Golian Hi Golian : K.L. Garg

ਗੋਲੀਆਂ ਹੀ ਗੋਲੀਆਂ (ਵਿਅੰਗ) : ਕੇ.ਐਲ. ਗਰਗ

ਮੈਦਾਨ-ਏ-ਜੰਗ ਵਿੱਚ ਗੋਲੀ ਲੱਗਣ ਵਾਲੇ ਨੂੰ ਸ਼ਹੀਦ ਕਿਹਾ ਜਾਂਦਾ ਹੈ। ਡਾਕਟਰ ਦੀ ਗੋਲੀ ਲੱਗਣ ਵਾਲੇ ਨੂੰ ‘ਮਰੀਜ਼’ ਕਿਹਾ ਜਾਂਦਾ ਹੈ। ਮਰੀਜ਼ ਦਾ ਰੁਤਬਾ ਤੇ ਸ਼ਖ਼ਸੀਅਤ ਗੋਲੀਆਂ ਲੱਗ਼ਣ ਦੀ ਰਫ਼ਤਾਰ ਮੁਤਾਬਕ ਵਧਦਾ-ਘਟਦਾ ਰਹਿੰਦਾ ਹੈ। ਇੱਕ ਗੋਲੀ ਵਾਲੇ ਨੂੰ ਹਲਕਾ ਫੁਲਕਾ ਮਰੀਜ਼ ਸਮਝਿਆ ਜਾਂਦਾ ਹੈ। ਦੋ ਗੋਲੀਆਂ ਵਾਲਾ ਛੋਟਾ ਮਰੀਜ਼ ਕਹਾਉਂਦਾ ਹੈ। ਮੁੱਠੀਆਂ ਭਰ-ਭਰ ਗੋਲੀਆਂ ਲੱਗਣ ਵਾਲਾ ਮਹਾਂ ਮਰੀਜ਼ ਜਾਂ ਵੱਡੇ ਮਰੀਜ਼ ਦਾ ਦਰਜਾ ਪ੍ਰਾਪਤ ਕਰ ਜਾਂਦਾ ਹੈ। ਦੂਸਰੀ ਕਿਸਮ ਦੀਆਂ ਗੋਲੀਆਂ ਹਸਪਤਾਲ ਜਾਂ ਡਾਕਟਰ ਦੇ ਕਲੀਨਿਕ ਵਿੱਚ ਲੱਗਦੀਆਂ ਹਨ। ਬਾਬੂ ਪਿੱਟ ਸਿਆਪਾ ਜੀ ਨੂੰ ਪਹਿਲੀ ਗੋਲੀ ਲੱਗੀ ਤਾਂ ਬਹੁਤ ਚੀਖ਼ੇ ਚਿਲਾਏ ਤੇ ਤੜਫੇ। ਚੀਖ਼ਦੇ ਹੋਏ ਕਹਿਣ ਲੱਗੇ: ‘‘ਓਏ ਸਾਨੂੰ ਮਾਹਤੜਾਂ ਨੂੰ ਤਾਂ ਐਸਪਰੋ, ਐਨਾਸੀਨ ਦਾ ਪਤਾ ਨ੍ਹੀਂ ਸੀ। ਹੁਣ ਇਹ ਨਵੀਓਂ ਗੋਲੀ ਲੱਗ ਗੲੀ ਐ।’’ ‘‘ਗੋਲੀ ਕਿੱਥੇ ਲੱਗੀ ਐ ਬਾਬੂ ਜੀ?’’ ਇੱਕ ਮਿੱਤਰ ਨੇ ਸੁਭਾਇਕੀ ਪੁੱਛ ਲਿਆ। ‘‘ਗੋਲੀ ਲੱਗਗੀ ਐ। ਬੱਸ ਹੋਰ ਕੀ?’’ ‘‘ਫੇਰ ਵੀ ਕਿਤੇ ਤਾਂ ਲੱਗੀ ਈ ਹੋਵੇਗੀ ਗੋਲੀ? ਦਿਸਦੀ ਤਾਂ ਨ੍ਹੀਂ ਕਿਤੇ ਲੱਗੀ ਹੋਈ?’’ ਮਿੱਤਰ ਨੇ ਫੇਰ ਆਖਿਆ। ‘‘ਬੱਸ ਲੱਗ ਗੲੀ ਐ ਗੋਲੀ। ਹੁਣ ਖ਼ੈਰ ਨ੍ਹੀਂ। ਹੁਣ ਨ੍ਹੀਂ ਕੁਝ ਬਣਨਾ। ਉਹ ਤਾਂ ਕਹਿੰਦਾ ਸੀ ਬਾਬੂ ਜੀ ਜਦੋਂ ਤੱਕ ਜੀੳੁਗੇ, ਗੋਲੀ ਖਾਣੀ ਪੈਣੀ ਐਂ। ਸਰੀਰ ਛੁੱਟ ਜਾੳੂ, ਗੋਲੀ ਨ੍ਹੀਂ ਛੁੱਟ ਸਕਦੀ।’’ ‘‘ਕਿਤੇ ਲਹੂ ਨ੍ਹੀਂ ਵਗਿਆ। ਕਿਤੇ ਝਰੀਟ ਤੱਕ ਤਾਂ ਪਈ ਨ੍ਹੀਂ ਤੁਸੀਂ ਤਾਂ ਐਵੇਂ ਘਾਬਰੇ ਪਏ ਐਂ।’’ ਮਿੱਤਰ ਨੇ ਫੇਰ ਆਖਿਆ।
‘‘ਉਏ ਇਹ ਉਹ ਗੋਲੀ ਨ੍ਹੀਂ। ਡਾਕਟਰ ਵਾਲੀ ਗੋਲੀ ਐ। ਮੈਦਾਨ-ਏ-ਜੰਗ ਵਾਲੀ ਗੋਲੀ ਹੁੰਦੀ ਤਾਂ ਹੁਣ ਨੂੰ ਕੌਡੀ ਚਿੱਤ ਨਾ ਹੋਈ ਹੁੰਦੀ। ਉਹ ਗੋਲੀ ਮਾਰਦੀ ਐ, ਇਹ ਜਿਲਾਉਂਦੀ ਐ।’’ ਬਾਬੂ ਪਿੱਟ ਸਿਆਪਾ ਜੀ ਨੇ ਦੱਸਿਆ। ‘‘ਜਾਨ ਨਾਲ ਜਹਾਨ ਐ। ਜੇ ਇਹ ਗੋਲੀ ਜਿਊਂਦਾ ਰੱਖਦੀ ਐ ਫੇਰ ਤੁਹਾਨੂੰ ਕਾਹਦੀ ਚਿੰਤਾ ਐ ਬਾਬੂ ਜੀ?’’ ‘‘ਇੱਕ ‘ਪਹੁੰਚੇ ਹੋਏ’ ਸਾਧ ਦੀ ਛਾਤੀ ਉੱਤੋਂ ਦੀ ਇੱਕ ਵਾਰ ਇੱਕ ਚੂਹਾ ਲੰਘ ਗਿਆ। ਸਾਧ ਨੇ ਬਹੁਤ ਰੌਲਾ ਪਾਇਆ, ਬਹੁਤ ਪਿੱਟ ਸਿਆਪਾ ਕੀਤਾ। ਚੇਲਿਆਂ ਨੇ ਸਹਿਜ ਭਾਓ ਹੀ ਆਖਿਆ ਕਿ ਗੁਰੂ ਜੀ ਚੂਹਾ ਹੀ ਲੰਘਿਆ ਐ, ਹਾਥੀ ਤਾਂ ਨੀ। ਸਾਧੂ ਹੋ ਕੇ ਏਨਾ ਹੋ ਹੱਲਾ ਕਿਉਂ ਮਚਾ ਰਹੇ ਹੋ? ਸਾਧੂ ਕਹਿਣ ਲੱਗਾ, ‘‘ਮੈਂ ਇਸ ਚੂਹੇ ਤੋਂ ਨਹੀਂ ਡਰਦਾ। ਬਾਕੀਆਂ ਤੋਂ ਡਰਦਾ ਹਾਂ। ਹੁਣ ਹਰ ਚੂਹਾ ਸਾਡੀ ਛਾਤੀ ਤੋਂ ਹੀ ਲੰਘਿਆ ਕਰੇਗਾ। ਸਾਡੀ ਛਾਤੀ ਤਾਂ ਚੂਹਿਆਂ ਨੇ ਜੀ.