Kandiali Dharti (Punjabi Story) : Jarnail Singh

ਕੰਡਿਆਲ਼ੀ ਧਰਤੀ (ਕਹਾਣੀ) : ਜਰਨੈਲ ਸਿੰਘ

ਫਿਜ਼ਾ ਵਿੱਚ ਹੁੰਮ੍ਹ ਪਸਰਿਆ ਹੋਇਆ ਸੀ। ਸੂਰਜ ਦੀਆਂ ਤੇਜ਼ ਕਿਰਨਾਂ ਮੱਕੀ ਦੇ ਟਾਂਡਿਆਂ ਨੂੰ ਚੀਰਦੀਆਂ ਹੋਈਆਂ ਧਰਤੀ ਨੂੰ ਤੀਰਾਂ ਵਾਂਗ ਵਿੰਨ੍ਹ ਰਹੀਆਂ ਸਨ। ਮੱਕੀ ਦੇ ਲਾਗਲੇ ਖੇਤ ਵਿੱਚਲੇ ਕਮਾਦ ਦੀ ਹਰਿਆਵੱਲ ਸੂਰਜ ਦੀ ਲਾਖੀ ਧੁੱਪ ਵਿੱਚ ਕਾਲੇ ਰੰਗੀ ਭਾਅ ਮਾਰ ਰਹੀ ਸੀ। ਮੱਕੀ ਦੇ ਚੁਫੇਰੇ, ਸਨੇਰ ਦੇ ਉੱਚੇ-ਉੱਚੇ ਬਾਜਰੇ ਦੇ ਸਿੱਟਿਆਂ ਨੂੰ ਚਿੜੀਆਂ ਠੂੰਗੇ ਮਾਰ-ਮਾਰ ਨੋਚ ਰਹੀਆਂ ਸਨ।
ਮੱਕੀ ਵੱਢ ਰਹੇ ਕੁੰਦਨ ਦਾ ਕੁੜਤਾ ਪਸੀਨੇ ਨਾਲ਼ ਭਿੱਜਿਆ ਹੋਇਆ ਸੀ। ਉਸਦੀ ਦਾਹੜੀ ਵਿੱਚ ਵਿਰਲੇ-ਵਿਰਲੇ ਚਿੱਟੇ ਵਾਲ਼ ਕਾਲੇ ਵਾਲ਼ਾਂ ਉੱਤੇ ਭਾਰੂ ਹੋ ਗਏ ਜਾਪਦੇ ਸਨ।
ਕੁੰਦਨ ਨੇ ਦਾਤੀ ਨੂੰ ਖੱਬੇ ਹੱਥ ਵਿੱਚ ਕਰਕੇ, ਸੱਜੇ ਹੱਥ ਦੇ ਅੰਗੂਠੇ ਨਾਲ਼ ਵਾਲੀ ਉਂਗਲ ਨਾਲ਼ ਮੱਥੇ ਤੋਂ ਪਸੀਨਾ ਪੂੰਝਿਆ। ਤ੍ਰੇਹ ਮਹਿਸੂਸ ਕਰਦਿਆਂ ਉਸਨੇ ਇੱਕ ਸੱਥਰ ਥੱਲਿਉਂ ਲੱਸੀ ਦਾ ਕੁੱਜਾ ਕੱਢਿਆ ਤੇ ਕੁੱਜੇ ਉੱਪਰਲੇ ਛੰਨੇ ਵਿੱਚ ਲੱਸੀ ਪਾ ਕੇ ਪੀਣ ਲੱਗ ਪਿਆ। ਲੱਸੀ ਦਾ ਇਹ ਕੁੱਜਾ ਉਸਦੀ ਪਤਨੀ ਛਾਹ-ਵੇਲ਼ਾ ਖੁਆਉਣ ਆਈ ਰੱਖ ਗਈ ਸੀ। ਲੱਸੀ ਪੀਣ ਨਾਲ਼ ਕੁਝ ਚੈਨ ਮਿਲੀ। ਛੰਨੇ ਨੂੰ ਸੁਕ-ਮਾਂਜ ਕਰਕੇ, ਕੁੱਜੇ ਉੱਤੇ ਟਿਕਾ, ਉਹ ਟੱਕ ਵੱਲ ਨੂੰ ਟੁਰ ਪਿਆ।
"ਲੱਗਾ ਆਂ ਬਈ ਕੁੰਦਨਾ।"
"ਆ ਬਈ ਚੇਤੂ।" ਚੇਤੂ ਦੀ ਆਮਦ ਨਾਲ਼ ਕੁੰਦਨ ਨੂੰ ਇੰਜ ਮਹਿਸੂਸ ਹੋਇਆ ਜਿਵੇਂ ਹੁੰਮ੍ਹ ਘਟ ਗਿਆ ਹੋਵੇ।
"ਕੱਲਾ ਈ ਲੱਗਾ ਆਂ।" ਚੇਤੂ ਦੀਆਂ ਨਿੱਕੀਆਂ-ਨਿੱਕੀਆਂ ਅੱਖਾਂ ਸਾਰੇ ਖੇਤ ਦਾ ਜਾਇਜ਼ਾ ਲੈ ਰਹੀਆਂ ਸਨ।
"ਮੇਰੀ ਕਿਹੜੀ 20 ਘੁਮਾਂ ਆਂ, ਜਿਹੜੀ ਵੱਢ ਨਹੀਂ ਹੋਣੀ, ਆਹ ਢਾਈ ਕਨਾਲ ਤਾਂ ਖੱਤਾ ਆ ਸਾਰਾ।"
"ਬਾਕੀ?"
"ਬਾਕੀ ਅਜੇ ਚੰਗੀ ਤਰ੍ਹਾਂ ਪੱਕੀ ਨਹੀਂ" ਦਾਤੀ ਨਾਲ ਆਪਣੀ ਲੱਤ 'ਤੇ ਖੁਰਕ ਕਰਦਿਆਂ ਉਹ ਬੋਲਿਆ, "ਤੂੰ ਕਿੱਧਰ ਚੜ੍ਹਾਈ ਕੀਤੀ ਆ?"
"ਤੇਰੇ ਕੋਲ਼ ਈ ਆਇਆਂ।"
"ਦੱਸ।"
"ਓ ਯਾਰ! ਸੋਹਣ ਦੇ ਨਿਆਣੇ ਆਇਉ ਆ, ਛੱਲੀਆਂ ਮੰਗਦੇ ਆ।" ਸੋਹਣ ਚੇਤੂ ਦਾ ਪੁੱਤਰ ਸੀ ਜੋ ਯੂ.ਪੀ. ਦੇ ਇੱਕ ਸ਼ਹਿਰ ਵਿੱਚ ਨੌਕਰੀ ਕਰਦਾ ਸੀ।
"ਅੱਛਾ ਦੇਖ ਲੈਨੇ ਆਂ, ਪਹਿਲਾਂ ਆਹ ਪਰਾਤ ਬੰਨੇ ਲੁਆ।" ਤੇ ਚੇਤੂ ਦਾ ਜਵਾਬ ਉਡੀਕੇ ਬਿਨਾਂ ਹੀ ਕੁੰਦਨ ਲੱਸੀ ਦੇ ਕੁੱਜੇ ਕੋਲੋਂ ਦੂਜੀ ਦਾਤੀ ਚੁੱਕ ਲਿਆਇਆ ਤੇ ਉਸ ਦੇ ਹੱਥ ਫੜਾ ਦਿੱਤੀ।
ਚੇਤੂ ਜੁਲਾਹਾ ਇਸ ਘਰ ਨਾਲ਼ ਕਾਫ਼ੀ ਚਿਰ ਤੋਂ ਜੁੜਿਆ ਹੋਇਆ ਸੀ। ਕੁੰਦਨ ਦੇ ਪਿਉ ਨਾਲ਼ ਚੇਤੂ ਦਾ ਕਾਫ਼ੀ ਨੇੜ ਰਿਹਾ ਸੀ। ਗੋਡੀ-ਵਾਢੀ ਸਮੇਂ ਜਦੋਂ ਵੀ ਕੁੰਦਨ ਦੇ ਪਿਉ ਨੂੰ ਕਾਮਿਆਂ ਦੀ ਲੋੜ ਪੈਂਦੀ, ਚੇਤੂ ਲੋੜ ਅਨੁਸਾਰ ਦੋ-ਚਾਰ ਬੰਦੇ ਹੋਰ ਨਾਲ਼ ਲੈ ਕੇ ਉਨ੍ਹਾਂ ਨਾਲ਼ ਕੰਮ ਕਰਵਾਉਣ ਪਹੁੰਚ ਜਾਂਦਾ। ਚੇਤੂ ਨੂੰ ਵੀ ਪਿੰਡ ਦੇ ਬਾਕੀ ਜੱਟਾਂ ਨਾਲੋ.ੋਂ ਕੁੰਦਨ ਹੋਰਾਂ 'ਤੇ ਕੁਝ ਜ਼ਿਆਦਾ ਹੀ ਮਾਣ ਰਿਹਾ ਸੀ। ਕੁੰਦਨ ਦੇ ਮਾਂ-ਪਿਓ ਦੀ ਮੌਤ ਪਿੱਛੋਂ, ਚੇਤੂ ਦੀ ਇਸ ਘਰ ਨਾਲ਼ ਨੇੜਤਾ ਭਾਵੇਂ ਘੱਟ ਗਈ ਸੀ ਪਰ ਪਿਛਲੀ ਸਾਂਝ ਕਰਕੇ ਹੁਣ ਵੀ ਜਦੋਂ ਕਦੀ ਉਸਨੂੰ ਗੰਨੇ, ਛੱਲੀਆਂ, ਰਹੁ ਜਾਂ ਸਾਗ ਦੀ ਲੋੜ ਪੈਂਦੀ ਤਾਂ ਉਹ ਜ਼ਿਆਦਾਤਰ ਕੁੰਦਨ ਕੋਲੋਂ ਹੀ ਆ ਕੇ ਮੰਗਦਾ ਸੀ।
