Haase Te Hanjhu-Mera Kufar : Dr Amarjit Tanda

ਹਾਸੇ ਤੇ ਹੰਝੂ -ਮੇਰਾ ਕੁਫ਼ਰ : ਡਾ. ਅਮਰਜੀਤ ਟਾਂਡਾ

(ਪਿੰਡਾਂ ਸ਼ਹਿਰਾਂ ਵਿੱਚ ਪਿਆਰ ਮੁਹੱਬਤਾਂ ਫਿਰ ਪਰਤ ਸਕਦੀਆਂ ਹਨ-ਡਾ ਅਮਰਜੀਤ ਟਾਂਡਾ)

ਹਮੇਸ਼ਾਂ ਦੀ ਤਰ੍ਹਾਂ ਮੈਂ ਅੱਜ ਵੀ ਕੋਈ ਨਵੀਂ ਗੱਲ ਨਹੀਂ ਕਰਨ ਲੱਗਾ। ਮੈਂ ਕਿਸੇ ਨੂੰ ਵੀ ਪੁੱਛਦਾਂ ਹਾਂ ਕਿ ਸੁਣਾਉ ਕੀ ਹਾਲ ਚਾਲ ਨੇ ਸਿਹਤ ਕਿਸ ਤਰਾਂ ਹੈ? ਸਾਰੇ ਕੋਈ ਨਾ ਕੋਈ ਬਿਮਾਰੀ ਬਾਰੇ ਹੀ ਗੱਲ ਕਰਨਗੇ ਜਾਂ ਕਹਿਣਗੇ ਜੀ ਬੱਸ ਹੁਣ ਤਾਂ ਉੱਪਰ ਹੀ ਜਾਣ ਦੀ ਤਿਆਰੀ ਹੈ! ਮੈਨੂੰ ਇਹ ਨਹੀਂ ਅੱਜੇ ਤੱਕ ਸਮਝ ਆਈ ਕਿ ਇਨ੍ਹਾਂ ਨੂੰ ਉੱਪਰ ਜਾਣ ਦੀ ਕਾਹਦੀ ਕਾਹਲੀ ਹੈ ਜਾਂ ਉੱਥੇ ਜਾ ਕੇ ਕੀ ਸੁਆਰ ਲੈਣਗੇ! ਕਿਹੜੇ ਨਾਲ ਸੰਦ ਚੁੱਕੀ ਫਿਰਦੇ ਨੇ ਜਿਸ ਨਾਲ ਇਨ੍ਹਾਂ ਨੇ ਜਾ ਕੇ ਸੁਰਗ ਸੁਧਾਰਨਾ ਹੈ ਜਾਂ ਉੱਥੇ ਜਾ ਕੇ ਬਾਰੀਆਂ ਦਰਵਾਜ਼ੇ ਠੀਕ ਕਰਨੇ ਨੇ। ਹੈਰਾਨ ਹਾਂ ਇਨ੍ਹਾਂ ਉੱਤੇ। ਜ਼ਿੰਦਗੀ ਮਾਨਣ ਨੂੰ ਮਿਲਦੀ ਹੈ ਨਿਰਾਸ਼ਤਾ ਚ ਜ਼ਿੰਦਗੀ ਨਹੀਂ ਹੁੰਦੀ।ਡਿੱਗ ਜਾਓਗੇ ਤਾਂ ਖਤਮ ਹੋ ਜਾਵੋਗੇ। ਇਹੋ ਜਿਹੀ ਗੱਲਬਾਤ ਸਦਾ ਹੀ ਢਹਿੰਦੀਆਂ ਕਲਾਂ ਵੱਲ ਲੈ ਕੇ ਜਾਂਦੀ ਹੈ। ਤੁਹਾਡਾ ਮਨੋਬਲ ਟੁੱਟਦਾ ਹੈ। ਤੁਸੀਂ ਸੋਚਦੇ ਹੋ ਕਿ ਮੈਂ ਤਾਂ ਕਿਸੇ ਕੰਮ ਦਾ ਵੀ ਨਹੀਂ ਰਿਹਾ। ਜਦ ਕਿ ਇਹੋ ਜਿਹੀ ਕੋਈ ਵੀ ਗੱਲ ਨਹੀਂ ਹੁੰਦੀ। ਹੁਣ ਆਪਾਂ ਸਾਰੇ ਦੁਨੀਆਂ ਵਿੱਚ ਬੈਠੇ ਮੇਰੇ ਵਰਗੇ ਅਸਲੀ ਮੁੱਦੇ ਵੱਲ ਆਈਏ।

