Malik Bhago-Bhai Lalo-(Bhai Vir Singh) : Saakhi Guru Nanak Dev Ji

ਮਲਕ ਭਾਗੋ-ਭਾਈ ਲਾਲੋ-(ਭਾਈ ਵੀਰ ਸਿੰਘ) : ਗੁਰੂ ਨਾਨਕ ਦੇਵ ਜੀ ਸੰਬੰਧੀ ਸਾਖੀ

ਬਿਆਸਾ ਨਦੀ ਦਾ ਪੱਛਮੀ ਕਿਨਾਰਾ, ਇਕ ਨਿੱਕੀ ਜਿਹੀ ਟਿਬੀ, ਅੰਮ੍ਰਿਤ ਵੇਲਾ। 'ਰੱਬੀ ਜੋਤਿ' ਧਿਆਨ ਮਗਨ ਬੈਠੀ ਹੈ, ਇਕ ਪ੍ਰੇਮ ਮੂਰਤ ਸੂਰਤ ਪਾਸ ਕੀਰਤਨ ਕਰ ਰਹੀ ਹੈ, ਠੰਢਾ ਸੁਹਾਉ ਅਸਮਾਨਾਂ ਤੋਂ ਵਸ ਰਿਹਾ ਹੈ, ਸ਼ਾਂਤ ਤੇ ਇਕਾਂਤ ਵਿਚ ਕੀਰਤਨ ਦੀ ਰਉ ਸੁਆਦ ਦਰ ਸੁਆਦ ਦੀ ਲਪਟ ਦੇ ਰਹੀ ਹੈ । ਦਿਨ ਚੜ੍ਹ ਆਇਆ, ਆਪ ਨੇ ਸੋਹਣੇ ਨੈਣ ਖੋਹਲੇ, ਅਰਸ਼ਾਂ ਵਲ ਤੇ ਫੇਰ ਦਰਿਆ ਵਲ ਤੇ ਫਿਰ ਚੁਫੇਰੇ ਤਕਿਆ-

ਹਉ ਜੀਵਾ ਗੁਣਸਾਰਿ ਅੰਤਰਿ ਤੂ ਵਸੈ॥
ਤੂੰ ਵਸੈ ਮਨਮਾਹਿ ਸਹਜੇ ਰਸਿ ਰਸੈ ॥੩॥ ਸੂ: ਮ: ੧

ਦੀ ਮਿਠੀ ਸਦ ਆਈ, ਫੇਰ ਉਠ ਖੜੇ ਹੋਏ, ਤੇ ਆਖਿਆ 'ਮਹਾਂ ਪੁਰਖ ਇਕ ਆਵੇਗਾ ਏਥੇ ਕੀਰਤਨ ਹੋਵੇਗਾ, ਵਸੋਂ ਵਸੇਗੀ,' ਇਹ ਕਹਿੰਦੇ ਅਗੇ ਨੂੰ ਟੁਰ ਪਏ। ਇਵੇਂ ਹੀ ਦੋ ਦਿਨ ਗੁਜਾਰ ਰਸਤੇ ਟੁਰਦੇ ਠਹਿਰਦੇ ਤ੍ਰੀਜੇ ਦਿਨ ਅੰਮ੍ਰਤ ਵੇਲੇ ਇਕ ਬੇਰੀਆਂ ਦੀ ਝੰਗੀ, ਇਕ ਸੁਹਾਵੇ ਛੰਭ ਦੇ ਕਿਨਾਰੇ ਜਾ ਜੋਤ ਜਗਾਈ। ਕੀਰਤਨ ਹੋਇਆ, ਸੁਆਦ ਆਇਆ, ਫਿਰ ਸੁਹਣੇ ਹੋਠ ਖੁਲ੍ਹੇ ਤੇ ਵਾਕ ਹੋਇਆ:

ਅਬ ਤਬ ਅਵਰੁ ਨ ਮਾਗਉ ਹਰਿ ਪਹਿ
ਨਾਮੁ ਨਰਿੰਜਨ ਦੀਜੈ ਪਿਆਰਿ॥
ਨਾਨਕ ਚਾਤ੍ਰਿਕੁ ਅੰਮ੍ਰਿਤ ਜਲੁ
ਮਾਗੈ ਹਰਿ ਜਸੁ ਦੀਜੈ ਕਿਰਪਾ ਧਾਰਿ॥੮॥

