Eke Naal Jitt Eke Bin Haar : Kashmiri Lok Katha

ਏਕੇ ਨਾਲ ਜਿੱਤ, ਏਕੇ ਬਿਨ ਹਾਰ : ਕਸ਼ਮੀਰੀ ਲੋਕ ਕਥਾ

(Knowles ਦੇ 1891 ਦੇ ਅਨੁਵਾਦ ਤੋਂ)

ਇੱਕ ਬਹੁਤ ਭਿਆਣਕ ਕਾਲ, ਜਿਵੇਂ ਕੋਈ ਦੈਂਤ, ਕਸ਼ਮੀਰ ਦੀ ਧਰਤੀ ਉੱਤੇ ਦਨਦਨਾਉਂਦਾ ਫਿਰ ਰਿਹਾ ਸੀ, ਜੋ ਹਰ ਪਾਸੇ ਹੌਲਨਾਕ ਤਬਾਹੀ ਵਰਤਾਅ ਰਿਹਾ ਸੀ।
ਕਈ ਟੱਬਰਾਂ ਵਿਚ ਵੈਣ ਪੈ ਅਤੇ ਕੀਰਨੇ ਪੈ ਰਹੇ ਸਨ ਜਿਨ੍ਹਾਂ ਦੇ ਕਿਸੇ ਪਿਆਰੇ ਦੀ ਇਸ ਜ਼ਾਲਮ ਦੈਂਤ ਨੇ ਜਾਨ ਲੈ ਲਈ ਹੋਈ ਸੀ ਅਤੇ ਜਾਂ ਅਧਮਰਿਆ ਕਰ ਦਿੱਤਾ ਸੀ।
ਅਜਿਹੇ ਵੇਲਿਆਂ ਵਿਚ ਚਾਰ ਭਰਾਵਾਂ ਦੀ ਟੋਲੀ ਨੇ ਇਸ ਸਰਜ਼ਮੀਨ ਵਿਚੋਂ ਭੱਜ ਲੈਣ ਦੀ ਪੱਕੀ ਰਾਇ ਬਣਾਅ ਲਈ। ਇੱਕ ਖਾਸ ਦਿਨ, ਰਾਹ ਲਈ ਜੋ ਕੁਝ ਵੀ ਚਾਹੀਦਾ ਹੋ ਸਕਦਾ ਸੀ ਉਹ ਬੰਨ੍ਹ ਬੁਨ੍ਹ ਕੇ ਨਾਲ ਚੁੱਕ, ਇਹ ਆਪਣੇ ਸਫ਼ਰ 'ਤੇ ਨਿੱਕਲ ਪਏ।
ਉਹ ਕਾਫ਼ੀ ਅੱਗੇ ਆ ਗਏ ਸਨ, ਜਦੋਂ ਉਨ੍ਹਾਂ ਦੇ ਰਾਹ ਵਿਚ ਇੱਕ ਝਰਨਾ ਆਇਆ, ਜਿਸਦੇ ਸ਼ਫ਼ਾਫ਼ ਪਾਣੀਆਂ ਨੇ ਉਨ੍ਹਾਂ ਨੂੰ ਰਤਾ ਬਹਿ ਕੇ ਆਰਾਮ ਕਰ ਲੈਣ ਦਾ ਸੱਦਾ ਦਿੱਤਾ। ਇਸ ਥਾਂ ਇੱਕ ਵੱਡੇ ਸਾਰੇ ਰੁੱਖ ਨੇ ਵਾਹਵਾ ਛਾਂ ਕੀਤੀ ਹੋਈ ਸੀ, ਜਿਸਦੀਆਂ ਲੰਮ-ਸਲੰਮੀਆਂ ਦੂਰ ਦੂਰ ਤੱਕ ਫੈਲੀਆਂ ਟਾਹਣੀਆਂ ਵਿਚ ਬੈਠੀ ਇੱਕ ਨਿੱਕੀ ਜਿਹੀ ਚਿੜੀ ਬੜੇ ਮਜ਼ੇ ਨਾਲ ਬੜਾ ਮਿੱਠਾ ਗਾਉਣ ਗਾ ਰਹੀ ਸੀ। ਸਾਹ ਲੈਣ ਨੂੰ ਰੁਕਣ ਲਈ ਇਹ ਬੜੀ ਪਿਆਰੀ ਥਾਂ ਸੀ।
