Jis Piare Se Nehun (Punjabi Story) : Dalbir Chetan

ਜਿਸ ਪਿਆਰੇ ਸੇ ਨੇਹੁੰ (ਕਹਾਣੀ) : ਦਲਬੀਰ ਚੇਤਨ

ਗੁਰਦੁਆਰੇ ਵਾਲਾ ਬਾਬਾ ਬੋਲਿਆ ਵੀ ਨਹੀਂ ਸੀ ਕਿ ਕਿਸੇ ਨੇ ਸਾਡਾ ਬੂਹਾ ਆ ਖੜਕਾਇਆ। ਠੰਢ ਕਰਕੇ ਮੈਂ ਰਜਾਈ 'ਚ ਦੜਿਆ ਬੈਠਾ ਕੋਈ ਨਵੀਂ ਕਿਤਾਬ ਪੜ੍ਹ ਰਿਹਾ ਸਾਂ, ਇਸ ਲਈ ਝੱਟ ਹੀ ਬੂਹਾ ਖੜਕਣ ਦੀ ਆਵਾਜ਼ ਸੁਣ ਲਈ। ਮੈਂ ਘੜੀ ਵੱਲ ਝਾਤੀ ਮਾਰੀ। ਅਜੇ ਪੰਜ ਵੀ ਨਹੀਂ ਸਨ ਵੱਜੇ। ਸੋਚਿਆ, ਕੜਾਕੇ ਦੀ ਠੰਢ 'ਚ ਕੌਣ ਹੋਵੇਗਾ ਇਸ ਵੇਲੇ? ਸ਼ਾਇਦ ਗਵਾਂਢੀ ਟੈਕਸੀ ਡਰਾਈਵਰ ਹੋਵੇ ਜਿਸ ਕੋਲ ਆਪਣੀ ਥਾਂ ਥੋੜ੍ਹੀ ਹੋਣ ਕਰਕੇ ਉਹ ਟੈਕਸੀ ਸਾਡੇ ਵਿਹੜੇ ਵਿਚ ਲਾ ਜਾਂਦਾ ਸੀ ਤੇ ਕਿਸੇ ਬੀਮਾਰ-ਸ਼ਮਾਰ ਨੂੰ ਸ਼ਹਿਰ ਖੜਨ ਲਈ ਜਾਂ ਮਰਗ-ਮਕਾਣ 'ਤੇ ਵੇਲੇ-ਕੁਵੇਲੇ ਆ ਬੂਹਾ ਖੜਕਾਉਂਦਾ ਸੀ। ਜਾਂ ਸ਼ਾਇਦ ਸਵਰਨ ਸਿੰਘ ਸਵਾਲੀਆ ਹੀ ਹੋਵੇ ਜੋ ਅਤਿਵਾਦੀ ਹੋਣ ਦੇ ਸ਼ੱਕ ਵਿਚ ਪੁਲਿਸ ਦੀ ਤਗੜੀ ਤੌਣੀ ਝੱਲ ਕੇ ਝੱਲਾ ਜਿਹਾ ਹੋ ਗਿਆ ਸੀ ਤੇ ਸਾਰੀ ਰਾਤ ਗਲੀਆਂ 'ਚ ਪਿਆ ਫਿਰਦਾ ਰਹਿੰਦਾ ਸੀ। ਹੋਰਨਾਂ ਘਰਾਂ ਵਾਂਗ ਕਦੇ ਕਦਾਈਂ ਉਹ ਸਾਡਾ ਬੂਹਾ ਵੀ ਖੜਕਾਉਂਦਾ ਤੇ ਪੁੱਛਦਾ, "ਹੁਣ ਮੈਂ ਠੀਕ-ਠਾਕ ਹਾਂ ਨਾ?" ਮੈਨੂੰ ਪਤਾ ਸੀ ਬਹੁਤ ਲੋਕੀਂ ਉਹਦੀ ਗੱਲ ਸੁਣ ਕੇ ਹੱਸ ਪੈਂਦੇ ਸਨ ਜਾਂ ਹੁੰਗਾਰਾ ਹੀ ਨਹੀਂ ਸਨ ਭਰਦੇ ਪਰ ਮੈਂ ਐਵੇਂ ਹੀ ਤਸੱਲੀ ਦੇਣ ਲਈ ਕਹਿ ਦਿੰਦਾ, "ਹਾਂ ਚਾਚਾ, ਹੁਣ ਤੂੰ ਬਿਲਕੁਲ ਠੀਕ-ਠਾਕ ਏ।" ਮੇਰੀ ਗੱਲ ਸੁਣ ਕੇ ਸੱਚੀ-ਮੁੱਚੀ ਝੱਲਿਆਂ ਵਾਂਗ ਹੱਸਦਾ ਤੇ ਕਹਿੰਦਾ, "ਆ ਤੁਰ ਮੇਰੇ ਨਾਲ ਤੇ ਆਪਣੀ ਚਾਚੀ ਨੂੰ ਦੱਸ ਇਹੋ ਗੱਲ਼..ਉਹ ਬੱਸ ਐਵੇਂ ਹੀ ਕਹਿੰਦੀ ਰਹਿੰਦੀ ਐ ਕਿ ਮੈਂ ਝੱਲਾ ਹੋ ਗਿਆਂ।"
ਇੰਜ ਕਈ ਕੁਝ ਸੋਚਦਿਆਂ ਬੂਹਾ ਖੋਲ੍ਹਿਆ ਤਾਂ ਗੁਰਦੁਆਰੇ ਵਾਲਾ ਬਾਬਾ ਸਾਹਮਣੇ ਖਲੋਤਾ ਸੀ। ਚੰਨ ਚਾਨਣੀ ਰਾਤ 'ਚ ਉਹਦੀ ਭਰਵੀਂ ਚਿੱਟੀ ਦਾਹੜੀ ਲਿਸ਼ਕ ਰਹੀ ਸੀ। ਵਾਕਿਆ ਹੀ ਗਰੀਬ ਦੀ ਜਵਾਨੀ ਤੇ ਸਿਆਲ ਦੀ ਚਾਨਣੀ ਅਣਗੌਲਿਆਂ ਹੀ ਲੰਘ ਜਾਂਦੀਆਂ ਨੇ। ਪੁੰਨਿਆ ਦੇ ਲਾਗੇ-ਬੰਨੇ ਦੇ ਦਿਨ ਸਨ ਪਰ ਮੈਨੂੰ ਹੁਣ ਪਤਾ ਲੱਗਾ ਕਿ ਚਾਨਣੀ ਆਪਣੇ ਪੂਰੇ ਜੋਬਨ 'ਤੇ ਸੀ। ਬਾਬਾ ਜੀ ਦੇ ਬੁੱਲ੍ਹਾਂ 'ਤੇ ਸੱਚ ਵਰਗੀ ਮੁਸਕਰਾਹਟ ਹਮੇਸ਼ਾ ਹੀ ਰਹਿੰਦੀ ਸੀ। ਇਸ ਮੁਸਕਰਾਹਟ ਕਰਕੇ ਉਹ ਮੈਨੂੰ ਬੜੇ ਹੀ ਚੰਗੇ ਲੱਗਦੇ ਸਨ।
ਮੇਰੀ 'ਸਾਸਰੀ ਕਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਚਿੰਤਾ ਜਿਹੀ ਨਾਲ ਪੁੱਛਿਆ, "ਮਾਤਾ ਜੀ ਦਾ ਕੀ ਹਾਲ ਹੈ?" ਮੇਰੀ ਦਾਦੀ ਜਿਨ੍ਹਾਂ ਨੂੰ ਮੈਂ ਅੰਮਾ ਕਹਿੰਦਾ ਹਾਂ, ਉਹ ਮਾਤਾ ਜੀ ਕਿਹਾ ਕਰਦੇ ਹਨ ਤੇ ਮਾਤਾ ਜੀ ਨਾਲ ਉਨ੍ਹਾਂ ਦਾ ਵੀ ਅੰਤਾਂ ਦਾ ਮੋਹ ਹੈ।
"ਬਿਲਕੁਲ ਠੀਕ-ਠਾਕ। ਰਾਤੀਂ ਹੱਸਦਿਆਂ-ਖੇਡਦਿਆਂ ਸੁੱਤੇ ਨੇ।" ਮੇਰੀ ਗੱਲ ਸੁਣ ਕੇ ਉਨ੍ਹਾਂ ਦੇ ਬੁੱਲ੍ਹ ਫ਼ਰਕੇ ਪਰ ਇਹ ਫ਼ਰਕਾਹਟ ਵੀ ਮੁਸਕਰਾਹਟ ਸੱਖਣੀ ਸੀ।
"ਕੀ ਗੱਲ ਬਾਬਾ ਜੀ।" ਮੈਂ ਉਨ੍ਹਾਂ ਦੀ ਚਿੰਤਾ ਨੂੰ ਭਾਂਪਦਿਆਂ ਬੋਲਿਆ।
"ਗੱਲ ਤਾਂ ਕੋਈ ਖਾਸ ਨਹੀਂ, ਮੈਨੂੰ ਬੜਾ ਅਜੀਬ ਜਿਹਾ ਸੁਪਨਾ ਆਇਆ।...ਉਸ ਤੋਂ ਬਾਅਦ ਨੀਂਦ ਹੀ ਨਹੀਂ ਪਈ। ਮੈਂ ਉਦੋਂ ਦਾ ਮਾਤਾ ਜੀ ਬਾਰੇ ਹੀ ਸੋਚੀ ਜਾਨਾਂ...ਹੁਣ ਗੁਰਦੁਆਰੇ ਚੱਲਿਆ ਸਾਂ, ਸੋਚਿਆ ਮਾਤਾ ਜੀ ਦਾ ਪਤਾ ਹੀ ਲੈਂਦਾ ਚੱਲਾਂ।"
ਸੁਣ ਕੇ ਮੈਨੂੰ ਵੀ ਚਿੰਤਾ ਹੋਈ। ਇਸ ਵੇਲੇ ਤੱਕ ਤਾਂ ਅੰਮਾ ਨਹਾ ਧੋ ਕੇ ਗੁਰਦੁਆਰੇ ਜਾਣ ਵਾਲੀ ਹੁੰਦੀ ਸੀ। ਕਿਤੇ ਰਾਤੋ-ਰਾਤ ਢਿੱਲੀ-ਮੱਠੀ ਹੀ ਨਾ ਹੋ ਗਈ ਹੋਵੇ ਪਰ ਮੈਨੂੰ ਇਹ ਵੀ ਪਤਾ ਸੀ ਕਿ ਜੇ ਕਦੇ ਉਹ ਢਿੱਲੀ-ਮੱਠੀ ਵੀ ਹੁੰਦੀ ਤਾਂ ਸਭ ਤੋਂ ਪਹਿਲਾਂ ਆਵਾਜ਼ ਮੈਨੂੰ ਹੀ ਮਾਰਦੀ ਸੀ, "ਸੁਖਚੈਨ, ਆਹ ਵੇਖੀ ਖਾਂ ਪੁੱਤਰ, ਮੇਰੀ ਨਬਜ਼ ਚਲਦੀ ਵੀ ਆ ਕਿ ਨਹੀ?"
