Khere Da Sirnavan (Punjabi Story) : Charanjit Singh Pannu

ਖੇੜੇ ਦਾ ਸਿਰਨਾਵਾਂ (ਕਹਾਣੀ) : ਚਰਨਜੀਤ ਸਿੰਘ ਪੰਨੂ

ਜਿਸ ਦਿਨ ਦਾ 'ਗਰੇਟ ਅਮੈਰਿਕਾ' ਦੇ ਉੱਚੇ ਅਸਮਾਨ ਛੂੰਹਦੇ ਪੰਘੂੜਿਆਂ ਅਤੇ ਝੂਲਿਆਂ ਦੀਆਂ ਖਤਰਨਾਕ ਸਵਾਰੀਆਂ ਦੇ ਅਨੰਦ ਤੋਂ ਬਚ ਕੇ ਵਾਪਸ ਮੁੜਿਆ ਹਾਂ ਉਸ ਦਿਨ ਤੋਂ ਮੈਨੂੰ ਗੁਰਦੀਪ ਦੀ ਦਾਅਵਤ 'ਤੇ ਬੇਪ੍ਰਤੀਤੀ ਜਿਹੀ ਹੋ ਗਈ ਹੈ। ਉਸ ਦੀ ਰੱਸੀ ਮੈਨੂੰ ਸੱਪ ਜਾਪਣ ਲੱਗੀ ਹੈ। ਉਸ ਦੀ ਫੜਾਈ ਲੱਸੀ ਪੀਣ ਤੋਂ ਪਹਿਲਾਂ ਫੂਕਾਂ ਮਾਰਨ ਨੂੰ ਦਿਲ ਕਰਦਾ ਹੈ। ਇਤਬਾਰ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਸੋਚਦਾ ਹਾਂ। ਚਿੜੀਆਂ ਦੀ ਮੌਤ ਗਵਾਰਾਂ ਦਾ ਹਾਸਾ। ਪੰਜਾਹ ਡਾਲਰ ਦੀ ਮਹਿੰਗੀ ਟਿਕਟ, ਪੰਝੀ ਡਾਲਰ ਕਾਰ ਦੀ ਪਾਰਕਿੰਗ ਤੇ ਹੋਰ ਦਸ ਵੀਹ ਦਾ ਫੁਟਕਲ ਖਰਚ ਕਰ ਕੇ ਆਪਣੇ ਹੱਥੀਂ ਮੌਤ ਦਾ ਸਬੱਬ ਬਣਨਾ ਤੇ ਮੌਤ ਨੂੰ ਮਜ਼ਾਕ ਕਰਨਾ ਕੋਈ ਸਿਆਣਪ ਵਾਲਾ ਸੌਦਾ ਨਹੀਂ ਪਰ ਉਹ ਹੱਸਦਾ ਹੱਸਦਾ ਕਈ ਦਲੀਲਾਂ ਦੇ ਕੇ ਕਾਇਲ ਕਰਨ ਦੀ ਕੋਸ਼ਿਸ਼ ਕਰਦਾ ਹੈ ਜਿਵੇਂ ਉਹ ਮੇਰਾ ਉਸਤਾਦ ਹੋਵੇ।
'ਪਾਪਾ ਜਦ ਆਉਣੀ ਹੈ, ਘਰ ਬੈਠੇ ਹੀ ਆ ਜਾਣੀ ਹੈ। ਕਿਸੇ ਸੜਕ ਟੋਭੇ ਆ ਜਾਣੀ ਹੈ। ਮੌਤ ਤੋਂ ਕੋਈ ਨਹੀਂ ਛੁਪ ਸਕਦਾ, ਜਦ ਆਈ ਉਸਨੇ ਹਰ ਖੂੰਜਾ ਫੋਲ ਕੇ ਕੱਢ ਕੇ ਲੈ ਜਾਣਾ ਹੈ। ਜੀਊਂਦੇ ਜੀਅ ਮਨੁੱਖ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿਣਾ ਚਾਹੀਦਾ ਹੈ... ਰੋਂਦਿਆਂ ਨੂੰ ਹਸਾਉਣ ਵਾਲਾ... ਹੱਸਦਿਆਂ ਨੂੰ ਟਪਾਉਣ ਵਾਲਾ। ਅਮਰੀਕਾ ਕੁਦਰਤ ਦਾ ਦੇਸ਼ ਹੈ। ਪ੍ਰਕਿਰਤੀ ਇਸ 'ਤੇ ਬੜੀ ਮਿਹਰਬਾਨ ਹੈ। ਇਹ ਦੂਰ ਤੱਕ ਫੈਲੇ ਉੱਚੇ ਲੰਬੇ ਪਹਾੜ ਤੇ ਠਾਠਾਂ ਮਾਰਦੇ ਨੀਲੇ ਸਮੁੰਦਰ ਕੁਦਰਤੀ ਸੋਮਿਆਂ... ਖਣਿਜ ਪਦਾਰਥਾਂ ਤੇ ਬਨਸਪਤੀ ਨਾਲ ਭਰੇ, ਇਸ ਦਾ ਕੁਦਰਤੀ ਵਰਦਾਨ ਹੈ। ਇਸ ਨੂੰ ਪਿਕਨਿਕ ਸਮਝ ਕੇ ਇੰਜਾਏ ਕਰੋ।' ਕੰਪਿਊਟਰ ਦੀ ਚੂਹੀ ਇਧਰ ਉਧਰ ਘੁਮਾਉਂਦਾ ਉਹ ਮੇਰੇ ਵੱਲ ਝਾਕਦਾ ਮੁਸਕੜੀਆ ਵਿੱਚ ਹੱਸਦਾ ਹੈ ਜਿਵੇਂ ਮੇਰੀ ਰਜ਼ਾਮੰਦੀ ਪੁੱਛਦਾ ਹੋਵੇ।
ਮੈਨੂੰ ਪਤਾ ਹੈ, ਮੈਂ ਕਿੰਨੀ ਵੇਰਾਂ ਪੰਜਾਬ ਵਿਚ ਚੁਰਾਸੀ ਦੇ ਆਤੰਕਵਾਦ ਵੇਲੇ ਵਰ੍ਹਦੀਆਂ ਗੋਲੀਆਂ ਵਿੱਚੋਂ ਬਚਿਆ ਹਾਂ। ਪੁਲਸੀਆਂ ਤੇ ਖਾੜਕੂਆਂ ਦੀ ਦੁਵੱਲੀ ਚਾਂਦਮਾਰੀ ਵਿੱਚੋਂ ਸਾਬਤ ਸਬੂਤਾ ਨਿਕਲ ਆਉਣਾ ਕਿਸੇ ਕਰਾਮਾਤ ਤੋਂ ਘੱਟ ਨਹੀਂ ਸੀ। ਕੋਸਟਾ-ਰੀਕਾ ਦੇ ਸੰਘਣੇ ਜੰਗਲ ਲੰਘ ਕੇ, ਉਨ੍ਹਾਂ ਦੇ ਭਿਆਨਕ ਮਾਸਖ਼ੋਰੇ ਜੰਗਲੀ ਜਾਨਵਰਾਂ ਤੋਂ ਬਚ ਕੇ, ਕਈ ਡਰਾਉਣੇ ਨਾਲੇ ਦਰਿਆ, ਸਮੁੰਦਰ ਡੁੱਬ ਕੇ ਤਰ ਕੇ, ਕਈ ਕਈ ਦਿਨ ਫਾਕੇ ਕੱਟ ਕੇ ਮੈਕਸੀਕੋ ਬਾਰਡਰ ਤੋਂ ਅਮਰੀਕਾ ਦੀ ਹੱਦ 'ਚ ਦਾਖਲ ਹੋਣ ਸਮੇਂ ਮੈਂ ਸਰਹੱਦੀ ਚੌਕੀ 'ਤੇ ਗੋਰਿਆਂ ਦੀ ਸ਼ਿਸ਼ਤ ਤੋਂ ਬਚ ਗਿਆ ਸਾਂ। ਗੋਲੀਆਂ ਦੀ ਬੁਛਾੜ ਨੂੰ ਪਛਾੜ ਕੇ ਉਨ੍ਹਾਂ ਦੀ ਘੁੰਮਦੀ ਸਰਚ ਲਾਈਟ ਨੂੰ ਧੋਖਾ ਦੇ ਕੇ, ਹਨੇਰੇ ਦਾ ਹੱਥ ਫੜ ਕੇ ਦੱਸੇ ਹੋਏ ਟਿਕਾਣੇ 'ਤੇ ਪਹੁੰਚ ਗਿਆ ਸਾਂ ਭਾਵੇਂ ਹੈਲੀਕਾਪਟਰ ਦੀ ਉਡਾਣ ਵੀ ਰੌਸ਼ਨੀ ਸੁੱਟਦੀ ਕਿੰਨੀ ਦੇਰ ਮੇਰਾ ਪਿੱਛਾ ਕਰਦੀ ਰਹੀ ਸੀ। ਚੁਰਾਸੀ ਦਾ ਗੇੜ ਤੇ ਅਮਰੀਕਾ ਪਹੁੰਚਣ ਦਾ ਸਾਰਾ ਘਟਨਾਕ੍ਰਮ ਯਾਦ ਕਰ ਕੇ ਮੇਰੇ ਲੂੰ ਕੰਡੇ ਖੜੇ ਹੋ ਜਾਂਦੇ ਹਨ। ਪੈਰਾਂ ਦੀਆਂ ਪਾਟੀਆਂ ਬਿਆਈਆਂ ਤੇ ਕੰਡਿਆਂ ਨਾਲ ਵਲੂੰਧਰੇ ਜਿਸਮ ਕਿੰਨੀ ਦੇਰ ਤੱਕ ਮਰਹਮ ਪੱਟੀ ਦਾ ਸਹਾਰਾ ਟੋਲਦੇ ਰਿਸਦੇ ਰਹੇ ਸਨ।
'ਰੱਬਾ ਇਹੋ ਮਾੜੇ ਜਿਹੇ ਦਿਨ ਕਿਸੇ ਵੈਰੀ ਦੁਸ਼ਮਣ ਨੂੰ ਵੀ ਨਾ ਦਿਖਾਈਂ।'
ਮੈਂ ਹੱਥ ਜੋੜਦਾ ਕੰਨਾਂ ਨੂੰ ਹੱਥ ਲਗਾਉਂਦਾ ਹਾਂ। ਉਦੋਂ ਮੇਰੀ ਮਜਬੂਰੀ ਸੀ ਕਿਉਂ ਕਿ ਉੱਥੇ ਹੁਣ ਤੱਕ ਜਾਂ ਤਾਂ ਭਾਊਆਂ ਨੇ ਆਪਣੀ ਮਹਿੰਮ ਅੱਗੇ ਬੀਂਡੀ ਲਾ ਲੈਣਾ ਸੀ ਤੇ ਜਾਂ ਫਿਰ ਪੁਲਸ ਨੇ ਫੜ ਕੇ ਫਰਜ਼ੀ ਮੁਕਾਬਲਾ ਬਣਾ ਕੇ ਖੂੰਖਾਰ ਅੱਤਵਾਦੀ ਗਰਦਾਨ ਕੇ ਸਰਕਾਰ ਤੋਂ ਇਨਾਮ ਲੈ ਲੈਣਾ ਸੀ ਪਰ ਇੱਥੇ ਇਹ ਇਕ ਸ਼ੌਕੀਆ ਖੇਲ ਹੈ। ਮੈਂ ਨਹੀਂ ਚਾਹੁੰਦਾ ਜਾਣ ਬੁੱਝ ਕੇ ਖ਼ਤਰੇ ਵਾਲੀ ਥਾਂ ਜਾ ਕੇ ਮੌਤ ਨੂੰ ਛੇੜਖ਼ਾਨੀ ਕਰ ਕੇ ਅਜ਼ਮਾਇਆ ਜਾਏ।
