Dudh Da Chhappar (Punjabi Story) : Kulwant Singh Virk

ਦੁੱਧ ਦਾ ਛੱਪੜ (ਕਹਾਣੀ) : ਕੁਲਵੰਤ ਸਿੰਘ ਵਿਰਕ

ਚਾਚੇ-ਤਾਏ ਦੇ ਪੁੱਤਰ ਹੋਣ ਕਰ ਕੇ ਲਾਲ ਤੇ ਦਿਆਲ ਦਾ ਆਪੋ ਵਿਚ ਬੜਾ ਪਿਆਰ ਸੀ। ਉਨ੍ਹਾਂ ਦੀ ਵਾਹੀ ਵੀ ਇਕੱਠੀ ਸੀ। ਪਿੰਡ ਵਿਚ ਇਕੱਠ ਦਾ ਬੜਾ ਰੁਹਬ ਪੈਂਦਾ ਏ, ਦੋ ਸਕੇ ਭਰਾਵਾਂ ਨਾਲੋਂ ਜੇ ਦੋ ਚਾਚੇ-ਤਾਏ ਦੇ ਪੁੱਤਰ ਰਲ ਕੇ ਟੁਰਦੇ ਹਨ ਤਾਂ ਉਨ੍ਹਾਂ ਨੂੰ ਹੋਰ ਵੱਡੀ ਤਾਕਤ ਸਮਝਿਆ ਜਾਂਦਾ ਏ, ਕਿਉਂਕਿ ਇਹੋ ਜਿਹਾ ਮੇਲ ਘੱਟ ਵੇਖਣ ਵਿਚ ਆਉਂਦਾ ਏ। ਭਰਾਵਾਂ ਨੇ ਤੇ ਭਲਾ ਰਲ ਕੇ ਟੁਰਨਾ ਈ ਹੋਇਆ। ਇਸ ਲਈ ਇਨ੍ਹਾਂ ਦੋਹਾਂ-ਲਾਲ ਤੇ ਦਿਆਲ ਦਾ ਵੀ ਪਿੰਡ ਵਿਚ ਲੋਕ ਨਾਂ ਲੈਂਦੇ ਸਨ। ਕਾਮਿਆਂ ਨੂੰ ਕੰਮ ਕਹਿਣਾ ਉਨ੍ਹਾਂ ਲਈ ਸੌਖਾ ਸੀ, ਕਿਉਂਕਿ ਉਹ ਛੇਤੀ ਆਖੇ ਲੱਗ ਜਾਂਦੇ ਸਨ। ਪਿੰਡ ਦੀਆਂ ਗਲੀਆਂ ਵਿਚ ਟੁਰਨਾ ਉਨ੍ਹਾਂ ਨੂੰ ਸਵਾਦ ਦੇਂਦਾ ਸੀ, ਕਿਉਂਕਿ ਉਥੇ ਉਨ੍ਹਾਂ ਦਾ ਆਦਰ ਸੀ।
ਇਸ ਮੁਫ਼ਤ ਦੇ ਆਦਰ ਤੋਂ ਬਿਨਾ, ਇਕੱਠਿਆਂ ਉਨ੍ਹਾਂ ਦਾ ਵਾਹੀ ਜੋਤੀ ਦਾ ਕੰਮ ਵੀ ਸੌਖਾ ਚਲਦਾ ਸੀ। ਰਲ ਕੇ ਉਹ ਦੋ ਹਲਾਂ ਦੀ ਵਾਹੀ ਕਰਦੇ ਸਨ। ਇਕ ਕਾਮਾ ਰੱਖ ਲੈਣ ਨਾਲ ਉਨ੍ਹਾਂ ਵਿਚੋਂ ਇਕ ਬੰਦਾ ਹਰ ਰੋਜ਼ ਸੌਖਾ ਰਹਿ ਸਕਦਾ ਸੀ, ਤੇ ਕੰਮ ਵੀ ਚੰਗਾ ਟੁਰਿਆ ਜਾਂਦਾ ਸੀ। ਇਕ ਹਲ ਦੀ ਵਾਹੀ ਇਕ ਤੇ ਬੇਸਵਾਦ ਹੁੰਦੀ ਹੈ, ਦੂਜਾ ਸੂਤਰ ਨਹੀਂ ਬੈਠਦੀ। ਜੇ ਇਕੱਲੇ ਹੋਵੋ ਤਾਂ ਉਹ ਬੰਦਾ ਡੰਗਰਾਂ ਨਾਲ ਡੰਗਰ ਹੋ ਜਾਂਦਾ ਏ, ਤੇ ਜੇ ਕਾਮਾ ਰੱਖੇ ਤਾਂ ਪੂਰਾ ਨਹੀਂ ਪਟਦਾ।
ਇਹ ਇਕੱਠੀ ਵਾਹੀ ਤੀਸਰੇ ਬੰਦੇ ਨੂੰ ਜਿਹੜਾ ਵਿਹਲ ਦੇ ਰਹੀ ਸੀ, ਉਹ ਸਾਰਾ ਦਿਆਲ ਹੀ ਮਾਣਦਾ। ਉਹ ਗੋਰੇ ਰੰਗ ਦਾ, ਸੁਹਣੀ ਸ਼ਕਲ ਵਾਲਾ ਭਾਰਾ ਜਿਹਾ ਗੱਭਰੂ ਸੀ। ਪਹਿਲੇ ਪਹਿਰ ਤੇ ਉਹ ਪੈਲੀਆਂ ਵਿਚ ਕੁਝ ਕੰਮ ਕਰਦਾ, ਪਰ ਪਿਛਲੇ ਪਹਿਰ ਰੋਜ਼ ਉਹ ਚਿੱਟੇ ਕੱਪੜੇ ਪਾ ਕੇ ਪਿੰਡ ਵਿਚ ਭੌਂਦਾ ਰਹਿੰਦਾ ਜਾਂ ਖੁੰਢਾਂ ‘ਤੇ ਬੈਠਾ ਰਹਿੰਦਾ। ਤੇ ਲੋਕੀਂ ਉਸ ਨਾਲ ਅੱਖ ਮਿਲਾ ਕੇ, ਉਸ ਨਾਲ ਗੱਲਾਂ ਕਰ ਕੇ ਖ਼ੁਸ਼ ਹੁੰਦੇ।
