Ishq Haqiqi (Story in Punjabi) : Saadat Hasan Manto

ਇਸ਼ਕ ਹਕੀਕੀ (ਕਹਾਣੀ) : ਸਆਦਤ ਹਸਨ ਮੰਟੋ

ਇਸ਼ਕ ਮੁਹੱਬਤ ਦੇ ਬਾਰੇ ਵਿੱਚ ਅਖ਼ਲਾਕ ਦਾ ਨਜ਼ਰੀਆ ਉਹੀ ਸੀ ਜੋ ਅਕਸਰ ਆਸ਼ਿਕਾਂ ਅਤੇ ਮੁਹੱਬਤ ਕਰਨ ਵਾਲਿਆਂ ਦਾ ਹੁੰਦਾ ਹੈ। ਉਹ ਰਾਂਝੇ ਪੀਰ ਦਾ ਚੇਲਾ ਸੀ। ਇਸ਼ਕ ਵਿੱਚ ਮਰ ਜਾਣਾ ਉਸਦੇ ਨਜ਼ਦੀਕ ਇੱਕ ਮਹਾਨ ਅਤੇ ਸ਼ਾਨ ਦੀ ਮੌਤ ਮਰਨਾ ਸੀ।
ਅਖ਼ਲਾਕ ਤੀਹ ਸਾਲ ਦਾ ਹੋ ਗਿਆ। ਮਗਰ ਬਾਵਜੂਦ ਕੋਸ਼ਿਸ਼ਾਂ ਦੇ ਉਸ ਨੂੰ ਕਿਸੇ ਨਾਲ ਇਸ਼ਕ ਨਹੀਂ ਹੋਇਆ ਲੇਕਿਨ ਇੱਕ ਦਿਨ ਇੰਗਰਿਡ ਬਰਗਮੈਨ ਦੀ ਪਿਕਚਰ “ਫ਼ੌਰ ਹੂਮ ਦ ਬੈੱਲ ਟੌਲਜ਼” ਦਾ ਮੈਟਨੀ (ਤੀਜੇ ਪਹਿਰ ਦਾ) ਸ਼ੋ ਦੇਖਣ ਦੇ ਦੌਰਾਨ ਉਸ ਨੇ ਮਹਿਸੂਸ ਕੀਤਾ ਕਿ ਉਸ ਦਾ ਦਿਲ ਉਸ ਬੁਰਕਾਪੋਸ਼ ਕੁੜੀ ਨਾਲ ਵਾਬਸਤਾ ਹੋ ਗਿਆ ਹੈ, ਜੋ ਉਸ ਦੇ ਨਾਲ ਵਾਲੀ ਸੀਟ ਉੱਤੇ ਬੈਠੀ ਸੀ ਅਤੇ ਸਾਰਾ ਵਕਤ ਆਪਣੀ ਲੱਤ ਹਿਲਾਂਦੀ ਰਹੀ ਸੀ।
ਪਰਦੇ ਉੱਤੇ ਜਦੋਂ ਸਿਆਹੀ ਘੱਟ ਅਤੇ ਰੋਸ਼ਨੀ ਜ਼ਿਆਦਾ ਹੋਈ ਤਾਂ ਅਖ਼ਲਾਕ ਨੇ ਉਸ ਕੁੜੀ ਨੂੰ ਇੱਕ ਨਜ਼ਰ ਵੇਖਿਆ। ਉਸ ਦੇ ਮੱਥੇ ਉੱਤੇ ਮੁੜ੍ਹਕੇ ਦੇ ਨੰਨ੍ਹੇ ਨੰਨ੍ਹੇ ਕਤਰੇ ਸਨ। ਨੱਕ ਦੀ ਫ਼ਿਨਿੰਗ ਉੱਤੇ ਕੁਝ ਬੂੰਦਾਂ ਸਨ ਜਦੋਂ ਅਖ਼ਲਾਕ ਨੇ ਉਸਦੀ ਤਰਫ਼ ਵੇਖਿਆ ਤਾਂ ਉਸਦੀ ਲੱਤ ਹਿਲਣੀ ਬੰਦ ਹੋ ਗਈ। ਇੱਕ ਅਦਾ ਦੇ ਨਾਲ ਉਸ ਨੇ ਆਪਣੇ ਸਿਆਹ ਬੁਰਕੇ ਦੀ ਜਾਲੀ ਨਾਲ ਆਪਣਾ ਚਿਹਰਾ ਢਕ ਲਿਆ। ਇਹ ਹਰਕਤ ਕੁੱਝ ਅਜਿਹੀ ਸੀ ਕਿ ਅਖ਼ਲਾਕ ਨੂੰ ਮੱਲੋਮੱਲੀ ਹਾਸੀ ਆ ਗਈ।
ਉਸ ਕੁੜੀ ਨੇ ਆਪਣੀ ਸਹੇਲੀ ਦੇ ਕੰਨ ਵਿੱਚ ਕੁੱਝ ਕਿਹਾ। ਦੋਨੋਂ ਹੌਲੀ ਹੌਲੀ ਹਸੀਆਂ। ਇਸ ਦੇ ਬਾਅਦ ਉਸ ਕੁੜੀ ਨੇ ਨਕਾਬ ਆਪਣੇ ਚਿਹਰੇ ਤੋਂ ਹਟਾ ਲਿਆ। ਅਖ਼ਲਾਕ ਦੀ ਤਰਫ਼ ਤਿੱਖੀਆਂ ਤਿੱਖੀਆਂ ਨਜ਼ਰਾਂ ਨਾਲ ਵੇਖਿਆ ਅਤੇ ਲੱਤ ਹਿੱਲਾ ਕੇ ਫ਼ਿਲਮ ਦੇਖਣ ਵਿੱਚ ਮਸ਼ਗ਼ੂਲ ਹੋ ਗਈ।
ਅਖ਼ਲਾਕ ਸਿਗਰਟ ਪੀ ਰਿਹਾ ਸੀ। ਇੰਗਰਿਡ ਬਰਗਮੈਨ ਉਸਦੀ ਮਹਿਬੂਬ ਐਕਟਰਸ ਸੀ। “ਫ਼ੌਰ ਹੂਮ ਦ ਬੈੱਲ ਟੌਲਜ਼” ਵਿੱਚ ਉਸ ਦੇ ਵਾਲ਼ ਕਟੇ ਹੋਏ ਸਨ। ਫ਼ਿਲਮ ਦੇ ਆਰੰਭ ਵਿੱਚ ਜਦੋਂ ਅਖ਼ਲਾਕ ਨੇ ਉਸਨੂੰ ਵੇਖਿਆ ਤਾਂ ਉਹ ਬਹੁਤ ਹੀ ਪਿਆਰੀ ਲੱਗੀ। ਲੇਕਿਨ ਨਾਲ ਵਾਲੀ ਸੀਟ ਉੱਤੇ ਬੈਠੀ ਹੋਈ ਕੁੜੀ ਦੇਖਣ ਦੇ ਬਾਅਦ ਉਹ ਇੰਗਰਿਡ ਬਰਗਮੈਨ ਨੂੰ ਭੁੱਲ ਗਿਆ। ਇਵੇਂ ਤਾਂ ਕਰੀਬ ਕਰੀਬ ਸਾਰੀ ਫ਼ਿਲਮ ਉਸ ਦੀਆਂ ਨਿਗਾਹਾਂ ਦੇ ਸਾਹਮਣੇ ਚਲੀ ਮਗਰ ਉਸ ਨੇ ਬਹੁਤ ਹੀ ਘੱਟ ਵੇਖੀ।
ਸਾਰਾ ਵਕਤ ਉਹ ਕੁੜੀ ਇਸ ਦੇ ਦਿਲ ਦਿਮਾਗ਼ ਉੱਤੇ ਛਾਈ ਰਹੀ।
ਅਖ਼ਲਾਕ ਸਿਗਰਟ ਤੇ ਸਿਗਰਟ ਪੀਂਦਾ ਰਿਹਾ। ਇੱਕ ਵਾਰ ਉਸ ਨੇ ਰਾਖ ਝਾੜੀ। ਤਾਂ ਉਸਦੀ ਸਿਗਰਟ ਉਂਗਲੀਆਂ ਵਿੱਚੋਂ ਨਿਕਲ ਕੇ ਉਸ ਕੁੜੀ ਦੀ ਗੋਦ ਵਿੱਚ ਜਾ ਪਈ। ਕੁੜੀ ਫ਼ਿਲਮ ਦੇਖਣ ਵਿੱਚ ਮਸ਼ਗ਼ੂਲ ਸੀ ਇਸ ਲਈ ਉਸ ਨੂੰ ਸਿਗਰਟ ਡਿੱਗਣ ਦਾ ਕੁੱਝ ਪਤਾ ਨਹੀਂ ਸੀ। ਅਖ਼ਲਾਕ ਬਹੁਤ ਘਬਰਾਇਆ। ਇਸ ਘਬਰਾਹਟ ਵਿੱਚ ਉਸ ਨੇ ਹੱਥ ਵਧਾ ਕੇ ਸਿਗਰਟ ਉਸ ਦੇ ਬੁਰਕੇ ਤੋਂ ਚੁੱਕਿਆ ਅਤੇ ਫ਼ਰਸ਼ ਉੱਤੇ ਸੁੱਟ ਦਿੱਤਾ। ਕੁੜੀ ਹੜਬੜਾ ਕੇ ਉਠ ਖੜੀ ਹੋਈ। ਅਖ਼ਲਾਕ ਨੇ ਫ਼ੌਰਨ ਕਿਹਾ, “ਮੁਆਫ਼ੀ ਚਾਹੁੰਦਾ ਹਾਂ ਤੁਹਾਡੇ ਉੱਤੇ ਸਿਗਰਟ ਡਿੱਗ ਗਈ ਸੀ। ”
