Buddhe Da Bhoot (Bangla Story in Punjabi) : Rabindranath Tagore

ਬੁੱਢੇ ਦਾ ਭੂਤ (ਬੰਗਾਲੀ ਕਹਾਣੀ) : ਰਾਬਿੰਦਰਨਾਥ ਟੈਗੋਰ

ਜਦੋਂ ਵਡੇਰੀ ਉਮਰ ਵਾਲਾ ਆਪ-ਹੁਦਰਾ ਆਗੂ ਮਰਨ ਕਿਨਾਰੇ ਸੀ ਤਾਂ ਦੇਸ਼ ਦੇ ਸਾਰੇ ਲੋਕਾਂ ਨੇ ਵਿਰਲਾਪ ਕਰਨਾ ਸ਼ੁਰੂ ਕਰ ਦਿੱਤਾ: "ਹੇ ਮਾਲਿਕ! ਜਦੋਂ ਤੁਸੀਂ ਇਸ ਜਹਾਨ ਤੋਂ ਚਲੇ ਗਏ ਤਾਂ ਸਾਡਾ ਕੀ ਬਣੇਗਾ?"
ਇਹ ਗੱਲ ਸੁਣ ਕੇ ਮਰਨ ਵਾਲੇ ਦੇ ਦਿਲ ਨੂੰ ਬਹੁਤ ਧੱਕਾ ਲੱਗਾ। ਉਹ ਸੋਚਦਾ ਸੀ: "ਜਦੋਂ ਮੈਂ ਇਹਨਾਂ ਲੋਕਾਂ ਤੋਂ ਵਿਛੜ ਜਾਵਾਂਗਾ ਤਾਂ ਇਹਨਾਂ ਨੂੰ ਚੁੱਪ ਕੌਣ ਕਰਾਏਗਾ ਤੇ ਇਹਨਾਂ ਨੂੰ ਚੰਗੇ ਰਾਹ ਉੱਤੇ ਕੌਣ ਤੇਰੀ ਰੱਖੇਗਾ?"
ਮੌਤ ਤਾਂ ਟਲ ਨਹੀਂ ਸਕਦੀ ਭਾਵੇਂ ਲੱਖ ਜਤਨ ਕੀਤੇ ਜਾਣ। ਪਰ ਲੋਕਾਂ ਦੀਆਂ ਬੇਨਤੀਆਂ ਤੇ ਪ੍ਰਾਰਥਨਾਵਾਂ ਸੁਣ ਕੇ ਦੇਵਤਿਆਂ ਨੂੰ ਤਰਸ ਆ ਗਿਆ ਤੇ ਉਹ ਕਹਿਣ ਲੱਗੇ:
"ਫ਼ਿਕਰ ਵਾਲੀ ਕਿਹੜੀ ਗੱਲ ਹੈ? ਇਹ ਬੁੱਢਾ ਮਰੇਗਾ ਤਾਂ ਜ਼ਰੂਰ, ਪਰ ਅਸੀਂ ਤੁਹਾਡੀਆਂ ਪ੍ਰਾਰਥਨਾਵਾਂ ਨੂੰ ਮੰਨ ਕੇ ਇਹਨੂੰ ਭੂਤ ਬਣਾ ਕੇ ਤੁਹਾਡੇ ਦੇਸ਼ ਵਿਚ ਹੀ ਰਹਿਣ ਦੇਵਾਂਗੇ। ਇਹ ਭੂਤ ਤੁਹਾਡੇ ਮੋਢਿਆਂ ਉੱਤੇ ਸਵਾਰ ਹੋ ਕੇ ਸਦਾ ਤੁਹਾਡੇ ਅੰਗ ਸੰਗ ਰਿਹਾ ਕਰੇਗਾ, ਤੇ ਤੁਹਾਡੇ ਕੰਮ ਚਲਾਉਣ ਵਿਚ ਤੁਹਾਡੀ ਅਗਵਾਈ ਕਰਦਾ ਰਹੇਗਾ। ਆਦਮੀ ਨੂੰ ਤਾਂ ਜ਼ਰੂਰ ਮਰਨਾ ਹੁੰਦਾ ਹੈ ਪਰ ਭੂਤ ਕਦੇ ਨਹੀਂ ਮਰਦਾ।"

