Deeve Vaang Baldi Akh (Punjabi Story) : Gurbachan Singh Bhullar

ਦੀਵੇ ਵਾਂਗ ਬਲਦੀ ਅੱਖ (ਕਹਾਣੀ) : ਗੁਰਬਚਨ ਸਿੰਘ ਭੁੱਲਰ

ਉਨ੍ਹਾਂ ਦੇ ਵਿਹੜੇ ਵਿਚ ਜੁੜਦਾ-ਜੁੜਦਾ ਕਾਫੀ ਵੱਡਾ ਇਕੱਠ ਜੁੜ ਗਿਆ ਸੀ। ਪਿੰਡ ਦੇ ਕੁਝ ਪੈਂਚ ਤੇ ਮੋਹਰੀ ਬੰਦੇ ਉਨ੍ਹਾਂ ਨੇ ਆਪ ਸੱਦੇ ਸਨ। ਮਗਰੋਂ ਰੋਜ਼-ਰੋਜ਼ ਦੇ ਝਗੜੇ-ਝੇੜੇ ਤੋਂ ਬਚਣ ਲਈ ਫੈਸਲਾ ਉਨ੍ਹਾਂ ਸਾਹਮਣੇ ਹੋਇਆ ਹੀ ਠੀਕ ਰਹਿਣਾ ਸੀ। ਜਿਨ੍ਹਾਂ ਬੰਦਿਆਂ ਨਾਲ ਉਨ੍ਹਾਂ ਦੀ ਕੰਮ-ਧੰਦੇ ਦੀ, ਹਲ ਗੱਡੇ ਦੀ, ਵਾਹੀ-ਗੋਡੀ ਦੀ ਸਾਂਝ ਸੀ, ਉਹ ਤਾਂ ਬੁਲਾਉਣੇ ਹੀ ਹੋਏ। ਅਜਿਹੇ ਬੰਦੇ ਪੰਚਾਇਤਾਂ ਤੋਂ ਨਾ ਖੁੱਲ੍ਹਣ ਵਾਲੀਆਂ ਗੰਢਾਂ ਵੀ, ਸਾਰੇ ਭਰਾਵਾਂ ਉਤੇ ਪ੍ਰਭਾਵ ਹੋਣ ਕਰਕੇ, ਸੌਖਿਆਂ ਹੀ ਖ੍ਹੋਲ ਦਿੰਦੇ ਹਨ। ਖੜਪੈਂਚ ਕਿਸਮ ਦੇ ਲੋਕ ਬਿਨਾਂ ਸਦਿਆਂ ਆਪੇ ਹੀ ਆ ਗਏ ਸਨ। ਉਨ੍ਹਾਂ ਨੂੰ ਤਾਂ ਕਿਤੇ ਚਾਰ ਬੰਦੇ ਜੁੜਨ ਦੀ, ਕੋਈ ਝਗੜਾ ਜਾਂ ਝਗੜੇ ਦੀ ਸੰਭਾਵਨਾ ਹੋਣ ਦੀ ਸੋਅ ਲਗਣੀ ਚਾਹੀਦੀ ਹੈ, ਫੇਰ ਉਨ੍ਹਾਂ ਨੂੰ ਬੁਲਾਉਣ ਦੀ ਲੋੜ ਨਹੀਂ ਪੈਂਦੀ।
ਆਪਣੀ ਚੌਧਰ ਦਿਖਾਉਣ ਲਈ ਉਹ ਸਭ ਤੋਂ ਪਹਿਲਾਂ ਆ ਹਾਜਰ ਹੁੰਦੇ ਹਨ। ਉਨ੍ਹਾਂ ਦੇ ਪਿਛੇ ਆ ਗਏ ਸਨ ਕੁਝ ਤਮਾਸ਼ਬੀਨ, ਖੁੰਢਾਂ ਉਤੇ ਬੈਠੇ ਵਿਹਲੜ ਲੋਕ, ਬਹੁਤਾ ਸਮਾਂ ਘਰ ਤੋਂ ਬਾਹਰ ਬਿਤਾਉਣ ਵਾਲੇ ਬੁਢੇ ਅਤੇ ਅਮਲੀ । ਇਨ੍ਹਾਂ ਦਾ "ਨਾ ਕਾਹੂੰ ਸਿਉਂ ਦੋਸਤੀ, ਨਾ ਕਾਹੂੰ ਸਿਉਂ ਵੈਰ" ਵਾਲਾ ਹਿਸਾਬ ਹੁੰਦਾ ਹੈ। ਕਿਸੇ ਨੂੰ ਘਾਟਾ ਰਹੇ, ਕਿਸੇ ਨੂੰ ਵਾਧਾ, ਉਨ੍ਹਾਂ ਨੇ ਤਾਂ ਬੱਸ ਵਿਚਵਿਚਾਲਿਉਂ ਚਸਕਾ ਲੈਣਾ ਹੁੰਦਾ ਹੈ ਤੇ ਮਗਰੇ ਮਗਰ ਗਲੀ ਗੁਆਂਢ ਦੇ ਕੁਝ ਛੋਟੇ ਵੱਡੇ ਬੱਚੇ ਵੀ ਆ ਗਏ ਸਨ। ਕਿਤੇ ਕੁਝ ਮਾੜਾ ਵਾਪਰ ਰਿਹਾ ਹੋਵੇ ਜਾਂ ਚੰਗਾ, ਗੱਲ ਖੁਸ਼ੀ ਦੀ ਹੋਵੇ ਜਾਂ ਗਮੀ ਦੀ, ਉਹ ਅੱਖਾਂ ਵਿਚ ਅਚੰਭਾ ਅਤੇ ਮਨਾਂ ਵਿਚ ਉਤਸੁਕਤਾ ਭਰ ਕੇ ਦਬਵੇਂ ਪੈਰੀਂ ਪਹੁੰਚ ਜਾਂਦੇ ਹਨ। ਪਹਿਲਾਂ ਝਿਜਕ ਕੇ ਇਕ ਪਾਸੇ ਖਲੋਤੇ ਰਹਿੰਦੇ ਹਨ, ਫਿਰ ਹੌਲੀ ਹੌਲੀ ਨੇੜੇ ਹੁੰਦੇ ਹਨ ਅਤੇ ਅੰਤ ਨੂੰ ਭੀੜ ਵਿਚ ਜੁੜੇ ਲੋਕਾਂ ਦੀਆਂ ਲੱਤਾਂ ਵਿਚਕਾਰੋਂ ਦੀ ਅਛੋਪਲੇ ਹੀ ਲੰਘ ਕੇ ਅੱਗੇ ਜਾ ਖਲੋਣਾ ਆਪਣਾ ਹੱਕ ਸਮਝਦੇ ਹਨ।
ਵਿਹੜੇ ਵਿਚ ਕਾਫੀ ਵੱਡਾ ਇਕੱਠ ਤਾਂ ਜੁੜ ਗਿਆ ਸੀ, ਪਰ ਅਜੇ ਅਸਲ ਗੱਲ ਨਹੀਂ ਸੀ ਤੁਰੀ। ਸਭ ਆਪੋ ਆਪਣੀਆਂ ਮਾਰ ਰਹੇ ਸਨ। ਕਾਵਾਂ ਰੌਲੀ ਜਿਹੀ ਪਈ ਹੋਈ ਸੀ, ਜਿਹਦੇ ਵਿਚੋਂ ਕਦੀ-ਕਦੀ ਕਿਸੇ ਦੇ ਮੂੰਹੋਂ ਕਿਸੇ ਗੱਲ ਦਾ ਕੋਈ ਟੋਟਾ ਸੁਣਾਈ ਦੇ ਜਾਂਦਾ- "ਉਇ ਕਾਹਨੂੰ ਭੈੜਿਆ…ਮਖਿਆਂ ਮੇਰੀ ਮੰਨ ਵੀ…ਇਹ ਭਾਈ ਇਹ ਤਾਂ ਜਗਤ-ਰਵੀਰਾ ਐ…ਥਪਾਕ ਦੀਆਂ ਰੀਸਾਂ ਨਹੀਂ…ਲੈ ਤੂੰ ਮੇਰੀ ਸੁਣ…ਮੰਨੀ ਗੱਲ, ਪਰ ਥਪਾਕ ਰਹੇ ਵੀ…ਜਮਾਨਾ ਕਿਹੜੈ ਭਾਈ…।"
ਪੈਂਚ-ਖੜਪੈਂਚ ਮੰਜਿਆਂ ਉਤੇ ਬੈਠ ਗਏ ਸਨ। ਕੁਝ ਲੋਕ ਖੁਰਲੀਆਂ ਉਤੇ ਅਤੇ ਵਿਹੜੇ ਵਿਚ ਪਏ ਇਕ ਖੁੰਢ ਉਤੇ ਬੈਠ ਗਏ ਸਨ। ਬਾਕੀ ਇਧਰ-ਉਧਰ ਖਲੋਤੇ ਹੋਏ ਸਨ। ਤਿੰਨਾਂ ਵਿਚੋਂ ਵੱਡਾ ਭਰਾ ਦਿਆਲਾ ਅਤੇ ਛੋਟਾ ਪਾਲਾ ਦੋ ਵੱਖਰੇ ਵੱਖਰੇ ਮੰਜਿਆਂ ਉਤੇ ਹੋਰ ਲੋਕਾਂ ਦੇ ਵਿਚਕਾਰ ਬੈਠੇ ਸਨ। ਚਾਰ-ਚੁਫੇਰੇ ਕੁਝ ਨਾ ਕੁਝ ਬੋਲ ਰਹੇ ਲੋਕਾਂ ਵਿਚ ਉਹ ਚੁਪ ਸਨ। ਕੋਈ ਉਨ੍ਹਾਂ ਵਿਚੋਂ ਕਿਸੇ ਨੂੰ ਸਿਧਾ ਕੁਝ ਆਖਦਾ ਤਾਂ ਉਹ ਹੂੰ-ਹਾਂ ਵਿਚ ਸੰਖੇਪ ਉਤਰ ਦੇ ਕੇ ਚੁਪ ਹੋ ਜਾਂਦਾ।
ਪਰੇ ਚੁਲ੍ਹੇ-ਚੌਂਕੇ ਦੀ ਕੱਚੀ ਕੰਧੋਲੀ ਕੋਲ ਆਂਢ-ਗੁਆਂਢ ਦੇ ਘਰਾਂ ਦੀਆਂ ਪੰਜ-ਸੱਤ ਜ਼ਨਾਨੀਆਂ ਬੈਠੀਆਂ-ਖੜੀਆਂ ਸਨ। ਦੂਰ-ਨੇੜੇ ਕਿਧਰੇ ਵੀ ਵਾਪਰ ਰਹੀ ਹਰ ਚੰਗੀ-ਮਾੜੀ ਘਟਨਾ ਵਿਚ ਸ਼ਾਮਲ ਹੋਣ ਦੀ, ਉਹਨੂੰ ਅਖੀਂ ਦੇਖਣ ਦੀ ਅਤੇ ਜੇ ਸੰਭਵ ਹੋਵੇ, ਪੰਚਾਇਤੀ ਘੋਟਣ ਦੀ ਲਾਲਸਾ ਤਾਂ ਆਖਰ ਉਨ੍ਹਾਂ ਨੂੰ ਵੀ ਹੁੰਦੀ ਹੀ ਹੈ। ਜੇ ਪੰਚਾਇਤ ਗੁਰਦੁਆਰੇ, ਧਰਮਸ਼ਾਲਾ ਜਾਂ ਸੱਥ ਵਿਚ ਜੁੜੇ, ਉਨ੍ਹਾਂ ਨੂੰ ਬੇਵਸ ਹੋ ਕੇ ਘਰ ਰਹਿਣਾ ਪੈਂਦਾ ਹੈ। ਪਰ ਜਦੋਂ ਇਕੱਠ ਕਿਸੇ ਦੇ ਘਰ ਹੋਵੇ, ਉਹ ਵੀ ਇਕ ਇਕ ਕਰਕੇ ਇਕੱਠੀਆਂ ਹੁੰਦੀਆਂ ਰਹਿੰਦੀਆਂ ਹਨ ਅਤੇ ਬੰਦਿਆਂ ਦੀ ਪੰਚਾਇਤ ਤੋਂ ਹਟਵੀਂ ਆਪਣੀ ਪੰਚਾਇਤ ਜੋੜ ਕੇ ਬੈਠ ਜਾਂਦੀਆਂ ਹਨ। ਤੇ ਜ਼ਨਾਨੀਆਂ ਦੀ ਇਸ ਪੰਚਾਇਤ ਵਿਚ ਦਿਆਲੇ ਦੀ ਘਰਵਾਲੀ ਗੁਰਨਾਮੋ ਅਤੇ ਪਾਲੇ ਦੀ ਘਰਵਾਲੀ ਮਹਿੰਦਰੋ ਵੀ ਸਨ।
"ਮੈਂਗਲ ਸਿਉਂ ਕਿਥੇ ਐ?" ਸਰਪੰਚ ਨੇ ਪੁਛਿਆ। "ਸਦੋ ਭਾਈ ਉਹਨੂੰ ਹੁਣ, ਗੱਲ ਕਿਸੇ ਸਿਰੇ ਲੱਗੇ। ਹੁਣ ਤਾਂ ਸਭ ਸਿਆਣੇ ਬੰਦੇ ਆ ਗਏ।"
"ਐਥੇ ਘਰ ਹੀ ਸੀ, ਅੰਦਰ, ਸਬਾਤ ਵਿਚ," ਦਿਆਲਾ ਬੋਲਿਆ ਤੇ ਫੇਰ ਉਹਨੇ ਪਾਲੇ ਨੂੰ ਕਿਹਾ, "ਸੱਦ ਖਾਂ ਉਹਨੂੰ ਅੰਦਰੋਂ। ਕੀ ਕਰਦੈ ਹੁਣ ਅੰਦਰ ਉਹੋ?"
