Kursi (Punjabi Story) : Raghubir Dhand

ਕੁਰਸੀ (ਕਹਾਣੀ) : ਰਘੁਬੀਰ ਢੰਡ

ਅਸੀਂ ਸਾਰੇ ਉਧਰ ਵੇਖਣ ਲੱਗ ਪਏ ਜਿੱਧਰੋਂ ਚਪੇੜਾਂ, ਮੁੱਕਿਆਂ ਅਤੇ ਘਰੋੜ-ਘਰੋੜ ਗਾਲ੍ਹਾਂ ਕੱਢਣ ਦੀਆਂ ਆਵਾਜ਼ਾਂ ਆ ਰਹੀਆਂ ਸਨ। ਜਦੋਂ ਇਹ ਆਵਾਜ਼ਾਂ ਸਕੂਲ ਦੀ ਹੱਦ ਅੰਦਰ ਦਾਖ਼ਲ ਹੋਣ ਲੱਗੀਆਂ ਤਾਂ ਮੇਰੇ ਦੋਸਤ ਹੈਡਮਾਸਟਰ ਬਲਬੀਰ ਨੇ ਲਲਕਾਰਾ ਮਾਰਿਆ, “ਖ਼ਬਰਦਾਰ, ਜੇ ਹੁਣ ਹੱਥ ਲਾਇਆ ਤਾਂ!” ਪਰ ਲਲਕਾਰਾ ਜ਼ਰਾ ਕੁ ਅਸਰ ਤੋਂ ਬਾਅਦ ਬੇਅਸਰ ਹੋ ਗਿਆ। ਬਲਬੀਰ ਨੇ ਜਾ ਕੇ ਉਹਦਾ ਗੁੱਟ ਫੜ ਝਟਕਾ ਮਾਰਿਆ, “ਕੰਜਰ ਦਿਆ ਅਮਲੀਆ, ਕੁਸ਼ ਹੋਸ਼ ਕਰ। ਜੇ ਜੁਆਕ ਮਰ ਗਿਆ ਤਾਂ...।”
ਅਮਲੀ ਮੇਰੀ ਕੁਰਸੀ ਕੋਲ ਖਲੋਤੀ ਨਿੰਮ ਨਾਲ ਜਾ ਲੱਗਿਆ। ਬਲਬੀਰ ਨੇ ਮੁੰਡੇ ਦੇ ਰੋਡੇ ਸਿਰ ‘ਤੇ ਹੱਥ ਫੇਰਿਆ। ਉਹਦੀਆਂ ਗੱਲ੍ਹਾਂ ‘ਤੇ ਪੂੰਝੇ ਹੋਏ ਅੱਥਰੂਆਂ ਦੀਆਂ ਧਾਰਾਂ ਸਾਫ ਵਿਖਾਈ ਦੇ ਰਹੀਆਂ ਸਨ, ਪਰ ਉਹ ਇੰਨਾ ਡਰਿਆ ਹੋਇਆ ਨਹੀਂ ਸੀ। ਉਹ ਮੋਟੇ ਠੁੱਲ੍ਹੇ ਨੈਣ-ਨਕਸ਼ਾਂ ਵਾਲਾ ਬੜਾ ਕੱਦਵਾਰ ਮੁੰਡਾ ਸੀ, ਅਣਘੜ ਟੰਬੇ ਵਰਗਾ। ਬਲਬੀਰ ਨੇ ਉਹਨੂੰ ਹੱਥ-ਮੂੰਹ ਧੋ ਜਮਾਤ ਵਿਚ ਜਾ ਕੇ ਬੈਠਣ ਲਈ ਆਖਿਆ। ਜਦੋਂ ਉਹ ਤੁਰ ਪਿਆ ਤਾਂ ਮੇਰੀ ਨਜ਼ਰ ਉਹਦੀਆਂ ਤਕੜੀਆਂ ਲੱਤਾਂ ਅਤੇ ਧੂੜ ਭਰੇ ਕੱਛੂਪਾਥੀਆਂ ਵਰਗੇ ਪੈਰਾਂ ‘ਤੇ ਜਾ ਪਈ। ਮੈਂ ਸੋਚਿਆ ਕਿ ਗਰੀਬਾਂ ਦੇ ਮੁੰਡੇ ਕੁਝ ਜ਼ਰੂਰਤ ਤੋਂ ਜ਼ਿਆਦਾ ਹੀ ਆਗਿਆਕਾਰ ਹੁੰਦੇ ਹਨ। ਨਹੀਂ ਤਾਂ ਇਹਦੀ ਇੱਕੋ ਠਿੱਬੀ ਨਾਲ ਅਮਲੀ ਪਿਉ ਦੀਆਂ ਚਕਰੀਆਂ ਘੁੰਮ ਜਾਣਗੀਆਂ ਸਨ।
ਅਮਲੀ ਹਾਲੀਂ ਵੀ ਨਿੰਮ ਨਾਲ ਹੱਥ ਟਿਕਾਈ ਹੌਂਕੀ ਜਾ ਰਿਹਾ ਸੀ। ਸਾਹਾਂ ਵਿਚਕਾਰ ਜਿਹੜਾ ਛਿਣ ਬਚਦਾ, ਉਹਦੇ ਵਿਚ ਮੁੰਡੇ ਨੂੰ ਪੁਣੀ ਜਾ ਰਿਹਾ ਸੀ, “...ਮਾਂ ਦਾ ਖਸਮ! ਮੈਂ...ਨੰਗੇ ਪੈਰੀਂ ਸਕੂਲ ਨ੍ਹੀਂ ਜਾਣਾ। ਜਿਵੇਂ ਕਿਤੇ ਪੰਜਗਰਾਈਂਆਂ ਵਾਲੇ ਸਰਦਾਰਾਂ ਦਾ ਕਾਕਾ ਹੁੰਦੈ...ਸਾਰਾ ਮੁਲਖ ਨੰਗੇ ਪੈਰੀਂ ਤੁਰਿਆ ਫਿਰਦੈ...ਤੈਨੂੰ ਈ ਬਿੱਜ ਪੈਂਦੀ ਐ...।”
ਬਲਬੀਰ ਨੇ ਅਮਲੀ ਨੂੰ ਪਿਆਰ ਲੱਦੀ ਝਿੜਕ ਮਾਰੀ, “ਚੱਲ ਬਸ ਵੀ ਕਰ ਹੁਣ! ਐਵੇਂ ਕਿੱਲ੍ਹੀ ਜਾਨੈਂ। ਜਿਹੜੇ ਚਾਰ ਸਾਹ ਔਂਦੇ ਨੇ, ਉਨ੍ਹਾਂ ਤੋਂ ਵੀ ਜਾਏਂਗਾ। ਬਹਿ ਜਾ, ਘੜੀ ‘ਰਾਮ ਕਰ ਲੈ...ਇਹ ਆਪਣਾ ਮਿੱਤਰ ਐ...ਵਲੈਤੋਂ ਆਇਐ...ਕੋਈ ਗੱਲਬਾਤ ਸੁਣਾ ਇਹਨੂੰ!”
ਬਲਬੀਰ ਜਮਾਤ ਵਿਚ ਚਲਿਆ ਗਿਆ। ਅਮਲੀ ਮੇਰੇ ਸਾਹਵੇਂ ਨਿੰਮ ਦੀ ਢੋਅ ਲਾ ਪੈਰਾਂ ਭਾਰ ਬਹਿ ਗਿਆ।
ਇਹ ਘਟਨਾ ਵਾਪਰਨ ਤੋਂ ਪਹਿਲਾਂ ਮੈਂ ਬੜੇ ਅਨੰਦ ਵਿਚ ਸਾਂ। ਨਿੰਮ ਦੀ ਗੂੜ੍ਹੀ ਛਾਂ। ਛਾਂ ਵਿਚ ਡੱਠੀ ਮੇਰੇ ਲਈ ਉਚੇਚੇ ਤੌਰ ‘ਤੇ ਘਰੋਂ ਮੰਗਵਾਈ ਜੱਦੀ-ਪੁਸ਼ਤੀ ਕੁਰਸੀ ‘ਤੇ ਮੈਂ ਬੈਠਾ ਸੀ। ਪਿੰਡੋਂ ਜ਼ਰਾ ਹਟਵੇਂ ਇਸ ਸਕੂਲ ਵਿਚ ਦੋ ਹੀ ਅਧਿਆਪਕ ਸਨ-ਮੇਰਾ ਦੋਸਤ ਬਲਬੀਰ ਅਤੇ ਬੀਬੀ ਪਰਮਿੰਦਰ। ਮੇਰੇ ਸਾਹਵੇਂ ਕੁਝ ਸੌ ਗਜ਼ਾਂ ਦੀ ਵਿੱਥ ‘ਤੇ ਬਠਿੰਡਾ ਬ੍ਰਾਂਚ ਨਹਿਰ ਚੁੱਪ-ਚਾਪ ਵਗ ਰਹੀ ਸੀ। ਬਹੁਤ ਹੀ ਚਿੱਟਾ ਪਾਣੀ, ਜਿਵੇਂ ਕੁਆਰੀ ਬਰਫ਼ ਪਿਘਲ ਕੇ ਕੌਲ ਪੂਰੇ ਕਰਨ ਯਾਰ ਦੇ ਟਿੱਲੇ ਨੂੰ ਤੁਰੀ ਜਾ ਰਹੀ ਹੋਵੇ। ਫ਼ਸਲਾਂ ਵੱਢੀਆਂ ਗਈਆਂ ਸਨ। ਭਾਵੇਂ ਵੱਢਾਂ ‘ਚ ਕਣਕ ਦੀਆਂ ਭਰੀਆਂ ਦੇ ਸੋਨੇ ਦਾ ਰੂਪ ਝੱਲਿਆ ਨਹੀਂ ਸੀ ਜਾ ਰਿਹਾ, ਪਰ ਕੁੱਬੀਆਂ ਪਿੱਠਾਂ ਵਾਲੀਆਂ ਸੁਆਣੀਆਂ ਸਿਲਾ ਕਿਉਂ ਚੁਗ ਰਹੀਆਂ ਸਨ?
ਖ਼ੈਰ, ਮੈਂ ਅਜਿਹਾ ਕੁਝ ਵੀ ਨਹੀਂ ਸਾਂ ਸੋਚ ਰਿਹਾ। ਅਸ਼ੋਕਾ ਹੋਟਲ ਦੀ ਸ਼ਾਮ ਦਾ ਨਸ਼ਾ ਹਾਲੀ ਵੀ ਮੇਰੇ ਜ਼ਿਹਨ ‘ਤੇ ਬਰਾਬਰ ਛਾਇਆ ਹੋਇਆ ਸੀ।
ਦਿੱਲੀ ਦੀ ਸ਼ਾਮ ਸੀ। ਅਪਰੈਲ ਦੀ ਤਪੀ ਹੋਈ ਸ਼ਾਮ। ਧੂੜ ਤੇ ਧੂੰਏਂ ਦੇ ਬੱਦਲਾਂ ਵਿਚ ਗਲੇਫੀ ਸ਼ਾਮ। ਭੀੜ ਤੇ ਸ਼ੋਰ ਨਾਲ ਸ਼ਾਮ ਦੀਆਂ ਪੁੜਪੁੜੀਆਂ ਪਾਟ ਰਹੀਆਂ ਸਨ। ਸੌ ਕੁ ਡੈਲੀਗੇਟ ਅਸ਼ੋਕਾ ਹੋਟਲ ‘ਚ ਦਾਖ਼ਲ ਹੋਏ। ਧੂੜ-ਧੂੰਆਂ, ਭੀੜ ਤੇ ਸ਼ੋਰ ਗੇਟ ਅੱਗੇ ਖਲੋਤੇ ਛੇ ਫੁੱਟੇ ਤੁਰਲਿਆਂ ਵਾਲੇ ਸਿੱਖ ਨੌਜਵਾਨ ਪਹਿਰੇਦਾਰਾਂ ਤੋਂ ਅਗਾਂਹ ਨਹੀਂ ਸੀ ਜਾ ਸਕਦਾ। ਅਸੀਂ ਅੰਦਰ ਸਾਂ। ਭਾਰਤ ਦੀ ਸਾਰੀ ਕਲਾ ਕੰਧਾਂ ‘ਤੇ ਚਿਪਕੀ ਹੋਈ ਸੀ। ਚੱਪਾ-ਚੱਪਾ ਏਅਰ-ਕੰਡੀਸ਼ੰਡ, ਨੁੱਕਰ-ਨੁੱਕਰ ਰਵੀ ਸ਼ੰਕਰ ਦੀ ਟੁਣਕ ਰਹੀ ਸਿਤਾਰ। ਅਸੀਂ ਸਾਰੇ ਖੂਬਸੂਰਤ ਕੁਰਸੀਆਂ ‘ਤੇ ਬੈਠ ਗਏ। ਇੰਨੇ ਲੰਮੇ ਚੌੜੇ ਹਾਲ ਵਿਚ ਵਨ-ਪੀਸ ਗਲੀਚਾ ਵੇਖ ਮੈਂ ਹੈਰਾਨ ਰਹਿ ਗਿਆ। ਹੱਥ ਠੀਕ ਹੀ ਕਰਾਮਾਤੀ ਹੁੰਦੇ ਹਨ। ਅਸੀਂ ਖਾਣਾ ਖਾਣ ਲੱਗੇ। ਇਕ ਨੁੱਕਰ ਤੋਂ ਦੂਜੀ ਨੁੱਕਰ ਤੀਕ ਮੇਜ਼ਾਂ ‘ਤੇ ਇੰਨੀ ਪ੍ਰਕਾਰ ਦੇ ਖਾਣੇ ਸਨ ਕਿ ਬਚਪਨ ਤੋਂ ਛੱਤੀ ਪ੍ਰਕਾਰ ਦੇ ਭੋਜਨਾਂ ਦੀ ਮਿੱਥ ਅੱਜ ਸਾਕਾਰ ਹੋ ਖਲੋਤੀ ਸੀ। ਜਿੰਨਾ ਖਾਧਾ, ਉਸ ਤੋਂ ਦੁੱਗਣਾ ਛੱਡਿਆ। ਇਕ ਵਾਰ ਤਾਂ ਮੇਰਾ ਦਿਲ ਕੀਤਾ ਕਿ ਪ੍ਰਬੰਧਕਾਂ ਤੋਂ ਪੁੱਛਾਂ ਕਿ ਇਹ ਜੂਠ ਕਿਹੜਾ ਖੁਸ਼ਕਿਸਮਤ ਖਾਵੇਗਾ? ਪਰ ਇਹ ਗੱਲ ਅਸ਼ੋਕਾ ਹੋਟਲ ਦੇ ਪੱਧਰ ਦੀ ਨਾ ਹੋਣ ਕਰ ਕੇ ਮੈਂ ਅਣਕਹੀ ਹੀ ਰਹਿਣ ਦਿੱਤੀ। ਉਦੋਂ ਹੀ ਤਬਲਾ ਵੱਜਿਆ, ਸਿਤਾਰ ਟੁਣਕੀ ਅਤੇ ਘੁੰਗਰੂ ਛਣਕੇ। ਸਾਹਮਣੇ ਨ੍ਰਿਤ ਲਈ ਸਜੀ ਧਜੀ ਨ੍ਰਿਤਕੀ ਹੱਥ ਜੋੜ ਪ੍ਰਣਾਮ ਕਰ ਰਹੀ ਸੀ। ਫਿਰ ਉਹ ਅੰਗਰੇਜ਼ੀ ਬੋਲਣ ਲੱਗੀ, ਫਿਰ ਨੱਚਣ ਲੱਗੀ। ਸਿਤਾਰ ਤੇ ਤਬਲੇ ਵਾਲਾ ਉਹਦੇ ਨਾਚ ਨੂੰ ਸੰਗੀਤ ਵਿਚ ਢਾਲਣ ਲੱਗੇ। ਉਹ ਇਕ ਪ੍ਰਭਾਵ ਨੱਚਦੀ ਤੇ ਫਿਰ ਵਿਆਖਿਆ ਕਰਦੀ...