Lawrence Of Thalabia (Punjabi Story) : Ahmad Nadeem Qasmi

ਲਾਰੰਸ ਆਫ ਥਲੇਬੀਆ (ਕਹਾਣੀ) : ਅਹਿਮਦ ਨਦੀਮ ਕਾਸਮੀ

ਪਲੰਘ ਇੰਨਾ ਚੌੜਾ ਸੀ ਕਿ ਉਹਦੇ 'ਤੇ ਵਿਛਿਆ ਖੇਸ ਚਹੁੰ ਖੇਸਾਂ ਜਿੱਡਾ ਸੀ। ਪਲੰਘ ਵਿਚਕਾਰ ਪਲੱਸ਼ ਦੇ ਇਕ ਵੰਡੇ ਸਿਰ੍ਹਾਣੇ ਦੇ ਸਹਾਰੇ ਵੱਡੇ ਮਲਕ ਸਾਹਿਬ ਦੇ ਸਰੀਰ ਦਾ ਢੇਰ ਲੱਗਿਆ ਪਿਆ ਸੀ। ਉਨ੍ਹਾਂ ਦੀਆਂ ਉਂਗਲਾ, ਅੰਗੂਠਿਆਂ, ਪਿੰਜਣੀਆਂ, ਪੱਟਾਂ, ਲੱਕ, ਪਿੱਠ, ਮੋਢਿਆਂ ਅਤੇ ਸਿਰ ਨੂੰ ਕਿੰਨੇ ਹੀ ਮਿਰਾਸੀ, ਨਾਈ, ਝਿਓਰ, ਧੋਬੀ, ਮੋਚੀ, ਘੁਮਿਆਰ ਅਤੇ ਕਿਰਸਾਣ ਘੁੱਟ ਰਹੇ ਸਨ। ਮੈਂ ਜ਼ਰਾ ਹਟ ਕੇ ਬੈਠਾ ਸਾਂ। ਇਸ ਲਈ ਉਥੋਂ ਮੈਨੂੰ ਇਹ ਨਜ਼ਾਰਾ ਇੰਜ ਲੱਗ ਰਿਹਾ ਸੀ ਜਿਵੇਂ ਕਿਸੇ ਵੱਡੇ ਸਾਰੇ ਗੁਬਾਰੇ ਨੂੰ ਉਡ ਜਾਣ ਤੋਂ ਬਚਾਉਣ ਲਈ ਉਹਦੇ ਨਾਲ ਬਹੁਤ ਸਾਰੇ ਬੱਚੇ ਚਿੰਬੜ ਗਏ ਹੋਣ। ਫਿਰ ਖੁਦਾਬਖ਼ਸ਼ ਨੇ ਚੁਪਾਲ ਵਿਚ ਪੈਰ ਰੱਖਿਆ ਤਾਂ ਵੱਡੇ ਮਲਕ ਸਾਹਿਬ ਬੋਲੇ-ਅੱਜ ਛੋਟਾ ਮਲਕ ਬੜਾ ਖ਼ੁਸ਼ ਏ...ਅੱਜ ਉਹਦਾ ਯਾਰ ਆਇਆ ਹੋਇਐ ਲਾਹੌਰੋਂ!
ਮਲਕ ਸਹਿਬ ਨੇ ਲੰਮੀ ਟੇਢੀ ਨਜ਼ਰ ਨਾਲ ਪਰਤ ਕੇ ਮੇਰੇ ਵੱਲ ਤੱਕਣ ਤੇ ਸ਼ਾਇਦ ਮੁਸਕਾਣ ਦੀ ਵੀ ਕੋਸ਼ਿਸ਼ ਕੀਤੀ ਪਰ ਮੁਸਕਾਣ ਮੇਰੇ ਤੀਕ ਨਾ ਪੁੱਜ ਸਕੀ। ਉਨ੍ਹਾਂ ਦੀਆਂ ਸੁੱਜੀਆਂ ਗੱਲ੍ਹਾਂ ਤੇ ਸੰਘਣੀਆਂ ਮੁੱਛਾਂ ਨਾਲ ਟਕਰਾ ਕੇ ਉਥੇ ਹੀ ਕਿਤੇ ਕਤਲ ਹੋ ਗਈ।
ਮੈਂ ਹਟ ਕੇ ਤਾਂ ਬੈਠਾ ਸਾਂ ਕਿ ਮੇਰੇ ਲਈ ਚਾਹ ਆਉਣ ਵਾਲੀ ਸੀ। ਬਸ਼ਕੂ ਚੁਪਾਲ ਦੇ ਵਰਾਂਡੇ ਦੇ ਅੰਤਲੇ ਸਿਰੇ 'ਤੇ ਦੋ ਕੁਰਸੀਆਂ ਤੇ ਤਿਪਾਈ ਰੱਖ, ਮੈਨੂੰ ਕੁਰਸੀ 'ਤੇ ਬਿਠਾ, ਖੁਦਾਬਖ਼ਸ਼ ਨੂੰ ਬੁਲਾਣ ਤੇ ਚਾਹ ਲੈਣ ਤੁਰ ਗਿਆ ਸੀ। ਬਸ਼ਕੂ ਖੁਦਾਬਖ਼ਸ਼ ਦਾ ਬੜਾ ਚਹੇਤਾ ਨੌਕਰ ਸੀ। ਨਾਂ ਤਾਂ ਉਹਦਾ ਵੀ ਖੁਦਾਬਖ਼ਸ਼ ਸੀ ਪਰ ਖੁਦਾਬਖ਼ਸ਼ ਉਹਨੂੰ ਬਸ਼ਕੂ ਕਹਿੰਦਾ ਸੀ। ਇਸ ਲਈ ਬਸ਼ਕੂ ਹੀ ਉਹਦਾ ਨਾਂ ਪੈ ਗਿਆ ਸੀ।
ਖੁਦਾਬਖ਼ਸ਼ ਦੀ ਮਾਂ ਨੂੰ ਨਜ਼ਲੇ ਜ਼ੁਕਾਮ ਦੀ ਤਕਲੀਫ਼ ਸੀ। ਇਸ ਲਈ ਉਹ ਵਾਰ-ਵਾਰ ਅੰਦਰ ਹਵੇਲੀ 'ਚ ਗੇੜਾ ਮਾਰ ਆਉਂਦਾ ਸੀ। ਇਸ ਵਾਰ ਪਰਤ ਮੇਰੇ ਸਾਹਵੇਂ ਕੁਰਸੀ 'ਤੇ ਬਹਿ ਗਿਆ। ਕਹਿਣ ਲੱਗਿਆ ਕਿ ਮੇਰੀ ਅੰਮੀ ਦਾ ਬੁਖ਼ਾਰ ਹੁਣ ਘੱਟ ਏ ਤੇ ਉਹ ਆਰਾਮ ਕਰ ਰਹੇ ਨੇ। ਜੇ ਬੁਖਾਰ ਤੇਜ਼ ਹੁੰਦਾ ਤਾਂ ਅੱਜ ਤੈਨੂੰ ਬਾਜ਼ ਦੇ ਸ਼ਿਕਾਰ ਦਾ ਜਲਵਾ ਨਾ ਦਿਖਾ ਸਕਦਾ। ਲਾਰੰਸ ਆਫ ਅਰੇਬੀਆ ਦੀ ਤਰਜ਼ 'ਤੇ ਮੈਂ ਆਪਣੇ ਬਾਜ਼ ਦਾ ਨਾਂ ਲਾਰੰਸ ਆਫ਼ ਥਲੇਬੀਆ ਰੱਖ ਲਿਆ ਹੈ। ਥਲ ਨੂੰ ਥਲੇਬੀਆ ਵਿਚ ਬਦਲ ਲੈਣ 'ਤੇ ਤੈਨੂੰ ਕੋਈ ਇਤਰਾਜ਼ ਤਾਂ ਨਹੀਂ...ਉਹਨੇ ਹੱਸਦਿਆਂ ਹੋਇਆ ਬਿਆਨ ਜਾਰੀ ਰੱਖਿਆ-ਹੁਣੇ ਚਾਹ ਪੀ ਕੇ ਤੂੰ, ਮੈਂ ਤੇ ਬਸ਼ਕੂ ਪਿੰਡੋਂ ਬਾਹਰ ਨਿਕਲ ਜਾਵਾਂਗੇ। ਬਸ਼ਕੂ ਮੇਰੇ ਬਾਜ਼ ਦਾ ਰਾਖਾ ਏ। ਇੰਜ ਸਮਝ ਲੈ ਕਿ ਉਹ ਲਾਰੰਸ ਆਫ਼ ਥਲੇਬੀਆ ਦਾ ਅਰਦਲੀ ਏ। ਉਹ ਬਾਜ਼ ਨੂੰ ਆਪਣੀ ਮੁੱਠੀ 'ਤੇ ਬਿਠਾਏਗਾ ਤੇ...।
ਧੰਮ ਧੰਮ ਦੀ ਆਵਾਜ਼ ਨਾਲ ਅਸੀਂ ਘਬਰਾ ਗਏ। ਵੇਖਿਆ, ਦੋ ਆਦਮੀਆਂ ਨੇ ਇਕ ਹੋਰ ਆਦਮੀ ਨੂੰ ਫੜ ਵੱਡੇ ਮਲਕ ਸਾਹਿਬ ਸਾਹਵੇਂ ਝੁਕਾਇਆ ਹੋਇਆ ਹੈ ਅਤੇ ਮਲਕ ਸਾਹਿਬ ਉਹਦੀ ਪਿੱਠ 'ਤੇ ਮੁੱਕਿਆਂ ਦਾ ਮੀਂਹ ਵਰ੍ਹਾ ਰਹੇ ਸਨ। ਨਾਲ ਅਜਿਹੀਆਂ ਗਾਲ੍ਹਾਂ ਵੀ ਕੱਢ ਰਹੇ ਹਨ ਜਿਹੜੀਆਂ ਸਿਰਫ ਮਲਕ ਸਾਹਿਬ ਹੀ ਕਿਸੇ ਨੂੰ ਕੱਢ ਸਕਦੇ ਹਨ। ਸਾਹੋ ਸਾਹ ਹੋਏ ਕਹਿ ਰਹੇ ਸਨ-ਭਰੀ ਸਭਾ 'ਚ ਕਹਿੰਦਾ ਏ: ਮਲਕ ਜੀ, ਤਹਿਮਤ ਸੰਭਾਲੋ, ਨੰਗੇ ਹੋ ਰਹੇ ਹੋ। ਇਸ ਹਰਾਮਜ਼ਾਦੇ ਨੂੰ ਕੋਈ ਪੁੱਛੇ ਕਿ ਤੈਨੂੰ ਕੀ ਤਕਲੀਫ਼ ਸੀ। ਮੈਂ ਹੀ ਨੰਗਾ ਹੋ ਰਿਹਾ ਸਾਂ। ਤੇਰੀ ਮਾਂ ਤਾਂ ਨੰਗੀ ਨਹੀਂ ਸੀ ਹੋ ਰਹੀ...।
ਖੁਦਾਬਖ਼ਸ਼ ਨੇ ਮੁਸਕਾਂਦਿਆਂ ਮੇਰੇ ਵੱਲ ਦੇਖਿਆ ਤੇ ਬੋਲਿਆ-ਆ ਗਈ ਸ਼ਾਮਤ ਵਿਚਾਰੇ ਦੀ। ਹੁਣ ਅੱਬਾ ਇਹਨੂੰ ਉਨਾ ਚਿਰ ਕੁੱਟਦੇ ਰਹਿਣਗੇ ਜਿੰਨਾ ਚਿਰ ਇਹ ਹੱਥ ਪੈਰ ਢਿੱਲੇ ਨਹੀਂ ਛੱਡ ਦਿੰਦਾ।
ਖ਼ੁਦਾਬਖ਼ਸ਼ ਦੇ ਲਹਿਜੇ ਵਿਚ ਵਡਿੱਤਣ ਦਾ ਗੁਮਾਨ ਸੀ। ਮੈਂ ਆਖਿਆ-ਖੁਦਾਬਖ਼ਸ਼! ਤੈਨੂੰ ਵੀ ਸ਼ਰਮ ਨਹੀਂ ਆਉਂਦੀ? ਤੂੰ ਤਾਂ ਪੜ੍ਹਿਆ-ਲਿਖਿਆ ਆਦਮੀ ਏਂ ਯਾਰ। ਉਹਨੇ ਜਿਵੇਂ ਮਜਬੂਰੀ ਦਰਸਾਈ-ਕੀ ਕਰੀਏ ਯਾਰ! ਇਹ ਲੋਕ ਇਹੋ ਜਿਹੇ ਸਲੂਕ ਨਾਲ ਹੀ ਸਿੱਧੇ ਰਹਿੰਦੇ ਨੇ।
ਇੰਨੇ ਨੂੰ ਬਸ਼ਕੂ ਚਾਹ ਲੈ ਆਇਆ। ਟਰੇ ਤਿਪਾਈ 'ਤੇ ਟਿਕਾਂਦਿਆਂ ਉਹ ਨੀਵਾਂ ਹੋ ਖੁਦਾਬਖ਼ਸ਼ ਦੇ ਕੰਨ ਵਿਚ ਆਖਣ ਲੱਗਿਆ-ਸਕੀਨ ਇਹੋ ਜਿਹਾ ਮੁੰਡਾ ਤਾਂ ਹੈ ਨਹੀਂ ਛੋਟੇ ਮਲਕ! ਫਿਰ ਇਹਨੂੰ ਮਾਰ ਕਿਉਂ ਪੈ ਰਹੀ ਹੈ?