ਪਰ ਪਿੰਡ ਵਾਲਿਆਂ ਦੀ ਤੇ ਦਿਆਲ ਦੀ ਇਹ ਸਾਰੀ ਖ਼ੁਸ਼ੀ ਲਾਲ ਦੇ ਸਿਰ ‘ਤੇ ਸੀ ਜਿਸ ਨੂੰ ਪਿਛੋਂ ਕੰਮ ਕਰਨਾ ਪੈਂਦਾ।
“ਕੱਲ੍ਹ ਤੂੰ ਪਿੰਡੋਂ ਈ ਨਹੀਂ ਨਿਕਲਿਆ ਪਿਛਲੇ ਪਹਿਰ, ਵਾੜ ਦੇਣੀ ਸੀ ਕਣਕ ਨੂੰ। ਦੋ ਬੰਦਿਆਂ ਵਿਚ ਵਾੜ ਤੈਨੂੰ ਪਤਾ ਏ ਬੜੀ ਔਖੀ ਆਉਂਦੀ ਏ।” ਲਾਲ ਕਦੀ ਉਲ੍ਹਾਮਾ ਦਿੰਦਾ।
“ਐਵੇਂ ਈ ਆਲਸ ਕਰ ਛੱਡਿਆ। ਪਿੰਡ ਥਾਣੇਦਾਰ ਆਇਆ ਹੋਇਆ ਸੀ, ਮੈਂ ਆਖਿਆ ਕੋਈ ਗੱਲਬਾਤ ਸੁਣਾਂਗੇ।” ਦਿਆਲ ਨੀਵੀਂ ਖਿੱਚ ਛੱਡਦਾ ਤੇ ਲਾਲ ਚੁੱਪ ਹੋ ਜਾਂਦਾ।
ਲਾਲ ਦੀ ਵਹੁਟੀ ਵੀ ਦਿਆਲ ਨੂੰ ਆਪਣੇ ਘਰ ਵਿਚ ਫਿਰਦਿਆਂ ਵੇਖਦੀ। ਜਦੋਂ ਲਾਲ ਬਾਹਰ ਪੈਲੀਆਂ ਵਿਚ ਕੰਮ ਲੱਗਾ ਹੋਇਆ ਹੁੰਦਾ, ਉਨ੍ਹਾਂ ਦੇ ਘਰ ਦੀ ਸਾਂਝੀ ਕੰਧ ਤੋਂ ਪਾਰ ਉਹਦੀ ਪੱਗ ਇਧਰ-ਉਧਰ ਭੌਂਦੀ ਦਿਸਦੀ। ਕਦੀ ਉਹ ਆਪਣੇ ਮੁੰਡੇ ਨੂੰ ਚੁੱਕ ਕੇ ਘਰੋਂ ਕੋਈ ਲੱਕੜ ਫੜ ਤਰਖਾਣਾਂ ਵੱਲ ਲੈ ਜਾਂਦਾ ਅਤੇ ਉਥੇ ਬੈਠ ਕੇ ਉਸ ਨੂੰ ਗੱਡੀ ਬਣਵਾ ਦਿੰਦਾ, ਤੇ ਕਦੀ ਆਪਣੀ ਵਹੁਟੀ ਦਾ ਸਾਗ ਚੀਰਨ ਵਾਲਾ ਦਾਤਰ ਚੁੱਕ ਕੇ ਲੁਹਾਰਾਂ ਪਾਸੋਂ ਲੁਆਣ ਟੁਰ ਪੈਂਦਾ, ਅਤੇ ਕਦੇ ਸੱਤੋ ਜੁਲਾਹੀ ਨੂੰ ਚਰਖਾ ਚੁਕਵਾ ਕੇ ਉਸ ਦੀ ਤਾਣ ਕਢਵਾ ਲਿਆਉਂਦਾ। ਲਾਲ ਦੀ ਵਹੁਟੀ ਦੇ ਸਾਰੇ ਕੰਮ ਉਸੇ ਤਰ੍ਹਾਂ ਹੀ ਪਏ ਰਹਿੰਦੇ।
ਦਿਆਲ ਦੀ ਘਰ ਵਿਚ ਭੌਂਦੀ ਪੱਗ ਤੇ ਆਉਂਦੀ ਵਾਜ ਉਸ ਦੀਆਂ ਕਈ ਸੱਧਰਾਂ ਟੁੰਬਦੀ। ਜੇ ਕਦੀ ਲਾਲ ਵੀ ਇਸੇ ਵੇਲੇ ਘਰ ਆ ਸਕੇ ਤਾਂ ਉਹ ਉਸ ਨੂੰ ਦੁੱਧ ਪਾ ਕੇ ਦੇਵੇ। ਪਿੰਡ ਵਿਚ ਜਾਣ ਲਈ ਉਸ ਨੂੰ ਚਿੱਟੇ-ਚਿੱਟੇ ਕੱਪੜੇ ਪੁਆਏ, ਤੇ ਉਸ ਦੇ ਕੱਪੜੇ ਪਾਂਦਿਆਂ ਨੂੰ ਝਟ-ਪਟ ਉਸ ਦੀ ਪੱਗ ਨੂੰ ਮਾਇਆ ਲਾ ਦੇਵੇ। ਹੁਣ ਤੇ ਨਾ ਕੱਪੜੇ ਧੋਣ ਤੇ ਨਾ ਪਾਣ ਦਾ ਕੋਈ ਸਵਾਦ ਸੀ। ਅੱਠੀਂ ਦਸੀਂ ਦਿਨੀਂ ਰਾਤ ਨੂੰ ਸੌਣ ਲੱਗਿਆਂ ਉਹ ਧੋਤੇ ਹੋਏ ਕੱਪੜੇ ਸਰਹਾਣੇ ਰਖਵਾ ਲੈਂਦਾ, ਤੇ ਸਵੇਰੇ ਉਠ ਕੇ ਰਾਤ ਦੇ ਲਾਹੇ ਹੋਏ ਮੈਲੇ ਕੱਪੜੇ ਸਰਹਾਣੇ ਰੱਖ ਕੇ ਉਹ ਚਿੱਟੇ ਕੱਪੜੇ ਪਾ ਲੈਂਦਾ, ਪਰ ਛੇਤੀ ਹੀ ਇਹ ਵੀ ਮੈਲੇ ਹੋ ਜਾਂਦੇ, ਤੇ ਫਿਰ ਕਈ ਦਿਨ ਉਹ ਮੈਲੇ ਹੀ ਪਾਈ ਫਿਰਦਾ। ਜੇ ਲਾਲ ਵੀ ਦਿਆਲ ਵਾਂਗ ਸ਼ਾਮ ਘਰ ਬਿਤਾ ਸਕੇ!
