Kusum Di Kismet (Bangla Story in Punjabi) : Rabindranath Tagore

ਕੁਸਮ ਦੀ ਕਿਸਮਤ (ਬੰਗਾਲੀ ਕਹਾਣੀ) : ਰਾਬਿੰਦਰਨਾਥ ਟੈਗੋਰ

੧.
ਫਗਣ ਦਾ ਮਹੀਨਾ ਸੀ ਤੇ ਚੰਦਰਮਾ ਆਪਣੀ ਪੂਰੀ ਰੌਸ਼ਨੀ ਨਾਲ ਚਮਕ ਰਿਹਾ ਸੀ। ਚੰਦਰਮੇ ਦੀ ਸੀਤਲ ਲੋ ਵਿਚ ਪੌਣ ਹੌਲੇ ਹੌਲੇ ਵਗ ਰਹੀ ਸੀ। ਅੰਬਾਂ ਦੇ ਬੂਟਿਆਂ ਨੂੰ ਬੂਰ ਲਗ ਰਿਹਾ ਸੀ, ਜਿਸ ਦੀ ਮਹਿਕ ਨਾਲ ਸਾਰੀ ਪੌਣ ਸੁਗੰਧੀ ਦੇ ਰਹੀ ਸੀ। ਪਪੀਹਾ ਤਲਾ ਦੇ ਕੰਢੇ ਦੇ ਇਕ ਲੀਚੀ ਦੇ ਬ੍ਰਿਛ ਦੇ ਸਾਵੇ ਪਤਿਆਂ ਅੰਦਰ ਲੁਕ ਕੇ ਬੈਠਾ ਹੋਇਆ ਸੀ ਤੇ ਉਸ ਦੀ ਅਵਾਜ਼ ਨੇੜੇ ਦੇ ਇਕ ਮਕਾਨ ਵਿਚ ਪੁਜ ਰਹੀ ਸੀ। ਇਸ ਮਕਾਨ ਅੰਦਰ ਰਾਤ ਤਾਂ ਜ਼ਰੂਰ ਸੀ ਪਰ ਨੀਂਦਰ ਦਾ ਕਿਧਰੇ ਪਤਾ ਵੀ ਨਹੀਂ ਸੀ। ਇਸ ਵੇਲੇ ਹਨਮੰਤਾ ਆਪਣੀ ਸੁੰਦਰ ਵਹੁਟੀ ਨਾਲ ਹਾਸੇ ਖੇਡ ਵਿਚ ਜੁਟਿਆ ਹੋਇਆ ਸੀ। ਕਦੇ ਤਾਂ ਉਸ ਦੇ ਲੰਮੇ ਕਾਲੇ ਕੇਸਾਂ ਦੀ ਜ਼ੁਲਫ ਨੂੰ ਆਪਣੀ ਉਂਗਲੀ ਤੇ ਲਪੇਟਦਾ, ਕਦੇ ਉਸ ਦੀਆਂ ਚੂੜੀਆਂ ਨਾਲ ਖੇਡਦਾ, ਕਦੇ ਉਸ ਦੇ ਕੇਸਾਂ ਵਿਚ ਲਿਪਟੇ ਹੋਏ ਹਾਰ ਨੂੰ ਖਿਚ ਕੇ ਉਸ ਦੇ ਮੁਖੜੇ ਤੇ ਲਟਕਾ ਦੇਂਦਾ। ਇਸ ਵੇਲੇ ਸਚ ਮੁਚ ਉਹ ਤ੍ਰੇਲ ਦੇ ਤੁਪਕਿਆਂ ਵਾਂਗ ਸੀ, ਜਿਹੜੇ ਫੁੱਲਾਂ ਨੂੰ ਕੁਤ-ਕੁਤਾੜੀਆਂ ਕਢਦੇ ਹਨ, ਉਨ੍ਹਾਂ ਨਾਲ ਖੇਡਦੇ ਹਨ ਤੇ ਉਨ੍ਹਾਂ ਨੂੰ ਪਰੇਸ਼ਾਨ ਕਰਦੇ ਹਨ ਤਾਂ ਜੁ ਸੁਚੇਤ ਹੋ ਜਾਣ।
ਪ੍ਰੰਤੂ ‘ਕੁਸਮ’ ਚੁਪ ਚਾਪ ਬਿਨਾਂ ਹਿਲੇ ਜੁਲੇ ਦੇ ਆਪਣੀ ਥਾਂ ਤੇ ਬੈਠੀ ਰਹੀ। ਉਹ ਖੁਲ੍ਹੀ ਹੋਈ ਬਾਰੀ ਵਿਚੋਂ ਚੰਦਰਮਾ ਦੀ ਸੀਤਲ ਰੌਸ਼ਨੀ ਦਾ ਅਨੰਦ ਲੈ ਰਹੀ ਸੀ ਤੇ ਉਸ ਦੇ ਪਤੀ ਦੇ ਸਾਰੇ ਹਾਸੇ ਖੇਡੇ ਉਸ ਦੀ ਚੁਪ ਵਿਚ ਡੁਬ ਕੇ ਰਹਿ ਜਾਂਦੇ ਸਨ।
ਅਖ਼ੀਰ ਹਨਮੰਤਾ ਨੇ ਆਪਣੀ ਵਹੁਟੀ ਦੇ ਦੋਵੇਂ ਹਥ ਫੜ ਕੇ ਹਿਲਾਏ ਤੇ ਪਿਆਰ ਨਾਲ ਆਖਿਆ, "ਪਿਆਰੀ ਕੁਸਮ ਤੂੰ ਕਿਥੇ ਹੈਂ, ਕਿਹੜੇ ਖ਼ਿਆਲਾਂ ਵਿਚ ਡੁੱਬੀ ਹੋਈ ਹੈ? ਤੂੰ ਤਾਂ ਇਤਨੀ ਦੂਰ ਗਈ ਹੋਈ ਜਾਪਦੀ ਹੈਂ ਕਿ ਜੇ ਕਦੇ ਇਕ ਵਡੀ ਦੂਰਬੀਨ ਨਾਲ ਤੈਨੂੰ ਵਡੇ ਗਹੁ ਨਾਲ ਵੇਖੀਏ ਤਾਂ ਕਿਧਰੇ ਪਤਾ ਲਗੇ ਜੋ ਤੂੰ ਇਕ ਪਰਬਤ ਦੀ ਚੋਟੀ ਤੇ ਬੈਠੀ ਹੋਈ ਹੈਂ। ਰਤੀ ਕੁ ਮੇਰੇ ਨੇੜੇ ਤਾਂ ਆਉ, ਵੇਖੋ ਖਾਂ ਇਹ ਰਾਤ ਕਿਹੀ ਸੋਹਣੀ ਤੇ ਦਿਲ ਨੂੰ ਪ੍ਰਸੰਨ ਕਰਨ ਵਾਲੀ ਹੈ।"
ਕੁਸਮ ਨੇ ਆਪਣੇ ਪਤੀ ਵਲ ਵੇਖ ਕੇ ਹੌਲੇ ਜਿਹੇ ਅਖਿਆ, "ਮੈਨੂੰ ਇਕ ਇਹੋ ਜੇਹੇ ਮੰਤਰ ਦਾ ਪਤਾ ਹੈ ਜੋ ਅੱਖ ਦੇ ਫੋਰ ਵਿਚ ਹੀ ਬਾਹਰ ਦੀ ਇਸ ਸੋਹਣੀ ਰਾਤ ਦੇ ਚੰਦਰਮਾ ਨੂੰ ਟੋਟੇ ਟੋਟੇ ਕਰ ਕੇ ਉਡਾ ਸਕਦਾ ਹੈ।"
ਹਨੁਮੰਤਾ ਨੇ ਖਿੜ ਖਿੜ ਹਸਦਿਆਂ ਆਖਿਆ, "ਇਹੋ ਜਿਹੀ ਗਲ ਦਾ ਨਾਉਂ ਵੀ ਨ ਲਓ, ਹਾਂ ਜੇ ਕਦੇ ਤੇਰੇ ਮੰਤਰ ਇਕ ਸਾਤੇ ਵਿਚ ਤਿੰਨ ਜਾਂ ਚਾਰ ਛੁੱਟੀਆਂ ਪੈਦਾ ਕਰ ਸਕਦੇ ਹਨ ਤੇ ਰਾਤ ਨੂੰ ਦੂਸਰੇ ਦਿਨ ਸ਼ਾਮ ਦੇ ਪੰਜ ਵਜੇ ਤੋੜੀ ਲੰਮਾ ਕਰ ਸਕਦੇ ਹਨ ਤੇ ਉਨ੍ਹਾਂ ਨੂੰ ਜ਼ਰੂਰ ਪੜ੍ਹੋ।"