ਕੁਝ ਚਿਰ ਵਾਢੀ ਕਰਨ ਬਾਅਦ ਚੇਤੂ ਨੇ ਲੱਕ ਸਿੱਧਾ ਕੀਤਾ। ਉਸਨੇ ਦੇਖਿਆ ਕਿ ਪਰਾਤ ਮਸਾਂ ਅੱਧ ਵਿੱਚ ਹੀ ਪਹੁੰਚੀ ਸੀ। ਕੁੰਦਨ ਜੋ ਸ਼ੁਰੂ ਵਿੱਚ ਉਸਦੇ ਨਾਲ਼-ਨਾਲ਼ ਵਾਢੀ ਕਰ ਰਿਹਾ ਸੀ, ਪਰਲੇ ਪਾਸੇ ਚਲਾ ਗਿਆ ਸੀ। ਪਰਾਤ ਕਾਫ਼ੀ ਚੌੜੀ ਹੋ ਗਈ ਸੀ।
"ਕੁੰਦਨਾਂ! ਪਰਾਤ ਕਿੱਧਰ ਨੂੰ ਲੈ ਗਿਐਂ?" ਚੇਤੂ ਦੇ ਬੋਲਾਂ ਵਿੱਚੋਂ ਝੁੰਝਲਾਹਟ ਪ੍ਰਗਟ ਹੋ ਰਹੀ ਸੀ।
"ਪਰਾਤ ਤਾਂ ਚੇਤੂ ਠੀਕ ਈ ਆ। ਐਥੇ ਕੁ ਆਹ ਵਿਰਲੇ-ਵਿਰਲੇ ਟਾਂਡੇ ਸੀ, ਸੋਚਿਆ ਇਹ ਵੀ ਨਾਲ਼ ਈ ਚੁਗ ਲੈਨੇ ਆਂ।"
"ਨਹੀਂ ਯਾਰਾ! ਪਰਾਤ ਛੋਟੀ ਰੱਖ।" ਪਸੀਨੋ-ਪਸੀਨਾ ਹੋਏ ਚੇਤੂ ਨੂੰ ਧਰੀ ਹੋਈ ਪਰਾਤ ਪਹਾੜ ਜਿੱਡੀ ਲੱਗ ਰਹੀ ਸੀ।
"ਲੈ ਛੋਟੀ ਕਰ ਲੈਨੇ ਆਂ।" ਪਰਲੀ ਗੁੱਠ ਵਿੱਚੋਂ ਵਾਢੀ ਕਰਦਾ-ਕਰਦਾ ਕੁੰਦਨ ਚੇਤੂ ਦੇ ਨਜ਼ਦੀਕ ਆ ਗਿਆ।
ਪਰਾਤ ਬੰਨੇ ਲੱਗਣ ਨੂੰ ਦੇਰ ਲੱਗ ਗਈ। ਉਧਰ ਘਰ ਵਿੱਚ ਚੇਤੂ ਦੇ ਪੋਤੇ-ਪੋਤੀਆਂ ਕਾਹਲ਼ੇ ਪੈ ਰਹੇ ਸਨ। ਉਡੀਕ-ਉਡੀਕ ਕੇ ਚੇਤੂ ਦੇ ਘਰ ਵਾਲ਼ੀ ਖੇਤ ਵਿੱਚ ਆ ਪਹੁੰਚੀ। ਕੁੰਦਨ ਨੇ ਡੇਕਾਂ ਵਾਲ਼ੇ ਖੇਤ ਵਿੱਚੋਂ ਨਰਮ-ਨਰਮ ਛੱਲੀਆਂ ਦਾ ਕਲਾਵਾ ਕੱਢ ਕੇ ਚੇਤ ਦੀ ਘਰ ਵਾਲ਼ੀ ਨੂੰ ਤੋਰ ਦਿੱਤਾ ਤੇ ਚੇਤੂ ਨੂੰ ਇੱਕ ਪਰਾਤ ਹੋਰ ਲੁਆਉਣ ਲਈ ਅਟਕਾ ਲਿਆ।
"ਓ ਬਈ ਕੁੰਦਨਾ! ਤੇਰਾ ਬੈਂਕ ਵਾਲ਼ਾ ਪੁਆੜਾ ਮੁੱਕ ਗਿਆ ਸੀ ਭਲਾ?" ਦੂਜੀ ਪਰਾਤ ਧਰਦਿਆਂ ਚੇਤੂ ਨੇ ਪੁੱਛਿਆ।
"ਬੈਂਕ ਦਾ ਫਾਹਾ ਵੱਢਣ ਲਈ ਹੀ ਤਾਂ ਔਹ ਚਾਰ ਕਨਾਲ਼ੀਂ ਤੁਲਸੀ ਕੋਲ਼ ਗਹਿਣੇ ਰੱਖੀ ਸੀ।" ਉਸਨੇ ਨਾਲ਼ ਲਗਦੇ ਖੱਤੇ ਵੱਲ ਹੱਥ ਕਰਦਿਆਂ ਚੇਤੂ ਦੀ ਗੱਲ ਦਾ ਜਵਾਬ ਦਿੱਤਾ।
"ਡਰੈਵਰ ਉਦੋਂ ਤੇਰੀ ਮਦਤ ਕਰ ਸਕਦਾ ਸੀ ਪਰ…।"
"ਦੁੱਖ ਵੇਲੇ ਕੋਈ ਨਹੀਂ ਲਾਗੇ ਆਉਂਦਾ।" ਕੁੰਦਨ ਦੀ ਆਵਾਜ਼ ਉਦਾਸੀ ਵਿੱਚ ਡੁੱਬੀ ਹੋਈ ਸੀ।
"ਚਲੋ ਕਿਸੇ ਨਾ ਕਿਸੇ ਤਰ੍ਹਾਂ ਗੁਜ਼ਾਰਾ ਚਲਣਾ ਚਾਹੀਦੈ।" ਚੇਤੂ ਨੇ ਕੁੰਦਨ ਨੂੰ ਜਿਵੇਂ ਧਰਵਾਸ ਦਿੱਤਾ।
"ਗੁਜਾਰਾ-ਗਜੂਰਾ ਕਾਹਦਾ, ਐਮੇ ਵਕਤ ਨੂੰ ਧੱਕਾ ਦੇਣ ਆਲੀ ਗੱਲ ਆ।"

+++
ਕੁੰਦਨ ਹੋਰੀਂ ਤਿੰਨ ਭਰਾ ਸਨ। ਕੁੰਦਨ ਵਿੱਚਕਾਰਲਾ ਸੀ। ਉਸ ਤੋਂ ਵੱਡਾ ਡਰਾਈਵਰ ਸੀ। ਪਹਿਲਾਂ ਪੰਜਾਬ ਰੋਡਵੇਜ਼ ਵਿੱਚ ਨੌਕਰੀ ਕਰਦਾ ਸੀ। ਫਿਰ ਮੱਧ-ਪ੍ਰਦੇਸ਼ ਵਿੱਚ ਟਰੱਕ ਡਰਾਈਵਰੀ ਕਰਦਿਆਂ ਇੱਕ ਟਰੱਕ ਵਿੱਚ ਹਿੱਸਾ ਪਾ ਲਿਆ। ਚੰਗੀ ਆਮਦਨ ਹੋ ਰਹੀ ਸੀ। ਉਸਦਾ ਟੱਬਰ-ਟੀਹਰ ਉਸਦੇ ਨਾਲ਼ ਹੀ ਮੱਧ-ਪ੍ਰਦੇਸ਼ ਵਿੱਚ ਰਹਿੰਦਾ ਸੀ।
ਕੁੰਦਨ ਤੋਂ ਛੋਟਾ ਖੇਤੀ ਕਰਦਾ ਸੀ। ਡਰਾਈਵਰ ਨੇ ਆਪਣੀ ਸਾਲ਼ੀ ਦਾ ਰਿਸ਼ਤਾ ਉਸਨੂੰ ਕਰਵਾਇਆ ਹੋਇਆ ਸੀ। ਸਾਂਢੂ ਹੋਣ ਕਰਕੇ ਉਸਨੇ ਆਪਣੀ ਜ਼ਮੀਨ ਛੋਟੇ ਨੂੰ ਦਿੱਤੀ ਹੋਈ ਸੀ। ਪੰਜ ਘੁਮਾਵਾਂ ਦੀ ਪੈਦਾਵਾਰ ਨਾਲ਼ ਛੋਟੇ ਦਾ ਗੁਜ਼ਾਰਾ ਠੀਕ ਚਲ ਰਿਹਾ ਸੀ। ਡਰਾਈਵਰ ਨੇ ਆਪਣੇ ਹਿੱਸੇ ਦੀ ਜ਼ਮੀਨ ਦਾ ਉਸ ਕੋਲੋਂ ਕਦੀ ਹਿਸਾਬ ਨਹੀਂ ਸੀ ਮੰਗਿਆ।
ਡਰਾਈਵਰ ਤੋਂ ਵੱਡੀ ਉਨ੍ਹਾਂ ਦੀ ਇੱਕ ਭੈਣ ਸੀ ਜੋ ਕਿ ਆਪਣੇ ਘਰ ਸੁਖੀ ਵਸਦੀ ਸੀ।