-ਅੱਛਾ ਤਾਂ ਇਹ ਸਕੀਨ ਏ!...ਖੁਦਾਬਖ਼ਸ਼ ਨੇ ਹੈਰਾਨੀ ਪਰਗਟ ਕੀਤੀ ਇਹਦੇ ਤਾਂ ਮੂੰਹ 'ਚ ਜ਼ੁਬਾਨ ਹੀ ਨਹੀਂ! ਪੰਜਾਂ ਵਕਤਾਂ ਦਾ ਨਮਾਜ਼ੀ ਏ। ਅਜਿਹੀ ਅਜ਼ਾਨ ਦਿੰਦਾ ਏ ਕਿ ਚਿੜੀਆਂ ਮਸੀਤ ਦੇ ਮੁਨਾਰਾਂ 'ਤੇ ਆ ਉਤਰਦੀਆਂ ਨੇ। ਇਹਨੇ ਇਹ ਕੀ ਬਕ ਦਿੱਤਾ ਅੱਬਾ ਨੂੰ!
ਵੱਡੇ ਮਲਕ ਸਾਹਿਬ ਦੇ ਮੁੱਕਿਆਂ ਦੀ ਲੜੀ ਟੁੱਟ ਗਈ। ਸਕੀਨ ਉਨ੍ਹਾਂ ਬੰਦਿਆਂ ਦੇ ਹੱਥਾਂ 'ਚ ਲਮਕ ਗਿਆ ਜਿਨ੍ਹਾਂ ਨੇ ਮਲਕ ਸਾਹਿਬ ਦੀ ਸੌਖ ਲਈ ਉਹਨੂੰ ਬਾਹਾਂ ਤੋਂ ਫੜ ਨਿਵਾਇਆ ਹੋਇਆ ਸੀ।
-ਹੁਣ ਛੱਡ ਦੇਵੋ ਇਸ ਕਮੀਨੇ ਨੂੰ।...ਮਲਕ ਸਾਹਿਬ ਕੜਕੇ ਤੇ ਸਕੀਨ ਮੂੰਹ-ਭਾਰ ਪੱਥਰ ਵਾਂਗ ਡਿੱਗ ਪਿਆ-ਲੈ ਜਾਵੋ ਚੁੱਕ ਕੇ ਆਪਣੀਆਂ ਆਪਣੀਆਂ ਮਾਂਵਾਂ ਦੇ ਇਸ ਯਾਰ ਨੂੰ!...ਮਲਕ ਸਾਹਿਬ ਮੁੜ ਗਰਜੇ। ਫਿਰ ਇਕ ਭੀੜ ਦੀ ਭੀੜ ਸਕੀਨ ਨੂੰ ਚੁੱਕਣ ਲਈ ਇੰਜ ਕਾਹਲੀ ਕਾਹਲੀ ਵਧੀ ਜਿਵੇਂ ਸਾਰੇ ਲੋਕ ਸਕੀਨ ਨੂੰ ਚੁੱਕਣ ਦੇ ਬਹਾਨੇ ਮਲਕ ਸਾਹਿਬ ਨੂੰ ਪਲੰਘ ਤੋਂ ਚੁੱਕ ਸੁੱਟਣ ਚੱਲੇ ਹੋਣ। ਫਿਰ ਉਨ੍ਹਾਂ 'ਚੋਂ ਇਕ ਜਣਾ ਬੇਹਿਸ ਸਕੀਨ ਵੱਲ ਤੱਕ ਸਿੱਧਾ ਖਲੋ ਗਿਆ ਤੇ ਬੋਲਿਆਸਕੀਨ ਤਾਂ ਅਜ਼ਾਨ ਪੜ੍ਹ ਰਿਹਾ ਏ!
ਫਿਰ ਸਕੀਨ ਆਪ ਹੀ ਉਠ ਬੈਠਿਆ। ਉਹਨੇ ਆਲੇ-ਦੁਆਲੇ ਦੇਖਿਆ। ਫਿਰ ਜਿਵੇਂ ਮਲਕ ਸਾਹਿਬ ਤੋਂ ਜਾਣ ਦੀ ਆਗਿਆ ਲੈਣ ਲਈ ਬੋਲਿਆ-ਸੂਰਜ ਤਾਂ ਬਹੁਤ ਢਲ ਗਿਐ। ਪੇਸ਼ੀ ਦੀ ਨਮਾਜ਼ ਵੀ ਹੋ ਚੁੱਕੀ ਹੋਵੇਗੀ।
ਸਾਰਿਆਂ ਨੂੰ ਚੁੱਪ ਦੇਖ ਉਹ ਉਠਿਆ ਤਾਂ ਮੈਂ ਦੇਖਿਆ ਕਿ ਉਹ ਛੇ ਫੁੱਟ ਲੰਮਾ ਖੂਬਸੂਰਤ ਜਵਾਨ ਸੀ ਤੇ ਜਦੋਂ ਉਹ ਹੌਲੀ-ਹੌਲੀ ਤੁਰਦਾ ਹੋਇਆ ਚੁਪਾਲ ਦੇ ਚਬੂਤਰੇ ਦੀਆਂ ਪੌੜੀਆਂ ਉਤਰ ਗਲੀ ਵਿਚ ਜਾਣ ਲੱਗਿਆ ਤਾਂ ਮੈਨੂੰ ਜਾਪਿਆ ਜਿਵੇਂ ਗਲੀ ਵਿਚ ਮਸਤੀ ਦਾ ਮੁਨਾਰਾ ਲੱਥ ਆਇਆ ਹੋਵੇ।
-ਆ ਜਾਂਦੇ ਨੇ ਮਾਂ ਦੇ ਯਾਰ ਚੁਪਾਲ 'ਤੇ ਗੱਪਾਂ ਲੜਾਉਣ...ਵੱਡੇ ਮਲਕ ਸਾਹਿਬ ਕਹਿ ਰਹੇ ਸਨ...ਚੁਪਾਲ 'ਤੇ ਬੈਠਣ ਦੀ ਕੋਈ ਤਮੀਜ਼ ਹੁੰਦੀ ਏ। ਕਹਿਣ ਲੱਗਿਆ, ਮਲਕ ਜੀ! ਨੰਗੇ ਹੋ ਰਹੇ ਹੋ...। ਬਈ, ਮੈਂ ਨੰਗਾ ਹੋ ਰਿਹਾਂ ਤਾਂ ਤੂੰ ਨਾ ਦੇਖ। ਇਨਸਾਨ ਦੁਪਹਿਰੇ ਵੀ ਜੇ ਅੱਖਾਂ ਮੁੰਦ ਲਵੇ ਤਾਂ ਉਹਦੇ ਲਈ ਸੂਰਜ ਛਿਪ ਜਾਂਦਾ ਹੈ। ਫਿਰ ਤੂੰ ਮੇਰੇ ਵੱਲ ਅੱਖਾਂ ਪਾੜ-ਪਾੜ ਕੀ ਦੇਖਦਾ ਪਿਆ ਏਂ...ਜ਼ਰਾ ਕੁ ਰੁਕ ਉਨ੍ਹਾਂ ਮੁੜਨ ਦੀ ਕੋਸ਼ਿਸ਼ ਕਰਦਿਆਂ ਪੁੱਛਿਆ...ਕਿਉਂ ਛੋਟੇ ਮਲਕ, ਚਾਹ ਪਿਆ ਦਿੱਤੀ ਏ ਆਪਣੇ ਯਾਰ ਨੂੰ?...ਫਿਰ ਬਿਨਾ ਜਵਾਬ ਉਡੀਕਿਆਂ ਆਪਣਾ ਸੱਜਾ ਹੱਥ ਚੁੱਕਦਿਆਂ ਆਖਿਆ-ਲਓ ਬਈ, ਏਹਨੂੰ ਘੁੱਟ ਦਿਓ। ਦੁਖਣ ਲੱਗ ਪਿਆ ਏ ਹਰਾਮਜ਼ਾਦੇ ਦੀਆਂ ਹੱਡੀਆਂ ਭੰਨ ਭੰਨ।
-ਇਹ ਹਰਾਮਜ਼ਾਦਾ ਕੌਣ ਸੀ? ਮੈਂ ਮਲਕੜੇ ਖੁਦਾਬਖ਼ਸ਼ ਨੂੰ ਪੁੱਛਿਆ।
-ਏਹਦਾ ਨਾਂ ਸਕੀਨ ਏ। ਖੁਦਾਬਖ਼ਸ਼ ਬੋਲਿਆ...ਜਾਤ ਦਾ ਜੁਲਾਹਾ ਏ। ਇਹ ਅੱਬਾ ਦੇ ਪਲੰਘ 'ਤੇ ਵਿਛਿਆ ਖੇਸ ਇਹਨੇ ਹੀ ਬੁਣਿਆ ਸੀ। ਬੜਾ ਕਾਰੀਗਰ ਆਦਮੀ ਏ, ਬੜਾ ਹੀ ਨੇਕ ਪਰ ਭੋਲਾ ਬਹੁਤ ਏ। ਪਤਾ ਨਹੀਂ ਅੱਬਾ ਨੂੰ ਟੋਕਣ ਦਾ ਹੌਂਸਲਾ ਕਿਵੇਂ ਹੋਇਆ ਇਸ ਬਦਨਸੀਬ ਨੂੰ। ਇਹ ਤਾਂ ਬੜਾ ਹੀ ਮਸਕੀਨ ਆਦਮੀ ਏ। ਬਸ਼ਕੂ ਇਕਦਮ ਬੋਲਿਆ-ਇਹਦਾ ਅਸਲੀ ਨਾਂ ਮਸਕੀਨ ਏ ਜੀ-ਮੁਹੰਮਦ ਮਸਕੀਨ! ਸਕੀਨ ਸਕੀਨ ਤਾਂ ਲੋਕ ਇਹਨੂੰ ਐਵੇਂ ਹੀ ਕਹਿੰਦੇ ਨੇ ਜਿਵੇਂ ਮੈਨੂੰ ਬਸ਼ਕੂ ਬਸ਼ਕੂ ਕਹਿੰਦੇ ਨੇ।
ਮੈਂ ਆਖਿਆ-ਇਥੇ ਆ ਕੇ ਪਤਾ ਲੱਗਿਆ ਏ ਕਿ ਮਸਕੀਨ ਵਰਗੇ ਲਫ਼ਜ਼ ਵਿਚ ਵੀ ਵਿਗੜ ਜਾਣ ਦੀ ਗੁੰਜਾਇਸ਼ ਹੁੰਦੀ ਏ।
-ਹੌਲੀ ਬੋਲ ਯਾਰ...ਖੁਦਾਬਖ਼ਸ਼ ਨੇ ਡਰਦਿਆਂ ਡਰਦਿਆਂ ਵੱਡੇ ਮਲਕ ਸਾਹਿਬ ਵੱਲ ਤੱਕਿਆ, ਤੇ ਫਿਰ ਬੋਲਿਆ-ਉਨ੍ਹਾਂ ਨੇ ਸੁਣ ਲਿਆ ਤਾਂ ਤੈਨੂੰ ਤਾਂ ਸ਼ਾਇਦ ਕੁਝ ਨਾ ਕਹਿਣ ਪਰ ਮੇਰੀ ਸ਼ਾਮਤ ਆ ਜਾਵੇਗੀ।
-ਨਹੀਂ, ਹੁਣ ਕੀ ਸ਼ਾਮਤ ਆਵੇਗੀ। ਹੁਣ ਤਾਂ ਉਨ੍ਹਾਂ ਦਾ ਹੱਥ ਦੁਖ ਰਿਹੈ।
ਖੁਦਾਬਖ਼ਸ਼ ਨੂੰ ਮੇਰਾ ਵਤੀਰਾ ਚੰਗਾ ਨਾ ਲੱਗਿਆ। ਉਹਨੇ ਘੂਰ ਕੇ ਮੇਰੇ ਵੱਲ ਤੱਕਿਆ ਤੇ ਬਸ਼ਕੂ ਨੂੰ ਕਹਿਣ ਲੱਗਿਆ-ਤਬੇਲੇ 'ਚ ਜਾ ਕੇ ਦੇਖ, ਬੇਗੇ ਨੇ ਘੋੜੇ ਤਿਆਰ ਕਰ ਦਿੱਤੇ ਨੇ? ਕਾਠੀਆਂ ਕੱਸ ਲਈਆਂ ਹੋਣ ਤਾਂ ਤੂੰ ਜਾ ਕੇ ਲਾਰੰਸ ਨੂੰ ਚੁੱਕ ਲਿਆਵੀਂ, ਸਵੇਰ ਦਾ ਭੁੱਖਾ ਏ...।
ਬਸ਼ਕੂ ਦੇ ਜਾਣ ਪਿੱਛੋਂ ਖੁਦਾਬਖ਼ਸ਼ ਮੇਰੇ ਵੱਲ ਹੋਇਆ-ਦੇਖ ਮੀਆਂ! ਇਥੇ ਅੱਜ ਤੇਰਾ ਪਹਿਲਾ ਦਿਨ ਏ, ਤੇ ਤੂੰ ਅੱਜ ਹੀ ਵਿਅੰਗ ਕੱਸਣ ਲੱਗ ਪਿਆ ਏਂ ਮੇਰੇ ਅੱਬਾ 'ਤੇ। ਇਸ ਇਲਾਕੇ ਦੀ ਇਕ ਕਹਾਵਤ ਏ ਕਿ ਸਿਰ ਜਿੰਨਾ ਵੱਡਾ ਹੁੰਦਾ ਏ, ਸਿਰ ਪੀੜ ਦਾ ਖੇਤਰਫਲ ਵੀ ਓਨਾ ਹੀ ਫੈਲਿਆ ਹੁੰਦਾ ਏ। ਅੱਬਾ ਨੂੰ ਇਹ ਕੁੱਟ-ਮਾਰਾਂ ਮਜਬੂਰੀ ਨਾਲ ਕਰਨੀਆਂ ਪੈਂਦੀਆਂ ਨੇ। ਨਾ ਕਰਨ ਤਾਂ ਜ਼ਿਮੀਂਦਾਰੀਆਂ ਕਿਵੇਂ ਚੱਲਣ...ਉਹ ਰੁਕ ਗਿਆ। ਫਿਰ ਬੋਲਿਆ-ਤੂੰ ਕੀ ਪਿਆ ਸੋਚਦਾ ਏਂ? ਮੈਂ ਆਖਿਆ-ਮੈਂ ਸੋਚਦਾ ਪਿਆ ਹਾਂ ਕਿ ਜਿਹੜੇ ਲੰਮੇ ਚੌੜੇ ਪਲੰਘ ਉਤੇ ਮਲਕ ਸਾਹਿਬ ਬਿਰਾਜਮਾਨ ਨੇ, ਉਹਦੇ ਪਾਵੇ ਕਿੰਨੇ ਵੱਡੇ ਵੱਡੇ ਨੇ, ਜਦੋਂ ਮੈਂ ਗਹੁ ਨਾਲ ਤੱਕਿਆ ਤਾਂ ਉਹ ਲੱਕੜੀ ਦੇ ਨਿਕਲੇ।
ਖ਼ੁਦਾਬਖ਼ਸ਼ ਨੇ ਹੈਰਾਨ ਹੋ ਪੁੱਛਿਆ-ਲੱਕੜੀ ਦੀ ਥਾਂ ਹੋਰ ਕਾਹਦੇ ਹੁੰਦੇ? ਤੂੰ ਪਹਿਲਾਂ ਕੀ ਸਮਝਿਆ ਸੈਂ?
