Chare Di Pand (Punjabi Story) : Gurdial Singh

ਚਾਰੇ ਦੀ ਪੰਡ (ਕਹਾਣੀ) : ਗੁਰਦਿਆਲ ਸਿੰਘ

ਏਸ ਪੁੱਲ ਉਤੋਂ ਸਾਹਮਣਾ ਪਹਿਆ ਤੇ ਖੇਤਾਂ ਵਾਲੀਆਂ ਸਾਰੀਆਂ ਡੰਡੀਆਂ ਦਿਸਦੀਆਂ ਸਨ। ਰਾਹਾਂ ਤੋਂ ਉਡਦੀ ਧੂੜ ਵਿਚ ਤੁਰੇ ਆਉਂਦੇ ਥੱਕੇ-ਹਾਰੇ ਵਾਢੇ ਦਿਸਦੇ ਸਨ; ਪਰ 'ਭੀਲੀ ਦੀ ਬੇਬੇ' ਕਿਧਰੇ ਨਜ਼ਰ ਨਹੀਂ ਸੀ ਆਈ। ਕਿੰਨਾ ਚਿਰ ਦੂਰ ਤਾਈਂ ਨਿਗ੍ਹਾ ਮਾਰਨ ਪਿੱਛੋਂ ਉਹ ਪੁੱਲ੍ਹ ਦੀ ਠੱਲ੍ਹ ਨਾਲ ਢੋਹ ਲਾ ਕੇ ਬਹਿ ਗਿਆ।
''ਬੇਬੇ ਕਿਧਰੋਂ ਆਊਗੀ, ਬਾਪੂ?" ਛੋਟੇ ਤਾਰੂ ਨੇ ਆਸੇ-ਪਾਸੇ ਨਿਗ੍ਹਾ ਮਾਰਦਿਆਂ ਪੁਛਿਆ।
''ਖਬਰੈ ਕਿਹੜੇ ਖਾਤੇ 'ਚੋਂ ਆਊਗੀ !" ''ਚੰਗਾ ਫੇਰ ਮੈਂ ਲਿਔਨੈ ਭਾਲ ਕੇ ਬੇਬੇ ਨੂੰ, ਬਾਪੂ ਸਿਆਂ!" ਵੱਡਾ ਗਾਚਾ ਪਹੇ ਪੈ ਕੇ ਭੱਜ ਤੁਰਿਆ।
''ਬੇਖੀਂ ਉਇ ਬਾਪੂ, ਬੇਖੀਂ, ਕਿਮੇਂ ਬਤਾਰੂ ਆਂਗੂੰ ਲੱਤਾਂ ਮਾਰਦਾ ਜਾਂਦੈ...."
ਤਾਰੂ ਮੱਕੀ ਦੀਆਂ ਖਿੱਲਾਂ ਵਾਂਗ ਖਿੜਖਿੜਾ ਕੇ ਹੱਸਿਆ, ਪਰ ਚੰਦੇ ਦਾ ਚਿਤ ਸਗੋਂ ਹੋਰ ਨਿਮੋਝੂਣਾ ਜਿਹਾ ਹੋ ਗਿਆ।
''ਅੱਜ ਇਹਨੇ ਸੰਮੇ ਤੋਂ ਫ਼ੀਮ ਦੋ-ਦੋ ਮਾਵੇ ਲੈ ਕੇ ਖਾਧੇ ਸੀ ਬਾਪੂ, ਤਾਹੀਂ ਐਂ ਟੰਗਾਂ ਮਾਰਦਾ ਜਾਂਦੈ।" ਤਾਰੂ ਨੇ ਹਸਦਿਆਂ ਹਸਦਿਆਂ ਫੇਰ ਕਿਹਾ।
''ਆਉਣ ਦੇ ਸਾਲੇ ਵੱਡੇ ਅਮਲੀ ਨੂੰ, ਮੈਂ ਦੇਊਂ ਹਠੇਸੜੀ ! ਹੁਣੇ ਦੋ ਦੋ ਮਾਵੇ ਖਾਣ ਲੱਗਿਆ ਤਾਂ ਗਾਂਹਾਂ ਨੂੰ ਕੀ ਹਾਲ ਹੋਊ ਇਹਦਾ !...."
ਪਰ ਚਿੱਤੋਂ ਜਿਵੇਂ ਚੰਦਾ ਖ਼ੁਸ਼ ਸੀ। ਚੁਪ-ਚਪੀਤੇ ਵਾਢੇ ਪੁੱਲ੍ਹ ਉਤੋਂ ਉਹਦੇ ਕੋਲੋਂ ਦੀ ਲੰਘਦੇ ਗਏ। ਰੌਲਾ ਪੌਂਦੇ, ਰੀਂ-ਰੀਂ ਕਰਦੇ, ਧੂੜੋ-ਧੂੜ ਹੋਏ ਨੰਗੇ ਪਿੰਡਿਆਂ ਨਾਲ, ਮਾਪਿਆਂ ਦੇ ਮਗਰ ਮਗਰ ਪੈਰ ਧਰੀਕਦੇ ਲੰਘੇ ਜਾਂਦੇ ਨਿਆਣਿਆਂ ਵਲੋਂ ਬੇਧਿਆਨ, ਉਹ ਸੰਮੇ-ਕੀ ਪੈਲੀ ਪਈ ਕਣਕ ਦੇ ਜੰਮ ਵਲ ਵਿੰਹਦਾ ਰਿਹਾ; ਦਿਹਾੜੀਆਂ ਦਾ ਹਿਸਾਬ ਲਾਉਣ ਦਾ ਯਤਨ ਕਰਦਾ ਰਿਹਾ।
''ਆ-ਗੀ ਉਇ.....ਆ-ਗੀ ਬਾਪੂ, ਬੇਬੇ ਆ-ਗਈ!" ਤਾਰੂ ਪੁੱਲ੍ਹ ਦੀ ਪਰਲੀ ਠੱਲ੍ਹ ਦੇ ਸਿਖਰ ਖੜੋਤਾ ਗਿੱਧਾ ਪਾ ਕੇ, ਇਹਨਾਂ ਸ਼ਬਦਾਂ ਨੂੰ ਲਲਕਾਰੇ ਨਾਲ, ਗੀਤ ਵਾਂਗ ਗਾਉਣ ਲੱਗ ਪਿਆ।
ਚੰਦਾ ਗੋਡਿਆਂ 'ਤੇ ਹੱਥ ਧਰ ਕੇ ਉਠਿਆ ਤੇ ਬਿਨਾ ਪਿਛਾਂਹ ਤੱਕਿਆਂ, ਪਟੜੀ ਪੈ ਤੁਰਿਆ।
''ਖੜੋ ਜਾ, ਹੁਣ 'ਕੇਰਾਂ ਈ ਕਾਹਲਾ ਹੋ ਗਿਆ, ਬਿੰਦ ਮੈਨੂੰ ਵੀ ਦਮ ਲੈਣ ਦੇ!" ਭੀਲੀ ਦੀ ਬੇਬੇ ਦੀ 'ਵਾਜ ਪਿੱਛੋਂ ਸੁਣੀ ਤਾਂ ਉਹਨੇ ਸਿਰ ਭੰਵਾਇਆ।
ਸੂਰਜ ਛਿਪਿਆ ਹੋਣ ਕਰਕੇ, ਚੰਦੇ ਨੂੰ ਉਹਦੇ ਚਿਹਰੇ ਉਤੇ ਨਰਮ ਜਿਹੀ ਮੁਸਕਰਾਹਟ ਤੇ ਅੱਖਾਂ ਦੀ ਖਿਚੋਤਾਣ ਜਿਹੀ ਨਹੀਂ ਦਿਸੀ, ਉਂਜ ਉਹਦੀ 'ਵਾਜ ਤੋਂ ਲੱਗਦਾ ਸੀ ਉਹ ਅੱਜ ਬਹੁਤੀ ਥੱਕੀ ਹੋਈ ਨਹੀਂ ਸੀ। ਠੱਲ੍ਹ ਨਾਲ ਮਾਰ ਕੇ ਜੁੱਤੀ ਝਾੜਦੀ ਤੇ ਸਿਰੋਂ ਚੁੰਨੀ ਲਾਹ ਕੇ ਉਹਨੂੰ ਸੂਤ ਕਰਦੀ ਭੀਲੀ ਦੀ ਬੇਬੇ ਵਲ ਉਹਨੇ ਇਕ ਵਾਰ ਹੋਰ ਹੈਰਾਨੀ ਨਾਲ ਤਕਿਆ, ਤੇ ਫੇਰ ਚੁੱਪ ਕਰਕੇ ਮੂਹਰੇ ਮੂਹਰੇ ਤੁਰ ਪਿਆ।
