Keera (Punjabi Story) : Raghubir Dhand

ਕੀੜਾ (ਕਹਾਣੀ) : ਰਘੁਬੀਰ ਢੰਡ

ਜੂਨ ਦਾ ਅੱਧ ਸੀ ਤੇ ਦਿਨ ਬਹੁਤ ਖਿੜਿਆ ਹੋਇਆ ਸੀ। ਘਰਾਂ ਦੀਆਂ ਚਿਮਨੀਆਂ ‘ਤੇ ਟੰਗੇ ਅੰਟੇਨਿਆਂ ਉਤੇ ਬੈਠੀਆਂ ਚਿੜੀਆਂ ਆਪਣੇ ਪਿੰਡੇ ਸੁਕਾ ਰਹੀਆਂ ਸਨ। ਜਿਹੜੇ ਦਰੱਖਤਾਂ ਨੂੰ ਸਿਆਲ ਨੇ ਝੰਬ ਕੇ ਕਾਲੇ-ਕਲੋਟੇ ਬਣਾ ਦਿੱਤਾ ਸੀ, ਹੁਣ ਉਨ੍ਹਾਂ ਨੂੰ ਫੁੱਟੀਆਂ ਕਰੂੰਬਲਾਂ ਨੇ ਪੱਤਿਆਂ ਅਤੇ ਫੁੱਲਾਂ ਦਾ ਰੂਪ ਵਟਾ ਲਿਆ ਸੀ। ਹਵਾ ਇੰਨੀ ਮੱਧਮ ਕਿ ਦਰੱਖਤਾਂ ਦੀਆਂ ਟੀਸੀਆਂ ਇੰਜ ਤਾਲ ਵਿਚ ਹਿੱਲ ਰਹੀਆਂ ਸਨ ਜਿਵੇਂ ਖਿੜੀ ਨਿੱਖਰੀ ਸ੍ਰਿਸ਼ਟੀ ਨੂੰ ਚੌਰ ਕਰ ਰਹੀਆਂ ਹੋਣ।
“ਇੰਗਲੈਂਡ ਵਿਚ ਇੰਨਾ ਸੋਹਣਾ ਤੇ ਨਿੱਘਾ ਦਿਨ ਤਾਂ ਮਸਾਂ ਚੜ੍ਹਦੈ। ਨਹੀਂ ਜੀ?” ਮੇਰੀ ਪਤਨੀ ਖਾਸੇ ਮੋਹ ਨਾਲ ਬੋਲੀ।
“ਹਾਂ, ਅੱਜ ਤਾਂ ਕੋਈ ਤੇਰੇ ਵਰਗੀ ਤੱਤੀ ਦੇਵੀ ਪਹਿਰੇ ‘ਤੇ ਬੈਠੀ ਐ। ਨਹੀਂ ਜੀ?” ਮੇਰੇ ਅੰਦਾਜ਼ ਵਿਚ ਉਨਾ ਹੀ ਪਿਆਰ ਸੀ।
“ਚੰਗਾ ਚੰਗਾ; ਹੁਣ ਪਿਉ-ਧੀ ਲੇਜ਼ੀਪਣਾ ਛੱਡੋ। ਖਾ ਲਵੋ ਜੋ ਖਾਣਾ ਈ। ਤੁਹਾਡੀ ਲਾਡਲੀ ਦੀਆਂ ਜਮਾਤਣਾਂ ਨੇ ਆਉਣੈ। ਭੈਣ ਜੀ ਤੇ ਭਰਾਤਾ ਜੀ ਦਾ ਵੀ ਆਉਣ ਬਾਰੇ ਟੈਲੀਫ਼ੋਨ ਆਇਆ ਹੋਇਐ। ਸਾਰੇ ਰਲ ਕੇ ਪਾਰਕ ਚੱਲਾਂਗੇ। ਮੈਂ ਛੇਤੀ-ਛੇਤੀ ਕੰਮ ਮੁਕਾ ਲਵਾਂ।” ਇੰਜ ਆਖ, ਮੇਰਾ ਜਵਾਬ ਉਡੀਕੇ ਬਿਨਾਂ ਹੀ, ਮੇਰੀ ਪਤਨੀ ਆਪਣੇ ਨਿੱਤ-ਨੇਮ ਵਿਚ ਜੁਟ ਗਈ।
ਸਨਿਚਰ-ਐਤਵਾਰ ਦੀ ਛੁੱਟੀ ਨਾਲ ਸੋਮਵਾਰ ਰਲਾ ਸਾਡੀ ਧੀ, ਨਿਮ੍ਰਤਾ ਵੀ ਸਾਡੇ ਕੋਲ ਲੰਦਨੋਂ ਆਈ ਹੋਈ ਸੀ, ਜਿਥੇ ਉਹ ਡਾਕਟਰੀ ਕਰ ਰਹੀ ਸੀ। ਮਨੁੱਖਾਂ ਦੀ ਡਾਕਟਰੀ! ਤੇ ਮੈਂ ਉਸ ਨਾਲ ਸਿਟਿੰਗ ਰੂਮ ਦੀ ਬਾਰੀ ਵਿਚੋਂ ਆਉਂਦੀ ਧੁਪ ਵਿਚ ਬੈਠਾ ਪੂਰੇ ਕੁਦਰਤੀ ਅੰਦਾਜ਼ ਵਿਚ ਮੂੰਹ ਆਇਆ ਬੋਲ ਰਿਹਾ ਸਾਂ। ਇੰਗਲੈਂਡ ਦੇ ਇਸ ਮਾਹੌਲ ਵਿਚ ਜਿਥੇ ਪਚੰਨਵੇਂ ਫੀਸਦੀ ਲੋਕ ਸਾਨੂੰ ਆਪਣੇ ਨਹੀਂ ਸਮਝਦੇ, ਕਿਸੇ ਆਪਣੇ ਨਾਲ ਮੂੰਹ ਆਇਆ ਬੋਲਣਾ ਕੇਡੀ ਵੱਡੀ ਨਿਆਮਤ ਹੈ। ਇਸ ਸੱਚਾਈ ਨੂੰ ਪੰਜਾਬੀ ਭੱਈਏ ਹੀ ਸਮਝ ਸਕਦੇ ਹਨ।
“ਜੇ ਤੂੰ ਦੱਸਣਾ ਹੋਵੇ ਕਿ ਮੇਰੇ ਡੈਡੀ ਮੈਨੂੰ ਬਲੂੰਗੜੀ ਕਹਿ ਕੇ ਬੁਲਾਉਂਦੇ ਨੇ, ਤਾਂ ਕਿਵੇਂ ਬੋਲਦੀ ਐਂ?”
“ਬਲੂੰਗਰੀ।” ਉਹ ਬੋਲੀ।
“ਪਤੈ ਇਹ ਟੈਲੀਫ਼ੂਨ ਆਪਾਂ ਨੇ ਕਿੰਨੇ ਦਾ ਖਰੀਦਿਐ?” ਮੈਂ ਫਿਰ ਪੁੱਛਿਆ।
“ਹਾਂ। ਨਰਿਨਵੇਂ ਪੌਂਡ ਨਰਿਨਵੇਂ ਪੈਂਸ ਦਾ।” ਉਹ ਫਿਰ ਉਸੇ ਅੰਦਾਜ਼ ਵਿਚ ਬੋਲੀ।
ਮੈਂ ਜ਼ਰਾ ਗੰਭੀਰ ਹੋ ਗਿਆ। ਸੋਚਦਾ ਗਿਆ, ਜੇ ਸਾਡੀ ਬੋਲੀ ਨੂੰ ਇੰਜ ਹੀ ਅੰਗਰੇਜ਼ੀ ਦੀ ਪੁੱਠ ਚੜ੍ਹਦੀ ਗਈ ਤਾਂ ਇਕ ਦਿਨ ਉਹ ਵੀ ਆ ਜਾਵੇਗਾ ਜਦੋਂ ਲਫ਼ਜ਼ ਵਿਗੜ ਕੇ ਬੇਪਛਾਣ ਹੋ ਜਾਣਗੇ ਤੇ ਹਿੱਜੇ, ਯਾਨਿ ਸ਼ਬਦ-ਜੋੜ ਅਜਿਹੇ ਬੇਮਾਅਨੀ ਹੋ ਜਾਣਗੇ ਕਿ ਉਨ੍ਹਾਂ ਵਿਚੋਂ ਭਾਰਤੀ ਰੰਗ ਲੱਭਣਾ ਔਖਾ ਹੋ ਜਾਵੇਗਾ। ਤੁਰਕੀ ਬੋਲੀ ਨਾਲ ਵੀ ਇੰਜ ਹੀ ਹੋਇਆ ਸੀ। ਜਦੋਂ ਰੋਮਨ ਵਿਚ ਲਿਖੀ ਜਾਣ ਲੱਗੀ ਤਾਂ ਉਸ ਵਿਚੋਂ ਤੁਰਕੀ ਦੀ ਥਾਂ ਟਰਕੀ ਦੀ ਬੂ ਆਉਣ ਲੱਗ ਪਈ।
“ਡੈਡੀ, ਕੀ ਸੋਚਣ ਲੱਗ ਪਏ ਹੋ?” ਮੇਰੀ ਧੀ ਬੋਲੀ।
“ਕੁਝ ਨੀ। ਕਿਹੜੀ ਡਿਊਟੀ ਕਰ ਰਹੀ ਹੈਂ ਅੱਜ ਕੱਲ੍ਹ?”
