Kubjaan Nar Sinh Bende; Translator : Nanak Singh

ਕੁਬਜਾਂ (ਮਰਾਠੀ ਕਹਾਣੀ) : ਨਰ ਸਿੰਘ ਬੇਂਡੇ; ਅਨੁਵਾਦਕ : ਨਾਨਕ ਸਿੰਘ

ਉਸ ਦਾ ਅਸਲ ਨਾਂ ਸੀ ਵੇਣੂ, ਪਰ ਅਸੀਂ ਸਾਰਾ ਟੱਬਰ ਉਸ ਨੂੰ ਕੁਬਜਾਂ ਕਹਿ ਕੇ ਬੁਲਾਉਂਦੇ ਹੁੰਦੇ ਸਾਂ, ਤੇ ਉਹ ਵੀ ਅੱਗਿਉਂ ਸੁਭਾਵਕ ਤੌਰ ਤੇ 'ਹਾਂ' ਕਹਿ ਦਿੰਦੀ ਹੁੰਦੀ ਸੀ।
ਬਾਰਾਂ ਵਰ੍ਹੇ ਪਹਿਲਾਂ ਜਦ ਕੁਬਜਾਂ ਦਾ ਜਨਮ ਹੋਇਆ ਸੀ, ਤਾਂ ਉਹ ਅਸਾਂ ਸਭ ਭੈਣਾਂ ਭਰਾਵਾਂ ਨਾਲੋਂ ਕਾਲੀ ਹੋਵੇਗੀ, ਪਰ ਮੇਰੀ ਮਾਂ ਨੂੰ ਉਹ ਹੋਰ ਵੀ ਕਰੂਪ ਜਾਪਦੀ ਸੀ। ਇਸ ਦਾ ਕਾਰਨ ਇਹ ਹੈ ਕਿ ਜਿਸ ਦਿਨ ਕੁਬਜਾਂ ਦਾ ਜਨਮ ਹੋਇਆ, ਉਸੇ ਦਿਨ ਮੇਰਾ ਸਕਾ ਮਾਮਾ ਪਲੇਗ ਨਾਲ ਚੜ੍ਹਾਈ ਕਰ ਗਿਆ। ਮੇਰੀ ਮਾਂ ਕਹਿੰਦੀ ਹੁੰਦੀ ਸੀ, "ਇਹ ਚੁੜੇਲ ਤਾਂ ਜੰਮਣ ਵੇਲੇ ਮੈਨੂੰ ਵੀ ਮਾਰ ਦੇਣ ਲੱਗੀ ਸੀ।"
ਵੇਣੂ ਅਰਥਾਤ ਕੁਬਜਾਂ ਵੀ ਮੇਰੀ ਅਤੇ ਮੇਰੀਆਂ ਤਿੰਨਾਂ ਭੈਣਾਂ ਦੀ ਸਕੀ ਭੈਣ ਹੀ ਸੀ, ਪਰ ਪਤਾ ਨਹੀਂ ਕਿਉਂ, ਤਿੰਨੇ ਭੈਣਾਂ ਉਸ ਨੂੰ ਨਫ਼ਰਤ ਕਰਦੀਆਂ ਸਨ। ਸ਼ਾਇਦ ਇਸ ਕਰ ਕੇ ਕਿ ਉਹ ਤਿੰਨੇ ਸੋਹਣੀਆਂ ਅਤੇ ਇਹ ਕ-ਸੋਹਣੀ ਸੀ।
ਕਿਸੇ ਨਾ ਕਿਸੇ ਕਾਰਨ ਵਿਚਾਰੀ ਵੇਣੂ ਰੋਜ਼ ਪੰਜ-ਛੇ ਵਾਰੀ ਰੋਂਦੀ ਸੀ। ਇਸ ਤੋਂ ਛੁਟ ਉਹ ਦਿਨ ਵਿਚ ਕਈ ਵਾਰੀ ਰੁੱਸਦੀ ਵੀ ਸੀ, ਪਰ ਕਦੀ ਕਿਸੇ ਉਸ ਨੂੰ ਮਨਾਇਆ ਨਹੀਂ ਸੀ। ਉਹ ਆਪੇ ਰੋ-ਧੋ ਕੇ ਚੁੱਪ ਕਰ ਜਾਂਦੀ ਹੁੰਦੀ ਸੀ, ਤੇ ਦਿਲ ਦਾ ਗੁਬਾਰ ਕੱਢਣ ਲਈ ਉਨ੍ਹਾਂ ਦੀਆਂ ਸਾਂਗਾਂ ਲਾਉਣ ਲੱਗ ਪੈਂਦੀ।