''ਅੱਜ ਬਲਾ ਚਿਰ ਲਾ 'ਤਾ!" ਬਿੰਦ ਕੁ ਪਿੱਛੋਂ ਉਹਨੇ ਮਲ੍ਹਵੀਂ ਜੀਭ ਨਾਲ ਪੁੱਛਿਆ। ''ਐਵੇਂ...ਮੈਂ ਕਿਹਾ ਕੱਟੀ ਆਸਤੇ, ਹਰੇ ਦੀ ਥੱਬੀ ਈ ਲੈ ਚੱਲਾਂ।
ਹਰੇ ਦੀ ਥੱਬੀ !-ਉਹਨੂੰ ਹੋਰ ਹੈਰਾਨੀ ਹੋਈ। ਪਰ ਪਿਛਾਂਹ ਧੌਣ ਭੁਆਈ ਤਾਂ ਪੁੱਲ੍ਹ ਤੋਂ ਪਰਾਂ ਗਾਚਾ ਸੱਚੀਂ ਈ ਹਰੇ ਚਾਰੇ ਦੀ ਭਰੀ ਚੁੱਕੀ ਆਉਂਦਾ ਸੀ।
''ਇਹ ਅੱਜ ਤੇਰੇ 'ਤੇ ਕਿਹੜਾ ਦਾਤਾ ਦਿਆਲ ਹੋ ਗਿਆ?" ਚੰਦੇ ਦੀ 'ਵਾਜ ਰਤਾ ਕਰਾਰ 'ਚ ਹੋ ਗਈ ਲੱਗੀ।
''ਸਾਧੂ ਕੇ ਖੇਤੋਂ ਈ ਲਿਆਂਦੇ ਐ, ਹੋਰ ਭਲਾ ਕਿਹੜਾ ਦਾਤਾ ਦਿਆਲ ਹੋਊ ਮੇਰੇ 'ਤੇ!" ਭੀਲੀ ਦੀ ਬੇਬੇ ਨੇ ਪਹਿਲਾਂ ਪੱਠਿਆਂ ਵਲ ਤੱਕਿਆ ਤੇ ਫੇਰ ਭਓਂ ਕੇ ਚੰਦੇ ਵਲ ਝਾਕੀ; ਪਰ ਜਦੋਂ ਅੱਗੋਂ ਉਹਨੇ ਤਾੜ ਕੇ ਭੀਲੀ ਦੀ ਬੇਬੇ ਦੇ ਚਿਹਰੇ ਉਤੇ ਨਿਗ੍ਹਾ ਟਿਕਾਈ ਤਾਂ ਉਹਨੇ ਅੱਖਾਂ ਨੀਵੀਆਂ ਪਾ ਲਈਆਂ।
ਗਾਚਾ 'ਰੇਵੀਆਂ ਚਾਲ' ਤੁਰਦਾ, ਸਾਹੋਸਾਹ ਹੋਇਆ, ਇਕ ਕੁਢੱਬਾ-ਜਿਹਾ ਗੀਤ ਗਾਉਂਦਾ ਉਹਨਾਂ ਦੇ ਕੋਲੋਂ ਲੰਘ ਕੇ ਸਾਰਿਆਂ ਦੇ ਮੂਹਰੇ ਲੱਗ ਤੁਰਿਆ। ਤਾਰੂ ਉਹਦੇ ਗੀਤ ਨੂੰ ਸੁਣ-ਸੁਣ ਕੇ ਹਸਦਾ ਉਹਦੇ ਨਾਲ ਭੱਜ ਪਿਆ। ਤੇ ਉਹ ਦੋਏ ਤੀਵੀਂ-ਮਾਲਕ ਮਗਰ ਰਹਿ ਗਏ। ਕਿੰਨੀ ਦੂਰ ਤਕ ਉਹਨਾਂ ਹੋਰ ਕੋਈ ਗੱਲ ਨਾ ਕੀਤੀ। ਤੇ ਸ਼ਾਇਦ ਉਹਨਾਂ ਦੀ ਏਸੇ ਚੁੱਪ ਕਾਰਨ ਪਟੜੀ ਦੇ ਰੋੜਾਂ ਉਤੇ, ਚੰਦੇ ਦੇ ਠਿੱਬਿਆਂ ਦਾ ਘਸਕਾਰਾ ਬੜਾ ਡਰਾਉਣਾ ਜਿਹਾ ਲਗਣ ਲਗ ਪਿਆ।
''ਤੂੰ ਕਲ੍ਹ ਨੂੰ ਵੀ ਸਾਧੂ ਕੇ ਈ ਜਾਣੈ?" ਚੰਦੇ ਨੇ ਕੁਝ ਦੂਰ ਜਾ ਕੇ, ਬੁਢਿਆਂ ਵਾਂਗ ਪਿੱਠ ਹੱਥ ਕਰ ਕੇ, ਰਤਾ ਕੁੱਬ ਕਢੀ ਤੁਰਦਿਆਂ, ਪੁਛਿਆ।
''ਅਜੇ ਤਾਂ ਉਹਨਾਂ ਦੇ ਕਈ ਦਿਨ ਲਗ ਜਾਣਗੇ-ਵੀਹ ਘੁਮਾ ਤੋਂ ਉਤੇ ਪਈ ਐ ਵਢਣ ਆਲੀ।"
ਤੇ ਕਿੰਨਾ ਚਿਰ ਉਹ ਫੇਰ ਚੁਪ ਕਰ ਕੇ ਤੁਰੇ ਗਏ। ਕੋਚਰੀਆਂ ਵਾਲੀ ਕਿਕਰ ਕੋਲ ਆ ਕੇ ਚੰਦੇ ਨੇ ਚਾਣਚਕ ਪਿਛਾਂਹ ਭਓਂ ਕੇ ਭੀਲੀ ਦੀ ਬੇਬੇ ਵਲ ਇਕ ਦਮ ਇਉਂ ਤੱਕਿਆ ਕਿ ਉਹ ਠਠੰਬਰ ਕੇ ਚੁੰਨੀ ਸੂਤ ਕਰਨ ਦੇ ਬਹਾਨੇ ਰਤਾ ਰੁਕ ਗਈ। ਪਰ ਚਾਨਣ ਚੰਗਾ ਨਾ ਹੋਣ ਕਰਕੇ ਉਹਨਾਂ ਨੂੰ ਇਕ ਦੂਜੇ ਦੀਆਂ ਅੱਖਾਂ ਚੰਗੀ ਤਰ੍ਹਾਂ ਨਹੀਂ ਦਿੱਸੀਆਂ।
ਚੰਦਾ ਕੁਝ ਚਿਰ ਫੇਰ ਚੁੱਪ ਹੋ ਕੇ ਓਵੇਂ ਤੁਰਿਆ ਗਿਆ; ਪਰ ਜਦੋਂ ਬੋਲਿਆ ਤਾਂ ਉਹਦੀ 'ਵਾਜ ਬੜੀ ਓਪਰੀ ਲੱਗੀ।
''ਐਤਕੀ ਹਾੜ 'ਚ ਭੀਲੀ ਨੂੰ ਤਾਂ ਤੋਰ ਈ ਦੇਈਏ, ਸਿਰੋਂ ਭਾਰ ਲਹੇ।"
''ਹੈਂ?" ਪਿਛਾਂਹ ਰਹਿ ਗਈ ਭੀਲੀ ਦੀ ਬੇਬੇ ਨੇ ਦੋ ਕਾਹਲੇ ਕਦਮ ਪੁਟ ਕੇ ਉਹਦੇ ਨਾਲ ਰਲਦਿਆਂ ਕਿਹਾ, ''ਕੀ ਆਖਿਆ, ਭੀਲੀ ਨੂੰ ਤੋਰ ਦੀਏ ?.....ਆਹੋ, ਮੈਂ ਤਾਂ ਆਪ ਤੈਨੂੰ ਪਿਛਲੇ ਸਾਲ ਦੀ ਸਿਰ ਦੀਆਂ ਠੀਕਰੀਆਂ ਕਰਨ ਲਗ ਪਈ ਐਂ, ਤੂੰ ਸੁਣਦਾ ਵੀ ਐਂ ਕਿਸੇ ਦੀ-ਐਡੀਆਂ ਐਡੀਆਂ ਧੀਆਂ ਕਿੰਨਾਂ ਕਿ ਚਿਰ ਬਾਰ ਬਠਾਈਆਂ ਜਾਂਦੀਐ..."
ਚੰਦਾ ਬਿੰਦ ਦਾ ਬਿੰਦ ਫੇਰ ਚੁਪ ਕਰ ਗਿਆ। ਭੀਲੀ ਦੀ ਬੇਬੇ ਦਾ ਉਹਦੇ ਉਤੇ ਕਾਠੀ ਪਾਉਣ ਦਾ ਦਾਅ ਸੂਤ ਆ ਗਿਆ ਸੀ।
''ਚੰਗਾ, ਹੁਣ ਤੂੰ ਚੁਪ ਕਰ!" ਉਹਨੇ ਰਤਾ ਅੱਕੀ ਹੋਈ 'ਵਾਜ 'ਚ ਕਿਹਾ।
ਮੰਜਾ ਡਾਹ ਲੈ !
