Punjabi Stories/Kahanian
ਲੋਕ ਕਹਾਣੀਆਂ
Lok Kahanian

Punjabi Kavita
  

Khota Ate Slab: Tibetan Lok Kahani

ਖੋਤਾ ਅਤੇ ਸਲੈਬ ਤਿੱਬਤੀ ਲੋਕ ਕਥਾ

ਬਹੁਤ ਸਮਾਂ ਪਹਿਲਾਂ ਬਹੁਤ ਉੱਚਾਈ ’ਤੇ ਆਸਮਾਨ ਦੇ ਨੇੜੇ ਹੀ ਤਿੱਬਤ ਦਾ ਇਕ ਕੋਨਾ ਇਕ ਇਨਸਾਫ਼ ਪਸੰਦ ਰਾਜੇ ਦੇ ਅਧੀਨ ਸੀ। ਉਹ ਦੂਰ ਦੂਰ ਤਕ ਸਹੀ ਫ਼ੈਸਲਿਆਂ ਲਈ ਪ੍ਰਸਿੱਧ ਸੀ।

ਇੱਥੇ ਹੀ ਦੋ ਗ਼ਰੀਬ ਆਦਮੀ ਇਕ ਦੂਜੇ ਦੇ ਗੁਆਂਢ ਵਿਚ ਰਹਿੰਦੇ ਸਨ। ਦੋਵੇਂ ਬਹੁਤ ਚੰਗੇ ਸਨ ਅਤੇ ਹੱਕ ਹਲਾਲ ਦੀ ਕਮਾਈ ਖਾਂਦੇ ਸਨ। ਦੋਹਾਂ ਦੇ ਨਾਲ ਉਨ੍ਹਾਂ ਦੀਆਂ ਮਾਵਾਂ ਰਹਿੰਦੀਆਂ ਸਨ। ਇਕ ਦਿਨ ਉਨ੍ਹਾਂ ਵਿਚੋਂ ਇਕ ਜਣਾ ਤੇਲ ਦਾ ਵੱਡਾ ਕੱਚ ਦਾ ਮਰਤਬਾਨ ਲੈ ਕੇ ਪਹਾੜਾਂ ਵਿਚਲੇ ਇਕ ਪਿੰਡ ਵਿਚ ਵੇਚਣ ਲਈ ਚੱਲ ਪਿਆ। ਜਾਂਦਾ ਜਾਂਦਾ ਉਹ ਬਹੁਤ ਥੱਕ ਗਿਆ ਅਤੇ ਆਪਣੇ ਤੇਲ ਦੇ ਭਰੇ ਮਰਤਬਾਨ ਨੂੰ ਸੜਕ ਕੋਲ ਪਈ ਇਕ ਸਲੈਬ ’ਤੇ ਟਿਕਾ ਕੇ ਆਰਾਮ ਕਰਨ ਲਈ ਬੈਠ ਗਿਆ। ਉੱਥੇ ਹੀ ਉਸ ਦਾ ਗੁਆਂਢੀ ਪਹਾੜਾਂ ਤੋਂ ਹੇਠਾਂ ਵੱਲ ਨੂੰ ਆਪਣਾ ਖੋਤਾ ਹੱਕਦਾ ਪਹੁੰਚ ਗਿਆ। ਖੋਤੇ ਦੇ ਦੋਵੇਂ ਪਾਸੀਂ ਲੱਕੜਾਂ ਦੇ ਵੱਡੇ ਵੱਡੇ ਗੱਠੇ ਲੱਦੇ ਹੋਏ ਸਨ, ਜਿਨ੍ਹਾਂ ਕਰਕੇ ਉਹ ਤਾਂ ਦਿਸਦਾ ਹੀ ਨਹੀਂ ਸੀ। ਉਸ ਨੂੰ ਮਰਤਬਾਨ ਨਾ ਦਿਸਿਆ ਜਿਸ ਕਾਰਨ ਲੱਕੜਾਂ ਦਾ ਗੱਠਾ ਇਸ ਵਿਚ ਵੱਜ ਗਿਆ। ਮਰਤਬਾਨ ਟੁੱਟ ਗਿਆ ਅਤੇ ਸਾਰਾ ਤੇਲ ਡੁੱਲ੍ਹ ਗਿਆ। ਤੇਲ ਵਾਲਾ ਬਹੁਤ ਗੁੱਸੇ ਵਿਚ ਆ ਗਿਆ। ਖੋਤੇ ਵਾਲੇ ਦਾ ਕਹਿਣਾ ਸੀ ਕਿ ਨੁਕਸਾਨ ਮੈਂ ਨਹੀਂ, ਖੋਤੇ ਨੇ ਕੀਤਾ ਹੈ। ਦੋਵੇਂ ਝਗੜਨ ਲੱਗੇ। ਤੇਲ ਵਾਲਾ ਆਖਦਾ ਸੀ ਕਿ ਮੇਰੇ ਕੋਲ ਤਾਂ ਮੇਰੇ ਆਪਣੇ ਤੇ ਮਾਂ ਦੇ ਗੁਜ਼ਾਰੇ ਲਈ ਇਹ ਤੇਲ ਹੀ ਸੀ ਅਤੇ ਖੋਤੇ ਵਾਲਾ ਆਖਦਾ ਸੀ ਕਿ ਮੇਰਾ ਕੋਈ ਕਸੂਰ ਨਹੀਂ।