ਅੱਜ ਅਸਾਂ ਕਿਸੇ ਦਾਅਵਤ 'ਤੇ ਜਾਣਾ ਸੀ। ਸੱਦਾ ਤਾਂ ਸਾਰੇ ਟੱਬਰ ਨੂੰ ਆਇਆ ਸੀ, ਪਰ ਵਿਚਾਰੀ ਕੁਬਜਾਂ ਨੂੰ ਛੱਡ ਕੇ ਬਾਕੀ ਸਾਰੀਆਂ ਭੈਣਾਂ ਜਾਣ ਦੀ ਤਿਆਰੀ ਕਰ ਰਹੀਆਂ ਸਨ, ਤੇ ਮੈਂ ਇਕਲਵਾਂਜੇ ਖਲੋਤਾ ਆਪਣਾ ਰੁਮਾਲ ਤਹਿ ਕਰਦਾ ਹੋਇਆ ਉਨ੍ਹਾਂ ਵੱਲ ਤੱਕ ਰਿਹਾ ਸਾਂ। ਇਸੇ ਵੇਲੇ ਮੈਂ ਵੇਖਿਆ ਕਿ ਕੁਬਜਾਂ ਪੀਂ-ਪੀਂ ਦੀ ਬੇ-ਸੁਰੀ ਆਵਾਜ਼ ਕੱਢਦੀ ਹੋਈ ਆ ਪਹੁੰਚੀ। ਉਸ ਦੇ ਪੈਰ ਚਿੱਕੜ ਨਾਲ ਭਰੇ ਹੋਏ ਸਨ, ਤੇ ਉਸ ਦੀ ਮੈਲੀਕੁਚੈਲੀ ਘੱਗਰੀ ਉਤੇ ਪਾਣੀ ਦੀਆਂ ਛਿੱਟਾਂ ਦਿਖਾਈ ਦਿੰਦੀਆਂ ਸਨ। ਜਿਹੜੀ ਉਸ ਨੇ ਕੁੜਤੀ ਪਾਈ ਹੋਈ ਸੀ, ਉਸ ਦਾ ਸਿਰਫ ਇਕੋ ਬਟਨ ਮੀਟਿਆ ਹੋਇਆ ਸੀ ਜਿਸ ਕਰ ਕੇ ਉਸ ਦੇ ਢਿੱਡ ਦਾ ਕੁਝ ਹਿੱਸਾ ਦਿਖਾਈ ਦੇ ਰਿਹਾ ਸੀ। ਉਹ ਪਿੱਪਲ ਦੇ ਪੱਤੇ ਦੀ ਪੀਪਣੀ ਬਣਾ ਕੇ ਵਜਾਉਣ ਡਹੀ ਹੋਈ ਸੀ ਜਿਸ ਦੀ ਪੀਂ-ਪੀਂ ਦੀ ਆਵਾਜ਼ ਬੜੀ ਭੈੜੀ ਲਗਦੀ ਸੀ। ਦਾਅਵਤ 'ਤੇ ਜਾਣ ਦੀ ਤਿਆਰੀ ਵੇਖ ਕੇ ਕੁਬਜਾਂ ਨੇ ਪੀਪਣੀ ਵਜਾਉਣੀ ਬੰਦ ਕਰ ਦਿੱਤੀ, ਤੇ ਪੁੱਛਣ ਲੱਗੀ, "ਕਿਥੇ ਚੱਲੇ ਓ ਤੁਸੀਂ ਸਾਰੇ?" ਤੇ ਜਦ ਕਿਸੇ ਨੇ ਕੋਈ ਉਤਰ ਨਾ ਦਿੱਤਾ, ਤਾਂ ਉਹ ਜਿਦੇ ਪੈ ਗਈ, "ਮੈਂ ਵੀ ਚੱਲਾਂਗੀ, ਮੈਂ ਵੀ ਚੱਲਾਂਗੀ", ਤੇ ਕੱਪੜੇ ਬਦਲਣ ਲਈ ਉਹ ਹਫ਼ੜਾ-ਦਫ਼ੜੀ ਮਚਾਉਣ ਲੱਗੀ।
ਇਸ ਜਲਦਬਾਜ਼ੀ ਵਿਚ ਉਸ ਦਾ ਪੈਰ ਮਾਂ ਦੇ ਰੇਸ਼ਮੀ ਭੋਛਣ ਉਤੇ ਰੱਖਿਆ ਗਿਆ। ਜਿਉਂ ਹੀ ਮਾਂ ਦੀ ਨਜ਼ਰ ਭੋਛਣ 'ਤੇ ਪਈ, ਦੋ-ਤਿੰਨ ਥੱਪੜ ਉਸ ਨੇ ਕੁਬਜਾਂ ਦੀ ਪਿੱਠ ਵਿਚ ਜੜ ਦਿੱਤੇ, ਤੇ ਲੋਹੀ ਲਾਖੀ ਹੋ ਕੇ ਕਹਿਣ ਲੱਗੀ, "ਰੰਡੀਏ! ਅੱਖਾਂ ਫੁੱਟੀਆਂ ਹੋਈਆਂ ਈ?"
