Punjabi Stories/Kahanian
ਖ਼ਵਾਜਾ ਅਹਿਮਦ ਅੱਬਾਸ
Khwaja Ahmad Abbas

Punjabi Kavita
  

Diwali De Tinn Deeve Khwaja Ahmad Abbas

ਦੀਵਾਲੀ ਦੇ ਤਿੰਨ ਦੀਵੇ ਖ਼ਵਾਜਾ ਅਹਿਮਦ ਅੱਬਾਸ

ਪਹਿਲਾ ਦੀਵਾ

ਦੀਵਾਲੀ ਦਾ ਇਹ ਦੀਵਾ ਕੋਈ ਮਾਮੂਲੀ ਦੀਵਾ ਨਹੀਂ ਸੀ। ਦੀਵੇ ਦੀ ਸ਼ਕਲ ਦਾ ਬਹੁਤ ਵੱਡਾ ਬਿਜਲੀ ਦਾ ਲੈਂਪ ਸੀ ਜਿਹੜਾ ਸੇਠ ਲਕਸ਼ਮੀ ਦਾਸ ਦੇ ਮਹੱਲ ਰੂਪੀ ਘਰ ਦੇ ਸਾਹਮਣੇ ਵਾਲੇ ਵਰਾਂਡੇ ਵਿਚ ਲੱਗਿਆ ਹੋਇਆ ਸੀ। ਵਿਚਕਾਰ ਇਹ ਦੀਵਿਆਂ ਦਾ ਸਮਰਾਟ ਦੀਵਾ ਸੀ। ਜਿਵੇਂ ਸੂਰਜ ਦੇ ਆਲੇ-ਦੁਆਲੇ ਬਹੁਤ ਸਾਰੇ ਤਾਰੇ ਹੁੰਦੇ ਨੇ, ਉਸੇ ਪ੍ਰਕਾਰ ਇਸ ਦੀਵੇ ਦੇ ਚਾਰੇ ਪਾਸੇ, ਸਗੋਂ ਉਤੇ-ਥੱਲੇ ਵੀ ਹਜ਼ਾਰਾਂ ਬਲਬਾਂ ਦੀਆਂ ਲੜੀਆਂ ਝੁੱਲ ਰਹੀਆਂ ਸਨ, ਸੰਗਮਰਮਰ ਦੇ ਹਰ ਥਮ੍ਹਲੇ ‘ਤੇ ਬਿਜਲੀ ਦੀ ਤਾਰ ਦੀ ਵੇਲ ਚੜ੍ਹੀ ਹੋਈ ਸੀ ਤੇ ਉਸ ਵਿਚ ਪੱਕੇ ਹੋਏ ਅੰਗੂਰਾਂ ਵਾਂਗ ਲਾਲ, ਹਰੇ, ਨੀਲੇ ਅਤੇ ਪੀਲੇ ਬਲਬ ਲੱਗੇ ਹੋਏ ਸਨ। ਸਾਰੇ ਘਰ ਵਿਚ ਬਿਜਲੀ ਦੇ ਦਸ ਹਜ਼ਾਰ ਦੀਵੇ ਸ਼ਾਮ ਤੋਂ ਹੀ ਦੀਵਾਲੀ ਦਾ ਐਲਾਨ ਕਰਦੇ ਹੋਏ ਦੇਵੀ ਲਕਸ਼ਮੀ ਦੀ ਉਡੀਕ ਕਰ ਰਹੇ ਸਨ।
ਇਨ੍ਹਾਂ ਸਭ ਵਿਚ ਸਭ ਤੋਂ ਵਧੇਰੇ ਸਪਸ਼ਟ ਉਹ ਇਕ ਹੀ ਦੀਵਾ ਸੀ- ਦੇਵੀ ਦਾ ਸਮਰਾਟ ਜਿਸ ਨੇ ਆਪਣੀ ਲੋਅ ਨਾਲ ਸ਼ਾਮ ਦੇ ਧੁੰਦਲਕੇ ਨੂੰ ਦੁਪਹਿਰ ਵਾਂਗ ਪ੍ਰਕਾਸ਼ਮਾਨ ਕੀਤਾ ਹੋਇਆ ਸੀ। ਇਹ ਦੀਵਾ ਸੇਠ ਲਕਸ਼ਮੀ ਦਾਸ ਅਮਰੀਕਾ ਤੋਂ ਲਿਆਏ ਸਨ, ਜਦੋਂ ਉਹ ਉਥੇ ਆਪਣੀ ਕੰਪਨੀ ਲਈ ਬਿਜਲੀ ਦਾ ਸਾਮਾਨ ਖਰੀਦਣ ਲਈ ਗਏ ਸਨ। ਅਸਲ ‘ਚ ਇਹ ਦੇਵੀ ਦਾ ਸਮਰਾਟ ਉਨ੍ਹਾਂ ਨੂੰ ਨਿੱਜੀ ਕਮਿਸ਼ਨ ਦੇ ਰੂਪ ਵਿਚ ਭੇਟ ਕੀਤਾ ਗਿਆ ਸੀ, ਮਾਲ ਸਪਲਾਈ ਕਰਨ ਵਾਲੀ ਅਮਰੀਕੀ ਕੰਪਨੀ ਵੱਲੋਂ, ਅਤੇ ਉਹਨੂੰ ਦੇਖਦੇ ਹੀ ਸੇਠ ਲਕਸ਼ਮੀ ਦਾਸ ਨੇ ਸੋਚ ਲਿਆ ਸੀ ਕਿ ਇਸ ਵਾਰੀ ਦੀਵਾਲੀ ‘ਤੇ ਇਹ ਅਮਰੀਕੀ ਦੀਵਾ ਹੀ ਦੇਵੀ ਲਕਸ਼ਮੀ ਦਾ ਸੁਆਗਤ ਕਰੇਗਾ।
ਤੇ ਅੱਜ ਸ਼ਾਮ ਹੀ ਤੋਂ ਉਹ ਦੀਵਾ ਆਪਣੀ ਭੜਕੀਲੀ ਅਮਰੀਕੀ ਸ਼ਾਨ ਨਾਲ ਬਲ ਰਿਹਾ ਸੀ। ਉਹਦੇ ਚਾਰੇ ਪਾਸੇ ਦਸ ਹਜ਼ਾਰ ਹੋਰ ਰੋਸ਼ਨੀਆਂ ਜਗਮਗਾ ਰਹੀਆਂ ਸਨ। ਸੇਠ ਲਕਸ਼ਮੀ ਦਾਸ ਦਾ ਕਹਿਣਾ ਸੀ ਕਿ ਸਭ ਤਿਉਹਾਰਾਂ ਵਿਚ ਦੀਵਾਲੀ ਹੀ ਸਭ ਤੋਂ ਮਹੱਤਵਪੂਰਨ ਤੇ ਉਚਤਮ ਤਿਉਹਾਰ ਹੈ। ਦੀਵਾਲੀ ਦੀ ਰਾਤ ਨੂੰ ਜਿੱਥੇ ਉਹਦਾ ਸੁਆਗਤ ਕਰਨ ਨੂੰ ਰੋਸ਼ਨੀਆਂ ਹੁੰਦੀਆਂ ਹਨ, ਉਥੇ ਦੇਵੀ ਲਕਸ਼ਮੀ ਆਉਂਦੀ ਹੈ। ਇਸੇ ਲਈ ਉਹ ਸਦਾ ਇਹਦਾ ਖਿਆਲ ਰੱਖਦੇ ਸਨ ਕਿ ਹਰ ਦੂਜੇ ਸੇਠ ਤੇ ਵਪਾਰੀ ਦੇ ਘਰ ਤੋਂ ਵੱਧ ਰੋਸ਼ਨੀਆਂ ਲਕਸ਼ਮੀ ਮਹੱਲ ਵਿਚ ਹੋਣੀਆਂ ਚਾਹੀਦੀਆਂ ਨੇ। ਉਨ੍ਹਾਂ ਦਾ ਵਿਸ਼ਵਾਸ ਸੀ ਕਿ ਜਿੰਨੀਆਂ ਰੋਸ਼ਨੀਆਂ ਵਧੇਰੇ ਹੋਣਗੀਆਂ, ਉਤਨੀ ਹੀ ਵਧੇਰੇ ਲਕਸ਼ਮੀ ਦੀ ਕਿਰਪਾ ਹੋਵੇਗੀ ਤੇ ਸ਼ਾਇਦ ਸੀ ਵੀ ਉਹ ਸੱਚ। ਵੀਹ-ਬਾਈ ਵਰ੍ਹੇ ਪਹਿਲਾਂ ਜਦੋਂ ਉਨ੍ਹਾਂ ਦੀ ਕੱਪੜੇ ਦੀ ਨਿੱਕੀ ਜਿਹੀ ਦੁਕਾਨ ਸੀ, ਉਸ ਵੇਲੇ ਉਨ੍ਹਾਂ ਦੇ ਘਰ ਵਿਚ ਕੌੜੇ ਤੇਲ ਦੇ ਸੌ ਦੀਵੇ ਬਲਿਆ ਕਰਦੇ ਸਨ। ਫਿਰ ਜਦੋਂ ਮਹਾਂਯੁੱਧ ਹੋਇਆ ਤੇ ਉਹਨੂੰ ਫ਼ੌਜੀ ਕੰਬਲ ਸਪਲਾਈ ਕਰਨ ਦਾ ਠੇਕਾ ਮਿਲ ਗਿਆ ਤਾਂ ਉਨ੍ਹਾਂ ਦੇ ਨਵੇਂ ਘਰ ‘ਤੇ ਇਕ ਹਜ਼ਾਰ ਦੀਵੇ ਜਗਮਗਾਉਣ ਲੱਗੇ। ਫਿਰ ਜਦੋਂ ਆਜ਼ਾਦੀ ਆਈ ਤਾਂ ਸੇਠ ਲਕਸ਼ਮੀ ਦਾਸ ਨੂੰ ਬਹੁਤ ਵੱਡਾ ਡੈਮ ਬਣਾਉਣ ਲਈ ਮਜ਼ਦੂਰ ਸਪਲਾਈ ਕਰਨ ਦਾ ਠੇਕਾ ਮਿਲ ਗਿਆ ਅਤੇ ਦੀਵਾਲੀ ਦੀ ਰਾਤ ਨੂੰ ਉਨ੍ਹਾਂ ਦੇ ਬੰਗਲੇ ‘ਤੇ ਪੰਜ ਹਜ਼ਾਰ ਬਲਬ ਜਗਮਗਾ ਉਠੇ। ਇਸ ਵਰ੍ਹੇ ਉਨ੍ਹਾਂ ਨੇ ਕਿਸੇ ਅਮਰੀਕੀ ਕੰਪਨੀ ਨਾਲ ਮਿਲ ਕੇ ਕਈ ਕਰੋੜ ਰੁਪਏ ਮਹੀਨਾ ਆਮਦਨ ਦੀ ਆਸ ਕੀਤੀ ਸੀ, ਜੇ ਇਨਕਮ ਟੈਕਸ ਅਫ਼ਸਰ ਕੋਈ ਗੜਬੜ ਨਾ ਕਰਨ।
ਇਸ ਵਾਰ ਤਾਂ ਉਨ੍ਹਾਂ ਆਪਣੇ ਲਕਸ਼ਮੀ ਮਹੱਲ ਵਿਚ ਅਜਿਹੀ ਰੌਸ਼ਨੀ ਕੀਤੀ ਸੀ ਕਿ ਇਕ ਵਾਰ ਤਾਂ ਦੇਵੀ ਲਕਸ਼ਮੀ ਦੀਆਂ ਅੱਖਾਂ ਵੀ ਚੁੰਧਿਆ ਜਾਂਦੀਆਂ। ਇੰਨੀਆਂ ਸਾਰੀਆਂ ਰੋਸ਼ਨੀਆਂ, ਤੇ ਖਾਸ ਤੌਰ ‘ਤੇ ਅਮਰੀਕੀ ਦੇਵੀ ਦੇ ਸਮਰਾਟ ਨੂੰ ਦੇਖ ਕੇ ਦੇਵੀ ਵੀ ਪ੍ਰਸੰਨ ਹੋ ਜਾਵੇ ਤਾਂ ਕੌਣ ਜਾਣਦਾ ਏ, ਅਗਲੀ ਦੀਵਾਲੀ ਤੱਕ ਸੇਠ ਜੀ ਪੰਜ-ਛੇ ਹੋਰ ਕਾਰਖਾਨੇ ਅਤੇ ਦੋ ਚਾਰ ਬੈਂਕ ਖਰੀਦਣ ਦੇ ਕਾਬਲ ਹੋ ਜਾਣ।
ਹਾਂ, ਤਾਂ ਦੀਵਾਲੀ ਦੀ ਰਾਤ ਸੀ, ਤੇ ਸੇਠ ਸਾਹਿਬ ਇਲੈਕਟ੍ਰਿਕ ਇੰਜੀਨੀਅਰ ਨੂੰ ਨਿਰਦੇਸ਼ ਦੇ ਰਹੇ ਸਨ ਕਿ ਬਿਜਲੀ ਦੇ ਕੁਨੈਕਸ਼ਨ ਤੇ ਫਿਊਜ਼ ਆਦਿ ਦਾ ਖਾਸ ਧਿਆਨ ਰੱਖੇ ਕਿਉਂ ਜੋ ਕਿਸੇ ਦੀ ਭੁੱਲ ਨਾਲ ਇਕ ਸਕਿੰਟ ਲਈ ਵੀ ਬਿਜਲੀ ਫੇਲ੍ਹ ਹੋ ਕੇ ਹਨ੍ਹੇਰਾ ਹੋ ਗਿਆ ਤਾਂ ਖ਼ਤਰਾ ਏ ਕਿ ਦੇਵੀ ਲਕਸ਼ਮੀ ਅਪ੍ਰਸੰਨ ਹੋ ਕੇ ਇਸ ਘਰੋਂ ਸਦਾ ਲਈ ਚਲੀ ਨਾ ਜਾਵੇ। ਇਸ ਲਈ ਇਲੈਕਟ੍ਰਿਕ ਇੰਜੀਨੀਅਰ ਨੇ ਜੈਨਰੇਟਰ ਵੀ ਲਾਇਆ ਹੋਇਆ ਸੀ ਤਾਂ ਜੋ ਬਿਜਲੀ ਸਪਲਾਈ ਵਿਚ ਕੋਈ ਗੜਬੜ ਹੋਵੇ ਤਾਂ ਜੈਨਰੇਟਰ ਨਾਲ ਬਣਾਈ ਹੋਈ ਬਿਜਲੀ ਕੰਮ ਆਵੇ।
ਅਚਾਨਕ ਸੇਠ ਸਾਹਿਬ ਨੂੰ ਜਾਪਿਆ ਜਿਵੇਂ ਪੂਰੇ ਮਹੱਲ ਵਿਚ ਲੱਗੇ ਹੋਏ ਸਾਰੇ ਬਿਜਲੀ ਦੇ ਬਲਬਾਂ ਦੀ ਲੋਅ ਹੋਰ ਤੇਜ਼ ਹੋ ਗਈ ਹੋਵੇ। ‘ਦੇਵੀ ਲਕਸ਼ਮੀ ਆ ਗਈ’, ਉਨ੍ਹਾਂ ਪ੍ਰਸੰਨ ਹੋ ਕੇ ਕਿਹਾ ਪਰ ਇੰਜੀਨੀਅਰ ਨੇ ਸਮਝਾਇਆ ਕਿ ਕਰੰਟ ਘਟਣ ਵਧਣ ਕਰ ਕੇ ਕਦੇ-ਕਦਾਈਂ ਅਜਿਹਾ ਹੁੰਦਾ ਏ ਕਿ ਲੋਅ ਵੱਧ ਜਾਂ ਘੱਟ ਹੋ ਜਾਂਦੀ ਏ। “ਤਾਂ ਫਿਰ ਤੇਰੀ ਡਿਊਟੀ ਇਹ ਵੇ ਕਿ ਦੇਖਦੇ ਰਹੋ ਕਿ ਲੋਅ ਵੱਧ ਹੁੰਦੀ ਰਹੇ, ਇਕ ਪਲ ਲਈ ਵੀ ਘੱਟ ਨਾ ਹੋਵੇ।”
ਇਹ ਕਹਿ ਕੇ ਸੇਠ ਸਾਹਿਬ ਵਰਾਂਡੇ ਦੇ ਸੰਗਮਰਮਰ ਦੀਆਂ ਪੌੜੀਆਂ ਉਤਰ ਕੇ ਬਾਰੀ ਵੱਲ ਤੁਰ ਪਏ ਜਿੱਥੇ ਹਰ ਰੁੱਖ ਦੀਆਂ ਟਾਹਣੀਆਂ ਵਿਚ ਜਗਮਗਾਉਂਦੇ ਹੋਏ ਫਲ ਝੁੱਲ ਰਹੇ ਸਨ। ਉਨ੍ਹਾਂ ਉਥੇ ਕਿਸੇ ਔਰਤ ਨੂੰ ਸੜਕ ‘ਤੇ ਖਲੋਤਾ ਦੇਖਿਆ। ਔਰਤ ਪਿੰਡੋਂ ਆਈ ਜਾਪਦੀ ਸੀ। ਉਹਦੇ ਸਰੀਰ ‘ਤੇ ਮੈਲਾ ਘੱਗਰਾ ਸੀ ਜਿਸ ਦਾ ਰੰਗ ਕਦੇ ਲਾਲ ਹੋਵੇਗਾ। ਉਸੇ ਰੰਗ ਦੀ ਚੋਲੀ ਸੀ ਤੇ ਸਿਰ ‘ਤੇ ਚੁੰਨੀ ਸੀ। ਉਹ ਵੀ ਮੋਟੇ ਲਾਲ ਖੱਦਰ ਦੀ ਪਰ ਲੁਕੀ ਹੋਈ। ਆਪਣੇ ਸਿਰ ‘ਤੇ ਉਸ ਮੈਲੇ-ਕੁਚੈਲੇ ਚੀਥੜੇ ਵਿਚ ਲਿਪਟੀ ਹੋਈ ਗਠੜੀ ਚੁੱਕੀ ਹੋਈ ਸੀ। ਉਹਦੇ ਕੱਪੜੇ ਨਾ ਕੇਵਲ ਮੈਲੇ ਸਨ ਸਗੋਂ ਪਾਟੇ-ਪੁਰਾਣੇ ਵੀ ਸਨ।