''ਵੇਖ, ਟੂੰਮਾਂ ਤਾਂ ਜਿਹੜੀਆਂ ਮੇਰੇ ਕੋਲ ਹੈਗੀਆਂ ਉਹਨਾਂ ਨਾਲ ਸਰ ਜੂ," ਪਰ ਭੀਲੀ ਦੀ ਬੇਬੇ ਚੁਪ ਕਰਨ ਦੀ ਥਾਂ ਰਤਾ ਠੰਡੀ ਹੋ ਕੇ, 'ਕਬੀਲਦਾਰੀ ਦੀਆਂ ਸਲਾਹਾਂ' ਕਰਨ ਦੇ ਰੌਂ ਵਿਚ ਬੋਲਣ ਲਗ ਪਈ, ''ਬਾਕੀ ਰਹਿ ਗਿਆ ਕਪੜੇ ਲੀੜੇ ਦਾ ਖਰਚ, ਉਹ ਐਤਕੀਂ ਸੁਖ ਨਾਲ ਕੱਠਾ ਕਰ ਈ ਲਵਾਂਗੇ-ਬਥੇਰੀ ਦਿਹਾੜੀ ਐ ਹੁਣ ਤਾਂ, ਸਾਂਝੇ ਸੱਤ-ਅੱਠ ਰੁਪਈਏ ਮੂੰਹ ਨਾਲ ਕਹਿ ਦੇਣੇ 'ਸਾਨ ਐਂ, ਥੋੜ੍ਹੇ ਹੁੰਦੇ ਐ ਕਿਤੇ!....ਚਾਰ-ਪੰਜ ਤਾਂ ਆਪਣਾ ਤਾਰੂ-ਗਾਚਾ ਈ ਲਿਔਂਦੇ ਐ।....ਤੇ ਨਾਲੇ ਐਤਕੀ ਅੰਨ੍ਹੀ-ਜੀ ਕੋਈ ਫਸਲ ਹੋਈ ਐ-ਵਾਖਰੂ, ਵਾਖਰੂ!-ਸਾਧੂ ਕਿਆਂ ਦੀ ਕਣਕ 'ਤੇ ਭਾਵੇਂ ਮੰਜਾ ਡਾਹ ਲੈ! ਹੋ....ਮਾਰ ਜਿੱਤ ਗਿੱਲ ਆਲਿਆਂ ਦੀ ਬੇਰੀ ਤਾਈਂ, ਕੋਹ-ਵਾਟ, ਐਂ ਸਿਧਣ-ਸਿਧੀ ਖੜੋਤੀ ਐ, ਮਜਾਲ ਐ ਕਿਤੋਂ ਗਿੱਠ ਥਾਂ ਵੀ ਮਾੜਾ ਹੋਵੇ...."
''ਪਿਛਲੇ ਸਾਲ ਕਿਹੜਾ ਘੱਟ ਹੋਈ ਸੀ; ਦਿਹਾੜੀ ਵੀ ਬਥੇਰੀ ਸੀ!" ਉਹਦੀ ਗੱਲ ਚੰਦੇ ਨੇ ਸੁਭਾਵਕ ਈ ਟੋਕ ਦਿੱਤੀ, ''ਹਾੜੀਆਂ ਚੰਗੀਆਂ ਹੁੰਦੀਆਂ ਨੂੰ ਤਾਂ ਚਾਰ ਪੰਜ ਵਰ੍ਹੇ ਹੋ-ਗੇ..."
''ਨਹੀਂ ਅਗੇ ਐਨੀ ਨ੍ਹੀਂ ਸੀਪ ਕਦੇ ਹੋਈ; ਨਾਲੇ ਦਿਹਾੜੀ ਕਿਥੇ ਐਨੀ ਚੜ੍ਹੀ ਸੀ ਪਰ-ਪਰਾਰ?"
''ਪਰ, ਪਰ-ਪਰਾਰ ਹੰਸੇ ਬਜਾਜੀ ਆਲੇ ਦਿਓਂ ਜਿਹੜਾ ਲੀੜਾ ਪੁੱਛ ਕੇ ਆਏ ਸੀ, ਉਹੋ ਹੁਣ ਰੁਪਈਏ ਗਜ਼ ਮਹਿੰਗਾ ਹੋਇਆ ਵਿਐ-ਹਸਾਬ ਤਾਂ ਉਥੇ ਦਾ ਉਥੇ ਰਹਿਆ ਕਿ ਨਾ, ਵੱਡੀਏ ਰਕਾਨੇ !"
ਪਰ ਭੀਲੀ ਦੀ ਬੇਬੇ ਨੇ ਆਪਣੀ ਗੱਲ ਫੜੀ ਰੱਖੀ ਕਣਕ ਲੋਕਾਂ ਦੇ ਬੇਥਾਹ ਹੋਈ ਸੀ। ਦਿਹਾੜੀ ਬੇ-ਹਿਸਾਬੇ ਵਧ ਗਈ ਸੀ। ਐਤਕੀ ਮਾਝੇ ਵੰਨੀਓਂ ਕਮੋ, ਰਾਅ-ਸਿਆ ਵੀ ਬਹੁਤੇ ਨਹੀਂ ਸਨ ਆਏ ਤੇ ਨਾ ਈ 'ਬਾਂਗੜ ਦੇਸ' ਅੱਗੇ ਵਾਂਗ 'ਆ ਉਤਰਿਆ' ਸੀ।
''ਪਰ ਆਹ ਵੇਖ-ਲੀਂ, ਦਸਾਂ ਦਿਨਾਂ ਨੂੰ ਕਿਸੇ ਦੇ ਮਰਲਾ ਨਹੀਂ ਖੜੋਤੀ ਹੋਣੀ, ਸਭ ਵੱਢੀ ਜਾਊ।" ਚੰਦੇ ਨੇ ਹਉਕਾ ਭਰਦਿਆਂ ਕਿਹਾ, ''ਸੰਮੇ-ਕਿਆਂ ਦੇ ਤਾਂ ਮਸਾਂ ਚਾਰ ਦਿਹਾੜੀਆਂ ਹੋਰ ਲਗਣਗੀਆਂ; ਉਹਨਾਂ ਦੇ ਆਵਦੇ ਈ ਮੁੰਡੇ-ਖੁੰਡੇ ਬਥੇਰੇ ਹੋਏ ਫਿਰਦੇ ਐ, ਆਹਣ ਆਂਗੂੰ !"
''ਸਾਡੇ, ਸਾਧੂ ਕੇ ਤਾਂ ਅਜੇ ਮਹੀਨਾ ਨ੍ਹੀਂ ਵੱਢੀ-ਦੀ-"
''ਉਇ ਅਕਲ ਦੀਏ ਮਾਰੀਏ, ਇਹ ਨਵੇਂ-ਬੀ ਆਈ ਕਣਕ ਦਸ ਦਿਨ ਨ੍ਹੀਂ ਰਹਿੰਦੀ, ਤੂੰ ਮਹੀਨਿਆਂ ਨੂੰ ਰੋਨੀ ਐਂ-ਅੱਗੇ ਆਲਾ ਹਿਸਾਬ ਨਾ ਰਖਿਆ ਕਰ।"
ਭੀਲੀ ਦੀ ਬੇਬੇ ਇਕਦਮ ਇਉਂ ਚੁਪ ਕਰ ਗਈ ਜਿਵੇਂ ਉਹਨੂੰ ਕਿਸੇ ਬਹੁਤ ਵੱਡੀ ਗੱਲ ਦਾ ਫ਼ਿਕਰ ਪੈ ਗਿਆ ਹੋਵੇ। ਇਹ ਉਹਨੇ ਸੋਚਿਆ ਈ ਨਹੀਂ ਸੀ ਕਿ ਨਵੀਂ ਕਣਕ ਬਹੁਤਾ ਚਿਰ ਸੱਚੀਂ ਨਹੀਂ ਸੀ ਰਹਿੰਦੀ।
ਉਹ ਕੁਝ ਚਿਰ ਫੇਰ ਚੁਪ ਕਰ ਗਈ। ਪਰ ਭੀਲੀ ਦੀ ਬੇਬੇ ਨੇ ਇਸ ਉਦਾਸ ਜਿਹੀ ਚੁੱਪ ਨੂੰ ਤੋੜਦਿਆਂ ਰਤਾ ਕਰਾਰੀ 'ਵਾਜ 'ਚ ਕਿਹਾ, ''ਭੁਰੂ ਤਾਂ ਅਗਲਿਆਂ ਦੀ ਭੁਰੂ, ਆਪਾਂ ਨੂੰ ਕੀ ਐ !-ਦਿਹਾੜੀਏ ਭਾਲਣ ਦੀ ਖ਼ਾਤਰ ਤਾਂ ਉਹ ਅੱਧੀ ਅੱਧੀ ਰਾਤ ਤਾਈਂ ਸਾਰਾ ਵਿਹੜਾ ਗਹੁੰਦੇ ਫਿਰਦੇ ਰਹਿੰਦੇ ਐ; ਬੰਦਾ ਕੋਈ ਥਿਆਊ ਤਾਂ ਛੇਤੀ ਵਢਾਉਣਗੇ ਨਾ, ਐਵੇਂ ਕਿਤੇ ਬੰਬੂਕਾਟਾਂ ਨਾਲ ਵਢ ਲੈਣਗੇ?"
