Krantikari (Punjabi Story) : Surinder Neer

ਕ੍ਰਾਂਤੀਕਾਰੀ (ਕਹਾਣੀ) : ਸੁਰਿੰਦਰ ਨੀਰ

ਉਹ ਘਰ ਆ ਕੇ ਮਸਾਂ ਸੋਫੇ ਉਤੇ ਪਸਰਿਆ ਹੈ। ਬ੍ਰਾਊਨ ਕਲਰ ਦੇ ਬੂਟਾਂ ਸਮੇਤ ਉਸਨੇ ਲੱਤਾਂ ਸ਼ੀਸ਼ੇ ਦੇ ਟੇਬਲ ਉਤੇ ਪਸਾਰ ਲਈਆਂ ਹਨ। ਬੂਟਾਂ ਉਤੇ ਜੰਮੀ ਗਰਦ ਦੀ ਪਰਤ ਦੱਸ ਰਹੀ ਹੈ ਕਿ ਲੰਮੇ ਸਮੇਂ ਤੋਂ ਇਨ੍ਹਾਂ ਬੂਟਾਂ ਦੀ ਕੋਈ ਖੈਰ ਖੈਰੀਅਤ ਨਹੀਂ ਪੁੱਛੀ ਗਈ, ਨਾ ਝਾੜ ਪੂੰਝ ਤੇ ਨਾ ਹੀ ਪਾਲਿਸ਼ ਮੁਰੰਮਤ। ਚਮੜੇ ਦਾ ਰੰਗ ਵੀ ਸਾਹਮਣੇ ਨੋਕਾਂ ਉਤੋਂ ਬਦਰੰਗ ਜਿਹਾ ਹੋ ਗਿਆ ਹੋਇਆ ਹੈ।
ਮਸਾਂ ਹੀ ਜੇਬ 'ਚੋਂ ਬੋਤਲ ਕੱਢ ਕੇ ਉਸ ਨੇ ਟੇਬਲ 'ਤੇ ਰੱਖੀ ਹੀ ਸੀ ਕਿ ਜੇਬ ਵਿਚ ਪਿਆ ਮੋਬਾਈਲ ਵੱਜ ਉੱਠਿਆ।
''ਸੂਰਜ ਕੀ ਗਰਮੀ ਸੇ
ਤਪਤੇ ਹੁਏ ਤਨ ਕੋ ਮਿਲ ਜਾਏ
ਤਰਵਰ ਕੀ ਛਾਇਆ
ਐਸਾ ਹੀ ਸੁੱਖ ਮੇਰੇ ਮਨ ਕੋ ਮਿਲਾ ਹੈ।
ਮੈਂ ਜਬ ਸੇ ਸ਼ਰਨ ਤੇਰੀ ਆਇਆ...ਮੇਰੇ ਰਾਮ!''
ਮੋਬਾਈਲ ਦੀ ਖੂਬਸੂਰਤ ਧੁੰਨ ਵਾਤਾਵਰਨ ਦੀ ਖਾਮੋਸ਼ੀ ਨੂੰ ਤੋੜ ਦਿੰਦੀ ਹੈ।
ਉਸ ਨੇ ਜੇਬ 'ਚੋਂ ਮੋਬਾਇਲ ਕੱਢ ਕੇ ਹੱਥ ਵਿਚ ਕਦੀ ਸਿੱਧਾ, ਕਦੀ ਪੁੱਠਾ ਤੇ ਅਖੀਰ ਸਿੱਧਾ ਫ਼ੜਕੇ 'ਹੈਲੋ' ਕਿਹਾ ਹੈ। ਬੋਲਾਂ ਦੀ ਲੜਖੜਾਹਟ ਦਸ ਰਹੀ ਹੈ ਕਿ ਜਨਾਬ ਇਸ ਸਾਬਤ ਸਲਾਮਤ ਬੋਤਲ ਤੋਂ ਪਹਿਲਾਂ ਹੀ ਮੌਜੀ ਹੋ ਚੁੱਕੇ ਹਨ। ਸਾਹਮਣੇ ਪਈ ਬੋਤਲ ਤਾਂ ਜਿਵੇਂ ਆਨੰਦ ਪ੍ਰਾਪਤੀ ਲਈ ਹੈ।
''ਯਾਰ ਇਕ ਅਜੀਬ ਜਿਹੀ ਖਬਰ ਸੁਣੀ ਹੈ..." ਉਧਰੋਂ ਕੋਈ ਬੋਲਦਾ ਹੈ।
''ਕੀ?'' ਲਮਕੀ ਹੋਈ ਆਵਾਜ਼ ਵਿਚ ਇਧਰੋਂ ਪੁੱਛਿਆ ਜਾਂਦਾ ਹੈ।
''ਯਾਰ ਅਯਾਜ਼ ਰਸੂਲ ਡਰਾਮਾ ਅਕੈਡਮੀ ਦਾ ਚੀਫ ਸੈਕਟਰੀ ਬਣ ਗਿਆ ਹੈ।''
''ਕੀ...?'' ਇਸ ਵਾਰ 'ਕੀ'? ਇੰਨਾ ਉਤੇਜਨਾ ਭਰਪੂਰ ਤੇ ਵਿਸਫੋਟਕ ਹੈ ਜਿਵੇਂ ਸ਼ੇਰ ਪੂਰੀ ਤਾਕਤ ਨਾਲ ਦਹਾੜ ਕੇ ਸਾਹਮਣੇ ਖੜ੍ਹੇ ਸ਼ਿਕਾਰ 'ਤੇ ਝਪਟ ਪਿਆ ਹੋਵੇ।
''ਸਕੱਤਰੇਤ ਤੋਂ ਹੁਣੇ ਮੈਨੂੰ ਅਪਡੇਟ ਮੈਸੇਜ ਮਿਲਿਆ ਹੈ। ਅੱਜ ਦੀ ਕੈਬਨਿਟ ਮੀਟਿੰਗ ਵਿਚ ਇਹੋ ਫੈਸਲਾ ਲਿਆ ਗਿਆ ਕਿ ਸੁਰੇਸ਼ ਸ਼ਰਮਾ ਨੂੰ ਸੈਕਟਰੀਸ਼ਿਪ ਦੀ ਹੋਰ ਐਕਸਟੈਨਸ਼ਨ ਨਹੀਂ ਮਿਲ ਸਕਦੀ। ਇਸ ਕਰਕੇ ਅਯਾਜ਼ ਰਸੂਲ ਨੂੰ ਉਸਦੀ ਜਗ੍ਹਾ ਡੈਪੂਟੇਸ਼ਨ 'ਤੇ ਲਗਾਇਆ ਜਾ ਰਿਹਾ।''
''ਪਰ ਉਸ ਸਾਲੇ...ਕੁੱਤੇ ਹਰਾਮੀ ਅਯਾਜ਼ ਰਸੂਲ ਦਾ ਨਾਂ ਕਿਸ ਨੇ ਰਿਕਮੈਂਡ ਕੀਤਾ?''
''ਮੈਂ ਸੁਣਿਆ ਕਿ ਮੁੱਖ ਮੰਤਰੀ ਆਪ ਉਸਦੇ ਕੰਮ ਦੇ ਪ੍ਰਸੰ.ਸਕ ਹਨ। ਉਸਦੇ ਕਈ ਡਰਾਮਿਆਂ ਦੇ ਉਦਘਾਟਨ ਵੇਲੇ ਮੁੱਖ ਮੰਤਰੀ ਆਪ ਥੀਏਟਰ ਵਿਚ ਪੁੱਜੇ ਹਨ। ਜ਼ਾਹਿਰ ਹੈ ਕਿ ਉਸਦੇ ਨਾਂ ਦੀ ਰਿਕਮੈਨਡੇਸ਼ਨ ਨੂੰ ਉਹ ਪ੍ਰਾਥਮਿਕਤਾ ਦੇਂਦੇ।''
''ਕੀ ਇਹ ਪੱਕੀ ਖਬਰ ਹੈ?''
''ਬਿਲਕੁਲ ਪੱਕੀ... "
''ਤਾਂ ਫਿਰ ਅੱਜ ਇਹ ਹਨੂਮਾਨ ਦਾ ਭਗਤ ਵੀ ਪ੍ਰਣ ਕਰਦਾ ਹੈ ਕਿ ਅੱਜ ਤੋਂ ਬਾਅਦ ਅਕੈਡਮੀ ਦੇ ਕਿਸੇ ਥੀਏਟਰ ਕੰਪੀਟੀਸ਼ਨ ਵਿਚ ਹਿੱਸਾ ਨਹੀਂ ਲਵੇਗਾ।''
''ਮਤਲਬ?''
ਮਤਲਬ ਇਹ ਕਿ ਹੁਣ ਮੈਂ ਆਪਣੇ ਆਪ ਨੂੰ ਅਕੈਡਮੀ ਦੀਆਂ ਤਮਾਮ ਜੰਜੀਰਾਂ ਤੋਂ ਮੁਕਤ ਕਰਦਾ ਹਾਂ ਤੇ ਅੱਜ ਤੋਂ ਬਾਅਦ ਮੈਂ ਸੁਤੰਤਰ ਥੀਏਟਰ ਕਰਾਂਗਾ। ਅੱਜ ਤੋਂ ਬਾਅਦ ਮੇਰੇ ਅੰਦਰਲੀ ਆਜ਼ਾਦ ਰੂਹ ਪੂਰੀ ਆਜ਼ਾਦੀ ਨਾਲ ਕੰਮ ਕਰੇਗੀ। ਆਪਣੀ ਮਰਜ਼ੀ ਦਾ ਕੰਮ...ਸਾਲਾ ਕੋਈ ਅਯਾਜ਼ ਰਸੂਲ ਹਿੰਮਤ ਨਹੀਂ ਕਰੇਗਾ ਮੇਰੇ ਕੰਮ ਉਤੇ ਕਿੰਤੂ ਪਰੰਤੂ ਕਰਨ ਦੀ। ਅੱਜ ਸਾਡੀ ਆਜ਼ਾਦੀ ਦਾ ਦਿਨ ਹੈ...ਹਾ...ਹਾ..."
ਉਸਦੇ ਹਾ...ਹਾ...ਕਰਨ ਤੱਕ ਫੋਨ ਕੱਟਿਆ ਗਿਆ ਸੀ।
ਅਯਾਜ਼ ਰਸੂਲ ਡਰਾਮਾ ਅਕੈਡਮੀ ਦਾ ਚੀਫ ਸੈਕਟਰੀ? ਤਾਂ ਕੀ ਹੁਣ ਉਸਨੂੰ ਅਯਾਜ਼ ਰਸੂਲ ਅੱਗੇ ਜਾ ਕੇ ਆਪਣੇ ਡਰਾਮੇ ਲਈ ਪਰਮੀਸ਼ਨ ਮੰਗਣੀ ਪਵੇਗੀ? ਅਫਸਰ ਦੀ ਕੁਰਸੀ ਉਤੇ ਬੈਠਾ ਅਯਾਜ਼ ਰਸੂਲ ਆਪਣੇ ਸਾਹਮਣੇ ਕੁਰਸੀ ਉਤੇ ਬੈਠੇ ਮਹਾਨ ਨਾਟਕਕਾਰ ਮਿਸਟਰ ਵਿਸ਼ਨੂੰ ਸ਼ਰਮਾ ਨੂੰ ਦੀਨ ਹੀਨ ਜਹੀ ਦ੍ਰਿਸ਼ਟੀ ਨਾਲ ਦੇਖ ਕੇ ਆਖੇਗਾ ''ਤੁਹਾਡਾ ਨਾਟਕ ਸਰਕਾਰੀ ਨੀਤੀਆਂ ਦੀ ਉਲੰਘਣਾ ਕਰਦਾ ਹੈ....ਇਸ ਕਰਕੇ ਇਸਨੂੰ ਕੰਪੀਟੀਸ਼ਨ ਵਿਚ ਖੇਡੇ ਜਾਣ ਦੀ ਅਨੁਮਤੀ ਨਹੀਂ ਮਿਲ ਸਕਦੀ?''