ਗੂ: ਅਸਟ ਮ: ੧.੨

ਫੇਰ ਉਠੇ ਤੇ ਟੁਰ ਪਏ, ਬਚਨ ਕੀਤਾ, 'ਮਹਾਂ ਪੁਰਖ ਆਉਣਗੇ, ਹਰਿ ਕੀਰਤਨ ਦਾ ਮੰਦਰ ਤੇ ਨਗਰੀ ਵਸਾਉਣਗੇ'। ਫੇਰ ਦੋ ਚਾਰ ਦਿਨ ਹੋਰ ਸਫਰ ਕੀਤਾ, ਹੁਣ ਅੱਪੜੇ ਐਮਨਾਵਾਦ, ਜਿਸ ਦਾ ਨਾਉਂ ਸੈਦਪੁਰ ਤਦੋਂ ਸੀ, ਇਕ ਤਰਖਾਣ ਦੇ ਘਰ ਜਾ 'ਧੰਨ ਨਿਰੰਕਾਰ' ਦੀ ਅਲਖ ਜਗਾਈ। ਇਹ ਤਰਖਾਣ, ਤਰਖਾਣਾ ਕੰਮ ਕਰਦਾ ਸੀ, ਸਿਧੀ ਪੱਧਰੀ ਜਿਹੀ ਸੂਰਤ ਸੀ, ਬਾਹਰੋਂ ਖਹੁਰਾ ਖਹੁਰਾ ਦਿਸਦਾ ਸੀ। ਵਾਜ ਸੁਣ ਕੇ ਬਾਹਰ ਆਇਆ, ਤਕਿਆ, ਨੈਣ ਨੀਵੇਂ ਪਾ ਲਏ, ਫੇਰ ਤਕਿਆ, ਤੇ ਫੇਰ ਚਰਨਾਂ ਤੇ ਢਹਿ ਪਿਆ। ਆਪ ਬੋਲੇ - 'ਲੈ ਭਾਈ ਲਾਲੋ, ਆ ਗਏ ਹਾਂ, ਤੇ ਟੁਰ ਪਏ ਹਾਂ ਦੇਸੋਂ ਬਦੇਸ਼ਾਂ ਦੀ ਧਾਰ ਕੇ'। ਲਾਲੋ ਦੇ ਨੈਣ ਭਰ ਆਏ, ਚੁਪ ਚਾਪ ਅੰਦਰ ਲੈ ਗਿਆ, ਕੋਠੇ ਦੇ ਅੰਦਰ। ਨਾਲ ਦਾ ਸਾਥੀ, ਕੀਰਤਨ ਕਰਨ ਵਾਲਾ ਮਰਦਾਨਾ ਹੈਰਾਨ ਪਿਆ ਹੋਵੇ, ਸਚ ਆਖੇ - ਆਪਣਾ ਘਰ ਛਡਿਆ, ਮੋਦੀ ਖਾਨਾ ਛਡਿਆ, ਕਿੰਨੇ ਮੋਦੀ ਖਾਨੇ ਦੇ ਨੌਕਰ ਅਗੇ ਹਥ ਜੋੜ ਖੜੋਂਦੇ ਸਨ, ਨਵਾਬ ਮੇਹਰਾਂ ਕਰਦਾ ਸੀ, ਘਰ ਦਾ ਸੁਖ ਸੀ, ਦੇਵੀ ਭੈਣ ਸੀ, ਪਤੀਬ੍ਰਤਾ ਇਸਤ੍ਰੀ ਸੇਵਾ ਕਰਦੀ ਸੀ, ਸੋ ਸਭ ਛਡਿਆ। ਰਸਤੇ ਵਿਚ ਜਿਥੇ ਠਹਿਰੇ ਹਥੀਂ ਛਾਵਾਂ ਹੋਈਆਂ। ਇਹ ਕਿਥੇ ਆ ਗਏ ਕਿੱਲੇ ਘੜਨ ਵਾਲੇ ਦੇ ਘਰ! ਨਾ ਮੰਜਾ ਦੀਹਦਾ ਹੈ, ਨਾ ਖੇਸ, ਨਾ ਘਰ ਦਾ ਵਲੇਵਾ, ਨਾ ਕੋਈ ਸੁਖ ਦਾ ਸਾਮਾਨ। ਪਰ ਆਪ ਹੁਰੀਂ ਚੁਪ ਕਰ ਕੇ ਬਹਿ ਗਏ, ਫੇਰ ਲਾਲੋ ਨੇ ਬਾਹਰੋਂ ਇਕ ਮੰਜਾ ਆਂਦਾ ਤੇ ਸ੍ਰੀ ਗੁਰੂ ਜੀ ਨੂੰ ਉਸ ਪਰ ਬਿਠਾਇਆ, ਕਿੰਨਾ ਚਿਰ ਦੁਵੱਲੀ ਕੋਈ ਗਲ ਬਾਤ ਨਹੀਂ ਹੋਈ। ਫਿਰ ਲਾਲੋ ਨੇ ਬਾਹਰ ਇਕਲਵਾਂਜੇ ਚੌਂਕਾ ਦੇ ਕੇ ਰਸੋਈ ਕੀਤੀ। ਇਧਰ ਮਰਦਾਨੇ ਨੇ ਪੁਛਿਆ 'ਹੇ ਦਾਤਾ ਜੀ! ਇਹ ਕੌਣ ਪੁਰਖ ਹੈ ਜਿਸਦੇ ਘਰ ਆਪ ਚੱਲ ਕੇ ਆਏ ਹੋ? ਘਰ ਛਡ ਸ਼ਹਿਰਾਂ ਤੋਂ ਪਰੇ ਪਰੇ ਰਹਿੰਦੇ ਕਿਥੇ, ਆਪ ਆ ਚਰਨ ਪਾਏ ਨੇ?' ਆਪ ਹਸਕੇ ਬੋਲੇ, 'ਅਸੀਂ ਭਗਤੀ ਦੇ ਘਰ ਆਏ ਹਾਂ, ਮਰਦਾਨਿਆਂ! ਧਰਮ ਕਿਰਤ ਦੇ ਘਰ ਆਏ ਹਾਂ, ਜਿਥੇ ਕਿਰਤ ਹੈ ਧਰਮ ਦੀ, ਪਰ ਮਨ ਹਨੇਰੇ ਵਿਚ ਨਹੀਂ, ਪਿਆਰ ਵਿਚ ਹੈ, ਉਜਲਾ ਹੈ, ਸੋਝੀ ਵਾਲਾ ਹੈ'। ਇੰਨੇ ਨੂੰ ਭੋਜਨ ਤਿਆਰ ਹੋ ਗਿਆ। ਲਾਲੋ ਨੇ ਆ ਕੇ ਕਿਹਾ 'ਚੌਂਕੇ ਵਿਚ ਚਲੋ ਤੇ ਭੋਜਨ ਪਾਓ' ਸੀ ਗੁਰੂ ਜੀ ਨੇ ਆਖਿਆ 'ਲਾਲੋ! ਸਾਰੀ ਧਰਤੀ ਚੌਂਕਾ ਹੈ, ਤੇ ਸਚ ਵਿਚ ਰੱਤਿਆਂ ਸਾਰੀ ਸੁਚ ਹੋ ਜਾਂਦੀ ਹੈ, ਤੂੰ ਭੋਜਨ ਇਥੇ ਹੀ ਲੈ ਆ'। ਜਾਂ ਲਾਲੋ ਕੋਧਰੇ ਦੀ ਰੋਟੀ ਤੇ ਸਾਗ ਲੈ ਆਇਆ ਤਾਂ ਮਰਦਾਨਾ ਜੀ ਵਿਚ ਆਖੇ, ਕਿਥੇ ਆ ਗਏ, ਇਹ ਸੁਕੀ ਰੋਟੀ ਸੰਘੋ ਲਹਿ ਜਾਊ? ਪਰ ਜਾਂ ਮਰਦਾਨੇ ਉਹ ਰੋਟੀ ਖਾਧੀ ਤਾਂ ਅੰਮ੍ਰਤ ਦਾ ਸੁਆਦ ਆਇਆ। ਜਦ ਸਤਿਗੁਰਾਂ ਨੇ ਭੀ ਪ੍ਰਸ਼ਾਦ ਡਾਢੇ ਪਿਆਰ ਨਾਲ ਛਕ ਲਿਆ ਤਾਂ ਲਾਲੋ ਨੇ ਚਰਨਾਂ ਤੇ ਮਥਾ ਟੇਕਿਆ। ਆਪ ਨੇ ਸਿਰ ਤੇ ਹਥ ਧਰ ਕੇ ਐਸੀ ਮੇਹਰ ਕੀਤੀ ਕਿ ਲਾਲੋ ਦੀ ਭਗਤੀ ਤੇ ਸਾਧਨਾ ਵਾਲੀ ਬ੍ਰਿਤੀ ਅਡੋਲ ਆਤਮਾ ਰਸ ਵਿਚ ਭਿਜ ਗਈ, ਸਿਮਰਨ ਦਾ ਰਸ ਲੂੰ ਲੂੰ ਵਿਚ ਛਾ ਗਿਆ ਤੇ ਆਨੰਦ ਆਨੰਦ ਖਿੜ ਗਿਆ। ਇਸ ਤਰ੍ਹਾਂ ਸਤਿਗੁਰ ਜੀ ਦੋ ਤ੍ਰੈ ਦਿਨ ਉਸਦੇ ਘਰ ਰਹਿ ਕੇ ਫੇਰ ਟੁਰਨ ਲਗੇ ਪਰ ਲਾਲੋ ਨੇ ਨੈਣ ਭਰ ਕੇ ਬੇਨਤੀ ਕੀਤੀ ਕਿ ਕੁਛ ਦਿਨ ਹੋਰ ਠਹਿਰੋ ਪਰ, ਜੋ ਮੇਹਰ ਕੀਤੀ ਨੇ ਇਸ ਨੂੰ ਹੋਰ ਵਧਾਓ ਤੇ ਹੋਰ ਤ੍ਰਠੋ।" ਉਸਦੀ ਪ੍ਰੇਮ ਭਾਵਨਾ ਪਰ ਪ੍ਰਸੰਨ ਹੋ ਕੇ ਆਪ ਹੋਰ ਸਮਾਂ ਉਥੇ ਠਹਿਰ ਪਏ। ਰਾਤ ਲਾਲੋ ਦੇ ਕੋਠੇ ਆ ਜਾਣਾ ਤੇ ਸਵੇਰੇ ਬਾਹਰ ਚਲੇ ਜਾਣਾ ਤੇ ਸਾਰਾ ਦਿਨ ਰੋੜਾਂ ਯਾ ਰੇਤੇ ਦੇ ਥੜ੍ਹਿਆਂ ਤੇ ਕਿਸੇ ਰੰਗ ਵਿਚ ਮਗਨ ਬੈਠੇ ਰਹਿਣਾ। ਥੋੜੇ ਦਿਨਾਂ ਮਗਰੋਂ ਮਰਦਾਨਾਂ ਤਾਂ ਘਰਦਿਆਂ ਦੀ ਖ਼ਬਰ ਸੁਰਤ ਲੈਣ ਤਲਵੰਡੀ ਨੂੰ ਚਲਾ ਗਿਆ, ਪਰ ਸ੍ਰੀ ਗੁਰੂ ਜੀ ਉਥੇ ਹੀ ਰਹੇ। ਇੰਨੇ ਚਿਰ ਤਕ ਨਗਰ ਵਿਚ ਇਹ ਗਲ ਪਰਸਿਧ ਹੋ ਗਈ ਕਿ ਤਲਵੰਡੀ ਦਾ ਵੇਦੀ ਕੁਲ ਦਾ ਇਕ ਖੱਤਰੀ ਲਾਲੋ ਸ਼ੂਦਰ ਦੇ ਘਰ ਰਹਿੰਦਾ ਹੈ ਅਰ ਉਸਦੇ ਹਥ ਦੀ ਰੋਟੀ ਖਾਂਦਾ ਹੈ। ਤੇ ਇਕ ਮਿਰਾਸੀ ਭੀ ਨਾਲ ਹੀ ਰਹਿੰਦਾ ਹੈ। ਮਰਦਾਨਾ ਕਦੀ ਕਿਸੇ ਕੰਮ ਸ਼ਹਿਰ ਨੂੰ ਜਾਵੇ ਤਾਂ ਲੋਕੀ ਉਸਨੂੰ 'ਕੁਰਾਹੀਏ ਦਾ ਮਿਰਾਸੀ' ਆਖਿਆ ਕਰਨ। ਇਹ ਖੁਣਸ ਹੋਰ ਭੀ ਵਧੀ, ਜਦੋਂ ਕਿ ਦੋ ਚਾਰ ਬ੍ਰਾਹਮਣ ਗੁਰੂ ਜੀ ਨੂੰ ਸਮਝਾਉਣ ਗਏ ਤਾਂ ਉਨਾਂ ਨਾਲ ਵਾਕ ਕਰ ਕੇ ਨਿਰੁਤਰ ਹੋਕੇ ਮੁੜੇ, ਪਰੰਤੂ ਕਈ ਹਿੰਦੂ ਮੁਸਲਮਾਨ ਕੀਰਤਨ ਤੇ ਬਚਨ ਸੁਣਕੇ ਸ਼ਰਧਾਵਾਨ ਭੀ ਹੋ ਗਏ। ਇਥੇ ਗੁਰੂ ਜੀ 'ਨਾਨਕ ਤਪਾ' ਕਰਕੇ ਪਰਸਿਧ ਹੋਏ। ਮੁਸਲਮਾਨ ਕਈ 'ਨਾਨਕ ਸ਼ਾਹ' ਕਰ ਕੇ ਗਲ ਕਥ ਕਰਦੇ ਸੇ। ਇਹ ਜੋ ਉਥੋਂ ਦੇ ਦੂਰ ਨੇੜੇ ਦੇ ਗਿਰਾਵਾਂ ਦੇ ਲੋਕਾਂ ਦਾ ਆਉਣਾ, ਸਤਿਸੰਗ ਕਰਨਾ ਤੇ ਸਿਖਿਆ ਲੈ ਕੇ ਜੀਵਨ ਸੁਧਾਰਨਾ ਸ਼ੁਰੂ ਹੋ ਗਿਆ, ਇਹ ਲਗਾ ਬ੍ਰਾਹਮਣਾਂ ਮੁਲਾਣਿਆਂ ਨੂੰ ਦੁਖ ਦੇਣ ਕਿ ਇਹ ਤਾਂ ਇਥੇ ਹੀ ਟਿਕ ਗਿਆ ਤੇ ਡੇਰਾ ਲਾ ਬੈਠਾ ਹੈ ਤੇ ਲੋਕੀ ਸ਼ਰਧਾਵਾਨ ਹੁੰਦੇ ਜਾਂਦੇ ਹਨ, ਕਿਤੇ ਇਸ ਦੀ ਪੂਜਾ ਨਾ ਹੋਣ ਲਗ ਪਏ, ਅਸੀਂ ਰਹਿ ਜਾਈਏ। ਇਸ ਤਰ੍ਹਾਂ ਦੀਆਂ ਸੋਚਾਂ ਨਾਲ ਖੁਣਸ ਵਧੇਰੇ ਹੋਣ ਲਗ ਪਈ। ਕੋਈ ਕੋਈ ਲੋਕੀ ਤਾਂ ਸਤਿਗੁਰ ਦੇ ਮਿਠੇ ਵਾਕਾਂ ਤੇ ਭਰਮ ਤੋੜ ਉਪਦੇਸ਼ਾਂ ਤੇ ਨਾਮ ਦੇ ਆਸਰੇ ਸਚੇ ਸੁਖ ਦੀ ਪ੍ਰਾਪਤੀ ਨਾਲ ਸੁਖ ਪਉਣ ਲਗੇ, ਪਰ ਪੂਜਾਧਾਰੀ ਵਹਿਸ਼ੀਆਂ ਨੇ ਉਸ ਥਾਂ ਦੇ ਨਵਾਬ ਤੇ ਉਸ ਦੇ ਕਾਰਦਾਰ ਮਲਕ ਭਾਗੋ ਖਤਰੀ ਨੂੰ ਚੁਗਲੀਆਂ ਨਾਲ ਚਾਉਣਾ ਆਰੰਭ ਦਿਤਾ। ਦੋ ਚਾਰ ਵੇਰੀ ਸਤਿਗੁਰੂ ਜੀ ਨੂੰ ਉਠਾਉਣ ਲਈ ਚੋਰੀ ਛੱਪੀ ਆਦਮੀ ਬੀ ਘਲੇ, ਪਰ ਉਨ੍ਹਾਂ ਦੀ ਦਿੱਬਯ ਮੂਰਤੀ ਤੇ ਪ੍ਰਭਾਵ ਭਰੇ ਸਰੂਪ ਦੇ ਅਗੇ ਕਿਸੇ ਦਾ ਹੀਆ ਨਾ ਪਿਆ। ਅੰਤ ਮਲਕ ਭਾਗੋ ਦੇ ਕੋਈ ਉਤਸ਼ਵ ਆ ਗਿਆ ਤੇ ਉਸ ਨੇ ਸਾਰੇ ਸਾਧੂਆਂ ਬ੍ਰਾਹਮਣਾਂ ਦਾ ਬ੍ਰਹਮਭੋਜ ਕੀਤਾ ਤੇ ਗੁਰੂ ਜੀ ਨੂੰ ਭੀ ਬ੍ਰਾਹਮਣਾਂ ਦੇ ਹਥੀਂ ਸਦਵਾ ਘਲਿਆ। ਪਰ ਗੁਰੂ ਜੀ ਨਾ ਗਏ। ਹੁਣ ਬ੍ਰਾਹਮਣਾਂ ਨੂੰ ਮੌਕਾ ਹਥ ਲੱਗਾ, ਲਗੇ ਨਿੰਦਿਆ ਕਰਨ ਤੇ ਮਲਕ ਨੂੰ ਚੁਕਣ ਚਾਉਣ ਕਿ ਦੇਖੋ ਨਾਨਕ ਤਪਾ ਕੇਡਾ ਹੰਕਾਰੀ ਹੈ, ਤੁਹਾਡੇ ਬ੍ਰਹਮਭੋਜ ਤੇ ਨਹੀਂ ਆਇਆ, ਸ਼ੂਦਰ ਦੇ ਘਰ ਖਾਂਦਾ ਹੈ ਤੇ ਖੱਤਰੀ ਬ੍ਰਾਹਮਣਾਂ ਦਾ ਨੇਉਂਤਾ ਨਹੀਂ ਮੰਨਦਾ, ਐਸੀ ਕੁਰੀਤੀ ਦਾ ਪ੍ਰਚਾਰ ਹੋ ਰਿਹਾ ਹੈ ਕਿ ਧਰਮ ਦੀ ਹਾਨੀ ਹੋ ਜਾਏਗੀ। ਭਾਗੋ ਨੇ ਜਦ ਤਸੱਲੀ ਕਰ ਲਈ ਕਿ ਨਿਉਂਤਾ ਗਿਆ ਸੀ ਤੇ ਨਹੀਂ ਆਇਆ ਤਾਂ ਗੁੱਸੇ ਹੋ ਕੇ ਫਿਰ ਆਪਣੇ ਪਾਸ ਸਦ ਘਲਿਆ। ਹੁਣ ਵੀ ਇਕ ਬ੍ਰਾਹਮਣ ਹੀ ਸਦਣ ਵਾਸਤੇ ਗਿਆ, ਪਰ ਸ੍ਰੀ ਗੁਰੂ ਜੀ ਨੇ ਉਸ ਦਾ ਸੰਦੇਸਾ ਸੁਣ ਕੇ ਕਿਹਾ, ਅਸੀਂ ਫ਼ਕੀਰ ਲੋਕ ਹਾਂ, ਸਾਝਾ ਪਾਤਸ਼ਾਹਾਂ ਨਾਲ ਕੀ ਕੰਮ? ਮਲਕ ਦੇ ਨਾ ਅਸੀਂ ਸਿਆਣੂ ਨਾ ਉਹ ਸਾਡਾ, ਨਾ ਸਾਨੂੰ ਉਸ ਨਾਲ ਕੰਮ ਨਾ ਉਸ ਨੂੰ ਸਾਡੇ ਨਾਲ, ਘਰ, ਬਾਹਰ, ਮਾਲ ਅਸੀਂ ਛੱਡ ਆਏ, ਅਸਾਂ ਉਸ ਦੇ ਜਾ ਕੇ ਕੀ ਲੈਣਾ ਹੈ?