ਭੋਛਣ ਉਤੋਂ ਚਿੱਕੜ ਦੇ ਦਾਗ਼ ਪੂੰਝਦੀ ਮਾਂ ਕਹਿਣ ਲੱਗੀ, "ਖਸਮ ਨੂੰ ਖਾਣੀ ਚੁੜੇਲ। ਪੈਰਾਂ ਨਾਲ ਲੱਕ-ਲੱਕ ਚਿੱਕੜ ਥੱਪ ਕੇ ਆ ਵੜਦੀ ਏ।" ਉਧਰ ਕੁਬਜਾਂ ਅਜੇ ਤੋੜੀ ਪਿੱਠ ਨੂੰ ਮਲ ਰਹੀ ਸੀ, ਤੇ ਉਸ ਨੂੰ ਫਿਕਰ ਸੀ ਕਿ ਕਿਤੇ ਹੋਰ ਨਾ ਦੋ-ਚਾਰ ਪੈ ਜਾਣ, ਤੇ ਉਹ ਦੁਬਕ ਕੇ ਘਰ ਦੀ ਇਕ ਨੁੱਕਰੇ ਜਾ ਖੜੋਤੀ।
ਮੇਰੀ ਵਿਚਕਾਰਲੀ ਭੈਣ ਨੇ ਕੁਬਜਾਂ ਨੂੰ ਕਿਹਾ, "ਕੁਬਜ਼ਾਂ, ਜ਼ਰਾ ਜਾ ਕੇ ਮੇਰੇ ਟਰੰਕ ਵਿਚੋਂ ਮੇਰੀ ਝੁਮਕੀਆਂ ਦੀ ਜੋੜੀ ਤਾਂ ਕੱਢ ਲਿਆਈਂ। ਛੇਤੀ ਲਿਆ, ਫਿਰ ਮੈਂ ਤੈਨੂੰ ਆਪਣੇ ਨਾਲ ਲੈ ਚੱਲਾਂਗੀ।" 'ਲੈ ਚੱਲਾਂਗੀ' ਸੁਣਦਿਆਂ ਹੀ ਕੁਬਜਾਂ ਨੂੰ ਮਾਰ ਦੀ ਸਾਰੀ ਪੀੜ ਭੁੱਲ ਗਈ, ਤੇ ਉਹ ਛੇਤੀ ਨਾਲ ਜਾ ਕੇ ਭੈਣ ਦੇ ਝੁਮਕੇ ਲੈ ਆਈ।
ਇਕ ਤਾਂ ਉਂਝ ਹੀ ਉਹ ਬੜੀ ਫੁਰਤੀਲੀ ਸੀ, ਇਸ ਉਤੇ ਦਾਅਵਤ ਖਾਣ ਦੀ ਖੁਸ਼ੀ! ਉਸ ਨੇ ਝਟਪਟ ਵੱਡੀ ਭੈਣ ਦੇ ਬਟੂਏ ਕੋਲ ਪਈ ਹੋਈ ਸਾਬਣਦਾਨੀ ਚੁੱਕੀ, ਤੇ ਗੁਸਲਖਾਨੇ ਵੱਲ ਦੌੜੀ।
ਵੱਡੀ ਭੈਣ ਨੇ ਕੜਕ ਨੇ ਕਿਹਾ, "ਕੁਬਜਾਂ! ਰੱਖ ਦੇ ਮੇਰੀ ਸਾਬਣਦਾਨੀ।"
ਕੁਬਜਾਂ ਰੁਕੀ ਨਹੀਂ, ਤੇ 'ਹੁਣੇ ਲਿਆਈ' ਕਹਿ ਕੇ ਤੁਰੀ ਗਈ, ਪਰ ਵੱਡੀ ਭੈਣ ਨੇ ਇਕੋ ਛਲਾਂਗ ਮਾਰ ਕੇ ਉਹਦਾ ਰਾਹ ਰੋਕ ਲਿਆ, ਤੇ ਸਾਬਣਦਾਨੀ ਉਸ ਦੇ ਹੱਥੋਂ ਖੋਹ ਕੇ ਬੋਲੀ, "ਕੱਪੜੇ ਧੋਣ ਵਾਲਾ ਸਾਬਣ ਪਿਆ ਹੋਇਆ ਈ, ਉਸ ਨਾਲ ਧੋਂਦਿਆਂ ਕਿਤੇ ਮੂੰਹ ਤੇਰਾ ਛਿਲਿਆ ਤੇ ਨਹੀਂ ਚੱਲਿਆ।"
ਵੱਡੀ ਭੈਣ ਦੇ ਸਾਹਮਣੇ ਕੁਬਜਾਂ ਵਿਚਾਰੀ ਦੀ ਜ਼ਬਾਨ ਤੇ ਨਾ ਖੁੱਲ੍ਹੀ, ਪਰ ਦਿਲ ਵਿਚ ਉਹ ਜ਼ਰੂਰ ਕਹਿੰਦੀ ਹੋਵੇਗੀ, "ਕੱਪੜੇ ਧੋਣ ਵਾਲੇ ਸਾਬਣ ਨਾਲ ਮੂੰਹ ਧੋਵਾਂ? ਕਿਉਂ, ਤੁਹਾਨੂੰ ਆਪਣੇ ਰੰਗ ਰੂਪ ਦਾ ਇਤਨਾ ਮਾਣ ਹੈ?"