-ਮੈਂ ਸਮਝਿਆ ਸਾਂ ਕਿ ਇਹ ਪਾਵੇ ਨਹੀਂ, ਬਲਕਿ ਪਲੰਘ ਦੀਆਂ ਚੌਹਾਂ ਨੁੱਕਰਾਂ ਹੇਠ ਇਕ ਇਕ ਮਸਕੀਨ ਖਲੋਤਾ ਹੋਇਆ ਏ।
-ਪਿੰਡ ਦੀ ਖੁੱਲ੍ਹੀ-ਡੁੱਲ੍ਹੀ ਹਵਾ ਦਾ ਤੇਰੇ 'ਤੇ ਉਲਟਾ ਅਸਰ ਹੋ ਗਿਆ ਏ। ਤੂੰ ਚਕਰਾ ਗਿਐਂ। ਖੁਦਾਬਖ਼ਸ਼ ਨੇ ਆਖਿਆ।
ਪਰ ਮੈਂ ਆਪਣੀ ਗੱਲ ਜਾਰੀ ਰੱਖੀ-ਤੇ ਖੁਦਾਬਖ਼ਸ਼ ਮੈਂ ਇਹ ਵੀ ਸੋਚਿਆ ਕਿ ਜੇ ਇਹ ਚਾਰੇ ਮਸਕੀਨ ਪਲੰਘ ਦੀਆਂ ਚੌਹਾਂ ਨੁੱਕਰਾਂ ਹੇਠੋਂ ਨਿਕਲ ਜਾਣ ਤਾਂ ਪਲੰਘ ਧੜੰਮ ਧਰਤੀ 'ਤੇ ਆ ਢੱਠੇ।
-ਘੋੜੇ ਤਿਆਰ ਨੇ ਛੋਟੇ ਮਲਕ!...ਬਸ਼ਕੂ ਸਾਡੇ ਸਿਰਾਂ 'ਤੇ ਆ ਬੋਲਿਆ।
ਬਸ਼ਕੂ ਦੇ ਖੱਬੇ ਹੱਥ ਦੀ ਬੰਦ ਮੁੱਠੀ 'ਤੇ ਚਮੜੇ ਦਾ ਦਸਤਾਨਾ ਚੜ੍ਹਿਆ ਹੋਇਆ ਸੀ। ਉਹਦੇ ਉਤੇ ਲਾਰੰਸ ਆਫ ਥਲੇਬੀਆ ਬੈਠਾ ਸੀ। ਉਹਦੇ ਪੰਜੇ ਵਿਚ ਪਤਲੀ ਜਿਹੀ ਜ਼ੰਜੀਰ ਸੀ ਜਿਸ ਦਾ ਦੂਜਾ ਸਿਰ ਦਸਤਾਨੇ ਵਿਚ ਟੁੰਗਿਆ ਹੋਇਆ ਸੀ। ਬਾਜ਼ ਦੀਆਂ ਅੱਖਾਂ 'ਤੇ ਚਮੜੇ ਦੇ ਖੋਪੇ ਚੜ੍ਹੇ ਹੋਏ ਸਨ। ਖ਼ੁਦਾਬਖ਼ਸ਼ ਨੇ ਆਪਣਾ ਸਿਰ ਉਤਾਂਹ ਕਰ ਖੋਪੇ ਲਾਹੇ ਤਾਂ ਮੈਂ ਵੇਖਿਆ ਕਿ ਬਾਜ਼ ਦੀਆਂ ਅੱਖਾਂ ਅਤਿ ਡਰਾਉਣੀਆਂ ਸਨ।
-ਕਿਉਂ ਕਿਹੋ ਜਿਹਾ ਏ ਮੇਰਾ ਬਾਜ਼?
ਖੁਦਾਬਖ਼ਸ਼ ਨੇ ਪੁੱਛਿਆ।
ਤੇ ਮੈਂ ਉਹਦੇ ਕੰਨ 'ਚ ਆਖਿਆ-ਬਾਜ਼ਾਂ ਦਾ ਵੱਡਾ ਮਾਲਕ ਜਾਪਦੈ। ਖ਼ੁਦਾਬਖ਼ਸ਼ ਹੱਸ ਪਿਆ, ਪਰ ਹੱਸਿਆ ਇੰਜ ਜਿਵੇਂ ਜੇ ਨਾ ਹੱਸਦਾ ਤਾਂ ਹੋਰ ਕੀ ਕਰਦਾ। ਉਹਨੇ ਬਾਜ਼ ਦੀਆਂ ਅੱਖਾਂ 'ਤੇ ਮੁੜ ਖੋਪੇ ਚੜ੍ਹਾਏ ਤੇ ਅਸੀਂ ਤਬੇਲੇ ਵੱਲ ਤੁਰ ਪਏ।
+++
ਖ਼ੁਦਾਬਖ਼ਸ਼ ਨੇ ਸਹੁੰਆਂ ਖਾ-ਖਾ ਮੈਨੂੰ ਵਿਸ਼ਵਾਸ ਦਿਵਾਇਆ ਕਿ ਉਹਨੇ ਜਿਹੜਾ ਘੋੜਾ ਮੇਰੀ ਸਵਾਰੀ ਲਈ ਚੁਣਿਆ ਸੀ, ਉਹ ਮਲਕ ਸਾਹਿਬ ਦੇ ਤਬੇਲੇ ਦਾ ਅਤਿ ਮਸਕੀਨ ਘੋੜਾ ਸੀ। -ਏਨਾ ਮੋਟਾ ਤਾਜ਼ਾ ਘੋੜਾ ਮਸਕੀਨ ਤਾਂ ਨਹੀਂ ਹੋ ਸਕਦਾ...ਮੈਂ ਸ਼ੰਕਾ ਪ੍ਰਗਟਾਈ ਪਰ ਉਹਨੇ ਮੈਨੂੰ ਦੱਸਿਆ-ਇਹਦੇ ਅੰਦਰਲਾ ਘੋੜਾ ਮਾਰ ਦਿੱਤਾ ਏ। ਹੁਣ ਇਹ ਸੁਭਾਉ ਵਜੋਂ ਬੜਾ ਹੀ ਗਰੀਬ ਘੋੜਾ ਏ। ਇਹਨੂੰ ਮੋਟਾ ਤਾਜ਼ਾ ਰੱਖਣਾ ਬੜਾ ਜ਼ਰੂਰੀ ਹੈ। ਇੱਧਰ ਦੌਰੇ 'ਤੇ ਆਉਣ ਵਾਲੇ ਜ਼ਿਲ੍ਹੇ ਦੇ ਅਫ਼ਸਰ ਲੋਕ ਚੰਗੇ ਸਵਾਰ ਨਹੀਂ ਹੁੰਦੇ। ਹੋਣ ਵੀ ਤਾਂ ਕਾਰਾਂ ਵਿਚ ਪੱਸਰ ਪੱਸਰ ਬਹਿਣ ਦੇ ਆਦੀ ਹੋਏ ਹੁੰਦੇ ਨੇ, ਪਰ ਘੋੜੇ ਦੀ ਪਿੱਠ ਤੇ ਚੁਕੰਨਾ ਹੋ ਕੇ ਬਹਿਣਾ ਪੈਂਦਾ ਏ। ਇਸ ਲਈ ਅੱਬਾ ਨੇ ਇਸ ਕੰਮ ਲਈ ਇਹ ਘੋੜਾ ਚੁਣਿਆ ਏ ਕਿ ਇਸ 'ਤੇ ਸਵਾਰ ਹੋ ਕੇ ਅਫ਼ਸਰ ਦੀ ਅਫ਼ਸਰੀ ਸ਼ਾਨ ਵੀ ਕਾਇਮ ਰਹੇ ਤੇ ਇੰਜ ਵੀ ਨਾ ਹੋਵੇ ਕਿ ਲਗਾਮ ਨੂੰ ਜ਼ਰਾ ਵੀ ਢਿੱਲੀ ਵੇਖ ਘੋੜਾ ਅਫ਼ਸਰ ਨੂੰ ਆਪਣੀ ਪਿੱਠ ਤੋਂ ਹੀ ਰਿਟਾਇਰ ਕਰ ਦੇਵੇ। ਇਸੇ ਲਈ ਇਸ ਉਤੇ ਜਾਂ ਡਿਪਟੀ ਕਮਿਸ਼ਨਰ ਬੈਠੇ ਨੇ ਜਾਂ ਅੱਜ ਤੂੰ ਬੈਠਾ ਏਂ।
-ਤਾਂ ਹੀ ਇਸ ਵੇਲੇ ਤੂੰ ਮੈਨੂੰ ਪਟਵਾਰੀ ਜਾਪ ਰਿਹੈਂ।
ਨਿਰੀ ਅੱਗ ਸੀ ਖ਼ੁਦਾਬਖ਼ਸ਼ ਦਾ ਘੋੜਾ। ਕੰਨਾਤਰੇ ਚੁੱਕ ਤੇ ਨਾਸਾਂ ਫੁਲਾ ਉਹ ਲਗਾਮ ਨੂੰ ਚੱਬ ਕੇ ਉਡ ਜਾਣਾ ਚਾਹੁੰਦਾ ਸੀ ਪਰ ਖੁਦਾਬਖ਼ਸ਼ ਵਧੀਆ ਸਵਾਰ ਸੀ। ਉਹਨੇ ਉਹਨੂੰ ਮੇਰੇ ਘੋੜੇ ਤੋਂ ਮੁਹਰੇ ਨਾ ਹੋਣ ਦਿੱਤਾ ਜਿਹਦੇ ਕੰਨਾਤਰੇ ਤਾਂ ਖੜ੍ਹੇ ਸਨ, ਪਰ ਤੁਰ ਇੰਜ ਰਿਹਾ ਸੀ ਜਿਵੇਂ ਸਹੁਰਿਆਂ ਦੇ ਵਿਹੜੇ ਪਹਿਲੀ ਵਾਰ ਵੜਨ ਲੱਗੀਆਂ ਵਹੁਟੀਆਂ ਤੁਰਦੀਆਂ ਹਨ। ਬਸ਼ਕੂ ਬਾਜ਼ ਚੁੱਕੀ ਸਾਡੇ ਪਿੱਛੇ ਪਿੱਛੇ ਆ ਰਿਹਾ ਸੀ। ਉਹ ਨਾ ਭੱਜ ਰਿਹਾ ਸੀ, ਨਾ ਤੁਰ ਰਿਹਾ ਸੀ-ਬੱਸ ਵਿਚ-ਵਿਚਾਲੇ ਵਾਲੀ ਹਾਲਤ ਸੀ ਉਹਦੀ।
ਕਿੱਕਰਾਂ ਦੇ ਸੰਘਣੇ ਜ਼ਖ਼ੀਰੇ ਦਾ ਮੋੜ ਕੱਟਦਿਆਂ ਹੀ ਦਿਸਹੱਦੇ ਤੀਕ ਰੋਹੀ ਹੀ ਰੋਹੀ ਵਿਛੀ ਪਈ ਸੀ ਜਿਸ ਵਿਚ ਵਿਰਲੀਆਂ ਵਿਰਲੀਆਂ ਕਿੱਕਰਾਂ ਉਗੀਆਂ ਹੋਈਆਂ ਸਨ ਪਰ ਇਹ ਕਿੱਕਰਾਂ ਬਿਮਾਰ ਬਿਮਾਰ ਲੱਗ ਰਹੀਆਂ ਸਨ। ਉਨ੍ਹਾਂ ਦੇ ਕੱਦ ਬੜੇ ਛੋਟੇ ਤੇ ਟਾਹਣੀਆਂ ਬੜੀਆਂ ਵਿੰਗੀਆਂ ਤੇ ਰੋਡੀਆਂ ਸਨ। ਖੁਦਾਬਖ਼ਸ਼ ਦੱਸਣ ਲੱਗਿਆਲਾਲੀਆਂ ਸੂਰਜ ਛਿਪਣ ਤੋਂ ਪਹਿਲਾਂ ਇਨ੍ਹਾਂ ਵਿਰਲੀਆਂ ਕਿੱਕਰਾਂ 'ਤੇ ਆ ਕੇ ਬਹਿੰਦੀਆਂ ਨੇ, ਤੇ ਲਾਲੀ ਬਾਜ਼ ਦਾ ਮਨਭਾਉਂਦਾ ਖਾਜਾ ਏ। ਮੇਰਾ ਲਾਰੰਸ ਲਾਲੀ ਨੂੰ ਦੇਖਦਿਆਂ ਹੀ ਪਾਗਲ ਹੋ ਜਾਂਦੈ। ਲਾਲੀ ਦਾ ਮਾਸ ਮੇਰੇ ਲਾਰੰਸ ਆਫ ਥਲੇਬੀਆਂ ਦੀ ਵਿਸਕੀ ਏ।
