Ikk Mitthi Yaad : Balraj Sahni

ਇੱਕ ਮਿੱਠੀ ਯਾਦ : ਬਲਰਾਜ ਸਾਹਨੀ

ਕੋਈ ਜ਼ਮਾਨਾ ਸੀ ਜਦੋਂ ਜਿੰਦਗੀ ਦੇ ਰੰਗ ਮੰਚ ਤੇ ਮੈਂ ਇਕ ਸਹਿੱਤਕਾਰ ਦੇ ਤੌਰ ਤੇ ਵਿਚਰਨ ਦਾ ਖਾਹਿਸ਼ਮੰਦ ਸਾਂ।ਉਦੋਂ ਇਸ ਗੱਲ ਦੀ ਸ਼ਾਇਦ ਮੈਂ ਕਦੇ ਕਲਪਨਾ ਵੀ ਨਹੀਂ ਸੀ ਕੀਤੀ ਕਿ ਇਸ ਵਿਸ਼ਾਲ ਜੀਵਨ ਨਾਟਕ ਵਿਚ ਮੈਂ ਇਕ ਅਦਾਕਾਰ ਦਾ ਪਾਰਟ ਵਧੇਰੇ ਨਿਪੁੰਨਤਾ ਨਾਲ ਨਿਭਾ ਸਕਾਂਗਾ।ਇਸ ਦਾ ਅਹਿਸਾਸ ਉਦੋਂ ਹੋਇਆ ਜਦੋਂ ਕੁਦਰਤ ਦੇ ਇਸ ਵਿਸ਼ਾਲ ਮੰਚ ਉਤੇ ਕਈ ਤਰ੍ਹਾਂ ਦੇ ਨਿਪੁੰਨ ਅਦਾਕਾਰਾਂ ਦੇ ਵਿਚਕਾਰ ਆਪਣੀ ਵੱਖਰੀ ਹੋਂਦ ਕਾਇਮ ਰੱਖਣ ਲਈ ਮੈਂ ਹਾਲਾਤ ਨਾਲ ਘੁਲਦਾ ਰਿਹਾ। ਪ੍ਰਸਥਿਤੀਆਂ ਦੀਆਂ ਮਜਬੂਰੀਆਂ ਨੇ ਮੈਥੋਂ ਕਈ ਤਰ੍ਹਾਂ ਦੀ ਅਦਾਕਾਰੀ ਕਰਵਾਈ। ਇਸ ਸਾਰੀ ਭਟਕਣ ਵਿਚ ਆਖਰ ਅਦਾਕਾਰ ਦਾ ਪਾਰਟ ਹੀ ਅਜਿਹਾ ਨਿਕਲਿਆ ਜਿਸ ਵਿਚ ਮੈਂ ਆਪਣੇ ਆਪ ਨੂੰ ‘ਮੈਂ’ ਬਣਾਉਣ ਦੀ ਰੀਝ ਪੂਰੀ ਹੁੰਦੀ ਵੇਖੀ।
ਜਦੋਂ ਵੀ ਕਦੇ ਅਤੀਤ ਵੱਲ ਝਾਤੀ ਮਾਰਦਾ ਹਾਂ, ਤਾਂ ਜਪਦੈ ਮੈਂ ਹਮੇਸ਼ਾ ਹੀ ਕਿਸੇ ਅਜਿਹੇ ਪਹਾੜੀ ਦਰਿਆ ਵਿਚ ਪਏ ਪੱਥਰ ਦੇ ਗੀਟੇ ਵਾਂਗ ਰਿੜ੍ਹਦਾ ਰਿਹਾ ਹਾਂ, ਜੋ ਨਾਲੇ ਤਾਂ ਉਸਨੂੰ ਉਂਗਲੀ ਲਾਈ ਆਪਣੀ ਤੌਰੇ ਤੋਰਦਾ ਰਹਿੰਦੈ ਤੇ ਨਾਲੇ ਬੁੱਤ ਘਾੜੇ ਵਾਂਗ ਉਹਦੀ ਸ਼ਕਲ ਘੜ ਕੇ ਵੀ ਸੁਆਦ ਮਾਣਦਾ ਹੈ।ਅਜਿਹੀ ਹਾਲਤ ਵਿਚ ਵਿਚਾਰਾ ਪੱਥਰ ਗੀਟਾ ਏਦੂੰ ਵੱਧ ਹੋਰ ਕੀ ਕਰ ਸਕਦੈ ਕਿ ਜਿੱਥੇ ਵੀ ਕੋਈ ਚੰਗੀ ਜਿਹੀ ਥਾਂ ਲੱਭੇ ਫੱਟ ਡੇਰਾ ਲਾ ਲਵੇ, ਪਰ ਏਨੀ ਗੱਲ ਦਾ ਖਿਆਲ ਰੱਖੇ ਕਿ ਥਾਂ ਕੋਈ ਅਜਿਹੀ ਹੀ ਹੋਵੇ, ਜਿੱਥੇ ਪਾਣੀ ਦਾ ਵਹਿਣ ਉਸ ਨੂੰ ਉੱਕਾ ਗੋਲ ਮਟੋਲ ਗੋਲਾ ਹੀ ਨਾ ਬਣੇ ਧਰੇ ਕਿਉਂਕਿ ਅਜਿਹੀ ਵਸਤ ਦਾ ਕੋਈ ਥਾਂ ਟਿਕਾਣਾ ਤਾਂ ਹੁੰਦਾ ਨਹੀਂ।
ਜਿੱਥੋਂ ਤੱਕ ਸਾਹਿਤ ਦੇ ਚੇਟਕ ਦਾ ਸਵਾਲ ਹੈ ਮੇਰਾ ਤਾਂ ਇਹ ਹਾਲ ਹੈ ਕਿ ਜੇ ਕਦੇ ਮੈਨੂੰ ਕੋਈ ਇਹ ਸਵਾਲ ਕਰ ਬੈਠੇ ਕਿ ਮੇਰੀ ਜਿੰਦਗੀ ਦੀ ਸਭ ਤੋਂ ਵੱਡੀ ਖਾਹਸ਼ ਕੀ ਹੈ ਤਾਂ ਮੈਂ ਆਖਾਂਗਾ, ‘ਕਾਸ਼! ਮੈਂ ਇਕ ਅਤਿ ਪਿਆਰਾ ਕਵੀ ਹੋ ਸਕਦਾ ਹੁੰਦਾ ਤਾਂ…।’ ਭਾਵੇਂ ਇਹ ਵੀ ਚੰਗੀ ਤਰ੍ਹਾਂ ਜਾਣਦਾ ਹਾਂ ਕਿ ਇਹ ਖਾਹਸ਼ ਸ਼ਾਇਦ ਜਿੰਦਗੀ ਭਰ ਵੀ ਪੂਰੀ ਨਹੀਂ ਕਰ ਸਕਾਂਗਾ।ਪਰ ਇਸ ਤੋਂ ਮੇਰਾ ਮਤਲਬ ਇਹ ਨਹੀਂ ਕਿ ਇਸ ਇੱਛਾ ਦੇ ਫਲਸਰੂਪ ਮੈਨੂੰ ਆਪਣੀ ਅਦਾਕਾਰੀ ਦੀ ਜਿੰਦਗੀ ਤੋਂ ਨਫਰਤ ਹੈ। ਅਦਾਕਾਰੀ ਤਾਂ ਮੇਰੀਆਂ ਨਜਰਾਂ ਵਿਚ ਇਕ ਮਹਾਨ ਕਲਾ ਹੈ, ਜਿਸ ਵਿਚ ਪੂਰੀ ਨਿਪੁੰਨਤਾ ਪ੍ਰਾਪਤ ਕਰਨ ਲਈ ਅਣਥੱਕ ਮਿਹਨਤ ਤੇ ਲਗਨ ਬਗੈਰ ਗੱਲ ਨਹੀਂ ਬਣਦੀ। ਪਰ ਜੇ ਕਦੇ ਮਨ ਜ਼ਰਾ ਉਚਾਟ ਹੋ ਵੀ ਜਾਂਦੈ ਤਾਂ ਇਸੇ ਕਰ ਕੇ ਕਿ ਫਿਲਮੀ ਦੁਨੀਆਂ ਦੇ ਮੌਜੂਦਾ ਮਾਹੌਲ ਵਿਚ ਇੰਜ ਦੀ ਮਿਹਨਤ ਤੇ ਲਗਨ ਜੇ ਅਸੰਭਵ ਨਹੀਂ ਤਾਂ ਘੱਟੋ-ਘੱਟ ਮੁਸ਼ਕਲ ਜਰੂਰ ਹੈ। ਜੇ ਪ੍ਰੇਮ ਚੰਦ ਵਾਂਗ ਮੈਂ ਵੀ ਇਸ ਮਹੌਲ ਤੋਂ ਘਬਰਾ ਕੇ ਨੱਸ ਨਹੀਂ ਤੁਰਿਆ ਤਾਂ ਇਸ ਦਾ ਕਾਰਨ ਇਹੀ ਹੈ ਕਿ ਸਮੇਂ ਦੀ ਤੋਰ ਨਾਲ ਫਿਲਮੀ ਮਾਹੌਲ ਵਿੱਚ ਕਾਫੀ ਤਬਦੀਲੀ ਆ ਗਈ ਹੈ ਅਤੇ ਚੰਗੀਆਂ ਅਤੇ ਉੱਚ ਪੱਧਰ ਦੀਆਂ ਫਿਲਮਾਂ ਨੂੰ ਦਰਸ਼ਕ ਅੱਜ ਕੱਲ ਵਧੇਰੇ ਉਤੇਜਨਾ ਨਾਲ ਉਡੀਕਦੇ ਹਨ। ਪਰ ਕੀ ਪਤਾ, ਹੋ ਸਕਦੈ! ਇਹ ਮੇਰੀ ਖੁਸ਼ਫਹਿਮੀ ਹੀ ਹੋਵੇ।
ਪਰ ਨਹੀਂ ਕਈ ਵਾਰ ਕੁਝ ਅਜਿਹੀਆਂ ਪਿਆਰੀਆਂ ਜਿਹੀਆਂ ਗੱਲਾਂ ਵਾਪਰ ਜਾਂਦੀਆਂ ਹਨ ਕਿ ਮਨ ਉਮੀਦਾਂ ਤੇ ਉਮੰਗਾਂ ਦੀ ਲੋਅ ਵਿਚ ਖਿੜ-ਪੁੜ ਜਾਂਦੈ ਤੇ ਘੱਟੋ-ਘੱਟ ਉਸ ਵੇਲੇ ਕੁਝ ਚਿਰ ਲਈ ਮੈਨੂੰ ਆਪਣੀ ਇਹ ਅਦਾਕਾਰੀ ਦੀ ਜਿੰਦਗੀ ਪਿਆਰੀ ਜਿਹੀ ਲੱਗਣ ਲੱਗ ਪੈਂਦੀ ਹੈ। ਕਹਾਣੀ ਘੜਨ ਦਾ ਨਾ ਤਾਂ ਸਮਾਂ ਹੀ ਮਿਲਦੈ ਤੇ ਨਾ ਹੀ ਮੇਰੇ ਖਿਆਲ ਵਿਚ ਮੈਂ ਹੁਣ ਤਕਨੀਕ ਦੀ ਉਸ ਕਲਾ ਦਾ ਹੀ ਮਾਲਕ ਹਾਂ ਜਿਸ ਦੀਆਂ ਕਲਾਤਮਕ ਛੁਹਾਂ ਨਾਲ ਅੱਜ ਤੋਂ ਪੰਦਰਾਂ ਸਾਲ ਪਹਿਲਾਂ ਮੈਂ ਕਦੇ ਕਦੇ ਕੋਈ ਚੰਗੀ ਜਿਹੀ ਕਹਾਣੀ ਲਿਖ ਲੈਂਦਾ ਹੁੰਦਾ ਸਾਂ। ਪਰ ਅਜਿਹੀ ਇੱਕ ਅਭੁੱਲ ਯਾਦ ਦੀ ਕਹਾਣੀ ਸੁਣਾਵਾਂ ਤੁਹਾਨੂੰ ?
ਅਦਾਕਾਰੀ ਦੇ ਜੀਵਨ ਵਿਚ ਮੋਟਰ ਸਾਇਕਲ ਕਾਫੀ ਚਿਰ ਮੇਰਾ ਸਾਥ ਨਿਭਾਉਂਦਾ ਰਿਹਾ ਹੈ। ਇਹ ਮੋਟਰ ਸਾਇਕਲ ਮੈਂ ਉੱਨ੍ਹੀਂ ਸੌ ਸੰਤਾਲੀ ‘ਚ ਲਿਆ ਸੀ ਤੇ ਜੇ ਹੋਰ ਵੀ ਸੱਚ ਆਖਾਂ ਤਾਂ ਇਹ ਮੈਂ ਉਸ ਦਿਨ ਖਰੀਦਿਆ ਸੀ, ਜਿਸ ਦਿਨ ਹਿੰਦੋਸਤਾਨ ਨੇ ਪਹਿਲੀ ਵਾਰ ਆਜ਼ਾਦ ਫਿਜ਼ਾ ਵਿੱਚ ਸਾਹ ਲਿਆ ਸੀ। ਹੁਣ ਜਿਵੇਂ ਸਾਡੀ ਆਜ਼ਾਦੀ ਦੀ ਰਾਜਸੀ ਮਸ਼ੀਨ ਦੇ ਕੁਝ ਪੁਰਜ਼ੇ ਤਾਂ ਇੱਕ ਦਮ ਵਧੀਆ ਤੇ ਮਜਬੂਤ ਹਨ ਤੇ ਕੁਝ ਉੱਕਾ ਹੀ ਢਿੱਲੜ ਤੇ ਨਿਢਾਲ ਪਏ ਹਨ, ਬਿਲਕੁਲ ਉਹੀ ਹਾਲ ਮੇਰੇ ਮੋਟਰ ਸਾਇਕਲ ਦਾ ਹੈ। ਕਈ ਮਿੱਤਰਾਂ ਯਾਰਾਂ ਨੇ ਮੈਨੂੰ ਮੋਟਰ ਸਾਇਕਲ ਵੇਚ ਕੇ ਕਾਰ ਲੈਣ ਦੀ ਸਲਾਹ ਵੀ ਦਿੱਤੀ ਹੈ, ਪਰ ਕੀ ਕਰਾਂ, ਇਸ ਅਤਿ ਪਿਆਰੇ ਮਿੱਤਰ ਨਾਲੋਂ ਵਿਛੜਨਾ ਮੇਰੇ ਲਈ ਓਨਾ ਹੀ ਅਸਿਹ ਹੈ ਜਿਨਾਂ ਜਵਾਹਰ ਲਾਲ ਨਹਿਰੂ ਲਈ ਕਾਂਗਰਸ ਨੂੰ ਛੱਡਣਾ ਸੀ।
ਪਿਛਲੇ ਸਾਲ ਦੀ ਗੱਲ ਏ, ਇਕ ਦਿਨ ਮੈਂ ਆਪਣੇ ਸਨੇਹੀ ਮਿੱਤਰ ਲੇਖਕ, ਕ੍ਰਿਸ਼ਨ ਚੰਦਰ ਹੁਰਾਂ ਦੇ ਘਰੋਂ ਵਾਪਸ ਆਪਣੇ ਘਰ ਵੱਲ ਜਾ ਰਿਹਾ ਸਾਂ ਕਿ ਅੰਧੇਰੀ ਸਟੇਸ਼ਨ ਦੇ ਚੌਂਕ ਕੋਲ ਆ ਕੇ, ਮੇਰਾ ਮੋਟਰ ਸਾਇਕਲ ਜਵਾਬ ਦੇ ਗਿਆ। ਸ਼ਾਇਦ ਕਲੱਚ ਦੇ ਤਾਰ ਦਾ ਟਾਂਕਾ ਟੁੱਟ ਗਿਆ ਸੀ, ਤੇ ਹੁਣ ਮੁਰੰਮਤ ਬਗੈਰ ਇਸ ਚਲਣਾ ਵੀ ਨਹੀਂ ਸੀ। ਮੈਨੂੰ ਡਾਢਾ ਗੁੱਸਾ ਆਇਆ। ਸਵੇਰੇ ਵੀ ਘਰੋਂ ਬਗੈਰ ਕੁਝ ਖਾਧਿਆਂ ਪੀਤਿਆਂ, ਬਗੈਰ ਨ੍ਹਾਤਿਆਂ ਧੋਤਿਆਂ ਤੁਰ ਪਿਆ ਸਾਂ। ਕੱਪੜੇ ਵੀ ਐਂਵੇ ਜਿਹੇ ਹੀ ਪਾ ਛੱਡੇ ਹੋਏ ਸਨ। ਕ੍ਰਿਸ਼ਨ ਨਾਲ ਗੱਪਾਂ ਜਿਉਂ ਚੱਲੀਆਂ ਟਾਇਮ ਦਾ ਪਤਾ ਹੀ ਨਾ ਲੱਗਾ। ਹੁਣ ਦੁਪਹਿਰ ਸਿਰ ਤੇ ਸਵਾਰ ਸੀ। ਕੜਕਦੀ ਧੱਪ ਤੇ ਉੱਤੋਂ ਉਹਨਾਂ ਲੋਕਾਂ ਦੀਆਂ ਨਜ਼ਰਾਂ ਦੀ ਅਸਹਿ ਗਰਮੀ ਜੋ ਹਰ ਫਿਲਮੀ ਅਦਾਕਾਰ ਦੀ ਹਰ ਹਰਕਤ ਦਿਲਚਸਪੀ ਨਾਲ ਵਾਚਦੇ ਹਨ, ਨਾਲ ਮੇਰਾ ਮਨ ਕਾਹਲਾ ਪੈਣ ਲੱਗਾ। ਕਮਬਖਤ ਮੋਟਰ ਸਾਇਕਲ ਉੱਤੇ ਅੰਦਰੇ ਅੰਦਰ ਕੁੜ੍ਹਦਾ ਮੈਂ ਬਾਜਾਰ ਵਿਚ ਏਧਰ ਓਧਰ ਝਾਤੀਆਂ ਮਾਰਨ ਲੱਗਾ ਤਾਂ ਕਿ ਠੀਕ ਕਰਵਾਉਂਣ ਲਈ ਕੋਈ ਮਿਸਤਰੀ ਹੀ ਨਜ਼ਰੀਂ ਪੈ ਜਾਵੇ। ਕਈ ਥਾਂਈ ਪੁੱਛ ਪੜਤਾਲ ਕੀਤੀ, ਪਰ ਵੈਲਡਿੰਗ ਦਾ ਕੰਮ ਕਿਸੇ ਨੂੰ ਵੀ ਨਹੀਂ ਸੀ ਆਉਂਦਾ । ਆਖਰ ਇਕ ਸੱਜਣ ਨੇ ਦੱਸਿਆ ਕਿ ਚੌਂਕ ਕੋਲ ਇਕ ਠੇਲ੍ਹੇ ਵਾਲੇ ਦੀ ਦੁਕਾਨ ਹੈ ਤੇ ਉਸ ਦਾ ਮੁੰਡਾ ਪਹਿਲੇ ਕਿਸੇ ਵਰਕਸ਼ਾਪ ਵਿਚ ਲੱਗਾ ਹੋਇਆ ਸੀ, ਪਰ ਅੱਜ ਕੱਲ੍ਹ ਵਿਹਲਾ ਹੀ ਹੈ ਤੇ ਅਕਸਰ ਬਾਪੂ ਦੀ ਦੁਕਾਨ ਤੇ ਹੀ ਬੈਠਾ ਰਹਿੰਦੈ। ਮੁੜ੍ਹਕੇ ‘ਚ ਭਿੱਜਾ ਉਸ ਲੋਹੇ ਦੇ ਹਾਥੀ ਨੂੰ ਰੇੜਦਾ, ਆਖਰ ਉਸ ਠੇਲ੍ਹੇ ਵਾਲੇ ਦੀ ਦੁਕਾਨ ਤੇ ਪੁੱਜਾ। ਕਈ ਤਮਾਸ਼ਬੀਨ ਮੇਰੇ ਮਗਰ ਲੱਗੇ ਹੋਏ ਸਨ।