ਮਨ ਹੀ ਮਨ ਉਹ ਸੱਚਮੁੱਚ ਕਲਪਨਾ ਕਰਨ ਲੱਗ ਪੈਂਦਾ ਹੈ। ਅਯਾਜ਼ ਰਸੂਲ ਉਸੇ ਤਰ੍ਹਾਂ ਕੁਰਸੀ ਉਤੇ ਝੂਟੇ ਖਾ ਰਿਹਾ ਹੈ। ਜਿਵੇਂ ਉਹ ਸੋਚ ਰਿਹਾ ਹੈ ਵਿਸ਼ਨੂੰ ਸ਼ਰਮਾ ਬਿਨਾ ਰੋਕ ਟੋਕ ਸਿੱਧਾ ਉਸਦੇ ਕਮਰੇ ਵਿਚ ਜਾ ਕੇ ਉਸਦੇ ਸਾਹਮਣੇ ਪਈ ਕੁਰਸੀ ਉਤੇ ਬੈਠ ਜਾਂਦਾ ਹੈ, ਪੂਰੇ ਅਧਿਕਾਰ ਨਾਲ।
ਅਧਿਕਾਰ ਨਾਲ ਉਹ ਕਿਉਂ ਨਾ ਬੈਠੇ? ਇਹ ਵਿਸ਼ਨੂੰ ਸ਼ਰਮਾ ਹੀ ਹੈ ਜਿਸਨੇ ਇਕ ਜ਼ਮਾਨੇ ਵਿਚ ਅਯਾਜ਼ ਰਸੂਲ ਜਿਹੇ 'ਨੌ ਸਿਖੀਏ' ਨੂੰ ਆਪਣੇ ਨਾਟਕ ਵਿਚ ਨਿੱਕੇ ਨਿੱਕੇ ਰੋਲ ਦੇ ਕੇ ਵੱਡਾ ਕਲਾਕਾਰ ਬਣਾਇਆ। ਵੱਡਾ ਕਲਾਕਾਰ ਤਾਂ ਉਹ ਖੈਰ ਉਸਨੂੰ ਅੱਜ ਵੀ ਨਹੀਂ ਮੰਨਦਾ ਪਰ ਦੁਨੀਆਂ ਇੰਜ ਹੀ ਮੰਨਦੀ ਹੈ। ਖਾਸ ਤੌਰ 'ਤੇ ਇਸ ਛੋਟੇ ਸ਼ਹਿਰ ਦੇ ਪੱਛੜੇ ਲੋਕ।
ਉਦੋਂ ਅਯਾਜ਼ ਰਸੂਲ ਕਾਲਜ ਪੜ੍ਹਦਾ ਹੁੰਦਾ ਸੀ। ਵਿਸ਼ਨੂੰ ਸ਼ਰਮਾ ਦੇ ਨਾਟਕਾਂ ਦੀ ਧੁੰਮ ਮਚਦੀ ਸੀ। ਖਾਸ ਤੌਰ 'ਤੇ ਨੌਜਵਾਨ ਤਬਕੇ ਵਿਚ ਉਸਦੇ ਨਾਟਕ ਬਹੁਤ ਲੋਕਪ੍ਰਿਯ ਸਨ। ਅੱਗ ਨਹੀਂ ਸਗੋਂ ਭਾਂਬੜ ਮਚਾ ਦੇਂਦੇ ਸਨ, ਇਸਦੇ ਨਾਟਕ। ਯੂਨੀਵਰਸਿਟੀ ਆਡੀਟੋਰੀਅਮ ਵਿਚ ਤਾਂ ਵਿਦਿਆਰਥੀ ਖਾਸ ਤੌਰ 'ਤੇ ਇਸਦੇ ਨਾਟਕ ਵੀ.ਸੀ. ਤੋਂ ਪ੍ਰਮੀਸ਼ਨ ਲੈ ਕੇ ਮੰਚਨ ਕਰਵਾਉਂਦੇ। ਵਿਚਾਰ ਉਤੇਜਕ, ਰਾਜਸੀ ਤੇ ਸਮਾਜਕ ਕਦਰ ਪ੍ਰਬੰਧਾਂ ਵਿਰੁਧ ਪ੍ਰਚਮ ਲਹਿਰਾਉਣ ਦੇ ਜ਼ੋਸ਼ ਨੂੰ ਹਵਾ ਦਿੰਦੇ ਨਾਟਕ। ਵਿਸ਼ਨੂੰ ਸ਼ਰਮਾ ਨੌਜਵਾਨ ਵਿਦਿਆਰਥੀਆਂ ਲਈ ਸਟਾਰ ਆਈਕਾਨ ਸੀ। ਕਾਲਜਾਂ ਯੂਨੀਵਰਸਿਟੀਆਂ ਦੇ ਵਿਦਿਆਰਥੀ ਛੁੱਟੀਆਂ ਦੇ ਦਿਨਾਂ ਵਿਚ ਪਹਾੜਾਂ ਦੀ ਸੈਰ, ਟ੍ਰੈਕਿੰਗਜਾਂ ਕੁਦਰਤੀ ਨਜ਼ਾਰੇ ਲੁੱਟਣ ਦੀ ਥਾਂ ਵਿਸ਼ਨੂੰ ਸ਼ਰਮਾ ਦੀ ਥੀਏਟਰ ਵਰਕਸ਼ਾਪ ਵਿਚ ਵਕਤ ਬਿਤਾਂਦੇ। ਇਕ ਲਹਿਰ ਸੀ ਵਿਚਾਰਾਂ ਦੀ। ਅਰਾਜਿਕਤਾ ਵਿਰੁਧ ਰੋਸ ਪ੍ਰਗਟ ਕਰਨ ਦੀ ਤੇ ਇਹ ਵਰਕਸ਼ਾਪਾਂ ਨੌਜਵਾਨਾਂ ਨੂੰ ਭਵਿੱਖ ਵਿਚ ਸਮਾਜਿਕ ਪ੍ਰਬੰਧ ਵਿਰੁਧ ਰੋਸ ਪ੍ਰਗਟਾਉਣ ਤੇ ਇਨ੍ਹਾਂ ਨੂੰ ਬਦਲਣ ਦੀ ਹਿੰਮਤ ਦੇਣ ਲਈ ਸੱਚਮੁਚ ਹੀ ਵਿਦਿਆਲਯ ਦਾ ਕੰਮ ਕਰਦੀਆਂ ਸਨ।
ਅਯਾਜ਼ ਰਸੂਲ ਵੀ ਉਨ੍ਹਾਂ ਦਿਨਾਂ 'ਚ ਕਾਲਜ ਦਾ ਵਿਦਿਆਰਥੀ ਸੀ, ਜਦ ਉਸ ਨੇ ਵਿਸ਼ਨੂੰ ਸ਼ਰਮਾ ਦਾ ਥੀਏਟਰ ਗਰੁਪ ਜੁਆਇਨ ਕੀਤਾ ਸੀ ਤੇ ਨਿੱਕੇ ਨਿੱਕੇ ਕਿਰਦਾਰ ਨਿਭਾਉਂਦੇ-ਨਿਭਾਉਂਦੇ ਸੰਜੀਦਾ ਐਕਟਰ ਬਣਕੇ ਥੀਏਟਰ ਕੰਪੀਟੀਸ਼ਨ 'ਚੋਂ ਪਹਿਲਾਂ ਇਨਾਮ ਜਿੱਤਣ ਵਾਲਾ ਮੁੱਖ ਨਾਇਕ ਬਨਣਾ ਸ਼ੁਰੂ ਹੋ ਗਿਆ ਸੀ। ਕਈ ਵਾਰ ਤਾਂ ਲਗਾਤਾਰ ਕਿੰਨੇ ਕਿੰਨੇ ਸਾਲ ਉਹੀ ਇਨਾਮ ਜਿੱਤਦਾ ਰਹਿੰਦਾ।
ਵਿਸ਼ਨੂੰ ਸ਼ਰਮਾ ਨੂੰ ਆਪਣੇ ਉਤੇ ਮਾਣ ਹੁੰਦਾ ਕਿ ਆਖਰ ਇਸ ਹੀਰੇ ਨੂੰ ਤਲਾਸ਼ਣ ਤੇ ਤਰਾਸ਼ਣ ਵਾਲਾ ਜੌਹਰੀ ਉਹੋ ਤਾਂ ਹੈ। ਪਰ ਇਸ ਜੌਹਰੀ ਨੂੰ ਪਤਾ ਹੀ ਨਾ ਲੱਗਾ ਕਿ ਉਸਦੇ ਆਪਣੇ ਹੱਥੀਂ ਤਰਾਸ਼ਿਆ, ਚਮਕਾਇਆ ਹੀਰਾ ਕਦੋਂ ਉਸਦੇ ਹੱਥਾਂ ਵਿਚੋਂ ਨਿਕਲ ਕੇ ਖੁਦ ਆਪ ਆਪਣੀ ਵੁੱਕਤ ਤੇ ਕੀਮਤ ਪਰਖਣ ਲਈ ਬਾਜ਼ਾਰ ਵਿਚ ਜਾ ਬੈਠਾ।
ਅਯਾਜ਼ ਰਸੂਲ ਨੇ ਆਪਣਾ ਨਵਾਂ ਥੀਏਟਰ ਗਰੁਪ ਬਣਾ ਲਿਆ। ਵਿਸ਼ਨੂੰ ਸ਼ਰਮਾ ਜਿੱਥੇ ਹਮੇਸ਼ਾ ਆਪਣੇ ਲਿਖੇ ਹੋਏ ਨਾਟਕ ਮੰਚਨ ਕਰਦਾ ਸੀ, ਉਤੇ ਅਯਾਜ਼ ਰਸੂਲ ਵਿਸ਼ਵ ਦੇ ਸਾਰੇ ਕਲਾਸੀਕਲ ਤੇ ਪਾਪੂਲਰ ਨਾਟਕ ਪੜ੍ਹਦਾ ਉਨ੍ਹਾਂ ਨੂੰ ਆਪਣੇ ਵਲੋਂ ਸਰਲ ਭਾਸ਼ਾ ਵਿਚ ਰੂਪਾਂਤਰ ਕਰਕੇ ਮੰਚਨ ਕਰਦਾ। ਉਹ ਥੋੜ੍ਹੇ ਜਿਹੇ ਸਮੇਂ ਵਿਚ ਹੀ ਦਰਸ਼ਕਾਂ ਨੂੰ ਏਨਾ ਕੁਝ ਨਵਾਂ ਦੇਣ ਲੱਗ ਪਿਆ ਕਿ ਉਸ ਦੇ ਹਰ ਨਾਟਕ ਦੀ ਉਡੀਕ ਰਹਿਣ ਲੱਗ ਪਈ। ਲੋਕੀਂ ਨਾਟਕ ਦੇਖਣ ਲਈ ਤਰਲੋ-ਮੱਛੀ ਹੋਣ ਲੱਗਦੇ।
ਅਯਾਜ਼ ਰਸੂਲ ਦਾ ਪਲੜਾ ਉੱਪਰ ਵਲ ਜਾ ਰਿਹਾ ਸੀ ਤੇ ਵਿਸ਼ਨੂੰ ਸ਼ਰਮਾ ਦਾ ਪਲੜਾ ਪਹਿਲਾਂ ਇਕ ਹੀ ਥਾਂ ਰੁਕਿਆ ਰਿਹਾ ਫਿਰ ਹੌਲੀ ਹੌਲੀ ਹੇਠਾਂ ਆਉਂਦਾ ਗਿਆ। ਅਯਾਜ਼ ਰਸੂਲ ਨਾਟਕਾਂ ਵਿਚ ਨਵੇਂ ਤੋਂ ਨਵੇਂ ਪ੍ਰਯੋਗ ਕਰਦਾ ਤੇ ਦਰਸ਼ਕ ਉਨ੍ਹਾਂ ਨਾਟਕਾਂ ਨੂੰ ਹੱਥੋ ਹੱਥ ਲੈਂਦੇ। ਉਸਨੇ ਆਪਣੀ ਪੜ੍ਹਾਈ ਵੀ ਜਾਰੀ ਰੱਖਦਿਆਂ ਕੇ.ਏ.ਐਸ਼ ਐਗਜ਼ਾਮ ਪਾਸ ਕਰ ਲਿਆ ਤੇ ਅੱਜ ਉਸੇ ਡਿਗਰੀ ਦੇ ਬਲਬੂਤੇ ਡਰਾਮਾ ਅਕੈਡਮੀ ਦਾ ਚੀਫ ਸੈਕਟਰੀ ਬਣ ਕੇ ਅਦਾਰੇ ਦੀ ਸਭ ਤੋਂ ਉੱਚੀ ਕੁਰਸੀ ਉਤੇ ਆ ਬੈਠਾ ਸੀ।
ਸਾਰੀਆਂ ਗੱਲਾਂ ਯਾਦ ਆਉਂਦਿਆਂ ਹੀ ਵਿਸ਼ਨੂੰ ਸ਼ਰਮਾ ਦਾ ਮਨ ਕੀਤਾ ਸਾਹਮਣੇ ਪਿਆ ਗਿਲਾਸ ਬਿਨਾ ਪਾਣੀ ਜਾਂ ਸੋਢਾ ਮਿਲਾਇਆਂ ਨੀਟ ਹੀ ਡੀਕ ਲਵੇ। ਘੱਟੋ ਘੱਟ ਸਾਲਾ ਪਤਾ ਤਾਂ ਲੱਗੇ ਕਿ ਅੰਦਰਲੀ ਅੱਗ ਨੂੰ ਕੱਟਣ ਲਈ ਕੋਈ ਹੋਰ ਅੱਗ ਵੀ ਹੋ ਸਕਦੀ ਹੈ। ਅੱਗ ਬੁਝਾਉਣ ਲਈ ਅੱਗ ਦਾ ਪ੍ਰਯੋਗ। ਕਿਆ ਬਾਤ ਹੈ। ਤੇ ਉਸਨੇ ਸੱਚਮੁੱਚ ਹੀ ਉਹ ਪੈਗ ਨੀਟ ਹੀ ਚੜ੍ਹਾ ਲਿਆ।
ਗਿਲਾਸ ਦੇ ਪਾਰ ਉਸਨੂੰ ਅਯਾਜ਼ ਰਸੂਲ ਬੈਠਾ ਮੁਸਕਰਾਉਂਦਾ ਪ੍ਰਤੀਤ ਹੁੰਦਾ 'ਸਾਲਿਆ...ਕੁੱਤਿਆ....ਮੇਰੇ ਸਾਹਮਣੇ ਬੈਠ ਕੇ ਮੇਰੇ 'ਤੇ ਹੀ ਹੱਸ ਰਿਹੈਂ...ਦੋ ਕੌਡੀ ਦਾ ਘਟੀਆ ਇਨਸਾਨ...ਲਿਲਕੜੀਆਂ ਲੈਂਦਾ ਹੁੰਦਾ ਸੈਂ ਮੇਰੇ ਅੱਗੇ ਪਿੱਛੇ 'ਸਰ ਜੀ ਮੈਨੂੰ ਆਪਣੇ ਨਾਟਕ ਵਿਚ ਕੋਈ ਰੋਲ ਦੇ ਦੇਵੋ... ਤੇ ਅੱਜ ਡਰਾਮਾ ਅਕੈਡਮੀ ਦਾ ਸੈਕਟਰੀ ਬਣ ਕੇ ਮੇਰੇ ਉਤੇ ਹੱਸ ਰਿਹਾ ਹੈਂ...ਹਰਾਮੀ ਸੂਰ..." ਪਤਾ ਨਹੀਂ ਕਿਸਨੂੰ ਖਲਾਅ ਵਿਚ ਘੂਰਦਾ ਹੋਇਆ ਉਹ ਦੰਦ ਪੀਸਦਾ ਹੈ ਤੇ ਉਸਨੇ ਦੂਜਾ ਪੈਗ ਪਾ ਲਿਆ।
ਘਰ ਸੁੰਨਸਾਨ ਪਿਆ ਹੋਇਆ ਹੈ। ਪਤਨੀ ਸ਼ਾਮ ਦੇ ਇਸ ਵੇਲੇ ਪੜੋਸ ਦੇ ਮੰਦਰ ਵਿਚ 'ਓਮ ਜਯ ਜਗਦੀਸ਼ ਹਰੇ' ਕਰਨ ਗਈ ਹੁੰਦੀ ਹੈ। ਉਸਨੂੰ ਪਤਾ ਹੈ ਕਿ ਪਤਨੀ ਨੇ ਕਿੰਨੇ ਵਜੇ ਘਰ ਮੁੜਨਾ ਹੈ। ਬਥੇਰੀ ਵਾਰੀ ਉਹ ਪਤਨੀ ਨੂੰ ਸਮਝਾ ਚੁੱਕਾ ਹੈ ਕਿ ਮੰਦਰ ਵਿਚਲੀਆਂ ਇਹ ਪੱਥਰ ਦੀਆਂ ਮੂਰਤੀਆਂ ਕੋਈ ਭਗਵਾਨ-ਸ਼ਗਵਾਨ ਨਹੀਂ। ਇਹ ਅਸੀਂ ਆਪ ਹੀ ਤਰਾਸ਼ਦੇ, ਸਜਾਂਦੇ, ਸੰਵਾਰਦੇ ਤੇ ਆਸਨ ਉਤੇ ਸਥਾਪਿਤ ਕਰ ਦੇਂਦੇ ਹਾਂ। ਤੇ ਫਿਰ ਆਪ ਹੀ ਉਨ੍ਹਾਂ ਨੂੰ ਪੂਜਦੇ ਪੂਜਦੇ, ਉਨ੍ਹਾਂ ਨੂੰ ਸਰਬ ਸ਼ਕਤੀਮਾਨ ਬਣਾ ਦੇਂਦੇ ਹਾਂ ਤੇ ਫਿਰ ਉਨ੍ਹਾਂ ਦੀਆਂ ਹੀ ਸ਼ਕਤੀਆਂ ਤੋਂ ਆਤੰਕਿਤ ਰਹਿਣ ਲੱਗ ਪੈਂਦੇ ਹਾਂ। ਭਗਵਾਨ ਨੂੰ ਅਸੀਂ ਦਿਆਲੂ ਕਿਰਪਾਲੂ ਨਹੀਂ ਸਗੋਂ ਆਤੰਕਵਾਦੀ ਸਮਝ ਕੇ ਉਸਤੋਂ ਆਤਿੰਕਤ ਰਹਿਣ ਲੱਗ ਪੈਂਦੇ ਹਾਂ। ਉਸ ਅੱਗੇ ਰਹਿਮ ਦੀ ਭੀਖ ਮੰਗਦੇ ਗਿੜਗਿੜਾਉਂਦੇ ਰਹਿੰਦੇ ਹਾਂ। ਪਤਨੀ ਉਸ ਦੀਆਂ ਗੱਲਾਂ ਵਲ ਕਦੀ ਕੋਈ ਧਿਆਨ ਨਹੀਂ ਦੇਂਦੀ। ਪਤਨੀ ਦਰਅਸਲ ਜਾਣਦੀ ਹੈ ਕਿ ਫਲਸਫ਼ੇ ਵਰਗੀਆਂ ਗੱਲਾਂ ਕਰਨ ਵਾਲਾ ਇਹ ਵਿਅਕਤੀ ਆਪ ਵੀ ਕਿਸੇ ਆਤੰਕਵਾਦੀ ਤੋਂ ਘੱਟ ਨਹੀਂ, ਕਿਉਂਕਿ ਉਸ ਨੂੰ ਘਰ ਦੀ ਮਰਿਯਾਦਾ ਤੇ ਸ਼ਾਂਤੀ ਭੰਗ ਹੋਣਾ ਪਸੰਦ ਨਹੀਂ ਤੇ ਇਹ ਬੰਦਾ ਜਿਹੜਾ ਆਪਣੇ ਆਪ ਨੂੰ ਆਸਧਾਰਨ ਪ੍ਰਤਿਭਾਸ਼ਾਲੀ ਮਨੁੱਖ ਸਮਝਦਾ ਹੈ, ਉਹ ਦੇਸੀ ਜਾਂ ਅੰਗਰੇਜ਼ੀ ਦੇ ਸਿਰਫ਼ ਇਕ ਪਊਏ ਦਾ ਹੀ ਮੁਹਤਾਜ ਹੁੰਦਾ ਹੈ। ਜਦ ਪਊਆ ਉਸਦੇ ਸਿਰ ਨੂੰ ਚੜ੍ਹ ਜਾਂਦਾ ਹੈ ਤੇ ਫਿਰ ਉਹ ਖੁਦ ਕਿਸੇ ਆਤੰਕਵਾਦੀ ਤੋਂ ਘੱਟ ਨਹੀਂ ਹੁੰਦਾ।
ਪਤਨੀ ਅਜੇ ਵੀ ਮੰਦਰ ਵਿਚ ਘੰਟੀਆਂ ਵਜਾ ਰਹੀ ਹੋਵੇਗੀ। ਦੂਜਾ ਪੈਗ ਉਸਦੇ ਸਾਹਮਣੇ ਪਿਆ ਹੋਇਆ ਹੈ ਪਰ ਇਸ ਵਾਰ ਜੋਸ਼ ਵਿਚ ਆ ਕੇ ਨੀਟ ਪੀਣ ਦੀ ਉਹ ਹਿੰਮਤ ਨਹੀਂ ਕਰ ਪਾ ਰਿਹਾ। ਉੱਠ ਕੇ ਫਰਿਜ਼ ਵਿਚੋਂ ਪਾਣੀ ਲੈਣ ਬਾਰੇ ਸੋਚਦਾ ਹੈ। ਬੇਧਿਆਨੇ ਹੀ ਪਤਨੀ ਨੂੰ ਆਵਾਜ਼ ਮਾਰ ਬੈਠਦਾ ਹੈ, ਪਰ ਆਵਾਜ਼ ਦਾ ਕੋਈ ਪਰਤੌ ਨਾ ਸੁਣ ਉਸਨੂੰ ਆਪਣੀ ਗਲਤੀ ਦਾ ਅਹਿਸਾਸ ਹੁੰਦਾ ਹੈ। ਜੀਅ ਕਰਦਾ ਹੈ ਮੰਦਰ ਜਾ ਕੇ ਪਤਨੀ ਨੂੰ ਗੁੱਤੋਂ ਫੜ ਕੇ ਘਰ ਲਿਆਏ ਤੇ ਉਸਨੂੰ ਪੁੱਛੇ ਕਿ ਜੇ ਤੂੰ ਪਤੀ ਨੂੰ ਖੁਸ਼ ਨਹੀਂ ਰੱਖ ਸਕਦੀ ਤਾਂ ਉਸ ਪੱਥਰ ਦੀ ਮੂਰਤ ਨੂੰ ਖੁਸ਼ ਰੱਖ ਕੇ ਤੈਨੂੰ ਕਿਹੜਾ ਸੁਰਗ ਮਿਲ ਜਾਏਗਾ?
