Punjabi Stories/Kahanian
ਓਮਕਾਰ ਸੂਦ
Omkar Sood

Punjabi Kavita
  

Mashkaan Da Mull Omkar Sood

ਮਸ਼ਕਾਂ ਦਾ ਮੁੱਲ ਓਮਕਾਰ ਸੂਦ

"ਤਾਇਆ ਗੁੱਲੀ ਘੜ ਦੇ!"ਤਾਰੇ ਨੇ ਹੱਥ 'ਚ ਫੜ੍ਹਿਆ ਤੂਤ ਦਾ ਦੋ ਕੁ ਫੁੱਟ ਲੰਬਾ ਡੰਡਾ ਦੀਨੇ ਲੁਹਾਰ ਵੱਲ ਵਧਾਉਂਦਿਆਂ ਹੁਕਮੀ ਲਹਿਜ਼ੇ ਵਿੱਚ ਕਿਹਾ । ਦੀਨਾ ਅੱਜ ਭਰਿਆ ਪੀਤਾ ਬੈਠਾ ਸੀ,ਉਦਾਸ ਸੋਚਾਂ ਵਿੱਚ ਗੁੰਮ । ਉਹ ਤਾਰੇ ਦੀ ਅਵਾਜ਼ ਸੁਣ ਕੇ ਹਵਬੜਾਇਆਂ ਵਾਂਗ ਤਾਰੀ ਵੱਲ ਝਾਕਿਆ ਤੇ ਫਿਰ ਗੁੱਸੇ ਭਰੀ ਧੀਮੀ ਅਵਾਜ਼ ਵਿੱਚ ਬੋਲਿਆ, "ਭੱਜ ਜਾਹ,ਭੱਜ ਜਾਹ ਤੇਜੀ ਨਾਲ ਜਿਧਰੋਂ ਆਇਆਂ ਉਧਰੇ ਹੀ । ਜੇ ਖੜ੍ਹਾ ਰਿਹਾ ਤਾਂ ਤੇਸਾ ਮਾਰੂੰ ਪੁੜਪੁੜੀ 'ਚ………ਚੱਲ ਉੱਡ ਜਾਹ ਇੱਥੋਂ…ਤਿੱਤਰ ਹੋਜਾ !!!" ਦੀਨੇ ਤਾਏ ਵੱਲੀਂ ਹੈਰਾਨ-ਪਰੇਸ਼ਾਨ ਵੇਖਦਾ ਤਾਰੀ ਆਪਣੇ ਅੱਧ-ਖੁਲ੍ਹੇ ਜਿਹੇ ਧਾਗੇ ਨੂੰ ਜੂੜੇ ਦੁਆਲੇ ਲਪੇਟਦਾ ਪਿਛਾਂਹ ਮੁੜ ਆਇਆ ।

"……ਅੱਜ ਕੀ ਹੋ ਗਿਆ ਤਾਏ ਨੂੰ ? ਅੱਗੇ ਤਾਂ ਕਦੇ ਨਹੀਂ ਇਉਂ ਸੜ-ਬਲ ਕੇ ਬੋਲਿਆ ਸੀ !" ਤਾਰੀ ਦੀਨੇ ਬਾਰੇ ਸੋਚਦਾ ਜਾ ਰਿਹਾ ਸੀ । ਤਾਰੀ ਨੂੰ ਦੀਨੇ ਦੀ ਖੋਦੀ ਦਾਹੜੀ ਦੇ ਚਾਰ ਕੁ ਵਾਲ ਅਜੇ ਵੀ ਗੁੱਸੇ ਨਾਲ ਕੰਬਦੇ ਵਿਖਾਈ ਦੇ ਰਹੇ ਸਨ । ਉਸਦੀਆਂ ਚੁੰਨ੍ਹੀਆਂ ਅੱਖਾਂ ਚੂਹੇ ਦੇ ਆਨਿਆਂ ਵਾਂਗ ਬਾਹਰ ਨੂੰ ਨਿਕਲੀਆਂ ਅਜੇ ਵੀ ਤਾਰੀ ਨੂੰ ਡਰਾ ਰਹੀਆਂ ਸਨ । ਤਾਰੀ ਗਲੀ ਦਾ ਮੋੜ ਮੁੜ ਕੇ ਆਪਣੇ ਘਰ ਵੱਲ ਨੂੰ ਹੋ ਲਿਆ । ਹੱਥ 'ਚ ਫੜ੍ਹਿਆ ਤੂਤ ਦਾ ਡੰਡਾ ਉਹਨੇ ਕੋਲ ਦੀ ਲੰਘ ਰਹੀ ਲੰਡਰ ਜਿਹੀ ਡੱਬੀ ਕੁੱਤੀ ਦੇ ਢੂਕਣੇ 'ਚ ਧੈ ਦੇਣੇ ਮਾਰਿਆ । ਕੁੱਤੀ 'ਚਊਂ-ਚਊਂ' ਕਰਦੀ ਸਹੇ ਵਾਂਗ ਭੱਜ ਗਈ । ਤਾਰੀ ਭੱਜੀ ਜਾਂਦੀ ਕੁੱਤੀ ਵੱਲ ਵੇਖ ਕੇ ਆਪਮੁਹਾਰਾ ਹੱਸਿਆ ਤੇ ਫਿਰ ਦੀਨੇ ਬਾਰੇ ਸੋਚਣ ਲੱਗਿਆ ।