‘ਕੋਈ ਗਰੀਬ ਭਿਖਾਰਨ ਹੋਵੇਗੀ।’ ਸੇਠ ਲਕਸ਼ਮੀ ਦਾਸ ਨੇ ਸੋਚਿਆ।
“ਕਿਉਂ ਮਾਈ, ਕੀ ਚਾਹੀਦਾ ਏ?” ਉਨ੍ਹਾਂ ਪੌੜੀਆਂ ਉਤਰਦੇ ਹੋਏ ਪੁੱਛਿਆ। ਨੇੜੇ ਜਾਣ ‘ਤੇ ਉਨ੍ਹਾਂ ਦੇਖਿਆ ਕਿ ਔਰਤ ਗਰੀਬ ਸਹੀ, ਪਰ ਜੁਆਨ ਤੇ ਸਾਂਵਲੀ ਹੋਣ ਦੇ ਬਾਵਜੂਦ ਸੁੰਦਰ ਏ।
“ਇਕ ਰਾਤ ਕਿਧਰੇ ਠਹਿਰਨ ਦੀ ਥਾਂ ਚਾਹੀਦੀ ਏ ਸੇਠ ਜੀ। ਬਹੁਤ ਦੂਰੋਂ ਆਈ ਆਂ।”
“ਨਾ ਬਾਬਾ ਮੁਆਫ ਕਰ।” ਉਹ ਕਾਹਲੀ ਨਾਲ ਬੋਲੇ। ਮਨ ਹੀ ਮਨ ਉਨ੍ਹਾਂ ਸੋਚ ਲਿਆ ਕਿ ਕਿਸੇ ਅਣਜਾਣ ਜੁਆਨ ਔਰਤ ਨੂੰ ਰਾਤ ਭਰ ਲਈ ਘਰ ਰੱਖਣ ਦਾ ਕੀ ਸਿੱਟਾ ਹੋਵੇਗਾ। ਹੋ ਸਕਦਾ ਏ, ਰਾਤੋ-ਰਾਤ ਘਰ ਵਿਚੋਂ ਰੁਪਿਆ ਪੈਸਾ ਜਾਂ ਗਹਿਣੇ ਚੋਰੀ ਕਰ ਕੇ ਭੱਜ ਜਾਵੇ। ਹੋ ਸਕਦਾ ਏ ਕਿ ਉਹਨੂੰ ਬਲੈਕਮੇਲ ਕਰ ਕੇ ਰੁਪਿਆ ਵਸੂਲ ਕਰੇ। ਸੇਠ ਜੀ ਦਾ ਮੁੰਡਾ ਜੁਆਨ ਸੀ। ਉਹ ਕਿਧਰੇ ਇਸ ਅਣਜਾਣ ਔਰਤ ਦੇ ਚੱਕਰ ਵਿਚ ਨਾ ਆ ਜਾਵੇ। ਫਿਰ ਵੀ ਉਨ੍ਹਾਂ ਸੋਚਿਆ ਕਿ ਦੀਵਾਲੀ ਦੀ ਰਾਤ ਏ, ਕਿਸੇ ਭਿਖਾਰਨ ਨੂੰ ਦੁਰਕਾਰਨਾ ਵੀ ਨਹੀਂ ਚਾਹੀਦਾ।
“ਭੁੱਖੀ ਏਂ ਤਾਂ ਖਾਣਾ ਖੁਆ ਦਿੰਦਾ ਆਂ। ਲੱਡੂ, ਪੂਰੀ ਜੋ ਜੀਅ ਚਾਹੇ ਖਾ ਲੈ।”
“ਮੈਂ ਭਿਖਾਰਨ ਨਹੀਂ ਆਂ ਸੇਠ ਜੀ।” ਉਹਨੇ ਆਪਣੇ ਸਿਰ ‘ਤੇ ਰੱਖੀ ਗਠੜੀ ਵੱਲ ਇਸ਼ਾਰਾ ਕਰਦੇ ਹੋਏ ਉਤਰ ਦਿੱਤਾ, “ਮੇਰੇ ਕੋਲ ਖਾਣ ਨੂੰ ਬਹੁਤ ਕੁਝ ਏ। ਮੱਕੀ ਦੀ ਰੋਟੀ ਏ, ਸਰ੍ਹੋਂ ਦਾ ਸਾਗ। ਪਿੰਡ ਦਾ ਅਸਲੀ ਘਿਉ ਏ, ਦੁੱਧ ਏ। ਤੁਹਾਡੇ ਸਾਰੇ ਘਰ ਨੂੰ ਢਿੱਡ ਭਰ ਕੇ ਖੁਆ ਸਕਦੀ ਆਂ। ਮੈਨੂੰ ਤਾਂ ਰਾਤ ਠਹਿਰਨ ਦੀ ਥਾਂ ਚਾਹੀਦੀ ਏ।”
ਉਹਦੀ ਹਾਜ਼ਰ ਜੁਆਬੀ ਤੋਂ ਸੇਠ ਜੀ ਹੋਰ ਘਬਰਾ ਗਏ। ਉਨ੍ਹਾਂ ਸੋਚਿਆ ਕਿ ਪਿੰਡ ਦੀ ਕਿਸੇ ਮਾਮੂਲੀ ਔਰਤ ਦੀ ਹਿੰਮਤ ਨਹੀਂ ਹੋ ਸਕਦੀ ਕਿ ਇੰਜ ਸੁਆਲ-ਜੁਆਬ ਕਰੇ। ਕਿਧਰੇ ਇਹ ਔਰਤ ਇਨਕਮ ਟੈਕਸ ਵਾਲਿਆਂ ਦੀ ਜਾਸੂਸ ਤਾਂ ਨਹੀਂ ਏ? “ਨਾ ਬਾਬਾ, ਮੁਆਫ ਕਰ। ਸਾਡੇ ਘਰ ਵਿਚ ਥਾਂ ਨਹੀਂ ਏ। ਕੋਈ ਦੂਜਾ ਘਰ ਦੇਖ।”
“ਤਾਂ ਫਿਰ ਦੂਜਾ ਘਰ ਹੀ ਦੇਖਣਾ ਪਵੇਗਾ ਸੇਠ ਜੀ।” ਇਹ ਕਹਿ ਕੇ ਉਹ ਔਰਤ ਆਪਣੀ ਗਠੜੀ ਸਾਂਭਦੀ ਹੋਈ ਚਲੀ ਗਈ। ਸੇਠ ਜੀ ਮੁੜ ਕੇ ਪੌੜੀਆਂ ਚੜ੍ਹਦੇ ਹੋਏ ਵਾਪਸ ਵਰਾਂਡੇ ਵਿਚ ਜਾ ਰਹੇ ਸਨ ਕਿ ਉਨ੍ਹਾਂ ਮਹਿਸੂਸ ਕੀਤਾ ਕਿ ਅਮਰੀਕੀ ਦੀਵੇ ਦਾ ਪ੍ਰਕਾਸ਼ ਕੁਝ ਪੀਲਾ ਪੈਂਦਾ ਜਾ ਰਿਹਾ ਏ। ਪਾਵਰ ਦਾ ਕਰੰਟ ਫਿਰ ਹੇਠਾਂ ਜਾ ਰਿਹਾ ਏ। ਉਨ੍ਹਾਂ ਫਿਰ ਚੀਕ ਕੇ ਕਿਹਾ, “ਇੰਜੀਨੀਅਰ, ਜੈਨਰੇਟਰ ਤਿਆਰ ਰੱਖੋ। ਦੀਵੇ ਬੁਝ ਨਾ ਸਕਣ।”
ਇਲੈਕਟ੍ਰਿਕ ਇੰਜੀਨੀਅਰ ਭੱਜਦਾ ਹੋਇਆ ਆਇਆ ਤੇ ਉਹਨੇ ਕਿਹਾ, “ਸੇਠ ਜੀ, ਕਰੰਟ ਬਿਲਕੁਲ ਠੀਕ ਆ ਰਿਹਾ ਏ। ਉਂਜ ਜੈਨਰੇਟਰ ਵੀ ਤਿਆਰ ਏ। ਤੁਸੀਂ ਬਿਲਕੁਲ ਨਾ ਘਬਰਾਉ।”
“ਘਬਰਾਵਾਂ ਕਿਉਂ ਨਾ?” ਸੇਠ ਜੀ ਦਾ ਦਿਲ ਪਤਾ ਨਹੀਂ ਕਿਉਂ ਕਿਸੇ ਅਜੀਬ ਜਿਹੀ ਬੇਚੈਨੀ ਨਾਲ ਧੜਕ ਰਿਹਾ ਸੀ। “ਜਾਣਦੇ ਨਹੀਂ, ਦੀਵਾਲੀ ਦੀ ਰਾਤ ਏ, ਇਕ ਪਲ ਵੀ ਹਨ੍ਹੇਰਾ ਹੋ ਗਿਆ ਤੇ ਉਹ ਦੇਵੀ ਦੇ ਆਉਣ ਦਾ ਸਮਾਂ ਹੋਇਆ ਤਾਂ ਦੇਵੀ ਰੁੱਸ ਕੇ ਕਿਧਰੇ ਹੋਰ ਚਲੀ ਗਈ ਤਾਂ… ਤਾਂ…?”

ਦੂਜਾ ਦੀਵਾ

ਇਨਕਮ ਟੈਕਸ ਅਫ਼ਸਰ ਲਕਸ਼ਮੀ ਕਾਂਤ ਤੇਲ ਦੀ ਬੋਤਲ ਲੈ ਕੇ ਆਪਣੇ ਫਲੈਟ ਦੀ ਬਾਲਕਨੀ ਵਿਚ ਨਿਕਲੇ ਤਾਂ ਉਨ੍ਹਾਂ ਦੇਖਿਆ ਕਿ ਸਾਹਮਣੇ ਸੇਠ ਲਕਸ਼ਮੀ ਦਾਸ ਦਾ ਮਹੱਲ ਬਿਜਲੀ ਦੀਆਂ ਰੌਸ਼ਨੀਆਂ ਨਾਲ ਜਗਮਗਾ ਰਿਹਾ ਏ। ‘ਹਾਂ, ਕਿਉਂ ਨਾ ਹੋਵੇ?’ ਉਹਨੇ ਸੋਚਿਆ, ‘ਕਰੋੜਾਂ ਰੁਪਏ ਬਲੈਕ ਦਾ ਜੋ ਮੌਜੂਦ ਏ। ਦਸ ਹਜ਼ਾਰ ਕੀ, ਬਿਜਲੀ ਦੇ ਦਸ ਲੱਖ ਬਲੱਬ ਲਾ ਸਕਦਾ ਏ।’
ਫਿਰ ਉਹਨੇ ਦੇਖਿਆ ਕਿ ਉਹਦੀ ਆਪਣੀ ਬਾਲਕਨੀ ਦੇ ਬਨੇਰੇ ‘ਤੇ ਜਿਹੜੇ ਸੌ ਦੀਵੇ ਉਸ ਨੇ ਸਜਾ ਕੇ ਰੱਖੇ ਸਨ, ਉਨ੍ਹਾਂ ‘ਚੋਂ ਇਕ ਦੀਵੇ ਦੀ ਲੋਅ ਮੱਧਮ ਹੋ ਰਹੀ ਸੀ। ਉਸ ਨੇ ਘਬਰਾ ਕੇ ਸੋਚਿਆ, ‘ਕਿਧਰੇ ਦੀਵਾ ਬੁਝ ਨਾ ਜਾਵੇ, ਸ਼ਗਨ ਹੀ ਬੁਰਾ ਨਾ ਹੋ ਜਾਵੇ’, ਤੇ ਕਾਹਲੀ ਨਾਲ ਉਹਨੇ ਬੋਤਲ ਦਾ ਤੇਲ ਦੀਵੇ ਵਿਚ ਉਲਟਾ ਦਿੱਤਾ। ਫਿਰ ਲੋਅ ਵੀ ਉਚੀ ਕੀਤੀ ਤਾਂ ਉਹਨੂੰ ਅਜਿਹਾ ਜਾਪਿਆ ਜਿਵੇਂ ਨਾ ਕੇਵਲ ਉਸ ਦੀਵੇ ਦਾ, ਸਗੋਂ ਸੌ ਦੇ ਸੌ ਦੀਵਿਆਂ ਦੀ ਲੋਅ ਇਕਦਮ ਤੇਜ਼ ਹੋ ਗਈ ਹੋਵੇ।
“ਧਨ ਹੋ ਦੇਵੀ।” ਉਹਨੇ ਕੰਧ ‘ਤੇ ਲਕਸ਼ਮੀ ਦੀ ਤਸਵੀਰ ਅੱਗੇ ਪ੍ਰਣਾਮ ਕਰਦੇ ਹੋਏ ਕਿਹਾ, “ਇਸ ਵਰ੍ਹੇ ਤਾਂ ਤੇਰੀ ਬੜੀ ਕਿਰਪਾ ਰਹੀ ਏ।”
ਫਿਰ ਉਹਨੇ ਕੁਰਸੀ ‘ਤੇ ਆਰਾਮ ਨਾਲ ਬੈਠ ਕੇ ਆਪਣਾ ਜਾਸੂਸੀ ਨਾਵਲ ਚੁੱਕਿਆ ਜਿਹੜਾ ਮੁੱਕਣ ਵਾਲਾ ਸੀ ਤੇ ਉਹਦਾ ਹੀਰੋ ਉਸ ਸਮੇਂ ਡਾਕੂਆਂ ਦੀ ਟੋਲੀ ਦੇ ਪੰਜੇ ਵਿਚ ਫਸਿਆ ਹੋਇਆ ਸੀ।
ਬੂਹੇ ਦੀ ਘੰਟੀ ਵੱਜੀ ਤਾਂ ਰਸੋਈ ‘ਚੋਂ ਬੀਵੀ ਚੀਕੀ, “ਮਖ਼ਜ਼ਰਾ ਦੇਖੋ ਤਾਂ ਕੌਣ ਏ?”
“ਮੰਗੂ ਨੂੰ ਆਖੋ ਨਾ, ਦੇਖੇ ਕੌਣ ਏ?” ਉਹਨੇ ਨਾਵਲ ਤੋਂ ਨਜ਼ਰ ਚੁੱਕੇ ਬਿਨਾਂ ਉਤਰ ਦਿੱਤਾ।
“ਮੰਗੂ ਨੂੰ ਮੈਂ ਬਾਜ਼ਾਰ ਭੇਜਿਆ ਏ ਮਠਿਆਈ ਲਿਆਉਣ।” ਰਸੋਈ ‘ਚੋਂ ਆਵਾਜ਼ ਆਈ।
“ਫਿਰ ਗੰਗਾ ਨੂੰ ਭੇਜੋ।”
ਗੰਗਾ ਉਨ੍ਹਾਂ ਦੇ ਘਰ ਸਵੇਰੇ-ਸ਼ਾਮ ਭਾਂਡੇ ਮਾਂਜਣ ਆਉਂਦੀ ਸੀ।
“ਗੰਗਾ ਮੁਰਦਾਰ ਤਾਂ ਅੱਜ ਛੁੱਟੀ ਮਨਾ ਰਹੀ ਏ। ਕਹਿੰਦੀ ਸੀ, ਬਈ ਸਾਡੀ ਵੀ ਅੱਜ ਦੀਵਾਲੀ ਏ। ਅੱਜ ਅਸੀਂ ਕੰਮ ਨਹੀਂ ਕਰਾਂਗੇ। ਇਸ ਲਈ ਮੈਂ ਵੀ ਚੁੜੇਲ ਨੂੰ ਖੜ੍ਹੇ-ਖਲੋਤੇ ਕੱਢ ਦਿੱਤਾ।”
ਘੰਟੀ ਇਕ ਵਾਰ ਫਿਰ ਵੱਜੀ।
“ਚੰਗਾ ਹੁਣ ਤੂੰ ਹੀ ਉਠ। ਜ਼ਰੂਰ ਸੇਠ ਜੀ ਦੇ ਘਰੋਂ ਮਠਿਆਈ ਆਈ ਹੋਵੇਗੀ।”
“ਕੇਵਲ ਮਠਿਆਈ ਹੀ ਆਈ ਏ ਜਾਂ ਕੁਝ ਹੋਰ?” ਉਹਨੇ ਉਠਦੇ ਹੋਏ ਪੁੱਛਿਆ ਪਰ ਜਦੋਂ ਉਹਨੇ ਬੂਹਾ ਖੋਲ੍ਹਿਆ ਤਾਂ ਸੇਠ ਜੀ ਦਾ ਨੌਕਰ ਨਹੀਂ ਸੀ, ਕੋਈ ਔਰਤ ਖਲੋਤੀ ਸੀ। ਔਰਤ ਸ਼ਕਲ ਤੋਂ ਗੰਵਾਰ ਜਾਪਦੀ ਸੀ। ਕੱਪੜੇ ਵੀ ਪਾਟੇ-ਪੁਰਾਣੇ ਸਨ। ਸਿਰ ‘ਤੇ ਮੈਲੇ ਜਿਹੇ ਚੀਥੜੇ ਵਿਚ ਲਿਪਟੀ ਗਠੜੀ ਸੀ ਪਰ ਸੀ ਜੁਆਨ ਤੇ ਸੁੰਦਰ। ਲਕਸ਼ਮੀ ਕਾਂਤ ਨੇ ਮਨ ਹੀ ਮਨ ਸੋਚਿਆ, ਜੁਆਨੀ ਤੇ ਸੁੰਦਰਤਾ ਉਤੇ ਵੀ ਇਨਕਮ ਟੈਕਸ ਲੱਗਣਾ ਚਾਹੀਦਾ ਏ।
ਪਰ ਉਚੀ ਆਵਾਜ਼ ਵਿਚ ਉਹਨੇ ਪੁੱਛਿਆ, “ਕਿਉਂ? ਕੀ ਚਾਹੀਦਾ ਏ?”