ਪਾਲਾ ਸਬਾਤ ਵਿਚੋਂ ਮੈਂਗਲ ਨੂੰ ਲਿਆਉਣ ਤੁਰ ਗਿਆ। ਪੈਂਚ ਗੁਰਬਖਸ਼ ਸਿੰਘ ਨੇ ਸੋਹਣੇ ਅਮਲੀ ਨੂੰ, ਜੋ ਸਰਪੰਚ ਵਾਲੇ ਮੰਜੇ ਉਤੇ ਉਹਦੇ ਬਰਾਬਰ ਡਟਿਆ ਹੋਇਆ ਬੈਠਾ ਸੀ, ਕਿਹਾ, "ਸੋਹਣਾ ਸਿਆਂ, ਕੰਨ ਪਈ ਗੱਲ ਨਹੀਂ ਸੁਣਨ ਦਿੰਦੇ, ਭਜਾ ਦੇ ਖਾਂ ਏਸ ਸਾਰੀ ਮੁੰਡੀਰ ਨੂੰ ਇਥੋਂ! ਇਨ੍ਹਾਂ ਦਾ ਇਥੇ ਕੀ ਕੰਮ!"
ਸੋਹਣੇ ਅਮਲੀ ਨੇ ਮੋਡੇ ਉਤੇ ਰਖਿਆ ਪਰਨਾ ਚਿੜੀਆਂ ਉਡਾਉਣ ਵਾਲਿਆਂ ਵਾਂਗ ਘੁਮਾਉਂਦਿਆਂ ਧਰਤੀ ਉਤੇ ਖੜਕਾ ਕੀਤਾ, "ਚਲੋ ਉਇ ਜੁਆਕੋ, ਭੱਜੋ ਇਥੋਂ!" ਤੇ ਫੇਰ ਉਸਨੇ ਵੱਡੇ ਬੰਦਿਆਂ ਵਿਚ ਲੁਕਦੇ ਜਾਂਦੇ ਇਕ ਮੁੰਡੇ ਨੂੰ ਬਾਹਰ ਖਿੱਚ ਕੇ ਕਿਹਾ, "ਲੁਕਦਾ ਕਿਧੱਰ ਐਂ? ਭੱਜ ਬਾਹਰ…ਤੇਰੀ ਦਾਦੀ ਨੂੰ ਮੇਲੇ ਲੈ ਜਾਂ!"
"ਹੇਖਾਂ, ਭਰੀ ਪੰਚਾਇਤ ਵਿਚ ਸ਼ੁਭ ਬਚਨ ਬੋਲਦਿਆਂ ਸੰਗ ਨਹੀਂ ਆਉਂਦੀ!" ਕੰਧੋਲੀ ਕੋਲੋਂ ਨ੍ਹਾਮੀ ਬੁੜੀ ਤਿਖੀ ਆਵਾਜ਼ ਵਿਚ ਬੋਲੀ।
ਸੋਹਣਾ ਅਮਲੀ ਇਕ ਵਾਰ ਤਾਂ ਠਠੰਬਰ ਕੇ ਕੱਚਾ ਹੋ ਗਿਆ। ਉਹਨੂੰ ਕੀ ਪਤਾ ਸੀ ਕਿ ਮੁੰਡੇ ਦੀ ਦਾਦੀ ਵੀ ਨੇੜੇ ਹੀ ਬੈਠੀ ਹੋਈ ਹੈ। ਪਰ ਪੰਚਾਇਤ ਵਿਚ ਆਉਣ ਤੋਂ ਪਹਿਲਾਂ ਉਹ ਫੀਮ ਦਾ ਇਕ ਵਧੀਕ ਮਾਵਾ ਅੰਦਰ ਸੁਟ ਕੇ ਆਇਆ ਸੀ ਅਤੇ ਹੁਣ ਪੂਰੇ ਤਰਾਰੇ ਵਿਚ ਸੀ। ਛਿੱਬਾ ਪੈਣ ਦੀ ਥਾਂ ਉਹ ਹੱਸ ਕੇ ਬੋਲਿਆ, "ਕਿਉਂ ਬਈ ਨੰਬਰਦਾਰਨੀਏਂ, ਊਂ ਤਾਂ ਜੇ ਕੋਈ ਕੁਛ ਕਹੇ, ਕਹਿੰਦੀ ਰਹਿਨੀ ਐਂ, ਉਚਾ ਸੁਣਦੈ, ਉਚਾ ਸੁਣਦੈ। ਮੇਲੇ ਜਾਣ ਦੀ ਗੱਲ ਝਟ ਸੁਣ ਗਈ ਤੈਨੂੰ!"
ਸਾਰੇ ਵਿਹੜੇ ਵਿਚ ਖਿੜ ਖਿੜ ਹਾਸਾ ਖਿੰਡ ਗਿਆ । ਜ਼ਨਾਨੀਆਂ ਵੀ ਹੱਸ-ਹੱਸ ਕੇ ਦੂਹਰੀਆਂ ਹੋ ਗਈਆਂ। ਕੱਚੀ ਜਿਹੀ ਹੋ ਕੇ ਨ੍ਹਾਮੀ ਨੇ ਵੀ ਕੋਈ ਮੋੜ ਤਾਂ ਕੀਤਾ ਪਰ ਹੁਣ ਉਹਦੀ ਕੌਣ ਸੁਣਦਾ ਸੀ। ਉਹ ਖਿਝ ਕੇ ਕਾਹਲੀ ਕਾਹਲੀ ਹੱਥ ਹਿਲਾ-ਹਿਲਾ ਕੇ ਕੁਝ ਆਖ ਰਹੀ ਸੀ। ਪਰ ਬਾਜੀ ਤਾਂ ਸੋਹਣਾ ਅਮਲੀ ਮਾਰ ਗਿਆ ਸੀ।
ਏਨੇ ਨੂੰ ਅੰਦਰੋਂ ਆ ਕੇ ਮੈਂਗਲ ਵੀ ਇਕ ਮੰਜੇ ਦੀ ਬਾਹੀ ਉਤੇ ਝਿਜਕਦਾ ਜਿਹਾ ਬੈਠ ਗਿਆ। ਸਰਪੰਚ ਨੇ ਸਭ ਨੂੰ ਚੁਪ ਕਰਵਾ ਕੇ ਅਸਲ ਗੱਲ ਕਰਨੀ ਚਾਹੀ। ਜਿਸ ਕੰਮ ਖਾਤਰ ਉਹ ਸਭ ਇਕੱਠੇ ਹੋਏ ਸਨ, ਉਹ ਤਾਂ ਅਜੇ ਸ਼ੁਰੂ ਹੀ ਨਹੀਂ ਸੀ ਕੀਤਾ ਗਿਆ। ਪਰ ਸੋਹਣੇ ਅਮਲੀ ਨੇ ਸਰਪੰਚ ਦੀ ਗੱਲ ਵਿਚੇ ਟੋਕ ਕੇ ਘਤਿੱਤ ਕੀਤੀ, "ਮੈਂਗਲ ਸਿਆਂ, ਭਜਣ ਵਾਲਿਆਂ ਵਾਂਗੂੰ ਬਾਹੀ ਉਤੇ ਕਿਉਂ ਬੈਠਾ ਐਂ? ਠੀਕ ਹੋ ਕੇ ਬੈਠ ਭੈੜਿਆ। ਭਾਈਆਂ ਵਿਚ ਬਰਾਬਰ ਦਾ ਭਾਈ ਐਂ। ਬਰਾਬਰ ਦੀ ਢੇਰੀ ਦਾ ਮਾਲਕ!"
"ਬਰੋਬਰੀ ਵਿਚ ਕੋਈ ਝੂਠ ਤਾਂ ਨਹੀਂ ਬਾਬਾ ਜੀ! ਓਸੇ ਮਾਂ ਦੇ ਪੇਟੋਂ ਇਹ ਜਨਮਿਐ, ਜਿਹਦੇ ਪੇਟੋਂ ਦੂਜੇ ਦੋਵੇਂ ਜਨਮੇ ਸੀ," ਕੰਧੋਲੀ ਕੋਲ ਜੁੜੀ ਜ਼ਨਾਨੀਆਂ ਦੀ ਮੰਡਲੀ ਵਿਚੋਂ ਮੂਹਰੇ ਆਉਂਦਿਆਂ ਮਹਿੰਦਰੋ ਬੋਲੀ। ਉਹਨੇ ਆਪਣਾ ਛੋਟਾ ਮੁੰਡਾ ਗੁਰਜੰਟ ਨੁਹਾ-ਧੋ ਕੇ ਅਤੇ ਕਲਿਪ ਵਾਲਾ ਜੂੜਾ ਕਰਕੇ ਗੋਦੀ ਚਕਿਆ ਹੋਇਆ ਸੀ। ਘੁੰਡ ਵਿਚ ਕੱਜੇ ਉਹਦੇ ਸਾਰੇ ਚਿਹਰੇ ਵਿਚੋਂ ਨੰਗੀ ਉਹਦੀ ਖੱਬੀ ਅੱਖ ਦੀਵੇ ਵਾਂਗ ਬਲ ਰਹੀ ਸੀ। ਸੋਹਣੇ ਅਮਲੀ ਨੂੰ ਇਸ ਮੋੜਵੇਂ ਜਵਾਬ ਦੀ ਉਕਾ ਆਸ ਨਹੀਂ ਸੀ। ਇਸ ਅਣਕਿਆਸੇ ਵਾਰ ਨਾਲ ਨ੍ਹਾਮੀ ਬੁੜੀ ਵਾਲੀ ਗੱਲ ਸਦਕਾ ਬਣੀ ਉਹਦੀ ਹਾਜਰ ਜਵਾਬੀ ਦੀ ਸਾਰੀ ਪੈਂਠ ਜਾਂਦੀ ਰਹੀ। ਉਹ ਕੁਝ ਕਹਿਣਾ ਚਾਹੁੰਦਾ ਸੀ ਪਰ ਕਹਿ ਨਾ ਸਕਿਆ। ਕੁਝ ਅਹੁੜਿਆ ਹੀ ਨਾ। ਆਖਰ ਕੋਈ ਹੋਰ ਬੰਦਾ ਉਹਦੀ ਮਦਦ ਲਈ ਬਹੁੜਿਆ। ਪੰਚਾਇਤ ਵਿਚੋਂ ਕਿਸੇ ਨੇ ਕਿਹਾ, "ਤੁਸੀਂ ਬੁੜੀਆਂ ਚੁਪ ਕਰੋ ਭਾਈ, ਬੰਦਿਆਂ ਨੂੰ ਗੱਲ ਕਰਨ ਦਿਉ।"
"ਤੂੰ ਵਿਚ ਜਾ ਕੇ ਕਾਹਨੂੰ ਮਗਜਾਲੀ ਮਾਰਦੀ ਐਂ, ਵੱਡੀ ਪੰਚਾਇਤਣ, ਅੰਦਰ ਆ ਜਾ ਚੁਪ ਕਰਕੇ," ਮੈਲੀ ਚਾਦਰ ਦਾ ਲਮਕਵਾਂ ਜਿਹਾ ਘੁੰਡ ਕੱਢੀ ਬੈਠੀ ਉਹਦੀ ਜਠਾਨੀ ਗੁਰਨਾਮੋ ਬੋਲੀ।
"ਪੰਚਾਂ ਵਿਚ ਪਰਮੇਸ਼ਰ ਹੁੰਦੈ, ਜੋ ਫੈਸਲਾ ਪੰਚ ਕਰਨਗੇ, ਦੁਧੋਂ ਪਾਣੀ ਨਿਤਾਰ ਕੇ ਹੀ ਕਰਨਗੇ।"
"ਨੀ ਤੂੰ ਪੁਰਖਾਂ ਵਿਚ ਕਾਹਨੂੰ ਬੋਲਦੀ ਐਂ," ਕਈ ਹੋਰ ਬੁੜੀਆਂ ਨੇ ਵੀ ਇਕੱਠੀਆਂ ਨੇ ਮਹਿੰਦਰੋ ਨੂੰ ਮੱਤ ਦਿਤੀ।
"ਨਾ ਮੈਂ ਕਾਹਨੂੰ ਬੋਲਦੀ ਆਂ," ਮਹਿੰਦਰੋ ਇਕਦਮ ਪਿਛੇ ਹਟ ਗਈ, "ਇਹ ਤਾਂ ਅਮਲੀ ਬੁੜਾ ਚਕਵੀਂ ਗੱਲ ਕਰਦਾ ਸੀ…ਛੋਟੇ ਭਾਈ ਦੀ ਬਰੋਬਰੀ ਤੋਂ ਇਨਕਾਰੀ ਕੌਣ ਕਰਦੈ? ਬਰਾਬਰਾਂ ਨਾਲੋਂ ਵੀ ਵੱਧ ਐ ਸਗੋਂ ਏਸ ਘਰ ਵਿਚ ਇਹੇ!"
