Dukhi Da Rah (Punjabi Story) : Bhag Singh Jiwan Sathi

ਦੁਖੀ ਦਾ ਰਾਹ (ਕਹਾਣੀ) : ਭਾਗ ਸਿੰਘ ਜੀਵਨ ਸਾਥੀ

ਬਾਊ ਜੀ, ਭੁਖ ਨਹੀਉਂ ਲਗੀ ਹੋਊ? ਤਦੇ ਏਡੇ ਕੁਵੇਲੇ ਘਰ ਦਾ ਚੇਤਾ ਫੁਰਿਆ।
ਪੁਤ ਆਸ਼ਾ, ਅਪਣੇ ਜੇਹਿਆਂ ਨੂੰ ਭੁਖ ਲਗ ਕੇ ਝੋਲੀਆਂ ਭਰ ਲੂ? ਹੱਕੀ ਬੱਕੀ ਹੋ ਪਿਛੱਲ-ਖੁਰੀ ਮੂੰਹ ਮੋੜਨਾ ਪੈਂਦਾ ਏ। ਭੁਖ ਲਗਦੀ ਰਾਜਿਆਂ, ਤੇ ਸ਼ਾਹੂਕਾਰਾਂ ਨੂੰ। ਅਜ ਦੇ ਆਗੂਆਂ ਨੂੰ ਭੀ ਲਗਨ ਢੈਹ ਪਈ ਏ। ਆਂਦੀ ਦਾ ਮੇਵੇ ਮਿਠਾਈਆਂ ਤੇ ਦੁਧ ਮਲਾਈ ਨਾਲ ਮੂੰਹ ਭਰ ਦੇਂਦੇ ਹਨ। ਟੂਟੀ ਪੈਂਦ ਦਾ ਚੇਤਾ ਕਰ, ਸਰਹਾਣੇਂ ਵਲ ਬੈਠਦਿਆਂ ਈਸ਼ਵਰ ਦਾਸ ਨੇ ਕਿਹਾ।
ਵਿਸਾਰ ਤੇ ਲੂਣ ਮਿਰਚ ਤੇ ਕੋਰੀਆਂ ਗਾਜਰਾਂ ਨੇ। ਤੁਹਾਨੂੰ ਅੜੀਕ ਕੇ ਧਰੀਆਂ। ਸੰਭਰਦੀ ਨੂੰ ਮੰਜੀ ਹੇਠੋਂ ਲਭੇ ਸਨ ਦੋ ਪੈਸੇ। ਬਾਜਰੇ ਦਾ ਆਟਾ ਕਰ ਰੋਟੀ ਸੁਕ ਗਈ ਏ। ਮਾਸ ਸੇਕ ਦੁਆ ਦੇਂਦੀਆਂ।
ਪੁਤਰ ਪਹਿਲੇ ਇਕ ਕੰਮ ਕਰ ਲਈਏ। ਫਿਰ ਇਕ ਹੋਰ ਜ਼ਰੂਰੀ ਕੰਮ ਕਰਨਾ ਏ। ਰੋਟੀਆਂ ਖਾਧੀਆਂ ਗਈਆਂ। (ਝੋਲਾ ਅਗੇ ਕਰ) ਇਸ ਚੋਂ ਕਾਗਜ਼ ਕਢ ਥੋੜੇ ਥੋੜੇ ਬਾਲਦੀ ਚੱਲ। ਇਨ੍ਹਾਂ ਦੇ ਚਾਨਣੇ 'ਚ ਦੋ ਵਰਕੇ ਲਿਖ ਲਵਾਂ।
ਕਾਗਜ਼ਾਂ ਦੀ ਅੱਗ ਦੇ ਚਾਨਣੇ ਵਿਚ ਈਸ਼ਰ ਦਾਸ ਇਉਂ ਲਿਖਨ ਲਗ ਪਿਆ 'ਇਹ ਰਤਨ ਰਾਏ ਈਸਵੀ ਸੰਮਤ ੧੯੪੭ ਅਗਸਤ ੧੫ ਨੂੰ ੩੭ ਵਰੇ ਦਾ ਤਕੜਾ ਕੋਤਲ ਘੋੜੇ ਵਾਂਗ ਦਮ ਦਮ ਕਰਦਾ ਕਮਾਊ ਬੰਦਾ ਸੀ। ਡੇੜ ਵਰ੍ਹੇ ਦੀ ਭੁਖ ਨੇ ਨਬਿਆਂ ਤੋਂ ਭੀ ਟਪਾ ਦਿਤਾ।
