Kurikki Vich Phasi Jaan : Waryam Singh Sandhu

ਕੁੜਿੱਕੀ ਵਿੱਚ ਫਸੀ ਜਾਨ : ਵਰਿਆਮ ਸਿੰਘ ਸੰਧੂ

ਰਾਤ ਦਸ ਕੁ ਵਜੇ ਦਾ ਵਕਤ ਹੋਵੇਗਾ। ਟੀ ਵੀ ਵੇਖਣ ਤੋਂ ਵਿਹਲੇ ਹੋ ਕੇ ਬਾਲ-ਬੱਚੇ ਆਪਣੀ ਮਾਂ ਦੀ ਨਿਗਰਾਨੀ ਅਧੀਨ ਆਪਣਾ ਸਕੂਲ ਦਾ ਕੰਮ ਕਰ ਰਹੇ ਸਨ। ਮੈਂ ਕੋਈ ਕਿਤਾਬ ਪੜ੍ਹ ਰਿਹਾ ਸਾਂ। ਘਰ ਦੀ ਬਾਹਰਲੀ ਕੰਧ ਤੋਂ ਸਾਡੇ ਘਰ ਦੇ ਵਿਹੜੇ ਵਿਚ 'ਦਗੜ ਦਗੜ' ਛਾਲਾਂ ਵੱਜਣ ਦੀ ਆਵਾਜ਼ ਸੁਣੀ। ਸਾਡੇ ਕਲੇਜੇ ਮੁੱਠੀ ਵਿਚ ਆ ਗਏ। ਜਿਹੜੀ ਗੱਲ ਦਾ ਡਰ ਸੀ, ਉਹ ਆਖ਼ਰ ਹੋ ਕੇ ਹੀ ਰਹੀ। ਮੇਰੀ ਇਸ 'ਹੋਣੀ' ਨੂੰ ਮੇਰੇ ਸਹਿਕਰਮੀਆਂ ਅਤੇ ਦੋਸਤਾਂ ਨੇ ਅੰਦਰੋ-ਅੰਦਰ ਪਹਿਲਾਂ ਹੀ ਕਲਪਿਆ ਹੋਇਆ ਸੀ।
"ਤੁਸੀਂ ਉਸ ਦਿਨ ਬਹੁਤ ਵੱਡਾ ਰਿਸਕ ਲਿਆ, ਜ਼ਖ਼ਮੀਆਂ ਦੀ ਮਦਦ ਕਰਕੇ। ਲੋਕ ਤਾਂ ਇਹ ਵੀ ਕਹਿੰਦੇ ਹਨ ਕਿ ਤੁਸੀਂ ਪੁਲਿਸ ਨੂੰ ਫ਼ੋਨ ਕਰਕੇ 'ਸਿੰਘਾਂ' ਨੂੰ ਫੜਵਾਉਣਾ ਚਾਹੁੰਦੇ ਸੀ। ਗੱਲਾਂ ਤਾਂ ਸਭ 'ਉਹਨਾਂ' ਤੱਕ ਪੁੱਜ ਹੀ ਜਾਂਦੀਆਂ ਨੇ। ਆਪਣਾ ਬਚਾ ਰੱਖਿਓ! ਸਾਵਧਾਨ ਰਿਹਾ ਕਰੋ।" ਸਾਡੇ ਸਕੂਲ ਦੇ ਪੀ ਟੀ ਮਾਸਟਰ ਨੇ ਸਲਾਹ ਦਿੱਤੀ।
"ਮੈਂ ਉਹਨਾਂ ਨੂੰ ਫੜਾਉਣ ਲਈ ਨਹੀਂ, ਮੌਕੇ 'ਤੇ ਆ ਕੇ ਹਾਲਾਤ ਨੂੰ ਵੇਖਣ ਅਤੇ ਜ਼ਖ਼ਮੀਆਂ ਨੂੰ ਸਾਂਭਣ ਲਈ ਮਦਦ ਕਰਨ ਵਾਸਤੇ ਪੁਲਿਸ ਨੂੰ ਬੁਲਾਉਣਾ ਚਾਹੁੰਦਾ ਸਾਂ। ਪੁਲਿਸ ਨੇ ਉਹਨਾਂ ਨੂੰ ਕੀ ਫੜ੍ਹਨਾ ਸੀ! ਠਾਣੇਦਾਰ ਤਾਂ ਸਾਨੂੰ ਰਾਹ 'ਚ ਹੀ ਮਿਲਿਆ ਸੀ; ਉਹਨਾਂ ਨੂੰ ਵੇਖ ਕੇ ਲੁਕ ਗਿਆ ਸੀ। ਫੜ੍ਹਨਾ ਪੁਲਿਸ ਨੇ ਆਪਣੀ ਮਾਂ ਦਾ ਸਿਰ ਸੀ!" ਮੈਂ ਸਪਸ਼ਟੀਕਰਨ ਵੀ ਦਿੰਦਾ ਅਤੇ ਆਪਣੇ ਆਪ ਨੂੰ ਤਸੱਲੀ ਵੀ। ਪਰ ਇੱਕ ਡਰ ਸਚਮੁੱਚ ਮੇਰੇ ਧੁਰ ਅੰਦਰ ਵੜ ਕੇ ਬੈਠ ਗਿਆ ਸੀ। ਅਸੀਂ ਦੋਵੇਂ ਜੀਅ ਜਦੋਂ ਕਦੀ ਇਕੱਲੇ ਬੈਠਦੇ ਤਾਂ ਸਾਡੀ ਗੱਲ-ਬਾਤ ਵਿਚ ਇਹ ਡਰ ਅਕਸਰ ਹੀ ਆਣ ਖਲੋਂਦਾ।
ਮੇਰੀ ਪਤਨੀ ਮੈਨੂੰ ਧੀਰਜ ਬੰਨ੍ਹਾਉਂਦੀ, "ਕੋਈ ਨਹੀਂ । ਉਹ ਸੱਚਾ ਪਾਤਸ਼ਾਹ ਤਾਂ ਸਭ ਕੁਝ ਵਿੰਹਦਾ ਏ। ਅਸੀਂ ਕਿਸੇ ਦੁਖੀ ਤੇ ਲੋੜਵੰਦ ਦੀ ਮਦਦ ਹੀ ਕੀਤੀ ਹੈ। ਸਿੱਖੀ ਵਿਚ ਕਿਸੇ ਮਜ਼ਲੂਮ ਦੀ ਜਾਨ ਬਚਾਉਣਾ ਪੁੰਨ ਦਾ ਕੰਮ ਸਮਝਿਆ ਜਾਂਦਾ ਹੈ ਕਿ ਪਾਪ ਦਾ? 'ਸਰਬੱਤ ਦਾ ਭਲਾ' ਮੰਗਣ ਵਾਲਾ ਬਾਬਾ ਨਾਨਕ ਆਪੇ ਸਾਡਾ ਵੀ ਭਲਾ ਕਰੂ।" ਉਹ ਗੁਰੂ ਨਾਨਕ ਦੀ ਤਸਵੀਰ ਵੱਲ ਵੇਖ ਕੇ ਅੱਖਾਂ ਮੁੰਦ ਕੇ ਹੱਥ ਜੋੜ ਲੈਂਦੀ।
ਪਿੰਡ ਵਿਚ ਗੋਲੀ ਚੱਲਣ ਦੀ ਘਟਨਾ ਵਾਪਰੀ ਨੂੰ ਮਹੀਨੇ ਤੋਂ ਉੱਤੇ ਹੋ ਗਿਆ ਸੀ। ਇਸ ਸਮੇਂ ਵਿਚ ਦੇਸ਼ ਅੰਦਰ ਬਹੁਤ ਕੁਝ ਹੋਰ ਵਾਪਰ ਚੁੱਕਾ ਸੀ। ਇੰਦਰਾ ਗਾਂਧੀ ਦਾ ਕਤਲ ਹੋ ਚੁੱਕਾ ਸੀ। ਦਿੱਲੀ ਅਤੇ ਪੰਜਾਬੋਂ ਬਾਹਰਲੇ ਹੋਰ ਸ਼ਹਿਰਾਂ ਵਿਚ ਵੱਸਦੇ ਸਿੱਖਾਂ ਦੇ ਯੋਜਨਾ-ਬੱਧ ਤਰੀਕੇ ਨਾਲ ਹੋਏ ਕਤਲੇਆਮ ਦੇ ਪ੍ਰਤੀਕਰਮ ਵਜੋਂ ਪੰਜਾਬ ਵਿਚ ਅਤੇ ਖ਼ਾਸ ਕਰਕੇ ਪਿੰਡਾਂ ਵਿਚ 'ਹਿੰਦੂਆਂ' ਦੇ ਜਾਨ-ਮਾਲ ਲਈ ਖ਼ਤਰਾ ਹੋਰ ਵੀ ਵਧ ਗਿਆ ਸੀ। ਉਹ ਆਪਣੇ ਆਪ ਨੂੰ ਪਹਿਲਾਂ ਨਾਲੋਂ ਵੀ ਵੱਧ ਅਸੁਰੱਖਿਅਤ ਸਮਝਣ ਲੱਗੇ ਸਨ। ਜਿੱਥੇ ਅੱਤਵਾਦ ਦੀਆਂ ਘਟਨਾਵਾਂ ਵਧ ਰਹੀਆਂ ਸਨ, ਉਥੇ ਪੁਲਿਸ ਅਤੇ ਸੁਰੱਖਿਆ ਦਸਤਿਆਂ ਵੱਲੋਂ ਵੀ ਸ਼ਿਕੰਜਾ, ਹੋਰ, ਕੱਸਿਆ ਜਾ ਰਿਹਾ ਸੀ।

