Khar Da Parda (Punjabi Story) : S. Saki

ਖੜ ਦਾ ਪਰਦਾ (ਕਹਾਣੀ) : ਐਸ ਸਾਕੀ

ਇਹ ਕੋਈ ਚਾਲੀ ਸਾਲ ਪਹਿਲਾਂ ਦੀ ਗੱਲ ਹੈ। ਤਦ ਸ਼ਾਂਤੀਨਿਕੇਤਨ ਯੂਨੀਵਰਸਿਟੀ ਦੇ ਮੁੱਖ ਗੇਟ ਤੋਂ ਬਾਹਰ ਆਹਮਣੇ-ਸਾਹਮਣੇ ਦੋ ਦੁਕਾਨਾਂ ਬਣੀਆਂ ਹੋਈਆਂ ਸਨ, ਇਕ ਚਾਹ ਦੀ ਤੇ ਦੂਜੀ ਪਾਨ ਦੀ। ਤਦ ਯੂਨੀਵਰਸਿਟੀ ਕੈਂਪਸ 'ਚ ਕੋਈ ਕੰਟੀਨ ਨਹੀਂ ਸੀ ਹੁੰਦੀ। ਵਿਦਿਆਰਥੀਆਂ ਨੂੰ ਖਾਣ ਲਈ ਜੋ ਵੀ ਮਿਲਦਾ ਸੀ, ਉਹ ਮੈਸ ਵਿਚੋਂ ਬੰਨ੍ਹੇ ਵਕਤ 'ਤੇ ਮਿਲਿਆ ਕਰਦਾ ਸੀ। ਦਿਨ ਵਿਚ ਕੁਝ ਵੱਧ ਖਾਣ ਲਈ ਜਾਂ ਚਾਹ ਦਾ ਕੱਪ ਪੀਣ ਲਈ ਉਨ੍ਹਾਂ ਨੂੰ ਚਾਹ ਦੀ ਦੁਕਾਨ 'ਤੇ ਜਾਣਾ ਪੈਂਦਾ ਸੀ। ਦੋਵਾਂ ਦੁਕਾਨਾਂ ਤੱਕ ਪਹੁੰਚਣ ਲਈ ਇਕ ਲੰਬਾ ਰਸਤਾ ਮੇਨ ਗੇਟ ਤੋਂ ਜਾਂਦਾ ਸੀ। ਇਕ ਥਾਂ ਤੋਂ ਉਹ ਰਸਤਾ ਗੰਦੇ ਪਾਣੀ ਨਾਲ ਭਰਿਆ ਰਹਿੰਦਾ ਸੀ। ਉਥੋਂ ਲੰਘਣ ਵਾਲਿਆਂ ਲਈ ਟੁੱਟੀਆਂ ਇੱਟਾਂ ਰੱਖ ਕੇ ਰਾਹ ਬਣਾਇਆ ਹੋਇਆ ਸੀ।
ਚਾਹ ਦੀ ਦੁਕਾਨ ਵਾਲੇ ਦਾ ਨਾਂਅ ਸ਼ਾਦੀ ਲਾਲ ਸੀ। ਉਹ ਰਹਿਣ ਵਾਲਾ ਤਾਂ ਬਿਹਾਰ ਦਾ ਸੀ ਪਰ ਇਨ੍ਹਾਂ ਬੰਗਾਲੀਆਂ ਵਿਚ ਪਤਾ ਨਹੀਂ ਕਿਵੇਂ ਆ ਗਿਆ ਸੀ। ਮੈਂ ਸ਼ਾਦੀ ਲਾਲ ਕੋਲੋਂ ਇਹ ਪੁੱਛਣ ਦੀ ਕਦੇ ਲੋੜ ਨਹੀਂ ਸਮਝੀ ਸੀ। ਪਾਨ ਵਾਲੇ ਨੂੰ ਮੈਂ ਨਹੀਂ ਸੀ ਜਾਣਦਾ ਕਿਉਂਕਿ ਮੈਂ ਕਦੇ ਵੀ ਉਸ ਦੁਕਾਨ ਤੋਂ ਪਾਨ ਲੈ ਕੇ ਨਹੀਂ ਸੀ ਖਾਧਾ।
