Bichhoo Bhua (Story in Punjabi) : Ismat Chughtai

ਬਿੱਛੂ ਭੂਆ (ਕਹਾਣੀ) : ਇਸਮਤ ਚੁਗ਼ਤਾਈ

ਜਦੋਂ ਪਹਿਲੀ ਵਾਰੀ ਮੈਂ ਉਸ ਨੂੰ ਦੇਖਿਆ ਸੀ, ਉਹ ਰਹਿਮਾਨ ਭਾਈ ਦੇ ਪਹਿਲੇ ਮੰਜ਼ਿਲੇ ਦੀ ਖਿੜਕੀ ਵਿੱਚ ਬੈਠੀ ਗਾਲ੍ਹਾਂ ਅਤੇ ਮਿਹਣੇ ਦੇ ਰਹੀ ਸੀ। ਸਿਲਵਤਾਂ ਤੇ ਸਲੋਕ ਸੁਣਾ ਰਹੀ ਸੀ। ਇਹ ਖਿੜਕੀ ਸਾਡੇ ਵਿਹੜੇ ਵੱਲ ਖੁੱਲ੍ਹਦੀ ਸੀ ਤੇ ਕਾਨੂੰਨਨ ਇਸ ਨੂੰ ਬੰਦ ਰੱਖਿਆ ਜਾਣਾ ਚਾਹੀਦਾ ਸੀ ਕਿਉਂਕਿ ਪਰਦੇ ਵਾਲੀਆਂ ਤੀਵੀਆਂ ਦੇ ਸਾਹਮਣੇ ਹੋਣ ਦਾ ਡਰ ਸੀ। ਰਹਿਮਾਨ ਭਾਈ ਰੰਡੀਆਂ ਦੇ ਜਮਾਂਦਾਰ ਸਨ। ਕੋਈ ਸ਼ਾਦੀ ਵਿਆਹ, ਖਤਨਾ ਬਿਸਮਿੱਲਾ ਦੀ ਰਸਮ ਹੁੰਦੀ ਤਾਂ ਰਹਿਮਾਨ ਭਾਈ ਘੱਟ-ਵੱਧ ਕਰ ਕੇ ਰੰਡੀਆਂ ਬੁਲਾ ਦਿੰਦੇ ਤੇ ਗ਼ਰੀਬ ਦੇ ਘਰ ਵੀ ਵਹੀਦਾ ਜਾਨ, ਮਿਸ਼ਰੀ ਬਾਈ ਤੇ ਅਨਵਰੀ ਕਹਿਰਵਾਨ ਨੱਚ ਜਾਂਦੀਆਂ।
ਪਰ ਮੁਹੱਲੇ-ਟੋਲੇ ਦੀਆਂ ਬੁੜ੍ਹੀਆਂ-ਕੁੜੀਆਂ ਉਨ੍ਹਾਂ ਦੀ ਨਜ਼ਰ ਵਿੱਚ ਆਪਣੀ ਸਕੀ ਮਾਂ-ਭੈਣ ਵਾਂਗ ਸਨ। ਉਨ੍ਹਾਂ ਦੇ ਛੋਟੇ ਭਰਾ ਬੁੰਦੂ ਤੇ ਗਿੰਦਾ ਆਏ ਦਿਨ ਤਾਂਕ-ਝਾਂਕ ਦੇ ਸਿਲਸਿਲੇ ਵਿੱਚ ਨਿੱਤ ਸਿਰ ਪਾੜ-ਪੜਾਈ ਹੁੰਦੇ ਰਹਿੰਦੇ ਸਨ। ਉਂਜ ਰਹਿਮਾਨ ਭਾਈ ਮੁਹੱਲੇ ਵਾਲਿਆਂ ਦੀਆਂ ਨਜ਼ਰਾਂ ਵਿੱਚ ਕੋਈ ਚੰਗੀ ਹੈਸੀਅਤ ਨਹੀਂ ਸੀ ਰੱਖਦੇ, ਉਨ੍ਹਾਂ ਆਪਣੀ ਘਰਵਾਲੀ ਦੇ ਜਿਉਂਦੇ ਜੀਅ ਹੀ ਆਪਣੀ ਸਾਲੀ ਨਾਲ ਗੰਢ-ਸੁੱਬ ਜੋ ਕਰ ਲਿਆ ਸੀ। ਉਸ ਯਤੀਮ ਸਾਲੀ ਦਾ, ਸਿਵਾਏ ਉਸ ਭੈਣ ਦੇ ਹੋਰ ਕੋਈ ਹੈ ਨਹੀਂ ਸੀ। ਭੈਣ ਕੋਲ ਰਹਿ ਰਹੀ ਸੀ। ਉਸ ਦੇ ਬੱਚੇ ਪਾਲਦੀ ਸੀ। ਬਸ ਦੁੱਧ ਚੁੰਘਾਉਣ ਦੀ ਕਸਰ ਸੀ। ਬਾਕੀ ਸਾਰਾ ਕੰਮ ਉਹੀ ਕਰਦੀ ਸੀ। ਫਿਰ ਕਿਸੇ ਨੱਕ ਚੜ੍ਹੀ ਨੇ ਇੱਕ ਦਿਨ ਉਸ ਨੂੰ ਭੈਣ ਦੇ ਬੱਚੇ ਨੂੰ ਦੁੱਧ ਪਿਲਾਉਂਦਿਆਂ ਦੇਖ ਲਿਆ। ਫਿਰ ਭਾਂਡਾ ਫੁੱਟ ਗਿਆ ਤੇ ਪਤਾ ਲੱਗਿਆ ਕਿ ਬੱਚਿਆਂ ਵਿੱਚ ਅੱਧੇ ਬਿਲਕੁਲ ਖਾਲਾ (ਮਾਸੀ) ਦੀ ਸ਼ਕਲ ਦੇ ਹਨ। ਘਰ ਵਿੱਚ ਰਹਿਮਾਨ ਦੀ ਘਰਵਾਲੀ ਭਾਵੇਂ ਭੈਣ ਦੀ ਕਿੰਨੀ ਹੀ ਦੁਰਗਤ ਕਿਉਂ ਨਾ ਬਣਾਉਂਦੀ ਹੋਵੇ ਪਰ ਕਦੇ ਬੱਚਿਆਂ ਬਾਰੇ ਕੁਝ ਨਹੀਂ ਮੰਨਿਆ। ਇਹੀ ਕਹਿੰਦੀ ਰਹੀ ਕਿ ਜਿਹੜਾ ਕੱਚੀ-ਕੁਆਰੀ ਨੂੰ ਕਹੇਗਾ, ਉਸ ਦੇ ਅੱਗੇ ਆਉਣਗੀਆਂ, ਨੈਣ ਪ੍ਰਾਣ ਮਾਰੇ ਜਾਣਗੇ। ਹਾਂ, ਵਰ ਦੀ ਭਾਲ ਵਿੱਚ ਹਰ ਵੇਲੇ ਸੁੱਕਦੀ ਰਹਿੰਦੀ ਸੀ ਪਰ ਉਸ ਕੀੜੇ ਪਏ ਕਬਾਬ ਨੂੰ ਕਿਸ ਦੇ ਭਾਂਡੇ ਪਾਉਂਦੀ? ਇੱਕ ਅੱਖ ਵਿੱਚ ਵੱਡੀ ਕੌਡੀ ਜਿੱਡੀ ਫੁੱਲੀ ਸੀ। ਇੱਕ ਲੱਤ ਵੀ ਜ਼ਰਾ ਛੋਟੀ ਸੀ। ਲੱਕ ਮਾਰ-ਮਾਰ ਤੁਰਦੀ ਸੀ।
ਸਾਰੇ ਮੁਹੱਲੇ ਵੱਲੋਂ ਇੱਕ ਅਜੀਬ ਕਿਸਮ ਦਾ ਬਾਈਕਾਟ ਹੋ ਚੁੱਕਿਆ ਸੀ। ਲੋਕ, ਰਹਿਮਾਨ ਭਾਈ ਤਕ ਕੰਮ ਹੁੰਦਾ ਤਾਂ ਪੂਰੀ ਧੌਂਸ ਨਾਲ ਕਹਿੰਦੇ ਕਿ ਮੁਹੱਲੇ ਵਿੱਚ ਰਹਿਣ ਦੀ ਇਜਾਜ਼ਤ ਦਿੱਤੀ ਹੋਈ ਹੈ, ਇਹੋ ਕੀ ਘੱਟ ਹੈ? ਰਹਿਮਾਨ ਭਾਈ ਇਸੇ ਨੂੰ ਆਪਣੀ ਇੱਜ਼ਤ ਅਫ਼ਜ਼ਾਈ ਸਮਝਦੇ ਸਨ।
ਇਹੀ ਕਾਰਨ ਸੀ ਕਿ ਉਹ ਹਮੇਸ਼ਾਂ ਰਹਿਮਾਨ ਭਾਈ ਦੀ ਖਿੜਕੀ ਵਿੱਚ ਬੈਠੀ ਭੈੜੀਆਂ-ਭੈੜੀਆਂ ਗਾਲ੍ਹਾਂ ਕੱਢਦੀ ਰਹਿੰਦੀ… ਕਿਉਂਕਿ ਮੁਹੱਲੇ ਦੇ ਲੋਕ ਅੱਬਾ ਤੋਂ ਦਬਦੇ ਸਨ, ਮੈਜਿਸਟਰੇਟ ਨਾਲ ਕੌਣ ਵੈਰ ਮੁੱਲ ਲਵੇ!