ਤਿੰਨੇ ਭਰਾ ਵੱਖਰੇ-ਵੱਖਰੇ ਸਨ। ਪਿਉ ਦੀ ਅੱਠ ਘੁਮਾਂ ਜ਼ਮੀਨ ਤਿੰਨਾਂ ਹਿੱਸਿਆਂ ਵਿੱਚ ਵੰਡੀ ਹੋਈ ਸੀ।
ਸ਼ੁਰੂ ਵਿੱਚ ਤਿੰਨਾਂ ਭਰਾਵਾਂ ਦਾ ਆਪਸ 'ਚ ਚੰਗਾ ਮੋਹ-ਪਿਆਰ ਸੀ ਪਰ ਉਨ੍ਹਾਂ ਦੇ ਵਿਆਹੇ ਜਾਣ ਉਪਰੰਤ ਫ਼ਰਕ ਪੈਣ ਲੱਗ ਪਿਆ। ਭੈਣਾਂ ਹੋਣ ਕਰਕੇ ਡਰਾਈਵਰ ਤੇ ਛੋਟੇ ਦੀਆਂ ਵਹੁਟੀਆਂ ਦੀ ਲਾਬੀ ਬਣ ਗਈ। ਕੁੰਦਨ ਦੀ ਵਹੁਟੀ ਤੇ ਕੁੰਦਨ ਖੁੱਡੇ-ਲਾਈਨ ਲਗਾਏ ਜਾਣ ਲੱਗੇ। ਤੀਵੀਆਂ ਦੀ ਨਿੱਤ ਦੀ ਮਿਹਣ-ਕੁ-ਮਿਹਣੀ ਨੇ ਕੁੰਦਨ ਤੇ ਦੂਜੇ ਭਰਾਵਾਂ ਵਿਚਕਾਰ ਨਫ਼ਰਤ ਦੀ ਇੱਕ ਕੰਧ ਖੜ੍ਹੀ ਕਰ ਦਿੱਤੀ ਜੋ ਕਿ ਸਮੇਂ ਦੇ ਨਾਲ਼-ਨਾਲ਼ ਹੋਰ ਪੱਕੀ ਤੇ ਉੱਚੀ ਹੁੰਦੀ ਗਈ।
ਅਲੱਗ ਹੋਣ ਸਮੇਂ ਜ਼ਮੀਨ ਦੇ ਨਾਲ਼-ਨਾਲ਼ ਚੀਜ਼ਾਂ ਦੀ ਵੰਡ ਵੀ ਕੀਤੀ ਗਈ। ਕੁੰਦਨ ਦੇ ਹਿੱਸੇ ਇੱਕ ਪੁਰਾਣਾ ਜਿਹਾ ਇੰਜਣ ਆਇਆ। ਨਵਾਂ ਇੰਜਣ ਡਰਾਈਵਰ ਤੇ ਛੋਟੇ ਨੇ ਆਪਣੇ ਹਿੱਸੇ ਰੱਖ ਲਿਆ।
ਕੁੰਦਨ ਨੂੰ ਆਪਣੀ ਮਿਹਨਤ 'ਤੇ ਵਿਸ਼ਵਾਸ ਸੀ। ਉਹ ਦਿਨ-ਰਾਤ ਕੰਮ ਵਿੱਚ ਜੁਟਿਆ ਰਹਿੰਦਾ। ਉਸਦੀ ਪਤਨੀ ਤੇ ਨਿਆਣੇ ਵੀ ਕੰਮ ਵਿੱਚ ਉਸਦਾ ਹੱਥ ਵਟਾਉਂਦੇ।
ਪੁਰਾਣਾ ਇੰਜਣ ਇੱਕ ਸਾਲ ਚੱਲ ਕੇ ਜਵਾਬ ਦੇ ਗਿਆ। ਕਣਕ ਦੀ ਫ਼ਸਨ ਨੂੰ ਅਜੇ ਦੋ ਪਾਣੀ ਹੋਰ ਚਾਹੀਦੇ ਸਨ। ਕੁੰਦਨ ਨੇ ਪਤਾ-ਥਹੁ ਕਰਕੇ ਇੰਜਣ ਵਾਸਤੇ ਕਰਜ਼ਾ ਲੈਣ ਲਈ ਇੱਕ ਬੈਂਕ ਵਿੱਚ ਦਰਖਾਸਤ ਦੇ ਦਿੱਤੀ। ਬੈਂਕ ਵਾਲ਼ਿਆਂ ਨੇ ਉਸਨੂੰ ਦੱਸਿਆ ਕਿ ਛੋਟਾ ਕਿਸਾਨ ਹੋਣ ਕਰਕੇ ਉਹ ਤੇਤੀ ਫੀਸਦੀ ਸਬਸਿਡੀ ਦਾ ਹੱਕਦਾਰ ਸੀ। ਸਬਸਿਡੀ ਦਾ ਕੇਸ ਬਣਾਉਣ ਖਾਤਰ ਦਫ਼ਤਰਾਂ ਦੇ ਚੱਕਰ ਮਾਰਦਿਆਂ ਉਸਦੇ ਤਿੰਨ ਮਹੀਨੇ ਲੰਘ ਗਏ। ਓਧਰ ਕਣਕ ਪਾਣੀ ਤੋਂ ਖੁੰਝਦੀ ਜਾ ਰਹੀ ਸੀ। ਆਪਣੀ ਸਾਂਝ ਵਾਲ਼ੇ ਇੱਕ ਕਿਸਾਨ ਤੋਂ ਔਖੇ-ਸੌਖੇ ਕੁਝ ਦਿਨਾਂ ਵਾਸਤੇ ਇੰਜਣ ਲੈ ਕੇ ਉਸਨੇ ਕਣਕ ਦੀ ਫ਼ਸਲ ਨੂੰ ਮਸਾਂ ਹੀ ਸਿਰੇ ਚਾੜ੍ਹਿਆ।
ਬੈਂਕ ਦੇ ਸਬਸਿਡੀ ਵਾਲ਼ੇ ਕਰਜ਼ੇ ਦਾ ਕੇਸ ਕਿਸੇ ਕੰਢੇ ਨਹੀਂ ਸੀ ਲੱਗ ਰਿਹਾ। ਕਣਕ ਸਾਂਭ ਕੇ ਕੁਝ ਰਕਮ ਹੱਥ ਵਿੱਚ ਆਈ। ਉਸਨੇ ਘਰੋਗੀ ਗਰਜ਼ਾਂ ਨੂੰ ਵਿੱਚੇ ਛੱਡ ਪਟਵਾਰੀਆਂ, ਗਰਾਮ ਸੇਵਕਾਂ, ਪੰਚਾਇਤ ਅਫ਼ਸਰਾਂ ਤੇ ਹੋਰ ਸੰਬੰਧਿਤ ਕਰਮਚਾਰੀਆਂ ਦੀ ਚੰਗੀ ਟਹਿਲ ਸੇਵਾ ਕੀਤੀ। ਕੇਸ ਦਿਨਾਂ ਵਿੱਚ ਹੀ ਪਾਸ ਹੋ ਗਿਆ। ਉਸਨੂੰ ਇੰਜਣ ਅਤੇ ਬੋਰ ਕਰਨ ਵਾਸਤੇ ਚਾਰ ਹਜ਼ਾਰ ਰੁਪਏ ਦਾ ਕਰਜ਼ਾ ਮਿਲ਼ ਗਿਆ। ਬੋਰ ਉਸ ਕੋਲ਼ ਪਹਿਲਾਂ ਹੈ ਹੀ ਸੀ। ਇੰਜਣ ਖਰੀਦਣ ਤੋਂ ਉਪਰਲੀ ਜੋ ਰਕਮ ਬਚੀ, ਉਹ ਉਸਨੇ ਘਰ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਖ਼ਰਚ ਕਰ ਲਈ।
ਖੇਤਾਂ ਵਿੱਚ ਨਵਾਂ ਇੰਜਣ ਚੱਲਣ ਨਾਲ਼ ਕੁੰਦਨ ਦਾ ਹੌਸਲਾ ਵਧਿਆ। ਉਸਨੇ ਦੋ ਘੁਮਾਂ ਜ਼ਮੀਨ ਕਿਸੇ ਕੋਲੋਂ ਅੱਧ 'ਤੇ ਲੈ ਲਈ। ਆਪਣੀ ਤੇ ਅੱਧ ਵਾਲੀ ਮਿਲਾ ਚਾਰ ਘੁਮਾਂ ਝੋਨਾ ਲਾ ਦਿੱਤਾ।
ਡੀਜ਼ਲ ਦੀ ਥੁੜ ਆ ਗਈ। ਕਾਰਡ ਸਿਸਟਮ ਸ਼ੁਰੂ ਹੋ ਗਿਆ। ਕੁੰਦਨ ਦੇ ਕਈ ਦਿਨ ਕਾਰਡ ਬਣਾਉਂਦਿਆਂ ਲੰੰਘ ਗਏ। ਪੈਟਰੋਲ-ਪੰਪਾਂ 'ਤੇ ਲੰਮੀਆਂ ਕਤਾਰਾਂ ਵਿੱਚ ਰੱਖੇ ਹੋਏ ਖਾਲੀ ਜੇਰੀਕੇਨਾਂ ਵਾਂਗ ਕਿਸਾਨ ਵੀ ਭੁੱਖੇ ਤਿਹਾਏ, ਦਿਨ-ਰਾਤ ਡੀਜ਼ਲ ਮਿਲਣ ਦੀ ਉਡੀਕ ਵਿੱਚ ਬੈਠੇ ਪ੍ਰੇਸ਼ਾਨ ਹੁੰਦੇ ਰਹਿੰਦੇ।
