Ik Benaam Kahani (Punjabi Story) : Abid Suhail

ਇਕ ਬੇਨਾਮ ਕਹਾਣੀ : ਆਬਿਦ ਸੁਹੇਲ

ਉਸਨੂੰ ਦੋਏਂ ਵੇਲੇ ਖਾਣਾ ਮਿਲ ਜਾਂਦਾ ਹੈ ਜਾਂ ਨਹੀਂ—ਇਹ ਗੱਲ ਪੂਰੇ ਵਿਸ਼ਵਾਸ ਨਾਲ ਨਹੀਂ ਆਖੀ ਜਾ ਸਕਦੀ ਸੀ। ਅਸਲ ਵਿਚ ਕਿਸੇ ਨੇ ਉਸ ਬਾਰੇ ਏਨਾ ਸੋਚਿਆ ਹੀ ਨਹੀਂ ਸੀ ਕਦੇ। ਹਾਂ ਕਦੇ-ਕਦੇ ਉਹ ਉਸ ਦੀਆਂ ਆਦਤਾਂ ਦਾ ਮਜ਼ਾਕ ਜ਼ਰੂਰ ਉਡਾਉਂਦੇ ਹੁੰਦੇ ਸਨ। ਉਹ ਇਹ ਕਿ ਜਦ ਉਹ ਖਾਣਾ ਖਾਣ ਬੈਠਦਾ ਹੈ ਤਦ ਦੋ ਕੁੱਤੇ ਜਿਹੜੇ ਰਾਤ ਨੂੰ ਉਸੇ ਦੁਕਾਨ ਦੇ ਤਖ਼ਤਪੋਸ਼ ਹੇਠ ਸੌਂਦੇ ਸਨ, ਉਸ ਕੋਲ ਆ ਕੇ ਖਲੋ ਜਾਂਦੇ ਸਨ—ਤੇ ਉਹ ਇਕ ਬੁਰਕੀ ਆਪ ਤੇ ਇਕ ਇਕ ਉਹਨਾਂ ਨੂੰ ਖੁਆ ਰਿਹਾ ਹੁੰਦਾ ਹੈ। ਜਦੋਂ ਪਹਿਲੀ ਵਾਰ ਰਾਮ ਬਾਬੂ ਨੇ ਉਸਨੂੰ ਇੰਜ ਕਰਦਿਆਂ ਦੇਖਿਆ ਸੀ, ਉਹ ਉਸ ਉੱਤੇ ਵਰ੍ਹ ਹੀ ਪਏ ਸਨ—ਤੇ ਉਹ ਚੁੱਪਚਾਪ ਉਹਨਾਂ ਵੱਲ ਬਿਟਰ-ਬਿਟਰ ਝਾਕਦਾ ਰਿਹਾ ਸੀ। ਫੇਰ ਉਸਨੇ ਅਖ਼ਬਾਰ ਦਾ ਉਹ ਟੁਕੜਾ ਜਿਸ ਵਿਚ ਦੋ ਤਿੰਨ ਬੇਹੀਆਂ ਰੋਟੀਆਂ ਸਨ ਤੇ ਥੋੜ੍ਹੀ ਜਿਹੀ ਸੁੱਕੀ ਸਬਜ਼ੀ ਵੀ ਸੀ, ਉਹਨਾਂ ਕੁੱਤਿਆਂ ਮੂਹਰੇ ਸੁੱਟ ਦਿੱਤਾ ਸੀ। ਉਸਦੀ ਇਹ ਹਰਕਤ ਦੇਖ ਕੇ ਰਾਮ ਬਾਬੂ ਅੰਦਰੇ-ਅੰਦਰ ਖੁਸ਼ ਹੋ ਗਏ ਸਨ ਤੇ ਉਹਨਾਂ ਇਹ ਕਹਾਣੀ ਜਾ ਕੇ ਆਪਣੀ ਪਤਨੀ ਨੂੰ ਸੁਣਾਈ ਸੀ—ਪਤਨੀ ਨੇ ਬੱਚਿਆਂ ਨੂੰ ਤੇ ਬੱਚਿਆਂ ਨੇ ਮੁਹੱਲੇ ਦੇ ਹੋਰ ਬੱਚਿਆਂ ਨੂੰ—ਇੰਜ ਇਹ ਗੱਲ ਸਾਰੇ ਮੁਹੱਲੇ ਵਿਚ ਆਮ ਹੋ ਗਈ ਸੀ ਤੇ ਉਸ ਦਿਨ ਤੋਂ ਲੋਕ ਉਸਨੂੰ 'ਕੁੱਤਿਆਂ ਵਾਲਾ' ਕਹਿ ਕੇ ਬੁਲਾਉਣ ਲੱਗ ਪਏ ਸਨ। ਪਰ ਫੇਰ ਸ਼ਾਇਦ ਉਹਨਾਂ ਸਭਿਅ ਲੋਕਾਂ ਨੂੰ ਇਸ ਨਾਂ ਦੇ ਬੰਦੇ ਤੋਂ ਕੰਮ ਲੈਣਾ ਠੀਕ ਨਹੀਂ ਸੀ ਲੱਗਿਆ, ਸੋ ਉਹ ਦੁਬਾਰ ਉਸਨੂੰ—ਭੋਲੂ, ਨਿੱਕੇ ਜਾਂ ਓ-ਓਇ ਹੀ ਕਹਿਣ ਲੱਗ ਪਏ ਸਨ। ਉਸਨੂੰ ਨਾ, ਨਵੇਂ ਨਾਂਅ ਉਪਰ ਕੋਈ ਇਤਰਾਜ਼ ਸੀ ਤੇ ਨਾ ਹੀ ਪੁਰਾਣਿਆਂ ਉਪਰ...ਨਾ, ਕੋਈ ਕੰਮ ਪਸੰਦ ਸੀ ਤੇ ਨਾ ਹੀ ਨਾ-ਪਸੰਦ।
ਉਹ ਹਰ ਵੇਲੇ ਉਹਨਾਂ ਮਕਾਨਾ ਦੇ ਨੇੜੇ-ਤੇੜੇ ਹੀ ਰਹਿੰਦਾ, ਪਰ ਲੋਕਾਂ ਨੂੰ ਉਦੋਂ ਹੀ ਯਾਦ ਆਉਂਦਾ ਜਦੋਂ ਉਸ ਤੋਂ ਕੋਈ ਕੰਮ ਕਰਵਾਉਣਾ ਹੁੰਦਾ। ਇਸ ਗੱਲ ਉਪਰ ਵੀ ਉਹ ਨਾ, ਨਾ ਖੁਸ਼ ਸੀ ਤੇ ਨਾ ਹੀ ਨਾਰਾਜ਼।
ਫੇਰ ਇਕ ਦਿਨ...ਜਦ ਵਧੇਰੇ ਲੋਕ ਆਪੋ-ਆਪਣੇ ਦਫ਼ਤਰਾਂ ਜਾਂ ਕੰਮਾਂ-ਧੰਦਿਆਂ ਤੋਂ ਪਰਤ ਆਏ ਸਨ ਜਾਂ ਫੇਰ ਕੁਝ ਆਉਣ ਹੀ ਵਾਲੇ ਸਨ। ਘਰਾਂ ਵਿਚ ਬੱਚਿਆਂ ਨੇ ਚੀਕਾ-ਰੌਲੀ ਪਾ ਦਿੱਤੀ ਸੀ ਤੇ ਕੁਝ ਚਿਰ ਬਾਅਦ ਹੀ ਉਹਨਾਂ ਨੇ ਪੜ੍ਹਨ ਬੈਠ ਜਾਣਾ ਸੀ। ਔਰਤਾਂ ਚਾਹ ਬਣਾਅ ਰਹੀਆਂ ਸਨ ਜਾਂ ਪੀ ਰਹੀਆਂ ਸਨ ਜਾਂ ਆਪਣੀਆਂ ਪੂਰੇ ਦਿਨ ਦੀਆਂ ਪ੍ਰੇਸ਼ਾਨੀਆਂ ਦੀ ਕਹਾਣੀ, ਆਪਣੇ ਕੰਮਾਂ-ਕਾਰਾਂ ਤੋਂ ਆਰਾਮ ਕਰਨ ਲਈ ਪਰਤੇ ਪਤੀਆਂ ਨੂੰ ਸੁਣਾਅ ਰਹੀਆਂ ਸਨ। ਇਕ ਮਕਾਨ ਵਿਚੋਂ ਕਿਸੇ ਨੇ ਕਿਸੇ ਨੂੰ ਆਵਾਜ਼ ਮਾਰੀ। ਹੋਇਆ ਇਹ ਸੀ ਕਿ ਇਕ ਕਾਂਸਟੇਬਲ ਤੇ ਇਕ ਹੈਡਕਾਂਸਟੇਬਲ ਨੇ ਕਿਸੇ ਦਾ ਦਰਵਾਜ਼ਾ ਖੜਕਾਇਆ ਸੀ ਤੇ ਮਾਲਕ ਮਕਾਨ ਦੇ ਬਾਹਰ ਆਉਣ 'ਤੇ ਉਸਨੂੰ ਪੁੱਛਿਆ ਸੀ, '' ਤੁਹਾਡੇ ਘਰ ਕੋਈ ਚੋਰੀ ਹੋਈ ਹੈ?''
'ਸਾਡੇ ਘਰ—ਨਹੀਂ ਤਾਂ! ਦੇਖੋ, ਪੁੱਛਦਾ ਹਾਂ।'' ਕਹਿ ਕੇ ਉਸ ਝੱਟ ਅੰਦਰ ਚਲਾ ਗਿਆ ਸੀ ਤੇ ਉਸਨੇ ਅੰਦਰ ਜਾ ਕੇ ਪੁੱਛਣ ਦੀ ਬਜਾਏ ਇਕ ਗੁਆਂਢੀ ਨੂੰ ਆਵਾਜ਼ ਮਾਰੀ ਸੀ। ਅਗੋਂ ਉਸ ਗੁਆਂਢੀ ਨੇ ਦੋ ਪੁਲਸ ਵਾਲੇ ਦੇਖੇ ਤਾਂ ਨਾਲ ਵਾਲੇ ਮਕਾਨ ਦੇ ਦੋ ਹੋਰ ਸਾਹਬਾਂ ਨੂੰ ਨਾਲ ਲੈ ਆਇਆ। ਫੇਰ ਹੌਲੀ-ਹੌਲੀ ਉਹਨਾਂ ਮਕਾਨਾਂ ਦੇ ਸਾਰੇ ਮਰਦ, ਕੁਝ ਬੱਚੇ ਤੇ ਇਕ ਦੋ ਔਰਤਾਂ ਵੀ ਬਾਹਰ ਆ ਗਈਆਂ। ਪਰ ਕੋਈ ਵੀ ਪੂਰੇ ਵਿਸ਼ਵਾਸ ਨਾਲ ਇਹ ਨਾ ਦੱਸ ਸਕਿਆ ਕਿ ਉਸਦੇ ਘਰ ਚੋਰੀ ਹੋਈ ਹੈ ਜਾਂ ਨਹੀਂ। ਹੋ ਸਕਦਾ ਹੈ, ਹੋਈ ਹੋਏ ਤੇ ਉਹਨਾਂ ਨੂੰ ਵੀ ਪਤਾ ਨਾ ਲੱਗਿਆ ਹੋਏ। ਵਾਰੋ-ਵਾਰੀ ਸਾਰਿਆਂ ਨੇ ਆਪੋ-ਆਪਣੇ ਘਰੀਂ ਜਾ ਕੇ ਖ਼ੂਬ ਜਾਂਚ-ਪੜਤਾਲ ਕੀਤੀ ਪਰ ਬਾਹਰ ਆ ਕੇ ਸਿਰਫ ਇਹੀ ਕਿਹਾ—
'ਲੱਗਦਾ ਤਾਂ ਨਹੀਂ ਜੀ।'' ਜਾਂ ਅਜਿਹੀ ਹੀ ਕੋਈ ਹੋਰ ਗੱਲ ਕਹੀ।
'ਕਿਸੇ ਨੇ ਕੋਈ ਓਪਰਾ ਬੰਦਾ ਏਧਰ ਆਉਂਦਾ-ਜਾਂਦਾ ਤਾਂ ਨਹੀਂ ਦੇਖਿਆ?'' ਕਾਂਸਟੇਬਲ ਨੇ ਪੁੱਛਿਆ।
'ਓਪਰਾ ਬੰਦਾ—?''
