Hartal (Story in Punjabi) : Maxim Gorky

ਹੜਤਾਲ (ਕਹਾਣੀ) : ਮੈਕਸਿਮ ਗੋਰਕੀ

ਨੇਪਲਸ ਦੇ ਟ੍ਰਾਮ-ਕਰਮਚਾਰੀ ਹੜਤਾਲ ‘ਤੇ ਸਨ। ਸਾਰੇ ਰਿਵਿਏਰਾ ਡੀਚਿਆਇਆ ਰਾਹ ‘ਤੇ ਖ਼ਾਲੀ ਟ੍ਰਾਮਾ ਦੀ ਲੰਬੀ ਕਤਾਰ ਲੱਗੀ ਹੋਈ ਸੀ ਤੇ ਪਿਆਜ਼ਾ ਦੇਲ ਵਿੱਤੋਰੀਆ ਵਿੱਚ ਕੰਡਕਟਰਾਂ ਤੇ ਡਰਾਵਿਰਾਂ ਦੀ ਭੀੜ ਜਮ੍ਹਾਂ ਸੀ। ਇਹ ਸਾਰੇ ਹਸਮੁਖ, ਬੜਬੋਲੇ ਤੇ ਪਾਰੇ ਵਾਂਗ ਚੰਚਲ ਨੇਪਲਸ ਦੇ ਵਾਸੀ ਸਨ। ਉੱਪਰ ਬਾਗ਼ ਦੇ ਜੰਗਲੇ ਦੇ ਉਸ ਪਾਸੇ ਫਵਾਰੇ ਦੀ ਧਾਰ ਤਲਵਾਰ ਵਾਂਗ ਚਮਕ ਰਹੀ ਸੀ। ਹੜਤਾਲੀਆਂ ਦੇ ਚੁਫੇਰੇ ਉਨ੍ਹਾਂ ਲੋਕਾਂ ਦੀ ਭੀੜ ਸੀ ਜਿਨ੍ਹਾਂ ਨੇ ਆਪਣੇ ਆਪਣੇ ਕੰਮ-ਕਾਜ ਲਈ ਇਸ ਵੱਡੇ ਸ਼ਹਿਰ ਦੇ ਵੱਖ ਵੱਖ ਹਿੱਸਿਆ ‘ਚ ਜਾਣਾ ਸੀ। ਦੁਕਾਨਾਂ ਦੇ ਮੁਨੀਮ, ਕਾਰੀਗਰ, ਵਪਾਰੀ ਦਰਜ਼ਿਆਣੀਆਂ-ਇਹ ਸਾਰੇ ਲੋਕ ਬੜੇ ਗੁੱਸੇ ਵਿੱਚ ਸਨ ਤੇ ਹੜਤਾਲੀਆਂ ਨੂੰ ਉੱਚੀ ਉੱਚੀ ਗਾਲ੍ਹਾਂ ਕੱਢ ਰਹੇ ਸਨ। ਸਖ਼ਤ ਲਫ਼ਜਾਂ ਤੇ ਚੁਭਵੇਂ ਤਾਅਨਿਆਂ ਦਾ ਵਟਾਂਦਰਾ ਹੋ ਰਿਹਾ ਸੀ ਤੇ ਹੱਥਾਂ ਦੀਆਂ ਹਰਕਤਾਂ ਤੋਂ ਕਾਫ਼ੀ ਕੰਮ ਲਿਆ ਜਾ ਰਿਹਾ ਸੀ, ਕਿਉਂਕਿ ਨੇਪਲਸ ਦੇ ਵਾਸੀ ਆਪਣੇ ਹੱਥਾਂ ਨਾਲ਼ ਓਨੀ ਹੀ ਸਾਫ਼ ਤੇ ਜੋਸ਼ੀਲੀ ਗੱਲਬਾਤ ਕਰਦੇ ਹਨ ਜਿੰਨੀ ਆਪਣੀਆਂ ਅਣਥੱਕ ਜੀਭਾਂ ਨਾਲ਼।
ਸਮੁੰਦਰ ਵੱਲੋਂ ਨਿੰਮ੍ਹੀਂ ਹਵਾ ਦੀ ਲਹਿਰ ਤਰਦੀ ਹੋਈ ਆਈ ਤੇ ਸ਼ਹਿਰ ਦੇ ਬਾਗ਼ ਦੇ ਲੰਮੇ ਲੰਮੇ ਤਾੜ ਦੇ ਬਿਰਛਾਂ ਦੇ ਗੂੜ੍ਹੇ ਹਰੇ ਰੰਗ ਦੇ ਪੱਖੀਆਂ ਵਰਗੇ ਪੱਤਿਆਂ ਵਿੱਚ ਹਲਕੀ ਜਿਹੀ ਕੰਬਣੀ ਛਿੜੀ। ਇਨ੍ਹਾਂ ਬਿਰਛਾਂ ਦੇ ਤਣੇ ਵੱਡੇ ਵੱਡੇ ਹਾਥੀਆਂ ਦੀਆਂ ਬੇਢੰਗੀਆਂ ਲੱਤਾਂ ਵਾਂਗ ਅਜੀਬ ਜਿਹੇ ਲੱਗ ਰਹੇ ਸਨ। ਬੱਚੇ-ਨੇਪਲਸ ਦੀਆਂ ਸੜਕਾਂ ਦੇ ਅਧਨੰਗੇ ਬੱਚੇ-ਚਿੜੀਆਂ ਵਾਂਗ ਏਧਰ ਓਧਰ ਨੱਚ ਰਹੇ ਸਨ ਤੇ ਉਨ੍ਹਾਂ ਦੇ ਹੱਸਣ ਚਹਿਕਣ ਨਾਲ਼ ਵਾਯੂਮੰਡਲ ਗੂੰਜ ਰਿਹਾ ਸੀ।
