਰੀ ਗੱਲ।”
ਭੂਆ ਬਿਨਾਂ ਰੁਕਿਆ ਆਪਣੀ ਵਿਆਖਿਆ ਕਰੀ ਜਾ ਰਹੀ ਸੀ, ਤੇ ਏਧਰ ਮੈਂ ਸੋਚ ਰਿਹਾ ਸਾਂ, “ਅੱਗੇ ਜਿਠਾਣੀ ਦੇ ਫੁੱਲ ਲੈ ਕੇ ਗਈ ਸੈਂ, ਹੁਣ ਭਾਵੇਂ ਭਤੀਜੇ ਦੇ ਫੁੱਲਾਂ ਦੀ ਵਾਰੀ ਹੈ।”
ਅਖੀਰ ਇਹੋ ਸੋਚ ਕੇ ਕਿ ਹੱਛਾ, ਉਖਲੀ ਵਿਚ ਸਿਰ ਦਿੱਤਾ ਤਾਂ ਹੁਣ ਚਾਰ ਸੱਟਾਂ ਵੱਧ ਕੀ, ਤੇ ਚਾਰ ਘੱਟ ਕੀ, ਖਾਣਾ ਸ਼ੁਰੂ ਕੀਤਾ।
ਅਜੇ ਦੋ ਚਾਰ ਬੁਰਕੀਆਂ ਹੀ ਲਈਆਂ ਸਨ ਕਿ ਭਰਜਾਈ ਨੇ ਪੰਘਰੇ ਹੋਏ ਘਿਉ ਦਾ ਭਰਿਆ ਹੋਇਆ ਕੌਲ ਲਿਆ ਕੇ ਸੇਵੀਆਂ ਉਤੇ ਉਲਦ ਦਿੱਤਾ। ਘਿਉ ਸੇਵੀਆਂ ਵਿਚੋਂ ਫਿਰਦਾ ਫਿਰਾਂਦਾ ਸਾਰੇ ਥਾਲ ਵਿਚ ਫੈਲ ਗਿਆ ਤੇ ਸੇਵੀਆਂ ਦਾ ਢੇਰ, ਸਮੁੰਦਰ ਵਿਚ ਖੜੇ ਇਕ ਛੋਟੇ ਜਜ਼ੀਰੇ ਵਾਂਗ ਬਣ ਗਿਆ। ਮੈਂ ਬਥੇਰਾ ‘ਨਾ ਨਾ ਨਾ’ ਕਰਦਾ ਰਿਹਾ, ਪਰ ਮੇਰੀ ਕੌਣ ਸੁਣਦਾ ਸੀ।
“ਇਸ ਆਪ ਸਹੇੜੀ ਮੌਤ ਤੋਂ ਕੀਕਣ ਛੁਟਕਾਰਾ ਮਿਲੇ”, ਬਥੇਰਾ ਸੋਚਿਆ ਪਰ ਕੋਈ ਰਾਹ ਨਾ ਲੱਭਾ। ਪਰੌਂਠੇ ਤਾਂ ਖ਼ੈਰ ਦੋ ਨਹੀਂ, ਤਾਂ ਡੇਢ ਕੁ ਮੈਂ ਕਿਸੇ ਤਰ੍ਹਾਂ ਤੁੰਨ ਤੁੰਨ ਕੇ ਲੰਘਾ ਲਏ, ਪਰ ਸੇਵੀਆਂ ਦਾ ਕੀ ਬਣੇ? ਸਲਾਹ ਹੋਈ ਕਿ ਭੂਆ ਨੂੰ ਦਿਸਦਾ ਤੇ ਹੈ ਨਹੀਂ, ਹੋਵੇ ਨਾ ਤਾਂ ਇਕ ਦੋ ਰੁਗ ਭਰ ਕੇ ਕਿਸੇ ਬੰਨੇ ਸੁੱਟ ਹੀ ਛੱਡਾਂ, ਕੁਝ ਤਾਂ ਭਾਰ ਹੌਲਾ ਹੋਵੇ, ਪਰ ਉਸ ਅੱਖਾਂ ਵਾਲੀ ਕਮਬਖ਼ਤ ਭਰਜਾਈ ਦਾ ਕੀ ਕਰਦਾ, ਜਿਹੜੀ ਘਿਉ ਦਾ ਕੌਲ ਖਾਲੀ ਕਰਨ ਤੋਂ ਬਾਅਦ ਟੋਕਰੇ ਵਰਗਾ ਮੂੰਹ ਲੁਕਾਈ ਮੇਰੇ ਲਾਗੇ ਪਥੱਲਾ ਮਾਰੀ ਬੈਠੀ ਸੀ।