ਇਸੇ ਸਿਲਸਲੇ ਵਿਚ ਈਸ਼ਰ ਦਾਸ ਨੇ ਕਾਪੀ ਦੇ ਚਾਰ ਸਫੇ ਪੂਰੇ ਕਰ। ਮੂੰਹ ਉਤਾਹਾਂ ਕਰਦਿਆਂ ਕਿਹਾ 'ਪੁਤ ਆਸ਼ਾ ਇਹ ਤਾਂ ਹੋਇਆ। ਉਹਨਾਂ ਦੇ ਆਣ ਤਕ ਆਪਾਂ ਦੋ ਜ਼ਰੂਰੀ ਗੱਲਾਂ ਕਰ ਲਈਏ।'
ਕੱਕਰ ਭਿਜੀ ਰਾਤ ਵਿਚ ਕਿਸ ਆਣਾ ਹੋਇਆ? ਆਵੇ ਤਦ ਜੇ ਪੰਜ ਲਾ ਪੰਜਾਹ ਨਾ ਸਹੀ, ਸਾਵੇਂ ਪਲੇ ਪੈਣ ਦੀ ਸਾਡੇ ਪਾਸੋਂ ਆਸ ਹੋਵੇ? ਪਲਿਉਂ ਦੇਣ ਵਾਲਾ ਏਡਾ ਕਿਹੜਾ ਹਾਤਮ ਤਾਈ ਆ ਏ? ਜਿਸ ਤੋਂ ਆਏ ਬਿਨਾਂ ਲੋਹੜੇ ਦੇ ਸੀਤ ਵਿਚ ਰਿਹਾ ਨਹੀਂ ਜਾਂਦਾ?

ਸੁਖ ਨਾਲ ਪੁਤ੍ਰ ਹੁਣ ਤੂੰ ਮੁਟਿਆਰ ਏ। ਘਰ ਬਾਰ ਸਾਂਭਨ ਗੋਚਰੀ। ਪੱਲੇ ਦੇਣ ਗੋਚਰਾ ਕੁਝ ਨਹੀਂ ਜਿਹੜਾ ਤੈਨੂੰ ਦੇ ਸੱਕਾਂ। ਧੀਆਂ ਨੂੰ ਮਾਪੇ ਬੜਾ ਕੁਝ ਦੇਂਦੇ ਹਨ ਤੇ ਮਾਪਿਆਂ ਪਾਸੋਂ ਧੀਆਂ ਆਸ ਭੀ ਰਖਦੀਆਂ ਨੇ। ਮੈਂ ਏਡਾ ਕੰਮ-ਬਖਤ ਪਿਓ ਆਂ। ਅਜ ਨਹੀਂ ਤਦ ਕਲ ਤੈਨੂੰ ਕੁਝ ਦੇਣ ਗੋਚਰਾ ਨਹੀਂ ਹੋ ਸਕਦਾ ਆਂ। ਮਨੁਖ ਉਤੇ ਸੋਗ ਦਾ ਬਦਲ ਉਲਰਿਆ ਮੰਨਿਆ ਜਾਂਦਾ ਏ। ਜਦ ਉਹ ਤਿਓਹਾਰ ਦਿਹਾੜੇ ਭੀ ਬਚਿਆਂ ਦੇ ਮੂੰਹ ਮਿਠੇ ਨਾ ਕਰਾ ਸੱਕੇ। ਪਰ ਫਿਰ ਇਸ ਗਲ ਦੀ ਵਧੇਰੇ ਖੁਸ਼ੀ ਹੈ ਕਿ ਬਹੁਗਿਣਤੀ ਦੇ ਲੋਕਾਂ ਦੀਆਂ ਬਚੀਆਂ ਨਾਲੋਂ ਤੈਨੂੰ ਸਿਆਣੀ, ਤੇ ਹੋਣਹਾਰ ਬਨਣ ਵਿੱਚ ਸਹਾਈ ਹੋ ਸਕਿਆ ਆਂ। ਵਧ ਗਲ ਜਿਹੜੀ ਤੇਰੇ ਹਿਸੇ ਆ ਗਈ ਏ। ਉਹ ਹੈ ਔਕੜਾਂ ਦੀਆਂ ਮਾਰੂ-ਛੱਲਾਂ ਵਿਚ ਨਾ ਘਬਰਾਨ ਦੀ। ਇਹ ਅਵਸਥਾ ਪੁਤ੍ਰ ਵਡਭਾਗੀਆਂ ਮਨੁਖਾਂ ਤੇ ਆਂਦੀ ਹੈ। ਆਮ ਅੱਖਾਂ ਤੇ ਅਕਲਾਂ ਇਸ ਨੂੰ ਨਹੀਂ ਬੁਝ ਸਕਦੀਆਂ। ਪਰ ਪੁੱਗੇ ਹੋਏ ਮੰਨਦੇ ਹਨ ਕਿ ਦੁਖਾਂ ਦੀਆਂ ਲਾਲੀ ਨਾਲ ਦਾਗ ਰਹੀਆਂ ਅੱਖਾਂ ਮੂਹਰੇ ਜਿਹੜਾ ਅਡੋਲ ਚਿੱਤ ਖੜਾ ਰਹੇ। ਉਸ ਦੇ ਪੈਰ ਦੀ ਜੁੱਤੀ ਦੀ ਝੜੀ ਹੋਈ ਰਾਖ ਦੇ ਮੁਲ ਦਾ ਅੱਜ ਤੋੜੀ ਕੁਝ ਸਾਇੰਸ ਭੀ ਨਹੀਂ ਬਣਾ ਸਕੀ। ਰਾਣਾ ਪ੍ਰਤਾਪ, ਦਸਮ ਗੁਰੂ ਗੋਬਿੰਦ ਸਿੰਘ ਜੀ ਦੇ ਅਡੋਲ ਚਿਤ ਨੂੰ ਦੁਨੀਆਂ ਮੰਨਦੀ ਹੈ।

ਏਨੇ ਨੂੰ ਬੂਹਾ ਖੁਲ੍ਹਣ ਦੇ ਨਾਲ ਇਕ ਗਭਰੂ ਅੰਦਰ ਆਇਆ ਵੇਖ ਈਸ਼ਰ ਦਾਸ ਕਹਿਣ ਲਗਾ, 'ਅੱਗੇ ਲੰਘ ਨਾਲ ਈ ਮੰਜੀ ਤੇ ਬੈਠ ਜਾਓ। ਅਸੀਂ ਤੁਹਾਡੀ ਈ ਅੜੀਕ ਕਰ ਰਹੇ ਸਾਂ ਪ੍ਰਕਾਸ਼ ਜੀ।"
ਪੁਤ ਆਸ਼ਾ ਕਾਗਜ਼ਾਂ ਨੂੰ ਤੀਲੀ ਲਾ। ਮਾਸਾ ਕੁ ਚਾਨਣ ਹੋ ਜਾਏ। ‘ਪ੍ਰਕਾਸ਼ ਵਲ? ਬਰਖੁਰਦਾਰਾ, ਮੁਆਫ ਕਰਨਾ ਅਸੀਂ ਦੀਵੇ, ਬੱਤੀ ਜੋਗੇ ਭੀ ਨਹੀਂ ਅਜ।
ਮੰਜੀ ਤੇ ਬੈਠਦਿਆਂ, ਕੋਈ ਐਡ ਘਬਰਾਨ ਦੀ ਲੋੜ ਨਹੀਂ। ਅਕਸਰ ਕਈ ਵੇਰ ਏਦਾਂ ਹੋ ਈ ਜਾਂਦੀ ਏ। ਮੇਰੇ ਅਪਨੇ ਨਾਲ ਭੀ ਇਹ ਦਿਨ ਵਾਪਰ ਚੁਕੇ ਨੇ, 'ਪੈਂਟ ਦੀ ਜੇਬ ਚੋਂ ਟਾਰਚ ਕਢ,' ਰਹਿਣ ਦਿਓ ਬੀਬੀ ਜੀ! ਕਾਗਜ਼ਾਂ ਨੂੰ, ਮੈਂ ਚਾਨਣ ਕਰ ਦਿੰਦਾ ਆਂ।