ਉਸ ਦਿਨ ਪਹਿਲੀ ਵਾਰੀ ਮੈਨੂੰ ਪਤਾ ਲੱਗਿਆ ਕਿ ਇਹ ਸਾਡੀ ਇਕਲੌਤੀ ਸਕੀ ਭੂਆ ਬਾਦਸ਼ਾਹੀ ਖ਼ਾਨਮ ਹੈ ਤੇ ਇਹ ਲੰਮੀਆਂ-ਚੌੜੀਆਂ ਸਿਲਵਤਾਂ ਸਾਡੇ ਖ਼ਾਨਦਾਨ ਨੂੰ ਹੀ ਸੁਣਾਈਆਂ ਜਾ ਰਹੀਆਂ ਸਨ।
ਅੰਮਾਂ ਦਾ ਮੰੂਹ ਬੱਗਾ ਫੂਸ ਹੋਇਆ-ਹੋਇਆ ਸੀ ਤੇ ਉਹ ਅੰਦਰਲੇ ਕਮਰੇ ਵਿੱਚ ਸਹਿਮੀ ਬੈਠੀ ਸੀ ਜਿਵੇਂ ਬਿੱਛੂ ਭੂਆ ਦੀ ਆਵਾਜ਼ ਉਸ ਉੱਤੇ ਬਿਜਲੀ ਬਣ ਕੇ ਡਿੱਗ ਪਵੇਗੀ। ਤਿਮਾਹੀਂ-ਛਿਮਾਹੀਂ ਬਾਦਸ਼ਾਹੀ ਖ਼ਾਨਮ ਇਉਂ ਹੀ ਰਹਿਮਾਨ ਭਾਈ ਦੀ ਖਿੜਕੀ ਵਿੱਚ ਬੈਠ ਕੇ ਦਹਾੜਦੀ। ਅੱਬਾ ਉਸ ਤੋਂ ਜ਼ਰਾ ਕੁ ਓਹਲੇ ਹੋ ਕੇ ਆਰਾਮ ਕੁਰਸੀ ਉੱਤੇ ਬੈਠੇ ਅਖ਼ਬਾਰ ਪੜ੍ਹਦੇ ਰਹਿੰਦੇ ਤੇ ਮੌਕੇ ਬੇ-ਮੌਕੇ ਕਿਸੇ ਨਿਆਣੇ ਦੇ ਹੱਥ ਕੋਈ ਅਜਿਹੀ ਗੱਲ ਕਹਿ ਭੇਜਦੇ ਕਿ ਜੁਆਬ ਵਿੱਚ ਭੂਆ ਬਾਦਸ਼ਾਹੀ ਫਿਰ ਅੰਗਿਆਰ ਉਗਲਣ ਲੱਗ ਪੈਂਦੀ। ਅਸੀਂ ਸਾਰੇ ਖੇਡਣਾ ਜਾਂ ਪੜ੍ਹਨਾ-ਲਿਖਣਾ ਛੱਡ ਕੇ ਵਿਹੜੇ ਵਿੱਚ ਟੋਲੀ ਬਣਾ ਕੇ ਖਲੋ ਜਾਂਦੇ ਤੇ ਮੁੜ-ਮੁੜ ਆਪਣੀ ਪਿਆਰੀ ਭੂਆ ਦੀਆਂ ਉਹੀ ਸਿਲਵਤਾਂ ਤੇ ਸਲੋਕ ਸੁਣਦੇ ਰਹਿੰਦੇ। ਉਹ ਜਿਸ ਖਿੜਕੀ ਵਿੱਚ ਬੈਠੀ ਹੁੰਦੀ ਸੀ, ਉਹ ਉਸ ਦੇ ਲੰਮੇ-ਚੌੜੇ ਜਿਸਮ ਨਾਲ ਪੂਰੀ ਤਰ੍ਹਾਂ ਭਰੀ ਹੁੰਦੀ ਸੀ। ਅੱਬਾ ਮੀਆਂ ਨਾਲ ਉਸ ਦੀ ਸ਼ਕਲ ਇੰਨੀ ਮਿਲਦੀ ਸੀ ਕਿ ਜਿਵੇਂ ਉਹ ਆਪ ਮੁੱਛਾਂ ਸਾਫ਼ ਕਰਵਾ ਕੇ, ਦੁਪੱਟਾ ਲੈ ਕੇ, ਖਿੜਕੀ ਵਿੱਚ ਜਾ ਬੈਠੇ ਹੋਣ। ਤੇ ਬਾਵਜੂਦ ਸਲੋਕਾਂ, ਸਿਲਵਤਾਂ ਤੇ ਗਾਲ੍ਹਾਂ ਦੀ ਵਾਛੜ ਦੇ ਅਸੀਂ ਬੜੇ ਸਹਿਜ ਨਾਲ ਉਨ੍ਹਾਂ ਵੱਲ ਦੇਖਦੇ ਰਹਿੰਦੇ ਸਾਂ।
ਸਾਢੇ ਪੰਜ ਫੁੱਟ ਕੱਦ, ਚਾਰ-ਚਾਰ ਉਂਗਲ ਚੌੜੀਆਂ ਵੀਣੀਆਂ, ਸ਼ੇਰ ਵਰਗੀ ਧੌਣ, ਚਿੱਟੇ ਬਗਲੇ ਜਿਹੇ ਵਾਲ, ਵੱਡੀ ਸਾਰੀ ਮੰੂਹ ਫਾੜ, ਵੱਡੇ-ਵੱਡੇ ਦੰਦ, ਭਾਰੀ ਜਿਹੀ ਠੋਡੀ ਤੇ ਆਵਾਜ਼ ਤਾਂ ਮਾਸ਼ਾ ਅੱਲ੍ਹਾ ਅੱਬਾ ਮੀਆਂ ਨਾਲੋਂ ਇੱਕ ਸੁਰ ਉੱਚੀ ਹੀ ਹੋਵੇਗੀ।
ਭੂਆ ਬਾਦਸ਼ਾਹੀ ਹਮੇਸ਼ਾਂ ਚਿੱਟੇ ਕੱਪੜੇ ਪਾਉਂਦੀ ਸੀ। ਜਿਸ ਦਿਨ ਫੁੱਫੜ ਮਸਊਦ ਅਲੀ ਨੇ ਮਹਿਤਰਾਣੀ (ਕੰਮ ਵਾਲੀ) ਨਾਲ ਚੋਹਲ-ਮੋਹਲ ਸ਼ੁਰੂ ਕੀਤੇ ਸਨ, ਭੂਆ ਨੇ ਵੱਟੇ ਨਾਲ ਆਪਣੀਆਂ ਸਾਰੀਆਂ ਚੂੜੀਆਂ ਭੰਨ ਸੁੱਟੀਆਂ ਸਨ। ਰੰਗਦਾਰ ਦੁਪੱਟਾ ਲਾਹ ਸੁੱਟਿਆ ਸੀ ਤੇ ਉਸੇ ਦਿਨ ਤੋਂ ਉਹ ਉਨ੍ਹਾਂ ਨੂੰ ਮਰਹੂਮ (ਸਵਰਗੀ) ਜਾਂ ‘ਮਰਨ ਵਾਲਾ’ ਕਹਿਣ ਲੱਗ ਪਈ ਸੀ। ਮਹਿਤਰਾਣੀ ਨੂੰ ਛੂਹਣ ਵਾਲੇ ਹੱਥ ਉਸ ਨੇ ਮੁੜ ਕਦੇ ਆਪਣੇ ਜਿਸਮ ਨੂੰ ਨਹੀਂ ਸੀ ਲੱਗਣ ਦਿੱਤੇ।
ਇਹ ਹਾਦਸਾ ਭਰੀ ਜਵਾਨੀ ਵਿੱਚ ਹੋਇਆ ਸੀ ਤੇ ਉਹ ਉਦੋਂ ਦੀ ‘ਰੰਡੇਪਾ’ ਹੰਢਾ ਰਹੀ ਸੀ। ਸਾਡੇ ਫੁੱਫੜ ਜੀ, ਸਾਡੀ ਅੰਮਾਂ ਦੇ ਚਾਚਾ ਜੀ ਵੀ ਸਨ। ਉਂਜ ਤਾਂ ਪਤਾ ਨਹੀਂ ਇਹ ਕੀ ਘਪਲਾ ਸੀ ਕਿ ਮੇਰੇ ਅੱਬਾ ਮੇਰੀ ਅੰਮਾਂ ਦੇ ਚਾਚਾ ਜੀ ਵੀ ਲੱਗਦੇ ਸਨ ਤੇ ਸ਼ਾਦੀ ਤੋਂ ਪਹਿਲਾਂ ਜਦੋਂ ਉਹ ਛੋਟੀ ਹੁੰਦੀ ਸੀ ਤਾਂ ਮੇਰੇ ਅੱਬਾ ਨੂੰ ਦੇਖ ਕੇ ਉਹ ਬਹੁਤ ਹੀ ਡਰ ਜਾਂਦੀ ਸੀ। ਜਦੋਂ ਉਸ ਨੂੰ ਇਹ ਪਤਾ ਲੱਗਿਆ ਕਿ ਉਸ ਦੀ ਮੰਗਣੀ ਉਸੇ ਦਿਓ ਵਰਗੇ ਬੰਦੇ ਨਾਲ ਹੋਣ ਵਾਲੀ ਹੈ ਤਾਂ ਉਸ ਨੇ ਆਪਣੀ ਦਾਦੀ ਯਾਨੀ ਅੱਬਾ ਦੀ ਭੂਆ ਜੀ ਦੀ ਪਟਾਰੀ ਵਿੱਚੋਂ ਅਫ਼ੀਮ ਕੱਢ ਕੇ ਖਾ ਲਈ ਸੀ। ਅਫ਼ੀਮ ਬਹੁਤੀ ਨਹੀਂ ਸੀ ਸੋ ਉਹ ਕੁਝ ਦਿਨ ਲੋਟ-ਪੋਟ ਹੋਣ ਪਿੱਛੋਂ ਠੀਕ-ਠਾਕ ਹੋ ਗਈ ਸੀ। ਉਨ੍ਹੀਂ ਦਿਨੀ ਅੱਬਾ ਅਲੀਗੜ੍ਹ ਕਾਲਜ ਵਿੱਚ ਪੜ੍ਹਦੇ ਸਨ। ਉਹਦੀ ਬਿਮਾਰੀ ਦੀ ਖ਼ਬਰ ਸੁਣ ਕੇ ਇਮਤਿਹਾਨ ਵਿਚੇ ਛੱਡ ਕੇ ਦੌੜ ਆਏ। ਬੜੀ ਮੁਸ਼ਕਿਲ ਨਾਲ ਸਾਡੇ ਨਾਨਾ, ਜਿਹੜੇ ਅੱਬਾ ਦੀ ਭੂਆ ਦੇ ਪੁੱਤ-ਭਰਾ ਲੱਗਦੇ ਸਨ ਤੇ ਬਜ਼ੁਰਗ ਦੋਸਤ ਵੀ ਸਨ, ਨੇ ਸਮਝਾ-ਬੁਝਾ ਕੇ ਵਾਪਸ ਇਮਤਿਹਾਨ ਦੇਣ ਭੇਜਿਆ ਸੀ। ਜਿੰਨੀ ਦੇਰ ਉਹ ਰਹੇ, ਭੁੱਖੇ ਪਿਆਸੇ ਟਹਿਲਦੇ ਰਹੇ। ਅੱਧ-ਖੁੱਲ੍ਹੀਆਂ ਅੱਖਾਂ ਨਾਲ ਮੇਰੀ ਅੰਮਾਂ ਨੇ ਉਨ੍ਹਾਂ ਦੀ ਚੌੜੀ ਛਾਤੀ ਨੂੰ ਪਰਦੇ ਪਿੱਛੋਂ ਬੇਕਰਾਰੀ ਨਾਲ ਤੜਫ਼ਦਿਆਂ ਦੇਖਿਆ।
‘‘ਉਮਰਾਓ ਭਾਈ ਜੇ ਉਨ੍ਹਾਂ ਨੂੰ ਕੁਝ ਹੋ ਗਿਆ… ਫਿਰ…’’ ਦਿਓ ਦੀ ਆਵਾਜ਼ ਕੰਬ ਰਹੀ ਸੀ। ਨਾਨਾ ਮੀਆਂ ਖ਼ੂਬ ਹੱਸੇ।
ਉਸ ਸਮੇਂ ਮੇਰੀ ਗੁੱਡੀ ਵਰਗੀ ਮਾਸੂਮ ਮਾਂ ਯਕਦਮ ਔਰਤ ਬਣ ਗਈ। ਉਸ ਦੇ ਦਿਲ ਵਿੱਚੋਂ ਇਕਦਮ ਦਿਓ ਸਰੂਪ ਇਨਸਾਨ ਦਾ ਭੈਅ ਨਿਕਲ ਗਿਆ ਸੀ- ਤਾਂਹੀਓ ਤਾਂ ਮੇਰੀ ਭੂਆ ਬਾਦਸ਼ਾਹੀ ਕਹਿੰਦੀ ਸੀ, ਮੇਰੀ ਅੰਮਾਂ ਜਾਦੂਗਰਨੀ ਏ ਤੇ ਉਸ ਦੇ ਤਾਂ ਮੇਰੇ ਭਾਈ ਨਾਲ ਪਹਿਲਾਂ ਹੀ ਸਬੰਧ ਸਨ। ਮੇਰੀ ਅੰਮਾਂ ਆਪਣੇ ਜਵਾਨ ਬੱਚਿਆਂ ਸਾਹਮਣੇ ਜਦੋਂ ਇਹ ਗਾਲ੍ਹਾਂ ਸੁਣਦੀ ਤਾਂ ਇਉਂ ਹੁਭਕੀਂ-ਹੁਭਕੀਂ ਰੋਣ ਲੱਗ ਪੈਂਦੀ ਕਿ ਮੈਂ ਹਮੇਸ਼ਾਂ ਉਹਦੀ ਮਾਰ ਭੁੱਲ ਜਾਂਦੀ ਤੇ ਮੈਨੂੰ ਉਸ ਉੱਤੇ ਪਿਆਰ ਆਉਣ ਲੱਗ ਪੈਂਦਾ। ਪਰ ਇਹ ਗਾਲ੍ਹਾਂ ਸੁਣ ਕੇ ਅੱਬਾ ਦੀਆਂ ਗੰਭੀਰ ਅੱਖਾਂ ਵਿੱਚ ਪਰੀਆਂ ਨੱਚਣ ਲੱਗ ਪੈਂਦੀਆਂ। ਉਹ ਬੜੇ ਪਿਆਰ ਨਾਲ ਮੇਰੇ ਨੰਨ੍ਹੇ ਭਰਾ ਦੇ ਜ਼ਰੀਏ ਕਹਿ ਭੇਜਦੇ, ‘‘ਕਿਉਂ ਭੂਆ ਜੀ ਅੱਜ ਕੀ ਖਾਧਾ ਈ?’’