ਚਿੜੀ-ਚੋਗੇ ਵਾਂਗ ਮੈਂ ਇਕ ਇਕ ਸੇਵੀਂ ਮੂੰਹ ਵਿਚ ਪਾ ਕੇ, ਚਿੱਥ ਚਿੱਥ ਕੇ ਲੰਘਾਉਣ ਦੀ ਕੋਸ਼ਿਸ਼ ਕਰ ਰਿਹਾ ਸਾਂ ਕਿ ਭਰਜਾਈ ਦੇ ਦਿਲ ਵਿਚ ਖਬਰੇ ਤਰਸ ਆ ਗਿਆ, ਉਹ ਉਠ ਕੇ ਅੰਦਰ ਚਲੀ ਗਈ। ਮੈਂ ਕਾਹਲੀ ਨਾਲ ਸੱਜੇ ਖੱਬੇ ਤੱਕਿਆ ਕਿ ਕਿਹੜੇ ਪਾਸੇ ਰੁਗ ਸੁੱਟਾਂ।
ਪਿਛਲੀ ਕੰਧ ਦੀ ਨੁਕਰੇ ਇਕ ਤੰਦੂਰ ਲੱਗਾ ਹੋਇਆ ਸੀ, ਮੈਂ ਸੋਚਿਆ ਇਹੋ ਠੀਕ ਹੈ। ਰਾਤ ਨੂੰ ਕਿਤੇ ਮੌਕਾ ਮਿਲਿਆ ਤਾਂ ਸੁਆਹ ਨੂੰ ਹੇਠਾਂ ਉਤਾਂਹ ਕਰ ਕੇ ਢਕ ਛੱਡਾਂਗਾ, ਬਸ।
ਤੇ ਮੈਂ ਦਿਲ ਪੀਡਾ ਕਰ ਕੇ ਜਿੰਨੀਆਂ ਕੁ ਸੇਵੀਆਂ ਮੇਰੀ ਲੱਪ ਵਿਚ ਆ ਸਕਦੀਆ ਸਨ, ਰੁਗ ਭਰ ਲਿਆ। ਹੱਥ ਪਿਛਾਂਹ ਲੈ ਜਾਣ ਲਈ ਥਾਲੀ ਤੋਂ ਚੁੱਕਿਆ ਹੀ ਸੀ ਕਿ ਫਿਰ ਓਹੀ ਭਾਬੀ ਸਿਰ ‘ਤੇ ਆ ਧਮਕੀ ਤੇ ਬਿਨਾਂ ਪੁੱਛਿਆਂ ਇਕ ਹੋਰ ਪਰੌਂਠਾ ਥਾਲੀ ਵਿਚ ਦੇਹ ਮਾਰਿਆ।
ਸੇਵੀਆਂ ਮੁੜ ਥਾਲੀ ਦੇ ਹਵਾਲੇ ਕਰ ਕੇ ਮੈਂ ਹੱਥ ਪੈਰ ਛੱਡ ਬੈਠਾ, “ਹੁਣ ਖ਼ੈਰ ਨਹੀਂ।”
ਅੱਧਾ-ਪਚੱਧਾ ਮੁਕਾ ਕੇ ਕਿਸੇ ਤਰ੍ਹਾਂ ਇਸ ਕਾਲ ਰੂਪੀ ਥਾਲ ਤੋਂ ਮੇਰੀ ਖਲਾਸੀ ਹੋਈ, ਪਰ ਹੁਣ ਏਥੋਂ ਉਠ ਕੇ ਮੰਜੇ ਤੀਕ ਜਾਣ ਦੀ ਹਿੰਮਤ ਬਾਕੀ ਨਹੀਂ ਸੀ। ਪੇਟ ਪਾਟਣ ਵਾਲਾ ਹੋ ਰਿਹਾ ਸੀ ਸਾਹ ਨਾਲ ਸਾਹ ਨਹੀਂ ਸੀ ਰਲਦਾ।
