Dulo (Story in Punjabi) : Upendranath Ashk

ਦੂਲੋ (ਕਹਾਣੀ) : ਉਪਿੰਦਰ ਨਾਥ ਅਸ਼ਕ

ਅੱਜ ਅਚਾਨਕ ਇਕ ਪ੍ਰਸ਼ਨ ਪੈਦਾ ਹੋ ਗਿਆ ਹੈ।
ਉਸ ਵੇਲੇ ਜਦੋਂ ਮੈਂ ਆਪਣੀ ਬੈਠਕ ਵਿਚ ਆਪਣੇ ਡੇਢ ਸਾਲ ਦੇ ਬੱਚੇ ਨੂੰ ਖਿਡਾ ਰਿਹਾ ਸੀ ਅਤੇ ਖਿੜਕੀ ਦੇ ਬਾਹਰ ਜਿੱਥੇ ਸਾਡੀ ਗਾਂ ਖੜ੍ਹੀ ਸੀ, ਇਸ ਤੋਂ ਪਰ੍ਹੇ ਟੁੱਟੀ-ਭੱਜੀ ਮੰਜੀ ਉਤੇ ਬੈਠੇ ਇਕ ਬੁੱਢੇ ਨੇ ਆਪਣੀ ਪਤਨੀ ਦੇ ਕੁੱਝ ਕਹਿਣ 'ਤੇ ਸਿਰ ਉਤੇ ਦੁਹੱਥੜ ਮਾਰ ਕੇ ਕਿਹਾ, "ਚੰਗਾ, ਚੰਗਾ।" ਮੈਂ ਬੱਚੇ ਨੂੰ ਖਿਡਾਉਣਾ ਭੁੱਲ ਗਿਆ। ਬੱਚਾ ਰੋ ਪਿਆ ਤੇ ਮੇਰੀ ਪਤਨੀ ਦੁੱਧ ਚੋਂਦੀ ਚੋਂਦੀ ਮੇਰੇ ਵੱਲ ਲਾਲ ਪੀਲੀਆਂ ਅੱਖਾਂ ਨਾਲ ਦੇਖਣ ਲੱਗੀ।
ਸ਼ਾਮ ਦਾ ਵੇਲਾ ਹੈ ਅਤੇ ਗਰਮੀ ਦੀ ਰੁੱਤ। ਦਿਨ ਭਰ ਦੀ ਗਰਮੀ ਤੋਂ ਤੰਗ ਹੋਏ ਲਗਭਗ ਸਭ ਲੋਕ ਆਪਣੇ ਕਮਰਿਆਂ ਵਿਚੋਂ ਨਿਕਲ ਕੇ ਛੱਤਾਂ 'ਤੇ ਚਲੇ ਗਏ ਹਨ। ਕਿਤੇ ਫਰਸ਼ਾਂ 'ਤੇ ਛਿੜਕਾ ਕੀਤੇ ਜਾ ਰਹੇ ਹਨ, ਕਿਤੇ ਕੱਪੜਿਆਂ ਨੂੰ ਪਾਣੀ ਦੇ ਛਿੱਟੇ ਮਾਰ ਕੇ ਠੰਢਾ ਕਰ ਰਹੇ ਹਨ ਅਤੇ ਦਿਨ ਭਰ ਦੀ ਧੁੱਪ ਨਾਲ ਮੁਰਝਾਏ ਫੁੱਲਾਂ ਨੂੰ ਗਮਲਿਆਂ ਵਿਚ ਪਾਣੀ ਦਿੱਤਾ ਜਾ ਰਿਹਾ ਹੈ। ਆਦਮੀ ਜਾਂ ਤਾਂ ਅਜੇ ਤਕ ਦੁਕਾਨਾਂ ਤੋਂ ਨਹੀਂ ਆਏ ਜਾਂ ਸੈਰ ਨੂੰ ਬਾਹਰ ਨਿਕਲ ਗਏ ਹਨ। ਇਸਤਰੀਆਂ ਘਰੇਲੂ ਕੰਮਾਂ ਤੋਂ ਵਿਹਲੀਆਂ ਹੋ ਕੇ ਰੋਟੀ ਦਾ ਸਮਾਨ ਛੱਤਾਂ ਉਪਰ ਲਿਜਾਣ ਵਿਚ ਰੁੱਝੀਆਂ ਹਨ। ਥੱਲੇ ਗਰਮੀ ਵਿਚ ਰੋਟੀ ਖਾਣ ਦਾ ਕੀ ਸੁਆਦ? ਉਪਰ ਠੰਢੀ ਹਵਾ ਵਿਚ ਰੋਟੀ ਖਾਵਾਂਗੇ। ਪੁਰੇ ਦੀ ਠੰਢੀ ਠੰਢੀ ਹਵਾ ਦੇ ਬੁੱਲਿਆਂ ਦਾ ਸੁਆਦ ਮਾਣਾਂਗੇ। ਅੱਜ ਗਰਮੀ ਵੀ ਲੋਹੜੇ ਦੀ ਪਈ ਹੈ, ਸ਼ਾਇਦ ਹਵਾ ਰਾਤ ਨੂੰ ਚੱਲੇ। ਫਿਰ ਵੀ ਆਸ ਤਾਂ ਨਹੀਂ ਪਰ ਉਹ ਬੁੱਢਾ ਤੇ ਉਸ ਦੀ ਪਤਨੀ ਨੇ ਇਸ ਅਤਿ ਦੀ ਗਰਮੀ ਵਿਚ ਵੀ ਹੇਠਾਂ ਗਲੀ ਵਿਚ ਜਿਥੇ ਦਿਨ ਭਰ ਧੁੱਪ ਦਾ ਰਾਜ ਰਿਹਾ, ਜਿਥੇ ਆਲੇ ਦੁਆਲੇ ਗਾਈਆਂ ਤੇ ਮੱਝਾਂ ਬੰਨ੍ਹੀਆਂ ਹੋਈਆਂ ਹਨ, ਜਿਥੇ ਨਾਲੀਆਂ ਵਿਚੋਂ ਬਦਬੂ ਆ ਰਹੀ ਹੈ, ਦੋ ਮੰਜੇ ਡਾਹੇ ਹੋਏ ਹਨ। ਮੰਜੇ 'ਤੇ ਇਸ ਗਰਮੀ ਦੀ ਰੁੱਤ ਵਿਚ ਵੀ ਗਦੈਲਾ ਵਿਛਿਆ ਹੋਇਆ ਹੈ ਜਿਹੜਾ ਗਲਿਆ ਸੜਿਆ ਤੇ ਮੈਲਾ ਕੁਚੈਲਾ ਹੈ। ਸ਼ਾਇਦ ਇਸ ਨੂੰ ਕੋਈ ਚੰਗੀ ਜਿਹੀ ਚਾਦਰ ਨਹੀਂ ਮਿਲੀ ਜਾਂ ਇਸ ਮੈਲੇ ਕੁਚੈਲੇ ਗਦੈਲੇ ਲਈ ਘਰ ਵਿਚ ਹੋਰ ਕੋਈ ਥਾਂ ਨਹੀਂ। ਇਹ ਬੁੱਢਾ ਆਦਮੀ ਕੁੱਬਾ ਹੈ। ਅੱਖਾਂ 'ਤੇ ਬਹੁਤ ਪੁਰਾਣੀ ਅਤੇ ਫਰੇਮ ਟੁੱਟਣ ਕਾਰਨ ਧਾਗਿਆਂ ਨਾਲ ਬੰਨ੍ਹੀ ਹੋਈ ਐਨਕ ਹੈ। ਦਾੜ੍ਹੀ ਵਧੀ ਹੋਈ ਹੈ ਤੇ ਸਿਰ ਉਤੇ ਮਲਮਲ ਦੀ ਗੋਲ ਜਿਹੀ ਮੈਲੀ ਟੋਪੀ ਹੈ, ਸਰੀਰ ਨੰਗਾ ਹੈ ਤੇ ਤੇੜ ਮੈਲਾ ਜਿਹਾ ਡੇਢ ਕੁ ਗਜ਼ ਦਾ ਪਰਨਾ। ਇਸ ਦੀ ਪਤਨੀ ਬੁੜ ਬੁੜ ਕਰਦੀ ਮੰਜੇ 'ਤੇ ਜਾ ਕੇ ਬੈਠ ਗਈ ਹੈ ਅਤੇ ਹੌਲੀ ਹੌਲੀ ਉਸ ਨੂੰ ਗਾਲ੍ਹਾਂ ਕੱਢ ਰਹੀ ਹੈ। ਇਸ ਦੇ ਮੰਜੇ 'ਤੇ ਫਟੀ ਪੁਰਾਣੀ ਦਰੀ ਅਤੇ ਬਦਬੂ ਮਾਰਦੀ ਚਾਦਰ ਵਿਛੀ ਹੈ।