‘‘ਤੇਰੀ ਮਾਂ ਦਾ ਕਾਲਜਾ।’’ ਇਸ ਬੇਤੁਕੇ ਸੁਆਲ ਉੱਤੇ ਭੂਆ ਮੱਚ ਕੇ ਮਰੂੰਡਾ ਹੋ ਜਾਂਦੀ। ਅੱਬਾ ਫਿਰ ਕਹਿ ਭੇਜਦੇ, ‘‘ਆਹੋ ਭੂਆ ਜੀ, ਤਦੇ ਤਾਂ ਮੰੂਹ ਵਿੱਚ ਬਵਾਸੀਰ ਹੋਈ-ਹੋਈ ਏ, ਜੁਲਾਬ ਲਓ ਜੁਲਾਬ।’’
ਉਹ ਮੇਰੇ ਜਵਾਨ ਭਰਾ ਦੀ ਸੜਦੀ ਲਾਸ਼ ਉੱਤੇ ਕਾਵਾਂ, ਇੱਲ੍ਹਾਂ ਨੂੰ ਸੱਦੇ ਦੇਣ ਲੱਗ ਪੈਂਦੀ। ਉਹਦੀ ਦੁਲਹਨ ਨੂੰ, ਜਿਹੜੀ ਪਤਾ ਨਹੀਂ ਵਿਚਾਰੀ ਉਸ ਸਮੇਂ ਕਿੱਥੇ ਬੈਠੀ ਆਪਣੇ ਖ਼ਿਆਲੀ ਦੂਹਲੇ ਦੇ ਇਸ਼ਕ ਵਿੱਚ ਥਿਰਕ ਰਹੀ ਹੁੰਦੀ ਸੀ, ਰੰਡੇਪੇ ਦੇ ਵਰਦਾਨ ਦੇਣ ਲੱਗ ਪੈਂਦੀ ਤੇ ਮੇਰੀ ਅੰਮਾਂ ਕੰਨਾਂ ਵਿੱਚ ਉਂਗਲਾਂ ਲੈ ਕੇ ਬੁੜਬੁੜਾਉਂਦੀ, ‘‘ਜਲਤੂੰ-ਜਲਾਲਤੂੰ, ਆਈ ਬਲਾ ਨੂੰ ਟਾਲ ਤੂੰ।’’
ਫਿਰ ਅੱਬਾ ਦੀ ਵਾਰੀ ਆਉਂਦੀ ਤੇ ਛੋਟੇ ਭਾਈ ਹੱਥ ਪੁੱਛਦੇ, ‘‘ਭੂਆ ਬਾਦਸ਼ਾਹੀ, ਮਿਹਤਰਾਣੀ ਭੂਆ ਦਾ ਹਾਲ ਤਾਂ ਠੀਕ-ਠਾਕ ਏ ਨਾ?’’ ਤੇ ਸਾਨੂੰ ਡਰ ਲੱਗਦਾ ਕਿ ਉਹ ਕਿਤੇ ਖਿੜਕੀ ਵਿੱਚੋਂ ਛਾਲ ਹੀ ਨਾ ਮਾਰ ਦੇਵੇ।
‘‘ਓਏ ਜਾਹ ਸਪੋਲੀਏ, ਮੇਰੇ ਮੰੂਹ ਨਾ ਲੱਗ, ਨਹੀਂ ਤਾਂ ਛਿੱਤਰ ਨਾਲ ਸਿਰੀ ਮਸਲ ਦਿਆਂਗੀ। ਇਹ ਬੁੱਢਾ ਅੰਦਰ ਬੈਠਾ ਕੀ ਨਿਆਣਿਆਂ ਨੂੰ ਸਿਖਾ-ਸਿਖਾ ਭੇਜ ਰਿਹਾ ਹੈ- ਮੁਗ਼ਲ ਬੱਚਾ ਹੈ ਤਾਂ ਸਾਹਮਣੇ ਆ ਕੇ ਗੱਲ ਕਰੇ।’’
‘‘ਪਤਾ ਨਈਂ ਇਹ ਰਹਿਮਾਨ ਭਾਈ, ਇਸ ਵੱਢਖਾਣੀ ਨੂੰ ਸੰਖੀਆ ਕਿਉਂ ਨਹੀਂ ਪਾ ਦਿੰਦੇ।’’ ਅੱਬਾ ਦੇ ਸਿਖਾਉਣ ’ਤੇ ਨਿੱਕੜਾ ਡਰਦਾ-ਡਰਦਾ ਬੋਲਦਾ। ਹਾਲਾਂਕਿ ਉਸ ਨੂੰ ਡਰਨ ਦੀ ਕੋਈ ਲੋੜ ਨਹੀਂ ਸੀ ਕਿਉਂਕਿ ਸਾਰੇ ਜਾਣਦੇ ਸਨ ਕਿ ਇਹ ਆਵਾਜ਼ ਉਹਦੀ ਹੈ ਪਰ ਸ਼ਬਦ ਅੱਬਾ ਮੀਆਂ ਦੇ ਹਨ। ਸੋ ਗੁਨਾਹ ਨਿੱਕੇ ਦੀ ਜਾਨ ’ਤੇ ਨਹੀਂ ਪਰ ਫਿਰ ਵੀ ਇੰਨ-ਬਿੰਨ ਅੱਬਾ ਦੀ ਸ਼ਕਲ ਵਾਲੀ ਭੂਆ ਦੀ ਸ਼ਾਨ ਵਿੱਚ ਕੁਝ ਕਹਿੰਦਿਆਂ ਉਸ ਨੂੰ ਪਸੀਨੇ ਆ ਜਾਂਦੇ ਸਨ।
ਕਿੰਨਾ ਜ਼ਮੀਨ-ਆਸਮਾਨ ਦਾ ਫ਼ਰਕ ਸੀ, ਸਾਡੇ ਦਾਦਕਿਆਂ ਤੇ ਨਾਨਕਿਆਂ ਵਿੱਚ! ਨਾਨਕੇ ਹਕੀਮਾਂ ਗਲੀ ਵਿੱਚ ਰਹਿੰਦੇ ਸਨ ਤੇ ਦਾਦਕੇ ਗਾਡੀਵਾਨ ਕੱਟੜੇ ਵਿੱਚ। ਨਾਨਕੇ ਸਲੀਮ ਚਿਸ਼ਤੀ ਦੇ ਖ਼ਾਨਦਾਨ ਵਿੱਚੋਂ ਸਨ ਜਿਨ੍ਹਾਂ ਨੂੰ ਮੁਗ਼ਲ ਬਾਦਸ਼ਾਹ ਨੇ ਮੁਰਸ਼ਦ ਦਾ ਮਰਤਬਾ ਦੇ ਕੇ ਨਿਜਾਤ (ਮੁਕਤੀ) ਦਾ ਰਸਤਾ ਪਛਾਣਿਆ। ਹਿੰਦੁਸਤਾਨ ਵਿੱਚ ਉਨ੍ਹਾਂ ਨੂੰ ਵੱਸਦਿਆਂ ਅਰਸਾ ਬੀਤ ਚੁੱਕਿਆ ਸੀ। ਰੰਗਤਾਂ ਫਿੱਕੀਆਂ ਪੈ ਚੁੱਕੀਆਂ ਸਨ। ਨਕਸ਼ ਧੁੰਦਲਾ ਰਹੇ ਸਨ। ਮਿਜਾਜ਼ ਠੰਢੇ ਪੈ ਚੁੱਕੇ ਸਨ।
ਦਾਦਕੇ ਬਾਹਰੋਂ ਸਭ ਤੋਂ ਆਖ਼ਰੀ ਖੇਪ ਵਿੱਚ ਆਉਣ ਵਾਲਿਆਂ ਵਿੱਚ ਸਨ। ਦਿਮਾਗ਼ੀ ਤੌਰ ’ਤੇ ਹਾਲੇ ਤਕ ਘੋੜਿਆਂ ਉੱਤੇ ਸਵਾਰ ਹੋ ਕੇ ਮੰਜ਼ਿਲਾਂ ਕੱਛ ਰਹੇ ਸਨ। ਖ਼ੂਨ ਵਿੱਚ ਲਾਵਾ ਦਹਿਕਦਾ ਸੀ। ਤਿੱਖੇ-ਤਿੱਖੇ ਤਲਵਾਰ ਵਰਗੇ ਨਕਸ਼, ਫਿਰੰਗੀਆਂ ਵਰਗੇ ਲਾਲ-ਲਾਲ ਮੰੂਹ, ਗੁਰੀਲਿਆਂ ਜਿੱਡੇ-ਜਿੱਡੇ ਕੱਦ-ਕਾਠ, ਸ਼ੇਰਾਂ ਵਾਂਗਰ ਗਰਜਵੀਂ ਆਵਾਜ਼, ਲਟੈਣਾਂ ਵਰਗੇ ਹੱਥ-ਪੈਰ।