ਇਹ ਸੁਣ ਕੇ ਬ੍ਰਾਮਹਣ ਨੇ ਹੋਰ ਜਾਂ ਮਲਕ ਨੂੰ ਸੀਖਿਆ ਕਿ ਦੇਖੋ ਹੁਣ ਭੀ ਆਕੜ ਵਿਚ ਹੈ, ਤੁਹਾਡੇ ਸੱਦੇ ਤੇ ਨਹੀਂ ਆਇਆ, ਮੈਂ ਬਥੇਰਾ ਸਮਝਾਇਆ, ਪਰ ਕਹਿੰਦੇ ਹਨ ਸਾਨੂੰ ਮਲਕ ਨਾਲ ਕੋਈ ਕੰਮ ਨਹੀਂ ਹੈ। ਇਧਰ ਸਤਿਗੁਰ ਜੀ ਇਹ ਕਹਿ ਕੇ ਬਾਹਰ ਉਦਿਆਨ ਨੂੰ ਚਲੇ ਗਏ ਸਨ। ਪਿਛੇ ਭਾਈ ਲਾਲੋ ਦੇ ਘਰ ਥੋੜੇ ਜਿਹੇ ਪਿਆਰ ਵਾਲੇ ਸਜਣਾਂ ਦਾ ਕੱਠ ਹੋਇਆ ਕਿ ਇਹ ਗਲ ਭਲੀ ਨਾ ਹੋਈ ਜੋ ਸਤਿਗੁਰ ਜੀ ਨਾਲ ਹਾਕਮਾਂ ਦੀ ਛਿੜ ਪਈ। ਇਹ ਲੋਕ ਅੰਨ੍ਹੇ ਹੁੰਦੇ ਹਨ, ਰੱਬੀ ਰੰਗ ਦੀ ਸੋਝੀ ਤੋਂ ਕੋਰੇ, ਰਾਜ ਮਦ ਵਿਚ ਮਸਤ ਇਹ ਅਕਾਰਣ ਜ਼ੁਲਮ ਕਰ ਦੇਂਦੇ ਹਨ, ਕਿਤੇ ਇਸ ਨੂਰ ਇਲਾਹੀ ਤੇ ਰੱਬੀ ਜੋਤ ਨੂੰ ਕੋਈ ਤਸੀਹਾ ਨਾ ਦੇਣ। ਇਨ੍ਹਾਂ ਸੋਚਾਂ ਵਿਚ ਨਿਕੇ ਨਿਕੇ ਨਵੇਂ ਜਾਗੇ ਦਿਲਾਂ ਵਿਚ ਡਰ ਭੈ ਦਾ ਸਹਿਮ ਤਾਂ ਘਟ ਸੀ, ਪਰ ਪਿਆਰ ਦੀ ਡੂੰਘੀ ਝਰਨਾਟ ਸੀ, ਉਹ ਸੁਆਦ ਜੋ ਉਹ ਉਨ੍ਹਾਂ ਦੇ ਪਾਸ ਬੈਠ ਕੇ ਰੋਜ਼ ਮਾਣਦੇ ਸੇ ਉਹਦੀ ਕਦਰ ਤੇ ਦਿਲੀ ਹੁੱਬ ਦਾ ਵਲਵਲਾ ਸੀ ਜੋ ਬਿਹਬਲ ਕਰਦਾ ਸੀ। ਕਈ ਇਕ ਉਪਾਊ ਸੋਚੇ, ਪਰ ਗ਼ਰੀਬ ਦਿਲ ਕੀਹ ਕਰ ਸਕਣ ਜਦ ਕਿ ਟਾਕਰਾ ਡਾਢਿਆਂ ਦਾ ਆ ਪਵੇ? ਸੰਝਾਂ ਨੂੰ ਜਦ ਸ੍ਰੀ ਗੁਰੂ ਜੀ ਆਏ ਤਾਂ ਇੰਜ ਲਾਲੋ ਨੂੰ ਉਦਾਸ ਦੇਖ ਕੇ ਬੋਲੇ 'ਸਜਣੋਂ! ਕੋਈ ਫਿਕਰ ਨਾ ਕਰੋ, ਉਹ ਨਿਰੰਕਾਰ! ਜਿਸ ਦੇ ਅਸੀਂ ਹਾਂ ਆਪੇ ਸਭ ਕੁਛ ਕਰੇਗਾ, ਤੁਸੀਂ ਰਤਾ ਚਿੰਤਾ ਨਾ ਕਰੋ, ਚਿੰਤਾ ਮਾੜੀ ਹੈ। ਤੁਸੀਂ ਨਾਮ ਜਪੋ, ਵਾਹਿਗੁਰੂ ਦੇ ਰੰਗ ਵਿਚ ਉਚੇ ਹੋਵੋ।' ਇਸ ਤਰ੍ਹਾਂ ਆਪ ਆਖਦੇ ਸਨ ਤੇ ਨੂਰਾਨੀ ਚੇਹਰਾ ਦਮਕ ਰਿਹਾ ਸੀ ਤੇ ਸਾਰੇ ਨਿਰਾਸ ਦਿਲਾਂ ਵਿਚ ਆਸ ਤੇ ਭਰੋਸਾ ਆ ਰਿਹਾ ਸੀ। ਰਾਤ ਉਸੇ ਤਰ੍ਹਾਂ ਕੋਧਰੇ ਦੀ ਰੋਟੀ ਖਾਕੇ ਤੇ ਹਰਿ ਗੁਣ ਗਾਉਂ ਕੇ ਸੈਂ ਗਏ।

ਮਲਕ ਭਾਗੋ

ਅਗਲੇ ਦਿਨ ਮਲਕ ਭਾਗੋ ਦੇ ਘੱਲੇ ਹੋਏ ਪੰਜ ਸਰਕਾਰੀ ਆਦਮੀ ਆਏ ਕਿ ਕਾਰਦਾਰ ਸਾਹਿਬ ਨੇ ਹੁਕਮ ਦਿੱਤਾ ਹੈ ਕਿ ਆਪ ਉਨ੍ਹਾਂ ਪਾਸ ਕਚਹਿਰੀ ਹਾਜ਼ਰ ਹੋਵੋ, ਤੇ ਜੇ ਨਾਂਹ ਕਰੋ ਤਾਂ ਅਸੀਂ ਮੱਲੋ ਮੱਲੀ ਲੈ ਚੱਲਣ ਲਈ ਆਖੇ ਗਏ ਹਾਂ। ਸ੍ਰੀ ਗੁਰੁ ਜੀ ਸੁਣ ਕੇ ਮੁਸਕ੍ਰਾਏ ਤੇ ਕਹਿਣ ਲਗੇ, "ਚੰਗਾ ਭਾਈ ਅਸੀਂ ਚਲਦੇ ਹਾਂ ਜੇ ਸਾਈਂ ਨੇ ਐਉਂ ਹੀ ਆਪਣਾ ਕੰਮ ਸਾਰਨਾ ਹੈ ਤਾਂ ਐਉਂ ਹੀ ਸਹੀ।" ਇਹ ਕਹਿ ਕੇ ਸਹਿਜੇ ਸਹਿਜੇ ਨਾਲ ਚਲੇ ਗਏ। ਪ੍ਰੇਮ ਡੋਰ ਦਾ ਬੱਧਾ ਲਾਲੋ ਪਿਛੇ ਪਿਛੇ ਟੁਰ ਗਿਆ, ਹੋਰ ਭੀ ਦੋ ਚਾਰ ਪਿਆਰ ਵਾਲੇ ਸੱਜਣਾਂ ਨੂੰ ਪਤਾ ਲਗਾ ਤਾਂ ਓਹ ਭੀ ਕਚਹਿਰੀ ਪਹੁੰਚ ਗਏ, ਕੁਛ ਤਮਾਸ਼ਬੀਨ ਬੀ ਜਾ ਅੱਪੜੇ ।

ਅੱਗੇ ਸਭਾ ਲੱਗੀ ਸੀ, ਮਲਕ ਭਾਗੋ ਬੈਠਾ ਸੀ, ਸ੍ਰੀ ਗੁਰੂ ਜੀ ਨੂੰ ਅੰਦਰ ਲੈ ਗਏ । ਸਤਿਗੁਰੂ ਜੀ ਜਿਵੇਂ ਗਏ ਸੇ ਚੁਪ ਖੜੇ ਹੋ ਰਹੇ । ਮਲਕ ਨੇ ਤਕ ਕੇ ਕੁਛ ਦਿਲ ਵਿਚ ਇਕ ਪਤਲਾ ਜਿਹਾ ਕਾਂਬਾ ਖਾਧਾ, ਕੁਛ ਕਹਿਣ ਲੱਗਾ ਤਾਂ ਜੀਭ ਰੁਕ ਗਈ । ਤਦ ਸ੍ਰੀ ਗੁਰੂ ਜੀ ਬੋਲੇ, 'ਹੇ ਮਲਕ ! ਕਿਸ ਕਾਜ ਸਦਵਾਇਆ ਹੈ ? ਫਕੀਰਾਂ ਨਾਲ ਕੀ ਕੰਮ ਹੈ?' ਮਲਕ ਨੇ ਥਿਥਲ ਕੇ ਕਿਹਾ 'ਆਪ ਨੂੰ ਸਾਧੂ ਜਾਣ ਕੇ ਬ੍ਰਹਮਭੋਜ ਤੇ ਬੁਲਾਇਆ ਸੀ, ਬ੍ਰਹਮਭੋਜ ਵਿਚ ਕੀ ਦੋਸ਼ ਸੀ ਕਿ ਨਹੀਂ ਆਏ ਹੋ ?

ਗੁਰੂ ਜੀ-ਅਸੀਂ ਫਕੀਰ ਹਾਂ, ਸਾਈਂ ਜਿਥੇ ਜੇਹੀ ਦੇਂਦਾ ਹੈ ਖਾ ਲੈਂਦੇ ਹਾਂ ।

ਮਲਕ - ਫੇਰ ਮੇਰੇ ਘਰ ਖਾਣ ਦਾ ਕੀਹ ਦੋਸ਼ ਸੀ ?
ਗੁਰੂ ਜੀ- ਤੇਰੇ ਘਰ ਅਨੇਕਾਂ ਖਾ ਗਏ, ਇਕ ਨਾ ਖਾ ਗਿਆ ਤਾਂ ਕੀਹ ? ਤੁਸਾਂ ਭੋਜਨ ਦਿਤਾ ਹੈ ਨਾ ਕਿ ਜ਼ੋਰ ਕੀਤਾ ਹੈ, ਜੇ ਰੁਚੇ ਕੋਈ ਖਾਏ ਨਾ ਰੁਚੇ ਨਾ ਖਾਏ ।

ਮਲਕ-ਮੇਰੀ ਇਸ ਵਿਚ ਹੱਤਕ ਹੈ ਕਿ ਜਦ ਸਭ ਬ੍ਰਾਹਮਣ ਖੱਤ੍ਰੀ, ਸਾਧੂ, ਮਹਾਤਮਾਂ ਖਾਣ, ਤੇ ਇਕ ਸਾਧੂ ਆਕੜੇ ਤੇ ਕਹੇ 'ਮੈਂ ਨਹੀਂ ਖਾਂਦਾ ।'

ਗੁਰੂ ਜੀ-ਦਾਨ ਦੇਣ ਵਾਲਾ ਦੇਵੇ ਕਿ ਲੈਣ ਲਈ ਬੀ ਧੱਕਾ ਕਰੇ, ਜੋ ਨਾ ਲਵੇ ਉਸ ਨੂੰ ਦੰਡੇ ? ਇਹ ਦਾਨ ਹੈ ਕਿ ਜ਼ੋਰ ?... ਉਂਞ ਕਿਸੇ ਦੇ ਹਥੋਂ ਖਾਣ ਦੀ ਅਸੀਂ ਛੁਹ ਭੀ ਨਹੀਂ ਮੰਨਦੇ, ਪਰ ਇਸ ਪ੍ਰਕਾਰ ਦੇ ਸਭਾਇਕ ਭੋਜਨਾਂ ਦੀ ਰੁਚੀ ਭੀ ਨਹੀਂ ਹੈ ।

