Dabaa (Chon Katha) : Gurmail Mudahar

ਦਬਾਅ (ਚੋਣ ਕਥਾ) : ਗੁਰਮੇਲ ਮਡਾਹੜ

ਆਖ਼ਰ ਵੋਟ ਪਾਉਣ ਦਾ ਸਮਾਂ ਆ ਗਿਆ ਸੀ ਤੇ ਉਸ ਦੇ ਕਦਮ ਹੌਲੀ-ਹੌਲੀ ਪੋਲਿੰਗ ਬੂਥ ਵੱਲ ਵਧ ਰਹੇ ਸੀ।
ਕਿੰਨਾ ਮਾਨਸਿਕ ਤਣਾਅ ਝੱਲਿਆ ਸੀ ਚੰਦਰ ਭਾਨ ਨੇ ਇਨ੍ਹਾਂ ਦਿਨਾਂ ਵਿੱਚ ਜਿਸ ਦਿਨ ਤੋਂ ਵੋਟਾਂ ਦੀ ਤਰੀਕ ਮਿੱਥੀ ਗਈ ਸੀ, ਉਮੀਦਵਾਰਾਂ ਵੱਲੋਂ ਆਪਣੇ ਕਾਗਜ਼ ਭਰਨ, ਨਾਮ ਵਾਪਸ ਲੈਣ ਦੀ ਕਿਰਿਆ ਖ਼ਤਮ ਹੋਈ ਸੀ ਤਾਂ ਚੋਣ ਮੈਦਾਨ ਵਿੱਚ ਡਟੇ ਤਿੰਨ ਉਮੀਦਵਾਰਾਂ ‘ੳ’, ‘ਅ’ ਤੇ ‘ਸ’ ਨੇ ਆਪੋ ਆਪਣੀ ਪ੍ਰਚਾਰ ਮੁਹਿੰਮ ਸ਼ੁਰੂ ਕਰ ਦਿੱਤੀ ਸੀ, ਉਸ ਦਿਨ ਦਾ ਹੀ ਉਹ ਚੈਨ ਨਾਲ ਨਾ ਕੋਈ ਕੰਮ ਕਰ ਸਕਿਆ ਸੀ ਤੇ ਨਾ ਰੱਜ ਕੇ ਸੌਂ ਸਕਿਆ ਸੀ। ‘ਅ’ ਉਮੀਦਵਾਰ ਉਸ ਦੇ ਮੁਹੱਲੇ ਵਿੱਚ ਹੀ ਰਹਿੰਦਾ ਸੀ, ਸਗੋਂ ਉਸ ਦੀ ਗਲੀ ਵਿੱਚ ਹੀ ਕੁਝ ਘਰ ਛੱਡ ਕੇ ਉਸ ਦੀ ਕੋਠੀ ਸੀ। ਪਹਿਲੇ ਦਿਨ ਮੁਹੱਲੇ ਵਾਲਿਆਂ ਦੀ ਮੀਟਿੰਗ ਹੋਈ ਸੀ ਜਿਸ ਵਿੱਚ ਸਾਰਿਆਂ ਨੇ ‘ਅ’ ਨੂੰ ਵੋਟ ਪਾਉਣ ਅਤੇ ਤਨੋ-ਮਨੋ ਹਮਾਇਤ ਕਰਨ ਦੀ ਸਹੁੰ ਖਾਧੀ ਸੀ। ਸਾਰਿਆਂ ਨੇ ਇੱਕ-ਮਤ ਹੋ ਕੇ ਇਹ ਵੀ ਕਿਹਾ ਸੀ ਕਿ ਜਿੱਥੇ-ਜਿੱਥੇ ਜਿਸ ਜਿਸ ਦੀ ਜਾਣ-ਪਛਾਣ ਵਾਲਾ ਘਰ ਹੈ ਉਹ ‘ਅ’ ਨੂੰ ਵੋਟਾਂ ਪਵਾਏਗਾ। ‘ੳ’ ਅਤੇ ‘ਸ’ ਦੀਆਂ ਵੋਟਾਂ ਵੀ ਤੋੜਨ ਲਈ ਪੂਰਾ-ਪੂਰਾ ਯਤਨ ਕਰੇਗਾ ਪਰ ਦੂਜੀ ਸਵੇਰ ਅਜੇ ਉਹ ਸੁੱਤਾ ਹੀ ਪਿਆ ਸੀ ਕਿ ਉਸ ਦੇ ਘਰ ਦੀ ਡੋਰ ਬੈੱਲ ਜ਼ੋਰ ਨਾਲ ਖੜਕੀ। ਉਸ ਨੇ ਰਜਾਈ ਲਾਹ ਕੇ ਅਹੁ ਮਾਰੀ ਤੇ ਘਬਰਾ ਕੇ ਉੱਠ ਬੈਠਾ। ਘੰਟੀ ਫੇਰ ਵੱਜੀ। ਉਸ ਨੇ ਕਮਰੇ ਦਾ ਬੂਹਾ ਖੋਲਿਆ, ਜ਼ੋਰਦਾਰ ਠੰਢ ਦਾ ਬੁੱਲਾ ਅੰਦਰ ਆਇਆ। ਉਸ ਨੂੰ ਕਾਂਬਾ ਚੜ੍ਹ ਗਿਆ। ਬਾਹਰ ਧੁੰਦ ਪੈ ਰਹੀ ਸੀ।
ਉਸ ਨੇ ਗਲੀ ਵਾਲੀ ਬੱਤੀ ਜਗਾਈ ਤੇ ਬਾਹਰ ਦਾ ਬੂਹਾ ਖੋਲ੍ਹਿਆ। ਸਾਹਮਣੇ ਉਸ ਦੇ ਹੀ ਮੁਹੱਲੇ ਦਾ ਰਾਮ ਗੋਪਾਲ ਤੇ ‘ੳ’ ਉਮੀਦਵਾਰ ਖੜ੍ਹੇ ਸੀ। ਰਾਮ ਗੋਪਾਲ ਨਾਲ ਉਸ ਦੀ ਵਿਚਾਰਧਾਰਕ ਸਾਂਝ ਹੈ। ਦੋਵੇਂ ਮਾਰਕਸਵਾਦੀ ਜੋ ਹਨ। ਉਸ ਨੂੰ ਸਮਝਣ ਵਿੱਚ ਕੋਈ ਦੇਰ ਨਾ ਲੱਗੀ ਕਿ ਇੰਨੇ ਸੁਵੱਖਤੇ ਰਾਮ ਗੋਪਾਲ ਅਤੇ ‘ੳ’ ਕਿਸ ਕੰਮ ਲਈ ਆਏ ਹਨ। ਉਸ ਨੇ ਦੋਵਾਂ ਨੂੰ ਬੜੇ ਆਦਰ ਨਾਲ ਅੰਦਰ ਆਉਣ ਲਈ ਕਿਹਾ।
‘‘ਇਹ ਆਪਣੇ ਵਾਰਡ ਦੇ ਉਮੀਦਵਾਰ ਹਨ ‘ੳ’।’’ ਰਾਮ ਗੋਪਾਲ ਨੇ ਦੱਸਿਆ।
‘‘ਹਾਂ ਇਨ੍ਹਾਂ ਨੂੰ ਮੈਂ ਚੰਗੀ ਤਰ੍ਹਾਂ ਜਾਣਦਾ ਹਾਂ।’’ ਉਸ ਨੇ ਉਨ੍ਹਾਂ ਨੂੰ ਕੁਰਸੀ ਉੱਤੇ ਬੈਠਣ ਦਾ ਇਸ਼ਾਰਾ ਕਰਦਿਆਂ ਆਖਿਆ ਸੀ।
‘‘ਫੇਰ ਵੋਟ ਆਪਾਂ ਨੇ ਇਨ੍ਹਾਂ ਨੂੰ ਪਾਉਣੀ ਹੈ, ਪੜ੍ਹੇ ਲਿਖੇ ਨੇ ਵਿਦਵਾਨ ਨੇ।’’
‘‘ਉਹ ਤਾਂ ਹਨ ਹੀ।’’
‘‘ਫੇਰ ਵੋਟ ਦੇ ਨਾਲ ਤੁਹਾਡੀ ਸਪੋਰਟ ਵੀ ਚਾਹੀਦੀ ਹੈ।’’ ਰਾਮ ਗੋਪਾਲ ਨੇ ਗੱਲ ਹੋਰ ਅੱਗੇ ਤੋਰੀ।
‘‘ਵੋਟ ਮੈਂ ਆਪਣੀ ਪਾ ਦਿਆਂਗਾ ਪਰ ਸਪੋਰਟ ਨਹੀਂ।’’ ਉਸ ਨੇ ਗੱਲ ਸਪਸ਼ਟ ਕਹਿ ਦਿੱਤੀ।
‘‘ਦੇਖੋ ਜੀ ਵੋਟ ਦਾ ਤਾਂ ਸਾਨੂੰ ਪਤੈ ਕਿ ਤੁਸੀਂ ਸਾਨੂੰ ਜ਼ਰੂਰ ਪਾਓਗੇ ਪਰ ਅਸੀਂ ਤਾਂ ਤੁਹਾਡੀ ਸਪੋਰਟ ਲੈਣ ਆਏ ਹਾਂ।’’ ‘ੳ’ ਨੇ ਆਖਿਆ।
‘‘ਉਹ ਤਾਂ ਮੁਸ਼ਕਲ ਹੈ, ਗੁਆਂਢ ਮੱਥਾ ਹੈ ਸਾਨੂੰ ਹਰ ਵਕਤ ਇੱਕ-ਦੂਜੇ ਦੀ ਦੁੱਖ-ਸੁੱਖ ਵਿੱਚ, ਵਿਆਹ ਸ਼ਾਦੀਆਂ ਵਿੱਚ, ਮਰਨ ਜੰਮਣ ਵਿੱਚ ਲੋੜ ਪੈਣੀ ਹੈ, ਸੋ ਇਸ ਲਈ ਸੌਰੀ।’’
‘‘ਚੰਗਾ ਫੇਰ ਚੁੱਪ ਹੀ ਰਹੋ, ਨਾ ਓਧਰ ਦੀ ਕਹੋ ਨਾ ਏਧਰ ਦੀ।’’ ‘ੳ’ ਨੇ ਆਖ਼ਰੀ ਪੱਤਾ ਸੁੱਟਿਆ।
‘‘ਠੀਕ ਹੈ।’’