ਅਖੀਰ ਕਿਸੇ ਤਰ੍ਹਾਂ ਇਹ ਮੁਹਿੰਮ ਵੀ ਪੂਰੀ ਹੋਈ ਤੇ ਮੈਂ ਵੇਹੜੇ ਵਿਚ ਵਿਛੇ ਹੋਏ ਬਿਸਤਰੇ ਤੇ ਜਾ ਢੱਠਾ। ਘੜੀ ਮੁੜੀ ਆਪਣੇ ਆਪ ਨੂੰ ਫਿਟਕਾਰਦਾ ਸਾਂ ਕਿ ਮੈਂ ਜੇ ਮਰਨਾ ਹੀ ਸੀ ਤਾਂ ਘਰ ਜਾ ਕੇ ਕਿਉਂ ਨਾ ਮਰਨ ਦਾ ਇੰਤਜ਼ਾਮ ਕੀਤਾ।
ਜਾਨ ਅੱਕਲਕਾਂਦ ਆ ਗਈ। ਸੱਜਿਓਂ ਖੱਬੇ ਤੇ ਖੱਬਿਓਂ ਸੱਜੇ ਉਸਲਵੱਟੇ ਲੈਂਦਾ ਸਾਂ, ਪਰ ਕਿਸੇ ਪਾਸੇ ਵੀ ਚੈਨ ਨਹੀਂ ਸੀ ਆਉਂਦਾ। ਅਫਰੇਵਾਂ ਵਧਦਾ ਜਾ ਰਿਹਾ ਸੀ ਤੇ ਉਤੋਂ ਆਖਰਾਂ ਦਾ ਵੱਟ। ਮੁੜ੍ਹਕਾ ਵਗ ਵਗ ਕੇ ਵਿਛਾਈ ਭਿਉਂ ਰਿਹਾ ਸੀ। ਪੱਖੀ ਮੇਰੇ ਕੋਲ ਪਈ ਸੀ ਪਰ ਫੜ ਕੇ ਝੱਲਣ ਦੀ ਹਿੰਮਤ ਨਹੀਂ ਸੀ।
ਅੱਧਾ-ਪੌਣਾ ਘੰਟਾ ਮੱਛੀ ਵਾਂਗ ਤੜਫਿਆ, ਪਰ ਹੋਰ ਬਰਦਾਸ਼ਤ ਨਾ ਰਹੀ। ਉਠ ਕੇ ਬੈਠ ਗਿਆ, ਤੇ ਸੋਚਣ ਲੱਗਾ, ਜੇ ਕੋਈ ਮੁੰਡਾ ਕੁੜੀ ਜਾਗਦਾ ਹੋਵੇ ਤਾਂ ਉਸ ਨੂੰ ਆਖ ਕੇ ਥੋੜੀ ਜਿਹੀ ਜਵੈਣ ਹੀ ਮੰਗ ਵੇਖਾਂ, ਤਾਂਹੀ ਖਬਰ ਕਿ ਫੇਰ ਲੰਮਾ ਘੁੰਡ ਕੱਢੀ ਭਰਜਾਈ ਆ ਮੌਜੂਦ ਹੋਈ। ਮੇਰੀ ਮੌਤ ਵਿਚ ਜਿਹੜੀ ਰਤੀ ਮਾਸਾ ਕਸਰ ਬਾਕੀ ਸੀ, ਸ਼ਾਇਦ ਇਹ ਉਸ ਨੂੰ ਪੂਰਾ ਕਰਨ ਆਈ ਸੀ। ਉਸ ਦੇ ਹੱਥ ਵਿਚ ਕੰਢਿਆਂ ਤੀਕ ਭਰਿਆ ਹੋਇਆ ਦੁੱਧ ਦਾ ਛੰਨਾ ਸੀ।