ਸਾਰੀ ਕੌਮ ਨੇ ਸੁੱਖ ਦਾ ਸਾਹ ਲਿਆ ਤੇ ਉਹਨਾਂ ਦੇ ਮਨ ਨੂੰ ਸ਼ਾਂਤੀ ਆਈ।
ਹਾਂ, ਇਹ ਗੱਲ ਜ਼ਰੂਰ ਹੈ ਕਿ ਜਦੋਂ ਤੁਸੀਂ ਭਵਿੱਖ/ਭਲਕ ਬਾਰੇ ਸੋਚਣ ਲੱਗ ਜਾਓ ਤਾਂ ਤੁਹਾਡੇ ਫ਼ਿਕਰਾਂ ਦਾ ਕੋਈ ਹੱਦ ਬੰਨਾ ਨਜ਼ਰੀਂ ਨਹੀਂ ਪੈਂਦਾ। ਪਰ ਜਦੋਂ ਤੁਸੀਂ ਭੂਤ ਕਾਲ (ਬੀਤੇ-ਸੰ.) ਉੱਤੇ ਨਜ਼ਰਾਂ ਗੱਡ ਲਵੋ ਤਾਂ ਤੁਹਾਡੇ ਮਨ ਤੋਂ ਚਿੰਤਾਵਾਂ ਦਾ ਭਾਰ ਲੱਥਾ ਰਹਿੰਦਾ ਹੈ ਤੇ ਤੁਹਾਡੀਆਂ ਸਾਰੀਆਂ ਚਿੰਤਾਵਾਂ ਤੇ ਜ਼ਿੰਮੇਵਾਰੀਆਂ ਭੂਤ ਕਾਲ (ਬੀਤੇ) ਦੇ ਸਿਰ ਉੱਤੇ ਸਵਾਰ ਹੋਈਆਂ ਰਹਿੰਦੀਆਂ ਹਨ, ਜਿਹੜਾ ਭੂਤ ਵਾਂਗਰ ਵਰਤਮਾਨ ਵਿਚ ਵਸ ਰਿਹਾ ਹੋਵੇਗਾ। ਭੂਤ ਦਾ ਤਾਂ ਕੋਈ ਸਿਰ ਹੁੰਦਾ ਹੀ ਨਹੀਂ, ਇਸ ਕਰਕੇ ਭੂਤ ਨੂੰ ਸਿਰਦਰਦਾਂ ਨਹੀਂ ਸਤਾਉਂਦੀਆਂ ਤੇ ਨਾ ਉਹ ਕਿਸੇ ਹੋਰ ਖ਼ਾਤਰ ਇਹ ਦਰਦ ਸਹੇੜਦਾ ਹੀ ਹੈ।

ਫਿਰ ਵੀ ਕਈਆਂ ਨੇ ਭੈੜੀ ਆਦਤ ਅਨੁਸਾਰ, ਭੂਤ-ਕਾਲ ਬਾਰੇ ਵਿਚਾਰ ਕਰ ਕੇ ਉਸ ਤੋਂ ਰਹਿਨੁਮਾਈ ਲੈਣ ਦੀ ਬਜਾਏ ਆਪਣੇ ਭਵਿੱਖ ਬਾਰੇ ਆਪ ਸੋਚਣ ਦੀ ਦਲੇਰੀ ਕਰ ਹੀ ਲਈ। ਇਹ ਤਕ ਕੇ ਭੂਤ ਨੇ ਉਹਨਾਂ ਦੇ ਖ਼ੂਬ ਕੰਨ ਖਿੱਚੇ ਤੇ ਕਈਆਂ ਦੇ ਕੰਨਾਂ ਉੱਤੇ ਚਪੇੜਾਂ ਮਾਰ ਮਾਰ ਕੇ ਲਾਲੀ ਚਾੜ੍ਹ ਦਿੱਤੀ।