ਉਨ੍ਹਾਂ ਖੁੱਲ੍ਹ ਕੇ ਆਪਣੇ ਭਵਿੱਖ (ਆਉਣ ਵਾਲੇ ਕੱਲ੍ਹ) ਬਾਰੇ ਗੱਲਬਾਤ ਛੋਹ ਲਈ, ਕਈ ਸਲਾਹਾਂ ਦਿੱਤੀਆਂ ਲਈਆਂ ਗਈਆਂ, ਕਈ ਮਨਸੂਬੇ (ਯੋਜਨਾਵਾਂ) ਬਣਾਅ ਬਣਾਅ ਵੇਖੇ ਗਏ, ਤੇ ਫੇਰ ਉਨ੍ਹਾਂ ਸਾਰਿਆਂ ਨੂੰ ਗੂੜ੍ਹੀ ਨੀਂਦ ਆ ਗਈ। ਕੋਈ ਅੱਧੀ ਰਾਤ ਨੂੰ ਅਚਾਨਕ ਉਨ੍ਹਾਂ ਨੂੰ ਉਸ ਨਿੱਕੀ ਚਿੜੀ ਨੇ ਚੀਖ ਚੀਖ, ਪਤਾ ਨਹੀਂ ਕਿਸ ਚੀਜ਼ ਵੱਲੋਂ ਘਬਰਾਈ ਨੇ ਜਗਾਅ ਦਿੱਤਾ। ਵੱਡੇ ਭਰਾ ਨੇ, ਜਿਸਨੂੰ ਗੁੱਸਾ ਆ ਗਿਆ ਸੀ, ਆਪਣੇ ਭਰਾਵਾਂ ਵਿਚੋਂ ਇੱਕ ਨੂੰ ਹੁਕਮ ਦਿੱਤਾ ਕਿ ਇਸ ਚਿੜੀ ਨੂੰ ਫੜ ਲਏ, ਦੂਜੇ ਨੂੰ ਕਿ ਆਪਣਾ ਚਾਕੂ ਕੱਢੇ ਤੇ ਇਸ ਨੂੰ ਮਾਰ ਦੇਵੇ ਅਤੇ ਤੀਜੇ ਨੂੰ ਕਿ ਕੁਝ ਲੱਕੜਾਂ ਇਕੱਠੀਆਂ ਕਰ ਕੇ ਅੱਗ ਬਾਲੇ ਤਾਂ ਜੋ ਇਸ ਨੂੰ ਪਕਾਇਆ ਜਾ ਸਕੇ। ਸਾਰੇ ਝਟਪਟ ਓਸੇ ਵੇਲੇ ਉੱਠ ਖਲੋਤੇ, ਅਤੇ ਆਪਣੇ ਵੱਡੇ ਭਰਾ ਦੇ ਹੁਕਮ ਮੁਤਾਬਕ ਆਹਰੇ ਲੱਗ ਗਏ।
ਗੱਲ ਇਓਂ ਸੀ ਕਿ ਉਹ ਚਿੜੀ ਇੱਕ ਦਿਮਾਗ਼ ਵਾਲਾ ਜੀਅ ਸੀ, ਤੇ ਉਸ ਨੂੰ ਸਭ ਸਮਝ ਲੱਗ ਗਈ ਸੀ ਜੋ ਆਖਿਆ ਗਿਆ ਸੀ।
ਤਾਂ ਇਸ ਲਈ, ਜਦੋਂ ਤਿੰਨੇ ਭਰਾ ਆਪਣੇ ਆਪਣੇ ਜਿੰਮੇ ਲੱਗੇ ਕੰਮਾਂ ਵਿਚ ਰੁੱਝੇ ਸਨ, ਚਿੜੀ ਨੇ ਸਭ ਤੋਂ ਵੱਡੇ ਨੂੰ ਕਿਹਾ,
"ਮੈਨੂੰ ਕਿਉਂ ਫੜਨਾ ਚਾਹੁੰਦਾ ਹੈਂ ਤੂੰ? ਕਿਉਂ ਤੂੰ ਚਾਕੂ ਤੇ ਲੱਕੜਾਂ ਮੰਗਾਈਆਂ ਹਨ?"