ਭਰਜਾਈ ਦੀ ਥਾਂ ਜੇ ਕਦੇ ਇਸ ਵੇਲੇ ਮੇਰੀ ਵਹੁਟੀ ਹੁੰਦੀ ਤਾਂ ਇਹੋ ਸੜਦੇ ਸੜਦੇ ਦੁੱਧ ਦਾ ਛੰਨਾ ਖੋਹ ਕੇ ਮੂੰਹ ਤੇ ਚੁੱਕ ਮਾਰਦਾ, ਪਰ ਕਰਦਾ ਕੀ, ਇਹ ਸੀ ਭਰਜਾਈ ਤੇ ਫਿਰ ਭੂਆ ਦੀ ਨੂੰਹ ਜਿਸ ਨਾਲ ਨਾ ਬੋਲ ਨਾ ਚਾਲ।
ਇਕ ਵੇਰੀ ਇਨਕਾਰ, ਦੂਜੀ ਵੇਰੀ, ਤੀਜੀ ਵੇਰੀ ਪਰ ਭਰਜਾਈ ਨੇ ਬੋਲਣਾ ਥੋੜਾ ਸੀ, ਹੱਥ ਵਿਚ ਕਟੋਰਾ ਲਈ ਜਿਉਂ ਦੀ ਤਿਉਂ ਖੜੀ ਰਹੀ, ਬੜੀ ਮੁਸੀਬਤ ਬਣੀ।
ਜਦ ਕੋਈ ਪੇਸ਼ ਨਾ ਗਈ ਤਾਂ ਮੈਨੂੰ ਇਕ ਵਿਉਂਤ ਸੁੱਝੀ। ਮੈਂ ਕਟੋਰਾ ਲੈ ਕੇ ਪੈਂਦ ਵੱਲੋਂ ਖੇਸ ਚੁੱਕ ਕੇ ਓਥੇ ਟਿਕਾਉਂਦਿਆਂ ਹੋਇਆਂ ਕਿਹਾ, “ਮੈਨੂੰ ਠੰਢਾ ਪੀਣ ਦੀ ਆਦਤ ਹੈ।”
ਉਹ ਸ਼ਾਇਦ ਆਪਣੇ ਜੇਠ ਨੂੰ ਏਨੀ ਖੇਚਲ ਨਹੀਂ ਸੀ ਦੇਣੀ ਚਾਹੁੰਦੀ, ਜਾਂ ਖਬਰੇ ਇਹ ਖਿਆਲ ਕਰ ਕੇ ਕਿ ਜੇਠ ਜੀ ਦੁੱਧ ਪੀਣ ਲਈ ਬਹੁਤ ਉਤਾਵਲੇ ਹੋਣਗੇ, ਭੱਜ ਕੇ ਗੜਵੀ ਚੁੱਕ ਲਿਆਈ ਤੇ ਫੈਂਟ ਕੇ ਠੰਢਾ ਕਰਨ ਲੱਗੀ।
ਛੰਨਾ ਫੇਰ ਮੇਰੇ ਹੱਥ ਵਿਚ। ਖਿਆਲ ਸੀ ਸ਼ਾਇਦ ਫੜਾ ਕੇ ਤੁਰਦੀ ਬਣੇਗੀ ਪਰ ਸੱਸ ਨੇ ਸ਼ਾਇਦ ਉਹਨੂੰ ਚਿਤਾਵਨੀ ਕਰ ਕੇ ਭੇਜਿਆ ਸੀ ਕਿ ਖਾਲੀ ਛੰਨਾ ਲੈ ਕੇ ਮੁੜੇ।
ਇਸ ਵੇਲੇ ਜੇ ਕਦੇ ਉਸ ਛੰਨੇ ਦੀ ਥਾਂ ਮੈਨੂੰ ਕੋਈ ਸੰਖੀਏ ਦੀ ਗੋਲੀ ਦੇ ਦੇਂਦਾ ਤਾਂ ਨਿਸ਼ਚੇ ਹੀ ਮੈਂ ਉਸੇ ਨੂੰ ਇਸ ਉਤੇ ਤਰਜੀਹ ਦੇਂਦਾ।
ਇਕ ਘੁੱਟ, ਦੋ ਘੁੱਟ, ਚਾਰ ਘੁੱਟ, ਪਰ ਕੀ ਏਸ ਤਰ੍ਹਾਂ ਇਹ ਛੱਪੜ ਜਿੱਡਾ ਛੰਨਾ ਮੁੱਕਣ ਵਾਲਾ ਸੀ?