ਸ਼ਿਆਮ ਲਾਲ ਕੋਈ ਪੰਜਾਹਾਂ ਤੋਂ ਉੱਪਰ ਦੀ ਉਮਰ ਦਾ ਸੀ। ਦੁਕਾਨ ਦੇ ਪਿਛਲੇ ਪਾਸੇ ਇਕ ਕਮਰੇ ਵਿਚ ਉਸ ਦੀ ਉਮਰ ਤੋਂ ਥੋੜ੍ਹੀ ਛੋਟੀ ਉਸ ਦੀ ਪਤਨੀ, ਵੀਹ-ਇੱਕੀ ਸਾਲਾਂ ਦਾ ਉਸ ਦਾ ਪੁੱਤ ਗਿਆਨਾ ਕੋਈ ਦਸ ਵਰ੍ਹਿਆਂ ਦੀ ਧੀ ਪਿਆਰੋ ਰਹਿੰਦੇ ਸਨ। ਉਹ ਸਾਰੇ ਇਕੱਠੇ ਦੁਕਾਨ ਨੂੰ ਚਲਾਉਣ ਵਿਚ ਇਕ-ਦੂਜੇ ਦਾ ਹੱਥ ਵਟਾਉਂਦੇ ਸਨ।

ਸ਼ਾਦੀ ਲਾਲ ਗੱਦੀ 'ਤੇ ਬੈਠਾ ਰਹਿੰਦਾ। ਗਿਆਨਾ ਗਾਹਕਾਂ ਲਈ ਚਾਹ ਬਣਾਉਂਦਾ, ਮਠਿਆਈਆਂ ਪਕਾਂਦਾ। ਉਸ ਦੀ ਮਾਂ ਟੁੱਟੇ ਮੇਜਾਂ ਤੋਂ ਜੂਠੇ ਭਾਂਡੇ ਚੁੱਕ ਪਾਣੀ ਵਾਲੀ ਹੌਜ਼ ਤੀਕ ਪਹੁੰਚਾਉਂਦੀ, ਜਿਸ ਥਾਂ ਬੈਠੀ ਪਿਆਰੋ ਹੌਜ਼ 'ਤੇ ਲੱਗੀ ਟੂਟੀ ਦੇ ਪਾਣੀ ਨਾਲ ਉਨ੍ਹਾਂ ਨੂੰ ਧੋਂਦੀ ਰਹਿੰਦੀ। ਪਤਾ ਨਹੀਂ ਕਿਉਂ ਸ਼ਾਦੀ ਲਾਲ ਹਮੇਸ਼ਾ ਮੈਲੇ ਤੇ ਗੰਦੇ ਕੱਪੜਿਆਂ ਵਿਚ ਹੀ ਰਹਿੰਦਾ ਸੀ। ਮੈਲਅਟੀ ਪੱਗ, ਉਸੇ ਤਰ੍ਹਾਂ ਦੀ ਕੱਪੜੇ ਦੀ ਬਣੀ ਬਨੈਣ ਤੇ ਧੋਤੀ ਹਰ ਵੇਲੇ ਉਹਦੇ ਸਰੀਰ 'ਤੇ ਹੁੰਦੀ। ਉਸ ਦੀ ਦੁਕਾਨ ਦਾ ਸਾਰਾ ਸਮਾਨ ਵੀ ਆਪਣੇ ਹੀ ਢੰਗ ਦਾ ਸੀ। ਚਾਹ ਵਾਲੀ ਕੇਤਲੀ ਬਾਹਰੋਂ ਵੇਖ ਪਹਿਚਾਣ 'ਚ ਨਹੀਂ ਸੀ ਆਉਂਦੀ ਕਿ ਕਿਸ ਧਾਤ ਦੀ ਬਣੀ ਹੋਈ ਹੈ। ਚਾਹ ਪੁਨਣੀ ਦੀ ਜਾਲੀ ਦੀ ਥਾਂ ਮਲਮਲ ਦਾ ਪਤਲਾ ਕੱਪੜਾ ਬੰਨ੍ਹ ਕੇ ਕੰਮ ਚਲਾਇਆ ਹੋਇਆ ਸੀ। ਕੱਪਾਂ ਵਿਚ ਕਈਆਂ ਦੇ ਕੁੰਡੇ ਟੁੱਟੇ ਹੋਏ ਸਨ। ਇਤਨਾ ਹੋਣ ਦੇ ਬਾਵਜੂਦ ਵੀ ਸ਼ਾਦੀ ਲਾਲ ਦੀ ਦੁਕਾਨ ਹਰ ਵੇਲੇ ਗਾਹਕਾਂ ਨਾਲ ਭਰੀ ਰਹਿੰਦੀ ਸੀ। ਟੁੱਟੇ ਮੇਜ਼ਾਂ ਦੇ ਚੁਗਿਰਦ ਬਹੁਤ ਸਾਰੇ ਲੋਕ ਬੈਠੇ ਰਹਿੰਦੇ। ਜਿਨ੍ਹਾਂ ਵਿਚ ਯੂਨੀਵਰਸਿਟੀ ਦੇ ਪ੍ਰੋਫੈਸਰ ਹੁੰਦੇ, ਜਿਨ੍ਹਾਂ ਵਿਚ ਰਿਸਰਚ ਸਕਾਲਰ ਹੁੰਦੇ, ਜਿਨ੍ਹਾਂ ਵਿਚ ਕਦੇ ਕਦਾਈਂ ਵਿਦਿਆਰਥੀ ਵੀ ਹੁੰਦੇ। ਉਹ ਚਾਹ ਦੀ ਹਰ ਇਕ ਘੁੱਟ ਦੇ ਨਾਲ ਇਸ਼ਕ ਤੋਂ ਲੈ ਕੇ ਸਿਆਸਤ ਤੱਕ ਘੰਟਿਆਂਬੱਧੀ ਬਹਿਸ ਕਰਦੇ ਰਹਿੰਦੇ। ਫੇਰ ਜਦੋਂ ਹਨੇਰਾ ਹੋ ਜਾਂਦਾ ਤਾਂ ਪਾਨ ਵਾਲੇ ਦੀ ਦੁਕਾਨ ਤੋਂ ਇਕ ਪਾਨ ਲੈ ਅਧੂਰੀ ਬਹਿਸ ਨੂੰ ਕੱਲ੍ਹ 'ਤੇ ਛੱਡ ਕੇ ਆਪਣੇ-ਆਪਣੇ ਘਰਾਂ ਨੂੰ ਚਲੇ ਜਾਂਦੇ ਸਨ।

ਸ਼ਾਦੀ ਲਾਲ ਨੇ ਕਦੇ ਵੀ ਉਨ੍ਹਾਂ ਦੀਆਂ ਗੱਲਾਂ ਵੱਲ ਧਿਆਨ ਨਹੀਂ ਸੀ ਦਿੱਤਾ। ਉਹ ਸਾਰਾ ਦਿਨ ਗੱਦੀ 'ਤੇ ਬੈਠਾ ਕਦੇ ਗਿਆਨੇ ਨੂੰ ਝਿੜਕਦਾ ਰਹਿੰਦਾ ਤੇ ਕਦੀ ਆਪਣੀ ਘਰ ਵਾਲੀ ਜਾਂ ਧੀ ਨੂੰ। ਬਹੁਤ ਸਾਲਾਂ ਤੋਂ ਚਲਦੀਆਂ ਆ ਰਹੀਆਂ ਬਹਿਸਾਂ ਵੱਲ ਜੇ ਉਹ ਕਿਤੇ ਧਿਆਨ ਦਿੰਦਾ ਤਾਂ ਆਪ ਵੀ ਬਹੁਤ ਕੁਝ ਸਿੱਖ ਸਕਦਾ ਸੀ ਪਰ ਅਜਿਹਾ ਨਾ ਹੋਇਆ।
ਸ਼ਾਦੀ ਲਾਲ ਇੰਜ ਤਾਂ ਭਾਵੇਂ ਬਹੁਤ ਸਾਰੇ ਗੁਣਾਂ ਵਾਲਾ ਸੀ ਪਰ ਉਨ੍ਹਾਂ ਵਿਚ ਗਾਹਕਾਂ ਨਾਲ ਸ਼ਹਿਦ ਜਿਹੀ ਮਿੱਠੀ ਜ਼ਬਾਨ ਨਾਲ ਬੋਲਣਾ ਖਾਸ ਸੀ। ਸ਼ਾਦੀ ਲਾਲ ਬਿਹਾਰ ਦਾ ਹੋਣ ਕਰਕੇ ਆਪਣੀ ਭਾਸ਼ਾ ਨਾਲ ਜਦੋਂ ਬੰਗਾਲੀ ਦੇ ਸ਼ਬਦ ਮਿਲਾ ਕੇ ਬੋਲਦਾ ਤਾਂ ਹੋਰ ਵੀ ਚੰਗਾ ਲੱਗਦਾ। ਕਈ ਵਾਰੀ ਤਾਂ ਕੋਈ ਗਾਹਕ ਸਾਰੇ ਦਿਨ ਵਿਚ ਚਾਹ ਦਾ ਇਕ ਕੱਪ ਪੀ ਕੇ ਹੀ ਉਸ ਦੀ ਦੁਕਾਨ 'ਤੇ ਬੈਠਾ ਰਹਿੰਦਾ, ਪਰ ਉਹ ਤਾਂ ਵੀ ਮੱਥੇ 'ਤੇ ਕਦੇ ਵੱਟ ਨਾ ਪਾਉਂਦਾ। ਗਾਹਕਾਂ ਨਾਲ ਭਰੇ ਬੈਂਚ ਵੇਖ ਉਹ ਵਾਰ-ਵਾਰ ਮੁੱਛਾਂ 'ਤੇ ਹੱਥ ਫੇਰਦਾ ਤੇ ਆਪਣੇ ਘੁੱਟੇ ਆਕਾਰ ਵਾਲੇ ਚਿਹਰੇ ਨੂੰ ਹੋਰ ਘੁੱਟ ਲੈਂਦਾ। ਖੁਸ਼ੀ ਨਾਲ ਉਸ ਦੀਆਂ ਛੋਟੀਆਂ ਗੋਲ ਅੱਖਾਂ ਹੋਰ ਗੋਲ ਹੋ ਜਾਂਦੀਆਂ।