ਗਲੀ ਦੇ ਅਨੇਕਾਂ ਬੱਚੇ ਦੀਨੇ ਕੋਲ ਗੁੱਲੀ-ਡੰਡਾ ਘੜਾਉਣ ਆਉਂਦੇ ਸਨ । ਉਹ ਆਪਣੇ ਮੂਹਰੇ ਲੋਹੇ ਦੀ ਅਹਿਰਨ ਤੇ ਲੱਕੜ ਦਾ ਇੱਕ ਗੁਟਖਾ ਜਿਹਾ ਰੱਖੀ ਪੀੜ੍ਹੀ 'ਤੇ ਬੈਠਾ ਜਿਵੇਂ ਬੱਚਿਆਂ ਨੂੰ ਹੀ ਉਡੀਕ ਰਿਹਾ ਹੁੰਦਾ ਸੀ । ਉਹ ਗੁੱਲੀ ਘੜਾਉਣ ਆਏ ਕਿਸੇ ਬੱਚੇ ਨੂੰ ਕਦੇ ਨਹੀਂ ਸੀ ਮੋੜਦਾ । ਨਾ ਹੀ ਭੱਜ ਕੇ ਪੈਂਦਾ ਸੀ, ਸਗੋਂ ਕਹਿੰਦਾ ਸੀ, "ਆ ਜਾ ਸ਼ੇਰਾ,ਬਹਿ ਜਾ……ਲਿਆ ਫੜਾ ਲੱਕੜੀ, ਗੁੱਲੀ-ਡੰਡਾ ਘੜ ਦਿਆਂ!" ਤੇ ਪਲਾਂ ਵਿੱਚ ਉਹਦਾ ਤੇਸਾ ਲੱਕੜ ਦੇ ਗੁਟਖੇ 'ਤੇ 'ਠੱਕ-ਠੱਕ' ਵੱਜਣਾ ਸ਼ੁਰੂ ਹੋ ਜਾਂਦਾ ਸੀ । ਤੇਸੇ ਦੀ ਹਰ 'ਠੱਕ' ਦੇ ਨਾਲ ਉਹਦੀਆਂ ਅੱਖਾਂ ਝਪਕਦੀਆਂ ਇਉਂ ਲੱਗਦੀਆਂ ਜਿਵੇਂ ਬਿਜਲੀ ਦੇ ਛੋਟੇ-ਛੋਟੇ ਬਲਬ ਜਗ-ਬੁਝ ਰਹੇ ਹੋਣ । ਉਹ ਦੋਹਾਂ ਪਾਸਿਆਂ ਤੋਂ ਤਿੱਖੀ ਕੀਤੀ ਨੋਕਦਾਰ ਗੁੱਲੀ ਤੇ ਡੇਢ ਕੁ ਫੁੱਟ ਤੂਤ ਦੇ ਡੰਡੇ ਦੇ ਮੂਹਰਲੇ ਪਾਸੇ ਇੱਕ ਖਾਂਚਾ ਜਿਹਾ ਬਣਾ ਕੇ ਆਪਣੀ ਗੁੱਲੀ-ਡੰਡਾ ਘੜਨ ਦੀ ਕਲਾ ਦਾ ਨਮੂਨਾ ਪੇਸ਼ ਕਰ ਦਿੰਦਾ ਸੀ । ਗੁੱਲੀ ਘੜ ਕੇ ਉਹ ਆਪ ਵੀ ਖੁਸ਼ ਹੁੰਦਾ ਤੇ ਕੋਈ ਮਜ਼ੇਦਾਰ ਮਸ਼ਕਰੀ ਜਿਹੀ ਕਰ ਕੇ ਬੱਚੇ ਨੂੰ ਵੀ ਖੁਸ਼ ਕਰ ਦਿੰਦਾ ਸੀ । ਕਈ ਵਾਰ ਉਹ ਆਪਣੀ ਇੱਕੋ-ਇੱਕ ਬੁੱਢੀ ਜਿਹੀ ਮੱਝ ਨੂੰ ਨਲਕੇ ਤੋਂ ਪਾਣੀ ਪਿਆ ਰਿਹਾ ਹੁੰਦਾ । ਜੇ ਕੋਈ ਬੱਚਾ ਆ ਕੇ ਗੁੱਲੀ ਘੜਨ ਲਈ ਕਹਿੰਦਾ ਤਾਂ ਦੀਨਾ ਬੜੀ ਮਿੱਠੀ ਜਿਹੀ ਅਵਾਜ਼ ਵਿੱਚ ਕਹਿੰਦਾ, "ਸ਼ੇਰਾ ਬੱਸ ਦੋ ਮਿੰਟ ਰੁਕ ਜਾਹ! ਮਹਿੰ ਨੂੰ ਪਾਣੀ ਪਿਆ ਕੇ ਤੇਰਾ ਕੰਮ ਕਰਦਾਂ! ਬਹਿ ਜਾ ਮੱਖਣਾ, ਖੜ੍ਹਾ-ਖੜ੍ਹਾ ਥੱਕ ਜਾਏਂਗਾ!"