‘ਖਸਮ ਨੂੰ ਖਾ ਗਿਆ ਇਹੋ ਜਿਹਾ ਸੰਕੋਚ, ਮੇਰੀ ਨਹੀਂ ਸਲਾਹ ਹਾਲੇ ਮਰਨ ਦੀ।’ ਦਿਲ ਵਿਚ ਇਹ ਸੋਚ ਕੇ ਮੈਂ ‘ਬੱਸ’ ਕਹਿੰਦਿਆਂ ਹੋਇਆਂ ਛੰਨਾ ਉਸ ਵੱਲ ਵਧਾਇਆ, ਪਰ ਉਹ ਫੜਨ ਦੀ ਬਜਾਇ ਇਕ ਦੋ ਕਦਮ ਪਿਛਾਂਹ ਹਟ ਗਈ, ਮਾਨੋਂ ਇਸ ਦੀ ਛੂਹ ਨਾਲ ਭਿਟੀ ਜਾਏਗੀ। ਢੀਠਪੁਣੇ ਦੇ ਤਾਣ ਮੈਂ ਹੱਥ ਪਿਛਾਂਹ ਖਿਚਿਆ। ਗੁੱਸੇ ਤੇ ਤਕਲੀਫ ਨਾਲ ਮੈਂ ਪਾਗਲ ਹੋ ਰਿਹਾ ਸਾਂ। ‘ਹੱਛਾ ਜ਼ਰਾ ਠਹਿਰ ਕੇ ਪੀਆਂਗਾ’ ਕਹਿ ਕੇ ਮੈਂ ਛੰਨੇ ਨੂੰ ਜਾਣ ਬੁਝ ਕੇ ਮੰਜੇ ਦੀ ਪੈਂਦ ਵੱਲ ਮੰਜੀ ਦੀ ਹੀਂਹ ‘ਤੇ ਰੱਖ ਦਿੱਤਾ। ਹੀਂਹ ਇਤਨੀ ਚੌੜੀ ਨਹੀਂ ਸੀ ਕਿ ਇਸ ਪਰਾਤ ਜਿਡੇ ਛੰਨੇ ਨੂੰ ਝੱਲ ਸਕਦੀ। ‘ਠੰਨ’ ਕਰਦਾ ਛੰਨਾ ਭੁੰਜੇ ਜਾ ਪਿਆ- ਦੁੱਧ ਡੁੱਲ੍ਹ ਗਿਆ।
“ਉਹੋ!” ਕਹਿ ਕੇ ਮੈਂ ਛੰਨਾ ਭੁੰਜਿਓਂ ਚੁਕਿਆ ਤੇ ਭਰਜਾਈ ਨੇ ਝਟ ਮੇਰੇ ਹੱਥੋਂ ਫੜ ਲਿਆ।
“ਕੀ ਹੋਇਆ ਕੁੜੇ?” ਕਹਿੰਦੀ ਹੋਈ ਭੂਆ ਆਪਣੀ ਡੰਗੋਰੀ ਖੜਕਾਂਦੀ ਮੇਰੇ ਪਾਸ ਆ ਪੁਜੀ।
“ਕੁਝ ਨਹੀਂ, ਦੁੱਧ ਡੁੱਲ੍ਹ ਗਿਆ ਏਂ।” ਨੂੰਹ ਨੇ ਸ਼ਰਮਿੰਦਗੀ ਭਰੀ ਨੀਵੀਂ ਆਵਾਜ਼ ਵਿਚ ਕਿਹਾ।
“ਤੇ ਫਿਰ ਕੀ ਹੋਇਆ, ਦੁੱਧ ਦਾ ਕਾਲ ਏ? ਜਾਹ ਹੋਰ ਲੈ ਆ ਜਾ ਕੇ।” ਕਹਿੰਦੀ ਹੋਈ ਭੂਆ ਮੇਰੇ ਕੋਲ ਆ ਬੈਠੀ, “ਮੈਂ ਆਖਿਆ ਦੋ ਘੜੀਆਂ ਬਹਿ ਕੇ ਦੁੱਖ ਸੁੱਖ ਦੀਆਂ ਗੱਲਾਂ ਕਰਾਂਗੀ, ਫਿਰ ਸੋਚਿਆ ਥੱਕਿਆ ਹੋਵੇਗਾ, ਕਾਹਨੂੰ ਔਖਿਆਂ ਕਰਾਂ ਸੁ ਰਮਾਣ ਕਰ ਲਵੇ ਦੋ ਘੜੀਆਂ।”