ਦੁਕਾਨ ਤੇ ਉਸ ਬੁੱਢੇ ਦਾ ਮੁੰਡਾ ਬੈਠਾ ਡਾਲਡੇ ਦਾ ਟੀਨ ਕੁੱਟਣ ਵਿਚ ਮਸਤ ਸੀ। ਉਸ ਲਾਪਰਵਾਹੀ ਜਿਹੀ ਵਿਚ ਇੱਕ ਨਜ਼ਰ ਮੇਰੇ ਤੇ ਸੁੱਟੀ ਤੇ ਫਿਰ ਕੰਮ ਵਿਚ ਜੁੱਟ ਪਿਆ । ਮੇਰੀ ਗੱਲ ਵੀ ਉਸ ਉਸੇ ਹੀ ਆਜੀਬ ਅੰਦਾਜ ਨਾਲ ਸੁਣੀ ਤੇ ਫੇਰ ਬਗੈਰ ਮੋਟਰ ਸਾਇਕਲ ਨੂੰ ਹੱਥ ਲਾਇਆਂ ਹੀ ਆਖਣ ਲੱਗਾ, “ਇਸ ਕੋ ਏਕ ਸਾਈਡ ਪਰ ਉਧਰ ਛੋਡ ਦੋ,ਦੋ ਘੰਟੇ ਬਾਅਦ ਆ ਕਰ ਲੇ ਜਾਨਾ।” ਤੇ ਫੇਰ ਉਹ ਟੀਨ ਕੁੱਟਣ ਵਿਚ ਲੀਨ ਹੋ ਗਿਆ।
ਮੈਂ ਪਹਿਲਾਂ ਹੀ ਬੜਾ ਪਰੇਸ਼ਾਨ ਸਾਂ। ਉਸ ਦਾ ਵਤੀਰਾ ਮੈਨੂੰ ਬੜਾ ਚੁਭਿਆ। ਨਾਲ ਹੀ ਉਸ ਦੀ ਲਿਆਕਤ ਤੇ ਵੀ ਮੈਨੂੰ ਸੰਦੇਹ ਹੋਣ ਲੱਗਾ, ਕਿੱਥੇ ਡਾਲਡੇ ਦੇ ਟੀਨ ਨੂੰ ਟਾਂਕੇ ਲਾਉਣੇ ਤੇ ਕਿੱਥੇ ਕਲੱਚ ਨੂੰ। ਫਿਰ ਪਤਾ ਨਹੀਂ ਉਸ ਕੋਲ ਵੈਲਡਿੰਗ ਦਾ ਲੋੜੀਂਦਾ ਸਾਮਾਨ ਵੀ ਹੈ ਸੀ ਜਾਂ ਨਹੀਂ। ਆਪਣੀ ਤਸੱਲੀ ਲਈ ਉਸ ਨੂੰ ਮੈਂ ਕਈ ਤਰ੍ਹਾਂ ਦੇ ਸਵਾਲ ਕੀਤੇ, ਪਰ ਉਸ ਪਿਉ ਦੇ ਪੁੱਤਰ ਨੇ ਇਕ ਦਾ ਵੀ ਤਸੱਲੀ ਬਖਸ਼ ਜਵਾਬ ਨਾ ਦਿੱਤਾ। ਘੜੀ ਮੁੜੀ ਬਸ ਏਨਾ ਹੀ ਆਖ ਛੱਡਦਾ, “ਹਾਂ, ਹਾਂ ਹੋ ਜਾਏਗਾ, ਦੋ ਘੰਟੇ ਬਾਅਦ ਆ ਕਰ ਲੇ ਜਾਨਾ।”
ਗੁੱਸਾ ਤਾਂ ਏਨਾ ਆਇਆ ਕਿ ਜੇ ਮੋਟਰ ਸਾਇਕਲ ਉੱਥੇ ਛੱਡਣ ਬਗੈਰ ਕੋਈ ਹੋਰ ਚਾਰਾ ਹੋ ਸਕਦਾ ਹੁੰਦਾ ਤਾਂ ਸ਼ਾਇਦ ਉਸ ਦੀ ਚੰਗੀ ਖਬਰ ਲੈਂਦਾ, ਪਰ ਮਜਬੂਰੀ ਸੀ, ਮੈਂ ਚੁੱਪ ਧਾਰ ਲਈ। ਮੋਟਰ ਸਾਇਕਲ ਉਸ ਦੇ ਦੱਸੇ ਥਾਂ ਤੇ ਟਿਕਾ ਕੇ ਜਾਣ ਲੱਗਿਆਂ ਮੈਂ ਫਿਰ ਆਖ ਬੈਠਾ, “ਪੈਸੇ ਕਿਤਨੇ ਲੋ ਗੇ ?” ਅਤੇ ਫੇਰ ਉਵੇਂ ਦੀ ਲਾਪਰਵਾਹੀ ਦੇ ਅੰਦਾਜ ਵਿਚ ਉਸ ਦੇ ਹਾਸੇ ਦੀ ਅਵਾਜ ਗੂੰਜੀ, “ਦੋ ਰੁਪਏ ਦੇ ਦੇਨਾ ਔਰ ਕਿਆ”
ਮੈਨੂੰ ਜਾਪਿਆ, ਮੇਰੀ ਕਾਫੀ ਬੇਇੱਜਤੀ ਹੋ ਚੁੱਕੀ ਹੈ। ਆਪਣੀ ਜ਼ਮੀਰ ਕਾਇਮ ਰੱਖਣ ਲਈ ਜਰਾ ਰੋਅਬਦਾਰ ਅਵਾਜ ਵਿਚ, ਤਾਂ ਕਿ ਆਲੇ-ਦੁਆਲੇ ਖਲੋਤੇ ਤਮਾਸ਼ਬੀਨਾਂ ਦੇ ਕੰਨਾਂ ਤੱਕ ਵੀ ਅੱਪੜ ਜਾਏ, ਮੈਂ ਉਸ ਨੂੰ ਆਖਿਆ, “ਦੇਖੋ ਦੋ ਘੰਟੇ ਕੇ ਬਾਅਦ ਆਨਾ ਤੋ ਹਮਾਰੇ ਲੀਏ ਮੁਸ਼ਕਿਲ ਹੋਗਾ। ਤੁਮ ਠੀਕ ਰਖਨਾ ਹਮ ਸ਼ਾਮ ਕੋ ਪਾਂਚ-ਛੇ ਬਜੇ ਆ ਕਰ ਲੇ ਜਾਂਏਗੇ।”
ਬੇਧਿਆਨੀ ਜਿਹੀ ਵਿੱਚ ਉਸ ‘ਅੱਛਾ’ ਆਖਿਆ ਤੇ ਮੈਂ ਚੌਂਕ ਵੱਲ ਵਾਪਿਸ ਤੁਰ ਪਿਆ। ਉਮੀਦ ਸੀ ਚੌਂਕ ਤੇ ਕੋਈ ਨਾ ਕੋਈ ਟੈਕਸੀ ਮਿਲ ਜਾਏਗੀ।ਪਰ ਨਿਰਾਸ਼ਾ ਹੀ ਹੱਥ ਲੱਗੀ।ਨਾਲ ਹੀ ਬੱਸ ਸਟਾਪ ਸੀ। ਬੜਾ ਦਿਲ ਕੀਤਾ ਜਾ ਕੇ ਲਾਇਨ ‘ਚ ਲੱਗ ਜਾਵਾਂ। ਲਾਇਨ ਕੋਈ ਲੰਬੀ ਵੀ ਨਹੀਂ ਸੀ ਤੇ ਪੰਜਾਂ ਦਸਾਂ ਮਿੰਟਾਂ ਵਿਚ ਬੱਸ ਵੀ ਆਉਣ ਵਾਲੀ ਸੀ। ਪਰ ਖਿਆਲ ਆਇਆ ਕਿ ਇਹ ਸਾਰੇ ਤਮਾਸ਼ਬੀਨ ਜੋ ਮਗਰ ਲੱਗੇ ਫਿਰਦੇ ਸਨ, ਵਿਚਾਰੇ ਕੀ ਸੋਚਣਗੇ। ਇਕ ਕਾਮਯਾਬ ਫਿਲਮੀ ਅਦਾਕਾਰ ਲਈ ਤਾਂ ਮੋਟਰ ਸਾਇਕਲ ਤੇ ਵੀ ਕਿਤੇ ਜਾਣਾ ਰੌਲੇ ਰੱਪੇ ਦਾ ਮਸਾਲਾ ਇਕੱਠਾ ਕਰਨ ਵਾਲੀ ਗੱਲ ਸੀ। ਉਸ ਕੋਲ ਤਾਂ ਇਕ ਸ਼ਾਨਦਾਰ ਕਾਰ ਹੋਣੀ ਚਾਹੀਦੀ ਹੈ। ਤੇ ਫਿਰ ਬਸ ਦੀ ਲਾਇਨ ‘ਚ ਲੱਗਣਾ? …… ਉਫ! ਇਹ ਤਾਂ ਉਨ੍ਹਾਂ ਵਿਚਾਰਿਆਂ ਲਈ ਬੜੀ ਹਿਰਦੇ-ਵੇਧਕ ਗੱਲ ਸੀ। ਨਾਲੇ ਉਨ੍ਹਾਂ ਦਾ ਕੀ ਪਤਾ, ਮੇਰੇ ਬੱਸ ਸਟਾਪ ਤੇ ਪਹੁੰਚਦਿਆਂ ਹੀ ਕਈ ਤਰ੍ਹਾਂ ਦੇ ਫਿਕਰੇ ਕੱਸਣੇ ਸ਼ੁਰੂ ਕਰ ਦੇਣ। ਚਾਹੁੰਦਿਆਂ ਹੋਇਆਂ ਵੀ ਮੈਂ ਬੱਸ ਸਟਾਪ ਤੇ ਜਾਣ ਦੀ ਦਲੇਰੀ ਨਾ ਕਰ ਸਕਿਆ। ਬਸ ਆਈ ਤੇ ਤੁਰ ਵੀ ਗਈ ਤੇ ਮੈਂ ਸੋਚਾਂ ਵਿਚ ਗੁੰਮ ਉਥੇ ਹੀ ਖਲੋਤਾ ਰਹਿ ਗਿਆ।
ਏਸੇ ਵੇਲੇ ਅਚਾਨਕ ਹੀ ਖਵਾਜਾ ਅਹਿਮਦ ਅੱਬਾਸ ਆਪਣੀ ਕਾਰ ਵਿਚ ਆਉਂਦੇ ਦਿੱਸੇ। ਮੈਨੂੰ ਸੁਖ ਦਾ ਸਾਹ ਆਇਆ। ਕਾਰ ਵਿਚ ਉਨ੍ਹਾਂ ਦੇ ਨਾਲ ਬਹਿ ਤਾਂ ਗਿਆ, ਪਰ ਇਥੇ ਵੀ ਖੂਹ ‘ਚੋਂ ਨਿਕਲ ਕੇ ਖਾਈ ਵਿਚ ਡਿੱਗਣ ਵਾਲੀ ਗੱਲ ਹੀ ਹੋਈ। ਅੱਬਾਸ ਨੂੰ ਸ਼ਾਇਦ ਉਸ ਦਿਨ ਕਿਸੇ ਸਾਥ ਦੀ ਬੇਹੱਦ ਲੋੜ ਸੀ। ਮੈਨੂੰ ਘਰ ਅਪੜਾਉਣ ਦੀ ਥਾਂ ਉਹ ਸਾਰਾ ਦਿਨ ਆਪਣੇ ਨਾਲ ਹੀ ਭੁਆਉਂਦਾ ਰਿਹਾ, ਕਦੇ ਇਕ ਸਟੂਡੀਓ, ਕਦੇ ਦੂਜੇ, ਕਦੇ ਲੇਬਾਰਟਰੀ ਤੇ ਕਦੇ ਆਪਣੇ ਘਰ।ਸ਼ਾਮ ਦੇ ਸੱਤ ਵਜੇ ਤੱਕ ਇੰਜ ਹੀ ਉਸ ਦੇ ਨਾਲ ਫਿਰਦਾ ਫਿਰਾਉਂਦਾ ਰਿਹਾ। ਮੋਟਰ ਸਾਇਕਲ ਤਾਂ ਮੈਨੂੰ ਉੱਕਾ ਹੀ ਵਿਸਰ ਚੁੱਕਿਆ ਸੀ। ਕੋਈ ਅੱਠ ਕੁ ਵਜੇ ਕਰੀਬ ਜਦੋਂ ਮੇਰਾ ਘਰ ਜਾਣ ਦਾ ਇਰਾਦਾ ਹੋਇਆ ਤਾਂ ਇਕਦਮ ਮੋਟਰ ਸਾਇਕਲ ਦਾ ਖਿਆਲ ਆਇਆ। ਕਾਫੀ ਨੇਰ੍ਹਾ ਹੋ ਚੁੱਕਿਆ ਸੀ।ਪਰ ਸ਼ਹਿਰ ਦੇ ਬਾਹਰਲੇ ਇਲਾਕੇ ਦੀਆਂ ਦੁਕਾਨਾਂ ਤਾਂ ਕਾਫੀ ਛੇਤੀ ਬੰਦ ਹੋ ਜਾਂਦੀਆਂ ਹਨ। ਇਹ ਵੀ ਡਰ ਭਾਸਿਆ ਕਿ ਕਿਤੇ ਉਹ ਮਿਸਤਰੀ ਮੁੰਡਾ ਮੇਰਾ ਮੋਟਰ ਸਾਇਕਲ ਓਥੇ ਸੜਕ ਤੇ ਹੀ ਛੱਡ ਕੇ ਕਿਤੇ ਤੁਰ ਨਾ ਗਿਆ ਹੋਵੇ। ਮੈਂ ਫਟਾ ਫਟ ਅੰਧੇਰੀ ਵੱਲ ਟੈਕਸੀ ਦੁੜਾਈ।
ਅੰਧੇਰੀ ਚੋਂਕ ਦੇ ਨੇੜੇ-ਤੇੜੇ ਦੀਆਂ ਸਾਰੀਆਂ ਦੁਕਾਨਾਂ ਬੰਦ ਪਈਆਂ ਸਨ। ਸਿਰਫ ਕੁਝ ਕੁ ਹੋਟਲ ਖੁੱਲੇ ਸਨ। ਠੇਲ੍ਹੇ ਵਾਲੇ ਦੀ ਦੁਕਾਨ ਦੇ ਕੋਲ ਪਹੁੰਚ ਕੇ ਮੈਂ ਚਾਰੇ ਪਾਸੇ ਵੱਲ ਨਜ਼ਰ ਦੁੜਾਈ, ਉਸ ਲਾਈਨ ਦੀਆਂ ਸਾਰੀਆਂ ਦੁਕਾਨਾ ਬੰਦ ਸਨ ਤੇ ਮੇਰਾ ਮੋਟਰ ਸਾਇਕਲ ਕਿਸੇ ਯਤੀਮ ਬੱਚੇ ਵਾਂਗ ਕੱਲਮ-ਕੱਲਾ ਸੜਕ ਤੇ ਇੱਕ ਪਾਸੇ ਪਿਆ ਸੀ। ਟੈਕਸੀ ਤੋਂ ਉੱਤਰ ਕਿ ਮੈਂ ਕੋਲ ਗਿਆ, ਸਾਰੇ ਦਿਨ ਦੇ ਮਿੱਟੀ ਘੱਟੇ ਨਾਲ ਲਿੱਬੜੇ ਮੋਟਰ ਸਾਇਕਲ ਦੀ ਹਾਲਤ ਠੀਕ ਹੋਣ ਦੀ ਥਾਂ ਮੈਨੂੰ ਹੋਰ ਵੀ ਭੈੜੀ ਜਾਪ ਰਹੀ ਸੀ। ਹਾਂ ਇਸ ਖਿਆਲ ਨਾਲ ਜਰੂਰ ਤਸੱਲੀ ਜਿਹੀ ਹੋਈ ਕਿ ਘੱਟੋ-ਘੱਟ ਉਸ ਨੂੰ ਕਿਸੇ ਚੁੱਕ ਨਹੀਂ ਸੀ ਖੜਿਆ। ਮੈਂ ਕਲੱਚ ਵੱਲ ਨਜ਼ਰ ਮਾਰੀ, ਦਬਾ ਕੇ ਵੇਖਿਆ, ਉਹ ਸੱਚ-ਮੁੱਚ ਮੁੰਡੇ ਨੇ ਠੀਕ ਕਰ ਦਿੱਤਾ ਹੋਇਆ ਸੀ। ਹਨੇਰੇ ਵਿਚ ਮੈਂ ਫਿਰ ਆਲੇ ਦੁਆਲੇ ਵੇਖਣ ਲੱਗਾ ਕਿ ਕਿਤੇ ਉਹ ਮੁੰਡਾ ਨਜ਼ਰੀ ਪਵੇ ਤੇ ਉਹਨੂੰ ਪੈਸੇ ਦੇ ਕੇ ਆਪਣਾ ਰਾਹ ਫੜਾਂ। ਏਸੇ ਵੇਲੇ ਇਕ ਈਰਾਨੀ ਚਾਹ ਵਾਲੇ ਦੀ ਦੁਕਾਨ ‘ਚੋ ਦੋ ਮੁੰਡੇ ਮੈਨੂੰ ਆਪਣੇ ਵੱਲ ਤੁਰੇ ਆਉਂਦੇ ਦਿਸੇ। ਉਨ੍ਹਾਂ ‘ਚੋ ਇਕ ਉਹੀ ਠੇਲੇ ਵਾਲੇ ਦਾ ਮੁੰਡਾ ਸੀ। ਤਸੱਲੀ ਹੋਣ ਤੇ ਮੈਂ ਟੈਕਸੀ ਵਾਲੇ ਨੂੰ ਪੈਸੇ ਦੇ ਕੇ ਭੇਜ ਦਿੱਤਾ।