''ਕੋਈ ਨ੍ਹੀਂ, ਧੀਰੀ ਹੋ, ਅਗਲੇ ਸਾਲ ਤਾਈਂ ਹਾੜ੍ਹੀ ਵੱਢਣ ਆਲੇ ਬੰਬੂਕਾਟ ਵੀ ਆਏ ਲੈ !....ਸਭ ਕੁਸ਼ ਆ-ਜੂ !"
ਭੀਲੀ ਦੀ ਬੇਬੇ ਫੇਰ ਚੁਪ ਹੋ ਗਈ। ਪਰ ਉਹਨੇ ਜਦੋਂ ਸਾਰੀ ਉਮਰ ਹਾਰ ਨਹੀਂ ਸੀ ਮੰਨੀਂ ਹੁਣ ਕਿਵੇਂ ਮੰਨ ਲੈਂਦੀ !
''ਲੈ ਅਗਲੇ ਸਾਲ ਦੀ, ਅਗਲੇ ਸਾਲ ਵੇਖੀ ਜਾਊ। ਮੈਨੂੰ ਪਤੈ ਹੁਣ ਮੇਰੀਆਂ ਤਾਂ ਸਤ-ਅੱਠ ਦਿਹਾੜੀਆਂ ਹੋਰ ਸਾਧੂ ਕੇ ਲੱਗ ਜਾਣਗੀਆਂ। ਨਾਲੇ ਸਾਧੂ-ਕਾ ਵੱਡਾ ਮੁੰਡਾ- ਬਲਾਈਂ ਚੰਗੈ ਵਚਾਰਾ-ਕਹਿੰਦਾ, ਜਾਂਦੀ ਭਮੇਂ ਰੋਜ ਹਰੇ ਦੀ ਥੱਬੀ ਵੀ ਲੈ-ਜਿਆ ਕਰ। ਪੰਜ-ਸਤ ਦਿਨ ਕੱਟੀ ਨੇ ਹਰਾ ਖਾਧਾ ਤਾਂ ਚੰਗੀ ਰਾਜੀ ਹੋ-ਜੂ। ਮਾੜੀ-ਮੋਟੀ ਤਕੜੀ ਹੋਗੀ ਤਾਂ ਆਸ ਵੀ ਲੱਗ-ਜੂ, ਐਸੇ ਸਾਲ। ਅਗਲੇ ਸਾਲ ਸੂਣ ਆਲੀ ਦਾ ਈ ਹਜ਼ਾਰ ਬਾਰਾਂ ਸੈ ਵੱਟਿਆ ਜਾਊ।"
ਉਹ ਆਪਣੇ ਈ ਰੌਂ ਵਿਚ ਬੋਲੀ ਗਈ ਪਰ ਚੰਦੇ ਦੇ ਠਿੱਬਿਆਂ ਦਾ ਘਸਕਾਰਾ ਚਾਣਚਕ ਵਧੇਰੇ ਕੁਰਖ਼ਤ ਹੋ ਗਿਆ, ਚਾਲ ਤਿੱਖੀ ਹੋ ਗਈ ਤੇ ਉਹ ਬਾਹਾਂ ਸਿਧੀਆਂ ਕਰ ਕੇ ਤੁਰਨ ਲਗ ਪਿਆ।
ਭੀਲੀ ਦੀ ਬੇਬੇ ਦਾ ਦਿਲ ਅਜਾਈਂ ਈ ਜ਼ੋਰ ਜ਼ੋਰ ਦੀ ਧੜਕਣ ਲਗ ਪਿਆ। ਜੀਭ ਸੁੱਕ ਕੇ ਤਾਲੂਏ ਲਗਦੀ ਜਾਪੀ ਤੇ ਉਹਨੇ ਨਿਉਂ ਕੇ ਸੂਏ 'ਚ ਪਾਣੀ ਦੀ ਚੂਲੀ ਭਰ ਕੇ ਮੂੰਹ ਗਿੱਲਾ ਕਰ ਲਿਆ। ਫੇਰ ਉਹਨੂੰ ਤਾੜ ਤਾੜ ਕੇ ਚੰਦੇ ਵਲ ਝਾਕਦੀ ਨੂੰ ਇਉਂ ਜਾਪਿਆ, ਜਿਵੇਂ ਸੂਏ ਦਾ ਅਗਲਾ ਪੁੱਲ੍ਹ ਉਤਰਨ ਤਾਈਂ ਚੰਦੇ ਨੇ ਕਿੰਨੀ ਵਾਰੀ ਮੁੜ ਮੁੜ ਕੇ ਉਸ ਵਲ ਤਕਿਆ ਹੋਵੇ, ਤੇ ਹਰ ਵਾਰ ਜਦੋਂ ਉਹ ਪਿਛਾਂਹ ਝਾਕਿਆ ਸੀ ਤਾਂ ਉਹਦਾ ਦਿਲ ਅਜਾਈਂ ਈ ਧੜਕਣ ਲਗ ਪਿਆ ਸੀ।
''ਇਹ ਚਾਰਾ ਸਾਧੂ ਕਿਆਂ ਨੇ, ਤੂਤ ਆਲ੍ਹੀ ਝੁੱਗੀ ਕੋਲੇ ਈ ਬੀਜਿਆ ਵਿਐ ਨਾ ਭਲਾ?" ਘਰ ਦੇ ਨੇੜੇ ਆ ਕੇ ਚੰਦੇ ਨੇ ਉਭੜਵਾਹਿਆਂ ਪੁੱਛਿਆ।
''ਹੈਂ ?....ਆਹੋ, ਉਥੇ ਈ ਐ....ਹੋਰ ਉਹਨਾਂ ਦੇ ਥਾਂ ਕਿਹੜੈ ਪੱਠੇ ਬੀਜਣ ਨੂੰ?"
ਪਰ ਭੀਲੀ ਦੀ ਬੇਬੇ ਦੀ ਜੀਭ ਥਥਲਾਂਦੀ ਜਾਪੀ।
ਜਦੋਂ ਉਹ ਦੋਏ ਅਗੜ-ਪਿਛੜ ਘਰ ਵੜੇ ਤਾਂ ਕੱਟੀ ਮੂੰਹ ਉਤਾਂਹ ਚੁੱਕ ਕੇ ਰਤਾ ਅੜਿੰਗੀ ਤਾਂ ਜ਼ਰੂਰ ਪਰ ਰੋਜ਼ ਵਾਂਗ ਉਸ ਅਰੜਾਟ ਪਾਉਂਦਿਆਂ ਗੇੜਾ ਨਹੀਂ ਬੰਨ੍ਹਿਆ; ਪੂਛ ਨਾਲ ਕੁੱਖਾਂ ਝੰਬ ਦੀ ਥਾਂ ਇੱਕ ਵਾਰ ਹਿਲਾ ਕੇ ਮੁੜ ਪੱਠਿਆਂ ਵਿਚ ਮੂੰਹ ਗੱਡ ਲਿਆ। ਚੰਦੇ ਨੇ ਘੂਰ ਕੇ ਉਹਦੀ ਖੁਰਲੀ ਵਲ ਤਕਿਆ, ਉਹਨਾਂ ਮੂਹਰੇ ਭੱਜ ਆਏ ਗਾਚੇ ਤੇ ਤਾਰੇ ਨੇ, ਉਹਨਾਂ ਦੇ ਘਰ ਅਪੜਣ ਤਾਈਂ, ਕਿੰਨਾ ਸਾਰਾ ਹਰਾ ਕੁਤਰ ਕੇ ਕੱਟੀ ਅੱਗੇ ਸੁੱਟ ਦਿੱਤਾ ਹੋਇਆ ਸੀ। ਹਰੇ ਚਾਰੇ ਨਾਲ ਸਾਰਾ ਘਰ ਜਿਵੇਂ ਮਹਿਕ ਪਿਆ ਹੋਵੇ। ਚੰਦੇ ਨੂੰ ਪਤਾ ਨਹੀਂ ਸੀ ਲਗਿਆ ਕਿ ਉਹ ਅਚੇਤ ਹੀ ਬੂਹਿਓਂ ਵੜਦਿਆਂ, ਦੋ-ਤਿੰਨ ਡੂੰਘੇ ਸਾਹ ਲੈ ਗਿਆ ਸੀ।
''ਆਹ ਕੀ ਐ ਉਇ!" ਉਹਨੇ ਚਾਰਾ ਕੁਤਰਦੇ ਗਾਚੇ ਦੇ ਕੋਲ, ਦੋ ਕੁ ਰੁਗ ਟਾਟਾਂ ਦੇ ਪਏ ਵੇਖ ਕੇ ਪੁੱਛਿਆ।
''ਇਹ ਟਾਟਾਂ....ਇਹ ਟਾਟਾਂ," ਟੋਕੇ ਦੀ ਤਾਲ ਨਾਲ ਗਾਚੇ ਨੇ ਕਈ ਵਾਰ ਇਹੋ ਸ਼ਬਦ ਦਹੁਰਾਏ ਤੇ ਫੇਰ ਫੀਮ ਦੇ ਅਮਲ ਵਿਚ, ਲੋਰ ਨਾਲ ਆਪ-ਮੁਹਾਰਾ ਈ ਗੀਤ ਜਿਹਾ ਗਾਈ ਗਿਆ, ''ਟਾਟਾਂ...ਮੇਰੀਆਂ ਬਾਠਾਂ, ਬੇਬੇ ਲਿਆਈ ਸੀ....