“ਲੇਬਰ, ਯਾਨਿ ਬੱਚੇ ਜੰਮਾਉਣ ਦੀ।” ਉਸ ਨੇ ਦੱਸਿਆ।
“ਅੱਛਾ! ਕੁਝ ਦੱਸ ਇਹਦੇ ਬਾਰੇ?” ਮੈਂ ਉਤਸੁਕ ਹੋ ਪੁੱਛਿਆ।
“ਦੱਸਣ ਨਾਲ ਨੀ, ਆਪ ਵੇਖਣ-ਜੰਮਾਉਣ ਨਾਲ ਪਤਾ ਲਗਦੈ। ਕਈ ਵਾਰ ਘੰਟਿਆਂ-ਬੱਧੀ ਉਡੀਕ ਕਰਨੀ ਪੈਂਦੀ ਐ। ਬਹੁਤ ਬੋਰ ਹੋ ਜਾਈਦੈ। ਮੈਡੀਕਲ ਸਾਇੰਸ ਨੇ ਤਰੱਕੀ ਤਾਂ ਬਥੇਰੀ ਕੀਤੀ ਐ, ਪਰ ਪੀੜ ਫਿਰ ਵੀ ਬਹੁਤ ਸਹਿਣੀ ਪੈਂਦੀ ਐ। ਚੀਕਾਂ ਪੈਂਦੀਆਂ ਨੇ, ਪਸੀਨੇ ਛੁਟਦੇ ਨੇ, ਮਸਾਂ ਫੜ-ਫੜ ਰੱਖੀਦੀਆਂ ਨੇ। ਹੁਣ ਤਾਂ ਅਸੀਂ ਪਤੀ ਨੂੰ ਵੀ ਕੋਲ ਸੱਦ ਲੈਂਦੇ ਆਂ, ਤਾਂ ਕਿ ਔਰਤ ਦੀ ਅਸਲੀ ਹਾਲਤ ਵੇਖ ਲਵੇ, ਪਰ ਜਦੋਂ ਬੱਚਾ ਬਾਹਰ ਆ ਜਾਂਦੈ, ਤਾਂ ਔਰਤ ਦੇ ਮੂੰਹ ‘ਤੇ ਜਿਹੜਾ ਨੂਰ ਤੇ ਸ਼ਾਂਤੀ ਆਉਂਦੀ ਐ, ਉਹ ਬਿਆਨ ਨ੍ਹੀਂ ਕੀਤੀ ਜਾ ਸਕਦੀ। ਔਰਤ ਦੇਵੀ ਮਾਂ ਜਾਪਣ ਲਗਦੀ ਐ ।”
ਗੱਲ ਦੀ ਲੜੀ ਟੁੱਟ ਗਈ। ਕਿਚਨ ਵਿਚੋਂ ਮੇਰੀ ਪਤਨੀ ਦੀ ਆਵਾਜ਼ ਆਈ, “ਤੁਹਾਨੂੰ ਹਜ਼ਾਰ ਵਾਰ ਆਖਿਐ ਕਿ ਕੁੜੀ ਨੂੰ ਬਹੁਤਾ ਚੰਭਲਾਉ ਨਾ। ਇਹਦੀ ਡਾਕਟਰੀ ਤੇ ਸ਼ਕਲ ਕਿਸੇ ਨੇ ਸ਼ੀਸ਼ੇ ਵਿਚ ਜੜਾ ਕੇ ਨ੍ਹੀਂ ਰੱਖਣੀ। ਇਹਨੂੰ ਰੋਟੀ-ਟੁੱਕ ਦੇ ਕੰਮਾਂ ਵਿਚ ਵੀ ਤਾਕ ਹੋਣਾ ਚਾਹੀਦੈ। ਨਾਸ਼ਤਾ ਬਣਾਉਣ ਲੱਗੀ ਵੀ ਕਿਚਨ ਵਿਚ ਇੰਨਾ ਖਲਜਗਣ ਪਾਉਂਦੀ ਐ ਕਿ ਰਹੇ ਰੱਬ ਦਾ ਨਾਂ! ਹੁਣ ਇਹਨੂੰ ਆਖੋ ਕਿ ਕੁਝ ਖਾ ਪੀ ਲਵੇ, ਤੇ ਤੁਹਾਨੂੰ ਵੀ ਖੁਆ ਦੇਵੇ।”
ਮੇਰੀ ਪਤਨੀ ਨੇ ਕੰਮ ਦੇ ਨਾਲ-ਨਾਲ ਆਪਣਾ ਭਾਸ਼ਣ ਵੀ ਜਾਰੀ ਰੱਖਿਆ। ਭਾਰਤੀ ਨਾਰੀ ਦੀ ਇਹੀ ਤਾਂ ਖੂਬੀ ਹੈ ਕਿ ਨਾ ਉਹਦਾ ਕੰਮ ਮੁਕਦਾ ਹੈ, ਨਾ ਹੀ ਭਾਸ਼ਣ।
ਮੈਂ ਆਪਣੀ ਪਤਨੀ ਨੂੰ ਪਿਆਰ ਨਾਲ ਜਵਾਬ ਦਿੱਤਾ, “ਚਲੋ, ਕੋਈ ਗੱਲ ਨੀ। ਆਪੇ ਸਿੱਖ ਜਾਵੇਗੀ ਜਦੋਂ ਸਿਰ ਉਤੇ ਪੈਣਗੀਆਂ। ਜ਼ਿੰਦਗੀ ਵਿਚ ਔਰਤ ਨੂੰ ਮਰਦ ਨਾਲੋਂ ਬਹੁਤੇ ਕਸ਼ਟ ਝੱਲਣੇ ਪੈਂਦੇ ਨੇ। ਮੌਜ ਲੈਣ ਦੇ ਜਿੰਨਾ ਚਿਰ ਕੁਆਰੀ ਐ। ਉਂਜ ਵੀ ਕੁਝ ਕਹਿਣ ਨੂੰ ਜੀਅ ਨ੍ਹੀਂ ਕਰਦਾ। ਛੋਟੇ ਹੁੰਦਿਆਂ ਦੀ ਬੇਬੇ ਮਰ ਗਈ ਸੀ। ਔਰਤ ਨੂੰ ਮੰਦਾ ਬੋਲਣ ਦਾ ਹੌਸਲਾ ਹੀ ਨਹੀਂ ਰਿਹਾ। ਦੱਸ ਦੇ ਜੇ ਇਕੱਤੀਆਂ ਸਾਲਾਂ ਵਿਚ ਤੈਨੂੰ ਵੀ ਕਦੇ ਮੰਦਾ ਬੋਲਿਆ ਹੋਵੇ ਤਾਂ।”
“ਤੁਹਾਡੀਆਂ ਇਹੀ ਗੱਲਾਂ ਤਾਂ ਮੋਹ ਲੈਂਦੀਆਂ ਨੇ ਅਗਲੇ ਨੂੰ।” ਇੰਜ ਆਖ ਮੇਰੀ ਪਤਨੀ ਕਿਚਨ-ਪਲਾਂਟਾਂ ਨੂੰ ਪਾਣੀ ਦੇਣ ਲੱਗ ਪਈ।
ਮੇਰੀ ਧੀ ਨੇ ਚੈਲਿੰਜ ਕਬੂਲ ਕਰਦਿਆਂ ਆਖਿਆ, “ਚਲੋ, ਅੱਜ ਮੰਮੀ ਦੇ ਸਾਰੇ ਉਲਾਂਭੇ ਲਾਹ ਦਿੰਦੀ ਆਂ। ਆਪਣੇ ਡੈਡੀ ਨੂੰ ਉਨ੍ਹਾਂ ਦੇ ਪਸੰਦ ਦਾ ਬਰੇਕਫਾਸਟ ਬਣਾ ਕੇ ਦੇਵਾਂਗੀ। ਬੋਲੋ ਡੈਡੀ ਜੀ ਕੀ ਖਾਵੋਗੇ?”
“ਬੀਨਜ਼ ਤੇ ਸੌਸੇਜਜ਼।” ਮੈਂ ਬੁੱਲ੍ਹਾਂ ‘ਤੇ ਜੀਭ ਫੇਰਦਿਆਂ ਆਖਿਆ।
ਕਿਚਨ ਵਿਚ ਖਲਜਗਣ ਤਾਂ ਖੈਰ ਬਹੁਤ ਪਿਆ, ਪਰ ਬਰੇਕਫਾਸਟ ਮੇਜ਼ ‘ਤੇ ਆ ਗਿਆ। ਸਾਡੀ ਧੀ ਨੇ ਵੀ ਆਪਣਾ ਬਰੇਕਫਾਸਟ ਲੈ ਆਂਦਾ ਜਿਸ ਵਿਚ ਸੌਸੇਜਜ਼ ਦੀ ਥਾਂ ਫਿਸ਼-ਫਿੰਗਰਜ਼ ਸਨ।
“ਤੂੰ ਨੀ ਪਸੰਦ ਕਰਦੀ ਸੌਸੇਜਜ਼?”
