Kalyani (Story in Punjabi) : Rajinder Singh Bedi

ਕਲਿਆਣੀ (ਕਹਾਣੀ) : ਰਾਜਿੰਦਰ ਸਿੰਘ ਬੇਦੀ

ਹੁਣ ਉਸਨੂੰ ਇਹਨਾਂ ਕਾਲੀਆਂ ਭੂਰੀਆਂ ਰਾਹਾਂ ਉੱਤੇ ਤੁਰਦਿਆਂ ਕੋਈ ਭੈ ਨਹੀਂ ਸੀ ਆਉਂਦਾ, ਜਿੱਥੇ ਅਣਗਿਣਤ ਟੋਏ ਸਨ, ਜਿਹਨਾਂ ਵਿਚ ਹਮੇਸ਼ਾ ਕਾਲਾ ਪਾਣੀ ਭਰਿਆ ਹੁੰਦਾ ਸੀ—ਬੰਬਈ ਦੇ ਇਸ ਉਦਯੋਗਿਕ ਸ਼ਹਿਰ ਦੀ ਮੈਲ 'ਤੇ ਕਦੀ ਤੈਹ 'ਤੇ ਤੈਹ ਨਹੀਂ ਸੀ ਵੱਝੀ। ਅਣਘੜ ਜਿਹੇ ਪੱਥਰ ਇਧਰ-ਉਧਰ ਸ਼ੌਕੀਆ ਹੀ ਪਏ ਸਨ—ਵਾਧੂ ਤੇ ਆਖ਼ਰੀ ਰੋੜਾ ਬਣਨ ਖਾਤਰ—ਤੇ ਉਹ ਮੁੱਢਲੇ ਦਿਨ, ਜਦੋਂ ਲੱਤਾਂ ਕੰਬਦੀਆਂ ਹੁੰਦੀਆਂ ਸਨ ਤੇ ਤੀਲ੍ਹੇ-ਤਿਨਕੇ ਵੀ ਰੋਕਣ ਵਿਚ ਕਾਮਯਾਬ ਹੋ ਜਾਂਦੇ ਹੁੰਦੇ ਸਨ।...ਇੰਜ ਲੱਗਦਾ ਹੁੰਦਾ ਸੀ ਜਿਵੇਂ ਗਲੀ ਦੇ ਮੋੜ ਉੱਤੇ ਦੇਸੀ ਸਾਬਨ ਦੇ ਵੱਡੇ-ਵੱਡੇ ਕੇਕ ਬਣਾਉਣ ਵਾਲਾ ਤੇ ਉਸਦਾ ਗਵਾਂਢੀ ਨਾਈ ਵੇਖ ਰਹੇ ਨੇ; ਹੱਸ ਰਹੇ ਨੇ—ਘੱਟੋਘਟ ਰੋ ਤਾਂ ਨਹੀਂ ਸੀ ਰਹੇ ਹੁੰਦੇ। ਨਾਲ, ਨਾਲ ਦਾ ਕੋਇਲੇ ਵਾਲਾ ਹੁੰਦਾ ਸੀ1ਜਿਹੜਾ ਆਪ ਤਾਂ ਕਦੀ ਉਸ ਚਕਲੇ ਵਿਚ ਨਹੀਂ ਸੀ ਆਇਆ; ਫੇਰ ਵੀ ਉਸਦਾ ਮੂੰਹ ਕਾਲਾ ਸੀ।
ਪਹਿਲੀ ਮੰਜ਼ਿਲ ਉੱਤੇ ਕਲਬ ਸੀ, ਜਿੱਥੇ ਚੋਰੀ ਦੀ ਰਮ ਚਲਦੀ ਸੀ ਤੇ ਯਾਰੀ ਦੀ ਰੱਮੀ। ਉਸਦੀਆਂ ਖਿੜਕੀਆਂ ਕਿਸੇ ਯੋਗੀ ਦੀਆਂ ਅੱਖਾਂ ਵਾਂਗ ਬਾਹਰ ਦੀ ਬਜਾਏ ਅੰਦਰ—ਮਨ ਰੂਪੀ ਚਕਲੇ ਵੱਲ—ਖੁੱਲ੍ਹਦੀਆਂ ਸਨ ਤੇ ਉਹਨਾਂ ਵਿਚੋਂ ਸਿਗਰਟ ਦੇ ਧੂੰਏਂ ਦੀ ਸ਼ਕਲ ਵਿਚ ਆਹਾਂ-ਹੌਂਕੇ ਨਿਕਲਦੇ ਰਹਿੰਦੇ ਸਨ। ਲੋਕ ਉਂਜ ਤਾਂ ਜੂਏ ਵਿਚ ਸੈਂਕੜਿਆਂ ਦੇ ਦਾਅ ਲਾਉਂਦੇ ਸਨ, ਪਰ ਸਿਗਰਟ ਹਮੇਸ਼ਾ ਘਟੀਆ ਪੀਂਦੇ ਸਨ...ਬਲਕਿ ਬੀੜੀ, ਸਿਰਫ ਬੀੜੀ, ਜਿਸਦਾ ਜੂਏ ਦੇ ਨਾਲ ਉਹੀ ਰਿਸ਼ਤਾ ਹੈ ਜਿਹੜਾ ਪੈਂਸਲੀਨ ਦਾ ਆਤਸ਼ਕ ਨਾਲ...ਇਹ ਖਿੜਕੀਆਂ ਅੰਦਰ ਵੱਲ ਕਿਉਂ ਖੁੱਲ੍ਹਦੀਆਂ ਸਨ? ਪਤਾ ਨਹੀਂ ਕਿਉਂ? ਪਰ ਕੋਈ ਖਾਸ ਫਰਕ ਨਹੀਂ ਸੀ ਪੈਂਦਾ, ਕਿਉਂਕਿ ਅੰਦਰ ਵਿਹੜੇ ਵਿਚ ਆਉਣ ਵਾਲੇ ਮਰਦ ਦਾ ਸਿਰਫ ਪ੍ਰਛਾਵਾਂ ਹੀ ਨਜ਼ਰ ਆਉਂਦਾ ਸੀ—ਜਿਸ ਨਾਲ ਮਾਮਲਾ ਤੈਹ ਹੁੰਦਾ ਉਹ ਕੁੜੀ ਉਸਨੂੰ ਅੰਦਰ ਲੈ ਜਾਂਦੀ, ਬਿਠਾਉਂਦੀ ਤੇ ਇਕ ਵਾਰ ਬਾਹਰ ਜ਼ਰੂਰ ਆਉਂਦੀ—ਨਲਕੇ ਤੋਂ ਪਾਣੀ ਦੀ ਬਾਲ੍ਹਟੀ ਲੈਣ, ਜਿਹੜਾ ਵਿਹੜੇ ਦੇ ਐਨ ਵਿਚਕਾਰ ਲੱਗਿਆ ਸੀ ਤੇ ਦੋਵੇਂ ਪਾਸੇ ਦੀਆਂ ਕੋਠੜੀਆਂ ਦੀ ਹਰ ਤਰ੍ਹਾਂ ਦੀ ਲੋੜ ਲਈ ਕਾਫ਼ੀ ਸੀ। ਪਾਣੀ ਦੀ ਬਾਲ੍ਹਟੀ ਚੁੱਕਣ ਤੋਂ ਪਹਿਲਾਂ ਕੁੜੀ ਹਮੇਸ਼ਾ ਆਪਣੀ ਧੋਤੀ ਜਾਂ ਸਾੜ੍ਹੀ ਨੂੰ ਲੱਕ ਦੁਆਲੇ ਕਸਦੀ ਤੇ ਗਾਹਕ ਟਕਰ ਜਾਣ ਦੀ ਆਕੜ ਵਿਚ ਆਪਣੀਆਂ ਹਮਪੇਸ਼ਾ ਭੈਣਾ ਵਿਚੋਂ ਕਿਸੇ ਨੂੰ ਜ਼ਰੂਰ ਆਖਦੀ—“ਨੀਂ ਗਿਰਜਾ! ਜ਼ਰਾ ਚੌਲ ਦੇਖ ਲਵੀਂ, ਮੇਰਾ ਗਾਹਕ ਆਇਐ...।” ਫੇਰ ਉਹ ਅੰਦਰ ਜਾ ਕੇ ਦਰਵਾਜ਼ਾ ਬੰਦ ਕਰ ਲੈਂਦੀ। ਉਦੋਂ ਗਿਰਜਾ ਸੁੰਦਰੀ ਨੂੰ ਕਹਿੰਦੀ—“ਕਲਿਆਣੀ ਵਿਚ ਕੀ ਐ ਨੀਂ? ਅੱਜ ਉਸਨੂੰ ਦੂਜਾ ਕਸਟਮਰ ਟੱਕਰਿਆ ਐ?” ਪਰ ਸੁੰਦਰੀ ਦੀ ਬਜਾਏ ਜਾੜੀ ਜਾਂ ਖ਼ੁਰਸ਼ੀਦ ਜਵਾਬ ਦੇਂਦੀ—“ਆਪੋ ਆਪਣੀ ਕਿਸਮਤ ਐ ਭੈਣਾ...” ਉਦੋਂ ਹੀ ਕਲਿਆਣੀ ਵਾਲੇ ਕਮਰੇ ਵਿਚੋਂ ਕੁੰਡੀ ਲੱਗਣ ਦੀ ਆਵਾਜ਼ ਆਉਂਦੀ ਤੇ ਬਸ...ਸੁੰਦਰੀ ਇਕ ਨਜ਼ਰ ਬੰਦ ਦਰਵਾਜ਼ੇ ਵੱਲ ਦੇਖਦੀ ਹੋਈ ਤੇਲ ਭਿੱਜੇ ਵਾਲਾਂ ਨੂੰ ਛੰਡਦੀ, ਤੌਲੀਏ ਨਾਲ ਪੂੰਝਦੀ ਤੇ ਗੁਣਗੁਣਾਉਣ ਲੱਗਦੀ—'ਰਾਤ ਜਾਗੀ ਰੇ ਬਲਮ, ਰਾਤ ਜਾਗੀ...' ਤੇ ਫੇਰ ਅਚਾਨਕ ਗਿਰਜਾ ਵਲ ਭੌਂ ਕੇ ਕਹਿੰਦੀ—“ਨੀਂ ਗਿਰਜਾ! ਕਲਿਆਣੀ ਦੇ ਚੌਲ ਉਬਲ ਰਹੇ ਆ ਨੀਂ! ਸੁਣਦੀ ਨਹੀਂ ਕੇਹੀ ਗੁੜਗੁੜ ਦੀ ਆਵਾਜ਼ ਆ ਰਹੀ ਐ ਉਸਦੇ ਭਾਂਡੇ 'ਚੋਂ!” ਤੇ ਫੇਰ ਤਿੰਨੇ ਚਾਰੇ ਕੁੜੀਆਂ ਹੱਸਣ ਲੱਗ ਪੈਂਦੀਆਂ ਤੇ ਇਕ ਦੂਜੀ ਦੇ ਕੁਹਲੇ ਵਿਚ ਚੱਪੇ ਦੇਣ ਲੱਗਦੀਆਂ। ਉਦੋਂ ਹੀ ਗਿਰਜਾ ਚੀਕ ਪੈਂਦੀ ਤੇ ਕਹਿੰਦੀ—“ਹਾਏ ਨੀਂ ਏਨੀ ਜ਼ੋਰ ਦੀ ਕਿਊਂ ਮਾਰਿਐ ਰੰਡੀਏ! ਜਾਣਦੀ ਐਂ, ਅਜੇ ਤਾਈਂ ਦੁਖ ਰਿਹੈ ਮੇਰਾ ਪਾਸਾ। ਕੰਨਾਂ ਨੂੰ ਹੱਥ ਲਇਆ ਬਾਬਾ! ਮੈਂ ਤਾਂ ਕੀ ਮੇਰੀ ਆਸ ਔਲਾਦ ਕਿਸੇ ਪੰਜਾਬੀ ਨਾਲ ਨਹੀਂ ਬੈਠਾਂਗੇ...।” ਫੇਰ ਗਿਰਜਾ ਨਾਲ ਵਾਲੀ ਕੋਠੜੀ ਦੀ ਕਿਸੇ ਕੁੜੀ ਨੂੰ ਆਵਾਜ਼ ਮਾਰਦੀ—
“ਗੰਗੀ ਤੇਰਾ ਪੋਪਟ ਕੀ ਕਹਿੰਦੈ ਹੁਣ...”