'ਬੇਟਾ! ਮੈਥੋਂ ਜਾਣ ਬੁੱਝ ਕੇ ਮੌਤ ਦੇ ਮੂੰਹ ਛਾਲ ਮਰਵਾ ਕੇ ਮੇਰੀ ਬਹਾਦਰੀ ਨਾ ਪਰਖ। ਮੇਰੇ ਕੋਲੋਂ ਕਣਕ ਦਾ ਕਿੱਲਾ ਵਢਵਾ ਕੇ ਵੇਖ। ਤੈਨੂੰ ਪਤਾ! ਇੱਕ ਵੇਰਾਂ ਮੈਂ ਸ਼ਰਤ ਲਗਾ ਕੇ ਸੂਰਜ ਦੀ ਟਿੱਕੀ ਚੜ੍ਹਨ ਤੋਂ ਸੂਰਜ ਡੁੱਬਣ ਤੱਕ ਵਡਾਣਕ ਦਾ ਕਿੱਲਾ ਢਾਹ ਮਾਰਿਆ ਸੀ ਤੇ ਪੰਚਾਇਤ ਤੋਂ ਇਕ ਪੀਪਾ ਘਿਓ ਇਨਾਮ ਜਿੱਤਿਆ ਸੀ। ਢੋਲ ਢਮੱਕੇ ਵਿੱਚ ਮੇਰਾ ਇਹ ਮੁਫ਼ਤ ਦਾ ਤਮਾਸ਼ਾ ਵੇਖਣ ਲਈ ਬੜੀ ਭਾਰੀ ਗਿਣਤੀ ਵਿੱਚ ਹੋਰ ਵੀ ਕਈ ਗਵਾਂਢੀ ਪਿੰਡਾਂ ਦੇ ਪਾਰਖੂ ਲਾਕੜੀ ਲਾਲਾ ਲਾਲਾ ਕਰਦੇ ਮੈਨੂੰ ਹਲਾਸ਼ੇਰੀ ਦੇ ਰਹੇ ਸਨ। ਸੂਰਜ ਦੀ ਆਖਰੀ ਕਿਰਨ ਤੋਂ ਪਹਿਲਾਂ ਮੈਂ ਆਖਰੀ ਛੀਓੜੰਬਾ ਵੀ ਵੱਢ ਕੇ ਮੱਕੜਾ ਬਣਾ ਧਰਿਆ ਸੀ।'
ਗੁਰਦੀਪ ਆਪਣੀ ਹੀ ਧੁਨ ਵਿੱਚ ਮਸਤ ਕਈ ਦਿਨਾਂ ਤੋਂ ਇੰਟਰਨੈੱਟ ਦੀ ਫੋਲਾ-ਫਾਲੀ ਕਰਦਾ ਮੌਸਮ ਦੇ ਢੁਕਵੇਂ ਸਮੇਂ ਦੀ ਤਲਾਸ਼ ਕਰ ਰਿਹਾ ਸੀ।
'ਐਹ ਲਓ ਮੈਂ ਹੋਟਲ ਦੀ ਬੁਕਿੰਗ ਕਰਾ ਦਿੱਤੀ ਹੈ। ਬੜੀ ਮੁਸ਼ਕਲ ਮਿਲੀ ਹੈ, ਨੈਕਸਟ ਵੀਕ ਐਡ ਨੂੰ ਬਰਫ਼ ਪੈਣ ਦੀ ਸੰਭਾਵਨਾ ਹੈ।' ਉਹ ਕੱਛਾਂ ਮਾਰਦਾ ਆਪਣੀ ਪ੍ਰਾਪਤੀ 'ਤੇ ਖੁਸ਼ੀ ਪ੍ਰਗਟਾਅ ਰਿਹਾ ਸੀ।
'ਡੀਲੱਕਸ ਸੂਇਟ...ਸਿਰਫ਼ ਇਕ ਹਜ਼ਾਰ ਡਾਲਰ ਇਕ ਦਿਨ ਦੇ ਹਿਸਾਬ ਤਿੰਨ ਦਿਨਾਂ ਵਾਸਤੇ, ਨਵੇਂ ਸਾਲ ਦੇ ਜਸ਼ਨ...ਸੀਜ਼ਨ ਕਰਕੇ ਕੁੱਝ ਮਹਿੰਗਾ ਹੈ।' ਉਹ ਖ਼ੁਸ਼ਖ਼ਬਰੀ ਦਿੰਦਾ ਹੈ।
'ਇੱਕ ਹਜ਼ਾਰ! ਯਾਨੀ ਕਿ ਪੰਜਾਹ ਹਜ਼ਾਰ ਰੁਪਏ...!' ਮੇਰਾ ਅੱਡਿਆ ਮੂੰਹ ਵੇਖ ਕੇ ਉਹ ਹੱਸਦਾ ਹੈ।
'ਪਾਪਾ ਅਮਰੀਕਾ ਆਏ ਓ ਤੇ ਅਮਰੀਕਾ ਵੇਖੋ, ਐਸ਼ ਕਰੋ, ਸੁਖ ਲਓ...ਬੜੀ ਕਮਾਈ ਕਰ ਲਈ ਤੁਸੀਂ। ਬੜਾ ਕੁਛ ਫੱਨ ਕਰਨ ਵਾਲਾ ਹੈ ਇੱਥੇ। ਜਹਾਂਗੀਰ ਨੂੰ ਬੜੀ ਵੱਡੀ ਗਲਤੀ ਲੱਗੀ ਜੋ ਉਸ ਨੇ ਕਸ਼ਮੀਰ ਦੇ ਹੀ ਗੁਲਮਰਗ਼ ਪਹਿਲਗਾਮ ਵੇਖ ਕੇ ਆਪਣਾ ਸੌੜਾ ਤੰਗ-ਦਿਲੀ ਫੈਸਲਾ ਲਿਖ ਦਿੱਤਾ।
'ਸਵਰਗ ਕਿਤੇ ਜੇ ਦੁਨੀਆ 'ਤੇ ਹੈ ਤਾਂ ਇੱਥੇ ਹੈ, ਇੱਥੇ ਹੈ, ਇੱਥੇ ਹੈ।'
ਜੇ ਕਿਤੇ ਉਹ ਅਮਰੀਕਾ ਆਇਆ ਹੁੰਦਾ ਤਾਂ ਉਸ ਦੀ ਇਹ ਗਲਤ ਧਾਰਨਾ ਛੇਤੀ ਹੀ ਦੂਰ ਹੋ ਜਾਣੀ ਸੀ ਤੇ ਉਹਨੇ ਆਪਣਾ ਸਾਰਾ ਰਾਜ ਘਾਟ ਛੱਡ ਕੇ ਸਾਰੀਆਂ ਰਾਣੀਆਂ ਲੈ ਕੇ ਇੱਥੇ ਆ ਬਿਰਾਜਣਾ ਸੀ ਤੇ ਅੱਜ ਬੁਸ਼ ਨੂੰ ਏਨੇ ਖਲਜਗਣ ਮਚਾਉਣ ਦੀ ਲੋੜ ਨਹੀਂ ਸੀ ਪੈਣੀ। ਦੁਨੀਆ ਦਾ ਇਤਿਹਾਸ ਹੀ ਹੋਰ ਦਾ ਹੋਰ ਹੋ ਜਾਣਾ ਸੀ।' 'ਫਸੀ ਨੂੰ ਫੜਕਣ ਕੀ!' ਮੈਂ ਗੁਰਦੀਪ ਦੇ ਬਣਾਏ ਘੜੇ ਮਨਸੂਬੇ ਵਿੱਚ ਰੁਕਾਵਟ ਪਾ ਕੇ ਫੋਕੀ ਬੇਰਸੀ ਪੈਦਾ ਨਹੀਂ ਕਰਨਾ ਚਾਹੁੰਦਾ ਸੀ।
ਸੈਨਹੋਜ਼ੇ ਤੋਂ ਲੇਕ ਟਾਹੋ ਕੋਈ ਚਾਰ ਸੌ ਕਿਲੋਮੀਟਰ ਦਾ ਸਫ਼ਰ! ਐਡੀ ਦੂਰ ਏਨਾ ਤਰੱਦਦ ਕਰ ਕੇ ਏਨਾ ਵਾਟ ਵਾਹ ਕੇ ਬਰਫ਼ ਪੈਂਦੀ ਵੇਖਣ ਲਈ ਤੇ ਇਸ ਦੇ ਸੁਹਾਵਣੇ ਮੌਸਮ ਦਾ ਆਨੰਦ ਲੈਣ ਲਈ ਹਜ਼ਾਰਾਂ ਦੀ ਗਿਣਤੀ ਵਿੱਚ ਦੇਸੀ ਵਿਦੇਸ਼ੀ ਕਾਲੇ ਗੋਰੇ ਸੈਲਾਨੀਆਂ ਦਾ ਹਜ਼ੂਮ ਉੱਧਰ ਉਮਡ ਪਿਆ ਜਿਵੇਂ ਹੀਰ ਹੀ ਕਮਲੀ ਹੋ ਗਈ ਹੋਵੇ। ਕਾਰਾਂ ਪਿੱਛੇ ਸਾਈਕਲ ਲਟਕਾਈ, ਕੁਝ ਨਿੱਜੀ ਬੇੜੀਆਂ ਤੇ ਰੀਂਗਣ ਜੀਪਾਂ ਦੇ ਟੋਚਨ ਪਾਈ ਤੇ ਕੁਝ ਬਰਫ਼ ਗੱਡੀਆਂ ਨੱਥੀ ਕਰਕੇ ਦੌੜ ਲਗਾਈ ਜਾ ਰਹੇ ਸਨ। ਕਈ ਚਲਾਵੇਂ ਫਿਰਤੂ-ਘਰ ਹੀ ਕਾਰਾਂ ਪਿੱਛੇ ਬੰਨ੍ਹੀਂ ਰੇਹੜੀ ਜਾ ਰਹੇ ਸਨ...ਨਾ ਹੋਟਲ ਲੱਭਣ ਦੀ ਲੋੜ ਨਾ ਖਾਣ ਪੀਣ ਦਾ ਸੰਸਾ। ਸਭ ਕੁਝ ਅੰਦਰ ਹੀ ਅੰਦਰ ਉਪਲਬਧ! ਜਿੱਥੇ ਮਰਜ਼ੀ ਸੜਕ 'ਤੇ ਲਗਾਓ ਤੇ ਸੌਂ ਜਾਓ।
ਚਾਰ ਚਾਰ ਲੇਨ ਚੌੜੀਆਂ ਸੜਕਾਂ ਵੀ ਏਨੀ ਆਵਾਜਾਈ ਝੱਲਣ ਲਈ ਊਣੀਆਂ ਪੌਣੀਆਂ ਲੱਗ ਰਹੀਆਂ ਸਨ। ਛੋਟੇ ਛੋਟੇ ਪਹਾੜ ਲੰਘ ਕੇ ਉੱਚੇ ਹੋਰ ਉੱਚੇ ਪਹਾੜ ਰਸਤਾ ਦਿੰਦੇ ਰਹੇ ਪਰ ਵਾਟ ਸੀ ਕਿ ਮੁੱਕਣ ਵਿੱਚ ਹੀ ਨਹੀਂ ਸੀ ਆ ਰਹੀ। ਥੱਲੇ ਆਸੇ ਪਾਸੇ ਸੈਂਕੜੇ ਫੁੱਟ ਡੂੰਘੀਆਂ ਖੱਡਾਂ, ਹੇਠਾਂ ਵੇਖਿਆਂ ਜਾਨ ਕੁਤਰਾ ਕੁਤਰਾ ਹੋ ਉੱਠਦੀ। ਕਈ ਥਾਈਂ ਟਰੈਫ਼ਿਕ ਜਾਮ ਹੋਣ ਕਰਕੇ ਇਹ ਫਾਸਲਾ ਹੋਰ ਲਮੇਰਾ ਜਾਪਣ ਲੱਗਾ।
ਛੋਟੇ ਛੋਟੇ ਬੱਚੇ! ਟੱਟੀ ਪਿਸ਼ਾਬ ਤੋਂ ਆਤੁਰ ਰੋਂਦੇ ਵਿਲਕਦੇ ਕਾਰ ਵਿੱਚ ਖੱਲੜ ਮਚਾਉਣ ਲੱਗੇ। ਭਾਰਤ ਦੇ ਪੰਜਾਬ ਦੀਆਂ ਖੁੱਲ੍ਹੀਆਂ ਮੌਜਾਂ ਨੂੰ ਤਰਸਣ ਲੱਗੇ, ਜਿੱਥੇ ਜਦ ਮਰਜ਼ੀ ਗੱਡੀ ਪਾਸੇ ਕਰ ਕੇ ਲਗਾਓ, ਖਤਾਨਾਂ 'ਚ ਉੱਤਰੋ, ਆਪ ਹਲਕੇ ਹੋਵੇ, ਬੱਚਿਆਂ ਨੂੰ ਕਰਾਓ ਤੇ ਚਲਦੇ ਜਾਓ ਪਰ ਇੱਥੇ ਛੋਟੀਆਂ ਸੇਫਟੀ ਸੀਟਾਂ ਵਿੱਚ ਬੈੱਲਟਾਂ ਨਾਲ ਜਕੜੇ ਬੱਚੇ ਛੁੱਟਣ ਲਈ ਉਤਾਵਲੇ ਹੋ ਰਹੇ ਸਨ। ਕੋਈ ਦਾਦੀ ਮਾਂ ਦੇ ਕੁੱਛੜ ਤੇ ਕੋਈ ਬਾਪੂ ਦੇ ਕੰਧਾੜੇ ਚੜ੍ਹਨ ਦੀ ਜ਼ਿਦ ਕਰ ਰਿਹਾ ਸੀ।