ਤਾਇਆ ਦੀਨਾ ਸਭ ਬੱਚਿਆਂ ਨੂੰ ਬਹੁਤ ਚੰਗਾ ਲੱਗਦਾ ਸੀ । ਤਾਰੀ ਨੂੰ ਵੀ ਬਹੁਤ ਪਿਆਰਾ ਲੱਗਦਾ ਸੀ । ਕਈ ਵਾਰ ਕੋਲ ਬੈਠਾ ਕੋਈ ਸਿਆਣਾ ਬੰਦਾ ਆਖਦਾ, "ਦੀਨਿਆਂ ਤੂੰ ਰਹਿਣ ਦਿਆ ਕਰ ਜਵਾਕਾਂ ਨੂੰ ਗੁੱਲੀਆਂ ਘੜ੍ਹ ਕੇ ਦੇਣ ਨੂੰ! ਐਵੇਂ ਕਿਸੇ ਦਾ ਮੂੰਹ-ਮੱਥਾ ਭੰਨਣਗੇ !" ਪਰ ਦੀਨਾ ਅੱਗਿਓਂ ਬੱਚਿਆਂ ਦਾ ਹੀ ਪੱਖ ਲੈਂਦਾ ਆਖਦਾ, "ਕੋਈ ਨ੍ਹੀਂ ਭੰਨਦੇ ਮੂੰਹ-ਮੱਥਾ! ਨਿਆਣੇ ਆਂ……ਹੁਣ ਹੀ ਤਾਂ ਇਨ੍ਹਾਂ ਦੇ ਖੇਡਣ ਦੇ ਦਿਨ ਆ!"