ਕੁਸਮ ਨੇ ਆਪਣੇ ਆਪ ਨੂੰ ਹੋਰ ਵੀ ਦੂਰ ਕਰਦਿਆਂ ਹੋਇਆਂ ਆਖਿਆ, "ਤੁਹਾਨੂੰ ਪਤਾ ਹੈ? ਅਜ ਰਾਤ ਨੂੰ ਮੇਰੇ ਦਿਲ ਵਿਚ ਇਹ ਇੱਛਿਆ ਪੈਦਾ ਹੋ ਰਹੀ ਹੈ ਕਿ ਮੈਂ ਤੁਹਾਨੂੰ ਅਜ ਉਹ ਗੱਲ ਦੱਸ ਦੇਵਾਂ ਜਿਸ ਦਾ ਕੇਵਲ ਮੌਤ ਦੇ ਵੇਲੇ ਦੱਸਣ ਦਾ ਮੈਂ ਪ੍ਰਣ ਕੀਤਾ ਹੋਇਆ ਹੈ। ਮੈਂ ਅੱਜ ਦੀ ਰਾਤ ਅਨੁਭਵ ਕਰ ਰਹੀ ਹਾਂ ਕਿ ਜਿਹੜਾ ਵੀ ਡੰਡ ਤੁਸੀਂ ਦਿਓਗੇ ਮੈਂ ਉਸ ਨੂੰ ਸਹਾਰ ਲਵਾਂਗੀ।"
ਹਨੁਮੰਤਾ ਕਵਿਤਾ ਦਾ ਕੋਈ ਬੰਦ ਪੜ੍ਹ ਕੇ ਇਸ ਡੰਡ ਦਾ ਮਖੌਲ ਉਡਾਉਣ ਹੀ ਲੱਗਾ ਸੀ ਕਿ ਕਿਸੇ ਦੇ ਪੈਰਾਂ ਦੀ ਅਵਾਜ਼ ਉਸ ਦੇ ਕੰਨਾਂ ਵਿਚ ਪਈ। ਇਸ ਅਵਾਜ਼ ਨੂੰ ਉਸ ਦੇ ਕੰਨ ਪਛਾਣਦੇ ਸਨ। ਉਸ ਦੇ ਪਿਤਾ ਹਰੀ ਹਰ ਮੁਕਰਜੀ ਆ ਰਹੇ ਸਨ। ਇਸ ਕੁਵੇਲੇ ਸਮੇਂ ਉਨ੍ਹਾਂ ਦਾ ਉਸ ਦੇ ਕੋਲ ਆਉਣ ਦਾ ਕਾਰਨ ਕੀ ਹੈ? ਇਸ ਗੱਲ ਨੇ ਉਸ ਨੂੰ ਹੋਰ ਵੀ ਪਰੇਸ਼ਾਨ ਕਰ ਦਿਤਾ।
ਦਰਵਾਜ਼ੇ ਦੇ ਬਾਹਰ ਖਲੋ ਕੇ ਉਸ ਦੇ ਪਿਤਾ ਨੇ ਚੀਖ ਕੇ ਆਖਿਆ, "ਹਨੁਮੰਤਾ! ਆਪਣੀ ਵਹੁਟੀ ਨੂੰ ਇਸੇ ਵੇਲੇ ਘਰੋਂ ਬਾਹਰ ਕੱਢ ਦੇਹ।"
ਹਨੁਮੰਤਾ ਨੇ ਆਪਣੀ ਪਤਨੀ ਵਲ ਵੇਖਿਆ, ਪਰ ਉਸ ਦੇ ਮੁਖੜੇ ਤੋਂ ਨਾ ਹੀ ਕਿਸੇ ਖੌਫ਼ ਦੇ ਤੇ ਨਾ ਹੀ ਕਿਸੇ ਖ਼ੁਸ਼ੀ ਦੇ ਚਿੰਨ੍ਹ ਵਿਖਾਈ ਦਿਤੇ। ਸਗੋਂ ਉਸ ਨੇ ਆਪਣੇ ਦੋਵੇਂ ਪੱਟ ਵਰਗੇ ਕੂਲੇ ਹੱਥਾਂ ਨਾਲ ਆਪਣੇ ਮੁਖੜੇ ਨੂੰ ਲਕੋ ਲਿਆ, ਮਾਨੋ ਉਹ ਇਹ ਚਾਹੁੰਦੀ ਸੀ ਜੋ ਇਥੇ ਬੈਠੀ ਬੈਠੀ ਹੀ ਧਰਤੀ ਵਿਚ ਧੱਸ ਜਾਏ।
ਪਪੀਹਾ, ਪੀ! ਪੀ! ਦਾ ਹਿਰਦੇ ਵੇਧਕ ਰਾਗ ਅਲਾਪ ਰਿਹਾ ਸੀ, ਪਰੰਤੂ ਕਿਸੇ ਨੂੰ ਵੀ ਉਸ ਦਾ ਖ਼ਿਆਲ ਨਹੀਂ ਸੀ।

੨.
ਬਾਹਰੋਂ ਵਾਪਸ ਆ ਕੇ ਹਨੁਮੰਤਾ ਨੇ ਆਪਣੀ ਵਹੁਟੀ ਨੂੰ ਪੁਛਿਆ, "ਕੀ ਇਹ ਸੱਚ ਹੈ?" ਕੁਸਮ ਨੇ ਉਤਰ ਦਿਤਾ, "ਠੀਕ ਹੈ।"
"ਤੂੰ ਅੱਜ ਤੋੜੀ ਇਹ ਗੱਲ ਮੈਥੋਂ ਕਿਉਂ ਲੁਕਾ ਰੱਖੀ?"
"ਮੈਂ ਕਿਤਨੀ ਵਾਰ ਹੀ ਇਹ ਦਸਣ ਦਾ ਜਤਨ ਕੀਤਾ ਪਰ ਹਰ ਵਾਰੀ ਅਵਾਜ਼ ਮੇਰੇ ਗਲੇ ਵਿਚ ਅਟਕ ਗਈ। ਮੈਂ ਇਕ ਬੇ-ਨਸੀਬ ਇਸਤਰੀ ਹਾਂ।"
"ਤਾਂ, ਫਿਰ ਸਭ ਕੁਝ ਸਾਫ਼ ਸਾਫ਼ ਦਸ ਦਿਓ।"
ਕੁਸਮ ਨੇ ਆਪਣੀ ਸਾਰੀ ਵਿਥਿਆ ਮੂੰਹ ਪਕਾ ਕਰ ਕੇ ਸੁਣਾ ਦਿੱਤੀ । ਇਉਂ ਭਾਸਦਾ ਸੀ ਜੋ ਉਹ ਨੰਗੇ ਪੈਰੀਂ ਅੰਗਾਰਿਆਂ ਉਤੇ ਟੁਰ ਰਹੀ ਤੇ ਕੋਈ ਹੋਰ ਇਸ ਗੱਲ ਨੂੰ ਅਨੁਭਵ ਨਹੀਂ ਕਰਦਾ ਕਿ ਉਹ ਕਿਤਨੀ ਕੁ ਝੁਲਸੀ ਗਈ ਹੈ, ਉਸ ਦੀ ਵਿਥਿਆ ਸੁਣ ਕੇ ਹਨੁਮੰਤਾ ਉਠਿਆ ਤੇ ਕਮਰੇ ਤੋਂ ਬਾਹਰ ਨਿਕਲ ਗਿਆ।
ਕੁਸਮ ਨੇ ਸੋਚਿਆ ਕਿ ਉਸ ਦਾ ਪਤੀ ਚਲਾ ਗਿਆ ਹੈ ਤੇ ਮੁੜ ਕਦੇ ਨਹੀਂ ਆਵੇਗਾ। ਇਸ ਗੱਲ ਨੇ ਉਸ ਨੂੰ ਕੋਈ ਹੈਰਾਨ ਨਾ ਕੀਤਾ। ਉਸ ਨੇ ਇਸ ਨੂੰ ਵੀ ਰੋਜ਼ ਦਿਹਾੜੀ ਦੇ ਜੀਵਣ ਦੀ ਇਕ ਗ਼ੈਰ ਮਾਮੂਲੀ ਘਟਨਾ ਸਮਝਿਆ।