ਸਾਬਣ ਹੱਥੋਂ ਖੁੱਸਦਿਆਂ ਹੀ ਕੁਬਜਾਂ ਦਾ ਉਤਸ਼ਾਹ ਜਾਂਦਾ ਰਿਹਾ, ਤੇ ਮੂੰਹ ਫੁਲਾ ਕੇ ਇਕ ਨੁੱਕਰੇ ਜਾ ਬੈਠੀ। ਦਾਅਵਤ ਦੇ ਜਾਣ ਦਾ ਜਿਵੇਂ ਉਸ ਨੇ ਇਰਾਦਾ ਹੀ ਛੱਡ ਦਿੱਤਾ, ਪਰ ਮੇਰੇ ਦਿਲ ਨੂੰ ਕਰੜੀ ਚੋਟ ਲੱਗੀ। ਮੇਰੀ ਖਾਹਿਸ਼ ਤਾਂ ਇੱਥੋਂ ਤੱਕ ਸੀ ਕਿ ਵੱਡੀਆਂ ਭੈਣਾਂ ਅਤੇ ਮਾਂ, ਉਸ ਨੂੰ ਮਨਾ-ਮਨੂ ਕੇ ਪਿਆਰ-ਪੁਚਕਾਰ ਕੇ ਨਾਲ ਲੈ ਚੱਲਣ, ਪਰ ਜਦ ਕੁਬਜਾਂ ਵੱਲ ਧਿਆਨ ਦਿੱਤੇ ਬਿਨਾਂ ਹੀ ਸਾਰੇ ਜਣੇ ਸਜ-ਸਜਾ ਕੇ ਤਿਆਰ ਹੋ ਕੇ ਖੜੋਤੇ, ਤਾਂ ਮੈਂ ਮਾਂ ਨੂੰ ਪੁੱਛਿਆ, "ਕਿਉਂ ਮਾਂ ਜੀ, ਕੁਬਜਾਂ ਸਾਡੇ ਨਾਲ ਨਹੀਂ ਜਾਏਗੀ?" ਪਰ ਮੇਰੇ ਸਵਾਲ ਦਾ ਕਿਸੇ ਨੇ ਕੋਈ ਜਵਾਬ ਨਾ ਦਿੱਤਾ, ਤੇ ਸਾਰੇ ਵਾਰੋ-ਵਾਰੀ ਪੌੜੀਆਂ ਉਤਰਨ ਲੱਗੇ।

---
ਟਿੱਕੇ (ਭਾਈ ਦੂਜ) ਦਾ ਤਿਉਹਾਰ ਸੀ, ਤੇ ਮੈਂ ਸਾਂ ਚਹੁੰ ਭੈਣਾਂ ਦਾ ਇਕੋ-ਇਕ ਵੀਰ। ਸਵੇਰੇ ਉਠਦਿਆਂ ਹੀ ਘਰ ਵਿਚ ਟਿੱਕੇ ਦੀ ਤਿਆਰੀ ਸ਼ੁਰੂ ਹੋ ਗਈ। ਮੈਂ ਅੱਜ ਬੜਾ ਖੁਸ਼ ਸਾਂ, ਕਿਉਂਕਿ ਇਹ ਅੱਜ ਦੀ ਸਾਰੀ ਚਹਿਲ-ਪਹਿਲ ਕੇਵਲ ਮੇਰੀ ਹੀ ਖ਼ਾਤਰ ਸੀ।
ਸਭ ਤੋਂ ਪਹਿਲਾਂ ਮੈਨੂੰ ਇਸ਼ਨਾਨ ਕਰਾਇਆ ਜਾਣ ਲੱਗਾ ਜਿਸ ਉਤੇ ਸਾਰੀਆਂ ਭੈਣਾਂ ਆਪੋਆਪਣੀ ਸੁਚੱਜਤਾ ਦਰਸਾਉਣ ਦੀ ਕੋਸ਼ਿਸ਼ ਕਰਨ ਲੱਗੀਆਂ। ਕੋਈ ਮੇਰੇ ਪੈਰ ਰਗੜ ਕੇ ਸਾਫ਼ ਕਰਦੀ, ਕੋਈ ਪਿੰਡੇ 'ਤੇ ਵਟਣਾ ਮਲਣ ਲੱਗੀ, ਤੇ ਇਸ ਸਭ ਕਾਸੇ ਵਿਚ ਇਕ ਗੱਲ ਮੈਨੂੰ ਬੜੀ ਖਟਕ ਰਹੀ ਸੀ- ਇਹ ਸੀ ਵਿਚਾਰੀ ਕੁਬਜਾਂ ਦੀ ਤਰਸਯੋਗ ਹਾਲਤ। ਉਸ ਦੀ ਵੀ ਚਾਹ ਸੀ ਕਿ ਆਪਣੀਆਂ ਭੈਣਾਂ ਵਾਂਗ ਮੇਰਾ ਕੋਈ ਨਾ ਕੋਈ ਕੰਮ ਕਰੇ। ਉਹ ਵੀ ਤਾਂ ਆਪਣੇ ਵੀਰ ਦੀ ਭੈਣ ਸੀ, ਪਰ ਜਿਉਂ ਹੀ ਉਹ ਕਿਸੇ ਕੰਮ ਵੱਲ ਹੱਥ ਵਧਾਉਣ ਲੱਗਦੀ, ਅਗਲਵਾਂਢੇ ਹੀ ਦੂਜੀਆਂ ਭੈਣਾਂ ਉਸ ਕੰਮ ਨੂੰ ਸਾਂਭ ਲੈਂਦੀਆਂ। ਵਿਚਾਰੀ ਕੁਬਜਾਂ ਮੂੰਹ ਤੱਕਦੀ ਰਹਿ ਜਾਂਦੀ, ਤੇ ਫੇਰ ਮੂੰਹ ਫੁਲਾ ਕੇ ਦੂਰ ਜਾ ਖਲੋਂਦੀ।
