Ik Raat Di Vith Te Khaloti Reh Gai Maut : Waryam Singh Sandhu

ਇੱਕ ਰਾਤ ਦੀ ਵਿੱਥ 'ਤੇ ਖਲੋਤੀ ਰਹਿ ਗਈ ਮੌਤ : ਵਰਿਆਮ ਸਿੰਘ ਸੰਧੂ

"ਭਾ ਜੀ! ਕਦੀ ਸਰਬਜੀਤ ਨਾਲ ਤੁਹਾਡੀ ਗਰਮਾ ਗਰਮੀ ਵੀ ਹੋਈ ਸੀ।" ਕਾਹਨ ਸਿੰਘ ਨੇ ਪੁੱਛਿਆ।
ਮੈਂ ਆਪਣੇ ਚੇਤੇ 'ਤੇ ਜ਼ੋਰ ਪਾਇਆ। ਮੈਨੂੰ ਕੁਝ ਵੀ ਯਾਦ ਨਾ ਆਇਆ। ਸਰਬਜੀਤ ਦੇ ਥੋੜ੍ਹੇ ਜਿਹੇ ਉੱਚੇ ਪੀੜ੍ਹ ਵਾਲੇ ਹੱਸਦੇ ਦੰਦ ਹੀ ਮੇਰੇ ਚੇਤੇ ਵਿਚ ਲਿਸ਼ਕੇ। ਉਹ ਵਾਲੀਬਾਲ ਖੇਡਦਾ ਅਤੇ ਮੇਰੇ ਨਾਲ ਜ਼ਿਦ ਕੇ ਗੋਲਾ ਸੁੱਟਦਾ ਦਿਸ ਰਿਹਾ ਸੀ। ਮੁੱਛਾਂ ਦੇ ਵੱਟ ਤਿੱਖੇ ਕਰਨ ਲਈ ਉਹਨਾਂ 'ਤੇ ਉਸਦੀਆਂ ਉਂਗਲਾਂ ਫਿਰ ਰਹੀਆਂ ਸਨ ਅਤੇ ਹੋਠ ਮੰਦ ਮੰਦ ਮੁਸਕਰਾ ਰਹੇ ਸਨ। 'ਗਰਮਾ ਗਰਮੀ' ਤਾਂ ਕੋਈ ਮੈਨੂੰ ਮਹਿਸੂਸ ਨਹੀਂ ਸੀ ਹੋ ਰਹੀ।
"ਜ਼ਰਾ ਸੋਚੋ! ਕਿਤੇ ਕੋਈ ਮਾੜੀ ਮੋਟੀ ਗੱਲ ਬਾਤ ਹੋਈ ਜ਼ਰੂਰ ਸੀ।" ਉਹ ਜ਼ੋਰ ਦੇ ਰਿਹਾ ਸੀ।
ਮੈਂ ਨਾਂਹ ਵਿਚ ਸਿਰ ਫੇਰਿਆ। ਸਰਬਜੀਤ ਦਾ ਛੇ ਫੁੱਟ ਭਰਵਾਂ ਜੁੱਸਾ ਉਸਦੇ 'ਦੁੱਘ ਦੁੱਘ' ਕਰਦੇ ਰਾਇਲ ਇਨ ਫ਼ੀਲਡ ਮੋਟਰ ਸਾਈਕਲ 'ਤੇ ਸੱਜਿਆ ਬੈਠਾ ਨਜ਼ਰ ਆਇਆ। ਅੱਖਾਂ 'ਤੇ ਕਾਲੀਆਂ ਐਨਕਾਂ। ਉਹ ਸਕੂਲ ਵਿਚ ਧੂੜਾਂ ਉਡਾਉਂਦਾ ਦਾਖ਼ਲ ਹੁੰਦਾ। ਮੋਟਰ ਸਾਈਕਲ ਖਲੋਂਦਿਆਂ ਹੀ ਨਾਂਵੀਂ ਦਸਵੀਂ ਦੇ ਉਸਦੇ ਚਹੇਤੇ ਵਿਦਿਆਰਥੀ ਮੋਟਰ ਸਾਈਕਲ ਸਾਂਭ ਲੈਂਦੇ ਅਤੇ ਖੜਾ ਕਰਕੇ ਉਸਦੀ ਮਿੱਟੀ ਪੂੰਝਦੇ ਉਸਨੂੰ ਲਿਸ਼ਕਾਉਣਾ ਸ਼ੁਰੂ ਕਰ ਦਿੰਦੇ। ਉਹ ਪੱਬਾਂ ਭਾਰ ਮੜਕ ਨਾਲ ਤੁਰਦਾ ਹੋਇਆ, ਮੁੰਡਿਆਂ ਦੀ 'ਸਤਿ ਸ੍ਰੀ ਆਕਾਲ' ਦਾ ਜਵਾਬ ਦਿੰਦਾ ਦਫ਼ਤਰ ਵਿਚ ਬੈਠੇ ਸਾਥੀ ਅਧਿਆਪਕਾਂ ਨੂੰ ਹੱਸ ਹੱਸ ਕੇ ਹੱਥ ਮਿਲਾਉਂਦਾ। ਲਗਭਗ ਤੀਜੇ ਪੀਰੀਅਡ ਦੇ ਵੇਲੇ, ਪਿੰਡ ਵਿਚ ਹੀ ਉਸਦੇ ਸਰਦੇ ਪੁੱਜਦੇ ਰਿਸ਼ਤੇਦਾਰਾਂ ਦੇ ਘਰੋਂ, ਮੁੰਡੇ ਗਰਮਾ ਗਰਮ ਖਾਣਾ ਤਿਆਰ ਕਰਵਾ ਕੇ ਲਿਆਉਂਦੇ । ਮੇਰਾ ਇਹ ਪੀਰੀਅਡ ਵਿਹਲਾ ਸੀ ਅਤੇ ਉਸਦਾ ਵੀ। ਉਹ ਥਾਲ 'ਤੇ ਪਿਆ ਕਰੋਸ਼ੀਏ ਨਾਲ ਬੁਣਿਆ ਵੱਡਾ ਸਾਰਾ ਰੁਮਾਲ ਉਤਾਰਦਾ ਅਤੇ ਨੇੜੇ ਬੈਠੇ ਸਾਥੀ ਅਧਿਆਪਕਾਂ ਨੂੰ ਆਪਣਾ ਸਾਥ ਦੇਣ ਲਈ ਆਵਾਜ਼ਾਂ ਦਿੰਦਾ। ਕਿਸੇ ਮੁੰਡੇ ਨੂੰ ਕਹਿੰਦਾ , "ਜਾਹ ! ਭੱਜ ਕੇ ਜਾਹ, ਦਰਸ਼ਨ ਸੁੰਹ ਨੂੰ ਬੁਲਾ ਕੇ ਲਿਆ। ਜਿਹੜੀ ਜਮਾਤ ਵਿਚ ਵੀ ਹੋਵੇ। ਉਹਨੂੰ ਆਖ ਕਿਤੇ ਨਹੀਂ ਪੜ੍ਹਾਈ ਪਛੜ ਚੱਲੀ।" ਫਿਰ ਮੇਰੇ ਵੱਲ ਮੂੰਹ ਕਰਕੇ ਆਖਦਾ, ਭਾ ਜੀ! ਦਰਸ਼ਨ ਸਿੰਘ ਹੀਰਾ ਬੰਦਾ ਹੈ।"
ਦਰਸ਼ਨ ਸਿੰਘ ਨਾਲ ਉਸਦੀ ਚੰਗੀ ਬਣੀ ਹੋਈ ਸੀ। ਦਰਸ਼ਨ ਆਪਣੇ ਪਿੰਡ ਇੱਬਣ ਤੋਂ ਬੱਸ ਵਿਚ ਬੈਠਦਾ ਅਤੇ ਝਬਾਲ ਆ ਕੇ ਉੱਤਰ ਜਾਂਦਾ । ਇੱਥੇ ਸਰਬਜੀਤ ਆਪਣੇ ਪਿੰਡ ਨੌਸ਼ਹਿਰੇ ਢਾਲੇ ਤੋਂ ਆਪਣੇ ਮੋਟਰ ਸਾਈਕਲ 'ਤੇ ਪਹੁੰਚਦਾ । ਦੋਵੇਂ ਇੱਕੋ ਮੋਟਰ ਸਾਈਕਲ ਤੇ ਇਕੱਠੇ ਸਕੂਲ ਆਉਂਦੇ । ਰੋਟੀ ਦਾ ਸੁਨੇਹਾਂ ਤਾਂ ਦਰਸ਼ਨ ਸਿੰਘ ਉਡੀਕਦਾ ਹੀ ਹੁੰਦਾ। ਕਲਾਸ ਛੱਡ ਕੇ ਦੌੜਿਆ ਆਉਂਦਾ । ਉਹਦੀ 'ਸੁੰਘਣ ਸ਼ਕਤੀ' ਬੜੀ ਤੇਜ਼ ਸੀ। ਹੱਥ ਧੋਂਦਿਆਂ ਹੀ ਦੱਸ ਦਿੰਦਾ, "ਅੱਜ ਤਾਂ ਗੋਭੀ ਤੜਕੀ ਲੱਗਦੀ ਹੈ ਜਾਂ ਅੱਜ ਮਕੱਈ ਦੀ ਰੋਟੀ ਤੇ ਸਾਗ ਦੀ ਖ਼ੁਸ਼ਬੂ ਆ ਰਹੀ ਹੈ। ਅੱਜ ਤਾਂ ਬਈ ਬਾਹਰੋਂ ਈ ਲੱਗਦਾ ਐ ਕਿ ਕਰੇਲੇ ਬਣੇ ਨੇ। ਸਗੋਂ ਭਿੰਡੀਆਂ ਬਣੀਆਂ ਨੇ ਅੱਜ?" ਸਾਰੇ ਉਸਦੀ ਇਸ 'ਸੁੰਘਣ ਸ਼ਕਤੀ' 'ਤੇ ਹੱਸਦੇ ।
"ਸੁੰਘਣ ਸ਼ਕਤੀ ਤਾਂ ਸਾਡੇ ਵੀਰ ਦੀ ਏਨੀ ਤੇਜ਼ ਹੈ ਕਿ ਮੀਲ 'ਤੇ ਸੋਹਣੀ ਜ਼ਨਾਨੀ ਜਾਂਦੀ ਹੋਵੇ ਤਾਂ ਇਹ ਹਵਾ ਵਿਚ ਸੁੰਘ ਕੇ ਦੱਸ ਸਕਦਾ ਹੈ ਕਿ ਉਹ ਕਿਹੜੇ ਸ਼ੈਪੂ ਨਾਲ ਨਹਾਤੀ ਹੈ ਅਤੇ ਉਸਨੇ ਕਿਹੜੀ ਕਰੀਮ ਲਾਈ ਹੈ!" ਸਰਬਜੀਤ ਆਖਦਾ । ਦੂਜੇ ਅਧਿਆਪਕ ਹੱਸਦੇ ਤਾਂ ਦਰਸ਼ਨ ਸਿੰਘ ਮੁੱਛਾਂ ਵਿਚ ਮੁਸਕਰਾਉਂਦਾ ਹੋਇਆ ਬੁਰਕੀ ਤੋੜ ਕੇ ਸਬਜ਼ੀ ਨੂੰ ਲਾਉਣ ਲੱਗਦਾ।
"ਭਾ ਜੀ! ਭਾਵੇਂ ਕੁਝ ਵੀ ਹੋਵੇ, ਦੋ ਬੁਰਕੀਆਂ ਤਾਂ ਤੁਹਾਨੂੰ ਖਾਣੀਆਂ ਹੀ ਪੈਣੀਆਂ ਨੇ।" ਸਰਬਜੀਤ ਮੈਨੂੰ ਪਿਆਰ ਨਾਲ ਆਖਦਾ ।