ਟਾਰਚ ਦੀ ਰੋਸ਼ਨੀ ਵਿੱਚ ਪ੍ਰਕਾਸ਼ ਨੂੰ ਆਸ਼ਾ ਇਉਂ ਦਿਸੀ ਜਿਵੇਂ ਸੌਣ ਦੀ ਰਾਤ ਦੇ ਬਦਲ ਉਛਾਲੇ ਵਿਚ ਪੁੰਨਿਆਂ ਦਾ ਚੰਨ ਮਨ ਨੂੰ ਮੋਂਹਦਾ ਏ। ਆਸ਼ਾ ਦੇ ਲੰਮੇ ਝਿੰਮਣਿਆਂ ਚੋਂ ਹਰਨੋਟੇ-ਨੇਤ੍ਰਾਂ ਦਾ ਚਾਨਣਾ ਆਪਨੇ ਮੂੰਹ ਤੇ ਪੈਂਦਿਆਂ ਸੋਚੇ, 'ਕੀ ਮੈਨੂੰ ਨਹੀਉਂ ਗਭਰੂਆਂ ਵਾਂਗ ਕੁਝ ਕੁਝ ਹੋਣ ਲੱਗ ਪਿਆ? ਪਰ ਉਪਰੋਂ ਬੋਲਾਂ ਵਿਚ ਦਲੇਰੀ ਭਰ ਬੋਲਿਆ। 'ਕਹੋ ਬਾਬੂ ਜੀ ਮੇਰੇ ਲਈ ਕੀ ਹੁਕਮ ਘੜਿਆ ਏ, ਜਿਸ ਵਾਸਤੇ ਐਡਾ ਜ਼ੋਰ ਪਾਇਆ ਆਣ ਨੂੰ?
ਆਸ਼ਾ ਵਲ ਤਕ, ਪ੍ਰਕਾਸ਼ ਮੈਂ ਤੈਨੂੰ ਬੁਝਿਆ ਏ। ਹੋਰ ਕੁਝ ਜਾਨਣ ਦੀ ਲੋੜ ਨਹੀਉਂ। ਇਕੋ ਮੇਰੀ ਅਕਲੌਤੀ ਪੁਤ੍ਰੀ ਏ। ਇਹ ਤੈਨੂੰ ਦੇਂਦਾ ਆਂ।
ਬ੍ਰਿਧ-ਜੀਵਨ ਨਦੀ ਕਿਨਾਰੇ ਰੁਖ ਵਾਂਗ ਏ। ਸਾਕਾਂ ਵਾਲੀ ਗਲ ਦੋਹਾਂ ਨੂੰ ਯਾਦ ਕਰਾਂਦਾ ਆਂ। ਸਾਕ ਧਨਵਾਨ ਦੇ ਹਨ। ਨਿਰਧਨ ਦਾ ਜਾਣੂਆ ਕੋਈ ਬਨਣ ਨੂੰ ਤਿਆਰ ਨਹੀਂ।
'ਮੇਰੇ ਅੰਮੀ ਜਾਏ ਦੀ ਜੇਬ ਵਿਚ ਪੰਜ ਸੌ ਰੁਪਏ ਸਨ। ਮੇਰੀ ਢਾਈ ਰੁਪਏ ਬਦਲੇ ਮੇਰੀ ਦੁਧ ਵਾਲੇ ਪਾਸੋਂ ਬੇ-ਪਤੀ ਹੁੰਦੀ ਵੇਖ ਘਰੋਂ ਬਾਹਰ ਪੈਰ ਧਰਦਾ ਬੋਲਣ ਲਗਾ ‘ਅਜੇਹੇ ਘਟੀਆ ਮਨੁੱਖਾਂ ਨੇੜੇ ਖੜੋਨਾ ਐਬ ਏ।'
'ਮੈਂ ਮੰਨਦਾ ਆਂ ਕਿ ਨਿਰਧਨ ਬਨਣਾ ਭਾਰੀ ਜੁਰਮ ਏ। ਪਰ ਆਦਰਸ਼ ਬੜੀਆਂ ਠੋਕਰਾਂ ਖੁਆ ਦੇਂਦਾ ਏ।'

ਇਕ ਗਲ ਹੋਰ ਇਹ ਹੈ ਕਿ ਬਾਹਰ ਨਿਕਲ ਮਨੁਖ ਨੂੰ ਆਪਨੀ ਸਿਆਣਪ ਤੇ ਅਕਲ ਦੀ ਤੱੜ ਨਹੀਂ ਵਖਾਨੀ ਲੋੜੀਏ। ਜਿਚਰ ਪੇਟ ਭਰਨ ਦਾ ਵਸੀਲਾ ਪਲੇ ਨਾ ਹੋਵੇ। ਏਥੇ ਆਂਦਾ ਭੁਲ 'ਚ ਫਸ ਇਕ ਜਲਸੇ ਵਿਚ ਬੋਲ ਪਿਆ। ਲੋਕ ਜਾਣ ਗਏ ਕਿ ਗੋਰਮਿੰਟ ਕਾਲਜ ਲਾਹੌਰ ਦਾ ਪੋਲੀਟੀਕਲ ਸਾਇੰਸ ਦਾ ਪ੍ਰੋਫੈਸਰ ਰਹਿ ਚੁਕਾ ਏ। ਦੂਰੋਂ ਵੱਖ ਆਦਰ ਨਾਲ ਆਪਾ ਦਸਨੋਂ ਬੰਦ ਕਰ ਦੇਂਦੇ। ਭੁਖੀ ਹਾਲਤ ਕਰਕੇ ਕੰਮ ਬਾਰੇ ਕਈਆਂ ਸਰਦਿਆਂ ਪਾਸ ਅਪੜਿਆ। ਅਗੋਂ ਲੋਹੜੇ ਦਾ ਆਦਰ ਮਿਲਦਾ ਵੇਖ, ਬੁਲ੍ਹ ਗੁਰਬਤ ਦਸਨੋਂ ਰੁਕ ਜਾਂਦੇ। ਤੇ ਦਿਲ ਆਖਦਾ, ਇਹ ਐਡਾ ਭਾਰੀ ਮਾਨ ਕਰ ਆਪਣੇ ਨਾਲੋਂ ਉੱਚਾ ਮੰਨਦੇ। ਤੇ ਮੈਂ ਕਿਵੇਂ ਨਗਿਰਿਆਂ ਵਾਂਗ ਹੱਥ ਅੱਡਾਂ? ਇਸ ਵਿਚ ਦੋਹਾਂ ਧਿਰਾਂ ਦੀ ਗੈਰਤ ਸਾਬਤ ਹੋਏਗੀ।

ਹੋਕਾ ਲੈਂਦਾ ਕਹਿਣ ਲਗਾ, ਬਾਬੂ ਜੀ, ਇਹ ਗੱਲ ਪਹਿਲੇ ਦਿਨੇ ਕਿਉਂ ਨਾ ਦੱਸੀ? ਹੋਰ ਨਹੀਂ ਤਾਂ ਇਸ ਬਾਰੇ ਸੋਚ ਹੀ ਲੈਂਦਾ? ਅਜੇ ਤਾਂ ਮੈਂ ਹੋਰ ਅਗੇ ਪੜ੍ਹਨਾ ਏ।
ਬਚੂ! ਇਨ੍ਹਾਂ ਗੁੰਝਲਾਂ ਨੂੰ ਪਹਿਚਾਨਦਾ ਆਂ। ਤੇਰੇ ਹਰ ਕਾਰਜ ਵਿਚ ਆਸ਼ਾ ਵਧ ਸਹਾਈ ਦਿਸੇਗੀ। ਮੇਰੀ ਖਾਤਰ ਨਾ ਸਹੀ। ਆਸ਼ਾ ਦੇ ਜੀਵਨ ਲਈ ਸਹੀ। ਮੈਂ ਨਹੀਂ ਜਰ ਸਕਦਾ ਕਿ ਮੇਰੇ ਨਾਲ ਆਸ਼ਾ ਭੀ ਰੁਲੇ। ਬੇਸ਼ਕ ਇਹ ਇਸੇ ਗਲੇ ਖੁਸ਼ ਹੈ। ਆਖਰ ਇਸ ਨੇ ਅਪਨੇ ਘਰ ਜਾਣਾ ਈ ਏ। ਧੀਆਂ ਮਾਪਿਆਂ ਘਰੀਂ ਕਿੰਨਾਂ ਕੁ ਚਿਰ ਸਮਾ ਸਕਦੀਆਂ ਏ?