ਹਾਂ, ਅੱਜ ਤਾਂ ਮੈਂਗਲ ਠੀਕ ਹੀ ਬਰਾਬਰ ਦੇ ਨਾਲੋਂ ਵੀ ਵੱਧ ਭਾਰਾ-ਗੌਰਾ ਲਗਦਾ ਸੀ। ਦਾਦੇ ਲਹਿੰਦੀ ਵੀਹ ਕਿਲੇ ਜ਼ਮੀਨ ਉਤੇ ਤਿੰਨੇ ਭਰਾਵਾਂ ਦਾ ਬਰਾਬਰ ਹੱਕ ਸੀ। ਵੱਡਾ ਦਿਆਲਾ ਤੇ ਛੋਟਾ ਪਾਲਾ ਬਾਲ-ਬੱਚੇ ਵਾਲੇ ਸਨ, ਪਰ ਵਿਚਕਾਰਲਾ ਮੈਂਗਲ ਛੜਾ ਰਹਿ ਗਿਆ ਸੀ। ਜਦੋਂ ਵਿਹੜੇ ਵਿਚ ਜੁੜੇ ਲੋਕ ਮਨ ਹੀ ਮਨ ਵਿਚ ਤਿੰਨਾਂ ਭਰਾਵਾਂ ਨੂੰ ਜੋਖਦੇ, ਕਈ ਕਈ ਬੱਚਿਆਂ ਵਲ ਵੇਖਦਿਆਂ ਦਿਆਲਾ ਤੇ ਪਾਲਾ ਜਾਇਦਾਦ ਦੇ ਪੱਖੋਂ ਹੀਣੇ ਹੀਣੇ ਲਗਦੇ ਪਰ ਬਰਾਬਰ ਦੀ ਢੇਰੀ ਦਾ ਮਾਲਕ ਮੈਂਗਲ ਇਕੱਲੀ ਜਾਨ ਹੋਣ ਕਰਕੇ ਭਾਰਾ-ਭਾਰਾ ਲਗਦਾ। ਆਖਰ ਜੱਟ ਦਾ ਆਪਣਾ ਭਾਰ ਤਾਂ ਕੋਈ ਹੁੰਦਾ ਹੀ ਨਹੀਂ। ਜ਼ਮੀਨ ਬਿਨਾਂ ਜੱਟ ਦਾ ਕਾਹਦਾ ਭਾਰ! ਜ਼ਮੀਨ ਬਿਨਾਂ ਜੱਟ ਦੀ ਕਾਹਦੀ ਹੋਂਦ!
ਦਿਆਲਾ ਤਾਂ ਬਿਨਾ ਨੱਸ-ਭੱਜ ਦੇ ਵਿਆਹਿਆ ਗਿਆ ਸੀ। ਉਨ੍ਹਾਂ ਦਿਨਾਂ ਵਿਚ ਮਸਤਾਨ ਸਿੰਘ ਦੀ ਵਾਹੀ ਵਧੀਆ ਚਲਦੀ ਸੀ। ਢਠਿਆਂ ਵਰਗੇ ਨਗੌਰੀ ਬਲਦ ਉਹਦੇ ਹਲ ਅਗੇ ਜੁੜਦੇ ਸਨ। ਤਿੰਨੇ ਮੁੰਡੇ ਕੰਮ ਵਿਚ ਉਹਦੇ ਨਾਲ ਹੱਥ ਪੁਆਉਣ ਲਗ ਪਏ ਸਨ। ਕਿਸਾਨ ਦੇ ਆਪਣੇ ਘਰ ਦੇ ਚਾਰ ਬੰਦੇ ਖੇਤ ਜਾਣ ਵਾਲੇ ਹੋਣ, ਉਹ ਕੀਹਤੋਂ ਲਿਆ ਜਾਂਦਾ ਹੈ। ਆਦਮੀ ਵੀ ਉਹ ਨੇਕਨਾਮ ਸੀ। ਪਰ ਇਸ ਸਭ ਕੁਝ ਦੇ ਬਾਵਜੂਦ ਗੱਲ ਮੈਂਗਲ ਉਤੇ ਆ ਕੇ ਅੜ ਗਈ ਸੀ। ਮੈਂਗਲ ਦੇ ਸੁਕੇ ਜਿਹੇ ਚਿਹਰੇ ਉਤੇ ਮਾਤਾ ਦੇ ਦਾਗ ਕਿਸੇ ਧੀ ਵਾਲੇ ਦਾ ਮਨ ਖਲੋਣ ਨਾ ਦਿੰਦੇ। ਰਹਿੰਦੀ ਕਸਰ ਉਹਦੀ ਪੱਗ ਦਾ ਛੇਕੜਲਾ ਲੜ ਪੂਰੀ ਕਰ ਦਿੰਦਾ, ਜਿਹਨੂੰ ਬਿਨਾਂ ਟੰਗਿਆਂ ਹੀ ਉਹ ਸਾਰੀ ਪਗ ਦੇ ਉਤੋਂ ਦੀ ਵਿਛਾ ਲੈਂਦਾ ਸੀ। ਕਰੂਪ ਹੋਣ ਦੇ ਨਾਲ-ਨਾਲ ਉਹ ਜੱਭਲ ਜਿਹਾ ਵੀ ਲਗਦਾ।
ਵਿਚੋਲਿਆਂ ਦਾ ਲਿਆਂਦਾ ਜੇ ਕੋਈ ਮੈਂਗਲ ਨੂੰ ਦੇਖਣ ਆਉਂਦਾ ਵੀ, ਉਹ ਤੁਰਨ ਲਗਿਆਂ ਕੰਨ ਵਿਚ ਫੂਕ ਮਾਰ ਜਾਂਦਾ, "ਛੋਟੇ ਨੂੰ ਤਾਂ ਰੁਪਈਆ ਭਾਵੇਂ ਹੁਣੇ ਫੜ ਲਉ, ਇਹ ਮੁੰਡਾ ਤਾਂ…।"
ਕਈ ਸਾਲ ਮਸਤਾਨ ਸਿੰਘ ਅਤੇ ਕਿਸ਼ਨੋ ਮੈਂਗਲ ਨੂੰ ਵਿਆਹੁਣ ਲਈ ਹੱਥ ਪੈਰ ਮਾਰਦੇ ਰਹੇ। ਮਸਤਾਨ ਸਿੰਘ ਸਾਕ-ਸਕੀਰੀਆਂ ਵਾਲਿਆਂ ਨੂੰ ਆਖਦਾ ਅਤੇ ਮਿੱਤਰਾਂ ਵਾਕਫਾਂ ਉਤੇ ਜ਼ੋਰ ਪਾਉਂਦਾ। ਕਿਸ਼ਨੋ ਪਿੰਡ ਦੀਆਂ ਸਾਕ ਕਰਵਾਉਣ ਵਾਲੀਆਂ ਮਸ਼ਹੂਰ ਜ਼ਨਾਨੀਆਂ ਦੇ ਘਰੀਂ ਗੇੜੇ ਮਾਰਦੀ। ਉਹ ਵਿਚੋਲਗਿਰੀ ਲਈ ਭਾਰੀਆਂ ਛਾਪਾਂ, ਵਧੀਆ ਸੂਟਾਂ ਅਤੇ ਮੋਟੇ ਧੁਸਿਆਂ ਦਾ ਲਾਲਚ ਦਿੰਦੀ। ਉਹ ਅੱਧ ਕੁ ਦੀ ਹੋ ਕੇ ਤਰਲਾ ਕਰਨ ਵਾਲਿਆਂ ਵਾਂਗ ਆਖਦੀ, ਭੈਣੇ ਮੈਂ ਤਾਂ ਤੇਰਾ ਹਸਾਨ ਸਾਰੀ ਉਮਰ ਨਹੀਂ ਭੁਲਦੀ। ਇਕ ਵਾਰੀ ਮੁੰਡੇ ਦੀ ਰੋਟੀ ਪਕਦੀ ਹੋ ਜਾਵੇ। ਇਕ ਵਾਰੀ ਬਹੂ ਘਰ ਆ ਜਾਵੇ। ਉਠਦੀ ਬੈਠਦੀ ਤੇਰੇ ਗੁਣ ਗਾਊਂ। ਕੱਚੇ ਧਾਗੇ ਨਾਲ ਪਾਣੀ ਭਰੂੰ ਤੇਰਾ!" ਪਰ ਰੱਬ ਜਾਣੇ, ਮਸਤਾਨ ਸਿੰਘ ਅਤੇ ਕਿਸ਼ਨੋ ਦੀ ਕਿਸਮਤ ਵਿਚ ਕੋਈ ਫਰਕ ਸੀ ਜਾਂ ਮੈਂਗਲ ਦੀ ਕਿਸਮਤ ਵਿਚ, ਕਿਤੇ ਵੀ ਕੋਈ ਚਾਰਾ ਨਾ ਚਲਿਆ। ਅਖੀਰ ਇਹ ਸੋਚ ਕੇ ਕਿ ਇਹਨੂੰ ਵਿਆਹੁੰਦੇ-ਵਿਆਹੁੰਦੇ ਕਿਤੇ ਛੋਟਾ ਵੀ ਨਾ ਖੁੰਝ ਜਾਵੇ, ਉਨ੍ਹਾਂ ਨੇ ਪਾਲੇ ਲਈ ਰੁਪਈਆ ਫੜ ਲਿਆ।
ਛੋਟਾ ਭਰਾ ਵਿਆਹੇ ਤੋਂ ਮਗਰੋਂ ਵੱਡੇ ਨੂੰ ਕੌਣ ਪੁਛਦਾ ਹੈ। ਤੇ ਲੋਕਾਂ ਦੇ ਇਸ ਸ਼ੰਕੇ ਦਾ ਆਧਾਰ ਵੀ ਤਾਂ ਹੁੰਦਾ ਹੈ ਕਿ ਵੱਡਾ ਅਣਵਿਆਹਿਆ ਛਡ ਕੇ ਛੋਟਾ ਵਿਆਹਿਆ ਗਿਆ, ਉਹਦੇ ਵਿਚ ਕੋਈ ਕਸਰ, ਕੋਈ ਊਣ, ਕੋਈ ਕੱਜ ਤਾਂ ਹੋਵੇਗੀ ਹੀ। ਐਵੇਂ ਹੀ ਤਾਂ ਨਹੀਂ ਕੰਵਾਰਾ ਰਹਿ ਗਿਆ। ਸੋ ਮੈਂਗਲ ਰਹਿੰਦਾ-ਰਹਿੰਦਾ ਰਹਿ ਹੀ ਗਿਆ। ਹੁਣ ਉਹ ਕੰਵਾਰਾ ਨਹੀਂ, ਛੜਾ ਸੀ।
ਮਸਤਾਨ ਸਿੰਘ ਦੇ ਮਰਨ ਮਗਰੋਂ ਇਕੱਲੀ ਕਿਸ਼ਨੋ ਤਰਲੇ ਲੈਂਦੀ ਰਹੀ। ਹੁਣ ਤਾਂ ਉਹ ਜੱਟ ਵਾਲੀ ਟੈਂ ਨੂੰ ਛਡ ਕੇ ਬਹੁਤ ਹੇਠਾਂ ਉਤਰ ਆਈ ਸੀ। ਹੁਣ ਤਾਂ ਉਹ ਸੋਚਦੀ, ਕਿਤੇ ਕੋਈ ਮੁਲ ਦੀ ਤੀਵੀਂ ਦੀ ਹੀ ਗੱਲ ਬਣ ਜਾਵੇ! ਪਰ ਜੇ ਕਿਤੇ ਕੋਈ ਗੱਲ ਤੁਰਦੀ ਵੀ, ਪਤਾ ਨਹੀਂ ਕੌਣ ਭਾਨੀ ਮਾਰ ਆਉਂਦਾ। ਗੱਲ ਬਣਦੀ ਬਣਦੀ ਰਹਿ ਜਾਂਦੀ। ਕਿਸ਼ਨੋ ਮੱਥੇ ਉਤੇ ਹਥ ਮਾਰਦੀ, "ਮੇਰੇ ਭਾਗ ਮਾੜੇ, ਨਾਲੇ ਮਾੜੇ ਏਸ ਚੰਦਰੇ ਦੇ।" ਤੇ ਉਹ ਰਬ ਨੂੰ ਉਲਾਂਭਾ ਦਿੰਦੀ, "ਓਸੇ ਕੁਖੋਂ ਪੈਦਾ ਕਰਕੇ ਤੂੰ ਇਹਨੂੰ ਕਰਮਾਂ ਦਾ ਹੀਣਾ ਕਾਹਤੋਂ ਰਖਿਆ ਵੇ ਡਾਢਿਆ!"
ਮੈਂਗਲ ਨੂੰ ਕਿਸ਼ਨੋ ਦੇ ਏਸ ਰੋਜ਼-ਰੋਜ਼ ਦੇ ਰੁਦਨ ਤੇ ਬੜੀ ਸ਼ਰਮ ਆਉਂਦੀ। ਭਰਜਾਈਆਂ ਸਾਹਮਣੇ ਇਉਂ ਉਹ ਆਪਣੇ ਆਪ ਨੂੰ ਹੋਰ ਵੀ ਹੀਣਾ ਹੋਇਆ ਸਮਝਦਾ। ਕਈ ਵਾਰੀ ਉਹ ਅੱਕ ਕੇ ਤੇ ਛਿੱਥਾ ਜਿਹਾ ਪੈ ਕੇ ਬੋਲਦਾ, "ਐਵੇਂ ਨਾ ਤੂੰ ਬੇਬੇ ਆਥਣ-ਉਗਣ ਕੀਰਨੇ ਜਿਹੇ ਪਾਇਆ ਕਰ। ਮੈਨੂੰ ਨਹੀਂ ਲੋੜ ਤੇਰੇ ਲਿਆਂਦੇ ਇਹੋ ਜਿਹੇ ਡੋਲਿਆਂ ਦੀ!" ਤੇ ਉਹ ਉਠ ਕੇ ਘਰੋਂ ਬਾਹਰ ਨਿਕਲ ਜਾਂਦਾ।
ਕਿਸ਼ਨੋ ਉਹਦੀ ਜਾਂਦੇ ਦੀ ਪਿਠ ਵਲ ਦੇਖਦਿਆਂ ਲੰਮਾ ਹਉਕਾ ਭਰਦੀ, "ਵੇ ਨਿਕਰਮਿਆਂ, ਸਾਰੀ ਉਮਰ ਦੋ ਬੁਰਕੀਆਂ ਟੁਕ ਖਾਤਰ ਦੂਜਿਆਂ ਦੇ ਹਥਾਂ ਵਲ ਝਾਕੇਂਗਾ ਵੇ…ਕਿਸੇ ਨੇ ਨਹੀਂ ਪੁਛਣਾ ਵੇ ਪੁੱਤਾ!"