"ਅੱਜ ਅਸੀਂ ਚੱਕ ਸਿਕੰਦਰ ਗਏ ਸਾਂ ਸਵੇਰੇ ਸਕੂਲ ਆਉਣ ਤੋਂ ਪਹਿਲਾਂ, ਕਿਸੇ ਕੰਮ। ਭਾ ਜੀ ਕੇ ਪੀ ਸਿੰਘ ਦੇ ਘਰ ਕੋਲੋਂ ਲੰਘੇ ਸਾਂ।" ਸਰਬਜੀਤ ਨੇ ਮੁਸਕਰਾਉਂਦਿਆਂ ਸਭ ਨੂੰ ਸੁਣਾਇਆ।
ਸਾਡੇ ਇੱਕ ਸਾਥੀ ਅਧਿਆਪਕ ਦੀ ਬਹਿਕ ਪੱਧਰੀ ਰਾਹੀਂ ਹੋ ਕੇ ਚੱਕ ਸਿਕੰਦਰ ਨੂੰ ਜਾਂਦੀ ਸੜਕ 'ਤੇ ਸੀ। ਉਸ ਅਧਿਆਪਕ ਨੇ ਹੱਸਦਿਆਂ ਕਿਹਾ, "ਮੈਨੂੰ ਤੁਹਾਡੇ ਅੱਜ ਓਧਰ ਜਾਣ ਬਾਰੇ ਦਰਸ਼ਨ ਸਿੰਘ ਨੇ ਕੱਲ੍ਹ ਹੀ ਦੱਸ ਦਿੱਤਾ ਸੀ ਅਤੇ ਮੈਂ ਅੱਜ ਆਪਣੀ ਘਰਵਾਲੀ ਨੂੰ ਉਚੇਚਾ ਸਾਵਧਾਨ ਕਰ ਕੇ ਆਇਆ ਸਾਂ ਕਿ ਵੇਖੀਂ ਉਹਲੇ ਵਿਚ ਰਹੀਂ। ਭਾਵੇਂ ਮੈਨੂੰ ਪਤਾ ਹੈ ਕਿ ਸਾਡਾ ਭਰਾ ਤਾਂ ਜ਼ਨਾਨੀ ਨੂੰ ਕੰਧਾਂ ਵਿਚੋਂ ਵੀ ਵੇਖ ਲੈਂਦਾ ਹੈ।"
" ਉਹ ਤਾਂ ਫਿਰ ਭਰਾ ਤੇਰੇ ਨੇ ਵੇਖ ਲਿਆ। ਸਾਡੀ ਭਾਬੀ ਨੇ ਅੱਜ ਸਗੋਂ ਕੇਸੀਂ ਇਸ਼ਨਾਨ ਕੀਤਾ ਸੀ?" ਦਰਸ਼ਨ ਸਿੰਘ ਨੇ ਮਿੰਨ੍ਹਾ ਮਿੰਨ੍ਹਾ ਮੁਸਕਰਾਉਂਦਿਆਂ ਪੁੱਛਿਆ। ਘਰ ਸੜਕ ਦੇ ਉੱਤੇ ਹੀ ਸੀ ਅਤੇ ਦਰਸ਼ਨ ਸਿੰਘ ਨੇ ਕਿਤੇ ਕੇਸੀਂ ਨਹਾਤੀ 'ਭਾਬੀ' ਦੇ ਦੀਦਾਰ ਕਰ ਲਏ ਸਨ। ਸਾਰੇ ਅਧਿਆਪਕ ਹੱਸਣ ਲੱਗ ਪਏ।
"ਬੜਾ ਪਾਪੀ ਐ ਇਹ!" ਕੇ ਪੀ ਸਿੰਘ ਵੀ ਹੱਸਣ ਲੱਗਾ।
"ਪਾਪੀ ਨਹੀਂ ਜੀ, ਇਹ ਤਾਂ ਹੀਰਾ ਬੰਦਾ ਹੈ।" ਸਰਬਜੀਤ ਨੇ ਫਿਰ ਕਿਹਾ।

ਇਸਤਰ੍ਹਾਂ ਸਰਬਜੀਤ ਦਾ ਦਰਬਾਰ ਸੱਜਿਆ ਰਹਿੰਦਾ।
ਅੱਧੀ ਛੁੱਟੀ ਹੁੰਦੀ ਤਾਂ ਉਹ ਵਾਲੀਬਾਲ ਮੰਗਵਾ ਲੈਂਦਾ। ਮੁੰਡੇ ਅਤੇ ਮਾਸਟਰ ਮਿਲ ਕੇ ਵਾਲੀਬਾਲ ਖੇਡਦੇ । ਦੁੱਧ ਸੋਢੇ ਦੀ ਸ਼ਰਤ ਲੱਗਦੀ। ਅੱਧੀ ਛੁੱਟੀ ਮੁੱਕਦਿਆਂ ਹੀ ਦੂਜੇ ਅਧਿਆਪਕ ਜਮਾਤਾਂ ਨੂੰ ਤੁਰਦੇ ਪਰ ਉਹ ਮੁੰਡਿਆਂ ਨੂੰ ਆਖਦਾ, "ਬਜ਼ਾਰੋਂ ਨਿੰਬੂ ਤੇ ਬਰਫ਼ ਲਿਆਓ ਉਏ। ਸ਼ਿਕੰਜਵੀ ਬਣਾਈਏ।" ਵਿਹਲੇ ਪੀਰੀਅਡ ਵਾਲੇ ਅਧਿਆਪਕ ਸ਼ਿਕੰਜਵੀ ਪੀਂਦੇ। ਇੱਕ ਗਲਾਸ ਮੁਖ ਅਧਿਆਪਕ ਨੂੰ ਵੀ ਭੇਜਦਾ।
"ਥੋੜਾ ਕੁ ਠੰਢਾ ਰੱਖਣਾ ਚਾਹੀਦਾ ਉਹਨੂੰ ਵੀ।" ਉਸਨੂੰ ਪਤਾ ਸੀ ਕਿ ਉਹ ਕਦੀ ਘੱਟ ਵੱਧ ਹੀ ਜਮਾਤ ਵਿਚ ਜਾਂਦਾ ਸੀ। ਪੀ ਟੀ ਆਈ ਮਾਸਟਰ ਹੋਣ ਕਰਕੇ ਉਹ ਅਕਸਰ ਆਖਦਾ ਕਿ ਉਸਦਾ ਕੰਮ ਤਾਂ ਮੈਦਾਨ ਵਿਚ ਹੈ ਕਮਰਿਆਂ ਵਿਚ ਨਹੀਂ।
ਕਦੀ ਗਰਮਾ ਗਰਮ ਪਕੌੜਿਆਂ ਅਤੇ ਪੂਦਨੇ ਦੀ ਚਟਨੀ ਦਾ ਸਵਾਦ ਵੇਖਿਆ ਜਾਂਦਾ। ਕਦੀ ਖ਼ਰਬੂਜ਼ਿਆਂ ਦੀਆਂ ਫਾੜੀਆਂ ਹੋ ਰਹੀਆਂ ਹੁੰਦੀਆਂ। ਕਦੇ ਹਰੀਆਂ ਤਰਾਂ ਤੇ ਨਿੰਬੂ ਨਿਚੋੜ ਕੇ ਕਾਲਾ ਲੂਣ ਲੱਗਦਾ। ਉਂਜ ਤਾਂ ਬਹੁਤੀ ਵਾਰ ਖ਼ਰਚਾ ਅਧਿਆਪਕਾਂ ਦਾ ਸਾਂਝਾ ਹੀ ਹੁੰਦਾ ਸੀ ਪਰ ਕਈ ਵਾਰ ਇਹ ਖ਼ਰਚਾ ਸਰਬਜੀਤ ਆਪਣੀ ਜੇਬ ਵਿਚੋਂ ਹੀ ਕਰ ਦਿੰਦਾ।
ਕਿਸੇ ਦਿਨ ਆਖਦਾ , "ਭਾ ਜੀ! ਸੁਣਿਐਂ ਇਕ ਫ਼ਿਲਮ ਨਵੀਂ ਆਈ ਹੈ। ਆਪਾਂ ਸ਼ਨਿੱਚਰਵਾਰ ਵੇਖਣ ਜਾਣਾ ਹੈ ਸਾਰਿਆਂ, ਅੰਬਰਸਰ।"
ਜਿੰਨ੍ਹਾਂ ਦਾ ਕਰੂਰਾ ਮਿਲਦਾ , ਅਸੀਂ ਫ਼ਿਲਮ ਵੇਖਣ ਜਾਂਦੇ ।
ਉਹ ਰੌਣਕ ਲਾਈ ਰੱਖਦਾ। ਇਹੋ ਜਿਹੇ ਰੌਣਕੀਲੇ ਬੰਦੇ ਦੀਆਂ ਯਾਦਾਂ ਵਿਚੋਂ ਮੈਨੂੰ ਕੋਈ 'ਗਰਮ ਯਾਦ' ਚੇਤੇ ਨਹੀਂ ਸੀ ਆ ਰਹੀ।

ਪਰ ਕਾਹਨ ਸਿੰਘ ਨੇ ਆਖਿਆ, "ਕੋਈ ਗੱਲ ਹੋਈ ਜ਼ਰੂਰ ਸੀ।"
ਉਹ ਗੱਲ ਦੱਸਣ ਦਾ ਮਨ ਬਣਾਈ ਬੈਠਾ ਜਾਪਦਾ ਸੀ!
ਸ਼ਾਇਦ ਕਾਹਨ ਸਿੰਘ ਨੂੰ ਹੀ ਕਿਸੇ ਗੱਲ ਦਾ ਪਤਾ ਹੋਵੇ! ਉਹਨਾਂ ਦੋਵਾਂ ਦਾ ਪਿੰਡ ਇੱਕੋ ਸੀ ਅਤੇ ਸਰਬਜੀਤ ਕਾਹਨ ਸਿੰਘ ਦਾ ਬੜਾ ਚਹੇਤਾ ਵਿਦਿਆਰਥੀ ਵੀ ਰਿਹਾ ਸੀ।
1979 ਵਿਚ ਮੈਂ ਲੰਮੀ ਛੁੱਟੀ ਲੈ ਕੇ ਧਰਦਿਓ-ਬੁੱਟਰ ਦੇ ਆਦਰਸ਼ ਸਕੂਲ ਵਿਚ ਪੰਜਾਬੀ ਦਾ ਲੈਕਚਰਾਰ ਜਾ ਲੱਗਾ ਸਾਂ। ਓਥੇ ਦਿਲ ਨਾ ਲੱਗਣ ਕਰਕੇ ਦੋ ਕੁ ਸਾਲਾਂ ਬਾਅਦ ਮੈਂ ਵਾਪਸ ਆਪਣੇ ਪਿੰਡ ਵਾਲੇ ਸਕੂਲ ਵਿਚ ਆਇਆ ਤਾਂ ਸੋਹਲਾਂ ਵਾਲੇ ਹਰਬੰਸ ਪੀ ਟੀ ਦੀ ਬਦਲੀ ਹੋ ਚੁੱਕੀ ਸੀ। ਸਰਬਜੀਤ ਉਸਦੀ ਥਾਂ ਨਵਾਂ ਨਵਾਂ ਨਿਯੁਕਤ ਹੋ ਕੇ ਆਇਆ ਸੀ। ਉਹ ਮੈਨੂੰ ਬੜੇ ਸਤਿਕਾਰ ਨਾਲ ਮਿਲਿਆ ਅਤੇ ਕਿਹਾ, "ਮੈਂ ਕਾਹਨ ਸਿੰਘ ਹੁਰਾਂ ਦਾ ਵਿਦਿਆਰਥੀ ਹਾਂ ਅਤੇ ਉਹਨਾਂ ਦਾ ਗੁਰੂਆਂ ਵਾਂਗ ਸਤਿਕਾਰ ਕਰਦਾ ਹਾਂ। ਉਹ ਤੁਹਾਡੇ ਮਿੱਤਰ ਨੇ ਇਸ ਲਈ ਤੁਸੀਂ ਵੀ ਅੱਜ ਤੋਂ ਮੇਰੇ ਗੁਰੂਆਂ ਵਰਗੇ ਜੇ।"
