Lekhai Chhod Alekhe Chhooteh (Punjabi Story) : Sant Singh Sekhon

ਲੇਖੈ ਛੋਡ ਅਲੇਖੇ ਛੂਟਹਿ (ਕਹਾਣੀ) : ਸੰਤ ਸਿੰਘ ਸੇਖੋਂ

ਰਮਜ਼ਾਨ ਨੂੰ ਪੁੱਤਰ ਦੀਆਂ ਸੁੰਨਤਾਂ ਬਿਠਾਣ ਸਮੇਂ ਰੁਪਿਆਂ ਦੀ ਸਖ਼ਤ ਲੋੜ ਆ ਗਈ ਤਾਂ ਮਹਿੰਗਾ ਸਿੰਘ ਦੁਕਾਨਦਾਰ ਪਾਸੋਂ ਉਸ ਨੇ ਵੀਹ ਰੁਪਏ ਕਰਜ਼ ਚੁੱਕ ਲਏ। ਰਮਜ਼ਾਨ ਇਤਨੇ ਕੁ ਰੁਪਿਆਂ ਲਈ ਆਪਣੇ ਕਿਸੇ ਸ਼ਰੀਕ ਭਾਈ ਜਾਂ ਸਬੰਧੀ ਦਾ ਦੇਣਦਾਰ ਨਹੀਂ ਸੀ ਹੋਣਾ ਚਾਹੁੰਦਾ ਤੇ ਉਸ ਨੇ ਅੱਲਾ ਤਾਅਲਾ ਦਾ ਲੱਖ ਲੱਖ ਸ਼ੁਕਰ ਗੁਜ਼ਾਰਿਆ ਜਿਸ ਨੇ ਮਹਿੰਗਾ ਸਿੰਘ ਦੇ ਮਨ ਵਿਚ ਦਇਆ ਪਾ ਕੇ ਉਸ ਦੀ ਲੋੜ ਪੂਰੀ ਕਰ ਦਿੱਤੀ। ਹੁਣ ਰਮਜ਼ਾਨ ਦੀ ਜ਼ਬਾਨ ਉਤੇ ਸਿਆਣਿਆਂ ਦਾ ਇਹ ਕਥਨ ਮੁੜ-ਮੁੜ ਆ ਰਿਹਾ ਸੀ ਕਿ ਗੁਰੂ ਬਿਨਾਂ ਗਤ ਨਹੀਂ ਤੇ ਸ਼ਾਹ ਬਿਨਾਂ ਪਤ ਨਹੀਂ। ਗੁਰੂ ਦੀ ਗਤ ਦੀ ਲੋੜ ਤਾਂ ਉਸ ਨੂੰ ਇਸ ਜੀਵਨ ਵਿਚ ਬਹੁਤੀ ਮਹਿਸੂਸ ਨਹੀਂ ਸੀ ਹੋਈ ਤੇ ਜੇ ਹੋਈ ਵੀ ਸੀ ਤਾਂ ਉਹ ਉਸ ਦੀ ਇਕ ਦੀਨਦਾਰ ਮੁਸਲਮਾਨ ਘਰ ਵਿਚ ਪੈਦਾ ਹੋਣ ਨਾਲ ਆਪਣੇ ਆਪ ਹੀ ਪੂਰੀ ਹੋ ਗਈ ਹੋਈ ਸੀ। ਜੇ ਕਦੇ ਇਸ ਉਤੇ ਕੁਝ ਹੋਰ ਤਸੱਲੀ ਦੀ ਲੋੜ ਪੈਂਦੀ ਤਾਂ ਕਿਸੇ ਸਮੇਂ ਵੀ ਪੀਰਾਂ ਮੁਰਸ਼ਦਾਂ ਦੀ ਥੁੜ੍ਹ ਨਹੀਂ ਸੀ ਰਹੀ, ਸਗੋਂ ਕਈ ਵਾਰੀ ਤਾਂ ਉਸ ਨੂੰ ਇਸ ਤਰ੍ਹਾਂ ਮਹਿਸੂਸ ਹੋਇਆ ਸੀ ਕਿ ਪਤਾ ਨਹੀਂ ਕਿੰਨੀਵੀਂ ਪੀੜ੍ਹੀ ਤੋਂ ਨੁਸ਼ਹਿਰੇ ਵਾਲੇ ਪੀਰ ਉਸ ਦੇ ਖ਼ਾਨਦਾਨ ਨੂੰ ਚੰਬੜੇ ਹੋਏ ਸਨ ਤੇ ਜਿਉਂ ਜਿਉਂ ਉਸ ਦੇ ਗ਼ਰੀਬ ਕਿਰਸਾਣੇ ਖ਼ਾਨਦਾਨ ਦੀ ਪੁਸ਼ਤ ਅੱਗੇ ਚੱਲਦੀ ਰਹੀ ਸੀ, ਇਸ ਪੀਰ ਖ਼ਾਨਦਾਨ ਦਾ ਵਾਧਾ ਵੀ ਨਾਲ ਹੁੰਦਾ ਆਇਆ ਸੀ।

ਪਰ ਸ਼ਾਹੂਕਾਰ ਦੀ ਲੋੜ ਕੁਝ ਹੋਰ ਭਾਂਤ ਦੀ ਲੋੜ ਸੀ। ਇਹ ਇਤਨੀ ਡਾਢੀ ਹੁੰਦੀ ਸੀ, ਜਦੋਂ ਆ ਪੈਂਦੀ ਸਭ ਅਗਲੀਆਂ ਪਿਛਲੀਆਂ ਭੁੱਲ ਜਾਂਦੀਆਂ ਸਨ। ਅੰਗਰੇਜ਼ਾਂ ਦੇ ਆਉਣ ਤੋਂ ਪਿੱਛੋਂ ਦੀ ਗੱਲ ਸੀ ਕਿ ਉਸ ਦੇ ਪਿੰਡ ਦੀ ਜ਼ਮੀਨ ਦਾ ਸੋਲ੍ਹਵਾਂ ਹਿੱਸਾ ਝਾਬੇ ਦੇ ਸ਼ਾਹੂਕਾਰਾਂ ਪਾਸ ਚਲਾ ਗਿਆ ਸੀ ਤੇ ਜੇ ਅੰਗਰੇਜ਼ਾਂ ਨੂੰ ਸਮੇਂ ਸਿਰ ਸੁਰਤ ਨਾ ਆ ਜਾਂਦੀ ਤਾਂ ਕੀ ਬਾਕੀ ਦੀ ਭੋਇੰ ਵੀ ਉਨ੍ਹਾਂ ਸ਼ਾਹੂਕਾਰਾਂ ਦੀ ਜਾਂ ਉਨ੍ਹਾਂ ਦੇ ਹੀ ਹੋਰ ਭਾਈ-ਭਰਾਵਾਂ ਦੀ ਨਹੀਂ ਹੋ ਜਾਣੀ ਸੀ? “ਅੰਗਰੇਜ਼ ਵੀ ਅਸਾਡੇ ਨਾਲ ਸ਼ਤਰੰਜ ਈ ਖੇਡਦਾ ਰਿਹਾ ਏ, ਅਸਾਨੂੰ ਮੋਹਰੇ ਬਣਾ ਕੇ,” ਬੜੀ ਵਾਰੀ ਖ਼ੁਦਾ ਦਾਦਾ ਨੇ, ਜੋ ਕੁਝ ਪੜ੍ਹਿਆ-ਲਿਖਿਆ ਤੇ ਬਾਹਰ-ਅੰਦਰ ਭੰਵਿਆ ਹੋਇਆ ਏ, ਇਲਾਕੇ ਦੀ ਖ਼ਿਲਾਫ਼ਤ ਕਮੇਟੀ ਦਾ ਇਕ ਸਿਰਕੱਢ ਮੋਢੀ ਸੀ, ਆਖਣਾ ਪਹਿਲਾਂ ਆਪ ਹੀ ਕਾਨੂੰਨ ਬਣਾ ਕੇ ਅਸਾਡੀਆਂ ਭੋਇੰ ਸ਼ਾਹੂਕਾਰ ਦੇ ਕਰਜ਼ਿਆਂ ਵਿਚ ਵਿਕਵਾ ਦਿੱਤੀਆਂ ਤੇ ਫਿਰ ਆਪ ਈ ਕਾਨੂੰਨ ਬਣਾ ਕੇ ਉਨ੍ਹਾਂ ਨੂੰ ਇਹ ਭੋਇੰ ਖ਼ਰੀਦਣ ਤੋਂ ਵਰਜ ਦਿੱਤਾ ਏ। ਕਈ ਵਾਰੀ ਤਾਂ ਰਮਜ਼ਾਨ ਜਿਹੇ ਲੋੜਵੰਦ ਕਿਰਸਾਣਾਂ ਨੂੰ ਇਉਂ ਮਹਿਸੂਸ ਹੁੰਦਾ ਕਿ ਅੰਗਰੇਜ਼ ਨੇ ਭੋਇੰ ਦੀ ਰਾਖੀ ਦਾ ਇਹ ਕਾਨੂੰਨ ਬਣਾ ਕੇ ਉਨ੍ਹਾਂ ਦਾ ਕੋਈ ਬਹੁਤਾ ਭਲਾ ਨਹੀਂ ਸੀ ਕੀਤਾ, ਕਿਉਂਕਿ ਹੁਣ ਜੇ ਕਦੇ ਲੋੜ ਪੈਂਦੀ ਰੁਪਏ-ਪੈਸੇ ਦੀ, ਕਿਸੇ ਮੁੰਡੇ ਦੀਆਂ ਸੁੰਨਤਾਂ ਬਹਾਣ ਵੇਲੇ ਜਾਂ ਕਿਸੇ ਵਿਆਹ-ਸ਼ਾਦੀ ਉਤੇ ਤਾਂ ਸ਼ਾਹੂਕਾਰ ਪਾਸੋਂ ਇਹ ਜ਼ਰਾ ਵਧੇਰੇ ਹੀ ਮੁਸ਼ਕਲ ਨਾਲ ਪੂਰੀ ਹੁੰਦੀ ਸੀ। “ਵੇਖੇਂ ਨਾ ਚੌਧਰੀ, ਹੁਣ ਜੇ ਤੂੰ ਜਾਂ ਰੱਬ ਨਾ ਕਰੇ, ਤੇਰੇ ਪਿੱਛੋਂ ਤੇਰਾ ਪੁੱਤਰ ਅਸਾਡਾ ਰੁਪਿਆ ਦੇਣ ਤੋਂ ਨਾਂਹ ਕਰ ਦੇਵੇ ਤਾਂ ਅਸੀਂ ਕਿਸੇ ਦਾ ਕੀ ਫੜ ਲੈਣਾ ਏਂ। ਭੋਇੰ ਤੁਹਾਡੀ ਵੱਲ ਤਾਂ ਅੰਗਰੇਜ਼ ਤੱਕਣ ਨਹੀਂ ਦਿੰਦਾ।” ਸਦਾ ਸ਼ਾਹੂਕਾਰ ਦਾ ਪਹਿਲਾ ਨਹੋਰਾ ਹੁੰਦਾ, ਜਦੋਂ ਕੋਈ ਲੋੜਵੰਦ ਉਸ ਪਾਸ ਕਰਜ਼ੇ ਦਾ ਸਵਾਲ ਕਰਦਾ। ਪਰ ਫਿਰ ਵੀ ਅੱਲਾ ਤਾਅਲਾ ਆਪ ਸੁਣਦਾ ਹੈ ਤੇ ਕਿਸੇ ਮਹਿੰਗਾ ਸਿੰਘ ਜਿਹੇ ਦੇ ਮਨ ਮਿਹਰ ਪਾ ਕੇ ਮਹਿੰਗੀ-ਸਸਤੀ ਲੋੜ ਪੂਰੀ ਕਰਵਾ ਹੀ ਦਿੰਦਾ ਏ। ਪਰ ਇਸ ਸ਼ੁਕਰਗਜ਼ਾਰੀ ਦੇ ਮੌਕੇ ਵੀ ਰਮਜ਼ਾਨ ਨੂੰ ਇਹ ਗੱਲ ਰੜਕਣੋਂ ਨਾ ਰਹੀ ਕਿ ਮਹਿੰਗਾ ਸਿੰਘ ਸੂਦ ਦੀ ਸ਼ਰਹ ਕੁਝ ਵਧੇਰੇ ਹੀ ਲਗਾ ਰਿਹਾ ਸੀ। ਪੰਝੀ ਰੁਪਏ ਸਾਲਾਨਾ ਨਾਲ ਤਾਂ ਇਹ ਰੁਪਏ ਚੌਂਹ ਸਾਲਾਂ ਵਿਚ ਦੁੱਗਣੇ ਹੋ ਜਾਣਗੇ। “ਪਰ ਚਾਰ ਸਾਲ ਚੌਧਰੀ, ਤੁਸੀਂ ਕੋਈ ਇਹ ਫੜੇ ਵੀਹ ਰੁਪਏ ਡੱਕ ਛੋੜਸੋ? ਅਗਲੀ ਸਾਵਣੀ ਨੂੰ ਨਹੀਂ ਤਾਂ ਹਾੜ੍ਹੀ ਨੂੰ ਮੋੜ ਦੇਸੋ। ਅਸੀਂ ਸੂਦ ਦੀ ਸ਼ਰਹ ਇੰਨੀ ਵੱਧ ਤਾਂ ਤੁਹਾਡੀ ਚੰਗੀ ਵਾਸਤੇ ਲਗਾਨੇ ਆਂ, ਤਾਂ ਜੋ ਤੁਸੀਂ ਜਲਦੀ ਇਹ ਕਰਜ਼ਾ ਮੋੜ ਦਿਓ।” “ਹਾਂ, ਮੋੜਨ ਦਾ ਫ਼ਿਕਰ ਤਾਂ ਮੈਨੂੰ ਸਦਾ ਲੱਗਾ ਰਹਿੰਦਾ ਸੀ। ਸ਼ਾਹੂਕਾਰ ਦਾ ਕਰਜ਼ਾ ਜੇ ਨਰਮ ਅਮਰ ਵੇਲ ਜਿਹਾ ਹੁੰਦਾ ਏ ਤਾਂ ਵੱਧਦਾ ਵੀ ਅਮਰ ਵੇਲ ਵਾਕਰ ਏ,” ਰਮਜ਼ਾਨ ਨੇ ਸਿਆਣਪ ਭਰਿਆ ਉੱਤਰ ਦਿੱਤਾ।