"ਉਹ ਤਾਂ ਠੀਕ ਆ ਦੀਨਿਆਂ,ਪਰ ਗੁੱਲੀ-ਡੰਡੇ ਤੋਂ ਬਿਨਾਂ ਹੋਰ ਵੀ ਅਨੇਕਾਂ ਖੇਡਾਂ ਹਨ । ਇਹ ਜਵਾਕ ਕੋਈ ਹੋਰ ਨ੍ਹੀਂ ਖੇਡ, ਖੇਡ ਸਕਦੇ ਭਲਾ! ਇਹ ਗੁੱਲੀ-ਡੰਡੇ ਦੀ ਖਤਰਨਾਕ ਖੇਡ ਆ, ਜਾਂ ਫਿਰ ਇਹ ਖੁਲੇ ਮੈਦਾਨਾਂ ਦੀ ਖੇਡ ਆ । ਇੱਥੇ ਗਲੀਆਂ 'ਚ ਨਹੀਂ ਵਾਰਾ ਖਾਂਦੀ ਇਹੋ ਜਿਹੀ ਖੇਡ……!" ਪਰ ਦੀਨਾ ਦਲੀਲਾਂ ਦੇ ਕੇ ਬੱਚਿਆਂ ਦਾ ਪੱਖ ਪੂਰਦਾ ਅਗਲੇ ਨੂੰ ਚੁੱਪ ਕਰਾ ਦਿੰਦਾ ਸੀ । ਤਾਹੀਓਂ ਬੱਚਿਆਂ ਨੂੰ ਪਿਆਰਾ ਲੱਗਦਾ ਸੀ ਦੀਨਾ । …………ਸੋਚੀਂ ਡੁਬਿਆ ਤਾਰੀ ਪਤਾ ਨਹੀਂ ਕਿਹੜੇ ਵੇਲੇ ਆਪਣੇ ਘਰ ਜਾ ਵੜਿਆ । ਘਰੇ ਪੈਰ ਪਾਉਂਦਿਆਂ ਹੀ ਵਿਹੜੇ 'ਚ ਮੰਜੀ ਡਾਹੀ ਬੈਠੀ ਮਾਂ ਦੀ ਨਿਗਾਹ ਉਸ 'ਤੇ ਪਈ । ਤਾਰੀ ਦੀ ਮਾਂ ਬੁੜ੍ਹਕ ਕੇ ਉੱਠੀ ਤੇ ਤਾਰੀ ਦੇ ਹੱਥ 'ਚ ਫੜ੍ਹਿਆ ਤੂਤ ਦਾ ਡੰਡਾ ਉਹਦੇ ਹੱਥੋਂ ਖੋਹ ਕੇ ਕੋਠੇ 'ਤੇ ਵਗਾਹ ਮਾਰਿਆ । ਬੋਲੀ, "ਲਗਦਿਆ ਗੁੱਲੀ-ਡੰਡੇ ਦਿਆ,ਇਹ ਕੋਈ ਖੇਡ ਆ!ਬਿੰਦ ਕੁ ਹੋਇਆ ਦੀਨੇ ਲੁਹਾਰ ਦੇ ਪੋਤੇ ਦੀ ਅੱਖ ਨਾਈਆਂ ਦੇ ਮੇਲੂ ਨੇ ਗੁੱਲੀ ਮਾਰ ਕੇ ਭੰਨ 'ਤੀ । ਵਿਚਾਰਾ ਹੋ ਗਿਆ ਇੱਕ ਅੱਖੋਂ ਅੰਨ੍ਹਾ । ਇਹ ਟੁੱਟ ਪੈਣਾ ਦੀਨਾ ਵੀ ਘੜ-ਘੜ ਦਿੰਦਾ ਸੀ ਗੁੱਲੀਆਂ ਧਗੜਿਆਂ ਨੂੰ………ਦੀਨੇ ਦਾ ਕੀ ਗਿਆ,ਉਮਰ ਭਰ ਲਈ ਦਾਗ਼ੀ ਹੋ ਗਿਆ ਵਿਚਾਰਾ ਨਿਆਣਾ!"

ਮਾਂ ਦੀ ਗੱਲ ਤੋਂ ਤਾਰੀ ਨੂੰ ਸਭ ਕੁਝ ਸਮਝ ਆ ਗਿਆ ਕਿ ਕਿਉਂ ਭੱਜ ਕੇ ਪਿਆ ਸੀ ਦੀਨਾ, ਕਿਉਂਕਿ ਅੱਜ ਉਹਦੇ ਆਪਣੇ ਪੋਤੇ ਦੀ ਅੱਖ ਜਾਂਦੀ ਰਹੀ ਸੀ । ਇਸੇ ਲਈ ਉਦਾਸ ਨਿਮੋਝੂਣਾ ਬੈਠਾ ਸੀ ਦੀਨਾ । ਤਾਰੀ ਨੇ ਸੋਚਿਆ ਕਿ ਦੀਨਾ ਹੁਣ ਕਦੇ ਵੀ ਉਨ੍ਹਾਂ ਨੂੰ ਗੁੱਲੀ ਘੜ ਕੇ ਨਹੀਂ ਦੇਵੇਗਾ । ਤਾਰੀ ਨੇ ਫੈਸਲਾ ਕੀਤਾ ਕਿ ਹੁਣ ਉਹ ਗੁੱਲੀ-ਡੰਡੇ ਵਰਗੀ ਖ਼ਤਰਨਾਕ ਖੇਡ ਸਿਰਫ ਖੁੱਲ੍ਹੇ ਮੈਦਾਨਾਂ ਵਿੱਚ ਹੀ ਖੇਡਿਆ ਕਰੇਗਾ ।

ਪੰਜਾਬੀ ਕਹਾਣੀਆਂ (ਮੁੱਖ ਪੰਨਾ)
 
 

punjabi-kavita.com