ਉਸਦੀ ਮਿਠਾਸ ਨੇ ਮੇਰਾ ਮਨ ਮੋਹ ਲਿਆ ਸੀ। ਕਾਹਨ ਸਿੰਘ ਮੇਰੇ ਪਿੰਡ ਤੋਂ ਪੰਜ ਸੱਤ ਮੀਲ ਦੀ ਵਿੱਥ ਤੇ ਐਨ ਹਿੰਦ-ਪਾਕਿ ਸਰਹੱਦ 'ਤੇ ਸਥਿਤ ਪਿੰਡ ਨੌਸ਼ਹਿਰੇ ਢਾਲੇ ਦਾ ਰਹਿਣ ਵਾਲਾ ਹੈ। ਕਾਲੇ ਸਮਿਆਂ ਨੇ ਉਹਨੂੰ ਅੰਮ੍ਰਿਤਸਰ ਅਤੇ ਮੈਨੂੰ ਜਲੰਧਰ ਰਿਹਾਇਸ਼ ਤਬਦੀਲ ਕਰਨ ਲਈ ਮਜਬੂਰ ਕਰ ਦਿੱਤਾ। ਫਿਰ ਅਸੀਂ ਕਈ ਸਾਲ ਨਾ ਮਿਲੇ। ਪਰ ਪਿੰਡ ਰਹਿੰਦਿਆਂ ਸਾਡੀ ਸਾਂਝ ਸਦਾ ਬਣੀ ਰਹੀ।
ਅਸੀਂ ਸਭ ਤੋਂ ਪਹਿਲਾਂ 1963 ਵਿਚ ਜੇ ਬੀ ਟੀ ਸਕੂਲਾਂ ਦੇ ਜਿਲ੍ਹਾ ਟੂਰਨਾਮੈਂਟ ਵਿਚ ਮਿਲੇ ਸਾਂ। ਉਹ ਖਾਲੜੇ ਅਤੇ ਮੈਂ ਸਰਹਾਲੀ ਦੀ ਵਾਲੀਬਾਲ ਟੀਮ ਵੱਲੋਂ ਬਤੌਰ ਸਮੈਸ਼ਰ ਖੇਡੇ ਸਾਂ। ਜੇ ਬੀ ਟੀ ਕਰਨ ਤੋਂ ਪਿੱਛੋਂ ਸਾਡੀ ਐਡਹਾਕ ਨਿਯੁਕਤੀ ਵੀ ਇੱਕੋ ਸਕੂਲ ਵਿਚ ਹੋ ਗਈ ਸੀ ਜਿਸ ਸਦਕਾ ਸਾਡੀ ਸਾਂਝ ਹੋਰ ਗੂੜ੍ਹੀ ਹੋ ਗਈ। ਫਿਰ ਅਸੀੰ ਪੱਕੇ ਟੀਚਰ ਬਣ ਕੇ ਆਪਣੇ ਆਪਣੇ ਪਿੰਡਾਂ ਦੇ ਨੇੜੇ ਚਲੇ ਗਏ। ਕਦੀ ਕਦੀ ਮਿਲਣ ਗਿਲਣ ਬਣਿਆਂ ਹੀ ਰਹਿੰਦਾ। ਅਸਾਂ ਦੋਵਾਂ ਅੱਗੇ ਪੜ੍ਹਾਈ ਕਰਕੇ ਬੀ ਏ, ਐਮ ਏ ਅਤੇ ਬੀ ਐੱਡ ਵਗੈਰਾ ਕਰ ਲਈਆਂ। ਅਸੀਂ ਆਪਣੇ ਆਪਣੇ ਪਿੰਡ ਦੇ ਹਾਈ ਸਕੂਲ ਵਿਚ ਅਧਿਆਪਕ ਜਾ ਲੱਗੇ। ਮੈਂ ਜਿੰਨਾਂ ਚਿਰ ਪਿੰਡ ਰਿਹਾ, ਹਰ ਰੋਜ਼ ਸ਼ਾਮ ਨੂੰ ਗਰਾਊਂਡ ਵਿਚ ਜਾਣਾ ਅਤੇ ਦੋ ਤਿੰਨ ਘੰਟੇ ਵਾਲੀਬਾਲ ਖੇਡਣਾ ਅਤੇ ਖਿਡਵਾਉਣਾ ਮੇਰਾ ਨਿੱਤ ਨੇਮ ਸੀ। ਇੰਜ ਮੈਂ ਲਗਾਤਾਰ ਢਾਈ ਦਹਾਕਿਆਂ ਤੋਂ ਉੱਤੇ ਰੋਜ਼ ਵਾਲੀਬਾਲ ਖੇਡਦਾ/ਖਿਡਾਉਂਦਾ ਰਿਹਾ। ਸਮੇਂ ਸਮੇਂ ਤਿਆਰ ਕੀਤੇ ਮੇਰੇ ਨਵੇਂ ਖਿਡਾਰੀਆਂ ਦੀ ਟੀਮ ਮੈਚ ਖੇਡਣ ਲਈ ਤਿਆਰ-ਬਰ-ਤਿਆਰ ਰਹਿੰਦੀ। ਅਸੀਂ ਆਸੇ ਪਾਸੇ ਦੇ ਪਿੰਡਾਂ ਦੀਆਂ ਟੀਮਾਂ ਅਤੇ ਕਲੱਬਾਂ ਨਾਲ ਮੈਚ ਖੇਡਦੇ। ਕਾਹਨ ਸਿੰਘ ਹੁਰਾਂ ਦੇ ਪਿੰਡ ਦੀ ਵਾਲੀਬਾਲ ਦੀ ਵੀ ਬੜੀ ਮਜ਼ਬੂਤ ਟੀਮ ਸੀ। ਕਈ ਵਾਰ ਕਾਹਨ ਸਿੰਘ ਦੀ ਟੀਮ ਅਤੇ ਮੇਰੀ ਟੀਮ ਇੱਕ ਦੂਜੇ ਨਾਲ, ਇੱਕ ਦੂਜੇ ਦੇ ਪਿੰਡ ਜਾ ਕੇ ਦੋਸਤਾਨਾਂ ਮੈਚ ਖੇਡਦੇ। ਆਪਸ ਵਿਚ ਜਿੱਤਦੇ, ਹਾਰਦੇ। ਅਸੀਂ ਦੋਵੇਂ ਇੱਕ ਦੂਜੇ ਦੇ ਖਿਲਾਫ਼ ਮੁੱਖ ਖਿਡਾਰੀ ਹੁੰਦੇ। ਇਹਨਾਂ ਸਾਲਾਂ ਵਿਚ ਹੀ ਅਸਾਂ ਦੋਵਾਂ ਨੇ ਵਾਲੀਬਾਲ ਦੇ ਕਈ ਖਿਡਾਰੀ ਤਿਆਰ ਕੀਤੇ ਸਨ। ਸਰਬਜੀਤ ਵੀ ਉਸਦਾ ਸ਼ਾਗਿਰਦ ਅਤੇ ਤਿਆਰ ਕੀਤਾ ਖਿਡਾਰੀ ਸੀ।

ਤਿੰਨ-ਚਾਰ ਸਾਲ ਪਹਿਲਾਂ ਮੇਰਾ ਇਹੋ ਪੁਰਾਣਾ ਜਾਣਕਾਰ ਕਾਹਨ ਸਿੰਘ ਕਿਸੇ ਸਾਂਝੀ ਪਛਾਣ ਵਾਲੇ ਪਰਿਵਾਰ ਦੇ ਵਿਆਹ-ਸਮਾਗਮ ਵਿਚ ਜਲੰਧਰ ਆਇਆ। ਅਸੀਂ ਕਈ ਸਾਲਾਂ ਬਾਅਦ ਮਿਲੇ ਸਾਂ। ਖਾਣਾ ਖਾਣ ਤੋਂ ਪਿੱਛੋਂ ਉਸਨੇ ਮੈਨੂੰ ਕਿਹਾ ਕਿ ਮੈਂ ਉਸਨੂੰ ਬੱਸ ਅੱਡੇ ਉੱਤੇ ਉਤਾਰ ਦਿਆਂ। ਅਸੀਂ ਕਾਰ ਵਿਚ ਬੈਠੇ ਤਾਂ ਪੁਰਾਣਿਆਂ ਦਿਨਾਂ ਨੂੰ ਯਾਦ ਕਰਨ ਲੱਗੇ। ਪੁਰਾਣੀਆਂ ਯਾਦਾਂ ਦੇ ਰੁਮਾਂਚਕ ਧੁੰਦਲਕੇ ਵਿਚ ਗਵਾਚਣਾ ਕਿਸ ਨੂੰ ਚੰਗਾ ਨਹੀਂ ਲੱਗਦਾ! ਮੈਂ ਕਿਹਾ, "ਕਾਹਨ ਸਿੰਹਾਂ! ਤੂੰ ਮੇਰੇ ਨਾਲ ਘਰ ਚੱਲ। ਬੈਠ ਕੇ ਕੁਝ ਚਿਰ ਗੱਲ-ਬਾਤ ਕਰਾਂਗੇ। ਚਾਹ ਦਾ ਪਿਆਲਾ ਛਕਾਂਗੇ। ਉਥੋਂ ਹੀ ਮੈਂ ਤੈਨੂੰ ਬੱਸ ਅੱਡੇ 'ਤੇ ਛੱਡ ਆਊਂ। ਦਿਨ ਤਾਂ ਅਜੇ ਬੜਾ ਪਿਐ ਤੇ ਤੂੰ ਕਿਹੜਾ ਵਲੈਤ ਜਾਣੈਂ। ਆਹ ਪਿਐ ਅੰਮ੍ਰਿਤਸਰ ।"
ਉਹ ਪਹਿਲਾਂ ਹੀ ਤਿਆਰ ਸੀ। ਘਰ ਬੈਠੇ ਗੱਲਾਂ ਕਰਦਿਆਂ ਹੀ ਉਸਨੇ ਕਿਤੇ ਸਰਬਜੀਤ ਨਾਲ ਹੋਈ ਮੇਰੀ 'ਗਰਮਾ ਗਰਮੀ' ਬਾਰੇ ਸਵਾਲ ਪੁੱਛਿਆ ਤਾਂ ਮੈਨੂੰ ਸੋਚਣ 'ਤੇ ਵੀ ਕੋਈ ਗੱਲ ਯਾਦ ਨਾ ਆਈ।
ਮੈਨੂੰ ਤਾਂ ਯਾਦ ਆਉਂਦਾ ਸੀ ਉਸਦਾ ਹੱਸਦਾ ਹੋਇਆ ਸਾਂਵਲਾ ਚਿਹਰਾ। ਕੀਮਤੀ ਕੱਪੜੇ। ਗੁੱਟ ਤੇ ਬੱਧੀ ਮਹਿੰਗੀ ਘੜੀ। ਪੈਰੀਂ ਤਿੱਲੇਦਾਰ ਕਸੂਰੀ ਖੁੱਸਾ।
ਮੈਂ ਸਰਬਜੀਤ ਦੇ ਖੁੱਸੇ ਦੀ ਤਾਰੀਫ਼ ਕੀਤੀ ਤਾਂ ਉਸਨੇ ਕਿਹਾ, "ਬੰਦਾ ਪਰਸੋਂ ਲਾਹੌਰ ਗਿਆ ਸੀ। ਚਾਰ ਖੁੱਸੇ ਮੰਗਵਾਏ ਸੀ। ਤੁਸੀਂ ਮੰਗਵਾਉਣਾਂ ਤਾਂ ਦੱਸੋ। ਅਗਲੇ ਹਫ਼ਤੇ ਬੰਦੇ ਨੇ ਫਿਰ ਲਾਹੌਰ ਜਾਣੈਂ। ਆਖਦਾ ਸੀ ਲਾਹੌਰ ਵਿਚ ਬੜੀ ਵਧੀਆ ਪੰਜਾਬੀ ਫ਼ਿਲਮ ਲੱਗੀ ਹੈ। ਇਸ ਫੇਰੇ ਵੇਖੀ ਨਹੀਂ ਗਈ। ਹੁਣ ਸਿਰਫ਼ ਫ਼ਿਲਮ ਵੇਖਣ ਲਾਹੌਰ ਜਾਣਾ ਸੂ।" ਉਹ ਖਿੜਖਿੜਾ ਕੇ ਹੱਸਿਆ। ਲਾਹੌਰ ਜਾਣਾ ਉਹਨਾਂ ਲਈ ਇੰਜ ਸੀ ਜਿਵੇਂ ਅੰਮ੍ਰਿਤਸਰ ਜਾਣਾ ਹੋਵੇ!