ਗੰਗੀ ਦੀ ਸ਼ਕਲ ਤਾਂ ਦਿਖਾਈ ਨਾ ਦੇਂਦੀ, ਸਿਰਫ ਆਵਾਜ਼ ਆਉਂਦੀ—“ਮੇਰਾ ਪੋਪਟ ਕਹਿੰਦੈ, ਭਜ ਮਨ ਰਾਮ, ਭਜ ਮਨ ਰਾਮ...।”
ਗੰਗੀ ਦਾ ਜਾਂ ਤਾਂ ਸਿਰ ਦਰਦ ਕਰ ਰਿਹੈ ਜਾਂ ਫੇਰ ਕੋਈ ਗਾਹਕ ਨਹੀਂ ਫਸਿਆ।
੦ ੦ ੦
ਮਹਿਪਤ ਲਾਲ ਐਤਕੀਂ ਕਈ ਮਹੀਨਿਆਂ ਬਾਅਦ ਆਇਆ ਹੈ। ਵਿਚਕਾਰ ਮੂੰਹ ਦਾ ਸਵਾਦ ਬਦਲਣ ਲਈ ਉਹ ਇੱਥੋਂ ਕੁਝ ਫਰਲਾਂਗ ਦੂਰ ਇਕ ਨਿਪਾਲੀ ਕੁੜੀ ਚੂਨੀ-ਲਾ ਦੇ ਕੋਲ ਚਲਾ ਗਿਆ ਸੀ ਤੇ ਉਸ ਪਿੱਛੋਂ ਛਿਆਨਵੇਂ ਨੰਬਰ ਦੀ ਇਕ ਕ੍ਰਿਸ਼ਚੀਅਨ ਕੁੜੀ ਨਾਲ ਫਸ ਗਿਆ ਸੀ। ਜਿਸਦਾ ਅਸਲੀ ਨਾਂ ਤਾਂ ਕੁਝ ਹੋਰ ਸੀ ਪਰ ਉੱਥੋਂ ਦੀਆਂ ਦੂਜੀਆਂ ਕੁੜੀਆਂ ਤੇ ਦਲਾਲ ਉਸਨੂੰ 'ਓਲਗਾ' ਦੇ ਨਾਂ ਨਾਲ ਬੁਲਾਉਂਦੇ ਸਨ। ਇਧਰ ਕਲਿਆਣੀ ਨੂੰ ਕੁਝ ਪਤਾ ਵੀ ਨਹੀਂ ਸੀ, ਕਿਉਂਕਿ ਇਸ ਧੰਦੇ ਵਿਚ ਤਾਂ ਦੋ ਚਾਰ ਮਕਾਨਾਂ ਦਾ ਫਾਸਲਾ ਵੀ ਸੈਂਕੜੇ ਕੋਹ ਦਾ ਪੰਧ ਹੁੰਦਾ ਹੈ। ਕੁੜੀਆਂ ਵਧ ਤੋਂ ਵਧ ਪਿਕਚਰ ਵੇਖਣ ਨਿਕਲਦੀਆਂ ਸਨ ਤੇ ਫੇਰ ਵਾਪਸ...
ਜਿਸ ਮੂੰਹ ਦਾ ਸਵਾਦ ਬਦਲਣ ਲਈ ਮਹਿਪਤ ਦੂਜੀਆਂ ਕੁੜੀਆਂ ਕੋਲ ਚਲਾ ਗਿਆ ਸੀ, ਉਸੇ ਲਈ ਉਸ ਅੱਡੇ 'ਤੇ ਪਰਤ ਆਇਆ। ਪਰ ਇਹ ਗੱਲ ਪੱਕੀ ਸੀ ਕਿ ਏਨੇ ਮਹੀਨਿਆਂ ਪਿੱਛੋਂ ਉਹ ਕਲਿਆਣੀ ਨੂੰ ਭੁੱਲ ਚੁੱਕਿਆ ਸੀ। ਹਾਲਾਂਕਿ 'ਮੁਲਕ' ਜਾਣ ਲਈ ਉਸਨੇ ਕਲਿਆਣੀ ਨੂੰ ਦੋ ਸੌ ਰੁਪਏ ਵੀ ਦਿੱਤੇ ਸਨ, ਉਦੋਂ ਸ਼ਾਇਦ ਨਸ਼ੇ ਦਾ ਸਰੂਰ ਸੀ, ਜਿਵੇਂ ਕਿ ਹੁਣ ਸੀ। ਬੀਅਰ ਦਾ ਪੂਰਾ ਪੈਗ ਪੀ ਜਾਣ ਕਰਕੇ ਮਹਿਪਤ ਲਾਲ ਦੇ ਦਿਮਾਗ਼ ਵਿਚ ਕਿਸੇ ਹੋਰ ਹੀ ਔਰਤ ਦੀ ਤਸਵੀਰ ਸੀ—ਤੇ ਉਹ ਵੀ ਅਧੂਰੀ ਤੇ ਧੁੰਦਲੀ ਜਿਹੀ। ਕਿਉਂਕਿ ਉਸਨੂੰ ਪੂਰਾ ਤਾਂ ਮਹਿਪਤ ਨੇ ਹੀ ਕਰਨਾ ਸੀ—ਇਕ ਮੁਸੱਵਰ ਵਾਂਗ, ਜਿਹੜਾ ਇਕ ਮਰਦ ਹੁੰਦਾ ਹੈ ਤੇ ਤਸਵੀਰ, ਜਿਹੜੀ ਇਕ ਔਰਤ...
ਅੰਦਰ ਆਉਂਦਿਆਂ ਹੀ ਮਹਿਪਤ ਨੇ ਵਿਹੜੇ ਦਾ ਪਹਿਲਾ ਪੜਾਅ ਲੰਘਿਆ। ਤਿੰਨ ਚਾਰ ਪੌੜੀਆਂ ਹੇਠਾਂ ਉਤਰਿਆ—ਲੋਕ ਸਮਝਦੇ ਨੇ ਪਤਾਲ ਕਿਤੇ ਦੂਰ ਹੈ...ਪਰ ਨਹੀਂ ਜਾਣਦੇ ਕਿ ਧਰਤੀ ਦੇ ਉੱਤੇ ਹੀ ਹੈ; ਉਹ ਵੀ ਸਿਰਫ ਦੋ ਤਿੰਨ ਪੌੜੀਆਂ ਹੇਠਾਂ ਹੀ—ਉੱਥੇ ਕੋਈ ਅੱਗ ਬਲ ਰਹੀ ਹੈ ਤੇ ਨਾ ਉਬਲਦੇ ਹੋਏ ਕੁੰਡ ਨੇ। ਹੋ ਸਕਦਾ ਹੈ ਪੌੜੀਆਂ ਉਤਰਨ ਪਿੱਛੋਂ ਫੇਰ ਉਸਨੂੰ ਕਿਸੇ ਉਪਰਲੇ ਥੜ੍ਹੇ 'ਤੇ ਜਾਣਾ ਪਵੇ, ਜਿੱਥੇ ਸਾਹਮਣੇ ਦੋਜਖ਼ ਹੈ, ਜਿਸ ਵਿਚ ਅਜਿਹੀਆਂ ਅਜਿਹੀਆਂ ਤਕਲੀਫਾਂ ਦਿੱਤੀਆਂ ਜਾਂਦੀਆਂ ਨੇ ਕਿ ਇਨਸਾਨ ਉਹਨਾਂ ਦੀ ਕਲਪਣਾ ਵੀ ਨਹੀਂ ਕਰ ਸਕਦਾ।
ਪੌੜੀਆਂ ਉਤਰਨ ਪਿੱਛੋਂ, ਵਿਹੜੇ ਵਿਚ ਪੈਰ ਧਰਨ ਦੇ ਬਜਾਏ ਮਹਿਪਤ ਲਾਲ ਖੋਲੀਆਂ ਦੇ ਸਾਹਮਣੇ ਵਾਲੇ ਥੜ੍ਹੇ 'ਤੇ ਚਲਾ ਗਿਆ, ਕਿਉਂਕਿ ਪੱਕਾ ਹੋਣ ਦੇ ਬਾਵਜੂਦ ਵਿਹੜੇ ਵਿਚ ਇਕ ਟੋਇਆ ਸੀ, ਜਿਸ ਵਿਚ ਹਮੇਸ਼ਾ ਹੀ ਪਾਣੀ ਭਰਿਆ ਰਹਿੰਦਾ ਸੀ। ਸਾਲ ਡੇਢ ਸਾਲ ਪਹਿਲਾਂ ਵੀ ਇਹ ਟੋਇਆ ਇਵੇਂ ਸੀ ਤੇ ਹੁਣ ਵੀ ਓਵੇਂ ਹੀ ਹੈ। ਪਰ ਟੋਏ ਬਾਰੇ ਏਨਾ ਹੀ ਕਾਫੀ ਹੈ ਕਿ ਉਸਦਾ ਪਤਾ ਹੋਵੇ। ਵਿਹੜਾ ਉਪਰੋਂ ਖੁੱਲ੍ਹਾ ਹੋਣ ਕਰਕੇ ਦਸਵੀਂ ਦਾ ਚੰਦ ਟੋਏ ਦੇ ਪਾਣੀ ਵਿਚ ਝਿਲਮਿਲਾ ਰਿਹਾ ਸੀ, ਜਿਵੇਂ ਉਸਨੂੰ ਮੈਲੇ ਹੋਣ ਨਾਲ ਕੋਈ ਫਰਕ ਨਹੀਂ ਸੀ ਪੈਂਦਾ। ਹਾਂ, ਨਲਕੇ ਦੇ ਪਾਣੀ ਦਾ ਛਿੱਟਾ ਉਸ ਉੱਤੇ ਪੈਂਦਾ ਤਾਂ ਉਸਦੀ ਤਸਵੀਰ ਕੰਬਣ ਲੱਗ ਪੈਂਦੀ...ਪੂਰੀ ਦੀ ਪੂਰੀ...
