Dharti De Bete : Devinder Satyarthi

ਧਰਤੀ ਦੇ ਬੇਟੇ : ਦੇਵਿੰਦਰ ਸਤਿਆਰਥੀ

ਬਚਪਨ ਦੀਆਂ ਖੁਸ਼ੀਆਂ, ਜਿਨ੍ਹਾਂ ਦੇ ਨਿਸ਼ਾਨ ਮੇਰੇ ਦਿਲ ਉਤੇ ਅਜੇ ਵੀ ਬਾਕੀ ਹਨ, ਸਾਡੇ ਇਸ ਬੋਹੜ ਨੂੰ ਵੀ ਯਾਦ ਹੋਣਗੀਆਂ। ਕਿਸੇ ਦਿਨ ਇਹ ਬਿਰਛ ਜਵਾਨ ਸੀ, ਤੇ ਇਸ ਦੇ ਜਜ਼ਬਾਤ ਕਿਸੇ ਕਿਸਾਨ ਦੂਲੇ ਦੇ ਸੁਫਨਿਆਂ ਨਾਲੋਂ ਵੀ ਮਿੱਠੇ ਸਨ। ਤਦ ਸ਼ਾਇਦ ਇਸ ਦੀ ਛਾਂ ਇਤਨੀ ਸੰਘਣੀ ਨਹੀਂ ਸੀ, ਪਰ ਜਿਥੋਂ ਤੱਕ ਮੇਰੀ ਯਾਦ ਦਾ ਸਬੰਧ ਹੈ, ਮੈਂ ਇਸ ਨੂੰ ਬੁਢੇਪੇ ਦੇ ਦੌਰ ਵਿਚੋਂ ਹੀ ਲੰਘਦਿਆਂ ਦੇਖਿਆ ਹੈ। ਕਦੀ-ਕਦੀ ਮੈਂ ਸੋਚਦਾ ਹਾਂ ਕਿ ਇਸ ਦਾ ਰੂਪ ਅੱਜ ਵੀ ਅਜਿਹਾ ਹੀ ਹੈ, ਜਿਹੋ ਜਿਹਾ ਉਸ ਦਿਨ ਸੀ, ਜਦ ਮੈਂ ਪਹਿਲੀ ਵਾਰ ਇਸ ਦੀ ਛਾਂ ਹੇਠ ਆ ਬੈਠਾ ਸੀ।
ਰੋਜ਼-ਰੋਜ਼ ਪਲ-ਪਲ ਇਸ ਬਿਰਛ ਨੇ ਸਦੀਆਂ ਦੀ ਬਾਤ-ਚੀਤ ਸੁਣੀ ਹੈ। ਉਹ ਚੁੱਪ ਜ਼ਰੂਰ ਹੈ, ਪਰ ਉਸ ਨੂੰ ਦਿਹਾਤੀ ਜੀਵਨ ਦੀਆਂ ਸੈਂਕੜੇ ਘਟਨਾਵਾਂ ਦਾ ਪਤਾ ਹੈ। ਸੈਂਕੜੇ ਸਿਆਲਾਂ, ਹੁਨਾਲਾਂ ਤੇ ਬਰਸਾਤਾਂ ਦੀਆਂ ਕਹਾਣੀਆਂ, ਅਮੀਰੀ-ਗਰੀਬੀ ਦੀ ਕਸ਼ਮਕਸ਼, ਅਣਗਿਣਤ ਝਗੜੇ ਤੇ ਤਮਾਸ਼ੇ, ਇਨ੍ਹਾਂ ਸਭ ਚੀਜ਼ਾਂ ਨੇ ਉਸ ਦੀ ਹਿੱਕ ਉਤੇ ਬੇਹੱਦ ਕੋਮਲ ਨਿਸ਼ਾਨ ਛੱਡੇ ਹਨ। ਇਸ ਦਾ ਕੱਚਾ ਥੜ੍ਹਾ, ਜੋ ਹੁਣ ਅੱਧੇ ਨਾਲੋਂ ਬਹੁਤਾ ਟੁੱਟ-ਫੁੱਟ ਗਿਆ ਹੈ, ਤੇ ਜਿਸ ਵੱਲ ਠੰਢੀ ਛਾਂ ਦਾ ਸਵਾਦ ਲੈਣ ਵਾਲੇ ਚਰਵਾਹੇ ਤੇ ਕਿਸਾਨ ਗੱਭਰੂ ਆਪਣੀ ਕੋਈ ਜ਼ਿੰਮੇਵਾਰੀ ਅਨੁਭਵ ਨਹੀਂ ਕਰਦੇ, ਪਹਿਲੇ ਬਹੁਤ ਸੋਹਣਾ ਸੀ। ਇਸ ਉਤੇ ਬਹਿ ਕੇ ਮੈਂ ਕਈ ਵਾਰੀ ਇਸ ਬਿਰਛ ਦੇ ਕੰਬਦੇ ਪੱਤਿਆਂ ਵੱਲ ਟੱਕ ਬੰਨ੍ਹ ਕੇ ਦੇਖਿਆ ਸੀ। ਕਈ ਵਾਰ ਤਾਂ ਮੈਂ ਇਸ ਦੇ ਤਣੇ ਨਾਲ ਇਉਂ ਚੰਬੜ ਗਿਆ ਸਾਂ, ਜਿਵੇਂ ਆਪਣੇ ਮਾਸੂਮ ਹੱਥ ਅੱਡ ਕੇ ਮੈਂ ਆਪਣੇ ਬਾਪ ਦੀਆਂ ਲੱਤਾਂ ਲਾਲ ਚੰਬੜਦਾ ਸਾਂ।
ਸਾਡੇ ਪਿੰਡ ਦੇ ਇਤਿਹਾਸ ਨਾਲ ਇਸ ਬੁੱਢੇ ਬਿਰਛ ਦਾ ਇਹ ਅਟੁੱਟ ਸਬੰਧ ਕਿਸੇ ਖਾਸ ਵਿਆਖਿਆ ਦਾ ਲੋੜਵੰਦ ਨਹੀਂ। ਸਦਾ ਤੋਂ ਆਦਮੀ ਤੇ ਬਿਰਛ ਵਿਚਾਲੇ ਪਿਆਰ ਦਾ ਕੋਮਲ ਜਜ਼ਬਾ ਕਾਇਮ ਹੈ, ਤੇ ਇਹ ਸਦਾ ਕਾਇਮ ਰਹੇਗਾ। ਬਿਰਛ ਤਾਂ ਸਾਡੇ ਪਿੰਡ ਦੇ ਚੁਫੇਰੇ ਸੈਂਕੜੇ ਹੀ ਹਨ, ਪਰ ਜੋ ਸ਼ਾਂਤੀ ਮੈਨੂੰ ਇਸ ਬੁੱਢੇ ਬੋਹੜ ਥੱਲੇ ਬਹਿ ਕੇ ਮਿਲਦੀ ਹੈ, ਹੋਰ ਕਿਤੇ ਨਹੀਂ ਮਿਲਦੀ। ਕਦੀ ਕਦਾਈਂ ਤਾਂ ਮੈਂ ਇਹ ਵੀ ਅਨੁਭਵ ਕਰਦਾ ਹਾਂ ਕਿ ਉਹ ਡੂੰਘਾ ਸਾਹ ਲੈ ਰਿਹਾ ਹੈ, ਤੇ ਰਾਹੀਆਂ ਵੱਲੋਂ ਨਜ਼ਰਾਂ ਮੋੜ ਕੇ ਮੇਰੇ ਵੱਲ ਤੱਕ ਰਿਹਾ ਹੈ। ਉਸ ਦੀਆਂ ਨਿਗਾਹਾਂ ਵਿਚ ਨਿੱਗਰ ਸੱਚਾਈ ਭਰੀ ਹੋਈ ਹੈ, ਉਹੀ ਸੱਚਾਈ ਜੋ ਮਿਹਨਤ-ਮੁਸ਼ੱਕਤ ਮਗਰੋਂ ਛਾਂ ਵਿਚ ਬੈਠੇ ਕਿਸਾਨ ਤੇ ਮਜ਼ਦੂਰ ਨੂੰ ਸਦੀਆਂ ਤੋਂ ਅਨੁਭਵ ਹੁੰਦੀ ਰਹੀ ਹੈ।
ਇਹ ਬਿਰਛ ਇਥੇ ਨਾ ਹੁੰਦਾ ਤਾਂ ਨੇੜੇ ਦਾ ਇਹ ਨਹਿਰ ਦਾ ਪੁਲ ਬਿਲਕੁਲ ਬੇ-ਰੌਣਕਾ ਰਹਿੰਦਾ। ਨਹਿਰ ਸਰਹਿੰਦ ਦੀ ਇਹ ਸ਼ਾਖ, ਜਿਸ ਉਤੇ ਸੈਰ ਕਰਨ ਲਈ ਮੈਂ ਖੁਸ਼ੀ-ਖੁਸ਼ੀ ਚਲਿਆ ਆਉਂਦਾ ਹਾਂ, ਬਹੁਤੀ ਪੁਰਾਣੀ ਨਹੀਂ। ਇਸ ਨੂੰ ਇਧਰ ਆਇਆਂ ਮਸਾਂ ਚਾਲੀ ਸਾਲ ਹੋਏ ਹੋਣਗੇ। ਜਦ ਖੁਦਾਈ ਦਾ ਕੰਮ ਹੋ ਰਿਹਾ ਸੀ, ਮਜੂਰਾਂ ਤੇ ਮਜੂਰਨੀਆਂ ਦੇ ਮੁੜ੍ਹਕੋ-ਮੁੜ੍ਹਕੀ ਹੋਏ ਮੱਥੇ ਦੇਖ ਕੇ, ਉਨ੍ਹਾਂ ਦੇ ਹਾਸੇ-ਖੇਡੇ ਤੇ ਗਾਲੀ-ਗਲੋਚ ਸੁਣ ਕੇ, ਤੇ ਉਨ੍ਹਾਂ ਦੇ ਲੁਕਵੇਂ ਜਜ਼ਬਿਆਂ ਵਿਚ ਮਨੁੱਖਤਾ ਦਾ ਮੁਢਲਾ ਅਨੁਭਵ ਪ੍ਰਤੀਤ ਕਰ ਕੇ ਇਹ ਬੋਹੜ ਬਹੁਤ ਪ੍ਰਸੰਨ ਹੋਇਆ ਹੋਵੇਗਾ। ਤੇ ਫੇਰ ਜਦ ਇਹ ਪੁਲ ਬਣਨਾ ਸ਼ੁਰੂ ਹੋਇਆ ਸੀ ਤਾਂ ਠੇਕੇਦਾਰ ਤੇ ਸਰਕਾਰੀ ਇੰਜੀਨੀਅਰ ਵਿਚਕਾਰ ਰਿਸ਼ਵਤ ਦਾ ਰਿਸ਼ਤਾ ਦੇਖ ਕੇ ਸਭਿਅਤਾ ਤੇ ਸਰਮਾਏਦਾਰੀ ਦੀ ਅਸਲੀਅਤ ਵੀ ਉਸ ਉਤੇ ਚੰਗੀ ਤਰ੍ਹਾਂ ਖੁੱਲ੍ਹ ਗਈ ਹੋਵੇਗੀ।
"ਧਰਤੀ ਵਿਚ ਜਕੜੇ ਬਿਰਛ ਤੁਰਨ ਦੀ ਇੱਛਾ ਰੱਖਦੇ ਹਨ... ਤੇ ਮਨੁੱਖ ਅਜਿਹੇ ਸਵਰਗ ਦੀ ਪ੍ਰਾਪਤੀ ਲਈ ਧੱਕੇ ਖਾ ਰਿਹਾ ਹੈ, ਜਿਥੋਂ ਮੁਕਟਧਾਰੀ ਦੇਵਤੇ ਵੀ ਛੁਟਕਾਰਾ ਪਾਉਣ ਲਈ ਵਿਆਕੁਲ ਹਨ।" ਇਹ ਭਰਥਰੀ ਹਰੀ ਲਿਖ ਗਏ ਹਨ। ਕੀ ਸਾਡੇ ਇਸ ਬੁੱਢੇ ਬੋਹੜ ਨੂੰ ਵੀ ਤੁਰਨ ਦੀ ਇੱਛਾ ਹੈ? ਅਜਿਹੀ ਚੰਗੀ ਥਾਂ ਇਸ ਨੂੰ ਹੋਰ ਕਿਥੇ ਲੱਭੇਗੀ?
ਅਹੁ ਇਕ ਰਾਹੀ ਜਾ ਰਿਹਾ ਹੈ। ਬੁਢੇਪੇ ਕਰ ਕੇ ਵਿਚਾਰੇ ਦਾ ਸਰੀਰ ਕੰਬ ਰਿਹਾ ਹੈ। ਉਹ ਜ਼ਰਾ ਰੁਕ ਕਿਉਂ ਨਹੀਂ ਜਾਂਦਾ? ਇਤਨੀ ਵੀ ਕੀ ਕਾਹਲ ਸੂ? "ਆ ਜਾਓ ਸਰਦਾਰ ਜੀ, ਰਤਾ ਆਰਾਮ ਕਰ ਲਓ।"
ਮੇਰੀ ਆਵਾਜ਼ ਰਾਹੀ ਤੀਕ ਨਹੀਂ ਪਹੁੰਚੀ। ਉਹ ਚਲਾ ਗਿਆ... ਦੂਰ, ਬਹੁਤ ਦੂਰ। ਬੁੱਢਾ ਬੋਹੜ ਚੁੱਪ-ਚੁਪੀਤਾ ਖੜ੍ਹਾ ਸੀ।
ਮੈਂ ਵੀ ਤਾਂ ਸੁਫਨਿਆਂ ਦੇ ਕਿਲ੍ਹੇ ਬਣਾ ਰਿਹਾ ਹਾਂ। ਚਾਹੁੰਦਾ ਹਾਂ, ਦੂਰ-ਦੁਮੇਲ ਦੇ ਕੋਲ ਜਾ ਪਹੁੰਚਾਂ, ਜਿਥੇ ਸੁਫਨਿਆਂ ਦੀਆਂ ਪਰੀਆਂ ਲੋਰੀਆਂ ਗਾ ਰਹੀਆਂ ਹਨ। ਬੁੱਢਾ ਬੋਹੜ ਚੁੱਪ-ਚੁਪੀਤਾ ਖੜ੍ਹਾ ਹੈ। ਖਬਰੇ ਇਹ ਕਹਿਣਾ ਚਾਹੁੰਦਾ ਹੈ, "ਦੇਖ ਕਿਸ ਤਰ੍ਹਾਂ ਆਪਣੀਆਂ ਬਾਂਹਾਂ ਅੱਡ ਰੱਖੀਆਂ ਹਨ, ਮੈਂ ਤੇਰੇ ਚੁਪਾਸੇ। ਕੀ ਮੇਰੀ ਛਾਂ ਦੀਆਂ ਲੋਰੀਆਂ ਸੁੰਦਰ ਨਹੀਂ?" ਜਦ ਤੀਕ ਇਹ ਬੋਹੜ ਇਥੇ ਖੜ੍ਹਾ ਹੈ, ਤਦ ਤੱਕ ਇਹ ਹੌਲੀ-ਹੌਲੀ ਹਰ ਇਕ ਦੇ ਕੰਨ ਵਿਚ ਆਖਦਾ ਹੈ, "ਪ੍ਰੀਤ ਤੇ ਵਡਿਆਈ ਇਕੋ ਸੁੰਦਰੀ ਦੀਆਂ ਦੋ ਗੱਲ੍ਹਾਂ ਹਨ।" ਮੈਂ ਇਸ ਨੂੰ ਛੱਡਾਂਗਾ ਨਹੀਂ। ਟਿਕਟਿਕੀ ਬੰਨ੍ਹ ਕੇ ਮੈਂ ਇਸ ਦੀ ਚੋਟੀ ਵੱਲ ਤੱਕਦਾ ਹਾਂ।
ਬਿਰਛ ਦੇ ਖਾਮੋਸ਼ ਪਿਆਰ ਵਿਚ ਉਹ ਗ਼ਲਤਫਹਿਮੀਆਂ ਕਿਥੇ, ਜੋ ਮਨੁੱਖ ਦੀ ਦੁਨੀਆਂ ਵਿਚ ਪੈਰ-ਪੈਰ 'ਤੇ ਵਾਪਰਦੀਆਂ ਹਨ?

---
ਟੁੱਟ ਗਏ ਤ੍ਰੇਲ ਦੇ ਮੋਤੀ,
ਪੈਲਾਂ ਪਾਉਂਦੀ ਦੇ।
ਕੋਈ ਮੁਟਿਆਰ ਗਾਉਂਦੀ ਆ ਰਹੀ ਹੈ। ਆਪਣੇ ਸੁਨਹਿਰੀ ਰੱਥ ਉਤੇ ਸਵਾਰ ਸੂਰਜ ਦੇਵਤਾ ਬੁੱਢੇ ਬੋਹੜ ਉਤੇ ਆ ਗਿਆ ਹੈ। ਟੀਸੀ ਦੇ ਪੱਤੇ ਜਗਮਗ-ਜਗਮਗ ਕਰ ਉਠੇ। ਪੰਜਾਬੀ ਬੋਲੀ ਦਾ ਇਹ ਗੀਤ ਸੈਂਕੜੇ ਸਾਲਾਂ ਤੋਂ ਦਿਲਾਂ ਦੀਆਂ ਮੰਜ਼ਲਾਂ ਮਾਰਦਾ ਆ ਰਿਹਾ ਹੈ।
"ਰਾਤ ਨੇ ਸੂਰਜ ਨੂੰ ਕਿਹਾ, ਤੂੰ ਚੰਨ ਦੀ ਮਾਰਫ਼ਤ ਪਿਆਰ ਦੀਆਂ ਚਿੱਠੀਆਂ ਭੇਜਦਾ ਹੈਂ, ਮੈਂ ਉਨ੍ਹਾਂ ਦਾ ਉਤਰ ਤ੍ਰੇਲ ਦੀ ਸ਼ਕਲ ਵਿਚ ਘਾਹ ਉਤੇ ਛੱਡ ਜਾਂਦੀ ਹਾਂ।" ਟੈਗੋਰ ਨੇ ਲਿਖਿਆ ਹੈ।
ਪਿੰਡ ਦੀ ਮੁਟਿਆਰ ਇਹ ਜਾਣਦੀ, ਤਾਂ ਤ੍ਰੇਲ ਦੇ ਮੋਤੀ ਇਉਂ ਆਪਣੇ ਪੈਰਾਂ ਥੱਲੇ ਨਾ ਮਧੋਲਦੀ। ਬੁੱਢਾ ਬੋਹੜ ਸ਼ਾਇਦ ਧਰਤੀ ਦੀ ਇਸ ਬੇਟੀ ਨੂੰ ਪੁਕਾਰ ਕੇ ਕਹਿਣਾ ਚਾਹੁੰਦਾ ਹੈ, "ਤੂੰ ਤ੍ਰੇਲ ਦੇ ਮੋਤੀ ਕਿਉਂ ਮਧੋਲੇ?"