ਮੈਂ ਆਖਿਆ-ਖੁਦਾਬਖ਼ਸ਼, ਲਾਲੀ ਤਾਂ ਬਹੁਤ ਹੀ ਮਾਸੂਮ ਪੰਛੀ ਏ-ਚਿੜੀ ਨਾਲੋਂ ਵੀ ਵੱਧ ਮਾਸੂਮ। ਇਹਦੀਆਂ ਪੀਲੀਆਂ-ਪੀਲੀਆਂ ਕੱਚੀਆਂ-ਕੱਚੀਆਂ ਵਾਛਾਂ ਇਹਦੇ ਉਤੇ ਕਿਵੇਂ ਬਚਪਨਾ ਪੈਦਾ ਕਰੀ ਰੱਖਦੀਆਂ ਹਨ। ਨਾਲੇ ਇਹ ਪੰਛੀਆਂ 'ਚੋਂ ਸ਼ਾਇਦ ਸਭ ਤੋਂ ਵੱਧ ਭਲਾਮਾਣਸ ਏ। ਇਹ ਤਾਂ ਅਤਿ ਮਸਕੀਨ ਜੀਵ ਏ। ਆਖ਼ਰ ਤੁਹਾਨੂੰ ਮਸਕੀਨਾਂ ਦਾ ਲਹੂ ਪੀਣ ਦਾ ਇੰਨਾ ਸ਼ੌਂਕ ਕਿਉਂ ਹੈ?
ਖੁਦਾਬਖ਼ਸ਼ ਬੋਲਿਆ-ਜੇ ਤੈਨੂੰ ਲੈਕਚਰ ਝਾੜਨ ਦਾ ਇੰਨਾ ਹੀ ਸ਼ੌਂਕ ਹੈ ਤਾਂ ਰਾਹ 'ਚ ਕੋਈ ਟਿੱਬਾ ਆਵੇਗਾ, ਉਹਦੇ 'ਤੇ ਚੜ੍ਹ ਕੇ ਲੈਕਚਰ ਝਾੜੀਂ ਅਤੇ ਮੈਂ ਤੇ ਬਸ਼ਕੂ ਹੱਥ ਬੰਨ੍ਹੀ ਸੁਣਾਂਗੇ, ਪਰ ਅਜੇ ਜ਼ਰਾ ਰੁਕ ਜਾ। ਮੇਰੇ ਲਾਰੰਸ ਵੱਲ ਦੇਖ, ਬਸ਼ਕੂ ਦੀ ਮੁੱਠੀ 'ਤੇ ਕਿਵੇਂ ਝਈਆਂ ਤੇ ਝਈਆਂ ਲੈ ਰਿਹਾ ਏ। ਉਹਨੇ ਰੋਹੀ ਦੀ ਵਾਸ਼ਨਾ ਸੁੰਘ ਲਈ ਏ। ਲਾਲੀ!...ਬਸ਼ਕੂ ਸੱਪ ਵਾਂਗ ਫੁੰਕਾਰਿਆ ਤੇ ਖੁਦਾਬਖ਼ਸ਼ ਨੇ ਘੋੜਾ ਰੋਕ ਲਿਆ। ਮੇਰਾ ਘੋੜਾ ਤਾਂ ਉਹਦੀ ਦੇਖਾ-ਦੇਖੀ ਤੁਰ ਰਿਹਾ ਸੀ। ਉਹ ਵੀ ਰੁਕ ਗਿਆ। ਖੁਦਾਬਖ਼ਸ਼ ਨੇ ਬਾਜ਼ ਦੀਆਂ ਅੱਖਾਂ ਤੋਂ ਖੋਪੇ ਲਾਹੁਣ ਤੋਂ ਪਹਿਲਾਂ ਮੈਨੂੰ ਧਿਆਨ ਨਾਲ ਤਮਾਸ਼ਾ ਦੇਖਣ ਦੀ ਹਿਦਾਇਤ ਕੀਤੀ-ਇਹ ਤੇਰੀ ਜ਼ਿੰਦਗੀ ਦਾ ਅਭੁੱਲ ਤਜਰਬਾ ਹੋਵੇਗਾ। ਅਨੰਦ ਆ ਜਾਵੇਗਾ, ਜਦੋਂ ਬਾਜ਼ ਲਾਲੀ 'ਤੇ ਝਪਟੇਗਾ ਤਾਂ ਇਹੋ ਜਿਹੀ 'ਵਾਜ਼ ਪੈਦਾ ਹੋਵੇਗੀ, ਜਿਵੇਂ ਹਵਾ ਨੂੰ ਤਲਵਾਰ ਕੱਟ ਰਹੀ ਹੋਵੇ...ਦੇਖ। ਖ਼ੁਦਾਬਖ਼ਸ਼ ਨੇ ਖੋਪੇ ਲਾਹ ਬਾਜ਼ ਦਾ ਰੁਖ ਦੁਰ ਇਕ ਵਿੰਗੀ-ਟੇਢੀ ਕਿੱਕਰ ਵੱਲ ਕਰ ਦਿੱਤਾ ਜਿਸ ਉਤੇ ਤਕਦੀਰ ਨੇ ਇਕ ਲਾਲੀ ਨੂੰ ਲਿਆ ਬਿਠਾਇਆ ਸੀ। ਬਾਜ਼ ਦਾ ਸਾਰਾ ਵਜੂਦ ਇਕਦਮ ਭਿਆਨਕ ਹੋ ਗਿਆ।
-ਉਹਨੇ ਦੇਖ ਲਿਆ ਲਾਲੀ ਨੂੰ...ਖੁਦਾਬਖ਼ਸ਼ ਨੇ ਬੜੀ ਖੁਸ਼ੀ 'ਚ ਮੈਨੂੰ ਆਖਿਆ ਤੇ ਬਸ਼ਕੂ ਨੇ ਬਾਜ਼ ਦੇ ਪੰਜੇ ਨੂੰ ਆਪਣੇ ਦਸਤਾਨੇ ਨਾਲੋਂ ਆਜ਼ਾਦ ਕਰ ਦਿੱਤਾ। ਮੌਤ ਦੀ ਤਲਵਾਰ ਹਵਾ ਨੂੰ ਚੀਰਦੀ ਚਲੀ ਗਈ ਤੇ ਲਾਲੀ ਉਡ ਗਈ ਪਰ ਬਾਜ਼ ਨੇ ਫੌਰਨ ਉਹਨੂੰ ਜਾ ਦਬੋਚਿਆ। ਲਾਲੀ ਦੀ ਚੀਕ ਨੇ ਰੋਹੀ ਨੂੰ ਜ਼ਰਾ ਕੁ ਚੌਂਕਾ ਦਿੱਤਾ। ਫਿਰ ਬਾਜ਼ ਲਾਲੀ ਨੂੰ ਪੰਜਿਆਂ 'ਚ ਨੱਪੀ ਮੁੜ ਬਸ਼ਕੂ ਦੀ ਮੁੱਠੀ 'ਤੇ ਆ ਬੈਠਾ। ਇਸ ਤੋਂ ਪਿੱਛੋਂ ਉਹਨੇ ਲਾਲੀ ਦੀ ਚੀਰਪਾੜ ਸ਼ੁਰੂ ਕਰ ਦਿੱਤੀ। ਉਹਦੀ ਮੁੜੀ ਹੋਈ ਚੁੰਝ ਲਾਲੀ ਦੇ ਲਹੂ ਵਿਚ ਰੰਗੀ ਗਈ। ਉਹ ਲਾਲੀ ਦੀਆਂ ਬੋਟੀਆਂ ਨੋਚਣ ਲੱਗਿਆ। ਖੁਦਾਬਖ਼ਸ਼ ਲਗਾਤਾਰ ਬੋਲਦਾ ਗਿਆ-ਇਹਦੇ ਖਾਣ ਦਾ ਕਰੀਨਾ ਤਾਂ ਦੇਖ। ਹੱਡੀਆਂ ਨਾਲੋਂ ਮਾਸ ਕਿਵੇਂ ਲਾਹ ਰਿਹਾ ਏ। ਇਨਸਾਨ ਨੂੰ ਵੀ ਅਜਿਹਾ ਸਲੀਕਾ ਨਹੀਂ ਆਉਂਦਾ। ਨਾਲੇ ਇਹ ਤਾਂ ਕੱਚਾ ਮਾਸ ਏ, ਬਿਲਕੁਲ ਸੱਜਰਾ ਤੇ ਵਿਟਾਮਨ ਭਰਪੂਰ।
-ਫਿੱਟ ਲਾਅਨਤ! ਮੈਂ ਆਖਿਆ-ਤੇਰੀ ਤਬੀਅਤ ਤਾਂ ਬਿਲਕੁਲ ਆਦਮਖ਼ੋਰਾਂ ਵਰਗੀ ਏ।
ਪਰ ਖ਼ੁਦਾਬਖ਼ਸ਼ ਹੱਸਦਾ ਰਿਹਾ ਤੇ ਮੇਰੇ ਵੱਲ ਇੰਜ ਦੇਖਦਾ ਰਿਹਾ ਜਿਵੇਂ ਮੈਂ ਬਿਮਾਰ ਹੋਵਾਂ ਤੇ ਉਹ ਮੇਰੇ ਦਿਲ ਨੂੰ ਦੁਖੀ ਨਾ ਕਰਨਾ ਚਾਹੁੰਦਾ ਹੋਵੇ।
ਲਾਲੀ ਨੂੰ ਖਾ ਲੈਣ ਪਿੱਛੋਂ ਬਾਜ਼ ਜਿਵੇਂ ਨਸ਼ਈ ਹੋ ਗਿਆ। ਉਹਨੇ ਅੱਖਾਂ ਮੁੰਦ ਲਈਆਂ ਤੇ ਖੁਦਾਬਖ਼ਸ਼ ਬੋਲਿਆ-ਲਾਰੰਸ ਆਫ ਥਲੇਬੀਆ ਆਊਟ ਹੋ ਗਿਆ ਏ। ਫਿਰ ਹੱਸਦਾ ਹੱਸਦਾ ਘੋੜੇ 'ਤੇ ਚੜ੍ਹ ਗਿਆ। ਵਾਗ ਮੋੜੀ, ਪਰ ਰੁਕ ਗਿਆ। ਕੁਝ ਸੋਚ ਕੇ ਬੋਲਿਆ-ਕਿਉਂ ਬਸ਼ਕੂ, ਇੰਨੀ ਦੂਰ ਤਾਂ ਆ ਹੀ ਗਏ ਹਾਂ, ਬਾਬਾ ਯਾਰੂ ਨੂੰ ਹੀ ਮਿਲ ਚਲੀਏ।
ਬਸ਼ਕੂ ਜਵਾਬ 'ਚ ਆਖਣ ਲੱਗਿਆ-ਬਾਬਾ ਯਾਰੂ ਦੀ ਅੱਖ ਵੀ ਬਾਜ਼ ਵਾਂਗ ਤੇਜ਼ ਏ। ਹੋ ਸਕਦੈ, ਉਹਨੇ ਸਾਨੂੰ ਦੇਖ ਹੀ ਲਿਆ ਹੋਵੇ। ਜੇ ਅਸੀਂ ਇੰਜ ਹੀ ਪਰਤ ਗਏ ਤਾਂ ਉਹ ਜ਼ਰੂਰ ਗਿਲਾ ਕਰੇਗਾ।
-ਹਾਂ ਠੀਕ ਏ...ਆਖ ਖ਼ੁਦਾਬਖ਼ਸ਼ ਮੇਰੇ ਵੱਲ ਪਰਤਿਆ-ਚੱਲ ਤੈਨੂੰ ਥਲ ਦੀ ਚਾਹ ਪਿਆਈਏ। ਇਥੇ ਨੇੜੇ ਹੀ ਸਾਡੇ ਪੁਰਾਣੇ ਮੁਜਾਰੇ ਬਾਬਾ ਯਾਰੂ ਦਾ ਡੇਰਾ ਏ। ਉਹਨੂੰ ਮਿਲ ਕੇ ਤੂੰ ਬੜਾ ਖ਼ੁਸ਼ ਹੋਵੇਗਾ।