ਤੇ ਨਾਨਕੇ, ਨਾਜ਼ੁਕ ਹੱਥਾਂ-ਪੈਰਾਂ ਵਾਲੇ, ਸ਼ਾਇਰਾਨਾ ਸੁਭਾਅ ਦੇ ਧੀਮੀ ਆਵਾਜ਼ ਵਿੱਚ ਬੋਲਣ ਦੇ ਆਦੀ, ਵਧੇਰੇ ਕਰਕੇ ਹਕੀਮ ਤੇ ਮੌਲਵੀ ਸਨ। ਤਾਂਹੀਓ ਤਾਂ ਮੁਹੱਲੇ ਦਾ ਨਾਂ ਗਲੀ ਹਕੀਮਾਂ ਪਿਆ ਸੀ। ਕੁਝ ਕਾਰੋਬਾਰ ਵੀ ਕਰਨ ਲੱਗ ਪਏ ਸਨ- ਸ਼ਾਲ-ਬਾਗ਼, ਗੋਟੇ-ਕਿਨਾਰੀ ਦੇ ਕਾਰੀਗਰ ਤੇ ਅਤਰ ਵਿਕਰੇਤਾ ਵਗ਼ੈਰਾ ਬਣ ਗਏ ਸਨ। ਹਾਲਾਂਕਿ ਮੇਰੇ ਦਾਦਕੇ ਅਜਿਹੇ ਲੋਕਾਂ ਨੂੰ ਕੁੰਜੜ-ਕਸਾਈ ਹੀ ਕਹਿੰਦੇ ਸਨ ਕਿਉਂਕਿ ਉਹ ਆਪ ਵਧੇਰੇ ਕਰਕੇ ਫ਼ੌਜ ਵਿੱਚ ਸਨ। ਉਂਜ ਮਾਰ-ਧਾੜ ਦਾ ਸ਼ੌਕ ਅਜੇ ਤਕ ਨਹੀਂ ਸੀ ਗਿਆ। ਕੁਸ਼ਤੀ, ਪਹਿਲਵਾਨੀ, ਤੈਰਾਕੀ ਵਿੱਚ ਨਾਂ ਪੈਦਾ ਕਰਨਾ, ਤਲਵਾਰ ਤੇ ਪਟੇ ਦੇ ਹੱਥ ਦਿਖਾਉਣੇ ਤੇ ਚੌਸਰ ਪੱਟੀ ਨੂੰ, ਜਿਹੜੀ ਮੇਰੇ ਨਾਨਕਿਆਂ ਦੀ ਪ੍ਰਸਿੱਧ ਖੇਡ ਹੁੰਦੀ ਸੀ, ਨਾਮਰਦਾਂ ਦੀ ਖੇਡ ਸਮਝਣਾ।
ਕਹਿੰਦੇ ਹਨ, ਜਦੋਂ ਜਵਾਲਾਮੁਖੀ ਪਹਾੜ ਫਟਦਾ ਹੈ ਤਾਂ ਲਾਵਾ ਵਾਦੀ ਦੀ ਗੋਦ ਵਿੱਚ ਉਤਰ ਆਉਂਦਾ ਹੈ। ਸ਼ਾਇਦ ਇਹੀ ਕਾਰਨ ਸੀ ਕਿ ਮੇਰੇ ਦਾਦਕੇ, ਨਾਨਕਿਆਂ ਵੱਲ ਖ਼ੁਦ-ਬ-ਖ਼ੁਦ ਖਿੱਚੇ ਤੁਰੇ ਆਏ ਸਨ। ਇਹ ਮੇਲ ਕਦੋਂ ਤੇ ਕਿਸ ਨੇ ਸ਼ੁਰੂ ਕੀਤਾ ਸਭ ਕੁਝ ਸ਼ਜਰੇ (ਮੁਸਲਮਾਨਾਂ ਦਾ ਪੀੜ੍ਹੀ ਦਰ ਪੀੜ੍ਹੀ ਖ਼ਾਨਦਾਨੀ ਇਤਿਹਾਸ) ਵਿੱਚ ਲਿਖਿਆ ਹੋਇਆ ਹੈ ਪਰ ਮੈਨੂੰ ਠੀਕ ਤਰ੍ਹਾਂ ਚੇਤੇ ਨਹੀਂ। ਮੇਰੇ ਦਾਦਾ ਜੀ ਹਿੰਦੁਸਤਾਨ ਵਿੱਚ ਪੈਦਾ ਨਹੀਂ ਹੋਏ ਸਨ। ਦਾਦੀਆਂ ਵੀ ਇਸੇ ਖ਼ਾਨਦਾਨ ਦੀਆਂ ਸਨ ਪਰ ਇੱਕ ਨਿੱਕੀ ਭੈਣ ਕੁਆਰੀ ਸੀ। ਪਤਾ ਨਹੀਂ ਕਿਉਂ ਉਹ ਸ਼ੇਖਾਂ ਵਿੱਚ ਵਿਆਹ ਦਿੱਤੀ ਗਈ। ਸ਼ਾਇਦ ਮੇਰੀ ਅੰਮਾਂ ਦੇ ਦਾਦਾ ਜੀ ਨੇ ਮੇਰੇ ਦਾਦਾ ਜੀ ਉੱਤੇ ਕੋਈ ਜਾਦੂ ਕਰ ਦਿੱਤਾ ਸੀ ਕਿ ਉਨ੍ਹਾਂ ਆਪਣੀ ਭੈਣ, ਭੂਆ ਬਾਦਸ਼ਾਹੀ, ਦੇ ਕਹਿਣ ਮੁਤਾਬਕ ਕੁੰਜੜਾਂ-ਕਸਾਈਆਂ ਵਿੱਚ ਦੇ ਦਿੱਤੀ। ਆਪਣੇ ‘ਮਰਹੂਮ’ ਪਤੀ ਨੂੰ ਗਾਲ੍ਹਾਂ ਕੱਢਦੀ ਹੋਈ ਉਹ ਹਮੇਸ਼ਾਂ ਆਪਣੇ ਪਿਓ ਨੂੰ ਕਬਰ ਵਿੱਚ ਚੈਨ ਨਾ ਮਿਲਣ ਦੀਆਂ ਬਦਦੁਆਵਾਂ ਦਿੰਦੀ ਰਹਿੰਦੀ -ਜਿਸ ਨੇ ਚੁਗ਼ਤਾਈ ਖ਼ਾਨਦਾਨ ਦੀ ਮਿੱਟੀ ਪਲੀਤ ਕੀਤੀ ਸੀ।
ਮੇਰੀ ਭੂਆ ਜੀ ਦੇ ਤਿੰਨ ਭਰਾ ਸਨ। ਮੇਰੇ ਤਾਇਆ ਜੀ, ਮੇਰੇ ਅੱਬਾ ਮੀਆਂ ਤੇ ਮੇਰੇ ਚਾਚਾ ਜੀ- ਵੱਡੇ ਦੋਵੇਂ ਉਨ੍ਹਾਂ ਤੋਂ ਵੱਡੇ ਸਨ ਤੇ ਚਾਚਾ ਜੀ ਸਭ ਤੋਂ ਛੋਟੇ ਸਨ। ਤਿੰਨ ਭਰਾਵਾਂ ਦੀ ਇਹ ਲਾਡਲੀ ਭੈਣ ਸ਼ੁਰੂ ਤੋਂ ਹੀ ਨਖ਼ਰੈਲ ਤੇ ਤੇਜ਼ ਮਿਜਾਜ਼ ਸੀ। ਉਹ ਹਮੇਸ਼ਾਂ ਤਿੰਨਾਂ ਉੱਤੇ ਰੋਅਬ ਮਾਰਦੀ ਰਹਿੰਦੀ ਤੇ ਮੋਹ ਲੈਂਦੀ ਰਹਿੰਦੀ। ਬਿਲਕੁਲ ਮੁੰਡਿਆਂ ਵਾਂਗ ਹੀ ਪਲੀ- ਘੋੜਸਵਾਰੀ, ਤੀਰਅੰਦਾਜ਼ੀ ਤੇ ਤਲਵਾਰ ਚਲਾਉਣ ਦੀ ਵੀ ਖ਼ਾਸੀ ਮਾਹਿਰ ਸੀ। ਉਂਜ ਤਾਂ ਫ਼ੈਲ-ਫ਼ੈਲ ਕੇ ਢੋਲ ਹੋਈ ਹੋਈ ਸੀ ਪਰ ਪਹਿਲਵਾਨਾਂ ਵਾਂਗ ਹਿੱਕ ਤਾਣ ਕੇ ਤੁਰਦੀ ਸੀ।
ਅੱਬਾ ਮਜ਼ਾਕ ਵਿੱਚ ਅੰਮਾਂ ਨੂੰ ਛੇੜਦੇ, ‘‘ਬੇਗ਼ਮ, ਬਾਦਸ਼ਾਹੀ ਨਾਲ ਘੁਲਣਾ ਈ?’’
‘‘ਅਜੀ ਤੌਬਾ ਮੇਰੀ।’’ ਆਲਮ-ਫ਼ਾਜ਼ਲ ਪਿਓ ਦੀ ਧੀ, ਮੇਰੀ ਅੰਮਾਂ ਕੰਨਾਂ ’ਤੇ ਹੱਥ ਧਰ ਕੇ ਕਹਿੰਦੀ ਪਰ ਉਹ ਮੇਰੇ ਛੋਟੇ ਭਰਾ ਦੇ ਹੱਥ ਤੁਰੰਤ ਭੂਆ ਨੂੰ ਚੈਲੇਂਜ ਭੇਜ ਦਿੰਦੇ।
‘‘ਭੂਆ ਜੀ, ਸਾਡੀ ਅੰਮਾਂ ਨਾਲ ਘੁਲੋਂਗੇ?’’