ਲਿਆਈ ਸੀ, ਬਈ ਲਿਆਈ ਸੀ....
ਟਾਟਾਂ, ਟਾਟਾਂ, ਟਾਟਾਂ, ਬੇਬੇ ਲਿਆਈ ਸੀ....!
ਓ....ਟਾਟਾਂ, ਚਾਰਾ, ਤਾਰਾ, ਬੇਬੇ ਲਿਆਈ ਸੀ.....!
ਲੈ ਬਈ, ਭਲਾ ਬੇਲੀਆ ਲਿਆਈ ਸੀ...ਈ....ਈ !"
ਪਰ ਚੰਦੇ ਨੂੰ ਜਿਵੇਂ ਸਕਤਾ ਮਾਰ ਗਿਆ। ਉਹ ਲਾਲਟੈਣ ਦੇ ਮਰਨਊ ਜਿਹੇ ਚਾਲਣ ਵਿਚ ਕਦੇ ਚਾਰੇ ਦੀ ਥੱਬੀ ਵਲ ਘੂਰ ਘੂਰ ਵਿੰਹਦਾ ਸੀ, ਕਦੇ ਟਾਟਾਂ ਦੀ ਨਿੱਕੀ ਜਿਹੀ ਢੇਰੀ ਵਲ।
''ਲੈ ਬਾਪੂ ਪਾਣੀ ਲੈ ਲੈ।" ਉਹਦੀ ਸਚਿਆਰੀ ਧੀ ਭੀਲੀ ਨੇ ਬਹੀਣ ਦੇ ਨਾਲ ਧਰੀਆਂ ਇੱਟਾਂ ਕੋਲ, ਤੱਤੇ ਪਾਣੀ ਦਾ ਬੱਠਲ ਧਰਦਿਆਂ ਉਹਨੂੰ ਸੱਦਿਆ।
ਹੈਰਾਨੀ-ਜਿਹੀ ਨਾਲ ਭਓਂ ਕੇ ਚੰਦੇ ਨੇ ਚਾਰ-ਚੁਫੇਰੇ ਤੱਕਿਆ, ਤੇ ਸ਼ਾਇਦ ਗੋਹਿਆਂ ਦੇ ਧੂੰਏ ਦੀ ਕੌੜਵਾਸ ਕਰਕੇ ਅੱਖਾਂ 'ਚੋਂ ਪਾਣੀ ਨਿਕਲ ਆਇਆ। ਪਰ ਅੱਖਾਂ ਝਮਕਾ ਕੇ ਗਹੁ ਨਾਲ ਵੇਖਿਆ ਤਾਂ ਭੀਲੀ ਦੀ ਬੇਬੇ ਕਿਧਰੇ ਨਹੀਂ ਦਿਸੀ।
''ਤੇਰੀ ਬੇਬੇ....!" ਉਹਨੇ ਬੱਠਲ ਵਲ ਆਹੁਲਦਿਆਂ ਭੀਲੀ ਤੋਂ ਪੁੱਛਿਆ, ਤੇ ਕੋਠੜੀ ਦੇ ਬੂਹੇ ਦੇ ਕੋਲ ਖੜੋਤੀ ਭੀਲੀ ਵਲ ਇਕ-ਟਿਕ ਵਿੰਹਦਾ ਰਹਿ ਗਿਆ-ਉਹ ਚੁਗਾਠ ਦੀ ਸਰਦਲ ਤੋਂ ਵੀ ਉੱਚੀ ਲੱਗਦੀ ਸੀ।
ਭੀਲੀ ਨੇ ਕੀ ਜਵਾਬ ਦਿੱਤਾ, ਇਹਦਾ ਉਹਨੂੰ ਕੋਈ ਪਤਾ ਨਹੀਂ ਲੱਗਿਆ, ਨੀਵੀਂ ਪਾ ਕੇ ਬੱਠਲ ਦੇ ਪਾਣੀ ਨਾਲ ਮੂੰਹ-ਹੱਥ ਧੋਣ ਜਾ ਲੱਗਿਆ। ਕੋਲ ਖੜੋਤੀ ਕੱਟੀ ਜਰਕ-ਜਰਕ ਹਰਾ ਚਾਰਾ ਚਰਦੀ ਜ਼ੋਰ-ਜ਼ੋਰ ਦੀ ਪੂਛ ਮਾਰ ਜਾਂਦੀ ਸੀ। ਉਹਦੇ ਜਾੜ੍ਹ-ਰਸ ਦਾ ਉਹਨੂੰ ਆਪ ਨੂੰ ਪਹਿਲਾਂ ਤਾਂ ਸੁਆਦ ਜਿਹਾ ਆਉਂਦਾ ਲੱਗਿਆ ਪਰ ਫੇਰ ਇਕਦਮ ਮੂੰਹ ਕੌੜਾ-ਕੌੜਾ ਹੋ ਗਿਆ।
ਮੂੰਹ-ਹੱਥ ਧੋ ਕੇ ਰੋਟੀ ਖਾਣ ਬੈਠਾ ਤਾਂ ਭੜਥੂ ਪਾਉਂਦੇ ਦੋਏ ਮੁੰਡੇ, ਵਿਹੜੇ ਵਿਚ ਰੜੇ ਥਾਂ ਬਹਿ ਕੇ ਟਾਟਾਂ ਕੁਟਣ ਲਗ ਪਏ। ਚੰਦੇ ਨੂੰ ਚਾਣਚਕ ਈ ਰੋਹ ਚੜ੍ਹ ਗਿਆ। ਉਹਨੇ ਮਾਂ ਦੀ ਗਾਲ੍ਹ ਕੱਢ ਕੇ ਉਹਨਾਂ ਨੂੰ ਘੂਰਿਆ, ''ਹੁਣੇ ਕੁੱਟ ਕੇ, ਇਹਨਾਂ ਦਾ ਦਾਣਾ ਦਾਲ ਕੇ ਆਵਦੀ ਮਾਂ ਨੂੰ ਪਾਉਣੇ, ਸਾਲਿਓ ਕਰੀਓ?"
''ਵੇ ਕੀ ਹੋਈ ਜਾਂਦੈ ਥੋਨੂੰ!" ਉਸੇ ਵੇਲੇ ਬਾਹਰੋਂ ਆਉਂਦੀ ਭੀਲੀ ਦੀ ਬੇਬੇ ਨੇ ਗੱਲ ਤਾੜ ਕੇ ਮੁੰਡਿਆਂ ਨੂੰ ਪੋਲੀ ਜਿਹੀ ਝਿੜਕ ਦਿੱਤੀ, ''ਥੋਥੋਂ ਹੁਣ ਟਿਕ ਕੇ ਨਹੀਂ ਬੈਠੀਦਾ?"
ਮੁੰਡੇ ਤੇ ਨਿੱਕੀ ਕੁੜੀ ਟਾਟਾਂ ਓਥੇ ਦੀ ਛਡ ਕੇ ਕੰਨ ਵਲੇਟ ਕੇ ਚੌਂਕੇ ਵਲ ਤੁਰ ਗਏ। ਭੀਲੀ ਦੀ ਬੇਬੇ ਪਹਿਲਾਂ ਖਿਲਰੀਆਂ ਟਾਟਾਂ ਨੂੰ ਅਹੁਲੀ, ਪਰ ਫੇਰ ਕਦੇ ਟਾਟਾਂ ਤੇ ਕਦੇ ਚੰਦੇ ਵਲ ਭਓਂ ਭਓਂ ਵਿਹੰਦੀ, ਉਹਦੇ ਤੋਂ ਰਤਾ ਪਰ੍ਹਾਂ ਹਟ ਕੇ ਭੂੰਜੇ ਈ ਬਹਿ ਗਈ। ਫੇਰ ਬਿਨਾ ਕਿਸੇ ਦੇ ਕੁਝ ਪੁਛਿਆ-ਦਸਿਆ ਆਪ-ਮੁਹਾਰੀ ਈ ਬੋਲਣ ਲਗ ਪਈ।
''ਗੇਲੋ ਨੂੰ ਪੁਛਣ ਗਈ ਸੀ-ਤੜਕੇ ਮੇਰੇ ਨਾਲ ਚਲਣ ਨੂੰ। ਸਾਧੂ ਦਾ ਵੱਡਾ ਮੁੰਡਾ ਕਹਿੰਦਾ, ਜੇ ਵਿਹਲੀ ਹੋਵੇ ਤਾਂ ਉਹਨੂੰ ਵੀ ਨਾਲ ਲਿਆਈਂ, ਕੰਮ ਛੇਤੀ ਨਿਬੜ ਜੂ!..... ਪਰ ਉਹਦੀ ਤਾਂ ਜਾਤਣ ਦੀ ਆਕੜ ਈ ਨ੍ਹੀਂ ਲਈ-ਦੀ ਕਿਤੇ!....ਕਹਿੰਦੀ, 'ਸਾਢੇ ਅੱਠ ਰੁਪਈਏ ਲਊਂ, ਨਾਲੇ ਦੋਹੀਂ ਵੇਲੀਂ ਖਾਊਂ ਰੋਟੀ, ਤੇ ਤਿੰਨ ਵੇਲੇ ਪੀਊਂ ਚਾਹ।' ਮੈਂ ਕਿਹਾ, 'ਚੰਗਾ ਭਾਈ ਤੇਰੀ ਮਰਜ਼ੀ, ਉਹਨਾਂ ਨੇ ਤਾਂ ਮੈਨੂੰ ਸਾਢੇ ਸੱਤਾਂ ਤਾਈਂ ਕਿਹਾ ਸੀ....ਨਾਲੇ ਜੇ ਸੋਚੀਏ ਤਾਂ ਉਹ ਵਿਚਾਰੇ ਕਿਹੜਾ ਹੱਕ ਰਖਦੇ ਐ !.... ਆਹ ਵੇਖ ਲੈ, ਦੋ-ਢਾਈ-ਸੇਰ-ਸਾਰੀਆਂ ਤਾਂ ਟਾਟਾਂ ਈ ਅੱਜ ਚੱਕ ਲਿਆਂਦੀਆਂ ਮੈਂ, ਧੌਣ, ਤਿੰਨਪਸੇਰੀਆਂ ਤੋਂ ਘੱਟ ਚਾਰਾ ਨਹੀਂ ਹੋਣਾ- ਹੋਰ ਹੁਣ ਉਹਨਾਂ ਨੂੰ ਤਾਂ ਭਮੇ ਘਰ ਲਿਆ ਕੇ ਬਠਾ-ਲੀਏ...."