ਕੁਝ ਗਾਹਕ ਲੋਕ ਗਿਰਜਾ, ਸੁੰਦਰੀ ਤੇ ਜਾੜੀ ਨੂੰ ਇੰਜ ਠੋਕ ਵਜਾਅ ਕੇ ਵੇਖ ਰਹੇ ਸਨ, ਜਿਵੇਂ ਉਹ ਕੱਚੇ-ਪੱਕੇ ਘੜੇ ਹੋਣ। ਉਹਨਾਂ ਵਿਚੋਂ ਕੁਝ ਆਪਣੀਆਂ ਜੇਬਾਂ ਫਰੋਲ ਰਹੇ ਸਨ। ਮਿਸਤਰੀ ਜਾੜੀ ਨਾਲ ਜਾਣਾ ਚਾਹੁੰਦਾ ਸੀ ਕਿਉਂਕਿ ਉਹ ਗਿਰਜਾ, ਸੁੰਦਰੀ, ਖ਼ੁਰਸ਼ੀਦ ਨਾਲੋਂ ਵੱਧ ਬਦਸੂਰਤ ਸੀ ਪਰ ਸੀ ਅੱਠ ਇੰਚ ਦੀ ਕੰਧ। ਹੈਰਾਨੀ ਤਾਂ ਇਹ ਸੀ ਕਿ ਕੁੜੀਆਂ ਵਿਚੋਂ ਕਿਸੇ ਨੂੰ ਹੈਰਾਨੀ ਨਹੀਂ ਸੀ ਹੋ ਰਹੀ। ਉਹ ਮਰਦ ਤੇ ਉਸਦੇ ਪਾਗਲਪਨ ਨੂੰ ਚੰਗੀ ਤਰ੍ਹਾਂ ਜਾਣਦੀਆਂ ਸਨ। ਮਹਿਪਤ ਨੇ ਸੁੰਦਰੀ ਨੂੰ ਦੇਖਿਆ, ਜਿਹੜੀ ਵੈਸੇ ਤਾਂ ਕਾਲੀ ਸੀ, ਪਰ ਆਮ ਕੋਂਕਣੀ ਔਰਤਾਂ ਵਾਂਗ ਤਿੱਖੇ ਨੈਣ-ਨਕਸ਼ਿਆਂ ਵਾਲੀ ਸੀ। ਫੇਰ ਲੱਕ ਤੋਂ ਹੇਠਾਂ ਉਸਦਾ ਜਿਸਮ 'ਬੱਲੇ ਬਈ ਬੱਲੇ' ਹੋ ਜਾਂਦਾ ਸੀ। ਉਦੋਂ ਹੀ ਮਹਿਪਤ ਦੇ ਕੁੜਤੇ ਨੂੰ ਖਿੱਚ ਪਈ। ਉਸਨੇ ਮੁੜ ਕੇ ਦੇਖਿਆ ਤਾਂ ਸਾਹਮਣੇ ਕਲਿਆਣੀ ਖੜ੍ਹੀ ਸੀ ਤੇ ਹੱਸਦੀ ਹੋਈ ਆਪਣੇ ਦੰਦਾਂ ਦੇ ਮੋਤੀ ਰੋਲ ਰਹੀ ਸੀ। ਪਰ ਉਹ ਪਤਲੀ ਹੋ ਗਈ ਸੀ। ਕਿਉਂ? ਪਤਾ ਨਹੀਂ ਕਿਉਂ? ਚਿਹਰਾ ਇੰਜ ਲੱਗ ਰਿਹਾ ਸੀ ਜਿਵੇਂ ਦੋ ਅੱਖਾਂ ਲਈ ਜਗ੍ਹਾ ਛੱਡ ਕੇ ਕਿਸੇ ਨੇ ਢੋਲਕੀ ਉੱਤੇ ਖੱਲ ਮੜ੍ਹ ਦਿੱਤੀ ਹੋਵੇ। ਕਿਉਂਕਿ ਔਰਤ ਤੇ ਤਕਦੀਰ ਇਕੋ ਗੱਲ ਹੈ, ਇਸ ਲਈ ਮਹਿਪਤ ਕਲਿਆਣੀ ਨਾਲ ਤੀਜੀ ਖੋਲੀ ਵਿਚ ਚਲਾ ਗਿਆ।
ਕਲਬ ਘਰ ਦੀਆਂ ਖਿੜਕੀਆਂ ਵਿਚੋਂ ਕੋਈ ਝਾਕਿਆ ਤੇ ਅੱਕ ਕੇ ਬਿਸਾਤ ਉਲਟ ਦਿੱਤੀ। ਕਲਿਆਣੀ ਨੇ ਬਾਹਰ ਆ ਕੇ ਨਲਕੇ ਤੋਂ ਬਾਲਟੀ ਭਰੀ, ਧੋਤੀ ਨੂੰ ਲੱਕ ਦੁਆਲੇ ਕਸਿਆ ਤੇ ਆਵਾਜ਼ ਦਿੱਤੀ—“ਓ ਗਿਰਜਾ, ਜ਼ਰਾ ਮੇਰੀ ਗਠੜੀ ਸਾਂਭ ਲਈਂ...” ਤੇ ਫੇਰ ਉਹ ਪਾਣੀ ਲੈ ਕੇ ਖੋਲੀ ਵਿਚ ਚਲੀ ਗਈ…
ਨਾਲ ਵਾਲੀ ਖੋਲੀ ਵਿਚੋਂ ਮੈਡਮ ਦੀ ਆਵਾਜ਼ ਆਈ—“ਇਕ ਟੈਮ ਦਾ, ਕਿ ਦੋ ਟੈਮ ਦਾ?”
ਅੰਦਰ ਕਲਿਆਣੀ ਨੇ ਮਹਿਪਤ ਨੂੰ ਅੱਖ ਮਾਰੀ ਤੇ ਮੈਡਮ ਵਾਲੀ ਖੋਲੀ ਵੱਲ ਦੇਖਦੀ ਹੋਈ ਬੋਲੀ—“ਇਕ ਟੈਮ ਦਾ”—ਤੇ ਫੇਰ ਆਪਣੇ ਪੈਸਿਆਂ ਲਈ ਮਹਿਪਤ ਅੱਗੇ ਹੱਥ ਫੈਲਾਅ ਦਿੱਤਾ, ਜਿਸ ਨੂੰ ਫੜ੍ਹ ਕੇ ਮਹਿਪਤ ਉਸਨੂੰ ਆਪਣੇ ਵੱਲ ਖਿੱਚਣ ਲੱਗਾ—ਫੇਰ ਉਸਨੇ ਪਾਨ ਨਾਲ ਗੱਚ ਲਾਲ ਲਾਲ ਮੋਹਰ ਕਲਿਆਣੀ ਦੇ ਹੋਠਾਂ ਉੱਤੇ ਲਾ ਦਿੱਤੀ, ਜਿਸਨੂੰ ਧੋਤੀ ਦੇ ਪੱਲੇ ਨਾਲ ਪੂੰਝਦੀ ਹੋਈ ਉਹ ਹੱਸ ਪਈ—“ਏਨੀ ਬੇਸਬਰੀ?”
ਤੇ ਫੇਰ ਹੱਥ ਪਸਾਰ ਕੇ ਕਹਿਣ ਲੱਗੀ—“ਤੈਂ ਮੈਨੂੰ ਤੀਹ ਰੁਪਏ ਦਵੇਂਗਾ, ਪਰ ਮੈਂ ਮੈਡਮ ਨੂੰ ਇਕ ਟੈਮ ਦਾ ਦੱਸਾਂਗੀ...ਤੇ ਤੈਂ ਵੀ ਉਸਨੂੰ ਨਾ ਦੱਸੀਂ...ਹਾਂ?”
ਮਹਿਪਤ ਨੇ ਉਂਜ ਹੀ ਸਿਰ ਹਿਲਾ ਦਿੱਤਾ—'ਹਾਂ।'
ਓਵੇਂ ਦੀ ਜਿਵੇਂ ਹੱਥ ਪਸਾਰੀ ਖੜ੍ਹੀ ਕਲਿਆਣੀ ਬੋਲੀ—“ਜਲਦੀ ਕੱਢ।”
“ਪੈਸੇ...?” ਮਹਿਪਤ ਬੋਲਿਆ।
ਕਲਿਆਣੀ ਐਤਕੀਂ ਰਸਮੀਂ ਨਹੀਂ, ਸੱਚੀਮੁੱਚੀ ਹੱਸ ਪਈ—ਨਹੀਂ, ਉਹ ਸ਼ਰਮਾ ਗਈ। ਹਾਂ, ਉਹ ਧੰਦਾ ਕਰਦੀ ਸੀ ਤੇ ਸ਼ਰਮਾਉਂਦੀ ਵੀ ਸੀ। ਕੌਣ ਕਹਿੰਦਾ ਹੈ; ਉੱਥੇ ਔਰਤ, ਔਰਤ ਨਹੀਂ ਰਹਿੰਦੀ? ਉੱਥੇ ਵੀ ਸ਼ਰਮ ਉਸਦਾ ਗਹਿਣਾ ਹੁੰਦਾ ਹੈ ਤੇ ਹਥਿਆਰ ਵੀ—ਜਿਸ ਨਾਲ ਉਹ ਮਰਦੀ ਹੈ ਤੇ ਮਾਰਦੀ ਵੀ। ਮਹਿਪਤ ਨੇ ਤੀਹ ਰੁਪਏ ਕੱਢ ਕੇ ਕਲਿਆਣੀ ਦੀ ਹਥੇਲੀ ਉੱਤੇ ਰੱਖ ਦਿੱਤੇ। ਕਲਿਆਣੀ ਨੇ ਗਿਣੇ ਵੀ ਨਹੀਂ। ਉਸਨੇ ਤਾਂ ਬਸ ਪੈਸਿਆਂ ਨੂੰ ਚੁੰਮਿਆਂ, ਮੱਥੇ ਤੇ ਅੱਖਾਂ ਨਾਲ ਲਾਇਆ, ਭਗਵਾਨ ਦੀ ਤਸਵੀਰ ਦੇ ਸਾਹਮਣੇ ਹੱਥ ਜੋੜੇ ਤੇ ਮੈਡਮ ਨੂੰ ਇਕ ਟੈਮ ਦੇ ਪੈਸੇ ਦੇਣ ਤੇ ਆਪਣੇ ਹਿੱਸੇ ਦੇ ਪੰਜ ਲੈ ਲੈਣ ਲਈ, ਅੰਦਰਲੇ ਦਰਵਾਜ਼ੇ ਵਿਚੋਂ ਹੋਰ ਵੀ ਅੰਦਰ ਚਲੀ ਗਈ ਉਹ। ਮਹਿਪਤ ਨੂੰ ਜਲਦੀ ਸੀ। ਉਹ ਬੇਸਬਰੀ ਨਾਲ ਦੁਰਗਾ ਮਈਆ ਦੀ ਤਸਵੀਰ ਵੱਲ ਵੇਖ ਰਿਹਾ ਸੀ, ਜਿਹੜੀ ਸ਼ੇਰ 'ਤੇ ਬੈਠੀ ਸੀ ਤੇ ਜਿਸ ਦੇ ਪੈਰਾਂ ਵਿਚ ਰਾਕਸ਼ਸ ਮਰਿਆ ਪਿਆ ਸੀ। ਦੁਰਗਾ ਦੀਆਂ ਦਰਜਨਾਂ ਭੁਜਾਵਾਂ ਸਨ ਤੇ ਓਨੇ ਹੀ ਹੱਥ...ਜਿਹਨਾਂ ਵਿਚੋਂ ਕਿਸੇ ਵਿਚ ਤਲਵਾਰ ਸੀ ਤੇ ਕਿਸੇ ਵਿਚ ਬਰਛੀ ਤੇ ਕਿਸੇ ਵਿਚ ਢਾਲ। ਇਕ ਹੱਥ ਵਿਚ ਕੱਟਿਆ ਹੋਇਆ ਸਿਰ ਸੀ, ਵਾਲਾਂ ਤੋਂ ਫੜ੍ਹਿਆ ਹੋਇਆ। ਤੇ ਮਹਿਪਤ ਨੂੰ ਲੱਗ ਰਿਹਾ ਸੀ, ਜਿਵੇਂ ਉਸਦਾ ਆਪਣਾ ਸਿਰ ਹੈ। ਪਰ ਦੁਰਗਾ ਦੀਆਂ ਛਾਤੀਆਂ, ਉਸਦੇ ਕੁਹਲੇ ਤੇ ਪੱਟ ਬਣਾਉਣ ਵਿਚ ਕਲਾਕਾਰ ਨੇ ਬੜੇ ਜਬਰ ਤੋਂ ਕੰਮ ਲਿਆ ਸੀ...। ਕੰਧਾਂ ਟੁੱਟੀਆਂ ਹੋਈਆਂ ਸਨ। ਉਹ ਕੋਈ ਗੱਲ ਨਹੀਂ ਸੀ, ਪਰ ਉਹਨਾਂ ਨਾਲ ਲਿਪਟੀ ਹੋਈ ਸਿਲ੍ਹ ਤੇ ਉਸ ਵਿਚ ਰਲਗਡ ਕਾਈ ਨੇ ਅਜੀਬ ਭਿਆਨਕ ਜਿਹਾ ਮਾਹੌਲ ਬਣਾ ਦਿੱਤਾ ਸੀ, ਜਿਸ ਨਾਲ ਚਿੱਤ ਨੂੰ ਕੁਝ ਹੋਣ ਲੱਗ ਪੈਂਦਾ ਸੀ। ਜਾਪਦਾ ਸੀ, ਉਹ ਕੰਧਾਂ ਨਹੀਂ, ਤਿੱਬਤੀ ਸਕੂਲ ਹੈ, ਜਿਸ ਉੱਤੇ ਸਵਰਗ ਤੇ ਨਰਕ ਦੇ ਨਕਸ਼ੇ ਬਣੇ ਨੇ। ਪਾਪੀਆਂ ਨੂੰ ਅਜਗਰ ਡਸ ਰਹੇ ਨੇ ਤੇ ਲਟਾਂ ਦੀਆਂ ਲਾਪਰੀਆਂ ਹੋਈਆਂ ਜੀਭਾਂ ਉਹਨਾਂ ਨੂੰ ਚੱਟ ਰਹੀਆਂ ਨੇ। ਪੂਰਾ ਸੰਸਾਰ ਕਾਲ ਦੇ ਵੱਡੇ-ਵੱਡੇ ਦੰਦਾਂ ਤੇ ਲੋਹੇ ਵਰਗੇ ਜਬਾੜਿਆਂ ਵਿਚ ਫਸਿਆ ਪਿਆ ਹੈ।
—ਉਹ ਲਾਜ਼ਮੀ ਨਰਕਾਂ ਵਿਚ ਜਾਏਗਾ...ਮਹਿਪਤ—ਜਾਣ ਦਿਓ!