ਉਸਦੀ ਤੜਕ ਭੜਕ ਪਿੱਛੇ ਉਹਨਾਂ ਦੇ ਪਰਿਵਾਰ ਦੀ ਚੰਗੀ ਆਰਥਿਕ ਸਥਿਤੀ ਸੀ। ਉਹਨਾਂ ਦਾ ਪਿੰਡ ਹਿੰਦ-ਪਾਕਿ ਸਰਹੱਦ ਉੱਤੇ ਸੀ ਅਤੇ ਇਹ ਸਭ ਇਸੇ ਸਰਹੱਦ ਦੀਆਂ 'ਬਖ਼ਸ਼ਿਸ਼ਾਂ' ਸਨ। ਉਹ ਇਲਾਕੇ ਦੀ ਪੈਸੇ ਵੱਲੋਂ ਚੰਗੀ ਮੋਟੀ ਸਾਮੀ ਸਨ। ਨੌਕਰੀ ਤਾਂ ਸਰਬਜੀਤ ਸ਼ੁਗਲ ਵਜੋਂ ਕਰਦਾ ਸੀ। ਮਿਲਦੀ ਤਨਖ਼ਾਹ ਤੋਂ ਵੱਧ ਪੈਸੇ ਤਾਂ ਉਹ ਹਰ ਮਹੀਨੇ ਖ਼ਰਚ ਕਰ ਦਿੰਦਾ ਸੀ। ਸਾਰੇ ਵਿਦਿਆਰਥੀਆਂ ਅਤੇ ਅਧਿਆਪਕਾਂ ਉੱਤੇ ਉਸਦੀ 'ਸਰਦਾਰੀ' ਦੀ ਪੈਂਠ ਬਣੀ ਹੋਈ ਸੀ। ਪਰ ਉਸਦੇ ਮਿਲਾਪੜੇ ਅਤੇ ਖ਼ੁਸ਼ਦਿਲ ਸੁਭਾ ਕਰਕੇ ਇਹ 'ਸਰਦਾਰੀ' ਕਿਸੇ ਨੂੰ ਏਨੀ ਚੁਭਦੀ ਨਹੀਂ ਸੀ। ਉਹ ਇਸ ਹਉਮੈਂ ਵਿਚ ਉੱਡਿਆ ਫਿਰਦਾ।
ਇਸ ਤੋਂ ਇਲਾਵਾ ਅੱਜ ਕੱਲ੍ਹ ਉਹਨਾਂ ਦੇ ਟੱਬਰ ਦੀਆਂ ਨਵੀਆਂ ਬਣੀਆਂ 'ਸਾਂਝਾਂ' ਵੀ ਉਸ ਦੇ ਲੁਕਵੇਂ ਅਭਿਮਾਨ ਦਾ ਕਾਰਨ ਸਨ।

ਇਹ ਲਾਲਾ ਜਗਤ ਨਰਾਇਣ ਦੇ ਕਤਲ ਤੋਂ ਬਾਅਦ ਅਤੇ ਬਲੂ ਸਟਾਰ ਆਪ੍ਰੇਸ਼ਨ ਤੋਂ ਪਹਿਲਾਂ ਦੇ ਦਿਨ ਸਨ। ਸੰਤ ਭਿੰਡਰਾਂ ਵਾਲੇ ਅਤੇ ਉਸਦੇ ਚੇਲਿਆਂ ਦੀ ਚੜ੍ਹ ਮੱਚੀ ਹੋਈ ਸੀ।
"ਸੰਤਾਂ ਦਾ ਆਪਣੇ ਤੇ ਮਿਹਰ ਦਾ ਹੱਥ ਹੈ।" ਸਰਬਜੀਤ ਸੰਤਾਂ ਨਾਲ ਆਪਣੇ ਚਾਚੇ ਅਤੇ ਪਰਿਵਾਰ ਦੇ ਨੇੜ ਦੀਆਂ ਗੱਲਾਂ ਕਰਦਾ। ਉਸਦੀਆਂ ਇਹੋ ਜਿਹੀਆਂ ਗੱਲਾਂ ਸੁਣ ਕੇ ਹੀ ਹੈਡਮਾਸਟਰ ਉਸਨੂੰ ਕੁਝ ਨਹੀਂ ਸੀ ਕਹਿੰਦਾ। ਉਹ ਜਦੋਂ ਮਰਜ਼ੀ ਸਕੂਲ ਆਵੇ, ਜਦੋਂ ਮਰਜ਼ੀ ਜਾਵੇ।
ਇਕ ਦਿਨ ਅਖਬਾਰ ਵਿਚ ਇੱਕ ਪੁਲਸੀਏ 'ਤੇ ਹੋਏ ਹਮਲੇ ਦੀ ਖ਼ਬਰ ਪੜ੍ਹ ਕੇ ਉਹ ਜਿਵੇਂ ਖ਼ੁਸ਼ੀ ਵਿਚ ਉੱਛਲ ਪਿਆ।
"ਆਹ ਰੇੜ੍ਹ 'ਤਾ ਈ। ਪਰਸੋਂ ਸੰਤਾਂ ਦੇ ਦਰਸ਼ਨ ਕਰਨ ਗਏ ਸਾਂ। ਘੜੇ 'ਚ ਪਰਚੀਆਂ ਪਾ ਕੇ 'ਸੋਧਣ' ਦੇ ਫ਼ੈਸਲੇ ਹੁੰਦੇ ਨੇ ਓਥੇ। ਸੰਤਾਂ ਨੂੰ ਸੁਣ ਕੇ ਸਵਾਦ ਆ ਗਿਆ। ਇਸੇ ਪੁਲਸੀਏ ਦੀ ਘਰਵਾਲੀ ਆਈ ਸਾਡੇ ਵਿੰਹਦਿਆਂ। ਹੱਥ ਜੋੜ ਜੋੜ ਤਰਲੇ ਲਵੇ। ਆਖੇ: ਮੇਰੇ ਘਰਵਾਲੇ ਦੀ ਜਾਨ ਬਖ਼ਸ਼ੀ ਕਰ ਦਿਓ। ਉਸਦਾ ਕੋਈ ਕਸੂਰ ਨਹੀਂ। ਸਾਡਾ ਨਿੱਕਾ ਨਿੱਕਾ ਜੀਆ ਜੰਤ ਕੀ ਕਰੂ।" ਉਸਨੇ ਆਪਣਾ ਛੇ-ਸੱਤ ਸਾਲ ਦਾ ਨਿਆਣਾ ਅੱਗੇ ਕੀਤਾ ਅਤੇ ਉਹ ਕੰਬਦਾ ਹੋਇਆ ਸੰਤਾਂ ਅੱਗੇ ਹੱਥ ਜੋੜ ਕੇ ਆਖੇ, 'ਮੇਰੇ ਡੈਡੀ ਨੂੰ ਨਾ ਮਾਰੋ।' ਸੰਤ ਕਹਿੰਦੇ, 'ਬੀਬੀ, ਤੇਰੇ ਘਰਵਾਲੇ ਨੇ ਘੱਟ ਨਹੀਂ ਕੀਤੀ। ਜਿੰਨ੍ਹਾਂ ਨਾਲ ਹੋਈ , ਉਹਨਾਂ ਦੇ ਵੀ ਤਾਂ ਏਡੇ ਏਡੇ ਨਿਆਣੇਂ ਸਨ। ਨਾਲੇ ਬੀਬੀ ਮੈਂ ਕੀ ਕਰਨਾ ਹੈ! ਕਰਨ ਵਾਲੀ ਸੰਗਤ ਹੈ ਜਾਂ ਗੁਰੂ ਮਹਾਂਰਾਜ।"
ਮੈਨੂੰ ਉਸਦਾ ਖ਼ੁਸ਼ ਹੋਣਾ ਚੰਗਾ ਨਾ ਲੱਗਾ।
"ਇਸ ਵਿਚ ਖ਼ੁਸ਼ ਹੋਣ ਵਾਲੀ ਕੋਈ ਗੱਲ ਨਹੀਂ। ਇੱਕ ਬੰਦੇ ਦੀ ਜਾਨ ਗਈ ਹੈ। ਸੰਤ ਅਤੇ ਗੁਰੂ ਤਾਂ ਬਖ਼ਸ਼ਣ ਹਾਰ ਹੁੰਦਾ ਹੈ। ਤੈਨੂੰ ਹੱਥ ਜੋੜੀ ਖਲੋਤੇ ਉਸ ਛੋਟੇ ਮੁੰਡੇ ਤੇ ਤਰਸ ਨਾ ਆਇਆ?" ਮੈਂ ਆਖਿਆ ਤਾਂ ਉਹ ਗੰਭੀਰ ਹੋ ਗਿਆ। ਕਹਿੰਦਾ, "ਤਰਸ ਤਾਂ ਆਇਆ ਸੀ ਭਾ ਜੀ! ਪਰ ਜਦੋਂ ਉਹ ਚਲੀ ਗਈ ਤਾਂ ਸੰਤਾਂ ਕੋਲ ਬੈਠੇ ਬੰਦੇ ਉਸਤੇ ਹੱਸਣ ਲੱਗੇ । ਉਹਨਾਂ ਦੇ ਹਾਸੇ ਵਿਚ ਉਹ ਮੁੰਡਾ ਮੈਨੂੰ ਭੁੱਲ ਹੀ ਗਿਆ ਸੀ।"
"ਰਤਾ ਸੋਚ! ਉਸ ਮੁੰਡੇ ਦੀ ਥਾਂ ਕਿਤੇ ਤੂੰ ਹੁੰਦੋਂ।"
ਉਸ ਨੇ ਉੱਚੀ ਸਾਰੀ ਆਖਿਆ, "ਓ ਛੱਡੋ ਭਾ ਜੀ! ਐਵੇਂ ਉਸ ਮੁੰਡੇ ਦਾ ਚੇਤਾ ਨਾ ਕਰਾਓ।"
"ਰਮੇਸ਼ ਜੀ ਐਧਰ ਆਓ! ਇੱਕ ਤਾਸ਼ ਦੀ ਬਾਜ਼ੀ ਹੋ ਜਾਵੇ।" ਉਸਨੇ ਆਪਣੇ ਇੱਕ ਹੋਰ ਚਹੇਤੇ ਅਧਿਆਪਕ ਨੂੰ ਆਵਾਜ਼ ਦਿੱਤੀ। ਉਹ ਮੇਰੇ ਨਾਲ ਗੱਲ ਬਾਤ ਨੂੰ ਹੋਰ ਲੰਮੀ ਨਹੀਂ ਸੀ ਖਿੱਚਣਾ ਚਾਹੁੰਦਾ। ਅਸਲ ਵਿਚ ਉਸ ਅੰਦਰ ਹੱਥ ਜੋੜੀ ਖਲੋਤੇ ਮੁੰਡੇ ਦਾ ਦਰਦ ਜਾਗ ਪਿਆ ਸੀ ਅਤੇ ਉਹ ਇਸ ਦਰਦ ਦੇ ਰੂਬਰੂ ਨਹੀਂ ਸੀ ਹੋਣਾ ਚਾਹੁੰਦਾ।
ਇਕ ਦਿਨ ਮੈਂ ਪੁੱਛਿਆ, "ਤੇਰੇ ਸੰਤਾਂ ਕੋਲ ਇਲਾਕੇ ਦੇ ਸਾਰੇ ਸਮਗਲਰ ਅਤੇ ਦਸ ਨੰਬਰੀਏ ਜਾ ਕੇ ਮੱਥੇ ਟੇਕਣ ਲੱਗੇ ਨੇ। ਇਹੋ ਜਿਹਿਆਂ ਦੀ ਸੰਗਤ ਕਿਹੋ ਜਿਹੇ ਚੰਨ ਚਾੜ੍ਹੇਗੀ, ਇਹ ਵੀ ਕਦੀ ਸੋਚਿਐ?"
ਉਸ ਦਲੀਲ ਦਿੱਤੀ, "ਇਹੋ ਹੀ ਤਾਂ ਮਾਰ ਖੋਰੀ 'ਕੌਮ' ਹੁੰਦੇ ਨੇ। ਅੜੀ ਥੁੜੀ ਵੇਲੇ ਕੰਮ ਆਉਣ ਵਾਲੇ।" ਉਹ ਹੱਸਿਆ, "ਤੁਸੀਂ ਮੈਨੂੰ ਲਾ ਕੇ ਆਖਦੇ ਓ ਨਾ! ਮੈਂ ਸਭ ਸਮਝਦਾਂ। ਭਾ ਜੀ! ਜਾਨ ਦੀ ਬਾਜ਼ੀ ਲਾ ਕੇ ਜੇ ਅਸਾਂ ਚਾਰ ਪੈਸੇ ਕਮਾਏ ਨੇ ਤਾਂ ਕਿਸੇ ਦਾ ਕੀ ਖੋਹ ਲਿਐ? ਇਸ ਵਿਚ ਮੁਲਕ ਦਾ ਕੀ ਜਾਂਦੈ ਤੇ ਪੁਲਿਸ ਨੂੰ ਕੀ ਤਕਲੀਫ ਹੈ! ਜਿਹੜੇ ਪੁਲਸੀਏ ਸਾਨੂੰ ਤੰਗ ਕਰਦੇ ਸਨ, ਉਹ ਹੁਣ ਸਾਡੀਆਂ ਬਰੂਹਾਂ ਤੇ ਖਲੋਤੇ ਹੁੰਦੇ ਨੇ ਜੀ ਜੀ ਕਰਦੇ।"
ਇਕ ਦਿਨ ਉਹ ਬੱਸ ਵਿਚੋਂ ਕੱਢ ਕੇ ਮਾਰੇ ਹਿੰਦੂਆਂ ਦੀ ਖ਼ਬਰ 'ਤੇ ਖ਼ੁਸ਼ ਹੋ ਰਿਹਾ ਸੀ।
"ਸੰਤ ਕਹਿੰਦੇ ਨੇ ਧੋਤੀ ਟੋਪੀ ਜਮਨਾ ਪਾਰ ਜਾਊ ਜਾਂ ਦੂਸਰੇ ਪਾਰ"
ਮੈਂ ਉਸਦੀ ਨਾਜ਼ਕ ਥਾਂ 'ਤੇ ਹੱਥ ਰੱਖਿਆ, "ਰਮੇਸ਼ ਨੂੰ ਵੀ ਪਰਲੇ ਪਾਰ ਕਰ ਦੇਵੇਂਗਾ?"