ਵੇਖੋ, ਹੁਣ ਮੈਂ ਮੱਥੇ ਦੀਆਂ ਤਿਓੜੀਆਂ ਨਾਲ, ਅੱਖਾਂ ਨਾਲ, ਭਰਵੱਟਿਆਂ ਨਾਲ, ਨੱਕ ਨਾਲ, ਬੁੱਲ੍ਹਾਂ ਨਾਲ, ਠੋਡੀ ਤੇ ਗੱਲ੍ਹਾਂ ਨਾਲ ਗੁੱਸਾ ਨੱਚਣ ਲੱਗੀ ਹਾਂ-ਹੁਣ ਵਰਾਗ਼..ਹੁਣ ਕਰੁਣਾ...ਹੁਣ ਖੁਸ਼ੀ...ਤੇ ਹੁਣ ਪ੍ਰੇਮ...।
ਡੈਲੀਗੇਟ ਝੂਮ ਰਹੇ ਸਨ। ਮੇਰੇ ਸੱਜੇ ਖੱਬੇ ਆਸਟਰੇਲੀਆ ਅਤੇ ਜ਼ਾਂਬੀਆਂ ਦੇ ਡੈਲੀਗੇਟ ਬੈਠੇ ਅਸ਼-ਅਸ਼ ਕਰ ਰਹੇ ਸਨ...ਤਸਵੀਰਾਂ ਲੈ ਰਹੇ ਸਨ...ਟੇਪ ਕਰ ਰਹੇ ਸਨ ਤੇ ਮੈਨੂੰ ਹਿੰਦੁਸਤਾਨੀ ਹੋਣ ਕਰ ਕੇ ਸ਼ਾਬਾਸ਼ ਦੇ ਰਹੇ ਸਨ। ਮੈਨੂੰ, ਜਿਸ ਨੂੰ ਸਾਹਮਣੇ ਜਲਵਾਗਰ ਨ੍ਰਿਤਕੀ ਵਿਆਖਿਆ ਨਾ ਕਰਦੀ ਤਾਂ ਇਹ ਵੀ ਅਹਿਸਾਸ ਨਹੀਂ ਸੀ ਹੋ ਸਕਦਾ ਕਿ ਅਜਿਹੀ ਖੂਬਸੂਰਤ ਥਾਂ ਕੋਈ ਵੈਰਾਗ ਤੇ ਕਰੁਣਾ ਜਿਹੇ ਪ੍ਰਭਾਵ ਵੀ ਨੱਚਣ ਦਾ ਹੌਸਲਾ ਕਰ ਸਕਦਾ ਹੈ। ਤਕਰੀਬਨ ਇੱਕ ਘੰਟਾ ਇਹੀ ਪਰੀ ਨਾਚ ਹੁੰਦਾ ਰਿਹਾ। ਫਿਰ ਸੁੰਦਰ ਨ੍ਰਿਤਕੀ ਨੇ ਹੱਥ ਹਿੰਦੁਸਤਾਨੀ ਅੰਦਾਜ਼ ਵਿਚ ਜੋੜ ‘ਥੈਂਕ ਯੂ’ ਆਖਿਆ। ਜਦੋਂ ਉਹ ਪਰਦੇ ਪਿੱਛੇ ਚਲੀ ਗਈ ਤਾਂ ਮੇਰੇ ਨਾਲ ਦੇ ਡੈਲੀਗੇਟਾਂ ਨੇ ਆਖਿਆ, “ਇਹ ਤੇਰਾ ਮੁਲਕ ਏ। ਉਸ ਨ੍ਰਿਤਕੀ ਨੂੰ ਆਖ ਕਿ ਅਸੀਂ ਉਹ ਦੇ ਆਟੋਗ੍ਰਾਫ ਲੈਣਾ ਚਾਹੁੰਦੇ ਹਾਂ।” ਮੈਂ ਪ੍ਰਬੰਧਕ ਨੂੰ ਆਖਿਆ ਤੇ ਉਸ ਨੇ ਮੈਨੂੰ ਵਿਸ਼ਵਾਸ ਦਿਵਾਇਆ ਕਿ ਨ੍ਰਿਤਕੀ ਕੱਪੜੇ ਬਦਲ ਕੇ ਆਵੇਗੀ। ਉਹ ਆਈ ਜਿਵੇਂ ਪਰੀ ਇੰਦਰ ਦੇ ਖਾੜੇ ‘ਚੋਂ ਮਾਤ ਲੋਕ ‘ਚ ਉਤਰ ਆਈ ਹੋਵੇ। ਉਹ ਆਟੋਗ੍ਰਾਫ ਦਿੰਦੀ ਗਈ। ਥੈਂਕ ਯੂ ਲੈਂਦੀ ਗਈ। ਮੁਸਕਾਂਦੀ ਗਈ ਅਤੇ ਅੱਖਾਂ ‘ਤੇ ਡਿੱਗਦੇ ਵਾਲਾਂ ਨੂੰ ਕੰਨਾਂ ਪਿੱਛੇ ਟੁੰਗਦੀ ਗਈ। ਉਤਰੀ ਕੋਰੀਆ ਦਾ ਡੈਲੀਗੇਟ ਕਹਿਣ ਲੱਗਿਆ, “ਮੈਡਮ ਤੁਹਾਡੇ ਨਾਚ ਨੇ ਤਾਂ ਕੀਲ ਲਿਆ ਸਾਨੂੰ।...ਕੀ ਤੁਸੀਂ ਪਿੰਡਾਂ ਵਿਚ ਵੀ ਜਾ ਕੇ ਨੱਚਦੇ ਹੋ?”
ਨ੍ਰਿਤਕੀ ਦੀ ਕਲਮ ਰੁਕ ਗਈ। ਉਹਨੇ ਤਰਾਸ਼ੇ ਭਰਵੱਟੇ ਉਤਾਂਹ ਚੁੱਕੇ ਤੇ ਸੁੰਗੜੀ ਜਿਹੀ ਮੁਸਕਾਨ ਨਾਲ ਬੋਲੀ, “ਸਰ, ਨ੍ਰਿਤ ਸਭਿਆ ਲੋਕਾਂ ਲਈ ਕੀਤਾ ਜਾਂਦਾ ਹੈ।”
ਮੈਨੂੰ ਹੋਰ ਡੈਲੀਗੇਟਾਂ ਦਾ ਤਾਂ ਪਤਾ ਨਹੀਂ, ਅਸ਼ੋਕਾ ਹੋਟਲ ਵਾਲੀ ਨ੍ਰਿਤਕੀ ਮੇਰੇ ਦਿਲ ਦਿਮਾਗ ‘ਤੇ ਛਾਈ ਰਹੀ।
ਕੱਲ੍ਹ ਦਿੱਲੀਓਂ ਪੰਜਾਬ ਆਉਂਦਿਆਂ ਵੀ।
ਤੇ ਅੱਜ ਸਕੂਲ ਵਿਚ ਨਿੰਮ ਦੀ ਛਾਂ ਹੇਠ ਸ਼ਾਹਾਨਾ ਕੁਰਸੀ ‘ਤੇ ਬੈਠਿਆਂ ਵੀ ਮੇਰੀ ਲਿਵ ਉਧਰ ਹੀ ਲੱਗੀ ਰਹੀ। ਮੇਰੇ ਸਾਹਮਣੇ ਨਹਿਰ ਦਾ ਚਾਂਦੀ ਰੰਗਾ ਪਾਣੀ ਕੰਢਿਆਂ ‘ਤੇ ਝਾਲ ਫੇਰਦਾ ਵਹਿ ਰਿਹਾ ਸੀ ਤੇ ਮੈਨੂੰ ਜਾਪ ਰਿਹਾ ਸੀ, ਜਿਵੇਂ ਅਸ਼ੋਕਾ ਹੋਟਲ ਵਾਲੀ ਨ੍ਰਿਤਕੀ ਪਾਣੀ ‘ਤੇ ਨੱਚ ਰਹੀ ਹੋਵੇ ਅਤੇ ਉਹਦੇ ਕ੍ਰੋਧਿਤ ਨਾਚ ਨਾਲ ਪਾਣੀ ਉਬਲ ਪਿਆ ਹੋਵੇ ਤੇ ਫਿਰ ਉਹਨੇ ਆਪਣੇ ਘੁੰਗਰੂ ਇੰਨੀ ਸ਼ਾਂਤ ਅਦਾ ਵਿਚ ਛਣਕਾਏ ਹੋਣ ਕਿ ਖੁਆਜਾ ਪੀਰ ਇਕਦਮ ਠੰਢੇ ਸੀਤ ਹੋ ਗਏ...।
ਮੈਨੂੰ ਉਹ ਅਪਸਰਾ ਹੋਰਾਂ ਸੁਆਣੀਆਂ ਨਾਲ ਸਿਲਾ ਚੁਗਦੀ ਵੀ ਨਜ਼ਰ ਆਉਂਦੀ। ਸਿਲਾਂ ਉਹਦੇ ਵਾਲਾਂ ‘ਚ ਉਲਝ ਉਲਝ ਜਾਂਦੀਆਂ। ਮੁੜ੍ਹਕੋ ਮੁੜ੍ਹਕੀ ਹੋਈ ਦੀਆਂ ਗੱਲ੍ਹਾਂ ਵਿਚ ਤਾਂਬਾ ਤਪਣ ਲੱਗਦਾ। ਉਹਦੀ ਗਰਦਨ ‘ਤੇ ਪਿੱਤ ਨਿਕਲ ਆਉਂਦੀ। ਰੰਗ ਸਾਂਵਲਾ ਹੋ ਜਾਂਦਾ। ਲੰਮੇ ਵਾਲ ਟੁੱਟ-ਭੱਜ, ਗਿੱਠ ਭਰ ਦੀਆਂ ਲਟੂਰੀਆਂ ਬਣ ਜਾਂਦੇ ਅਤੇ ਉਹ ਲਾਭੀ ਚਮਿਆਰ ਦੀ ਬਚਨੀ ਵਰਗੀ ਹੋ ਜਾਂਦੀ। ਬਚਨੀ ਸਗੋਂ ਲੰਮੀ, ਸੁਡੌਲ ਤੇ ਛਾਂਟਵੀਂ ਲੱਗਦੀ। ਸਾਰਾ ਮਾਹੌਲ ਮੈਨੂੰ ਵਿਧਾਤਾ ਦਾ ਰੂਪ ਹੀ ਜਾਪਣ ਲੱਗਦਾ।
ਉਸ ਦੀ ਅਜਿਹੀ ਹਾਲਤ ਵੇਖ ਮੈਨੂੰ ਉਹਦੇ ‘ਤੇ ਬੜਾ ਤਰਸ ਆਇਆ। ਮੈਂ ਫੌਰਨ ਉਸ ਨੂੰ ਅਸ਼ੋਕਾ ਹੋਟਲ ਲੈ ਗਿਆ।
ਮੁੜ ਅਸ਼ੋਕਾ ਹੋਟਲ ਮੁੜ ਉਹੀ ਨਾਚ...ਮੁੜ ਸਭਿਆ ਤਬਕੇ ਵੱਲੋਂ ਮਰਹਬਾ!
ਪਰ ਕਮਬਖ਼ਤ ਅਮਲੀ ਦਾਲ ਵਿਚ ਰੋੜ ਵਾਂਗ ਰੜਕਿਆ।
ਮੈਂ ਅਮਲੀ ਵੱਲ ਬੜੇ ਗਹੁ ਨਾਲ ਵੇਖਿਆ। ਉਹਦੀਆਂ ਅੱਖਾਂ ਬੜੀਆਂ ਮੋਟੀਆਂ ਅਤੇ ਲਾਲ ਸਨ। ਉਂਜ ਅੱਖਾਂ ਵਿਚ ਜਾਨ ਦੀ ਥਾਂ ਉਦਾਸੀ ਸੀ। ਗਲ ਪਾਏ ਕੱਪੜੇ ਘਸੇ ਹੋਏ ਸਨ-ਉਂਜ ਸਨ ਸਾਫ਼। ਉਸ ਨੇ ਬੜੇ ਕਰੀਨੇ ਨਾਲ ਖੀਸੇ ‘ਚੋਂ ਲੈਂਪ ਦੀ ਡੱਬੀ ਕੱਢੀ, ਪਰ ਮੈਂ ਉਸ ਨੂੰ ਬੈਨਸਨ ਐਂਡ ਹੈਜਿਜ਼ ਦੀ ਸਿਗਰਟ ਲਾਈਟਰ ਨਾਲ ਲੁਆ ਦਿੱਤੀ।...ਦੋ ਕੁ ਸੂਟੇ ਮਾਰ ਉਸ ਨੇ ਸਿਗਰਟ ਬੁਝਾ ਕੇ ਕੰਨ ਵਿਚ ਟੁੰਗ ਲਈ ਅਤੇ ਉਹਦੀ ਥਾਂ ਲੈਂਪ ਦੀ ਸਿਗਰਟ ਲਾ ਲਈ ਅਤੇ ਉਹਨੂੰ ਚੀਚੀ ‘ਚ ਟੁੰਗ ਸੂਟਾ ਮਾਰਿਆ।
“ਕੀ ਗੱਲ ਮੇਰੇ ਵਾਲੀ ਨ੍ਹੀਂ ਪੀਤੀ?”
