Lammian Waatan (Punjabi Story) : Parveen Malik

ਲੰਮੀਆਂ ਵਾਟਾਂ (ਕਹਾਣੀ) : ਪਰਵੀਨ ਮਲਿਕ

ਬੜਾ ਈ ਲੰਮਾਂ ਪੈਂਡਾ ਸੀ। ਸ਼ਮਸ਼ਾਦ ਨੂੰ ਇੰਝ ਲੱਗ ਰਿਹਾ ਸੀ ਜਿਵੇਂ ਉਹ ਅਜ਼ਲਾਂ ਤੋਂ ਇਸ ਖੋਚਲੇ ਜਿਹੇ ਟਾਂਗੇ ਵਿਚ ਝੰਝੋਕੇ ਖਾਂਦੀ ਤੁਰੀ ਜਾ ਰਹੀ ਹੋਵੇ। ਮਾੜਤਾ ਜਿਹਾ ਘੋੜਾ ਇੰਝ ਆਵਾਜ਼ਾਰ ਜਿਹਾ ਟੁਰਿਆ ਜਾ ਰਿਹਾ ਸੀ ਜਿਵੇਂ ਦੁਲਕੀ ਚਲਦਿਆਂ ਉਹਨੂੰ ਸੌੜ ਪੈਂਦਾ ਹੋਵੇ ਤੇ ਟਾਂਗੇ ਵਾਲਾ ਜਿਹੜਾ ਘੋੜੇ ਦਾ ਹਾਣੀ ਵੀ ਲੱਗਦਾ ਸੀ, ਦੜ ਵੱਟ ਕੇ ਬੈਠਾ ਸੀ ਜਿਵੇਂ ਉਹਨਾਂ ਨੂੰ ਪਤਾ ਹੋਵੇ ਪਈ ਭਾਵੇਂ ਉਹ ਹਿੱਕ ਦਾ ਸਾਰਾ ਜ਼ੋਰ ਵੀ ਲਾ ਲਵੇ ਤੇ ਫੇਰ ਵੀ ਘੋੜੇ ਨੇ ਇਸ ਤੋਂ ਤੇਜ਼ ਨਹੀਂ ਟੁਰ ਸਕਣਾ। ਪਰ ਸ਼ਮਸ਼ਾਦ ਨੂੰ ਹੁਣ ਗੁੱਸਾ ਆਉਣ ਲੱਗ ਪਿਆ ਸੀ, ਐਹ ਕਿਹੋ ਜਿਹਾ ਬੰਦਾ ਏ। ਟਾਂਗੇ ਵਾਲੇ ਤਾਂ ਚਾਬਕ ਹੱਥ ਵਿਚੋਂ ਛੱਡਦੇ ਵੀ ਨਹੀਂ ਨਾਲੇ ਰੌਲਾ ਪਾਈ ਜਾਂਦੇ ਨੇ। ਐਹ ਜਦੋਂ ਦਾ ਟੁਰਿਆ ਏ ਇਕ ਲਫਜ਼ ਨਹੀਂ ਬੋਲਿਆ, ਨਾ ਚਾਬਕ ਨੂੰ ਹੱਥ ਲਾਇਆ ਏ, ਬਸ ਘੁੰਨ ਮਸੁੰਨ ਬੈਠਾ ਏ, ਐਹ ਕੇਹ ਤੋੜ ਪਹੁੰਚਾਏਗਾ, ਖੌਰੇ ਕਿੱਥੇ ਜਵਾਬ ਦੇ ਜਾਵੇ, ਫੇਰ ਕੇਹ ਬਣੇਗਾ?
ਆਲੇ ਦੁਆਲੇ ਕੋਈ ਆਬਾਦੀ ਵੀ ਨਹੀਂ ਦਿਸਦੀ, ਸ਼ਮਸ਼ਾਦ ਨੂੰ ਘਬਰਾ ਜਿਹਾ ਪੈਣ ਲੱਗ ਪਿਆ, ''ਟਾਂਗੇ ਵਾਲੇ ਜ਼ਰਾ ਤੇਜ਼ ਚਲ ਬਈ, ਇੱਥੇ ਈ ਸ਼ਾਮ ਪੁਆਵੇਂਗਾ'' ਟਾਂਗੇ ਵਾਲੇ ਨੇ ਪਿੱਛੇ ਮੁੜ ਕੇ ਵੇਖਿਆ ਫੇਰ ਪਹਿਲੀ ਵਾਰੀ ਬੋਲਿਆ, ''ਤੁਸੀਂ ਘਬਰਾਓ ਨਹੀਂ ਬੀਬੀ, ਮੇਰੇ ਮੌਲਾ ਨੂੰ ਮਨਜ਼ੂਰ ਏ ਤਾਂ ਸ਼ਾਮੀਂ ਤੀਕਰ ਅੱਪੜ ਜਾਵਾਂਗੇ।''
''ਅੱਛਾ'' ਸ਼ਮਸ਼ਾਦ ਨੇ ਉਸਾਸ ਮਾਰਿਆ ਤੇ ਫੇਰ ਇੱਧਰ ਉਧਰ ਵੇਖਣ ਲੱਗ ਪਈ ਪਰ ਵੇਖਣ ਵਾਲੀ ਕੋਈ ਚੀਜ਼ ਈ ਨਹੀਂ ਸੀ। ਜਦੋਂ ਗੱਡੀ ਤੋਂ ਲਹਿ ਕੇ ਉਹ ਤੇ ਮਾਈ ਨਰਾਂ ਟੇਸ਼ਨ ਤੋਂ ਬਾਹਰ ਆਈਆਂ ਤਾਂ ਐਹ ਇਕੋ ਈ ਟਾਂਗਾ ਸਾਹਮਣੇ ਖੜ੍ਹਾ ਸੀ ਨਾਲੇ ਉਦੋਂ ਸ਼ਹਿਰ ਦੀ ਜੰਮਪਲ ਸ਼ਮਸ਼ਾਦ ਨੂੰ ਨਹੀਂ ਸੀ ਪਤਾ ਬਈ ਟਾਂਗੇ ਤੇ ਚੌਦਾਂ ਮੀਲ ਦਾ ਪੈਂਡਾ ਚੌਦਾਂ ਸੌ ਮੀਲਾਂ ਦੇ ਬਰਾਬਰ ਹੋ ਜਾਵੇਗਾ।
ਉਹ ਤੇ ਬੱਸਾਂ, ਰਿਕਸ਼ਿਆਂ ਤੇ ਸਫਰ ਕਰਨ ਗਿੱਝੀ ਹੋਈ ਸੀ। ਐਹ ਹੋਰ ਗੱਲ ਪਈ ਸਵਾਰੀ ਦੇ ਇੰਤਜ਼ਾਰ ਵਿਚ ਕਿੰਨੇ ਘੰਟੇ ਖੱਜਲ ਖੁਆਰ ਹੋਣਾ ਪੈਂਦਾ ਸੀ। ਪਰ ਐਹ ਬੜੀ ਆਵਾਜ਼ਾਰੀ ਆਲੀ ਗੱਲ ਐ ਜੇ ਬੰਦਾ ਟੁਰਦਾ ਹੋਇਆ ਵੀ ਅੱਗੇ ਨਾ ਵੱਧ ਰਿਹਾ ਹੋਵੇ। ਖੌਰੇ ਸ਼ਮਸ਼ਾਦ ਨੂੰ ਸਾਰੀ ਹਯਾਤੀ ਐਹੋ ਜਿਹੇ ਪੈਂਡੇ ਨਾਲ ਵਾਹ ਨਾ ਪੈਂਦਾ ਜੇ 'ਇਨਸਪੈਕਟਰ ਆਫ ਸਕੂਲ' ਮਿਸ ਰਿਜ਼ਵੀ ਨੇ ਉਹਨੂੰ ਬੁਲਾ ਕੇ ਕਿਹਾ ਨਾ ਹੁੰਦਾ :
'ਸ਼ਮਸ਼ਾਦ ਤੇਰੀ ਰਿਪੋਰਟ ਬਹੁਤ ਅੱਛੀ ਏ, ਸਾਨੂੰ ਤੇਰੇ ਤੇ ਫ਼ਖ਼ਰ ਏ, ਹੁਣ ਤੇਰੀ ਹਿੰਮਤ ਵੇਖਣੀ ਏ, ਤੇਰੇ ਤੋਂ ਪਹਿਲਾਂ ਪੰਜ ਉਸਤਾਦਨੀਆਂ ''ਤਖਤ ਪੜੀ'' ਦਿਆਂ ਲੋਕਾਂ ਨਾਲ ਟੱਕਰਾਂ ਮਾਰਕੇ ਆ ਗਈਆਂ ਨੇ ਤੇ ਸਕੂਲ ਨਹੀਂ ਚਲਾ ਸਕੀਆਂ, ਤੂੰ ਸਾਡੀ ਆਖ਼ਰੀ ਉਮੀਦ ਏਂ, ਜੇ ਤੂੰ ਵੀ ਮੁੜ ਆਈ ਤਾਂ ਫੇਰ ਸਕੂਲ ਬੰਦ ਈ ਕਰਨਾ ਪਵੇਗਾ।'