ਹਾਂ, ਭੂਤਾਂ ਦੀਆਂ ਇਹਨਾਂ ਚਪੇੜਾਂ ਤੋਂ ਤੁਸੀਂ ਕਦੇ ਛੁਟਕਾਰਾ ਨਹੀਂ ਪਾ ਸਕਦੇ। ਇਹਨਾਂ ਚਪੇੜਾਂ ਤੋਂ ਬਚਣਾ ਇੱਕ ਅਸੰਭਵ ਗੱਲ ਹੈ। ਭੂਤਾਂ ਦੇ ਇੱਸ ਕਰਤਵ/ਕਾਰੇ ਵਿਰੁੱਧ ਨਾ ਕਿਧਰੇ ਸੁਣਵਾਈ ਤੇ ਨਾ ਕੋਈ ਫ਼ੈਸਲਾ ਕੀਤਾ ਜਾ ਸਕਦਾ ਹੈ। ਸਗੋਂ ਭੂਤ ਦੇ ਪਿੰਜਰ ਦੀਆਂ ਉਂਗਲਾਂ ਤੁਹਾਡੇ ਸਰੀਰ ਉੱਤੇ ਕੋਈ ਨਾ ਕੋਈ ਦਾਗ਼ ਪਾਈ ਹੀ ਰਖਦੀਆਂ ਹਨ।

ਹੁਣ ਸਾਰੀ ਕੌਮ 'ਤੇ ਭੁਤ ਸਵਾਰ ਸੀ। ਉਹ ਆਪਣੀਆਂ ਅੱਖਾਂ ਬੰਦ ਕਰ ਕੇ ਮਨ ਦੀਆਂ ਮਨ ਵਿਚ ਰਖ ਕੇ, ਭੂਤ ਦੀ ਆਗਿਆ ਅਨੁਸਾਰ ਤੁਰੇ ਜਾ ਰਹੇ ਸਨ। ਉਹਨਾਂ ਵਿਚੋਂ ਆਪਣੇ ਆਪ ਨੂੰ ਸਿਆਣੇ ਸਮਝਣ ਵਾਲੇ ਆਖਦੇ ਸਨ:
"ਧਰਤੀ ਮਾਤਾ ਦੇ ਵਾਸੀਆਂ ਦਾ ਇਹ ਜੁਗਾਂ-ਜੁਗਾਂਤਰਾਂ ਤੋਂ ਪ੍ਰਚੱਲਤ ਵਿਸ਼ਵਾਸ ਹੈ ਕਿ ਜੇ ਸੁੱਖ ਚਾਹੁੰਦੇ ਹੋ ਤਾਂ ਅੱਖਾਂ ਮੀਟ ਕੇ ਤੁਰੋ, ਭਾਵੇਂ ਦੁਨੀਆ ਇਹਨੂੰ ਅੰਧ-ਵਿਸ਼ਵਾਸ ਹੀ ਕਿਉਂ ਨਾ ਆਖੇ। ਪਰ ਏਦਾਂ ਹੀ ਦੁਨੀਆਂ ਵਿਚ ਪਹਿਲਾਂ ਪੈਦਾ ਹੋਣ ਵਾਲਾ ਜੀਵ- ਅਮੀਬਾ- ਅੱਖਾਂ ਤੋਂ ਬਿਨਾ ਹੀ ਤੁਰਦਾ ਫਿਰਦਾ ਸੀ। ਅਜੇ ਵੀ ਘਾਹ, ਬ੍ਰਿਛ ਸੁਖ ਮਾਨਣ ਲਈ ਅੱਖਾਂ ਮੀਟੀਆਂ ਹੀ ਰੱਖਦੇ ਹਨ।"
ਫਿਲਾਸਫ਼ਰਾਂ ਦੀਆਂ ਅਜਿਹੀਆਂ ਗੱਲਾਂ ਸੁਣ ਕੇ ਭਰੋਸਾ ਜਿਊਂ ਦਾ ਤਿਊਂ ਬਣਿਆ ਰਹਿੰਦਾ। ਇਸ ਤਰ੍ਹਾਂ ਦੀਆਂ ਗੱਲਾਂ ਸੁਣ ਕੇ ਭੂਤਾਂ ਨਾਲ ਸਵਾਰ ਹੋਈ ਕੌਮ ਆਪਣੀ ਪ੍ਰਾਚੀਨ ਅਮੀਰੀ 