“ਉਹ ਬਾਊ ਜੀ, ਉਦੋਂ ਪੀਵਾਂਗਾ ਜਦੋਂ ਤਲਬ ਘੱਟ ਹੋਵੇਗੀ। ਨਿਸ਼ਾ ਤਾਂ ਲੈਂਪ ਦੀ ਨਾਲ ਹੀ ਹੁੰਦੀ ਐ। ਇਕ ਵਾਰ ਤਾਂ ਸਾਲੀ ਵੱਢਦੀ ਤੁਰੀ ਜਾਂਦੀ ਐ।”
ਅਮਲੀ ਬੰਦਾ ਦਿਲਚਸਪ ਸੀ।
“ਨਾਂ ਕੀ ਏ ਤੇਰਾ?”
“ਜੀ ਨਾਂ ਤਾਂ ਅਰਜਣ ਐ, ਪਰ ਸੱਦਦੇ ਸਾਰੇ ‘ਅਰਜੂ-ਅਰਜੂ’ ਕਰਕੇ ਨੇ।”
“ਕੰਮ ਕੀ ਕਰਦਾ ਏਂ?”
ਅਮਲੀ ਨੇ ਚੁਟਕੀ ਮਾਰ ਭਰਵਾਂ ਕਸ਼ ਖਿੱਚਿਆ। ਬੋਲਿਆ, “ਜੀ ਜੁਆਨੀ ਵੇਲੇ ਲਗੋਜੇ ਵਜਾਉਂਦਾ ਹੁੰਦਾ ਸੀ। ਹੁਣ ਸਰੀਰ ਨਸ਼ਿਆਂ ਨੇ ਗਾਲ ਸੁੱਟਿਆ। ਫੇਫੜਿਆਂ ‘ਚ ਪਹਿਲਾਂ ਵਰਗੀ ਲਚਕ ਨੀ ਰਹੀ...ਸਾਹ ਵਿਚਾਲਿਉਂ ਹੀ ਟੁੱਟ ਜਾਂਦੈ।”
ਮੇਰੀ ਦਿਲਚਸਪੀ ਵਧ ਗਈ। ਪੁੱਛਿਆ, “ਉਦੋਂ ਕਿਹੋ ਜਿਹੇ ਵਜਾਉਂਦਾ ਸੈਂ?”
ਉਹਦੀ ਸਿਗਰਟ ਮੁੱਕ ਗਈ ਸੀ। ਕੰਨ ‘ਚੋਂ ਕੱਢ ਮੇਰੇ ਵਾਲੀ ਲਾਂਦਿਆਂ ਬੋਲਿਆ, “ਉਦੋਂ ਤਾਂ ਜੀ ਇਕ ਵਾਰ ਗੱਲਾਂ ਕਰਾ ਦਿੰਦਾ ਸੀ”, ਫਿਰ ਹੌਕਾ ਲੈ ਕੇ ਬੋਲਿਆ, “ਪਰ ਬਾਊ ਜੀ, ਸਮੇਂ-ਸਮੇਂ ਸਮਰੱਥ, ਉਹੀ ਅਰਜਣ ਦੇ ਬਾਣ ਸਨ, ਉਹੀ ਅਰਜਣ ਦੇ ਹੱਥ।”
“ਹੁਣ ਫੇਰ ਲਾਂਘਾ ਕਿਵੇਂ ਲੰਘਦੈ?”
ਅਮਲੀ ਨੇ ਆਖਰੀ ਸੂਟਾ ਖਿੱਚ ਵਗਾਹ ਮਾਰਿਆ। ਬੋਲਿਆ, “ਬਸ, ਐਵੇਂ ਧੰਦ ਪਿਟਦੇ ਆਂ। ਘਰਵਾਲੀ ਤੇ ਕੁੜੀ ਸਿਲਾਂ-ਸੁਲਾਂ ਚੁਗ ਲਿਆਉਂਦੀਆਂ ਨੇ, ਜਾਂ ਕੱਖ-ਕੰਡਾ। ਆਪ ਕੋਈ ਡੰਗਰ ਪਸ਼ੂ ਪਾਲ ਲਈਦੈ ਜਾਂ ਦਿਹਾੜੀ ਦੱਫਾ ਕਰ ਲਈਦੈ, ਪਰ ਹੁਣ ਸਾਲੇ ਭਈਆਂ ਦਾ ਬੇੜਾ ਬਹਿ ਗਿਆ। ਆਪਣੇ ਬੰਦੇ ਨੂੰ ਤਾਂ ਦਿਹਾੜੀ ਹੁਣ ਮਿਲਦੀ ਹੀ ਨਹੀਂ।”
ਜੀਅ ਕੀਤਾ, ਅਮਲੀ ਨੂੰ ਪਰੋਲੇਤਾਰੀ ਕੌਮਾਂਤਰੀਵਾਦ ਦਾ ਸਬਕ ਚਾਰਾਂ। ਮੈਂ ਇਸ ਕਾਬਲ ਵੀ ਸਾਂ। ਅਸ਼ੋਕਾ ਹੋਟਲ ‘ਚੋਂ ਨ੍ਰਿਤਕੀ ਦੇ ਘੁੰਗਰੂਆਂ ਦੀ ਛਣਕਾਰ ਸੁਣ ਕੇ ਆਏ ਬੰਦੇ ਲਈ ਸਿਧਾਂਤ ਚਾਰਨ ਦਾ ਗੁਰ ਆਉਣਾ ਕੋਈ ਔਖਾ ਕੰਮ ਨਹੀਂ ਹੁੰਦਾ। ਫਿਰ ਸੋਚਿਆ ਕਿ ਅਮਲੀ ਨੂੰ ਆਥਣੇ ਭੁੱਖ ਲੱਗੇਗੀ, ਮੁੰਡਾ ਜੁੱਤੀ ਮੰਗੇਗਾ ਤੇ ਅਜਿਹੀ ਹਾਲਤ ਵਿਚ ਅਮਲੀ ਤੋਂ ਪਰੋਲੇਤਾਰੀ ਕੌਮਾਂਤਰੀਵਾਦ ਹਜ਼ਮ ਨਹੀਂ ਹੋਣਾ।
ਸੋਚਦਿਆਂ ਸੋਚਦਿਆਂ ਮੈਂ ਇੰਗਲੈਂਡ ਪੁੱਜ ਪਿਆ। ਅਸੀਂ ਸਾਰੇ ਆਵਾਸੀ ਭਈਏ ਬਣ ਗਏ ਅਤੇ ਅੰਗਰੇਜ਼ ਮਜ਼ਦੂਰ ਅਰਜਣ ਅਮਲੀ। ਅੰਦਰੋਂ ਤਾਂ ਕੋਈ ਫਰਕ ਨਹੀਂ ਸੀ-ਸਿਰਫ ‘ਸਾਲੇ ਭਈਏ’ ਦੀ ਥਾਂ ‘ਬਲੈਕ ਬਾਸਟਰਡ’ ਹੋ ਨਿੱਬੜੇ ਸਾਂ।
“ਬਾਊ ਜੀ, ਕਿਤੇ ਦੂਰ ਚਲੇ ਗਏ ਜਾਪਦੇ ਓ...।” ਪਤਾ ਨਹੀਂ ਕਿੰਨੀ ਦੇਰ ਦੀ ਉਡੀਕ ਤੋਂ ਬਾਅਦ ਅਮਲੀ ਨੇ ਮੈਨੂੰ ਬੁਲਾ ਕੇ ਜਗਾਇਆ।
“ਨਹੀਂ, ਮੈਂ ਤਾਂ ਤੇਰੇ ਮੁੰਡੇ ਬਾਰੇ ਸੋਚ ਰਿਹਾ ਸਾਂ। ਪੜ੍ਹਾ ਕੇ ਕੀ ਬਣਾਏਂਗਾ ਇਹਨੂੰ?”
ਅਮਲੀ ਬੋਲਿਆ, “ਬਾਊ ਜੀ! ਇਹ ਕਿਹੜਾ ਆਪਣੇ ਵੱਸ ਐ। ਜੇ ਇਹਦੀ ਕਿਸਮਤ ‘ਚ ਹੋਊ, ਬਣਿਆ ਈ ਪਿਐ। ਪਰ ਜੇ ਮੇਰੀ ਵਾਹ ਚੱਲੀ ਤਾਂ ਦੋ ਕੰਮ ਨ੍ਹੀਂ ਇਹਨੂੰ ਕਰਨ ਦੇਣੇ। ਇਕ ਤਾਂ ਪਿਲਸ ‘ਚ ਭਰਤੀ ਨ੍ਹੀਂ ਹੋਣ ਦੇਣਾ ਤੇ ਦੂਜਾ ਇਹਨੂੰ ਗਾਉਣ ਵਾਲਿਆਂ ਨਾਲ ਨ੍ਹੀਂ ਰਲਣ ਦੇਣਾ।”
“ਕਿਉਂ?...ਇਹੀ ਤਾਂ ਦੋ ਪੇਸ਼ੇ ਨੇ ਇੱਜ਼ਤ ਮਾਣ ਵਾਲੇ...ਲੋਕਾਂ ਦੀ ਸੇਵਾ ਵਾਲੇ।”
ਫ਼ਿਕਰਾ ਮੇਰਾ ਮਸਾਂ ਹੀ ਪੂਰਾ ਹੋਇਆ ਕਿ ਅਮਲੀ ਦੀਆਂ ਅੱਖਾਂ ‘ਚ ਲਾਲ ਡੋਰੇ ਉਭਰ ਆਏ, ਜਿਵੇਂ ਕਿਸੇ ਨੇ ਅਭਿਮਨਿਊ ਦਾ ਸਿਰ ਧੜ ਨਾਲੋਂ ਅੱਡ ਕਰ ਦਿੱਤਾ ਹੋਵੇ। ਸਿਲਾਂ ਚੁਗਣ ਵਾਲੀਆਂ ਸੁਆਣੀਆਂ ਦੇ ਐਨ ਕੋਲੋਂ ਇਕ ਕਹਿਰ ਦਾ ਵਰੋਲਾ ਉਠਿਆ ਅਤੇ ਸਭ ਕੁਝ ਹੂੰਝਦਾ ਨਹਿਰ ਵੱਲ ਨੱਸ ਤੁਰਿਆ, ਪਰ ਕੰਢਿਆਂ ‘ਤੇ ਪੁੱਜ ਖਿੰਡ-ਪੁੰਡ ਗਿਆ।
ਤੇ ਅਮਲੀ ਕੁੜੱਤਣ ਥੁੱਕਣ ਲੱਗ ਪਿਆ। ਕੁੜੱਤਣ ਜਿਹੜੀ ਸ਼ਾਇਦ ਉਹਨੇ ਮੇਰੇ ਲਈ ਹੀ ਸਾਂਭ ਕੇ ਰੱਖੀ ਹੋਈ ਸੀ, “ਬਾਊ ਜੀ। ਤੁਸੀਂ ਸ਼ਾਇਦ ਸਾਡੀ ਦੁਨੀਆਂ ‘ਚ ਨਹੀਂ ਰਹਿੰਦੇ। ਰਾਖ਼ਸ਼ਾਂ ‘ਚ ਤਾਂ ਸ਼ਾਇਦ ਕਿਤੇ ਨਾ ਕਿਤੇ ਤਰਸ ਦਾ ਭੋਰਾ ਹੋਊ, ਪਰ ਪੁਲਿਸ ‘ਚ ਨਹੀਂ। ਅਸੀਂ ਸੁਣੀ ਨ੍ਹੀਂ, ਹੰਢਾਈ ਐ। ਆਹ ਮਾਸਟਰ ਐ ਨਾ ਬਲਬੀਰਾ, ਇਹਦੇ ਘਰਾਂ ‘ਚੋਂ ਈ ਸੀ ਮੁੰਡਾ, ਹਰਭਜਨ... ਭਜੋ ਭਜੋ ਕਰ ਕੇ ਸੱਦਦੇ ਸਨ। ਪੁੱਜ ਕੇ ਸੋਹਣਾ ਤੇ ਚੌਦਾਂ ਜਮਾਤਾਂ ਪਾਸ। ਏਨਾ ਨਰਮ, ਏਨਾ ਕੂਲਾ ਕਿ ਗੱਲ ਈ ਛੱਡ ਦਿਉ। ਮੈਨੂੰ ਵੀ ਚਾਚਾ ਕਹਿ ਕੇ ਬੁਲਾਉਂਦਾ ਸੀ। ਚਿਰ ਪਿੱਛੋਂ ਮਿਲਾਂ ਤਾਂ ਮੇਰੇ ਗੋਡੀਂ ਹੱਥ ਲਾਉਂਦਾ। ਲੋਕ ਤਾਂ ਐਮੇਂ ਗੱਲਾਂ ਕਰਦੇ ਨੇ, ਉਹ ਕਰ ਕੇ ਵਿਖਾਉਂਦਾ ਸੀ। ਵਿਆਹ ਕਰਾਇਆ ਤੇ ਕੋਈ ਜੰਨ ਨ੍ਹੀਂ ਲੈ ਕੇ ਗਿਆ। ‘ਕੱਲਾ ਗਿਆ ਤੇ ਬਹੂ ਨੂੰ ਤਿੰਨਾਂ ਕੱਪੜਿਆਂ ਵਿਚ ਸਕੂਟਰ ‘ਤੇ ਬਿਠਾ ਕੇ ਲੈ ਆਇਆ। ਅਤੇ ਬਹੂ ਵੀ ਪੁੱਜ ਕੇ ਸ਼ੈਲ ਤੇ ਸਵੇਰੇ ਉਠ ਕੇ ਨਾਂ ਲੈਣ ਵਾਲੀ ਸਚਿਆਰੀ...।”
“ਫੇਰ?” ਮੈਂ ਉਹਨੂੰ ਟੋਕਿਆ। ਮੈਨੂੰ ਅਮਲੀਆਂ ਬਾਰੇ ਪਤਾ ਸੀ, ਜਿੱਧਰ ਨੂੰ ਤੁਰ ਪੈਣ, ਤੁਰੇ ਹੀ ਜਾਂਦੇ ਨੇ...।
“ਫੇਰ ਕੀ...ਇਕ ਰਾਤ ਗੋਲੀਆਂ ਚੱਲੀਆਂ ਤੇ ਪਿੰਡ ਦਾ ਸਰਦਾਰ ਸ਼ਮਸ਼ੇਰ ਸਿੰਘ ਕਿਸੇ ਮਾਰ ਘੱਤਿਆ। ਚੱਲੀ ਤਾਂ ਬਾਊ ਜੀ ਗੋਲੀ ਪਰ ਸਰਦਾਰ ਵੱਢਿਆ ਕਿਰਪਾਨਾਂ ਨਾਲ। ਦੂਜੇ ਦਿਨ ਪੁਲਿਸ ਦੀਆਂ ਧਾੜਾਂ ਉਤਰ ਆਈਆਂ। ਇਕ ਵਾਢਿਉਂ ਸਾਰਾ ਪਿੰਡ ਬੰਨ੍ਹ ਸੱਥ ‘ਚ ਬਹਾਇਆ। ਹਾਲੀਆਂ ਦੇ ਹਲ ਛੁਡਾ ਦਿੱਤੇ। ਭੱਠੇ ‘ਤੇ ਇੱਟਾਂ ਕੱਢਣ ਜਾਂਦੇ ਲੋਕ ਰਾਹ ‘ਚੋਂ ਵਲ ਲਿਆਂਦੇ। ਸਕੂਲ ਦੇ ਜੁਆਕ ਘੇਰ ਲਿਆਂਦੇ। ਈਦੂ ਵਾਗੀ ਦੀ ਹੁੱਕੀ ਭੰਨ ਸੁੱਟੀ ਤੇ ਵੱਗ ਨੇ ਫਸਲਾਂ ਉਜਾੜ ਦਿੱਤੀਆਂ। ਬਲਬੀਰੇ ਮਾਸਟਰ ਦਾ ਚਪੇੜਾਂ ਨਾਲ ਮੂੰਹ ਰੰਗ ਦਿੱਤਾ। ਹਾਹਾਕਾਰ ਮੱਚ ਗਿਆ। ਡੀ.ਐਸ਼ਪੀ. ਕੁੜੀ ਦੀ ਗਾਲ੍ਹ ਬਿਨਾਂ ਨ੍ਹੀਂ ਸੀ ਬੋਲਦਾ। ਅਖੇ, ਨਕਸਲੀਆਂ ਨੇ ਸਰਦਾਰ ਦਾ ਖੂਨ ਕੀਤੈ, ਅਤੇ ਖੂਨੀਆਂ ਦਾ ਮੋਹਰੀ ਐ ਭਜੋ। ਉਹਨੂੰ ਹਾਜ਼ਰ ਕਰੋ, ਨਹੀਂ ਤਾਂ ਸਣ ਬੱਚੇ ਘਾਣੀ ਪੀੜ ਦਿਆਂਗਾ।...ਰੌਣ ਵਰਗੀਆਂ ਅੱਖਾਂ ਸਨ ਡੀ.ਐਸ਼ਪੀ. ਦੀਆਂ। ਭਜੋ ਦੇ ਪਿਉ ਦਾ ਰਫ਼ਲਾਂ ਦੇ ਬੱਟਾਂ ਨਾਲ ਮੋਢਾ ਤੋੜ ਦਿੱਤਾ ਅਤੇ ਡੀ.ਐਸ਼ਪੀ. ਨੇ ਆਪ ਉਹਦੀ ਧੌਲੀ ਦਾੜ੍ਹੀ ਖੱਬਲ ਵਾਂਗ ਪੱਟ ਦਿੱਤੀ। ਉਹਨੇ ਬਾਊ ਜੀ ਬਥੇਰੇ ਵਾਸਤੇ ਪਾਏ, ਬਈ ਮੈਂ ਬਹੂ ਤੋਂ ਪੁੱਛਿਐ, ਭਜੋ ਤਾਂ ਕਿੰਨੇ ਦਿਨਾਂ ਤੋਂ ਘਰ ਹੀ ਨਹੀਂ ਵੜਿਆ। ਬਸ ਬਾਊ ਜੀ, ਫੇਰ ਕੀ ਸੀ। ਭਜੋ ਦੀ ਬਹੂ ਨੂੰ ਸੱਥ ਵਿਚ ਤਲਬ ਕੀਤਾ ਗਿਆ। ਉਹਨੇ ਪਿੰਡ ਦੀ ਨੂੰਹ ਹੋਣ ਕਰ ਕੇ ਸੱਥ ‘ਚ ਆਉਣ ਤੋਂ ਨਾਂਹ ਨੁਕਰ ਕੀਤੀ। ਤੈਸ਼ ‘ਚ ਆਇਆ ਡੀ.ਐਸ਼ਪੀ. ਗਾਰਦ ਲੈ ਉਹਦੇ ਘਰ ਜਾ ਵੜਿਆ। ਰਾਖ਼ਸ਼ ਨੇ ਉਹਦੀ ਚੁੰਨੀ ਗਲ ‘ਚ ਪਾ ਲਈ। ਇਹੋ ਜਿਹੀਆਂ ਗਾਲ੍ਹਾਂ ਤੇ ਗੰਦ ਬਕਿਆ ਕਿ ਦੱਸਦਿਆਂ ਜੀਭ ਨੂੰ ਤੰਦੂਆ ਪੈ ਜਾਵੇ। ਫੇਰ ਬਹੂ ਦਾ ਗਲਮਾਂ ਫੜ ਲੰਗਾਰ ਕਰ ਦਿੱਤਾ ਤੇ ਫੇਰ ਜੋੜ ਕੇ ਰਫ਼ਲ ਦਾ ਬੱਟ ਉਹਦੀ ਛਾਤੀ ‘ਤੇ ਮਾਰਿਆ। ਨਗਾਹੇ ਦੀ ਸੌਂਹ ਬਾਊ ਜੀ, ਦੁੱਧ ਦੀ ਤਤੀਰੀ ਡੀ.ਐਸ਼ਪੀ. ਦੇ ਮੂੰਹ ‘ਤੇ ਪੈ ਗਈ ਤੇ ਉਹ ਰਾਖ਼ਸ਼ ਮਾਂ ਦੇ ਦੁੱਧ ਨੂੰ ਥੁੱਕਣ ਲੱਗ ਪਿਆ ਅਤੇ ਵੱਡੇ ਸਰਦਾਰ ਦਾ ਭਰਾ ਚਿੱਟੇ ਰੁਮਾਲ ਨਾਲ ਉਹ ਦਾ ਮੂੰਹ ਸਾਫ਼ ਕਰਨ ਲੱਗ ਪਿਆ...।”
ਇਕ ਚੁੱਪ।
ਮੈਂ ਅਮਲੀ ਦੇ ਮੋਢੇ ‘ਤੇ ਹੱਥ ਰੱਖ ਦਿੱਤਾ ਤੇ ਉਹ ਭੁੱਬ ਮਾਰ ਕੇ ਮੈਨੂੰ ਚਿੰਬੜ ਗਿਆ। ਡੁਸਕਦਾ ਰਿਹਾ ਤੇ ਟੁੱਟੀਆਂ-ਟੁੱਟੀਆਂ ਗੱਲਾਂ ਕਰਦਾ ਰਿਹਾ। “...ਤਿੰਨ ਦਿਨ ਇਹੀ ਅੰਨ੍ਹੀ ਪੀਂਹਦੀ ਰਹੀ। ਤੀਜੇ ਦਿਨ ਭਜੋ ਪੁਲਿਸ ਮੁਕਾਬਲਾ ਬਣਾ ਮਾਰ ਦਿੱਤਾ...ਤੇ ਤਿੰਨ ਵਰ੍ਹੇ ਹੋ ਚੱਲੇ ਨੇ ਬਾਊ ਜੀ, ਲੋਕ ਅਜੇ ਵੀ ਬਰੜਾ ਬਰੜਾ ਉਠਦੇ ਨੇ...।”
ਫਿਰ ਉਹ ਮੈਥੋਂ ਜ਼ਰਾ ਕੁ ਪਰ੍ਹੇ ਹੋ ਕੇ ਬਹਿ ਗਿਆ। ਸਿਗਰਟ ਲਾਈ, ਫਿਰ ਲੰਮੀ ਚੁੱਪ ਪਸਰ ਗਈ। ਚੁੱਪ ਜਿਹੜੀ ਸ਼ਾਂਤੀ ਵਰਗੀ ਨਹੀਂ ਸੀ। ਹੁਣ ਉਹ ਰੋ ਨਹੀਂ ਸੀ ਰਿਹਾ, ਪਰ ਉਹਦੀਆਂ ਅੱਖਾਂ ਇੰਜ ਸਨ ਜਿਵੇਂ ਸੂਰਜ ਪੱਛਮ ਦੀ ਥਾਂ ਉਹਦੀਆਂ ਅੱਖਾਂ ‘ਚ ਮਰ ਗਿਆ ਹੋਵੇ।
ਮੇਰਾ ਦਿਲ ਤਾਂ ਕੀਤਾ ਕਿ ਅਮਲੀ ਦੀ ਚੀਰ-ਫਾੜ ਕਰਾਂ, “ਤੂੰ ਤਾਂ ਅਰਜਣ ਸੀ, ਦਰਪੋਦੀ ਦੇ ਚੀਰ ਹਰਨ ਸਮੇਂ ਤੇਰੇ ਗੰਡੀਵ ਧਨੁਸ਼ ਨੇ ਅੰਗੜਾਈ ਕਿਉਂ ਨਾ ਲਈ।” ਨਾਲੇ ਇਹ ਵੀ ਪੁੱਛਾਂ ਕਿ ਤੇਰੇ ਪਿੰਡ ‘ਚ ਬਸ ਇਕ ਭਜੋ ਹੀ ਬਾਜ਼ ਸੀ? ਬਾਕੀ ਸਾਰੀਆਂ ਚਿੜੀਆਂ ਹੀ ਸਨ? ਉਨ੍ਹਾਂ ਨੂੰ ਬਾਜ਼ ਕਿਉਂ ਨਾ ਬਣਾਇਆ?
ਪਰ ਅਮਲੀ ਤਾਂ ਬਿਲਕੁਲ ਬੁਝ ਗਿਆ ਸੀ। ਮੈਂ ਗੱਲ ਦਾ ਰੁਖ ਹੀ ਬਦਲ ਦਿੱਤਾ, “ਪਰ ਤੂੰ ਆਪਣੇ ਮੁੰਡੇ ਨੂੰ ਗਾਉਣਾ ਵਜਾਉਣਾ ਕਿਉਂ ਨੀ੍ਹਂ ਸਿਖਾਉਣਾ ਚਾਹੁੰਦਾ?”