ਅੱਜ ਪਤਨੀ ਆਵੇ ਤਾਂ ਉਸਨੂੰ ਜ਼ਰਾ ਸਿੱਧਾ ਕਰੇਗਾ ਉਹ। ਉੱਠ ਕੇ ਫਰਿਜ਼ 'ਚੋਂ ਪਾਣੀ ਦੀ ਬੋਤਲ ਕੱਢਣ ਜਾਂਦਾ ਹੈ। ਪਰ ਫਰਿੱਜ ਵਿਚ ਲੱਗੀਆਂ ਬੋਤਲਾਂ ਤਾਂ ਤੱਤੀਆਂ ਜਾਪ ਰਹੀਆਂ ਨੇ। ਠੰਡੀਆਂ ਹੋਈਆਂ ਹੀ ਨਹੀਂ। ਫਰੀਜ਼ਰ ਵੀ ਖਾਲੀ ਪਿਆ ਹੋਇਆ। ਇਕ ਦੋ ਚੀਜ਼ਾਂ ਮੁਸ਼ਕ ਮਾਰ ਰਹੀਆਂ ਹਨ। ਇਹ ਮੁਸ਼ਕ ਉਸਦੇ ਦਿਮਾਗ ਨੂੰ ਚੜ੍ਹ ਜਾਂਦੀ ਹੈ ਤੇ ਗੁੱਸੇ ਵਿਚ ਆ ਕੇ ਉਹ ਫਰਿਜ਼ ਨੂੰ ਦੋਹਾਂ ਹੱਥਾਂ ਨਾਲ ਪਰੇ ਵਗਾਹ ਮਾਰਦਾ ਹੈ। ਇਸਨੂੰ ਯਾਦ ਨਹੀਂ ਕਿ ਦੋ ਦਿਨ ਪਹਿਲਾਂ ਪਤਨੀ ਨੇ ਦੱਸਿਆ ਸੀ ਕਿ ਫਰਿੱਜ ਚੱਲ ਨਹੀਂ ਰਿਹਾ। ਠੀਕ ਕਰਾਣਾ ਪਵੇਗਾ। ਪਰ ਉਸਦੇ ਜਿਹਨ 'ਚੋਂ ਨਿਕਲ ਚੁੱਕਾ ਹੈ।
ਲਾਵਾਰਿਸ ਜਿਹੇ ਫਰਿੱਜ 'ਚੋਂ ਸਾਰਾ ਸਾਮਾਨ ਫਰਸ਼ 'ਤੇ ਇੱਧਰ ਉੱਧਰ ਬਿਖਰ ਜਾਂਦਾ ਹੈ। ਢੱਕਣ ਉਖੜ ਕੇ ਦਰਵਾਜ਼ੇ ਨਾਲ ਜਾ ਵੱਜਦਾ ਹੈ। ਅੰਦਰਲੀਆਂ ਕੱਚ ਦੀਆਂ ਟ੍ਰੇਆਂ ਟੁੱਟ ਕੇ ਚੂਰ ਚੂਰ ਹੋ ਗਈਆਂ ਨੇ। ਉਹ ਬਾਲਟੀ 'ਚੋਂ ਪਾਣੀ ਲੈ ਕੇ ਫਿਰ ਬੈਠ ਗਿਆ ਹੈ। ਪਤਨੀ ਹੱਥ ਵਿਚ ਪ੍ਰਸ਼ਾਦ ਲੈ ਕੇ ਓਮ...ਓਮ...ਸ਼ਾਂਤੀ...ਸ਼ਾਂਤੀ ਕਰਦੀ ਅੰਦਰ ਵੜੀ ਹੈ। ਪਰ ਅੰਦਰ ਦੀ ਅਸ਼ਾਂਤੀ ਵੇਖ ਉਹ ਕੰਬ ਜਾਂਦੀ ਹੈ। ਜਿੱਥੇ ਖੜ੍ਹੀ ਹੈ ਉਤੇ ਹੀ ਖੜ੍ਹੀ ਰਹਿ ਜਾਂਦੀ ਹੈ।
ਉਹ ਲਾਲ ਸੂਹੀਆਂ ਅੱਖਾਂ ਚੁੱਕ ਉਸ ਵਲ ਸ਼ਿਕਾਰੀ ਕੁੱਤੇ ਵਾਂਗ ਵੇਖਦਾ ਹੈ। ਉਹ ਕੰਬ ਉੱਠਦੀ ਹੈ। ਪਤੀ ਝਟਕੇ ਨਾਲ ਉੱਠ ਉਸਦੀ ਬਾਂਹ ਫੜ ਕੇ ਕਮਰੇ ਅੰਦਰ ਖਿੱਚ ਕੇ ਲੈ ਜਾਂਦਾ ਹੈ।
''ਚੱਲ਼..ਤੂੰ ਆਪਣੇ ਭਗਵਾਨ ਨੂੰ ਖੁਸ਼ ਕਰ ਆਈ ਹੈਂ ਨਾ? ਹੁਣ ਮੈਨੂੰ ਖੁਸ਼ ਕਰ.." ਤੇ ਉਹ ਵਹਿਸ਼ੀਆਂ ਵਾਂਗ ਉਸਦੇ ਕੱਪੜੇ ਨੋਚਣ ਖਸੋਟਣ ਤੇ ਉਸਨੂੰ ਪਟਕ ਪਟਕ ਕੇ ਸਿੱਧਾ ਪੁੱਠਾ ਕਰਨ ਵਿਚ ਅੰਦਰਲੀ ਸਾਰੀ ਅੱਗ ਖਰਚ ਕਰਨ ਲੱਗ ਪੈਂਦਾ ਹੈ। ਪਤਨੀ ਦੇ ਹੱਥਾਂ ਵਿਚ ਫੜਿਆ ਪ੍ਰਸ਼ਾਦ ਫਰਸ਼ 'ਤੇ ਡਿੱਗ ਪੈਰਾਂ ਹੇਠ ਮਿਧਿਆ ਗਿਆ ਹੈ। ਠੰਡਾ ਹੋ ਕੇ ਉਹ ਕੁਝ ਦੇਰ ਅਸਥ ਵਿਅਸਥ ਪਈ ਪਤਨੀ ਨੂੰ ਖੂੰਖਾਰ ਭੇੜੀਏ ਵਾਂਗ ਵੇਖਦਾ ਹੈ। ਫਿਰ ਉਸਦੀ ਬਾਂਹ ਫੜ ਉਸਨੂੰ ਖਿੱਚ ਕੇ ਖੜ੍ਹਾ ਕਰਦਾ ਹੈ। ''ਪਤੀ ਤੈਨੂੰ 'ਇਹ ਸਭ ਕੁਝ' ਦੇਂਦਾ ਹੈ। ਉਹ ਸਾਲਾ ਭਗਵਾਨ ਤੈਨੂੰ ਕੀ ਦੇਂਦਾ ਹੈ?''
''ਮੌਤ...ਮੈਂ ਉਸਤੋਂ ਆਪਣੀ ਮੌਤ ਮੰਗਦੀ ਹਾਂ।''
''ਉਹ ਵੀ ਤੈਨੂੰ ਮੈਂ ਹੀ ਦਵਾਂਗਾ...।'' ਆਖਦਿਆਂ ਉਹ ਫਰਿੱਜ਼ ਵਾਂਗ ਹੀ ਪਤਨੀ ਨੂੰ ਵੀ ਧੱਕਾ ਦੇ ਕੇ ਫਰਸ਼ ਉਤੇ ਸੁੱਟ ਦੇਂਦਾ ਹੈ।
''ਜੇ ਤੂੰ ਮੇਰੇ ਕੰਮ ਨਹੀਂ ਆਉਂਦੀ ਤਾਂ ਤੂੰ ਵੀ ਇਕ ਫਰਿੱਜ ਹੀ ਹੈਂ...ਬੇਕਾਰ...ਸੜ੍ਹਾਂਦ ਮਾਰਨ ਵਾਲੀ...ਫਜ਼ੂਲ ਚੀਜ਼...ਕਬਾੜੀਆਂ ਕੋਲ ਦੋ ਕੌਡੀਆਂ 'ਚ ਵੇਚਣ ਵਾਲੀ ਬੇਕਾਰ ਚੀਜ਼...ਫਰਿੱਜ ਤੇ ਫਿਰ ਵੀ ਕੋਈ ਖਰੀਦ ਲਵੇਗਾ, ਪਰ ਤੈਨੂੰ ਕੌਣ ਖਰੀਦੇਗਾ? ਤੂੰ ਉਮਰ ਭਰ ਘੰਟੀਆਂ ਹੀ ਖੜਕਾਉਣੀਆਂ ਹਨ...ਕਦੀ ਉਸ ਭਗਵਾਨ ਦੀਆਂ ਤੇ ਕਦੀ ਇਸ ਭਗਵਾਨ ਦੀਆਂ.."। 'ਇਸ' ਉਹ ਆਪਣੇ ਵਲ ਇਸ਼ਾਰਾ ਕਰਕੇ ਆਖਦਾ ਹੈ। ਪਤਨੀ ਬੇਆਵਾਜ਼ ਫਰਸ਼ ਉਤੇ ਪਈ ਹੈ। ਉਹ ਨਾ ਕਰਾਹ ਰਹੀ ਹੈ ਤੇ ਨਾ ਉੱਠਣ ਦੀ ਕੋਸ਼ਿਸ਼ ਕਰ ਰਹੀ ਹੈ। ਜਿੱਥੇ ਪਈ ਹੈ, ਉਤੇ ਹੀ ਪਈ ਹੈ।
ਅਚਾਨਕ ਉਸਦਾ ਧਿਆਨ ਉਸ ਤੋਂ ਹੁੰਦਾ ਅਯਾਜ਼ ਰਸੂਲ ਵਲ ਚਲਾ ਜਾਂਦਾ ਹੈ ਤੇ ਫਿਰ ਅਯਾਜ਼ ਰਸੂਲ ਤੋਂ ਆਪਣੀ ਥੀਏਟਰ ਵਰਕਸ਼ਾਪ ਵਲ।
ਵਿਸ਼ਨੂੰ ਸ਼ਰਮਾ ਦੀ ਥੀਏਟਰ ਵਰਕਸ਼ਾਪ। ਇਕ ਬਿਲਡਿੰਗ ਵਿਚ ਇਕ ਵੱਡਾ ਜਿਹਾ ਰੀਹਰਸਲ ਹਾਲ। ਉਸ ਵਿਚ ਹੀ ਇਕ ਸਟੇਜ ਵੀ ਹੈ। ਇੱਥੇ ਹੀ ਨਾਟਕ ਤਿਆਰ ਕੀਤੇ ਜਾਂਦੇ ਹਨ, ਰੀਹਰਸਲਾਂ ਹੁੰਦੀਆਂ ਹਨ ਤੇ ਪਹਿਲੀ ਤਿਆਰੀ ਵਜੋਂ ਇਸ ਸਟੇਜ 'ਤੇ ਪ੍ਰਸਤੁਤ ਕੀਤੇ ਜਾਂਦੇ ਹਨ। ਫਿਰ ਪੂਰੀ ਤਰ੍ਹਾਂ ਤਸੱਲੀ ਹੋਣ ਤੋਂ ਬਾਅਦ ਹੀ ਤਿਆਰ ਸ਼ੁਦਾ ਨਾਟਕ ਬਾਹਰ ਸਟੇਜਾਂ ਉਤੇ ਖੇਡਿਆ ਜਾਂਦਾ। ਹਾਲ ਦੇ ਨਾਲ ਹੀ ਚੇਜਿੰਗ ਰੂਮ ਤੇ ਇਕ ਨਿੱਕਾ ਜਿਹਾ ਕਿਚਨ ਤੇ ਬਾਥਰੂਮ ਹੈ। ਦਰਵਾਜ਼ੇ ਅੰਦਰ ਵੜਦਿਆਂ ਹੀ ਛੋਟਾ ਜਿਹਾ ਆਫਿਸ ਹੈ ਜਿੱਥੇ ਇਕ ਅਲਮਾਰੀ ਵਿਚ ਅਣਗਿਣਤ ਮਾਣ ਸਨਮਾਨ, ਸ਼ੀਲਡਾਂ, ਟਰਾਫੀਆਂ ਸਜੀਆਂ ਹੋਈਆਂ ਹਨ। ਲੱਕੜੀ ਦੀ ਮੇਜ਼ ਪਿੱਛੇ ਇਕ ਮੂਵਿੰਗ ਚੇਅਰ ਉਤੇ ਇਸ ਵੇਲੇ ਥੀਏਟਰ ਦਾ ਮਾਲਕ ਯਾਨਿ ਵਿਸ਼ਨੂੰ ਸ਼ਰਮਾ ਹੌਲੇ ਹੌਲੇ ਝੂਟੇ ਖਾ ਰਿਹਾ ਹੈ ਤੇ ਉਸਦੇ ਸਾਹਮਣੇ, ਸੱਜੇ ਖੱਬੇ ਵਿਛੀਆਂ ਕੁਰਸੀਆਂ ਉਤੇ ਉਸ ਦੇ ਨਾਟਕਾਂ ਦੀ ਟੀਮ ਦੇ ਹੋਰ ਮੈਂਬਰ ਬਿਰਾਜਮਾਨ ਨੇ। ਸਾਹਮਣੇ ਇਕ ਕੁਰਸੀ ਉਤੇ ਮਿਸਜ਼ ਸਾਹਨੀ ਤੇ ਉਸਦੇ ਨਾਲ ਹੀ ਪਿਆਰੀ ਜਿਹੀ ਜੂਹੀ ਬੈਠੀ ਹੈ। ਸੱਜੇ ਪਾਸੇ ਤਨਵੀਰ ਤੇ ਉਸਦੇ ਸਾਹਮਣੇ ਭਾਸਕਰ ਬੈਠਾ ਹੈ। ਇਹ ਪੰਜ ਮੈਂਬਰਾਂ ਦੀ ਪੰਚਾਇਤ ਹੈ ਜਿਹੜੀ ਪਿਛਲੇ ਵੀਹ ਸਾਲਾਂ ਤੋਂ ਇਕ ਟੀਮ ਵਜੋਂ ਕੰਮ ਕਰ ਰਹੀ ਹੈ। ਜੂਹੀ ਨੇ ਹਾਲਾਂਕਿ ਥੋੜ੍ਹੇ ਸਮੇਂ ਤੋਂ ਥੀਏਟਰ ਜੁਆਇਨ ਕੀਤਾ ਹੈ, ਪਰ ਉਹ ਵਧੀਆ ਕਲਾਕਾਰ ਹੈ।
''ਕੁਝ ਨਵਾਂ ਪ੍ਰਯੋਗ ਕਰਨਾ ਚਾਹੀਦੈ ਸਾਨੂੰ...ਨਹੀਂ ਤਾਂ ਅਯਾਜ਼ ਰਸੂਲ ਦੇ ਨਾਂ ਦੀ ਪ੍ਰੇਤ ਛਾਇਆ ਬਾਕੀ ਸਾਰੇ ਨਾਟਕਕਾਰਾਂ ਨੂੰ ਨਿਗਲ ਜਾਵੇਗੀ।''
''ਸੁਣਿਆ ਉਸਨੂੰ ਬਾਹਰਲੇ ਮੁਲਕਾਂ ਵਿਚੋਂ ਵੀ ਨਾਟਕ ਮੰਚਨ ਲਈ ਆਫਰ ਆ ਰਹੇ ਹਨ।''
''ਹਾਂ ਜੀ ਸਰਕਾਰੀ ਅਹੁਦਿਆਂ ਦਾ ਇਸਤੇਮਾਲ ਤਾਂ ਇਦਾਂ ਹੀ ਹੋਵੇਗਾ...ਹੋਰ ਕੀ ਕੋਈ ਸਾਡੇ ਜਹੇ ਮਾਹਤੜ ਸਾਥੀਆਂ ਨੂੰ ਬੁਲਾਏਗਾ? ਸਾਨੂੰ ਕੌਣ ਜਾਣਦਾ ਹੈ?''
