Mamla (Punjabi Story) : Santokh Singh Dhir

ਮਾਮਲਾ (ਕਹਾਣੀ) : ਸੰਤੋਖ ਸਿੰਘ ਧੀਰ

ਸਵੇਰ ਸਾਰ ਜੈਮਲ ਸਿੰਘ ਦੇ ਦਰਾਂ 'ਚ ਆ ਕੇ ਹਾਕ ਮਾਰੀ, ''ਘਰੇ ਐਂ ਦਲੀਪ ਸਿਆਂ? ''
ਜੈਮਲ ਸਿੰਘ ਦੇ ਬੋਲ ਪਛਾਣ ਕੇ ਦਲੀਪੇ ਦਾ ਸਾਹ ਸੁੱਕ ਗਿਆ, ''ਆਹੋ ਘਰੇ . . .ਆਂ. . .'' ਉਹਨੇ ਮਸੀਂ ਆਖਿਆ।

ਦਲੀਪਾ ਚੁੱਲ੍ਹੇ ਅੱਗੇ ਬੈਠਾ ਅੱਗ ਸੇਕਦਾ ਸੀ। ਉਹਦੀ ਵਹੁਟੀ, ਕਰਤਾਰੋ, ਰੋਟੀਆਂ ਪਕਾ ਰਹੀ ਸੀ। ਦਲੀਪਾ ਉਠ ਕੇ ਬੂਹੇ ਵੱਲ ਗਿਆ। ਤਵੇ ਉੱਤੇ ਪਾਉਣ ਵਾਲੀ ਮੱਕੀ ਦੀ ਰੋਟੀ ਕਰਤਾਰੋ ਦੇ ਹੱਥ ਉੱਤੇ ਰੁਕ ਗਈ।
ਜੈਮਲ ਸਿੰਘ ਨੇ ਮੱਥੇ ਵਿਚ ਕੋਰੇਪਣ ਦੀਆਂ ਤਿਊੜੀਆਂ ਪਾ ਕੇ ਕਿਹਾ, ''ਰੁਪਈਏ ਤਾਂ ਅਪੜਦੇ ਕਰੇ ਈ ਨਾ ਚਰ੍ਹੀ ਆਲੇ? ''
''ਦਊਂਗਾ ਤਾਏ. . .''
''ਉਏਂ ਦਏਂਗਾ ਕਦ? ਮੇਰੀ ਤਾਂ ਗਰਜ ਖੜੀ ਐ। ਢਾਲ ਸਿਰ ਤੇ ਆਗੀ ਲੋਹੜੀ ਗਈ ਨੂੰ ਵੀ ਡੂਢ ਮਹੀਨਾ ਹੋ ਗਿਆ।''ਜੈਮਲ ਸਿੰਘ ਉਚੀ ਉਚੀ ਬੋਲਣ ਲੱਗਾ। ਦਲੀਪੇ ਨੇ ਮਿੰਨਤ ਨਾਲ ਆਖਿਆ ''ਕੋਈ ਨ੍ਹੀਂ ਤਾਇਆ ਪੰਜ ਚਾਰ ਦਿਨ ਹੋਰ ਸਮਾਈ ਕਰ, ਮੇਰਾ ਹੱਥ ਜਾਦੈ ਈ ਤੰਗ ਐ, ਕੋਈ ਹੀਲਾ ਕਰਕੇ ਤੇਰੇ ਘਰ ਅਪੜਦੇ ਕਰੂੰਗਾ ਰੁਪਈਏ-ਤੂੰ ਭਖ ਨਾ-ਮੈਨੂੰ ਤਾਂ ਆਪ ਸੋਚ ਐ।''
ਜੈਮਲ ਸਿੰਘ ਦੇ ਮੱਥੇ ਵਿਚ ਅਜੇ ਵੀ ਤਿਊੜੀਆਂ ਸਨ। ਬਰਾਂਡੀ ਦੀਆਂ ਜੇਬਾਂ ਵਿਚ ਹੱਥ ਪਾਈ ਉਹ ਧਰਤੀ ਵੱਲ ਝਾਕਦਾ ਕਹਿਣ ਲੱਗਾ, ''ਢਾਲ ਦੇਹ ਬਈ, ਇਹ ਨ੍ਹੀਂ ਗੱਲ ਪੁੱਗਣੀ ਕੋਈ ਮਸ਼ਕਰੀ ਐ? ਮੈਂ ਤਾਂ ਆਪ ਮਾਮਲਾ ਤਾਰਨ ਤੋਂ ਬੈਠਾਂ, ਲੰਬੜਦਾਰ ਨਿੱਤ ਟੋਕਦੈ।''
ਦਲੀਪਾ ਚੁੱਪ ਚਾਪ ਖੜ੍ਹਾ ਰਿਹਾ, ਤੇ ਜੈਮਲ ਸਿੰਘ ਉਹਦੇ ਵੱਲ ਝਾਕੇ ਬਿਨਾਂ ਤੁਰ ਗਿਆ।
ਹੀਣਾ ਜਿਹਾ ਹੋ ਕੇ ਦਲੀਪਾ ਅੰਦਰ ਆਇਆ। ਚੁਲ੍ਹੇ ਅੱਗੋਂ ਉਹਦੀ ਨਿੱਕੀ ਜਿਹੀ ਧੀ ਜੀਤੋ ਨੇ ਹੱਠ ਕੀਤਾ ''ਮੈਂ ਤਾਂ ਚੋਪੜ ਕੇ ਰੋਟੀ ਖਾਣੀ ਐ. . .'' ਦਲੀਪੇ ਨੇ ਕੁੜੀ ਵੱਲ ਅੱਖਾਂ ਕਢ ਕੇ ਦੇਖਿਆ। ਕੁੜੀ ਡਰ ਨਾਲ ਸ਼ਹਿ ਗਈ।