ਦੋਵੇਂ ਜਣੇ ਰਾਜੇ ਕੋਲ ਚਲੇ ਗਏ। ਰਾਜੇ ਨੇ ਦੋਹਾਂ ਦੀ ਗੱਲ ਧਿਆਨ ਨਾਲ ਸੁਣੀ ਅਤੇ ਆਖਣ ਲੱਗਿਆ ਕਿ ਤੁਸੀਂ ਤਾਂ ਦੋਵੇਂ ਭਲੇ ਆਦਮੀ ਹੋ ਤੇ ਤੁਹਾਡੇ ਦੋਹਾਂ ਵਿਚੋਂ ਕਿਸੇ ਦਾ ਵੀ ਕਸੂਰ ਨਹੀਂ ਲੱਗਦਾ ਅਤੇ ਕਸੂਰਵਾਰ ਜਾਂ ਤਾਂ ਖੋਤਾ ਹੈ ਤੇ ਜਾਂ ਸਲੈਬ। ਖੋਤੇ ਦੀਆਂ ਲੱਤਾਂ ਤੇ ਗਰਦਨ ਨੂੰ ਸੰਗਲਾਂ ਨਾਲ ਬੰਨ੍ਹ ਕੇ ਉਸ ਨੂੰ ਜੇਲ੍ਹ ਵਿਚ ਡੱਕ ਦਿੱਤਾ ਗਿਆ ਅਤੇ ਪੰਜ ਜਣੇ ਸਲੈਬ ਲਿਆਉਣ ਲਈ ਭੇਜ ਦਿੱਤੇ। ਸਲੈਬ ਦੇ ਆਉਣ ’ਤੇ ਰਾਜੇ ਨੇ ਹੁਕਮ ਦਿੱਤਾ ਕਿ ਇਸ ਨੂੰ ਸੰਗਲਾਂ ਨਾਲ ਨੂੜ ਕੇ ਜੇਲ੍ਹ ਦੇ ਬਾਹਰ ਖੰਭੇ ਨਾਲ ਬੰਨ੍ਹ ਦਿੱਤਾ ਜਾਵੇ।