'ਤੇ ਮਾਣ ਕਰਦੀ। ਖ਼ੁਸ਼ੀਆਂ ਵਿਚ ਫੁੱਲੀ ਨਾ ਸਮਾਉਂਦੀ ਕਿ ਆਪਣੇ ਵਡ-ਵਡੇਰਿਆਂ ਦੇ ਪਾਏ ਪੂਰਨਿਆਂ ਉਤੇ ਚਲ ਰਹੀ ਹੈ ਤੇ ਉਹ ਉਹੀਓ ਕੁਝ ਕਰ ਰਹੀ ਹੈ ਜੋ ਕੁਝ ਦੁਨੀਆਂ ਦੇ ਪਹਿਲੇ ਅੰਨ੍ਹੇ ਜੀਵ ਅਮੀਬਾ ਨੇ ਕੀਤਾ ਸੀ।
ਦੇਸ਼ ਦੇ ਚਾਰ ਚੁਫੇਰੇ, ਜੇਲ੍ਹਖ਼ਾਨੇ ਵਾਂਗ ਬੰਦਸ਼ਾਂ ਦੀਆਂ ਕੰਧਾਂ ਉਸਾਰੀਆਂ ਹੋਈਆਂ ਹਨ, ਭਾਵੇਂ ਇਹ ਕੰਧਾਂ ਨੰਗੀ ਅੱਖ ਨੂੰ ਨਜ਼ਰੀਂ ਨਹੀਂ ਸੀ ਪੈਂਦੀਆਂ। ਭੂਤਾਂ ਦਾ ਮੁਖੀ ਜੇਲ੍ਹਖ਼ਾਨੇ ਦਾ ਦਰੋਗ਼ਾ ਹੈ। ਜੇਲ੍ਹਖ਼ਾਨੇ ਦੀਆਂ ਕੰਧਾਂ ਨਜ਼ਰੀਂ ਨਾ ਪੈਣ ਕਾਰਨ, ਇਸ ਗੱਲ ਦਾ ਅਨੁਮਾਨ ਲਾਉਣਾ ਮੁਸ਼ਕਲ ਹੋ ਜਾਂਦਾ ਹੈ ਕਿ ਜੇਲ੍ਹਖ਼ਾਨੇ ਦੀਆਂ ਕੰਧਾਂ ਪਾੜ ਕੇ ਆਜ਼ਾਦੀ ਕਿਵੇਂ ਪ੍ਰਾਪਤ ਕੀਤੀ ਜਾਵੇ। ਉਥੇ ਹਰੇਕ ਨੂੰ ਕੈਦੀਆਂ ਵਾਂਗ ਰਾਤ ਦਿਨੇ ਕੋਹਲੂ ਗੇੜ ਕੇ ਤੇਲ ਕਢਣਾ ਪੈਂਦਾ ਹੈ। ਇਹ ਮਨੁੱਖਾਂ ਦੀ ਤਾਕਤ ਨਸ਼ਟ ਕਰਨ ਦਾ ਵਸੀਲਾ ਹੁੰਦਾ ਹੈ ਤੇ ਇਸ ਨਾਲ ਉਹਨਾਂ ਦੀ ਬਗ਼ਾਵਤ ਕਰਨ ਦੀ ਸ਼ਕਤੀ ਵੀ ਘਟ ਜਾਂਦੀ ਹੈ। ਪਰ ਭੂਤਾਂ ਦੇ ਰਾਜ ਵਿਚ ਹੋਰ ਭਾਵੇਂ ਕੁਝ ਵੀ ਨਾ ਪ੍ਰਾਪਤ ਹੋਵੇ, ਰੋਟੀ ਨਾ ਮਿਲੇ, ਕਪੜਾ ਨਾ ਮਿਲੇ, ਸਿਹਤ ਖ਼ਰਾਬ ਹੋ ਜਾਵੇ- ਪਰ ਸ਼ਾਂਤੀ ਦੀ ਕੋਈ ਘਾਟ ਨਹੀਂ ਹੁੰਦੀ।