ਉਸ ਨੌਜਵਾਨ ਅੱਗੋਂ ਕਿਹਾ,
" ਤੈਨੂੰ ਮਾਰਨ ਦਾ ਇਰਾਦਾ ਹੈ ਮੇਰਾ, ਫੇਰ ਤੈਨੂੰ ਭੁੰਨ ਕੇ ਖਾਣ ਦਾ।"
ਡਰ ਨਾਲ ਡੈਂਬਰੀ ਵਿਚਾਰੀ ਚਿੜੀ ਕੰਬਦੀ ਆਵਾਜ਼ ਵਿਚ ਕਹਿੰਦੀ,
"ਮੈਨੂੰ ਬਖਸ਼ ਦੇ, ਤੇ ਮੈਂ ਤੈਨੂੰ ਦੌਲਤ ਦਾ ਖਜ਼ਾਨਾ ਵਿਖਾਊਂਗੀ।"
"ਚੰਗਾ", ਉਸ ਆਦਮੀ ਨੇ ਕਿਹਾ।
"ਤੈਨੂੰ ਬਖਸ਼ ਦਿਆਂਗਾ ਜੇ ਤੂੰ ਆਪਣਾ ਵਾਅਦਾ ਪੂਰਾ ਕਰੇਂਗੀ।"
"ਲੈ ਫੇਰ ਤਾਂ ਮੈਂ ਬਚ ਗਈ,"
ਚਿੜੀ ਕਹਿੰਦੀ।
"ਪੁੱਟੋ, ਰੁੱਖ ਦੇ ਤਣੇ ਦੇ ਆਲ ਦੁਆਲੇ ਪੁੱਟੋ, ਤੇ ਤੁਹਾਨੂੰ ਉਹ ਖ਼ਜ਼ਾਨਾ ਲੱਭੇਗਾ ਜਿਹੜਾ ਕਿਸੇ ਨਾ ਕਦੇ ਦੇਖਿਆ ਹੋਏ।
ਚਾਰਾਂ ਭਰਾਵਾਂ ਨੇ ਇਹੋ ਕੀਤਾ, ਤੇ ਜੋ ਚਿੜੀ ਨੇ ਕਿਹਾ ਸੀ ਓਹੋ ਸਭ ਲੱਭਾ ਵੀ।
"ਹੁਣ ਆਪਾਂ ਸਫ਼ਰ ਲਈ ਹੋਰ ਅੱਗੇ ਕਾਹਦੇ ਲਈ ਜਾਣਾ ਹੈ?ਸਾਡੇ ਕੋਲ," ਉਨ੍ਹਾਂ ਕਿਹਾ, "ਬਥੇਰਾ ਹੀ ਨਹੀਂ ਵਾਹਵਾ ਕੁਝ ਹੋ ਗਿਆ ਹੈ।ਚਲੋ ਆਪਣੀ ਸਰਜ਼ਮੀਨ 'ਤੇ ਵਾਪਿਸ ਚੱਲੀਏ।"
ਹੁਣ ਹੋਇਆ ਇਹ ਕਿ ਕਿਸੇ ਹੋਰ ਟੱਬਰ ਦੇ ਚਾਰ ਹੋਰ ਭਰਾ, ਜੋ ਓਸ ਸ਼ਾਨਦਾਰ ਮਹੱਲ ਦੇ ਨੇੜੇ ਕਿਤੇ ਰਹਿੰਦੇ ਸਨ, ਜਿਸ ਨੂੰ ਇਨ੍ਹਾਂ ਚਾਰ ਭਰਾਵਾਂ ਆਪਣਾ ਨਵਾਂ ਘਰ ਬਣਾਅ ਲਿਆ ਸੀ, ਦੇ ਕੰਨੀਂ ਗੱਲ ਪੈ ਗਈ ਕਿ ਕਿਸ ਅਜੀਬ ਢੰਗ ਨਾਲ ਇਨ੍ਹਾਂ ਨੂੰ ਇਨ੍ਹਾਂ ਦੀ ਦੌਲਤ ਮਿਲੀ ਸੀ, ਤੇ ਉਨ੍ਹਾਂ ਨੇ ਵੀ, ਕਾਲ ਦੇ ਹੱਥੋਂ ਬਹੁਤ ਔਖੇ ਹਾਲ ਵਿਚ ਤਾਂ ਉਹ ਹੈ ਹੀ ਸਨ, ਉਸੇ ਝਰਨੇ ਨੂੰ ਜਾਣ ਦਾ ਮਨ ਬਣਾਇਆ, ਜਿੱਥੇ ਇਹ ਸਭ ਕੁਝ ਹੁਣੇ ਲੱਭਿਆ ਗਿਆ ਸੀ, ਅਤੇ ਆਪਣੀ ਕਿਸਮਤ ਅਜ਼ਮਾਉਣੀ ਚਾਹੀ।