ਭਾਸਕਰ ਤੇ ਤਨਵੀਰ ਵਿਅੰਗ ਕਸ ਰਹੇ ਹਨ, ਪਰ ਵਿਸ਼ਨੂੰ ਸ਼ਰਮਾ ਕਿਸੇ ਗੰਭੀਰ ਸੋਚ ਵਿਚ ਡੁੱਬਿਆ ਬੋਲਦਾ ਹੈ।
''ਕੁਝ ਅਲੱਗ ਜਿਹਾ ਸੋਚੋ...ਬਿਲਕੁਲ ਮੌਲਿਕ...ਅਜ ਦੀ ਸੋਚ ਦਾ ਹਾਣੀ''।
''ਅੱਜ ਦੀ ਤਾਂ ਸੋਚ ਹੀ ਸਾਲੀ ਐਬਜ਼ਰਡ ਜਹੀ ਹੈ'' ਤਨਵੀਰ ਭੁੜਕਦਾ ਹੈ।
''ਤਾਂ ਫਿਰ ਐਬਜ਼ਰਡ ਹੀ ਸੋਚੋ" ਵਿਸ਼ਨੂੰ ਜ਼ੋਰ ਦਿੰਦਾ ਹੈ।
''ਕਿਵੇਂ?" ਭਾਸਕਰ ਪੁੱਛਦਾ ਹੈ।
''ਸੋਚੋ ਅਗਰ ਤੁਹਾਨੂੰ ਛੂਟ ਮਿਲੇ ਕੋਈ ਇਕ ਸੀਕਵੈਂਸ, ਕੋਈ ਮਨਮਰਜ਼ੀ ਦੀ ਗੱਲ, ਕੋਈ ਆਪਣੀ ਸੋਚ ਮੁਤਾਬਕ ਪ੍ਰਸਤੁਤਿ, ਜਿਹੜੀ ਤੁਹਾਡੇ ਅੰਦਰੋਂ ਆਪਣੇ ਆਪ ਨਿਕਲ ਰਹੀ ਹੈ, ਉਸਨੂੰ ਤੁਸੀਂ ਕਿਵੇਂ ਅਭਿਵਿਅਕਤ ਕਰੋਗੇ? ਆਪਣੇ ਜਜ਼ਬਿਆਂ, ਆਪਣੇ ਐਬਜ਼ਰਡ ਕੁੰਠਾਵਾਂ ਜਾਂ ਖਾਹਿਸ਼ਾਂ ਨੂੰ ਕਿਵੇਂ ਤੇ ਕਿਨ੍ਹਾਂ ਲਫਜ਼ਾਂ, ਤਰੀਕਿਆਂ ਨਾਲ ਕਹਿਣਾ ਚਾਹੋਗੇ ਜਿਸ ਨਾਲ ਵੇਖਣ ਸੁਨਣ ਵਾਲਿਆਂ ਦੇ ਵਿਚਾਰਾਂ ਵਿਚ ਉਤੇਜਨਾ ਆ ਜਾਵੇ। ਹਲਚਲ ਮੱਚ ਜਾਵੇ।''
''ਉਸ ਨਾਲ ਕੀ ਹੋਵੇਗਾ ਸਰ?'' ਤਨਵੀਰ ਪੁਛਦਾ ਹੈ।
''ਕ੍ਰਾਂਤੀ ਆ ਜਾਵੇਗੀ...ਮੈਂ ਇਕ ਕ੍ਰਾਂਤੀ ਲਿਆਉਣੀ ਚਾਹੁੰਦਾ ਹਾਂ।'' ਖਲਾਅ ਵਿਚ ਘੂਰਦਿਆਂ ਵਿਸ਼ਨੂੰ ਆਖਦਾ ਹੈ।
''ਕ੍ਰਾਂਤੀ ਤਾਂ ਪਤਾ ਨਹੀਂ ਆਏਗੀ ਜਾਂ ਨਹੀਂ ਪਰ ਜੂਹੀ ਆ ਚੁੱਕੀ ਹੈ।'' ਭਾਸਕਰ ਮਿਸਿਜ਼ ਸਾਹਨੀ ਦੇ ਕੰਨ ਵਿਚ ਹੌਲੀ ਜਿਹੀ ਫੁਸਫੁਸਾਉਂਦੇ ਆਖਦਾ ਹੈ।
''ਭਾਸਕਰ ਤੂੰ ਕੁਝ ਦੱਸ?''
ਵਿਸ਼ਨੂੰ ਸ਼ਰਮਾ ਉਸ ਵਲ ਸਿੱਧਾ ਦੇਖਦਿਆਂ ਪੁੱਛਦਾ ਹੈ।
ਤਦੇ ਭਾਸਕਰ ਉੱਠ ਕੇ ਨਿਹਾਇਤ ਹੀ ਨਾਟਕੀ ਅੰਦਾਜ਼ ਵਿਚ ਆਖਦਾ ਹੈ। ''ਮੈਂ ਤਾਂ ਬਟੁਕ ਨਾਥ ਜੀ ਦਾ ਰੋਲ ਨਿਭਾਉਣਾ ਚਾਹੁੰਦਾ। ਲਵ ਗੁਰੂ ਵਾਲਾ। ਮੂੰਹ ਕਾਲਾ ਕਰਕੇ ਗੋਡਿਆਂ ਭਾਰ ਬੈਠ ਕੇ ਖੂਬਸੂਰਤ ਜੂਹੀ ਮੇਰਾ ਮਤਲਬ ਹੈ ਜੂਲੀ ਸਾਹਮਣੇ ਬੈਠ ਕੇ ਨਿਵੇਦਨ ਕਰਾਂਗਾ। (ਉਹੀ ਜੂਹੀ ਦੇ ਸਾਹਮਣੇ ਗੋਡਿਆਂ ਭਾਰ ਬੈਠ ਕੇ ਇਕ ਹੱਥ ਛਾਤੀ 'ਤੇ ਰੱਖ 'ਕੇ ਬੇਹੱਦ ਨਾਟਕੀ ਅੰਦਾਜ਼ ਵਿਚ ਬੋਲਦਾ ਹੈ) ''ਮੇਰੀ ਪਿਆਰੀ ਜੂਹੀ ਮੈਂ ਹੀ ਤੇਰਾ ਪ੍ਰਾਣਪ੍ਰਿਯ ਹਾਂ ਮੇਰੀ ਪ੍ਰਿਯਾ ਮੇਰਾ ਪ੍ਰੇਮ ਨਿਵੇਦਨ ਸਵੀਕਾਰ ਕਰ।''
''ਜੂਹੀ ਨਹੀਂ ਜੂਲੀ'' ਮਿਸਿਜ਼ ਸਾਹਨੀ ਦਰੁਸਤ ਕਰਦੀ ਹੈ। ''ਹਾਂ ਹਾਂ ਜੂਹੀ...ਜੂਲੀ...ਇਕੋ ਗੱਲ ਹੈ।''
''ਤੇ ਮੈਂ ਤੇਰੇ ਸਿਰ 'ਤੇ ਜੁੱਤੀਆਂ ਮਾਰਾਂਗੀ..." ਮਿਸਿਜ਼ ਸਾਹਨੀ ਹੱਸਦੀ ਹੈ।
''ਪਰ ਫਿਰ ਵੀ ਮੈਂ ਜੂਹੀ ਨੂੰ ਲੈ ਕੇ ਹੀ ਜਾਊਂਗਾ..."
ਸਾਰੇ ਹੱਸਦੇ ਹਨ। ਜੂਹੀ ਬੇਚਾਰਗੀ ਜਹੀ ਨਾਲ ਵਿਸ਼ਨੂੰ ਸ਼ਰਮਾ ਵਲ ਵੇਖਦੀ ਹੈ। ''ਮਿਸਿਜ਼ ਸਾਹਨੀ ਤੁਸੀਂ?'' ਵਿਸ਼ਨੂੰ ਪੁੱਛਦਾ ਹੈ।
''ਮੈਂ ਤਾਂ ਇਕ ਕਵਿਤਾ ਸੁਣਾਵਾਂਗੀ। ਕੱਲ੍ਹ ਹੀ ਪੜ੍ਹੀ ਹੈ। ਔਰਤ ਦੀਆਂ ਦਬੀਆਂ ਕੁਚਲੀਆਂ ਭਾਵਨਾਵਾਂ ਦਾ ਸਪੱਸ਼ਟ ਵਰਨਣ..."