ਦੋਹਾਂ ਵਿਚ ਕਿਸ ਗੱਲ 'ਤੇ ਝਗੜਾ ਹੋਇਆ ਹੈ, ਇਹ ਮੈਨੂੰ ਪਤਾ ਨਹੀਂ ਪਰ ਕੋਈ ਇਹੋ ਜਿਹੀ ਹੀ ਗੱਲ ਹੋਈ ਹੋਵੇਗੀ। ਬੁੱਢੇ ਨੂੰ ਤ੍ਰੇਹ ਲੱਗੀ ਹੋਵੇਗੀ। ਉਹ ਬਿਮਾਰ ਹੈ, ਚੱਲ-ਫਿਰ ਨਹੀਂ ਸਕਦਾ। ਇਸ ਨੇ ਅਪਣੀ ਪਤਨੀ ਨੂੰ ਖੂਹ ਤੋਂ ਪਾਣੀ ਲਿਆਉਣ ਲਈ ਕਿਹਾ ਹੋਵੇਗਾ ਅਤੇ ਪਤਨੀ ਨੇ ਉਤਰ ਦਿਤਾ ਹੋਵੇਗਾ, "ਤੈਨੂੰ ਸਾਰਾ ਦਿਨ ਤ੍ਰੇਹ ਲੱਗੀ ਰਹਿੰਦੀ ਹੈ। ਮੈਨੂੰ ਘੱਟ ਦਿਸਦਾ ਹੈ। ਕਿਵੇਂ ਲਿਆਵਾਂ? ਤੂੰ ਆਪ ਕਿਉਂ ਹਿੰਮਤ ਨਹੀਂ ਕਰਦਾ?" ਸ਼ਾਇਦ ਇਸ ਤੋਂ ਗੁੱਸੇ ਹੋ ਕੇ "ਚੰਗਾ-ਚੰਗਾ" ਕਹਿੰਦਿਆਂ ਉਹਨੇ ਆਪਣਾ ਸਿਰ ਪਿੱਟ ਲਿਆ ਹੈ। ਸ਼ਾਇਦ ਮੇਰਾ ਖਿਆਲ ਠੀਕ ਹੈ ਕਿਉਂਕਿ ਖੂਹ 'ਤੇ ਪਾਣੀ ਭਰਨ ਵਾਲੇ ਨੂੰ ਆਵਾਜ਼ ਮਾਰ ਕੇ ਬੁੱਢੇ ਨੇ ਪਾਣੀ ਮੰਗਿਆ ਹੈ ਅਤੇ ਗਟਾ ਗਟ ਦੋ ਗਲਾਸ ਪੀ ਕੇ ਲਿਟ ਗਿਆ ਹੈ। ਸ਼ਾਇਦ ਉਸ ਨੇ ਠੰਢਾ ਹਉਕਾ ਵੀ ਭਰਿਆ ਹੈ।
ਅੱਜ ਕੱਲ੍ਹ ਜਦੋਂ ਸਾਰੇ ਘਰਾਂ ਵਿਚ ਬਰਫ਼ ਤੋਂ ਬਿਨਾਂ ਪਾਣੀ ਦੀ ਇਕ ਘੁੱਟ ਵੀ ਹਲਕ ਤੋਂ ਥੱਲੇ ਨਹੀਂ ਜਾਂਦੀ, ਜਿਥੇ ਦਿਨ ਰਾਤ ਲੱਸੀ ਤੇ ਸ਼ਰਬਤ ਦਾ ਰੌਲਾ ਪਿਆ ਰਹਿੰਦਾ ਹੈ, ਜਦੋਂ ਕੁਝ ਘਰਾਂ ਵਿਚ ਬਦਾਮਾਂ ਦੀ ਸ਼ਰਦਾਈ ਵੀ ਹੁੰਦੀ ਹੈ, ਜਦੋਂ ਗਰਮੀ ਦੇ ਮਾਰੇ ਗਲ ਸੁੱਕ ਸੁੱਕ ਜਾਂਦਾ ਹੈ, ਇਹ ਵਿਚਾਰਾ ਤ੍ਰੇਹ ਦਾ ਨਾਂ ਵੀ ਨਹੀਂ ਲੈ ਸਕਦਾ। ਪਤਨੀ ਦੇ ਪਾਣੀ ਨਾ ਦੇਣ 'ਤੇ ਕਿਸੇ ਬਿਗਾਨੇ ਦੇ ਹੱਥੋਂ ਬਰਫ਼ ਵਾਲਾ ਨਹੀਂ, ਮਿੱਟੀ ਦੀ ਸੁਰਾਹੀ ਜਾਂ ਘੜੇ ਦਾ ਵੀ ਨਹੀਂ, ਕੇਵਲ ਖੂਹ ਦਾ ਸੱਜਰਾ ਪਾਣੀ ਪੀ ਕੇ ਚੁੱਪ ਚਾਪ ਲਿਟ ਗਿਆ ਹੈ।
ਉਹ ਬੁੱਢੀ ਉਹਦੀ ਪਤਨੀ, ਉਹ ਕਿਹੜਾ ਸੁਖੀ ਹੈ। ਅੱਖੋਂ ਲੱਗਭਗ ਅੰਨ੍ਹੀ ਹੈ। ਸੋਟੀ ਸਹਾਰੇ ਚੱਲਣ ਵਾਲੀ, ਕਮਜ਼ੋਰ ਜਿਹੀ, ਫੁਲਬਿਹਰੀ ਕਾਰਨ ਅੱਧੇ ਚਿੱਟੇ ਅਤੇ ਅੱਧੇ ਕਾਲੇ ਮੂੰਹ ਵਾਲੀ, ਆਪਣੇ ਮੰਜੇ 'ਤੇ ਗਮਾਂ ਦੀ ਮਾਰੀ ਬੈਠੀ ਹੈ। ਉਹ ਜੇ ਗਮ ਦਾ ਮਾਰਿਆ ਹੈ ਤਾਂ ਇਹ ਵੀ ਗਮਾਂ ਦੀ ਮਾਰੀ ਹੈ।
ਕੀ ਇਸ ਦੁਨੀਆਂ ਵਿਚ ਇਨ੍ਹਾਂ ਦਾ ਕੋਈ ਨਹੀਂ? ਕੀ ਇਹ ਪਤੀ-ਪਤਨੀ ਬੁਢਾਪੇ ਵਿਚ ਬਿਲਕੁਲ ਇਕੱਲੇ ਹਨ? ਇਨ੍ਹਾਂ ਦਾ ਇਕਲੌਤਾ ਪੁੱਤਰ ਹੁਣੇ ਹੀ ਇਨ੍ਹਾਂ ਦੇ ਕੋਲ ਦੀ ਲੰਘ ਕੇ ਇਸ ਤਿੰਨ ਮੰਜ਼ਲੀ ਹਵੇਲੀ ਦੀ ਛੱਤ ਉਤੇ, ਜਿਸ ਦੇ ਬੂਹੇ ਸਾਹਮਣੇ ਮੰਜੇ ਡਾਹੀ ਪਏ ਹਨ, ਆਪਣੇ ਠੰਢੇ ਬਿਸਤਰੇ ਉਤੇ ਜਾ ਲੇਟਿਆ ਹੈ। ਉਸ ਦੀ ਪੁੱਤਰੀ ਇਸ ਨੂੰ ਪੱਖਾ ਝੱਲ ਰਹੀ ਹੈ ਤੇ ਉਸ ਦੀ ਪਤਨੀ ਪੈਰ ਘੁੱਟ ਰਹੀ ਹੈ।
"ਤ੍ਰੇਹ ਲੱਗੀ ਐ।"
ਦੋਵੇਂ ਮਾਂ ਧੀ ਭੱਜ ਪਈਆਂ ਹਨ। ਛੋਟਾ ਪੁੱਤਰ ਬਰਫ਼ ਲੈਣ ਭੱਜ ਗਿਆ ਹੈ।
"ਸਰਬਤ ਲਿਆਵਾਂ ਜਾਂ ਕੁੱਝ ਹੋਰ", ਪਤਨੀ ਨੇ ਪੁੱਛਿਆ।
"ਜੋ ਮਰਜ਼ੀ ਲੈ ਆ, ਪਰ ਛੇਤੀ।"
ਸ਼ਰਦਾਈ ਰਗੜਨ ਲੱਗੀ ਹੈ। ਬੁੱਢੇ ਨੂੰ ਸ਼ਾਇਦ ਫਿਰ ਤ੍ਰੇਹ ਲੱਗ ਗਈ ਹੈ। ਉਸ ਨੇ ਜੀਭ ਬੁੱਲ੍ਹਾਂ 'ਤੇ ਫੇਰੀ ਹੈ ਤੇ ਲੰਬਾ ਸਾਹ ਲੈ ਕੇ ਪਾਸਾ ਲਿਆ ਹੈ।