‘‘ਹਾਂ, ਹਾਂ। ਬੁਲਾ ਆਪਣੀ ਮਾਂ ਨੂੰ। ਆ ਜਾਏ ਹਿੱਕ ਠੋਕ ਕੇ। ਤਾਕ ਦਾ ਉੱਲੂ ਨਾ ਬਣਾ ਦਿੱਤੀ ਤਾਂ ਮਿਰਜ਼ਾ ਕਰੀਮ ਬੇਗ਼ ਦੀ ਔਲਾਦ ਨਹੀਂ। ਅਸਲੀ ਪਿਓ ਦਾ ਏ ਤਾਂ ਬੁਲਾ-ਬੁਲਾ, ਬੁਲਾ ਆਵਦੀ ਮਾਂ ਨੂੰ…’’ ਤੇ ਮੇਰੀ ਅੰਮਾਂ ਆਪਣਾ ਲਖ਼ਨਊ ਦਾ ਖੁੱਲ੍ਹੇ ਪੌਂਹਚਿਆਂ ਵਾਲਾ ਪਾਜਾਮਾ ਸਮੇਟ ਕੇ ਕੋਨੇ ਵਿੱਚ ਜਾ ਲੁਕਦੀ।
‘‘ਭੂਆ ਬਾਦਸ਼ਾਹੀ, ਦਾਦਾ ਮੀਆਂ ਗੰਵਾਰ ਸੀ ਨਾ? ਵੱਡੇ ਨਾਨਾ ਜਾਨ ਉਨ੍ਹਾਂ ਨੂੰ ਆਮਦਨਾਮਾ ਪੜ੍ਹਾਉਂਦੇ ਹੁੰਦੇ ਸਨ।’’ ਸਾਡੇ ਪੜਨਾਨੇ ਦੇ ਦਾਦਾ ਜਾਨ ਨੇ ਕਦੇ ਦਾਦਾ ਮੀਆਂ ਨੂੰ ਕੁਝ ਪੜ੍ਹਾ ਦਿੱਤਾ ਹੋਵੇਗਾ। ਅੱਬਾ ਮੀਆਂ ਛੇੜਨ ਖ਼ਾਤਰ ਗੱਲ ਨੂੰ ਤੋੜ-ਮਰੋੜ ਕੇ ਕਹਿੰਦੇ।
‘‘ਓਏ ਉਹ ਮਿੱਟੀ ਦਾ ਮਾਧੋ ਮੇਰੇ ਅੱਬਾ ਨੂੰ ਕੀ ਪੜ੍ਹਾਉਂਦਾ… ਮਜਾਵਰ (ਕਬਰਾਂ ਦਾ ਰਾਖਾ) ਕਿਤੋਂ ਦਾ, ਸਾਡੇ ਟੁੱਕੜਾਂ ’ਤੇ ਪਲਦਾ ਸੀ।’’ ਇਹ ਸਲੀਮ ਚਿਸ਼ਤੀ ਤੇ ਅਕਬਰ ਬਾਦਸ਼ਾਹ ਦੇ ਰਿਸ਼ਤੇ ਨਾਲ ਹਿਸਾਬ ਲਾਇਆ ਜਾਂਦਾ ਸੀ। ਅਸੀਂ ਲੋਕ ਯਾਨੀ ਚੁਗ਼ਤਾਈ ਅਕਬਰ ਬਾਦਸ਼ਾਹ ਦੇ ਖ਼ਾਨਦਾਨ ’ਚੋਂ ਸੀ ਜਿਨ੍ਹਾਂ ਮੇਰੇ ਨਾਨਕਿਆਂ ਦੇ ਸਲੀਮ ਚਿਸ਼ਤੀ ਨੂੰ ਪੀਰੋ-ਮੁਰਸ਼ਦ ਕਿਹਾ ਸੀ। ਪਰ ਭੂਆ ਕਹਿੰਦੀ ਸੀ, ‘‘ਸੁਆਹ ਸੀ ਪੀਰੋ-ਮੁਰਸ਼ਦ- ਮਜਾਵਰ ਸੀ, ਮਜਾਵਰ।’’
ਤਿੰਨ ਭਰਾ ਸਨ ਪਰ ਤਿੰਨਾਂ ਨਾਲ ਲੜਾਈ ਹੋ ਚੁੱਕੀ ਸੀ। ਤੇ ਜਦੋਂ ਉਹ ਹਿਰਖ ਜਾਂਦੀ ਤਿੰਨਾਂ ਦੀਆਂ ਪੜਤਾਂ ਲਾਹ ਸੁੱਟਦੀ। ਵੱਡੇ ਭਰਾ ਬੜੇ ਅੱਲ੍ਹਾ ਵਾਲੇ ਸਨ, ਉਨ੍ਹਾਂ ਨੂੰ ਨਫ਼ਰਤ ਨਾਲ ਫ਼ਕੀਰ ਤੇ ਮੰਗਤਾ ਕਹਿੰਦੀ। ਸਾਡੇ ਅੱਬਾ ਗੌਰਮਿੰਟ ਸਰਵਿਸ ਵਿੱਚ ਸਨ, ਉਨ੍ਹਾਂ ਨੂੰ ਗੱਦਾਰ ਤੇ ਅੰਗਰੇਜ਼ਾਂ ਦਾ ਗ਼ੁਲਾਮ ਦੱਸਦੀ। ਕਿਉਂਕਿ ਮੁਗ਼ਲਸ਼ਾਹੀ ਅੰਗਰੇਜ਼ਾਂ ਨੇ ਖ਼ਤਮ ਕਰ ਦਿੱਤੀ ਵਰਨਾ ਅੱਜ ‘ਮਰਨ ਵਾਲੇ’ ਪਤਲੀ ਦਾਲ ਖਾਣ ਵਾਲੇ ਜੁਲਾਹੇ ਯਾਨੀ ਮੇਰੇ ਫੁੱਫੜ ਦੀ ਬਜਾਏ ਉਹ ਲਾਲ ਕਿਲ੍ਹੇ ਵਿੱਚ ਜ਼ੇਬਅਲਨਿਸਾ ਵਾਂਗ ਅਰਕ ਗ਼ੁਲਾਬ ਵਿੱਚ ਗ਼ੁਸਲ ਫਰਮਾਅ ਕੇ (ਨਹਾ ਕੇ) ਕਿਸੇ ਮੁਲਕ ਦੇ ਸ਼ਹਿਜ਼ਾਦੇ ਦੀ ਮਲਿਕਾ ਬਣੀ ਬੈਠੀ ਹੁੰਦੀ। ਤੀਜੇ ਯਾਨੀ ਚਾਚਾ ਵੱਡੇ ਦਸ ਨੰਬਰੀ ਬਦਮਾਸ਼ਾਂ ਵਿੱਚੋਂ ਸਨ ਤੇ ਸਿਪਾਹੀ ਡਰਦਾ-ਡਰਦਾ ਮੈਜਿਸਟਰੇਟ ਦੇ ਘਰ ਉਨ੍ਹਾਂ ਦੀ ਹਾਜ਼ਰੀ ਲੈਣ ਆਉਂਦਾ ਹੁੰਦਾ ਸੀ। ਉਨ੍ਹਾਂ ਕਈ ਕਤਲ ਕੀਤੇ ਸਨ, ਡਾਕੇ ਮਾਰੇ ਸਨ। ਸ਼ਰਾਬ ਤੇ ਸ਼ਬਾਬ ਦੇ ਮਾਮਲੇ ਵਿੱਚ ਆਪਣੀ ਮਿਸਾਲ ਆਪ ਸਨ। ਉਹ ਉਨ੍ਹਾਂ ਨੂੰ ਡਾਕੂ ਕਹਿੰਦੀ ਹੁੰਦੀ ਸੀ ਜਿਹੜਾ ਉਨ੍ਹਾਂ ਦੇ ਕਰੀਅਰ ਨੂੰ ਦੇਖਦਿਆਂ ਹੋਇਆਂ ਉੱਕਾ ਹੀ ਫੁਸਫੁਸਾ ਜਿਹਾ ਸ਼ਬਦ ਜਾਪਦਾ ਸੀ।
ਪਰ ਜਦੋਂ ਉਹ ਆਪਣੇ ‘ਮਰਹੂਮ’ ਪਤੀ ਨਾਲ ਭਿੜ ਜਾਂਦੀ ਤਾਂ ਅਕਸਰ ਕਹਿੰਦੀ, ‘‘ਸਿਰ ਸੜਿਆ, ਕੱਢੀ-ਵੱਢੀ ਜਾਂ ਲਾਵਾਰਿਸ ਨਈਂ ਮੈਂ… ਤਿੰਨ-ਤਿੰਨ ਭਰਾਵਾਂ ਦੀ ਇਕੱਲੀ ਭੈਣ ਹਾਂ। ਉਨ੍ਹਾਂ ਨੂੰ ਪਤਾ ਲੱਗ ਗਿਆ ਤਾਂ ਦੁਨੀਆਂ ਜਹਾਨ ਦਾ ਨਹੀਂ ਰਹਿਣਾ। ਹੋਰ ਕੁਝ ਨਈਂ। ਜੇ ਛੋਟੇ ਨੇ ਸੁਣ ਲਿਆ ਤਾਂ ਇੱਕੋ ਪਲ ’ਚ ਆਂਦਰਾਂ ਬਾਹਰ ਕੱਢ ਕੇ ਹੱਥ ’ਚ ਫੜਾ ਦੇਵੇਗਾ- ਡਾਕੂ ਹੈ ਡਾਕੂ। ਉਸ ਤੋਂ ਬਚ ਗਿਆ ਤਾਂ ਵਿਚਾਲੜਾ ਮੈਜਿਸਟਰੇਟ ਤੈਨੂੰ ਜੇਲ ’ਚ ਹੀ ਸਾੜ ਦੇਊ ਤੇ ਸਾਰੀ ਉਮਰ ਚੱਕੀ ਪਿਸਵਾਊ। ਜੇ ਉਸ ਤੋਂ ਵੀ ਬਚ ਗਿਆ ਤਾਂ ਵੱਡਾ ਜਿਹੜਾ ਅੱਲ੍ਹਾ ਵਾਲਾ ਏ, ਤੇਰੀ ਮਿੱਟੀ ਪਲੀਤ ਕਰ ਦੇਊ। ਦੇਖ ਮੁਗ਼ਲ ਬੱਚੀ ਹਾਂ ਤੇਰੀ ਅੰਮਾਂ ਵਾਂਗ ਸ਼ੇਖਾਨੀ-ਫ਼ੇਖਾਨੀ ਨਈਂ।’’ ਪਰ ਮੇਰੇ ਫੁੱਫੜ ਜੀ ਚੰਗੀ ਤਰ੍ਹਾਂ ਜਾਣਦੇ ਸਨ ਤਿੰਨੇ ਭਰਾ ਉਨ੍ਹਾਂ ਉੱਤੇ ਹੀ ਤਰਸ ਖਾਂਦੇ ਹਨ ਤੇ ਉਹ ਬੈਠੇ ਮੁਸਕਰਾਉਂਦੇ ਰਹਿੰਦੇ। ਉਹੀ ਮਿੱਠੀ-ਮਿੱਠੀ ਜ਼ਹਿਰੀਲੀ ਮੁਸਕਾਨ ਜਿਸ ਸਦਕਾ ਮੇਰੇ ਨਾਨਕਿਆਂ ਵਾਲੇ ਮੇਰੇ ਦਾਦਕਿਆਂ ਵਾਲਿਆਂ ਨੂੰ ਵਰ੍ਹਿਆਂ ਤੋਂ ਸਾੜ ਰਹੇ ਹਨ।