ਇਸ ਤਰ੍ਹਾਂ ਦਿਨ ਲੰਘਦੇ ਰਹਿਣੇ ਸਨ ਤੇ ਕਿਸੇ ਨੇ ਵੀ ਭੂਤਾਂ ਦੇ ਰਾਜ ਬਾਰੇ ਕੋਈ ਸਵਾਲ ਨਹੀਂ ਸੀ ਉਠਾਉਣਾ, ਕਿਉਂਕਿ ਉਹ ਲੋਕ ਸਦਾ ਇਸ ਗੱਲ ਉੱਤੇ ਮਾਣ ਕਰ ਸਕਦੇ ਸਨ ਕਿ ਉਹਨਾਂ ਦਾ ਭਵਿਖ, ਇੱਕ ਪਾਲਤੂ ਲੇਲੇ ਵਾਂਗ, ਇਕ ਭੂਤ ਦੇ ਕਿੱਲੇ ਨਾਲ ਬੱਧਾ ਹੋਇਆ ਸੀਅਜੇਹਾ ਜਾਨਵਰ ਨਾ ਬੋਲ ਸਕਦਾ ਸੀ ਤੇ ਨਾ ਹੀ ਮਿਆਂਕ ਸਕਦਾ ਸੀ। ਇਹ ਗੁੰਗਾ ਬੋਲਾ ਹੋ ਕੇ ਮਿੱਟੀ ਘੱਟੇ ਉਤੇ ਲੇਟਦਾ ਲੇਟਦਾ ਮਿੱਟੀ ਵਰਗਾ ਹੀ ਨਕਾਰਾ ਤੇ ਨਿਕੰਮਾ ਹੋ ਜਾਂਦਾ ਸੀ।
ਪਰ ਹੁਣ ਕੁਝ ਔਖਿਆਈ ਵਾਲਾ ਵਾਤਾਵਰਨ ਹੋ ਗਿਆ ਸੀ। ਧਰਤੀ ਦੇ ਹੋਰ ਕਿਸੇ ਦੇਸ਼ ਵਿਚ ਭੂਤਾਂ ਦਾ ਰਾਜ ਨਾ ਹੋਣ ਕਰਕੇ, ਉਥੇ ਦੇ ਲੋਕ ਦਿਨ ਦੂਣੀ ਤੇ ਰਾਤ ਚੌਗਣੀ ਤਰੱਕੀ ਕਰਨ ਲਗੇ। ਉਥੇ ਉਹ ਕੌਮਾਂ ਵਸਦੀਆਂ ਸਨ ਜਿਨ੍ਹਾਂ ਨੇ ਭੂਤ ਦੀ ਪਿਆਸ ਬੁਝਾਉਣ ਲਈ ਲਹੂ ਦਾ ਇਕ ਟੇਪਾ ਵੀ ਦੇਣੋਂ ਨਾਂਹ ਕਰ ਦਿਤੀ ਸੀ। ਉਹਨਾਂ ਦੀ ਸ਼ਕਤੀ ਉਹਨਾਂ ਦੇ ਵਿਚ ਸੀ ਤੇ ਉਹ ਖ਼ੂਬ ਰਿਸ਼ਟ ਪੁਸ਼ਟ ਸਨ ਤੇ ਖ਼ੁਸ਼ੀਆਂ ਭਰਿਆ ਜੀਵਨ ਬਤੀਤ ਕਰਦੇ ਸਨ।
ਸਿਆਣਿਆਂ ਨੇ ਭੁਤ ਕਾਲ ਦੀਆਂ ਪੁਸਤਕਾਂ ਘੋਖ ਕੇ ਤੇ ਇਕ ਆਵਾਜ਼ ਹੋ ਕੇ ਨਾਹਰਾ ਲਾਇਆ, "ਦੋਸ਼ ਸਾਡਾ ਨਹੀਂ, ਨਾ ਹੀ ਸਾਡੇ ਉਤੇ ਰਾਜ ਕਰਨ ਵਾਲੇ ਭੂਤ ਦਾ। ਇਸ ਸਾਡੀ ਦਸ਼ਾ ਦੇ ਅਸਲ ਦੋਸ਼ੀ ਸਾਡੀਆਂ ਔਕੜਾਂ ਤੇ ਔਖਿਆਈਆਂ ਹਨ। ਉਹਨਾਂ ਨੂੰ ਕੀ ਹੱਕ ਹੈ ਕਿ ਉਹ ਸਾਡੇ ਉਤੇ ਆ ਕੇ ਆਪਣਾ ਵਾਰ ਕਰਨ?"
ਸਾਰੀ ਕੌਮ ਨੇ ਇਹ ਗੱਲ ਗਹੁ ਨਾਲ ਸੁਣੀ ਤੇ ਉਹਨਾਂ ਦੇ ਦਿਲ ਦੀ ਢਾਰਸ ਬੱਝ ਗਈ।
ਦੋਸ਼ ਭਾਵੇਂ ਕਿਸੇ ਦੇ ਸਿਰ ਵੀ ਥੱਪਿਆ ਗਿਆ, ਪਰ ਨਵੀਆਂ ਨਵੀਆਂ ਔਕੜਾਂ ਨੂੰ ਕੋਈ ਗੱਲ ਵੀ ਨਾ ਰੋਕ ਸਕੀ। ਥੋੜ੍ਹੇ ਸਮੇਂ ਵਿਚ ਹੀ ਸਮੁੰਦਰਾਂ ਤੋਂ ਪਾਰ ਵਸਣ ਵਾਲੇ ਲੋਕ ਏਸ ਦੇਸ਼ ਉਤੇ ਭੁੱਖੀਆਂ ਗਿਰਝਾਂ ਵਾਂਗ ਟੁਟ ਪਏ ਤੇ ਪੱਕੀਆਂ ਫ਼ਸਲਾਂ ਲੁਟ ਕੇ ਲੈ ਗਏ ਤੇ ਖੇਤਾਂ ਨੂੰ ਬਰਬਾਦ ਕਰ ਗਏ। ਉਹ ਅਮਲੀ ਕੰਮ ਕਰਨ ਵਾਲੇ ਆਦਮੀ ਸਨ ਜਿਨ੍ਹਾਂ ਨੇ ਆਪਣੀ ਤਾਕਤ ਸਾਂਭੀ ਹੋਈ ਸੀ ਤੇ ਉਹ ਭਵਿਖ ਉਤੇ ਵੀ ਧਿਆਨ ਮਾਰ ਸਕਦੇ ਸਨ। ਪਰ ਭੂਤਾਂ ਨਾਲ ਸਵਾਰ ਹੋਈ ਕੌਮ ਦੇ ਲੋਕਾਂ ਨੇ ਇਸ ਗਲ ਨੂੰ ਰਤਾ ਵੀ ਨਾ ਗੌਲਿਆ ਤੇ ਉਹ ਬਿਗਾਨਿਆਂ ਦੇ ਲੰਘਣ ਵਾਲੇ ਰਾਹਾਂ ਤੋਂ ਵੀ ਪਰੇਰੇ ਰਹਿੰਦੇ ਸਨ ਕਿ ਕਿਤੇ ਭਿੱਟੇ ਹੀ ਨਾ ਜਾਣ! ਸਿਆਣਿਆਂ ਨੇ ਫੇਰ ਭੂਤ ਕਾਲ ਦੀਆਂ ਮੁਤਬਰਕ ਪੁਸਤਕਾਂ ਖੋਲ੍ਹੀਆਂ ਤੇ ਇਹ ਵਾਕ ਉਚਾਰਨ ਲਗੇ, "ਉਹ ਧੰਨ ਹਨ ਜਿਹੜੇ ਇਸ ਦੁਨੀਆਂ ਦੇ ਧੰਦਿਆਂ ਵਲ ਧਿਆਨ ਨਹੀਂ ਕਰਦੇ।"
ਲੋਕਾਂ ਨੇ ਇਹ ਗੱਲ ਪੱਲੇ ਬੰਨ੍ਹ ਲਈ ਤੇ ਉਹ ਖ਼ੁਸ਼ੀ ਨਾਲ ਨੱਚਣ ਲੱਗੇ।
ਪਰ ਇਸ ਨਾਲ ਲੋਕਾਂ ਦੀ ਉਹ ਮੁਸ਼ਕਲ ਹਲ ਨਾ ਹੋਈ ਜਿਹੜੀ ਉਹਨਾਂ ਦੇ ਦਿਲਾਂ ਨੂੰ ਖਾ ਰਹੀ ਸੀ: "ਉਹਨਾਂ ਖੇਤਾਂ ਦਾ ਮਾਮਲਾ ਕਿਵੇਂ ਤਾਰੀਏ ਜਿਨ੍ਹਾਂ ਦੇ ਸਿੱਟੇ ਬਿਗਾਨੇ ਲਾਹ ਕੇ ਲੈ ਗਏ ਹਨ?"
