Kalakh (Punjabi Story) : Mohanjeet Kukreja

ਕਾਲਖ ! (ਕਹਾਣੀ) : ਮੋਹਨਜੀਤ ਕੁਕਰੇਜਾ

“ਹੁਣ ਕੀ ਹੋਇਆ?”
“ਕਿਓਂ ਭੀੜ ਪਾਈ ਖੜੇ ਹੋ?”
“ਲੈ, ਫੇਰ ਤਾਂ ਨਹੀਂ ਡੁੱਬ ਗਿਆ ਕੋਈ?”
ਕੋਲਾ-ਖਾਨ ਦੇ ਮਜਦੂਰਾਂ ਦੀ ਬਸਤੀ ਦੇ ਲਾਗੇ ਵਗਦੀ ਸੌੜੀ ਜਿਹੀ ਨਦੀ ਦੇ ਕੰਡੇ 'ਤੇ ਭੀੜ ਲਗਾਤਾਰ ਵਧਦੀ ਜਾ ਰਹੀ ਸੀ। ਕੁਝ ਸਮੇਂ ਬਾਅਦ ਤਰਦੀ ਹੋਈ ਕੁੜੀ ਨੂੰ ਬਾਹਰ ਕੱਢਿਆ ਗਿਆ । ਗੋਮਾ ਦੀ ਲਾਸ਼ ਸੀ ! ਗੋਮਾ - ਬੰਸੀ ਦੀ ਜਵਾਨ ਧੀ, ਜਿਹੜੀ ਕੁਝ ਦਿਨਾਂ ਤੋਂ ਗਾਇਬ ਸੀ…
“ਐਂ ਕਿੱਦਾਂ ਡੁੱਬ ਮਰੀ ਹੁਣ?”
“ਖੁਦਕੁਸ਼ੀ ਦਾ ਮਾਮਲਾ ਲੱਗਦੈ!”
“ਬੰਸੀ ਨਾਲ ਤਾਂ ਬਹੁਤ ਹੀ ਬੁਰੀ ਹੋਈ!!”
ਇਕੱਠੇ ਹੋਏ ਮਜਦੂਰ ਕਿਸੇ ਨਤੀਜੇ ਤੇ ਪੁੱਜਣ ਲਈ ਆਪਣੇ ਦਿਮਾਗ ਦੇ ਘੋੜੇ ਦੌੜਾਨ 'ਚ ਲੱਗੇ ਸਨ ।
ਉੱਥੇ ਦੁਜੇ ਪਾਸੇ ਪਰੇਸ਼ਾਨ ਹਾਲ-ਰਧੀਆ ਬਸਤੀ ਦੀ ਇਕ ਬੁੱਢੀ ਜਨਾਨੀ ਨੂੰ ਪੁੱਛ ਰਹੀ ਸੀ, “ਚਾਚੀ, ਕੀ ਹੋਇਆ ਆਪਣੀ ਗੋਮਾ ਨੂੰ?”
“ਹੋਣਾ ਕੀ ਹੈ ਨੀ, ਮੂੰਹ ਕਾਲਾ ਕਰਵਾ ਆਈ ਹੋਣੀ ਹੈ ਕਿਤੋਂ ਕਰਮਾਂ-ਮਾਰੀ! ਫੇਰ ਖੁਦਕੁਸ਼ੀ ਕਰ ਲਈ ਵਿਚਾਰੀ ਨੇ... ਹੋਰ ਕੀ?”