''ਸੁਣਾਓ'' ਤੇ ਮਿਸਿਜ਼ ਸਾਹਨੀ ਖੜ੍ਹੀ ਹੋ ਕੇ ਨਾਟਕੀ ਅੰਦਾਜ਼ ਵਿਚ ਪੂਰੀ ਬਾਡੀ ਲੈਂਗਵੇਜ ਦਾ ਇਸਤੇਮਾਲ ਕਰਦਿਆਂ ਕਵਿਤਾ ਪ੍ਰਸਤੁਤ ਕਰਦੀ ਹੈ।
''ਘਰ ਲਭਦੀ ਲਭਦੀ
ਮੈਂ ਵਿਆਹ ਨਾਲ ਜਾ ਟਕਰਾਈ
ਵਿਆਹ ਨਾਲ ਘਰ ਨਹੀਂ ਬਣਦੇ
ਸਿਰਫ ਘਰ ਦੇ ਭਰਮ ਟੁਟਦੇ ਨੇ
ਘਰ ਲੱਭਦੀ ਲੱਭਦੀ
ਨੇਰ੍ਹੀ ਗੁਫਾ 'ਚੋਂ ਗੁਜ਼ਰਦੀ
ਮੈਂ ਮੁੜ ਆਪਣੇ ਨਾਲ ਜਾ ਟਕਰਾਈ
ਘਰ ਦੀ ਕਿਸੇ ਕੋਲੋਂ ਆਸ ਰੱਖਣ ਦੀ
ਬਜਾਏ
ਮੈਂ ਇਕ ਘਰ ਸਿਰਜ ਕੇ
ਆਪਣੇ ਮੋਢਿਆਂ ਉਤੇ ਰੱਖ ਲਿਆ।''
''ਵਾਹ...ਵਾਹ...ਵਾਹ...ਤੁਹਾਡਾ ਆਪਣਾ ਲਿਖਿਆ ਟੋਟਕਾ ਹੈ?'' ਭਾਸਕਰ ਪੁੱਛਦਾ ਹੈ।
''ਨਹੀਂ ਕਿਸੇ ਮਨਜੀਤ ਟਿਵਾਣਾ ਦਾ''
''ਤੁਸੀਂ ਮਰਦਾਂ ਵਿਰੁਧ ਹੀ ਕਿਉਂ ਹਰ ਵੇਲੇ ਝੰਡਾ ਚੁੱਕੀ ਖੜ੍ਹੀਆਂ ਰਹਿੰਦੀਆਂ ਹੋ। ਸਭ ਤੋਂ ਮੂਹਰੇ ਸਿਮੋਨ-ਦ-ਬੁਆ ਤੇ ਪਿੱਛੇ ਪਿੱਛੇ ਸਾਡੀ ਨਾਰੀ ਸ਼ਕਤੀ ਤੇ ਨਾਰੀ ਮੁਕਤੀ।"
''ਕਿਉਂਕਿ ਮਰਦ ਸਦਾ ਹੀ ਧੋਖੇਬਾਜ਼ ਰਿਹਾ ਹੈ। ਔਰਤ ਦੀਆਂ ਭਾਵਨਾਵਾਂ ਨਾਲ ਬਲਾਤਕਾਰ ਕਰਨ ਵਾਲਾ ਸ਼ੋਸ਼ਕ। ਪਹਿਲਾਂ ਔਰਤ ਨੂੰ ਆਪਣੇ ਮੋਹਜਾਲ ਵਿਚ ਫਸਾਣ ਲਈ ਜ਼ਮੀਨ ਅਸਮਾਨ ਦੇ ਕਲਾਬੇ ਮਿਲਾ ਦਏਗਾ, ਪਰ ਜ਼ਰਾ ਜਿਹੀ ਮੁਸ਼ਕਿਲ ਪੈਣ ਉਤੇ ਲੰਗੜੇ ਕੁੱਤੇ ਵਾਂਗ ਦੁਮ ਦਬਾ ਕੇ ਭੱਜ ਜਾਏਗਾ।''
''ਲੰਗੜੇ ਕੁੱਤੇ ਵਾਂਗ? ਪ੍ਰੇਮੀ ਮਰਦ ਦੀ ਐਸੀ ਬਦਸੂਰਤ ਤਸਬੀਹ?'' ਭਾਸਕਰ ਹੈਰਾਨੀ ਨਾਲ ਪੁੱਛਦਾ ਹੈ।
''ਮੇਰੇ ਜ਼ਿਹਨ ਵਿਚ ਤਾਂ ਅਜਿਹੇ ਮਰਦ ਲਈ ਇਸ ਤੋਂ ਵੀ ਬਦਸੂਰਤ ਤਸਬੀਹ ਉਭਰ ਰਹੀ ਹੈ'' ਉਹ ਮੂੰਹ ਮਰੋੜਦੀ ਹੈ।
''ਸਰ ਪਿਆਰ ਬਾਰੇ ਤੁਹਾਡਾ ਕੀ ਵਿਚਾਰ ਹੈ'' ਨੌਜਵਾਨ ਭਾਸਕਰ ਨੇ ਬਦਮਜ਼ਾ ਜਿਹੇ ਔਰਤ ਮਰਦ ਪ੍ਰਸੰਗ ਨੂੰ ਵਿਰਾਮ ਦੇ ਕੇ ਰੁਮਾਂਟਿਕ ਜਿਹੇ ਵਿਸ਼ੇ ਨੂੰ ਛੋਹ ਲਿਆ। ਮਾਹੌਲ ਸੱਚਮੁੱਚ ਇਕ ਦਮ ਬਦਲ ਜਿਹਾ ਗਿਆ, ਪਰ ਜੂਹੀ ਦਾ ਰੰਗ ਪਤਾ ਨਹੀਂ ਕਿਉਂ ਲਾਲ ਹੋ ਗਿਆ।
''ਪਿਆਰ, ਬੇਟਾ ਕੋਈ ਖਾਲਾ ਜੀ ਦਾ ਘਰ ਨਹੀਂ ਹੈ। ਤਾਂ ਹੀ ਕਿਹਾ ਗਿਆ ਹੈ ਕਿ 'ਇਕ ਆਗ ਕਾ ਦਰਿਆ ਹੈ ਔਰ ਡੂਬ ਕੇ ਜਾਨਾ ਹੈ।' ਇਸ ਪਿਆਰ ਦੇ ਦਰਿਆ ਵਿਚ ਉਤਰਨ ਤੋਂ ਪਹਿਲਾਂ ਆਪਣਾ ਸੀਸ ਤਲੀ 'ਤੇ ਧਰਨਾ ਪੈਂਦਾ ਹੈ। ਫਿਰ ਜਾਨ ਦੀ ਬਾਜ਼ੀ ਲੱਗ ਜਾਏ ਤਾਂ ਲੱਗ ਜਾਏ ਪਿੱਠ ਨਹੀਂ ਦਿਖਾਈ ਜਾ ਸਕਦੀ। ਪਿਆਰ ਆਤਮਾਵਾਂ ਦਾ ਮਿਲਣ ਹੈ। ਸਰੀਰ ਦੀ ਖੂਬਸੂਰਤੀ ਦੇ ਮਾਪਦੰਡਾਂ ਉੱਪਰ ਪਿਆਰ ਕਰਨ ਵਾਲੇ ਕਾਮੀ, ਦੰਭੀ ਮਨੁੱਖ ਹੋ ਸਕਦੇ ਹਨ, ਪ੍ਰੰਤੂ ਸੱਚੇ ਪ੍ਰੇਮੀ ਨਹੀਂ। ਸੱਚਾ ਪ੍ਰੇਮ ਰੂਹ ਦੀਆਂ ਤਾਰਾਂ ਵਿਚ ਝਰਨਾਹਟ ਪੈਦਾ ਕਰਕੇ ਅਨਹਦ ਨਾਦ ਜਗਾ ਦੇਂਦਾ ਹੈ ਤੇ ਸਰੀਰ ਦਾ ਆਕਰਸ਼ਨ ਸਿਰਫ ਕਾਮ ਅਗਨੀ ਭੜਕਾ ਕੇ ਇਨਸਾਨ ਨੂੰ ਭਸਮ ਕਰ ਸਕਦਾ ਹੈ।''
''ਯਾਨਿ ਸਰ ਪਿਆਰ ਵਿਚ ਸਰੀਰ ਦੀ ਕੋਈ ਅਹਿਮੀਅਤ ਨਹੀਂ?''
''ਲੈ...ਸਰੀਰ ਨੂੰ ਹੀ ਅਹਿਮੀਅਤ ਦੇਣੀ ਹੈ ਤਾਂ ਬਾਜ਼ਾਰਾਂ ਵਿਚ ਹੱਟੀਆਂ ਖੁੱਲੀਆਂ ਪਈਆਂ ਹਨ। ਪੰਜ ਸੌ-ਹਜ਼ਾਰ ਰੁਪਏ ਖਰਚ ਕੇ ਜਿਹੋ ਜਿਹਾ ਮਰਜ਼ੀ ਮਾਲ ਆਪਣੀ ਇੱਛਾ ਮੁਤਾਬਿਕ ਖਰੀਦ ਲਵੋ। ਪਰ ਪਿਆਰ ਥੋੜ੍ਹੇ ਨਾ ਖਰੀਦਿਆ ਜਾ ਸਕਦਾ ਹੈ? ਇਹੋ ਫਰਕ ਹੈ ਪਿਆਰ ਅਤੇ ਸਰੀਰ ਵਿਚ...।"
''ਸਰ, ਤੁਸੀਂ ਸੱਚਮੁੱਚ ਮਹਾਨ ਹੋ...ਤੁਹਾਡੇ ਕੋਲ ਬੈਠ, ਤੁਹਾਡੇ ਵਿਚਾਰ ਸੁਣ ਬੁਰੇ ਤੋਂ ਬੁਰੇ ਖਿਆਲਾਂ ਵਾਲਾ ਇਨਸਾਨ ਵੀ ਸਹੀ ਰਾਹ ਪੈ ਜਾਵੇ...ਤੁਸੀਂ ਧੰਨ ਹੋ...।" ਭਾਸਕਰ ਨੇ ਸੱਚਮੁੱਚ ਹੀ ਵਿਸ਼ਨੂੰ ਸ਼ਰਮਾ ਸਾਹਵੇ ਸਿਰ ਨਿਵਾ ਦਿੱਤਾ ਤੇ ਵਿਸ਼ਨੂੰ ਨੇ ਵੀ ਇਕ ਰਹੱਸਮਈ ਮੁਸਕਰਾਹਟ ਬਿਖੇਰ ਕੇ ਉਸ ਨੂੰ ਜਿਵੇਂ ਸਫਲਤਾ ਦਾ ਅਸ਼ੀਰਵਾਦ ਦੇ ਦਿੱਤਾ ਹੋਵੇ। ਤਦੇ ਉਸਦੀ ਨਜ਼ਰ ਜੂਹੀ ਦੇ, ਲਾਲ ਸੂਹੇ ਹੋ ਰਹੇ ਚਿਹਰੇ ਉਤੇ ਟਿਕ ਜਾਂਦੀ ਹੈ। ਮਿਸਿਜ਼ ਸਾਹਨੀ ਨੀਝ ਲਾ ਕੇ ਇਕ ਕੋਨੇ ਵਿਚ ਲੱਗੇ ਜਾਲੇ ਤੇ ਉਸ ਵਿਚ ਜਕੜੀ ਛਟਪਟਾ ਰਹੀ ਮਕੜੀ ਨੂੰ ਵੇਖ ਕੇ ਮੁਸਕਰਾ ਪਈ ਹੈ।
ਜੂਹੀ ਅਕਸਰ ਵਿਸ਼ਨੂੰ ਸ਼ਰਮਾ ਦੇ ਨਾਲ ਹੀ ਘਰ ਵਾਪਸ ਜਾਂਦੀ ਤੇ ਘਰੋਂ ਆਂਦੀ ਹੈ। ਉਹ ਦੋਵੇਂ ਗੁਆਂਢੀ ਹਨ। ਜੂਹੀ ਨੇ ਐਮ.ਏ. ਦੇ ਪੇਪਰ ਦਿੱਤੇ ਹੋਏ ਹਨ। ਨਤੀਜਿਆਂ ਦੀ ਉਡੀਕ ਕਰਦਿਆਂ ਬੋਰ ਹੋਣ ਦੀ ਬਜਾਏ ਉਸ ਨੇ ਵਿਸ਼ਨੂੰ ਸ਼ਰਮਾ ਦੀ ਥੀਏਟਰ ਵਰਕਸ਼ਾਪ ਜੁਆਇਨ ਕਰ ਲਈ ਹੈ। ਇਹ ਆਈਡੀਆ ਜੂਹੀ ਦੇ ਪਾਪਾ ਦਾ ਸੀ ਜਿਹੜੇ ਰੋਜ਼ ਸਵੇਰੇ ਵਿਸ਼ਨੂੰ ਸ਼ਰਮਾ ਦੇ ਨਾਲ ਸੈਰ ਕਰਨ ਜਾਂਦੇ ਹਨ। ਸੈਰ ਕਰਦੇ ਕਰਦੇ ਹੀ ਜੂਹੀ ਦੇ ਪਾਪਾ ਨੇ ਇਕ ਦਿਨ ਵਿਸ਼ਨੂੰ ਸ਼ਰਮਾ ਨੂੰ ਜੂਹੀ ਦੇ ਪੇਪਰਾਂ ਬਾਅਦ ਰਿਜ਼ਲਟ ਦੀ ਉਡੀਕ ਤੇ ਉਸਦੀ ਬੋਰੀਅਤ ਬਾਰੇ ਗੱਲ ਕੀਤੀ ਤਾਂ ਵਿਸ਼ਨੂੰ ਸ਼ਰਮਾ ਨੇ ਝਟ ਉਨ੍ਹਾਂ ਨੂੰ ਆਪਣੀ ਥੀਏਟਰ ਵਰਕਸ਼ਾਪ ਵਿਚ ਮਨ ਲਗਾਉਣ ਦੀ ਆਫਰ ਦੇ ਦਿੱਤੀ ਜਿਸ ਨੂੰ ਜੂਹੀ ਦੇ ਪਾਪਾ ਨੇ ਬੜੀ ਖੁਸ਼ਦਿਲੀ ਨਾਲ ਸਵੀਕਾਰ ਕਰ ਲਿਆ। ਦਰਅਸਲ ਵਿਸ਼ਨੂੰ ਸ਼ਰਮਾ ਅਕਸਰ ਸਵੇਰੇ ਜੂਹੀ ਨੂੰ ਸਜ ਧਜ ਕੇ ਕਾਲਜ ਤੇ ਫਿਰ ਯੂਨੀਵਰਸਿਟੀ ਜਾਂਦੇ ਦੇਖਦਾ ਰਹਿੰਦਾ ਸੀ। ਜੂਹੀ ਵੀ ਵਿਸ਼ਨੂੰ ਸ਼ਰਮਾ ਦੇ ਉਸ ਆਭਾਮੰਡਲ ਤੋਂ ਪ੍ਰਭਾਵਿਤ ਸੀ, ਜਿਸ ਨੇ ਉਸਨੂੰ ਨੌਜਵਾਨਾਂ ਵਿਚ 'ਯੂਥ ਆਈਕਾਨ' ਬਣਾਇਆ ਹੋਇਆ ਸੀ। ਗਰਮ ਵਿਚਾਰਾਂ ਵਾਲਾ ਵਿਦਰੋਹੀ ਨਾਟਕਕਾਰ।
ਕਿਸੇ ਨੂੰ ਨਹੀਂ ਪਤਾ ਪਿਛਲੇ ਦੋ ਤਿੰਨ ਮਹੀਨਿਆਂ ਤੋਂ ਵਿਸ਼ਨੂੰ ਸ਼ਰਮਾ ਅਤੇ ਜੂਹੀ ਵਿਚਾਲੇ ਕੀ ਚੱਲ ਰਿਹਾ ਹੈ। ਜੂਹੀ ਦਾ ਰਿਜ਼ਲਟ ਆ ਗਿਆ ਹੋਇਆ ਹੈ। ਉਸ ਨੇ ਐਮ.ਏ. ਪਾਸ ਕਰ ਲਈ ਹੈ। ਹੁਣ ਅੱਗੇ? ਪਾਪਾ ਚਾਹੁੰਦੇ ਹਨ ਉਹ ਐਮ.ਫਿਲ ਕਰੇ। ਪਰ ਜੂਹੀ ਹੁਣ ਨਾਟਕ ਵਰਕਸ਼ਾਪ 'ਚੋਂ ਨਿਕਲ ਕੇ ਹੋਰ ਕਿਧਰੇ ਮਨ ਲਗਾ ਸਕੇਗੀ, ਇਸ ਗੱਲ 'ਤੇ ਉਸਨੂੰ ਖੁਦ ਹੀ ਸ਼ੱਕ ਹੈ। ਵਿਸ਼ਨੂੰ ਸ਼ਰਮਾ ਨੇ ਵੀ ਇਕ ਦਿਨ ਬਾਰਸ਼ ਦੇ ਮੌਸਮ ਵਿਚ ਗੱਡੀ ਚਲਾਉਂਦਿਆਂ ਹੋਇਆਂ ਇਕ ਰੁਮਾਂਟਿਕ ਜਿਹਾ ਗੀਤ ਟੇਪ 'ਤੇ ਲਗਾ ਦਿੱਤਾ।
''ਤੈਨੂੰ ਕੈਸੇ ਗੀਤ ਪਸੰਦ ਨੇ ਜੂਹੀ?''
ਉਨ੍ਹਾਂ ਪੁਛਿਆ।
''ਪੁਰਾਣੇ ਦਰਦ ਭਰੇ ਗੀਤ ਤੇ ਗ਼ਜ਼ਲਾਂ।''
''ਪਰ ਤੂੰ ਤਾਂ ਆਪ ਮੁਹੱਬਤਾਂ ਨਾਲ ਲਬਰੇਜ਼ ਗੀਤ ਵਰਗੀ ਹੈਂ। ਦਰਦਾਂ ਨਾਲ ਕਿਉਂ ਆਪਣੇ ਆਪ ਨੂੰ ਘੇਰ ਲਿਆ ਤੂੰ?'' ਜੂਹੀ ਚੁੱਪ।
''ਨਿੱਕੀ ਜਿਹੀ ਕਬੂਤਰੀ ਵਰਗੀ ਹੀ ਤਾਂ ਹੈਂ ਤੂੰ..ਪਿਆਰੀ ਜਹੀ..ਨਿੱਕਾ ਜਿਹਾ ਨੱਕ..ਤੇ ਤੇਰੇ ਹੋਂਠ...ਤੇਰੇ ਹੋਂਠਾਂ ਦੀ ਇਹ ਲਾਲੀ ਨੈਚੁਰਲ ਹੈ ਜਾਂ ਲਿਪਸਟਿਕ ਲਗਾਈ ਹੈ?''