ਮੁਰਦਿਆਂ ਦੀਆਂ ਕਬਰਾਂ ਵਿਚੋਂ ਤਰਥੱਲੀ ਮਚਾਉਣ ਵਾਲੀ ਆਵਾਜ਼ ਗੂੰਜੀ ਤੇ ਉਹਨਾਂ ਮੁਰਦਿਆਂ ਵਾਲਾ ਹਾਸਾ ਹੱਸ ਕੇ ਦੇਸ਼ ਉਤੇ ਆਈ ਭੀੜ ਨੂੰ ਟਾਲਣ ਦਾ ਹਲ ਦਸਿਆ:" ਮਾਮਲੇ ਭਰੋ! ਟੈਕਸ ਭਰੋ! ਭਾਵੇਂ ਆਪਣੀ ਇਜ਼ਤ ਤੇ ਆਬਰੂ ਵੇਚੋ! ਭਾਵੇਂ ਆਪਣੇ ਦਿਲ ਦਾ ਲਹੂ ਦੇ ਕੇ ਤੇ ਭਾਵੇਂ ਆਪਣੀ ਜ਼ਮੀਰ ਵੇਚ ਕੇ, ਪਰ ਮਾਮਲੇ ਤੇ ਟੈਕਸ ਤਾਰੋ ਜ਼ਰੂਰ !"
ਮਨ ਵਿਚ ਜਦੋਂ ਸਵਾਲ ਉਠਦੇ ਹਨ ਤਾਂ ਇਕਾ-ਦੁਕਾ ਨਹੀਂ ਉੱਠਦੇ, ਉਹ ਡਾਰਾਂ ਬੰਨ੍ਹ ਕੇ ਉਠਦੇ ਹਨ।
ਹੁਣ ਇਕ ਹੋਰ ਸਵਾਲ ਪੈਦਾ ਹੋ ਗਿਆ ਸੀ: "ਕੀ ਭੂਤ ਦਾ ਰਾਜ ਸਦਾ ਹੀ ਰਹੇਗਾ?"
ਦਾਦੇ ਦਾਦੀਆਂ ਇਹ ਗੱਲ ਸੁਣ ਕੇ ਕੰਬ ਉਠੇ: "ਅਜੇਹਾ ਸਵਾਲ ਸਾਡੀ ਸਾਰੀ ਜ਼ਿੰਦਗੀ ਵਿਚ ਕਦੇ ਪੈਦਾ ਹੀ ਨਹੀਂ ਸੀ ਹੋਇਆ। ਹੁਣ ਇਸ ਦੀ ਕੀ ਲੋੜ ਹੈ? ਵਰਤਮਾਨ ਨਜ਼ਾਮ ਨੂੰ ਬਦਲਣ ਬਾਰੇ ਸੋਚਣਾ ਹੀ ਗੁਨਾਹ ਹੈ।"
ਪਰ ਇਹ ਜਵਾਬ ਨੌਜਵਾਨਾਂ ਦੀ ਤਸੱਲੀ ਨਹੀਂ ਸੀ ਕਰਾਂਦਾ। ਉਹ ਕੁਝ ਕੁ ਗ਼ੁਸਤਾਖ਼ ਹੋ ਕੇ ਕਹਿਣ ਲੱਗੇ: "ਭਾਵੇਂ ਸਿਰ ਦੀ ਬਾਜ਼ੀ ਲਾਉਣੀ ਪਵੇ ਪਰ ਅਸੀਂ ਭੂਤ ਦੇ ਰਾਜ ਤੋਂ ਛੁਟਕਾਰਾ ਪਾ ਕੇ ਹੀ ਰਹਾਂਗੇ।"
ਭੂਤ ਦੇ ਅਫ਼ਸਰਾਂ ਨੇ ਇਸ ਨਾਹਰੇ ਦੀ ਪਰਵਾਹ ਨਾ ਕੀਤੀ ਤੇ ਉਹਨਾਂ ਘਿਰਣਾ ਭਰਿਆ ਹਾਸ ਹਸ ਕੇ ਆਖਿਆ, "ਹੰਭਲਾ ਮਾਰ ਵੇਖੋ। ਤੇ ਚਾਰਾ ਕਰ ਕੇ ਵੇਖ ਲਵੋ ਜੇ ਤੁਸੀਂ ਅਦਿਖ ਕੰਧਾਂ ਨੂੰ ਤੋੜ ਸਕੋ!"