ਕਲਿਆਣੀ ਵਾਪਸ ਆਈ ਤੇ ਆਉਂਦਿਆਂ ਹੀ ਉਸਨੇ ਆਪਣੇ ਕੱਪੜੇ ਲਾਹੁਣੇ ਸ਼ੁਰੂ ਕਰ ਦਿੱਤੇ।
ਮਰਦ ਤੇ ਔਰਤ ਦੀ ਇਹ ਖੇਡ—ਜਿਸ ਵਿਚ ਔਰਤ ਨੂੰ ਰੁਚੀ ਨਾ ਵੀ ਹੋਵੇ ਤਾਂ ਵੀ ਉਸਦਾ ਸਬੂਤ ਦੇਣਾ ਪੈਂਦਾ ਹੈ ਤੇ ਜੇ ਹੋਵੇ ਤਾਂ ਮਰਦ ਉਸਨੂੰ ਨਹੀਂ ਮੰਨਦਾ।
ਮਹਿਪਤ ਪਹਿਲਾਂ ਤਾਂ ਉਂਜ ਹੀ ਕਲਿਆਣੀ ਨੂੰ ਨੋਚਦਾ-ਪਲੋਸਦਾ ਰਿਹਾ। ਫੇਰ ਉਹ ਛਾਲ ਮਾਰ ਕੇ ਪਲੰਘ ਤੋਂ ਹੇਠਾਂ ਉਤਰ ਗਿਆ। ਉਹ ਕਲਿਆਣੀ ਨੂੰ ਨਹੀਂ, ਕਾਏਨਾਤ ਦੀ ਔਰਤ ਨੂੰ ਦੇਖਣਾ ਚਾਹੁੰਦਾ ਸੀ, ਕਿਉਂਕਿ ਕਲਿਆਣੀਆਂ ਤਾਂ ਆਉਂਦੀਆਂ ਨੇ ਤੇ ਚਲੀਆਂ ਜਾਂਦੀਆਂ ਨੇ। ਮਹਿਪਤ ਵੀ ਆਉਂਦੇ ਤੇ ਚਲਾ ਜਾਂਦੇ ਨੇ। ਪਰ ਔਰਤ ਉੱਥੇ ਹੀ ਰਹਿੰਦੀ ਹੈ ਤੇ ਮਰਦ ਵੀ। ਕਿਉਂ? ਇਹ ਸਭ ਸਮਝ ਵਿਚ ਨਹੀਂ ਆਉਂਦਾ। ਹਾਲਾਂਕਿ ਉਸ ਵਿਚ ਸਮਝਣ ਵਾਲੀ ਕੋਈ ਗੱਲ ਹੀ ਨਹੀਂ।
ਇਕ ਗੱਲ ਹੈ। ਸਤਯੁਗ, ਦੁਆਪਰ ਤੇ ਤਰੇਤਾ ਯੁਗ ਵਿਚ ਤਾਂ ਪੂਰਾ ਇਨਸਾਫ ਸੀ। ਫੇਰ ਵੀ ਔਰਤਾਂ ਮੁਹੱਬਤ ਵਿਚ ਓਹਲਾ ਕਿਉਂ ਰੱਖ ਜਾਂਦੀਆਂ ਸਨ? ਗਣਕਾ, ਵੇਸ਼ਯਾ ਕਿਉਂ ਸੀ? ਅੱਜ ਤਾਂ ਅਨਿਆਂ ਹੈ—ਪੈਰ ਪੈਰ 'ਤੇ ਅਨਿਆਂ। ਫੇਰ ਉਹਨਾਂ ਨੂੰ ਕਿਉਂ ਰੋਕਿਆ ਜਾਂਦਾ ਹੈ। ਕਿਉਂ ਉਹਨਾਂ ਉੱਤੇ ਕਾਨੂੰਨ ਬਣਾਏ ਜਾਂਦੇ ਨੇ? ਜਿਹੜਾ ਰੁਪਿਆ ਟਕਸਾਲ ਤੋਂ ਆਉਂਦਾ ਹੈ ਉਸਦੀ ਕੀਮਤ ਅੱਠ ਆਨੇ ਰਹਿ ਜਾਂਦੀ ਹੈ। ਗਰੀਬੀ ਤੇ ਵਾਧੂ ਧਨ ਦੇ ਪਾੜੇ ਨੂੰ ਪੂਰਨ ਦੀ ਜਿੰਨੀ ਲੋੜ ਅੱਜ ਹੈ, ਪਹਿਲਾਂ ਕਦੀ ਹੋਈ ਹੈ?...ਨੱਪ ਲੈ ਉਸਨੂੰ ਤਾਂ ਕਿ ਘਰ ਦੀ ਲਕਸ਼ਮੀ ਬਾਹਰ ਨਾ ਜਾਵੇ। ਪਰ ਦੌਲਤ, ਪੈਸਾ ਤਾਂ ਬਿੱਚ ਗੌਡੇਸ (Bitch Goddess) ਹੈ, ਜਿਹੜੀ ਕੁੱਤੀ ਬੂ 'ਤੇ ਆਵੇਗੀ...ਜਾਵੇਗੀ ਹੀ।
ਮਹਿਪਤ ਉਲਝਣਾ ਚਾਹੁੰਦਾ ਸੀ, ਇਸ ਲਈ ਉਸਨੂੰ ਕਾਏਨਾਤ ਦੀ ਔਰਤ ਦੇ ਵਿੰਗ ਵਲ ਖਾ ਗਏ। ਉਸਨੇ ਇਕ ਬੀਅਰ ਮਗਾਉਣ ਲਈ ਕਿਹਾ, ਪਰ ਇਸ ਤੋਂ ਪਹਿਲਾਂ ਕਿ ਕਲਿਆਣੀ ਦਾ ਕਾਲਾ ਵਜੂਦ ਉਠ ਕੇ ਮੁੰਡੂ ਨੂੰ ਆਵਾਜ਼ ਦੇਵੇ, ਉਹ ਖ਼ੁਦ ਹੀ ਬੋਲ ਪਿਆ—“ਰਹਿਣ ਦੇਅ।” ਤੇ ਉਸ ਨਜ਼ਾਰੇ ਨੂੰ ਵੇਖਣ ਲੱਗਾ ਜਿਹੜਾ ਨਸ਼ੇ ਨਾਲੋਂ ਵੀ ਵੱਧ ਸੀ। ਫੇਰ ਪਤਾ ਨਹੀਂ ਕੀ ਹੋਇਆ, ਮਹਿਪਤ ਨੇ ਝਪਟ ਕੇ ਏਨੇ ਜ਼ੋਰ ਨਾਲ ਕਲਿਆਣੀ ਦੀਆਂ ਲੱਤਾਂ ਵੱਖ ਕੀਤੀਆਂ ਕਿ ਉਹ ਵਿਲਕ ਉੱਠੀ। ਆਪਣੀ ਬਰਬਰਤਾ ਤੋਂ ਘਬਰਾਅ ਕੇ ਮਹਿਪਤ ਨੇ ਖ਼ੁਦ ਹੀ ਆਪਣੀ ਪਕੜ ਢਿੱਲੀ ਕਰ ਦਿੱਤੀ। ਹੁਣ ਕਲਿਆਣੀ ਪਲੰਘ 'ਤੇ ਪਈ ਸੀ ਤੇ ਮਹਿਪਤ ਗੋਡਿਆਂ ਦੇ ਭਾਰ ਹੇਠਾਂ ਫਰਸ਼ ਉੱਤੇ ਬੈਠਾ ਹੋਇਆ ਸੀ ਤੇ ਆਪਣੇ ਮੂੰਹ ਵਿਚ ਜ਼ਬਾਨ ਦੀ ਨੋਕ ਬਣਾ ਰਿਹਾ ਸੀ...ਕਲਿਆਣੀ ਲੇਟੀ ਹੋਈ ਉਪਰ ਛੱਤ ਵੱਲ ਦੇਖ ਰਹੀ ਸੀ, ਜਿੱਥੇ ਪੱਖੇ ਨਾਲ ਲਿਪਟਿਆ ਇਕ ਜਾਲਾ ਵੀ ਧੀਮੀ ਰਿਫ਼ਤਾਰ ਨਾਲ ਘੁੰਮ ਰਿਹਾ ਸੀ। ਫੇਰ ਅਚਾਨਕ ਕਲਿਆਣੀ ਨੂੰ ਕੁਝ ਹੋਣ ਲੱਗਿਆ। ਉਸਦੇ ਪੂਰੇ ਸਰੀਰ ਵਿਚ ਮਹਿਪਤ ਤੇ ਉਸਦੀ ਜ਼ਬਾਨ ਕਰਕੇ ਇਕ ਝੁਰਝੁਰੀ ਜਿਹੀ ਦੌੜ ਗਈ, ਤੇ ਉਹ ਉਸ ਕੀੜੇ ਵਾਂਗ ਛਟਪਟਾਈ, ਜਿਸਦੇ ਸਾਹਮਣੇ ਬੇਰਹਿਮ ਬੱਚੇ ਬਲਦੀ ਹੋਈ ਮਾਚਿਸ ਦੀ ਤੀਲੀ ਕਰ ਦਿੰਦੇ ਨੇ...