ਅੰਮਾ ਦੀ ਗੱਲ ਸੁਣ ਕੇ ਮੈਂ ਹੱਸ ਪੈਂਦਾ ਤੇ ਕਹਿੰਦਾ, "ਅੰਮਾ ਇਸ ਨਬਜ਼ ਨਾਲ ਈ ਜਿੰਦ ਆ ਤੇ ਜਿੰਦ ਨਾਲ ਜਹਾਨ...ਜਦੋਂ ਨਬਜ਼ ਬੰਦ ਹੋ ਗਈ, ਨਾ ਜਿੰਦ ਨਾ ਜਹਾਨ।"
"ਅੱਛਾ!" ਉਹ ਹੈਰਾਨੀ ਜ਼ਾਹਿਰ ਕਰਦੀ, "ਸਰੀਰ ਕੁਝ ਵੱਲ ਜਿਹਾ ਨਹੀਂ ਲੱਗਦਾ ਜਾਂ ਫਿਰ ਨਖਸਮੀ ਹੌਲੀ ਚੱਲਦੀ ਹੋਊ!" ਫਿਰ ਉਹ ਆਪ ਪੁੱਛਦੀ, "ਸੁਖਚੈਨ, ਜੇ ਨਬਜ਼ ਹੌਲੀ ਚੱਲੇ ਤਾਂ ਕੋਈ ਡਰ ਤਾਂ ਨਹੀਂ ਹੁੰਦਾ?"
ਮੈਂ ਹੱਸ ਕੇ ਕਹਿੰਦਾ, "ਅੰਮਾ ਮੌਤ ਤੋਂ ਏਨਾ ਡਰੀਦਾ ਨਹੀਂ।" ਉਹ ਤਗੜੀ ਹੋ ਕੇ ਕਹਿੰਦੀ, "ਇਦੇ 'ਚ ਭਲਾ ਡਰਨ ਵਾਲੀ ਕਿਹੜੀ ਗੱਲ ਆ।" ਪਰ ਅਗਲੇ ਹੀ ਪਲ ਬੜੀ ਗੰਭੀਰਤਾ ਨਾਲ ਕਹਿੰਦੀ, "ਪਰ ਸੁਖਚੈਨ ਪੁੱਤ, ਇਹ ਜੱਗ ਹੈ ਬੜਾ ਮਿੱਠਾ, ਮਰਨ ਨੂੰ ਕਿਸੇ ਦਾ ਜੀਅ ਥੋੜ੍ਹਾ ਕਰਦੈ?"
ਮੇਰਾ ਇਹ ਸੁਖਚੈਨ ਸਿੰਘ ਨਾਂ ਸਾਡੇ ਕਾਮੇ ਨੇ ਰੱਖਿਆ ਸੀ। ਅਸਲ 'ਚ ਨਾਂ ਰੱਖਣ ਵਾਲਾ ਕਾਮਾ ਲਗਾਤਾਰ ਇੱਕੀ-ਬਾਈ ਸਾਲ ਕੰਮ-ਕਾਰ ਤੇ ਦੁੱਖ-ਸੁੱਖ 'ਚ ਮੇਰੇ ਬਾਬੇ ਦੇ ਨਾਲ ਰਿਹਾ ਸੀ ਤੇ ਉਹਦੇ ਮਰਨ ਤੋਂ ਬਾਅਦ ਜਦ ਮੈਂ ਪੈਦਾ ਹੋਇਆ ਤਾਂ ਇਹੀ ਕਾਮਾ ਸਾਡੇ ਨਾਲ ਸੀ। ਘਰਦੇ ਦੱਸਦੇ ਨੇ ਕਿ ਤੇਰਵੇਂ ਤੋਂ ਬਾਅਦ ਗੁਰਦੁਆਰੇ ਮੱਥਾ ਟਿਕਾ ਕੇ ਜਦ ਮੈਨੂੰ ਘਰ ਲਿਆਏ ਤਾਂ ਸਾਡੇ ਕਾਮੇ ਜਗੀਰੂ ਨੇ ਖੁਸ਼ ਹੋ ਕੇ ਬੜੇ ਮਾਣ ਨਾਲ ਅੰਮਾ ਨੂੰ ਕਿਹਾ, "ਸਰਦਾਰਨੀਏ, ਮੈਂ ਪਹਿਲਾਂ ਹੀ ਸੋਚ ਰੱਖਿਆ ਸੀ ਕਿ ਨੰਬਰਦਾਰਾਂ ਦੇ ਘਰ ਜੇ ਮੁੰਡਾ ਹੋਇਆ ਤਾਂ ਉਹਦਾ ਨਾਂ ਸੁਖਚੈਨ ਸਿਹੁੰ ਰੱਖਣਾ।"
ਮਾਂ-ਪਿਉ ਨੇ ਜਗੀਰੂ ਦੇ ਸੁਝਾਏ ਨਾਂ ਨੂੰ ਜਿਵੇਂ ਪਸੰਦ ਨਾ ਕੀਤਾ, "ਨਹੀਂ ਜਗੀਰੂ, ਇਹ ਪੁਰਾਣਾ ਜਿਹਾ ਨਾਂ ਏ। ਅਸਾਂ ਇਸ ਦਾ ਨਾਂ ਨਵਚੇਤਨ ਸੋਚਿਆ।"
ਅੰਮਾ ਦੱਸਿਆ ਕਰਦੀ ਸੀ ਕਿ ਉਦੋਂ ਜਗੀਰੂ ਦੀਆਂ ਅੱਖਾਂ ਭਰ ਆਈਆਂ ਤੇ ਕਹਿਣ ਲੱਗਾ, "ਜੇ ਅੱਜ ਨੰਬਰਦਾਰ ਜੀਂਦਾ ਹੁੰਦਾ, ਕੀਹਦੀ ਹਿੰਮਤ ਸੀ ਕਿ ਮੇਰੀ ਗੱਲ 'ਦੂਲ ਜਾਂਦਾ?"
ਬਾਬੇ ਦਾ ਜ਼ਿਕਰ ਸੁਣ ਕੇ ਅੰਮਾ ਦੀਆਂ ਅੱਖਾਂ ਵੀ ਭਰ ਆਈਆਂ। ਉਹਨੇ ਜਗੀਰੂ ਨੂੰ ਦਿਲਾਸਾ ਦਿੰਦਿਆਂ ਕਿਹਾ, "ਵੇਖ ਜਗੀਰੂ ਇਹੋ ਜਿਹੇ ਖੁਸ਼ੀ ਦੇ ਮੌਕੇ ਰੰਜ ਨਹੀਂ ਕਰੀਦਾ। ਉਹ ਜਾਣੇ, ਮਾਂ-ਪਿਉ ਜਿਹੜਾ ਮਰਜ਼ੀ ਨਾਂ ਰੱਖਣ ਪਰ ਮੈਂ ਇਹਨੂੰ ਹਮੇਸ਼ਾ ਸੁਖਚੈਨ ਹੀ ਕਿਹਾ ਕਰੂੰਗੀ। ਤੇ ਇੰਜ ਇਕੋ ਘਰ ਵਿਚ ਮੇਰੇ ਦੋਵੇਂ ਨਾਂ ਬਰਕਰਾਰ ਚੱਲਦੇ ਆ ਰਹੇ ਹਨ।
ਕਦੇ ਨਵੇਂ ਯਾਰਾਂ-ਦੋਸਤਾਂ ਦੇ ਆਉਣ 'ਤੇ ਅੰਮਾ ਵੱਲੋਂ ਇਹ ਨਾਂ ਲੈ ਕੇ ਮਾਰੀ ਆਵਾਜ਼ ਦਾ ਜਦ ਮੈਂ ਹੁੰਗਾਰਾ ਭਰਦਾ ਤਾਂ ਉਹ ਬੜੇ ਹੈਰਾਨ ਹੁੰਦੇ, ਉਂਜ ਵੀ ਅੰਮਾ ਦੀਆਂ ਬਹੁਤੀਆਂ ਗੱਲਾਂ ਅਤੇ ਗੁਣ ਹੈਰਾਨੀ ਪੈਦਾ ਕਰਨ ਵਾਲੇ ਸਨ। ਉਹ ਹੈਰਾਨ ਹੁੰਦੇ ਕਿ ਇਹੋ ਜਿਹੇ ਮਿੱਠੇ ਬੋਲ ਇਕ ਸਾਧਾਰਨ ਔਰਤ ਨੇ ਕਿੱਥੋਂ ਸਿੱਖ ਲਏ ਹੋਣਗੇ। ਕੋਈ ਯਾਰ-ਦੋਸਤ ਆਉਂਦਾ ਤਾਂ ਅੰਮਾ ਉਨ੍ਹਾਂ ਨੂੰ ਗਲ ਨਾਲ ਲਾ ਕੇ ਮੱਥਾ ਚੁੰਮਦੀ, ਹੱਥ ਚੁੰਮਦੀ ਤੇ ਕਹਿੰਦੀ, "ਮੈਂ ਉਨ੍ਹਾਂ ਰਾਹਾਂ ਦੇ ਸਦਕੜੇ ਵੀ, ਜਿੱਥੋਂ ਤੂੰ ਚੱਲ ਕੇ ਆਇਆਂ। ਉਨ੍ਹਾਂ ਘੜੀਆਂ-ਪਲਾਂ ਦੇ ਸਦਕੜੇ, ਜਦੋਂ ਤੂੰ ਚੱਲ ਕੇ ਆਇਆ। ਸਾਡੇ ਘਰ ਸੁਖਚੈਨ ਨੇ ਜੰਮਣਾ ਸੀ ਤੇ ਤੂੰ ਆਉਣਾ ਸੀ। ਉਹ ਵੀ ਕਰਮਾਂ ਵਾਲਾ ਤੇ ਤੁਹਾਡੇ ਕਰਕੇ ਅਸੀਂ ਵੀ ਕਰਮਾਂ ਵਾਲੇ।"
ਜਦੋਂ ਵੀ ਕੋਈ ਦੋਸਤ ਘਰ ਆਉਂਦਾ, ਅੰਮਾ ਰੋਟੀ ਸਾਡੇ ਨਾਲ ਹੀ ਖਾਂਦੀ। ਪਹਿਲੀ ਬੁਰਕੀ ਨੂੰ ਮੂੰਹ 'ਚ ਪਾਉਣ ਤੋਂ ਪਹਿਲਾਂ ਉਹ ਅੱਖਾਂ ਮੀਟ ਕੇ ਅਰਦਾਸ ਕਰਦੀ, "ਹੇ ਵਾਹਿਗੂਰ ਤੂੰ ਇਹ ਨਿਆਮਤਾਂ ਬਖ਼ਸ਼ੀਆਂ, ਤੇਰੇ ਸ਼ੁਕਰਗੁਜ਼ਾਰ ਹਾਂ। ਹਰੇਕ ਨੂੰ ਦਈਂ ਤੇ ਕਿਸੇ ਦੇ ਪੈਰਾਂ ਪਿੱਛੇ ਸਾਨੂੰ ਵੀ ਦਈਂ।" ਤੇ ਅਖੀਰ 'ਤੇ ਅੰਮਾ ਹਦਾਇਤ ਵਾਂਗ ਕਹਿੰਦੀ, "ਪੁੱਤਰੋ! ਆਖਰੀ ਬੁਰਕੀ ਬਗੈਰ ਲਾਜ਼ਮੇ ਦੇ ਖਾਇਆ ਕਰੋ ਤਾਂ ਕਿ ਅੰਨ ਦਾ ਅਸਲੀ ਸਵਾਦ ਵੀ ਯਾਦ ਰਹੇ।"
ਅੰਮ੍ਰਿਤ ਵੇਲੇ ਗੁਰਦੁਆਰੇ ਪਹੁੰਚਣ ਵਾਲੀ ਅੰਮਾ ਆਮ ਤੌਰ 'ਤੇ ਪਹਿਲੀ ਔਰਤ ਹੁੰਦੀ। ਗੁਰਦੁਆਰਿਉਂ ਲਿਆਂਦੇ ਅੰਮ੍ਰਿਤ ਨਾਲ ਉਹ ਸਾਰੇ ਘਰ 'ਚ ਛਿੱਟਾ ਦਿੰਦੀ। ਡੰਗਰਾਂ ਵਾਲੇ ਅੰਦਰ ਤੇ ਹਲ-ਪੰਜਾਲੀਆਂ 'ਤੇ ਵੀ ਉਹ ਅੰਮ੍ਰਿਤ ਤ੍ਰਕਾਉਂਦੀ। ਆਖਰੀ ਬਚੀਆਂ ਕੁਝ ਬੂੰਦਾਂ ਨਾਲ ਉਹ ਆਪਣੇ ਹੱਥ ਭਿਉਂ ਲੈਂਦੀ ਤੇ ਗੋਲ੍ਹਾਂ ਦੇ ਬੁੱਲ੍ਹਾਂ ਨੂੰ ਲਾਉਂਦੀ। ਗੋਲ੍ਹਾਂ ਉਸ ਹੱਥ ਨੂੰ ਆਪਣੀ ਜ਼ਬਾਨ ਨਾਲ ਚੱਟਣ ਲੱਗ ਪੈਂਦੀ। ਅੰਮਾ ਵੀ ਖਲੋਤੀ ਕਦੀ ਗੋਲ੍ਹਾਂ ਨੂੰ ਤੇ ਕਦੇ ਉਹਦੀਆਂ ਅੱਖਾਂ ਨੂੰ ਪਲੋਸਦੀ ਰਹਿੰਦੀ।
ਗੋਲ੍ਹਾਂ ਸਾਡੀ ਗਾਂ ਦਾ ਨਾਂ ਹੈ। ਇਹ ਸਾਡੇ ਘਰ ਪੀੜ੍ਹੀ ਦਰ ਪੀੜ੍ਹੀ ਸੱਤਵੀਂ ਗੋਲ੍ਹਾਂ ਹੈ। ਮੁੱਲ ਖਰੀਦ ਕੇ ਲਿਆਂਦੀ ਪਹਿਲੀ ਗਾਂ ਦਾ ਨਾਂ ਅੰਮਾ ਨੇ ਇਸ ਲਈ ਗੋਲ੍ਹਾਂ ਰੱਖ ਦਿੱਤਾ ਕਿ ਉਸ ਨਾਲ ਸਾਡੇ ਵਿਹੜੇ ਵਿਚ ਉਗੇ ਤੂਤ ਨੂੰ ਲੋਹੜੇ ਦੀਆਂ ਗੋਲ੍ਹਾਂ ਲੱਗੀਆਂ ਸਨ ਤੇ ਗਾਂ ਦਾ ਲਾਖਾ ਜਿਹਾ ਰੰਗ ਗੋਲ੍ਹਾਂ ਦੇ ਰੰਗ ਨਾਲ ਮਿਲਦਾ-ਜੁਲਦਾ ਸੀ ਤੇ ਉਂਜ ਵੀ ਅੰਮਾ ਨੇ ਅਨਭੋਲ ਹੀ ਭਵਿੱਖਵਾਣੀ ਜਿਹੀ ਕੀਤੀ ਸੀ ਕਿ ਤੁਸੀਂ ਵੇਖਿਓ, ਇਸ ਗੋਲ੍ਹਾਂ ਨੂੰ ਅੱਗਿਓਂ ਵੀ ਕਈ ਗੋਲ੍ਹਾਂ ਲੱਗਣੀਆਂ, ਤੇ ਸੱਚਮੁੱਚ ਹੀ ਇੰਜ ਗੋਲ੍ਹਾਂ ਦਾ ਸਿਲਸਿਲਾ ਤੁਰਦਾ-ਤੁਰਦਾ ਇਸ ਗੋਲ੍ਹਾਂ ਤੱਕ ਪਹੁੰਚ ਗਿਆ ਸੀ।