‘‘ਅੱਛਾ, ਤਕਲੀਫ਼ ਲਈ ਮੁਆਫ਼ੀ ਚਾਹੁੰਦੇ ਹਾਂ।’’ ਕਹਿੰਦਿਆਂ ਉੱਠ ਕੇ ਤੁਰਨ ਲੱਗੇ ਤਾਂ ਬੈਠੇ-ਬੈਠੇ ਚਾਹ ਕਹਿੰਦਿਆਂ ਉਸ ਨੇ ਉਨ੍ਹਾਂ ਨੂੰ ਬੈਠਣ ਦਾ ਇਸ਼ਾਰਾ ਕੀਤਾ ਪਰ ਉਹ ਤੁਰ ਹੀ ਪਏ ਸੀ ਅਤੇ ਉਹ ਉਨ੍ਹਾਂ ਨੂੰ ਗੇਟ ਤਕ ਛੱਡ ਕੇ ਆ ਗਿਆ ਸੀ।
ਉਸੇ ਦਿਨ ਜਦ ਉਹ ਦਫ਼ਤਰ ਤੋਂ ਖਾਣਾ ਖਾਣ ਲਈ ਘਰ ਆਇਆ ਸੀ ਤਾਂ ਆਉਂਦੇ ਨੂੰ ਹੀ ਉਸ ਦੇ ਦੋਸਤ ਦੀ ਬੇਟੀ ਅਤੇ ਜੁਆਈ ਘਰ ਆਏ ਬੈਠੇ ਸੀ। ਉਨ੍ਹਾਂ ਨੂੰ ਦੇਖਦਿਆਂ ਹੀ ਉਹ ਝਟ ਸਮਝ ਗਿਆ ਕਿ ਜਿਹੜੀ ਬੇਟੀ ਅਤੇ ਜੁਆਈ ਕਈ ਵਾਰ ਕਹਿਣ ਦੇ ਬਾਵਜੂਦ ਉਸ ਦੇ ਘਰ ਆਉਣ ਦਾ ਸਮਾਂ ਨਹੀਂ ਕੱਢ ਸਕੇ ਉਹ ਅੱਜ ਕਿਵੇਂ ਅਤੇ ਕਿਸ ਕੰਮ ਲਈ ਆਏ ਹਨ। ਉਹ ਉਨ੍ਹਾਂ ਨੂੰ ਦੇਖਦਿਆਂ ਹੀ ਚਹਿਕ ਪਿਆ, ‘‘ਸ਼ੁਕਰ ਹੈ ਸ਼ੁਕਰ ਐ, ਧੰਨਭਾਗ ਚਲੋ ਸਾਡੀ ਬੇਟੀ ਅੱਜ ਵੋਟਾਂ ਦੇ ਬਹਾਨੇ ਹੀ ਤਾਂ ਚਾਚੇ ਦੇ ਘਰ ਆ ਗਈ।’’ ਕਹਿ ਕੇ ਉਹ ਦੋਸਤ ਦੀ ਬੇਟੀ ਅਤੇ ਜੁਆਈ ਵੱਲ ਅਸ਼ੀਰਵਾਦ ਦੇਣ ਲਈ ਵਧ ਗਿਆ ਸੀ। ਜਵਾਬ ਵਿੱਚ ਉਹ ਦੋਵੇਂ ਖਿੜਖਿੜਾ ਕੇ ਹੱਸ ਪਏ ਸੀ।
‘‘ਫੇਰ ਤੁਹਾਨੂੰ ‘ੳ’ ਨੇ ਵੋਟਾਂ ਪੱਕੀਆਂ ਕਰਨ ਲਈ ਭੇਜ ਹੀ ਦਿੱਤਾ ਨਾ?’’ ਉਹ ਮੁਸਕਰਾਉਂਦਾ ਹੋਇਆ ਬੋਲਿਆ ਸੀ।
‘‘ਹਾਂ ਜੀ।’’
‘‘ਠੀਕ ਐ ਵੋਟਾਂ ‘ੳ’ ਨੂੰ ਹੀ ਪੈਣਗੀਆਂ ਪਰ ਸਪੋਰਟ ਨਹੀਂ, ਕਾਰਨ ਇਹ ਹੈ।’’ ਉਸ ਨੇ ਗੁਆਂਢੀ ਦੇ ਖੜੇ ਹੋਣ ਅਤੇ ਉਸ ਨਾਲ ਕੀਤੇ ਵਾਇਦੇ ਆਦਿ ਮਜਬੂਰੀਆਂ ਬਾਰੇ ਉਨ੍ਹਾਂ ਨੂੰ ਵਿਸਥਾਰਪੂਰਵਕ ਦੱਸ ਦਿੱਤਾ ਸੀ ਜਿਸ ਕਰਕੇ ਉਹ ਉਸ ਨਾਲ ਪੂਰੀ ਤਰ੍ਹਾਂ ਸਹਿਮਤ ਹੋ ਗਏ ਸੀ। ਉਨ੍ਹਾਂ ਦੇ ਜਾਣ ਤੋਂ ਮਗਰੋਂ ਅਜੇ ਉਹ ਰੋਟੀ ਖਾਣ ਹੀ ਲੱਗਿਆ ਸੀ ਕਿ ਬਾਹਰ ਘੰਟੀ ਵੱਜੀ। ਉਸ ਦੀ ਪਤਨੀ ਨੇ ਬੂਹਾ ਖੋਲ੍ਹਿਆ।
‘‘ਘਰ ਹਨ?’’ ਬਾਹਰੋਂ ‘ਅ’ ਦੀ ਆਵਾਜ਼ ਆਈ ਸੀ।
‘‘ਹਾਂ ਜੀ।’’ ਪਤਨੀ ਨੇ ਜਵਾਬ ਦਿੱਤਾ।
‘‘ਜ਼ਰਾ ਬਾਹਰ ਭੇਜਿਓ।’’
‘‘ਬਾਹਰ ਬੁਲਾ ਰਹੇ ਨੇ।’’ ਪਤਨੀ ਨੇ ਆ ਕੇ ਉਸ ਨੂੰ ਕਿਹਾ।
ਉਹ ਰੋਟੀ ਖਾਣੀ ਵਿਚਕਾਰ ਹੀ ਛੱਡ ਕੇ ਬਾਹਰ ਚਲਿਆ ਗਿਆ। ਸਾਹਮਣੇ ‘ਅ’ ਤੇ ਮੁਹੱਲੇ ਦੇ ਹੋਰ ਪੰਦਰਾਂ ਵੀਹ ਬੰਦੇ ਖੜ੍ਹੇ ਸੀ।
‘‘ਆਓ ਮੁਹੱਲੇ ਦਾ ਰਾਊਂਡ ਲਾ ਆਈਏ।’’ ‘ਅ’ ਨੇ ਹੁਕਮ ਦੇਣ ਵਾਂਗ ਕਿਹਾ।
‘‘ਮੈਂ ਰੋਟੀ ਖਾ ਲਵਾਂ।’’ ਉਸ ਨੇ ਮੂੰਹ ਵਿਚਲੀ ਪਹਿਲੀ ਪਾਈ ਬੁਰਕੀ ਨੂੰ ਚਿਥਦਿਆਂ ਆਖਿਆ ਸੀ।
‘‘ਫੇਰ ਖਾ ਲਈਂ ਪਹਿਲਾਂ ਸਿਰਫ਼ ਮੁਹੱਲੇ ਦਾ ਚੱਕਰ ਹੀ ਲਵਾਦੇ। ਅਜੇ ਤਾਂ ਮੈਂ ਵੀ ਨਹੀਂ ਖਾਧੀ ਆ ਕੇ ਕੱਠੇ ਖਾਵਾਂਗੇ।’’ ਕਹਿ ਕੇ ‘ਅ’ ਨੇ ਉਸ ਨੂੰ ਬਾਂਹ ਤੋਂ ਫੜ ਕੇ ਖਿੱਚ ਲਿਆ। ਉਸ ਦੇ ਜੀਅ ਵਿੱਚ ਆਇਆ ਸੀ ਕਿ ‘ਅ’ ਨੂੰ ਕਹੇ ਮਿੱਤਰਾ ਅਸੀਂ ਰੋਟੀ ਲਈ ਹੀ ਤਾਂ ਸਾਰਾ ਦਿਨ ਧੱਕੇ ਖਾਂਦੇ ਫਿਰਦੇ ਹਾਂ, ਜੇ ਰੋਟੀ ਹੀ ਵਕਤ ਸਿਰ ਨਹੀਂ ਖਾ ਸਕਦੇ ਫੇਰ…ਪਰ ਉਹ ਮੁਹੱਲੇ ਦੇ ਹੋਰ ਸਿਰਕੱਢ ਬੰਦਿਆਂ ਅੱਗੇ ਇਹ ਗੱਲ ਨਾ ਕਹਿ ਸਕਿਆ।
ਮੁਹੱਲੇ ਦਾ ਰਾਊਂਡ ਲਾਉਣ ਤੋਂ ਬਾਅਦ ਉਹ ਘਰ ਆਇਆ। ਪਤਨੀ ਨੇ ਰੋਟੀ ਲਈ ਕਿਹਾ। ਉਸ ਦੀ ਨਿਗ੍ਹਾ ਟਾਈਮ ਪਾਸ ਉੱਤੇ ਚਲੀ ਗਈ। ਤਿੰਨ ਵਜ ਚੁੱਕੇ ਸਨ। ਉਹ ਫਟਾਫਟ ਸਾਈਕਲ ਚੁੱਕ ਕੇ ਜਦ ਬਿਨਾਂ ਰੋਟੀ ਖਾਧੇ ਦਫ਼ਤਰ ਪਹੁੰਚਿਆ ਤਾਂ ਬਾਹਰੋਂ ਹੀ ਚਪੜਾਸੀ ਨੇ ਕਿਹਾ, ‘‘ਸਾਹਿਬ ਆਪ ਨੂੰ ਤਿੰਨ ਵਾਰ ਬੁਲਾ ਚੁੱਕੇ ਹਨ। ਉਹ ਸਾਈਕਲ ਸਟੈਂਡ ਉੱਤੇ ਲਾ ਕੇ ਸਿੱਧਾ ਸਾਹਿਬ ਦੇ ਕਮਰੇ ਵਿੱਚ ਚਲਿਆ ਗਿਆ।
‘‘ਕੀ ਗੱਲ ਲੇਟ ਹੋ ਗਏ?’’ ਸਾਹਿਬ ਨੇ ਪੁੱਛਿਆ।
‘‘ਸਰ ਵੋਟਾਂ ਵਾਲਿਆਂ ਨੇ ਘੇਰ ਲਿਆ ਸੀ।’’
‘‘ਮੁੱਖ ਦਫ਼ਤਰ ਨੂੰ ਭੇਜਣ ਵਾਲੀ ਸੂਚਨਾ ਤਿਆਰ ਹੋ ਗਈ?’’
‘‘ਲੱਗੇ ਹੋਏ ਹਾਂ ਜੀ, ਆਹ ਛੁੱਟੀਆਂ ਵਿੱਚ ਪੂਰੀ ਕਰ ਦਿਆਂਗੇ।’’
ਚੰਡੀਗੜ੍ਹੋਂ ਅੱਜ ਫੇਰ ਫੋਨ ਆਇਆ ਸੀ। ਮੈਂ ਇੱਕ ਵਾਰ ਤਾਂ ਟਾਲ ਦਿੱਤਾ ਹੈ ਪਰ ਹੋਰ ਬਹੁਤਾ ਨਹੀਂ ਲਮਕਾ ਸਕਾਂਗੇ। ਇਨ੍ਹਾਂ ਛੁੱਟੀਆਂ ਵਿੱਚ ਹਰ ਹਾਲਤ ਵਿੱਚ ਪੂਰੀ ਕਰ ਦਿਓ। ਵੇਲੇ-ਕੁਵੇਲੇ ਵੀ ਜੇ ਬੈਠਣਾ ਪਏ ਬਹਿ ਜਾਓ, ਸੋਮਵਾਰ ਨੂੰ ਆਪਾਂ ਦਸਤੀ ਹੀ ਭੇਜਣੀ ਹੈ, ਇਹ ਮੈਂ ਡਾਇਰੈਕਟਰ ਸਾਹਿਬ ਨਾਲ ਵਾਅਦਾ ਕੀਤਾ ਹੈ।’’
‘‘ਤੁਹਾਡਾ ਵਾਅਦਾ ਪੂਰਾ ਹੋਵੇਗਾ ਸਰ।’’ ਕਹਿ ਕੇ ਉਹ ਸਾਹਿਬ ਦੇ ਕਮਰੇ ਵਿੱਚੋਂ ਬਾਹਰ ਨਿਕਲ ਆਇਆ ਸੀ। ਆਪਣੀ ਸੀਟ ਉੱਤੇ ਬਹਿ ਕੇ ਉਸ ਨੇ ਸੂਚਨਾ ਬਣਾਉਣੀ ਸ਼ੁਰੂ ਕਰ ਦਿੱਤੀ ਸੀ ਪਰ ਉਸ ਦੇ ਆਲੇ-ਦੁਆਲੇ ਤਾਂ ਸਾਰੇ ਬਾਬੂ ਆਪਣਾ-ਆਪਣਾ ਕੰਮ ਛੱਡ ਕੇ ਚੋਣ ਬਾਰੇ ਬਹਿਸ ਕਰਨ ਵਿੱਚ ਰੁੱਝੇ ਹੋਏ ਸਨ, ਚਾਰੇ ਪਾਸੇ ਕਾਵਾਂ ਰੋਲੀ ਪੈ ਰਹੀ ਸੀ। ਮੱਛੀ ਬਾਜ਼ਾਰ ਵਰਗਾ ਸ਼ੋਰ ਸੀ, ਜਿਸ ਕਰਕੇ ਉਸ ਨੂੰ ਸੂਚਨਾ ਤਿਆਰ ਕਰਨੀ ਔਖੀ-ਔਖੀ ਲੱਗ ਰਹੀ ਸੀ। ਮਨ ਟਿਕ ਹੀ ਨਹੀਂ ਰਿਹਾ ਸੀ। ਧਿਆਨ ਉੱਖੜ-ਉੱਖੜ ਜਾਂਦਾ ਸੀ। ਚਲੰਤ ਵਿਸ਼ਾ ਹੋਣ ਕਰਕੇ ਉਸ ਦਾ ਧਿਆਨ ਮੱਲੋ-ਮਲੀ ਆਪਣੇ ਵੱਲ ਖਿੱਚ ਰਿਹਾ ਸੀ। ਚੇਤੰਨ ਬੁੱਧੀ ਦਾ ਮਾਲਕ ਹੋਣ ਕਰਕੇ ਇਸ ਪਾਸਿਓਂ ਵੀ ਅੱਖਾਂ ਮੀਚ ਨਹੀਂ ਸਕਦਾ ਸੀ ਜਿਸ ਕਰਕੇ ਉਸ ਦੀ ਖਿੱਚ ਚੋਣ ਬਹਿਸ ਵੱਲ ਵਧਦੀ ਹੀ ਜਾ ਰਹੀ ਸੀ। ਅੰਤ ਉਹ ਵੀ ਆਪਣਾ ਕੰਮ ਛੱਡ ਕੇ ਬਹਿਸ ਸੁਣਨ, ਕਰਨ ਲੱਗ ਪਿਆ ਸੀ। ਦਫ਼ਤਰ ਦਾ ਸਮਾਂ ਖ਼ਤਮ ਹੋਇਆ ਤਾਂ ਉਸ ਨੇ ਸੋਚਿਆ ਕਿ ਚੱਲੋ ਮੱਖੀ ਕੁੱਖੀ ਟਲ ਗਈ ਹੈ। ਹੁਣ ਘੰਟਾ ਬਹਿ ਕੇ ਕੰਮ ਕਰਦੇ ਹਾਂ ਪਰ ਕੁਝ ਚਿਰ ਬਾਅਦ ਹੀ ਉਸ ਵਾਰਡ ਦੇ ਉਮੀਦਵਾਰ ਨੇ ਦਫ਼ਤਰ ਦੇ ਬਾਹਰ ਆ ਕੇ ਆਪਣੀ ਸਟੇਜ ਲਗਾ ਲਈ। ਸਪੀਕਰ ਵਜਣ ਲੱਗ ਪਿਆ। ਸ਼ੋਰ, ਨਾਅਰੇ, ਗੀਤ, ਪ੍ਰਚਾਰ, ਉਸ ਨੂੰ ਕੰਮ ਕਰਨਾ ਦੁੱਭਰ ਹੋ ਗਿਆ ਸੀ, ਜਿਸ ਕਰਕੇ ਉਹ ਆਪਣਾ ਕੰਮ ਬੰਦ ਕਰਕੇ ਘਰ ਨੂੰ ਤੁਰ ਪਿਆ ਸੀ। ਤੇ ਜਦੋਂ ਹਰੀ ਦੀ ਦੁਕਾਨ ਅੱਗਿਓਂ ਉਹ ਲੰਘਣ ਲੱਗਿਆ ਤਾਂ ਦੁਕਾਨ ਉੱਤੇ ਬੈਠੇ ਬੁੱਧੀਜੀਵੀਆਂ ਵਿੱਚੋਂ ਪ੍ਰੋ. ਧਰਮਵੀਰ ਸਿੰਘ ਨੇ ਉਸ ਨੂੰ ਆਵਾਜ਼ ਮਾਰ ਲਈ ਸੀ। ਉਹ ਰੁਕ ਗਿਆ। ਚਾਹ ਦੇ ਕੱਪ ਬਾਰੇ ਸੁਲ੍ਹਾ ਮਾਰੀ ਗਈ। ਉਸ ਨੇ ਧੰਨਵਾਦ ਕੀਤਾ।
‘‘ਭਾਈ ਸਾਹਿਬ ਅੱਜ-ਕੱਲ੍ਹ ਤਾਂ ਬੜੀ ਸ਼ਿਵ ਸੈਨਾ ਬਾਲ ਠਾਕਰੇ ਨਾਲ ਸੁਰ ਮਿਲਾਈ ਜਾ ਰਹੀ ਹੈ?’’ ਪ੍ਰੋ. ਧਰਮਵੀਰ ਸਿੰਘ ਉਸ ਨੂੰ ਮੁਖਾਤਬ ਹੋਇਆ।
‘‘ਨਹੀਂ ਅਜਿਹੀ ਤਾਂ ਕੋਈ ਗੱਲ ਨਹੀਂ।’’ ਚੰਦਰ ਭਾਨ ਨੇ ਜਵਾਬ ਦਿੱਤਾ।
‘‘ਗੱਲ ਕਿਉਂ ਨਹੀਂ, ਵਾਰਡ ਨੰ. 14 ਦੇ ਉਮੀਦਵਾਰ ‘ਅ’ ਲਈ ਛਾਪੀ ਗਈ ਅਪੀਲ ਵਿੱਚ ਸ਼ਿਵ ਸੈਨਾ ਬਾਲ ਠਾਕਰੇ ਨਾਲ ਤੁਹਾਡਾ ਵੀ ਨਾਂ ਪ੍ਰਕਾਸ਼ਤ ਹੋਇਆ ਹੈ।’’
‘‘ਮੈਨੂੰ ਤਾਂ ਇਸ ਬਾਰੇ ਬਿਲਕੁਲ ਹੀ ਨਹੀਂ ਪਤਾ।’’ ਉਸ ਨੇ ਹੈਰਾਨੀ ਵਿੱਚ ਆਖਿਆ।
‘‘ਜੇ ਨਹੀਂ ਤਾਂ ਆਹ ਪੜ੍ਹ ਲਓ।’’ ਪ੍ਰੋ. ਧਰਮਵੀਰ ਸਿੰਘ ਨੇ ਅਪੀਲ ਵਾਲਾ ਕਾਗਜ਼ ਜੇਬ ਵਿੱਚੋਂ ਕੱਢ ਕੇ ਉਸ ਵੱਲ ਕਰ ਦਿੱਤਾ। ਅਪੀਲ ਪੜ੍ਹ ਕੇ ਉਸ ਦਾ ਚਿਹਰਾ ਫੱਕ ਹੋ ਗਿਆ।
‘‘ਬੜਾ ਮਾੜਾ ਕੰਮ ਕੀਤੈ।’’ ਉਹ ਬੁੜਬੜਾਇਆ।
‘‘ਸੱਚੀਂ ਤੁਹਾਨੂੰ ਨਹੀਂ ਪਤਾ?’’ ਇਸ ਵਾਰ ਰਾਜਨੀਤੀ ਸ਼ਾਸਤਰ ਦੇ ਪ੍ਰੋ. ਗੁਪਤਾ ਨੇ ਪੁੱਛਿਆ।
‘‘ਯਕੀਨ ਕਰੋ ਮੈਨੂੰ ਇਸ ਗੱਲ ਦਾ ਬਿਲਕੁਲ ਹੀ ਇਲਮ ਨਹੀਂ ਤੇ ਮੈਨੂੰ ਇਹ ਪੜ੍ਹ ਕੇ ਬੜਾ ਅਫ਼ਸੋਸ ਹੋਇਆ ਹੈ।’’
‘‘ਅਸੀਂ ਵੀ ਕਹੀਏ ਕਿ ਜਿਹੜਾ ਬੰਦਾ ਰਾਜਨੀਤਕ ਕਹਾਣੀਆਂ ਲਿਖਣ ਕਰਕੇ ਮਸ਼ਹੂਰ ਹੋਵੇ ਤੇ ਜਿਹੜਾ ਬੰਦਾ ਪੰਜਾਬ ਦੇ ਅਤਿਵਾਦ ਦੇ ਵਿਰੁੱਧ ਡੱਟ ਕੇ ਖੜ੍ਹਿਆ ਹੋਵੇ ਉਹ ਭਾਰਤ ਦੇ ਅਜਿਹੇ ਪ੍ਰਤੀਨਿਧ ਨਾਲ ਕਿਵੇਂ ਚੱਲ ਸਕਦਾ ਹੈ?’’
‘‘ਕਦੇ ਵੀ ਨਹੀਂ ਚੱਲ ਸਕਦਾ ਹੈ।’’ ਉਹ ਲਗਪਗ ਚੀਕਣ ਵਾਲਿਆਂ ਵਾਂਗ ਹੀ ਬੋਲਿਆ ਅਤੇ ਸਾਈਕਲ ਨੂੰ ਪੈਡਲ ਮਾਰ ਕੇ ਘਰ ਨੂੰ ਚਲ ਪਿਆ। ਉਸ ਰਾਤ ਉਸ ਨੂੰ ਸਾਰੀ ਰਾਤ ਨੀਂਦ ਨਹੀਂ ਸੀ ਆਈ। ਗੁਆਂਢੀ ਦੀ ਇਸ ਕਾਰਵਾਈ ’ਤੇ ਉਸ ਨੂੰ ਵਾਰ-ਵਾਰ ਅਫ਼ਸੋਸ ਹੋ ਰਿਹਾ ਸੀ। ਉਹ ਇਹ ਸੋਚਦਾ ਰਿਹਾ ਸੀ ਕਿ ਸਵੇਰੇ ਉੱਠ ਕੇ ਉਹ ਇਸ ਅਪੀਲ ਦੇ ਵਿਰੋਧ ਵਿੱਚ ਅਖ਼ਬਾਰਾਂ ਨੂੰ ਬਿਆਨ ਦੇ ਦੇਵੇ ਕਿ ਇਸ ਅਪੀਲ ਨਾਲ ਮੇਰਾ ਕੋਈ ਸਬੰਧ ਨਹੀਂ ਹੈ। ਮੇਰਾ ਨਾਂ ਮੇਰੇ ਤੋਂ ਬਿਨਾਂ ਪੁੱਛੇ ਹੀ ਵਰਤਿਆ ਗਿਆ ਹੈ ਪਰ ਫੇਰ ਅੱਗੇ ਮੁਹੱਲੇ ਦੇ ਸਿਰਕੱਢ ਬੰਦੇ ਆ ਖੜ੍ਹਦੇ। ਮੁਹੱਲੇ ਵਾਲਿਆਂ ਨਾਲ ਵਿਗਾੜ ਕੇ ਮੁਹੱਲੇ ਵਿੱਚ ਰਹਿਣਾ ਉਸ ਨੂੰ ਬੜਾ ਅਜੀਬ ਤੇ ਮੁਸ਼ਕਲ ਲੱਗਿਆ ਪਰ ਆਪਣੀ ਸੋਚ ਦੀ ਕੁਰਬਾਨੀ ਦੇਣੀ ਉਸ ਨੂੰ ਹੋਰ ਵੀ ਔਖੀ ਲੱਗੀ। ਹਾਲਤ ਕੱਚ ਦੇ ਟੁਕੜਿਆਂ ਉੱਤੇ ਨੰਗੇ ਪੈਰੀਂ ਤੁਰਨ ਵਰਗੀ ਹੋ ਗਈ ਸੀ ਉਸ ਦੀ। ਇਸੇ ਉਧੇੜ-ਬੁਣ ਵਿੱਚ ਰਾਤ ਲੰਘ ਗਈ। ਸਵੇਰੇ ਉੱਠ ਕੇ ਉਹ ਅਜੇ ਤਿਆਰ ਹੋਣ ਹੀ ਲੱਗਿਆ ਸੀ ਕਿ ‘ਅ’ ਨੇ ਆ ਕੇ ਕਿਹਾ, ‘‘ਅੱਜ ਛੁੱਟੀ ਲੈ ਲੈ, ਆਪਾਂ ਪ੍ਰਚਾਰ ’ਤੇ ਚੱਲਣਾ ਹੈ।’’