ਪਰ ਉਹ “ਐਕਸਕਿਊਜ਼ ਮੀ’ ਆਖਣ ਤੋਂ ਬਿਨਾਂ ਹੀ ਨਲਕੇ ਵੱਲ ਤੁਰ ਗਿਆ। ਮੇਰੀਆਂ ਨਜ਼ਰਾਂ ਉਹਦੇ ਪਿੱਛੇ-ਪਿੱਛੇ। ਉਹਨੇ ਕੁਰਲੀ ਕੀਤੀ, ਅੱਖਾਂ ‘ਤੇ ਛਿੱਟੇ ਮਾਰੇ, ਪਾਣੀ ਦੇ ਦੋ-ਚਾਰ ਬੁੱਕ ਪੀਤੇ ਤੇ ਪਰਤ ਆਇਆ। ਖੀਸੇ ‘ਚੋਂ ਡੱਬੀ ਕੱਢ ਜ਼ਰਦੇ ਦੀ ਚੂੰਢੀ ਮੂੰਹ ‘ਚ ਟਿਕਾਈ। ਬੋਲਿਆ, “ਸਾਲਾ ਕਾਲਜਾ ਜਿਹਾ ਮਚਣ ਲੱਗ ਪਿਆ ਸੀ...ਕੀ ਪਿਐ ਗੌਣ ਵਜਾਉਣ ‘ਚ ਬਾਊ ਜੀ। ਮੈਂ ਸਾਰੀ ਉਮਰ ਲਾ ਦਿੱਤੀ, ਨਾਲੇ ਮੇਰੇ ਪਿਉ ਨੇ। ਪਰ ਖੱਟਿਆ ਕੀ? ਆਹ ਭੁੱਖ ਨੰਗ। ਸਰੀਰ ਨੂੰ ਨਸ਼ੇ ਵਾਧੂ ਦੇ ਲਾ ਲਏ। ਅੱਜ ਹੀ ਵੇਖ ਲਵੋ। ਮੁੰਡਾ ਜੁੱਤੀ ਵਾਸਤੇ ਕਈ ਦਿਨਾਂ ਤੋਂ ਰਿਹਾੜ ਕਰਦਾ ਸੀ। ਮੈਨੂੰ ਕਿਤੇ ਪਤਾ ਨ੍ਹੀਂ, ਬਈ ਉਹਦੇ ਪੈਰ ਜਲਦੇ ਨੇ, ਪਰ ਲੈ ਕੇ ਕਿੱਥੋਂ ਦੇਵਾਂ? ਇੱਥੇ ਤਾਂ ਦੋ ਡੰਗ ਦੀ ਰੋਟੀ ਦਾ ਵੀ ਫਿਕਰ ਐ...।”
ਉਹਦੀਆਂ ਅੱਖਾਂ ਮੁੜ ਲਾਲ ਹੋ ਗਈਆਂ ਤੇ ਉਹਨੇ ਖੇਤਾਂ ਵਿਚ ਸੋਨੇ ਵਾਂਗ ਡਲ੍ਹਕਦੀਆਂ ਕਣਕ ਦੀਆਂ ਭਰੀਆਂ ਵੱਲ ਨਜ਼ਰ ਮਾਰ ਆਖਿਆ, “ਔਹ ਵੇਖ ਲਵੋ, ਕਿੰਨਾ ਅੰਨ ਪਿਐ, ਪਰ ਮੈਂ ਉਹ ਡੂਢੀ ‘ਤੇ ਲੈ ਕੇ ਖਾਣੈ। ਇਹੀ ਹਾਲ ਮੇਰੇ ਬਾਪ ਦਾ ਸੀ। ਤੁਸੀਂ ਪਾਖਰ ਸਾਰੰਗੀ ਵਾਲੇ ਦਾ ਨਾਂ ਤਾਂ ਸੁਣਿਆ ਹੋਣੈ। ਮੇਰਾ ਪਿਉ ਸੀ ਉਹ। ਸਾਰੇ ਦੇਸ਼ ‘ਚ ਮਸ਼ਹੂਰ ਮੈਂ। ਕੀਹਦਾ ਪਾਣੀ-ਹਾਰ ਆਂ। ਟਿਕੀ ਹੋਈ ਚਾਨਣੀ ਰਾਤ ‘ਤੇ ਜਦੋਂ ਸਾਰੰਗੀ ਵਜਾਉਂਦਾ ਹੁੰਦਾ ਸੀ, ਢਾਡੀ ਵਾਲੀ ਆਣ ਐ, ਚੰਦ ਅਸਮਾਨ ‘ਚ ਤੁਰਨੋਂ ਹਟ ਜਾਂਦਾ ਸੀ। ਖ਼ਬਰ ਨ੍ਹੀਂ, ਉਹਨੂੰ ਕਿਹੜਾ ਦਰਦ ਸੀ, ਝਾਂਜਰ ਵਾਂਗ ਸਾਰੰਗੀ ਦੇ ਗਜ਼ਾਂ ਦੇ ਘੁੰਗਰੂ ਛਣਕਦੇ ਤੇ ਸਾਰੰਗੀ ਆਏਂ ਵੱਜਦੀ ਜਿਵੇਂ ਕੋਈ ਰੋ ਰਿਹਾ ਹੋਵੇ ਤੇ ਉਹ ਆਪ ਰੋਣ ਲੱਗ ਪੈਂਦਾ। ਫੇਰ ਕਈ ਵਾਰ ਜਗੜੇ ਦੀ ਕੋਠੀ ਵਾਲੇ ਅੰਬਾਂ ਦੇ ਦਰਖ਼ਤਾਂ ‘ਚੋਂ ਮੋਰ ਬੋਲਣ ਲੱਗ ਪੈਂਦੇ। ਮੈਂ ਪੁੱਛਦਾ, “ਬਾਪੂ! ਬੱਦਲ ਤਾਂ ਘੋਰਿਆਂ ਨ੍ਹੀਂ, ਮੋਰ ਕਿਉਂ ਬੋਲਦੇ ਨੇ?” ਬਾਪੂ ਆਖਦਾ, “ਮੇਰੀ ਸਾਰੰਗੀ ‘ਤੇ ਮੈਲ ਹੋ ਜਾਂਦੇ ਨੇ।”...ਬੇਬੇ ਖਿਝੀ ਰਹਿੰਦੀ...ਤੇਰੇ ਪਿਉ ਦਾ ਦਿਮਾਗ ਹਿੱਲ ਗਿਐ।...ਬਾਪੂ ਦਾ ਇਕ ਗੁਰਭਾਈ ਹੁੰਦਾ ਸੀ- ਰਾਏਕੋਟੀਆ ਵਲੈਤੀ।...ਬਾਹਲਾ ਮੋਹ ਕਰਦਾ ਸੀ ਮੈਨੂੰ।...ਉਹ ਦੱਸਦਾ ਹੁੰਦਾ ਸੀ...ਪਾਖਰ ਜਦੋਂ ਸਾਰੰਗੀ ਵਜਾਉਂਦੈ ਨਾ, ਤਾਂ ਮੋਰ ਪਹਿਲਾਂ ਤਾਂ ਮਸਤੀ ‘ਚ ਗੌਂਦੇ ਨੇ, ਫੇਰ ਸਾਰੰਗੀ ਦੇ ਦਰਦ ਨਾਲ ਵੈਰਾਗ ਰੋਣ ਲੱਗ ਜਾਂਦੇ ਨੇ। ਉਨ੍ਹਾਂ ਦੀਆਂ ਹਿੰਝਾਂ ਧਰਤੀ ‘ਤੇ ਡਿੱਗਣ ਤੋਂ ਪਹਿਲਾਂ ਹੀ ਮੋਰਨੀਆਂ ਆਪਣੀਆਂ ਚੁੰਝਾਂ ‘ਚ ਬੋਚ ਲੈਂਦੀਆਂ ਨੇ। ਤੇ...ਤੇ...ਤੇ ਉਹ ਗੱਭਣ ਹੋ ਜਾਂਦੀਆਂ ਨੇ...।’ ਇਸ ਪਿਛਲੀ ਗੱਲ ‘ਤੇ ਬਾਊ ਜੀ, ਉਹ ਜ਼ਰਾ ਕੁ ਅਟਕ ਜਾਂਦਾ ਸੀ। ਮੇਰੇ ਖਿਆਲ ‘ਚ ਉਹ ਕੁਸ਼ ਸੰਗ ਜਾਂਦਾ ਸੀ...ਚਾਚੇ ਦੀਆਂ ਇਹੋ ਜਿਹੀਆਂ ਗੱਲਾਂ ਸੁਣ ਮੈਂ ਬਾਪੂ ਨੂੰ ਬੜੇ ਗਹੁ ਨਾਲ ਵੇਖਦਾ ਤੇ ਉਹ ਮੈਨੂੰ ਕੋਈ ਔਲੀਆ ਜਾਪਦਾ। ਮੈਂ ਬਾਪੂ ਨੂੰ ਅੰਤਾਂ ਦਾ ਮੋਹ ਕਰਨ ਲੱਗ ਪਿਆ। ਜਦੋਂ ਉਹ ਘਰ ਹੁੰਦਾ ਤਾਂ ਮੈਂ ਟਿੱਕੀ ਵੱਟ ਕੇ ਬੜੇ ਪ੍ਰੇਮ ਨਾਲ ਚਿਲਮ ‘ਚ ਤਮਾਖੂ ਪਾ ਗੋਹੇ ਦੀ ਅੱਗ ਧਰਦਾ। ਨੇਚੇ ‘ਚ ਤਰਫਾਨ ਫੇਰਦਾ ਤੇ ਹੁੱਕਾ ਤਾਜ਼ਾ ਕਰਦਾ। ਪੰਜ-ਸੱਤ ਘੁੱਟਾਂ ਖਿੱਚ ਹੁੱਕਾ ਚਲਾ ਵੀ ਦਿੰਦਾ। ਬੇਬੇ ਬੋਲੀ ਤੁਰੀ ਜਾਂਦੀ, ਪਰ ਬਾਪੂ ਬਹੁਤਾ ਗੌਲਦਾ ਨਹੀਂ ਸੀ ਹੁੰਦਾ। ਉਹ ਜਦੋਂ ਵੀ ਕੋਈ ਗੱਲ ਕਰਦਾ ਤਾਂ ਸਾਰੰਗੀ ਦੀ ਹੀ ਗੱਲ ਕਰਦਾ, ਜਾਂ ਹੱਥਾਂ ਨੂੰ ਖੜਤਾਲਾਂ ਵਾਂਗ ਵਜਾਉਂਦਾ ਰਹਿੰਦਾ। ਮੇਰੇ ਪੁੱਛਣ ‘ਤੇ ਦੱਸਦਾ, ‘ਆਏਂ ਕਰਨ ਨਾਲ ਹੱਥਾਂ ਦੀ ਲਚਕ ਨ੍ਹੀਂ ਮਰਦੀ।’ ਮੈਂ ਬਹੁਤ ਪ੍ਰੇਮ ਨਾਲ ਉਹਦੀਆਂ ਉਂਗਲਾਂ ਦੇ ਪਟਾਕੇ ਕੱਢਦਾ ਰਹਿੰਦਾ, ਬਾਪੂ ਦੇ ਹੱਥ ਪੋਲੀ ਵਰਗੇ ਨਰਮ ਸਨ...।”
ਹੁਣ ਅਮਲੀ ਕਾਫੀ ਟਿਕਾਉ ਵਿਚ ਸੀ। ਮੈਂ ਪੁੱਛਿਆ, “ਤੂੰ ਸਾਰੰਗੀ ਕਿਉਂ ਨਾ ਸਿੱਖੀ? ਤੇਰੇ ਤਾਂ ਘਰ ‘ਚ ਗੰਗਾ ਸੀ।”
“ਦੋ ਗੱਲਾਂ ਕਰ ਕੇ”, ਉਹ ਬੋਲਿਆ... “ਇਕ ਤਾਂ ਮੁੱਢ ਤੋਂ ਹੀ ਮੇਰਾ ਮਤਾ ਕੁਸ਼ ਇਹੋ ਜਿਹਾ ਸੀ ਕਿ ਗੱਲ ਮੇਰੇ ਸਿਰ ਨੂੰ ਪਿੱਛੋਂ ਚੜ੍ਹਦੀ ਸੀ, ਪਹਿਲਾਂ ਦਿਲ ‘ਤੇ ਲੜ ਜਾਂਦੀ ਸੀ। ਬੜਾ ਕਮਜ਼ੋਰ ਦਿਲਾ ਸਾਂ ਮੈਂ। ਬਹੁਤੀ ਛੇਤੀ ਰੋ ਪੈਂਦਾ ਸਾਂ। ਸਾਰੰਗੀ ਬੀਨ ਵਰਗੀ ਚੀਜ਼ ਐ ਬਾਊ ਜੀ, ਸਿੱਧੀ ਦਿਲ ‘ਚ ਲਹਿ ਜਾਂਦੀ ਐ। ਮੈਂ ਮੁੱਢ ‘ਚ ਸਾਰੰਗੀ ਦੀ ਹੀ ਬਹੁਣੀ ਕੀਤੀ ਸੀ, ਪਰ ਗੱਲ ਨਹੀਂ ਸੀ ਬਣੀ। ਬਾਪੂ ਕਹਿੰਦਾ ਤਾਂ ਕੁਸ਼ ਨ੍ਹੀਂ ਸੀ...ਬਸ ਉਦਾਸ ਹੋ ਜਾਂਦਾ ਸੀ। ਦੂਜੀ ਗੱਲ ਇਹ ਹੋਈ ਕਿ ਇਕ ਵਾਰ ਪੂਰਨਮਾਸ਼ੀ ਵਾਲੀ ਰਾਤ ਬਾਪੂ ਵਿਹੜੇ ‘ਚ ਸਾਰੰਗੀ ਵਜਾਉਣ ਲੱਗ ਪਿਆ। ਉਹ ਏਨਾ ਮਸਤ ਹੋ ਗਿਆ ਕਿ ਉਹਦੀ ਪੱਗ ਦਾ ਲੜ ਖੁੱਲ੍ਹ ਕੇ ਗਲ ‘ਚ ਪੈ ਗਿਆ। ਉਹ ਰੁਕਿਆ ਨਾ। ਬਸ, ਗਰਦਨ ਦਾ ਝਟਕਾ ਮਾਰ ਪੱਗ ਪਰ੍ਹਾਂ ਵਗਾਹ ਮਾਰੀ। ਪੂਰਾ ਚੰਦ ਬਦਲੀ ਹੇਠ ਜਾ ਵੜਿਆ। ਉਦੋਂ ਤੋਂ ਮੁੰਡਿਆਂ ਨੇ ਬੋਲੀ ਜੋੜ ਲਈ:
ਪਾਖਰ ਜਦੋਂ ਸਾਰੰਗੀ ਵਜਾਉਣ ਲੱਗਿਆ
ਬੱਦਲੀ ਦੇ ਹੇਠ ਚੰਦ ਆਉਣ ਲੱਗਿਆ।