“ਤੂੰ ਆਪ ਸਿਆਣਾ ਏਂ ਚੌਧਰੀ,” ਮਹਿੰਗਾ ਸਿੰਘ ਨੇ ਗੱਲ ਮੋੜੀ, “ਤੈਨੂੰ ਕਹੀਆਂ ਕੇ ਮੱਤ ਦੇਣੀ ਏ। ਹੱਛਾ, ਮੇਰੀ ਆਦਤ ਨਹੀਂ ਲੁਕਾ ਕੇ ਰੱਖਣ ਦੀ ਕੁਝ। ਬੰਦਾ ਬੋਲ ਦਾ ਮਿੱਠਾ ਤੇ ਵਣਜ ਦਾ ਖ਼ਰਾ ਹੋਣਾ ਚਾਹੀਦਾ ਏ। ਮੈਂ ਪਹਿਲੇ ਸਾਲ ਦਾ ਵਿਆਜ ਮੂਲ ਦੇ ਨਾਲ ਹੀ ਲਗਾ ਲਵਸਾਂ। ਇਸ ਤਰ੍ਹਾਂ ਨਾਲ ਹਿਸਾਬ ਸਿੱਧਾ ਰਹਿੰਦਾ ਏ।”
ਰਮਜ਼ਾਨ ਸਿਆੜ ਸਿੱਧਾ ਤਾਂ ਰੱਖਣ ਜਾਣਦਾ ਸੀ ਤੇ ਜਦੋਂ ਕਦੇ ਵੀ ਉਸ ਦੇ ਨਾਲ ਦਾ ਹਾਲੀ, ਉਸ ਦਾ ਪੁੱਤਰ, ਸਿਆੜ ਡਿੰਗਾ ਕਰ ਦਿੰਦਾ ਤਾਂ ਰਮਜ਼ਾਨ ਉਸ ਦੇ ਗਲ ਪੈ ਜਾਂਦਾ ਸੀ ਤੇ ਆਪਣੇ ਅਗਲੇ ਸਿਆੜ ਵਿਚ ਉਹ ਟੇਢ ਕੱਢ ਦਿੰਦਾ ਸੀ ਪਰ ਹਿਸਾਬ ਸਿੱਧਾ ਕਿਸ ਤਰ੍ਹਾਂ ਰੱਖੀਦਾ ਹੈ, ਇਹ ਉਸ ਦੇ ਇਲਮ ਤੋਂ ਬਾਹਰ ਦੀ ਗੱਲ ਸੀ। ਸੋ, ਉਸ ਨੇ ਮਹਿੰਗਾ ਸਿੰਘ ਦੀ ਗੱਲ ਦਾ ਕੋਈ ਮੋੜ ਨਾ ਕਰਨਾ ਹੀ ਉਚਿਤ ਸਮਝਿਆ।

ਸੁੰਨਤਾਂ ਬੈਠ ਗਈਆਂ। ਨਾਈ, ਮੁੱਲਾ, ਪੀਰ ਤੇ ਰਮਜ਼ਾਨ ਦੇ ਘਰਵਾਲੀ ਸਭੇ ਖ਼ੁਸ਼ ਸਨ ਕਿ ਇਹ ਦਿਨ-ਤਿਉਹਾਰ ਵਿਘਨ ਤੋਂ ਬਿਨਾਂ ਸੁਹਣਾ ਪੂਰਿਆ ਗਿਆ। “ਲੋੜ ਦਾ ਕਾਈ ਮੁੱਲ ਨਹੀਂ, ਚੌਧਰੀ,” ਕਹਿ ਕੇ ਨਾਈ ਨੇ ਵੀ ਜਾਣ ਲਗੇ ਰਮਜ਼ਾਨ ਦੀ ਢਾਰਸ ਬਨ੍ਹਾ ਦਿੱਤੀ, ਭਾਵੇਂ ਰਮਜ਼ਾਨ ਨੂੰ ਆਪ ਵੀ ਕਰਜ਼ਾ ਚੁੱਕਣ ਦਾ ਕੋਈ ਬਹੁਤਾ ਖੇਦ ਨਹੀਂ ਸੀ। “ਆਖ਼ਰ ਪੰਜਾਹ ਰੁਪਏ ਦਾ ਖ਼ਰਚ ਹੋਇਆ ਏ, ਤੇ ਉਧਾਰ ਤਾਂ ਕੁੱਲ ਵੀਹ ਵੀ ਮੁੜ ਜਾਸਣ ਸਾਲ ਖੰਡ ਵਿਚ,” ਰਮਜ਼ਾਨ ਦੀ ਘਰਵਾਲੀ ਨੇ ਤਸੱਲੀ ਕਰਵਾਈ। ਇਹ ਘਰੋਂ ਕੱਢੇ ਤੀਹ ਉਹ ਇਕ ਟੂਮ ਗਿਰਵੀ ਰੱਖ ਕੇ ਮਹਿੰਗਾ ਸਿੰਘ ਦੀ ਘਰਵਾਲੀ ਤੋਂ ਲਿਆਈ ਸੀ ਤੇ ਜਦੋਂ ਮਹਿੰਗਾ ਸਿੰਘ ਨੇ ਵੀਹ ਮੂਲ ਤੇ ਪੰਝੀ ਰੁਪਏ ਪਹਿਲੇ ਸਾਲ ਦਾ ਵਿਆਜ ਤੇ ਤੀਹ ਰੁਪਏ ਟੂਮ ਵਾਲੇ, ਕੁੱਲ ਪੰਝੱਤਰ ਰੁਪਏ ਉਤੇ ਰਮਜ਼ਾਨ ਦਾ ਅੰਗੂਠਾ ਲਗਵਾ ਲਿਆ ਸੀ ਤਾਂ ਮਹਿੰਗਾ ਸਿੰਘ ਦੀ ਘਰਵਾਲੀ ਨੇ ਮਹਿੰਗਾ ਸਿੰਘ ਦੀ ਸਲਾਹ ਨਾਲ ਹੀ ਉਹ ਟੂਮ ਚੁਧਰਾਣੀ ਨੂੰ ਵਾਪਸ ਕਰ ਦਿੱਤੀ ਸੀ। ਮਹਿੰਗਾ ਸਿੰਘ ਵਿਹਾਰ ਦਾ ਖ਼ਰਾ ਸੀ ਤੇ ਪਿੰਡ ਦੇ ਚੌਧਰੀਆਂ ਦੀ ਇੱਜ਼ਤ ਦਾ ਸਾਂਝੀ ਸੀ। ਉਸ ਨੇ ਵਹੀ ਉਤੇ ਰਮਜ਼ਾਨ ਤੋਂ ਅੰਗੂਠਾ ਲਗਵਾਣ ਲੱਗੇ ਵੀ ਕਿਸੇ ਤੀਜੇ ਪਾਸ ਇਸ ਗੱਲ ਦੀ ਭਾਫ਼ ਨਹੀਂ ਸੀ ਕੱਢੀ। ਸਿਰਫ਼ ਕੋਈ ਪੰਜ-ਸੱਤ ਦਿਨ ਬਾਅਦ, ਉਹ ਵੀ ਬਿਨਾਂ ਨਾਉਂ-ਥੇਹ ਦੱਸੇ, ਆਪਣੇ ਇਕ ਦੋਸਤ-ਮਿੱਤਰ ਪਾਸੋਂ ਇਸ ਲਿਖਤ ਉਤੇ ਗਵਾਹੀ ਪਵਾ ਲਈ ਸੀ। ਹੋਰ ਬਹੁਤੀਆਂ ਗਵਾਹੀਆਂ ਦੀ ਲੋੜ ਵੀ ਕਿਹੜੀ ਸੀ। ਕਰਜ਼ੇ ਤੋਂ ਮੁਕਰਨ ਦਾ ਡਰ ਤਾਂ ਰਮਜ਼ਾਨ ਦੇ ਫ਼ਰਿਸ਼ਤਿਆਂ ਪਾਸੋਂ ਵੀ ਨਹੀਂ ਸੀ। “ਲੈ, ਚੁਧਰਾਣੀ, ਘਿੰਨ ਆਪਣੀ ਅਮਾਨਤ,” ਮਹਿੰਗਾ ਸਿੰਘ ਦੀ ਘਰਵਾਲੀ ਨੇ ਰਮਜ਼ਾਨ ਦੀ ਘਰਵਾਲੀ ਪਾਸ ਜਾ ਕੇ ਟੂਮ ਮੋੜ ਕੇ ਆਖਿਆ ਸੀ। “ਹੁਣ ਚੌਧਰੀ, ਇਨ੍ਹਾਂ ਤੀਹਾਂ ਦੇ ਵੀ ਅੱਖਰ ਕਰਵਾ ਆਇਆ ਏ ਤੇ ਅਸਾਡਾ ਧਰਮ ਨਹੀਂ ਕਹਿੰਦਾ ਅਸੀਂ ਤੇਰੀ ਇਹ ਅਮਾਨਤ ਰੱਖ ਛੋੜੀਏ। ਅੰਤ ਧਰਮ ਉਤੇ ਰਹਿਣਾ ਈ ਸਹਾਈ ਹੋਸੀ, ਚੁਧਰਾਣੀ। ਜੇ ਤੁਸੀਂ ਅਸਾਡੇ ਉਤੇ ਇਤਬਾਰ ਕਰਦੇ ਓ ਤਾਂ ਸਾਡਾ ਧਰਮ ਨਹੀਂ ਤੁਹਾਡੀ ਅਮਾਨਤ ਵਿਚ ਖ਼ਿਆਨਤ ਕਰੀਏ,” ਸ਼ਾਹੂਕਾਰਨੀ ਨੇ ਲੰਮਾ ਭਾਸ਼ਨ ਝਾੜਿਆ ਸੀ। ਚੁਧਰਾਣੀ ਸ਼ਾਹੂਕਾਰਨੀ ਦੀ ਇਸ ਈਮਾਨਦਾਰੀ ਦੀ ਕਾਇਲ ਹੋ ਗਈ ਸੀ।
“ਪਰ ਚੌਧਰੀ ਨਾਲ ਕਿਸੇ ਮੌਕੇ ਗੱਲ ਕਰ ਛੋੜੋ, ਚੁਧਰਾਣੀ। ਉਸ ਅੱਖਰ ਕਰਵਾਏ ਤੇ ਉਸ ਤੋਂ ਕੋਈ ਗੱਲ ਲੁਕੀ ਨਹੀਂ ਰਹਿਣੀ ਚਾਹੀਦੀ।”
“ਚੰਗੀ ਗੱਲ,” ਚੁਧਰਾਣੀ ਨੇ ਆਖ ਦਿੱਤਾ ਸੀ ਤੇ ਕਿਸੇ ਯੋਗ ਸਮੇਂ ਚੌਧਰੀ ਪਾਸ ਇਹ ਗੱਲ ਵੀ ਖੋਲ੍ਹ ਦਿੱਤੀ ਸੀ। ਚੌਧਰੀ ਨੇ ਉਸ ਨੂੰ ਕੀ ਆਖਣਾ ਸੀ? ਉਸ ਨੇ ਕੋਈ ਵਾਧੂ ਫ਼ਜ਼ੂਲ ਖ਼ਰਚੀ ਤਾਂ ਨਹੀਂ ਸੀ ਕੀਤੀ।

ਤਿੰਨ ਸਾਲ ਪਿੱਛੋਂ ਹਿਸਾਬ ਸਿੱਧਾ ਹੋ ਕੇ ਨਵੇਂ ਅੱਖਰ ਕਰਵਾਏ ਗਏ ਤਾਂ ਪੰਝੱਤਰ ਰੁਪਏ ਮੂਲ ਤੇ ਪੰਝੱਤਰ ਰੁਪਏ ਤਿੰਨ ਸਾਲ ਦਾ ਵਿਆਜ ਰਲ਼ਾ ਕੇ ਮਹਿੰਗਾ ਸਿੰਘ ਦੇ ਰਮਜ਼ਾਨ ਨੂੰ ਕਰਜ਼ ਦਿੱਤੇ ਪੰਜਾਹ ਰੁਪਏ ਇਕ ਸੌ ਪੰਜਾਹ ਬਣ ਚੁੱਕੇ ਸਨ।
ਮਹਿੰਗਾ ਸਿੰਘ ਦਾ ਹਿਸਾਬ ਕੁਝ ਇਸ ਕਿਸਮ ਦਾ ਸਿੱਧਾ ਸਿਰਤੋੜ ਸੀ ਕਿ ਸੋਲ੍ਹਾਂ ਕੁ ਸਾਲਾਂ ਵਿਚ ਰਮਜ਼ਾਨ ਦੇ ਅੰਗੂਠੇ ਉਤੇ ਉਸ ਦੀ ਵਹੀ ਵਿਚ ਪੰਦਰਾਂ ਸੌ ਰੁਪਏ ਦੀ ਰਕਮ ਬਣੀ ਖੜ੍ਹੀ ਸੀ। ਹੁਣ ਰਮਜ਼ਾਨ ਨੂੰ ਮਹਿੰਗਾ ਸਿੰਘ ਦੀ ਮਹਿੰਗਾਈ ਤੇ ਉਸ ਦੇ ਸਿੱਧੇ ਹਿਸਾਬ ਦੀ ਹੇਰਾਫ਼ੇਰੀ ਦਾ ਤਿੱਖਾ ਤੇ ਦੁਖਦਾਈ ਅਨੁਭਵ ਹੋ ਰਿਹਾ ਸੀ। ਉਹ ਆਖ ਕੁਝ ਨਹੀਂ ਸੀ ਸਕਦਾ। ਹਿਸਾਬ ਕਰਨ ਤੋਂ ਉਸ ਨੂੰ ਡਰ ਆਉਂਦਾ ਸੀ, ਮਤਾਂ ਇਹ ਚਾਲਾਕ ਸ਼ਾਹੂਕਾਰ ਜੋ ਹਰ ਰੋਜ਼ ਗੁਰਦੁਆਰੇ ਵਿਚ ‘ਲੇਖੈ ਛੋਡਿ ਅਲੇਖੇ ਛੂਟਹਿ ਹਮ ਨਿਰਗੁਣ ਲੇਹੁ ਉਬਾਰੀ’ ਦੀ ਰਟ ਲਗਾਂਦਾ ਸੀ, ਪੰਦਰਾਂ ਸੌ ਦਾ ਦੋ ਹਜ਼ਾਰ ਹੀ ਕਰ ਵਿਖਾਵੇ। ਹੁਣ ਰਮਜ਼ਾਨ ਨੂੰ ਮਹਿੰਗਾ ਸਿੰਘ ਬਹੁਤ ਬੁਰਾ ਲਗਦਾ ਸੀ। ਉਸ ਨੂੰ ਮਹਿੰਗਾ ਸਿੰਘ ਪਾਸੋਂ ਕਿਸੇ ਹਨ੍ਹੇਰੀ ਕੋਠੜੀ ਵਾਂਗ ਡਰ ਆਉਂਦਾ ਸੀ। ਉਸ ਨੂੰ ਇਹ ਪਤਾ ਸੀ ਕਿ ਅੰਗਰੇਜ਼ ਨੇ ਅਜਿਹਾ ਕਾਨੂੰਨ ਬਣਾਇਆ ਹੋਇਆ ਸੀ, ਜਿਸ ਦੇ ਅਧੀਨ ਮਹਿੰਗਾ ਸਿੰਘ ਪੰਦਰਾਂ ਸੌ ਕੀ, ਪੰਦਰਾਂ ਹਜ਼ਾਰ ਕਰ ਲਵੇ, ਉਹ ਉਸ ਦੀ ਭੋਇੰ ਨਹੀਂ ਸੀ ਖੋਹ ਸਕਦਾ ਪਰ ਪਿੰਡ ਵਿਚ ਹਰ ਕਿਸੇ ਨੂੰ ਪਤਾ ਹੋਣਾ ਕਿ ਰਮਜ਼ਾਨ ਦੇ ਮੁੰਡਿਆਂ ਦੇ ਉਨ੍ਹਾਂ ਦੀਆਂ ਚਾਰੇ-ਫੁਫੀ ਧੀਆਂ ਨਾਲ ਨਿਕਾਹ ਹੋਣੇ ਵੀ ਅਸੰਭਵ ਹੋ ਰਹੇ ਸਨ। ਤੇ ਫਿਰ ਕੀ ਪਤਾ ਕਿ ਇਹ ਰੁਪਿਆ ਵਸੂਲ ਕਰਨ ਲਈ ਅਦਾਲਤਾਂ ਮਹਿੰਗਾ ਸਿੰਘ ਨੂੰ ਕੀ-ਕੀ ਅਧਿਕਾਰ ਦੇ ਦੇਣ? ਆਖ਼ਿਰ ਪੰਦਰਾਂ ਸੌ ਰੁਪਏ ਉਤੇ ਉਸ ਦਾ ਅੰਗੂਠਾ ਤੇ ਉਹ ਅੱਖਰ ਕੋਈ ਖੇਡਣ ਲਈ ਤਾਂ ਨਹੀਂ ਸਨ ਕਰਵਾਏ ਹੋਏ। ਉਸ ਪਾਸ ਉਨ੍ਹਾਂ ਨੂੰ ਵਸੂਲ ਕਰਨ ਦਾ ਢੰਗ ਵੀ ਕੋਈ ਜ਼ਰੂਰ ਹੋਵੇਗਾ, ਭਾਵੇਂ ਆਮ ਲੋਕ ਇਹ ਆਖ ਰਹੇ ਸਨ ਕਿ ਦਿੱਲੀ ਕੋਲ ਰੋਹਤਕ ਵੱਲ ਦਾ ਇਕ ਜਾਣੀਜਾਣ ਵਜ਼ੀਰ, ਛੋਟੂ ਰਾਮ ਜੱਟਾਂ ਦੇ ਸਭ ਕਰਜ਼ਿਆਂ ਉਤੇ ਲੀਕ ਮਰਵਾਣ ‘ਤੇ ਤੁਲਿਆ ਹੋਇਆ ਸੀ। ਹੁਣ ਰਮਜ਼ਾਨ ਮਹਿੰਗਾ ਸਿੰਘ ਨਾਲ ਗੱਲ ਕਰੇ ਤਾਂ ਕੀ, ਉਸ ਦੇ ਮੱਥੇ ਲੱਗਣ ਤੋਂ ਵੀ ਝਕਦਾ ਸੀ, ਕਤਰਾਂਦਾ ਸੀ ਉਹ। ਉਸ ਨੂੰ ਪਤਾ ਨਹੀਂ ਸੀ ਲਗਦਾ ਕਿ ਓੜਕ ਇਸ ਭਾਰ ਤੋਂ ਉਸ ਦੀ ਖ਼ੁਲਾਸੀ ਕਿਵੇਂ ਹੋਵੇਗੀ। ਇਹ ਪੰਦਰਾਂ ਸੌ ਰੁਪਿਆ ਨਹੀਂ ਸੀ, ਵਹੀ ਉਤੇ ਲਿਖਿਆ ਹੋਇਆ, ਉਸ ਦੀ ਗਰਦਨ ਉਤੇ ਪੰਦਰਾਂ ਧੜੀਆਂ ਮਿੱਟੀ ਰੱਖੀ ਹੋਈ ਸੀ ਜਿਸ ਹੇਠਾਂ ਉਸ ਦੀ ਗਰਦਨ ਮਚਕੋੜੀ ਜਾ ਰਹੀ ਸੀ। ਉਸ ਦੀਆਂ ਲੱਤਾਂ ਥਿੜਕ ਰਹੀਆਂ ਸਨ ਤੇ ਉਸ ਦਾ ਸਾਹ ਘੁਟ ਰਿਹਾ ਸੀ। ਇਸ ਹਨ੍ਹੇਰੇ ਵਿਚ ਇਕੋ-ਇਕ ਚਾਨਣ ਦੀ ਕਿਰਨ ਸੀ, ਤਾਂ ਉਹ ਮਹਿੰਗਾ ਸਿੰਘ ਦਾ ਉੱਨੀ ਵੀਹ ਵਰ੍ਹੇ ਦਾ ਪੁੱਤਰ ਕਰਤਾਰ ਸਿੰਘ, ਜੋ ਅੰਮ੍ਰਿਤਸਰ ਦੇ ਕਾਲਜ ਵਿਚ ਕਿਸੇ ਵੱਡੀ ਜਮਾਤ ਵਿਚ ਪੜ੍ਹਦਾ ਸੀ। ਉਹ ਭਾਵੇਂ ਮਹਿੰਗਾ ਸਿੰਘ ਦਾ ਪੁੱਤਰ ਸੀ ਪਰ ਉਸ ਦੇ ਮਨ ਵਿਚ, ਨਵੀਂ ਉਮਰ ਦਾ ਸਦਕਾ ਗ਼ਰੀਬ ਲਈ, ਦੇਣਦਾਰ ਲਈ ਦਇਆ ਦਾ ਦਰਿਆ ਹੀ ਤਾਂ ਵਗ ਰਿਹਾ ਸੀ। ਉਹ ਕਈ ਵਾਰੀ ਚੌਕ ‘ਚ ਬੈਠਾ ਕਿਰਸਾਣਾਂ ਦੀ ਗ਼ਰੀਬੀ ਤੇ ਮੰਦੀ ਹਾਲਤ ਦੀਆਂ ਗੱਲਾਂ ਕਰਦਾ, ਬਾਹਰਲੇ ਦੇਸ਼ਾਂ ਵਿਚ ਕਿਸੇ ਹੋਰ ਤਰ੍ਹਾਂ ਦੇ ਰਾਜ-ਪ੍ਰਬੰਧ ਦੀਆਂ ਕਹਾਣੀਆਂ ਸੁਣਾਂਦਾ, ਜਿਥੇ ਵਿਆਜ, ਵਟਾਈ ਤੇ ਚੁਕੌਤੇ ਦਾ ਨਾਉਂ ਵੀ ਨਹੀਂ ਸੀ ਰਹਿ ਗਿਆ, ਤੇ ਉਸ ਜਾਟ ਵਜ਼ੀਰ ਛੋਟੂ ਰਾਮ ਦੀ ਬੜੀ ਵਡਿਆਈ ਕਰਦਾ। ਰਮਜ਼ਾਨ ਸੋਚਦਾ, ਜੇ ਮੈਂ ਕਦੇ ਕਰਤਾਰ ਸਿੰਘ ਪਾਸ ਆਪਣਾ ਦੁੱਖ ਫੋਲਾਂ ਤਾਂ ਸ਼ਾਇਦ ਇਹ ਆਪਣੇ ਬੋਲਾਂ ਜਿਹਾ ਹੀ ਸੱਚਾ ਨਿਕਲ ਪਵੇ ਤੇ ਮਹਿੰਗਾ-ਸਸਤਾ ਆਪਣੇ ਪਿਓ ਪਾਸੋਂ ਮੇਰਾ ਛੁਟਕਾਰਾ ਕਰਵਾ ਦੇਵੇ।

ਸੋ, ਹੁਣ ਜਦੋਂ ਵੀ ਕਰਤਾਰ ਸਿੰਘ ਛੁੱਟੀ ਕਰ ਕੇ ਪਿੰਡ ਆਇਆ ਹੁੰਦਾ ਤਾਂ ਰਮਜ਼ਾਨ ਉਸ ਦੀ ਸੰਗਤ ਵਿਚ ਆ ਕੇ ਬੈਠਦਾ, ਉਸ ਦੀਆਂ ਗੱਲਾਂ ਨੂੰ ਬੜੇ ਗਹੁ ਨਾਲ ਸੁਣਦਾ ਤੇ ਕਦੇ-ਕਦਾਈਂ ਉਸ ਨਾਲ ਕੋਈ ਸਵਾਲ-ਜਵਾਬ ਵੀ ਕਰਦਾ। ਪਰ ਆਪਣੇ ਬਾਰੇ, ਆਪਣੀ ਪੰਦਰਾਂ ਸੌ ਰੁਪਏ ਦੀ ਕਰਜ਼ੇ ਦੀ ਪੰਡ ਬਾਰੇ, ਹਾਲੇ ਵੀ ਉਸ ਦਾ ਕਰਤਾਰ ਸਿੰਘ ਨਾਲ ਕੋਈ ਜ਼ਿਕਰ ਕਰਨ ਦਾ ਹੌਸਲਾ ਨਾ ਪੈਂਦਾ। ਛੇਕੜ ਇਕ ਦਿਨ ਜਦੋਂ ਸੰਗਰਾਂਦ ਜਾਂ ਹੋਰ ਦਿਹਾੜਾ ਮੰਨਾਉਣ ਉਪਰੰਤ ਕਰਤਾਰ ਸਿੰਘ ਤੇ ਹੋਰ ਕਈ ਸਿੱਖ ਗੁਰਦੁਆਰੇ ਵਿਚੋਂ ਬਾਹਰ ਆਏ ਤਾਂ ਰਮਜ਼ਾਨ ਨੇ ਕਰਤਾਰ ਸਿੰਘ ਨੂੰ ਠਹਿਰਾ ਕੇ ਜ਼ਰਾ ਉਸ ਦੀ ਅਰਜ਼ ਸੁਣਨ ਲਈ ਬੇਨਤੀ ਕੀਤੀ।
“ਕੀ ਅਰਜ਼ ਕਰਨੀ ਏਂ ਤੂੰ, ਰਮਜ਼ਾਨ, ਮੇਰੇ ਅੱਗੇ?” ਕਰਤਾਰ ਸਿੰਘ ਨੇ ਖਿੜੇ ਮੱਥੇ ਰਮਜ਼ਾਨ ਪਾਸੋਂ ਪੁੱਛਿਆ। “ਮੈਂ ਕਿਹੜਾ ਕੋਈ ਵੱਡਾ ਅਫ਼ਸਰ ਹਾਂ। ਮੈਂ ਤੇਰਾ ਕੀ ਸੰਵਾਰ ਸਕਦਾ ਹਾਂ?”
“ਵੱਡਾ ਅਫ਼ਸਰ ਵੀ ਅੱਲਾ ਤਾਅਲਾ ਬਣਾ ਛੋੜਸੀ ਕਿਸੇ ਦਿਹਾੜੇ। ਉਸ ਦੇ ਘਰ ਕਿਸੇ ਸ਼ੈਅ ਦਾ ਘਾਟਾ ਏ, ਛੋਟੇ ਸਰਦਾਰ” ਰਮਜ਼ਾਨ ਨੇ ਮਿਰਾਸੀਆਂ ਵਾਂਗਰ ਅਸੀਸ ਦਿੱਤੀ।
“ਅੱਛਾ ਬਈ, ਜੇ ਮਨ ਵਿਚ ਮੇਰੇ ਲਈ ਅਜਿਹੀਆਂ ਨੇਕ ਖ਼ਾਹਿਸ਼ਾਂ ਹੈਨ ਤਾਂ ਮੈਂ ਵੀ ਤੇਰੀ ਗੱਲ ਕਿਉਂ ਨਾ ਸੁਣਸਾਂ?” ਕਰਤਾਰ ਸਿੰਘ ਨੇ ਉਤਰ ਵਿਚ ਆਖਿਆ।
“ਹੇ ਜੋ, ਤੁਸੀਂ ਗਾ ਰਹੇ ਸਾਓ ਲੇਖੇ ਛੋਡਣ ਬਾਬਤ, ਹੇ ਕੇਹ ਸਾਈ, ਸਰਦਾਰ, ਮੈਨੂੰ ਸੁਣਾਏਂ ਨਾ ਜ਼ਰਾ ਠਾਹਰ ਨਾਲ!”