ਬਾਜ਼ ਨੇ ਜਿਹੜੀ ਭਿਆਨਕਤਾ ਨਾਲ ਲਾਲੀ ਖਾਧੀ ਸੀ, ਉਸ ਨਾਲ ਮੈਂ ਬਿਲਕੁਲ ਬੁਝ ਗਿਆ ਸਾਂ। ਮੈਂ ਆਖਿਆ-ਜਿਥੇ ਮਰਜ਼ੀ ਐ ਲੈ ਚੱਲੋ! ਢਾਈ ਤਿੰਨ ਮੀਲ ਦਾ ਪੈਂਡਾ ਮਾਰ ਅਸੀਂ ਲਾਲ ਮਿੱਟੀ ਨਾਲ ਲਿੱਪੇ ਇਕ ਘਰ ਕੋਲ ਜਾ ਪੁੱਜੇ। ਖੁਦਾਬਖ਼ਸ਼ ਨੇ ਚੁੱਪਚਾਪ ਉਤਰਨ ਤੇ ਹੌਲੀਹੌਲੀ ਨੇੜੇ ਜਾਣ ਦਾ ਸੁਝਾਓ ਪੇਸ਼ ਕੀਤਾ। ਆਖਣ ਲੱਗਿਆ-ਬੜਾ ਸੁਆਦ ਆਵੇਗਾ। ਇਕ ਵਾਰ ਮੈਂ ਤੇ ਬਸ਼ਕੂ ਇੰਜ ਹੀ ਚੁੱਪਚਾਪ ਆਏ ਅਤੇ ਬਾਬਾ ਯਾਰੂ ਕੋਲ ਮੰਜੀ 'ਤੇ ਬਹਿ ਗਏ। ਉਹ ਵਾਣ ਵੱਟਣ ਵਿਚ ਮਸਤ ਰਿਹਾ। ਮਾਈ ਬੇਗਾਂ ਚੁੱਲ੍ਹੇ 'ਚ ਫੂਕਾਂ ਮਾਰਦੀ ਰਹੀ ਅਤੇ ਰੰਗੀ ਟੋਕੇ ਨਾਲ ਚਾਰਾ ਕੁਤਰਦੀ ਰਹੀ। ਕਿਸੇ ਨੂੰ ਪਤਾ ਨਾ ਲੱਗਿਆ ਤੇ ਜਦੋਂ ਲੱਗਿਆ ਤਾਂ ਬਾਬਾ ਯਾਰੂ ਇੰਨਾ ਸ਼ਰਮਿੰਦਾ ਹੋਇਆ ਕਿ ਬੋਲ ਤੱਕ ਨਾ ਸਕਿਆ। ਬੱਸ 'ਫਫ-ਫਫ' ਕਰ ਕੇ ਰਹਿ ਗਿਆ। ਮਾਈ ਬੇਗਾਂ ਆਪਣੇ ਬੁਢਾਪੇ ਨੂੰ ਬੁਰਾ-ਭਲਾ ਕਹਿੰਦੀ ਰਹੀ। ਰੰਗੀ ਤਾਂ ਇੰਨਾ ਹੱਸੀ ਕਿ ਜਦੋਂ ਬਾਬੇ ਦੀ ਝਿੜਕ ਨਾਲ ਵੀ ਉਹ ਦਾ ਹਾਸਾ ਨਾ ਰੁਕਿਆ ਤਾਂ ਕੋਠੇ ਅੰਦਰ ਨੱਸ ਗਈ। ਘਰ ਦੇ ਪਿਛਾੜੀ ਘੋੜਿਆਂ ਤੋਂ ਉਤਰ ਅਸੀਂ ਹੌਲੀ-ਹੌਲੀ ਅਗਾਂਹ ਵਧੇ। ਵਿਹੜੇ ਵਿਚ ਵੱਡੀਆਂਵੱਡੀਆਂ ਕਿੱਕਰਾਂ ਖਲੋਤੀਆਂ ਸਨ। ਹੇਠਾਂ ਗਾਂ ਅਤੇ ਕੁਝ ਭੇਡ ਬੱਕਰੀਆਂ ਸ਼ਾਇਦ ਆਦਤ ਵਜੋਂ ਬੈਠੀਆਂ ਸਨ, ਕਿਉਂਕਿ ਦਰਖ਼ਤਾਂ ਦੀਆਂ ਛਾਂਵਾਂ ਤਣਿਆਂ ਦੀਆਂ ਛਾਂਵਾਂ ਤੋਂ ਬਹੁਤ ਦੂਰ ਜਾ ਚੁੱਕੀਆਂ ਸਨ। ਉਨ੍ਹਾਂ ਕੋਲ ਮੰਜੀ 'ਤੇ ਬੈਠਾ ਬਾਬਾ ਯਾਰੂ ਵਾਣ ਵੱਟ ਰਿਹਾ ਸੀ। ਕੰਧ ਨਾਲ ਟਿਕੇ ਚੁੱਲ੍ਹੇ ਵਿਚ ਅੱਗ ਮੱਚ ਰਹੀ ਸੀ। ਮਾਈ ਬੇਗਾਂ ਪਤੀਲੇ 'ਚ ਕੜਛੀ ਇੰਜ ਮਾਰ ਰਹੀ ਸੀ ਜਿਵੇਂ ਪੱਥਰ ਰਿੰਨ੍ਹ ਰਹੀ ਹੋਵੇ। ਦੋਵੇਂ ਆਪੋ-ਆਪਣੇ ਧੰਦਿਆਂ 'ਚ ਇੰਨੇ ਮਗਨ ਸਨ ਕਿ ਉਨ੍ਹਾਂ ਨੂੰ ਸਾਡੇ ਆਉਣ ਦਾ ਪਤਾ ਤੱਕ ਨਾ ਲੱਗਿਆ। ਅਚਾਨਕ ਮਾਈ ਬੇਗਾਂ ਬੋਲੀਹਾਇ, ਮੈਨੂੰ ਤਾਂ ਬੜਾ ਫਿਕਰ ਹੋ ਰਿਹੈ। ਰੰਗੀ ਨੂੰ ਹੁਣ ਤਾਈਂ ਤਾਂ ਆ ਜਾਣਾ ਚਾਹੀਦਾ ਸੀ।
-ਆ ਜਵੇਗੀ। ਬਾਬਾ ਯਾਰੂ ਬੋਲਿਆ-ਕਿਤੇ ਬਗਾਨੀ ਥਾਂ ਥੋੜ੍ਹੇ ਗਈ ਐ? ਆਪਣੇ ਮਾਲਕਾਂ ਦੇ ਘਰੇ ਹੀ ਤਾਂ ਗਈ ਐ। ਸਮਝ ਆਪਣੇ ਹੀ ਘਰ ਐ। ਜਾਣਦੀ ਨੀ ਮਲਕ ਦੀ ਧੀ ਉਹਦੀ ਕਿੰਨੀ ਪੱਕੀ ਸਹੇਲੀ ਐ? ਉਹ ਚੁੰਨੀ ਯਾਦ ਐ ਜਿਹੜੀ ਉਹਨੇ ਪਿਛਲੇ ਹਾੜ੍ਹ 'ਚ ਰੰਗੀ ਨੂੰ ਦਿੱਤੀ ਸੀ। ਇੰਨਾ ਵਧੀਆ ਰੇਸ਼ਮ ਸੀ ਕਿ ਰੰਗੀ ਉਹਨੂੰ ਤਹਿ ਕਰਦੀ ਗਈ-ਆਖ਼ਰ ਇੰਨੀ ਕੁ ਰਹਿ ਗਈ ਕਿ ਤੇਰੇ ਚਿਮਟੇ ਦੇ ਛੱਲੇ ਵਿਚੋਂ ਦੀ ਪਾਰ ਨਿਕਲ ਗਈ। ਸੌ ਰੁਪਈਆਂ ਦੀ ਤਾਂ ਹੋਵੇਗੀ। ਉਹ ਆਪਣੀ ਇੰਨੀ ਪਿਆਰੀ ਸਹੇਲੀ ਨੂੰ ਮਿਲਣ ਗਈ ਐ। ਫਿਕਰ ਵਾਲੀ ਕਿਹੜੀ ਗੱਲ ਐ? ਰਾਤ ਵੀ ਰਹਿ ਪਵੇ ਤਾਂ ਸਮਝ ਫ਼ਰਿਸ਼ਤਿਆਂ ਦੇ ਘਰ ਮਹਿਮਾਨ ਐ।
ਖ਼ੁਦਾਬਖ਼ਸ਼ ਬੋਲਿਆ-ਮੇਰੇ ਖ਼ਿਆਲ 'ਚ ਸਾਨੂੰ ਵਾਪਸ ਜਾਣਾ ਚਾਹੀਦੈ। ਇਨ੍ਹਾਂ ਵਿਚਾਰਿਆਂ ਨੇ ਦੇਖ ਲਿਆ ਤਾਂ ਖੇਚਲ ਵਿਚ ਪੈ ਜਾਣਗੇ। ਬਸ਼ਕੂ ਕਹਿਣ ਲੱਗਿਆ-ਮਾਈ ਨੂੰ ਚਾਹ ਬਣਾਉਣੀ ਤਾਂ ਉਕਾ ਹੀ ਨਹੀਂ ਆਉਂਦੀ। ਦੁਸ਼ਾਂਦਾ ਜਿਹਾ ਘੋਲ ਕੇ ਰੱਖ ਦਿੰਦੀ ਐ। ਰੰਗੀ ਹੁੰਦੀ ਤਾਂ ਪੀ ਵੀ ਲੈਂਦੇ। ਇਹੋ ਜਿਹੀ ਚਾਹ ਬਣਾਉਂਦੀ ਐ ਕਿ ਨਸ਼ੇ ਆ ਜਾਂਦੇ ਨੇ।
ਖ਼ੁਦਾਬਖ਼ਸ਼ ਦਾ ਹਾਸਾ ਨਿਕਲ ਗਿਆ। ਮਾਈ ਤੇ ਬਾਬੇ ਨੇ ਚੌਂਕ ਕੇ ਦੇਖਿਆ ਤੇ ਉਨ੍ਹਾਂ ਦੇ ਹੱਥਪੈਰ ਫੁੱਲ ਗਏ। ਉਹ ਖ਼ੁਦਾਬਖ਼ਸ਼ ਨੂੰ ਰੁਕਣ, ਬੈਠਣ ਤੇ ਚਾਹ ਪੀਣ ਲਈ ਇੰਜ ਬੇਨਤੀਆਂ ਕਰਨ ਲੱਗੇ, ਜਿਵੇਂ ਜੇ ਖੁਦਾਬਖ਼ਸ਼ ਨੇ ਉਨ੍ਹਾਂ ਦੀ ਗੱਲ ਮੰਨ ਲਈ ਤਾਂ ਉਨ੍ਹਾਂ ਦਾ ਘਰ ਸੋਨੇ ਚਾਂਦੀ ਦੇ ਮਹਿਲ ਵਿਚ ਬਦਲ ਜਾਵੇਗਾ ਤੇ ਬੱਕਰੀਆਂ ਘੋੜੀਆਂ ਬਣ ਜਾਣਗੀਆਂ।