ਜਿਵੇਂ ਅੰਮਾ ਆਪਣੇ ਧੀਆਂ-ਪੁੱਤਰਾਂ ਤੇ ਪੋਤੇ-ਪੋਤੀਆਂ ਨੂੰ ਪਿਆਰ ਕਰਦੀ ਸੀ, ਉਂਜ ਹੀ ਗੋਲ੍ਹਾਂ ਨੂੰ ਵੀ ਕਰਦੀ। ਅੰਮਾ ਉਹਦੇ ਪਿੰਡੇ 'ਤੇ ਹੱਥ ਫੇਰਦੀ, ਉਹਨੂੰ ਅੰਮ੍ਰਿਤ ਵਾਲਾ ਹੱਥ ਚਟਾਉਂਦੀ, ਉਹਦੇ ਸਿਰ ਨੂੰ ਪਲੋਸਦੀ ਤੇ ਰੋਜ਼ ਆਟੇ ਦਾ ਪੇੜਾ ਆਪਣੇ ਹੱਥੀਂ ਚਾਰਦੀ। ਜੇ ਕਦੇ ਅੰਮਾ ਬਾਹਰ ਜਾਂਦੀ ਤਾਂ ਗੋਲ੍ਹਾਂ ਮੂੰਹ ਚੁੱਕੀ ਜਿਵੇਂ ਉਹਨੂੰ ਉਡੀਕਦੀ ਰਹਿੰਦੀ। ਹਾੜ੍ਹ ਹੋਵੇ ਜਾਂ ਸਿਆਲ, ਉਹਨੂੰ ਪਾਏ ਪੱਠਿਆਂ 'ਤੇ ਅੰਮਾ ਜਿੰਨਾ ਚਿਰ ਆਟਾ ਨਾ ਧੂੜ ਦਿੰਦੀ, ਉਹ ਪੱਠੇ ਨਾ ਖਾਂਦੀ।
ਗੋਲ੍ਹਾਂ ਹੱਥਲ ਸੀ ਤੇ ਉਹਦੀਆਂ ਧਾਰਾਂ ਸਿਰਫ਼ ਅੰਮਾ ਹੀ ਕੱਢ ਸਕਦੀ ਸੀ ਪਰ ਜਦ ਵੀ ਅੰਮਾ ਢਿੱਲੀ-ਮੱਠੀ ਹੁੰਦੀ, ਮੰਜੇ ਤੋਂ ਵੀ ਨਾ ਉਠਿਆ ਜਾਂਦਾ ਤਾਂ ਅਸੀਂ ਗੋਲ੍ਹਾਂ ਨੂੰ ਕਿੱਲਿਓਂ ਖੋਲ੍ਹ ਦਿੰਦੇ। ਉਹ ਪੈਂਦ ਵਾਲੇ ਪਾਸੇ ਆ ਖਲੋਂਦੀ ਤੇ ਅੰਮਾ ਦਾ ਪੈਰ ਚੱਟਣ ਲੱਗਦੀ। ਅੰਮਾ ਹੂੰਗਦੀ ਆਵਾਜ਼ 'ਚ ਕਹਿੰਦੀ, "ਆ ਮੇਰੀ ਧੀ। ਮੇਰੇ ਕੋਲ ਆ।" ਗੋਲ੍ਹਾਂ ਅੰਮਾ ਦੇ ਸਿਰਹਾਣੇ ਆ ਖਲੋਂਦੀ। ਅੰਮਾ ਉਹਦੇ ਮੱਥੇ ਨੂੰ ਆਪਣੇ ਹੱਥਾਂ ਨਾਲ ਪਲੋਸ ਕੇ ਕਹਿੰਦੀ, "ਧੀਏ ਮੈਂ ਅੱਜ ਵੱਲ ਜਿਹੀ ਨਹੀਂ, ਪਰ ਟੱਬਰ ਨੂੰ ਦੁੱਧ ਮਿਲਣਾ ਚਾਹੀਦਾ, ਸਮਝੀ?" ਤੇ ਸੱਚੀਮੁੱਚੀ ਗੋਲ੍ਹਾਂ ਅੰਮਾ ਦੀ ਗੱਲ ਪੂਰੀ ਦੀ ਪੂਰੀ ਸਮਝ ਜਾਂਦੀ ਤੇ ਫੇਰ ਜਿਹੜਾ ਮਰਜ਼ੀ ਉਹਦੀਆਂ ਧਾਰਾਂ ਕੱਢ ਲੈਂਦਾ। ਤੇ ਇੰਜ ਹੀ ਅੰਮਾ ਨੇ ਜਦੋਂ ਕਦੇ ਕੁਝ ਦਿਨਾਂ ਲਈ ਕਿਧਰੇ ਜਾਣਾ ਹੁੰਦਾ ਤਾਂ ਉਹ ਜਾਣ ਤੋਂ ਪਹਿਲਾਂ ਗੋਲ੍ਹਾਂ ਨੂੰ ਬੜਾ ਪਿਆਰ ਕਰਦੀ ਤੇ ਫੇਰ ਤੁਰਨ ਵੇਲੇ ਕਹਿੰਦੀ, "ਗੋਲ੍ਹਾਂ ਮੈਂ ਚੱਲੀ ਆਂ। ਮੇਰੀ ਧੀ ਰਾਣੀ ਨੇ ਓਦਰਨਾ ਨਹੀਂ, ਪੱਠੇ ਵੀ ਖਾਣੇ ਆ ਤੇ ਟੱਬਰ ਲਈ ਦੁੱਧ ਵੀ ਦੇਣਾ ਏ, ਚੰਗਾ।" ਤੇ ਗੋਲ੍ਹਾਂ ਬੀਬੇ ਬੱਚਿਆਂ ਵਾਂਗ ਮਾਂ ਦੇ ਕਹੇ ਦਾ ਪਾਲਣ ਕਰਦੀ।
ਅੰਮਾ ਦਾ ਪੇਕਾ ਨਾਂ ਤਾਂ ਕੇਸਰ ਕੌਰ ਸੀ ਪਰ ਇਸ ਘਰ ਆ ਕੇ ਉਹ ਦਾ ਨਾਂ ਮਾਲਾ ਬਣ ਗਿਆ। ਅਸਲ 'ਚ ਬਾਬੇ ਦੀਆਂ ਚਾਰ ਵਿਆਹੁੜਾਂ ਹੇਠ ਉਪਰ ਹੀ ਮਰ ਗਈਆਂ ਸਨ ਅਤੇ ਮਾਲਾ ਪੰਜਵੀਂ ਸੀ। ਪਹਿਲੀਆਂ ਚੌਂਹਾਂ 'ਚੋਂ ਕੋਈ ਔਲਾਦ ਨਹੀਂ ਸੀ।
ਅੰਮਾ ਦੇ ਸਹੁਰੇ ਘਰ ਪ੍ਰਵੇਸ਼ ਵੀ ਬੜਾ ਅਜੀਬ ਤਰ੍ਹਾਂ ਦਾ ਸੀ। ਘਰ ਦੇ ਬਾਹਰਲੇ ਬੂਹੇ ਨੂੰ ਅੰਦਰੋਂ ਕੁੰਡਾ ਮਾਰ ਦਿੱਤਾ ਗਿਆ ਸੀ। ਬਾਹਰਲੀ ਕੰਧ ਨੂੰ ਪੌੜੀ ਲਾ ਕੇ ਨਵੀਂ ਵਹੁਟੀ ਦੇ ਹੱਥ ਵਿਚ ਫੁੱਲਾਂ ਵਾਲੀ ਟੋਕਰੀ ਫੜਾ ਦਿੱਤੀ ਗਈ। ਅੰਮਾ ਨੇ ਇਹ ਪੌੜੀ ਚੜ੍ਹ ਕੇ ਅੰਦਰ ਲੱਗੀ ਪੌੜੀ ਰਾਹੀਂ ਵਿਹੜੇ ਵਿਚ ਉਤਰ ਕੇ ਬੰਦ ਬੂਹੇ ਨੂੰ ਖੋਲ੍ਹਣਾ ਸੀ। ਉਸ ਇੰਜ ਹੀ ਕੀਤਾ ਤੇ ਮੇਲਣਾਂ ਨੇ ਉਚੀ ਹੇਕ ਨਾਲ ਗਾਇਆ,
"ਮਾਲਣ ਫੁੱਲ ਲੈ ਕੇ ਆਈ ਏਸ ਵਿਹੜੇ
ਏਸ ਵਿਹੜੇ 'ਚ ਭਰ ਜਾਣੇ ਖੇੜੇ
ਤੇ ਬੰਦ ਬੂਹਾ ਖੁੱਲ੍ਹ ਨੀ ਗਿਆ।"
ਤੇ ਸੱਚਮੁੱਚ ਹੀ ਅੰਮਾ ਦੇ ਖੋਲ੍ਹੇ ਬੂਹੇ ਵਿਹੜੇ ਵਿਚ ਇਕ-ਇਕ ਕਰਕੇ ਇਕ ਨਹੀਂ, ਕਈ ਫੁੱਲ ਉਗ ਖਲੋਤੇ ਸਨ।
ਅੰਮਾ ਨਾਲ ਜੁੜੀਆਂ ਯਾਦਾਂ ਮੱਥੇ ਦੀ ਫਿਰਕੀ ਵਿਚ ਘੁੰਮ ਰਹੀਆਂ ਹਨ। ਮੈਨੂੰ ਯਾਦ ਹੈ, ਜਦੋਂ ਮੈਂ ਨਵਾਂ-ਨਵਾਂ ਏਅਰ ਫੋਰਸ ਦੀ ਨੌਕਰੀ 'ਚ ਗਿਆ ਤਾਂ ਪਤਾ ਨਹੀਂ ਕੀਹਨੇ ਅੰਮਾ ਨੂੰ ਦੱਸ ਦਿੱਤਾ ਕਿ ਸ਼ਾਇਦ ਸੁਖਚੈਨ ਨੂੰ ਸੌਣ ਲਈ ਮੰਜਾ ਵੀ ਨਾ ਮਿਲਿਆ ਹੋਵੇ। ਅੰਮਾ ਉਦਾਸ ਜਿਹੀ ਹੋ ਗਈ ਤੇ ਉਹਨੇ ਭੁੰਜੇ ਸੌਣਾ ਸ਼ੁਰੂ ਕਰ ਦਿੱਤਾ। ਆਖਿਆ ਕਰੇ, "ਜੇ ਮੇਰਾ ਪੁੱਤ ਭੁੰਜੇ ਸੌਂ ਸਕਦਾ ਤਾਂ ਮੈਂ ਕਿਉਂ ਨਹੀਂ?"