ਦਲੀਪੇ ਕੋਲ ਦੋ ਗਊਆਂ ਸਨ। ਇਕ ਪਿਛਲੇ ਵਰ੍ਹੇ ਉਹਨਾਂ ਸੌ ਰੁਪਏ ਨੂੰ ਮੁੱਲ ਲਈ ਸੀ। ''ਘਰ ਦੇ ਲਵੇਰੇ ਬਿਨ੍ਹਾਂ ਨਿਆਣੇ ਨ੍ਹੀ ਪਲਦੇ-ਮੁੱਲ ਦਾ ਦੁੱਧ ਤਾਂ ਫਿੱਟੇ ਮੂੰਹ ਦਾ ਕੰਮ ਐ. . .।'' ਕਰਤਾਰੋ ਸਦਾ ਕਹਿੰਦੀ ਸੀ। ਦਲੀਪੇ ਨੇ ਏਧਰੋਂ ਔਧਰੋਂ ਫੜ ਫੜਾ ਕੇ ਇਕ ਦੁੱਧ ਦਿੰਦੀ ਗਾਂ ਆਪਣੇ ਕਿੱਲੇ ਬੰਨ੍ਹ ਲਈ ਸੀ। ਪਰ ਇਹ ਗਾਂ ਬੜੀ ਕੌੜ ਨਿਕਲੀ। ਦੋ ਮਹੀਨੇ ਦੁੱਧ ਦੇ ਕੇ ਨੱਠ ਗਈ। ਦੂਜੀ, ਵਹਿੜੀ, ਕੱਖਾਂ ਦੀ ਥੁੜ ਕਰਕੇ ਉਹਦੇ ਸਹੁਰਿਆਂ ਨੇ ਕਰਤਾਰੋ ਨੂੰ ਪੁੱਨ ਵਜੋਂ ਦਿੱਤੀ ਸੀ। ਵਹਿੜੀ ਦੋ ਮਹੀਨੇ ਦੀ ਨਵੀਂ ਸੀ। ਦਲੀਪੇ ਨੇ ਸੋਚਿਆ, ਜਾਣੋ ਛੇ ਮਹੀਨੇ ਖੁਰ ਵਢਾ ਲਾਂਗੇ, ਓੜਕ ਵਹਿੜੀ ਤਾਂ ਭਲੂਣ ਐ, ਪੰਜ ਸਤ ਸੂਏ ਤਾਂ ਸਹਿਜੇ ਪਿਆ ਦੂ।

ਪਰ ਦਲੀਪੇ ਨੂੰ ਦੋਹਾਂ ਗਊਆਂ ਦੀ ਖੇਚਲ ਝੱਲਣੀ ਔਖੀ ਹੋ ਗਈ। ਲਵੇਰਾ ਤਾਂ ਜੱਟ ਦੇ ਈ ਘਰ ਪਲ ਸਕਦੈ, ਮੁੱਲ ਦੇ ਕੱਖਾਂ ਨਾਲ ਪਸ਼ੂ ਦਾ ਢਿੱਡ ਨ੍ਹੀ ਭਰ ਹੁੰਦਾ। ਇਹ ਉਹਨੂੰ ਸੱਚ ਜਾਪਣ ਲੱਗਾ। ਸਾਰਾ ਦਿਨ ਕੱਪੜੇ ਸਿਉਂ ਕੇ ਜਿੰਨੀ ਕੁ ਮਜੂਰੀ ਉਹਨੂੰ ਬਣਦੀ ਸੀ, ਉਹਦੇ ਨਾਲ ਤਾਂ ਇਸ ਮਹਿੰਗਾਈ ਦੇ ਅੱਕਰੇ ਸਮੇਂ ਵਿਚ ਟੱਬਰ ਦਾ ਹੀ ਤੋਰਾ ਨਹੀਂ ਤੁਰਦਾ। ਏਨਾ ਵੀ ਚੰਗਾ, ਉਹਨੇ ਕਿਸੇ ਉਸਤਾਦ ਦੇ ਭਾਂਡੇ ਮਾਂਜ ਕੇ ਦਰਜੀ ਦਾ ਕੰਮ ਸਿੱਖ ਲਿਆ ਸੀ, ਨਹੀਂ ਤਾਂ ਸਾਰੀ ਉਮਰ ਪਾਣੀ ਭਰਦਿਆਂ ਬੀਤਣੀ ਸੀ।

ਕਰਤਾਰੋ ਵੀ ਖੁਰਪੀ ਲੈ ਕੇ ਸ਼ਾਮਲਾਤ ਦੇ ਤੱਪੜਾਂ ਵੱਲ ਜਾਂਦੀ। ਪਰ ਦੋ ਗਊਆਂ ਦਾ ਰੱਜ ਉਹਦੇ ਕੋਲੋਂ ਕਿੱਥੇ ਖੋਤ ਹੁੰਦਾ ਸੀ। ਕਿਸੇ ਖਾਲ ਦੀ ਵੱਟ ਉਤੇ ਝੀਊਰ ਝੋਕਿਆਂ ਨੂੰ ਕੋਈ ਉਂਜੇ ਨਹੀਂ ਖੁਰਪਾ ਲਾਉਣ ਦਿੰਦਾ। ਜੱਟ ਕੋਲ ਭਾਵੇਂ ਡੂਢ ਕਿਆਰਾ ਭੌਂ ਹੋਵੇ, ਉਹਨੂੰ ਕੋਈ ਨਹੀਂ ਬੋਲਦਾ, ਕਮੀਣ ਨੂੰ ਤਾਂ ਖੇਤ ਖੋਲੋਂ ਲੰਘਦਾ ਦੇਖ, ਜਣਾ ਖਣਾ ਲਲਕਾਰਾ ਮਾਰ ਦਿੰਦੈ।