ਉਦੋਂ ਹੀ ਆਪਣੇ ਆਪ ਤੋਂ ਘਬਰਾ ਕੇ ਮਹਿਪਤ ਉੱਤੇ ਚੜ੍ਹ ਗਿਆ। ਉਸਦੇ ਸਰੀਰ ਵਿਚ ਬੇਹੱਦ ਤਣਾਅ ਸੀ ਤੇ ਬਿਜਲੀਆਂ ਸਨ, ਜਿਹਨਾਂ ਨੂੰ ਉਹ ਕਿਵੇਂ ਨਾ ਕਿਵੇਂ ਝਟਕ ਦੇਣਾ ਚਾਹੁੰਦਾ ਸੀ। ਉਸਦੇ ਹੱਥਾਂ ਦੀ ਪਕੜ ਏਨੀ ਮਜ਼ਬੂਤ ਸੀ ਕਿ ਜੱਬਰ ਤੋਂ ਜੱਬਰ ਆਦਮੀ ਉਸ ਤੋਂ ਨਹੀਂ ਸੀ ਛੁੱਟ ਸਕਦਾ। ਉਸਨੇ ਹੌਂਕਦਿਆਂ ਹੋਇਆਂ ਕਲਿਆਣੀ ਵੱਲ ਦੇਖਿਆ। ਉਸਨੂੰ ਯਕੀਨ ਹੀ ਨਹੀਂ ਸੀ ਆ ਰਿਹਾ ਕਿ ਇਕ ਪੇਸ਼ਾਵਰ ਔਰਤ ਦੀਆਂ ਛਾਤੀਆਂ ਦਾ ਵਜ਼ਨ ਅਚਾਨਕ ਵੱਧ ਸਕਦਾ ਹੈ ਤੇ ਉਸਦਾ ਘੇਰਾ ਤੇ ਦਾਣੇ ਫੈਲ ਕੇ ਆਪਣੇ ਉਭਾਰ, ਕੇਂਦਰ ਨੂੰ ਵੀ ਪਛਾੜ ਸਕਦੇ ਨੇ। ਉਹਨਾਂ ਦੇ ਇਰਦ-ਗਿਰਦ ਤੇ ਕੁਹਲਿਆਂ ਤੇ ਪੱਟਾਂ ਉੱਤੇ ਸੀਤਲਾ ਦੇ ਦਾਣੇ ਜਿਹੇ ਉਭਰ ਸਕਦੇ ਨੇ। ਆਪਣੀ ਵਹਿਸ਼ਤ ਵਿਚ ਉਹ ਇਸ ਸਮੇਂ ਕਾਏਨਾਤ ਦੀ ਔਰਤ ਨੂੰ ਵੀ ਭੁੱਲ ਗਿਆ ਤੇ ਮਰਦ ਨੂੰ ਵੀ। ਉਸਨੂੰ ਇਸ ਗੱਲ ਦਾ ਅਹਿਸਾਸ ਵੀ ਨਹੀਂ ਸੀ ਰਿਹਾ ਕਿ ਉਹ ਖ਼ੁਦ ਕਿੱਥੇ ਹੈ ਤੇ ਕਲਿਆਣੀ ਕਿੱਥੇ? ਉਹ ਕਿੱਥੇ ਖ਼ਤਮ ਹੁੰਦਾ ਹੈ ਕਲਿਆਣੀ ਕਿੱਥੋਂ ਸ਼ੁਰੂ ਹੁੰਦੀ ਹੈ? ਉਹ ਉਸ ਕਾਤਿਲ ਵਰਗਾ ਸੀ ਜਿਹੜਾ ਛੱਤ ਤੋਂ ਕਿਸੇ ਨੂੰ ਧੱਕਾ ਦੇ ਦਿੰਦਾ ਹੈ ਤੇ ਉਸਨੂੰ ਯਕੀਨ ਹੁੰਦਾ ਹੈ ਕਿ ਏਨੀ ਉਚਾਈ ਤੋਂ ਡਿੱਗ ਕੇ ਉਹ ਬਿਆਨ ਦੇਣ ਲਈ ਜਿਉਂਦਾ ਨਹੀਂ ਬਚੇਗਾ ਤੇ ਉਹ ਉਸ ਉੱਤੇ ਖ਼ੁਦਕਸ਼ੀ ਦਾ ਇਲਜ਼ਾਮ ਲਾ ਕੇ ਖ਼ੁਦ ਬਚ ਨਿਕਲੇਗਾ। ਇਕ ਧੁਰਲੀ ਜਿਹੀ ਮਾਰ ਕੇ ਉਸਨੇ ਆਪਣਾ ਪੂਰਾ ਭਾਰ ਕਲਿਆਣੀ ਉੱਤੇ ਲੱਦ ਦਿੱਤਾ।
ਇਕ ਦਿਲ ਹਿਲਾਅ ਦੇਣ ਵਾਲੀ ਚੀਕ ਨਿਕਲੀ ਤੇ ਇਕ ਬਿਲਬਿਲਾਹਟ ਜਿਹੀ ਸੁਣਾਈ ਦਿੱਤੀ। ਸਿੱਲ੍ਹ ਤੇ ਕਾਈ ਭਰੀ ਕੰਧ ਉੱਤੇ ਪੱਖੇ ਦੇ ਖੰਭ ਆਪਣੇ ਵੱਡੇ-ਵੱਡੇ ਪਰਛਾਵੇਂ ਪਾ ਰਹੇ ਸਨ। ਪਤਾ ਨਹੀਂ ਕਿਸ ਨੇ ਪੱਖਾ ਤੇਜ਼ ਕਰ ਦਿੱਤਾ ਸੀ। ਮਹਿਪਤ ਪਸੀਨੇ ਨਾਲ ਲੱਥਪੱਥ ਹੋਇਆ ਹੋਇਆ ਸੀ ਤੇ ਸ਼ਰਮਿੰਦਾ ਵੀ, ਕਿਉਂਕਿ ਕਲਿਆਣੀ ਰੋ ਰਹੀ ਸੀ, ਕਰਾਹ ਰਹੀ ਸੀ। ਸ਼ਾਹਿਦ, ਉਹ ਇਕ ਆਮ ਧੰਦੇ ਵਾਲੀ ਵਾਂਗ ਗਾਹਕ ਨੂੰ ਲੱਤ ਮਾਰਨੀ ਨਹੀਂ ਸੀ ਜਾਣਦੀ...ਤੇ ਜਾਂ ਫੇਰ ਉਹ ਏਨੇ ਚੰਗੇ ਗਾਹਕ ਨੂੰ ਗਵਾਉਣ ਲਈ ਤਿਆਰ ਨਹੀਂ ਸੀ।
ਸਿਰਹਾਣੇ ਵਿਚ ਮੂੰਹ ਗੱਡ ਕੇ ਕਲਿਆਣੀ ਮੂਧੀ ਪਈ ਹੋਈ ਸੀ ਤੇ ਉਸਦੇ ਮੋਢੇ ਸਿਸਕਦੇ ਹੋਏ ਨਜ਼ਰ ਆ ਰਹੇ ਸਨ। ਉਦੋਂ ਹੀ ਮਹਿਪਤ ਇਕ ਛਿਣ ਲਈ ਠਿਠਕਿਆ। ਫੇਰ ਅੱਗੇ ਵਧ ਕੇ ਉਸਨੇ ਕਲਿਆਣੀ ਦੇ ਚਿਹਰੇ ਨੂੰ ਹੱਥਾਂ ਵਿਚ ਲੈਣ ਦੀ ਕੋਸ਼ਿਸ਼ ਕੀਤੀ, ਪਰ ਕਲਿਆਣੀ ਨੇ ਉਸਨੂੰ ਪਰ੍ਹਾਂ ਧਰੀਕ ਦਿੱਤਾ। ਉਹ ਸੱਚਮੁੱਚ ਰੋ ਰਹੀ ਸੀ। ਉਸਦੇ ਚਿਹਰੇ ਨੂੰ ਪਕੜਨ ਦੀ ਕੋਸ਼ਿਸ਼ ਵਿਚ ਮਹਿਪਤ ਦੇ ਆਪਣੇ ਹੱਥ ਵੀ ਗਿੱਲੇ ਹੋ ਗਏ ਸਨ। ਅੱਥਰੂ ਤਾਂ ਆਪਣੇ ਆਪ ਨਹੀਂ ਨਿਕਲ ਆਉਂਦੇ। ਜਦੋਂ ਜਬਰ ਤੇ ਬੇਵੱਸੀ ਖ਼ੂਨ ਦੀ ਹੋਲੀ ਖੇਡਦੇ ਨੇ ਉਦੋਂ ਹੀ ਅੱਖਾਂ ਛਾਣ-ਪੁਣ ਕੇ ਉਸ ਲਹੂ ਨੂੰ ਚਿਹਰੇ ਉੱਤੇ ਲੈ ਆਉਂਦੀਆਂ ਨੇ। ਜੇ ਉਹਨਾਂ ਨੂੰ ਆਪਣੇ ਅਸਲੀ ਰੰਗ ਵਿਚ ਲੈ ਆਉਣ ਤਾਂ ਦੁਨੀਆਂ ਵਿਚ ਮਰਦ ਦਿਖਾਈ ਦੇਣ, ਨਾ ਔਰਤਾਂ।
ਕਲਿਆਣੀ ਨੇ ਆਪਣਾ ਚਿਹਰਾ ਛੁਡਾਅ ਲਿਆ।
ਮਹਿਪਤ ਪਹਿਲਾਂ ਸਿਰਫ ਸ਼ਰਮਿੰਦਾ ਸੀ, ਹੁਣ ਸੱਚਮੁੱਚ ਸ਼ਰਮਿੰਦਾ ਸੀ। ਉਸਨੇ ਕਲਿਆਣੀ ਤੋਂ ਮੁਆਫ਼ੀ ਮੰਗੀ ਤੇ ਮੰਗਦਾ ਹੀ ਰਿਹਾ। ਕਲਿਆਣੀ ਨੇ ਪਲੰਘ ਦੀ ਚਾਦਰ ਨਾਲ ਅੱਖਾਂ ਪੂੰਝੀਆਂ ਤੇ ਬੇਵਸੀ ਜਿਹੀ ਨਾਲ ਮਹਿਪਤ ਵੱਲ ਦੇਖਿਆ। ਫੇਰ ਉਹ ਉਠ ਕੇ ਦੋਵੇਂ ਬਾਹਾਂ ਪਸਾਰਦੀ ਹੋਈ ਉਸ ਨਾਲ ਲਿਪਟ ਗਈ ਤੇ ਉਸਦੀ ਚੌੜੀ ਛਾਤੀ ਉਪਰ ਆਪਣੇ ਘੰਗਰਾਲੇ ਵਾਲਾਂ ਵਾਲਾ ਕੋਂਕਣੀ ਸਿਰ ਰੱਖ ਦਿੱਤਾ। ਫੇਰ ਉਸਦੀ ਘਿੱਗੀ ਵੱਝ ਗਈ, ਜਿਸ ਵਿਚੋਂ ਨਿਕਲਣ ਵਿਚ ਮਹਿਪਤ ਨੂੰ ਹੋਰ ਵੀ ਮਜ਼ਾ ਆਇਆ—ਤੇ ਕਲਿਆਣੀ ਨੂੰ ਵੀ। ਉਸਨੇ ਆਪਣੇ ਘਾਤਕ ਦੀ ਪਛਾਣ ਕਰ ਲਈ। ਮਰਦ ਤਾਂ ਮਰਦ ਹੋਵੇਗਾ ਹੀ, ਪਿਓ ਵੀ ਤਾਂ ਹੈ, ਭਰਾ ਵੀ ਤਾਂ ਹੈ—ਔਰਤ ਔਰਤ ਹੀ ਸਹੀ, ਪਰ ਉਹ ਧੀ ਵੀ ਤਾਂ ਹੈ, ਭੈਣ ਵੀ ਤਾਂ ਹੈ...