ਮਲਕ ਨਿਰੁਤਰ ਹੋ ਗਿਆ, ਹੁਣ ਕੀਹ ਆਖੇ ? ਫਿਰ ਰਿਸਿਆ ਤੇ ਕਹਿਣ ਲਗਾ:- ਤੂੰ ਖੱਤਰੀ ਹੋ ਕੇ, ਵੇਦੀ ਸੂਦਰਾਂ ਦੇ ਘਰ ਖਾਵੇਂ, ਡੂੰਮਾਂ ਮਿਰਾਸੀਆਂ ਨੂੰ ਪਾਸ ਬਹਾਵੇਂ, ਗ਼ਰੀਬਾਂ ਨਿਰਧਨਾਂ ਦੀ ਇਕ ਪੰਗਤ ਲੁਆ ਕੇ ਖੁਆਵੇਂ' ਤੇ ਧਰਮ ਦੇ ਰਹੁ ਰੀਤ ਤੋੜੇਂ ਤੇ ਉੱਚ ਜਾਤੀ ਖਤਰੀਆਂ ਦੇ ਘਰ ਨਿਊਂਤਿਆਂ ਦੇ ਸਮੇਂ ਨਾਂਹ ਆਵੇਂ, ਇਹ ਕੀਹ ਫਕੀਰੀ ਹੈ ? ਤਬ ਸੀ ਗੁਰੂ ਜੀ ਮੁਸਕਰਾਏ ਤੇ ਕਹਿਣ ਲਗੇ : ਮਲਕ ਜੀ ! ਇਕ ਪੂੜਾ ਆਪਣੇ ਬ੍ਰਹਮ ਭੋਜ ਦਾ ਮੰਗਵਾਓ । ਓਧਰ ਇਕ ਆਦਮੀ ਪੂੜਾ ਲੈਣ ਗਿਆ, ਇਧਰ ਲਾਲੋ ਨੂੰ ਕਿਹਾ : 'ਤੂੰ ਭੀ ਸੁਕਾ ਟੁਕਰ ਕੋਧਰੇ ਦਾ ਲੈ ਆ।' ਜਾਂ ਦੋਵੇਂ ਆ ਗਏ ਤਾਂ ਗੁਰੂ ਜੀ ਨੇ ਇਕ ਹਥ ਪੂੜਾ ਲੀਤਾ ਤੇ ਇਕ ਹਥ ਕੋਧਰੇ ਦਾ ਟੁਕਰ, ਬਾਹਾਂ ਲੰਮੀਆਂ ਕਰਕੇ ਦੁਹਾਂ ਨੂੰ ਘੁਟਿਆ ਤਾਂ ਪੂੜੇ ਵਿਚੋਂ ਲਹੂ ਦੇ ਟੇਪੇ ਡਿਗਣੇ ਸ਼ੂਰੂ ਹੋਏ ਤੇ ਕੋਧਰੇ ਵਿਚੋਂ ਦੁਧ ਦੇ । ਗੁਰੂ ਜੀ ਚੁਪ ਤੇ ਅਹਿਲ ਇਸੇ ਤਰ੍ਹਾਂ ਖੜੇ ਰਹੇ, ਲਾਲੋ ਤੇ ਸਾਰੇ ਲੋਕ ਤਕਦੇ ਰਹੇ । ਭਾਗੋ ਅਚੰਭਾ ਰਹਿ ਗਿਆ, ਸ਼ਰਮ ਆਈ, ਗੁੱਸਾ ਆਇਆ, ਖਿਝ ਚੜ੍ਹੀ, ਪਰ ਫੇਰ ਚਿਹਰਾ ਉਡ ਗਿਆ ਤੇ ਉਸ ਪਰ ਮਾਨੋ ਸੁਆਹ ਉਡ ੫ਈ। ਗੁਰੂ ਜੀ ਬੋਲੇ:-

ਕਿੱਕਰ ਦੇ ਬੀਜ ਨੂੰ ਕੰਡੇ ਨਹੀਂ ਹੁੰਦੇ, ਪਰ ਜਦ ਬੀਜ ਦਿਓ ਬੂਟਾ ਉਗ ਪਵੇ ਤਾਂ ਕੰਡੇ ਸੂਲਾਂ ਆਪੇ ਨਿਕਲ ਪੈਂਦੇ ਹਨ । ਅਧਰਮ ਦਾ ਕੱਠਾ ਕੀਤਾ ਪੈਸਾ ਉਸ ਤੋਂ ਬਣੇ ਪਦਾਰਥ ਕਿਵੇਂ ਬੀ ਦੁਖਦਾਈ ਨਹੀਂ ਭਾਸਦੇ ਪਰ ਜਦ ਨਿਰਮਲ ਹਿਰਦਿਆਂ ਵਾਲੇ ਖਾਂਦੇ ਹਨ ਤਾਂ ਪੀੜਤ ਹੁੰਦੇ ਹਨ, ਧਿਆਨ ਉਖੜਦਾ ਹੈ, ਸਿਮਰਨ ਹਿਰਦੇ ਤੋਂ ਭੱਜ ਖੜੋਂਦਾ ਹੈ, ਰਸ ਗੁੰਮ ਹੋ ਜਾਂਦਾ ਹੈ । ਕਿਸਦਾ ਜੀ ਕਰਦਾ ਹੈ ਕਿ ਮਾਲ੍ਹ ਪੂੜੇ ਤੇ ਖੀਰ ਨਾ ਖਾਵੇ ਤੇ ਕੋਧਰਾ ਖਾਂਵੇ ? ਪਰ ਕਿਸਦਾ - ਜਿਸ ਨੂੰ ਖ਼ਬਰ ਹੈ-ਜੀ ਕਰਦਾ ਹੈ ਕਿ ਫਿੱਕੇ ਚੌਲ ਛੱਡ ਕੇ ਖੰਡ ਵਿਚ ਲਪੇਟਿਆ ਮਹੁਰਾ ਖਾਵੇ? ਤੂੰਹੀਓਂ ਹੀ ਦੱਸ ਕਿ ਕਿੱਕਰ ਦਾ ਬੀ ਬੀਜਣਾ ਭਲਾ ਹੈ ਕਿ ਅੰਬ ਦਾ? ਐਸ਼੍ਵਰਜ਼ ਹੈ, ਪਰਤਾਪ ਹੈ, ਹੁਕਮ ਹੈ, ਜ਼ੋਰ ਹੈ, ਪਦਾਰਥ ਹੈ, ਧਨ ਧਾਮ ਸੁਖ ਹੈ, ਪਰ ਕਿਸ ਕੰਮ ਜਦ ਧਰਮ ਦੀ ਕਮਾਈ ਨਹੀਂ? ਗ਼ਰੀਬੀ ਹੈ, ਕੰਗਾਲਤਾਈ ਹੈ, ਕੋਈ ਪੁਛਦਾ ਨਹੀਂ ਕਿ ਕੌਣ ਹੈ, ਦਿਨ ਦੀ ਹੈ, ਕਿ ਰਾਤ ਦੀ ਵਾਸਤੇ ਮਿਹਨਤ ਕਰਨੀ ਹੈ, ਪਰ ਜਿੰਨੀ ਹੈ ਇਹ ਹਕ ਹਲਾਲ ਦੀ ਹੈ ਤੇ ਮਨ ਮੂੜ੍ਹਤਾ ਵਿਚ ਨਹੀਂ, ਜਾਗਿਆ ਮਨ ਹੈ, ਸਾਈਂ ਪਿਆਰੇ ਮਨ ਦੀ ਕਿਰਤ ਦੀ ਰੋਟੀ ਸਫ਼ਲ ਹੈ, ਭਾਵੇਂ ਕੋਧਰੇ ਦੀ ਹੈ। ਹਾਂ ਦਿਲ ਵਿਚ ਸਾਈਂ ਤੇ ਹਥ ਵਿਚ ਕਿਰਤ ਕਮਾਈ ਬਾਜਰੇ, ਮੱਢਲ ਕੋਧਰੇ ਦੀ ਰੋਟੀ ਬ੍ਰਹਮਭੋਜ ਹੈ। ਇਉਂ ਕਹਿ ਸਤਿਗੁਰ ਜੀ ਬਾਹਰ ਆਏ। ਹੁਣ ਸਭਾ ਵਿਚ ਇਹ ਤਮਾਸ਼ਾ ਦੇਖ ਕੇ ਲੋਕ ਦੰਗ ਸਨ, ਅਨੇਕਾਂ ਦੇ ਜੀ ਵਿਚ ਗੁਰੂ ਜੀ ਦੇ ਕਲਾਵਾਨ ਤੇ ਕਰਨੀ ਵਾਲੇ ਹੋਣ ਦਾ ਨਿਸਚਾ ਬਹਿ ਗਿਆ, ਇਸ ਕਰਕੇ ਮਲਕ ਗੁੱਸਾ ਖਾਂਦਾ ਭੀ ਕੁਛ ਕਰ ਨਾ ਸਕਿਆ। ਬ੍ਰਹਮਣ ਉਸਨੂੰ ਕਹਿ ਰਹੇ ਸਨ ਕਿ ਇਹ ਕੋਈ ਚੇਟਕੀ ਫਕੀਰ ਹੈ। ਸੋ ਮਲਕ ਭਾਗੋ ਦੇਖ ਕੇ ਵੀ ਅੰਨ੍ਹਾਂ ਹੀ ਰਿਹਾ ਤੇ ਜੀ ਵਿਚ ਰਿਸਕ ਰਖੀ ਕਿ ਕਿਵੇਂ ਨਵਾਬ ਤੋਂ ਬੰਦੀਖਾਨੇ ਪਵਾਵਾਂ ਤਾਂ ਕਲੇਜੇ ਠੰਢ ਪਵੇ।

ਇਕ ਦਿਨ ਮਲਕ ਭਾਗੋ ਨਵਾਬ ਨੂੰ ਮਿਲਣ ਗਿਆ ਤਾਂ ਉਹ ਅਗੇ ਬੜਾ ਉਦਾਸ ਸੀ। ਉਸਦਾ ਪੁਤਰ ਰੋਗੀ ਸੀ ਤੇ ਸਾਰੇ ਵੈਦ ਹਕੀਮ ਆਸ ਲਾਹ ਬੈਠੇ ਸੀ। ਨਵਾਬ ਬੜਾ ਦਿਲਗੀਰ ਸੀ, ਅਹੁੜਦੀ ਕੋਈ ਨਹੀਂ ਸੀ, ਭਾਗੋ ਨੂੰ ਇਹ ਵੇਲਾ ਬਦਲੇ ਲੈਣ ਦਾ ਚੰਗਾ ਸੁਝਿਆ। ਉਸ ਨੇ ਆਖਿਆ '
ਨਵਾਬ ਸਾਹਿਬ! ਐਸੇ ਸਮੇਂ ਫਕੀਰਾਂ ਦੀ ਮਿਹਰ ਨਾਲ ਸਵਰਦੇ ਹਨ, ਕੋਈ ਕਾਮਲ ਫ਼ਕੀਰ ਜੇ ਮਿਲੇ ਤਾਂ ਉਸ ਦੀ ਸ਼ਕਤੀ ਨਾਲ ਅਰਾਮ ਆ ਸਕਦਾ ਹੈ'। ਨਵਾਬ ਨੇ ਕਿਹਾ: 'ਕਾਮਲ ਫ਼ਕੀਰ ਕਿਥੋਂ ਲਭਾਂ?' ਤਾਂ ਉਸ ਨੇ ਕਿਹਾ 'ਪੰਜਾਂ ਦਸ ਫ਼ਕੀਰਾਂ ਦੇ ਨਾਮ ਤਾਂ ਮੈਂ ਦਸਦਾ ਹਾਂ, ਸਭਨਾਂ ਨੂੰ ਪਕੜ ਮੰਗਾਓ, ਤੇ ਬੰਦੀ ਵਿਚ ਰਖੋ, ਜਿੰਨਾ ਚਿਰ ਕਿ ਰਾਜ਼ੀ ਨਾ ਕਰ ਦੇਣ, ਛਡੋ ਨਾ। ਉਨ੍ਹਾਂ ਵਿਚ ਜੇ ਕੋਈ ਕਾਮਲ ਹੋਇਆ ਤਾਂ ਅਸਰ ਹੋ ਜਾਏਗਾ, ਨਹੀਂ ਤਾਂ ਇਹ ਪਰਜਾ ਨੂੰ ਲੁਟ ਕੇ ਖਾ ਗਏ ਹਨ ਕਿ ਅਸੀਂ ਰਬ ਦੇ ਨਿਕਟ ਵਰਤੀ ਹਾਂ, ਪਰਜਾ ਤਾਂ ਇਹਨਾਂ ਤੋਂ ਛੁਟਕਾਰਾ ਪਾਵੇਗੀ'। ਨਵਾਬ ਨੇ ਇਹ ਸੁਣ ਕੇ ਆਗਿਆ ਦਿੱਤੀ ਕਿ ਸਾਰਿਆਂ ਨੂੰ ਲੈ ਆਓ। ਭਾਗੋ ਨੇ ਜੋ ਫਹਿਰਿਸਤ ਨਾਵਾਂ ਦੀ ਦਿਤੀ ਉਸ ਵਿਚ ਗੁਰੂ ਨਾਨਕ ਤੇ ਮਰਦਾਨੇ ਦਾ ਨਾਮ ਭੀ ਲਿਖਵਾ ਦਿਤਾ। ਥੋੜੀ ਦੇਰ ਪਛੋਂ ਅਹਿਦੀਏ ਟੁਰ ਪਏ ਤੇ ਦਸ ਵੀਹ ਸਾਧੂ ਨਵਾਬ ਦੇ ਡੇਰੇ ਲੈ ਆਏ। ਸ੍ਰੀ ਗੁਰੂ ਜੀ ਬਾਹਰ ਰੋੜੀ ਵਾਲੇ ਥਾਂ ਬੈਠੇ ਸੀ, ਓਸ ਥਾਂ ਤੋਂ ਸਤਿਗੁਰੁ ਜੀ ਭੀ ਲਿਆਂਦੇ ਗਏ। ਲਾਲੋ ਸੁਣ ਕੇ ਨੱਠਾ ਤੇ ਸ੍ਰੀ ਜਗਤ ਦੇ ਚਾਨਣ ਜੀ ਨੂੰ ਬੰਦੀ ਵਿਚ ਬੈਠਾ ਵੇਖ ਕੇ ਰੋ ਪਿਆ।