ਬਾਊ ਜੀ ਆਪ ਭੁਲੇਖੇ ਵਿਚ ਹੋ।
(ਗਲ ਟੁਕ) ਸੋਚੀਏ ਵਧ ਜੇ ਮੁਹਿੰਮ ਜਿਤਨ ਚੜ੍ਹਨਾ ਹੋਵੇ।
ਇਸ ਮੁਹਿੰਮ ਅਗੇ ਨਪੋਲੀਅਨ ਬੋਨਾ ਪਾਰਟ, ਕਮਾਲ ਪਾਸ਼ ਤੇ ਹੋਰ ਅਜੇਹੇ ਇਨਕਲਾਬੀ ਜਰਨੈਲ ਗੁਟਨੇ ਟੇਕਨੋ ਨਾ ਹਿਰ ਸਕੇ। ਔਰਤ ਮਾੜਮੋਟ ਬੁਝਾਰਤ ਨਹੀਂ।
ਆਸ਼ਾ ਪ੍ਰਕਾਸ਼ ਦੀਆਂ ਅੱਖਾਂ ਵਿਚ ਅੱਖਾਂ ਸਮਾ ਮੁੜ ਨੀਵੀਂ ਪਾ ਦਿਲ 'ਚ ਕਿਹੇ ਇਹ ਅਲੋਕਾਰ ਮੁੰਡਾ ਬਾਬੂ ਜੀ ਨੇ ਕਿਥੋਂ ਢੂੰਡ ਲਿਆਂਦਾ ਏ?

ਕੀ ਹੋਇਆ ਪ੍ਰਕਾਸ਼, ਅਜ ਤੇਰੀ ਜੇਬ ਵਿਚ ਸੋਨਾ ਨਹੀਂ। ਤੂੰ ਬੜਾ ਕੁਝ ਜਿਤਣ ਦਾ ਬਲ ਰਖਦਾ ਏਂ। ਤੇਰੇ ਵਿਚ ਮਰਦਮੀਅਤ ਪੁਗੀ ਹੋਈ ਹੈ। ਤੈਂ ਆਪੀ ਖੜਨਾ ਛਡ ਵਧਣਾ ਫੁਲਣਾ ਸਿਖਿਆ ਏ। ਕਿਸੇ ਦੇ ਸਹਾਰੇ ਤੋਂ ਬਿਨਾਂ ਬੀ. ਏ. ਤਕ ਅਪੜਨਾ ਕੋਈ ਨਿਕਾ ਮੋਟਾ ਜਾਦੂ ਏ? ਫਿਰ ਜਿਸ ਦੇਸ ਵਿਚ ਧਨਵਾਨ ਤੋਂ ਬਿਨਾਂ ਕੋਈ ਖੜਾ ਨ ਹੋ ਸਕੇ। ਅਸਾਂ ਨਹੀਂ ਤਕਨੇ। ਜਿਹੜੇ ਲੋਕ ਕਰੋੜ ਪਤੀ ਦਿਸ ਰਹੇ ਨੇ ਮੇਰੀ ਅਕਲੇ ਕੋਈ ਥਾਂ ਨਹੀਂ ਦਿਸਦੀ ਜਿਸ ਦੀ ਇਹ ਤਲੇ ਸਾਹ ਤਕ ਲੈ ਸਕਣ ਇਹ?
ਲੋਕ ਜਾਗ ਪਏ, ਰੁਹ ਵਿਚ ਭਰ। ਇਨ੍ਹਾਂ ਦੇ ਅਤਿਆਚਾਰ ਉਘੜ ਪਏ ਨੇ। ਹੁਣ ਵਧੇਰੇ ਸਮਾਂ ਨਹੀਂ ਤੁਹਾਡਾ ਖਰਚ ਕਰਨਾ ਲੋੜਦਾ। ਅਜ ਨਹੀਂ ਜਦ ਕਲ ਨੂੰ ਵਿਆਹ ਕਰਵਾਨਾ ਈ ਏ ਫਿਰ ਚੂੰ ਚਰਾਂ ਕਿਹੀ?