''ਨਹੀਂ ਸਰ...ਮੈਂ ਕੋਈ ਲਿਪਸਟਿਕ ਨਹੀਂ ਲਗਾਈ। ਵੇਖੋ..." ਤੇ ਉਸਨੇ ਉਂਗਲੀ ਹੋਂਠਾਂ 'ਤੇ ਰਗੜੀ।
''ਭਈ ਤੇਰੀ ਉਂਗਲੀ...ਤੇਰੇ ਹੋਂਠ...ਮੈਂ ਕਿਸ ਉਤੇ ਤਿਬਾਰ ਕਰਾਂ....ਮੈਂ ਆਪ ਵੇਖਣਾ ਚਾਹੁੰਦਾ..." ਆਖਦਿਆਂ ਉਸ ਆਪਣੀ ਉਂਗਲੀ ਜੂਹੀ ਦੇ ਹੋਠਾਂ 'ਤੇ ਛੁਹਾਈ। ਜੂਹੀ ਸਿਹਰ ਉੱਠੀ। ਇਕ ਕੰਪਨ ਰਗ ਰਗ ਵਿਚ ਉਤਰ ਗਿਆ।
''ਕੀ ਹੋਇਆ?'' ਉਸ ਗੌਰ ਨਾਲ ਜੂਹੀ ਦੇ ਚਿਹਰੇ 'ਤੇ ਨਜ਼ਰਾਂ ਗੱਡਦਿਆਂ ਪੁੱਛਿਆ।
''ਕ...ਕੁਝ ਨਹੀਂ''।
''ਪਰ ਤੇਰਾ ਚਿਹਰਾ ਸਫੇਦ ਕਿਉਂ ਹੋ ਰਿਹਾ?'' ਉਸ ਕਾਰ ਇਕ ਪਾਸੇ ਰੋਕ ਲਈ। ''ਤੇਰੇ ਹੱਥ..ਏਨੇ ਠੰਡੇ' ਜੂਹੀ ਦੇ ਹੱਥ ਆਪਣੇ ਦੋਹਾਂ ਹੱਥਾਂ 'ਚ ਲੈ ਕੇ ਉਸ ਘੁੱਟੇ ਤਾਂ ਜੂਹੀ ਦਾ ਸਰੀਰ ਪੂਰਾ ਕੰਬ ਉਠਿਆ। ਕਿੰਨਾ ਚਿਰ ਉਸਦੇ ਹੱਥ ਆਪਣੇ ਹੱਥਾਂ 'ਚ ਲੈ ਵਿਸ਼ਨੂੰ ਸ਼ਰਮਾ ਅੱਖਾਂ ਬੰਦ ਕਰਕੇ ਕਾਰ ਦੀ ਸੀਟ 'ਤੇ ਬੈਠਾ ਰਿਹਾ। ਜੂਹੀ ਆਪਣੀ ਸੀਟ ਉਤੇ ਅਜੀਬ ਜਿਹੀ ਬੇਖੁਦੀ ਵਿਚ ਬੈਠੀ ਸੀ। ਕਿੰਨੀ ਦੇਰ ਬੀਤ ਗਈ ਉਸਨੂੰ ਪਤਾ ਹੀ ਨਹੀਂ ਲੱਗਾ। ਤਦੇ ਕਾਰ ਸਟਾਰਟ ਹੋ ਗਈ ਤੇ ਉਹ ਤ੍ਰਭੱਕ ਪਈ। ਵਿਸ਼ਨੂੰ ਸ਼ਰਮਾ ਨੇ ਮੁਸਕਰਾ ਕੇ ਉਸ ਵਲ ਵੇਖਿਆ ''ਘਰ ਨਹੀਂ ਜਾਣਾ?'' ਤੇ ਉਹ ਸ਼ਰਮਿੰਦਾ ਜਹੀ ਹੋ ਗਈ।
ਫਿਰ ਦੋਹਾਂ ਨੂੰ ਪਤਾ ਨਹੀਂ ਲੱਗਾ ਕਿਹੜੀਆਂ ਤੂਫਾਨੀ ਲਹਿਰਾਂ ਉਨ੍ਹਾਂ ਨੂੰ ਕਿਨਾਰਿਆਂ ਤੋਂ ਤੋੜ ਕੇ ਮੰਝਧਾਰ ਦੇ ਉਸ ਪਾਸੇ ਵਲ ਲੈ ਗਈਆਂ। ਜਿੱਧਰ ਭੰਵਰ ਸਨ। ਬਹੁਤ ਡੂੰਘੇ ਭੰਵਰ। ਵਿਸ਼ਨੂੰ ਸ਼ਰਮਾ ਕੁਸ਼ਲ ਤੈਰਾਕ ਸੀ ਪਰ ਜੂਹੀ ਅਨਾੜੀ ਬਿਲਕੁਲ ਨਾ ਤਜਰਬੇਕਾਰ।
ਇਹ ਗੱਲ ਤਾਂ ਸੱਚ ਹੈ ਕਿ ਇਕ ਜੂਨੀਅਰ ਆਰਟਿਸਟ ਅਯਾਜ਼ ਰਸੂਲ ਦਾ ਡਰਾਮਾ ਅਕੈਡਮੀ ਦਾ ਸਰਪ੍ਰਸਤ ਬਣ ਜਾਣਾ ਕਿਸੇ ਵੀ ਰੰਗਕਰਮੀ ਜਾਂ ਇਸ ਖੇਤਰ ਨਾਲ ਜੁੜੇ ਬੰਦੇ ਨੂੰ ਹਜ਼ਮ ਨਹੀਂ ਸੀ ਹੋਇਆ। ਅੰਦਰੋਂ ਅੰਦਰੀ ਇਹ ਗੱਲ ਸੁਗਬੁਗਾਹਟ ਵਾਂਗ ਉੱਠ ਰਹੀ ਸੀ ਕਿ ਮੁੱਖ ਮੰਤਰੀ ਨਾਲ ਚਾਪਲੂਸੀ ਵਰਗੇ ਰਿਸ਼ਤੇ ਹੋਣ ਕਾਰਨ ਹੀ ਅਯਾਜ਼ ਰਸੂਲ ਇਹ ਪਦਵੀ ਹਾਸਲ ਕਰਨ ਵਿਚ ਸਫਲ ਹੋਇਆ ਹੈ। ਕਹਿਣ ਵਾਲੇ ਤਾਂ ਇਥੋਂ ਤੱਕ ਆਖ ਰਹੇ ਸਨ ਕਿ ਡਰਾਮੇ ਦੇ ਨਾਂ 'ਤੇ ਕੰਮ ਕਰਨ ਵਾਲੀਆਂ ਮਹਿਲਾਵਾਂ ਨੂੰ ਅਯਾਜ਼ ਰਸੂਲ ਮੁੱਖ ਮੰਤਰੀ ਦੀ ਕੋਠੀ ਉਤੇ 'ਅਸਲੀ ਨਾਟਕ' ਕਰਨ ਲਈ ਭੇਜਦਾ ਹੈ। ਸੱਚ ਕੀ ਹੈ, ਝੂਠ ਕੀ ਹੈ? ਇਹ ਕੋਈ ਪ੍ਰਮਾਣਿਤ ਤੌਰ 'ਤੇ ਨਹੀਂ ਸੀ ਕਹਿ ਸਕਦਾ, ਪਰ ਅਫਵਾਹਾਂ ਸਨ ਕਿ ਹਰ ਰੋਜ਼ ਖੰਭਾਂ ਦੇ ਖੰਭ ਉਗਾ ਰਹੀਆਂ ਸਨ। ਇਨ੍ਹਾਂ ਅਫਵਾਹਾਂ ਦਾ ਸਭ ਤੋਂ ਵੱਡਾ ਕਾਰਖਾਨਾ ਸੀ ਿਵਸ਼ਨੂੰ ਸ਼ਰਮਾ ਦੀ ਥੀਏਟਰ ਵਰਕਸ਼ਾਪ ਜਿੱਥੇ ਇਨ੍ਹਾਂ ਨੂੰ ਤਰਤੀਬ ਦੇ ਕੇ ਬਾਜ਼ਾਰ ਵਿਚ ਉਡਾ ਦਿੱਤਾ ਜਾਂਦਾ। ਜਿਤਨਾ ਵਿਦਰੋਹੀ ਸੁਰ ਹੌਲੇ ਹੌਲੇ ਸਰਗਰਮ ਹੋ ਰਿਹਾ ਸੀ ਅਯਾਜ਼ ਰਸੂਲ ਦੇ ਖਿਲਾਫ, ਓਨਾ ਹੀ ਵਿਸ਼ਨੂੰ ਸ਼ਰਮਾ ਦਿਆਂ ਹੋਂਠਾਂ ਉਤੇ ਥਿਰਕਦੀ ਰਹੱਸਮਈ ਮੁਸਕਾਨ ਗਹਿਰੀ ਹੋ ਰਹੀ ਸੀ।
ਇਕ ਵਾਰ ਥੀਏਟਰ ਵਰਕਸ਼ਾਪ ਵਿਚ ਫਿਰ ਕਿਸੇ ਮੁੱਦੇ ਉਤੇ ਵਾਰਤਾਲਾਪ ਹੋ ਗਿਆ। ਭਾਸਕਰ ਕੋਲ ਲੈ ਦੇ ਕੇ ਬਸ ਇਕ ਪਿਆਰ ਦਾ ਹੀ ਵਿਸ਼ਾ ਸੀ ਜਿਸਨੂੰ ਸੁਣਦਿਆਂ ਹੀ ਜੂਹੀ ਦਾ ਰੰਗ ਲਾਲ ਹੋ ਜਾਂਦਾ ਤੇ ਮਿਸਿਜ਼ ਸਾਹਨੀ ਦਾ ਮੂੰਹ ਕਸੈਲਾ। ਬਸ ਇਕ ਤਨਵੀਰ ਸੀ ਜਿਹੜਾ ਅਨਕਨਸਰਡ ਦਰਸ਼ਕ ਵਾਂਗ ਇਹ ਸਾਰਾ ਐਬਜ਼ਰਡ ਨਾਟਕ ਦੇਖਦਾ, ਸੁਣਦਾ ਰਹਿੰਦਾ।
''ਅੱਜਕੱਲ੍ਹ ਔਰਤਾਂ ਪਹਿਲਾਂ ਵਾਂਗ ਅਬਲਾ ਨਾਰੀਆਂ ਨਹੀਂ ਰਹਿ ਗਈਆਂ। ਹੁਣ ਤਾਂ ਮਰਦ ਵਿਚਾਰੇ ਵੀ 'ਪਤਨੀ ਵਿਰੋਧੀ ਮੋਰਚੇ' ਕੱਢਣ ਲਈ ਤਿਆਰ ਹੋ ਗਏ ਹਨ। ਬੀਵੀਆਂ ਦੀ ਹਿੰਸਾ ਦੇ ਸ਼ਿਕਾਰ ਵਿਚਾਰੇ ਮਰਦ।''
''ਇਕ ਤੂੰ ਮਰਦਾਂ ਨੂੰ ਵਿਚਾਰੇ ਵਿਚਾਰੇ ਆਖ ਕੇ ਹਮਦਰਦੀ ਨਾ ਬਟੋਰਿਆ ਕਰ। ਮਰਦ ਅਗਰ ਮਿਰਗੀ ਜਾਂ ਅਧਰੰਗ ਦਾ ਮਾਰਿਆ ਵੀ ਹੋਵੇਗਾ, ਉਹ ਤਾਂ ਵੀ ਆਪਣੀ ਹੈਂਕੜ ਛੱਡਣ ਲਈ ਤਿਆਰ ਨਹੀਂ ਹੁੰਦਾ। ਉਸਦੇ ਲਹੂ ਵਿਚ ਇਹ ਜਰਾਸੀਮ ਉਸਦੇ ਸਮਾਜ ਨੇ ਪਾਏ ਹੁੰਦੇ ਹਨ ਕਿ ਤੂੰ ਮਰਦ ਹੈਂ ਤੈਨੂੰ ਤਕੜਾ ਹੋਣਾ ਚਾਹੀਦਾ ਹੈ। '
''ਫਿਰ ਵੀ ਔਰਤਾਂ ਮਰਦਾਂ ਨੂੰ ਕਿਉਂ ਮੁਹੱਬਤ ਕਰਦੀਆਂ ਨੇ? ਪ੍ਰੇਮੀ ਵੀ ਤਾਂ ਮਰਦ ਹੀ ਹੈ।'' ਤਨਵੀਰ ਜੋ ਹਮੇਸ਼ਾ ਚੁੱਪ ਰਹਿੰਦਾ ਹੈ ਅਚਾਨਕ ਬੋਲ ਪੈਂਦਾ ਹੈ। ਤਾਂ ਪਲ ਭਰ ਲਈ ਸੱਚਮੁੱਚ ਮਿਸਿਜ਼ ਸਾਹਨੀ ਲਾਜਵਾਬ ਹੋ ਜਾਂਦੀ ਹੈ। ਉਹ ਜਾਣਦੀ ਹੈ ਹਜ਼ਾਰਾਂ ਕਿੱਸੇ ਉਨ੍ਹਾਂ ਔਰਤਾਂ ਦੇ ਜਿਹੜੀਆਂ ਪਤੀਆਂ ਨੂੰ ਕੋਸਦੀਆਂ ਪਰ ਪ੍ਰੇਮੀਆਂ ਲਈ ਤੜਪਦੀਆਂ ਹਨ। ਰਿਸ਼ਤਿਆਂ ਤੇ ਜਜ਼ਬਿਆਂ ਦਾ ਇਹ ਗਣਿਤ ਅੱਜ ਤੱਕ ਕਿਸੇ ਵੀ ਸਮਝ ਨਹੀਂ ਆਇਆ।
ਜੂਹੀ ਵਿਸ਼ਨੂੰ ਸ਼ਰਮਾ ਦੀ ਕਾਰ ਵਿਚ ਬੈਠੀ ਹੈ। ਬਾਰਸ਼ ਜੰਮ ਕੇ ਬਰਸੀ ਹੈ ਅੱਜ। ਥੀਏਟਰ ਤੋਂ ਕਾਰ ਤੱਕ ਆਉਂਦੇ ਆਉਂਦੇ ਦੋਵੇਂ ਭਿੱਜ ਗਏ ਹਨ। ਜੂਹੀ ਦਾ ਦੁਪੱਟਾ ਗਿੱਲਾ ਹੋ ਗਿਆ ਹੈ। ਕਾਰ ਸੜਕ 'ਤੇ ਦੌੜ ਰਹੀ ਹੈ। ਅਸਮਾਨ ਉਤੇ ਕਾਲੇ ਬੱਦਲ ਛਾਏ ਹੋਏ ਹਨ। ਲੱਗਦਾ ਹੈ ਅੱਜ ਘਨਘੋਰ ਘਟਾਵਾਂ ਵਰਣ ਵਾਲੀਆਂ ਹਨ। ''ਜੂਹੀ ਸਰਦੀ ਲੱਗ ਜਾਏਗੀ ਦੁਪੱਟਾ ਉਤਾਰ ਦੇ'' ਵਿਸ਼ਨੂੰ ਆਖਦਾ ਹੈ। ਪਰ ਜੂਹੀ ਨੇ ਜਿਵੇਂ ਕੁਝ ਸੁਣਿਆ ਹੀ ਨਹੀਂ ਹੈ। ਵਿਸ਼ਨੂੰ ਵੀ ਸਮਝ ਜਾਂਦਾ ਹੈ ਕਿ ਅੱਜ ਸ਼ਰਾਰਤ ਦਾ ਮੌਸਮ ਹੈ। ਦੁਪੱਟੇ ਦੀ ਇਕ ਕੰਨੀ ਖਿੱਚ ਕੇ ਦੁਪੱਟਾ ਲਾਹ ਲੈਂਦਾ ਹੈ। ਜੂਹੀ ਅਸਚਰਜਤਾ ਨਾਲ ਉਸ ਵਲ ਵੇਖਦੀ ਹੈ। ਉਸਨੂੰ ਯਕੀਨ ਨਹੀਂ ਸੀ ਉਹ ਇਤਨੀ ਬੇਬਾਕੀ ਦਿਖਾਏਗਾ। ਪਰ ਉਹ ਚੁੱਪ ਰਹਿੰਦੀ ਹੈ।
''ਜੂਹੀਂ ਤੂੰ ਮੈਨੂੰ ਪਿਆਰ ਕਰਦੀ ਹੈਂ।''
''ਬਹੁਤ ਜ਼ਿਆਦਾ..."