“ਬਾਬੂ ਜੀ ਬਹੁਤ ਦੂਰੋਂ ਆਈ ਆਂ। ਘਰ ਪਰਤਣ ਦਾ ਸਮਾਂ ਨਹੀਂ ਰਿਹਾ। ਰਾਤ ਠਹਿਰਨ ਦੀ ਥਾਂ ਮਿਲ ਜਾਵੇ ਤਾਂ ਬੜੀ ਕਿਰਪਾ ਹੋਵੇਗੀ। ਮੈਂ ਕਿਧਰੇ ਨੁੱਕਰ ਵਿਚ ਪਈ ਰਹਾਂਗੀ।”
ਲਕਸ਼ਮੀ ਕਾਂਤ ਨੇ ਇਕ ਵਾਰ ਫਿਰ ਉਸ ਔਰਤ ਦੀ ਜਵਾਨੀ ਦਾ ਜਾਇਜ਼ਾ ਲਿਆ। ਫਿਰ ਮੁੜ ਕੇ ਕਣੱਖਾ ਰਸੋਈ ਵੱਲ ਦੇਖਿਆ ਜਿੱਥੇ ਉਹਦੀ ਬੀਵੀ ਪੂਰੀਆਂ ਤਲ ਰਹੀ ਸੀ। ਲਾਜੋ ਮੋਟੀ ਸੀ। ਉਹਦੇ ਮੂੰਹ ‘ਤੇ ਚੇਚਕ ਦੇ ਦਾਗ ਸਨ ਪਰ ਉਹ ਦਾਜ ਵਿਚ ਪੰਜਾਹ ਹਜ਼ਾਰ ਲਿਆਈ ਸੀ। ਉਹਦੇ ਸਾਰੇ ਰਿਸ਼ਤੇਦਾਰਾਂ ਨੇ ਵਧਾਈਆਂ ਦਿੰਦਿਆਂ ਕਿਹਾ ਸੀ, “ਲਕਸ਼ਮੀ ਕਾਂਤ, ਸੱਚਮੁੱਚ ਤੇਰੇ ਘਰ ਲਕਸ਼ਮੀ ਆਈ ਏ।”
ਲਕਸ਼ਮੀ ਕਾਂਤ ਨੇ ਆਪਣੀ ਬੀਵੀ ਵੱਲ ਦੇਖਿਆ। ਉਹਦੇ ਹੱਥ ਵਿਚ ਪੂਰੀਆਂ ਵੇਲਣ ਦਾ ਲੱਕੜੀ ਦਾ ਵੇਲਣਾ ਸੀ ਤੇ ਫਿਰ ਹੌਲਾ ਜਿਹਾ ਠੰਢਾ ਸਾਹ ਲੈ ਕੇ ਉਹ ਅਣਜਾਣ ਔਰਤ ਨੂੰ ਸੰਬੋਧਿਤ ਹੋਇਆ, “ਆਈ ਕਿੱਥੋਂ ਏਂ?” “ਬਹੁਤ ਦੂਰੋਂ ਆਈ ਆਂ ਬਾਬੂ ਜੀ, ਪਰ ਇਸ ਸਮੇਂ ਤਾਂ ਸੇਠ ਲਕਸ਼ਮੀ ਦਾਸ ਦੇ ਘਰੋਂ ਆਈ ਆਂ।”
“ਕਿਉਂ? ਸੇਠ ਜੀ ਨੇ ਤੈਨੂੰ ਕੱਢ ਦਿੱਤਾ ਏ?”
“ਹਾਂ! ਬਾਬੂ ਜੀ, ਇਹੀ ਸਮਝੋ, ਕੱਢ ਹੀ ਦਿੱਤਾ।”
“ਤੇ ਉਥੋਂ ਤੂੰ ਸਿੱਧੀ ਇੱਥੇ ਆ ਗਈ।”
“ਹਾਂ, ਬਾਬੂ ਜੀ।”
ਲਕਸ਼ਮੀ ਕਾਂਤ ਨੇ ਕਿੰਨੇ ਹੀ ਜਾਸੂਸੀ ਨਾਵਲ ਪੜ੍ਹੇ ਸਨ ਤੇ ਉਹਨੂੰ ਪਤਾ ਸੀ ਕਿ ਜੇ ਕੋਈ ਪੂੰਜੀਪਤੀ ਕਿਸੇ ਨੂੰ ਤਬਾਹ ਕਰਨਾ ਚਾਹੁੰਦਾ ਹੈ ਤਾਂ ਉਹਦਾ ਹਥਿਆਰ ਕੋਈ ਅਜਿਹੀ ਔਰਤ ਵੀ ਹੋ ਸਕਦੀ ਏ।
‘ਤੇ ਸੇਠ ਜੀ ਨੇ ਮੈਨੂੰ ਇਹ ਦੀਵਾਲੀ ਦੀ ਭੇਟ ਭੇਜੀ ਏ?’ ਇਹ ਸੋਚਦੇ ਹੋਏ ਉਹਨੇ ਦੰਦ ਪੀਹ ਕੇ ਕਿਹਾ, “ਇਸ ਗਠੜੀ ਵਿਚ ਕੀ ਏ?”
“ਇਸ ਵਿਚ ਮੱਕੀ ਦੀ ਰੋਟੀ ਏ, ਬਾਬੂ ਜੀ। ਸਰ੍ਹੋਂ ਦਾ ਸਾਗ ਏ ਤੇ ਪਿੰਡ ਦਾ ਅਸਲੀ ਘਿਉ ਏ ਤੇ ਦੁੱਧ ਏ, ਦਹੀਂ ਏ।”
“ਬਸ, ਬਸ ਰਹਿਣ ਦੇ।” ਉਹਨੂੰ ਵਿਸ਼ਵਾਸ ਸੀ ਕਿ ਇਹ ਸਭ ਬਕਵਾਸ ਹੈ।
ਜਾਸੂਸੀ ਨਾਵਲਾਂ ਅਨੁਸਾਰ ਇਸ ਗਠੜੀ ਵਿਚ ਗਹਿਣਾ ਹੋਵੇਗਾ। ਨਿਸ਼ਾਨ ਲੱਗੇ ਹੋਏ ਨੋਟ ਹੋਣਗੇ। ਰਾਤ ਨੂੰ ਗਠੜੀ ਇਸ ਘਰ ਵਿਚ ਛੱਡ ਕੇ ਇਹ ਔਰਤ ਰਫੂ-ਚੱਕਰ ਹੋ ਜਾਵੇਗੀ ਤੇ ਜਦੋਂ ਸੇਠ ਉਹਨੂੰ ਫੜਵਾਉਣ ਦੀ ਧਮਕੀ ਦੇਵੇਗਾ ਤਾਂ ਬਿਨਾਂ ਕੁਝ ਲਏ ਦਿੱਤੇ ਉਹਦੇ ਇਨਕਮ ਟੈਕਸ ਰਿਟਰਨ ਪਾਸ ਕਰਵਾ ਲਵੇਗਾ।
“ਜਾਹ, ਦੂਜਾ ਘਰ ਵੇਖ।” ਉਹਨੇ ਔਰਤ ਦੀ ਜਵਾਨੀ ਦਾ ਅੰਤਿਮ ਵਾਰ ਜਾਇਜ਼ਾ ਲੈਣ ਤੋਂ ਬਾਅਦ ਇਕ ਹੋਰ ਠੰਢਾ ਸਾਹ ਲਿਆ ਤੇ ਬੂਹਾ ਬੰਦ ਕਰ ਦਿੱਤਾ।
“ਕੌਣ ਸੀ?” ਲਾਜੋ ਰਸੋਈ ‘ਚੋਂ ਚੀਕੀ।
“ਕੋਈ ਨਹੀਂ।”
“ਕੋਈ ਨਹੀਂ ਸੀ ਤਾਂ ਇੰਨੀ ਦੇਰ ਕਿਸ ਨਾਲ ਗੱਲਾਂ ਕਰ ਰਹੇ ਸਉ।”
“ਮੇਰਾ ਦਿਮਾਗ ਨਾ ਖਾ। ਕੋਈ ਭਿਖਾਰਨ ਸੀ।”
“ਭਿਖਾਰਨ ਸੀ! ਤਦੇ ਇੰਨੀ ਦੇਰ ਮਿੱਠੀਆਂ-ਮਿੱਠੀਆਂ ਗੱਲਾਂ ਕਰ ਰਹੇ ਸਉ। ਤੈਨੂੰ ਖੂਬ।”
ਇਕ ਵਾਰ ਫਿਰ ਘੰਟੀ ਵੱਜੀ।
“ਜਾਓ, ਜਾਪਦਾ ਏ ਫਿਰ ਤੇਰੀ ਭਿਖਾਰਨ ਆਈ ਏ।” ਬੀਵੀ ਨੇ ਹੁਕਮ ਦਿੱਤਾ। ਲਕਸ਼ਮੀ ਕਾਂਤ ਨੇ ਬੂਹਾ ਖੋਲ੍ਹਿਆ ਤਾਂ ਚਿੱਟੀ ਵਰਦੀ ਪਾਈ ਇਕ ਡਰਾਈਵਰ ਹੱਥ ਵਿਚ ਮਠਿਆਈ ਦਾ ਵੱਡਾ ਸਾਰਾ ਸੁਨਹਿਰੀ ਡੱਬਾ ਲਈ ਖਲੋਤਾ ਸੀ।
“ਸੇਠ ਲਕਸ਼ਮੀ ਦਾਸ ਨੇ ਦੀਵਾਲੀ ਦੀ ਮਠਿਆਈ ਭੇਜੀ ਹੈ।”
ਲਕਸ਼ਮੀ ਕਾਂਤ ਡੱਬਾ ਲੈ ਕੇ ਅੰਦਰ ਆਇਆ ਤਾਂ ਲਾਜੋ ਨੇ ਕਾਹਲੀ ਨਾਲ ਡੱਬਾ ਲੈ ਲਿਆ ਤੇ ਡਰਾਈਵਰ ਨੂੰ ਚੀਕ ਕੇ ਬੋਲੀ, “ਚੰਗਾ ਭਰਾਵਾ, ਸੇਠ ਜੀ ਨੂੰ ਸਾਡੀ ਨਮਸਤੇ ਕਹਿਣਾ ਤੇ ਦੀਵਾਲੀ ਦੀ ਵਧਾਈ।”