ਮੈਂ ਤੁਹਾਡੇ ਸਾਰਿਆਂ ਨਾਲੋਂ ਨਿਕੰਮਾਂ ਸੁਸਤ ਬੰਦਾ ਹਾਂ। ਪਰ ਤੁਸੀਂ ਸਾਰੇ ਹੀ ਮੇਰੇ ਨਾਲੋਂ ਸਿਆਣੇ ਹੋ ਤਜਰਬੇਕਾਰ ਹੋ। ਮੈਂ ਤਾਂ ਤੁਹਾਡੇ ਨਾਲ ਨਿੱਕੀਆਂ ਨਿੱਕੀਆਂ ਅਰਜ਼ਾਂ ਹੀ ਸਾਂਝੀਆਂ ਕਰਦਾ ਰਹਿੰਦਾ ਹਾਂ ਤੇ ਕਰਨ ਲੱਗਾ ਹਾਂ। ਸਾਰੇ ਦੁਨੀਆਂ ਦੇ ਗੁਰਦੁਆਰਿਆਂ ਤੇ ਮੰਦਰਾਂ ਚ ਦੇਖਿਆ ਕਿ ਲੋਕ ਆਉਂਦੇ ਨੇ ਬੈਠਦੇ ਨੇ ਤੇ ਗੱਲਾਂ ਬਾਤਾਂ ਕਰਕੇ ਘਰਾਂ ਨੂੰ ਚਲੇ ਜਾਂਦੇ ਨੇ। ਇਹੋ ਜਿਹਾ ਵਰਤਾਰਾ ਮੈਂ ਪਿੰਡਾਂ ਸ਼ਹਿਰਾਂ ਦੀਆਂ ਗਲੀਆਂ ਚ ਦੇਖਦਿਆਂ ਕਦੇ ਕਦੇ ਮਨ ਸੋਚਦਾ ਹਾਂ। ਝੁੰਡਾਂ ਦੇ ਝੁੰਡ ਤਾਸ਼ਾਂ ਖੇਡਦੇ ਨੇ। ਪਰ ਘਰ ਵਿੱਚ ਸਬਜ਼ੀ ਫਲਾਂ ਹੁੰਦੀ ਲੋੜ ਹੈ। ਘਰ ਵਿੱਚ ਕਈ ਕੰਮ ਕਰਨ ਵਾਲੇ ਨੇ ਤੇ ਅਸੀਂ ਬਾਹਰ ਬੈਠੇ ਥਾਂ ਥਾਂ ਤੇ ਤਾਸ਼ਾਂ ਕੁਟ ਰਹੇ ਹਾਂ। ਫਿਰ ਅਸੀਂ ਦੋਸ਼ ਦਿੰਦੇ ਹਾਂ ਕਿ ਸਾਡੀ ਸਿਹਤ ਨਹੀਂ ਚੰਗੀ, ਸਬਜ਼ੀਆਂ ਜ਼ਹਿਰਾਂ ਵਾਲੀਆਂ ਖਾ ਖਾ ਕੇ ਬਿਮਾਰ ਹੋਏ ਪਏ ਹਾਂ। ਕੀ ਕਰੀਏ ਕਿੱਥੇ ਜਾਈਏ? ਇਹ ਕਸੂਰ ਸਾਡਾ ਹੈ ਕਿਸੇ ਦਾ ਨਹੀਂ।ਵਾਰ ਵਾਰ ਸੋਚ ਕੇ ਇਸ ਦਾ ਉੱਤਰ ਇੱਕ ਹੀ ਹੋਵੇਗਾ।
ਮੈਂ ਕੋਈ ਸੁਘੜ ਸਿਆਣਾ ਨਹੀਂ ਹਾਂ ਕਿ ਤੁਹਾਨੂੰ ਕੋਈ ਮੱਤ ਦੇਵਾਂ। ਤੁਸੀਂ ਬਹੁਤ ਕੁਝ ਜਾਣਦੇ ਹੋ ।
ਗੁਰਦੁਆਰੇ ਮੰਦਰ ਵਿੱਚ ਕਾਫ਼ੀ ਸਾਈਡਾਂ ਤੇ ਜਗ੍ਹਾ ਖਾਲੀ ਹੁੰਦੀ ਹੈ। ਇਹ ਜਗ੍ਹਾ ਫੁਲਵਾਡ਼ੀ ਸਬਜ਼ੀਆਂ ਉਗਾਣ ਲਈ ਆਸਾਨੀ ਨਾਲ ਹੀ ਵਰਤੀ ਜਾ ਸਕਦੀ ਹੈ। ਭਾਈ ਨੂੰ ਵੀ ਨਾਲ ਲਾਓ ਉਹ ਵੀ ਸਾਰਾ ਦਿਨ ਵਿਹਲਾ ਹੀ ਹੁੰਦਾ ਹੈ।
ਇਸੇ ਤਰਾਂ ਹੀ ਪਿੰਡ ਦੇ ਵਿੱਚ ਸਾਂਝੇ ਦੋ ਚਾਰ ਖੇਤ ਲੈ ਕੇ ਉਹੀ ਸੱਥ ਵਿੱਚ ਬੈਠੇ ਉੱਥੇ ਸਬਜ਼ੀਆਂ ਲਗਾ ਸਕਦੇ ਨੇ। ਵਿਹਲੇ ਟਾਈਮ ਦੇ ਵਿੱਚ ਨਗਰ ਪਿੰਡ ਸ਼ਹਿਰ ਮੁਹੱਲਿਆਂ ਦੇ ਨਿੱਕੇ ਨਿੱਕੇ ਕੰਮ ਵੀ ਕਰ ਸਕਦੇ ਹੋ ਰਲ ਕੇ।
ਇੱਕ ਦੂਸਰੇ ਨੂੰ ਹਾਸੇ ਠੱਠੇ ਦੀਆਂ ਗੱਲਾਂ ਵੀ ਕਰੋ ਚੁਗਲੀਆਂ ਵੀ ਕਰੋ ਸਰਕਾਰ ਦੀਆਂ ਗੱਲਾਂ ਵੀ ਕਰੋ ਪਰ ਉਸੇ ਸਮੇਂ ਦੇ ਵਿੱਚ ਸਬਜ਼ੀਆਂ ਵੀ ਉਗਾਓ।
ਗੱਲਾਂ ਬਾਤਾਂ ਕਰਦਿਆਂ ਟਾਈਮ ਵੀ ਪਾਸ ਹੋਵੇਗਾ ਨਾਲੋ ਨਾਲ ਸਬਜ਼ੀਆਂ ਜਿਹੜੀਆਂ ਜ਼ਹਿਰਾਂ ਤੋਂ ਬਗੈਰ ਹੋਣਗੀਆਂ ਉਹ ਸਾਰੇ ਜਣੇ ਮਿਲ ਕੇ ਖਾਓਗੇ ਜਾਂ ਲੰਗਰ ਚ ਵਰਤੋਗੇ।