ਕੁੜੀ ਨੇ ਤਿੱਖੀਆਂ ਤਿੱਖੀਆਂ ਨਜ਼ਰਾਂ ਨਾਲ ਅਖ਼ਲਾਕ ਦੀ ਤਰਫ਼ ਵੇਖਿਆ ਅਤੇ ਬੈਠ ਗਈ। ਬੈਠ ਕੇ ਉਸ ਨੇ ਆਪਣੀ ਸਹੇਲੀ ਦੇ ਕੰਨ ਵਿੱਚ ਕੁੱਝ ਕਿਹਾ। “ਦੋਨਾਂ ਹੌਲੇ ਹੌਲੇ ਹਸੀਆਂ ਅਤੇ ਫ਼ਿਲਮ ਦੇਖਣ ਵਿੱਚ ਮਸ਼ਗ਼ੂਲ ਹੋ ਗਈਆਂ। ”
ਫ਼ਿਲਮ ਦੇ ਖ਼ਾਤਮੇ ਉੱਤੇ ਜਦੋਂ ਕਾਇਦ-ਏ-ਆਜ਼ਮ ਦੀ ਤਸਵੀਰ ਨਮੂਦਾਰ ਹੋਈ ਤਾਂ ਅਖ਼ਲਾਕ ਉੱਠਿਆ। ਖ਼ੁਦਾ ਜਾਣੇ ਕੀ ਹੋਇਆ ਕਿ ਉਸ ਦਾ ਪੈਰ ਕੁੜੀ ਦੇ ਪੈਰ ਦੇ ਨਾਲ ਟਕਰਾਇਆ। ਅਖ਼ਲਾਕ ਇੱਕ ਵਾਰ ਫਿਰ ਸਿਰ ਤੋਂ ਪੈਰਾਂ ਤੱਕ ਸੁੰਨ ਹੋ ਗਿਆ। “ਮੁਆਫ਼ੀ ਚਾਹੁੰਦਾ ਹਾਂ ……ਪਤਾ ਨਹੀਂ ਅੱਜ ਕੀ ਹੋ ਗਿਆ ਹੈ।”
ਦੋਨੋਂ ਸਹੇਲੀਆਂ ਹੌਲੀ ਜਿਹੇ ਹੱਸੀਆਂ। ਜਦੋਂ ਭੀੜ ਦੇ ਨਾਲ ਬਾਹਰ ਨਿਕਲੀਆਂ ਤਾਂ ਅਖ਼ਲਾਕ ਉਨ੍ਹਾਂ ਦੇ ਪਿੱਛੇ ਪਿੱਛੇ ਹੋ ਲਿਆ। ਉਹ ਕੁੜੀ ਜਿਸ ਨਾਲ ਉਸ ਨੂੰ ਪਹਿਲੀ ਨਜ਼ਰ ਦਾ ਇਸ਼ਕ ਹੋਇਆ ਸੀ ਮੁੜ ਮੁੜ ਕੇ ਵੇਖਦੀ ਰਹੀ। ਅਖ਼ਲਾਕ ਨੇ ਇਸਦੀ ਪਰਵਾਹ ਨਹੀਂ ਕੀਤੀ। ਅਤੇ ਉਨ੍ਹਾਂ ਦੇ ਪਿੱਛੇ ਪਿੱਛੇ ਚੱਲਦਾ ਰਿਹਾ। ਉਸ ਨੇ ਤਹੱਈਆ ਕਰ ਲਿਆ ਸੀ ਕਿ ਉਹ ਉਸ ਕੁੜੀ ਦਾ ਘਰ ਵੇਖ ਕੇ ਰਹੇਗਾ।
ਮਾਲ ਰੋਡ ਦੇ ਫੁਟਪਾਥ ਉੱਤੇ ਵਾਈ ਐਮ ਸੀ ਏ ਦੇ ਸਾਹਮਣੇ ਉਸ ਕੁੜੀ ਨੇ ਮੁੜ ਕੇ ਅਖ਼ਲਾਕ ਦੀ ਤਰਫ਼ ਵੇਖਿਆ ਅਤੇ ਆਪਣੀ ਸਹੇਲੀ ਦਾ ਹੱਥ ਫੜ ਕੇ ਰੁਕ ਗਈ। ਅਖ਼ਲਾਕ ਨੇ ਅੱਗੇ ਨਿਕਲਣਾ ਚਾਹਿਆ ਤਾਂ ਉਹ ਕੁੜੀ ਇਸ ਨੂੰ ਮੁਖ਼ਾਤਬ ਹੋਈ, “ਤੁਸੀਂ ਸਾਡੇ ਪਿੱਛੇ ਪਿੱਛੇ ਕਿਉਂ ਆ ਰਹੇ ਹੋ?”
ਅਖ਼ਲਾਕ ਨੇ ਇੱਕ ਛਿਣ ਸੋਚ ਕੇ ਜਵਾਬ ਦਿੱਤਾ, “ਤੁਸੀਂ ਮੇਰੇ ਅੱਗੇ ਅੱਗੇ ਕਿਉਂ ਜਾ ਰਹੀਆਂ ਹੋ।”
ਕੁੜੀ ਖਿਲਖਲਾ ਕੇ ਹਸ ਪਈ। ਇਸ ਦੇ ਬਾਅਦ ਉਸ ਨੇ ਆਪਣੀ ਸਹੇਲੀ ਨੂੰ ਕੁੱਝ ਕਿਹਾ। ਫਿਰ ਦੋਨੋਂ ਚੱਲ ਪਈਆਂ। ਬਸ ਸਟੈਂਡ ਦੇ ਕੋਲ ਉਸ ਕੁੜੀ ਨੇ ਜਦੋਂ ਮੁੜ ਕੇ ਵੇਖਿਆ ਤਾਂ ਅਖ਼ਲਾਕ ਨੇ ਕਿਹਾ। “ਤੁਸੀਂ ਪਿੱਛੇ ਆ ਜਾਓ। ਮੈਂ ਅੱਗੇ ਵੱਧ ਜਾਂਦਾ ਹਾਂ। ”
ਕੁੜੀ ਨੇ ਮੂੰਹ ਮੋੜ ਲਿਆ।
ਅਨਾਰਕਲੀ ਦਾ ਮੋੜ ਆਇਆ ਤਾਂ ਦੋਨਾਂ ਸਹੇਲੀਆਂ ਰੁੱਕ ਗਈਆਂ। ਅਖ਼ਲਾਕ ਕੋਲੋਂ ਲੰਘਣ ਲੱਗਿਆ ਤਾਂ ਉਸ ਕੁੜੀ ਨੇ ਉਸ ਨੂੰ ਕਿਹਾ। “ਤੁਸੀਂ ਸਾਡੇ ਪਿੱਛੇ ਨਾ ਆਓ। ਇਹ ਬਹੁਤ ਬੁਰੀ ਗੱਲ ਹੈ। ”
ਲਹਿਜੇ ਵਿੱਚ ਬੜੀ ਗੰਭੀਰਤਾ ਸੀ। ਅਖ਼ਲਾਕ ਨੇ “ਬਹੁਤ ਬਿਹਤਰ” ਕਿਹਾ ਅਤੇ ਵਾਪਸ ਚੱਲ ਪਿਆ। ਉਸ ਨੇ ਮੁੜ ਕੇ ਵੀ ਉਨ੍ਹਾਂ ਨੂੰ ਨਹੀਂ ਵੇਖਿਆ। ਲੇਕਿਨ ਦਿਲ ਵਿੱਚ ਉਹਨੂੰ ਅਫ਼ਸੋਸ ਸੀ ਕਿ ਉਹ ਕਿਉਂ ਉਸ ਦੇ ਪਿੱਛੇ ਨਹੀਂ ਗਿਆ। ਇੰਨੀ ਦੇਰ ਦੇ ਬਾਅਦ ਉਸ ਨੂੰ ਇੰਨੀ ਸ਼ਿੱਦਤ ਨਾਲ ਮਹਿਸੂਸ ਹੋਇਆ ਸੀ ਕਿ ਉਸ ਨੂੰ ਕਿਸੇ ਨਾਲ ਮੁਹੱਬਤ ਹੋਈ ਹੈ। ਲੇਕਿਨ ਉਸ ਨੇ ਮੌਕਾ ਹੱਥੋਂ ਜਾਣ ਦਿੱਤਾ। ਹੁਣ ਖ਼ੁਦਾ ਜਾਣੇ ਫਿਰ ਉਸ ਕੁੜੀ ਨਾਲ ਮੁਲਾਕਾਤ ਹੋਵੇ ਜਾਂ ਨਾ ਹੋਵੇ।
ਜਦੋਂ ਵਾਈ ਐਮ ਸੀ ਦੇ ਕੋਲ ਪਹੁੰਚਿਆ ਤਾਂ ਰੁੱਕ ਕੇ ਉਸ ਨੇ ਅਨਾਰਕਲੀ ਦੇ ਮੋੜ ਦੀ ਤਰਫ਼ ਵੇਖਿਆ। ਮਗਰ ਹੁਣ ਉੱਥੇ ਕੀ ਸੀ। ਉਹ ਤਾਂ ਉਸੇ ਵਕਤ ਅਨਾਰਕਲੀ ਦੀ ਤਰਫ਼ ਚਲੀਆਂ ਗਈਆਂ ਸਨ।