ਹੇ ਜਗਤ! ਤੇਰਾ ਅੰਧਕਾਰ, ਕਿ ਤੂੰ ਕਦੇ ਵੀ ਆਪਣੇ ਸੁਖ ਦਾਤਿਆਂ ਨੂੰ ਨਾ ਸਮਝਿਆ, ਕਦੇ ਭੀ ਉਨ੍ਹਾਂ ਦਾ ਸਤਿਕਾਰ ਨਾ ਕੀਤਾ ਤੇ ਕਦੇ ਭੀ ਉਨਾਂ ਨੂੰ ਦੁਖ ਦੇਣੋ ਨਾ ਟਲਿਆ।
ਪਰ ਸ੍ਰੀ ਗੁਰੁ ਜੀ ਨੇ ਲਾਲੋ ਨੂੰ ਸੈਨਤ ਕੀਤੀ:- ਲਾਲੋ! ਸਾਵਧਾਨ ਹੋ, ਵਾਹਿਗੁਰੂ ਜੀ ਦਾ ਚੋਜ ਹੈ!!
ਹੁਣ ਪਠਾਣ ਹਾਕਮ ਆ ਗਿਆ ਤੇ ਆਖਣ ਲਗਾ 'ਸਾਈਂ ਦੇ ਫ਼ਕੀਰੋ! ਮੇਰਾ ਪੁਤਰ ਬੀਮਾਰ ਹੈ, ਇਸ ਲਈ ਦੁਆਇ ਖੈਰ ਕਰੋ ਜੋ ਅੱਲਾ ਮੇਹਰ ਕਰੇ ਤੇ ਉਹ ਵਲ ਹੋ ਜਾਵੇ।'
ਗੁਰੂ ਜੀ - ਕਦੇ ਕਿੱਕਰ ਨੂੰ ਅੰਗੂਰ ਲਗੇ ਹਨ?
ਪਠਾਨ - ਫ਼ਕੀਰ ਸਾਈਂ! ਕਦੇ ਨਹੀਂ।
ਗੁਰੂ ਜੀ - ਜ਼ੋਰ ਨੂੰ ਖੈਰ ਦਾ ਫਲ ਕੀਕੂੰ ਲਗੇ?
ਪਠਾਨ - ਮੈਂ ਨਹੀਂ ਸਮਝਿਆ।
ਗੁਰੂ ਜੀ - ਰਬ ਦੇ ਫ਼ਕੀਰ ਤੇ ਜੋਰ ਨਾਲ ਸਦ ਘਲੇ ਹਨ, ਜੇ ਜ਼ੋਰ ਨਾਲ ਆਂਦੇ ਗਏ ਹਨ ਉਨ੍ਹਾਂ ਦੇ ਜੀ ਪੁਰ ਇਸ ਧਕੇ ਦਾ ਕੀ ਅਸਰ ਹੋਣਾ ਚਾਹੀਦਾ ਹੈ? ਆਪ ਸੋਚੋ। ਉਨ੍ਹਾਂ ਦਿਲਾਂ ਵਿਚ ਜਿਥੇ ਤੂੰ ਜੋਰ ਬੀਜਿਆ ਹੈ, ਦੁਆਇ ਖੈਰ ਕਿਉਂ ਉਗੇ?
ਪਠਾਣ - (ਬੁਲ੍ਹ ਟੁਕ ਕੇ) ... ... ਗਲ ਵਾਜਬ ਹੈ।
ਗੁਰੂ ਜੀ - ਤੂੰ ਜੀਕੂੰ ਜ਼ੋਰ ਨਾਲ ਮਾਮਲਾ ਲੈਂਦਾ ਹੈਂ, ਜੀਕੂੰ ਵਗਾਰ ਪਾਉਂਦਾ ਹੈਂ, ਜੀਕੂੰ ਗ਼ਰੀਬ ਨਿਚੋੜਦਾ ਹੈਂ, ਉਸੇ ਤਰ੍ਹਾਂ ਤੇ ਰਬ ਦੇ ਘਰੋਂ ਜ਼ੋਰ ਨਾਲ ਖੈਰ ਮੰਗ ਰਿਹਾ ਹੈਂ, ਮੰਗਾ ਲੈ ਜੇ ਆਉਂਦੀ ਹੈ ਤਾਂ।

ਸੈਦਪੁਰ ਪਠਾਣਾ ਦਾ ਇਕ ਤਕੜਾ ਕਿਲਾ ਸੀ ਤੇ ਇਹ ਨਵਾਬ ਕਿਲੇਦਾਰ ਸੀ, ਇਸਦਾ ਜਾਬਰ ਹੁਕਮ ਸਾਰੇ ਇਲਾਕੇ ਮੰਨੀਂਦਾ ਸੀ, ਇਹੋ ਸੀ ਜੋ ਬਾਬਰ ਨਾਲ ਅਟਕਿਆ ਸੀ ਤੇ ਸੈਦਪੁਰ ਦੀ ਕਤਲਾਮ ਹੋਈ ਸੀ। ਪਰ ਇਸ ਵੇਲੇ ਗੁਰੂ ਜੀ ਦੇ ਵਿੰਨ੍ਹਵੇਂ ਵਾਕ ਉਸਦੇ ਅੰਦਰ ਪੁੜ ਗਏ, ਪੁਤਰ ਦਾ ਮੋਹ ਵਿਆਕੁਲ ਕਰ ਰਿਹਾ ਸੀ। ਸੋ ਨਰਮ ਹੋ ਕੇ ਕਹਿਣ ਲਗਾ:- ਦਾਤਾ ਲੋਕ ਜੀ! ਅਸੀਂ ਸਿਪਾਹੀ ਲੋਕ ਜ਼ਰਾ ਖੁਰਦਰੇ ਹੁੰਦੇ ਹਾਂ, ਹੁੜ ਮਤ ਸਾਡੀ ਪੱਕ ਜਾਂਦੀ ਹੈ, ਸੋ ਆਪ ਮੇਹਰਾਂ ਦੇ ਘਰ ਆਓ ਤਕਸੀਰ ਮਾਫ਼ ਕਰੋ, ਤੇ ਦੁਆ ਕਰੋ ਜੋ ਕੌਰ ਵੱਲ ਹੋਵੇ।
ਗੁਰੂ ਜੀ-ਰਜ਼ਾ ਮੰਨ ਤੇ ਜੋ ਹੁੰਦਾ ਹੈ ਹੋਣ ਦੇਹ, ਹੁਕਮ ਤੇ ਟਿਕ ਜੇ ਵੱਲ ਹੋਣਾ ਹੋਊ ਤਾਂ ਹੋ ਜਾਊ; ਨਾ ਮਾਲਕ ਦੀ ਮਰਜ਼ੀ ਹੋਊ ਨਾਂ ਹੋਊ।
ਨਵਾਬ - ਸਾਈਂ ਜੀ! ਆਂਦਰਾਂ ਦੇ ਵਲੇਵੇਂ ਹਨ, ਮਮਤਾ ਮਿਟਦੀ ਨਹੀਂ, ਇਹੁ ਜੀ ਤੜਫਦਾ ਹੈ, ਕੋਈ ਰੇਖ ਵਿਚ ਮੇਖ ਮਾਰੋ।
ਗੁਰੂ ਜੀ - ਦੇਖ ਮਮਤਾ ਵਾਲੇ! ਦੇਖ ਸਾਈਂ ਦੇ ਰੰਗ! ਤੁਹਾਡੀ ਕਰੜਾਈ ਤੇ ਜ਼ੋਰ ਦਰਗਾਹੇ ਮਨਜ਼ੂਰ ਨਹੀਂ, ਉਤੋਂ ਹੁਕਮ ਹੋ ਚੁਕਾ ਹੈ, ਅਰ ਹੁਕਮ ਅਟਲ ਹੈ। ਜ਼ੋਰ ਨੂੰ ਜ਼ੋਰ ਕੱਟਣ ਵਾਸਤੇ ਆ ਰਿਹਾ ਹੈ। ਅਜ ਸ਼ਾਹਜ਼ਾਦਾ ਸੁਖ ਨਾਲ ਨੀਂਦਰੇ ਸੌਂਦਾ ਹੈ। ਸੌਣ ਦੇਹ ਸੂ, ਕਲ੍ਹ ਪਤਾ ਨਹੀਂ ਕਾਇਆਂ ਦੇ ਕਪੜੇ ਕੀਕੂੰ ਲੀਰਾਂ ਹੋਣੇ ਹਨ ਤੇ ਕਵਰਾਂ ਤੇ ਸ਼ਾਹਜ਼ਾਦਿਆਂ ਨੇ ਕਿਵੇਂ ਮੋਛਿਆਂ ਵਾਂਙ ਮੁਛੀਣਾ ਹੈ? ਇਹ ਭਾਣਾ ਅਜ ਦਾ ਜੇ ਵਰਤੇ ਤਾਂ ਸੌਖਾ ਹੈ, ਜੋ ਆ ਰਿਹਾ ਹੈ ਓਹ ਕਰੜਾ ਹੈ।

ਹਾਕਮ ਮਤਲਬ ਤਾਂ ਨਾ ਸਮਝਿਆ, ਹਾਂ ਪਰ ਸਹਿਮ ਗਿਆ ਡਰ ਗਿਆ । ਬੋਲਿਆ - ਸਾਈਂ ਜੀ! ਮਿਹਰ ਦੇ ਘਰ ਆਓ, ਮੈਂ ਆਪਣੇ ਇਲਾਕੇ ਵਿਚ ਜ਼ੋਰ ਨਹੀਂ ਕਰਦਾ, ਮੇਰੇ ਤੇ ਮਿਹਰ ਹੋਵੇ ਤੇ ਬੱਚੇ ਦੀ ਜਾਨ ਬਖਸ਼ੋ।

ਗੁਰੂ ਜੀ - ਬੱਚੇ ਦੀ ਜਾਨ ਬਚਣੀ ਤਾਂ ਫ਼ਕੀਰਾਂ ਦੇ ਜੂਠੇ ਟੁਕਰਾਂ ਵਿਚ ਹੈ, ਪਰ ਬੱਚੇ ਦੀ ਤੇ ਆਪਣੀ ਤੇ ਆਪਣੇ ਅਹਿਲਕਾਰਾਂ ਦੀ ਰੂਹ ਤੇ ਰਹਿਮ ਕਰ ਜੁ ਉਹ ਬਚੇ। ਇਹ ਸਰਦਾਰੀ ਕਿਸ ਕੰਮ ਹੈ? ਇਹ ਅਮੀਰੀ ਕਿਸ ਅਰਥ ਹੈ? ਇਹ ਦੌਲਤ ਕਿਸ ਕਾਰੇ ਲਗਣੀ ਕਿਉਂਕਿ ਮਨੁਖਾਂ ਦੀਆਂ ਹਡੀਆਂ ਦੇ ਢੇਰ ਕਠੇ ਕਰਕੇ ਉਤੇ ਬਹਿਕੇ ਸਮਝਦੇ ਹੋ ਕਿ ਮਾਲਦਾਰ ਹੋ ਗਏ ਹਾਂ? ਧਰਮ ਸੰਭਾਲੋ, ਨਿਆਂ ਕਰੋ, ਰਹਿਮ ਕਰੋ, ਰਹਿਮ ਕਰੋ। ਪਰ ਸਾਈਂ ਦੇ ਰੰਗ (ਲਾਲੋ ਵਲ ਤਕ ਕੇ) ਦੇਖ ਲਾਲੋ! ਨਿਰੰਕਾਰ ਦੇ ਰੰਗ! ਕੂਕ ਦੇ ਦਿਤੀ ਹੈ, ਪਰ ਕਿਸੇ ਨਹੀਂ ਸੁਣਨੀ, ਹੁਕਮ ਧੁਰੋਂ ਹੋ ਚੁਕਾ ਹੈ, ਸਾਰੇ ਜ਼ੋਰਾਂ ਦਾ ਮੁਲ ਪੈ ਜਾਣਾ ਹੈ, ਪਰ ਚੜ੍ਹੀ ਗੁਡੀ ਲੇ ਕੌਣ ਡੋਰ ਨੂੰ ਖਿਚਦਾ ਹੈ? ਕੌਣ ਐਸ਼ਵਰਜ ਵੇਲੇ ਹੋਸ਼ ਕਰਦਾ ਹੈ? ਹਾਂ ਮਨੁਖ ਨੂੰ ਮਦ ਨਿਆਉਂ ਤੇ ਨਹੀਂ ਰਹਿਣ ਦੇਂਦਾ।