ਸਾਰੇ ਪੰਜਾਬ ਦੇ ਪਿੰਡਾਂ ਦੀਆਂ ਸੱਥਾਂ ਨੂੰ ਸਬਜ਼ੀਆਂ ਵੀ ਮਿਲ ਗਈਆਂ ਤੇ ਉਹ ਵੀ ਜ਼ਹਿਰਾਂ ਤੋਂ ਰਹਿਤ। ਗੱਲਾਂ ਕਰ ਕਰ ਕੋਈ ਰਾਏ ਮਸਵਰਾ ਵੀ ਬਣਿਆ। ਰਾਜਨੀਤਕ ਸੱਭਿਆਚਾਰਕ ਸਮਾਜਿਕ ਫਰਜ਼ ਵੀ ਪੂਰਾ ਕਰ ਲਿਆ ਹੱਸ ਖੇਡ ਕੇ।

ਹਰ ਸੰਗਰਾਂਦ ਤੇ ਨਗਰ ਕੀਰਤਨ ਵੇਲੇ ਇਕੱਠੇ ਹੁੰਦੇ ਹਾਂ। ਤੁਸੀਂ ਸਾਰੇ ਸਾਰੀ ਦੁਨੀਆਂ ਵਿੱਚ,ਸਾਰੇ ਪਿੰਡਾਂ ਵਿੱਚ ਉਸ ਦਿਨ ਇਹ ਕਿਉਂ ਨਹੀਂ ਦੇਖਦੇ ਕਿ ਪਿੰਡ ਦਾ ਰਾਹ ਪਿੰਡ ਦੀ ਗਲੀ ਪਿੰਡ ਦੇ ਵਿੱਚ ਰੁੱਖ ਨਹੀਂ ਹੈ। ਉਹ ਕੰਮ ਕੀਤਾ ਜਾਵੇ।
ਮੇਰੀ ਤਾਂ ਬੇਨਤੀ ਇਹੀ ਹੈ -ਨਿੱਕੀ ਜੇਹੀ ਅਰਜ਼ ਹੈ ਤੁਹਾਡੇ ਚਰਨਾਂ ਚ। ਜੋ ਦਿਲ ਚ ਆਇਆ ਮੈਂ ਤੁਹਾਡੇ ਨਾਲ ਸਾਂਝਾ ਕਰ ਦਿੱਤਾ।