ਸਾਰੇ ਇਕ ਦੂਜੇ ਦੇ ਮੂੰਹ ਵੱਲ ਤੱਕਣ ਲੱਗੇ। ਯਕਦਮ ਉਦੋਂ ਹੀ ਸਭਨਾਂ ਨੂੰ ਯਾਦ ਆ ਗਿਆ—ਉਹ ਭੀੜ ਵਿਚ ਨਹੀਂ ਸੀ। ਨਾ ਹੀ ਕਿਸੇ ਕੰਧ ਨਾਲ ਲੱਗਿਆ ਬੈਠਾ, ਸਿਰ ਹੀ ਖੁਰਕਦਾ, ਦਿਸਿਆ ਸੀ। ਨਾ ਹੀ ਉਸਨੂੰ ਕਿਸੇ ਨੇ ਕੋਈ ਕੰਮ ਹੀ ਭੇਜਿਆ ਸੀ।
'ਕੋਈ ਓਪਰਾ ਬੰਦਾ ਤਾਂ ਨਹੀਂ ਦਿਸਿਆ ਜੀ...ਪਰ ਉਹ ਵੀ ਨਹੀਂ ਦਿਸ ਰਿਹਾ।'' ਇਕ ਸਾਹਬ ਨੇ ਆਪਣੇ ਦਾ ਦਿਲ ਦਾ ਸ਼ੰਕਾ ਜਾਹਰ ਕੀਤਾ।
'ਉਹ ਕੌਣ?'' ਹੈਡਕਾਂਸਟੇਬਲ ਨੇ ਉੱਚੀ ਆਵਾਜ਼ ਵਿਚ ਪੁੱਛਿਆ।
'ਉਹ—ਓਹੀ...''
'ਕੁੱਤਿਆਂ ਵਾਲਾ।'' ਭੀੜ ਵਿਚੋਂ ਕਿਸੇ ਨੇ ਕਿਹਾ।
'ਕੌਣ ਕੁੱਤਿਆਂ ਵਾਲਾ?'' ਹੈਡਕਾਂਸਟੇਬਲ ਨੂੰ ਸੱਚਮੁੱਚ ਗੁੱਸਾ ਆ ਗਿਆ ਸੀ।
'ਹਾਂ ਦਰੋਗਾ ਜੀ...'' ਕਿਸੇ ਨੇ ਉਸਦਾ ਗੁੱਸਾ ਠੰਡਾ ਕਰਨ ਵਾਸਤੇ ਹੀ, ਉਸਦਾ ਰੈਂਕ ਵਧਾਅ ਦਿੱਤਾ ਸੀ। ''ਉਹ ਕੁੱਤਿਆਂ ਵਾਲਾ ਈ ਏ ਜੀ।''
'ਇਹ ਪੁਰਾਣਾ ਮੁਹੱਲਾ ਹੈ ਨਾ?'' ਹੈਡਕਾਂਸਟੇਬਲ ਨੇ ਜਿਸ ਦੇ ਗੁੱਸੇ ਦਾ ਪਾਰਾ, ਰੈਂਕ ਵਧਾਅ ਦਿੱਤੇ ਜਾਣ ਕਾਰਨ ਰਤਾ ਹੇਠਾਂ ਆ ਗਿਆ ਸੀ, ਪੁੱਛਿਆ।
'ਨਹੀਂ ਦਰੋਗਾ ਜੀ ਇਹ ਤਾਂ ਨਵਾਂ ਮੁਹੱਲਾ ਹੈ—ਪੁਰਾਣਾ ਮੁਹੱਲਾਂ ਓਧਰ ਏ, ਸੜਕ ਦੇ ਉਸ ਪਾਸੇ।''