'ਔਹ ਬਾਹਰ ਦੇਖੋ ਬਾਘੜ ਬਿੱਲਾ...ਹਾਥੀ, ਸ਼ੇਰ। ਔਹ ਆ ਗਈ ਬਰਫ਼! ... ਔਹ ਦੇਖੋ ਪਹਾੜ ਦੇ ਉਹਲੇ ਸਪਾਈਡਰ-ਮੈਨ ਲੁਕਿਆ .... ਪੁਲਸ ਮੈਨ ... ਵੇਖੋ ਹੁਣੇ ਆਇਆ।' ਕਹਿ ਕੇ ਮਸੀਂ ਬੱਚੇ ਚੁੱਪ ਕਰਾਏ। ਮੈਨੂੰ ਪਤਾ ਹੈ ਬੱਚੇ ਹੋਰ ਕਿਸੇ ਡਰ-ਡੁੱਕਰ ਦੀ ਪ੍ਰਵਾਹ ਨਹੀਂ ਕਰਦੇ ਪਰ ਸਪਾਈਡਰ-ਮੈਨ ਦੇ ਨਾਮ ਨਾਲ ਉਹ ਭੈਭੀਤ ਹੋ ਗਏ।
ਸੂਰਜ ਪੂਰੀ ਤਰ੍ਹਾਂ ਉੱਚੀਆਂ ਉੱਚੀਆਂ ਚੋਟੀਆਂ ਦੇ ਉਹਲੇ ਜਾ ਲੁਕਿਆ ਤੇ ਇਸ ਦੀ ਆਖਰੀ ਕਿਰਨ ਵੀ ਅਲੋਪ ਹੋਣ ਨਾਲ ਹਨੇਰੇ ਨੇ ਪੂਰੀ ਤਰ੍ਹਾਂ ਆਪਣਾ ਜਾਲ ਵਿਛਾ ਲਿਆ। ਚਾਰ ਚੁਫੇਰ ਦੀਆਂ ਰਮਣੀਕ ਪਹਾੜੀਆਂ ਵਿੱਚੋਂ ਸੱਪ ਵਾਂਗ ਸਰਕਦੀ ਵਿੰਗੀ ਟੇਢੀ ਫਰੀ-ਵੇ ਲੰਘਦਿਆਂ ਹਵਾ ਨਾਲ ਗੱਲਾਂ ਕਰਦੀਆਂ ਕਾਰਾਂ ਵਿੱਚੋਂ ਬਾਹਰ ਸੜਕ ਦੇ ਦੋਵੇਂ ਪਾਸੇ ਮਕਾਨਾਂ ਦੀ ਝਿਲਮਿਲਾਉਂਦੀ ਰੌਸ਼ਨੀ ਇਵੇਂ ਜਾਪ ਰਹੀ ਸੀ ਜਿਵੇਂ ਆਕਾਸ਼ ਗੰਗਾ ਦੇ ਕਈ ਟੋਟੇ ਹੋ ਕੇ ਧਰਤੀ 'ਤੇ ਖਿੱਲਰ ਗਏ ਹੋਣ। ਹਵਾ ਵਿੱਚ ਹਫ਼ੜਾ-ਦਫ਼ੜੀ ਮਚਾਉਂਦੀ ਤੇਜ਼ ਰਫ਼ਤਾਰ ਗੱਡੀਆਂ ਦੀ ਦੌੜ ਆਸੇ ਪਾਸੇ ਪੈਂਦੇ ਪਹਾੜੀ ਆਬਸ਼ਾਰਾਂ ਦੇ ਵਿਸਮਾਦਿਤ ਸੁਰਾਂ ਨਾਲ ਮਿਲ ਕੇ ਨਿਵੇਕਲਾ ਜਿਹਾ ਮਨਮੋਹਕ ਸੰਗੀਤ ਪੈਦਾ ਕਰ ਰਹੀ ਸੀ। ਇਹ ਚਸ਼ਮੇ ਹਨ ਕਿ ਸਾਰਾ ਸਾਲ ਚੌਵੀ ਘੰਟੇ ਨਿਰੰਤਰ ਚੱਲਦੇ ਕੁਦਰਤ ਦੀ ਅਦਭੁਦ ਕਾਰੀਗਰੀ ਦਾ ਅਹਿਸਾਸ ਕਰਾਉਂਦੇ ਹਨ।
ਅੱਗੇ ਪਿੱਛੇ ਦੂਰ ਤੱਕ ਪੀਲੀਆਂ ਲਾਲ ਗੁਲਾਬੀ ਰੰਗ ਮਾਰਦੀਆਂ ਬੱਤੀਆਂ ਵਾਲੀਆਂ ਕਾਰਾਂ ਦੀਆਂ ਕਤਾਰਾਂ ਸੋਨੇ 'ਤੇ ਸੁਹਾਗੇ ਦਾ ਕੰਮ ਕਰ ਰਹੀਆਂ ਸਨ ਜਿਵੇਂ ਇਹ ਸਾਰੀ ਬਰਾਤ ਰੱਬ ਦੇ ਵਿਆਹ ਜਾ ਰਹੀ ਹੋਵੇ। ਮੰਜ਼ਿਲ ਪਲ ਦੀ ਪਲ ਹੋਰ ਪਰੇ ਪਰੇ ਹੀ ਹੋਈ ਜਾਂਦੀ ਉਤਸੁਕਤਾ ਵਧਾ ਰਹੀ ਸੀ।
ਹਨੇਰੇ ਵਿੱਚ ਕਿਤੇ ਕਿਤੇ ਦੂਰ ਪੈਂਦੀਆਂ ਰੌਸ਼ਨੀਆਂ ਨਾਲ ਬਰਫ਼ ਦੀਆਂ ਟੁਕੜੀਆਂ ਲਿਸ਼ਕਾਂ ਮਾਰਨ ਲੱਗੀਆਂ। 'ਆ ਗੀ ਬਰਫ਼ ਦੇਖੋ! ਸ਼ੁਰੂ ਹੋ ਗਈ ਹੈ।' ਕਹਿ ਕੇ ਗੁਰਦੀਪ ਨੇ ਢਹਿੰਦੇ ਜਾਂਦੇ ਧੀਰਜ ਨੂੰ ਕੁਝ ਕੁਝ ਠੁੰਮ੍ਹਣਾ ਦਿੱਤਾ। ਸਾਰੇ ਨੀਝ ਲਾ ਕੇ ਬਾਹਰ ਬੱਤੀਆਂ ਦੇ ਚਾਨਣ ਵਿਚੋਂ ਕੁਛ ਢੂੰਡਣ ਦੀ ਕੋਸ਼ਿਸ਼ ਕਰਦੇ ਆਹਰੇ ਲੱਗ ਗਏ। ਜੀ ਭਿਆਣੇ ਨਿਆਣੇ ਵੀ ਹਟਕੋਰੇ ਭੁੱਲ ਕੇ ਤਾਕੀਆਂ ਨੂੰ ਚਿੰਬੜ ਗਏ।
ਰੋਂਦੀਆਂ ਬਿੱਲੀਆਂ ਵਾਗ ਘੂੰਅਅਅ ... ਘੂੰਅਅ ਕਰਦੀਆਂ ਟੱਲੀਆਂ ਖੜਕਾਉਂਦੀਆਂ ਕੁਰਲਾਹਟ ਮਚਾਉਂਦੀਆਂ ਗੱਡੀਆਂ ਦੇ ਹੂਟਰਾਂ ਨੇ ਸਾਰੇ ਵਾਹਣਾਂ ਨੂੰ ਸੜਕ ਦੇ ਪਾਸੇ ਧੀਮੇ ਕਰ ਦਿੱਤਾ। ਐਂਬੂਲੈਂਸ, ਅੱਗ ਬੁਝਾਊ ਤੇ ਪੁਲਿਸ ਦੀਆਂ ਤਿੰਨਾਂ ਗੱਡੀਆਂ ਦੀ ਦੌੜ ਨੇ ਸਾਰਿਆਂ ਦੇ ਸਾਹ ਸੂਤ ਲਏ ਤੇ ਰੱਬ ਯਾਦ ਕਰਾ ਦਿੱਤਾ।
'ਏਨੀ ਤੇਜ਼ ਰਫ਼ਤਾਰ ਆਵਾਜਾਈ ਵਿੱਚ ਜੇ ਕਿਤੇ ਕਿਸੇ ਇਕ ਚਾਲਕ ਕੋਲੋਂ ਵੀ ਜ਼ਰਾ ਜਿੰਨੀ ਕੁਤਾਹੀ ਹੋ ਜਾਏ ਤਾਂ ਫਿਰ ਗੱਡੀਆਂ ਵਿੱਚ ਗੱਡੀਆਂ ਹੀ ਸਿਰਫ਼ ਨਹੀਂ ਵੱਜਦੀਆਂ ਬਲਕੇ ਕਿਸੇ ਦੇ ਜਿੰਦਾ ਬਚ ਨਿਕਲਣ ਦੀ ਕੋਈ ਗੁੰਜਾਇਸ਼ ਨਹੀਂ ਰਹਿੰਦੀ। ਪੀੜਤਾਂ ਨਾਲ ਕਿਵੇਂ ਬੀਤਦੀ ਹੈ! ਰੱਬ ਹੀ ਜਾਣੇ, ਉਹੀ ਰਾਖਾ।'
ਗੁਰਦੀਪ ਨੇ ਸੜਕ ਦਾ ਭਿਅੰਕਰ ਰੂਪ ਦਰਸਾ ਕੇ ਸਭ ਨੂੰ ਫਿਕਰਾਂ ਵਿੱਚ ਡਬੋ ਦਿੱਤਾ।
'ਕਿੱਥੇ ਕੁਵੇਲੇ ਕਸੂਤੇ ਆ ਕੇ ਫਸੇ ਹੋਣਗੇ ਕੋਈ ਵਿਚਾਰੇ! ਪਤਾ ਨਹੀਂ ਕੌਣ ਹੋਣਗੇ ਵਣਜਾਰੇ ਅਜੇਹੇ ਬੇਈਮਾਨ ਮੌਸਮ ਵਿੱਚ। ਪਤਾ ਨਹੀਂ ਆਹਮਣੇ ਸਾਹਮਣੇ ਵੱਜੇ ਜਾਂ ਕੋਈ ਖੱਡ ਵਿੱਚ ਡਿੱਗਾ ਹੋਊ।' ਮੇਰੇ ਮੂੰਹੋਂ ਆਪ ਮੁਹਾਰੇ ਮਨਹੂਸ ਸ਼ਬਦ ਨਿਕਲ ਗਏ।
'ਮਾਤਾ ਜੀ! ਆਹ ਵੇਖੋ! ਸੜਕ ਦੇ ਦੋਹੀਂ ਪਾਸੀਂ ਇਕ ਇਕ ਮੀਲ ਤੇ ਲੱਗੇ ਨੀਲੇ ਰੰਗੇ ਟੈਲੀਫੋਨ ਕਾਲ ਬਕਸੇ! ਸੜਕ 'ਤੇ ਕੋਈ ਹਾਦਸਾ ਹੋਣ 'ਤੇ ੯੧੧ ਡਾਇਲ ਕਰਨ 'ਤੇ ਤੁਰੰਤ ਇਹ ਗੱਡੀਆਂ ਹਰਕਤ ਵਿੱਚ ਆ ਜਾਂਦੀਆਂ ਹਨ।' ਗੁਰਦੀਪ ਨੇ ਆਪਣੀ ਮਾਤਾ ਦੀ ਸਮਾਧੀ ਤੋੜਨ ਲਈ ਉਸ ਨੂੰ ਸੰਬੋਧਨ ਕਰਕੇ ਸਰਿਆਂ ਦਾ ਧਿਆਨ ਬਾਹਰ ਮੋੜ ਦਿੱਤਾ।
ਭਾਵੇਂ ਕਾਰਾਂ ਅੰਦਰ ਹੀਟ ਲੱਗੀ ਹੋਣ ਕਰਕੇ ਬਾਹਰ ਦੀ ਧੁੰਦ ਜਾਂ ਠੰਢ ਦਾ ਬਹੁਤਾ ਅਸਰ ਨਹੀਂ ਸੀ ਪਰ ਚਾਰ ਚੁਫੇਰੇ ਕਹਿਰ ਮਚਾਉਂਦੀ, ਦਰਖਤਾਂ ਦੇ ਟਾਹਣੇ ਝੰਜੋੜਦੀ ਤੇਜ਼ ਹਨੇਰੀ ਦਾ ਅਹਿਸਾਸ ਬਾਹਰ ਦੇ ਆਵਾਰਾ ਬੇਈਮਾਨ ਮੌਸਮ ਦਾ ਸੰਕੇਤ ਦੇ ਰਿਹਾ ਸੀ। ਸੜਕ ਦੇ ਦੋਹੀਂ ਪਾਸੀਂ ਰੂੰ ਦੀਆਂ ਖਿਲਾਰੀਆਂ ਪੰਡਾਂ ਵਾਂਗ ਇਕ ਦੁੱਧ ਚਿੱਟੀ ਚਾਦਰ ਵਿਛੀ ਹੋਈ ਦਿਸਣ ਲੱਗੀ। ਅੱਗੋਂ ਆਉਂਦੀਆਂ ਵਿਰਲੀਆਂ ਵਾਂਝੀਆਂ ਕਾਰਾਂ ਦੇ ਟਾਇਰਾਂ 'ਤੇ ਲੱਗੇ ਜੰਗਲੇ ਤੇ ਟਾਇਰਾਂ ਦੇ ਥੱਲੇ ਹੁੰਦੀ ਕਿਚਰ ਕਿਚਰ ਸਾਫ ਸੱਪਸ਼ਟ ਕਰਦੀ ਸੀ ਕਿ ਹੁਣੇ ਹੁਣੇ ਬਰਫ਼ ਪੈ ਕੇ ਹਟੀ ਹੈ। 'ਜਿਵੇਂ ਹੁੱਸੜ ਤੇ ਤੀਵਾੜ ਦੇ ਸਤਾਏ ਸੱਪ ਖੁੱਲ੍ਹੀ ਹਵਾ ਦੇ ਝੌਂਕੇ ਲਈ ਬਾਹਰ ਨਿਕਲਦੇ ਤਰਲੋ-ਮੱਛੀ ਹੁੰਦੇ ਹਨ ਇਵੇਂ ਇਹ ਅਮਰੀਕਨ ਲੋਕ ਆਪਣੇ ਕੰਮ ਕਾਰ ਦੇ ਦਿਮਾਗੀ ਦਬਾਓ ਤੋਂ ਨਜਾਤ ਪਾਉਣ ਲਈ ਖੇੜੇ ਦਾ ਸਿਰਨਾਵਾਂ ਟੋਲਦੇ ਇਹਨਾਂ ਕੁਦਰਤੀ ਵਸੀਲਿਆਂ ਦੀ ਸ਼ਰਨ ਆਉਂਦੇ ਹਨ।'