''ਕਿੰਨਾ ਜ਼ਿਆਦਾ...?''
''ਏਨਾ ਜ਼ਿਆਦਾ ਕਿ ਮੈਂ ਦਸ ਹੀ ਨਹੀਂ ਸਕਦੀ।''
''ਕਰਦੀ ਵੀ ਹੈਂ ਕਿ ਨਹੀਂ?''
ਜੂਹੀ ਹੱਸ ਪਈ ਹੈ।
''ਜੂਹੀ ਇਕ ਗੱਲ ਆਖਾਂ।''
''ਹੂੰ..."
ਆਪਣੀ ਕੁੜਤੀ ਦਾ ਇਕ ਬਟਨ ਖੋਲ੍ਹ ਦੇ ਪਲੀਜ਼...ਬਸ ਇਕ ਬਟਨ..."
ਜੂਹੀ ਫਟੀਆਂ ਫਟੀਆਂ ਅੱਖਾਂ ਨਾਲ ਉਸ ਵਲ ਵੇਖਦੀ ਹੈ। ਆਤਮਾ ਨੂੰ ਪਿਆਰ ਕਰਨ ਦੀ ਗੱਲ ਕਰਨ ਵਾਲਾ ਸਰੀਰ ਨੂੰ ਦੇਖਣ ਦੀ ਮੰਗ ਕਰ ਰਿਹਾ ਸੀ।
''ਕੀ ਤੂੰ ਮੈਨੂੰ ਪਿਆਰ ਨਹੀਂ ਕਰਦੀ ਜੂਹੀ?''
ਜੂਹੀ ਇਕ ਪਲ ਕੁਝ ਸੋਚਦੀ ਹੈ। ਬੁੱਲ੍ਹ ਦੰਦਾਂ ਥੱਲੇ ਚਿੱਥ ਲੈਂਦੀ ਹੈ। ਤੇ ਫਿਰ ਇਕ ਝਟਕੇ ਨਾਲ ਇਕ...ਦੋ...ਤਿੰਨ...ਸਾਰੇ ਬਟਨ ਖੋਲ੍ਹ ਦਿੰਦੀ ਹੈ।
ਵਿਸ਼ਨੂੰ ਦਾ ਮੂੰਹ ਖੁੱਲ੍ਹੇ ਦਾ ਖੁੱਲ੍ਹਾ ਰਹਿ ਜਾਂਦਾ ਹੈ। ਉਹ ਸੀਟ 'ਤੇ ਬੈਠਾ ਬੇਚੈਨੀ ਨਾਲ ਉਸਲਵੱਟੇ ਲੈਣ ਲੱਗ ਪੈਂਦਾ ਹੈ। ਜੂਹੀ ਉਸਦੇ ਚਿਹਰੇ ਦੇ ਬਦਲਦੇ ਰੰਗ ਅਤੇ ਭਾਵ ਵੇਖ ਰਹੀ ਹੈ। ਬਸ ਵੇਖ ਰਹੀ ਹੈ। ਅਚਾਨਕ ਉਹ ਉਸਦੇ ਹੱਥ ਆਪਣੇ ਹੱਥਾਂ 'ਚ ਫੜ ਕੇ ਘੁੱਟ ਲੈਂਦਾ ਹੈ ਤੇ ਫਿਰ ਉਸਦੇ ਹੋਂਠ...
ਰੰਗਮੰਚ ਦੇ ਖੇਤਰ ਵਿਚ ਹਲਚਲ ਹੈ। ਅਯਾਜ਼ ਰਸੂਲ ਦੇ ਖ਼ਿਲਾਫ ਲੋਕਾਂ ਨੇ ਜਿਵੇਂ ਮੋਰਚਾ ਸੰਭਾਲ ਲਿਆ ਹੈ ਤੇ ਵਿਸ਼ਨੂੰ ਸ਼ਰਮਾ ਇਸ ਮੋਰਚੇ ਦਾ ਪਰਦੇ ਦੇ ਪਿੱਛੇ ਦਾ ਆਗੂ ਹੈ। ਸਭ ਕੁਝ ਉਸਦੀ ਮਰਜ਼ੀ ਮੁਤਾਬਕ ਹੋ ਰਿਹਾ ਹੈ। ''ਸਰ ਜੇ ਅਲੈਕਸ਼ਨ ਹੋਈ ਤਾਂ ਸਮਝੋ ਤੁਹਾਡੀ ਜਿੱਤ ਪੱਕੀ ਹੈ।'' ਵਿਸ਼ਨੂੰ ਹੱਸਦਾ ਹੈ।
''ਜੇ ਕਿਸੇ ਨੂੰ ਸਾਡੇ ਬਾਰੇ ਪਤਾ ਲੱਗ ਗਿਆ ਤਾਂ ਕੀ ਹੋਵੇਗਾ?'' ਜੂਹੀ ਘਬਰਾਈ ਹੋਈ ਵਿਸ਼ਨੂੰ ਨੂੰ ਪੁੱਛਦੀ ਹੈ।
''ਮੈਂ ਤੈਨੂੰ ਆਪਣੇ ਨਾਲ ਰੱਖ ਲਊਂਗਾ।
ਉਂਜ ਵੀ ਮੇਰੇ ਕੋਲ ਬਥੇਰੀ ਪ੍ਰਾਪਰਟੀ ਹੈ। ਤਿੰਨ ਸ਼ਹਿਰਾਂ ਵਿਚ ਪਲਾਟ ਨੇ। ਤੈਨੂੰ ਅਲੱਗ ਘਰ ਲੈ ਦਊਂਗਾ। ਮੌਜਾਂ ਕਰੀਂ।''
''ਇਕੱਲਿਆਂ? ਤੇ ਤੁਸੀਂ?''
''ਮੈਂ ਸਿਰਫ਼ ਤੇਰਾ ਹਾਂ ਯਾਦ ਰੱਖੀਂ। ਤੇਰੇ ਬਿਨਾ ਮੈਂ ਕਿਸੇ ਕੰਮ ਦਾ ਨਹੀਂ ਤੇ ਨਾ ਹੀ ਮੈਂ ਤੇਰੇ ਬਿਨਾ ਜੀ ਸਕਦਾਂ। ਸਾਡੀਆਂ ਸਮਾਜਿਕ ਜ਼ਿੰਮੇਵਾਰੀਆਂ ਅਲੱਗ ਨੇ ਪਰ ਇਸ ਸਭ ਦੇ ਬਾਵਜੂਦ ਤੂੰ ਆਪਣੀ ਜਗ੍ਹਾ ਇਕ ਹਕੀਕਤ ਹੈਂ...ਮੇਰੀ ਜ਼ਿੰਦਗੀ ਵਿਚ। ਤੂੰ ਅੱਜ ਤੋਂ ਬਾਅਦ ਮੈਨੂੰ ਅਪਣਾ ਪਤੀ ਤਸੱਵੁਰ ਕਰ ਲੈ। ਤੂੰ ਮੇਰੀ ਇੱਛਿਤ ਬੀਵੀ ਹੈ।''
''ਆਪਾਂ ਕਿਸੇ ਮੰਦਰ ਵਿਚ ਵਿਆਹ ਕਰ ਲਈਏ?'' ਜੂਹੀ ਦੀ ਮਾਸੂਮ ਜਿਹੀ ਖਾਹਿਸ਼ ਮਚਲਦੀ ਹੈ।
''ਵਿਆਹ ਮਨ ਦਾ ਹੁੰਦਾ ਹੈ। ਉਹ ਸਮਝ ਮੈਂ ਤੇਰੇ ਨਾਲ ਕਰ ਲਿਆ। ਮੇਰੇ ਲਫਜ਼ਾਂ 'ਤੇ ਯਕੀਨ ਕਰਨ। ਮੈਂ ਕੋਈ ਸਾਧਾਰਨ ਬੰਦਾ ਨਹੀਂ ਹਾਂ। ਜੇ ਮੈਂ ਤੈਨੂੰ ਪਿਆਰ ਕੀਤਾ ਹੈ ਤਾਂ ਹਰ ਮੁਸੀਬਤ ਵਿਚ ਤੇਰੇ ਨਾਲ ਖੜ੍ਹਾ ਵੀ ਹੋਵਾਂਗਾ। ਤੈਨੂੰ ਕਿਧਰੇ ਧੋਖਾ ਦੇ ਕੇ ਚਲਾ ਨਹੀਂ ਜਾਵਾਂਗਾ। ਇਹ ਖਿਆਲ ਹੀ ਮਨ 'ਚੋਂ ਕੱਢ ਦੇ।'' ਤੇ ਜੂਹੀ ਨਿਸ਼ਚਿੰਤ ਹੋ ਗਈ। ਅਕੈਡਮੀ ਦੇ ਸੈਕਟਰੀ ਖਿਲਾਫ ਲੋਕਾਂ ਦਾ ਪ੍ਰਦਰਸ਼ਨ ਉਗਰ ਹੋ ਗਿਆ ਤਾਂ ਪ੍ਰਸ਼ਾਸਨ ਨੂੰ ਮਜਬੂਰਨ ਕਿਸੇ ਅਲੈਕਟਿਡ ਬੰਦੇ ਨੂੰ ਉਸਦੀ ਜਗ੍ਹਾ ਲਗਾਉਣ ਦਾ ਆਦੇਸ਼ ਦੇਣਾ ਪਿਆ।
ਵਿਸ਼ਨੂੰ ਸ਼ਰਮਾ ਅੱਜ ਕੱਲ੍ਹ ਆਪਣੀਆਂ ਕਲਾਬਾਜ਼ੀਆਂ ਉਤੇ ਬਹੁਤ ਖੁਸ਼ ਹੈ। ਜੂਹੀ ਅੱਜ ਕੱਲ੍ਹ ਵਿਆਹੁਤਾ ਔਰਤਾਂ ਵਾਂਗ ਹੀ ਬਿਹੇਵ ਕਰਨ ਲੱਗ ਪਈ ਹੈ। ਕਾਰ ਵਿਚ ਆਂਦੇ ਜਾਂਦੇ ਉਸਦੇ ਹੱਥ ਗੁਸਤਾਖੀਆਂ ਕਰਦੇ ਹਨ। ਵਿਸ਼ਨੂੰ ਤਾਂ ਜਿਵੇਂ ਨਸ਼ਿਆਇਆ ਰਹਿੰਦਾ ਹੈ। ਐਸੇ ਵਿਚ ਕਦੋਂ ਕੀ ਅਣਗਹਿਲੀਆਂ ਹੋ ਜਾਂਦੀਆਂ ਹੋਣਗੀਆਂ ਉਨ੍ਹਾਂ ਨੂੰ ਹੋਸ਼ ਹੀ ਨਹੀਂ।
''ਸਰ ਅਲੈਕਸ਼ਨ ਹੋਣ ਵਾਲੀ ਹੈ। ਤੁਸੀਂ ਸਮਝਦਾਰ ਹੋ। ਜੇ ਕਿਸੇ ਵਿਰੋਧੀ ਨੂੰ ਤੁਹਾਡੀ ਕੋਈ ਵੀ ਕਮਜ਼ੋਰੀ ਹੱਥ ਲੱਗ ਗਈ ਤਾਂ ਸਾਡੀ ਕੀਤੀ ਕਰਾਈ ਪਾਣੀ ਵਿਚ ਚਲੀ ਜਾਵੇਗੀ ਅਤੇ ਮੂੰਹ ਵੇਖਦੇ ਰਹਿ ਜਾਵਾਂਗੇ। ਕੁਰਸੀ ਕੋਈ ਹੋਰ ਮੱਲ ਬੈਠੇਗਾ।'' ਕਿਸੇ ਸ਼ੁਭਚਿੰਤਕ ਨੇ ਵਿਸ਼ਨੂੰ ਨੂੰ ਚਿਤਾਵਨੀ ਦਿੱਤੀ ਤਾਂ ਉਸਦੇ ਜਿਵੇਂ ਹੋਸ਼ ਹਵਾਸ਼ਾਂ ਨੂੰ ਕਰੰਟ ਲੱਗ ਗਿਆ।
''ਨਹੀਂ ਨਹੀਂ...ਐਸਾ ਕਿਵੇਂ ਹੋ ਸਕਦਾ ਹੈ?''