ਕੰਧ ਉਤੋਂ ਛਾਲਾਂ ਮਾਰ ਕੇ ਆਉਣ ਵਾਲਿਆਂ ਨੇ, ਜਿਸ ਕਮਰੇ ਵਿਚ ਅਸੀਂ ਬੈਠੇ ਹੋਏ ਸਾਂ, ਉਸਦਾ ਵੱਖੀ ਵਾਲਾ ਦਰਵਾਜ਼ਾ ਠਕੋਰਿਆ। ਅਸੀਂ ਦੋਹਾਂ ਜੀਆਂ ਨੇ ਇੱਕ ਦੂਜੇ ਦੇ ਮੂੰਹ ਵੱਲ ਵੇਖਿਆ। ਸੋਚਿਆ; ਸ਼ਾਇਦ ਇਹ ਇੱਕ ਦੂਜੇ ਦੇ ਅੰਤਮ ਦੀਦਾਰੇ ਹਨ। ਦਰਵਾਜ਼ਾ ਦੂਜੀ ਵਾਰੀ ਖੜਕਿਆ। ਮੈਨੂੰ ਛੇਤੀ ਨਾਲ ਬਾਹੋਂ ਫੜ੍ਹ ਕੇ ਆਪਣੇ ਪਿੱਛੇ ਕਰਦਿਆਂ ਪਤਨੀ ਨੇ ਹੌਂਸਲਾ ਕਰਕੇ ਦਰਵਾਜ਼ੇ ਦੀ ਚਿਟਕਣੀ ਖੋਲ੍ਹ ਦਿੱਤੀ। ਉਹ 'ਪਹਿਲਾ ਵਾਰ' ਆਪਣੇ ਉੱਤੇ ਝੱਲਣ ਲਈ ਤਿਆਰ ਸੀ!
ਸਾਹਮਣੇ ਦਰਵਾਜ਼ੇ ਵਿਚ ਖ਼ਾਕੀ ਵਰਦੀ ਵਿਚ ਕੱਸਿਆ, ਦਰਮਿਆਨੇ ਕੱਦ ਦਾ ਆਦਮੀ ਜਿਸ ਦੇ ਮੋਢੇ ਉੱਤੇ ਸਟਾਰ ਅਤੇ ਫ਼ੀਤੀ ਚਮਕ ਰਹੇ ਸਨ; ਹੱਥ ਵਿਚ ਰੀਵਾਲਵਰ ਲਈ ਖਲੋਤਾ ਸੀ। ਉਹਦੇ ਪਿੱਛੇ ਹਵਾਲਦਾਰ ਦੀ ਵਰਦੀ ਪਹਿਨੇ ਆਦਮੀ ਨੇ ਹੱਥ ਵਿਚ ਫੜ੍ਹੀ ਰਾਈਫ਼ਲ ਮੇਰੇ ਵੱਲ ਤਾਣੀ ਹੋਈ ਸੀ। ਉਹਦੇ ਪਿੱਛੇ ਹੋਰ ਦੋ ਜਣੇ ਪੁਲਿਸ ਵਰਦੀ ਵਿਚ ਸਨ।
'ਤਾਂ ਇਹ 'ਸਿੰਘ' ਪੁਲਿਸ ਵਰਦੀ ਵਿਚ ਆਣ ਧਮਕੇ ਸਨ!'
ਮੈਂ ਮਨ ਹੀ ਮਨ ਅਨੁਮਾਨ ਲਾਇਆ।
"ਆ ਜਾਹ, ਨਿਕਲ ਆ ਬਾਹਰ । ਕਿੱਥੇ ਜਾਏਂਗਾ ਬਚ ਕੇ ਹੁਣ?" ਹਵਾਲਦਾਰ ਨੇ ਲਲਕਾਰਾ ਮਾਰਿਆ।
ਮੈਂ ਹੱਥ ਨਾਲ ਫੜ੍ਹ ਕੇ ਪਤਨੀ ਨੂੰ ਪਿੱਛੇ ਕੀਤਾ ਅਤੇ ਥਾਣੇਦਾਰ ਨੂੰ ਪੁੱਛਿਆ, "ਕੋਈ ਕਾਰਨ ਵੀ ਤਾਂ ਦੱਸੋ।"
ਮੈਂ ਜਾਣਨਾ ਚਾਹੁੰਦਾ ਸਾਂ ਕਿ ਇਹ ਸਚਮੁਚ ਪੁਲਿਸ ਵਾਲੇ ਸਨ ਜਾਂ ਪੁਲਿਸ ਦੀ ਵਰਦੀ ਵਿਚ ਤਥਾ-ਕਥਿਤ ਖਾੜਕੂ!
ਉਂਜ ਮੇਰੇ ਲਈ 'ਪੈਂਦੇ ਸੌਵਾਂ, ਸਿਰਹਾਣੇ ਸੌਵਾਂ' ਵਾਲੀ 'ਇੱਕੋ ਗੱਲ' ਹੀ ਸੀ।' 'ਖਾੜਕੂਆਂ'ਦਾ ਡਰ ਤਾਂ ਸੀ ਹੀ, ਪਰ ਪੁਲਿਸ ਵੀ ਕਿਹੜੀ ਘੱਟ ਕਰ ਰਹੀ ਸੀ! 'ਬਲੂ ਸਟਾਰ ਓਪਰੇਸ਼ਨ' ਤੋਂ ਪਿੱਛੋਂ ਇਹ 'ਓਪਰੇਸ਼ਨ ਵੁੱਡ-ਰੋਜ਼' ਵਾਲੇ ਦਿਨ ਸਨ। ਸਰਕਾਰ ਨੇ ਭਾਰਤੀ ਫੌਜ ਅਤੇ ਪੈਰਾ-ਮਿਲਟਰੀ ਫੋਰਸਿਜ਼ ਨੂੰ 'ਅੱਤਵਾਦ' ਕੁਚਲਣ ਲਈ ਲਗਭਗ 'ਮਾਰਸ਼ਲ-ਲਾਅ' ਵਾਲੇ ਅਧਿਕਾਰ ਦਿੱਤੇ ਹੋਏ ਸਨ; ਜਿਨ੍ਹਾਂ ਅਧੀਨ ਪਿੰਡਾਂ ਵਿਚੋਂ 'ਅੱਤਵਾਦੀਆਂ'ਨੂੰ ਚੁਣ ਚੁਣ ਕੇ ਲੱਭਣਾ ਅਤੇ ਕਾਬੂ ਕਰਨਾ ਸ਼ਾਮਲ ਸੀ। ਸਿੱਖ ਧਰਮ ਅਤੇ ਸਭਿਆਚਾਰ ਬਾਰੇ ਅਣਜਾਣਪੁਣੇ ਕਾਰਨ, ਇਹ ਫੋਰਸਾਂ, ਹਰੇਕ ਅੰਮ੍ਰਿਤਧਾਰੀ ਅਤੇ ਖੁੱਲ੍ਹੇ ਦਾੜ੍ਹੇ ਵਾਲੇ ਆਦਮੀ ਦੇ 'ਅੱਤਵਾਦੀ' ਹੋਣ ਦੇ ਭਰਮ ਦਾ ਸ਼ਿਕਾਰ ਸਨ। ਇਸ ਭੁਲੇਖੇ ਕਾਰਨ ਅਤੇ ਕਈ ਵਾਰ ਜਾਣ ਬੁੱਝ ਕੇ ਵੀ ਅਜਿਹੇ ਲੋਕਾਂ ਨੂੰ ਤੰਗ ਕੀਤਾ ਜਾਂਦਾ, ਜਿੰਨ੍ਹਾਂ ਦਾ ਬਿਲਕੁਲ ਕੋਈ ਕਸੂਰ ਨਾ ਹੁੰਦਾ। ਕਈ ਛੋਟੇ 'ਗੁਨਾਹਾਂ' ਵਾਲਿਆਂ ਨੂੰ ਵੱਡੇ ਤਸ਼ੱਦਦ ਦਾ ਸ਼ਿਕਾਰ ਹੋਣਾ ਪੈਂਦਾ। ਇਹਨਾਂ ਛੋਟੇ 'ਗੁਨਾਹਾਂ' ਵਿਚ ਕਿਸੇ ਖਾੜਕੂ ਦਾ ਰਿਸ਼ਤੇਦਾਰ ਹੋਣਾ, ਉਸ ਨਾਲ ਮਾੜੀ ਮੋਟੀ ਜਾਣ-ਪਛਾਣ ਹੋਣਾ, ਉਸ ਨੂੰ ਜਬਰੀ ਘਰ ਆ ਵੜੇ ਨੂੰ ਰੋਟੀ ਖਵਾਉਣਾ ਆਦਿ ਦੇ ਦੋਸ਼ ਸ਼ਾਮਿਲ ਸਨ। ਕਈਆਂ ਦੋਸ਼ੀਆਂ ਅਤੇ ਕਈ ਨਿਰਦੋਸ਼ਾਂ ਨੂੰ ਝੂਠੇ ਮੁਕਾਬਲੇ ਬਣਾ ਕੇ ਮਾਰਿਆ ਜਾਣ ਲੱਗਾ। ਜਿਹਨਾਂ ਦਾ ਕਿਸੇ ਕਾਰਨ ਪਹਿਲਾਂ ਹੀ ਪੁਲਿਸ ਦੇ ਰੀਕਾਰਡ ਵਿਚ ਨਾਂ ਸੀ, ਉਹਨਾਂ ਲਈ ਵੀ ਇਹ 'ਭਲੇ ਦੇ ਦਿਨ' ਨਹੀਂ ਸਨ।
ਇਸ ਦੋ-ਮੂੰਹੀਂ ਕੁੜਿੱਕੀ ਵਿਚੋਂ ਮੈਂ ਕਿਹੜੀ ਦੇ ਮੂੰਹ ਵਿਚ ਆਉਣ ਵਾਲਾ ਸਾਂ!
"ਪੱਗ ਰੱਖ ਲੌ ਸਿਰ 'ਤੇ। ਰਾਤ ਲਈ ਠੰਢ ਤੋਂ ਬਚਾ ਲਈ ਕੋਈ ਕੱਪੜਾ ਵੀ ਲੈ ਲਵੋ।" ਥਾਣੇਦਾਰ ਨੇ ਕਿਹਾ। ਉਹਦੇ ਬੋਲਾਂ ਵਿਚ ਹਲੀਮੀਂ ਸੀ।
"ਪਰ ਭਾ ਜੀ ਕੋਈ ਕਸੂਰ ਤਾਂ ਦੱਸੋ, ਇਹਨਾਂ ਦਾ। ਐਵੇਂ ਨਾਹੱਕ ਈ ਤੁਸੀਂ ਕਿਵੇਂ ਲੈ ਤੁਰੋਗੇ ਇਹਨਾਂ ਨੂੰ?" ਮੇਰੀ ਪਤਨੀ ਦਾ ਉਜਰ ਸੀ।
"ਹੱਕ-ਨਾਹੱਕ ਦਾ ਸਭ ਪਤਾ ਲੱਗ ਜੂ।" ਹਵਾਲਦਾਰ ਫਿਰ ਗੜ੍ਹਕਿਆ। ਥਾਣੇਦਾਰ ਨੇ ਉਸਨੂੰ ਹੱਥ ਦੇ ਇਸ਼ਾਰੇ ਨਾਲ ਚੁੱਪ ਕਰਨ ਲਈ ਕਿਹਾ।
"ਚਲੋ ਤਿਆਰ ਹੋ ਜੋ, ਛੇਤੀ। ਕਸੂਰ ਅਸੀਂ ਨਹੀਂ ਦੱਸ ਸਕਦੇ।" ਥਾਣੇਦਾਰ ਨੇ ਆਖਿਆ। ਅੜਨ ਦਾ ਕੋਈ ਚਾਰਾ ਨਹੀਂ ਸੀ। ਸਾਰੀ ਸਥਿਤੀ ਨੂੰ 'ਰੱਬ ਆਸਰੇ' ਛੱਡ ਕੇ ਮੈਂ ਵਿਚਲੇ ਦਰਵਾਜ਼ੇ ਵਿਚੋਂ ਲੰਘ ਕੇ ਦੂਜੇ ਕਮਰੇ ਵਿਚ ਕੱਪੜੇ ਬਦਲਣ ਚਲਾ ਗਿਆ। ਮੈਂ ਪਤਨੀਂ ਨੂੰ ਕੱਪੜੇ ਕੱਢ ਕੇ ਦੇਣ ਲਈ ਆਵਾਜ਼ ਮਾਰੀ। ਉਹ ਉੱਠਣ ਲੱਗੀ ਤਾਂ ਉਸਨੂੰ ਕਿਹਾ ਗਿਆ, "ਨਹੀਂ ਆਪਣੀ ਥਾਂ ਤੋਂ ਹਿੱਲਣਾ ਨਹੀਂ!" ਉਹ ਬੇਵੱਸ ਹੋ ਕੇ ਬੈੱਡ ਦੀ ਬਾਹੀ ਉੱਤੇ ਬੈਠ ਗਈ। ਪੁਲਸੀਏ ਵੀ ਕਮਰੇ ਵਿਚ ਡੱਠੀਆਂ ਕੁਰਸੀਆਂ ਉੱਤੇ ਨਿੱਠ ਕੇ ਬੈਠ ਗਏ।
ਮੈਂ ਅਲਮਾਰੀ ਵਿਚੋਂ ਕੱਪੜੇ ਲੱਭਣ ਲੱਗਾ।
ਮੇਰੀ ਪਤਨੀ ਥਾਣੇਦਾਰ ਨੂੰ ਮੇਰੇ 'ਪ੍ਰਸਿੱਧ ਲੇਖਕ' ਹੋਣ, ਪਿੰਡ ਦੇ ਸਕੂਲ ਵਿਚ ਕਈ ਸਾਲਾਂ ਤੋਂ ਲੱਗੇ 'ਜ਼ਿੰਮੇਵਾਰ ਅਧਿਆਪਕ' ਹੋਣ ਅਤੇ ਪਿੰਡ ਦੇ ਲੋਕਾਂ ਵੱਲੋਂ 'ਪਿਆਰੇ ਅਤੇ ਸਤਿਕਾਰੇ ਜਾਣ ਵਾਲੇ' ਵਿਅਕਤੀ ਹੋਣ ਦਾ ਜ਼ਿਕਰ ਬਿਨਾਂ ਰੁਕੇ ਕਰੀ ਜਾ ਰਹੀ ਸੀ।
"ਔਹ ਵਰਦੀ ਵਾਲੀ ਤਸਵੀਰ ਕਿਸਦੀ ਹੈ?" ਅੰਗੀਠੀ 'ਤੇ ਪਈ ਪੁਲਿਸ ਵਰਦੀ ਵਾਲੀ ਤਸਵੀਰ ਵੱਲ ਇਸ਼ਾਰਾ ਕਰਕੇ ਥਾਣੇਦਾਰ ਨੇ ਪੁੱਛਿਆ ਤਾਂ ਮੇਰੀ ਪਤਨੀ ਨੂੰ ਆਪਣੇ ਹੱਕ ਵਿਚ ਭੁਗਤਾਉਣ ਲਈ ਇੱਕ ਹੋਰ 'ਵੋਟ' ਮਿਲ ਗਈ।
"ਇਹ ਮੇਰੇ ਪਿਤਾ ਜੀ ਨੇ। ਪੁਲਿਸ ਵਿਚ ਇੰਸਪੈਕਟਰ ਹੁੰਦੇ ਸਨ। ਛੱਬੀ ਜਨਵਰੀ ਵਾਲੇ ਦਿਨ ਖੇਡਾਂ ਕਰਦਿਆਂ, ਉਹਨਾਂ ਦੀ ਘੋੜੇ ਤੋਂ ਡਿੱਗ ਕੇ ਮੌਤ ਹੋ ਗਈ ਸੀ।" ਉਹ ਆਪਣੇ ਇੰਸਪੈਕਟਰ ਪਿਤਾ ਦੀ ਥਾਣੇਦਾਰ ਨਾਲ 'ਕਿੱਤੇ ਦੀ ਸਾਂਝ' ਜੋੜ ਕੇ ਉਸਦੀ 'ਹਮਦਰਦੀ ਬਟੋਰਨਾ' ਚਾਹੁੰਦੀ ਸੀ ਸ਼ਾਇਦ!
ਮੈਂ ਕੱਪੜੇ ਬਦਲ ਕੇ ਵਾਪਸ ਆਇਆ। ਮੇਰੀ ਵੱਡੀ ਧੀ ਅਤੇ ਪੁੱਤਰ ਸਹਿਮੇ ਹੋਏ ਸਾਰਾ 'ਨਾਟਕ' ਵੇਖ ਰਹੇ ਸਨ। ਸਭ ਤੋਂ ਛੋਟੀ ਬੱਚੀ ਮੇਰੀ ਪਤਨੀ ਦੀ ਬਾਂਹ ਖਿੱਚ ਕੇ ਬਾਰ ਬਾਰ ਆਖ ਰਹੀ ਸੀ, "ਮੰਮੀ ਮੈਨੂੰ ਪੜ੍ਹਾਓ ਵੀ।"
ਮੈਂ ਬੱਚੀ ਦੇ ਸਿਰ 'ਤੇ ਹੱਥ ਫੇਰਿਆ। ਦੂਜੇ ਬੱਚਿਆਂ ਵੱਲ ਤਰਦੀ ਜਿਹੀ ਨਜ਼ਰ ਮਾਰੀ ਅਤੇ ਕਮਰੇ 'ਚੋਂ ਬਾਹਰ ਨਿਕਲ ਆਇਆ।
ਪੁਲਿਸ ਚੌਕੀ ਵਿਚ ਪਹੁੰਚਣ 'ਤੇ ਹਵਾਲਦਾਰ ਨੇ ਕਮਰੇ ਵਿਚ ਪਏ ਇੱਕ ਲਾਣੇ ਮੰਜੇ ਵੱਲ ਇਸ਼ਾਰਾ ਕਰਕੇ ਮੈਨੂੰ ਕਿਹਾ, "ਏਥੇ ਪੈ ਜਾਓ। ਹੋਰ ਕੱਪੜੇ ਲੀੜੇ ਦੀ ਤਾਂ ਲੋੜ ਨਹੀਂ?" ਉਸਦਾ ਰਵੱਈਆ ਵੀ ਲਚਕਦਾਰ ਹੋ ਗਿਆ ਸੀ। ਮੇਰੀ ਪਤਨੀ ਵੱਲੋਂ ਮੇਰੇ ਬਾਰੇ ਦੱਸੇ ਜਾਣ ਕਰਕੇ ਜਾਂ ਥਾਣੇਦਾਰ ਦੇ ਸਮਝਾਉਣ ਕਰਕੇ ਜਾਂ ਰੱਬੀਂ ਹੀ ਉਸਦੇ ਮਨ ਵਿਚ ਮਿਹਰ ਪੈ ਗਈ ਸੀ! ਇਸ ਬਾਰੇ ਕੁਝ ਨਹੀਂ ਸੀ ਕਿਹਾ ਜਾ ਸਕਦਾ।
ਮੈਂ 'ਧੰਨਵਾਦ' ਕਹਿ ਕੇ ਮੰਜੇ 'ਤੇ ਬੈਠ ਗਿਆ। ਸਾਰੇ ਪੁਲਸੀਏ ਚੌਕੀ ਦਾ ਬਾਹਰਲਾ ਦਰਵਾਜ਼ਾ ਬੰਦ ਕਰਕੇ ਆਪੋ ਆਪਣੇ ਟਿਕਾਣਿਆਂ 'ਤੇ ਜਾ ਕੇ ਲੰਮੇਂ ਪੈ ਗਏ। ਜ਼ਾਹਿਰ ਸੀ ਕਿ ਮੈਨੂੰ ਦਿਨ ਚੜ੍ਹਨ ਤੀਕ ਇਕੱਲਾ ਛੱਡ ਦਿੱਤਾ ਗਿਆ ਸੀ। ਮੈਂ ਮੰਜੇ 'ਤੇ ਲੰਮਾ ਪਿਆ ਆਪਣੀ ਗ੍ਰਿਫ਼ਤਾਰੀ ਦਾ ਕਾਰਨ ਜਾਣਨ ਦੀ ਕੋਸ਼ਿਸ਼ ਕਰ ਰਿਹਾ ਸਾਂ।

ਦਿਨ ਚੜ੍ਹਿਆ ਤਾਂ ਮੈਂ ਵੇਖਿਆ ਕਿ ਪਿੰਡ ਦਾ ਸਾਬਕਾ ਸਰਪੰਚ ਸਵਰਨ ਸਿੰਘ ਪੰਜ ਸੱਤ ਬੰਦਿਆਂ ਸਮੇਤ ਮੇਰੇ ਕੋਲ ਆਇਆ, "ਭਾ ਜੀ ਤੁਸੀਂ ਕੋਈ ਫ਼ਿਕਰ ਨਾ ਕਰੋ। ਅਸੀਂ ਹੁਣੇ ਥਾਣੇਦਾਰ ਨੂੰ ਮਿਲਦੇ ਆਂ।"
ਕਿਸੇ ਨੇ ਮੇਰੇ ਲਈ ਲਿਆਂਦੀ ਚਾਹ ਮੇਰੇ ਕੋਲ ਰੱਖੀ।
ਹੌਲੀ ਹੌਲੀ ਹੋਰ ਬੰਦੇ ਆਉਂਦੇ ਗਏ, ਮੇਰੇ ਹੱਕ ਵਿਚ ਮੇਰੇ ਹਮਦਰਦਾਂ ਦੀ ਭੀੜ ਜੁੜਦੀ ਜਾ ਰਹੀ ਸੀ। ਲੋਕਾਂ ਦੇ ਇਸ ਇਕੱਠ ਪਿੱਛੇ ਮੇਰੀ ਪਤਨੀ ਦੀ ਹਿੰਮਤ ਸੀ। ਰਾਤੀਂ ਜਦੋਂ ਪੁਲਿਸ ਵਾਲੇ ਮੈਨੂੰ ਫੜ੍ਹ ਕੇ ਲੈ ਆਏ ਤਾਂ ਉਹ ਬੱਚਿਆਂ ਨੂੰ ਆਪਣੇ ਕੋਲ ਬਿਠਾ ਕੇ ਸਾਰੀ ਰਾਤ ਜਾਗਦੀ ਰਹੀ। ਨੀਂਦ ਕਿੱਥੇ ਆਉਣੀ ਸੀ! ਰਾਤ ਨੂੰ ਇਕੱਲੀ ਕਿਤੇ ਜਾ ਨਹੀਂ ਸੀ ਸਕਦੀ। ਆਂਢੀ-ਗੁਆਂਢੀ ਤਾਂ ਦੂਜੇ ਘਰ ਕੁਝ 'ਹੁੰਦਾ' ਸੁਣ ਕੇ ਉੱਚੀ ਸਾਹ ਨਹੀਂ ਸਨ ਬਾਹਰ ਕੱਢਦੇ! ਮੈਂ ਪਹਿਲਾਂ ਵੀ ਦੱਸਿਆ ਹੈ; ਉਦੋਂ ਅਜੇ ਪਿੰਡ ਦੇ ਕੁਝ ਇੱਕ ਮੋਅਤਬਰ ਬੰਦਿਆਂ ਦੇ ਘਰੀਂ ਹੀ ਟੈਲੀਫ਼ੋਨ ਲੱਗੇ ਹੋਏ ਸਨ। ਮੈਂ 'ਮੋਅਤਬਰ' ਤਾਂ ਨਹੀਂ ਸਾਂ ਪਰ ਟੈਲੀਫ਼ੋਨ ਮੈਂ ਵੀ ਲਵਾਇਆ ਹੋਇਆ ਸੀ। ਇਸ ਟੈਲੀਫ਼ੋਨ ਕਰ ਕੇ ਮੇਰੇ ਨੇੜਲੇ ਯਾਰ ਮੇਰਾ ਮਜ਼ਾਕ ਵੀ ਉਡਾਉਂਦੇ ਰਹਿੰਦੇ ਸਨ। ਮੈਂ ਇਹ ਟੈਲੀਫ਼ੋਨ ਕਰਨਾ ਕਿਸ ਨੂੰ ਸੀ! ਸਿਵਾਇ ਇੱਕ ਅੱਧੇ ਰਿਸ਼ਤੇਦਾਰ ਦੇ, ਮੇਰੇ ਜਾਣੂਆਂ ਜਾਂ ਰਿਸ਼ਤੇਦਾਰਾਂ 'ਚੋਂ ਕਿਸੇ ਕੋਲ ਵੀ ਤਾਂ ਟੈਲੀਫ਼ੋਨ ਨਹੀਂ ਸੀ ਲੱਗਾ ਹੋਇਆ! ਮੇਰੇ ਘਰ ਬੱਝਾ ਇਹ 'ਕਾਲਾ ਹਾਥੀ' ਕਿਸ ਕੰਮ ਸੀ! ਪਰ ਉਸ ਰਾਤ ਇਹ ਬੜਾ ਕੰਮ ਆਇਆ। ਪਤਨੀ ਨੇ ਤੜ੍ਹਕੇ ਅੰਮ੍ਰਿਤ ਵੇਲੇ, ਜਦੋਂ ਅਜੇ ਸਾਰੇ ਸੁੱਤੇ ਹੋਏ ਸਨ, ਸਭ ਨੂੰ ਫ਼ੋਨ ਖੜਕਾ ਕੇ ਮੇਰੇ ਗ੍ਰਿਫ਼ਤਾਰ ਹੋਣ ਬਾਰੇ ਦੱਸ ਦਿੱਤਾ ਸੀ ਅਤੇ ਉਹਨਾਂ ਨੂੰ ਮੇਰੇ ਪਿੱਛੇ ਜਾਣ ਦੀ ਬੇਨਤੀ ਕੀਤੀ ਸੀ। ਇਹਨਾਂ ਵਿਚੋਂ ਬਹੁਤੇ ਲੋਕਾਂ ਨੂੰ ਤਾਂ ਉਸਨੇ ਵੇਖਿਆ ਵੀ ਨਹੀਂ ਸੀ ਹੋਇਆ, ਜ਼ਬਾਨ ਸਾਂਝੀ ਕਰਨੀ ਤਾਂ ਕਿਤੇ ਰਹੀ!ਸਭ ਪਿੰਡ-ਵਾਸੀਆਂ ਨੇ ਮੇਰਾ ਮਾਣ ਰੱਖਿਆ ਸੀ। ਉਹ ਭੀੜ ਦੇ ਰੂਪ ਵਿਚ ਮੇਰੇ ਮਗਰ ਉਮਡ ਆਏ ਸਨ! ਉਹ ਮੇਰੇ ਕਮਰੇ ਵਿਚ ਆਉਂਦੇ। ਮੇਰੇ ਨਾਲ ਹੱਥ ਮਿਲਾਉਂਦੇ ਅਤੇ 'ਫ਼ਿਕਰ ਨਾ ਕਰਨ' ਲਈ ਆਖ ਕੇ ਚੌਕੀ ਦੇ ਬਾਹਰਲੇ ਗੇਟ ਸਾਹਮਣੇਂ ਇਕੱਠੇ ਹੋਣ ਲੱਗੇ। ਮੈਂ ਹੌਂਸਲੇ ਵਿਚ ਹੋ ਗਿਆ। ਆਖ਼ਰ ਮੈਂ ਕਸੂਰ ਕਿਹੜਾ ਕੀਤਾ ਸੀ ਜਿਸ ਕਰਕੇ ਪੁਲਿਸ ਵਾਲੇ ਮੇਰੀ ਗ੍ਰਿਫ਼ਤਾਰੀ ਨੂੰ 'ਹੱਕ-ਬਜਾਨਬ' ਠਹਿਰਾਉਣਗੇ!
ਸਾਰੇ ਜਣੇ ਚੌਕੀ ਦੇ ਬਾਹਰ ਖਲੋਤੇ, ਥਾਣੇਦਾਰ ਦੇ ਤਿਆਰ ਹੋ ਕੇ ਆਉਣ ਅਤੇ ਹਕੀਕਤ ਜਾਣਨ ਦੀ ਉਡੀਕ ਕਰ ਰਹੇ ਸਨ। ਏਨੇ ਚਿਰ ਨੂੰ ਦੋ ਸਿਪਾਹੀਆਂ ਦੇ ਨਾਲ 'ਬੂਟਾ' ਮੇਰੇ ਕਮਰੇ ਵਿਚ ਮੇਰੇ ਕੋਲ ਆਇਆ। ਉਸਦੇ ਚਿਹਰੇ ਦਾ ਰੰਗ ਉੱਡਿਆ ਹੋਇਆ ਸੀ। ਮੈਂ ਸਮਝਿਆ ਮੇਰੇ ਫ਼ਿਕਰ ਕਰਕੇ ਚਿੰਤਾਵਾਨ ਹੈ! ਮੈਂ ਉਸਨੂੰ ਧੀਰਜ ਧਰਨ ਲਈ ਕਿਹਾ।
"ਇਹ ਮੈਨੂੰ ਵੀ ਫੜ੍ਹ ਕੇ ਲਿਆਏ ਨੇ।" ਉਸਨੇ ਖ਼ੁਲਾਸਾ ਕੀਤਾ।
"ਚੰਗਾ ਹੋਇਆ ਸਗੋਂ ਸਾਥ ਬਣ ਗਿਆ!" ਮੈਂ ਮਜ਼ਾਕ ਕੀਤਾ।
"ਪਰ ਭਾ ਜੀ ਆਪਾਂ ਨੂੰ ਲਿਆਂਦਾ ਕਿਉਂ ਆਂ?" ਬੂਟੇ ਨੇ ਪੁੱਛਿਆ ਅਤੇ ਫਿਰ ਆਪ ਹੀ ਕਿਆਫ਼ਾ ਲਾਇਆ, "ਇਹ -ਹੁਰਾਂ ਦਾ ਕੰਮ ਲੱਗਦਾ!"
ਬੂਟਾ ਸਾਡੇ ਪਿੰਡ ਦੇ 'ਘੁਮਿਆਰਾਂ' ਦਾ ਮੁੰਡਾ ਸੀ। ਇਕ੍ਹੱਤਰ-ਬਹੱਤਰ ਦੇ ਸਾਲਾਂ ਵਿਚ ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਪੰਜਾਬੀ ਦੀ ਐਮ ਏ ਦਾ ਵਿਦਿਆਰਥੀ ਸੀ। ਜਦੋਂ ਉਹ ਬੀ ਏ ਦਾ ਵਿਦਿਆਰਥੀ ਸੀ ਤਾਂ ਮੇਰੇ ਪ੍ਰਭਾਵ ਅਧੀਨ 'ਤੱਤੀ ਲਹਿਰ'ਦੇ ਨੇੜੇ ਆ ਗਿਆ ਸੀ। ਪਰਚਾਰ ਦੇ ਕੰਮ ਵਿਚ ਸਰਗਰਮੀ ਨਾਲ ਹੱਥ ਵਟਾਉਂਦਾ। ਰਾਤ-ਬਰਾਤੇ ਕੰਧਾਂ ਉੱਤੇ ਇਸ਼ਤਿਹਾਰ ਲਾਉਂਦਾ, ਲਵਾਉਂਦਾ। ਵਿਦਿਆਰਥੀ ਯੂਨੀਅਨ ਅਤੇ ਨੌਜਵਾਨ ਸਭਾ ਵਿਚ ਕੰਮ ਕਰਦਾ। ਆਗੂਆਂ ਵੱਲੋਂ ਕੀਤੀਆਂ ਗੁਪਤ ਮੀਟਿੰਗਾਂ ਵਿਚ ਭਾਗ ਲੈਂਦਾ ਅਤੇ ਹੋਰ ਨੌਜਵਾਨ ਸਾਥੀਆਂ ਨੂੰ ਲਹਿਰ ਨਾਲ ਜੋੜਣ ਦਾ ਕੰਮ ਕਰਦਾ। ਫਿਰ ਉਹ ਐਮ ਏ ਦੀ ਪੜ੍ਹਾਈ ਵਿਚੇ ਛੱਡ ਕੇ ਗ਼ੈਰ-ਕਾਨੂੰਨੀ ਢੰਗ ਨਾਲ ਜਰਮਨੀ ਚਲਾ ਗਿਆ। ਉਥੇ ਦਿਲ ਨਾ ਲੱਗਾ ਤਾਂ ਵਾਪਸ ਪਰਤ ਆਇਆ। ਮੈਨੂੰ ਕਹਿੰਦਾ, "ਭਾ ਜੀ! ਮੈਂ ਸੋਚਿਆ ਕਿ ਜੇ ਏਥੇ ਜਰਮਨੀ ਵਿਚ ਰਹਿ ਕੇ ,ਔਖੇ ਹੋ ਕੇ, ਲੁਕ ਛਿਪ ਕੇ,'ਇਲੀਗਲ' ਕੰਮ ਕਰ ਕੇ ਹੀ ਪੈਸੇ ਕਮਾਉਣੇ ਨੇ ਤਾਂ ਆਪਣੇ ਮੁਲਕ ਵਿਚ ਹੀ ਇਹ 'ਇਲੀਗਲ' ਕੰਮ ਕਰ ਕੇ, ਪੈਸੇ ਕਿਹੜੇ ਨਹੀਂ ਕਮਾਏ ਜਾ ਸਕਦੇ!" ਹੁਣ ਉਹ ਪਿੰਡ ਘੱਟ ਵੱਧ ਹੀ ਰਹਿੰਦਾ ਸੀ। ਬਹੁਤਾ 'ਬਾਹਰ ਅੰਦਰ' ਹੀ ਰਹਿੰਦਾ। ਆਪਣੇ 'ਕੰਮ-ਕਾਰ' ਕਰਦਾ। ਉਸਦੀ ਜੋਟੀ, ਹੁਣ, 'ਉਹੋ ਜਿਹੇ' ਲੋਕਾਂ ਨਾਲ ਹੀ ਸੀ। ਵਰ੍ਹੇ-ਛਿਮਾਹੀ ਮਿਲਦਾ ਤਾਂ 'ਜੁਰਮ ਦੀ ਦੁਨੀਆਂ' ਦੀ ਕੋਈ ਨਾ ਕੋਈ ਦਿਲਚਸਪ ਸਾਖ਼ੀ ਸੁਣਾ ਜਾਂਦਾ। ਇਹਨਾਂ ਸਾਖੀਆਂ ਵਿਚ ਇੱਕ ਵਾਰ ਉਸਨੇ ਇਹ ਵੀ ਦੱਸਿਆ ਕਿ ਭਿੰਡਰਾਂ ਵਾਲੇ ਦੀ ਸੱਜੀ ਬਾਂਹ ਸੋਢੀ ਨੂੰ ਮਾਰਨ ਵਾਲਾ ਉਹਦਾ ਆਪਣਾ ਯਾਰ ਛਿੰਦਾ ਹੈ। ਉਸਨੇ ਸੋਢੀ ਦੇ ਕਤਲ ਦੀ ਕਹਾਣੀ ਵੀ ਸੁਣਾਈ ਅਤੇ ਫਿਰ ਛਿੰਦੇ ਦੇ ਕਤਲ ਦੀ ਵੀ! ਉਹ ਇਸ ਗੱਲੋਂ ਵੀ ਡਰਦਾ ਕਿ ਛਿੰਦੇ ਨਾਲ ਉਹਦੀ ਯਾਰੀ ਰਹੀ ਹੋਣ ਕਰ ਕੇ ਉਸਨੂੰ ਵੀ ਨਾ ਮਾਰ ਦਿੱਤਾ ਜਾਵੇ! ਕਦੀ ਕਦੀ ਇਹ ਵੀ ਪਤਾ ਲੱਗਦਾ ਕਿ ਕਿਸੇ 'ਕੇਸ' ਵਿਚ ਉਸਨੂੰ ਫੜ੍ਹਣ ਲਈ ਪੁਲਿਸ ਨੇ ਪਿੰਡ ਵਿਚ ਛਾਪਾ ਮਾਰਿਆ ਸੀ।
"ਪਰ ਭਾ ਜੀ! ਇਹਨਾਂ ਨੇ ਆਪਾਂ ਨੂੰ ਫੜ੍ਹਿਆ ਕਿਉਂ?"
ਉਸਦੇ ਸਵਾਲ ਦਾ ਜਵਾਬ ਮੇਰੇ ਕੋਲ ਵੀ ਤਾਂ ਨਹੀਂ ਸੀ।

ਥਾਣੇਦਾਰ ਆਇਆ। ਸਾਹਮਣੇ ਵਿਹੜੇ ਵਿਚ ਧੁੱਪੇ ਲੱਗੇ ਮੇਜ਼ 'ਤੇ ਬੈਠ ਕੇ ਉਸਨੇ ਪੰਜ-ਚਾਰ ਮੋਅਤਬਰ ਬੰਦਿਆਂ ਨੂੰ ਕੋਲ ਬੁਲਾਇਆ ਅਤੇ 'ਅੰਦਰਲੀ ਗੱਲ' ਦੱਸੀ।
ਥਾਣੇਦਾਰ ਦੀ ਗੱਲ ਸੁਣ ਕੇ ਉਹ ਸਾਡੇ ਕੋਲ ਆਏ।ਉਹਨਾਂ ਦੇ ਚਿਹਰੇ ਗੰਭੀਰ ਸਨ।
"ਭਿੱਖੀਵਿੰਡ ਵਾਲੇ ਐਸ ਐਚ ਓ ਨੂੰ ਆ ਲੈਣ ਦਿਓ। ਉਸਦੇ ਆਇਆਂ ਹੀ ਅਸਲੀ ਗੱਲ ਦਾ ਪਤਾ ਲੱਗੂ। ਅਸੀਂ ਏਥੇ ਬਾਹਰ ਹੀ ਉਡੀਕਦੇ ਆਂ।"
ਉਹਨਾਂ ਦੇ ਬੋਲਾਂ ਵਿਚ ਪਹਿਲਾਂ ਵਾਲਾ ਉਤਸ਼ਾਹ ਨਹੀਂ ਸੀ। ਚੌਕੀ ਵਾਲੇ ਥਾਣੇਦਾਰ ਨੇ 'ਹਕੀਕਤ' ਦੱਸ ਕੇ ਉਹਨਾਂ ਦਾ ਜੋਸ਼ ਮੱਠਾ ਕਰ ਦਿੱਤਾ ਸੀ। ਇਹ ਹਕੀਕਤ ਹੈ ਕੀ ਸੀ?
ਵੇਖਿਆ; ਫੁੱਫੜ ਸੂਰਤਾ ਸਿੰਘ ਮੇਰੇ ਦੋਹਾਂ ਵੱਡੇ ਬੱਚਿਆਂ ,ਰੂਪ ਅਤੇ ਸੁਪਨਦੀਪ ਨੂੰ ਆਪਣੀਆਂ ਦੋਹਾਂ ਉਂਗਲਾਂ ਨਾਲ ਲਾਈ ਚੌਕੀ ਦਾ ਦਰਵਾਜ਼ਾ ਲੰਘ ਰਿਹਾ ਸੀ। ਰੂਪ ਨੌਂ ਕੁ ਸਾਲ ਦੀ ਸੀ ਅਤੇ ਸੁਪਨ ਦੀ ਉਮਰ ਛੇ ਕੁ ਸਾਲ ਸੀ। ਬੱਚਿਆਂ ਵੱਲ ਵੇਖ ਕੇ ਮੇਰਾ ਮਨ ਭਰ ਆਇਆ। ਕੀ ਸੋਚਦੇ ਹੋਣਗੇ ਮੇਰੇ ਬਾਰੇ ਇਹ ਮਾਸੂਮ ਬੱਚੇ! ਇਹਨਾਂ ਨੂੰ ਤਾਂ ਨਾ ਹੀ ਦੇਸ਼ ਦੀ ਸਿਆਸਤ ਅਤੇ ਨਾ ਹੀ ਜੁਰਮ ਦੀ ਦੁਨੀਆਂ ਬਾਰੇ ਕੋਈ ਗਿਆਨ ਸੀ। ਉਹਨਾਂ ਲਈ ਤਾਂ ਉਹਨਾਂ ਦਾ ਪਿਓ 'ਬੜੀ ਵੱਡੀ ਤਾਕਤ' ਹੁੰਦਾ ਸੀ, ਜਿਸਦੀ ਬੁੱਕਲ ਵਿਚ ਉਹ ਸਦਾ ਆਪਣੇ ਆਪ ਨੂੰ ਸਭ ਤੋਂ ਵੱਧ ਸੁਰੱਖਿਅਤ ਸਮਝਦੇ ਸਨ! ਉਹਨਾਂ ਦੀ ਇਹ 'ਤਾਕਤ' ਪੁਲਸੀਆਂ ਦੇ ਹੁਕਮ ਅਤੇ ਇਸਾਰੇ 'ਤੇ ਬੈਠਣ, ਉੱਠਣ ਅਤੇ ਬੋਲਣ ਜੋਗੀ ਰਹਿ ਗਈ ਸੀ!
ਸੂਰਤਾ ਸਿੰਘ ਦੀ ਇਸ ਥਾਣੇਦਾਰ ਨਾਲ 'ਦੂਰ-ਨੇੜੇ' ਦੀ ਕੋਈ ਰਿਸ਼ਤੇਦਾਰੀ ਸੀ। ਉਹ ਮੇਰੀ ਪਤਨੀ ਨੂੰ ਧਰਵਾਸ ਦੇ ਕੇ ਆਇਆ ਸੀ, "ਬੀਬੀ ਰਜਵੰਤ! ਥਾਣੇਦਾਰ ਆਪਣਾ ਮੁੰਡਾ ਹੈ। ਉਹਦੇ ਹੁੰਦਿਆਂ ਆਪਣੇ ਨਾਲ ਨਜਾਇਜ਼ ਨਹੀਂ ਹੁੰਦੀ। ਤੂੰ ਰਤੀ ਭਰ ਵੀ ਫ਼ਿਕਰ ਨਾ ਕਰ।"
ਉਹਦਾ ਦਿੱਤਾ ਧਰਵਾਸ ਵਾਜਬ ਸੀ। ਪਤਨੀ ਚਿੰਤਾ-ਮੁਕਤ ਹੋ ਕੇ ਹੋਰ ਘੜੀ ਪਲ ਤਕ ਮੇਰੀ ਵਾਪਸੀ ਦੀ ਉਡੀਕ ਕਰ ਰਹੀ ਸੀ।

ਮੈਨੂੰ ਬੱਚਿਆਂ ਨੂੰ ਮਿਲਣ ਲਈ ਥਾਣੇਦਾਰ ਵਾਲੀ ਮੇਜ਼ ਕੋਲ ਹੀ ਬੁਲਾ ਲਿਆ ਗਿਆ। ਮੈਂ ਲਾਡ ਨਾਲ ਦੋਹਾਂ ਦੀਆਂ ਗੱਲ੍ਹਾਂ ਥਪਥਪਾਈਆਂ। ਮੁਸਕਰਾ ਕੇ ਉਹਨਾਂ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਉਹਨਾਂ ਨੂੰ ਕੁਤਕੁਤਾਇਆ। ਮੈਂ ਸਹਿਜ ਰਹਿਣ ਦਾ ਯਤਨ ਕਰਦਾ ਹੋਇਆ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕਰ ਰਿਹਾ ਸਾਂ ਕਿ ਉਹਨਾਂ ਦਾ ਪਿਤਾ ਹੁਣ ਵੀ 'ਵੱਡੀ ਤਾਕਤ' ਹੀ ਹੈ!
ਉਹ ਪਤਾ ਨਹੀਂ ਕੀ ਮਹਿਸੂਸ ਕਰ ਰਹੇ ਸਨ!

ਥਾਣੇਦਾਰ ਨੇ ਸੂਰਤਾ ਸਿੰਘ ਨੂੰ ਅਲੱਗ ਕਰ ਕੇ 'ਕੁਝ' ਦੱਸਿਆ। ਏਨੇ ਚਿਰ ਵਿਚ ਇੱਕ ਜੀਪ ਬਾਹਰਲੇ ਗੇਟ ਕੋਲ ਰੁਕੀ ਅਤੇ ਉਸ ਵਿਚੋਂ ਨਿਕਲੇ ਐਸ ਐਚ ਓ ਨੂੰ ਬਾਹਰ ਖਲੋਤੇ ਬੰਦਿਆਂ ਨੇ ਘੇਰ ਲਿਆ। ਉਹਨਾਂ ਨਾਲ ਗੱਲ ਕਰ ਕੇ ਅਤੇ ਉਹਨਾਂ ਨੂੰ ਬਾਹਰ ਹੀ ਰੁਕਣ ਦਾ ਕਹਿ ਕੇ, ਉਹ ਅੰਦਰ ਆਇਆ। ਚੌਕੀ ਵਾਲੇ ਛੋਟੇ ਥਾਣੇਦਾਰ ਨੇ ਉੱਠ ਕੇ ਉਸਨੂੰ ਸਲੂਟ ਮਾਰਿਆ। ਮੈਂ ਵੀ ਕੁਰਸੀ ਤੋਂ ਉੱਠ ਖਲੋਤਾ। ਉਸਨੇ ਮੈਨੂੰ ਬੈਠ ਜਾਣ ਲਈ ਇਸ਼ਾਰਾ ਕੀਤਾ। ਹੁਣ ਸਾਡੀ ਗ੍ਰਿਫ਼ਤਾਰੀ ਦਾ ਰਹੱਸ ਖੁੱਲ੍ਹਣ ਦਾ ਮੌਕਾ ਸੀ। ਥਾਣੇਦਾਰ ਬੜੇ ਠਰ੍ਹੰਮੇਂ ਨਾਲ ਬੋਲ ਰਿਹਾ ਸੀ ਪਰ ਮੇਰੇ ਕੰਨਾਂ ਵਿਚ ਗੜਗੜਾਹਟ ਹੋ ਰਹੀ ਸੀ। ਮੈਂ ਵਿਚਾਰਗੀ ਦੀ ਹਾਲਤ ਵਿਚ ਉਸਦੇ ਬੋਲਾਂ ਦੇ ਮਲਬੇ ਹੇਠਾਂ ਦੱਬਿਆ ਗਿਆ ਸਾਂ!
"ਤੁਹਾਡੇ ਪਿੱਛੇ ਆਇਆ ਸਾਰਾ ਪਿੰਡ ਤੁਹਾਡਾ ਕਸੂਰ ਪੁੱਛਦਾ ਪਿਆ ਹੈ! ਲੌ ਸੁਣ ਲੌ ਆਪਣਾ ਕਸੂਰ। ਪਿੰਡ ਸੁਰ ਸਿੰਘ ਵਿਚ ਮਹੀਨਾਂ ਪਹਿਲਾਂ ਜਿਹੜੀ ਗੋਲੀ ਚੱਲੀ ਹੈ ਅਸੀਂ ਕਹਿੰਦੇ ਹਾਂ ਕਿ ਉਹ ਤੁਸੀਂ ਚਲਾਈ ਹੈ। ਇੱਕ ਬੰਦੇ ਨੂੰ ਤੁਸੀਂ ਕਤਲ ਕੀਤਾ ਏ ਅਤੇ ਚੌਦਾਂ ਬੰਦੇ ਜ਼ਖ਼ਮੀ ਕੀਤੇ ਨੇ। ਇਹ ਕੇਸ ਬਣਦਾ ਹੈ ਤੁਹਾਡੇ 'ਤੇ। ਹੁਣ ਤੁਸੀਂ ਸਾਬਤ ਕਰਨਾ ਹੈ ਕਿ ਗੋਲੀ ਤੁਸੀਂ ਨਹੀਂ ਚਲਾਈ! ਬੰਦਾ ਤੁਸੀਂ ਨਹੀਂ ਮਾਰਿਆ!"
ਉਹ ਉਤਸੁਕ ਨਜ਼ਰਾਂ ਨਾਲ ਮੇਰੇ ਵੱਲ ਵੇਖਣ ਲੱਗਾ। 'ਦੰਦ ਜੁੜ ਜਾਣੇ' ਦਾ ਮੁਹਾਵਰਾ ਮੈਨੂੰ ਪਹਿਲੇ ਦਿਨ ਏਨੀ ਬਾਰੀਕੀ ਨਾਲ 'ਸਮਝ' ਆਇਆ! ਮੈਨੂੰ ਸੁੱਝ ਔੜ ਹੀ ਨਹੀਂ ਸੀ ਰਹੀ ਕਿ ਕੀ ਜਵਾਬ ਦੇਵਾਂ! ਮੈਂ ਇਹ ਕਿਵੇਂ ਸਾਬਤ ਕਰ ਸਕਦਾ ਸਾਂ ਭਲਾ! ਦੋਸ਼ ਲਾਉਣ ਵਾਲੇ ਉਹਨਾਂ ਦਿਨਾਂ ਵਿਚ, ਉਂਜ ਵੀ, 'ਸਾਬਤ' ਕਰਨ ਦਾ ਮੌਕਾ ਕਿੱਥੇ ਦਿੰਦੇ ਸਨ! ਜੇ ਕੋਈ ਸਾਬਤ ਕਰਨ ਲਈ ਕੁਝ ਦੱਸਦਾ ਵੀ ਸੀ ਤਾਂ ਮੰਨਦੇ ਕਿੱਥੇ ਸਨ!
"ਤੁਹਾਨੂੰ ਮੇਰੇ ਬਾਰੇ ਮੇਰੇ ਪਿੱਛੇ ਆਉਣ ਵਾਲੇ ਲੋਕਾਂ ਕੋਲੋਂ ਪਤਾ ਲੱਗ ਹੀ ਗਿਆ ਹੋਵੇਗਾ ਕਿ ਮੈਂ ਕਿਹੋ ਜਿਹਾ ਬੰਦਾ ਹਾਂ! ਉਹਨਾਂ ਦੱਸ ਹੀ ਦਿੱਤਾ ਹੋਵੇਗਾ ਕਿ ਮੈਂ ਗੋਲੀ ਚਲਾਉਣ ਵਾਲਾ ਸਾਂ ਜਾਂ ਗੋਲੀ ਲੱਗਣ ਵਾਲਿਆਂ ਨੂੰ ਬਚਾਉਣ ਵਾਲਾ। ਇਸਤੋਂ ਵੱਧ ਮੈਨੂੰ ਸੁੱਝਦਾ ਹੀ ਨਹੀਂ ਕਿ ਮੈਂ ਆਪਣੀ ਸਫ਼ਾਈ ਵਿਚ ਕੀ ਆਖਾਂ!"
ਸੂਰਤਾ ਸਿੰਘ ਮੇਰੇ ਹੱਕ ਵਿਚ ਬੋਲਣ ਲੱਗਾ ਤਾਂ ਥਾਣੇਦਾਰ ਨੇ ਕਿਹਾ, "ਸਰਦਾਰ ਜੀ, 'ਪੁੱਛ-ਗਿੱਛ' ਨਾਲ ਸਾਰੀ ਸਚਾਈ ਵੇਖਿਓ ਕਿਵੇਂ ਸਾਹਮਣੇਂ ਆਉਂਦੀ! ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਨਿਤਾਰ ਕੇ ਰੱਖ ਦਿਆਂਗੇ।"
ਸੂਰਤਾ ਸਿੰਘ ਨੇ ਬੱਚਿਆਂ ਨੂੰ ਉਂਗਲ ਲਾਇਆ ਅਤੇ ਮੇਰੀ ਪਤਨੀ ਤਕ ਇਹ ਮਨਹੂਸ ਖ਼ਬਰ ਪਹੁੰਚਾਉਣ ਲਈ ਤੁਰ ਪਿਆ। ਬੱਚਿਆਂ ਨੇ ਥਾਣੇਦਾਰ ਦੀ ਸਾਰੀ ਗੱਲ ਸੁਣ ਲਈ ਸੀ। ਉਹ ਬੱਬੋਲਿਕੇ ਹੋਏ ਧੌਣਾਂ ਮੋੜ ਕੇ ਮੇਰੇ ਵੱਲ ਮੁੜ ਮੁੜ ਵੇਖਦੇ ਦਰਵਾਜ਼ੇ ਤੋਂ ਬਾਹਰ ਹੋ ਗਏ।

ਥੋੜ੍ਹੇ ਚਿਰ ਪਿੱਛੋਂ, ਭਿੱਖੀਵਿੰਡ ਲਿਜਾਣ ਲਈ, ਸਾਨੂੰ ਇੱਕ ਵੱਖਰੇ ਟੈਂਪੂ ਵਿਚ ਬਿਠਾ ਲਿਆ। ਮੇਰੇ ਹਮਾਇਤੀ ਬੇਵੱਸ ਅਤੇ ਖ਼ਾਮੋਸ਼ ਖਲੋਤੇ ਸਨ। ਏਨੇ ਚਿਰ ਨੂੰ ਸਕੂਲ ਵਿਚ ਮੇਰਾ ਜਮਾਤੀ ਰਹਿ ਚੁੱਕਾ ਕਿਰਪਾਲ ਆਇਆ ਅਤੇ ਥਾਣੇਦਾਰ ਨੂੰ, ਜੀਪ ਵਿਚ ਵੜਦੇ ਨੂੰ ਵੇਖ,ਹੱਸ ਕੇ ਪੁੱਛਿਆ, "ਸਾਡੇ ਜਮਾਤੀ ਨੂੰ ਕਿੱਥੇ ਲੈ ਚੱਲੇ ਓ ਸਰਦਾਰ ਜੀ! ਸਾਨੂੰ ਕੋਈ ਗੱਲ ਦੱਸ ਕੇ ਤਾਂ ਜਾਓ। ਇਹ ਤਾਂ ਸਾਡਾ ਹੀਰਾ ਹੈ। ਮੈਨੂੰ ਤਾਂ ਹੁਣੇ ਪਤਾ ਲੱਗਾ; ਭੱਜਾ ਆਇਆਂ ਮੈਂ।"
ਕਿਰਪਾਲ, ਜਿਸਨੂੰ ਸਾਰੇ 'ਪਾਲ' ਕਹਿੰਦੇ ਸਨ, ਪਹਿਲਾਂ ਪੁਲਿਸ ਵਿਚ ਹੀ ਹੁੰਦਾ ਸੀ। ਨਕਸਲੀ ਦੌਰ ਵਿਚ ਉਹਦੀ ਡਿਊਟੀ ਮੇਰੀਆਂ ਗਤੀਵਿਧੀਆਂ ਦਾ ਧਿਆਨ ਰੱਖਣ 'ਤੇ ਵੀ ਲੱਗੀ ਰਹੀ ਸੀ। ਉਹ ਉਦੋਂ ਵੀ ਮੈਨੂੰ ਜਮਾਤੀ ਹੋਣ ਕਰ ਕੇ 'ਸੰਭਲ ਕੇ ਚੱਲਣ' ਦੀ 'ਹਦਾਇਤ' ਕਰਦਾ ਹੁੰਦਾ ਸੀ। ਹੁਣ ਉਸਨੇ ਨੌਕਰੀ ਛੱਡ ਦਿੱਤੀ ਸੀ ਅਤੇ ਸਿਆਸਤ ਵਿਚ ਸਰਗਰਮ ਦਿਲਚਸਪੀ ਲੈਣੀ ਸੁਰੂ ਕਰ ਦਿੱਤੀ ਹੋਈ ਸੀ। ਪੁਲਿਸ ਵਿਚ ਰਿਹਾ ਹੋਣ ਕਰ ਕੇ ਅਤੇ ਲੋਕਾਂ ਦੇ 'ਕੰਮ-ਧੰਦੇ'ਕਰਵਾਉਣ ਲਈ ਪੁਲਸੀਆਂ ਨੂੰ ਅਕਸਰ ਮਿਲਦਾ ਰਹਿਣ ਕਰ ਕੇ, ਪੁਲਿਸ ਵਾਲਿਆਂ ਨਾਲ ਉਸਦੇ ਸੰਬੰਧ ਨਿਰ-ਉਚੇਚ ਸਨ। ਥਾਣੇਦਾਰ ਨੇ ਉਸਨੂੰ ਕਿਹਾ, "ਆ, ਤੂੰ ਵੀ ਆ ਜਾਹ। ਤੇਰੇ ਵੱਲ ਵੀ ਜਾਣਾ ਸੀ।"
"ਚੱਲੋ!" ਹੱਸਦਾ ਹੋਇਆ ਉਹ ਉਹਨਾਂ ਨਾਲ ਹੀ ਜੀਪ ਵਿਚ ਸਵਾਰ ਹੋ ਗਿਆ।