“ਲੇਖੇ ਛੱਡਣ ਵਾਲੀ ਕੇ ਗੱਲ ਸੀ?” ਕਰਤਾਰ ਸਿੰਘ ਨੇ ਜਾਣੋ ਆਪਣੇ ਸਾਥੀਆਂ ਪਾਸੋਂ ਪੁੱਛਿਆ।
“ਏ ਜੋ ਭਜਨ ਗਾ ਰਹੇ ਸਾਓ ਤੁਸਾਂ ਸੁਣਿਆ,” ਰਮਜ਼ਾਨ ਨੇ ਦੁਹਰਾਇਆ।
“ਅੱਛਾ, ਜਿਹੜਾ ਸ਼ਬਦ ਪੜ੍ਹਿਆ ਸੀ ਗ੍ਰੰਥੀ ਹੋਰਾਂ, ‘ਲੇਖੈ ਛੋਡ ਅਲੇਖੈ ਛੁਟਹਿ’,” ਕਰਤਾਰ ਸਿੰਘ ਨੇ ਜ਼ਰਾ ਬੋਲ ਲਮਕਾ ਕੇ ਆਖਿਆ।
“ਹਾਂ, ਈਹਾਂ,” ਰਮਜ਼ਾਨ ਨੂੰ ਜਾਣੋ ਹਨ੍ਹੇਰੇ ਵਿਚ ਰਾਹ ਲੱਭਦਾ ਦਿਸਿਆ।
“ਹਾਂ, ਇਹ ਸ਼ਬਦ ਏ ਜਿਹੜਾ ਗ੍ਰੰਥੀ ਹੋਰਾਂ ਗਾਇਆ ਸੀ,” ਕਰਤਾਰ ਸਿੰਘ ਨੇ ਹਾਲੀ ਇਸ ਸ਼ਬਦ ਦਾ ਰਮਜ਼ਾਨ ਦੀ ਅਰਜ਼ ਨਾਲ ਕੋਈ ਸਬੰਧ ਸਹੀ ਨਹੀਂ ਸੀ ਕੀਤਾ।
“ਮੈਂ ਤੇ ਈਹਾਂ ਤੁਹਾਡੇ ਕੋਲੂੰ, ਤੇਰੇ ਪਿਉ ਕੋਲੂੰ, ਮੰਗਨਾ ਵਾਂ, ਨਿੱਕੇ ਸਰਦਾਰ, ਜੋ ਤੁਸੀਂ ਅੱਲਾ ਤਾਅਲਾ, ਆਪਣੇ ਵਾਹਿਗੁਰੂ ਕੋਲੂੰ ਮੰਗਦੇ ਓ। ਆਖ ਸੂ ਆਪਣੇ ਪਿਓ ਨੂੰ, ਲੇਖਾ ਛੋਡੇ ਹੁਣ ਤੇ ਕਿਸੇ ਭਾ ਮਹਿੰਗਾ-ਸਸਤਾ ਮੇਰੀ ਖੁਲਾਸੀ ਕਰੇ। ਮੇਰੇ ਘਰ ਇਸ ਸਮੇਂ ਮੱਝ ਨਵੀਂ ਸੂਈ ਹੋਈ ਏ, ਪਹਿਲੇ ਸੂ। ਉਹਦੀ ਮਾਂ ਹੇਠਾਂ ਪੰਦਰਾਂ ਸੇਰ ਦੁੱਧ ਹਾਈ ਤੇ ਸੇਰ ਪੱਕਾ ਮੱਖਣ। ਹੇ ਮੱਝ ਵੀ ਉਜੇਹੀ ਦੁੱਧ ਘਿਓ ਨੂੰ ਬਹੂੰ ਚੰਗੀ ਹੋਸੀ। ਤੇ ਮੇਰੇ ਕੋਲੂੰ ਲਵੇ ਤੇ ਮੇਰੀ ਖੁਲਾਸੀ ਕਰੇ। ਮੈਂ ਤੁਹਾਡੇ ਸਿਰਾਂ ਨੂੰ ਦੁਆਈਂ ਦੇਸਾਂ ਤੇ ਤੁਸੀਂ ਹਿੱਸੇ ਦਾ ਦੁੱਧ ਪੀਵਿਆ ਜੇ ਰੱਜ ਰੱਜ ਕੇ,” ਰਮਜ਼ਾਨ ਨੇ ਕਰਤਾਰ ਸਿੰਘ ਨੂੰ ਜ਼ਰਾ ਕਾਹਲਾ ਪੈਂਦਾ ਜਾਂਚ ਦੇ ਗੱਲ ਮੁਕਾਈ।
“ਹੱਛਾ! ਕਰਾ ਦੇਸਾਂ ਊਂ ਫ਼ੈਸਲਾ ਇਨ੍ਹਾਂ ਦਿਨਾਂ ਅੰਦਰ ਈ,” ਕਰਤਾਰ ਸਿੰਘ ਨੇ ਰਮਜ਼ਾਨ ਨੂੰ ਤਸੱਲੀ ਦੇ ਕੇ ਉਸ ਪਾਸੋਂ ਆਪਣਾ ਪੱਲਾ ਛੁਡਵਾਇਆ ਪਰ ਰਮਜ਼ਾਨ ਜਿਸ ਦੀ ਗਰਦਨ ਉਤੇ ਪੰਦਰਾਂ ਸੌ ਦੀ ਇਹ ਪੰਡ ਰੱਖੀ ਹੋਈ ਸੀ, ਕਰਤਾਰ ਸਿੰਘ ਦੇ ਪਿੱਛੇ ਲੱਗਾ ਰਿਹਾ। ਹਰ ਦੂਜੇ-ਤੀਜੇ ਉਹ ਕਰਤਾਰ ਸਿੰਘ ਦਾ ਰਾਹ ਰੋਕ ਕੇ ਖੜ੍ਹਾ ਹੋ ਜਾਂਦਾ, ਉਸ ਨੂੰ ਅਸੀਸਾਂ ਦਿੰਦਾ ਤੇ ਉਸ ਅੱਗੇ ਆਪਣੀ ਬੇਨਤੀ ਦੁਹਰਾਂਦਾ। “ਮੇਰੇ ਪੁੱਤਰ ਜਲਾਲ ਦਾ ਨਿਕਾਹ ਤਦੇ ਹੋ ਸਕਦਾ ਏ ਨੂਰ ਮੁਹੰਮਦ ਦੀ ਧੀਊ ਆਇਸ਼ਾਂ ਨਾਲ, ਸਰਦਾਰਾ! ਜੇ ਤੇਰੇ ਪਿਓ ਦੀ ਵਹੀ ਉਤੇ ਲੀਕ ਫਿਰ ਜਾਏ। ਨਹੀਂ ਤਾਂ ਉਹ ਆਇਸ਼ਾਂ ਨੂੰ ਹੋਰ ਕਿਧਰੇ ਦੇ ਦੇਸੀ ਤੇ ਮੇਰਾ ਪੁੱਤਰ ਹਮੇਸ਼ਾ ਲਈ ਕੰਵਾਰਾ ਰਹਿ ਜਾਸੀ। ਤੈਥੋਂ ਕੀ ਲੁਕਾ ਏ, ਸਰਦਾਰ। ਜਲਾਲ ਤੇ ਆਇਸ਼ਾਂ ਦਾ ਬਹੂੰ ਪਿਆਰ ਏ ਆਪਸ ਵਿਚ,” ਰਮਜ਼ਾਨ ਨੇ ਜਾਣੋ ਆਪਣੇ ਵੀਹ ਸਾਲ ਦੇ ਪੁੱਤਰ ਜਲਾਲ ਤੇ ਆਪਣੇ ਚਚੇਰੇ ਭਾਈ ਦੀ ਅਠਾਰਾਂ ਸਾਲ ਦੀ ਧੀ ਆਇਸ਼ਾਂ ਦੇ ਇਸ਼ਕ ਦਾ ਵਾਸਤਾ ਪਾਇਆ।