ਬੂਹਾ ਬੰਦ ਕਰ ਕੇ ਲਕਸ਼ਮੀ ਕਾਂਤ ਕਮਰੇ ‘ਚ ਪ੍ਰਵੇਸ਼ ਕਰ ਹੀ ਰਿਹਾ ਸੀ ਕਿ ਬੀਵੀ ਨੇ ਫਿਰ ਡਾਂਟਿਆ, “ਓਹੋ! ਇੱਥੇ ਖਲੋਤੇ ਮੇਰਾ ਮੂੰਹ ਕੀ ਝਾਕ ਰਹੇ ਹੋ। ਛੇਤੀ ਨਾਲ ਦੀਵਿਆਂ ‘ਚ ਤੇਲ ਪਾਉ। ਇਨ੍ਹਾਂ ਦੀ ਲੋਅ ਘਟ ਰਹੀ ਏ।”

ਤੀਜਾ ਦੀਵਾ

ਦੀਵਾ ਕੇਵਲ ਇਕੋ ਹੀ ਸੀ ਜਿਹੜਾ ਝੁੱਗੀ ਦੇ ਸਾਹਮਣੇ ਟਿਮਟਿਮਾ ਰਿਹਾ ਸੀ। ਦੀਵੇ ਵਿਚ ਤੇਲ ਵੀ ਬਹੁਤ ਘੱਟ ਸੀ।
ਅੰਦਰ ਮੰਜੇ ‘ਤੇ ਲੱਖੂ ਪਿਆ ਸੀ। ਉਹਦਾ ਨਾਂ ਕਦੇ ਲਕਸ਼ਮੀ ਚੰਦ ਹੁੰਦਾ ਸੀ। ਜਦੋਂ ਉਹ ਆਪਣੇ ਪਿੰਡ ਤੋਂ ਚੱਲ ਕੇ ਸ਼ਹਿਰ ਆਇਆ ਸੀ, ਤਾਂ ਮਿੱਲ ਤੇ ਝੁੱਗੀਆਂ ਦੀ ਬਸਤੀ ਵਿਚ ਸਾਰੇ ਉਹਨੂੰ ਲੱਖੂ ਹੀ ਕਹਿੰਦੇ ਸਨ। ਗ਼ਰੀਬ ਮਜ਼ਦੂਰ ਨੂੰ, ਖਾਸ ਤੌਰ ‘ਤੇ ਜਦੋਂ ਉਹ ਬੇਕਾਰ ਹੋਵੇ, ਭਲਾ ਕੌਣ ਲਕਸ਼ਮੀ ਚੰਦ ਕਹਿ ਸਕਦਾ ਸੀ! ਉਹਦੀ ਬੀਵੀ ਗੰਗਾ ਨੁੱਕਰ ਵਿਚ ਬਣੇ ਚੁੱਲ੍ਹੇ ‘ਤੇ ਭਾਤ ਪਕਾ ਰਹੀ ਸੀ ਤੇ ਸੋਚਦੀ ਜਾ ਰਹੀ ਸੀ ਕਿ ਬੱਚਿਆਂ ਨੂੰ ਭਾਤ ਨਾਲ ਕੀ ਖਾਣ ਨੂੰ ਦੇਵਾਂ? ਘਰੇ ਸਿਰਫ ਦੋ ਰੁਪਏ ਸਨ, ਉਹਦੀ ਉਹ ਲੱਖੂ ਲਈ ਦਵਾਈ ਲੈ ਆਈ ਸੀ। ਮਾਲਕਣ ਨੇ ਖੜ੍ਹੇ-ਖਲੋਤੇ ਕੱਢ ਦਿੱਤਾ ਸੀ, ਸਿਰਫ ਇਸ ਲਈ ਕਿ ਉਹਨੇ ਦੀਵਾਲੀ ਦੀ ਛੁੱਟੀ ਮੰਗੀ ਸੀ। ਪੰਦਰਾਂ ਦਿਨ ਦੀ ਤਨਖਾਹ ਬਾਕੀ ਸੀ, ਉਹ ਵੀ ਨਹੀਂ ਸੀ ਦਿੱਤੀ। ਕਹਿ ਦਿੱਤਾ ਸੀ, “ਦੀਵਾਲੀ ਤੋਂ ਬਾਅਦ ਆਉਣਾ। ਅੱਜ ਦੇ ਦਿਨ ਅਸੀਂ ਲਕਸ਼ਮੀ ਨੂੰ ਘਰੋਂ ਬਾਹਰ ਨਹੀਂ ਕੱਢਦੇ।” ਇੰਨੇ ਨੂੰ ਉਹਦੇ ਦੋਵੇਂ ਬੱਚੇ ਭੱਜੇ-ਭੱਜੇ ਆਏ। ਵੱਡਾ ਸੱਤ ਸਾਲ ਦਾ ਸੀ ਲਕਸ਼ਮਣ ਅਤੇ ਛੋਟੀ ਚਾਰ ਸਾਲ ਦੀ ਸੀ ਮੀਨਾ।
ਲਕਸ਼ਮਣ ਬੋਲਿਆ, “ਮਾਂ ਮਾਂ! ਸੇਠ ਜੀ ਦੇ ਮਹੱਲ ਵਿਚ ਇੰਨੇ ਦੀਵੇ ਬਲ ਰਹੇ ਨੇ ਕਿ ਜਾਪਦਾ ਏ ਰਾਤ ਨਹੀਂ, ਦਿਨ ਏ। ਇਕ ਦੀਵਾ ਤਾਂ ਇੰਨਾ ਵੱਡਾ ਏ ਕਿ ਸਭ ਉਹਨੂੰ ਦੇਵੀ ਦਾ ਸਮਰਾਟ ਕਹਿੰਦੇ ਨੇ।” ਤੇ ਮੀਨਾ ਨੇ ਭਿਣਕ ਕੇ ਕਿਹਾ, “ਮਾਂ ਭੁੱਖ ਲੱਗੀ ਏ।”
ਪਰ ਲਕਸ਼ਮਣ ਨੇ ਉਹਨੂੰ ਝਿੜਕ ਦਿੱਤਾ, “ਮਾਂ, ਸਾਡੇ ਘਰ ਇਕੋ ਹੀ ਦੀਵਾ ਕਿਉਂ ਬਲ ਰਿਹਾ ਏ?”
“ਇਸ ਲਈ ਬੇਟਾਕਿ ਅਸੀਂ ਗਰੀਬ ਹਾਂ। ਤੇਲ ਦੇ ਪੈਸੇ ਨਹੀਂ ਕਿ ਹੋਰ ਦੀਵੇ ਬਾਲ ਸਕੀਏ।”
ਤੇ ਖੰਘਦੇ ਹੋਏ ਲੱਖੂ ਨੇ ਮੰਜੇ ਤੋਂ ਆਵਾਜ਼ ਦਿੱਤੀ, “ਤੂੰ ਫਿਰ ਇਹ ਦੀਵਾ ਵੀ ਬੁਝਾ ਦੇ। ਇਸ ਝੁੱਗੀ ਵਿਚ ਹਨ੍ਹੇਰਾ ਹੀ ਠੀਕ ਏ।”
“ਹਾਏ ਰਾਮ।” ਗੰਗਾ ਛੇਤੀ ਨਾਲ ਬੋਲੀ, “ਦੀਵਾਲੀ ਦੀ ਰਾਤ ਨੂੰ ਦੀਵਾ ਬੁਝਾ ਦੇਵਾਂ? ਹਨ੍ਹੇਰੇ ਵਿਚ ਦੇਵੀ ਲਕਸ਼ਮੀ ਨਹੀਂ ਆਵੇਗੀ।”
ਲੱਖੂ ਇੰਨੇ ਜ਼ੋਰ ਨਾਲ ਚੀਕਿਆ ਕਿ ਖੰਘ ਦਾ ਦੌਰਾ ਪੈ ਗਿਆ ਪਰ ਖੰਘਦੇ-ਖੰਘਦੇ ਵੀ ਉਹ ਬੋਲੀ ਗਿਆ, “ਦੇਵੀ ਸੇਠ ਲਕਸ਼ਮੀ ਦਾਸ ਦੇ ਮਹੱਲ ਵਿਚ ਆਵੇਗੀ । ਲਕਸ਼ਮੀ ਚੰਦ ਦੇ ਘਰ ਨਹੀਂ ਆਵੇਗੀ ।ਨਾ ਬੁਝਾ ਦੀਵਾ ਥੋੜ੍ਹੀ ਦੇਰ ਵਿਚ ਤੇਲ ਮੁੱਕ ਜਾਵੇਗਾ ਤਾਂ ਆਪਣੇ ਆਪ ਹੀ ਬੁਝ ਜਾਵੇਗਾ।”
ਲਕਸ਼ਮਣ ਜਿਹੜਾ ਬਾਰੀ ‘ਚੋਂ ਝਾਕ ਰਿਹਾ ਸੀ, ਚੀਕਿਆ, “ਬਾਬਾਬਾਬਾ, ਦੇਖੋ ਦੀਵੇ ਦੀ ਲੋਅ ਆਪਣੇ ਆਪ ਉਚੀ ਹੋ ਰਹੀ ਏ।”
“ਪਾਗਲ ਹੋਇਆ ਏਂ ਉਏ।” ਲੱਖੂ ਉਹਨੂੰ ਝਿੜਕ ਹੀ ਰਿਹਾ ਸੀ ਕਿ ਇਹ ਦੇਖ ਕੇ ਹੈਰਾਨ ਰਹਿ ਗਿਆ ਕਿ ਬਾਹਰ ਰੱਖੇ ਹੋਏ ਦੀਵੇ ਦੀ ਲੋਅ ਹੁਣ ਝੁੱਗੀ ਵਿਚ ਵੀ ਫੈਲ ਰਹੀ ਏ।
ਬੂਹਾ ਖੋਲ੍ਹਿਆ ਤਾਂ ਦੀਵੇ ਦੀ ਲੋਅ ਵਿਚ ਦੇਖਿਆ ਕਿ ਔਰਤ ਖਲੋਤੀ ਹੈ।
“ਕੀ ਏ ਭੈਣ?”