ਭੁੱਖ ਨਾਲ ਲਵੇਰੀਆਂ ਦੇ ਲੱਕੇ ਲੱਗ ਗਏ। ਕਈ ਵਾਰ ਦਲੀਪੇ ਦੇ ਚਿਤ ਵਿਚ ਆਉਂਦਾ, ਗਊਆਂ ਨੂੰ ਵੇਚ ਦਿਆਂ ਬੇ ਜ਼ਬਾਨਾਂ ਦਾ ਤਰਸਾ ਨ੍ਹੀਂ ਦੇਖਿਆ ਜਾਂਦਾ- ਉਹਨਾਂ ਕਿਹੜਾ ਬੋਲ ਕੇ ਫਰਿਆਦ ਕਰਨੀ ਐ-ਪਰ, ਉਦੋਂ ਹੀ ਉਹਦੇ ਮਨ ਮੈਂ ਜੇਹੀ ਫੁੱਟ ਪੈਂਦੀ,ਕਿਵੇਂ ਵੀ ਹੋਵੇ, ਇਕ ਵਾਰ ਦੋਹਾਂ ਗਾਈਆਂ ਨੂੰ ਕਠਿਆਂ ਚੋ ਕੇ ਜ਼ਰੂਰ ਦੇਖਣੈ-ਲੋਕਾਂ ਦੇ ਚਾਰ ਚਾਰ ਲਵੇਰੇ ਨੇ, ਤੰਗੀ ਤੁਰਸ਼ੀ ਵੀ ਸਰੀਰਾਂ ਦੇ ਨਾਲ ਈ ਹੁੰਦੀ ਐ-ਸਦਾ ਇਕੋ ਜਿਹੇ ਦਿਨ ਤਾਂ ਨ੍ਹੀ ਰਹਿੰਦੇ ਆਪਣੇ ਘਰ ਦੀ ਤਾਂ ਛਾਹ ਵੀ ਮਾਣ ਨ੍ਹੀਂ। ਕੋਈ ਦਹੀਂ ਖਾਵੇ,ਕੋਈ ਦੁੱਧ ਪੀਵੇ ਮਧਾਣੀ ਤਾਂ ਨ੍ਹੀ ਕੀਲੇ ਉਤੇ ਟੰਗੀ ਰਹੂ ਤੇ ਐਂਤਕੀ ਉਹਨੇ ਚਕੋਤੇ ਉਤੇ ਭੋਂ ਲੈ ਕੇ ਚਰ੍ਹੀ ਬਿਜਾਉਣ ਦੀ ਪੱਕੀ ਸੋਚ ਲਈ। ਜੇ ਮੌਕੇ ਸਿਰ ਮੀਂਹ ਪੈ ਜਾਵੇ ਤਾਂ ਸੈਂਕੜੇ ਦੇ ਹਿਸਾਬ ਪੂਲੀਆਂ ਮੁੱਲ ਲੈਣ ਨਾਲੋਂ ਆਪ ਚਰ੍ਹੀ ਬਿਜਾਉਣੀ ਕਿਤੇ ਚੰਗੀ ਰਹਿੰਦੀ ਐ। ਮੁੱਲ ਦੀਆਂ ਪੂਲੀਆਂ 'ਚ ਉਹ ਬਰਕਤ ਕਿੱਥੇ।

ਜੈਮਲ ਸਿੰਘ ਨਾਲ ਭੋਂ ਦਾ ਸੌਦਾ ਹੋ ਗਿਆ। ਵੀਹ ਰੁਪਏ ਵਿਘੇ ਨੂੰ ਪੰਜ ਵਿਘੇ ਧਰਤੀ ਲੈ ਲਈ। ਪੰਜ ਵਿਘੇ ਤੋਂ ਘੱਟ ਦੋ ਗਊਆਂ ਦਾ ਸਰਨਾ ਵੀ ਨਹੀਂ ਸੀ। ਲੋਹੜੀ ਉਤੇ ਮਾਮਲੇ ਦਾ ਸੌ ਰੁਪਿਆ ਤਾਰਨ ਦਾ ਇਕਰਾਰ ਹੋਇਆ।
ਹਾੜ ਦੇ ਪਿਛਲੇ ਪੱਖ ਮੀਂਹ ਵਰ੍ਹ ਗਿਆ। ਦਲੀਪੇ ਨੇ ਭਾੜੇ ਉਤੇ ਹਲ ਦੀ ਦੋਹਰ ਕਰਵਾ ਕੇ ਜੁਆਰ ਦਾ ਛੱਟਾ ਦੁਆ ਦਿੱਤਾ।

ਪੰਜ ਸਤ ਚੰਗੀਆਂ ਝੜੀਆਂ ਸਾਉਣ ਭਾਦੋਂ ਵਿਚ ਲਗ ਗਈਆਂ। ਮਾਰੂਆਂ ਤੋਂ ਚੰਗੀ ਆਸ ਹੋ ਗਈ। ਦਲੀਪੇ ਦੀ ਚਰ੍ਹੀ ਭਰ ਕੇ ਨਿੱਸਰੀ ਸੀ। ਭਾਦੋਂ ਦੇ ਪਿਛਲੇ ਪੱਖ ਤੋਂ ਹੀ ਖੜ੍ਹੀ ਚਰ੍ਹੀ ਚਾਰਨੀ ਸ਼ੁਰੂ ਕਰ ਦਿੱਤੀ। ਗਊਆਂ ਉੱਤੇ ਪਾਣੀ ਫਿਰ ਆਇਆ। ਚੜ੍ਹਦੇ ਕੱਤਕ ਉਹਨਾਂ ਚਰ੍ਹੀ ਖੋਤਣੀ ਸ਼ੁਰੂ ਕਰ ਦਿੱਤੀ। ਪੰਜ ਸਤ ਦਿਨ ਬੜੀ ਮਿਹਨਤ ਕੀਤੀ। ਸਾਰਾ ਟੱਬਰ ਖੇਤ ਵਿਚ ਜਾਂਦਾ। ਦਲੀਪਾ,ਕਰਤਾਰੋ, ਦਲੀਪੇ ਦੀ ਛੋਟੀ ਭੈਣ ਤੇ ਇਕ ਭਰਾ ਚਰ੍ਹੀ ਨੂੰ ਖੋਤ ਖੋਤ ਪੂਲੀਆਂ ਬੰਨ੍ਹਦੇ। ਜੀਤੋ ਪੂਲੀਆਂ ਦੀ ਕੁੱਲੀ ਵਿਚ ਖੇਡਦੀ ਰਹਿੰਦੀ। ਬੁੱਢੀ ਮਾਂ ਵੱਢ ਵਿਚ ਟੱਬਰ ਦੀ ਰੋਟੀ ਲੈ ਕੇ ਜਾਂਦੀ। ਸਾਰੀ ਚਰ੍ਹੀ ਖੋਤ ਕੇ ਘਰ ਲੈ ਆਂਦੀ। ਚਾਰ ਸੌ ਪੂਲੀ ਹੋਈ। ਕੋਠੇ ਉੱਤੇ ਚਰ੍ਹੀ ਦਾ ਤਕੜਾ ਛੌਰ ਗੁੰਦਿਆ ਗਿਆ। ਛੌਰ ਨੂੰ ਦੇਖ ਕੇ ਦਲੀਪਾ ਫੁਲ ਜਾਂਦਾ, ''ਕੱਖਾਂ ਦੇ ਦੁੱਖੋਂ ਨ੍ਹੀ ਹੁਣ ਮੈਂ ਗਾਈਆਂ ਨੂੰ ਜਾਣ ਦਿੰਦਾ।''