ਤੇ ਫਿਰ ਰਾਤ ਨੂੰ ਜਦੋਂ ਲਾਲ ਘਰ ਆਉਂਦਾ ਤਾਂ ਉਹ ਆਖਦੀ, “ਤੂੰ ਉਹਦਾ ਕਾਮਾ ਰੱਖਿਆ ਹੋਇਆਂ ਏਂ? ਆਪ ਤੇ ਸਰਦਾਰ ਪਿੰਡ ਫਿਰਦਾ ਰਹਿੰਦਾ ਏ, ਤੇ ਤੂੰ ਉਥੇ ਮਿੱਟੀ ਨਾਲ ਘੁਲਦਾ ਰਹਿਨਾ ਏਂ।”
“ਪਿੰਡ ਫਿਰਨ ਵਿਚ ਕੀ ਪਿਆ ਏ? ਪਾਣੀ ਦੀ ਵਾਰੀ ਦੀ ਗੱਲ ਕਰਨੀ ਸੀ, ਏਸ ਕਰ ਕੇ ਆਇਆ ਸੀ ਉਹ।” ਲਾਲ ਗੱਲ ਵਲਾਂਦਾ ਤੇ ਫਿਰ ਮਰ੍ਹਮ ਲਾਂਦਾ।
“ਕਦੀ ਹਲ-ਫਲ ਠੀਕ ਕਰਾਣਾ ਹੁੰਦਾ ਏ, ਕੋਈ ਰੱਸਾ-ਪੈੜਾ ਵਟਣਾ ਹੁੰਦਾ ਏ ਜਾਂ ਕੋਈ ਬੰਦਾ ਦਿਹਾੜੀ ਲਈ ਆਖਣਾ ਹੁੰਦਾ ਏ, ਪਿੰਡ ਵਿਚ ਸੌ ਕੰਮ ਹੁੰਦੇ ਨੇ।”
“ਪਿੰਡ ਕੰਮ ਹੁੰਦੇ ਨੇ ਤਾਂ ਤੂੰ ਵੀ ਆ ਜਾਇਆ ਕਰ ਕਦੀ, ਜ਼ਰੂਰ ਉਸੇ ਹੀ ਕਰਨੇ ਹੁੰਦੇ ਨੇ ਪਿੰਡ ਵਾਲੇ ਕੰਮ।”
“ਹੱਲਾ ਮੈਂ ਆ ਜਾਇਆ ਕਰਾਂਗਾ, ਇਹਦੇ ‘ਚ ਕਿਹੜੀ ਗੱਲ ਏ। ਉਹ ਆਂਹਦਾ ਏ, ਮੈਂ ਲਗਾ ਜਾਨਾਂ, ਮੈਂ ਆਹਨਾਂ, ਹੱਲਾ ਤੂੰ ਲਗਾ ਜਾ।”
ਲਾਲ ਆਉਣ ਲਈ ਕਹਿ ਤੇ ਦੇਂਦਾ, ਪਰ ਉਹ ਆਇਆ ਕਦੀ ਨਾ। ਏਸ ਵਿੜ੍ਹੀ ਵਿਚ ਅਸਲ ਵਿਚ ਉਹ ਭਿਆਲ ਦੇ ਹੇਠ ਵਗ ਰਿਹਾ ਸੀ। ਉਹ ਤਾਰੇ ਚੜ੍ਹੇ ਉਠਦਾ, ਤੇ ਕਾਮੇ ਨਾਲ ਹਲ ਜੋੜ ਕੇ ਲੈ ਜਾਂਦਾ। ਮਗਰੋਂ ਦਿਆਲ ਧੰਮੀ ਵੇਲੇ ਉਠ ਕੇ ਮੱਝੀਂ ਨੂੰ ਬਾਹਰ ਕੱਢਦਾ, ਪੱਠੇ ਪਾਂਦਾ ਤੇ ਫਿਰ ਚੋਂਦਾ। ਡੰਗਰਾਂ ਜੋਗੇ ਪੱਠੇ ਵੱਢ ਕੇ ਉਹ ਉਨ੍ਹਾਂ ਨੂੰ ਛੇੜ ਕੇ ਲੈ ਜਾਂਦਾ, ਤੇ ਥੋੜ੍ਹਾ ਜਿਹਾ ਫਿਰਾ-ਟੁਰਾ ਕੇ ਮੋੜ ਲਿਆਉਂਦਾ। ਪਿਛਲੇ ਪਹਿਰ ਉਹ ਪਿੰਡ ਕਦੀ ਕਿਸੇ ਢਾਣੀ ਨਾਲ ਸ਼ਰਾਬ ਪੀ ਛੱਡਦਾ, ਕਦੀ ਤਾਸ਼ ਖੇਡਦਾ ਰਹਿੰਦਾ, ਤੇ ਕਦੀ ਅਖ਼ਬਾਰਾਂ ਦੀਆਂ ਖ਼ਬਰਾਂ ਸੁਣਦਾ-ਸਮਝਦਾ ਰਹਿੰਦਾ। ਵਾਹੀ ਦਾ ਤੇ ਸਾਰਾ ਭਾਰ ਦਿਨੋ-ਦਿਨ ਲਾਲ ‘ਤੇ ਪੈਂਦਾ ਜਾ ਰਿਹਾ ਸੀ। ਲਾਲ ਸਦਾ ਯਾਰ ਬੇਲੀ ਗੰਢਣ, ਤੇ ਆਪਣਾ ਰਸੂਖ ਬਨਾਣ ‘ਤੇ ਰਹਿੰਦਾ। ਹਰ ਭਿਆਲੀ ਵਿਚ ਇਸ ਤਰ੍ਹਾਂ ਹੀ ਹੁੰਦਾ ਹੈ। ਇਕ ਧਿਰ ਬਹੁਤਾ ਕੰਮ ਕਰਦੀ ਹੈ ਤੇ ਇਕ ਥੋੜ੍ਹਾ; ਜਿੰਨਾ ਚਿਰ ਬਹੁਤਾ ਕੰਮ ਕਰਨ ਵਾਲੀ ਧਿਰ ਚੁੱਪ ਕੀਤੀ ਰਹੇ, ਭਿਆਲੀ ਚਲਦੀ ਜਾਂਦੀ ਹੈ, ਤੇ ਜਦੋਂ ਉਸ ਨੂੰ ਇਹ ਬਹੁਤਾ ਕੰਮ ਚੁਭਣ ਲੱਗ ਜਾਵੇ ਤਾਂ ਭਿਆਲੀ ਟੁੱਟ ਜਾਂਦੀ ਹੈ।