ਸ਼ਮਸ਼ਾਦ ਨੇ ਹਾਮੀ ਭਰ ਲਈ ਕਿਉਂ ਜੇ ਇਕ ਸਕੂਲ ਦੇ ਬੰਦ ਹੋਣ ਦਾ ਮਤਲਬ ਸੀ ਆਪਣੇ ਹੱਥੀਂ ਇਕ ਦੀਵਾ ਬੁਝਾਉਣਾ ਇਸ ਕਰਕੇ ਉਹਨੇ ਸਕੂਲ ਦੀ ਮਾਈ ਨੂਰਾਂ ਨੂੰ ਨਾਲ ਲਿਆ ਤੇ ਈਸ਼ਵਰ ਦਾ ਨਾਂ ਲੈ ਕੇ ਟੁਰ ਪਈ। ਐਹ ਤੇ ਉਹਨੂੰ ਪਤਾ ਸੀ ਪਈ ਗੱਡੀ ਤੋਂ ਲਹਿ ਕੇ ਥੋੜ੍ਹਾ ਜਿਹਾ ਪੈਂਡਾ ਕਿਸੇ ਹੋਰ ਸਵਾਰੀ ਤੇ ਕਰਨਾ ਪਵੇਗਾ ਪਰ ਐਹ ਨਹੀਂ ਸੀ ਪਤਾ ਜੇ ਸਵਾਰੀ ਦੇ ਨਾਲ ਐਹੋ ਜਿਹਾ ਟਾਂਗਾ ਉਹਨੂੰ ਉਡੀਕਦਾ ਹੋਵੇਗਾ।
ਸਟੇਸ਼ਨ ਤੇ ਥੋੜ੍ਹੀ ਰੌਣਕ ਸੀ, ਇਕ ਪਕੌੜਿਆਂ ਵਾਲਾ ਆਪਣਾ ਛਾਬਾ ਲਈ ਖੜ੍ਹਾ ਸੀ, ਦੋ-ਤਿੰਨ ਕੁਲੀ ਇੱਧਰ ਉਧਰ ਫਿਰਦੇ ਸਨ ਤੇ ਸਟੇਸ਼ਨ ਮਾਸਟਰ ਲਾਲ-ਹਰੀਆਂ ਝੰਡੀਆਂ ਲੈ ਕੇ ਪਲੇਟ ਫਾਰਮ ਤੇ ਖੜ੍ਹਾ ਸੀ। ਇਕ ਪਾਸੇ ਚਾਹ ਦਾ ਖੋਖਾ ਵੀ ਬਣਿਆ ਹੋਇਆ ਸੀ ਜਿਹਦੇ 'ਤੇ ਮੱਖੀਆਂ ਪਈਆਂ ਭਿਣਕਦੀਆਂ ਸਨ ਪਰ ਸਟੇਸ਼ਨ ਤੋਂ ਨਿਕਲਦਿਆਂ ਈ ਪਤਲੀ ਜਿਹੀ ਸੜਕ ਤੇ ਕਿਸੇ ਬੰਦੇ ਦਾ ਪਰਛਾਵਾਂ ਵੀ ਨਹੀਂ ਸੀ ਨਜ਼ਰ ਆ ਰਿਹਾ। ਜਿਥੇ ਤੱਕ ਨਜ਼ਰ ਜਾਂਦੀ ਸੀ ਉਚੇ ਨੀਵੇਂ ਟਿੱਬੇ ਤੋਂ ਉਹਨਾਂ ਤੇ ਝਾੜੀਆਂ ਵਰਗੇ ਵਿਰਲੇ ਦਰੱਖਤ ਵੀ ਦਿਸਦੇ ਸਨ। ਸੜਕ ਦੇ ਨਾਲ ਨਾਲ ਵੀ ਐਹੋ ਜਿਹੇ ਦਰੱਖਤ ਲੱਗੇ ਹੋਏ ਸਨ ਤੇ ਉਹਨਾਂ ਦਿਆਂ ਖੌਰਿਆਂ ਪੱਤਰਾਂ ਤੇ ਧੂੜ ਇੰਜ ਜੰਮੀ ਹੋਈ ਸੀ ਜਿਵੇਂ ਉਹ ਕਿਸੇ ਕੁਚੱਜੀ ਮਾਂ ਦੇ ਬਾਲ ਹੋਣ। ਮਾਈ ਨੂਰਾਂ ਅਗਲੀ ਸੀਟ 'ਤੇ ਬੈਠੀ ਉਂਘਲਾਉਂਦੀ ਪਈ ਸੀ। ਟਾਂਗੇ ਵਾਲਾ ਵੀ ਸਾਹਮਣੇ ਸੜਕ ਤੇ ਨਜ਼ਰਾਂ ਜਮਾ ਕੇ ਬੈਠਾ ਸੀ ਪਰ ਕਦੀ ਉਹ ਅੱਖਾਂ ਮੀਟ ਕੇ ਵੀ ਬਹਿ ਰਹਿੰਦਾ ਤਾਂ ਫਰਕ ਕੋਈ ਨਹੀਂ ਸੀ ਪੈਣਾ ਕਿਉਂ ਜੇ ਘੋੜੇ ਨੇ ਸਿੱਧੇ ਤੁਰਦੇ ਈ ਜਾਣਾ ਸੀ ਤੇ ਅੱਗੋਂ ਕੋਈ ਸ਼ੈਅ ਆਉਂਦੀ ਨਹੀਂ ਸੀ ਪਈ ਜਿਸ ਦੇ ਕੋਲੋਂ ਬਚਾਉਣਾ ਪੈਂਦਾ। ਘੋੜੇ ਦੇ ਕਦਮ ਇਕ ਤਾਲ ਵਿਚ ਸੜਕ 'ਤੇ ਪੈ ਰਹੇ ਸਨ ਜਿਵੇਂ ਨਾਚਾ ਨਾਚ ਨਚਦਾ ਹੋਵੇ। 'ਇਕ, ਇਕ, ਟੁੱਕ, ਟੁੱਕ' ਇਸ ਤਾਲ ਨਾਲ ਸੁਰ ਮਿਲਾਉਣ ਲਈ ਟਾਂਗੇ ਵਾਲਾ ਹੌਲੇ ਹੌਲੇ ਗਾਵਣ ਲੱਗ ਪਿਆ।
'ਉਏ ਲੰਮੀਆਂ ਸੜਕਾਂ 'ਤੇ, ਸੁੰਮ ਵਜਦਾ ਘੋੜੇ ਦਾ,
ਮੈਂਡੇ ਜਿਹਾ ਦਿਲ ਹੋਵੀ ਪਤਾ ਲੱਗੀ ਵਿਛੋੜੇ ਦਾ''
ਮਾਈ ਨੂਰਾਂ ਸ਼ਾਇਦ ਸੌਂ ਚੁੱਕੀ ਸੀ। ਉਹਦਾ ਤਰਾਹ ਨਿਕਲ ਗਿਆ ਤੇ ਟਾਂਗੇ ਵਾਲੇ ਸ਼ਰਮਿੰਦਾ ਜਿਹਾ ਹੋ ਕੇ ਚੁੱਪ ਕਰ ਗਿਆ। ਹੁਣ ਫੇਰ ਹਰ ਪਾਸੇ ਚੁੱਪ ਸੀ। ਹੌਲੇ ਹੌਲੇ ਟਾਂਗਾ ਅੱਗੇ ਵੱਧ ਰਿਹਾ ਸੀ। ਘੋੜੇ ਦੇ ਕਦਮ ਹੁਣ ਬੇਤਾਲੇ ਪੈ ਰਹੇ ਸਨ। ਸ਼ਮਸ਼ਾਦ ਨੇ ਇਕ ਬਾਂਹ ਦੋਨਾਂ ਸੀਟਾਂ ਦੇ ਵਿਚਕਾਰਲੇ ਫੱਟੇ 'ਤੇ ਰੱਖੀ ਤੇ ਚੰਗੀ ਤਰ੍ਹਾਂ ਟੇਕ ਲਗਾ ਕੇ ਅੱਖਾਂ ਮੀਟ ਲਈਆਂ। ਉਹ ਜਹਾਜ਼ ਵਿਚ ਉਡਦੀ ਜਾ ਰਹੀ ਸੀ, ਜਹਾਜ ਬੱਦਲਾਂ ਉਤੇ ਜਿਵੇਂ ਤਰਦਾ ਜਾ ਰਿਹਾ ਸੀ, ਫੇਰ ਇਕ ਦਮ ਜ਼ਮੀਨ ਵੱਲ ਆਣ ਲੱਗ ਪਿਆ। ਜ਼ੋਰ ਦਾ ਝਟਕਾ ਲੱਗਿਆ ਤੇ ਉਹ ਦੇ ਮੂੰਹ ਵਿਚੋਂ ਚੀਕ ਨਿਕਲ ਗਈ। ਮਾਈ ਨੂਰਾਂ ਘਬਰਾ ਕੇ ਪਿੱਛੇ ਮੁੜੀ ਤੇ ਟਾਂਗੇ ਵਾਲੇ ਨੇ ਇਕ ਦਮ ਰਾਸਾਂ ਖਿੱਚ ਲਈਆਂ। ਘੋੜਾ ਜ਼ਰਾ ਥਿੜਪਾ ਕੇ ਖਲੋ ਗਿਆ।