ਮੈਂ ਚਾਹੁੰਦਾ ਸਾਂ, ਉਹ ਵੀ ਮੇਰੀ ਖਾਤਰ ਕੁਝ ਕਰੇ, ਤੇ ਇਸੇ ਖਿਆਲ ਨਾਲ ਮੈਂ ਪਾਣੀ ਗਰਮ ਕਰਨ ਦੀ ਡਿਊਟੀ ਉਸ ਦੇ ਜ਼ਿੰਮੇ ਲਾਈ, ਪਰ ਇਸ ਵਿਚ ਵੀ ਵਿਚਾਰੀ ਨੂੰ ਨਿਰਾਦਰ ਹੀ ਪੱਲੇ ਪਿਆ। ਗਲਤੀ ਮੇਰੀ ਹੀ ਸੀ ਜਿਸ ਨੇ ਇਤਨਾ ਵੀ ਨਾ ਸੋਚਿਆ ਕਿ ਅੰਞਾਣੀ ਬਾਲੜੀ ਪਾਸੋਂ ਅੱਗ ਕੀਕਣ ਬਲੇਗੀ। ਸੋ, ਉਹੀ ਗੱਲ ਹੋਈ। ਆਪਣੀ ਵੱਲੋਂ ਕੁਬਜਾਂ ਨੇ ਬਥੇਰੀ ਕੋਸ਼ਿਸ਼ ਕੀਤੀ, ਪਰ ਫਿਰ ਵੀ ਧੂੰਏਂ ਨਾਲ ਸਾਰਾ ਘਰ ਭਰ ਗਿਆ। ਜਿਸ ਦੇ ਨਤੀਜੇ ਵਜੋਂ ਇਧਰ ਤਾਂ ਮਾਂ ਨੇ ਦੋ ਕੁ ਥੱਪੜ ਜੜ ਦਿੱਤੇ, ਤੇ ਉਧਰ ਭੈਣਾਂ ਨੇ ਤਨੋੜੇ ਕੱਸਣੇ ਸ਼ੁਰੂ ਕੀਤੇ, "ਆਈ ਏ ਵੱਡੀ ਦਾਨੀ...ਜਿਕਣ ਹੁਣੇ ਅੱਗ ਬਾਲ ਲਵੇਗੀ...ਰੋਂਦੀ ਸੁਚੱਜਾਂ ਨੂੰ...।"
ਮੁੱਕਦੀ ਗੱਲ, ਅੱਜ ਸਵੇਰੇ ਤੋਂ ਸ਼ਾਮ ਤੱਕ ਵਿਚਾਰੀ ਨਾਲ ਇਹੋ ਕੁਝ ਹੁੰਦਾ ਰਿਹਾ। ਤਿੰਨੇ ਭੈਣਾਂ ਜਿਵੇਂ ਹੱਥ ਧੋ ਕੇ ਅੱਜ ਮੇਰੇ, ਤੇ ਉਸ ਦੇ ਪਿੱਛੇ ਪਈਆਂ ਹੋਈਆਂ ਸਨ। ਮੈਨੂੰ ਤਾਂ ਛੱਡਣ ਦਾ ਨਾਂ ਹੀ ਨਹੀਂ ਸਨ ਲੈਂਦੀਆਂ, ਤੇ ਉਸ ਨੂੰ ਮੇਰੇ ਨੇੜੇ ਨਹੀਂ ਸਨ ਫਟਕਣ ਦਿੰਦੀਆਂ।
ਸ਼ਾਮ ਨੂੰ ਜਦ ਬਾਊ ਜੀ ਘਰ ਆਏ, ਤਾਂ ਕੁਬਜਾਂ ਉਠ ਕੇ ਵਿਹੜੇ ਵਿਚ ਜਾ ਖੜੋਤੀ।
ਮੈਂ, ਬਾਊ ਜੀ ਤੇ ਮਾਂ ਜੀ, ਅਸੀਂ ਤਿੰਨੇ ਬੈਠਕ ਵਿਚ ਬੈਠ ਕੇ ਸਭਨਾਂ ਚੀਜ਼ਾਂ ਦੇ ਹਿੱਸੇ ਕਰ ਰਹੇ ਸਾਂ, ਜਿਹੜੀਆਂ ਭੈਣਾਂ ਨੂੰ ਮੇਰੀ ਆਰਤੀ ਉਤਾਰਨ ਵੇਲੇ ਮਿਲਣੀਆਂ ਸਨ। (ਮਹਾਂਰਾਸ਼ਟਰ ਵਿਚ ਟਿੱਕੇ ਦੀ ਰਸਮ ਰਾਤ ਨੂੰ ਹੁੰਦੀ ਹੈ, ਤੇ ਭੈਣਾਂ ਆਪਣੇ ਭਰਾ ਦੀ ਆਰਤੀ ਉਤਾਰਦੀਆਂ ਹਨ)। ਬਾਊ ਜੀ ਨੇ ਤਿੰਨ ਵਧੀਆ ਸਾੜ੍ਹੀਆਂ ਮੈਨੂੰ ਫੜਾ ਕੇ ਕਿਹਾ, "ਤਿੰਨਾਂ ਵੱਡੀਆਂ ਭੈਣਾਂ ਨੂੰ ਇਕ-ਇਕ ਦੇ ਦਈਂ।"
ਮੇਰੇ ਦਿਲ ਨੂੰ ਬੜਾ ਦੁੱਖ ਹੋਇਆ ਕਿ ਕੁਬਜਾਂ ਨੂੰ ਦੇਣ ਲਈ ਉਥੇ ਕੁਝ ਵੀ ਨਹੀਂ ਸੀ। ਕੀ ਅੱਜ ਬਾਊ ਜੀ ਵੀ ਕੁਬਜਾਂ ਨੂੰ ਭੁੱਲ ਗਏ?
ਇਸੇ ਵੇਲੇ ਬਾਊ ਜੀ ਦੇ ਦਫ਼ਤਰ ਦਾ ਚਪੜਾਸੀ ਛੋਟਾ ਜਿਹਾ ਬੰਡਲ ਲੈ ਕੇ ਆ ਪਹੁੰਚਿਆ। ਬੰਡਲ ਖੋਲ੍ਹਦਿਆਂ ਪਿਤਾ ਜੀ ਨੇ ਮੈਨੂੰ ਪੁੱਛਿਆ, "...ਤੇ ਰਮੇਸ਼! ਇਹ ਕਿਸ ਨੂੰ ਦਿੱਤਾ ਜਾਏਗਾ?" ਖੁਸ਼ੀ ਨਾਲ ਮੇਰਾ ਦਿਲ ਨੱਚ ਉਠਿਆ, "ਕੁਬਜਾਂ ਨੂੰ। ਕਿਉਂ ਬਾਊ ਜੀ, ਠੀਕ ਏ ਨਾ ਮੇਰਾ ਖ਼ਿਆਲ?"