ਇਕ ਦੋ ਸਾਕ ਮਹਿੰਦਰੋ ਵੀ ਲਿਆਈ। ਇਕ ਵਾਰ ਉਹਦਾ ਮਾਮਾ ਆਪਣੇ ਪਿੰਡੋਂ ਕਿਸੇ ਧੀ ਵਾਲੇ ਨੂੰ ਲੈ ਕੇ ਆਇਆ। ਮੁੰਡਾ ਉਹਦੇ ਪਸੰਦ ਸੀ, ਬਸ ਉਹਨੇ ਆਪਣੇ ਸਾਲੇ ਦੀਆਂ ਨਜ਼ਰਾਂ ਵਿਚੋਂ ਕਢਵਾਉਣਾ ਸੀ। ਪਰ ਉਹਨੇ ਮੁੜ ਕੇ ਕੋਈ ਪਤਾ ਨਾ ਦਿਤਾ। ਮਹਿੰਦਰੋ ਦੀ ਮਾਸੀ ਦੇ ਪੁਤ ਵਲੋਂ ਲਿਆਂਦੇ ਗਏ ਧੀ ਵਾਲੇ ਦੇ ਤਾਂ ਕੋਈ ਸਾਲਾ ਭਣੋਈਆ ਵੀ ਨਹੀਂ ਸੀ। ਮੁੰਡਾ ਉਹਨੂੰ ਜੱਚ ਗਿਆ ਸੀ, ਬਸ ਉਸਨੇ ਸਾਰਾ ਕੁਝ ਦਸ ਕੇ ਘਰਦਿਆਂ ਦੀ ਸਹਿਮਤੀ ਲੈਣੀ ਸੀ। ਉਹ ਵੀ ਚੁਪ ਹੀ ਧਾਰ ਗਿਆ। ਮਹਿੰਦਰੋ ਦੇ ਫੁਫੜ ਨਾਲ ਆਇਆ ਧੀ ਵਾਲਾ ਤਾਂ ਕੋਈ ਚੰਗਾ ਦਿਨ ਕਢਵਾ ਕੇ ਆਉਣ ਦਾ ਇਕਰਾਰ ਤਕ ਕਰ ਗਿਆ ਸੀ। ਪਰ ਕੁਝ ਦਿਨ ਮਗਰੋਂ ਉਹਦੀ ਹਰੇਕ ਸਕੀਰੀ ਵਿਚੋਂ ਇਹੋ ਜਵਾਬ ਆ ਜਾਂਦਾ ਕਿ ਕੁੜੀ ਵਾਲੇ ਕੋਲ ਕਿਸੇ ਨੇ ਭਾਨੀ ਮਾਰ ਦਿਤੀ। ਸੋਚ-ਸੋਚ ਕੇ ਵੀ ਸਮਝ ਨਾ ਪੈਂਦੀ ਕਿ ਉਨ੍ਹਾਂ ਦੇ ਟੱਬਰ ਦੇ ਏਨਾ ਵੈਰ ਕੌਣ ਪੈ ਗਿਆ ਸੀ, ਜੋ ਭਾਨੀ ਮਾਰਨ ਲਈ ਹਰ ਥਾਂ ਜਾ ਪਹੁੰਚਦਾ ਸੀ। ਮਹਿੰਦਰੋ ਵਿਚਾਰੀ ਤਾਂ ਪੂਰਾ ਜੋਰ ਲਾ ਰਹੀ ਸੀ ਕਿ ਮੈਂਗਲ ਦਾ ਚੁਲ੍ਹਾ ਵੀ ਤਪਦਾ ਹੋ ਜਾਵੇ ਪਰ ਪਤਾ ਨਹੀਂ ਕੀਹਦੀਆਂ ਭਾਨੀਆਂ ਦੇ ਭਜਾਏ ਹੋਏ ਸਭ ਦੇ ਸਭ ਭਜ ਜਾਂਦੇ।
ਜਿੰਨਾ ਚਿਰ ਕਿਸ਼ਨੋ ਬੈਠੀ ਰਹੀ, ਸਾਂਝਾ ਘਰ ਕਿਵੇਂ ਨਾ ਕਿਵੇਂ ਤੁਰਦਾ ਰਿਹਾ। ਕਿਸ਼ਨੋ ਦੇ ਅਖਾਂ ਮੀਟਦਿਆਂ ਹੀ ਸਭ ਕੁਝ ਖਿੰਡ-ਪੁੰਡ ਗਿਆ।
ਗੁਰਨਾਮੋ ਰੋਜ਼ ਰਾਤ ਨੂੰ ਦਿਆਲੇ ਕੋਲ ਮਹਿੰਦਰੋ ਦੀਆਂ ਵਧੀਕੀਆਂ ਦੀ ਕਥਾ ਲੈ ਬੈਠਦੀ। ਘਰ ਦਾ ਬਹੁਤਾ ਕੰਮ ਗੁਰਨਾਮੋ ਨੂੰ ਕਰਨਾ ਪੈਂਦਾ। ਹਰੇਕ ਕੰਮ ਦਾ ਭਾਰਾ ਪੱਖ ਉਹਦੇ ਹਿੱਸੇ ਆਉਂਦਾ, ਹੌਲਾ ਮਹਿੰਦਰੋ ਦੇ। ਮਹਿੰਦਰੋ ਘਰ ਵਿਚ ਬਹੁਕਰ ਮਾਰ ਕੇ ਗੋਹੇ ਕੂੜੇ ਦੇ ਟੋਕਰੇ ਭਰਦੀ, ਗੁਰਨਾਮੋ ਚੁਕ ਕੇ ਰੂੜੀ ਉਤੇ ਸੁਟਣ ਜਾਂਦੀ। ਮਹਿੰਦਰੋ ਆਟਾ ਗੁੰਨ੍ਹਦੀ ਅਤੇ ਹਾਰੀ ਵਿਚ ਗੋਹੇ ਪਾ ਕੇ ਦਾਲ ਦਾ ਤਪਲਾ ਧਰਦੀ, ਗੁਰਨਾਮੋ ਰੋਟੀਆਂ ਦੀ ਥਹੀ ਪਕਾਉਂਦੀ। ਮਹਿੰਦਰੋ ਟੋਕਰੇ ਵਿਚ ਰੋਟੀਆਂ, ਦਾਲ ਤੇ ਲੱਸੀ ਰਖਦੀ ਅਤੇ ਗੰਢੇ ਦੇ ਪੱਤ ਵਰਗਾ ਦੁਪੱਟਾ, ਜੰਜੀਰੀ ਵਾਲੀ ਕੁੜਤੀ, ਪੱਟਾਂ ਨਾਲ ਖਹਿੰਦੀ ਸਲਵਾਰ ਤੇ ਕਢਵੀਂ ਜੁਤੀ ਪਾ ਕੇ ਪਿੰਡ ਵਿਚੋਂ ਦੀ ਆਪਣੀ ਜਵਾਨੀ ਦਾ ਪਰਦਰਸ਼ਨ ਕਰਦੀ ਹੋਈ ਖੇਤ ਨੂੰ ਤੁਰ ਜਾਂਦੀ, ਗੁਰਨਾਮੋ ਸਾਰੇ ਟੱਬਰ ਦੇ ਕਪੜੇ ਧੋਣ ਬੈਠਦੀ। …ਗੁਰਨਾਮੋ ਦਿਆਲੇ ਨੂੰ ਆਖਦੀ, ਉਹ ਕੰਮ ਤਾਂ ਮਹਿੰਦਰੋ ਦੇ ਹਿੱਸੇ ਦਾ ਵੀ ਆਪ ਕਰ ਲਵੇ, ਪਰ ਉਹਤੋਂ ਉਹਦੀਆਂ ਚੁਸਤ-ਚਲਾਕੀਆਂ ਜਿਹੀਆਂ ਨਹੀਂ ਝਲੀਆਂ ਜਾਂਦੀਆਂ। ਉਹ ਕੰਮ ਘੱਟ ਕਰਦੀ ਸੀ, ਚੰਗਾ ਪਹਿਨਦੀ ਸੀ ਅਤੇ ਚੰਗਾ ਖਾਂਦੀ ਸੀ, ਪਰ ਮੰਦਾ ਬੋਲਦੀ ਸੀ ਅਤੇ ਟੈਂ ਬਹੁਤ ਦਿਖਾਉਂਦੀ ਸੀ।
ਮਹਿੰਦਰੋ ਸਮਝਦੀ ਸੀ ਕਿ ਦਿਆਲੇ ਦੀ ਔਲਾਦ ਵਡੀ ਹੋ ਰਹੀ ਹੈ। ਭਲਕੇ ਜੇਠੀ ਕੁੜੀ ਦਾ ਵਿਆਹ ਕਰਨਾ ਹੋਵੇਗਾ। ਉਹ ਸਾਂਝੇ ਘਰ ਵਿਚੋਂ ਕਿਉਂ ਹੋਵੇ? ਉਹਦੇ ਆਪਣੇ ਬੱਚਿਆਂ ਦੇ ਜਵਾਨ ਹੋ ਕੇ ਵਿਆਹੇ ਜਾਣ ਤਕ ਘਰ ਦੀ ਸਾਂਝ ਨਿਭ ਹੀ ਨਹੀਂ ਸੀ ਸਕਣੀ। ਰਾਤ ਨੂੰ ਉਹ ਪਾਲੇ ਨੂੰ ਉਹਦਾ ਬੁਧੂ ਹੋਣਾ ਰੜਕਾਉਂਦੀ ਰਹਿੰਦੀ। ਉਹ ਆਖਦੀ ਕਿ ਉਹਨੂੰ ਅੱਗਾ ਦਿਸ ਕਿਉਂ ਨਹੀਂ ਸੀ ਰਿਹਾ। ਬੰਦਾ ਤਾਂ ਉਹੀ ਹੁੰਦੈ ਜਿਹੜਾ ਭਲਕੇ ਦੀ ਸੋਚੇ। ਕੰਮ ਵਿਚ ਉਹ ਦੋਵੇਂ ਵੀ ਹੱਡ ਤਾਂ ਦਿਆਲੇ ਅਤੇ ਗੁਰਨਾਮੋ ਵਾਂਗ ਹੀ ਤੁੜਵਾ ਰਹੇ ਸਨ, ਪਰ ਟੱਬਰ ਪਲ ਰਿਹਾ ਸੀ ਵਡਿਆਂ ਦਾ। ਉਹ ਪਾਲੇ ਨੂੰ ਅੱਡ ਹੋ ਜਾਣ ਲਈ ਚੁਕਾਂ ਦਿੰਦੀ ਰਹਿੰਦੀ। ਉਹ ਸਮਝਦੀ ਸੀ ਕਿ ਉਹ ਅਡ ਹੋ ਕੇ ਸਰਦਾਰੀ ਭੋਗ ਸਕਦੇ ਨੇ।
ਮੈਂਗਲ ਨੂੰ ਤਾਂ ਮਾਂ ਮਗਰੋਂ ਘਰ ਵਿਚ ਆਪਣਾ ਸੀਰ ਹੀ ਮੁਕ ਗਿਆ ਲਗਦਾ ਸੀ। ਉਹ ਤਾਂ ਜਿਵੇਂ ਅਚਾਨਕ ਵਾਧੂ ਹੋ ਕੇ ਰਹਿ ਗਿਆ ਸੀ। ਸ਼ਰੀਕਾਂ ਦਾ ਗੋਲਾ-ਧੰਦਾ ਕਰੇ ਅਤੇ ਦੋ ਵੇਲੇ ਮੰਨੀਆਂ ਛਕੇ। ਕੀ ਸੀ ਉਹਦਾ ਏਸ ਘਰ ਵਿਚ ਹੁਣ, ਜਿਹਦੀ ਖਾਤਰ ਉਹ ਜਾਨ ਤੋੜ ਕੇ ਮਿਹਨਤ ਕਰੇ। ਉਹਦਾ ਕੰਮ ਵਿਚ ਦਿਲ ਨਾ ਲਗਦਾ। ਉਹ ਖੇਤ ਜਾਣੋਂ ਕਤਰਾਉਂਦਾ।
ਕਲੇਸ਼ ਸਭ ਦੇ ਦਿਲਾਂ ਵਿਚ ਅੰਦਰੋ-ਅੰਦਰ ਦਿਨੋ-ਦਿਨ ਵਧਦਾ ਹੀ ਜਾਂਦਾ ਸੀ। ਮੈਂਗਲ ਕਦੀ ਕਿਸੇ ਭਤੀਜੇ ਭਤੀਜੀ ਨੂੰ ਚੁਕ ਕੇ ਜਾਂ ਉਂਗਲ ਲਾ ਕੇ ਘਰੋਂ ਨਿਕਲਦਾ ਤਾਂ ਲੋਕ ਵਖਰੀਆਂ ਆਰਾਂ ਚੁਭੋਂਦੇ,
"ਐਵੇਂ ਹੀ ਢਾਕਾਂ ਤੁੜਾਉਣੈਂ ਕਿ ਭਰਜਾਈਆਂ ਰੋਟੀ ਟੁਕ ਵੀ ਚੱਜ ਨਾਲ ਦਿੰਦੀਆਂ ਨੇ?"