ਕੁੜੀ ਦੇ ਨਕਸ਼ ਵੱਡੇ ਪਤਲੇ ਪਤਲੇ ਸਨ। ਬਰੀਕ ਨੱਕ, ਛੋਟੀ ਜਿਹੀ ਠੋਡੀ, ਫੁਲ ਦੀਆਂ ਪੱਤੀਆਂ ਵਰਗੇ ਹੋਠ। ਜਦੋਂ ਪਰਦੇ ਉੱਤੇ ਕਾਲਖ ਘੱਟ ਅਤੇ ਰੋਸ਼ਨੀ ਜ਼ਿਆਦਾ ਹੁੰਦੀ ਸੀ ਤਾਂ ਉਸ ਨੇ ਉਸਦੇ ਉਪਰਲੇ ਹੋਠ ਉੱਤੇ ਇੱਕ ਤਿਲ ਵੇਖਿਆ ਸੀ ਜੋ ਬੇਹੱਦ ਪਿਆਰਾ ਲੱਗਦਾ ਸੀ। ਅਖ਼ਲਾਕ ਨੇ ਸੋਚਿਆ ਸੀ ਕਿ ਜੇਕਰ ਇਹ ਤਿਲ ਨਾ ਹੁੰਦਾ ਤਾਂ ਸ਼ਾਇਦ ਉਹ ਕੁੜੀ ਨਾਮੁਕੰਮਲ ਰਹਿੰਦੀ। ਇਸ ਦਾ ਉੱਥੇ ਹੋਣਾ ਅਤਿ ਜ਼ਰੂਰੀ ਸੀ।
ਛੋਟੇ ਛੋਟੇ ਕਦਮ ਸਨ ਜਿਨ੍ਹਾਂ ਵਿੱਚ ਕੰਵਾਰਪਣ ਸੀ। ਹਾਲਾਂਕਿ ਉਸ ਨੂੰ ਪਤਾ ਸੀ ਕਿ ਇੱਕ ਮਰਦ ਮੇਰੇ ਪਿੱਛੇ ਪਿੱਛੇ ਆ ਰਿਹਾ ਹੈ। ਇਸ ਲਈ ਉस ਦੇ ਇਨ੍ਹਾਂ ਛੋਟੇ ਛੋਟੇ ਕਦਮਾਂ ਵਿੱਚ ਇੱਕ ਵੱਡੀ ਪਿਆਰੀ ਲੜਖੜਾਹਟ ਜਿਹੀ ਪੈਦਾ ਹੋ ਗਈ ਸੀ। ਉਸ ਦਾ ਮੁੜ ਮੁੜ ਕੇ ਵੇਖਣਾ ਤਾਂ ਗ਼ਜ਼ਬ ਸੀ। ਗਰਦਨ ਨੂੰ ਇੱਕ ਹਲਕਾ ਜਿਹਾ ਝੱਟਕਾ ਦੇਕੇ ਉਹ ਪਿੱਛੇ ਅਖ਼ਲਾਕ ਦੀ ਤਰਫ਼ ਵੇਖਦੀ ਅਤੇ ਤੇਜ਼ੀ ਨਾਲ ਮੂੰਹ ਮੋੜ ਲੈਂਦੀ।
ਦੂਜੇ ਦਿਨ ਉਹ ਇੰਗਰਿਡ ਬਰਗਮੈਨ ਦੀ ਫ਼ਿਲਮ ਫਿਰ ਦੇਖਣ ਗਿਆ। ਸ਼ੋ ਸ਼ੁਰੂ ਹੋ ਚੁੱਕਾ ਸੀ। ਵਾਲਟ ਡਿਜ਼ਨੀ ਦਾ ਕਾਰਟੂਨ ਚੱਲ ਰਿਹਾ ਸੀ ਕਿ ਉਹ ਅੰਦਰ ਹਾਲ ਵਿੱਚ ਦਾਖ਼ਲ ਹੋਇਆ। ਹੱਥ ਨੂੰ ਹੱਥ ਵਿਖਾਈ ਨਹੀਂ ਦਿੰਦਾ ਸੀ।
ਗੇਟ ਕੀਪਰ ਦੀ ਬੈਟਰੀ ਦੀ ਅੰਨ੍ਹੀ ਰੋਸ਼ਨੀ ਦੇ ਸਹਾਰੇ ਇਸ ਨੇ ਟਟੋਲ ਟਟੋਲ ਕੇ ਇੱਕ ਖ਼ਾਲੀ ਸੀਟ ਦੀ ਭਾਲ ਕੀਤੀ ਅਤੇ ਉਸ ਉੱਪਰ ਬੈਠ ਗਿਆ।
ਡਿਜ਼ਨੀ ਦਾ ਕਾਰਟੂਨ ਬਹੁਤ ਮਜ਼ਾਹੀਆ ਸੀ। ਏਧਰ ਏਧਰ ਕਈ ਤਮਾਸ਼ਾਈ ਹਸ ਰਹੇ ਸਨ। ਕਦੇ ਕਦੇ ਬਹੁਤ ਹੀ ਕਰੀਬ ਤੋਂ ਅਖ਼ਲਾਕ ਨੂੰ ਅਜਿਹੀ ਹਾਸੀ ਸੁਣਾਈ ਦਿੱਤੀ ਜਿਸ ਨੂੰ ਉਹ ਸਿਆਣਦਾ ਸੀ। ਮੁੜ ਕੇ ਉਸ ਨੇ ਪਿੱਛੇ ਵੇਖਿਆ ਤਾਂ ਉਹੀ ਕੁੜੀ ਬੈਠੀ ਸੀ।
ਅਖ਼ਲਾਕ ਦਾ ਦਿਲ ਧੱਕ ਧੱਕ ਕਰਨ ਲੱਗਿਆ। ਕੁੜੀ ਦੇ ਨਾਲ ਇੱਕ ਨੌਜਵਾਨ ਮੁੰਡਾ ਬੈਠਾ ਸੀ। ਸ਼ਕਲ ਸੂਰਤ ਦੇ ਪੱਖ ਤੋਂ ਉਹ ਇਸ ਦਾ ਭਾਈ ਲੱਗਦਾ ਸੀ। ਉਸਦੀ ਹਾਜ਼ਰੀ ਵਿੱਚ ਉਹ ਕਿਸ ਤਰ੍ਹਾਂ ਵਾਰ ਵਾਰ ਮੁੜ ਕੇ ਵੇਖ ਸਕਦਾ ਸੀ।
ਇੰਟਰਵਲ ਹੋ ਗਿਆ। ਅਖ਼ਲਾਕ ਕੋਸ਼ਿਸ਼ ਦੇ ਬਾਵਜੂਦ ਫ਼ਿਲਮ ਚੰਗੀ ਤਰ੍ਹਾਂ ਨਹੀਂ ਵੇਖ ਸਕਿਆ। ਰੋਸ਼ਨੀ ਹੋਈ ਤਾਂ ਉਹ ਉੱਠਿਆ। ਕੁੜੀ ਦੇ ਚਿਹਰੇ ਉੱਤੇ ਨਕਾਬ ਸੀ। ਮਗਰ ਉਸ ਮਹੀਨ ਪਰਦੇ ਦੇ ਪਿੱਛੇ ਉਸਦੀਆਂ ਅੱਖਾਂ ਅਖ਼ਲਾਕ ਨੂੰ ਨਜ਼ਰ ਆਈਆਂ ਜਿਨ੍ਹਾਂ ਵਿੱਚ ਮੁਸਕੁਰਾਹਟ ਦੀ ਚਮਕ ਸੀ।
ਕੁੜੀ ਦੇ ਭਰਾ ਨੇ ਸਿਗਰਟ ਕੱਢ ਕੇ ਸੁਲਗਾਈ। ਅਖ਼ਲਾਕ ਨੇ ਆਪਣੀ ਜੇਬ ਵਿੱਚ ਹੱਥ ਪਾਇਆ ਅਤੇ ਉਸ ਨੂੰ ਮੁਖ਼ਾਤਬ ਹੋਇਆ, “ਜਰਾ ਮਾਚਿਸ ਮਿਹਰ ਫ਼ਰਮਾਓ।”
ਕੁੜੀ ਦੇ ਭਰਾ ਨੇ ਉਸ ਨੂੰ ਮਾਚਿਸ ਦੇ ਦਿੱਤੀ। ਅਖ਼ਲਾਕ ਨੇ ਆਪਣੀ ਸਿਗਰਟ ਸੁਲਗਾਈ ਅਤੇ ਮਾਚਿਸ ਉਸ ਨੂੰ ਵਾਪਸ ਦੇ ਦਿੱਤੀ, “ਧੰਨਵਾਦ ! ”
ਕੁੜੀ ਦੀ ਲੱਤ ਹਿੱਲ ਰਹੀ ਸੀ। ਅਖ਼ਲਾਕ ਆਪਣੀ ਸੀਟ ਉੱਤੇ ਬੈਠ ਗਿਆ। ਫ਼ਿਲਮ ਦਾ ਬਕਾਇਆ ਹਿੱਸਾ ਸ਼ੁਰੂ ਹੋਇਆ। ਇੱਕ ਦੋ ਵਾਰ ਉਸ ਨੇ ਮੁੜ ਕੇ ਕੁੜੀ ਦੀ ਤਰਫ਼ ਵੇਖਿਆ। ਇਸ ਤੋਂ ਜ਼ਿਆਦਾ ਉਹ ਕੁੱਝ ਨਹੀਂ ਕਰ ਸਕਿਆ।
ਫ਼ਿਲਮ ਖ਼ਤਮ ਹੋਈ। ਲੋਕ ਬਾਹਰ ਨਿਕਲਣਾ ਸ਼ੁਰੂ ਹੋਏ। ਕੁੜੀ ਅਤੇ ਉਸ ਦਾ ਭਾਈ ਨਾਲ ਸਨ। ਅਖ਼ਲਾਕ ਉਨ੍ਹਾਂ ਤੋਂ ਹੱਟ ਕੇ ਪਿੱਛੇ ਪਿੱਛੇ ਚਲਣ ਲਗਾ।