ਰਮੇਸ਼ ਉਸਦਾ ਬੜਾ ਸਨੇਹੀ ਸੀ। ਉਸਦੇ ਛੋਟੇ ਮੋਟੇ ਕੰਮ ਖ਼ੁਸ਼ ਹੋ ਕੇ ਕਰਨ ਵਾਲਾ ਮਧੁਰ ਭਾਸ਼ੀ ਜਿਊੜਾ, ਜਿਹੜਾ ਲੱਗਦੀ ਵਾਹੇ ਕਿਸੇ ਦਾ ਵੀ ਦਿਲ ਨਹੀਂ ਸੀ ਦੁਖਾਉਣਾ ਚਾਹੁੰਦਾ। ਸਰਬਜੀਤ ਮੇਰੀ ਗੱਲ ਸੁਣ ਕੇ ਖ਼ਾਮੋਸ਼ ਹੋ ਗਿਆ। ਫਿਰ ਸੋਚ ਕੇ ਬੋਲਿਆ, "ਲਓ ਰਮੇਸ਼ ਨੂੰ ਕਿਹੜਾ ਕੁਝ ਆਖੂ। ਉਹ ਤਾਂ ਸਾਡਾ ਹੀਰਾ ਹੈ।"
"ਜਿਹੜੇ ਮਰੇ ਨੇ ਉਹ ਵੀ ਕਿਸੇ ਦੇ ਹੀਰੇ ਸਨ।"
ਉਹ ਖ਼ਾਮੋਸ਼ ਹੋ ਗਿਆ।

ਸਰਬਜੀਤ ਮੈਨੂੰ ਵੱਖ ਵੱਖ ਸ਼ਕਲਾਂ ਵਿਚ ਦਿਸ ਰਿਹਾ ਸੀ।

ਕਾਹਨ ਸਿੰਘ ਦੀ ਪੁੱਛ ਦੇ ਉੱਤਰ ਵਿਚ ਮੈਂ ਜ਼ਿਹਨ 'ਤੇ ਜ਼ੋਰ ਪਾਉਣ ਲੱਗਾ ਤਾਂ ਇਕ ਬੁਰੀ ਤੇ ਦੁਖਦਾਈ ਝਾਕੀ ਮਨ ਮਸਤਕ 'ਤੇ ਛਾ ਗਈ। ਮੇਰੇ ਸਾਹਮਣੇ ਸਰਹੰਦ ਨਹਿਰ ਵਿਚੋਂ ਕੱਢ ਕੇ ਲਿਆਂਦੀ ਉਸਦੀ ਫੁੱਲੀ ਹੋਈ ਲਾਸ਼ ਪਈ ਸੀ। ਉਹ ਘਰਦਿਆਂ ਨਾਲ ਕਿਸੇ ਗੱਲੋਂ ਖਫ਼ਾ ਹੋ ਗਿਆ ਸੀ। ਕਿਸੇ ਰਿਸ਼ਤੇਦਾਰੀ ਤੇ ਜਾਣ ਦਾ ਬਹਾਨਾ ਲਾ ਕੇ ਘਰੋਂ ਚਲਾ ਗਿਆ ਅਤੇ ਸਰਹੰਦ ਨਹਿਰ ਵਿਚ ਜਾ ਛਾਲ ਮਾਰੀ ਸੀ। ਉਸਦੇ ਡੁੱਬ ਜਾਣ ਦੀ ਖ਼ਬਰ ਉਸਦੀ ਨਵ ਵਿਆਹੀ ਪਤਨੀ ਨੇ ਆ ਕੇ ਦਿੱਤੀ ਸੀ ਜਿਸਨੂੰ ਉਹ ਆਪਣੇ ਨਾਲ ਲੈ ਕੇ ਗਿਆ ਸੀ ਅਤੇ ਉਸਨੂੰ ਵੀ ਆਪਣੇ ਨਾਲ ਹੀ ਖ਼ੁਦਕਸ਼ੀ ਕਰਨ ਲਈ ਪ੍ਰੇਰਦਾ ਰਿਹਾ ਸੀ। ਪਰ ਉਸਦੇ ਇਨਕਾਰ ਕਰਨ ਅਤੇ ਉਸ ਵੱਲੋਂ ਸਮਝਾਉਣ ਦੇ ਲੱਖ ਯਤਨਾਂ ਦੇ ਬਾਵਜੂਦ ਸਰਬਜੀਤ ਨੇ ਉਸਤੋਂ ਆਪਣੀ ਬਾਂਹ ਛੁਡਾ ਕੇ ਨਹਿਰ ਵਿਚ ਛਾਲ ਮਾਰ ਦਿੱਤੀ ਸੀ। ਤੀਸਰੇ ਦਿਨ ਹਰੇ ਜਾਲੇ ਨਾਲ ਲਿੱਬੜੀ ਉਸਦੀ ਗਲ਼ ਚੁੱਕੀ ਲਾਸ਼ ਲੱਭੀ ਸੀ। ਇਲਾਕੇ ਵਿਚ ਹਾਹਾਕਾਰ ਮੱਚ ਗਈ ਸੀ।
"ਕਮਲਾ ਭੰਗ ਦੇ ਭਾੜੇ ਜਾਨ ਗਵਾ ਬੈਠਾ। ਘਰਾਂ ਵਿਚ ਸੌ ਉੱਨੀ ਇੱਕੀ ਹੋ ਜਾਂਦੀ ਹੈ।" ਮੈਨੂੰ ਉਸਦੀ ਕਹਿਰੀ ਮੌਤ ਦਾ ਡੂੰਘਾ ਅਫ਼ਸੋਸ ਸੀ।
"ਤੁਹਾਡੇ ਨਾਲ ਉਹਦੀ ਮੁੰਡਿਆਂ ਨੂੰ ਕਬੱਡੀ ਖਿਡਵਾਉਣ ਤੋਂ ਝੜਪ ਹੋਈ ਸੀ ਨਾ ਇੱਕ ਵਾਰ?" ਕਾਹਨ ਸਿੰਘ ਨੇ ਇੱਕ ਵਾਰ ਫਿਰ ਆਖਿਆ।
"ਅੱਛਾ! ਲੈ ਉਹ ਗੱਲ? ਉਹ ਤਾਂ ਮਾਮੂਲੀ ਗੱਲ ਸੀ । ਝੜਪ ਵੀ ਕੋਈ ਨਹੀਂ ਸੀ ਹੋਈ। ਬੱਸ ਗੁੱਸਾ ਆਇਆ ਸੀ ਮੈਨੂੰ ਵੀ ਅਤੇ ਉਹਨੂੰ ਵੀ। ਪਰ ਅਸੀਂ ਇੱਕ ਦੂਜੇ ਨੂੰ ਮੂੰਹੋਂ ਕਿਹਾ ਕੁਝ ਨਹੀਂ ਸੀ।" ਮੇਰੇ ਚੇਤੇ ਵਿਚ ਇਕ ਦ੍ਰਿਸ਼ ਉੱਭਰਿਆ।
"ਉਹ ਤਾਂ ਬੜੀ ਵੱਡੀ ਗੱਲ ਹੋ ਚੱਲੀ ਸੀ। ਮੈਂ ਜਾਣ ਬੁੱਝ ਕੇ ਕਦੀ ਤੁਹਾਨੂੰ ਦੱਸੀ ਨਹੀਂ ਸੀ।" ਕਾਹਨ ਸਿੰਘ ਨੇ ਰਹੱਸ ਹੋਰ ਡੂੰਘਾ ਕਰ ਦਿੱਤਾ।
ਹੋਇਆ ਇਹ ਕਿ ਟੂਰਨਾਮੈਂਟ ਆਉਣ ਵਾਲੇ ਸਨ। ਸਰਬਜੀਤ ਸਕੂਲ ਲੱਗਦਿਆਂ ਹੀ ਨਾਂਵੀਂ ਦਸਵੀਂ ਦੇ ਮੁੰਡਿਆਂ ਨੂੰ ਪਿੱਛੇ ਮੈਦਾਨ ਵਿਚ ਲੈ ਜਾਂਦਾ ਅਤੇ ਕਬੱਡੀ ਖਿਡਾਉਣੀ ਸ਼ੁਰੂ ਕਰ ਦਿੰਦਾ। ਹੋਰ ਤਮਾਸ਼ਬੀਨ ਮੁੰਡੇ ਵੀ ਗਰਾਊਂਡ ਦੇ ਆਸੇ ਪਾਸੇ ਜਾ ਬੈਠਦੇ। ਵੱਡੀਆਂ ਜਮਾਤਾਂ ਵਿਹਲੀਆਂ ਵਰਗੀਆਂ ਹੋ ਜਾਂਦੀਆਂ। ਉਹ ਅੱਧੀ ਛੁੱਟੀ ਤੱਕ ਕਬੱਡੀ ਖਿਡਾਉਂਦਾ ਰਹਿੰਦਾ। ਦਸਵੀਂ ਜਮਾਤ ਵਿਚ ਮੇਰਾ ਪੰਜਵਾਂ ਪੀਰੀਅਡ ਲੱਗਦਾ ਸੀ। ਜਦੋਂ ਮੈਂ ਜਮਾਤ ਵਿਚ ਜਾਂਦਾ, ਅੱਧੀ ਜਮਾਤ ਖਾਲੀ ਹੁੰਦੀ। ਪੁੱਛਣਾਂ ਤਾਂ ਪਤਾ ਲੱਗਣਾ ਕਿ ਕੁਝ ਮੁੰਡੇ ਕਬੱਡੀ ਖੇਡਣ ਅਤੇ ਕੁਝ ਉਹਨਾਂ ਨਾਲ ਵੇਖਣ ਗਏ ਹਨ। ਮੈਨੂੰ ਇਸਤਰ੍ਹਾਂ ਬੱਚਿਆਂ ਦੀ ਪੜ੍ਹਾਈ ਖ਼ਰਾਬ ਕਰਨਾ ਚੰਗਾ ਨਹੀਂ ਸੀ ਲੱਗਦਾ। ਕੁਝ ਦਿਨ ਇਹ ਸਿਲਸਿਲਾ ਚੱਲਦਾ ਰਿਹਾ। ਮੈਂ ਕਬੱਡੀ ਵਾਲਿਆਂ ਮੁੰਡਿਆਂ ਨੂੰ ਕਿਹਾ ਕਿ ਕਬੱਡੀ ਖੇਡਣ ਵਾਲੇ ਤਾਂ ਭਾਵੇਂ ਖੇਡਦੇ ਰਹਿਣ ਪਰ ਸਰਬਜੀਤ ਨੂੰ ਆਖਿਓ ਤਮਾਸ਼ਬੀਨਾਂ ਨੂੰ ਤਾਂ ਕਲਾਸ ਵਿਚ ਭੇਜ ਦਿਆ ਕਰੇ। ਅਗਲੇ ਦਿਨ ਮੇਰੀ ਕਲਾਸ ਫਿਰ ਵਿਹਲੀ ਸੀ। ਆਖੇ ਦਾ ਕੋਈ ਅਸਰ ਨਹੀਂ ਸੀ ਹੋਇਆ। ਮੇਰੇ ਪੁੱਛਣ ਤੇ ਪਤਾ ਲੱਗਾ ਕਿ ਸਰਬਜੀਤ ਨੂੰ ਜਦੋਂ ਮੁੰਡਿਆਂ ਨੇ ਮੇਰਾ ਸੁਨੇਹਾਂ ਦਿੱਤਾ ਤਾਂ ਉਸ ਆਖਿਆ ਸੀ, 'ਉਏ ਬੈਠੋ ਤੁਸੀਂ । ਮੇਰੇ ਹੁੰਦਿਆਂ ਤੁਹਾਨੂੰ ਕੋਈ ਕੁਝ ਨਹੀਂ ਆਖਦਾ।'
ਮੈਨੂੰ ਉਸਦੇ ਇਸ ਜਵਾਬ ਵਿਚੋਂ 'ਤੁਹਾਨੂੰ ਕੋਈ ਕੁਝ ਨਹੀਂ ਆਖਦਾ" ਦੀ ਥਾਂ 'ਤੁਹਾਨੂੰ ਕੋਈ ਕੁਝ ਨਹੀਂ ਆਖ ਸਕਦਾ' ਦੀ ਗੰਧ ਆਈ। ਇਹਨਾਂ ਸ਼ਬਦਾਂ ਵਿਚ ਤਾਂ ਇੱਕ ਵੰਗਾਰ ਸੀ!