ਕਰਤਾਰ ਸਿੰਘ ਦੀਆਂ ਅੱਖਾਂ ਅੱਗਿਓਂ ਛੇ ਫੁੱਟ ਲੰਮੇ ਜਲਾਲ ਅਤੇ ਸਾਢੇ ਪੰਜ ਫੁੱਟ ਲੰਮੀ ਆਇਸ਼ਾਂ ਦੀਆਂ ਤਸਵੀਰਾਂ ਸਿਨਮੇ ਦੀ ਫ਼ਿਲਮ ਵਾਂਗਰ ਲੰਘ ਗਈਆਂ। ਆਇਸ਼ਾਂ ਜਿਸ ਦੀ ਖ਼ੂਬਸੂਰਤੀ ਦੀ ਉਪਮਾ ਉਹ ਕਾਲਜ ਵਿਚ ਆਪਣੇ ਜਮਾਤੀਆਂ, ਦੋਸਤਾਂ-ਮਿੱਤਰਾਂ ਪਾਸ ਕਰਦਾ ਨਹੀਂ ਸੀ ਥੱਕਦਾ, ਤੇ ਜਲਾਲ ਜਿਹੜਾ ਸੌਂਚੀ ਲਈ ਨੇੜ ਪਰੀਹੇ ਵਿਚ ਧੁੰਮਿਆ ਹੋਇਆ ਸੀ, ਜਿਸ ਦੇ ਮੂੰਹ ਦੀ ਨੁਹਾਰ ਉਸ ਨੂੰ ਸਿਕੰਦਰ ਮਹਾਂ ਵਿਜਈ ਦੀ ਯਾਦ ਕਰਵਾਂਦੀ ਸੀ ਤੇ ਜਿਸ ਦਾ ਸੀਨਾ ਉਸ ਦੇ ਲੱਕ ਤੋਂ ਦੁੱਗਣਾ ਚੌੜਾ ਸੀ। ਕੀ ਇਨ੍ਹਾਂ ਦੋਹਾਂ ਦੇ ਨਿਕਾਹ ਦਾ ਭੇਤ ਉਸ ਦੇ ਪਿਉ ਦੀ ਵਹੀ ਵਿਚ ਲਿਖਿਆ ਹੋਇਆ ਸੀ? ਉਸ ਨੇ ਸੋਚਿਆ।
“ਅੱਛਾ ਰਮਜ਼ਾਨ, ਘਬਰਾ ਨਾ। ਮੈਂ ਕਰਾ ਦੇਸਾਂ ਤੇਰਾ ਕੰਮ,” ਉਸ ਨੇ ਰਮਜ਼ਾਨ ਨੂੰ ਫੇਰ ਦਿਲਾਸਾ ਦਿੱਤਾ।
“ਤੇਰੀਆਂ ਛੁੱਟੀਆਂ ਈ ਨਾ ਭੈੜੀਆਂ ਬੀਤ ਜਾਵਣ ਮੇਰਾ ਕੰਮ ਕਰਾਂਦੇ-ਕਰਾਂਦੇ ਦੀਆਂ, ਸਰਦਾਰ! ਤੈਨੂੰ ਆਪਣੀ ਪੱਗ ਦੀ ਸਹੁੰ ਈ ਮੇਰੀ ਖੁਲਾਸੀ ਕਰਵਾ ਕੇ ਜਾਵੇਂ। ਅੱਲਾ ਤਾਅਲਾ ਤੇਰੇ ਪਿਉ ਨੂੰ ਵੀ ਆਇਸ਼ਾਂ ਜਿਹੀ ਨੂੰਹ ਦੇਸੀ,” ਰਮਜ਼ਾਨ ਨੇ ਕਰਤਾਰ ਸਿੰਘ ਦੇ ਮਨ ਤਕ ਕੰਘੀ ਮਾਰ ਕੇ ਆਖਿਆ।
ਪਤਾ ਨਹੀਂ ਕਰਤਾਰ ਸਿੰਘ ਨੂੰ ਕਿਤਨੀ ਵਾਰ ਆਪਣੇ ਪਿਤਾ ਮਹਿੰਗਾ ਸਿੰਘ ਨਾਲ ਬਹਿਸਣਾ ਤੇ ਝਗੜਨਾ ਪਿਆ ਪਰ ਉਸ ਨੇ ਕਾਲਜ ਨੂੰ ਵਾਪਸ ਜਾਣ ਤੋਂ ਦੋ ਦਿਨ ਪਹਿਲਾਂ ਰਮਜ਼ਾਨ ਦਾ ਫ਼ੈਸਲਾ ਕਰਵਾ ਦਿੱਤਾ। ਰਮਜ਼ਾਨ ਦੀ ਪਹਿਲਣ ਝੋਟੀ ਜਿਸ ਨੇ ਆਪਣੀ ਮਾਂ ਵਾਂਗਰ ਪੰਦਰਾਂ ਸੇਰ ਪੱਕਾ ਦੁੱਧ ਦੇਣਾ ਸੀ ਤੇ ਇਸ ਦੇ ਨਾਲ-ਨਾਲ ਚੁਧਰਾਣੀ ਦੀ ਉਹ ਟੂਮ, ਜੋ ਇਸੇ ਜਲਾਲ ਦੀਆਂ ਸੁੰਨਤਾਂ ਵੇਲੇ ਸ਼ਾਹੂਕਾਰਨੀ ਨੇ ਉਸ ਨੂੰ ਮੋੜ ਦਿੱਤੀ ਸੀ ਤੇ ਇਕ ਹੋਰ ਟੂਮ ਜੋ ਕਿਸੇ ਸਮੇਂ ਚੁਧਰਾਣੀ ਨੇ ਔਖੀ ਭਾਰੀ ਹੋ ਕੇ ਬਣਵਾਈ ਸੀ, ਇਹ ਵੀ ਮਹਿੰਗਾ ਸਿੰਘ ਦੇ ਘਰ ਆ ਗਈਆਂ ਤੇ ਉਸ ਨੇ ਆਪਣੀ ਵਹੀ ਦੇ ਲੇਖੇ ਉਤੇ ਲੀਕ ਮਾਰ ਦਿੱਤੀ।
“ਹੁਣ ਜਲਾਲ ਦੇ ਨਿਕਾਹ ‘ਤੇ ਕੋਈ ਕਰਜ਼ ਨਾ ਲਵੇਂ, ਰਮਜ਼ਾਨ,” ਕਰਤਾਰ ਸਿੰਘ ਨੇ ਦੂਜੇ ਦਿਨ ਰਮਜ਼ਾਨ ਨੂੰ ਸਮਝਾਉਣਾ ਚਾਹਿਆ।
“ਹੋਰ ਕੇ ਕਰਸਾਂ, ਸਰਦਾਰ?” ਰਮਜ਼ਾਨ ਦਾ ਉਤਰ ਸੀ।
(‘ਅੱਧੀ ਵਾਟ’)

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਸੰਤ ਸਿੰਘ ਸੇਖੋਂ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