ਤੇ ਮਾਂ...
ਮਹਿਪਤ ਦੀਆਂ ਅੱਖਾਂ ਵਿਚ ਸੱਚਮੁੱਚ ਦੇ ਪਛਤਾਵੇ ਨੂੰ ਦੇਖਦਿਆਂ ਹੀ ਤਸਵੀਰ ਉਲਟ ਗਈ। ਹੁਣ ਉਸਦਾ ਸਿਰ ਕਲਿਆਣੀ ਦੀ ਛਾਤੀ 'ਤੇ ਸੀ ਤੇ ਉਹ ਉਸਨੂੰ ਪਿਆਰ ਕਰ ਰਹੀ ਸੀ। ਮਹਿਪਤ ਚਾਹੁੰਦਾ ਸੀ ਕਿ ਉਹ ਇਸ ਕ੍ਰਿਆ ਨੂੰ ਸਿਰੇ ਲਾਏ ਬਗ਼ੈਰ ਹੀ ਉੱਥੋਂ ਚਲਾ ਜਾਵੇ ਪਰ ਕਲਿਆਣੀ ਇਹ ਬੇਇੱਜ਼ਤੀ ਬਰਦਾਸ਼ਤ ਨਹੀਂ ਸੀ ਕਰ ਸਕਦੀ।
ਕਲਿਆਣੀ ਨੇ ਫੇਰ ਆਪਣੇ ਆਪ ਨੂੰ ਪੀੜ ਭੋਗਣ ਦਿੱਤੀ। ਵਿਚਕਾਰ ਇਕ ਦੋ ਵਾਰੀ ਉਹ ਪੀੜ ਨਾਲ ਕੁਰਲਾਈ ਵੀ ਤੇ ਫੇਰ ਬੋਲੀ—“ਹਾਏ ਮੇਰਾ ਫੁੱਲ...ਰੱਬ ਦਾ ਵਾਸਤਾ ਈ...ਮੈਨੂੰ ਸੂਈ ਲਵਾਉਣੀ ਪਏਗੀ...।” ਫੇਰ ਹੌਲੀ-ਹੌਲੀ, ਆਹਿਸਤਾ-ਆਹਿਸਤਾ ਦੁੱਖ ਝੱਲਦਿਆਂ ਹੋਇਆਂ ਉਸਨੇ ਕਾਏਨਾਤ ਦੇ ਮਰਦ ਨੂੰ ਖ਼ਤਮ ਕਰ ਦਿੱਤਾ ਤੇ ਉਸਨੂੰ ਬੱਚਾ ਬਣਾ ਕੇ ਗੋਦ ਵਿਚ ਲੈ ਲਿਆ। ਮਹਿਪਤ ਦੇ ਹਰ ਉਲਟੇ ਸਾਹ ਦੇ ਨਾਲ ਕਲਿਆਣੀ ਬੜੀ ਨਰਮੀ, ਬੜੀ ਕੋਮਲਤਾ ਤੇ ਬੜੀ ਮਮਤਾ ਦੇ ਨਾਲ ਉਸਦਾ ਮੂੰਹ ਚੁੰਮ ਲੈਂਦੀ ਸੀ, ਜਿਸ ਵਿਚੋਂ ਸਿਗਰਟ ਤੇ ਸ਼ਰਾਬ ਦੀ ਬੋ ਆ ਰਹੀ ਸੀ।
ਧੋਆ-ਧਵਾਈ ਪਿੱਛੋਂ ਮਹਿਪਤ ਨੇ ਆਪਣਾ ਹੱਥ ਕੱਪੜਿਆਂ ਵਲ ਵਧਾਇਆ, ਪਰ ਕਲਿਆਣੀ ਨੇ ਫੜ੍ਹ ਲਿਆ ਤੇ ਬੋਲੀ—“ਮੈਨੂੰ ਵੀਹ ਰੁਪਏ ਹੋਰ ਦੇਅ।”
“ਵੀਹ ਰੁਪਏ?”
“ਹਾਂ।” ਕਲਿਆਣੀ ਨੇ ਕਿਹਾ, “ਮੈਂ ਤੇਰੇ ਗੁਣ ਗਾਵਾਂਗੀ। ਮੈਨੂੰ ਭੁੱਲੇ ਨਹੀਂ ਉਹ ਦਿਨ ਜਦੋਂ ਮੈਂ 'ਮੁਲਕ' ਗਈ ਸੀ, ਤੇ ਤੈਂ ਮੈਨੂੰ ਦੋ ਸੌ ਰੁਪਏ ਨਕਦ ਦਿੱਤੇ ਸੀ—ਮੈਂ ਕਾਰਦਾਰ ਦੇ ਵੱਡੇ ਮੰਦਰ 'ਚ ਤੇਰੇ ਲਈ ਇਕ ਲੱਤ ਉੱਤੇ ਖਲੋ ਕੇ ਪ੍ਰਾਰਥਨਾਂ ਕੀਤੀ ਸੀ ਤੇ ਕਿਹਾ ਸੀ—ਮੇਰੇ ਮਾਹੀ ਦੀ ਰੱਖਿਆ ਕਰੀਂ ਭਗਵਾਨ—ਉਸਨੂੰ ਲੰਮੀ ਉਮਰ ਦੇਈਂ, ਬਹੁਤ ਸਾਰੇ ਪੈਸਾ ਦੇਈਂ...।”
ਤੇ ਕਲਿਆਣੀ ਉਮੀਦ ਭਰੀਆਂ ਨਜ਼ਰਾਂ ਨਾਲ ਪਹਿਲੀ ਤੇ ਹੁਣ ਵਾਲੀ ਪ੍ਰਾਰਥਨਾਂ ਦਾ ਅਰਸ ਦੇਖਣ ਲੱਗੀ।
ਮਹਿਪਤ ਦੀਆਂ ਨਾਸਾਂ ਨਫ਼ਰਤ ਨਾਲ ਫੁੱਲਣ ਲੱਗੀਆਂ—ਧੰਦੇਬਾਜ਼ ਔਰਤ! ਪਿਛਲੀ ਵਾਰੀ ਦੋ ਸੌ ਰੁਪਏ ਲੈਣ ਤੋਂ ਪਹਿਲਾਂ ਵੀ ਇੰਜ ਹੀ ਟਸੁਏ ਬਹਾਏ ਸਨ ਇਸਨੇ—ਇਵੇਂ ਰੋਈ-ਡੁਸਕੀ ਸੀ, ਜਿਵੇਂ ਮੈਂ ਕੋਈ ਇਨਸਾਨ ਨਾ ਜਾਨਵਰ ਹੋਵਾਂ, ਹਬਸ਼ੀ ਹੋਵਾਂ...ਪਰ...ਹੋਰ ਵੀਹ ਰੁਪਏ? ਫੇਰ ਰੋਣ ਦੀ ਕੀ ਲੋੜ ਸੀ, ਅੱਥਰੂ ਵਹਾਉਣ ਦੀ? ਉਂਜ ਹੀ ਮੰਗ ਲੈਂਦੀ ਤਾਂ ਕੀ ਮੈਂ ਇਨਕਾਰ ਕਰ ਦਿੰਦਾ? ਜਾਣਦੀ ਵੀ ਹੈ, ਮੈਂ ਪੈਸਿਆਂ ਤੋਂ ਇਨਕਾਰ ਨਹੀਂ ਕਰਦਾ। ਦਰਅਸਲ ਇਨਕਾਰ ਕਰਨਾ ਆਉਂਦਾ ਹੀ ਨਹੀਂ ਮੈਨੂੰ। ਇਸ ਲਈ ਤਾਂ ਭਗਵਾਨ ਦਾ ਸੌ-ਸੌ ਸ਼ੁਕਰ ਕਰਦਾ ਹਾਂ ਕਿ ਮੈਂ ਔਰਤ ਪੈਦਾ ਨਹੀਂ ਹੋਇਆ, ਵਰਨਾ—ਮੈਂ ਤਾਂ ਇਧਰ ਮੂੰਹੋਂ ਮੰਗਿਆ ਦੇਣ ਦਾ ਕਾਇਲ ਹਾਂ, ਜਿਸ ਨਾਲ ਪਾਪ ਦਾ ਅਹਿਸਾਸ ਨਹੀਂ ਹੁੰਦਾ—ਅਜਿਹੇ ਆਦਮੀ ਦੀ ਹੀ ਤਾਂ ਉਡੀਕ ਕਰਦੀਆਂ ਰਹਿੰਦੀਆਂ ਨੇ ਇਹ—ਤੇ ਜਦੋਂ ਉਹ ਆਉਂਦਾ ਹੈ ਤਾਂ ਕੋਰੇ ਝੂਠ ਬੋਲਣ ਤੇ ਉਸਦੇ ਕੱਪੜੇ ਲਾਹੁਣ ਤੋਂ ਵੀ ਬਾਅਜ਼ ਨਹੀਂ ਆਉਂਦੀਆਂ। ਕਹਿੰਦੀਆਂ ਨੇ—ਮੈਂ ਸੋਚਿਆ ਸੀ ਤੁਸੀਂ ਮੰਗਲ ਨੂੰ ਜ਼ਰੂਰ ਆਓਗੇ...ਭਲਾ ਮੰਗਲ ਨੂੰ ਕੀ ਸੀ ਬਾਈ?...ਮੰਗਲ ਨੂੰ ਭਗਵਾਨ ਨੂੰ ਪ੍ਰਾਰਥਨਾਂ ਕੀਤੀ ਸੀ।...ਇਹ ਰੋਣਾ...ਸ਼ਾਇਦ ਸੱਚੀਂ ਰੋਈ ਹੋਵੇ...ਮੈਂ ਵੀ ਤਾਂ ਇਕ ਅੰਨ੍ਹੇ ਵਾਂਗ ਕਿਧਰੇ ਵੀ ਜਾਣ ਦਿੱਤਾ ਆਪਣੇ ਆਪ ਨੂੰ। ਅੱਗਾ ਦੇਖਿਆ ਨਾ ਪਿੱਛਾ—ਪਿੱਛਾ ਕਿੰਨਾ ਚੰਗਾ ਸੀ!...ਪਰ ਮੈਂ ਜੋ ਤਕਲੀਫ਼ ਦਿੱਤੀ ਹੈ ਉਸਨੂੰ, ਉਸਤੋਂ ਨਿਜਾਤ ਪਾਉਣ ਦਾ ਇਕੋ ਹੀ ਤਰੀਕਾ ਹੈ—ਦੇ ਦਿਓ ਰੁਪਏ...ਪਰ ਕਿਉਂ? ਪਹਿਲਾਂ ਹੀ ਮੈਂ ਉਸਨੂੰ ਦੋ ਟੈਮਾਂ ਦੇ ਪੈਸੇ ਦਿੱਤੇ ਹੋਏ ਨੇ ਤੇ ਇਕੋ ਟੈਮ...