ਮੈਂਗਲ ਦਾ ਥੁਕ ਅਜਿਹੇ ਸਮੇਂ ਸੰਘ ਵਿਚ ਅੜ ਜਾਂਦਾ। ਉਹਨੂੰ ਕੋਈ ਜਵਾਬ ਨਾ ਔੜਦਾ। ਗੁਰਨਾਮੋ ਸਾਹਮਣੇ ਤਾ ਵੱਡੀ ਹੋਣ ਕਰਕੇ, ਮੈਂਗਲ ਪਹਿਲੇ ਦਿਨੋਂ ਹੀ ਨੀਵੀਂ ਪਾ ਕੇ ਰਖਦਾ ਸੀ। ਉਹ ਦਿਆਲੇ ਤੋਂ ਕਈ ਸਾਲ ਛੋਟਾ ਸੀ। ਵਿਚਕਾਰ ਦੋ ਕੁੜੀਆਂ ਹੋਈਆਂ ਸਨ ਤੇ ਮੁੰਡਾ ਭੁਰ ਗਿਆ ਸੀ। ਜਦੋਂ ਗੁਰਨਾਮੋ ਵਿਆਹੀ ਆਈ ਸੀ, ਮੈਂਗਲ ਅਜੇ ਨਿਆਣਾ ਹੀ ਸੀ। ਉਦੋਂ ਤੋਂ ਬਸ ਇਕ ਝਿਜਕ ਜਿਹੀ ਪੈ ਗਈ ਸੀ ਅਤੇ ਉਹ ਪਈ ਹੀ ਰਹੀ ਸੀ। ਗੁਰਨਾਮੋ ਦੀ ਜਵਾਨੀ ਵੀ ਪਹਿਲੇ ਸਾਲਾਂ ਵਿਚ ਹੀ ਸਾਂਝੇ ਘਰ ਵਿਚ ਜਾਨ ਤੋੜ ਕੰਮ ਕਰਦਿਆਂ ਢਲ ਗਈ ਸੀ। ਉਂਜ ਵੀ ਉਹਦਾ ਰੰਗ ਪੱਕਾ ਅਤੇ ਸਰੀਰ ਢਿਲਾ ਜਿਹਾ ਤੇ ਫੁਲਵਾਂ ਸੀ। ਹੁਣ ਤਾਂ ਕਈ ਵਾਰ ਪਿਠ ਪਿਛੋਂ ਉਹ ਮੈਂਗਲ ਨੂੰ ਬੇਬੇ ਵਰਗੀ ਹੀ ਲਗਦੀ।
ਛੋਟੀ ਮਹਿੰਦਰੋ ਮੈਂਗਲ ਨੂੰ ਲੂਮੜੀ ਵਾਂਗ ਪੂਛ ਉਤੇ ਨਚਾਉਂਦੀ ਸੀ, ਪਰ ਫੜਾਈ ਨਹੀਂ ਸੀ ਦਿੰਦੀ। ਉਹਦਾ ਮੱਕੀ ਦੀ ਰੋਟੀ ਵਰਗਾ ਰੰਗ ਅਤੇ ਕਸਿਆ ਹੋਇਆ ਸਰੀਰ ਮੈਂਗਲ ਦੇ ਦਿਲ ਵਿਚ ਇਕ ਤਰਸੇਵਾਂ ਪੈਦਾ ਕਰ ਦਿੰਦੇ। ਜਦੋਂ ਉਹ ਘਰੇ ਕੰਮ ਕਰਦੀ ਹੋਈ ਅੰਦਰ-ਬਾਹਰ ਤੁਰਦੀ, ਉਹਦੇ ਪੈਰਾਂ ਦੀ ਧਮਕ ਨਗਾਰੇ ਵਾਂਗ ਪੈਂਦੀ। ਘੁੰਡ ਵਿਚੋਂ ਨੰਗੀ ਰਹਿੰਦੀ ਉਹਦੀ ਖੱਬੀ ਅੱਖ ਦੀ ਵੱਟ ਉਤੇ ਪਏ ਤੇਲ ਦੇ ਭਰੇ ਹੋਏ ਦੀਵੇ ਵਾਂਗ ਲਟ-ਲਟ ਬਲਦੀ। ਅਜਿਹੇ ਸਮੇਂ ਮੈਂਗਲ ਨੂੰ ਲਗਦਾ ਜਿਵੇਂ ਉਹਦੀ ਆਪਣੀ ਕਾਇਆ ਸੁੱਕੇ ਘਾਹ-ਫੂਸ ਦੀ ਬਣੀ ਹੋਵੇ।
ਇਕ ਦਿਨ ਸਬਬ ਨਾਲ ਦੋਵੇਂ ਜੇਠ-ਭਰਜਾਈ ਹੀ ਘਰੇ ਸਨ। ਮੈਂਗਲ ਕਿੰਨਾ ਚਿਰ ਤੁਰਦੀ ਫਿਰਦੀ ਮਹਿੰਦਰੋ ਨੂੰ ਦੇਖਦਾ ਰਿਹਾ। ਉਹਦੇ ਅੰਦਰ ਕੋਈ ਚਿਣਗ ਮਘ ਪਈ ਸੀ। ਮਹਿੰਦਰੋ ਵੀ ਅਣਕਢੇ ਜਿਹੇ ਘੁੰਡ ਵਿਚੋਂ ਦੀ ਚੋਰ ਅਖ ਨਾਲ ਮੈਂਗਲ ਨੂੰ ਤਾੜ ਰਹੀ ਸੀ। ਨਿੱਕੇ-ਮੋਟੇ ਕੰਮ ਕਰਦਿਆਂ ਇਧਰ-ਉਧਰ ਫਿਰਦੀ ਮਹਿੰਦਰੋ ਦੇ ਦੁਪੱਟੇ ਦਾ ਪੱਲਾ ਜਿਵੇਂ ਮੈਂਗਲ ਦੀ ਚਿਣਗ ਨੂੰ ਹਵਾ ਦੇ ਕੇ ਭੜਕਾ ਰਿਹਾ ਸੀ। ਮੈਂਗਲ ਨੇ ਇਕ ਦੋ ਜਬਲੀਆਂ ਜਿਹੀਆਂ ਟਿਚਕਰਾਂ ਕੀਤੀਆਂ ਅਤੇ ਫੇਰ ਉਹਨੇ ਸਬਾਤ ਵਿਚ ਕੁਝ ਚੁਕਣ ਗਈ ਮਹਿੰਦਰੋ ਦੇ ਪਿਛੇ ਜਾ ਕੇ ਉਹਦੀ ਬਾਂਹ ਫੜ ਲਈ।
"ਔਹ ਸੀਤੋ ਆ ਗਈ," ਮਹਿੰਦਰੋ ਨੇ ਬਾਹਰਲੇ ਦਰਵਾਜੇ ਵਲ ਦੂਜਾ ਹੱਥ ਕਰ ਕੇ ਕਿਹਾ।
ਮੁਟਿਆਰ ਹੋ ਰਹੀ ਭਤੀਜੀ ਦਾ ਆ ਜਾਣਾ ਸੁਣ ਕੇ ਮੈਂਗਲ ਦੇ ਹੱਥ ਝੂਠੇ ਪੈ ਗਏ ਅਤੇ ਉਨ੍ਹਾਂ ਵਿਚੋਂ ਮਹਿੰਦਰੋ ਦਾ ਗੁਟ ਆਪਣੇ ਆਪ ਤਿਲਕ ਗਿਆ। ਉਹ ਹਰਨੀ ਵਾਂਗ ਛਾਲ ਮਾਰ ਕੇ ਸਬਾਤੋਂ ਬਾਹਰ ਜਾ ਖਲੋਤੀ। ਸੀਤੋ ਕਿਤੇ ਨਹੀਂ ਸੀ। ਮੈਂਗਲ ਠਗਿਆ ਗਿਆ ਸੀ। ਉਹਨੂੰ ਕੱਚਾ ਜਿਹਾ ਹੋ ਕੇ ਸਬਾਤ 'ਚੋਂ ਬਾਹਰ ਨਿਕਲਦੇ ਨੂੰ ਮਹਿੰਦਰੋ ਨੇ ਸਮਝਾਇਆ, "ਭਾਈ ਜੀ, ਕਮਲਾ ਹੋ ਗਿਐਂ? ਹੁਣੇ ਕੋਈ ਬਾਹਰੋਂ ਆ ਜਾਂਦਾ ਤਾਂ ਕੀ ਬਣਦਾ?"
ਗੱਲ ਮੈਂਗਲ ਨੂੰ ਵੀ ਠੀਕ ਲਗੀ। ਏਨੇ ਵਡੇ ਪਰਿਵਾਰ ਵਿਚੋਂ ਕੋਈ ਕਦੋਂ ਵੀ ਬਾਹਰੋਂ ਆ ਸਕਦਾ ਸੀ। ਮਹਿੰਦਰੋ ਦੀ ਪਿਆਰ-ਭਰੀ ਝਿੜਕ ਨੇ ਮੈਂਗਲ ਨੂੰ ਇਹ ਤਸੱਲੀ ਕਰਵਾ ਦਿਤੀ ਕਿ ਉਹਨੇ ਬੁਰਾ ਨਹੀਂ ਮਨਾਇਆ। ਸਗੋਂ ਮੈਂਗਲ ਦੀ ਅੱਗਾ-ਪਿਛਾ ਸੋਚੇ ਬਿਨਾ ਕੀਤੀ ਮੂਰਖਤਾ ਘਰ ਵਿਚ ਝਮੇਲਾ ਖੜਾ ਕਰ ਸਕਦੀ ਸੀ। ਮਹਿੰਦਰੋ ਸਿਆਣਪ ਵਰਤ ਕੇ ਗਲ ਨੂੰ ਸਾਂਭ ਗਈ ਸੀ। ਚਲੋ ਗੱਲ ਕਿਸੇ ਸਿਰੇ ਤਾ ਲੱਗੀ ਸੀ, ਮਹਿੰਦਰੋ ਨੇ ਇਕਰਾਰ ਤਾਂ ਕਰ ਲਿਆ ਸੀ।
ਬਾਹਰ ਨੂੰ ਤੁਰੇ ਜਾਂਦੇ ਮੈਂਗਲ ਨੂੰ ਮਹਿੰਦਰੋ ਨੇ ਪੀਹਣ ਕਰਨ ਲਈ ਬਰਾਂਡੇ ਵਿਚ ਰਖੀ ਢਾਈ ਮਣ ਦੀ ਕਣਕ ਦੀ ਬੋਰੀ ਵਲ ਹੱਥ ਕਰਕੇ ਕਿਹਾ, "ਭਾਈ ਜੀ, ਆ ਪਾਸੇ ਕਰਵਾ ਜਾਈਂ।"
ਮੈਂਗਲ ਨੇ ਬੋਰੀ ਧੂਹ ਕੇ ਲਾਂਭੇ ਕਰਨੀ ਚਾਹੀ, ਪਰ ਉਹਤੋਂ ਹਿਲੀ ਨਾ। ਕੁਝ ਤਾਂ ਬੋਰੀ ਹੀ ਭਾਰੀ ਸੀ, ਕੁਝ ਮੈਂਗਲ ਦਾ ਸਰੀਰ ਨਿਤਾਣਾ ਹੋਇਆ ਪਇਆ ਸੀ।
ਕੋਲ ਖਲੋਤੀ ਮਹਿੰਦਰੋ ਬੋਲੀ, "ਠਹਿਰ ਭਾਈ ਜੀ, ਮੈਂ ਲਗਦੀ ਹਾਂ ਤੇਰੇ ਨਾਲ!"
ਉਨ੍ਹਾਂ ਦੋਵਾਂ ਨੇ ਪਹਿਲਾਂ ਬੋਰੀ ਖੜੀ ਕੀਤੀ। ਫੇਰ ਮਹਿੰਦਰੋਂ ਨੇ ਮੈਂਗਲ ਦਾ ਖੱਬਾ ਗੁਟ ਆਪਣੇ ਸੱਜੇ ਹੱਥ ਵਿਚ ਫੜ ਕੇ ਕਿਹਾ, "ਲੈ ਭਾਈ ਜੀ, ਬੋਰੀ ਬਾਹਾਂ ਦੇ ਸਹਾਰੇ ਚੁੱਕੀ ਜਾਊ।"
ਜਦੋਂ ਮੈਂਗਲ ਨੇ ਬੋਰੀ ਬਾਹਾਂ ਉਤੇ ਸੁਟੀ, ਮਹਿੰਦਰੋ ਨੇ ਹਝੋਕਾ ਮਾਰ ਕੇ ਮੈਂਗਲ ਦੀ ਸਾਰੀ ਬਾਂਹ ਬੋਰੀ ਹੇਠ ਖਿਚਦਿਆਂ ਬੋਰੀ ਉਹਦੇ ਉਤੇ ਛਡ ਦਿਤੀ। ਆਪ ਉਹ ਲਾਂਭੇ ਹੋ ਕੇ ਹੱਸ ਪਈ, "ਤੇਰਾ ਭਰਾ ਆਊ ਤਾਂ ਪੁਛੂ, ਇਹ ਇਉਂ ਕਾਹਤੋਂ ਬੈਠਾ ਐ? ਆਪੇ ਦਸ ਦਈਂ ਸਾਰੀ ਗੱਲ!"