ਉਸ ਨੂੰ ਇਸ ਵੇਲੇ ਸਾਰਾ ਸੰਸਾਰ ਹੀ ਖ਼ਾਲੀ ਪਰਤੀਤ ਹੁੰਦਾ ਸੀ। ਉਨ੍ਹਾਂ ਗੱਲਾਂ ਦੀ ਯਾਦ, ਜਿਹੜੀਆਂ ਉਸ ਦੇ ਪਤੀ ਨੇ ਪਿਛਲੇ ਸਮੇਂ ਵਿਚ ਉਸ ਨਾਲ ਕੀਤੀਆਂ ਸਨ, ਉਸ ਦੇ ਸੁੰਦਰ ਹੋਠਾਂ ਉਤੇ ਸਿਵਾਏ ਇਕ ਰੁਖੀ ਪਰੇਸ਼ਾਨ ਕਰਨ ਵਾਲੀ ਮੁਸਕਰੀ ਦੇ ਹੋਰ ਕੁਝ ਵੀ ਪੈਦਾ ਨਾ ਕਰ ਸਕੀ। ਸ਼ਾਇਦ ਉਹ ਇਸ ਵੇਲੇ ਇਹ ਸੋਚ ਰਹੀ ਸੀ ਕੀ ਪ੍ਰੇਮ ਦੀ ਨੀਂਹ ਜਿਸ ਦਾ ਇਕ ਮਨੁੱਖ ਦੇ ਜੀਵਨ ਤੇ ਇਤਨਾ ਅਸਰ ਸੀ, ਜਿਸ ਕਰਕੇ ਇਕ ਪਲ ਦਾ ਵਿਛੋੜਾ ਇਤਨਾ ਦੁਖਦਾਈ ਤੇ ਇਕ ਪਲ ਦਾ ਮਿਲਾਪ ਇਤਨਾ ਸੁਖਦਾਇਕ ਮਾਲੂਮ ਹੁੰਦਾ ਸੀ, ਇਤਨੀ ਕਮਜ਼ੋਰ ਸੀ? ਕੀ ਕੁਝ ਮਿੰਟ ਹੀ ਪਹਿਲਾਂ ਹਨੁਮੰਤਾ ਨੇ ਉਸ ਨੂੰ ਨਹੀਂ ਆਖਿਆ ਸੀ, "ਕਿਹੀ ਸੁਹਾਵਣੀ ਰਾਤ ਹੈ!" ਉਹ ਰਾਤ ਅਜੇ ਖ਼ਤਮ ਨਹੀਂ ਹੋਈ ਸੀ, ਉਹੋ ਪਪੀਹਾ ਅਜੇ ਤੋੜੀ "ਪੀ! ਪੀ! ਦਾ ਰਾਗ ਅਲਾਪ ਰਿਹਾ ਸੀ, ਉਹੋ ਹੀ ਪੌਣ ਅਜੇ ਤੋੜੀ ਚੱਲ ਰਹੀ ਸੀ ਤੇ ਕਮਰੇ ਅੰਦਰ ਕਿੱਲੀ ਤੇ ਟੰਗਿਆਂ ਕਪੜਿਆਂ ਨੂੰ ਉਡਾ ਰਹੀ ਸੀ, ਉਹੋ ਹੀ ਚੰਦਰਮਾਂ ਬਾਰੀ ਤੋਂ ਬਾਹਰ ਇਕ ਥੱਕੀ ਹੋਈ ਰਾਣੀ ਵਾਂਗ ਸੁਤਾ ਪਿਆ ਸੀ। ਪਰ ਇਹ ਸਭ ਕੁਝ ਉਸ ਲਈ ਇਕ ਸੁਪਨਾ ਸੀ।

੩.
ਦੂਜੇ ਭਲਕ ਸਵੇਰੇ ਹੀ ਹਨੁਮੰਤਾ ਉਦਾਸ ਤੇ ਘਾਬਰਿਆ ਹੋਇਆ ਪਿਆਰੇ ਦੇ ਘਰ ਪੁਜਾ ਤੇ ਉਸ ਨੂੰ ਅਵਾਜ਼ ਦਿੱਤੀ।
ਪਿਆਰੇ ਸ਼ੰਕਰ ਨੇ ਵੇਖਦਿਆਂ ਹੀ ਆਖਿਆ, "ਪੁੱਤ੍ਰ ਕੀ ਖ਼ਬਰ ਲੈ ਆਏ ਹੋ?" ਹਨਮੰਤਾ ਨੇ ਥਿੜਕਦੀ ਹੋਈ ਅਵਾਜ਼ ਵਿਚ ਉੱਤਰ ਦਿੱਤਾ, "ਤੂੰ ਸਾਡੀ ਜ਼ਾਤ ਤੇ ਵੱਟਾ ਲਗਾ ਦਿਤਾ ਹੈ, ਤੂੰ ਸਾਨੂੰ ਬਰਬਾਦ ਕਰ ਦਿਤਾ ਹੈ ਤੇ ਮੈਂ ਹੁਣ ਬਦਲਾ ਲਏ ਬਿਨਾਂ ਨਹੀਂ ਰਹਿ ਸਕਦਾ।" ਉਸ ਨੇ ਹੋਰ ਕੁਝ ਨ ਆਖਿਆ, ਉਸ ਦਾ ਗਲਾ ਰੁਕ ਗਿਆ।
ਪਿਆਰੇ ਸ਼ੰਕਰ ਨੇ ਤਾਹਨੇ ਭਰੀ ਮੁਸਕਰੀ ਨਾਲ ਉਤਰ ਦਿਤਾ, "ਤੇ ਤੁਸਾਂ ਨੇ ਕੀ ਮੇਰੀ ਜ਼ਾਤ ਨੂੰ ਬਚਾ ਲਿਆ ਸੀ, ਮੈਨੂੰ ਬਰਾਦਰੀ ਵਿਚੋਂ ਛੇਕੇ ਜਾਣ ਤੋਂ ਰੋਕ ਲਿਆ ਸੀ ਤੇ ਮੈਨੂੰ ਪਿਆਰ ਨਾਲ ਥਬੋਕ ਕੇ ਦਿਲਾਸਾ ਦਿਤਾ ਸੀ?"
ਜੇ ਹਨੁਮੰਤਾ ਦੇ ਵੱਸ ਵਿਚ ਹੁੰਦਾ ਤਾਂ ਉਥੇ ਹੀ ਪਿਆਰੇ ਸ਼ੰਕਰ ਨੂੰ ਸਾੜ ਕੇ ਸਵਾਹ ਕਰ ਦੇਂਦਾ, ਪ੍ਰੰਤੂ ਉਹ ਆਪਣੇ ਕ੍ਰੋਧ ਦੀ ਅਗਨੀ ਵਿਚ ਆਪ ਹੀ ਸੜ ਰਿਹਾ ਸੀ। ਪਿਆਰੇ ਸ਼ੰਕਰ ਉਸ ਦੇ ਸਾਹਮਣੇ ਪ੍ਰਸੰਨ ਬੈਠਾ ਰਿਹਾ।

ਹਨੁਮੰਤਾ ਨੇ ਥਿੜਕਦੀ ਜ਼ਬਾਨ ਵਿਚ ਪੁਛਿਆ, "ਕੀ ਮੈਂ ਤੈਨੂੰ ਕਦੇ ਨੁਕਸਾਨ ਪੁਚਾਇਆ ਹੈ?" "ਮੈਨੂੰ ਕੇਵਲ ਇਕ ਪ੍ਰਸ਼ਨ ਕਰਨ ਦੀ ਆਗਿਆ ਦਿਓ", ਸ਼ੰਕਰ ਨੇ ਉਤਰ ਦਿਤਾ। "ਮੇਰੀ ਪੁੱਤ੍ਰੀ.......ਮੇਰੀ ਇਕੋ ਇਕ ਬੱਚੀ.........