ਮਹਿਪਤ ਨੂੰ ਦੁਚਿੱਤੀ ਵਿਚ ਵੇਖ ਕੇ ਕਲਿਆਣੇ ਨੇ ਕਿਹਾ—“ਕਿਹੜੀਆਂ ਸੋਚਾਂ ਵਿਚ ਪੈ ਗਿਐਂ? ਦੇ ਦੇ ਨਾ—ਮੇਰਾ ਬੱਚਾ ਤੈਨੂੰ ਅਸੀਸਾਂ ਦੇਵੇਗਾ।”
“ਤੇਰਾ ਬੱਚਾ?”
“ਹਾਂ—ਤੈਂ ਨਹੀਂ ਦੇਖਿਆ?”
“ਨਹੀਂ...ਕਿੱਥੇ, ਕਿਸ ਤੋਂ ਲਿਆ?”
ਕਲਿਆਣੀ ਹੱਸ ਪਈ। ਫੇਰ ਉਹ ਸ਼ਰਮਾ ਗਈ। ਤੇ ਫੇਰ ਬੋਲੀ—“ਕੀ ਮਤਲਬ? ਮੈਨੂੰ ਸ਼ਕਲ ਥੋੜ੍ਹਾ ਈ ਚੇਤੇ ਰਹਿੰਦੀ ਐ? ਕੀ ਪਤਾ ਤੇਰਾ ਈ ਹੋਵੇ...”
ਮਹਿਪਤ ਨੇ ਘਬਰਾ ਕੇ ਕੁੜਤੇ ਦੀ ਜੋਬ ਵਿਚੋਂ ਵੀਹ ਰੁਪਏ ਕੱਢ ਕੇ ਕਲਿਆਣੀ ਦੀ ਹਥੇਲੀ ਉੱਤੇ ਰੱਖ ਦਿੱਤੇ ਜਿਹੜੀ ਅਜੇ ਤਕ ਨੰਗੀ ਖੜ੍ਹੀ ਸੀ ਤੇ ਜਿਸਦੇ ਲੱਕ ਦੇ ਕੁਹਲਿਆਂ ਉੱਤੇ ਝੁੱਲ ਰਹੀ ਚਾਂਦੀ ਦੀ ਚੇਨੀ ਚਮਕ ਰਹੀ ਸੀ। ਇਕ ਹਲਕੇ ਜਿਹੇ ਹੱਥ ਨਾਲ ਕਲਿਆਣੀ ਦਾ ਪਿੱਛਾ ਥਪਥਪਾਂਦਿਆਂ ਹੋਇਆਂ ਮਹਿਪਤ ਨੇ ਕੁਝ ਹੋਰ ਸੋਚ ਲਿਆ। ਕਲਿਆਣੀ ਨੇ ਸਾੜ੍ਹੀ ਅਜੇ ਲਪੇਟੀ ਹੀ ਸੀ ਕਿ ਉਹ ਬੋਲਿਆ—“ਜੇ ਇਕ ਟੈਮ ਹੋਰ ਲਾ ਲਵਾਂ ਤਾਂ?”
“ਪੈਸੇ ਆਏ ਹੋਏ ਆ।” ਕਲਿਆਣੀ ਨੇ ਬਿਨਾਂ ਕਿਸੇ ਝਿਜਕ ਦੇ ਕਿਹਾ ਤੇ ਆਪਣੀ ਸਾੜ੍ਹੀ ਲਾਹ ਕੇ ਪਲੰਘ ਉੱਤੇ ਸੁੱਟ ਦਿੱਤੀ। ਚੁਲੂੰ-ਚੁਲੂੰ ਕਰਦਾ ਹੋਇਆ ਉਸਦਾ ਮਾਸ ਹੁਣ ਮਾਰ ਭੁੱਲ ਚੁੱਕਿਆ ਸੀ। ਸ਼ੈਤਾਨੀਅਤ ਨੂੰ ਭੋਗ ਵੀ ਚੁੱਕਿਆ ਸੀ ਤੇ ਭੁੱਲ ਵੀ ਚੁੱਕਿਆ ਸੀ ਉਹ...ਪਰ ਮਹਿਪਤ ਨੇ ਸਿਰ ਹਿਲਾਅ ਦਿੱਤਾ—“ਹੁਣ ਦਮ ਨਹੀਂ ਰਿਹਾ!”
“ਹੂੰ...” ਕਲਿਆਣੀ ਨੇ ਕਿਹਾ—“ਬੜੇ ਜਣੇ ਆਉਂਦੇ ਐ ਮੇਰੇ ਕੋਲ ਪਰ ਤੇਰੇ ਵਰਗਾ ਕੜਕ ਮੈਂ ਨਹੀਂ ਦੇਖਿਆ, ਸੱਚੀਂ—ਤੂੰ ਤੇ ਚਲਾ ਜਾਨੈਂ, ਪਰ ਬੜੇ ਦਿਨ ਇਹ ਧਰਨ ਥਾਵੇਂ ਨਹੀਂ ਆਉਂਦੀ।”
ਚੰਦ ਟੋਏ 'ਚੋਂ ਸਰਕ ਗਿਆ ਸੀ। ਕੋਈ ਬਿਲਕੁਲ ਹੀ ਲੇਟ ਜਾਏ ਤਾਂ ਉਸਨੂੰ ਦੇਖ ਸਕੇ। ਉਦੋਂ ਹੀ ਕਲਿਆਣੀ ਮਹਿਪਤ ਦਾ ਹੱਥ ਫੜ੍ਹ ਕੇ ਉਸ ਕਮਰੇ ਵਿਚ ਲੈ ਆਈ, ਜਿੱਥੇ ਗਿਰਜਾ, ਸੁੰਦਰੀ, ਜਾੜੀ ਵਗ਼ੈਰਾ ਸਨ। ਜਾੜੀ ਮਿਸਤਰੀ ਨੂੰ ਤੇ ਉਸ ਪਿੱਛੋਂ ਇਕ ਹੋਰ ਕਾਹਲੇ ਨੂੰ ਵੀ ਭੁਗਤਾ ਚੁੱਕੀ ਸੀ। ਇਕ ਸਰਦਾਰ ਨਾਲ ਝਗੜਾ ਕਰ ਹਟੀ ਸੀ। ਜਦੋਂ ਮਹਿਪਤ ਆਇਆ ਸੀ ਤਾਂ ਉਸਨੇ ਖ਼ੁਰਸ਼ੀਦ ਨੂੰ ਕੁਹਣੀ ਮਾਰੀ ਕੇ ਕਿਹਾ ਸੀ—“ਆ ਗਿਆ, ਕਲਿਆਣੀ ਦਾ ਬੰਦਾ!...” ਇਸ ਲਈ ਕਿ ਪਹਿਲਾਂ ਜਦੋਂ ਵੀ ਮਹਿਪਤ ਇਧਰ ਆਇਆ ਸੀ ਤਾਂ ਹਮੇਸ਼ਾ ਕਲਿਆਣ ਕੋਲ ਹੀ ਜਾਂਦਾ ਸੀ...
ਕਲਿਆਣੀ ਨਾਲ ਖੋਲੀ ਵਿਚ ਆਉਂਦਿਆਂ ਹੋਇਆਂ, ਮਹਿਪਤ ਨੇ ਬਾਥਰੂਮ ਕੋਲ ਪਈ ਗਠੜੀ ਵੱਲ ਦੇਖਿਆ, ਜਿਸ ਕੋਲ ਬੈਠੀ ਹੋਈ ਗਿਰਜਾ ਆਪਣੇ ਪੱਲੇ ਨਾਲ ਉਸਨੂੰ ਹਵਾ ਝੱਲ ਰਹੀ ਸੀ। ਕਲਿਆਣੀ ਨੇ ਗਠੜੀ ਨੂੰ ਚੁੱਕ ਲਿਆ ਤੇ ਮਹਿਪਤ ਕੋਲ ਲਿਆਉਂਦੀ ਹੋਈ ਬੋਲੀ—“ਦੇਖ, ਦੇਖ ਮੇਰਾ ਬੱਚਾ...”
ਮਹਿਪਤ ਨੇ ਉਸ ਲਿਜਲਿਜੇ ਚਾਰ ਪੰਜ ਮਹੀਨਿਆਂ ਦੇ ਬੱਚੇ ਵੱਲ ਦੇਖਿਆ, ਜਿਸਨੂੰ ਗੋਦ ਵਿਚ ਚੁੱਕੀ ਖੜ੍ਹੀ ਕਲਿਆਣੀ ਕਹਿ ਰਹੀ ਸੀ—“ਇਸ ਹਲਕਟ ਨੂੰ ਪੈਦਾ ਕਰਨ, ਦੁੱਧ ਪਿਆਉਣ ਕਰਕੇ ਮੇਰੀ ਇਹ ਹਾਲਤ ਹੋ ਗਈ ਆ। ਖਾਣ ਨੂੰ ਤਾਂ ਕੁਛ ਮਿਲਦਾ ਨਹੀਂ...ਜੇ ਤੂੰ ਆਉਂਦਾ ਤਾਂ...”