ਤੇ ਜਦੋਂ ਭੀਲੀ ਦੀ ਬੇਬੇ ਨੇ ਛੋਲਿਆਂ ਦੀ ਕੰਡ ਨਾਲ ਲਿਬੜੀ ਚੁੰਨੀ ਨਾਲ ਮੂੰਹ ਤੋਂ ਮੁੜ੍ਹਕਾ ਪੂੰਝਦਿਆਂ, ਚੋਰ-ਅੱਖ ਚੰਦੇ ਵਲ ਤਕਿਆ ਤਾਂ ਉਹਦਾ ਸਾਰਾ ਸਰੀਰ ਕੰਬਣ ਲਗ ਪਿਆ: ਬੁਰਕੀ ਪਾਉਂਦੇ ਚੰਦੇ ਦਾ ਹੱਥ ਕੰਬ ਰਿਹਾ ਸੀ, ਮੁੱਛਾਂ ਅਜੀਬ ਹੋਈਆਂ ਲਗਦੀਆਂ ਸਨ। ਉਹ ਮੁੜ ਉਸ ਵਲ ਨਹੀਂ ਝਾਕ ਸਕੀ, ਨਾ ਬੋਲ ਸਕੀ, ਸੁੰਨੀ ਜਿਹੀ ਹੋਈ, ਚੁੰਨੀ ਨਾਲ ਝਲ ਮਾਰ ਕੇ ਮੁੜ੍ਹਕਾ ਸਕਾਉਂਦੀ ਰਹੀ।
ਪਰ ਬਿੰਦ ਕੁ ਪਿਛੋਂ ਤਾਹੀਂ ਖ਼ਬਰ ਕਿ ਚੰਦਾ ਨੰਗੇ-ਪੈਰੀਂ ਉੱਠ ਕੇ ਵਾ-ਵਰੋਲੇ ਵਾਂਗ ਬਾਹਰ ਨੂੰ ਤੁਰ ਗਿਆ। ਭੀਲੀ ਦੀ ਬੇਬੇ ਦਾ ਦਿਲ ਜ਼ੋਰ-ਜ਼ੋਰ ਦੀ ਧੜਕਿਆ, ਪਰ ਪਿੱਛੋਂ 'ਵਾਜ ਮਾਰਨ ਦੀ ਹਿੰਮਤ ਨਹੀਂ ਪਈ।
ਘਾਬਰੀ ਤੇ ਹਫ਼ੀ 'ਵਾਜ ਨਾਲ ਉਹਨੇ ਗਾਚੇ ਨੂੰ ਹੌਲੀ ਜਿਹੀ ਕਿਹਾ, ''ਜਾਹ ਵੇ, ਵੇਖੀਂ ਤੇਰਾ ਬਾਪੂ ਕਿਧਰ ਗਿਐ?"
''ਬਾਪੂ ਗਿਐ 'ਫਰੀਕਾ!" ਤਾਰਾ ਟੁੱਕ ਦੀ ਬੁਰਕੀ ਪੂਣੀ ਬਣਾ ਕੇ ਖਾਂਦਾ-ਖਾਂਦਾ ਇਹ ਕਹਿੰਦਿਆਂ ਬਾਹਰ ਨੂੰ ਭੱਜ ਗਿਆ।
ਪਰ ਜਦੋਂ ਉਹ ਦੂਜੇ ਬਿੰਦ ਗਲੀ ਵਿਚੋਂ ਮੁੜ ਕੇ ਆਇਆ ਤਾਂ ਉਹਦੀਆਂ ਅੱਖਾਂ ਹੈਰਾਨੀ-ਜਿਹੀ ਨਾਲ ਅੱਡੀਆਂ ਹੋਈਆਂ ਸਨ। ''ਨੀ ਬੇਬੇ, ਉਹ ਤਾਂ ਸੂਏ ਬੰਨੀ ਫੇਰ ਤੁਰਿਆ ਜਾਂਦੇ...ਔਧਰ!"
''ਸੂਏ ਵੰਨੀ?" ਥੱਕੇ ਗੋਡਿਆਂ ਨਾਲ ਉਠ ਕੇ ਖੜੀ ਹੁੰਦਿਆਂ ਭੀਲੀ ਦੀ ਬੇਬੇ ਨੇ ਚੋਰ-ਅੱਖ ਰੋਟੀਆਂ ਪਕਾਉਂਦੀ ਭੀਲੀ ਵਲ ਤਕਦਿਆਂ ਕਿਹਾ, ''ਹੁਣ ਉਹ ਸੂਏ ਵੰਨੀ ਕੀ ਕਰ ਗਿਐ?-ਹੈ ਕਮਲਾ ਨਾ ਸਿਆਣਾ!...ਜਾਹ ਵੇ ਗਾਚਿਆ, ਜਾਈਂ ਭੱਜ ਕੇ, ਕਿਤੇ ਕੋਈ ਮੂਕਾ-ਮਾਕਾ ਤਾਂ ਨ੍ਹੀਂ ਬਾਹਰ ਭੁੱਲ ਆਏ ਸੀ ਤੁਸੀਂ ?...ਜਾਹ ਗਲ ਜਾ ਹੁਣ, ਉਹ ਕਿਥੇ ਦੋ ਕੋਹ ਲੱਤਾਂ ਕਢੋਂਦਾ ਜਾਊ ਜਾਂਦੂਓ?...."
ਪਰ ਗਾਚੇ ਨੇ ਟਾਟਾਂ ਦੇ ਉਦਾਲੇ ਹੁੰਦਿਆਂ ਬੇ-ਧਿਆਨੀ ਜਿਹੀ ਨਾਲ ਉਹਦੀ ਗੱਲ ਅਣਗਾਉਲੀ ਕਰ ਕੇ ਕਿਹਾ, ''ਹਾਂ ਮੂਕਾ ਨਾ ਅਸੀਂ ਭੁੱਲ ਆਏ ਕਿਤੇ ਖੀਨਖਾਪ ਦਾ। ਤੇੜ ਤਾਂ ਬਾਪੂ ਦੇ ਕਦੇ ਕੁਹਾਈ ਨੀਂ ਹੋਈ, ਮੂਕਾ ਕਿੱਥੋਂ ਆ ਗਿਆ...ਵੱਡੀਏ ਸਿਆਣੀਏਂ...!"
ਭੀਲੀ ਦੀ ਬੇਬੇ ਦਾ ਚਿੱਤ ਕੀਤਾ ਉਹਦੇ ਸਿਰ 'ਚ ਟੋਕਾ ਚੁਕ ਮਾਰੇ। ਏਨੀ ਬੇਪ੍ਰਵਾਹੀ ਨਿਆਣੇ ਨੂੰ ਕੀ ਆਖ! ਪਰ ਉਹ ਗਾਲ੍ਹਾਂ ਕਢਦੀ ਆਪ ਈ ਬਾਹਰ ਨੂੰ ਤੁਰ ਗਈ। ਭੀਲੀ ਉਹਨੂੰ ਰੋਟੀ ਖਾਣ ਲਈ ਬੁਲਾਂਦੀ ਈ ਰਹਿ ਗਈ ਪਰ ਉਹ 'ਆਈ, ਆਈ' ਕਰਦਿਆਂ ਅਗਾਂਹ ਤੁਰੀ ਗਈ। 'ਕੋਲੇ ਨਾਲ ਖੜੋਤੇ' ਪਰ ਉਸ ਸ਼ੁਕਰ ਕੀਤਾ ਕਿ ਰੱਬ ਨੇ ਸੁਣ ਲਈ; ਚੰਦਾ ਸੂਏ ਤੋਂ ਦੋ ਵਾਹਣ ੁਰੇ ਹੀ ਮੁੜ ਆਇਆ। ਤੇ ਦਜੋਂ ਮੋਦਨ ਦੇ ਭੇਡਾਂ ਵਾਲੇ ਵਾੜੇ ਕੋਲ ਉਹ ਇਕ ਦੂਜੇ ਦੇ ਨੇੜੇ ਆਏ ਤਾਂ ਚੰਦੇ ਨੇ ਅਜੀਬ ਓਪਰੇ ਰੋਂ ਵਿਚ ਕਿਹਾ, ''ਤੂੰ ਕਾਸ ਨੂੰ ਆਈ ਐਂ ਮੇਰੇ ਮਗਰ?"