'ਪਰ ਸਾਡਾ ਤਾਂ ਤਣਾਓ ਵਧਣ ਲੱਗਾ ਹੈ ਬੇਟਾ।' ਮੈਂ ਝੂਠਾ ਜਿਹਾ ਹੱਸਣ ਦੀ ਕੋਸ਼ਿਸ਼ ਕੀਤੀ।
ਸੜਕ ਕੰਢੇ ਲੱਗੇ ਜਗਦੇ ਬੁਝਦੇ ਨੋਟਿਸ-ਬੋਰਡ ਸਾਵਧਾਨ ਕਰਦੇ ਚਿਤਾਵਨੀ ਦੇ ਰਹੇ ਸਨ।
'ਕਾਰ ਵਿੱਚ ਚਲਦੇ ਸਥਾਨਿਕ ਰੇਡੀਓ ਤੇ ਬੈਂਡ ਨੰਬਰ 300 'ਤੇ ਤਾਜ਼ਾ ਜਾਣਕਾਰੀ ਹਾਸਲ ਕਰੋ! ਬਰਫ਼-ਰੋਧਕ ਗਾਰਡ ਲਗਾ ਲਓ, ਰਫ਼ਤਾਰ ਹੱਦ ੨੫ ਮੀਲ, ਸਾਵਧਾਨੀ ਵਰਤੋ ... ਸਮੇਂ ਨਾਲੋਂ ਜ਼ਿੰਦਗੀ ਬਹੁਤ ਕੀਮਤੀ ਹੈ।' ਇਸ ਹਦਾਇਤ ਨੇ ਘਬਰਾਹਟ ਤੇ ਅਸੁਰਖਿਆ ਦੀ ਚੌਕਸ ਭਾਵਨਾ ਹੋਰ ਸੁਚੇਤ ਕਰ ਦਿੱਤੀ। ਰੇਡੀਓ ਤੋਂ ਹਾਦਸੇ, ਮੌਸਮ, ਬਰਫ਼ਬਾਰੀ ਤੇ ਭਵਿੱਖਬਾਣੀ, ਖ਼ਬਰਾਂ ਤੇ ਹਦਾਇਤਾਂ ਦਾ ਸਿਲਸਿਲਾ ਲਗਾਤਾਰ ਰਾਹਗੀਰਾਂ ਦੀ ਅਗਵਾਈ ਕਰਨ ਲੱਗਾ।
'ਮਜ਼ਾ ਆ ਗਿਆ! ਸ਼ੁਕਰ ਐ ਮੁੱਲ ਮੁੜ ਆਊ ... ਪਿਛਲੀ ਵੇਰਾਂ ਐਵੇਂ ਖਾਲੀ ਫੇਰਾ ਪਿਆ ਸੀ ... ਬਰਫ਼ ਹੀ ਨਹੀਂ ਸੀ ਪਈ।' ਗੁਰਦੀਪ ਨੇ ਥੱਕੇ ਟੁੱਟੇ ਸਾਥੀਆਂ ਦਾ ਹੌਸਲਾ ਬੁਲੰਦ ਕਰਨ ਵਾਲੀ ਹੱਲਾਸ਼ੇਰੀ ਦਿੱਤੀ। ਉਹ ਆਪਣੀ ਕੰਪਨੀ ਦੇ ਕਾਰੋਬਾਰੀ ਟੂਰ ਕਰਕੇ ਤੇ ਕੁੱਝ ਆਪਣਾ ਸ਼ੌਕ ਪਾਲਣ ਲਈ ਪਹਿਲਾਂ ਵੀ ਕਈ ਵੇਰਾਂ ਇੱਧਰ ਆ ਚੁੱਕਾ ਸੀ।
ਮੈਂ ਬਿਸ਼ਨੀ ਦਾ ਚਿਹਰਾ ਪੜ੍ਹਦਾ ਹਾਂ ਉਹ ਉਵੇਂ ਹੀ ਮਸ੍ਹੋਮੀ ਬੰਨ੍ਹੀਂ ਰੁੰਨ੍ਹੀਂ ਬੈਠੀ ਹੈ ਜਿਵੇਂ ਹਾਲੀਵੁੱਡ ਦੀਆਂ ਉੱਚੀਆਂ ਉਡਾਣਾਂ ਵਾਲੀਆਂ ਖਤਰਨਾਕ ਰਾਈਡਾਂ ਤੇ ਝੂਟੇ ਲੈਣ ਸਮੇਂ, ਜਾਂ ਉੱਥੇ ਝੀਲਾਂ ਤੇ ਸੁਰੰਗਾਂ ਵਿੱਚ ਦੀ ਲੰਘਦੀਆਂ ਬੇੜੀਆਂ ਦੀਆਂ ਖਤਰਨਾਕ ਕਲਾਬਾਜ਼ੀਆਂ ਤੇ ਚੀਕ-ਚਿਹਾੜੇ ਸਮੇਂ। ਉਹ ਮੂੰਹੋਂ ਕੁਝ ਨਹੀਂ ਬੋਲਦੀ। ਬਰਫ਼ ਦੀ ਸਿਲ ਬਣੀ ਚੁੱਪ-ਚੁਪੀਤੀ ਬੋਲਣ ਦੀ ਬਿਜਾਏ ਵੇਖਣ ਸੁਣਨ ਵਿੱਚ ਹੀ ਭਲਾ ਸਮਝਦੀ ਹੈ। ਮੂੰਹ ਵਿੱਚ ਗੁਣ ਗੁਣ ਕਰਦੀ ਬੁੜਬੁੜਾਉਂਦੀ ਹੈ ਜਿਵੇਂ ਰਸਤੇ ਅਤੇ ਮੰਜ਼ਿਲ ਦੀ ਸਹੀ-ਸਲਾਮਤੀ ਲਈ ਪਾਠ ਕਰ ਰਹੀ ਹੋਵੇ। ਮੈਨੂੰ ਉਸ 'ਤੇ ਤਰਸ ਜਿਹਾ ਜਾਗ ਪੈਂਦਾ ਹੈ। ਮੇਰਾ ਜੀ ਕਰਦਾ ਹੈ ਮੈਂ ਉਸ ਦੇ ਅੰਦਰ ਆਪਣੇ ਕੁਨਬੇ ਦੇ ਭਵਿੱਖਤ ਸੁਪਨਿਆਂ ਤੇ ਮਮਤਾ ਦੇ ਭਾਰ ਥੱਲੇ ਪੀਸਦੀ ਦੱਬੀ ਸੁੱਤੀ ਪਈ ਇਸਤਰੀ ਨੂੰ ਠੋਲ੍ਹੇ ਮਾਰ ਕੇ ਜਗਾਵਾਂ ਪਰ ਇਕ ਪਾਸੇ ਬੈਠੀ ਮੇਰੀ ਲੜਕੀ ਤੇ ਦੂਸਰੇ ਪਾਸੇ ਬੈਠੀ ਨੂੰਹ ਤੇ ਸਫ਼ਰ ਦੇ ਭੰਨੇ ਹੋਏ ਪੋਤੇ ਪੋਤਰੀਆਂ ਮੇਰਾ ਰਸਤਾ ਰੋਕ ਲੈਂਦੇ ਹਨ।
ਥੋੜੀ ਦੇਰ ਵਿਚ ਵੇਖਦੇ ਵੇਖਦੇ ਹਵਾ ਵਿੱਚ ਭੂਰ ਜਿਹੀ ਖਿੱਲਰੀ ਤੇ ਇਹ ਇਕ ਗਾੜ੍ਹੀ ਪਰਤ ਬਣ ਕੇ ਬਰਫ਼ਬਾਰੀ ਵਿਚ ਬਦਲ ਗਈ। ਅਸਮਾਨ ਵਿੱਚੋਂ ਦੁੱਧ ਚਿੱਟੇ ਪਿੰਜੇ ਹੋਏ ਰੂੰ ਦੀਆਂ ਪੰਡਾਂ ਧਰਤੀ ਵੱਲ ਉੱਡਦੀਆਂ ਨਜ਼ਰ ਆਉਣ ਲੱਗੀਆਂ। ਸਾਰੇ ਸਵਾਰਾਂ ਦੇ ਚਿਹਰੇ ਉਤਸ਼ਾਹ ਨਾਲ ਗਦ ਗਦ ਹੋ ਕੇ ਖਿੜ ਗਏ।
ਪਹਿਲੀ ਵੇਰਾਂ ਬਰਫ਼ ਪੈਂਦੀ ਤੱਕ ਕੇ ਅਸਲੀ ਅਮਰੀਕਾ ਅੱਜ ਹੀ ਮੇਰੀ ਨਜ਼ਰੀਂ ਚੜ੍ਹਿਆ ਸੀ ਭਾਵੇਂ ਇਹ ਪਿਛਲੇ ਪੰਦਰਾਂ ਵੀਹ ਸਾਲ ਮੈਂ ਸਟੋਰਾਂ ਤੇ ਕਾਰਖ਼ਾਨਿਆਂ ਦੀਆਂ ਮਸ਼ੀਨਾਂ 'ਤੇ ਪੁਰਜ਼ੇ ਵਾਂਗ ਪੰਦਰਾਂ-ਪੰਦਰਾਂ ਘੰਟੇ ਕੰਮ ਕੀਤਾ ਤੇ ਅਜਿਹੇ ਫਾਲਤੂ ਫੇਰੇ ਤੋਰੇ ਦੀ ਕਦੇ ਪ੍ਰਵਾਹ ਨਹੀਂ ਕੀਤੀ ਨਾ ਹੀ ਲੋੜ ਸਮਝੀ ਤੇ ਨਾ ਫੁਰਸਤ ਕੱਢੀ। ਮੂੰਹ 'ਤੇ ਪੱਟੀ ਬੰਨ੍ਹ ਕੇ ਤੇ ਸੂਮ-ਪੁਣੇ ਦਾ ਬਾਣਾ ਪਾ ਕੇ ਹੱਡ-ਭੰਨਵੀਂ ਮੁਸ਼ਕਤ ਕਰ ਕੇ ਖੂਬ ਡਾਲਰ ਕਮਾਏ। ਪਿੱਛੇ ਨਾਂਵਾਂ ਭੇਜ ਕੇ ਸਿਰਫ਼ ਗਹਿਣੇ ਪਏ ਸਿਆੜ ਹੀ ਨਹੀਂ ਛੁਡਾਏ ਸਗੋਂ ਹੋਰ ਵੀ ਖਰੀਦ ਦੇ ਸ਼ਰੀਕਾਂ ਦੀ ਹਿੱਕ 'ਤੇ ਮੁੰਜ ਦਲੀ। ਆਪਣੇ ਬੱਚਿਆਂ ਨੂੰ ਚੰਗੀ ਤਾਲੀਮ ਦੇ ਕੇ ਉਨ੍ਹਾਂ ਦਾ ਸਮਾਜਿਕ ਤੇ ਆਰਥਿਕ ਰੁਤਬਾ ਉੱਚਾ ਕੀਤਾ।