ਹਾਕਮ - ਸਾਈਂ ਜੀ! ਬਚੇ ਦੀ ਜਾਨ ਬਖਸ਼ੋ? ਤਕਸੀਰ ਜੋ ਹੋਈ ਖਿਮਾਂ ਕਰੋ। ਤੁਸੀਂ ਸਾਈਂ ਵਾਲੇ ਦਿਸਦੇ ਹੋ, ਅਸੀਂ ਭੁਲਣਹਾਰ ਹਾਂ।
ਗੁਰੂ ਜੀ - ਜੇ ਬਈ ਖਾਨਾਂ ਤੈਨੂੰ ਇਸ ਵੇਲੇ ਦਾ ਹੀ ਸੁਖ ਪਿਆਰਾ ਹੈ ਤੇ ਵਡੇ ਦੁਖ ਦਾ ਭੈ ਨਹੀਂ ਤਾਂ ਵਾਹ ਵਾਹ!
ਹਾਕਮ - (ਸੋਚ ਵਿਚੋਂ ਨਿਕਲਕੇ) ਮੈਂ ਸਮਝਿਆ (ਭਾਗੋ ਵਲ ਤਕ ਕੇ) ਹਾਂ, ਸਾਰੇ ਫ਼ਕੀਰ ਛਡ ਦਿਓ (ਗੁਰੂ ਜੀ ਵਲ ਤਕ ਕੇ) ਆਪ ਭੀ ਦਾਤਾ ਜੀ! ਜਾਓ, ਮੈਂ ਦਰ ਤੇ ਹਾਜ਼ਰ ਹੋ ਕੇ ਬੱਚੇ ਦੀ ਜਾਨ ਮੰਗਾਂਗਾ। ਮੈਥੋਂ ਭੁਲ ਹੋਈ।
ਗੁਰੂ ਜੀ - ਜਾਹ, ਲਾਲੋ ਕੋਈ ਜੂਠਾ ਕਰ ਲਿਆ ਦੇਹ ਜੋ ਮੁੰਡਾ ਵਲ ਹੋ ਜਾਵੇ । ਲਾਲੋ ਗਿਆ, ਟੁਕਰ ਲੈ ਆਇਆ, ਬੀਮਾਰ ਨੂੰ ਦਿਤਾ, ਉਸ ਖਾਧਾ, ਤਤਕਾਲ ਵੱਲ ਹੋ ਗਿਆ। ਪਠਾਣ ਹਾਕਮ ਅਚੰਭਾ, ਦਰਬਾਰ ਅਚੰਭਾ, ਭਾਗੋ ਅਚੰਭਾ, ਸਾਰੇ ਛੁਟੇ ਖੜੇ ਫ਼ਕੀਰ ਅਚੰਭੇ!!!
ਸਤਿਗੁਰ ਜੀ - ਖ਼ਬਰਦਾਰ ਹੇ ਖਾਂਨ! ਉਤੋਂ ਹੁਕਮ ਦੀ ਕਲਮ ਵਹਿ ਗਈ ਹੈ, ਜ਼ੋਰ ਲਈ ਜ਼ੋਰ ਆ ਰਿਹਾ ਹੈ, ਦੁਆਇ ਖੈਰ ਦੀ ਲੋੜ ਓਥੇ ਹੈ, ਕਰੋ ਜੇ ਕੁਛ ਬਣਦਾ ਜੇ। ਖਲਕਤ ਰਬ ਦੀ ਹੈ, ਧਰਮ ਕਿਰਤ ਸਭ ਦਾ ਕਿੱਤਾ ਹੈ, ਜ਼ੋਰ ਜ਼ੁਲਮ ਰਬੀ ਹੁਕਮ ਦੇ ਉਲਟ ਹੈ।
ਨਵਾਬ ਨਾ ਸਮਝਿਆ: ਉਸ ਜਾਤਾ ਕਿ ਮੈਨੂੰ ਨਿਆਂ ਕਰਨ ਲਈ ਕਹਿੰਦੇ ਹਨ, ਜੋ ਮੈਂ ਕਰਦਾ ਹਾਂ ਤੇ ਕਰਾਂਗਾ। ਪਰ ਉਸਦਾ ਨਿਆਂ ਭੀ ਧੱਕਾ ਸੀ, ਤੇ ਪਠਾਣਾਂ ਦਾ ਸਾਰਾ ਰਾਜ ਪਰਜਾ ਲਈ ਕਸ਼ਟ ਰੂਪ ਸੀ, ਗੁਰੂ ਜੀ ਨੇ ਫਿਰ ਗਹੁ ਨਹੀਂ ਕੀਤਾ, ਮਸਤਾਨੇ ਤੇ ਚੁੱਪ ਹੋ ਕੇ ਟੁਰ ਆਏ, ਰੋੜੀ ਜਾ ਬੈਠੇ। ਲਾਲੋ ਨੇ ਆ ਪੁੱਛਿਆ 'ਪਾਤਸ਼ਾਹ! ਅੱਜ ਕੀਹ ਅਗੰਮ ਦੀ ਬੋਲੇ ਹੋ?' ਤਾਂ ਸਤਿਗੁਰ ਜੀ ਨੇ ਹੋਣਹਾਰ ਦੀ ਸੈਨਤ ਕਰਕੇ ਚੁੱਪ ਧਾਰ ਲਈ। ਅਗਲੇ ਦਿਨ ਮਲਕ ਭਾਗੋ ਆ ਚਰਨੀ ਪਿਆ, ਆਖਣ ਲੱਗਾ 'ਹੇ ਰਬੀ ਦਾਤਾ! ਮੈਂ ਬੜੀ ਅਵੱਗਯਾ ਕੀਤੀ ਹੈ, ਮਿਹਰ ਕਰ ਤੇ ਬਖਸ਼; ਮੈਨੂੰ ਲੋਕਾਂ ਭੁਤਲਾਇਆ ਸੀ।

ਗੁਰੂ ਜੀ-ਕਾਰਦਾਰ ਹੋਣਾ ਤੇ ਭੁਤਲਾਵੇ ਵਿਚ ਆਉਣਾ ਹੇ ਭਾਗੋ! ਇਹ ਕਿਵੇਂ? ਛੱਡ ਦੇ ਕਾਰਦਾਰੀ, ਕਿਰਤ ਕਰ ਦਸਾਂ ਨਵ੍ਹਾਂ ਦੀ, ਜੇ ਤੈਨੂੰ ਆਪਣੀਆਂ ਅੱਖਾਂ ਹੱਕ ਨਾਹੱਕ ਪਛਾਣਦੀਆਂ ਨਹੀਂ ਤਾਂ। ਤੁਸੀਂ ਸਿਰੇ ਦੇ ਹਾਕਮ ਨਹੀਂ, ਤੁਹਾਡੇ ਸਿਰ ਹੋਰ ਹਾਕਮ ਹੈ, ਡਰੋ ਉਸ ਦੇ ਨਿਆਂ ਤੋਂ, ਉਹ ਅਭੁੱਲ ਤੋਲਦਾ ਹੈ, ਚਾਹੇ ਤੋਲਦਾ ਜਾਪਦਾ ਨਹੀਂ, ਆ ਰਿਹਾ ਹੈ ਉਸ ਦਾ ਅਦਲ, ਡਰੋ ਉਸ ਦੇ ਅਦਲ ਤੋਂ।
ਮਲਕ-ਮੈਂਤੋਂ ਅਵੱਗਿਆ ਹੋਈ, ਮਾਫ ਕਰੋ?
ਗੁਰੂ ਨਾਨਕ-ਮੇਰੀ ਅਵਗ੍ਯਾ, ਨਾਨਕ ਦੀ ਅਵੱਗ੍ਯਾ? ਹੈਂ!
ਨਾਨਕ ਨੇ ਅਪਨੀ ਅਵੱਗਯਾ ਕਦੇ ਚਿਤਾਰੀ ਹੀ ਨਹੀਂ। ਡਰ ਉਸ ਅਵੱਗਯਾ ਤੋਂ ਜੋ ਤੂੰ ਆਪਣੀ ਕੀਤੀ ਹੈ, ਜੋ ਤੂੰ ਪਰਜਾ ਦੀ ਕੀਤੀ ਹੈ, ਜੋ ਤੂੰ ਖ਼ਾਲਕ ਦੀ ਕਰ ਰਿਹਾ ਹੈ! ਦੇਖ! ਪਸੂ ਪੰਖੀ ਸਾਰਾ ਦਿਨ ਪੇਟ ਭਰਨ ਲਈ ਫਿਰਦੇ ਹਨ, ਚਾਰ ਪਹਿਰ ਕਿਰਤ ਕਰਦੇ ਤੇ ਪੇਟ ਭਰਦੇ ਹਨ, ਸਦਾ ਖੁਸ਼ੀ, ਸਦਾ ਅਰੋਗ ਸਦਾ ਅਸਮਾਨਾਂ ਵਿਚ ਉੱਡਦੇ ਹਨ। ਮਿਹਨਤ ਸਰੀਰ ਨੂੰ ਨਰੋਆ ਰਖਦੀ ਹੈ, ਮਿਹਨਤ ਸਾਈਂ ਦੇ ਰਸਤੇ ਸੁਖ ਦਿੰਦੀ ਹੈ। ਲੋਕਾਂ ਦੇ ਕਮਾਏ ਨੂੰ ਜੋਰ ਨਾਲ ਖੱਸਣਾ, ਫਰੇਬ ਨਾਲ ਖਸਣਾ, ਕੁੱਝ ਕਰਨੀ ਤੇ ਉੱਤੇ ਸੱਪ ਵਾਂਗ ਪਥੱਲਾ ਮਾਰ ਬੈਠਣਾ ਰੋਗ ਹੈ। ਸਰੀਰ ਦਾ, ਮਨ ਦਾ, ਆਤਮਾ ਦਾ। ਤੂੰ ਆਪਾ ਖੁੰਝਾ ਬੈਠਾ ਹੈਂ। ਆਪਾ ਵੰਞਾ ਬੈਠਾ ਹੈਂ, ਆਪਾ ਆਪ ਮਾਰ ਬੈਠਾ ਹੈਂ, ਤਰਸ ਕਰ ਆਪੇ ਤੇ, ਇਸ ਮੋਏ ਨੂੰ ਜਿਵਾਲ, ਕਿਰਤ ਕਰਕੇ ਖਾ ਜੋ ਮਤ ਉੱਜਲ ਹੋਵੇ।

ਭਾਗੋ-ਪਾਤਸ਼ਾਹ! ਹੁਣ ਤਾਂ ਮਨ ਨੇ ਤ੍ਰੰਗ ਖਾਧਾ ਹੈ ਜੋ ਆਖੋ ਸੋ ਮਿੱਠਾ ਹੈ, ਪਰ ਹੁਣ ਦੱਸੋ ਇਸ ਹੱਡ ਰੱਖ ਦੇਹ ਨਾਲ ਇਸ ਆਲਸੀ ਹੋ ਚੁਕੇ ਜਾਮੇ ਨਾਲ ਮਜੂਰੀ ਕੀਕੂੰ ਕਰਾਂ?