‘‘ਨਹੀਂ ਸਾਡੀਆਂ ਤਾਂ ਛੁੱਟੀਆਂ ਬੰਦ ਕੀਤੀਆਂ ਹੋਈਆਂ ਨੇ ਦਫ਼ਤਰ ਜ਼ਰੂਰੀ ਕੰਮ ਹੈ।’’
‘‘ਚੰਗਾ ਸ਼ਾਮ ਨੂੰ ਜ਼ਰੂਰ ਚਲੀਂ।’’ ਕਹਿ ਕੇ ‘ਅ’ ਮੁੜ ਗਿਆ ਸੀ।
ਉਸ ਨੇ ਦਫ਼ਤਰ ਜਾ ਕੇ ਅਜੇ ਸੂਚਨਾ ਤਿਆਰ ਕਰਨ ਲਈ ਫਾਈਲ ਹੀ ਖੋਲ੍ਹੀ ਸੀ ਕਿ ਉਸ ਦੇ ਮਾਮੇ ਦਾ ਪੁੱਤ ਭਰਾ ਆਪਣੇ ਕੁਝ ਸਾਥੀਆਂ ਸਮੇਤ ਆ ਗਿਆ ਸੀ। ਇਨ੍ਹਾਂ ਦਿਨਾਂ ਵਿੱਚ ਜਦ ਕੋਈ ਕਿਸੇ ਕੋਲ ਆਉਂਦਾ ਸੀ, ਸਪਸ਼ਟ ਸੀ ਕਿ ਵੋਟਾਂ ਦੇ ਸਿਲਸਿਲੇ ਵਿੱਚ ਹੀ ਆਇਆ ਲੱਗਦਾ ਸੀ ਭਾਵੇਂ ਅਗਲਾ ਕਿਸੇ ਹੋਰ ਕੰਮ ਆਇਆ ਹੋਵੇ। ਉਸ ਨੇ ਖੜ੍ਹਾ ਹੋ ਕੇ ਪਹਿਲਾਂ ਭਰਾ ਅਤੇ ਫੇਰ ਉਸ ਦੇ ਸਾਥੀਆਂ ਨਾਲ ਹੱਥ ਮਿਲਾਇਆ ਸੀ ਫੇਰ ਉਸ ਨੇ ਆਪਣੇ ਆਲੇ-ਦੁਆਲੇ ਕੋਈ ਖਾਲੀ ਪਈ ਕੁਰਸੀ ਵੱਲ ਨਿਗ੍ਹਾ ਸੁੱਟੀ ਤਾਂ ਕਿ ਉਨ੍ਹਾਂ ਦੇ ਬੈਠਣ ਲਈ ਪ੍ਰਬੰਧ ਕਰ ਸਕੇ ਪਰ ਉਸ ਦਾ ਭਰਾ ਉਸ ਦੀ ਨਿਗ੍ਹਾ ਤਾੜ ਗਿਆ।
‘‘ਬੱਸ ਅਸੀਂ ਤੁਹਾਡੇ ਦੋ ਮਿੰਟ ਹੀ ਲੈਣੇ ਹਨ, ਬਾਹਰ ਕੰਟੀਨ ਵਿੱਚ ਚੱਲਦੇ ਹਾਂ।’’
ਕਹਿ ਕੇ ਉਹ ਬਿਨਾਂ ਉਸ ਦਾ ਕੋਈ ਉੱਤਰ ਉਡੀਕਿਆਂ, ਬਿਨਾਂ ਕੋਈ ਪ੍ਰਤੀਕਰਮ ਜਾਣਿਆਂ ਬਾਹਰ ਨੂੰ ਤੁਰ ਪਏ ਸੀ। ਮਗਰ ਹੀ ਫਾਈਲਾਂ ਸੰਭਾਲਦਾ ਹੋਇਆ ਉਹ।
ਕੰਟੀਨ ਉੱਤੇ ਜਾ ਕੇ ਉਸ ਦੇ ਭਰਾ ਨੇ ਆਪਣੇ ਵਾਰਡ ਨੰ. 2 ਦੀ ਵੋਟਰ ਸੂਚੀ ਕੱਢ ਕੇ ਉਸ ਦੇ ਅੱਗੇ ਕਰਦਿਆਂ ਕਿਹਾ, ‘‘ਇਨ੍ਹਾਂ ਵਿੱਚੋਂ ਦੇਖੋ ਤੁਸੀਂ ਕਿਸ ਦੀ ਵੋਟ ਬਰਾੜ ਸਾਹਿਬ ਨੂੰ ਪੁਆ ਸਕਦੇ ਹੋ।’’
ਵੋਟਰ ਸੂਚੀ ਦੀ ਫੋਲਾਫਾਲੀ ਹੋਣੀ ਸ਼ੁਰੂ ਹੋ ਗਈ। ਵੋਟਾਂ ਦੇ ਅੱਗੇ ਪਿੱਛੇ ਨੂੰ ਫਰੋਲਿਆ ਜਾਣ ਲੱਗ ਪਿਆ। ਕੌਣ ਕੀਹਦਾ ਰਿਸ਼ਤੇਦਾਰ ਹੈ? ਕੌਣ ਕੀ ਕਰਦਾ ਹੈ? ਕਿਸ ਦੇ ਦੇ ਸੰਪਰਕ ਵਿੱਚ ਕਿੰਨੀਆਂ ਕੁ ਵੋਟਾਂ ਹਨ? ਕਿਹੜਾ ਬੰਦਾ ਕਿਸ ਪਾਰਟੀ ਨਾਲ ਸਬੰਧ ਰੱਖਦਾ ਹੈ? ਕੀਹਦੀ ਮੰਨਦਾ ਹੈ? ਕਿੱਥੋਂ ਜਰਕ ਸਕਦਾ ਹੈ ਆਦਿ ਇਸ ਸਭ ਕਾਸੇ ਦੇ ਚੱਕਰ ਵਿੱਚ ਉਸ ਨੂੰ ਅਜਿਹਾ ਪਾਇਆ ਕਿ ਉਨ੍ਹਾਂ ਨੂੰ ਉਦੋਂ ਹੀ ਪਤਾ ਚੱਲਿਆ ਜਦ ਕੰਟੀਨ ਵਾਲੇ ਨੇ ਆ ਕੇ ਕਿਹਾ, ‘‘ਅੱਜ ਅੱਧੀ ਛੁੱਟੀ ਤੋਂ ਬਾਅਦ ਛੁੱਟੀ ਹੋ ਗਈ ਹੈ।’’ ਉਨ੍ਹਾਂ ਨੇ ਸਾਹਮਣੇ ਵਾਲ ਕਲਾਕ ਵੱਲ ਦੇਖਿਆ, ਦੋ ਵਜ ਗਏ ਸੀ। ਉਹ ਕੰਟੀਨ ਵਾਲੇ ਦਾ ਮਤਲਬ ਸਮਝ ਗਏ ਸੀ ਕਿ ਹੁਣ ਤੁਸੀਂ ਖਹਿੜਾ ਛੱਡੋ ਮੈਂ ਕੰਟੀਨ ਵੀ ਬੰਦ ਕਰਨੀ ਹੈ ਜਿਸ ਕਰਕੇ ਉਹ ਉੱਠਕੇ ਖੜ੍ਹੇ ਹੋ ਗਏ। ਸਾਰਿਆਂ ਤੋਂ ਇਜਾਜ਼ਤ ਲੈ ਕੇ ਉਹ ਦਫ਼ਤਰ ਵਿੱਚ ਗਿਆ। ਦਫ਼ਤਰ ਦੇ ਸਾਰੇ ਬਾਬੂ ਜਾ ਚੁੱਕੇ ਸੀ। ਚੌਕੀਦਾਰ ਦਫ਼ਤਰ ਦੇ ਕਮਰੇ ਬੰਦ ਕਰ ਰਿਹਾ ਸੀ। ਉਸ ਨੇ ਫਾਈਲਾਂ ਅਲਮਾਰੀ ਵਿੱਚ ਰੱਖ ਕੇ ਜਿੰਦਾ ਮਾਰਿਆ ਅਤੇ ਬਾਹਰ ਆ ਕੇ ਉਨ੍ਹਾਂ ਤੋਂ ਫੇਰ ਇਜਾਜ਼ਤ ਲੈ ਕੇ ਘਰ ਨੂੰ ਚੱਲ ਪਿਆ। ਘਰ ਅੱਗੇ ਜਾ ਕੇ ਉਸ ਨੇ ਦੇਖਿਆ ਕਿ ਕਈ ਆਦਮੀ ਇਕੱਠੇ ਹੋਏ ਖੜ੍ਹੇ ਸੀ। ਉਸ ਨੂੰ ਸਾਈਕਲ ਤੋਂ ਉਤਰਦਾ ਦੇਖ ਕੇ ਹੀ ਇੱਕ ਨੇ ਆਖਿਆ, ‘‘ਲਓ ਆ ਗਿਆ ਚੰਦਰ ਭਾਨ ਵੀ।’’
ਉਸ ਨੇ ਸਾਰਿਆਂ ਨੂੰ ਨਮਸਤੇ ਕਹੀ।
‘‘ਚਲੋ ਹੁਣ ਤਾਂ ਛੁੱਟੀ ਹੋ ਗਈ।’’ ‘ਅ’ ਦੇ ਨਾਲ ਹੀ ਕਈ ਆਵਾਜ਼ਾਂ ਆਈਆਂ।
‘‘ਮੈਂ ਰੋਟੀ ਖਾ ਲਵਾਂ?’’ ਉਸ ਨੇ ਮਿੰਨਤ ਕਰਨ ਵਾਲਿਆਂ ਵਾਂਗ ਆਖਿਆ।
‘‘ਚੱਲ ਤੈਨੂੰ ਬਾਜ਼ਾਰ ਵਿੱਚੋਂ ਕੁਝ ਖੁਆ ਦਿਆਂਗੇ, ਪਹਿਲਾਂ ਹੀ ਬਹੁਤ ਲੇਟ ਹੋ ਗਏ ਹਾਂ, ਡੇਢ ਵਜੇ ਦੇ ਉਡੀਕ ਰਹੇ ਹਾਂ ਤੈਨੂੰ।’’ ‘ਅ’ ਨੇ ਆਪਣੀ ਗੁੱਟ ਘੜੀ ਵੱਲ ਦੇਖਦਿਆਂ ਆਖਿਆ।
ਉਸ ਨੇ ਪਹਿਲਾਂ ਬੂਹੇ ਵਿੱਚ ਖੜ੍ਹੀ ਆਪਣੀ ਪਤਨੀ ਵੱਲ ਦੇਖਿਆ ਫਿਰ ਗਲੀ ਵਿੱਚ ਖੜ੍ਹੇ ‘ਅ’ ਅਤੇ ਉਸ ਦੇ ਹਮਾਇਤੀਆਂ ਵੱਲ।
‘‘ਕੀ ਸੋਚਦੇ ਹੋ ਚਲੋ।’’ ਕਹਿ ਕੇ ਮੁਹੱਲੇ ਦੇ ਇੱਕ ਬਜ਼ੁਰਗ ਨੇ ਹੁਕਮ ਜਾਰੀ ਕਰ ਦਿੱਤਾ ਤੇ ਉਹ ਭਰਿਆ-ਪੀਤਾ ਉਨ੍ਹਾਂ ਦੇ ਨਾਲ ਤੁਰ ਪਿਆ।