ਉਹ ਪੁੱਜੇ, ਉਨ੍ਹਾਂ ਝਰਨਾ ਵੇਖਿਆ, ਓਸੇ ਵੱਡੇ ਤੇ ਘਣੇ ਰੁੱਖ ਹੇਠਾਂ ਆਰਾਮ ਕੀਤਾ; ਉਨ੍ਹਾਂ ਨੂੰ ਵੀ ਉਸ ਚਿੜੀ ਦੀਆਂ ਮਿੱਠੀਆਂ ਤਰੰਗਾਂ ਵਰਗੇ ਗਾਉਣ ਦੀਆਂ ਆਵਾਜ਼ਾਂ ਸੁਣੀਆਂ; ਅਤੇ ਕਾਹਲ, ਆਸ ਅਤੇ ਉਡੀਕ ਨਾਲ ਉਹ ਪਸੀਨੋ ਪਸੀਨੀ ਹੋ ਗਏ।
ਅਖੀਰ, ਸਭ ਤੋਂ ਵੱਡੇ ਭਰਾ ਨੇ ਆਪਣੀ ਟੋਲੀ ਦੇ ਬਾਕੀਆਂ ਨੂੰ ਹੁਕਮ ਦਿੱਤਾ ਓਹੋ ਕੁਝ ਕਰਨ ਦਾ ਜੋ ਓਸ ਦੂਜੀ ਟੋਲੀ ਦੇ ਵੱਡੇ ਭਰਾ ਨੇ ਕੀਤਾ ਸੀ; ਪਰ ਇਹ ਤਾਂ ਉਹਦਾ ਆਖਾ ਹੀ ਨਾ ਮੰਨਣ।
ਇੱਕ ਕਹਿੰਦਾ, "ਮੈਂ ਨਹੀਂ ਜਾ ਸਕਦਾ।"
ਦੂਜੇ ਦਾ ਜੁਆਬ ਸੀ,
"ਕਿੱਥੋਂ ਲਿਆਵਾਂਗਾ ਚਾਕੂ?"
ਤੇ ਤੀਜੇ ਨੇ ਤਰਲਾ ਕੀਤਾ,
" ਮੈਂ ਬੜਾ ਥੱਕ ਗਿਆ ਹਾਂ, ਮੈਂ ਨਹੀਂ ਲੱਕੜ ਇਕੱਠੀ ਕਰ ਸਕਦਾ। ਤੂੰ ਆਪੇ ਲੈ ਆ।"
ਇਹ ਸਾਰੀ ਬੇਦਿਲੀ ਅਤੇ ਇਹ ਸਾਰਾ ਆਖਾ ਮੋੜਨਾ ਵੇਖ ਕੇ, ਨਿੱਕੀ ਚਿੜੀ ਨੇ ਵੱਡੇ ਭਰਾ ਨੂੰ ਕਿਹਾ,
"ਵਾਪਿਸ ਚਲੇ ਜਾਓ। ਤੇਰਾ ਕੀਤਾ ਕਰਾਇਆ ਸਭ ਰੁੜ੍ਹ ਗਿਆ ਹੈ। ਤੈਨੂੰ ਕੁਝ ਹਾਸਿਲ ਨਹੀਂ ਹੋਣਾ ਜਦੋਂ ਤੱਕ ਤੂੰ ਪਹਿਲਾਂ ਆਪਣੇ ਭਾਈਆਂ ਨੂੰ ਆਪਣੀ ਗੱਲ ਨਹੀਂ ਮਨਵਾਅ ਸਕਦਾ। ਤੁਹਾਡੇ ਤੋਂ ਪਹਿਲਾਂ ਆਏ ਆਦਮੀ ਕਾਮਯਾਬ ਹੋਏ ਸਨ ਕਿਓਂਕਿ ਉਨ੍ਹਾਂ ਵਿਚ ਏਕਾ ਸੀ। ਉਨ੍ਹਾਂ ਦੀ ਤਾਂ ਇੱਕੋ ਮਰਜ਼ੀ ਸੀ, ਇੱਕੋ ਮਨ, ਇੱਕੋ ਅੱਖ, ਇੱਕੋ ਸਰੀਰ ਸਨ ਉਹ ਤਾਂ।"
('ਪ੍ਰੀਤਲੜੀ' ਤੋਂ ਧੰਨਵਾਦ ਸਹਿਤ)

  • ਮੁੱਖ ਪੰਨਾ : ਲੋਕ ਕਹਾਣੀਆਂ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