ਉਸੇ ਮੁੰਡੇ ਨੇ ਮੇਰੇ ਕੋਲ ਆ ਕੇ ਉਵੇਂ ਹੀ ਲਾਪਰਵਾਹ ਅੰਦਾਜ ਵਿਚ ਆਖਿਆ “ਅਰੇ ਸਾਹਬ, ਤੁਮ ਇਤਨਾ ਦੇਰ ਸੇ ਕਿਉਂ ਆਇਆ। ਤੁਮਾਰੀ ਵਜਾ ਸੇ ਤੋ ਆਜ ਹਮਾਰਾ ਬਹੁਤ ਨੁਕਸਾਨ ਹੋ ਗਿਆ।”
“ਮੁਝੇ ਅਫਸੋਸ ਹੈ, ਕੁਛ ਜਰੂਰੀ ਕਾਮ ਸੇ ਦੇਰ ਹੋ ਗਈ”, ਮੈਂ ਏਨਾ ਹੀ ਆਖਿਆ, ਪਰ ਮੈਨੂੰ ਸਮਝ ਨਹੀਂ ਸੀ ਆ ਰਹੀ ਕਿ ਮੇਰੇ ਦੇਰ ਨਾਲ ਆਉਂਣ ਕਰ ਕੇ ਉਸ ਦਾ ਐਸਾ ਕਿਹੜਾ ਨੁਕਸਾਨ ਹੋ ਸਕਦਾ ਸੀ। ਹੋ ਸਕਦਾ ਉਸ ਨੇ ਕਿਤੇ ਜਾਣਾ ਹੋਵੇ ਤੇ ਮੇਰੇ ਕਰ ਕੇ ਨਾ ਜਾ ਸਕਿਆ ਹੋਵੇ। ਮੈਂ ਸੋਚਿਆ ਇਕ ਰੁਪਿਆ ਵੱਧ ਦੇ ਦੇਵਾਂਗਾ ਸੁ।
ਮੇਰੇ ਕਈ ਵਾਰ ਪੁੱਛਣ ਨੇ ਤੇ ਵੀ ਜਦੋਂ ਉਸ ਆਪਣਾ ਨੁਕਸਾਨ ਦਾ ਭਾਂਡਾ ਨਾ ਭੰਨਿਆ ਤਾਂ ਮੈਨੂੰ ਡਾਢਾ ਗੁੱਸਾ ਆਇਆ। ਆਖਰ ਉਸ ਆਖ ਹੀ ਦਿੱਤਾ, “ਅਰੇ ਸਾਹਬ, ਤੁਮਾਰਾ ਗਾੜੀ ਯਹਾਂ ਸੜਕ ਪਰ ਖੜਾ ਥਾ। ਕੋਈ ਸਾਲਾ ਟੰਕੀ ਕੀ ਕੈਂਪ ਉਤਾਰ ਕੇ ਲੇ ਗਿਆ।ਅਬੀ ਹਮ ਦੋ ਰੁਪਿਆ ਖਰਚ ਕੇ ਇਸ ਕੇ ਊਪਰ ਲਗਾਇਆ ਹੈ।”
ਟੰਕੀ ਵੱਲ ਮੇਰੀ ਨਜ਼ਰ ਗਈ। ਮੇਰੀ ਆਪਣੀ ਚਮਕਦਾਰ ਤੇ ਖੂਬਸੂਰਤ ਕੈਪ ਗਾਇਬ ਸੀ ਤੇ ਉਸ ਦੀ ਥਾਂ ਇਕ ਦੂਜੀ ਸਲੇਟੀ ਰੰਗ ਦੀ ਐਲੂਮੇਨੀਅਮ ਦੀ ਕੈਪ ਚੜ੍ਹੀ ਹੋਈ ਸੀ ਜਿਸ ਨੇ ਮੇਰੇ ਮੋਟਰ ਸਾਈਕਲ ਦੀ ਰਹਿੰਦੀ ਖੂੰਹਦੀ ਸ਼ਾਨ ਵੀ ਮਿੱਟੀ ਕਰ ਸੁੱਟੀ ਸੀ। ਕੁਝ ਦਿਨ ਪਹਿਲਾਂ ਮੋਬਿਲ ਆਇਲ ਦੀ ਟੰਕੀ ਤੋਂ ਵੀ ਕੈਪ ਇਵੇਂ ਹੀ ਗਾਇਬ ਹੋਈ ਸੀ। ਉਵੇਂ ਦੀ ਹੀ ਕੈਪ ਖਰੀਦਣ ਲਈ ਮੈਂ ਸਾਰੀ ਬੰਬਈ ਛਾਣ ਮਾਰੀ ਸੀ, ਪਰ ਕਿਸੇ ਵੀ ਦੁਕਾਨ ਤੇ ਉਸ ਦੇ ਨਾਲ ਦੀ ਕੈਪ ਨਹੀਂ ਮਿਲੀ। ਉਹ ਵਿਦੇਸ਼ੀ ਕੈਪ ਹੁਣ ਇੱਥੇ ਮਿਲਦੀ ਨਹੀਂ। ਮੈਨੂੰ ਪੂਰਾ ਯਕੀਨ ਹੋ ਗਿਆ ਕਿ ਇਸ ਮੁੰਡੇ ਨੇ ਆਪ ਹੀ ਕੈਪ ਗਾਇਬ ਕੀਤੀ ਹੈ ਤੇ ਉਹਨੂੰ ਵੇਚ-ਵਾਚ ਕੇ ਕਿਤੋਂ ਪੰਜ ਦਸ ਰੁਪਏ ਝਾੜ ਲਏਗਾ ਤੇ ਉੱਤੋਂ ਹਰਾਮੀ ਆਖ ਰਿਹਾ ਸੀ ਨੁਕਸਾਨ ਹੋ ਗਿਆ।
“ਤੁਮਾਰਾ ਕੈਸਾ ਨੁਕਸਾਨ ਹੂਆ ਮਾਸਟਰ? ਦਸ ਬੀਸ ਰੁਪਏ ਕੀ ਮੇਰੀ ਕੈਪ ਗੁਮ ਹੋ ਗਈ ਔਰ ਬਜਾਰ ਮੇਂ ਆਜ ਕਲ ਯੇ ਮਿਲਤੀ ਬੀ ਨਹੀਂ। ਦੁਕਾਨ ਕੇ ਸਾਮਨੇ ਗਾੜੀ ਖੜੀ ਥੀ, ਕਿਆ ਤੁਮ ਉਸ ਕਾ ਖਿਆਲ ਭੀ ਨਹੀਂ ਰਖ ਸਕਤੇ ਥੇ?” ਗੁੱਸੇ ਵਿਚ ਭਰਿਆ ਪੀਤਾ ਮੈਂ ਵਰ੍ਹ੍ਹ ਪਿਆ।
ਤੇ ਉਸ ਦਾ ਜਵਾਬ ਸੀ, “ਹਮ ਕੋ ਮਾਲੁਮ ਥਾ, ਤੁਮ ਐਸਾ ਹੀ ਬੋਲੇਗਾ। ਤਬੀ ਤੋ ਅਪਨੀ ਜੇਬ ਸੇ ਪੈਸਾ ਖਰਚ ਕਰ ਕੇ ਦੂਸਰਾ ਫਿਟ ਕੀਆ ਹੈ।ਹਮ ਦੁਕਾਨ ਪਰ ਬੈਠ ਕਰ ਅਪਣਾ ਕਾਮ ਕਰੇਗਾ ਯਾ ਤੁਮਾਰੀ ਗਾੜੀ ਕੀ ਚੌਕੀਦਾਰੀ ?”