ਟੈਂਪੂ ਚੱਲਿਆ ਤਾਂ ਰੋਣ-ਹਾਕੇ ਬੂਟੇ ਨੇ ਕੰਬਦੇ ਹੋਠਾਂ ਨਾਲ ਕਿਹਾ, "ਭਾ ਜੀ! ਇਹਨਾਂ ਨੇ ਆਪਾਂ ਨੂੰ ਗੋਲੀ ਮਾਰ ਦੇਣੀ ਏਂ। ਮੈਂ ਪੱਕਾ ਹਿਸਾਬ ਲਾ ਲਿਆ। ਇਹ ਐਸ ਐਸ ਪੀ ਇਸ ਜ਼ਿਲ੍ਹੇ 'ਚ ਲਾਇਆ ਈ ਏਸੇ ਕਰਕੇ ਆ। ਕਈ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਇਹਨੇ ਕਈ ਬੰਦੇ ਮਰਵਾ ਦਿੱਤੇ ਨੇ। ਆਪਾਂ ਨੂੰ ਵੀ ਇਹ ਛੱਡਣ ਨਹੀਂ ਲੱਗੇ!"
ਬੂਟਾ ਜੋ ਕਹਿ ਰਿਹਾ ਸੀ, ਉਹ ਝੂਠ ਨਹੀਂ ਸੀ। ਇਹ 'ਸਭ -ਕੁਝ' ਹੋ ਰਿਹਾ ਸੀ। ਜੇ ਪੁਲਿਸ ਨੇ ਇਹ ਸੱਚ ਮੰਨ ਹੀ ਲਿਆ ਹੈ ਕਿ ਸੁਰ ਸਿੰਘ ਪਿੰਡ ਵਿਚ ਅਸੀਂ ਹੀ ਗੋਲੀ ਚਲਾਈ ਹੈ ਤਾਂ ਬੂਟੇ ਦਾ ਖ਼ਦਸ਼ਾ ਸੋਲਾਂ ਆਨੇ ਸੱਚ ਸੀ। ਮੇਰੇ ਸਰੀਰ ਵਿਚੋਂ ਵੀ ਦਹਿਸ਼ਤ ਦੀ ਇੱਕ ਕੰਬਣੀ ਲੰਘੀ ਅਤੇ ਮੱਥੇ 'ਤੇ ਪਸੀਨੇ ਦੀਆਂ ਬੂੰਦਾਂ ਉੱਭਰ ਆਈਆਂ।
"ਹੈਂ ਭਾ ਜੀ! ਜੇ ਇਹਨਾਂ ਨੇ ਆਪਾਂ ਨੂੰ ਗੋਲੀ ਮਾਰ ਦਿੱਤੀ ਤਾਂ!" ਉਹਦੇ ਬੋਲਾਂ ਵਿਚ ਬੱਚਿਆਂ ਵਰਗੀ ਵਿਲਕਣੀ ਅਤੇ ਜੁਗਿਆਸਾ ਸੀ। ਇਹ ਨਹੀਂ ਕਿ ਮੈਂ ਅੰਦਰੋਂ ਬੜਾ ਬਲਵਾਨ ਅਤੇ ਸਹਿਜ ਸਾਂ ਪਰ ਮੈਂ ਆਪਣੇ ਮਨ ਨੂੰ ਕਰੜਾ ਕਰ ਕੇ, ਮੁਸਕਰਾ ਕੇ ਉਸਨੂੰ ਕਿਹਾ, "ਬੂਟਾ ਸਿੰਅ੍ਹਾਂ! ਜੇ ਇਹਨਾਂ ਨੇ ਗੋਲੀ ਮਾਰਨੀ ਹੀ ਹੋਈ ਤਾਂ ਆਪਾਂ ਕਿਹੜੀ ਹੱਥਾਂ ਨਾਲ ਰੋਕ ਲੈਣੀ ਏਂ! ਹੌਂਸਲਾ ਰੱਖ! ਜੋ ਹੋਊ, ਵੇਖੀ ਜਾਊ।" ਮੈਂ ਨਹੀਂ ਸਾਂ ਚਾਹੁੰਦਾ ਕਿ ਸਾਨੂੰ ਲੈ ਕੇ ਜਾਣ ਵਾਲੇ ਸਿਪਾਹੀਆਂ ਦੇ ਸਾਹਮਣੇ ਸਾਡੀ ਹਾਲਤ ਹਾਸੋਹੀਣੀ ਲੱਗੇ।
ਥਾਣੇ ਜਾ ਕੇ ਸਾਨੂੰ ਹਵਾਲਾਤ ਵਿਚ ਬੰਦ ਕਰ ਦਿੱਤਾ। ਕੁਝ ਪਲਾਂ ਪਿੱਛੋਂ ਪਾਲ ਨੂੰ ਵੀ ਇੱਕ ਸਿਪਾਹੀ ਨੇ ਹਵਾਲਾਤ ਦਾ ਦਰਵਾਜ਼ਾ ਖੋਲ੍ਹ ਕੇ ਅੰਦਰ ਵਾੜਿਆ ਤਾਂ ਮੈਂ ਸਮਝਿਆ ਕਿ ਪੁਲਿਸ ਨਾਲ ਨੇੜਲੇ ਸੰਬੰਧਾਂ ਕਰ ਕੇ ਉਹ ਮੇਰੇ ਨਾਲ 'ਗੱਲ-ਬਾਤ' ਕਰਨ ਲਈ ਹਵਾਲਾਤ ਵਿਚ ਅੰਦਰ ਆ ਗਿਆ ਹੈ। ਪਰ ਉਹ ਸਾਡੇ ਨਾਲ ਹੀ ਫ਼ਰਸ਼ 'ਤੇ ਆਣ ਬੈਠਾ।
"ਮੈਂ ਤਾਂ ਤੇਰੇ ਪਿੱਛੇ ਆਉਣ ਕਰ ਕੇ ਫਸ ਗਿਆ। ਨਹੀਂ ਤਾਂ ਮੈਂ ਇਹਨਾਂ ਦੇ ਕਿੱਥੇ ਕਾਬੂ ਆਉਣਾ ਸੀ!"
ਤਾਂ ਥਾਣੇਦਾਰ ਸੱਚ ਹੀ ਆਖਦਾ ਸੀ ਉਸਨੂੰ, "ਤੂੰ ਵੀ ਆ ਜਾਹ।ਤੇਰੇ ਵੱਲ ਵੀ ਜਾਣਾ ਸੀ।"

ਪਾਲ ਨੇ ਮਿਲੀ ਸੂਚਨਾ ਅਨੁਸਾਰ ਦੱਸਿਆ ਕਿ ਪਿੰਡ ਦੇ ਸਾਰੇ ਸਰਕਰਦਾ ਬੰਦਿਆਂ ਨੂੰ ਗ੍ਰਿਫ਼ਤਾਰ ਕਰਨ ਲਈ ਪੁਲਿਸ ਨਿਕਲੀ ਹੋਈ ਹੈ। ਸਾਬਕਾ ਸਰਪੰਚਾਂ ਸਮੇਤ ਹੁਣ ਦੇ ਸਰਪੰਚ ਨੂੰ ਵੀ ਲੱਭਦੀ ਫਿਰਦੀ ਹੈ!

ਮੇਰੀ ਗ੍ਰਿਫ਼ਤਾਰੀ ਦੀ ਖ਼ਬਰ ਫ਼ੈਲ ਗਈ ਸੀ ਅਤੇ ਸਾਰੇ ਅਧਿਆਪਕ ਜਗਤ ਵਿਚ ਮੇਰੇ ਜਿਸ ਜਿਸ ਸਨੇਹੀ ਨੂੰ ਪਤਾ ਲੱਗ ਰਿਹਾ ਸੀ, ਉਹ ਭਿੱਖੀਵਿੰਡ ਥਾਣੇ ਅੱਗੇ ਆਣ ਪੁੱਜਾ ਸੀ। ਅਧਿਆਪਕਾਂ ਅਤੇ ਮੇਰੇ ਪਿੰਡ ਵਾਸੀਆਂ ਦੀ ਵੱਡੀ ਭੀੜ ਸਾਡੇ ਕੋਲ ਦੀ ਲੰਘ ਕੇ ਥਾਣੇ ਅੰਦਰ ਪਹੁੰਚੀ। ਥਾਣੇਦਾਰ ਨਾਲ ਗੱਲਬਾਤ ਕੀਤੀ। ਉਹਨਾਂ ਵਿਚੋਂ ਕਈਆਂ ਦੇ, ਪੁਲਿਸ ਦੇ ਕਈ ਕਰਮਚਾਰੀਆਂ ਨਾਲ ਚੰਗੇ ਸੰਬੰਧ ਵੀ ਸਨ। ਸਾਰੇ ਇਸ ਗੱਲ ਦੀ ਮੰਗ ਕਰ ਰਹੇ ਸਨ ਕਿ ਅਸੀਂ ਕੋਈ ਆਦੀ ਅਤੇ ਇਖ਼ਲਾਕੀ ਮੁਜਰਮ ਨਹੀਂ ਸਾਂ; ਇਸ ਲਈ ਸਾਨੂੰ ਹਵਾਲਾਤ ਵਿਚੋਂ ਕੱਢ ਕੇ ਕੁਰਸੀਆਂ ਉੱਤੇ ਬਿਠਾਇਆ ਜਾਵੇ! ਸਾਰੇ ਮੇਰੇ ਕੋਲ ਆ ਕੇ ਮੈਨੂੰ ਆਪਣੇ ਹਮਦਰਦ ਬੋਲਾਂ ਨਾਲ ਬਲ ਬਖ਼ਸ਼ ਰਹੇ ਸਨ। ਪੰਜ-ਸੱਤ ਆ ਰਹੇ ਸਨ। ਪੰਜ-ਸੱਤ ਜਾ ਰਹੇ ਸਨ। ਮੇਰੇ ਸਕੂਲ ਦਾ ਸਾਰਾ ਸਟਾਫ਼ ਛੁੱਟੀ ਕਰ ਕੇ ਮੈਨੂੰ ਮਿਲਣ ਆਇਆ ਤਾਂ ਮੈਂ ਕਿਹਾ ਕਿ ਮੈਨੂੰ ਬਾਹਰ ਨਿਕਲ ਕੇ ਉਹਨਾਂ ਨੂੰ ਮਿਲਣ ਦਿੱਤਾ ਜਾਵੇ। ਸਾਰੇ ਸਾਥੀ ਇੱਕ ਕਤਾਰ ਵਿਚ ਖਲੋਤੇ ਸਨ। ਮੈਂ ਇੱਕ ਇੱਕ ਜਣੇ ਨਾਲ ਹੱਥ ਮਿਲਾ ਕੇ ਧੰਨਵਾਦ ਕਰ ਰਿਹਾ ਸਾਂ। ਨਜ਼ਰਾਂ ਉਠਾ ਕੇ ਮੇਨ ਗੇਟ ਦੇ ਬਾਹਰ ਵੇਖਿਆ; ਮੇਰੇ ਵਿਦਿਆਰਥੀਆਂ ਦੀ ਇੱਕ ਭੀੜ ਬਾਹਰ ਖਲੋਤੀ ਹੋਈ ਸੀ। ਨਜ਼ਰਾਂ ਮਿਲੀਆਂ ਵੇਖ ਉਹਨਾਂ ਹੱਥ ਹਿਲਾਉਂਦਿਆਂ ਰੌਲਾ ਚੁੱਕ ਲਿਆ, "ਸਾ ਸਰੀ ਕਾਲ ਭਾ ਜੀ!"
ਮੈਂ ਮੁਸਕਰਾ ਕੇ ਉਹਨਾਂ ਵੱਲ ਹੱਥ ਹਿਲਾਇਆ। ਮੇਰੇ ਵਿਚ ਇੱਕ ਗੁੱਝੀ ਤਾਕਤ ਦਾ ਸੰਚਾਰ ਹੋ ਰਿਹਾ ਸੀ। ਮੇਰਾ ਡੋਲਦਾ ਮਨ ਧੀਰਜ ਧਰ ਗਿਆ ਸੀ। ਮੈਂ ਸੋਚਦਾ ਸਾਂ; ਆਪਣੇ ਲੋਕਾਂ ਦੀ ਇਹੋ ਮੁਹੱਬਤ ਹੀ ਬੰਦੇ ਨੂੰ ਆਪਣੇ ਵਿਚ ਵਿਸ਼ਵਾਸ ਰੱਖਣ ਅਤੇ 'ਫ਼ਾਂਸੀਆਂ' ਉੱਤੇ ਝੂਲ ਜਾਣ ਦੀ ਤਾਕਤ ਦਿੰਦੀ ਹੋਵੇਗੀ।

ਥੋੜ੍ਹੇ ਚਿਰ ਪਿੱਛੋਂ ਮੇਰੇ ਸਾਲਿਆਂ ਦੇ ਲੜਕਿਆਂ ਨਾਲ ਸੀ ਆਰ ਪੀ ਦੇ ਇੱਕ-ਦੋ ਅਫ਼ਸਰ ਅਤੇ ਸਾਡੇ ਪਿੰਡ ਦੇ ਪ੍ਰਾਇਮਰੀ ਹੈਲਥ ਸੈਂਟਰ ਦਾ ਡਾਕਟਰ ਗੁਰਦਿਆਲ ਸਿੰਘ ਗਿੱਲ ਥਾਣੇ ਆਣ ਪੁੱਜੇ। ਪਹਿਲਾਂ ਮੈਨੂੰ ਮਿਲੇ ਅਤੇ 'ਬੇਫ਼ਿਕਰ ਰਹਿਣ' ਲਈ ਕਹਿ ਕੇ ਥਾਣੇਦਾਰ ਕੋਲ ਚਲੇ ਗਏ।
ਜਦੋਂ ਸੂਰਤਾ ਸਿੰਘ ਨੇ ਬੁਝੇ ਮਨ ਨਾਲ ਸਾਡੇ ਘਰ ਜਾ ਕੇ ਮੇਰੀ ਪਤਨੀ ਨੂੰ, ਮੇਰੇ ਉੱਤੇ 'ਕਤਲ ਪਾ ਦੇਣ ਦੀ ਖ਼ਬਰ' ਸੁਣਾਈ ਤਾਂ ਉਸਦਾ ਸਾਹ ਉਤਾਂਹ ਦਾ ਉਤਾਂਹ ਅਤੇ ਹੇਠਾਂ ਦਾ ਹੇਠਾਂ ਰਹਿ ਗਿਆ। ਉਸਨੇ ਉੱਚੀ ਚੀਕ ਮਾਰੀ ਅਤੇ ਉੱਲਟ ਕੇ ਮੰਜੀ ਤੋਂ ਹੇਠਾਂ ਡਿਗ ਪਈ। ਉਹ ਫੁੱਟ ਫੁੱਟ ਕੇ ਰੋਣ ਲੱਗੀ। ਹਮਦਰਦੀ ਕਰਨ ਲਈ ਆਈਆਂ ਅਤੇ ਉਸ ਦੁਆਲੇ ਬੈਠੀਆਂ ਜ਼ਨਾਨੀਆਂ ਉਸਨੂੰ ਸਾਂਭਣ ਅਤੇ ਹੌਂਸਲਾ ਦੇਣ ਲੱਗੀਆਂ। ਉਹ ਮੱਛੀ ਵਾਂਗ ਤੜਫ਼ ਰਹੀ ਸੀ!
ਪਰ ਰੋਂਦੇ ਰਹਿਣ ਨਾਲ ਤਾਂ ਮਸਲਾ ਹੱਲ ਨਹੀਂ ਸੀ ਹੋਣਾ!
ਉਹ ਆਪਣੇ ਪੇਕਿਆਂ ਨੂੰ ਭੱਜ ਉੱਠੀ। ਉਸਦੇ ਤਾਏ ਦਾ ਪੁੱਤ ਫ਼ੌਜ ਵਿਚੋਂ ਕੈਪਟਨ ਰਿਟਾਇਰ ਹੋ ਕੇ ਆਇਆ ਸੀ। ਉਹ ਬਾਹਰ ਬਹਿਕ ਉੱਤੇ ਰਹਿੰਦੇ ਸਨ। ਉਹਨਾਂ ਦੇ ਨੇੜੇ ਹੀ ਸੀ ਆਰ ਪੀ ਵਾਲਿਆਂ ਦਾ ਕੈਂਪ ਸੀ। ਸੀ ਆਰ ਪੀ ਦੇ ਡੀ ਐਸ ਪੀ ਨਾਲ ਉਹਨਾਂ ਦੀ ਨੇੜੇ ਦੀ ਸਾਂਝ ਸੀ। ਉਹਨਾਂ ਨੇ ਮੇਰੇ ਰਿਸ਼ਤੇ ਬਾਰੇ ਉਸਨੂੰ ਦੱਸਿਆ ਅਤੇ ਮਦਦ ਕਰਨ ਲਈ ਕਿਹਾ। ਸਾਰੇ ਜਣੇ ਭਿੱਖੀਵਿੰਡ ਵੱਲ ਤੁਰੇ ਤਾਂ ਮੇਰੀ ਪਤਨੀ ਰਜਵੰਤ ਨੇ ਆਪਣੇ ਭਤੀਜੇ ਨੂੰ ਕਿਹਾ, "ਭਿੰਦਿਆਂ! ਤੁਸੀਂ ਡਾਕਟਰ ਗਿੱਲ ਨੂੰ ਵੀ ਨਾਲ ਲੈ ਕੇ ਜਾਣਾ ਏਂ। ਉਸਨੂੰ ਤਾਂ ਪਤਾ ਏ ਕਿ ਉਸ ਦਿਨ 'ਇਹ' ਆਪ ਹਸਪਤਾਲ ਵਿਚ ਜ਼ਖ਼ਮੀਆਂ ਦੀ ਮਦਦ ਕਰ ਰਹੇ ਸਨ। ਇੱਕੋ ਵੇਲੇ ਇਹ ਜਾਂ ਤਾਂ ਹਸਪਤਾਲ ਵਿਚ ਹੋ ਸਕਦੇ ਨੇ ਜਾਂ 'ਗੋਲੀਆਂ ਚਲਾਉਣ ਵਾਲਿਆਂ ਵਿਚ!' ਉਹ ਜਾ ਕੇ ਪੁਲਿਸ ਨੂੰ ਦੱਸੇ ਖਾਂ ਸਾਰੀ ਅਸਲੀਅਤ! ਉਸਦੇ ਆਖੇ ਦਾ ਅਕਸਰ ਕੋਈ ਮੁੱਲ ਹੋਵੇਗਾ!" ਡਾਕਟਰ ਗਿੱਲ ਦੇ ਸਾਲਿਆਂ ਦਾ ਮੇਰੇ ਸਾਲਿਆਂ ਨਾਲ ਦੋਸਤਾਨਾਂ ਸੀ। ਇਸ ਹਵਾਲੇ ਨਾਲ ਵੀ ਅਤੇ ਉਂਜ ਵੀ ਡਾਕਟਰ ਗਿੱਲ ਦੀ ਮੇਰੇ ਨਾਲ ਚੰਗੀ ਜਾਣ-ਪਛਾਣ ਸੀ ਹੀ।
ਸੋ, ਰਜਵੰਤ ਕੌਰ ਵੀ ਆਪਣੀ ਸਮਰੱਥਾ ਅਨੁਸਾਰ ਆਪਣਾ ਤਾਣ ਲਾ ਰਹੀ ਸੀ। ਜਿਸ ਜਿਸ ਦਾ ਜਿੰਨਾਂ ਜਿੰਨਾਂ ਜ਼ੋਰ ਸੀ, ਲਾ ਰਿਹਾ ਸੀ।