ਸਟੈਂਡ ਦੇ ਕੋਲ ਭਰਾ ਨੇ ਆਪਣੀ ਭੈਣ ਨੂੰ ਕੁੱਝ ਕਿਹਾ। ਇੱਕ ਟਾਂਗੇ ਵਾਲੇ ਨੂੰ ਬੁਲਾਇਆ ਕੁੜੀ ਉਸ ਵਿੱਚ ਬੈਠ ਗਈ। ਮੁੰਡਾ ਸਟੈਂਡ ਵਿੱਚ ਚਲਾ ਗਿਆ। ਕੁੜੀ ਨੇ ਨਕਾਬ ਵਿੱਚੋਂ ਅਖ਼ਲਾਕ ਦੀ ਤਰਫ਼ ਵੇਖਿਆ। ਉਸ ਦਾ ਦਿਲ ਧੱਕ ਧੱਕ ਕਰਨ ਲਗਾ। ਟਾਂਗਾ ਚੱਲ ਪਿਆ। ਸਟੈਂਡ ਦੇ ਬਾਹਰ ਇਸ ਦੇ ਤਿੰਨ ਚਾਰ ਦੋਸਤ ਖੜੇ ਸਨ। ਇਹਨਾਂ ਵਿਚੋਂ ਇੱਕ ਦੀ ਸਾਈਕਲ ਉਸ ਨੇ ਜਲਦੀ ਜਲਦੀ ਫੜੀ ਅਤੇ ਟਾਂਗੇ ਦੇ ਪਿੱਛੇ ਰਵਾਨਾ ਹੋ ਗਿਆ।
ਇਹ ਪਿੱਛੇ ਜਾਣਾ ਬਹੁਤ ਦਿਲਚਸਪ ਰਿਹਾ। ਜ਼ੋਰ ਦੀ ਹਵਾ ਚੱਲ ਰਹੀ ਸੀ ਕੁੜੀ ਦੇ ਚਿਹਰੇ ਉੱਤੋਂ ਨਕਾਬ ਉਠ ਉਠ ਜਾਂਦਾ। ਸਿਆਹ ਜਾਰਜਤ ਦਾ ਪਰਦਾ ਫੜਫੜਾਕੇ ਉਸਦੇ ਸਫੈਦ ਚਿਹਰੇ ਦੀਆਂ ਝਲਕੀਆਂ ਦਿਖਾਂਦਾ ਸੀ। ਕੰਨਾਂ ਵਿੱਚ ਸੋਨੇ ਦੇ ਵੱਡੇ ਵੱਡੇ ਝੂਮਰ ਸਨ। ਪਤਲੇ ਪਤਲੇ ਹੋਠਾਂ ਉੱਤੇ ਮੱਸ ਮਾਇਲ ਸੁਰਖੀ ਸੀ ……ਅਤੇ ਉਪਰਲੇ ਹੋਠ ਉੱਤੇ ਤਿਲ ……ਉਹ ਅਤਿ ਜ਼ਰੂਰੀ ਤਿਲ।
ਬੜੇ ਜ਼ੋਰ ਦਾ ਬੁੱਲਾ ਆਇਆ ਤਾਂ ਅਖ਼ਲਾਕ ਦੇ ਸਿਰ ਉੱਤੋਂ ਹੈਟ ਉੱਤਰ ਗਿਆ ਅਤੇ ਸੜਕ ਤੇ ਦੌੜਨ ਲਗਾ। ਇੱਕ ਟਰੱਕ ਲੰਘ ਰਿਹਾ ਸੀ। ਉਸ ਦੇ ਵਜ਼ਨੀ ਪਹੀਏ ਦੇ ਹੇਠਾਂ ਆਇਆ ਅਤੇ ਉਥੇ ਹੀ ਚਿੱਤ ਗਿਆ।
ਕੁੜੀ ਹਸੀ ਅਖ਼ਲਾਕ ਨੇ ਮੁਸਕਰਾ ਦਿੱਤਾ। ਗਰਦਨ ਮੋੜ ਕੇ ਹੈਟ ਦੀ ਲਾਸ਼ ਵੇਖੀ ਜੋ ਬਹੁਤ ਪਿੱਛੇ ਰਹਿ ਗਈ ਸੀ ਅਤੇ ਕੁੜੀ ਨੂੰ ਮੁਖ਼ਾਤਬ ਹੋ ਕੇ ਕਿਹਾ। “ਉਸ ਨੂੰ ਤਾਂ ਸ਼ਹਾਦਤ ਦਾ ਰੁਤਬ ਮਿਲ ਗਿਆ।”
ਕੁੜੀ ਨੇ ਮੂੰਹ ਦੂਜੀ ਤਰਫ਼ ਮੋੜ ਲਿਆ।
ਅਖ਼ਲਾਕ ਥੋੜ੍ਹੀ ਦੇਰ ਦੇ ਬਾਅਦ ਫਿਰ ਉਸਨੂੰ ਮੁਖ਼ਾਤਬ ਹੋਇਆ। “ਤੁਹਾਨੂੰ ਇਤਰਾਜ਼ ਹੈ ਤਾਂ ਵਾਪਸ ਚਲੇ ਜਾਂਦਾ ਹਾਂ। ”
ਕੁੜੀ ਨੇ ਉਸ ਦੀ ਤਰਫ਼ ਵੇਖਿਆ ਮਗਰ ਕੋਈ ਜਵਾਬ ਨਹੀਂ ਦਿੱਤਾ।
ਅਨਾਰਕਲੀ ਦੀ ਇੱਕ ਗਲੀ ਵਿੱਚ ਟਾਂਗਾ ਰੁਕਿਆ ਅਤੇ ਉਹ ਕੁੜੀ ਉੱਤਰ ਕੇ ਅਖ਼ਲਾਕ ਦੀ ਤਰਫ਼ ਵਾਰ ਵਾਰ ਵੇਖਦੀ ਨਕਾਬ ਉਠਾ ਕੇ ਇੱਕ ਮਕਾਨ ਵਿੱਚ ਦਾਖ਼ਲ ਹੋ ਗਈ। ਅਖ਼ਲਾਕ ਇੱਕ ਪੈਰ ਸਾਈਕਲ ਦੇ ਪੈਡਲ ਉੱਤੇ ਅਤੇ ਦੂਜਾ ਪੈਰ ਦੁਕਾਨ ਦੇ ਥੜੇ ਉੱਤੇ ਰੱਖੇ ਥੋੜ੍ਹੀ ਦੇਰ ਖੜਾ ਰਿਹਾ। ਸਾਈਕਲ ਚਲਾਣ ਹੀ ਵਾਲਾ ਸੀ ਕਿ ਇਸ ਮਕਾਨ ਦੀ ਪਹਿਲੀ ਮੰਜ਼ਿਲ ਉੱਤੇ ਇੱਕ ਖਿੜਕੀ ਖੁੱਲੀ। ਕੁੜੀ ਨੇ ਝਾਕ ਕੇ ਅਖ਼ਲਾਕ ਨੂੰ ਵੇਖਿਆ। ਮਗਰ ਫ਼ੌਰਨ ਹੀ ਸ਼ਰਮਾ ਕੇ ਪਿੱਛੇ ਹੱਟ ਗਈ। ਅਖ਼ਲਾਕ ਤਕਰੀਬਨ ਅੱਧ ਘੰਟਾ ਉੱਥੇ ਖੜਾ ਰਿਹਾ। ਮਗਰ ਉਹ ਫਿਰ ਖਿੜਕੀ ਵਿੱਚ ਨਮੂਦਾਰ ਨਹੀਂ ਹੋਈ।
ਅਗਲੇ ਦਿਨ ਅਖ਼ਲਾਕ ਸਵੇਰੇ ਸਵੇਰੇ ਅਨਾਰਕਲੀ ਦੀ ਉਸ ਗਲੀ ਵਿੱਚ ਪਹੁੰਚਿਆ। ਪੰਦਰਾਂ ਵੀਹ ਮਿੰਟ ਤੱਕ ਏਧਰ ਉੱਧਰ ਘੁੰਮਦਾ ਰਿਹਾ। ਖਿੜਕੀ ਬੰਦ ਸੀ। ਮਾਯੂਸ ਹੋ ਕੇ ਪਰਤਣ ਵਾਲਾ ਸੀ ਕਿ ਇੱਕ ਫ਼ਾਲਸੇ ਵੇਚਣ ਵਾਲਾ ਆਵਾਜ਼ ਲਗਾਉਂਦਾ ਆਇਆ। ਖਿੜਕੀ ਖੁੱਲੀ, ਕੁੜੀ ਸਿਰ ਤੋਂ ਨੰਗੀ ਨਮੂਦਾਰ ਹੋਈ। ਇਸ ਨੇ ਫ਼ਾਲਸੇ ਵਾਲੇ ਨੂੰ ਆਵਾਜ਼ ਦਿੱਤੀ।
“ਭਾਈ ਫ਼ਾਲਸੇ ਵਾਲੇ, ਜਰਾ ਠਹਿਰਨਾ,” ਫਿਰ ਉਸਦੀਆਂ ਨਜ਼ਰਾਂ ਇੱਕ ਦਮ ਅਖ਼ਲਾਕ ਤੇ ਪਈਆਂ। ਚੌਂਕ ਕੇ ਉਹ ਪਿੱਛੇ ਹੱਟ ਗਈ। ਫ਼ਾਲਸੇ ਵਾਲੇ ਨੇ ਸਿਰ ਤੋਂ ਛਾਬੜੀ ਉਤਾਰੀ ਅਤੇ ਬੈਠ ਗਿਆ। ਥੋੜ੍ਹੀ ਦੇਰ ਦੇ ਬਾਅਦ ਉਹ ਕੁੜੀ ਸਿਰ ਉੱਤੇ ਦੁਪੱਟਾ ਲਈ ਹੇਠਾਂ ਆਈ। ਅਖ਼ਲਾਕ ਨੂੰ ਉਸ ਨੇ ਕਨਖੀਆਂ ਨਾਲ ਵੇਖਿਆ। ਸ਼ਰਮਾਈ ਅਤੇ ਫ਼ਾਲਸੇ ਲਏ ਬਿਨਾਂ ਵਾਪਸ ਚੱਲੀ ਗਈ।