ਕਿਸੇ ਪੁਰਾਣੀ ਨੱਕਾਸ਼ੀ ਵਾਂਗ ਦਿਸਣ ਵਾਲ਼ਾ ਸ਼ਹਿਰ ਦਗਦੇ ਹੋਏ ਸੂਰਜ ਦੀਆਂ ਹਜ਼ਾਰਾਂ ਕਿਰਨਾਂ ਨਾਲ਼ ਨਹਾਤਾ ਹੋਇਆ ਸੀ ਤੇ ਉਸ ‘ਚੋਂ ‘ਆਰਗਨ’ ਦੀ ਗੂੰਜ ਉੱਠਦੀ ਹੋਈ ਪ੍ਰਤੀਤ ਹੋ ਰਹੀ ਸੀ। ਖਾੜੀ ਦੀਆਂ ਨੀਲੀਆਂ ਲਹਿਰਾਂ ਪੱਥਰਾਂ ਦੇ ਬਣੇ ਬੰਨ੍ਹ ਨਾਲ਼ ਟਕਰਾ ਰਹੀਆਂ ਸਨ। ਉਨ੍ਹਾਂ ਦੀ ਅਵਾਜ਼ ਤੰਬੂਰੇ ਦੀ ਕੰਬਦੀ ਹਾਈ ਲੈਅ ਵਾਂਗ ਸ਼ਹਿਰ ਦੇ ਰੌਲ਼ੇ ਤੇ ਚੀਕ-ਚਿਹਾੜੇ ਦਾ ਸਾਥ ਦੇ ਰਹੀ ਸੀ।
ਸਾਰੇ ਹੜਤਾਲੀ ਇੱਕ ਉਦਾਸੀ ਵਿੱਚ ਜੁੜੇ ਹੋਏ ਖੜੋਤੇ ਸਨ ਤੇ ਘੱਟ-ਵੱਧ ਹੀ ਲੋਕਾਂ ਦੀ ਭੀੜ ਦੇ ਚੁਭਵੇਂ ਤਾਹਨਿਆਂ ਦਾ ਜਵਾਬ ਦੇ ਰਹੇ ਸਨ। ਉਨ੍ਹਾਂ ‘ਚੋਂ ਕੁਝ ਬਾਗ਼ ਦੇ ਜੰਗਲੇ ‘ਤੇ ਚੜ੍ਹ ਕੇ ਲੋਕਾਂ ਦੇ ਸਿਰਾਂ ਉੱਤੋਂ ਦੀ ਸੜਕ ਵੱਲ ਉਤਾਵਲ ਨਾਲ਼ ਵੇਖ ਰਹੇ ਸਨ, ਜਿਵੇਂ ਸ਼ਿਕਾਰੀ ਕੁੱਤਿਆਂ ਨਾਲ਼ ਘਿਰਿਆ ਹੋਇਆ ਬਘਿਆੜਾਂ ਦਾ ਟੋਲਾ ਵੇਖ ਰਿਹਾ ਹੋਵੇ। ਇਸ ਵਿੱਚ ਕੋਈ ਸ਼ੱਕ ਨਹੀਂ ਸੀ ਕਿ ਇਹ ਵਰਦੀਆਂ ਵਾਲ਼ੇ ਹੜਤਾਲੀ ਆਪਣੀ ਗੱਲ ਤੇ ਅਟੱਲ ਰਹਿਣ ਦੇ ਪੱਕੇ ਨਿਸਚੇ ਸਦਕਾ ਇੱਕ-ਦੂਜੇ ਨਾਲ਼ ਬੱਝੇ ਹੋਏ ਸਨ ਤੇ ਏਸੇ ਕਰ ਕੇ ਲੋਕਾਂ ਦਾ ਗੁੱਸਾ ਵਧ ਰਿਹਾ ਸੀ। ਪਰ ਲੋਕਾਂ ਦੀ ਭੀੜ ਵਿੱਚ ਕੁਝ ਫ਼ਿਲਾਸਫ਼ਰ ਵੀ ਸਨ। ਚੁੱਪ-ਚਾਪ ਸਿਗਰਟਾਂ ਪੀਂਦਿਆਂ ਉਨ੍ਹਾਂ ਨੇ ਹੜਤਾਲ ਦੇ ਜੋਸ਼ੀਲੇ ਵਿਰੋਧੀਆਂ ਨੂੰ ਇੰਝ ਝਿੜਕਾਂ ਸੁਣਾਈਆਂ :
“ਵੇਖੋ, ਸੱਜਣੋ! ਆਖ਼ਰ ਆਦਮੀ ਕਰੇ ਵੀ ਕੀ, ਜਦ ਕਿ ਉਹ ਆਪਣੇ ਬਾਲ ਬੱਚਿਆ ਲਈ ਮਕਾਰੋਨੀ ਵੀ ਨਾ ਖ਼ਰੀਦ ਸਕਦਾ ਹੋਵੇ?”
ਸ਼ਾਨਦਾਰ ਵਰਦੀਆਂ ਪਾਈ ਮਿਊਂਸਪਲ ਪੁਲਿਸ ਵਾਲ਼ੇ ਦੋ-ਦੋ ਤਿੰਨ-ਤਿੰਨ ਜਣੇ ਖੜੋਤੇ ਇਹ ਵੇਖ ਰਹੇ ਸਨ ਕਿ ਭੀੜ ਕਰ ਕੇ ਕਿਤੇ ਗੱਡੀਆਂ ਦੀ ਆਵਾਜਾਈ ਵਿੱਚ ਰੁਕਾਵਟ ਨਾ ਪਵੇ। ਪੁਲਿਸ ਵਾਲ਼ੇ ਬਿਲਕੁਲ ਨਿਰਪੱਖ ਸਨ। ਉਹ ਨਿੰਦਕਾਂ ਨੂੰ ਵੀ ਤੇ ਨਿੰਦੇ ਜਾਣ ਵਾਲ਼ਿਆਂ ਨੂੰ ਵੀ ਇੱਕੋ ਅੱਖ ਨਾਲ਼ ਵੇਖ ਰਹੇ ਸਨ ਤੇ ਜਦ ਰੌਲਾ ਹੋਰ ਉੱਚਾ ਹੋ ਜਾਂਦਾ, ਹੱਥਾਂ ਦੀਆਂ ਹਰਕਤਾਂ ਹੋਰ ਤੇਜ਼ ਹੋ ਜਾਂਦੀਆਂ ਤਾਂ ਦੋਹਾਂ ਪੱਖਾਂ ਦਾ ਮੁਸਕਰਾਉਂਦੇ ਹੋਏ ਮਖ਼ੌਲ ਉਡਾਉਂਦੇ ਸਨ। ਪੁਲਸ ਦਾ ਇੱਕ ਦਸਤਾ ਆਪਣੀਆਂ ਛੋਟੀਆਂ ਹੌਲ਼ੀਆਂ ਬੰਦੂਕਾਂ ਸੰਭਾਲ਼ੀ ਨਾਲ਼ ਦੀ ਇੱਕ ਸੌੜੀ ਗਲੀ ਦੇ ਮਕਾਨਾਂ ਦੇ ਸਾਹਮਣੇ ਖੜੋਤਾ ਸੀ ਤਾਂ ਜੋ ਲੋਕਾਂ ਤੇ ਹੜਤਾਲੀਆਂ ਦੀ ਝੜਪ ਹੋਣ ‘ਤੇ ਵਿੱਚ ਪੈ ਕੇ ਰੋਕਿਆ ਜਾ ਸਕੇ। ਇਸ ਦਸਤੇ ਦੇ ਸਿਪਾਹੀ ਘਿਨਾਉਣੇ ਲੱਗ ਰਹੇ ਸਨ। ਉਨ੍ਹਾਂ ਤਿਨਕੁਰੀਆਂ ਟੋਪੀਆਂ, ਬਿਨ੍ਹਾਂ ਬਾਹਾਂ ਦੇ ਚੋਗ਼ੇ ਤੇ ਲਾਲ ਧਾਰੀਆਂ ਵਾਲ਼ੀਆਂ ਪਤਲੂਣਾਂ ਪਾਈਆਂ ਹੋਈਆਂ ਸਨ। ਪਤਲੂਣਾਂ ਉੱਤੇ ਲਾਲ ਰੰਗ ਦੀਆਂ ਦੋ ਦੋ ਧਾਰੀਆਂ ਇੰਜ ਲੱਗ ਰਹੀਆਂ ਸਨ ਜਿਵੇਂ ਲਹੂ ਦੀਆਂ ਲੀਕਾਂ ਹੋਣ।
ਚਾਣਚੱਕ ਚੁੱਪ ਛਾਅ ਗਈ। ਨਾ ਝਗੜਾ ਰਿਹਾ, ਨਾ ਮਖੌਲ, ਨਾ ਗਾਲ੍ਹਾਂ। ਇੰਞ ਜਾਪਿਆ ਜਿਵੇਂ ਭੀੜ ਇੱਕ ਨਵੀਂ ਚੇਤਨਾ ਆ ਗਈ ਹੋਵੇ, ਇੱਕ ਸ਼ਾਂਤੀ ਦਾ ਅਹਿਸਾਸ। ਤਣੇ ਹੋਏ ਚਿਹਰੇ ਲੈ ਕੇ ਹੜਤਾਲੀ ਇੱਕ ਦੂਜੇ ਦੇ ਹਾਰ ਨੇੜੇ ਹੋ ਗਏ ਜਦ ਭੀੜ ਚੋਂ ਉੱਚੀ ਅਵਾਜ਼ ਉੱਠੀ –