ਅਹਿ ਲਓ, ਦੋ ਬੱਚੇ ਤੁਰੇ ਆਉਂਦੇ ਹਨ। ਘਰ ਮਾਂ-ਪਿਉ ਝਿੜਕਾਂ ਦਿੰਦੇ ਹਨ, ਪਰ ਬੁੱਢੇ ਬੋਹੜ ਕੋਲ ਕੇਵਲ ਖਾਮੋਸ਼ ਮੁਹੱਬਤ ਹੈ, ਜੋ ਉਨ੍ਹਾਂ ਦੇ ਦਿਲਾਂ ਵਿਚ ਖੁਭਦੀ ਚਲੀ ਜਾਂਦੀ ਹੈ। ਸੂਰਜ ਵੱਲ ਮੂੰਹ ਕੀਤੀ ਉਹ ਗਾ ਰਹੇ ਹਨ,
ਸੂਰਜਾ! ਸੂਰਜਾ!
ਝੱਗਾ ਦੇਊਂ, ਟੋਪੀ ਦੇਊਂ,
ਤੇੜ ਨੂੰ ਲੰਗੋਟੀ ਦੇਊਂ,
ਕਰਾਰੀ ਧੁੱਪ ਕੱਢ ਦੇ!
ਬੱਚਿਆਂ ਦੀਆਂ ਕਿਲਕਾਰੀਆਂ ਸੁਣ ਕੇ ਬੁੱਢੇ ਬੋਹੜ ਦੀ ਚੁੱਪ ਵਿਚ ਕੋਈ ਫਰਕ ਨਹੀਂ ਪੈਂਦਾ। ਸੈਂਕੜੇ ਬੱਚੇ ਵਾਰੋ-ਵਾਰੀ ਇਥੇ ਆਉਂਦੇ ਹਨ। "ਨਿੱਕੇ ਬੱਚਿਆਂ ਨੂੰ ਮੇਰੇ ਪਾਸ ਆਉਣ ਦਿਓ, ਸਵਰਗ ਦਾ ਰਾਜ ਅਜਿਹਾ ਹੀ ਹੈ।" ਈਸਾ ਦਾ ਇਹ ਬੋਲ ਮੇਰੇ ਦਿਮਾਗ ਵਿਚ ਗੂੰਜ ਉਠਦਾ ਹੈ। ਸਕੂਲ ਮਾਸਟਰ ਬੱਚਿਆਂ ਨੂੰ ਡਾਂਟ ਕੇ ਆਖਦਾ ਹੈ, "ਸਬਕ ਕਿਉਂ ਨਹੀਂ ਚੇਤੇ ਕੀਤਾ? ਬੁੱਢੇ ਬੋਹੜ ਥੱਲੇ ਬੁੜ੍ਹਕਣ ਦਾ ਕੀ ਲਾਭ?" ਬੱਚਿਆਂ ਨੂੰ ਇਹ ਉਪਦੇਸ਼ ਵਿਅਰਥ ਜਾਪਦਾ ਹੈ। ਸਦੀਆਂ ਤੋਂ ਉਹ ਸੂਰਜ ਲਈ ਝੱਗੇ, ਟੋਪੀ ਤੇ ਲੰਗੋਟੀ ਦਾ ਢੋਆ ਚੁੱਕੀ ਹਾਜ਼ਰ ਰਹੇ ਹਨ। ਸ਼ਰਤ ਇਹੋ ਹੈ ਕਿ ਉਹ ਸਿਆਲ ਵਿਚ ਰਤਾ ਤੇਜ਼ ਚਮਕੇ, ਤੇ ਬੱਚਿਆਂ ਦੇ ਚੁਫੇਰੇ ਆਪਣੀਆਂ ਨਿੱਘੀਆਂ ਕਿਰਨਾਂ ਦਾ ਜਾਲ ਬੁਣ ਦੇਵੇ।
ਬੁੱਢਾ ਬੋਹੜ ਮਸਤ ਕਵੀ ਵਾਂਗ ਖੜ੍ਹਾ ਰਹਿੰਦਾ ਹੈ। ਕਿਸਾਨ ਦੇ ਗੀਤਾਂ ਦਾ ਉਹ ਪੁਰਾਣਾ ਸਰਪ੍ਰਸਤ ਹੈ। ਧਰਤੀ ਦੇ ਬੇਟਿਆਂ ਦੀ ਅਮੀਰੀ ਗਰੀਬੀ ਦਾ ਉਹ ਚਸ਼ਮਦੀਦ ਗਵਾਹ ਹੈ। ਸ਼ਾਇਦ ਉਹ ਉਨ੍ਹਾਂ ਦੇ ਦਿਲਾਂ ਦੀਆਂ ਗੱਲਾਂ ਬੁੱਝ ਲੈਂਦਾ ਹੈ:
1. ਪਿੱਪਲ ਗਾਵੇ, ਬੋਹੜ ਗਾਵੇ,
ਗਾਵੇ ਹਰਿਆਲਾ ਤੂਤ।
ਖੜ੍ਹ ਕੇ ਸੁਣ ਰਾਹੀਆ,
ਤੇਰੀ ਰੂਹ ਹੋ ਜੂਗੀ ਸੂਤ।
2. ਬਿਰਛਾਂ ਦੇ ਗੀਤ ਸੁਣ ਕੇ,
ਮੇਰੇ ਦਿਲ ਵਿਚ ਚਾਨਣ ਹੋਇਆ।
ਮਸਤ ਹਵਾ ਵਿਚ, ਜਾਦੂ ਭਰੀ ਫਿਜ਼ਾ ਵਿਚ, ਜਦ ਬਸੰਤ ਦੀ ਦੇਵੀ ਲਲਚਾਈਆਂ ਨਜ਼ਰਾਂ ਨਾਲ ਇਕ-ਇਕ ਬਿਰਛ-ਬੂਟੇ ਵੱਲ ਝੂਮਦੀ-ਝਾਮਦੀ ਚਲੀ ਆਉਂਦੀ ਹੈ ਤਾਂ ਧਰਤੀ ਦੀ ਰਗ-ਰਗ ਵਿਚ ਮਦ ਭਰਿਆ ਸੰਗੀਤ ਸਮਾ ਜਾਂਦਾ ਹੈ। ਆਪਾ ਭੁੱਲ ਜਾਣ ਦੀ ਮਸਤੀ ਵਿਚ ਸ਼ਾਇਦ ਹਰ ਬਿਰਛ ਕੁਝ ਨਾ ਕੁਝ ਗੁਣਗੁਣਾਉਂਦਾ ਹੈ। ਸ਼ਾਂਤੀ ਦੀਆਂ ਘੜੀਆਂ ਵਿਚ ਪੱਤਿਆਂ ਦੀ ਸਾਧਾਰਨ ਜਿਹੀ ਸਰਸਰਾਹਟ ਸੁਣ ਕੇ ਵੀ ਰਾਹੀ ਨੂੰ ਬਿਰਛ ਦੀ ਦਿਲੀ ਹਾਲਤ ਦਾ ਅਨੁਭਵ ਹੋ ਜਾਂਦਾ ਹੈ। ਬਿਰਛਾਂ ਦੀ ਸੰਗਤ ਵਿਚ, ਉਨ੍ਹਾਂ ਦੀ ਭਾਵੁਕ ਸਰਸਰਾਹਟ ਦੇ ਅਸਰ ਹੇਠ ਆਦਮੀ ਸਦਾ ਧਰਤੀ ਦੇ ਦਿਲੀ ਭੇਤ ਪਾ ਲੈਂਦਾ ਹੈ।
ਨਾ 'ਕੱਲਾ ਆਦਮੀ ਚੰਗਾ, ਨਾ 'ਕੱਲਾ ਬਿਰਛ, ਪਿੰਡ ਦਾ ਕਵੀ ਸਦਾ ਆਪਣੀ ਰਾਏ ਦਿੰਦਾ ਆਇਆ ਹੈ:
'ਕੱਲੀ ਹੋਵੇ ਨਾ ਬਨਾਂ ਵਿਚ ਟਾਹਲੀ,
'ਕੱਲਾ ਨਾ ਹੋਵੇ ਪੁੱਤ ਜੱਟ ਦਾ!
ਲੋਕ ਗੀਤ ਸਦੀਆਂ ਤੋਂ ਧਰਤੀ ਦੇ ਬੇਟਿਆਂ ਨੂੰ ਗੁਦਗੁਦਾਉਂਦੇ ਆਏ ਹਨ, ਧਰਤੀ ਦੇ ਗੀਤ, ਬਿਰਛਾਂ ਦੇ ਗੀਤ:
1. ਬੇਰੀਆਂ ਨੂੰ ਬੇਰ ਲੱਗ ਗਏ,
ਤੈਨੂੰ ਕੁਛ ਨਾ ਲੱਗਿਆ ਮੁਟਿਆਰੇ!