ਮੈਂਗਲ ਦਾ ਤਰਾਹ ਨਿਕਲ ਗਿਆ। ਕੰਮ ਲੱਗਣ ਤੋਂ ਪਹਿਲਾਂ ਮਹਿੰਦਰੋ ਨੇ ਤੇਲ ਕਢਾਉਣ ਲਈ ਰਖੀ ਹੋਈ ਸਰੋਂ ਦਾ ਗੱਟਾ ਵੀ ਮੈਂਗਲ ਦੀ ਬਾਂਹ ਉਤੇ ਪਈ ਕਣਕ ਦੀ ਬੋਰੀ ਉਤੇ ਰਖ ਦਿਤਾ। ਮੈਂਗਲ ਨੇ ਬੜੀ ਵਾਹ ਲਾਈ, ਪਰ ਉਹ ਆਪਣੀ ਦਬੀ ਹੋਈ ਬਾਂਹ ਨਾ ਹੀ ਕਢ ਸਕਿਆ। ਦਮੋਂ ਨਿਕਲ ਕੇ ਉਹ ਲੇਲ੍ਹੜੀਆਂ ਕਢਣ ਲੱਗ ਪਿਆ। ਜੇ ਪਾਲਾ ਸਚਮੁਚ ਹੀ ਹੁਣੇ ਆ ਗਿਆ, ਮੈਂਗਲ ਉਹਨੂੰ ਕੀ ਜਵਾਬ ਦੇ ਸਕੇਗਾ। ਜੇ ਟੱਬਰ ਦਾ ਕੋਈ ਵੀ ਜੀਅ ਆ ਗਿਆ, ਉਹਨੇ ਕਿਤੋਂ ਦਾ ਨਹੀਂ ਸੀ ਰਹਿਣਾ। ਉਹ ਕੱਖੋਂ ਹੌਲਾ ਅਤੇ ਪਾਣੀਉਂ ਪਤਲਾ ਹੋਇਆ ਬੈਠਾ ਸੀ। ਬੋਰੀ ਹੇਠ ਦੱਬੀ ਹੋਈ ਉਹਦੀ ਸੱਜੀ ਬਾਂਹ ਤਾ ਸੌਂ ਹੀ ਗਈ ਸੀ, ਬਾਹਰ ਰਹੇ ਸੱਜੇ ਹੱਥ ਨਾਲ ਵੀ ਉਹਤੋਂ ਚਿਹਰੇ ਤੋਂ ਮੱਖੀ ਨਹੀਂ ਸੀ ਉਡਾਈ ਜਾ ਰਹੀ। ਮਹਿੰਦਰੋ ਕਿੰਨਾ ਹੀ ਚਿਰ ਚਬਰੀਕੀਆਂ ਕਰਦੀ ਆਪਣੇ ਕੰਮ-ਧੰਦੇ ਲਗੀ ਉਹਦੇ ਆਲੇ-ਦੁਆਲੇ ਮੋਰਨੀ ਵਾਂਗ ਚਕਰ ਕਢਦੀ ਰਹੀ। ਆਖਰ ਮੈਂਗਲ ਨੇ ਖੁਲ੍ਹੇ ਹੱਥ ਨਾਲ ਉਹਦੇ ਪੈਰ ਫੜੇ ਤਾਂ ਉਹਨੇ ਬੋਰੀ ਹੇਠੋਂ ਬਾਂਹ ਕਢ ਕੇ ਉਹਦੀ ਖਲਾਸੀ ਕੀਤੀ।
ਉਹਤੋਂ ਮਗਰੋਂ ਮੈਂਗਲ ਕਦੀ ਮਹਿੰਦਰੋ ਨੂੰ ਅਖ ਵਿਚ ਪਾਇਆ ਵੀ ਨਹੀਂ ਸੀ ਰੜਕਿਆ।
ਜਦੋਂ ਕੋਈ ਉਹਨੂੰ ਟਕੋਰ ਮਾਰਦਾ, "ਭਰਜਾਈਆਂ ਰੋਟੀ-ਟੁਕ ਵੀ ਚੱਜ ਨਾਲ ਦਿੰਦੀਆਂ ਨੇ ਕਿ ਨਹੀਂ,"
ਤਾਂ ਉਹਦਾ ਥੁਕ ਸੰਘ ਵਿਚ ਅੜ ਜਾਂਦਾ। ਪਰ ਆਪਣੇ ਆਪ ਨੂੰ ਤਿੰਨਾ-ਤੇਰ੍ਹਾਂ ਵਿਚ ਦੱਸਣ ਲਈ ਉਹ ਖੰਘੂਰਾ ਮਾਰ ਕੇ ਸੰਘ ਸਾਫ ਕਰਦਾ ਅਤੇ ਕੱਚੀ ਜਿਹੀ ਹਾਸੀ ਹਸ ਕੇ ਆਖਦਾ, "ਰੋਟੀ ਟੁਕ ਨੂੰ ਕੀ ਵਿਚਾਰੀਆਂ ਭਜੀਆਂ ਨੇ!"
ਤੇ ਉਹਦੇ ਹਾਣੀ ਸੁਆਦ ਲੈ ਕੇ ਆਖਦੇ, "ਵਾਹ ਉਇ ਸਰਦਾਰ ਮੈਂਗਲ ਸਿਆਂ, ਖੁਸ਼ ਕੀਤੈ!"
"ਕਿਉਂ ਭਾਈ ਮੁੰਡਿਉ, ਕਿਸੇ ਤਰ੍ਹਾਂ ਤੁਹਾਡਾ ਏਕਾ ਬਣਿਆ ਨਹੀਂ ਰਹਿ ਸਕਦਾ?" ਸਰਪੰਚ ਨੇ ਖੂੰਡੀ ਨਾਲ ਧਰਤੀ ਉਤੇ ਲਕੀਰਾਂ ਵਾਹੁੰਦਿਆਂ ਪੁਛਿਆ। ਉਹਨੇ ਓਨਾ ਵਿਸ਼ਵਾਸ ਜਾਂ ਨਿਸਚੇ ਨਾਲ ਨਹੀਂ, ਜਿੰਨਾ ਸਰਪੰਚ ਅਤੇ ਬਜੁਰਗ ਹੋਣ ਦੇ ਨਾਤੇ ਇਕ ਰਸਮੀ ਫਰਜ ਵਜੋਂ ਤਿੰਨਾਂ ਭਰਾਵਾਂ ਨੂੰ ਇਕ ਵਾਰ ਫੇਰ ਇਹ ਚੇਤੇ ਕਰਵਾਉਣਾ ਵਾਜਬ ਸਮਝਿਆ ਕਿ ਏਕਤਾ ਵਿਚ ਬਹੁਤ ਬਰਕਤ ਹੁੰਦੀ ਹੈ, ਇਤਫਾਕ ਵਿਚ ਬਹੁਤ ਸ਼ਕਤੀ ਹੁੰਦੀ ਹੈ।
ਤਿੰਨੇ ਭਾਈ ਨੀਵੀਂ ਪਾਈ ਚੁਪ ਬੈਠੇ ਸਨ।
ਮਾਮਲਾ ਜਿਥੇ ਪਹੁੰਚ ਚੁਕਿਆ ਸੀ, ਉਥੇ ਏਕਤਾ ਬਣਾਈ ਰਖਣ ਦੀ ਗੱਲ ਕਰਨੀ ਉਂਜ ਹੀ ਬੇਤੁਕੀ ਅਤੇ ਬੇਮੌਕਾ ਸੀ। ਨਾਲੇ ਵਖ-ਵਖ ਹੋਣ ਲਈ ਆਪਣੇ ਮੂੰਹੋਂ ਪਹਿਲਾਂ ਕੌਣ ਕਹੇ। ਸੋ ਤਿੰਨਾਂ ਦੀ ਚੁਪ ਉਨ੍ਹਾਂ ਵਲੋਂ ਠੀਕ ਉਤਰ ਸੀ। ਉਨ੍ਹਾਂ ਦੇ ਜਵਾਬ ਦੀ ਉਡੀਕ ਵਿਚ ਹੋਰ ਸਭ ਵੀ ਚੁਪ ਹੋ ਗਏ। ਸਾਰੇ ਵਿਹੜੇ ਵਿਚ ਹੀ ਚੁਪ ਛਾ ਗਈ।
ਇਕ ਪਲ ਪਹਿਲਾਂ ਇਕ ਕਦਮ ਪਿਛੇ ਹਟੀ ਮਹਿੰਦਰੋ ਇਸ ਚੁਪ ਨੂੰ ਚੀਰਦੀ ਹੋਈ ਦੋ ਕਦਮ ਅਗੇ ਆ ਬੋਲੀ, "ਥਪਾਕ ਨਹੀਂ ਰਹਿੰਦਾ ਹੁਣ, ਬਾਬਾ ਜੀ। ਜਦੋਂ ਕੇਰਾਂ ਦੁਧ ਫਿਟ ਜਾਵੇ, ਕਦੇ ਮੁੜ ਕੇ ਦੁਧ ਬਣਿਐ? ਤੁਸੀਂ ਆਪ ਸਿਆਣੇ ਓਂ!"
"ਕਿਉਂ ਭਕਾਈ ਮਾਰਦੀ ਐਂ ਤੀਵੀਆਂ ਆਲੀ," ਪਾਲਾ ਕੱਚਾ ਜਿਹਾ ਹੋ ਕੇ ਬੋਲਿਆ।
ਤਿੰਨਾਂ ਭਰਾਵਾਂ ਦੇ ਚੁਪ ਬੈਠੇ ਹੋਏ ਹੋਣ ਅਤੇ ਗੁਰਨਾਮੋ ਦੇ ਕੁਝ ਵੀ ਨਾ ਬੋਲਣ ਦੀ ਸੂਰਤ ਵਿਚ ਮਹਿੰਦਰੋ ਦਾ ਇਉਂ ਬੋਲਣਾ ਉਹਨੂੰ ਬਹੁਤ ਰੜਕਿਆ। ਪੰਚਾਇਤ ਸਾਹਮਣੇ ਮਹਿੰਦਰੋ ਦਾ ਵਾਰ ਵਾਰ ਬੋਲਣਾ ਇਹ ਪ੍ਰਭਾਵ ਦੇ ਸਕਦਾ ਸੀ ਕਿ ਉਹਦੀ ਚਤੁਰਾਈ ਤੇ ਪਾਲੇ ਦੀ ਉਹਦੇ ਨਾਲ ਅਬੋਲ ਸਹਿਮਤੀ ਹੀ ਅਸਲ ਪੁਆੜੇ ਦੀ ਜੜ ਸੀ।
ਪਰੇਸਾਨ ਹੋ ਕੇ ਉਹ ਘੂਰਿਆ, "ਜਾਹ ਚੁਪ ਕਰਕੇ ਜਨਾਨੀਆਂ ਵਿਚ ਬੈਠ ਜਾ ਕੇ ਚੈਨ ਨਾਲ।"
"ਚੱਲ ਠੀਕ ਐ, ਮੈਂ ਤਾਂ ਨਹੀਂ ਬੋਲਦੀ। ਪਰ ਤੇਰੀ ਚੁੱਪ ਨੇ ਹੀ ਸਾਰੇ ਪਿਟਣੇ ਪਾਏ ਐ,"
ਮਹਿੰਦਰੋ ਦੀ ਅਖ ਦੇ ਦੀਵੇ ਦੀ ਬੱਤੀ ਜਿਵੇਂ ਹੋਰ ਸੀਖੀ ਗਈ ਸੀ।
"ਆ ਜਾ ਨੀ ਆ ਜਾ ਕਮਲੀਏ," ਕੰਧੋਲੀ ਕੋਲੋਂ ਕੁਝ ਔਰਤਾਂ ਝਿੜਕ ਦੇਣ ਵਾਂਗ ਬੋਲੀਆਂ।
"ਨਾ ਮੇਰੀ ਅਕਲ ਵਿਚ ਇਹ ਗੱਲ ਨਹੀਂ ਪੈਂਦੀ, ਅੱਡ ਹੋਣ ਦਾ ਕੋਈ ਮਿਹਣਾ ਐ? ਕੋਈ ਜੱਗੋਂ ਨਿਆਰੀ ਗੱਲ ਤਾਂ ਸਾਡੇ ਟੱਬਰ ਵਿਚ ਹੋਣ ਨਹੀਂ ਲਗੀ। ਸਾਰੀ ਦੁਨੀਆ ਹੀ ਅੱਡ ਹੁੰਦੀ ਆਈ ਐ। ਜੇ ਸੁਖ ਨਾਲ ਭਰਾ ਹੋਣਗੇ, ਉਹ ਅੱਡ ਤਾਂ ਹੋਣਗੇ ਹੀ। ਜੇ ਕੋਈ ਕਿਸਮਤ ਦਾ ਮਾਰਿਆ ਕੱਲਾ ਹੋਊ, ਅੱਡ ਨਾ ਹੋਊ। ਫੇਰ ਇਨ੍ਹਾਂ ਸਮਝੌਤੀਆਂ ਦੀ ਕੀ ਲੋੜ?" ਮਹਿੰਦਰੋ ਦੇ ਬੋਲ ਵਿਚ ਪਹਿਲਾਂ ਵਾਲਾ ਹੀ ਗੜ੍ਹਕਾ ਕਾਇਮ ਸੀ।
"ਨੀ ਤੂੰ ਦੋ ਘੜੀਆਂ ਜਰਾਂਦ ਕਰ। ਅੱਡ ਹੋ ਕੇ ਲਾਹ ਲਈਂ ਚਾਅ," ਗੁਰਨਾਮੋ ਨੇ ਆਪਣੇ ਸੁਭਾਅ ਦੇ ਉਲਟ ਵਿਅੰਗ ਕੀਤਾ।
"ਸਾਨੂੰ ਤਾਂ ਨਾ ਕੋਈ ਚਾਅ ਐ, ਭੈਣੇ, ਤੇ ਨਾ ਕੋਈ ਮਸੋਸ ਐ। ਜੱਗ ਜਹਾਨ ਅੱਡ ਹੁੰਦਾ ਐ, ਆਪਣੇ ਹੁੰਦੇ ਐ ਤਾਂ ਕੀ ਹੋਇਆ," ਮਹਿੰਦਰੋ ਗਲ ਮੁਕਦੀ ਕਰ ਦੇਣਾ ਚਾਹੁੰਦੀ ਸੀ।
ਜਿਉਂ ਜਿਉਂ ਅੱਡ ਹੋਣ ਦੀ ਗੱਲ ਅਗੇ ਵਧਦੀ ਸੀ, ਵਿਹੜੇ ਵਿਚ ਇਕ ਤਣਾਉ ਜਿਹਾ ਤਣਦਾ ਜਾ ਰਿਹਾ ਸੀ। ਕਈ ਸਿਆਣੇ ਲੋਕ ਅਜੇ ਵੀ ਏਕਾ ਕਰਵਾਉਣ ਦੇ ਪੱਖ ਵਿਚ ਸਨ। ਉਹ ਕਹਿੰਦੇ ਸਨ, ਸਾਧਾਰਨ ਜਿਹੇ ਇਸ ਘਰ ਦੇ ਵਿਚਕਾਰ ਦੋ ਕੰਧਾਂ ਕੱਢ ਕੇ ਤਿੰਨਾਂ ਭਰਾਵਾਂ ਦੇ ਘਰ ਤਾਂ ਉਂਜ ਹੀ ਘੁਤੀਆਂ ਜਿਹੀਆਂ ਬਣ ਜਾਣੇ ਸਨ। ਉਹ ਦਲੀਲਾਂ ਦਿੰਦੇ ਸਨ, ਤਿੰਨੇ ਭਰਾ ਮਿਲ ਕੇ ਕੰਮ ਕਰਨ ਤਾਂ ਬਰਕਤ ਰਹੇ। ਜੱਟ ਦੇ ਪੁੱਤ ਨੂੰ ਤਾਂ ਸਿਰ ਉਤੇ ਪੰਡ ਚੁਕਾਉਣ ਲਈ ਵੀ ਦੂਜੇ ਬੰਦੇ ਦੀ ਲੋੜ ਹੁੰਦੀ ਹੈ। ਇਕੱਲੇ-ਇਕੱਲੇ ਕੀ ਕਰਨਗੇ? ਸੀਰੀਆਂ ਨੌਕਰਾਂ ਦੇ ਵਸ ਪੈਣਗੇ।
ਵੰਡੀਆਂ ਪਾਉਣ ਦੀ ਗੱਲ ਪੱਕੀ ਹੋ ਗਈ ਦੇਖ ਕੇ ਸਰਪੰਚ ਨੇ ਫੇਰ ਕਿਹਾ, "ਕਿਉਂ ਭਾਈ ਮੁੰਡਿਓ, ਜੇ ਕਿਸੇ ਹੀਲੇ ਵੀ ਏਕਾ ਨਹੀਂ ਰਹਿੰਦਾ, ਤਾਂ ਫੇਰ ਕਰੀਏ ਵੰਡ-ਵੰਡਾਰਾ?"