ਮੈਨੂੰ ਪਤਾ ਨਹੀਂ ਉਹ ਕਿਉਂ ਜਾਮ ਬਾਬੂ ਆਖ ਬੁਲਾਇਆ ਕਰਦਾ ਸੀ। ਮੈਨੂੰ ਇਹ ਵੀ ਯਾਦ ਨਹੀਂ ਕਿ ਉਸ ਨੇ ਮੇਰਾ ਇਹ ਨਾਉਂ ਕਿਉਂ ਰੱਖਿਆ ਸੀ। ਅਸਲ ਵਿਚ ਤਦ ਚਾਲੀ ਵਰ੍ਹੇ ਪਹਿਲਾਂ ਮੈਂ ਬਹੁਤ ਸੁਕੜੂ ਜਿਹਾ ਦੁਬਲਾ-ਪਤਲਾ ਸੀ, ਜਦੋਂ ਵੀ ਮੈਂ ਟੁਰਦਾ ਹੋਇਆ ਚਿੱਕੜ ਵਾਲੀ ਥਾਂ 'ਤੇ ਰੱਖੀਆਂ ਇੱਟਾਂ 'ਤੇ ਪੈਰ ਧਰਦਾ ਤਾਂ ਉਹ ਮੈਨੂੰ ਦੂਰੋਂ ਆਉਂਦੇ ਨੂੰ ਵੇਖ 'ਆਓ ਜਾਮ ਸਾਹਿਬ' ਕਹਿ ਮੇਰਾ ਸਵਾਗਤ ਕਰਦਾ। ਮੇਰੇ ਬਿਨਾਂ ਆਰਡਰ ਦਿੱਤੇ ਗਿਆਨੇ ਨੂੰ ਚਾਹ ਦਾ ਕੜਕ ਕੱਪ ਬਣਾਉਣ ਲਈ ਆਖਦਾ। ਮੇਜ਼ਾਂ 'ਤੇ ਪਏ ਕੱਪ ਖਾਲੀ ਹੁੰਦੇ ਜਾਂਦੇ, ਬਹਿਸਾਂ ਉਸੇ ਤਰ੍ਹਾਂ ਚਲਦੀਆਂ ਰਹਿੰਦੀਆਂ ਪਰ ਸ਼ਾਦੀ ਲਾਲ ਨੂੰ ਕੁਝ ਨਾ ਹੁੰਦਾ। ਉਸ ਦਾ ਕੁਝ ਵੀ ਨਾ ਬਦਲਦਾ। ਉਹ ਮੈਨੂੰ ਹਮੇਸ਼ਾ ਇਕੋ ਤਰ੍ਹਾਂ ਦਾ ਸ਼ਾਦੀ ਲਾਲ ਲਗਦਾ।
ਇਕ ਵਾਰੀ ਹਫ਼ਤੇ ਲਈ ਮੈਨੂੰ ਕਲਕੱਤੇ ਜਾਣਾ ਪੈ ਗਿਆ। ਯੂਨੀਵਰਸਿਟੀ ਵਾਪਸ ਆ ਮੈਂ ਸ਼ਾਦੀ ਲਾਲ ਦੀ ਦੁਕਾਨ 'ਤੇ ਗਿਆ। ਉਸ ਨੇ ਪਹਿਲਾਂ ਦੀ ਤਰ੍ਹਾਂ ਨਿੱਘੇ ਸ਼ਬਦਾਂ ਨਾਲ ਮੇਰਾ ਸਵਾਗਤ ਕੀਤਾ। ਮੇਰੇ ਇੰਨੇ ਦਿਨ ਦੁਕਾਨ 'ਤੇ ਨਾ ਆਉਣ ਦੀ ਵਜ੍ਹਾ ਪੁੱਛੀ। ਗਿਆਨੇ ਨੂੰ ਕੜਕ ਚਾਹ ਦੇ ਕੱਪ ਲਈ ਕਿਹਾ।
ਅੱਜ ਸ਼ਾਦੀ ਲਾਲ ਮੇਰੇ ਪਾਸੋਂ ਪਹਿਚਾਣਿਆ ਨਹੀਂ ਸੀ ਜਾ ਰਿਹਾ। ਉਸ ਨੇ ਨਵੀਂ ਚਿੱਟੀ ਧੋਤੀ ਤੇ ਨਵਾਂ ਕੁੜਤਾ ਪਹਿਨ ਰੱਖਿਆ ਸੀ। ਸਿਰ 'ਤੇ ਪਿਆਜੀ ਰੰਗ ਦੀ ਪੱਗ ਬੰਨ੍ਹ ਉਸ ਦੇ ਲੜ੍ਹ ਨੂੰ ਮਾਇਆ ਲਾ ਉੱਪਰ ਨੂੰ ਚੁੱਕਿਆ ਹੋਇਆ ਸੀ, ਜਿਸ 'ਤੇ ਕਈ ਮੱਖੀਆਂ ਬੈਠੀਆਂ ਆਪਣੇ ਪੈਰਾਂ ਨਾਲ ਮੂੰਹ ਧੋ ਰਹੀਆਂ ਸਨ।
ਥੋੜ੍ਹੇ ਚਿਰ 'ਚ ਗਿਆਨਾ ਮੇਰੇ ਲਈ ਚਾਹ ਦਾ ਕੱਪ ਲੈ ਆਇਆ। ਕੱਪ ਫੜਦਿਆਂ ਕੁਝ ਪਲਾਂ ਲਈ ਮੇਰੀ ਨਜ਼ਰ ਉਸ 'ਤੇ ਚਲੀ ਗਈ। ਮੈਂ ਤਾਂ ਉਸ ਵੱਲ ਵੇਖਦਾ ਹੀ ਰਹਿ ਗਿਆ। ਉਸ ਨੇ ਵੀ ਪਿਓ ਵਾਂਗ ਨਵੇਂ ਕੱਪੜੇ ਪਹਿਨ ਰੱਖੇ ਸਨ। ਇਸ ਦੇ ਨਾਲ ਆਪੇ ਹੀ ਮੇਰੀ ਨਜ਼ਰ ਬਰਤਨ ਧੋਂਦੀ ਪਿਆਰੋ ਨੂੰ ਵੇਖਣ ਲਈ ਮਜਬੂਰ ਹੋ ਜਾਂਦੀ ਹੈ। ਜਿਧਰ ਪਿਆਰੋ ਬੈਠਿਆ ਕਰਦੀ ਸੀ, ਉਧਰ ਵੇਖ ਤਾਂ ਮੈਂ ਹੈਰਾਨ ਰਹਿ ਗਿਆ।
ਪਿਆਰੋ ਨਾਲ ਅੱਜ ਇਕ ਹੋਰ ਕੁੜੀ ਬੈਠੀ ਸੀ, ਜਿਸ ਦੀ ਮੇਰੇ ਵੱਲ ਪਿੱਠ ਸੀ। ਪਿਆਰੋ ਦੇ ਕੱਪੜੇ ਤਾਂ ਉਵੇਂ ਹੀ ਮੈਲ ਭਰੇ ਸਨ ਪਰ ਉਸ ਨਾਲ ਬੈਠੀ ਕੁੜੀ ਨੇ ਤਾਂ ਭੜਕਵੇਂ ਰੰਗ ਦੇ ਕੱਪੜੇ ਪਹਿਨ ਰੱਖੇ ਸਨ। ਉਸ ਦੀ ਪਿੱਠ ਵੱਲ ਵੇਖ ਤਾਂ ਉਹ ਮਸਾਂ 14-15 ਵਰ੍ਹਿਆਂ ਦੀ ਲੱਗੀ। ਉਹ ਵੀ ਕੱਪ ਪਲੇਟਾਂ ਸਾਫ਼ ਕਰਨ ਵਿਚ ਪਿਆਰੋ ਦੀ ਮਦਦ ਕਰ ਰਹੀ ਸੀ। ਜਦੋਂ ਵੀ ਉਹ ਕੱਪ ਪਲੇਟਾਂ ਸਾਫ਼ ਕਰਦਿਆਂ ਹੱਥ ਹਿਲਾਉਂਦੀ ਤਾਂ ਉਸ ਦੀਆਂ ਬਾਹਾਂ 'ਚ ਪਿਹਨੇ ਚਾਂਦੀ ਦੇ ਘੁੰਗਰੂਆਂ ਵਾਲੇ ਕੜੇ ਛੰਨ-ਛੰਨ ਕਰ ਉਠਦੇ। ਜਿੰਨੀ ਵਾਰੀ ਵੀ ਮੈਂ ਉਸ ਨਵ-ਵਿਆਹੀ ਕੁੜੀ ਵੱਲ ਵੇਖਣ ਦੀ ਕੋਸ਼ਿਸ਼ ਕੀਤੀ ਤਾਂ ਮੈਨੂੰ ਹਰ ਵਾਰੀ ਇਸ ਤਰ੍ਹਾਂ ਲੱਗਾ ਜਿਵੇਂ ਸ਼ਾਦੀ ਲਾਲ ਵੀ ਮੇਰੇ ਵੱਲ ਘੂਰ-ਘੂਰ ਕੇ ਤੱਕ ਰਿਹਾ ਸੀ।