“ਇਹ ਖੁਦਕੁਸ਼ੀ ਹੁੰਦੀ ਕੀ ਹੈ, ਚਾਚੀ?” ਰਧੀਆ ਨੇ ਫੇਰ ਪੁੱਛਿਆ । ਇਹ ਗੱਲ ਵੱਖਰੀ ਹੈ ਕਿ ਉਸ ਬਾਲੜੀ ਦੇ ਨਿੱਕੇ ਜਿਹੇ ਦਿਮਾਗ ਵਿਚ ਮੂੰਹ ਕਾਲਾ ਕਰਵਾਣ ਵਾਲੀ ਗੱਲ ਵੀ ਨਹੀਂ ਸੀ ਵੜੀ - ਕੋਲਿਆਂ ਦੀ ਖਾਨ 'ਚ ਕੰਮ ਕਰਦਿਆਂ ਮੂੰਹ ਵੀ ਤਾਂ ਕਾਲਾ ਹੋਣਾ ਹੀ ਹੋਇਆ! ਉਮਰ ਉਹਦੀ ਅਜੇ ਪੰਦਰਾਂ ਦੀ ਸੀ ਪਰ ਉਸਦੇ ਦਿਮਾਗੀ ਤੇ ਸ਼ਰੀਰਿਕ ਵਿਕਾਸ ਵਿਚ ਕਾਫੀ ਫਰਕ ਸੀ…
“ਓ ਕਮਲੀਏ, ਜਦੋਂ ਕੋਈ ਕੁੜੀ ਨਦੀ 'ਚ ਡੁੱਬ ਕੇ ਮਰ ਜਾਂਦੀ ਹੈ ਤਾਂ ਉਹਨੂੰ ਆਪਾਂ ਖੁਦਕੁਸ਼ੀ ਕਹਿੰਦੇ ਹਾਂ ।”
ਇੰਨੇ 'ਚ ਮਾਲਕ ਸਾਬ ਦੀ ਚਿੱਟੀ ਤੇ ਲੰਮੀ ਗੱਡੀ ਉੱਥੇ ਆ ਪਹੁੰਚੀ - ਪੜਤਾਲ ਵਾਸਤੇ । ਰਸਤਾ ਛੱਡ ਕੇ ਪਿੱਛੇ ਹੁੰਦੀ ਭੀੜ ਵਿਚ ਮਾਲਕ ਸਾਬ ਦੀ ਨਿਗਾਹ ਰਧੀਆ ਉੱਤੇ ਪਈ ।
“ਆਪਣੇ ਹਰੀਆ ਦੀ ਭੈਣ...” ਸਾਬ ਦੇ ਖਾਸ ਬੰਦੇ ਨੇ ਕੰਨ 'ਚ ਜਿਵੇਂ ਫੂਕ ਮਾਰੀ ।

ਰੋਂਦੇ-ਕੁਰਲਾਂਦੇ ਬੰਸੀ ਨੂੰ ਮਾਲਕ ਸਾਬ ਕਫਨ-ਦਫਨ ਲਈ ਦੋ ਹਜਾਰ ਰੁਪਏ ਦੇ ਕੇ ਥੋੜੀ ਦੇਰ ਪਿੱਛੋਂ ਗੱਡੀ 'ਚ ਬਹਿ ਕੇ ਵਾਪਸ ਮੁੜ ਗਏ ।
ਸਾਰੇ ਪਿੱਠ ਪਿਛੇ ਉਨ੍ਹਾਂ ਦੀ ਉਦਾਰਤਾ ਤੇ ਖੁੱਲ-ਦਿਲੀ ਦੀਆਂ ਸਿਫਤਾਂ ਕਰਦੇ ਰਹਿ ਗਏ…

ਕੁਝ ਦਿਨਾਂ ਮਗਰੋਂ…
ਨਦੀ ਦੇ ਲਾਗੇ ਫਿਰ ਭੀੜ ਇਕੱਠੀ ਸੀ ।
ਸਾਰੇ ਵਿਰਲਾਪ ਕਰਦੇ-ਹਰੀਆ ਨੂੰ ਦਿਲਾਸਾ ਤੇ ਹੌਸਲਾ ਦੇਣ 'ਚ ਲੱਗੇ ਹੋਏ ਸਨ!

  • ਮੁੱਖ ਪੰਨਾ : ਕਹਾਣੀਆਂ, ਮੋਹਨਜੀਤ ਕੁਕਰੇਜਾ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