“ਕਰਦੀ ਤਾਂ ਹਾਂ ਪਰ ਇਹ ਖਾਣੇ ਖਤਰਨਾਕ ਹੁੰਦੇ ਨੇ।” ਉਹ ਬੋਲੀ।
ਮੇਰੇ ਹੱਥਾਂ ਵਿਚ ਫੜਿਆ ਛੁਰੀ-ਕਾਂਟਾ ਥਾਏਂ ਜੰਮ ਗਿਆ। ਮੈਂ ਇਕਦਮ ਬੋਲਿਆ, “ਖਤਰਨਾਕ! ਇਹ ਕਿਵੇਂ ਹੋ ਸਕਦੈ? ਸਾਰਾ ਜਹਾਨ ਖਾਂਦੈ ਸੌਸੇਜਜ਼। ਨਹੀਂ, ਨਹੀਂ ਤੂੰ ਮਖੌਲ ਕਰਦੀ ਐਂ।”
“ਨਹੀਂ ਮਖੌਲ ਨ੍ਹੀਂ ਕਰਦੀ। ਸੂਰ ਦੇ ਅੰਦਰ ਇਕ ਕੀੜਾ ਹੁੰਦੈ ਜਿਸ ਨੂੰ ਪਿਗ-ਵਰਮ ਕਹਿੰਦੇ ਨੇ। ਉਹ ਛੇ ਫੁੱਟ ਤੀਕ ਲੰਮਾ ਵੀ ਹੋ ਸਕਦੈ। ਆਪਣੇ ਸਰੀਰ ਵਿਚ ਦਾਖ਼ਲ ਹੋ ਕੇ ਆਂਤੜੀਆਂ ਵਿਚ ਲੁਕ ਜਾਂਦਾ ਹੈ ਅਤੇ ਅੰਦਰ ਬੈਠਾ ਸੂਰ ਵਾਂਗ ਖਾਈ ਜਾਂਦਾ ਹੈ।”
“ਇਹ ਤਾਂ ਤੂੰ ਬਹੁਤ ਬੜੀ ਗੱਪ ਮਾਰ ਰਹੀ ਐਂ। ਚਲੋ ਮੰਨ ਲੈਂਦੇ ਆਂ ਕਿ ਸੂਰ ਦੇ ਅੰਦਰ ਹੁੰਦਾ ਹੋਵੇਗਾ ਕੋਈ ਕੀੜਾ, ਪਰ ਨਿਮ੍ਰਤਾ ਸੂਰ ਨੂੰ ਵੱਢਿਆ ਜਾਂਦੈ, ਫ਼ਿਰ ਉਹ ਦੇ ਮਾਸ ਦੇ ਟੁਕੜੇ ਕੀਤੇ ਜਾਂਦੇ ਨੇ, ਫ਼ਿਰ ਮਸ਼ੀਨਾਂ ਨਾਲ ਪੀਹ ਕੇ ਮਲੀਦਾ ਬਣਾਇਆ ਜਾਂਦੈ, ਫਿਰ ਮਸ਼ੀਨਾਂ ਵਿਚੋਂ ਦੀ ਲੰਘਾ ਸੌਸੇਜਜ਼ ਰੋਲ ਬਣਾਏ ਜਾਂਦੇ ਨੇ ਇਥੇ ਹੀ ਬੱਸ ਨਹੀਂ, ਫ਼ਿਰ ਉਨ੍ਹਾਂ ਨੂੰ ਉਬਲਦੇ ਤੇਲ ਵਿਚ ਤਲਿਆ ਜਾਂਦੈ। ਕੀੜਾ ਕਿਵੇਂ ਜਿਉਂਦਾ ਰਹਿ ਸਕਦੈ। ਨਹੀਂ ਨਹੀਂ, ਤੂੰ ਗੱਪ ਮਾਰਦੀ ਏਂ।”
ਨਿਮ੍ਰਤਾ ਨੇ ਬੜੀ ਗੰਭੀਰਤਾ ਨਾਲ ਆਖਿਆ, “ਨਹੀਂ ਡੈਡੀ ਜੀ, ਇਹ ਸੱਚ ਐ। ਇਹ ਬੜਾ ਚਲਾਕ ਕੀੜਾ ਹੁੰਦਾ। ਜੇ ਚੰਗੀ ਤਰ੍ਹਾਂ ਕੁੱਕ ਨਾ ਕਰੀਏ ਤਾਂ ਜੀਂਦਾ ਰਹਿ ਜਾਂਦੈ।” “ਪਰ ਐਕਸ-ਰੇ ਵਿਚ ਤਾਂ ਆ ਜਾਂਦੈ ਕਿ ਨਹੀਂ?” ਮੈਂ ਡਰ ਗਿਆ ਸਾਂ।
“ਮੁਸ਼ਕਿਲ ਹੀ ਐ। ਆਂਤੜੀਆਂ ਫੁਟਬਾਲ ਦੀ ਗਰਾਊਂਡ ਜਿੰਨੀਆਂ ਲੰਮੀਆਂ ਹੁੰਦੀਆਂ ਨੇ। ਉਨ੍ਹਾਂ ਵਿਚ ਕਿਤੇ ਵੀ ਲੁਕ ਕੇ ਬਹਿ ਸਕਦੈ। ਐਕਸ-ਰੇ ਦਾ ਕੋਈ ਫਾਇਦਾ ਵੀ ਨਹੀਂ।”
ਮੈਂ ਬਹੁਤ ਫ਼ਿਕਰਮੰਦ ਹੋ ਗਿਆ। ਮੇਰੀ ਚਿੰਤਾ ਮੇਰੀ ਪਿਆਰੀ ਧੀ ਨੇ ਸਮਝਦਿਆਂ ਆਖਿਆ, “ਪਰ ਤੁਸੀਂ ਕੋਈ ਫਿਕਰ ਨਾ ਕਰੋ। ਇਸ ਨੂੰ ਦਵਾਈਆਂ ਨਾਲ ਮਾਰ ਦਈਦਾ ਹੈ। ਅਜੇ ਤੀਕ ਤੁਹਾਡੇ ਅੰਦਰ ਨਹੀਂ ਐ। ਅਗਾਂਹ ਨੂੰ ਧਿਆਨ ਰੱਖਣਾ।”
ਮੈਂ ਸੁੱਖ ਦਾ ਸਾਹ ਲਿਆ। ਸੌਸੇਜਜ਼ ਦੀ ਪਲੇਟ ਬਿਨਾਂ ਖਾਧਿਆਂ ਪਰ੍ਹਾਂ ਕਰਦਿਆਂ ਪੁੱਛਿਆ, “ਇਹਦੀਆਂ ਕੀ ਨਿਸ਼ਾਨੀਆਂ ਹੁੰਦੀਆਂ ਨੇ?”
“ਇਹਦੀਆਂ ਨਿਸ਼ਾਨੀਆਂ ਹੁੰਦੀਆਂ ਮਰੋੜ, ਸੁਸਤੀ ਵਗੈਰਾ।”
ਫਿਰ ਮੇਰੀ ਧੀ ਮੈਨੂੰ ਰੰਗ ਵਿਚ ਲਿਆਉਣ ਲਈ ਮੈਨੂੰ ਗਲਵਕੜੀ ਪਾ ਆਖਣ ਲੱਗੀ, “ਤੁਸੀਂ ਨਾ ਐਵੇਂ ਫਿਕਰ ਕਰਨ ਲੱਗ ਜਾਣਾ। ਤੁਹਾਨੂੰ ਤਾਂ ਕਦੀ ਮਰੋੜ ਇੰਡੀਆ ਜਾ ਕੇ ਵੀ ਨਹੀਂ ਲੱਗੇ। ਚੁਸਤ ਤਾਂ ਸੁੱਖ ਨਾਲ ਤੁਸੀਂ ਇੰਨੇ ਹੋ ਕਿ ਮਸਾਂ ਪੱਚੀ ਸਾਲ ਦੇ ਮੁੰਡੇ ਲਗਦੇ ਹੋ। ਜਦੋਂ ਤੁਸੀਂ ਮੈਨੂੰ ਹੋਸਟਲ ਵਿਚ ਮਿਲਣ ਆਏ ਸੀ, ਤਾਂ ਕੁੜੀਆਂ ਕਹਿੰਦੀਆਂ ਸਨ ਕਿ ਤੇਰਾ ਭਰਾ ਬੜਾ ਸਮਾਰਟ ਐ ।”
ਬਾਹਰਲੇ ਬੂਹੇ ‘ਤੇ ਵੱਜੀ ਘੰਟੀ ਨੇ ਕੀੜੇ ਤੇ ਮੇਰੀ ਚਿੰਤਾ ਦਾ ਭੋਗ ਪਾ ਦਿੱਤਾ।