ਮੈਨੂੰ ਸਰਬਜੀਤ ਦੀ ਇਹ ਗੱਲ ਚੰਗੀ ਨਾ ਲੱਗੀ। ਪਰ ਮੈਂ ਉਸਨੂੰ ਕੁਝ ਨਾ ਆਖਿਆ। ਮੇਰੀ ਜੱਟ-ਹਉਮੈਂ ਵੀ ਜਾਗ ਪਈ ਸੀ। ਪਹਿਲੇ ਦਿਨ ਤਾਂ ਮੈਂ ਸਿਰਫ਼ ਤਮਾਸ਼ਬੀਨਾਂ ਨੂੰ ਹੀ ਕਲਾਸ ਵਿਚ ਆਉਣ ਲਈ ਹੀ ਸੁਨੇਹਾਂ ਭੇਜਿਆ ਸੀ ਪਰ ਅਗਲੇ ਦਿਨ ਮੈਂ ਆਪਣੀ ਜਮਾਤ ਦੇ ਕਬੱਡੀ ਵਾਲੇ ਮੁੰਡਿਆਂ ਨੂੰ ਕਿਹਾ ਕਿ ਕਬੱਡੀ ਖੇਡਣ ਲਈ ਚਾਰ ਪੀਰੀਅਡ ਬਹੁਤ ਹੁੰਦੇ ਹਨ। ਇਸ ਲਈ ਉਹ ਅਗਲੇ ਦਿਨ ਮੇਰੇ ਪੀਰੀਅਡ ਵਿਚ ਕਲਾਸ ਵਿਚ ਹਰ ਹਾਲਤ ਵਿਚ ਹਾਜ਼ਰ ਹੋਣੇ ਚਾਹੀਦੇ ਹਨ। ਪਰ ਅਗਲੇ ਦਿਨ ਫਿਰ ਹਾਲਤ ਪਹਿਲਾਂ ਵਾਲੀ ਹੀ ਸੀ। ਮੁੰਡਿਆਂ ਨੇ ਮੇਰਾ ਸੁਨੇਹਾਂ ਸਰਬਜੀਤ ਤੱਕ ਪਹੁੰਚਾ ਦਿੱਤਾ ਸੀ। ਪਰ ਉਸਨੇ ਫਿਰ ਕਿਹਾ ਸੀ, "ਉਏ ਜਦੋਂ ਮੈਂ ਆਖਦਾਂ, ਕੁਝ ਨਹੀਂ ਹੁੰਦਾ। ਘਬਰਾਓ ਨਾ,ਖੇਡੋ ਤੁਸੀਂ।"
ਪਤਾ ਮੈਨੂੰ ਵੀ ਲੱਗ ਗਿਆ। ਅਸੀਂ ਅੰਦਰੋਂ ਅੰਦਰ ਤਣ ਗਏ ਸਾਂ। ਅਗਲੇ ਦਿਨ ਜਦੋਂ ਮੇਰੇ ਪੀਰੀਅਡ ਦੀ ਘੰਟੀ ਖੜਕੀ, ਮੈਂ ਕਲਾਸ ਵਿਚ ਗਿਆ ਤਾ ਪਹਿਲਾਂ ਵਾਲਾ ਹਾਲ। ਕੁਝ ਭਲੇਮਾਣਸ ਅਤੇ ਡਰਾਕਲ ਮੁੰਡੇ ਹੀ ਕਲਾਸ ਵਿਚ ਹਾਜ਼ਰ ਸਨ। ਬਾਕੀ ਸਾਰੀ ਜਮਾਤ ਗਰਾਊਂਡ ਵਿਚ ਹੀ ਸੀ। ਮੈਂ ਉਸੇ ਵੇਲੇ ਗਰਾਊਂਡ ਵੱਲ ਤੁਰ ਪਿਆ। ਸਾਰੇ ਮੇਰੇ ਵੱਲ ਵੇਖਣ ਲੱਗੇ।
"ਤੁਹਾਨੂੰ ਮੈਂ ਕੀ ਆਖਿਆ ਸੀ ਉਏ! ਤੁਸੀਂ ਕਲਾਸ ਵਿਚ ਕਿਉਂ ਨਹੀਂ ਆਏ?"
ਮੁੰਡੇ ਖੇਡਣਾ ਛੱਡ ਕੇ ਮੇਰੇ ਵੱਲ ਵੇਖਣ ਲੱਗੇ।
ਕਬੱਡੀ ਵੇਖ ਰਹੇ ਤਮਾਸ਼ਬੀਨ ਮੁੰਡਿਆਂ ਨੂੰ ਮੈਂ ਦਬਕਾਇਆ ਕਿ ਉਹ ਆਪੋ ਆਪਣੀ ਕਲਾਸ ਵਿਚ ਜਾਣ, ਓਥੇ ਬੈਠਣ ਦਾ ਉਹਨਾਂ ਦਾ ਕੋਈ ਕੰਮ ਨਹੀਂ। ਸਰਬਜੀਤ ਦਸ ਗਜ਼ ਦੀ ਵਿੱਥ 'ਤੇ ਗਰਾਊਂਡ ਦੇ ਦੂਜੇ ਸਿਰੇ 'ਤੇ ਖਲੋਤਾ ਸੀ। ਮੈਂ ਪੂਰੀ ਕਰੜਾਈ ਨਾਲ ਆਖਿਆ, "ਜਿਹੜੇ ਦਸਵੀਂ ਦੇ ਮੁੰਡੇ ਨੇ, ਚੁੱਪ ਚਾਪ ਬੰਦੇ ਦੇ ਪੁੱਤ ਬਣ ਕੇ ਬਾਹਰ ਆ ਜਾਓ ਅਤੇ ਮੂੰਹ ਹੱਥ ਧੋ ਕੇ ਕਲਾਸ ਵਿਚ ਚਲੋ। ਮੈਂ ਤੁਹਾਨੂੰ ਕੱਲ੍ਹ ਹੀ ਕਹਿ ਦਿੱਤਾ ਸੀ ਕਿ ਇਸ ਵੇਲੇ ਤੁਹਾਨੂੰ ਕਲਾਸ ਵਿਚ ਹੋਣਾ ਚਾਹੀਦਾ ਹੈ।"
ਮੁੰਡੇ ਕਦੀ ਮੇਰੇ ਵੱਲ ਵੇਖਦੇ। ਕਦੀ ਸਰਬਜੀਤ ਵੱਲ।
"ਬਿਟਰ ਬਿਟਰ ਕੀ ਵਿੰਹਦੇ ਓ। ਮੇਰੀ ਗੱਲ ਨਹੀਂ ਸੁਣੀ। ਚੱਲ ਉਏ ਪੱਗਿਆ ਤੂੰ। ਤੂੰ ਵੀ ਪਾ ਕੱਪੜੇ ਉਏ ਸੀਂਢੀ।" ਮੈਂ ਵਾਰੀ ਵਾਰੀ ਨਾਂ ਲੈ ਕੇ ਬੁਲਾਉਣਾ ਸ਼ੁਰੂ ਕੀਤਾ ਤਾਂ ਮੇਰੇ ਬੋਲਾਂ ਵਿਚਲੀ ਕਰੜਾਈ ਵੇਖ ਕੇ ਉਹਨਾਂ ਕੱਪੜੇ ਚੁੱਕੇ ਅਤੇ ਨਲਕੇ ਵੱਲ ਤੁਰ ਪਏ।
ਸਰਬਜੀਤ ਖਲੋਤਾ ਮੁੱਛਾਂ ਤੇ ਹੱਥ ਫੇਰ ਰਿਹਾ ਸੀ। ਸਾਂਵਲੇ ਮੱਥੇ ਉੱਤੇ ਉਭਰੀਆਂ ਪਸੀਨੇ ਦੀਆਂ ਬੂੰਦਾਂ ਉਹਦੀਆਂ ਤਿਊੜੀਆਂ ਵਿਚ ਘੁਲ ਗਈਆਂ ਸਨ। ਪਰ ਨਾ ਉਸਨੇ ਕੋਈ ਬੋਲ ਮੇਰੇ ਨਾਲ ਸਾਂਝਾ ਕੀਤਾ ਤੇ ਨਾ ਮੈਂ। ਮੁੰਡਿਆਂ ਨੂੰ ਅੱਗੇ ਹਿੱਕ ਕੇ ਮੈਂ ਕਲਾਸ ਵਿਚ ਲੈ ਆਇਆ।
ਅਗਲੇ ਦਿਨ ਦਰਸ਼ਨ ਹੁਰਾਂ ਨੇ ਸਾਨੂੰ ਦੋਵਾਂ ਨੂੰ ਸਮਝਾ ਬੁਝਾ ਕੇ ਸਾਡੇ ਹੱਥ ਮਿਲਵਾ ਦਿੱਤੇ।
ਉਸਨੂੰ ਕਿਹਾ, "ਸੰਧੂ ਸਾਹਿਬ ਤੇਰੇ ਵੱਡੇ ਭਰਾ ਸਨ। ਤੂੰ ਰਿਕੁਐਸਟ ਕਰਨੀ ਸੀ, ਇਹਨਾਂ ਤੈਨੂੰ ਕੀ ਆਖਣਾ ਸੀ ਮੁੰਡਿਆਂ ਤੋਂ। ਅੱਗੇ ਕਿਹੜੀਆਂ ਰੋਜ਼ ਸਾਰੀਆਂ ਕਲਾਸਾਂ ਲੱਗਦੀਆਂ ਨੇ! ਟੂਰਨਾਮੈਂਟ ਤੱਕ ਇਹਨਾਂ ਦੀ ਵੀ ਕਲਾਸ ਨਾ ਲੱਗਦੀ ਤਾਂ ਕੀ ਫ਼ਰਕ ਪੈਣਾ ਸੀ!"