ਇਕ ਦਿਨ ਵਾਢੀਆਂ ਤੋਂ ਪਿਛੋਂ ਲੁਹਾਰਾਂ ਦੇ ਮੁੰਡੇ ਜੱਟਾਂ ਤੋਂ ਕਣਕ ਦੀਆਂ ਭਰੀਆਂ ਇਕੱਠੀਆਂ ਕਰ ਰਹੇ ਸਨ। ਲਾਲ ਇਕ ਹੋਰ ਜੱਟ ਦੇ ਡੇਰੇ ‘ਤੇ ਬੈਠਾ ਸੀ।
ਲੁਹਾਰਾਂ ਦਾ ਇਕ ਮੁੰਡਾ ਉਸ ਜੱਟ ਤੋਂ ਭਰੀ ਮੰਗਣ ਆ ਗਿਆ। ਉਸ ਨਾਲ ਦਾ ਦੂਜਾ ਮੁੰਡਾ ਕੋਲ ਸੜਕ ਤੋਂ ਭਰੀ ਚੁੱਕੀ ਲੰਘ ਰਿਹਾ ਸੀ।
“ਔਹ ਭਰੀ ਕਿਥੋਂ ਲਿਆਏ ਓ?” ਉਸ ਜੱਟ ਨੇ ਭਰੀ ਮੰਗਣ ਆਏ ਮੁੰਡੇ ਤੋਂ ਦੂਜੀ ਭਰੀ ਬਾਰੇ ਪੁੱਛਿਆ।
“ਇਹ ਤੇ ਔਥੋਂ ਦਿਆਲ ਦੇ ਖਲਵਾੜੇ ਤੋਂ ਲਿਆਏ ਆਂ।”
ਲਾਲ ਨੇ ਇਹ ਸੁਣਿਆਂ ਤਾਂ ਉਸ ਨੂੰ ਆਪਣਾ ਲਹੂ ਠੰਢਾ ਹੁੰਦਾ ਲੱਗਾ। ਖਲਵਾੜਾ ਤਾਂ ਸਾਂਝਾ ਸੀ, ਪਰ ਨਾਂ ਦਿਆਲ ਦਾ ਵੱਜ ਰਿਹਾ ਸੀ। ਕੰਮ ਵਿਚ ਰੁਕ ਲਾਲ ਦਾ, ਤੇ ਆਪਣੇ ਭੋਇੰ-ਭਾਂਡੇ ਤੋਂ ਵੀ ਨਾਂ ਮਿਟਦਾ ਜਾ ਰਿਹਾ ਸੀ। ਉਸ ਨੇ ਅੱਡਰੇ ਹੋਣ ਦਾ ਫ਼ੈਸਲਾ ਕਰ ਲਿਆ। ਵਾਢੀਆਂ ਪਿਛੋਂ ਉਂਜ ਵੀ ਇਹ ਵਾਹੀਆਂ ਬਦਲਣ ਦੇ ਦਿਨ ਸਨ।
ਦਾਣੇ ਤੇ ਉਹ ਪਹਿਲਾਂ ਹੀ ਵੰਡ ਲੈਂਦੇ ਸਨ। ਇਸ ਵਾਰੀ ਉਸ ਨੇ ਤੂੜੀ ਵੀ ਵੰਡ ਲਈ। ਮੱਝਾਂ ਆਪਣੀਆਂ ਵੱਖਰੀਆਂ ਬੰਨ੍ਹ ਲਈਆਂ। ਇਕ ਸੱਜਰ ਸੂਈ ਮੱਝ ਦਾ ਥੋੜ੍ਹਾ ਜਿਹਾ ਵਖਤ ਸੀ, ਉਸ ਦੀ ਕੱਟੀ ਮਰ ਗਈ ਹੋਈ ਸੀ, ਤੇ ਉਹ ਦਿਆਲ ਦੇ ਹੱਥ ਪਈ ਹੋਈ ਸੀ। ਕਿਸੇ ਹੋਰ ਤੋਂ ਨਹੀਂ ਸੀ ਮਿਲਦੀ। ਲਾਲ ਨੇ ਕੁਝ ਦਿਨ ਉਸ ਨੂੰ ਛੋਲਿਆਂ ਦੇ ਵੰਡ ਵਿਚ ਲੂਣ ਘੋਲ ਕੇ ਪਿਆਇਆ, ਆਪਣੇ ਹੱਥ ‘ਤੇ ਆਟਾ ਚਰਾਇਆ, ਤਲੀ ‘ਤੇ ਧਾਰਾਂ ਮਾਰ ਕੇ ਉਸੇ ਨੂੰ ਚਟਾਈਆਂ, ਆਪਣੇ ਮੂੰਹ ਵਿਚ ਧਾਰ ਲੈ ਕੇ ਉਸ ਦੀਆਂ ਨਾਸਾਂ ‘ਤੇ ਫੁਰਕੜਾ ਮਾਰਿਆ, ਤੇ ਉਹ ਹੌਲੀ-ਹੌਲੀ ਉਸ ਤੋਂ ਵੀ ਮਿਲਣ ਲੱਗ ਪਈ, ਪਰ ਦਿਆਲ ਨਾਲੋਂ ਉਸ ਮੱਝ ਦਾ ਪਿਆਰ ਨਾ ਟੁੱਟਾ। ਜਦੋਂ ਕਦੀ ਖੁੱਲ੍ਹਦੀ, ਉਸੇ ਕੋਲ ਜਾ ਖਲੋਂਦੀ, ਜਾਂ ਉਸ ਦੀਆਂ ਮੱਝਾਂ ਵਿਚ ਰਲ ਜਾਂਦੀ।
ਮੱਝ ਦਾ ਤੇ ਦਿਆਲ ਨਾਲ ਪਿਆਰ ਬਣਿਆ ਰਿਹਾ, ਪਰ ਲਾਲ ਤੇ ਦਿਆਲ ਇਕ ਦੂਜੇ ਤੋਂ ਦੂਰ-ਦੂਰ ਹੁੰਦੇ ਗਏ। ਪੈਲੀਆਂ ਨੇੜੇ ਹੋਣ ਕਰ ਕੇ ਉਨ੍ਹਾਂ ਦੇ ਡੰਗਰ ਖੁੱਲ੍ਹ ਕੇ ਇਕ ਦੂਜੇ ਦੀ ਪੈਲੀ ਵਿਚ ਪੈ ਜਾਂਦੇ, ਤੇ ਇਸ ਵਿਚੋਂ ਕਈ ਉਲ੍ਹਾਮੇ ਨਿਕਲਦੇ। ਹਰ ਇਹੋ ਜਿਹੇ ਮੌਕੇ ‘ਤੇ ਦੋਵੇਂ ਇਕ ਦੂਜੇ ਤੋਂ ਵਧ ਕੇ ਗੱਲਾਂ ਕਰਦੇ, ਤੇ ਕੋਈ ਧਿਰ ਨੀਵੀਂ ਨਾ ਖਿੱਚਦੀ। ਜਦੋਂ ਦਿਆਲ ਦੀ ਨਿੱਕੀ ਜਿਹੀ ਕੱਟੀ ਲੱਕੜਾਂ ਦੀ ਵਿਰਲ ਵਿਚੋਂ ਨਿਕਲ ਕੇ ਸਾਰੀ ਰਾਤ ਲਾਲ ਦੇ ਬੀਜੇ ਹੋਏ ਗੋਂਗਲੂਆਂ ਵਿਚ ਫਿਰਦੀ ਰਹੀ, ਤਾਂ ਦਿਆਲ ਨੇ ਅੱਗਿਉਂ ਉਲਟਾ ਕਿਹਾ, “ਮੈਂ ਕੋਈ ਕੱਟੀ ਦੇ ਨਾਲ ਤਾਂ ਨਹੀਂ ਨਾ ਬੱਝ ਜਾਣਾ। ਇਹ ਨਿੱਕੇ ਨਿੱਕੇ ਜੀਅ ਸੱਜਿਓਂ-ਖੱਬਿਓਂ ਕਿਧਰੋਂ ਨਿਕਲ ਈ ਜਾਂਦੇ ਨੇ।”
ਤੇ ਫਿਰ ਅਗਲੇ ਦਿਨ ਜਦੋਂ ਲਾਲ ਦੀ ਘੋੜੀ ਸੰਗਲ ਲੱਗੇ ਨਾਲ ਦਿਆਲ ਦੀ ਫਲੀ ਹੋਈ ਕਪਾਹ ਵਿਚ ਬੂਟੇ ਭੰਨ੍ਹਦੀ ਤੇ ਫਲ ਕੇਰਦੀ ਰਹੀ, ਤਾਂ ਲਾਲ ਨੇ ਕਹਿ ਛੱਡਿਆ, “ਘੋੜੀ ਤੇ ਕਪਾਹ ਨੂੰ ਮੂੰਹ ਨਹੀਂ ਲਾਂਦੀ। ਬੂਟੇ ਤੇ ਉਦੋਂ ਭੱਜਦੇ ਨੇ ਜਦੋਂ ਸੰਗਲੀ ਹੋਈ ਘੋੜੀ ਨੂੰ ਤੂੰ ਮਗਰੋਂ ਤ੍ਰਾਹਨਾ ਏਂ ਚਾ। ਆਰਾਮ ਨਾਲ ਕੱਢੇਂ ਤਾਂ ਆਪੇ ਬੂਟੇ ਨਾ ਭੱਜਣ।” ਦਿਆਲ ਨੂੰ ਇਸ ਗੱਲ ਦਾ ਬੜਾ ਗੁੱਸਾ ਸੀ। ਗੋਂਗਲੂ ਤੇ ਆਖ਼ਰ ਪੱਠੇ ਹੀ ਸਨ, ਪਰ ਕਪਾਹ ਤੇ ਪੈਸੇ ਵਾਲੀ ਫਸਲ ਸੀ। ਇਕ ਬਚਾਅ ਸੀ। ਨਾ ਲਾਲ ਤੇ ਨਾ ਦਿਆਲ ਨੇ ਕਦੀ ਇਕ ਦੂਜੇ ਦੇ ਹੱਥੀਂ ਪੈਣ ਲਈ ਸੋਚਿਆ ਸੀ।
ਇਸ ਤੋਂ ਕੁਝ ਦਿਨ ਪਿਛੋਂ ਮੀਂਹ ਪਿਆ। ਦਿਆਲ ਕੋਲ ਤੇ ਬਾਹਰ ਇਕ ਕੋਠਾ ਹੈ ਹੀ ਸੀ, ਪਰ ਲਾਲ ਨੇ ਅਜੇ ਕੁਝ ਨਹੀਂ ਸੀ ਛੱਤਿਆ। ਫਿਰ ਵੀ ਉਹ ਦਿਆਲ ਦੇ ਕੋਠੇ ਵਿਚ ਆ ਕੇ ਸਿਰ ਨਹੀਂ ਲੁਕਾਣਾ ਚਾਹੁੰਦਾ ਸੀ। ਉਸ ਦੇ ਤੂਤ ਹੇਠਾਂ ਥੋੜ੍ਹਾ ਜਿਹਾ ਬਚਾ ਹੋ ਸਕਦਾ ਸੀ। ਚਾਦਰ ਦੀ ਬੁੱਕਲ ਮਾਰ ਕੇ ਉਹ ਆਪਣੇ ਤੂਤ ਥੱਲੇ ਬੈਠਾ ਰਿਹਾ, ਤੇ ਉਤੇ ਮੀਂਹ ਪੈਂਦਾ ਰਿਹਾ। ਇਹ ਗੱਲ ਪਿੰਡ ਵੀ ਅੱਪੜ ਗਈ। ਉਸ ਦੇ ਤੂਤ ਵਿਚ ਬਗਲਿਆਂ ਦੇ ਆਲ੍ਹਣੇ ਸਨ। ਲੋਕੀਂ ਕਹਿੰਦੇ ਫਿਰਨ, “ਉਤੇ ਬਗਲੇ ਨ੍ਹਾਉਂਦੇ ਰਹੇ ਅਤੇ ਹੇਠਾਂ ਲਾਲ ਨਹਾਉਂਦਾ ਰਿਹਾ।”
ਇਸ ਮੀਂਹ ਤੋਂ ਪਿਛੋਂ ਇਹ ਗੱਲ ਆਮ ਸੀ ਕਿ ਇਕ ਨਾ ਇਕ ਦਿਨ ਲਾਲ ਤੇ ਦਿਆਲ ਦੀ ਲੜਾਈ ਹੋਵੇਗੀ। ਕੋਈ ਕਹਿੰਦਾ ਸੀ ਦਿਆਲ ਤਕੜਾ ਹੈ, ਉਹ ਮਾਰੇਗਾ। ਕੋਈ ਕਹਿੰਦਾ ਸੀ ਲਾਲ ਵਿਚ ਗੁੱਸਾ ਬਹੁਤਾ ਏ, ਇਸ ਲਈ ਉਹ ਮਾਰੇਗਾ।
ਇਹ ਗੱਲਾਂ ਲਾਲ ਦੀ ਵਹੁਟੀ ਤੀਕਰ ਵੀ ਅੱਪੜਦੀਆਂ, ਤੇ ਕਦੀ-ਕਦੀ ਉਹ ਘਾਬਰ ਕੇ ਪੁੱਛਦੀ,
“ਸੁਣਿਐਂ, ਦਿਆਲ ਤੇਰੇ ਗਲ ਪੈਣ ਨੂੰ ਫ਼ਿਰਦਾ ਏ?”
“ਮੇਰੇ ਗਲ ਪੈ ਕੇ ਮਰਨੈ ਓਸ। ਉਹ ਤੇ ਕੁਸਕ ਨਹੀਂ ਸਕਦਾ ਮੇਰੇ ਸਾਹਮਣੇ।”
ਲਾਲ ਅੱਗਿਉਂ ਚੌੜਾ ਹੋ ਕੇ ਆਖਦਾ।
ਆਪਣੇ ਆਪ ਨੂੰ ਉਚਾ ਵਿਖਾਣ ਲਈ ਇਕ ਦਿਨ ਲਾਲ ਨੇ ਹੱਦ ਹੀ ਕਰ ਦਿੱਤੀ। ਨਵੀਂ ਕਣਕ ਬੀਜਣ ਤੋਂ ਪਹਿਲਾਂ ਦਿਆਲ ਆਪਣੀ ਇਕ ਪੈਲੀ ਵਿਚ ਰੂੜੀ ਪਾਉਣੀ ਚਾਹੁੰਦਾ ਸੀ। ਗੱਡੇ ਦਾ ਰਾਹ ਲਾਲ ਦੀ ਪੈਲੀ ਵਿਚੋਂ ਦੀ ਹੀ ਸੀ, ਪਰ ਇਹ ਪੈਲੀ ਕਿਉਂਕਿ ਅੱਖੜ ਪਈ ਹੋਈ ਸੀ, ਇਸ ਲਈ ਇਸ ਵਿਚੋਂ ਗੱਡਾ ਲੰਘਾਣ ਦਾ ਕੋਈ ਹਰਜ ਨਹੀਂ ਸੀ, ਪਰ ਜਦੋਂ ਦਿਆਲ ਗੱਡਾ ਭਰ ਕੇ ਲਿਆਇਆ ਤਾਂ ਲਾਲ ਡਾਂਗ ਫੜ ਕੇ ਆਪਣੀ ਵੱਟ ‘ਤੇ ਖਲੋ ਗਿਆ, ਤੇ ਉਸ ਨੇ ਦਿਆਲ ਦਾ ਗੱਡਾ ਪਿਛਾਂਹ ਮੋੜ ਦਿੱਤਾ।
ਰਾਤ ਨੂੰ ਜਦੋਂ ਲਾਲ ਨੇ ਇਹ ਗੱਲ ਆਪਣੀ ਵਹੁਟੀ ਨੂੰ ਦੱਸੀ, ਤਾਂ ਉਸ ਨੂੰ ਵਿਸ਼ਵਾਸ ਜਿਹਾ ਹੋ ਗਿਆ ਕਿ ਦਿਆਲ ਉਸ ਦੇ ਪਤੀ ਤੋਂ ਕੁਝ ਤ੍ਰਹਿੰਦਾ ਸੀ। ਦਿਆਲ ਨੂੰ ਵੀ ਆਪਣੀ ਹਾਲਤ ਕੁਝ ਚੁੱਭਣ ਲੱਗ ਪਈ ਸੀ। ਬਿਨਾ ਕੁਝ ਪੱਜ ਬਨਾਣ ਦੇ ਉਹ ਉਸ ਨਾਲ ਖਹਿਣ-ਖਹਿਣ ਕਰਦਾ ਸੀ।
ਇਕ ਦਿਨ ਖਾਓ ਪੀਏ ਨਾਲ ਲਾਲ ਆਪਣੀ ਘੋੜੀ ‘ਤੇ ਚੜ੍ਹ ਕੇ ਪਿੰਡ ਆ ਰਿਹਾ ਸੀ। ਰਾਹ ਵਿਚ ਇਕ ਖਾਲ ‘ਤੇ ਦਿਆਲ ਤੇ ਇਕ ਹੋਰ ਬੰਦਾ ਸ਼ਰਾਬ ਪੀ ਰਹੇ ਸਨ। ਉਨ੍ਹਾਂ ਲਾਲ ਨੂੰ ਵੇਖ ਲਿਆ, ਤੇ ਲਾਲ ਨੇ ਉਨ੍ਹਾਂ ਨੂੰ। ਖਾਲ ਤੋਂ ਲੰਘਣ ਲਈ ਘੋੜੀ ਨੇ ਹੌਲੀ ਹੋਣਾ ਹੀ ਸੀ। ਲਾਲ ਦੇ ਹੱਥ ਵਿਚ ਕੇਵਲ ਸੱਖਣਾ ਗੜਵਾ ਸੀ। “ਕਿਹੜਾ ਏ?” ਦਿਆਲ ਨੇ ਜ਼ਰਾ ਲਮਕਾ ਕੇ ਕਿਹਾ।
“ਮੈਂ ਆਂ, ਲਾਲ”, ਲਾਲ ਨੇ ਤਕੜੇ ਹੋ ਕੇ ਕਿਹਾ, ਤੇ ਫਿਰ “ਤਰੂਹਓ-ਤਰੂਹਓ” ਕਰ ਕੇ ਘੋੜੀ ਨੂੰ ਪਾਣੀ ਪਿਆਣ ਲੱਗ ਪਿਆ ਜਿਸ ਤਰ੍ਹਾਂ ਕਹਿ ਰਿਹਾ ਹੋਵੇ, “ਆ ਜਾਓ ਮੈਂ ਤੇ ਖਲ੍ਹਾ ਵਾਂ”, ਪਰ ਆਇਆ ਕੋਈ ਨਾ, ਤੇ ਲਾਲ ਨੇ ਪਾਣੀ ਪਿਆ ਕੇ ਘੋੜੀ ਟੋਰ ਲਈ।
ਘਰ ਆ ਕੇ ਲਾਲ ਨੇ ਵਹੁਟੀ ਨੂੰ ਦੱਸਿਆ, “ਮੈਂ ਸੋਚਿਆ ਜਿਹੜਾ ਆਇਆ, ਗੜਵਾ ਮਾਰਾਂਗਾ ਸਿਰ ਵਿਚ। ਘੋੜੀ ‘ਤੇ ਚੜ੍ਹਿਆ ਬੰਦਾ ਉਂਜ ਵੀ ਚਹੁੰ ਬੰਦਿਆਂ ‘ਤੇ ਭਾਰੂ ਹੁੰਦਾ ਏ। ਜਿਸ ਨੂੰ ਮਰਜ਼ੀ ਹੋਵੇ, ਹੇਠ ਲੈ ਕੇ ਮਾਰ ਦਏ।