ਦੂਲੋ ਨਾਲ ਮੇਰਾ ਮਿਲਾਪ ਪਹਿਲਾਂ ਪਹਿਲ ਨਾਚ ਮਹਿਫ਼ਿਲ ਵਿਚ ਹੋਇਆ ਸੀ। ਉਦੋਂ ਪਤਾ ਨਹੀਂ ਮੈਂ ਕਿਹੜੀ ਸ਼੍ਰੇਣੀ ਵਿਚ ਪੜ੍ਹਦਾ ਸਾਂ। ਬਹੁਤ ਛੋਟਾ ਸਾਂ। ਸ਼ਾਇਦ ਪੜ੍ਹਨ ਲਈ ਸਕੂਲ ਜਾਣ ਵਾਸਤੇ ਮੈਂ ਕੁਝ ਮਹੀਨੇ ਉਡੀਕ ਕਰਨੀ ਸੀ। ਰਾਤ ਨੂੰ ਗੈਸ ਦੇ ਚਾਨਣ ਵਿਚ ਮੁਹੱਲੇ ਦਾ ਕੋਨਾ ਕੋਨਾ ਚਮਕ ਰਿਹਾ ਸੀ। ਵਿਚਕਾਰ ਵੱਡੀ ਦਰੀ ਵਿਛੀ ਹੋਈ ਸੀ। ਇਸ ਉਤੇ ਚਿੱਟੀਆਂ ਚਾਦਰਾਂ ਤੇ ਇਕ ਸੁੰਦਰ ਗਲੀਚਾ। ਮੁਹੱਲੇ ਦਾ ਕੋਈ ਹੀ ਅਜਿਹਾ ਪੁਰਸ਼ ਹੋਵੇਗਾ ਜਿਹੜਾ ਮੁਜਰਾ ਦੇਖਣ ਨਾ ਆਇਆ ਹੋਵੇ। ਦੋ ਨਾਜ਼ੁਕ ਜਿਹੀਆਂ ਨਾਚੀਆਂ ਮਜ਼ੇ ਨਾਲ ਪਾਨ ਚੱਬ ਰਹੀਆਂ ਸਨ। ਗੱਲ ਗੱਲ 'ਤੇ ਹਵਾ ਵਾਂਗ ਵਲ ਖਾ ਜਾਣ ਵਾਲੀਆਂ, ਮੁਸਕਾਨਾਂ ਨਾਲ ਦਰਸ਼ਕਾਂ ਦੇ ਦਿਲਾਂ ਵਿਚ ਧੜਕਣ ਪੈਦਾ ਕਰ ਦੇਣ ਵਾਲੀਆਂ ਅਤੇ ਇਨ੍ਹਾਂ ਦੇ ਪਿੱਛੇ ਬੈਠੇ ਸੀ ਉਸਤਾਦ ਜੀ, ਸਾਰੰਗੀ ਫੜੀ ਅਤੇ ਤਬਲਚੀ ਤੇ ਹਾਰਮੋਨੀਅਮ ਮਾਸਟਰ ਗੱਲ ਗੱਲ 'ਤੇ 'ਜੀ ਹਜ਼ੂਰ' ਕਹਿ ਕੇ ਝੁਕ ਜਾਣ ਵਾਲੇ; ਗੱਲ ਗੱਲ 'ਤੇ ਹਾਸਾ ਮਖੌਲ ਕਰਨ ਵਾਲੇ; ਖੁਸ਼ ਮਜਾਜ਼, ਤੇ ਦਰਸ਼ਕ ਬੁੱਤ ਬਣੇ ਬੈਠੇ ਸਨ। ਪਰੀਆਂ ਵਰਗੀਆਂ ਇਨ੍ਹਾਂ ਨਾਚੀਆਂ ਜਿਨ੍ਹਾਂ ਦੀ ਸ਼ਰਮ ਬਨਾਉਟੀ ਸੀ, ਜਿਨ੍ਹਾਂ ਦੀ ਮੁਸਕਾਨ ਸ਼ੋਖ ਸੀ ਅਤੇ ਜਿਨ੍ਹਾਂ ਦੀਆਂ ਅੱਖਾਂ ਬਿਜਲੀ ਵਾਂਗ ਚੰਚਲ ਸਨ, ਨੂੰ ਦੇਖਣ ਵਿਚ ਲੋਕ ਖੁੱਭੇ ਹੋਏ ਸਨ।
ਗੈਸ ਦੁਆਲੇ ਬਹੁਤ ਸਾਰੇ ਭਮੱਕੜ ਇਕੱਠੇ ਹੋ ਗਏ ਸਨ। ਮੈਂ ਆਪਣੇ ਘਰ ਦੇ ਬਨੇਰੇ 'ਤੇ, ਜਿਹੜਾ ਹੁਣ ਦੁਮੰਜ਼ਲਾ ਬਣ ਗਿਆ ਹੈ, ਬੈਠਾ ਇਨ੍ਹਾਂ ਨੂੰ ਦੇਖਣ ਵਿਚ ਮਗਨ ਸੀ। ਮੈਂ ਕਈ ਵਾਰ ਯਤਨ ਕੀਤਾ ਕਿ ਉਹ ਸੁੰਦਰ ਜਿਹੀ ਹੁਸੀਨਾ ਮੇਰੇ ਵੱਲ ਵੀ ਦੇਖੇ ਪਰ ਮੇਰੇ ਯਤਨ ਅਸਫ਼ਲ ਰਹੇ। ਇਸ ਲਈ ਮੈਨੂੰ ਉਸ ਨਾਲ ਘਿਰਣਾ ਹੋ ਗਈ। ਮੈਂ ਭਮੱਕੜਾਂ ਵੱਲ ਦੇਖਣ ਲੱਗ ਪਿਆ। ਮੈਨੂੰ ਯਾਦ ਹੈ, ਇਸ ਵੇਲੇ ਵੀ ਮੇਰੇ ਦਿਲ ਵਿਚ ਖਿਆਲ ਆਉਂਦਾ ਹੈ ਕਿ ਉਨ੍ਹਾਂ ਤਮਾਸ਼ਬੀਨਾਂ ਅਤੇ ਭਮੱਕੜਾਂ ਵਿਚ ਕੀ ਅੰਤਰ ਹੈ? ਦੋਵੇਂ ਕੁਰਬਾਨ ਹੋ ਰਹੇ ਸਨ, ਉਨ੍ਹਾਂ 'ਤੇ ਜਿਨ੍ਹਾਂ ਨੂੰ ਇਨ੍ਹਾਂ ਦੀ ਕੁਰਬਾਨੀ ਦਾ ਕੋਈ ਅਹਿਸਾਸ ਹੀ ਨਹੀਂ ਸੀ।
ਛਨਣ ਛਣਾ ਛਣ ਛਨਣ
ਇਸ ਖ਼ਾਸ ਤਰ੍ਹਾਂ ਦੀ ਆਵਾਜ਼ ਨੇ ਮੇਰਾ ਧਿਆਨ ਖਿੱਚ ਲਿਆ। ਮੈਂ ਨਿਗ੍ਹਾ ਉਪਰ ਕੀਤੀ। ਉਹ ਸੁੰਦਰੀ ਪੁਤਲੀ ਵਾਂਗ ਦਰੀ 'ਤੇ ਥਿਰਕ ਰਹੀ ਸੀ। ਪੁਤਲੀ ਵਰਗੀ, ਨਾਜ਼ੁਕ ਜਿਹੀ, ਸੁੰਦਰ ਜਿਹੀ। ਅੱਜ ਵੀ ਜਦ ਇਸ ਘਟਨਾ ਨੂੰ ਕਈ ਸਾਲ ਬੀਤ ਗਏ ਹਨ, ਮੇਰੇ ਸਾਹਮਣੇ ਇਸ ਦੀ ਸੂਰਤ ਉਸੇ ਤਰ੍ਹਾਂ ਥਿਰਕ ਰਹੀ ਹੈ। ਉਸੇ ਤਰ੍ਹਾਂ ਆਪਣੀਆਂ ਨਾਜ਼ੁਕ ਅਦਾਵਾਂ ਨਾਲ ਆਪਣੇ ਦਰਸ਼ਕਾਂ ਨੂੰ ਘਾਇਲ ਕਰ ਰਹੀ ਹੈ।
ਇਹ ਬਹੁਤ ਦੇਰ ਤਕ ਹੁੰਦਾ ਰਿਹਾ, ਇਸ ਦੀ ਮਨਮੋਹਣੀ ਆਵਾਜ਼ ਕਈ ਵਾਰ ਵਾਤਾਵਰਨ ਵਿਚ ਗੂੰਜੀ। ਇਸ ਨੇ ਗਾਇਆ ਵੀ, ਪਰ ਮੈਨੂੰ ਨਹੀਂ ਪਤਾ ਇਸ ਨੇ ਕੀ ਗਾਇਆ। ਕੋਈ ਉਸ ਸਮੇਂ ਦਾ ਹਰਮਨ ਪਿਆਰਾ ਗੀਤ ਹੋਵੇਗਾ। ਅੱਜ 'ਮੁਜਰਾ' ਹੁੰਦਾ ਤਾਂ 'ਯਾ ਅੱਲਾ ਮਿਟ ਜਾਏ ਦਰਦੇ ਦਿਲ' ਵਰਗੀ ਕੋਈ ਗ਼ਜ਼ਲ ਗਾਈ ਹੁੰਦੀ ਪਰ ਪਤਾ ਨਹੀਂ ਉਸ ਸਮੇਂ ਕਿਹੜੀ ਗਜ਼ਲ ਮਸ਼ਹੂਰ ਸੀ ਅਤੇ ਕਿਹੜੀ ਗਾਈ ਸੀ। ਐਨਾ ਕੁ ਯਾਦ ਹੈ ਕਿ ਉਸ ਦੀ ਆਵਾਜ਼ ਬਹੁਤ ਸੁਰੀਲੀ ਸੀ। ਬਹੁਤ ਹੀ ਮਨਮੋਹਣੀ, ਨੀਂਦ ਜਿਹੀ ਲਿਆ ਦੇਣ ਵਾਲੀ। ਮੈਨੂੰ ਕਈ ਵਾਰੀ ਨੀਂਦ ਦਾ ਢੌਂਕਾ ਜਿਹਾ ਆ ਗਿਆ ਪਰ ਜਦੋਂ ਅੱਖ ਖੁੱਲ੍ਹੀ, ਉਹਨੂੰ ਗਾਉਂਦਿਆਂ, ਨੱਚਦਿਆਂ ਤੇ ਮੁਸਕਰਾਉਂਦਿਆਂ ਦੇਖਿਆ। ਉਸਤਾਦ ਨੂੰ ਉਸ ਦੇ ਨਾਜ਼ੁਕ ਹੱਥੋਂ ਦੋ ਪੈਸੇ ਲੈ ਕੇ ਸਿਤਾਰ ਦੇ ਮੂੰਹ ਵਿਚ ਪਾਉਂਦੇ ਦੇਖਿਆ। ਫਿਰ ਪਤਾ ਨਹੀਂ ਕਦੋਂ ਨੀਂਦ ਆਉਣ ਲੱਗੀ। ਜਦੋਂ ਉਠਿਆ ਤਾਂ ਆਪਣੇ ਬਿਸਤਰੇ 'ਤੇ ਪਿਆ ਸੀ। ਸਿਰ ਦਰਦ ਕਰ ਰਿਹਾ ਸੀ ਪਰ ਇਸ ਦੀ ਬਿਨਾਂ ਪਰਵਾਹ ਕੀਤਿਆਂ ਭੱਜ ਕੇ ਬਨੇਰੇ 'ਤੇ ਗਿਆ। ਨਾ ਉਹ ਰੋਸ਼ਨੀ ਸੀ ਤੇ ਨਾ ਉਹ ਮਹਿਫਿਲ। ਸ਼ਾਮਿਆਨਾ ਅਜੇ ਸੀ। ਸ਼ਾਇਦ ਰਾਤ ਦੇ ਸੁੰਦਰ ਸੁਪਨੇ ਦੀ ਯਾਦ ਵਿਚ ਅੱਖਾਂ ਬੰਦ ਕਰ ਕੇ ਸੁੱਤਾ ਪਿਆ ਸੀ। ਨਾਚੀਆਂ ਜਾ ਰਹੀਆਂ ਸਨ ਅਤੇ ਸਾਜ਼ੀ ਵੀ ਜਾਣ ਦੀਆਂ ਤਿਆਰੀਆਂ ਵਿਚ ਰੁਝੇ ਹੋਏ ਸਨ। ਮੇਰੀਆਂ ਅੱਖਾਂ ਸਾਹਮਣੇ ਰਾਤ ਦਾ ਦ੍ਰਿਸ਼ ਘੁੰਮ ਰਿਹਾ ਸੀ। ਇਕ ਵਾਰ ਇਸ ਨਾਚੀ ਦੀ ਸੂਰਤ ਵੀ ਅੱਖਾਂ ਸਾਹਮਣੇ ਆਈ, ਪਰ ਇਸ ਦੇ ਨਾਲ ਇਕ ਹੋਰ ਸੂਰਤ ਵੀ ਸੀ। ਇਕ ਅੱਧਖੜ ਉਮਰ ਦੇ ਆਦਮੀ ਦੀ ਸੂਰਤ ਜਿਸ ਦੇ ਗਲ ਵਿਚ ਵਧੀਆ ਮਲਮਲ ਦਾ ਕੁੜਤਾ ਸੀ। ਲੱਕ 'ਤੇ ਪਤਲੀ ਸੁੰਦਰ ਧੋਤੀ ਸੀ। ਕੁੜਤੇ ਉਤੇ ਕੀਮਤੀ ਜਾਕਟ ਅਤੇ ਸਿਰ ਉਤੇ ਲਖਨੌਰੀ ਟੋਪੀ ਸੀ, ਜਿਹੜਾ ਨਾਚੀ ਦੀ ਇਕ ਇਕ ਅਦਾ 'ਤੇ ਰੁਪਏ ਲੁਟਾਈ ਜਾ ਰਿਹਾ ਸੀ। ਇਹ ਦੂਲੋ ਸੀ। ਇਸ ਨੇ ਇਹ 'ਮੁਜਰਾ' ਆਪਣੇ ਪੋਤੇ ਦੇ ਜਨਮ ਦਿਨ 'ਤੇ ਕਰਵਾਇਆ ਸੀ।
ਹਾਂ, ਇਹੀ ਦੂਲੋ ਸੀ। ਜਾਤ ਦਾ ਸੁਨਿਆਰ। ਇਸ ਕੋਲ ਧਨ ਬਹੁਤ ਸੀ। ਪੋਤੇ ਦੇ ਜਨਮ ਦਿਨ ਦੀ ਖੁਸ਼ੀ ਇਸ ਨੇ ਮਨਾਈ ਸੀ ਜਿਸ ਦਾ ਚਰਚਾ ਅੱਜ ਵੀ ਘਰ ਘਰ ਹੈ। ਇਸ ਨੇ ਇਸ ਮੁਜਰੇ 'ਤੇ ਖਰਚਾ ਭਾਵੇਂ ਬਹੁਤਾ ਨਾ ਕੀਤਾ ਹੋਵੇ ਪਰ ਨਾਚੀਆਂ ਇਸ ਦੀਆਂ ਆਸਾਮੀਆਂ ਹੋਣ ਕਾਰਨ, ਇਸ ਤੋਂ ਕਦੇ ਕਦੇ ਰੁਪਈਆ ਕਰਜ਼ ਲੈਣ ਕਰ ਕੇ ਪੋਤੇ ਦੀਆਂ ਵਧਾਈਆਂ ਦੇਣ ਬਿਨਾਂ ਬੁਲਾਏ ਹੀ ਆ ਗਈਆਂ ਸਨ। ਫਿਰ ਵੀ ਐਨਾ ਲੈ ਗਈਆਂ ਸੀ ਕਿ ਸੌਦਾ ਕਰਨ 'ਤੇ ਵੀ ਐਨਾ ਨਾ ਮਿਲਦਾ।
ਸੁਣਦੇ ਹਾਂ, ਇਸ ਵਿਚ ਐਬ ਵੀ ਸਨ। ਉਹ ਖਾਣ ਪੀਣ ਵਾਲਾ ਆਦਮੀ ਸੀ। 'ਖਾਣ ਪੀਣ ਵਾਲਾ', ਇਹ ਸ਼ਬਦ ਕੁਝ ਬੁਰੇ ਜਿਹੇ ਲਗਦੇ ਹਨ, ਪਰ ਮੇਰੇ ਖਿਆਲ ਵਿਚ ਖਾ ਪੀ ਜਾਣ ਵਾਲੇ ਪੁਰਸ਼ ਜ਼ਿੰਦਗੀ ਦਾ ਸੁਆਦ ਲਏ ਬਿਨਾਂ ਮਰ ਜਾਣ ਵਾਲੇ ਪੁਰਸ਼ਾਂ ਨਾਲੋਂ ਕਿਤੇ ਚੰਗੇ ਹੁੰਦੇ ਹਨ ਪਰ ਸ਼ਾਇਦ ਇਨ੍ਹਾਂ ਦੇ ਲਈ ਬੁਢਾਪਾ ਦੂਜੇ ਪੁਰਸ਼ਾਂ ਨਾਲੋਂ ਬਹੁਤਾ ਦੁਖਦਾਈ ਸਾਬਤ ਹੁੰਦਾ ਹੈ। ਸਦਾਚਾਰੀ ਨੂੰ ਕਿਸੇ ਤਰ੍ਹਾਂ ਦੀ ਬੁਰੀ ਆਦਤ ਨਹੀਂ ਹੁੰਦੀ। ਖਾਣ ਪੀਣ ਦੀ ਚਾਟ ਵੀ ਨਹੀਂ ਹੁੰਦੀ। ਉਹ ਕਿਸੇ ਨਾ ਕਿਸੇ ਤਰ੍ਹਾਂ ਰੋ ਪਿੱਟ ਕੇ ਆਪਣੀ ਜ਼ਿੰਦਗੀ ਦੇ ਦਿਨ ਕੱਟ ਲੈਂਦਾ ਹੈ। ਪਰਸੋਂ ਦੀ ਗੱਲ ਹੈ, ਸਵੇਰੇ ਕੋਈ ਨੌਂ ਵਜੇ ਹੋਣਗੇ। ਮੈਂ ਨਹਾ ਧੋ ਕੇ ਵਿਹਲਾ ਹੋ ਕੇ ਪੁਸਤਕ ਪੜ੍ਹਨ ਬੈਠਿਆ ਸੀ ਕਿ ਮੇਰੇ ਕੰਨਾਂ ਵਿਚ ਮਧਮ ਜਿਹੀ ਆਵਾਜ਼ ਸੁਣਾਈ ਦਿੱਤੀ, "ਬਾਬੂ, ਬਾਬੂ!" ਮੈਂ ਨਜ਼ਰ ਚੁੱਕੀ। ਸਾਹਮਣੇ ਇਕ ਹੱਥ ਵਿਚ ਭਾਂਡਾ ਤੇ ਦੂਜੇ ਵਿਚ ਸੋਟੀ ਲਈ ਦੂਲੋ ਖੜ੍ਹਾ ਸੀ।
"ਕੀ ਗੱਲ ਐ ਬਾਬਾ ਜੀ?"