ਨਿਮ੍ਰਤਾ ਬੂਹਾ ਖੋਲ੍ਹਣ ਗਈ ਤੇ ਆਪਣੀਆਂ ਸਹੇਲੀਆਂ ਸਲਮਾ ਤੇ ਫਰਹਤ ਨੂੰ ਨਾਲ ਲੈ ਕੇ ਆ ਗਈ। ਜਦੋਂ ਉਹ ਸਿਟਿੰਗ ਰੂਮ ਵਿਚ ਦਾਖਲ ਹੋਈਆਂ ਤਾਂ ਜਾਪਿਆ ਜਿਵੇਂ ਕੋਹ-ਕਾਫ ਦੀਆਂ ਪਰੀਆਂ ਧਰਤੀ ਉਤੇ ਉਤਰ ਆਈਆਂ। ਸਾਰਾ ਕਮਰਾ ਚਾਨਣ-ਚਾਨਣ ਹੋ ਗਿਆ। ਲੰਮੀਆਂ, ਪਤਲੀਆਂ, ਚਿਣ-ਚਿਣ ਰੱਖੇ ਨੈਣ-ਨਕਸ਼, ਸੁਨੱਖੇ ਮੁਹਾਂਦਰੇ, ਲੰਮੇ ਕਾਲੇ ਵਾਲਾਂ ‘ਤੇ ਦੁੱਧ ਚਿੱਟੀਆਂ ਚੁੰਨੀਆਂ, ਚਿੱਟੇ ਕਮੀਜ਼ ਪਜਾਮੇ- ਸਾਰੇ ਰੰਗਾਂ ਦਾ ਕੁਝ ਅਜਿਹਾ ਸੁਮੇਲ ਕਿ ਨੁੱਕਰਾਂ ਵਿਚ ਪਏ ਪਲਾਂਟਾਂ ‘ਤੇ ਲਹਿਰਾਂ ਲਹਿਰਾਉਣ ਲੱਗੀਆਂ।
ਪਹਿਲਾਂ ਉਨ੍ਹਾਂ ਨੇ ਹੱਥ ਜੋੜ ਮੇਰੀ ਪਤਨੀ ਨੂੰ ‘ਆਂਟੀ ਜੀ’ ਨਮਸਤੇ ਬੁਲਾਈ, ਫ਼ਿਰ ਗਲਵਕੜੀਆਂ ਪਾਈਆਂ। ਮੈਨੂੰ ਨਮਸਤੇ ਬੁਲਾਈ। ਫਿਰ ਸ਼ਾਨਦਾਰ ਲਾਹੌਰੀ ਪੰਜਾਬੀ ਵਿਚ ਗੱਲਾਂ ਕਰਨ ਲੱਗੀਆਂ। ਤੇ ਉਨ੍ਹਾਂ ਦੇ ਦੰਦ ! ਰੱਖੇ ਮੋਤੀ ਪਾਲ ਵਿਚ ਕਰ ਕੇ ਕਿਸੇ ਪਸੰਦ! ਉਨ੍ਹਾਂ ਦੰਦਾਂ ਵਿਚ ਮਾਂ-ਬੋਲੀ ਦਾ ਅੰਮ੍ਰਿਤ ਇੰਜ ਝਰ ਰਿਹਾ ਸੀ ਜਿਵੇਂ ਨਿੱਤਰਿਆ ਪਾਣੀ ਤ੍ਰਿਹਾਈਆਂ ਫਸਲਾਂ ਨੂੰ ਸਿੰਜ ਰਿਹਾ ਹੋਵੇ।
“ਆਂਟੀ ਜੀ, ਨਿਮ੍ਰਤਾ ਆਖਦੀ ਪਈ ਸੀ ਕਿ ਤੁਹਾਡੇ ਪੇਕੇ ਅੰਮ੍ਰਿਤਸਰ ਨੇ।” ਸਲਮਾ ਨੇ ਮੇਰੀ ਪਤਨੀ ਨੂੰ ਆਖਿਆ।
“ਹਾਂ ਬੇਟਾ, ਮੇਰੇ ਪੇਕੇ ਅਟਾਰੀ ਨੇ, ਵਾਘੇ ਦੇ ਇਸ ਪਾਰ।”
“ਆਂਟੀ ਜੀ, ਮੇਰੀ ਅੰਮੀ ਦੇ ਪੇਕੇ ਵੀ ਤੁਹਾਡੇ ਲਾਗੇ ਹੀ ਨੇ, ਵਾਘੇ ਦੇ ਉਸ ਪਾਰ। ਸਾਡੇ ਮਾਮਿਆਂ ਦੀਆਂ ਜ਼ਮੀਨਾਂ ਬਾਰਡਰ ਦੇ ਨਾਲ ਹੀ ਲਗਦੀਆਂ ਨੇ।” ਫਰਹਤ ਨੇ ਆਖਿਆ।
“ਫਿਰ ਤਾਂ ਤੁਸੀਂ ਸਾਡੀ ਅੰਮੀ ਦੀ ਭੈਣ ਹੋਈ ਕਿ। ਸਾਡੀ ਖਾਲਾ, ਸਾਡੀ ਮਾਸੀ।” ਸਲਮਾ ਨੇ ਇਹ ਰਿਸ਼ਤਾ ਇੰਨੀ ਮੁਹੱਬਤ ਨਾਲ ਜੋੜਿਆ ਕਿ ਉਹਦੀਆਂ ਅੱਖਾਂ ਦੀ ਰੌਸ਼ਨੀ ਵਧ ਗਈ।
“ਫਿਰ ਤਾਂ ਆਪਾਂ ਸਹੇਲੀਆਂ ਦੇ ਨਾਲ-ਨਾਲ ਭੈਣਾਂ ਵੀ ਹੋਈਆਂ ਕਿ।” ਸਾਡੀ ਧੀ ਨਿਮ੍ਰਤਾ ਨੇ ਆਖਿਆ।
“ਹਾਂ, ਇਹ ਤਾਂ ਬਹੁਤ ਹੀ ਚੰਗੀ ਗੱਲ ਹੋਈ। ਮਾਸੀ ਜੀ, ਤੁਸੀਂ ਫਰਹਤ ਨੂੰ ਰੱਖ ਲਵੋ। ਇਹ ਮੈਥੋਂ ਸੱਤ ਮਿੰਟ ਪਹਿਲਾਂ ਜੰਮ ਕੇ ਮੇਰੇ ‘ਤੇ ਜਨਰਲ ਜ਼ਿਆ ਵਾਂਗ ਹੁਕਮ ਚਲਾਉਂਦੀ ਐ। ਨਿਮ੍ਰਤਾ ਮੈਥੋਂ ਸੱਤ ਮਹੀਨੇ ਛੋਟੀ ਏ, ਜ਼ਰਾ ਮੈਨੂੰ ਵੀ ਹੁਕਮ ਚਲਾਉਣ ਦਾ ਮਜ਼ਾ ਚੱਖ ਲੈਣ ਦੇਵੋ।” ਸਲਮਾ ਬੋਲੀ।
ਕੁਝ ਠੰਢਾ ਪੀ ਕੇ ਕੁੜੀਆਂ ਦੂਜੇ ਕਮਰੇ ਵਿਚ ਆਪਣੇ ਹਾਣ ਦੀਆਂ ਗੱਲਾਂ ਕਰਨ ਚਲੀਆਂ ਗਈਆਂ। ਮੇਰੀ ਪਤਨੀ ਨੇ ਤਬਸਰਾ ਕੀਤਾ, “ਕਿੰਨੀਆਂ ਚੰਗੀਆਂ ਕੁੜੀਆਂ ਨੇ। ਰੱਜ ਕੇ ਸੋਹਣੀਆਂ ਤੇ ਲਾਇਕ ਹੋਣ ਦੇ ਨਾਲ-ਨਾਲ ਸਾਦੀਆਂ ਤੇ ਮਿਲਣਸਾਰ ਕਿੰਨੀਆਂ ਨੇ! ਵੇਖ ਲਵੋ, ਇਨ੍ਹਾਂ ਲੋਕਾਂ ਨੇ ਆਪਣੀ ਕਲਚਰ ਤੇ ਜ਼ਬਾਨ ਕਿਵੇਂ ਕਾਇਮ ਰੱਖੀ ਐ। ਸਾਡੇ ਲੋਕਾਂ ਨੂੰ ਤਾਂ ਹਨ੍ਹੇਰੀ ਆਈ ਹੋਈ ਐ। ਦਿਨੋ-ਦਿਨ ਕਾਲੇ ਅੰਗਰੇਜ਼ ਬਣਦੇ ਜਾ ਰਹੇ ਨੇ ਤੇ ਸਾਡੀਆਂ ਸੋ-ਕਾਲਡ ਹਿੰਦੂ ਫੈਮਿਲੀਆਂ! ਲੋਹੜਾ ਹੀ ਆਇਆ ਹੋਇਐ ਇਨ੍ਹਾਂ ਨੂੰ ਤਾਂ। ਆਪਣੀ ਬੋਲੀ ਨੂੰ ਇੰਨੀ ਨਫਰਤ ਕਰਦੇ ਨੇ ਜਿੰਨੀ ਸਾਊਥ ਇੰਡੀਆ ਵਾਲੇ ਹਿੰਦੀ ਨੂੰ ਨਹੀਂ ਕਰਦੇ ਹੋਣੇ।”
ਬਾਹਰ ਫਿਰ ਘੰਟੀ ਹੋਈ। ਮੇਰੀ ਪਤਨੀ ਬੂਹਾ ਖੋਲ੍ਹਣ ਗਈ ਤਾਂ ਬਾਹਰਲੇ ਬੂਹੇ ਕੋਲ ਹੀ ਸ਼ੋਰ ਮੱਚਿਆ, “ਵਾਹ ਧੰਨਭਾਗ। ਤੇਲ ਚੋਈਏ? ਜੀਅ ਆਇਆਂ ਨੂੰ!”