ਪਤਾ ਨਹੀਂ ਮੈਂ ਕਿਉਂ ਬਾਰ-ਬਾਰ ਕੋਸ਼ਿਸ਼ ਕਰ ਰਿਹਾ ਸੀ ਕਿ ਉਸ ਕੁੜੀ ਦੀ ਸ਼ਕਲ ਇਕ ਵਾਰੀ ਵੇਖ ਲਵਾਂ। ਬੈਂਚ 'ਤੇ ਬੈਠਾ-ਬੈਠਾ ਮੈਂ ਚਾਹ ਦੇ ਤਿੰਨ ਕੱਪ ਪੀ ਗਿਆ ਪਰ ਮੈਨੂੰ ਤਾਂ ਵੀ ਉਸ ਕੁੜੀ ਦੀ ਸ਼ਕਲ ਇਕ ਵਾਰੀ ਵੀ ਦਿਖਾਈ ਨਹੀਂ ਦਿੱਤੀ। ਉਸ ਦਿਨ ਮੈਂ ਵੇਖਿਆ ਮੇਰੇ ਨਾਲ ਬੈਠੇ ਰਿਸਰਚ ਸਕਾਲਰ ਉਸ ਨਵੀਂ ਵਿਆਹੀ ਕੁੜੀ ਨੂੰ ਵੇਖ ਅਨਜੋੜ ਵਿਆਹਾਂ ਦੇ ਬਾਰੇ ਬਹਿਸ ਕਰ ਰਹੇ ਸਨ।
ਬੈਂਚ ਤੋਂ ਉਠ ਮੈਂ ਸ਼ਾਦੀ ਲਾਲ ਦੀ ਗੱਦੀ ਕੋਲ ਪੈਸੇ ਦੇਣ ਲਈ ਆ ਗਿਆ। ਪੈਸੇ ਫੜਾਂਦਿਆਂ ਮੈਂ ਫੇਰ ਉਧਰ ਵੇਖਣ ਲੱਗਾ, ਜਿਧਰ ਪਿਆਰੋ ਨਾਲ ਉਹ ਕੁੜੀ ਬੈਠੀ ਸੀ।
'ਇਹ ਮੇਰੀ ਨੂੰਹ ਹੈ।' ਅਚਾਨਕ ਸ਼ਾਦੀ ਲਾਲ ਦੀ ਰੁਖੀ ਜਿਹੀ ਆਵਾਜ਼ ਨੇ ਮੇਰਾ ਧਿਆਨ ਉਧਰੋਂ ਹਟਾ ਦਿੱਤਾ। ਉਸ ਦੇ ਇਨ੍ਹਾਂ ਸ਼ਬਦਾਂ 'ਤੇ ਮੈਨੂੰ ਬਹੁਤ ਸ਼ਰਮ ਲੱਗੀ। ਉਸ ਦਿਨ ਮੈਂ ਚੁੱਪ-ਚੁਪੀਤਾ ਆਪਣੇ ਕਮਰੇ ਵੱਲ ਆ ਗਿਆ।
ਦੂਜੇ ਦਿਨ ਮੈਂ ਫਿਰ ਸ਼ਾਦੀ ਲਾਲ ਦੀ ਦੁਕਾਨ 'ਤੇ ਗਿਆ। ਟੁੱਟੀਆਂ ਇੱਟਾਂ 'ਤੇ ਪੈਰ ਧਰਦਿਆਂ ਹੀ ਮੇਰੀ ਨਜ਼ਰ ਸ਼ਾਦੀ ਲਾਲ ਦੀ ਨਜ਼ਰ ਨਾਲ ਮਿਲੀ ਪਰ ਅੱਜ ਉਸ ਨੇ ਰੋਜ਼ ਦੀ ਤਰ੍ਹਾਂ ਮੇਰਾ 'ਆਓ ਜਾਮ ਸਾਹਬ' ਕਹਿ ਨਿੱਘਾ ਸਵਾਗਤ ਨਾ ਕੀਤਾ, ਜਿਵੇਂ ਉਹ ਪਹਿਲਾਂ ਕਰਿਆ ਕਰਦਾ ਸੀ। ਉਸ ਨੇ ਗੱਦੀ 'ਤੇ ਬੈਠਿਆਂ-ਬੈਠਿਆਂ ਹੀ ਰੁੱਖੇ ਸ਼ਬਦਾਂ ਨਾਲ ਗਿਆਨੇ ਨੂੰ ਚਾਹ ਦੇ ਕੱਪ ਲਈ ਕਹਿ ਦਿੱਤਾ। ਪਰ ਇਸ ਵਾਰੀ ਉਹ ਚਾਹ ਨਾਲ ਲੱਗਿਆ 'ਕੜਕ' ਸ਼ਬਦ ਖਾ ਗਿਆ। ਮੈਂ ਉਸ ਦੇ ਇਸ ਤਰ੍ਹਾਂ ਦੇ ਸੁਭਾਅ ਬਾਰੇ ਕੁਝ-ਕੁਝ ਜ਼ਰੂਰ ਸਮਝ ਗਿਆ ਸੀ। ਅੱਜ ਚਾਹ ਪੀਂਦਿਆਂ ਮੈਂ ਜਿੰਨੀ ਵਾਰੀ ਵੀ ਸ਼ਾਦੀ ਲਾਲ ਦੀ ਨੂੰਹ ਵੱਲ ਝਾਕਿਆ, ਸ਼ਾਦੀ ਲਾਲ ਦੀਆਂ ਅੱਖਾਂ ਵੀ ਮੈਨੂੰ ਗੁੱਸੇ ਨਾਲ ਘੂਰ-ਘੂਰ ਕੇ ਤਾੜਦੀਆਂ ਰਹੀਆਂ।
