Mainu Parh Laindo Mera Viah na Karo : Dhanjall Zira

ਮੈਨੂੰ ਪੜ੍ਹ ਲੈਣਦੋ ਮੇਰਾ ਵਿਆਹ ਨਾ ਕਰੋ : ਧੰਜਲ ਜ਼ੀਰਾ

ਇਕ ਬੇਟੀ ਦੇ ਆਪਣੇ ਪਿਓ ਨੂੰ ਕਹੇ ਬੋਲ:

ਪਿਤਾ ਜੀ ਮੈਂ ਹਾਲੇ ਵਿਆਹ ਨਹੀਂ ਕਰਵਾਉਣਾ, ਮੈਨੂੰ ਪੜ੍ਹ ਲੈਣਦੋ। ਮੇਰੀ ਹਜੇ ੧੩-੧੪ ਸਾਲ ਦੀ ਤਾਂ ਉਮਰ ਹੈ। ਮੈਂ ਪੜ੍ਹ ਲਿਖ ਕੇ ਵੱਡੀ ਅਫਸਰ ਬਣਨਾ ਹੈ। ਪਿਤਾ ਜੀ ਮੈਂ ਵੀ ਆਪਣੇ ਪੈਰਾਂ 'ਤੇ ਖੜ੍ਹੀ ਹੋਣਾ ਚਾਹੁੰਦੀ ਹਾਂ। ਮੈਨੂੰ ਕਿਸੇ ਦੇ ਲੜ ਲਾ ਕੇ ਮੇਰੇ ਸੁਪਨੇ ਨਾ ਮਿਟਾਓ। ਫਿਰ ਕੀ ਹੋਇਆ, ਜੇ ਮੈਂ ਇਕ ਕੁੜੀ ਹਾਂ, ਪਰ ਮੈਂ ਵੀ ਮੁੰਡਿਆਂ ਬਰਾਬਰ ਖੜਾਂਗੀ। ਮੈਨੂੰ ਸਾਰੇ ਅਧਿਕਾਰ ਹਨ। ਮੈਂ ਕਿਓਂ ਕਿਸੇ ਤੋਂ ਪਿੱਛੇ ਰਹਾਂ। ਮੈਨੂੰ ਪਤਾ ਹੈ, ਕਿ ਆਪਾਂ ਗਰੀਬ ਹਾਂ, ਪਰ ਮੈਂ ਪੜ੍ਹ ਲਿਖ ਕੇ ਵਧੀਆ ਨੌਕਰੀ ਲੱਗ, ਆਪਣੀ ਸਾਰੀ ਗਰੀਬੀ ਦੂਰ ਕਰਾਂਗੀ। ਜੋ ਹੁਣ ਤੁਸੀਂ ਇਹ ਪਾਟੇ ਕੱਪੜੇ ਪਾਏ ਆ ਇਹ ਵੀ ਚੰਗੇ ਕੱਪੜੇ ਹੋਣਗੇ। ਪਿਤਾ ਜੀ ਤੁਸੀਂ ਘਬਰਾਓ ਨਾ, ਮੈਂ ਤੁਹਾਡੀ ਪੱਗ ਨੂੰ ਦਾਗ ਨਹੀਂ ਲੱਗਣ ਦਿਆਂਗੀ।