ਭਰਾਤਾ ਜੀ ਤੇ ਭੈਣ ਜੀ ਅੰਦਰ ਆ ਗਏ। ਮੈਂ ਉਠ ਕੇ ਬੜੀ ਸ਼ਰਧਾ ਨਾਲ ਗੋਡੀਂ ਹੱਥ ਲਾਏ।
“ਨਹੀਂ ਨਹੀਂ, ਕੇਵਲ ਨਮਸਤੇ ਹੀ।” ਭਰਾਤਾ ਜੀ ਮੈਨੂੰ ਉਠਾਉਂਦਿਆਂ ਬੋਲੇ।
ਭੈਣ ਜੀ ਮੇਰੀ ਸਕੀ ਭੈਣ ਨਹੀਂ ਸੀ, ਸਾਡੇ ਪਿੰਡ ਦੀ ਧੀ ਸੀ। ਵਰਤਦੀ ਸਕਿਆ ਵਾਂਗ ਸੀ। ਇਕਹਿਰੇ ਜਿਹੇ ਬਦਨ ਦੀ ਧੀਮੀ ਔਰਤ ਸੀ ਭੈਣ। ਉਂਜ ਤਾਂ ਮੈਥੋਂ ਦਸ ਸਾਲ ਤੇ ਮੇਰੀ ਪਤਨੀ ਨਾਲੋਂ ਸੋਲ੍ਹਾਂ ਸਾਲ ਵੱਡੀ ਸੀ, ਪਰ ਮੈਨੂੰ ਵੀਰ ਤੇ ਮੇਰੀ ਪਤਨੀ ਨੂੰ ਭਰਜਾਈ ਸੱਦਦੀ ਸੀ। ਕਿਸੇ ਦੀ ਨਿੰਦਿਆ ਚੁਗਲੀ ਨਹੀਂ ਕਰਦੀ ਸੀ, ਪਰ ਜੇ ਮਨ ਦਾ ਸਿੱਕਾ ਢਾਲਣਾ ਹੀ ਹੋਵੇ, ਤਾਂ ਮੇਰੀ ਪਤਨੀ ਕੋਲ ਹੀ ਢਾਲਦੀ ਸੀ। ਸਪਸ਼ਟ ਤੇ ਨਿਰਸੰਕੋਚ! ਰੱਖੜੀ ਵਾਲੇ ਦਿਨ ਪੂਰੇ ਸ਼ਗਨਾਂ ਨਾਲ ਮੇਰੇ ਰੱਖੜੀ ਬੰਨ੍ਹਣ ਆਉਂਦੀ। ਪਹਿਰਾਵੇ ਤੇ ਵਿਹਾਰ ਤੋਂ ਪੁਰਾਤਨ ਹਿੰਦੂ ਔਰਤ ਦੀ ਜੀਂਦੀ-ਜਾਗਦੀ ਤਸਵੀਰ ਸੀ। ਜਦੋਂ ਭਰਾਤਾ ਜੀ ਯਾਨਿ ਭੈਣ ਦੇ ਪਤੀਦੇਵ ਤੇ ਮੈਂ ਗਰਮਾ-ਗਰਮ ਬਹਿਸ ਕਰਦੇ ਸਾਂ, ਤਾਂ ਭੈਣ ਵਿਚਾਰੀ ਫਸ ਜਾਂਦੀ ਸੀ, ਤੇ ਇਹ ਆਖ ਚੁੱਪ ਸਾਧ ਲੈਂਦੀ ਸੀ, “ਭਰਾ ਕੌਮਨਿਸਟ ਏ, ਤੇ ਪਤੀ ਜਨ ਸੰਘੀ, ਮੈਂ ਹੁਣ ਕੀ ਬੋਲਾਂ? ਪਰ ਮੇਰੀ ਪਤਨੀ ਜਿਹੜੀ ਮੇਰੇ ਲੈਕਚਰ ਸੁਣ-ਸੁਣ ਪਹਿਲਾਂ ਅੱਕੀ ਸੀ, ਫਿਰ ਥੱਕੀ ਸੀ ਤੇ ਹੁਣ ਮੈਨੂੰ ਅਣਡਿੱਠ ਕਰਨ ਵਿਚ ਹੀ ਮੁਕਤੀ ਸਮਝਦੀ ਸੀ, ਭੈਣ ਨੂੰ ਇਸ ਸੰਕਟ ਵਿਚੋਂ ਕੱਢਣ ਲਈ ਮੈਦਾਨ ਵਿਚ ਨਿੱਤਰਦੀ ਸੀ। ਅੱਜ ਵੀ ਨਿੱਤਰੀ, “ਆਓ ਭੈਣ ਜੀ, ਆਪਾਂ ਦੂਜੇ ਕਮਰੇ ਵਿਚ ਕਬੀਲਦਾਰੀ ਦੀਆਂ ਗੱਲਾਂ ਕਰਦੇ ਆਂ। ਡਰਾਇੰਗ ਰੂਮ ‘ਚ ਤਾਂ ਸਿਆਸਤਦਾਨ ਨੇ; ਪਤਾ ਨੀ ਕਦੋਂ ਹਟਣਗੇ।”
ਅਸੀਂ ਦੋਵੇਂ ਰਹਿ ਗਏ ਭਾਰਤੀ ਸਿਆਸਤ ਦੀ ਫੂਕ ਨਿਕਲੀ ਫੁੱਟਬਾਲ ਨੂੰ ਕਿੱਕਾਂ ਮਾਰਨ ਲਈ।
“ਕੇਰਲਾ ਵਿਚ ਤੁਸੀਂ ਸਾਡੇ ਵਰਕਰਾਂ ਨੂੰ ਮਾਰ ਰਹੇ ਹੋ।” ਭਰਾਤਾ ਜੀ ਬੈਠਦਿਆਂ ਹੀ ਸ਼ੁਰੂ ਹੋ ਗਏ।
“ਅਸੀਂ ਕਿਉਂ ਮਾਰਾਂਗੇ? ਲੋਕਾਂ ਦਾ ਅਸਲੀ ਰਾਜ ਲਿਆਉਣ ਵਾਲੇ ਕਦੀ ਵੀ ਆਮ ਲੋਕਾਂ ਨੂੰ ਨਹੀਂ ਮਾਰਦੇ ਹੁੰਦੇ। ਇਹਿਤਾਸ ਗਵਾਹ ਹੈ। ਇਹ ਕੰਮ ਤਾਂ ਅਤਿਵਾਦੀ ਤੇ ਸ਼ਾਵਨਵਾਦੀ ਕਰਦੇ ਹੁੰਦੇ ਨੇ, ਸਗੋਂ ਤੁਸੀਂ ਹੋ ਜਿਹੜੇ ਸਾਡੇ ਵਰਕਰਾਂ ਨੂੰ ਮਾਰ ਰਹੇ ਹੋ। ਮੁਸਲਮਾਨ ਭਰਾਵਾਂ ਨੂੰ ਮਾਰ ਰਹੇ ਹੋ। ਈਸਾਈਆਂ ਦਾ ਜੀਣਾ ਹਰਾਮ ਕੀਤਾ ਹੋਇਆ ਤੁਸੀਂ। ਇਹੀ ਹੈ ਤੁਹਾਡਾ ਅਦਰਸ਼ਕ ਹਿੰਦੂ ਰਾਜ, ਇਹ ਤਾਂ ਸਾਮਰਾਜ ਐ!” ਮੈਂ ਗਰਮੀ ਖਾ ਆਖਿਆ।
ਪਰ ਭਰਾਤਾ ਜੀ ਸਨ ਕਿ ਕਦੀ ਗਰਮੀ ਖਾਂਦੇ ਹੀ ਨਹੀਂ ਸਨ। ਬੜੀ ਸ਼ਾਂਤੀ ਨਾਲ ਬੋਲੇ, “ਅਸੀਂ ਨਾ ਮਾਰ ਰਹੇ ਹਾਂ, ਨਾ ਡਰਾ ਰਹੇ ਹਾਂ। ਸਾਡਾ ਉਦੇਸ਼ ਤਾਂ ਪ੍ਰੇਮ ਦੀ ਵਰਸ਼ਾ ਕਰਨਾ ਹੈ। ਮੁਸਲਮਾਨਾਂ ਨੂੰ ਭਾਰਤ ਦਾ ਏਡਾ ਵੱਡਾ ਟੁਕੜਾ ਕੱਟ ਕੇ ਦੇ ਦਿੱਤਾ, ਹੁਣ ਉਹ ਇਸ ਦੇਸ਼ ਵਿਚ ਰਹਿਣ ਦਾ ਕੀ ਹੱਕ ਰੱਖਦੇ ਹਨ। ਪਾਕਿਸਤਾਨ ਜਾਣ। ਜਿਥੋਂ ਤੀਕ ਈਸਾਈਆਂ ਦਾ ਸਬੰਧ ਹੈ, ਉਹ ਗਰੀਬ ਹਿੰਦੂਆਂ ਨੂੰ ਭਰਮਾ ਕੇ ਈਸਾਈ ਬਣਾ ਰਹੇ ਹਨ। ਯਿਹ ਤੋਂ ਹਮ ਨਹੀਂ ਹੋਨੇ ਦੇਂਗੇ।”
“ਭਾਰਤ ਸੈਕੂਲਰ ਦੇਸ਼ ਐ। ਇਸ ਵਿਚ ਹਰ ਮਜ਼ਹਬ ਦੇ ਲੋਕ ਬਰਾਬਰੀ ਨਾਲ ਰਹਿਣ ਦਾ ਹੱਕ ਰੱਖਦੇ ਨੇ।” ਮੈਂ ਖਿਝ ਕੇ ਆਖਿਆ।
“ਭਾਰਤ ਹਿੰਦੂਆਂ ਦਾ ਦੇਸ਼ ਹੈ। ਉਹੀ ਇਥੋਂ ਦੇ ਆਦੀ ਵਸਨੀਕ ਨੇ। ਮੁਸਲਮਾਨ ਤੇ ਈਸਾਈ ਸ਼ੁਧੀ ਕਰਵਾ ਮੁੜ ਆਪਣੀ ਜੜ੍ਹ ਨਾਲ ਜੁੜ ਜਾਣ, ਤੇ ਪਵਿੱਤਰ ਹੋ ਜਾਣ। ਹਾਂ ਕੌਮਨਿਸਟ ਵਿਦੇਸ਼ੀ ਮਾਦਾ ਹੈ। ਦੇਸ਼ ਦੇ ਗੱਦਾਰ ਨੇ। ਰੂਸ ਚੀਨ ਦੇ ਏਜੰਟ ਨੇ। ਉਥੇ ਚਲੇ ਜਾਣ।” ਇੰਜ ਆਖ ਭਰਾਤਾ ਜੀ ਜ਼ਰਾ ਮੁਸਕਾਏ ਤਾਂ ਕਿ ਮੈਨੂੰ ਮੇਰੀ ਜ਼ਾਤ ਦਾ ਅਹਿਸਾਸ ਹੋ ਜਾਵੇ।