ਮੇਰੇ ਸਹਿ-ਕਰਮੀ ਕਾਲੇ ਗੋਰੇ ਤੇ ਮੈਕਸੀਕੋ ਵੀਤਨਾਮੀ ਮੇਰੇ ਕਰਜ਼ਾਈ ਆਝੀ ਬਣੇ ਰਹਿੰਦੇ ਬੜੀ ਇੱਜ਼ਤ ਕਰਦੇ। ਜਦ ਲਾਲ ਚਮੜੀ ਵਾਲੇ ਗੋਰੇ ਗੋਰੀਆਂ ਛੁੱਟੀਆਂ ਦੇ ਦਿਨ ਆਪਣੇ ਐਸ਼ ਇਸ਼ਰਤ ਵਿੱਚ ਮਸਰੂਫ ਹੁੰਦੇ, ਮੈਂ ਆਪਣਾ ਓਵਰਟੈਮ ਲਾ ਕੇ ਦੌਹਰੀ ਕਮਾਈ ਕਰ ਕੇ ਜਿੱਥੇ ਆਪਣੇ ਬਾਸ ਦਾ ਨਜ਼ਰੇ-ਮਨਜ਼ੂਰ ਬਣਦਾ ਉੱਥੇ ਵਾਧੂ ਟੈਮ ਦੀ ਦੂਣੀ ਉਜਰਤ ਜਮ੍ਹਾਂ ਕਰ ਕੇ ਡਾਲਰ ਵੀ ਚੰਗੇ ਮਾਠਦਾ। ਉਹ ਹਫ਼ਤਾਵਾਰ ਚੈੱਕ ਫੜਾਉਂਦਾ ਪਿੱਠ 'ਤੇ ਥਾਪੀ ਮਾਰਦਾ ਇੱਕ ਵੀਹ ਦਾ ਨੋਟ ਵਾਧੂ ਮੇਰੀ ਮੁੱਠੀ ਵਿੱਚ ਫੜਾ ਦਿੰਦਾ। ਇਸ ਵੀਹ ਦੇ ਨੋਟ ਨਾਲ ਮੇਰਾ ਹਫ਼ਤੇ ਦਾ ਰਾਸ਼ਣ ਪਾਣੀ ਮੁਫ਼ਤ ਵਿੱਚ ਆ ਜਾਂਦਾ ਤੇ ਤਨਖਾਹ ਮੁੱਠੀ ਬੰਨ੍ਹੀਂ ਮੈਂ ਘਰ ਭੇਜਣ ਲਈ ਏਜੰਟਾਂ ਕੋਲ ਜਮ੍ਹਾਂ ਕਰਵਾ ਦਿੰਦਾ। ਮਾੜੀ ਮੋਟੀ ਅੰਗਰੇਜ਼ੀ ਵੀ ਮੇਰੇ ਪੱਲੇ ਹੈਗੀ ਸੀ। ਇਸ ਨੇ ਮੇਰਾ ਬੜਾ ਸਾਥ ਨਿਭਾਇਆ। ਪਹਿਲਾਂ ਪਹਿਲ ਮੈਨੂੰ ਗੋਰਿਆਂ ਦੀ ਬੋਲੀ ਸਮਝਣ ਵਿੱਚ ਕੁਝ ਮੁਸ਼ਕਲ ਲਗਦੀ ਸੀ, ਮੈਂ ਉਨ੍ਹਾਂ ਦੇ ਮੂੰਹ ਵੱਲ ਵੇਖੀ ਜਾਣਾ ਪਰ ਲਿਖਤ ਵਿੱਚ ਮੈਂ ਬਾਜ਼ੀ ਮਾਰ ਜਾਂਦਾ ਸੀ। ਮੇਰਾ ਨਿਗਰਾਨ ਹੋਰਾਂ ਨੂੰ ਸਿੱਖਿਆ ਦੇਣ ਲਈ ਮੈਨੂੰ ਮਾਡਲ ਨਮੂਨਾ ਪੇਸ਼ ਕਰਦਾ ਮੇਰੀ ਸਮੱਰਥਾ ਦੀ ਸਰਾਹਨਾ ਕਰਦਾ ਨਾ ਥੱਕਦਾ। ਉਨ੍ਹਾਂ ਦਿਨਾਂ ਵਿੱਚ ਦਾੜ੍ਹੀ ਕੇਸ ਵਾਲੇ ਨੂੰ ਕੰਮ 'ਤੇ ਬੜਾ ਨੱਕ ਮੂੰਹ ਵੱਟਦੇ ਤੇ ਘਟੀਆ ਸਮਝਦੇ ਸਨ ਪਰ ਮੇਰੇ 'ਤੇ ਰੱਬ ਦੀ ਬੜੀ ਮਿਹਰ ਹੋ ਗਈ। ਮੈਂ ਆਪਣੇ ਸਿੱਧ-ਪੱਧਰੇ ਵਿਖਿਆਨ ਨਾਲ ਉਨ੍ਹਾਂ ਦੇ ਮਨ ਵਿੱਚ ਪਗੜੀ ਤੇ ਵਾਲਾਂ ਸਮੇਤ ਪੰਜ ਕਰਾਰਾਂ ਦੀ ਜਰੂਰਤ ਤੇ ਮਹਾਨਤਾ ਉਜਾਗਰ ਕਰਨ ਵਿੱਚ ਕਾਮਯਾਬ ਹੋ ਗਿਆ। ਉਹ ਮੇਰੀ ਗੱਲ ਮੰਨ ਗਏ ਤੇ ਮੇਰੇ ਨਾਲ ਹੋਰ ਤਿੰਨ ਚਾਰ ਪੰਜਾਬੀ ਭਰਾਵਾਂ ਨੂੰ ਵੀ ਆਗਿਆ ਮਿਲ ਗਈ ਤੇ ਫਿਰ ਇਹ ਬੰਨ੍ਹ ਹਮੇਸ਼ਾ ਵਾਸਤੇ ਪੱਕਾ ਖੁੱਲ੍ਹ ਗਿਆ। ਮੈਂ ਆਪਣੀ ਇਸ ਗੋਰੀ ਕੰਪਨੀ ਵਿੱਚ ਮਿਸਟਰ ਸਿੰਘ ਕਰਕੇ ਬੜੇ ਆਦਰ ਸਤਿਕਾਰ ਨਾਲ ਜਾਣਿਆ ਜਾਣ ਲੱਗਾ। ਛੇਤੀ ਹੀ ਮੇਰੀ ਮਿਹਨਤ ਤੇ ਲਗਨ ਸਦਕਾ ਨਿਗਰਾਨ ਬਣਾ ਕੇ ਮੈਨੂੰ ਇਕ ਅੱਡਰੇ ਸੈਕਸ਼ਨ ਦਾ ਇਨਚਾਰਜ ਬਣਾ ਦਿੱਤਾ। ਦੂਜੇ ਸਾਥੀਆਂ ਨਾਲ ਮੇਰਾ ਮੁਕਾਬਲਾ ਸ਼ੁਰੂ ਹੋ ਗਿਆ। ਦੂਜੇ ਸਰਬਰਾਹ ਛੇਤੀ ਹੀ ਗੋਡੇ ਟੇਕ ਗਏ।
ਮੈਨੂੰ ਆਪਣੇ ਸੈਂਟਰਲ ਐਵੀਨਿਊ ਕਿਰਾਏ ਦੇ ਅਪਾਰਟਮੈਂਟ ਤੋਂ ਕੈਪੀਟਲ, ਫਰੀ ਵੇ, ਛੇ ਸੌ ਅੱਸੀ ਤੇ ਫਿਰ ਆਪਣੀ ਕੰਪਨੀ! ਬੱਸ ਸਾਰੀ ਉਮਰ ਸਵੈ ਚਾਲਕ ਪਣਚੱਕੀ ਘਰਾਟ ਵਾਂਗ ਇਸੇ ਚੱਕਰ ਵਿੱਚ ਹੀ ਘੁੰਮਦਾ ਰਿਹਾ। ਖੂਹ ਦੇ ਡੱਡੂ ਵਾਂਗ ਇਹੀ ਮੇਰਾ ਸਮੁੰਦਰ, ਇਹੀ ਅਸਮਾਨ ਤੇ ਇਹੀ ਮੇਰਾ ਜਹਾਨ ਸੀ। ਪੇਟ 'ਤੇ ਮੂੰਹ 'ਤੇ ਪੱਟੀ ਬੰਨ੍ਹ ਕੇ ਛੋਟੀ ਜਿਹੀ ਵਲਗਣ ਵਿੱਚ ਝੱਟ ਲੰਘਾਇਆ। ਪੀਜ਼ਾ, ਬਰਗਰ, ਸੈਂਡਵਿਚ, ਜੂਸ ਦਾ ਸਵਾਦ ਮੈ ਸਿਰਫ਼ ਕੰਪਨੀ ਦੀਆਂ ਦਾਅਵਤਾਂ ਵਿੱਚ ਮੁਫ਼ਤ ਹੀ ਚੱਖਿਆ ਸੀ। ਕਦੇ ਇਹਨਾਂ ਸਵਾਦਾਂ ਲਈ ਨੇਂਘ 'ਚੋਂ ਜੂੰ ਤੱਕ ਨਾ ਕੱਢੀ। ਵੈਲ-ਐਬ ਕੋਈ ਮੇਰੇ ਨੇੜੇ ਨਾ ਢੁੱਕਿਆ। ਸ਼ਰਾਬ ਪਿਆਲੇ ਦਾ ਸ਼ੁਰੂ ਤੋਂ ਹੀ ਮੈਂ ਦੋਖੀ ਸਾਂ ਤੇ ਓਪਰੀ ਜ਼ਨਾਨੀ ਮੈਨੂੰ ਵਿਹੁ ਵਾਂਗ ਕੁੜੱਤਣ ਕਰਦੀ ਸੀ। ਉਸ ਦੇ ਪਰਛਾਵੇਂ ਤੋਂ ਕੋਹਾਂ ਦੂਰ ਦੌੜਦਾ ਸਾਂ। ਮੈਂ ਬੜਾ ਲੰਮਾ ਬ੍ਰਹਮਚਾਰੀ ਜੀਵਨ ਹੰਢਾਇਆ ਏਨਾ ਕਿ ਹੁਣ ਤੱਕ ਮੇਰੀ ਸਾਰੀ ਚੇਸ਼ਟਾ ਖਤਮ ਹੋ ਕੇ ਮਰ ਖਪ ਗਈ। ਸਾਰੇ ਚਾਅ ਮੱਧਮ ਹੋ ਕੇ ਦਮ ਤੋੜ ਗਏ।
ਫੈਮਲੀ ਪਟੀਸ਼ਨ ਮਨਜ਼ੂਰ ਹੋਣ 'ਤੇ ਮੇਰੀਆਂ ਦੋਵੇਂ ਲੜਕੀਆਂ, ਇਕ ਲੜਕਾ ਤੇ ਪਤਨੀ ਪਿਛਲੇ ਕੁਝ ਸਾਲਾਂ ਤੋਂ ਨਾਲ ਆ ਰਲੇ। ਬੈਂਕ ਬੈਲੈਂਸ ਕੁੱਝ ਬੱਚਿਆਂ ਦੀ ਇੱਧਰ ਦੀ ਚਾਲੂ ਪੜ੍ਹਾਈ ਤੇ ਹੋਰ ਖ਼ਰਚਿਆਂ ਕਰਕੇ ਊਣਾ ਹੋ ਗਿਆ ਸੀ ਪਰ ਇਸ ਦੀ ਚਿੰਤਾ ਕਰਨੀ ਮੈਂ ਹੁਣ ਛੱਡ ਦਿੱਤੀ ਹੈ। ਉਨ੍ਹਾਂ ਨੇ ਆਪਣਾ ਭਾਰ ਆਪ ਚੁੱਕ ਲਿਆ ਹੈ।
'ਇੱਥੇ ਲਿਆਕਤ ਬੁੱਧੀ ਤੇ ਹੁਨਰ ਦੀ ਕਦਰ ਹੈ। ਜੇ ਤੁਹਾਡੇ ਪੱਲੇ ਕੋਈ ਚੰਗੀ ਯੋਗਤਾ ਜਾਂ ਹੁਨਰ ਹੈ ਤਾਂ ਤੁਹਾਨੂੰ ਕਿਸੇ ਸਿਫ਼ਾਰਿਸ਼ ਦੀ ਲੋੜ ਨਹੀਂ, ਨਾ ਹੀ ਇੱਥੇ ਵੱਢੀ ਨਾਮ ਦੀ ਕੋਈ ਬਲਾਮਤ ਹੈ।'
ਮੇਰੇ ਬਾਸ ਨੇ ਗੁਰਦੀਪ ਨੂੰ ਇਹ ਪਹਿਲੀ ਗੁੜ੍ਹਤੀ ਦਿੱਤੀ ਸੀ ਜੋ ਉਸ ਨੇ ਪੱਲੇ ਬੰਨ੍ਹ ਲਈ। ਗੁਰਦੀਪ ਨੂੰ ਇੱਥੇ ਆ ਕੇ ਛੇ ਮਹੀਨੇ ਦੀ ਸਿਖਲਾਈ ਲੈਣੀ ਪਈ ਬੱਸ ਫਿਰ ਉਪਰ ਵਾਲੇ ਦੀ ਕਿਰਪਾ ਹੋ ਗਈ। ਹੁਣ ਤੂਤੀ ਬੋਲਦੀ ਹੈ ਸਰਦਾਰ ਦੀ। ਸਾਰੇ ਬੱਚੇ ਚੰਗੇ ਪੜ੍ਹੇ ਲਿਖੇ ਹੋਣ ਕਰਕੇ ਅਮਰੀਕਾ ਦੀ ਹੁਸੀਨ ਤੇ ਰੰਗੀਨ ਜ਼ਿੰਦਗੀ ਮਾਣਨ ਤੇ ਜੀਊਣ ਦੇ ਹਾਮੀ ਹਨ। ਮੈਨੂੰ ਵੀ ਕੰਮ ਤੋਂ ਛੁੱਟੀ ਕਰਾ ਦਿੱਤੀ ਹੈ।