“ਰਾਤ ਕਿਧਰੇ ਠਹਿਰਨ ਦੀ ਥਾਂ ਚਾਹੀਦੀ ਏ। ਬਹੁਤ ਦੂਰੋਂ ਆਈ ਆਂ।”
“ਫਿਰ ਅੰਦਰ ਆ ਜਾ ਨਾ।”
ਉਹ ਔਰਤ ਬੂਹੇ ‘ਚੋਂ ਅੰਦਰ ਆਈ ਤਾਂ ਉਹਦੇ ਨਾਲ ਹੀ ਦੀਵੇ ਦੀ ਲੋਅ ਵੀ ਅੰਦਰ ਆ ਗਈ। ਲੱਖੂ ਨੇ ਕਿਹਾ, “ਸਾਡੇ ਕੋਲ ਤਾਂ ਬਸ ਇਹੀ ਝੁੱਗੀ ਏ। ਹੋਵੇਗੀ ਤਾਂ ਤਕਲੀਫ਼ ਪਰ ਇੰਨੀ ਰਾਤ ਗਏ ਹੋਰ ਕਿੱਥੇ ਜਾਵੇਂਗੀ। ਮੰਜਾ ਵੀ ਇਕ ਹੀ ਏ ਪਰ ਮੈਂ ਆਪਣਾ ਬਿਸਤਰਾ ਜ਼ਮੀਨ ‘ਤੇ ਕਰ ਲਵਾਂਗਾ।”
ਔਰਤ ਜ਼ਮੀਨ ‘ਤੇ ਬਹੁਤ ਆਰਾਮ ਨਾਲ ਚੌਂਕੜੀ ਮਾਰ ਕੇ ਬਹਿ ਗਈ, “ਨਹੀਂ ਭਰਾਵਾ ਤੂੰ ਬਿਮਾਰ ਏਂ, ਤੂੰ ਮੰਜੇ ‘ਤੇ ਸੌਂ। ਮੈਂ ਤਾਂ ਧਰਤੀ ਹੀ ‘ਚੋਂ ਨਿਕਲੀ ਹਾਂ, ਧਰਤੀ ਤੋਂ ਮੈਨੂੰ ਸੁੱਖ ਆਰਾਮ ਮਿਲਦਾ ਏ।”
ਗੰਗਾ ਨੇ ਕਿਹਾ, “ਜਾਪਦਾ ਏ ਸ਼ਹਿਰ ਵਿਚ ਪਹਿਲੀ ਵਾਰ ਆਈ ਏਂ। ਕਹੋ, ਦੀਵਾਲੀ ਦੀਆਂ ਰੋਸ਼ਨੀਆਂ ਦੇਖੀਆਂ?”
“ਹਾਂ।” ਔਰਤ ਨੇ ਥੱਕਿਆ ਹੋਇਆ ਠੰਢਾ ਸਾਹ ਲੈਂਦੇ ਹੋਏ ਕਿਹਾ, “ਦੀਵਾਲੀ ਦੀਆਂ ਰੋਸ਼ਨੀਆਂ ਵੀ ਦੇਖੀਆਂ, ਦੀਵਾਲੀ ਦਾ ਹਨ੍ਹੇਰਾ ਵੀ ਦੇਖਿਆ।” ਗੰਗਾ ਉਸ ਦਾ ਮਤਲਬ ਨਾ ਸਮਝੀ। ਲੱਖੂ ਵੀ ਮੰਜੇ ‘ਤੇ ਪਿਆ ਸੋਚਦਾ ਰਿਹਾ। ਇਹ ਔਰਤ ਤਾਂ ਕੋਈ ਬਹੁਤ ਹੀ ਅਨੋਖੀਆਂ ਗੱਲਾਂ ਕਰਦੀ ਏ ਤੇ ਉਹਨੇ ਅਚਾਨਕ ਮਹਿਸੂਸ ਕੀਤਾ ਜਿਵੇਂ ਉਹਦੀ ਛਾਤੀ ਤੋਂ ਖੰਘ ਦਾ ਭਾਰ ਆਪਣੇ ਆਪ ਉਤਰ ਗਿਆ ਹੋਵੇ। ਉਹ ਜਿਹੜਾ ਸੱਤ ਦਿਨਾਂ ਤੋਂ ਮੰਜੇ ‘ਤੇ ਪਿਆ ਸੀ, ਬਿਨਾਂ ਸਹਾਰੇ ਦੇ ਉਠ ਕੇ ਬੈਠ ਗਿਆ ਤੇ ਬੋਲਿਆ, “ਗੰਗਾ ਅੱਜ ਤਾਂ ਮੈਨੂੰ ਵੀ ਭੁੱਖ ਲੱਗੀ ਏ। ਕੱਢ ਖਾਣਾ ਮਹਿਮਾਨ ਲਈ ਵੀ।”
ਗੰਗਾ ਨੇ ਹਾਂਡੀ ਚੁੱਲ੍ਹੇ ਤੋਂ ਉਤਾਰਦੇ ਹੋਏ ਸ਼ਰਮਸਾਰ ਹੋ ਕੇ ਕਿਹਾ, “ਭਾਤ ਤਾਂ ਏ ਪਰ ਨਾਲ ਖਾਣ ਲਈ ਕੁਝ ਨਹੀਂ ਏ। ਪਤਾ ਨਹੀਂ ਤੂੰ ਸੁੱਕਾ ਭਾਤ ਖਾ ਵੀ ਸਕੇਂਗੀ ਭੈਣ?”
“ਤੂੰ ਮੇਰੀ ਚਿੰਤਾ ਨਾ ਕਰ।” ਔਰਤ ਨੇ ਆਪਣੀ ਗਠੜੀ ਖੋਲ੍ਹਦੇ ਹੋਏ ਜੁਆਬ ਦਿੱਤਾ, “ਮੇਰੇ ਕੋਲ ਸਭ ਕੁਝ ਏ। ਅਸਲ ‘ਚ ਇਹ ਮੈਂ ਤੁਹਾਡੇ ਲਈ ਹੀ ਲਿਆਈ ਸੀ।”
“ਸਾਡੇ ਲਈਪਰ ਤੂੰ ਤਾਂ ਸਾਨੂੰ ਜਾਣਦੀ ਹੀ ਨਹੀਂ ਸੀ।”
“ਮੈਂ ਤੁਹਾਨੂੰ ਬਹੁਤ ਚੰਗੀ ਤਰ੍ਹਾਂ ਜਾਣਦੀ ਆਂ, ਭੈਣ। ਲੱਖੂ ਵੀਰ ਨੂੰ ਵੀ। ਲਕਸ਼ਮਣ ਤੇ ਮੀਨਾ ਨੂੰ ਵੀ।” ਇਹ ਕਹਿ ਕੇ ਉਹਨੇ ਗਠੜੀ ਖੋਲ੍ਹੀ ਤਾਂ ਖਾਣੇ ਦੀ ਖੁਸ਼ਬੂ ਸੁੰਘ ਕੇ ਬੱਚੇ ਉਹਦੇ ਕੋਲ ਆ ਗਏ।
“ਇਹਦੇ ‘ਚ ਕੀ ਏ?” ਲੱਖੂ ਨੇ ਮੰਜੇ ਤੋਂ ਉਤਰ ਕੇ ਚੁੱਲ੍ਹੇ ਕੋਲ ਬੈਠਦੇ ਹੋਏ ਕਿਹਾ।
ਔਰਤ ਨੇ ਇਕ-ਇਕ ਚੀਜ਼ ਕੱਢ ਕੇ ਉਨ੍ਹਾਂ ਸਾਹਮਣੇ ਰੱਖ ਦਿੱਤੀ, “ਇਹ ਵੇ ਮੱਕੀ ਦੀਆਂ ਰੋਟੀਆਂਮੱਖਣ ਨਾਲ ਚੋਪੜੀਆਂ। ਇਹ ਵੇ ਸਰ੍ਹੋਂ ਦਾ ਸਾਗ। ਇਹ ਵੇ ਪਿੰਡ ਦਾ ਅਸਲੀ ਘਿਉ। ਇਹ ਵੇ ਦੀਵਾਲੀ ਦੀ ਮਠਿਆਈ। ਅਸਲ ਖੋਏ ਦੇ ਪੇੜੇ। ਇਹ ਵੇ ਦਹੀਂ ਤੇ ਇਸ ਲੋਟੀ ਵਿਚ ਬੱਚਿਆਂ ਲਈ ਗਾਂ ਦਾ ਦੁੱਧ। ਸ਼ਹਿਰ ਵਾਂਗ ਪਾਣੀ ਮਿਲਿਆ ਨਹੀਂ ਏ।”
ਤੇ ਇਹ ਸੁਣ ਕੇ ਸਾਰੇ ਹੱਸ ਪਏ ਪਰ ਇੰਨਾ ਖਾਣਾ ਦੇਖ ਕੇ ਲੱਖੂ ਦੀਆਂ ਅੱਖਾਂ ਵਿਚ ਖੁਸ਼ੀ ਦੇ ਹੰਝੂ ਆ ਗਏ। ਰੋਟੀ ਦੀ ਬੁਰਕੀ ਤੋੜਦਿਆਂ ਬੋਲਿਆ, “ਇਹ ਸਭ ਹੋਵੇ ਤਾਂ ਫਿਰ ਆਦਮੀ ਨੂੰ ਹੋਰ ਕੀ ਚਾਹੀਦਾ ਏ?”
