Dullati Ram Di Dullati (Punjabi Story) : Omkar Sood Bahona

ਦੁਲੱਤੀ ਰਾਮ ਦੀ ਦੁਲੱਤੀ (ਕਹਾਣੀ) : ਓਮਕਾਰ ਸੂਦ ਬਹੋਨਾ

ਦੁਲੱਤੀ ਰਾਮ ਇੱਕ ਹੱਟਾ-ਕੱਟਾ ਗਧਾ ਸੀ । ਉਹ ਮਿਹਨਤੀ ਬਹੁਤ ਸੀ । ਪੰਜਾਬੀ ਜੰਗਲ ਵਿੱਚ ਉਸਦੀ ਜ਼ਮੀਨ ਸੀ । ਉਹ ਆਪਣੀ ਜ਼ਮੀਨ ਵਿੱਚ ਪੂਰੀ ਮਿਹਨਤ ਅਤੇ ਲਗਨ ਨਾਲ ਕੰਮ ਕਰਦਾ ਸੀ । ਉਸਦੀ ਪਤਨੀ ਚੰਪਾ ਗਧੀ ਤੇ ਇੱਕ ਪੁੱਤਰ ਸੀ ਢੇਂਚੂ ਰਾਮੂ । ਉਸਦਾ ਪੁੱਤਰ ਢੇਂਚੂ ਰਾਮ ਆਪਣੇ ਪਿਤਾ ਵਾਂਗ ਹੀ ਇੱਕ ਸਾਊ ਤੇ ਮਿਹਨਤੀ ਕਾਮਾ ਸੀ । ਹਰ ਸਾਲ ਉਨ੍ਹਾਂ ਦੀ ਭਰਪੂਰ ਫਸਲ ਹੁੰਦੀ ਸੀ । ਆਪਣੀ ਮਿਹਨਤ ਦੇ ਬਲਬੂਤੇ ਉਨ੍ਹਾਂ ਨੇ ਪੰਜਾਬੀ ਜੰਗਲ ਵਿੱਚ ਇੱਕ ਕੋਠੀ ਵੀ ਪਾ ਲਈ ਸੀ । ਉਨ੍ਹਾਂ ਦੀ ਆਲੀਸ਼ਾਨ ਕੋਠੀ ਵੇਖ ਕੇ ਜੱਗੂ ਗਿੱਦੜ ਤੇ ਕੌੜੂ ਬਘਿਆੜ ਨੂੰ ਬੜੀ ਤਖਲੀਫ ਰਹਿੰਦੀ ਸੀ । ਉਹ ਆਪ ਤਾਂ ਮਿਹਨਤ ਕਰਦੇ ਨਹੀਂ ਸਨ ,ਪਰ ਦੂਜਿਆ ਦੀ ਮਿਹਨਤ ਦੀ ਕਮਾਈ ਉਨ੍ਹਾਂ ਨੂੰ ਇੱਕ ਅੱਖ ਨਹੀਂ ਭਾਉਂਦੀ ਸੀ । ਇਸ ਕਰਕੇ ਉਹ ਹਮੇਸ਼ਾ ਦੁਲੱਤੀ ਰਾਮ ਤੇ ਉਸਦੇ ਪੁੱਤਰ 'ਤੇ ਸੜਦੇ ਰਹਿੰਦੇ ਸਨ । ਉਹ ਮੌਕਾ ਮਿਲਦਿਆਂ ਹੀ ਉਨ੍ਹਾਂ ਦਾ ਕੋਈ ਨਾ ਕੋਈ ਨੁਕਸਾਨ ਕਰਨ ਦੀਆਂ ਵਿਉਂਤਾਂ ਬਣਾਉਂਦੇ ਰਹਿੰਦੇ ਸਨ ।

ਇੱਕ ਦਿਨ ਨਾਲ ਦੇ ਜੰਗਲ ਵਿੱਚੋਂ ਜੱਗੂ ਗਿੱਦੜ ਤੇ ਕੌੜੂ ਬਘਿਆੜ ਕੋਲ ਚੇਤਨ ਚੀਤਾ ਆਇਆ । ਉਹ ਇੱਕ ਸਮੱਗਲਰ ਸੀ । ਉਹ ਤਰ੍ਹਾਂ-ਤਰ੍ਹਾਂ ਦੇ ਨਸ਼ਿਆਂ ਅਫੀਮ,ਭੁੱਕੀ,ਡੋਡਿਆਂ ਅਤੇ ਚਿੱਟੇ ਦੀ ਸਮੱਗਲਿੰਗ ਦਾ ਧੰਦਾ ਕਰਦਾ ਸੀ । ਉਹਨੇ ਆ ਕੇ ਜੱਗੂ ਅਤੇ ਕੌੜੂ ਨੂੰ ਕਿਹਾ ਕਿ ਉਹ ਸਮੱਗਲਿੰਗ ਦੇ ਧੰਦੇ ਵਿੱਚ ਉਸਦੇ ਭਾਈਵਾਲ ਬਣ ਜਾਣ । ਚੇਤਨ ਚੀਤੇ ਦੀ ਗੱਲ ਜੱਗੂ ਤੇ ਕੌੜੂ ਦੇ ਮਨ ਨੂੰ ਲੱਗ ਗਈ । ਉਨ੍ਹਾਂ ਵਿਹਲੜਾਂ ਨੇ ਸੋਚਿਆ ਕਿ ਇਹ ਧੰਦਾ ਠੀਕ ਹੈ । ਇਸ ਧੰਦੇ ਵਿੱਚ ਖੂਬ ਦੌਲਤ ਕਮਾਵਾਂਗੇ ਅਤੇ ਨਾਲ ਹੀ ਦੁਲੱਤੀ ਰਾਮ ਦੇ ਪੁੱਤਰ ਢੇਂਚੂ ਰਾਮ ਗਧੇ ਨੂੰ ਨਸ਼ਿਆਂ ਦਾ ਆਦੀ ਬਣਾਵਾਂਗੇ । ਇੱਕ ਪੰਥ ਦੋ ਕਾਜ ਹੋ ਜਾਣਗੇ!ਉਨ੍ਹਾਂ ਦੋਵਾਂ ਨੇ ਚੇਤਨ ਚੀਤੇ ਨਾਲ ਰਲ ਕੇ ਨਸ਼ਿਆਂ ਦਾ ਗੈਰ-ਕਾਨੂੰਨੀ ਕਾਰੋਬਾਰ ਸ਼ੁਰੂ ਕਰ ਲਿਆ । ਨਾਲ ਦੇ ਜੰਗਲ ਵਿੱਚੋਂ ਚੇਤਨ ਚੀਤਾ ਰਾਤਾਂ ਨੂੰ ਅਫੀਮ,ਡੋਡੇ,ਭੁੱਕੀ ਅਤੇ ਚਿੱਟੇ ਜਿਹਾ ਨਸ਼ੀਲਾ ਪਾਉਡਰ ਪੰਜਾਬੀ ਜੰਗਲ ਵਿੱਚ ਪਹੁੰਚਾ ਦਿੰਦਾ । ਅੱਗੋਂ ਜੱਗੂ ਤੇ ਕੌੜੂ ਪੰਜਾਬੀ ਜੰਗਲ ਦੇ ਵਸਨੀਕ ਸਭ ਪਸ਼ੂ-ਪੰਛੀਆਂ ਨੂੰ ਇਹ ਨਸ਼ੀਲਾ ਮਾਲ ਵੇਚ ਦਿੰਦੇ । ਜੰਗਲ ਦੇ ਬਹੁਤ ਸਾਰੇ ਨੌ-ਜਵਾਨ ਪਸ਼ੂ-ਪੰਛੀ ਨਸ਼ਿਆਂ ਦੇ ਆਦੀ ਹੋ ਗਏ । ਜੰਗਲ ਦੀ ਜਵਾਨੀ ਦਾ ਘਾਣ ਹੋਣਾ ਸ਼ੁਰੂ ਹੋ ਗਿਆ । ਜਗਾਹ-ਜਗਾਹ ਜੰਗਲ ਦੇ ਨੌ-ਜਵਾਨ ਨਸ਼ਿਆਂ ਨਾਲ ਬੇਹੋਸ਼ ਪਏ ਮਿਲਦੇ । ਨਸ਼ਿਆਂ ਦੀ ਓਵਰਡੋਜ਼ ਨਾਲ ਕਈ ਵਾਰ ਜੰਗਲ ਦੇ ਪਸ਼ੂ-ਪੰਛੀ ਮਰੇ ਪਏ ਵੀ ਪਾਏ ਜਾਣ ਲੱਗੇ । ਜੰਗਲ ਵਿੱਚ ਹਾਹਾਕਾਰ ਮੱਚ ਗਈ ਸੀ । ਕਿਸੇ ਦੀ ਕੋਈ ਸੁਣਵਾਈ ਨਹੀਂ ਸੀ । ਸਭ ਸੂਝਵਾਨ ਪਸ਼ੂ-ਪੰਛੀ ਫਿਕਰਮੰਦ ਸਨ । ਨਸ਼ਿਆਂ ਦਾ ਮਾਸਟਰ-ਮਾਈਂਡ ਕੌਣ ਹੈ ? ਕਿਸੇ ਨੂੰ ਕੋਈ ਪਤਾ ਨਹੀਂ ਸੀ । ਸਭ ਜੱਗੂ ਅਤੇ ਕੌੜੂ ਨੂੰ ਹੀ ਅਸ਼ਲੀ ਗੁਨਾਂਹਗਾਰ ਸਮਝਦੇ ਸਨ । ਜੱਗੂ ਅਤੇ ਕੌੜੂ ਨੇ ਦੁਲੱਤੀ ਰਾਮ ਦੇ ਪੁੱਤਰ ਢੇਂਚੂ ਰਾਮ ਨੂੰ ਵੀ ਨਸ਼ਿਆਂ 'ਚ ਫਸਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਸਿਆਣਾ ਅਤੇ ਸੂਝਵਾਨ ਗਧਾ ਸੀ । ਉਹ ਉਨ੍ਹਾਂ ਦੇ ਵਿਛਾਏ ਹੋਏ ਜਾਲ ਵਿੱਚ ਨਾ ਫਸਿਆ । ਸਗੋਂ ਉਸਨੇ ਆਪਣੇ ਪਿਤਾ ਦੁਲੱਤੀ ਰਾਮ ਨੂੰ ਸਾਰੀ ਗੱਲ ਜਾ ਦੱਸੀ । ਦੁਲੱਤੀ ਰਾਮ ਨੇ ਥਾਣੇਦਾਰ ਭਾਲੂ ਰਾਮ ਨੂੰ ਕਹਿ ਕੇ ਜੱਗੂ ਤੇ ਕੌੜੂ ਨੂੰ ਜੇਲ੍ਹ ਭਿਜਵਾ ਦਿੱਤਾ ।

ਉਧਰ ਜੱਗੂ ਅਤੇ ਕੌੜੂ ਦੀ ਗਿਰਫ਼ਤਾਰੀ ਦਾ ਚੇਤਨ ਚੀਤੇ ਨੂੰ ਬਹੁਤ ਦੁੱਖ ਹੋਇਆ । ਉਨ੍ਹਾਂ ਦੇ ਜੇਲ੍ਹ ਜਾਣ ਨਾਲ ਉਸਦਾ ਧੰਦਾ ਚੌਪਟ ਹੋ ਕੇ ਰਹਿ ਗਿਆ । ਚੇਤਨ ਨੂੰ ਇਹ ਵੀ ਪਤਾ ਲੱਗ ਗਿਆ ਸੀ ਕਿ ਉਨ੍ਹਾਂ ਦੋਨਾਂ ਨੂੰ ਗਿਰਫ਼ਤਾਰ ਕਰਵਾਉਣ ਵਾਲੇ ਦੁਲੱਤੀ ਰਾਮ ਅਤੇ ਉਸਦਾ ਬੇਟਾ ਢੇਂਚੂ ਰਾਮ ਹੀ ਹਨ । ਚੇਤਨ ਚੀਤੇ ਨੇ ਉਨ੍ਹਾਂ ਦੋਵਾਂ ਪਿਓ-ਪੁੱਤਰ ਤੋਂ ਬਦਲਾ ਲੈਣ ਦਾ ਫ਼ੈਸਲਾ ਕਰ ਲਿਆ । ਮੌਕਾ ਵੇਖ ਕੇ ਉਹ ਇੱਕ ਦਿਨ ਦੁਪਹਿਰ ਦੇ ਸਮੇਂ ਦੁਲੱਤੀ ਰਾਮ ਦੇ ਖੇਤਾਂ ਵਿੱਚ ਜਾ ਪਹੁੰਚਿਆ । ਉਸਨੂੰ ਦੁਲੱਤੀ ਰਾਮ ਤਾਂ ਕਿਧਰੇ ਦਿਸਿਆ ਨਹੀਂ, ਪਰ ਉਸਦਾ ਪੁੱਤਰ ਢੇਂਚੂ ਰਾਮ ਇੱਕ ਬਿਰਛ ਦੀ ਛਾਂਵੇਂ ਬੈਠਾ ਅਰਾਮ ਕਰ ਰਿਹਾ ਸੀ । ਉਸਨੂੰ ਵੇਖ ਕੇ ਚੇਤਨ ਗੁੱਸੇ ਨਾਲ ਗਰਜਿਆ, "ਜੱਗੂ ਤੇ ਕੌੜੂ ਨੂੰ ਗਿਰਫ਼ਤਾਰ ਕਰਵਾਉਣ ਵਾਲੇ ਢੇਂਚੂਆ! ਅੱਜ ਤੇਰਾ ਆਖ਼ਰੀ ਵਕਤ ਆ ਗਿਆ ਹੈ!! ਅੱਜ ਤੇਰੀ ਮੌਤ 'ਤੇ ਤੇਰਾ ਪਿਓ ਦੁਲੱਤੀ ਰਾਮ ਬੇਵਸੀ ਦੇ ਹੰਝੂ ਵਹਾਏਗਾ!!! ਉਸਨੂੰ ਧੀਰਜ ਧਰਾਉਣ ਵਾਲਾ ਕੋਈ ਨਹੀਂ ਆਵੇਗਾ!" ਕਹਿ ਕੇ ਚੇਤਨ ਚੀਤਾ ਦੰਦ ਪੀਸਦਾ ਹੋਇਆ ਢੇਂਚੂ ਵੱਲ ਨੂੰ ਵਧਿਆ । …… ਪਰ ਹੈਂ! ਇਹ ਕੀ ? ਅਚਾਨਕ ਵੱਜੀ ਦੁਲੱਤੀ ਨਾਲ ਚੇਤਨ ਚੀਤਾ ਪਰ੍ਹਾਂ ਖਾਲ ਵਿੱਚ ਮੂਧੇ ਮੂੰਹ ਜਾ ਡਿੱਗਿਆ । ਉਸ ਦੀਆਂ ਅੱਖਾਂ ਮੂਹਰੇ ਹਨੇਰਾ ਛਾ ਗਿਆ । ਉਸਨੂੰ ਦਿਨੇ ਹੀ ਭੰਬੂ-ਤਾਰੇ ਨਜ਼ਰ ਆ ਰਹੇ ਸਨ । ਸੁਰਤ ਪਰਤਣ ਤੇ ਉਸਨੇ ਵੇਖਿਆ ਕਿ ਇਹ ਦੁਲੱਤੀ, ਦੁਲੱਤੀ ਰਾਮ ਨੇ ਮਾਰੀ ਸੀ । ਉਹ ਪਰ੍ਹਾਂ ਮੱਕੀ ਦੇ ਖੇਤ 'ਚ ਬੈਠਾ ਖੇਤ ਦੀ ਗੁਡਾਈ ਕਰ ਰਿਹਾ ਸੀ । ਇਸ ਲਈ ਚੇਤਨ ਚੀਤੇ ਨੂੰ ਪਹਿਲਾਂ ਨਹੀਂ ਨਜ਼ਰੀਂ ਪਿਆ ਸੀ । ਚੇਤਨ ਨੇ ਢੇਂਚੂ ਨੂੰ ਇਕੱਲਾ ਵੇਖ ਕੇ ਉਸ 'ਤੇ ਹਮਲਾ ਕਰਨ ਦਾ ਹੌਂਸਲਾ ਕੀਤਾ ਸੀ । ਉਸਨੂੰ ਕੀ ਪਤਾ ਸੀ ਕਿ ਦੁਲੱਤੀ ਰਾਮ ਅਚਾਨਕ ਫ਼ਿਲਮੀ ਅੰਦਾਜ਼ ਵਿੱਚ ਪਰਗਟ ਹੋ ਜਾਵੇਗਾ । ਚੇਤਨ ਚੀਤਾ ਇੱਕੋ ਹੀ ਦੁਲੱਤੀ ਨਾਲ ਕੰਡਮ ਹੋ ਗਿਆ ਸੀ । ਉਸਦੀ ਲੱਤ ਉੱਤੇ ਚੋਟ ਵੱਜੀ ਸੀ । ਉਹ ਭੱਜਣ ਤੋਂ ਅਸਮਰੱਥ ਹੋ ਗਿਆ ਸੀ । ਉਸਨੂੰ ਦੋਵਾਂ ਪਿਓ-ਪੁੱਤਰਾਂ ਨੇ ਫੜ੍ਹਕੇ ਇੱਕ ਰੁੱਖ ਨਾਲ ਬੰਨ੍ਹ ਲਿਆ ਤੇ ਥਾਣੇਦਾਰ ਭਾਲੂ ਰਾਮ ਦੇ ਹਵਾਲੇ ਕਰ ਦਿੱਤਾ । ਭਾਲੂ ਰਾਮ ਨੇ ਚੇਤਨ ਚੀਤੇ ਨੂੰ ਉਸਦੇ ਦੋਨਾਂ ਸਾਥੀਆਂ ਜੱਗੂ ਤੇ ਕੌੜੂ ਕੋਲ ਜੇਲ੍ਹ ਵਿੱਚ ਬੰਦ ਕਰ ਦਿੱਤਾ । ਹੁਣ ਉਹ ਤਿੰਨੇ ਜੇਲ੍ਹ ਵਿੱਚ ਬੈਠੇ ਆਪਣੀ ਕਰਨੀ 'ਤੇ ਪਛਤਾ ਰਹੇ ਸਨ ।

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਓਮਕਾਰ ਸੂਦ ਬਹੋਨਾ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