'ਅੱਛਾ, ਅੱਛਾ...।'' ਉਹਨਾਂ ਕਿਹਾ ਤੇ ਹੱਸਦੇ ਹੋਏ ਸੜਕ ਵੱਲ ਤੁਰ ਪਏ। ਮੁਹੱਲੇ ਵਾਲਿਆਂ ਦੀ ਭੀੜ ਵੀ ਘਟਣ ਲੱਗੀ ਤੇ ਸਾਰੇ ਆਪੋ-ਆਪਣੇ ਘਰੀਂ ਚਲੇ ਗਏ। ਘਰਾਂ ਵਿਚ ਜਾ ਕੇ ਹਰੇਕ ਨੇ ਇਕ-ਇਕ ਚੀਜ਼ ਦਾ ਮੁਆਇਨਾ ਕੀਤਾ ਤੇ ਆਪਣੇ ਪਤਨੀ ਤੇ ਬੱਚਿਆਂ ਨੂੰ ਕਿਹਾ ਕਿ ਤੁਸੀਂ ਵੀ ਦੇਖੋ, ਕਿਤੇ ਕੋਈ ਚੀਜ਼ ਤਾਂ ਗੁੰਮ ਨਹੀਂ ਹੋਈ ਆਪਣੀ। ਪਰ ਕੋਈ ਚੀਜ਼ ਨਾ ਤਾਂ ਘੱਟ ਨਜ਼ਰ ਆਈ ਤੇ ਨਾ ਹੀ ਗਵਾਚੀ ਹੋਈ। ਫੇਰ ਹਰੇਕ ਨੇ ਆਪਣੇ ਆਪਣੇ ਘਰ ਦੇ ਮੈਂਬਰਾਂ ਤੋਂ ਇਹ ਜ਼ਰੂਰ ਪੁੱਛਿਆ ਸੀ ਕਿ ਉਹ ਕੁੱਤਿਆਂ ਵਾਲਾ ਕਦੋਂ ਕੁ ਦਾ ਨਜ਼ਰ ਨਹੀਂ ਆਇਆ?
ਕੁਝ ਚਿਰ ਉਸ ਘਟਨਾ ਦੇ ਚਰਚੇ ਹੁੰਦੇ ਰਹੇ। ਫੇਰ ਸਭ ਕੁਝ ਪਹਿਲਾਂ ਵਾਂਗ ਸਹਿਜ ਹੋ ਗਿਆ। ਬੱਸ ਦਿਲਾਂ ਵਿਚ ਇਕ ਸ਼ੱਕ ਰਹਿ ਗਿਆ ਸੀ।
ਰਾਤ ਜ਼ਰਾ ਗੂੜ੍ਹੀ ਹੋਈ ਤਾਂ ਰੁਕਮਣੀ ਨੇ ਬਚਿਆ-ਖੁਚਿਆ ਖਾਣਾ ਇਕ ਪੂਰਾਣੇ ਅਖ਼ਬਾਰ ਦੇ ਟੁਕੜੇ ਉੱਤੇ ਰੱਖ ਕੇ, ਹੌਲੀ ਜਿਹੀ ਦਰਵਾਜ਼ਾ ਖੋਹਲਿਆ। ਉਸ ਨੂੰ ਇਹ ਯਾਦ ਨਹੀਂ ਸੀ ਰਿਹਾ ਕਿ ਉਹ ਤਾਂ ਬੜੀ ਦੇਰ ਦਾ ਕਿਸੇ ਨੂੰ ਨਜ਼ਰ ਹੀ ਨਹੀਂ ਸੀ ਆਇਆ—ਉਹ ਸਾਹਮਣੇ ਹੀ ਬੈਠਾ ਸੀ ਤੇ ਨੀਵੀਂ ਪਾ ਕੇ ਸਿਰ ਖੁਰਕਣ ਲੱਗਿਆ ਹੋਇਆ ਸੀ।
'ਓ-ਓਇ।'' ਉਸਨੇ ਉਸਨੂੰ ਬੁਲਾਇਆ ਤੇ ਹੱਥ ਵਧਾਅ ਕੇ ਡਰਦਿਆਂ-ਡਰਦਿਆਂ ਅਖ਼ਬਾਰ ਦਾ ਪਿੰਨਾ ਜਿਹਾ ਉਸਦੇ ਹੱਥ ਉਪਰ ਰੱਖ ਦਿੱਤਾ।
'ਕਿੱਥੇ ਚਲਾ ਗਿਆ ਸੈਂ ਤੂੰ?'' ਉਸਨੇ ਪੁੱਛਿਆ।