ਮੈਨੂੰ ਮਿਲਣ ਵਾਲਿਆਂ ਦੀ ਭੀੜ ਘਟੀ ਤਾਂ ਥਾਣੇਦਾਰ ਨੇ ਮੈਨੂੰ ਇਕੱਲੇ ਨੂੰ ਆਪਣੇ ਦਫ਼ਤਰ ਵਿਚ ਬੁਲਾਇਆ। ਆਪਣੇ ਸਾਹਮਣੇ ਕੁਰਸੀ ਉੱਤੇ ਬਿਠਾ ਕੇ ਉਸਨੇ ਹੋਰਨਾਂ ਨੂੰ 'ਨੇੜੇ ਨਾ ਆਉਣ' ਦੀ ਹਦਾਇਤ ਦਿੱਤੀ।
"ਸਰਦਾਰ ਸਾਹਬ, ਸੱਚੀ ਗੱਲ ਤਾਂ ਇਹ ਹੈ ਕਿ ਮੈਨੂੰ ਤੁਹਾਡੇ ਬਾਰੇ ਪਹਿਲਾਂ ਏਨਾ ਪਤਾ ਨਹੀਂ ਸੀ। ਇਹ ਤਾਂ ਮੈਨੂੰ ਤੁਹਾਡੇ ਮਗਰ ਆਉਣ ਵਾਲੇ ਲੋਕਾਂ ਤੋਂ ਪਤਾ ਲੱਗਾ ਹੈ ਕਿ ਪਿੰਡ ਅਤੇ ਇਲਾਕੇ ਵਿਚ ਤੁਹਾਡੀ ਏਨੀ ਇੱਜ਼ਤ ਹੈ। ਸਾਨੂੰ ਐਸ ਐਸ ਪੀ ਵੱਲੋਂ ਹੀ ਤੁਹਾਨੂੰ ਗ੍ਰਿਫ਼ਤਾਰ ਕਰਨ ਦਾ ਹੁਕਮ ਹੋਇਆ ਹੈ। ਤੁਸੀਂ ਕੀ ਸਮਝਦੇ ਓ ਕਿ ਤੁਹਾਨੂੰ ਭਲਾ ਕਿਹੜੀ ਬਿਨਾ 'ਤੇ ਇਸ ਕੇਸ ਵਿਚ ਫਸਾਇਆ ਗਿਆ ਹੈ!"
ਥਾਣੇਦਾਰ ਦੇ ਬੋਲਾਂ ਵਿਚਲੀ ਨਰਮੀ, ਨਕਲੀ ਅਤੇ ਵਿਖਾਵੇ ਦੀ ਨਹੀਂ ਸੀ ਜਾਪ ਰਹੀ।
ਮੈਂ ਆਪਣੇ ਅਨੁਮਾਨ ਅਨੁਸਾਰ ਦੱਸਿਆ ਕਿ ਮੇਰਾ ਨਾਮ ਕਦੀ ਨਕਸਲੀ ਲਹਿਰ ਨਾਲ ਜੁੜਿਆ ਰਿਹਾ ਹੈ। ਐਮਰਜੈਂਸੀ ਵਿਚ ਅਤੇ ਅੱਗੋਂ ਪਿਛੋਂ ਦੋ ਤਿੰਨ ਵਾਰ, ਬਿਨਾਂ ਕਿਸੇ ਕਸੂਰ ਤੋਂ, ਇਸ ਸਿਲਸਿਲੇ ਵਿਚ ਜੇਲ੍ਹ ਵੀ ਜਾਣਾ ਪਿਆ ਹੈ। ਪਾਏ ਕੇਸ ਝੂਠੇ ਹੋਣ ਕਰਕੇ ਹਰ ਵਾਰ ਬਾਇੱਜ਼ਤ ਬਰੀ ਵੀ ਹੁੰਦਾ ਰਿਹਾਂ। ਸੀ ਆਈ ਡੀ ਦੇ ਕਾਗ਼ਜ਼ਾਂ ਵਿਚ ਨਾਂ ਚੜ੍ਹਿਆ ਹੋਣ ਕਰਕੇ ਹੁਣ ਵੀ ਫੜ੍ਹ ਲਿਆ ਹੋਵੇਗਾ। ਮੈਂ ਤਾਂ ਇਸ ਦੁਖਾਂਤ ਵਿਚ ਸਭ ਦੀ ਜਿੰਨੀ ਹੋ ਸਕੀ, ਮਦਦ ਹੀ ਕੀਤੀ ਹੈ।
ਮੈਂ ਇਸ ਮਦਦ ਦਾ ਵਿਸਥਾਰ ਵੀ ਦਿੱਤਾ।
"ਮੈਨੂੰ ਸਾਰਾ ਪਤਾ ਲੱਗ ਚੁੱਕਾ ਏ। ਮੈਂ ਤੁਹਾਨੂੰ ਅੰਦਰਲੀ ਗੱਲ ਦੱਸਾਂ!" ਉਸਨੇ ਧੌਣ ਅੱਗੇ ਵਧਾ ਕੇ, ਮੇਜ਼ 'ਤੇ ਮੇਰੇ ਵੱਲ ਉੱਲਰਦਿਆਂ ਰਾਜ਼ ਸਾਂਝਾ ਕਰਨ ਵਾਂਗ ਕਿਹਾ, "ਸੀ ਆਈ ਡੀ ਦੇ ਕਾਗ਼ਜ਼ਾਂ ਕੂਗ਼ਜ਼ਾਂ ਕਰਕੇ ਨਹੀਂ, ਤੁਹਾਡਾ ਨਾਂ ਤੁਹਾਡੇ ਪਿੰਡ ਦੇ ਹਿੰਦੂਆਂ ਨੇ ਲਿਆ ਏ ਐਸ ਐਸ ਪੀ ਕੋਲ। ਇਹ ਬਾਰ ਬਾਰ ਜਾ ਕੇ ਉਸਨੂੰ ਕਹਿੰਦੇ ਸਨ ਕਿ 'ਇਸ ਵਾਰਦਾਤ ਪਿੱਛੇ ਪਿੰਡ ਦੇ ਕਿਸੇ ਬੰਦੇ ਦਾ ਹੱਥ ਏ।' ਇੱਕ ਦਿਨ ਉਸਨੇ ਖਿਝ ਕੇ ਕਿਹਾ, "ਜੇ ਤੁਹਾਨੂੰ ਪਤਾ ਐ ਤਾਂ ਦੱਸੋ। ਦੱਸਦੇ ਕਿਉਂ ਨਹੀਂ। ਜੇ ਤੁਸੀਂ ਨਾ ਦੱਸਿਆ ਤਾਂ ਮੈਂ ਤੁਹਾਨੂੰ ਲੰਮੇਂ ਪਾ ਲੈਣਾ ਏਂ।" ਫਿਰ ਤੁਹਾਡਾ ਨਾਂ ਲਿਆ ਉਹਨਾਂ ਨੇ!"
ਹੁਣ ਮੈਨੂੰ ਆਪਣੀ ਅਤੇ ਬੂਟੇ ਦੀ ਗ੍ਰਿਫ਼ਤਾਰੀ ਦਾ ਇੱਕ ਸਾਂਝਾ ਸੂਤਰ ਨਜ਼ਰ ਆਇਆ। ਨਕਸਲੀ ਲਹਿਰ ਸਮੇਂ ਪਿੰਡ ਦੇ ਇਸ ਵੇਲੇ ਦੇ 'ਤੇਜ਼ ਤਰਾਰ' ਇੱਕ ਹਿੰਦੂ ਸੱਜਣ ਦਾ ਛੋਟਾ ਭਰਾ ਵੀ ਮੇਰੇ ਪ੍ਰਭਾਵ ਅਧੀਨ ਸਾਡੀਆਂ ਮੀਟਿੰਗਾਂ ਵਿਚ ਆਇਆ ਕਰਦਾ ਸੀ। ਮੇਰੇ ਵੱਲੋਂ ਲਹਿਰ ਤੋਂ ਪਾਸਾ ਵੱਟ ਲੈਣ ਕਰਕੇ ਇਹੋ ਜਿਹੇ ਸਾਰੇ ਸੰਗੀ ਸਾਥੀ ਆਪੋ ਆਪਣੇ ਕੰਮਾਂ ਕਾਰਾਂ ਵਿਚ ਰੁੱਝ ਗਏ ਸਨ। ਹੁਣ ਜਦੋਂ ਸਾਰੇ ਹਿੰਦੂ ਆਪਸ ਵਿਚ ਬੈਠ ਕੇ 'ਪਿੰਡ ਦੇ ਸ਼ੱਕੀ ਬੰਦਿਆਂ ਦੀ ਸੂਚੀ' ਬਣਾਉਂਦੇ ਹੋਣਗੇ ਤਾਂ ਹੋ ਸਕਦਾ ਹੈ ਕਿ ਉਸ 'ਤੇਜ਼ ਤਰਾਰ' ਬੰਦੇ ਜਾਂ ਉਸਦੇ ਭਰਾ ਜਾਂ ਕਿਸੇ ਹੋਰ ਨੇ ਸਾਡਾ ਨਾਂ ਵੀ ਲਿਆ ਹੋਵੇ! ਪੁਰਾਣੇ ਨਕਸਲੀਆਂ ਵਿਚੋਂ ਕਈ 'ਇਸ ਪਾਸੇ' ਤੁਰੇ ਵੀ ਤਾਂ ਹੋਏ ਸਨ ਅਤੇ ਖ਼ਬਰਾਂ ਰੱਖਣ ਵਾਲਿਆਂ ਨੂੰ ਇਸ ਹਕੀਕਤ ਦਾ ਪਤਾ ਵੀ ਸੀ। ਅਸੀਂ ਵੀ ਤਾਂ 'ਇੱਧਰ ਤੁਰਨ ਵਾਲਿਆਂ' ਵਿਚ ਗਿਣੇ ਜਾ ਸਕਦੇ ਸਾਂ! ਇਸ ਲਈ ਹੋ ਸਕਦਾ ਹੈ ਕਿ ਐਸ ਐਸ ਪੀ ਦੇ ਜ਼ੋਰ ਦੇਣ 'ਤੇ 'ਤੇਜ਼ ਤਰਾਰ' ਆਗੂ ਨੇ, ਆਪਣੇ ਬਚਾਓ ਲਈ ਜਾਂ 'ਸ਼ੱਕ' ਕਰਕੇ ਹੀ ਸਾਡਾ ਨਾਂ ਲੈ ਦਿੱਤਾ ਹੋਵੇ! ਬੂਟਾ ਤਾਂ ਇਹ ਗੱਲ ਬਾਰ ਬਾਰ ਆਖ ਹੀ ਰਿਹਾ ਸੀ।
ਇਸੇ ਸਮੇਂ ਥਾਣੇਦਾਰ ਦੇ ਮੇਜ਼ 'ਤੇ ਪਏ ਟੈਲੀਫ਼ੋਨ ਦੀ ਘੰਟੀ ਖੜਕੀ।
"ਜੀ ਸਰ! ਰਾਤੀਂ ਉਸੇ ਵੇਲੇ, ਤੁਹਾਡਾ ਹੁਕਮ ਮਿਲਦਿਆਂ ਹੀ ਗ੍ਰਿਫ਼ਤਾਰ ਕਰ ਲਿਆ ਸੀ। ਹਾਂ ਜੀ, ਬਹੁਤ ਸਖ਼ਤ ਇੰਟੈਰੋਗੇਸ਼ਨ ਹੋ ਰਹੀ ਏ ਜੀ। ਠੀਕ ਏ ਜੀ, ਲੈ ਜਾਂਦੇ ਆਂ ਸਰ। ਜ਼ਰੂਰ ਕੱਢਾਂਗਾ ਜੀ। ਜੀ ਸਰ! ਹਾਂ ਜੀ! ਬਿਲਕੁਲ ਜੀ। ਆਏ ਨੇ ਜੀ ਬੜੇ। ਜੀ ਸਰ। ਛੇਤੀ ਰੀਪੋਰਟ ਕਰਦਾਂ ਜੀ।"
ਟੈਲੀਫ਼ੋਨ ਦਾ ਚੋਂਗਾ ਰੱਖਦਿਆਂ ਥਾਣੇਦਾਰ ਕਹਿੰਦਾ, "ਐਸ ਐਸ ਪੀ ਦਾ ਫ਼ੋਨ ਸੀ। ਕਹਿਣ ਡਿਹਾ , 'ਇਹਨੂੰ ਬਾਡਰ ਵੱਲ ਲੈ ਜਾਓ, ਪੁੱਛ-ਗਿੱਛ ਦੇ ਬਹਾਨੇ। ਇਹ ਵਾਰਦਾਤ 'ਇਹਦੇ' 'ਚੋਂ ਕੱਢਣੀ ਏਂ।' ਕਿੱਥੇ ਲੈ ਜਾਵਾਂ ਹੁਣ ਮੈਂ ਤੁਹਾਨੂੰ! ਭੈਣ ਦਾ ਯਾਰ ਨਾ ਹੋਵੇ ਤਾਂ!"
ਉਸ ਨੇ ਐਸ ਐਸ ਪੀ ਨੂੰ ਗਾਲ੍ਹ ਕੱਢੀ। ਮੇਰੇ ਲਈ ਇਹ ਡਾਢੀ ਹੈਰਾਨੀ ਵਾਲੀ ਗੱਲ ਸੀ। ਉਹ ਐਸ ਐਸ ਪੀ ਦਾ ਨੌਕਰ ਸੀ ਜਾਂ ਮੇਰਾ ਕੋਈ ਸੱਜਣ-ਸਹਿਯੋਗੀ!
ਉਹ ਮੇਰਾ ਹੀ ਸੱਜਣ ਸਹਿਯੋਗੀ ਸੀ।
"ਵੇਖੋ ਜੀ,ਜੇ ਸਿਰਫ਼ 'ਸਿੱਖ' ਹੋਣ ਕਰ ਕੇ 'ਇਹ' ਸਾਡੇ ਨਾਲ ਇਸਤਰ੍ਹਾਂ ਬਦਸਲੂਕੀ ਕਰਦੇ ਨੇ ਤਾਂ ਸਾਡਾ ਵੀ ਫ਼ਰਜ਼ ਬਣਦਾ ਹੈ ਕਿ ਆਪਣੇ ਨਿਰਦੋਸ਼ 'ਸਿੱਖ- ਭਰਾਵਾਂ' ਨੂੰ ਅਸੀਂ ਵੀ ਨਜਾਇਜ਼ ਤੰਗ ਨਾ ਕਰੀਏ। ਦਿੱਲੀ ਵਿਚ ਭੈਣ ਚੋਦਾਂ ਨੇ ਸਾਡੇ ਭਰਾਵਾਂ ਦਾ ਕਿਵੇਂ ਕਤਲੇਆਮ ਕੀਤਾ! ਹੁਣ ਇਹ ਕਹਿੰਦਾ; ਏਧਰ ਅਸੀਂ ਆਪਣੇ ਨਿਰਦੋਸ਼ ਭਰਾਵਾਂ ਨੂੰ ਮਾਰੀ ਜਾਈਏ। ਸਾਥੋਂ ਤਾਂ ਨਹੀਂ ਹੁੰਦੀ ਜੀ ਇਹ ਗਊ-ਹੱਤਿਆ!"
ਉਸਨੇ ਇੱਕਤਰ੍ਹਾਂ ਆਪਣਾ ਦੁਖ਼ੀ ਦਿਲ ਮੇਰੇ ਨਾਲ ਸਾਂਝਾ ਕੀਤਾ। ਇੰਦਰਾ ਗਾਂਧੀ ਦੇ ਕਤਲ ਤੋਂ ਪਿਛੋਂ ਸਿੱਖਾਂ ਦੇ ਹੋਏ ਕਤਲੇਆਮ ਨੂੰ ਅਜੇ ਹਫ਼ਤਾ ਵੀ ਨਹੀਂ ਸੀ ਗੁਜ਼ਰਿਆ। ਇਸਦੀ ਕਸਕ ਅਜੇ ਉਸਦੇ ਅੰਦਰ ਰੜਕ ਰਹੀ ਸੀ। ਉਸ ਅੰਦਰਲੇ ਪੁਲਸੀਏ ਉੱਤੇ ਉਸ ਅੰਦਰਲਾ 'ਸਿੱਖ' ਅਤੇ 'ਮਨੁੱਖ' ਭਾਰੂ ਹੋ ਗਿਆ ਸੀ।
ਉਂਜ 'ਇਹੋ ਜਿਹੇ' ਕੇਸਾਂ ਵਿਚ ਪੁਲਸੀਆਂ ਨੇ ਜਾਂ ਤਾਂ ਬੰਦਾ ਛੱਡਣ ਲਈ ਲੱਖਾਂ ਰੁਪਏ 'ਵੱਟੇ' ਸਨ ਜਾਂ ਉਹਨਾਂ ਨੂੰ ਬੇਨਾਮ ਅਤੇ ਲਾਵਾਰਿਸ ਲਾਸ਼ਾਂ ਬਣਾ ਦਿੱਤਾ ਸੀ।
"ਵੇਖੋ ਸੰਧੂ ਸਾਹਬ!ਮੈਨੂੰ ਤੁਹਾਡੀ ਸਾਰੀ ਹਕੀਕਤ ਮਾਲੂਮ ਐ। ਤੁਸੀਂ ਬੜੇ ਇੱਜ਼ਤਦਾਰ ਸੱਜਣ ਓ। ਮੈਂ ਤੁਹਾਨੂੰ ਫੁੱਲ ਦੀ ਨਹੀਂ ਲੱਗਣ ਦਿੰਦਾ। ਇਹ ਮੇਰਾ ਵਾਅਦਾ ਰਿਹਾ। ਪਰ ਤੁਹਾਨੂੰ ਵੀ ਮੇਰਾ ਸਾਥ ਦੇਣਾ ਪਊ। ਇੱਕ ਤਾਂ ਆਪਾਂ ਦੋਵਾਂ ਵਿਚ ਹੋਈ ਗੱਲਬਾਤ ਦਾ ਕਿਸੇ ਕੋਲ ਧੂੰ ਨਹੀਂ ਕੱਢਣਾ। ਦੂਜਾ; ਆਪਣੀ ਆਹ ਪੱਗ ਢਾਹ ਕੇ, ਵਲ੍ਹੇਟ ਮਾਰ ਕੇ ਬੰਨ੍ਹ ਲੌ। ਵੇਖਣ ਵਾਲੇ ਨੂੰ ਜਾਪੇ ਕਿ ਖੂਬ ਕੁੱਟ-ਮਾਰ ਹੋਈ ਹੈ! ਤੀਜਾ; ਰਹੋ ਹਵਾਲਾਤ ਦੇ ਅੰਦਰ ਹੀ। ਸਾਡੇ ਕਈ ਬੰਦੇ ਵੀ ਕਮਲ਼ ਕੁਦਾਉਂਦੇ ਨੇ ਅਖੇ:ਤੁਹਾਨੂੰ ਬਾਹਰ ਉਹਨਾਂ ਦੇ ਕਮਰਿਆਂ ਵਿਚ ਕੁਰਸੀਆਂ 'ਤੇ ਬਿਠਾਈਏ! ਇੰਜ ਕਰਕੇ ਇਹ ਤੁਹਾਡਾ ਭਲਾ ਨਹੀਂ ਕਰਨਗੇ। ਉਸ 'ਕੰਜਰ'ਦਾ ਕੀ ਪਤਾ ਹੁਣੇ ਆ ਜਾਵੇ,ਚੈੱਕ ਕਰਨ। ਤੁਸੀਂ ਹਵਾਲਾਤ ਵਿਚ ਹੋਵੋਗੇ ਤਾਂ ਤੁਹਾਡਾ ਵੀ ਤੇ ਸਾਡਾ ਵੀ ਭਲਾ! ਮੈਂ ਦੋ ਤਿੰਨ ਦਿਨ ਦੀ ਤਫ਼ਤੀਸ਼ ਪਾਉਣ ਪਿੱਛੋਂ ਹੀ ਉਸਨੂੰ 'ਮਨਾਉਣ' ਦੀ ਕੋਸ਼ਿਸ਼ ਕਰੂੰ।"
ਉਸਦੀ ਗੱਲ ਸੱਚੀ ਸੀ। ਮੈਂ ਹਵਾਲਾਤ ਵਿਚ ਵੜਦਿਆਂ ਆਪਣੀ ਪੱਗ ਲਾਹ ਕੇ ਉਲਟੇ ਸਿੱਧੇ ਵਲ਼ ਮਾਰ ਲਏ। ਕਿਰਪਾਲ ਹੁਰਾਂ ਕਾਰਨ ਪੁਛਿਆ ਤਾਂ ਮੈਂ ਮੁਸਕਰਾ ਕੇ ਬਹਾਨਾ ਮਾਰਿਆ, "ਰਹਿਣਾਂ ਹਵਾਲਾਤਾਂ ਵਿਚ ਤੇ ਪੱਗਾਂ ਪੋਚ ਕੇ ਬੰਨ੍ਹਣੀਆਂ! ਇਹਨਾਂ ਦਾ ਹੈ ਕੋਈ ਆਪਸ ਵਿਚ ਤਾਲ ਮੇਲ!"
ਉਹਨਾਂ ਦੀ ਬਹੁਤੀ ਦਿਲਚਸਪੀ ਮੇਰੇ ਅਤੇ ਥਾਣੇਦਾਰ ਦਰਮਿਆਨ ਹੋਈ ਗੱਲਬਾਤ ਨੂੰ ਜਾਨਣ ਵਿਚ ਸੀ। ਮੈਂ ਦੱਸਿਆ ਕਿ ਉਸਨੇ ਮੇਰੇ ਕੋਲੋਂ ਉਸ ਰਾਤ ਹੋਈ-ਵਾਪਰੀ ਘਟਨਾ ਬਾਰੇ ਜਾਣਕਾਰੀ ਲਈ ਹੈ ਅਤੇ ਮੈਂ ਉਸਨੂੰ ਆਪਣੇ ਨਿਰਦੋਸ਼ ਹੋਣ ਬਾਰੇ ਆਖਿਆ ਹੈ। ਗੱਲ ਉਹਨਾਂ ਦੇ ਮੰਨਣ ਵਾਲੀ ਸੀ।
ਹੌਲੀ ਹੌਲੀ ਸਾਡੇ ਪਿੰਡ ਦੇ ਹੋਰ ਬੰਦੇ ਵੀ ਪੁਲਿਸ ਨੇ ਫੜ੍ਹ ਲਿਆਂਦੇ। ਕੁਝ ਸ਼ਰੀਫ਼ ਅਤੇ ਕੁਝ ਗੈਰ-ਕਾਨੂੰਨੀ ਗਤੀਵਿਧੀਆਂ ਵਿਚ ਰੁੱਝੇ ਰਹਿਣ ਵਾਲੇ ਵੀ। ਪਤਾ ਲੱਗਾ; ਪਿੰਡ ਦਾ ਮੌਜੂਦਾ ਸਰਪੰਚ 'ਲੁਕ' ਗਿਆ ਸੀ , ਇੱਕ ਸਾਬਕਾ ਸਰਪੰਚ ਨੂੰ ਵੀ ਪੁਲਿਸ ਲੱਭਦੀ ਫਿਰਦੀ ਸੀ।