ਖੁਦਾਬਖ਼ਸ਼ ਸਮਝਾਉਣ ਲੱਗਿਆ ਕਿ ਸੂਰਜ ਡੁੱਬਣ ਵਾਲਾ ਹੈ ਅਤੇ ਅਸੀਂ ਦੁਸ਼ਮਣਾਂ ਵਾਲੇ ਲੋਕ ਹਾਂ। ਸੂਰਜ ਡੁੱਬਦਿਆਂ ਹੀ ਸਾਡੀ ਹਵੇਲੀ ਦੀਆਂ ਕੰਧਾਂ 'ਤੇ ਰਫ਼ਲਾਂ ਵਾਲਿਆਂ ਦਾ ਪਹਿਰਾ ਹੁੰਦਾ ਏ। ਤੈਨੂੰ ਤੇ ਪਤਾ ਹੀ ਏ ਬਾਬਾ ਯਾਰੂ, ਜੇ ਮੈਂ ਸ਼ਾਮ ਤੋਂ ਪਹਿਲਾਂ-ਪਹਿਲਾਂ ਘਰ ਨਾ ਪੁੱਜਿਆ ਤਾਂ ਵੱਡੇ ਮਲਕ ਪਰਲੋ ਲਿਆ ਦੇਣਗੇ। ਸਾਡਾ ਬਾਜ਼ ਲਾਲੀ ਦਾ ਸ਼ਿਕਾਰ ਕਰਨ ਆਇਆ ਸੀ। ਸੋਚਿਆ, ਤੈਨੂੰ ਮਿਲਦੇ ਚੱਲੀਏ। ਤੂੰ ਠੀਕ ਏਂ ਨਾ? ਕੋਈ ਤਕਲੀਫ਼ ਤਾਂ ਨਹੀਂ? ਚੰਗਾ ਹੁਣ ਅਰਾਮ ਕਰੋ, ਅਸੀਂ ਚਲਦੇ ਹਾਂ। ਰਕਾਬ 'ਚ ਪੈਰ ਧਰਦਿਆਂ ਫਿਰ ਬੋਲਿਆਰੰਗੀ ਦਾ ਫਿਕਰ ਨਾ ਕਰਨਾ। ਜੇ ਦੇਰ ਹੋ ਗਈ ਤਾਂ ਮੇਰੀ ਭੈਣ ਉਹਨੂੰ ਰੋਕ ਲਵੇਗੀ-ਤੇ ਹੁਣ ਤਾਂ ਦੇਰ ਹੋ ਵੀ ਗਈ ਏ।
ਬਾਬਾ ਯਾਰੂ ਕਹਿਣ ਲੱਗਿਆ-ਅੱਜ ਸਵੇਰੇ-ਸਵੇਰੇ ਉਹਨੂੰ ਝਾੜੀ ਦੀਆਂ ਜੜ੍ਹਾਂ 'ਚ ਉਗੀਆਂ ਕੁਝ ਚੋਂਗਾਂ ਮਿਲੀਆਂ। ਉਹਦੀ ਸਹੇਲੀ ਨੂੰ ਚੋਂਗਾਂ ਬੜੀਆਂ ਪਸੰਦ ਨੇ। ਬੱਸ, ਉਦੋਂ ਤੋਂ ਹੀ ਰਟ ਲਾ ਦਿੱਤੀ ਕਿ ਮੈਂ ਮਲਕਾਂ ਦੀ ਹਵੇਲੀ ਜਾਵਾਂਗੀ। ਕੱਪੜੇ ਧੋਤੇ, ਸੁਕਾ ਕੇ ਪਾਏ ਅਤੇ ਦੁਪਹਿਰੇ ਚੋਂਗਾਂ ਦੀ ਪੋਟਲੀ ਬੰਨ੍ਹ ਤੁਰ ਗਈ। ਉਂਜ ਤਾਂ ਉਹ ਸਿਆਣੀ ਐ; ਪਰ ਸੋਚਦਾਂ ਜੇ ਰਾਹ 'ਚ ਨ੍ਹੇਰਾ ਹੋ ਗਿਆ-ਰੋਹੀ ਬੀਆਬਾਨ ਐ। ਡਰ ਲੱਗਦੈ। ਖ਼ੁਦਾਬਖ਼ਸ਼ ਨੇ ਤਸੱਲੀ ਦਿੱਤੀ-ਸਾਡੀਆਂ ਜ਼ਮੀਨਾਂ 'ਤੇ ਚਿੜੀ ਤੱਕ ਨੂੰ ਵੀ ਖ਼ਤਰਾ ਨਹੀਂ। ਫਿਰ ਰੰਗੀ ਨੂੰ ਕੀ ਡਰ ਏ? ਸਾਰੇ ਜਾਣਦੇ ਨੇ ਕਿ ਰੰਗੀ ਬਾਬਾ ਯਾਰੂ ਦੀ ਧੀ ਏ ਅਤੇ ਸਾਰੇ ਇਹ ਵੀ ਜਾਣਦੇ ਨੇ ਕਿ ਬਾਬਾ ਯਾਰੂ ਕੀਹਦਾ ਬੰਦਾ ਏ-ਤੁਸੀਂ ਉਕਾ ਫ਼ਿਕਰ ਨਾ ਕਰੋ...ਲਓ ਅਸੀਂ ਚੱਲਦੇ ਹਾਂ।
+++
ਮੁੜਦਿਆਂ ਖ਼ੁਦਾਬਖ਼ਸ਼ ਨੇ ਬਾਜ਼ਾਂ ਅਤੇ ਸ਼ਿਕਰਿਆਂ ਬਾਰੇ ਬੇਅੰਤ ਗਿਆਨ ਨਾਲ ਮੈਨੂੰ ਲੱਦ ਦਿੱਤਾ। ਮੇਰੇ ਸ਼ੌਂਕ ਦਾ ਖਿਆਲ ਰੱਖਦਿਆਂ ਉਹਨੇ ਖ਼ੁਸ਼ਹਾਲ ਖਾਂ ਖੱਟਕ ਅਤੇ ਅਲਾਮਾ ਇਕਬਾਲ ਦੇ ਬਾਜ਼ਾਂ ਦਾ ਵੀ ਜ਼ਿਕਰ ਕੀਤਾ ਅਤੇ ਕਈ ਪੁਰਾਣੇ ਬਾਦਸ਼ਾਹਾਂ ਦੇ ਸਿੱਕਿਆਂ, ਤਲਵਾਰਾਂ ਦੇ ਦਸਤਿਆਂ ਅਤੇ ਚੋਗਿਆਂ ਦੇ ਬਟਣਾਂ ਉਤੇ ਬਾਜ਼ਾਂ ਦੀਆਂ ਤਸਵੀਰਾਂ ਬਾਰੇ ਦੱਸ ਕੇ ਸਾਬਤ ਕੀਤਾ ਕਿ ਬਾਜ਼ ਸ਼ਾਹੀ ਪੰਛੀ ਹੈ। ਅੰਤ ਵਿਚ ਉਹਨੇ ਇਕ ਲਾਜਵਾਬ ਦਲੀਲ ਦਿੱਤੀ-ਤੂੰ ਅੱਜ ਤੀਕ ਕਦੀ ਨਹੀਂ ਸੁਣਿਆ ਹੋਣਾ ਕਿ ਕਦੀ ਕਿਸੇ ਗਰੀਬ ਆਦਮੀ ਨੇ ਬਾਜ਼ ਪਾਲਿਆ ਹੋਵੇ।
-ਗਰੀਬ ਆਦਮੀ ਤਾਂ ਲਾਲੀਆਂ ਪਾਲਦੇ ਨੇ...ਮੈਂ ਆਖਿਆ।
ਖ਼ੁਦਾਬਖ਼ਸ਼ ਮੇਰੇ ਵਿਅੰਗ ਦਾ ਕੁਝ ਜਵਾਬ ਦੇਣ ਹੀ ਲੱਗਿਆ ਸੀ ਕਿ ਉਹਨੇ ਆਪਣੇ ਘੋੜੇ ਦੀ ਲਗਾਮ ਖਿੱਚ ਲਈ। ਕਿੱਕਰਾਂ ਦੇ ਜ਼ਖ਼ੀਰੇ ਦੇ ਮੋੜ 'ਤੇ ਇਕ ਦਮ ਇਕ ਮੁਟਿਆਰ ਸਾਡੇ ਸਾਹਮਣੇ ਆ ਗਈ। ਉਹ ਰੰਗੀ ਸੀ। ਪਤਾ ਨਹੀਂ ਉਹਦਾ ਅਸਲੀ ਨਾਂ ਕੀ ਸੀ, ਪਰ ਮੈਨੂੰ ਜਾਪਿਆ ਜਿਵੇਂ ਉਹ ਰੰਗਾਂ ਦਾ ਕੋਈ ਸੁਮੇਲ ਹੋਵੇ। ਸੱਤ ਰੰਗਾਂ 'ਚੋਂ ਇਕ ਵੀ ਰੰਗ ਅਜਿਹਾ ਨਹੀਂ ਸੀ ਜਿਸ ਤੋਂ ਉਹ ਦਾ ਵਜੂਦ ਸੱਖਣਾ ਹੋਵੇ। ਉਹਦੀਆਂ ਅੱਖਾਂ, ਵਾਲਾਂ, ਚਿਹਰੇ ਅਤੇ ਬੁੱਲ੍ਹੀਆਂ ਤੋਂ ਜਿਹੜੇ ਰੰਗ ਬਚ ਗਏ ਸਨ, ਉਹ ਉਹਦੀ ਤਹਿਮਤ, ਕੁੜਤੇ ਅਤੇ ਚੁੰਨੀ ਵਿਚ ਸਮੋ ਗਏ ਸਨ। ਉਸ ਸਮੇਂ ਸੂਰਜ ਦੇਵਤਾ ਸਪਾਟ ਮੈਦਾਨ ਦੇ ਪਰਲੇ ਸਿਰੇ ਉਤੇ ਠੋਡੀ ਟਿਕਾਈ ਜਿਵੇਂ ਧਰਤੀ-ਮਾਤਾ ਦੇ ਆਖ਼ਰੀ ਦਰਸ਼ਨ ਕਰ ਰਿਹਾ ਸੀ। ਅਸਮਾਨ ਦੇ ਵਿਚਕਾਰ ਕੁਝ ਬੱਦਲ-ਟੁਕੜੀਆਂ ਹੁਣ ਤੋਂ ਹੀ ਗੁਲਾਬੀ ਹੋ ਗਈਆਂ ਸਨ ਅਤੇ ਇਹ ਗੁਲਾਬ ਕਿੱਕਰਾਂ ਦੇ ਉਸ ਮੋੜ 'ਤੇ ਝਰ ਪਿਆ ਸੀ। ਜੇ ਇਕ ਬੇਰੰਗ ਚਪਲੀ 'ਚੋਂ ਬਾਹਰ ਦਿਸਦੇ ਰੰਗੀ ਦੇ ਪੈਰਾਂ ਦੇ ਨਹੁੰ ਟੁੱਟੇ ਹੋਏ ਨਾ ਹੁੰਦੇ ਤਾਂ ਉਹਨੂੰ ਇਸ ਧਰਤੀ ਦੀ ਵਸਨੀਕ ਆਖਣ ਲਈ ਮੈਨੂੰ ਆਪਣੇ ਆਪ ਨਾਲ ਖਾਸੀ ਲੰਮੀ ਲੜਾਈ ਲੜਨੀ ਪੈਣੀ ਸੀ। ਮੈਨੂੰ ਜਾਪਿਆ ਕਿ ਕੱਟੜ ਤੋਂ ਕੱਟੜ ਕਾਫ਼ਰ ਨੂੰ ਵੀ ਰੰਗੀ ਦੀ ਇਕ ਝਲਕ ਦਿਖਾ ਕੇ ਉਹਨੂੰ ਅਜਿਹੇ ਖੁਦਾ ਦਾ ਕਾਇਲ ਕੀਤਾ ਜਾ ਸਕਦਾ ਹੈ, ਜਿਹੜਾ ਇਸ ਕਾਇਨਾਤ ਦਾ ਸਿਰਜਣਹਾਰ ਹੈ। ਇਹ ਕੁਝ ਮੈਂ ਇਕ ਛਿਣ ਵਿਚ ਸੋਚਿਆ ਜਿਸ ਵਿਚ ਬੱਸ ਇੰਨਾ ਹੋਇਆ ਕਿ ਖ਼ੁਦਾਬਖ਼ਸ਼ ਨੇ ਘੋੜੇ ਦੀ ਲਗਾਮ ਖਿੱਚੀ ਤੇ ਰੰਗੀ ਠਠੰਬਰ ਕੇ ਖਲੋ ਗਈ। ਬਸ਼ਕੂ ਪਿਛਿਓਂ ਨੱਸਿਆ ਆਇਆ ਤੇ ਬੋਲਿਆ-ਦੇਖਿਆ ਛੋਟੇ ਮਲਕ, ਰੰਗੀ ਕੇਡੀ ਮੂਰਖ ਐ? ਨੀ ਇਹ ਵੀ ਕੋਈ ਵੇਲੈ ਇੰਨੇ ਲੰਮੇ ਸਫ਼ਰ ਦਾ? ਮਾਲਕਿਆਣੀ ਨੇ ਨਹੀਂ ਰੋਕਿਆ ਤੈਨੂੰ...? -ਚੱਲ ਮੁੜ...