ਪਰ ਉਹ ਅਖ਼ਬਾਰ ਦਾ ਪਿੰਨਾ ਫੜ੍ਹੀ, ਚੁੱਪਚਾਪ ਨੀਵੀਂ ਪਾਈ ਬੈਠਾ ਸਿਰ ਹੀ ਖੁਰਕਦਾ ਰਿਹਾ।
ਉਹ ਦਰਵਾਜ਼ਾ ਬੰਦ ਕਰਨ ਲੱਗੀ ਤਾਂ ਉਸਦੀ ਨਿਗਾਹ ਸਾਹਮਣੇ ਘਰ ਦੀ ਖਿੜਕੀ ਵੱਲ ਚਲੀ ਗਈ—ਉੱਥੇ ਰਾਮ ਬਾਬੂ ਖੜ੍ਹੇ ਉਹਨਾਂ ਦੋਹਾਂ ਵੱਲ ਦੇਖ ਰਹੇ ਸਨ।
ਕੁਝ ਚਿਰ ਬਾਅਦ ਇਜ਼ਹਾਰ ਮੀਆਂ ਦੀ ਆਵਾਜ਼ ਸੁਣਾਈ ਦਿੱਤੀ, '' ਓ-ਓਇ...ਸੁਣਦੈਂ, ਬਾਹਰਲੇ ਦਰਵਾਜ਼ੇ ਦੀ ਬੱਤੀ ਬੁਝਾ ਦੇਈਂ।''
ਉਹਨਾਂ ਦੀ ਆਵਾਜ਼ ਬੜੀ ਕੜਾਕੇਦਾਰ ਸੀ—ਕਈ ਮਕਾਨਾਂ ਦੀਆਂ ਖਿੜਕੀਆਂ ਖੁੱਲ੍ਹੀਆਂ, ਤੇ ਫੇਰ ਬੰਦ ਹੋ ਗਈਆਂ। ਉਸਦੀ ਵਾਪਸੀ ਦੀ ਖ਼ਬਰ ਹਰੇਕ ਦੇ ਕੰਨਾਂ ਤਕ ਪਹੁੰਚ ਗਈ।
ਰੁਕਮਣੀ ਨੇ ਸੌਣ ਜਾਣ ਤੋਂ ਪਹਿਲਾਂ ਇਕ-ਇਕ ਕਮਰੇ ਦੀ ਬੱਤੀ ਜਗਾਈ ਤੇ ਅੱਖਾਂ ਪਾੜ-ਪਾੜ ਕੇ ਕੰਧਾਂ-ਕੌਲਿਆਂ ਨੂੰ ਦੇਖਿਆ ਤੇ ਹਰੇਕ ਚੀਜ਼ ਨੂੰ ਜਿੰਦਰਾ ਲਾ ਕੇ ਸੁਰਖਰੂ ਜਿਹੀ ਹੋ ਗਈ।
ਹੋਰ ਘਰਾਂ ਵਾਲਿਆਂ ਨੇ ਵੀ ਇੰਜ ਹੀ ਕੀਤਾ ਸੀ ਸ਼ਾਇਦ।
ਉਹ ਹੌਲੀ ਜਿਹੀ ਉਠਿਆ ਤੇ ਇਜ਼ਹਾਰ ਮੀਆਂ ਦੇ ਮਕਾਨ ਦੇ ਬਾਹਰ ਲੱਗੇ 25 ਵਾਲਟ ਦੇ ਬਲਬ ਦਾ ਸਵਿੱਚ ਆਫ਼ ਕਰ ਆਇਆ—ਨਵਾਂ ਮੁਹੱਲਾ ਹਨੇਰੇ ਵਿਚ ਡੁੱਬ ਗਿਆ।
(ਅਨੁਵਾਦ: ਮਹਿੰਦਰ ਬੇਦੀ, ਜੈਤੋ)

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਆਬਿਦ ਸੁਹੇਲ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