''ਕੇਹ ਹੋਇਆ, ਮਿਸ ਸਾਹਿਬਾ'' ਮਾਈ ਨੂਰਾਂ ਨੇ ਪੁੱਛਿਆ।
''ਕੁੱਝ ਨਹੀਂ, ਸ਼ਾਇਦ ਮੈਂ ਸੌਂਦੀ ਜਾ ਰਹੀ ਸੀ, ਤਰਾਹ ਨਿਕਲ ਗਿਆ ਏ'' ਸ਼ਮਸ਼ਾਦ ਨੇ ਮੱਥੇ ਤੋਂ ਪਸੀਨਾ ਪੂੰਝ ਕੇ ਜਵਾਬ ਦਿੱਤਾ ਤੇ ਟਾਂਗਾ ਫੇਰ ਟੁਰ ਪਿਆ। ਹੁਣ ਸੜਕ ਦੇ ਨਾਲ ਮਾੜੇ ਮਾੜੇ ਖੇਤ ਦਿਸ ਰਹੇ ਸਨ। ਜਿਨ੍ਹਾਂ ਵਿਚ ਨਿੱਕੇ ਮੋਟੇ ਵੱਟੇ ਈ ਵੱਟੇ ਖਿਲਰੇ ਹੋਏ ਸਨ। ਉਹਨਾਂ ਵੱਟਿਆਂ ਤੋਂ ਬਚ ਬਚਾ ਕੇ ਕਣਕਾਂ ਨੇ ਸਿਰ ਕੱਢ ਲਿਆ ਸੀ। ਤੇ ਹੁਣ ਫਸਲ ਤਿਆਰ ਸੀ। 'ਐਹ ਤੇ ਬਹਾਰ ਦਾ ਮੌਸਮ ਐ' ਸ਼ਮਸ਼ਾਦ ਨੂੰ ਯਾਦ ਆਇਆ। ਪਰ ਆਲੇ ਦੁਆਲੇ ਬਹਾਰ ਦੀ ਰੁੱਤ ਦੀ ਕੋਈ ਨਿਸ਼ਾਨੀ ਨਜ਼ਰ ਨਹੀਂ ਸੀ ਆ ਰਹੀ। ''ਵੱਟਿਆਂ ਵਿਚ ਆ ਕੇ ਸ਼ਾਇਦ ਬਹਾਰ ਦੀ ਰੁੱਤ ਵੀ ਕਿਧਰੇ ਪੱਧਰ ਬਣ ਗਈ ਹੋਈ ਏ'' ਸ਼ਮਸ਼ਾਦ ਨੇ ਸੋਚਿਆ ਤੇ ਆਪਣੇ ਖਿਆਲ ਤੇ ਆਪੇ ਮੁਸਕਰਾ ਪਈ।
ਦੁਪਹਿਰ ਦੀ ਰੋਟੀ ਉਹਨਾਂ ਨੇ ਗੱਡੀ ਵਿਚ ਹੀ ਖਾ ਲਈ ਸੀ ਪਰ ਟਾਂਗੇ ਦੇ ਹੁਚਕਿਆਂ ਨਾਲ ਫੇਰ ਭੁੱਖ ਲੱਗ ਆਈ ਨਾਲੇ ਤ੍ਰੇਹ ਵੀ ਲੱਗ ਪਈ ਸੀ। ਪਰ ਪਾਣੀ ਇੱਥੇ ਕਿੱਥੇ? ਸ਼ਮਸ਼ਾਦ ਨੇ ਸੱਜੇ ਖੱਬੇ ਨਜ਼ਰ ਮਾਰੀ। ਦੂਰ ਇਕ ਖੇਤ ਵਿਚ ਕੁਝ ਬੰਦੇ ਨਜ਼ਰ ਆ ਰਹੇ ਸਨ ਪਰ ਉਹ ਹਾਲੀ ਬਹੁਤ ਦੂਰ ਸਨ। ਸਾਇਦ ਟਾਂਗੇ ਵਾਲੇ ਨੂੰ ਪਤਾ ਹੋਵੇ। ਤਰੇਹ ਉਸ ਦੇ ਸੰਘ ਵਿਚ ਕੰਡਿਆਂ ਵਾਂਗੂ ਚੁਭਣ ਲੱਗ ਪਈ।
''ਟਾਂਗੇ ਵਾਲੇ! ਕਿਧਰੇ ਪਾਣੀ ਮਿਲ ਜਾਵੇਗਾ?'' ਸ਼ਮਸ਼ਾਦ ਨੇ ਪੁੱਛਿਆ। 'ਪਾਣੀ' ਟਾਂਗੇ ਵਾਲਾ ਸੋਚੀਂ ਪੈ ਗਿਆ। ''ਸ਼ਾਇਦ ਉਨ੍ਹਾਂ ਕੋਲੋਂ ਲੱਭ ਜਾਏ'' ਉਹ ਨੇ ਦੂਰ ਨਜ਼ਰ ਆਉਂਦਿਆਂ ਬੰਦਿਆਂ ਵੱਲ ਇਸ਼ਾਰਾ ਕਰ ਕੇ ਕਿਹਾ ਤੇ ਫਿਰ ਪਹਿਲੀ ਵਾਰੀ ਘੋੜੇ ਨੂੰ ਹੁਸ਼ਕਾਰਿਆ, ''ਸ਼ਾਵਾਂ ਬਈ, ਟੁਰ ਪਓ ਹੁਣ'' ਤੇ ਘੋੜੇ ਨੇ ਸੱਚੀ ਮੁੱਚੀ ਕਦਮ ਤੇਜ਼ ਕਰ ਦਿੱਤੇ।
ਟਾਂਗਾ ਤੁਰਿਆ ਤਾਂ ਸ਼ਮਸ਼ਾਦ ਛਾਲ ਮਾਰ ਕੇ ਲਹਿ ਆਈ। 'ਤੌਬਾ ਲੱਤਾਂ ਦੀ ਜੁੜ ਗਈਆਂ ਨੇ ਬੈਠਿਆਂ ਬੈਠਿਆਂ' 'ਮਿਸ ਸਾਹਿਬਾ! ਪਾਣੀ ਲੈ ਆਵਾਂ' ਮਾਈ ਨੂਰਾਂ ਨੇ ਪੁੱਛਿਆ ਤਾਂ ਸ਼ਮਸ਼ਾਦ ਬੋਲੀ, ''ਨਹੀਂ ਮਾਈ ਤੂੰ ਰਹਿਣ ਦੇ ਮੈਂ ਆਪੇ ਜਾ ਕੇ ਪੀ ਲਵਾਂਗੀ, ਜੇ ਤੈਨੂੰ ਤਰੇਹ ਲੱਗੀ ਏ ਤਾਂ ਤੂੰ ਵੀ ਨਾਲ ਆ ਜਾ।'' 'ਹੱਛਾ ਜੀ' ਨੂਰਾਂ ਉਹਦੇ ਨਾਲ ਵੇਖਣ ਟੁਰ ਪਈ। ਖੇਤ ਦੇ ਵਿਚਕਾਰ ਇਕ ਬਰੂਟਾ ਖੜ੍ਹਾ ਸੀ। ਉਹਦੀ ਛਾਵੇਂ ਇਕ ਅੱਧਖੜ ਉਮਰ ਦਾ ਬੰਦਾ ਬੈਠਾ ਚੋਲਾ ਹਿਲਾ ਹਿਲਾ ਮੁੜਕਾ ਸੁਕਾ ਰਿਹਾ ਸੀ। ਦੋ ਹੋਰ ਬੰਦੇ ਕਣਕ ਕਟ ਰਹੇ ਸਨ। ਸ਼ਮਸ਼ਾਦ ਤੇ ਮਾਈ ਨੂਰਾਂ ਨੂੰ ਆਪਣੇ ਵੱਲ ਆਉਂਦਿਆਂ ਵੇਖ ਕੇ ਉਹਨਾਂ ਨੇ ਹੱਥ ਰੋਕ ਲਏ ਤੇ ਮੱਥੇ ਤੇ ਹੱਥ ਰੱਖ ਕੇ ਉਨ੍ਹਾਂ ਵੇਖਣ ਲੱਗ ਪਏ ਜਿਵੇਂ ਸਿਆਨਣ ਦੀ ਕੋਸ਼ਿਸ਼ ਕਰ ਰਹੇ ਹੋਣ। ਬਰੂਟ ਥੱਲੇ ਬੈਠਾ ਬੰਦਾ ਉਠ ਖਲੋਤਾ।