ਸਰਹਾਣੇ ਚੋਂ ਗੁਲਾਬੀ ਸੂਟ, ਸੈਂਡਲ ਤੇ ਅਧ ਤੋਲੇ ਦੇ ਤੁੰਗਲ ਦੀ ਜੋੜੀ ਕਢ। ਪੁਤ ਆਸ਼ਾ। ਇਹ ਪਹਿਣ ਲੈ।
ਆਸ਼ਾ ਦੇ ਕੱਪੜੇ ਬਦਲਣ ਪਿਛੋਂ ਆਸ਼ਾ ਦਾ ਹੱਥ ਪ੍ਰਕਾਸ਼ ਨੂੰ ਫੜਾ। ਇਹ ਮਜ਼ਦੂਰਾਂ ਦੀਆਂ ਵਿਆਹਕ ਰਸਮਾਂ ਨੇ। ਚੰਗੇ ਸਾਊ ਮਨੁੱਖ ਨੂੰ ਵਧੇਰੇ ਕਹਿਣ ਦੀ ਲੋੜ ਨਹੀਂ ਹੁੰਦੀ। ਤੂੰ ਬੀਬਾ ਮੁੰਡਾ ਏ।
ਪ੍ਰਕਾਸ਼ ਹੈਰਾਨੀ ਵਿਚ ਬੁਤ ਵਾਂਗ ਬਿਟ ਬਿਟ ਤਕਦਾ ਸਭ ਕੁਝ ਵੇਖ ਰਿਹਾ ਹੈ। ਬੜਾ ਯਤਨ ਕੀਤਾ ਅੰਗ ਹਲਾਣ ਤੇ ਕੁਝ ਬੋਲਣ ਲਈ। ਪਰ ਈਸ਼ਰ ਦਾਸ ਦੀ ਬਾਣੀ ਤੇ ਪ੍ਰਭਾਵ ਅਗੇ ਅਸਮਰਥ ਹੋ ਗਿਆ।
ਦੋਹਾਂ ਦੇ ਸਿਰਾਂ ਤੇ ਹਥ ਧਰ। ਦੋਹਾਂ ਲਈ ਜੋ ਭਲਾ ਦਿਸਿਆ ਹੈ। ‘ਕੀਤਾ ਏ। ਈਸ਼ਵਰ ਤੁਹਾਡੇ ਨਾਲ ਏ। ਹੁਣ ਤੁਸੀਂ ਘਰੇ ਅਪੜੋ। ਅਵੇਰ ਹੋ ਰਹੀ ਏ। ਪਰਸੋਂ ਤੁਹਾਨੂੰ ਮਿਲਣ ਆਵਾਂਗਾ।'
ਨਿਮਸ਼ਕਾਰ ਕਰ ਦੋਵੇਂ ਬੂਹਿਉਂ ਬਾਹਰ ਹੁੰਦੇ ਤਿਖੀ ਵਗ ਰਹੀ ਅੰਧੇਰੀ ਹਵਾ ਵਿਚ ਈਸ਼ਰ ਦਾਸ ਦੀਆਂ ਅੱਖਾਂ ਤੋਂ ਓਹਲੇ ਹੋ ਗਏ।

.........
ਪੁਲਸ ਨੂੰ ਬੂਹੇ ਅਗੇ ਵੇਖ ਹੈਰਾਨੀ ਨਾਲ ਬਸ਼ੰਭਰ ਨਾਥ ਕਹਿਣ ਲਗਾ, ਚੌਧਰੀ ਸਾਹਿਬਾ, ਲੁਧਿਆਣਾ ਅਨੌਖਾ ਹੀ ਬਣਦਾ ਜਾ ਰਿਹਾ ਹੈ। ਜਨਾਬ, ਕਨ ਵਲੇਲ ਨਹੀਂ ਪਈ ਕਿ ਕੇੜ੍ਹੀ ਘੜੀ ਇਸ ਬੁਢਰੇ ਦਾ ਗਲ ਘੁਟ, ਕੋਈ ਇਸਦੀ ਛੋਕਰੀ ਉੜਾ ਲੈ ਗਿਆ।
ਕਾਪੀ ਤੇ ਇਕ ਸਫੇ ਦਾ ਲਿਖਿਆ ਕਾਗਜ਼ ਹੱਥ ਵਿਚ ਫੜੀ ਸਪਾਹੀ ਕੋਠੜੀ ਦੇ ਬੂਹਿਉਂ ਬਾਹਰ ਨਿਕਲਦਾ ਕਹਿਣ ਲੱਗਾ ਜਨਾਬ, ਇਸ ਨੂੰ ਕਿਸੇ ਨਹੀਂ ਮਾਰਿਆ ਹੈ ਤੇ ਨਾ ਹੀ ਇਸ ਦੀ ਲੜਕੀ ਕੋਈ ਖਿਸਕਾਣ ਵਾਲਾ ਏ। ਆਹ! ਵੇਖੋ ਡਿਪਟੀ ਕਮਿਸ਼ਨਰ ਲੁਧਿਆਣਾ ਦੇ ਨਾਮ ਇਸੇ ਈਸ਼ਰਦਾਸ ਦਾ ਖਤ ਹੈ। (ਪੜ੍ਹ ਕੇ ਸੁਣਾਂਦਾ ਏ):- 