ਅਖ਼ਲਾਕ ਨੂੰ ਇਹ ਅਦਾ ਬਹੁਤ ਪਸੰਦ ਆਈ। ਥੋੜ੍ਹਾ ਜਿਹਾ ਤਰਸ ਵੀ ਆਇਆ। ਫ਼ਾਲਸੇ ਵਾਲੇ ਨੇ ਜਦੋਂ ਉਸ ਨੂੰ ਘੂਰ ਕੇ ਵੇਖਿਆ ਤਾਂ ਉਹ ਉੱਥੋਂ ਚੱਲ ਪਿਆ। “ਚਲੋ ਅੱਜ ਇੰਨਾ ਹੀ ਕਾਫ਼ੀ ਹੈ।”
ਕੁਝ ਦਿਨ ਹੀ ਵਿੱਚ ਅਖ਼ਲਾਕ ਅਤੇ ਉਸ ਕੁੜੀ ਵਿੱਚ ਇਸ਼ਾਰੇ ਸ਼ੁਰੂ ਹੋ ਗਏ। ਹਰ ਰੋਜ ਸਵੇਰੇ ਨੌਂ ਵਜੇ ਉਹ ਅਨਾਰਕਲੀ ਦੀ ਇਸ ਗਲੀ ਵਿੱਚ ਪੁੱਜਦਾ। ਖਿੜਕੀ ਖੁਲਦੀ ਉਹ ਸਲਾਮ ਕਰਦਾ ਉਹ ਜਵਾਬ ਦਿੰਦੀ, ਮੁਸਕਰਾਉਂਦੀ। ਹੱਥ ਦੇ ਇਸ਼ਾਰਿਆਂ ਨਾਲ ਕੁੱਝ ਗੱਲਾਂ ਹੁੰਦੀਆਂ। ਇਸਦੇ ਬਾਅਦ ਉਹ ਚੱਲੀ ਜਾਂਦੀ।
ਇੱਕ ਰੋਜ ਉਂਗਲੀਆਂ ਘੁਮਾ ਕੇ ਉਸ ਨੇ ਅਖ਼ਲਾਕ ਨੂੰ ਦੱਸਿਆ ਕਿ ਉਹ ਸ਼ਾਮ ਦੇ ਛੇ ਵਜੇ ਦੇ ਸ਼ੋ ਸਿਨੇਮਾ ਦੇਖਣ ਜਾ ਰਹੀ ਹੈ। ਅਖ਼ਲਾਕ ਨੇ ਇਸ਼ਾਰਿਆਂ ਦੇ ਜ਼ਰੀਏ ਪੁੱਛਿਆ। “ਕਿਸ ਸਿਨੇਮਾ ਹਾਊਸ ਵਿੱਚ?”
ਉਸ ਨੇ ਜਵਾਬ ਵਿੱਚ ਕੁੱਝ ਇਸ਼ਾਰੇ ਕੀਤੇ। ਮਗਰ ਅਖ਼ਲਾਕ ਨਹੀਂ ਸਮਝਿਆ। ਆਖ਼ਰ ਵਿੱਚ ਉਸ ਨੇ ਇਸ਼ਾਰਿਆਂ ਵਿੱਚ ਕਿਹਾ। “ਕਾਗ਼ਜ਼ ਉੱਤੇ ਲਿਖ ਕੇ ਹੇਠਾਂ ਸੁੱਟ ਦੇ। ”
ਕੁੜੀ ਖਿੜਕੀ ਕੋਲੋਂ ਹੱਟ ਗਈ। ਕੁਝ ਲਮਹਿਆਂ ਦੇ ਬਾਅਦ ਉਸ ਨੇ ਏਧਰ ਉੱਧਰ ਵੇਖ ਕੇ ਕਾਗ਼ਜ਼ ਦੀ ਇੱਕ ਮੜੋਰੀ ਜਿਹੀ ਹੇਠਾਂ ਸੁੱਟ ਦਿੱਤੀ। ਅਖ਼ਲਾਕ ਨੇ ਉਸਨੂੰ ਖੋਲਿਆ, ਲਿਖਿਆ ਸੀ।
“ਪਲਾਜ਼ਾ ……ਪਰਵੀਣ। ”
ਸ਼ਾਮ ਨੂੰ ਪਲਾਜ਼ਾ ਵਿੱਚ ਉਸਦੀ ਮੁਲਾਕਾਤ ਪਰਵੀਣ ਨਾਲ ਹੋਈ। ਉਸ ਦੇ ਨਾਲ ਉਸਦੀ ਸਹੇਲੀ ਸੀ। ਅਖ਼ਲਾਕ ਉਸਦੇ ਨਾਲ ਵਾਲੀ ਸੀਟ ਉੱਤੇ ਬੈਠ ਗਿਆ। ਫ਼ਿਲਮ ਸ਼ੁਰੂ ਹੋਈ ਤਾਂ ਪਰਵੀਣ ਨੇ ਨਕਾਬ ਉਠਾ ਲਿਆ। ਅਖ਼ਲਾਕ ਸਾਰਾ ਵਕਤ ਉਸ ਨੂੰ ਵੇਖਦਾ ਰਿਹਾ। ਉਸ ਦਾ ਦਿਲ ਧੱਕ ਧੱਕ ਕਰਦਾ ਸੀ। ਇੰਟਰਵਲ ਤੋਂ ਕੁੱਝ ਪਹਿਲਾਂ ਉਸ ਨੇ ਆਹਿਸਤਾ ਜਿਹੇ ਆਪਣਾ ਹੱਥ ਵਧਾਇਆ ਅਤੇ ਉਸ ਦੇ ਹੱਥ ਉੱਤੇ ਰੱਖ ਦਿੱਤਾ। ਉਹ ਕੰਬ ਉੱਠੀ। ਅਖ਼ਲਾਕ ਨੇ ਫ਼ੌਰਨ ਹੱਥ ਉਠਾ ਲਿਆ।
ਦਰਅਸਲ ਉਹ ਉਸ ਨੂੰ ਅੰਗੂਠੀ ਦੇਣਾ ਚਾਹੁੰਦਾ ਸੀ, ਸਗੋਂ ਖ਼ੁਦ ਪਹਿਨਾਉਣਾ ਚਾਹੁੰਦਾ ਸੀ ਜੋ ਉਸ ਨੇ ਉਸੇ ਦਿਨ ਖ਼ਰੀਦੀ ਸੀ। ਇੰਟਰਵਲ ਖ਼ਤਮ ਹੋਇਆ ਤਾਂ ਉਸ ਨੇ ਫਿਰ ਆਪਣਾ ਹੱਥ ਵਧਾਇਆ ਅਤੇ ਉਸ ਦੇ ਹੱਥ ਉੱਤੇ ਰੱਖ ਦਿੱਤਾ। ਉਹ ਕੰਬੀ ਲੇਕਿਨ ਅਖ਼ਲਾਕ ਨੇ ਹੱਥ ਨਹੀਂ ਹਟਾਇਆ। ਥੋੜ੍ਹੀ ਦੇਰ ਦੇ ਬਾਅਦ ਉਸ ਨੇ ਅੰਗੂਠੀ ਕੱਢੀ ਅਤੇ ਉਸਦੀ ਇੱਕ ਉਂਗਲ ਵਿੱਚ ਚੜ੍ਹਾ ਦਿੱਤੀ ……ਉਹ ਬਿਲਕੁਲ ਖ਼ਾਮੋਸ਼ ਰਹੀ। ਅਖ਼ਲਾਕ ਨੇ ਉਸਦੀ ਤਰਫ਼ ਵੇਖਿਆ। ਮਥੇ ਅਤੇ ਨੱਕ ਉੱਤੇ ਮੁੜ੍ਹਕੇ ਦੇ ਨੰਨ੍ਹੇ ਨੰਨ੍ਹੇ ਕਤਰੇ ਥਰਥਰਾ ਰਹੇ ਸਨ।
ਫ਼ਿਲਮ ਖ਼ਤਮ ਹੋਈ ਤਾਂ ਅਖ਼ਲਾਕ ਅਤੇ ਪਰਵੀਣ ਦੀ ਇਹ ਮੁਲਾਕਾਤ ਵੀ ਖ਼ਤਮ ਹੋ ਗਈ। ਬਾਹਰ ਨਿਕਲ ਕੇ ਕੋਈ ਗੱਲ ਨਹੀਂ ਹੋ ਸਕੀ। ਦੋਨੋਂ ਸਹੇਲੀਆਂ ਟਾਂਗੇ ਵਿੱਚ ਬੈਠੀਆਂ। ਅਖ਼ਲਾਕ ਨੂੰ ਦੋਸਤ ਮਿਲ ਗਏ। ਉਨ੍ਹਾਂ ਨੇ ਉਸਨੂੰ ਰੋਕ ਲਿਆ ਲੇਕਿਨ ਉਹ ਬਹੁਤ ਖ਼ੁਸ਼ ਸੀ। ਇਸ ਲਈ ਕਿ ਪਰਵੀਣ ਨੇ ਉਸ ਦਾ ਤੋਹਫ਼ਾ ਕਬੂਲ ਕਰ ਲਿਆ ਸੀ।