ਖੁਦਾਬਖ਼ਸ਼ ਨੇ ਬੜੀ ਅਪਣਤ ਨਾਲ ਹੁਕਮ ਦਿੱਤਾ...ਜਿਹੜੇ ਸਾਡੇ ਦੁਸ਼ਮਣ ਨੇ, ਉਹ ਸਾਡੇ ਮੁਜਾਰਿਆਂ ਦੇ ਵੀ ਦੁਸ਼ਮਣ ਨੇ ਤੇ ਸਾਡੇ ਦੁਸ਼ਮਣ ਬੇਸ਼ਮਾਰ ਨੇ। ਸੂਰਜ ਛਿਪ ਰਿਹਾ ਹੈ, ਰਾਤ ਵੀ ਚੰਨ ਚਾਨਣੀ ਨਹੀਂ। ਏਡੀ ਲੰਮੀ ਸੁਨਸਾਨ ਰੋਹੀ ਏ ਤੇ ਇਹ ਤੁਰ ਪਈ ਏ ਇਸ ਵੇਲੇ। ਚੱਲ ਮੁੜ। ਮੈਂ ਜਾ ਕੇ ਆਪਣੀ ਭੈਣ ਦੀ ਖ਼ਬਰ ਲੈਂਦਾ ਹਾਂ, ਬਈ ਇਹੋ ਜਿਹਾ ਸਲੂਕ ਕਰੀਦੈ ਆਪਣੀ ਸਹੇਲੀ ਨਾਲ। ਗਰੀਬ ਸਹੀ ਪਰ ਕੀ ਇਨਸਾਨ ਨਹੀਂ ਰੰਗੀ? ਚੱਲ ਰੰਗੀ। ਰੰਗੀ ਸਿਰਫ਼ ਦੋ ਬੋਲ ਬੋਲੀ, ਪਰ ਉਨ੍ਹਾਂ ਨੇ ਉਹਦੇ ਹੁਸਨ 'ਚ ਜਿਵੇਂ ਇਕ ਛਣਕਾਰ ਜਿਹੀ ਪੈਦਾ ਕਰ ਦਿੱਤੀ-ਬਾਬਾ ਵਿਚਾਰਾ...।
-ਅਸੀਂ ਸਮਝਾ ਆਏ ਹਾਂ ਬਾਬੇ ਨੂੰ...ਖੁਦਾਬਖ਼ਸ਼ ਫੌਰਨ ਬੋਲਿਆ...ਅਸੀਂ ਕਹਿ ਦਿੱਤਾ ਸੀ ਕਿ ਜੇ ਰੰਗੀ ਸਾਨੂੰ ਪਿੰਡ ਲਾਗੇ ਮਿਲ ਪਈ ਤਾਂ ਉਹਨੂੰ ਵਾਪਸ ਹਵੇਲੀ 'ਚ ਲੈ ਜਾਵਾਂਗੇ। ਇਹੋ ਜਿਹੇ ਸਮੇਂ ਰੋਹੀਆਂ 'ਚ ਨਹੀਂ ਨਿਕਲੀਦਾ ਝੱਲੀਏ! ਜ਼ਮਾਨਾ ਬੜਾ ਖ਼ਰਾਬ ਏ। ਚੱਲ।
ਰੰਗੀ ਸਾਡੇ ਨਾਲ ਤੁਰ ਪਈ। ਪਿੰਡ ਪੁੱਜ ਉਹ ਬਸ਼ਕੂ ਨਾਲ ਹਵੇਲੀ ਚਲੀ ਗਈ ਅਤੇ ਅਸੀਂ ਚੁਪਾਲ 'ਤੇ ਆ ਗਏ। ਰਾਤ ਦੀ ਰੋਟੀ ਖਾਣ ਪਿਛੋਂ ਵੱਡੇ ਮਲਕ ਸਾਹਿਬ ਨੇ ਮੈਥੋਂ ਬਾਜ਼ ਦੇ ਸ਼ਿਕਾਰ ਬਾਰੇ ਪੁੱਛਿਆ ਅਤੇ ਫਿਰ ਕਾਫ਼ੀ ਦੇਰ ਤੀਕ ਬਾਜ਼ਾਂ, ਸ਼ਿਕਰਿਆਂ, ਕੁੱਤਿਆਂ ਅਤੇ ਘੋੜਿਆਂ ਦੀਆਂ ਗੱਲਾਂ ਕਰਦੇ ਰਹੇ। ਮੈਂ ਖ਼ੁਦਾਬਖ਼ਸ਼ ਦੇ ਕੰਨ 'ਚ ਆਖਿਆਤੁਹਾਡੇ ਘਰ ਸ਼ਿਕਰਿਆਂ ਤੇ ਕੁੱਤਿਆਂ ਵਰਗੀਆਂ ਹੀ ਗੱਲਾਂ ਹੁੰਦੀਆਂ ਨੇ। ਇਨਸਾਨਾਂ ਵਰਗੀਆਂ ਨਹੀਂ ਹੁੰਦੀਆਂ?
-ਉਏ ਚੁੱਪ ਰਹੁ, ਨਹੀਂ ਤਾਂ ਅੱਬਾ ਫੜ ਕੇ ਸਕੀਨ ਬਣਾ ਦੇਣਗੇ।
ਵੱਡੇ ਮਲਕ ਉਠ ਕੇ ਚਲੇ ਗਏ ਤਾਂ ਛੋਟੇ ਮਲਕ ਦੀ ਗੱਪਾਂ ਮਾਰਨ ਦੀ ਵਾਰੀ ਆਈ। ਉਹ ਬਹੁਤਾ ਸਮਾਂ ਆਪਣੇ ਲਾਰੰਸ ਆਫ਼ ਥਲੇਬੀਆ ਦੀਆਂ ਸਿਫ਼ਤਾਂ ਦੇ ਹੀ ਪੁਲ ਬੰਨ੍ਹਦਾ ਰਿਹਾ। ਇਕ ਵਾਰ ਬਸ਼ਕੂ ਨੇ ਆ ਉਨ੍ਹਾਂ ਨੂੰ ਕੋਈ ਗੱਲ ਆਖੀ ਤੇ ਉਹ ਰੁਕ ਗਿਆ; ਉਦੋਂ ਸਰੋਤਿਆਂ ਨੂੰ ਦਾਦ ਦੇਣ ਦਾ ਮੌਕਾ ਮਿਲਿਆ-ਬਾਬਾ ਰਹਿਮਾਨ ਆਖਦਾ ਏ ਕਿ ਉਹ ਸੌ ਸਾਲ ਦਾ ਹੋਣ ਲੱਗਿਆ ਏ, ਪਰ ਅੱਜ ਤੀਕ ਉਹਨੇ ਇਸ ਬਲਾ ਦਾ ਬਾਜ਼ ਨਹੀਂ ਦੇਖਿਆ। ਉਹ ਕਹਿੰਦੈ ਕਿ ਛੋਟੇ ਮਲਕ ਦਾ ਬਾਜ਼, ਬਾਜ਼ਾਂ ਦਾ ਬੱਬਰ ਸ਼ੇਰ ਹੈ।
+++
ਜਦੋਂ ਖ਼ੁਦਾਬਖ਼ਸ਼ ਹਵੇਲੀ 'ਚ ਚਲਿਆ ਗਿਆ ਅਤੇ ਬਸ਼ਕੂ ਵੀ ਮੇਰਾ ਬਿਸਤਰਾ ਵਿਛਾ, ਤਿਪਾਈ 'ਤੇ ਪਾਣੀ ਦਾ ਜੱਗ ਰੱਖ ਤੁਰ ਗਿਆ ਤਾਂ ਮੈਂ ਪਲੰਘ 'ਤੇ ਪੈ ਗਿਆ। ਅਸਮਾਨ ਇੰਨਾ ਸਾਫ ਸੀ ਕਿ ਸਾਂਵਲਾ ਜਾਪ ਰਿਹਾ ਸੀ। ਤਾਰੇ ਇੰਨੇ ਬੇਸ਼ੁਮਾਰ ਸਨ ਕਿ ਤੱਕਦਿਆਂ ਸਿਰ ਚਕਰਾਉਂਦਾ ਸੀ। ਸਾਰਾ ਪਿੰਡ ਸੰਨਾਟੇ ਦੀ ਲਪੇਟ 'ਚ ਸੀ। ਰਾਤ ਦਾ ਪਹਿਲਾ ਪਹਿਰ ਹੋਣ ਕਰ ਕੇ ਕੁੱਤੇ ਤੀਕ ਵੀ ਸੌਂ ਗਏ ਸਨ। ਸਿਰਫ਼ ਬੀਂਡੇ ਜਾਗ ਰਹੇ ਸਨ, ਪਰ ਬੀਂਡਿਆਂ ਦੀ ਆਵਾਜ਼ ਵੀ ਤਾਂ ਸੰਨਾਟੇ ਦਾ ਹੀ ਹਿੱਸਾ ਹੁੰਦੀ ਹੈ।
ਉਦੋਂ ਰੰਗੀ ਦਾ ਸਾਰਾ ਵਜੂਦ ਮੇਰੇ ਸਾਹਮਣੇ ਆ ਖਲੋਤਾ, ਇਸ ਤਣਾਓ ਤੇ ਯਕੀਨ ਨਾਲ ਜਿਵੇਂ ਉਹ ਕਹਿ ਰਹੀ ਹੋਵੇ-ਲੱਭ ਜੇ ਕੋਈ ਨੁਕਸ ਲੱਭ ਸਕਦਾ ਏਂ ਤਾਂ...। ਮੈਂ ਰੰਗੀ ਦੇ ਇਸ ਵਜੂਦ ਨੂੰ, ਜਿਸ ਨੂੰ ਮੈਂ ਸ਼ਾਮ ਦੇ ਇਕ ਗੁਲਾਬੀ ਪਲ ਵਿਚ ਆਪਣੇ ਜ਼ਿਹਨ 'ਚ ਸਾਂਭ ਲਿਆ ਸੀ, ਹਰ ਪਾਸਿਓਂ ਜਾਚਿਆ। ਫਿਰ ਆਖਿਆ-ਰੰਗੀ ਤੇਰੇ 'ਚ ਇਕ ਨੁਕਸ ਤਾਂ ਹੈ ਹੀ। ਉਹ ਇਹ ਕਿ ਤੂੰ ਇਨਸਾਨ ਏਂ ਅਤੇ ਇਨਸਾਨ ਬੜੀ ਕਮਜ਼ੋਰ ਦੁਨੀਆਂ ਹੈ।
ਚੁਪਾਲ ਦੇ ਹੇਠਲੇ ਵਿਹੜੇ ਵਾਲੀ ਕਿੱਕਰ 'ਤੇ ਬੈਠੀਆਂ ਚਿੜੀਆਂ ਨੇ ਚੀਕ ਚਿਹਾੜਾ ਪਾਇਆ ਤੇ ਮੇਰੀ ਜਾਗ ਖੁੱਲ੍ਹ ਗਈ। ਕੋਲ ਹੀ ਫ਼ਜਰ ਦੀ ਨਿਮਾਜ਼ ਦੀਆਂ ਤਿਆਰੀਆਂ ਹੋ ਰਹੀਆਂ ਸਨ। ਕੋਈ ਉਚੀ ਆਵਾਜ਼ ਵਿਚ ਤਕਬੀਰ ਪੜ੍ਹ ਰਿਹਾ ਸੀ। ਸਵੇਰ ਦੇ ਨਿੰਮੇ-ਨਿੰਮੇ ਚਾਨਣ ਵਿਚ ਮਸੀਤ ਦੇ ਮੁਨਾਰੇ ਅਸਮਾਨ ਦੇ ਪਿਛੋਕੜ ਵਿਚ ਹਰਕਤ ਕਰਦੇ ਦਿਖਾਈ ਦੇ ਰਹੇ ਸਨ। ਫਿਰ ਇਕ ਮੁਨਾਰੇ ਦੇ ਕਲਸ ਉਤੇ ਇੱਲ ਆ ਉਤਰੀ। ਉਹਨੂੰ ਆਪਣਾ ਤੋਲ ਕਾਇਮ ਰੱਖਣ ਲਈ ਕਿੰਨੀ ਦੇਰ ਖੰਭਾਂ ਨੂੰ ਵਾਰ-ਵਾਰ ਖਿਲਾਰਨਾ ਪਿਆ। ਫਿਰ ਵੀ ਜਦੋਂ ਟਿਕ ਨਾ ਸਕੀ ਤਾਂ ਉਡ ਗਈ।