ਬਾਊ ਜੀ ਕੁਝ ਗੰਭੀਰ ਹੋ ਗਏ। ਕੁਝ ਚਿਰ ਮੇਰੇ ਵੱਲ ਤੱਕਦੇ ਰਹੇ, ਫਿਰ ਬੋਲੇ, "ਰਮੇਸ਼! ਤੂੰ ਵੀ ਹੋਰਾਂ ਵਾਂਗ ਉਸ ਵਿਚਾਰੀ ਨੂੰ ਕੁਬਜਾਂ ਕਹਿਣ ਲੱਗ ਪਿਆ ਏਂ?"
"ਭੁੱਲ ਗਿਆ ਬਾਊ ਜੀ।" ਮੈਂ ਖੁਸ਼ੀ ਨਾਲ ਗਦ-ਗਦ ਹੋ ਕੇ ਕਿਹਾ, "ਨਿੱਕੀ ਵੇਣੀ ਨੂੰ।"
ਗੁਲਾਬੀ ਰੰਗ ਦੀ ਖਾਲਸ ਰੇਸ਼ਮੀ ਸਾੜ੍ਹੀ ਸੀ ਇਹ, ਪਰ ਮਾਂ ਨੂੰ ਸ਼ਾਇਦ ਬਾਊ ਜੀ ਦੀ ਚੋਣ ਪਸੰਦ ਨਾ ਆਈ। ਉਹ ਬੋਲੀ, "ਏਡੀ ਵਧੀਆ ਸਾੜ੍ਹੀ ਸਿਰ ਮਾਰਨੀ ਏਂ ਉਹਨੇ? ਦੁੰਹ ਦਿਨਾਂ ਵਿਚ ਨਾਸ ਮਾਰ ਛੱਡੇਗੀ।"
ਬਾਊ ਜੀ ਸ਼ਾਂਤ ਭਾਵ ਵਿਚ ਬੋਲੇ, "ਕੋਈ ਗੱਲ ਨਹੀਂ।" ਇਸ ਉਤੇ ਮਾਂ ਨੇ ਇਕ ਹੋਰ ਢੁੱਚਰ ਡਾਹੀ, "ਤੇ ਵੱਡੀਆਂ ਨਾ ਚੀਕਣਗੀਆਂ?"
ਮੈਂ ਵਧੀਆ ਕੱਪੜਿਆਂ ਵਿਚ ਸਜ ਕੇ ਚੌਕੀ 'ਤੇ ਬੈਠ ਗਿਆ। ਕੁਬਜਾਂ ਨੂੰ ਜੋ ਕੁਝ ਦੇਣਾ ਸੀ, ਉਹ ਸਭ ਮੈਂ ਇਸੇ ਚੌਕੀ ਥੱਲੇ ਲੁਕਾਇਆ ਹੋਇਆ ਸੀ। ਕੁਬਜਾਂ ਪਰਲੇ ਬਰਾਂਡੇ ਵਿਚ ਡੱਡੋਲਿੱਕੀ ਜਿਹੀ ਖੜ੍ਹੀ ਸੀ। ਉਸ ਨੂੰ ਪਤਾ ਸੀ ਕਿ ਸਵੇਰ ਤੋਂ ਜਿਹੜੀਆਂ ਤਿੰਨੇ ਉਸ ਦਾ ਨਿਰਾਦਰ ਕਰ ਰਹੀਆਂ ਹਨ, ਉਨ੍ਹਾਂ ਨੇ ਹੁਣ ਕਦੋਂ ਘੱਟ ਗੁਜ਼ਾਰਨੀ ਹੈ! ਵੱਡੀਆਂ ਭੈਣਾਂ ਨੇ ਅੱਜ ਸਾਰੀ ਦਿਹਾੜੀ ਇਹੋ ਮੁਹਾਰਨੀ ਛੋਹੀ ਰੱਖੀ ਸੀ, "ਰਮੇਸ਼! ਮੈਨੂੰ ਅਹੁ ਚੀਜ਼ ਦਈਂ...ਮੈਂ ਨਿਰੀ ਸਾੜ੍ਹੀ ਨਹੀਓਂ ਲੈਣੀ...ਮੇਰੇ ਮੇਚੇ ਦੀਆਂ ਵੰਗਾਂ ਵੀ...।" ਪਰ ਮੇਰੀ ਨੰਨ੍ਹੀ ਵੇਣੂ (ਕੁਬਜਾਂ) ਸ਼ਾਇਦ ਇਹੀ ਸੁੱਖਣਾ ਸੁੱਖਦੀ ਰਹੀ ਸੀ ਕਿ ਵੀਰ ਦੀ ਆਰਤੀ ਉਤਾਰਨ ਵੇਲੇ ਉਸ ਨੂੰ ਕੁਝ ਨਾ ਕਿਹਾ ਜਾਵੇ।
ਆਰਤੀ ਦਾ ਵੇਲਾ ਹੋ ਗਿਆ। ਤਿੰਨੇ ਭੈਣਾਂ ਛਣਕਦੀਆਂ-ਮਣਕਦੀਆਂ ਆਈਆਂ, ਤੇ ਵਾਰੋਵਾਰੀ ਮੇਰੀ ਆਰਤੀ ਉਤਾਰਨ ਲੱਗੀਆਂ। ਤਿੰਨਾਂ ਨੇ ਹੀ ਆਰਤੀ ਉਤਾਰ ਕੇ ਮੈਨੂੰ ਟਿੱਕਾ ਲਾਇਆ, ਤੇ ਫਿਰ ਆਪੋ-ਆਪਣੀ ਸਾੜ੍ਹੀ, ਗਜਰਿਆਂ ਦੀ ਇਕ-ਇਕ ਜੋੜੀ, ਤੇ ਉਤੇ ਪੰਜ-ਪੰਜ ਰੁਪਏ ਰੋਕੜ ਲੈ ਕੇ ਲਾਂਭੇ ਹੋਈਆਂ। ਵਿਚਾਰੀ ਕੁਬਜਾਂ ਨੂੰ ਜਦ ਕਿਸੇ ਨਾ ਸੱਦਿਆ, ਤਾਂ ਮੈਂ ਹੀ ਉਸ ਨੂੰ ਪੁਕਾਰਿਆ, "ਵੇਣੂ! ਤੂੰ ਵੀ।"