"ਬਾਬੂ! ਥੋੜ੍ਹੀ ਜਿਹੀ ਲੱਸੀ ਤਾਂ ਲਿਆ ਦੇ।"
ਮੈਂ ਭੱਜ ਕੇ ਉਪਰ ਗਿਆ ਤੇ ਲੱਸੀ ਦਾ ਜੱਗ ਭਰ ਕੇ ਉਸ ਦੇ ਘਰ ਦੇ ਆਇਆ।
ਸਾਰਾ ਦਿਨ ਮੈਂ ਕੰਮ ਨਾ ਕਰ ਸਕਿਆ। ਇਸ ਦੇ ਲੜਕੇ ਦੇ ਇਸ ਵਿਹਾਰ ਨਾਲ ਮੇਰਾ ਦਿਲ ਸੜ ਗਿਆ। ਕੀ ਇਸ ਤੋਂ ਇਹ ਵੀ ਨਹੀਂ ਹੁੰਦਾ ਕਿ ਉਹ ਆਪਣੇ ਮਾਪਿਆਂ ਨੂੰ ਐਨਾ ਕੁ ਸੁਖ ਦੇ ਸਕੇ? ਕੀ ਆਪਣੇ ਮਾਪਿਆਂ ਵਾਸਤੇ ਇਨ੍ਹਾਂ ਦੇ ਘੜੇ ਵਿਚ ਦੋ ਘੁੱਟ ਪਾਣੀ ਵੀ ਨਹੀਂ ਪਾ ਸਕਦੇ? ਸਾਹਮਣੇ ਮੰਜੇ 'ਤੇ ਬੁੱਢੀ ਲੱਛਮੀ ਬੈਠੀ ਸੀ। ਪੁੱਤਰ ਦੀ ਪ੍ਰਾਪਤੀ ਲਈ ਇਸ ਨੇ ਕੀ ਕੀ ਨਹੀਂ ਕੀਤਾ? ਕਿਹੜਾ ਜਾਦੂ ਸੀ ਜੋ ਇਸ ਨੇ ਨਾ ਜਗਾਇਆ ਹੋਵੇ? ਕਿਹੜਾ ਮੰਤਰ ਨਹੀਂ ਫੂਕਿਆ? ਮੈਨੂੰ ਯਾਦ ਐ, ਮੇਰੀ ਪੜਦਾਦੀ ਉਸ ਨੂੰ ਆਪਣੇ ਘਰ ਨਹੀਂ ਆਉਣ ਦਿੰਦੀ ਸੀ। ਬੱਚਿਆਂ ਵਾਲੀਆਂ ਇਸਤਰੀਆਂ ਇਸ ਦਾ ਪਰਛਾਵਾਂ ਨਹੀਂ ਪੈਣ ਦਿੰਦੀਆਂ ਸਨ। ਇਸ ਨੇ ਖੂਹ ਸੁਕਾ ਦਿੱਤੇ ਸਨ। ਸਾਡੇ ਘਰ ਦੇ ਨਾਲ ਲਸੂੜੇ ਦਾ ਰੁੱਖ ਸੀ ਜਿਸ ਕਾਰਨ ਸਾਡੀ ਦਾਦੀ ਲਸੂੜੇ ਵਾਲੀ ਕਹਾਉਂਦੀ ਸੀ। ਕਿਸੇ ਟੂਣੇ ਟਾਮਣੇ ਕਰਨ ਵਾਲੀ ਦੇ ਕਹਿਣ 'ਤੇ ਇਹ ਇਸ ਦੇ ਥੱਲੇ ਨਹਾਤੀ। ਰੁੱਖ ਸੁੱਕ ਗਿਆ। ਇਸ ਨਾਲ ਸਾਡੀ ਪੜਦਾਦੀ ਨੇ ਸਾਰੇ ਮੁਹੱਲੇ ਵਿਚਲੀਆਂ ਇਸਤਰੀਆਂ ਨੂੰ ਇਸ ਦੇ ਡਰਾਉਣੇ ਅਸਰ ਤੋਂ ਸੁਚੇਤ ਕਰ ਦਿੱਤਾ। ਉਹ ਕਹਿੰਦੀ, "ਇਹਦੀ ਕਿਹੜੀ ਗੱਲ ਹੈ, ਪਰਮਾਤਮਾ ਇਸ ਤੋਂ ਬਚਾਵੇ। ਪੰਜਾਂ ਪੀਰਾਂ ਦੇ ਖੂਹ ਵਿਚ ਉਤਰ ਕੇ ਨਹਾਤੀ ਸੀ, ਉਹ ਖੂਹ ਸੁੱਕ ਗਿਆ। ਲਾਲਾਂ ਵਾਲੇ ਦੀ ਬਾਉਲੀ ਇਸ ਕਲਮੂੰਹੀਂ ਦੀ ਭੇਟ ਚੜ੍ਹ ਗਈ। ਹੁਣ ਉਥੇ ਦੇਖਣ ਨੂੰ ਬੂੰਦ ਜਿੰਨਾ ਪਾਣੀ ਵੀ ਨਹੀਂ; ਮੇਰਾ ਲਸੂੜੇ ਦਾ ਰੁੱਖ ਸੁਕਾ ਦਿੱਤਾ। ਇਹ ਜਿਸ ਘਰ ਜਾਵੇਗੀ, ਅੱਗ ਲਾਵੇਗੀ।"
ਮੁਹੱਲੇ ਦੀਆਂ ਇਸਤਰੀਆਂ ਇਕ ਬੁੱਢੀ ਦੇ ਮੂੰਹੋਂ ਅਜਿਹੀਆਂ ਗੱਲਾਂ ਸੁਣ ਕੇ ਆਪਣੇ ਬੱਚਿਆਂ ਨੂੰ ਗੋਦੀ ਵਿਚ ਲੁਕੋ ਕੇ ਘਰਾਂ ਨੂੰ ਭੱਜ ਜਾਂਦੀਆਂ, ਕਿਤੇ ਲੱਛਮੀ ਦੀ ਨਿਗ੍ਹਾ ਇਨ੍ਹਾਂ ਉਤੇ ਨਾ ਪੈ ਜਾਵੇ। ਲੱਛਮੀ ਦੇ ਬੱਚੇ ਨਾ ਹੋਣ ਵਾਲੀ ਗੱਲ ਨਹੀਂ ਸੀ। ਹੁੰਦੇ ਤਾਂ ਸਨ ਪਰ ਮਰ ਜਾਂਦੇ ਸਨ। ਕੋਈ ਬਚਦਾ ਨਹੀਂ ਸੀ। ਇਹੋ ਜਿਹੀ ਕਿਹੜੀ ਥਾਂ ਹੈ, ਜਿਥੇ ਕਿਸੇ ਨੇ ਦੱਸਿਆ ਤੇ ਇਹ ਨਾ ਗਈ ਹੋਵੇ। ਇੱਛਾ ਕੁੰਡ ਇਹ ਗਈ, ਪੂਰਨ ਦੇ ਖੂਹ 'ਤੇ ਨਹਾਤੀ। ਤਦ ਜਾ ਕੇ ਕਿਤੇ ਇਹ ਪੁੱਤਰ ਮਿਲਿਆ। ਗੁਰੂ ਅਰਜਨ ਦੇਵ ਜੀ ਦੇ ਗੁਰਦੁਆਰੇ ਜਾਣ ਤੋਂ ਪਿੱਛੋਂ ਪੈਦਾ ਹੋਇਆ ਸੀ। ਗੁਰਾਂ ਦਿੱਤਾ ਨਾਂ ਰੱਖ ਦਿੱਤਾ ਗਿਆ। ਇਕ ਗੁੱਜਰੀ ਦੀ ਸਹਾਇਤਾ ਲਈ ਗਈ। ਡਰ ਦੇ ਮਾਰਿਆਂ ਕੋਈ ਖੁਸ਼ੀ ਨਹੀਂ ਮਨਾਈ ਤਾਂ ਕਿ ਕਿਤੇ ਮੌਤ ਨੂੰ ਇਹ ਖੁਸ਼ੀ ਬੁਰੀ ਨਾ ਲੱਗ ਜਾਵੇ। ਦੂਲੋ ਜਦੋਂ ਆਪਣੇ ਪੋਤੇ ਦੇ ਜਨਮ ਦਿਨ ਦੀ ਖੁਸ਼ੀ ਮਨਾ ਰਿਹਾ ਸੀ ਤਾਂ ਕੌਣ ਜਾਣਦਾ ਸੀ ਕਿ ਉਹ ਆਪਣੇ ਪੁੱਤਰ ਦੇ ਜਨਮ ਦੀ ਖੁਸ਼ੀ ਦਾ ਚਾਅ ਪੂਰਾ ਕਰ ਰਿਹਾ ਸੀ!