ਉਸ ਨੇ ਤੁਹਾਡੇ ਪਿਤਾ ਨੂੰ ਕੀ ਨੁਕਸਾਨ ਪੁਚਾਇਆ ਸੀ? ਤੁਸੀਂ ਉਸ ਵੇਲੇ ਬਹੁਤ ਛੋਟੇ ਸਾਉ ਤੇ ਸ਼ਾਇਦ ਤੁਸਾਂ ਨੇ ਇਹ ਗੱਲ ਨਾ ਸੁਣੀ ਹੋਵੇ, ਪਰ ਹੁਣ ਸੁਣੋ ਤੇ ਠੰਢੇ ਦਿਲ ਨਾਲ ਗਹੁ ਕਰੋ, ਹੁਣ ਜੋ ਕੁਝ ਮੈਂ ਆਖਣ ਲੱਗਾ ਹਾਂ, ਉਸ ਵਿਚ ਰਤੀ ਕੁ ਦਿਲ ਲਗੀ ਵੀ ਹੈ। ਤੁਸੀਂ ਬਹੁਤ ਛੋਟੇ ਸੀ, ਜਦੋਂ ਮੇਰਾ ਜਵਾਈ ਨਾਭ ਕੰਤ ਮੇਰੀ ਪੁੱਤਰੀ ਦਾ ਬਹੁਤ ਸਾਰਾ ਜ਼ੇਵਰ ਚੁਰਾ ਕੇ ਵਲਾਇਤ ਨੱਸ ਗਿਆ ਸੀ। ਤੁਹਾਨੂੰ ਉਹ ਰੌਲਾ ਰੱਪਾ ਚੇਤੇ ਹੋਵੇਗਾ, ਜਿਹੜਾ ਪਿੰਡ ਵਿਚ ਪਿਆ ਸੀ, ਜਦੋਂ ਪੰਜ ਸਾਲ ਮਗਰੋਂ ਉਹ ਬੈਰਿਸਟਰ ਬਣ ਕੇ ਵਲਾਇਤ ਤੋਂ ਮੁੜਿਆ ਸੀ। ਸ਼ਾਇਦ ਤੁਹਾਨੂੰ ਇਸ ਗੱਲ ਦਾ ਵੀ ਪਤਾ ਨਾ ਲੱਗਾ ਹੋਵੇ, ਕਿਉਂ ਜੁ ਉਸ ਵੇਲੇ ਤੁਸੀਂ ਕਲਕੱਤੇ ਸਕੂਲ ਵਿਚ ਪੜ੍ਹ ਰਹੇ ਸਾਓ। ਤੁਹਾਡੇ ਪਿਤਾ ਨੇ ਆਪਣੇ ਆਪ ਨੂੰ ਸਾਰੀ ਬਰਾਦਰੀ ਦਾ ਸਰਪੰਚ ਸਮਝ ਕੇ ਇਹ ਹੁਕਮ ਸੁਣਾ ਦਿਤਾ ਸੀ ਕਿ ਜੇ ਕਦੇ ਮੈਂ ਆਪਣੀ ਪੁੱਤਰੀ ਨੂੰ ਉਸ ਦੇ ਪਤੀ ਨਾਲ ਉਸ ਦੇ ਘਰ ਭੇਜ ਦੇਵਾਂ ਤਾਂ ਮੈਨੂੰ ਆਪਣੇ ਲਾਭ ਦੀ ਖ਼ਾਤਰ ਉਸ ਨੂੰ ਝਟ ਪਟ ਛੱਡ ਦੇਣਾ ਚਾਹੀਦਾ ਹੈ ਤੇ ਮੁੜ ਕਦੇ ਉਸ ਨੂੰ ਆਪਣੇ ਘਰ ਆਉਣ ਦੀ ਆਗਿਆ ਨਹੀਂ ਦੇਣੀ ਚਾਹੀਦੀ। ਤੁਹਾਡੇ ਪਿਤਾ ਜੀ ਦੇ ਚਰਨਾਂ ਤੇ ਢਹਿ ਕੇ ਮੈਂ ਬਹੁਤੇਰੀਆਂ ਮਿੰਨਤਾਂ ਕੀਤੀਆਂ, "ਭਾਈ, ਮੈਨੂੰ ਇਸ ਵਾਰੀ ਖਿਮਾਂ ਦਿਉ, ਮੈਂ ਆਪਣੇ ਜਵਾਈ ਦੀ ਗ਼ਲਤੀ ਤੇ ਕਸੂਰ ਲਈ ਪਸ਼ਚਾਤਾਪ ਕਰਨ ਨੂੰ ਤਿਆਰ ਹਾਂ, ਕਿਰਪਾ ਕਰਕੇ ਇਸ ਨੂੰ ਜ਼ਾਤ ਵਿਚੋਂ ਨਾ ਛੇਕੋ," ਪਰ ਤੁਹਾਡੇ ਪਿਤਾ ਨੇ ਮੇਰੀ ਇਕ ਵੀ ਨਾ ਸੁਣੀ।

"ਪਰ ਇਹ ਮੇਰੇ ਵਸ ਦੀ ਗੱਲ ਨਹੀਂ ਸੀ। ਮੈਂ ਆਪਣੇ ਜਿਗਰ ਦੇ ਟੋਟੇ ਨੂੰ ਕਿਵੇਂ ਛੱਡ ਸਕਦਾ ਸਾਂ, ਇਸ ਲਈ ਆਪਣੇ ਘਰ ਘਾਟ ਤੇ ਸਾਕਾਂ ਅੰਗਾਂ ਨੂੰ ਛੱਡ ਕੇ ਮੈਂ ਕਲਕੱਤੇ ਚਲਾ ਗਿਆ। ਪ੍ਰੰਤੂ ਦੁਖਾਂ ਨੇ ਫਿਰ ਵੀ ਪਿਛਾ ਨਾ ਛਡਿਆ। ਜਦੋਂ ਮੈਂ ਆਪਣੇ ਭਤੀਜੇ ਦੇ ਵਿਆਹ ਦਾ ਸਾਰਾ ਪ੍ਰਬੰਧ ਕਰ ਚੁਕਾ ਤਾਂ ਤੁਹਾਡੇ ਪਿਤਾ ਨੇ ਕੁੜੀ ਦੇ ਮਾਪਿਆਂ ਨੂੰ ਵਰਗਲਾ ਕੇ ਉਹ ਸਾਕ ਹੀ ਮੁੜਵਾ ਦਿਤਾ। ਉਸ ਵੇਲੇ ਮੈਂ ਸੁਗੰਧ ਖਾਧੀ ਕਿ ਜੇ ਕਦੇ ਮੇਰੀਆਂ ਰਗਾਂ ਵਿਚ ਬ੍ਰਾਹਮਣ ਦੇ ਖ਼ੂਨ ਦਾ ਇਕ ਤੁਪਕਾ ਵੀ ਮੌਜੂਦ ਹੈ, ਤਾਂ ਮੈਂ ਬਦਲਾ ਜ਼ਰੂਰ ਲਵਾਂਗਾ। ਮੇਰਾ ਖ਼ਿਆਲ ਹੈ ਹੁਣ ਇਹ ਸਾਰਾ ਮਾਮਲਾ ਤੁਹਾਡੀ ਸਮਝ ਵਿਚ ਠੀਕ ਆ ਗਿਆ ਹੋਵੇਗਾ, ਕਿਉਂ ਠੀਕ ਹੈ? ਪਰ ਰਤੀ ਕੁ ਠਹਿਰੋ! ਜਦੋਂ ਮੈਂ ਸਾਰੀ ਵਿਥਿਆ ਤੁਹਾਨੂੰ ਸੁਣਾ ਦੇਵਾਂਗਾ ਤੇ ਤੁਹਾਨੂੰ ਇਸ ਵਿਚ ਹੋਰ ਵੀ ਵਧੀਕ ਸਵਾਦ ਆਵੇਗਾ, ਇਹ ਵਡਾ ਸਵਾਦਲਾ ਕਿੱਸਾ ਹੈ। ਜਦੋਂ ਤੁਸੀਂ ਕਾਲਜ ਵਿਚ ਪੜ੍ਹਦੇ ਸੀ ਤਾਂ ਤੁਹਾਡੇ ਮਕਾਨ ਦੇ ਲਾਗੇ ਇਕ ਪੁਰਸ਼ ਬੈਪਰ ਦਾਸ ਚੈਟਰਜੀ ਰਿਹਾ ਕਰਦੇ ਸਨ। ਰੱਬ ਉਨ੍ਹਾਂ ਨੂੰ ਸਵਰਗਾਂ ਵਿਚ ਵਾਸਾ ਦੇਵੇ, ਉਹ ਹੁਣ ਮਰ ਚੁਕੇ ਹਨ। ਉਨ੍ਹਾਂ ਦੇ ਮਕਾਨ ਵਿਚ ਇਕ ਨੌਜਵਾਨ ਵਿਧਵਾ ਜਿਸ ਦਾ ਨਾਉਂ ਕੁਸਮਾ ਸੀ, ਰਹਿੰਦੀ ਸੀ। ਉਹ ਇਕ ਕਾਇਸਥ ਖਾਨਦਾਨ ਦੀ ਯਤੀਮ ਕੁੜੀ ਸੀ, ਪਰ ਹੈਸੀ ਬਹੁਤ ਸੁੰਦਰ, ਇਸ ਲਈ ਬ੍ਰਾਹਮਣ ਨੇ ਉਸ ਨੂੰ ਕਾਲਜ ਦੇ ਮੁੰਡਿਆਂ ਦੀ ਨਜ਼ਰੋਂ ਬਚਾ ਕੇ ਰੱਖਣ ਦਾ ਬਹੁਤੇਰਾ ਜਤਨ ਕੀਤਾ, ਪਰੰਤੂ ਇਕ ਨੌਜਵਾਨ ਕੁੜੀ ਲਈ ਬੁੱਢੇ ਦੀ ਅੱਖਾਂ ਵਿਚ ਮਿਟੀ ਪਾਉਣੀ ਕੋਈ ਔਖਾ ਕੰਮ ਨਹੀਂ ਸੀ। ਬਸ ਉਹ ਬਹੁਤ ਵਾਰੀ ਆਪਣੇ ਗਿਲੇ ਕਪੜਿਆਂ ਨੂੰ ਛੱਤ ਤੇ ਸੁੱਕਣੇ ਪਾਉਣ ਨੂੰ ਜਾਂਦੀ ਸੀ ਤੇ ਮੈਨੂੰ ਨਿਸਚਾ ਹੈ ਜੋ ਤੁਸਾਂ ਨੇ ਵੀ ਕੋਠਾ ਹੀ ਪੜ੍ਹਨ ਲਈ ਚੰਗੀ ਥਾਂ ਸਮਝੀ ਸੀ। ਮੈਂ ਨਹੀਂ ਆਖ ਸਕਦਾ ਜੋ ਛਤ ਤੇ ਤੁਸੀਂ ਦੋਵੇਂ ਗਲਾਂ ਕਰਦੇ ਸਓ ਜਾਂ ਨਹੀਂ, ਪਰੰਤੂ ਕੁੜੀ ਦੇ ਰੰਗ ਢੰਗ ਤੋਂ ਉਸ ਬੁੱਢੇ ਸਰ-ਪਰਸਤ ਦੇ ਦਿਲ ਵਿਚ ਸ਼ਕ ਪੈਦਾ ਹੋ ਗਿਆ। ਘਰ ਦੇ ਕੰਮ ਕਾਜਾਂ ਵਿਚ ਹੁਣ ਉਸ ਦਾ ਜੀ ਨਹੀਂ ਲਗਦਾ ਸੀ। ਆਪਣੀਆਂ ਸੋਚਾਂ ਵਿਚ ਉਹ ਇਤਨੀ ਡੁੱਬੀ ਰਹਿੰਦੀ ਸੀ ਜੋ ਸਹਿਜੇ ਸਹਿਜੇ ਖਾਣਾ ਪੀਣਾ ਵੀ ਛੁਟ ਗਿਆ ਤੇ ਅੱਖਾਂ ਵਿਚ ਨੀਂਦਰ ਵੀ ਹਰਾਮ ਹੋ ਗਈ। ਕਈ ਵਾਰੀ ਤਾਂ ਘਰ ਵਾਲਿਆਂ ਦੇ ਸਾਹਮਣੇ ਹੀ ਉਹ ਬਿਨਾਂ ਕਿਸੇ ਕਾਰਨ ਦੇ ਰੋਣ ਲਗ ਪੈਂਦੀ ਸੀ। ਅਖ਼ੀਰ ਉਸਨੇ ਤੁਸਾਂ ਦੋਹਾਂ ਨੂੰ ਬਹੁਤ ਵਾਰੀ ਛਤ ਤੇ ਇਕ ਦੂਜੇ ਨੂੰ ਝਾਕਦਿਆਂ ਵੇਖਿਆ। ਕਈ ਵਾਰੀ ਤਾਂ ਤੁਸੀਂ ਕਾਲਜ ਵੀ ਨਹੀਂ ਜਾਂਦੇ ਸਓ ਤੇ ਕਿਤਾਬ ਹੱਥ ਵਿਚ ਪਕੜੀ ਛਤ ਤੇ ਹੀ ਬੈਠੇ ਰਹਿੰਦੇ ਸਓ। ਇਸ ਪ੍ਰਕਾਰ ਆਪਣੀ ਪੜ੍ਹਾਈ ਵਲੋਂ ਵੀ ਲਾਪਰਵਾਹੀ ਕਰ ਰਹੇ ਸਓ।

ਬੈਪਰ ਦਾਸ ਨੇ ਸਾਰੀ ਵਿਥਿਆ ਦਸ ਕੇ ਮੈਥੋਂ ਸਲਾਹ ਪੁਛੀ। ਮੈਂ ਉਸ ਨੂੰ ਆਖਿਆ, "ਤੁਸੀਂ ਕਦ ਦੇ ਬਨਾਰਸ ਯਾਤਰਾ ਦੀ ਇਛਿਆ ਕਰ ਰਹੇ ਹੋ। ਹੁਣ ਤੁਸੀਂ ਆਪਣੀ ਇਸ ਸ਼ੁਭ ਚਾਹ ਨੂੰ ਪੂਰਾ ਕਰੋ, ਕੁੜੀ ਮੇਰੇ ਹਵਾਲੇ ਕਰ ਜਾਉ, ਮੈਂ ਉਸ ਦੀ ਦੇਖ ਭਾਲ ਕਰਦਾ ਰਹਾਂਗਾ।"

ਬੁੱਢਾ ਬ੍ਰਾਹਮਣ ਚਲਾ ਗਿਆ ਤੇ ਕੁੜੀ ਨੂੰ ਮੇਰੇ ਸਪੁਰਦ ਕਰ ਗਿਆ। ਮੈਂ ਉਸ ਕੁੜੀ ਨੂੰ ਸ੍ਰੀ ਪਤੀ ਚੈਟਰਜੀ ਦੇ ਮਕਾਨ ਤੇ ਰਖ ਕੇ ਇਹ ਧੁਮਾ ਦਿਤਾ ਜੋ ਉਹ ਉਹਦਾ ਪਿਤਾ ਹੈ। ਇਸ ਦੇ ਮਗਰੋਂ ਜੋ ਕੁਝ ਹੋਇਆ, ਉਸ ਦਾ ਤੁਹਾਨੂੰ ਪਤਾ ਹੀ ਹੈ। ਅਜ ਤੁਹਾਨੂੰ ਇਹ ਸਾਰੀ ਕਹਾਣੀ ਸੁਣਾ ਕੇ ਮੈਨੂੰ ਅਤੀ ਆਨੰਦ ਆ ਰਿਹਾ ਹੈ ਤੇ ਮੇਰੀ ਛਾਤੀ ਤੋਂ ਇਕ ਭਾਰੀ ਬੋਝ ਹਟ ਗਿਆ ਹੈ। ਕੀ ਇਹ ਇਕ ਕਿੱਸਾ ਨਹੀਂ ਹੈ? ਮੈਂ ਚਾਹੁੰਦਾ ਹਾਂ ਕਿ ਇਸ ਕਹਾਣੀ ਨੂੰ ਲਿਖ ਕੇ ਇਕ ਪੁਸਤਕ ਦੀ ਸ਼ਕਲ ਵਿਚ ਛਪਵਾਵਾਂ, ਪਰੰਤੂ ਮੈਂ ਆਪ ਕੋਈ ਲਿਖਾਰੀ ਨਹੀਂ ਹਾਂ। ਲੋਕੀ ਆਖਦੇ ਹਨ, ਜੋ ਮੇਰੇ ਭਤੀਜੇ ਨੂੰ ਇਸ ਕੰਮ ਦਾ ਕੁਝ ਸ਼ੌਕ ਹੈ, ਮੈਂ ਉਸ ਨੂੰ ਆਖਾਂਗਾ ਜੋ ਮੇਰੇ ਵਾਸਤੇ ਉਹ ਲਿਖ ਦੇਵੇ। ਸਾਰਿਆਂ ਕੋਲੋਂ ਚੰਗੀ ਗਲ ਤਾਂ ਇਹ ਹੋਵੇਗੀ ਕਿ ਇਸ ਕੰਮ ਦੇ ਪੂਰਾ ਕਰਨ ਵਿਚ ਤੁਸੀਂ ਵੀ ਉਸ ਦਾ ਹੱਥ ਵਟਾਉ, ਕਿਉਂ ਜੁ ਇਸ ਦਾ ਅੰਤ ਮੈਨੂੰ ਚੰਗੀ ਤਰ੍ਹਾਂ ਪਤਾ ਨਹੀਂ, ਇਹ ਤੁਸੀਂ ਹੀ ਜਾਣ ਸਕਦੇ ਹੋ। ਅਖ਼ੀਰਲੇ ਸ਼ਬਦਾਂ ਵਲ ਵਧੇਰਾ ਧਿਆਨ ਦੇਂਦੇ ਹੋਏ ਹਨੁਮੰਤਾ ਨੇ ਪੁਛਿਆ, "ਕੀ ਕੁਸਮ ਨੇ ਇਸ ਵਿਆਹ ਦੀ ਵਿਰੋਧਤਾ ਨਹੀਂ ਕੀਤੀ ਸੀ?" ਇਸ ਗਲ ਨੂੰ ਸਮਝਣਾ ਰਤੀ ਕੁ ਔਖਾ ਹੈ", ਸ਼ੰਕਰ ਨੇ ਉੱਤਰ ਦਿਤਾ, ਪੁੱਤ੍ਰ ਤੁਹਾਨੂੰ ਪਤਾ ਹੀ ਹੈ ਜੋ ਤੀਵੀਂ ਦੇ ਦਿਮਾਗ਼ ਦੀ ਬਣਾਵਟ ਕਿਹੋ ਜਹੀ ਹੁੰਦੀ ਹੈ, ਜਦੋਂ ਉਹ 'ਨਹੀਂ' ਆਖਦੀ ਹੈ ਤਾਂ ਉਸ ਤੋਂ ਉਸ ਦਾ ਭਾਵ 'ਹਾਂ' ਦਾ ਹੁੰਦਾ ਹੈ। ਦੂਜੇ ਮਕਾਨ ਵਿਚ ਬਦਲੇ ਜਾਣ ਮਗਰੋਂ ਕੁਝ ਦਿਨ ਤਾਂ ਉਹ ਤੁਹਾਨੂੰ ਵੇਖੇ ਬਿਨਾਂ ਪਗਲੀ ਜਿਹੀ ਰਹੀ। ਮਾਲੂਮ ਹੁੰਦਾ ਹੈ ਜੋ ਤੁਸਾਂ ਨੇ ਵੀ ਉਸ ਦੇ ਨਵੇਂ ਮਕਾਨ ਦਾ ਪਤਾ ਕਢ ਹੀ ਲਿਆ ਸੀ। ਕਾਲਜ ਜਾਂਦੇ ਹੋਏ ਤੁਸੀਂ ਵੀ ਰਾਹ ਕਟ ਕੇ ਬਹੁਤ ਵਾਰੀ, ਸ੍ਰੀ ਪਤੀ ਦੇ ਘਰ ਦੇ ਸਾਹਮਣੇ ਚੱਕਰ ਲਗਾਂਦੇ ਵਿਖਾਈ ਦੇਂਦੇ ਸਓ, ਤੇ ਤੁਹਾਡੀਆਂ ਨਜ਼ਰਾਂ ਕਾਲਜ ਨੂੰ ਤਲਾਸ਼ ਕਰਨ ਦੀ ਥਾਂ ਇਕ ਭਲੇਮਾਨਸ ਦੇ ਮਕਾਨ ਦੀ ਸਲਾਖਾਂ ਵਾਲੀ ਬਾਰੀ ਵਲ ਗੱਡੀਆਂ ਰਹਿੰਦੀਆਂ ਸਨ, ਜਿਸ ਵਿਚ ਕੇਵਲ ਕੀੜਿਆਂ ਪਤੰਗਿਆਂ ਜਾਂ ਪਾਗਲਾਂ ਦੀਆਂ ਨਜ਼ਰਾਂ ਹੀ ਕੁਝ ਸਫ਼ਲਤਾ ਪਰਾਪਤ ਕਰ ਸਕਦੀਆਂ ਸਨ। ਮੈਨੂੰ ਤੁਹਾਡੀ ਦੋਹਾਂ ਦੀ ਇਸ ਦਸ਼ਾ ਤੇ ਤਰਸ ਆਉਂਦਾ ਸੀ, ਮੈਂ ਵੇਖ ਰਿਹਾ ਸੀ ਜੋ ਨਾ ਕੁੜੀ ਨੂੰ ਅਮਨ ਹੈ ਤੇ ਨਾ ਤੁਹਾਨੂੰ ਚੈਨ ਹੈ। ਇਸ ਦਸ਼ਾ ਵਿਚ ਤੁਸਾਂ ਨੇ ਪੜ੍ਹਾਈ ਕੀ ਕਰਨੀ ਸੀ। ਇਕ ਦਿਨ ਕੁਸਮ ਨੂੰ ਬੁਲਾ ਕੇ ਮੈਂ ਆਖਿਆ, "ਸੁਣੋ ਬੇਟੀ ਮੈਂ ਬੁੱਢਾ ਆਦਮੀ ਹਾਂ ਤੇ ਤੁਹਾਨੂੰ ਮੈਥੋਂ ਸ਼ਰਮ ਨਹੀਂ ਕਰਨੀ ਚਾਹੀਦੀ। ਮੈਨੂੰ ਪਤਾ ਹੈ ਜੋ ਕਿਸ ਦੇ ਵਾਸਤੇ ਤੇਰਾ ਦਿਲ ਤੇ ਤੇਰੀ ਜਾਨ ਪਈ ਧੁਖਦੀ ਹੈ। ਉਸ ਨੌਜਵਾਨ ਦੀ ਦਸ਼ਾ ਵੀ ਤਰਸ ਯੋਗ ਹੈ। ਮੈਂ ਚਾਹੁੰਦਾ ਹਾਂ ਜੋ ਤੁਸਾਂ ਦੋਹਾਂ ਦਾ ਮਿਲਾਪ ਕਰਾ ਦੇਵਾਂ।" ਇਹ ਸੁਣ ਕੇ ਕੁਸਮ ਦੇ ਨੇਤਰਾਂ ਵਿਚੋਂ ਮੋਤੀਆਂ ਵਾਂਗ ਅੱਥਰੂ ਵਗ ਨਿਕਲੇ ਤੇ ਉਹ ਆਪਣਾ ਮੂੰਹ ਲੁਕਾਂਦੀ ਹੋਈ ਭੱਜ ਗਈ। ਇਸਦੇ ਮਗਰੋਂ ਕਈ ਵਾਰੀ ਮੈਂ ਸ੍ਰੀ ਪਤੀ ਜੀ ਦੇ ਘਰ ਗਿਆ ਤੇ ਕੁਸਮ ਨੂੰ ਬੁਲਾ ਕੇ ਉਸ ਨਾਲ ਤੁਹਾਡਾ ਜ਼ਿਕਰ ਕੀਤਾ। ਸਹਿਜੇ ਸਹਿਜੇ ਆਪਣੀਆਂ ਬਾਤਾਂ ਨਾਲ ਮੈਨੂੰ ਉਸ ਦੀ ਸ਼ਰਮ ਹਯਾ ਦੂਰ ਕਰਨ ਵਿਚ ਸਫ਼ਲਤਾ ਹੋ ਗਈ ਤੇ ਅਖ਼ੀਰ ਜਦੋਂ ਇਕ ਰੋਜ਼ ਮੈਂ ਉਸ ਨੂੰ ਆਖਿਆ ਕਿ ਮੈਂ ਤੁਹਾਡੇ ਦੋਹਾਂ ਦੇ ਵਿਆਹ ਕਰਾਉਣ ਦਾ ਜਤਨ ਕਰਾਂਗਾ, ਤਾਂ ਉਸ ਨੇ ਪੁਛਿਆ, "ਇਹ ਕਿਵੇਂ ਹੋ ਸਕਦਾ ਹੈ।" ਮੈਂ ਉੱਤਰ ਦਿੱਤਾ, "ਇਸ ਗੱਲ ਦੀ ਰਤੀ ਵੀ ਚਿੰਤਾ ਨਾ ਕਰੋ।" ਮੈਂ ਤੈਨੂੰ ਇਕ ਬ੍ਰਾਹਮਣ ਦੀ ਪੁੱਤਰੀ ਸਾਬਤ ਕਰ ਦੇਵਾਂਗਾ। ਬਹੁਤ ਚਿਰ ਤੋੜੀ ਗੱਲ ਬਾਤ ਕਰਨ ਮਗਰੋਂ ਉਸ ਮੈਨੂੰ ਬਿਨੈ ਕੀਤੀ, ਜੋ ਮੈਂ ਤੁਹਾਡੀ ਮਨਸ਼ਾ ਦਾ ਵੀ ਪਤਾ ਕਰਾਂ। ਮੈਂ ਖਿਝ ਕੇ ਆਖਿਆ, "ਕੇਹੀਆਂ ਝੱਲਿਆਂ ਵਾਲੀਆਂ ਗੱਲਾਂ ਪਈ ਕਰਦੀ ਹੈਂ, ਉਹ ਮੁੰਡਾ ਤਾਂ ਤੇਰੇ ਪਿਛੇ ਪਗਲਾ ਹੋਇਆ ਪਿਆ ਹੈ, ਇਨ੍ਹਾਂ ਸਾਰੀਆਂ ਗੱਲਾਂ ਦੇ ਉਸ ਨੂੰ ਦੱਸਣ ਦੀ ਕੀ ਲੋੜ ਹੈ? ਪਹਿਲਾਂ ਵਿਆਹ ਹੋਣ ਦਿਉ, ਜਿਹੜਾ ਕੰਮ ਇਸ ਤਰ੍ਹਾਂ ਹੋ ਜਾਂਦਾ ਹੈ, ਉਹ ਸਦਾ ਰਾਸ ਹੀ ਹੁੰਦਾ ਹੈ, ਖ਼ਾਸ ਕਰਕੇ ਜਦੋਂ ਇਸ ਭੇਤ ਦੇ ਪਤਾ ਲੱਗਣ ਦਾ ਰਤੀ ਵੀ ਡਰ ਨਹੀਂ, ਕਿਉਂ ਕੁਰਾਹੇ ਪਾ ਕੇ ਇਕ ਨੌਜਵਾਨ ਦੀ ਸਾਰੀ ਜ਼ਿੰਦਗੀ ਨੂੰ ਬਰਬਾਦ ਕੀਤਾ ਜਾਵੇ?" ਮੈਨੂੰ ਪਤਾ ਨਹੀਂ ਜੋ ਕੁਸਮ ਨੇ ਮੇਰੀ ਇਸ ਤਜਵੀਜ਼ ਦੀ ਪਰੋੜ੍ਹਤਾ ਕੀਤੀ ਜਾਂ ਨਹੀਂ, ਪਰ ਇਹ ਮੈਨੂੰ ਪਤਾ ਹੈ ਕਿ ਕਈ ਵਾਰੀ ਤਾਂ ਉਹ ਰੋ ਪੈਂਦੀ ਸੀ ਤੇ ਕਈ ਵਾਰੀ ਚੁਪ ਚਾਪ ਬੈਠੀ ਰਹਿੰਦੀ ਸੀ ਤੇ ਜਦੋਂ ਮੈਂ ਇਹ ਆਖਦਾ ਕਿ ਇਸ ਮਾਮਲੇ ਨੂੰ ਜਾਣ ਹੀ ਦਿਉ ਤਾਂ ਤੇ ਉਹ ਬੇਹੱਦ ਉਦਾਸ ਹੋ ਜਾਂਦੀ। ਜਦੋਂ ਇਹ ਦਸ਼ਾ ਹੋ ਗਈ, ਤਾਂ ਮੈਂ ਸ੍ਰੀ ਪਤੀ ਵਲੋਂ ਵਿਆਹ ਦਾ ਸੁਨੇਹਾ ਦੇ ਕੇ ਤੁਹਾਡੇ ਕੋਲ ਭੇਜਿਆ ਤੇ ਤੁਸਾਂ ਨੇ ਬਿਨਾਂ ਹੀਲ ਹੁੱਜਤ ਦੇ ਝਟ ਪਟ ਇਸ ਨੂੰ ਪ੍ਰਵਾਨ ਕਰ ਲਿਆ। ਮੁਕੱਰਰ ਕੀਤੀ ਹੋਈ ਤਾਰੀਖ਼ ਤੋਂ ਕੁਝ ਰੋਜ਼ ਪਹਿਲਾਂ ਇਸ ਕੁੜੀ ਨੂੰ ਮਨਾਉਣ ਵਿਚ ਮੈਨੂੰ ਵੱਡੀ ਦਿੱਕਤ ਪੇਸ਼ ਆਈ, ਕਿਉਂ ਜੋ ਉਸ ਨੇ ਨਾਂਹ ਕਰ ਦਿਤੀ ਸੀ। ਉਹ ਮੁੜ ਮੁੜ ਮੈਨੂੰ ਇਹੋ ਆਖਦੀ ਸੀ, "ਚਾਚਾ ਜੀ ਇਹ ਗੱਲ ਜਾਣ ਹੀ ਦਿਉ।" ਮੈਂ ਨਰਾਜ਼ ਹੋ ਕੇ ਆਖਦਾ, ਝੱਲੀਏ ਕੁੜੀਏ, ਤੇਰਾ ਇਸ ਤੋਂ ਕੀ ਮਤਲਬ ਹੈ, ਜਦੋਂ ਸਾਰੇ ਮਾਮਲੇ ਦਾ ਫ਼ੈਸਲਾ ਹੋ ਚੁਕਾ ਹੈ ਤਾਂ ਅਸੀਂ ਹੁਣ ਨਾਂਹ ਕਿਵੇਂ ਕਰ ਸਕਦੇ ਹਾਂ।"

ਉਹ ਆਖਦੀ, "ਮੈਨੂੰ ਕਿਧਰੇ ਭੇਜ ਦਿਉ ਤੇ ਇਹ ਧੁਮਾ ਦਿਉ ਕਿ ਮੈਂ ਮਰ ਗਈ ਹਾਂ।"
ਮੈਂ ਆਖਦਾ, "ਉਸ ਨੌਜਵਾਨ ਮੁੰਡੇ ਦਾ ਕੀ ਹਸ਼ਰ ਹੋਵੇਗਾ, ਉਹ ਇਸ ਵੇਲੇ ਖ਼ੁਸ਼ੀ ਦੇ ਮਾਰੇ ਸਤਵੇਂ ਅਸਮਾਨ ਤੇ ਪੁਜਿਆ ਹੋਇਆ ਹੈ, ਕੇਵਲ ਇਸ ਆਸ ਉਤੇ ਕਿ ਭਲਕੇ ਉਸ ਦੀ ਪੁਰਾਣੀ ਆਰਜ਼ੂ ਪੂਰੀ ਹੋ ਜਾਵੇਗੀ ਤੇ ਅੱਜ ਤੂੰ ਚਾਹੁੰਦੀ ਹੈਂ ਜੋ ਮੈਂ ਉਸ ਨੂੰ ਤੇਰੀ ਮੌਤ ਦੀ ਖ਼ਬਰ ਭੇਜ ਦੇਵਾਂ। ਇਸ ਦਾ ਨਤੀਜਾ ਇਹ ਹੋਵੇਗਾ ਕਿ ਕਲ੍ਹ ਤੈਨੂੰ ਉਸ ਦੀ ਮੌਤ ਦੀ ਖ਼ਬਰ ਮੇਰੇ ਕੰਨਾਂ ਵਿਚ ਪਵੇਗੀ। ਝਲੀਏ ਕੁੜੀਏ! ਕੀ ਤੂੰ ਇਹ ਸਮਝਦੀ ਹੈਂ ਜੋ ਇਸ ਉਮਰ ਵਿਚ ਮੈਂ ਇਕ ਨੌਜਵਾਨ ਬ੍ਰਾਹਮਣ ਤੇ ਇਕ ਵਿਧਵਾ ਕੁੜੀ ਨੂੰ ਕਤਲ ਕਰਨ ਦਾ ਹੀਆ ਕਰ ਸਕਦਾ ਹਾਂ। ਚੰਗੇ ਭਾਗਾਂ ਨਾਲ ਮੁਕਰਰ ਤਾਰੀਖ਼ ਵਿਆਹ ਸੁਖੀ ਸਾਂਦੀ ਹੋ ਗਿਆ ਤੇ ਇਸ ਕੰਮ ਦੇ ਪੂਰਾ ਕਰਨ ਤੋਂ ਮਗਰੋਂ ਮੈਨੂੰ ਇਉ ਪਰਤੀਤ ਹੋਇਆ ਜੋ ਇਕ ਵੱਡੀ ਜ਼ਿਮੇਵਾਰੀ ਤੋਂ ਮੈਂ ਨਚਿੰਤ ਹੋ ਗਿਆ ਹਾਂ। ਇਸ ਦੇ ਮਗਰੋਂ ਜੋ ਕੁਝ ਹੋਇਆ, ਉਸ ਦਾ ਤੁਹਾਨੂੰ ਪਤਾ ਹੀ ਹੈ।" ਹਨਮੰਤਾ ਨੇ ਕੁਝ ਚਿਰ ਚੁਪ ਰਹਿਣ ਮਗਰੋਂ ਆਖਿਆ, "ਕੀ ਸਾਡੇ ਨਾਲ ਇਤਨਾ ਵੱਡਾ ਧੱਕਾ ਕਰਨ ਤੇ ਤੇਰੀ ਤਸੱਲੀ ਨਹੀਂ ਸੀ ਹੋ ਗਈ ਜੋ ਹੁਣ ਸਾਡੇ ਇਸ ਭੇਤ ਨੂੰ ਭੰਡ ਦਿੱਤਾ ਹਈ?"