ਆਰਤੀ ਕਰਨ ਵੇਲੇ ਕੁਬਜਾਂ ਦੀਆਂ ਪਤਲੀਆਂ ਸਾਂਵਲੀਆਂ ਬਾਹਾਂ ਕੰਬ ਰਹੀਆਂ ਸਨ। ਫਿਰ ਉਸ ਨੇ ਕੇਸਰ ਵਾਲੀ ਕਟੋਰੀ ਵਿਚੋਂ ਅੰਗੂਠਾ ਡੋਬ ਕੇ ਮੈਨੂੰ ਤਿਲਕ ਲਾਇਆ। ਇਸੇ ਵੇਲੇ ਮੈਂ ਚੌਕੀ ਹੇਠੋਂ ਉਹ ਝੰਮ-ਝੰਮ ਕਰਦੀ ਗੁਲਾਬੀ ਸਾੜ੍ਹੀ ਕੱਢੀ ਜਿਸ ਉਤੇ ਵਧੀਆ ਗਜਰਿਆਂ ਦੀ ਜੋੜੀ, ਤੇ ਪੰਜਾਂ ਰੁਪਿਆਂ ਦਾ ਨੋਟ ਰੱਖਿਆ ਹੋਇਆ ਸੀ, ਤੇ ਥਾਲੀ ਵਿਚ ਰੱਖ ਦਿੱਤੀ।
ਜਦ ਇਨ੍ਹਾਂ ਚੀਜ਼ਾਂ ਵੱਲ ਕੁਬਜਾਂ ਦੀ ਨਜ਼ਰ ਪਈ, ਤਾਂ ਉਹ ਹੱਕੀ-ਬੱਕੀ ਰਹਿ ਗਈ। ਉਹਦੇ ਚਿਹਰੇ ਦੇ ਭਾਵ ਜਿਵੇਂ ਮੈਥੋਂ ਪੁੱਛ ਰਹੇ ਸਨ, "ਕੀ ਇਹ ਸਭ ਚੀਜ਼ਾਂ ਮੇਰੇ ਲਈ ਨੇ?"
ਤੇ ਇਹ ਚੀਜ਼ਾਂ ਥਾਲੀ 'ਚੋਂ ਚੁੱਕਣ ਵੇਲੇ ਉਸ ਦੇ ਹੱਥ ਹੋਰ ਵਧੇਰੇ ਕੰਬਣ ਲੱਗੇ, ਮਾਨੋ ਉਹ ਪੁੱਛ ਰਹੀ ਸੀ, "ਕੀ ਵੀਰ ਮੈਂ ਤੈਨੂੰ ਇਤਨੀ ਪਿਆਰੀ ਹਾਂ?

---
ਉਸੇ ਰਾਤ ਦਾ ਜ਼ਿਕਰ ਹੈ, ਅਸੀਂ ਸਾਰੇ ਜਣੇ ਘਰ ਦੀ ਉਪਰਲੀ ਛੱਤ 'ਤੇ ਬੈਠੇ ਤਾਸ਼ ਖੇਡ ਰਹੇ ਸਾਂ। ਤਿਉਹਾਰ ਦੀ ਰਾਤ ਸੀ। ਮੇਰੀਆਂ ਸਾਰੀਆਂ ਭੈਣਾਂ ਨਵੇਂ-ਨਵੇਂ ਕੱਪੜਿਆਂ ਵਿਚ ਸਜੀਆਂ ਬੈਠੀਆਂ ਸਨ। ਜਿਉਂ ਹੀ ਸਭ ਤੋਂ ਵੱਡੀ ਭੈਣ ਦੀ ਸਾੜ੍ਹੀ 'ਤੇ ਮੇਰੀ ਨਜ਼ਰ ਪਈ, ਗੁੱਸੇ ਨਾਲ ਮੇਰਾ ਦਿਲ ਧੱਕ-ਧੱਕ ਕਰਨ ਲੱਗ ਪਿਆ, "ਇਹ ਤਾਂ ਮੈਂ ਕੁਬਜਾਂ ਨੂੰ ਦਿੱਤੀ ਸੀ, ਉਹੀ ਗੁਲਾਬੀ ਸਾੜ੍ਹੀ।"
ਖੇਡ ਦਾ ਸੁਆਦ ਜਾਂਦਾ ਰਿਹਾ। ਉਪਰੋਥਲੀ ਮੈਂ ਕਈ ਬਾਜ਼ੀਆਂ ਹਾਰ ਗਿਆ। ਵੱਡੀ ਭੈਣ ਜਿਹੜੀ ਖੇਡ ਵਿਚ ਮੇਰੀ ਜੋਟੀਦਾਰ ਸੀ, ਖਿਝ ਕੇ ਬੋਲੀ, "ਰਮੇਸ਼! ਤੇਰਾ ਧਿਆਨ ਕਿਥੇ ਐ। ਇਤਨੇ ਪੱਤੇ ਹੁੰਦਿਆਂ ਤੂੰ ਇਹ ਬਾਜ਼ੀ ਵੀ ਹਾਰ ਦਿੱਤੀ।"
"ਮੇਰੇ ਸਿਰ ਪੀੜ ਹੋ ਰਹੀ ਏ ਭੈਣ।" ਕਹਿ ਕੇ ਮੈਂ ਸੌਣ ਦੇ ਪੱਜ ਉਠ ਖੜੋਤਾ, ਤੇ ਉਹ ਤਿੰਨੇ ਮੇਰੀ ਥਾਂਵੇਂ ਇਕ ਹੋਰ ਕੁੜੀ ਨੂੰ ਬਿਠਾ ਕੇ ਖੇਡੀ ਗਈਆਂ।
ਕਾਹਲੇ-ਕਾਹਲੇ ਕਦਮੀਂ ਮੈਂ ਹੇਠਾਂ ਉਤਰਿਆ। ਮੈਨੂੰ ਪਤਾ ਸੀ, ਕੁਬਜਾਂ ਇਸ ਵੇਲੇ ਕਿਥੇ ਹੋਵੇਗੀ- ਭਾਂਡਿਆਂ ਦੇ ਢੇਰ ਵਿਚਾਲੇ।
"ਕਿਉਂ ਵੇਣੀ... ", ਪਿਆਰ ਭਰੇ ਦਾਬੇ ਨਾਲ ਮੈਂ ਭਾਂਡੇ ਮਾਂਜਦੀ ਨੂੰ ਪੁੱਛਿਆ, "ਉਹ ਸਾੜ੍ਹੀ ਕਿਥੇ ਈ?"