-ਮੂੰਹ ਹਨੇਰੇ ਹੀ ਇਹ ਇੱਲ ਕਿਧਰੋਂ ਆ ਢੁਕੀ? ਮੈਂ ਸੋਚਿਆ। ਫਿਰ ਆਪ ਹੀ ਜਿਵੇਂ ਜਵਾਬ ਦਿੱਤਾ-ਜਿਧਰੋਂ ਇਹ ਚਿੜੀਆਂ ਆਈਆਂ ਨੇ। ਸੂਰਜ ਹਾਲੀਂ ਨਿਕਲਿਆ ਨਹੀਂ ਸੀ, ਜਦੋਂ ਬਸ਼ਕੂ ਮੇਰੇ ਲਈ ਮਲਾਈ ਲੱਦਿਆ ਦੁੱਧ ਦਾ ਗਲਾਸ ਲੈ ਆਇਆ। ਗੁਸਲਖਾਨੇ ਵਿਚੋਂ ਮੂੰਹ 'ਤੇ ਪਾਣੀ ਦੇ ਛਿੱਟੇ ਮਾਰ ਜਦੋਂ ਮੈਂ ਬਾਹਰ ਆਇਆ ਤਾਂ ਖੁਦਾਬਖ਼ਸ਼, ਚੁਪਾਲ ਦੀਆਂ ਪੌੜੀਆਂ ਚੜ੍ਹ ਰਿਹਾ ਸੀ।
ਉਹ ਆਖਣ ਲਗਿਆ-ਚੱਲ ਜ਼ਰਾ ਜ਼ਖ਼ੀਰੇ ਤੀਕਰ ਘੁੰਮ ਆਈਏ। ਵਾਅਦਾ ਰਿਹਾ ਕਿ ਅੱਜ ਮੈਂ ਤੇਰੇ ਨਾਲ ਇਨਸਾਨਾਂ ਦੀਆਂ ਗੱਲਾਂ ਕਰਾਂਗਾ। -ਚੱਲ। ਮੈਂ ਆਖਿਆ, ਪਰ ਪੌੜੀਆਂ 'ਤੇ ਹੀ ਰੁਕ, ਪੁੱਛਿਆ-ਸੁਣ, ਰੰਗੀ ਚਲੀ ਗਈ? ਖ਼ੁਦਾਬਖ਼ਸ਼ ਨੂੰ ਇੰਨਾ ਜ਼ੋਰਦਾਰ ਹਾਸਾ ਆਇਆ ਕਿ ਉਹ ਹੱਸਦਾ-ਹੱਸਦਾ ਮੇਰੇ ਪਲੰਘ 'ਤੇ ਆ ਡਿਗਿਆ।
-ਆਖਰ ਪੱਥਰ 'ਚ ਵੀ ਜੋਕ ਲੱਗ ਹੀ ਗਈ। ਠਹਾਕਿਆਂ ਵਿਚਕਾਰ ਉਹ ਆਪਣੇ ਪੱਟਾਂ 'ਤੇ ਥਾਪੀਆਂ ਮਾਰ-ਮਾਰ ਕਹਿੰਦਾ ਗਿਆ-ਬਰਫ਼ ਦੀ ਤਹਿ ਬਹੁਤ ਮੋਟੀ ਸੀ, ਪਰ ਅੰਤ ਨੂੰ ਟੁੱਟੀ ਤਾਂ ਸਹੀ। ਫਿਰ ਉਹਨੇ ਮੈਨੂੰ ਗਲਵਕੜੀ ਪਾ ਲਈਯਾਰ, ਮੈਨੂੰ ਤੇਰੇ ਨਾਲ ਇਕਦਮ ਬਹੁਤ ਸਾਰਾ ਪਿਆਰ ਆ ਗਿਆ ਹੈ। ਮੈਂ ਤਾਂ ਸਮਝਦਾ ਸੀ ਤੂੰ ਨਿਰਾ ਉਲੂ ਏਂ...ਜ਼ੋਰ ਨਾਲ ਸਾਹਾਂ 'ਤੇ ਕਾਬੂ ਪਾ ਬੋਲਿਆ-ਰੰਗੀ ਇੰਜ ਕਿਵੇਂ ਜਾ ਸਕਦੀ ਏ? ਲੱਸੀ ਪੀਵੇਗੀ, ਪਰਾਉਂਠਾ ਖਾਵੇਗੀ। ਉਹਦੀ ਸਹੇਲੀ ਉਹਨੂੰ ਇੰਜ ਕਿਵੇਂ ਜਾਣ ਦੇਵੇਗੀ। ਅੰਮੀ ਬਿਮਾਰ ਨਾ ਹੁੰਦੀ ਤਾਂ ਰੰਗੀ ਨੂੰ ਮੇਰੀ ਭੈਣ ਨੇ ਆਪਣੇ ਕਮਰੇ 'ਚ ਪਾਉਣਾ ਸੀ। ਅਜੇ ਤਾਂ ਉਹ ਉਠੀ ਵੀ ਨਹੀਂ ਹੋਣੀ। ਫਿਰ ਜ਼ਰਾ ਰੁਕ ਕੇ ਕਹਿਣ ਲੱਗਿਆਜਦੋਂ ਜਾਣ ਲੱਗੀ ਤੈਨੂੰ ਦਿਖਾ ਦਿਆਂਗਾ; ਸਗੋਂ ਅੱਜ ਸ਼ਾਮ ਦੀ ਚਾਹ ਬਾਬਾ ਯਾਰੂ ਕੋਲ ਹੀ ਕਿਉਂ ਨਾ ਪੀਵੀਏ?
-ਛੋਟੇ ਮਾਲਕ!! ਬਸ਼ਕੂ ਚੀਕਿਆ ਤੇ ਇੰਨੀ ਤੇਜ਼ੀ ਨਾਲ ਨੱਸਿਆ ਆਇਆ ਕਿ ਕਿੱਕਰ ਤੋਂ ਸਾਰੀਆਂ ਚਿੜੀਆਂ ਇਕਦਮ ਉਡ ਗਈਆਂ।
-ਕੀ ਏ? ਅੰਮੀ ਤਾਂ ਠੀਕ ਏ ਨਾ?
ਖ਼ੁਦਾਬਖ਼ਸ਼ ਨੇ ਘਬਰਾ ਕੇ ਪੁੱਛਿਆ।
-ਜੀ, ਉਹ ਤਾਂ ਠੀਕ ਨੇ-ਪਰ...ਬਸ਼ਕੂ ਦੀਆਂ ਅੱਖਾਂ ਪਾਟਦੀਆਂ ਜਾ ਰਹੀਆਂ ਸਨ, ਨਾਸਾਂ ਫੁੱਲ ਰਹੀਆਂ ਸਨ ਤੇ ਮੂੰਹ ਇਕਦਮ ਖੁੱਲ੍ਹਿਆ ਹੋਇਆ ਸੀ।
-ਪਰ ਕੀ?...ਕੁਝ ਬਕ ਵੀ...। ਖੁਦਾ ਬਖ਼ਸ਼ ਨੇ ਉਹ ਨੂੰ ਡਾਂਟਿਆ।
ਅਤੇ ਬਸ਼ਕੂ ਨੇ ਦੁਨੀਆਂ ਦੇ ਸਭ ਤੋਂ ਵੱਡੇ ਹਾਦਸੇ ਦੀ ਖ਼ਬਰ ਸੁਣਾਈ-ਕਿਸੇ ਨੇ ਤੁਹਾਡੇ ਲਾਰੰਸ ਦੀ ਗਰਦਨ ਮਰੋੜ ਸੁੱਟੀ ਏ। ਉਹ ਮਰਿਆ ਪਿਆ ਹੈ।
ਖ਼ੁਦਾਬਖ਼ਸ਼ ਜਿਵੇਂ ਬੇ-ਹਰਕਤ ਹੋ ਗਿਆ। ਕਾਫ਼ੀ ਦੇਰ ਪਿੱਛੋਂ ਚੀਕਿਆ-ਰੰਗੀ ਨੂੰ ਲਿਆ ਇੱਥੇ।
ਬਸ਼ਕੂ ਵਾਪਸ ਨੱਸਿਆ ਤਾਂ ਮੈਂ ਖ਼ੁਦਾਬਖ਼ਸ਼ ਨੂੰ ਪੁੱਛਿਆ-ਰੰਗੀ ਨੂੰ ਬੁਲਾਣ ਦਾ ਕੀ ਮਤਲਬ ਏ?
-ਹੈ ਇਕ ਮਤਲਬ। ਖ਼ੁਦਾਬਖ਼ਸ਼ ਨੇ ਆਖਿਆ।
ਮਾਮਲਾ ਗੰਭੀਰ ਸੀ, ਇਸ ਲਈ ਮੈਂ ਚੁੱਪ ਹੋ ਗਿਆ।
ਬਸ਼ਕੂ ਨੇ ਫ਼ੌਰਨ ਵਾਪਸ ਆ ਦੱਸਿਆਰੰਗੀ ਤਾਂ ਮੂੰਹ-ਹਨੇਰੇ ਹੀ ਚਲੀ ਗਈ ਛੋਟੇ ਮਲਕ। ਤੇ ਖ਼ੁਦਾਬਖ਼ਸ਼ ਆਪਣੀਆਂ ਲਹੂ-ਲੁਹਾਣ ਅੱਖਾਂ ਮੇਰੇ 'ਤੇ ਗੱਡ ਆਖਣ ਲੱਗਿਆ-ਦੇਖਿਆ, ਮੈਂ ਨਹੀਂ ਕਹਿੰਦਾ ਸਾਂ? ਮੇਰੇ ਬਾਜ਼ ਨੂੰ ਉਸੇ ਕਮੀਨੀ ਨੇ ਮਾਰ ਘੱਤਿਆ ਏ। ਰਾਤ ਉਹ ਵਾਰ-ਵਾਰ ਇਹੀ ਰਟ ਲਾਈ ਜਾਂਦੀ ਸੀ ਕਿ ਮੈਂ ਤੈਨੂੰ ਮਾਰ ਸੁੱਟਾਂਗੀ। ਮੈਂ ਆਖਿਆ ਸੀ-ਲਾਲੀਆਂ ਬਾਜ਼ਾਂ ਨੂੰ ਨਹੀਂ ਮਾਰ ਸਕਦੀਆਂ ਮੂਰਖ!...ਉਹਨੇ ਹੀ ਮਾਰਿਆ ਏ ਮੇਰੇ ਲਾਰੰਸ ਨੂੰ। ਮੈਨੂੰ ਪਤਾ ਏ ਇਹ ਕਤਲ ਉਸੇ ਕਮਜਾਤ, ਉਸੇ ਕੰਗਲੀ ਨੇ ਕੀਤਾ ਏ। ਮੈਂ ਉਹਦੀ ਖੱਲ ਲਾਹ ਦਿਆਂਗਾ। ਮੈਂ ਉਹਦੀ...।
ਰੁਕੇ ਹੂਏ ਹੈਂ ਜੋ ਦਰਿਆ, ਉਨ੍ਹੇਂ ਰੁਕਾ ਨਾ ਸਮਝ
ਕਲੇਜਾ ਕਾਟ ਕੇ ਨਿਕਲੇਂਗੇ ਕੋਹਸਾਰੋਂ ਕਾ।

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਅਹਿਮਦ ਨਦੀਮ ਕਾਸਮੀ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