ਮੈਨੂੰ ਫਿਕਰ ਹੈ ਤੁਹਾਡੀ ਇੱਜਤ ਦਾ। ਪਿਤਾ ਜੀ ਤੁਹਾਡੀ ਇੱਜਤ ਨੂੰ ਕਦੇ ਘਟਣ ਨਹੀਂ ਦਿਆਂਗੀ। ਪਿਤਾ ਜੀ ਉਹ ਵੀ ਕਿਸੇ ਦੀਆਂ ਬੇਟੀਆਂ ਹਨ ਜੋ ਬਾਡਰਾਂ ਤੇ ਡਿਊਟੀ ਕਰਦੀਆਂ, ਪੁਲਿਸ ਵਿੱਚ ਡਿਊਟੀ ਕਰਦੀਆਂ, ਬੈਕਾਂ 'ਚ ਨੌਕਰੀਆਂ ਕਰਦੀਆਂ ਤੇ ਜਹਾਜਾਂ 'ਚ ਨੌਕਰੀਆਂ ਹਨ। ਹੁਣ ਤਾਂ ਹਰ ਪਾਸੇ ਕੁੜੀਆਂ ਨੇ ਆਪਣੀ ਇਕ ਵੱਖਰੀ ਪਹਿਚਾਣ ਬਣਾ ਲਈ ਹੈ। ਮਸ਼ਹੂਰ ਕਲਪਨਾ ਚਾਵਲਾ, ਸਾਨੀਆ ਮਿਰਜਾ ਵੀ ਬੇਟੀਆਂ ਹਨ। ਉਹਨਾਂ ਦੇਖੋ ਕਿੰਨੀ ਤਰੱਕੀ ਕੀਤੀ ਹੈ। ਪਿਤਾ ਜੀ ਮੈਂ ਵੀ ਉਹਨਾਂ ਵਾਂਗ ਤਰੱਕੀ ਕਰਨੀ ਹੈ। ਮੈਂ ਉਹਨਾਂ ਕੁੜੀਆਂ ਵਿੱਚੋਂ ਨਹੀਂ ਜਿਹਨਾਂ ਨੂੰ ਮਾਂ-ਬਾਪ ਬੜੇ ਚਾਵਾਂ ਨਾਲ ਪਾਲਦੇ ਹਨ। ਫਿਰ ਉਹਨਾਂ ਦੀ ਪੜਾਈ ਲਈ ਉਹਨਾਂ ਨੂੰ ਘਰੋਂ ਬਾਹਰ ਪੜ੍ਹਣ ਲਈ ਭੇਜਦੇ ਹਨ ਤੇ ਉਹ ਅੱਗੋਂ ਪੜ੍ਹਣ ਦੀ ਬਜਾਏ ਕੋ'ਟ ਮੈਰਿਜ ਜਾਂ ਲਵ ਮੈਰਿਜ ਕਰਵਾ ਲੈਂਦੀਆਂ ਹਨ। ਉਹਨਾਂ ਕੁੜੀਆਂ ਕਰਕੇ ਹੀ ਮਾਪੇ ਧੀ ਜੰਮਣ ਤੋਂ ਡਰਦੇ ਹਨ।

ਮੈਂ ਆਪਣੇ ਸਮਾਜ ਨੂੰ ਇਹ ਦੱਸਣਾ ਚਾਹੁੰਦੀ ਹਾਂ, ਕਿ ਪੰਜੇ ਉਂਗਲਾਂ ਇਕੋ ਜਿਹੀਆਂ ਨਹੀਂ ਹੁੰਦੀਆਂ, ਮਤਲਬ ਸਾਰੀਆਂ ਕੁੜੀਆਂ ਇਕੋ ਜਿਹੀਆਂ ਨਹੀਂ ਹਨ। ਮੈਂ ਬਣਾਂਗੀ ਆਪਣੇ ਸਮਾਜ ਲਈ ਇਕ ਚੰਗੀ ਮਿਸਾਲ। ਤਾਂ ਜੋ ਕੋਈ ਵੀ ਮਾਂ-ਪਿਓ ਆਪਣੀ ਬੇਟੀ ਦਾ ਵਿਆਹ ਘੱਟ ਉਮਰ 'ਚ ਨਾ ਕਰੇ। ਤੇ ਆਪਣੇ ਬੇਟੀ ਨੂੰ ਪੜ੍ਹਾਵੇ ਲਿਖਾਵੇ।

ਵਾਹ! ਮੇਰੀਏ ਧੀਏ, ਤੂੰ ਤਾਂ ਮੇਰੀਆਂ ਅੱਖਾਂ ਹੀ ਖੋਲ੍ਹ ਦਿੱਤੀਆਂ। ਹੁਣ ਮੈਂ ਤੈਨੂੰ ਕਦੇ ਨਹੀਂ ਰੋਕਾਂਗਾ ਪੜ੍ਹਣ-ਲਿਖਣ ਤੋਂ, ਚਾਹੇ ਮੈਨੂੰ ਕਿੰਨੀਆਂ ਵੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇ। ਚੱਲ ਧੀਏ ਆਪਾਂ ਸਾਰੇ ਪਿੰਡ ਨੂੰ ਦੱਸੀਏ -
"ਬੇਟੀ ਪੜ੍ਹਾਓ-ਗਿਆਨ ਵਧਾਓ"

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਧੰਜਲ ਜ਼ੀਰਾ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