"ਕਿਹੜੀ ਵੀਰ?... ਜਿਹੜੀ ਤੂੰ ਦਿੱਤੀ ਸੀ?"
"ਆਹੋ... ਉਹੋ।"
"ਉਹ ਤਾਂ ਮੈਂ ਵੱਡੀ ਭੈਣ ਨੂੰ ਦੇ ਛੱਡੀ ਏ।"
"ਪਰ ਕਿਉਂ?"
"ਉਹ ਜੁ ਕਹਿੰਦੀ ਸੀ।"
"ਕੀ ਕਹਿੰਦੀ ਸੀ...?"
"ਕਹਿੰਦੀ ਸੀ, ਕਾਲੇ ਰੰਗ ਉਤੇ ਗੁਲਾਬੀ ਸਾੜ੍ਹੀ ਭੈੜੀ ਲਗਦੀ ਏ।"
"ਫੋਟ ਝੱਲੀ ਨਾ ਹੋਵੇ ਤੇ! ਫਿਰ ਤੂੰ ਉਹਨੂੰ ਕਿਉਂ ਦੇ ਦਿੱਤੀ?"
"ਉਸ ਨੇ ਮੇਰਾ ਮੂੰਹ ਜੁ ਚੁੰਮਿਆ ਸੀ।"
ਤੇ ਮੈਂ ਵੇਖਿਆ, ਕੁਬਜਾਂ ਦੇ ਚਿਹਰੇ ਉਤੇ ਰੰਜ ਜਾਂ ਪ੍ਰਛਾਵੇ ਦੀ ਥਾਂ ਖੁਸ਼ੀ ਤੇ ਉਮੰਗ ਦੀਆਂ ਰੇਖਾਵਾਂ ਉਘੜਦੀਆਂ ਆਉਂਦੀਆਂ ਸਨ।
ਮੈਂ ਉਹਨੂੰ ਹੋਰ ਕੁਝ ਨਾ ਆਖ ਸਕਿਆ। ਕੇਵਲ ਆਪਣੇ ਦਿਲ ਵਿਚ ਸੋਚ ਰਿਹਾ ਸਾਂ, 'ਸੌਦਾ ਕਿਸ ਨੂੰ ਸਸਤਾ ਪਿਆ? ਇਕ ਪਾਸੇ ਵੱਡੀ ਭੈਣ ਨੂੰ ਵਧੀਆ ਸਾੜ੍ਹੀ ਬਦਲੇ ਅਣਭਾਉਂਦੇ ਹੋਂਠ ਚੁੰਮਣੇ ਪਏ, ਤੇ ਦੂਜੇ ਪਾਸੇ ਨਿੱਕੀ ਨੂੰ ਸਾੜ੍ਹੀ ਬਦਲੇ ਕਿਸੇ ਦਾ, ਸੱਚਾ ਕਿ ਝੂਠਾ, ਚੁੰਮਣ ਮਿਲਿਆ।'
ਅਖ਼ੀਰ ਮੈਂ ਇਸ ਨਤੀਜੇ 'ਤੇ ਪੁੱਜਾ ਕਿ ਨਿਸ਼ਚੇ ਹੀ ਕੁਬਜਾਂ ਲਈ ਇਹ ਸੌਦਾ ਨਫ਼ੇਵੰਦਾ ਸੀ। ਵੱਡੀ ਭੈਣ ਨੂੰ ਸਾੜ੍ਹੀਆਂ ਦੀ ਘਾਟ ਕੋਈ ਨਹੀਂ, ਪਰ ਵਿਚਾਰੀ ਕੁਬਜਾਂ! ਇਕ ਸਹਿਕਵਾਂ ਚੁੰਮਣ ਉਸ ਲਈ ਸ਼ਾਇਦ ਇਤਨਾ ਵਡਮੁੱਲਾ ਸੀ ਜਿਸ ਬਦਲੇ ਇਕ ਛੱਡ, ਅਨੇਕਾਂ ਸਾੜ੍ਹੀਆਂ ਉਹ ਹੱਸਦੀ ਹੱਸਦੀ ਦੇ ਸਕਦੀ ਸੀ।

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਨਾਨਕ ਸਿੰਘ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