“ਸਿਪਾਹੀ।”
ਹੜਤਾਲੀਆਂ ਖ਼ਿਲਾਫ ਵਜਾਈਆਂ ਨਫ਼ਰਤ ਤੇ ਜਿੱਤ ਦੀਆਂ ਸੀਟੀਆਂ ਦੀ ਅਵਾਜ਼ ਸਵਾਗਤ ਭਰੇ ਰੌਲ਼ੇ ਵਿੱਚ ਮਿਲ਼ ਗਈ ਤੇ ਹਲਕੇ ਭੂਰੇ ਰੰਗ ਦਾ ਸੂਟ ਤੇ ਪਨਾਮਾ ਦਾ ਟੋਪ ਪਾਈ ਇੱਕ ਹੱਟਾ ਕੱਟਾ ਆਦਮੀ ਪੱਥਰ ਦੇ ਪੱਕੇ ਰਾਹ ‘ਤੇ ਪੈਰਾਂ ਦਾ ਖੜਾਕ ਕਰਦਾ ਹੋਇਆ ਨੱਚਣ ਟੱਪਣ ਲੱਗਾ।
ਕੰਡਕਟਰ ਤੇ ਡਰਾਈਵਰ ਭੀੜ ਨੂੰ ਚੀਰਦੇ ਹੋਏ ਸਹਿਜੇ ਸਹਿਜੇ ਟ੍ਰਾਮਾਂ ਵੱਲ ਵਧੇ ਤੇ ਕੁਝ ਟ੍ਰਾਮਾਂ ‘ਤੇ ਚੜ੍ਹ ਗਏ। ਚੁਫੇਰੇ ਦੇ ਚੀਕ ਚਿਹਾੜੇ ਤੇ ਗਾਲ੍ਹਾਂ ਦਾ ਮੂੰਹ ਤੋੜ ਜਵਾਬ ਦਿੰਦੇ ਹੋਏ ਜਦ ਉਹ ਭੀੜ ਨੂੰ ਚੀਰ ਕੇ ਅੱਗੇ ਵਧ ਰਹੇ ਸਨ ਤਾਂ ਉਨ੍ਹਾਂ ਦੇ ਚਿਹਰੇ ਹੋਰ ਵੀ ਗੰਭੀਰ ਦਿਸ ਹਰੇ ਸਨ। ਰੌਲ਼ਾ ਘਟਣ ਲੱਗਾ।
ਸਾਂਤਾ ਲੂਸੀਆ ਬੰਨ੍ਹ ਵੱਲੋਂ ਭੂਰੀਆਂ ਵਰਦੀਆਂ ਵਾਲ਼ੇ ਸਿਪਾਹੀ ਨਾਚ ਦੀ ਲੈਅ ਤੇ ਕਦਮਾਂ ਦੀ ਅਵਾਜ਼ ਕਰਦੇ ਹੋਏ ਆਏ। ਉਨ੍ਹਾਂ ਦੇ ਹੱਥ ਮਸ਼ੀਨ ਵਾਂਗ ਅੱਗੇ ਪਿੱਛੇ ਹਿੱਲ ਰਹੇ ਸਨ। ਉਹ ਟੀਮ ਦੇ ਸਿਪਾਹੀਆਂ ਵਰਗੇ ਲੱਗ ਰਹੇ ਸਨ ਤੇ ਖਿਡੌਣਿਆਂ ਵਾਂਗ ਟੁੱਟ ਜਾਣ ਵਾਲ਼ੇ। ਉਨ੍ਹਾਂ ਦਾ ਆਗੂ ਇੱਕ ਲੰਬਾ ਸੁਣੱਖਾ ਅਫ਼ਸਰ ਸੀ ਜਿਸ ਦੀਆਂ ਭੌਆਂ ਸੁੰਗੜੀਆਂ ਹੋਈਆਂ ਸਨ ਤੇ ਬੁੱਲ੍ਹ ਨਫ਼ਰਤ ਨਾਲ਼ ਮੁੜੇ ਹੋਏ। ਉਸ ਦੇ ਨਾਲ਼ ਇੱਕ ਗੱਠੇ ਹੋਏ ਸਰੀਰ ਵਾਲ਼ਾ ਆਦਮੀ ਉੱਛਲ਼ਦਾ ਹੋਇਆ ਤੁਰ ਰਿਹਾ ਸੀ। ਉਸ ਦੇ ਸਿਰ ‘ਤੇ ਟੌਪ-ਹੈਟ ਸੀ। ਉਹ ਬਕੜਵਾਹ ਕਰ ਰਿਹਾ ਸੀ ਤੇ ਹੱਥਾਂ ਦੀਆਂ ਬੇਹਿਸਾਬ ਹਰਕਤਾਂ ਨਾਲ਼ ਜਿਵੇਂ ਹਵਾ ਨੂੰ ਚਾਰ ਰਿਹਾ ਸੀ।