ਸਤਿਗੁਰ-ਪਾਤਸ਼ਾਹ ਦਾ ਤਖ਼ਤ ਮਜੂਰੀ ਹੈ, ਗਰੀਬ ਦਾ ਟੋਕਰੀ ਮਜੂਰੀ ਹੈ, ਜੋ ਦੋਵੇਂ ਸਾਈਂ ਤੇ ਅੱਖ ਧਰ ਕੇ ਕਿਰ ਕਰਦੇ ਹਨ। ਤੇਰੀ ਕਾਰਦਾਰੀ ਮਿਹਨਤ ਹੈ, ਮਜੂਰੀ ਹੈ, ਕਿਰਤ ਹੈ, ਜੇ ਤੂੰ ਹੱਕ ਨਾਹੱਕ ਪਛਾਣੇਂ, ਨਿਆਂ ਤੋਲੇਂ, ਵੱਢੀ ਨਾ ਖਾਵੇਂ, ਜੋਰ ਜੁਲਮ ਨਾ ਕਰੇਂ ਤਾਂ ਸਭ ਕਮਾਮ ਸਭ ਜ਼ਿੱਮੇਵਾਰੀਆਂ ਸਾਰੇ ਕਿਰਤ ਹਨ, ਸਾਰੇ ਦਸਾਂ ਨਵ੍ਹਾਂ ਦੀ ਕਮਾਈ ਹਨ। ਜੋ ਜੋ ਕੁਛ ਕਿੱਤਾ ਮਿਲਿਆ ਹੈ ਜਾਂ ਆਪ ਚਾਇਆ ਹੈ ਉਸ ਨੂੰ ਭਲੀ ਤਰ੍ਹਾਂ ਕਰੇ, ਪਹੇਮਾਨਗੀ ਸਭ ਕਿੱਤੇ ਦੀ ਸੱਤਿਆ ਨੂੰ ਮਾਰਦੀ ਹੈ। ਤੂੰ ਮਿਹਨਤੀ ਹੈਂ, ਮਜੂਰ ਹੈਂ, ਦਿਹਾੜੀਦਾਰ ਹੈਂ, ਕਿਰਤੀ ਹੈਂ, ਧਰਮ ਕਿਰਤੀ ਹੈਂ, ਜੇ ਤੂੰ ਪਹੇਮਾਨ ਨਹੀਂ, ਪੂਰਾ ਤੋਲਦਾ ਹੈਂ, ਪਰਜਾ ਦੀ ਸੇਵਾ ਕਰਦਾ ਹੈਂ, ਰਾਜੇ ਨੂੰ ਭੁੱਲ ਵਿਚ ਨਹੀਂ ਪੈਣ ਦੇਂਦਾ, ਜੋ ਤੈਨੂੰ ਧਰਮ ਦਾ, ਨਿਆਂ ਦਾ ਮਿਲਦਾ ਹੈ, ਉਸ ਵਿਚ ਗੁਜ਼ਾਰਾ ਕਰਦਾ ਹੈਂ, ਤੇਰੀ ਕਮਾਈ ਕਿਰਤ ਹੈ। ਮਜੂਰ ਦੀ ਟੋਕਰੀ, ਬਾਣੀਏਂ ਦੀ ਤੱਕੜੀ, ਕਾਰਦਾਰ ਦਾ ਨਿਆਂ, ਰਾਜੇ ਦਾ ਪੂਰਾ ਤੋਲ ਪਰਜਾ ਪਾਲਣ, ਸਾਧੂ ਦੀ ਬੰਦਗੀ ਤੇ ਸ਼ੁਭ ਮੱਤ ਦਾਨ ਦੇਣੀ ਸਭ ਕਿਰਤ ਹੈ, ਜੇ ਪਹੇਮਾਨਗੀ ਨਹੀਂ ਤਾਂ। ਹਾਂ, ਸਾਰਾ ਕੁਝ ਬੰਦਗੀ ਹੋ ਜਾਂਦਾ ਹੈ ਜੇ ਹਿਰਦੇ ਸਾਈਂ ਰੱਖਕੇ ਕਰੋ ਜੋ ਕੁਛ ਕਿ ਕਰਨਾ ਸਾਡੇ ਹਿੱਸੇ ਸਾਡੀ ਵੰਡ ਵਿਚ ਭਾਗਾਂ ਨਾਲ ਕਿ ਉਸ ਦੀ ਚੋਣ ਨਾਲ ਕਿ ਕਿਸੇ ਦੀ ਮਿਹਰ ਨਾਲ ਆਇਆ ਹੈ। ਆਪਣਾ ਲਹੂ ਨਚੋੜ ਕੇ, ਖੇਤੀ ਕਰਕੇ ਸਰਕਾਰੀ ਮਾਮਲਾ ਭਰਕੇ ਜਿਸ ਰਾਹਕ ਪਾਸ ਮਸਾਂ ਸਾਲ ਦੇ ਟੁਕਰ ਰਹਿ ਜਾਂਦੇ ਹਨ, ਉਸ ਨੂੰ ਡਰਾ ਧਮਕਾ ਕੇ ਉਸ ਤੋਂ ਕੁਛ ਹੋਰ ਲੈਣਾ ਉਸ ਦਾ ਲਹੂ ਨਚੋੜਨਾ ਹੈ। ਜੇਹੀ ਪਸੂ ਦੀ ਗਿੱਚੀ ਵਢਕੇ ਰਤ ਚੋ ਲਈ ਤੋਂ ਹੀ ਕਿਸੇ ਦੀ ਕਿਰਤ ਵਿਚੋਂ ਜ਼ੋਰ ਛਲ ਨਾਲ ਲੈ ਲੈਣਾ ਰੱਤ ਨਿਚੋੜਨਾ ਹੈ। ਭਲਾ ਤੇਰਾ ਬ੍ਰਹਮਭੋਜ ਸਾਈਂ ਖਾ ਸਕਦਾ ਹੈ? ਸਾਈਂ ਦੇ ਦਰ ਦੇ ਪਿਆਸੇ ਖਾ ਸਕਦੇ ਹਨ? ਜਦ ਕਿ ਗ੍ਰਾਹੀ ਗ੍ਰਾਹੀ ਵਿਚ ਹਾਵੇ ਤੇ ਰੋਣ ਦੀ ਝੀਣੀਂ ਬਾਣੀ ਹੈ ਤੇ ਰੱਤ ਦੇ ਟੇਪੇ ਤੁਪਕਦੇ ਹਨ? ਤੇਰੇ ਬ੍ਰਮਹਭੋਜ, ਤੇਰੇ ਦਾਨ, ਤੇਰੇ ਸ੍ਰਾਧ ਤੇਰੇ ਜੱਗ ਆਪਣੀ ਉਜਾਗਰੀ ਵਾਸਤੇ ਹਨ, ਆਪਣੇ ਪਾਪਾਂ ਦੇ ਕੱਜਣ ਹਨ, ਲਹੂ ਤੇ ਚਬੱਚਿਆਂ ਉਤੇ ਛੱਪਰ ਛਾਉਂਣੇ ਹਨ। ਹਾਵਾ ਹੈ ਉਨ੍ਹਾਂ ਤੇ ਜੋ ਇਸ ਪੁੰਨ ਦੇ ਧਾਨ ਨੂੰ ਖਾਂਦੇ ਹਨ, ਸ਼ੋਕ ਹੈ ਉਨ੍ਹਾਂ ਤੇ ਜੋ ਇਸ ਅੰਨ ਤੇ ਪਲ ਕੇ ਸਾਧੂ ਬ੍ਰਹਮਣ ਤੇ ਤਪੱਸੀ ਅਖਾਉਂਦੇ ਹਨ! ਦੇਸ਼ ਸੜ ਉਠਿਆ ਹੈ ਜ਼ੁਲਮ ਹੇਠ, ਭਾਗੋ! ਪਰਜਾ ਕੁਰਲਾ ਉਠੀ ਹੈ ਜੋਰ ਹੇਠ, ਧੁਰੋਂ ਹੁਕਮ ਹੋ ਗਿਆ ਹੈ ਕਰੜਾ। ਪਾਪਾਂ ਦੇ ਬਨ ਨੇ ਅਸਮਾਨਾਂ ਵਿਚੋਂ ਕਸ਼ਟ ਦੇ ਬੱਦਲ ਖਿੱਚ ਲਿਆਂਦੇ ਹਨ, ਤਿਆਰ ਹੋਵੋ ਉਸ ਜ਼ੁਲਮ, ਦੇ ਝਲਣ ਲਈ ਆਪ, ਜੋ ਜ਼ੁਲਮ ਤੁਸੀਂ ਲੋਕਾਂ ਤੇ ਕਰਦੇ ਨਹੀਂ ਸੰਗਦੇ ਰਹੇ, ਜੋ ਕਰਦਿਆਂ ਤੁਹਾਨੂੰ ਕੌੜਾ ਨਹੀਂ ਲਗਾ, ਉਹ ਭੋਗਦਿਆਂ ਦੱਸੇਗਾ ਕਿ ਮੈਂ ਕਿਤਨਾ ਕੌੜਾ ਹਾਂ।

ਭਾਗੋ ਕੰਬ ਗਿਆ, ਰੋ ਪਿਆ ਪੈਰੀਂ ਢਹਿ ਪਿਆ -ਬਖ਼ਸ਼! ਹੇ ਦਾਤਾ! ਬਖਸ਼!
ਗੁਰੂ ਜੀ- ਬਖਸ਼ੇਗਾ ਬਖਸ਼ਿੰਦ, ਪਰ ਤਾਂ ਬਖਸ਼ੇਗਾ ਜੇ ਤੈਨੂੰ ਬਖਸ਼ਣਗੇ, ਉਹ ਗ਼ਰੀਬ ਤੇ ਨਿਤਾਣੇ, ਜਿਨ੍ਹਾਂ ਨੂੰ ਤੂੰ ਗ਼ਰੀਬ ਤੇ ਨਿਤਾਣੇ ਕੀਤਾ ਹੈ, ਜਾਹ ਬਖਸ਼ਾ ਉਨਾਂ ਤੋਂ ਜਿਨ੍ਹਾਂ ਨੂੰ ਤੂੰ ਸਤਾਇਆ ਹੈ। ਮੈਂ ਸਉਦੇ ਕਰਨ ਵਾਲਾ ਫ਼ਕੀਰ ਨਹੀਂ। ਪੂਰਾ ਤੁਲੇਗਾ ਪੂਰੇ ਤੱਕੜ ਤੇ, ਤੂਫ਼ਾਨ ਆ ਰਿਹਾ ਹੈ ਦੇਸ਼ ਤੇ, ਪਠਾਣ ਹਾਜ ਦੇ ਸਿਰ ਝੱਖੜ ਆ ਰਿਹਾ ਹੈ, ਜੇ ਅਪਣੀ ਲੋੜ ਹਈ ਤਾਂ ਹੋ ਨੀਵਾਂ ਬਖ਼ਸ਼ਾ ਤੇ ਕਿਰਤ ਕਰ, ਫੇਰ ਉਸ ਸੁਚੀ ਕਮਾਈ ਤੇ ਉਜਲ ਹੋਕੇ ਹੋ ਉੱਚਾ।

ਸਾਈਂ ਦੇ ਪਿਆਰੇ ਦੇ ਮਹਾਂਵਾਕਾਂ ਨੂੰ ਸੁਣਦਾ ਭਾਗੋ ਉਸ ਵੇਲੇ ਉਠ ਗਿਆ, ਜਾ ਘਰ ਦੇ ਤੋੜੇ ਖੁਹਲੇ, ਸਾਰਾ ਧਨ ਲੁਟਾ ਦਿਤਾ, ਉਨ੍ਹਾਂ ਪਰਜਾ ਦਿਆਂ ਲੋਕਾਂ ਨੂੰ ਜਿਨ੍ਹਾਂ ਤੋਂ ਕੱਠੀ ਕੀਤੀ ਸੀ ਉਹ ਸਰਪਣੀ (ਮਾਇਆ) ਜੋ ਪਥੱਲਾ ਮਾਰਕੇ ਬੈਠੀ ਭਾਗੋ ਨੂੰ ਵਿਸ ਰੂਪ ਬਣਾ ਰਹੀ ਸੀ। ਕਈ ਕਹਿਣ ਬਾਵਲਾ ਹੋ ਗਿਆ ਹੈ ਭਾਗੋ, ਪਰ ਆਮ ਖ਼ਲਕਤ ਵਿਚ ਫੈਲ ਗਈ ਕੀਰਤੀ 'ਨਾਨਕ ਤਪੇ ਦੀ ਕਿ ਓਸ ਸਾਧਿਆ ਹੈ ਐਡਾ ਅਸਰਾਲ ਸੱ੫। ਹਾਂ, ਸੈਦਪੁਰ ਦੇ ਇਲਾਕੇ ਪਰਜਾ ਵਿਚ ਧੁੰਮ ਗਈ ਭਾਗੋ ਦੀ ਕੀਰਤੀ, ਦੁਖੇ ਦਿਲਾਂ ਵਿਚੋਂ ਟੁਰੀ ਇਕ ਅਸੀਸਾਂ ਦੀ ਨੈਂ ਤੇ ਚਲੀ ਗਈ ਸਾਈਂ ਦੇ ਦਰ। ਫੇਰ ਇਕ ਦਿਨ ਤਿਰਕਾਲਾਂ ਨੂੰ ਆਇਆ ਭਾਗੋ ਲਾਲੋ ਦੇ ਘਰ। ਹਾਂ, ਜਗਤ ਦਾ ਮਾਲਕ ਮੱਕੀ ਦੀ ਰੋਟੀ ਖਾ ਰਿਹਾ ਸੀ, ਟੁੱਕਰ ਦਿਤਾ ਭਾਗੋ ਨੂੰ ਖਾਹ ਬਈ, ਤੇ ਦੇਖ ਸਵਾਦ। ਭਾਗੋ ਨੂੰ ਅਜ ਪਹਿਲਾ ਦਿਨ ਸੀ ਅੰਨ ਦਾ ਸਵਾਦ ਆਇਆ। ਹਥ ਬੰਨਕੇ ਕਹਿਣ ਲਗਾ: 'ਬਖਸ਼ਿੰਦ ਦਾਤਾ! ਮਿਹਰ ਕਰ ਤੇ ਚਰਨੀਂ ਲੈ, ਆਉਣ ਵਾਲੇ ਦੁਖਾਂ ਤੋਂ ਰਖ ਲੈ, ਲੋਕ ਪਰਲੋਕ ਸਹਾਈ ਹੋਹੁ'।