''ਅਸਲਾਮਾਂ ਲੇਕਮ'', ਸ਼ਮਸ਼ਾਦ ਨੇ ਸਲਾਮ ਕੀਤਾ ਤਾਂ ਸਾਰੇ ਕੁਝ ਚਿਰ ਉਹਦੇ ਵੱਲ ਵੇਖਦੇ ਰਹਿ ਗਏ। ਅਖੀਰ ਇਕ ਨੇ ਹੌਲੇ ਜਿਹਾ ਜਵਾਬ ਦਿੱਤਾ ''ਵਾ ਅਲੋਕਮ ਸਲਾਮ''। ''ਥੋੜ੍ਹਾ ਪਾਣੀ ਮਿਲ ਜਾਏਗਾ'' ਸ਼ਮਸ਼ਾਦ ਨੇ ਪੁੱਛਿਆ ਤਾਂ ਫੇਰ ਸਾਰੇ ਇਕ ਦੂਜੇ ਵੱਲ ਵੇਖਣ ਲੱਗ ਪਏ ਜਿਵੇਂ ਅੱਖਾਂ ਅੱਖਾਂ ਵਿਚ ਪੁੱਛਦੇ ਹੋਣ ਪਾਣੀ ਦੇਈਏ ਜਾਂ ਨਾ ਦੇਈਏ। ਫੇਰ ਉਨ੍ਹਾਂ ਵਿਚੋਂ ਇਕ ਉਠਿਆ ਤੇ ਉਧਰ ਟੁਰ ਪਿਆ ਜਿਧਰ ਪੂਲਿਆਂ ਦਾ ਢੇਰ ਲੱਗਿਆ ਹੋਇਆ ਸੀ। ਦੋ ਚਾਰ ਪੂਲਿਆਂ ਨੂੰ ਇਧਰ ਉਧਰ ਹਟਾ ਕੇ ਨਿੱਕਾ ਜਿਹਾ ਘੜਾ ਕੱਢਿਆ ਜਿਹੜਾ ਕੋਰੇ ਬੱਠਲ ਨਾਲ ਢਕਿਆ ਹੋਇਆ ਸੀ, ਉਹਨੇ ਬਿਸਮਿਲਾ ਕਹਿ ਕੇ ਬੱਠਲ ਵਿਚ ਪਾਈ ਪਰਤਿਆ ਤੇ ਸ਼ਮਸ਼ਾਦ ਵੱਲ ਵਧਾ ਦਿੱਤਾ। ਸ਼ਮਸ਼ਾਦ ਨੇ ਬਠਲ ਮੂੰਹ ਨਾਲ ਲਾਇਆ ਤਾਂ ਪਾਣੀ ਵਿਚੋਂ ਉਠਦੀ ਮਿੱਟੀ ਦੀ ਠੰਡੀ ਠੰਡੀ ਖੁਸ਼ਬੂ ਅੱਗੇ ਵਧ ਕੇ ਉਹਦੇ ਗਲ ਆਣ ਲੱਗੀ ਜਿਵੇਂ ਕੋਈ ਵਿਛੜੀ ਸਹੇਲੀ ਮਿਲਦੀ ਏ। ਉਹ ਡੀਕ ਲਾ ਕੇ ਪਾਣੀ ਪੀ ਗਈ ਤੇ ਬੱਠਲ ਉਸ ਬੰਦੇ ਨੂੰ ਮੋੜ ਦਿੱਤਾ। ਮਾਈ ਨੂਰਾਂ ਝਟਪਟ ਬੋਲੀ, ''ਪੁੱਤਰ ਮੈਨੂੰ ਵੀ ਪਾਣੀ ਦੇ ਦੇ।'' ਉਹ ਮਾਈ ਨੂਰਾਂ ਨੂੰ ਪਾਣੀ ਦੇਣ ਲੱਗਾ ਤਾਂ ਸ਼ਮਸ਼ਾਦ ਐਧਰ ਉਧਰ ਵੇਖਣ ਲੱਗ ਪਈ। ਦੂਰ ਦੂਰ ਤੱਕ ਕਿਸੇ ਖੂਹ ਦੇ ਅਸਾਰ ਨਹੀਂ ਸਨ ਨਜ਼ਰ ਆ ਰਹੇ।
''ਤੁਹਾਨੂੰ ਪਾਣੀ ਕਿਧਰੋਂ ਦੂਰੋ ਲਿਆਉਣਾ ਪੈਂਦਾ ਏ'' ਉਹ ਪੁੱਛ ਈ ਬੈਠੀ। ''ਆਹੋ ਬੀਬੀ'' ਅੱਧਾ ਪੱਕੀ ਉਮਰ ਦਾ ਬੰਦਾ ਜਿਹੜਾ ਬਰੋਟੇ ਥਲਿਓਂ ਉਠ ਕੇ ਆਇਆ ਸੀ ਬੋਲਿਆ। ''ਇਥੋਂ ਕੋਈ ਤਿੰਨ ਚਾਰ ਮੀਲ ਦੇ ਪੈਂਡੇ 'ਤੇ ਖੂਹ ਹੈ ਉਥੋਂ ਹੀ ਪਾਣੀ ਲਿਆਈਦਾ ਏ। ਪਰ ਐਹ ਪਾਣੀ ਪੀਣ ਲਈ ਹੋਂਦਾ ਏ। ਕੱਪੜੇ ਕੁਪੜੇ ਧੋਣ ਆਸਤੇ ਕੱਸੀ ਤੇ ਜਾਣਾ ਪੈਂਦਾ, ਉਹ ਜ਼ਰਾ ਦੁਰਾਡੀ ਏ।
''ਅੱਛਾ'' ਸ਼ਮਸ਼ਾਦ ਹੈਰਾਨ ਜਿਹੀ ਰਹਿ ਗਈ, ''ਪਰ ਤੁਸੀਂ ਇਥੇ ਹੀ ਕਿਉਂ ਨਹੀਂ ਖੂਹ ਖੁਦਵਾ ਲੈਂਦੇ। ਸਾਰਿਆਂ ਨੂੰ ਪਾਣੀ ਦੀ ਸਹੂਲਤ ਹੋ ਜਾਵੇਗੀ।''
'ਇੱਥੇ ਖੂਹ ਨਹੀਂ ਪੁੱਟਿਆ ਜਾ ਸਕਦਾ।'
'ਕਿਉਂ ਭਲਾ?
''ਓ ਜੀ-ਬਾਰਾਂ ਚੌਦਾਂ ਗਜਾਂ ਤੋਂ ਬਾਅਦ ਪੜਾ ਆ ਜਾਂਦਾ ਏ, ਉਹ ਰਾਹ ਦੇਵੇ ਤਾਂ ਪਾਣੀ ਲੱਭੇ ਨਾ।'
''ਪਰ ਹੁਣ ਤਾਂ ਪੜ੍ਹਾਂ ਨੂੰ ਭੰਨਿਆ ਵੀ ਜਾ ਸਕਦਾ ਏ। ਕਈ ਤਰ੍ਹਾਂ ਦੀਆਂ ਮਸ਼ੀਨਾਂ ਆ ਗਈਆਂ ਨੇ। ਤੁਸੀਂ ਲੋਕ ਕਿਉਂ ਨਹੀਂ ਕੋਸ਼ਿਸ਼ ਕਰਦੇ।'' ਸ਼ਮਸ਼ਾਦ ਨੇ ਸਲਾਹ ਦਿੱਤੀ।
''ਕੇਹ ਕੋਸ਼ਿਸ਼ ਕਰਨੀ ਏ ਜੀ, ਬਸ ਗੁਜ਼ਾਰਾ ਚਲ ਈ ਰਿਹਾ ਏ।'' ਉਨ੍ਹਾਂ ਏਡੀ ਬੇਪਰਵਾਹੀ ਨਾਲ ਜਵਾਬ ਦਿੱਤਾ ਜਿਵੇਂ ਉਹ ਦਾ ਇਸ ਗੱਲ ਨਾਲ ਤੁਅਲਕ ਵਾਸਤਾ ਈ ਨਹੀਂ ਹੈਗਾ।