''ਐਮੇਂ....ਮੈਂ ਕਿਹਾ ਖਬਰੈ ਪੁਠ-ਪੈਰਾ ਐਡੀ ਛੇਤੀ ਕਿਧਰ ਮੁੜ ਚਲਿਐ।" ਉਹ ਰਤਾ ਹੱਸ ਕੇ ਬੋਲਿਆ, ''ਮੈਂ ਤਾਂ ਊਂ ਈ ਤੁਰ ਪਿਆ, ਕਿਧਰੇ 'ਫੀਮ ਆਲੀ ਖ਼ਾਲੀ ਡੱਬੀ ਡੇਗ ਬੈਠਾ, ਸੋਚਿਆ ਤੜਕੇ ਨੂੰ ਕੋਈ ਹੋਰ ਚੱਕ ਕੇ ਲੈ ਜੂ, ਹੁਣੇ ਭਾਲ ਲਿਆਮਾ..."
''ਲੈ ਸੁਣ ਲੈ!" ਭੀਲੀ ਦੀ ਬੇਬੇ ਨੇ ਸੁਖ ਦਾਸਾਹ ਲੈਂਦਿਆਂ ਕਿਹਾ, ''ਮੈਂ ਤਾਂ ਕਿਹਾ ਖਬਰਨੀ ਕੀ ਗੱਲ ਐ ਜਿਹੜਾ ਐਂ ਚੁਪ ਕਰ ਕੇ ਉੱਠ ਤੁਰਿਆ।"
ਪਰ ਭੀਲੀ ਦੀ ਬੇਬੇ ਦਾ ਅਜੇ ਚਿੱਤ ਟਿਕਾਣੇ ਨਹੀਂ ਸੀ ਆਇਆ। ਉਹ ਘਰ ਤਾਈਂ ਇਉਂ ਉਰਲੀਆਂ-ਪਰਲੀਆਂ ਮਾਰਦੀ ਆਈ ਜਿਵੇਂ ਆਪਣਾ ਚਿੱਤ ਈ ਟਿਕਾਣੇ ਕਰਨਾ ਚਾਹੁੰਦੀ ਹੋਵੇ।
ਚੰਦੇ ਨੂੰ ਬੂਹਾ ਵੜਦਿਆਂ ਈ ਚਾਣਚਕ ਕੱਟੀ ਨੂੰ ਥਾਪੀ ਦਿੱਤੀ ਤੇ ਹਰੇ ਪੱਠਿਆਂ 'ਚ ਹੱਥ ਮਾਰਦਿਆਂ ਕੱਟੀ ਨਾਲ ਗੱਲਾਂ ਕਰਨ ਲੱਗ ਪਿਆ। ''ਅੱਜ ਤਾਂ ਸਾਡੀ ਬੂਰੀ ਬੜੀਆਂ ਕੁੱਖਾਂ ਕਢੀ ਖੜੋਤੀ ਐ...! ਗੋਗੜ ਛੱਡੀ ਖੜੋਤੀ ਐ-ਬੱਲੇ ਬਈ, ਬੱਲੇ...ਹੇ ਖਾਂ ! ਦੇਖ ਤਾਂ ਸਈ ਤੂੰ ਕੇਰਾਂ...!" ''ਅੱਜ ਤਾਂ ਇਹ ਖੜੂਗੀ ਐਨ 'ਕੇਰਾਂ ਬਸ, ਮਰ ਕੇ!" ਭੀਲੀ ਦੀ ਬੇਬੇ ਨੇ ਤਸੱਲੀ ਨਾਲ, ਰੋਟੀ ਖਾਣ ਲਈ ਚੌਂਕੇ ਵਲ ਜਾਂਦਿਆਂ ਕਿਹਾ ਤੇ ਨਾਲ ਈ ਮੁੰਡਿਆਂ ਨੂੰ 'ਵਾਜ ਮਾਰੀ, ''ਵੇ ਮੁੰਡਿਓ....! ਟਾਟਾਂ ਤਾਂ ਕੱਠੀਆਂ ਕਰ ਦਿਓ ਭਾਈ!"
ਅੱਧੀ ਰਾਤ ਅਗੇ ਸੀ, ਅੱਛੀ ਪਿਛੇ; ਚੰਦਾ ਚਾਣਚਕ, ਉਭੜਵਾਹਾ ਉਠ ਕੇ ਬਹਿ ਗਿਆ ਤੇ ਡੌਰ-ਭੋਰਾ ਹੋਇਆ ਚਾਰ-ਚੁਫੇਰੇ ਇਉਂ ਝਾਕਣ ਲੱਗ ਪਿਆ ਜਿਵੇਂ ਉਹਨੂੰ ਕੋਈ ਬੜਾ ਭਿਆਨਕ ਸੁਪਨਾ ਆਇਆ ਹੋਵੇ। ਕਿੰਨਾ ਚਿਰ ਉਹ ਸੁੰਨਿਆਂ ਵਾਂਗ ਖੱਬੇ-ਸੱਜੇ ਤੇ ਹੇਠ-ਉਤਾਂਹ ਝਾਕੀ ਗਿਆ : ਸਾਧੂ ਦੇ 'ਬਨਮਾਸ਼' ਮੁੰਡੇ ਦੀ ਸ਼ਕਲ ਅਜੇ ਵੀ ਓਵੇਂ ਪਰਤੱਖ ਦਿੱਸੀ ਜਾਂਦੀ ਸੀ।....ਤੇ ਹਰੇ ਪੱਠੇ, ਟਾਟਾਂ, ਕਲ੍ਹ ਨੂੰ ਦਿਹਾੜੀ 'ਤੇ ਸੱਦੀ ਗੈਲ਼- ਸਾਰੀਆਂ ਗੱਲਾਂ, ਤੂਤ ਵਾਲੀ ਡੁੱਗੀ ਦੁਆਲੇ ਇਉਂ ਘੇਰਾ ਘੱਤੀ ਆਉਂਦੀਆਂ ਸਨ ਜਿਵੇਂ ਹਰੇ ਚਾਰੇ ਵਿਚੋਂ 'ਕੁਸ਼ ਖਾ ਕੇ' ਮਰੀ ਉਹਨਾਂ ਦੀ ਬੂਰੀ ਕੱਟੀ ਦੁਆਲੇ, ਹੁਣੇ, ਗਿਰਝਾਂ ਨੇ ਝੁਰਮਟ ਆ ਪਾਇਆ ਸੀ-ਉਹਨੂੰ ਕੱਟੀ ਦਾ ਪੋਸ਼ ਵੀ ਉਹਨਾਂ ਨੇ ਨਹੀਂ ਸੀ ਲਾਹੁਣ ਦਿੱਤਾ... ਤੇ ਝੁੱਗੀ ਦੇ ਅੰਦਰ, ਚੁੜੇਲਾਂ ਦੇ ਪੁਠੇ-ਪੈਰਾਂ ਵਰਗੇ ਕੁਝ ਓਪਰੇ-ਓਪਰੇ ਨਿਸ਼ਾਨ ਵੀ ਉਹਨੂੰ ਐਨ ਸਾਫ਼ ਦਿੱਸ ਰਹੇ ਸਨ....
ਉਹ ਬਬੂਕਾ ਮਾਰ ਕੇ ਉਠਦਿਆਂ, ਨੰਗੇ ਸਿਰ, ਨੰਗੇ ਪੈਰੀਂ ਬਾਹਰ ਨੂੰ ਵਗ ਤੁਰਿਆ। ਅੱਖ ਦੇ ਫੇਰ ਵਿਚ ਕੁੰਡਾ ਖੁਲ੍ਹਦਿਆਂ ਉਸ ਘੱਗੀ, ਕੁਰਖ਼ਤ 'ਵਾਜ 'ਚ ਕਿਹਾ, ''ਏਦੂੰ ਤਾਂ ਬੰਦਾ ਮਰਿਆ ਈ ਚੰਗਾ....! ਧੀ ਦਾ ਗਲ ਘੁੱਟ ਦਿਆਂਗੇ-ਪਿਛਲੇ ਮਾਰਦੇ ਈ ਹੁੰਦੇ ਸੀ ਨਾ ! ਜੰਮਦੀਆਂ ਈ ਮਾਰ ਦਿੰਦੇ ਸੀ....! ਪਰ ਏਦੂੰ ਤਾਂ ਬੰਦਾ ਫੇਰ ਮਰਿਆ ਈ ਚੰਗਾ-ਧਿਰਗ ਐ ਐਸੇ ਜੰਮਣ ਦੇ !... ਹਾਂ ਕਮਲਿਆ ! ਧਿਰਗ ਨ੍ਹੀਂ ਫੇਰ....ਕੋਈ ਜੂਨ ਐਂ...."