ਹੁਣ ਤਾਂ ਚੁਪ ਰਹਿਣਾ ਵੀ ਅੱਖਰਦਾ ਸੀ। ਬਿਨ ਬੋਲਿਆਂ ਕਿੰਨਾ ਕੁ ਚਿਰ ਸਰ ਸਕਦਾ ਸੀ। ਸੋ ਤਿੰਨਾਂ ਭਰਾਵਾਂ ਨੇ ਮਲਵੀਂ ਜਿਹੀ ਜੀਭ ਨਾਲ ਹਾਮੀ ਭਰ ਦਿਤੀ।
"ਕਿਉਂ ਮੈਂਗਲ ਸਿਆਂ ਤੇਰੀ ਕੀ ਰਾਇ ਐ?" ਪੰਚਾਇਤ ਨੇ ਪੁਛਿਆ।
ਤੇ ਇਹੋ ਸਾਰੀ ਗੱਲ ਦੀ ਚੂਲ ਸੀ- ਮੈਂਗਲ ਦੀ ਰਾਇ। ਜੇ ਅੱਜ ਉਹ ਵੀ ਵਿਆਹਿਆ ਹੁੰਦਾ, ਉਹਦੀ ਰਾਇ ਵਖਰੀ ਪੁਛਣ ਦੀ ਲੋੜ ਹੀ ਨਾ ਪੈਂਦੀ। ਪਰ ਹੁਣ ਤਾ ਉਹਦੀ ਗੱਲ ਹੀ ਹੋਰ ਸੀ। ਜੇ ਮੈਂਗਲ ਦੋਵਾਂ ਵਿਆਹਿਆਂ ਵਿਚੋਂ ਕਿਸੇ ਭਰਾ ਨਾਲ ਹੋ ਜਾਂਦਾ, ਉਹਦੇ ਹਿਸੇ ਦੀ ਜ਼ਮੀਨ ਅੰਤ ਨੂੰ ਉਸੇ ਭਰਾ ਦੀ ਹੋ ਰਹਿਣੀ ਸੀ। ਮੈਂਗਲ ਦੇ ਜਿਉਂਦੇ ਜੀਅ ਤਾਂ ਉਹਦੀ ਜ਼ਮੀਨ ਉਹਦੇ ਭਰਾ ਨੇ ਖਾਣੀ ਹੀ ਸੀ, ਪਰ ਦੂਜੇ ਘਰ ਨੂੰ ਅੱਧ ਤਾਂ ਉਹਦੇ ਮਰੇ ਮਗਰੋਂ ਵੀ ਨਹੀਂ ਸੀ ਮਿਲਣਾ। ਜ਼ਮੀਨ ਦੇ ਇਕ ਇਕ ਓਰੇ ਖਾਤਰ ਜੱਟ ਸੌ-ਸੌ ਪਾਪੜ ਵੇਲਦੇ ਹਨ ਅਤੇ ਮੈਂਗਲ ਵਰਗਿਆਂ ਦੇ ਗੂਠੇ ਤਾਂ ਰੋਟੀ ਦੇਣ ਵਾਲੇ ਭਤੀਜੇ ਪਹਿਲਾਂ ਹੀ ਵਹੀ ਉਤੇ ਆਪਣੇ ਨਾਂ ਲਿਖਤ ਕਰਵਾ ਕੇ ਲੁਆ ਲੈਂਦੇ ਹਨ। ਕਿਸੇ ਇਕ ਭਰਾ ਨਾਲ ਮੈਂਗਲ ਦੇ ਰਹਿਣ ਦੀ ਸੂਰਤ ਵਿਚ ਦੋਵਾਂ ਹਿਸਿਆਂ ਦਾ ਇਕੱਠਾ ਘਰ ਵੀ ਵਾਹਵਾ ਖੁਲਾ ਰਹਿਣਾ ਸੀ। ਭੀੜੇ ਘਰ ਵਿਚ ਤਾਂ ਜੱਟ ਦੇ ਹੱਲ-ਪੰਜਾਲੀ ਹੀ ਨਹੀਂ ਟਿਕਦੇ ਅਤੇ ਜੱਟੀ ਦਾ ਦਰੀਆਂ ਬਣਨ ਵਾਲਾ ਅੱਡਾ ਵੀ ਨਹੀਂ ਗਡਿਆ ਜਾਂਦਾ। ਤੇ ਜੇ ਮੈਂਗਲ ਦੋਵਾਂ ਭਰਾਵਾਂ ਤੋਂ ਅੱਡ ਹੋ ਜਾਂਦਾ, ਉਹਨੂੰ ਚੂੰਡ-ਚੂੰਡ ਕੇ ਲੋਕਾਂ ਨੇ ਹੀ ਮਾਂਜ ਦੇਣਾ ਸੀ। ਨਸ਼ਿਆਂ ਅਤੇ ਵੈਲਾਂ ਵਿਚ ਫਸਾ ਕੇ ਜ਼ਮੀਨ ਕੀ, ਲੋਕਾਂ ਨੇ ਉਹਦਾ ਕੁੱਲਾ-ਕੋਠਾ ਵੀ ਖਾ ਜਾਣਾ ਸੀ। ਮੈਂਗਲ ਸਿੰਘ ਤਾਂ ਉਹ ਵਿਚਾਰਾ ਜਿੰਦਗੀ ਵਿਚ ਕਦੇ ਬਣਿਆ ਹੀ ਨਹੀਂ ਸੀ, ਫੇਰ ਤਾਂ ਉਹਨੇ ਮੈਂਗਲ ਤੋਂ ਵੀ ਮੈਂਗਲ ਅਮਲੀ ਬਣ ਕੇ ਰਹਿ ਜਾਣਾ ਸੀ। ਜਿਉਂਦੇ ਜੀਅ ਹੀ ਉਹਨੇ ਘਰ ਜ਼ਮੀਨ ਸੰਘ ਤੋਂ ਹੇਠਾਂ ਉਤਾਰ ਦੇਣੇ ਸਨ ਅਤੇ ਆਪਣੇ ਭਰਾਵਾਂ ਦੇ ਪਰਿਵਾਰਾਂ ਲਈ ਕੇਵਲ ਨਮੋਸ਼ੀ ਪਿਛੇ ਛਡ ਜਾਣੀ ਸੀ। ਜੇ ਮੈਂਗਲ ਨਸ਼ਿਆਂ ਦੇ ਰਾਹ ਨਾ ਵੀ ਪੈਂਦਾ, ਉਹ ਕਿਸੇ ਮੁਲ ਦੀ ਤੀਵੀਂ ਦਾ ਬੰਨ੍ਹ-ਸੁਬ ਕਰ ਸਕਦਾ ਸੀ। ਘਰ ਜ਼ਮੀਨ ਤਾਂ ਹੱਥੋਂ ਜਾਂਦੇ ਹੀ ਜਾਂਦੇ, ਬਰਾਬਰ ਦੀ ਸ਼ਰੀਕਣੀ ਹਿੱਕ ਉਤੇ ਪਿੱਪਲ ਲਗ ਜਾਣੀ ਸੀ। ਅੱਜ ਉਹਨੇ ਮੁਲ ਦੀ ਤੀਵੀਂ ਲਿਆਉਣੀ ਸੀ ਅਤੇ ਭਲਕੇ ਉਹਦੇ ਜੁਆਕ ਜੰਮ ਪੈਣੇ ਸਨ- ਉਹਦੀ ਢੇਰੀ ਦੇ ਵਾਰਸ।
"ਮੇਰੀ ਕਾਹਦੀ ਰਾਇ ਐ, ਜਿਵੇਂ ਪੰਚਾਇਤ ਫੈਸਲਾ ਕਰੂ, ਠੀਕ ਐ," ਮੈਂਗਲ ਨੇ ਪੱਗ ਦੇ ਢਿਲਕਦੇ ਜਾਂਦੇ ਲੜ ਨੂੰ ਠੀਕ ਕਰਦਿਆਂ ਕਿਹਾ।
"ਫੇਰ ਵੀ, ਤੂੰ ਆਬਦੀ ਰਾਇ ਤਾਂ ਦੱਸ। ਤੇਰੇ ਦਿਲ ਵਿਚ ਜੋ ਕੁਛ ਹੈ, ਆਖ ਦੇ। ਪੰਚਾਇਤ ਤਾਂ ਰੱਬ ਹੁੰਦੀ ਐ ਕਮਲਿਆ, ਪੰਚਾਇਤ ਤੋਂ ਝਿਜਕ ਜਾਂ ਸੰਗ ਕਾਹਦੀ?" ਪੰਚਾਇਤ ਦੇ ਕੁਝ ਹੋਰ ਬੰਦੇ ਬੋਲੇ।
ਸੋਹਣਾ ਅਮਲੀ ਫੇਰ ਰਉਂ ਵਿਚ ਆ ਗਿਆ ਸੀ। ਹੁਣ ਜਦੋਂ ਗੱਲ ਐਨ ਸਿਖਰ ਉਤੇ ਪਹੁੰਚ ਚੁਕੀ ਸੀ, ਉਹ ਚੁਪ ਕਿਵੇਂ ਰਹਿ ਸਕਦਾ ਸੀ। ਉਹਨੇ ਪਰਨਾ ਖੱਬੇ ਮੋਢਿਉਂ ਸੱਜੇ ਉਤੇ ਬਦਲਦਿਆਂ ਕਿਹਾ, "ਕਿਉਂ ਬਈ ਪੰਚਾਇਤੇ, ਭੋਲੀਆਂ ਬਾਤਾਂ ਕਿਉਂ ਕਰਦੇ ਓਂ? ਗੱਲ ਕਰੋ ਰਾਹ-ਸਿਰ ਦੀ। ਢੇਰੀਆਂ ਪਾਉ ਤਿੰਨ। ਮਗਰੋਂ ਆਪੇ ਮੈਂਗਲ ਸਿਉਂ ਜਿਵੇਂ ਮਰਜੀ ਕਰੇ।"
ਇਕੱਠ ਵਿਚੋਂ ਕੁਝ ਹੋਰਾਂ ਨੇ ਹਾਮੀ ਭਰੀ, "ਗੱਲ ਤਾ ਬਈ ਸੋਹਣਾ ਸਿਉਂ ਦੀ ਲੱਖ ਰੁਪਈਏ ਦੀ ਐ। ਨਿਤਾਰਾ ਕਰਕੇ ਰਖ ਦਿਤਾ ਕੇਰਾਂ ਤਾਂ। ਰਾਵਾਂ ਪੁਛਣ ਦਾ ਆਪਣਾ ਕੀ ਕੰਮ! ਤਿੰਨ ਭਰਾ ਐ, ਤਿੰਨ ਹਿੱਸੇ ਕਰੋ। ਇਹੋ ਪੰਚਾਇਤੀ ਤਰੀਕਾ ਐ। ਆਪੇ ਮਗਰੋਂ ਮੈਂਗਲ ਜਿਵੇਂ ਚਾਹੇ, ਕਰੇ।"
"ਉਇ ਆਹੋ ਭਾਈ, ਆਪਾਂ ਇਹਤੋਂ ਖੜ੍ਹੇ ਪੈਰ ਫੈਸਲਾ ਕਿਉਂ ਮੰਗੀਏ? ਦਿਲ ਕਰੂ ਤਾਂ ਆਪ ਦੀਆਂ ਦੋ ਮੰਨੀਆਂ ਆਪੇ ਸੇਕ ਲਿਆ ਕਰੂ। ਜੇ ਕਿਧਰੋਂ ਵਿਚਾਰੇ ਨੂੰ ਦੋ ਰੋਟੀਆਂ ਆਦਰ ਨਾਲ ਚੱਜ ਦੀਆਂ ਮਿਲਣਗੀਆਂ, ਆਪੇ ਉਧਰ ਹੋ ਜਾਊ। ਜਿਵੇਂ ਵਖਤ ਹੋਊ ਵਿਚਾਰ ਲਊ। ਇਕ ਵਾਰੀ ਆਪਾਂ ਤਾਂ ਦੂਜੇ ਭਾਈਆਂ ਦੇ ਬਰਾਬਰ ਦਾ ਕਰੋ!" ਕੁਝ ਹੋਰਨਾਂ ਨੇ ਰਾਇ ਦਿੱਤੀ।
"ਉਇ ਭਾਈ, ਆਪਾਂ ਤਾਂ ਕਦੇ ਲਿਪ-ਲਿਪ ਕੀਤੀ ਨਹੀਂ, ਨਾ ਕਦੇ ਸੱਚ ਕਹਿਣੋਂ ਡਰੇ ਆਂ,"
ਸੋਹਣਾ ਅਮਲੀ ਬਹੁਤੇ ਲੋਕਾਂ ਨੂੰ ਆਪਣੇ ਪੱਖ ਵਿਚ ਬੋਲਦਾ ਸੁਣ ਕੇ ਸ਼ੇਰ ਹੋ ਗਿਆ ਸੀ।