ਕੱਤਕ ਲੰਘਿਆ, ਮੱਘਰ ਬੀਤਿਆ, ਛੇਕੜ ਪੋਹ ਮੁੱਕਣ ਤੇ ਆ ਗਿਆ। ਚਰ੍ਹੀ ਵੀ ਅੱਧ ਨੂੰ ਚਲੀ ਗਈ। ਛੌਰ ਖੁੱਲ੍ਹਣ ਲੱਗਾ। ਜਿੱਥੇ ਛੇ ਛੇ ਪੂਲੀਆਂ ਨਿਤ ਕੁਤਰੀਆਂ ਜਾਣ, ਉਤੇ ਮਹੀਨੇ ਪਿੱਛੋਂ ਕਿੰਨਾ ਖੱਪਾ ਪੈਣਾ ਹੋਇਆ? ਪਹਿਲੀ ਗਾਂ ਦਾ ਵੱਛਾ ਵੀ ਹੁਣ ਤਕੜਾ ਸੀ, ਪੂਲੀ ਜਵਾਰ ਤਾਂ ਰਾਤੋ ਰਾਤ ਉਹੀ ਚਰ ਜਾਂਦਾ।
ਖੈਰ, ਕੱਖਾਂ ਦਾ ਖਰਚ ਤਾਂ ਜੋ ਸੀ, ਉਹੀ ਸੀ, ਮਾਮਲੇ ਦਾ ਕੋਈ ਹੀਲਾ ਬਣਦਾ ਨਹੀਂ ਸੀ ਦਿਸਦਾ। ਲੋਹੜੀ ਨੇੜੇ ਆ ਗਈ,ਮਾਘੀ ਦੇ ਸੰਗਰਾਂਦ ਨੂੰ ਅਗਲੇ ਨੇ ਮੰਗਣ ਦੇ ਸਿਰ ਹੋ ਜਾਣਾ ਸੀ।

ਦਲੀਪੇ ਨੇ ਤਾਂ ਸੋਚਿਆ ਸੀ, ਛੇ ਮਹੀਨੇ ਪਏ ਨੇ ਮਾਮਲਾ ਦੇਣ ਵਿਚ ਮਹੀਨੇ ਦੇ ਪੰਦਰਾਂ ਰੁਪਏ ਨਹੀਂ ਬੈਠਦੇ। ਜੇ ਹੋਰ ਜ਼ਰਾ ਮੱਚ ਮਾਰ ਕੇ ਕੰਮ ਕਰਾਂ ਤਾਂ ਮਾਮਲਾ ਤਾਂ ਨ੍ਹੀ ਅਟਕ ਸਕਦਾ। ਉਹਦੇ ਘਰ ਕੀ ਘਾਟਾ ਏ-ਕਦ ਰਿਜ਼ਕ ਦੀ ਛੱਲ ਦੇ ਦਏ। ਪਰ ਜੋ ਦਲੀਪੇ ਨੇ ਸੋਚਿਆ, ਉਹ ਬਣਿਆ ਨਾ।
ਕੱਤਕ ਜਾਂਦੇ ਨੂੰ ਕਰਤਾਰੋ ਦੇ ਕੁੜੀ ਜੰਮ ਪਈ। ਵੀਹ, ਤੀਹ ਰੁਪਏ ਦਾ ਖਰਚ ਆ ਪਿਆ। ਜੇ ਦੋ ਸੇਰ ਥਿੰਦਾ ਜੱਚਾ ਦੇ ਢਿੱਡ ਵਿਚ ਨਾ ਪਏ ਤਾਂ ਉਹ ਮੰਜੇ ਤੋਂ ਕਿਵੇਂ ਉਠ ਸਕਦੀ ਐ? ਛਿਲਾ ਸਾਂਭ ਹੋਇਆ ਤਾਂ ਮੱਘਰ ਵਿਚ ਦਲੀਪੇ ਨੂੰ ਤਾਪ ਆਉਣ ਲੱਗ ਪਿਆ।
ਪੰਦਰਾਂ ਵੀਹ ਦਿਨ ਤਾਪ ਨੇ ਖਹਿੜਾ ਨਾ ਛੱਡਿਆ। ਮਜੂਰ ਆਦਮੀ ਨੂੰ ਤਾਂ ਬੀਮਾਰ ਹੋਣ ਵੀ ਔਖਾ ਏ-ਜੇ ਉਹ ਕੰਮ ਕਰਦੈ ਤਾਂ ਰੋਟੀ ਪੱਕਦੀ ਐ, ਨਹੀਂ ਤਾਂ ਟੱਬਰ ਦੇ ਭਾਂਡੇ ਮੂਧੇ ਨੇ।

ਫਸਲ ਵਿਚ ਜਿੰਨੀ ਕਣਕ ਦਲੀਪੇ ਨੇ ਲਈ ਸੀ ਉਹ ਕੱਤਕ ਤਕ ਮਸੀਂ ਚੱਲੀ। ਵਰ੍ਹੇ ਜੋਗੇ ਦਾਣੇ ਲੈ ਰੱਖਣ ਦੀ ਉਹਦੀ ਪਰੋਖੋਂ ਨਹੀਂ ਸੀ। ਕਣਕ ਹੁਣ ਪਹਿਲੇ ਭਾ ਨਾਲੋਂ ਦੂਣੀ ਹੋ ਗਈ ਸੀ, ਤੇ ਸਗੋਂ ਬਾਈ ਬਾਈ, ਤੇਈ ਤੇਈ ਰੁਪਏ ਮਣ ਦੇ ਭਾ ਨੂੰ ਵੀ ਕੋਈ ਹਾਂ ਨਹੀਂ ਸੀ ਕਰਦਾ। ਨਾਲੋਂ ਨਾਲ ਉਹਨੂੰ ਦਾਣੇ ਲੈਂਦੇ ਪੈਂਦੇ ਸਨ, ਤੇ ਜਿੰਨਾ ਉਹ ਕੰਮ ਕਰਦਾ ਸੀ, ਉਹਦੇ ਨਾਲ ਦਾਣੇ ਤੇ ਹੋਰ ਕਬੀਲਦਾਰੀ ਦਾ ਧੰਦਾ ਹੀ ਮਸਾਂ ਚੱਲਦਾ ਸੀ।