'ਇਹਨਾਂ ਗੋਰਿਆਂ ਦੇ ਸ਼ੌਕ ਵੀ ਅਵੱਲੇ ਹੀ ਨੇ। ਡੈੱਥ ਵੈਲੀ ਵਿੱਚ ਇਹ ਲੋਕ ਨੱਚ ਕੁੱਦ ਕੇ ਮੌਤ ਨੂੰ ਮਸ਼ਕਰੀਆਂ ਕਰਨ ਲਗਦੇ ਨੇ ਕੋਲੋਂ ਬਟੂਏ ਵਿੱਚੋਂ ਹਜ਼ਾਰਾਂ ਡਾਲਰ ਖਰਚ ਕਰਕੇ। ਮੌਤ ਦਾ ਖੂਹ, ਉੱਡਣ-ਖਟੋਲੇ, ਪੈਰਾਗਲਾਈਡਰ, ਬੈਲੂਨ ਦੀ ਤਫ਼ਰੀਹ ਸਵਾਰੀ ਕਰ ਕੇ ਕਲਾਬਾਜ਼ੀਆਂ ਦੇ ਜੌਹਰ ਤੇ ਕਾਰਨਾਮੇ, ਪਹਾੜਾਂ ਤੇ ਸਾਈਕਲ, ਮੋਟਰ ਸਾਈਕਲ ਭਜਾਉਂਦੇ ਕਈ ਫੁੱਟ ਚੌੜੀ ਖੱਡ ਛਾਲ ਮਰਵਾ ਕੇ ਦੂਸਰੀ ਟੀਸੀ ਉੱਪਰ ਟੱਪ ਜਾਂਦੇ। ਹੈਲੀਕਾਪਟਰ ਤੇ ਉਡਾਣ ਭਰ ਕੇ ਅੱਧ ਅਸਮਾਨ ਵਿੱਚੋਂ ਛਾਲ ਲਗਾਉਂਦੇ, ਜੇ ਛਤਰੀ ਖੁੱਲ੍ਹ ਜਾਏ ਤਾਂ ਫੰਨ੍ਹ ਨਹੀਂ ਤੇ ਬੜੀ ਭਿਆਨਕ ਮੌਤ! ਇਹ ਲੋਕ ਮੌਤ ਦੀਆਂ ਖੇਲਾਂ ਖੇਲਦੇ ਲੇਕ ਟਾਹੋ ਜਿਹੀ ਅਸਮਾਨ ਨਾਲ ਘਿਸਰਦੀ ਬਰਫ਼ ਨਾਲ ਲੱਦੀ ਚੋਟੀ 'ਤੇ ਚੜ੍ਹ ਜਾਂਦੇ ਨੇ ਤੇ ਫਿਰ ਉਥੋਂ ਥੱਲੇ ਇਵੇਂ ਝਾਤੀ ਮਾਰਦੇ ਨੇ ਜਿਵੇਂ ਕਹਿ ਰਹੇ ਹੋਣ ... 'ਹਟ ਜਾਓ ਪਾਸੇ, ਰੋਕੇ ਨਾ ਮੈਨੂੰ ਕੋਈ, ਮੈਂ ਮੌਤ ਨੂੰ ਜੱਫੀ ਪਾਉਣ ਲੱਗਾ ਜੇ .... ਮਰਨ ਲੱਗਾ ਜੇ।' ਜਿਵੇਂ ਮੈਂ ਸੁਣਿਆਂ ਸੀ ਪਰ ਵੇਖਿਆ ਕਦੇ ਨਹੀਂ ਸੀ।
ਅੱਜ ਆਪ ਹੀ ਇਸ ਦਾ ਪਾਤਰ ਬਣਾਂਗਾ। ਇਹ ਮੌਤ ਦੀ ਚੋਟੀ ਜਿਸ ਨੂੰ ਉਪਰ ਦੇਖਦੇ ਧੋਣ ਦਾ ਕੜਾਕਾ ਪੈਂਦਾ ਹੈ, ਉੱਤੇ ਬੇਗਿਣਤ ਲੋਕ ਮਸਤ-ਗਟਰੀ ਕਰ ਰਹੇ ਹਨ। ਕੁਝ ਹੱਥ 'ਚ ਖੂੰਡੀਆਂ ਜਿਹੀਆਂ ਫੜ੍ਹੀ ਇੱਧਰ ਉੱਧਰ ਰੀਂਗ ਰਹੇ ਹਨ। ਕੁਝ ਗੋਲੀ ਦੀ ਰਫ਼ਤਾਰ ਨਾਲ ਸਨੋ-ਸਕੇਟਿੰਗ ਕਰਦੇ ਥੱਲੇ ਨੂੰ ਘਿਸਰਦੇ ਆ ਰਹੇ ਹਨ। ਮੋਟਰ ਸਾਈਕਲ, ਛੱਤ ਤੋਂ ਬਿਨਾਂ ਨੰਗੀਆਂ ਕਾਰਾਂ ਅਤੇ ਰੇੜੂਆਂ 'ਤੇ ਆਪਣਾ ਆਪਣਾ ਝੱਸ ਪੂਰਾ ਕਰਨ ਵਰਗਾ ਮਨੋਰੰਜਨ ਕਰਦੇ ਮੇਰੇ ਸਾਹਮਣੇ ਸਿਨਮੇ ਦੀ ਫਿਰਕੀ ਵਾਂਗ ਗੁਜ਼ਰ ਜਾਂਦੇ ਹਨ। ਮੈਂ ਡਰਦਾ ਡਰਦਾ ਕਹਿੰਦਾ ਹਾਂ'ਬੇਟਾ! ਜਿਵੇਂ ਬੱਤਖ ਨੂੰ ਵੇਖ ਕੇ ਮੁਰਗ਼ੀ ਨੇ ਛੱਪੜ 'ਚ ਛਾਲ ਮਾਰ ਦਿੱਤੀ ਸੀ ਕਿਤੇ ਇਹ ਗਲਤੀ ਨਾ ਕਰ ਬੈਠਿਓ।'
'ਪਾਪਾ! ਬੰਦਿਆਂ ਵਿੱਚ ਵਿੱਚਰ ਕੇ ਜੰਗਲ ਦੇ ਜਾਨਵਰ ਵੀ ਬੰਦਿਆਂ ਵਾਂਗ ਵਿਵਹਾਰ ਕਰਨ ਲੱਗ ਜਾਂਦੇ ਨੇ... ਪਤਾ ਤੁਹਾਨੂੰ ?'
ਚੌਕ ਵਿੱਚ ਲਾਲ ਬੱਤੀ ਹੋਣ ਕਰਕੇ ਆਹਮਣੇ ਸਾਹਮਣੇ ਖੜੋ ਰਹੀਆਂ ਗੱਡੀਆਂ ਦੀਆਂ ਲੰਮੀਆਂ ਕਤਾਰਾਂ ਨੇ ਗੁਰਦੀਪ ਦਾ ਧਿਆਨ ਮੋੜਿਆ।
'ਔਹ ਵੇਖੋ ਪੂਹ ...।' ਬਿੱਟੀ ਨੇ ਸਭ ਦੀਆਂ ਨਜ਼ਰਾਂ ਬਾਹਰ ਵੱਲ ਘੁਮਾ ਦਿੱਤੀਆਂ।
'ਹੋਮਲੈੱਸ, ਹੰਗਰੀ, ਨੀਡ ਸ਼ੈਲਟਰ, ਨੀਡ ਪੈੱਗ।'
ਉੱਕਰੇ ਚਮਕਦੇ ਅੱਖਰਾਂ ਵਿੱਚ! ਪੂਹ ਦੇ ਬਾਣੇ ਵਾਲਾ ਮੰਗਤਾ ਗੁਰਦੀਪ ਦੇ ਇਸ਼ਾਰੇ ਨਾਲ ਨੇੜੇ ਆਇਆ। ਬੱਚਿਆਂ ਨਾਲ ਹੱਥ ਮਿਲਾਇਆ ਤੇ ਦਸ ਦਾ ਹਰਿਆ ਨੋਟ ਚੁੰਮਦਾ ਅਸੀਸਾਂ ਦਿੰਦਾ ਮੁੜ ਆਪਣੀ ਜਗ੍ਹਾ ਜਾ ਖੜ੍ਹਿਆ।
'ਮੈਨੂੰ ਵੀ ਇਕ ਬੋਤਲ ਲੈ ਦੇਈਂ ਪੁੱਤਰ ਜੀ! ਪਹਿਲਾਂ ਹੀ, ਮੈਥੋਂ ਕੱਲੇ ਕੱਲੇ ਪੈੱਗ ਦੇ ਪੰਦਰਾਂ ਡਾਲਰ ਦੇ ਕੇ ਇਹ ਚੜ੍ਹਨੀ ਨਹੀਂ।'
ਨੇੜੇ ਹੀ ਲਿਕਰ ਸਟੋਰ ਤੋਂ ਪਚਵੰਜਾ ਦੀ ਬੋਤਲ ਲੈ ਕੇ ਮੈਨੂੰ ਫੜਾਉਂਦਾ ਉਹ ਬਹੁਤ ਖੁਸ਼ ਸੀ ਸ਼ਾਇਦ ਇਸ ਕਰਕੇ ਕਿ ਮੈਂ ਅੱਜ ਸੂਮਪੁਣਾ ਛੱਡ ਕੇ ਆਪ ਹੀ ਬੋਤਲ ਮੰਗ ਕੇ ਉਸ ਦੇ ਡਾਲਰ ਖ਼ਰਚਾਏ ਸਨ।
ਅਸਮਾਨ ਨਾਲ ਗੱਲਾਂ ਕਰਦੀਆਂ ਚਾਲੀ ਪੰਜਾਹ ਮੰਜ਼ਲੀਆਂ ਇਮਾਰਤਾਂ ਲੰਘਦੇ ਆਖ਼ਰ ਮੰਜ਼ਿਲ ਆ ਹੀ ਗਈ। ਅੰਦਰ ਵੜਦੇ ਹਾਲ ਵਿੱਚ ਇਕ ਹੈਟ ਵਾਲਾ ਕਲਾਕਾਰ ਪ੍ਰੈੱਸ਼ਰ ਹਾਰਮੋਨੀਅਮ ਵਜਾ ਰਿਹਾ ਸੀ।
'ਬਹਾਰੋ ਫੁਲ ਬਰਸਾਓ ਮੇਰਾ ਮਹਿਬੂਬ ਆਇਆ ਹੈ ...।'
ਸੁਹਾਵਣੀ ਲਭਾਉਣੀ ਧੁਨ ਨਾਲ ਸਾਡਾ ਸਵਾਗਤ ਹੋਇਆ। ੧੮੦੮ ਨੰਬਰ ਸੂਇਟ ਦੀ ਪਰਚੀ ਲੈ ਕੇ ਇਕ ਗੋਰੀ ਸੇਵਾਦਾਰ, ਰੇਹੜੀ 'ਤੇ ਸਮਾਨ ਲੱਦ ਕੇ ਹੱਸਦੀ ਮੁਸਕਰਾਉਂਦੀ ਵਿਸ ਕਰਦੀ ਐਲੀਵੇਟਰ ਰਾਹੀਂ ਉਪਰ ਛੱਡ ਆਈ। ਏਨਾ ਵੱਡਾ ਸੈੱਟ! ਅੰਦਰ ਦੋ ਕਮਰੇ ਡਬਲ-ਬੈੱਡ ਵਾਲੇ, ਦਾਖ਼ਲੇ ਕਮਰੇ ਬੈਠਕ 'ਚ ਦੋ ਸੋਫੇ-ਬੈੱਡ ਜੋ ਉਸਨੇ ਖੋਲ੍ਹ ਕੇ ਦਿਖਾਏ ਲੋੜ ਪੈਣ 'ਤੇ ਬੈੱਡ ਬਣ ਜਾਂਦੇ ਸਨ, ਖਾਦ-ਪਦਾਰਥਾਂ ਨਾਲ ਭਰੀ ਫਰਿੱਜ! ਫਰਨੀਚਰ ਤੇ ਹੋਰ ਦਿਲਕੱਸ਼ਵੀ ਸਮੱਗਰੀ! ਇੱਕ ਪੂਰਾ ਘਰ ਸੀ ਇਹ। ਗੁਰਦੀਪ ਨੇ ਆਦਤ ਅਨੁਸਾਰ ਦੋ ਨੋਟ ਕੱਢ ਕੇ ਉੱਧਰ ਵਧਾਏ।
'ਵੰਨ ਫਾਰ ਯੂ ... ਐਂਡ ਵੰਨ ਫਾਰ ਮਿਊਜ਼ਕ ਮੈਨ।'
'ਥੈਂਕ ਯੂ! ... ਕਾਲ ਮੀ ਅਨੀ ਟਾਈਮ ਵੈੱਨ ਯੂ ਨੀਡ ਮੀ।' ਆਪਣਾ ਪਹਿਚਾਣ ਪੱਤਰ ਕੱਢ ਕੇ ਫੜਾਉਂਦੀ ਉਹ ਦਰਵਾਜ਼ਾ ਭੇੜ ਗਈ।
ਖਾਣੇ ਦਾ ਮੀਨੂੰ- ਦਸ ਦਾ ਚਾਹ ਕੱਪ, ਦਸ ਦਾ ਦੁੱਧ ਕੱਪ, ਭਿੰਡੀ-੧੮, ਚਿਕਨ-੨੦, ਚਪਾਤੀ-੩, ਨਾਨ-੫, ਦਾਲ-੧੫, ਇਸ ਤਰ੍ਹਾਂ ਰਾਤ ਦੇ ਖਾਣੇ ਦਾ ਬਿੱਲ = ੨੭੫ ਗਰੈਚੂਟੀ-੩੦ ਤੇ ਟਿਪ-?। ਗੁਰਦੀਪ ਨੇ ਫੜ ਕੇ ਖਾਲੀ ਸੁਆਲੀਆ ਥਾਂ ਵਿੱਚ ਪੰਦਰਾਂ ਭਰ ਦਿੱਤਾ।
ਮੈਂ ਹੱਸ ਕੇ ਕਿਹਾ, 'ਸਿਰਫ਼ ੩੨੦'.