ਬਰਸਾਤ ਵੀ ਘੱਟ ਹੀ ਲੱਗੀ। ਬੱਦਲ ਆਉਂਦੇ। ਪਰ ਮਾੜਾ-ਮੋਟਾ ਛਰਾਟਾ ਵਰ੍ਹਾ ਕੇ ਅਗਾਂਹ ਲੰਘ ਜਾਂਦੇ।
ਝੋਨੇ ਦੀ ਫ਼ਸਲ ਖਰਾਬ ਹੋ ਗਈ। ਕੁੰਦਨ ਕੋਆਪ੍ਰੇਟਿਵ ਸੁਸਾਇਟੀ ਦਾ ਖਾਦ ਦਾ ਕਰਜ਼ਾ ਮੋੜਨ ਵਿੱਚ ਅਸਮਰੱਥ ਹੋ ਗਿਆ। ਮਕਰੂਜ਼ ਹੋਣ ਕਰਕੇ ਕਣਕ ਵਾਸਤੇ ਉਸਨੂੰ ਖਾਦ ਨਾ ਮਿਲੀ। ਕਿਸੇ ਕੋਲੋਂ ਉਧਾਰ ਫੜ ਕੇ ਉਸਨੇ ਕਿਸਾਨ ਖਾਦ ਦੀਆਂ ਕੁਝ ਬੋਰੀਆਂ ਖਰੀਦੀਆਂ ਤੇ ਕਣਕ ਦੀ ਬਿਜਾਈ ਕਰ ਦਿੱਤੀ। ਕਣਕ ਦਾ ਰੁਕ-ਢੰਗ ਚੰਗਾ ਸੀ। ਗੋਡੀ ਕਰਕੇ ਉਸਨੇ ਪਾਣੀ ਲਾ ਦਿੱਤਾ। ਪਾਣੀ ਲਾ ਕੇ ਹਟਿਆ ਹੀ ਸੀ ਕਿ ਮੀਂਹ ਦੀ ਲੰਮੀ ਝੜੀ ਲੱਗ ਗਈ ਕਈ ਦਿਨ ਕਣਕ ਦੇ ਖੇਤਾਂ ਵਿੱਚ ਪਾਣੀ ਖੜ੍ਹਾ ਰਿਹਾ। ਕਣਕ ਦਾ ਰੰਗ ਪੀਲਾ ਪੈ ਗਿਆ। ਯੂਰੀਏ ਦੇ ਛੱਟੇ ਨਾਲ਼ ਕਣਕ ਨੇ ਕੰਨ ਚੁੱਕ ਲੈਣੇ ਸਨ। ਪਰ ਸੁਸਾਇਟੀ ਵਿੱਚੋਂ ਉਸਨੂੰ ਖਾਦ ਨਹੀਂ ਸੀ ਮਿਲ ਰਹੀ ਤੇ ਮੁੱਲ ਖਰੀਦਣ ਵਾਸਤੇ ਉਸ ਕੋਲ ਪੈਸੇ ਨਹੀਂ ਸਨ। ਮੀਹਾਂ ਤੋਂ ਬਾਅਦ ਧੁੱਪਾਂ ਲੱਗਣ ਨਾਲ਼ ਕਣਕ ਦੀ ਫ਼ਸਲ ਕੁਝ ਸੁਧਰ ਹੀ ਰਹੀ ਸੀ ਕਿ ਕਈ ਦਿਨ ਦੀ ਫਿਰ ਝੜੀ ਲੱਗ ਗਈ। ਵੱਡੇ-ਵੱਡੇ ਸਿੱਟਿਆਂ ਦੀ ਥਾਂ ਕਣਕ ਦੇ ਪੌਦਿਆਂ ਤੇ ਛੋਟੀਆਂ-ਛੋਟੀਆਂ ਸਿੱਟੀਆਂ ਜਿਹੀਆਂ ਨਿਕਲੀਆਂ।
ਇੰਜਣ ਵਾਸਤੇ ਬੈਂਕ ਤੋਂ ਲਏ ਕਰਜ਼ੇ ਦੀ ਕਿਸ਼ਤ ਆ ਗਈ। ਬੈਂਕ ਵਾਲ਼ੇ ਵਸੂਲੀ ਲਈ ਘੁੰਮਣ ਲੱਗ ਪਏ। ਕੁੰਦਨ ਨੇ ਦੋ ਕੁ ਵਾਰੀ ਤਾਂ ਟਾਲ ਦਿੱਤੇ। ਪਰ ਇੱਕ ਦਿਨ ਮੂੰਹ-ਹਨ੍ਹੇਰੇ ਹੀ ਬੈਂਕ ਵਾਲਿਆਂ ਨੇ ਪੁਲਿਸ ਦੀ ਮੱਦਦ ਨਾਲ਼ ਉਸਨੂੰ ਕਾਬੂ ਕਰ ਲਿਆ। ਕੜੀ ਲਾ ਕੇ ਜਦੋਂ ਉਸਨੂੰ ਜੀਪ ਵਿੱਚ ਬਿਠਾਇਆ ਗਿਆ ਤਾਂ ਧਰਤੀ ਉਸਨੂੰ ਵਿਹਲ ਨਹੀਂ ਸੀ ਦੇ ਰਹੀ। ਸਾਰੇ ਪਿੰਡ ਵਿੱਚ 'ਹੁਏ-ਹੁਏ' ਹੋਈ।
ਉਨ੍ਹਾਂ ਦਿਨਾਂ ਵਿੱਚ ਡਰਾਈਵਰ ਵੀ ਆਪਣੇ ਸਹੁਰੀਂ ਇੱਕ ਵਿਆਹ ਵਿੱਚ ਸ਼ਾਮਿਲ ਹੋਣ ਲਈ ਪਿੰਡ ਆਇਆ ਹੋਇਆ ਸੀ। ਕੁੰਦਨ ਨੂੰ ਆਸ ਸੀ ਕਿ ਡਰਾਈਵਰ ਜਾਂ ਛੋਟਾ ਉਸਦੇ ਪਿੱਛੇ ਆਉਣਗੇ। ਪਰ ਕੋਈ ਨਾ ਬਹੁੜਿਆ। ਪੰਦਰਾਂ ਦਿਨਾਂ ਦੇ ਅੰਦਰ-ਅੰਦਰ ਕਰਜ਼ਾ ਮੋੜਨ ਦਾ ਵਾਇਦਾ ਕਰਕੇ ਉਹ ਮਸਾਂ ਹੀ ਮਿੰਨਤਾਂ-ਤਰਲੇ ਕਰਕੇ ਜੇਲ੍ਹ ਤੋਂ ਬਾਹਰ ਆਇਆ। ਚਾਰ ਕਨਾਲ਼ ਜ਼ਮੀਨ ਤੁਲਸੀ ਕੋਲ਼ ਪੰਜ ਹਜ਼ਾਰ ਵਿੱਚ ਗਹਿਣੇ ਰੱਖ ਕੇ, ਬਾਕੀ ਕਿਸ਼ਤਾਂ ਵੀ ਇੱਕੋ ਵਾਰੀ ਮੋੜ ਕੇ ਸਾਰੇ ਕਰਜ਼ੇ ਦਾ ਫਾਹਾ ਵੱਢਿਆ। ਬਾਕੀ ਬਚੀ ਰਕਮ ਕੋਆਪ੍ਰੇਟਿਵ ਸੁਸਾਇਟੀ ਨੂੰ ਮੋੜ ਦਿੱਤੀ। ਕਿਸੇ ਕੋਲੋਂ ਖਾਦ ਵਾਸਤੇ ਲਈ ਉਧਾਰ ਰਕਮ ਵੀ ਮੋੜੀ।
ਪਿਛਲੇ ਸਾਲ ਝੋਨੇ ਦੀ ਫ਼ਸਲ ਨੇ ਕੁੰਦਨ ਦੇ ਕੰਨੀਂ ਹੱਥ ਲੁਆ ਦਿੱਤੇ ਸਨ। ਐਤਕੀਂ ਉਸਨੇ ਝੋਨੇ ਦੀ ਥਾਂ ਆਲੂ ਬੀਜਣ ਦਾ ਫੈਸਲਾ ਕਰ ਲਿਆ। ਆਪਣੇ ਇੱਕ ਰਿਸ਼ਤੇਦਾਰ ਕੋਲੋਂ ਉਧਾਰ ਬੀਜ ਖਰੀਦ ਕੇ ਉਸਨੇ ਡੇਢ ਘੁਮਾਂ ਆਲੂ ਲਾ ਦਿੱਤੇ। ਅੱਧ ਵਾਲ਼ੀ ਵਿੱਚ ਮੱਕੀ ਤੇ ਬਾਕੀ ਵਿੱਚ ਪੱਠੇ ਆਦਿਕ ਬੀਜ ਦਿੱਤੇ। ਆਲੂਆਂ ਨੂੰ ਚੰਗੀ ਖਾਦ ਪਾਈ। ਮਿਹਨਤ ਨਾਲ਼ ਗੋਡੀ ਕਰਕੇ ਮਿੱਟੀ ਚੜ੍ਹਾ ਦਿੱਤੀ। ਪਾਣੀ ਲਾਏ। ਆਲੂਆਂ ਦੀ ਫ਼ਸਲ ਚੰਗੀ ਮਲ ਗਈ ਪਰ ਭਾਅ ਥੋੜ੍ਹਾ ਹੋਣ ਕਰਕੇ ਆਲੂਆਂ ਵਿੱਚੋਂ ਮਸਾਂ ਉਧਾਰ ਲਏ ਬੀਜ ਦੀ ਕੀਮਤ ਤੇ ਖਾਦ ਵਗੈਰਾ ਦਾ ਖ਼ਰਚਾ ਹੀ ਪੂਰਾ ਹੋ ਸਕਿਆ।