ਸ਼ਮਸ਼ਾਦ ਨੂੰ ਗੁੱਸਾ ਆ ਗਿਆ, ''ਤੁਸੀਂ ਕਿਹੋ ਜਹੇ ਲੋਕ ਓ, ਤੁਹਾਡਾ ਏਡਾ ਵੱਡਾ ਮਸਲਾ ਏ ਪਾਣੀ ਦਾ ਨਾ ਮਿਲਣਾ ਤੇ ਤੁਹਾਨੂੰ ਪਰਵਾਹ ਈ ਕੋਈ ਨਹੀਂ।'' ਉਸ ਬੰਦੇ ਨੇ ਸ਼ਮਸ਼ਾਦ ਵੱਲ ਜ਼ਰਾ ਗੌਰ ਨਾਲ ਵੇਖਿਆ ਤੇ ਨਿੰਮਾ ਜਿਹਾ ਹੱਸ ਪਿਆ। ''ਬੀਬੀ ਤੁਸੀਂ ਸ਼ਾਇਦ ਬਾਹਰ ਵਲੋਂ ਆਏ ਓ, ਇਥੇ ਰਹੋਗੇ ਤਾਂ ਤੁਹਾਨੂੰ ਪਤਾ ਲੱਗੇਗਾ, ਸਾਡੇ ਲਈ ਤੇ ਜੀਣਾ ਵੀ ਮਸਲਾ ਹੈ ਤੇ ਮਰਨਾ ਵੀ। ਐਹ ਕਣਕ ਵੇਖ ਰਹੇ ਓ ਨਾ, ਇਹਦੇ ਆਸਰੇ ਤੇ ਅਸੀਂ ਸਾਰਾ ਸਾਲ ਲੰਘਾਣਾ ਜੇ''। ਸ਼ਮਸ਼ਾਦ ਨੇ ਮੁੜ ਕੇ ਇਕ ਨਜ਼ਰ ਪੂਲਿਆਂ ਦੇ ਢੇਰ ਤੇ ਮਾਰੀ, ਸੱਚ ਈ ਕਹਿੰਦਾ ਏ ਵਿਚਾਰਾ, ਇਹਦੇ ਨਾਲ ਕੇਹ ਬਣੇਗਾ ਉਹਨਾਂ ਦਾ, 'ਖਾਣਗੇ ਕਿ ਪਾਣਗੇ'। ਉਸ ਬੰਦੇ ਨੇ ਸ਼ਾਇਦ ਸ਼ਮਸ਼ਾਦ ਦੀਆਂ ਅੱਖਾਂ ਵਿਚ ਲਿਖੀ ਔਹ ਗੱਲ ਪੜ੍ਹ ਲਈ ਤੇ ਜ਼ਮੀਨ ਵੱਲ ਵੇਖ ਕੇ ਕਹਿਣ ਲੱਗਾ, ''ਸਾਡੀ ਮਾਂ ਵਿਚਾਰੀ ਬਹੁਤ ਗਰੀਬ ਐ ਪਰ ਕੇਹ ਕਰੀਏ, ਇਹਨੂੰ ਛੱਡ ਕੇ ਵੀ ਤਾਂ ਨਹੀਂ ਜਾ ਸਕਦੇ।''
''ਮਿਸ ਸਾਹਿਬਾ ਹੁਣ ਟੁਰ ਪਵੋ।'' ਮਾਈ ਨੂਰਾਂ ਨੇ ਯਾਦ ਦਿਵਾਇਆ ਤਾਂ ਸ਼ਮਸ਼ਾਦ ਨੇ ਲਹਿੰਦੇ ਵੱਲ ਭਜਦੇ ਦਿਹੂੰ ਨੂੰ ਵੇਖਿਆ ਤੇ ਬੋਲੀ, ਹੱਛਾ ਜੀ ਤੁਹਾਡੀ ਬੜੀ ਮਿਹਰਬਾਨੀ।'' ਉਹ ਦੋਵੇਂ ਆ ਕੇ ਟਾਂਗੇ ਵਿਚ ਬਹਿ ਗਈਆਂ ਤੇ ਟਾਂਗਾ ਫੇਰ ਟੁਰ ਪਿਆ।
ਫੇਰ ਉਹ ਈ ਝੰਝੋਕੇ ਵੀਰਾਨ ਲੰਮੀ ਸੜਕ। ਲਗਦਾ ਸੀ ਦੂਰ ਕੋਈ ਬੈਠਾ ਸੜਕ ਨੂੰ ਰਬੜ ਵਾਂਗੂੰ ਵਧਾਈ ਜਾ ਰਿਹਾ ਸੀ।
ਖੌਰੇ ਕਿੰਨੇ ਚਿਰ ਬਾਅਦ ਦੂਰੋਂ ਇਕ ਟਿੱਬਾ ਜਿਹਾ ਦਿਸਿਆ ਤੇ ਜ਼ਰਾ ਹੋਰ ਨੇੜੇ ਹੋਇਆ ਤਾਂ ਪਤਾ ਲੱਗਾ ਪਈ ਕੋਈ ਪਿੰਡ ਐ ਜਿਹਦੇ ਵੱਟਿਆਂ ਨਾਲ ਉਸਰੇ ਹੋਏ ਮਕਾਨ ਇੰਜ ਲੱਗਦੇ ਸਨ ਜਿਵੇਂ ਡਰੇ ਹੋਏ ਬਾਲ ਇਕ ਦੂਜੇ ਨਾਲ ਚਿੰਬੜੇ ਖੜ੍ਹੇ ਨੇ। ਪਿੰਡ ਦੇ ਕੋਲ ਪਹੁੰਚ ਕੇ ਟਾਂਗਾ ਪੱਕੀ ਸੜਕ ਤੋਂ ਲਹਿ ਕੇ ਵੱਟਿਆ ਨਾਲ ਅੱਟੇ ਹੋਏ ਰਸਤੇ ਉਤੇ ਖੜ ਖੜ ਕਰਦਾ ਟੁਰ ਪਿਆ। ਨਿੱਕਾ ਜਿਹਾ ਪਿੰਡ ਸੀ ਕੋਈ ਪੰਜਾਹ ਸੱਠ ਘਰ ਹੋਣਗੇ। ਪਿੰਡ ਦੇ ਵਿਚਕਾਰ ਮਸੀਤ ਦਾ ਮੀਨਾਰ ਸਿਰ ਚੁੱਕ ਕੇ ਖੜ੍ਹਾ ਸੀ। ਸੱਜੇ ਹੱਥ ਇਕ ਪੱਕੀਆਂ ਇੱਟਾਂ ਨਾਲ ਉਸਰਿਆ ਹੋਇਆ ਮਕਾਨ ਹੋਰਾਂ ਤੋਂ ਨਿਖੜਿਆ ਦਿਸ ਰਿਹਾ ਸੀ। ਉਸ ਮਕਾਨ ਦੇ ਬੂਹੇ ਅੱਗੇ ਜਾ ਕੇ ਟਾਂਗੇ ਆਲਾ ਰੁਕ ਗਿਆ। 'ਤੁਸੀਂ ਲੰਬੜਦਾਰ ਹੋਰਾਂ ਦੇ ਘਰ ਜਣਾ ਏ' ਟਾਂਗੇ ਵਾਲੇ ਨੇ ਇੰਨੇ ਯਕੀਨ ਨਾਲ ਪੁੱਛਿਆ ਜਿਵੇਂ ਉਹ ਹੋਰ ਕਿਸੇ ਦੇ ਘਰ ਆ ਈ ਨਹੀਂ ਸਕਦੀਆਂ। ਟਾਂਗੇ ਦੀ ਆਵਾਜ਼ ਸੁਣ ਕੇ ਇਕ ਪੱਕੀ ਜਿਹੀ ਉਮਰ ਦਾ ਬੰਦਾ ਬੈਠਕ ਦਾ ਬੂਹਾ ਖੋਹਲ ਕੇ ਬਾਹਰ ਨਿਕਲ ਆਇਆ। ਉਹਨੇ ਸਵਾਲ ਕਰਦੀਆਂ ਨਜ਼ਰਾਂ ਨਾਲ ਸ਼ਮਸ਼ਾਦ ਤੇ ਮਾਈ ਨੂਰਾਂ ਵੱਲ ਵੇਖਿਆ। ਟਾਂਗੇ ਵਾਲਾ ਝੱਟ ਅੱਗੇ ਵਧਿਆ।
''ਅਸਲਾਮਾਂ ਲੇਕਮ ਜੀ, ਐਹ ਤੁਹਾਡੇ ਪ੍ਰਾਹੁਣੇ ਆਏ ਨੇ।''
''ਜੀ ਆਇਆਂ ਨੂੰ, ਖੈਰ ਨਾਲ ਕਿੱਥੋਂ ਆਏ ਓ।'' ਲੰਬਰੜਦਾਰ ਨੇ ਟਾਂਗੇ ਵਾਲੇ ਦੇ ਸਲਾਮ ਨੂੰ ਘਾਹ ਨਾ ਪਾਉਂਦਿਆਂ ਹੋਇਆਂ ਸ਼ਮਸ਼ਾਦ ਕੋਲੋਂ ਪੁੱਛਿਆ।....
'ਜੀ ਮੈਂ ਤੁਹਾਡੇ ਪਿੰਡ ਸਕੂਲ ਖੋਹਲਣ ਆਈ ਆਂ, ਸ਼ਮਸ਼ਾਦ ਐ ਮੇਰਾ ਨਾ?'
'ਅੱਛਾ' ਲੰਬੜਦਾਰ ਨੇ ਅੱਛਾ ਇੰਜ ਕਿਹਾ ਜਿਵੇਂ ਕਹਿੰਦਾ ਹੋਵੇ ਜੇ ਆਈ ਏਂ ਤਾਂ ਸਾਡਾ ਕੇਹ ਵਿਗਾੜ ਲਵੇਂਗੀ।
ਇੰਨੇ ਚਿਰ ਵਿਚ ਮਾਈ ਨੂਰਾਂ ਨੇ ਬਿਸਤਰੇ ਤੇ ਬਕਸੇ ਟਾਂਗੇ ਤੋਂ ਥੱਲੇ ਲਾਹ ਕੇ ਰੱਖ ਦਿੱਤੇ ਸਨ ਤੇ ਟਾਂਗੇ ਵਾਲਾ ਜਿਹੜਾ ਇਸੇ ਪਿੰਡ ਦਾ ਰਹਿਣ ਵਾਲਾ ਜਾਪਦਾ ਸੀ, ਇਕ ਪਾਸੇ ਟਾਂਗਾ ਖੋਹਲ ਰਿਹਾ ਸੀ। ਸ਼ਮਸ਼ਾਦ ਨੂੰ ਇਸ ਸਾਰੇ ਪੈਂਡ ਵਿਚ ਜ਼ਰਾ ਵੀ ਝਾਕਾ ਜਾਂ ਡਰ ਨਹੀਂ ਸੀ ਆਇਆ। ਉਹ ਪਹਿਲਾਂ ਵੀ ਕਈ ਥਾਵਾਂ ਤੇ ਨਵੇਂ ਸਕੂਲ ਖੋਹਲਣ ਜਾਂ ਚੁੱਕੀ ਸੀ ਕਿਉਂ ਜੇ ਉਹ ਲਾਇਕ ਫਾਇਕ ਉਸਤਾਦਨੀਆਂ ਵਿਚੋਂ ਗਿਣੀ ਜਾਂਦੀ ਸੀ, ਫੇਰ ਅੱਲਾ ਵਲੋਂ ਉਹਨੂੰ ਐਹੋ ਜਹੀ ਮਿੱਠੀ ਜ਼ਬਾਨ ਲੱਭੀ ਸੀ ਜੋ ਪਲ ਵਿਚ ਦੂਸਰਿਆਂ ਕੋਲੋਂ ਆਪਣੀ ਗੱਲ ਮੰਨਵਾ ਲੈਂਦੀ ਸੀ। ਇਸ ਕਰ ਕੇ ਮਹਿਕਮੇਂ ਵਾਲੇ ਅਕਸਰ ਔਖੀਆਂ ਥਾਵਾਂ ਤੇ ਉਹਨੂੰ ਈ ਭੇਜਦੇ ਸਨ ਤੇ ਉਹ ਸਕੂਲ ਚਲਾ ਕੇ ਈ ਮੁੜਦੀ ਸੀ ਪਰ ਇਥੇ ਤਾਂ ਬਿਸਮਿਲਾ ਈ ਗਲਤ ਹੋ ਗਈ। ਉਹਦੇ ਆਣ ਦੀ ਖ਼ਬਰ ਲੰਬੜਦਾਰ ਨੂੰ ਕਈ ਕਈ ਦਿਹਾੜੇ ਪਹਿਲਾਂ ਕਰ ਦਿੱਤੀ ਗਈ ਸੀ ਪਰ ਹੁਣ ਉਹ ਸਮਾਨ ਜ਼ਮੀਨ ਤੇ ਰੱਖ ਕੇ ਇੰਜ ਖੜ੍ਹੀ ਸੀ ਜਿਵੇਂ ਕਿਸੇ ਮੁਸਾਫਰ ਦੀ ਗੱਡੀ ਨਿਕਲ ਗਈ ਹੋਵੇ ਤੇ ਉਹਨੂੰ ਦੂਜੀ ਗੱਡੀ ਮਿਲਣ ਦਾ ਯਕੀਨ ਨਾ ਹੋਵੇ। ਕੁਝ ਚਿਰ ਸਾਰੇ ਚੁੱਪ ਕਰ ਕੇ ਖਲੋਤੇ ਰਹੇ। ਲੰਬੜਦਾਰ ਦੁਬਾਰਾ ਸਮਾਨ ਤੋਂ ਜਿਵੇਂ ਕੁਝ ਟੋਲਣ ਦੀ ਕੋਸ਼ਿਸ਼ ਕਰ ਰਿਹਾ ਸੀ ਤੇ ਸ਼ਮਸ਼ਾਦ ਸੋਚ ਰਹੀ ਸੀ ਅੱਜ ਲੱਗਦਾ ਏ ਕੋਈ ਬੂਹਾ ਨਹੀਂ ਖੁਲ੍ਹੇਗਾ।
ਅਖ਼ੀਰ ਮਾਈ ਨੂਰਾਂ ਕੋਲੋਂ ਨਾ ਰਿਹਾ ਗਿਆ, ''ਲੰਬੜਦਾਰ ਜੀ, ਸਾਨੂੰ ਐਹ ਤਾਂ ਦਸ ਦੇਵੋ ਕਿਥੇ ਸਿਰ ਛੁਪਾਉਣ ਦਾ ਸਮਾਨ ਕਰੀਏ। ਐਡਾ ਲੰਮਾ ਪੈਂਡਾ ਕਰ ਕੇ ਆਏ ਐਨਾ ਖਿਆਲ ਤਾਂ ਕਰ ਲਵੋ।''
''ਹਾਂਅ.... ਆ'' ਲੰਬਰੜਦਾਰ ਆਪਣੇ ਖਿਆਲਾਂ ਦੀ ਦੁਨੀਆਂ ਵਿਚੋਂ ਬਾਹਰ ਆਉਂਦਿਆਂ ਬੋਲਿਆ। ਮੈਂ ਸੋਚ ਰਿਹਾ ਸਾਂ ਹੁਣ ਤੁਹਾਨੂੰ ਵਾਪਸ ਗੱਡੀ ਤੇ ਨਹੀਂ ਲੱਭਣੀ। ਐਹ ਰਾਤ ਮੇਰੇ ਝੁੱਗੇ ਵਿਚ ਕਟ ਲਵੋ ਫਜ਼ਰੀਂ ਮੁੜ ਜਾਣਾ।
''ਸਮਸ਼ਾਦ ਦੇ ਤਾਂ ਜਿਵੇਂ ਤਲਿਓਂ ਲੱਗੀ ਤੇ ਸਿਰ ਤੇ ਜਾ ਬੁੱਝੀ। ਕੁਝ ਚਿਰ ਉਹ ਆਪਣੇ ਪਰਸ ਦਾ ਫੀਤਾ ਇੰਜ ਮਰੋੜਦੀ ਰਹੀ ਜਿਵੇਂ ਉਹ ਲੰਬੜਦਾਰ ਦੀ ਧੋਣ ਹੋਵੇ ਫੇਰ ਬੋਲੀ, ''ਜਿਹੜੀਆਂ ਉਸਤਾਦਨੀਆਂ ਮੇਰੇ ਤੋਂ ਪਹਿਲਾਂ ਆਈਆਂ ਉਹ ਕਿੱਥੇ ਰਹਿੰਦੀਆਂ ਸਨ।'' ਉਹਦੀ ਆਵਾਜ਼ ਵਿਚ ਥੋੜ੍ਹੀ ਜਿਹੀ ਕੁੜੱਤਣ ਫੇਰ ਵੀ ਆ ਹੀ ਗਈ ਜਿਹਨੂੰ ਮਹਿਸੂਸ ਕਰ ਕੇ ਲੰਬੜਦਾਰ ਦੇ ਮੱਥੇ 'ਤੇ ਵੱਟ ਪੈ ਗਏ।
'ਉਹ ਤੇ ਕਿਧਰੇ ਵੀ ਨਹੀਂ ਸਨ ਰਹੀਆਂ ਹਾਂ ਤੁਸੀਂ ਇੱਥੇ ਰਹਿਣ ਦਾ ਸ਼ੌਂਕ ਪੂਰਾ ਕਰ ਸਕਦੇ ਓ। ਸਕੂਲ ਲਈ ਜਿਹੜਾ ਮਕਾਨ ਬਣਾਇਆ ਸੀ ਉਹ ਹਾਲੀ ਖਾਲੀ ਪਿਆ ਏ, ਮੈਂ ਕਿਸੇ ਨੂੰ ਭਿਜਵਾਉਨਾਂ ਤੁਹਾਨੂੰ ਉਥੇ ਛੱਡ ਆਵੇਗਾ।' ਇੰਨਾ ਕਹਿ ਕੇ ਉਹ ਸ਼ਮਸ਼ਾਦ ਵਲ ਵੇਖੇ ਬਿਨਾਂ ਤੇਜ਼ ਟੁਰਦਾ ਆਪਣੇ ਘਰ ਵੜ ਗਿਆ ਤੇ ਉਹ ਦੋਵੇਂ ਖੁਲ੍ਹੇ ਅਸਮਾਨ ਥੱਲੇ ਖਲੋਤੀਆਂ ਰਹਿ ਗਈਆਂ।