ਉਹੀ ਦੂਲੋ ਅਤੇ ਉਹੀ ਲੱਛਮੀ ਇਸੇ ਲੜਕੇ ਦੇ ਹੱਥੋਂ ਅੱਜ ਜਿਉਂਦੇ ਜੀਅ ਮੌਤ ਦੇ ਮੂੰਹ ਵਿਚ ਧੱਕੇ ਜਾ ਰਹੇ ਸਨ।
ਦੂਲੋ ਦਾ ਕਸੂਰ ਕੀ ਸੀ? ਇਹੀ ਨਾ ਕਿ ਇਸ ਨੇ ਆਪਣੇ ਖੂਨ ਨਾਲ ਪਾਲੇ ਆਪਣੇ ਪੁੱਤਰ ਨੂੰ ਆਪਣੇ ਜਿਉਂਦੇ ਜੀਅ ਘਰ ਦਾ ਮੁਖਤਿਆਰ ਬਣਾ ਦਿੱਤਾ ਸੀ। ਉਸ ਨੂੰ ਭਰੋਸਾ ਸੀ ਕਿ ਉਸ ਦਾ ਪੁੱਤਰ ਜਿਸ ਨੂੰ ਉਸ ਨੇ ਸਭ ਕੁਝ ਸੌਂਪ ਦਿੱਤਾ ਸੀ, ਇਸ ਦੇ ਬੁਢਾਪੇ ਵਿਚ ਜਦ ਇਸ ਜ਼ਿੰਦਗੀ ਦੀ ਖਿੱਚ ਧੂਹ ਤੋਂ ਥੱਕਿਆ ਹੋਇਆ ਤੇ ਸਰੀਰਕ ਆਰਾਮ ਲਈ ਆਸਰਾ ਲੋੜੇਗਾ ਤਾਂ ਇਸ ਨੂੰ ਸੁੱਖ ਦੇਵੇਗਾ। ਇਸ ਦਾ ਖਿਆਲ ਕਿੰਨਾ ਖੋਖਲਾ ਸੀ, ਬੇਅਰਥ ਸੀ; ਇਸ ਦਾ ਇਸ ਨੂੰ ਛੇਤੀ ਹੀ ਪਤਾ ਲੱਗ ਗਿਆ।
ਅਮਰ ਕੌਰ ਇਸ ਦੀ ਨੂੰਹ ਦਾ ਨਾਂ ਸੀ। ਗੁਰਾਂ ਦਿੱਤਾ ਦੀ ਪਹਿਲੀ ਪਤਨੀ ਵਿਚਾਰੀ ਚੰਗੀ ਸੀ। ਸੁੰਦਰ ਸੀ, ਪੜ੍ਹੀ ਲਿਖੀ ਸੀ, ਸਲੀਕੇ ਵਾਲੀ ਪਰ ਸੁਣਦੇ ਹਾਂ ਕਿ ਪਰਮਾਤਮਾ ਨੂੰ ਚੰਗੇ ਮਰਦ ਔਰਤਾਂ ਦੀ ਲੋੜ ਹੈ। ਭਲੇ ਲੋਕ ਛੇਤੀ ਮਰ ਜਾਂਦੇ ਹਨ। ਦੂਜਾ ਵਿਆਹ ਹੋਇਆ ਤਾਂ ਸ੍ਰੀਮਤੀ ਅਮਰ ਕੌਰ ਆ ਗਈ। ਚਿਹਰਾ ਸੁੰਦਰ, ਮੂੰਹ ਦੀ ਮਿੱਠੀ, ਮਨ ਦੀ ਕੌੜੀ। ਮੂੰਹ ਵਿਚ ਰਾਮ ਰਾਮ ਬਗਲ ਵਿਚ ਛੁਰੀ। ਉਹ ਅਜਿਹੀ ਬਣੀ ਕਿ ਸੱਸ-ਸਹੁਰੇ ਦੇ ਮਨ ਮੋਹ ਲਏ। ਗੱਲਾਂ ਗੱਲਾਂ ਵਿਚ ਸਭ ਕੁਝ ਪਤੀ ਦੇ ਨਾਂ ਕਰਵਾ ਲਿਆ। ਫਿਰ ਕੀ ਸੀ? ਅਸਲ ਰੰਗ ਉਘੜਨ ਲੱਗਿਆ। ਸੱਸ ਨੂੰਹ ਵਿਚ ਝਗੜਾ ਰਹਿਣ ਲੱਗਿਆ। ਹੌਲੀ ਹੌਲੀ ਲੱਛਮੀ ਹੱਥੋਂ ਸਭ ਕੁਝ ਜਾਂਦਾ ਰਿਹਾ। ਜੋ ਮਾਲਕ ਸੀ, ਭਿਖਾਰੀ ਨਾਲੋਂ ਵੀ ਭੈੜਾ ਹੋ ਗਿਆ। ਦੂਲੋ ਬਿਮਾਰ ਰਹਿਣ ਲੱਗ ਪਿਆ। ਦੁਕਾਨ ਕਰਨ ਦੀ ਵੀ ਹਿੰਮਤ ਨਾ ਰਹੀ। ਘਰ ਵਿਚ ਬੈਠਾ ਰਹਿੰਦਾ ਅਤੇ ਆਪਣੀ ਬੇਇੱਜ਼ਤੀ ਤੋਂ ਦਿਲ ਵਿਚ ਸੜਦਾ ਰਹਿੰਦਾ। ਜਦੋਂ ਸਹਿਣ ਦੀ ਹੱਦ ਪਾਰ ਹੋ ਜਾਂਦੀ ਹੈ ਤਾਂ ਦਿਲ ਦਾ ਗੁੱਸਾ ਅੱਖਾਂ ਰਾਹੀਂ ਨਿਕਲ ਜਾਂਦਾ। ਇਸ ਤੋਂ ਵੱਧ ਕੋਈ ਬੁੱਢਾ ਕਰ ਵੀ ਕੀ ਸਕਦਾ ਸੀ!
ਇਕ ਦਿਨ ਨੂੰਹ-ਸੱਸ ਵਿਚਕਾਰ ਝਗੜਾ ਹੋ ਗਿਆ। ਘਰ ਵਿਚ ਖੀਰ ਬਣੀ ਸੀ ਪਰ ਇਨ੍ਹਾਂ ਲਈ ਨਹੀਂ ਆਈ। ਬੁੱਢਿਆਂ ਦਾ ਚਿੱਤ ਬੱਚਿਆਂ ਵਰਗਾ ਹੋ ਜਾਂਦਾ ਹੈ। ਇਨ੍ਹਾਂ ਦੀਆਂ ਇੱਛਾਵਾਂ ਵੀ ਬੱਚਿਆਂ ਵਰਗੀਆਂ ਹੋ ਜਾਂਦੀਆਂ। ਲੱਛਮੀ ਦੇ ਮੂੰਹੋਂ ਨਿਕਲ ਗਿਆ, "ਤੂੰ ਰੋਟੀ ਦਿੰਨੀ ਐਂ ਕਿ ਐਵੇਂ ਟਾਲਦੀ ਏਂ।" ਬੱਸ ਸ੍ਰੀਮਤੀ ਅਮਰ ਕੌਰ ਨੇ ਅਸਮਾਨ ਸਿਰ 'ਤੇ ਚੁੱਕ ਲਿਆ, "ਮੈਥੋਂ ਰੋਜ਼ ਰੋਜ਼ ਪ੍ਰਸ਼ਾਦ ਅਤੇ ਖੀਰ ਨਹੀਂ ਬਣਾਈ ਜਾਂਦੀ। ਨੀਤ ਤਾਂ ਦੇਖੋ ਕਿੰਨੀ ਹੋਛੀ ਹੋ ਗਈ ਏ। ਬੱਚਿਆਂ ਵਾਂਗ ਮਚਲਦੇ ਨੇ। ਬੱਚੇ ਰੋਂਦੇ ਸੀ, ਰਤਾ ਖੀਰ ਬਣਾ'ਤੀ ਪਰ ਇਹ ਪਤਾ ਨਹੀਂ ਸੀ ਕਿ ਸੱਤਰ ਸਾਲਾ ਬੱਚੇ ਵੀ ਮਚਲ ਜਾਣਗੇ।" ਗੁਰਾਂ ਦਿੱਤਾ ਆਪਣੀ ਪਤਨੀ ਦੇ ਇਸ਼ਾਰਿਆਂ 'ਤੇ ਨੱਚਦਾ ਸੀ। ਉਸੇ ਦਿਨ ਤੋਂ ਮਾਂ ਬਾਪ ਲਈ ਪੰਦਰਾਂ ਰੁਪਏ ਮਹੀਨਾ ਲਾ ਦਿੱਤਾ ਗਿਆ। ਲੱਛਮੀ ਆਪਣੇ ਕੰਬਦੇ ਹੱਥਾਂ ਅਤੇ ਅੰਨ੍ਹੀਆਂ ਜਿਹੀਆਂ ਅੱਖਾਂ ਨਾਲ ਚੁੱਲ੍ਹਾ ਬਾਲਦੀ ਅਤੇ ਸੜੀਆਂ-ਫੁਕੀਆਂ ਰੋਟੀਆਂ ਪਕਾਉਂਦੀ। ਦੂਲੋ ਖਾਂਦਾ ਅਤੇ ਪਰਮਾਤਮਾ ਦਾ ਸ਼ੁਕਰ ਕਰਦਾ।