ਕਣਕ ਦੀ ਫ਼ਸਲ ਚੰਗੀ ਹੋ ਗਈ। ਕੁੰਦਨ ਦਾ ਵਿਚਾਰ ਸੀ ਕਿ ਕੁਝ ਇਸ ਫ਼ਸਲ ਤੇ ਕੁਝ ਅਗਲੀ ਫ਼ਸਲ ਵਿੱਚੋਂ ਬਚਾ ਕੇ ਉਹ ਤੁਲਸੀ ਕੋਲੋਂ ਗਹਿਣੇ ਪਿਆ ਖੱੱਤਾ ਛੁਡਾ ਲਵੇਗਾ। ਪਰ ਉਸਦੀ ਭਾਣਜੀ ਦਾ ਵਿਆਹ ਆ ਗਿਆ। ਦੂਜੇ ਭਰਾਵਾਂ ਨੇ ਸਾਂਝੀ ਨਾਨਕੀ-ਛੱਕ ਬਣਾ ਲਈ। ਕੁੰਦਨ ਨੂੰ ਉਨ੍ਹਾਂ ਨਾਲ਼ ਨਾ ਰਲਾਇਆ ਕਿਉਂਕਿ ਕੁਝ ਦਿਨ ਪਹਿਲਾਂ ਕਿਸੇ ਗੱਲ 'ਤੇ ਦਰਾਣੀਆਂ-ਜਠਾਣੀਆਂ ਵਿੱਚ ਕਾਫ਼ੀ ਝਗੜਾ ਹੋਇਆ ਸੀ। ਕੁੰਦਨ ਨੇ ਆਪਣੀ ਹਿੰਮਤ ਤੋਂ ਵੱਧ ਖਰਚਾ ਕਰਕੇ ਲੀੜੇ-ਲੱਤੇ ਅਤੇ ਭਾਂਡੇ ਆਦਿਕ ਖਰੀਦੇ। ਪਰ ਕੁੰਦਨ ਦੀ ਭੈਣ ਨੇ ਉਨ੍ਹਾਂ ਦੀਆਂ ਦਿੱਤੀਆਂ ਚੀਜ਼ਾਂ 'ਤੇ ਨੱਕ-ਬੁੱਲ੍ਹ ਕੱਢੇ। ਕੱਪੜਿਆਂ ਵੱਲ ਵੇਖ ਕੇ ਕਹਿਣ ਲੱਗੀ, "ਆਹ ਕੀ ਪਾਪਲੀਨਾਂ ਜੇਹੀਆਂ ਲੈ ਆਏ ਆਂ। ਪਾਪਲੀਨਾਂ ਤੇ ਅੱਜ ਕੱਲ੍ਹ ਮਾੜੇ-ਢੀੜੇ ਵੀ ਨਹੀਂ ਪਾਉਂਦੇ।" ਕੁੰਦਨ ਤੇ ਉਸਦੀ ਪਤਨੀ ਨੇ ਕਰੜਾ ਮਨ ਕਰਕੇ ਸੁਣ ਲਿਆ।
ਚਾਰ ਕਨਾਲ਼ ਗਹਿਣੇ ਪਿਆ ਖੱਤਾ ਕੁੰਦਨ ਨੂੰ ਹਰ ਵੇਲੇ ਰੜਕਦਾ ਰਹਿੰਦਾ। ਪਰ ਉਸਦੀ ਪੇਸ਼ ਨਹੀਂ ਸੀ ਜਾ ਰਹੀ। ਦਿਨ-ਰਾਤ ਕੰਮ ਕਰਨ ਦੇ ਬਾਵਜੂਦ ਵੀ ਉਹ ਥੱਲੇ ਹੀ ਥੱਲੇ ਜਾ ਰਿਹਾ ਸੀ। ਘਰ ਦੀਆਂ ਨਾ ਪੂਰੀਆਂ ਹੋ ਸਕਣ ਵਾਲੀਆਂ ਗਰਜ਼ਾਂ, ਡੀਜ਼ਲ ਤੇ ਖਾਦ ਆਦਿ ਦਾ ਖਰਚਾ ਉਸਦੀ ਫ਼ਸਲ ਨੂੰ ਹੜੱਪ ਕਰ ਜਾਂਦੇ।
ਇੱਕ ਦਿਨ ਉਨ੍ਹਾਂ ਦੇ ਪਿੰਡ ਪੰਚਾਇਤ ਅਫ਼ਸਰ ਨੇ ਆ ਕੇ ਛੋਟੇ ਤੇ ਸੀਮਾਂਤ ਕਿਸਾਨਾਂ ਨੂੰ ਇਕੱਠੇ ਕੀਤਾ। ਉਸਨੇ ਦੱਸਿਆ ਕਿ ਅੱਜ ਦੇ ਸਮੇਂ ਵਿੱਚ ਛੋਟੇ ਜ਼ਿਮੀਂਦਾਰ ਦਾ ਗੁਜ਼ਾਰਾ ਖੇਤੀ ਦੇ ਸਿਰੋਂ ਹੋਣਾ ਮੁਸ਼ਕਲ ਹੁੰਦਾ ਜਾ ਰਿਹਾ ਹੈ। ਉਸਨੇ ਸੁਝਾਉ ਦਿੱਤਾ ਕਿ ਕਿਸਾਨਾਂ ਨੂੰ ਖੇਤੀ ਦੇ ਨਾਲ਼-ਨਾਲ਼ ਡੇਅਰੀ, ਮੁਰਗੀਖਾਨਾ, ਮੱਛੀਆਂ ਪਾਲਣਾ ਜਾਂ ਸੂਰ ਪਾਲਣ ਆਦਿਕ ਦਾ ਕੰਮ ਸ਼ੁਰੂ ਕਰਨਾ ਚਾਹੀਦਾ ਹੈ। ਉਸਨੇ ਉਨ੍ਹਾਂ ਨੂੰ ਕਿਹਾ ਕਿ ਉਹ ਉਨ੍ਹਾਂ ਦੇ ਕੇਸ ਤਿਆਰ ਕਰਕੇ ਬੈਂਕਾਂ ਨੂੰ ਭੈਜ ਦੇਵੇਗਾ ਤੇ ਉਹ ਕਰਜ਼ਾ ਲੈ ਕੇ ਅਜਿਹੇ ਕੰਮ ਸ਼ੁਰੂ ਕਰ ਸਕਦੇ ਹਨ।
ਕੁੰਦਨ ਦਾ ਨਾਂ ਉਹ ਮੱਝਾਂ ਵਾਸਤੇ ਨੋਟ ਕਰਕੇ ਲੈ ਗਿਆ ਸੀ। ਪਰ ਕਾਫ਼ੀ ਚਿਰ ਕੋਈ ਉਘ-ਸੁਘ ਹੀ ਨਾ ਨਿਕਲੀ। ਬਾਕੀ ਕਿਸਾਨਾਂ ਵਾਂਗ ਕਈ ਦਿਨ ਦਫ਼ਤਰਾਂ ਦੇ ਚੱਕਰ ਮਾਰ-ਮਾਰ ਉਹ ਵੀ ਮੱਠਾ ਪੈ ਗਿਆ। ਉਨ੍ਹਾਂ ਦੇ ਪਿੰਡ ਦੇ ਰੱਖਾ ਸਿੰਘ ਨੇ ਦੌੜ-ਭੱਜ ਕਰਕੇ ਕਿਸੇ ਨਾ ਕਿਸੇ ਤਰ੍ਹਾਂ ਬੈਂਕ ਰਾਹੀਂ ਇੱਕ ਮੱਝ ਖਰੀਦ ਲਈ। ਮੰਡੀ ਵਿੱਚੋਂ ਜਦੋਂ ਘਰ ਲਿਆਂਦੀ ਤਾਂ ਮੱਝ ਨੇ ਕੱਟੂ ਨਾ ਝੱਲਿਆ। ਵਪਾਰੀਆਂ ਨਾਲ ਮਿਲ਼ ਕੇ ਬੈਂਕ ਇੰਸਪੈਕਟਰਾਂ ਨੇ ਤੋਕੜ ਮੱਝ ਪਿੱਛੇ ਇੱਕ ਨਵੀਂ ਲਵੇਰੀ ਦਾ ਕੱਟੂ ਲਾ ਦਿੱਤਾ ਸੀ।
ਕੁੰਦਨ ਦਾ ਉਤਸ਼ਾਹ ਖੇਤੀ ਦੇ ਕੰਮ ਵਿੱਚੋਂ ਘਟਦਾ ਜਾ ਰਿਹਾ ਸੀ। ਦਿਨੋਂ ਦਿਨ ਵਧ ਰਿਹਾ ਖਰਚਾ ਉਸਦੀ ਪ੍ਰੇਸ਼ਾਨੀ ਵਧਾਉਂਦਾ ਰਹਿੰਦਾ। ਹੋਰ ਕੁਝ ਸਾਲਾਂ ਤਾਈਂ ਉਸਦੀ ਵੱਡੀ ਕੁੜੀ ਵਿਆਹ ਦੀ ਉਮਰ ਨੂੰ ਢੁਕ ਰਹੀ ਸੀ। ਉਸਦੀ ਪਤਨੀ ਤੇ ਨਿਆਣੇ ਜਿਵੇਂ ਰੁਲਦੇ ਜਾ ਰਹੇ ਸਨ...।