ਬਾਪੂ ਹੋਰ ਵੀ ਮਸਤੀ ਨਾਲ ਵਜਾਉਂਦਾ ਰਿਹਾ। ਚੰਦ ਦਾ ਫੇਰ ਦੀਦਾਰ ਹੋਇਆ, ਪਰ ਭਾਣਾ ਕਰਤਾਰ ਦਾ, ਕਿਧਰੋਂ ਸੱਪ ਨਿਕਲ ਬਾਪੂ ਮੂਹਰੇ ਮੇਲ੍ਹਣ ਲੱਗ ਪਿਆ। ਡਰ ਦੇ ਮਾਰੇ ਮੈਂ ਸੁੰਨ ਹੋ ਗਿਆ। ਮੂੰਹ ਸੁੱਕ ਗਿਆ ਮੇਰਾ ਤੇ ਮੈਂ ਦਸ ਪੈਰ ਪਰ੍ਹਾਂ ਜਾ ਖਲੋਤਾ। ਬੇਬੇ ਨੇ ਹਾਲ ਦੁਹਾਈ ਪਾ ਦਿੱਤੀ ਅਤੇ ਡਾਂਗ ਕੱਢ ਲਿਆਈ ਅੰਦਰੋਂ। ਬਾਪੂ ਨੇ ਚੀਕ ਮਾਰ ਕੇ ਬੇਬੇ ਨੂੰ ਕੰਧ ਨਾਲ ਲਾ ਦਿੱਤਾ। ਫਿਰ ਸੱਪ ਆਪ ਹੀ ਕਿਧਰੇ ਚਲਿਆ ਗਿਆ। ਮੈਂ ਸਾਰੀ ਰਾਤ ਕੰਬਦਾ ਰਿਹਾ। ਇਕ-ਦੋ ਵਾਰ ਉਭੜਵਾਹੇ ਵੀ ਉਠਿਆ। ਬਾਪੂ ਨੇ ਮੈਨੂੰ ਨਾਲ ਪਾ ਲਿਆ। ਸਵੇਰੇ ਉਠ ਕੇ ਕਹਿਣ ਲੱਗਿਆ, ‘ਅਰਜੂ! ਸਾਰੰਗੀ ਤੇਰੇ ਵੱਸ ਦਾ ਰੋਗ ਨਹੀਂ। ਨਗੋਜ਼ੇ ਸਿੱਖੀਂ ਤੂੰ।’...ਮੇਰੇ ਅੰਦਰੋਂ ਸੱਪ ਦਾ ਡਰ ਕੱਢਣ ਵਾਸਤੇ ਬਾਪੂ ਛਪਾਰ ਦੇ ਮੇਲੇ ਨੂੰ ਤਿੰਨ ਦਿਨ ਮਿੱਟੀ ਕਢਾਉਣ ਮੈਨੂੰ ਗੁੱਗੇ ਦੀ ਮਾੜੀ ਲੈ ਕੇ ਜਾਂਦਾ ਰਿਹਾ।”
“ਫੇਰ ਸੱਪਾਂ ਦਾ ਡਰ ਨਿਕਲਿਆ ਕਿ ਨਹੀਂ?” ਮੈਂ ਪੁੱਛਿਆ।
“ਉਮਰ ਨਾਲ ਸੱਪਾਂ ਦਾ ਡਰ ਤਾਂ ਹਟ ਗਿਆ, ਪਰ ਪੁਲਿਸ ਤੇ ਸਰਦਾਰਾਂ ਦਾ ਪੈ ਗਿਆ। ਕਿਸੇ ਦੀ ਧੀ ਭੈਣ ਦੀ ਸ਼ਰਮ ਨ੍ਹੀਂ। ਬੰਦੇ ਤਾਂ ਜਿਵੇਂ ਕੀੜੇ ਮਕੌੜੇ ਨੇ ਇਨ੍ਹਾਂ ਵਾਸਤੇ...।”
ਸੂਰਜ ਹੋਰ ਉੱਚਾ ਹੋ ਗਿਆ ਸੀ। ਨਿੰਮ ਦੀ ਛਾਂ ਨੇ ਪਾਸਾ ਪਰਤ ਲਿਆ ਸੀ। ਅਮਲੀ ਨੇ ਮੇਰੀ ਕੁਰਸੀ ਘਸੀਟ ਕੇ ਛਾਵੇਂ ਕਰ ਦਿੱਤੀ ਤੇ ਆਪ ਨਿੰਮ ਨਾਲ ਢੋਅ ਲਾ ਬਹਿ ਗਿਆ।
“ਤੇਰੇ ਬਾਪੂ ਵੇਲੇ ਤਾਂ ਤੁਹਾਡਾ ਲਾਂਘਾ ਚੰਗਾ ਲੰਘਦਾ ਹੋਵੇਗਾ।”
“ਉਦੋਂ ਸਮੇਂ ਚੰਗੇ ਸੀ ਬਾਊ ਜੀ, ਮੇਲਿਆਂ ਤੇ ‘ਕੱਠਾਂ ‘ਤੇ ਉਹ ਖਾੜੇ ਲਾਉਂਦੇ, ਵਾਹਵਾ ‘ਕੱਠ ਜੁੜ ਜਾਂਦਾ ਸੀ। ਪਿੰਡ ‘ਚ ਲੋਕਾਂ ਨੂੰ ਬਹੁਤ ਸ਼ੌਕ ਸੀ। ਬਾਪੂ ਬਹੁਤਾ ਬਾਹਰ ਹੀ ਰਹਿੰਦਾ ਸੀ। ਲਾਂਘਾ ਲੰਘ ਜਾਂਦਾ ਸੀ, ਪਰ ਚੱਲਦੀ ਦਾ ਨਾਂ ਗੱਡੀ ਐ, ਬਾਊ ਜੀ...ਬਾਪੂ ਦੀ ਬਿਮਾਰੀ ਵੇਲੇ ਪੁੱਜ ਕੇ ਤੰਗੀ ਕੱਟੀ। ਮੈਂ ਸਾਰੰਗੀ ਵੀ ਵੇਚਣ ਚਲਿਆ ਗਿਆ...।”
“ਸਾਰੰਗੀ...ਕੀਹਨੂੰ?” ਮੈਨੂੰ ਬੜਾ ਧੱਕਾ ਲੱਗਿਆ।
“ਡਾਕਟਰ ਕੋਲ।...ਜਦੋਂ ਬਾਪੂ ਦਾ ਸਾਹ ਖਰਾਬ ਹੁੰਦਾ ਸੀ, ਉਦੋਂ ਉਹ ਲੰਮੀ ਸਾਰੀ ਚਿੱਟੀ ਸਿਗਰਟ ਪੀਂਦਾ ਹੁੰਦਾ ਸੀ। ਮੈਂ ਡਾਕਟਰ ਦੇ ਪੈਰੀਂ ਪੈ ਗਿਆ, ਪਰ ਉਹ ਸੂਰ ਦਾ ਹੱਡ ਸੀ ਪੂਰਾ। ਠੋਕਰ ਮਾਰ ਕੇ ਸਾਰੰਗੀ ਦੀ ਕੀਲੀ ਭੰਨ ਦਿੱਤੀ। ਕਹਿਣ ਲੱਗਿਆ, ‘ਸਾਰੰਗੀ ਲੈ ਕੇ ਆਇਐਂ, ਮੈਂ ਮਰਾਸੀ ਆਂ’...ਮੈਂ ਉਹਨੀਂ ਪੈਰੀਂ ਟੁੱਟੀ ਸਾਰੰਗੀ ਲੈ ਕੇ ਮੁੜਿਆ ਤਾਂ ਮੰਡੀਉਂ ਨਿਕਲਦੇ ਨੂੰ ਹੀ ਮੀਟੂ ਚਮਿਆਰ ਮਿਲ ਪਿਆ। ਉਹ ਸਾਰੀ ਦਿਹਾੜੀ ਘਾਹ ਖੋਤ ਕੇ ਆਥਣੇ ਮੰਡੀ ਵੇਚਣ ਜਾਂਦਾ ਹੁੰਦਾ ਸੀ। ਮੇਰੀ ਗੱਲ ਸੁਣ ਉਹਨੇ ਵੱਟੇ ਹੋਏ ਬਾਰਾਂ ਦੇ ਬਾਰਾਂ ਆਨੇ ਮੈਨੂੰ ਫੜਾ ਦਿੱਤੇ। ਸੁਰਗ ‘ਚ ਵਾਸਾ ਹੋਵੇ ਉਹਦਾ।...ਪਰ ਬਾਊ ਜੀ, ਬਾਪੂ ਨੂੰ ਅਧਰੰਗ ਹੋ ਗਿਆ। ਬਹੁਤ ਔਖਾ ਮਰਿਆ ਬਾਪੂ। ਜਿਹੜੇ ਹੱਥ ਨਾਲ ਉਹ ਧਰਤੀ ਅਸਮਾਨ ਗੁੰਜਾ ਦਿੰਦਾ ਸੀ, ਉਹ ਹੱਥ ਮੱਖੀ ਵੀ ਮੂੰਹ ਤੋਂ ਨਹੀਂ ਸੀ ਉੜਾ ਸਕਦਾ।...ਬਹੁਤ ਔਖਾ ਮਰਿਆ ਬਾਪੂ...।”
ਅਮਲੀ ਭੁੱਬ ਮਰ ਕੇ ਰੋ ਪਿਆ। ਫਿਰ ਪਰਨੇ ਨਾਲ ਅੱਖਾਂ ਪੂੰਝਦਾ ਨਲਕੇ ਵੱਲ ਤੁਰ ਗਿਆ।
ਮੇਰੀਆਂ ਨਜ਼ਰਾਂ ਉਹਦੇ ਪਿੱਛੇ-ਪਿੱਛੇ ਗਈਆਂ। ਜਾਪਿਆ, ਜਿਵੇਂ ਅਰਜਣ ਅਮਲੀ ਨਹੀਂ, ਪਾਖਰ ਦਾ ਅੱਧਾ ਪਾਸਾ ਤੁਰਿਆ ਜਾ ਰਿਹਾ ਹੋਵੇ। ਦੂਰ ਖੇਤਾਂ ਵਿਚ ਕਣਕ ਦੀਆਂ ਭਰੀਆਂ ਦਾ ਤਾਂਬਾ ਦਹਿਕ ਰਿਹਾ ਸੀ। ਸਿਲਾ ਚੁਗਣ ਵਾਲੀਆਂ ਇੰਜ ਭਟਕ ਰਹੀਆਂ ਸਨ, ਜਿਵੇਂ ਮਾਰੂਥਲ ਵਿਚ ਪਾਣੀ ਦੀ ਤਲਾਸ਼ ਵਿਚ ਕਾਲੀਆਂ ਲੋਥਾਂ ਤਰਲੋਮੱਛੀ ਹੋ ਰਹੀਆਂ ਹੋਣ। ਤਪਦੇ ਸੂਰਜ ਦੇ ਹੱਥ ਨਾਲੋਂ ਫੁਲਝੜੀਆਂ ਵਰਗੇ ਤਾਰੇ ਟੁੱਟ-ਟੁੱਟ ਉਨ੍ਹਾਂ ਲੋਕਾਂ ਨੂੰ ਬਿਨਾਂ ਛੋਹਿਆਂ ਇੰਜ ਤਰਲੋਮੱਛੀ ਹੋ ਰਹੇ ਸਨ, ਜਿਵੇਂ ਘੁੰਮਦਿਆਂ ਵੀ ਘੁੰਮ ਨਾ ਰਹੇ ਹੋਣ, ਜਿਵੇਂ ਚਾਨਣ ‘ਚ ਵੀ ਚਾਨਣ ਨਾ ਹੋਵੇ। ਇੱਕ ਵਾ-ਵਰੋਲਾ ਉੱਠਿਆ, ਘੁੰਮਿਆ, ਤੜਫਿਆ ਤੇ ਨੱਸਿਆ...ਪਰ ਕੁਝ ਵੀ ਬਰਬਾਦ ਕੀਤੇ ਬਿਨਾਂ ਨਹਿਰ ਦੇ ਕੰਢੇ ਨੂੰ ਛੋਹੇ ਬਿਨਾਂ ਕਤਲ ਹੋ ਗਿਆ। ਕੋਈ ਲੋਹਾ ਨਹੀਂ ਖੜਕਿਆ, ਕੋਈ ਕਤਲ ਨਹੀਂ ਹੋਇਆ। ਮਾਂ ਦੀਆਂ ਦੁੱਧੀਆਂ ‘ਚੋਂ ਫੁਹਾਰਾ ਛੁੱਟਿਆ ਤੇ ਡੀ.ਐਸ਼ਪੀ. ਦੇ ਮੂੰਹ ‘ਤੇ ਤ੍ਰੌਂਕਿਆ ਗਿਆ। ਸਰਦਾਰ ਨੂੰ ਮੂੰਹ ਖਰਾਬ ਹੋਣ ਦਾ ਡਾਢਾ ਦੁੱਖ ਪੁੱਜਿਆ। ਉਸ ਨੇ ਚਿੱਟੇ ਰੁਮਾਲ ਨਾਲ ਮੂੰਹ ਪੂੰਝ ਡੀ.ਐਸ.ਪੀ. ਦਾ ਮੂੰਹ ਪਲੀਤ ਹੋਣ ਤੋਂ ਬਚਾ ਲਿਆ। ਕਿਸੇ ਨੇ ਚੁੱਕਿਆ ਹੋਵੇਗਾ ਉਹ ਰੁਮਾਲ। ਕੋਈ ਵਾ-ਵਰੋਲਾ ਉਹਨੂੰ ਉਡਾ ਕਿਸੇ ਵਾੜ ‘ਤੇ ਫਸਾ ਦੇਵੇਗਾ। ਫਿਰ ਕੋਈ ਸੱਪ ਉਹਦੇ ਦੁੱਧ ਦੀ ਖੁਸ਼ਬੂ ਚੱਟ ਲਵੇਗਾ ਤੇ ਨਸ਼ਿਆਇਆ ਹੋਇਆ ਪਾਖਰ ਦੀ ਸਾਰੰਗੀ ਮੂਹਰੇ ਨੱਚਣ ਲੱਗ ਪਵੇਗਾ। ਪਾਖਰ ਦੀ ਸਾਰੰਗੀ ਵੱਜਦੀ ਰਹੇਗੀ, ਵੱਜਦੀ ਰਹੇਗੀ। ਪੂਰਨਮਾਸ਼ੀ ਦਾ ਚੰਦ ਬੱਦਲੀ ਹੇਠ ਜਾ ਲੁਕੇਗਾ। ਬਿਨਾਂ ਬੱਦਲ ਘੋਰਨ ਤੋਂ ਜਗੇੜੇ ਦੀ ਕੋਠੀ ਵਾਲੇ ਅੰਬਾਂ ‘ਚੋਂ ਮੋਰ ਬੋਲਣਗੇ-ਨੱਚਣਗੇ-ਰੋਣਗੇ ਜਿਨ੍ਹਾਂ ਦੇ ਹੰਝੂ ਮੋਰਨੀਆਂ ਚੱਟ ਜਾਣਗੀਆਂ...ਪਾਖਰ ਕਿਵੇਂ ਇਹ ਸਭ ਕੁਝ ਬਿਨਾਂ ਬੋਲਿਆਂ ਦੱਸ ਜਾਂਦਾ ਸੀ ਜਿਸ ਨੂੰ ਅਸ਼ੋਕਾ ਹੋਟਲ ਵਾਲੀ ਨ੍ਰਿਤਕੀ ਵਿਆਖਿਆ ਨਾਲ ਹੀ ਦੱਸ ਸਕਦੀ ਸੀ? ਕਿਉਂ ਪਾਖਰ ਦੀ ਸਾਰੰਗੀ ਨਾਲ ਇਕ ਸਿਗਰਟ ਵੀ ਨਹੀਂ ਸੀ ਖਰੀਦੀ ਜਾ ਸਕਦੀ ਤੇ ਉਧਰ ਨ੍ਰਿਤਕੀ ਦੇ ਆਟੋਗ੍ਰਾਫ ਲੈਣ ਵਾਲਿਆਂ ਦੀ ਵਾਰੀ ਨਹੀਂ ਸੀ ਆ ਰਹੀ? ਕਿਉਂ?...ਕਿਉਂ?... ਹੇ ਖੁਦਾ! ਮੰਜ਼ਲਾਂ ਨੂੰ ਸਰ ਕਰਨ ਵਾਲੇ ਕਾਫ਼ਲੇ ਕਿੱਥੇ ਲੱਦ ਗਏ?