ਵੱਡੀ ਦਿਲਜਮੀਂ ਨਾਲ ਪਿਆਰੇ ਸ਼ੰਕਰ ਨੇ ਉੱਤਰ ਦਿੱਤਾ, ਜਦੋਂ ਮੈਂ ਵੇਖਿਆ ਕਿ ਤੁਹਾਡੀ ਭੈਣ ਦੇ ਵਿਆਹ ਦਾ ਸਾਰਾ ਪ੍ਰਬੰਧ ਹੋ ਚੁਕਾ ਹੈ, ਤਾਂ ਮੈਂ ਆਪਣੇ ਦਿਲ ਵਿਚ ਸੋਚ ਕੀਤੀ ਜੋ ਮੈਂ ਇਕ ਬ੍ਰਾਹਮਣ ਦੀ ਜ਼ਾਤ ਤਾਂ ਭਰਿਸ਼ਟ ਕਰ ਬੈਠਾ ਹਾਂ ਤੇ ਇਹ ਕੇਵਲ ਆਪਣੇ ਫ਼ਰਜ਼ ਨੂੰ ਪੂਰਾ ਕਰਨ ਲਈ ਹੀ ਮੈਂ ਕੀਤਾ ਸੀ, ਹੁਣ ਇਥੇ ਇਕ ਦੂਜੇ ਬ੍ਰਾਹਮਣ ਦੀ ਜ਼ਾਤ ਦੇ ਭਰਿਸ਼ਟ ਹੋਣ ਦਾ ਡਰ ਸੀ ਤੇ ਇਥੇ ਮੇਰਾ ਇਹ ਫ਼ਰਜ਼ ਹੈ ਜੋ ਮੈਂ ਉਸ ਨੂੰ ਬਚਾਉਣ ਦਾ ਜਤਨ ਕਰਾਂ। ਇਸ ਨੂੰ ਮੁਖ ਰੱਖ ਕੇ ਮੈਂ ਉਨ੍ਹਾਂ ਨੂੰ ਲਿਖ ਭੇਜਿਆ ਜੋ ਮੈਂ ਸਾਬਤ ਕਰ ਸਕਦਾ ਹਾਂ ਕਿ ਤੁਸਾਂ ਨੇ ਇਕ ਸ਼ੂਦਰ ਦੀ ਕੁੜੀ ਨਾਲ ਵਿਆਹ ਕੀਤਾ ਹੈ।" ਹਨਮੰਤਾ ਨੇ ਵੱਡਾ ਜਿਗਰਾ ਕਰ ਕੇ ਆਖਿਆ, "ਹੁਣ ਇਸ ਕੁੜੀ ਦਾ ਕੀ ਹਸ਼ਰ ਹੋਵੇਗਾ ਜਿਸ ਨੂੰ ਮੈਂ ਛਡ ਦੇਵਾਂਗਾ, ਕੀ ਤੁਸੀਂ ਉਸ ਨੂੰ ਰੋਟੀ ਕੱਪੜਾ ਦਿਉਗੇ?"
ਪਿਆਰੇ ਸ਼ੰਕਰ ਨੇ ਪੱਕੇ ਮੂੰਹ ਉੱਤਰ ਦਿੱਤਾ, "ਮੈਂ ਆਪਣਾ ਪ੍ਰਣ ਪੂਰਾ ਕਰ ਦਿੱਤਾ, ਹੁਣ ਮੈਨੂੰ ਇਸ ਗੱਲ ਨਾਲ ਕੋਈ ਵਾਸਤਾ ਨਹੀਂ ਜੋ ਦੂਜਿਆਂ ਦੀਆਂ ਛੱਡੀਆਂ ਹੋਈਆਂ ਵਹੁਟੀਆਂ ਦੀ ਦੇਖ ਭਾਲ ਕਰਦਾ ਫਿਰਾਂ।"
"ਕੋਈ ਹੈ, ਜਾਉ ਹਨਮੰਤਾ ਬਾਬੂ ਲਈ ਬਰਫ਼ ਤੇ ਸ਼ਰਬਤ ਲੈ ਆਉ।" ਹਨਮੰਤਾ ਉਠ ਕੇ ਖਲੋ ਗਿਆ ਤੇ ਇਸ ਖ਼ਾਤਰ ਦਾ ਹਸਾਨ ਚੁਕੇ ਬਿਨਾਂ ਹੀ ਬਾਹਰ ਨਿਕਲ ਗਿਆ।

੪.
ਹਨੇਰੀ ਘੁਪ ਰਾਤ ਸੀ, ਪੰਖੇਰੂ ਚੁਪ ਚਾਪ ਆਪਣੇ ਆਲ੍ਹਣਿਆਂ ਵਿਚ ਬੈਠੇ ਸਨ, ਲੀਚੀ ਦਾ ਬ੍ਰਿਛ ਧਰਤੀ ਉਤੇ ਇਕ ਕਾਲੇ ਧੱਬੇ ਵਾਂਗ ਵਿਖਾਈ ਦੇਂਦਾ ਸੀ ਤੇ ਪੌਣ ਦੇ ਬੁੱਲ੍ਹੇ ਇਕ ਨੀਂਦਰ ਵਿਚ ਡੁਬੇ ਪੁਰਸ਼ ਵਾਂਗ ਚਲ ਰਹੇ ਸਨ।
ਕਮਰੇ ਵਿਚ ਰੌਸ਼ਨੀ ਕੋਈ ਨਹੀਂ ਸੀ, ਹਨਮੰਤਾ ਬਾਰੀ ਦੇ ਲਾਗੇ ਬਿਸਤਰੇ ਤੇ ਬੈਠਾ ਹੋਇਆ ਸਾਹਮਣੇ ਹਨ੍ਹੇਰੇ ਵਿਚ ਆਪਣੀ ਨਜ਼ਰ ਜਮਾਏ ਹੋਇਆ ਸੀ। ਕੁਸਮ ਫ਼ਰਸ਼ ਤੇ ਪਈ ਸੀ, ਆਪਣੇ ਦੋਹਾਂ ਦੋਹਾਂ ਹੱਥਾਂ ਨਾਲ ਆਪਣੇ ਪਤੀ ਦੇ ਚਰਨਾਂ ਨੂੰ ਉਸ ਨੇ ਘੁੱਟ ਕੇ ਫੜਿਆ ਹੋਇਆ ਸੀ ਤੇ ਉਸ ਦਾ ਸੀਸ ਉਸ ਦੇ ਚਰਨਾਂ ਤੇ ਸੀ।
ਫਿਰ ਪੈਰਾਂ ਦੀ ਖੜਕਾਰ ਆਈ। ਹਰੀ ਹਰ ਮੁਕਰਜੀ ਨੇ ਦਰਵਾਜ਼ੇ ਦੇ ਕੋਲ ਪੁੱਜ ਕੇ ਆਖਿਆ, "ਬਸ ਬਹੁਤ ਸਮਾਂ ਲੰਘ ਚੁਕਾ ਹੈ, ਮੈਂ ਹੁਣ ਵਧੀਕ ਸਮਾਂ ਨਹੀਂ ਦੇ ਸਕਦਾ। ਇਸ ਲੜਕੀ ਨੂੰ ਹੁਣੇ ਹੀ ਘਰੋਂ ਬਾਹਰ ਕੱਢ ਦਿਉ।"
ਜਦੋਂ ਕੁਸਮ ਨੇ ਇਹ ਗੱਲ ਸੁਣੀ ਤਾਂ ਪੂਰੇ ਜੋਸ਼ ਨਾਲ ਹਨਮੰਤਾ ਦੇ ਚਰਨਾਂ ਨਾਲ ਲਿਪਟ ਗਈ, ਉਨ੍ਹਾਂ ਨੂੰ ਚੁੰਮਿਆ, ਆਪਣਾ ਮੱਥਾ ਅਦਬ ਲਈ ਉਨ੍ਹਾਂ ਤੇ ਰੱਖਿਆ ਤੇ ਫਿਰ ਖੜੀ ਹੋ ਗਈ।
ਹਨੁਮੰਤਾ ਉਠਿਆ ਤੇ ਦਰਵਾਜ਼ੇ ਵਲ ਵੱਧ ਕੇ ਬੋਲਿਆ, "ਪਿਤਾ ਜੀ ਮੈਂ ਪਤਨੀ ਨੂੰ ਨਹੀਂ ਛੱਡ ਸਕਦਾ।"
"ਇਹ ਕੀ ਆਖਿਆ ਹਈ?" ਪਿਤਾ ਨੇ ਚੀਖ਼ ਕੇ ਆਖਿਆ, "ਕੀ ਬਰਾਦਰੀ ਛੱਡ ਦੇਵੇਂਗਾ?"
ਹਨੁਮੰਤਾ ਨੇ ਪੱਕਾ ਦਿਲ ਕਰ ਕੇ ਆਖਿਆ, "ਮੈਨੂੰ ਬਰਾਦਰੀ ਦੀ ਪ੍ਰਵਾਹ ਨਹੀਂ ਮੈਨੂੰ ਮਰਦਊਪੁਣੇ ਦਾ ਖ਼ਿਆਲ ਹੈ।"
"ਤੇ ਫਿਰ ਮੈਂ ਤੈਨੂੰ ਵੀ ਛੱਡਦਾ ਹਾਂ" ਉਸ ਦਾ ਪਿਤਾ ਇਹ ਆਖ ਕੇ ਚਲਾ ਗਿਆ।

(ਅਨੁਵਾਦਕ: ਬਲਵੰਤ ਸਿੰਘ ਚਤਰਥ)

  • ਮੁੱਖ ਪੰਨਾ : ਰਵਿੰਦਰਨਾਥ ਟੈਗੋਰ, ਬੰਗਾਲੀ ਕਹਾਣੀਆਂ ਤੇ ਨਾਵਲ ਪੰਜਾਬੀ ਵਿਚ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