ਤੇ ਜਦੋਂ ਮੈਂ ਪਹਿਲੀ ਛੁੱਟੀ ਆਇਆ ਤਾਂ ਕੁਦਰਤੀ ਉਹ ਮੱਸਿਆ ਦਾ ਦਿਨ ਸੀ। ਅੰਮਾ ਤਰਨ ਤਾਰਨ ਮੱਸਿਆ ਨਹਾਉਣ ਗਈ ਸੀ। ਪਿੰਡ ਤੋਂ ਦੋ ਕੋਹ ਪਹਿਲਾਂ ਹੀ ਉਹਨੂੰ ਮੇਰੇ ਆਉਣ ਬਾਰੇ ਕਿਸੇ ਨੇ ਦੱਸ ਦਿੱਤਾ। ਉਹ ਉਥੋਂ ਕਦੇ ਭੱਜਦੀ, ਕਦੇ ਕਾਹਲੀ ਤੁਰਦੀ ਤੇ ਫੇਰ ਸਾਹ ਲੈ ਕੇ ਭੱਜਦੀ ਘਰ ਪਹੁੰਚੀ। ਮੈਨੂੰ ਆਪਣੇ ਗਲ਼ ਨਾਲ ਲਾਈ ਹਫ਼ੀ ਅੰਮਾ ਤੋਂ ਕੋਈ ਗੱਲ ਨਹੀਂ ਸੀ ਹੋ ਰਹੀ ਤੇ ਉਹ ਬੱਸ ਵਾਰ-ਵਾਰ ਮੇਰਾ ਮੱਥਾ ਚੁੰਮ ਰਹੀ ਸੀ।
ਰੋਜ਼ ਦੋਵੇਂ ਵੇਲੇ ਗੁਰਦੁਆਰੇ ਜਾਣ ਵਾਲੀ ਅੰਮਾ ਉਸ ਦਿਨ ਸਾਰਾ ਦਿਨ ਮੇਰੇ ਕੋਲ ਬੈਠੀ ਗੱਲਾਂ ਸੁਣਦੀ ਤੇ ਦੱਸਦੀ ਰਹੀ। ਰਹਿਰਾਸ ਵੇਲੇ ਭਾਈ ਨੇ ਸੰਖ ਪੂਰਿਆ ਪਰ ਅੰਮਾ ਨੇ ਗੁਰਦੁਆਰੇ ਜਾਣ ਦੀ ਬਜਾਇ ਉਥੇ ਬੈਠਿਆਂ-ਬੈਠਿਆਂ ਹੀ ਆਪਣੇ ਹੱਥ ਦੁਆ ਮੰਗਣ ਵਾਂਗ ਫੈਲਾ ਦਿੱਤੇ, "ਹੇ ਸੱਚਿਆ ਪਾ'ਸ਼ਾ, ਸਰਬੱਤ ਦਾ ਭਲਾ ਕਰੀਂ, ਦੇਸੀਂ-ਪ੍ਰਦੇਸੀਂ ਸੁੱਖ ਰੱਖੀਂ।" ਮੈਨੂੰ ਯਾਦ ਸੀ ਕਿ ਅੰਮਾ ਸਰਬੱਤ ਦਾ ਭਲਾ ਤਾਂ ਹਮੇਸ਼ਾ ਮੰਗਦੀ ਹੀ ਆਈ ਸੀ ਪਰ ਦੇਸਾਂ-ਪ੍ਰਦੇਸਾਂ ਦੀ ਸੁੱਖ ਦੀ ਸੋਚ ਸ਼ਾਇਦ ਮੇਰੇ ਪ੍ਰਦੇਸੀ ਬਣ ਜਾਣ ਤੋਂ ਬਾਅਦ ਉਹਦੇ ਵਿਚ ਅਛੋਪਲੇ ਹੀ ਜਮ੍ਹਾਂ ਹੋ ਗਈ ਸੀ।
ਅੰਮਾ ਦੀ ਇਕ ਹੋਰ ਗੱਲ ਵੀ ਬੜੀ ਯਾਦ ਆਉਂਦੀ ਹੈ। ਉਹ ਗਰਮੀ ਬੜੀ ਮੰਨਦੀ ਸੀ। ਹਰ ਵੇਲੇ ਹੱਥ 'ਚ ਪੱਖੀ ਫੜੀ ਉਹ ਝੱਲ ਮਾਰਦੀ ਰਹਿੰਦੀ ਪਰ ਬਿਜਲੀ ਦੇ ਪੱਖੇ ਥੱਲੇ ਕਦੇ ਨਾ ਬਹਿੰਦੀ। ਬਿਜਲੀ ਦੇ ਪੱਖੇ ਦੀ ਹਵਾ ਨੂੰ ਉਹ ਜੂਠੀ ਹਵਾ ਕਹਿੰਦੀ ਸੀ। ਉਹ ਕਿਹਾ ਕਰਦੀ, "ਖੁੱਲ੍ਹੀ ਤੇ ਸੁੱਚੀ ਹਵਾ ਵਿਚ ਬਹਿਣ-ਸੌਣ ਦਾ ਆਪਣਾ ਹੀ ਆਨੰਦ ਹੈ।"
ਸਾਡੇ ਘਰ 'ਚ ਮਸ਼ਹੂਰ ਸੀ ਕਿ ਜਦੋਂ ਅੰਮਾ ਨੂੰ ਬਹੁਤ ਗਰਮੀ ਲੱਗੇਗੀ, ਮੀਂਹ ਪਏਗਾ। ਜਦੋਂ ਔੜ ਸਿਖ਼ਰ 'ਤੇ ਹੁੰਦੀ, ਗਰਮੀ ਨਾਲ ਲੋਕ ਤੇ ਫਸਲਾਂ ਝੁਲਸ ਰਹੀਆਂ ਹੁੰਦੀਆਂ ਤਾਂ ਅੰਮਾ ਨੇ ਪੱਖੀ ਦੇ ਝੱਲ ਨਾਲ ਗਾਉਂਦੀ ਰਹਿਣਾ,
"ਵਰ੍ਹ, ਵਰ੍ਹ, ਵਰ੍ਹ,
ਪਹਾੜਾ ਦਿਆਂ ਮੀਂਹਾਂ
ਵੇ ਤੂੰ ਸਾਡੇ ਪਿੰਡ ਵਰ੍ਹ।"
ਮੈਂ ਕਈ ਵਾਰ ਕਹਿਣਾ, "ਅੰਮਾ, ਪਹਾੜ ਤਾਂ ਬਹੁਤ ਦੂਰ ਨੇ, ਕਿਤੇ ਲਾਗੇ-ਬੰਨ੍ਹੇ ਦਾ ਮੀਂਹ ਮੰਗ ਲੈਣਾ ਸੀ।"
ਉਹਨੇ ਹੱਸਦੀ ਨੇ ਕਹਿਣਾ, "ਲਾਗਲੇ ਪਿੰਡ ਵੀ ਤਾਂ ਆਪਣੇ ਵਰਗੇ ਨੇ ਸੁਖਚੈਨ, ਉਨ੍ਹਾਂ ਨੂੰ ਵੀ ਤਾਂ ਮੀਂਹ ਦੀ ਲੋੜ ਸਾਡੇ ਜਿੰਨੀ ਏ।" ਤੇ ਮੈਂ ਵੇਖਿਆ ਸੀ ਕਿ ਇਹੋ ਜਿਹੇ ਔੜ ਦੇ ਦਿਨਾਂ ਵਿਚ ਅੰਮਾ ਨੇ ਗੁੱਡਾ-ਗੁੱਡੀ ਬਣਾਉਣਾ, ਉਨ੍ਹਾਂ ਨੂੰ ਵਿਹੜੇ ਵਿਚ ਹੀ ਸਾੜ ਦੇਣਾ ਤੇ ਫੇਰ ਕੀਰਨੇ ਵਰਗੀ ਹੇਕ ਵਿਚ ਗਾਉਣਾ,
"ਵਰ੍ਹ ਵੇ ਬੱਦਲਾ ਕਾਲਿਆ,
ਅਸੀਂ ਗੁੱਡਾ-ਗੁੱਡੀ ਸਾੜਿਆ
ਵਰ੍ਹ ਵੇ ਬੱਦਲਾ ਕਾਲਿਆ।"
ਫੇਰ ਅੰਮਾ ਨੇ ਅਰਦਾਸ ਕਰਨੀ, "ਹੇ ਰੱਬਾ! ਵਰ੍ਹ ਤੇ ਇਸ ਗੁੱਡੇ-ਗੁੱਡੀ ਦੀ ਚਿਤਾ ਨੂੰ ਠੰਢੀ ਕਰ।" ਤੇ ਪਤਾ ਨਹੀਂ ਇਸ ਅਰਦਾਸ ਵਿਚ ਕਰਾਮਾਤ ਸੀ ਜਾਂ ਫੇਰ ਸਾਨੂੰ ਹੀ ਇੰਜ ਲੱਗਦਾ ਸੀ ਕਿ ਅਕਸਰ ਮੀਂਹ ਪੈ ਜਾਂਦਾ।
ਮੈਂ ਇਸ ਦੇ ਉਲਟ ਵੇਖਿਆ ਸੀ ਕਿ ਜਦ ਕਦੇ ਲੰਮੀ ਝੜੀ ਆ ਜਾਂਦੀ। ਮਾਲ-ਡੰਗਰ ਨੇ ਪੱਠੇ-ਦੱਥੇ ਤੋਂ ਵੀ ਆਤਰ ਹੋ ਜਾਣਾ। ਫਸਲਾਂ ਤਬਾਹ ਹੋਣ ਲੱਗਣੀਆਂ। ਕੋਠੇ ਚੋ-ਚੋ ਕੇ ਢਹਿਣ ਲੱਗ ਪੈਣੇ ਤਾਂ ਅੰਮਾ ਨੇ ਕਹਿਣਾ, "ਬੱਦਲੋ, ਜਾਓ ਚਿੜੀਆਂ ਜਨੌਰ ਬਣ ਕੇ ਪਹਾੜਾਂ ਵੱਲ ਉਡ ਜਾਓ ਤੇ ਉਥੇ ਵਰ੍ਹੋ।" ਕਿਸੇ ਨੇ ਕਹਿਣਾ, "ਅੰਮਾ! ਬੱਦਲਾਂ ਨੂੰ ਵੀ ਪਹਾੜਾਂ ਵਿਚ ਹੀ ਭੇਜ ਦੇਣਾ ਚਾਹੁੰਦੀ ਏ, ਇਹ ਕਿਉਂ?" ਤੇ ਉਹਨੇ ਕਹਿਣਾ, "ਵੇ ਪੁੱਤਰਾ, ਉਥੇ ਪੱਥਰਾਂ ਨੂੰ ਕੀ ਫਰਕ ਪੈਣਾ, ਇੱਥੇ ਲੋਕਾਈ ਤਰਾਸ-ਤਰਾਸ ਕਰ ਰਹੀ ਆ।"
ਫੇਰ ਅੰਮਾ ਨੇ ਕਾਨਿਆਂ ਤੇ ਕੱਪੜੇ ਦਾ ਬੰਦਾ ਜਿਹਾ ਬਣਾਉਣਾ ਜਿਸ ਨੂੰ ਉਹ ਮੁਸਾਫ਼ਰ ਕਿਹਾ ਕਰਦੀ ਸੀ। ਉਹਨੇ ਮੁਸਾਫ਼ਰ ਨੂੰ ਕੋਠੇ ਦੇ ਬਨੇਰੇ 'ਤੇ ਗੱਡ ਦੇਣਾ ਤੇ ਆਪਣਾ ਹੱਥ ਫੇਰ ਦੁਆ ਮੰਗਣ ਵਾਲੇ ਵਾਂਗ ਫੈਲਾਅ ਦੇਣਾ, "ਹੇ ਰੱਬਾ। ਇਸ ਮੁਸਾਫ਼ਰ 'ਤੇ ਰਹਿਮ ਕਰ, ਹੁਣ ਤੇ ਸੋਨੇ ਦੀ ਛਿੱਟ ਵੀ ਗਵਾਰਾ ਨਹੀਓਂ। ਮਿਹਰ ਕਰ ਦਾਤਾ, ਆਪਣੀ ਖੁਦਾਈ 'ਤੇ ਮਿਹਰ ਕਰ।" ਜਦ ਮੀਂਹ ਬੰਦ ਹੋ ਜਾਣਾ ਤਾਂ ਅੰਮਾ ਨੇ ਗੁੜ ਵਾਲੇ ਦਾਣੇ ਬੱਚਿਆਂ 'ਚ ਵੰਡਣੇ।
ਅੰਮਾ ਬਾਬੇ ਦੀਆਂ ਵੀ ਬੜੀਆਂ ਗੱਲਾਂ ਸੁਣਾਇਆ ਕਰਦੀ ਸੀ, "ਬੜੀ ਤੇਜ਼-ਤਪ ਵਾਲਾ ਸੀ ਤੇਰਾ ਬਾਬਾ। ਪਿੰਡ ਦਾ ਆਲ੍ਹਾ ਨੰਬਰਦਾਰ ਸੀ। ਸਰਕਾਰੋਂ-ਦਰਬਾਰੋਂ ਘੋੜੀ ਤੇ ਬੰਦੂਕ ਮਿਲੀ ਹੋਈ ਸੀ। ਅੰਗਰੇਜ਼ ਦੇ ਕਿਸੇ ਜਾਰਜ ਨੇ ਉਹਨੂੰ ਦਿੱਲੀ ਸੱਦ ਕੇ ਆਪਣੀ ਫੋਟੋ ਵਾਲੀ ਮੁੰਦਰੀ ਦਿੱਤੀ ਸੀ। ਘਰ 'ਚ ਲਹਿਰਾਂ-ਬਹਿਰਾਂ ਏਨੀਆਂ ਸਨ ਕਿ ਕਾਮਿਆਂ ਦੀਆਂ ਰੋਟੀਆਂ ਮਹਿਰਾ ਵਹਿੰਗੀ 'ਤੇ ਢੋਂਦਾ ਸੀ। ਫੇਰ ਵੀ ਕੋਈ ਬੋਅ ਮਜਾਜ਼ ਨਹੀਂ ਸੀ ਉਹਦੇ 'ਚ। ਜੀਹਦੇ ਹੱਕ 'ਚ ਖਲ੍ਹੋ ਜਾਣਾ, ਦੁਨੀਆਂ ਏਧਰ ਦੀ ਉਧਰ ਭਉਂ ਜਾਏ, ਪਰ ਉਹਨੇ ਆਪਣੀ ਲੱਤ ਨਾ ਚੁੱਕਣੀ।"
ਫੇਰ ਅੰਮਾ ਉਹਦੀ ਕੋਈ ਕਹਾਣੀ ਛੋਹ ਬਹਿੰਦੀ, "ਸੁਖਚੈਨ! ਇਕ ਵਾਰ ਆਪਾਂ ਵੀਹ ਵਿਘੇ ਨਰਮਾ ਬੀਜਿਆ। ਪਟਵਾਰੀ ਨਾਲ ਬੜਾ ਮੇਲਜੋਲ ਸੀ। ਉਸ ਨੇ ਆਪਣੇ ਵੱਲੋਂ ਤਾਂ ਕੀਤੀ ਮਦਤ ਤੇ ਗਰਦੌਰੀ ਵੇਲੇ ਨਰਮੇ ਵਾਲਾ ਅੱਧਾ ਥਾਂ ਵਾਹਣ ਵਿਖਾ ਦਿੱਤਾ। ਕਰਨੀ ਰੱਬ ਦੀ ਪੁੱਤਰਾ ਕਿ ਮਾਲ ਅਫ਼ਸਰ ਨੇ ਆਪਣੇ ਪਿੰਡ ਦਾ ਦੌਰਾ ਰੱਖ ਲਿਆ। ਵਿਚਾਰਾ ਪਟਵਾਰੀ ਡਰ ਗਿਆ। ਤੇਰੇ ਬਾਬੇ ਕੋਲ ਆ ਕੇ ਕਹਿਣਾ ਲੱਗਾ, "ਨੰਬਰਦਾਰਾ ਤੂੰ ਤਾਂ ਭਾਵੇਂ ਨਹੀਂ ਸੀ ਆਖਿਆ ਪਰ ਮੈਂ ਤੇਰੇ ਮਾਮਲੇ ਦੇ ਚਾਰ ਛਿੱਲੜ ਬਚਾਉਣ ਲਈ ਤੇਰਾ ਅੱਧਾ ਨਰਮਾ ਕਾਗਜ਼ਾਂ 'ਚ ਵਿਖਾ'ਤਾ ਸੀ। ਹੁਣ ਫਲਾਣੀ ਤਰੀਕ ਨੂੰ ਮਾਲ ਅਫ਼ਸਰ ਆ ਰਿਹਾ ਏ, ਜੇ ਉਹਨੂੰ ਪਤਾ ਲੱਗ ਗਿਆ ਤਾਂ ਸਮਝ ਭਈ ਮੇਰੀ ਨੌਕਰੀ ਗਈ। ਮੇਰੀ ਮਦਤ ਕਰ, ਪਹਾੜ ਵਾਲੇ ਪਾਸੇ ਦੇ ਦਸ ਵਿਘੇ ਵਾਹ ਦੇ। ਤੂੰ ਸਰਦਾਰ ਬੰਦਾ, ਤੈਨੂੰ ਬਹੁਤਾ ਫ਼ਰਕ ਨਹੀਂ ਪੈਣਾ, ਪਰ ਜੇ ਅਫ਼ਸਰ ਨੂੰ ਪਤਾ ਲੱਗ ਗਿਆ ਤਾਂ ਗਰੀਬ ਦਾ ਘੁੱਟ ਭਰਿਆ ਜਾਊ।"
"ਪੁੱਤਰਾ ਦਸ ਵਿਘੇ ਨਰਮਾ ਮੂੰਹ ਨਾਲ ਆਖਣਾ ਹੁੰਦਾ" ਅੰਮਾ ਕਹਾਣੀ ਜਾਰੀ ਰੱਖਦੀ, "ਪਰ ਤੇਰੇ ਬਾਬੇ ਨੇ ਇਕ ਵਾਰ ਵੀ ਨਹੀਂ ਸੋਚਿਆ ਤੇ ਮੰਗ ਪਾ ਕੇ ਦਸ ਦੇ ਦਸ ਵਿਘੇ ਵਾਹ ਕੇ ਇੰਜ ਵਾਹਣ ਬਣਾ ਦਿੱਤੇ, ਜਿਵੇਂ ਉਥੇ ਪਹਿਲਾਂ ਕੁਝ ਬੀਜਿਆ ਹੀ ਨਾ ਹੋਵੇ। ਤੇ ਫੇਰ ਅੰਮਾ ਦੱਸਦੀ ਕਿ ਇਸ ਘਟਨਾ ਤੋਂ ਬਾਅਦ ਤੇਰੇ ਬਾਬੇ ਦੇ ਛੋਟੇ ਭਰਾ ਨੇ ਗਿਲਾ ਜਿਹਾ ਕੀਤਾ, "ਭਾਊ, ਤੂੰ ਜੋ ਕੀਤਾ ਠੀਕ ਕੀਤਾ, ਪਰ ਆਪਾਂ ਕਿਹੜਾ ਪਟਵਾਰੀ ਨੂੰ ਇੰਜ ਮਦਤ ਕਰਨ ਲਈ ਕਿਹਾ ਸੀ? ਇੰਜ ਕਰਕੇ ਉਹਨੇ ਕੀ ਪਤਾ ਸਾਥੋਂ ਕੀ ਲਾਹਾ ਲੈਣਾ ਸੀ, ਪਰ ਹੁਣ ਮੁੱਲ ਤਾਂ ਸਾਨੂੰ ਤਾਰਨਾ ਪੈ ਗਿਆ ਨਾ?"