ਰਾਤ ਦੇ ਅੱਠ ਵਜੇ ਤਕ ਗਲੀ-ਗਲੀ ਘਰ-ਘਰ ਬੂਹੇ-ਬੂਹੇ ਤੁਰੇ ਫਿਰਦਿਆਂ ਦੀਆਂ ਉਸ ਦੀਆਂ ਲੱਤਾਂ ਥੱਕ ਗਈਆਂ। ਭੁੱਖ ਨਾਲ ਪੇਟ ਵਿੱਚ ਚੂਹੇ ਦੌੜ ਰਹੇ ਸੀ। ਦੁਪਹਿਰ ਤੋਂ ਮਗਰੋਂ ਨਾ ਚਾਹ ਨਾ ਪਾਣੀ ਕੁਝ ਵੀ ਨਸੀਬ ਨਹੀਂ ਸੀ ਹੋਇਆ। ਮਸਾਂ ਥੱਕ ਕੇ ਆ ਕੇ ਉਹ ਘਰ ਡਿੱਗਿਆ ਸੀ। ਰੋਟੀ ਖਾਣ ਸਾਰ ਨੀਂਦ ਨੇ ਉਸ ਨੂੰ ਆਪਣੀ ਬੁੱਕਲ ਵਿੱਚ ਲੈ ਲਿਆ। ਅਜੇ ਉਸ ਨੇ ਨੀਂਦ ਦਾ ਪਹਿਲਾ ਝੂਟਾ ਲਿਆ ਸੀ ਕਿ ਉਸ ਦੇ ਲੜਕੇ ਨੇ ਆ ਕੇ ਉਸ ਨੂੰ ਜਗਾਉਂਦਿਆਂ ਆਖਿਆ, ‘‘ਪਾਪਾ ਜੀ ਸ਼ਮੀ ਚਾਚਾ ਜੀ ਆਏ ਨੇ।’’ ਉਹ ਉੱਠ ਕੇ ਬੈਠਾ ਹੋ ਗਿਆ। ਉਸ ਨੇ ਦੇਖਿਆ ਕਿ ਸ਼ਮੀ ਦੇ ਨਾਲ ਉਸ ਦੇ ਵਾਰਡ ਦਾ ਉਮੀਦਵਾਰ ‘ਸ’ ਤੇ ਉਸ ਦਾ ਇੱਕ ਜਮਾਤੀ ਮਿੱਤਰ ਕੁਲਜੀਤ ਸਿੰਘ ਵੀ ਸੀ। ਸ਼ਮੀ ਪਾਰਟੀ ਦਾ ਸਿਰਕੱਢ ਲੀਡਰ ਹੈ ਤੇ ਪਾਰਟੀ ਦੀ ਸਰਕਾਰ ਵੇਲੇ ਇੱਕ ਕਾਰਪੋਰੇਸ਼ਨ ਦਾ ਚੇਅਰਮੈਨ ਵੀ ਰਿਹਾ ਸੀ ਜਿਸ ਨਾਲ ਤੀਹ ਸਾਲਾਂ ਦੇ ਘਰੇਲੂ ਸਬੰਧ ਹਨ ਚੰਦਰ ਭਾਨ ਦੇ। ਕੁਲਜੀਤ ਸਿੰਘ ਦੂਜੇ ਦਲ ਦਾ ਇੱਕ ਅਜਿਹਾ ਸਰਗਰਮ ਵਰਕਰ ਹੈ ਜਿਸ ਦੀ ਮੁੱਖ ਮੰਤਰੀ ਤਕ ਚੰਗੀ ਚਲਦੀ ਹੈ, ਉਹ ਵੀ ਚੰਦਰ ਭਾਨ ਦੇ ਬਹੁਤ ਹੀ ਕਰੀਬੀ ਦੋਸਤਾਂ ਵਿੱਚੋਂ ਇੱਕ ਹੈ। ਚੰਦਰ ਭਾਨ ‘ਅ’ ਦੇ ਨਾਲ ਪ੍ਰਚਾਰ ਮੁਹਿੰਮ ਤੇ ਕੁਲਜੀਤ ਸਿੰਘ ਦੇ ਘਰ ਵੀ ‘ਅ’ ਨੂੰ ਵੋਟ ਪਾਉਣ ਲਈ ਕਹਿਣ ਗਿਆ ਸੀ।
‘‘ਮੈਂ ਤਾਂ ਬਾਈ ਨੂੰ ‘ਅ’ ਨਾਲ ਦੇਖ ਕੇ ਹੈਰਾਨ ਹੀ ਹੋ ਗਿਆ।’’ ਕੁਲਜੀਤ ਸਿੰਘ ਨੇ ਕੁਰਸੀ ਉੱਤੇ ਬੈਠਦਿਆਂ ਹੀ ਕਿਹਾ।
ਜਵਾਬ ਵਿੱਚ ਉਸ ਸਿਰਫ਼ ਮੁਸਕਰਾ ਹੀ ਦਿੱਤਾ ਸੀ।
‘‘ਹਾਂ ਬਾਈ ਅਸੀਂ ਤਾਂ ਤੇਰੇ ਕੋਲ ਇਸ ਲਈ ਆਏ ਹਾਂ ਕਿ ਅੱਗੇ ਤੋਂ ‘ਅ’ ਨਾਲ ਨਹੀਂ ਤੁਰਨਾ, ਦੂਜੇ ਵੋਟ ਅਤੇ ਸਪੋਰਟ ਤੁਹਾਡੀ ‘ਸ’ ਨੂੰ ਚਾਹੀਦੀ ਹੈ।’’
‘‘ਇਹ ਗੱਲ ਗਲਤ ਹੈ ਕਿ ਮੈਂ ‘ਅ’ ਨਾਲ ਤੁਰਨਾ ਛੱਡ ਕੇ ਵੋਟ ਅਤੇ ਸਪੋਰਟ ‘ਸ’ ਨੂੰ ਦੇਵਾਂ। ਬਈ ‘ਅ’ ਮੇਰਾ ਗੁਆਂਢੀ ਹੈ, ਗੁਆਂਢੀ ਹੋਣ ਕਰਕੇ ਸਾਨੂੰ ਹਰ ਵਕਤ ਇੱਕ-ਦੂਜੇ ਤਕ ਕੰਮ ਪੈਣਾ ਹੈ ਫੇਰ ਅਸੀਂ ਉਸ ਨੂੰ ਖੜ੍ਹਾ ਕਰਨ ਵੇਲੇ ਵਿਸ਼ਵਾਸ ਦਿਵਾਇਆ ਹੈ, ਕੋਠੇ ਚਾੜ੍ਹ ਕੇ ਪੌੜੀ ਖਿੱਚੀਏ ਇਹ ਇਖਲਾਕ ਤਾਂ ਇਜਾਜ਼ਤ ਨਹੀਂ ਦਿੰਦਾ… ਫੇਰ ਪਹਿਲਾਂ ‘ਸ’ ਤੇ ਤੁਸੀਂ ਕਿੱਥੇ ਸੀ?
‘‘ਸਾਨੂੰ ਤਾਂ ਇਹ ਸੀ ਕਿ ਤੁਸੀਂ ਸਾਡੇ ਤੋਂ ਬਾਹਰ ਨਹੀਂ ਜਾ ਸਕਦੇ।’’ ਸ਼ਮੀ ਤੇ ਕੁਲਜੀਤ ਸਿੰਘ ਲਗਪਗ ਇਕੱਠੇ ਹੀ ਬੋਲ ਪਏ।
‘‘ਬਿਲਕੁਲ ਸਹੀ ਹੈ ਜੇ ਤੁਸੀਂ ਮੈਨੂੰ ਪਹਿਲਾਂ ਕਹਿੰਦੇ ਤਾਂ, ਹੁਣ ਤਾਂ ਬਹੁਤ ਔਖੈ।’’
‘‘ਔਖੈ ਚਾਹੇ ਸੌਖੈ ਅਸੀਂ ਤਾਂ ਤੈਤੋਂ ਅੱਜ ਹਾਂ ਹੀ ਕਰਵਾ ਕੇ ਜਾਣੀ ਐ।’’ ਕੁਲਜੀਤ ਸਿੰਘ ਨੇ ਇੱਕ ਟੁੱਕ ਫ਼ੈਸਲਾ ਸੁਣਾਇਆ।
‘‘ਚੰਗਾ ਫੇਰ ਮੈਂ ਆਪਣੀ ਤੇ ਤੇਰੀ ਭਰਜਾਈ ਦੀ ਵੋਟ ਸ਼ਮੀ ਨੂੰ ਫੜਾ ਦਿਆਂਗਾ, ਇਹ ਦੋਵੇਂ ਵੋਟਾਂ ਜੀਹਨੂੰ ਮਰਜ਼ੀ ਪਾਵੇ ਚਾਹੇ ਪਾੜ ਕੇ ਸੁੱਟ ਦੇਵੇ, ਬਾਕੀ ਕਿਸੇ ਨੂੰ ਮੈਂ ਕੁਝ ਨਹੀਂ ਕਹਿ ਸਕਦਾ, ਹੋਰ ਹੁਣ ਤੁਸੀਂ ਮੇਰੇ ਨਾਲ ਕੋਈ ਧੱਕਾ ਨਾ ਕਰਿਓ।’’
‘‘ਫੇਰ ਇਉਂ ਕਰੋ ਨਾ ਤੁਸੀਂ ‘ਅ’ ਨਾਲ ਤੁਰੋ ਨਾ ਖੁੱਲ੍ਹ ਕੇ ‘ਸ’ ਨਾਲ…। ਵੋਟ ਇੱਧਰ ਹੀ ਪਾ ਦੇਣੀ।’’
‘‘ਚੰਗਾ।’’ ਕਹਿ ਕੇ ਉਸ ਨੇ ਨੀਵੀਂ ਪਾ ਲਈ।
‘‘ਚਲੋ।’’ ਕਹਿ ਕੇ ਉਹ ਉੱਠ ਖੜ੍ਹੇ ਹੋਏ। ਉਹ ਉਨ੍ਹਾਂ ਨੂੰ ਬੂਹੇ ਤੱਕ ਛੱਡਣ ਗਿਆ ਸੀ। ਉਸ ਤੋਂ ਮਗਰੋਂ ਉਹ ਫੇਰ ਉਸੇ ਉਧੇੜ-ਬੁਣ ਵਿੱਚ ਪੈ ਗਿਆ ਸੀ। ਇੱਕ ਪਾਸੇ ਗੁਆਂਢੀ ਸੀ। ਇਖਲਾਕੀ ਫਰਜ਼ ਸੀ। ਦੂਜੇ ਪਾਸੇ ਘਰੇਲੂ ਸਬੰਧ ਸਨ ਤੇ ਤੀਹ-ਤੀਹ ਚਾਲੀ-ਚਾਲੀ ਸਾਲ ਦੀ ਮਿੱਤਰਤਾ ਸੀ। ਕਦੇ ਪਲੜਾ ਉਹ ਭਾਰੀ ਹੋ ਜਾਂਦਾ ਕਦੇ ਉਹ। ਸਵੇਰੇ ਚਾਰ ਵਜੇ ਕਿਤੇ ਉਸ ਦੀ ਅੱਖ ਲੱਗੀ ਸੀ।
ਰਾਤ ਦਾ ਉਨੀਂਦਰਾ ਹੋਣ ਕਰਕੇ ਉਹ ਅਜੇ ਸੁੱਤਾ ਹੀ ਪਿਆ ਸੀ ਕਿ ਉਸ ਦੀ ਪਤਨੀ ਨੇ ਕਿਹਾ, ‘‘ਉੱਠੋ, ਧਾਲੀਵਾਲ ਸਾਹਿਬ ਆਏ ਨੇ।’’
ਉਸ ਨੇ ਰਜਾਈ ਵਗ੍ਹਾ ਕੇ ਅਹੁ ਮਾਰੀ ਤੇ ਉੱਠ ਕੇ ਬੈਠਾ ਹੋ ਗਿਆ। ਧਾਲੀਵਾਲ ਵੀ ਉਸ ਦੇ ਮੰਜੇ ਉੱਤੇ ਹੀ ਰਜਾਈ ਵਿੱਚ ਪੈਰ ਦੇ ਕੇ ਬੈਠ ਗਿਆ। ਧਾਲੀਵਾਲ ਜ਼ਿਲ੍ਹਾ ਕਚਹਿਰੀਆਂ ਵਿੱਚ ਸੁਪਰਡੈਂਟ ਦੇ ਤੌਰ ’ਤੇ ਕੰਮ ਕਰ ਰਿਹਾ ਹੈ। ਉਹ ਚੰਦਰ ਭਾਨ ਦਾ ਅਜਿਹਾ ਦੋਸਤ ਹੈ ਜਿਸ ਨੇ ਚੰਦਰ ਭਾਨ ਦੀ ਉਸ ਉੱਤੇ ਬਣੇ ਇਰਾਦਾ ਕਤਲ ਕੇਸ ਵਿੱਚ ਵਿੱਤੋਂ ਬਾਹਰ ਮਦਦ ਕੀਤੀ ਸੀ, ਉਸ ਦੇ ਕਹਿਣ ਤੋਂ ਬਿਨਾਂ ਹੀ, ਜਿਸ ਦਾ ਉਹ ਹਮੇਸ਼ਾਂ ਲਈ ਅਹਿਸਾਨਮੰਦ ਸੀ। ਉਸ ਦੀ ਪਤਨੀ ਚਾਹ ਦੇ ਦੋ ਗਲਾਸ ਲੈ ਆਈ ਸੀ।
‘‘ਪਹਿਲਾਂ ਐਂ ਦੱਸ ਵੋਟ ਕਿਸ ਨੂੰ ਪਾਵੇਂਗਾ?’’ ਧਾਲੀਵਾਲ ਨੇ ਚਾਹ ਦਾ ਗਲਾਸ ਫੜਨ ਸਾਰ ਹੀ ਸਿੱਧਾ ਸਵਾਲ ਕਰ ਦਿੱਤਾ।
‘‘ਅ ਨੂੰ।’’
‘‘ਮੈਂ ਤਾਂ ਤੇਰੇ ਕੋਲ ਵੋਟਾਂ ਲੈਣ ਆਇਆਂ।’’
‘‘ਤੈਨੂੰ ਜਵਾਬ ਕੌਣ ਦਿੰਦੈ।’’
‘‘ਉਹ ਤਾਂ ਮੈਨੂੰ ਯਕੀਨ ਐ, ਇਸੇ ਮਾਣ ਨਾਲ ਤਾਂ ਆਇਆ ਹਾਂ ਤੇ ਪੂਰੀ ਆਸ ਹੈ ਕਿ ਮੇਰੇ ਕਹੇ ਤੋਂ ਤੂੰ ਵੋਟਾਂ ‘ਸ’ ਨੂੰ ਹੀ ਪਾਏਂਗਾ ਤੇ ਪਵਾਏਂਗਾ ਵੀ।’’
‘‘ਉਹ ਤਾਂ ਸਾਰੀ ਗੱਲ ਠੀਕ ਹੈ, ਪਰ ਸਪਸ਼ਟ ਗੱਲ ਹੈ ਤੇਰਾ ਉਹ ਬੰਦਾ ਠੀਕ ਨਹੀਂ ਹੈ।’’
‘‘ਮੈਨੂੰ ਪਤੈ ਤੇਰੀਆਂ ਰੰਜਸ਼ਾਂ ਬਾਰੇ, ਉਹ ਵੀ ਆਪਣੀ ਗਲਤੀ ਮੰਨਦੈ।’’
‘‘ਫੇਰ ਮੈਂ ਆਪਣੇ ਗੁਆਂਢੀ ਦਾ ਕੀ ਕਰਾਂ?’’