ਇਹ ਫੜ੍ਹ ਫੜਾਈ ਚੱਲਦੀ ਰਹੀ। ਮੇਰੀ ਗ੍ਰਿਫ਼ਤਾਰੀ ਦੀ ਖ਼ਬਰ ਅਖ਼ਬਾਰਾਂ ਵਿਚ ਛਪ ਚੁੱਕੀ ਸੀ। ਹਰ ਰੋਜ਼ ਹੀ ਮੇਰੇ ਸਨੇਹੀ ਵੱਡੀ ਗਿਣਤੀ ਵਿਚ ਮੈਨੂੰ ਮਿਲਣ ਆਉਂਦੇ ਰਹੇ। ਸਭ ਦੇ ਚਿਹਰਿਆਂ ਉੱਤੇ ਸਹਿਮ ਦਾ ਡੂੰਘਾ ਪਰਛਾਵਾਂ ਹੁੰਦਾ। ਪਤਾ ਨਹੀਂ ਹੁਣ ਕੀ ਹੋਵੇਗਾ! ਭਾਵੇਂ ਮੈਨੂੰ ਲੋਕਾਂ ਦੀ ਆਖੀ ਇਹ ਗੱਲ ਵੀ ਬਾਰ ਬਾਰ ਯਾਦ ਆ ਰਹੀ ਸੀ ਕਿ ਪੁਲਸੀਏ ਕਿਸੇ ਦੇ ਮਿੱਤ ਨਹੀਂ ਹੁੰਦੇ ਅਤੇ ਉਹਨਾਂ ਦੀ ਕਹੀ ਗੱਲ ਉੱਤੇ ਤਾਂ ਉਹਨਾਂ ਦੇ ਸਕੇ ਪਿਓ ਨੂੰ ਵੀ ਯਕੀਨ ਨਹੀਂ ਕਰਨਾ ਚਾਹੀਦਾ ਤਾਂ ਵੀ ਮੈਨੂੰ ਥਾਣੇਦਾਰ ਦੇ ਬੋਲਾਂ ਉੱਤੇ ਇਤਬਾਰ ਜਿਹਾ ਸੀ। ਅੰਦਰੋਂ ਕੁਝ ਹੱਦ ਤਕ ਚਿੰਤਾ-ਮੁਕਤ ਵੀ ਸਾਂ ਪਰ ਨਾਲ ਨਾਲ ਫ਼ਿਕਰਮੰਦੀ ਦਾ ਅਹਿਸਾਸ ਵੀ ਚੂੰਢੀਆਂ ਵੱਢਦਾ ਸੀ। ਥਾਣੇਦਾਰ ਨੇ ਵੀ ਤਾਂ 'ਐਸ ਐਸ ਪੀ ਨੂੰ 'ਮਨਾਉਣ ਦੀ ਕੋਸ਼ਿਸ਼ ਕਰਨ' ਬਾਰੇ ਹੀ ਆਖਿਆ ਸੀ! ਇਸ ਗੱਲ ਦੀ ਕੀ ਗਾਰੰਟੀ ਸੀ ਕਿ ਉਸਦੀ 'ਕੋਸ਼ਿਸ਼' ਕਾਮਯਾਬ ਹੋ ਹੀ ਜਾਵੇਗੀ! ਮੇਰੇ ਸਾਥੀ ਹਵਾਲਾਤੀ ਬੜੇ ਘਬਰਾਏ ਹੋਏ ਸਨ। ਮੈਂ ਕਹਿੰਦਾ, "ਉਏ! ਆਪਾਂ ਏਨੇ ਬੰਦਿਆਂ ਨੂੰ ਇਹ ਫ਼ਾਹੇ ਨਹੀਂ ਲਾਉਣ ਲੱਗੇ! ਕੀ ਪਿੰਡ ਦੇ ਸਾਰੇ ਅਸਰ ਰਸੂਖ ਵਾਲੇ ਬੰਦੇ ਹੀ ਕਾਤਲ ਨੇ! ਇਹਨਾਂ ਨੂੰ, ਆਪਾਂ ਨੂੰ ਛੱਡਣਾ ਈ ਪੈਣਾਂ ਏਂ। ਜੇ ਕਤਲ ਪਾਉਣਾ ਹੁੰਦਾ ਤਾਂ ਇੱਕ ਦੋ ਬੰਦਿਆਂ 'ਤੇ ਪਾਉਂਦੇ। ਸਾਰੇ ਪਿੰਡ 'ਤੇ ਤਾਂ ਨਹੀਂ ਪਾ ਸਕਦੇ!"
ਮੇਰੀ ਗੱਲ ਉਹਨਾਂ ਨੂੰ ਠੀਕ ਵੀ ਲੱਗਦੀ ਸੀ, ਪਰ ਧਰਵਾਸ ਨਹੀਂ ਸੀ ਹੁੰਦਾ!