ਹਰ ਈਦ ਬਕਰੀਦ ਨੂੰ ਮੇਰੇ ਅੱਬਾ ਮੀਆਂ ਬੇਟਿਆਂ ਨੂੰ ਨਾਲ ਲੈ ਕੇ ਈਦਗਾਹ ’ਚੋਂ ਸਿੱਧੇ ਭੂਆ ਅੰਮਾਂ ਦੇ ਘਰ ਮਿਹਣੇ, ਗਾਲ੍ਹਾਂ ਤੇ ਬਦਦੁਆਵਾਂ ਸੁਣਨ ਜਾਂਦੇ ਹੁੰਦੇ ਹਨ। ਉਹ ਫ਼ੌਰਨ ਪਰਦਾ ਕਰ ਲੈਂਦੀ ਹੈ ਤੇ ਕੋਠੜੀ ਵਿੱਚੋਂ ਮੇਰੀ ਜਾਦੂਗਰਨੀ ਮਾਂ ਤੇ ਡਾਕੂ ਮਾਮੂ ਨੂੰ ਸਿਲਵਤਾਂ ਸੁਣਾਉਣ ਲੱਗ ਪੈਂਦੀ ਹੈ। ਨੌਕਰ ਨੂੰ ਬੁਲਾ ਕੇ ਸੈਵੀਆਂ ਭੇਜਦੀ ਹੈ ਪਰ ਇਹ ਕਹਿ ਕੇ ‘‘ਗੁਆਂਢਣ ਨੇ ਭੇਜੀਆਂ ਨੇ।’’
‘‘ਇਨ੍ਹਾਂ ਵਿੱਚ ਜ਼ਹਿਰ ਤਾਂ ਨਹੀਂ ਮਿਲਾਇਆ ਹੋਇਆ?’’ ਅੱਬਾ ਛੇੜਨ ਖ਼ਾਤਰ ਕਹਿੰਦੇ। ਤੇ ਮੇਰੇ ਨਾਨਕੇ ਪੁਣ ਸੁੱਟੇ ਜਾਂਦੇ। ਸੈਵੀਆਂ ਖਾ ਕੇ ਅੱਬਾ ਈਦੀ ਦਿੰਦੇ, ਜਿਹੜੀ ਉਹ ਫ਼ੌਰਨ ਜ਼ਮੀਨ ਉੱਤੇ ਸੁੱਟ ਦਿੰਦੀ ਤੇ ਕਹਿੰਦੀ, ‘‘ਆਪਣੇ ਸਾਲਿਆਂ ਨੂੰ ਦੇ। ਉਹੀ ਤੇਰੀਆਂ ਰੋਟੀਆਂ ’ਤੇ ਪਲੇ ਨੇ।’’ ਅੱਬਾ ਚੁੱਪਚਾਪ ਤੁਰ ਆਉਂਦੇ ਤੇ ਉਹ ਜਾਣਦੇ ਸਨ ਕਿ ਭੂਆ ਬਾਦਸ਼ਾਹੀ ਉਹ ਰੁਪਏ ਘੰਟਿਆਂ ਬੱਧੀ ਅੱਖਾਂ ਨੂੰ ਛੁਹਾਉਂਦੀ ਤੇ ਰੋਂਦੀ ਰਹੇਗੀ ਤੇ ਭਤੀਜਿਆਂ ਨੂੰ ਓਹਲੇ ਵਿੱਚ ਬੁਲਾ ਕੇ ਈਦੀ ਦੇਵੇਗੀ।
‘‘…ਜੇ ਅੰਮਾਂ-ਅੱਬਾ ਨੂੰ ਦੱਸਿਆ ਤਾਂ ਬੋਟੀਆਂ ਕਰ ਕੇ ਕੁੱਤਿਆਂ ਨੂੰ ਖੁਆ ਦੇਵਾਂਗੀ।’’ ਅੰਮਾਂ ਅੱਬਾ ਨੂੰ ਪਤਾ ਹੁੰਦਾ ਸੀ ਕਿ ਮੁੰਡਿਆਂ ਨੂੰ ਕਿੰਨੀ ਈਦੀ ਮਿਲੀ ਹੋਵੇਗੀ। ਜੇ ਕਿਸੇ ਈਦ ’ਤੇ ਕਿਸੇ ਕਾਰਨ ਅੱਬਾ ਮੀਆਂ ਨਾ ਜਾ ਸਕਦੇ, ਸੁਨੇਹੇ ’ਤੇ ਸੁਨੇਹਾ ਆਉਂਦਾ, ‘‘ਨੁਸਰਤ ਖ਼ਾਨਮ ਬੇਵਾ ਹੋ ਗਈ ਹੈ, ਚਲੋ ਚੰਗਾ ਹੋਇਆ। ਮੇਰਾ ਕਾਲਜਾ ਠੰਢਾ ਹੋ ਗਿਆ।’’ ਬੜੇ-ਬੜੇ ਚੰਦਰੇ ਸੁਨੇਹੇ ਸ਼ਾਮ ਤਕ ਆਉਂਦੇ ਰਹਿੰਦੇ ਤੇ ਫਿਰ ਉਹ ਆਪ ਰਹਿਮਾਨ ਭਾਈ ਦੇ ਕੋਠੇ ਉੱਤੋਂ ਗਾਲ੍ਹਾਂ ਦੀ ਵਾਛੜ ਕਰਨ ਆ ਬੈਠਦੀ।
ਇੱਕ ਦਿਨ ਈਦ ਦੀਆਂ ਸੈਵੀਆਂ ਖਾਂਦਿਆਂ ਗਰਮੀ ਕਾਰਨ ਜੀਅ ਮਿਚਲਾਉਣ ਲੱਗਾ, ਅੱਬਾ ਮੀਆਂ ਨੂੰ ਉਲਟੀ ਆ ਗਈ।
‘‘ਲੈ ਬਾਦਸ਼ਾਹੀ ਖ਼ਾਨਮ, ਕਿਹਾ ਸੁਣਿਆ ਮੁਆਫ਼ ਕਰੀਂ- ਆਪਾਂ ਤਾਂ ਚੱਲੇ।’’ ਅੱਬਾ ਮੀਆਂ ਨੇ ਕਰਾਹ ਕੇ ਆਵਾਜ਼ ਲਾਈ ਤੇ ਭੂਆ ਝਟਪਟ ਪਰਦਾ ਸੁੱਟ ਕੇ ਛਾਤੀ ਪਿੱਟਦੀ ਹੋਈ ਨਿਕਲ ਆਈ। ਅੱਬਾ ਨੂੰ ਸ਼ਰਾਰਤ ਨਾਲ ਹੱਸਦਿਆਂ ਦੇਖ ਕੇ ਓਨ੍ਹੀਂ ਪੈਰੀਂ ਗਾਲ੍ਹਾਂ ਕੱਢਦੀ ਹੋਈ ਵਾਪਸ ਚਲੀ ਗਈ।
‘‘ਤੂੰ ਆ ਗਈ ਬਾਦਸ਼ਾਹੀ ਤਾਂ ਮੌਤ ਮਲਕੁਲ ਵੀ ਘਬਰਾਅ ਕੇ ਨੱਠ ਗਈ। ਵਰਨਾ ਆਪਾਂ ਤਾਂ ਅੱਜ ਖ਼ਤਮ ਹੀ ਹੋ ਜਾਂਦੇ।’’ ਅੱਬਾ ਨੇ ਕਿਹਾ। ਬਿੱਛੂ ਭੂਆ ਨੇ ਕਿੱਡੀਆਂ-ਕਿੱਡੀਆਂ ਗਾਲ੍ਹਾਂ ਕੱਢੀਆਂ, ਉਨ੍ਹਾਂ ਨੂੰ ਖ਼ਤਰੇ ’ਚੋਂ ਬਾਹਰ ਦੇਖ ਕੇ।
‘‘ਅੱਲ੍ਹਾ ਨੇ ਚਾਹਿਆ ਤਾਂ ਬਿਜਲੀ ਡਿੱਗੇਗੀ। ਨਾਲੀ ਵਿੱਚ ਡਿੱਗ ਕੇ ਦਮ ਤੋੜੋਗੇ। ਕੋਈ ਮਈਅਤ ਨੂੰ ਮੋਢਾ ਦੇਣ ਵਾਲਾ ਨਹੀਂ ਰਹਿਣਾ।’’ ਤੇ ਅੱਬਾ ਨੇ ਚਿੜਾਉਣ ਵਾਸਤੇ ਉਹਨੂੰ ਦੋ ਰੁਪਏ ਭੇਜ ਦਿੱਤੇ ਸੀ।
‘‘ਬਈ ਸਾਡੀ ਖ਼ਾਨਦਾਨੀ ਡੂਮਣੀ ਸਿੱਠਣੀਆਂ ਦੇਵੇ ਤਾਂ ਉਹਨੂੰ ਬੇਲ ਤਾਂ ਮਿਲਣੀ ਹੀ ਚਾਹੀਦੀ ਹੈ ਨਾ।’’ ਤੇ ਭੂਆ ਬੌਂਦਲੀ-ਬੰਦਲਾਈ ਤੈਸ਼ ਵਿੱਚ ਕਹਿ ਜਾਂਦੀ, ‘‘ਬੇਲ ਦੇ ਆਪਣੀ ਮਾਂ-ਭੈਣ ਨੂੰ।’’ ਤੇ ਫਿਰ ਫ਼ੌਰਨ ਆਪਣਾ ਮੂੰਹ ਪਿੱਟ ਲੈਂਦੀ। ਖ਼ੁਦ ਹੀ ਕਹਿੰਦੀ, ‘‘ਐ ਬਾਦਸ਼ਾਹੀ ਬੰਦੀ, ਤੇਰੇ ਮੂੰਹ ਕਾਲਖ਼ ਲੱਗੇ। ਆਪਣੀ ਮਈਅਤ ਆਪ ਪਿੱਟ ਰਹੀ ਹੈਂ।’’ ਭੂਆ ਨੂੰ ਅਸਲ ਵਿੱਚ ਭਰਾ ਨਾਲ ਹੀ ਖਹਿ ਸੀ। ਬਸ ਉਨ੍ਹਾਂ ਦੇ ਨਾਂ ’ਤੇ ਹੀ ਚਿਹ-ਚੜ੍ਹ ਜਾਂਦੀ। ਉਂਜ ਕਦੇ ਅੱਬਾ ਦੇ ਬਿਨਾਂ ਅੰਮਾਂ ਨਜ਼ਰ ਆ ਜਾਂਦੀ ਤਾਂ ਗਲ਼ ਲਾ ਕੇ ਪਿਆਰ ਕਰਦੀ। ਪਿਆਰ ਨਾਲ ‘‘ਨੱਛੋ ਨੱਛੋ’’ ਕਹਿੰਦੀ। ਪੁੱਛਦੀ, ‘‘ਬੱਚੇ ਤਾਂ ਠੀਕ-ਠਾਕ ਐ ਨਾ!’’ ਉਹ ਬਿਲਕੁਲ ਭੁੱਲ ਜਾਂਦੀ ਕਿ ਇਹ ਬੱਚੇ ਉਸੇ ਭਰਾ ਦੇ ਹਨ ਜਿਸ ਨੂੰ ਉਹ ਸ਼ੁਰੂ ਤੋਂ ਅੰਤ ਤਕ ਸਿਲਵਤਾਂ ਸੁਣਾਉਂਦੀ ਰਹੇਗੀ। ਅੰਮਾਂ ਉਨ੍ਹਾਂ ਦੀ ਭਤੀਜੀ ਵੀ ਸੀ- ਬਈ ਕਿੰਨਾ ਘਪਲਾ ਸੀ ਮੇਰੇ ਦਾਦਕਿਆਂ, ਨਾਨਕਿਆਂ ਵਿਚਕਾਰ! ਇੱਕ ਰਿਸ਼ਤੇ ਨਾਲ ਮੈਂ ਆਪਣੀ ਅੰਮਾਂ ਦੀ ਭੈਣ ਵੀ ਲੱਗਦੀ ਸਾਂ। ਇਸ ਤਰ੍ਹਾਂ ਮੇਰੇ ਅੱਬਾ ਮੇਰੇ ਦੂਲਹਾ ਭਾਈ ਹੋ ਗਏ ਨਾ! ਮੇਰੇ ਦਾਦਕਿਆਂ ਨੂੰ ਨਾਨਕਿਆਂ ਵਾਲਿਆਂ ਨੇ ਕਿਹੜੇ-ਕਿਹੜੇ ਗ਼ਮ ਨਹੀਂ ਦਿੱਤੇ! ਗ਼ਜ਼ਬ ਤਾਂ ਉਦੋਂ ਹੋਇਆ ਜਦੋਂ ਮੇਰੀ ਭੂਆ ਦੀ ਧੀ ਮੁਸੱਰਤ ਖ਼ਾਨਮ ਮੇਰੇ ਮਾਮੂ ਨੂੰ ਦਿਲ ਦੇ ਬੈਠੀ।