‘‘ਕੁਝ ਵੀ ਕਰ ਪਰ ਮੇਰੇ ਆਏ ਦੀ ਰੱਖ।’’
‘‘ਚਲੋ ਦੇਖੀ ਜਾਊ ਮੇਰੇ ਨਾਲ ਜਿਹੜੀ ਹੋਊ, ਤੂੰ ਹੁਣ ਉਸ ਨੂੰ ਜਾ ਕੇ ਕਹਿ ਦੇ ਕਿ ਤੇਰੇ ਉੱਤੋਂ ਦੀ ਮੈਨੂੰ ਦਬਾਉਣ ਲਈ ਹੋਰ ਕੋਈ ਪੈਦਾ ਨਹੀਂ ਹੋਇਆ…ਵੋਟਾਂ ਉਸੇ ਨੂੰ ਹੀ ਪੈਣਗੀਆਂ।’’
‘‘ਅੱਛਾ ਫੇਰ ਮੈਂ ਚਲਦਾਂ।’’ ਕਹਿ ਕੇ ਧਾਲੀਵਾਲ ਚਾਹ ਦਾ ਖਾਲੀ ਗਲਾਸ ਕਾਰਨਸ ਉੱਤੇ ਰੱਖ ਕੇ ਉੱਠ ਖੜ੍ਹਾ ਹੋਇਆ। ਉਸ ਦੇ ਜਾਣ ਤੋਂ ਮਗਰੋਂ ਉਸ ਦਾ ਮਨ ਹੋਰ ਬੇਚੈਨ ਹੋ ਗਿਆ।
ਦਫ਼ਤਰ ਜਾਣ ਤੋਂ ਪਹਿਲਾਂ ਉਸ ਦੀ ਪਤਨੀ ਨੇ ਸਵੇਰ ਦਾ ਨਾਸ਼ਤਾ ਉਸ ਅੱਗੇ ਲਿਆ ਕੇ ਰੱਖ ਦਿੱਤਾ ਸੀ ਪਰ ਉਹ ਦੋ ਬੁਰਕੀਆਂ ਲਗਾ ਕੇ ਖਾਣਾ ਉਵੇਂ ਦਾ ਉਵੇਂ ਉੱਥੇ ਹੀ ਛੱਡ ਕੇ ਖੜ੍ਹਾ ਹੋ ਗਿਆ ਸੀ। ਉਸ ਦਾ ਉੱਕਾ ਹੀ ਦਿਲ ਨਹੀਂ ਕੀਤਾ ਸੀ ਖਾਣਾ ਖਾਣ ਨੂੰ। ਸਾਈਕਲ ਚੁੱਕ ਕੇ ਅਜੇ ਉਹ ਬਾਹਰ ਨਿਕਲਣ ਹੀ ਲੱਗਿਆ ਸੀ ਕਿ ‘ਅ’ ਦਾ ਸੁਨੇਹਾ ਲੈ ਕੇ ਉਸ ਦਾ ਹੋਰ ਗੁਆਂਢੀ ਆ ਗਿਆ ‘ਅ’ ਨੇ ਕਿਹੈ ਕਿ ਜੇ ਹੋ ਸਕੇ ਤਾਂ ਦੁਪਹਿਰ ਤੋਂ ਮਗਰੋਂ ਅੱਧੀ ਛੁੱਟੀ ਲੈ ਕੇ ਆ ਜਾਵੇ, ਨਹੀਂ ਸ਼ਾਮ ਨੂੰ ਤਾਂ ਜ਼ਰੂਰ ਆ ਜਾਣਾ, ਕੁਝ ਘਰਾਂ ਵਿੱਚ ਜਾ ਕੇ ਆਉਣੈ।’’
‘‘ਚੰਗਾ’’ ਕਹਿ ਕੇ ਉਸ ਨੇ ਸਾਈਕਲ ਬਾਹਰ ਕੱਢ ਲਿਆ। ਦਫ਼ਤਰ ਜਾ ਕੇ ਉਸ ਨੇ ਸੂਚਨਾ ਤਿਆਰ ਕਰਨੀ ਸ਼ੁਰੂ ਕੀਤੀ ਸੀ ਕਿ ਵੱਡੇ ਸਾਹਿਬ ਨੇ ਬੁਲਾ ਕੇ ਉਸ ਨੂੰ ਆਖਿਆ, ‘‘ਸਵੇਰੇ ਐੱਸ.ਡੀ.ਐੱਮ. ਸਾਹਿਬ ਦਾ ਫੋਨ ਆਇਆ ਸੀ ਤੇਰੇ ਬਾਰੇ।’’
‘‘ਅੱਛਾ ਜੀ।’’
‘‘ਤੇਰੀ ਸ਼ਿਕਾਇਤ ਵਾਰਡ ਨੰਬਰ 14 ਦੇ ਉਮੀਦਵਾਰ ‘ਸ’ ਨੇ ਕੀਤੀ ਹੈ ਕਿ ਤੂੰ ਸਰਕਾਰੀ ਕਰਮਚਾਰੀ ਹੁੰਦਾ ਹੋਇਆ ਸ਼ਰੇਆਮ ਚੋਣਾਂ ਵਿੱਚ ਭਾਗ ਲੈ ਰਿਹਾ ਹੈਂ। ਤੇਰੇ ਨਾਂ ’ਤੇ ਕੋਈ ਅਪੀਲ ਛਪੀ ਹੈ?’’
‘‘ਹਾਂ ਜੀ।’’
‘‘ਫੇਰ ਅੱਗੋਂ ਲਈ ਬੰਦ ਕਰਦੇ, ਹੁਣ ਮੈਂ ਐੱਸ.ਡੀ.ਐੱਮ. ਸਾਹਿਬ ਅੱਗੇ ਤੇਰੀ ਜ਼ਿੰਮੇਵਾਰੀ ਲਈ ਹੈ।’’
‘‘ਮਿਹਰਬਾਨੀ ਸਰ।’’
‘‘ਨਹੀਂ ਅਜਿਹੀ ਕੋਈ ਗੱਲ ਨਹੀਂ ਪਰ ਤੂੰ ਬਹੁਤ ਸਿਆਣੈ ਫਿਰ ਇਹ ਗਲਤੀ।’’
‘‘ਸਰ ਉਨ੍ਹਾਂ ਨੇ ਮੇਰਾ ਨਾਂ ਬਿਨਾਂ ਪੁੱਛੇ ਛਾਪ ਲਿਆ ਸੀ।’’
‘‘ਕੰਟਰਾਡਿਕਸ਼ਨ ਦੇ ਦੇ।’’
‘‘ਸਰ ਗੁਆਂਢ ਮੱਥਾ ਹੈ, ਸਾਰੀ ਉਮਰ ਦੀ ਦੁਸ਼ਮਣੀ ਪੈਂਦੀ ਹੈ, ਮਜਬੂਰੀ ਹੈ…ਹੁਣ ਤਾਂ ਝੱਲਾਂਗੇ, ਅੱਗੇ ਹੀ ਦੁਸ਼ਮਣੀਆਂ ਦੇ ਪੱਟੇ ਤਾਬ ਨਹੀਂ ਆਏ।’’
‘‘ਕੋਈ ਨਹੀਂ, ਬਸ ਅੱਗੇ ਤੋਂ ਬੰਦ।’’
‘‘ਠੀਕ ਐ ਸਰ।’’ ਕਹਿ ਕੇ ਉਹ ਵਾਪਸ ਆ ਕੇ ਆਪਣੀ ਸੀਟ ਉੱਤੇ ਬੈਠ ਗਿਆ ਸੀ।
ਦਿਮਾਗ਼ ਉੱਤੇ ਹੋਰ ਬੋਝ ਪੈ ਗਿਆ ਸੀ। ਇੱਕ ਘਰੇਲੂ ਹਾਲਾਤ ਠੀਕ ਨਾ ਹੋਣ ਦੀ ਮਜਬੂਰੀ ਸੀ ਦੂਜੇ ਤਰੱਕੀ ਦਾ ਸਮਾਂ ਸਿਰ ਉੱਤੇ…ਜੇ ਕਿਤੇ ਉਸ ਬਾਰੇ ਐੱਸ.ਡੀ.ਐੱਮ. ਸਾਹਿਬ ਉੱਪਰ ਲਿਖ ਦਿੰਦੇ? ਜਾਂ ਜੇ ‘ਸ’ ਹੁਣ ਐੱਸ.ਡੀ.ਐੱਮ. ਉੱਤੇ ਦਬਾਅ ਪਾ ਕੇ ਉਸ ਦੇ ਖ਼ਿਲਾਫ਼ ਲਿਖਵਾ ਦੇਵੇ? ਫੇਰ ਸਾਰੀ ਉਮਰ ਦੀ ਕੀਤੀ ਕਤਾਈ ਖੂਹ ਵਿੱਚ ਪੈ ਜਾਣੀ ਹੈ, ਬਦਲੀ ਵੀ ਹੋ ਸਕਦੀ ਹੈ।’’ ਅਜਿਹੇ ਖਿਆਲ ਆਉਂਦਿਆਂ ਹੀ ਉਹ ਡਰਦੇ ਮਾਰੇ ਕੰਬ ਉੱਠਿਆ। ਕੰਮ ਕਰਨ ਲਈ ਖੋਲ੍ਹਿਆ ਬਾਲ ਪੈੱਨ ਉੱਥ ਦਾ ਉੱਥੇ ਹੀ ਰਹਿ ਗਿਆ। ਉਸ ਨੇ ਇੱਕ ਲੰਮਾ ਹਉਕਾ ਲੈਂਦਿਆਂ ਮਨ ਬਚਨੀ ਕੀਤੀ, ‘‘ਹੁਣ ਕੀ ਕਰੀਏ?’’ ਤੇ ਫੇਰ ਆਪ ਹੀ ਉੱਤਰ ਦਿੱਤਾ, ‘‘ਕਰਨਾ ਕੀ ਹੈ ਜੋ ਹੋ ਗਿਆ ਸੋ ਹੋ ਗਿਆ। ਹੁਣ ਉਸ ਨੂੰ ਯਾਦ ਕਰਕੇ ਝੂਰਨਾ ਕੀ? ਜੋ ਹੋਊ ਭੁਗਤਣੀ ਹੀ ਪਊ।’’ ਆਪਣੇ ਖ਼ੁਦ ਦਿੱਤੇ ਉੱਤਰ ਨੇ ਉਸ ਨੂੰ ਕਾਫ਼ੀ ਹਲਕਾ ਫੁਲਕਾ ਕਰ ਦਿੱਤਾ। ਉਸ ਨੇ ਦਫ਼ਤਰ ਦੇ ਬਾਹਰ ਸ਼ੀਸ਼ੇ ਵਿਚਦੀ ਨਿਗ੍ਹਾ ਮਾਰੀ। ਦਫ਼ਤਰ ਦੇ ਪੋਰਚ ਵਿੱਚ ‘ਅ’ ਗੱਡੀ ਖੜ੍ਹੀ ਕਰ ਰਿਹਾ ਸੀ। ਉਹ ਉੱਠ ਕੇ ਬਾਹਰ ਆ ਗਿਆ। ਉਸ ਨੇ ਸਮਝਿਆ ਸੀ ਕਿ ਸ਼ਾਇਦ ਉਹ ਉਸ ਨੂੰ ਹੀ ਮਿਲਣ ਆਇਆ ਹੈ।
‘‘ਆ ਜ਼ਰਾ ਕਿਸੇ ਨੂੰ ਮਿਲ ਕੇ ਆਈਏ।’’ ਕਹਿ ਕੇ ‘ਅ’ ਉਸ ਨੂੰ ਲੈ ਕੇ ਤੁਰ ਪਿਆ।
ਉਸ ਦੇ ਦਫ਼ਤਰ ਦੇ ਨਾਲ ਹੀ ਕੰਟੀਨ ਉੱਤੇ ਪੱਤਰਕਾਰ ’ਮਸਤ’ ਬੈਠਾ ਸੀ। ‘ਅ’ ਸਿੱਧਾ ਉਸ ਦੇ ਮੇਜ਼ ਉੱਤੇ ਚਲਾ ਗਿਆ ਤੇ ‘ਮਸਤ’ ਦੇ ਸਾਹਮਣੇ ਜਾ ਬੈਠਿਆ। ‘ਮਸਤ’ ਨਾਲ ਚੰਦਰ ਭਾਨ ਦੀ ਵੀ ਚੰਗੀ ਬਣਦੀ ਸੀ। ਇੱਕ-ਦੂਜੇ ਦੇ ਪੁਰਾਣੇ ਭੇਤੀ ਸਨ, ਇਸ ਲਈ ਨਾ ਤਾਂ ਗੱਲ ਕਰਨ ਤੋਂ ‘ਮਸਤ’ ਨੇ ਕੋਈ ਝਿਜਕ ਮੰਨੀ ਨਾ ਹੀ ‘ਅ’ ਨੇ।
‘‘ਹਾਂ ਫੇਰ ਕੀ ਸਲਾਹ ਹੈ?’’ ‘ਮਸਤ’ ਨੇ ‘ਅ’ ਤੋਂ ਪੁੱਛਿਆ।
‘‘ਠੀਕ ਐ।’’
‘‘ਫੇਰ ਇੱਕ ਪੇਟੀ ਰਿਸਰੋਕ੍ਰੇਟ ਦੀ, ਚਾਰ ਸਾਧਾਰਨ ਵਿਸਕੀ ਦੀਆਂ ਅਤੇ ਕੁਝ ਘਰਾਂ ਲਈ ਨਕਦ ਮਦਦ ਦੇ ਤੌਰ ’ਤੇ ਭਿਜਵਾ ਦੇ, ਵੋਟਾਂ ਤੈਨੂੰ ਘੱਟੋ-ਘੱਟ ਇੱਕ ਸੌ ਪਵਾ ਦਿਆਂਗਾ ਨਿਸ਼ਾਨੀਆਂ ਲਗਵਾ ਕੇ।’’ ‘ਮਸਤ’ ਨੇ ਸਾਰੀ ਗੱਲ ਸਪਸ਼ਟ ਸ਼ਬਦਾਂ ਵਿੱਚ ਕਹਿ ਮਾਰੀ।
‘‘ਕਿੱਥੇ ਭੇਜਾਂ?’’