''ਵਾਹ ਜੀ ਵਾਹ, ਐਹ ਚੰਗੀ ਹੋਈ।'' ਮਾਈ ਨੂਰਾਂ ਨੇ ਗੁੱਸੇ ਨਾਲ ਕਿਹਾ ਤਾਂ ਸ਼ਮਸ਼ਾਦ ਨੇ ਉਹਨੂੰ ਝਿੜਕ ਦਿੱਤਾ ''ਤੂੰ ਚੁੱਪ ਕਰ ਮਾਈ ਕੇਹ ਹੋਇਆ ਏ, ਪਰਦੇਸ਼ ਵਿਚ ਹਿੰਝ ਹੀ ਹੋਂਦਾ ਏ।'' ਆਹੋ ਮਿਸ ਸਾਹਿਬਾ ਜੀ ਸੱਚ ਕਹਿੰਦੇ ਓ, ਬੰਦਿਆਂ ਦਾ ਵਰਤਾਰਾ ਈ ਦੇਸ਼ ਨੂੰ ਪਰਦੇਸ ਬਣਾਉਂਦਾ ਏ ਤੇ ਕਈ ਕਈ ਪਰਦੇਸ ਵੀ ਆਪਣੇ ਘਰ ਦਾ ਵਿਹੜਾ ਜਾਪਦਾ ਏ।'' ''ਹੂੰ'' ਸ਼ਮਸ਼ਾਦ ਵੀ ਹੁਣ ਕੁਝ ਪਰੇਸ਼ਾਨ ਜਹੀ ਹੋ ਗਈ। ਦਿਹੁੰ ਡੁੱਬਣ 'ਤੇ ਆ ਗਿਆ ਸੀ ਤੇ ਭੇਡਾਂ ਬੱਕਰੀਆਂ ਦੇ ਇੱਜੜ ਪਿੰਡ ਵਲ ਮੁੜੀ ਆਉਂਦੇ ਸਨ। ਉਹਨਾਂ ਦੀ ਧਮਾਈ ਹੋਈ ਧੂੜ ਘਰਾਂ ਵਿਚੋਂ ਨਿਕਲਦੇ ਧੂੰਏਂ ਨਾਲ ਰਲ ਕੇ ਪਿੰਡ ਤੇ ਕੁਹੀੜਆਰ ਖਿਲਾਰਦੀ ਜਾ ਰਹੀ ਸੀ। ਇਸ ਕੁਹੀੜ ਵਿਚੋਂ ਨਿਕਲ ਕੇ ਇਕ ਬੰਦਾ ਉਹਨਾਂ ਵੱਲ ਆਇਆ ਤੇ ਸਮਾਨ ਚੁੱਕਣ ਲੱਗ ਪਿਆ। ਇਕ ਬਕਸਾ ਅਤੇ ਬਿਸਤਰਾ ਚੁੱਕ ਕੇ ਉਹ ਕਹਿਣ ਲੱਗਾ, ''ਤੁਸੀਂ ਚਲੋ ਜੀ ਹੋਰ ਸਮਾਨ ਮੈਂ ਦੂਜੇ ਫੇਰੇ ਪਹੁੰਚਾ ਦਿਆਂਗਾ।''
ਪਰ ਮਾਈ ਨੂਰਾਂ ਵਿਸਾਹ ਖਾਣ ਨੂੰ ਤਿਆਰ ਨਹੀਂ ਸੀ। ਝਟਪਟ ਬੋਲੀ, 'ਨਹੀਂ ਜਿਵੇ, ਇਕ ਬਕਸਾ ਮੈਂ ਚੱਕ ਲੈਨੀ ਆਂ ਤੂੰ ਕਿਸੇ ਤਰ੍ਹਾਂ ਐਹ ਦੂਜਾ ਬਿਸਤਰਾ ਵੀ ਸਿਰ ਤੇ ਧਰ ਲੈ।' 'ਯਾ ਮੋਲਾ, ਤੇਰਾ ਈ ਆਸਰਾ' ਉਹਨੇ ਜ਼ੋਰ ਲਾ ਕੇ ਬਿਸਤਰਾ ਚੁੱਕ ਲਿਆ ਤੇ ਪਿੰਡ ਵੱਲ ਟੁਰ ਪਿਆ।
ਉਚੇ ਨੀਵੇਂ ਤਿਲਕਣਿਆਂ ਰੋੜਾਂ ਨਾਲ ਭਰੀ ਹੋਈ ਗਲੀ ਵਿਚ ਕਈ ਵਾਰੀ ਸ਼ਮਸ਼ਾਦ ਦਾ ਪੈਰ ਪੁੱਠਾ ਹੁੰਦਾ ਬਚਿਆ। ਤਿੰਨ ਚਾਰ ਘਰਾਂ ਅੱਗੋਂ ਲੰਘ ਕੇ ਨਿੱਕਾ ਜਿਹਾ ਮੋੜ ਮੁੜਦਿਆਂ ਹੀ ਗਲੀ ਬੰਦ ਹੋ ਗਈ। ਸਾਹਮਣੇ ਇਕ ਬੰਦ ਬੂਹਾ ਨਜ਼ਰ ਆ ਰਿਹਾ ਸੀ। ਉਸ ਬੰਦੇ ਨੇ ਬੂਹਾ ਖੋਲ੍ਹਿਆ ਤੇ ਸਮਾਨ ਲੈ ਜਾ ਕੇ ਵਿਹੜੇ ਵਿਚ ਰੱਖ ਦਿੱਤਾ। ਇਕ ਪਾਸੇ ਨਵੀਆਂ ਜਿਹੀਆਂ ਛੱਤਾਂ ਵਾਲੇ ਦੋ ਕਮਰੇ ਬਣੇ ਹੋਏ ਸਨ ਤੇ ਦੂਜੀ ਗੁੱਠ ਵਿਚ ਇਕ ਦਰੱਖਤ ਨਿੰਮੋਝੂਣ ਜਿਹਾ ਖੜ੍ਹਾ ਸੀ।
'ਕੋਈ ਬੱਤੀ ਦੀਵਾ?' ਮਾਈ ਨੂਰਾਂ ਵਧਦੇ ਹਨੇਰੇ ਤੋਂ ਡਰਦੀ ਬੋਲੀ। 'ਬੱਤੀ ਤੇ ਮੰਜੀਆਂ ਅੰਦਰ ਪਈਆਂ ਹੋਈਆਂ ਨੇ। ਰੋਟੀ ਮੈਂ ਤੁਹਾਡੇ ਲਈ ਹੁਣੇ ਲੈ ਕੇ ਆਇਆ। ਐਹ ਲਵੋ ਕੋਠੀਆਂ ਦੀਆਂ ਕੁੰਜੀਆਂ।' ਉਹ ਦੋ ਕੁੰਜੀਆਂ ਸ਼ਮਸ਼ਾਦ ਦੇ ਹੱਥ ਤੇ ਧਰ ਕੇ ਬਾਹਰ ਨਿਕਲ ਗਿਆ।
ਅੱਧੀ ਰਾਤ ਵੇਲੇ ਖੌਰੇ ਕਿਹੜੀ ਵਾਜ ਤੋਂ ਸ਼ਮਸ਼ਾਦ ਦੀ ਅੱਖ ਖੁਲ੍ਹ ਗਈ। ਬਾਹਰ ਕੋਈ ਰੌਲਾ ਜਿਹਾ ਮਚਿਆ ਹੋਇਆ ਸੀ। ਸ਼ਮਸ਼ਾਦ ਨੇ ਕੰਨ ਲਾ ਕੇ ਸੁਣਿਆ ਤੇ ਫੇਰ ਉਹਨੂੰ ਹਾਸਾ ਆ ਗਿਆ ਕਿਉਂ ਜੇ ਬਾਹਰ ਗਿੱਦੜ ਤੇ ਕੁੱਤੇ ਰੌਲਾ ਪਾਉਣ ਦਾ ਮੁਕਾਬਲਾ ਕਰਦੇ ਜਾ ਰਹੇ ਸਨ ਤੇ ਅੰਦਰ ਮਾਈ ਨੂਰਾਂ ਦੇ ਘੁਰਾੜੇ ਛੱਤ ਤੀਕਰ ਅੱਪੜੇ ਹੋਏ ਸਨ।
'ਚਲ ਪਈ- ਸੌਂ ਜਾ ਸ਼ਮਸ਼ਾਦ ਬੀਬੀ, ਵੇਖੋ ਸਵੇਰ ਕੇਹ ਕਹਿੰਦੀ ਏ।' ਉਹਨੇ ਆਪਣੇ ਆਪ ਨੂੰ ਕਿਹਾ ਤੇ ਸੌਣ ਦੀ ਕੋਸ਼ਿਸ਼ ਕਰਨ ਲੱਗ ਪਈ। ਸਵੇਰੇ ਸਵੇਰੇ ਕਿਸੇ ਨੇ ਆਣ ਬੂਹਾ ਖੜਕਾਇਆ।
'ਕੌਣ ਐਂ' ਮਾਈ ਨੂਰਾਂ ਬੂਹੇ ਵੱਲ ਗਈ।
'ਮੈਂ ਆਂ ਟਾਂਗੇ ਵਾਲਾ, ਤੁਸੀਂ ਵਾਪਸ ਜਾਣਾ ਏ'
ਤੈਨੂੰ ਕਿਹਨੇ ਕਿਹਾ ਸੀ ਅਸੀਂ ਵਾਪਸ ਜਾਣਾ ਐ' ਸਮਸ਼ਾਦ ਹੁਣ ਬੂਹੇ ਕੋਲ ਆਣ ਖਲੋਤੀ ਸੀ।
'ਜੀ ਲੰਬੜਦਾਰ ਹੋਰਾਂ ਨੇ ਕਿਹਾ ਸੀ।'
''ਹੱਛਾ, ਜਾ ਕੇ ਉਹਨਾਂ ਨੂੰ ਦੱਸ ਕੇ ਪਈ ਅਸੀਂ ਵਾਪਸ ਨਹੀਂ ਜਾ ਰਹੇ। ਸ਼ਮਸ਼ਾਦ ਦੀ ਅਵਾਜ਼ ਵਿਚ ਪੂਰਾ ਹੌਂਸਲਾ ਤੇ ਹਿੰਮਤ ਸੀ। ਉਸ ਸਿਪਾਹੀ ਦੀ ਹਿੰਮਤ ਜਿਹੜਾ ਕਿਲ੍ਹਾ ਫਤਿਹ ਕੀਤੇ ਬਿਨਾਂ ਮੁੜਨਾ ਨਾ ਚਾਹੁੰਦਾ ਹੋਵੇ। ਚਾਹ ਪਾਣੀ ਤੋਂ ਵਿਹਲਿਆਂ ਹੋ ਕੇ ਉਹਨੇ ਮਾਈ ਨੂਰਾਂ ਨੂੰ ਘਲਿਆ 'ਜਾਹ ਤੇ ਸਾਰੀਆਂ ਕੁੜੀਆਂ ਨੂੰ ਬੁਲਾ ਕੇ ਲਿਆ।'