ਗੁਰੂ ਜੀ-ਦੇਖ! ਜੋ ਪਰਜਾ ਤੂੰ ਦੁਖਾਈ ਸੀ ਹੁਣ ਉਸ ਦੀਆਂ ਆਂਦਰਾਂ ਠਰੀਆਂ ਹਨ, ਉਨ੍ਹਾਂ ਦੀ ਅਸੀਸ ਦਰਗਾਹੇ ਪੁਜੀ ਹੈ ਤੇਰੇ ਤੇ ਮਿਹਰ ਹੋਈ ਹੈ। ਨਾਮ ਜਪ, ਧਰਮ ਦੀ ਕਿਰਤ ਸਾਈਂ ਨਾਮ ਬਿਨਾਂ ਦੇਹ ਸੁਹਾਗਣ ਨਹੀਂ ਹੁੰਦੀ। ਧਰਮ ਕਿਰਤ ਕਰਨ ਵਾਲੇ ਸੁਚੇ ਤਾ ਹੋ ਜਾਂਦੇ ਹਨ, ਪਰ ਕੁਸੰਗਾਂ ਕਰਕੇ ਤਾਮਸੀ ਬਿਰਤ ਵਿਚ ਚਲੇ ਜਾਂਦੇ ਹਨ, ਜੇ ਨਾਲ ਨਾਮ ਦੀ ਟੇਕ ਹੋਵੇ, ਨਾਮ ਦਾ ਚਾਨਣਾ ਹੋਵੇ, ਨਾਮ ਦੀ ਠੰਢ ਹੋਵੇ, ਤਾਂ ਉਹ ਸਾਧੂ, ਉਹ ਸੰਤ, ਉਹ ਫ਼ਕੀਰ, ਉਹ ਮਹਾਤਮਾ ਹਨ। ਨਿਰੇ ਕਿਰਤੀ ਭੀ ਸਫਲ ਹਨ ਜੋ ਮੂਰਖਤਾ ਵਿਚ ਹਨ ਤੇ ਪਸ਼ੂਆਂ ਵਾਂਗੂੰ ਜੀਊਂਦੇ ਹਨ, ਚਾਹੇ ਸੁਖੀ ਤੇ ਬੇ-ਫਿਕਰ ਹਨ। ਬਨਾਂ ਜੰਗਲਾਂ ਵਿਚ ਨਿਰੀ ਚੁਪ-ਸਾਧ ਗਏ ਸਾਧ ਸੰਤ ਨਹੀਂ ਉਹ ਤਾਂ ਟਿਕੇ ਹੋਏ ਯੰਤਰ ਹਨ ਜੋ ਜੀਵਨ ਵਿਚ ਹਨ, ਸਰੀਰ ਹਿਲਦੇ ਹਨ ਤੇ ਜੁਲਦੇ ਹਨ। ਕੇਵਲ ਉਹ ਜੋ ਨਾਮ ਜਪਦੇ ਹਨ, ਤੇ ਮਨ ਵਿਚ ਉਛਲਦੇ ਹਨ ਤੇ ਪਰੇਮ ਤੇ ਸ਼ੁਕਰ ਤੇ ਬੇਨਤੀ ਤੇ ਰਸ ਨਾਲ ਤਰਭਕਦੇ ਹਨ, ਸਾਈਂ ਵਲ ਅੰਦਰੋਂ ਬਾਹੀਂ ਉਲਾਰ ਉਲਾਰ ਤਾਂਘਦੇ ਹਨ, ਉਹ ਜੀਉਂਦੇ ਹਨ, ਲੋਕ ਪਰਲੋਕ ਸੁਹੇਲੇ ਹਨ, ਨਾਮ ਬਿਨਾ ਮੁਰਦਿਹਾਂਨ ਹੈ, ਨਾਮ ਬਿਨਾਂ ਜਿੰਦ ਨਹੀਂ। ਹਾਂ, ਭਾਗੋ ਅਜ ਮਿਹਰ ਹੋਈ ਹੈ, ਤੇਰੇ ਲਈ ਨਾਮ ਆਇਆ ਹੈ, ਨਾਮ ਵਿਚ ਜੀਉ ਕਿਰਤ ਕਰ ਧਰਮ ਦੀ, ਕੁਸੰਗ ਛਡ ਤੇ ਸਤਿਸੰਗ ਵਿਚ ਰਹੁ, ਬਚੇਂਗਾ, ਨਹੀਂ ਤਾਂ ਇਥੇ ਤੇ ਅਗੇ ਭੀ ਠਉਰ ਨਹੀਂ, ਕਸ਼ਟ ਆ ਰਿਹਾ ਹੈ ਦੁਥਾਈਂ।

ਭਾਗੋ ਫੇਰ ਪੈਰੀਂ ਢਠਾ। ਭਾਗੋ ਹੁਣ ਨੀਮ ਬੇਸੁਧ ਸੀ, ਲਾਲੋ ਨੇ ਆ ਪਾਣੀ ਦਾ ਛਟਾ ਮਾਰਿਆ, ਸਤਿਗੁਰ, ਸਮਰੱਥ ਸਤਿਗੁਰੂ ਨੇ ਸਿਰ ਹਥ ਧਰਿਆ ਤੇ ਆਖਿਆ – 'ਵਹਿਗੁਰੂ'।
ਭਾਗੋ ਨੇ ਆਖਿਆ - 'ਵਾਹਿਗਰੂ' ਤੇ ਉਸ ਦੇ ਅੰਦਰ ਬਹਿ ਗਿਆ - 'ਵਾਹਿਗੁਰੂ'।

ਐਉਂ ਜਗਤ ਜਲੰਦੇ ਨੂੰ ਰੱਖ ਲੈਣ ਵਾਸਤੇ ਸੂਰਾ ਸਤਿਗੁਰੂ ਘਰ ਬਾਹਰ, ਅਪਨੇ ਪਿਆਰੇ ਸਭ ਛਡਕੇ ਸੁਲਤਾਨ ਪੁਰਿਓਂ ਟੁਰਿਆ, ਪਹਿਲਾ ਡੇਰਾ ਏਮਨਾਬਾਦ ਲਾਕੇ ਸਤਿਸੰਗ ਦਾ ਮੁਢ ਲਾ ਦਿਤਾ। ਦੂਰ ਦੇ ਗਿਰਾਵਾਂ ਦੇ ਕਈ ਲੋਕੀ ਸੁਧਰੇ, ਪਰ ਭਾਗੋ ਤੇ ਲਾਲੋ ਇਸ ਨਗਰ ਦੇ ਸਤਿਸੰਗੀ ਜੀਉਂਦੇ ਸਿਖ ਹੋਏ। ਸ਼ਹਿਰ ਦੇ ਚੇਟਕੀ ਮੁਲਾਣੇ ਤੇ ਬੀਰਾਰਾਧਨ ਵਲੇ ਪੰਡਤ ਤੇ ਪਾਂਧੇ ਲੋਕਾਂ ਨੂੰ ਖੇਡਾਂ ਵਿਚ ਲਾਈ ਗਏ, ਹਾਕਮਾਂ ਨੂੰ ਭੀ ਭੁਤਲਾਈ ਗਏ ਉਸ ਦਿਨ ਤੱਕ ਜਦੋਂ ਤਕ ਕਿ ਸਾਰੇ ਨਗਰ ਦੀ ਕਤਲਾਮ ਆ ਹੋਈ, ਤੇ ਸੈਨਾ ਤੇ ਇਨ੍ਹਾਂ ਲੋਕਾਂ ਦੇ ਨਾਲ ਆਮ ਪਰਜਾ ਭੀ ਪੀੜਤ ਹੋਈ। ਗੁਰੂ ਜੀ ਕੁਛ ਦਿਨਾਂ ਮਗਰੋਂ ਵਿਦਾ ਹੋ ਗਏ। ਭਾਗ ਲਾਲੋ ਦਾ ਸਤਿਸੰਗ ਕਰਦਾ ਰਿਹਾ, ਅਰ ਉਸ ਮਹਾਨ ਕਸ਼ਟ ਤੋਂ ਪਹਿਲਾਂ ਜੋ ਸੈਦਪੁਰ ਨੂੰ ਵਾਪਰਿਆ ਤੇ ਕਤਲਾਮ ਹੋਈ, ਭਾਗੋ ਨਾਮ ਜਪਦਾ ਸਾਈਂ ਰੰਗ ਰਤਾ ਸੁਖਾਲੇ ਸਵਾ੍ਸੀਂ ਇਸ ਜਗਤ ਤੋਂ ਅਗੇਰੇ ਚਲਾ ਗਿਆ। ਸ੍ਰੀ ਗੁਰੂ ਜੀ ਕੁਝ ਚਿਰ ਇਥੇ ਹੋਰ ਰਹੇ, ਪਰ ਹੁਣ ਜਗਤ ਰਖਿਆ ਦੀ ਸੱਦ ਢਾਡੀ ਸੀ, ਸੋ ਆਪ ਇਥੋਂ ਟੁਰ ਪਏ। ਸੁਲਤਾਨ ਪੁਰੇ ਤੋਂ ਟੁਰਨ ਵੇਲੇ ਆਪਨੇ ਪਹਿਲਾ ਸਬਕ ਇਹ ਸਿਖਾਇਆ ਸੀ ਕਿ ਜੋ ਭਜਨ ਬੰਦਗੀ ਅਰਦਾਸ ਸਿਮਰਨ ਕਰੋ ਸੋ ਵਾਹਿਗੁਰੂ ਦੀ ਹਜ਼ੂਰੀ ਵਿਚ ਕਰੋ, ਗੈਰ ਹਜ਼ੂਰੀ ਦਾ ਕੀਤਾ ਪਰਵਾਨ ਨਹੀਂ। ਚਾਹੇ ਉਹ ਸ਼ੁਭ ਸੁਭਾਵ ਪੈਂਦਾ ਹੈ, ਪਰ ਹਜ਼ੂਰੀ ਵਿਚ ਕੀਤੇ ਬਿਨਾਂ ਉਸ ਦਾ ਲਾਭ ਨਹੀਂ। ਐਮਨਾਵਾਦ ਦੂਸਰਾ ਸਬਕ ਸਿਖਾਇਆ ਕਿ ਸਰੀਰ ਸੰਸਾਰ ਵਿਚ ਹੈ, ਤੇ ਕਿਸੇ ਮਨ ਕਲਪਨਾਂ ਨਾਲ ਯਾ ਦਰਸ਼ਨ ਵਿਦਿਆ ਨਾਲ ਸਰੀਰ ਸੰਸਾਰ ਵਿਚੋਂ ਉਠ ਨਹੀਂ ਜਾਂਦਾ, ਤਾਂ ਤੇ ਸਰੀਰ ਨੂੰ ਧਰਮ ਦੀ ਕਿਰਤ ਵਿਚ ਕ੍ਰਿਯਾਮਾਨ ਰਖੋ। ਇਸ ਦੀ ਪਾਲਨਾਂ ਕਰੋ, ਧਰਮ ਕਿਰਤ ਦੀ ਕਮਾਈ ਨਾਲ ਕਰੋ। ਹਰ ਕੰਮ, ਹਰ ਕਮਾਮ ਕਿੱਲੇ ਘੜਨ ਤੋਂ ਪਾਤਸ਼ਾਹੀ ਤਕ ਦੀ ਕਿਰਤ ਹੈ ਜੋ ਧਰਮ ਨਾਲ ਕੀਤਾ ਜਾਵੇ। ਤੇ ਧਰਮ ਕਿਰਤ ਸੁਹਾਗਵੰਤੀ ਹੈ ਜੇ ਨਾਮ ਦਾ ਨਿਵਾਸ ਹਿਰਦੇ ਵਿਚ ਹੋਵੇ। ਇਹ ਦੋ ਚੋਟੀ ਦੇ ਚਾਨਣ ਮੁਨਾਰੇ ਆਪਣੀ ਧਰਤੀ ਵਿਚ ਖੜੇ ਕਰਕੇ ਦਾਤਾ ਜੀ ਇਥੋਂ ਟੁਰ ਪਏ:-

(੧) ਬੰਦਗੀ ਕਰੋ, ਭਜਨ ਕਰੋ, ਨਾਮ ਜਪੋ ਹਜ਼ੂਰੀ ਵਿਚ।

(੨) ਜੋ ਕਿਰਤ ਕਰੋ ਸੋਹਣੀ ਕਰੋ, ਧਰਮ ਨਾਲ ਕਰੋ, ਧਰਮ ਕਿਰਤ ਦੀ ਕਮਾਈ ਛਕੋ ਫਿਰ ਨਾਮ ਜਪੋ।

  • ਮੁੱਖ ਪੰਨਾ : ਗੁਰੂ ਨਾਨਕ ਦੇਵ ਜੀ ਸੰਬੰਧੀ ਸਾਖੀਆਂ/ਕਹਾਣੀਆਂ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