"...ਤੇ ਸੁਖਚੈਨ ਤੇਰੇ ਬਾਬੇ ਨੇ ਆਪਣੇ ਭਰਾ ਨੂੰ ਸਿਰਫ਼ ਏਨਾ ਕਿਹਾ ਸੀ ਕਿ ਵੇਖ ਸੰਤਾ ਸਿਆਂ, ਜਿਥੇ ਮੇਲ-ਜੋਲ ਹੋਵੇ, ਉਥੇ ਨਫਾ-ਨੁਕਸਾਨ ਨਹੀਂ ਵੇਖੀਦਾ।"
ਫੇਰ ਅੰਮਾ ਇਹ ਵੀ ਦੱਸਦੀ ਕਿ ਬਾਬਾ ਮੈਨੂੰ ਕਹਿੰਦਾ ਸੀ, "ਸਰਦਾਰਨੀਏ। ਆਪਣੇ ਧੀਆਂ-ਪੁੱਤਰਾਂ ਨੂੰ ਵੀ ਸਮਝਾ ਛੱਡ ਕਿ ਸਾਂਝਾਂ ਦੇ ਸਬੰਧ 'ਚ ਨਫ਼ਾ-ਨੁਕਸਾਨ ਬੜੀ ਛੋਟੀ ਸ਼ੈਅ ਹੁੰਦੀ ਏ।" ਏਦਾਂ ਅੰਮਾ ਦੀਆਂ ਸੁਣਾਈਆਂ ਤੇ ਉਹਦੇ ਨਾਲ ਵਾਪਰੀਆਂ ਕਈ ਕਹਾਣੀਆਂ ਯਾਦ ਆ ਰਹੀਆਂ ਹਨ।
ਅੰਮ੍ਰਿਤ ਵੇਲੇ ਗੁਰਦੁਆਰੇ ਪੁੱਜਣ ਵਾਲੀ ਉਹ ਪਹਿਲੀ ਔਰਤ ਹੁੰਦੀ। ਘੜੀ ਵੇਖਣੀ ਉਹਨੂੰ ਆਉਂਦੀ ਨਹੀਂ ਸੀ। ਬੱਸ, ਚੰਨ ਜਾਂ ਗਿੱਟੀਆਂ ਦਾ ਹਿਸਾਬ-ਕਿਤਾਬ ਹੀ ਉਹਦਾ ਅਸਲੀ ਸਮਾਂ ਹੁੰਦਾ। ਇਕ ਵਾਰ ਬੱਦਲਵਾਈ ਹੋਣ ਕਰਕੇ ਉਹਦਾ ਹਿਸਾਬ-ਕਿਤਾਬ ਗ਼ਲਤ ਹੋ ਗਿਆ। ਉਹ ਭਾਈ ਦੇ ਬੂਹਾ ਖੋਲ੍ਹਣ ਤੋਂ ਪਹਿਲਾਂ ਹੀ ਗੁਰਦੁਆਰੇ ਪਹੁੰਚ ਗਈ। ਕਿੰਨਾ ਚਿਰ ਉਡੀਕਦੀ ਰਹੀ ਪਰ ਸਮੇਂ ਦਾ ਫ਼ਰਕ ਵਿਤੋਂ ਵੀ ਜ਼ਿਆਦਾ ਸੀ। ਹਾਰ-ਹੰਭ ਕੇ ਉਹ ਬੂਹੇ ਨਾਲ ਢੋਅ ਲਾ ਕੇ ਬੈਠ ਗਈ ਤੇ ਫੇਰ ਬੈਠਿਆਂ-ਬੈਠਿਆਂ ਹੀ ਉਹਨੂੰ ਨੀਂਦ ਆ ਗਈ। ਉਦੋਂ ਵੀ ਇਸੇ ਬਾਬਾ ਜੀ ਨੇ ਆ ਕੇ ਉਹਨੂੰ ਜਗਾਇਆ।
"ਆਖਰ ਕੀ ਸੁਪਨਾ ਸੀ ਬਾਬਾ ਜੀ ਜਿਹਨੇ ਤੁਹਾਨੂੰ ਪ੍ਰੇਸ਼ਾਨੀ 'ਚ ਪਾ ਦਿੱਤਾ?" ਮੈਂ ਬਾਬਾ ਜੀ ਤੋਂ ਪੁੱਛਿਆ।
ਬਾਬਾ ਜੀ ਕਿੰਨਾ ਚਿਰ ਚੁੱਪ ਰਹੇ ਤੇ ਫੇਰ ਕਹਿਣ ਲੱਗੇ, "ਦੱਸਾਂਗਾ। ਪਹਿਲਾਂ ਉਨ੍ਹਾਂ ਦੀ ਸਿਹਤ ਬਾਰੇ ਪੁੱਛੋ।"
ਮੈਂ ਅੰਮਾ ਦੇ ਕਮਰੇ ਵਿਚ ਗਿਆ। ਉਨ੍ਹਾਂ ਨੂੰ ਆਵਾਜ਼ ਮਾਰੀ, ਪਰ ਕੋਈ ਹੁੰਗਾਰਾ ਨਾ ਮਿਲਿਆ। ਮੈਂ ਹਲੂਣਿਆ ਪਰ ਕੋਈ ਹਿਲਜੁਲ ਨਾ ਹੋਈ। ਚਿੜੀ ਦੀ ਨੀਂਦ ਵਾਲੀ ਅੰਮਾ ਦੇ ਲਾਗਿਓਂ ਕੋਈ ਕੁੱਤਾ ਵੀ ਲੰਘਦਾ ਤਾਂ ਉਹ ਜਾਗ ਪੈਂਦੀ, ਪਰ ਅੱਜ ਉਹ ਬਿਲਕੁਲ ਬੇਸੁਰਤ ਪਈ ਰਹੀ। ਮੈਂ ਰਜਾਈ ਮੂੰਹ ਤੋਂ ਲਾਹ ਕੇ ਜ਼ੋਰ-ਜ਼ੋਰ ਦੀ ਹਲੂਣਿਆ ਤੇ ਆਵਾਜ਼ਾਂ ਮਾਰੀਆਂ ਪਰ ਅੰਮਾ ਸ਼ਾਇਦ ਆਵਾਜ਼ ਦੀ ਦੁਨੀਆਂ ਤੋਂ ਦੂਰ ਜਾ ਚੁੱਕੀ ਸੀ।
ਘਰ ਦੇ ਸਾਰੇ ਜੀਅ ਇਕੱਠੇ ਹੋ ਗਏ। ਰੋਣ ਦੀਆਂ ਆਵਾਜ਼ਾਂ ਉਚੀਆਂ ਹੋਈਆਂ। ਸ਼ਾਂਤ ਤੇ ਕੂਲੀ ਸਵੇਰ ਚੀਕ-ਚਿਹਾੜੇ ਨਾਲ ਵਲੂੰਧਰੀ ਜਿਹੀ ਗਈ।
ਬਾਬਾ ਜੀ ਨੇ ਸਾਰਿਆਂ ਨੂੰ ਚੁੱਪ ਕਰਨ ਦੀ ਬੇਨਤੀ ਕਰਦਿਆਂ ਕਿਹਾ, "ਨਾ ਰੋਵੋ, ਇਹੋ ਜਿਹੀਆਂ ਰੂਹਾਂ ਨੂੰ ਰੋਈਦਾ ਨਹੀਂ ਹੁੰਦਾ। ਸਾਰੇ ਮੇਰੀ ਗੱਲ ਧਿਆਨ ਨਾਲ ਸੁਣੋ।"
ਬਾਬਾ ਜੀ ਦੀ ਗੱਲ ਸੁਣ ਕੇ ਸਾਰਾ ਪਰਿਵਾਰ ਚੁੱਪ ਹੋ ਗਿਆ। ਉਹ ਨੇ ਕਹਿਣਾ ਸ਼ੁਰੂ ਕੀਤਾ, "ਕੋਈ ਘੰਟਾ ਡੇਢ ਘੰਟਾ ਪਹਿਲਾਂ ਮੈਨੂੰ ਸੁਪਨਾ ਆਇਆ ਕਿ ਮਾਤਾ ਜੀ ਨੇ ਆਵਾਜ਼ ਮਾਰ ਕੇ ਜਗਾਇਆ ਤੇ ਕਹਿਣ ਲੱਗੇ, "ਬਾਬਾ ਜੀ ਉਠੋ, ਮਹਾਰਾਜ ਦਾ ਪ੍ਰਕਾਸ਼ ਕਰੋ ਤੇ ਵਾਕ ਲਵੋ। ਅੱਜ ਅਸਾਂ ਸੰਸਾਰ ਤੋਂ ਕੂਚ ਕਰਨਾ ਹੈ।" ਬਾਬਾ ਜੀ ਨੇ ਆਪਣੀ ਗੱਲ ਜਾਰੀ ਰੱਖਦਿਆਂ ਕਿਹਾ, "ਮੈਂ ਸੁਪਨੇ 'ਚ ਮਹਾਰਾਜ ਦਾ ਪ੍ਰਕਾਸ਼ ਵੀ ਕੀਤਾ ਤੇ ਵਾਕ ਵੀ ਲਿਆ। ਵਾਕ ਸੁਣ ਕੇ ਮਾਤਾ ਜੀ ਨੇ ਫਤਿਹ ਗਜਾਈ ਤਾਂ ਮੇਰੀ ਜਾਗ ਖੁੱਲ੍ਹ ਗਈ। ਲੱਖ ਧਿਆਨ ਏਧਰ-ਉਧਰ ਪਾਵਾਂ, ਪਰ ਚੈਨ ਜਿਹਾ ਨਾ ਆਵੇ। ਸੋਚਾਂ ਮਾਤਾ ਜੀ ਤਾਂ ਰਾਤੀਂ ਚੰਗੇ-ਭਲੇ ਸਨ। ਰਹਿਰਾਸ ਦਾ ਪੂਰਾ ਪਾਠ ਸੁਣ ਕੇ ਗਏ ਸਨ। ਬੱਸ ਲੰਮਾ ਪਿਆ ਮੈਂ ਉਸਲਵੱਟੇ ਭੰਨ੍ਹਦਾ ਰਿਹਾ ਤੇ ਅਖੀਰ ਤੁਹਾਡਾ ਬੂਹਾ ਆ ਖੜਕਾਇਆ।
ਆਪਣਾ ਸੁਪਨਾ ਸੁਣਾ ਕੇ ਬਾਬਾ ਜੀ ਨੇ ਹੱਥ ਜੋੜਦਿਆਂ ਉਤਾਂਹ ਵੱਲ ਵੇਖਦਿਆਂ ਕਿਹਾ, "ਹੇ ਸੱਚਿਆ ਪਾਤਸ਼ਾਹ! ਭਾਣਾ ਮੰਨਣ ਦਾ ਬਲ ਬਖ਼ਸ਼।" ਬਾਬਾ ਜੀ ਦੀਆਂ ਗੱਲਾਂ ਸੁਣ ਕੇ ਸਾਰੇ ਚੁੱਪ ਕਰ ਗਏ। ਦਿਨ ਚੜ੍ਹਦਿਆਂ ਤੱਕ ਜੀਹਨੇ ਵੀ ਸੁਣਿਆ, ਸਾਡੇ ਘਰ ਨੂੰ ਹੋ ਤੁਰਿਆ। ਲੱਗਦਾ ਸੀ ਜਿਵੇਂ ਸਾਰਾ ਪਿੰਡ ਹੀ ਸਾਡੇ ਵਿਹੜੇ ਆ ਢੁੱਕਾ ਹੋਵੇ। ਸਾਰੇ ਲੋਕ ਇਸ ਕਰਾਮਾਤ ਵਰਗੀ ਮੌਤ ਦੀਆਂ ਗੱਲਾਂ ਕਰਦੇ ਜਿਵੇਂ ਅੰਮਾ ਦੀ ਸਮੁੱਚੀ ਜ਼ਿੰਦਗੀ ਨੂੰ ਸਿਜਦਾ ਕਰ ਰਹੇ ਸਨ।