ਹੋਇਆ ਇਹ ਕਿ ਮੇਰੇ ਮਾਮੂ ਦੀ ਦਾਦੀ, ਯਾਨੀ ਅੱਬਾ ਦੀ ਭੂਆ ਜਦੋਂ ਸਾਹਾਂ ’ਤੇ ਆ ਗਈ ਤਾਂ ਦੋਵਾਂ ਪਾਸਿਆਂ ਦੇ ਲੋਕ ਪਤਾ ਲੈਣ ਲਈ ਪਹੁੰਚ ਗਏ। ਮੇਰੇ ਮਾਮੂ ਵੀ ਆਪਣੀ ਦਾਦੀ ਨੂੰ ਦੇਖਣ ਗਏ। ਮੁਸੱਰਤ ਖ਼ਾਨਮ ਵੀ ਆਪਣੀ ਅੰਮਾਂ ਨਾਲ ਉਨ੍ਹਾਂ ਦੀ ਭੂਆ ਨੂੰ ਦੇਖਣ ਆਈ। ਬਾਦਸ਼ਾਹੀ ਭੂਆ ਨੂੰ ਕਿਸੇ ਦਾ ਡਰ-ਭੈਅ ਤਾਂ ਹੈ ਨਹੀਂ ਸੀ ਕਿ ਮੇਰੇ ਨਾਨਕਿਆਂ ਪ੍ਰਤੀ ਆਪਣੀ ਔਲਾਦ ਦੇ ਮਨ ਵਿੱਚ ਵੀ ਤਸੱਲੀਬਖ਼ਸ਼ ਨਫ਼ਰਤ ਭਰਦੀ। ਨਾਲੇ ਪੰਦਰਾਂ ਵਰ੍ਹਿਆਂ ਦੀ ਮੁਸੱਰਤ ਖ਼ਾਨਮ ਦਾ ਅਜੇ ਆਪਣਾ ਹੋਰ ਹੈ ਹੀ ਕੌਣ ਸੀ। ਅੰਮਾਂ ਦੀ ਵੱਖੀ ਨਾਲ ਲੱਗ ਕੇ ਸੌਂਦੀ, ਦੁੱਧ ਪੀਂਦੀ ਬੱਚੀ ਲੱਗਦੀ ਸੀ।
ਫਿਰ ਜਦੋਂ ਮੇਰੇ ਮਾਮੂ ਨੇ ਆਪਣੀਆਂ ਨੀਲੀਆਂ ਅੱਖਾਂ ਨਾਲ ਮੁਸੱਰਤ ਜਹਾਂ ਦੇ ਲਚਕਦਾਰ ਵਜੂਦ ਨੂੰ ਦੇਖਿਆ ਤਾਂ ਉਹ ਥਾਵੇਂ ਸਿਲ-ਪੱਥਰ ਹੋ ਗਈ।
ਸਾਰਾ ਦਿਨ ਟਹਿਲ ਸੇਵਾ ਕਰ ਕੇ ਵੱਡੇ ਬਜ਼ੁਰਗ ਥੱਕੇ-ਹਾਰੇ ਸੌਂ ਜਾਂਦੇ ਤਾਂ ਇਹ ਆਗਿਆਕਾਰੀ ਬੱਚੇ ਸਿਰਹਾਣੇ ਬੈਠੇ, ਮਰੀਜ਼ ਉੱਤੇ ਘੱਟ, ਇੱਕ-ਦੂਜੇ ਉੱਤੇ ਵਧੇਰੇ ਨਿਗਾਹ ਰੱਖਦੇ। ਜਦੋਂ ਮੁਸੱਰਤ ਜਹਾਂ ਬਰਫ਼ ਦੇ ਪਾਣੀ ਵਿੱਚ ਭਿੱਜੀ ਪੱਟੀ ਵੱਡੀ ਬੀ ਦੇ ਮੱਥੇ ਉੱਤੇ ਬਦਲਣ ਲਈ ਹੱਥ ਵਧਾਉਂਦੀ ਤਾਂ ਜਫ਼ਰ ਮਾਮੂ ਦਾ ਹੱਥ ਉੱਥੇ ਪਹਿਲਾਂ ਮੌਜੂਦ ਹੁੰਦਾ।
ਦੂਜੇ ਦਿਨ ਵੱਡੀ ਬੀ ਨੇ ਪਟਕ ਕਰ ਕੇ ਅੱਖਾਂ ਖੋਲ੍ਹ ਲਈਆਂ। ਕੰਬਦੀ-ਕੰਬਦੀ ਗਾਊ ਤਕੀਏ ਦੇ ਸਹਾਰੇ ਉੱਠ ਬੈਠੀ ਹੋਈ ਤੇ ਉੱਠਦਿਆਂ ਹੀ ਸਾਰੇ ਖ਼ਾਨਦਾਨ ਦੇ ਜ਼ਿੰਮੇਵਾਰ ਲੋਕਾਂ ਨੂੰ ਤਲਬ ਕੀਤਾ। ਜਦੋਂ ਸਾਰੇ ਆ ਗਏ ਤਾਂ ਹੁਕਮ ਹੋਇਆ, ‘‘ਕਾਜ਼ੀ ਨੂੰ ਬੁਲਾਓ।’’
ਲੋਕ ਪ੍ਰੇਸ਼ਾਨ ਕਿ ਬੁੱਢੜੀ ਕਾਜ਼ੀ ਨੂੰ ਕਿਉਂ ਬੁਲਾ ਰਹੀ ਹੈ! ਕੀ ਆਖ਼ਰੀ ਵੇਲੇ ਸੁਹਾਗ ਰਚਾਏਗੀ? ਪਰ ਕਿਸੇ ਦੀ ਸਾਹ ਕੱਢਣ ਦੀ ਹਿੰਮਤ ਨਹੀਂ ਸੀ ਹੋਈ।
‘‘ਦੋਵਾਂ ਦਾ ਨਿਕਾਹ ਪੜ੍ਹਵਾਓ।’’ ਲੋਕ ਚਕਰਾ ਗਏ- ‘ਕਿਨ੍ਹਾਂ ਦੋਵਾਂ ਦਾ!’ ਪਰ ਏਧਰ ਮੁਸੱਰਤ ਜਹਾਂ ਪਟਕ ਕਰ ਕੇ ਬੇਹੋਸ਼ ਹੋ ਕੇ ਡਿੱਗੀ, ਉਧਰ ਜਫ਼ਰ ਮਾਮੂ ਬੌਂਦਲੇ ਜਿਹੇ ਬਾਹਰ ਵੱਲ ਤੁਰ ਚੱਲੇ- ਚੋਰ ਫੜੇ ਗਏ। ਨਿਕਾਹ ਹੋ ਗਿਆ। ਬਾਦਸ਼ਾਹੀ ਭੂਆ ਸਿਲ-ਪੱਥਰ ਹੋਈ ਵੇਖਦੀ ਰਹਿ ਗਈ।ਹਾਲਾਂਕਿ ਕੋਈ ਖ਼ਤਰਨਾਕ ਗੱਲ ਨਹੀਂ ਸੀ ਹੋਈ, ਦੋਵਾਂ ਨੇ ਸਿਰਫ਼ ਹੱਥ ਫੜੇ ਸਨ ਪਰ ਵੱਡੀ ਬੀ ਲਈ, ਬਸ ਇਹੀ ਹੱਦ ਸੀ। ਤੇ ਫਿਰ ਜਦੋਂ ਬਾਦਸ਼ਾਹੀ ਭੂਆ ਨੂੰ ਦੌਰਾ ਪਿਆ ਤਾਂ ਬਸ ਘੋੜੇ ਤੇ ਤਲਵਾਰ ਦੇ ਬਗ਼ੈਰ ਹੀ ਉਨ੍ਹਾਂ ਜਿਉਂਦਿਆਂ-ਮੋਇਆਂ ਦੀਆਂ ਲਾਸ਼ਾਂ ਵਿਛਾ ਦਿੱਤੀਆਂ। ਤੁਰੰਤ ਧੀ ਜਵਾਈ ਨੂੰ ਕੱਢ ਦਿੱਤਾ। ਮਜਬੂਰਨ ਅੱਬਾਂ ਮੀਆਂ ਦੂਹਲੇ-ਦੁਲਹਨ ਨੂੰ ਘਰ ਲੈ ਆਏ। ਅੰਮਾਂ ਤਾਂ ਚੰਨ ਵਰਗੀ ਭਾਬੀ ਨੂੰ ਵੇਖ ਕੇ ਨਿਹਾਲ ਹੋ ਗਈ, ਬੜੀ ਧੂਮਧਾਮ ਨਾਲ ਵਲਿਮਾ (ਦੂਹਲੇ ਵੱਲੋਂ ਦਿੱਤੀ ਗਈ ਦਾਅਵਤ) ਕੀਤਾ।
ਬਾਦਸ਼ਾਹੀ ਭੂਆ ਨੇ ਉਸ ਦਿਨ ਪਿੱਛੋਂ ਭੂਆ ਦਾ ਮੂੰਹ ਨਹੀਂ ਵੇਖਿਆ। ਭਾਈ ਤੋਂ ਪਰਦਾ ਕਰ ਲਿਆ। ਮੀਆਂ ਨਾਲ ਪਹਿਲਾਂ ਹੀ ਨਾਰਾਜ਼ ਸੀ। ਦੁਨੀਆਂ ਤੋਂ ਮੂੰਹ ਮੋੜ ਲਿਆ …ਤੇ ਇੱਕ ਜ਼ਹਿਰ ਸੀ ਜਿਹੜਾ ਉਨ੍ਹਾਂ ਦੇ ਦਿਲ ਦਿਮਾਗ਼ ਉੱਤੇ ਚੜ੍ਹਦਾ ਹੀ ਗਿਆ; ਜ਼ਿੰਦਗੀ ਸੱਪ ਦੇ ਫਨ ਵਾਂਗ ਡਸਣ ਲੱਗ ਪਈ।
‘‘ਬੁੱਢੜੀ ਨੇ ਪੋਤੇ ਲਈ ਮੇਰੀ ਬੱਚੀ ਨੂੰ ਫਾਹੁਣ ਲਈ ਮਕਰ ਕੀਤਾ ਸੀ।’’ ਉਹ ਹਰ ਵੇਲੇ ਇਹੀ ਕਹਿੰਦੀ ਕਿਉਂਕਿ ਵਾਕਈ ਉਹ ਇਸ ਪਿੱਛੋਂ ਵੀਹ ਸਾਲ ਜਿਉਂਦੀ ਰਹੀ। ਕੌਣ ਜਾਣੇ ਠੀਕ ਹੀ ਕਹਿੰਦੀ ਹੋਵੇ ਵਿਚਾਰੀ ਭੂਆ?