“ਸ਼ਾਬਾਸ਼!” ਲਾਲ ਦੀ ਵਹੁਟੀ ਦੀਆਂ ਚਮਕਦੀਆਂ ਅੱਖਾਂ ਨੇ ਕਿਹਾ, “ਮੇਰਾ ਪਤੀ ਇਸ ਤੋਂ ਘੱਟ ਕੀ ਕਰ ਸਕਦਾ ਸੀ।”
ਲਾਲ ਡਾਢਾ ਖ਼ੁਸ਼ ਸੀ। ਅੱਜ ਉਹਦੀ ਗੱਲ ਵਿਚ ਵਧੇਰੇ ਠਰੰਹਮਾ ਸੀ, ਉਸ ਦਾ ਪੈਰ ਬੜਾ ਫੱਬ ਕੇ ਭੋਇੰ ‘ਤੇ ਟਿਕਦਾ ਸੀ, ਤੇ ਉਸ ਦੇ ਬੱਚੇ ਉਸ ਨੂੰ ਡਾਢੇ ਪਿਆਰੇ ਲਗਦੇ ਸਨ।
ਫਿਰ ਇਕ ਰਾਤ ਕੁਝ ਕਿਣਮਿਣ ਜਿਹੀ ਰਹੀ। ਕਿਣਮਿਣ ਦੇ ਆਲਮ ਤੋਂ ਲਾਲ ਨੇ ਧੰਮੀ ਵੇਲੇ ਉਠ ਕੇ ਮੱਝ ਨੂੰ ਪੱਠੇ ਨਾ ਪਾਏ। ਪੱਠਿਆਂ ਦੀ ਹਿਰਸ ਵਿਚ ਮੱਝ ਸੰਗਲ ਖਿੱਚ ਕੇ ਮੀਂਹ ਨਾਲ ਢਿੱਲਾ ਹੋਇਆ ਕਿੱਲਾ ਪੁਟਾ ਗਈ। ਚੰਗੇ ਦਿਨ ਚੜ੍ਹੇ ਉਠ ਕੇ ਲਾਲ ਬਾਹਰੋਂ ਸੜਕ ਤੋਂ ਮੱਝ ਲੱਭ ਕੇ, ਤੇ ਅੱਗੇ ਵੰਡ ਪਾ ਕੇ ਚੋਣ ਬਹਿ ਗਿਆ।
ਮੱਝ ਦਾ ਪਸਮਾ ਅੱਜ ਬਹੁਤ ਢਿੱਲਾ ਸੀ। ਕਿਸੇ ਪਹਿਲਾਂ ਚੋ ਲਈ ਹੋਈ ਜਾਪਦੀ ਸੀ। ਐਵੇਂ ਵੰਡ ਦੇ ਲਾਲਚ ਨੂੰ ਹੀ ਦੂਜੀ ਵਾਰ ਮਿਲ ਰਹੀ ਸੀ।
ਪਰ ਕੋਈ ਕੌਣ ਇਹਨੂੰ ਚੋ ਸਕਦਾ ਸੀ? ਦਿਆਲ ਤੋਂ ਬਿਨਾਂ ਤੇ ਇਹ ਕਿਸੇ ਤੋਂ ਮਿਲਦੀ ਹੀ ਨਹੀਂ ਸੀ। ਬੱਸ ਦਿਆਲ ਨੇ ਹੀ ਚੋਈ ਸੀ। ਚਾਰ-ਚਾਰ ਧਾਰਾਂ ਮਾਰਨ ਪਿਛੋਂ ਸਾਰੇ ਥਣ ਖਾਲੀ ਹੋ ਗਏ।
ਗੜਵੇ ਵਿਚ ਤਿੰਨ-ਚਾਰ ਛੰਨਿਆਂ ਦੀ ਥਾਂ ਮਸਾਂ ਇਕ ਛੰਨਾ ਦੁੱਧ ਸੀ। ਹੁਣ ਕੀ ਬਣੇਗਾ? ਦਿਆਲ ਨੇ ਤੇ ਬਹੁਤ ਹੀ ਮੂਰਖਤਾ ਕੀਤੀ ਸੀ। ਆਪਣੀ ਵਹੁਟੀ ਨੂੰ ਲਾਲ ਹੁਣ ਕੀ ਕਹੇ? ਉਹ ਜਾਣਦੀ ਸੀ ਕਿ ਦਿਆਲ ਤੋਂ ਬਿਨਾਂ ਇਹ ਮੱਝ ਕਿਸੇ ਤੋਂ ਮਿਲਦੀ ਹੀ ਨਹੀਂ ਸੀ, ਤੇ ਦਿਆਲ ਤੋਂ ਆਪਣੀ ਮੱਝ ਚਵਾ ਕੇ ਉਹ ਆਪਣੀ ਵਹੁਟੀ ਦੇ ਸਾਹਮਣੇ ਚੁੱਪ ਕਰ ਕੇ ਕਿਸ ਤਰ੍ਹਾਂ ਬੈਠ ਸਕਦਾ ਸੀ? ਹੋ ਸਕਦਾ ਸੀ ਕਿ ਲਾਲ ਉਸ ਨਾਲ ਉਚੀ ਨੀਵੀਂ ਗੱਲ ਕਰੇ, ਤੇ ਦਿਆਲ ਅੱਗੇ ਵਾਂਗ ਨੀਵੀਂ ਖਿੱਚ ਜਾਵੇ, ਤੇ ਇਸ ਤਰ੍ਹਾਂ ਲਾਲ ਦੀ ਇਜ਼ਤ ਬਚ ਜਾਵੇ। ਸ਼ਾਇਦ ਉਹ ਡਾਂਗ ਸੋਟੇ ਨਾਲ ਉਸ ਦਾ ਬੂਹਾ ਵੀ ਠਕੋਰ ਸਕੇ, ਪਰ ਘਰ ਤੇ ਉਸ ਦੇ ਦੋ ਜਵਾਨ ਸਾਲੇ ਆਏ ਹੋਏ ਸਨ। ਉਹ ਤੇ ਉਸ ਨੂੰ ਬੂਹੇ ਦੇ ਨੇੜੇ ਵੀ ਨਹੀਂ ਆਉਣ ਦੇਣ ਲੱਗੇ। ਲਾਲ ਬੈਠਾ ਮੱਝ ਨੂੰ ਹੋਰ ਪਸਮਾਂਦਾ ਰਿਹਾ, ਪਰ ਕੋਈ ਬਹੁਤੀਆਂ ਧਾਰਾਂ ਥਣਾਂ ਵਿਚ ਨਾ ਆਈਆਂ। ਅਖ਼ੀਰਲੇ ਡੋਕੇ ਵੀ ਹੁਣ ਮੁੱਕ ਚੁੱਕੇ ਸਨ।