‘‘ਮੇਰੇ ਘਰ ਭੇਜਦੇ।’’
‘‘ਤੇਰੇ ਘਰ ਤਾਂ ਲੋਕ ਦੇਖਣਗੇ, ਗੱਡੀ ਦਾ ਨੰਬਰ ਵੀ ਪੜ੍ਹਿਆ ਜਾ ਸਕਦਾ ਹੈ।’’
‘‘ਤੁਸੀਂ ਖ਼ੁਦ ਨਾ ਲੈ ਕੇ ਆਉਣਾ, ਆਹ ਸਾਡੇ ਵੱਡੇ ਬਾਈ ਨੂੰ ਖੇਚਲ ਦੇ ਦਿਓ। ਇਹ ਤਾਂ ਹਰ ਵਕਤ ਸਾਡੇ ਘਰ ਆਉਂਦਾ ਜਾਂਦਾ ਹੈ। ਇਸ ’ਤੇ ਕੋਈ ਸ਼ੱਕ ਨਹੀਂ ਕਰ ਸਕਦਾ ਭਾਵੇਂ ਸਾਡੇ ਘਰ ਕੁਝ ਧਰ ਆਵੇ, ਭਾਵੇਂ ਕੁਝ ਲੈ ਆਵੇ।’’
‘‘ਠੀਕ ਐ, ਰਾਤ ਨੂੰ ਨੌਂ ਵਜੇ ਤੋਂ ਮਗਰੋਂ ਸਾਰਾ ਸਾਮਾਨ ਪਹੁੰਚ ਜਾਵੇਗਾ ਇਨ੍ਹਾਂ ਰਾਹੀਂ।’’ ‘ਅ’ ਨੇ ਚੰਦਰ ਭਾਨ ਵੱਲ ਇਸ਼ਾਰਾ ਕਰਦਿਆਂ ਆਖਿਆ। ਉਸ ਦੇ ਜੀਅ ਵਿੱਚ ਆਇਆ ਕਿ ਉਹ ਉਨ੍ਹਾਂ ਨੂੰ ਸਾਫ਼ ਜਵਾਬ ਦੇ ਦੇਵੇ ਕਿ ਮੇਰੇ ਤੋਂ ਨਹੀਂ ਇਹ ਪੰਗਾ ਹੋਣਾ ਪਰ ਉਹ ਤਾਂ ਝੱਟ ਉਠ ਖੜ੍ਹੇ ਹੋਏ। ਰਾਤ ਦੇ ਦਸ ਵਜੇ ਤਕ ਉਹ ਇਹੀ ਸੋਚਦਾ ਰਿਹਾ ਕਿ ਮੈਨੂੰ ਜੇ ਕਿਸੇ ਨੇ ‘ਮਸਤ’ ਦੇ ਘਰ ਸ਼ਰਾਬ ਪਹੁੰਚਾਉਂਦੇ ਦੇਖ ਲਿਆ ਜਾਂ ਐਕਸਾਈਜ਼ ਵਾਲਿਆਂ ਤੋਂ ਗੱਡੀ ’ਤੇ ਛਾਪਾ ਮਰਵਾ ਦਿੱਤਾ ਤਾਂ ਮੈਂ ਕੀ ਜਵਾਬ ਦੇਵਾਂਗਾ ਕਿ ਇੰਨੀ ਸ਼ਰਾਬ ਮੈਂ ਕਿੱਥੋਂ, ਕਿਉਂ ਤੇ ਕਿਸ ਲਈ ਲਿਆਇਆ ਹਾਂ ਪਰ ਜਦ ਦਸ ਵਜੇ ਤਕ ਕੋਈ ਨਾ ਆਇਆ ਤਾਂ ਉਸ ਨੂੰ ਕੁਝ ਚੈਨ ਆਈ। ਫੇਰ ਵੀ ਗਈ ਰਾਤ ਤਕ ਜਦ ਵੀ ਕੋਈ ਗੱਡੀ ਸੜਕ ਤੋਂ ਲੰਘਦੀ ਉਸ ਨੂੰ ਇਸ ਤਰ੍ਹਾਂ ਲੱਗਦਾ ਕਿ ਇਹ ਹੁਣ ਮੇਰੇ ਘਰ ਦੇ ਬੂਹੇ ਅੱਗੇ ਆ ਕੇ ਰੁਕੇਗੀ। ਡੋਰ ਬੈੱਲ ਵਜੇਗੀ ਤੇ ਕੋਈ ਉਸ ਨੂੰ ਜਾਣ ਲਈ ਕਹੇਗਾ ਪਰ ਰਾਤ ਸਾਰੀ ਲੰਘ ਗਈ। ਅਗਲੇ ਦਿਨ ‘ਮਸਤ’ ਉਸ ਨੂੰ ਬਾਜ਼ਾਰ ਵਿੱਚ ਮਿਲ ਗਿਆ।
‘‘ਫੇਰ ਬਾਈ ਰਾਤ ਨਹੀਂ ਆਇਆ?’’
‘‘ਉਸ ਨੇ ਕੁਝ ਦਿੱਤਾ ਹੀ ਨਹੀਂ।’’
‘‘ਚਲ ਫੇਰ ਮਾਰ ਵੀ ਉਹੀ ਖਾਊ। ਜੇ ਡੇਢ ਸੌ ਤੋਂ ਵੱਧ ਵੋਟ ਪੈ ਜਾਵੇ ਤਾਂ ਮੈਨੂੰ ਕਹਿ ਦੇਵੀਂ।’’
‘‘ਇਹ ਤਾਂ ਸਮਾਂ ਹੀ ਦੱਸੂ, ਆਪਾਂ ਕੌਣ ਹੁੰਨੇ ਆਂ ਭਵਿੱਖਬਾਣੀ ਕਰਨ ਵਾਲੇ।’’ ਕਹਿ ਕੇ ਉਹ ਅੱਗੇ ਲੰਘ ਗਿਆ। ਪਰ ਫੇਰ ਸ਼ਾਮ ਦੇ ਸੱਤ ਕੁ ਵਜੇ ਹੋਣਗੇ ਜਦ ‘ਮਸਤ’ ਦਾ ਫੋਨ ਆਇਆ। ਆਵਾਜ਼ ਬਦਲੀ ਹੋਈ ਲੱਗੇ। ਫੋਨ ਰਾਹੀਂ ਦਾਰੂ ਦੇ ਨਸ਼ੇ ਦੀ ਹਵਾੜ ਆਉਂਦੀ ਜਾਪੇ।
‘‘ਬਾਈ ਅਸੀਂ ਆ ਰਹੇ ਹਾਂ, ਬਸ ਤੇਰੇ ਕੱਚ ਦੇ ਗਲਾਸ ਤੇ ਟੂਟੀ ਦਾ ਪਾਣੀ ਹੀ ਚਾਹੀਦਾ ਹੈ।’’
‘‘ਆ ਰਹੇ ਹੋ ਤਾਂ ਪੁੱਛਣ ਦੀ ਕਿਹੜੀ ਗੱਲ ਐ, ਅੱਗੇ ਕਿਹੜਾ ਪੁੱਛ ਕੇ ਆਉਂਦੇ ਹੋ?’’ ਉਸ ਨੇ ਜ਼ਰਾ ਸਖ਼ਤ ਲਹਿਜ਼ੇ ਵਿੱਚ ਕਿਹਾ।
‘‘ਠੀਕ ਹੈ, ਬੱਸ ਪਹੁੰਚ ਰਹੇ ਹਾਂ ਪੰਜ ਮਿੰਟ ਵਿੱਚ ਹੀ।’’ ਕਹਿ ਕੇ ‘ਮਸਤ’ ਨੇ ਫੋਨ ਬੰਦ ਕਰ ਦਿੱਤਾ।
ਉਸ ਨੇ ਪਾਣੀ ਦਾ ਜੱਗ ਭਰਿਆ ਤੇ ਤਿੰਨ ਚਾਰ ਕੱਚ ਦੇ ਗਲਾਸ ਮੇਜ਼ ਉੱਤੇ ਰੱਖ ਦਿੱਤੇ। ਇੰਨੇ ਵਿੱਚ ਹੀ ‘ਮਸਤ’ ਤੇ ਉਸ ਦੇ ਨਾਲ ਉਸ ਦਾ ਦੋਸਤ ਵੀ ਆ ਗਏ। ‘ਮਸਤ’ ਦਾ ਦੋਸਤ ਉਸ ਦਾ ਬਹੁਤ ਪੁਰਾਣਾ ਮਿੱਤਰ ਹੈ, ਜਿਸ ਦੀ ਉਹ ਵੱਡੇ ਭਾਈਆਂ ਦੀ ਤਰ੍ਹਾਂ ਇੱਜ਼ਤ ਕਰਦਾ ਹੈ। ਉਸ ਨੇ ਵਿਸਕੀ ਦੀ ਬੋਤਲ ਕੱਢਕੇ ਉਨ੍ਹਾਂ ਦੇ ਅੱਗੇ ਰੱਖ ਦਿੱਤੀ।
‘‘ਬਾਈ ਵਿਸਕੀ ਚਿਕਨ ਸਭ ਕੁਝ ਆ ਰਿਹੈ, ਇਹਨੂੰ ਤੂੰ ਪਰੇ ਕਰ ਦੇ।’’ ‘ਮਸਤ’ ਦੇ ਅੰਦਰੋਂ ਤਿੰਨ-ਚਾਰ ਪੈੱਗ ਬੋਲ ਰਹੇ ਸੀ।
‘‘ਅੱਜ ਕਿਹੜੀ ਮੁਰਗੀ ਫਸ ਗਈ?’’ ਉਸ ਨੇ ‘ਮਸਤ’ ਨੂੰ ਪੁੱਛਿਆ।
‘‘ਸ’ ਭੇਜ ਰਿਹਾ ਹੈ। ਹਾਂ ਕੁਝ ਪੇਟੀਆਂ ਵਿਸਕੀ ਦੀਆਂ ਏਸ ਘਰ ਰੱਖ ਕੇ ਜਾਊ ਦੇਖੀਂ ਕਿਤੇ ਮੋੜ ਨਾ ਦੇਵੀਂ।’’ ‘ਮਸਤ’ ਨੇ ਬੜੇ ਮਾਣ ਨਾਲ ਆਖਿਆ।
‘‘ਕੱਲ੍ਹ ਵਾਲਾ ਸੌਦਾ ਫੇਰ ਏਧਰ ਹੋ ਗਿਆ?’’