੩੨੦?? ਯਾਨੀ ਕਿ ਪੰਦਰਾਂ ਹਜ਼ਾਰ ਇੱਕ ਖਾਣੇ ਦਾ!' ਪਹਿਲੀ ਵੇਰਾਂ ਬਿਸ਼ਨ ਕੌਰ ਨੇ ਜਬਾਨ ਖੋਲ੍ਹੀ। 'ਖਾਧਾ ਪੀਤਾ ਲਾਹੇ ਦਾ, ਰਹਿੰਦਾ ਅਹਿਮਦ ਸ਼ਾਹੇ ਦਾ। ਤੁਸੀਂ ਬਿੱਲ ਨੂੰ ਜ਼ਰਬ ਦੇ ਕੇ ਰੁਪਏ ਨਾ ਬਣਾਇਆ ਕਰੋ। ਰੁਪਈਏ ਸਿਰਫ਼ ਭਾਰਤ ਵਿੱਚ ਹੀ ਬਣਦੇ ਨੇ, ਇੱਥੇ ਤਾਂ ਇਹ ੩੨੦ ਡਾਲਰ ਹੀ ਨੇ। ਇਹ ਪੰਜ ਤਾਰਾ ਹੋਟਲ ਹੈ, ਸਹੂਲਤਾਂ ਜ਼ਿਆਦਾ ਨੇ ਤੇ ਖਰਚਾ ਵੀ ਤਾਂ ਵੱਧ ਹੋਵੇਗਾ ਹੀ।' ਗੁਰਦੀਪ ਦੀ ਘੁਰਕੀ ਨੇ ਸਭ ਦੇ ਖੁੱਲ੍ਹੇ ਮੂੰਹ ਬੰਦ ਕਰਵਾ ਦਿੱਤੇ।
ਬਾਹਰ ਆਵਾਰਾ ਗਰਦੀ ਕਰਨ ਤੇ ਸ਼ੌਕੀਨਾਂ ਨੂੰ ਮੌਸਮ ਦੇ ਪ੍ਰਕੋਪ ਨੇ ਸ਼ੀਸ਼ਿਆਂ ਦੇ ਮਹੱਲ ਅੰਦਰ ਬੰਦ ਕਰ ਕੇ ਰੱਖ ਦਿੱਤਾ। ਧਰਤੀ ਦੇ ਬਰਾਬਰ ਚੌਥੀ ਮੰਜ਼ਿਲ 'ਤੇ ਬਾਜ਼ਾਰ, ਦੁਕਾਨ ਕੇਂਦਰ, ਤਲਾਬ, ਕਸਰਤ ਵਾਸਤੇ ਜਿੰਮ ਤੇ ਹੋਰ ਹਰ ਪ੍ਰਕਾਰ ਦੇ ਮਨ-ਪ੍ਰਚਾਵੇ ਦੇ ਸਾਧਨ! ਹੋਟਲ ਦੇ ਅੰਦਰ ਹੀ ਛੋਟੇ ਸ਼ਹਿਰ ਜਿੱਡਾ ਸ਼ਹਿਰ ਵੱਸਿਆ ਪਿਆ ਹੈ। ਬਾਹਰਲੀ ਬਰਫ਼ਬਾਰੀ ਤੋਂ ਅਭਿੱਜ, ਹੀਟ, ਸੋਇਨਾਂ, ਨਹਾਉਣ ਲਈ ਗਰਮ ਤੇ ਠੰਢੇ ਪਾਣੀ ਦੇ ਅੱਡੋ ਅੱਡਰੇ ਤਲਾਬ, ਬੇੜੀਆਂ ਚੱਲਦੀਆਂ ਝੀਲਾਂ ਤੇ ਯਾਤਰੀਆਂ ਦੇ ਖੀਸੇ ਖਾਲੀ ਕਰਨ ਦੇ ਬੜੇ ਹੀ ਸੁੰਦਰ ਢੰਗ ਤਰੀਕੇ ਤੇ ਸਾਧਨ ਉਪਲਬਧ ਹਨ।
ਹੱਡਾਰੋੜੀ ਦੀ ਗਿੱਧ ਵਾਂਗ ਉੱਪਰ ਝਾਕਦੇ ਸੂਰਜ ਦੇਵਤਾ ਦੇ ਦਰਸ਼ਨ ਲਈ ਦੋ ਦਿਨ ਗੁਜ਼ਰ ਗਏ। ਬਾਹਰ ਹਲਕੀ ਜਿਹੀ ਬਰਫ਼ ਬਹਾਰ ਦਾ ਮਜ਼ਾ ਲੈਣ ਲਈ ਟਹਿਲ ਕਦਮੀਂ ਕਰਦੇ ਨਿਕਲੇ। ਸੜਕ 'ਤੇ ਜੰਮੀ ਬਰਫ਼ ਦੀ ਤਿਲ੍ਹਕਣਬਾਜ਼ੀ 'ਚ ਡਿੱਗੀ ਇੱਕ ਬੁਰਕੇ ਵਾਲੀ ਔਰਤ ਦੀਆਂ ਚੀਕਾਂ ਤੇ ਵਿਲਕਣਾਂ ਸੁਣ ਕੇ ਮੁੜ ਵਾਪਸ ਆਪਣੇ ਟਿਕਾਣੇ ਆ ਵੜੇ।
ਤਰਾਹ ਤਰਾਹ ਕਰਦੀ ਜਾਨ! ਗੁਰਦੀਪ ਫੇਰ ਨਹੀਂ ਟਲਿਆ।
'ਚਲੋ ਬਾਹਰ ਝੀਲ ਦੀ ਸੈਰ ਕਰਾਂਗੇ।' ਉਸ ਵੈਲੇਟ ਪਾਰਕਿੰਗ ਵਿੱਚੋਂ ਕਾਰ ਮੰਗਵਾ ਲਈ।
ਇਹਨਾਂ ਚੋਟੀਆਂ ਨੇ ਮੈਨੰ 1968 ਦੀ ਸ਼ਿਮਲਾ, ਚੰਬਾ, ਭਰਮੌਰ ਦੇ ਸਰਕਾਰੀ ਦੌਰੇ ਦੀ ਯਾਦ ਤਾਜ਼ਾ ਕਰਾ ਦਿੱਤੀ ਜਦ ਉੱਥੇ ਜਾ ਕੇ ਮੈਂ ਪਿੱਛੇ ਘਰ ਚਿੱਠੀ ਲਿਖ ਦਿੱਤੀ ਸੀ ਕਿ ਅਜੇਹੀਆਂ ਖਤਰਨਾਕ ਖੱਡਾਂ ਤੇ ਘਾਟੀਆਂ 'ਚੋਂ ਵਾਪਸ ਮੁੜਨ ਦੀ ਸੰਭਾਵਨਾ ਘੱਟ ਹੈ। ਇਹ ਓਹੀ ਦਿਨ ਸੀ ਜਦ ਇੰਡੋ-ਜਾਪਾਨ ਦੀ ਪਰਬਤ ਸਰ ਕਰਨ ਵਾਲੀ ਇੱਕ ਸਾਂਝੀ ਟੁਕੜੀ ਸ਼ਿਵਾਲਕ ਚੋਟੀ ਸਰ ਕਰਨ ਉੱਪਰ ਚੜ੍ਹੀ ਸੀ। ਮੈਂ ਭਰਮੌਰ ਤਸਲੀਦਾਰ ਕੋਲ ਬੈਠੇ ਇਹ ਸਾਰਾ ਨਜ਼ਾਰਾ ਦੂਰਬੀਨ ਨਾਲ ਅੱਖੀਂ ਤੱਕਿਆ ਸੀ। ਇਸ ਨੂੰ ਮੈਂ ਜ਼ਿੰਦਗੀ ਦੀ ਬੜੀ ਵੱਡੀ ਟੀਸੀ ਦੀ ਪ੍ਰਾਪਤੀ ਸਮਝ ਲਿਆ ਸੀ ਪਰ ਅੱਜ ਇਹ ਸਵਰਗੀ ਨਜ਼ਾਰੇ ਵੇਖ ਕੇ ਉਹ ਸੀਨ ਇਕ ਪਾਸਕੂ ਜਿਹਾ ਲਗਦਾ ਹੈ।
ਚਾਰ ਚੁਫੇਰੇ ਧਰਤੀ, ਅਸਮਾਨ, ਦਰਖਤਾਂ, ਸੜਕਾਂ ਤੇ ਬਰਫ਼ ਦੀ ਚਿੱਟੀ ਚਾਦਰ ਵਿਛੀ ਹੋਈ ਜਿਵੇਂ ਕੁਦਰਤ ਰਾਣੀ ਨੇ ਕਿਸੇ ਸ਼ਾਹੀ ਮਹਿਮਾਨ ਲਈ ਵਿਸ਼ੇਸ਼ ਆਰਡਰ ਦੇ ਕੇ ਬਣਵਾਈ ਹੋਵੇ। ਬਰਫ਼ਾਂ ਨਾਲ ਲਿਸ਼ਕਦੇ ਪਹਾੜਾਂ ਨੇ ਧਰਤੀ ਅਸਮਾਨ ਵਿਚਕਾਰ ਇਕ ਪੁਲ ਉਸਾਰ ਦਿੱਤਾ ਸੀ। ਸਫ਼ੈਦ ਰੇਸ਼ਮੀ ਪੋਸ਼ਾਕ ਵਿੱਚ ਫਬੀ ਧਰਤੀ ਅੰਬਰ ਦੇ ਗਲ ਲੱਗ ਕੇ ਅਭੇਦ ਹੋਏ ਮੌਜ ਮਸਤੀ ਕਰ ਰਹੇ ਸਨ। ਵਰ੍ਹਦੀ ਬਰਫ਼ ਵਿੱਚ ਸਾਡੇ ਵਰਗੇ ਕਈ ਸਿਰੜੀ ਛਤਰੀਆਂ ਲਈ ਅਜੇਹੇ ਮੰਜ਼ਿਰ ਦਾ ਲੁਤਫ਼ ਲੈਣ ਲਈ ਨਿਕਲ ਤੁਰੇ ਸਨ। ਜਿਧਰ ਜਾਏ ਹਰ ਪਾਸੇ 'ਖ਼ਤਰਾ...ਨੋ ਐਂਟਰੀ' ਦੇ ਲੱਗੇ ਤਖ਼ਤੇ ਦੇਖ ਕੇ ਗੁਰਦੀਪ ਨੇ ਚਾਰ ਚੁਫੇਰੇ ਗੱਡੀ ਘੁਮਾਈ ਤੇ ਅਖੀਰ ਦਸ ਕੁ ਮੀਲ ਬਾਹਰ ਜਾ ਕੇ ਝੀਲ ਦੇ ਇਕ ਖਤਰਨਾਕ ਕੰਢੇ 'ਤੇ ਖੜ੍ਹੀ ਕਰ ਦਿੱਤੀ। ਬਰਫ਼ ਦੇ ਗੋਲੇ ਬਣਾ ਕੇ ਆਸੇ ਪਾਸੇ ਸੁੱਟਦਾ ਵੇਖ ਕੇ ਬਾਕੀਆਂ ਨੇ ਵੀ ਹੌਸਲਾ ਕੀਤਾ। ਬਰਫ਼ਾਂ ਦੀ ਹੋਲੀ ਲੁਕਣ-ਮੀਟੀ, ਨਕਲੀ ਲੜਾਈ ਇੱਕ ਅੱਧ ਮਿੰਟ 'ਚ ਖਤਮ ਹੋ ਗਈ। ਉੱਪਰਲੀ ਬਰਫ਼ ਦੇ ਭੰਨੇ ਸਾਰੇ ਸੁਰੜ ਸੁਰੜ ਨੱਕ ਸੁਣਕਦੇ ਠਰੂੰ ਠਰੂੰ ਕਰਦੇ ਬਰਫ਼ਬਾਰੀ ਦਾ ਆਨੰਦ ਲੈਂਦੇ ਵਾਪਸ ਮੁੜ ਕਾਰ ਵਿੱਚ ਆ ਬੈਠੇ। ਮੈਨੂੰ ਖਿੱਚ ਕੇ ਥੱਲੇ ਝੀਲ ਦੇ ਕੰਢੇ ਲੈ ਗਿਆ। ਜੰਮੀਂ ਅੱਧ ਜੰਮੀਂ ਸ਼ੀਸ਼ੇ ਦੀਆਂ ਟੁਕੜੀਆਂ ਵਾਂਗ ਚਮਕਦੀ ਝੀਲ! ਵਿੱਚੋਂ ਤੇਜ਼ ਬਰਫ਼ਾਨੀ ਤੂਫਾਨ! ਦੂਰ ਅੰਦਰਲਹਿ-ਲਹਾਉਂਦੀਆਂ ਛੱਲਾਂ, ਚਿੜੀਆ-ਘਰ ਦੇ ਸ਼ੇਰ ਵਾਂਗ ਆਪਣੇ ਵੱਲ ਧੂਹਣ ਲਈ ਦਹਾੜਦੀਆਂ ਰੱਸੇ ਤੁੜਾਉਂਦੀਆਂ ਕਲਵਲ ਹੋ ਰਹੀਆਂ ਸਨ। ਕੰਢੇ ਦੇ ਮੋਟਲ, ਢਾਬੇ, ਦੁਕਾਨਾਂ ਦੇ ਭਾਂਡੇ ਮੂਧੇ ਪਏ ਸਨ। ਕੋਈ ਬੰਦਾ ਪਰਿੰਦਾ ਨਜ਼ਰ ਨਹੀਂ ਸੀ ਆਉਂਦਾ। ਮੈਂ ਉਸ ਨੂੰ ਬੱਚਿਆਂ ਦੀ ਸਿਹਤ ਦਾ ਵਾਸਤਾ ਪਾਇਆ ਤੇ ਜਾਨ ਬਚਾਉਂਦੇ ਰੱਬ ਦਾ ਸ਼ੁਕਰ ਕਰਦੇ ਸਹੀ-ਸਲਾਮਤ ਹੋਟਲ ਵਿੱਚ ਆ ਗਏ।