ਮੈਨੂੰ ਉਨ੍ਹਾਂ ਦੀਆਂ ਗੱਲਾਂ ਨਾਲੋਂ ਉਨ੍ਹਾਂ ਦੇ ਅੰਦਾਜ਼ੇ-ਬਿਆਨ ‘ਤੇ ਜ਼ਿਆਦਾ ਗੁੱਸਾ ਆ ਰਿਹਾ ਸੀ। ਮੈਂ ਤੈਸ਼ ਵਿਚ ਬੋਲਿਆ, “ਪਰ ਤੁਸੀਂ ਕੀ ਹੋ? ਜੇ ਤੁਹਾਡਾ ਰਾਜ ਆ ਗਿਆ ਤਾਂ ਆਇਤਉਲਾ ਖੁਮੈਨੀ ਟੰਗਵੀਂ ਧੋਤੀ ਪਾ ਤੇ ਤਿਲਕ ਲਾ, ਦਿੱਲੀ ਦੀ ਗੱਦੀ ‘ਤੇ ਬਿਰਾਜਮਾਨ ਹੋ ਜਾਵੇਗਾ। ਉਸੇ ਦਿਨ ਤੁਸੀਂ ਫੌਜੀ ਅੱਡੇ ਬਣਾਉਣ ਲਈ ਭਾਰਤ ਨੂੰ ਅਮਰੀਕਨ ਸਾਮਰਾਜ ਕੋਲ ਗਹਿਣੇ ਧਰ ਦੇਵੋਗੇ।”
ਪਰ ਇਹ ਕੇਹੀ ਅਜੀਬ ਗੱਲ ਸੀ ਕਿ ਸਾਰੀ ਨੋਕ-ਝੋਕ ਦੇ ਬਾਵਜੂਦ ਮੈਂ ਭਰਾਤਾ ਜੀ ਨੂੰ ਬਹੁਤ ਪਸੰਦ ਕਰਦਾ ਸਾਂ। ਉਹ ਕਿੰਨੇ ਨਿਮਰ ਸਨ ਕਿ ਮੇਰੀ ਧੀ ਨਿਮ੍ਰਤਾ ਨੂੰ ਵੀ ‘ਨਿਮ੍ਰਤਾ ਜੀ’ ਕਹਿ ਕੇ ਬੁਲਾਉਂਦੇ ਸਨ। ਉਹ ਕਿੰਨੇ ਬੇਗਰਜ਼ ਇਨਸਾਨ ਸਨ ਕਿ ਸਾਰੀ ਜ਼ਿੰਦਗੀ ਇੰਗਲੈਂਡ ਵਿਚ ਰਹਿ ਕੇ ਵੀ ਉਨ੍ਹਾਂ ਕੋਲ ਆਪਣਾ ਘਰ ਨਹੀਂ ਸੀ। ਉਨ੍ਹਾਂ ਨੇ ਆਪਣੀ ਉਮਰ ਭਰ ਦੀ ਕਮਾਈ ਸੰਘ ਦੀਆਂ ਸਰਗਰਮੀਆਂ ਵਿਚ ਰੋੜ੍ਹ ਦਿੱਤੀ ਸੀ। ਉਨ੍ਹਾਂ ਦੀ ਸਾਦਗੀ ਤੇ ਭੋਲੇਪਣ ਬਾਰੇ ਭੈਣ ਅਕਸਰ ਆਖਿਆ ਕਰਦੀ ਸੀ, “ਵੀਰ, ਇਨ੍ਹਾਂ ਨੂੰ ਦੋਸਤ-ਦੁਸ਼ਮਣ ਦੀ ਕੋਈ ਪਛਾਣ ਨਹੀਂ ਹੈ। ਨਾ ਇਨ੍ਹਾਂ ਨੂੰ ਪਤਾ ਲਗਦੈ ਕਿ ਕਿਸੇ ਨੇ ਗੱਲ ਲਾ ਕੇ ਕੀਤੀ ਹੈ, ਜਾਂ ਸੁਭਾਵਕ। ਸੜਕ ‘ਤੇ ਤੁਰੇ ਜਾਂਦੇ ਦਸ ਬੰਦਿਆਂ ਨੂੰ ਰੋਟੀ ਦਾ ਨਿਮੰਤਰਣ (ਸੱਦਾ) ਦੇ ਆਉਣਗੇ। ਆਪ ਪਲੇਟ ਧੋਣੀ ਵੀ ਨਹੀਂ ਆਉਂਦੀ। ਸੰਘੀਆਂ ਦੀਆਂ ਰੋਟੀਆਂ ਪਕਾ-ਪਕਾ ਮੈਨੂੰ ਪੈਂਤੀ ਸਾਲ ਦੀ ਉਮਰ ਵਿਚ ਹੀ ਗਠੀਏ ਦੀ ਸ਼ਿਕਾਇਤ ਹੋ ਗਈ ਸੀ। ਜੇ ਖਿਝ ਜਾਵਾਂ ਤਾਂ ਅੱਗਿਉਂ ਹੱਸਣ ਲੱਗ ਜਾਣਗੇ। ਬੱਚੇ ਆਖਦੇ ਨੇ ਕਿ ਪਿਤਾ ਜੀ ਨੂੰ ਦੁਨੀਆਂਦਾਰੀ ਦਾ ਕੋਈ ਗਿਆਨ ਨਹੀਂ ਹੈ। ਲੋਕਾਂ ਨੇ, ਇਥੋਂ ਤੀਕ ਕਿ ਤੁਸੀਂ ਕੌਮਨਿਸਟਾਂ ਨੇ ਵੀ, ਇੰਗਲੈਂਡ ਵਿਚ ਲੱਖਾਂ ਦੀਆਂ ਜਾਇਦਾਦਾਂ ਬਣਾ ਲਈਆਂ ਨੇ, ਪਰ ਸਾਡੇ ਕੋਲ ਆਪਣਾ ਕੋਈ ਘਰ ਵੀ ਨਹੀਂ ਹੈ। ਬੱਸ ਜਿਵੇਂ ਤੁਲਸੀ ਦਾਸ ਦੇ ਰੋਮ-ਰੋਮ ਵਿਚ ਰਾਮ ਵਸਿਆ ਹੋਇਆ ਸੀ, ਇਨ੍ਹਾਂ ਦੀ ਘਟ-ਘਟ ਵਿਚ ਸੰਘ ਵਸੀ ਹੋਈ ਐ।”
ਭੈਣ ਜਦੋਂ ਇੰਜ ਆਖਦੀ ਤਾਂ ਮੈਂ ਜਾਚ ਲੈਂਦਾ ਸੀ ਕਿ ਦੂਜਿਆਂ ਦੇ ਮੁਕਾਬਲੇ ਆਪਣੀ ਗਰੀਬੀ ਦਾ ਅਹਿਸਾਸ ਕਰ ਕੇ ਭੈਣ ਦੀਆਂ ਗੱਲਾਂ ਵਿਚ ਲੁਕਵੀਂ ਕੁੜੱਤਣ ਤੇ ਉਦਾਸੀ ਭਰ ਜਾਂਦੀ। ਮੈਂ ਭੈਣ ਨੂੰ ਤਸੱਲੀ ਦੇਣ ਲਈ ਆਖਦਾ, “ਭੈਣ, ਇਨ੍ਹਾਂ ਨੂੰ ਲੱਗੇ ਰਹਿਣ ਦੇ ਜਿਧਰ ਲੱਗੇ ਹੋਏ ਨੇ। ਇਥੇ ਪੱਛਮ ਵਿਚ ਆਪਣਾ ਸਭ ਕੁਝ ਟੁੱਟਦਾ ਜਾ ਰਿਹੈ। ਇਨਸਾਨ ਨੂੰ ਜੀਣ ਲਈ ਕੋਈ ਰੁਝੇਵਾਂ ਤਾਂ ਚਾਹੀਦੈ, ਚਾਹੇ ਉਹ ਜਨ ਸੰਘ ਹੀ ਕਿਉਂ ਨਾ ਹੋਵੇ।”
“ਵੇਖਿਆ, ਇਹ ਕੌਮਨਿਸਟ ਕਿਵੇਂ ਵਿਅੰਗ ਕੱਸਦੇ ਨੇ।” ਭਰਾਤਾ ਜੀ ਮੁਸਕਰਾਉਂਦਿਆਂ ਬੋਲੇ।
ਸਲਮਾ ਤੇ ਫਰਹਤ ਆਪਣੇ ਘਰ ਜਾਣ ਲਈ ਵਿਦਾਇਗੀ ਲੈਣ ਆ ਗਈਆਂ ਸਨ। ਤੁਰਨ ਤੋਂ ਪਹਿਲਾਂ ਕਹਿਣ ਲੱਗੀਆਂ, “ਮਾਸੀ ਜੀ, ਇਨ੍ਹਾਂ ਨਾਲ ਵੀ ਸਾਡੀ ਜਾਣ-ਪਛਾਣ ਕਰਵਾਓ ਨਾ।”
“ਬੇਟਾ, ਇਹ ਨਿਮ੍ਰਤਾ ਦੇ ਭੂਆ ਜੀ ਨੇ।”
ਉਹ ਇਕਦਮ ਭੈਣ ਜੀ ਵੱਲ ਉਲਰੀਆਂ ਤੇ ਗਲਵਕੜੀਆਂ ਪਾ ਆਖਣ ਲੱਗੀਆਂ, “ਫ਼ਿਰ ਤੇ ਤੁਸੀਂ ਸਾਡੇ ਵੀ ਭੂਆ ਜੀ ਹੋਏ ਕਿ। ਨਮਸਤੇ ਭੂਆ ਜੀ।”
“ਨਮਸਤੇ ਬੇਟਾ”, ਆਖ ਭੈਣ ਨੇ ਦੋਹਾਂ ਦੇ ਮੱਥੇ ਚੁੰਮੇ।
“ਇਹ ਮੇਰੇ ਫੁੱਫਰ ਜੀ ਨੇ।” ਨਿਮ੍ਰਤਾ ਨੇ ਭਰਾਤਾ ਜੀ ਵੱਲ ਇਸ਼ਾਰਾ ਕਰਦਿਆਂ ਆਖਿਆ।
ਉਨ੍ਹਾਂ ਨੇ ਭਰਾਤਾ ਜੀ ਨੂੰ ਵੀ ਬੜੇ ਆਦਰ ਨਾਲ ਹੱਥ ਜੋੜ ਨਮਸਤੇ ਬੁਲਾਈ।
ਮੈਂ ਆਪਣੀ ਧੀ ਨੂੰ ਮੁੜ ਮਜ਼ਾਕ ਕੀਤਾ, “ਫੁੱਫੜ ਬੋਲਣਾ ਨੀ ਆਉਂਦਾ, ਤੇ ਬਣਨ ਚੱਲੀ ਐ ਡਾਕਟਰ!”