ਸਚਾਈ ਇਹ ਹੈ ਕਿ ਭੂਤ ਕਾਲ ਨਾ ਹੀ ਕਦੀ ਮਰਿਆ ਸੀ ਤੇ ਨਾ ਹੀ ਜ਼ਿੰਦਾ ਸੀ- ਉਹਨੇ ਭੂਤ ਦਾ ਭੇਸ ਧਾਰ ਲਿਆ ਸੀ। ਉਹਨੇ ਨਾ ਹੀ ਕਦੇ ਦੇਸ਼ ਨੂੰ ਹਲੂਣਿਆ ਸੀ ਤੇ ਨਾ ਹੀ ਉਹਨੇ ਦੇਸ਼ ਨੂੰ ਅਗੇ ਵਧਣ ਦਿਤਾ ਸੀ।
ਮਨੁੱਖਾਂ ਨੇ ਰਾਜ-ਧਰੋਹੀ ਹੋਣ ਦੇ ਡਰੋਂ, ਦਿਨ ਸਮੇਂ ਕਦੇ ਉਘੜ ਕੇ ਗੱਲ ਨਹੀਂ ਸੀ ਕੀਤੀ। ਪਰ ਇਕ ਦੋਂਹ ਨੇ ਹੀਆ ਕਰ ਹੀ ਲਿਆ ਤੇ ਉਹਨਾਂ ਨੇ ਰਾਤ ਨੂੰ ਭੂਤ ਕੋਲ ਵਾਸਤਾ ਪਾ ਕੇ ਆਖਿਆ, "ਹੇ ਮਾਲਿਕ! ਕੀ ਹੁਣ ਤੁਹਾਡੇ ਜਾਣ ਦਾ ਸਮਾਂ ਨਹੀਂ ਆ ਗਿਆ?"
ਭੂਤ ਖਿੜਖਿੜਾ ਕੇ ਹੱਸਿਆ ਤੇ ਕਹਿਣ ਲਗਾ, " ਹੇ ਭੋਲੇ ਲੋਕੋ! ਜਿੰਨਾ ਚਿਰ ਤੁਸੀਂ ਆਗਿਆ ਨਾ ਦਿਓ, ਮੈਂ ਤੁਹਾਨੂੰ ਛਡ ਕੇ ਕਿਵੇਂ ਜਾ ਸਕਦਾ ਹਾਂ?"
ਲੋਕਾਂ ਨੇ ਇਕ ਆਵਾਜ਼ ਹੋ ਕੇ ਪੁਕਾਰ ਕੀਤੀ, "ਪਰ, ਸਾਡੇ ਸਵਾਮੀ! ਸਾਡੇ ਵਿਚੋਂ ਬਹੁਤਿਆਂ ਦੇ ਦਿਲ ਤਾਂ ਇਹ ਗੱਲ ਸੁਣ ਕੇ ਹੀ ਕੰਬ ਜਾਂਦੇ ਹਨ ਕਿ ਤੁਸੀਂ ਚਲੇ ਜਾਵੋਗੇ!"
ਭੂਤ ਫੇਰ ਹੱਸਿਆ ਤੇ ਕਹਿਣ ਲਗਾ, "ਤੁਹਾਡਾ ਡਰ ਹੀ ਮੇਰੇ ਰਾਜ ਦਾ ਥੰਮ੍ਹ ਹੈ।"

(ਅਨੁਵਾਦ: ਨਵਤੇਜ ਸਿੰਘ (ਪ੍ਰੀਤ ਲੜੀ)

  • ਮੁੱਖ ਪੰਨਾ : ਰਵਿੰਦਰਨਾਥ ਟੈਗੋਰ, ਬੰਗਾਲੀ ਕਹਾਣੀਆਂ ਤੇ ਨਾਵਲ ਪੰਜਾਬੀ ਵਿਚ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