ਮਨ ‘ਚ ਆਇਆ ਇਕ ਵਾਰੀ ਇਹਨੂੰ ਇਹਦੀ ਬੇਲਿਹਾਜ਼ੀ ਦਾ ਸੁਆਦ ਤਾਂ ਚਖਾਵਾਂ, ਪਰ ਹਾਲਾਤ ਜਾਂਚ ਕੇ ਮੈਂ ਆਪਣੇ ਆਪ ਤੇ ਕਾਬੂ ਪਾ ਲਿਆ। ਮੈਂ ਇੱਕਲਾ ਸਾਂ, ਪਰਾਈ ਥਾਂ ਸੀ। ਉਹ ਦੋ ਜਾਣੇ ਸਨ ਤੇ ਚੰਗੇ ਛਟੇ ਹੋਏ ਲੋਫਰ ਲੱਗਦੇ ਸਨ। ਨਾਲੇ ਕੀ ਪਤਾ ਗੱਲ ਵੱਧ ਜਾਂਦੀ ਤਾਂ ਹੋਰ ਕਿੰਨੇ ਯਾਰ ਦੋਸਤ ਉਹਨਾ ਦੇ ਨੜਿਉਂ- ਤੇੜਉਂ ਨਿੱਕਲ ਆਉਂਦੇ। ਗੱਲ ਠੱਪਣ ਲਈ ਮੈਂ ਕਲੱਚ ਦੀ ਮਜਦੂਰੀ ਦੇ ਦੋ ਰੁਪਈਆਂ ਦੇ ਨਾਲ ਦੋ ਰੁਪਏ ਉਸ ਲੀਚੜ ਦੀ ਕੈਪ ਦੇ ਵੀ ਧਰ ਦਿੱਤੇ। ਇਕ ਵਾਰ ਤਾਂ ਉਸ ਬੜੇ ਸ਼ਾਹਾਨਾ ਅੰਦਾਜ ਵਿੱਚ ਲੈਣ ਤੋਂ ਇਨਕਾਰ ਕਰ ਦਿੱਤਾ ਅਤੇ ਫਿਰ ਲੈ ਵੀ ਲਏ।
ਉਸਦੀ ਕਮੀਨਗੀ ਹੱਦੋਂ ਵੱਧ ਰਹੀ ਸੀ। ਮੈਂ ਫਟਾਫਟ ਮੋਟਰ ਸਾਇਕਲ ਸਟਾਰਟ ਕਰਕੇ ਛੇਤੀ ਤੋਂ ਛੇਤੀ ਇਸ ਮਾਹੌਲ ‘ਚੋਂ ਖਿਸਕ ਜਾਣਾ ਚਾਹੁੰਦਾ ਸਾਂ, ਉਹਨਾਂ ਹਰਾਮੀਆਂ ਦੀਆਂ ਤਿੱਖੀਆਂ ਨਜ਼ਰਾਂ ਤੋਂ ਬਹੁਤ ਦੂਰ। ਗੱਲਾਂ-ਗੱਲਾਂ ਵਿਚ ਹੀ ਤਿੰਨ ਚਾਰ ਮੁੰਡੇ ਕਿਤੋਂ ਹੋਰ ਨਿਕਲ ਆਏ। ਮੈਂ ਮਨ ‘ਚ ਬੜਾ ਕੁੜ੍ਹਿਆ, ਇਸ ਮੁਲਕ ਵਿਚ ਫਿਲਮੀ ਅਦਾਕਾਰ ਹੋਣਾ ਵੀ ਪਾਪ ਏ।
ਚੰਗੇ ਕਰਮਾਂ ਨੂੰ ਪਹਿਲੀ ਕਿੱਕ ਮਾਰਦਿਆਂ ਹੀ ਮੋਟਰ ਸਾਇਕਲ ਸਟਾਰਟ ਹੋ ਗਿਆ। ਮੇਰੀਆਂ ਨਜ਼ਰਾਂ ਉਸ ਮੁੰਡੇ ਦਾ ਧੰਨਵਾਦ ਕਰਨੋ ਨਾ ਰਹਿ ਸਕੀਆਂ ਕਿਉਂਕਿ ਪਿਛਲੇ ਕੁਝ ਚਿਰ ਤੋਂ ਕਾਰਬੋਰੇਟਰ ਸਾਫ ਕਰਨ ਵਾਲਾ ਹੋਇਆ ਪਿਆ ਸੀ ਜਿਸ ਕਰਕੇ ਪੰਜ ਸੱਤ ਕਿੱਕਾਂ ਮਾਰਨ ਪਿਛੋਂ ਹੀ ਮੋਟਰ ਸਾਇਕਲ ਸਟਾਰਟ ਹੁੰਦਾ ਸੀ। ਤੇ ਹੁਣ ਜੇ ਛੇਤੀ ਸਟਾਰਟ ਨਾ ਹੁੰਦਾ ਤਾਂ ਇਹਨਾਂ ਮੁੰਡਿਆਂ ਨੂੰ ਮੈਨੂੰ ਚਿੜ੍ਹਾਉਣ ਦਾ ਹੋਰ ਵੀ ਮੌਕਾ ਮਿਲ ਜਾਣਾ ਸੀ। ਇੰਜ਼ਨ ਸਟਾਰਟ ਹੁੰਦਿਆਂ ਹੀ ਮੈਂ ਫਟਾਫਟ ਤੁਰਨ ਦੀ ਕੀਤੀ। ਕਾਹਲ ‘ਚ ਬੱਤੀ ਜਗਾਉਣੀ ਵੀ ਭੁੱਲ ਗਿਆ।
ਕੁਝ ਅਗਾਂਹ ਜਾਕੇ ਮੈਂ ਬੱਤੀ ਦਾ ਸਵਿੱਚ ਆਨ ਕੀਤਾ ਕਾਫੀ ਦਿਨਾਂ ਤੋਂ ਇਹ ਕੁਝ ਢਿੱਲਾ ਜਿਹਾ ਸੀ, ਜਿਸ ਕਰਕੇ ਪਿਛਲੀ ਬੱਤੀ ਉੱਕਾ ਹੀ ਨਹੀਂ ਸੀ ਜਗਦੀ ਤੇ ਅਗਲੀ ਵੀ ਜਗਦੀ ਬੁਝਦੀ ਹੀ ਰਹਿੰਦੀ ਸੀ। ਪਰ ਹੁਣ ਤਾਂ ਬੜੀ ਸੋਹਣੀ ਤਰ੍ਹਾਂ ਜਗ ਰਹੀ ਸੀ। ਇਸ ਨਾਲ ਮਨ ਨੂੰ ਕੁਝ ਤਾਂ ਧੀਰਜ ਹੋਇਆ, ਨਹੀਂ ਤਾਂ ਹੋ ਸਕਦਾ ਸੀ, ਚੁਰਾਹੇ ਤੇ ਕੋਈ ਪੁਲਸੀਆ ਨੰਬਰ ਨੋਟ ਕਰ ਬਹਿੰਦਾ ਤੇ ਪੰਦਰਾਂ ਵੀਹ ਰੁਪਏ ਹੋਰ ਗਵਾਉਣੇ ਪੈਂਦੇ।
ਕੁਝ ਹੋਰ ਅਗਾਂਹ ਜਾਕੇ ਐਕਸਲਰੇਟਰ ਦਬਾਉਂਦਿਆਂ ਅਚਾਨਕ ਹੀ ਮੇਰਾ ਹੱਥ ਹਾਰਨ ਵਜਾਉਂਣ ਵਾਲੇ ਬਟਨ ਨਾਲ ਜਾ ਲੱਗਾ। ਇਹ ਬਟਨ ਵੀ ਕਾਫੀ ਚਿਰ ਤੋਂ ਢਿੱਲੜ ਮਾਲ ਹੀ ਹੋਇਆ ਪਿਆ ਸੀ ਇਹ ਹਾਰਨ ਵੀ ਨਹੀਂ ਸੀ ਵੱਜਦਾ। ਮੈਂ ਠੀਕ ਕਰਵਾਉਣ ਦੀ ਕੋਸ਼ਿਸ਼ ਨਾ ਕੀਤੀ ਕਿਉਂਕਿ ਹਾਰਨ ਵਜਾਂਉਣਾ ਮੈਨੂੰ ਪਸੰਦ ਨਹੀਂ ਸੀ। ਪਰ ਅੱਜ ਮੇਰਾ ਹੱਥ ਵੱਜਦਿਆਂ ਹੀ ਹਾਰਨ ਜੋਰ ਦੀ ਅਜੀਬ ਜਿਹੀ ਅਵਾਜ ਵਿਚ ਵੱਜ ਪਿਆ। ਇਸ ਦੀ ਏਨੀ ਪਿਅਰੀ ਆਵਾਜ ਸੁਣ ਕੇ ਮੈਨੂੰ ਹੈਰਾਨੀ ਹੋਈ, ਪਹਿਲਾਂ ਤਾਂ ਇਹ ਭੁੱਖੇ ਬਘਿਆੜ ਵਾਂਗ ਘਊਂ-ਘਾਊਂ ਹੀ ਕਰਦਾ ਹੁੰਦਾ ਸੀ। ਤੇ ਇਕ ਹੋਰ ਅਜੀਬ ਗੱਲ ਇਹ ਹੋਈ ਕਿ ਹਾਰਨ ਦੀ ਅਵਾਜ਼ ਐਨ ਮੇਰੀ ਸੀਟ ਦੇ ਥੱਲਿਉਂ ਦੀ ਨਿਕਲੀ ਸੀ। ਜਿਸ ਨਾਲ ਖਾਹਮਖਾਹ ਮੇਰੇ ਸਾਰੇ ਸਰੀਰ ਵਿਚ ਝੁਣਝੁਣੀ ਜਹੀ ਛਾ ਗਈ । ਜਿਵੇਂ ਬੇਧਿਆਨੀ ਵਿੱਚ ਹੀ ਮੈਂ ਕੋਈ ਐਸੀ ਵੈਸੀ ਹਰਕਤ ਕਰ ਬੈਠਾਂ ਹੋਵਾਂ। ਇਸ ਦਾ ਮਤਲਬ ਮਿਸਤਰੀ ਦਾ ਮੁੰਡਾ ਮੇਰੇ ਨਾਲ ਇੱਕ ਹੋਰ ਸ਼ਰਾਰਤ ਕਰ ਗਿਆ ਸੀ। ਗੱਸਾ ਬੜਾ ਆਇਆ, ਪਰ ਪਤਾ ਨਹੀਂ ਕਿਉਂ ਨਾਲ ਬੱਚਿਆਂ ਵਾਂਗ ਘੜੀ ਮੁੜੀ ਹਾਰਨ ਵਜਾਉਣ ਲਈ ਮੇਰਾ ਮਨ ਕਾਹਲਾ ਪੈਣ ਲੱਗਾ ਜਦੋਂ ਅਵਾਜ਼ ਸੀਟ ਦੇ ਵਿਚੋਂ ਦੀ ਨਿਕਲਦੀ ਤਾਂ ਆਪਣੇ ਆਪ ਹੀ ਮੇਰਾ ਹਾਸਾ ਨਿਕਲ ਜਾਂਦਾ।
ਫੇਰ ਕੁਝ ਦੂਰ ਜਾ ਕੇ ਮੈਨੂੰ ਮਹਿਸੂਸ ਹੋਇਆ ਕਿ ਇੰਜ਼ਨ ਅੱਜ ਬੜਾ ਸੋਹਣਾ ਚੱਲ ਰਿਹੈ। ਖਿਆਲ ਆਇਆ ਰਾਤ ਦਾ ਵੇਲਾ ਹੈ, ਠੰਡੀ ਹਵਾ ਹੈ, ਸ਼ਾਇਦ ਇਸੇ ਕਰਕੇ ਹਲਕਾ ਫੁਲਕਾ ਜਾਪ ਰਿਹੈ, ਪਰ ਫਿਰ ਇਕ ਹੋਰ ਗੱਲ ਮੇਰੇ ਧਿਆਨ ਵਿਚ ਆਈ। ਚੈਨ ਦੇ ਚੇਨ ਬਾਕਸ ਨਾਲ ਰਗੜਨ ਤੇ ਜਿਹੜੀ ਖੜਖੜ ਪਹਿਲਾਂ ਹੁੰਦੀ ਸੀ ਹੁਣ ਉਸਦਾ ਨਾਂ ਨਿਸ਼ਾਨ ਤੱਕ ਨਹੀਂ ਸੀ। ਮੈਨੂੰ ਪੂਰਾ ਯਕੀਨ ਹੋ ਗਿਆ ਕਿ ਮੁੰਡੇ ਨੇ ਕਲੱਚ ਦਾ ਟਾਂਕਾ ਲਾ ਕੇ ਜਰੂਰ ਮੋਟਰ ਸਾਇਕਲ ਦੀ ਹੋਰ ਵੀ ਥੋੜੀ ਬਹੁਤ ਮੁਰੰਮਤ ਕੀਤੀ ਸੀ। ਪਰ ਇਹ ਸਭ ਕੁਝ ਏਨਾ ਅਜੀਬ ਜਿਹਾ ਜਾਪਿਆ ਕਿ ਮੈਂ ਮੋਟਰ ਸਾਇਕਲ ਖਲਾਰ ਕੇ ਉਸ ਦੇ ਇੱਕ-ਇੱਕ ਪੁਰਜੇ ਨੂੰ ਧਿਆਨ ਨਾਲ ਵਾਚਨ ਲੱਗ ਪਿਆ। ਪਿਛਲੀ ਬੱਤੀ ਵੱਲ ਮੇਰਾ ਧਿਆਨ ਪਿਆ, ਉਹ ਵੀ ਜਗਦੀ ਪਈ ਸੀ। ਇਸਦਾ ਮਤਲਬ ਉਸਨੇ ਇਸਦੀ ਵਾਇਰਿੰਗ ਵੀ ਠੀਕ ਕੀਤੀ ਸੀ। ਮੋਬਿਲ ਆਇਲ ਦੀ ਟੰਕੀ ਵੱਲ ਧਿਆਨ ਮਾਰਿਆ ਤਾਂ ਉੱਥੇ ਵੀ ਇਕ ਸਸਤੀ ਜਿਹੀ ਕੈਪ ਲੱਗੀ ਹੋਈ, ਮੈਂ ਤਾਂ ਉਸਤੇ ਸਿਗਰਟ ਦਾ ਖਾਲੀ ਟੀਨ ਹੀ ਮੂਧਾ ਮਾਰ ਛੱਡਿਆ ਹੋਇਆ ਸੀ। ਬਰੇਕ ਵੇਖੀ ਉਹ ਵੀ ਕਸੀ ਪਈ ਸੀ। ਚੈਨ ਵੀ ਐਨ ਟਿੱਚ ਸੀ। ਗੇਅਰ ਬਾਕਸ ਵੀ ਠੀਕ ਕੀਤਾ ਪਿਆ ਸੀ। ਮੈਨੂੰ ਇੱਕ ਦਮ ਖਿਆਲ ਆਇਆ, ਆਪਣਾ ਟੂਲ ਬਾਕਸ ਤਾਂ ਦੇਖ ਲਵਾਂ ਕੀ ਪਤਾ ਕੋਈ ਔਜ਼ਾਰ ਹੀ ਨਾ ਖਿਸਕਾ ਗਿਆ ਹੋਵੇ। ਪਰ ਟੂਲ ਬਾਕਸ ਵਿੱਚੋਂ ਔਜ਼ਾਰ ਤਾਂ ਕੀ ਜਾਣੇ ਸਨ, ਸਗੋਂ ਪੈਟਰੋਲ ਟੈਂਕ ਦੀ ਕੈਪ ਵੀ ਸਹੀ ਸਲਾਮਤ ਉਸਦੇ ਵਿੱਚ ਪਈ ਸੀ ਜਿਸ ਬਾਰੇ ਉਸ ਵਿਚਾਰੇ ਨੇ ਸੋਚਿਆ ਸੀ, ਸ਼ਾਇਦ ਗੁਆਚ ਗਈ ਹੈ। ਮੈਂ ਹੱਕਾ ਬੱਕਾ ਹੋਇਆ ਕਦੇ ਇੱਕ ਚੀਜ ਵੱਲ ਝਾਤੀ ਮਾਰ ਰਿਹਾਂ ਸਾਂ ਤੇ ਕਦੇ ਦੂਜੀ ਵੱਲ। ਉਸ ਮੁੰਡੇ ਨੇ ਲਏ ਤਾਂ ਮੇਰੇ ਸਿਰਫ ਕੋਲੋਂ ਚਾਰ ਰੁਪਏ ਸਨ। ਤੇ ਕੰਮ ਉਸ ਘੱਟੋ-ਘੱਟ ਪੰਦਰਾਂ ਵੀਹਾਂ ਦਾ ਕੀਤਾ ਜਾਪਦਾ ਸੀ। ਮੈਨੂੰ ਕੱਖ ਸਮਝ ਨਹੀਂ ਸੀ ਆ ਰਹੀ। ਜੇ ਉਸ ਨੇ ਕੀਤਾ ਸੂ, ਤੇ ਦੱਸਿਆ ਕਿਉਂ ਨਾ ? ਇੰਜ ਮਜਾਕ ਕਰਨ ਦਾ ਭਲਾਂ ਕੀ ਮਤਲਬ ਹੋਇਆ ?