“ਪਰ ਅੰਕਲ ਜੀ, ਅਸੀਂ ਤਾਂ ਆਖ ਸਕਨੀਆਂ ਫੁੱਫੜ ਜੀ।” ਸਲਮਾ ਤੇ ਫਰਹਤ ਨੇ ਵਾਰੀ-ਵਾਰੀ ਆਖਿਆ।
ਫਿਰ ਉਹ ਨਿਮ੍ਰਤਾ ਵੱਲ ਹੋਈਆਂ, ਤੇ ਆਖਣ ਲੱਗੀਆਂ, “ਤੂੰ ਫੂਫਾ ਜੀ ਆਖ ਲਿਆ ਕਰ ਨਾ।”
ਜਦੋਂ ਨਿਮ੍ਰਤਾ ਉਨ੍ਹਾਂ ਨੂੰ ਕਾਰ ਵਿਚ ਬਿਠਾ ਵਾਪਸ ਆਈ ਤਾਂ ਮੈਨੂੰ ਆਖਣ ਲੱਗੀ, “ਡੈਡੀ, ਜਦੋਂ ਤੁਸੀਂ ਫੁੱਫਰ ਜੀ ਨਾਲ ਬਹਿਸ ਕਰਦੇ ਹੋ, ਤਾਂ ਆਏਂ ਰੌਲਾ ਪਾਉਂਦੇ ਹੋ, ਜਿਵੇਂ ਇੰਡੀਆ ਵਿਚ ਲਾਊਡਸਪੀਕਰ ਬੋਲਦੇ ਨੇ। ਬਹਿਸ ਫੁੱਫਰ ਜੀ ਵੀ ਕਰਦੇ ਨੇ, ਪਰ ਵੇਖੋ ਕਿੰਨੇ ਠਰ੍ਹੰਮੇ ਨਾਲ ਬੋਲਦੇ ਨੇ।”
“ਬੇਟਾ ਨਿਮ੍ਰਤਾ ਜੀ, ਇਹ ਕੌਮਨਿਸਟ ਪਹਿਲਾਂ ਰੌਲਾ ਪਾਉਣ ਦੀ ਹੀ ਪੀਐਚਡੀ ਕਰਦੇ ਨੇ। ਕੌਮਨਿਸਟ ਹੋਏ, ਬੀਮੇ ਦੇ ਏਜੰਟ ਹੋਏ, ਗੱਡੀਆਂ ਵਿਚ ਦਵਾਈਆਂ ਵੇਚਣ ਵਾਲੇ ਹੋਏ; ਬੱਸ ਲਸੂੜੇ ਦੀ ਗਿਟਕ ਵਾਂਗ ਚਿੰਬੜ ਜਾਂਦੇ ਨੇ।” ਭਰਾਤਾ ਜੀ ਨੇ ਆਖਿਆ, ਤੇ ਸਾਰੇ ਹੱਸ ਪਏ।
ਭਰਾਤਾ ਜੀ ਆਪਣੀ ਉਦਾਰ ਫਿਤਰਤ ਅਨੁਸਾਰ ਹਰ ਆਉਣ-ਜਾਣ ਵਾਲੇ ਵਿਚ ਦਿਲਚਸਪੀ ਲੈਂਦੇ ਸਨ। ਇਸ ਲਈ ਉਨ੍ਹਾਂ ਨੇ ਪੁੱਛਿਆ, “ਇਹ ਬੇਟਾ ਤੇਰੀਆਂ ਸਹੇਲੀਆਂ ਨੇ?”
“ਹਾਂ ਫੁੱਫਰ ਜੀ, ਇਹ ਮੇਰੇ ਨਾਲ ਹੀ ਮੈਡੀਸਨ ਕਰਦੀਆਂ ਨੇ।”
“ਕਮਾਲ ਏ! ਨਿਰੀਆਂ ਤਸਵੀਰਾਂ ਨੇ। ਜਿੰਨੀਆਂ ਸੁੰਦਰ ਉਨੀਆਂ ਹੀ ਲਾਇਕ। ਕਿੰਨੇ ਖੁਸ਼ਕਿਸਮਤ ਹੋਣਗੇ ਮਾਪੇ ਜਿਨ੍ਹਾਂ ਦੀਆਂ ਇਹ ਧੀਆਂ ਨੇ। ਦੋਵੇਂ ਇਥੇ ਹੀ ਰਹਿੰਦੀਆਂ ਨੇ?”
“ਹਾਂ ਭੂਆ ਜੀ, ਇਥੇ ਹੀ ਰਹਿੰਦੀਆਂ ਨੇ। ਸਕੀਆਂ ਭੈਣਾਂ ਨੇ।”
“ਤੇ ਲਾਇਕ ਇੰਨੀਆਂ ਨੇ ਕਿ ਦੋਹਾਂ ਨੇ ਗਿਆਰਾਂ-ਗਿਆਰਾਂ ਓ-ਲੈਵਲ ਤੇ ਚਾਰ-ਚਾਰ ਏ-ਲੈਵਲ ਕੀਤੇ ਹੋਏ ਨੇ। ਤੇ ਸਾਰੀਆਂ ਏਆਂ ਨੇ। ਇਹ ਤਾਂ ਆਕਸਫੋਰਡ ਤੇ ਕੈਂਬਰਿਜ ਵੀ ਜਾ ਸਕਦੀਆਂ ਹਨ।” ਮੇਰੀ ਪਤਨੀ ਨੇ ਇੰਜ ਮਾਣ ਨਾਲ ਦੱਸਿਆ ਜਿਵੇਂ ਉਹ ਉਹਦੀਆਂ ਆਪਣੀਆਂ ਧੀਆਂ ਹੋਣ।
“ਸਾਰੇ ਏ ਗਰੇਡ!” ਆਖ ਭਰਾਤਾ ਜੀ ਚੌਂਕੇ। ਫਿਰ ਆਪਣੇ ਉਸੇ ਸੁਭਾਵਕ ਠਰ੍ਹੰਮੇ ਨਾਲ ਕਹਿਣ ਲੱਗੇ, “ਫਿਰ ਤਾਂ ਸਾਰੇ ਇੰਗਲੈਂਡ ਵਿਚੋਂ ਲਾਇਕ ਹੋਈਆਂ ਕਿ! ਦਰਅਸਲ ਹਿੰਦੂ ਖੂਨ ਵਿਚ ਗਿਆਨ ਦੇ ਸਮੁੰਦਰ ਠਾਠਾਂ ਮਾਰ ਰਹੇ ਨੇ। ਹਿੰਦੂਆਂ ਦਾ ਆਰੀਆ ਵਿਰਸਾ ਤੇ ਪਰੰਪਰਾਵਾਂ- ਇੰਨੀਆਂ ਅਮੀਰ ਨੇ ਕਿ ਹੋਰ ਕੌਮਾਂ ਇਨ੍ਹਾਂ ਦੇ ਪਾਸਕ ਵੀ ਨਹੀਂ।”
“ਮਾਫ ਕਰਨਾ ਭਰਾਤਾ ਜੀ, ਇਹ ਮੁਸਲਮਾਨ ਕੁੜੀਆਂ ਨੇ। ਇਨ੍ਹਾਂ ਦੇ ਨਾਂ ਸਲਮਾ ਤੇ ਫਰਹਤ ਨੇ, ਤੇ ਇਹ ਜੌੜੀਆਂ ਭੈਣਾਂ ਨੇ।” ਮੈਂ ਟੋਕਦਿਆਂ ਆਖਿਆ।
“ਮੁਸਲਮਾਨ!” ਆਖ ਭਰਾਤਾ ਜੀ ਥਾਏਂ ਜੰਮ ਗਏ। ਇੰਨੇ ਠੰਢੇ ਤੇ ਠਰ੍ਹੰਮੇ ਵਾਲੇ ਮਨੁੱਖ ਦਾ ਚਿਹਰਾ ਫਟਕੜੀ ਵਾਂਗ ਬੱਗਾ ਹੋ ਗਿਆ।
“ਹਾਂ ਮੁਸਲਮਾਨ! ਪੰਜ ਵੇਲੇ ਨਮਾਜ਼ ਪੜ੍ਹਦੀਆਂ ਨੇ। ਸਾਰੇ ਰੋਜ਼ੇ ਰੱਖਦੀਆਂ ਨੇ।” ਮੈਂ ਜ਼ਰਾ ਤਰਾਰੇ ਨਾਲ ਬੋਲਿਆ, ਤਾਂ ਕਿ ਆਪਣੀ ਜਿੱਤ ਨੂੰ ਟਣਕਾ ਕੇ ਦੱਸ ਸਕਾਂ।
ਇੰਨੇ ਨੂੰ ਭਰਾਤਾ ਜੀ ਸੰਭਲ ਚੁੱਕੇ ਸਨ। ਬੋਲੇ, “ਇਹ ਕਿਵੇਂ ਹੋ ਸਕਦਾ ਹੈ?”