ਅਰਜਣ ਦੇ ਪਰਤ ਆਉਣ ਨਾਲ ਮੇਰੀ ਸੋਚ ਤੇ ਗੁੱਸਾ ਮਰ ਗਿਆ ਸੀ।
ਉਹਦੇ ਚਿਹਰੇ ‘ਤੇ ਹੰਝੂਆਂ ਦੀਆਂ ਧਾਰਾਂ ਨਹੀਂ ਸਨ, ਪਰ ਅੱਖਾਂ ਹਾਲੀਂ ਵੀ ਲਾਲ ਸਨ।
ਉਦਾਸੀ ਦੀ ਸ਼ਿੱਦਤ ਵਾਤਾਵਰਣ ਦੀ ਸ਼ਿੱਦਤ ਨੂੰ ਮਾਤ ਪਾਉਂਦੀ ਜਾ ਰਹੀ ਸੀ। ਮੈਂ ਇਸ ਲਈ ਤਿਆਰ ਨਹੀਂ ਸਾਂ। ਦਰਦ ਤਾਂ ਅਸੀਂ ਇੰਗਲੈਂਡ ਵਿਚ ਹੀ ਬਥੇਰਾ ਹੰਢਾ ਲੈਂਦੇ ਹਾਂ-ਚੁੱਪ ਚਾਪ! ਦਰਦ ਸੁਣਨ ਦੀ ਕਿਸ ਕੋਲ ਵਿਹਲ ਹੈ? ਰਾਣੀ ਦੇ ਮਸ਼ੀਨੀ ਰਾਜ ਵਿਚ ਬੰਦੇ ਵੀ ਮਸ਼ੀਨ ਹੋ ਨਿੱਬੜੇ ਹਨ। ਲੋਹਾ ਤਾਂ ਦਰਦ ਸੁਣਦਾ ਨਹੀਂ। ਬਸ ਸਰੀਰ ਜਰਦਾ ਹੈ ਤੇ ਜਰਦਾ ਜਰਦਾ ਦਮੇ, ਸ਼ੂਗਰ, ਬਲੱਡ ਪ੍ਰੈਸ਼ਰ ਤੇ ਜੋੜਾਂ ਦੇ ਦਰਦ ਨਾਲ ਇਕ ਦਿਨ ਹਾਰ ਹੁੱਟ ਕੇ ਮਰ ਮੁੱਕ ਜਾਂਦਾ ਹੈ। ਬਸ ਇਕ ਹਾਅ ਦਾ ਨਾਅਰਾ ਉਠਦਾ ਹੈ-ਵਿਚਾਰਾ।...ਦੋ ਗਜ਼ ਜ਼ਮੀਂ ਭੀ ਨਾ ਮਿਲੀ ਕੂਏ-ਯਾਰ ਮੇਂ।...ਕੂਏ-ਯਾਰ ‘ਚ ਤਾਂ ਅਸੀਂ ਪਲਾਟ ਖਰੀਦਣ ਆਉਂਦੇ ਹਾਂ...ਜਾਂ ਉਹ ਪੈਸੇ ਜਮ੍ਹਾਂ ਕਰਵਾਉਣ ਜਿਹੜੇ ਪੰਜਾਂ-ਸੱਤਾਂ ਸਾਲਾਂ ‘ਚ ਦੁੱਗਣੇ ਹੋ ਜਾਂਦੇ ਹਨ-ਜਾਂ ਮਾਂ-ਬਾਪ ਮਰਿਆਂ ‘ਤੇ ਮੋਹ ਤੇ ਰਸਮਾਂ ਦੇ ਜਕੜੇ ਹੋਏ ਜਾਂ ਵਲਾਇਤ ਦੀਆਂ ਨੇਅਮਤਾਂ ਦੀਆਂ ਡੀਂਗਾਂ ਮਾਰ ਆਪਣੀਆਂ ਬੈਟਰੀਆਂ ਚਾਰਜ ਕਰਨ ਆਉਂਦੇ ਹਾਂ...।
ਮੈਂ ਅਮਲੀ ਨੂੰ ਸੌ ਦਾ ਨੋਟ ਫੜਾਇਆ।
“ਇਹਦਾ ਕੀ ਲਿਆਉਣੈ, ਬਾਬੂ ਜੀ?”
“ਕੁਸ਼ ਨ੍ਹੀਂ, ਆਪਣੇ ਮੁੰਡੇ ਨੂੰ ਜੁੱਤੀ ਲੈ ਦਈਂ। ਕੋਈ ਹੋਰ ਸਾਬਣ-ਸੋਡਾ ਲੈ ਲਵੀਂ, ਜੇ ਬਚ ਗਏ ਤਾਂ।”
“ਮਿਹਰਬਾਨੀ। ਮਹਾਰਾਜ ਬਹੁਤਾ ਦੇਵੇ, ਪਰ ਕਾਹਨੂੰ ਖੇਚਲ ਕਰਨੀ ਸੀ।” ਉਹਨੇ ਨੋਟ ਤਹਿ ਲਾ ਕੇ ਖੀਸੇ ਵਿਚ ਪਾ ਲਿਆ।
“ਤੂੰ ਫੇਰ ਸਾਰੰਗੀ ਤਾਂ ਸਿੱਖੀ ਨਾ। ਹੋਰ ਕਿਹੜਾ ਸਾਜ਼ ਸਿੱਖਿਆ?”
ਅਮਲੀ ਆਪਣੀ ਆਈ ‘ਤੇ ਆ ਗਿਆ, “ਬਾਪੂ ਨੇ ਆਖਿਆ, ਅਰਜਣਾ! ਨਗੋਜੇ ਵਜਾ। ਦਿਲ ਦੀਆਂ ਗੱਲਾਂ ਨਗੋਜਿਆਂ ਥਾਣੀਂ ਸੁਣਾ। ਸਰਸਵਤੀ ਦੇਵੀ ਤੋਂ ਸੰਗਤ ਵਿੱਦਿਆ ਦੀ ਦਾਤ ਮੰਗ, ਤੇ ਪੁੱਤਰਾ, ਕੋਟਲੇ ਵਾਲੇ ਸ਼ਫ਼ੀ ਦੇ ਪੈਰਾਂ ‘ਤੇ ਪੱਗ ਰੁਪਈਆ ਰੱਖ ਦੇ ਜਾ ਕੇ।” ਉਦੋਂ ਤਿੰਨ ਬੰਦੇ ਤੇ ਸਾਜ਼ ਸਾਰੇ ਪੰਜਾਬ ‘ਚ ਮਸ਼ਹੂਰ ਸਨ: ਪਾਖਰ ਦੀ ਸਾਰੰਗੀ, ਸ਼ਫ਼ੀ ਦੇ ਨਗੋਜੇ, ਨਗੀਨੇ ਦਾ ਤੂੰਬਾ! ਬਾਪੂ ਆ ਗਿਆ, ਮੈਨੂੰ ਗੁਰੁ ਜੀ ਕੋਲ ਲੈ ਕੇ। ਉਸਤਾਦ ਨੇ ਬਾਪੂ ਤੋਂ ਸਿਰਫ਼ ਦੋ ਗੱਲਾਂ ਪੁੱਛੀਆਂ, “ਪਾਖਰਾ, ਮੁੰਡੇ ਨੂੰ ਸ਼ੌਂਕ ਵੀ ਹੈਗਾ ਨਾ?”
-ਹਾਂ, ਬਹੁਤ।
-ਤੇ ਮੁੰਡਾ ਮਿਹਨਤ ਤੋਂ ਡਰ ਕੇ ਮਾਂ ਨੂੰ ਤਾਂ ਨੀ ਵਰਾਗ ਜਾਏਗਾ?
-ਨਹੀਂ ਸ਼ਫੀ।
-ਚੰਗਾ ਫੇਰ, ਹੁਣ ਉਦੋਂ ਮਿਲਾਂਗੇ ਜਦੋਂ ਅਰਜਣ ਦੇ ਨਗੋਜਿਆਂ ਨਾਲ ਭੁੱਬਲ ‘ਚੋਂ ਭਾਂਬੜ ਮਚਣ ਲੱਗਣਗੇ।
...ਬਸ ਬਾਊ ਜੀ, ਮੈਂ ਉਸਤਾਦ ਦੀ ਪੁੱਜ ਕੇ ਸੇਵਾ ਕੀਤੀ। ਉਹ ਬੜੇ ਤੜਕਿਉਂ ਚਾਰ ਵਾਲੀ ਡਾਕ ਗੱਡੀ ਨਾਲ ਉਠਿਆ ਕਰਦਾ ਸੀ ਤੇ ਮੈਂ ਵੀ ਨਾਲ ਹੀ। ਦਾਤਣ ਕੁਰਲਾ ਕਰ ਕੇ ਜੋੜੀ ਨੂੰ ਧੂਫ ਦਿੰਦੇ ਸਾਂ। ਚਾਹ ਪੀ ਕੇ ਦੋ ਘੰਟੇ ਲੋਅ ਹੋਣ ਤਾਈਂ ਰਿਆਜ਼ ਕਰਦੇ ਸਾਂ। ਤਿੰਨ ਘੰਟੇ ਆਥਣੇ। ਜੇ ਖਾੜਾ ਨਹੀਂ ਸੀ ਲਾਉਣਾ ਹੁੰਦਾ ਤਾਂ ਇਹ ਰੋਜ਼ ਦਾ ਤਪ ਸੀ।”
“ਕਿੰਨਾ ਚਿਰ ਲੱਗਿਆ ਪੂਰਾ ਮਾਹਰ ਹੋਣ ਲਈ?”
“ਤਿੰਨ ਸਾਲ ‘ਚ ਉਸਤਾਦ ਨੇ ਮੈਨੂੰ ਥਾਪਣਾ ਦਿੱਤੀ। ਉਂਜ ਤਾਂ ਬਾਊ ਜੀ, ਕਿਸੇ ਸਾਜ਼ ਲਈ ਉਮਰ ਵੀ ਥੋੜ੍ਹੀ ਐ।...ਏਸ ਸਮੇਂ ‘ਚ ਬਾਪੂ ਮਰ ਗਿਆ ਸੀ...ਸਾਰੰਗੀ ਵੇਚਣ ਵਾਲੀ ਗੱਲ ਜਦੋਂ ਮੈਂ ਉਸਤਾਦ ਨੂੰ ਦੱਸੀ ਤਾਂ ਉਹ ਉਦਾਸ ਵੀ ਹੋਇਆ ਤੇ ਖਫ਼ਾ ਵੀ। ਕਹਿਣ ਲੱਗਿਆ, ‘ਪਾਖਰ ਤਾਹੀਉਂ ਛੇਤੀ ਮਰ ਗਿਆ।’
ਖ਼ੈਰ, ਬਾਪੂ ਤੁਰ ਗਿਆ। ਮਰਨ ਤੋਂ ਪਹਿਲਾਂ ਉਹਦਾ ਬੋਲ ਬੰਦ ਹੋ ਗਿਆ ਸੀ। ਉਹਨੇ ਬੱਸ ਬੜੀ ਔਖ ਨਾਲ ਮੇਰੇ ਮੋਢੇ ‘ਤੇ ਹੱਥ ਧਰਿਆ ਤੇ ਫਿਰ ਉਸੇ ਹੱਥ ਦੀਆਂ ਉਂਗਲਾਂ ਬੁੱਲ੍ਹਾਂ ਨਾਲ ਜੋੜ ਦਿੱਤੀਆਂ। ਮੈਂ ਇਹਨੂੰ ਬਾਪੂ ਦੀ ਆਖਰੀ ਖਾਹਿਸ਼ ਸਮਝ ਹੋਰ ਵੀ ਮਿਹਨਤ ਕਰਨ ਲੱਗਿਆ। ਫਿਰ ਇਕ ਦਿਨ ਮੈਨੂੰ ਜਾਪਿਆ ਜਿਵੇਂ ਮੇਰੇ ਫੇਫੜੇ ਹੁੰਦੇ ਹੀ ਨਹੀਂ, ਉਨ੍ਹਾਂ ਦੀ ਥਾਂ ਨਗੋਜੇ ਹੀ ਹੁੰਦੇ ਨੇ। ਮੈਂ ਉਸਤਾਦ ਨੂੰ ਦੱਸਿਆ ਤਾਂ ਉਹਨੇ ਮੈਨੂੰ ਜੱਫੀ ਪਾ ਲਈ। ਬੋਲਿਆ, ਤੂੰ ਸਰਸਵਤੀ ਮਾਤਾ ਸਿੱਧ ਕਰ ਲਈ ਐ। ਐਤਕੀਂ ਫਲੌਂਡ ਦੇ ਮੇਲੇ ‘ਤੇ ਨਗੀਨੇ ਨਾਲ ਮੈਂ ਨਹੀਂ, ਤੂੰ ਜੋੜੀ ਵਜਾਏਂਗਾ।’ ...ਫਲੌਂਡ ਦੇ ਮੇਲੇ ਨੂੰ ਅੰਤਾਂ ਦਾ ‘ਕੱਠ ਜੁੜਿਆ। ਪਹਿਲਾਂ ਮੈਂ ਥੋੜ੍ਹਾ ਡਰ ਗਿਆ, ਫੇਰ ਮਨ ਨੂੰ ਕਰੜਾ ਕਰ ਕੇ ਜੋੜੀ ਵਜਾਉਣ ਲੱਗਿਆ। ਨਗੀਨਾ ਮੇਰੇ ਉਪਰਲੇ ਪਾਸੇ ਸੀ। ਉਹਦੇ ਉਪਰਲੇ ਪਾਸੇ ਮੂਹਰੇ ਗਾਉਣ ਤੇ ਅਰਥ ਕਰਨ ਵਾਲਾ ਉਹਦਾ ਮਾਮਾ ਸੀ-ਮਾਹੋਰਾਣੇ ਵਾਲਾ ਸ਼ੌਂਕੀ। ਸਾਰਿਆਂ ਤੋਂ ਹੇਠਲੇ ਪਾਸੇ ਮੈਂ। ਅਸੀਂ ਗੇੜਾ ਧਰ ਲਿਆ। ਮੈਂ ਸ਼ੌਂਕੀ ਨੂੰ ਆਖ ਦਿੱਤਾ ਸੀ ਕਿ ਪੂਰਨ ਭਗਤ ਪਹਿਲਾਂ ਨਾ ਸ਼ੁਰੂ ਕਰੇ, ਮੇਰਾ ਕਿਤੇ ਰੋਣ ਨਾ ਨਿਕਲ ਜਾਵੇ। ਸ਼ੌਂਕੀ ਮੰਨ ਗਿਆ। ਉਹਨੇ ਪਹਿਲਾਂ ਦੁੱਲਾ ਭੱਟੀ ਸ਼ੁਰੂ ਕੀਤਾ। ਬਾਊ ਜੀ, ਜਦੋਂ ਭੁੱਲਰ ਦੁੱਲੇ ਨੂੰ ਮਿਹਣੇ ਮਾਰਨ ਲੱਗੀ ਤਾਂ ਮੈਂ ਨਸ਼ਈ ਹੋ ਗਿਆ। ਜਦੋਂ ਸ਼ੌਂਕੀ ਨੇ ਦੋਹਾਂ ਹੱਥਾਂ ਨਾਲ ਝੋਲੀ ਅੱਡ ਆਖਿਆ...ਵੇ ਲੱਖ ਮਰਦਾਂ ਨੂੰ ਮਾਮਲੇ, ਦੁੱਲਿਆ ਖ਼ੈਰ ਖੁਦਾ ਤੋਂ ਮੰਗ਼..ਮੈਂ ਗੋਡਣੀਆਂ ਲਾ ਕੇ ਬੁੱਲ੍ਹਾਂ ਨਾਲ ਲੱਗੇ ਨਗੋਜੇ ਅਸਮਾਨ ਵੱਲ ਚੁੱਕ ਦਿੱਤੇ ਤੇ ਸ਼ਫੀ ਉਸਤਾਦ ਬੋਲਿਆ, ‘ਓਏ ਨਹੀਂ ਰੀਸਾਂ ਅਰਜਣਾ ਤੇਰੀ ਜੰਮਣ ਵਾਲੀ ਦੀਆਂ’...ਬਾਊ ਜੀ, ਮੈਂ ਵਜਦ ‘ਚ ਆ ਗਿਆ। ਦੁੱਲੇ ਦੀ ਘੋੜੀ ਮੂਹਰੇ ਹਿਣਕਣ ਲੱਗੀ। ਬਸ, ਸਾਂਦਲ ਬਾਰ ‘ਚ ਮੇਰੇ ਨਗੋਜੇ ਗੂੰਜ ਰਹੇ ਸਨ। ਫਿਰ ਸ਼ੌਂਕੀ ਨੇ ਪੂਰਨ ਭਗਤ ਛੋਹ ਲਿਆ। ਮੈਂ ਚੜ੍ਹਦਾ ਹੀ ਜਾ ਰਿਹਾ ਸਾਂ। ਸ਼ੌਂਕੀ ਨੇ ਹਵਾ ‘ਚ ਉਡਦੇ ਹੱਥ ਛਾਤੀ ‘ਤੇ ਟਿਕਾ ਆਖਿਆ,