ਹੁਣ ਮੈਨੂੰ ਉਹ ਮੁੰਡਾ ਚੰਗਾ ਚੰਗਾ ਲੱਗਣ ਲਗਾ। ਇਕ ਬੇਕਾਰ, ਬੇਰੁਜ਼ਗਾਰ ਕਾਰੀਗਰ ਜੋ ਮੋਟਰਾਂ ਦੇ ਇੰਜ਼ਨ ਠੀਕ ਕਰਨ ਦੀ ਥਾਂ ਆਪਣਾ ਆਪ ਡਾਲਡੇ ਦੇ ਡੱਬੇ ਕੁੱਟਣ ਵਿੱਚ ਗੁਆ ਰਿਹਾ ਸੀ, ਭਲਾਂ ਏਨਾ ਮਜਾਕੀਆ ਕਿਸਮ ਦਾ ਇਨਸਾਨ ਵੀ ਹੋ ਸਕਦੈ। ਇਹ ਸਭ ਕੁਝ ਮੇਰੇ ਲਈ ਅਜੀਬ ਜਿਹੀ ਬੁਝਾਰਤ ਬਣ ਗਈ।
ਘਰ ਵੱਲ ਜਾਣਾ ਤਾਂ ਹੁਣ ਅਸੰਭਵ ਸੀ। ਉਸ ਦੀ ਮਿਹਨਤ ਦਾ ਮੁਆਵਜਾ ਦਿੱਤਿਆ ਬਗੈਰ ਜਾਂਦਾ ਕਿਵੇਂ? ਤੇ ਮੈਂ ਇੱਕ ਦਮ ਵਾਪਸ ਅੰਧੇਰੀ ਵਲ ਤੁਰ ਪਿਆ।
ਰਾਹ ਵਿਚ ਇੱਕ ਦੋ ਵਾਰ ਮੈਂ ਫਿਰ ਮੋਟਰ ਸਾਇਕਲ ਰੋਕ ਕੇ ਚੰਗੀ ਤਰ੍ਹਾਂ ਜਾਂਚਿਆ। ਪਰਖਿਆ ਕਿ ਕਿਤੇ ਮੈਨੂੰ ਭਰਮ ਤਾਂ ਨਹੀਂ ਲਗ ਰਿਹਾ। ਪਰ ਏਨਾ ਵੀ ਕਾਹਦਾ ਭੁਲੇਖਾ ਹੋਇਆ, ਕੱਲ ਤੱਕ ਤਾਂ ਮੈਂ ਇਸ ਨੂੰ ਗੈਰੇਜ ਵਿਚ ਭੇਜ ਕੇ ਸਰਵਿਸ ਕਰਵਾਉਣ ਦੀ ਜਰੂਰਤ ਮਹਿਸੂਸ ਕਰ ਰਿਹਾ ਸਾਂ ਤੇ ਅੱਜ ਇੰਜ ਜਾਪ ਰਿਹਾ ਸੀ ਜਿਵੇਂ ਹੁਣੇ ਹੀ ਗੈਰੇਜ ਵਿਚੋਂ ਸਰਵਿਸ ਕਰਵਾ ਕੇ ਵਾਪਸ ਲਿਆਂਦੀ ਹੋਵੇ। ਉਸ ਦੇ ਪੂਰੇ ਪੈਸੇ ਜਰੂਰ ਦੇਣੇ ਸਨ ਤੇ ਨਾਲੇ ਉਸ ਦੇ ਮਜਾਕ ਦੀ ਦਾਦ ਦੇਣ ਨੂੰ ਬੜਾ ਜੀ ਕੀਤਾ।
ਹੁਣ ਥੋੜਾ ਜਿਹਾ ਮਨ ਘਬਰਾਇਆ ਕਿ ਕਿਤੇ ਮੈਂ ਕੋਈ ਹਰੋ ਨਵੀਂ ਮੁਸੀਬਤ ਤਾਂ ਨਹੀਂ ਮੁੱਲ ਲੈ ਰਿਹਾ। ਕੀ ਪਤਾ ਉਹ ਮੁੰਡਾ ਹੁਣ ਉੱਥੇ ਹੋਵੇ ਵੀ ਕਿ ਨਾ। ਹੋ ਸਕਦੈ ਮੈਨੂੰ ਵੇਖ ਕੇ ਉਹ ਤੇ ਉਹਦੇ ਸਾਥੀ ਕੋਈ ਹੋਰ ਸ਼ਰਾਰਤ ਕਰਨ ‘ਤੇ ਤੁਲ ਪੈਣ ਫੇਰ ਕੀ ਬਣੇਗਾ ? ਪਰ ਪਤਾ ਨਹੀਂ ਕਿਉਂ ਮੈਂ ਰੁਕਿਆ ਨਹੀਂ।
ਚੌਂਕ ਪਾਰ ਕਰ ਕੇ ਮੈਂ ਨਜ਼ਰ ਮਾਰੀ, ਟੀਨਾਂ ਵਾਲੀ ਦੁਕਾਨ ਖੁੱਲ੍ਹੀ ਪਈ ਸੀ। ਤੇ ਉਸੇ ਮੁੰਡੇ ਦਾ ਬਾਪੂ ਟੀਨ ਭੰਨਣ ਵਿਚ ਮਗਨ ਸੀ। ਮੋਟਰ ਸਾਇਕਲ ਦਾ ਇੰਜਨ ਬੰਦ ਕਰ ਕੇ ਉਸ ਪਾਸੇ ਵੱਲ ਤੁਰਿਆ ਹੀ ਸੀ ਕਿ ਪਤਾ ਨਹੀਂ ਕਿਹੜੇ ਪਾਸਿਉਂ ਉਹੀ ਮੁੰਡਾ ਤੇ ਉਹਦੇ ਯਾਰ ਮੇਰੇ ਸਾਹਮਣੇ ਆ ਖਲੋਤੇ। ਮੁੰਡਾ ਮੋਟਰ ਸਾਇਕਲ ਕੋ ਜਾ ਖਲੋਤਾ ਤੇ ਉਸ ਨੂੰ ਜਾਚਦਿਆਂ ਬੋਲਿਆ “ਕਿਉਂ ਸਾਬ, ਫਿਰ ਕੋਈ ਖਰਾਬੀ ਹੋ ਗਈ ਕਿਆ?”
ਮੈਂ ਸਿੱਧਾ ਜਾ ਕੇ ਉਸ ਦਾ ਸੱਜਾ ਹੱਥ, ਆਪਣੇ ਹੱਥ ਵਿਚ ਘੁੱਟ ਲਿਆ ਤੇ ਆਖਿਆ, “ਅਰੇ ਯਾਰ, ਤੁਮ ਤੋ ਬੜੇ ਸ਼ਾਨਦਾਰ ਆਦਮੀ ਹੋ। ਮੁਝੇ ਮਾਲੂਮ ਨਹੀਂ ਥਾ ਕਿ ਤੁਮ ਨੇ ਗਾੜੀ ਪਰ ਇਤਨਾ ਕਾਮ ਕੀਆ ਹੈ। ਬਤਾਉ ਮੁਝੇ ਔਰ ਕਿਤਨੇ ਪੈਸੇ ਦੇਨੇ ਹੈਂ।”
“ਕੁਛ ਨਹੀਂ, ਕੁਛ ਨਹੀਂ, ਤੁਮ ‘ਹਮ ਲੋਗ’ ਪਿਕਚਰ ਮੇਂ ਬਹੁਤ ਅਛਾ ਕਾਮ ਕਰਤਾ ਹੈ, ਬਸ।”
ਮੇਰੀ ਹੈਰਾਨੀ ਦੀ ਹੱਦ ਨਾ ਰਹੀ। ਮੈਂ ਆਖਿਆ, “ਮਗਰ ਮੈਂ ਤੋ ਤਮਾਮ ਵਕਤ ਯੇ ਸੋਚਤਾ ਰਹਾ ਕਿ ਤੁਮ ਮੇਰਾ ਮਜ਼ਾਕ ਉੜਾ ਰਹੇ ਹੋ।”
“ਐਕਟਰ ਲੋਗ ਕੇ ਸਾਥ ਥੋੜਾ ਮਜਾਕ ਕਰਨਾ ਮਾਂਗਤਾ ਹੈ”, ਉਹ ਹੋਠਾਂ ਵਿੱਚ ਆਪਣੀ ਮੁਸਕਣੀ ਘੁੱਟ ਕੇ ਸ਼ਰਾਰਤ ਨਾਲ ਬੋਲਿਆ।
ਮੈਂ ਪੈਸੇ ਦੇਣ ਲਈ ਬਥੇਰਾ ਜ਼ੋਰ ਲਗਾਇਆ, ਪਰ ਉਸ ਮੇਰੀ ਇਕ ਨਾ ਮੰਨੀ । ਸਗੋਂ ਉਸ ਦੀ ਯਾਰ ਮੰਡਲੀ ਮੈਨੂੰ ਉਸੇ ਚਾਹ ਵਾਲੇ ਦੀ ਦੁਕਾਨ ਵਿਚ ਲੈ ਤੁਰੀ। ਮੈਨੂੰ ਉਨ੍ਹਾਂ ਚਾਹ ਪਿਆਈ, ਤੇ ਫਿਰ ਫਿਲਮਾਂ ਬਾਰੇ ਐਕਟਰੈਸਾਂ ਬਾਰੇ ਬੜੇ ਮਜ਼ੇਦਾਰ ਸਵਾਲ ਪੁੱਛਦੇ ਰਹੇ। ਮੈਂ ਸਾਰਾ ਸੰਕੋਚ ਮਿਟਾ ਕੇ ਉਨ੍ਹਾਂ ਦੀ ਮਿੱਤਰਤਾ ਵਿਚੋਂ ਅਕਹਿ ਸੁਆਦ ਮਾਣ ਰਿਹਾ ਸਾਂ। ਹੁਣ ਤੱਕ ਮਜਦੂਰਾਂ ਬਾਰੇ ਮੇਰਾ ਨਜ਼ਰੀਆ ਕੁਝ ਹੋਰ ਹੀ ਸੀ। ਕੰਗਾਲੀ ਤੇ ਮਜਬੂਰੀ ਦੀ ਹਾਲਤ ਵਿਚ ਵੀ ਮਜ਼ਦੂਰ ਏਨਾ ਹਸਮੁਖ, ਖੁਸ਼ਮਿਜ਼ਾਜ ਤੇ ਏਨਾ ਬਾਦਸ਼ਾਹ ਦਿਲ ਹੋ ਸਕਦੈ, ਇਹ ਮੇਰੀ ਕਲਪਨਾ ਤੋਂ ਕਿਤੇ ਬਾਹਰੀ ਗੱਲ ਸੀ।
ਇਹ ਹੈ ਮੇਰੀ ਫਿਲਮੀ ਜਿੰਦਗੀ ਦੀ ਉਹ ਅਭੁੱਲ ਯਾਦ। ਕਹਾਣੀ ਲਿਖਣ ਕਲਾ ਭੁੱਲ ਨਾ ਗਿਆ ਹੁੰਦਾ ਤਾਂ ਸ਼ਾਇਦ ਇਸ ਦੀ ਇਕ ਅਤਿਅੰਤ ਪਿਆਰੀ ਤੇ ਬੇਮਿਸਾਲ ਕਹਾਣੀ ਲਿਖ ਮਾਰਦਾ।

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਬਲਰਾਜ ਸਾਹਨੀ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