ਭੀੜ ਟ੍ਰਾਮਾਂ ਦੇ ਪਿਛਾਂਹ ਵੱਲ ਹੱਟ ਗਈ। ਸਿਪਾਹੀ ਮਾਲਾ ਦੇ ਭੂਰੇ ਮਣਕਿਆਂ ਵਾਂਗ ਖਿੰਡਰ ਗਏ ਤੇ ਉਨ੍ਹਾਂ ਨੇ ਉਥੇ ਹੀ ਟ੍ਰਾਮਾਂ ਦੇ ਪਲਾਟਫ਼ਾਰਮਾਂ ਦੇ ਕੋਲ਼ ਆਪਣੀਆਂ ਥਾਵਾਂ ਮੱਲ ਲਈਆਂ ਜਿੱਥੇ ਹੜਤਾਲੀ ਖੜੇ ਸਨ।
ਟੌਪ-ਹੈਟ ਵਾਲ਼ੇ ਆਦਮੀ ਨੇ ਤੇ ਉਸ ਦੇ ਆਲ਼ੇ-ਦੁਆਲ਼ੇ ਖੜੇ ਇੱਜ਼ਤਦਾਰ ਵਿਖਾਈ ਦੇਣ ਵਾਲ਼ੇ ਸ਼ਹਿਰੀਆਂ ਨੇ ਆਪਣੇ ਹੱਥ ਜ਼ੋਰ ਨਾਲ਼ ਹਿਲਾ ਕੇ ਉੱਚੀ ਸਾਰੀ ਕਿਹਾ-
“ਇਹ ਆਖ਼ਰੀ ਮੌਕਾ ਏ … ਅਲਤੀਮਾ ਵੋਲਤਾ! ਸੁਣਿਆ ਤੁਸੀਂ?”
ਅਫ਼ਸਰ ਸਿਰ ਨਿਵਾਈ, ਜਿਵੇਂ ਆਪਣੇ ਆਪ ਵਿੱਚ ਗਵਾਚਾ, ਮੁੱਛਾਂ ਨੂੰ ਮਰੋੜ ਰਿਹਾ ਸੀ। ਉਹ ਆਪਣੇ ਟੌਪ-ਹੈਟ ਨੂੰ ਹਿਲਾਉਂਦਾ ਹੋਇਆ ਕੰਨ-ਖਾਊ ਅਵਾਜ਼ ਵਿੱਚ ਚੀਕਦਾ ਹੋਇਆ ਅਫ਼ਸਰ ਵੱਲ ਭੱਜਾ। ਅਫ਼ਸਰ ਨੇ ਕਨੋਖੀਆ ਨਾਲ਼ ਉਸ ਵੱਲ ਤੱਕਿਆ, ਫੇਰ ਆਪਣੇ ਆਪ ਨੂੰ ਸੰਭਾਲ਼ਿਆ ਤੇ ਛਾਤੀ ਤਾਣ ਕੇ ਜ਼ੋਰਦਾਰ ਅਵਾਜ਼ ਵਿੱਚ ਹੁਕਮ ਦੇਣ ਲੱਗਾ। ਹੁਕਮ ਸੁਣਦਿਆਂ ਹੀ ਸਿਪਾਹੀ ਉੱਛਲ਼ ਕੇ ਟ੍ਰਾਮਾਂ ਦੇ ਪਾਏਦਾਨਾਂ ‘ਤੇ ਚੜ੍ਹਨ ਲੱਗੇ। ਇੱਕ-ਇੱਕ ਪਾਏਦਾਨ ‘ਤੇ ਦੋ-ਦੋ ਸਿਪਾਹੀ ਖੜ੍ਹੇ ਹੋਏ, ਜਦ ਕਿ ਡਰਾਈਵਰ ਤੇ ਕੰਡਕਟਰ ਇੱਕ-ਦੂਜੇ ਦੇ ਮਗਰ ਛਾਲ਼ ਮਾਰ ਕੇ ਥੱਲੇ ਆ ਗਏ।
ਭੀੜ ਨੂੰ ਇਹ ਦ੍ਰਿਸ਼ ਬੜਾ ਸਵਾਦਲਾ ਲੱਗਾ। ਲੋਕਾਂ ਨੇ ਚੀਕਾਂ ਮਾਰੀਆਂ, ਹੱਸੇ ਤੇ ਸੀਟੀਆਂ ਵਜਾਈਆਂ। ਪਰ ਰੌਲ਼ਾ ਚਾਣਚੱਕ ਰੁਕ ਗਿਆ ਤੇ ਲੋਕ, ਤਣੇ ਹੋਏ ਗੰਭੀਰ ਚਿਹਰੇ ਤੇ ਹੈਰਾਨੀ ਨਾਲ਼ ਫੈਲੀਆਂ ਅੱਖਾਂ ਲਈ ਟ੍ਰਾਮਾਂ ਕੋਲ਼ੋਂ ਚੁੱਪ-ਚਾਪ ਪਿਛਾਂਹ ਹਟ ਗਏ ਤੇ ਸਭ ਤੋਂ ਅੱਗੇ ਖੜੋਤੀ ਟ੍ਰਾਮ ਵੱਲ ਭੀੜ-ਭੜੱਕੇ ਵਿੱਚ ਅੱਗੇ ਵਧਣ ਲੱਗੇ।