ਉਹ ਖਾਣਾ ਖਾ ਰਹੇ ਸਨ ਤੇ ਉਸ ਅਣਜਾਣ ਔਰਤ ਵੱਲ ਕਣੱਖਾ ਦੇਖ ਜਾ ਰਹੇ ਸਨ ਜਿਹੜੀ ਪਤਾ ਨਹੀਂ ਕਿੱਥੋਂ ਉਨ੍ਹਾਂ ਲਈ ਇਹ ਸਾਰੀਆਂ ਨਿਆਮਤਾਂ ਲੈ ਕੇ ਆਈ ਸੀ।
ਖਾ-ਖਾ ਕੇ ਉਹ ਸਾਰੇ ਆਰਾਮ ਨਾਲ ਬੈਠੇ। ਤਦ ਗੰਗਾ ਨੇ ਕਿਹਾ, “ਭੈਣ, ਅੱਜ ਤੁਹਾਡੀ ਬਦੌਲਤ ਸਾਡੀ ਦੀਵਾਲੀ ਹੋ ਗਈ।”
ਲੱਖੂ ਹੱਸ ਕੇ ਬੋਲਿਆ, “ਨਹੀਂ ਤਾਂ ਦਿਵਾਲਾ ਹੀ ਦਿਵਾਲਾ ਸੀ। ਤੁਹਾਡਾ ਧੰਨਵਾਦ ਕਿਵੇਂ ਕਰੀਏ ਭੈਣ? ਸਾਨੂੰ ਤਾਂ ਤੁਹਾਡੀ ਪੂਜਾ ਕਰਨੀ ਚਾਹੀਦੀ ਏ।”
ਤੇ ਔਰਤ ਨੇ ਕਿਹਾ, “ਧੰਨਵਾਦ ਤਾਂ ਮੈਨੂੰ ਤੁਹਾਡਾ ਕਰਨਾ ਚਾਹੀਦਾ ਏ। ਮੈਂ ਇਸ ਸਾਰੇ ਸ਼ਹਿਰ ਵਿਚ ਫਿਰੀ, ਪਰ ਕਿਸੇ ਨੇ ਮੈਨੂੰ ਰਾਤ ਭਰ ਲਈ ਸਹਾਰਾ ਨਹੀਂ ਦਿੱਤਾ, ਸਿਵਾਏ ਤੁਹਾਡੇ। ਸਭ ਮਹੱਲਾਂ ਦੇ, ਸਭ ਬੰਗਲਿਆਂ ਦੇ ਦਰਵਾਜ਼ੇ ਬੰਦ ਸਨ। ਮੇਰੇ ਲਈ ਖੁੱਲ੍ਹਾ ਸੀ ਤਾਂ ਕੇਵਲ ਤੁਹਾਡੀ ਝੁੱਗੀ ਦਾ ਦਰਵਾਜ਼ਾ। ਹੁਣ ਮੈਂ ਹਰ ਸਾਲ ਤੁਹਾਡੇ ਘਰ ਆਇਆ ਕਰਾਂਗੀ ਦੀਵਾਲੀ ‘ਤੇ।”
ਗੰਗਾ ਨੇ ਕਿਹਾ, “ਭੈਣ ਤੂੰ ਕੱਲ੍ਹ ਸਵੇਰੇ ਚਲੀ ਜਾਵੇਂਗੀ ਤਾਂ ਅਸੀਂ ਤੈਨੂੰ ਯਾਦ ਕਿਵੇਂ ਕਰਾਂਗੇ? ਸਾਨੂੰ ਤਾਂ ਇਹ ਵੀ ਨਹੀਂ ਪਤਾ ਕਿ ਤੂੰ ਕੌਣ ਏ? ਕਿੱਥੋਂ ਆਈ ਏ?”
ਤੇ ਉਹਦਾ ਜੁਆਬ ਸੁਣ ਕੇ ਉਹ ਬੜੀ ਡੂੰਘੀ ਸੋਚ ਵਿਚ ਪੈ ਗਏ। ਉਸ ਔਰਤ ਨੇ ਕਿਹਾ, “ਮੈਂ ਇੱਥੇ ਤੁਸਾਂ ਲੋਕਾਂ ਕੋਲ ਰਹਿੰਦੀ ਹਾਂ…ਮੈਂ ਇਨ੍ਹਾਂ ਖੇਤਾਂ ਕੋਲ ਰਹਿੰਦੀ ਹਾਂ ਜਿੱਥੇ ਲੱਖੂ ਵੀਰ ਦੇ ਬਾਬਾ ਅੰਨ ਉਗਾਉਂਦੇ ਸਨ ਅਤੇ ਮੈਂ ਉਸ ਕਾਰਖਾਨੇ ਵਿਚ ਵੀ ਰਹਿੰਦੀ ਹਾਂ ਜਿੱਥੇ ਲੱਖੂ ਵੀਰ ਮਸ਼ੀਨਾਂ ਨਾਲ ਕੱਪੜਾ ਬੁਣਦੇ ਨੇ। ਜਿੱਥੇ ਇਨਸਾਨ ਆਪਣੀ ਮਿਹਨਤ ਨਾਲ ਆਪਣੀਆਂ ਜ਼ਰੂਰਤਾਂ ਪੈਦਾ ਕਰਦਾ ਏ। ਮੈਂ ਉਥੇ ਰਹਿੰਦੀ ਹਾਂ ਤੇ ਦੀਵਾਲੀ ਦੀ ਰਾਤ ਨੂੰ ਮੈਂ ਹਰ ਉਸ ਘਰ ਪਹੁੰਚ ਜਾਂਦੀ ਹਾਂ ਜਿੱਥੇ ਇਕ ਦੀਵੇ ਵਿਚ ਵੀ ਮੈਨੂੰ ਇਨਸਾਨੀਅਤ ਤੇ ਸੱਚਾ ਪ੍ਰੇਮ ਝਿਲਮਿਲਾਉਂਦਾ ਹੋਇਆ ਦਿਖਾਈ ਦਿੰਦਾ ਹੈ।”
ਥੋੜ੍ਹੀ ਦੇਰ ਝੁੱਗੀ ਵਿਚ ਸੰਨਾਟਾ ਰਿਹਾ। ਹੁਣ ਉਸ ਇਕਲੌਤੇ ਨਿੱਕੇ ਦੀਵੇ ਦੀ ਲੋਅ ਇੰਨੀ ਤੇਜ਼ ਹੋ ਗਈ ਸੀ ਕਿ ਝੁੱਗੀ ਦਾ ਕੋਨਾ-ਕੋਨਾ ਜਗਮਗਾ ਉਠਿਆ ਸੀ ਤੇ ਦੂਰ ਸੇਠ ਲਕਸ਼ਮੀ ਦਾਸ ਦੇ ਮਹੱਲ ਵਿਚ ਹਨੇਰਾ ਛਾ ਗਿਆ ਸੀ। ਸ਼ਾਇਦ ਕਰੰਟ ਤੇ ਜੈਨਰੇਟਰ ਦੋਵੇਂ ਫੇਲ੍ਹ ਹੋ ਗਏ ਸਨ ਤੇ ਬਾਬੂ ਲਕਸ਼ਮੀ ਕਾਂਤ ਦੀ ਬਾਲਕਨੀ ਦੇ ਸਾਰੇ ਦੀਵੇ ਵੀ ਤੇਲ ਮੁੱਕਣ ‘ਤੇ ਬੁਝ ਗਏ ਸਨ।
“ਦੇਵੀ।” ਗੰਗਾ ਨੇ ਡਰਦੇ-ਡਰਦੇ ਪੁੱਛਿਆ, “ਤੁਹਾਡਾ ਨਾਂ ਕੀ ਏ?”
ਤੇ ਉਸ ਔਰਤ ਨੇ ਮੁਸਕਰਾ ਦੇ ਜਵਾਬ ਦਿੱਤਾ, “ਲਕਸ਼ਮੀ।”

ਪੰਜਾਬੀ ਕਹਾਣੀਆਂ (ਮੁੱਖ ਪੰਨਾ)
 
 

To veiw this site you must have Unicode fonts. Contact Us

punjabi-kavita.com