ਮੈਨੂੰ ਪਤਾ ਹੈ ਤੁਸੀਂ ਤਾਸ਼ ਨਹੀਂ ਛੱਡੋਗੇ ਤੁਸੀਂ ਉੱਥੇ ਵਿਹਲੇ ਬੈਠ ਕੇ ਗੱਲਾਂ ਹੀ ਕਰੋਗੇ। ਰਾਜਨੀਤੀ ਸੁਧਾਰੋਗੇ ਪਰ ਮੇਰੀ ਗੱਲ ਨਹੀਂ ਮੰਨੋਗੇ। ਨਾਲ ਇਹ ਵੀ ਕਹੋਗੇ ਲੈ ਆ ਗਿਆ ਹੈ ਵੱਡਾ ਕੰਮ ਦੱਸਣ ਵਾਲਾ ਜ਼ਿਆਦਾ ਸਿਆਣਾ ਸਾਡੇ ਨਾਲੋਂ। ਇਹ ਸਾਡੀ ਸੋਚ ਚ ਹੀ ਹੈ। ਭਾਈ ਡਾਕਟਰ ਤਾਂ ਬਹੁਤ ਕੁਝ ਕਿਹਾ ਦਿੰਦਾ ਹੈ ਸਲਾਹ ਵੀ ਦਿੰਦਾ ਹੈ। ਮੰਨਣੀ ਤਾਂ ਮਰੀਜ਼ ਨੇ ਹੁੰਦੀ ਹੈ। ਮੈਂ ਕੋਈ ਸਿਆਣਾ ਨਹੀਂ।ਫਿਰ ਦੁਹਰਾਅ ਰਿਹਾ ਹਾਂ। ਮੈਨੂੰ ਤਾਂ ਇਹ ਸਭ ਕੁਝ ਸੁਣ ਕੇ ਸੋਚ ਆਈ ਸੀ ਤੇ ਸਾਂਝ ਪਾਉਣ ਨੂੰ ਦਿਲ ਕੀਤਾ ਕਿਉਂਕਿ ਤੁਸੀਂ ਮੇਰੇ ਆਪਣੇ ਹੋ। ਇੰਜ ਕੋਈ ਬਿਮਾਰੀ ਵੀ ਨਹੀਂ ਲੱਗੇਗੀ। ਸਿਹਤ ਵੀ ਠੀਕ ਰਹੇਗੀ। ਇੱਕ ਦੂਸਰੇ ਚ ਨਫ਼ਰਤ ਵੀ ਘਟੇਗੀ। ਪਿਆਰ ਵਧੇਗਾ। ਨਵੇਂ ਨਵੇਂ ਜੀਵਨ ਦੀ ਜਾਚ ਪਰਤ ਆਵੇਗੀ ਸੀਨਿਆਂ ਵਿੱਚ। ਪਿਆਰ ਦਾ ਰਾਗ ਛਿੜੇਗਾ ਹਰ ਬੁੱਲ੍ਹ ਤੇ। ਉਦੋਂ ਤੁਸੀਂ ਮੈਨੂੰ ਯਾਦ ਕਰੋਗੇ ਕਦੇ ਨਾ ਕਦੇ। ਤੇ ਹਾਂ ਮੇਰਾ ਦਾਅਵਾ ਹੈ ਕਿ ਜੇ ਇਸ ਤਰ੍ਹਾਂ ਰਹਿਣ ਲੱਗੇ ਨਫ਼ਰਤਾਂ ਮਰ ਜਾਣਗੀਆਂ ।ਪਿੰਡਾਂ ਸ਼ਹਿਰਾਂ ਵਿੱਚ ਪਿਆਰ ਮੁਹੱਬਤ ਵਾਪਸ ਆ ਜਾਏਗੀ।

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਡਾ. ਅਮਰਜੀਤ ਟਾਂਡਾ
  • ਮੁੱਖ ਪੰਨਾ : ਕਾਵਿ ਰਚਨਾਵਾਂ, ਡਾ. ਅਮਰਜੀਤ ਟਾਂਡਾ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