ਓਥੇ ਉਨ੍ਹਾਂ ਵੇਖਿਆ ਕਿ ਟ੍ਰਾਮਾਂ ਦੇ ਪਹੀਆ ਤੋਂ ਦੋ ਫ਼ੁਟ ਦੀ ਵਿੱਥ ‘ਤੇ ਡਰਾਈਵਰ ਲੰਮਾ ਪੈ ਗਿਆ। ਉਸ ਦੇ ਚਿੱਟੇ ਵਾਲ਼ਾਂ ਵਾਲ਼ਾ ਸਿਰ ਨੰਗਾ ਸੀ ਤੇ ਚਿਹਰਾ ਅਸਮਾਨ ਵੱਲ ਵੇਖ ਰਿਹਾ ਸੀ। ਉਸ ਦਾ ਚਿਹਰਾ ਸਿਪਾਹੀ ਦਾ ਚਿਹਰਾ ਸੀ ਤੇ ਉਸ ਦੀਆਂ ਮੁੱਛਾਂ ਜਿਵੇਂ ਗ਼ੁੱਸੇ ਨਾਲ਼ ਖੜੋਤੀਆਂ ਹੋਈਆਂ ਸਨ। ਲੋਕ ਅੱਖਾਂ ਟੱਡੀ ਵੇਖ ਹੀ ਰਹੇ ਸਨ ਕਿ ਬਾਂਦਰ ਵਾਂਗ ਚੰਚਲ ਇੱਕ ਛੋਟਾ ਜਿਹਾ ਮੁੰਡਾ ਅੱਗੇ ਵਧ ਕੇ ਡਰਾਈਵਰ ਦੇ ਕੋਲ਼ ਲੰਮਾ ਪੈ ਗਿਆ ਤੇ ਫੇਰ ਇੱਕ-ਇੱਕ ਕਰਕੇ ਕਈ ਹੋਰ ਵੀ ਉਸ ਵਾਂਗ ਲੰਮੇ ਪੈ ਗਏ।
ਭੀੜ ਵਿੱਚ ਇੱਕ ਹਲਕੀ ਜਿਹੀ ਭਿਣਭਿਣਾਹਟ ਪੈਦਾ ਹੋਈ ਤੇ ਲੋਕਾਂ ਨੇ ਡਰਦਿਆਂ ਮਾਰੇ ਦੇਵੀ ਮੋਦੱਨਾ ਨੂੰ ਬੁਲਾਇਆ। ਕੁਝ ਇੱਕ ਨੇ ਗਾਲ੍ਹਾਂ ਕੱਢੀਆਂ। ਤੀਵੀਂ ਦਾ ਚੀਕ ਚਿਹਾੜਾ ਪਿਆ ਤੇ ਬੱਚੇ ਜੋਸ਼ ਵਿੱਚ ਆਕੇ ਰਬੜ ਦੀ ਗੇਂਦ ਵਾਂਗ ਉੱਛਲ਼ਦੇ ਰਹੇ।
ਟੌਪ-ਹੈਟ ਵਾਲ਼ਾ ਆਦਮੀ ਆਪੇ ਤੋਂ ਬਾਹਰ ਹੋ ਕੇ ਚੀਕ ਉੱਠਿਆ, ਅਫ਼ਸਰ ਨੇ ਉਸ ਵੱਲ ਵੇਖਿਆ ਤੇ ਆਪਣੇ ਮੋਢੇ ਕੱਠੇ ਕੀਤੇ। ਟ੍ਰਾਮ ਡਰਾਈਵਰਾਂ ਦਾ ਕੰਮ ਕਰਨ ਲਈ ਉਸ ਦੇ ਸਿਪਾਹੀ ਭੇਜੇ ਗਏ ਸਨ, ਪਰ ਹੜਾਲੀਆ ਨਾਲ਼ ਲੜਨ ਝਗੜਨ ਦਾ ਹੁਕਮ ਉਸ ਕੋਲ਼ ਨਹੀਂ ਸੀ।