ਘਰੋਂ ਅਰਥੀ ਨਿਕਲੀ ਤਾਂ ਗੋਲ੍ਹਾਂ ਨੇ ਅੜਿੰਗਣਾ ਸ਼ੁਰੂ ਕਰ ਦਿੱਤਾ।
ਇਹੋ ਜਿਹੀ ਹਾਲਤ 'ਚ ਭੁੱਲੀ ਵਿਸਰੀ ਗੋਲ੍ਹਾਂ ਨੇ ਇਕ ਦਮ ਮੇਰਾ ਧਿਆਨ ਖਿੱਚਿਆ। ਮੈਂ ਉਹਦੇ ਕੋਲ ਗਿਆ। ਉਹਦੀਆਂ ਅੱਖਾਂ 'ਚ ਉਜੜੇ ਖੂਹ ਦੀ ਉਦਾਸੀ ਸੀ। ਮੈਂ ਉਹਦੇ ਸਿਰ ਨੂੰ ਪਲੋਸਦਿਆਂ ਜਿਵੇਂ ਭਾਵੁਕ ਜਿਹਾ ਹੋ ਗਿਆ।
"ਗੋਲ੍ਹਾ, ਵੇਖ ਲੈ ਆਖਰੀ ਵੇਲੇ ਅੰਮਾ ਕਿਸੇ ਨੂੰ ਵੀ ਮਿਲ ਕੇ ਨਹੀਂ ਜਾ ਸਕੀ, ਤੈਨੂੰ ਵੀ ਨਹੀਂ।" ਮੈਂ ਵੀ ਆਪਣੀ ਵੇਦਨਾ ਉਸ ਨਾਲ ਸਾਂਝੀ ਕੀਤੀ ਤੇ ਕਾਹਲੀ ਨਾਲ ਅਰਥੀ 'ਚ ਸ਼ਾਮਲ ਹੋ ਗਿਆ। ਗੋਲ੍ਹਾਂ ਆਪਣੇ ਕਿੱਲੇ ਦੁਆਲੇ ਘੁੰਮਦੀ ਹੋਰ ਵੀ ਜ਼ੋਰ-ਜ਼ੋਰ ਦੀ ਅੜਿੰਗਣ ਲੱਗੀ।
ਅੰਮਾ ਦਾ ਸਸਕਾਰ ਕਰ ਕੇ ਵਾਪਸ ਘਰ ਆਏ ਤਾਂ ਵੇਖਿਆ ਕਿ ਗੋਲ੍ਹਾਂ ਦੀ ਥਾਂ ਕਿੱਲੇ ਲਾਗੇ ਟੁੱਟੀ ਸੰਗਲੀ ਹੀ ਸੀ। ਇਹੋ ਜਿਹੇ ਮਾਹੌਲ ਵਿਚ ਜਿੰਨੀ ਕੁ ਭਾਲ ਉਹਦੀ ਕੀਤੀ ਜਾ ਸਕਦੀ ਸੀ, ਕੀਤੀ; ਪਰ ਉਹਦੀ ਕੋਈ ਉਘ-ਸੁਘ ਨਾ ਨਿਕਲੀ। ਸਾਰਿਆਂ ਨੂੰ ਆਸ ਸੀ ਕਿ ਗੋਲ੍ਹਾਂ ਇੰਜ ਨਹੀਂ ਸੀ ਜਾ ਸਕਦੀ। ਉਹ ਤਾਂ ਆਗਿਆਕਾਰੀ ਬੱਚਿਆਂ ਤੋਂ ਵੀ ਵੱਧ ਆਗਿਆਕਾਰ ਸੀ। ਸਾਰੇ ਮਹਿਸੂਸ ਕਰ ਰਹੇ ਸਨ ਕਿ ਭੀੜ-ਭੜੱਕੇ ਤੇ ਸੋਗੀ ਮਾਹੌਲ ਤੋਂ ਘਬਰਾ ਕੇ ਕਿਧਰੇ ਇਧਰ-ਉਧਰ ਹੋ ਗਈ ਹੋਵੇਗੀ ਤੇ ਆਪੇ ਪਰਤ ਆਵੇਗੀ। ਤਰਕਾਲਾਂ ਪਈਆਂ, ਹਨੇਰਾ ਵੀ ਹੋ ਗਿਆ ਪਰ ਉਹਨੂੰ ਵਾਪਸ ਪਰਤਣਾ ਜਿਵੇਂ ਭੁੱਲ-ਵਿਸਰ ਹੀ ਗਿਆ ਸੀ।
ਅਗਲੀ ਸਵੇਰ ਸਾਰੇ ਹੀ ਉਦਾਸ ਤੇ ਚਿੰਤਾਵਾਨ ਸਨ। ਸਾਰਿਆਂ ਦਾ ਕਹਿਣਾ ਸੀ ਕਿ ਅੰਮਾ ਤੋਂ ਬਗ਼ੈਰ ਗੋਲ੍ਹਾਂ ਨੂੰ ਇਹ ਵਿਹੜਾ ਡਰਾਉਣਾ ਜਿਹਾ ਲੱਗਾ ਹੋਵੇਗਾ, ਇਸੇ ਲਈ ਉਹ ਸੰਗਲ ਤੁੜਾ ਕੇ ਕਿਧਰੇ ਚਲੀ ਗਈ ਹੈ। ਘਰ ਦੇ ਸਾਰੇ ਜੀਅ ਕਿਆਫੇ ਲਾ ਰਹੇ ਸਨ ਕਿ ਆਖਰ ਉਹ ਗਈ ਕਿੱਥੇ ਹੋਵੇਗੀ? ਉਹਨੂੰ ਲੱਭਣ ਲਈ ਕੌਣ ਕਿੱਥੇ-ਕਿੱਥੇ ਜਾਵੇ?
ਪਰ ਏਨੇ ਨੂੰ ਸਾਡੇ ਗੁਆਂਢੀ ਡਰਾਈਵਰ ਨੇ ਆ ਕੇ ਦੱਸਿਆ ਕਿ ਉਹਨੇ ਗੋਲ੍ਹਾਂ ਨੂੰ ਮਾਂ ਦੇ ਸਿਵੇ ਕੋਲ ਬੈਠੀ ਵੇਖਿਆ ਹੈ। ਸੁਣ ਕੇ ਸਾਰੇ ਹੈਰਾਨ ਰਹਿ ਗਏ। ਡਰਾਈਵਰ ਦੱਸ ਰਿਹਾ ਸੀ ਕਿ ਮੈਂ ਬਹੁਤ ਕੋਸ਼ਿਸ਼ ਕੀਤੀ ਪਰ ਗੋਲ੍ਹਾਂ ਮਾਂ ਦੇ ਸਿਵੇ ਕੋਲੋਂ ਉਠੀ ਹੀ ਨਹੀਂ। ਜਦੋਂ ਮੈਂ ਉਹਨੂੰ ਆਪਣੀ ਡਾਂਗ ਦੀਆਂ ਦੋ-ਚਾਰ ਹੁੱਝਾਂ ਮਾਰ ਕੇ ਉਠਾਉਣਾ ਚਾਹਿਆ ਤਾਂ ਉਹ ਪਰਲ-ਪਰਲ ਅੱਥਰੂ ਕੇਰਨ ਲੱਗੀ। ਉਹ ਤਾਂ ਬੱਸ ਸਿਵੇ ਦੇ ਨਾਲ ਸਿਵਾ ਹੋਈ-ਹੋਈ ਸੀ। ਮੇਰਾ ਉਹਦੇ ਨਾਲ ਜ਼ੋਰ-ਜਬਰ ਕਰਨ ਦਾ ਹੀਆ ਈ ਨਹੀਂ ਪਿਆ।
ਅਸੀਂ ਹੈਰਾਨੀ ਦੇ ਆਲਮ 'ਚ ਉਡ ਕੇ ਉਥੇ ਅੱਪੜੇ। ਭੁੱਖਣ-ਭਾਣੀ ਤੇ ਉਦਾਸ ਜਿਹੀ ਗੋਲ੍ਹਾਂ ਨੂੰ ਵੇਖ ਕੇ ਸਾਨੂੰ ਘਬਰਾਹਟ ਜਿਹੀ ਹੋਈ। ਮੈਂ ਉਹਦਾ ਸਿਰ ਪਲੋਸਿਆ। ਉਹਦੇ ਪਿੰਡ 'ਤੇ ਹੱਥ ਫੇਰਿਆ। ਉਹਦੇ ਗਲ ਨੂੰ ਆਪਣੀ ਗਲਵੱਕੜੀ 'ਚ ਲਿਆ, "ਗੋਲ੍ਹਾਂ, ਆ ਘਰ ਚੱਲੀਏ, ਮਰਿਆਂ ਨਾਲ ਮਰਿਆ ਥੋੜ੍ਹਾ ਜਾਂਦਾ ਏ। ਉਠ ਬੀਬੀ ਰਾਣੀ, ਵੇਖ ਸਾਰੇ ਜਣੇ ਤੈਨੂੰ ਲੈਣ ਆਏ ਨੇ।"
ਉਹਨੇ ਘਰਾਲਾਂ ਵਗਦੀਆਂ ਅੱਖਾਂ ਨਾਲ ਮੇਰੇ ਵੱਲ ਵੇਖਿਆ ਤੇ ਫੇਰ ਸਾਰਿਆਂ ਵੱਲ। ਉਹਨੇ ਮਾਂ ਦੀ ਚਿਖਾ ਦੀ ਪਰਿਕਰਮਾ ਜਿਹੀ ਕੀਤੀ ਤੇ ਫੇਰ ਚੁੱਪ-ਚਾਪ ਤੇ ਉਦਾਸ ਜਿਹੀ ਘਰ ਨੂੰ ਤੁਰ ਪਈ। ਸ਼ਾਇਦ ਉਹਨੂੰ ਯਾਦ ਆਇਆ ਹੋਵੇ ਕਿ ਕਿਤੇ ਵੀ ਜਾਣ ਵੇਲੇ ਅੰਮਾ ਸਾਰੇ ਪਰਿਵਾਰ ਨੂੰ ਦੁੱਧ ਦੇਣ ਦੀ ਜ਼ਿੰਮੇਵਾਰੀ ਉਹਨੂੰ ਸੌਂਪ ਜਾਇਆ ਕਰਦੀ ਸੀ।

  • ਮੁੱਖ ਪੰਨਾ : ਕਹਾਣੀਆਂ, ਦਲਬੀਰ ਚੇਤਨ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