ਅਖੀਰ ਲੋਹੜੀ ਆ ਗਈ। ਮਾਮਲੇ ਦਾ ਕੁਝ ਨਾ ਬਣਿਆ। ਛੋਟੀ ਵਹਿੜੀ ਦਸ ਵੀਹ ਦਿਨਾਂ ਵਿਚ ਸੂਣ ਵਾਲੀ ਸੀ। ਵੱਡੀ ਕੌੜ ਦੇ ਨਵੇਂ ਦੁੱਧ ਹੋਣ ਬਾਰੇ ਵੀ ਕੋਈ ਪੱਕ ਨਾ ਸੀ। ਦਲੀਪੇ ਨੇ ਸੋਚਿਆ, ਚਲੋ ਸਾਰੀ ਨਾ ਖਾਧੀ, ਅੱਧੀ ਸਹੀ, ਆਈ ਚਲਾਈ ਤਾਂ ਹੋ ਜੂ, ਵੱਡੀ ਗਾਂ ਨੂੰ ਹੀ ਵੇਚ ਦਿਆਂ। ਕਿਤੇ ਅੰਦਰ ਬਾਹਰ ਮਿਲਦਿਆਂ ਇਕ ਵਾਰ ਜੈਮਲ ਸਿੰਘ ਨੇ ਮਲਵੀਂ ਜੀਭ ਨਾਲ ਦਲੀਪੇ ਨੂੰ ਮਾਮਲੇ ਲਈ ਟੋਕ ਵੀ ਦਿੱਤਾ। ਦਲੀਪੇ ਨੂੰ ਗਾਂ ਵੇਚਣ ਦੀ ਕਾਹਲ ਪੈ ਗਈ। ਫੰਡਰ ਲਵੇਰੇ ਦਾ ਗਾਹਕ ਵੀ ਸੌਖਾ ਨਹੀਂ ਉਠਦਾ। ਪਰ ਦਲੀਪਾ ਤਾਂ ਜੋ ਮਿਲੇ, ਸੋਈ ਵੱਟਣ ਨੂੰ ਤਿਆਰ ਸੀ।

ਓੜਕ ਦੱਸ ਪੁੱਛ ਨਾਲ ਪਿੰਡ ਵਿਚੋਂ ਹੀ ਇਕ ਗਾਹਕ ਉਠ ਖੜੋਤਾ। ਪਿੰਡ ਵਿਚ ਇਸ ਗਾਂ ਦੀ ਪੜਤ ਚੰਗੀ ਨਹੀਂ ਸੀ। ਮਾੜੇ ਦੇ ਪਸ਼ੂ ਨੂੰ ਵੀ ਹਰ ਕੋਈ ਵਗੋਂਦਾ ਏ। ਸਕੇ ਕਹਿਣ ਗੈਂ ਤਾਂ ਪੁੜੇ ਹੱਥ ਨ੍ਹੀਂ ਲੌਣ ਦਿੰਦੀ. . .।'' ਦਲੀਪੇ ਨੇ ਜੋ ਵੱਟਿਆ, ਸੋ ਖੱਟਿਆ ਜਾਣ ਕੇ ਪੰਜਾਹ ਰੁਪਏ ਨੂੰ ਗਾਂ ਛੱਡ ਦਿੱਤੀ।
ਪੰਜਾਹ ਰੁਪਏ ਲੈਦਿਆਂ ਜੈਮਲ ਸਿੰਘ ਨੇ ਤਕਰਾਰ ਜੇਹੀ ਵੀ ਕੀਤੀ ਸੀ ''ਬਈ ਮੇਰੀ ਤਾਂ ਰਕਮ ਖੁਰਦੀ ਐ ਏਕਣ-ਮੈਨੂੰ ਤਾਂ ਸੌ ਕੱਠਾ ਈ ਦੇਣਾ ਸੀ।'' ਬਾਕੀ ਪੰਜਾਹ ਰੁਪਏ ਮਹੀਨੇ ਦੇ ਅੰਦਰ ਅੰਦਰ ਦੇਣ ਲਈ ਦਲੀਪੇ ਨੇ ਜੈਮਲ ਸਿੰਘ ਨੂੰ ਇਕਰਾਰ ਕਰ ਦਿੱਤਾ।

ਵੀਹ ਕੁ ਦਿਨਾਂ ਮਗਰੋਂ ਵਹਿੜੀ ਸੂ ਪਈ। ਦੁੱਧ ਵਰਗਾ ਵੱਛਾ ਵਿਹੜੇ ਵਿਚ ਟਪੂਸੀਆਂ ਮਾਰਨ ਲੱਗਾ। ਜੀਤੋ ਵੱਛੇ ਨੂੰ ਦੇਖ ਸਾਰਾ ਦਿਨ ਪਰਚਦੀ, ਉਹਨੇ ਲਾਡ ਨਾਲ ਵੱਛੇ ਦੇ ਗਲ ਵਿਚ ਨੀਲੇ ਮਣਕੇ ਤੇ ਇਕ ਘੁੰਗਰੂ ਪਾਇਆ। ਸਾਰਾ ਦਿਨ ਵਿਹੜੇ ਵਿਚ ਘੁੰਗਰੂ ਵਜਦਾ ਰਹਿੰਦਾ।
ਦਲੀਪੇ ਨੂੰ ਮਾਮਲੇ ਦਾ ਫਿਕਰ ਤੋੜ ਤੋੜ ਖਾ ਰਿਹਾ ਸੀ। ਉਹ ਬੈਠਾ ਸੋਚਦਾ ਸੀ, 'ਪੰਜਾਹ ਰੁਪਏ ਕਿਵੇਂ ਕੱਠੇ ਹੋਣਗੇ. . .।''ਕਰਤਾਰੋ ਨੇ ਪਲ ਵਿਚ ਉਹਦੇ ਫਿਕਰ ਨੂੰ ਝੂਠ ਕਰਨ ਲਈ ਐਵੇਂ ਕੇਵੇਂ ਦਾ ਹੁੱਬ ਕੇ ਆਖਿਆ, ''ਰੱਬ ਨੇ ਧੌਲੀ ਧਾਰ ਦਖਾਈ ਐ ਸੁੱਖ ਨਾਲ, ਤੂੰ ਫਿਕਰ ਨਾ ਕਰ।''
''ਫਿਕਰ ਕਿਵੇਂ ਨਾ ਕਰਾਂ. . .'' ਦਲੀਪੇ ਨੇ ਮਨ ਵਿਚ ਆਖਿਆ। ਪਰ ਉਹਨੇ ਕਰਤਾਰੋ ਨੂੰ ਕਿਹਾ, ''ਨਹੀਂ, ਮੈਂ ਫਿਕਰ ਤਾਂਨ੍ਹੀ ਕਰਦਾ. . .।''