ਮੈਂ ਦਿਲ ਵਿਚ ਆਖਿਆ, ‘ਭੂਆ, ਹੁਣ ਤੂੰ ਜ਼ਰੂਰ ਹਰਦੁਆਰ ਦਾ ਇਸ਼ਨਾਨ ਕਰੇਂਗੀ।’ ਏਸੇ ਵੇਲੇ ਨੂੰਹ ਨੇ ਆ ਕੇ ਸੱਸ ਦੇ ਕੰਨ ਵਿਚ ਕੁਝ ਕਿਹਾ, ਤੇ ਭੂਆ ਨੇ ਗੁੱਸੇ ਨਾਲ ਉਤਰ ਦਿੱਤਾ, “ਕੀ ਆਖਿਆ ਈ ਜਾਗ ਲਾ ਛੱਡੀ ਏ? ਸਾਰੇ ਨੂੰ ਈ? ਹਾਏ ਹਾਏ ਰੱਬਾ, ਮੈਂ ਕਿਹੀ ਸੜ ਗਈ ਆਂ ਏਸ ਹੱਥੋਂ। ਸਾਰੇ ਦੁੱਧ ਨੂੰ ਕਾਹਨੂੰ ਜਾਗ ਫੂਕਣੀ ਸੀ। ਮੁੰਡਾ ਵਿਚਾਰਾ ਹੁਣ ਝਾਟਾ ਮੇਰਾ ਪੀਵੇਗਾ। ਸਵੇਰ ਦਾ ਭੁੱਖਾ ਭਾਣਾ। ਸੰਧਿਆ ਵੇਲੇ ਦੇ ਦੋ ਫੁਲਕੇ ਖਾਧੇ ਸੂ, ਉਤੋਂ ਸੋਤਾ ਪਿਆ ਏ। ਇਹਨੇ ਵਿਚਾਰੇ ਨੇ ਕੋਈ ਰੋਜ਼ ਰੋਜ਼ ਆਉਣਾ ਸੀ ਸਾਡੇ ਘਰ? ਜਾਹ ਜਾ ਕੇ ਰਾਮੇ ਕਿਆਂ ਦੇ ਘਰੋਂ ਦੁੱਧ ਦਾ ਛੰਨਾ ਲੈ ਆ।”
“ਨਾ ਭੂਆ ਜੀ, ਤੁਹਾਨੂੰ ਮੇਰੇ ਸਿਰ ਦੀ ਸਹੁੰ, ਜੇ ਦੁੱਧ ਨੂੰ ਭੇਜੋ।” ਮੈਂ ਤਰਲੇ ਨਾਲ ਕਿਹਾ।
“ਲੈ ਹੋਰ ਸੁਣ”, ਭੂਆ ਪਿਆਰ ਭਰੀ ਘੁਰਕੀ ਨਾਲ ਬੋਲੀ, “ਏਹ ਵੀ ਕੋਈ ਰਾਹ ਪਿਆ ਏ। ਸਵੇਰ ਦਾ ਭੁੱਖਣ ਭਾਣਾ। ਮਾਂ ਸਦਕੇ, ਸ਼ਰਮ ਕਿਹੜੀ ਗੱਲ ਦੀ ਕਰਨੀ ਹੋਈ, ਇਹ ਕੋਈ ਬਗਾਨਾ ਘਰ ਏ। ਜੀਓ ਜਾਗੋ ਮੈਂ ਤੇ ਸਹਿਕ ਸਹਿਕ ਕੇ ਲਿਆ ਸੀ ਤੈਨੂੰ। ਤਿੰਨਾਂ ਘਰਾਂ ਵਿਚੋਂ ਤੂੰਹੀਓਂ ਤੇ ਵੱਡਿਆਂ ਦੀ ਨਿਸ਼ਾਨੀ ਏਂ। ਪੁੱਤਰ, ਕਿਹੜੇ ਕਿਹੜੇ ਜਫਰ ਨੇ ਜਿਹੜੇ ਤੈਨੂੰ ਲੈਣ ਲਈ ਅਸਾਂ ਨਹੀਂ ਜਾਲੇ ਹੋਣੇ। ਤਿੰਨ ਭਰਾ ਸਨ ਸੁੱਖ ਨਾਲ ਤੇਰੇ ਭਾਈਏ ਹੋਣੀ। ਪਹਿਲਾਂ ਮੰਨਤਾਂ ਮੰਨ ਮੰਨ ਕੇ ਵੱਡਾ ਵਿਆਹਿਆ, ਵਿਚਾਰਾ ਖਾਰਿਓਂ ਵੀ ਨਹੀਂ ਸੀ ਲੱਥਾ, ਰੰਡਾ ਹੋ ਬੈਠਾ। ਮੁੜ ਮਰਦਾ ਮਰ ਗਿਆ, ਬੂਹਾ ਨਾ ਖੁਲ੍ਹਿਆ। ਓਦੂੰ ਨਿੱਕਾ ਸੀ ਦੌਲਤ ਸੁੰਹ ਤੇਰਾ ਤਾਇਆ। ਸੁਰਗਾਂ ‘ਚ ਵਾਸਾ ਹੋਵੇ ਸੁ, ਧਰਤੀ ਤੇ ਲੱਤ ਦਿਤਿਆਂ ਪਾਣੀ ਆਉਂਦਾ ਸੀ, ਕੜੀ ਵਰਗਾ ਜੁਆਨ ਤੇ ਡਾਢਾ ਈ ਸੁਨੱਖਾ। ਭੈੜੀ ਮੌਤ ਨੇ ਮਹਿਕਦਾ ਫੁਲ ਤੋੜ ਲਿਆ।” ਤੇ ਭੂਆ ਦੇ ਅਥਰੂ ਵਗ ਵਗ ਕੇ ਉਸ ਦੀਆਂ ਗੱਲ੍ਹਾਂ ਦੇ ਟੋਇਆਂ ਵਿਚ ਭਰਨ ਲੱਗੇ।
ਭਰਜਾਈ ਚਲੀ ਜਾ ਚੁਕੀ ਸੀ, ਤੇ ਭੂਆ ਦੀ ਜੀਵਨ ਕਥਾ ਬਰਾਬਰ ਸ਼ੁਰੂ ਸੀ। ਭਾਵੇਂ ਉਸ ਦੀ ਇਹ ਕਥਾ ਬੜੀ ਦਿਲਚਸਪ ਤੇ ਕਰੁਣਾ ਭਰਪੂਰ ਸੀ, ਪਰ ਮੇਰਾ ਬਹੁਤਾ ਖਿਆਲ ਆਪਣੀ ਮੌਤ ਦੇ ਸੁਨੇਹੇ ਉਸ ਛੰਨੇ ਵੱਲ ਸੀ।
ਭੂਆ ਬੋਲਦੀ ਗਈ, “ਵਿਆਹ ਨੂੰ ਵਰ੍ਹਾ ਵੀ ਨਹੀਂ ਸੀ ਬੀਤਿਆ – ਬੂਹੇ ਨਾਲ ਬੰਨ੍ਹੇ ਹੋਏ ਸ਼ਰੀਂਹ ਵੀ ਨਹੀਂ ਸੀ ਸੁੱਕੇ, ਜੁ ਮੌਤ ਭੈੜੀ ਨੇ ਨਿਗਲ ਲਿਆ। ਚੱਪੇ ਜਿੰਨੀ ਵਹੁਟੀ ਬੂਹੇ ‘ਤੇ ਬਹਿ ਗਈ। ਸਭਨਾਂ ਤੋਂ ਛੋਟਾ ਸੀ ਤੇਰਾ ਪਿਉ। ਜਿਉਂ ਵਿਆਹਿਆ, ਅੱਠ ਵਰ੍ਹੇ ਬੀਤ ਗਏ, ਵੇਲ ਚੂੰਆਂ ਨਾ ਪਿਆ। ਵੇ ਪੁੱਤ, ਕੋਈ ਥਾਂ ਨਾ ਛੱਡਿਆ, ਕੋਈ ਪੀਰ ਫਕੀਰ ਨਾ ਛੱਡਿਆ। ਹਨੂਮਾਨ ਦੇ ਜਾਗੇ ਕੀਤੇ, ਭੈਰੋਂ ਦੀਆਂ ਕੰਜਕਾਂ ਜਿਵਾਈਆਂ, ਪੀਰਾਂ ਦੀ ਸ਼ੀਰਨੀ ਚੜ੍ਹਾਈ, ਬਾਵੇ ਕੰਬਲੀ ਵਾਲੇ ਦਾ ਰੋਟ ਦਿੱਤਾ। ਇਕ ਕੀਤੀ ਸੀ ਅਸਾਂ? ਪੁੱਤ! ਬਾਰ੍ਹਾਂ ਬਾਰ੍ਹਾਂ ਕੋਹਾਂ ਵਿਚ ਜਿਥੇ ਕਿਤੇ ਦੱਸ ਪਾਈ, ਭੱਜੇ ਗਏ, ਪਰ ਝੋਲੀ ਖ਼ੈਰ ਕਿਤੋਂ ਨਾ ਪਿਆ। ਛੇਕੜ ਦੀ ਬਾਕੀ ਪੀਰ ਦੀਨੇ ਸ਼ਾਹ ਦੀ ਖ਼ਾਨਗਾਹ ‘ਤੇ ਸੁੱਖਣਾ ਸੁੱਖੀ ਤਾਂ ਕਿਤੋਂ ਸਾਡੀ ਭੂੜੀ ਕਬੂਲ ਪਈ ਤੇ ਮੈਂ ਮਸੇ ਤੇਰਾ ਮੂੰਹ ਵੇਖਿਆ। ਪੁੱਤ! ਇਹ ਸੂਰਤਾਂ ਕੋਈ ਨਿਤ ਨਿਤ ਪਈਆਂ ਲਭਦੀਆਂ ਨੇ?” ਤੇ ਉਹ ਫੇਰ ਮੇਰਾ ਮੂੰਹ ਚੁੰਮਣ ਲੱਗ ਪਈ। ਮੇਰੇ ਕੰਨ ਭੂਆ ਦੀਆਂ ਗੱਲਾਂ ਵੱਲ ਸਨ, ਪਰ ਧਿਆਨ ਬੂਹੇ ਵਲ ਸੀ।
ਭਰਜਾਈ ਆ ਗਈ ਤੇ ਮੈਂ ਰੱਬ ਦਾ ਲੱਖ ਲੱਖ ਸ਼ੁਕਰ ਕੀਤਾ। ਖਾਲੀ ਕਟੋਰਾ ਉਸ ਦੇ ਹੱਥ ਵਿਚ ਸੀ ਤੇ ਸੱਸ ਨੂੰ ਬੜੀ ਨਿਰਾਸ਼ ਆਵਾਜ਼ ਵਿਚ ਕਹਿਣ ਲੱਗੀ, “ਉਹਨਾਂ ਦੀ ਤੇ ਅੱਜ ਕੱਟੀ ਚੁੰਘ ਗਈ ਏ।”
ਸੁਣਦਿਆਂ ਸਾਰ ਭੂਆ ਬੇਵਸੀ ਵਿਚ ਬੋਲ ਉਠੀ, “ਬਸ! ਲੱਗ ਗਈ ਅੱਗ ਹੁਣ ਸਾਰੇ ਪਿੰਡ ਨੂੰ! ਔਤਰਾ ਓਹੀਓ ਦੁੱਧ, ਜਿਨੂੰ ਕੁੱਤੇ ਨਹੀਂ ਕਬੂਲਦੇ, ਅਜ ਕਾਲ ਪੈ ਗਿਆ ਏ। ਮੁੰਡਾ ਆਖੇਗਾ ਕਿਹੇ ਚੰਦਰੇ ਘਰ ਆ ਵੜਿਆ ਵਾਂ ਜੁ ਦੁੱਧ ਦੀ ਛਿਟ ਵੀ ਨਹੀਂ ਜੁੜਦੀ।”
ਤੇ ਉਹ ਸ਼ਰਮਿੰਦਗੀ ਤੇ ਰਹਿਮ ਭਰੇ ਭਾਵਾਂ ਨਾਲ ਮੇਰੀ ਪਿੱਠ ਦੇ ਉਤੇ ਹੱਥ ਫੇਰਦੀ ਹੋਈ ਬੋਲੀ, “ਤੇ ਕਾਕਾ ਭੁੱਖਾ ਈ ਸਵੇਂਗਾ ਹੁਣ? ਹਾਏ ਮਾਂ ਸਦਕੇ। ਕਿਹਾ ਰਮਾਣ ਪਿਆ ਲਗਦਾ ਏ ਮੈਨੂੰ।”
ਪਰ ਮੈਂ ਭੁੰਜੇ ਡੁੱਲ੍ਹੇ ਹੋਏ ਦੁੱਧ ਵੱਲ ਤੱਕਦਾ ਹੋਇਆ ਦਿਲ ਵਿਚ ਕਹਿ ਰਿਹਾ ਸਾਂ, “ਭਲਾ ਹੋਇਆ ਮੇਰਾ ਚਰਖਾ ਟੁੱਟਾ ਜਿੰਦ ਅਜਾਬੋਂ ਛੁੱਟੀ।”

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਨਾਨਕ ਸਿੰਘ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