ਦੂਜੇ ਦਿਨ ਮੁਕੱਰਰ ਵਕਤ ਤੇ ਜਦੋਂ ਅਖ਼ਲਾਕ ਪਰਵੀਣ ਦੇ ਘਰ ਦੇ ਕੋਲ ਪਹੁੰਚਿਆ ਤਾਂ ਖਿੜਕੀ ਖੁੱਲੀ ਸੀ। ਅਖ਼ਲਾਕ ਨੇ ਸਲਾਮ ਕੀਤਾ। ਪਰਵੀਣ ਨੇ ਜਵਾਬ ਦਿੱਤਾ। ਉਸ ਦੇ ਸੱਜੇ ਹੱਥ ਦੀ ਉਂਗਲ ਵਿੱਚ ਉਸਦੀ ਪਹਿਨਾਈ ਹੋਈ ਅੰਗੂਠੀ ਚਮਕ ਰਹੀ ਸੀ।
ਥੋੜ੍ਹੀ ਦੇਰ ਇਸ਼ਾਰੇ ਹੁੰਦੇ ਰਹੇ ਇਸ ਦੇ ਬਾਅਦ ਪਰਵੀਣ ਨੇ ਏਧਰ ਉੱਧਰ ਵੇਖ ਕੇ ਇੱਕ ਲਿਫਾਫਾ ਹੇਠਾਂ ਸੁੱਟ ਦਿੱਤਾ। ਅਖ਼ਲਾਕ ਨੇ ਚੁੱਕਿਆ। ਖੋਲ੍ਹਿਆ ਤਾਂ ਇਸ ਵਿੱਚ ਇੱਕ ਖ਼ਤ ਸੀ। ਅੰਗੂਠੀ ਦੇ ਸ਼ੁਕਰੀਏ ਦਾ।
ਘਰ ਪਹੁੰਚ ਕੇ ਅਖ਼ਲਾਕ ਨੇ ਇੱਕ ਲੰਮਾ ਜਵਾਬ ਲਿਖਿਆ। ਆਪਣਾ ਦਿਲ ਕੱਢ ਕੇ ਕਾਗਜ਼ਾਂ ਵਿੱਚ ਰੱਖ ਦਿੱਤਾ। ਇਸ ਖ਼ਤ ਨੂੰ ਉਸ ਨੇ ਫੁੱਲਦਾਰ ਲਿਫਾਫੇ ਵਿੱਚ ਬੰਦ ਕੀਤਾ। ਉਸ ਉੱਤੇ ਸੈਂਟ ਲਗਾਇਆ ਅਤੇ ਦੂਜੇ ਦਿਨ ਸਵੇਰੇ ਨੌਂ ਵਜੇ ਪਰਵੀਣ ਨੂੰ ਵਿਖਾ ਕੇ ਹੇਠਾਂ ਲੈਟਰ ਬਾਕਸ ਵਿੱਚ ਪਾ ਦਿੱਤਾ।
ਹੁਣ ਉਨ੍ਹਾਂ ਵਿੱਚ ਬਾਕਾਇਦਾ ਖ਼ਤੋ-ਕਿਤਾਬਤ ਸ਼ੁਰੂ ਹੋ ਗਈ। ਹਰ ਖ਼ਤ ਇਸ਼ਕ ਮੁਹੱਬਤ ਦਾ ਇੱਕ ਦਫਤਰ ਸੀ। ਇੱਕ ਖ਼ਤ ਅਖ਼ਲਾਕ ਨੇ ਆਪਣੇ ਖ਼ੂਨ ਨਾਲ ਲਿਖਿਆ ਜਿਸ ਵਿੱਚ ਉਸ ਨੇ ਕਸਮ ਖਾਈ ਕਿ ਉਹ ਹਮੇਸ਼ਾ ਆਪਣੀ ਮੁਹੱਬਤ ਵਿੱਚ ਸਾਬਤ ਕਦਮ ਰਹੇਗਾ। ਇਸ ਦੇ ਜਵਾਬ ਵਿੱਚ ਖ਼ੂਨੀ ਤਹਰੀਰ ਹੀ ਆਈ। ਪਰਵੀਣ ਨੇ ਵੀ ਹਲਫ ਚੁੱਕਿਆ ਕਿ ਉਹ ਮਰ ਜਾਵੇਗੀ ਲੇਕਿਨ ਅਖ਼ਲਾਕ ਦੇ ਸਿਵਾ ਹੋਰ ਕਿਸੇ ਨੂੰ ਸ਼ਰੀਕ-ਏ-ਹਯਾਤ ਨਹੀਂ ਬਣਾਏਗੀ।
ਮਹੀਨੇ ਬੀਤ ਗਏ। ਇਸ ਦੌਰਾਨ ਕਦੇ ਕਦੇ ਕਿਸੇ ਸਿਨੇਮਾ ਵਿੱਚ ਦੋਨਾਂ ਦੀ ਮੁਲਾਕਾਤ ਹੋ ਜਾਂਦੀ ਸੀ। ਮਿਲ ਕੇ ਬੈਠਣ ਦਾ ਮੌਕਾ ਉਨ੍ਹਾਂ ਨੂੰ ਨਹੀਂ ਮਿਲਦਾ ਸੀ। ਪਰਵੀਣ ਉੱਤੇ ਘਰ ਦੀ ਤਰਫ਼ ਤੋਂ ……ਬਹੁਤ ਕਰੜੀਆਂ ਪਾਬੰਦੀਆਂ ਆਇਦ ਸਨ। ਉਹ ਬਾਹਰ ਨਿਕਲਦੀ ਸੀ ਜਾਂ ਤਾਂ ਆਪਣੇ ਭਾਈ ਦੇ ਨਾਲ ਜਾਂ ਆਪਣੀ ਸਹੇਲੀ ਜ਼ੁਹਰਾ ਦੇ ਨਾਲ। ਇਨ੍ਹਾਂ ਦੋ ਦੇ ਇਲਾਵਾ ਉਸ ਨੂੰ ਹੋਰ ਕਿਸੇ ਦੇ ਨਾਲ ਬਾਹਰ ਜਾਣ ਦੀ ਇਜਾਜਤ ਨਹੀਂ ਸੀ। ਅਖ਼ਲਾਕ ਨੇ ਉਸਨੂੰ ਕਈ ਵਾਰ ਲਿਖਿਆ ਕਿ ਜ਼ੁਹਰਾ ਦੇ ਨਾਲ ਉਹ ਕਦੇ ਉਸਨੂੰ ਬਾਰਾਂਦਰੀ ਵਿੱਚ ਜਹਾਂਗੀਰ ਦੇ ਮਕਬਰੇ ਵਿੱਚ ਮਿਲੇ। ਮਗਰ ਉਹ ਨਹੀਂ ਮੰਨੀ। ਉਸਨ੍ਹੂੰ ਡਰ ਸੀ ਕਿ ਕੋਈ ਵੇਖ ਲਵੇਗਾ।
ਇਸ ਅਰਸੇ ਦੌਰਾਨ ਅਖ਼ਲਾਕ ਦੇ ਮਾਪਿਆਂ ਨੇ ਉਸਦੇ ਵਿਆਹ ਦੀ ਗੱਲਬਾਤ ਸ਼ੁਰੂ ਕਰਦੀ। ਅਖ਼ਲਾਕ ਟਾਲਦਾ ਰਿਹਾ ਜਦੋਂ ਉਨ੍ਹਾਂ ਨੇ ਤੰਗ ਆਕੇ ਇੱਕ ਜਗ੍ਹਾ ਗੱਲ ਕਰ ਦਿੱਤੀ ਤਾਂ ਅਖ਼ਲਾਕ ਵਿਗੜ ਗਿਆ, ਬਹੁਤ ਹੰਗਾਮਾ ਹੋਇਆ।
ਇੱਥੇ ਤੱਕ ਕਿ ਅਖ਼ਲਾਕ ਨੂੰ ਘਰ ਤੋਂ ਨਿਕਲ ਕੇ ਇੱਕ ਰਾਤ ਇਸਲਾਮੀਆ ਕਾਲਜ ਦੀ ਗਰਾਂਊਡ ਵਿੱਚ ਸੌਣਾ ਪਿਆ। ਏਧਰ ਪਰਵੀਣ ਰੋਦੀ ਰਹੀ। ਖਾਣੇ ਨੂੰ ਹੱਥ ਤੱਕ ਨਹੀਂ ਲਗਾਇਆ।
ਅਖ਼ਲਾਕ ਧੁਨ ਦਾ ਬਹੁਤ ਪੱਕਾ ਸੀ। ਜ਼ਿੱਦੀ ਵੀ ਪਰਲੇ ਦਰਜੇ ਦਾ ਸੀ। ਘਰ ਤੋਂ ਬਾਹਰ ਕਦਮ ਕੱਢਿਆ ਤਾਂ ਫਿਰ ਉੱਧਰ ਰੁਖ ਤੱਕ ਨਹੀਂ ਕੀਤਾ। ਉਸ ਦੇ ਬਾਪ ਨੇ ਉਸ ਨੂੰ ਬਹੁਤ ਸਮਝਾਇਆ ਮਗਰ ਉਹ ਨਹੀਂ ਮੰਨਿਆ। ਇੱਕ ਦਫਤਰ ਵਿੱਚ ਸੌ ਰੁਪਏ ਮਹੀਨਾਵਾਰ ਉੱਤੇ ਨੌਕਰੀ ਕਰ ਲਈ ਅਤੇ ਇੱਕ ਛੋਟਾ ਜਿਹਾ ਮਕਾਨ ਕਿਰਾਏ ਤੇ ਲੈ ਕੇ ਰਹਿਣ ਲੱਗਿਆ। ਜਿਸ ਵਿੱਚ ਨਲ ਸੀ ਨਾ ਬਿਜਲੀ।