ਫੇਰ ਅਚਾਨਕ ਮਹਿਪਤ ਦੇ ਕੰਨ ਕੋਲ ਮੂੰਹ ਕਰਕੇ ਕਲਿਆਣੀ ਬੋਲੀ—“ਸੁੰਦਰੀ ਦੇਖੀ? ਤੂੰ ਕਹੇਂ ਤਾਂ ਅਗਲੇ ਟੈਮ ਲਈ ਸੁੰਦਰੀ ਨੂੰ ਭੇਜ ਦੇਵਾਂ...ਨਹੀਂ, ਨਹੀਂ। ਪਰਸੋਂ ਤਾਈਂ ਮੈਂ ਆਪ ਈ ਠੀਕ ਹੋ ਜਾਵਾਂਗੀ।...ਇਸ ਸਾਰੇ ਜਖ਼ਮ ਆਠਰ ਜਾਣਗੇ ਨਾ...” ਤੇ ਕਲਿਆਣੀ ਨੇ ਆਪਣੀ ਛਾਤੀ ਤੇ ਆਪਣੇ ਕੁਹਲਿਆਂ ਨੂੰ ਛੂਹੰਦਿਆਂ ਕਿਹਾ—“ਇਹ ਸਭ ਤੂੰ ਜਿਹਨਾਂ ਨਾਲ ਆਪਣੇ ਹੱਥ ਭਰਦੈਂ, ਆਪਣੀਆਂ ਬਾਹਾਂ ਭਰਦੈਂ—ਠੀਕ ਐ, ਕੁਸ਼ ਹੱਥ ਵੀ ਤਾਂ ਆਉਣਾ ਚਾਹੀਦਾ ਐ—ਸੁੰਦਰੀ ਲੈਣੀ ਹੋਏ ਤਾਂ ਮੈਨੂੰ ਦੱਸੀਂ। ਅਸੀਂ ਸਭ ਠੀਕ ਕਰ ਦਿਆਂਗੀਆਂ। ਪਰ ਤੂੰ ਆਵੀਂ ਮੇਰੇ ਕੋਲ। ਗਿਰਜਾ ਕੋਲ ਨਹੀਂ। ਉਲਝਣਾ, ਊਂ-ਆਂ ਗੱਲਾਂ ਕਰਨੀਆਂ, ਵੱਡਾ ਨਖ਼ਰਾ ਐ ਉਸਦਾ...” ਤੇ ਫੇਰ ਬੱਚੇ ਨੂੰ ਆਪਣੀਆਂ ਬਾਹਾਂ ਵਿਚ ਝੁਲਾਉਂਦੀ ਹੋਈ ਕਲਿਆਣੀ ਨੇ ਕਿਹਾ—
“ਮੈਂ ਇਸ ਦਾ ਨਾਂਅ ਅਚਮੀ ਰੱਖਿਆ ਐ”
“ਅਚਮੀ! ਅਚਮੀ ਕੀ?”
“ਇਹ ਤਾਂ ਮੈਨੂੰ ਵੀ ਨੀਂ ਪਤਾ”—ਕਲਿਆਣੀ ਨੇ ਜਵਾਬ ਦਿੱਤਾ ਤੇ ਫੇਰ ਥੋੜ੍ਹਾ ਜਿਹਾ ਹੱਸੀ—“ਕੋਈ ਆਇਆ ਸੀ ਕਸਟਮਰ, ਬੋਲਿਆ—'ਮੇਰਾ ਤੇਰੇ ਠਹਿਰ ਗਿਆ ਤਾਂ ਉਸਦਾ ਨਾਂਅ ਅਚਮੀ ਰੱਖੀਂ।' ਇਹ ਤਾਂ ਮੈਂ ਨਹੀਂ ਕਹਿ ਸਕਦੀ ਉਸੇ ਦਾ ਠਹਿਰਿਆ ਕਿ ਕਿਸਦਾ, ਪਰ ਨਾਂਅ ਯਾਦ ਰਹਿ ਗਿਆ ਸੀ ਮੈਨੂੰ। ਉਹ ਤਾਂ ਫੇਰ ਆਇਆ ਈ ਨੀਂ ਤੇ ਤੂੰ ਵੀ ਕੁਸ਼ ਨਹੀਂ ਕਿਹਾ”...ਤੇ ਫੇਰ ਫੇਰ ਹੱਸਦੀ ਹੋਈ ਬੋਲੀ—“ਅੱਛਾ ਅਗਲੇ ਟੈਮ ਦੇਖਾਂਗੇ...”
ਮਹਿਪਤ ਨੇ ਇਕ ਨਜ਼ਰ ਅਚਮੀ ਵੱਲ ਦੇਖਿਆ ਤੇ ਫੇਰ ਆਲੇ-ਦੁਆਲੇ ਦੇ ਮਾਹੌਲ ਵੱਲ—'ਏਥੇ ਪਲੇਗਾ ਇਹ ਬੱਚਾ? ਬੱਚਾ—ਮੈਂ ਤਾਂ ਸਮਝਦਾ ਸੀ, ਇਹਨਾਂ ਕੁੜੀਆਂ ਕੋਲ ਆਉਂਦਾ ਹਾਂ ਤਾਂ ਮੈਂ ਕੋਈ ਪਾਪਾ ਨਹੀਂ ਕਰਦਾ। ਇਹ ਦਸ ਦੀ ਆਸ ਰੱਖਦੀਆਂ ਨੇ ਤਾਂ ਮੈਂ ਵੀਹ ਦੇਂਦਾ ਹਾਂ—ਇਹ ਬੱਚਾ?'
-'ਏਥੇ ਤਾਂ ਦਮ ਘੁਟਦਾ ਏ...ਜਾਂਦਿਆਂ ਹੋਇਆਂ ਤਾਂ ਘੁਟਦਾ ਈ ਏ।'
ਮਹਿਪਤ ਨੇ ਜੇਬ ਵਿਚੋਂ ਪੰਜ ਦਾ ਨੋਟ ਕੱਢਿਆ ਤੇ ਉਸਨੂੰ ਬੱਚੇ ਉੱਤੇ ਰੱਖ ਦਿੱਤਾ—“ਇਹ ਇਸ ਦੁਨੀਆਂ ਵਿਚ ਆਇਆ ਏ, ਇਸ ਲਈ ਇਹ ਇਸਦੀ ਦੱਛਣਾ।”
“ਨਹੀਂ-ਨਹੀਂ, ਇਹ ਮੈਂ ਨਹੀਂ ਲੈਣੇ।”
“ਲੈਣੇ ਪੈਣਗੇ, ਤੂੰ ਨਾਂਹ ਨਹੀਂ ਕਰ ਸਕਦੀ।”
ਫੇਰ ਵਾਕਈ ਕਲਿਆਣੀ ਨਾਂਹ ਨਹੀਂ ਸੀ ਕਰ ਸਕੀ। ਬੱਚੇ ਦੀ ਖ਼ਾਤਰ? ਮਹਿਪਤ ਨੇ ਕਲਿਆਣੀ ਦੇ ਮੋਢੇ 'ਤੇ ਹੱਥ ਰੱਖਦਿਆਂ ਹੋਇਆਂ ਕਿਹਾ—“ਮੈਨੂੰ ਮੁਆਫ਼ ਕਰ ਦੇਅ ਕਲਿਆਣੀ, ਮੈਂ ਸੱਚਮੁੱਚ ਅੱਜ ਤੇਰੇ ਨਾਲ ਜਾਨਵਰਾਂ ਵਾਲਾ ਸਲੂਕ ਕੀਤਾ ਏ।” ਪਰ ਮਹਿਪਤ ਦੀ ਗੱਲ ਤੋਂ ਬਿਲਕੁਲ ਪਤਾ ਨਹੀਂ ਲੱਗ ਰਿਹਾ ਸੀ ਕਿ ਉਹ ਹੁਣ ਇੰਜ ਨਹੀਂ ਕਰੇਗਾ। ਜ਼ਰੂਰ ਕਰੇਗਾ—ਇਸੇ ਗੱਲ ਦਾ ਤਾਂ ਨਸ਼ਾ ਸੀ ਉਸਨੂੰ, ਬੀਅਰ ਤਾਂ ਵਾਧੂ ਦੀ ਗੱਲ ਸੀ।
ਕਲਿਆਣੀ ਨੇ ਜਵਾਬ ਦਿੱਤਾ—“ਕੋਈ ਗੱਲ ਨਹੀਂ, ਪਰ ਤੂੰ ਅੱਜ ਖ਼ਲਾਸ ਕਰ ਦਿੱਤੈ, ਮਾਰ ਦਿੱਤੈ ਮੈਨੂੰ।” ਤੇ ਉਹ ਇਹ ਸ਼ਿਕਾਇਤ ਕੁਝ ਇਸ ਢੰਗ ਨਾਲ ਕਰ ਰਹੀ ਸੀ, ਜਿਵੇਂ ਮਰਨਾ ਹੀ ਤਾਂ ਚਾਹੁੰਦੀ ਸੀ ਉਹ। ਕੀ ਇਸ ਲਈ ਕਿ ਪੈਸੇ ਮਿਲਦੇ ਨੇ, ਪੇਟ ਪਲਦਾ ਹੈ?...ਨਹੀਂ...ਹਾਂ, ਜਦੋਂ ਭੁੱਖ ਨਾਲ ਢਿੱਡ ਦੁਖਦਾ ਹੈ, ਤਾਂ ਜਾਪਦਾ ਹੈ ਦੁਨੀਆਂ ਵਿਚ ਸਾਰੇ ਮਰਦ ਮੁੱਕ ਗਏ ਨੇ—ਔਰਤਾਂ ਮਰ ਰਹੀਆਂ ਨੇ...
ਮਹਿਪਤ ਨੇ ਪੁੱਛਿਆ—“ਇਹ ਅਚਮੀ ਮੁੰਡਾ ਏ ਜਾਂ ਕੁੜੀ?”
ਇਕ ਅਜੀਬ ਜਿਹੀ ਚਮਕ ਨੇ ਕਲਿਆਣੀ ਦੇ ਸੁਤੇ ਹੋਏ, ਮਾਰ ਖਾਧੇ ਹੋਏ, ਚਿਹਰੇ ਉੱਤੇ ਰੌਣਕ ਲਿਆ ਦਿੱਤੀ ਤੇ ਉਹ ਚਿਹਰੇ ਦੀਆਂ ਪੰਖੜੀਆਂ ਖੋਲ੍ਹਦੀ ਹੋਈ ਬੋਲੀ—“ਮੁੰਡਾ!”
ਫੇਰ ਕਲਿਆਣੀ ਨੇ ਕਾਹਲ ਨਾਲ ਅਚਮੀ ਦਾ ਲੰਗੋਟ ਖੋਲ੍ਹਿਆ ਤੇ ਦੋਵਾਂ ਹੱਥਾਂ ਨਾਲ ਚੁੱਕ ਕੇ ਅਚਮੀ ਦੇ ਮੁੰਡਾ ਹੋਣ ਦੀ ਤਸਦੀਕ ਮਹਿਪਤ ਨੂੰ ਕਰਵਾ ਦਿੱਤੀ ਤੇ ਖਿੜ ਕੇ ਬੋਲੀ—“ਦੇਖ, ਦੇਖਿਆ...”
ਮਹਿਪਤ ਤੁਰਨ ਲੱਗਿਆ ਤਾਂ ਕਲਿਆਣੀ ਨੇ ਪੁੱਛਿਆ—“ਹੁਣ ਤੈਂ ਕਦੋਂ ਆਵੇਂਗਾ ਜੀ?”
“ਛੇਤੀ ਹੀ...” ਮਹਿਪਤ ਨੇ ਘਬਰਾ ਕੇ ਜਵਾਬ ਦਿੱਤਾ ਤੇ ਫੇਰ ਉਹ ਬਾਹਰ ਕਿਤੇ ਰੌਸ਼ਨੀਆਂ ਵਿਚ ਮੂੰਹ ਲਕੋਣ ਖਾਤਰ ਨਿਕਲ ਗਿਆ।
(ਅਨੁਵਾਦ: ਮਹਿੰਦਰ ਬੇਦੀ, ਜੈਤੋ)

  • ਮੁੱਖ ਪੰਨਾ : ਰਾਜਿੰਦਰ ਸਿੰਘ ਬੇਦੀ ਦੀਆਂ ਕਹਾਣੀਆਂ ਪੰਜਾਬੀ ਵਿਚ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