ਤਦ ਕੁਝ ਚਾਪਲੂਸ ਸ਼ਹਿਰੀਆਂ ਨਾਲ਼ ਘਿਰਿਆ ਹੋਇਆ ਉਹ ਟੌਪ-ਹੈਟ ਵਾਲਾ ਆਦਮੀ ਤਿੱਖੇ ਪੈਰੀਂ ਸਿਪਾਹੀ ਵੱਲ ਵਧਿਆ ਤੇ ਇਹ ਲੋਕ ਅੱਗੇ ਵਧ ਕੇ ਪਟੜੀ ਤੇ ਲੰਮੇ ਪਏ ਹੋਏ ਆਦਮੀਆਂ ਨੂੰ ਓਥੋਂ ਹਟਾਉਣ ਲਈ ਨਿਉਂ ਗਏ। ਥੋੜੀ ਜਿੰਨੀ ਹੱਥੋ-ਪਾਈ ਹੋਈ ਤੇ ਫੇਰ ਚਾਣਚੱਕ ਦਰਸ਼ਕਾਂ ਦੀ ਸਾਰੀ ਭੀੜ, ਜੋ ਘੱਟੇ ਨਾਲ਼ ਧੂੜੀ ਗਈ ਸੀ, ਅੱਗੇ ਵਧੀ, ਗਰਜ਼ੀ ਤੇ ਰੌਲ਼ਾ ਪਾਉਂਦੀ ਪਟੜੀਆਂ ਵੱਲ ਭੱਜ ਗਈ। ਪਨਾਮਾ-ਟੋਪ ਵਾਲ਼ੇ ਆਦਮੀ ਨੇ ਝਟਕੇ ਨਾਲ਼ ਟੋਪ ਲਾਇਆ। ਹਵਾ ਵਿੱਚ ਉਛਾਲ਼ਿਆ ਤੇ ਸਭ ਤੋਂ ਪਹਿਲਾਂ ਅੰਤਲੇ ਹੜਤਾਲੀ ਕੋਲ਼ ਲੰਮਾ ਪੈ ਗਿਆ। ਹੜਤਾਲੀ ਦੇ ਮੋਢੇ ਨੂੰ ਉਸ ਨੇ ਥਾਪੜਿਆ ਤੇ ਉੱਚੀ ਉੱਚੀ ਉਸ ਨੂੰ ਹੌਂਸਲੇ ਭਰੀਆਂ ਗੱਲਾਂ ਕਹੀਆਂ।
ਲੋਕ ਇੱਕ ਇੱਕ ਕਰ ਕੇ ਇੰਜ ਪਟੜੀਆਂ ‘ਤੇ ਡਿੱਗਣ ਲੱਗੇ ਜਿਵੇਂ ਉਨ੍ਹਾਂ ਦੇ ਪੈਰਾਂ ਥਲਿਓ ਧਰਤੀ ਖਿਸਕਦੀ ਜੀ ਰਹੀ ਹੋਵੇ। ਉਹ ਲੋਕ ਬੜੇ ਹੱਸਮੁਖ ਸਨ ਤੇ ਬੜਾ ਰੌਲ਼ਾ ਰਹੇ ਸਨ। ਦੋ ਮਿੰਟ ਪਹਿਲਾਂ ਉਨ੍ਹਾਂ ਦਾ ਓਥੇ ਕੋਈ ਥਹੁ ਪਤਾ ਵੀ ਨਹੀਂ ਸੀ। ਥੱਲੇ ਡਿੱਗਦੇ ਹੋਏ ਉਹ ਹੱਸ ਰਹੇ ਸਨ, ਇੱਕ-ਦੂਜੇ ਵੱਲ ਵੇਖ ਕੇ ਮੂੰਹ ਬਣਾ ਰਹੇ ਸਨ ਤੇ ਉਸ ਅਫ਼ਸਰ ਵੱਲ ਸੈਨਤਾਂ ਕਰਦੇ ਹੋਏ ਰੌਲ਼ਾ ਪਾ ਰਹੇ ਸਨ ਜੋ ਉਸ ਟੌਪ-ਹੈਟ ਵਾਲ਼ੇ ਆਦਮੀ ਨਾਲ਼ ਗੱਲਾਂ ਕਰ ਰਿਹਾ ਸੀ। ਕੁੱਝ ਮੁਸਕਰਾਂਉਂਦਾ ਹੋਇਆ ਆਪਣੇ ਦਸਤਾਨੇ ਉਸ ਦੇ ਨੱਕ ਦੇ ਥੱਲੇ ਕਰ ਕੇ ਹਿਲਾ ਰਿਹਾ ਸੀ ਤੇ ਆਪਣੇ ਸੁਹਣੇ ਸਿਰ ਨੂੰ ਝਟਕਾ ਦੇ ਰਿਹਾ ਸੀ। ਹੋਰ ਹੋਰ ਲੋਕ ਪਟੜੀਆਂ ‘ਤੇ ਵਿਛਦੇ ਗਏ, ਤੀਵੀਂਆਂ ਨੇ ਆਪਣੀਆਂ ਟੋਕਰੀਆਂ ਤੇ ਗੰਢਾਂ ਸੁੱਟ ਦਿੱਤੀਆਂ। ਹਾਸੇ ਨਾਲ਼ ਲੋਟ ਪੋਟ ਹੋ ਰਹੇ ਬੱਚੇ ਕੰਬਦੇ ਹੋਏ ਕਤੂਰਿਆਂ ਵਾਂਗ ਕੱਠੇ ਹੋ ਗਏ ਤੇ ਸੁਹਣੇ ਲਿਬਾਸਾਂ ਵਾਲ਼ੇ ਲੋਕ ਵੀ ਧੂੜ ਵਿੱਚ ਲੰਮੇ ਪੈ ਗਏ।
ਅਗਲੀ ਗੱਡੀ ਦੇ ਪਲਾਟਫ਼ਾਰਮ ਤੇ ਖੜੇ ਪੰਜਾਂ ਸਿਪਾਹੀਆਂ ਨੇ ਪਟੜੀਆਂ ‘ਤੇ ਪਏ ਮਨੁੱਖੀ ਸਰੀਰਾਂ ਦੇ ਢੇਰ ਨੂੰ ਵੇਖਿਆ ਤੇ ਬੇਤਹਾਸ਼ਾ ਹੱਸਣ ਲਗੇ। ਹੱਸਦੇ ਹੋਏ ਇੰਝ ਲੋਟ-ਪੋਟ ਹੋਣ ਲੱਗੇ ਕਿ ਡਿੱਗਣੋ ਬਚਣ ਲਈ ਉਨ੍ਹਾਂ ਨੇ ਲੋਹੇ ਦੀਆਂ ਸੀਖਾਂ ਨੂੰ ਫੜ ਲਿਆ ਤੇ ਆਪਣੇ ਸਿਰਾਂ ਨੂੰ ਪਿਛਾਂਹ ਵੱਲ ਝਟਕਦੇ ਤੇ ਅਗਾਂਹ ਵੱਲ ਸੁੱਟਦੇ ਇਸ ਦ੍ਰਿਸ਼ ਨੂੰ ਮਾਨਣ ਲੱਗੇ। ਹੁਣ ਉਹ ਟੀਨ ਦੇ ਬਣੇ ਸਿਪਾਹੀ ਨਹੀਂ ਸਨ ਲੱਗ ਰਹੇ।
… ਅੱਧੇ ਘੰਟੇ ਮਗਰੋਂ ਟ੍ਰਾਮਾਂ ਝਨ ਝਨ ਠਨ ਠਨ ਕਰਦੀਆਂ ਨੇਪਲਸ ਦੀਆਂ ਸੜਕਾਂ ‘ਤੇ ਸਰਪਟ ਦੌੜਨ ਲੱਗੀਆਂ। ਪਲੇਟਫ਼ਾਰਮ ਤੇ ਖੁਸ਼ੀ ਨਾਲ਼ ਚਮਕਦੇ ਚਿਹਰਿਆਂ ਵਾਲ਼ੇ ਜੇਤੂ ਖੜੇ ਸਨ ਜੋ ਟ੍ਰਾਮਾਂ ਵਿੱਚ ਤੁਰਦੇ ਹੋਏ ਨਰਮੀ ਨਾਲ਼ ਪੁੱਛ ਰਹੇ ਸਨ-
”ਟਿਕਟ?”
ਤੇ ਮੁਸਾਫ਼ਰ ਅੱਖ ਮਾਰਦੇ ਹੋਏ, ਮੁਸਕਰਾਉਂਦੇ ਹੋਏ ਤੇ ਮਜ਼ਾਕ ਵਿੱਚ ਹਲਕੀ ਜਿਹੀ ਨਰਾਜ਼ਗੀ ਪ੍ਰਗਟ ਕਰਦੇ ਹੋਏ ਉਨ੍ਹਾਂ ਨੂੰ ਲਾਲ ਪੀਲ਼ੇ ਨੋਟ ਦੇ ਰਹੇ ਸਨ।

  • ਮੁੱਖ ਪੰਨਾ : ਮੈਕਸਿਮ ਗੋਰਕੀ ਦੀਆਂ ਕਹਾਣੀਆਂ ਤੇ ਹੋਰ ਰਚਨਾਵਾਂ ਪੰਜਾਬੀ ਵਿੱਚ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