''ਸਰ ਸਿਆਸਤ ਵਿਚ ਐਵੇਂ ਹੀ ਹੁੰਦਾ ਹੈ..." ਵਿਸ਼ਨੂੰ ਸ਼ਰਮਾ ਸਮਝ ਜਾਂਦਾ ਹੈ ਕਿ ਕਿਸ ਕਮਜ਼ੋਰੀ ਦੀ ਗੱਲ ਕੀਤੀ ਗਈ ਹੈ ਤਾਂ ਕਿ ਲੋਕਾਂ ਨੂੰ ਉਸਦੇ ਬਾਰੇ ਸਭ ਪਤਾ ਹੈ? ਉਸਦਾ ਦਿਮਾਗ ਘੁੰਮ ਗਿਆ ਹੈ।।
ਉਸਦੀ ਜ਼ਿੰਦਗੀ ਦੋਰਾਹੇ 'ਤੇ ਖੜ੍ਹੀ ਹੈ। ਜੂਹੀ ਅੱਜਕਲ ਆਪਣੇ ਪਰਸ ਵਿਚ ਗਰਭ ਨਿਰੋਧਕ ਗੋਲੀਆਂ ਰੱਖਣੀਆਂ ਨਹੀਂ ਭੁੱਲਦੀ। ਵਿਸ਼ਨੂੰ ਨੇ ਕਈ ਦਿਨਾਂ ਤੋਂ ਥਕਾਵਟ ਥਕਾਵਟ ਕਹਿੰਦਿਆਂ ਉਸਨੂੰ ਹਿਲ ਸਟੇਸ਼ਨ ਕੁਝ ਦਿਨਾਂ ਲਈ ਨਾਲ ਚੱਲਣ ਲਈ ਤਿਆਰ ਕਰ ਲਿਆ ਸੀ। ਪ੍ਰੋਗਰਾਮ ਮੁਤਾਬਿਕ ਜੂਹੀ ਆਪਣੇ ਕੱਪੜਿਆਂ ਵਾਲੀ ਅਟੈਚੀ ਲੈ ਕੇ ਉਸ ਮੋੜ 'ਤੇ ਖੜ੍ਹੀ ਹੈ, ਜਿਥੋਂ ਵਿਸ਼ਨੂੰ ਸ਼ਰਮਾ ਨੇ ਉਸਨੂੰ ਪਿੱਕ ਕਰਨਾ ਹੈ। ਜੂਹੀ ਉਡੀਕ ਰਹੀ ਹੈ। ਗਿਆਰਾਂ ਵਜੇ ਵਿਸ਼ਨੂੰ ਨੇ ਆਉਣਾ ਸੀ ਪਰ ਹੁਣ ਇਕ ਵੱਜ ਗਿਆ ਹੈ। ਉਹ ਅਜੇ ਤੱਕ ਨਹੀਂ ਆਇਆ। ਸੜਕ ਸੁੰਨਸਾਨ ਪਈ ਹੈ। ਖੜ੍ਹੇ ਖੜ੍ਹੇ ਉਸਨੂੰ ਲੱਗ ਰਿਹਾ ਹੈ ਕਿ ਉਹ ਲਹਿਰਾ ਕੇ, ਚਕਰਾ ਕੇ ਡਿੱਗ ਜਾਵੇਗੀ ਪਰ ਵਿਸ਼ਨੂੰ ਕਿਧਰੇ ਨਜ਼ਰੀਂ ਨਹੀਂ ਪੈ ਰਿਹਾ। ਸੂਰਜ ਢਲਣ ਲੱਗਾ ਹੈ। ਉਹ ਮਰੇ ਕਦਮਾਂ ਨਾਲ ਅਟੈਚੀ ਚੁੱਕ ਵਾਪਸ ਪਰਤ ਪੈਂਦੀ ਹੈ। ਸਵੇਰੇ ਨਾਟਕ ਵਰਕਸ਼ਾਪ ਵਿਚ ਰਿਹਰਸਲ ਸਮੇਂ ਪੁੱਜਦੀ ਹੈ ਤਾਂ ਪਤਾ ਲੱਗਦਾ ਹੈ ਕਿ ਵਿਸ਼ਨੂੰ ਨੂੰ ਅਚਾਨਕ ਕਿਸੇ ਜ਼ਰੂਰੀ ਕੰਮ ਕਰਕੇ ਚਲੇ ਜਾਣਾ ਪਿਆ ਹੈ। ਰਿਹਰਸਲ ਤਦ ਤੱਕ ਉਸਦਾ ਸਹਿਯੋਗੀ ਸੰਭਾਲ ਲੈਂਦਾ ਹੈ। ਜੂਹੀ ਮੋਬਾਇਲ 'ਤੇ ਰਿੰਗ ਕਰਦੀ ਹੈ। ਰਿੰਗ ਅੱਗੋਂ ਡਿਸਕਨੈਕਟ ਕਰ ਦਿੱਤੀ ਜਾਂਦੀ ਹੈ। ਇਕ ਵਾਰ...ਦੋ ਵਾਰ...ਚਾਰ...ਪੰਜ਼..ਦਸ ਵਾਰ... "
ਕਿਤਨੇ ਦਿਨ ਬੀਤ ਗਏ ਨੇ। ਕੋਈ ਫੋਨ, ਕੋਈ ਪੈਗਾਮ ਨਹੀਂ। ਕੀ ਉਸਦੇ ਨਾਲ ਛਲਕਪਟ ਹੋਇਆ ਹੈ? ਮਨ ਨਹੀਂ ਮੰਨਦਾ। ਉਹ ਤਾਂ ਕਿਸੇ ਵੀ ਹਾਲਾਤ ਵਿਚ ਉਸ ਨਾਲ ਖਲੋਣ ਦਾ ਪ੍ਰਣ ਕਰਦਾ ਸੀ? ਉਹ ਤਾਂ ਔਰਤਾਂ ਪ੍ਰਤੀ ਸਮਾਜ ਦੇ ਹਿੰਸਾਤਮਕ ਵਤੀਰੇ ਦਾ ਖੰਡਨ ਕਰਦਾ ਸੀ?
ਪਰ ਉਹ ਨਹੀਂ ਪਰਤਿਆ।
ਨਾਟਕ ਦਾ ਦਿਨ ਆ ਗਿਆ। ਤੇ ਅਚਾਨਕ ਜੂਹੀ ਨੇ ਉਸ ਨੂੰ ਹਾਲ ਵਿਚ ਇਕ ਪਾਸੇ ਬੈਠੇ ਵੇਖਿਆ। ਕਿਉਂ? ਕਿਉਂ ਛੁਪ ਰਿਹਾ ਉਹ ਉਸ ਤੋਂ? ਸਾਹਮਣੇ ਆ ਕੇ ਆਖ ਕਿਉਂ ਨਹੀਂ ਦਿੰਦਾ ਕਿ ਮੈਂ ਕਾਇਰ ਹਾਂ ਜੂਹੀ, ਮੈਂ ਤੇਰਾ ਸਾਥ ਨਹੀਂ ਨਿਭਾ ਸਕਦਾ। ਮੈਨੂੰ ਰਾਜਨੀਤੀ ਤੇ ਸੱਤਾ ਨੇ ਡਰਪੋਕ ਬਣਾ ਦਿੱਤਾ। ਹੁਣ ਮੈਂ ਤੈਨੂੰ ਆਪਣੀ ਇੱਛਤ ਪਤਨੀ ਸਵੀਕਾਰ ਨਹੀਂ ਕਰ ਸਕਦਾ। ਮੈਂ ਉਹੀ ਹਿੰਸਾਤਮਕ ਮਰਦ ਹਾਂ, ਜਿਸ ਵਿਰੁਧ ਔਰਤ ਆਪਣਾ ਗੁਸੈਲਾ ਤੇ ਬਦਲਾਲਊ ਭਾਵਨਾ ਵਾਲਾ ਅਹਿਸਾਸ ਸਿਰਜਦੀ ਹੈ। ਅੱਜ ਉਸਦਾ ਨਾਟਕ ਹੈ ਤੇ ਕੱਲ੍ਹ ਇਲੈਕਸ਼ਨ। ਪਰਸੋਂ ਸ਼ਾਇਦ ਉਹ ਅਕੈਡਮੀ ਦੇ ਸਭ ਤੋਂ ਉਚੇ ਅਹੁਦੇ ਤੇ ਬਿਰਾਜਮਾਨ ਹੋਵੇ। ਸੱਤਾ ਦੀ ਏਨੀ ਭੁੱਖ? ਉਸਨੂੰ ਆਪਣੇ ਜਿਸਮ ਦੇ ਅੰਗ ਅੰਗ ਤੋਂ ਕਿਸੇ ਸੜਾਂਦ ਦੀ ਮੁਸ਼ਕ ਆਉਂਦੀ ਹੈ।
ਉਸਦਾ ਮਨ ਕਰਦਾ ਹੈ ਆਪਣੇ ਆਪ ਨੂੰ ਨੋਚ ਸੁੱਟੇ। ਚੀਥੜੇ ਚੀਥੜੇ ਕਰ ਸੁੱਟੇ ਇਸ ਗਲੀਜ਼ ਵਜੂਦ ਨੂੰ ਜਿਸ ਉਤੇ ਕਿਸੇ ਦੀ ਗੰਦੀ ਨਜ਼ਰ ਪਈ। ਉਸਨੂੰ ਯਾਦ ਆਉਂਦੇ ਹਨ ਉਹ ਬੋਲ਼..''ਸਰੀਰ ਲਈ ਤਾਂ ਕੋਈ ਕਿਧਰੇ ਵੀ ਪੰਜ ਸੌ ਹਜ਼ਾਰ ਰੁਪਏ ਖਰਚ ਕੇ ਜਾ ਸਕਦਾ ਹੈ।'' ਤਾਂ ਕੀ ਉਹ ਵੀ ਪੰਜ ਸੌ-ਹਜ਼ਾਰ ਰੁਪਏ ਵਿਚ ਪ੍ਰਾਪਤ ਹੋਣ ਵਾਲੀ ਚੀਜ਼ ਹੈ? ਇਕ ਗੁਬਾਰ ਉਸਦੇ ਸਿਰ ਨੂੰ ਚੜ੍ਹ ਰਿਹਾ ਹੈ।
''ਤੇਰਾ ਰੋਲ ਆ ਗਿਆ ਹੈ'' ਪ੍ਰਾਮਪਟਰ ਇਸ਼ਾਰਾ ਕਰਕੇ ਆਖਦਾ ਹੈ। ਉਹ ਡੌਰ ਭੌਰ ਜਿਹੀ ਸਟੇਜ ਉਤੇ ਜਾ ਖਲੋਂਦੀ ਹੈ ਪਰ ਬੋਲੇ ਕੀ? ਪ੍ਰੇਮ ਰੱਤੀ ਮੀਰਾ ਹੱਥ ਇਕ ਤਾਰਾ ਫੜ ਕੇ ਗਾਉਂਦੀ ਹੈ:
ਤੁਮ ਚਾਹੇ ਤੋੜੋ ਪੀਆ
''ਮੈਂ ਨਾ ਹੀ ਤੋੜੂੰ ਰੇ
ਤੁਮ ਸੰਗ ਤੋੜੂੰ ਤੋ
ਕਵਨ ਸੰਗ ਜੋੜੂੰ ਰੇ..."
ਜੂਹੀ ਮੀਰਾ ਬਣੀ ਸਟੇਜ ਉਤੇ ਗੋਲ ਗੋਲ ਘੁੰਮ ਰਹੀ ਹੈ। ਪਰ ਅਗਲੇ ਸੰਵਾਦ ਉਸਦੇ ਜ਼ਹਿਨ 'ਚੋਂ ਮਨਫ਼ੀ ਹੋ ਰਹੇ ਹਨ। ਉਹ ਬਲੈਂਕ ਹੋ ਰਹੀ ਹੈ। ਪਰ ਫਿਰ ਵੀ ਘੁੰਮ ਰਹੀ ਹੈ। ਗੋਲ਼.. ਗੋਲ਼.. ਗੋਲ਼..। ਨਾਟਕ ਦੀ ਥੀਮ ਮੁਤਾਬਕ ਪ੍ਰੇਮ ਵਿਚ ਪਗਲਾਈ ਨਾਇਕਾ ਅੰਤ ਵਿਚ ਇਕ ਹਨੇਰੇ ਕਮਰੇ ਵਿਚ ਕੈਦ ਹੋ ਕੇ ਦੁਨੀਆਂ ਤੋਂ ਮੁੱਖ ਮੋੜ ਲੈਂਦੀ ਹੈ।
ਪਰ ਇੱਥੇ ਤਾਂ ਅੱਧ ਵਿਚਾਲੇ ਹੀ ਜੂਹੀ ਸਭ ਕੁਝ ਭੁੱਲ ਗਈ ਹੈ। ਦਰਸ਼ਕ ਉਤਾਵਲੇ ਹੋ ਕੇ ਫੁਸਫੁਸਾ ਰਹੇ ਹਨ। ਵਿਸ਼ਨੂੰ ਸ਼ਰਮਾ ਘਬਰਾ ਕੇ ਸਟੇਜ ਦੇ ਪਿਛਲੇ ਪਾਸਿਓਂ ਸਾਹਮਣੇ ਆ ਖੜ੍ਹਦਾ ਹੈ। ਜੂਹੀ ਦੀ ਨਜ਼ਰ ਉਸ 'ਤੇ ਪੈਂਦੀ ਹੈ।
ਜੂਹੀ ਦੇ ਹੋਸ਼ ਵਾਪਸ ਪਰਤਦੇ ਹਨ, ਪਰ ਜ਼ਿਹਨ ਵਿਚ ਕੁਝ ਗ਼ਡਮਡ ਹੋ ਰਿਹਾ ਹੈ।
''ਜੂਹੀ ਬੋਲੋ..." ਵਿਸ਼ਨੂੰ ਉਤਸ਼ਾਹਿਤ ਕਰਦਾ ਹੈ।
''ਬੜੇ ਦਿਨ ਹੋਏ ਮੈਂ ਇਕ ਮਹਾਨ ਪ੍ਰੇਮ ਦਾ ਅਨੁਭਵ ਕੀਤਾ ਹੈ, ਪਰ ਮੇਰੇ ਨਾਲਾਇਕ ਪ੍ਰੇਮੀ ਨੇ ਆਪਣੇ ਪੁਰਸ਼ ਦੰਭ ਤੇ ਸੱਤਾ ਦੇ ਅਹੰਕਾਰ ਵਿਚ ਮੇਰੇ ਮਾਸੂਮ ਪ੍ਰੇਮ ਦਾ ਕਤਲ ਕਰ ਦਿੱਤਾ। ਮੈਂ ਤੁਹਾਡੇ ਸਾਰਿਆਂ ਤੋਂ ਆਪਣੇ ਪ੍ਰੇਮ ਦੀ ਹੱਤਿਆ ਦਾ ਇਨਸਾਫ ਚਾਹੁੰਦੀ ਹਾਂ। ਜਦਕਿ ਉਹ ਹਤਿਆਰਾ ਮੇਰੇ ਸਾਹਮਣੇ ਖੜ੍ਹਾ ਹੈ।'' ਉਹ ਇਕ ਉਂਗਲੀ ਸਿੱਧੀ ਵਿਸ਼ਨੂੰ ਵਲ ਤਾਣ ਕੇ ਬੋਲਦੀ ਹੈ।
ਜੂਹੀ ਹੌਲੇ ਹੌਲੀ ਵਿਸ਼ਨੂੰ ਵਲ ਵਧਦੀ ਹੈ। ਰੋਸ਼ਨੀ ਉਸਦੇ ਨਾਲ ਨਾਲ ਤੁਰਦੀ ਵਿਸ਼ਨੂੰ ਨੂੰ ਵੀ ਆਪਣੇ ਘੇਰੇ ਵਿਚ ਲੈ ਲੈਂਦੀ ਹੈ। ਲੋਕੀਂ ਸਾਹ ਰੋਕ ਕੇ ਨਾਟਕ ਦੇ ਇਸ ਅਸਲੀ ਸੀਨ ਨੂੰ ਵੇਖ ਰਹੇ ਹਨ। ਵਿਸ਼ਨੂੰ ਹਾਰ ਕੇ ਧਰਤੀ ਉਤੇ ਢਹਿ ਜਿਹਾ ਪੈਂਦਾ ਹੈ। ਦਰਸ਼ਕਾਂ ਦੀ ਭੀੜ ਵਿਚ ਖੜੋਤੀ ਵਿਸ਼ਨੂੰ ਸ਼ਰਮਾ ਦੀ ਪਤਨੀ ਕਿੰਨੀ ਸਹਿਜਤਾ, ਸ਼ਹਿਣਸ਼ੀਲਤਾ ਤੇ ਸ਼ਾਂਤਮਈ ਭਾਵਾਂ ਨਾਲ ਇਹ ਨਾਟਕ ਵੇਖ ਰਹੀ ਹੈ। ਉਸਦੇ ਹੋਂਠਾਂ ਉਤੇ ਵਿਸ਼ਨੂੰ ਸ਼ਰਮਾ ਦੇ ਆਫਿਸ ਦੀ ਦੀਵਾਰ 'ਤੇ ਟੰਗੀ ਮੋਨਾਲੀਜ਼ਾ ਦੀ ਪੇਂਟਿੰਗ ਉਤੇ ਫੈਲੀ ਰਹੱਸਮਈ ਮੁਸਕਾਨ ਵਰਗੀ ਮੁਸਕਾਨ ਚਿਪਕੀ ਹੋਈ ਹੈ।

  • ਮੁੱਖ ਪੰਨਾ : ਕਹਾਣੀਆਂ, ਸੁਰਿੰਦਰ ਨੀਰ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