+++
ਦੂਜੀ ਪਰਾਤ ਲਾ ਕੇ ਹਟੇ ਤਾਂ ਕੁੰਦਨ ਨੇ ਚੇਤੂ ਨੂੰ ਸੰਬੋਧਨ ਕੀਤਾ, "ਚੇਤੂ! ਤੂੰ ਹੁਣ ਜਾਣਾ ਤਾਂ ਜਾਹ। ਭਰੀਆਂ ਮੈਂ ਆਪੇ ਈ ਬੰਨ੍ਹ ਲਊਂਗਾ।
"ਕੋਈ ਨੀ, ਮੈਂ ਹੁਣ ਤਕਾਲਾਂ ਨੂੰ ਈ ਜਾਊਂਗਾ। ਨਾਲ਼ੇ ਤੇਰਾ ਕੰਮ ਮੁੱਕ ਜਾਊ ਤੇ ਨਾਲ਼ੇ ਮੇਰੀ ਵੀ ਭਰੀ ਬਣ ਜਾਊ।" ਚੇਤੂ ਨੇ ਬੇਝਿਜਕ ਹੋ ਕੇ ਕਿਹਾ।
"ਕੰਮ ਤਾਂ ਹੁਣ ਥੋੜ੍ਹਾ ਈ ਆ। ਮੈਂ ਕੱਲੇ ਈ ਮੁਕਾ ਲੈਣਾ ਆਂ।"
"ਪਰ ਮੈਂ ਵੀ ਕੀ ਕਰੂੰਗਾ ਜਾ ਕੇ, ਖੱਡੀ 'ਤੇ ਤਾਂ ਹੁਣ ਬਹਿ ਨੀਂ ਹੋਣਾ... ਆਹ ਤੇਰਾ ਤੁਲਸੀ ਕੋਲ਼ ਗਹਿਣੇ ਪਿਆ ਖੱਤਾ ਤੂੰ ਹੀ ਵਾਹਿਆ ਹੋਇਐ?" ਚੇਤੂ ਨੇ ਕੁਝ ਸੋਚ ਰਹੇ ਕੁੰਦਨ ਨੂੰ ਪੁੱਛਿਆ।
"ਆਹੋ ਮੇਰੇ ਕੋਲ ਈਆ ਅੱਧ 'ਤੇ।"
"ਤਾਂ ਫੇਰ ਏਦਾਂ ਕਰਦੇ ਆਂ ਏਹ ਖੱਤਾ ਵੀ ਵੱਢ ਲੈਨੇ ਆਂ।"
ਤੁਲਸੀ ਵਾਲਾ ਖੱਤਾ ਇਕੱਲੇ ਕੁੰਦਨ ਲਈ ਜ਼ਿਆਦਾ ਨਹੀਂ ਸੀ। ਅਗਲੇ ਦਿਨ ਉਹ ਇਕੱਲਾ ਹੀ ਦੁਪਹਿਰ ਤਾਈਂ ਇਸ ਵਿੱਚਲੀ ਮੱਕੀ ਵੱਢ ਸਕਦਾ ਸੀ। ਪਰ ਉਹ ਸਮਝ ਚੁੱਕਾ ਸੀ ਕਿ ਚੇਤੂ ਭਰੀ ਦੇ ਸਿਰ ਹੋਣਾ ਚਾਹੁੰਦਾ ਸੀ ਤੇ ਨਿਆਣਿਆਂ ਵਾਸਤੇ ਚੱਬਣ ਵਾਲੀਆਂ ਛੱਲੀਆਂ ਦਾ ਕਲਾਵਾ ਉਹ ਪਿਛਲੀ ਚਲੀ ਆ ਰਹੀ ਸਾਂਝ ਵਜੋਂ ਕਿਸੇ ਹਿਸਾਬ ਵਿੱਚ ਨਹੀਂ ਸੀ ਲੈ ਰਿਹਾ।
ਕੁੰਦਨ ਚੇਤੂ ਨੂੰ ਨਾਲ਼ ਲੈ ਕੇ ਬਸੀਵੇਂ ਤੋਂ ਸਰਵਾੜ੍ਹ ਵੱਢਣ ਚਲਾ ਗਿਆ। ਪਿੰਡ ਨੂੰ ਜਾ ਰਹੇ ਇੱਕ ਬੰਦੇ ਦੇ ਹੱਥ ਸੁਨੇਹਾ ਭੇਜ ਦਿੱਤਾ ਕਿ ਦੁਪਹਿਰ ਦੀ ਰੋਟੀ ਦੋ ਬੰਦਿਆਂ ਦੀ ਆਵੇ। ਸਰਵਾੜ੍ਹ ਲਿਆ ਕੇ ਉਹ ਖੇਤ ਦੇ ਨਾਲ਼ ਲਗਦੀ ਇਕ ਟਾਹਲੀ ਥੱਲੇ ਬੈਠ ਕੇ ਛੁੱਬ ਵੱਟਣ ਲੱਗ ਪਏ।
ਦੁਪਹਿਰ ਦੀ ਰੋਟੀ ਆ ਗਈ। ਰੋਟੀ ਖੁਆਉਣ ਬਾਅਦ ਜਦੋਂ ਕੁੰਦਨ ਦੀ ਪਤਨੀ ਤੁਰਨ ਲੱਗੀ ਤਾਂ ਕੁੰਦਨ ਨੇ ਉਸਨੂੰ ਹਦਾਇਤ ਕੀਤੀ, "ਅਸੀਂ ਦੁਪਹਿਰੋਂ ਬਾਦ ਤੁਲਸੀ ਆਲ਼ਾ ਖੱਤਾ ਵੱਢਣਾ ਆਂ। ਉਸ ਦੇ ਘਰ ਦੱਸ ਦਈਂ। ਆ ਕੇ ਭਰੀਆਂ ਗਿਣ ਲਵੇ। ਵਹਿਮੀ ਜਿਹਾ ਆਦਮੀ ਆਂ। ਤੂੰ ਨਿਆਣਿਆਂ ਨੂੰ ਨਾਲ਼ ਲੈ ਕੇ ਚਰ੍ਹੀ ਦੀਆਂ ਦੋ ਭਰੀਆਂ ਨਿਆਈੀਂ 'ਚੋਂ ਵੱਢ ਲਈਂ। ਕੁਤਰ ਮੈਂ ਆਪ ਲਊਂਗਾ ਆ ਕੇ।"
ਤੁਲਸੀ ਵਾਲ਼ਾ ਖੱਤਾ ਵੱਢਣ ਬਾਅਦ, ਲੌਢੇ ਵੇਲੇ ਦੀ ਚਾਹ ਪੀ ਕੇ ਉਹ ਆਪਣੇ ਖੇਤ ਦੀਆਂ ਭਰੀਆਂ ਬੰਨ੍ਹਣ ਲੱਗ ਪਏ। ਅਜੇ ਕੁਝ ਭਰੀਆਂ ਹੀ ਬੰਨ੍ਹੀਆਂ ਸਨ ਕਿ ਹੱਥ ਵਿੱਚ ਹੁੱਕਾ ਫੜੀ ਤੁਲਸੀ ਆ ਗਿਆ।
"ਆ ਬਈ ਪੰਡਤਾ।" ਕੁੰਦਨ ਨੇ ਛੁੱਬ ਨੂੰ ਮਰੋੜੀ ਦੇ ਕੇ ਭਰੀ ਬੰਨ੍ਹਦਿਆਂ ਤੁਲਸੀ ਵੱਲ ਵੇਖਿਆ।
"ਅੱਜ ਤੇ ਕਮਾਲ ਈ ਕਰ ਛੱਡੀ ਐ। ਬੜੀ ਛੇਤੀ ਕੰਮ ਨਿਬੇੜ ਦਿੱਤੈ।"
"ਚੇਤੂ ਨੇ ਕਾਫ਼ੀ ਕੰਮ ਕਰਵਾ ਦਿੱਤੈ। ਨਹੀਂ ਤੇ ਕੱਲਿਆਂ ਏਨਾ ਕਿੱਥੇ ਨਿਬੜਣਾ ਸੀ।"
"ਅੱਛਾ ਐਦਾਂ ਕਰੋ, ਪਹਿਲਾਂ ਮੇਰੇ ਖੇਤ ਦੀਆਂ ਭਰੀਆਂ ਬੰਨ੍ਹ ਦਿਉ। ਮੈਂ ਕਿਤੇ ਕੰਮ ਜਾਣੈਂ।" ਤੁਲਸੀ ਹੁੱਕੇ ਦਾ ਸੂਟਾ ਖਿੱਚਦਿਆਂ ਬੋਲਿਆ।
"ਚਲ ਬਈ ਚੇਤੂ, ਪਹਿਲਾਂ ਏਹਦੀਆਂ ਈ ਬੰਨ੍ਹ ਦੇਨੇ ਆਂ।"
"ਚਲੋ।" ਕਹਿੰਦਿਆਂ ਛੁੱਬਾਂ ਦੀ ਪੂਲੀ ਉਠਾਈ ਉਹ ਕੁੰਦਨ ਨਾਲ਼ ਤੁਲਸੀ ਦੇ ਖੱਤੇ ਵੱਲ ਨੂੰ ਤੁਰ ਪਿਆ।