ਹੌਲੀ ਹੌਲੀ ਇਹ ਰਕਮ ਘਟ ਕੇ ਦਸ 'ਤੇ ਆ ਗਈ ਪਰ ਅਮਰ ਕੌਰ ਨੂੰ ਇਹ ਦਸ ਰੁਪਏ ਵੀ ਰੜਕਦੇ ਸਨ। ਇਕ ਦਿਨ ਬਹਾਨਾ ਬਣਾਇਆ ਗਿਆ, "ਲੋਕ ਫਟਕਾਰਾਂ ਪਾਉਂਦੇ ਨੇ, ਇਸ ਤੋਂ ਬੁੱਢੇ ਸੱਸ-ਸਹੁਰੇ ਨੂੰ ਰੋਟੀ ਵੀ ਨਹੀਂ ਖਵਾਈ ਜਾਂਦੀ। ਮੈਂ ਹੁਣ ਇਨ੍ਹਾਂ ਨੂੰ ਆਪਣੇ ਹੱਥਾਂ ਨਾਲ ਰੋਟੀ ਖਵਾਵਾਂਗੀ।" ਉਸ ਦਿਨ ਤੋਂ ਦਸ ਰੁਪਏ ਵੀ ਬੰਦ ਕਰ ਦਿੱਤੇ ਗਏ। ਅਮਰ ਕੌਰ ਆਪ ਰੋਟੀ ਪਕਾਵੇਗੀ। ਘਰ ਵਿਚ ਕੀ ਬਣਿਆ ਹੈ, ਕੀ ਨਹੀਂ; ਇਸ ਗੱਲ ਦਾ ਉਨ੍ਹਾਂ ਨੂੰ ਪਤਾ ਨਾ ਲੱਗ ਜਾਵੇ, ਇਸ ਲਈ ਇਨ੍ਹਾਂ ਨੂੰ ਤੀਜ਼ੀ ਮੰਜ਼ਿਲ ਦੀ ਥਾਂ ਵਿਚਕਾਰਲੀ ਮੰਜ਼ਿਲ ਵਿਚ ਰਹਿਣ ਲਈ ਥਾਂ ਦਿੱਤੀ ਗਈ। ਰਸੋਈ ਸਭ ਤੋਂ ਉਪਰਲੀ ਮੰਜ਼ਿਲ 'ਤੇ ਸੀ। ਉਥੋਂ ਗਿਣਤੀ ਵਿਚ ਫੁਲਕੇ ਅਤੇ ਮਿਣੀ-ਤੁਲੀ ਦਾਲ ਸਬਜ਼ੀ ਆਉਣ ਲੱਗੀ। ਜਿਸ ਦਿਨ ਦਾਲ ਸਬਜ਼ੀ ਰਤਾ ਸੁਆਦ ਹੁੰਦੀ, ਉਸ ਦਿਨ ਫਿਰ ਘਰ ਵਿਚ ਲੜਾਈ ਹੁੰਦੀ। ਉਹ ਹੋਰ ਰੋਟੀ ਮੰਗਦੇ ਤਾਂ ਅਮਰ ਕੌਰ ਕਹਿੰਦੀ, "ਮੈਥੋਂ ਹੁਣ ਦੁਬਾਰੇ ਰੋਟੀਆਂ ਨਹੀਂ ਪਕਾਈਆਂ ਜਾਂਦੀਆਂ। ਇਹ ਤਾਂ ਚਾਹੁੰਦੇ ਨੇ ਕਿ ਸਾਰਾ ਦਿਨ ਰੋਟੀਆਂ ਹੀ ਪਕਾਉਂਦੀ ਰਹਾਂ। ਇਹ ਮੈਥੋਂ ਨਹੀਂ ਹੋਣੀ। ਇਨ੍ਹਾਂ ਦੇ ਢਿੱਡ ਐ ਕਿ ਖੂਹ। ਦਸ ਦਸ ਰੋਟੀਆਂ ਖਾ ਜਾਂਦੇ ਨੇ, ਫਿਰ ਵੀ ਸਬਰ ਨਹੀਂ ਹੁੰਦਾ।" ਰੋਜ਼ ਦੀ ਇਸ ਖਿਚ ਖਿਚ ਤੋਂ ਛੁਟਕਾਰਾ ਪਾਉਣ ਲਈ ਗੁਰਾਂ ਦਿੱਤਾ ਨੇ ਫਿਰ ਰੁਪਏ ਨਿਯਤ ਕਰ ਦਿੱਤੇ ਪਰ ਹੁਣ ਗਿਣਤੀ ਅੱਠ ਸੀ। ਇਨ੍ਹਾਂ ਦੇ ਰਹਿਣ ਲਈ ਥਾਂ ਵੀ ਹੇਠਲੀ ਮੰਜ਼ਿਲ 'ਤੇ ਦੋ ਹਨੇਰੀਆਂ ਕੋਠੜੀਆਂ ਵਿਚ ਕਰ ਦਿੱਤੀ ਗਈ। ਫਿਰ ਦੋਵੇਂ ਪਤੀ-ਪਤਨੀ ਗਰਮੀਆਂ ਵਿਚ ਬਾਹਰ ਗਲੀ ਵਿਚ ਸੌਣ ਲੱਗ ਪਏ।



ਮੈਂ ਆਪਣੇ ਭਰਾ ਲਈ ਦਵਾਈ ਲੈਣ ਹਕੀਮ ਨਬੀ ਬਖ਼ਸ਼ ਦੀ ਦੁਕਾਨ ਨੂੰ ਜਾ ਰਿਹਾ ਸੀ ਕਿ ਨਾਲ ਦੀ ਗਲੀ ਵਿਚ ਕੁਝ ਰੌਲਾ ਜਿਹਾ ਕੰਨੀਂ ਪਿਆ। ਕੁਝ ਔਰਤਾਂ ਝਗੜ ਰਹੀਆਂ ਸਨ। ਮੇਰਾ ਰਾਹ ਵੀ ਇਧਰੋਂ ਹੀ ਸੀ। ਦੇਖਿਆ ਤਾਂ ਬੁੱਢੀ ਬਿਮਾਰ ਲੱਛਮੀ ਇਨ੍ਹਾਂ ਦੇ ਵਿਚਕਾਰ ਖੜ੍ਹੀ ਸੀ ਅਤੇ ਕੁਝ ਔਰਤਾਂ ਨੇ ਉਹਨੂੰ ਘੇਰਿਆ ਹੋਇਆ ਸੀ। ਧਰਤੀ 'ਤੇ ਕੱਪੜਾ ਵਿਛਿਆ ਹੋਇਆ ਸੀ ਜਿਸ ਉਤੇ ਕੁਝ ਆਟਾ ਪਿਆ ਸੀ। ਮੈਨੂੰ ਸਮਝਦਿਆਂ ਦੇਰ ਨਹੀਂ ਲੱਗੀ। ਸ਼ਾਇਦ ਇਨ੍ਹਾਂ ਨੂੰ ਆਖਰ ਭੈੜੀ ਕਿਸਮਤ ਨੇ ਬਿਲਕੁਲ ਬੇਆਸਰਾ ਕਰ ਦਿੱਤਾ ਸੀ। ਦੋ ਤਿੰਨ ਦਿਨ ਦੇ ਭੁੱਖੇ ਸਨ। ਅਮਰ ਕੌਰ ਨੇ ਇਨ੍ਹਾਂ ਨੂੰ ਖਾਣ ਲਈ ਕੁਝ ਨਹੀਂ ਦਿੱਤਾ ਸੀ। ਪੈਸੇ ਵੀ ਨਹੀਂ। ਭੁੱਖ ਬੇਚੈਨ ਕਰ ਦਿੰਦੀ ਹੈ, ਪਰ ਪੈਰਾਂ ਦੀ ਬੇੜੀ ਬਣ ਜਾਂਦੀ ਹੈ। ਆਖਰ ਜਦੋਂ ਦੇਵੀ ਜੀ ਕਿਸੇ ਤਰ੍ਹਾਂ ਵੀ ਨਾ ਪੰਘਰੀ ਤਾਂ ਲੱਛਮੀ ਜਿਸ ਦੇ ਪੈਰਾਂ ਵਿਚ ਕਦੇ ਲੱਛਮੀ ਖੇਡਦੀ ਸੀ, ਢਿੱਡ ਦੀ ਅੱਗ ਬੁਝਾਉਣ ਲਈ ਘਰੋਂ ਨਿਕਲੀ। ਉਹ ਇਸ ਮੁਹੱਲੇ ਵਿਚ ਆਪਣੇ ਭਾਈਚਾਰੇ ਕੋਲ ਆਈ, ਪਰ ਭਾਈਚਾਰਾ ਹੋਵੇ ਜਾਂ ਕੋਈ ਹੋਰ; ਬੇ-ਸਹਾਰਿਆਂ ਦੀ ਸਾਰ ਕੌਣ ਲੈਂਦਾ ਹੈ? ਉਨ੍ਹਾਂ ਨੇ ਇਸ ਦਾ ਮਖੌਲ ਉਡਾਇਆ। ਇਕ ਨੇ ਕੱਪੜਾ ਵਿਛਾ ਦਿੱਤਾ ਅਤੇ ਇਕ ਇੱਜ਼ਤਦਾਰ ਦੀ ਇੱਜ਼ਤ ਤੋਂ ਪਰਦਾ ਚੁੱਕਿਆ ਜਾਣ ਲੱਗਿਆ। ਖੁਦਗਰਜ਼ ਦੁਨੀਆਂ! ਕਿਸੇ ਦੀ ਪਤ ਲਹਿ ਜਾਵੇ, ਇਹਨੂੰ ਇਸੇ ਵਿਚ ਹੀ ਸੁਆਦ ਆਉਂਦਾ ਹੈ।