ਮਰਦੇ ਦਮ ਤਕ ਭੈਣ-ਭਰਾ ਵਿੱਚ ਸੁਲਾਹ ਨਹੀਂ ਸੀ ਹੋ ਸਕੀ। ਜਦੋਂ ਅੱਬਾ ਮੀਆਂ ’ਤੇ ਅਧਰੰਗ ਦਾ ਚੌਥਾ ਹਮਲਾ ਹੋਇਆ ਤੇ ਬਿਲਕੁਲ ਹੀ ਵਕਤ ਨੇੜੇ ਆ ਗਿਆ ਤਾਂ ਉਨ੍ਹਾਂ ਭੂਆ ਬਾਦਸ਼ਾਹੀ ਨੂੰ ਕਹਿ ਭੇਜਿਆ: ‘‘ਬਾਦਸ਼ਾਹੀ ਖ਼ਾਨਮ, ਮੇਰਾ ਆਖ਼ਰੀ ਵਕਤ ਆ ਗਿਆ ਹੈ, ਦਿਲ ਦਾ ਅਰਮਾਨ ਪੂਰਾ ਕਰਨਾ ਹੋਵੇ ਤਾਂ ਆ ਜਾ।’’
ਪਤਾ ਨਹੀਂ ਉਸ ਸੁਨੇਹੇ ਵਿੱਚ ਕਿਹੜਾ ਤੀਰ ਛੁਪਿਆ ਸੀ- ਭਰਾ ਨੇ ਮਾਰਿਆ ਤੇ ਭੈਣ ਦੇ ਦਿਲ ਦੇ ਪਾਰ ਹੋ ਗਿਆ। ਥੁਲਥੁਲ ਕਰਦੀ, ਰੋਂਦੀ ਪਿੱਟਦੀ, ਚਿੱਟੀ ਪਹਾੜੀ ਵਾਂਗ ਭੂਚਾਲ ਲਿਆਉਂਦੀ ਹੋਈ ਬਾਦਸ਼ਾਹੀ ਖ਼ਾਨਮ ਉਸ ਡਿਓੜੀ ਵਿੱਚ ਵੜ ਆਈ ਜਿਸ ਵਿੱਚ ਅੱਜ ਤਕ ਉਸ ਨੇ ਪੈਰ ਨਹੀਂ ਸੀ ਪਾਇਆ।
‘‘ਲੈ ਬਾਦਸ਼ਾਹੀ, ਤੇਰੀ ਦੁਆ ਪੂਰੀ ਹੋ ਰਹੀ ਹੈ।’’ ਅੱਬਾ ਮੀਆਂ ਤਕਲੀਫ਼ ਵਿੱਚ ਵੀ ਮੁਸਕਰਾ ਰਹੇ ਸਨ। ਉਨ੍ਹਾਂ ਦੀਆਂ ਅੱਖਾਂ ਅਜੇ ਵੀ ਜਵਾਨ ਸਨ। ਭੂਆ ਬਾਦਸ਼ਾਹੀ ਬਾਵਜੂਦ ਸਫ਼ੈਦ ਵਾਲਾਂ ਦੇ ਉਹੀ ਮੁੰਨੀ ਜਿਹੀ ਲੱਗ ਰਹੀ ਸੀ ਜਿਹੜੀ ਬਚਪਨ ਵਿੱਚ ਭਰਾਵਾਂ ਤੋਂ ਮਚਲ-ਮਚਲ ਕੇ ਆਪਣੀ ਜ਼ਿੱਦ ਮੰਨਵਾਉਂਦੀ ਹੁੰਦੀ ਸੀ। ਉਹਦੀਆਂ ਸ਼ੇਰ ਵਰਗੀਆਂ ਖਰਾਂਟ ਅੱਖਾਂ, ਇੱਕ ਮੇਮਣੇ ਦੀਆਂ ਮਾਸੂਮ ਅੱਖਾਂ ਵਾਂਗ ਸਹਿਮੀਆਂ ਹੋਈਆਂ ਸਨ। ਵੱਡੇ-ਵੱਡੇ ਅੱਥਰੂ ਉਨ੍ਹਾਂ ਦੀਆਂ ਸੰਗਮਰਮਰ ਜਿਹੀਆਂ ਚਟਾਨੀ ਗੱਲ੍ਹਾਂ ਉੱਤੋਂ ਵਹਿ ਰਹੇ ਸਨ।
‘‘ਮੈਨੂੰ ਉਲਾਂਭੇ ਦੇ, ਮਿਹਣੇ ਮਾਰ, ਬਦਦੁਆਵਾਂ ਦੇ ਬਿੱਛੂ ਬੀ।’’ ਅੱਬਾ ਨੇ ਪਿਆਰ ਨਾਲ ਕਿਹਾ। ਮੇਰੀ ਮਾਂ ਨੇ ਸਿਸਕਦਿਆਂ ਹੋਇਆਂ ਬਾਦਸ਼ਾਹੀ ਖ਼ਾਨਮ ਤੋਂ ਕੋਸਨਿਆਂ (ਬਦ-ਦੁਆਵਾਂ, ਤਾਅਨੇ-ਮਿਹਣਿਆਂ) ਦੀ ਭੀਖ ਮੰਗੀ।
‘‘ਯਾਅੱਲ੍ਹਾ… ਯਾਅੱਲ੍ਹਾ…’’ ਉਨ੍ਹਾਂ ਗਰਜਣਾ ਚਾਹਿਆ ਪਰ ਆਵਾਜ਼ ਕੰਬ ਕੇ ਰਹਿ ਗਈ। ‘‘ਯਾ… ਯਾਅੱਲ੍ਹਾ… ਮੇਰੀ ਉਮਰ ਮੇਰੇ ਭਰਾ ਨੂੰ ਦੇ-ਦੇ… ਯਾਮੌਲਾ… ਆਪਣੇ ਰਸੂਲ ਦਾ ਸਦਕਾ…’’ ਉਹ ਉਸ ਬੱਚੇ ਵਾਂਗ ਘਬਰਾ ਕੇ ਰੋਣ ਲੱਗ ਪਈ ਜਿਸ ਨੂੰ ਸਬਕ ਯਾਦ ਨਾ ਰਿਹਾ ਹੋਵੇ।
ਸਾਰਿਆਂ ਦੇ ਰੰਗ ਫੱਕ ਹੋ ਗਏ। ਅੰਮਾਂ ਦੇ ਪੈਰਾਂ ਦਾ ਸਾਹ-ਸਤ ਨਿਕਲ ਗਿਆ। ਯਾ-ਖ਼ੁਦਾ! ਅੱਜ ਬਿੱਛੂ ਭੂਆ ਦੇ ਮੂੰਹੋਂ ਇੱਕ ਭਾਈ ਲਈ ਇੱਕ ਕੋਸਨਾਂ ਕਢਵਾ ਦੇ।
ਸਿਰਫ਼ ਅੱਬਾ ਮੀਆਂ ਮੁਸਕਰਾ ਰਹੇ ਸਨ ਜਿਵੇਂ ਉਸ ਦੇ ਕੋਸਨੇ ਸੁਣ ਕੇ ਮੁਸਕਰਾਉਂਦੇ ਹੁੰਦੇ ਸਨ।
ਸੱਚ ਹੈ, ਭੈਣ ਦੇ ਕੋਸਨੇ ਭਰਾ ਨੂੰ ਨਹੀਂ ਲੱਗਦੇ। ਉਹ ਮਾਂ ਦੇ ਦੁੱਧ ਵਿੱਚ ਧੋਤੇ ਹੁੰਦੇ ਹਨ।
(ਅਨੁਵਾਦ: ਮਹਿੰਦਰ ਬੇਦੀ, ਜੈਤੋ)

  • ਮੁੱਖ ਪੰਨਾ : ਇਸਮਤ ਚੁਗ਼ਤਾਈ : ਕਹਾਣੀਆਂ ਪੰਜਾਬੀ ਵਿਚ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