ਫਿਰ ਅਗਲੇ ਦਿਨ ਜਦੋਂ ਮੈਂ ਦੁਕਾਨ 'ਤੇ ਗਿਆ ਤਾਂ ਸ਼ਾਦੀ ਲਾਲ ਦਾ ਪੂਰਾ ਸੁਭਾਅ ਮੈਨੂੰ ਸਾਰੇ ਗਾਹਕਾਂ ਨਾਲ ਚਿੜਚਿੜਾ ਲੱਗਾ। ਮੇਰੇ ਚਾਹ ਪੀਂਦਿਆਂ ਉਸ ਨੇ ਕਿੰਨੀ ਵਾਰੀ ਗਿਆਨੇ ਨੂੰ ਝਾੜਿਆ ਤੇ ਇਕ ਵਾਰੀ ਗਾਹਕਾਂ 'ਤੇ ਉੱਚੀ ਬਹਿਸ ਕਰਨ 'ਤੇ ਵੀ ਇਤਰਾਜ਼ ਕੀਤਾ।
ਇਸ ਤਰ੍ਹਾਂ ਚਾਰ ਦਿਨ ਲੰਘ ਗਏ ਪਰ ਮੈਂ ਸ਼ਾਦੀ ਲਾਲ ਦੀ ਨੂੰਹ ਦੀ ਸ਼ਕਲ ਨਾ ਵੇਖ ਸਕਿਆ ਅਤੇ ਇਨ੍ਹਾਂ ਦਿਨਾਂ ਵਿਚ ਸ਼ਾਦੀ ਲਾਲ ਦਾ ਵਰਤਾਓ ਮੇਰੇ ਨਾਲ ਇੰਨਾ ਚਿੜਚਿੜਾ ਹੋ ਗਿਆ ਕਿ ਜਿਵੇਂ ਉਹ ਮੈਨੂੰ ਦੁਕਾਨ 'ਚੋਂ ਚੁੱਕ ਕੇ ਬਾਹਰ ਸੁੱਟ ਦੇਣਾ ਚਾਹੁੰਦਾ ਸੀ। ਮੈਨੂੰ ਵੀ ਸ਼ਾਦੀ ਲਾਲ ਦੇ ਵਰਤਾਓ ਪਾਸੋਂ ਡਰ ਲੱਗਣ ਲੱਗ ਪਿਆ ਸੀ।
ਪੰਜਵੇਂ ਦਿਨ ਜਦੋਂ ਮੈਂ ਉਹਦੀ ਦੁਕਾਨ 'ਤੇ ਜਾਣ ਲਈ ਟੁੱਟੀਆਂ ਇੱਟਾਂ ਤੀਕ ਪਹੁੰਚਿਆ ਤਾਂ ਮੈਨੂੰ ਚੁੱਪ ਵੇਖ ਕੇ ਉਹ ਪਹਿਲਾਂ ਵਾਂਗ ਬੋਲਿਆ, 'ਆਓ ਜਾਮ ਸਾਹਬ ਕੀ ਹਾਲ ਹੈ?' ਉਸ ਦੇ ਅਜਿਹੇ ਵਰਤਾਓ 'ਤੇ ਮੈਂ ਬਹੁਤ ਹੈਰਾਨ ਹੋਇਆ। ਉਹ ਮੈਨੂੰ ਪਹਿਲਾਂ ਵਾਲਾ ਸ਼ਾਦੀ ਲਾਲ ਜਾਪਿਆ, ਜਿਹੜਾ ਹੱਸ-ਹੱਸ ਕੇ ਗਾਹਕਾਂ ਦਾ ਸਵਾਗਤ ਕਰਿਆ ਕਰਦਾ ਸੀ।
ਬੈਂਚ 'ਤੇ ਬੈਠਦਿਆਂ ਹੀ ਉਸ ਨੇ ਗਿਆਨੇ ਨੂੰ ਮੇਰੇ ਲਈ ਕੜਕ ਚਾਹ ਦੇ ਕੱਪ ਲਈ ਕਿਹਾ। ਅੱਜ ਉਹ ਚਾਹ ਨਾਲ 'ਕੜਕ' ਸ਼ਬਦ ਜੋੜਨਾ ਨਹੀਂ ਸੀ ਭੁੱਲਿਆ। ਮੈਂ ਕੁਝ ਚਿਰ ਲਈ ਹੈਰਾਨੀ 'ਚ ਡੁੱਬਿਆ ਉਸੇ ਤਰ੍ਹਾਂ ਬੈਂਚ 'ਤੇ ਚੁੱਪ-ਚਾਪ ਬੈਠਾ ਸ਼ਾਦੀ ਲਾਲ ਬਾਰੇ ਸੋਚਦਾ ਰਿਹਾ, 'ਇਹ ਅੱਜ ਬਦਲ ਕਿਵੇਂ ਗਿਆ?' ਮੇਰੇ ਮਨਅੰਦਰ ਸਵਾਲ ਆ ਗਿਆ।