ਅਚਨਚੇਤ ਲਾਲ ਨੂੰ ਫੁਰਨਾ ਫੁਰਿਆ। ਡੁੱਲ੍ਹੇ ਹੋਏ ਦੁੱਧ ਬਾਰੇ ਇਹ ਅੰਦਾਜ਼ਾ ਲਾਉਣਾ ਔਖਾ ਹੁੰਦਾ ਹੈ ਕਿ ਇਹ ਕਿੰਨਾ ਕੁ ਸੀ। ਥੋੜ੍ਹਾ ਦੁੱਧ ਵੀ ਡੁੱਲ੍ਹਿਆ ਹੋਇਆ ਬਹੁਤ ਜ਼ਿਆਦਾ ਲੱਗਦਾ ਏ। ਜੇ ਉਹ ਗੜਵੇ ਵਾਲਾ ਦੁੱਧ ਡੋਲ੍ਹ ਦੇਵੇ, ਤਾਂ ਉਹ ਆਪਣੀ ਵਹੁਟੀ ਨੂੰ ਕਹਿ ਸਕਦਾ ਸੀ ਕਿ ਮੱਝ ਨੇ ਲੱਤ ਮਾਰ ਕੇ ਡੋਲ੍ਹ ਦਿੱਤਾ ਹੈ। ਹੱਥ ਵਿਚ ਫੜਿਆ ਗੜਵਾ ਉਸ ਨੇ ਮੂਧਾ ਕਰ ਦਿੱਤਾ। ਮੀਂਹ ਨਾਲ ਸਾਰੇ ਥਾਂ ਚਿੱਕੜ ਹੋਇਆ ਹੋਇਆ ਸੀ, ਤੇ ਕਿਧਰੇ-ਕਿਧਰੇ ਪਾਣੀ ਦੀਆਂ ਨਿੱਕੀਆਂ ਛੱਪੜੀਆਂ ਵੀ ਬਣੀਆਂ ਹੋਈਆਂ ਸਨ। ਇਸ ਗਿੱਲ ‘ਤੇ ਪਾਣੀ ਕਰ ਕੇ ਡੁੱਲ੍ਹਿਆ ਦੁੱਧ ਬਹੁਤ ਸਾਰਾ ਲਗਦਾ ਸੀ। ਲਾਲ ਆਪਣੇ ਕੰਮ ‘ਤੇ ਸੰਤੁਸ਼ਟ ਸੀ।
“ਦੁੱਧ ‘ਤੇ ਡੁਲ੍ਹਾ ਦਿੱਤਾ ਏ ਅੱਜ ਪੀੜ ਜੋਗੀ ਨੇ”, ਉਸ ਆ ਕੇ ਵਹੁਟੀ ਨੂੰ ਕਿਹਾ।
“ਹਾਏ ਹਾਏ! ਕਿਸ ਤਰ੍ਹਾਂ!”
“ਬੱਸ ਲੱਤ ਚੁੱਕ ਕੇ ਮਾਰੀ ਸੂ ਗੜਵੇ ‘ਤੇ, ਗੜਵਾ ਮੂਧਾ ਹੋ ਗਿਆ।”
“ਦੋ ਸੋਟੇ ਨਹੀਂ ਮਾਰੀਦੇ ਇਹੋ ਜਿਹੀ ਮੱਝ ਨੂੰ!” ਵਹੁਟੀ ਨੂੰ ਅੱਠ ਪਹਿਰ ਦੁੱਧੋਂ ਸੱਖਣੇ ਰਹਿਣ ਤੋਂ ਖਿਝ ਆ ਰਹੀ ਸੀ।
“ਨਹੀਂ, ਮਾਰਨਾ ਕੀ ਏ। ਕਿਤੇ ਮੱਖੀ ਡੰਗ ਚਾ ਮਾਰੇ ਤਾਂ ਡੰਗਰ ਕਾਹਲਾ ਪੈ ਜਾਂਦਾ ਏ, ਹੈ ਤੇ ਵਿਚਾਰੀ ਅਸੀਲ।”
ਚੁੱਲ੍ਹੇ ਅੱਗਿਉਂ ਉਠ ਕੇ ਉਹ ਮੱਝ ਕੋਲ ਗਈ। ਅਸਾਧਾਰਨ ਹਾਲਤ ਵਿਚ ਚੀਜ਼ ਵੇਖਣ ਨੂੰ ਹਰ ਇਕ ਦਾ ਜੀਅ ਕਰਦਾ ਏ। ਜਿਵੇਂ ਡਿੱਗੇ ਹੋਏ ਜਹਾਜ਼, ਜਾਂ ਉਲਟੇ ਹੋਏ ਟਰੱਕ, ਜਾਂ ਡੁੱਲ੍ਹੇ ਹੋਏ ਦੁੱਧ ਨੂੰ।
“ਹਾਅਏ! ਕਿੰਨਾ ਦੁੱਧ ਸੀ। ਛੱਪੜ ਲੱਗਾ ਹੋਇਆ ਏ ਦੁੱਧ ਦਾ।” ਉਸ ਕਹਿ ਕੇ ਲਾਲ ਨੂੰ ਠੰਢ ਪਾ ਦਿੱਤੀ।

  • ਮੁੱਖ ਪੰਨਾ : ਕੁਲਵੰਤ ਸਿੰਘ ਵਿਰਕ, ਕਹਾਣੀਆਂ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