"ਪੰਚਾਇਤ ਦਾ ਧਰਮ ਹੈ, ਸਭ ਨੂੰ ਇਕੋ ਅੱਖ ਨਾਲ ਦੇਖਣਾ। ਕੋਈ ਭਰਾ ਤਕੜਾ ਹੋਵੇ, ਕੋਈ ਮਾੜਾ, ਕੋਈ ਵਿਆਹਿਆ ਹੋਵੇ, ਕੋਈ ਛੜਾ, ਆਪਣੇ ਵਾਸਤੇ ਤਾਂ ਸਭ ਏਕ ਨੇ," ਉਹ ਪੂਰਾ ਪੰਚਾਇਤੀ ਬਣਿਆ ਖੜਾ ਸੀ।
ਇਕ ਵਾਰ ਫੇਰ ਵਿਹੜੇ ਵਿਚ ਤਣਾਉ-ਭਰੀ ਚੁਪ ਛਾ ਗਈ। ਗੁਰਜੰਟ ਨੂੰ ਗੋਦੀ ਚੁੱਕੀ ਇਕ ਹੱਥ ਨਾਲ ਘੁੰਡ ਨੂੰ ਘੁਟ ਕੇ ਫੜਦਿਆਂ ਮਹਿੰਦਰੋ ਕੁਝ ਹੋਰ ਅਗੇ ਵਧੀ। ਵਿਹੜੇ ਵਿਚ ਜੁੜੇ ਸਭਨਾਂ ਨੇ ਜਿਵੇਂ ਇਹ ਦੇਖਣ ਲਈ ਸਾਹ ਤਕ ਰੋਕ ਲਏ ਕਿ ਹੁਣ ਉਹ ਤਾਸ਼ ਦਾ ਕਿਹੜਾ ਪੱਤਾ ਸੁਟਦੀ ਹੈ। ਜਿਉਂ-ਜਿਉਂ ਉਹ ਅੱਗੇ ਪੈਰ ਰੱਖ ਰਹੀ ਸੀ, ਉਹਦੀ ਅੱਖ ਦੇ ਲੱਟ-ਲੱਟ ਬਲਦੇ ਦੀਵੇ ਦੀ ਲਾਟ ਹੋਰ ਉਚੀ ਉਠ ਰਹੀ ਸੀ।
"ਮੇਰੀ ਵੀ ਇਕ ਗੱਲ ਸੁਣ ਲਉ ਪੰਚਾਇਤੇ!" ਉਹਦੀ ਆਵਾਜ਼ ਦੀ ਤਿਖੀ ਨੋਕ ਨਾਲ ਚੁਪ ਦਾ ਸ਼ੀਸ਼ਾ ਕੀਚਰਾਂ ਹੋ ਕੇ ਖਿੰਡ ਗਿਆ। "ਪੰਚਾਇਤ ਮਾਪੇ ਹੁੰਦੀ ਐ! ਤੁਸੀਂ ਮੇਰੇ ਮਾਪੇ! ਛੋਟੇ ਵੱਡੇ ਦੀ ਪਰੋਂਹ ਐ…ਪਰ ਸੱਚ ਦੀ ਸ਼ਰਮ ਕਾਹਦੀ…ਸ਼ਰ੍ਹਾ ਵਿਚ ਸ਼ਰਮ ਨਹੀਂ।"
ਸਭ ਦੀਆਂ ਅਖਾਂ ਮਹਿੰਦਰੋ ਵਲ ਮੁੜ ਗਈਆਂ, ਪਰ ਬੋਲਿਆ ਕੋਈ ਕੁਝ ਨਾ। ਕਿਸੇ ਤੋਂ ਕੁਝ ਬੋਲਿਆ ਹੀ ਨਹੀਂ ਸੀ ਜਾ ਰਿਹਾ। ਸਭ ਦੀਆਂ ਜੀਭਾਂ ਜਿਵੇਂ ਠਾਕੀਆਂ ਗਈਆਂ ਸਨ। ਪਾਲੇ ਨੇ ਗੁੱਸੇ ਨਾਲ ਕਚੀਚੀ ਵੱਟੀ। ਉਹਦਾ ਦਿਲ ਕੀਤਾ, ਉਹ ਮਹਿੰਦਰੋ ਨੂੰ ਗਲੋਂ ਜਾ ਫੜੇ ਜਾਂ ਲਲਕਾਰਾ ਮਾਰ ਕੇ ਪਿਛੇ ਹਟਾ ਦੇਵੇ। ਪਰ ਉਸ ਉਤੇ ਵੀ ਜਿਵੇਂ ਕੋਈ ਟੂਣਾ ਹੋ ਗਿਆ ਸੀ। ਉਹਨੇ ਵੱਢ-ਖਾਣੀਆਂ ਅੱਖਾਂ ਨਾਲ ਮਹਿੰਦਰੋ ਨੂੰ ਦੇਖਿਆ ਤਾਂ ਸਹੀ, ਪਰ ਬੋਲ ਉਹ ਵੀ ਕੁਝ ਨਾ ਸਕਿਆ।
"ਮੈਂਗਲ ਦੀ ਜ਼ਮੀਨ ਜਾਊ ਮੈਂਗਲ ਦੀ ਔਲਾਦ ਨੂੰ!" ਮਹਿੰਦਰੋ ਨੇ ਦੋ ਟੁਕ ਫੈਸਲਾ ਦੇ ਦਿਤਾ।
"ਮੈਂਗਲ ਦੀ ਔਲਾਦ?" ਸਾਰਿਆਂ ਦੇ ਮੂੰਹ ਟੱਡੇ ਦੇ ਟੱਡੇ ਰਹਿ ਗਏ।
"ਔਹ ਦਿਸਦੈ ਵੱਡੇ ਮਹਾਰਾਜ ਦਾ ਝੰਡਾ," ਮਹਿੰਦਰੋ ਨੇ ਕੰਧ ਉਤੋਂ ਦੀ ਦਿਸਦੇ ਗੁਰਦੁਆਰੇ ਦੇ ਉਚੇ ਨਿਸ਼ਾਨ ਸਾਹਿਬ ਵਲ ਹੱਥ ਕੀਤਾ, ਜੋ ਧੀਮੀ ਚਾਲ ਚਲਦੀ ਪੌਣ ਵਿਚ ਝੁਲ ਰਿਹਾ ਸੀ।
"ਉਹਨੂੰ ਹਾਜਰ-ਨਾਜਰ ਜਾਣ ਕੇ ਮੈਂਗਲ ਉਠੇ। ਜੇ ਤਾਂ ਇਹ ਜੁਆਕ ਇਹਦੈ, ਤਾਂ ਇਹਨੂੰ ਚੁਕ ਲਵੇ ਗੋਦੀ, ਨਹੀਂ ਤਾਂ…।"
ਤੇ ਮਹਿੰਦਰੋ ਨੇ ਇਹ ਕਹਿੰਦਿਆਂ ਡੌਰ-ਭੌਰ ਹੋਏ ਗੁਰਜੰਟ ਨੂੰ ਗੋਦੀਉਂ ਲਾਹ ਕੇ ਪੰਚਾਇਤ ਦੇ ਵਿਚਾਲੇ ਜਾ ਬਿਠਾਇਆ।
ਵਿਹੜੇ ਵਿਚ ਜੋਰ ਦੀ ਘੁਸਰ-ਮੁਸਰ ਹੋਈ। ਸਭ ਦੇ ਮੂੰਹੋਂ ਆਪ-ਮੁਹਾਰਾ ਕੁਝ ਨਾ ਕੁਝ ਨਿਕਲ ਰਿਹਾ ਸੀ। ਅਜੀਬ ਭਿਣ-ਭਿਣ ਹੋ ਰਹੀ ਸੀ, ਜਿਵੇਂ ਕਿਸੇ ਨੇ ਮਖਿਆਲ ਦੀਆਂ ਮੱਖੀਆਂ ਦੇ ਛੱਤੇ ਵਿਚ ਡਲਾ ਮਾਰ ਦਿਤਾ ਹੋਵੇ।
ਮੈਂਗਲ ਨੇ ਨਜ਼ਰ ਚੁਕ ਕੇ ਲੋਕਾਂ ਵਲ ਦੇਖਿਆ- ਕੁਝ ਪੰਚਾਇਤੀ ਨੀਵੀਆਂ ਪਾ ਕੇ ਧਰਤੀ ਉਤੇ ਲੀਕਾਂ ਵਾਹ ਰਹੇ ਸਨ, ਕੁਝ ਹੈਰਾਨ ਹੋ ਕੇ ਕਦੇ ਮੈਂਗਲ ਵਲ ਤੇ ਕਦੇ ਮਹਿੰਦਰੋ ਵਲ ਦੇਖ ਰਹੇ ਸਨ। ਸੋਹਣੇ ਅਮਲੀ ਵਰਗੇ ਮੁਸਕੜੀਏ ਹੱਸ ਰਹੇ ਸਨ ਅਤੇ ਇਕ ਪਾਸੇ ਖਲੋਤੇ ਮੈਂਗਲ ਦੇ ਹਾਣੀ ਮੁਛਾਂ ਨੂੰ ਵੱਟ ਦਿੰਦੇ ਹੋਏ ਕਹਿ ਰਹੇ ਸਨ, "ਵਾਹ ਨੀ ਮਰਦ ਦੀਏ ਬੱਚੀਏ…ਸ਼ੇਰਨੀ ਦਾ ਦੁੱਧ ਪੀਤੈ ਬਈ ਭਾਬੀ ਨੇ ਸ਼ੇਰਨੀ ਦਾ…ਵਾਹ ਉਇ ਮਿੱਤਰਾ ਮੈਂਗਲ ਸਿੰਆਂ…ਅਸੀਂ ਤਾਂ ਐਵੇਂ ਗੱਪੂ ਸਮਝਦੇ ਰਹੇ, ਸੱਚ-ਪੁੱਤਰ ਨਿਕਲਿਆ ਬਈ ਸੂਰਮਾ…ਬੜੀ ਨਰ ਤੀਵੀਂ ਐ ਬਈ ਮਹਿੰਦਰੋ…ਬੜਾ ਯੋਧਾ ਐ ਬਈ ਮੈਂਗਲ ਸਿਉਂ!"
ਮਹਿੰਦਰੋ ਦੀ ਤਿਖੀ ਆਵਾਜ਼ ਨਾਲ ਚੁਪ ਫੇਰ ਛਾ ਗਈ। ਮੈਂਗਲ ਨੂੰ ਉਲਝਿਆ ਜਿਹਾ ਦੇਖ ਉਹ ਲਲਕਾਰ ਕੇ ਬੋਲੀ, "ਮੈਂਗਲਾ! ਜਾਣ ਉਚੇ ਝੰਡੇ ਵਾਲੇ ਵੱਡੇ ਮਹਾਰਾਜ ਨੂੰ ਹਾਜਰ-ਨਾਜਰ! ਸੱਚ ਬੋਲ ਭਰੀ ਪੰਚਾਇਤ ਵਿਚ। ਸੱਚ ਤੋਂ ਕਾਹਦਾ ਡਰਨਾ!"
ਮੈਂਗਲ ਨੇ ਮਹਿੰਦਰੋ ਵਲ ਦੇਖਿਆ ਤਾਂ ਉਹਨੂੰ ਲਗਿਆ ਜਿਵੇਂ ਘੁੰਡ ਵਿਚੋਂ ਨੰਗੀ ਖੱਬੀ ਅੱਖ ਦੇ ਦੀਵੇ ਦੀ ਲਾਟ ਉਹਦੀ ਸੁੱਕੇ ਘਾਹ-ਫੂਸ ਦੀ ਬਣੀ ਹੋਈ ਕਾਇਆ ਨਾਲ ਛੋਹ ਗਈ ਹੋਵੇ। ਤੇ ਪੱਗ ਦਾ ਢਿਲਕਿਆ ਲੜ ਬੋਚਦਿਆਂ ਉਹਨੇ ਭੀੜ ਵਿਚ ਭਮੱਤਰ ਕੇ ਰੋ ਰਹੇ ਗੁਰਜੰਟ ਨੂੰ ਹਿੱਕ ਨਾਲ ਲਾ ਲਿਆ।

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਗੁਰਬਚਨ ਸਿੰਘ ਭੁੱਲਰ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