ਹਵਾਲਾਤ ਵਿਚ ਤੀਸਰਾ ਦਿਨ ਸੀ। ਲਗਭਗ ਅੱਧੀ ਰਾਤ ਨੂੰ ਥਾਣੇਦਾਰ ਨੇ ਸਾਡੀ ਹਵਾਲਾਤ ਕੋਲ ਆ ਕੇ ਆਵਾਜ਼ ਦਿੱਤੀ, "ਸੰਧੂ ਸਾਹਬ,ਵਧਾਈ ਹੋਵੇ। ਤੁਹਾਡੀ ਰਿਹਾਈ ਦੇ ਹੁਕਮ ਆ ਗਏ ਨੇ।"
ਉਸਨੇ ਅੱਜ ਸਵੇਰੇ ਹੀ 'ਬਸਤਾ ਬਣਾ ਕੇ' ਐਸ ਐਸ ਪੀ ਨੂੰ ਭੇਜਿਆ ਸੀ ਜਿਸ ਵਿਚ ਦੱਸਿਆ ਗਿਆ ਸੀ ਕਿ ਬੜੀ 'ਭਾਰੀ ਪੁੱਛ-ਗਿੱਛ' ਤੋਂ ਪਿੱਛੋਂ ਮੇਰਾ ਕਿਸੇ ਪਰਕਾਰ ਦਾ ਕੋਈ ਸੰਬੰਧ ਇਸ ਵਾਰਦਾਤ ਨਾਲ ਨਹੀਂ ਜੁੜਦਾ। ਹੁਣੇ ਹੀ ਐਸ ਐਸ ਪੀ ਦਾ ਫ਼ੋਨ ਆਇਆ ਸੀ ਅਤੇ ਉਸਨੇ ਮੈਨੂੰ ਛੱਡ ਦੇਣ ਅਤੇ ਦੂਜਿਆਂ ਤੋਂ ਸਖ਼ਤ ਪੁੱਛ-ਗਿੱਛ ਦੇ ਹੁਕਮ ਟੈਲੀਫ਼ੋਨ ਉੱਤੇ ਹੀ ਦਿੱਤੇ ਸਨ। ਕਿਰਪਾਲ ਦੀ ਰਿਹਾਈ ਵੀ ਮੇਰੇ ਨਾਲ ਹੀ ਹੋਣੀ ਸੀ।
"ਹੁਣ ਤੁਸੀਂ ਵੇਖ ਲਵੋ, ਹੁਣੇ ਈ ਘਰ ਜਾਣਾ ਚਾਹੁੰਦੇ ਜੇ ਕਿ ਸਵੇਰੇ? ਮੈਂ ਤੁਹਾਨੂੰ ਆਪਣੀ ਥਾਣੇ ਦੀ ਗੱਡੀ 'ਤੇ ਭਿਜਵਾ ਦੇਂਦਾ ਪਰ ਐਸ ਵੇਲੇ ਸਾਡੇ ਬੰਦੇ 'ਟੁੰਨ' ਹੋ ਕੇ ਪਏ ਨੇ। ਜੇ ਤੁਸੀਂ ਆਪ ਕੋਈ ਪ੍ਰਬੰਧ ਕਰ ਸਕਦੇ ਓ ਤਾਂ ਤੁਹਾਡੀ ਮਰਜ਼ੀ! ਮੇਰੇ ਵੱਲੋਂ ਤੁਹਾਨੂੰ ਛੁੱਟੀ! ਉਂਜ ਅੱਜ ਕੱਲ੍ਹ ਰਾਤ ਨੂੰ ਬਾਹਰ ਨਿਕਲਣਾ ਠੀਕ ਵੀ ਨਹੀਂ। ਸਵੇਰੇ ਵੇਲੇ ਸਿਰ ਤੁਰ ਜਾਇਓ।" ਥਾਣੇਦਾਰ ਨੇ ਸੁਝਾਅ ਦਿੱਤਾ।
ਮੈਂ ਤਾਂ ਅਜੇ ਉਧੇੜ-ਬੁਣ ਵਿਚ ਹੀ ਸਾਂ ਕਿ ਕਿਰਪਾਲ ਕਹਿੰਦਾ, "ਤੁਸੀਂ ਸਾਨੂੰ ਬਾਹਰ ਕੱਢੋ ਜੀ! ਅਸੀਂ ਭਾਵੇਂ ਤੁਰ ਕੇ ਪਿੰਡ ਨਾ ਜਾਈਏ, ਜਾਣਾ ਜ਼ਰੂਰ ਹੈ।"

ਪਿੱਛੇ ਰਹਿ ਗਏ ਸਾਥੀਆਂ ਨੂੰ ਹੌਂਸਲਾ ਰੱਖਣ ਲਈ ਕਹਿ ਕੇ ਅਤੇ ਉਹਨਾਂ ਦੇ ਬਚਾਓ ਲਈ ਸਾਰਾ ਤਾਣ ਲਾ ਦੇਣ ਦਾ ਵਿਸ਼ਵਾਸ ਦਿਵਾ ਕੇ ਉਹਨਾਂ ਨੂੰ ਫ਼ਤਹਿ ਬੁਲਾ ਕੇ ਅਸੀਂ ਹਵਾਲਾਤ ਵਿਚੋਂ ਬਾਹਰ ਆ ਗਏ। ਅਸੀਂ ਕਿਸੇ ਜਾਣਕਾਰ ਕੋਲੋਂ ਭਿੱਖੀਵਿੰਡ ਅੱਡੇ ਵਿਚੋਂ ਸਕੂਟਰ ਫੜ੍ਹਣ ਦੀ ਸਲਾਹ ਬਣਾਈ। ਥਾਣੇਦਾਰ ਸਾਡੇ ਨਾਲ ਬਾਹਰ ਆਇਆ ਅਤੇ ਕਹਿਣ ਲੱਗਾ, "ਮੈਂ ਏਥੇ ਬਾਹਰ ਖਲੋ ਕੇ ਤੁਹਾਨੂੰ ਉਡੀਕਦਾਂ। ਜੇ ਤੁਹਾਡਾ ਬੰਦੋਬਸਤ ਨਾ ਹੋਇਆ ਤਾਂ ਭਾਵੇਂ ਮੈਨੂੰ ਆਪ ਨਾ ਤੁਹਾਨੂੰ ਛੱਡ ਕੇ ਆਉਣਾ ਪਵੇ!"
ਅਸੀਂ ਆਪਣੇ ਜਾਣਕਾਰ ਇੱਕ ਆੜ੍ਹਤੀਏ ਦੇ ਘਰ ਗਏ। ਉਸ ਕੋਲੋਂ ਸਕੂਟਰ ਲਿਆ। ਆੜ੍ਹਤੀਏ ਨੂੰ ਸਾਰਾ ਹਾਲ ਹਵਾਲ ਦੱਸਦਿਆਂ ਅਤੇ ਉਸ ਵੱਲੋਂ ਘਰਦਿਆਂ ਨੂੰ ਜਗਾ ਕੇ ਉਚੇਚ ਨਾਲ ਬਣਵਾਈ ਚਾਹ ਪੀਂਦਿਆਂ ਸਾਨੂੰ ਅੱਧੇ ਕੁ ਘੰਟੇ ਦਾ ਸਮਾਂ ਲੱਗ ਗਿਆ। ਜਦੋਂ ਅਸੀਂ ਥਾਣੇ ਕੋਲ ਪਹੁੰਚੇ ਤਾਂ ਵੇਖਿਆ; ਅੱਧੇ ਘੰਟੇ ਤੋਂ ਬਾਹਰ ਖਲੋਤਾ ਥਾਣੇਦਾਰ ਸਾਨੂੰ ਉਡੀਕ ਰਿਹਾ ਸੀ। ਅਸੀਂ ਉਸ ਕੋਲ ਰੁਕ ਕੇ ਇਸ ਖੇਚਲ ਲਈ , ਉਸ ਵੱਲੋਂ ਕੀਤੀ ਸਾਡੀ ਸਮੁੱਚੀ ਮਦਦ ਲਈ ਅਤੇ ਉਸਦੇ ਮਿਹਰਬਾਨ ਰਵੱਈਏ ਦੀ ਪਰਸੰਸਾ ਕੀਤੀ ਅਤੇ ਧੰਨਵਾਦ ਦੇ ਲਫ਼ਜ਼ ਆਖੇ।

ਹੁਣ ਤਕ ਹੋਈਆਂ ਮੇਰੀਆਂ ਗ੍ਰਿਫ਼ਤਾਰੀਆਂ ਦੇ ਸਿਲਸਿਲੇ ਵਿਚ ਮੈਨੂੰ ਮਿਲੇ ਸਾਰੇ ਪੁਲਸੀਆਂ ਵਿਚੋਂ ਉਹ ਮੈਨੂੰ ਸਭ ਤੋਂ ਨੇਕ ਅਤੇ ਖੂਬਸੂਰਤ ਇਨਸਾਨ ਲੱਗਾ। ਉਸਨੇ ਸਾਬਤ ਕੀਤਾ ਕਿ ਪੁਲਿਸ ਵਿਚ ਸਾਰੇ 'ਕਸਾਈ' ਹੀ ਨਹੀਂ ਹੁੰਦੇ, 'ਇਨਸਾਨ' ਵੀ ਹੁੰਦੇ ਹਨ। ਅੱਜ ਵੀ ਉਹ ਜਿੱਥੇ ਹੋਵੇ ਮੇਰੀ ਉਸਨੂੰ ਸਲਾਮ ਹੈ!
ਤੁਰੇ ਜਾਂਦਿਆਂ ਮੇਰੇ ਮੂੰਹੋਂ ਥਾਣੇਦਾਰ ਲਈ ਆਪ-ਮੁਹਾਰੇ ਬੋਲ ਨਿਕਲੇ, "ਜਿਊਂਦਾ ਰਹੋ ਉਏ, ਗੁਰੂ ਦੇ ਸੱਚੇ ਸਿੱਖਾ!"
ਪਰ ਇਹ ਆਪਣੇ ਪਿੰਡ ਦੇ 'ਹਿੰਦੂਆਂ' ਨੇ ਕੀ ਕੀਤਾ ਸੀ! ਉਹਨਾਂ ਨੂੰ ਮੇਰੇ ਨਾਲ ਇੰਜ ਤਾਂ ਨਹੀਂ ਸੀ ਕਰਨਾ ਚਾਹੀਦਾ! ਕੀ ਲਾਲ ਹੁਰਾਂ ਦੇ, ਗੋਪਾਲ ਚੰਦ ਹੁਰਾਂ ਦੇ ਪਰਵਾਰ ਵੀ ਮੇਰੇ ਬਾਰੇ ਇਹ ਕਹਿ ਸਕਦੇ ਨੇ! ਮੈਂ ਵੱਡੇ ਬਜ਼ੁਰਗ ਹਿੰਦੂਆਂ ਦੇ ਹੱਥਾਂ ਵਿਚ ਪਲਿਆ ਸਾਂ। ਉਹਨਾਂ ਦੇ, ਮੇਰੇ ਹਮ-ਉਮਰ, ਬੱਚਿਆਂ ਨਾਲ ਪੜ੍ਹ-ਖੇਡ ਕੇ ਜਵਾਨ ਹੋਇਆ ਸਾਂ। ਨਿੱਕੇ ਹੁੰਦਿਆਂ ਉਹਨਾਂ ਯਾਰਾਂ ਬੇਲੀਆਂ ਨਾਲ ਅਨੇਕਾਂ ਵਾਰੀ ਉਹਨਾਂ ਦੇ ਘਰ ਗਿਆ ਸਾਂ। ਉਹਨਾਂ ਦੀਆਂ ਮਾਵਾਂ ਨੇ ਆਪਣੇ ਪੁੱਤਾਂ ਵਾਂਗ ਨਾਲ ਬੈਠਾ ਕੇ ਮੈਨੂੰ ਅਨੇਕਾਂ ਵਾਰ ਰੋਟੀ ਖਵਾਈ ਸੀ। ਇਹਨਾਂ ਸਭਨਾਂ ਨਾਲ ਸਾਡੀ ਪੀੜ੍ਹੀਆਂ ਦੀ ਸਾਂਝ ਸੀ। ਮਰਨੇ-ਪਰਨੇ ਦੇ ਸਾਡੇ ਦੁਖ਼ ਸੁਖ ਸਾਂਝੇ ਸਨ! ਹੁਣ ਇਹ ਮੈਨੂੰ ਆਪਣਾ 'ਕਾਤਲ' ਸਮਝਦੇ ਸਨ!
ਮੈਨੂੰ ਇਨਸਾਨੀਅਤ ਵਿਚੋਂ ਵਿਸ਼ਵਾਸ ਉੱਠਦਾ ਨਜ਼ਰ ਆਇਆ।
ਰਾਤ ਨੂੰ ਘਰ ਜਾ ਕੇ ਜਦੋਂ ਮੈਂ ਆਵਾਜ਼ ਦੇ ਕੇ ਘਰ ਦਾ ਦਰਵਾਜ਼ਾ ਖੁਲ੍ਹਵਾਇਆ ਤਾਂ ਮੈਨੂੰ ਇੰਜ ਅਚਨਚੇਤ ਆਇਆ ਵੇਖ ਕੇ ਮੇਰੀ ਪਤਨੀ ਅਤੇ ਮੇਰੇ ਬੱਚੇ ਜਿਸ ਚਾਅ ਨਾਲ ਮੈਨੂੰ ਲਿਪਟੇ, ਉਸਦਾ ਬਿਆਨ ਕੀਤੇ ਜਾਣ ਨਾਲੋਂ ਮਹਿਸੂਸੇ ਜਾਣ ਨਾਲ ਵੱਧ ਤਾਅੱਲੁਕ ਰੱਖਦਾ ਹੈ।
ਦਿਨ ਚੜ੍ਹਿਆ ਤਾਂ ਮੇਰੇ ਆ ਜਾਣ ਦਾ ਸੁਣ ਕੇ ਮੇਰੇ ਆਲੇ ਦੁਆਲੇ ਰਹਿੰਦਾ ਹਿੰਦੂ ਭਾਈਚਾਰਾ ਮੇਰੇ ਘਰ ਆਣ ਇਕੱਠਾ ਹੋਇਆ। ਮੈਂ ਵੇਖਿਆ ਲਾਲ ਵੀ ਹੌਲੀ ਹੌਲੀ ਤੁਰਦਾ ਬਾਹਰਲਾ ਦਰਵਾਜ਼ਾ ਲੰਘ ਕੇ ਮੁਸਕਰਾਉਂਦਾ ਹੋਇਆ ਮੇਰੇ ਗਲੇ ਆਣ ਲੱਗਾ। ਉਸ ਨੇ ਕਿਸੇ ਨੂੰ ਕਿਹਾ, "ਸਾਰਿਆਂ ਨੂੰ ਦੱਸ ਦਿਓ ਫਿਰ, ਤਿਆਰ ਨਾ ਹੁੰਦੇ ਫਿਰਨ ਐਵੇਂ!"
ਮੈਂ ਸਵਾਲੀਆ ਨਜ਼ਰਾਂ ਨਾਲ ਪੁੱਛਿਆ ਤਾਂ ਜਵਾਬ ਮਿਲਿਆ, "ਇੱਕ ਅੱਧਾ ਦਿਨ ਤਾਂ ਅਸੀਂ ਉਡੀਕਦੇ ਰਹੇ ਕਿ ਛੱਡ ਦੇਣਗੇ ਤੁਹਾਨੂੰ। ਤੁਹਾਡਾ ਭਲਾ ਕਸੂਰ ਕੀ ਹੈ! ਪਰ ਕੱਲ੍ਹ, ਫਿਰ, ਅਸੀਂ ਸੋਚਿਆ ਕਿ ਹੁਣ ਤਾਂ ਐਸ ਐਸ ਪੀ ਨੂੰ ਮਿਲਣਾ ਹੀ ਪਊ। ਉਹਨੂੰ ਜਾ ਕੇ ਆਖਣਾ ਏਂ ਕਿ ਜੇ ਬਚਾਉਣ ਵਾਲਿਆਂ ਨੂੰ ਹੀ ਕਾਤਲ ਆਖੋਗੇ ਤਾਂ !-ਅਸੀਂ ਅੰਬਰਸਰ ਜਾਣ ਲਈ ਰਾਤੀਂ ਟਰੱਕ ਕਰ ਲਿਆ ਸੀ। ਹੁਣ ਸਵੇਰੇ ਅੱਠ ਵਜੇ ਸਕੂਲ ਕੋਲੋਂ ਇਕੱਠੇ ਹੋ ਕੇ ਤੁਰਨ ਦਾ ਪ੍ਰੋਗਰਾਮ ਹੈ; ਵੀਹ ਪੰਝੀ ਬੰਦਿਆਂ ਦਾ। ਪਰ ਚੰਗਾ ਹੋ ਗਿਆ ਤੁਸੀਂ ਆ ਗਏ! ਭਗਵਾਨ ਦਾ ਲੱਖ ਲੱਖ ਸੁਕਰ ਹੈ!"
ਮੇਰਾ ਮਨ ਮਾਣ ਨਾਲ ਭਰ ਗਿਆ। ਮੇਰੇ ਲਈ ਟਰੱਕ ਕਰ ਕੇ ਮੇਰੇ ਪਿੱਛੇ ਜਾਣ ਵਾਲੇ ਇਹ ਮੇਰੇ 'ਹਿੰਦੂ-ਭਰਾ'ਸਨ! ਮੇਰੇ ਆਲੇ ਦੁਆਲੇ ਮੇਰੀ ਖੈਰ-ਸੁੱਖ ਪੁੱਛਣ ਆਏ ਬੈਠੇ ਇਹ ਮੇਰੇ 'ਹਿੰਦੂ-ਭਰਾ' ਸਨ!
ਨਹੀਂ; ਇਹ ਮੇਰੇ 'ਹਿੰਦੂ-ਭਰਾ' ਨਹੀਂ ਇਹ ਤਾਂ ਮੇਰੇ 'ਭਰਾ' ਹੀ ਸਨ।
ਇਨਸਾਨੀਅਤ ਵਿਚ ਮੇਰਾ ਡੋਲਦਾ ਵਿਸ਼ਵਾਸ ਹੋਰ ਵੀ ਪੱਕਾ ਹੋ ਗਿਆ।

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਵਰਿਆਮ ਸਿੰਘ ਸੰਧੂ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