ਭਰੀਆਂ ਬੰਨ੍ਹਦਿਆਂ ਕੁੰਦਨ ਨੇ ਬੰਨੇ 'ਤੇ ਖੜੇ ਤੁਲਸੀ ਵੱਲ ਵੇਖਿਆ, ਸਾਧਾਰਨ ਜਿਹੇ ਕੱਪੜਿਆਂ ਵਿੱਚ ਵੀ ਉਹ ਕਾਫ਼ੀ ਰੋਹਬਦਾਰ ਲੱਗ ਰਿਹਾ ਸੀ। ਜਦੋਂ ਉਹ 'ਹਾਹ... ਹਾਹ' ਕਰਕੇ ਹੱਸਦਾ ਤਾਂ ਉਸਦੇ ਵਿਰਲੇ-ਵਿਰਲੇ, ਵਿੰਗੇ ਟੇਢੇ, ਕਰੇੜਾ ਖਾਧੇ ਦੰਦ, ਸ਼ਾਇਦ ਉਸਦੇ ਚਿਹਰੇ ਦੀ ਲਾਲੀ ਕਰਕੇ, ਬਹੁਤੇ ਭੱਦੇ ਨਹੀਂ ਸਨ ਲੱਗਦੇ।
"ਪੰਡਤਾ! ਅੱਜ-ਕਲ੍ਹ ਆਪਣਾ ਲੇਖ-ਰਾਜ ਕਿੱਥੇ ਐ?" ਲੇਖ ਰਾਜ ਤੁਲਸੀ ਦੇ ਮੁੰਡੇ ਦਾ ਨਾਂ ਸੀ।
"ਫਰੀਦਕੋਟ ਆ।"
"ਉਹਦੀ ਨੌਕਰੀ ਵਧੀਐ।" ਛੱਲੀਆਂ ਦਾ ਸੱਥਰ ਇਕੱਠਾ ਕਰਕੇ ਛੁੱਬ ਉਪਰ ਰੱਖਦਿਆਂ ਕੁੰਦਨ ਬੋਲਿਆ।
"ਕੋਈ ਅੰਤ ਐ! ਮਾਹਰ ਜੱਟ ਅੱਗੇ ਪਿੱਛੇ ਫਿਰਦੇ ਆ। ਤੈਨੂੰ ਪਤਾ ਈ ਐ ਕਾਨੂੰਗੋਆਂ ਦੀ ਕਿੰਨੀ ਪੁੱਛ ਹੁੰਦੀ ਆ। ਲੋਕੀਂ ਜੇਬ੍ਹਾਂ ਭਰੀ ਫਿਰਦੇ ਆ। ਤਸੀਲਦਾਰਾਂ ਨਾਲ਼ ਉਹਦੀ ਸਿੱਧੀ ਗੱਲ ਆ। ਬੜਾ ਢੰਗੀ ਆ...।"
ਗੱਲ ਕਰਦਾ-ਕਰਦਾ ਉਹ ਫਿਰ 'ਹਾਹ...ਹਾਹ' ਕਰਕੇ ਹੱਸਣ ਲੱਗ ਪਿਆ। ਪਤਾ ਨਹੀਂ ਉਸਨੂੰ ਇੰਨਾ ਹਾਸਾ ਕਿੱਥੋਂ ਆ ਰਿਹਾ ਸੀ। ਕੁੰਦਨ ਨੂੰ ਇੰਜ ਲੱਗ ਰਿਹਾ ਸੀ ਜਿਵੇਂ ਕਿ ਆਪੂੰ ਉਸਨੂੰ ਹੱਸਣ ਦੀ ਜਾਚ ਹੀ ਭੁੱਲ ਗਈ ਹੋਵੇ। ਹਾਸੇ ਨੇ ਜਿਵੇਂ ਉਸ ਕੋਲ਼ੋਂ ਕੰਨੀਆਂ ਛੁਡਾ ਲਈਆਂ ਹੋਣ। ਉਸਦਾ ਹਾਸਾ ਜਿਵੇਂ ਕਿਸੇ ਕੋਲ਼ ਗਹਿਣੇ ਪੈ ਗਿਆ ਹੋਵੇ।
'ਏਸ ਬਾਹਮਣ ਨੇ ਪਤਾ ਨਹੀਂ ਕੀ ਮੋਤੀ ਮਣਸਿਉ ਆ', ਕੁੰਦਨ ਨੂੰ ਆਪਣੇ ਆਪ 'ਤੇ ਗਿਲ਼ਾ ਜਿਹਾ ਮਹਿਸੂਸ ਹੋਣ ਲੱਗ ਪਿਆ, 'ਐਸ਼ ਕਰਦੈ! ਕੋਈ ਕੰਮ ਨਹੀਂ, ਕਾਰ ਨਹੀਂ। ਹਰੇਕ ਦੂਜੇ-ਤੀਜੇ ਵਰ੍ਹੇ ਜ਼ਮੀਨ ਖਰੀਦ ਲੈਂਦੈ। ਵਿਆਜ 'ਤੇ ਕਾਫ਼ੀ ਰਕਮ ਲੋਕਾਂ ਨੂੰ ਦਿੱਤੀ ਹੋਈ ਐ। ਬੁੱਢਾ ਹੋ ਗਿਐ, ਪਰ ਲੱਗਦਾ ਨਹੀਂ... ਤੇ ਅਸੀਂ ਦਿਨ ਰਾਤ ਟੁਟ-ਟੁਟ ਮਰ ਰਹੇ ਆਂ...।'
ਕੁੰਦਨ ਨੂੰ ਹੱਡ-ਤੋੜਵੀਂ ਕਮਾਈ ਦਾ ਸੁੱਖ ਨਸੀਬ ਨਹੀਂ ਸੀ ਹੋਇਆ। ਧੱਕੇ-ਧੋੜਿਆਂ ਵਿੱਚ ਹੀ ਦਿਨ ਲੰਘ ਰਹੇ ਸਨ। ਉਸਨੇ ਆਪਣੀ ਭੋਇਂ ਦਾ ਇੱਕ-ਇੱਕ ਇੰਚ ਪਤਾ ਨਹੀਂ ਕਿੰਨੀ-ਕਿੰਨੀ ਵਾਰ ਵਾਹਿਆ ਸੀ। ਇੱਕ-ਇੱਕ ਜ਼ੱਰੇ ਨੂੰ ਉਸਦੇ ਹੱਥਾਂ ਤੇ ਪੈਰਾਂ ਦਾ ਸਪੱਰਸ਼ ਸੀ। ਪਾਣੀ ਨਾਲ਼ ਜ਼ਮੀਨ ਨੂੰ ਸਿਆਲ ਦੀਆਂ ਕੋਰੇ ਭਰੀਆਂ ਰਾਤਾਂ ਵਿੱਚ ਅਨੇਕ ਵਾਰ ਸਿੰਜਿਆ ਸੀ। ਪਿਉ ਤੇ ਭਰਾਵਾਂ ਦੇ ਨਾਲ਼ ਹੋ ਕੇ ਚੌਬਲ੍ਹਦੇ ਸੁਆਗੇ ਨਾਲ਼ ਢੀਮਾਂ ਤੋੜ ਕੇ ਖੇਤਾਂ ਨੂੰ ਇੱਕਸਾਰ ਕਰਕੇ ਜ਼ਮੀਨ ਦਾ ਰੰਗ-ਰੂਪ ਨਿਖਾਰਿਆ ਸੀ। ਖੇਤਾਂ ਦੇ ਖੂੰਜਿਆਂ ਨੂੰ ਕਹੀ ਨਾਲ਼ ਗੁੱਡ-ਗੁੱਡ ਕੇ ਰੂੰ ਵਰਗੇ ਪੋਲੇ ਕੀਤਾ ਸੀ। ਹਲ਼ ਵਾਹੁੰਦਿਆਂ ਕਦੀ ਪਾੜਾ ਨਹੀਂ ਸੀ ਕੀਤਾ। ਬਾਜਰੇ, ਚਰ੍ਹੀਆਂ ਤੇ ਸਰਵਾਂ ਉਗਾਈਆਂ ਸਨ। ਆਪਣੇ ਸਰੀਰ 'ਤੇ ਪੱਛ ਲੁਆ ਕੇ ਕਮਾਦ ਪਾਲ਼ੇ ਸਨ। ਕਣਕ ਦੀਆਂ ਬੋਰੀਆਂ ਭਰ-ਭਰ ਮੰਡੀਆਂ ਵਿੱਚ ਪਹੁੰਚਾਈਆਂ ਸਨ। ਟੱਬਰ ਦਾ ਇੱਜ਼ਤ-ਮਾਣ ਵਧਾਉਣ ਲਈ ਉਸਨੇ ਜ਼ਮੀਨ ਨਾਲ਼ ਇਸ਼ਕ ਕੀਤਾ ਸੀ। ਇਸ ਇਸ਼ਕ ਵਿੱਚੋਂ ਆਪਣੇ ਬੱਚਿਆਂ ਦੇ ਉੱਜਵਲ ਭਵਿੱਖ ਦੇ ਸੁਪਨੇ ਦੇਖੇ ਸਨ। ਪਰ ਅੱਜ ਉਸਨੂੰ ਇੰਜ ਮਹਿਸੂਸ ਹੋ ਰਿਹਾ ਸੀ ਜਿਵੇਂ ਕਿ ਇਸ ਇਸ਼ਕ ਵਿੱਚ ਉਸ ਨਾਲ਼ ਧੋਖਾ ਹੀ ਧੋਖਾ ਹੁੰਦਾ ਰਿਹਾ ਸੀ।
ਭਰੀਆਂ ਬੱਝ ਗਈਆਂ।
ਤੁਲਸੀ ਗਿਣਨ ਲੱਗ ਪਿਆ।
"ਕਿੰਨੀਆਂ ਹੋਈਆਂ ਪੰਡਤਾ?"