‘‘ਹਾਂ।’’
‘‘ਤੂੰ ਜ਼ਰੂਰ ਮਰਵਾਏਂਗਾ।’’ ਉਸ ਦੇ ਮੂੰਹੋਂ ਝੱਟ ਨਿਕਲ ਗਿਆ।
‘‘ਕਿਧਰੇ ਨਹੀਂ ਮਰਦਾ, ਤੂੰ ਫ਼ਿਕਰ ਨਾ ਕਰਿਆ ਕਰ, ਐਵੇਂ ਬਹੁਤਾ ਨਹੀਂ ਸੋਚੀਦਾ।’’
‘‘ਕਰਾਂ ਕੀ ਆਦਤ ਹੈ, ਲੈ ਲਾ ਲੈ ਇਸੇ ਵਿੱਚੋਂ ਹੀ ਜਿਹੜੀ ਤੇਰੀ ਆਵੇਗੀ ਉਹ ਫੇਰ ਦੇਖੀ ਜਾਵੇਗੀ।’’ ਊਸ ਨੂੰ ਮਸਤ ਨਾਲੋਂ ਆਪਣੇ ਦੂਜੇ ਦੋਸਤ ਨੂੰ ਉਬਾਸੀਆਂ ਲੈਂਦਿਆਂ ਦੇਖ ਕੇ ਖਿਆਲ ਆਇਆ ਸੀ ਕਿ ਭਰਾ ਤਾਂ ਅਜੇ ਕੱਚਾ ਹੀ ਬੈਠਾ ਹੈ।
‘‘ਬਾਈ ਦੀ ਗੱਲ ਠੀਕ ਹੈ।’’ ਦੋਸਤ ਨੇ ਹੁੰਗਾਰਾ ਭਰਿਆ।
ਪੈੱਗ ਲੱਗਣੇ ਸ਼ੁਰੂ ਹੋ ਗਏ। ਇੱਕ ਦੋ ਤੋਂ ਬਾਅਦ ਜਦ ਉਸ ਨੇ ਘਰਦਿਆਂ ਨੂੰ ਕੁਝ ਖਾਣ ਲਈ ਭੇਜਣ ਨੂੰ ਕਿਹਾ ਤਾਂ ‘ਮਸਤ’ ਨੇ ਝੱਟ ਪੇਜਰ ਰਾਹੀਂ ‘ਸ’ ਨੂੰ ਸੁਨੇਹਾ ਦੇ ਦਿੱਤਾ। ਇਹ ਸੁਨੇਹਾ ਹਰ ਪੈੱਗ ਤੋਂ ਬਾਅਦ ਪੇਜਰ ਰਾਹੀਂ ਜਾਰੀ ਹੁੰਦਾ ਰਿਹਾ। ਪਰ ‘ਮਸਤ’ ਦੇ ਖਾਤੇ ਵਿੱਚ ਕੁਝ ਨਾ ਆਇਆ। ਬੋਤਲ ਖਾਲੀ ਹੋ ਗਈ।
‘‘ਹੋਰ ਲਿਆਵਾਂ?’’ ਚੰਦਰ ਭਾਨ ਨੇ ਪੁੱਛਿਆ।
‘‘ਨਹੀਂ ਬੱਸ ਹੁਣ ਠੀਕ ਹੈ। ਕਹਿ ਕੇ ਉਹ ਲੜਖੜਾਉਂਦੇ ਹੋਏ ਅਤੇ ਝੂੰਮਦੇ ਝੁਮਾਉਂਦੇ ਹੋਏ ਚਲੇ ਗਏ। ਉਨ੍ਹਾਂ ਦੇ ਚਲੇ ਜਾਣ ਤੋਂ ਮਗਰੋਂ ਚੰਦਰ ਭਾਨ ਰੋਟੀ ਖਾ ਕੇ ਝੱਟ ਸੌਂ ਗਿਆ ਸੀ। ਸਵੇਰੇ ਜਦ ਉਹ ਸੁੱਤਾ ਉੱਠਿਆ ਤਾਂ ਕੁਝ ਚਿਰ ਮਗਰੋਂ ‘ਅ’ ਆ ਗਿਆ, ਸਿੱਧਾ ਹੀ ਉਸ ਦੇ ਸੌਣ ਕਮਰੇ ਵਿੱਚ। ਉਹ ਚਾਹ ਪੀ ਰਿਹਾ ਸੀ। ਉਸ ਨੇ ਪਤਨੀ ਨੂੰ ‘ਅ’ ਲਈ ਚਾਹ ਲਿਆਉਣ ਲਈ ਕਿਹਾ ਪਰ ਉਸ ਨੇ ਇਹ ਕਹਿ ਕੇ ਹੁਣੇ ਪੀ ਕੇ ਆਇਆਂ ਜਵਾਬ ਦੇ ਦਿੱਤਾ ਸੀ।
‘‘ਹਾਂ ਫੇਰ ਤੂੰ ਕਿਵੇਂ ਐਂ?’’ ‘ਅ’ ਨੇ ਉਸ ਨੂੰ ਸਿੱਧਾ ਸਵਾਲ ਕੀਤਾ।
‘‘ਠੀਕ ਆਂ ਪਰ ਤੁਹਾਡਾ ਕੀ ਮਤਲਬ?’’
‘‘ਮੇਰਾ ਮਤਲਬ ਹੈ ਸ਼ਮੀ ਵਾਲੀ ਸਾਈਡ ਤੋਂ…’’
‘‘ਬੰਦੇ ਨੂੰ ਆਪਣੇ ਬੰਦੇ ’ਤੇ ਵਿਸ਼ਵਾਸ ਹੋਣਾ ਚਾਹੀਦਾ ਹੈ, ਇਹ ਗੱਲ ਵੱਖਰੀ ਹੈ ਕਿ ਕੁਝ ਮਜਬੂਰੀਆਂ ਕਰਕੇ ਮੈਂ ਤੁਹਾਡੇ ਨਾਲ ਚੋਣ ਪ੍ਰਚਾਰ ’ਤੇ ਨਹੀਂ ਜਾ ਸਕਦਾ। ਇਸ ਲਈ ਮੈਨੂੰ ਮੁਆਫ਼ ਕਰਨਾ।’’ ਇਹ ਸ਼ਬਦ ਉਸ ਨੇ ਬੜੀ ਮੁਸ਼ਕਲ ਨਾਲ ਕਹੇ ਸੀ ਤੇ ‘ਅ’ ਬੜੇ ਨਾਰਾਜ਼ਗੀ ਭਰੇ ਅੰਦਾਜ਼ ਵਿੱਚ ਉਠ ਕੇ ਚਲਿਆ ਗਿਆ ਸੀ। ਜਾਂਦਾ ਜਾਂਦਾ ਉਹ ਕਹਿ ਗਿਆ ਸੀ, ‘‘ਮੈਂ ਰਾਤ ਜਾਣ ਕੇ ਨਹੀਂ ਆਇਆ ਕਿਉਂਕਿ ਮੈਨੂੰ ‘ਮਸਤ’ ਦਾ ਫੋਨ ਆਇਆ ਸੀ ਕਿ ਦੱਸ ਤੇਰੀ ਕੀ ਸਲਾਹ ਹੈ, ਜੇ ਨਹੀਂ ਪੁਗਦੀ ਤਾਂ ਮੇਰੇ ਕੋਲ ‘ਸ’ ਬੈਠੈ…ਬੋਲ? ਉਸ ਦੀਆਂ ਗੱਲਾਂ ਤੋਂ ਮੈਨੂੰ ਲੱਗਿਆ ਜਿਵੇਂ ਇਹ…ਤੇ ਮੈਂ ਫੋਨ ਬੰਦ ਕਰ ਦਿੱਤਾ ਸੀ।’’ ਤੇ ਅੱਜ ਮਸਾਂ ਰੱਬ ਰੱਬ ਕਰਕੇ ਉਸ ਲਈ ਵੋਟਾਂ ਪਾਉਣ ਦਾ ਸਮਾਂ ਆਇਆ ਸੀ। ਉਹ ਪੋਲਿੰਗ ਅਫ਼ਸਰ ਤੋਂ ਵੋਟਾਂ ਅਤੇ ਮੋਹਰ ਲੈ ਕੇ ਗੁਪਤ ਜਗ੍ਹਾ ’ਤੇ ਜਾ ਕੇ ਜਦ ਮੋਹਰ ਲਾਉਣ ਲਈ ਜਾ ਰਿਹਾ ਸੀ ਤਾਂ ਉਸ ਦਾ ਦਿਮਾਗ਼ ਪੂਰੀ ਤਰ੍ਹਾਂ ਚਕਰਾ ਰਿਹਾ ਸੀ। ਉਸ ਦੇ ਦੋਸਤ ਦੀ ਬੇਟੀ ਤੇ ਜਵਾਈ ਸ਼ਮੀ, ਕੁਲਜੀਤ ਸਿੰਘ ਤੇ ਧਾਲੀਵਾਲ, ਉਸ ਦੇ ਮੁਹੱਲੇ ਦੇ ਲੋਕ ਉਸ ਨੂੰ ਰੱਸਾ-ਕਸ਼ੀ ਦੀਆਂ ਟੀਮਾਂ ਦੀ ਤਰ੍ਹਾਂ ਫੜ ਫੜ ਕੇ ਆਪੋ ਆਪਣੇ ਵੱਲ ਖਿੱਚ ਰਹੇ ਸੀ।
ਉਸ ਦੀ ਆਪਣੀ ਵਿਚਾਰਧਾਰਾ ਉਸ ਦੀ ਆਪਣੀ ਅੰਤਰ ਆਤਮਾ ਕੁਝ ਹੋਰ ਕਰਨ ਲਈ ਕਹਿ ਰਹੀ ਸੀ। ਉਹ ਕਰੇ ਤਾਂ ਕੀ ਕਰੇ? ਅਜੀਬ ਚੱਕਰ ਵਿੱਚ ਫਸ ਗਿਆ ਸੀ ਉਹ। ਦਿਮਾਗ਼ ਬੁਰੀ ਤਰ੍ਹਾਂ ਚੱਕਰ ਖਾ ਰਿਹਾ ਸੀ। ਉਸ ਨੂੰ ਕੁਝ ਸੁੱਝ ਨਹੀਂ ਸੀ ਰਿਹਾ। ਉਸ ਦੀ ਸੋਚਣ ਸ਼ਕਤੀ ਜਿਵੇਂ ਜਵਾਬ ਦੇ ਗਈ ਸੀ। ਦਿਮਾਗ਼ ਤਾਂ ਜਿਵੇਂ ਬਿਲਕੁਲ ਹੀ ਸੁੰਨ ਗਿਆ ਸੀ, ਅਜਿਹਾ ਦਬਾਅ ਪਿਆ ਸੀ ਉਸ ਦੇ ਦਿਮਾਗ਼ ਉੱਤੇ ਜਿਸ ਕਰਕੇ ਉਹ ਐਨਾ ਬੌਂਦਲ ਗਿਆ ਸੀ ਕਿ ਬਿਨਾਂ ਕਿਸੇ ਉਮੀਦਵਾਰ ਦੇ ਨਿਸ਼ਾਨ ਉੱਤੇ ਮੋਹਰ ਲਾਏ ਹੀ ਉਹ ਆਪਣੀ ਵੋਟ ਪਰਚੀ ਬਕਸੇ ਵਿੱਚ ਪਾ ਕੇ ਮੋਹਰ ਪੋਲਿੰਗ ਅਫ਼ਸਰ ਦੇ ਮੇਜ਼ ਉੱਤੇ ਰੱਖ ਕੇ ਪੋਲਿੰਗ ਸਟੇਸ਼ਨ ਤੋਂ ਬਾਹਰ ਨਿਕਲ ਆਇਆ ਸੀ।

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਗੁਰਮੇਲ ਮਡਾਹੜ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