ਜਦੋਂ ਲੋਕਾਂ ਨੂੰ ਪਤਾ ਲੱਗਿਆ ਕਿ ਉਨ੍ਹਾਂ ਦੇ ਰਾਜੇ ਨੇ ਖੋਤੇ ਅਤੇ ਸਲੈਬ ’ਤੇ ਮੁਕੱਦਮੇ ਦੀ ਸੁਣਵਾਈ ਕਰਨੀ ਹੈ ਤਾਂ ਉਨ੍ਹਾਂ ਨੇ ਸੋਚਿਆ ਕਿ ਰਾਜਾ ਪਾਗਲ ਹੋ ਗਿਆ ਹੈ। ਅਗਲੀ ਸਵੇਰ ਰਾਜੇ ਨੇ ਸ਼ਹਿਰ ਵਿਚ ਢੰਡੋਰਾ ਫਿਰਵਾ ਦਿੱਤਾ ਕਿ ਅੱਜ ਮੁਕੱਦਮੇ ਦਾ ਫ਼ੈਸਲਾ ਹੋਵੇਗਾ। ਭਾਵੇਂ ਇਹ ਗੱਲ ਲੋਕਾਂ ਦੀ ਸਮਝੋਂ ਬਾਹਰ ਸੀ ਕਿ ਖੋਤੇ ਅਤੇ ਸਲੈਬ ’ਤੇ ਵੀ ਮੁਕੱਦਮਾ ਚੱਲ ਸਕਦਾ ਹੈ, ਪਰ ਫਿਰ ਵੀ ਹਰ ਕੋਈ ਮੁਕੱਦਮੇ ਦਾ ਫ਼ੈਸਲਾ ਸੁਣਨ ਲਈ ਅਗਲੇ ਦਿਨ ਸਵੇਰੇ ਹੀ ਦਰਬਾਰ ਹਾਲ ਵਿਚ ਪਹੁੰਚ ਗਿਆ। ਜੱਜ ਨੇ ਆ ਕੇ ਆਪਣੀ ਸੀਟ ’ਤੇ ਬੈਠਣ ਸਾਰ ਦਰਵਾਜ਼ੇ ਨੂੰ ਅੰਦਰੋਂ ਤਾਲਾ ਲਗਵਾ ਦਿੱਤਾ। ਫਿਰ ਉਹ ਮੁਕੱਦਮੇ ਦਾ ਫ਼ੈਸਲਾ ਸੁਣਾਉਣ ਲੱਗਿਆ, ‘ਤੁਸੀਂ ਸਾਰੇ ਜਾਣਦੇ ਹੀ ਹੋ ਕਿ ਕੋਈ ਅਜਿਹਾ ਕਾਨੂੰਨ ਨਹੀਂ ਜਿਸ ਅਨੁਸਾਰ ਖੋਤੇ ਅਤੇ ਸਲੈਬ ਬਾਰੇ ਫ਼ੈਸਲਾ ਲਿਆ ਜਾ ਸਕੇ। ਫਿਰ ਤੁਸੀਂ ਇਹ ਬੇਹੂਦਾ ਤਮਾਸ਼ਾ ਵੇਖਣ ਕਿਉਂ ਆਏ ਹੋ? ਹੁਣ ਕਿਉਂਕਿ ਤੁਸੀਂ ਇਸ ਮੁਕੱਦਮੇ ਬਾਰੇ ਉਤਸੁਕ ਹੋ, ਇਸ ਲਈ ਤੁਹਾਡੇ ਵਿਚੋਂ ਹਰ ਕੋਈ ਅੱਧਾ ਸੈਂਟ ਦੇ ਕੇ ਬਾਹਰ ਜਾ ਸਕਦੈ।’

ਸ਼ਰਮਸਾਰ ਹੋਏ ਲੋਕ ਇਹ ਥੋੜ੍ਹਾ ਜਿਹਾ ਧਨ ਦੇ ਕੇ ਦਰਵਾਜ਼ੇ ਵਿਚੋਂ ਖਿਸਕਣ ਲੱਗੇ। ਲੋਕਾਂ ਤੋਂ ਇਕੱਠਾ ਹੋਇਆ ਧਨ ਤੇਲ ਵਾਲੇ ਨੂੰ ਦੇ ਦਿੱਤਾ ਅਤੇ ਉਹ ਖ਼ੁਸ਼ ਹੋ ਗਿਆ।

(ਡਾ. ਹਰਨੇਕ ਕੈਲੇ)

 
 

punjabi-kavita.com