ਤੇ ਏਵੇਂ ਬੋਲਦਾ ਬੋਲਦਾ ਉਹ ਆਥਣ ਵਾਂਗ, ਸੂਏ ਵਲ ਮੁੜ ਤੁਰ ਗਿਆ।
ਭੀਲੀ ਦੀ ਬੇਬੇ ਓਦੋਂ ਜਾਗਦੀ ਪਈ ਸੀ; ਪਰ ਨਾ ਉਹਦੀ ਜੀਭ ਹੱਲੀ, ਨਾ ਕੋਈ ਹੋਰ ਅੰਗ ਹਿਲਿਆ-ਸਾਰੀ ਦਿਹ ਜਿਵੇਂ ਸਿਲ੍ਹ-ਪੱਥਰ ਈ ਹੋ ਗਈ ਸੀ।
ਪਰ ਭੀਲੀ, ਉਸੇ ਵੇਲੇ, ਉਭੜਵਾਹੀ ਉੱਠ ਕੇ ਚੰਦੇ ਦੇ ਮਗਰ ਭੱਜ ਤੁਰੀ। ਗਲੀ ਵਿਚ ਜਾ ਕੇ ਉਚੀ ਉਚੀ 'ਵਾਜਾਂ ਵੀ ਮਾਰੀਆਂ, ਪਰ ਉਹ ਨਹੀਂ ਮੁੜਿਆ। ਉਹ ਘਾਬਰੀ, ਹੌਂਕਦੀ ਮੁੜ ਅੰਦਰ ਆਈ ਥਥਲਾਂਦੀ-ਜਿਹੀ 'ਵਾਜ ਵਿਚ ਕੂਕਦਿਆਂ ਉਸ ਬੇਬੇ ਨੂੰ ਹਲੂਣਿਆਂ।
''ਨੀਂ ਬੇਬੇ, ਬੇਬੇ ਨੀਂ....ਨੀਂ ਬਾਪੂ ਬਾਹਰ ਨੂੰ ਤੁਰਿਆ ਜਾਂਦੈ...ਉਹ ਜਾਂਦਾ ਕਿਧਰ ਐ, ਐਸ ਵੇਲੇ?....ਨ੍ਹੀਂ ਬੇਬੇ!"
ਕੰਬਦੀਆਂ ਲੱਤਾਂ ਨਾਲ ਬੇਬੇ ਦੇ ਮੰਜੇ ਉਤੇ ਬਹਿ ਕੇ ਭੀਲੀ ਨੇ ਬੇਬੇ ਨੂੰ ਜ਼ੋਰ ਨਾਲ ਮੋਢਿਓਂ ਫੜ ਕੇ ਝੂਣਿਆਂ ਤਾਂ ਅਗੋਂ ਉਹਨੇ ਸੁਤੇ-ਸੁਭਾ ਈ, ਸਿਧਣ-ਸਿਧੀ ਪਿਆ, ਜਵਾਬ ਦਿੱਤਾ, ''ਸਾਧੂ ਦੀ ਝੁੱਗੀ 'ਚ ਗਿਐ..."
''ਕਿਉਂ? ਓਥੇ ਕੀ ਕਰਨ ਗਿਐ? ਤੂੰ ਕੁਸ਼ ਭੁੱਲ ਆਈ ਸੀ?" ਓਸੇ ਘਬਰਾਹਟ ਨਾਲ ਭੀਲੀ ਨੇ ਫੇਰ ਪੁੱਛਿਆ।
''ਆਹੋ!" ਭੀਲੀ ਦੀ ਬੇਬੇ ਨੇ ਕਿਹਾ। ਤੇ ਆਪਣੀ ਧੀ ਵਲ ਨਿਗ੍ਹਾ ਭੁਆਂਦਿਆਂ ਰਤਾ ਔਖੀ ਜਿਹੀ 'ਵਾਜ 'ਚ ਬੋਲੀ, ''ਜਾਹ, ਹੁਣ ਤੂੰ ਉਠ ਕੇ ਪੈ ਜਾ ਆਵਦੇ ਮੰਜੇ 'ਤੇ-"
''ਕਿਉਂ? ਮੈਂ ਏਥੇ ਬੈਠੀ ਭੈੜੀ ਲਗਦੀ ਐ?" ਅਚਾਨਕ ਭੀਲੀ ਹਿਰਖ ਗਈ ਸੀ।
''ਨੀਂ ਆਹੋ ਨੀਂ ਵੈਰਨੇ, ਉਠ ਖੜ!" ਅੱਕੀ ਹੋਈ 'ਵਾਜ 'ਚ ਉਹ ਬੋਲੀ, ਪਰ ਫੇਰ ਪਤਾ ਨਹੀਂ ਕੀ ਚੰਡਾਲ ਚੜ੍ਹਿਆ ਕਿ ਅਗਲੇ ਬਿੰਦ ਈ ਉਸ ਚਾਂਘਰ ਮਾਰੀ, ''ਨੀਂ ਤੂੰ ਉਠਦੀ ਐਂ ਕਿ ਨਹੀਂ? ਉਠ ਕੇ ਖੜੀ ਹੋ ਜਾ ਏਥੋਂ, ਭਲੀਮਾਣਸ ਐਂ ਤਾਂ ਨਹੀਂ....!"
ਭੀਲੀ ਦੇ ਚਿਤ 'ਚ ਪਤਾ ਨਹੀਂ ਕੀ ਆਈ, ਉਹ ਸਗੋਂ ਜ਼ਿੱਦ ਨਾਲ ਬਾਹੀ ਤੋਂ ਪਿਛਾਂਹ ਖਿਸਕ ਕੇ, ਜਿਵੇਂ ਸੂਤ ਹੋ ਕੇ ਬਹਿੰਦਿਆਂ ਬੋਲੀ, ''ਜਾਹ ਨਹੀਂ ਉਠਦੀ !"
''ਨਹੀਂ ਉਠਦੀ..." ਹਿਰਖੀ 'ਵਾਜ ਨਾਲ ਤੁਰਤ ਈ ਉਠ ਕੇ ਬਹਿੰਦਿਆਂ ਉਹਦੀ ਬੇਬੇ ਨੇ ਜੋੜ ਕੇ ਦੁਹੱਥੜ ਉਹਦੇ ਮੌਰਾਂ ਵਿਚ ਮਾਰਿਆ ਤੇ ਭੀਲੀ ਮੂੰਹ-ਭਾਰ ਭੁੰਜੇ ਜਾ ਡਿਗੀ।
''ਹਾਏ ਨੀਂ ਤੇਰਾ ਬੇੜਾ ਗਰਕੇ ਨੀਂ, ਭੈਣੇ।" ਭੀਲੀ ਨੇ ਡਿਗਿਆਂ ਪਿਆ ਹੀ ਲੇਰ ਮਾਰੀ ਤੇ ਫੇਰ ਸੰਭਲ ਕੇ ਉਠਦਿਆਂ ਭੁੱਬੀਂ ਰੋਣ ਲਗ ਪਈ।
ਭੀਲੀ ਦੀ ਬੇਬੇ ਮੁੜ ਓਵੇਂ ਸੁਤੇ-ਸੁਭਾ ਈ ਸਿਧਣ-ਸਿਧੀ ਲੇਟ ਗਈ ਤੇ ਉਹਦੇ ਸਾਰੇ ਅੰਗ ਪਹਿਲਾਂ ਵਾਂਗ ਈ ਸਿਲ੍ਹ-ਪਥਰ ਹੋ ਗਏ। ਸੁੱਕੇ ਹੋਠਾਂ ਵਿਚੋਂ ਹੌਲੀ ਜਿਹੀ ਉਸ ਜਿਵੇਂ ਆਪਣੇ ਆਪ ਨੂੰ ਈ ਕਿਹਾ, ''ਮੰਨਦੀ ਕਿਹੜੈ ਕਿਸੇ ਦੀ !...ਕਦੋਂ ਦੀ ਆਖੀ ਜਾਨੀ ਐ ਬਈ ਭਾਈ ਉਠ ਖੜੋ, ਉਠ ਖੜੋ, ਭਿੱਟੀ ਜਾਏਂਗੀ...ਪਰ ਕਾਹਨੂੰ ਜਾਣਦੀ ਐ....ਐਂ ਭਲਮਾਣਸੀ ਨਾਲ ਜਾਣਦੈ ਕੋਈ..."
ਸਾਰੇ ਨਿਆਣੇ ਜਾਗ ਕੇ ਘਾਬਰੇ-ਘਾਬਰੇ ਉਸ ਵੱਲ ਝਾਕਦੇ ਰਹੇ, ਪਰ ਉਹ ਓਵੇਂ ਸਿਧਣ-ਸਿਧੀ ਪਈ ਰਹੀ; ਓਵੇਂ ਅਵਾ-ਤਵਾ ਬੋਲੀ ਗਈ।

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਗੁਰਦਿਆਲ ਸਿੰਘ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