“ਮੈਂ ਖੁਸ਼ੀ ਨਾਲ ਆਪ ਹੀ ਮਰ ਰਿਹਾ ਆਂ। ਆਪਣੀ ਪੁਤਰ ਆਸ਼ਾ ਦਾ ਵਿਆਹ ਅਜ ਰਾਤ ਦੇ ਇਕ ਵਜੇ ਪ੍ਰਕਾਸ਼ ਚੰਦ ਨਾਮ ਦੇ ਨੌਜਵਾਨ ਨਾਲ ਕੀਤਾ ਹੈ। 

“ਮਰ ਇਸ ਖਾਤਰ ਰਿਹਾ ਆਂ ਕਿ ਜਿਸ ਕੰਮ ਨੂੰ ਮੈਂ ਕਮਾਲ ਨਾਲ ਕਰ ਸਕਦਾ ਆਂ ਤੇ ਜਿਸ ਨਾਲ ਦੇਸ਼ ਉਨਤੀ ਵਧੇਰੇ ਕਰ ਸਕਦਾ ਹੈ, ਉਹ ਮੈਨੂੰ ਨਹੀਂ ਮਿਲਿਆ ਤੇ ਨਾ ਮਿਲ ਸਕਦਾ ਹੈ। ਇਸ ਦੇਸ਼ ਵਿਚ ਅਜੇ ਅਣਖੀ ਹੁਨਰਮੰਦ ਦੀ ਲੋੜ ਨਹੀਂ ਸਮਝੀ ਜਾ ਰਹੀ ਤੇ ਨਾ ਉਸ ਦੇ ਖੜੋਨ ਗੋਚਰੀ ਥਾਂ ਏ। ਬੇ-ਅਣਖ ਰਹਿ ਜੀਣ ਨਾਲੋਂ ਮੌਤ ਚੰਗੀ ਮੰਨੀ ਏ। ਅਜ ਦੇਸ਼ ਦਾ ਨਜ਼ਾਮ ਏਡਾ ਗੰਦ ਨਾਲ ਬੁਕਿਆ ਪਿਆ ਹੈ ਜਿਸ ਵਿਚ ਸਾਹ ਭਰਨਾ ਦੋਭਰ ਹੋ ਰਿਹਾ ਹੈ। ਬੇ-ਘਰ, ਨੰਗ-ਭੁਖ, ਬੇ-ਪਤੀ ਤੇ ਬੀਮਾਰੀਆਂ ਦੀ ਸਿੜਆਣ ਨੇ ਕਰੋੜਾਂ ਮਨੁਖਾਂ ਨੂੰ ਆਪਣੀ ਕੰਘੀ ਵਿਚ ਅਜਿਹੇ ਘੁਟਿਆ ਏ ਕਿ ਮਿਝ ਨਿਕਲ ਰਹੀ ਏ। ਰਹਾਇਸ਼,ਕਪੜਾ ਤੇ ਰੋਟੀ ਜਦ ਕਰੋੜਾਂ ਲਈ ਸੁਪਨਾ ਦਿਖਾਈ ਦੇਣ ਤਦ ਕੌਣ ਕਹਿ ਸਕਦਾ ਏ ਕਿ ਏਥੇ ਮਨੁਖ ਵਸਦੇ ਹਨ? ਜੁਆਨਾਂ ਨੂੰ ਹੀ ਐਸੇ ਗੰਦੇ ਨਜ਼ਾਮ ਨੂੰ ਬਦਲਣ ਲਈ ਮੈਦਾਨ ਵਿਚ ਕਦ ਪੈਣਾ ਚਾਹੀਦਾ ਹੈ, ਆਖਰ ਇਨ੍ਹਾਂ ਨੂੰ ਕੁਦਨਾ ਹੀ ਪੈਣਾ ਹੈ, ਮੇਰੇ ਵਿਚ ਕੁਦਣ ਦਾ ਸਰੀਰਕ ਬਲ ਨਹੀਂ। ਕਿਸੇ ਤੇ ਭਾਰੂ ਹੋ ਜੀਣਾ ਜੁਰਮ ਮੰਨ ਮਰ ਰਿਹਾ ਆਂ।-ਜੈ ਜਨਤਾ।’’

  • ਮੁੱਖ ਪੰਨਾ : ਕਹਾਣੀਆਂ, ਭਾਗ ਸਿੰਘ ਜੀਵਨ ਸਾਥੀ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