ਏਧਰ ਪਰਵੀਣ ਅਖ਼ਲਾਕ ਦੀਆਂ ਤਕਲੀਫਾਂ ਦੇ ਦੁੱਖ ਵਿੱਚ ਘੁਲ ਰਹੀ ਸੀ। ਘਰ ਵਿੱਚ ਜਦੋਂ ਅਚਾਨਕ ਉਸ ਦੇ ਵਿਆਹ ਦੀ ਗੱਲਬਾਤ ਸ਼ੁਰੂ ਹੋਈ ਤਾਂ ਉਸ ਉੱਤੇ ਬਿਜਲੀ ਜਿਹੀ ਡਿੱਗੀ। ਉਸ ਨੇ ਅਖ਼ਲਾਕ ਨੂੰ ਲਿਖਿਆ। ਉਹ ਬਹੁਤ ਪਰੇਸ਼ਾਨ ਹੋਇਆ। ਲੇਕਿਨ ਪਰਵੀਣ ਨੂੰ ਉਸ ਨੇ ਤਸੱਲੀ ਦਿੱਤੀ ਕਿ ਉਹ ਘਬਰਾਏ ਨਹੀਂ। ਸਾਬਤ ਕਦਮ ਰਹੇ। ਇਸ਼ਕ ਉਨ੍ਹਾਂ ਦਾ ਇਮਤਿਹਾਨ ਲੈ ਰਿਹਾ ਹੈ।
ਬਾਰਾਂ ਦਿਨ ਬੀਤ ਗਏ। ਅਖ਼ਲਾਕ ਕਈ ਵਾਰ ਗਿਆ। ਮਗਰ ਪਰਵੀਣ ਖਿੜਕੀ ਵਿੱਚ ਨਜ਼ਰ ਨਹੀਂ ਆਈ। ਉਹ ਧੀਰਜ ਕਰਾਰ ਖੋਹ ਬੈਠਾ ਨੀਂਦ ਉਸਦੀ ਗਾਇਬ ਹੋ ਗਈ। ਉਸ ਨੇ ਦਫਤਰ ਜਾਣਾ ਛੱਡ ਦਿੱਤਾ। ਜ਼ਿਆਦਾ ਨਾਗੇ ਹੋਏ ਤਾਂ ਉਸ ਨੂੰ ਮੁਲਾਜ਼ਮਤ ਤੋਂ ਬਰਤਰਫ਼ ਕਰ ਦਿੱਤਾ ਗਿਆ। ਉਸ ਨੂੰ ਕੁੱਝ ਹੋਸ਼ ਨਹੀਂ ਸੀ। ਬਰਤਰਫ਼ੀ ਦਾ ਨੋਟਿਸ ਮਿਲਿਆ ਤਾਂ ਉਹ ਸਿੱਧਾ ਪਰਵੀਣ ਦੇ ਮਕਾਨ ਦੀ ਤਰਫ ਚੱਲ ਪਿਆ। ਪੰਦਰਾਂ ਦਿਨਾਂ ਦੇ ਲੰਮੇ ਅਰਸੇ ਦੇ ਬਾਅਦ ਉਸਨੂੰ ਪਰਵੀਣ ਨਜ਼ਰ ਆਈ ਉਹ ਵੀ ਇੱਕ ਛਿਣ ਦੇ ਲਈ। ਜਲਦੀ ਨਾਲ ਲਿਫਾਫਾ ਸੁੱਟ ਕੇ ਉਹ ਚੱਲੀ ਗਈ।
ਖ਼ਤ ਬਹੁਤ ਲੰਮਾ ਸੀ। ਪਰਵੀਣ ਦੀ ਗ਼ੈਰ ਹਾਜ਼ਰੀ ਦਾ ਸਬੱਬ ਇਹ ਸੀ ਕਿ ਉਸ ਦਾ ਬਾਪ ਉਹਨੂੰ ਨਾਲ ਗੁਜਰਾਂਵਾਲਾ ਲੈ ਗਿਆ ਸੀ ਜਿੱਥੇ ਉਸਦੀ ਵੱਡੀ ਭੈਣ ਰਹਿੰਦੀ ਸੀ। ਪੰਦਰਾਂ ਦਿਨ ਉਹ ਖ਼ੂਨ ਦੇ ਅੱਥਰੂ ਰੋਂਦੀ ਰਹੀ। ਉਸ ਦਾ ਦਹੇਜ ਤਿਆਰ ਕੀਤਾ ਜਾ ਰਿਹਾ ਸੀ ਲੇਕਿਨ ਉਸ ਨੂੰ ਮਹਿਸੂਸ ਹੁੰਦਾ ਸੀ ਕਿ ਉਸ ਲਈ ਰੰਗ ਬਿਰੰਗੇ ਕਫ਼ਨ ਬਣ ਰਹੇ ਹਨ। ਖ਼ਤ ਦੇ ਆਖਿਰ ਵਿੱਚ ਲਿਖਿਆ। ਤਾਰੀਖ ਮੁਕੱਰਰ ਹੋ ਚੁੱਕੀ ਹੈ ……ਮੇਰੀ ਮੌਤ ਦੀ ਤਾਰੀਖ ਮੁਕੱਰਰ ਹੋ ਚੁੱਕੀ ਹੈ। ਮੈਂ ਮਰ ਜਾਵਾਂਗੀ ……ਮੈਂ ਜ਼ਰੂਰ ਕੁੱਝ ਖਾ ਕੇ ਮਰ ਜਾਵਾਂਗੀ। ਇਸ ਦੇ ਸਿਵਾ ਹੋਰ ਕੋਈ ਰਸਤਾ ਮੈਨੂੰ ਵਿਖਾਈ ਨਹੀਂ ਦਿੰਦਾ ……ਨਹੀਂ ਨਹੀਂ ਇੱਕ ਹੋਰ ਰਸਤਾ ਵੀ ਹੈ ……ਲੇਕਿਨ ਮੈਂ ਕੀ ਇੰਨੀ ਹਿੰਮਤ ਕਰ ਸਕਾਂਗੀ। ਤੂੰ ਵੀ ਇੰਨੀ ਹਿੰਮਤ ਕਰ ਸਕੇਂਗਾ ……ਮੈਂ ਤੁਹਾਡੇ ਕੋਲ ਚੱਲੀ ਆਵਾਂਗੀ ……ਮੈਨੂੰ ਤੁਹਾਡੇ ਕੋਲ ਆਉਣਾ ਹੀ ਪਵੇਗਾ। ਤੁਸੀਂ ਮੇਰੇ ਲਈ ਘਰ ਵਾਰ ਛੱਡਿਆ। ਮੈਂ ਤੁਹਾਡੇ ਲਈ ਇਹ ਘਰ ਨਹੀਂ ਛੱਡ ਸਕਦੀ, ਜਿੱਥੇ ਮੇਰੀ ਮੌਤ ਦੇ ਸਾਮਾਨ ਹੋ ਰਹੇ ਹੋਣ ……ਲੇਕਿਨ ਮੈਂ ਪਤਨੀ ਬਣ ਕੇ ਤੁਹਾਡੇ ਨਾਲ ਰਹਿਣਾ ਚਾਹੁੰਦੀ ਹਾਂ। ਤੁਸੀਂ ਵਿਆਹ ਦਾ ਬੰਦੋਬਸਤ ਕਰ ਲਓ। ਮੈਂ ਸਿਰਫ ਤਿੰਨ ਕੱਪੜਿਆਂ ਵਿੱਚ ਆਵਾਂਗੀ। ਜੇਵਰ ਵਗ਼ੈਰਾ ਸਭ ਉਤਾਰ ਕੇ ਇੱਥੇ ਸੁੱਟ ਦੇਵਾਂਗੀ।
……ਜਵਾਬ ਜਲਦੀ ਦਿਓ, ਹਮੇਸ਼ਾ ਤੁਹਾਡੀ। ਪਰਵੀਣ।
ਅਖ਼ਲਾਕ ਨੇ ਕੁੱਝ ਨਹੀਂ ਸੋਚਿਆ, ਫ਼ੌਰਨ ਉਸ ਨੂੰ ਲਿਖਿਆ ਮੇਰੀ ਬਾਹਾਂ ਤੈਨੂੰ ਆਪਣੇ ਆਗ਼ੋਸ਼ ਵਿੱਚ ਲੈਣ ਲਈ ਤੜਫ਼ ਰਹੀਆਂ ਹਨ। ਮੈਂ ਤੁਹਾਡੀ ਇੱਜ਼ਤ ਇਸਮਤ ਉੱਤੇ ਕੋਈ ਹਰਫ ਨਹੀਂ ਆਉਣ ਦੇਵਾਂਗਾ। ਤੂੰ ਮੇਰੀ ਜੀਵਨ ਸਾਥਣ ਬਣ ਕੇ ਰਹੋਗੀ। ਜ਼ਿੰਦਗੀ ਭਰ ਮੈਂ ਤੈਨੂੰ ਖ਼ੁਸ਼ ਰੱਖਾਂਗਾ।
ਇੱਕ ਦੋ ਖ਼ਤ ਹੋਰ ਲਿਖੇ ਗਏ ਇਸ ਦੇ ਬਾਅਦ ਤੈਅ ਕੀਤਾ ਕਿ ਪਰਵੀਣ ਬੁੱਧ ਨੂੰ ਸਵੇਰੇ ਸਵੇਰੇ ਘਰ ਤੋਂ ਨਿਕਲੇਗੀ। ਅਖ਼ਲਾਕ ਟਾਂਗਾ ਲੈ ਕੇ ਗਲੀ ਦੀ ਨੁੱਕੜ ਉੱਤੇ ਉਸ ਦਾ ਇੰਤਜ਼ਾਰ ਕਰੇ।