‘ਉਦੋਂ ਜਾਣ ਲੀਂ ਬੱਚੇ ਨੂੰ ਆ ਗਿਆ,
ਜਦੋਂ ਦੁੱਧੀਆਂ ‘ਚ ਪੈ ਜੂ ਸੀਰ।’
ਮੈਨੂੰ ਲੱਗਿਆ ਜਿਵੇਂ ਮੇਰੇ ਨਗੋਜਿਆਂ ‘ਚੋਂ ਦੁੱਧ ਦੀਆਂ ਤਤੀਰੀਆਂ ਵਗਣ ਲੱਗ ਪਈਆਂ ਹੋਣ। ਲੋਕ ਰੋਣ ਲੱਗ ਪਏ।
ਸ਼ੌਂਕੀ ਹੁੱਕੇ ਦਾ ਕਸ਼ ਖਿੱਚਣ ਇਕ ਪਾਸੇ ਹੋ ਗਿਆ। ਨਗੀਨੇ ਦੇ ਤੂੰਬੇ ਨੇ ਉਡਦੇ ਪੰਛੀ ਥੰਮ੍ਹ ਕੇ ਖੜ੍ਹੇ ਕਰ ਲਏ। ਮੈਂ ਨਗੋਜੇ ਤੂੰਬੇ ਦੀਆਂ ਤਾਰਾਂ ਨਾਲ ਸੁਰ ਕਰ ਦਿੱਤੇ। ਸ਼ੌਂਕੀ ਮਾਮਾ ਬੋਲਿਆ- ਵਾਹ! ਆਹਾ ਨਗੀਨਿਆ ਪੁੱਤਰ-ਅਰਜਣਾ ਨਹੀਂ ਰੀਸਾਂ ਤੇਰੀਆਂ।
ਤੇ ਸ਼ੌਂਕੀ ਨੇ ਇਕਦਮ ਸਾਰਾ ਦਰਦ ਉਲਦ ਦਿੱਤਾ,
‘ਦੂਰੋਂ ਆਉਂਦਾ ਵੇਖਿਆ ਪੀਰ ਦੁਲਦੁਲ ਦਾ ਅਸਵਾਰ
ਉਹਨੇ ਭੱਜ ਕੇ ਵਾਗਾਂ ਫੜਲੀਆਂ, ਨਾਲੇ ਰੋਂਦੀ ਜ਼ਾਰੋ-ਜ਼ਾਰ।’
ਮੈਂ ਆਪਣਾ ਰੋਣ ਮਸਾਂ ਈ ਰੋਕਿਆ। ਉਹ ਰੰਗ ਬੱਝਿਆ ਕਿ ਕੁਸ਼ ਨਾ ਪੁੱਛੋ। ਜਾਪਿਆ, ਬੁੱਢੀ ਮਾਂ ਨੇ ਨਹੀਂ, ਮੇਰੇ ਨਗੋਜਿਆਂ ਨੇ ਦੁਲਦੁਲ ਦੀਆਂ ਵਾਗਾਂ ਫੜ ਲਈਆਂ। ਸ਼ੌਂਕੀ ਨੇ ਖਾੜੇ ਦਾ ਭੋਗ ਪਾ ਦਿੱਤਾ। ਮੈਨੂੰ ਜੱਫੀ ‘ਚ ਲੈ ਬੋਲਿਆ, ‘ਪੁੱਤਰਾ, ਤੂੰ ਪਾਖਰ ਨੂੰ ਲਾਫ਼ਾਨੀ ਬਣਾ ਦਿੱਤਾ।’ ਸ਼ਫੀ ਉਸਤਾਦ ਦੇ ਪੈਰੀਂ ਡਿੱਗ ਪਿਆ ਮੈਂ। ਸਿਰ ਚੁੱਕਿਆ ਤਾਂ ਕੀ ਵੇਖਦਾਂ, ਉਸਤਾਦ ਰੋ ਰਿਹਾ ਸੀ।”
ਅਮਲੀ ਚੁੱਪ ਹੋ ਗਿਆ। ਮੈਨੂੰ ਚਿੱਤ-ਚੇਤਾ ਵੀ ਨਹੀਂ ਸੀ ਕਿ ਖਾੜੇ ਦਾ ਤਾਂ ਭੋਗ ਵੀ ਪੈ ਗਿਆ ਸੀ। ਮੈਂ ਤਾਂ ਫਲੌਂਡ ਦੇ ਮੇਲੇ ਦਾ ਦਰਸ਼ਕ ਅਤੇ ਸਰੋਤਾ ਸਾਂ। ਕੋਈ ਸਟੇਜ ਨਹੀਂ, ਕੋਈ ਸਾਜ਼ਾਂ ਦਾ ਭਾਰ ਨਹੀਂ, ਏਅਰਕੰਡੀਸ਼ੰਡ ਹਾਲ ਨਹੀਂ, ਕੋਈ ਟਿਕਟ ਨਹੀਂ, ਕੋਈ ਪ੍ਰਬੰਧਕ ਨਹੀਂ, ਵਨ-ਪੀਸ ਕਾਰਪੈਟ ਦੀ ਥਾਂ ਮਿੱਟੀ-ਘੱਟਾ...ਪ੍ਰਭਾਵਾਂ ਦੀ ਵਿਆਖਿਆ ਨਹੀਂ...ਸ਼ੌਂਕੀ ਦੇ ਬੋਲ ਹਵਾ ‘ਚ ਗੂੰਜ ਰਹੇ ਸਨ, ਨਗੀਨੇ ਦਾ ਤੂੰਬਾ ਟੁਣਕ ਰਿਹਾ ਸੀ, ਅਰਜਣ ਦੇ ਨਗੋਜਿਆਂ ਨੇ ਅਕਾਸ਼ੀਂ ਉਡਦੇ ਪੰਛੀਆਂ ਦੀਆਂ ਡਾਰਾਂ ਡੱਕ ਦਿੱਤੀਆਂ ਸਨ।
ਮੈਂ ਕਲਪਨਾ ਦੀ ਦੁਨੀਆਂ ਤੋਂ ਪਰਤ ਆਇਆ ਸਾਂ। ਭੁੱਖਾਂ ਤੇ ਲੋੜਾਂ-ਥੋੜ੍ਹਾਂ ਦਾ ਝੰਬਿਆ ਅਰਜਣ ਨਿੰਮ ਨਾਲ ਢੋਅ ਲਾਈ ਮੇਰੇ ਕੋਲ ਬੈਠਾ ਸੀ।
“ਫੇਰ ਤਾਂ ਤੇਰਾ ਗੁਜ਼ਾਰਾ ਚੰਗਾ ਚੱਲਣ ਲੱਗ ਪਿਆ ਹੋਵੇਗਾ।”
“ਬਸ, ਕੁਸ਼ ਚਿਰ ਬਾਊ ਜੀ! ਫੇਰ ਲੌਟ-ਸਪੀਕਰ ਚੱਲ ਪਏ। ਆਦਮੀਆਂ-ਤੀਮੀਆਂ ਦੀਆਂ ਪਾਰਟੀਆਂ ਚੱਲ ਪਈਆਂ। ਕੰਨ ਖਾਣ ਵਾਲੇ ਲੁੱਚੇ ਗੀਤ। ਨਚਾਰਾਂ ਵਾਂਗ ਨੱਚਦੀਆਂ ਤੀਮੀਆਂ। ਮੈਨੂੰ ਤਾਂ ਸੰਗ ਈ ਬਲਾਂ ਆਉਂਦੀ ਸੀ ਪਰ ਮਲੱਖ ਦਾ ਤਾਂ ਤੁਹਾਨੂੰ ਪਤਾ ਈ ਐ, ਸਾਰੀ ਉਧਰ ਨੂੰ ਉਲਟ ਗਈ।”
ਅਮਲੀ ਉਦਾਸ ਹੋ ਗਿਆ।
“ਸ਼ਫੀ ਉਸਤਾਦ ਕਿੱਥੇ ਐ ਹੁਣ?”
“ਭੁੱਖਾ ਮਰਦਾ ਪਾਕਿਸਤਾਨ ਚਲਿਆ ਗਿਆ ਸੀ। ਉਥੇ ਕਿਸੇ ਮਸੀਤ ‘ਚ ਦਿਨ ਕਟੀ ਕਰਦੈ।”
“ਨਗੀਨਾ ਤੇ ਸ਼ੌਂਕੀ?”
“ਨਗੀਨਾ ਬਾਊ ਜੀ, ਭੱਠੇ ‘ਤੇ ਇੱਟਾਂ ਕੱਢਦੈ। ਤੇ ਸ਼ੌਂਕੀ ਗਧੀ ‘ਤੇ ਸਬਜ਼ੀਆਂ ਲੱਦ ਪਿੰਡ-ਪਿੰਡ ਵੇਚਦੈ।”
ਬਲਬੀਰ ਤੇ ਪਰਮਿੰਦਰ ਛੁੱਟੀ ਕਰ ਕੇ ਕੋਲ ਆ ਗਏ ਸਨ। ਉਨ੍ਹਾਂ ਦੇ ਨਾਲ ਅਮਲੀ ਦਾ ਮੁੰਡਾ ਵੀ ਸੀ। ਉਸ ਨੇ ਮੇਰੇ ਵਾਲੀ ਕੁਰਸੀ ਚੁੱਕ, ਬਲਬੀਰ ਦੇ ਘਰ ਲੈ ਕੇ ਜਾਣੀ ਸੀ। ਜਦੋਂ ਮੁੰਡਾ ਕੁਰਸੀ ਚੁੱਕਣ ਲੱਗਿਆ ਤਾਂ ਅਮਲੀ ਨੇ ਵੀ ਹੱਥ ਲਵਾਇਆ। ਉਹਨੂੰ ਸਾਹ ਚੜ੍ਹ ਗਿਆ। ਜ਼ਰਾ ਸਾਹ ਠੀਕ ਕਰ ਕੇ ਬੋਲਿਆ, “ਪਤਾ ਨ੍ਹੀਂ ਕਾਹਦੀ ਬਣੀ ਹੋਈ ਐ, ਲੋਹੇ ਵਰਗੀ ਨਿੱਗਰ ਐ ਸਾਲੀ।...ਥੋਨੂੰ ਸ਼ਾਇਦ ਪਤਾ ਨ੍ਹੀਂ ਹੋਣਾ ਕਿ ਇਹ ਕੁਰਸੀ ਏਸ ਬਲਬੀਰ ਸਿਉਂ ਦੇ ਰਿਸਾਲਦਾਰ ਬਾਬੇ ਨੂੰ ਉਹਦੇ ਅੰਗਰੇਜ਼ ਅਫ਼ਸਰ ਨੇ ਦਿੱਤੀ ਸੀ। ਜਦੋਂ ਰਿਸਾਲਦਾਰ ਪਿਲਸਣ ਕਰਾ ਪਿੰਡ ਆਇਆ ਤਾਂ ਸੱਥ ‘ਚ ਇਸੇ ਕੁਰਸੀ ‘ਤੇ ਬਹਿੰਦਾ ਹੁੰਦਾ ਸੀ ਤੇ ਮੇਰੇ ਵਡਾਰੂ ਇਹਨੂੰ ਚੁੱਕ ਕੇ ਲਿਆਉਂਦੇ ਹੁੰਦੇ ਸਨ। ਬਲਬੀਰ ਦੇ ਬਾਪੂ ਵੇਲੇ ਮੈਂ ਹੀ ਇਹਨੂੰ ਝਾੜ-ਪੂੰਝ ਕੇ ਡਾਹੁੰਦਾ ਹੁੰਦਾ ਸੀ। ਬੰਦੇ ਲੱਦ ਗਏ ਬਾਬੂ ਜੀ, ਪਰ ਕੁਰਸੀ ਏਨੀ ਸਿੱਕੇਬੰਦ ਐ ਕਿ ਮਜਾਲ ਐ ਕੋਈ ਚੂਲ ਵੀ ਹਿੱਲੀ ਹੋਵੇ। ਬਸ, ਲੋੜ ਪੈਣ ‘ਤੇ ਨਵੀਂ ਬੈਂਤ ਨਾਲ ਸ਼ੀਟ ਬਦਲਾ ਲੈਂਦੇ ਨੇ...।”
ਹੁਣ ਕੁਰਸੀ ਅਮਲੀ ਦੇ ਮੁੰਡੇ ਦੇ ਸਿਰ ‘ਤੇ ਸੀ ਜਿਹੜਾ ਪਾਥੀਆਂ ਵਰਗੇ ਨੰਗੇ ਪੈਰਾਂ ਨਾਲ ਅੱਗ ਵਰਗੀ ਧੂੜ ਮਿਧਦਾ ਸਾਡੇ ਅੱਗੇ-ਅੱਗੇ ਤੁਰਿਆ ਜਾ ਰਿਹਾ ਸੀ।

  • ਮੁੱਖ ਪੰਨਾ : ਕਹਾਣੀਆਂ, ਰਘੁਬੀਰ ਢੰਡ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