ਮੈਨੂੰ ਕਿਹਾ, "ਤੁਹਾਡਾ ਛੋਟਾ ਵੀਰ ਸੀ। ਤੁਸੀਂ ਆਪ ਇਸਨੂੰ ਸਮਝਾ ਬੁਝਾ ਲੈਣਾ ਸੀ। ਇਹਨੇ ਕਿਹੜਾ ਤੁਹਾਡਾ ਕਿਹਾ ਕਦੀ ਮੋੜਿਆ ਹੈ। ਏਨੀ ਇੱਜ਼ਤ ਕਰਦਾ ਹੈ ਤੁਹਾਡੀ। ਮੁੰਡਿਆਂ 'ਚ ਜਾ ਕੇ ਕਹਿਣ ਨਾਲ ਇਹ ਆਪਣੀ ਬੇਇਜ਼ਤੀ ਮੰਨ ਗਿਆ ਹੈ।"
"ਤੁਹਾਡੇ ਕਹਿਣ ਮੂਜਬ ਅਸੀਂ ਕਿਵੇਂ ਕਰਦੇ? ਅਕਸਰ ਦੋਵੇਂ ਸੰਧੂ ਜੱਟ ਜੂ ਹੋਏ। ਮੁੱਛ ਤਾਂ ਸਿੱਧੀ ਰੱਖਣੀ ਹੋਈ ਨਾ? ਕਿਉਂ ਸਰਬਜੀਤ?" ਮੈਂ ਹਸਬ ਮਾਮੂਲ ਮੁੱਛਾਂ 'ਤੇ ਹੱਥ ਫੇਰ ਰਹੇ ਸਰਬਜੀਤ ਨੂੰ ਕਿਹਾ। ਉਹ ਖਿੜਖਿੜਾ ਕੇ ਹੱਸਿਆ।
"ਭਾ ਜੀ! ਗੱਲ ਤੁਹਾਡੀ ਠੀਕ ਹੈ। ਮਸਲਾ ਸਿਰਫ਼ ਮੁੱਛ ਦਾ ਹੀ ਸੀ।"
ਕਿਸੇ ਨੇ ਹਾਸੇ ਨਾਲ ਕਿਹਾ, " ਹੁਣ ਦੋਵੇਂ ਜਣੇ ਮੁੱਛਾਂ ਨੀਵੀਂਆਂ ਕਰ ਲਵੋ।"
ਸਰਬਜੀਤ ਕੁਰਸੀ ਤੋਂ ਉੱਠਿਆ ਅਤੇ ਆ ਕੇ ਮੈਨੂੰ ਜੱਫ਼ੀ ਪਾ ਲਈ। ਮੈਂ ਉਸਨੂੰ ਛੋਟੇ ਭਰਾ ਵਾਂਗ ਗਲ ਨੂੰ ਲਾ ਲਿਆ।
ਕਾਹਨ ਸਿੰਘ ਨੇ ਮੇਰੀ ਗੱਲ ਸੁਣਨ ਤੋਂ ਬਾਅਦ ਜੋ ਦੱਸਿਆ ਉਹ ਸੁਣ ਕੇ ਤਾਂ ਮੇਰੇ ਲੂੰਈਂ ਕੰਡੇ ਖੜੇ ਹੋ ਗਏ।
ਉਸ ਵੱਲੋਂ ਦੱਸੀ ਗੱਲ ਦਾ ਸਾਰ ਸੰਖੇਪ ਇਸ ਪ੍ਰਕਾਰ ਹੈ:
ਜਿਸ ਦਿਨ ਉਸਦਾ ਮੇਰੇ ਨਾਲ ਇਹ ਝਗੜਾ ਹੋਇਆ ਤਾਂ ਉਹ ਬੜੇ ਗੁੱਸੇ ਵਿਚ ਸੀ। ਸਾਰੇ ਮੁੰਡਿਆਂ ਤੇ ਮਾਸਟਰਾਂ ਵਿਚ ਉਸਦੀ 'ਬੱਲੇ! ਬੱਲੇ!' ਸੀ। ਪਰ ਅੱਜ ਉਸਨੂੰ ਲੱਗਦਾ ਸੀ ਜਿਵੇਂ ਮੁੰਡੇ ਉਸਦੀ ਬਹਾਦਰੀ, ਸਰਦਾਰੀ ਅਤੇ ਖੜੀ ਮੁੱਛ ਉੱਤੇ ਹੱਸ ਰਹੇ ਹੋਣ। ਉਸਨੇ ਤਾਂ ਇਹ ਪ੍ਰਭਾਵ ਬਣਾਇਆ ਹੋਇਆ ਸੀ ਕਿ ਕੋਈ ਉਸ ਅੱਗੇ 'ਖੰਘ' ਨਹੀਂ ਸਕਦਾ। ਪਰ ਇਹ ਕੀ ਹੋ ਗਿਆ ਸੀ! ਉਸਦਾ ਅੰਦਰ ਮੱਚ ਮੱਚ ਜਾਂਦਾ।
ਉਸੇ ਰਾਤ ਕੁਦਰਤੀ ਉਹਨਾਂ ਦੇ ਘਰ 'ਖਾੜਕੂ' ਆ ਗਏ। ਆਉਂਦੇ ਹੀ ਰਹਿੰਦੇ ਸਨ। ਇਹ ਉਹਨਾਂ ਦੀ ਪੈਸੇ ਧੇਲੇ ਅਤੇ ਰੋਟੀ ਪਾਣੀ ਵੱਲੋਂ 'ਸੇਵਾ' ਕਰਦੇ ਸਨ। ਉਹਨਾਂ ਦੀ ਇਸ ਇਲਾਕੇ ਵਿਚ ਵੱਡੀ ਧਿਰ ਸਨ। ਉਸ ਰਾਤ ਰੋਟੀ ਪਾਣੀ ਖਵਾਉਣ ਤੋਂ ਬਾਅਦ ਜਦੋਂ ਸਰਬਜੀਤ ਉਹਨਾਂ ਵਾਸਤੇ ਦੁੱਧ ਦਾ ਜੱਗ ਲੈ ਕੇ ਗਿਆ ਤਾਂ ਉਹਨਾਂ ਨੇ ਐਵੇਂ ਗੱਲਾਂ ਗੱਲਾਂ ਵਿਚ ਆਖਿਆ, "ਮਾਸਟਰ ਜੀ, ਕਿਤੇ ਕੋਈ ਮਾਸਟਰ ਮੂਸਟਰ ਜਾਂ ਹੋਰ ਬੰਦਾ ਕੁਬੰਦਾ ਤੁਹਾਨੂੰ ਜਾਪਦਾ ਹੋਵੇ ਕਿ ਅੜਦਾ ਹੈ, ਆਪਾਂ ਨੂੰ ਦੱਸੋ, ਝਾੜ ਦਿਆਂਗੇ।" ਸਰਬਜੀਤ ਦੇ ਅੰਦਰ ਬਲਦੀਆਂ ਸਵੇਰ ਵਾਲੀਆਂ ਲਾਟਾਂ ਮੱਧਮ ਨਹੀਂ ਸਨ ਹੋਈਆਂ। ਉਸਨੇ ਕਿਹਾ, "ਹੈ ਸਾਡੇ ਇੱਕ ਮਾਸਟਰ। ਕਾਮਰੇਡ ਐ। ਲੇਖਕ ਐ। ਸੰਤਾਂ ਦੇ ਖਿਲਾਫ਼ ਬੜਾ ਬੋਲਦਾ ਰਹਿੰਦਾ। ਸਿੰਘਾਂ ਨੂੰ ਵੀ ਕਾਤਲਾਂ ਅਤੇ ਡਾਕੂਆਂ ਦੇ ਟੋਲੇ ਆਖਦਾ ਐ। ਮੈਂ ਤਾਂ ਬੜਾ ਸਮਝਾਇਆ ਪਰ ਉਹ ਬਾਜ਼ ਨਹੀਂ ਆਉਂਦਾ। ਅੱਜ ਏਸੇ ਗੱਲੋਂ ਮੇਰੇ ਨਾਲ ਖਹਿਬੜ ਪਿਆ। ਮੈਂ ਆਖਿਆ ਕਿ ਮੈਂ ਆਪਣੇ ਸਾਹਮਣੇ ਤੈਨੂੰ ਸੰਤਾਂ ਮਹਾਂਪੁਰਖਾਂ ਨੂੰ ਦੁਰਬਚਨ ਨਹੀਂ ਬੋਲਣ ਦੇਣਾ। ਹਟੇ ਈ ਨਾ। ਮੈਂ ਤਾਂ ਪਾ ਲਿਆ ਫਿਰ ਗਲਮੇਂ ਨੂੰ ਹੱਥ। ਪੂਰਾ ਪੰਥ ਦੋਖੀ ਹੈ।"
ਉਹਨਾਂ ਨੇ ਨਾਂ ਪਤਾ ਅਤੇ ਸਾਰਾ ਵੇਰਵਾ ਪੁੱਛਿਆ। ਉਸ ਦੱਸ ਦਿੱਤਾ। ਉਹਨਾਂ ਦੇ ਆਗੂ ਨੇ ਕਿਹਾ, "ਮਾਸਟਰ ਜੀ, ਚਿੰਤਾ ਨਾ ਕਰੋ। ਦੋ ਦਿਨਾਂ 'ਚ ਸਾਰਾ ਟੱਬਰ ਗੱਡੀ ਚਾੜ੍ਹ ਕੇ ਫਿਰ ਆਵਾਂਗੇ ਤੁਹਾਡੇ ਕੋਲ ਦੁੱਧ ਦੇ ਗੱਫੇ ਲਾਉਣ ਲਈ।"
ਅਗਲੇ ਦਿਨ ਸਵੇਰੇ ਆਉਂਦਿਆਂ ਹੀ ਸਰਬਜੀਤ ਨੇ ਦਰਸ਼ਨ ਨੂੰ ਅੱਡ ਕਰਕੇ ਸਾਰੀ ਗੱਲ ਦੱਸ ਦਿੱਤੀ।
"ਬਹੁਤਾ ਖੱਬੀ ਖਾਨ ਬਣਦੈ ਨਾ! ਪੁੱਤ ਨੂੰ ਲੱਗ ਜੂ ਪਤਾ, ਇੱਕ ਅੱਧੇ ਦਿਨ 'ਚ।" ਉਸਦਾ ਗੁੱਸਾ ਅਜੇ ਵੀ ਹਲਕਾ ਨਹੀਂ ਸੀ ਹੋਇਆ।
ਦਰਸ਼ਨ ਨੇ ਕਿਹਾ, "ਸਰਬਜੀਤ , ਇਹ ਤੂੰ ਬਹੁਤ ਮਾੜੀ ਕੀਤੀ। ਤੈਨੂੰ ਇੰਜ ਨਹੀਂ ਸੀ ਕਰਨਾ ਚਾਹੀਦਾ।"
ਕਾਹਨ ਸਿੰਘ ਦੱਸ ਰਿਹਾ ਸੀ," ਪਹਿਲਾਂ ਤੁਹਾਡੀ ਸੁਲਾਹ ਸਫਾਈ ਕਰਵਾਈ ਅਤੇ ਫਿਰ ਬਿਨਾਂ ਕਿਸੇ ਨੂੰ ਦੱਸਿਆਂ ਦਰਸ਼ਨ ਨੇ ਓਸੇ ਵੇਲੇ ਕਿਸੇ ਅਧਿਆਪਕ ਦਾ ਸਕੂਟਰ ਮੰਗਿਆ ਅਤੇ ਸਿੱਧਾ ਮੇਰੇ ਕੋਲ ਮੇਰੇ ਸਕੂਲੇ ਆ ਵੱਜਾ। ਉਹਨੂੰ ਤੁਹਾਡੇ ਅਤੇ ਮੇਰੇ ਰਿਸ਼ਤੇ ਦਾ ਇਲਮ ਸੀ। ਮੈਨੂੰ ਕਹਿੰਦਾ, ਸਰਬਜੀਤ ਨੇ ਆਹ ਲੋਹੜਾ ਮਾਰਿਐ। ਤੁਹਾਡੀ ਉਹ ਬੜੀ ਇੱਜ਼ਤ ਕਰਦੈ। ਉਹਨੂੰ ਆਖੋ ਕਿ ਸਿੰਘਾਂ ਨੂੰ ਛੇਤੀ ਤੋਂ ਛੇਤੀ ਲੱਭ ਕੇ ਭਾਣਾ ਵਰਤਣੋਂ ਰੋਕ ਲਵੇ। ਗੱਲ ਸੁਣ ਕੇ ਤਾਂ ਮੇਰੇ ਵੀ ਪਸੀਨੇ ਛੁੱਟ ਗਏ। ਮੈਂ ਵੀ ਘਬਰਾ ਗਿਆ। ਅਸੀਂ ਸਰਬਜੀਤ ਨੂੰ ਸਕੂਲੋਂ ਆਉਂਦੇ ਨੂੰ ਰਾਹ ਵਿਚ ਝਬਾਲ ਦੇ ਬੱਸ ਅੱਡੇ 'ਤੇ ਹੀ ਜਾ ਘੇਰਿਆ। ਉਹ ਡਾਢਾ ਸ਼ਰਮਿੰਦਾ ਸੀ। ਕਹਿੰਦਾ, ਸਾਡੀ ਤਾਂ ਸੁਲਾਹ ਸਫਾਈ ਵੀ ਹੋ ਗਈ ਆ। ਪਰ ਹੁਣ ਛੁੱਟੇ ਤੀਰ ਦਾ ਕੀ ਬਣੇ! ਉਹ ਵੀ ਸਾਡੇ ਜਿੰਨਾਂ ਹੀ ਚਿੰਤਾਤੁਰ ਸੀ ਸਗੋਂ ਸਾਡੇ ਤੋਂ ਵੀ ਵੱਧ। ਲਓ ਜੀ, ਅਸੀਂ 'ਸਿੰਘਾਂ' ਦੇ ਇੱਕ ਤੋਂ ਦੂਜੇ ਅੱਡੇ ਦਾ ਪਤਾ ਕਰਦੇ ਲਗਾਤਾਰ ਤਿੰਨ ਦਿਨ ਸਾਹ ਨਾ ਲਿਆ। ਸ਼ਾਇਦ ਤੁਹਾਨੂੰ ਚੇਤੇ ਹੋਵੇ, ਤੁਹਾਡੇ ਨਾਲ ਸੁਲਾਹ ਸਫ਼ਾਈ ਵਾਲੇ ਦਿਨ ਤੋਂ ਪਿੱਛੋਂ ਤਿੰਨ ਦਿਨ ਸਰਬਜੀਤ ਅਤੇ ਦਰਸ਼ਨ ਸਕੂਲ ਨਹੀਂ ਸਨ ਗਏ। ਤੀਸਰੀ ਰਾਤ ਅਸੀਂ ਉਹਨਾਂ ਨੂੰ ਗੱਗੋਬੂਹੇ ਪਿੰਡ ਵਿਚ ਇੱਕ ਬਹਿਕ ਤੇ ਜਾ ਲੱਭਿਆ। ਅਸੀਂ ਸੋਚ ਹੀ ਰਹੇ ਸਾਂ ਕਿ ਇਹਨਾਂ ਨਾਲ ਸਾਰੀ ਗੱਲ ਕਿਵੇਂ ਸ਼ੁਰੂ ਕਰੀਏ। ਮੈਂ ਦੋਵੇਂ ਹੱਥ ਜੋੜ ਕੇ ਕਿਹਾ, "ਜੀ ਜੀ ਬੇਨਤੀ ਹੈ।" ਉਹਨਾਂ ਦਾ ਜਥੇਦਾਰ ਵਿਚੋਂ ਹੀ ਟੋਕ ਕੇ ਕਹਿੰਦਾ, "ਮਾਸਟਰ ਜੀ ਨੂੰ ਸਾਡੇ ਤੇ ਯਕੀਨ ਨਹੀਂ ਲੱਗਦਾ। ਮਾਸਟਰ ਜੀ ਕੱਲ੍ਹ ਰਾਤ ਨੂੰ ਤੁਹਾਡੇ ਮਨ ਦੀ ਮੁਰਾਦ ਪੂਰੀ ਹੋ ਜਾਊ ਅਤੇ ਉਹ ਪੰਥ ਦੋਖੀ ਸਮੇਤ ਪਰਿਵਾਰ ਨਰਕਾਂ ਵਿਚ ਪਹੁੰਚ ਜਾਊ। ਇਹ ਦੋ ਦਿਨ ਵੀ ਤਾਂ ਲੱਗ ਗਏ ਕਿ ਅਸੀਂ ਉਹਦੇ ਟਿਕਾਣੇ ਦਾ ਪੂਰਾ ਪਤਾ ਲਾਉਂਦੇ ਰਹੇ ਆਂ। ਨਹੀਂ ਇਤਬਾਰ ਤਾਂ ਸੁਣੋਂ। ਅਸਲ ਵਿਚ ਉਹਨਾਂ ਦਾ ਘਰ ਬਾਜ਼ਾਰ ਵਿਚ ਹੋਣ ਕਰਕੇ ਸਵੇਰੇ ਤਾਂ ਓਥੇ ਸੀ ਆਰ ਪੀ ਫਿਰਦੀ ਰਹਿੰਦੀ ਹੈ। ਇਹ ਕੰਮ ਰਾਤ ਨੂੰ ਹੋਣ ਵਾਲਾ ਹੈ। ਇਕੱਲੇ ਦੀ ਗੱਲ ਹੁੰਦੀ ਤਾਂ ਅਸੀਂ ਸਕੂਲੇ ਜਾ ਕੇ ਹੀ ਸੋਧ ਦੇਣਾ ਸੀ ਪਰ ਸਣੇ ਟੱਬਰ ਰਾਤ ਨੂੰ ਘਰੇ ਹੀ 'ਗੜ ਗੜ' ਹੋਊ। ਜੇ ਸਾਡੇ 'ਤੇ ਨਹੀਂ ਯਕੀਨ ਤਾਂ ਅੱਗੇ ਸੁਣੋਂ, ਉਹਨਾਂ ਦੇ ਘਰ ਦੀ ਸਾਹਮਣੀ ਅਤੇ ਪਾਸੇ ਦੀ ਬਾਜ਼ਾਰ ਵਾਲੀ ਬਾਹੀ ਤੋਂ ਟੱਪ ਕੇ ਘਰ ਅੰਦਰ ਜਾਇਆ ਜਾ ਸਕਦਾ ਹੈ। ਉਧਰ ਕੰਧਾਂ ਮਸਾਂ ਦਸ ਦਸ ਫੁੱਟ ਹੀ ਉੱਚੀਆਂ ਨੇ।ਉਹ ਸਾਰਾ ਟੱਬਰ ਬਾਹਰ ਵਿਹੜੇ ਵਿਚ ਪੱਖਾ ਲਾ ਕੇ ਸੌਂਦੇ ਨੇ। ਹੁਣ ਹੈ ਕੋਈ ਬੇਇਤਬਾਰੀ? ਕੱਲ੍ਹ ਨੂੰ ਇਹ ਕੰਮ ਹੋਇਆ ਲਓ। ਹੁਣ ਹੋਰ ਸੇਵਾ ਦੱਸੋ।" ਉਹ ਖ਼ੌਫ਼ਨਾਕ ਹਾਸਾ ਹੱਸਿਆ।"
" ਅਸੀਂ ਸੇਵਾ ਕੀ ਦੱਸਣੀ ਸੀ। ਤਰਲਾ ਪਾਇਆ ਸਾਰਿਆਂ ਦੋਵੇਂ ਹੱਥ ਜੋੜ ਕੇ ਕਿ ਬਾਬਾ ਜੀ ਗਲਤੀ ਨਾਲ ਆਖਿਆ ਗਿਆ। ਮਾੜੇ ਜਿਹੇ ਆਪਸੀ ਝਗੜੇ ਕਰਕੇ ਇਹਨੂੰ ਗੁੱਸਾ ਸੀ। ਤੁਸੀਂ ਬਖ਼ਸ਼ ਦਿਓ। ਉਸ ਮਾਸਟਰ ਵਿਚਾਰੇ ਦਾ ਕੋਈ ਕਸੂਰ ਨਹੀਂ। ਉਹ ਕਹਿੰਦਾ, 'ਉਹ ਸੰਤਾਂ ਨੂੰ ਅਬਾ ਤਬਾ ਬੋਲਦਾ ਹੈ। ਕਾਮਰੇਡ ਆ । ਕਾਮਰੇਡ ਨੂੰ ਤਾਂ ਅਸਾਂ ਹੁਣ ਨਹੀਂ ਛੱਡਣਾ।' ਅਸੀਂ ਹੱਥ ਜੋੜੇ। ਸਰਬਜੀਤ ਨੇ ਕਿਹਾ , 'ਬਾਬਾ ਜੀ ਮੈਥੋਂ ਹੀ ਗੁੱਸੇ ਵਿਚ ਭੁੱਲ ਹੋ ਗਈ। ਕਾਮਰੇਡ ਕੂਮਰੇਡ ਕੋਈ ਨਹੀਂ ਵਿਚਾਰਾ! ਉਹ ਤਾਂ ਹੀਰਾ ਬੰਦਾ ਹੈ। ਹੱਥ ਬੰਨ੍ਹ ਕੇ ਬੇਨਤੀ ਹੈ ਕਿ ਭਾਣਾ ਨਾ ਵਰਤਾਇਓ।" ਉਹਨੂੰ ਏਨਾ ਨਿਮਰ ਅਤੇ ਨਿੰਮੋਝੂਣਾ ਵੇਖ ਕੇ 'ਬਾਬਾ' ਹੱਸ ਪਿਆ। ਕਹਿੰਦਾ, "ਸਿੰਘ ਅਰਦਾਸ ਕਰ ਕੇ ਮੁੜਦੇ ਤਾਂ ਨਹੀਂ ਹੁੰਦੇ ਪਰ ਜੇ ਇਹ ਸੰਗਤ ਦਾ ਹੁਕਮ ਹੈ ਤਾਂ ਮੰਨ ਲੈਂਦੇ ਆਂ। ਪਰ ਇੱਕ ਗੱਲ ਹੈ ਉਸ ਬੰਦੇ 'ਚ ਕਸਰ ਜ਼ਰੂਰ ਹੋਵੇਗੀ, ਤੁਹਾਡਾ ਮਨ ਹੀ ਪਿਘਲ ਗਿਆ ਲੱਗਦੈ। ਮੋਮ ਬਣਿਆਂ ਨਹੀਂ ਸਰਨਾ ਹੁਣ। ਸਟੀਲ ਬਣਨਾ ਪਊ। ਹੁਣ ਤੁਸੀਂ ਉਸਨੂੰ ਬਚਾਉਣ ਲਈ ਉਸਦੀ ਸ਼ਾਹਦੀ ਭਰਦੇ ਓ।"
ਕਾਹਨ ਸਿੰਘ ਬਿਰਤਾਂਤ ਖ਼ਤਮ ਕਰਕੇ ਚੁੱਪ ਕਰ ਗਿਆ ਪਰ ਮੇਰੇ ਅੰਦਰ ਕਿੰਨਾਂ ਚਿਰ ਡਿਗਦੇ ਪਹਾੜਾਂ ਦਾ ਖੜਾਕ ਆਉਂਦਾ ਰਿਹਾ। ਜੇ ਭਲਾ ਉਹ ਅਗਲੀ ਰਾਤ ਤੱਕ ਵੀ ਉਹਨਾਂ ਨੂੰ ਨਾ ਲੱਭਦੇ! ਜ਼ਿੰਦਗੀ ਅਤੇ ਮੌਤ ਵਿਚ ਕਿੰਨਾਂ ਮਾਮੂਲੀ ਫ਼ਰਕ ਹੈ! ਸਿਰਫ਼ ਇੱਕ ਰਾਤ ਦੇ ਫਾਸਲੇ ਤੇ ਮੇਰੀ ਜ਼ਿੰਦਗੀ ਅਤੇ ਮੌਤ ਖਲੋਤੀਆਂ ਸਨ। ਉਹਨਾਂ ਵਿਚੋਂ ਕੋਈ ਵੀ ਮੈਨੂੰ ਮਿਲ ਸਕਦੀ ਸੀ। ਮੈਨੂੰ ਜ਼ਿੰਦਗੀ ਮਿਲ ਗਈ।
ਫਿਰ ਮੈਨੂੰ ਖ਼ਿਆਲ ਆਇਆ ਕਿ ਇਸਤਰ੍ਹਾਂ ਦੇ ਕਿੰਨੇ 'ਪੰਥ ਦੋਖੀ' ਆਪਸੀ ਦੁਸ਼ਮਣੀਆਂ ਵਾਲਿਆਂ ਨੇ ਮਰਵਾਏ ਹੋਣਗੇ!
ਮੈਂ ਉਦਾਸ ਹੋ ਗਿਆ। ਮੇਰੇ ਮੂੰਹੋਂ ਸਹਿਜ ਸੁਭਾਵਕ ਨਿਕਲਿਆ, "ਹੀਰਾ ਬੰਦਾ ਤਾਂ ਕਾਹਨ ਸਿਹਾਂ ਤੂੰ ਹੈਂ ਹੀ। ਪਰ ਸੋਚੀਏ ਤਾਂ ਅਸਲੀ ਹੀਰਾ ਬੰਦਾ ਦਰਸ਼ਨ ਸਿੰਘ ਸੀ, ਜਿਹੜਾ ਤੇਰੇ ਵੱਲ ਨਾ ਤੁਰਦਾ ਤਾਂ ਅੱਜ ਮੈਂ ਤੇਰੇ ਸਾਹਮਣੇ ਨਹੀਂ ਸੀ ਬੈਠਾ ਹੋਣਾ। ਉਸਦੀ ਇਹ ਵੀ ਵਡਿਆਈ ਵੇਖ ਕਿ ਸਰਬਜੀਤ ਦੀ ਮੌਤ ਤੋਂ ਬਾਅਦ, ਮੇਰੇ ਜਲੰਧਰ ਆਉਣ ਤੱਕ ਉਹ ਕਈ ਸਾਲ ਮੇਰੇ ਨਾਲ ਪੜ੍ਹਾਉਂਦਾ ਰਿਹਾ ਪਰ ਉਸਨੇ ਮੈਨੂੰ ਕਦੀ ਨਹੀਂ ਦੱਸਿਆ ਅਤੇ ਜਤਾਇਆ ਕਿ ਉਸਦੀ ਅਤੇ ਫਿਰ ਤੇਰੀ ਪਹਿਲਕਦਮੀ ਨਾਲ ਕਿਵੇਂ ਮੇਰੀ ਜਾਨ ਬਚੀ।"
ਕਾਹਨ ਸਿੰਘ ਨੇ ਹਾਮੀ ਭਰੀ। ਫਿਰ ਅਸੀਂ ਦਰਸ਼ਨ ਸਿੰਘ ਦੇ ਦਰਦ ਵਿਚ ਭਿੱਜ ਗਏ , ਜਿਹੜਾ ਕੁਝ ਸਾਲ ਹੋਏ ,ਕਿਸੇ ਸੜਕ ਦੁਰਘਟਨਾ ਵਿਚ ਮਾਰਿਆ ਗਿਆ ਸੀ, ਪਿੱਛੇ ਨਿੱਕਾ ਨਿੱਕਾ ਜੀਆ ਜੰਤ ਕੁਰਲਾਉਂਦਾ ਛੱਡ ਕੇ।
ਕਾਹਨ ਸਿੰਘ ਮੇਰੇ ਸਾਹਮਣੇ ਬੈਠਾ ਸੀ ਅਤੇ ਮੈਂ ਅੰਤਰ ਧਿਆਨ ਹੋ ਕੇ ਇਹਨਾਂ ਹੀਰੇ ਬੰਦਿਆਂ ਨੂੰ ਨਤਮਸਤਕ ਸਾਂ।

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਵਰਿਆਮ ਸਿੰਘ ਸੰਧੂ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