"ਇੱਕ ਸੌ ਸਤਾਰਾਂ ਹੋਈਆਂ। ਔਹ ਉੱਚੇ ਜਿਹੇ ਥਾਂ ਮਹਾਰਾ ਲਾ ਦਿਉ।" ਤੁਲਸੀ ਨੇ ਖੱਤੇ ਦੇ ਦੱਖਣ ਦੇ ਉੱਚੇ ਪਾਸੇ ਵੱਲ ਇਸ਼ਾਰਾ ਕੀਤਾ।
ਕੁੰਦਨ ਤੇ ਚੇਤੂ ਨੇ ਮਹਾਰਾ ਲਾ ਦਿੱਤਾ।
"ਲੈ ਬਈ ਪੰਡਤਾ, ਲੱਗ ਗਿਆ ਮਹਾਰਾ।"
"ਔਹ ਇੱਕ ਭਰੀ ਓਦਾਂ ਈ ਪਈਓ ਆ।" ਤੁਲਸੀ ਨੇ ਮਹਾਰੇ ਤੋਂ ਬਾਹਰ ਪਈ ਇੱਕ ਭਰੀ ਵੱਲ ਇਸ਼ਾਰਾ ਕੀਤਾ।
"ਉਹ ਚੇਤੂ ਦੀ ਆ।" ਬਚੇ ਹੋਏ ਛੁੱਬ ਇਕੱਠੇ ਕਰਦਿਆਂ ਕੁੰਦਨ ਬੋਲਿਆ।
"ਏਹਨੂੰ ਤੂੰ ਆਪਣੇ ਈ ਖੇਤ 'ਚੋਂ ਦੇ। ਮੈਂ ਆਪਣਾ ਚਾਰ ਕਨਾਲ਼ ਦਾ ਖੱਤਾ ਸਾਰਾ ਲਾਵੀ ਆਲ਼ਿਆਂ ਨੂੰ ਥੋੜ੍ਹਾ ਚੁਕਾ ਦੇਣਾ ਆਂ।" ਹੁੱਕੇ ਦਾ ਸੂਟਾ ਖਿੱਚਦਿਆਂ ਉਹ ਖੰਘਣ ਲੱਗ ਪਿਆ।
"ਇੱਕੋ ਲਾਵੀ ਆ ਪੰਡਤਾ, ਬਹੁਤੀਆਂ ਨਹੀਂ। ਉਹ ਵੀ ਇਹ ਕੁਦਰਤੀ ਆ ਗਿਆ। ਨਹੀਂ ਤੇ ਮੈਂ ਕੱਲੇ ਨੇ ਈ ਵੱਢ ਲੈਣੀ ਸੀ।"
"ਕੁੰਦਨਾ ਏਹੀ ਤਾਂ ਗੱਲ ਮਾੜੀ ਆ।" ਤੁਲਸੀ ਨੇ ਮਿਹਣਾ ਜਿਹਾ ਮਾਰਿਆ।
"ਕਿਹੜੀ ਗੱਲ?" ਕੁੰਦਨ ਨੇ ਔਖ ਮਹਿਸੂਸ ਕਰਦਿਆਂ ਤੁਲਸੀ ਵੱਲ ਵੇਖਿਆ।
"ਜਦੋਂ ਤੈਨੂੰ ਲੋੜ ਸੀ, ਉਦੋਂ ਤਾਂ ਤੂੰ ਤਰਲੇ ਕਰਦਾ ਫਿਰਦਾ ਸੀ। ਤੇ ਹੁਣ ਔਖਾ ਹੋ ਰਿਹੈਂ। ਤੈਨੂੰ ਯਾਦ ਹੋਣੈ, ਜਿੱਦਣ ਤੂੰ ਜ਼ਮੀਨ ਗਹਿਣੇ ਕੀਤੀ ਅਤੇ ਅੱਧ 'ਤੇ ਵਾਹੁਣ ਲਈ ਮੰਗੀ ਸੀ, ਮੈਂ ਤੈਨੂੰ ਪਹਿਲੀ ਸ਼ਰਤ ਏਹੀ ਦੱਸੀ ਸੀ ਪਈ ਲਾਵਿਆਂ-ਦਿਹਾੜੀਦਾਰਾਂ ਨੂੰ ਮੇਰੇ ਖੇਤ 'ਚੋਂ ਭਰੀ ਨਾ ਜਾਵੇ।"
"ਪਰ ਇਸ ਭਰੀ ਵਿੱਚ ਅੱਧੀ ਮੇਰੀ ਵੀ ਤਾਂ ਹੈ।"
"ਅੱਧੀ-ਉੱਧੀ ਦਾ ਮੈਨੂੰ ਨਹੀਂ ਪਤਾ। ਏਹਨੂੰ ਤੂੰ ਆਪਣੇ ਈ ਖੇਤ 'ਚੋਂ ਦੇ।" ਤੁਲਸੀ ਹੁਕਮਰਾਨਾ ਅੰਦਾਜ਼ ਵਿੱਚ ਬੋਲਿਆ।
"ਮੈਂ ਦੇ ਦਊਂਗਾ ਪੰਡਤਾ। ਹਾਅ ਤੂੰ ਕੀ ਐਵੇਂ ਸੜੀਆਂ ਜਿਹੀਆਂ ਗੱਲਾਂ ਕਰਨ ਡਿਹੈਂ... ਜਾਹ ਓਏ ਚੇਤੂ ਲਾ ਦੇ ਉਹ ਵੀ ਭਰੀ ਮਹਾਰੇ 'ਤੇ।"
"ਕੁੰਦਨਾ! ਤੁਹਾਡੇ ਜੱਟਾਂ 'ਚ ਏਹੀ ਵਾਧਾ ਐ। ਮਤਲਬ ਕੱਢ ਕੇ ਮਗਰੋਂ ਢੁੱਚਰਾਂ ਪੜ੍ਹਨ ਲੱਗ ਜਾਂਦੇ ਓ।" ਤੁਲਸੀ ਦੇ ਹੁੱਕੇ ਦੀ ਨਾਲ਼ੀ ਉਸਦੇ ਮੂੰਹ ਤੋਂ ਕਾਫ਼ੀ ਦੂਰ ਹੋ ਚੁੱਕੀ ਸੀ।
"ਨਹੀਂ ਪੰਡਤਾ, ਤੂੰ ਈ ਐਵੇਂ ਕਮੀਨੀਆਂ ਜੇਹੀਆਂ ਗੱਲਾਂ ਕਰਨ ਲੱਗ ਪਿਐਂ।" ਕੁੰਦਨ ਤੁਲਸੀ ਦੇ ਸਾਹਮਣੇ ਆ ਖਲੋਤਾ ਸੀ।
"ਇੱਕ ਤੇਰੀ ਮਦਤ ਕੀਤੀ ਤੇ ਦੂਜਾ ਤੂੰ ਮੈਨੂੰ ਕਮੀਨਾ ਕਹਿਣ ਡਿਹੈਂ। ਚੇਤਾ ਆ ਨਾ ਉਦੋਂ ਹਾੜੇ ਕੱਢਦਾ ਫਿਰਦਾ ਸੀ।" ਤੁਲਸੀ ਨੇ ਰੋਹਬ ਛਾਂਟਿਆ।
"ਕਾਹਦੀ ਮਦਤ? ਜ਼ਮੀਨ ਦੇ ਕੇ ਪੈਸੇ ਲਏ ਸੀ। ਕੋਈ ਦਾਨ ਨਹੀਂ ਸੀ ਲਿਆ ਤੇਰੇ ਕੋਲ਼ੋਂ।" ਕੁੰਦਨ ਵੀ ਕ੍ਰੋਧ ਵਿੱਚ ਬੋਲ ਰਿਹਾ ਸੀ।
"ਜੇ ਬਹੁਤ ਔਖਾ ਆਂ ਤਾਂ ਅਗਾਂਹ ਮੇਰੀ ਜ਼ਮੀਨ 'ਚ ਹਲ਼ ਨਾ ਵਾੜੀਂ ਮੈਂ ਹੋਰ ਕਿਸੇ ਨੂੰ ਦੇ ਦੇਣੀ ਆਂ ਅੱਧ 'ਤੇ।" ਤੁਲਸੀ ਨੇ ਧਮਕੀ ਦਿੱਤੀ।
"ਬੇਸ਼ੱਕ ਦੇ ਦੇ। ਏਸ ਜ਼ਮੀਨ ਨੇ ਤਾਂ ਮੇਰਾ ਲਹੂ ਪੀ ਛੱਡਿਐ। ਮੈਂ ਤਾਂ ਆਪਣੀ ਵੀ ਛੱਡਣ ਨੂੰ ਤਿਆਰ ਆਂ। ਇਸ ਸਾਲ਼ੀ ਜ਼ਮੀਨ ਨੇ ਮੇਰਾ ਕੁਝ ਨਹੀਂ ਸੁਆਰਨਾ।" ਕੁੰਦਨ ਦੇ ਬੋਲਾਂ ਵਿੱਚ ਹਿਰਖ ਸੀ।
"ਕੁੰਦਨ ਏਦਾਂ ਨਹੀਂ ਆਖੀਦਾ, ਜ਼ਮੀਨ ਤਾਂ ਕਿਸਾਨ ਦੀ ਮਾਂ ਹੁੰਦੀ ਆ।" ਚੇਤੂ ਨੇ ਕੁੰਦਨ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ।
"ਏਹੋ ਜਿਹੀ ਮਾਂ ਨੂੰ ਕੀ ਕਰਨੈ, ਜਿਹੜੀ ਆਪਣੇ ਹੀ ਨਿਆਣਿਆਂ ਨੂੰ ਖਾਣ ਲੱਗ ਪਏ।"

(ਰਾਹੀਂ: ਮੁਹੰਮਦ ਆਸਿਫ਼ ਰਜ਼ਾ 'ਮਾਂ ਬੋਲੀ ਰੀਸਰਚ ਸੈਂਟਰ ਲਾਹੌਰ')

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਜਰਨੈਲ ਸਿੰਘ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