ਬਰਫ਼ਾਂ ਨਾਲ ਢੱਕੀਆਂ ਲੇਕ ਟਾਹੋ ਪਹਾੜਾਂ ਦੀਆਂ ਧਾਰਾਂ ਚਮਕਦੀਆਂ ਸਵਰਗੀ ਨਜ਼ਾਰਾ ਪੇਸ਼ ਕਰਦੀਆਂ ਯਾਤਰੀਆਂ ਨੂੰ ਆਕਰਸ਼ਨ ਕਰਨ ਲਈ ਉਤਾਵਲੀਆਂ ਸਨ। ਢਾਈ ਮੀਲ ਉੱਚੀ ਕੰਧੋਲਾ ਚੋਟੀ ਆਪਣੇ ਚਾਹੁਣ ਵਾਲਿਆਂ ਲਈ ਬਾਂਹਾਂ ਅੱਡੀ ਖੜ੍ਹੀ ਸੀ।
'ਲੇਕ ਟਾਹੋ ਉੱਚੀ ਲੰਬੀ ਬਰਫ਼ ਦੀ ਦੀਵਾਰ ਕੈਲੀਫੋਰਨੀਆ ਤੇ ਨਵਾਡਾ ਸੂਬਿਆਂ ਦੀ ਭੁਗੋਲਕ ਹੱਦ ਹੈ।' ਕੋਈ ਪ੍ਰੇਮੀ ਆਪਣੇ ਸਾਥੀ ਨੂੰ ਬੋਰਡ ਪੜ੍ਹ ਕੇ ਸਮਝਾ ਰਿਹਾ ਸੀ।
ਦੂਰ ਦੁਰਾਡੀਆਂ ਥਾਂਵਾਂ ਤੋਂ ਪਹੁੰਚੇ ਪਰਬਤ ਰੋਹੀ, ਖਿਲਾੜੀ ਤੇ ਕੁਦਰਤ ਦੇ ਆਸ਼ਕ ਸਾਰਾ ਦਿਨ ਰੇਡੀਓ, ਟੀ. ਵੀ. ਸਾਹਮਣੇ ਬੈਠੇ ਮੌਸਮ ਦੇ ਖੁੱਲ੍ਹਣ ਦੀ ਇੰਤਜ਼ਾਰ ਵਿੱਚ ਵਿਆਕੁਲ ਹੋ ਰਹੇ ਸਨ। ਅਸਮਾਨ ਨੂੰ ਢੁੱਡ ਮਾਰਦੀ ਉੱਚੀ ਕੰਧੋਲਾ ਟੀਸੀ ਲੂੰਬੜੀ ਦੇ ਅੰਗੂਰ ਖੱਟੇ ਹਨ, ਵਾਂਗ ਅਪਹੁੰਚ ਹੋ ਰਹੀ ਸੀ ਤੇ ਅਖੀਰ ਬੇਵੱਸ ਭੁੱਖੀ ਲੂੰਬੜੀ ਵਾਂਗ ਅੰਗੂਰ ਖੱਟੇ ਕਹਿ ਕੇ ਸਬਰ ਸੰਤੋਖ ਕਰਨਾ ਪਿਆ। ਰੋਪ-ਵੇ ਅੱਡੇ ਉੱਤੇ ਚੋਟੀ ਉੱਪਰ ਜਾਣ ਲਈ ਟਰਾਲੀ ਖੁੱਲ੍ਹਣ ਦੀ ਇੰਤਜ਼ਾਰ ਵਿੱਚ ਹਜ਼ਾਰਾਂ ਮਿੱਤਰ ਪਿਆਰੇ ਛਤਰੀਆਂ ਤਾਣੀ ਆਪਣੀਆਂ ਮਹਿਬੂਬਾਂ ਦੀ ਬਗਲ ਦਾ ਨਿੱਘ ਮਾਣਦੇ ਚੁੰਮਾ-ਚੱਟੀ ਵਿੱਚ ਉਲਝੇ ਹੋਏ ਸਨ। ਮੌਸਮ ਬਾਰੇ ਚਿਤਾਵਨੀ ਨੇ ਸਕੀਇੰਗ ਦੇ ਪ੍ਰੇਮੀਆਂ ਨੂੰ ਮਾਯੂਸ ਕਰ ਦਿੱਤਾ।
ਤਿੰਨ ਦਿਨਾਂ ਦਾ ਲੌਂਗ ਵੀਕ-ਐਂਡ ਇਸ ਤਰ੍ਹਾਂ ਹੀ ਗੁਜ਼ਰ ਗਿਆ। ਸਰਕਾਰ ਵੱਲੋਂ ਪ੍ਰਸਤਾਵਿਤ ਇਕੱਤੀ ਦਸੰਬਰ ਰਾਤ ਨਵੇਂ ਸਾਲ ਦੀ ਆਤਸ਼ਬਾਜ਼ੀ, ਜਸ਼ਨ ਤੇ ਪਰੇਡ ਦੀ ਉਮੀਦ ਵੀ ਮੌਸਮ ਨੇ ਫਿੱਕੀ ਕਰ ਦਿੱਤੀ। ਬੁਲਡੋਜ਼ਰਾਂ ਨਾਲ ਸਾਫ ਕਰਾਈ ਸੜਕ ਉੱਤੇ ਫਿਰ ਬਰਫ਼ ਦੀ ਗੂੜ੍ਹੀ ਤਹਿ ਜੰਮ ਗਈ। ਪਟਾਕੇ ਫੁਲਝੜੀਆਂ, ਆਤਸ਼-ਬਾਜ਼ੀਆਂ ਧਰੀਆਂ ਧਰਾਈਆਂ ਰਹਿ ਗਈਆਂ ਤੇ ਦਰਸ਼ਕਾਂ ਦੀਆਂ ਆਸਾਂ ਉਮੀਦਾਂ 'ਤੇ ਬਰਫ਼ ਡਿੱਗ ਗਈ। ਅਸਮਾਨ ਤੋਂ ਪਿੰਜੇ ਰੂੰ ਦੇ ਫੰਭਿਆਂ ਵਾਂਗ ਬਰਫ ਲਗਾਤਾਰ ਜਾਰੀ ਸੀ ਜਿਵੇਂ ਕੁਦਰਤ ਧਮਾਲਾਂ ਪਾ ਕੇ ਨਵੇਂ ਸਾਲ ਦੀ ਆਮਦ ਤੇ ਰੰਗਾ ਰੰਗ ਪ੍ਰੋਗਰਾਮ ਦੀ ਪੇਸ਼ਕਾਰੀ ਕਰ ਰਹੀ ਹੋਵੇ।
'ਬਹਾਰੋਂ ਬਰਫ਼ ਬਰਸਾਓ, ਦੋ ਹਜ਼ਾਰ ਛੇ... ਨਵਾਂ ਸਾਲ ਆਇਆ ਹੈ।'
ਹੋਟਲ ਦੇ ਸਵਾਗਤੀ ਹਾਲ ਵਿੱਚ ਉਹੀ ਕਲਾਕਾਰ ਇਹ ਧੁਨ ਮੂੰਹ ਵਿਚੋਂ ਗੁਣਗੁਣਾਉਂਦਾ ਹਾਰਮੋਨੀਅਮ 'ਤੇ ਉਂਗਲਾਂ ਨਚਾਉਣ ਲੱਗਾ। ਗੁਰਦੀਪ ਦੇ ਇਕ ਹੋਰ ਦਸ ਦਾ ਪੱਤਾ ਫੜਾਉਂਦੇ ਹੀ, 'ਈਚਕ ਦਾਨਾ ਬੀਚਕ ਦਾਨਾ..., ਆਵਾਰਾ ਹੂੰ ... ਗਰਦਸ਼ ਮੇਂ ਹੂੰ ਆਸਮਾਨ ਕਾ ਤਾਰਾ ਹੂੰ' ਤੇ ਕਈ ਹੋਰ ਭਾਰਤੀ ਗਾਣਿਆਂ ਦੇ ਮਧੁਰ ਸੰਗੀਤ ਦੀ ਛਹਿਬਰ ਲਗਾ ਦਿੱਤੀ।
ਟੀ. ਵੀ. ਦੀ ਸਕਰੀਨ ਦੇ ਜ਼ੋਰਦਾਰ ਹਨੇਰੀ ਤੂਫਾਨ ਤੇ ਮੂਸਲਾਧਾਰ ਬਾਰਿਸ਼ ਨੇ ਜੋ ਸੈਕਰਾਮੈਂਟੋ ਵਿਖੇ ਖੇਤਾਂ ਮਕਾਨਾਂ ਤੇ ਸੜਕਾਂ ਦੀ ਤਬਾਹੀ ਕੀਤੀ, ਦੀ ਭਿਅੰਕਰ ਦੁਰਦਸ਼ਾ ਵਾਲੀ ਫਿਲਮ ਬਾਰ ਬਾਰ ਦਿਖਾਈ ਜਾ ਰਹੀ ਸੀ। ਵਾਪਸੀ ਦਾ ਸਾਡਾ ਇਹ ਰਸਤਾ ਹੋਣ ਕਰਕੇ ਨਵੀਂ ਉਲਝਣ ਮਨ ਦਾ ਨੀਂਦ ਚੈਨ ਖ਼ਰਾਬ ਕਰ ਗਈ। ਅਗਲੇ ਦਿਨ ਸਵੇਰੇ ਅੱਠ ਵਜੇ ਤੋਂ ਦਸ ਵਜੇ ਤੱਕ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਦੱਸੀ ਗਈ ਸੀ। ਲਗਾਤਾਰ ਬਰਫ਼ਬਾਰੀ ਤੇ ਕੁਦਰਤ ਦੀ ਨਾ ਮਿਲਵਰਤਣ ਵਾਲੀ ਬੇਰੁਖੀ ਕਰ ਕੇ ਨਿਰਾਸ਼ ਹੋਏ ਵਾਪਿਸ ਘਰ ਪਰਤਣ ਦਾ ਫੈਸਲਾ ਕਰ ਲਿਆ। ਬੇਈਮਾਨ ਮੌਸਮ ਦੇ ਡਰਾਉਣੇ ਮਜਾਜ਼ ਵਿੱਚੋਂ ਸਹੀ-ਸਲਾਮਤ ਘਰ ਮੁੜਨ ਦੇ ਫੈਸਲੇ ਨਾਲ ਸਾਰਿਆਂ ਦੇ ਮੱਥੇ 'ਤੇ ਖੇੜੇ ਉੱਗ ਆਏ।
'ਭਲਾ ਹੋਇਆ ਮੇਰਾ ਚਰਖਾ ਟੁੱਟਾ ਜਿੰਦ ਪੰਜਾਬੋਂ ਛੁੱਟੀ।' ਕਹਿੰਦੇ ਕਹਿੰਦੇ ਮੇਰਾ ਹਾਸਾ ਨਿਕਲ ਗਿਆ।
ਮੇਰੇ ਨਾਲ ਹੱਸਦੇ ਗੁਰਦੀਪ ਨੇ ਵੀ ਹਾਮੀ ਭਰੀ।
'ਤੁਹਾਡੀ ਮਨ ਦੀ ਮੁਰਾਦ ਪੂਰੀ ਹੋ ਗੀ ਪਾਪਾ! ਪਰ ਇਹ ਮੁਹਾਵਰਾ ਜਿੰਦ ਪੰਜਾਬੋਂ ਨਹੀਂ...ਜਿੰਦ ਅਜ਼ਾਬੋਂ ਹੈ।' ਉਹ ਮੈਨੂੰ ਦੁਰਸਤ ਕਰਦਾ ਅਜੇ ਵੀ ਮਜ਼ਾਕ ਕਰ ਰਿਹਾ ਸੀ।
'ਥੈਂਕ ਯੂ ਥੈਂਕ ਯੂ ... ਮੈਨੂੰ ਪਤਾ! ਮੇਰਾ ਮਤਲਬ ਵੀ ਇਹੋ ਹੀ ਸੀ।' ਸਾਰੇ ਹੱਸਦੇ ਹਨ।
ਹਾਸੇ ਵਿੱਚ ਸ਼ਾਮਲ ਹੁੰਦੀ ਬਿਸ਼ਨੀ ਦੇ ਮੱਥੇ 'ਤੇ ਵੀ ਖੇੜੇ ਦੇ ਸਿਰਨਾਵੇ ਆਏ।
('ਖੇੜੇ ਦਾ ਸਿਰਨਾਵਾਂ' ਵਿੱਚੋਂ)

  • ਮੁੱਖ ਪੰਨਾ : ਕਹਾਣੀਆਂ, ਚਰਨਜੀਤ ਸਿੰਘ ਪੰਨੂ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