2. ਰੁੱਤ ਯਾਰੀਆਂ ਲਾਉਣ ਦੀ ਆਈ,
ਬੇਰੀਆਂ ਦੇ ਬੇਰ ਪੱਕ ਗਏ।
3. ਮੈਨੂੰ 'ਕੱਲੀ ਨੂੰ ਚੁਬਾਰਾ ਪਾ ਦੇ,
ਰੋਹੀ ਵਾਲਾ ਜੰਡ ਵੱਢ ਕੇ।
4. ਵਿਹੜੇ ਲਾ ਤਿਰਵੈਣੀ,
ਛਾਂਵੇਂ ਬਹਿ ਕੇ ਕੱਤਿਆ ਕਰੂੰ।
5. ਥੜ੍ਹਿਆਂ ਬਾਝ ਨਾ ਸੋਂਹਦੇ ਪਿੱਪਲ,
ਫੁੱਲਾਂ ਬਾਝ ਫੁਲਾਹੀਆਂ।
ਹੱਸਾਂ ਨਾਲ ਹਮੇਲਾਂ ਸੋਂਹਦੀਆਂ,
ਬੰਦਾਂ ਨਾਲ ਗਜਰਾਈਆਂ।
'ਧੰਨ ਭਾਗ ਮੇਰੇ' ਆਖੇ ਪਿੱਪਲ,
ਕੁੜੀਆਂ ਨੇ ਪੀਂਘਾਂ ਪਾਈਆਂ।
ਸਾਉਣ ਵਿਚ ਕੁੜੀਆਂ ਨੇ,
ਪੀਂਘਾਂ ਅਸਮਾਨ ਚੜ੍ਹਾਈਆਂ।
6. 'ਬਿਰਛਾ! ਬਿਰਛਾ!' ਤੋਤਾ ਬੋਲਿਆ
'ਇਕੇ ਤੇਰੀ ਜ਼ਿਮੀਂ ਭੈੜੀ,
ਇਕੇ ਤੇਰਾ ਮੁੱਢ ਪੁਰਾਣਾ।'
'ਨਾ ਮੇਰੀ ਜ਼ਿਮੀਂ ਭੈੜੀ,
ਨਾ ਮੇਰਾ ਮੁੱਢ ਪੁਰਾਣਾ,
ਇਕੇ ਖਾਧਾ ਨਵਾਬ ਦੀਆਂ ਡਾਚੀਆਂ,
ਇਕੇ ਸ਼ਤੀਰ ਕੱਪ ਖੜੇ ਤਰਖਾਣਾਂ,
ਤਰਖਾਣਾਂ ਦੇ ਮਰਨ ਬੱਚੜੇ,
ਆਵਣ ਢੁੱਕ ਢੁੱਕ ਮੁਕਾਣਾਂ,
ਮਰਨ ਨਵਾਬ ਦੀਆਂ ਡਾਚੀਆਂ,
ਨਾਲੇ ਆਪੂੰ ਮਰੇ ਨਵਾਬ ਸਿਆਣਾ।
ਬੱਚੇ ਵਾਂਗ ਮੈਂ ਇਸ ਬੁੱਢੇ ਬੋਹੜ ਦੀ ਗੋਦੀ ਵਿਚ ਦੌੜਿਆ ਆਉਂਦਾ ਹਾਂ। ਖੇਤਾਂ ਵਿਚੋਂ ਪਰਤਦੇ ਹੋਏ ਕਿਸਾਨਾਂ ਦੇ ਗੀਤ ਰਹੱਸਮਈ ਚੁੱਪ ਨੂੰ ਚੀਰਦੇ ਹੋਏ ਮੇਰੇ ਤੀਕ ਪਹੁੰਚਦੇ ਹਨ।
ਦਿਨ ਲੰਘ ਜਾਂਦਾ ਹੈ ਤੇ ਰਾਤ ਉਸ ਤੀਵੀਂ ਵਾਂਗ, ਜੋ ਆਪਣੇ ਮੋਢਿਆਂ ਉਤੇ ਵਾਲ ਖਿਲਾਰੀ ਬੈਠੀ ਹੋਵੇ, ਧਰਤੀ ਨੂੰ ਆਪਣੇ ਆਂਚਲ ਵਿਚ ਲੁਕਾ ਲੈਂਦੀ ਹੈ। ਰਾਤ ਦੇ ਵਧਦੇ ਹੋਏ ਹਨੇਰੇ ਵਿਚ ਸਾਡਾ ਇਹ ਬੋਹੜ, ਜੋ ਮੇਰੇ ਬੁੱਢੇ ਬਾਬੇ ਵਾਂਗ ਕਾਲੀ ਲੋਈ ਵਲ੍ਹੇਟੀ ਖਲੋਤਾ ਰਹਿੰਦਾ ਹੈ, ਆਪਣੇ ਜਜ਼ਬਾਤ ਵਿਚ ਗੁਆਚ ਜਾਂਦਾ ਹੈ ਤੇ ਘਰ ਪਰਤਣ ਤੋਂ ਪਹਿਲਾਂ ਮੈਂ ਇਸ ਬੁੱਢੇ ਬਿਰਛ ਦੇ ਤਣੇ ਨਾਲ ਇਕ-ਦੋ ਘੜੀਆਂ ਲਈ ਲਿਪਟ ਜਾਂਦਾ ਹਾਂ।