ਬੁੱਧ ਨੂੰ ਮੂੰਹ ਹਨ੍ਹੇਰੇ ਅਖ਼ਲਾਕ ਟਾਂਗੇ ਵਿੱਚ ਉੱਥੇ ਪਹੁੰਚ ਕੇ ਪਰਵੀਣ ਦਾ ਇੰਤਜ਼ਾਰ ਕਰਨ ਲਗਾ। ਪੰਦਰਾਂ ਵੀਹ ਮਿੰਟ ਬੀਤ ਗਏ। ਅਖ਼ਲਾਕ ਦੀ ਬੇਚੈਨੀ ਵੱਧ ਗਈ। ਲੇਕਿਨ ਉਹ ਆ ਗਈ। ਛੋਟੇ ਛੋਟੇ ਕਦਮ ਚੁਕਦਿਆਂ ਉਹ ਗਲੀ ਵਿੱਚ ਨਮੂਦਾਰ ਹੋਈ। ਚਾਲ ਵਿੱਚ ਲੜਖੜਾਹਟ ਸੀ। ਜਦੋਂ ਉਹ ਟਾਂਗੇ ਵਿੱਚ ਅਖ਼ਲਾਕ ਦੇ ਨਾਲ ਬੈਠੀ ਤਾਂ ਸਿਰ ਤੋਂ ਪੈਰਾਂ ਤੱਕ ਕੰਬ ਰਹੀ ਸੀ। ਅਖ਼ਲਾਕ ਖ਼ੁਦ ਵੀ ਕੰਬਣ ਲਗਾ।
ਘਰ ਪੁੱਜੇ ਤਾਂ ਅਖ਼ਲਾਕ ਨੇ ਬੜੇ ਪਿਆਰ ਨਾਲ ਉਸ ਦੇ ਬੁਰਕੇ ਦਾ ਨਕਾਬ ਚੁੱਕਿਆ ਅਤੇ ਕਿਹਾ “ਮੇਰੀ ਦੁਲਹਨ ਕਦੋਂ ਤੱਕ ਮੇਰੇ ਤੋਂ ਪਰਦੇ ਕਰੇਗੀ। ”
ਪਰਵੀਣ ਨੇ ਸ਼ਰਮਾ ਕੇ ਅੱਖਾਂ ਝੁੱਕਾ ਲਿੱਤੀਆਂ। ਉਸ ਦਾ ਰੰਗ ਜ਼ਰਦ ਸੀ ਜਿਸਮ ਅਜੇ ਤੱਕ ਕੰਬ ਰਿਹਾ ਸੀ। ਅਖ਼ਲਾਕ ਨੇ ਉੱਪਰਲੇ ਹੋਠ ਦੇ ਤਿਲ ਦੀ ਤਰਫ਼ ਵੇਖਿਆ ਤਾਂ ਉਸ ਦੇ ਹੋਠਾਂ ਵਿੱਚ ਇੱਕ ਚੁੰਮਣ ਤੜਪਨ ਲੱਗਿਆ। ਉਸ ਦੇ ਚਿਹਰੇ ਨੂੰ ਆਪਣੇ ਹੱਥਾਂ ਵਿੱਚ ਥੰਮ ਕੇ ਉਸ ਨੇ ਤਿਲ ਵਾਲੀ ਜਗ੍ਹਾ ਨੂੰ ਚੁੰਮਿਆ। ਪਰਵੀਣ ਨੇ ਨਾਂਹ ਕੀਤੀ। ਉਸ ਦੇ ਹੋਠ ਖੁੱਲ੍ਹੇ। ਦੰਦਾਂ ਵਿੱਚ ਗੋਸ਼ਤ ਖ਼ੋਰਾ ਸੀ। ਮਸੂੜੇ ਡੂੰਘੇ ਨੀਲੇ ਰੰਗ ਦੇ ਸਨ। ਗਲ਼ੇ ਹੋਏ। ਸੜਾਂਦ ਦਾ ਇੱਕ ਭਬਕਾ ਅਖ਼ਲਾਕ ਦੀ ਨੱਕ ਵਿੱਚ ਵੜ ਗਿਆ। ਇੱਕ ਧੱਕਾ ਜਿਹਾ ਉਸ ਨੂੰ ਲੱਗਿਆ। ਇੱਕ ਹੋਰ ਭਬਕਾ ਪਰਵੀਣ ਦੇ ਮੂੰਹ ਵਿੱਚੋਂ ਨਿਕਲਿਆ ਤਾਂ ਉਹ ਇੱਕ ਦਮ ਪਿੱਛੇ ਹੱਟ ਗਿਆ।
ਪਰਵੀਣ ਨੇ ਹਿਆ ਭਿੱਜੀ ਆਵਾਜ ਵਿੱਚ ਕਿਹਾ, “ਵਿਆਹ ਤੋਂ ਪਹਿਲਾਂ ਤੁਹਾਨੂੰ ਅਜਿਹੀਆਂ ਗੱਲਾਂ ਦਾ ਹੱਕ ਨਹੀਂ ਪੁੱਜਦਾ।”
ਇਹ ਕਹਿੰਦੇ ਹੋਏ ਉਸਦੇ ਗਲ਼ੇ ਹੋਏ ਮਸੂੜੇ ਨੁਮਾਇਆਂ ਹੋਏ। ਅਖ਼ਲਾਕ ਦੇ ਹੋਸ਼ ਹਵਾਸ ਗਾਇਬ ਸਨ ਦਿਮਾਗ਼ ਸੁੰਨ ਹੋ ਗਿਆ। ਦੇਰ ਤੱਕ ਉਹ ਦੋਨੋਂ ਕੋਲ ਬੈਠੇ ਰਹੇ। ਅਖ਼ਲਾਕ ਨੂੰ ਕੋਈ ਗੱਲ ਨਹੀਂ ਸੁੱਝਦੀ ਸੀ। ਪਰਵੀਣ ਦੀਆਂ ਅੱਖਾਂ ਝੁਕੀਆਂ ਹੋਈਆਂ ਸਨ। ਜਦੋਂ ਉਸ ਨੇ ਉਂਗਲ ਦਾ ਨਹੁੰ ਕੱਟਣ ਲਈ ਹੋਠ ਖੋਲ੍ਹੇ ਤਾਂ ਫਿਰ ਉਨ੍ਹਾਂ ਗਲ਼ੇ ਹੋਏ ਮਸੂੜਿਆਂ ਦੀ ਨੁਮਾਇਸ਼ ਹੋਈ। ਬਦਬੂ ਦਾ ਇੱਕ ਭਬਕਾ ਨਿਕਲਿਆ। ਅਖ਼ਲਾਕ ਨੂੰ ਮਤਲੀ ਆਉਣ ਲੱਗੀ। ਉਠਿਆ ਅਤੇ “ਹੁਣੇ ਆਇਆ” ਕਹਿ ਕੇ ਬਾਹਰ ਨਿਕਲ ਗਿਆ। ਇੱਕ ਥੜੇ ਉੱਤੇ ਬੈਠ ਕੇ ਉਸ ਨੇ ਬਹੁਤ ਦੇਰ ਸੋਚਿਆ। ਜਦੋਂ ਕੁੱਝ ਸਮਝ ਵਿੱਚ ਨਹੀਂ ਆਇਆ ਤਾਂ ਲਾਇਲਪੁਰ ਰਵਾਨਾ ਹੋ ਗਿਆ। ਜਿੱਥੇ ਉਸ ਦਾ ਇੱਕ ਦੋਸਤ ਰਹਿੰਦਾ ਸੀ। ਅਖ਼ਲਾਕ ਨੇ ਸਾਰਾ ਵਾਪਰਿਆ ਸੁਣਾਇਆ ਤਾਂ ਉਸ ਨੇ ਬਹੁਤ ਲਾਨ ਤਾਨ ਕੀਤੀ ਅਤੇ ਇਸ ਨੂੰਕਿਹਾ। “ਫ਼ੌਰਨ ਵਾਪਸ ਜਾ। ਕਿਤੇ ਬੇਚਾਰੀ ਖੁਦਕੁਸ਼ੀ ਨਾ ਕਰ ਲਵੇ। ”
ਅਖ਼ਲਾਕ ਰਾਤ ਨੂੰ ਵਾਪਸ ਲਾਹੌਰ ਆਇਆ। ਘਰ ਵਿੱਚ ਦਾਖ਼ਲ ਹੋਇਆ ਤਾਂ ਪਰਵੀਣ ਮੌਜੂਦ ਨਹੀਂ ਸੀ ……ਪਲੰਗ ਉੱਤੇ ਤਕੀਆ ਪਿਆ ਸੀ। ਇਸ ਉੱਤੇ ਦੋ ਗੋਲ ਗੋਲ ਨਿਸ਼ਾਨ ਸਨ। ਗਿੱਲੇ !
ਇਸ ਦੇ ਬਾਅਦ ਅਖ਼ਲਾਕ ਨੂੰ ਪਰਵੀਣ ਕਿਤੇ ਨਜ਼ਰ ਨਹੀਂ ਆਈ।
(5 ਜੂਨ 1950)

(ਅਨੁਵਾਦ: ਚਰਨ ਗਿੱਲ)

  • ਮੁੱਖ ਪੰਨਾ : ਸਆਦਤ ਹਸਨ ਮੰਟੋ ਦੀਆਂ ਕਹਾਣੀਆਂ ਪੰਜਾਬੀ ਵਿਚ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