ਟੀ. ਰੋਡ ਬਣਾ ਛੱਡਣੀ ਐ। ਅਸੀਂ ਇੱਕ ਗੋਲੀ ਲੱਗਣ ਤੋਂ ਨਹੀਂ ਡਰਦੇ। ਘਬਰਾਹਟ ਤਾਂ ਇਹ ਹੈ ਕਿ ਅੱਜ ਇੱਕ ਲੱਗੀ ਐ, ਕੱਲ੍ਹ ਨੂੰ ਦੋ ਲੱਗਣਗੀਆਂ। ਪਰਸੋਂ ਤਿੰਨ ਤੇ ਚੌਥੇ ਨੂੰ ਚਾਰ। ਮਹੀਨੇ-ਵੀਹ ਦਿਨਾਂ ਵਿੱਚ ਗੋਲੀਆਂ ਲੱਗਣ ਦੀ ਮਾਤਰਾ ਤੇ ਗਿਣਤੀ ਮੁੱਠੀਆਂ ਭਰ-ਭਰ ਖਾਣ ਤੀਕ ਜਾ ਪਹੁੰਚਣੀ ਐ। ਇਹ ਤਾਂ ਢੀਠ ਵਾਂਗ ਹੁੰਦੀਆਂ ਹਨ, ਇੱਕ ਵਾਰ ਪਿੱਛੇ ਪੈ ਜਾਣ, ਮੁੜ ਮਗਰੋਂ ਨਹੀਂ ਲੱਥਦੀਆਂ।’’ ਬਾਬੂ ਪਿੱਟ ਸਿਆਪਾ ਜੀ ਨੇ ਮੇਮਣੇ ਵਰਗੀ ਮਾਸੂਮ ਸ਼ਕਲ ਬਣਾ ਕੇ ਆਖਿਆ। ਉਨ੍ਹਾਂ ਕੋਲ ਖਲੋਤੇ ਜਾਣੂੰਆਂ ਨੇ ਸਹਿਮਤੀ ਪ੍ਰਗਟਾਈ ਤੇ ਬਾਬੂ ਪਿੱਟ ਸਿਆਪਾ ਨੂੰ ਦਿਲੀ ਹਮਦਰਦੀ ਵੀ ਪੇਸ਼ ਕੀਤੀ, ਪਰ ਉਨ੍ਹਾਂ ਦੇ ਆਪਣੇ ਹੀ ਦੁੱਖ ਦਰਦ ਸਨ। ‘‘ਮੈਨੂੰ ਦੋ ਗੋਲੀਆਂ ਲੱਗੀਆਂ ਹੋਈਆਂ ਨੇ।’’ ਇੱਕ ਨੇ ਆਖਿਆ। ‘‘ਮੈਨੂੰ ਚਾਰ।’’ ਇੱਕ ਹੋਰ ਨੇ ਆਖਿਆ। ‘‘ਮੈਨੂੰ ਅੱਠ।’’ ਤੀਸਰੇ ਨੇ ਵੀ ਕਹਿ ਦਿੱਤਾ ਸੀ। ‘‘ਯਾਰ ਸਾਨੂੰ ਲੱਗੀਆਂ ਗੋਲੀਆਂ ਦੀ ਤਾਂ ਕੋਈ ਗਿਣਤੀ ਹੀ ਨਹੀਂ। ਜਿਉਂ ਸਵੇਰੇ ਨਿਰਣੇ ਕਾਲਜੇ ਖਾਣ ਲੱਗਦੇ ਆਂ, ਖਾਂਦਿਆਂ-ਖਾਂਦਿਆਂ ਰਾਤ ਪੈ ਜਾਂਦੀ ਐ। ਤੁਸੀਂ ਇੱਕ ਦੋ ਗੋਲੀਆਂ ਜਿਹੀਆਂ ਲੱਗ ਜਾਣ ’ਤੇ ਈ ਘਬਰਾਏ ਪਏ ਐਂ।’’ ਅੱਜ-ਕੱਲ੍ਹ ਜਦੋਂ ਵੀ ਦੋ ਮਿੱਤਰ ਮਿਲਦੇ ਹਨ, ਰਾਜ਼ੀ ਖ਼ਸ਼ੀ ਪੁੱਛਣ ਦੀ ਥਾਂ ਇਹੋ ਤੇ ਏਦਾਂ ਹੀ ਪੁੱਛਦੇ ਹਨ, ‘‘ਗੋਲੀ ਲੱਗੀ ਕੋਈ? ਕਿੰਨੀਆਂ ਗੋਲੀਆਂ ਲੱਗੀਆਂ?’’ ‘‘ਯਾਰ ਹੁਣ ਤਾਂ ਗੋਲੀਆਂ ਦੇ ਸਿਰ ’ਤੇ ਈ ਹਾਂ। ਬੱਸ ਏਦਾਂ ਵੀ ਚੱਲੀ ਜਾਵੇ ਤਾਂ ਗਨੀਮਤ ਸਮਝੋ। ਗੋਲੀਆਂ ਖਾ ਕੇ ਵੀ ਗੁਜ਼ਾਰਾ ਹੋਈ ਜਾਵੇ ਤਾਂ ਵੀ ਜੱਗ ਜਿੱਤਿਆ ਸਮਝੋ।’’ ‘‘ਚੱਲ ਗੋਲੀਆਂ ਜਿੰਨੀਆਂ ਮਰਜ਼ੀ ਲੱਗ ਜਾਣ, ਬੱਸ ਯਾਰ ਜਿਊਂਦੇ ਰਹੀਏ। ਗੋਲੀਆਂ ਦੇ ਪੱਜ ਹੀ ਸਹੀ।’’ ਮਿੱਤਰ ਨੇ ਕਹਿ ਦਿੱਤਾ ਸੀ। ਇੱਕ ਬੰਦਾ ਬਹੁਤ ਹੀ ਸ਼ਾਨ ਨਾਲ ਕਹਿਣ ਲੱਗਾ, ‘‘ਮੈਂ ਮੁੱਠੀਆਂ ਭਰ ਕੇ ਗੋਲੀਆਂ ਖਾਂਦਾ ਹਾਂ। ਦਸ ਗੋਲੀਆਂ ਤਾਂ ਨਾਸ਼ਤੇ ਤੋਂ ਪਹਿਲਾਂ ਦੀਆਂ ਈ ਨੇ।’’ ਸੁਣਨ ਵਾਲੇ ਉਸ ਮਹਾਂਪੁਰਸ਼ ਦੀ ਗੱਲ ਤੋਂ ਬਹੁਤ ਪ੍ਰਭਾਵਤ ਹੁੰਦੇ ਨੇ। ਕਈ ਤਾਂ ਉਨ੍ਹਾਂ ਨੂੰ ਇਸ ਯੁੱਗ ਦਾ ਹੀਰੋ ਹੀ ਸਮਝਣ ਲੱਗਦੇ ਹਨ। ਜੇ ਕੋਈ ਇਹ ਕਹੇ, ‘‘ਸਾਨੂੰ ਇੱਕ ਵੀ ਗੋਲੀ ਨਹੀਂ ਲੱਗੀ। ਗੋਲੀ ਤਾਂ ਸਾਡੇ ਨੇੜੇ-ਤੇੜੇ ਨਹੀਂ ਆ ਸਕਦੀ।’’ ਸੁਣਨ ਵਾਲੇ ਅਜਿਹੇ ਬੰਦੇ ਨੂੰ ਝੂਠਾ ਹੀ ਨਹੀਂ, ਮਹਾਂ ਝੂਠਾ ਸਮਝ ਕੇ ਉਸ ਨੂੰ ਅਣਗੌਲਿਆ ਕਰ ਦਿੰਦੇ ਹਨ। ਕਹਿ ਵੀ ਦਿੰਦੇ ਹਨ, ‘‘ਐਵੇਂ ਝੂਠ ਮਾਰੀ ਜਾਂਦੈ। ਗੋਲੀ ਲੱਗੇ ਬਿਨਾਂ ਕੋਈ ਰਹਿ ਸਕਦੈ ਇਸ ਜ਼ਮਾਨੇ ’ਚ!’’ ਲੱਗੀਆਂ ਗੋਲੀਆਂ ਬਾਰੇ ਦੱਸਣਾ ਇੱਕ ਤਰ੍ਹਾਂ ਨਾਲ ਫ਼ੈਸ਼ਨ ਹੀ ਹੋ ਗਿਆ ਹੈ। ਇਸ ਨੂੰ ਸਮਾਜਿਕ ਮਾਣ-ਇੱਜ਼ਤ ਵੀ ਸਮਝਿਆ ਜਾਣ ਲੱਗਿਆ ਹੈ। ਦੱਸਣ ਵਾਲਾ ਬੜੀ ਠੁੱਕ ਨਾਲ, ਛਪੰਜਾ ਇੰਚ ਤੱਕ ਛਾਤੀ ਚੌੜੀ ਕਰਕੇ ਦੱਸਦਾ ਹੈ, ‘‘ਸਾਨੂੰ ਪੰਜਾਹ ਗੋਲੀਆਂ ਲੱਗੀਆਂ ਹੋਈਆਂ ਨੇ।’’ ਤਾਂ ਲੋਕ ਬਹੁਤ ਹੀ ਫ਼ਖ਼ਰ ਨਾਲ, ਸਿਰ ਉੱਚਾ ਕਰਕੇ ਬੜੀ ਈਰਖ਼ਾ ਨਾਲ ਅਜਿਹੇ ਬੰਦੇ ਵੱਲ ਦੇਖਣ ਲੱਗਦੇ ਹਨ। ਮਨ ਹੀ ਮਨ ਸੋਚਦੇ ਵੀ ਨੇ, ‘‘ਇਹ ਤਾਂ ਯਾਰ ਬਾਜ਼ੀ ਮਾਰ ਗਿਆ। ਗੋਲੀਆਂ ਲੱਗਣ ਦੇ ਮਾਮਲੇ ’ਚ ਅਸੀਂ ਰਹਿ ਗਏ ਫਾਡੀ ਦੇ ਫਾਡੀ।’’ ਸਮਾਂ ਆਉਣ ਹੀ ਵਾਲਾ ਹੈ ਜਦੋਂ ਅਜਿਹੀਆਂ ਗੋਲੀਆਂ ਲੱਗਣ ਵਾਲੇ ਲੋਕ ਜ਼ਿਲ੍ਹਾ ਪੱਧਰੀ, ਸਟੇਟ ਪੱਧਰੀ, ਰਾਸ਼ਟਰੀ ਤੇ ਅੰਤਰਰਾਸ਼ਟਰੀ ਰਿਕਾਰਡ ਬਣਾਇਆ ਕਰਨਗੇ। ਅਜਿਹੇ ਕਿਸੇ ਭੱਦਰ ਪੁਰਸ਼ ਦਾ ਨਾਂ ਗਿੰਨੀ ਜਾਂ ਲਿਮਕਾ ਬੁੱਕ ਆਫ ਵਰਲਡ ਰਿਕਾਰਡ ਵਿੱਚ ਬੜੇ ਹੀ ਸਨਮਾਨ ਨਾਲ ਲਿਖਿਆ ਜਾਵੇਗਾ। ਇੱਕ ਮਰੀਜ਼ ਆਪਣੀਆਂ ਬੀਮਾਰੀਆਂ ਡਾਕਟਰ ਨੂੰ ਦੱਸਦਾ ਗਿਆ। ਡਾਕਟਰ ਪਰਚੀ ’ਤੇ ਗੋਲੀਆਂ-ਦਰ-ਗੋਲੀਆਂ ਲਿਖਦਾ ਗਿਆ। ਆਖ਼ਰ ਅੱਕ ਕੇ ਕਹਿਣ ਲੱਗਾ, ‘‘ਮਰੀਜ਼ ਸਾਹਿਬ, ਲਿਖਦਿਆਂ-ਲਿਖਦਿਆਂ ਮੇਰਾ ਤਾਂ ਹੱਥ ਵੀ ਥੱਕ ਗਿਆ।’’ ਮਰੀਜ਼ ਮਾਸੂਮ ਜਿਹਾ ਚਿਹਰਾ ਬਣਾ ਕੇ ਕਹਿਣ ਲੱਗਾ,’’ ਸਰ, ਤੁਸੀਂ ਤਾਂ ਲਿਖਦੇ-ਲਿਖਦੇ ਥੱਕਗੇ, ਤੁਸੀਂ ਤਾਂ ਇਕ ਵਾਰ ਥੱਕੋਗੇ। ਸਾਡਾ ਕੀ ਬਣੂ ਜਿਨ੍ਹਾਂ ਨੇ ਇਹ ਸਾਰੀਆਂ ਗੋਲੀਆਂ ਪਾਪੀ ਪੇਟ ’ਚ ਪਾਉਣੀਆਂ ਨੇ।’’ ਗੋਲੀਆਂ ਹੁਣ ਸਾਡੀ ਜਿੰਦ ਹਨ, ਜਾਨ ਹਨ। ਜਿੰਨ ਦੀ ਜਾਨ ਤੋਤੇ ’ਚ ਹੈ। ਮਰੀਜ਼ ਦੀ ਗੋਲੀਆਂ ’ਚ।’’

  • ਮੁੱਖ ਪੰਨਾ : ਪੰਜਾਬੀ ਕਹਾਣੀਆਂ ਤੇ ਵਿਅੰਗ; ਕੇ.ਐਲ. ਗਰਗ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