ਆਪਣਾ ਮਨਭਾਉਂਦਾ ਪੁਰਾਣਾ ਗੀਤ ਗਾਉਂਦਾ ਹੋਇਆ, ਮੈਂ ਨਹਿਰ ਦਾ ਪੁਲ ਪਾਰ ਕਰ ਕੇ ਘਰ ਵੱਲ ਮੁੜ ਪੈਂਦਾ ਹਾਂ:
ਨਦੀ ਕਿਨਾਰੇ ਰੁੱਖੜਾ,
ਖੜ੍ਹਾ ਸੀ ਅਮਨ-ਅਮਾਨ।
ਡਿੱਗਦਾ ਹੋਇਆ ਬੋਲਿਆ ਜੀਅ
ਦੇ ਨਾਲ ਜਹਾਨ।

---
ਉਹ ਸਾਰੇ ਫੁੱਲ ਜੋ ਕੱਲ੍ਹ ਰਾਤੀਂ ਆਪਣੀ ਭਿੰਨੀ-ਭਿੰਨੀ ਸੁਗੰਧ ਨਾਲ ਲਿਪਟ ਕੇ ਸੌਂ ਗਏ ਸਨ, ਹੁਣ ਜਾਗ ਉਠੇ ਹਨ। ਬੁੱਢੇ ਬੋਹੜ ਨੇ ਵੀ ਆਪਣੀ ਕਾਲੀ ਲੋਈ ਲਾਹ ਸੁੱਟੀ ਹੈ। ਇਕ ਨਹੀਂ, ਦੋ ਚਾਰ ਨਹੀਂ, ਕਿੰਨੇ ਹੀ ਕਿਸਾਨ ਆਪਣੇ-ਆਪਣੇ ਬਲਦ ਹੱਕੀ ਨਹਿਰ ਦੇ ਪੁਲ ਉਤੋਂ ਦੀ ਲੰਘ ਰਹੇ ਹਨ- ਜਲਦੀ, ਬਹੁਤ ਜਲਦੀ। ਕੋਈ ਮੁੱਛਾਂ ਉਤੇ ਹੱਥ ਫੇਰ ਰਿਹਾ ਹੈ, ਕੋਈ ਅੱਖਾਂ ਮਲ ਰਿਹਾ ਹੈ।
"ਸੂਰਜ ਭਗਵਾਨ ਨੂੰ ਲੱਖ-ਲੱਖ ਨਮਸਕਾਰ।"
"ਹਾਂ, ਹਾਂ, ਸੂਰਜ ਨੂੰ ਮੇਰਾ ਵੀ ਨਮਸਕਾਰ। ਉਹ ਰੋਜ਼ ਚਮਕਦਾ ਹੈ।"
"ਇਸ ਬੁੱਢੇ ਬੋਹੜ ਨੂੰ ਮੇਰਾ ਵੀ ਨਮਸਕਾਰ।"
"ਮੇਰਾ ਵੀ।"
ਸਦਾ ਤੋਂ ਆਦਮੀ ਤੇ ਬਿਰਛ ਵਿਚਾਲੇ ਪਿਆਰ ਦਾ ਕੋਮਲ ਜਜ਼ਬਾ ਕਾਇਮ ਹੈ ਤੇ ਇਹ ਰਿਸ਼ਤਾ ਸਦਾ ਜਾਰੀ ਰਹੇਗਾ। ਧਰਤੀ ਵਿਚ ਜਕੜੇ ਹੋਏ ਬਿਰਛਾਂ ਦੀਆਂ ਰਗਾਂ ਵਿਚ ਵੀ ਲਹੂ ਦੌੜ ਰਿਹਾ ਹੈ, ਕਦੀ ਤੇਜ਼ ਚਾਲ ਨਾਲ, ਕਦੀ ਧੀਮੀ ਚਾਲ ਨਾਲਆਦਮੀ ਦੇ ਲਹੂ ਵਾਂਗ।
ਸਾਡੇ ਬੁੱਢੇ ਬੋਹੜ ਦੀਆਂ ਜੜ੍ਹਾਂ ਧਰਤੀ ਦੀ ਨਬਜ਼ ਪਛਾਣਦੀਆਂ ਹਨ। ਕਿੰਨਾ ਅਜੀਬ ਹੈ ਜੀਵਨ ਦਾ ਫੈਲਾਉ। ਆਦਮੀ ਤੇ ਬਿਰਛ, ਦੋਵੇਂ ਧਰਤੀ ਦੇ ਬੇਟੇ ਹਨ। ਬੁੱਢਾ ਬੋਹੜ ਹੰਢੇ ਹੋਏ ਸਿਆਣੇ ਵਾਂਗ ਖੜ੍ਹਾ ਸਾਡੇ ਪਿੰਡ ਵੱਲ ਤੱਕ ਰਿਹਾ ਹੈ।

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਦੇਵਿੰਦਰ ਸਤਿਆਰਥੀ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