ਇਕ ਘਰ ਦੀ ਕੰਧ ਨਾਲ ਲੱਗੀ ਹੋਈ ਸੀ ਲੱਛਮੀ। ਉਹਦੇ ਦਰ 'ਤੇ ਵੀ ਵੀਹ ਵਾਰੀ ਭਾਈਚਾਰਾ ਆਇਆ ਸੀ। ਅੱਜ ਇਸੇ ਭਾਈਚਾਰੇ ਹੱਥੋਂ ਇਉਂ ਬੇਇਜ਼ਤ ਹੋ ਰਹੀ ਸੀ। ਇਸਤਰੀਆਂ ਦੇ ਮਿਹਣਿਆਂ ਨਾਲ ਇਸ ਦਾ ਕਾਲਜਾ ਛਲਣੀ ਹੋ ਰਿਹਾ ਸੀ। ਇਸ ਦੀਆਂ ਅੱਖਾਂ ਅੱਗੇ ਹਨੇਰਾ ਛਾ ਗਿਆ ਸੀ। ਇਸ ਨੂੰ ਸੁਪਨੇ ਵਿਚ ਵੀ ਇਹ ਤਮਾਸ਼ਾ ਦੇਖਣ ਦੀ ਆਸ ਨਹੀਂ ਸੀ। ਉਹ ਚੁੱਪ-ਚਾਪ ਖੜ੍ਹੀ ਆਪਣੀ ਬੇਇਜ਼ਤੀ ਹੁੰਦੀ ਦੇਖ ਰਹੀ ਸੀ। ਦੇਖ ਕਿੱਥੇ ਰਹੀ ਸੀ, ਉਸ ਦੀਆਂ ਅੱਖਾਂ ਤਾਂ ਬੰਦ ਸਨ, ਕੇਵਲ ਦੋ ਵੱਡੇ ਵੱਡੇ ਹੰਝੂ ਉਸ ਦੀਆਂ ਪਿਚਕੀਆਂ ਹੋਈਆਂ ਗੱਲਾਂ 'ਤੇ ਢਲਕ ਆਏ ਸੀ। ਉਹ ਦੁਨੀਆਂ ਦੇ ਇਸ ਜ਼ੁਲਮ ਨੂੰ ਭਿੱਜੀਆਂ ਅੱਖਾਂ ਨਾਲ ਦੇਖ ਰਹੀ ਸੀ।
ਇਕ ਔਰਤ ਜਿਹੜੀ ਰਿਸ਼ਤੇ ਵਿਚ ਕੁਝ ਲਗਦੀ ਸੀ, ਨੇ ਕਾਰੂੰ ਦੀ ਕਬਰ 'ਤੇ ਲੱਤ ਮਾਰਦਿਆਂ ਛੋਟੀ ਜਿਹੀ ਕਟੋਰੀ ਵਿਚ ਆਟਾ ਲਿਆ ਕੇ ਵਿਛੇ ਹੋਏ ਕੱਪੜੇ 'ਤੇ ਪਾ ਦਿੱਤਾ ਸੀ ਅਤੇ ਮੂੰਹ ਚਿੜਾ ਕੇ ਬੋਲੀ, "ਬੇਸ਼ਰਮ ਨੂੰ ਸ਼ਰਮ ਵੀ ਨਹੀਂ ਆਉਂਦੀ, ਘਾਟ ਕਿਨਾਰੇ ਆ ਲੱਗੀ ਹੈ, ਪਰ ਮਨ ਦੀ ਲਾਲਸਾ ਨਹੀਂ ਗਈ। ਇਸ ਤਰ੍ਹਾਂ ਆਪਣੀ ਤੇ ਆਪਣੇ ਪੁੱਤਰ ਦੀ ਮਿੱਟੀ ਪਲੀਤ ਕਰਵਾਉਣ ਨਾਲੋਂ ਤਾਂ ਚੰਗਾ ਸੀ ਕਿ ਕੁਝ ਖਾ ਕੇ ਸੌਂ ਰਹਿੰਦੀ।"
ਲੱਛਮੀ ਤੋਂ ਹੋਰ ਸਹਿਆ ਨਾ ਗਿਆ। ਤਿੰਨ ਦਿਨ ਦੀ ਭੁੱਖੀ, ਬਹੁਤ ਕਮਜ਼ੋਰ ਬੁੱਢਾ ਸਰੀਰ, ਉਹ ਕੰਬੀ ਅਤੇ ਧਰਤੀ 'ਤੇ ਧੜੰਮ ਕਰ ਕੇ ਡਿੱਗ ਪਈ। ਮੈਂ ਭੱਜ ਕੇ ਗਿਆ। ਉਹਨੂੰ ਉਠਾਇਆ, ਕੱਪੜੇ ਦੀ ਝੱਲ ਮਾਰੀ। ਚੰਗੀ ਕਿਸਮਤ ਨੂੰ ਲਾਲਾ ਨਿਹਾਲ ਚੰਦ ਵੀ ਉਥੇ ਆ ਗਏ। ਉਹ ਵੀ ਇਸੇ ਮੁਹੱਲੇ ਵਿਚ ਰਹਿੰਦੇ ਹਨ। ਉਨ੍ਹਾਂ ਦੀ ਖੁਲ੍ਹਦਿਲੀ ਦੀ ਧਾਂਕ ਸ਼ਹਿਰ ਵਿਚ ਜੰਮੀ ਹੋਈ ਹੈ। ਉਨ੍ਹਾਂ ਨੂੰ ਸਮਝਦਿਆਂ ਦੇਰ ਨਹੀਂ ਲੱਗੀ। ਆਪਣੀ ਇੱਜ਼ਤ ਦਾ ਕੁਝ ਵੀ ਖਿਆਲ ਨਾ ਕਰਦਿਆਂ ਉਹ ਮੇਰੇ ਕੋਲ ਆ ਬੈਠੇ। ਲੱਛਮੀ ਨੂੰ ਹੋਸ਼ ਆ ਗਿਆ। ਫਿਰ ਉਹ ਇਸ ਦੀ ਸੋਟੀ ਫੜ ਕੇ ਇਸ ਦੇ ਘਰ ਛੱਡ ਆਏ ਅਤੇ ਆਟੇ ਦੀ ਬੋਰੀ ਤੇ ਦਾਲ ਪਹੁੰਚਾ ਦੇਣ ਲਈ ਕਿਹਾ।
ਸਿਨਮੇ ਦੀ ਤਸਵੀਰ ਵਾਂਗ ਇਹ ਸਭ ਦ੍ਰਿਸ਼ ਮੇਰੀਆਂ ਅੱਖਾਂ ਅੱਗੇ ਘੁੰਮ ਗਏ। ਮੇਰੀ ਪਤਨੀ ਨੇ ਮੇਰੇ ਮੋਢੇ ਨੂੰ ਛੂਹਿਆ। ਉਹ ਗਾਂ ਦਾ ਦੁੱਧ ਚੋਅ ਕੇ ਉਪਰ ਜਾਣ ਲਈ ਤਿਆਰ ਸੀ। ਬੱਚਾ ਰੋ ਰਿਹਾ ਸੀ। ਇਸ ਨੇ ਦੁੱਧ ਵਾਲਾ ਭਾਂਡਾ ਫਰਸ਼ 'ਤੇ ਰੱਖ ਕੇ ਬੱਚੇ ਨੂੰ ਮੇਰੇ ਹੱਥਾਂ ਵਿਚੋਂ ਖੋਹ ਲਿਆ, "ਰੋਜ਼ ਤੁਹਾਨੂੰ ਕੋਈ ਕਿਸੇ ਕੰਮ ਨੂੰ ਕਹੇ!" ਉਸ ਨੇ ਕੁਝ ਗੁੱਸੇ ਵਾਲੇ ਲਹਿਜੇ ਵਿਚ ਕਿਹਾ। ਉਹ ਬੱਚੇ ਨੂੰ ਛਾਤੀ ਲਾ ਰਹੀ ਸੀ ਤੇ ਮੈਂ ਸੋਚਦਾ ਸੀ, "ਇਹ ਸਭ ਪਿਆਰ, ਇਹ ਮੋਹ ਕਿਸ ਲਈ!"

(ਅਨੁਵਾਦ: ਸੁਰਜੀਤ ਸਿੰਘ ਪੰਛੀ)

  • ਮੁੱਖ ਪੰਨਾ : ਪੰਜਾਬੀ ਕਹਾਣੀਆਂ