ਗਿਆਨਾ ਚਾਹ ਦਾ ਕੱਪ ਮੇਜ਼ 'ਤੇ ਰੱਖ ਗਿਆ ਤਾਂ ਮੈਨੂੰ ਇਵੇਂ ਲੱਗਾ ਜਿਵੇਂ ਉਸ ਦੇ ਬੁੱਲ੍ਹਾਂ ਵਿਚ ਵੀ ਮੁਸਕਾਨ ਛਿਪੀ ਹੋਈ ਸੀ।
ਚਾਹ ਦਾ ਕੱਪ ਪੀਂਦਿਆਂ ਅਚਾਨਕ ਮੇਰੀ ਨਜ਼ਰ ਉਧਰ ਚਲੀ ਗਈ ਜਿਸ ਥਾਂ ਹਰ ਰੋਜ਼ ਸ਼ਾਦੀ ਲਾਲ ਦੀ ਨੂੰਹ ਪਿਆਰੋ ਨਾਲ ਬਹਿ ਕੇ ਬਰਤਨ ਧੋਇਆ ਕਰਦੀ ਸੀ। ਪਰ ਉਧਰ ਵੇਖਦਿਆਂ ਹੀ ਮੇਰਾ ਮੂੰਹ ਜਿਵੇਂ ਸ਼ਰਮ ਨਾਲ ਲੱਥ ਹੀ ਗਿਆ।
ਜਿਸ ਥਾਂ ਹੌਜ਼ ਨੇੜੇ ਸ਼ਾਦੀ ਲਾਲ ਦੀ ਨੂੰਹ ਅਤੇ ਪਿਆਰੋ ਰੋਜ਼ ਬੈਠ ਕੱਪ ਪਲੇਟਾਂ ਧੋਇਆ ਕਰਦੀਆਂ ਸਨ, ਉਸ ਦੇ ਅੱਗੇ ਸ਼ਾਦੀ ਲਾਲ ਨੇ ਖੜ ਦਾ ਇਕ ਪਰਦਾ ਬੰਨ੍ਹ ਰੱਖਿਆ ਸੀ। ਜਿਸਦੇ ਪਿੱਛੇ ਕਿਸੇ ਦੀਆਂ ਬਾਹਾਂ 'ਚ ਪਹਿਨੇ ਘੁੰਗਰੂਆਂ ਵਾਲੇ ਕੜਿਆਂ 'ਚੋਂ ਛੰਨ-ਛੰਨ ਦੀ ਆਵਾਜ਼ ਤਾਂ ਸੁਣਾਈ ਦੇ ਰਹੀ ਸੀ ਪਰ ਉਨ੍ਹਾਂ ਅੱਗੇ ਖੜ ਦਾ ਪਰਦਾ ਤਣਿਆ ਹੋਣ ਕਰਕੇ ਕੜਿਆਂ ਵਾਲੀ ਦਾ ਆਕਾਰ ਨਹੀਂ ਦਿਸ ਰਿਹਾ ਸੀ।
ਉਧਰੋਂ ਨਜ਼ਰ ਹਟਾ ਮੈਂ ਸ਼ਾਦੀ ਲਾਲ ਵੱਲ ਵੇਖਿਆ। ਮੇਰੇ ਵੱਲ ਵੇਖਦਾ ਹੋਇਆ ਉਹ ਘੁੱਟਿਆ-ਘੁੱਟਿਆ ਮੁੱਛਾਂ ਵਿਚ ਮੁਸਕਰਾ ਰਿਹਾ ਸੀ ਤੇ ਉਸ ਦੀਆਂ ਛੋਟੀਆਂ-ਛੋਟੀਆਂ ਗੋਲ ਅੱਖਾਂ ਪਹਿਲਾਂ ਨਾਲੋਂ ਵੀ ਵੱਧ ਗੋਲ ਦਿਸ ਰਹੀਆਂ ਸਨ।
ਉਸ ਦਿਨ ਮੇਰੇ ਨੇੜੇ ਬੈਠੇ ਪ੍ਰੋਫੈਸਰ ਤੇ ਰਿਸਰਚ ਸਕਾਲਰ ਉੱਚੀ-ਉੱਚੀ ਬੋਲ ਕੇ ਇਸਤਰੀ ਦੇ ਪਰਦੇ ਬਾਰੇ ਬਹਿਸ ਕਰ ਰਹੇ ਸਨ।

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਐਸ. ਸਾਕੀ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