'ਹੱਛਾ ਜੀ' ਮਾਈ ਨੂਰਾਂ ਚਲੀ ਗਈ ਤਾਂ ਸ਼ਮਸ਼ਾਦ ਵਿਹੜੇ ਵਿਚ ਆ ਬੈਠੀ। ਇਕ ਕਾਂ ਕੰਧਾਂ ਤੇ ਬੈਠਾ ਇੱਧਰ ਉਧਰ ਤਾੜ ਰਿਹਾ ਸੀ। ਸ਼ਮਸ਼ਾਦ ਨੂੰ ਹਾਸਾ ਆ ਗਿਆ। 'ਕਾਵਾਂ ਤੂੰ ਬਹੁਤ ਗਲਤ ਜਗ੍ਹਾ ਚੁਣੀ ਏ, ਇੱਥੇ ਤੈਨੂੰ ਕੁਝ ਨਹੀਂ ਲੱਭਣਾ।' ਉਹਨੇ ਹੱਥ ਉੱਚਾ ਕਰ ਕੇ ਢੂ ਢੂ ਕੀਤੀ ਤਾਂ ਕਾਂ ਉਡ ਗਿਆ। ਸ਼ਮਸ਼ਾਦ ਵਿਹੜੇ ਵਿਚ ਫਿਰਨ ਲੱਗ ਪਈ, ਫੇਰ ਦੂਜੇ ਕਮਰੇ ਦਾ ਬੂਹਾ ਖੋਲਿਆ ਉਥੇ ਦੋ ਟਾਟ ਤੇ ਇਕ ਬਲੈਕ ਬੋਰਡ ਕੰਧ ਨਾਲ ਲੱਗਿਆ ਹੋਇਆ ਸੀ। ਬਸ ਹੋਰ ਅੱਲਾ ਦਾ ਨਾਂ ਤੇ ਨਬੀ ਦਾ ਕਲਮਾਂ 'ਨਾ ਕੋਈ ਕੁਰਸੀ ਤੇ ਨਾ ਮੇਜ਼' ਚਲੋ ਜੀ ਮੰਜੀ 'ਤੇ ਬਹਿ ਕੇ ਪੜ੍ਹਾਵਾਂਗੀ ਪਰ ਕੋਈ ਆਵੇ ਤਾਂ ਸਹੀ। ਦਿਹੁੰ ਉੱਚਾ ਹੋ ਗਿਆ ਸੀ ਤੇ ਧੁੱਪ ਵਿਹੜੇ ਵਿਚ ਖਿਲਰਦੀ ਜਾ ਰਹੀ ਸੀ ਪਰ ਹਾਲੀ ਮਾਈ ਨੂਰਾਂ ਨਹੀਂ ਸੀ ਮੁੜੀ। ਕਿੰਨੇ ਈ ਚਿਰ ਤੋਂ ਬਾਅਦ ਉਹ ਥੱਕੀ ਥੱਕੀ ਵਿਹੜੀ ਵੜੀ ਤੇ ਆ ਕੇ ਮੰਜੀ ਦਾ ਪਾਵਾ ਫੜ ਕੇ ਬਹਿ ਗਈ।
'ਸੁਣਾ ਬਈ!' ਸ਼ਮਸ਼ਾਦ ਨੇ ਸਵਾਲ ਕੀਤਾ।
'ਕੇਹ ਸੁਣਾਵਾਂ ਮਿਸ ਸਾਹਿਬਾ, ਇਨ੍ਹਾਂ ਤਿਲਾਂ ਵਿਚ ਤੇਲ ਨਹੀਂ ਜੋ ਮੈਂ ਤੁਹਾਨੂੰ ਦਸਨੀ ਆਂ ਪਈ।
'ਨਹੀਂ ਮਾਈ-ਐਨੀ ਛੇਤੀ ਹੌਂਸਲਾ ਨਹੀਂ ਹਾਰੀਦਾ ਹੁਣ ਮੈਂ ਆਪ ਜਾਵਾਂਗੀ। ਜਵਾਬ ਵਿਚ ਮਾਈ ਨੂਰਾਂ ਨੇ ਐਹੋ ਜਿਹੀਆਂ ਨਜ਼ਰਾਂ ਨਾਲ ਵੇਖਿਆ ਜਿਵੇਂ ਕਹਿੰਦੀ ਹੋਵੇ ਆਪ ਜਾ ਕੇ ਕੇਹ ਕਰ ਲਵੋਗੇ ਪਰ ਉਹ ਬੋਲੀ ਨਹੀਂ ਉਠ ਕੇ ਕੰਧ ਨਾਲ ਬਣੇ ਵਟਿਆਂ ਦੇ ਚੁੱਲੇ ਵਿਚ ਅੱਗ ਬਾਲਣ ਲੱਗ ਪਈ।
ਕੰਧਾਂ ਤੋਂ ਕਾਂ ਉਡਾਦਿਆਂ ਸ਼ਮਸ਼ਾਦ ਨੂੰ ਸੱਤ ਦਿਹਾੜੇ ਹੋ ਗਏ ਸਨ ਪਰ ਹਾਲੀ ਤੀਕ ਕਿਤੇ ਵੀ ਪੱਥਰਾਂ ਵਿਚੋਂ ਕੋਈ ਪਮੰਡਲੀ ਫੁਟਦੀ ਨਜ਼ਰ ਨਹੀਂ ਸੀ ਆ ਰਹੀ। ਕਈਆਂ ਘਰਾਂ ਵਿਚੋਂ ਤਾਂ ਉਸ ਨੂੰ ਸਾਫ ਜਵਾਬ ਮਿਲ ਗਿਆ।
''ਬੀਬੀ! ਅਸੀਂ ਕੇਹ ਕਰਨਾ ਏ ਕੁੜੀਆਂ ਨੂੰ ਪੜ੍ਹਾ ਕੇ ਪਾਥੀਆਂ ਥੱਪਣ ਤੇ ਦਾਤਰੀ ਫੜਨ ਲਈ ਅਸੀਂ ਤਾਂ ਨਹੀਂ ਸਮਝਦੇ ਕਿਤਾਬਾਂ ਪੜ੍ਹਨ ਦੀ ਲੋੜ ਪੈਂਦੀ ਹੈ।'' ਫੇਰ ਸ਼ਮਸ਼ਾਦ ਪਈ ਤਕਰੀਰਾਂ ਕਰੇ ਪਰ ਉਹ ਆਪਣਾ ਸਬਕ ਨਾ ਭੁੱਲੇ।
''ਮਿਸ ਸਾਹਿਬਾ ਜੀ, ਕਿਉਂ ਵੱਟਿਆਂ ਨਾਲ ਪਏ ਟੱਕਰਾਂ ਮਾਰਦੇ ਓ ਇਥੇ ਦੀ ਤਾਂ ਜ਼ਮੀਨ ਵੀ ਇੰਨੀ ਪੀਢ ਪੱਥਰ ਏ ਜੇ ਬੂਟੇ ਨੂੰ ਵੀ ਔਖਾ ਹੀ ਰਾਹ ਦਿੰਦੀ ਏ।' ਅਠਵੇਂ ਦਿਨ ਮਾਈ ਨੂਰਾਂ ਨੇ ਕਿਹਾ ਤਾਂ ਗੱਲ ਸ਼ਮਸ਼ਾਦ ਦੇ ਦਿਲ ਨੂੰ ਲੱਗੀ। ਉਹਨੇ ਮਾਈ ਨੂੰ ਬਿਸਤਰੇ ਬੰਨਣ ਦਾ ਕਿਹਾ ਤੇ ਆਪੁ ਬੂਹੇ ਕੋਲ ਜਾ ਖਲੋਤੀ। ਇਕ ਦਮ ਉਹਦੀ ਨਜ਼ਰ ਮੁਹਾਠ ਵੱਲ ਪਈ। ਕੰਧ ਦੇ ਐਰੇ ਵਿਚੋਂ ਇਕ ਨਿੱਕਾ ਜਿਹਾ ਬੂਟਾ ਖੌਰੇ ਕਿਧਰੋਂ ਫੁੱਟ ਆਇਆ ਸੀ ਤੇ ਉਹਦੇ ਉਤੇ ਇਕ ਪੋਟੇ ਜਿੱਡਾ ਫੁੱਲ ਪਿਆ ਹੱਸਦਾ ਸੀ ਜਿਵੇਂ ਕੋਈ ਬਾਲ ਇਆਣਾ ਮੇਲੇ ਵਿਚ ਫਿਰਦਾ ਏ। ਸ਼ਮਸ਼ਾਦ ਨੇ ਇਕ ਦਮ ਖੁਸ਼ੀ ਨਾਲ ਚੀਕ ਮਾਰੀ ''ਮਾਈ-ਮਾਈ ਨੂਰਾਂ ਐਧਰ ਆਈਂ ਜ਼ਰਾ'' ਮਾਈ ਨਸਦੀ ਨੱਸਦੀ ਆਈ, ''ਜੀ ਮਿਸ ਸਾਹਿਬਾ, ਜੀ ਕੀ ਹੋਇਆ'' ''ਐਹ ਵੇਖੀਂ ਨਾ ਕੇਹ ਐ''। ਸ਼ਮਸ਼ਾਦ ਨੇ ਹੱਥ ਨਾਲ ਮੁਹਾਠ ਵੱਲ ਇਸ਼ਾਰਾ ਕੀਤਾ ''ਫੁੱਲ ਐ ਜੀ, ਸ਼ੁਕਰ ਐ ਇੱਥੇ ਵੀ ਕੋਈ ਤਾਂ ਨਜ਼ਰੀ ਆਇਆ।''
''ਬਸ ਫੇਰ ਜਾ ਕੇ ਸਮਾਨ ਖੋਹਲ ਦੇ'' ਸ਼ਮਸ਼ਾਦ ਨੇ ਹੁਕਮ ਦਿੱਤਾ।

  • ਮੁੱਖ ਪੰਨਾ : ਕਹਾਣੀਆਂ, ਪਰਵੀਨ ਮਲਿਕ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