ਮਹੀਨਾ ਪੂਰਾ, ਓੜਕ ਸਵਾ ਬੀਤ ਗਿਆ। ਦਲੀਪੇ ਨੂੰ ਹਰ ਵੇਲੇ ਇਹੋ ਧੁੜਕੂ ਲਗਿਆ ਰਹਿੰਦੈ ਕਿ ਜੈਮਲ ਸਿੰਘ ਹੁਣ ਮਿਲਿਆ, ਘੜੀ ਮਿਲਿਆ। ਅੰਦਰ, ਬਾਹਰ, ਗਲੀ, ਪਰ੍ਹੇ ਉਹ ਲੁਕ ਲੁਕ ਲੰਘਦਾ। ਉਹਨੂੰ ਡਰ ਸੀ ਕਿ ਹੁਣ ਤੱਕ ਲਾਰੇ ਲੱਪੇ ਲਗਦੇ ਰਹੇ ਪਰ ਹੁਣ ਕੀ ਜਵਾਬ ਦਿਆਂਗਾ? ਜੱਟ ਦਾ ਕੁਹਾੜੇ ਪਾਟਿਆ ਮੂੰਹ ਹੁੰਦੈ, ਨਾ ਜਾਣੀਏਂ ਕਦ ਹੇਠੀ ਕਰ ਦੇਵੇ। ਜਦ ਓਧਰ ਓਧਰ,ਵਟ ਬੰਨੇ ਕਿਤੇ ਦਲੀਪਾ ਜੈਮਲ ਸਿੰਘ ਨੂੰ ਨਾ ਟੱਕਰਿਆ ਤਾਂ ਹਾਰ ਕੇ ਉਹ ਦਲੀਪੇ ਦੇ ਦਰਾਂ ਵਿਚ ਹੀ ਆ ਧਮਕਿਆ ਸੀ।
ਪੰਜ ਚਾਰ ਦਿਨ ਹੋਰ ਵੀ ਲੰਘ ਗਏ। ਜੈਮਲ ਸਿੰਘ ਨੇ ਹੋਰ ਸਮਾਈ ਕਰ ਦੇਖੀ। ਪਰ ਹੁਣ ਹੋਰ ਉਹਦੀ ਬੇ-ਵਾਹ ਸੀ। ਸਾਰੇ ਪਿੰਡ ਦੀ ਢਾਲ ਪੈ ਚੁੱਕੀ ਸੀ। ਕੁਲ ਇਕ ਦੋ ਸਾਮੀਆਂ ਅੜੀਆਂ ਰਹਿੰਦੀਆਂ ਸਨ।

ਇਕ ਦਿਨ, ਆਥਣੇ, ਫੁਲਾਹੀਆਂ ਵਾਲੇ ਖੂਹ ਦੇ ਰਾਹ ਵਿਚ ਦਲੀਪੇ ਨੂੰ ਜੈਮਲ ਸਿੰਘ ਟੱਕਰ ਗਿਆ। ਗਲ ਵਿਚ ਭੂਰੀ ਬਰਾਂਡੀ, ਹੱਥ ਬਰਾਂਡੀ ਦੀਆਂ ਜੇਬਾਂ ਵਿਚ, ਗਲ ਦੁਆਲੇ ਇਕ ਖੱਦਰ ਦਾ ਪਰਨਾ ਤੇ ਨੱਕ ਤੀਕ ਪਰਨੇ ਨਾਲ ਮੂੰਹ ਕੱਜਿਆ ਹੋਇਆ। ਲਿਹਾਜ਼ ਨੂੰ ਖੂਹ ਵਿਚ ਸੁੱਟ, ਜੈਮਲ ਸਿੰਘ ਨੇ ਰਾਹ ਘੇਰ ਕੇ ਆਖਿਆ, ''ਓਏ ਝੀਊਰਾ, ਹਿਓਂ ਤਾਂ ਨ੍ਹੀਂ ਆਉਂਦਾ? ਇਹ ਭਲੇਮਾਂਣਸੀ ਐ? ਤੇਰੀ ਜਬਾਨ ਐ ਕੀ ਐ? ਫੇਰ ਕੁਪੱਤ ਕਰਾ ਕੇ ਹੀ ਈ ਰਹੇਂਗਾ ਚਾਰ ਆਦਮੀਆਂ 'ਚ? ''

ਦਲੀਪੇ ਦੇ ਪੈਰ ਉਖੜ ਗਏ। ਕੀ ਕਹੇ, ਕੀ ਨਾ ਕਹੇ। ਹੁਣ ਤਾਂ ਨਾ ਕੋਈ ਟਾਲ ਹੋ ਸਕਦੀ ਸੀ, ਨਾ ਮਿੰਨਤ, ਨਾ ਮੁਹਲਤ। ਜੈਮਲ ਸਿੰਘ ਦੀਆਂ ਅੱਖਾਂ ਤੋਂ ਦਲੀਪੇ ਨੂੰ ਡਰ ਆਉਣ ਲੱਗਾ। ਨੀਵੀਂ ਪਾ ਕੇ ਉਸੇ ਥਾਂ ਖੜ੍ਹਦਾ ਉਹ ਬੋਲਿਆ, ''ਕੀ ਦੱਸਾਂ. . .।''
''ਉਏ ਮੈਨੂੰ ਜਾਮਨੀ ਐਂ ਐਸ ਗੱਲ ਦੀ? ਕਹਿੰਦੈ ਕੀ ਦੱਸਾਂ, 'ਜਿਮੇਂ ਨੀਤ ਏ ਨ੍ਹੀਂ ਦੇਣ ਦੀ-ਚਰ੍ਹੀ ਚਾਰ ਕੇ ਤਾਂ ਚੌਣਾਂ ਰਾਜੀ ਕਰ ਲਿਆ- ਦੱਸ ਫੇਰ ਰੁਪਈਏ ਦੇਣੇ ਨੇ ਕੁ ਨਹੀਂ। ''
''ਦੇਣੇ ਖਰੇ ਨੇ ਤਾਏ. . .''
''ਰੱਖ ਫੇਰ ਐਥੇ-ਮੈਂ ਤਾਂ ਹੁਣ ਲੈਣੇ ਨੇ।'' ਜੈਮਲ ਸਿੰਘ ਨੇ ਧਰਤੀ ਉਤੇ ਜੁੱਤੀ ਦੀ ਨੋਕ ਛੁਹਾ ਕੇ ਕਿਹਾ।
ਜਾਨ ਕੁੜਿਕੀ ਵਿਚ ਫਸ ਗਈ। ਜੱਟ ਨੂੰ ਕਿਵੇਂ ਆਖੇ ਕਿ ਮੇਰੇ ਟੱਬਰ ਨੂੰ ਤਾਂ ਰੋਟੀ ਦਾ ਵੀ ਸੰਸਾ ਏ? ਉਹ ਕਦ ਮੰਨਣ ਲੱਗਾ ਏ? ਦੋ ਕੁ ਪਲ ਚੁਪ ਰਹਿ ਕੇ ਦਲੀਪੇ ਨੇ ਤਰਲੇ ਨਾਲ ਆਖਿਆ, ''ਬਈ ਤਾਇਆ, ਜਿਥੇ ਤੈਂ ਐਨਾ ਸਬਰ ਕੀਤੈ, ਉਤੇ ਦੋ ਦਿਨ ਹੋਰ ਲੰਘਾ-ਕੋਈ ਹੀਲਾ ਕਰਕੇ ਜਾਂ ਤਾਂ ਮੈਂ ਤੈਨੂੰ ਰੁਪਈਏ ਦੇ ਦਊਂਗਾ ਨਹੀਂ ਤੂੰ ਬਸ਼ੱਕ ਵਹਿੜੀ. . .।'' ਦਲੀਪੇ ਦੀ ਵਾਜ ਥਿੜਕ ਗਈ।
ਸੱਜਰ-ਸੂਈ ਵਹਿੜੀ ਦਾ ਖਿਆਲ ਜੈਮਲ ਸਿੰਘ ਦੀ ਹਿੱਕ ਵਿਚ ਮਹਿਕਣ ਲੱਗਾ। ''ਚੰਗਾ, ਅਈਂ ਸਹੀ, ਪਰ ਦੋ ਦਿਨਾਂ ਤੋਂ ਵੱਧ ਨ੍ਹੀਂ ਮੇਰੀ ਪਹੁੰਚ ਅਟਕਣ ਦੀ।'' ਤੇ ਉਹ ਰਾਹ ਛੱਡ ਕੇ ਇਕ ਪਾਸੇ ਤੁਰ ਪਿਆ।
ਦੋ ਦਿਨਾਂ ਵਿਚ ਵੀ ਦਲੀਪੇ ਤੋਂ ਰੁਪਈਏ ਤਿਆਰ ਨਾ ਹੋ ਸਕੇ। ਚੌਥੇ ਦਿਨ ਸਵੇਰੇ ਹੀ, ਵਹਿੜੀ ਲੈਣ ਲਈ ਜੈਮਲ ਸਿੰਘ ਦਲੀਪੇ ਦੇ ਘਰ ਆ ਗਿਆ।

ਵਿਹੜੇ ਵਿਚ ਮਿੱਠੀ ਮਿੱਠੀ ਧੁੱਪ ਸੀ। ਟਾਟਕੇ ਖੜੀ ਵਹਿੜੀ ਖੁਰਲੀ ਉਤੇ ਚਰ ਰਹੀ ਸੀ, ਕੋਲ ਹੀ ਇਕ ਛੋਟੀ ਕਿੱਲੀ ਨਾਲ ਬੰਨ੍ਹਿਆ ਹੋਇਆ ਵੱਛਾ ਮਾਂ ਦੇ ਥਣਾਂ ਵੱਲ ਤਿੰਘੜ ਰਿਹਾ ਸੀ। ਦਲੀਪਾ ਅੰਦਰੋਂ ਉਠ ਕੇ ਵਿਹੜੇ ਵਿਚ ਆ ਗਿਆ। ਸਾਗ ਵਿਚ ਆਲਣ ਪਾਉਣਾ ਛੱਡ ਕੇ, ਕਾਣਾ ਘੁੰਡ ਕਢੀਂ, ਕਰਤਾਰੋ ਵੀ ਗਾਂ ਕੋਲ ਆ ਖੜ੍ਹੀ।
ਜੈਮਲ ਸਿੰਘ ਨੇ ਗਾਂ ਦੀ ਪਿੱਠ ਉਤੇ ਹੱਥ ਫੇਰਿਆ, ''ਬਸ ਮੇਰੀਏ ਬੱਗੀਏ. . .।'' ਗਾਂ ਨੇ ਓਪਰੇ ਛੋਹ ਪਛਾਣ ਕੇ ਹੁਰਕਿਆ। ਜੈਮਲ ਸਿੰਘ ਨੇ ਵੱਛੇ ਦੇ ਮੂੰਹ ਨੂੰ ਪੁਚਕਾਰਿਆ। ਵੱਛੇ ਨੇ ਕੰਬ ਕੇ ਟਪੂਸੀ ਮਾਰੀ, ਘੰਗਰੂ ਛਣਕਿਆ। ਜੀਤੋ ਛਤਨੇ ਹੇਠ ਗੁੱਡੀਆਂ ਪਟੋਲੇ ਖੇਡਦੀ ਸੀ। ਖੁਰਲੀ ਕੋਲ ਬੋਲ ਬੁਲਾਰਾ ਤੇ ਘੁੰਗਰੂ ਦੀ ਵਜਾ ਸੁਣ ਕੇ ਉਹਨੂੰ ਖੇਡ ਭੁੱਲ ਗਈ। ਉਹ ਵੀ ਵਿਹੜੇ ਵਿਚ ਆ ਕੇ ਤੱਕਣ ਲੱਗ ਪਈ।
ਅੱਸੀ ਰੁਪਏ ਗਾਂ ਦਾ ਮੁੱਲ ਪਿਆ। ''ਵਹੜਕੀ ਤਾਂ ਹੈ ਨਿਰੀ, ਪਹਿਲੇ ਸੂਏ ਦੁੱਧ ਵੀ ਕੀ ਹੁੰਦੈ? ਖੁਰ ਵਢਾਈ ਐ ਪੱਲੇ. . .।''ਲਹਿਣੇਦਾਰ ਨੇ ਢੁੱਚਰ ਕੀਤੀ, ''ਡੂਢ ਮਣ ਦਾਣੇ ਲੈ ਆਈ ਘਰੋਂ-ਪੱਚੀਆਂ ਦੇ ਭਾ ਕਣਕ ਐ।''
ਦਲੀਪਾ ਥੰਮ ਵਾਂਗ ਚੁਪ ਖੜ੍ਹਾ ਰਿਹਾ।
''ਬਾਖਰੂ ਜੀ. . .'' ਜੈਮਲ ਸਿੰਘ ਝੁਕ ਕੇ ਕਿੱਲੇ ਨਾਲੋਂ ਰੱਸਾ ਖੋਲ੍ਹਣ ਲੱਗਾ।

ਕਰਤਾਰੋ ਦੇ ਮਨ ਵਿਚ ਹੂਕ ਉਠੀ-ਅਗੇ ਵੀ ਨਿੱਤ ਇਸੇ ਵੇਲੇ ਮੇਰੀ ਵਹਿੜੀ ਦਾ ਰੱਸਾ ਖੁੱਲ੍ਹਦਾ ਸੀ, ਪਰ ਉਹ ਆਥਣੇ ਚੋਣਿਓ ਚਰ ਕੇ ਹੇਜ ਵਿਚ ਰੰਭਦੀ ਤੇ ਪੂੰਛ ਹਿਲਾਉਂਦੀ ਇਸੇ ਕਿੱਲੇ ਤੇ ਆ ਬੱਝਦੀ ਸੀ-ਅੱਜ ਦੀ ਸੈਂਤ ਕੇਹੀ ਚੰਦਰੀ. . .
ਤੇ ਉਹਨੇ ਝੋਨੇ ਦੇ ਲੜ ਨਾਲ ਅੱਖਾਂ ਪੂੰਝ ਲਈਆਂ।

ਰੱਸਾ ਫੜ ਤੇ ਜੈਮਲ ਸਿੰਘ ਤੁਰਨ ਲੱਗਾ, ''ਚੱਲ ਨੀ ਮੇਰੀਏ ਬੱਗੀਏ, ਸੁਖ ਨਾਲ ਬੁੱਧਵਾਰ ਐ. ..।'' ਪਰ ਵਹਿੜੀ ਖੁਰ ਅੜਾ ਕੇ ਖੜ ਗਈ। ''ਹੀ. . .ਹੀ. . .ਹੀ. . .ਸਹੁਰੀ ਓਪਰਾ ਕਰਦੀ ਐ ਓਪਰਾ'' ਜੈਮਲ ਸਿੰਘ ਨੇ ਦਲੀਪੇ ਵੱਲ ਝਾਕ ਕੇ ਕਿਹਾ।
''ਓ ਜੈਮਲ ਸਿਆਂ, ਐਂ ਨ੍ਹੀ ਤੁਰਨਾ ਵਹਿੜੀ ਨੇ. . .'' ਗਲੀ 'ਚੋਂ ਲੰਘੇ ਜਾਂਦੇ ਵਰਿਆਮੇ ਜੱਟ ਨੇ ਦਰਾਂ ਅੱਗੇ ਖੜੋ ਕੇ ਸਲਾਹ ਦਿੱਤੀ, ''ਵੱਛਰੂ ਨੂੰ ਗੋਦੀ ਚੁੱਕ ਕੇ ਮੂਹਰੇ ਹੋ ਲੈ, ਆਪੇ ਆਊਗੀ ਮਗਰ ਮਗਰ ਸਾਲੀ।''
ਜੈਮਲ ਸਿੰਘ ਨੇ ਵੱਛੇ ਨੂੰ ਕਲਾਵੇ ਵਿਚ ਚੁੱਕ ਲਿਆ।
''ਮੇਰੀ ਮੀ. . .ਮੀ. . .।'' ਕਰਤਾਰੋ ਦਾ ਪੱਲਾ ਖਿੱਚ ਕੇ ਜੀਤੋ ਨੇ ਮਸੋਸੇ ਮੂੰਹ ਨਾਲ ਕਿਹਾ।
''ਕਿਉਂ ਕੁੜੇ ਬੀਬੋ, ਕੀ ਕਹਿੰਨੀ ਐਂ? ਘੁੰਗਰੂ ਲੈਣੈ ਆਪਦਾ?'' ਜੈਮਲ ਸਿੰਘ ਨੇ ਵੱਛੇ ਦੇ ਗਲੋਂ ਘੁੰਗਰੂ ਵਾਲੀ ਗਾਨੀ ਖੋਲ੍ਹ ਕੇ ਕੁੜੀ ਵਲ ਸੁੱਟ ਦਿੱਤੀ, ''ਲੈ ਫੜ।''
ਜੀਤੋ ਘੰਗਰੂ ਵੱਲ ਬਿਟ ਬਿਟ ਦੇਖਣ ਲੱਗ ਪਈ, ਤੇ ਗਾਂ ਜੈਮਲ ਸਿੰਘ ਦੇ ਪਿਛੇ ਪਿਛੇ ਗਲੀ ਦਾ ਮੋੜ ਮੁੜ ਗਈ।
ਸਾਰੇ ਪਿੰਡ ਦਾ ਮਾਮਲਾ ਤਰ ਗਿਆ। ਤੀਜੇ ਦਿਨ, ਉਹੀ ਗਾਂ ਜੈਮਲ ਸਿੰਘ ਦੇ ਘਰੋਂ ਖੁੱਲ੍ਹ ਕੇ ਨੰਦੂ ਮੱਲ ਸ਼ਾਹੂਕਾਰ ਦੇ ਕਿੱਲੇ ਉਤੇ ਜਾ ਬੱਝੀ।

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਸੰਤੋਖ ਸਿੰਘ ਧੀਰ
  • ਮੁੱਖ ਪੰਨਾ : ਕਾਵਿ ਰਚਨਾਵਾਂ, ਸੰਤੋਖ ਸਿੰਘ ਧੀਰ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