“ਮੁਸਲਮਾਨ ਨਾ ਤਾਂ ਇੰਨੇ ਸੋਹਣੇ ਹੋ ਸਕਦੇ ਨੇ, ਤੇ ਨਾ ਹੀ ਦਿਮਾਗੀ। ਇਹ ਦਾਤ ਤਾਂ ਆਰੀਆ ਖੂਨ ਨੂੰ ਹੀ ਬਖਸ਼ੀ ਹੋਈ ਹੈ।”
“ਪਰ ਇਹ ਤਾਂ ਪੱਕੀਆਂ ਮੁਸਲਮਾਨ ਨੇ। ਅਸੀਂ ਇਨ੍ਹਾਂ ਦੇ ਮਾਪਿਆਂ ਨੂੰ ਪਿਛਲੇ ਕਈ ਸਾਲਾਂ ਤੋਂ ਜਾਣਦੇ ਆਂ।” ਮੇਰੀ ਪਤਨੀ ਨੇ ਗੱਲ ਮੁਕਾਉਣ ਦੀ ਨੀਤ ਨਾਲ ਦਖ਼ਲ ਦਿੱਤਾ।
ਭਰਾਤਾ ਜੀ ਮਿੰਟ ਕੁ ਚੁੱਪ ਸਾਧੀ ਬੈਠੇ ਰਹੇ, ਜਿਵੇਂ ਇੰਦਰ ਦਾ ਸਿੰਘਾਸਣ ਡੋਲਦਾ ਮਹਿਸੂਸ ਕਰ ਰਹੇ ਹੋਣ। ਫਿਰ ਬੜੇ ਸਹਿਜਮਈ ਅੰਦਾਜ਼ ਵਿਚ ਕਹਿਣ ਲੱਗੇ, “ਜੇ ਇਹ ਠੀਕ ਹੀ ਮੁਸਲਮਾਨ ਕੁੜੀਆਂ ਨੇ, ਤਾਂ ਇਨ੍ਹਾਂ ਦੇ ਵੱਡੇ-ਵਡੇਰੇ ਜ਼ਰੂਰ ਹਿੰਦੂਆਂ ਤੋਂ ਮੁਸਲਮਾਨ ਬਣਾਏ ਗਏ ਹੋਣਗੇ। ਜੇ ਤੁਸੀਂ ਜ਼ਰਾ ਧਿਆਨ ਨਾਲ ਵੇਖੋ, ਤਾਂ ਮੁਸਲਮਾਨਾਂ ਦੀਆਂ ਦਸ ਲੜਕੀਆਂ ਵਿਚੋਂ ਨੌਂ ਸੁੰਦਰ ਹੋਣਗੀਆਂ ਅਤੇ ਉਨ੍ਹਾਂ ਨੌਂਆਂ ਵਿਚ ਹੀ ਹਿੰਦੂ ਆਰੀਆਂ ਦਾ ਖੂਨ ਹੋਵੇਗਾ। ਤੁਹਾਨੂੰ ਤਾਂ ਪਤਾ ਹੀ ਏ ਕਿ ਮੁਸਲਮਾਨ ਹਮਲਾਵਰ ਹਿੰਦੂਆਂ ਦੀਆਂ ਸੋਹਣੀਆਂ ਤੇ ਛਾਂਟਵੀਆਂ ਲੜਕੀਆਂ ਨੂੰ ਚੁੱਕ ਕੇ ਲੈ ਜਾਂਦੇ ਸਨ, ਤੇ ਮੁਸਲਮਾਨ ਬਣਾ ਲੈਂਦੇ ਸਨ। ਔਰੰਗਜ਼ੇਬ ਵੇਲੇ ਤਾਂ ਥੋਕ ਦੇ ਭਾਅ ਟੱਬਰਾਂ ਦੇ ਟੱਬਰਾਂ ਦਾ ਧਰਮ ਭ੍ਰਿਸ਼ਟ ਕੀਤਾ ਗਿਆ। ਇਸੇ ਲਈ ਇਹ ਕੁੜੀਆਂ ਇੰਨੀਆਂ ਸੁੰਦਰ ਨੇ, ਤੇ ਦਿਮਾਗ ਵੀ ਆਰੀਆ ਰਿਸ਼ੀਆਂ ਤੇ ਬ੍ਰਾਹਮਣ ਕਸ਼ੱਤਰੀਆਂ ਵਰਗਾ ਏ। ਨਹੀਂ ਮੁਸਲਮਾਨ ਸੋਹਣਾ ਤੇ ਜ਼ਹੀਨ ਹੋਵੇ? ਰਾਮ-ਰਾਮ ਕਰੋ ਜੀ, ਰਾਮ-ਰਾਮ!”
ਭਰਾਤਾ ਜੀ ਕੰਨ ਫੜ, ਚੁੱਪ ਸਾਧ ਬੈਠ ਗਏ।
ਇਸ ਤੋਂ ਬਾਅਦ ਕੋਈ ਖਾਸ ਗੱਲ ਨਹੀਂ ਹੋਈ। ਜਾਪਦਾ ਸੀ ਕਿ ਏਡੀਆਂ ਸੁਨੱਖੀਆਂ ਤੇ ਬੁੱਧੀਮਾਨੀ ਕੁੜੀਆਂ ਦਾ ਮੁਸਲਮਾਨ ਨਿਕਲ ਆਉਣਾ ਭਰਾਤਾ ਜੀ ਨੂੰ ਧੁਰ ਅੰਦਰ ਤੀਕ ਪੱਛ ਕੇ ਸੁੱਟ ਗਿਆ ਸੀ। ਥੋੜ੍ਹੀ ਦੇਰ ਬਾਅਦ ਉਹ ਚਲੇ ਗਏ।
ਅਸੀਂ ਉਨ੍ਹਾਂ ਨੂੰ ਤੋਰ ਅਜੇ ਸਿਟਿੰਗ ਰੂਪ ਵਿਚ ਬੈਠੇ ਹੀ ਸਾਂ ਕਿ ਸਾਡੀ ਧੀ ਨਿਮ੍ਰਤਾ ਡਾਕਟਰੀ ਦੀ ਕਿਤਾਬ ਚੁੱਕ ਲਿਆਈ ਅਤੇ ਉਸ ਵਿਚੋਂ ਪਿਗ-ਵਰਮ ਯਾਨਿ ਸੂਰ-ਕੀੜੇ ਬਾਰੇ ਪੜ੍ਹ ਕੇ ਸੁਣਾਉਣ ਲੱਗ ਪਈ। ਮੈਂ ਬੇਦਿਲੀ ਨਾਲ ਸੁਣਦਾ ਰਿਹਾ, ਤਾਂ ਕਿ ਬੱਚੀ ਨੂੰ ਬੁਰਾ ਨਾ ਲੱਗੇ। ਉਂਜ ਹੁਣ ਮੈਨੂੰ ਪਿਗ-ਵਰਮ ਵਿਚ ਕੋਈ ਖਾਸ ਦਿਲਚਸਪੀ ਨਹੀਂ ਸੀ ਅਤੇ ਨਾ ਹੀ ਉਹ ਮੈਨੂੰ ਇੰਨਾ ਖਤਰਨਾਕ ਹੀ ਲੱਗ ਰਿਹਾ ਸੀ। ਮੇਰੀਆਂ ਸਾਰੀਆਂ ਬਿਰਤੀਆਂ ਤਾਂ ਉਸ ਕੀੜੇ ਉਤੇ ਲੱਗੀਆਂ ਹੋਈਆਂ ਸਨ ਜਿਹੜਾ ਭਰਾਤਾ ਜੀ ਦੇ ਅੰਦਰ ਸੀ।

  • ਮੁੱਖ ਪੰਨਾ : ਕਹਾਣੀਆਂ, ਰਘੁਬੀਰ ਢੰਡ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